ਵਿਗਿਆਨ ਚੇਤਨਾ ਅਤੇ ਅੰਧ ਵਿਸ਼ਵਾਸ

0
629

ਵਿਗਿਆਨ ਚੇਤਨਾ ਅਤੇ ਅੰਧ ਵਿਸ਼ਵਾਸ

ਡਾ. ਦਵਿੰਦਰ ਪਾਲ ਸਿੰਘ

ਕੱਲ ਹੀ ਜਿਸ ਵਕਤ ਨੀਨੂੰ ਸਾਡੇ ਘਰ ਆਈ ਤਾਂ ਸਾਡੀ ਛੋਟੀ ਬੇਟੀ ਅੰਮਿ੍ਰਤ ਨੂੰ ਵੇਖ ਕੇ ਤੁਰੰਤ ਹੀ ਬੋਲ ਪਈ ‘ਟੱਚ ਵੁੱਡ! ਦਾ ਚਾਇਲਡ ਇਜ਼ ਸੋ ਕਿੳੂਟ’ (ਭਾਵ, ਨਜ਼ਰ ਨਾ ਲੱਗ ਜਾਏ, ਇਹ ਬੱਚਾ ਤਾਂ ਬੜਾ ਸੋਹਣਾ ਹੈ।) ਬੇਸ਼ੱਕ ਅਸੀਂ, ਪ੍ਰਤੱਖ ਤੌਰ ’ਤੇ ਵਧੇਰੇ ਅੰਧ ਵਿਸ਼ਵਾਸੀ ਨਜ਼ਰ ਨਹੀਂ ਆਉਂਦੇ, ਪ੍ਰੰਤੂ ਤਰਕਹੀਣ ਤੇ ਬੇਥਵੇ ਵਿਸ਼ਵਾਸ ਅੱਜ ਸਾਡੇ ਮਨਾਂ ਵਿੱਚ ਘਰ ਕਰੀਂ ਬੈਠੇ ਹਨ।

ਸਿਸਰੋ ਨੇ ਵਹਿਮ ਨੂੰ ‘ਰੱਬ ਦਾ ਡਰ’ ਵਜੋਂ ਪਰਿਭਾਸ਼ਿਤ ਕੀਤਾ ਹੈ। ਪ੍ਰਾਚੀਨ ਲੋਕ ਕੁਦਰਤੀ ਵਰਤਾਰਿਆਂ ਨੂੰ ਦੇਵਤਿਆਂ ਦੇ ਵਿਸ਼ੇਸ਼ ਪ੍ਰਗਟਾਵਿਆਂ ਵਜੋਂ ਮੰਨਦੇ ਸਨ। ਬੱਦਲਾਂ ਦੀ ਗਰਜ ਨੂੰ ਉਹ ਇੰਦਰ ਦੇਵਤੇ ਦਾ ਗ਼ੁੱਸਾ ਸਮਝਦੇ ਸਨ। ਅਸਮਾਨੀ ਬਿਜਲੀ ਦਾ ਗਿਰਨਾ, ਉਹ ਗੋਕੁਲ ਵਾਸੀ ਨੰਦ ਦੀ ਬਦਨਸੀਬ ਲੜਕੀ ਦਾ ਬਦਲਾ ਸਮਝਦੇ ਸਨ, ਜਿਸ ਨੂੰ ਕੰਸ ਨੇ ਵਾਸੂਦੇਵ ਤੇ ਦੇਵਕੀ ਦੀ ਅੱਠਵੀ ਸੰਤਾਨ ਸਮਝ ਕੇ ਮਾਰ ਦਿੱਤਾ ਸੀ। ਅਸਮਾਨੀ ਬਿਜਲੀ ਇਕੱਠੇ ਬੈਠੇ ਮਾਮੇ-ਭਾਣਜੇ ਉੱਤੇ ਗਿਰਦੀ ਹੈ, ਵਾਲੀ ਗ਼ਲਤ ਧਾਰਣਾ ਦਾ ਮੂਲ ਵੀ ਇਹੋ ਕਹਾਣੀ ਹੀ ਹੈ। ਹੜ੍ਹਾਂ ਦਾ ਆਮਦ ਨੂੰ ਵਰਣ ਦੇਵਤੇ ਦੇ ਗ਼ੁੱਸੇ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ। ਵਿਗਿਆਨ ਦੇ ਅਜੋਕੇ ਯੁਗ ਵਿੱਚ ਇਹ ਗ਼ਲਤ ਧਾਰਣਾਵਾਂ ਤੇ ਤਰਕਹੀਣ ਡਰ ਬੇਥਵੇ (ਆਧਾਰਹੀਣ) ਹੀ ਲਗਦੇ ਹਨ।

ਅੰਧ-ਵਿਸ਼ਵਾਸ ਤਾਂ ਸਮਾਜਿਕ ਅਤੇ ਮਾਨਸਿਕ ਵਿਕਾਸ ਦੇ ਰਾਹ ਦੀ ਕੰਧ ਹਨ। ਅਗਿਆਨਤਾ ਹੀ ਅੰਧ-ਵਿਸ਼ਵਾਸ ਦੀ ਹੋਂਦ ਦਾ ਕਾਰਨ ਹੈ। ਗਿਆਨ ਸ਼ਕਤੀ ਹੈ ਅਤੇ ਅਗਿਆਨਤਾ ਕਮਜ਼ੋਰੀ। ਵਿਗਿਆਨ ਸੋਚ ਅਤੇ ਵਿਗਿਆਨ ਚੇਤਨਾ ਹੀ ਸਾਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਅਣਕਿਆਸੇ ਡਰਾਂ ’ਤੋਂ ਛੁਟਕਾਰਾ ਦਿਵਾ ਸਕਦੀ ਹੈ। ਇਸ ਤਰ੍ਹਾਂ ਵਿਗਿਆਨ ਮਨੁੱਖਤਾ ਦਾ ਮੁਕਤੀਦਾਤਾ ਤੇ ਬੰਦੀਛੋਡ ਬਣ ਨਿਬੜਦਾ ਹੈ।

ਅਜਿਹਾ ਸਮਝਿਆ ਜਾਂਦਾ ਹੈ ਕਿ ਤੀਰਥ ਸਥਾਨਾਂ ਦੀ ਯਾਤਰਾ ਅਤੇ ਉੱਥੇ ਇਸ਼ਨਾਨ ਕਰਨਾ ਸਾਨੂੰ ਪਾਪਾਂ ’ਤੋਂ ਮੁਕਤੀ ਦਿਵਾ ਦਿੰਦਾ ਹੈ। ਜੇ ਪਾਪ ਤੀਰਥਾਂ ਵਿਖੇ ਇਸ਼ਨਾਨ ਕਰਨ ਨਾਲ ਖ਼ਤਮ ਹੋ ਜਾਂਦੇ ਹਨ ਤਾਂ ਸੰਤ ਬੁੱਲ੍ਹੇ ਸ਼ਾਹ ਅਨੁਸਾਰ: ‘ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਤਾਂ ਮਿਲਦਾ ਡੱਡੂਆਂ ਮੱਛੀਆਂ।’(ਭਾਵ, ਸਵਰਗ ਵਿੱਚ ਸਥਾਨ ਤਾਂ ਸਿਰਫ਼ ਡੱਡੂਆਂ ਜਾਂ ਮੱਛੀਆਂ ਲਈ ਹੀ ਰੱਖਵਾਂ ਰਹਿ ਜਾਣਾ ਸੀ।)

ਯੂਨਾਨੀ ਲੋਕ ਛਿੱਕ ਮਾਰਨ ਨੂੰ ਇੱਕ ਚੰਗਾ ਸ਼ਗਨ ਮੰਨਦੇ ਹਨ ਅਤੇ ਅਸੀਂ ਭਾਰਤੀ ਇਸ ਨੂੰ ਬਦਸ਼ਗਨੀ। ਭਾਰਤੀ ਪਰਿਵਾਰਾਂ ਵਿੱਚ ਦੁਲਹਨ ਨੂੰ ਕਾਲੇ ਜਾਂ ਚਿੱਟੇ ਰੰਗ ਵਾਲੇ ਕੱਪੜੇ ਪਹਿਨਣ ਦੀ ਇਜਾਜ਼ਤ ਨਹੀਂ, ਜਦੋਂ ਕਿ ਈਸਾਈ ਪਰਿਵਾਰਾਂ ਵਿੱਚ ਵਿਆਹ ਸਮੇਂ ਲਾੜੇ ਲਈ ਕਾਲੇ ਕੱਪੜੇ ਤੇ ਦੁਲਹਨ ਲਈ ਸਫ਼ੈਦ ਪੁਸ਼ਾਕ ਪਹਿਨਣ ਦਾ ਰਿਵਾਜ ਪ੍ਰਚੱਲਤ ਹੈ। ਹੈ ਨਾ ਬੇਤੁੱਕੀ ਧਾਰਣਾ, ਜਦਕਿ ਕੱਪੜੇ ਦੇ ਰੰਗਾਂ ਦਾ ਕਿਸੇ ਦੇ ਭਵਿੱਖਮਈ ਜੀਵਨ ਉੱਤੇ ਕੋਈ ਪ੍ਰਭਾਵ ਦੇਣ ਦੀ ਸੰਭਾਵਨਾ ਹੀ ਨਹੀਂ ਹੈ।

ਸਾਡੇ ਬਜ਼ੁਰਗ, ਮਰ ਚੁੱਕੇ ਪਿੱਤਰਾਂ ਦਾ ਸ਼ਰਾਧ ਹਰ ਸਾਲ ਮਨਾਉਂਦੇ ਹਨ। ਇਸ ਮੌਕੇ ’ਤੇ ਉਹ ਬ੍ਰਾਹਮਣ ਨੂੰ ਵਧੀਆ ਤੇ ਸੁਆਦਲੇ ਪਕਵਾਨ ਖੁਆਉਂਦੇ ਹਨ, ਦਾਨ ਦਿੰਦੇ ਹਨ ਤਾਂ ਜੋ ਪਿੱਤਰਾਂ ਦੀ ਰੂਹ ਸ਼ਾਂਤ ਹੋ ਸਕੇ। ਇੰਝ ਅਸੀਂ ਇਨ੍ਹਾਂ ਬ੍ਰਾਹਮਣਾਂ ਨੂੰ ਖ਼ੁਦ ਪ੍ਰਭੂ ਦੇ ਏਜੰਟ ਮੰਨੀ ਬੈਠੇ ਹਾਂ?

ਔੌਰਤਾਂ ਆਮ ਕਰਕੇ ਵਧੇਰੇ ਅੰਧ-ਵਿਸ਼ਵਾਸੀ ਹੁੰਦੀਆਂ ਹਨ। ਉਹ ਜੋਤਸ਼ੀਆਂ ਕੋਲ ਆਪਣੇ ਪਤੀ ਦਾ ਭਵਿੱਖ, ਆਪਣੀ ਹਥੇਲੀ ’ਤੋਂ ਹੀ ਜਾਣਨ ਲਈ ਅਕਸਰ ਜਾਂਦੀਆਂ ਹਨ। ਮੁਟਿਆਰਾਂ, ਹਰ ਸੋਮਵਾਰ ਦਾ ਵਰਤ ਰੱਖਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਸੋਹਣਾ ਤੇ ਸੁਯੋਗ ਵਰ ਪ੍ਰਾਪਤ ਹੋਵੇ ਅਤੇ ਜਲਦੀ ਵਿਆਹ ਹੋ ਸਕੇ।

ਉੱਤਰੀ ਭਾਰਤ ਵਿੱਚ ਵਿਆਹੀਆਂ ਔਰਤਾਂ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਅਜਿਹਾ ਉਹ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ, ਸਵੇਰੇ ਤੜਕੇ ’ਤੋਂ ਰਾਤ ਨੂੰ ਚੰਨ ਦੇ ਦਿੱਸਣ ਤਕ ਭੁੱਖਾ ਰਹਿ ਕੇ ਕਰਦੀਆਂ ਹਨ। ਉਹ ਇਸ ਸਮੇਂ ਦੌਰਾਨ ਪਾਣੀ ਦੀ ਬੂੰਦ ਤਕ ਵੀ ਪੀਣ ਦਾ ਹੌਸਲਾ ਨਹੀਂ ਰੱਖਦੀਆਂ। ਕਈਆਂ ਲਈ ਤਾਂ ਇਹ ਇੱਕ ਡਾਢਾ ਜੋਖਮ-ਮਈ ਕਾਰਜ ਹੁੰਦਾ ਹੈ, ਫਿਰ ਵੀ ਵਰਤ ਰੱਖਿਆ ਜਾਂਦਾ ਹੈ।

ਜੇਕਰ ਔਰਤ ਦੇ ਵਰਤ ਰੱਖਣ ਨਾਲ ਉਸ ਦੇ ਪਤੀ ਦੀ ਉਮਰ ਨਿਰਭਰ ਹੁੰਦੀ ਤਾਂ 1.25 ਅਰਬ ਦੀ ਆਬਾਦੀ ਵਾਲੇ ਦੇਸ਼ ਵਿੱਚ, ਵਿਧਵਾਵਾਂ ਦੀ ਗਿਣਤੀ ਹੀ ਨਾ-ਮਾਤ੍ਰ ਹੁੰਦੀ, ਕਿਉਂਕਿ ਬਹੁਤੀਆਂ ਔਰਤਾਂ ਕਰਵਾ ਚੌਥ ਦੇ ਵਰਤ ਪੱਕੇ ਨਿਯਮ ਨਾਲ ਰੱਖਦੀਆਂ ਹਨ। ਗੁਰੂ ਨਾਨਕ ਦੇਵ ਜੀ ਤਾਂ ਅਜੇਹੇ ਕਾਰਜਾਂ ਬਾਰੇ ਇਉਂ ਵਰਣਨ ਕਰਦੇ ਹਨ: ‘‘ਅੰਨੁ ਨਾ ਖਾਇਆ, ਸਾਦੁ ਗਵਾਇਆ॥ ਬਹੁ ਦੁਖੁ ਪਾਇਆ, ਦੂਜਾ ਭਾਇਆ॥’’ ਮ:੧/੪੬੭॥ (ਭਾਵ, ਜਿਸ ਨੇ ਅੰਨ ਛੱਡਿਆ ਹੋਇਆ ਹੈ, ਉਹ ਕਿਸੇ ਹੋਰ ਹੀ ਲਾਲਸਾ ਦਾ ਸ਼ਿਕਾਰ ਹੈ ਤੇ ਉਹ ਜੀਵਨ ਦਾ ਲੁਤਫ਼ ਗੁਆ ਰਿਹਾ ਹੈ।)

ਦਰਅਸਲ, ਅੰਧ-ਵਿਸ਼ਵਾਸ ’ਤੋਂ ਮੁਕਤ ਹੋ, ਵਰਤ ਰੱਖਣ ਦਾ ਫ਼ਾਇਦਾ ਕੁਝ ਹੱਦ ਤੱਕ ਤਾਂ ਠੀਕ ਵੀ ਹੈ ਕਿ ਉਸ ਵਰਤ ਰੱਖਣ ਵਾਲੇ ਵਿਅਕਤੀ ਦੇ ਕਦੇ ਕਦੇ ਭੋਜਨ ਨਾ ਖਾਣ ਨਾਲ ਉਸ ਦਾ ਸਰੀਰਕ ਭਾਰ ਕਾਬੂ ’ਚ ਰਹਿੰਦਾ ਹੈ ਅਤੇ ਸਾਡੀ ਕੰਮ ਦੀ ਚੱਕੀ ਵਿੱਚ ਪਿਸ ਰਹੀ ਪਾਚਨ ਪ੍ਰਣਾਲੀ ਨੂੰ ਆਰਾਮ ਮਿਲਦਾ ਹੈ।

ਅਜੋਕੇ ਸਮੇਂ ਵਿੱਚ ਵੀ ਅਸੀਂ ਅੰਧ-ਵਿਸ਼ਵਾਸ ਅਤੇ ਗ਼ਲਤ-ਧਾਰਣਾਵਾਂ ’ਤੇ ਆਧਾਰਿਤ ਰੀਤੀ-ਰਿਵਾਜਾਂ ਵਿੱਚ ਫਸੇ ਹੋਏ ਹਾਂ। ਅੱਜ ਬੱਚੇ ਦਾ ਜਨਮ-ਦਿਨ ਮਨਾਉਣਾ ਹੋਵੇ ਜਾਂ ਉਸ ਦਾ ਨਾਮਕਰਣ ਕਰਨਾ ਹੋਵੇ, ਅਸੀਂ ਸ਼ੁਭ ਮਹੂਰਤ ਲਈ ਕਿਸੇ ਪੰਡਿਤ ਜਾਂ ਜੋਤਸ਼ੀ ਦਾ ਦਰ ਜਾ ਖੜਕਾਉਂਦੇ ਹਾਂ।

ਬਹੁਤੇਰੇ ਭਾਰਤੀ ਪਰਿਵਾਰਾਂ ਵਿਚ ਤਾਂ ਵਿਆਹ ਸ਼ਾਦੀਆਂ ਲਈ ਸ਼ੁਭ ਸਮੇਂ ਦੀ ਜਾਣਕਾਰੀ ਲਈ ਪੰਡਿਤ ਜੀ ਦੇ ਐਲਾਨ ਦਾ ਇੰਤਜਾਰ ਰਹਿੰਦਾ ਹੈ। ਪੰਡਿਤ ਐਲਾਨ ਕਰਦੇ ਹਨ ਕਿ ਵਿਆਹ-ਸ਼ਾਦੀਆਂ ਲਈ ਫਲਾਂ ਸਮਾਂ ਸ਼ੁਭ ਅਤੇ ਫਲਾਂ ਸਮਾਂ ਅਸ਼ੁਭ ਹੈ। ਆਮ ਤੌਰ ’ਤੇ ਇਸ ਨੂੰ ‘ਤਾਰਾ ਡੁੱਬਾ ਹੈ’ ਦੇ ਰੂਪ ’ਚ ਕਿਹਾ ਜਾਂਦਾ ਹੈ। ਕੀ ਇਹ ਅਜਬ ਨਹੀਂ ਹੈ ਕਿ ਕੁਝ ਦਿਨ ਸ਼ੁਭ ਅਤੇ ਕੁਝ ਦਿਨ ਅਸ਼ੁਭ ਮੰਨੇ ਜਾਂਦੇ ਹਨ ਜਦਕਿ ਕੁਦਰਤ ਨੇ ਸਾਰੇ ਦਿਨ ਇੱਕੋ ਜਿਹੇ ਬਣਾਏ ਹਨ?

ਵਿਆਹ ਲਈ ਲੜਕੇ ਅਤੇ ਲੜਕੀ ਦੀਆਂ ਜਨਮ ਪੱਤਰੀਆਂ ਮਿਲਾਈਆਂ ਜਾਂਦੀਆਂ ਹਨ, ਜਿਵੇਂ ਕਿ ਇਹ ਕਾਰਜ, ਇੱਕ ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ ਦੀ ਗਾਰੰਟੀ ਦਿਵਾ ਸਕਦਾ ਹੈ। ਅਨੇਕਾਂ ਪਰਿਵਾਰਾਂ ਵਿੱਚ ਤਾਂ ਅਕਸਰ, ਪੱਤਰੀਆਂ ਦੇ ਸੁਮੇਲ ’ਤੋਂ ਬਿਨਾ ਵਿਆਹ ਸੰਭਵ ਹੀ ਨਹੀਂ ਹੁੰਦਾ। ਜੇ ਕੋਈ ਜੋੜਾ, ਜਨਮ-ਪੱਤਰੀਆਂ ਦੇ ਸੁਮੇਲ ਦੀ ਰਹੁ-ਰੀਤ ਨੂੰ ਨਾ ਮੰਨ ਕੇ ਵਿਆਹ ਕਰ ਲੈਂਦਾ ਹੈ ਤੇ ਸਮੇਂ ਨਾਲ ਕਿਸੇ ਵਿੱਤੀ ਸੰਕਟ ਜਾਂ ਕਿਸੇ ਦੁਰਘਟਨਾ ਕਾਰਨ ਉਨ੍ਹਾਂ ਦੀ ਸ਼ਾਦੀ ਅਸਫਲ ਰਹਿੰਦੀ ਹੈ ਤਾਂ ਬਜੁਰਗ ਅਕਸਰ ਕਹਿੰਦੇ ਹਨ, ‘ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਜਨਮ ਪੱਤਰੀਆਂ ਦਾ ਸੁਮੇਲ ਅਤਿ ਜ਼ਰੂਰੀ ਹੈ।’

ਉਹ ਇਹ ਨਹੀਂ ਸਮਝਦੇ ਕਿ ਵਿਆਹ ਦੇ ਅਸਫਲ ਹੋਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਇਹ ਜਨਮ ਪੱਤਰੀਆਂ ਦੇ ਮਿਲਾਣ ਦਾ ਅੰਧ-ਵਿਸ਼ਵਾਸੀ ਰਹੁ-ਰੀਤ ਦੀ ਪਾਲਣਾ ਨਾ ਕਰਨ ’ਤੇ ਨਿਰਭਰ ਨਹੀਂ ਕਰਦਾ। ਅੰਧ-ਵਿਸ਼ਵਾਸੀ ਲੋਕ ਤਾਂ ਕਿਸੇ ਵੀ ਦੁਰਘਟਨਾ ਜਾਂ ਕ੍ਰੋਪੀ ਦਾ ਕਾਰਨ ਕਿਸੇ ਗ਼ੈਰ-ਕੁਦਰਤੀ ਵਰਤਾਰੇ ਨੂੰ ਹੀ ਮੰਨਦੇ ਹਨ। ਬਹੁਤ ਵਾਰ ਤਾਂ ਅਸੀਂ ਗ਼ਲਤ-ਧਾਰਣਾਵਾਂ ਤੇ ਅੰਧ-ਵਿਸ਼ਵਾਸੀ ਰਹੁ-ਰੀਤਾਂ ਦੀ ਨਿਰਾਰਥਕਤਾ ਨੂੰ ਜਾਣਦੇ ਹੋਏ ਵੀ, ਸਿਰਫ਼ ਬਜ਼ੁਰਗਾਂ ਜਾਂ ਸਮਾਜ ਦੇ ਡਰ ਕਾਰਨ, ਉਨ੍ਹਾਂ ਦਾ ਪਾਲਣ ਕਰਦੇ ਰਹਿੰਦੇ ਹਾਂ, ਜੋ ਕਿ ਇੱਕ ਗ਼ੈਰ-ਵਿਗਿਆਨਕ ਅਮਲ ਹੈ। ਅਜੇਹੇ ਵਿਅਕਤੀ ਲਈ ਹੀ ਤਾਂ ਭਗਤ ਕਬੀਰ ਜੀ ਨੇ ਇਉਂ ਬਰਣਨ ਕੀਤਾ ਹੈ: ‘‘ਕਬੀਰ! ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ, ਹਾਥਿ ਦੀਪੁ ਕੂਏ ਪਰੈ॥’’ ੧੩੭੬॥ (ਭਾਵ ਹੇ ਕਬੀਰ! ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਵੀ ਗ਼ਲਤ ਕਾਰਜ ਕਰੀ ਜਾਂਦਾ ਹੈ। ਉਸ ਦੀਵੇ (ਗਿਆਨ) ’ਤੋਂ ਕੀ ਲਾਭ ਜੇ ਉਸ ਦੀਵੇ ਦੇ ਹੱਥ ’ਚ ਹੁੰਦੀਆਂ ਵੀ ਅਸੀਂ (ਗ਼ਲਤ ਧਾਰਣਾਵਾਂ ਦੇ) ਖੂਹ ’ਚ ਡਿੱਗ ਪਈਏ?

ਜਦੋਂ ਕੋਈ ਇਮਤਿਹਾਨ ਵਿੱਚ ਬੈਠਣ ਜਾਂਦਾ ਹੈ ਤਾਂ ਮਿੱਠਾ ਦਹੀਂ ਖਾਣਾ ਜਾਂ ਪਾਣੀ ਦੀ ਭਰੀ ਬਾਲਟੀ ਵਿੱਚ ਝਾਕਣਾ ਇੱਕ ਸ਼ੁਭ ਲੱਛਣ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸੁਭਾਗ ਪ੍ਰਾਪਤ ਦੀ ਆਸ ਕੀਤੀ ਜਾਂਦੀ ਹੈ। ਇਹ ਤਾਂ ਪੱਕਾ ਹੈ ਕਿ ਵਿਦਿਆਰਥੀ ਇਮਤਿਹਾਨ ਵਿੱਚੋਂ ਆਪਣੀ ਨਿੱਜੀ ਪ੍ਰਤਿਭਾ ਦੇ ਆਧਾਰ ’ਤੇ ਹੀ ਪਾਸ ਹੁੰਦੇ ਹਨ, ਪ੍ਰੰਤੂ ਕਿੰਨੇ ਕੁ ਵਿਦਿਆਰਥੀ ਹਨ, ਜੋ ਇਨ੍ਹਾਂ ਵਿਅਰਥ ਰਹੁ-ਰੀਤਾਂ ਨੂੰ ਛੱਡਣ ਦਾ ਹੀਆ ਰੱਖਦੇ ਹਨ?

ਇੱਕ ਬਾਂਕਾ ਜਵਾਨ, ਜੋ ਨਵੇਂ ਫ਼ੈਸ਼ਨ ਦੇ ਕੱਪੜੇ ਪਹਿਨ ਕੇ ਅਤੇ ਰੇ-ਬੇਨ ਦੇ ਚਸ਼ਮੇ ਸਜਾਈ ਅਤੇ ਗੁੱਟ ਜਾਂ ਡੋਲੇ ’ਤੇ ਕਾਲਾ ਧਾਗਾ ਬੰਨ੍ਹੀ ਸਾਡੇ ਆਲੇ-ਦੁਆਲੇ ਵਿੱਚ ਸਹਿਜੇ ਹੀ ਨਜ਼ਰ ਆ ਜਾਂਦਾ ਹੈ। ਸ਼ਾਇਦ ਇਹ ਧਾਗਾ ਜਾਂ ਤਬੀਤ ਉਸ ਦੀ ਮਾਂ ਜਾਂ ਦਾਦੀ ਨੇ ਉਸ ਨੂੰ ਪਹਿਨਾਇਆ ਹੋਵੇ। ਇਹ ਨੌਜਵਾਨ ਭਾਵੇਂ ਜੀਵਨ ਦੇ ਸਾਰੇ ਹਾਲਾਤ ਅੰਦਰ ਖ਼ੁਦ ਫ਼ੈਸਲੇ ਲੈਣ ਯੋਗ ਹੁੰਦਾ ਹੈ, ਪਰ ਆਪਣੇ ਬਜ਼ੁਰਗਾਂ ਦਾ ਆਗਿਆਕਾਰੀ ਬਣਿਆਂ, ਸੁਭਾਗ ਦੀ ਆਸ ਵਿੱਚ ਇਸ ਕਾਲੇ ਧਾਗੇ ਜਾਂ ਤਬੀਤ ਨੂੰ ਬੰਨ੍ਹੀ ਫਿਰਦਾ ਹੈ।

ਕਿਸੇ ਇੰਟਰਵਿੳੂ ਲਈ ਜਾ ਰਿਹਾ ਨੌਜੁਵਾਨ ਉਮੀਦਵਾਰ ਬੇਸ਼ੱਕ ਉੱਚੇ ਗੁਣਾਂ ਦਾ ਧਾਰਣੀ ਵੀ ਹੋਵੇ, ਪ੍ਰੰਤੂ ਜੇ ਉਸ ਦਾ ਰਸਤਾ ਕਾਲੀ ਬਿੱਲੀ ਕੱਟ ਜਾਵੇ ਤਾਂ ਉਹ ਇਸ ਨੂੰ ਮਾੜਾ ਸ਼ਗਨ ਮੰਨਦਾ ਹੋਇਆ ਵਾਪਿਸ ਪਰਤ ਆਉਂਦਾ ਹੈ। ਬਿੱਲੀ ਦੇ ਰਸਤਾ ਕੱਟ ਜਾਣ ਉੱਤੇ ਜੋ ਇੱਕ ਵਿਆਕਤੀ ਇੰਟਰਵਿੳੂ ਵਿੱਚੋਂ ਫੇਲ ਹੋ ਸਕਦਾ ਹੈ ਤਾਂ ਕੀ ਅਜਿਹੀ ਹੀ ਘਟਨਾ ਪਿੱਛੋਂ ਕਿਸੇ ਹੋਰ ਵਿਅਕਤੀ ਨੂੰ ਤਰੱਕੀ ਨਹੀਂ ਮਿਲ ਸਕਦੀ? ਜੀ ਹਾਂ, ਅਜਿਹਾ ਬਿਲਕੁਲ ਸੰਭਵ ਹੁੰਦਾ ਹੈ। ਦਰਅਸਲ ਅਗਿਆਨਤਾ ਹੀ ਅੰਧ-ਵਿਸ਼ਵਾਸਾਂ ਦੀ ਹੋਂਦ ਦਾ ਕਾਰਨ ਹੁੰਦੀ ਹੈ।

13 ਅੰਕ ਨੂੰ ਵੀ ਅਸੁਭਾਗਾ ਮੰਨਿਆ ਜਾਂਦਾ ਹੈ। ਚੰਡੀਗੜ੍ਹ ਵਿਖੇ 47 ਸੈਕਟਰ ਬਣਾਏ ਗਏ ਹਨ, ਪਰ 13 ਨੰਬਰ ਸੈਕਟਰ ਹੈ ਹੀ ਨਹੀਂ। ਇਸ ’ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਜੋਕੇ ਸ਼ਹਿਰ ਦੇ ਵਿਉਂਤਕਾਰ ਵੀ 13 ਅੰਕ ਦੇ ਪ੍ਰਭਾਵ ਬਾਰੇ ਵਹਿਮ-ਭਰਪੂਰ ਹਨ।

ਪੇਂਡੂ ਖੇਤਰਾਂ ਵਿੱਚ ਇਹ ਧਾਰਣਾ ਹੈ ਕਿ ਬੱਚੇ ਦਾ ਜਨਮ ਹੋਣ ਨਾਲ, ਘਰ ਵਿੱਚ ਜਨਮ ਦੇਣ ਵਾਲੀ ਔਰਤ ਅਪਵਿੱਤਰ ਹੋ ਜਾਂਦੀ ਹੈ। ਇਸੇ ਲਈ ਜਨਮ ਦੇ 13 ਵੇਂ ਦਿਨ ਤਕ ਅਜਿਹੇ ਘਰ ਵਿੱਚ ਜਾਣਾ ਤੇ ਔਰਤ ਨੂੰ ਮਿਲਣ ਦੀ ਮਨਾਹੀ ਹੁੰਦੀ ਹੈ। ਇਸ ਭਰਮ ਨੂੰ ‘ਸੂਤਕ’ ਦਾ ਨਾਮ ਦਿੱਤਾ ਜਾਂਦਾ ਹੈ। ਬੇਸ਼ੱਕ ਡਾਕਟਰੀ ਗਿਆਨ ਅਨੁਸਾਰ ਬੱਚੇ ਦੇ ਜਨਮ ਉਪਰੰਤ ਬੱਚੇ ਨੂੰ ਅਤੇ ਉਸ ਦੀ ਮਾਤਾ ਨੂੰ ਵਧੇਰੇ ਲੋਕਾਂ ਨਾਲ ਮਿਲਣਾ-ਗਿਲਣਾ ਇਸ ਲਈ ਠੀਕ ਨਹੀਂ ਹੁੰਦਾ ਕਿਉਂਕਿ ਮਿਲਣ ਆਇਆਂ ’ਤੋਂ ਬੱਚੇ ਜਾਂ ਉਸ ਦੀ ਮਾਂ ਨੂੰ ਕੋਈ ਛੂਤ ਦਾ ਰੋਗ ਜਾਂ ਲਾਗ ਨਾ ਲੱਗ ਜਾਵੇ, ਕਿਉਂਕਿ ਇਸ ਸਮੇਂ ਬੱਚੇ ਅਤੇ ਉਸ ਦੀ ਮਾਤਾ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਕਾਫ਼ੀ ਕਮਜ਼ੋਰ ਹੁੰਦੀ ਹੈ। ਇਸ ਕ੍ਰਿਆ ਨੂੰ ਭਰਮ ਵਜੋਂ ਪਾਲਣਾ ਇੱਕ ਅਵਿਗਿਆਨਕ ਸੋਚ ਹੈ। ਇਸੇ ਤਰ੍ਹਾਂ ਕਿਸੇ ਘਰ ਵਿੱਚ ਮੌਤ ਦਾ ਹੋ ਜਾਣਾ, ਪੇਂਡੂ ਖੇਤਰਾਂ ਵਿੱਚ ‘ਪਾਤਕ’ ਭਰਮ ਵਜੋਂ ਪ੍ਰਚੱਲਤ ਹੈ। ਜਿਸ ਦੇ ਪ੍ਰਭਾਵ ਹੇਠ ਲੋਕ ਉਸ ਘਰ, ਜਿਥੇ ਮੌਤ ਹੋਈ ਹੋਵੇ, ਕੁਝ ਅਰਸੇ ਲਈ ਜਾਣ ’ਤੋਂ ਇਨਕਾਰੀ ਹੁੰਦੇ ਹਨ। ਵਿਗਿਆਨਕ ਨਜ਼ਰੀਏ ’ਤੋਂ ਇਹ ਠੀਕ ਹੈ ਕਿ ਛੂਤ ਵਾਲੇ ਰੋਗੀ ਦੀ ਮੌਤ ਹੋਣ ਪਿੱਛੋਂ ਉਸ ਘਰ ਵਿੱਚ ਜਾਣ ’ਤੋਂ ਪ੍ਰਹੇਜ ਰੱਖਣਾ ਉਚਿਤ ਹੈ, ਪ੍ਰੰਤੂ ‘ਪਾਤਕ’ ਦੇ ਭਰਮ ਵਜੋਂ ਅਜਿਹਾ ਕਰਨਾ ਵਿਗਿਆਨਕ ਚੇਤਨਾ ਦੀ ਘਾਟ ਨੂੰ ਦਰਸਾਉਂਦਾ ਹੈ। ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਹ ਕਥਨ ਵਿਗਿਆਨਕ ਸੋਚ ਦੀ ਕਸਵੱਟੀ ਉੱਤੇ ਪੂਰਾ ਉਤਰਦਾ ਹੈ: ‘‘ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ, ਭਾਣੈ ਆਵੈ ਜਾਇ॥’’ ੪੭੨॥’’ (ਭਾਵ, ਸੂਤਕ ਮੰਨਣਾ ਨਿਰਾ ਭਰਮ ਹੀ ਹੈ। ਇਹ ਭਰਮ ਅਗਿਆਨੀ ਮਨੁੱਖ ਨੂੰ ਆ ਲੱਗਦਾ ਹੈ। ਜੀਵਾਂ ਦਾ ਜੰਮਣਾ ਤੇ ਮਰਨਾ ਤਾਂ ਕੁਦਰਤ ਦੇ ਨਿਯਮਾਂ ਅਨੁਸਾਰ ਵਾਪਰਦਾ ਹੈ। ਇਨ੍ਹਾਂ ਨਿਯਮਾਂ ਅਨੁਸਾਰ ਹੀ ਅਸੀਂ ਸਾਰੇ ਜੰਮਦੇ ਮਰਦੇ ਹਾਂ।)

ਇਥੇ ਇਹ ਵੀ ਸੱਚ ਹੈ ਕਿ ਸਾਰੀਆਂ ਰਹੁ-ਰੀਤਾਂ ਅੰਧ-ਵਿਸ਼ਵਾਸ ਨਹੀਂ ਹੁੰਦੀਆਂ। ਕਈ ਧਾਰਣਾਵਾਂ ਦਾ ਵਿਗਿਆਨਕ ਆਧਾਰ ਵੀ ਹੁੰਦਾ ਹੈ ਜਿਵੇਂ ਕਿ ਰਾਤ ਸਮੇਂ ਫੁੱਲਾਂ ਨੂੰ ਤੋੜਨਾ ਚੰਗਾ ਨਹੀਂ ਮੰਨਿਆ ਜਾਂਦਾ। ਦਰਅਸਲ ਰਾਤ ਸਮੇਂ ਪੌਦੇ ਕਾਰਬਨ-ਡਾਇਆਕਸਾਇਡ ਗੈਸ ਛੱਡਦੇ ਹਨ, ਜਿਸ ਵਿੱਚ ਲਗਾਤਾਰ ਸਾਹ ਲੈਣ ਨਾਲ ਸਿਹਤ ਵਿੱਚ ਵਿਕਾਰ ਪੈਦਾ ਹੋ ਸਕਦੇ ਹਨ। ਇਸੇ ਲਈ ਰਾਤ ਸਮੇਂ ਪੌਦਿਆਂ ’ਤੋਂ ਪਰੇ ਰਹਿਣਾ ਚਾਹੀਦਾ ਹੈ। ਇਹੋ ਤੱਤ ਹੀ ਇਸ ਧਾਰਣਾ ਦਾ ਆਧਾਰ ਹੈ।

ਅੰਧ-ਵਿਸ਼ਵਾਸ ਇੱਕ ਬਹੁਤ ਸਿਰਾਂ ਵਾਲਾ ਜਿੰਨ ਹੈ, ਜਿਸ ਨੂੰ ਵਿਦਿਆ ਪ੍ਰਣਾਲੀ ਅਤੇ ਵਿਗਿਆਨਕ ਸੂਝ-ਬੂਝ ਨਾਲ ਖ਼ਤਮ ਕਰਨਾ ਜ਼ਰੂਰੀ ਹੈ। ਤੇਜੀ ਨਾਲ ਬਦਲ ਰਹੀ ਅਜੋਕੀ ਦੁਨੀਆਂ ਵਿੱਚ ਸਾਨੂੰ ਆਪਣੇ ਵਿਰਸੇ ਦੀ ਪਹਿਚਾਣ ਕਰ ਕੇ ਉਸ ਵਿੱਚ ਛੁਪੇ ਗੂੜ੍ਹ ਗਿਆਨ ਨੂੰ ਜਾਣਨਾ ਜ਼ਰੂਰੀ ਹੈ। ਜਿਥੇ ਇਸ ਦੇ ਵਿਸ਼ਲੇਸ਼ਣ ਜਾਂ ਸੰਸੋਧਨ ਦੀ ਲੋੜ ਹੋਵੇ, ਉਥੇ ਅਜਿਹਾ ਕਰਨਾ ਅਤਿ ਜ਼ਰੂਰੀ ਹੈ। ਤਦ ਹੀ ਅਸੀਂ ਅਤੇ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ ਅਤੇ ਅਜਿਹੀ ਸੋਚ ਹੀ ਵਿਗਿਆਨਕ ਚੇਤਨਾ ਦਾ ਆਧਾਰ ਹੁੰਦੀ ਹੈ।

ਅੱਜ ਸਾਨੂੰ ਦੁਬਿਧਾ ਵਾਲੀ ਸਥਿਤੀ ’ਤੋਂ ਮੁਕਤ ਹੋਣ ਦੀ ਲੋੜ ਹੈ। ਵਿਗਿਆਨਕ ਉੱਨਤੀ ਦੇ ਇਸ ਯੁਗ ਵਿੱਚ ਸਾਨੂੰ ਆਧਾਰਹੀਣ ਅਤੇ ਬੇਥਵੇ ਅੰਧ-ਵਿਸ਼ਵਾਸਾਂ ’ਤੋਂ ਖਹਿੜਾ ਛੁਡਾਉਣਾ ਅਤਿ ਜ਼ਰੂਰੀ ਹੈ। ਅੱਜ ਲੋੜ ਹੈ ਕਿ ਅਸੀਂ ਲਕੀਰ ਦੇ ਫ਼ਕੀਰ ਹੋਣ ਦੀ ਰੁਚੀ ’ਤੋਂ ਨਿਜਾਤ ਹਾਸਲ ਕਰੀਏ। ਜੀਵਨ ਵਿੱਚ ਜਦ ਕਦੇ ਵੀ ਅਸੀਂ ਅੰਧ-ਵਿਸ਼ਵਾਸਾਂ ਦੀ ਕੰਧ ਕੋਲ ਪਹੁੰਚੀਏ ਤਾਂ ਉਸ ਨੂੰ ਠੀਕ ਸੋਚ ਦੀ ਸਪੱਸ਼ਟਤਾ ਨਾਲ ਤੋੜ ਦੇਈਏ, ਤਦ ਹੀ ਅਸੀਂ ਅਸਲ ਵਿਗਿਆਨਕ ਸੋਚ ਦੇ ਧਾਰਣੀ ਬਣ ਸਕਦੇ ਹਾਂ। ਵਿਗਿਆਨਕ ਸੋਚ ਹੀ ਵਿਗਿਆਨਕ ਚੇਤਨਾ ਦਾ ਆਧਾਰ ਹੈ।

(ਧੰਨਵਾਦ ਸਹਿਤ ਕਿਤਾਬ ਧਰਮ ਅਤੇ ਵਿਗਿਆਨ ਵਿਚੋਂ)