ਗੁਰੂ ਨਾਨਕ ਸੰਦੇਸ਼

0
946

ਗੁਰੂ ਨਾਨਕ ਸੰਦੇਸ਼

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਗੁਰੂ ਨਾਨਕ ਸਾਹਿਬ ਜੀ ਨਾਲ ਗਿਆਨ ਚਰਚਾ ਜਾਂ ਗੋਸ਼ਟੀ ਸਮੇਂ ਉਸ ਵਕਤ ਦੇ ਮਹਾਨ ਅਧਿਆਤਮਕ ਸਾਧਿਕ, ਜਿਨ੍ਹਾਂ ਨੂੰ ਸਿਧ (ਜੋਗੀ) ਆਖਿਆ ਜਾਂਦਾ ਹੈ; ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਣ ਲੱਗੇ ‘‘ਕਵਣ ਮੂਲੁ ? ਕਵਣ ਮਤਿ ਵੇਲਾ ? ॥ ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ, ਰਹਹੁ ਨਿਰਾਲੇ ? ॥ ਬੋਲੈ ਨਾਨਕੁ, ਸੁਣਹੁ ਤੁਮ ਬਾਲੇ! ॥’’ ਭਾਵ ਗੁਰੂ ਨਾਨਕ ਸਾਹਿਬ ਜੀ ਦੱਸੋ ਤੁਹਾਡੀ ਜੀਵਨ ਸਿੱਖਿਆ ਦਾ ਮੁੱਢ ਕਿੱਥੋਂ ਤੇ ਕਦੋਂ ਤੋਂ ਹੈ ? ਤੇਰਾ ਗੁਰੂ ਕੌਣ ਹੈ, ਜਿਸ ਦਾ ਤੂੰ ਚੇਲਾ ਹੈ ? ਸਵਾਲ ਸਾਧਾਰਨ ਵੀ ਸੀ ਤੇ ਜ਼ਰੂਰੀ ਵੀ; ਸਾਧਾਰਨ ਇਸ ਲਈ ਕਿ ਜਿਸ ਧਰਮ ਦੀ ਉਹ ਸ਼ਾਖਾ ਹਨ ਭਾਵ ਹਿੰਦੂ ਧਰਮ, ਉਸ ਅਨੁਸਾਰ ਇਹਇਕ ਮੰਨੀ ਹੋਈ ਗੱਲ ਹੈ ਕਿ ਹਰ ਬੰਦੇ ਨੂੰ ਆਪਣੀ ਅਧਿਆਤਮਕ ਪ੍ਰਮਾਰਥਿਕ ਉਨਤੀ ਤੇ ਕਲਿਆਣ ਲਈ ‘ਗੁਰੂ’ ਧਾਰਨ ਕਰਨਾ, ਜ਼ਰੂਰੀ ਹੈ ਤਾਂ ਕਿ ‘ਗੁਰੂ’ ਧਾਰਨ ਕੀਤੇ ਮਨੁੱਖ ਦੀ ਦਿਖ ਤੋਂ ਹੀ ਪ੍ਰਤੀਤ ਹੋ ਜਾਵੇ ਕਿ ਇਹ ਧਾਰਮਿਕ ਵੀਚਾਰਧਾਰਾ ਵਾਲਾ ਮਨੁੱਖ ਹੈ। ਇਸ ਸਾਧਾਰਨ ਤੇ ਜ਼ਰੂਰੀ ਸਵਾਲ ਦਾ ਜੋ ਉੱਤਰ ‘ਗੁਰੂ ਨਾਨਕ ਸਾਹਿਬ’ ਜੀ ਨੇ ਦਿੱਤਾ ਉਹ ਅਸਾਧਾਰਨ ਤੇ ਗੋਝ ਸੀ; ‘‘ਪਵਨ ਅਰੰਭੁ, ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’’ (੯੪੨)

ਸ਼੍ਰਿਸਟੀ ਵਿੱਚ ਜੀਵਾਂ ਦਾ ਆਰੰਭ ਪਵਨ ਤੋਂ ਹੁੰਦਾ ਹੈ ਜਿਸ ਨਾਲ ਸੁਆਸਾਂ ਦੀ ਕਿਰਿਆ ਸ਼ੁਰੂ ਹੁੰਦੀ ਹੈ। ਮਤਿ ਕੇਵਲ ਸਤਿਗੁਰੂ ਅਰਥਾਤ ‘ਸਤਿ ਹਸਤੀ’ (ਪਰਮਾਤਮਾ ਨਾਲ ਅਭੇਦ) ਦੀ ਹੈ। ਉਸ ਮਤਿ ਦਾ ਪਰਕਾਸ ਕੇਵਲ ‘ਗੁਰੂ’ ਸ਼ਬਦ ਹੈ। ਮੇਰੀ ਸੁਰਤਿ ਦਾ ਉਸ ਸ਼ਬਦ ਵਿੱਚ ਜੁੜਨਾ ਮੈਨੂੰ ਚੇਲਾ ਬਣਾਉਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਕਲਮਬੰਦ ਕੀਤਾ ਹੈ। ‘‘ਕਲਿ ਆਈ ਕੁਤੇ ਮੁਹੀ, ਖਾਜੁਹੋਇਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ॥ ਪਰਜਾ ਅੰਧੀ ਗਿਆਨ ਬਿਨੁ, ਕੂੜੁ ਕੁਸਤਿ ਮੁਖਹੁ ਆਲਾਈ॥’’ ਭਾਵ ਮਤਲਬ ਇਹ ਨਿਕਲਿਆ ਕਿ ‘‘ਵਰਤਿਆ ਪਾਪ ਸਭਸ ਜਗ ਮਾਂਹੀ॥’’ ਗੁਰੂ ਜੀ ਨੇ ਆਪਣਾ ਅਨੁਭਵ ਵੀ ਸੰਸਾਰ ਨਾਲ ਇੰਝ ਹੀ ਸਾਂਝਾ ਕੀਤਾ ਹੈ ‘‘ਕਲਿ ਹੋਈ ਕੁਤੇ ਮੁਹੀ, ਖਾਜੁ ਹੋਆ ਮੁਰਦਾਰੁ ॥ ਕੂੜੁ ਬੋਲਿ ਬੋਲਿ ਭਉਕਣਾ, ਚੂਕਾ ਧਰਮੁ ਬੀਚਾਰੁ ॥ ਜਿਨ ਜੀਵੰਦਿਆ ਪਤਿ ਨਹੀ, ਮੁਇਆ ਮੰਦੀ ਸੋਇ ॥ ਲਿਖਿਆ ਹੋਵੈ ਨਾਨਕਾ ! ਕਰਤਾ ਕਰੇ, ਸੁ ਹੋਇ ॥’’ (ਮ: ੧/੧੨੪੩)

‘ਧਰਮ’ ਹੀ ਸੰਸਾਰ ਦਾ ਸਹਾਰਾ ਹੈ, ‘ਧਰਮ’ ਹੀ ਪ੍ਰਿਥਵੀ ਦਾ ਭਾਰ ਚੁਕਣ ਵਾਲਾ ਧੌਲ (ਬਲਦ) ਹੈ, ਇਹ ‘ਧਰਮ’ ਦਇਆ ਦਾ ਪੁੱਤਰ ਹੈ, ਦਇਆ ਸੰਤੋਖ ਦੇ ਆਸਰੇ ਹੈ ਪਰ ਉਸ ਸਮੇਂ ਪਾਪ ਦੇ ਭਾਰ ਥੱਲੇ ਧਰਤੀ ਪੁਕਾਰ ਰਹੀ ਸੀ ਧਰਤੀ ਦੀ ਪੁਕਾਰ ਸੁਣੀ ਗਈ, ਪ੍ਰਭੂ ਜੀ ਤ੍ਰੁੱਠੇ: ‘‘ਬਲਿਓ ਚਰਾਗੁ ਅੰਧਾਰ ਮਹਿ, ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ, ਜਨੁ ਨਾਨਕੁ ਗੁਰੁ ਪਾਰਬ੍ਰਹਮ ॥’’ ਦੇ ਰੂਪ ਵਿੱਚ ਪ੍ਰਗਟ ਹੋਏ। ਗੁਰੂ ਜੀ ਦੇ ਸਾਹਮਣੇ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’ ਦਾ ਇਕ ਅਹਿਮ ਸਵਾਲ, ਮਹਾਨ ਪ੍ਰਸ਼ਨ ਸਾਰੀ ਮਾਨਵਤਾ ਪ੍ਰਤੀ ਸੀ। ਸਤਿਗੁਰੂ ਜੀ ਦੀ ਇੱਛਾ ਸੀ ਕਿ ਸਾਰੇ ਧਰਮਾਂ ਭੇਖਾਂ ਚਿੰਨ੍ਹਾਂ ਦਾ ਅਰਥ ਇੱਕੋ ਹੋਣਾ ਚਾਹੀਦਾ ਹੈ, ਉਹ ਹੈ ਅੰਦਰਲੀ ਇਖਲਾਖੀ ਪਵਿੱਤ੍ਰਤਾ, ਅੰਦਰਲੀ ਆਚਰਣਕ ਰਹਿਣੀ, ਉੱਤਮ ਸਦਾਚਾਰੀ ਜੀਵਨ।ਹਿੰਦੂ ਚਿੰਨ੍ਹ, ਇਸਲਾਮੀ ਰਹਿਣੀ, ਜੋਗੀ ਦੀ ਜੁਗਤਿ ਅਸਲ ਵਿੱਚ ਇੱਕੋ ਹੋਣ, ਮਨੁੱਖੀ ਹਿਰਦੇ ਅੰਦਰ ਇਹ ਜਾਗ੍ਰਤੀ ਹੋਵੇ ਕਿ ਇਸਲਾਮੀ ਰਹਿਣੀ ਵੀ ਇਖਲਾਕੀ ਗੁਣਾਂ ਦੀ ਪ੍ਰਤੀਕ ਹੈ। ‘‘ਮਿਹਰ ਮਸੀਤਿ, ਸਿਦਕੁ ਮੁਸਲਾ; ਹਕੁ ਹਲਾਲੁ, ਕੁਰਾਣੁ ਸਰਮ ਸੁੰਨਤਿ; ਸੀਲੁ ਰੋਜਾ, ਹੋਹੁ ਮੁਸਲਮਾਣੁ॥’’ (੧੪੦), ‘‘ਨਾਨਕ ਨਾਉ ਖੁਦਾਇ ਕਾ; ਦਿਲਿ ਹਛੈ, ਮੁਖਿ ਲੇਹੁ ॥ ਅਵਰਿ ਦਿਵਾਜੇ ਦੁਨੀ ਕੇ, ਝੂਠੇ ਅਮਲ ਕਰੇਹੁ ॥’’ (ਮ: ੧/੧੪੦) ਹਿੰਦੂ ਨੂੰ ਇਹ ਗਿਆਨ ਹੋਵੇ ਕਿ ‘‘ਹਿੰਦੂ ਕੈ ਘਰਿ, ਹਿੰਦੂ ਆਵੈ ॥ ਸੂਤੁ ਜਨੇਊ, ਪੜਿ ਗਲਿ ਪਾਵੈ ॥ ਸੂਤੁ ਪਾਇ, ਕਰੇ ਬੁਰਿਆਈ ॥ ਨਾਤਾ ਧੋਤਾ, ਥਾਇ ਨ ਪਾਈ ॥ ਮੁਸਲਮਾਨੁ ਕਰੇ ਵਡਿਆਈ ॥ ਵਿਣੁ ਗੁਰ ਪੀਰੈ, ਕੋ ਥਾਇ ਨ ਪਾਈ ॥’’ (ਮ:੧/੯੫੨) ਬਣ ਸਕੇ ਬਾਹਰੀ ਭੇਖ ਅਲੱਗ ਅਲੱਗ ਹੋਣ ਦੇ ਬਾਵਜੂਦ ਵੀ ਸਾਰਿਆਂ ਅੰਦਰਿ ਨਿਰੋਲ ਸਚ ਦਾ ਪ੍ਰਕਾਸ਼ ਅਨੁਭਵ ਹੋਵੇ।

ਫਿਰ ਜੀਵਨ ਦੇ 4 ਥੰਮ, ਸਹਾਰੇ ਜਾਂ ਪੱਖ ਬੜੇ ਮਹੱਤਵ ਪੂਰਨ ਹਨ: ‘ਧਰਮ, ਸਮਾਜ, ਰਾਜਨੀਤੀ ਤੇ ਆਰਥਿਕ ਜੀਵਨ’ ਇਹ ਸਾਰੇ ਪੱਖ ਡਾਵਾਂ ਡੋਲ ਹੋ ਚੁੱਕੇ ਸਨਕਿਉਂਕਿ ਸਮਾਜ ਰਾਜਨੀਤੀ ਤੇ ਅਰਥ ਸ਼ਾਸਤ੍ਰ ਵੱਲ ਜਦੋਂ ਸਾਹਿਬ ਜੀ ਨੇ ‘‘ਬਾਬਾ ਦੇਖੈ ਧਿਆਨ ਧਰਿ॥’’ ਦੀ ਨਿਗਾਰ ਮਾਰੀ ਤਾਂ ਬਾਬਾ ਪੁਕਾਰ ਉਠਿਆ: ‘‘ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ, ਸਚੁ ਚੰਦ੍ਰਮਾ; ਦੀਸੈ ਨਾਹੀ ਕਹ ਚੜਿਆ ॥’’ (ਮ: ੧/੧੪੫) ਕਿਤੇ : ‘‘ਕਾਦੀ ਕੂੜੁ ਬੋਲਿ, ਮਲੁ ਖਾਇ॥’’ ਕਿਤੇ: ‘‘ਲਬੁ ਪਾਪੁ ਦੁਇ, ਰਾਜਾ ਮਹਤਾ; ਕੂੜੁ ਹੋਆ ਸਿਕਦਾਰੁ॥’’ ਕਿਤੇ: ‘‘ਅੰਧੀ ਰਯਤਿ ਗਿਆਨ ਵਿਹੂਣੀ॥’’ ਕਿਤੇ: ‘‘ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ ॥’’ (ਮ: ੧/੪੧੭) ਦਾ ਬਖੇੜਾ ਹੀ ਨਜ਼ਰ ਪਿਆ: ‘‘ਸੁਣਿ ਵੇਖਹੁ ਲੋਕਾ ਏਹੁ ਵਿਡਾਣੁ, ਮਨਿ ਅੰਧਾ ਨਾਉ ਸੁਜਾਣ॥’’ ਬਣੀ ਬੈਠੇ ਨਜ਼ਰ ਆਏ। ਸਤਿਗੁਰੂ ਨਾਨਕ ਪਾਤਸ਼ਾਹ ਜੀਵਨ ਦੀ ਹਰ ਘਟਨਾ ਨਾਲ ਸੰਬੰਧਿਤ ਵਿਅਕਤੀ ਰਾਹੀਂ ਪੂਰੀ ਮਾਨਵਤਾ ਨੂੰ ਧਰਮ (ਜੀਵਨ ਦੇ ਹਰ ਖੇਤਰ ਵਿੱਚ ਜੀਉਣ ਦਾ ਤਰੀਕਾ) ਦ੍ਰਿੜ੍ਹ ਕਰਵਾਉਣਾ ਚਾਹੁੰਦੇ ਸਨ ਤੇ ਕਰਵਾ ਰਹੇ ਸਨ। ਉਹ ਪਾਂਧੇ ਨੂੰ ਉਸ ਦਾ ਵਿਸ਼ੇਸ਼ ਧਰਮ ਦ੍ਰਿੜ੍ਹ ਕਰਵਾ ਰਹੇ ਸਨ, ਸੱਜਣ ਠੱਗ ਨੂੰ ਪਾਪ ਮੁਕਤ ਕਰਕੇ ‘‘ਕਿਰਤਿ ਵਿਰਤਿ ਕਰਿ ਧਰਮ ਦੀ॥’’ ਦਾ ਉਪਦੇਸ਼ ਦੇ ਰਹੇ ਸਨ, ਮਲਕ ਭਾਗੋ ਨੂੰ ‘‘ਘਾਲਿ ਖਾਇ, ਕਿਛੁ ਹਥਹੁ ਦੇਇ॥’’ ਦਾ ਮਾਰਗ ਦਰਸਾ ਰਹੇਸਨ। ਕੁਰਕਸ਼ੇਤਰ, ਹਰਿਦੁਆਰ, ਬਨਾਰਸ, ਗਇਆ, ਜਗਨਨਾਥਪੁਰੀ ਤੇ ਬਗਦਾਦ ਮੱਕੇ ਮਦੀਨੇ ਵਿੱਚ ਪ੍ਰਭੂ ਅੱਲ੍ਹਾ ਤਾਲਾ ਖ਼ੁਦਾ ਦੀ ਸਰਬ ਵਿਆਪਕਤਾ ‘‘ਸਭਮਹਿ ਜੋਤਿ, ਜੋਤਿ ਹੈ ਸੋਇ॥’’ ਦਾ ਹੋਕਾ ਦੇ ਰਹੇ ਸਨ, ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ ॥’’ (ਮ: ੧/੫) ਰਾਹੀਂ ਉਨ੍ਹਾਂ ਲੋਕਾਂ ਦੀਆਂ ਨਜ਼ਰਾਂ ਤੋਂ ਸੰਕੀਰਨਤਾ, ਜਨੂਨਤਾ, ਤੰਗ ਦਿਲੀ ਦਾ ਪਰਦਾ ਹਟਾ ਰਹੇ ਸਨ। ਆਪ ਜੀ ਨੇ ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ॥ਗੁਰਮਤਿ ਪੂਰਾ, ਜੁਗਿ ਜੁਗਿ ਸੋਈ ॥’’ (ਮ: ੧/੧੧੮੮), ‘‘ਆਈ ਪੰਥੀ ਸਗਲ ਜਮਾਤੀ॥’’ (ਮ:੧/੬), ‘‘ਸਗਲੇ ਜੀਅ ਤੁਮਾਰੇ॥’’, ‘‘ਤਖਤਿ ਬਹੈ, ਤਖਤੈ ਕੀ ਲਾਇਕ॥’’ (ਮ:੧/੧੦੩੯) ਜਾਂ ‘‘ਤਖਤਿ ਰਾਜਾ ਸੋ ਬਹੈ, ਜਿ ਤਖਤੈ ਲਾਇਕ ਹੋਈ॥’’ (ਮ:੩/੧੦੮੮) ਅਤੇ ‘‘ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ ! ਰਾਹੁ ਪਛਾਣਹਿ ਸੇਇ॥’’ (ਮ:੧/੧੨੪੫) ਆਦਿ ਪਵਿਤ੍ਰ ਬਚਨਾਂ ਰਾਹੀਂ ਜੀਵਨ ਦੇ ਹਰਿ ਪੱਖ ਨੂੰ ਸਵਾਰਨ ਦੀ ਮਹਾਨ ਮਸ਼ੱਕਤ ਕੀਤੀ ਗਈ ‘‘ਸਭਨਾ ਜੀਆ ਕਾ ਇਕੁ ਦਾਤਾ॥’’ ਅਨੁਸਾਰ ਸਾਰੀ ਮਨੁੱਖਤਾ ਦਾ ਸਾਂਝਾ ‘ਰੱਬ’ ਹੈ। ਸਾਰੇ ਧਰਮ ਨਿਯਮ ਅਸੂਲ ਉਸ ਦੇ ਬਣਾਏ ਵੀ ਸਾਂਝੇ ਹਨ, ਸਾਰੇ ਨਾਮ ਰੂਪ ਉਸ ਇਕ ਦੇ ਹਨ, ਉਸਇਕ ਦੀ ਸੋਝੀ, ਗਿਆਨ ਹੋ ਜਾਏ ਤਾਂ ‘‘ਬੁਰਾ ਭਲਾ ਕਹੁ ਕਿਸ ਨੋ ਕਹੀਐ, ਸਗਲੇ ਜੀਅ ਤੁਮਾਰੇ॥’’ (ਮ:੫/੩੮੩) ‘‘ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥’’ (ਮ:੧/੧੫) ਦਾ ਧਿਆਨ ਹਿਰਦੇ ਅੰਦਰ ਪੈਦਾ ਹੋ ਜਾਂਦਾ ਹੈ, ਫਿਰ ਸਾਰੇ ਧਰਮ ਸਾਰੀ ਮਾਨਵਤਾ ਇੱਕੋ ਦਾ ਹੁਕਮ ਪ੍ਰਤੀਤ ਹੁੰਦੇ ਹਨ। ਅਜਿਹਾ ਸਰਬ ਪੱਖੀ, ਸਰਬ ਸਾਂਝਾ, ਸਰਬ ਕਾਲੀ ਗਿਆਨ ਕੇਵਲ ‘ਸ਼ਬਦ ਗੁਰੂ’ ਨਾਲ ਸੁਰਤਿ ਦਾ ਸੁਮੇਲ ਕਰਕੇ ਹੀ ਪ੍ਰਾਪਤ ਹੋ ਸਕਦਾ ਹੈ। ਰੱਬੀ ਮਿਹਰ ਨੇ ‘‘ਗੁਰ ਮਹਿ ਆਪੁ ਸਮੋਇ, ਸਬਦੁ ਵਰਤਾਇਆ॥’’ (ਮ:੧/੧੨੭੯) ਫਿਰ ਕੀ ਸੀ? ‘‘ਸਤਿਗੁਰ ਬਾਣੀ, ਸਬਦੁ ਸੁਣਾਏ॥ ਇਹੁ ਜਗੁ ਹਰਿਆ, ਸਤਿਗੁਰ ਭਾਏ॥’’ (ਮ:੩/੧੧੭੬)

ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰਿ ਥਾਂ ਸ਼ਬਦ ਦੀ ਪਰਧਾਨਤਾ ਪ੍ਰਵਾਨ ਕੀਤੀ ਤੇ ਪਰਚਾਰੀ। ਸੰਸਾਰ ਦੇ ਸਾਰੇ ਧਰਮਾਂ ਨੇ ਸ਼ਬਦ ਦੇ ਸੰਕਲਪ ਨੂੰ ਆਪਣੇ ਆਪਣੇ ਦ੍ਰਿਸ਼ਟੀਕੌਣ ਤੋਂ ਮੰਨਿਆ ਹੈ ਪਰ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਨੇ ਸ਼ਬਦ ਗੁਰੂ ਦਾ ਵਿਲੱਖਣ ਸੰਕਲਪ ਹੀ ਨਹੀਂ ਦਿੱਤਾ ਸਗੋਂ ਸਿੱਖ ਨੇ ਸ਼ਬਦ ਨੂੰ ਮਨ ਕਰਕੇ ਸਵੀਕਾਰ ਵੀ ਕੀਤਾ ਹੈ ਅਤੇ ਇਹੋ ਹੀ ਉਸ ਦਾ ਜੀਵਨ ਸਾਧਨ ਅਤੇ ਲਕਸ਼ ਵੀ ਹੈ, ਗੁਰੂ ਉਹ ਹੈ ਜੋ ਅਗਿਆਨਤਾ ਦਾ ਪਰਦਾ ਹਟਾ ਕੇ ਮਨੁੱਖ ਨੂੰ ਸੱਚ ਦੇ ਪ੍ਰਕਾਸ਼ ਵਿੱਚ ਲੈ ਜਾਂਦਾ ਹੈ, ਜੋ ਜਗਿਆਸੂ ਨੂੰ ਜੀਵਨ ਜਾਚ ਹੀ ਨਹੀਂ ਸਿਖਾਂਦਾ ਸਗੋਂ ਜੀਵਨ ਦੀ ਅਸਲ ਮੰਜਲ ’ਤੇ ਵੀ ਪਹੁੰਚਾ ਦਿੰਦਾ ਹੈ। ਗੁਰਬਾਣੀ ਵਿੱਚ ‘ਸ਼ਬਦ’ ਤੇ ‘ਨਾਮ’ ਇੱਕੋ ਅਰਥ ਵਿੱਚ ਵਰਤੇ ਗਏ ਹਨ; ਜਿਵੇਂ: ‘‘ਸਬਦੈ’’ ਕਾ ਨਿਬੇੜਾ, ਸੁਣਿ ਤੂ ਅਉਧੂ! ਬਿਨੁ ‘ਨਾਵੈ’ ਜੋਗੁ ਨ ਹੋਈ ॥’’ (ਮ: ੧/੯੪੬) ‘ਸ਼ਬਦ’ ਤੇ ‘ਨਾਮ’ ਦੋਨੋ ਹੀ ਗੁਰੂ ਤੋਂ ਪ੍ਰਾਪਤ ਹੁੰਦੇ ਹਨ ‘‘ਸਤਿਗੁਰ ਤੇ ਨਾਮੁ ਪਾਈਐ ਅਉਧੂ! ਜੋਗ ਜੁਗਤਿ ਤਾ ਹੋਈ ॥’’ (ਮ: ੧/੯੪੬), ‘‘ਸਬਦੇ ਹੀ ਨਾਉ ਊਪਜੈ, ਸਬਦੇ ਮੇਲਿ ਮਿਲਾਇਆ ॥’’ (ਮ: ੩/੬੪੪) ਅਨੁਸਾਰ ਨਾਮ ਸ਼ਬਦ ਦੁਆਰਾ ਹੀ ਪ੍ਰਗਟ ਹੁੰਦਾ ਹੈ। ‘‘ਗੁਰ ਸਬਦੀ ਖੋਲਾਈਅਨਿ, ਹਰਿ ਨਾਮੁ ਜਪਾਨੀ॥’’ (ਮ:੩/੫੧੪) ਅਨੁਸਾਰ ਪ੍ਰਭੂ ਦਾ ਰਹੱਸ ਸ਼ਬਦ ਰਾਹੀਂ ਹੀ ਖੁਲਦਾ ਹੈ। ਭੇਖੀ ਲੋਕਾਂ ਨੇ ਸੁਮੇਰ ਪਰਬਤ ਅਤੇ ਅਚੱਲ ਬਟਾਲੇ ਵਿਖੇ ਕਰਾਮਾਤੀ ਸ਼ਕਤੀਆਂ ਦੀ ਪ੍ਰਦਰਸ਼ਨੀ ਕੀਤੀ ਪਰ ਉਹ ‘ਗੁਰੂ ਸ਼ਬਦ’ ਅੱਗੇ ਟਿਕ ਨਹੀਂ ਸਕੇ।

ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ ਵਰਨਣ ਇੰਝ ਕੀਤਾ ਹੈ: ‘‘ਸਿਧ ਤੰਤ੍ਰ ਮੰਤ੍ਰਿ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ।’’ (ਭਾਈ ਗੁਰਦਾਸ ਜੀ, ਵਾਰ ੧/੪੨) ਸਿਧਾਂ ਪ੍ਰਤੀ ਜੋ ਸਿੱਖਿਆ ਸਤਿਗੁਰੂ ਜੀ ਨੇ ਬਖਸ਼ੀ ਉਹ ਵੀ ਦਰਜ ਹੈ ‘‘ਬਾਬਾ ਬੋਲੇ ਨਾਥ ਜੀ! ਸਬਦੁ ਸੁਨਹੁ, ਸਚੁ ਮੁਖਹੁ ਅਲਾਈ। ਬਾਝੋ ਸਚੇ ਨਾਮ ਦੇ, ਹੋਰੁ ਕਰਾਮਾਤਿ ਅਸਾਂ ਤੇ ਨਾਹੀ।’’ (ਭਾਈ ਗੁਰਦਾਸ ਜੀ, ਵਾਰ ੧/੪੩), ‘‘ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ।’’ (ਭਾਈ ਗੁਰਦਾਸ ਜੀ, ਵਾਰ ੧/੪੨)

ਮੁਗਲ ਸ਼ਾਸਕਾਂ ਦੇ ਜ਼ਮਾਨੇ ਵਿੱਚ ਸ਼ਾਹੀ ਫ਼ੁਰਮਾਨਾਂ ਵਾਂਗ ਕਿਸੇ ਆਲਾ (ਉੱਚ) ਅਧਿਕਾਰੀ ਵੱਲੋਂ ਲਿਖਿਆ ਗਿਆ ਰੁੱਕਾ, ਪਰਵਾਨਾ ਜਾਂ ਆਦੇਸ਼ ਨੀਸ਼ਾਣ ਕਹਾਉਂਦਾ ਸੀ ਜਿਸ ਨੂੰ ਦਿਖਾ ਕੇ ਕਾਰਜ ਨਜਿੱਠ ਲਿਆ ਜਾਂਦਾ ਸੀ ਜਾਂ ਉਸ ਦੇ ਕਰਨ ਕਰਾਉਣ ਵਿੱਚ ਪੂਰੀ ਸਹੂਲਤ ਹੋ ਜਾਂਦੀ ਸੀ। ਗੁਰੂ ਸਾਹਿਬਾਨ ਨੇ ਸ਼ਬਦ ਨਾਲ ਨੀਸ਼ਾਣ ਦੀ ਵਰਤੋਂ ਕੀਤੀ ਹੈ। ਇਹ ਸ਼ਬਦ ਨੀਸ਼ਾਣ ਹੀ ਪਰਮਾਤਮਾ ਦੀ ਦਰਗਾਹ ਵਿੱਚ ਸਹਾਈ ਹੁੰਦਾ ਹੈ। ਮੁਖਵਾਕ ਹੈ: ‘‘ਏਕੋ ਸਬਦੁ, ਸਚਾ ਨੀਸਾਣੁ ॥ ਪੂਰੇ ਗੁਰ ਤੇ, ਜਾਣੈ ਜਾਣੁ ॥’’ (ਮ: ੧/੧੧੮੯) ਜਪੁ ਜੀ ਸਾਹਿਬ ਦੇ ਪੰਜ ਖੰਡਾਂ (ਧਰਮ, ਗਿਆਨ, ਸਰਮੁ, ਕਰਮ ਤੇ ਸਚ ਖੰਡਿ) ਵਿੱਚੋਂ ‘ਸਰਮੁ ਖੰਡ’ ਮਨੁੱਖੀ ਸ਼ਖ਼ਸੀਅਤ ਦੇ ਸਾਰੇ ਪੱਖਾਂ ਦੀ ਘਾੜਤ ਕਰਦਾ ਹੈ: ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ, ਬੁਧਿ ॥ ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ॥’’ (ਜਪੁ, ਮ: ੧/੮) ਭਾਵ ‘ਸੁਰਤਿ, ਮਤਿ, ਮਨਿ, ਬੁਧਿ ਤੇ ਸੁਧਿ’ ਮਨੁੱਖ ਦੇ ਮਾਨਸਿਕ ਬੌਧਿਕ ਆਤਮਿਕ ਪੱਖ ਹਨ। ਮਨੁੱਖੀ ਸ਼ਖ਼ਸੀਅਤ ਦੀ ਸਰਬ ਪੱਖੀ ਘਾੜਤ ਹੀ ਮਨੁੱਖ ਨੂੰ ‘ਸ਼ਬਦ ਰੂਪ’ ਬਣਾਉਂਦੀ ਹੈ। ‘‘ਸਤਿਗੁਰ ਕੀ ਬਾਣੀ, ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥’’ (ਮ: ੪/੩੦੪) ਦੀ ਹੁੱਬ (ਲਗਨ) ਪੈਦਾ ਕਰਦੀ ਹੈ। ‘ਸ਼ਰਮ ਖੰਡੁ’ ਉੱਦਮ ਦਾ ਖੰਡ ਹੈ। ਇਹ ‘ਉੱਦਮ’ ਪ੍ਰੇਮਾ ਭਗਤੀ ਦਾ ਹੈ, ਸਿਮਰਨ ਦਾ ਹੈ, ਸੱਚ ਦੀ ਲਗਨ ਦਾ ਹੈ। ਇਹ ਉੱਦਮ ਭਾਵ ਸੱਚ ਦੀ ਲਗਨ ਹੀ ਸ਼ਖ਼ਸੀਅਤ ਨੂੰ ਸਵਾਰਦੀ ਹੈ: ‘‘ਨਾਨਕ ! ਸਚੁ ਸਵਾਰਣਹਾਰਾ॥’’ ਨਾਲ ਸਾਂਝ ਪੈਦਾ ਕਰਦੀ ਹੈ: ‘‘ਏਕੋ ਨਾਮੁ ਹੁਕਮੁ ਹੈ..॥’’ (ਮ:੧/੭੧) ਦੀ ਸਮਝ ਹੀ ਮਨੁੱਖ ਅੰਦਰ ‘ਗਿਆਨ, ਧਿਆਨ ਤੇ ਤਤਬੁਧਿ’ ਪੈਦਾ ਕਰਦੀ ਹੈ। ‘ਗਿਆਨ’ ਬੁੱਧੀ ਦਾ ਵਿਕਾਸ ਹੈ, ‘ਧਿਆਨ’ ਭਗਤੀ ਹੈ, ਸਮਰਪਣ ਹੈ, ‘ਤਤਬੁਧਿ’ ਆਤਮਾ ਦਾ ਵਿਕਾਸ ਹੈ, ਜਿਸ ਨੂੰ ‘ਜਪੁ’ ਅੰਦਰ ‘‘ਸੁਰਾ, ਸਿਧਾ ਕੀ ਸੁਧਿ॥’’ ਕਿਹਾ ਗਿਆ ਹੈ। ਸੁੰਦਰ ਗਹਿਣੇ ਵਾਂਗ ਘੜੀ ਗਈ ਸਰਬ ਪੱਖੀ ਸ਼ਖ਼ਸੀਅਤ ਹੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਬਖਸੇ ‘ਸ਼ਬਦ ਗੁਰੂ’ ਦਾ ਆਦਰਸ਼ ਹੈ। ਘੜੀ ਹੋਈ ਸ਼ਖ਼ਸੀਅਤ ਦੇ ਹੀ ਪੱਖ: ‘ਜਤ, ਧੀਰਜ, ਮਤਿ, ਗਿਆਨ (ਵੇਦੁ), ਭਉ (ਡਰ), ਤਪ (ਕਰੜੀ ਘਾਲਣਾ) ਤੇ ਭਾਉ (ਪ੍ਰੇਮ)’ ਹਨ; ਫ਼ੁਰਮਾਨ ਹੈ: ‘‘ਜਤੁ ਪਾਹਾਰਾ, ਧੀਰਜੁ ਸੁਨਿਆਰੁ ॥ ਅਹਰਣਿ ਮਤਿ, ਵੇਦੁ ਹਥੀਆਰੁ ॥ ਭਉ ਖਲਾ, ਅਗਨਿ ਤਪ ਤਾਉ ॥ ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ ॥’’ (ਮ: ੧/੮) ਇਹੀ ਮਨੁੱਖ ਅੰਦਰ ਸ਼ਬਦ (ਆਚਰਨ) ਦੀ ਘਾੜਤ ਰੂਪ ‘ਸੱਚੀ ਟਕਸਾਲ’ ਹੈ।

‘ਸਬਦ’ ਸਚ ਹੈ, ‘ਸਬਦ’ ਲਈ ਮਰ ਮਿਟਣ ਵਾਲੇ ਲੋਕ ਹੀ ‘ਧੁਨਿ ਵਾਲੇ’ ਲੋਕ ਆਖੇ ਜਾਂਦੇ ਹਨ। ‘ਧੁਨਿ ਵਾਲੇ’ ਲੋਕਾਂ ਦਾ ਭਾਵ ਲਗਨ ਦੇ ਪੂਰੇ, ਸਿਦਕ ਦੇ ਪੂਰੇ, ਦ੍ਰਿੜ੍ਹਤਾ ਵਾਲੇ ਲੋਕ ਹਨ, ਜਿਹਨਾਂ ਦੀ ਇਹ ਸੋਚ (ਧਾਰਨਾ) ਹੁੰਦੀ ਹੈ ਕਿ ਭਾਵੇਂ ਸਿਰ ਚਲਾ ਜਾਏ ਪਰ ‘ਸਚ’ ਦੀ ਹੇਠੀ (ਬੇਇੱਜ਼ਤੀ) ਨਹੀਂ ਹੋਣ ਦੇਂਦੇ। ਅਜਿਹੇ ਜੀਵਨ ਆਦਰਸ਼ ਲਈ ਹੀ ਗੁਰੂ ਸਾਹਿਬਾਨਾਂ ਨੇ ਹੋਕਾ ਦਿੱਤਾ ਸੀ: ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨)

‘ਧੁਨਿ’ ਦੇ ਪੂਰੇ ਲੋਕ ਹੀ ਸੱਚੇ ਚੇਲੇ ਹੋ ਸਕਦੇ ਹਨ ਜੇ ਸ਼ਬਦ ‘ਸਚ’ ਹੈ, ਜੇ ਸੁਰਤਿ ਸ਼ਬਦ ਦੇ ਸਤਰ ਤੀਕ ਉੱਠੀ ਹੋਈ ਲਗਨ ਹੈ, ਤਾਂ ‘ਸਚ’ ਦੀ ਸਥਾਪਨਾ ਲਈ ਦ੍ਰਿੜ੍ਹਤਾ ਤੇ ਉਸ ਦ੍ਰਿੜ੍ਹਤਾ ਦੀ ਮੰਗ ਅਨੁਸਾਰ ਦਿੱਤੀ ਤਨ, ਮਨ, ਧਨ ਦੀ ਕੁਰਬਾਨੀ ਨੂੰ ਕਮਾਈ ਕਿਹਾ ਗਿਆ ਹੈ। ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ! ਧੁਨਿ ਦੇ ਪੱਕੇ ਲੋਕਾਂ ਦਾ ਸਮੂਹ ਰੂਪ ਪੰਥ ਵੱਲੋਂ ਇੰਝ ਦਰਜ ਕੀਤਾ ਗਿਆ ਹੈ: ‘ਗੁਰੂ ਸਾਹਿਬਾਨ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਹਠੀ, ਜਪੀ, ਤਪੀ, ਨਾਮ ਜਪਣ ਦੀ ਧੁਨਿ ਵਾਲੇ, ਵੰਡ ਛਕਣ ਦੀ ਲਗਨ ਵਿੱਚ ਲੀਨ, ਦੇਗ ਚਲਾਈ, ਤੇਗ ਵਾਹੀ ਦੇ ਸੂਰੇ, ਦੇਖ ਕੇ ਅਣਡਿਠ ਕੀਤਾ, ਧਰਮ ਲਈ ਸੀਸ ਦੇਣ ਵਾਲੇ, ਬੇਅੰਤ ਤਸੀਹੇ ਸਹਿ ਕੇ ਵੀ ਜਿਹਨਾਂ ਨੇ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ’ ਆਦਿ ਇਹ ਸਾਰੇ ਧੁਨ ਦੇ ਸੂਰੇ ਕਰਤੱਵ ਦੇ ਬਲੀ ਲੋਕ ਹਨ। ਇਨ੍ਹਾਂ ਧੁਨ ਦੇ ਸੂਰਿਆਂ ਤੇ ਕਰਤੱਵ ਦੇ ਬਲੀ ਲੋਕਾਂ ਦੀ ਕਮਾਈ ਕਰਕੇ ‘ਦੇਗ ਤੇਗ ਦੀ ਫ਼ਤਿਹ’ ਹੋਈ ਹੈ ਤੇ ਹੁੰਦੀ ਰਹੇਗੀ। ‘ਬਿਰਦ ਕੀ ਪੈਜ’ ਰਹੇਗੀ, ‘ਪੰਥ ਕੀ ਜੀਤ’ ਹੋਵੇਗੀ। ਇਹ ਧੁਨ ਦੇ ਸੂਰੇ ‘ਸ਼ਬਦਗੁਰੂ’ ਦੇ ਚੇਲੇ ਹਨ। ‘ਸ਼ਬਦ ਗੁਰੂ’ ਦੇ ਉਪਾਸ਼ਕ ਦੀ ਧੁਨ ਨਿੱਜ ਤੋਂ ਉੱਪਰ ਉੱਠ ਕੇ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਹੀ ਹੋਵੇਗੀ। ਸੋ, ਪੰਜ ਸਦੀਆਂ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ ਜਦੋਂ ਤੋਂ ਸਿੱਖ ਜਾਂ ‘ਨਾਨਕ ਨਾਮ ਲੇਵਾ’ ਸਮੂਹ; ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਗੁਰ ਪੁਰਬ ਮਨਾਉਂਦਾ ਆ ਰਿਹਾ ਹੈ, ਪਰ ਕੀ ਸਾਡੇ ਜੀਵਨ ਵਿੱਚ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’’ ਰਾਹੀਂ ‘‘ਦੀਵਾ ਬਲੈ, ਅੰਧੇਰਾ ਜਾਇ॥ ਬੇਦ ਪਾਠ ਮਤਿ, ਪਾਪਾ ਖਾਇ॥’’ ਦੀ ਪ੍ਰਾਪਤ ਹੋਈ ਹੈ? ਸੋਚਣ ਦੀ ਲੋੜ ਹੈ। ‘ਸਬਦ ਗੁਰੂ’ ਨੂੰ ਮੰਨਣ ਦੀਆਂ ਤਿੰਨ ਸ਼ਰਤਾਂ ਹਨ-

(1). ਸਾਡੇ ਅੰਦਰ ‘ਸ਼ਬਦ ਗੁਰੂ’ ਦੇ ‘ਪੂਰਨ ਸੱਚ’ ਹੋਣ ਵਾਲਾ ‘ਪੂਰਾ ਵਿਸ਼ਵਾਸ’ ਹੋਵੇ।

(2). ਆਪਣੀ ‘ਸੁਰਤਿ’ (ਧੁਨਿ) ਨੂੰ ਉਸ ਸੱਚ ਦੇ ਪੱਧਰ ’ਤੇ ਟਿਕਾਇਆ ਜਾਏ।

(3). ‘ਸੱਚ’ ਦੀ ਆਪਣੇ ਜੀਵਨ ਅੰਦਰ ਸਥਾਪਨਾ ਲਈ, ਪੂਰੀ ਲਗਨ ਨਾਲ ਆਪਣਾ ਕਰਤੱਵ ਨਿਭਾਇਆ ਜਾਏ।

ਭਾਵੇਂ ਐਸਾ ਕਰਦਿਆਂ ਕੋਈ ਕੁਰਬਾਨੀ ਕਿਉਂ ਨਾ ਕਰਨੀ ਪਵੇ। ‘ਸੂਝ, ਬੂਝ ਤੇ ਕਰਤੱਵ’ ਪਾਲਣ ਵਿੱਚ ਉੱਚੀ ਉੱਠੀ ਕੌਮ ਹੀ ‘ਸ਼ਬਦ’ ਨੂੰ ‘ਗੁਰੂ’ (ਆਪਣਾ ਪ੍ਰੇਰਨਾਸਰੋਤ) ਮੰਨ ਸਕਦੀ ਹੈ ਕਿਉਂਕਿ ਇਹ ‘ਸ਼ਬਦ’ ਨਾਲ ਹੀ ‘‘ਸਬਦਿ ਜਿਤੀ ਸਿਧਿ ਮੰਡਲੀ, ਕੀਤੋਸੁ ਅਪਣਾ ਪੰਥੁ ਨਿਰਾਲਾ॥’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੩੧ ) ਦੀ ਨਿਰੋਲਤਾ ਪਵਿੱਤ੍ਰਤਾ ਦਾ ਮਾਣ ਕਰ ਸਕਦੀ ਹੈ। ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’’ ਦੇ ਮਹਾਨ ਸਿਧਾਂਤ ਸੰਕਲਪ ਨੂੰ ਸਮਝ ਕੇ ‘ਗੁਰੂ ਪੰਥ’ (ਖਾਲਸਾ ਪੰਥ) ਨੂੰ ਆਪਣਾ ਆਚਰਨ ਆਤਮਿਕ ਤੌਰ ’ਤੇ ਇੰਨਾਂ ਉੱਚਾ ਲੈ ਜਾਣਾ ਪਏਗਾ ਜਿੰਨੇ ਉੱਚੇ ‘ਗੁਰੂ ਸ਼ਬਦ’ (ਗੁਰੂ ਗ੍ਰੰਥ ਸਾਹਿਬ) ਜੀ ਹੀ ਹਨ ਤਦ ਹੀ ‘ਸ਼ਬਦ ਗੁਰੂ’ ਦਾ ਚੇਲਾ ਹੋਣਾ (ਸੇਵਕ ਕਹਾਉਣਾ) ਸੰਭਵ ਹੋਵੇਗਾ। ਅਖੀਰ ਵਿੱਚ ਸਮੂਹ ਪਾਠਕਾਂ ਨੂੰ ਸਤਿਗੁਰੂ ਜੀ ਦੇ ਆਗਮਨ ਗੁਰ ਪੁਰਬ ਦੀ ਕਾਲਜ ਦੇ ਸਮੂਹ ਪ੍ਰਬੰਧ ਸਟਾਫ ਤੇ ਵਿਦਿਆਰਥੀਆਂ ਵੱਲੋਂ ਲੱਖ-ਲੱਖ ਵਧਾਈ ਹੋਵੇ ਜੀ।