‘ੴ’ ਦਾ ਗੁਰਬਾਣੀ ਵਿੱਚ ਮਹੱਤਵ ਤੇ ਇਸ ਦਾ ਉਚਾਰਨ ਪੱਖ
ਗਿਆਨੀ ਅਵਤਾਰ ਸਿੰਘ
ਗੁਰੂ ਸਾਹਿਬਾਨਾਂ ਦੇ ਮੁੱਖ ਤੋਂ ਉਚਾਰਨ ਕੀਤੀ ਗਈ ਬਾਣੀ (ਰਚਨਾ) ਨੂੰ ਹੀ ਸਮੂਹ ਸਿੱਖ ਸਮਾਜ ‘ਗੁਰਬਾਣੀ’ ਨਾਮ ਦੇ ਨਾਲ ਜਾਣਦਾ ਹੈ। ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਸਾਡੇ ਸਾਹਮਣੇ ਸੁਭਾਇਮਾਨ ਹੈ। ਇਸ ਵਿੱਚ ਦਰਜ ਬਾਣੀ 6 ਗੁਰੂ ਸਾਹਿਬਾਨਾਂ, 3 ਗੁਰਸਿੱਖਾਂ, 15 ਭਗਤਾਂ ਅਤੇ 11 ਭੱਟਾਂ (ਭਾਵ ਕੁਲ 35 ਮਹਾਂ ਪੁਰਖਾਂ) ਦੇ ਨਾਮ ਅਧੀਨ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਗਤ ਸਾਹਿਬਾਨ, ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਵੀ ਪਹਿਲਾਂ, ਆਪਣੀ ਇਹ ਰਚਨਾ ਲਿਖ ਚੁੱਕੇ ਸਨ ਪਰ ਫਿਰ ਭੀ ਇਸ ਨੂੰ ‘ਗੁਰਬਾਣੀ’ ਦਾ ਦਰਜਾ ਸਿੱਖ ਸਮਾਜ ਤਦ ਤੋਂ ਹੀ ਦਿੰਦਾ ਹੈ ਜਦ ਤੋਂ ਗੁਰੂ ਅਰਜੁਨ ਸਾਹਿਬ ਜੀ ਦੁਆਰਾ ਇਸ ਰਚਨਾ ਨੂੰ ਸੰਨ 1604 ਈ: ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਕੀਤਾ ਗਿਆ ਸੀ।
ਗੁਰੂ ਨਾਨਕ ਸਾਹਿਬ ਜੀ, ਇਸ ਫ਼ਿਲਾਸਫ਼ੀ ਦੇ ਕੇਂਦਰ ਬਿੰਦੂ ’ਚ ਰਹੇ ਹਨ, ਬੇਸ਼ੱਕ ਇਸ (ਸਿਧਾਂਤ) ਦਾ ਵਿਸਥਾਰ ਵੀ ਉਨ੍ਹਾਂ ਆਪਣੇ 10 ਸਰੀਰਕ ਜਾਮਿਆਂ ਰਾਹੀਂ ਹੀ ਕੀਤਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਫ਼ਿਲਾਸਫ਼ੀ ਵਿੱਚੋਂ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰਾਹੀਂ ਗੁਰਬਾਣੀ ਦਾ ਮੂਲ (ਕੇਂਦਰੀ ਭਾਵ) ਲੱਭਣਾ ਆਸਾਨ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ (ਮਹਲਾ ਪਹਿਲਾ) ਦੀ ਬਾਣੀ ਵਿੱਚੋਂ ਕੁਝ ਨਿਵੇਕਲੀ ਵਿਸ਼ੇਸ਼ਤਾ, ਅੱਜ ਭੀ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ ‘ਨਾਨਕੁ ਨੀਚੁ’ ਜੁੜਤ ਸ਼ਬਦ, ਗੁਰਬਾਣੀ ਵਿੱਚ 6 ਵਾਰ ਕੇਵਲ ਗੁਰੂ ਨਾਨਕ ਸਾਹਿਬ (ਮਹਲਾ ੧) ਦੁਆਰਾ ਹੀ ਉਚਾਰਨ ਕੀਤਾ ਹੋਇਆ ਮਿਲਦਾ ਹੈ, ਇਸ ਨਿਵੇਕਲੀ ਭਾਵਨਾ ਨੂੰ ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫ ਜਾਂ ਮਹਲਾ ੯ ਨੇ ਆਪਣੀ ਬਾਣੀ ਵਿੱਚ ਇੱਕ ਵਾਰ ਵੀ ਸ਼ਾਮਲ ਨਹੀਂ ਕੀਤਾ ਹੈ ਜਦਕਿ ਇਹ (ਪੰਜ) ਗੁਰੂ ਸਾਹਿਬਾਨ ਭੀ ‘ਨਾਨਕ ਜੋਤਿ’ (‘ਮਹਲਾ ੧’ ਸ਼ਕਤੀ) ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਮੰਨੇ ਜਾ ਸਕਦੇ ਸਨ। ਫਿਰ ਵੀ ‘ਨਾਨਕੁ ਨੀਚੁ’ ਜੁੜਤ ਸ਼ਬਦ ਕੇਵਲ ‘ਮਹਲਾ ੧’ ਦੀ ਰਚਨਾ ਵਿੱਚ ਹੀ 6 ਵਾਰ ਇਉਂ ਦਰਜ ਕੀਤਾ ਹੋਇਆ ਮਿਲਦਾ ਹੈ ‘‘ਨਾਨਕੁ ਨੀਚੁ ਕਹੈ ਵੀਚਾਰੁ॥ (ਜਪੁ/ਮ:੧/੪), ਨਾਨਕੁ ਨੀਚੁ ਕਹੈ ਬੀਚਾਰੁ॥ (ਸਿਰੀਰਾਗੁ/ਮ:੧/੨੪), ਨਾਨਕੁ ਨੀਚੁ ਕਹੈ ਲਿਵ ਲਾਇ॥ (ਗਉੜੀ/ਮ:੧/੨੨੩), ਨਾਨਕੁ ਨੀਚੁ ਕਹੈ ਬੀਚਾਰੁ॥ (ਆਸਾ/ਮ:੧/੪੧੩),ਨਾਨਕੁ ਨੀਚੁ ਭਿਖਿਆ ਦਰਿ ਜਾਚੈ, ਮੈ ਦੀਜੈ ਨਾਮੁ ਵਡਾਈ ਹੇ॥ (ਮਾਰੂ ਸੋਲਹੇ/ਮ:੧/੧੦੨੧), ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ॥’’ (ਮਾਰੂ ਸੋਲਹੇ/ਮ:੧/੧੦੨੨)
ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਦਰਜ ਹਨ ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਤ ‘ਆਸਾ ਕੀ ਵਾਰ’ ਹੀ ਇੱਕ ਅਜਿਹੀ ਨਿਵੇਕਲੀ ਵਾਰ ਹੈ ਜਿਸ ਦੇ ਆਰੰਭ ਵਿੱਚ ਸੰਪੂਰਨ ਮੂਲ ਮੰਤ੍ਰ ਦਰਜ ਹੈ ਜਦਕਿ ਬਾਕੀ 21 ਵਾਰਾਂ ਵਿੱਚੋਂ ਕਿਸੇ ਇੱਕ ਦੇ ਆਰੰਭ ਵਿੱਚ ਭੀ ਸੰਪੂਰਨ ਮੂਲ ਮੰਤ੍ਰ ਦਰਜ ਨਹੀਂ ਕੀਤਾ ਗਿਆ ਹੈ। ਸ਼ਾਇਦ ਇਹ ਭਿੰਨਤਾ ਵੀ ਗੁਰੂ ਨਾਨਕ ਦੇਵ ਜੀ ਦੀ ਨਿਤਨੇਮ ਵਾਲੀ ਬਾਣੀ ਦੇ ਆਰੰਭ ਵਿੱਚ ਸੰਪੂਰਨ ਮੂਲ ਮੰਤ੍ਰ ਦਰਜ ਕਰਨ ਵਾਲੀ ਭਾਵਨਾ ਨੂੰ ਜਿਉਂ ਦਾ ਤਿਉਂ ਬਣਾਏ ਰੱਖਣ ਲਈ ਹੀ ਹੈ ਜਿਸ ਦੁਆਰਾ ਇਹ ਬਾਣੀ ਸੁਭ੍ਹਾ ਕੀਰਤਨ (ਨਿਤਨੇਮ) ਦਾ ਭਾਗ ਬਣੀ ਹੋਈ, ਚਲੀ ਆ ਰਹੀ ਸੀ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦ ‘ਸੋ ਦਰੁ’ ਵੀ ਕੇਵਲ ਪਹਿਲੇ ਪਾਤਿਸ਼ਾਹ ਜੀ ਦੁਆਰਾ ਹੀ (ਨਾ-ਮਾਤਰ ਸ਼ਬਦਿਕ ਭਿੰਨਤਾ ਨਾਲ) ਤਿੰਨ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੋਇਆ ਹੈ ਇਸ ਤਰ੍ਹਾਂ ਕਿਸੇ ਵੀ ਹੋਰ ਗੁਰੂ ਸਾਹਿਬਾਨ ਨੇ ਆਪਣਾ ਸ਼ਬਦ ਤਿੰਨ ਵਾਰ ਦਰਜ ਨਹੀਂ ਕੀਤਾ ਹੈ ਅਤੇ ਨਾ ਹੀ ਆਪਣਾ ਕੋਈ ਇੱਕ ਸ਼ਬਦ ਸੁਭ੍ਹਾ ਅਤੇ ਸ਼ਾਮ ਦੇ ਨਿਤਨੇਮ ਦਾ ਭਾਗ ਬਣਾਇਆ ਹੈ। ਇਹ ਭਾਵਨਾ ਵੀ ਸ਼ਾਇਦ ਗੁਰੂ (ਮਹਲਾ ਪਹਿਲਾ) ਪ੍ਰਤੀ ਸਤਿਕਾਰ ਨੂੰ ਬਣਾਏ ਰੱਖਣ ਲਈ ਹੀ ਹੈ। ਆਦਿ।
ਉਕਤ ਵੀਚਾਰ ਤੋਂ ਉਪਰੰਤ ਇਹ ਵੀਚਾਰ ਵੀ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ’ਚ ਇਨ੍ਹਾਂ ਵਿਸ਼ਿਆਂ ਦੀ ਰਾਹੀਂ ਕੀ ਵਿਸ਼ੇਸ਼ ਸੇਧ ਬਖ਼ਸ਼ਸ਼ ਕੀਤੀ ਸੀ?, ਇਸ ਦਾ ਜਵਾਬ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਦੋ ਭਾਗਾਂ ’ਚ ਵੰਡ ਕੇ ਵੀਚਾਰਨਾ ਦਰੁਸਤ ਹੋਵੇਗਾ।
(1). ਆਕਾਰ (ਕੁਦਰਤ) ਦਾ ਮੂਲ ਸਰੋਤ ਨਿਰਾਕਾਰ ਹੈ ਪਰ ਦੁਨਿਆਵੀ ਸੋਚ ਰੱਖਣ ਵਾਲੇ (ਆਸਤਕ) ਭਗਤਾਂ ਨੇ ਆਕਾਰ ਨੂੰ ਹੀ ਰੱਬ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਨਿਰਾਕਾਰ ਨਾਲੋਂ ਇਨ੍ਹਾਂ ਦਾ ਸਬੰਧ ਨਾਸਤਕਾਂ ਵਾਂਙ ਹੀ ਟੁੱਟਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਦੀਆਂ ਪੀੜੀ ਦਰ ਪੀੜੀ ਬਣੀਆਂ ਇਹ ਅਮੋੜ ਭਾਵਨਾਵਾਂ ਪ੍ਰਤੀ ਸ਼ਰਧਾ ਨੂੰ ਨੁਕਸਾਨ ਪਹੁੰਚਾਉਣ ਤੋ ਬਿਨਾ ਹੀ, ਇਨ੍ਹਾਂ ਦੀ ਇਸ ਅਯੋਗ ਬਣੀ ਧਾਰਨਾ ਨੂੰ ਖ਼ਤਮ ਕਰਨਾ ਚਾਹੁੰਦੇ ਸਨ ਭਾਵ ਨਿਰਾਕਰ ਰੂਪ ਅਸਲੀ ਰੱਬ ਦੇ ਸਨਮੁਖ ਹੋ ਕੇ ਬੇਨਤੀਆਂ ਕਰਨ ਵਾਲੇ ਇਹ ਆਕਾਰ ਰੂਪ ਨਕਲੀ ਰੱਬ, ਵਿਸ਼ੇ ਨਾਲ ਸਬੰਧਤ ਸ਼ਬਦ ‘ਸੋ ਦਰੁ’ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਵਾਰ ਦਰਜ ਕਰਨਾ ਅਤੇ ਸੁਭ੍ਹਾ-ਸ਼ਾਮ ਨਿਤਨੇਮ ਦਾ ਭਾਗ ਬਣਾਉਣਾ, ਜਿਸ ਨੂੰ ਪੜ੍ਹਨ ਵਾਲਾ ਹਰ ਜਗਿਆਸੂ, ਨਿਤਾਪ੍ਰਤੀ ਹੀ ਆਕਾਰ ਰੂਪ ’ਚ ਰੱਬ ਵਾਂਙ ਸਤਿਕਾਰ ਬਣਾਈ ਬੈਠੀਆਂ ਇਹ ਤਮਾਮ ਸ਼ਖਸੀਅਤਾਂ ਨੂੰ, ਨਿਰਾਕਾਰ (ਰੱਬ) ਦੇ ਮੁਕਾਬਲੇ ਤੁੱਛ ਮਹਿਸੂਸ ਕਰਨ ਲੱਗ ਜਾਂਦਾ ਹੈ, ਜਿਵੇਂ ਕਿ ਇਸ ਸ਼ਬਦ ਵਿੱਚ ਭਾਵਨਾ ਦਰਜ ਹੈ: ‘‘ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ॥, ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ॥, ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ॥, ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ॥’’ ਭਾਵ ਹੇ ਪ੍ਰਭੂ! ਇਹ ਸਾਰੇ ਤੱਤ (ਹਵਾ, ਪਾਣੀ, ਅੱਗ ਆਦਿ), ਧਰਮਰਾਜ, ਸ਼ਿਵ, ਬ੍ਰਹਮਾ, ਇੰਦ੍ਰ (ਆਦਿਕ 33 ਕ੍ਰੋੜ ਦੇਵਤੇ), ਸਭ ਦੇਵੀਆਂ, ਜੋਧੇ, ਰਾਜੇ, ਸੂਰਮੇ (ਆਦਿਕ) ਸਮੂਹ ਖਾਣੀਆਂ (ਅੰਡਜ, ਜੇਰਜ, ਸੇਤਜ ਤੇ ਉਤਭੁਜ ਆਦਿ) ਤੈਨੂੰ ਹੀ ਗਾ ਰਹੀਆਂ ਹਨ ਭਾਵ ਤੇਰੇ ਅਧੀਨ ਹਨ।
ਇਨ੍ਹਾਂ ਪੰਕਤੀਆਂ ’ਚ ਉਹ ਖ਼ਾਸ ਸ਼ਕਤੀਆਂ ਆ ਗਈਆਂ ਹਨ ਜਿਨ੍ਹਾਂ ਨੂੰ ਆਕਾਰ ਰੂਪ ਵਿੱਚ ਰੱਬ ਸਮਝ ਕੇ ਪੂਜਿਆ ਜਾ ਰਿਹਾ ਸੀ। ‘ਅੱਗ, ਪਾਣੀ, ਪਵਨ, ਧਰਮਰਾਜ, ਸ਼ਿਵ, ਬ੍ਰਹਮਾ, ਇੰਦ੍ਰ, ਦੇਵੀਆਂ, ਮਹਾਂਬਲੀ ਰਾਜੇ ਆਦਿ ਅਖੌਤੀ ਰੱਬਾਂ ਨੂੰ ਵੀ ਨਿਰਾਕਾਰ ਸ਼ਕਤੀ ਦੇ ਗੁਣ ਗਾਉਂਦੇ ਵਿਖਾਇਆ ਗਿਆ ਹੈ ਭਾਵ ਇਹ ਸਭ ਅਸਲ ਰੱਬ ਨਹੀਂ ਸਨ ਪਰ ਇਸ ਦੀ ਸਮਝ ‘‘ਊਚੇ ਉਪਰਿ ਊਚਾ ਨਾਉ॥ (ਜਪੁ/ਮ: ੧) ਨਾਲ ਸੁਰਤ ਜੋੜਿਆਂ ਹੀ ਆਉਂਦੀ ਹੈ।
ਗੁਰੂ ਨਾਨਕ ਦੇਵ ਜੀ ਦੁਆਰਾ ਇਹ ਇੱਕ ਸ਼ਬਦ ਤਿੰਨ ਵਾਰ ਦਰਜ ਕਰਨਾ ਅਤੇ ਸੁਭ੍ਹਾ-ਸ਼ਾਮ ਨਿਤਨੇਮ ਦਾ ਭਾਗ ਬਣਾਉਣਾ, ਦਰਸਾਉਂਦਾ ਹੈ ਕਿ ਗੁਰਬਾਣੀ ਫ਼ਿਲਾਸਫ਼ੀ ਦਾ ਪ੍ਰਧਾਨ ਵਿਸ਼ਾ ਮਨੁੱਖੀ ਸੋਚ ਨੂੰ ਆਕਾਰ ਦੀ ਪੂਜਾ ਤੋਂ ਵਰਜ ਕੇ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰ ਹਾਈ॥’’ (ਮ:੫/੬੧੧) ਵਾਲਾ ਨਿਯਮ ਲਾਗੂ ਕਰਵਾਉਣਾ ਸੀ ਜਦ ਕਿ ਪਹਿਲਾਂ ਲੁਕਾਈ ‘‘ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ॥’’ (ਮ:੫/੬੧੩)ਭਾਵ ਨਿਰਾਕਾਰ (ਰੱਬ) ਨੂੰ ਘਾਹ ਫੂਸ ਵਾਂਙ ਨਾ-ਮਾਤਰ ਸਮਝਦੀ ਸੀ ਜਦਕਿ ਪੈਦਾ ਕੀਤੇ ਹੋਏ ਆਕਾਰ (ਦੇਵੀ-ਦੇਵਤਿਆਂ, ਰੱਬਾਂ) ਨੂੰ ਮੇਰੂ ਪਰਬਤ ਦੀ ਤਰ੍ਹਾਂ ਬਹੁ ਆਕਾਰੀ, ਮੰਨੀ ਬੈਠੀ ਸੀ।
ਆਕਾਰ (ਦੇਵੀ, ਦੇਵਤੇ, ਪੱਥਰ, ਰੁੱਖ ਆਦਿ ਸ਼ਕਤੀਆਂ) ਨੂੰ ਰੱਬ ਮੰਨਣ ਨਾਲ ਦੁਨਿਆਵੀ ਜੀਵਾਂ ’ਚ ਆਪਸੀ ਸਾਂਝ (ਪ੍ਰੇਮ-ਭਾਵਨਾ) ਨਹੀਂ ਬਣ ਸਕਦੀ ਕਿਉਂਕਿ ਕਿਸੇ ਇੱਕ (ਆਕਾਰ ਰੂਪ ਸ਼ਕਤੀ) ’ਤੇ ਦੁਨਿਆਵੀ ਜੀਵਾਂ ਦਾ ਸਹਿਮਤ ਹੋਣਾ ਨਾ-ਮੁਮਕਿਨ ਹੁੰਦਾ ਹੈ, ਹਰ ਕੋਈ ਆਪਣੇ ਇਸ਼ਟ ਨੂੰ ਵੱਡਾ ਮੰਨਦਾ ਹੈ, ਇਸ ਦਾ ਹੱਲ (Solution) ਵੀ ਇਹੀ ਸੀ ਕਿ ‘‘ਇਕੁ ਸਜਣੁ ਸਭਿ ਸਜਣਾ, ਇਕੁ ਵੈਰੀ ਸਭਿ ਵਾਦਿ॥’’ (ਮ:੫/੯੫੭) ਭਾਵ ਅਗਰ ਇੱਕ ਨਿਰਾਕਾਰ (ਰੱਬ) ਨੂੰ ਹੀ ਅਸਲ ਮਾਲਕ ਮੰਨ ਲਿਆ ਜਾਵੇ ਤਾਂ ਸਾਰੀ ਲੁਕਾਈ ਉਸ ਦੀ ਔਲਾਦ ਬਣਨ ਨਾਲ ਇੱਕ ਪਰਿਵਾਰ ਬਣ ਸਕਦਾ ਹੈ, ਪ੍ਰੇਮ ਹੋ ਸਕਦਾ ਹੈ ਪਰ ਜੇ ਇੱਕ ਨੂੰ ਹੀ ਦੁਸ਼ਮਣ ਮੰਨ ਲਿਆ ਜਾਵੇ ਭਾਵ ਉਸ ਤੋਂ ਹੀ ਟੁੱਟ ਜਾਈਏ ਤਾਂ ਸਾਰੇ ਹੀ (ਆਪਣੇ-2 ਸੁਆਰਥ ਕਾਰਨ) ਵੈਰੀ ਜਾਪਣ ਲੱਗ ਪੈਂਦੇ ਹਨ ਕਿਉਂਕਿ ਸਭ ਨੂੰ ਇੱਕ ਪਰਿਵਾਰ ਦਾ ਹਿੱਸਾ ਨਾ ਮੰਨਣ ਕਾਰਨ ਲਾਲਚ ਵੱਧਦਾ ਹੈ, ਕਲੇਸ਼ ਵੱਧਦਾ ਹੈ।
(2). ਗੁਰੂ ਨਾਨਕ ਸਾਹਿਬ ਜੀ ਮਨੁੱਖ ਨੂੰ ਕੁਦਰਤੀ ਨਿਯਮਾਂ ਅਨੁਸਾਰ ਚੱਲਣ ਲਈ ਉਪਦੇਸ਼ ਕਰਦੇ ਹਨ ਜਿਵੇਂ ਕਿ ਗੁਰਬਾਣੀ ਦੇ ਆਰੰਭਕ ਸ਼ਬਦ ਦੀਆਂ ਪੰਕਤੀਆਂ ਹਨ ‘‘ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ॥’’ (ਜਪੁ/ਮ:੧)
ਕੁਦਰਤ ਦੇ ਵਿਕਾਸ ਨੂੰ ਬਣਾਏ ਰੱਖਣ ਲਈ ਤਮਾਮ ਜੂਨਾਂ ਦੇ ਜੀਵਾਂ ਨੂੰ ਗ੍ਰਿਹਸਤੀ (ਪਰਿਵਾਰਕ) ਸਾਂਝ ਬਣਾਏ ਰੱਖਣ ਵਾਲੀ (ਕਾਮ ਭਰਪੂਰ) ਮਾਨਸਿਕਤਾ ਬਖ਼ਸ਼ਸ਼ ਕੀਤੀ ਗਈ ਹੈ, ਇਹੀ ਨਿਯਮ ਮਨੁੱਖ ਲਈ ਵੀ ਜ਼ਰੂਰੀ ਸੀ ਕਿ ਉਹ ਗ੍ਰਿਹਸਤੀ ਬਣੇ, ਕਿਰਤੀ ਬਣੇ, ਪਰਉਪਕਾਰੀ ਬਣੇ। ਪਰਉਪਕਾਰ ਕਰਦਿਆਂ ਕਿਸੇ ਰੰਗ-ਨਸਲ, ਜ਼ਾਤ-ਪਾਤ, ਵਰਣ-ਆਸ਼੍ਰਮ ਆਦਿ ਦੇ ਭਿੰਨ-ਭੇਦ (ਅੰਧ ਵਿਸ਼ਵਾਸ) ਨੂੰ ਆਪਣੇ ਮਨ ਵਿੱਚ ਪ੍ਰਗਟ ਨਾ ਹੋਣ ਦੇਵੇ।
ਉਪਰੋਕਤ ਬਿਆਨ ਕੀਤੇ ਗਏ ਦੋਵੇਂ ਵਿਸ਼ੇ (ਨਿਰਾਕਾਰ ਰੱਬ ਦੀ ਬੰਦਗੀ ਅਤੇ ਆਕਾਰ ਰੂਪ ’ਚ ਆਪਸੀ ਪ੍ਰੇਮ) ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਮੂਲ ਆਧਾਰ ਹੈ। ਇਨ੍ਹਾਂ ਦੋਵੇਂ ਵਿਸ਼ਿਆਂ ਨੂੰ 35 ਮਹਾਂ ਪੁਰਖਾਂ ਦੀ ਬਹੁ ਆਕਾਰੀ ਬਾਣੀ ਨਾਲ ਵਿਸਥਾਰ ਦਿੱਤਾ ਗਿਆ ਹੈ, ਜਿਸ ਵਿੱਚ ਪ੍ਰਮਾਤਮਾ ਦੇ ਅਨੇਕਾਂ ਨਾਮ, ਵਿਸ਼ੇਸ਼ਣਾਂ ਦੇ ਰੂਪ ’ਚ ਰੂਪਮਾਨ ਕੀਤੇ ਗਏ ਹਨ ਜਿਵੇਂ ਕਿ ‘ਰਾਮ’ ਸ਼ਬਦ ਦਾ ਭਾਵ ਹੈ, ਕਣ-ਕਣ ਵਿੱਚ ਰਮਿਆ ਹੋਇਆ, ‘ਅਗੰਮ’ ਸ਼ਬਦ ਦਾ ਭਾਵ ਪਹੁੰਚ ਤੋਂ ਰਹਿਤ, ‘ਅਗੋਚਰ’ ਸ਼ਬਦ ਦਾ ਭਾਵ ਇੰਦਿ੍ਰਆਂ ਦੀ ਪਹੁੰਚ ਤੋਂ ਦੂਰ, ‘ਹਰਿ’ ਸ਼ਬਦ ਦਾ ਭਾਵ ਸਾਡੇ ਅੰਦਰੋਂ ਵਿਕਾਰ ਚੋਰੀ ਕਰ ਲੈਣ ਵਾਲਾ, ‘ਅਕਾਲ’ ਸ਼ਬਦ ਦਾ ਭਾਵ ਮੌਤ ਤੋਂ ਰਹਿਤ, ‘ਨਿਰਭਉ’ ਸ਼ਬਦ ਦਾ ਭਾਵ ਡਰ ਤੋਂ ਰਹਿਤ, ‘ਨਿਰਵੈਰ’ ਸ਼ਬਦ ਦਾ ਭਾਵ ਵੈਰ ਰਹਿਤ, ‘ਸੈਭੰ’ ਸ਼ਬਦ ਦਾ ਭਾਵ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਆਦਿ। ਪਰ ਇਨ੍ਹਾਂ ਤਮਾਮ ਨਾਵਾਂ (ਵਿਸ਼ੇਸ਼ਣਾਂ) ਵਿੱਚੋਂ ਤਿੰਨ ਨਾਮ (ਵਿਸ਼ੇਸ਼ਣ) ਬਹੁਤ ਹੀ ਖ਼ਾਸ ਵਿਸ਼ੇਸ਼ਣ ਹਨ, ਉਹ ਹਨ (1). ਸਮੂਹ ਆਕਾਰ ਰੂਪ (ਕੁਦਰਤ) ਨੂੰ ਬਣਾਉਣ ਵਾਲਾ (ਸਨਾਤਨੀ ਸੋਚ ਅਨੁਸਾਰ ਮੰਨਿਆ ਜਾਂਦਾ ‘ਬ੍ਰਹਮਾ’) (2). ਸਮੂਹ ਆਕਾਰ ਰੂਪ (ਕੁਦਰਤ) ਨੂੰ ਰਿਜ਼ਕ ਦੇਣ ਵਾਲਾ (ਸਨਾਤਨੀ ਸੋਚ ਅਨੁਸਾਰ ਮੰਨਿਆ ਜਾਂਦਾ ‘ਵਿਸ਼ਨੂ’) (3). ਸਮੂਹ ਆਕਾਰ ਰੂਪ (ਕੁਦਰਤ) ਦਾ ਨਾਸ ਕਰਨ ਵਾਲਾ (ਸਨਾਤਨੀ ਸੋਚ ਅਨੁਸਾਰ ਮੰਨਿਆ ਜਾਂਦਾ ‘ਸ਼ਿਵ’)।
ਇਸਾਈ ਲੋਕ ਵੀ ਪ੍ਰਭੂ ਸ਼ਕਤੀ ਨੂੰ ਤਿੰਨ ਖ਼ਾਸ ਵਿਸ਼ੇਸ਼ਣਾਂ ਦੀ ਰਾਹੀਂ ਹੀ ਵਧੇਰੇ ਯਾਦ ਕਰਦੇ ਹਨ ਬੇਸ਼ੱਕ ਉਹ ਸਨਾਤਨੀ ਸੋਚ ਵਾਲੇ ‘ਬ੍ਰਹਮਾ, ਵਿਸ਼ਨੂੰ ਤੇ ਸ਼ਿਵ’ ਦੇ ਨਾਵਾਂ ਦੀ ਟੇਕ ਨਹੀਂ ਲੈਂਦੇ ਜਿਵੇਂ ਕਿ GOD ਸ਼ਬਦ ਦੇ ਅਰਥ G ਤੋਂ ‘ਸਭ ਜੀਵਾਂ ਨੂੰ ਪੈਦਾ ਕਰਨ ਵਾਲਾ’ (Generator ਭਾਵ ਸਨਾਤਨੀ ਸੋਚ ਅਨੁਸਾਰ ‘ਬ੍ਰਹਮਾ’), O ਤੋਂ ‘ਸਭ ਨੂੰ ਰਿਜ਼ਕ ਦੇਣ ਵਾਲਾ’ (Operator ਭਾਵ ਸਨਾਤਨੀ ਸੋਚ ਅਨੁਸਾਰ ‘ਵਿਸ਼ਨੂ’) ਅਤੇ D ਤੋਂ ‘ਸਭ ਨੂੰ ਮਾਰਨ ਵਾਲਾ’ (Destroyer ਭਾਵ ਸਨਾਤਨੀ ਸੋਚ ਅਨੁਸਾਰ ‘ਸ਼ਿਵ’)।
ਇਸ ਉਪਰੋਕਤ ਵੀਚਾਰ ਵਿੱਚੋਂ ਅਗਰ ਹਿੰਦੂ, ਇਸਾਈ ਆਦਿ ਕਿਸੇ ਇੱਕ ਨਿਰਾਕਾਰ ਸ਼ਕਤੀ ਨੂੰ ਤਿੰਨ ਭਾਗਾਂ (ਖ਼ਾਸ ਵਿਸ਼ੇਸ਼ਣਾਂ) ਵਿੱਚ ਵੰਡ ਕੇ ਬਿਆਨ ਕਰ ਰਹੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਤਿੰਨੇ ਸ਼ਕਤੀਆਂ (ਵਿਸ਼ੇਸ਼ਣਾਂ) ਦੇ ਸਾਹਮਣੇ ਅਗਰ ‘੧’ ਲਗਾ ਕੇ ‘ੴ’ ਸ਼ਬਦ ਦੀ ਬਣਤਰ ਬਣਾਈ ਹੈ ਤਾਂ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ (ਮਹਲਾ ਪਹਿਲਾ) ਦੁਨਿਆਵੀ ਅਨਮਤਿ ਵਾਲੀ ਸੋਚ ਨਾਲ ਸਹਿਮਤ ਨਹੀਂ ਹਨ ਭਾਵ ਉਨ੍ਹਾਂ ਦੀ ਵਿਚਾਰਧਾਰਾ ਨੂੰ ਮੂਲੋਂ ਹੀ ਰੱਦ ਕਰ ਕੇ ‘ਕੁਦਰਤ ਨੂੰ ਬਣਾਉਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਨਾਸ ਕਰਨ ਵਾਲਾ’ ਕੇਵਲ ’ਤੇ ਕੇਵਲ ਇੱਕ ‘ੴ’ ਨੂੰ ਹੀ ਸਾਬਤ ਕਰ ਰਹੇ ਹਨ।
‘ੴ’ ਦਾ ਸ਼ੁੱਧ ਉਚਾਰਨ ਕਿਸੇ ਵੀ ਸ਼ਬਦ ਦੇ ਸ਼ੁੱਧ ਉਚਾਰਨ ਤੋਂ ਉਪਰੰਤ ਹੀ ਉਸ ਸ਼ਬਦ ਦੇ ਅਰਥ-ਭਾਵ ਸਪੱਸ਼ਟ ਹੁੰਦੇ ਹਨ ਪਰ ਸਿੱਖ ਸਮਾਜ ਵਿੱਚ ਇਸ ਸ਼ਬਦ ਦੇ ਤਿੰਨ ਉਚਾਰਨ ਪ੍ਰਚੱਲਤ ਕੀਤੇ ਜਾ ਰਹੇ ਹਨ (1). ‘ਇੱਕ ਓਅੰਕਾਰ’ (2). ‘ਏਕਾ ਏਕੰਕਾਰ’ ਅਤੇ (3). ‘ਏਕੋ’।
ਗੁਰਬਾਣੀ ਲਿਪੀ ਵਿੱਚ ਕੁਲ 35 ਅੱਖਰ ਹਨ ਜਿਨ੍ਹਾਂ ਵਿੱਚੋਂ ‘ੳ, ਅ ਅਤੇ ੲ’ ਸਵਰ (Vowel) ਅੱਖਰ ਹਨ ਜਦਕਿ ਬਾਕੀ 32 ਵਿਅੰਜਨ (Consonant) ਅੱਖਰ ਹਨ। (‘ਸਵਰ’ ਅੱਖਰ ਉਹ ਹੁੰਦੇ ਹਨ ਜੋ ਫੇਫੜਿਆਂ ਵਿੱਚੋਂ ਆ ਰਹੀ ਹਵਾ ਨੂੰ, ਮੂੰਹ ਵਿੱਚ ‘ਜੀਭ, ਦੰਦ ਤੇ ਹੋਠ’ ਦੀ ਮਦਦ ਤੋਂ ਬਿਨਾ ਹੀ ਉਚਾਰਨ ਕੀਤਾ ਜਾਵੇ ਜਦਕਿ ਵਿਅੰਜਨ ਅੱਖਰਾਂ ਦਾ ਉਚਾਰਨ ‘ਦੰਦ, ਜੀਭ ਤੇ ਹੋਠ’ ਦੀ ਮਦਦ ਤੋਂ ਬਿਨਾ ਨਹੀਂ ਹੋ ਸਕਦਾ ਹੈ।) ਗੁਰਬਾਣੀ ਭਾਸ਼ਾ ਵਿੱਚ 10 ਲਗਾਂ (‘ਮੁਕਤਾ, ਔਕੁੜ ਤੇ ਸਿਹਾਰੀ’ (3 ਲਘੂ) ਤੇ ‘ਕੰਨਾ, ਦੁਲੈਂਕੜ, ਬਿਹਾਰੀ, ਹੋੜਾ, ਕਨੌੜਾ, ਲਾਂ ਤੇ ਦੋਲਾਵਾਂ’ (7 ਦੀਰਘ) ਹੁੰਦੀਆਂ ਹਨ। ਇਹ ਸਾਰੀਆਂ ਹੀ ‘ੳ, ਅ ਤੇ ੲ’ (ਸਵਰ) ਅੱਖਰਾਂ ਦੇ ਸੁਮੇਲ ਨਾਲ ਪ੍ਰਗਟ ਹੁੰਦੀਆਂ ਹਨ ਜਿਵੇਂ ਕਿ ‘ਅ, ਆ, ਔ ਅਤੇ ਐ’ (ਕੁਲ 4 ‘ਅ’ ਸਵਰ ਅੱਖਰ ਨੂੰ), ‘ਈ, ਇ ਤੇ ਏ’ (ਕੁਲ 3 ‘ੲ’ ਸਵਰ ਅੱਖਰ ਨੂੰ) ਅਤੇ ‘ਓ, ਉ ਤੇ ੳੂ’ (ਕੁਲ 3 ‘ੳ’ ਸਵਰ ਅੱਖਰ ਨੂੰ)। ਇਨ੍ਹਾਂ ਤਿੰਨੇ ਸਵਰ ਅੱਖਰਾਂ ਨੂੰ ਲੱਗੀਆਂ 10 ਲਗਾਂ ਦਾ 32 ਵਿਅੰਜਨ ਅੱਖਰਾਂ ਨਾਲ ਸੁਮੇਲ ਹੀ ਸ਼ਬਦ ਅਤੇ ਵਾਕ (ਭਾਸ਼ਾ ਜਾਂ ਬੋਲੀ) ਨੂੰ ਜਨਮ ਦਿੰਦਾ ਹੈ। ਇਨ੍ਹਾਂ (ਸਵਰ) ਅੱਖਰਾਂ ਦੀ ਵਿਅੰਜਨ ਅੱਖਰਾਂ ਨਾਲ ਸੰਧੀ ਹੁੰਦਿਆਂ, ‘ਸਵਰ’ ਅੱਖਰ ਆਪਣੇ ਆਪ ਨੂੰ ਜ਼ਿਆਦਾਤਰ ਅਲੋਪ ਕਰ ਲੈਂਦੇ ਹਨ ਜਿਵੇਂ ਕਿ ਸ਼ਬਦ ‘ਕ+ਅ+ਰ+ਅ+ਤ+ਆ+ਰ+ਅ’ ਤੋਂ ‘ਕਰਤਾਰ’ ਸ਼ਬਦ ਬਣਿਆ ਹੈ। ਜਿਸ ਸ਼ਬਦ ਵਿੱਚ ਤਿੰਨ ਵਾਰ (ਪਹਿਲੇ 2 ਤੇ ਇੱਕ ਅਖ਼ੀਰਲਾ) ਵਿਅੰਜਨ ਅੱਖਰ ‘ਕ, ਰ ਤੇ ਰ’ ਮੁਕਤਾ (ਲਘੂ) ਦੀ ‘ਸਵਰ’ ਅੱਖਰ ਮੁਕਤਾ ‘ਅ’ ਨਾਲ ਸੰਧੀ ਹੋਈ ਹੈ, ਇਸ ਸੰਧੀ ਵਿੱਚੋਂ ‘ਅ’ ਸਵਰ ਅੱਖਰ ਅਲੋਪ ਹੋ ਗਿਆ ਜਦਕਿ ਚੌਥੇ ਅੱਖਰ ‘ਤਾ’ (ਦੀਰਘ) ‘ਲਗ’ ਨਾਲ ‘ਸਵਰ’ ਅੱਖਰ ‘ਆ’ ਦੀ ਸੰਧੀ ਹੋਈ ਹੈ, ਇਸ ਵਿੱਚੋਂ ਵੀ ‘ਅ’ ਸਵਰ ਅੱਖਰ ਲੁਪਤ ਹੋ ਗਿਆ। ਜਿਸ ਕਾਰਨ ‘ਕਰਤਾਰ’ ਸ਼ਬਦ ਦੀ ਹੋਂਦ ਪ੍ਰਗਟ ਹੋ ਗਈ।
ਯਾਦ ਰਹੇ ਕਿ ਪਿੱਛੇ ਕੀਤੀ ਗਈ ਵਿਚਾਰ ਅਨੁਸਾਰ ‘ਮੁਕਤਾ’ (ਲਘੂ ਮਾਤ੍ਰਾ) ਅਤੇ ‘ਕੰਨਾ’ (ਦੀਰਘ ਮਾਤ੍ਰਾ) ਕੇਵਲ ‘ਅ’ ਅੱਖਰ ਨੂੰ ਹੀ ਲੱਗਦੀਆਂ ਹਨ।
ਪਰ ਕੁਝ ਸ਼ਬਦ ਅਨ੍ਯ ਭਾਸ਼ਾ ਦੇ ਵੀ ਪੰਜਾਬੀ (ਗੁਰਮੁਖੀ) ਬੋਲੀ (ਭਾਸ਼ਾ) ਵਿੱਚ ਇਸਤੇਮਾਲ ਕੀਤੇ ਜਾਂਦੇ ਹਨ। ਜਿਵੇਂ ਕਿ ‘ਉਸਤਤਿ, ਇਸਨਾਨ, ਅਸਨਾਈ, ਇਸਤ੍ਰੀ’ ਆਦਿ ਸ਼ਬਦਾਂ ਦੀ ਆਪਣੀ ਮੂਲ ਭਾਸ਼ਾ ਵਿੱਚ ਬਣਤਰ ਇਉਂ ਹੁੰਦੀ ਹੈ ‘ਸ੍ਤਤਿ, ਸ੍ਨਾਨ, ਸ੍ਨਾਈ, ਸਤ੍ਰੀ’ ਆਦਿ। ਪਰ ਪੰਜਾਬੀ (ਗੁਰਮੁਖੀ) ਵਿੱਚ ਅੱਧਾ ਅੱਖਰ (ਅਗੇਤਰ) ਲਿਖਣ ਦਾ ਵਿਧਾਨ ਨਹੀਂ ਹੈ, ਇਸ ਲਈ ਇਸ ਅੱਧੇ (ਆਰੰਭਕ) ਅੱਖਰ ਨੂੰ ਪੂਰਾ ਕਰਨ ਵਾਸਤੇ ਉਸ ਤੋਂ ਪਹਿਲਾਂ ਇੱਕ ਹੋਰ ਵਧੀਕ ‘ਸਵਰ’ ਅੱਖਰ (ਆਪਣੀ ‘ਲਗ’ ਸਮੇਤ) ਲਗਾ ਦਿੱਤਾ ਜਾਂਦਾ ਹੈ ਜਿਵੇਂ ਕਿ ਉਪਰੋਕਤ ਸ਼ਬਦਾਂ ’ਚ ਤਰਤੀਬ ਵਾਰ ‘ਉ, ਇ, ਅ ਤੇ ਇ’ (ਵਧੀਕ ‘ਸਵਰ’ ਅੱਖਰ ਆਪਣੀ ‘ਲਗ’ ਸਮੇਤ) ਲਗਾਇਆ ਗਿਆ ਹੈ। ਇਸ ਉਦਾਹਰਨ ਦਾ ਭਾਵ ਇਹੀ ਸੀ ਕਿ ‘ਸਵਰ’ ਅੱਖਰ ਆਪਣੀ ‘ਲਗ’ ਸਮੇਤ, ਕੁਝ ਵਿਸ਼ੇਸ਼ ਨਿਯਮਾਂ ਕਰਕੇ ਹੀ ਆਉਂਦਾ ਹੈ, ਜਦਕਿ ਆਮ ਤੌਰ ’ਤੇ ‘ਸਵਰ’ ਅੱਖਰ ਵਿੱਚੋਂ ਕੇਵਲ ਉਸ ਦੀ ‘ਲਗ’ ਹੀ ਵਿਅੰਜਨ ਅੱਖਰਾਂ ਨਾਲ ਸੁਮੇਲ ਕਰਕੇ ਸ਼ਬਦ (ਵਾਕ, ਭਾਸ਼ਾ) ਨੂੰ ਜਨਮ ਦਿੰਦੀ ਹੈ ਅਤੇ ‘ਸਵਰ’ ਅੱਖਰ ਅਲੋਪ ਹੋ ਜਾਂਦਾ ਹੈ। ਜਿਵੇਂ ਕਿ ਇਕ ਹੋਰ ਉਦਾਹਰਨ ‘ਗ+ਓ+ਪ+ਆ+ਲ+ਉ’ ਅੱਖਰਾਂ ਦੇ ਸੁਮੇਲ ਤੋਂ ਹੀ ਸ਼ਬਦ ਬਣਤਰ ‘ਗੋਪਾਲੁ’ ਬਣਦੀ ਹੈ।
ਉਪਰੋਕਤ ਭਾਸ਼ਾ ਨਿਯਮਾਂ ਅਨੁਸਾਰ ‘ੴ’ ਦੀ ਉਸ ਉਚਾਰਨ ਧੁਨੀ ਨੂੰ ਵੀਚਾਰਨਾ ਆਸਾਨ ਹੋ ਜਾਵੇਗਾ, ਜਿਸ ਨੂੰ ਸਿੱਖ ਕੌਮ ਵਿੱਚ ‘ਇੱਕ ਓਅੰਕਾਰ, ਏਕੰਕਾਰ ਜਾਂ ਏਕੋ’ ਕਰਕੇ ਪ੍ਰਚਾਰਿਆ ਜਾ ਰਿਹਾ ਹੈ।
‘ੴ’ ਸ਼ਬਦ ਵਿੱਚ ਸ਼ਾਮਲ, ਕੇਵਲ ਸੰਖਿਆਵਾਚਕ ਅੰਕ ‘੧’ ਨੂੰ ਪੰਜਾਬੀ (ਗੁਰਮੁਖੀ) ਵਿੱਚ ‘ਇਕ’ (ਪੁਲਿੰਗ ਵਾਚਕ) ਜਾਂ ‘ਏਕਾ’ (ਇਸਤ੍ਰੀ ਲਿੰਗ ਵਾਚਕ) ਅਤੇ ਹਿੰਦੀ ਵਿੱਚ ‘ਏਕ’ ਪੜ੍ਹਿਆ ਜਾਂਦਾ ਹੈ। ਇਸ ‘੧’ (ਪੁਲਿੰਗ ਵਾਚਕ) ਅੰਕ ਦੇ ਸ਼ੁੱਧ ਉਚਾਰਨ ਪ੍ਰਥਾਏ ਕੁਝ ਵਾਕ, ਜੋ ਪੰਜਾਬੀ (ਗੁਰਮੁਖੀ) ਭਾਸ਼ਾ ਵਿੱਚ ਇਉਂ ਬੋਲੇ (ਉਚਾਰੇ) ਜਾਂਦੇ ਹਨ ‘ਇੱਕ ਦਾ ਅੰਕ, ਇੱਕ ਤੋਂ ਬਾਅਦ ਇੱਕ, ਇੱਕ-ਇੱਕ ਕਰਕੇ, ਇੱਕ-ਮਿਕ ਹੋ ਜਾਣਾ, ਇੱਕ ਅੱਖ ਦੇ ਸਮਾਨੰਤਰ ਦੂਸਰੀ’ ਆਦਿ, ਜਦਕਿ ਪੰਜਾਬੀ ਭਾਸ਼ਾ ਵਿੱਚ ਇਹ ਕਿਤੇ ਭੀ ਉਚਾਰਨ ਨਹੀਂ ਕੀਤਾ ਜਾਂਦਾ ਕਿ ‘ਏਕ ਦਾ ਅੰਕ, ਏਕ ਤੋਂ ਬਾਅਦ ਏਕ, ਏਕ ਏਕ ਕਰਕੇ, ਏਕ-ਮਿਕ ਹੋ ਕੇ, ਏਕ ਅੱਖ ਦੇ ਸਮਾਨੰਤਰ ਦੂਸਰੀ’ ਆਦਿ। ਇਸ ਪ੍ਰਥਾਏ ਗੁਰਬਾਣੀ ਵਾਕ ਵੀ ਇਸ ਤਰ੍ਹਾਂ ਮਿਲਦੇ ਹਨ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥ (ਮ:੧/੨), ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ॥ (ਮ:੧/੭), ਇਕੁ ਤਿਲੁ ਪਿਆਰਾ ਵੀਸਰੈ; ਰੋਗੁ ਵਡਾ ਮਨ ਮਾਹਿ॥ (ਮ:੧/੨੧), ਜਿਨੀ ਇਕੁ ਪਛਾਣਿਆ; ਦੂਜਾ ਭਾਉ ਚੁਕਾਇ॥’’ (ਮ:੩/੩੮) ਆਦਿ।
ਸੋ, ਗੁਰਮੁਖੀ ਭਾਸ਼ਾ ਦੇ (ਪੁਲਿੰਗ ਵਾਚਕ) ਸੰਖਿਆਵਾਚਕ ਅੰਕ ‘੧’ ਦਾ ਸ਼ੁੱਧ ਉਚਾਰਨ ‘ਇੱਕ’ ਹੀ ਹੈ, ਨਾ ਕਿ ‘ਏਕ’। ਇਹ ਭੀ ਯਾਦ ਰਹੇ ਕਿ ਗੁਰਮੁਖੀ ਭਾਸ਼ਾ ਦੇ ਇਸਤ੍ਰੀ ਲਿੰਗ ਵਾਚਕ ਦੇ ਰੂਪ ਵਿੱਚ ਇਸ ‘੧’ (ਇੱਕ) ਅੰਕ ਨੂੰ ‘ਏਕਾ’ ਉਚਾਰਿਆ ਜਾਂਦਾ ਹੈ, ਜਿਵੇਂ ਕਿ ਗੁਰਬਾਣੀ ਵਾਕ ਹਨ ‘‘ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ (ਮ:੧/੭), ਸਭ ਏਕਾ ਜੋਤਿ, ਜਾਣੈ ਜੇ ਕੋਈ॥ (ਮ:੩/੧੨੦), ਏਕਾ ਲਿਵ, ਏਕੋ ਮਨਿ ਭਾਉ॥ (ਮ:੫/੧੮੪),ਏਕਾ ਟੇਕ, ਮੇਰੈ ਮਨਿ ਚੀਤ॥ (ਮ:੫/੧੮੭), ਏਕਾ ਮਾਟੀ, ਏਕਾ ਜੋਤਿ॥ (ਮ:੫/੧੮੮), ਏਕਾ ਸੰਗਤਿ, ਇਕਤੁ ਗ੍ਰਿਹਿ ਬਸਤੇ; ਮਿਲਿ ਬਾਤ ਨ ਕਰਤੇ ਭਾਈ॥ (ਮ:੫/੨੦੫), ਏਕਾ ਓਟ ਗਹੁ ਹਾਂ॥ (ਮ:੫/੪੧੦), ਤੀਨਿ ਭਵਨ ਮਹਿ, ਏਕਾ ਮਾਇਆ॥ (ਮ:੩/੪੨੪), ਦੀਬਾਨੁ ਏਕੋ ਕਲਮ ਏਕਾ, ਹਮਾ ਤੁਮ੍ਾ ਮੇਲੁ॥ (ਮ:੧/੪੭੩), ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ; ਸਭ, ਏਕਾ ਬਾਤ ਪੁਕਾਰੀ॥ (ਮ:੫/੪੯੫) ਸਰਬ ਦ੍ਰਿਸਟਿ ਲੋਚਨ ਅਭ ਅੰਤਰਿ; ਏਕਾ ਨਦਰਿ, ਸੁ ਤ੍ਰਿਭਵਣ ਸਾਰ॥’’ (ਮ:੧/੫੦੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਏਕਾ’ ਸ਼ਬਦ ਤੋਂ ਬਾਅਦ ਤਰਤੀਬਵਾਰ ‘ਮਾਈ, ਜੋਤਿ, ਲਿਵ, ਟੇਕ, ਮਾਟੀ, ਸੰਗਤਿ, ਓਟ, ਮਾਇਆ, ਕਲਮ, ਬਾਤ ਤੇ ਨਦਰਿ’ ਇਸਤ੍ਰੀ ਲਿੰਗ ਸ਼ਬਦ ਹੋਣ ਕਾਰਨ ਹੀ ਉਚਾਰਨ ‘ਇੱਕ’ ਤੋਂ ‘ਏਕਾ’ ਕਰਨਾ ਪਿਆ ਹੈ।
ਗੁਰਬਾਣੀ ਕਾਵਿ ਰੂਪ ਵਿੱਚ ਹੋਣ ਕਾਰਨ, ਕਈ ਵਾਰ ਕਾਵਿ ਤੋਲ ਨੂੰ ਬਣਾਏ ਰੱਖਣ ਲਈ ‘ਏਕਾ’ ਸ਼ਬਦ ਤੋਂ ‘ਏਕ’ ਇਸਤ੍ਰੀ ਲਿੰਗ ਵੀ ਰਹਿ ਜਾਂਦਾ ਹੈ ਜਿਵੇਂ ਕਿ ‘‘ਵਾਰਿਆ ਨ ਜਾਵਾ; ਏਕ ਵਾਰ॥ (ਮ:੧/੩), ਨਾਨਕੁ ਏਕ ਕਹੈ ਅਰਦਾਸਿ॥ (ਮ:੧/੨੫), ਨਿਮਖ ਏਕ, ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ॥ (ਮ:੫/੪੪), ਏਕ ਜੁ ਬਾਤ, ਅਨੂਪ ਬਨੀ ਹੈ; ਪਵਨ ਪਿਆਲਾ ਸਾਜਿਆ॥ (ਭਗਤ ਕਬੀਰ/੯੨), ਨਾਨਕੁ ਏਕ ਕਹੈ ਬੇਨੰਤੀ; ਹੋਰਿ ਸਗਲੇ ਕੂੜੁ ਕਮਾਵਹਿ॥ (ਮ:੧/੧੪੫), ਛੋਡਿ ਉਪਾਵ; ਏਕ ਟੇਕ ਰਾਖੁ॥’’ (ਮ:੫/੧੯੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ਵੀ ‘ਏਕ’ ਸ਼ਬਦ ਬਣਤਰ ਨਾਲ ਤਰਤੀਬਵਾਰ ‘ਵਾਰ (ਵਾਰੀ), ਅਰਦਾਸਿ, ਨਿਮਖ, ਬਾਤ, ਬੇਨਤੀ ਤੇ ਟੇਕ’ (ਇਸਤ੍ਰੀ ਲਿੰਗ) ਸ਼ਬਦ ਹੋਣ ਕਾਰਨ ਹੀ ਸ਼ਬਦ ‘ਇੱਕ’ (ਪੁਲਿੰਗ) ਤੋਂ ‘ਏਕ’ ਬਣਿਆ ਹੈ।
ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ’ਚ ‘ਏਕੁ’ (ਹਿੰਦੀ, ਪੁਲਿੰਗ) ਸ਼ਬਦ ਉਚਾਰਨ ਨਾਲ ਕਾਵਿ ਤੋਲ ਉਚਿਤ (ਦਰੁਸਤ) ਬੈਠਦਾ ਹੈ ਜਦਕਿ ‘ਇੱਕ’ ਪੰਜਾਬੀ (ਪੁਲਿੰਗ) ਉਚਾਰਨ ਕਰਕੇ ਪੜ੍ਹਨ ਨਾਲ ਕਾਵਿ ਤੋਲ ਮਰ ਜਾਂਦਾ ਹੈ, ਜਿਵੇਂ ਕਿ ‘‘ਪੰਚਾ ਕਾ ਗੁਰੁ ਏਕੁ ਧਿਆਨੁ॥ (ਮ:੧/੩), ਲਖੁ ਲਖੁ ਗੇੜਾ ਆਖੀਅਹਿ, ਏਕੁ ਨਾਮੁ ਜਗਦੀਸ॥ (ਮ:੧/੭), ਮਨ! ਏਕੁ ਨ ਚੇਤਸਿ, ਮੂੜ ਮਨਾ॥ (ਮ:੧/੧੨), ਤੇਰਾ ਏਕੁ ਨਾਮੁ, ਤਾਰੇ ਸੰਸਾਰੁ॥ (ਮ:੧/੨੪), ਸਭਨਾ ਕਾ ਦਾਤਾ ਏਕੁ ਹੈ, ਆਪੇ ਬਖਸ ਕਰੇਇ॥’’ (ਮ:੩/੩੦) ਆਦਿ। ਗੁਰਬਾਣੀ ਕਈ ਭਾਸ਼ਾਵਾਂ ਦਾ ਮਿਸ਼ਰਣ (Mixture) ਹੈ ਇਸ ਲਈ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਦੂਸਰੀਆਂ ਭਾਸ਼ਾਵਾਂ ਦੇ ਉਚਾਰਨ ਦਾ ਪ੍ਰਯੋਗ ਕਰਨਾ ਅਨਉਚਿਤ ਨਹੀਂ ਹੈ।
ਸੋ, ਗੁਰਬਾਣੀ ਦੇ ਆਰੰਭਕ ਸ਼ਬਦ ‘ੴ’ ਨਾਲ ਦਰਜ ਸੰਖਿਆਵਾਚਕ ਅੰਕ ‘੧’ ਨੂੰ ਪੰਜਾਬੀ ਦਾ ਉਚਾਰਨ ‘ਇਕ’ ਨਾ ਮੰਨ ਕੇ ਹਿੰਦੀ ਵਾਲਾ ਉਚਾਰਨ ‘ਏਕ’ ਕਰਨਾ, ਕਿਸੇ ਭੀ ਪੱਖੋਂ ਦਰੁਸਤ ਨਹੀਂ ਮੰਨਿਆ ਜਾ ਸਕਦਾ, ਜਦਕਿ ਇਸ ਆਰੰਭਕ ਸ਼ਬਦ ਦੇ ਉਚਾਰਨ ਵਿੱਚ ਕੋਈ ਕਾਵਿ ਤੋਲ ਭੀ ਪ੍ਰਭਾਵ ਨਹੀਂ ਪਾ ਰਿਹਾ ਹੈ। ਭਾਈ ਗੁਰਦਾਸ ਜੀ ਦੁਆਰਾ ਮੂਲ ਮੰਤ੍ਰ ਦੀ ਵਿਆਖਿਆ ਪ੍ਰਤੀ ਵਰਤਿਆ ਹੋਇਆ ‘ਏਕਾ’ ਉਚਾਰਨ ਵੀ ਕੇਵਲ ਕਾਵਿ ਤੋਲ ਦਾ ਹੀ ਭਾਗ ਹੈ ਜਿਵੇਂ ਕਿ ‘‘ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ। ਸਤਿਨਾਮੁ; ਕਰਤਾਰ, ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ; ਅਜੂਨਿ ਅਕਾਲਿਆ।’’ (ਵਾਰ ੩, ਪਉੜੀ ੧੫) ਇਸ ਵਾਕ ਵਿੱਚ ਭਾਈ ਸਾਹਿਬ ਜੀ ਜਿਵੇਂ ਮੂਲ ਮੰਤ੍ਰ ’ਚ ਦਰਜ ਸ਼ਬਦ ‘ਨਿਰਵੈਰੁ’ ਦਾ ਉਚਾਰਨ ‘ਨਿਰਵੈਰਹੁ’, ‘ਅਜੂਨੀ’ ਦਾ ਉਚਾਰਨ ‘ਅਜੂਨਿ’ ਅਤੇ ‘ਅਕਾਲ’ ਦਾ ਉਚਾਰਨ ‘ਅਕਾਲਿਆ’, ਕਾਵਿ ਤੋਲ ਨੂੰ ਬਣਾਏ ਰੱਖਣ ਲਈ, ਕਰ ਰਹੇ ਹਨ ਉਸ ਤਰ੍ਹਾਂ ਹੀ ਸੰਖਿਆਵਾਚਕ ਅੰਕ ‘੧’ ਨੂੰ ‘ਏਕਾ’ ਲਿਖ ਰਹੇ ਹਨ, ਜੋ ਕਿ ਕੇਵਲ ਕਾਵਿ ਤੋਲ ਤੱਕ ਹੀ ਸੀਮਤ ਹੈ, ਨਾ ਕਿ ਇਸ ਤੋਂ ਸੇਧ ਲੈ ਕਿ ‘੧’ ਨੂੰ ‘ਏਕਾ’ ਪੜ੍ਹਨਾ ਹੈ ਕਿਉਂਕਿ ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਏਕਾ’ ਇਸਤ੍ਰੀ ਲਿੰਗ ਸ਼ਬਦ ਹੈ।
‘ੴ’ ਸ਼ਬਦ ਦੀ ਵਰਣ (ਅੱਖਰ) ਵੰਡ ‘੧+ੳ+ ੋ+ (ਕਾਰ)’ ਬਣਦੀ ਹੈ, ਜਿਸ ਵਿੱਚੋਂ ਸੰਖਿਆਵਾਚਕ ਅੰਕ ‘੧’ ਨੂੰ ਵੀਚਾਰਨ ਤੋਂ ਉਪਰੰਤ ਦੂਸਰਾ ‘ੳ+ ੋ ’ ਭਾਵ ‘ਓ’ ‘ਸਵਰ’ ਅੱਖਰ ਰਹਿ ਜਾਂਦਾ ਹੈ। ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਸਵਰ’ ਅੱਖਰ ਕਿਸੇ ਵਿਅੰਜਨ ਅੱਖਰ ਨਾਲ ਸੰਧੀ ਕਰਦਿਆਂ ਆਪਣਾ ‘ਸਵਰ’ ਅੱਖਰ ਅਲੋਪ ਕਰਕੇ ਆਪਣੀ ‘ਲਗ’ ਨੂੰ ਵਿਅੰਜਨ ਅੱਖਰ ਵਿੱਚ ਸੁਮੇਲ ਕਰ ਲੈਂਦਾ ਹੈ। ਪਰ ਜਦ ਕੋਈ ਵੀ ‘ਸਵਰ’ ਅੱਖਰ ਕਿਸੇ ਸ਼ਬਦ ਦੇ ਅਗੇਤਰ ਲਗਾਉਣਾ ਹੋਵੇ ਤਾਂ ਉਹ (‘ਸਵਰ’ ਅੱਖਰ) ਆਪਣੀ ‘ਲਗ’ ਸਮੇਤ ਹੀ ਆਪਣੀ ਬਣਤਰ ਨੂੰ ਬਣਾਈ ਰੱਖਦਾ ਹੈ। ਜਿਵੇਂ ਕਿ ‘ਇਸਨਾਨ, ਉਸਤਤੀ, ਉਤਪਤੀ, ਆਦਿ, ਅਸਨਾਈ’ ਆਦਿ।
‘ੴ’ ਸ਼ਬਦ ਵਿੱਚੋਂ ‘ਓ’ ਅੱਖਰ ਦੇ ਅਗੇਤਰ ਸੰਖਿਆਵਾਚਕ ਅੰਕ ‘੧’ ਹੈ, ਇਸ ਲਈ ‘ਓ’ ‘ਸਵਰ’ ਅੱਖਰ ਦਾ ਹੋੜਾ (ਭਾਵ ਦੀਰਘ ਲਗ), ਭਾਸ਼ਾਈ ਨਿਯਮਾਂ ਅਨੁਸਾਰ ਉਸ ਤੋਂ ਪਹਿਲੇ ਕਿਸੇ ਸੰਖਿਆਵਾਚਕ ਅੰਕ ‘੧’ (ਕੇਵਲ ‘ਇਕ’ ਦੀ ਅਦ੍ਰਿਸ਼ ਧੁਨੀ ਕਿਉਂਕਿ ਪ੍ਰਗਟ ਰੂਪ ਵਿੱਚ ਕੋਈ ਸ਼ਬਦ ਹੀ ਨਹੀਂ ਹੈ।) ਦੇ ਉਚਾਰਨ ‘ਇਕ ਜਾਂ ਏਕ’ ਉੱਤੇ ਨਹੀਂ ਲੱਗ ਸਕਦਾ। ਇਸ ਲਈ ‘ੴ’ ਸ਼ਬਦ ਦੀ ਉਚਾਰਨ ਧੁਨੀ ਵਿੱਚ, ‘ਓ’ (ਭਾਵ ੳ + ੋ ) ਉਚਾਰਨ ਧੁਨੀ ਜ਼ਰੂਰ ਰਹੇਗੀ।
‘ੴ’ ਸ਼ਬਦ ਦਾ ਤੀਸਰਾ ਅਤੇ ਅੰਤਿਮ ਹਿੱਸਾ ‘ਕਾਰ’ ਹੈ, ਜੋ ਕਿ ਸੰਸਕ੍ਰਿਤ ਭਾਸ਼ਾ ਵਿੱਚ ਕਿਸੇ ਸ਼ਬਦ ਦੇ ਅਖ਼ੀਰ ਵਿੱਚ ਹੀ ਲਗਦਾ ਹੈ, ਜਿਵੇਂ ਕਿ ‘ਧੁਨਿਕਾਰ, ਜੈ ਜੈਕਾਰ, ਨਿਰਤਿਕਾਰ, ਝਨਤਕਾਰ, ਝੁਨੰਤਕਾਰ, ਨੰਨਾਕਾਰ, ਏਕੰਕਾਰ’ ਆਦਿ। ਇਨ੍ਹਾਂ ਸ਼ਬਦਾਂ ਦੀ ਬਣਤਰ ਤੋਂ ਭਲੀਭਾਂਤ ਸਮਝ ਆ ਜਾਂਦੀ ਹੈ ਕਿ ਇਹ ਪਿਛੇਤਰ ‘ਕਾਰ’, ਕੇਵਲ ਪਹਿਲੇ ਸ਼ਬਦਿਕ ਅਰਥਾਂ ਨੂੰ ਨਿਰੰਤਰ ਵਰਤ ਰਹੀ ਕ੍ਰਿਆ ਵਿੱਚ ਤਬਦੀਲ ਕਰਦਾ ਹੈ ਜਿਵੇਂ ਕਿ ‘‘ਪੰਚ ਸਬਦ ‘ਧੁਨਿਕਾਰ’ ਧੁਨਿ; ਤਹ, ਬਾਜੈ ਸਬਦੁ ਨੀਸਾਣੁ॥’’ (ਮ:੧/੧੨੯੧) ਭਾਵ ਰੱਬੀ ਮਿਲਾਪ ਵਾਲੀ ਅਵਸਥਾ ’ਚ ਪਹੁੰਚਿਆਂ ਪੰਜ ਅਨੰਦਮਈ ਸੰਗੀਤ (ਤਾਰ, ਧਾਤ, ਘੜਾ, ਚੰਮ ਤੇ ਫੂਕ ਨਾਲ ਵੱਜਣ ਵਾਲਾ ਸਾਜ਼) ਨਿਰੰਤਰ ਵੱਜਦੇ ਰਹਿੰਦੇ ਹਨ।, ‘‘ਗੰਧ੍ਰਬ ਕੋਟਿ, ਕਰਹਿ ਜੈਕਾਰ॥’’ (ਭਗਤ ਕਬੀਰ/੧੧੬੩) ਭਾਵ (ਪ੍ਰਭੂ ਦਰ ’ਤੇ) ਕ੍ਰੋੜਾਂ ਦੇਵਤਿਆਂ ਦੇ ਰਾਗੀ ਨਿਰੰਤਰ ਜੈ-ਜੈ ਕਾਰ ਕਰਦੇ ਹਨ।), ‘‘ਮੇਘ ਸਮੈ, ਮੋਰ ਨਿਰਤਿਕਾਰ॥’’ (ਮ:੫/੧੧੮੦) ਭਾਵ ਬਦਲਾਂ ਦੌਰਾਨ ਮੋਰ ਨਿਰੰਤਰ ਪੈਲਾਂ ਪਾਉਂਦੇ ਰਹਿੰਦੇ ਹਨ, ਨਾਚ ਕਰਦੇ ਰਹਿੰਦੇ ਹਨ।, ‘‘ਬੰਧਨ ਤੇ, ਹੋਈ ਛੁਟਕਾਰ॥’’ (ਮ:੫/੯੧੫) ਭਾਵ (ਰੱਬੀ ਮਿਹਰ ਨਾਲ) ਮਾਇਆ ਬੰਧਨਾਂ ਤੋਂ ਨਿਰੰਤਰ (ਸਦਾ ਲਈ) ਮੁਕਤੀ ਮਿਲ ਜਾਂਦੀ ਹੈ, ਆਦਿ। ਇਨ੍ਹਾਂ ਤਮਾਮ ਪੰਕਤੀਆਂ ’ਚ ‘ਕਾਰ’ ਸ਼ਬਦ ਨਾਲ ਅਗੇਤਰ ਜੁੜਤ ਸ਼ਬਦ ‘ਧੁਨਿ, ਜੈ, ਨਿਰਤਿ, ਛੁਟ’ ਆਦਿ ਦੇ ਸ਼ਬਦਿਕ ਅਰਥਾਂ ਨੂੰ ਨਿਰੰਤਰ (ਇਕ-ਰਸ, ਸਦਾ ਲਈ) ਅਰਥ-ਭਾਵ ਵਿੱਚ ਤਬਦੀਲ ਕਰਨ ਲਈ ਹੀ ਇਨ੍ਹਾਂ ਦੇ ਪਿਛੇਤਰ ‘ਕਾਰ’ ਸ਼ਬਦ ਲੱਗਿਆ ਹੈ।
‘ੴ’ ਸ਼ਬਦ ਦੇ ਪਿਛੇਤਰ ਭੀ (ਕਾਰ) ਲੱਗਣ ਨਾਲ, ਜੋ ਸ਼ਬਦਿਕ ਅਰਥ ‘੧+ਓ’ ਦੇ ਬਣਦੇ ਹਨ, ਉਨ੍ਹਾਂ ਨੂੰ ਇਕ ਰਸ ਵਿਆਪਕ (ਨਿਰੰਤਰ) ਵਿੱਚ ਤਬਦੀਲ, ਇਹ ‘ਕਾਰ’ ਹੀ ਕਰਦੀ ਹੈ। ਤਮਾਮ ਪੁਰਾਤਨ ਹੱਥ ਲਿੱਖਤ ਬੀੜਾਂ ਅਤੇ ਅਜੋਕੀਆਂ ਛਾਪੇਖ਼ਾਨੇ (ਪ੍ਰੈਸ) ਰਾਹੀਂ ਛਾਪੀਆਂ ਜਾ ਰਹੀਆਂ ਬੀੜਾਂ ਵਿੱਚ ‘ੴ’ ਸ਼ਬਦ 568 ਵਾਰ ਦਰਜ ਹੈ ਅਤੇ ਕਿਸੇ ਇੱਕ ਜਗ੍ਹਾ ਵੀ ਇਹ ਪਿਛੇਤਰ ‘ਕਾਰ’ ਦਾ ਚਿੰਨ੍ਹ ਅਲੋਪ ਨਹੀਂ ਹੈ, ਇਸ ਲਈ ਇਸ ਨੂੰ ‘ੴ’ ਦੇ ਉਚਾਰਨ ਅਤੇ ਸ਼ਬਦਿਕ ਅਰਥਾਂ ਵਿੱਚੋਂ ਅਲੋਪ (Extinct) ਨਹੀਂ ਕੀਤਾ ਜਾ ਸਕਦਾ।
ਜੋ ਵਿਅਕਤੀ ਸਿੱਖੀ ਸਵਰੂਪ ਵਿੱਚ ‘ੴ’ ਸ਼ਬਦ ਦੀ ਅਖੀਰਲੀ (ਕਾਰ) ਨੂੰ ਨਜ਼ਰ ਅੰਦਾਜ਼ ਕਰਦਿਆਂ ਤੇ ਉਚਾਰਨ ‘ਏਕੋ’ ਕਰਕੇ, ਬ੍ਰਾਹਮਣਾਂ ਦੇ ‘ਬ੍ਰਹਮਾ, ਵਿਸ਼ਨੂ ਤੇ ਮਹੇਸ਼ (ਸ਼ਿਵ)’ ਵਾਲੀ ਤਿਕੜੀ ਤੋਂ ਅਲੱਗ ਅਰਥ ਕੱਢਣ ਦਾ ਯਤਨ ਕਰ ਰਹੇ ਹਨ ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਸ ‘ੴ’ ਸ਼ਬਦ ਦਾ ‘ਏਕੋ’ ਉਚਾਰਨ ਸਭ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਥਾਪੇ ਦੇਹਧਾਰੀ ਗੁਰੂ ਰਾਧਾ ਸੁਆਮੀਆਂ ਨੇ ਲਗਭਗ 100 ਸਾਲ ਪਹਿਲਾਂ ਤਦ ਕੀਤਾ ਤੇ ਪ੍ਰਚਾਰਿਆ ਸੀ, ਜਦ ਬ੍ਰਾਹਮਣਾਂ ਦੇ ਇਸ਼ਾਰੇ ’ਤੇ ਹੀ ਅੰਗਰੇਜ਼ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਰਕੇ, ਉਸ ਦੇ ਸਮਾਨੰਤਰ (ਅੰਮ੍ਰਿਤਸਰ ਵਿੱਚ ਹੀ) ਦੁਰਗਿਆਣਾ ਮੰਦਿਰ (ਦੁਰਗਾ ਦੇਵੀ ਦਾ ਘਰ) ਬਣਵਾਇਆ ਸੀ। ਇਨ੍ਹਾਂ ਦੇਵੋਂ ਘਟਨਾਵਾਂ ਵਿਚਕਾਰ ਕੇਵਲ 5 ਸਾਲ ਦਾ ਭੀ ਅੰਤਰ ਨਹੀਂ ਹੈ। ਜਿਸ ਕਾਰਨ ਇਸ ਦੀ ਪਿਛੋਕੜ ਭਾਵਨਾ ਸਮਝਣੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭਕ ਸ਼ਬਦ ‘ੴ’ ਦਾ ਸ਼ਬਦਿਕ ਅਰਥ ਬ੍ਰਾਹਮਣਾਂ ਦੇ ਇਨ੍ਹਾਂ ਤਿੰਨੇ ਦੇਵਤਿਆਂ ਦੀ ਹੋਂਦ ਨੂੰ ਹੀ ਇਹ ਕਹਿ ਕੇ ਖ਼ਤਮ ਕਰ ਰਿਹਾ ਹੈ ਕਿ ‘ਕੁਦਰਤ ਨੂੰ ਬਣਾਉਣ ਵਾਲਾ, ਰਿਜ਼ਕ ਦੇਣ ਵਾਲਾ ਤੇ ਨਾਸ਼ ਕਰਨ ਵਾਲਾ’ (ਬ੍ਰਹਮਾ, ਵਿਸ਼ਨੂ ਤੇ ਸ਼ਿਵ ਨਹੀਂ ਬਲਕਿ) ਕੇਵਲ ਇੱਕ ਹੀ ਹੈ ਜੋ ਕਣ=ਕਣ ਵਿੱਚ ਨਿਰੰਤਰ ਭਾਵ ਵਿਆਪਕ ਹੈ।
ਅੰਤ ਵਿੱਚ ‘ੴ’ ਸ਼ਬਦ ਦੇ ਉਪਰੋਕਤ ਤਿੰਨੇ (ਇਕ ਓਅੰਕਾਰ, ਏਕਾ ਏਕੰਕਾਰ ਤੇ ਏਕੋ) ਪ੍ਰਚਾਰੇ ਜਾ ਰਹੇ ਉਚਾਰਨਾਂ ਨੂੰ ਸੰਖੇਪ ਵਿੱਚ ਇਉਂ ਪੇਸ਼ ਕੀਤਾ ਜਾ ਰਿਹਾ ਹੈ:
(1). ‘ਇਕ ਓਅੰਕਾਰ’- ਇਸ ਜੁੜਤ ਸ਼ਬਦ ਉਚਾਰਨ ਵਿੱਚੋਂ ‘ਓਅੰਕਾਰ’ ਸ਼ਬਦ ਨਿਰਾਕਾਰ (ਰੱਬ) ਦੇ ਪ੍ਰਥਾਏ ਗੁਰਬਾਣੀ ਵਿੱਚ ਭਗਤ ਕਬੀਰ ਜੀ ਸਮੇਤ ਤਮਾਮ ਗੁਰੂ ਸਾਹਿਬਾਨਾਂ ਨੇ ਇਉਂ ਦਰਜ ਕੀਤਾ ਹੈ ‘‘ਓਅੰਕਾਰ, ਆਦਿ ਮੈ ਜਾਨਾ॥ ਗਉੜੀ ਬਾਵਨ ਅਖਰੀ (ਭਗਤ ਕਬੀਰ/੩੪੦), ਓਅੰਕਾਰਿ, ਬ੍ਰਹਮਾ ਉਤਪਤਿ॥ ਰਾਮਕਲੀ ਓਅੰਕਾਰ (ਮ:੧/੯੨੯), ਓਅੰਕਾਰਿ, ਸਭ ਸ੍ਰਿਸਟਿ ਉਪਾਈ॥ ਮਾਰੂ ਸੋਲਹੇ (ਮ:੩/੧੦੬੧), ਓਅੰਕਾਰਿ, ਏਕੋ ਰਵਿ ਰਹਿਆ, ਸਭੁ; ਏਕਸ ਮਾਹਿ ਸਮਾਵੈਗੋ॥ ਕਾਨੜਾ (ਮ:੪/੧੩੧੦), ਓਅੰਕਾਰਿ, ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥’’ ਮਾਰੂ (ਮ:੫/੧੦੦੩) ਭਾਈ ਗੁਰਦਾਸ ਜੀ ਵੀ ਆਪਣੀ ਰਚਨਾ ਵਿੱਚ ਇਉਂ ਦਰਜ ਕਰ ਰਹੇ ਹਨ ‘‘ਊੜਾ; ਓਅੰਕਾਰੁ ਪਾਸਿ ਬਹਾਲਿਆ।’’ (ਵਾਰ ੩/ਪਉੜੀ ੧੫)
(2). ਏਕਾ ਏਕੰਕਾਰ- ਇਹ ਦੋਵੇਂ ਜੁੜਤ ਸ਼ਬਦ ਬੇਸ਼ੱਕ ਅਲੱਗ-ਅਲੱਗ ਰੂਪ ’ਚ ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਜੁੜਤ ‘‘ਏਕਾ; ਏਕੰਕਾਰੁ ਲਿਖਿ ਦੇਖਾਲਿਆ।’’ ਦਰਜ ਮਿਲਦੇ ਹਨ ਪਰ ਇਸ ਉਚਾਰਨ ਨਾਲ ਵਰਣ ਵੰਡ ਇਉਂ ਬਣਦੀ ਹੈ ‘ਏ+ਕ+ਅ+ਕ+ਆ+ਰ+ਅ’, ਜਿਸ ਵਿੱਚ, ‘ੴ’ ਸ਼ਬਦ ਵਿੱਚੋਂ ‘ਓ’ ਸਵਰ ਅੱਖਰ ਅਲੋਪ ਹੈ ਭਾਵ ਨਹੀਂ ਆ ਸਕਿਆ।
(3). ਏਕੋ- ਇਹ ਸ਼ਬਦ ਉਚਾਰਨ, ‘ੴ’ ਸ਼ਬਦ ਵਿੱਚ ਦਰਜ ਸੰਖਿਆਵਾਚਕ ‘੧’ ਨੂੰ ਪੰਜਾਬੀ (ਗੁਰਮੁਖੀ) ਭਾਸ਼ਾ ਦਾ ਨਾ ਮੰਨ ਕੇ ਹਿੰਦੀ ਭਾਸ਼ਾ ਦਾ ਮੰਨਿਆ ਗਿਆ ਹੈ (ਉਹੀ ਹਿੰਦੀ ਭਾਸ਼ਾ, ਜਿਨ੍ਹਾਂ ਦੁਆਰਾ ਮੰਨੇ ਜਾਂਦੇ ਦੇਵਤਿਆਂ ਦੇ ਨਾਵਾਂ ਤੋਂ ਸਾਨੂੰ ਨਫ਼ਰਤ ਵੀ ਹੈ?), ‘ੴ’ ਸ਼ਬਦ ਦੀ ਅਖੀਰਲੀ ‘ਕਾਰ’ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਹੈ ਅਤੇ ‘ਓ’ ਸਵਰ ਅੱਖਰ ਨੂੰ ਗ਼ੈਰ ਭਾਸ਼ਾਈ ਨਿਯਮਾਂ ਅਨੁਸਾਰ ‘ਹੋੜੇ’ ਵਿੱਚ ਤਬਦੀਲ ਕਰਕੇ ਸੰਖਿਆਵਾਚਕ ਅੰਕ ‘੧’ (‘ਏਕ’ ਹਿੰਦੀ ਭਾਸ਼ਾ) ਉੱਤੇ ਲਗਾਇਆ ਗਿਆ ਹੈ। ਇਹੀ ਉਚਾਰਨ ਬ੍ਰਾਹਮਣਾਂ ਦੇ ਦਬਾਅ ਹੇਠ ਅੰਗਰੇਜ਼ਾਂ ਨੇ ਦੇਹਧਾਰੀ ਗੁਰੂ ਰਾਧਾ ਸੁਆਮੀ ਦੁਆਰਾ 100 ਸਾਲ ਪਹਿਲਾਂ ਉਚਾਰਨ ਕਰਵਾਇਆ ਗਿਆ ਸੀ, ਅਜਿਹੇ ਹੀ ਅਹਿਸਾਨਾਂ (ਉਪਕਾਰਾਂ) ਦੇ ਬਦਲੇ ਬ੍ਰਾਹਮਣਾਂ ਨੇ ਭਾਰਤ ਦੀ ਆਜ਼ਾਦੀ ਸਮੇਂ ਭੀ ਅੰਗਰੇਜ਼ਾਂ ਦਾ ਸਾਥ ਹੀ ਦਿੱਤਾ ਸੀ।