ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥

0
833

ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥

ਵਾ. ਪ੍ਰਿੰ. ਮਨਿੰਦਰ ਪਾਲ ਸਿੰਘ ਜੀ

 

 

ਆਸਾ ਸੇਖ ਫਰੀਦ ਜੀਉ ਕੀ ਬਾਣੀ  ੴ ਸਤਿ ਗੁਰ ਪ੍ਰਸਾਦਿ ॥

ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ॥  ਜਿਨ੍ ਮਨਿ ਹੋਰੁ; ਮੁਖਿ ਹੋਰੁ; ਸਿ ਕਾਂਢੇ ਕਚਿਆ ॥੧॥

ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥  ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ ॥੧॥ ਰਹਾਉ ॥

ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ॥  ਤਿਨ ਧੰਨੁ ਜਣੇਦੀ; ਮਾਉ ਆਏ ਸਫਲੁ ਸੇ ॥੨॥

ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥  ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ॥੩॥

ਤੇਰੀ ਪਨਹ ਖੁਦਾਇ ! ਤੂ ਬਖਸੰਦਗੀ ॥  ਸੇਖ ਫਰੀਦੈ; ਖੈਰੁ ਦੀਜੈ ਬੰਦਗੀ ॥੪॥੧॥ (ਬਾਬਾ ਫਰੀਦ ਜੀ/੪੮੮)

ਇਹ ਰੱਬੀ ਸੁਨੇਹਾ ਮਹਾਂ ਤਿਆਗੀ, ਪਰਮ ਤਪਸਵੀ, ਕਰਤਾਰ ਦੇ ਅਨੰਨ ਸੇਵਕ, ਭਗਤ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ੪੮੮ ਉੱਤੇ ਰਾਗ ਆਸਾ ਵਿੱਚ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਰੱਬੀ ਪਿਆਰ ਵਿੱਚ ਜੁੜੇ, ਪ੍ਰਭੂ ਪ੍ਰੇਮੀਆਂ ਦੀ ਉਸਤਤ ਦੇ ਨਾਲ-ਨਾਲ, ਰੱਬ ਤੋਂ ਟੁੱਟੇ ਮਨੁੱਖਾਂ ਦੀ ਅਸਲੀਅਤ ਅਤੇ ਉਨ੍ਹਾਂ ਦੇ ਬਰਬਾਦ ਹੋ ਰਹੇ ਮਨੁੱਖੀ ਜੀਵਨ ਦੀ ਝਲਕ ਵੀ ਮਿਲਦੀ ਹੈ। ਸ਼ਬਦ ’ਚ ‘ਰਹਾਉ’ ਵਾਲ਼ੀਆਂ ਪੰਕਤੀਆਂ ਵਿੱਚ ਭਗਤ ਜੀ ਸਮਝਾ ਰਹੇ ਹਨ ਕਿ ਜੋ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿੱਚ ਰੰਗੇ ਹੋਏ ਹਨ, ਉਹ ਹੀ ਅਸਲ ਮਨੁੱਖ ਹਨ, ਉਨ੍ਹਾਂ ਦਾ ਜੀਵਨ ਹੀ ਸਕਾਰਥ ਹੈ, ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ, ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ‘‘ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ   ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ ਰਹਾਉ ’’

ਪ੍ਰਭੂ ਪ੍ਰੇਮ ਵਿੱਚ ਰੱਤੇ ਹੋਏ ਕੌਣ ਹਨ ? ਇਸ ਦਾ ਉੱਤਰ ਪੰਚਮ ਪਾਤਸ਼ਾਹ ਜੀ ਦਿੰਦੇ ਹਨ ਕਿ ਉਹੋ ਹੀ ਪ੍ਰੇਮੀ ਹਨ, ਜਿਹੜੇ ਕਦੇ ਵੀ ਰੱਬ ਵੱਲੋਂ ਮੂੰਹ ਨਹੀਂ ਮੋੜਦੇ। ਉਹ, ਰੱਬ ਦੇ ਹਰ ਇੱਕ ਹੁਕਮ ਨੂੰ ਖਿੜੇ ਮੱਥੇ ਮੰਨਦੇ ਹਨ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਚੰਗੀ ਤਰ੍ਹਾਂ ਪਹਿਚਾਣ ਲਿਆ ਹੈ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਪੂਰਨ ਵੈਰਾਗ ਨਹੀਂ ਉਪਜਿਆ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਦਾ ਡੂੰਘਾ ਅਸਰ ਨਹੀਂ ਹੋਇਆ, ਜਿਨ੍ਹਾਂ ਨੂੰ ਪ੍ਰੇਮ ਦਾ ਵੱਲ ਨਹੀਂ ਆਇਆ, ਉਹ ਝੜਦੇ ਰਹਿੰਦੇ ਹਨ, ਖੁਆਰ ਹੁੰਦੇ ਰਹਿੰਦੇ ਹਨ। ਪਾਵਨ ਬਚਨ ਹਨ ‘‘ਰਤੇ ਸੇਈ, ਜਿ ਮੁਖੁ ਮੋੜੰਨਿ੍; ਜਿਨ੍ੀ ਸਿਞਾਤਾ ਸਾਈ   ਝੜਿ ਝੜਿ ਪਵਦੇ, ਕਚੇ ਬਿਰਹੀ; ਜਿਨ੍ਾ ਕਾਰਿ ਆਈ ’’ (ਮਹਲਾ /੧੪੨੫)

ਜਿਸ ਨੂੰ ਇਸ਼ਕ ਹੋ ਜਾਏ, ਉਹ ਆਸ਼ਕ ਹੈ। ਰੱਬੀ ਆਸ਼ਕ ਹੋਣ ਦਾ ਕਈ ਦਾਅਵਾ ਕਰਦੇ ਹਨ, ਪਰ ਇਹ ਐਨਾ ਆਸਾਨ ਨਹੀਂ ਹੈ। ‘‘ਮੁਰਦਾ ਹੋਇ ਮੁਰੀਦ; ਗਲੀ ਹੋਵਣਾ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੮) ਵਾਕ ਅਨੁਸਾਰ ਆਪਣਾ ਆਪ ਖਤਮ ਕਰਨਾ ਹੁੰਦਾ ਹੈ। ਦੂਜੇ ਪਾਤਸ਼ਾਹ ਸਮਝਾਉਂਦੇ ਹਨ ਕਿ ਇੱਕ ਰੱਬ ਦਾ ਦਰ ਛੱਡ ਕੇ ਕਿਸੇ ਦੂਜੇ ਦਾ ਧਿਆਨ ਆ ਗਿਆ, ਕਿਸੇ ਹੋਰ ਨਾਲ ਜੁੜ ਗਏ ਤਾਂ ਇਹ ਕਿੱਦਾਂ ਦੀ ਆਸ਼ਕੀ ਹੈ ? ਪ੍ਰੇਮੀ ਤਾਂ ਹਮੇਸ਼ਾਂ ਰੱਬ ਵਿੱਚ ਸਮਾਇਆ ਹੀ ਰਹਿੰਦਾ ਹੈ। ਜਿਹੜਾ ਆਪਣੇ ਮਨ ਨੂੰ ਚੰਗੀ ਲੱਗਣ ਵਾਲੀ ਚੀਜ਼ ਨੂੰ ਚੰਗਾ ਆਖੇ ਤੇ ਜੇ ਕਿਧਰੇ ਉਸ ਦੀ ਸੋਚ ਤੋਂ ਉਲਟ ਕੁਝ ਹੋ ਜਾਵੇ, ਜਿਸ ਨੂੰ ਇਹ ਮਾੜਾ ਸਮਝਦਾ ਹੋਵੇ, ਤੇ ਬਹੁਤ ਮਾੜਾ ਹੋਇਆ ਦਾ ਸ਼ੋਰ ਮਚਾ ਦੇਵੇ, ਉਸ ਨੂੰ ਆਸ਼ਕ ਨਹੀਂ ਕਿਹਾ ਜਾ ਸਕਦਾ, ਜਿਹੜਾ ਆਪਣਾ ਫਾਇਦਾ ਦੇਖ ਕਿ ਵਰਤੋਂ ਵਿਹਾਰ ਕਰਦਾ ਹੈ। ਪਾਵਨ ਬਚਨ ਹਨ ‘‘ਏਹ ਕਿਨੇਹੀ ਆਸਕੀ ? ਦੂਜੈ ਲਗੈ ਜਾਇ   ਨਾਨਕ  ! ਆਸਕੁ ਕਾਂਢੀਐ; ਸਦ ਹੀ ਰਹੈ ਸਮਾਇ   ਚੰਗੈ ਚੰਗਾ ਕਰਿ ਮੰਨੇ; ਮੰਦੈ ਮੰਦਾ ਹੋਇ   ਆਸਕੁ ਏਹੁ ਆਖੀਐ; ਜਿ ਲੇਖੈ ਵਰਤੈ ਸੋਇ ’’ (ਮਹਲਾ /੪੭੪) ਰੱਬ ਦੇ ਰੰਗ ਵਿੱਚ ਤਾਂ ਉਹ ਰੱਤਾ ਹੋਇਆ ਹੈ ਜਿਹੜਾ ਆਖਦਾ ਹੈ ਕਿ ‘‘ਹਉ ਖਿਨੁ ਪਲੁ ਰਹਿ ਸਕਉ ਬਿਨੁ ਪ੍ਰੀਤਮ; ਜਿਉ ਬਿਨੁ ਅਮਲੈ, ਅਮਲੀ ਮਰਿ ਗਈਆ ’’ (ਮਹਲਾ /੮੩੬), ਜਿਹੜਾ ਰੱਬੀ ਪਿਆਰ ਵਿੱਚ ਤੜਫ ਕੇ ਕਹਿੰਦਾ ਹੈ ਕਿ ‘‘ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ; ਜਿਉ ਤ੍ਰਿਖਾਵੰਤੁ ਬਿਨੁ ਨੀਰ ’’ (ਮਹਲਾ /੮੬੧) 

ਜਿਹੜਾ ਰੱਬ ਨੂੰ ਪੁਕਾਰ ਕੇ ਆਖਦਾ ਹੈ ਕਿ ਹੇ ਸਚੇ ਪਾਤਸ਼ਾਹ ! ਜੇ ਤੂੰ ਬੱਦਲ ਬਣ ਜਾਏਂ ਤਾਂ ਮੈਂ ਮੋਰ ਬਣ ਜਾਵਾਂ, ਜੇ ਤੂੰ ਚੰਦ ਹੋਵੇਂ ਤਾਂ ਮੈਂ ਚਕੋਰ ਬਣ ਜਾਵਾਂ, ਜੇ ਤੂੰ ਦੀਵਾ ਹੋਵੇਂ ਤਾਂ ਮੈਂ ਤੇਰੀ ਬੱਤੀ ਬਣ ਜਾਵਾਂ, ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ ਤੀਰਥ ’ਤੇ ਜਾਣ ਵਾਲਾ ਯਾਤਰੀ ਬਣ ਜਾਵਾਂ ‘‘ਜਉ ਤੁਮ ਗਿਰਿਵਰ; ਤਉ ਹਮ ਮੋਰਾ   ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ .. ਜਉ ਤੁਮ ਦੀਵਰਾ; ਤਉ ਹਮ ਬਾਤੀ   ਜਉ ਤੁਮ ਤੀਰਥ; ਤਉ ਹਮ ਜਾਤੀ ’’ (ਭਗਤ ਰਵਿਦਾਸ/੬੫੯)

ਐਸੇ ਪ੍ਰੇਮੀਆਂ ਨੂੰ ਹੀ ‘‘ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭੁ ਪਾਇਓ॥’’ ਅਨੁਸਾਰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਭਗਤ ਜੀ ਐਸੇ ਆਸ਼ਕਾਂ, ਪ੍ਰਭੂ ਪ੍ਰੇਮੀਆਂ ਬਾਰੇ ਸਮਝਾ ਰਹੇ ਹਨ ਕਿ ਉਨ੍ਹਾਂ ਦਾ ਜੀਵਨ ਸਫਲ ਹੈ ਪਰ ਦੂਜੇ ਪਾਸੇ ਜਿਨ੍ਹਾਂ ਦੇ ਕੋਲ ਕੇਵਲ ਪਹਿਰਾਵਾ ਹੈ ਜਾਂ ਕੇਵਲ ਰੱਬ ਦੀਆਂ ਗੱਲਾਂ ਹਨ, ਪਰ ਰੱਬ ਅਨੁਸਾਰੀ ਕਰਣੀ ਨਹੀਂ, ਉਹ ਕੱਚੇ ਹਨ।

ਸਾਡੇ ਵਿੱਚੋਂ ਕੋਈ ਵੀ ਸੂਫੀ ਫਕੀਰਾਂ ਦਾ ਰੂਪ ਧਾਰ ਕੇ, ਗੁੜ ਵਰਗੀ ਮਿੱਠੀ ਜ਼ਬਾਨ ਬਣਾ ਕੇ ਸੋਚਦਾ ਹੈ ਕਿ ਪ੍ਰਾਪਤੀ ਹੋ ਜਾਏਗੀ ਪਰ ਬਾਬਾ ਫਰੀਦ ਜੀ ਸਮਝਾਉਂਦੇ ਹਨ ਅੰਦਰ ਤਾਂ ਤੇਰੇ ਲੋਕਾਂ ਦੀ ਵੱਢ-ਟੁਕ ਕਰਨ ਵਾਲੀ ਕੈਂਚੀ ਵਰਗੀ ਬਿਰਤੀ ਹੈ, ਬਾਹਰ ਚਾਨਣਾ ਹੈ । ਅੰਦਰ ਤਾਂ ਘੁੱਪ ਹਨ੍ਹੇਰਾ ਛਾਇਆ ਹੋਇਆ ਹੈ ‘‘ਫਰੀਦਾ ਕੰਨਿ ਮੁਸਲਾ ਸੂਫੁ ਗਲਿ; ਦਿਲਿ ਕਾਤੀ, ਗੁੜੁ ਵਾਤਿ   ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ ’’ (ਬਾਬਾ ਫਰੀਦ ਜੀ/੧੩੮੦)

ਕੋਈ ਬਾਹਰੋਂ ਤਾਂ ਗਿਆਨ ਧਿਆਨ ਦੀਆਂ ਗੱਲਾਂ ਕਰ ਰਿਹਾ ਹੈ ਪਰ ਅੰਦਰ ਹਰ ਵੇਲੇ ਲਾਲਚ ਰੂਪੀ ਕੁੱਤੇ ਨੂੰ ਲਈ ਬੈਠਾ ਹੈ ‘‘ਬਾਹਰਿ ਗਿਆਨ ਧਿਆਨ ਇਸਨਾਨ   ਅੰਤਰਿ ਬਿਆਪੈ ਲੋਭੁ ਸੁਆਨੁ (ਸੁਖਮਨੀ/ਮਹਲਾ /੨੬੭) ਲੋਕਾਂ ਨੂੰ ਠੰਡੀ ਹੋਈ ਸੁਆਹ ਦਿਖਾ ਰਿਹਾ ਹੈ ਪਰ ਅੰਦਰ ਵਾਸ਼ਨਾਵਾਂ ਦੇ ਭਾਂਬੜ ਮੱਚ ਰਹੇ ਹਨ ‘‘ਅੰਤਰਿ ਅਗਨਿ ਬਾਹਰਿ ਤਨੁ ਸੁਆਹ ’’ (ਮਹਲਾ /੨੬੭) ਐਸੇ ਪਾਖੰਡੀ ਇਸ ਧਰਤੀ ਉੱਤੇ ਨਿਰਾ ਭਾਰ ਹਨ, ਕੱਚੇ ਹਨ। ਸੱਚੇ ਆਸ਼ਕ ਤਾਂ ਉਹ ਹਨ, ਜਿਨ੍ਹਾਂ ਨੂੰ ਰੱਬ ਨਾਲ ਦਿਲੋਂ ਪਿਆਰ ਹੈ। ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਭਗਤ ਜੀ ਇਹੀ ਸਮਝਾ ਰਹੇ ਹਨ ਕਿ ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ, ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ।, ਜਿਨ੍ਹਾਂ ਦਾ ਇਸ਼ਕ ਨਿਰਾ ਦਿਖਾਵਾ ਹੈ, ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ   ਜਿਨ੍ ਮਨਿ ਹੋਰੁ ਮੁਖਿ ਹੋਰੁ; ਸਿ ਕਾਂਢੇ ਕਚਿਆ ’’

ਉਹੀ ਮਨੁੱਖ ਰੱਬ ਦੇ ਦਰਵਾਜੇ ’ਤੇ ਦਰਵੇਸ਼ ਹਨ, ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖੈਰ ਮੰਗ ਸਕਦੇ ਹਨ, ਜਿਨ੍ਹਾਂ ਨੂੰ ਰੱਬ ਨੇ ਆਪ ਹੀ ਆਪਣੇ ਲੜ ਲਾਇਆ ਹੈ। ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ, ਭਾਗਾਂ ਵਾਲੀ ਹੈ, ਉਨ੍ਹਾਂ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ   ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ’’ 

ਬਾਬਾ ਸ਼ੇਖ ਫਰੀਦ ਜੀ ਰੱਬ ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ਕਿ ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਰੰਪਰ ਪ੍ਰਭੂ ਐਸੇ ਆਸ਼ਕ ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੈ ਉਨ੍ਹਾਂ ਦੇ ਪੈਰ ਚੁੰਮਦਾ ਹਾਂ ਕਿਉਂਕਿ ਉਹ ਤੇਰੇ ਦਰ ਦੇ ਪਾਂਧੀ ਹਨ ‘‘ਪਰਵਦਗਾਰ ਅਪਾਰ ! ਅਗਮ ਬੇਅੰਤ ਤੂ   ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ’’

ਫਰੀਦ ਜੀ ਅਖੀਰਲੀਆਂ ਪੰਕਤੀਆਂ ਵਿੱਚ ਬਿਰਹਾ ਭਰੀ ਬੇਨਤੀ ਕਰਦੇ ਹਨ ਕਿ ਹੇ ਖੁਦਾ ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖਸ਼ਣ ਵਾਲਾ ਹੈ, ਮੈਨੂੰ ਸ਼ੇਖ ਫਰੀਦ ਜੀ ਨੂੰ ਆਪਣੀ ਬੰਦਗੀ ਦੀ ਖੈਰ ਪਾ ‘‘ਤੇਰੀ ਪਨਹ ਖੁਦਾਇ ! ਤੂ ਬਖਸੰਦਗੀ   ਸੇਖ ਫਰੀਦੈ, ਖੈਰੁ ਦੀਜੈ ਬੰਦਗੀ ’’