ਦਸਤਾਰਧਾਰੀ ਜਾਂਬਾਜ਼

0
80

                    ਦਸਤਾਰਧਾਰੀ ਜਾਂਬਾਜ਼

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਜਾ ਕੇ ਜੋ ਸਰੀਰਾਂ ਅੰਦਰ ਰੂਹ ਫੂਕੀ ਸੀ, ਉਸ ਨੇ ਕਿਵੇਂ ਦੇ ਜਾਂਬਾਜ਼ (ਤੇਜ਼-ਤਰਾਰ ਮਨੁੱਖ) ਪੈਦਾ ਕੀਤੇ, ਉਨ੍ਹਾਂ ਵਿੱਚੋਂ ਹੀ ਕੁੱਝ ਕੁ ਦਾ ਜ਼ਿਕਰ ਕਰਨ ਲੱਗੀ ਹਾਂ।

ਸਭ ਤੋਂ ਔਖਾ ਉਹ ਸਮਾਂ ਹੁੰਦਾ ਹੈ ਜਦੋਂ ਸਾਹਮਣੇ ਮੌਤ ਵੇਖ ਕੇ ਵੀ ਆਪਣੇ ਲਈ ਨਹੀਂ ਬਲਕਿ ਹੋਰਨਾਂ ਦੀ ਰਾਖੀ ਕਰਦਿਆਂ ਆਪ ਹੀ ਅਗਾਂਹ ਹੋ ਕੇ ਭਰ ਜਵਾਨੀ ਵਿਚ ਮੌਤ ਨੂੰ ਲਾੜੀ ਦੇ ਤੁਲ ਮੰਨ ਕੇ ਹਸਦਿਆਂ ਹਸਦਿਆਂ ਕੁਰਬਾਨ ਹੋ ਜਾਣਾ ਹੁੰਦਾ ਹੈ। ਆਪਣੇ ਜੰਮਣ ਵਾਲਿਆਂ, ਜੀਵਨ ਸਾਥਣ, ਗੋਦ ਵਿਚ ਪੈ ਕੇ ਕਿਲਕਾਰੀ ਮਾਰਨ ਨੂੰ ਤਰਸਦਾ ਬਾਲ ਅਤੇ ਅੱਗੇ ਆਉਣ ਵਾਲੇ ਖੁਸ਼ਨੁਮਾ ਪਲਾਂ ਨੂੰ ਕੁਰਬਾਨ ਕਰਕੇ ਸਿਰਫ਼ ਦੇਸ ਦਾ ਮਾਣ ਵਧਾਉਣ ਲਈ, ਜਿਨ੍ਹਾਂ ਨੇ ਇੱਕ ਹੁੰਦਿਆਂ ਵੀ ਸਵਾ ਲੱਖ ਨਾਲ ਲੜ ਕੇ ਦਸਤਾਰ ਨਾਲ ਮਿਲੀ ਰੂਹਾਨੀ ਤਾਕਤ ਨੂੰ ਦੁਨੀਆ ਸਾਹਮਣੇ ਦਰਸਾਇਆ, ਉਸ ਤਰ੍ਹਾਂ ਦੀ ਮਿਸਾਲ ਦੁਨੀਆ ਦੇ ਹੋਰ ਹਿੱਸਿਆਂ ਵਿਚ ਹਾਲੇ ਤੱਕ ਨਹੀਂ ਦਿਸੀ।

ਜੈਸਲਮੇਰ ਦੇ ਫੌਜੀ ਇਲਾਕੇ ਵਿਚ ਰੋਜ਼ ਸ਼ਾਮ ਨੂੰ ਇੱਕ ਫਿਲਮ ਵਿਖਾਈ ਜਾਂਦੀ ਹੈ, ਜਿਸ ਵਿਚ ਉਸ ਥਾਂ ਉੱਤੇ 23 ਪੰਜਾਬ ਰੈਜਮੈਂਟ ਵੱਲੋਂ ਵਿਖਾਈ ਲਾਮਿਸਾਲ ਵੀਰਤਾ ਦੀ ਕਹਾਣੀ ਦੁਹਰਾਈ ਜਾਂਦੀ ਹੈ। ਬੜੇ ਫ਼ਖ਼ਰ ਨਾਲ ਅਨੇਕ ਵਾਰ ਇੱਕ-ਇੱਕ ਦਸਤਾਰਧਾਰੀ ਜਾਂਬਾਜ਼ ਵੱਲੋਂ ਗੱਜ ਕੇ ਬੁਲਾਏ ਫ਼ਤਿਹ ਦੇ ਜੈਕਾਰੇ ਨੂੰ ਗਗਨ ਚੁੰਬੀ ਆਵਾਜ਼ ਨਾਲ ਚੁਫ਼ੇਰੇ ਰੌਸ਼ਨੀਆਂ ਹੇਠ ਟੈਂਕਾਂ ਤੇ ਤੋਪਾਂ ਦੇ ਗੋਲ਼ਿਆਂ ਵਿਚ ਸੁਣਾਇਆ ਜਾਂਦਾ ਹੈ। ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਸ਼ੇਰ ਵਰਗੀ ਦਹਾੜ ਜਦੋਂ ਸੁਣਦੀ ਹੈ ਤਾਂ ਹਰ ਵੇਖਣ ਵਾਲੇ ਦੇ ਸਰੀਰ ਅੰਦਰਲਾ ਲਹੂ ਉਬਾਲੇ ਖਾਣ ਲੱਗਦਾ ਹੈ।

ਜਿਉਂ ਹੀ ਲਾਈਟ ਐਂਡ ਸਾਊਂਡ ਫਿਲਮ ਵਿਚ ਆਰ ਜਾਂ ਪਾਰ ਦੀ ਜੰਗ ਵਿੱਢਣ ਤੋਂ ਪਹਿਲਾਂ ਖਾਲਸਾ ਝੰਡਾ ਸਕਰੀਨ ਉੱਤੇ ਵਿਖਾ ਕੇ, ਫਿਰ ਖੰਡਾ ਲਹਿਰਾ ਕੇ, ਗੱਜ ਕੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਨਾਲ ‘ਜੈ ਹਿੰਦ’ ਕਹਿੰਦਿਆਂ ਦਸਤਾਰਧਾਰੀ ਛਾਲਾਂ ਮਾਰਦਿਆਂ ਅਗਾਂਹ ਤੁਰਦੇ ਵਿਖਾਈ ਦਿੰਦੇ ਹਨ ਤਾਂ ਹਰ ਵੇਖਣ ਵਾਲਾ ਜਾਤ-ਪਾਤ, ਧਰਮ ਭੁਲਾ ਕੇ ਫ਼ਤਿਹ ਦੇ ਜੈਕਾਰੇ ਦੇ ਨਾਲ ਹੀ ਸਤਿ ਸ੍ਰੀ ਅਕਾਲ ਅਤੇ ਜੈ ਹਿੰਦ ਬੁਲਾਉਂਦਾ ਦਿੱਸਦਾ ਹੈ। ਜਿਸ ਬਹਾਦਰੀ ਨਾਲ ਸਿੱਖ ਫ਼ੌਜੀਆਂ ਵੱਲੋਂ ਪਾਕਿਸਤਾਨੀ ਟੈਂਕਾਂ ਉੱਤੇ ਹੱਲਾ ਬੋਲਦਿਆਂ ਵਿਖਾਇਆ ਜਾਂਦਾ ਹੈ, ਹਰ ਕਿਸੇ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਸਿੱਖ ਫ਼ੌਜੀ ਨੂੰ ਸ਼ਹੀਦ ਹੁੰਦਿਆਂ ਵੇਖ ਇੱਕ ਵੀ ਜਣਾ ਹੰਝੂ ਕੇਰਨ ਤੋਂ ਬਿਨਾਂ ਨਹੀਂ ਰਹਿੰਦਾ। ਜਿਉਂ ਹੀ ‘ਦੇਹ ਸ਼ਿਵਾ’ ਉਚਾਰਿਆ ਜਾਂਦਾ ਹੈ, ਉੱਥੇ ਸਭ ਖੜ੍ਹੇ ਹੋ ਕੇ ਮਹਾ ਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਜਿਉਂਦੀ ਜਾਗਦੀ ਤਸਵੀਰ ਤੇ ਚਿਹਰੇ ਦੇ ਜਲੌ (ਰੋਹਬ) ਨੂੰ ਵੇਖ ਸਲਾਮ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਮੇਰੇ ਪਤੀ ਡਾ. ਗੁਰਪਾਲ ਸਿੰਘ ਦੇ ਸਿਰ ਸਜੀ ਦਸਤਾਰ ਵੇਖ ਹਰ ਫ਼ੌਜੀ ਨੇ ਸੈਲੂਟ ਕਰ ਕੇ ਇੱਜ਼ਤ ਦਿੰਦਿਆਂ ਇਹੀ ਕਿਹਾ- ‘ਆਜ ਜੈਸਲਮੇਰ ਅਗਰ ਭਾਰਤ ਕਾ ਹਿੱਸਾ ਹੈ ਤੋ ਸਿਰਫ਼ ਏਕ ਬੱਬਰ ਸ਼ੇਰ ਕੁਲਦੀਪ ਚਾਂਦਪੁਰੀ ਜੀ ਕੇ ਕਾਰਨ ਹੀ ਹੈ। ਹਰ ਸਿੱਖ ਭਾਈ ਕੋ ਹਮਾਰਾ ਸਲਾਮ ਹੈ। ਉਨਕੇ ਜਜ਼ਬੇ ਕੋ ਸਲਾਮ ਹੈ।’

23 ਪੰਜਾਬ ਰੈਜਮੈਂਟ ਦੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ 120 ਫ਼ੌਜੀਆਂ ਕੋਲੋਂ ਜਿਸ ਬਹਾਦਰੀ ਨਾਲ ਚਾਂਦਪੁਰੀ ਜੀ ਨੇ 5 ਅਤੇ 6 ਦਸੰਬਰ 1971 ਨੂੰ 20,000 ਪਾਕਿਸਤਾਨੀ ਫ਼ੌਜੀਆਂ, ਟੈਂਕਾਂ, ਤੋਪਾਂ ਦੇ ਸਾਹਮਣੇ ਜੂਝਣ ਲਈ ਟਿਕਾਈ ਰੱਖਿਆ, ਉਹ ਜੰਗ ਅੱਜ ਬ੍ਰਿਟੇਨ ਵਿਖੇ ਇਕ ਮਿਸਾਲੀ ਜੰਗ ਵਜੋਂ ਫ਼ੌਜੀਆਂ ਲਈ ਸਿਖਲਾਈ ਦਾ ਹਿੱਸਾ ਬਣਾ ਦਿੱਤੀ ਗਈ ਹੈ। ਸਭ ਮੰਨਦੇ ਹਨ ਕਿ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਐਨੇ ਬੁਲੰਦ ਸਨ ਕਿ ਪਾਕਿਸਤਾਨੀ ਫ਼ੌਜੀਆਂ ਨੂੰ ਭੁਲੇਖਾ ਪੈ ਗਿਆ ਸੀ ਕਿ ਲੌਂਗੇਵਾਲ (ਰਾਜਸਥਾਨ) ਦੀ ਨਿੱਕੀ ਜਿਹੀ ਪੋਸਟ ਉੱਤੇ ਖ਼ੌਰੇ 50,000 ਦੀ ਫ਼ੌਜ ਖੜ੍ਹੀ ਹੋਈ ਹੈ।

ਐਨੀ ਫ਼ੌਜ ਨਾਲ ਜੂਝਦਿਆਂ ਸਿਰਫ਼ ਦੋ ਸ਼ਹੀਦੀਆਂ ਹੋਣੀਆਂ ਤੇ ਦੁਸ਼ਮਨ ਫ਼ੌਜੀਆਂ ਅਤੇ ਉਨ੍ਹਾਂ ਦੇ ਟੈਂਕਾਂ ਨੂੰ ਨੇਸਤਾ ਨਾਬੂਤ ਕਰ ਦੇਣਾ ਕੋਈ ਖਾਲਾ ਜੀ ਦਾ ਘਰ ਨਹੀਂ ਸੀ।

ਕੌਣ ਭੁਲਾ ਸਕਦਾ ਹੈ ਲੈਫ. ਜਨਰਲ ਬਿਕਰਮ ਸਿੰਘ ਜੀ ਨੂੰ, ਜੋ ਸੰਨ 1933 ਵਿਚ ਫ਼ੌਜ ਵਿਚ ਭਰਤੀ ਹੋਏ। ਉਨ੍ਹਾਂ ਨੂੰ ਅੱਜ ਤਾਈਂ ਚੀਨੀ ਨਹੀਂ ਭੁਲਾ ਸਕੇ ਅਤੇ ਹੁਣ ਤੱਕ ‘ਡਰੈਗਨ ਕਿੱਲਰ’ ਵਜੋਂ ਹੀ ਯਾਦ ਕਰਦੇ ਹਨ। ਸੰਨ 1962 ਵਿਚ ਲੱਦਾਖ ਵਿਚ ਚੀਨੀ ਫ਼ੌਜੀਆਂ ਨੂੰ, ਜਿਸ ਢੰਗ ਨਾਲ ਵੱਢਿਆ ਤੇ ਦਹਿਸ਼ਤ ਫੈਲਾਈ, ਚੀਨੀ ਫ਼ੌਜੀ ਦਸਤਾਰ ਵੇਖਦਿਆਂ ਪਿਛਾਂਹ ਭੱਜਣ ਲੱਗ ਪਏ ਸਨ।

ਲੱਦਾਖ ਦੇ ਬੋਧੀਆਂ ਨੇ ਅਜਿਹੀ ਬਹਾਦਰੀ ਬਾਰੇ ਕਦੇ ਸੁਣਿਆ, ਵੇਖਿਆ ਵੀ ਨਹੀਂ ਸੀ। ਉਨ੍ਹਾਂ ਨੂੰ ‘ਸਿੰਘ’ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ ਸੀ। ਇਹੀ ਕਾਰਨ ਹੈ ਕਿ ਉੱਥੇ ਵੱਸਦਾ ਹਰ ‘ਲਾਮਾ’ ਆਪਣੇ ਗੋਂਪੇ ਵਿਚ ਅਤੇ ਬੁੱਧ ਮੋਨੈਸਟਰੀਆਂ ਵਿਚ ਲੈਫ. ਜਨਰਲ ਬਿਕਰਮ ਸਿੰਘ ਨੂੰ ਹੀਰੋ ਵਜੋਂ ਯਾਦ ਰੱਖਣ ਵਾਸਤੇ, ਨਾ ਸਿਰਫ਼ ਯਾਦਗਾਰ ਬਣਾ ਕੇ ਬੈਠਾ ਹੈ ਬਲਕਿ ਲੋਕ ਗੀਤਾਂ ਦਾ ਹਿੱਸਾ ਬਣਾ ਕੇ ਅਮਰ ਕਰ ਚੁੱਕਿਆ ਹੈ। ਜੰਮੂ ਵਿਚ ਇੱਕ ਚੌਂਕ ਦਾ ਨਾਂ ਹੀ ਬਿਕਰਮ ਸਿੰਘ ਜੀ ਉੱਤੇ ਰੱਖਿਆ ਗਿਆ ਹੈ ਅਤੇ ਉੱਥੇ ਉਨ੍ਹਾਂ ਦਾ ਬੁੱਤ ਸੁਸ਼ੋਭਿਤ ਹੈ।

ਪੰਜਾਬ ਦੇ ਫ਼ਰੀਦਕੋਟ ਦਾ ਨਾਯਾਬ (ਬਹੁ ਕੀਮਤੀ) ਹੀਰਾ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਸੰਤ ਸਿੰਘ; ਭਾਰਤ ਦੀ ਫ਼ੌਜ ਦੇ ਚਮਕਦੇ ਸਿਤਾਰਿਆਂ ਦੀ ਸਿਖਰਲੀ ਕਤਾਰ ਵਿਚ ਸ਼ਾਮਲ ਕੀਤਾ ਗਿਆ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਦੁਸ਼ਮਨਾਂ ਦੇ ਛੱਕੇ ਛੁਡਾਉਣ ਵਾਲਾ ਇਹ ਹੀਰਾ ਅੱਜ ਤੱਕ ‘ਸੰਤ ਸਿਪਾਹੀ’ ਵਜੋਂ ਹੀ ਯਾਦ ਕੀਤਾ ਜਾਂਦਾ ਹੈ। ਸਿੱਖੀ ਦੇ ਸਿਧਾਂਤਾਂ ਨੂੰ ਪ੍ਰਣਾਇਆ ਇਹ ਹੀਰਾ ਸਵਾ ਲੱਖ ਨਾਲ ਲੜ ਜਾਣ ਵਾਲਾ ਮੰਨਿਆ ਜਾ ਚੁੱਕਿਆ ਹੈ। ਸ਼ਾਂਤ ਸੁਭਾਅ ਅਤੇ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲਾ ਇਹ ਜਾਂਬਾਜ਼; ਇੱਕ ਨਹੀਂ, ਦੋ ਦੋ ਜੰਗਾਂ ਵਿਚ ਸਰਵਉੱਚ ਸਨਮਾਨ ਹਾਸਲ ਕਰਨ ਵਾਲਾ ਸਾਬਤ ਹੋਇਆ। ਭਾਰਤੀ ਫ਼ੌਜ ਸੰਤ ਸਿੰਘ ਜੀ ਦੇ 1965 ਅਤੇ 1971 ਦੀ ਹਿੰਦ-ਪਾਕ ਜੰਗ ਵਿਚਲੇ ਬਹਾਦਰੀ ਦੇ ਕਾਰਨਾਮੇ ਭੁਲਾ ਹੀ ਨਹੀਂ ਸਕਦੀ ਕਿਉਂਕਿ ਪਾਕਿਸਤਾਨ ਦੀ ਭਾਰੀ ਫ਼ੌਜ ਦਾ ਜਿਸ ਬਹਾਦਰੀ ਨਾਲ ਥੋੜ੍ਹੇ ਜਿਹੇ ਫ਼ੌਜੀਆਂ ਨਾਲ ਸਾਹਮਣਾ ਕਰ ਕੇ, ਗੋਲ਼ਿਆਂ ਅਤੇ ਗੋਲ਼ੀਆਂ ਦੀ ਬੌਛਾਰ ਵਿੱਚੋਂ ਵੀ ਉਨ੍ਹਾਂ ਨੂੰ ਖਦੇੜ ਕੇ ਮੈਮਨ ਸਿੰਘ ਅਤੇ ਮਾਧੋਪੁਰ ਇਲਾਕਾ ਭਾਰਤ ਨਾਲ ਜੋੜਿਆ, ਇਹ ਸਿਰਫ਼ ਸੰਤ ਸਿਪਾਹੀ ਦੇ ਜੇਰੇ ਅਤੇ ਉਸ ਦੇ ਗਗਨ-ਚੁੰਬੀ ਫ਼ਤਿਹ ਦੇ ਜੈਕਾਰਿਆਂ ਸਦਕਾ ਹੀ ਸੰਭਵ ਹੋ ਸਕਿਆ।

ਕਦੇ ਕੋਈ ਸੁਫਨੇ ਵਿਚ ਵੀ ਸੋਚ ਸਕਦਾ ਹੈ ਕਿ ਇੱਕ ਜਰਨੈਲ ਇੱਕੋ ਦਿਨ ਵਿਚ ਦੁਸ਼ਮਨ ਦੇ 67 ਟੈਂਕ ਫ਼ਨਾਹ ਕਰ ਸਕਦਾ ਹੈ ? ‘ਸਵਾ ਲਾਖ ਸੇ ਏਕ ਲੜਾਉਂ’ ਦਾ ਜਿਊਂਦਾ ਜਾਗਦਾ ਇਤਿਹਾਸ ‘ਮੇਜਰ ਜਨਰਲ ਰਾਜਿੰਦਰ ਸਿੰਘ’ ਨੇ ਲਿਖਿਆ ! ‘ਸਪੈਰੋ’ ਨਾਂ ਨਾਲ ਮਸ਼ਹੂਰ ਰਾਜਿੰਦਰ ਸਿੰਘ ਨੂੰ ਦੋ ਵਾਰ ਬੇਮਿਸਾਲ ਬਹਾਦਰੀ ਵਾਸਤੇ ਮਹਾਵੀਰ ਚੱਕਰ ਦਿੱਤਾ ਗਿਆ। ਪਹਿਲਾ ਸੰਨ 1947 ਵਿਚ ‘ਝੰਗਰ’ (ਫਾਜ਼ਿਲਕਾ, ਪੰਜਾਬ) ਨੂੰ ਪਾਕਿਸਤਾਨ ਹੱਥੋਂ ਬਚਾ ਕੇ ਭਾਰਤ ਵਿਚ ਸ਼ਾਮਲ ਕਰਨ ਲਈ ਅਤੇ ਦੂਜੀ ਵਾਰ 1965 ਦੀ ਭਾਰਤ ਪਾਕ ਜੰਗ ਵਿਚ।

ਭਾਰਤੀ ਫ਼ੌਜ ਦੇ ਹਰ ਜਵਾਨ ਨੂੰ ਇਹ ਬਹਾਦਰੀ ਦੀ ਗਾਥਾ ਸੁਣਾਈ ਜਾਂਦੀ ਹੈ ਕਿ ਕਿਵੇਂ ਬੱਬਰ ਸ਼ੇਰ ਸਪੈਰੋ ਨੇ ਫਿਲੌਰਾ (ਬੰਗਲਾਦੇਸ਼) ਦੀ ਜੰਗ ਵਿਚ ਇੱਕੋ ਦਿਨ 67 ਦੁਸ਼ਮਣਾਂ ਦੇ ਟੈਂਕ ਫ਼ਨਾਹ ਕੀਤੇ ਅਤੇ ਆਪਣੀ ਛੋਟੀ ਜਿਹੀ ਫ਼ੌਜੀ ਟੁਕੜੀ ਨਾਲ 15 ਦਿਨ ਲਗਾਤਾਰ ਦੁਸ਼ਮਣਾਂ ਨਾਲ ਟੱਕਰ ਲੈਂਦਿਆਂ ਬਾਜ਼ ਵਾਂਗ ਹਮਲਾ ਕਰਦਿਆਂ 250 ਦੁਸ਼ਮਣਾਂ ਦੇ ਟੈਂਕ ਫੁੰਡ ਸੁੱਟੇ।

ਜਿੱਥੇ ਪਰਿੰਦਾ ਵੀ ਪਰ ਮਾਰਨ ਤੋਂ ਡਰਦਾ ਹੋਵੇ, ਉਸ ਜੋਜ਼ਿਲਾ ਪਾਸ (ਸੋਨਾਮਾਰਗ, ਜੰਮੂ ਕਸ਼ਮੀਰ) ਉੱਤੇ ਦੁਸ਼ਮਣਾਂ ਨੂੰ ਮੂੰਹ ਦੀ ਸਿਰਫ਼ ਇਸ ਲਈ ਖਾਣੀ ਪਈ ਕਿਉਂਕਿ ਉੱਡਣੇ ਬਾਜ਼ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਇਆ ਅਤੇ ਜੋਜ਼ਿਲਾ ਪਾਸ ਉੱਤੇ ਟੈਂਕ ਪਹੁੰਚਾ ਕੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ। ਇਹ ਦੁਨੀਆ ਦਾ ਵਿਲੱਖਣ ਰਿਕਾਰਡ ਹੈ ਕਿ ਐਨੀ ਉਚਾਈ ਉੱਤੇ ਕੋਈ ਵੀ ਟੈਂਕ ਪਹੁੰਚਾ ਨਹੀਂ ਸਕਿਆ, ਜੋ ‘ਸਪੈਰੋ’ ਨੇ ਕਰ ਵਿਖਾਇਆ। ਤਿੰਨ ਅਕਤੂਬਰ 1911 ਨੂੰ ਜੰਮਿਆ ਸਪੈਰੋ ਬਰਿਟਿਸ਼ ਆਰਮੀ ਰੈਜਮੈਂਟ ਲਿਵਰਪੂਲ ਵਿਖੇ ਵੀ ਨੌਕਰੀ ਕਰਦਾ ਰਿਹਾ ਸੀ ਤੇ ਉਸ ਨੇ ਵਿਸ਼ਵ ਜੰਗ ਦੂਜੀ ਵਿਚ ਵੀ ਬਹਾਦਰੀ ਦੇ ਜੌਹਰ ਵਿਖਾਏ ਸਨ। ਸੰਨ 1948 ਦੇ ਕਸ਼ਮੀਰ ਅਪਰੇਸ਼ਨ ਦੌਰਾਨ ਲੱਦਾਖ ਦਾ ਰਾਹ ਖੋਲਣ ਵਾਲਾ ਇਹ ਬੱਬਰ ਸ਼ੇਰ ਦਸਤਾਰ ਦਾ ਮਾਣ ਵਧਾ ਗਿਆ। ਸਲਾਮ ਹੈ ਉਸ ਦੇ ਜਜ਼ਬੇ ਨੂੰ।

ਕੈਪਟਨ ਈਸ਼ਰ ਸਿੰਘ ਦੀ ਵੀਰਤਾ ਦਾ ਲੋਹਾ ਫਿਰੰਗੀਆਂ ਨੇ ਵੀ ਮੰਨਿਆ ਸੀ। ਤੀਹ ਦਸੰਬਰ 1895 ਨੂੰ ਜੰਮੇ ਸਰਦਾਰ ਬਹਾਦਰ ਈਸ਼ਰ ਸਿੰਘ ਜੀ ਪਹਿਲੇ ਸਿੱਖ ਸਨ, ਜਿਨ੍ਹਾਂ ਨੂੰ ਬੇਮਿਸਾਲ ਯੋਧੇ ਵਜੋਂ 25 ਵਰ੍ਹਿਆਂ ਦੀ ਉਮਰ ਵਿਚ 28 ਪੰਜਾਬ ਰੈਜਮੈਂਟ ਵੱਲੋਂ ਵਜ਼ੀਰਸਤਾਨ ਵਿਚ ਬ੍ਰਿਟੇਨ ਵੱਲੋਂ ਲੜਦਿਆਂ ਵਿਕਟੋਰੀਆ ਕਰਾਸ ਦਿੱਤਾ ਗਿਆ। ਛਾਤੀ ਵਿਚ ਗੋਲ਼ੀ ਲੱਗਣ ਦੇ ਬਾਵਜੂਦ ਅਤੇ ਦੁਸ਼ਮਣਾਂ ਵੱਲੋਂ ਸਾਰੇ ਸਾਥੀ ਫ਼ੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਵੀ ਲਗਾਤਾਰ ਇਕੱਲੇ ਜੂਝਦਿਆਂ, ਨਾ ਸਿਰਫ਼ ਆਪਣੀ ਬੰਦੂਕ ਵਾਪਸ ਖੋਹੀ ਬਲਕਿ ਵਹਿੰਦੇ ਲਹੂ ਨਾਲ ਸਾਹਮਣੇ ਖੜ੍ਹੀ ਹਥਿਆਰਾਂ ਨਾਲ ਲੈਸ ਦੁਸ਼ਮਣ ਫ਼ੌਜੀਆਂ ਦੀ ਟੁਕੜੀ ਵੀ ਮਾਰ ਮੁਕਾਈ। ਹਾਲੇ ਏਥੇ ਹੀ ਬਸ ਨਹੀਂ ਹੋਈ, ਜਦੋਂ ਈਸ਼ਰ ਸਿੰਘ ਜੀ ਨੂੰ ਹਸਪਤਾਲ ਭੇਜਣ ਲਈ ਤਿਆਰੀ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਨੇ ਆਪਣੇ ਜ਼ਖ਼ਮੀ ਸਾਥੀ ਫ਼ੌਜੀਆਂ ਨੂੰ ਇਲਾਜ ਲਈ ਭੇਜਿਆ ਅਤੇ ਓਨੀ ਦੇਰ ਇਕੱਲੇ ਹੀ ਛਾਤੀ ਵਿੱਚੋਂ ਲਗਾਤਾਰ ਵਗਦੇ ਲਹੂ ਨਾਲ ਦੁਸ਼ਮਣਾਂ ਦਾ ਗੋਲ਼ੀਆਂ ਚਲਾ ਕੇ ਸਾਹਮਣਾ ਕਰਦਾ ਰਿਹਾ। ਜਦੋਂ ਇਲਾਜ ਲਈ ਡਟੇ ਡਾਕਟਰ ਵੱਲ ਦੁਸ਼ਮਣਾਂ ਨੇ ਗੋਲ਼ੀਆਂ ਚਲਾਈਆਂ ਤਾਂ ਈਸ਼ਰ ਸਿੰਘ ਜੀ ਨੇ ਆਪਣੇ ਸਰੀਰ ਨੂੰ ਢਾਲ਼ ਬਣਾ ਕੇ ਸਾਥੀ ਜ਼ਖ਼ਮੀ ਫ਼ੌਜੀਆਂ ਅਤੇ ਡਾਕਟਰ ਨੂੰ ਬਚਾਇਆ। ਤਿੰਨ ਘੰਟੇ ਇੰਜ ਹੀ ਵਗਦੇ ਲਹੂ ਅਤੇ ਛਲਣੀ ਸਰੀਰ ਨਾਲ ਡਟੇ ਰਹਿਣ ਸਦਕਾ ਹੀ ਵਿਸ਼ਵ ਜੰਗ ਦੂਜੀ ਵਿਚ ਉਨ੍ਹਾਂ ਨੂੰ ਪਹਿਲਾਂ ਦੇ ਮਿਲੇ ਵਿਕਟੋਰੀਆ ਕਰਾਸ ਦੇ ਨਾਲ ਬ੍ਰਿਟੇਨ ਦਾ ਸਰਵਉੱਚ ਸਨਮਾਨ ‘ਸਰਦਾਰ ਬਹਾਦਰ’ ਖਿਤਾਬ ਨਾਲ ਸਨਮਾਨਿਤ ਵੀ ਕੀਤਾ ਗਿਆ।

ਨਾਇਬ ਸੂਬੇਦਾਰ ਨੰਦ ਸਿੰਘ ਨੂੰ ਭਾਰਤ ਦੇ ਸਭ ਤੋਂ ਵੱਧ ਸਨਮਾਨਿਤ ਸਿੱਖ ਯੋਧੇ ਵਜੋਂ ਮਾਨਤਾ ਦਿੱਤੀ ਗਈ ਹੈ। ਪਹਿਲੇ ਵਿਸ਼ਵ ਜੰਗ ਵਿਚ ਵਿਕਟੋਰੀਆ ਕਰਾਸ ਹਾਸਲ ਕਰਨ ਤੋਂ ਬਾਅਦ 1947 ਵਿਚ ਜੰਮੂ ਕਸ਼ਮੀਰ ਵਿਚ ਉੜੀ ਇਲਾਕੇ ਵਿਚ ‘ਇੱਕ ਸਿੱਖ ਰੈਜਮੈਂਟ’ ਵੱਲੋਂ ਹਿੰਦ ਪਾਕਿ ਜੰਗ ਵਿਚ ਆਪਣੇ ਸਾਥੀਆਂ ਨੂੰ ਬਚਾਉਂਦੇ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕਰਦਿਆਂ ਜਾਨ ਤੱਕ ਵਾਰ ਦਿੱਤੀ। ਮਹਾਵੀਰ ਚੱਕਰ ਵਿਜੇਤਾ ਦੇ ਬੇਜਾਨ ਸਰੀਰ ਨੂੰ ਅਤਿ ਦੇ ਘਿਨਾਉਣੇ ਢੰਗ ਨਾਲ ਮੁਜੱਫਰਾਬਾਦ ਵਿਚ ਟਰੱਕ ਉੱਤੇ ਰੱਖ ਦੁਸ਼ਮਣਾਂ ਵੱਲੋਂ ਨਿਰਾਦਰ ਕੀਤਾ ਗਿਆ। ਵਿਕਟੋਰੀਆ ਕਰਾਸ ਹਾਸਲ ਕਰਨਾ ਸੂਬੇਦਾਰ ਨੰਦ ਸਿੰਘ ਜੀ ਦੀ ਵਿਲੱਖਣ ਮਿਸਾਲ ਇਸ ਲਈ ਹੈ ਕਿਉਂਕਿ ਤਿੱਖੀ ਚੋਟੀ ਉੱਤੇ ਬੈਠੀ ਦੁਸ਼ਮਣ ਟੁਕੜੀ ਨੂੰ ਹੇਠੋਂ ਭਾਰੇ ਹਥਿਆਰ ਚੁੱਕ ਕੇ, ਫੱਟੜ ਲੱਤ, ਮੂੰਹ ਅਤੇ ਬਾਂਹ ਨਾਲ ਜਿਵੇਂ ਕਾਬੂ ਕੀਤਾ ਅਤੇ ਅੱਗੋਂ ਹੋਰ ਦੋ ਚੋਟੀਆਂ ਵੀ ਦੁਸ਼ਮਣਾਂ ਤੋਂ ਆਜ਼ਾਦ ਕਰਵਾਈਆਂ, ਉਸ ਵਰਗਾ ਕੋਈ ਹੋਰ ਬਲਵਾਨ ਹਾਲੇ ਤੱਕ ਸਾਬਤ ਨਹੀਂ ਹੋਇਆ। ਇਹ ਇੱਕੋ ਇੱਕ ਭਾਰਤੀ ਫ਼ੌਜੀ ਹੈ, ਜਿਸ ਨੂੰ ਵਿਕਟੋਰੀਆ ਕਰਾਸ ਅਤੇ ਮਹਾਵੀਰ ਚੱਕਰ ਵੀ ਹਾਸਲ ਸੀ। ਮਾਨਸਾ ਜ਼ਿਲ੍ਹੇ ਦਾ ਬਹਾਦਰਪੁਰ ਪਿੰਡ ਅੱਜ ਵੀ ਆਪਣੇ ਇਸ ਮਹਾਨ ਯੋਧੇ ਨੂੰ ਪ੍ਰਣਾਮ ਕਰਦਾ ਹੈ।

ਨਾਇਬ ਸੂਬੇਦਾਰ ਬਾਨਾ ਸਿੰਘ ਨੇ ਦਸਤਾਰ ਦਾ ਰੁਤਬਾ ਹੋਰ ਉੱਚਾ ਕਰ ਦਿੱਤਾ। ਛੇ ਜਨਵਰੀ 1949 ਵਿਚ ਜੰਮੇ ਬਾਨਾ ਸਿੰਘ ਜੀ ਨੂੰ ਸਿਆਚਿਨ ਦੇ ਹੀਰੋ ਵਜੋਂ ਯਾਦ ਕੀਤਾ ਜਾਂਦਾ ਹੈ। ਪਰਮਵੀਰ ਚੱਕਰ ਵਿਜੇਤਾ ਬਾਨਾ ਸਿੰਘ ਜੀ ਨੇ, ਜਿਸ ਬੇਮਿਸਾਲ ਬਹਾਦਰੀ ਨਾਲ ਸਿਆਚਿਨ ਦੀ ਸਭ ਤੋਂ ਉੱਚੀ ਚੋਟੀ ਨੂੰ ਪਾਕਿਸਤਾਨ ਤੋਂ ਜਿੱਤ ਕੇ ਵਾਪਸ ਭਾਰਤ ਨਾਲ ਮਿਲਾਇਆ, ਉਸੇ ਸਦਕਾ ਅੱਜ ਉਸ ਚੋਟੀ ਨੂੰ ‘ਬਾਨਾ ਚੋਟੀ’ ਦਾ ਨਾਂ ਦਿੱਤਾ ਹੋਇਆ ਹੈ।

ਫ਼ਖ਼ਰ ਨਾਲ ਸਿਰ ਦੋ ਗੁਣਾਂ ਉੱਚਾ ਹੋ ਜਾਂਦਾ ਹੈ ਜਦੋਂ ਸਿਰ ਉੱਤੇ ਦਸਤਾਰ ਸਜਾਈ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਦਾ ਨਾਂ ਲਿਆ ਜਾਂਦਾ ਹੈ। ਪੂਰੀ ਦੁਨੀਆ ਵਿਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ, ਜਿੱਥੇ ਢਾਕੇ ਵਿਖੇ ਦਸੰਬਰ 1971 ਵਿਚ 93,000 ਪਾਕਿਸਤਾਨ ਫ਼ੌਜੀਆਂ ਨੇ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਗੋਡੇ ਟੇਕ ਦਿੱਤੇ ਅਤੇ ਬੰਗਲਾਦੇਸ ਦੇ ਵਾਸੀਆਂ ਨੂੰ ਆਜ਼ਾਦ ਧਰਤੀ ਉੱਤੇ ਸਾਹ ਲੈਣ ਦਿੱਤਾ। ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ ਪਦਮ ਭੂਸ਼ਣ ਹਾਸਲ ਕਰਨ ਵਾਲੇ ਜਗਜੀਤ ਸਿੰਘ ਜੀ ਸਮੁੱਚੇ ਭਾਰਤ ਦਾ ਮਾਣ ਹਨ।

ਜਰਨੈਲਾਂ ਦੇ ਜਰਨੈਲ, ਮੇਜਰ ਜਨਰਲ ਸੁਬੇਗ ਸਿੰਘ ਨੇ ਸਾਬਤ ਕਰ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖਾਲਸਾ ਕਿਵੇਂ ਕੌਤਕ ਸਿਰਜਦਾ ਹੈ। ਸੰਨ 1925 ਵਿਚ ਪਿੰਡ ਖ਼ਿਆਲਾ (ਨੇੜੇ ਅੰਮ੍ਰਿਤਸਰ) ਵਿਖੇ ਜੰਮੇ ਸੁਬੇਗ ਸਿੰਘ ਵੱਲੋਂ ਸਟਾਫ਼ ਕਾਲਜ ਵਿਚ ਘੋੜਸਵਾਰੀ ਵਿਚ ਜਿੱਤੀਆਂ ਅੱਠ ਰੇਸਾਂ ਦਾ ਰਿਕਾਰਡ ਅੱਜ ਤਾਈਂ ਕੋਈ ਨਹੀਂ ਤੋੜ ਸਕਿਆ। ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਅਤੇ ਮਿਲਟਰੀ ਸਾਇੰਸ ਵਿਚ ਜਿੰਨੇ ਪ੍ਰਬੀਨ ਸੁਬੇਗ ਸਿੰਘ ਜੀ ਸਨ, ਉਸ ਦਾ ਸਾਨੀ ਹਾਲੇ ਤੱਕ ਕੋਈ ਨਹੀਂ ਬਣ ਸਕਿਆ।

ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ, ਜੋ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿਚ ਸਨ, ਨੂੰ ਜਿਸ ਢੰਗ ਨਾਲ ਫ਼ਤਿਹ ਕੀਤਾ ਗਿਆ, ਉਸ ਲਾਮਿਸਾਲ ਬਹਾਦਰੀ ਨੂੰ ਵੇਖਦਿਆਂ ਅਤੇ ਜੰਗੀ ਨੁਕਤਿਆਂ ਦਾ ਵਿਲੱਖਣ ਢੰਗ ਵਰਤ ਕੇ ਅਗਵਾਈ ਕਰਨ ਦੀ ਜੁਗਤ ਸਦਕਾ ਹੀ ਬੰਗਲਾਦੇਸ ਤਿਆਰ ਕਰਨ ਦਾ ਪੂਰਾ ਮਿਲਟਰੀ ਅਪਰੇਸ਼ਨ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਨੇ ਸੁਬੇਗ ਸਿੰਘ ਜੀ ਨੂੰ ਸੌਂਪ ਦਿੱਤਾ ਸੀ। ਮੁਕਤੀ ਵਾਹਿਨੀ ਦਾ ਹੀਰੋ ਅਤੇ ਗੁਰਿੱਲਾ ਟਰੇਨਿੰਗ ਦਾ ਸਭ ਤੋਂ ਉੱਤਮ ਆਗੂ ਵਜੋਂ ਮੰਨਿਆ ਜਾਣਾ ਆਪਣੇ ਆਪ ਵਿਚ ਹੀ ਸੁਬੇਗ ਸਿੰਘ ਜੀ ਨੂੰ ਮਹਾਂ-ਮਾਨਵ ਸਿੱਧ ਕਰ ਗਿਆ। ਇਸੇ ਮੁਕਤੀ ਵਾਹਿਨੀ ਦੇ ਅਣਥੱਕ ਯੋਧਿਆਂ ਸਦਕਾ ਹੀ ਪਾਕਿਸਤਾਨੀ ਜਰਨੈਲਾਂ ਦੇ ਛੱਕੇ ਛੁਟ ਗਏ ਤੇ ਅੰਤ ਉਹ ਪੂਰੀ ਫ਼ੌਜ ਨਾਲ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਨਤਮਸਤਕ ਹੋ ਗਏ।

ਵਿਰਲੇ ਹੀ ਕਿਸੇ ਮਾਂ ਦੇ ਲਾਲ ਵਿਚ ਏਨੀ ਹਿੰਮਤ ਹੋ ਸਕਦੀ ਹੈ ਜਿੰਨੀ ਖਾਲਸਾ ਫ਼ੌਜ ਦੇ ਕਮਾਂਡਰ ਇਨ ਚੀਫ਼ ਹਰੀ ਸਿੰਘ ਨਲੂਏ ਵਿਚ ਸੀ। ਇੰਜ ਹੀ ਭਾਰਤ ਦਾ ਨੇਪੋਲੀਅਨ ਮੰਨਿਆ ਜਾ ਚੁੱਕਿਆ ਸੂਰਬੀਰਾਂ ਦਾ ਸੂਰਬੀਰ ਜਰਨੈਲ ਜ਼ੋਰਾਵਰ ਸਿੰਘ ਸੀ। ਇਹੋ ਜਿਹੇ ਅਣਗਿਣਤ ਸੂਰਮਿਆਂ ਵਿਚ ਜਰਨੈਲ ਮੋਹਨ ਸਿੰਘ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਕੀਤੀ।

ਪੰਜਾਬ ਵਿਚਲੇ ਇਨ੍ਹਾਂ ਮਹਾਂ ਮਾਨਵਾਂ ਵਿਚ ਕਦੇ ਕਮੀ ਨਹੀਂ ਆਈ। ਗਲਵਾਨ ਘਾਟੀ ਦੇ ਸੂਰਮੇ ਸਿਪਾਹੀ ਗੁਰਤੇਜ ਸਿੰਘ ਅਤੇ ਹਵਲਦਾਰ ਤੇਜਿੰਦਰ ਸਿੰਘ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਜਿਵੇਂ ਚੀਨੀ ਸੈਨਿਕਾਂ ਨੂੰ ਦਬੋਚ ਕੇ ਮੌਤ ਦੇ ਘਾਟ ਉਤਾਰਿਆ, ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਅੱਜ ਵੀ ਭਾਰਤ ਦੀ ਰਾਜ ਸਭਾ ਵਿਚ ਪੇਸ਼ ਹੋਏ ਤੱਥ ਅਸਲ ਹਾਲਾਤ ਤੋਂ ਜਾਣੂੰ ਕਰਵਾਉਂਦੇ ਹਨ ਕਿ ਪੰਜਾਬ ਵਿਚ 2132 ਸ਼ਹੀਦਾਂ ਦੀਆਂ ਵਿਧਵਾਵਾਂ ਹਨ ਜਦਕਿ ਉੱਤਰ ਪ੍ਰਦੇਸ, ਜਿੱਥੇ ਪੂਰੇ ਮੁਲਕ ਦੀ 17 ਫੀਸਦੀ ਜਨਸੰਖਿਆ ਹੈ, ਵਿਚ 1805 ਵਿਧਵਾਵਾਂ ਹਨ। ਪੰਜਾਬ; ਭਾਰਤ ਦੀ ਜਨਸੰਖਿਆ ਦਾ ਸਿਰਫ਼ 2.3 ਫੀਸਦੀ ਹਿੱਸਾ ਹੈ ਅਤੇ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਇਸੇ ਸੂਬੇ ਵਿੱਚੋਂ ਹਨ।

ਬੱਚਾ ਬੱਚਾ ਜਾਣਦਾ ਹੈ ਕਿ ਜੇ ਜਨਰਲ ਹਰਬਖ਼ਸ਼ ਸਿੰਘ ਨਾ ਹੁੰਦੇ ਤਾਂ ਅੱਜ ਅੰਮ੍ਰਿਤਸਰ ਭਾਰਤ ਦਾ ਹਿੱਸਾ ਨਾ ਹੁੰਦਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਵੀਰ ਚੱਕਰ ਹਾਸਲ ਦਸਤਾਰਧਾਰੀ ਹਰਬਖਸ਼ ਸਿੰਘ ਵਿਸ਼ਵ ਜੰਗ ਦੂਜੀ ਵਿਚ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕਿਆ ਸੀ।

ਵਿਸ਼ਵ ਭਰ ਵਿਚ ਸਿੱਖਾਂ ਦੀ ਸੂਰਮਤਾਈ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਅੱਜ ਤੱਕ ਪੂਰੀ ਦੁਨੀਆ ਦੇ ਕਿਸੇ ਹਿੱਸੇ ਵਿਚ ਸਾਰਾਗੜ੍ਹੀ ਵਰਗੇ 21 ਸੂਰਮਿਆਂ ਜਿੰਨੇ ਮਾਨਸਿਕ ਪੱਖੋਂ ਤਗੜੇ ਯੋਧੇ ਨਹੀਂ ਵੇਖੇ ਗਏ, ਜਿਹੜੇ 10,000 ਕਬਾਈਲੀਆਂ ਨਾਲ ਸਿੱਧੀ ਟੱਕਰ ਲੈਣ ਲੱਗਿਆਂ ਰੱਤੀ ਭਰ ਨਾ ਥਿੜਕੇ ਹੋਣ। ਪੂਰੀ ਮਾਨਸਿਕ ਤਾਕਤ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਈ ਖਾਲਸਾ ਫ਼ੌਜ ਨੂੰ ਯਾਦ ਕਰਕੇ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਗੂੰਜਦੇ ਗਗਨ ਚੁੰਬੀ ਜੈਕਾਰਿਆਂ ਰਾਹੀਂ ਉਨ੍ਹਾਂ ਨੂੰ ਮਿਲਦੀ ਰਹੀ।

ਮੈਂ ਹਾਲੇ ਸਿਰਫ਼ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਦਸਤਾਰਧਾਰੀ ਜਾਂਬਾਜ਼ਾਂ ਦਾ ਹੀ ਜ਼ਿਕਰ ਕੀਤਾ ਹੈ, ਜਿਨ੍ਹਾਂ ਤੋਂ ਇਲਾਵਾ ਅਣਗਿਣਤ ਸੂਰਮੇ ਹੋਰ ਹਨ, ਜਿਨ੍ਹਾਂ ਬਾਰੇ ਕਿਤਾਬਾਂ ਦੇ ਢੇਰ ਲਿਖੇ ਜਾ ਸਕਦੇ ਹਨ।

ਇੱਕ ਗਲ ਸਪਸ਼ਟ ਹੋ ਚੁੱਕੀ ਹੈ ਕਿ ਭਾਰਤ ਨੂੰ ਚੁਫ਼ੇਰਿਓਂ ਦੁਸ਼ਮਣਾਂ ਤੋਂ ਬਚਾਉਣ ਵਿਚ ਜਾਨਾਂ ਵਾਰਨ ਵਾਲੇ 80 ਫੀਸਦੀ ਤੋਂ ਵੱਧ ਸਿੱਖ ਮੁੱਛ ਫੁੱਟ ਗੱਭਰੂ ਹੀ ਸਨ। ਗੋਲ਼ੀਆਂ ਨਾਲ ਛਲਣੀ ਕਰਵਾਉਣ ਵਾਲੀਆਂ ਛਾਤੀਆਂ ਅਤੇ ਦਸਤਾਰਾਂ ਨਾਲ ਸਜੇ ਅਣਖ ਨਾਲ ਉੱਚੇ ਚੁੱਕੇ ਸਿਰਾਂ ਦੇ ਜਜ਼ਬੇ ਸਦਕਾ ਹੀ ਤਖ਼ਤੋ-ਤਾਜ ਇਨ੍ਹਾਂ ਅੱਗੇ ਝੁਕ ਕੇ ਸਲਾਮ ਕਰਦੇ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਦੁਨੀਆ ਭਰ ਵਿਚ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲੇ ਸਿੰਘਾਂ ਦਾ ਇੱਕੋ ਸੁਨੇਹਾ ਰਿਹਾ ਹੈ ‘ਪੰਜਾਬ ਦੀ ਧਰਤੀ ਵਿੱਚੋਂ ਸੂਰਮੇ ਉੱਗਦੇ ਹਨ। ਇਹ ਧਰਤੀ ਹਰੀ ਭਰੀ ਰੱਖਣਾ। ਇਸ ਨੂੰ ਬੰਜਰ ਨਾ ਹੋਣ ਦੇਣਾ। ਇੱਥੇ ਡੁੱਲੇ ਹਰ ਲਹੂ ਦੀ ਬੂੰਦ ਦਾ ਸਤਿਕਾਰ ਕਰਨਾ।’

ਅਖ਼ੀਰ ਵਿਚ ਬਸ ਇਹੋ ਕਹਿਣਾ ਹੈ ਕਿ ਕੀ ਅਸੀਂ ਪੰਜਾਬ ਨੂੰ ਆਬਾਦ ਰੱਖਾਂਗੇ ? ਕੀ ਉਨ੍ਹਾਂ ਸੂਰਮਿਆਂ ਦੀ ਯਾਦ ਤਾਜ਼ਾ ਰੱਖਾਂਗੇ ?