‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ

0
308

‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜਦੋਂ ਅਸੀਂ ਕਿਸੇ ਮਨਮੋਹਕ ਕੁਦਰਤੀ ਦ੍ਰਿਸ਼ ਨੂੰ ਵੇਖਦੇ ਹਾਂ ਤਾਂ ਅਵਾਕ ਹੋ ਕੇ ਉਸੇ ਵਿੱਚ ਖੁੱਭ ਕੇ ਰਹਿ ਜਾਂਦੇ ਹਾਂ। ਉਸ ਦੀ ਤਾਰੀਫ਼ ਕਰਦਿਆਂ ਅਸੀਂ ਥੱਕਦੇ ਨਹੀਂ। ਅਜਿਹੇ ਕਈ ਦ੍ਰਿਸ਼ ਦੀਆਂ ਅਸੀਂ ਤਸਵੀਰਾਂ ਖਿੱਚ ਕੇ ਸਾਂਭ ਕੇ ਰੱਖਦੇ ਹਾਂ ਤੇ ਹੋਰਨਾਂ ਨੂੰ ਵਿਖਾ ਕੇ ਉੱਥੇ ਜਾਣ ਲਈ ਪ੍ਰੇਰਦੇ ਹਾਂ। ਕਈ ਦ੍ਰਿਸ਼ ਤਾਂ ਸਾਡੇ ਲਈ ਉਮਰ ਭਰ ਦੀ ਯਾਦ ਬਣ ਜਾਂਦੇ ਹਨ।

ਇਨ੍ਹਾਂ ਕੁਦਰਤੀ ਦ੍ਰਿਸ਼ਾਂ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਤਬਦੀਲੀ ਨਹੀਂ ਕਰ ਸਕਦੇ, ਯਾਨੀ ਨਾ ਬੱਦਲਾਂ ਦੀ ਸ਼ਕਲ ਬਦਲ ਸਕਦੇ ਹੁੰਦੇ ਹਾਂ, ਨਾ ਹੀ ਡੁੱਬਦੇ ਸੂਰਜ ਦਾ ਸਮੁੰਦਰ ਵਿੱਚ ਪੈਂਦਾ ਅਕਸ ਤੇ ਨਾ ਹੀ ਬਰਫ਼ ਨਾਲ ਕੱਜੇ ਪਹਾੜ ਜਾਂ ਡਿੱਗਦੇ ਝਰਨੇ ਦੀਆਂ ਉੱਡਦੀਆਂ ਛਿੱਟਾਂ ! ਅਜਿਹਾ ਦ੍ਰਿਸ਼ ਜਿਉਂ ਦਾ ਤਿਉਂ ਤਸਵੀਰਾਂ ਵਿੱਚ ਜਾਂ ਅੱਖਾਂ ਵਿੱਚ ਵਸਾ ਲੈਂਦੇ ਹਾਂ।

ਸੋਚ ਕੇ ਵੇਖੀਏ ਕਿ ਕੀ ਅਸੀਂ ਕਦੇ ਕਹਿੰਦੇ ਹਾਂ-ਜੇ ਦਰਖਤ ਪਹਾੜ ਦੇ ਪਰਲੇ ਕੋਨੇ ਉੱਤੇ ਹੁੰਦਾ ਤਾਂ ਹੀ ਨਜ਼ਾਰਾ ਸੋਹਣਾ ਹੁੰਦਾ। ਜੇ ਕਿਤੇ ਡੁੱਬਦੇ ਸੂਰਜ ਦਾ ਪਰਛਾਵਾਂ ਸਮੁੰਦਰ ਦੇ ਪਰਲੇ ਕੋਨੇ ਉੱਤੇ ਪੈਂਦਾ, ਤਾਂ ਹੀ ਮੈਂ ਤਸਵੀਰ ਖਿੱਚਦਾ ! ਇਹ ਦ੍ਰਿਸ਼ ਬਿਨਾਂ ਤਬਦੀਲੀ ਸਦਕਾ ਹੀ ਮਨਮੋਹਕ ਲੱਗਦੇ ਹਨ। ਜਿਉਂ ਹੀ ਅਸੀਂ ਆਪ ਕਿਸੇ ਥਾਂ ਜਾਂ ਮਨੁੱਖ ਵਿੱਚ ਤਬਦੀਲੀ ਭਾਲਦੇ ਹਾਂ ਤਾਂ ਸਾਡੇ ਮਨ ਅੰਦਰਲੀ ਅਤ੍ਰਿਪਤ ਉਮੰਗ ਸਾਹਮਣੇ ਆ ਖੜ੍ਹੀ ਹੁੰਦੀ ਹੈ। ਇਹੀ ਸਾਰੇ ਪੁਆੜੇ ਦੀ ਜੜ੍ਹ ਹੁੰਦੀ ਹੈ।

ਜ਼ਿੰਦਗੀ ਵਿਚਲੀਆਂ ਅਤ੍ਰਿਪਤ ਉਮੰਗਾਂ ਹੀ ਸਾਨੂੰ ਸੰਤੁਸ਼ਟ ਨਹੀਂ ਹੋਣ ਦਿੰਦੀਆਂ। ‘ਜੇ’ ਮੇਰੇ ਕੋਲ ਵੱਡੀ ਕਾਰ ਹੁੰਦੀ, ‘ਜੇ’ ਮੇਰੀ ਵਹੁਟੀ ਉਸ ਵਰਗੀ ਸੋਹਣੀ ਹੁੰਦੀ, ‘ਜੇ’ ਮੇਰਾ ਬੱਚਾ ਵੀ ਡਾਕਟਰ ਬਣ ਜਾਂਦਾ, ‘ਜੇ’ ਮੇਰੀ ਨੌਕਰੀ ਅਮਰੀਕਾ ਵਿੱਚ ਹੁੰਦੀ, ‘ਜੇ’ ਮੈਂ ਪ੍ਰਧਾਨ ਮੰਤਰੀ ਹੁੰਦਾ, ਮੇਰੇ ਨਾਲ ਹੀ ਸਭ ਕੁੱਝ ਮਾੜਾ ‘ਕਿਉਂ’ ਹੁੰਦਾ ਹੈ, ਆਦਿ ਅਸੰਤੁਸ਼ਟੀ ਸਾਨੂੰ ਆਪਣੇ ਅੱਜ ਤੋਂ ਖ਼ੁਸ਼ੀ ਮਹਿਸੂਸ ਕਰਨ ਜੋਗਾ ਛੱਡਦੀ ਹੀ ਨਹੀਂ। ਜੋ ਕੁੱਝ ਹਾਸਲ ਹੈ, ਉਹ ਇੱਕ ਪਾਸੇ ਛੱਡ ਕੇ, ਪੂਰਾ ਜ਼ੋਰ ਤਬਦੀਲੀ ਉੱਤੇ ਲਾਉਣ ਸਦਕਾ ਅਸੀਂ ਪਤੀ-ਪਤਨੀ ਜਾਂ ਹੋਰ ਘਰੇਲੂ ਰਿਸ਼ਤਿਆਂ ਵਿੱਚ ਤਰੇੜ ਪਾ ਲੈਂਦੇ ਹਾਂ।

ਇੱਕ ਸਾਈਕਲ ਵਾਲਾ ਸਕੂਟਰ ਲੈਣ ਦਾ ਸੁਫ਼ਨਾ ਵੇਖਦਾ ਹੈ ਤੇ ਸਕੂਟਰ ਵਾਲਾ ਕਾਰ, ਕਾਰ ਵਾਲਾ ਜਹਾਜ਼ ਤੇ ਜਹਾਜ਼ ਵਾਲਾ ਚੰਨ ਉੱਤੇ ਪਹੁੰਚਣ ਨੂੰ ਜ਼ੋਰ ਲਾਉਂਦਾ ਹੀ ਪੂਰੀ ਜ਼ਿੰਦਗੀ ਖ਼ਤਮ ਕਰ ਲੈਂਦਾ ਹੈ। ਜੋ ਅੱਜ ਹੈ ਤੇ ਜੋ ਚੰਗੀਆਂ ਗੱਲਾਂ ਅੱਜ ਮਾਣ ਰਹੇ ਹਾਂ ਉਹ ਸਾਡੀ ‘ਜੇ’ ਤੇ ‘ਕਿਉਂ’ ਵਿੱਚ ਰੁਲ਼ ਜਾਂਦੀਆਂ ਹਨ ਤੇ ਅਸੀਂ ਉਸ ਖ਼ੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹੀ ਕਾਰਨ ਹੈ ਕਿ ਜਿੰਨੇ ਵੀ ਕੈਂਸਰ ਨਾਲ ਜੂਝ ਰਹੇ ਬੰਦੇ ਆਖ਼ਰੀ ਘੜੀਆਂ ਗਿਣ ਰਹੇ ਹੋਣ, ਉਹ ਸਾਰੇ ਇੱਕੋ ਹੀ ਸ਼ਿਕਾਇਤ ਕਰਦੇ ਵੇਖੇ ਗਏ ਹਨ-‘ਜ਼ਿੰਦਗੀ ਮਾਨਣ ਦਾ ਵਕਤ ਹੀ ਨਹੀਂ ਮਿਲਿਆ। ਪਤਾ ਹੀ ਨਹੀਂ ਲੱਗਿਆ ਕਦੋਂ ਕੰਮਾਂ ਕਾਰਾਂ ਵਿੱਚ ਲੰਘ ਗਈ।’

ਬਿਲਕੁਲ ਇੰਜ ਹੀ, ਜਿਸ ਦੀ ਨਜ਼ਰ ਅਚਾਨਕ ਚਲੀ ਜਾਏ, ਉਦੋਂ ਹੀ ਉਸ ਨੂੰ ਕਹਿੰਦੇ ਸੁਣਦੇ ਹਾਂ-‘ਹਾਏ, ਹੁਣ ਪਤਾ ਲੱਗਿਆ, ਅੱਖਾਂ ਕੀ ਨਿਆਮਤ (ਧਨ) ਨੇ !’’ ਜਦੋਂ ਸੁਜਾਖਾ ਸੀ, ਉਦੋਂ ਅੱਖਾਂ ਦੀ ਅਹਿਮੀਅਤ ਸਮਝੀ ਹੀ ਨਹੀਂ। ਬਿਲਕੁਲ ਏਸੇ ਤਰ੍ਹਾਂ ਤੁਰਦੇ ਫਿਰਦੇ ਇਹਸਾਸ ਹੀ ਨਹੀਂ ਹੁੰਦਾ ਕਿ ਕਰੋੜਾਂ ਬੰਦੇ ਤੁਰ ਫਿਰ ਨਹੀਂ ਸਕਦੇ, ਅਨੇਕ ਮੰਜਿਆਂ ਉੱਤੇ ਅਪਾਹਜ ਬਣ ਕੇ ਅੱਡੀਆਂ ਰਗੜ ਰਹੇ ਹਨ, ਉਨ੍ਹਾਂ ਬਾਰੇ ਖ਼ਿਆਲ ਕਰ ਕੇ ਸ਼ੁਕਰਾਨਾ ਕਰਦਿਆਂ ਅਨੰਦਿਤ ਮਹਿਸੂਸ ਕਰਨ ਦੀ ਥਾਂ ਬੇਲੋੜੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਚੱਕਰ ਵਿੱਚ ਤਣਾਓ ਸਹੇੜ ਕੇ ਜਾਨ ਗੁਆ ਬਹਿੰਦੇ ਹਾਂ ਜਾਂ ਸਰੀਰਕ ਰੋਗਾਂ ਦੀ ਪੰਡ ਬਣ ਕੇ ਰਹਿ ਜਾਂਦੇ ਹਾਂ।

ਸੰਤੁਸ਼ਟੀ ਸਿਰਫ਼ ਤਾਂ ਹੀ ਆਉਂਦੀ ਹੈ ਜਦੋਂ ਅਸੀਂ ਆਪਣੇ ਹਾਲਾਤ ਨੂੰ ਜਿਉਂ ਦਾ ਤਿਉਂ ਮੰਨ ਕੇ ਉਸ ਵਿੱਚੋਂ ਖ਼ੁਸ਼ੀ ਦਾ ਇਹਸਾਸ ਭਾਲੀਏ। ਉਸ ਵਿੱਚ ਹੋਰ ਤਬਦੀਲੀ ਲੱਭਦੇ-ਲੱਭਦੇ ਜ਼ਿੰਦਗੀ ਦਾ ਅਨਮੋਲ ਸਮਾਂ ਅਜਾਈਂ ਗੁਆ ਲੈਂਦੇ ਹਾਂ। ਮਿਸਾਲ ਦੇ ਕੇ ਗੱਲ ਕਰਨੀ ਚਾਹਾਂਗੀ। ਸਵੇਰੇ ਉੱਠਦੇ ਸਾਰ ਇੱਕ ਬੰਦਾ ਝੁੰਝਲਾਹਟ ਨਾਲ ਚੀਕਦਾ ਹੈ-‘‘ਅੱਜ ਫੇਰ ਰੌਲਾ ਰੱਪਾ ਪਾ ਕੇ ਜਗਾ ’ਤਾ। ਇਨ੍ਹਾਂ ਨਿਆਣਿਆਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ। ਅੱਗੋਂ ਸਾਰਾ ਦਿਨ ਬੌਸ ਦੀ ਚੱਕ-ਚੱਕ ! ਜ਼ਿੰਦਗੀ ਨਰਕ ਬਣੀ ਪਈ ਹੈ !’’

ਹੁਣ ਦੂਜਾ ਪਾਸਾ ਵੇਖੀਏ !

1.  ਸਵੇਰੇ ਉੱਠਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਲੱਖਾਂ ਲੋਕਾਂ ਵਿੱਚੋਂ ਨਹੀਂ ਹਾਂ ਜਿਨ੍ਹਾਂ ਨੇ ਅੱਜ ਦੀ ਸਵੇਰ ਨਹੀਂ ਵੇਖਣੀ ਤੇ ਮੌਤ ਦੇ ਮੂੰਹ ਵਿੱਚ ਚਲੇ ਜਾਣਾ ਹੈ !

2. ਨਿਆਣਿਆਂ ਦੇ ਰੌਲੇ ਰੱਪੇ ਦਾ ਮਤਲਬ ਹੈ ਕਿ ਸਾਨੂੰ ਕੁਦਰਤ ਨੇ ਪਿਆਰੇ ਬੱਚੇ ਦਿੱਤੇ ਹਨ ਤੇ ਅਸੀਂ ਉਨ੍ਹਾਂ ਲੱਖਾਂ ਲੋਕਾਂ ਤੋਂ ਕਿਤੇ ਚੰਗੇ ਹਾਂ ਜਿਹੜੇ ਬੱਚਾ ਪੈਦਾ ਨਾ ਕਰ ਸਕਣ ਸਦਕਾ ਦੁਖੀ ਹਨ ਜਾਂ ਗੋਦ ਲੈਣ ਲਈ ਤਰਲੇ ਕਰਦੇ ਫਿਰਦੇ ਹਨ। ਅਸੀਂ ਨਿਆਣਿਆਂ ਵੱਲੋਂ ਬਿਰਧ ਆਸ਼ਰਮ ਵਿੱਚ ਵੀ ਨਹੀਂ ਧੱਕੇ ਹੋਏ !

3. ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਮੂੰਹ ਨਾਲ ਬੋਲ ਰਹੇ ਹਾਂ ਤੇ ਤੁਰ ਵੀ ਸਕਦੇ ਪਏ ਹਾਂ। ਯਾਨੀ ਲਕਵਾ ਨਹੀਂ ਮਾਰਿਆ ਹੋਇਆ ਤੇ ਕਰੋੜਾਂ ਉਨ੍ਹਾਂ ਲੋਕਾਂ ਤੋਂ ਵੱਧ ਸੁਖੀ ਹਾਂ ਜੋ ਵੇਖ, ਸੁਣ ਜਾਂ ਬੋਲ ਨਹੀਂ ਸਕਦੇ ਜਾਂ ਤੁਰਨ ਫਿਰਨ ਤੋਂ ਅਸਮਰੱਥ ਹਨ।

4. ਬੌਸ ਦੀ ਚੱਕ-ਚੱਕ ਦਾ ਮਤਲਬ ਹੈ ਕਿ ਸਾਨੂੰ ਨੌਕਰੀ ਵੀ ਮਿਲੀ ਹੋਈ ਹੈ ਤੇ ਅਸੀਂ ਕਰੋੜਾਂ ਤੋਂ ਚੰਗੇ ਹਾਂ ਜਿਹੜੇ ਬੇਰੁਜ਼ਗਾਰ ਹਨ ਜਾਂ ਭਾਰ ਢੋ-ਢੋ ਕੇ ਮਸਾਂ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰ ਰਹੇ ਹਨ।

5. ਘਰ ਅੰਦਰ ਜਾਗ ਖੁੱਲ੍ਹੀ ਹੈ ਤਾਂ ਮਤਲਬ ਹੈ ਸਿਰ ਉੱਤੇ ਛੱਤ ਵੀ ਹੈ ਜੋ ਕਰੋੜਾਂ ਨੂੰ ਨਸੀਬ ਨਹੀਂ ਹੈ !

6. ਕੀ ਇਹ ਸਭ ਕੁੱਝ ਹੁੰਦਿਆਂ ਹਾਲੇ ਵੀ ਨਿਰਾ ਅਫਸੋਸ ਹੀ ਕਰਨਾ ਹੈ ? ਇਸ ਦੀ ਬਜਾਏ ਜੇ ਇਹ ਸੋਚਿਆ ਜਾਏ-ਜਿਨ੍ਹਾਂ ਦੇ ਸਿਰਾਂ ਉੱਤੇ ਛੱਤ ਹੈ, ਚਲਾਉਣ ਨੂੰ ਕਾਰ, ਸਕੂਟਰ ਹੈ, ਤਿੰਨ ਵੇਲੇ ਦੀ ਰੋਟੀ ਮਿਲ ਰਹੀ ਹੈ, ਜੇਬ ਵਿੱਚ ਪੈਸੇ ਹਨ, ਨੌਕਰੀ ਹੈ, ਬੈਂਕ ਬੈਲੈਂਸ ਹੈ, ਅੱਖਾਂ, ਕੰਨ, ਨੱਕ ਤੇ ਲੱਤਾਂ ਸਲਾਮਤ ਹਨ ਤੇ ਜੇਲ੍ਹ ਅੰਦਰ ਬੰਦ ਵੀ ਨਹੀਂ ਹਾਂ, ਤਾਂ ਅਸੀਂ ਦੁਨੀਆਂ ਭਰ ਦੇ ਲੋਕਾਂ ਵਿੱਚੋਂ ਚੋਟੀ ਦੇ 2 ਫੀਸਦੀ ਲੋਕਾਂ ਵਿੱਚ ਸ਼ਾਮਲ ਹਾਂ। ਕੀ ਇਹ ਸ਼ੁਕਰ ਤੇ ਖ਼ੁਸ਼ੀ ਮਨਾਉਣ ਵਾਲੀ ਗੱਲ ਨਹੀਂ ਹੈ ?

ਜੇ ਖਿੱਝ ਕੇ ਉੱਠਣ ਨਾਲੋਂ ਸਵੇਰੇ ਉੱਠ ਕੇ ਆਪਣੇ ਜ਼ਿੰਦਾ ਹੋਣ ਦਾ ਸ਼ੁਕਰ ਮਨਾ ਕੇ, ਆਪਣੇ ਬੱਚਿਆਂ ਨਾਲ ਹੱਸ ਖੇਡ ਕੇ ਉਸ ਦਿਨ ਦਾ ਭਰਪੂਰ ਆਨੰਦ ਮਾਣੀਏ ਤਾਂ ਜ਼ਿੰਦਗੀ ਬਹੁਤ ਖ਼ੂਬਸੂਰਤ ਜਾਪੇਗੀ। ਇਹ ਜਸ਼ਨ ਦਾ ਮਾਹੌਲ ਸਭ ਨੂੰ ਖ਼ੁਸ਼ੀ ਨਾਲ ਭਰ ਦੇਵੇਗਾ ਤੇ ਚੁਫ਼ੇਰਾ ਚੰਗਾ ਜਾਪਣ ਲੱਗ ਪਵੇਗਾ। ਯਾਨੀ, ਅਸੀਂ ਆਪਣੇ ਆਲੇ-ਦੁਆਲੇ ਨੂੰ ਵੀ ਕੁਦਰਤੀ ਦ੍ਰਿਸ਼ ਮੰਨ ਕੇ ਤਬਦੀਲੀ ਮੰਗਣ ਦੀ ਥਾਂ ਉਸ ਨੂੰ ਖ਼ੁਸ਼ੀ ਨਾਲ ਮਾਨਣ ਦਾ ਤਰੀਕਾ ਸਿੱਖ ਲਈਏ ਤਾਂ ਇੱਕ ਪਾਸੇ ਚੁਗਿਰਦਾ ਰੁਸ਼ਨਾ ਜਾਂਦਾ ਹੈ ਤੇ ਦੂਜੇ ਪਾਸੇ ਮਨ ਵੀ ਖੇੜੇ ਨਾਲ ਭਰ ਜਾਂਦਾ ਹੈ।

ਜੀਵਨ ਸਾਥੀ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਨ ਨਾਲੋਂ ਉਸ ਦੀਆਂ ਚੰਗੀਆਂ ਆਦਤਾਂ ਤੇ ਕੋਈ ਚੰਗੀ ਗੱਲ ਦੀ ਸਰਾਹਨਾ (ਸਿਫ਼ਤ) ਕਰਦੇ ਸਾਰ ਰਿਸ਼ਤਿਆਂ ਵਿਚਲੀ ਕੁੜੱਤਣ ਖੁਰ ਖਾਂਦੀ ਹੈ ! ਜੋ ਹੈ, ਉਸ ਵਿੱਚ ਸੰਤੁਸ਼ਟ ਹੋਣਾ ਸਿੱਖਣ ਦੀ ਲੋੜ ਹੈ। ਨਹੀਂ ਤਾਂ ਸਾਰੀ ਉਮਰ ਕੁੜ੍ਹਦੇ (ਸੜਦੇ) ਹੋਏ ਹੀ ਲੰਘ ਜਾਣੀ ਹੈ ਤੇ ਕਦੋਂ ਅੰਤ ਹੋ ਜਾਣਾ ਹੈ ਪਤਾ ਹੀ ਨਹੀਂ ਲੱਗਣਾ। ਅਸੀਂ ਆਮ ਹੀ ਆਪਣੇ ਆਲੇ-ਦੁਆਲੇ ਅਗਾਂਹ ਵਧ ਰਹੇ ਲੋਕਾਂ, ਰਿਸ਼ਤੇਦਾਰਾਂ ਤੇ ਆਪਣਿਆਂ ਤੋਂ ਖ਼ਾਰ ਖਾਂਦੇ ਰਹਿੰਦੇ ਹਾਂ। ਜਿਨ੍ਹਾਂ ਨੂੰ ਜਾਣਦੇ ਨਹੀਂ, ਉਨ੍ਹਾਂ ਦੇ ਅਗਾਂਹ ਵਧਣ ਬਾਰੇ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ। ਜੇ ਕਿਸੇ ਹੋਰ ਮੁਲਕ ਦਾ ਇੰਜੀਨੀਅਰ ਸਾਡੇ ਤੋਂ ਵੱਡੀ ਕੋਠੀ ਅਤੇ ਕਾਰ ਖ਼ਰੀਦ ਚੁੱਕਿਆ ਹੈ ਤਾਂ ਕੋਈ ਗੱਲ ਨਹੀਂ, ਪਰ ਜੇ ਗਲੀ ਵਿੱਚ ਰਹਿੰਦਾ ਇੰਜੀਨੀਅਰ ਜਾਂ ਟੱਬਰ ਵਿਚਲੇ ਕਿਸੇ ਇੰਜੀਨੀਅਰ ਨੇ ਇਹੀ ਸਮਾਨ ਖਰੀਦੇ ਹਨ ਤਾਂ ਸਾਡੀਆਂ ਅੱਖਾਂ ਵਿੱਚ ਰੜਕ ਪੈਦਾ ਹੋ ਜਾਂਦੀ ਹੈ। ਇਸੇ ਨੁਕਤੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹੋਰਨਾਂ ਦੀ ਖ਼ੁਸ਼ੀ ਤੋਂ ਅਸੀਂ ਵਧ ਦੁਖੀ ਹੁੰਦੇ ਹਾਂ, ਪਰ ਆਪਣੇ ਸੁਖ ਨੂੰ ਮਾਨਣ ਲਈ ਸਮਾਂ ਨਹੀਂ ਕੱਢਦੇ। ਸਾਡੇ ਦੁੱਖਾਂ ਦੀ ਜੜ੍ਹ ਸਾਡੇ ਹੀ ਮਨ ਅੰਦਰ ਹੈ। ਲੰਘ ਚੁੱਕੇ ਸਮੇਂ ਨੂੰ ਤੇ ਪੁਰਾਣੀਆਂ ਮਾੜੀਆਂ ਚੰਗੀਆਂ ਯਾਦਾਂ ਅਸੀਂ ਛੱਡਦੇ ਨਹੀਂ ਤੇ ਨਾਲੋ ਨਾਲ ਤੋਰੀ ਰੱਖਦੇ ਹਾਂ। ਆਉਣ ਵਾਲੇ ਸਮੇਂ ਨੂੰ ਵਧੀਆ ਬਣਾਉਣ ਲਈ ਅਸੀਂ ਹਰ ਰੋਜ਼ ਦੀ ਨਿੱਕੀ ਖ਼ੁਸ਼ੀ ਮਾਣਨ ਦਾ ਸਮਾਂ ਨਹੀਂ ਕੱਢ ਰਹੇ !  ਫੇਰ ਭਲਾ ਜ਼ਿੰਦਗੀ ਨੂੰ ਜੀਣਾ ਕਦੋਂ ਹੈ ? ਖ਼ੁਸ਼ੀਆਂ ਕਦੇ ਵੱਡੇ ਪੈੱਕੇਜ ਵਾਂਗ ਨਹੀਂ ਆਉਂਦੀਆਂ।

ਆਪਣੇ ਬੱਚੇ ਦੀ ਪਹਿਲੀ ਨਿਕਲੀ ਦੰਦੀ,  ਪਹਿਲਾ ਪੁੱਟਿਆ ਕਦਮ, ਪਹਿਲੀ ਵਾਰ ਦਾ ‘ਪਾਪਾ’ ਕਹਿਣਾ, ਪਹਿਲੀ ਵਾਰ ਸਕੂਲ ਛੱਡ ਕੇ ਆਉਣਾ, ਪਹਿਲੀ ਜੱਫੀ, ਪਹਿਲਾ ਚੁੰਮਣ, ਰਾਤ ਭਰ ਰੋਂਦੇ ਨੂੰ ਚੁੱਕ ਕੇ ਘੁੰਮਣਾ ਤੇ ਸੁਆਉਣਾ, ਉਸ ਨੂੰ ਪਹਿਲਾ ਟੀਕਾ ਲੱਗਣ ਸਮੇਂ ਉਸ ਤੋਂ ਵੱਧ ਆਪ ਰੋਣਾ, ਆਦਿ ਕਿੰਨੀਆਂ ਪਿਆਰੀਆਂ ਯਾਦਾਂ ਨੇ, ਜੋ ਧੜਕਦੀ ਜ਼ਿੰਦਗੀ ਦਾ ਸਬੂਤ ਹੁੰਦੀਆਂ ਹਨ ਤੇ ਇਸੇ ਨੂੰ ਜ਼ਿੰਦਗੀ ਮਾਨਣਾ ਕਿਹਾ ਜਾਂਦਾ ਹੈ।

ਜਦੋਂ ਕਮਾਈ ਦਾ ਸਮਾਂ ਹੁੰਦਾ ਹੈ, ਉਦੋਂ ਇਹੀ ਪਲਾਂ ਨੂੰ ਜੀਣ ਲਈ ਮਿਹਨਤ ਕੀਤੀ ਜਾਂਦੀ ਹੈ। ਚੇਤੇ ਸਿਰਫ਼ ਇਹ ਰੱਖਣਾ ਹੈ ਕਿ ਕਿਤੇ ਮਿਹਨਤ ਦਾ ਸਮਾਂ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਹੜੱਪ ਨਾ ਜਾਏ। ਬੱਚਿਆਂ ਨਾਲ ਬੱਚੇ ਬਣ ਕੇ ਖੇਡਣਾ, ਰੱਜ ਕੇ ਹੱਸਣਾ, ਨੱਚਣਾ, ਟੱਪਣਾ, ਘੁੰਮਣਾ ਹੀ ਅਸਲ ਜ਼ਿੰਦਗੀ ਦੇ ਪਲ ਹੁੰਦੇ ਹਨ। ਆਪਣੀ ‘ਮੈਂ’, ‘ਮੇਰਾ’, ‘ਜੇ’, ‘ਮੇਰੇ ਨਾਲ ਹੀ ਕਿਉਂ’, ਆਦਿ ਛੱਡ ਕੇ ਅੱਜ ਦੀ ਧੜਕਦੀ ਜ਼ਿੰਦਗੀ ਜੇ ਅਸੀਂ ਜੀਅ ਸਕੇ ਹਾਂ, ਤਾਂ ਯਕੀਨਨ ਇਸ ਸਫਰ ਦੇ ਅੰਤ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ ਰਹੇਗਾ।

ਹਾਲੇ ਵੀ ਵੇਲਾ ਹੈ !  ਰੋਜ਼ ਦੋਸਤਾਂ ਮਿੱਤਰਾਂ ਨਾਲ ਖ਼ੁਸ਼ੀਆਂ ਵੰਡੀਏ। ਪਤਾ ਨਹੀਂ ਕਿਸ ਨੇ ਕਦੋਂ ਵਿਛੜ ਜਾਣਾ ਹੈ !  ਰੋਜ਼ ਆਪਣੇ ਬੱਚਿਆਂ ਨਾਲ ਸਮਾਂ ਬਿਤਾਈਏ। ਪਤਾ ਹੀ ਨਹੀਂ ਲੱਗਣਾ ਕਦੋਂ ਉਨ੍ਹਾਂ ਝਟਪਟ ਜਵਾਨ ਹੋ ਕੇ ਘਰੋਂ ਬਾਹਰ ਆਪਣੇ ਕੰਮਾਂ ਵਿੱਚ ਰੁੱਝ ਕੇ ਦੂਰ ਤੁਰ ਜਾਣਾ ਹੈ। ਬੇਰਹਿਮ ਮੌਤ ਨੇ ਕਦੋਂ ਜੀਵਨ ਸਾਥੀ ਖੋਹ ਲੈਣਾ ਹੈ, ਇਸ ਤੋਂ ਵੀ ਅਸੀਂ ਬੇਖ਼ਬਰ ਹਾਂ। ਇਸੇ ਲਈ ਆਪਣਿਆਂ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਦਿਆਂ ਮਨ ਵਿੱਚ ਕੌੜ ਭਰਨ ਦੀ ਥਾਂ ਉਨ੍ਹਾਂ ਨੂੰ ਕੁਦਰਤੀ ਦ੍ਰਿਸ਼ਾਂ ਵਾਂਗ ਇੰਜ ਹੀ ਅਪਣਾਅ ਲਈਏ ਤਾਂ ਜ਼ਿੰਦਗੀ ਵਾਕਈ ਬਹੁਤ ਖ਼ੂਬਸੂਰਤ ਜਾਪਣ ਲੱਗ ਪੈਣੀ ਹੈ ਤੇ ਬੇਰੰਗ ਰਿਸ਼ਤਿਆਂ ਵਿੱਚ ਵਾਪਸ ਰੌਣਕ ਪਰਤ ਆਵੇਗੀ।

ਸੰਪੂਰਨ ਸੰਤੁਸ਼ਟੀ ਕਿਸੇ ਨੂੰ ਹਾਸਲ ਨਹੀਂ ਹੁੰਦੀ। ਇਸੇ ਲਈ ਉਸ ਦੀ ਉਡੀਕ ਕਰਨੀ ਫਜ਼ੂਲ ਹੈ। ਸੂਟਾਂ ਵਾਲੀ ਦੁਕਾਨ ਬਦਲਣੀ, ਦਰਜੀ ਬਦਲਣਾ, ਡਾਕਟਰ ਬਦਲਣਾ, ਸਕੂਟਰ ਬਦਲਣਾ, ਸਬਜ਼ੀ ਵਾਲਾ ਭਾਈ ਬਦਲਣਾ, ਟੀ. ਵੀ. ਬਦਲਣਾ, ਸੋਫਾ ਬਦਲਣਾ, ਘਰ ਬਦਲਣਾ, ਆਦਿ ਸਾਡੀ ਰਗ ਰਗ ਵਿੱਚ ਵਸ ਚੁੱਕਿਆ ਹੈ, ਪਰ ਫਿਰ ਵੀ ਮੇਰਾ ਸੁਣੇਹਾ ਤਾਂ ਹਰ ਕੋਸ਼ਿਸ਼ ਕਰਨ ਵਿੱਚ ਜੁਟੇ ਲਈ ਇਹੋ ਰਹਿਣਾ ਹੈ :-

‘‘ਮੰਜ਼ਿਲਾਂ ਬੜੀਆਂ ਜ਼ਿੱਦੀ ਹੁੰਦੀਆਂ ਨੇ, ਹਾਸਲ ਕਿੱਥੇ ਸਾਰੀਆਂ ਹੁੰਦੀਆਂ ਨੇ।

ਪਰ, ਤੂਫ਼ਾਨ ਵੀ ਉੱਥੇ ਹਾਰ ਮੰਨ ਲੈਂਦੇ ਨੇ, ਜਿੱਥੇ ਕਿਸ਼ਤੀਆਂ ਮੱਲਾਹ ਦੀ ਹਾਣੀ ਹੁੰਦੀਆਂ ਨੇ।’’