ਅੰਮ੍ਰਿਤ ਸੰਚਾਰ ਲਈ ਨਿਯੁਕਤ ਸਿੰਘਾਂ ਨੂੰ ‘ਪੰਜ ਪਿਆਰੇ’ ਮੁਲਾਜ਼ਮੀ ਰੁਤਬਾ ਦੇਣਾ ਸ਼੍ਰੋਮਣੀ ਕਮੇਟੀ ਦੀ ਸਿਧਾਂਤਕ ਗ਼ਲਤੀ : ਗਿ. ਜਾਚਕ
ਮਨਦੀਪ ਸਿੰਘ ਲੁਧਿਆਣਾ, ਮੀਡੀਆ ਇੰਚਾਰਜ- ਸੰਪਰਕ 98722 81325
ਅੰਮ੍ਰਿਤਸਰ: (ਮਨਦੀਪ ਸਿੰਘ ਲੁਧਿਆਣਾ) ਖ਼ਾਲਸਾ ਪੰਥ ਦੇ ਬੋਲ-ਬਾਲਿਆਂ ਲਈ ਅੰਮ੍ਰਿਤ ਪ੍ਰਚਾਰ ਤੇ ਸੰਚਾਰ ਲਈ ਉਪਰਾਲੇ ਕਰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਮੁਖ ਫ਼ਰਜ ਹੈ। ਪਰ, ਇਸ ਸੇਵਾ ਲਈ ਨਿਯੁਕਤ ਕੀਤੇ ਕੁਝ ਤਿਆਰ ਬਰਤਿਆਰ ਸਿੰਘਾਂ ਨੂੰ ਤਖ਼ਤ ਸਾਹਿਬਾਨ ਅਤੇ ਪੰਜਾਬ ਤੋਂ ਬਾਹਰ ਸਥਾਪਿਤ ਗੁਰਮਤਿ ਪ੍ਰਚਾਰ ਕੇਂਦਰਾਂ ਵਿੱਚ ‘ਪੰਜ ਪਿਆਰੇ’ ਮੁਲਾਜ਼ਮੀ ਰੁਤਬਾ ਦੇਣਾ ਸ਼੍ਰੋਮਣੀ ਕਮੇਟੀ ਦੀ ਸਿਧਾਂਤਕ ਗ਼ਲਤੀ ਹੈ। ਅਜਿਹੇ ਸਿੰਘਾਂ ਲਈ ‘ਅੰਮ੍ਰਿਤ ਸੰਚਾਰ ਜਥਾ’ ਢੁੱਕਵਾਂ ਨਾਂ ਹੈ। ਕਿਉਂਕਿ, ਇੱਕ ਤਾਂ ਸਿੱਖ ਰਹਿਤ ਮਰਯਾਦਾ ਮੁਤਾਬਿਕ ਅੰਮ੍ਰਿਤ ਸੰਚਾਰ ਲਈ ਛੇ ਸਿੰਘ ਸਿੰਘਣੀਆਂ ਦੀ ਲੋੜ ਹੁੰਦੀ ਹੈ। ਦੂਜੇ, ਕਿਸੇ ਵੀ ਰੂਪ ਵਿੱਚ ਪੰਜਾਂ ਸਿੰਘਾਂ ਨੂੰ ‘ਪੰਜ ਪਿਆਰੇ’ ਦਾ ਸਥਾਈ ਤੇ ਮੁਲਾਜ਼ਮੀ ਰੁਤਬਾ ਦੇਣਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਉਨ੍ਹਾਂ ਪੰਜ ਪਿਆਰਿਆਂ ਦੀ ਬਰਾਬਰੀ ਕਰਨ ਵਾਲੀ ਭਾਰੀ ਭੁੱਲ ਤੇ ਬੇਅਦਬੀ ਵੀ ਹੈ; ਜਿਨ੍ਹਾਂ ਦੀ ਕਰਨੀ ਦਾ ਖ਼ਾਲਸਾ ਪੰਥ ਹਰ ਰੋਜ਼ ਆਪਣੀ ਸੰਗਤੀ ਅਰਦਾਸ ਵਿੱਚ ਧਿਆਨ ਧਰਦਾ ਹੈ। ਇਹ ਲਫ਼ਜ਼ ਹਨ ‘ਪੰਥਕ ਵਿਚਾਰ ਮੰਚ ਇੰਟਰਨੈਸ਼ਨਲ, ਨਿਊਯਾਰਕ’ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਆਪਣੇ ਲਿਖਤੀ ਪ੍ਰੈਸ ਨੋਟ ਰਾਹੀਂ ਕਹੇ।
ਉਨ੍ਹਾਂ ਆਖਿਆ ਕਿ ਲੋੜ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਆਪਣੀ ਉਪਰੋਕਤ ਗ਼ਲਤੀ ਨੂੰ ਸੁਧਾਰਦੀ ਹੋਈ ਸਿੱਖ ਕੌਮ ਦੇ ਉੱਜਲੇ ਭਵਿੱਖ ਲਈ ਕੋਈ ਅਜਿਹਾ ਮਤਾ ਪਾਸ ਕਰਦੀ ਕਿ ‘ਅੱਜ ਦੀ ਹੰਗਾਮੀ ਇਕਤ੍ਰਤਾ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ‘ਪੰਜ ਪਿਆਰੇ’ ਰੁਤਬੇ ਅਧੀਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਸਿੰਘਾਂ ਦੇ ਆਦੇਸ਼ ਦਾ ਸਨਮਾਨ ਕਰਦੀ ਹੋਈ ਪੰਜਾਬ ਅੰਦਰਲੇ ਤਖ਼ਤ ਸਾਹਿਬਾਨ ਦੇ ਤਤਕਾਲੀ ਜਥੇਦਾਰਾਂ ਨੂੰ ਬਰਖ਼ਾਸਤ ਕਰਦੀ ਹੈ ਅਤੇ ਧੰਨਵਾਦੀ ਹੁੰਦੀ ਹੈ ਗੁਰੂ ਪਿਆਰੇ ਉਨ੍ਹਾਂ ਪੰਜਾਂ ਸਿੰਘਾਂ ਦੀ, ਜਿਨ੍ਹਾਂ ਨੇ ‘ਪੰਜ ਪਿਆਰੇ’ ਰੁਤਬੇ ਦੀ ਰੂਹਾਨੀ ਸ਼ਾਨ ਨੂੰ ਬਹਾਲ ਰੱਖਿਆ ਹੈ। ਪ੍ਰੰਤੂ ਨਾਲ ਹੀ ਫੈਸਲਾ ਲਿਆ ਜਾਂਦਾ ਹੈ ਕਿ ਅੱਜ ਤੋਂ ਸ਼੍ਰੋਮਣੀ ਕਮੇਟੀ ਅਧੀਨ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਸਿੰਘਾਂ ਨੂੰ ਪੰਜ ਪਿਆਰੇ ਕਹਿਣ ਦੀ ਥਾਂ ‘ਅੰਮ੍ਰਿਤ ਸੰਚਾਰ ਜੱਥਾ’ (ਜਾਂ ਕੋਈ ਹੋਰ ਨਾਂ) ਆਖਿਆ ਜਾਏਗਾ। ਕਿਉਂਕਿ, ‘ਪੰਜ ਪਿਆਰੇ’ ਮੁਲਾਜ਼ਮੀ ਤੇ ਸਥਾਈ ਰੁਤਬਾ ਦੇਣਾ ਕੇਵਲ ਸਾਡੀ ਸਿਧਾਂਤਕ ਗ਼ਲਤੀ ਹੀ ਨਹੀਂ, ਸਗੋਂ ਕੌਮੀ ਭਵਿੱਖ ਲਈ ਵੀ ਹਾਨੀਕਾਰਕ ਸੀ।’ ਪਰ ਦੁੱਖ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਹਾਕਮਾਂ ਦੇ ਇਸ਼ਾਰੇ ’ਤੇ ਹੋਇਆ ਇਸ ਦੇ ਉੱਲਟ। ਜਦੋਂ ਕਿ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਗ੍ਰੰਥੀ ਸਿੰਘਾਂ ਨੇ ਸਿੱਖ ਕੌਮ ਨੂੰ ਸੰਬੋਧਤ ਹੁੰਦਿਆਂ ਆਪਣੇ ਪੱਤਰਾਂ ਵਿੱਚ ਆਪਣੇ ਆਪ ਨੂੰ ਕਿਧਰੇ ਵੀ ‘ਪੰਜ ਪਿਆਰੇ’ ਲਿਖਣ ਦੀ ਗ਼ਲਤੀ ਨਹੀਂ ਕੀਤੀ।
ਗਿਆਨੀ ਜੀ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਲਈ ਕੋਈ ਵਿਸ਼ੇਸ਼ ਜੱਥਾ ਨਿਯੁਕਤ ਹੀ ਨਹੀਂ ਕੀਤਾ ਗਿਆ। ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮੁੱਖ ਗ੍ਰੰਥੀ ਲੋੜ ਅਨੁਸਾਰ 6 ਜਾਂ 7 ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦੀ ਡਿਊਟੀ ਲਾ ਕੇ ਮੈਨੇਜਰ ਨੂੰ ਸੂਚਿਤ ਕਰ ਦਿੰਦਾ ਹੈ। ਅਜਿਹੀ ਪ੍ਰਬੰਧਕੀ ਜੁਗਤਿ ਹੋਰ ਵੀ ਕਾਰਗਰ ਸਿੱਧ ਹੋਈ ਹੈ। ਕਿਉਂਕਿ, ਅਜਿਹਾ ਕਰਨ ਨਾਲ ਨਿਤਨੇਮ ਦੀਆਂ ਬਾਣੀਆਂ ਪੱਖੋਂ ਸਾਰੇ ਗ੍ਰੰਥੀ ਸਾਹਿਬਾਨ ਸੁਚੇਤ ਰਹਿੰਦੇ ਹਨ। ਅੰਤ ਵਿੱਚ ਉਨ੍ਹਾਂ ਆਖਿਆ ਕਿ ਸਾਨੂੰ ਅਜੇ ਵੀ ਆਸ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਗ਼ਲਤੀ ਸੁਧਾਰੇਗੀ ਅਤੇ ਬਰਖ਼ਾਸਤ ਕੀਤੇ ਪੰਜਾਂ ਸਿੰਘਾਂ ਨੂੰ ਬਹਾਲ ਕਰਕੇ ਅੰਮ੍ਰਿਤ ਪ੍ਰਚਾਰ ਤੇ ਸੰਚਾਰ ਦੇ ਸੇਵਾ ਲੈਂਦੀ ਰਹੇਗੀ।