ਗੁਰੂ ਨਾਨਕ ਆਦਰਸ ਜੀਵਨ

0
484

ੴ ਸਤਿ ਗੁਰ ਪ੍ਰਸਾਦਿ॥

ਗੁਰੂ ਨਾਨਕ ਆਦਰਸ ਜੀਵਨ

     ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਹਿਰਦਿਆਂ ਵਿੱਚ ਪਈ ਖਿੰਚੋਤਾਣ ਨੂੰ ਮਿਟਾਉਣ ਲਈ ਪੱਖ ਪਾਤ ਅਤੇ ਸੰਪਰਦਾਈ ਰੁਚੀਆਂ ਨੂੰ ਮੁੱਢ ਤੋਂ ਹੀ ਸਿੱਖ ਸਿਧਾਂਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਆਪ ਜੀ ਨੇ ਸਰਬ ਪ੍ਰਵਾਣਿਤ ਅਸੂਲਾਂ ਨੂੰ ਹੀ ਪਰਚਾਰਿਆ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਵੀ ਪੰਗਤੀ ਕਿਸੇ ਭੇਖ ਨੂੰ ਧਾਰਨ ਕਰਨ ਲਈ ਨਹੀਂ ਹੈ ਤੇ ਕਿਸੇ ਖ਼ਾਸ ਸ਼ਰ੍ਹਾ ਦੀ ਪ੍ਰੋੜ੍ਹਤਾ ਵਿੱਚ ਵੀ ਨਹੀਂ ਹੈ। ਕਿਸੇ ਧਰਮ ਦੇ ਅਨੁਸਾਰੀ ਦਾ ਦਿਲ ਨਹੀਂ ਦੁਖ ਸਕਦਾ, ਕੇਵਲ ਭੇਖ ਦਾ ਖੰਡਨ ਕੀਤਾ ਗਿਆ ਹੈ, ਪਰ ਕਿਸੇ ਵਿਸ਼ੇਸ਼ ਸ਼ਰ੍ਹਾ ’ਤੇ ਹਮਲਾ ਨਹੀਂ। ਆਪ ਜੀ ਨੇ ਨਾਸ਼ਵੰਤ ਸਰੀਰ ਜਾਂ ਦੇਹ ਨੂੰ ਗੁਰੂ ਮੰਨਣ ਦੀ ਥਾਂ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ ॥’’ (ਮ: ੧/੬੩੫) ਨੂੰ ਹੀ ਗੁਰੂ ਮੰਨਿਆ ਤੇ ਸਿੱਖਾਂ ਨੂੰ ਵੀ ਐਸਾ ਹੀ ਹੁਕਮ ਕੀਤਾ। ਜਿਸ ਦੀ  ਗਵਾਹੀ ‘ਗੁਰਬਾਣੀ’ ਅਤੇ  ਗੁਰੂ ਕਾਲ ਦੇ ਸਮਕਾਲੀ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਹੋ ਜਾਂਦੀ ਹੈ, ‘‘ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ। (ਵਾਰ ੧ ਪਉੜੀ ੩੧), ਆਸਾ ਹਥਿ ਕਿਤਾਬ ਕਛਿ.. । (ਵਾਰ ੧ ਪਉੜੀ ੩੨), ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਾਨੋਈ। (ਵਾਰ ੧ ਪਉੜੀ ੩੩), ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ। (ਵਾਰ ੧ ਪਉੜੀ ੩੮), ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ। (ਵਾਰ ੧ ਪਉੜੀ ੪੨), ਬਾਬੇ ਕੀਤੀ ਸਿਧਿ ਗੋਸਟਿ, ਸਬਦਿ ਸਾਂਤਿ ਸਿਧਾਂ ਵਿਚਿ ਆਈ।’’ (ਵਾਰ ੧ ਪਉੜੀ ੪੪)

ਉਕਤ ਪੰਕਤੀਆਂ ’ਚ ਦਰਜ ‘ਸਬਦਿ’ ਬਣਤਰ ਦਾ ਅੱਖਰੀ ਅਰਥ ਹੈ ‘ਸ਼ਬਦ ਦੀ ਰਾਹੀਂ’।  ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵੀ ਇਹੋ ਹੈ ਕਿ ‘‘ਕਵਣ ਮੂਲੁ ਕਵਣ ਮਤਿ ਵੇਲਾ ॥  ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥’’ (ਮ: ੧/੯੪੨) ਇਸ ਪ੍ਰਸ਼ਨ ਦਾ ਜਵਾਬ ਹੈ ‘‘ਪਵਨ ਅਰੰਭੁ, ਸਤਿਗੁਰ ਮਤਿ ਵੇਲਾ ॥  ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥ (ਮ: ੧/੯੪੩)

  ਜਿੱਥੇ ਆਪ ਜੀ ਨੇ ‘‘ਜੈਸੀ ਮੈ ਆਵੈ ਖਸਮ ਕੀ ਬਾਣੀ… ॥’’ (ਮ: ੧/੭੨੨) ਰਾਹੀਂ ਲੋਕਾਈ ਨੂੰ ਸਵਾਰਿਆ ਉੱਥੇ ‘‘ਗੁਰਮੁਖਿ ਖੋਜਤ; ਭਏ ਉਦਾਸੀ ॥’’ (ਮ: ੧/੯੩੯) ਸਿਧਾਂਤ ਅਨੁਸਾਰ ਪਹਿਲੀ ਉਦਾਸੀ ਸਮੇਂ ‘‘ਘਰ ਕੇ ਦੇਵ ਪਿਤਰ ਕੀ ਛੋਡੀ; ਗੁਰ ਕੋ ਸਬਦੁ ਲਇਓ ॥ (ਭਗਤ ਕਬੀਰ ਜੀ/੮੫੬) ਜਾਂ ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥

 (ਭਗਤ ਰਾਮਾਨੰਦ ਜੀ/੧੧੯੫) ਦੀ ਮਹੱਤਤਾ  ਸਮਝਣ  ਵਾਲੇ  ਗੁਰਮਤਿ ਕਸਵੱਟੀ ’ਤੇ ਪੂਰੇ ਉਤਰਦੇ ਪੰਦਰਾਂ ਭਗਤਾਂ ਦੀ ਮਹਾਨ ਰਚਨਾ ਨੂੰ ਸੰਭਾਲਿਆ। ਇਸ ਨਾਲ ਸਿੱਖਾਂ ਨੂੰ ਸੁੱਤੇ ਸਿਧ ਤਾਕੀਦ ਹੋ ਗਈ ਕਿ ਉਹ ਹੋਰ ਮਹਾਂਪੁਰਸ਼ਾਂ ਦੇ ਵੀਚਾਰ ਵੀ ਪੜ੍ਹਨ। ਇਹ ਸੰਸਾਰ ਵਿੱਚ ਅਨੋਖਾ ਹੀ ਤਜਰਬਾ ਹੈ। ਸੰਸਾਰ ਦੇ ਧਰਮ ਇਤਿਹਾਸ ਵਿੱਚ ਇਸ ਦੀ ਕੋਈ ਮਿਸਾਲ ਨਹੀਂ ਕਿ ਸਾਰੇ ਸਿੱਖ ਸਵੇਰੇ ਉੱਠਦੇ ਹਨ, ਨਿੱਤਨੇਮ ਕਰਨ ਉਪਰੰਤ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾਂ ਟੇਕਦੇ ਹਨ ਤਾਂ ਸਾਰੇ (35) ਮਹਾਂਪੁਰਸ਼ਾਂ ਦਾ ਅਦਬ-ਸਤਿਕਾਰ ਕਰਦੇ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਸ਼ਾਮਲ ਹੈ। ਜਿੱਥੇ ਸਿੱਖ ਗੁਰੂ ਸਾਹਿਬਾਨ ਦਾ ਅਦਬ ਕਰਦੇ ਹਨ ਉੱਥੇ ਬਾਬਾ ਸ਼ੇਖ ਫ਼ਰੀਦ ਜੀ (ਮੁਸਲਮਾਨ), ਭਗਤ ਰਾਮਾਨੰਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਪਰਮਾਨੰਦ  ਜੀ ਬ੍ਰਾਹਮਣ ਨੂੰ ਸਤਿਕਾਰਦੇ ਹਨ ਕਿਉਂਕਿ ਗੁਰਬਾਣੀ ਮੁਤਾਬਕ ‘‘ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  ! ॥ (ਮ: ੧/੧੫) ਸਚਾਈ ਦੇ ਨਾਲ਼-ਨਾਲ਼ ‘‘ਕਹੁ ਕਬੀਰ  ! ਜੋ ਬ੍ਰਹਮੁ ਬੀਚਾਰੈ ॥  ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ॥’’ (ਭਗਤ ਕਬੀਰ ਜੀ/੩੨੪) ਮਹਾਨ ਸਿਧਾਂਤ ਦੀ  ਪਾਲਣਾ ਕਰਦਿਆਂ ‘ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸੈਣ ਜੀ, ਸਧਨਾ ਜੀ, ਧੰਨਾ ਜੀ’ ਦਾ ਵੀ ਬਰਾਬਰ ਸਤਿਕਾਰ ਕਰਦੇ ਹਨ, ਨਮਸਕਾਰ ਕਰਦੇ ਹਨ। ਜੇ ਹਿੰਦੁਸਤਾਨ ਦੇ ਹਰ ਸੂਬੇ, ਹਰ ਫਿਰਕੇ ਦੇ ਪ੍ਰਤੀਨਿਧ ਇੱਕ ਥਾਂ ਇਕੱਠੇ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂ ਗਾਈ ਜਾਏ ਤਾਂ ਹਰ ਫਿਰਕੇ ਨੂੰ ਅਪਣੱਤ (ਆਪਣਾਪਣ) ਦਿੱਸੇਗੀ। ਹਰ ਇਕ ਨੂੰ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ  !  ਦੁਬਿਧਾ ਦੂਰਿ ਕਰਹੁ, ਲਿਵ ਲਾਇ ॥’’ (ਮ: ੫/੧੧੮੫) ਦੇ ਮਹਾਨ ਸਿਧਾਂਤ ਰਾਹੀਂ ਆਪਸੀ ਪਿਆਰ ਮਿਲੇਗਾ। ਆਓ, ਸਤਿਗੁਰੂ ਜੀ ਵੱਲੋਂ ਸੰਭਾਲੀ ਗਈ ਭਗਤ ਬਾਣੀ, ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਰ ਗੁਰਸਿੱਖ ਲਈ ‘ਗੁਰੂ’ ਰੂਪ ਹੈ, ਦੀ ਅੰਦਰਲੀ ਜਾਣਕਾਰੀ ਲੈਣ ਦਾ ਉਪਰਾਲਾ ਕਰੀਏ ਕਿ ਕਿਸ ਰਾਗ ਵਿੱਚ ਕਿੰਨੇ ਸ਼ਬਦ ਇਨ੍ਹਾਂ ਭਗਤ ਸਾਹਿਬਾਨਾਂ ਦੇ ਦਰਜ ਹਨ ਤੇ ਨਾਲ ਹੀ ਭਗਤ ਬਾਣੀ ਵਿੱਚ ਆਏ ਕੁਝ ਸਿਰਲੇਖਾਂ ਨੂੰ ਸਮਝੀਏ :

(1) ਭਗਤ ਕਬੀਰ ਜੀ :- ਆਪ ਜੀ ਦੀ ਬਾਣੀ (ਰਚਨਾ) ਗੁਰੂ ਗ੍ਰੰਥ ਸਾਹਿਬ ਜੀ ਦੇ ਸਤਾਰਾਂ (17) ਰਾਗਾਂ ਵਿੱਚ ਅੰਕਤ ਹੈ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :

 (ੳ) ਸਿਰੀ ਰਾਗ ਵਿੱਚ ਆਪ ਜੀ ਦੇ ਦੋ ਸ਼ਬਦ ਅੰਕਤ ਹਨ। ਸ਼ਬਦਾਂ ਦੇ ਆਰੰਭ ਵਿੱਚ ਆਏ ਸਿਰਲੇਖ ‘‘ਏਕੁ ਸੁਆਨੁ ਕੈ ਘਰਿ ਗਾਵਣਾ॥’’  (ਪੰਨਾ ੯੧) ਦਾ ਅਰਥ ਹੈ ਕਿ ਪੰਨਾ ੨੪ ’ਤੇ ਦਰਜ ਗੁਰੂ ਨਾਨਕ ਸਾਹਿਬ ਜੀ ਦਾ ਸਿਰੀ ਰਾਗੁ ਅੰਦਰ ਸ਼ਬਦ ‘‘ਏਕੁ ਸੁਆਨੁ ਦੁਇ ਸੁਆਨੀ ਨਾਲਿ ॥’’ (ਮ: ੧/੨੪), ਦੇ ਘਰੁ ’ਚ ਗਾਉਣਾ ਹੈ, ਜੋ ਕਿ ‘ਘਰੁ ੪’ ਹੈ, ਕਬੀਰ ਜੀ ਦੇ ਇਨ੍ਹਾਂ ਸ਼ਬਦਾਂ ਨੂੰ ਵੀ ‘ਘਰੁ ੪’ ਵਿੱਚ ਹੀ ਗਾਇਨ ਕਰਨ ਦੀ ਤਾਕੀਦ ਹੈ।

(ਅ) ਗਉੜੀ ਰਾਗ ਵਿੱਚ  ੭੩+੧ ਸ਼ਬਦ  ਅੰਕਤ ਹਨ। (ਇਸ  ਰਾਗ  ਵਿੱਚ ਕਬੀਰ ਜੀ ਦੀਆਂ ਲੰਮੀਆਂ ਬਾਣੀਆਂ ਵੀ ਅੰਕਤ ਹਨ; ਜਿਵੇਂ ਕਿ

(1). ਬਾਵਨ ਅਖਰੀ ੪੫ ਪਉੜੀਆਂ (ਪੰਨਾ ੩੪੦-੩੪੩)।

(2). ਥਿਤੰੀ ॥ ਕਬੀਰ ਜੀਉ ਕੀ ਸਲੋਕ ੧+੧੬ ਪਉੜੀਆਂ (ਪੰਨਾ ੩੪੩-੩੪੪), ਜਿਸ ਦਾ ‘ਰਹਾਉ’ ਬੰਦ ਇਸ ਤਰ੍ਹਾਂ ਦਰਜ ਹੈ, ‘‘ਚਰਨ ਕਮਲ ਗੋਬਿੰਦ ਰੰਗੁ ਲਾਗਾ ॥ ਸੰਤ ਪ੍ਰਸਾਦਿ ਭਏ ਮਨ ਨਿਰਮਲ, ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥’’  (ਭਗਤ ਕਬੀਰ ਜੀ/੩੪੩)

(3). (ੳ). ਰਾਗ ਗਉੜੀ ਕੀ ਵਾਰ ਕਬੀਰ ਜੀਉ ਕੇ ੭॥ (ਪੰਨਾ ੩੪੪-੩੪੫), ਇਸ ਬਾਣੀ ਦੀਆਂ ਕੁਲ ਅੱਠ ਪਉੜੀਆਂ ਹਨ, ਜਿਸ ਦਾ ‘ਰਹਾਉ’ ਬੰਦ ਇਸ ਪ੍ਰਕਾਰ ਦਰਜ ਹੈ, ‘‘ਬਾਰ ਬਾਰ; ਹਰਿ ਕੇ ਗੁਨ ਗਾਵਉ ॥ ਗੁਰ ਗਮਿ; ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥’’ (ਭਗਤ ਕਬੀਰ ਜੀ/੩੪੪)

(ਅ). ਗਉੜੀ ਰਾਗ ਦੇ ਸ਼ਬਦ ਨੰ. ੧੪, ਜੋ ਪੰਨੇ ੩੨੬ ’ਤੇ ਦਰਜ ਹੈ, ਜਿਸ ਦੇ ਸਿਰਲੇਖ ‘‘ਗਉੜੀ ਕਬੀਰ ਜੀ ਕੀ, ਨਾਲਿ ਰਲਾਇ ਲਿਖਿਆ ਮਹਲਾ ੫ ॥’’ ਦਾ ਭਾਵ ਹੈ ਕਿ ਕਿਸੇ ਸਿਧਾਂਤ ਨੂੰ ਵਧੇਰੇ ਸਪਸ਼ਟ ਕਰਨ ਲਈ ਕਬੀਰ ਜੀ ਦੇ ਇਸ ਸ਼ਬਦ ਦੀਆਂ ਆਖਰੀ ਪੰਗਤੀਆਂ ‘‘ਰਾਮ ਰਮਤ; ਮਤਿ ਪਰਗਟੀ ਆਈ ॥ ਕਹੁ ਕਬੀਰ  ! ਗੁਰਿ ਸੋਝੀ ਪਾਈ ॥੪॥੧॥੧੪॥’’ (ਭਗਤ ਕਬੀਰ ਜੀ/੩੨੬) ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਹਨ।

(ੲ). ਆਸਾ ਰਾਗ ਵਿੱਚ ਕਬੀਰ ਜੀ ਦੇ ੩੭ ਸ਼ਬਦ ਹਨ। (ਸ). ਗੂਜਰੀ ਰਾਗ ਵਿੱਚ ੨ ਸ਼ਬਦ । (ਹ). ਸੋਰਠਿ ਰਾਗ ਵਿੱਚ ੧੧ ਸ਼ਬਦ । (ਕ). ਧਨਾਸਰੀ ਰਾਗ ਵਿੱਚ ੫ ਸ਼ਬਦ ।  (ਖ). ਤਿਲੰਗ ਰਾਗ ਵਿੱਚ ੧ ਸ਼ਬਦ । (ਗ). ਸੂਹੀ ਰਾਗ ਵਿੱਚ ੫ ਸ਼ਬਦ । (ਘ). ਬਿਲਾਵਲੁ ਰਾਗ ਵਿੱਚ ੧੨ ਸ਼ਬਦ।  (ਙ). ਗੋਂਡ ਰਾਗ ਵਿੱਚ ੧੧ ਸ਼ਬਦ । (ਚ). ਰਾਮਕਲੀ ਰਾਗ ਵਿੱਚ ੧੨ ਸ਼ਬਦ ।, (ਛ). ਮਾਰੂ ਰਾਗ ਵਿੱਚ ੧੨ ਸ਼ਬਦ ।, (ਜ) ਕੇਦਾਰਾ ਰਾਗ ਵਿੱਚ ੬ ਸ਼ਬਦ।, (ਝ) ਭੈਰਉ ਰਾਗ ਵਿੱਚ ੨੦ ਸ਼ਬਦ।, (ਞ). ਬਸੰਤ ਰਾਗ ਵਿੱਚ ੧੮ ਸ਼ਬਦ।, (ਟ). ਸਾਰੰਗ ਰਾਗ ਵਿੱਚ ੧੪ ਸ਼ਬਦ ਅਤੇ (ਠ). ਪ੍ਰਭਾਤੀ ਰਾਗ ਵਿੱਚ ੫ ਸ਼ਬਦ।, ਇਸ ਤਰ੍ਹਾਂ ਸਤਾਰਾਂ ਰਾਗਾਂ ਵਿੱਚ ਭਗਤ ਕਬੀਰ ਜੀ ਦੇ ਕੁੱਲ ੨੨੫ ਸ਼ਬਦ ਦਰਜ ਹਨ।

ਇਨ੍ਹਾਂ ਰਾਗਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1364 ਤੋਂ 1377 ਤੱਕ ਆਪ ਜੀ ਦੇ ਸਲੋਕ ਵੀ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ। ਕੁਲ ਸਲੋਕ- ੨੪੩ ਹਨ, ਜਿਨ੍ਹਾਂ ਵਿੱਚ ਸਲੋਕ ਨੰ. ੨੨੦ ‘‘ਚਿੰਤਾ ਭਿ ਆਪਿ ਕਰਾਇਸੀ; ਅਚਿੰਤੁ ਭਿ ਆਪੇ ਦੇਇ ॥  ਨਾਨਕ  ! ਸੋ ਸਾਲਾਹੀਐ; ਜਿ ਸਭਨਾ ਸਾਰ ਕਰੇਇ ॥੨੨੦॥ (ਮ: ੩/੧੩੭੬) ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਹੈ ਅਤੇ ਸਲੋਕ ਨੰਬਰ 209, 210, 211, 214 ਅਤੇ 221 ਗੁਰੂ ਅਰਜਨ ਸਾਹਿਬ ਦੀ ਦੁਆਰਾ ਰਚੇ ਗਏ ਹਨ; ਜਿਵੇਂ ਕਿ

ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥  ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥ (ਮ: ੫/੧੩੭੫)

ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥  ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥ (ਮ: ੫/੧੩੭੫)

ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥ (ਮ: ੫/੧੩੭੫)

ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥ (ਮ: ੫/੧੩੭੬)

ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥ ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥       (ਮ: ੫/੧੩੭੬)

ਕਬੀਰ ਜੀ ਦੇ ਸਲੋਕ ਨੰਬਰ 212, 213, 241, 242, ਜਿਨ੍ਹਾਂ ਵਿੱਚ ਭਗਤ ਨਾਮਦੇਵ ਜੀ, ਭਗਤ ਤਿਲੋਚਨਾ ਜੀ ਤੇ ਭਗਤ ਰਵਿਦਾਸ ਜੀ ਦਾ ਜ਼ਿਕਰ ਹੈ, ਵੀ ਕਬੀਰ ਜੀ ਦੀ ਬਾਣੀ ਹੈ, ਜੋ ਆਪਣੇ ਸਿਧਾਂਤਕ ਹਮਖ਼ਿਆਲੀ ਹੋਣ ਦਾ ਸਬੂਤ ਦਿੰਦੀ ਹੈ; ਜਿਵੇਂ ਕਿ

ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ ॥  ਕਾਹੇ ਛੀਪਹੁ ਛਾਇਲੈ  ? ਰਾਮ ਨ ਲਾਵਹੁ ਚੀਤੁ ॥੨੧੨॥ (ਭਗਤ ਕਬੀਰ ਜੀ/੧੩੭੫)

ਨਾਮਾ ਕਹੈ ਤਿਲੋਚਨਾ  !  ਮੁਖ ਤੇ ਰਾਮੁ ਸੰਮ੍ਾਲਿ ॥  ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ/੧੩੭੬)

ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥  ਕਹਿ ਨਾਮਾ ਕਿਉ ਪਾਈਐ  ? ਬਿਨੁ ਭਗਤਹੁ ਭਗਵੰਤੁ ॥੨੪੧॥ (ਭਗਤ ਕਬੀਰ ਜੀ/੧੩੭੭)

ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥  ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥੨੪੨॥ (ਭਗਤ ਕਬੀਰ/੧੩੭੭)

(2). ਭਗਤ ਨਾਮਦੇਵ ਜੀ ਦੀ ਬਾਣੀ (ਰਚਨਾ) ਗੁਰੂ ਗ੍ਰੰਥ ਸਾਹਿਬ ਜੀ ਦੇ ਕੁਲ ਅਠਾਰਾਂ ਰਾਗਾਂ ਵਿੱਚ ਦਰਜ ਹੈ, ਜਿਸ ਦਾ ਵੇਰਵਾ ਇਸ ਪ੍ਰਕਾਰ ਹੈ :

(ੳ). ਰਾਗ ਗਉੜੀ-੧ ਸ਼ਬਦ, (ਅ). ਰਾਗ ਆਸਾ-੫ ਸ਼ਬਦ, (ੲ). ਰਾਗ ਗੂਜਰੀ-੨ ਸ਼ਬਦ, (ਸ). ਰਾਗ ਸੋਰਠਿ-੩ ਸ਼ਬਦ, (ਹ). ਰਾਗ ਧਨਾਸਰੀ-੫ ਸ਼ਬਦ, (ਕ). ਰਾਗ ਟੋਡੀ-੩ ਸ਼ਬਦ, (ਖ). ਰਾਗ ਤਿਲੰਗ-੨ ਸ਼ਬਦ, (ਗ). ਰਾਗ ਬਿਲਾਵਲ-੧ ਸ਼ਬਦ, (ਘ). ਰਾਗ ਗੋਡ-੭ ਸ਼ਬਦ, (ਙ). ਰਾਗ ਰਾਮਕਲੀ-੪ ਸ਼ਬਦ, (ਚ). ਰਾਗ ਮਾਲੀ ਗਉੜਾ-੩ ਸ਼ਬਦ, (ਛ). ਰਾਗ ਮਾਰੂ-੧ ਸ਼ਬਦ, (ਜ). ਰਾਗ ਭੈਰਉ-੧੨ ਸ਼ਬਦ, (ਝ). ਰਾਗ ਬਸੰਤ-੩ ਸ਼ਬਦ, (ਞ). ਰਾਗ ਸਾਰੰਗ-੩ ਸ਼ਬਦ, (ਟ). ਰਾਗ ਮਲਾਰ-੨ ਸ਼ਬਦ, (ਠ). ਰਾਗ ਕਾਨੜਾ-੧ ਸ਼ਬਦ ਅਤੇ (ਡ). ਰਾਗ ਪ੍ਰਭਾਤੀ-੩ ਸ਼ਬਦ; ਇਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਕੁਲ ੬੧ ਸ਼ਬਦ ਦਰਜ ਹਨ।

(3). ਭਗਤ ਰਵਿਦਾਸ ਜੀ ਦੀ ਬਾਣੀ (ਰਚਨਾ) ੧੬ ਰਾਗਾਂ ਵਿੱਚ ਅੰਕਤ ਹੈ; ਜਿਵੇਂ ਕਿ

(ੳ). ਸਿਰੀ ਰਾਗ-੧ ਸ਼ਬਦ, (ਅ). ਰਾਗ ਗਉੜੀ-੫ ਸ਼ਬਦ, (ੲ). ਰਾਗ ਆਸਾ-੬ ਸ਼ਬਦ, (ਸ). ਰਾਗ ਗੂਜਰੀ-੧ ਸ਼ਬਦ, (ਹ). ਰਾਗ ਸੋਰਠਿ- ੭ ਸ਼ਬਦ, (ਕ). ਰਾਗ ਧਨਾਸਰੀ- ੩ ਸ਼ਬਦ, (ਖ). ਰਾਗ ਜੈਤਸਰੀ- ੧ ਸ਼ਬਦ, (ਗ). ਰਾਗ ਸੂਹੀ- ੩ ਸ਼ਬਦ, (ਘ). ਰਾਗ ਬਿਲਾਵਲੁ- ੨ ਸ਼ਬਦ, (ਙ). ਰਾਗ ਗੋਂਡ-੨ ਸ਼ਬਦ, (ਚ). ਰਾਗ ਰਾਮਕਲੀ-੧ ਸ਼ਬਦ, (ਛ). ਰਾਗ ਮਾਰੂ-੨ ਸ਼ਬਦ, (ਜ). ਰਾਗ ਕੇਦਾਰਾ-੧ ਸ਼ਬਦ, (ਝ). ਰਾਗ ਭੈਰਉ-੧ ਸ਼ਬਦ, (ਞ). ਰਾਗ ਬਸੰਤ-੧ ਸ਼ਬਦ ਅਤੇ (ਟ). ਰਾਗ ਮਲਾਰ-੩ ਸ਼ਬਦ, ਇਸ ਤਰ੍ਹਾਂ ਭਗਤ ਜੀ  ਦੇ ਕੁੱਲ ੪੦ ਸ਼ਬਦ ਦਰਜ ਹਨ।

(4). ਭਗਤ ਤ੍ਰਿਲੋਚਨ ਜੀ ਦੇ ਚਾਰ ਸ਼ਬਦ, ਗੁਰੂ ਗ੍ਰੰਥ ਸਾਹਿਬ ਦੇ ਤਿੰਨ ਰਾਗਾਂ ਵਿੱਚ ਅੰਕਤ  ਹਨ; ਜਿਵੇਂ ਕਿ (ੳ). ਸਿਰੀ ਰਾਗ-੧, (ਅ). ਰਾਗ ਗੂਜਰੀ-੨ ਸ਼ਬਦ ਅਤੇ (ੲ). ਰਾਗ ਧਨਾਸਰੀ-੧ ਸ਼ਬਦ; ਇਉਂ ਕੁੱਲ ਚਾਰ ਸ਼ਬਦ ਹਨ।

(5). ਭਗਤ ਬੇਣੀ ਜੀ ਦੀ ਬਾਣੀ (ਰਚਨਾ) ਤਿੰਨ ਰਾਗਾਂ ਵਿੱਚ ਤਿੰਨ ਸ਼ਬਦ ’ਚ ਦਰਜ ਹੈ; ਜਿਵੇਂ ਕਿ

(ੳ). ਰਾਗ ਸਿਰੀ ਰਾਗ- ੧ ਸ਼ਬਦ, (2). ਰਾਗ ਰਾਮਕਲੀ-੧ ਸ਼ਬਦ ਅਤੇ ਪ੍ਰਭਾਤੀ ਰਾਗ ’ਚ ੧ ਸ਼ਬਦ।

(ਨੋਟ : ਗੁਰਬਾਣੀ ਦੇ ਅੰਗ ਨੰਬਰ ੭੯ ’ਤੇ ਦਰਜ ਭਗਤ ਬੇਣੀ ਜੀ ਦੇ ਸ਼ਬਦ ਦਾ ਸਿਰਲੇਖ ‘ਸ੍ਰੀ ਰਾਗ ਬਾਣੀ ਭਗਤ ਬੇੇਣੀ ਜੀਉ ਕੀ’ ਅਧੀਨ ਲਿਖਿਆ ਸੰਕੇਤ ‘‘ਪਹਿਰਿਆਂ ਕੈ ਘਰਿ ਗਾਵਣਾ॥’’ ਦਾ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੁਆਰਾ ਪੰਨਾ ਨੰਬਰ ੭੪ ’ਤੇ ਉਚਾਰਿਆ ਗਿਆ ਸ਼ਬਦ, ‘‘ਪਹਿਲੈ ਪਹਰੈ ਰੈਣਿ ਕੈ; ਵਣਜਾਰਿਆ ਮਿਤ੍ਰਾ  ! ਹੁਕਮਿ ਪਇਆ ਗਰਭਾਸਿ ॥’’ (ਸਿਰੀ ਰਾਗੁ ਪਹਰੇ/ਮ: ੧/੭੪) ਦੇ ਸਿਰਲੇਖ ‘‘ਸਿਰੀ ਰਾਗੁ ਮਹਲਾ ੧ ਪਹਰੇ ਘਰੁ ੧ ॥’’ ਦੇ ‘ਘਰੁ ੧’ ਮੁਤਾਬਕ ਭਗਤ ਜੀ ਦਾ ਵਿਚਾਰ ਅਧੀਨ ਸਿਰਲੇਖ ਵਾਲ਼ਾ ਸ਼ਬਦ ‘‘ਰੇ ਨਰ  ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥’’ (ਸਿਰੀ ਰਾਗੁ/ਭਗਤ ਬੇਣੀ ਜੀ/੯੩) ਨੂੰ ਵੀ ‘ਘਰੁ ੧’ ’ਚ ਹੀ ਗਾਉਣਾ ਹੈ।)

(6). ਭਗਤ ਧੰਨਾ ਜੀ ਦੀ ਬਾਣੀ ਦੋ ਰਾਗਾਂ ਵਿੱਚ ਤਿੰਨ ਸ਼ਬਦਾਂ ’ਚ ਦਰਜ ਹੈ; ਜਿਵੇਂ ਕਿ

(ੳ). ਆਸਾ ਰਾਗ – ੨ ਸ਼ਬਦ ਅਤੇ (ਅ). ਧਨਾਸਰੀ ਰਾਗ – ੧ ਸ਼ਬਦ ਹੈ, ਜਿਨ੍ਹਾਂ ਵਿੱਚੋਂ ਪਹਿਲੇ ਹੀ ਸ਼ਬਦ ‘‘ਆਸਾ ਬਾਣੀ ਭਗਤ ਧੰਨੇ ਜੀ ਕੀ  ੴ ਸਤਿ ਗੁਰ ਪ੍ਰਸਾਦਿ ॥  ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥  ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥’’ (ਭਗਤ ਧੰਨਾ ਜੀ/੪੮੭) ਉਪਰੰਤ ਗੁਰੂ ਅਰਜੁਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਗਿਆ ਇਹ ਸ਼ਬਦ ਵੀ ਸ਼ਾਮਲ ਹੈ, ‘‘ਮਹਲਾ ੫ ॥  ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥  ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥  ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥  ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥  ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥  ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥  ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥  ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥੨॥’’ (ਆਸਾ/ਮ: ੫/੪੮੮) ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਇਸ ਸ਼ਬਦ ਨੂੰ ਭਗਤ ਧੰਨਾ ਜੀ ਦੇ ਸ਼ਬਦ ਦੇ ਸਮਾਨੰਤਰ ਰੱਖਣ ਦਾ ਕਾਰਨ ਭਗਤ ਜੀ ਦੇ ਸ਼ਬਦ ਦੀ ‘ਰਹਾਉ’ ਪੰਕਤੀ ‘‘ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥  ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥’’ ’ਚ ਵਿਸ਼ੇ ਦੀ ਕੁਝ ਅਸਪਸ਼ਟਤਾ ਹੈ, ਜਿਸ ਨੂੰ ਭਗਤ ਜੀ ਆਪਣੇ ਇਸੇ ਸ਼ਬਦ ਦੇ ਅੰਤਮ (ਚੌਥੇ) ਬੰਦ ’ਚ ‘‘ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥  ਧੰਨੈ ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥੧॥’’ (ਭਗਤ ਧੰਨਾ ਜੀ/੪੮੭) ਪੂਰਾ ਕੀਤਾ ਗਿਆ ਹੈ, ਪਰ ‘ਰਹਾਉ’ ਬੰਦ ਦੀ ਅਸਪਸ਼ਟਤਾ ਨੂੰ ਹੋਰ ਸਪਸ਼ਟ ਕਰਨ ਲਈ ਅਤੇ ਭਗਤ ਜੀ ਬਾਰੇ ਬਣਾਈ ਗਈ ਇਹ ਧਾਰਨਾ ਕਿ ਉਨ੍ਹਾਂ ਨੇ ਪੱਥਰ ਪੂਜ ਕੇ ਰੱਬ ਦੀ ਪ੍ਰਾਪਤੀ ਕੀਤੀ, ਨੂੰ ਰੱਦ ਕਰਨਾ ਸੀ ਕਿਉਂਕਿ ਗੁਰਮਤਿ ਦਾ ਸਪਸ਼ਟ ਫ਼ੁਰਮਾਨ ਹੈ, ‘‘ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ, ਅਜਾਂਈ ਜਾਇ ॥ (ਮ: ੫/੧੧੬੦), ਵੈਸੇ ਗੁਰੂ ਰਾਮਦਾਸ ਜੀ ਵੀ ਆਪਣੀ ਬਾਣੀ ਵਿੱਚ ਦੋ ਵਾਰ ਭਗਤ ਧੰਨਾ ਜੀ ਦੇ ਹਵਾਲੇ ਨਾਲ਼ ਸਾਧ ਸੰਗਤ ਰਾਹੀਂ ਰੱਬੀ ਮਿਲਾਪ ਦੀ ਪ੍ਰਾਪਤੀ ਦਾ ਜ਼ਿਕਰ ਇਉਂ ਕਰਦੇ ਹਨ, ‘‘ਸਾਧੂ ਸਰਣਿ ਪਰੈ ਸੋ ਉਬਰੈ; ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥  ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥  ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ‘ਧੰਨਾ’ ਜਟੁ ਸੈਣੁ, ਮਿਲਿਆ ਹਰਿ ਦਈਆ ॥੭॥ (ਮ: ੪/੮੩੫), ਮੇਰੇ ਮਨ  !  ਨਾਮੁ ਜਪਤ ਤਰਿਆ ॥  ‘ਧੰਨਾ’ ਜਟੁ ਬਾਲਮੀਕੁ ਬਟਵਾਰਾ; ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥’’ (ਮ: ੪/੯੯੫)

ਭਗਤ ਧੰਨਾ ਜੀ ਦਾ ਦੂਸਰਾ ਤੇ ਤੀਸਰਾ ਸ਼ਬਦ ਇਉਂ ਦਰਜ ਹੈ (ੳ).‘‘ਰੇ ਚਿਤ  ! ਚੇਤਸਿ ਕੀ ਨ ਦਯਾਲ ਦਮੋਦਰ  ?  ਬਿਬਹਿ ਨ ਜਾਨਸਿ ਕੋਈ ॥  ਜੇ ਧਾਵਹਿ ਬ੍ਰਹਮੰਡ ਖੰਡ ਕਉ; ਕਰਤਾ ਕਰੈ, ਸੁ ਹੋਈ ॥੧॥ ਰਹਾਉ ॥  ਜਨਨੀ ਕੇਰੇ ਉਦਰ ਉਦਕ ਮਹਿ; ਪਿੰਡੁ ਕੀਆ ਦਸ ਦੁਆਰਾ ॥  ਦੇਇ ਅਹਾਰੁ ਅਗਨਿ ਮਹਿ ਰਾਖੈ; ਐਸਾ ਖਸਮੁ ਹਮਾਰਾ ॥੧॥ ਕੁੰਮੀ ਜਲ ਮਾਹਿ, ਤਨ ਤਿਸੁ ਬਾਹਰਿ; ਪੰਖ ਖੀਰੁ ਤਿਨ ਨਾਹੀ ॥  ਪੂਰਨ ਪਰਮਾਨੰਦ ਮਨੋਹਰ; ਸਮਝਿ ਦੇਖੁ ਮਨ ਮਾਹੀ ॥੨॥  ਪਾਖਣਿ ਕੀਟੁ ਗੁਪਤੁ ਹੋਇ ਰਹਤਾ; ਤਾ ਚੋ ਮਾਰਗੁ ਨਾਹੀ ॥  ਕਹੈ ਧੰਨਾ ਪੂਰਨ ਤਾਹੂ ਕੋ; ਮਤ ਰੇ ਜੀਅ ਡਰਾਂਹੀ ॥੩॥੩॥ (ਆਸਾ/ਭਗਤ ਧੰਨਾ ਜੀ/੪੮੮)

(ਅ). ਗੋਪਾਲ  ! ਤੇਰਾ ਆਰਤਾ ॥  ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥  ਦਾਲਿ ਸੀਧਾ ਮਾਗਉ ਘੀਉ ॥  ਹਮਰਾ, ਖੁਸੀ ਕਰੈ ਨਿਤ ਜੀਉ ॥  ਪਨ੍ੀਆ ਛਾਦਨੁ ਨੀਕਾ ॥  ਅਨਾਜੁ ਮਗਉ ਸਤ ਸੀ ਕਾ ॥੧॥  ਗਊ ਭੈਸ ਮਗਉ ਲਾਵੇਰੀ ॥  ਇਕ ਤਾਜਨਿ ਤੁਰੀ ਚੰਗੇਰੀ ॥  ਘਰ ਕੀ ਗੀਹਨਿ ਚੰਗੀ ॥  ਜਨੁ ਧੰਨਾ ਲੇਵੈ ਮੰਗੀ ॥੨॥੪॥ (ਧਨਾਸਰੀ/ ਭਗਤ ਧੰਨਾ/੬੯੫)

(7) ਸ਼ੇਖ ਫ਼ਰੀਦ ਜੀ ਦੀ ਰਚਨਾ ਦੋ ਰਾਗਾਂ ਵਿੱਚ ਤੇ ਚਾਰ ਸ਼ਬਦਾਂ ਦੇ ਰੂਪ ’ਚ  ਦਰਜ ਹੈ। (ੳ). ਆਸਾ ਰਾਗ-੨ ਸ਼ਬਦ (ਅ). ਸੂਹੀ ਰਾਗ ਵਿੱਚ-੨ ਸ਼ਬਦ, ਇਨ੍ਹਾਂ ਤੋਂ ਇਲਾਵਾ ਪੰਨਾ ੧੩੭੭ ਤੋਂ  ੧੩੮੪ ਤੱਕ ੧੩੦ ਸਲੋਕ ਵੀ ਦਰਜ ਹਨ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

੧੩੦ ਸਲੋਕਾਂ ਦੀ ਇਸ ਲੜੀ ’ਚੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਕੁੱਲ ੧੧੨ ਸਲੋਕ ਹੀ ਹਨ, ਇਨ੍ਹਾਂ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਨੰ. ੩੨, ੧੧੩, ੧੨੦ ਅਤੇ ੧੨੪ ਨੰਬਰ (ਕੁੱਲ 4), ਗੁਰੂ ਅਮਰਦਾਸ ਜੀ ਦੇ ਸਲੋਕ ਨੰ. ੧੩, ੫੨, ੧੦੪, ੧੨੨ ਅਤੇ ੧੨੩ (ਕੁੱਲ 5), ਗੁਰੂ ਰਾਮਦਾਸ ਜੀ ਦਾ ਸਲੋਕ ਨੰ. ੧੨੧ (ਕੁੱਲ 1) ਅਤੇ ਗੁਰੂ ਅਰਜੁਨ ਦੇਵ ਜੀ ਦੇ ਸਲੋਕ ਨੰ. ੭੫, ੮੨, ੮੩, ੧੦੫, ੧੦੮, ੧੦੯, ੧੧੦ ਅਤੇ ੧੧੧ (ਕੁੱਲ 8) ਹਨ।

(8). ਭਗਤ ਜੈ ਦੇਵ ਜੀ ਦੀ ਰਚਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਰਾਗਾਂ ਵਿੱਚ ਅੰਕਤ ਹੈ।

(ੳ). ਗੂਜਰੀ ਸ੍ਰੀ ਜੈ ਦੇਉ ਜੀਉ ਕਾ ਪਦਾ ਘਰੁ ੪॥

(ਅ). ਰਾਗ ਮਾਰੂ ਬਾਣੀ ਜੈ ਦੇਉ ਜੀਉ ਕੀ; ਜਿਵੇਂ ਕਿ

ਕੇਵਲ ਰਾਮ ਨਾਮ ਮਨੋਰਮੰ ॥  ਬਦਿ ਅੰਮ੍ਰਿਤ ਤਤ ਮਇਅੰ ॥  ਨ ਦਨੋਤਿ ਜ ਸਮਰਣੇਨ; ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥ (ਗੂਜਰੀ/ਭਗਤ ਜੈਦੇਵ ਜੀ/੫੨੬)

ਮਨ  ! ਆਦਿ ਗੁਣ ਆਦਿ ਵਖਾਣਿਆ ॥  ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥ (ਮਾਰੂ/ਭਗਤ ਜੈਦੇਵ ਜੀ/੧੧੦੬)

(9). ਭਗਤ ਭੀਖਨ ਜੀ ਦੇ ਕੇਵਲ ਸੋਰਠਿ ਰਾਗ ਵਿੱਚ ਦੋ ਸ਼ਬਦ ਹਨ; ਜਿਵੇਂ ਕਿ

ਨੈਨਹੁ ਨੀਰੁ ਬਹੈ ਤਨੁ ਖੀਨਾ; ਭਏ ਕੇਸ ਦੁਧ ਵਾਨੀ ॥  ਰੂਧਾ ਕੰਠੁ ਸਬਦੁ ਨਹੀ ਉਚਰੈ; ਅਬ ਕਿਆ ਕਰਹਿ ਪਰਾਨੀ  ?॥੧॥  ਰਾਮ ਰਾਇ  !  ਹੋਹਿ ਬੈਦ ਬਨਵਾਰੀ ॥  ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥….ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ; ਇਹੁ ਅਉਖਧੁ ਜਗਿ ਸਾਰਾ ॥  ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥੩॥ (ਸੋਰਠਿ/ਭਗਤ ਭੀਖਨ ਜੀ/੬੫੯)

ਐਸਾ ਨਾਮੁ ਰਤਨੁ ਨਿਰਮੋਲਕੁ; ਪੁੰਨਿ ਪਦਾਰਥੁ ਪਾਇਆ ॥  ਅਨਿਕ ਜਤਨ ਕਰਿ ਹਿਰਦੈ ਰਾਖਿਆ; ਰਤਨੁ ਨ ਛਪੈ ਛਪਾਇਆ ॥੧॥  ਹਰਿ ਗੁਨ ਕਹਤੇ; ਕਹਨੁ ਨ ਜਾਈ ॥  ਜੈਸੇ; ਗੂੰਗੇ ਕੀ ਮਿਠਿਆਈ ॥੧॥ ਰਹਾਉ ॥ (ਸੋਰਠਿ/ਭਗਤ ਭੀਖਨ ਜੀ/੬੫੯)

(10). ਭਗਤ ਸੈਣ ਜੀ ਦਾ ਧਨਾਸਰੀ ਰਾਗ ਵਿੱਚ ਕੇਵਲ ਇੱਕ ਸ਼ਬਦ ਹੈ; ਜਿਵੇਂ ਕਿ

ਧੂਪ ਦੀਪ ਘ੍ਰਿਤ; ਸਾਜਿ ਆਰਤੀ ॥  ਵਾਰਨੇ ਜਾਉ; ਕਮਲਾ ਪਤੀ ॥੧॥  ਮੰਗਲਾ, ਹਰਿ ਮੰਗਲਾ ॥  ਨਿਤ ਮੰਗਲੁ; ਰਾਜਾ ਰਾਮ ਰਾਇ ਕੋ ॥੧॥ ਰਹਾਉ ॥ (ਧਨਾਸਰੀ/ਭਗਤ ਸੈਣ ਜੀ/੬੯੫)

(11). ਭਗਤ ਪੀਪਾ ਜੀ ਦੀ ਬਾਣੀ ਵੀ ਕੇਵਲ ਇੱਕ ਸ਼ਬਦ ਹੈ; ਜਿਵੇਂ ਕਿ

ਕਾਇਆ ਬਹੁ ਖੰਡ ਖੋਜਤੇ; ਨਵ ਨਿਧਿ ਪਾਈ ॥  ਨਾ ਕਛੁ ਆਇਬੋ; ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥  ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ ॥  ਪੀਪਾ ਪ੍ਰਣਵੈ ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥੨॥ (ਧਨਾਸਰੀ/ਭਗਤ ਪੀਪਾ ਜੀ/੬੯੫)

(12). ਭਗਤ ਸਧਨਾ ਜੀ ਦੀ ਰਚਨਾ ‘ਬਿਲਾਵਲੁ’ ਰਾਗ ਅੰਦਰ ਕੇਵਲ ਇੱਕ ਸ਼ਬਦ ਹੈ :

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥  ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥  ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥  ਪ੍ਰਾਨ ਗਏ ਸਾਗਰੁ ਮਿਲੈ; ਫੁਨਿ ਕਾਮਿ ਨ ਆਵੈ ॥੨॥…. ਮੈ ਨਾਹੀ ਕਛੁ ਹਉ ਨਹੀ; ਕਿਛੁ ਆਹਿ ਨ ਮੋਰਾ ॥  ਅਉਸਰ ਲਜਾ ਰਾਖਿ ਲੇਹੁ; ਸਧਨਾ ਜਨੁ ਤੋਰਾ ॥੪॥ (ਬਿਲਾਵਲੁ/ਭਗਤ ਸਧਨਾ ਜੀ/੮੫੮)

(13). ਭਗਤ ਰਾਮਾ ਨੰਦ ਜੀ ਦੀ ਬਾਣੀ ਵੀ ਕੇਵਲ ਇਕ ਸ਼ਬਦ ਹੈ :

ਰਾਮਾਨੰਦ ਜੀ ਘਰੁ ੧  ੴ ਸਤਿਗੁਰ ਪ੍ਰਸਾਦਿ ॥  ਕਤ ਜਾਈਐ ਰੇ  ? ਘਰ ਲਾਗੋ ਰੰਗੁ ॥  ਮੇਰਾ ਚਿਤੁ ਨ ਚਲੈ; ਮਨੁ ਭਇਓ ਪੰਗੁ ॥੧॥ ਰਹਾਉ ॥…  ਪੂਜਨ ਚਾਲੀ ਬ੍ਰਹਮ ਠਾਇ ॥  ਸੋ ਬ੍ਰਹਮੁ ਬਤਾਇਓ; ਗੁਰ ਮਨ ਹੀ ਮਾਹਿ ॥੧॥  ਜਹਾ ਜਾਈਐ ਤਹ ਜਲ ਪਖਾਨ ॥  ਤੂ ਪੂਰਿ ਰਹਿਓ ਹੈ ਸਭ ਸਮਾਨ ॥….ਰਾਮਾਨੰਦ ਸੁਆਮੀ ਰਮਤ ਬ੍ਰਹਮ ॥  ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥ (ਬਸੰਤੁ/ਭਗਤ ਰਾਮਾਨੰਦ ਜੀ/੧੧੯੫)

 (14) ਭਗਤ ਪਰਮਾ ਨੰਦ ਜੀ ਦਾ ਵੀ ਇੱਕ ਸ਼ਬਦ ਸ਼ਾਮਲ ਹੈ; ਜਿਵੇਂ ਕਿ

ਤੈ ਨਰ  ! ਕਿਆ ਪੁਰਾਨੁ ਸੁਨਿ ਕੀਨਾ ? ॥  ਅਨਪਾਵਨੀ ਭਗਤਿ ਨਹੀ ਉਪਜੀ; ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥  ਕਾਮੁ ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ ਨ ਛੂਟਿਓ ਦੇਵਾ ॥  ਪਰ ਨਿੰਦਾ ਮੁਖ ਤੇ ਨਹੀ; ਛੂਟੀ ਨਿਫਲ ਭਈ ਸਭ ਸੇਵਾ ॥੧॥…. ਹਿੰਸਾ ਤਉ ਮਨ ਤੇ ਨਹੀ ਛੂਟੀ; ਜੀਅ ਦਇਆ ਨਹੀ ਪਾਲੀ ॥  ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ ॥੩॥ (ਸਾਰੰਗ/ਭਗਤ ਪਰਮਾਨੰਦ ਜੀ/੧੨੫੩)

(15). ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਕਤੀ ਸਾਰੰਗ ਰਾਗ ’ਚ ‘‘ਛਾਡਿ ਮਨ  !  ਹਰਿ ਬਿਮੁਖਨ ਕੋ ਸੰਗੁ ॥’’ ਦਰਜ ਹੈ, ਇਸ ਬਾਣੀਕਾਰ ਦਾ ਨਾਂ ਤੁਕ ’ਚ ਸ਼ਾਮਲ ਨਾ ਹੋਣ ਕਾਰਨ ਕੋਈ ਭੁਲੇਖਾ ਨਾ ਰਹਿ ਜਾਏ, ਇਸ ਲਈ ਗੁਰੂ ਅਰਜੁਨ ਸਾਹਿਬ ਜੀ ਨੇ ਆਪਣਾ ਪਾਵਨ ਸ਼ਬਦ ਨਾਲ਼ ਹੀ ‘ਸੂਰਦਾਸ’ ਸ਼ਬਦ ਨੂੰ ਸਿਰਲੇਖ ’ਚ ਲੈ ਕੇ ਇਉਂ ਉਚਾਰਨ ਕੀਤਾ, ‘‘ਸਾਰੰਗ ਮਹਲਾ ੫ ਸੂਰਦਾਸ ॥  ੴ ਸਤਿ ਗੁਰ ਪ੍ਰਸਾਦਿ ॥  ਹਰਿ ਕੇ ਸੰਗ ਬਸੇ; ਹਰਿ ਲੋਕ ॥ ਤਨੁ ਮਨੁ ਅਰਪਿ, ਸਰਬਸੁ ਸਭੁ ਅਰਪਿਓ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥  ਦਰਸਨੁ ਪੇਖਿ ਭਏ ਨਿਰਬਿਖਈ; ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ, ਕਾਜੁ ਨ ਕਛੂਐ; ਸੁੰਦਰ ਬਦਨ ਅਲੋਕ ॥੧॥ ਸਿਆਮ ਸੁੰਦਰ ਤਜਿ, ਆਨ ਜੁ ਚਾਹਤ; ਜਿਉ ਕੁਸਟੀ ਤਨਿ ਜੋਕ ॥  ਸੂਰਦਾਸ ਮਨੁ ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥੨॥ (ਸਾਰੰਗ/ਮ: ੫/੧੨੫੩)

ਸੋ, ਸਾਰਾ ਸਿੱਖ ਜਗਤ ਸੰਨ 2018 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 549ਵੇਂ ਸਾਲ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਨਾਲ ਮਨਾ ਰਿਹਾ ਹੈ, ਜਿਨ੍ਹਾਂ ਭਗਤ ਬਾਣੀ ਨੂੰ ਆਪਣੀ ਸਾਂਝੀ ਵਿਚਾਰਧਾਰਾ ਮੰਨ ਕੇ ਇਕੱਤਰ ਹੀ ਨਹੀਂ ਕੀਤਾ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ‘ਸ਼ਬਦ ਗੁਰੂ’ ਹੋਣ ਦਾ ਮਾਣ ਵੀ ਦਵਾਇਆ, ਜੋ ਸਦਾ ਲਈ ਆਪਸੀ ਪਿਆਰ, ਸਮਾਨਤਾ, ਸੁਤੰਤਰਤਾ, ਇਨਸਾਫ਼, ਰੱਬੀ ਪ੍ਰੇਮ, ਆਦਿਕ ਗੁਣ ਸਮਾਜਕ ਕਲਿਆਣ ਲਈ ਵੰਡਦੇ ਰਹਿਣਗੇ। ਜੇ ਅਸੀਂ ਚਾਹੁੰਦੇ ਹਾਂ ਕਿ ਗੁਰਮਤਿ ਦਾ ਇਹ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਵਾਲ਼ਾ ਵਿਲੱਖਣਤਾ ਤੇ ਨਿਆਰਾਪਣ ਮਾਨਵਤਾ ਦੀ ਸੇਵਾ ਕਰਦਾ ਰਹੇ ਤਾਂ ਗੁਰੂ ਸਾਹਿਬਾਨ ਦੀ ਸੋਚ ਤੇ ਭਗਤ ਬਾਣੀ ’ਤੇ ਆਪ ਅਮਲ ਕਰ ਸਮਾਜ ਨੂੰ ਇਸ ਬਾਰੇ ਜਾਣੂ ਕਰਵਾਣਾ ਹੀ ਸਫਲ 549ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਹੋਏਗਾ।