ਵਿਗਿਆਨ ਅਤੇ ਧਾਰਮਿਕ ਅਨੁਭਵ

0
405

ਵਿਗਿਆਨ ਅਤੇ ਧਾਰਮਿਕ ਅਨੁਭਵ

ਡਾ. ਦਵਿੰਦਰ ਪਾਲ ਸਿੰਘ

ਵਿਗਿਆਨਕ ਖੋਜ ਲਈ ਸਭ ’ਤੋਂ ਉੱਤਮ ਪ੍ਰੇਰਣਾ ‘ਬ੍ਰਹਮੰਡੀ ਧਾਰਮਿਕ ਅਨੁਭਵ’ ਹੀ ਹੈ।

(ਐਲਬਰਟ ਆਈਨਸਟੀਨ)

ਵਿਗਿਆਨ ਅਤੇ ਧਰਮ, ਮਨੁੱਖੀ ਚਿੰਤਨ ਦੀਆਂ ਦੋ ਪ੍ਰਮੁੱਖ ਸ਼ਾਖ਼ਾਵਾਂ ਹਨ। ਸਾਡੇ ਗ੍ਰਹਿ ਦੇ ਵਾਸੀਆਂ ਦੀ ਬਹੁਤੇਰੀ ਗਿਣਤੀ ਦੇ ਰੋਜ਼ਾਨਾ ਜੀਵਨ-ਵਿਹਾਰ ਉੱਤੇ ਧਰਮ ਦਾ ਪ੍ਰਭਾਵ ਭਾਰੂ ਹੁੰਦਾ ਹੈ। ਵਿਗਿਆਨ ਦਾ ਪ੍ਰਭਾਵ ਤਾਂ ਉਨ੍ਹਾਂ ਦੇ ਜੀਵਨ ਵਿੱਚ ਤਕਨਾਲੋਜੀ ਦੇ ਰੂਪ ’ਚ ਹੀ ਨਜ਼ਰ ਆਉਂਦਾ ਹੈ।

ਧਰਮ ਦਾ ਕੇਂਦਰੀ ਭਾਵ ਤਾਂ ‘ਧਾਰਮਿਕ ਅਨੁਭਵ’ ਹੀ ਹੁੰਦਾ ਹੈ। ਸੱਚਾ ਧਰਮ ਨਾ ਤਾਂ ਪ੍ਰਸਤਾਵਾਂ ਦਾ ਪੁਲੰਦਾ ਹੈ ਤੇ ਨਾ ਹੀ ਅੰਧ-ਵਿਸ਼ਵਾਸਾਂ ਦੀ ਪਟਾਰੀ। ਦਰਅਸਲ ਇਹ ਤਾਂ ਇਕ ‘ਅਨੁਭਵਮਈ ਹਾਲਾਤ’ ਦਾ ਸਰੂਪ ਰੱਖਦਾ ਹੈ। ਧਾਰਮਿਕ ਅਨੁਭਵ ਤਾਂ ਇਕ ਸੁਤੰਤਰ ਮਨ ਦੀ ਸੰਤਾਨ ਹੁੰਦਾ ਹੈ। ਉਹ ‘ਸੁਤੰਤਰ ਮਨ’ ਜੋ ਲਕੀਰ ਦਾ ਫ਼ਕੀਰ ਨਹੀਂ ਹੁੰਦਾ। ਜੋ ਹਰ ਘਟਨਾ ਦੀ ਸੱਚਾਈ ਜਾਣਨ ਲਈ ਤੱਤਪਰ ਰਹਿੰਦਾ ਹੈ।

ਅਜਿਹਾ ਮਨ ਹੀ ਆਪਣੇ ਅੰਦਰ ਝਾਤ ਮਾਰਨ ਦੀ ਯੋਗਤਾ ਰੱਖਦਾ ਹੈ। ਅੰਤਹਕਰਣ ਦੀਆਂ ਗਹਿਰਾਈਆਂ ਵਿੱਚ ਸੱਚ ਦੀ ਭਾਲ ਕਰਦਿਆਂ ਉਹ ‘ਪਰਮ ਸੰਪੂਰਨਤਾ’ ਦਾ ਅਨੁਭਵ ਕਰਦਾ ਹੈ। ਅਜਿਹੇ ਮਨ ਦਾ ਧਾਰਣੀ ਧਾਰਮਿਕ ਪ੍ਰਤਿਭਾ ਦਾ ਗ਼ਰੂਰ ਨਹੀਂ ਰੱਖਦਾ, ਸਗੋਂ ਉਹ ਤਾਂ ਰਹਿਮਦਿਲੀ ਤੇ ਦੀਨਤਾ ਦੀ ਤਸਵੀਰ ਹੁੰਦਾ ਹੈ।

‘ਧਾਰਮਿਕ ਅਨੁਭਵ’ ਵਿੱਚ ਲੀਨਤਾ ਸਮੇਂ ਨਾ ਤਾਂ ਉਸ ਨੂੰ ਸ਼ਬਦਾਂ ਦੀ ਲੋੜ ਪੈਂਦੀ ਹੈ ਤੇ ਨਾ ਹੀ ਧਰਮ-ਸ਼ਾਸਤਰਾਂ ਦੀ। ਉਹ ਤਾਂ ਮੋਨ ਅਸੀਮਤਾ ਵਿੱਚ ਖੋ ਚੁੱਕਾ ਹੁੰਦਾ ਹੈ। ਬੁੱਧੀਮਾਨ ਅਤੇ ਸੱਚੇ ਧਾਰਮਿਕ ਵਿਚਾਰਾਂ ਦੇ ਧਾਰਣੀ ਲਈ ਧਰਮ ਇੱਕ ਅਹਿਲ ਵਖਰੇਵਾਂ ਨਹੀਂ ਹੁੰਦਾ, ਸਗੋਂ ਇਹ ਤਾਂ ਇੱਕ ਜੀਵਨ ਜਾਚ ਦਾ ਨਾਮ ਹੈ।

ਧਰਮ ਅਤੇ ਵਿਗਿਆਨ, ਮਨੁੱਖ ਕੋਲ ਦੋ ਉੱਤਮ ਬਲ ਹਨ, ਜੋ ਉਸ ਨੂੰ ਪ੍ਰਭਾਵਿਤ ਕਰਦੇ ਹਨ। ਇਕ ਤਾਂ ਹੈ ‘ਅਨੁਭਵੀ ਗਿਆਨ’ ਜਾਂ ‘ਅੰਤਰ ਦਿ੍ਰਸ਼ਟੀ’ ਦੀ ਸ਼ਕਤੀ ਦਾ ਰੂਪ ਤੇ ਦੂਸਰਾ ਹੈ ‘ਸੁਚੇਤ ਪੜਚੋਲ ਅਤੇ ਤਰਕ ਆਧਾਰਿਤ ਤੱਥਾਂ ਦੀ ਪ੍ਰਾਪਤੀ ਲਈ ਮਨੁੱਖੀ ਪ੍ਰਵਿਰਤੀ’

ਕਈ ਪ੍ਰਮੁੱਖ ਵਿਗਿਆਨੀ ਨਿੱਜੀ ਰੂਪ ’ਚ ਅੰਤਰੀਵੀ ਤੌਰ ’ਤੇ ਇਨ੍ਹਾਂ ਬਲਾਂ ਦਾ ਸੰਸ਼ਲੇਸ਼ਣ ਕਰਨ ਵਿਚ ਸਫਲ ਰਹੇ ਹਨ। ਇੰਝ ਧਾਰਮਿਕ ਅਨੁਭਵ ਨੂੰ ਵਿਗਿਆਨਕ ਵਿਵਸਾਏ ਦੇ ਵਿਸਥਾਰ ਵਜੋਂ ਹੀ ਮੰਨਿਆ ਜਾਂਦਾ ਹੈ।

ਪ੍ਰਸਿੱਧ ਵਿਗਿਆਨੀ ਐਲਬਰਟ ਆਈਨਸਟੀਨ ਨੇ ਵਿਗਿਆਨ ਵਿੱਚ ਧਾਰਮਿਕ ਸਜੀਵਤਾ ਬਾਰੇ ਲਿਖਦਿਆਂ ਇੰਝ ਵਰਣਨ ਕੀਤਾ ਹੈ: ‘ਗੰਭੀਰ ਵਿਗਿਆਨਕ ਰੁਚੀ ਵਾਲੇ ਵਿਅਕਤੀਆਂ ਵਿੱਚੋਂ ਸ਼ਾਇਦ ਹੀ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲੇ, ਜਿਸ ਵਿਚ (ਆਪਣੀ ਹੀ ਕਿਸਮ ਦੇ) ਧਾਰਮਿਕ ਅਹਿਸਾਸ ਦੀ ਘਾਟ ਹੋਵੇ ਪ੍ਰੰਤੂ ਇਹ ਧਾਰਮਿਕ ਅਹਿਸਾਸ, ਸਾਧਾਰਣ ਮਨੁੱਖਾਂ ਦੀ ਧਾਰਮਿਕਤਾ ’ਤੋਂ ਭਿੰਨ ਹੁੰਦਾ ਹੈ। ਸਾਧਾਰਣ ਮਨੁੱਖਾਂ ਲਈ ਤਾਂ ਪ੍ਰਭੂ ਇਕ ਅਜਿਹੀ ਹਸਤੀ ਹੈ, ਜੋ ਸਭ ਨੂੰਪਾਲਦਾ ਹੈ ਤੇ ਜਿਸ ਦੇ ਕਹਿਰ ’ਤੋਂ ਸਭ ਡਰਦੇ ਹਨ। ਇਹ ਸੋਚ, ਇਕ ਬੱਚੇ ਦੀ ਆਪਣੇ ਪਿਤਾ ਪ੍ਰਤਿ ਜ਼ਜਬੇ ਦੇ ਸਵਰੂਪ ਹੈ। ਬੱਚੇ ਤੇ ਪਿਤਾ ਦਾ ਨਿੱਜੀ ਸੰਬੰਧ ਬੇਸ਼ੱਕ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ, ਇਹ ਸਦਾ ਹੀ ਆਦਰ ਭਰੇ ਡਰ ਦੀ ਪੁੱਠ ਵਾਲਾ ਹੁੰਦਾ ਹੈ।’

ਪ੍ਰੰਤੂ ਇਕ ਵਿਗਿਆਨੀ ਵਾਸਤੇ ਧਾਰਮਿਕ ਅਹਿਸਾਸ ਦਾ ਰੂਪ ਤਾਂ ਕੁਦਰਤੀ ਨਿਯਮਾਂ ਦੀ ਇਕਸਾਰਤਾ ਦੇ ਗਿਆਨ ’ਤੋਂ ਪੈਦਾ ਹੋਈ ਵਿਸਮਾਦੀ ਲੀਨਤਾ ਹੁੰਦੀ ਹੈ, ਜੋ ਇਕ ਅਜਿਹੀ ਉੱਤਮ ਸੁਧੜਤਾ ਦੀ ਪ੍ਰਗਟਾ ਕਰਦੀ ਹੈ, ਜਿਸ ਦੀ ਤੁਲਨਾ ਵਿੱਚ ਮਨੁੱਖ ਦਾ ਸਾਰਾ ਸਿਧਾਂਤੀ ਚਿੰਤਨ ਅਤੇ ਕ੍ਰਿਆ-ਸ਼ੀਲਤਾ ਬਹੁਤ ਹੀ ਨਿਗੂਣਾ ਕਾਰਜ ਜਾਪਦਾ ਹੈ। ਇਹੋ ਅਹਿਸਾਸ ਹੀ ਵਿਗਿਆਨ ਦੇ ਜੀਵਨ ਅਤੇ ਕਾਰਜ ਦਾ ਪੱਥ-ਪ੍ਰਦਰਸ਼ਕ ਸਿਧਾਂਤ ਹੁੰਦਾ ਹੈ ਤੇ ਇਸੇ ਅਹਿਸਾਸ ਦੇ ਅਸਰ ਹੇਠ ਉਹ ਖ਼ੁਦ ਨੂੰ ਸੁਆਰਥੀ ਤਿ੍ਰਸ਼ਨਾ ਦੀਆਂ ਬੇੜੀਆਂ ’ਤੋਂ ਮੁਕਤ ਰੱਖਣ ਵਿੱਚ ਸਫਲ ਹੁੰਦਾ ਹੈ। ਬਿਨਾ ਸ਼ੱਕ ਇਹ ਅਹਿਸਾਸ ਬਿਲਕੁਲ ਉਵੇਂ ਦਾ ਹੀ ਅਹਿਸਾਸ ਹੁੰਦਾ ਹੈ, ਜੋ ਸਾਰੇ ਯੁੱਗਾਂ ਦੇ ਧਾਰਮਿਕ ਮਹਾਂਪੁਰਸ਼ਾਂ ਨੇ ਅਨੁਭਵ ਕੀਤਾ ਹੈ।

ਬੇਸ਼ੱਕ ਧਰਮ ਅਤੇ ਵਿਗਿਆਨ ਦੋ ਸੁਤੰਤਰ ਸੰਕਲਪ ਹਨ ਪ੍ਰੰਤੂ ਉਹ ਇਕ ਦੂਸਰੇ ਦੇ ਪੂਰਕ ਬਲ ਹਨ, ਜੋ ਅੱਗੇ-ਪਿੱਛੇ ਜੁਤੇ ਹੋਏ ਘੋੜਿਆਂ ਵਾਂਗ ਕੰਮ ਕਰਦੇ ਹਨ। ਦਰਅਸਲ ਅਨੇਕ ਵਿਗਿਆਨੀਆਂ ਦੀ ਰਾਏ ਵਿੱਚ ਵਿਗਿਆਨ ਦੇ ਕਾਰਜ ਕਰਨ ਵਾਲਿਆਂ ਲਈ ਧਾਰਮਿਕਤਾ ਇਕ ਲਾਜ਼ਮੀ ਸ਼ਰਤ ਹੈ। ਅਨੇਕ ਵਿਗਿਆਨੀ ਇਸ ਨੁਕਤੇ ’ਤੇ ਜ਼ੋਰ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਸੰਮਤੀ (ਸਹਿਮਤੀ) ਧਰਮ ਅਤੇ ਵਿਗਿਆਨ ਵਿਚਕਾਰ ਮਨੋਵਿਗਿਆਨਕ ਸੰਪਰਕ ਦੀ ਸੂਚਕ ਹੈ।

ਵਿਗਿਆਨੀ ਅਕਸਰ ‘ਧਾਰਮਿਕ ਅਨੁਭਵ’ ਦੀ ਗੱਲ ਕਰਦੇ ਹਨ ਪ੍ਰੰਤੂ ਇਸ ਮੰਜ਼ਿਲ ਤੱਕ ਪੁੱਜਣ ਲਈ ਵਿਗਿਆਨੀਆਂ ਦੁਆਰਾ ਅਪਣਾਏ ਸਾਧਨਾਂ ਅਤੇ ਈਸ਼ਵਰਵਾਦੀ ਵਿਅਕਤੀਆਂ ਦਾ ਢੰਗ ‘ਅੰਤਰੀਵੀ ਅਤੇ ਅੰਤਰ ਧਿਆਨੀ’ ਹੁੰਦਾ ਹੈ। ਪ੍ਰੰਤੂ ਵਿਗਿਆਨੀਆਂ ਦੁਆਰਾ ਅਪਣਾਏ ਸਾਧਨ ‘ਬਾਹਰਮੁਖੀ ਅਤੇ ਵਿਸ਼ਲੇਸ਼ਣਾਤਮਕ’ ਹੁੰਦੇ ਹਨ।

ਅਨੇਕ ਸੰਪੰਨ ਵਿਗਿਆਨੀਆਂ ਦਾ ਇਹ ਅਨੁਭਵ ਰਿਹਾ ਹੈ ਕਿ ਵਿਗਿਆਨੀ ਆਖ਼ਰਕਾਰ, ਮਨੁੱਖ ਦਾ ‘ਪਰਮ ਸੰਪੂਰਨ’ ਜਾਂ ‘ਮੂਲ ਸਤਯ’ ਨਾਲ ਨਿੱਜੀ ਮਿਲਾਪ ਕਰਾਉਣ ਵਿਚ ਅਗਵਾਈ ਕਰਦਾ ਹੈ। ਕੁਦਰਤ ਵਿੱਚ ਸਿਲਸਿਲਾ-ਬੰਧਤਾ ਦਾ ਬੋਧ, ਵਿਗਿਆਨੀ ਨੂੰ ‘ਮੂਲ-ਸੱਤਯ’ ਬਾਰੇ ਸਚੇਤਨਾ ਕਰਦਾ ਹੈ ਅਤੇ ਇਹ ਰੂਹਾਨੀ ਤੌਰ ’ਤੇ ਇਕ ਪ੍ਰਭਾਵਮਈ ਅਨੁਭਵ ਹੁੰਦਾ ਹੈ।

ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ, ਬ੍ਰਾਜ਼ੀਲ ਦੇ ਜੰਗਲਾਂ ’ਚ ਘੁੰਮਦਿਆਂ ਹੀ ‘ਅਨੁਭਵ’ ਹੋਇਆ, ਜੋ ਉਸ ਦੇ ਦਿਲ ’ਤੇ ਉਕਰ ਗਿਆ। ਉਸ ਦੇ ਆਪਣੇ ਸ਼ਬਦਾਂ ’ਚ ਇਸ ‘ਅਨੁਭਵ’ ਦਾ ਜ਼ਿਕਰ ਇੰਝ ਹੈ ‘ਅਨੇਕ ਜੀਵ-ਵੰਨਗੀਆਂ ਵਾਲੇ ਸਾਡੇ ਗ੍ਰਹਿ ਦੀ ਜੀਵਨ-ਪ੍ਰਣਾਲੀ ਦੇ ਇਸ ਦਿ੍ਰਸ਼ ਦੀ ਸੋਭਾ ਮਹਾਨ ਹੈ, ਜਦ ਅਸੀਂ ਦੇਖਦੇ ਹਾਂ ਕਿ ਸਿਰਜਣਹਾਰ ਨੇ ਉਤਪਤੀ ਸਮੇਂ ਸਿਰਫ ਕੁਝ ਕੁ ਤੇ ਜਾਂ ਫਿਰ ਇੱਕੋ ਹੀ ਜੀਵ-ਵੰਨਗੀ ਨੂੰ ਪ੍ਰਗਟ ਕੀਤਾ ਸੀ, ਜਦੋਂ ਕਿ ਇਹ ਗੁਰੂਤਾ ਦੇ ਨਿਸ਼ਚਿਤ ਸਿਧਾਂਤ ਅਨੁਸਾਰ ਚੱਕਰ ਕੱਟਦਾ ਰਿਹਾ ਅਤੇ ਇੱਥੇ ਜੀਵਨ ਦੀ ਇੰਨੀ ਸਾਧਾਰਣ ਸ਼ੁਰੂਆਤ ’ਤੋਂ ਸਮੇਂ ਨਾਲ ਬੇਅੰਤ ਬਹੁਤ ਹੀ ਖ਼ੁਬਸੂਰਤ ਤੇ ਬਹੁਤ ਵਚਿੱਤਰ ਜੀਵ-ਵੰਨਗੀਆਂ ਪੈਦਾ ਹੋਇਆਂ ਹਨ ਤੇ ਪੈਦਾ ਹੋ ਰਹੀਆਂ ਹਨ।’

ਵਿਸ਼ਵ-ਪ੍ਰਸਿੱਧ ਵਿਗਿਆਨੀ ਐਲਬਰਟ ਆਈਨਸਟੀਨ, ਵਿਗਿਆਨੀ ਦੇ ਅੰਤਹਕਰਣ ’ਤੇ, ਸਿ੍ਰਸ਼ਟੀ ਦੀ ਵਾਸਤਵਿਕ ਸੁਬੋਧਤਾ ਦੀ ਅਸੀਮਤਾ ਦੇ ਬੇਵਸ ਕਰਨ ਵਾਲੇ ਪ੍ਰਭਾਵ ਦਾ ਵਰਣਨ ਕਰਦਾ ਹੈ। ਉਸ ਅਨੁਸਾਰ, ਇਹ ਪ੍ਰਭਾਵ ‘ਧਾਰਮਿਕ ਸ਼ਰਧਾ’ ਦੀ ਭਾਵਨਾ ਨੂੰ ਜਨਮ ਦਿੰਦਾ ਹੈ। ਆਈਨਸਟੀਨ ਦੇ ਸ਼ਬਦਾਂ ਅਨੁਸਾਰ ‘ਕੁਦਰਤ ਦੇ ਹਰ ਖੋਜੀ ’ਚ ਇੱਕ ਵਿਸ਼ੇਸ਼ ਕਿਸਮ ਦੀ ਧਾਰਮਿਕ ਸ਼ਰਧਾ ਹੁੰਦੀ ਹੈ ਕਿਉਂਕਿ ਉਹ ਜਾਣ ਲੈਂਦਾ ਹੈ ਕਿ ਉਹ ਇਕੱਲਾ ਹੀ ਅਜਿਹਾ ਵਿਅਕਤੀ ਨਹੀਂ ਹੈ, ਜਿਸ ਨੂੰ ਅਨੁਭੂਤੀ ਦੀਆਂ ਬਾਰੀਕੀਆਂ ਦਾ ਗਿਆਨ ਹੇਇਆ ਹੈ।’ ਆਈਨਸਟੀਨ ਅਨੁਸਾਰ ਇਸ ਤਰ੍ਹਾਂ ਵਿਗਿਆਨ, ਉਸ ਵਿਅਕਤੀ (ਖੋਜੀ) ਲਈ ਇੱਕ ਸ਼ਰਧਾ-ਪੂਰਨ ਕਾਰਜ ਹੋ ਨਿਬੜਦਾ ਹੈ।

ਪ੍ਰਸਿੱਧ ਤਾਰਾ-ਵਿਗਿਆਨੀ ਫ਼ਰੈੱਡ ਹਾਇਲ ਨੇ ਅਮਰੀਕਨ ਫ਼ਿਜ਼ਿਕਸ਼ ਸੋਸਾਇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇੱਕ ਵਾਰ ਕਿਹਾ ਕਿ ‘…ਅਸੀਂ ਵਿਗਿਆਨਕ ਖੋਜ-ਕਾਰਜ ਕਿਉਂ ਕਰਦੇ ਹਾਂ? ਇਨ੍ਹਾਂ ਕਾਰਜਾਂ ਦਾ ਮੰਤਵ ਤਾਂ ਦਰਅਸਲ ਧਾਰਮਿਕ ਹੀ ਹੈ।.. ਸਾਡਾ ਪ੍ਰਯੋਜਨ ਤਾਂ ਧਰਮ ਸੰਕਲਪ ਵਾਲਾ ਹੀ ਹੈ। ਇਹ ਸਭ ਕੁਝ ਤਾਂ ਅਸੀਂ ਖ਼ੁਦ ਨੂੰ ਅਤੇ ਇਰਦ-ਗਿਰਦ ਦੀ ਦੁਨੀਆਂ ਨੂੰ ਸਮਝਣ ਲਈ ਕਰਦੇ ਹਾਂ। ਵਿਗਿਆਨ ਖੋਜ ਦਾ ਮੁੱਖ ਮੰਤਵ ਲਾਭ ਪ੍ਰਾਪਤੀ ਜਾਂ ਮਸ਼ੀਨੀ ਯੰਤ੍ਰਾਂ ਦਾ ਹੜ੍ਹ ਪੈਦਾ ਕਰ ਕੇ ਆਪਣੀ ਹੋਂਦ ਨੂੰ ਨਿਆਂ-ਸੰਗਤ ਸਿੱਧ ਕਰਨਾ ਕਦਾਚਿਤ ਹੀ ਨਹੀਂ ਹੈ।’

ਬਹੁ-ਚਰਚਿਤ ਬ੍ਰਹਿਮੰਡ ਵਿਗਿਆਨੀ, ਕਾਰਲ ਸਾਗਾਨ ਨੇ ਕਿਹਾ ਹੈ ਕਿ ‘ਜੇ ਅਸੀਂ ਬ੍ਰਹਿਮੰਡ ਦੀ ਅਸੀਮਤਾ ਵੱਲ ਨਜ਼ਰ ਮਾਰੀਏ ਤਾਂ ਅਸੀਂ ਬਹੁਤ ਹੀ ਹੈਰਾਨੀਜਨਕ ਤੱਥ ਦੇਖਦੇ ਹਾਂ। ਬ੍ਰਹਿਮੰਡ; ਓੜਕ ਦਾ ਖ਼ੂਬਸੂਰਤ ਹੈ। ਇਹ ਪੇਚੀਦਾ ਰੂਪ ਵਿੱਚ ਤੇ ਵਿਰਲਤਾ ਪੂਰਨ ਢੰਗ ਨਾਲ ਰਚਿਆ ਗਿਆ ਹੈ। ਬ੍ਰਹਿਮੰਡ ਅੰਦਰ ਨਿਯਮਤ ਰੂਪ ਵਿੱਚ ਪਰਲੋ ਤੇ ਉਥਲ-ਪੁਥਲ ਵਾਪਰ ਰਹੀ ਹੈ ਤੇ ਉਹ ਵੀ ਬਹੁਤ ਹੀ ਵਿਸਮਿਤ ਕਰਨ ਵਾਲੇ ਪੈਮਾਨੇ ’ਤੇ। ਅਸੀਂ ਬ੍ਰਹਿਮੰਡ ਵਿੱਚ ਇੱਕੋ ਸਮੇਂ ਹੀ ਬਹੁਤ ਖ਼ੂਬਸੂਰਤ ਤੇ ਬਹੁਤ ਹੀ ਪ੍ਰਚੰਡ ਵਰਤਾਰੇ ਦੇਖ ਸਕਦੇ ਹਾਂ। ਇੰਝ ਸਾਡੇ ਸਾਹਮਣੇ ਇੱਕ ਅਜਿਹਾ ਬ੍ਰਹਿਮੰਡ ਦਿ੍ਰਸ਼ਟਮਾਨ ਹੈ, ਜਿਸ ਵਿੱਚੋਂ ਪੱਛਮੀ ਜਾਂ ਪੂਰਬੀ ਦੇਸ਼ਾਂ ਵਿੱਚ ਪ੍ਰਚੱਲਤ ਰਵਾਇਤੀ ਈਸ਼ਵਰ ਦੀ ਭਾਵਨਾ ਨੂੰ ਖਾਰਜ ਕਰਨਾ ਸੰਭਵ ਹੈ।’

ਪ੍ਰਸਿੱਧ ਸਾਹਿਤਕਾਰ ਗੇਟੇ ਦੇ ਸ਼ਬਦਾਂ ਅਨੁਸਾਰ ‘ਮਨੁੱਖ ਦੀ ਸਭ ’ਤੋਂ ਵੱਡੀ ਖ਼ੁਸ਼ੀ ਤਾਂ ‘ਅਥਾਹ’ ਦੀ ਥਾਹ ਪਾਉਣ ਵਿੱਚ ਤੇ ਇਸ ‘ਅਥਾਹ’ ਅੱਗੇ ਸ਼ਰਧਾਪੂਰਨਸਿਜਦਾ ਕਰਨ ਵਿੱਚ ਹੁੰਦੀ ਹੈ।’ ਦੁਬਾਰਾ ਆਈਨਸਟੀਨ ਦੇ ਵਿਚਾਰਾਂ ਦਾ ਚਰਚਾ ਕਰਦੇ ਹੋਏ ਅਸੀਂ ਦੇਖਦੇ ਹਾਂ ਕਿ ਆਈਨਸਟੀਨ ਦਾ ਕਥਨ ਹੈ ‘ਸਭ ’ਤੋਂ ਖ਼ੂਬਸੂਰਤ ਵਲਵਲਾ ਜੋ ਅਸੀਂ ਅਨੁਭਵ ਕਰਦੇ ਹਾਂ ਉਹ ਹੈ ਰਹੱਸਾਤਮਕ…ਤੇ ਇਹ ਜਾਣ ਲੈਣਾ ਕਿ ਜੋ ਬੁਧੀ ਦੀ ਪਹੁੰਚ ’ਤੋਂ ਬਾਹਰ (ਭਾਵ ਅਲੱਖ, ਅਥਾਹ, ਤੇ ਅਸਗਾਹ) ਹੈ, ਅਸਲ ’ਚ ਹੋਂਦਮਈ ਹੈ… …ਇਹ ਗਿਆਨ, ਇਹ ਅਹਿਸਾਸ, ਸਮੂਹ ਸੱਚੀ ਧਾਰਮਿਕਤਾ ਦਾ ਕੇਂਦਰੀ ਨੁਕਤਾ (ਭਾਵ ਸੰਤੁਲਨ-ਬਿੰਦ) ਹੈ।’

ਵਿਸ਼ਵ ਪ੍ਰਸਿੱਧ ਵਿਗਿਆਨੀ-ਗਲਪ ਲੇਖਕ ਐਚ.ਜੀ.ਵੈੱਲਜ਼ ਨੇ ਕਦੇ ਕਿਹਾ ਸੀ ਕਿ ‘ਕਦੇ ਕਦੇ ਰਾਤ ਦੀ ਖ਼ਾਮੋਸ਼ੀ ’ਚ ਅਤੇ ‘ਕੁਝ ਨਾ ਕੁਝ’ ਨਾਯਾਬ ਇਕਲਾਪੇ ਦੇ ਛਿਣਾਂ ਵਿੱਚ, ਮੈਂ, ‘ਕੁਝ ਨਾ ਕੁਝ’ ਨਾਲ ਮੈਂ ਨਹੀਂ ਹੁੰਦਾ। ਇਹ ਛਿਣ ਹੋਂਦਮਈ ਹੁੰਦੇ ਹਨ ਅਤੇ ਇਹ ਮੇਰੇ ਧਾਰਮਿਕ ਜੀਵਨ ਦਾ ਸਰਵ-ਸ੍ਰੇਸ਼ਟ ਤੱਥ ਹਨ। ਸਗੋਂ ਇਹ ਤਾਂ ਮੇਰੇ ਧਾਰਮਿਕ ਅਨੁਭਵ ਦਾ ਸਿਖ਼ਰ ਹਨ।’

ਆਖ਼ਰ ’ਚ ਮੈਂ ਭਾਰਤ ਦੇ ਪ੍ਰਸਿੱਧ ਦਰਸ਼ਨ-ਸ਼ਾਸਤਰੀ ਤੇ ਚਿੰਤਕ ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਸ਼ਬਦਾਂ ਨਾਲ ਇਸ ਲੇਖ ਦਾ ਅੰਤ ਕਰਨਾ ਚਾਹਾਂਗਾ। ਉਨ੍ਹਾਂ ਦਾ ਕਥਨ ਹੈ ਕਿ ‘ਧਾਰਮਿਕ ਅਨੁਭਵ ਦੀ ਹਾਲਤ ’ਚ ਸੰਬੰਧਿਤ ਵਿਅਕਤੀ ਇਸ ਅਨੁਭੂਤੀ ਦੀ ਜਕੜ ਵਿੱਚ ਆ ਜਾਂਦਾ ਹੈ ਤੇ ਉਹ ਫ਼ਜ਼ੂਲ ਅਧਿਆਤਮਕ ਜਾਂ ਪ੍ਰਮਾਣਵਾਦੀ ਕਿਆਸ-ਅਰਾਈਆਂ ’ਚ ਨਹੀਂ ਉਲਝਦਾ। ਸੰਪੂਰਨ ਸਤਿ ਜਦ ਖ਼ੁਦ ਸ਼ਹਾਦਤ ਪੇਸ਼ ਕਰਦਾ ਹੈ ਤਦ ਕਿਸੇ ਵੀ ਸਬੂਤ ਦੀ ਲੋੜ ਨਹੀਂ ਰਹਿੰਦੀ। ਇਸ ਅਨੁਭੂਤੀ ਦਾ ਦੈਵਤਵ ਅਤੇ ਗਿਆਨ ਇਸ ਨੂੰ ਇਕ ਪ੍ਰਮਾਣਿਕ ਅਨੁਭਵ ਵਜੋਂ ਪ੍ਰਗਟ ਕਰਦਾ ਹੈ।’