‘ਕ੍ਰੋਧ’ ਦਾ ਸਦਪ੍ਰਯੋਗ ਕਰਨਾ

0
769

‘ਕ੍ਰੋਧ’ ਦਾ ਸਦਪ੍ਰਯੋਗ ਕਰਨਾ

ਡਾ. ਸੁਦਰਸ਼ਨ ਸਿੰਘ, M.B.B.S. (Alg) D.P.M. (Eng.) M.D ਰਾਮਗੜ੍ਹ ਕੈਂਟ (ਝਾੜਖੰਡ)-099738-61183

ਆਮ ਸੁਣਨ ’ਚ ਮਿਲਦਾ ਹੈ ਕਿ ਕ੍ਰੋਧ ਕਰਨਾ ਬੁਰੀ ਆਦਤ ਹੈ, ਇਸ ਲਈ ਨਿਤਾਪ੍ਰਤੀ ਗੁਰੂ ਮਹਾਰਾਜ ਜੀ ਦੇ ਸਨਮੁਖ ਬੇਨਤੀ ਕਰਦੇ ਹੋਏ ਆਖਦੇ ਹਾਂ ਕਿ ਹੇ ਗੁਰੂ ਜੀਓ! ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚਾਉਣਾ।

ਹਰ ਮਨੁੱਖ ਇਹੀ ਕਹਿੰਦਾ ਸੁਣੀਦਾ ਹੈ ਕਿ ਮਨੁੱਖ ਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ ਭਾਵ ਹਰ ਸਮੇਂ ਸ਼ਾਂਤੀ ’ਚ ਰਹਿ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਦਾਸ ਇਸ ਲੇਖ ਰਾਹੀਂ ਆਪਣੇ ਮੈਡੀਕਲ ਤਜਰਬੇ ਨੂੰ ਮੁੱਖ ਰੱਖ ਕੇ ਇਸ ਵਿਸ਼ੇ ਦੇ ਸਾਰਥਿਕ ਤੇ ਨਿਰਾਰਥਕ ਪੱਖਾਂ ਨੂੰ ਆਪ ਜੀ ਦੇ ਸਨਮੁਖ ਰੱਖਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹੈ।

ਮਨੁੱਖ ਅਗਰ ਆਪਣੇ ਮਨ ਨੂੰ ਅਵਿਨਾਸ਼ੀ (ਪ੍ਰਮਾਤਮਾ) ਨਾਲ ਜੋੜ ਲਵੇ ਤਾਂ ਉਸ ਦੇ ਮਨ ਦੀ ਪ੍ਰਸੰਨਤਾ ਕਦੇ ਵੀ ਨਿਰਾਸਾ ’ਚ ਨਹੀਂ ਬਦਲਦੀ ਅਤੇ ਅਗਰ ਮਨੁੱਖ ਆਪਣੇ ਮਨ ਨੂੰ ਸੰਸਾਰਿਕ ਪਦਾਰਥਾਂ ਨਾਲ ਜੋੜ ਲਵੇ ਤਾਂ ਉਸ ਅੰਦਰ ਹੋਰ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਉਤੇਜਨਾ ਬਣੀ ਰਹਿੰਦੀ ਹੈ। ਨਾਸ਼ਵਾਨ ਪਦਾਰਥਾਂ ਕਾਰਨ ਬਣੀ ਇਹੀ ਉਤੇਜਨਾ ਮਨੁੱਖ ਨੂੰ ਬਾਰ ਬਾਰ ਦੁਖੀ ਕਰਦੀ ਰਹਿੰਦੀ ਹੈ ਤੇ ਇਹ ਦੁੱਖ ਹੀ ਕ੍ਰੋਧ ਨੂੰ ਜਨਮ ਦਿੰਦਾ ਹੈ। ਮੈਡੀਕਲ ਵਿਦਿਆ ਤੇ ਗੁਰਬਾਣੀ ਰਾਹੀਂ ਇਸ ਤੋਂ ਮੁਕਤੀ ਪ੍ਰਾਪਤ ਕਰਨ ਦੇ ਹੇਠਾਂ ਕੁਝ ਕੁ ਸੁਝਾਵ ਦਿੱਤੇ ਜਾ ਰਹੇ ਹਨ:

(1). ਆਪਣੇ ਦੋਸ਼ ਤੇ ਗਲਤੀਆਂ ਨੂੰ ਸਵੀਕਾਰ ਕਰੋ:

ਸਾਨੂੰ ਲੱਗਦਾ ਹੈ ਕਿ ਮੈ ਤਾਂ ਕਿਸੇ ਨੂੰ ਦੁਖ ਨਹੀਂ ਦਿੰਦਾ ਬਲਕਿ ਦੂਸਰੇ ਹੀ ਮੈਨੂੰ ਦੁਖੀ ਕਰਦੇ ਰਹਿੰਦੇ ਹਨ। ਮੇਰੇ ਅੰਦਰ ਕ੍ਰੋਧ ਤੇ ਅਹੰਕਾਰ ਬਿਲਕੁਲ ਵੀ ਨਹੀਂ, ਉਲਟਾ ਦੂਸਰੇ ਦਾ ਸੁਭਾਉ ਹੀ ਅੜੀਅਲ ਹੁੰਦਾ ਹੈ, ਜੋ ਮੈਨੂੰ ਦੁਖੀ ਕਰਦਾ ਹੈ।

ਅਜਿਹੇ ਵਿਅਕਤੀ ਆਪਣੇ ਆਪ ਨੂੰ ਦੂਸਰਿਆਂ ਦੁਆਰਾ ਸਤਾਇਆ ਹੋਇਆ ਮਹਿਸੂਸ ਕਰਦੇ ਹਨ ਤੇ ਹਮੇਸਾਂ ਮੰਨਦੇ ਹਨ ਕਿ ਮੈਂ ਕਦੇ ਕਿਸੇ ਨੂੰ ਨਹੀਂ ਸਤਾਇਆ ਤੇ ਨਾ ਹੀ ਕਿਸੇ ਨੂੰ ਦੁਖੀ ਕੀਤਾ ਹੈ ਪਰ ਜੇਕਰ ਉਸ ਦਾ ਮਨ ਗੁਰਮੁਖਾਂ ਦੀ ਸੰਗਤ ਕਰਨ ਲੱਗ ਜਾਵੇ, ਪ੍ਰਮਾਤਮਾ ਨਾਲ ਜੁੜ ਜਾਵੇ, ਮਾਲਕ ਨੂੰ ਹਿਰਦੇ ’ਚ ਵਸਾ ਲਵੇ, ਆਪਣੇ ਆਪ ਨੂੰ ਪ੍ਰਮਾਤਮਾ ਅੱਗੇ ਸਮਰਪਣ ਕਰ ਦੇਵੇ ਤਾਂ ਉਸ ਨੂੰ ਆਪਣੀਆਂ ਬੁਰਿਆਇਆਂ ਬਾਰੇ ਜਾਣਕਾਰੀ ਹੋ ਜਾਂਦੀ ਹੈ। ਆਪਣੇ ਔਗੁਣਾਂ ਨੂੰ ਸਵੀਕਾਰ ਕਰਨ ਵਾਲਾ ਵਿਅਕਤੀ ਕਿਸੇ ਦੂਸਰੇ ਅੰਦਰ ਝਾਕਣ ਜਾਂ ਦੋਸ਼ ਕੱਢਣ ਦਾ ਯਤਨ ਨਹੀਂ ਕਰਦਾ, ਦੂਸਰੇ ਉੱਤੇ ਕ੍ਰੋਧਿਤ ਨਹੀਂ ਹੁੰਦਾ; ਇਹੀ ਯੁਕਤੀ ਕ੍ਰੋਧ ਤੋਂ ਮੁਕਤੀ ਦਾ ਮਾਰਗ ਹੈ।

ਭਾਈ ਬਿਧੀ ਚੰਦ ਜੀ ਕਿਸੇ ਦੀ ਚੋਰੀ ਕਰਕੇ ਭੱਜਿਆ ਸੀ, ਜਿਸ ਦੇ ਪਿੱਛੇ ਲੋਕ ਦੌੜਦੇ ਆ ਰਹੇ ਸਨ ਤੇ ਉਹ ਗੁਰੂ ਅਰਜਨ ਸਾਹਿਬ ਦੀ ਸੰਗਤ ਵਿੱਚ ਆ ਕੇ ਬੈਠ ਗਿਆ, ਛੁਪ ਗਿਆ। ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕਿ ਸਾਡਾ ਚੋਰ ਆ ਕੇ ਇੱਥੇ ਬੈਠ ਗਿਆ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕੌਣ ਚੋਰ ਹੈ ? ਗੁਰੂ ਦੀ ਸੰਗਤ ਤੇ ਗੁਰੂ ਸ਼ਬਦ ਦਾ ਅਜਿਹਾ ਅਸਰ ਹੋਇਆ ਕਿ ਬਿਧੀ ਚੰਦ ਖੜ੍ਹਾ ਹੋ ਕੇ ਕਹਿਣ ਲੱਗਾ ਕਿ ਮੈਂ ਚੋਰ ਹਾਂ, ਉਸ ਨੇ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ। ਅਗਰ ਬਿਧੀ ਚੰਦ ਕ੍ਰੋਧ ਵਿੱਚ ਆ ਕੇ ਅੱਗਿਓਂ ਲੜਾਈ ਜਾਂ ਝਗੜਾ ਕਰਦਾ ਤਾਂ ਇਸ ਦਾ ਸਿਟਾ ਕੀ ਨਿਕਲਦਾ ? ਇਸ ਦਾ ਜਵਾਬ ਵੀ ਸਾਨੂੰ ਮਾਲੂਮ ਹੈ। ਭਾਈ ਸਾਹਿਬ ਜੀ ਨੇ ਨਿਮਰਤਾ ’ਚ ਰਹਿ ਕੇ ਆਪਣੀ ਗਲਤੀ ਮੰਨ ਲਈ ਤੇ ਚੋਰਾਂ ਦੀ ਸੰਗਤ ਛੱਡ ਕੇ ਸਦੀਵੀ ਗੁਰੂ ਘਰ ਦੇ ਹੋ ਕੇ ਰਹਿ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਹਰ ਜੰਗ ’ਚ ਅੱਗੇ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਤੇ ਸਿੱਖ ਇਤਿਹਾਸ ’ਚ ਅਹਿਮ ਨਾਂ ਕਮਾ ਗਏ।

ਇੱਕ ਦਿਨ ਪੜ੍ਹੀ ਲਿਖੀ ਕਾਲਜ ਦੀ ਵਿਦਿਆਰਥਣ (ਲੜਕੀ) ਨੂੰ ਉਸ ਦੇ ਮਾਤਾ-ਪਿਤਾ ਮੇਰੇ ਪਾਸ ਕਲੀਨਿਕ ’ਚ ਲੈ ਕੇ ਆਏ ਤੇ ਕਿਹਾ ਕਿ ਇਹ ਲੜਕੀ ਬੜੀ ਕ੍ਰੋਧਿਤ ਹੋ ਜਾਂਦੀ ਹੈ, ਹਰ ਸਮੇਂ ਸਾਡੇ ਨਾਲ ਲੜਦੀ ਰਹਿੰਦੀ ਹੈ, ਛੋਟੀ ਛੋਟੀ ਗੱਲ ’ਤੇ ਮਾਰਨ ਲੱਗ ਜਾਂਦੀ ਹੈ, ਅਸੀਂ ਸਾਰੇ ਇਸ ਤੋਂ ਬਹੁਤ ਤੰਗ ਆ ਗਏ ਹਾਂ, ਇਸ ਦਾ ਕੁਝ ਇਲਾਜ ਕਰੋ। ਦਾਸ ਨੇ ਜਦ ਉਸ ਦਾ Narco analysis ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਮਨ ਅੰਦਰ ਅਣਗਿਣਤ ਗਲਤੀਆਂ ਸਨ, ਜਿਨ੍ਹਾਂ ਨੂੰ ਉਹ ਸਵੀਕਾਰ ਨਹੀਂ ਕਰਦੀ ਤੇ ਆਪਣੀ ਗੱਲ ਨੂੰ ਮਨਵਾਉਂਦੀ ਹੈ। ਨਾ ਮੰਨਣ ’ਤੇ ਕ੍ਰੋਧਿਤ ਹੋ ਜਾਂਦੀ ਹੈ ਤੇ ਕਈ ਬਾਰ ਹੱਥ ਵੀ ਚੁੱਕ ਜਾਂਦੀ ਹੈ। ਸਿੱਖ ਬੀਬੀ ਹੋਣ ਕਾਰਨ ਦਵਾ ਦੇ ਨਾਲ ਨਾਲ ਉਸ ਨੂੰ Psycho Analysis & Psychotherapy   (ਭਾਵ ਮਨੋ-ਵਿਸ਼ਲੇਸ਼ਣ ਤੇ ਮਨੋ-ਚਿਕਿਤਸਾ) ਰਾਹੀਂ ਉਸ ਨੂੰ ਇਹ ਵਿਸ਼ਵਾਸ ਦਿਲਾਇਆ ਗਿਆ ਕਿ ਉਹ ਹਰ ਰੋਜ਼ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਦਾ ਪਾਠ ਕਰਿਆ ਕਰੇ। ਕੁਝ ਹੀ ਦਿਨਾਂ ਬਾਅਦ ਜਦ ਉਹ ਬੀਬੀ ਦੁਬਾਰਾ ਕਲੀਨਿਕ ’ਚ ਆਈ ਤਾਂ ਉਹ ਅੰਮ੍ਰਿਤਧਾਰੀ ਬੀਬੀ, ਬੀਬਾ ਬਣ ਚੁੱਕੀ ਸੀ ਤੇ ਆਪਣੀਆਂ ਗਲਤੀਆਂ ਨੂੰ ਬਾਰ ਬਾਰ ਦੁਹਰਾ ਰਹੀ ਸੀ।

ਕਿਸੇ ਸਕੂਲ ’ਚ ਅਗਰ ਕੋਈ ਵੀ ਅਧਿਆਪਕ ਕਿਸੇ ਬੱਚੇ ਨੂੰ ਥੋੜ੍ਹਾ ਜਿਹਾ ਵੀ ਘੂਰ ਦੇਵੇ ਜਾਂ ਡਾਟ-ਫਾਟ ਕਰ ਦੇਵੇ ਤਾਂ ਸਕੂਲ ਤੋਂ ਬਾਹਰ ਬੱਚੇ ਇਕੱਠੇ ਹੋ ਕੇ ਉਸ ਅਧਿਆਪਕ ਪ੍ਰਤੀ ਵਿਦ੍ਰੋਹ ਕਰਨ ਲੱਗ ਜਾਂਦੇ ਹਨ, ਜਿਨ੍ਹਾਂ ਦਾ ਸਾਥ ਦੇਣ ਵਾਲਿਆਂ ’ਚ ਉਨ੍ਹਾਂ ਦੇ ਮਾਤਾ-ਪਿਤਾ ਵੀ ਸ਼ਾਮਲ ਹੁੰਦੇ ਹਨ, ਇਸ ਤਰ੍ਹਾਂ ਕੋਈ ਵੀ ਬੱਚਾ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰ ਸਕਦਾ ਇਸ ਕਰਕੇ ਹੀ ਆਏ ਦਿਨ ਕ੍ਰੋਧ ਆਪਣਾ ਨਵਾਂ ਤੇ ਭਿਅੰਕਰ ਰੂਪ ਧਾਰਦਾ ਜਾ ਰਿਹਾ ਹੈ।

(2). ਕ੍ਰੋਧ ਇੱਕ ਸ਼ਕਤੀ ਹੈ:

ਸਭ ਤੋਂ ਪਹਿਲਾਂ ਇਹ ਜਾਣਨਾ ਅਤਿ ਜ਼ਰੂਰੀ ਹੈ ਕਿ ਵਿਅਕਤੀ ਅੰਦਰ ਕ੍ਰੋਧ ਕਿਉਂ ਪੈਦਾ ਹੁੰਦਾ ਹੈ। ਕ੍ਰੋਧਿਤ ਵਿਅਕਤੀ ਆਪਣੀ ਗਲਤੀ ਲਈ ਦੂਸਰੇ ਨੂੰ ਤੁਰੰਤ ਦੋਸ਼ੀ ਐਲਾਨ ਦਿੰਦਾ ਹੈ। ਤਕਲੀਫ਼ ਵੱਡੀ ਹੋਵੇ ਜਾਂ ਛੋਟੀ, ਇਸ ਦਾ ਇਲਾਜ ਕਰਨਾ ਤੁਰੰਤ ਜ਼ਰੂਰੀ ਹੁੰਦਾ ਹੈ। ਦਾਸ ਸਬੰਧਿਤ ਬਿਮਾਰੀ ਦਾ ਮਾਹਰ ਹੋਣ ਕਾਰਨ ਕਹਿ ਸਕਦਾ ਹੈ ਕਿ ਕ੍ਰੋਧ ਇੱਕ ਸ਼ਕਤੀ ਹੈ ਤੇ ਸ਼ਕਤੀਮਾਨ (ਜਾਂ ਅਣਖੀਲਾ) ਬਣ ਕੇ ਹੀ ਮਨੁੱਖ ਇਸ ਦਾ ਸਦਪ੍ਰਯੋਗ ਜਾਂ ਦੁਰਪ੍ਰਯੋਗ ਕਰ ਸਕਦਾ ਹੈ। ਆਮ ਤੌਰ ’ਤੇ ਇਹੀ ਕਿਹਾ ਜਾਂਦਾ ਹੈ ਕਿ ਕ੍ਰੋਧ ਨਾ ਕਰੋ, ਕ੍ਰੋਧ ਤੋਂ ਬਚੋ, ਕ੍ਰੋਧ ਤੋਂ ਦੂਰ ਰਹੋ ਆਦਿ।

ਜਿਸ ਤਰ੍ਹਾਂ Atomic energy  (ਪਰਮਾਣੂ ਸ਼ਕਤੀ ਵੀ) ਇੱਕ ਪ੍ਰਕਾਰ ਦੀ ਸ਼ਕਤੀ ਹੈ, ਇਸ ਤੋਂ ਬੰਬ ਬਣਾ ਕੇ ਲੋਕਾਂ ਨੂੰ ਨਾਸ਼ ਕੀਤਾ ਜਾ ਸਕਦਾ ਹੈ ਤੇ ਬਿਜਲੀ ਬਣਾ ਕਿ ਮਾਨਵਤਾ ਦੀ ਸੇਵਾ ਵੀ ਕੀਤੀ ਜਾ ਸਕਦੀ ਹੈ, ‘ਕਾਮ’ ਵੀ ਇੱਕ ਰੋਗ ਮੰਨਿਆ ਜਾਂਦਾ ਹੈ ਪਰ ‘ਕਾਮ’ ਤੋਂ ਬਿਨਾ ਜਗਤ ਦੀ ਉਤਪਤੀ ਵੀ ਅਸੰਭਵ ਹੈ। ਇਸੇ ਤਰ੍ਹਾਂ ਕ੍ਰੋਧ ਦੇ ਦੁਰਪ੍ਰਯੋਗ ਰਾਹੀਂ ਬੁਰੇ ਕਰਮ ਕਰਕੇ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ ਤੇ ਕ੍ਰੋਧ ਦੇ ਸਦਪ੍ਰਯੋਗ (ਅਣਖੀਲਾ ਜਾਂ ਸਵੈਮਾਨ) ਰਾਹੀਂ ਮਾਨਵਤਾ ਦੀ ਸੇਵਾ ਵੀ ਕੀਤੀ ਜਾ ਸਕਦੀ ਹੈ।

(3). ਕ੍ਰੋਧ ਦਾ ਸਦ ਪ੍ਰਯੋਗ ਕਿਵੇਂ ਕਰੀਏ ਜਾਂ ਸਵੈਮਾਨੀ ਕਿਵੇਂ ਬਣੀਏ ?

ਕ੍ਰੋਧ ਨੂੰ ਕਾਬੂ ਕਰਨ ਲਈ ਢੁੱਕਵਾਂ ਇਲਾਜ Sublimation (ਸ਼ੁੱਧੀਕਰਣ) ਕਰਨਾ ਹੈ, ਜਿਸ ਨੂੰ ਆਤਮਿਕ ਗਿਆਨ ਜਾਂ ਪ੍ਰਕਾਸ਼ ਵੀ ਕਹਿ ਸਕਦੇ ਹਾਂ ਤੇ ਇਸ ਦੀ ਪ੍ਰਾਪਤੀ ਗੁਰਬਾਣੀ ਰਾਹੀਂ ਵਧੇਰੇ ਹੁੰਦੀ ਹੈ: ‘‘ਗੁਰਬਾਣੀ; ਇਸੁ ਜਗ ਮਹਿ ਚਾਨਣੁ..॥’’ (ਮ: ੩/੬੭)

ਜਿਸ ਵਿਅਕਤੀ ਜਾਂ ਵਸਤੂ ’ਤੇ ਮਨੁੱਖ ਨੂੰ ਕ੍ਰੋਧ ਆਉਂਦਾ ਹੋਵੇ ਉਸ ਨੂੰ ਉਸ ਦੇ ਸਾਮ੍ਹਣੇ ਤੋਂ ਹਟਾ ਦਿਓ। ਜਦ ਕ੍ਰੋਧ ਦਾ ਨਸ਼ਾ ਉਤਰ ਜਾਵੇਗਾ ਤਾਂ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ Psychotherapy ਦਿਓ, ਜਿਸ ਨਾਲ ਸਹਿਜੇ ਸਹਿਜੇ ਉਸ ਦੇ ਦਿਮਾਗ ਅੰਦਰੋਂ ਕ੍ਰੋਧ ਦਾ ਬੀ ਨਸ਼ਟ ਹੋਣਾ ਆਰੰਭ ਹੋ ਜਾਏਗਾ। ਇਹ ਕਿਰਿਆ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਗੁਰ ਦਾ ਸ਼ਬਦ ਮਨੁੱਖਾ ਬਿਰਤੀ ਨੂੰ ਦਸਵੇਂ ਦੁਆਰ ’ਚ ਚੜ੍ਹਾ ਦੇਂਦਾ ਹੈ, ਜੋ ਮੁੜ ਹੇਠਾਂ ਉੱਤਰ ਕੇ ਆਪਸ ਵਿੱਚ ਨਹੀਂ ਟਕਰਾਉਂਦੀ ‘‘ਸਤਿਗੁਰ ਸਬਦਿ; ਕਰੋਧੁ ਜਲਾਵੈ ॥ ਗਗਨਿ ਨਿਵਾਸਿ; ਸਮਾਧਿ ਲਗਾਵੈ ॥’’ (ਮ: ੧/੪੧੧)

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਦੋ ਪੱਖ ਹਨ (ੳ). ਮਨੋ-ਵਿਗਿਆਨਿਕ Psychologist. (ਅ). ਅਧਿਆਤਮਕ Spiritualism.

ਗੁਰਬਾਣੀ ਦੇ ਸ਼ਬਦ, ਮਨੋ-ਵਿਗਿਆਨ ਯੁਕਤੀ ਨਾਲ ਮਨੁੱਖ ਦੇ ਦਿਮਾਗ ’ਤੇ ਅਸਰ ਪਾਉਂਦੇ ਹਨ। ਜਦ ਕ੍ਰੋਧੀ ਮਨੁੱਖ ਇੱਕ ਵਾਰ ਗੁਰਬਾਣੀ ਦੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ ਤਾਂ ਸ਼ਬਦ ਰੂਪ ਤੀਰ ਮਨੁੱਖ ਨੂੰ ਆਪਣੇ ਅੰਦਰ ਵੇਖਣ ਲਈ ਮਜਬੂਰ ਕਰ ਦੇਂਦੇ ਹਨ, ਜੋ ਪਹਿਲਾਂ ਆਪਣੇ ਦੁਖਾਂ ਦਾ ਕਾਰਨ ਦੂਸਰਿਆਂ ਨੂੰ ਮੰਨਦਾ ਸੀ। ਭਗਤ ਕਬੀਰ ਜੀ ਕੁਝ ਇਸ ਤਰ੍ਹਾਂ ਹੀ ਸਮਝਾ ਰਹੇ ਹਨ: ‘‘ਕਬੀਰ ! ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ॥’’ (ਭਗਤ ਕਬੀਰ/੧੩੭੪)

ਮੈਨੂੰ ਇੱਕ ਬਹੁਤ ਪੁਰਾਣੀ ਘਟਨਾ ਯਾਦ ਆ ਰਹੀ ਹੈ ਕਿ ਇੱਕ ਪਿੰਡ ਵਿੱਚ ਇੱਕ ਕ੍ਰੋਧੀ ਮਨੁੱਖ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਸ-ਪਾਸ ਦੇ ਤਮਾਮ ਲੋਕ ਉਸ ਦੇ ਕ੍ਰੋਧ ਕਾਰਨ ਤੰਗ ਸਨ। ਇੱਕ ਦਿਨ ਇੱਕ ਸਨਿਆਸੀ ਬਾਬਾ ਉਸ ਪਿੰਡ ’ਚ ਆਇਆ ਤੇ ਪਿੰਡ ਵਾਲਿਆਂ ਨੇ ਮਿਲ-ਮਿਲਾ ਕੇ ਉਸ ਕ੍ਰੋਧੀ ਨੂੰ ਨੈਤਿਕਤਾ ਦਾ ਪਾਠ ਪੜਾਉਣ ਲਈ ਸਨਿਆਸੀ ਬਾਬੇ ਪਾਸ ਲੈ ਗਏ ਤੇ ਬੇਨਤੀ ਕੀਤੀ ਕਿ ਇਸ ਵਿਅਕਤੀ ਨੂੰ ਬੜਾ ਗੁੱਸਾ ਆਉਂਦਾ ਹੈ, ਕੋਈ ਉਪਾਅ ਕਰੋ।

ਸਨਿਆਸੀ ਬਾਬੇ ਨੇ ਆਪਣੀ ਰਵਾਇਤ ਅਨੁਸਾਰ ਉਸ ਵਿਅਕਤੀ ਨੂੰ ਆਪਣੇ ਪਾਸ ਬੈਠਾਇਆ ਤੇ ਉਸ ਦੇ ਸਿਰ ਉੱਤੇ ਹੱਥ ਫੇਰ ਕੇ ਕਹਿਣ ਲੱਗਾ, ਬੱਚਾ ! ਕ੍ਰੋਧ ਨਹੀਂ ਕਰੀਦਾ, ਇਹ ਬਹੁਤ ਮਾੜੀ ਗੱਲ ਹੈ। ਤੂੰ ਅੱਜ ਤੋਂ ਬਾਅਦ ਵਚਨ ਕਰ ਕਿ ਗੁੱਸਾ ਨਹੀਂ ਕਰੂੰਗਾ। ਕ੍ਰੋਧੀ ਵਿਅਕਤੀ ਨੇ ਵਾਅਦੇ ਕਰਦਿਆਂ ਕਈ ਕਸਮਾਂ ਵੀ ਖਾ ਲਈਆਂ ਕਿ ਅੱਜ ਤੋਂ ਬਾਅਦ ਮੈਂ ਗੁੱਸਾ ਨਹੀਂ ਕਰੂੰਗਾ ਪਰ ਹੋਇਆ ਉਹੀ ਜੋ ਨਿਰੰਤਰ ਚਲਦਾ ਆ ਰਿਹਾ ਸੀ। ਪਿੰਡ ਵਾਲਿਆਂ ਨੂੰ ਗਾਲ਼ਾਂ, ਘਰ ਵਾਲਿਆਂ ਨੂੰ ਗਾਲ਼ਾਂ। ਪਿੰਡ ਵਾਲਿਆਂ ਨੇ ਮਨ ਹੀ ਮਨ ਜਿੱਥੇ ਕ੍ਰੋਧੀ ਲਈ ਹੋਰ ਘਿਰਨਾ ਪੈਦਾ ਕਰ ਲਈ ਉੱਥੇ ਸਨਿਆਸੀ ਬਾਬੇ (ਧਰਮ) ਪ੍ਰਤੀ ਵੀ ਨਫਰਤ ਦਾ ਬੀ ਬੀਜ ਲਿਆ। ਕਹਿਣ ਤੋਂ ਭਾਵ ਕਿ ਕ੍ਰੋਧ ਦੇ ਕਾਰਨ ਲੱਭਣ ਤੋਂ ਬਿਨਾ ਇਸ ਤੋਂ ਮੁਕਤੀ ਮਿਲਣੀ ਅਸੰਭਵ ਹੈ। ਸਨਿਆਸੀ ਦਾ ਫਾਰਮੂਲਾ ਕੇਵਲ ਉਸ ਡਾਕਟਰ ਵਾਂਗ ਸੀ ਜੋ ਮਰੀਜ ਨੂੰ ਵੇਖ ਕੇ ਕਹੇ ਕਿ ਵੀਰ, ਭੈਣ, ਬੱਚੇ ਜਾਂ ਪਿਤਾ ਜੀ! ਬਿਮਾਰ ਨਹੀਂ ਹੋਈਦਾ, ਬਿਮਾਰ ਹੋਣਾ ਬੂਰੀ ਆਦਤ ਹੈ। ਕੀ ਇਸ ਤਰ੍ਹਾਂ ਦੀ ਨਸੀਹਤ ਨਾਲ ਕੋਈ ਅਰੋਗ ਹੋ ਸਕਦਾ ਹੈ ?

ਆਮ ਵੇਖਣ ਵਿੱਚ ਆਉਂਦਾ ਹੈ ਕਿ ਕ੍ਰੋਧੀ ਵਿਅਕਤੀ ਕਸਮਾਂ ਵੀ ਵੱਡੀਆਂ-ਵੱਡੀਆਂ ਖਾਂਦਾ ਹੈ ਪਰ ਆਪਣੇ ਅਸਲੇ (ਅੰਦਰੂਨੀ ਕਮਜ਼ੋਰੀਆਂ ਦੀ) ਨਾ ਸਮਝ ਹੋਣ ਕਾਰਨ ਉਨ੍ਹਾਂ ਕਸਮਾਂ ਨੂੰ ਭੁੱਲ ਵੀ ਜਲਦੀ ਜਾਂਦਾ ਹੈ।

ਸਮਾਜਿਕ ਘਿਰਨਾ (ਜਾਂ ਕ੍ਰੋਧ) ਦਾ ਬਦਲ ਆਪਸੀ ਪ੍ਰੇਮ ਹੁੰਦਾ ਹੈ, ਪ੍ਰੇਮਾ-ਭਗਤੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਪ੍ਰੇਮ ਦੀ ਵਿਆਖਿਆ ਕਰਦੇ ਹੋਏ ਸਮਝਾ ਰਹੇ ਹਨ ਕਿ ਪ੍ਰੇਮ ਦਾ ਰੰਗ (ਪ੍ਰਭਾਵ) ਦੀਰਘਕਾਲੀ ਰਹਿੰਦਾ ਹੈ, ਜਿਸ ਕਰਕੇ ਕ੍ਰੋਧ, ਅਹੰਕਾਰ, ਮਮਤਾ ਆਦਿ ਸੜ ਜਾਂਦੇ ਹਨ: ‘‘ਕ੍ਰੋਧੁ ਨਿਵਾਰਿ ਜਲੇ ਹਉ ਮਮਤਾ; ਪ੍ਰੇਮੁ ਸਦਾ ਨਉ ਰੰਗੀ ॥’’ (ਮ: ੧/੧੨੩੨)

ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ’ਚ ਕ੍ਰੋਧ ਨੂੰ ਮਾਰਨ ਦੀ ਦਵਾ ਪ੍ਰਮਾਤਮਾ ਦੀ ਸ਼ਰਨ ਬਿਆਨ ਕਰਦੇ ਹਨ: ‘‘ਕਾਮ ਕ੍ਰੋਧ ਅਰੁ ਲੋਭ ਮੋਹ; ਬਿਨਸਿ ਜਾਇ ਅਹੰਮੇਵ ॥ ਨਾਨਕ ! ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ॥’’ (ਮ: ੫/੨੬੯)

ਜੋ ਵਿਅਕਤੀ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਆਪਣੇ ਦੁੱਖਾਂ ਦਾ ਕਾਰਨ ਦੂਸਰਿਆਂ ਨੂੰ ਮੰਨਦਾ ਹੈ ਤੇ ਦੁੱਖੀ ਹੁੰਦਾ ਹੋਇਆ ਉਨਾਂ ’ਤੇ ਕ੍ਰੋਧਿਤ ਹੋ ਜਾਂਦਾ ਹੈ ਭਾਵ ਉਨ੍ਹਾਂ ਦੀਆਂ ਊਣਤਾਈਆਂ ਵੇਖਣਾ ਉਸ ਦਾ ਸੁਭਾਉ ਬਣ ਜਾਂਦਾ ਹੈ ਤੇ ਦੂਸਰੇ ਪਾਸੇ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਆਪਣੇ ਦੁੱਖਾਂ ਦਾ ਕਾਰਨ ਆਪਣੇ ਆਪ ਨੂੰ ਮੰਨਦਾ ਹੈ ਭਾਵ ਉਹ ਆਪਣੇ ਐਬ ਵੇਖਦਾ ਹੈ। ਦੂਸਰਿਆਂ ਦੇ ਐਬ ਵੇਖਣ ਨਾਲ ਮਨੁੱਖ ਅੰਦਰ ਘਿਰਨਾ, ਨਫ਼ਰਤ, ਕ੍ਰੋਧ ਉਪਜਦਾ ਹੈ ਜਦਕਿ ਆਪਣੇ ਐਬ ਵੇਖਣ ਨਾਲ ਦੂਸਰਿਆਂ ਨਾਲ ਪਿਆਰ, ਹਮਦਰਦੀ, ਸੇਵਾ ਭਾਵਨਾ ਪੈਦਾ ਹੁੰਦੀ ਹੈ।

ਗੁਰਮਤਿ, ਕ੍ਰੋਧ ਦੀ ਨਵਿਰਤੀ ਦਾ ਕਾਰਨ ਪ੍ਰੇਮਾ-ਭਗਤੀ ਮੰਨਦੀ ਹੈ। ‘ਖਾਲਸਾ’ ਸ਼ਬਦ ਦਾ ਅਰਥ ਬਿਨਾਂ ਮਿਲਾਵਟ ਜਾਂ ਪੂਰਨ ਸ਼ੁੱਧਤਾ ਹੁੰਦਾ ਹੈ। ਮਿਲਾਵਟ ਰਹਿਤ ਮਨ ਵਿੱਚ ਕ੍ਰੋਧ ਜਨਮ ਨਹੀਂ ਲੈ ਸਕਦਾ ਤੇ ‘ਖਾਲਸ’ ਬਣਨ ਦੀ ਯੁਕਤੀ ਭਗਤ ਕਬੀਰ ਜੀ ਪ੍ਰੇਮ ਭਾਵਨਾ ਨਾਲ ਕੀਤੀ ਗਈ ਰੱਬੀ ਭਗਤੀ ਨੂੰ ਮੰਨਦੇ ਹਨ: ‘‘ਕਹੁ ਕਬੀਰ ! ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥’’ (੬੫੫) ਪਰ ਪ੍ਰੇਮ ਦੀ ਪ੍ਰਾਪਤੀ ਸਨਿਆਸੀ ਵਾਂਗ ਪਾਖੰਡ ਨਾਲ ਨਹੀਂ ਹੁੰਦੀ: ‘‘ਪਾਖੰਡਿ, ਪ੍ਰੇਮੁ ਨ ਪਾਈਐ; ਖੋਟਾ ਪਾਜੁ ਖੁਆਰੁ ॥’’ (ਮ: ੧/੫੪)

‘ਖਾਲਸਾ’ ਹਮੇਸਾਂ ਅਣਖ ਨਾਲ ਜੀਵਨ ਬਤੀਤ ਕਰਦਾ ਹੈ, ਜਿਸ ਨੂੰ ਕ੍ਰੋਧ ਦਾ ਸਦਪ੍ਰਯੋਗ ਨਾਂ ਵੀ ਦੇ ਸਕਦੇ ਹਾਂ। ਮਾਨਵਤਾ ਦੀ ਭਲਾਈ ਲਈ ਸਵੈਮਾਨ ਨਾਲ ਕੀਤਾ ਗਿਆ ਹਰ ਕਾਰਜ, ਕ੍ਰੋਧ ਦਾ ਦੁਰਪ੍ਰਯੋਗ ਨਹੀਂ ਕਿਹਾ ਜਾ ਸਕਦਾ।

ਗੁਰਬਾਣੀ ਵਿੱਚ ਕ੍ਰੋਧ ਦੀ ਨਵਿਰਤੀ ਲਈ ਜਦ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਦਾ ਮਕਸਦ ਕ੍ਰੋਧ ਦੇ ਦੁਰਪ੍ਰਯੋਗ ਤੋਂ ਮੁਕਤ ਹੋਣ ਨਾਲ ਸੰਬੰਧਿਤ ਹੁੰਦਾ ਹੈ, ਨਾ ਕਿ ਅਣਖ ਭਰਪੂਰ ਜ਼ਿੰਦਗੀ ਬਤੀਤ ਕਰਨ ਨਾਲ।

ਸੋ, ਕੇਵਲ ਕ੍ਰੋਧ ਨੂੰ ਮਾੜਾ ਕਹਿਣਾ ਜਾਂ ਕ੍ਰੋਧ ਤੋਂ ਦੂਰ ਰਹੋ’ ਆਦਿ ਪ੍ਰਵਚਨਾਂ ਤੱਕ ਸੀਮਤ ਰਹਿਣ ਦੀ ਬਜਾਏ ਰੋਗੀ ਨੂੰ ਤੁਰੰਤ ਡਾਕਟਰ ਦੀ ਸਲਾਹ ਨਾਲ ਦਵਾ ਦੇਣੀ ਤੇ Psycho Analysis & Psychotherapy   (ਭਾਵ ਮਨੋ-ਵਿਸ਼ਲੇਸ਼ਣ ਤੇ ਮਨੋ-ਚਿਕਿਤਸਾ) ਰਾਹੀਂ ਰੋਗੀ ਦੇ ਦੁੱਖਾਂ ਦਾ ਕਾਰਨ ਉਸ ਦੀਆਂ ਆਪਣੀਆਂ ਕਮਜ਼ੋਰੀਆਂ ਪ੍ਰਤੀ ਵਿਸ਼ਵਾਸ ਦਿਲਵਾਉਣਾ ਜ਼ਰੂਰੀ ਹੈ। ਇਸ ਮੈਡੀਕਲ ਤਕਨੀਕ ਦਾ ਆਧਾਰ ‘ਗੁਰਬਾਣੀ’ ਹੀ ਹੈ। ਮਨੋ-ਚਿਕਤਸਾ ਤੋਂ ਬਿਨਾਂ ਕੋਈ ਵੀ ਦਵਾ ਉਕਤ ਰੋਗੀ ਨੂੰ ਅਰੋਗ ਨਹੀਂ ਕਰ ਸਕਦੀ। ਪ੍ਰਮਾਤਮਾ ਦੇ ਨਾਮ ਨਾਲ ਪਿਆਰ ਪਾਉਣ ਵਾਲਾ ਮਨੁੱਖਾ ਕ੍ਰੋਧੀ ਕਿਵੇਂ ਹੋ ਸਕਦਾ ਹੈ ਕਿਉਂਕਿ ਉਸ ਦਾ ਦ੍ਰਿੜ੍ਹ ਵਿਸ਼ਵਾਸ ਹੁੰਦਾ ਹੈ: ‘‘ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ॥’’ (ਭਗਤ ਰਵਿਦਾਸ/੪੮੬)