‘ਪੰਚ ਪਰਵਾਣ’ ਸ਼ਬਦ ਦੀ ਵਿਆਖਿਆ

0
411

‘ਪੰਚ ਪਰਵਾਣ’ ਸ਼ਬਦ ਦੀ ਵਿਆਖਿਆ

ਅਵਤਾਰ ਸਿੰਘ ਮਿਸ਼ਨਰੀ (5104325827)

ਪੰਚ ਸੰਸਕ੍ਰਿਤ ਦਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਵਿਖੇ 215 ਵਾਰ ਦਰਜ ਅਤੇ ਕਈ ਅਰਥਾਂ ਵਿੱਚ ਆਇਆ ਹੈ; ਜਿਵੇਂ-ਪੰਜ ਵਿਸ਼ੇ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਲਈ ‘‘ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬) ਦੈਵੀ ਗੁਣਾਂ ਲਈ-ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ‘‘ਪੰਚ ਮਨਾਏ ਪੰਚ ਰੁਸਾਏ   ਪੰਚ ਵਸਾਏ ਪੰਚ ਗਵਾਏ ’’ (ਮਹਲਾ /੪੩੦) ਪੰਜ ਦੈਵੀ ਗੁਣ ਮਨਾਏ ਭਾਵ ਧਾਰਨ ਕਰ ਲਏ, ਜਿਸ ਕਰਕੇ ਪੰਜੇ ਵਿਸ਼ੇ ਰੁੱਸ ਗਏ। ਪੰਚ ਵਸਾਏ ਭਾਵ ਪੰਜ ਰੱਬੀ ਗੁਣ ਹਿਰਦੇ ਵਿੱਚ ਵਸਾ ਲਏ ਅਤੇ ਪੰਚ ਗਵਾਏ ਭਾਵ ਕਾਮਾਦਿਕ ਅੰਦਰੋਂ ਭੁਲਾ ਦਿੱਤੇ।

ਪੰਜ ਗਿਆਨ ਇੰਦ੍ਰੇ (ਪੰਚ  ਨੱਕ, ਕੰਨ, ਜੀਭ, ਅੱਖ ਤੇ ਚਮੜੀ) ਲਈ ਭੀ ਪੰਚ ਸ਼ਬਦ ਹੈ ‘‘ਪੰਚ ਸਖੀ ਹਮ ਏਕੁ ਭਤਾਰੋ ’’ (ਮਹਲਾ /੩੫੯) ਪੰਚ; ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਲਈ ਵੀ ਆਇਆ ਹੈ  ‘‘ਮੂਰਤਿ ਪੰਚ ਪ੍ਰਮਾਣ ਪੁਰਖੁ; ਗੁਰੁ ਅਰਜੁਨੁ ਪਿਖਹੁ ਨਯਣ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਪਿੰਡ ਦੇ ਮੁਖੀਆਂ ਲਈ ਵੀ ਪੰਚ ਹੈ ‘‘ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ’’ (ਮਹਲਾ /੩੧੫) ਪੰਚ; ਪੰਚਾਇਤ ਭਾਵ ਡੇਮੋਕਰੇਸੀ ਦਾ ਸੂਚਿਕ ਹੈ। ਪੰਚ ਜ਼ੁਮੇਵਾਰ-ਸਿਆਣੇ ਮੰਨੇ ਪ੍ਰਮੰਨੇ ਵਿਅਕਤੀਆਂ ਲਈ ਵੀ ਹੈ ‘‘ਪੰਚ ਪਰਵਾਣ ਪੰਚ ਪਰਧਾਨੁ   ਪੰਚੇ ਪਾਵਹਿ ਦਰਗਹਿ ਮਾਨੁ   ਪੰਚੇ ਸੋਹਹਿ ਦਰਿ ਰਾਜਾਨੁ   ਪੰਚਾ ਕਾ ਗੁਰੁ ਏਕੁ ਧਿਆਨੁ ..੧੬’’ (ਜਪੁ) ਭਾਵ ਸੰਸਾਰੀ ਤੇ ਨਿਰੰਕਾਰੀ ਪ੍ਰਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਗੁਰਮੁਖ ਜਿਨ੍ਹਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਹੈ। ਜਿਨ੍ਹਾਂ ਅੰਦਰ ਪ੍ਰਭੂ ਲਈ ਤੜਫ ਪੈਦਾ ਹੋ ਗਈ ਹੈ, ਉਹ ਹੀ ਮੰਨੇ ਪ੍ਰਮੰਨੇ ਸਭ ਦੇ ਆਗੂ ਹੁੰਦੇ ਹਨ। ਪ੍ਰਭੂ ਦੀ ਹਜੂਰੀ ਵਿੱਚ ਆਦਰ ਪਾਉਂਦੇ ਹਨ। ਰਾਜ ਦਰਬਾਰਾਂ ਵਿੱਚ ਸ਼ੋਭਦੇ ਹਨ ਅਤੇ ਗੁਰ ਸ਼ਬਦ ਵਿੱਚ ਜੁੜੇ ਰਹਿਣਾ ਹੀ ਉਨ੍ਹਾਂ ਦਾ ਅਸਲ ਨਿਸ਼ਾਨਾ ਹੁੰਦਾ ਹੈ।

ਜ਼ਰਾ ਧਿਆਨ ਦਿਓ ! ਜਪੁ ਜੀ ਸਾਹਿਬ ਦੀ 16ਵੀਂ ਪਾਉੜੀ ਵਿਖੇ ਪੰਚ ਸ਼ਬਦ ਨਿਰੰਕਾਰੀ ਤੇ ਸੰਸਾਰੀ ਜੀਵਨ ਜੁਗਤੀ ਦੇ ਚੰਗੇ ਜਾਣੂੰ ਤੇ ਧਾਰਨੀ ਅਤੇ ਮਨੁੱਖਤਾ ਦੀ ਅਗਵਾਈ ਕਰਨ ਵਾਲਿਆਂ ਦਾ ਸੂਚਿਕ ਹੈ, ਜੋ ਕਰਤਾਰ ਦੇ ਦੈਵੀ ਗੁਣਾਂ ਅਤੇ ਹੁਕਮ, ਭਾਣਾ ਸ੍ਰਵਣ, ਮੰਨਣ ਅਤੇ ਅਮਲ ਕਰ ਜੀਵਨ ਵਿੱਚ ਧਾਰਨ ਕਰਕੇ ਲੋਕਾਈ ਵਿੱਚ ਵਿਚਰਦੇ ਹਨ। ਅੱਜ ਪੰਚਾਇਤ (ਡੈਮੋਕਰੇਸੀ) ਵਿੱਚ ਪੰਜਾਂ ਦੀ ਗਿਣਤੀ ਮੁਕਰਰ ਨਹੀਂ, ਵੱਧ ਵੀ ਹੋ ਸਕਦੀ ਹੈ। ਪੰਜ ਪਿਆਰੇ ਵੀ ਇਸ ਉੱਚੀ ਸੁੱਚੀ ਅਵਸਥਾ ਦੇ ਧਾਰਨੀ ਰਹੇ, ਜਾਤ ਪਾਤ ਮੁਕਤ ਸਨ ਅਤੇ ਵੱਖ ਵੱਖ ਇਲਾਕਿਆਂ ਦੇ ਵਾਸੀ ਸਨ। ਇਕੱਲਾ ਮਨੁੱਖ ਗਲਤ ਫ਼ੈਸਲੇ ਵੀ ਕਰ ਸਕਦਾ ਹੈ, ਪਰ ਬਹੁਤੇ ਰਲ਼ ਮਿਲ਼ ਕੇ, ਸੰਗਤੀ ਰੂਪ ’ਚ ਵਿਚਾਰਾਂ ਕਰ ਲੋਕ ਭਲਾਈ ਦੇ ਫ਼ੈਸਲੇ ਕਰਦੇ ਹਨ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਨਸਾਨ ਨੂੰ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਉਲਝਾਇਆ, ਜੋ ਅੱਜ ਉਲਝ ਗਿਆ ਹੈ।

ਮਤਲਬ ਤਾਂ ਪੰਚ ਲਫਜ਼ ਨੂੰ ਸਮਝੀਏ ਕਿ ਗੁਰੂ ਨੇ ਕਿਸ ਸੰਦਰਭ ਵਿੱਚ ਵਰਤਿਆ ਹੈ ? ਭਾਵ ਲੋਕਾਈ ਦੀ ਨਿਗ੍ਹਾ ਵਿੱਚ ਕਰਮ ਸੁਭ ਕਰਕੇ ਦਾਨੇ, ਸਿਆਣੇ, ਸਮਝਦਾਰ, ਪਰਉਪਕਾਰੀ, ਸੰਸਾਰੀ ਤੇ ਨਿਰੰਕਾਰੀ ਵਿਦਿਆ ਦੇ ਗਿਆਤਾ, ਸਭ ਵਿੱਚ ਰੱਬੀ ਜੋਤਿ ਦੇਖਣ ਵਾਲੇ ਮਾਈ ਭਾਈ ਜੋ ਸ਼ੁਭ ਕਰਮਾਂ ਕਰਕੇ, ਸੰਸਾਰ ਤੇ ਨਿਰੰਕਾਰ ਬਾਰੇ ਸ੍ਰਵਣ, ਮੰਨਣ ਉਪਰੰਤ ਇੱਕਮਿਕ ਹੋ ਚੁੱਕੇ ਹਨ।  ਪੰਚ ਪਰਵਾਣ ਕਹਿਣਾ ਭਾਵ ਪੰਜ ਪਿਆਰੇ ਹੀ ਪਰਵਾਨ ਹਨ। ਇਹ ਗੱਲ ਉਪ੍ਰੋਕਤ ਗੁਣਾਂ ਦੇ ਧਾਰੀਆਂ ਲਈ ਤਾਂ ਠੀਕ ਹੈ, ਪਰ ਇਕੱਲੇ ਪੰਜ ਕਕਾਰਾਂ ਤੇ ਬਾਣੇ ਦੇ ਭੇਖਧਾਰੀ, ਜੋ ਜਾਤ ਪਾਤ, ਵਹਿਮ-ਭਰਮ ਨੂੰ ਮੰਨਦੇ ਹਨ, ਕਿਸੇ ਇੱਕ ਪਾਰਟੀ ਜਾਂ ਜਥੇ ਨਾਲ ਜੁੜੇ, ਆਪੋ ਆਪਣੇ ਜਥੇ ਅਤੇ ਸੰਪ੍ਰਦਾਵਾਂ ਦੀ ਤੰਗਦਿਲੀ ਮਰਯਾਦਾ ਪਾਲਦੇ ਹਨ, ਜਿਸ ਵਿੱਚ ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀਂ ਦਿੰਦੇ, ਉਨ੍ਹਾਂ ਨੂੰ ਪੰਚ ਪਰਵਾਣ ਨਹੀਂ ਕਿਹਾ ਜਾ ਸਕਦਾ। ਸੰਖੇਪ ’ਚ ਇਹੀ ਕਹਿ ਸਕਦੇ ਹਾਂ ਕਿ ਹਰ ਪੱਖੋਂ ਪੂਰੇ, ਸੂਰੇ ਸਰਬਪੱਖੀ ਗੁਣਾਂ ਦੇ ਧਾਰਨੀ ਮਾਈ ਭਾਈ ਹੀ ‘ਪੰਚ ਪਰਵਾਣ’ ਹੁੰਦੇ ਹਨ।