ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ ॥

0
85

ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ ॥

ਬੀਬੀ ਮਨਿੰਦਰ ਕੌਰ ਔਰੰਗਾਬਾਦ-93261-83934

ਗਉੜੀ ਕਬੀਰ ਜੀ ॥

ਦੇਇ ਮੁਹਾਰ; ਲਗਾਮੁ ਪਹਿਰਾਵਉ ॥  ਸਗਲ ਤ ਜੀਨੁ; ਗਗਨ ਦਉਰਾਵਉ ॥੧॥

ਅਪਨੈ ਬੀਚਾਰਿ; ਅਸਵਾਰੀ ਕੀਜੈ ॥  ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥

ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ ॥  ਹਿਚਹਿ; ਤ ਪ੍ਰੇਮ ਕੈ ਚਾਬੁਕ ਮਾਰਉ ॥੨॥

ਕਹਤ ਕਬੀਰ ਭਲੇ ਅਸਵਾਰਾ ॥  ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥ (ਭਗਤ ਕਬੀਰ/੩੨੯)

ਉਚਾਰਨ ਸੇਧ: ਗਉੜੀ ਨੂੰ ਗੌੜੀ ਪੜ੍ਹਨਾ ਹੈ।, ‘ਰੇ’ ਸੰਬੋਧਨ ਹੈ, ਇਸ ਤੋਂ ਬਾਅਦ ਥੋੜ੍ਹਾ ਰੁਕਣਾ ਹੈ।, ਪਹਿਰਾਵਉਂ, ਦਉਰਾਵਉਂ, ਤਾਰਉਂ, ਹਿਚਹਿਂ, ਮਾਰਉਂ, ਰਹਹਿਂ।

ਇਸ ਸ਼ਬਦ ਵਿੱਚ ਕਬੀਰ ਜੀ; ਮਨ ਨੂੰ ਸੰਬੋਧਿਤ ਕਰ ਕੇ ਕਹਿ ਰਹੇ ਹਨ ਕਿ ਹੇ ਮੇਰੇ ਮਨਾ ! ਚੱਲ ਤੈਨੂੰ ਸਵਰਗ ਵਿੱਚ ਲੈ ਕੇ ਚਲਾਂ ਤੇ ਇਸ ਭਵਜਲ ਸੰਸਾਰ ਤੋਂ, ਇਸ ਤ੍ਰੈ ਗੁਣੀ ਮਾਇਆ ਤੋਂ, ਤੇਰਾ ਪਾਰ ਉਤਾਰਾ ਕਰ ਦਿਆਂ, ਪਰ ਜੇ ਤੂੰ ਮੇਰੇ ਕਾਬੂ ਨਾ ਆਇਆ ਤਾਂ ਮੈਂ ਤੈਨੂੰ ਰੱਬ ਦੀ ਲਗਨ ਵਾਲ਼ੀ ਚੋਟ ਮਾਰਾਂਗਾ। ਕਬੀਰ ਸਾਹਿਬ ਜੀ ਇਹੀ ਸਿਧਾਂਤ ‘ਰਹਾਉ’ ਤੁਕ ਵਿੱਚ ਰੱਖਦੇ ਹਨ ‘‘ਅਪਨੈ ਬੀਚਾਰਿ; ਅਸਵਾਰੀ ਕੀਜੈ ’’ ਭਾਵ (ਗੁਰੂ ਉਪਦੇਸ਼ ਨੂੰ) ਆਪਣੇ ਵਿਚਾਰਾਂ ਨਾਲ (ਲਿਆ ਕੇ ਮਨ ਰੂਪ ਘੋੜੇ ਦੀ) ਅਸਵਾਰੀ ਕਰਨੀ ਚਾਹੀਦੀ ਹੈ ਯਾਨੀ ਸੁਰਤਿ ਉੱਚੀ ਹੋਣ ਨਾਲ਼ ਮਨ ਨੀਵਾਂ (ਹੇਠਾਂ ਆ) ਜਾਂਦਾ ਹੈ। ਮਨ ਨੀਵਾਂ ਹੋਣ ਕਾਰਨ ਮਨ ਸਥਿਰ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਇਸ ਲਈ ਨਾਲ਼ ਹੀ ਇਸ ਦਾ ਫਲ਼ ਦੱਸਿਆ ਹੈ ‘‘ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥’’ ਭਾਵ ਫਿਰ ਅਡੋਲਤਾ ਵਾਲ਼ੇ ਰਕਾਬ ਵਿੱਚ ਪੈਰ ਟਿਕ ਜਾਂਦਾ ਹੈ।

ਮਨ ਇੱਕ ਘੋੜਾ ਹੈ। ਇਸ ਨੇ ਗਿਆਨ ਦੀ ਅਸਵਾਰੀ ਲੈਣੀ ਹੈ ਤਾਂ ਹੀ ਟਿਕੇਗਾ। ਵੈਸੇ ਹਰ ਇੱਕ ਦਾ ਮਨ ਦੌੜਦਾ ਹੈ। ਭਟਕਦਾ ਹੈ; ਜਿਵੇਂ ਕਿ ਕਬੀਰ ਸਾਹਿਬ ਜੀ ਦਾ ਹੀ ਬਚਨ ਹੈ ‘‘ਕਬੀਰ ! ਮਨੁ ਪੰਖੀ ਭਇਓ; ਉਡਿ ਉਡਿ ਦਹ ਦਿਸ ਜਾਇ ਜੋ ਜੈਸੀ ਸੰਗਤਿ ਮਿਲੈ; ਸੋ ਤੈਸੋ ਫਲੁ ਖਾਇ ’’ (ਭਗਤ ਕਬੀਰ/੧੩੬੯)

ਧਰਮ ਦਾ ਸੰਬੰਧ ਮਨ ਨਾਲ਼ ਹੈ। ਇਹੀ ਜੀਵਨ ਦਾ ਆਧਾਰ ਹੈ। ਜੋ ਇਹ ਚਾਹੇ ਸਾਡੇ ਕੋਲੋਂ ਕਰਵਾ ਲੈਂਦਾ ਹੈ। ਹਰ ਵਿਚਾਰ ਪਹਿਲਾਂ ਮਨ ਵਿੱਚ ਉਪਜਦਾ ਹੈ। ਬਾਅਦ ’ਚ ਉਹ ਅਮਲੀ ਰੂਪ ’ਚ ਲਿਆਂਦਾ ਜਾਂਦਾ ਹੈ। ਸਦਾ ਮਨ ਹੀ ਦਿਮਾਗ਼ ਨੂੰ ਹਿਦਾਇਤ ਕਰਦਾ ਹੈ। ਮਨ; ਬੁੱਧੀ ਤੇ ਆਤਮ ਪ੍ਰਕਾਸ਼ ਵਿਚਕਾਰ ਦੀਵਾਰ (ਅੰਤਹਿਕਰਣ) ਹੁੰਦਾ ਹੈ। ਜੇ ਮਨ ਨੂੰ ਆਤਮ ਪ੍ਰਕਾਸ਼ ਦਾ ਚਾਨਣ ਮਿਲੇ ਤਾਂ ਚੰਗੀ ਸੋਚ ਬਣਦੀ ਹੈ। ਜੇ ਮਨ ਦਾ ਝੁਕਾਅ ਵਿਕਾਰਾਂ ਵੱਲ ਹੋਵੇ ਤਾਂ ਬੁੱਧੀ ਸਮਾਜਿਕ ਕੰਮਾਂ ’ਚ ਖਚਤ ਰਹਿੰਦੀ ਹੈ। ਬੰਦਾ ਵਿਸ਼ੇ-ਵਿਕਾਰਾਂ ਕਾਰਨ ਅੰਨ੍ਹਾ ਹੋਇਆ ਦਾਤਾਰ ਨੂੰ ਭੁਲ ਜਾਂਦਾ ਹੈ। ਮਨ ਦਾ ਅਕਸਰ ਝੁਕਾਅ ਮਾੜੀਆਂ ਬਿਰਤੀਆਂ ਵੱਲ ਹੁੰਦਾ ਹੈ, ਜਿਸ ਕਾਰਨ ਭਟਕਣਾ ਵਧਦੀਆਂ ਰਹਿੰਦੀਆਂ ਹਨ।

ਮਨ ਬੜਾ ਸ਼ਕਤੀਸ਼ਾਲੀ ਹੁੰਦਾ ਹੈ। ਇਹ ਜੀਵਨ ਨੂੰ ਸਦਾ ਉਤਾਰ-ਚੜਾਅ ’ਚ ਰੱਖਦਾ ਹੈ। ਗੁਰੂ ਨਾਨਕ ਸਾਹਿਬ ਜੀ ਐਸੀ ਹਾਲਤ ਬਾਰੇ ਬਿਆਨ ਕਰਦੇ ਹਨ ‘‘ਕਬਹੂ ਜੀਅੜਾ ਊਭਿ ਚੜਤੁ ਹੈ; ਕਬਹੂ ਜਾਇ ਪਇਆਲੇ   ਲੋਭੀ ਜੀਅੜਾ ਥਿਰੁ ਰਹਤੁ ਹੈ; ਚਾਰੇ ਕੁੰਡਾ ਭਾਲੇ ’’ (ਮਹਲਾ /੮੭੬), ਇਹ ਜਿਹੋ ਜਿਹੀ ਸੰਗਤ ਵਿੱਚ ਰਹੇਗਾ, ਵੈਸਾ ਹੀ ਫਲ਼ ਪਰਾਪਤ ਕਰੇਗਾ। ਗੁਰੂ ਵਚਨ ਹਨ ‘‘ ਮਨ ! ਜੈਸਾ ਸੇਵਹਿ ਤੈਸਾ ਹੋਵਹਿ; ਤੇਹੇ ਕਰਮ ਕਮਾਇ ’’ (ਮਹਲਾ /੭੫੫), ਜਦੋਂ ਇਹ ਮਾਇਆ ਨਾਲ਼ ਪਿਆਰ ਪਾਉਂਦਾ ਹੈ ਤਾਂ ਹਰ ਵੇਲੇ ਉਸ ਲਈ ਭਟਕਦਾ ਹੈ। ਜੇ ਗੁਰੂ ਗਿਆਨ ਦੀ ਸੰਗਤ ਕਰਦਾ ਹੈ ਤਾਂ ਇਹ ਆਪਣੇ ਆਪ ਦੀ ਪੜਚੋਲ ਕਰਦਾ ਹੋਇਆ ਨੀਵਾਂ ਰਹਿੰਦਾ ਹੈ। ਜਿਸ ਨੂੰ ਕਾਠੀ ਪਾਉਣਾ ਕਿਹਾ ਗਿਆ ਹੈ। ਫਿਰ ਮਨ ਰੂਪੀ ਘੋੜਾ ਜੇ ਭੱਜੇਗਾ ਤਾਂ ਬੇ ਲਗਾਮ ਨਹੀਂ ਹੋਵੇਗਾ।

ਮਨ ਨੂੰ ਕਾਬੂ ਰੱਖਣ  ਲਈ ਸਤਿਗੁਰੂ ਜੀ ਨੇ ਹਾਥੀ ਦੀ ਮਿਸਾਲ ਦੇ ਕੇ ਵੀ ਸਮਝਾਇਆ ਹੈ; ਜਿਵੇਂ ਕਿ ‘‘ਹਸਤੀ ਸਿਰਿ ਜਿਉ ਅੰਕਸੁ ਹੈ; ਅਹਰਣਿ ਜਿਉ ਸਿਰੁ ਦੇਇ   ਮਨੁ ਤਨੁ ਆਗੈ ਰਾਖਿ ਕੈ; ਊਭੀ ਸੇਵ ਕਰੇਇ ’’ (ਮਹਲਾ /੬੪੮) ਮਨ; ਹਾਥੀ ਦੀ ਤਰ੍ਹਾਂ ਮਸਤ, ਅਹੰਕਾਰੀ ਹੁੰਦਾ ਹੈ। ਗੁਰੂ ਮਹਾਵਤ ਕੋਲ਼ ਗਿਆਨ ਦਾ ਕੁੰਡ ਮਾਰਦਾ ਹੈ ਭਾਵ ਗੁਰੂ ਦੀ ਮੱਤ ਵਾਲ਼ਾ ਕੁੰਡਾ ਹੋਵੇ, ਤਾਂ ਮਨ ਭਟਕਦਾ ਨਹੀਂ, ਗੁਰੂ ਅਨੁਸਾਰੀ ਚੱਲਦਾ ਹੈ, ਪਰ ਜੇ ਕੁੰਡਾ ਨਹੀਂ ਤਾਂ ਹਾਥੀ-ਮਨ ਮੁੜ ਮੁੜ ਕੇ ਉਜਾੜੇ ਵੱਲ ਦੌੜਦਾ ਹੈ ਭਾਵ ਕੁਰਾਹੇ ਪੈਂਦਾ ਹੈ। ਇਸ ਤਰ੍ਹਾਂ ਜੇ ਮਨ; ਗੁਰੂ ਦਾ ਗਿਆਨ, ਗੁਰੂ ਦੀ ਜੀਵਨ ਜਾਚ ਵਾਲੀ ਲਗਾਮ ਪਾ ਲਵੇਗਾ, ਫਿਰ ਸ਼ਾਂਤ ਰਹੇਗਾ, ਸਹਿਜ ਵਿੱਚ ਪੈਰ ਰੱਖਿਆ ਜਾਏਗਾ। ਘੋੜੇ ’ਤੇ ਚੜ੍ਹਨ ਲਈ ਜਿਵੇਂ ਰਕਾਬ ਵਿੱਚ ਪੈਰ ਰੱਖਿਆ ਜਾਂਦਾ ਹੈ ਤਾਂ ਜੋ ਚੜ੍ਹਨਾ ਅਸਾਨ ਹੋ ਜਾਵੇ। ਉਸੇ ਤਰ੍ਹਾਂ ਜਦ ਰਕਾਬ ਸਹਿਜ ਦਾ ਹੋਵੇ ਤਾਂ ਮਨ ’ਤੇ ਅਸਵਾਰੀ ਕਰਨੀ ਸੌਖੀ ਹੋ ਜਾਂਦੀ ਹੈ। ਜਦ ਲਗਾਮ ਗਿਆਨ ਰੂਪ ਹੋਵੇ ਤਾਂ ਮਨ ਰੂਪੀ ਘੋੜਾ ਗ਼ਲਤ ਰਾਹ ’ਤੇ ਟੁਰੇਗਾ ਹੀ ਨਹੀਂ। ਸੋ ਗੁਰੂ ਕੋਲ਼ੋਂ ਜੀਵਨ ਜਾਚ ਸਮਝ ਕੇ, ਅੰਦਰ ਧਾਰਨ ਕਰਕੇ ਮਨ ਰੂਪੀ ਘੋੜੇ ’ਤੇ ਚੜ੍ਹਨਾ ਹੈ। ਮਨ ਰੂਪ ਘੋੜੇ ’ਤੇ ਚੜ੍ਹਨ ਲਈ ਰਕਾਬ ਦੀ ਲੋੜ ਹੁੰਦੀ ਹੈ। ਉਹ ਰਕਾਬ ਸਹਿਜ ਵਾਲੀ ਹੋਵੇ। ਉਹਦੇ ਵਿੱਚ ਪੈਰ ਰੱਖਿਆ ਜਾਵੇ ਯਾਨੀ ਵਿਕਾਰਾਂ ਤੋਂ ਨਿਰਲੇਪ ਰਹੀਏ। ਸਹਿਜ ਵਾਲ਼ੀ ਇਹ ਸਵਾਰੀ; ਗੁਰੂ ਦਾ ਗਿਆਨ ਹੀ ਕਰਾ ਸਕਦਾ ਹੈ। ਇਹ ਅਵਸਥਾ ਅਨੰਦ ਦਾਇਕ ਹੁੰਦੀ ਹੈ; ਜਿਵੇਂ ਕਿ ਬਚਨ ਹਨ ‘‘ਸਹਜੈ ਹੀ ਤੇ ਸੁਖ ਸਾਤਿ ਹੋਇ; ਬਿਨੁ ਸਹਜੈ ਜੀਵਣੁ ਬਾਦਿ ’’ (ਮਹਲਾ /੬੮) ਭਾਵ ਅਡੋਲਤਾ ਨਾਲ਼ ਅਨੰਦ ਤੇ ਸ਼ਾਂਤੀ ਮਿਲਦੀ ਹੈ। ਅਡੋਲਤਾ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ। ਜਿਸ ਨੂੰ ਸਹਿਜ ਦੀ ਪ੍ਰਾਪਤੀ ਹੋ ਗਈ। ਉਸ ਨੂੰ ਦੁੱਖ-ਸੁੱਖ, ਧੁੱਪ-ਛਾਂ, ਵਾਧਾ-ਘਾਟਾ, ਸੋਨਾ-ਮਿੱਟੀ, ਇੱਕ ਸਮਾਨ ਜਾਪਦੇ ਹਨ। ਹੁਣ ਸਹਜ ਦੀ ਪ੍ਰਾਪਤੀ ਕਿਵੇਂ ਹੋਵੇ ? ਸਤਿਗੁਰੂ ਜੀ ਸਮਝਾਉਂਦੇ ਹਨ ‘‘ਭਾਈ ਰੇ ! ਗੁਰ ਬਿਨੁ ਸਹਜੁ ਹੋਇ   ਸਬਦੈ ਹੀ ਤੇ ਸਹਜੁ ਊਪਜੈ; ਹਰਿ ਪਾਇਆ ਸਚੁ ਸੋਇ ਰਹਾਉ ’’ (ਮਹਲਾ /੬੮), ਸਾਰੀ ਮਨੁੱਖਤਾ ਮਨ ਦੀ ਸ਼ਾਂਤੀ ਲਈ ਤਰਸਦੀ ਪਈ ਹੈ, ਪਰ ਸਹਜ ਗੁਰੂ ਦੀ ਸ਼ਰਨ ਪਿਆਂ ਮਿਲਣਾ ਹੈ। ਗੁਰੂ ਤੋਂ ਬਿਨਾਂ ਅਡੋਲਤਾ ਨਸੀਬ ਨਹੀਂ ਹੋ ਸਕਦੀ।

‘ਰਹਾਉ’ ਵਾਲ਼ੇ ਬੰਦ ਵਿੱਚ ਭਗਤ ਕਬੀਰ ਜੀ ਨੇ ਸਮਝਾਇਆ ਹੈ ਕਿ ਮਨ ਨੂੰ ਗੁਰੂ ਦੇ ਗਿਆਨ ਰਾਹੀਂ ਕਾਬੂ ਕਰ ਸਹਜ ਤੱਕ ਪਹੁੰਚਣਾ ਹੈ ‘‘ਅਪਨੈ ਬੀਚਾਰਿ; ਅਸਵਾਰੀ ਕੀਜੈ   ਸਹਜ ਕੈ ਪਾਵੜੈ; ਪਗੁ ਧਰਿ ਲੀਜੈ ਰਹਾਉ ’’

ਪਹਿਲੇ ਬੰਦ ਵਿੱਚ ਕਬੀਰ ਜੀ ਫ਼ੁਰਮਾਉਂਦੇ ਹਨ ‘‘ਦੇਇ ਮੁਹਾਰ; ਲਗਾਮੁ ਪਹਿਰਾਵਉ ॥  ਸਗਲ ਤ ਜੀਨੁ; ਗਗਨ ਦਉਰਾਵਉ ॥੧॥’’ ਦੇਇ ਤੋਂ ਭਾਵ ਹੈ ‘ਦੇ ਕੇ, ਪਾ ਕੇ’, ਜੋ ਘੋੜੇ ਵਾਸਤੇ ਆਇਆ ਹੈ। ‘ਮੁਹਾਰ’ ਇੱਕ ਪਤਲੀ ਰੱਸੀ ਹੈ, ਜੋ ਲਗਾਮ ਨਾਲ ਬੱਝੀ ਹੁੰਦੀ ਹੈ। ਮੁਹਾਰ ਭਾਵ ਮੂੰਹ-ਹਾਰ, ਮੂੰਹ ਨੂੰ ਬੰਦ ਰੱਖਣਾ ਭਾਵ ਨਿੰਦਾ-ਉਸਤਤ ਤੋਂ ਬਚ ਕੇ ਰਹਿਣਾ। ਲਗਾਮ ਨੂੰ ਵਾਗ ਵੀ ਕਹਿੰਦੇ ਹਨ। ਸਗਲ ਤੋਂ ਭਾਵ ਹੈ-ਸਾਰਾ ਕੁਝ। ਜੀਨੁ ਨੂੰ ਕਾਠੀ ਕਹਿੰਦੇ ਹਨ। ਗਗਨ ਤੋਂ ਭਾਵ ਹੈ ‘ਆਕਾਸ਼ ਜਾਂ ਦਸਮ ਦੁਆਰ’।

ਮਨ ਨੂੰ ਪ੍ਰੇਮ ਦੀ ਲਗਨ ਪਾਵਾਂ ਤੇ ਉਸਤਤ ਨਿੰਦਾ ਤੋਂ ਰੋਕ ਲਵਾਂ, ਪਰ ਇਹ ਕਰਨਾ ਕਿਵੇਂ ਹੈ  ? ਜਵਾਬ ਹੈ ਕਿ ਜਿਵੇਂ ਲਗਾਮ ਪਾ ਕੇ ਘੋੜੇ ਨੂੰ ਕਾਬੂ ਕਰੀਦਾ ਹੈ; ਓਵੇਂ ਗੁਰੂ ਗਿਆਨ ਨਾਲ਼ ਲਗਨ ਪੈਦਾ ਕਰ ਮਾਲਕ ਨਾਲ਼ ਪਿਆਰ ਪਾਉਣਾ ਹੈ। ਇਹੀ ਆਪਣੀ ਸੁਰਤਿ ਨੂੰ ਗਗਨ ’ਚ ਦੌੜ੍ਹਾਉਣਾ ਹੈ, ਦਸਵੇਂ ਦੁਆਰ ’ਚ ਲੈ ਜਾਣਾ ਹੈ। ਆਪਣੀ ਸੋਚ ਨੂੰ ਉੱਚੀ ਕਰਨਾ ਹੈ।

 ਮਨ ਘੋੜੇ ਉੱਤੇ ਕਾਠੀ; ਮਾਲਕ ਜੀ ਦੀ ਵਿਆਪਕਤਾ ਵਾਲ਼ੀ ਸੂਝ ਦੀ ਪਾਉਣੀ ਹੈ। ਰੱਬ ਨੂੰ ਸਾਰਿਆਂ ’ਚ ਵੇਖਣਾ ਹੈ। ਮਨ ਰੂਪੀ ਘੋੜੇ ’ਤੇ ਜਦੋਂ ਇਹ ਲਗਾਮ ਪਾਈ ਜਾਵੇਗੀ ਤਾਂ ਸੁਰਤ ਨੂੰ ਗਗਨ ਵੱਲ ਲੈ ਜਾਣਾ ਹੈ। ਫਿਰ ਇਹ ਅਵਸਥਾ ਬਣਦੀ ਹੈ ‘‘ਅੰਤਰਿ ਹੋਇ ਗਿਆਨ ਪਰਗਾਸੁ   ਉਸੁ ਅਸਥਾਨ ਕਾ ਨਹੀ ਬਿਨਾਸੁ ’’ (ਸੁਖਮਨੀ/ਮਹਲਾ /੨੭੮) ਜਦ ਉੱਚੀ ਆਤਮਕ ਅਵਸਥਾ ’ਤੇ ਜੋ ਇੱਕ ਵਾਰ ਪਹੁੰਚ ਗਿਆ ਫਿਰ ਵਾਪਸ ਨਹੀਂ ਆਉਂਦਾ ਕਿਉਂਕਿ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਪਹਿਲੀ ਪੰਗਤੀ ਵਿੱਚ ਕਬੀਰ ਸਾਹਿਬ ਜੀ ਨੇ ਇਹੀ ਸਮਝਾਇਆ ਹੈ ਕਿ ਮਨ ਅੰਦਰ ਜਦ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਫਿਰ ਇਹ ਭਟਕਣੋ ਹਟ ਜਾਂਦਾ ਹੈ। ਉਸਤਤ ਨਿੰਦਾ ਸੁਣਨ ਵੱਲੋਂ ਨਿਰਮੋਹ ਹੋ ਜਾਂਦਾ ਹੈ। ਇਸ ਅੰਦਰ ਪਰਮਾਤਮਾ ਨਾਲ ਪ੍ਰੇਮ ਦੀ ਲਗਨ ਲੱਗ ਜਾਂਦੀ ਹੈ। ਦੁਨਿਆਵੀ ਮੋਹ ਨੂੰ ਤਿਆਗ ਦਿੰਦਾ ਹੈ। ਜਿਸ ਨਾਲ ਇਹ ਉੱਚੀ ਆਤਮਕ ਅਵਸਥਾ ਤੱਕ ਪਹੁੰਚ ਜਾਂਦਾ ਹੈ ‘‘ਦੇਇ ਮੁਹਾਰ; ਲਗਾਮੁ ਪਹਿਰਾਵਉ   ਸਗਲ ਜੀਨੁ; ਗਗਨ ਦਉਰਾਵਉ ’’

ਆਪਣੇ ਦੂਸਰੇ ਬੰਦ ਵਿੱਚ ਕਬੀਰ ਸਾਹਿਬ ਕਹਿੰਦੇ ਹਨ ‘‘ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ   ਹਿਚਹਿ; ਪ੍ਰੇਮ ਕੈ ਚਾਬੁਕ ਮਾਰਉ ’’ ਭਾਵ ਹੇ ਮਨ ਰੂਪੀ ਘੋੜੇ ! ਚਲ ਮੈਂ ਤੈਨੂੰ ਬੈਕੁੰਠ ਦੀ ਸੈਰ ਕਰਾਵਾਂ, ਜੇ ਉੱਥੇ ਜਾਣ ਲਈ ਨਾ ਨੁਕਰ ਕਰੇਂਗਾ ਤਾਂ ਪ੍ਰੇਮ ਦੀ ਚਾਬਕ ਮਾਰਾਂਗਾ। ਕਬੀਰ ਸਾਹਿਬ ਜੀ ਆਪਣੇ ਸ਼ਬਦਾਂ ਵਿੱਚ ਬਾਰ ਬਾਰ ਬੈਕੁੰਠ ਦੀ ਗੱਲ ਕਰਦੇ ਹਨ। ਕਬੀਰ ਸਾਹਿਬ ਜੀ ਦਾ ਸਵਰਗ ਕੋਈ ਕਾਲਪਨਿਕ ਜਗ੍ਹਾ ਨਹੀਂ; ਜਿਵੇਂ ਕਿ ਅਕਾਸ਼ ਵਿੱਚ ਦੇਵਤਿਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਵਰਗ ਵਿੱਚ ਰਹਿੰਦੇ ਹਨ। ਕਬੀਰ ਸਾਹਿਬ ਗੁਰੂ ਦੀ ਸੰਗਤ ਨੂੰ ਹੀ ਸਵਰਗ ਮੰਨਦੇ ਹਨ; ਜਿਵੇਂ ਕਿ ਆਪ ਜੀ ਦਾ ਬਚਨ ਹੈ ‘‘ਕਹੁ ਕਬੀਰ ! ਇਹ ਕਹੀਐ ਕਾਹਿ   ਸਾਧਸੰਗਤਿ ਬੈਕੁੰਠੈ ਆਹਿ ’’ (ਭਗਤ ਕਬੀਰ/੩੨੫)

ਬੈਕੁੰਠ ਨੂੰ ਹੀ ਸਵਰਗ ਕਹਿੰਦੇ ਹਨ। ਕਈ ਵਾਰ ਸੁਣਦੇ ਹਾਂ ਕਿ ਕਸ਼ਮੀਰ ਦੀ ਧਰਤੀ ’ਤੇ ਸਵਰਗ ਹੈ ਕਿਉਂਕਿ ਉੱਥੋਂ ਦੇ ਨਜ਼ਾਰੇ ਦੇਖ ਕੇ ਮਨ ਨੂੰ ਸ਼ਾਂਤੀ ਜਿਹੀ ਮਹਿਸੂਸ ਹੁੰਦੀ ਹੈ। ਬੰਦਾ ਥੋੜ੍ਹੀ ਦੇਰ ਲਈ ਸਭ ਕੁਝ ਭੁੱਲ ਜਾਂਦਾ ਹੈ। ਥੋੜ੍ਹੀ ਦੇਰ ਇਸ ਲਈ ਕਿਹਾ ਹੈ ਕਿਉਂਕਿ ਕਬੀਰ ਸਾਹਿਬ ਜਿੱਥੇ ਮਨ ਰੂਪੀ ਘੋੜੇ ਨੂੰ ਲੈ ਜਾਣ ਦੀ ਗੱਲ ਕਰਦੇ ਹਨ, ਉੱਥੇ ਥੋੜ੍ਹੀ ਦੇਰ ਲਈ ਅਨੰਦ ਨਹੀਂ ਮਿਲਦਾ ਬਲਕਿ ਸਦਾ ਅਨੰਦ ਮਾਣੀਦਾ ਹੈ। ਮਨ ਨੂੰ ਮਨਾਉਣਾ ਪੈਣਾ ਹੈ ਕਿ ਕਿਹੜਾ ਕੰਮ ਕਰਨ ਨਾਲ਼ ਬੈਕੁੰਠ ’ਚ ਜਾਈਦਾ ਹੈ। ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ, ਇਸੇ ਜੀਵਨ ਦੀ ਗੱਲ ਹੈ। ਸਾਡੇ ਮਨੁੱਖਾ ਜੀਵਨ ਦੀ, ਜਿਹੜਾ ਅਸੀਂ ਜਿਊਂਦੇ ਪਏ ਹਾਂ। ਗੁਰੂ ਦੀ ਸੰਗਤ ਰਾਹੀਂ ਪਤਾ ਲੱਗਦਾ ਹੈ ਕਿ ਸਵਰਗ; ਸਹਜ ਅਵਸਥਾ ਹੈ। ਖੇੜਾ ਤੇ ਅਨੰਦ ਦੀ ਅਵਸਥਾ ਹੈ, ਜਿਹੜੀ ਗੁਰਬਾਣੀ ਨਾਲ਼ ਪਰਾਪਤ ਹੋਣੀ ਹੈ। ਗੁਰੂ ਅਰਜਨ ਸਾਹਿਬ ਜੀ ਵੀ ਇਹ ਗਵਾਹੀ ਭਰਦੇ ਹਨ ‘‘ਬੈਕੁੰਠ ਨਗਰੁ; ਜਹਾ ਸੰਤ ਵਾਸਾ   ਪ੍ਰਭ ਚਰਣ ਕਮਲ; ਰਿਦ ਮਾਹਿ ਨਿਵਾਸਾ (ਮਹਲਾ /੭੪੨), ਬੈਕੁੰਠ; ਗੋਬਿੰਦ ਚਰਨ ਨਿਤ ਧਿਆਉ   ਮੁਕਤਿ ਪਦਾਰਥੁ ਸਾਧੂ ਸੰਗਤਿ; ਅੰਮ੍ਰਿਤੁ ਹਰਿ ਕਾ ਨਾਉ ਰਹਾਉ ’’ (ਮਹਲਾ /੧੨੨੦) ਯਾਨੀ ਸਵਰਗ ਜਾਂ ਬੈਕੁੰਠ ਉਦੋਂ ਪਰਾਪਤ ਹੁੰਦਾ ਹੈ, ਜਦੋਂ ਗੁਰੂ ਦੀ ਸੰਗਤ, ਸੰਤ-ਜਨਾਂ ਦੀ ਸੰਗਤ ਕਰਦਿਆਂ ਅਕਾਲ ਪੁਰਖ ਨਾਲ਼ ਸੁਰਤਿ ਜੁੜੀ ਹੁੰਦੀ ਹੈ। ਇਸ ਲਈ ਸੁਖਮਨੀ ਸਾਹਿਬ ’ਚ ਬਚਨ ਕੀਤੇ ਹਨ ‘‘ਚਾਰਿ ਪਦਾਰਥ; ਜੇ ਕੋ ਮਾਗੈ   ਸਾਧ ਜਨਾ ਕੀ ਸੇਵਾ ਲਾਗੈ ’’ (ਮਹਲਾ /੨੬੬)

ਚਾਰ ਪਦਾਰਥ ਹਨ ‘ਧਰਮ, ਅਰਥ, ਕਾਮ, ਮੋਖ’। ਗੁਰੂ ਦੀ ਸੰਗਤ ਨਾਲ਼ ਰੱਬ ਜੀ ਦਾ ਨਾਮ ਅੰਮ੍ਰਿਤ ਮਿਲਦਾ ਹੈ, ਜੋ ਚਾਰ ਪਦਾਰਥਾਂ ਦਾ ਮੂਲ ਹੈ। ਇਸ ਅੰਮ੍ਰਿਤ ਪਦਾਰਥ ਨਾਲ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ। ਗੁਰੂ ਦੀ ਸੰਗਤ ਕਰਨ ਵਾਲ਼ਾ ਆਪਣੀ ਸੁਰਤਿ ਨੂੰ ਅਕਾਸ਼ ਵੱਲ ਲੈ ਜਾਣ ਵਈ ਇਲਾਹੀ ਬਾਣੀ ਸੁਣਦਾ ਹੈ ਤੇ ਅਰਦਾਸ ਕਰਦਾ ਹੈ ‘‘ਊਤਮ ਕਥਾ ਸੁਣੀਜੈ ਸ੍ਰਵਣੀ; ਮਇਆ ਕਰਹੁ ਭਗਵਾਨ  !  ਆਵਤ ਜਾਤ ਦੋਊ ਪਖ ਪੂਰਨ; ਪਾਈਐ ਸੁਖ ਬਿਸ੍ਰਾਮ ’’ (ਮਹਲਾ /੧੨੨੦) ਭਾਵ ਆਪਣੇ ਕੰਨਾਂ ਨਾਲ ਗੁਰੂ ਦੀ ਬਾਣੀ ਰੂਪ ਉੱਤਮ ਕਥਾ ਸੁਣੀਏ।  ਗੁਰੂ ਦੀ ਬਾਣੀ ਵਿੱਚ ਸੁਚੱਜਾ ਜੀਵਨ ਜਿਊਣ ਦੇ ਸਿਧਾਂਤ ਦੱਸੇ ਹਨ। ਗੁਰੂ ਦੀ ਸੰਗਤ ਕਰਨ ਨਾਲ਼ ਮਨ ਅੰਦਰ ਜੋ ਤ੍ਰਿਸ਼ਨਾਵਾਂ ਚੱਲਦੀਆਂ ਹਨ। ਉਹ ਸ਼ਾਂਤ ਹੋ ਜਾਂਦੀਆਂ ਹਨ। ਮਨ ਟਿਕ ਜਾਂਦਾ ਹੈ। ਸੰਗਤ ਕਰਨ ਵਾਲ਼ਾ ਗੁਰੂ ਦੀ ਸਿੱਖਿਆ ਰਾਹੀਂ ਆਪਣੇ ਮਨ ਅੰਦਰਲੇ ਵਿਕਾਰਾਂ ਨੂੰ ਵਿਚਾਰ ਵਿਚਾਰ ਕੇ ਅਸਲੀਅਤ ਪਾ ਲੈਂਦਾ ਹੈ; ਜਿਵੇਂ ਕਿ ਬਚਨ ਹਨ ‘‘ਸੋਧਤ ਸੋਧਤ ਤਤੁ ਬੀਚਾਰਿਓ; ਭਗਤਿ ਸਰੇਸਟ ਪੂਰੀ ’’ (ਮਹਲਾ /੧੨੨੧) ਭਾਵ ਆਪਣੀ ਬਿਬੇਕ ਬੁੱਧੀ ਨਾਲ ਜ਼ਿੰਦਗੀ ਦੀ ਤਹਿ ਤੱਕ ਪਹੁੰਚਣਾ ਹੈ। ਤਤ ਕੱਢਣਾ ਹੈ ਕਿ ਕੀ ਠੀਕ ਹੈ, ਕੀ ਗ਼ਲਤ। ਵਿਚਾਰ ਵਿਚਾਰ ਕੇ ਸਮਝ ਆਈ ਕਿ ਸਭ ਤੋਂ ਉਤਮ ਰੱਬ ਦੀ ਭਗਤੀ ਹੈ। ਇਸ ਨਾਲ਼ ਹੀ ਸਾਰਾ ਜੀਵਨ ਦੁੱਖ ਮਿਟਦਾ ਹੈ ‘‘ਦੂਖੁ ਗਇਆ; ਸਭੁ ਰੋਗੁ ਗਇਆ   ਪ੍ਰਭ ਕੀ ਆਗਿਆ ਮਨ ਮਹਿ ਮਾਨੀ; ਮਹਾ ਪੁਰਖ ਕਾ ਸੰਗੁ ਭਇਆ ਰਹਾਉ ’’ (ਮਹਲਾ /੮੯੦) ਇੱਥੇ ਮਨ ਦੇ ਰੋਗਾਂ ਦੀ ਗੱਲ ਹੈ, ਸਰੀਰਕ ਰੋਗਾਂ ਦੀ ਨਹੀਂ । ਮਨ ਵਿਕਾਰਾਂ ਕਾਰਨ ਦੁੱਖੀ ਹੈ। ਉਨ੍ਹਾਂ ਤੋਂ ਮੁਕਤ ਹੋਣਾ ਹੈ। ਗੁਰੂ ਦੀ ਸੰਗਤ ਨਾਲ਼ ਰੱਬ ਜੀ ਦੀ ਬੰਦਗੀ ਕਰਕੇ ਔਗੁਣਾਂ ਅਤੇ ਵਿਕਾਰਾਂ ਤੋਂ ਮੁਕਤ ਹੋਣਾ ਹੈ।

ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਜਪਦੇ ਹਨ, ਓਥੇ ਹੀ ਬੈਕੁੰਠ ਹੈ। ਗੁਰਮੁਖਾਂ ਦਾ ਦਰਸ਼ਨ ਕਰਨ ਨਾਲ਼ ਆਨੰਦ ਪਰਾਪਤ ਹੁੰਦਾ ਹੈ। ਦਰਸਨ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਆਪਣੀਆਂ ਅੱਖਾਂ ਨਾਲ ਦੇਖਣਾ। ਦੂਸਰਾ ਵਿਚਾਰਧਾਰਾ ਨੂੰ ਸਮਝਣਾ। ਸਨਾਤਨ ਮੱਤ ਵਿੱਚ ਪੁਸਤਕਾਂ, ਸ਼ਾਸਤ੍ਰਾਂ ਨੂੰ ਦਰਸ਼ਨ ਕਹਿੰਦੇ ਹਨ। ਇੱਥੇ ਜਿਹੜਾ ਦਰਸ਼ਨ ਹੈ, ਉਹ ਜੀਵਨ ਜਾਚ ਨੂੰ ਸਮਝਣਾ ਹੈ। ਜਿਸ ਵਕਤ ਗੁਰੂ ਦੀ ਦੱਸੀ ਜੀਵਨ ਜਾਚ ਪੱਲੇ ਪੈ ਗਈ ਮਨ ਦੇ ਵਿੱਚ ਖੇੜਾ ਹੀ ਖੇੜਾ ਹੁੰਦਾ ਹੈ ਤਾਂ ਤੇ ‘‘ਰਾਮ ਗੁਣਾ; ਨਿਤ ਨਿਤ ਹਰਿ ਗਾਈਐ ’’ (ਮਹਲਾ /੮੯੦)

ਜਦ ਸਮਝ ਆਈ ਕਿ ਰੱਬ ਜੀ ਗੁਣਾਂ ਦੇ ਸਾਗਰ ਹਨ। ਉਸੇ ਵਕਤ ਗੁਣਾਂ ਵਾਲਾ ਜੀਵਨ ਬਤੀਤ ਕਰਨ ਲਈ ਭਾਵ ਉਸੇ ਪਾਸੇ ਜ਼ਿੰਦਗੀ ਬਤੀਤ ਕਰਨ ਲਈ ਜਗਿਆਸੂ ਤਤਪਰ ਰਹਿੰਦਾ ਹੈ। ਫਿਰ ਕਿਉਂ ਨਹੀਂ ਬੈਕੁੰਠ ਮਿਲੇਗਾ ?

ਜਿਵੇਂ ਘਰ ਵਿੱਚ ਬੱਚੇ ਹੁੰਦੇ ਹਨ। ਬਹੁਤ ਵਾਰ ਉਨ੍ਹਾਂ ਨੂੰ ਕਿਸੀ ਗੱਲ ਲਈ ਮਨਾਉਣਾ ਹੁੰਦਾ ਹੈ ਤਾਂ ਕਿਸੇ ਵੇਲੇ ਪਿਆਰ ਨਾਲ ਮਿੱਠੀ ਜਿਹੀ ਝਿੜਕੀ ਮਾਰਦੇ ਹਾਂ, ਕਿਸੇ ਵੇਲੇ ਬੁਲਾ ਕੇ ਜਾਂ ਲਾਲਚ ਦੇ ਕੇ ਮਨਾ ਲੈਂਦੇ ਹਾਂ। ਕਬੀਰ ਸਾਹਿਬ ਜੀ ਵੀ ਇਹੀ ਹੱਲਾਸ਼ੇਰੀ ਦਿੰਦੇ ਹਨ ‘‘ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ   ਹਿਚਹਿ; ਪ੍ਰੇਮ ਕੈ ਚਾਬੁਕ ਮਾਰਉ ’’ ਸੋ ਸਵਰਗ ਦਾ ਮਤਲਬ ਸਹਜ ਮਾਣਨਾ ਹੈ। ਭਟਕਣਾ ਤੋਂ ਬਚਣਾ ਹੈ ਫਿਰ ਸਦਾ ਅਨੰਦ ਹੀ ਅਨੰਦ ਹੈ। ਇਹੀ ਹੈ ਅਸਲ ਬੈਕੁੰਠ, ਪਰ ਇਸ ਅਵਸਥਾ ਨੂੰ ਵਿਰਲੇ ਹੀ ਭੋਗਦੇ ਹਨ ‘‘ਸਹਜ ਕਥਾ ਪ੍ਰਭ ਕੀ ਅਤਿ ਮੀਠੀ   ਵਿਰਲੈ ਕਾਹੂ ਨੇਤ੍ਰਹੁ ਡੀਠੀ ਰਹਾਉ ’’ (ਮਹਲਾ /੭੩੯)

ਆਪਣੇ ਤੀਜੇ ਬੰਦ ਵਿੱਚ ਪੂਰੇ ਸ਼ਬਦ-ਵਿਸ਼ੇ ਨੂੰ ਸੰਕੋਚਦਿਆਂ ਭਗਤ ਕਬੀਰ ਜੀ ਕਹਿ ਰਹੇ ਹਨ ‘‘ਕਹਤ ਕਬੀਰ ਭਲੇ ਅਸਵਾਰਾ   ਬੇਦ ਕਤੇਬ ਤੇ ਰਹਹਿ ਨਿਰਾਰਾ ’’ ਭਲੇ ਤੋਂ ਭਾਵ ਹੈ ਚੰਗੇ, ਸਿਆਣੇ। ਅਸਵਾਰਾ- ਸਵਾਰੀ ਕਰਨ ਵਾਲੇ। ਰਹਹਿ-ਰਹਿੰਦੇ ਹਨ। ਨਿਰਾਰਾ- ਵੱਖਰੇ। ਪੂਰੇ ਬੰਦ ਦਾ ਸ਼ਾਬਦਿਕ ਅਰਥ ਹੈ ‘ਐਸੀ ਸਵਾਰੀ ਕਰਨ ਵਾਲੇ ਸਿਆਣੇ ਹੁੰਦੇ ਹਨ, ਫਿਰ ਉਹ ਕਰਮਕਾਂਡੀ ਵਿਚਾਰਾਧਾਰਾ ਤੋਂ ਵੱਖਰੇ ਰਹਿੰਦੇ ਹਨ। ਪ੍ਰਚਲਿਤ ਧਾਰਮਿਕ ਪੁਸਤਕਾਂ ਦੀਆਂ ਅਰਥਹੀਣ ਮਰਿਆਦਾ ਵਿੱਚ ਬੱਝਾ ਨਹੀਂ ਰਹਿੰਦਾ ਬਲਕਿ ਰੱਬੀ ਪ੍ਰੇਮ ਵਿੱਚ ਲੀਨ ਹੋ ਆਪਣੇ ਮਾਲਕ ਦੇ ਹੁਕਮ ਵਿੱਚ ਤੁਰਦਾ ਹੈ।

ਧਾਰਮਿਕ ਕਰਮਕਾਂਡ ਅਕਸਰ ਸ਼ਰਧਾਲੂ ਨੂੰ ਹੰਕਾਰੀ ਬਣਾ ਦਿੰਦੇ ਹਨ। ਮੈਂ ਐਨਾ ਧਰਮੀ ਹਾਂ । ਮੈਂ ਤੀਰਥ ਯਾਤਰਾ ਕਰ ਆਇਆ, ਆਦਿ। ਇਹ ਹੰਕਾਰ ਮਨੁੱਖ ਨੂੰ ਮਾਨਸਿਕ ਰੋਗੀ ਬਣਾ ਦਿੰਦਾ ਹੈ, ਇਸ ਲਈ ਕਿਹਾ ਗਿਆ ਕਿ ‘‘ਪੰਡਿਤ ਮੁਲਾਂ ਜੋ ਲਿਖਿ ਦੀਆ   ਛਾਡਿ ਚਲੇ ਹਮ; ਕਛੂ ਲੀਆ   ਰਿਦੈ ਇਖਲਾਸੁ ਨਿਰਖਿ ਲੇ ਮੀਰਾ   ਆਪੁ ਖੋਜਿ ਖੋਜਿ; ਮਿਲੇ ਕਬੀਰਾ ’’ (ਭਗਤ ਕਬੀਰ/੧੧੫੯) ਭਾਵ ਪੰਡਿਤ ਤੇ ਮੌਲਵੀਆਂ ਨੇ ਜੋ ਕਰਮਕਾਂਡ ਆਦਿ ਲਿਖਿਆ, ਮੈਂ ਉਹ ਨਹੀਂ ਕੀਤਾ। ਮੈਂ ਤਾਂ ਆਪਣੇ ਗੁਰੂ ਨਾਲ ਪਿਆਰ ਪਾਇਆ ਹੈ। ਪਿਆਰ ਵਿੱਚ ਬੱਧਾ ਚੱਟੀ ਨਹੀਂ ਹੁੰਦੀ। ਮਾਂ ਤੇ ਬੱਚੇ ਦਾ ਅਸੀਂ ਰਿਸ਼ਤਾ ਦੇਖੀਏ, ਕਦੀ ਵੀ ਇੰਜ ਨਹੀਂ ਹੁੰਦਾ ਕਿ ਬੱਚਾ ਹਰ ਵੇਲੇ ਕਹੇ ਕਿ ਮਾਂ ! ਮੈਨੂੰ ਹਰ ਵੇਲੇ ਪਿਆਰ ਕਰ। ਇਹੀ ਸਮਝ ਹੁੰਦੀ ਹੈ ਕਿ ਮਾਂ ਮੈਨੂੰ ਸਦਾ ਪਿਆਰ ਕਰਦੀ ਹੈ। ਮਾਂ ਵੀ ਕਦੀ ਨਹੀਂ ਕਹਿੰਦੀ ਕਿ ਬੱਚਾ ਸਾਰਾ ਦਿਨ ਮਾਂ ਮਾਂ ਬੋਲਦਾ ਰਹੇ। ਉਸਨੂੰ ਯਕੀਨ ਹੁੰਦਾ ਹੈ ਕਿ ਬੱਚਾ ਮੈਨੂੰ ਪਿਆਰ ਕਰਦਾ ਹੈ। ਦੋਨਾਂ ਦਾ ਆਪਸੀ ਰਿਸ਼ਤਾ ਹੀ ਪਿਆਰ ਬਣਦਾ ਹੈ। ਇੱਦਾਂ ਹੀ ਰੱਬ ਦੀ ਭੈ ਭਾਵਨੀ ਵਿੱਚ ਰਹਿੰਦਿਆਂ ਹਰ ਕੰਮ ਕਰਦੇ ਹੋਏ ਧਿਆਨ ਵਿੱਚ ਰੱਖਣਾ ਹੈ ਕਿ ਇਹ ਕੰਮ ਉਸ ਨੂੰ ਪਸੰਦ ਨਹੀਂ ਆਉਣਾ। ਇਹ ਮਜਬੂਰੀ ਨਹੀਂ ਸਗੋਂ ਨਿਰੋਲ ਪਿਆਰ ਹੈ। ਜੇ ਆਲੇ ਦੁਆਲੇ ਵਿਕਾਰਾਂ ਦਾ ਚਿੱਕੜ ਵੀ ਹੋਵੇ ਤਾਂ ਵੀ ਨਿਰਲੇਪ ਹੋ ਕੇ ਲੰਘ ਜਾਂਦਾ ਹੈ ‘‘ਕਬੀਰ  ! ਜਗੁ ਕਾਜਲ ਕੀ ਕੋਠਰੀ; ਅੰਧ ਪਰੇ ਤਿਸ ਮਾਹਿ   ਹਉ ਬਲਿਹਾਰੀ ਤਿਨ ਕਉ; ਪੈਸਿ ਜੁ ਨੀਕਸਿ ਜਾਹਿ ’’ (ਭਗਤ ਕਬੀਰ/੧੩੬੫)

 ਕਬੀਰ ਸਾਹਿਬ ਜੀ ਇਸ ਪੂਰੇ ਸ਼ਬਦ ਵਿੱਚ ਮਨ ਨੂੰ ਕਾਬੂ ਕਰਨਾ ਹੀ ਸਿਖਾਉਂਦੇ ਹਨ, ਪਰ ਜੋ ਇਸ ਗਿਆਨ ਤੋਂ ਸੱਖਣੇ ਰਹੇ ਉਹ ਨਿਖਸਮੇ ਰਹਿ ਜਾਂਦੇ ਹਨ; ਜਿਵੇਂ ਕਿ ਬਚਨ ਹਨ ‘‘ਨਾਨਕ ! ਗੁਰੂ ਚੇਤਨੀ; ਮਨਿ ਆਪਣੈ ਸੁਚੇਤ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ’’ (ਆਸਾ ਕੀ ਵਾਰ/ਮਹਲਾ /੪੬੩) ਭਾਵ ਜੇ ਮਨ ’ਚ ਗੁਰੂ ਪ੍ਰਤੀ ਲਗਾਅ ਨਹੀਂ ਤਾਂ ਹਾਲਤ ਉਨ੍ਹਾਂ ਦਾਣਿਆਂ ਵਰਗੀ ਹੁੰਦੀ ਹੈ ਜੋ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਖੇਤ ’ਚ ਪਇਆਂ ਨੂੰ ਕੋਈ ਉਠਾਉਣ ਵੀ ਨਹੀਂ ਜਾਂਦਾ।

 ਗੁਰਬਾਣੀ ਦਾ ਨਿਆਰਾ ਤੇ ਨਿਵੇਕਲਾ ਸਿਧਾਂਤ ਹੈ। ਮਰਨ ਉਪਰੰਤ ਕਿਸੇ ਸਵਰਗ ਦੀ ਲਾਲਸਾ ਨਹੀਂ ਦਿੱਤੀ। ਗੁਰਬਾਣੀ ਅਨੁਸਾਰ ਜ਼ਿੰਦਗੀ ਜਿਊਣ ਦੀ ਗੱਲ ਕੀਤੀ ਗਈ ਹੈ ਜਦਕਿ ਬਾਕੀ ਧਰਮ; ਡਰ ਅਤੇ ਲਾਲਚ ਨੂੰ ਸਾਮ੍ਹਣੇ ਰੱਖ ਕੇ ਧਾਰਮਿਕ ਗਿਆਨ ਦਿੰਦੇ ਹਨ।

ਇਸ ਸ਼ਬਦ ਵਿੱਚ ਕਬੀਰ ਜੀ ਮਨੁੱਖ ਅੰਦਰ ਯਕੀਨ ਪੱਕਾ ਕਰ ਰਹੇ ਹਨ ਕਿ ਪਰਮਾਤਮਾ ਆਪ ਹਰ ਥਾਂ ’ਤੇ ਰੱਖਿਆ ਕਰਦਾ ਹੈ। ਇੱਕ ਹੋਰ ਸ਼ਬਦ ਦੀ ‘ਰਹਾਉ’ ਪੰਗਤੀ ਵਿੱਚ ਵੀ ਕਬੀਰ ਜੀ ਕਹਿ ਰਹੇ ਹਨ ਕਿ ਭਾਵੇਂ ਮੇਰਾ ਸਰੀਰ ਜਲ਼ ਜਾਏ ਮੈ ਆਪਣੇ ਮਾਲਕ ਨਾਲ਼ ਪਿਆਰ ਕਰਨਾ ਨਹੀਂ ਛੱਡਾਂਗਾ ‘‘ਰਾਮ ਜਪਤ; ਤਨੁ ਜਰਿ ਕੀ ਜਾਇ   ਰਾਮ ਨਾਮ ਚਿਤੁ ਰਹਿਆ ਸਮਾਇ ਰਹਾਉ ’’ (ਭਗਤ ਕਬੀਰ/੩੨੯) ਭਾਵ ਜਿਸ ਮਨੁੱਖ ਦਾ ਮਨ; ਰਾਮ ਦੇ ਨਾਮ ਵਿੱਚ ਲੱਗ ਗਿਆ, ਉਹ ਆਪਣੇ ਸਰੀਰ ਦੀ ਕੋਈ ਪਰਵਾਹ ਨਹੀਂ ਕਰਦਾ। ਸਿਮਰਨ ਕਰਦਿਆਂ ਭਾਵੇਂ ਸਰੀਰ ਸੜ ਵੀ ਜਾਏ, ਕਹਿਣਾ ਅਥਾਹ ਪ੍ਰੇਮ ਦਾ ਪ੍ਰਗਟਾਵਾ ਹੈ। ਇਸ ਲਈ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤੇ ਹਨ ‘‘ਜਿਸੁ ਪਿਆਰੇ ਸਿਉ ਨੇਹੁ; ਤਿਸੁ ਆਗੈ ਮਰਿ ਚਲੀਐ (ਮਹਲਾ /੮੩)

ਸੋ ਕਬੀਰ ਸਾਹਿਬ ਜੀ ਦੇ ਇਸ ਸਬਦ ਵਿੱਚ ਅਲੰਕਾਰ ਸ਼ਬਦਾਂ ਦੀ ਬਹੁਤਾਤ ਹੈ, ਜਿਨ੍ਹਾਂ ਰਾਹੀਂ ਭਾਵਾਰਥ ਜਾਣਨਾ ਆਮ ਇਨਸਾਨ ਲਈ ਭਾਵੇਂ ਥੋੜ੍ਹਾ ਮੁਸ਼ਕਲ ਹੋਵੇ, ਪਰ ਗੁਰੂ ਨਾਲ਼ ਪਿਆਰ ਕਰਨ ਵਾਲ਼ਿਆਂ ਲਈ ਕੋਈ ਕਠਿਨਾਈ ਨਹੀਂ ਹੁੰਦੀ। ਉਹ, ਗੁਰਬਾਣੀ ਦਾ ਹਰ ਉਪਦੇਸ਼; ਸਤਿਗੁਰੂ ਦੀ ਕਿਰਪਾ ਨਾਲ਼ ਸਹਿਜੇ ਹੀ ਸਮਝ ਜਾਂਦੇ ਹਨ ਕਿਉਂਕਿ ਗੁਰਬਾਣੀ ਆਮ ਮਨੁੱਖ ਨੂੰ ਧਿਆਨ ’ਚ ਰੱਖ ਕੇ ਹੀ ਰਚੀ ਗਈ ਹੈ। ਪੰਡਿਤਾਂ ਵਾਙ ਗਿਆਨ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਿਆ।