ਗੁਰਬਾਣੀ ਉਚਾਰਨ ਨੂੰ ਸਰਲ ਯੁਕਤੀ ਰਾਹੀਂ ਸਮਝਣ / ਸਮਝਾਉਣ ਦਾ ਯਤਨ ਕਰ ਰਹੀਆਂ ਤਮਾਮ ਪੰਥਕ ਜਥੇਬੰਦੀਆਂ

0
570

ਗੁਰਬਾਣੀ ਉਚਾਰਨ ਨੂੰ ਸਰਲ ਯੁਕਤੀ ਰਾਹੀਂ ਸਮਝਣ / ਸਮਝਾਉਣ ਦਾ ਯਤਨ ਕਰ ਰਹੀਆਂ ਤਮਾਮ ਪੰਥਕ ਜਥੇਬੰਦੀਆਂ

ਗਿਆਨੀ ਅਵਤਾਰ ਸਿੰਘ

ਗੁਰਬਾਣੀ ਅਤੇ ਅਜੋਕੀ ਪੰਜਾਬੀ ਭਾਸ਼ਾ ਦੀ ਲਿਖਤ ਨਿਯਮਾਵਲੀ ਨੂੰ ਮੁਖ ਰੱਖਦਿਆਂ ਸਿੱਖ ਸਮਾਜ ਨਾਲ ਸਬੰਧਤ ਤਮਾਮ ਬੁਧੀਜੀਵੀਆਂ ਨੇ ਆਪਣੀ-2 ਯੋਗਤਾ ਅਨੁਸਾਰ ਜੋ ਸਰਲਤਾ ਵਿਖਾਉਣ ਦਾ ਯਤਨ ਕੀਤਾ ਹੈ ਉਨ੍ਹਾਂ ਵਿੱਚੋਂ ਕੁਝ ਕੁ ਦੀਆਂ ਉਦਾਹਰਨਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਾਧਾਰਨ ਗਿਆਨ ਰੱਖਣ ਵਾਲੇ ਜਗਿਆਸੂ ਸਿੱਖ ਨੂੰ ਗੁਰਬਾਣੀ ਦੀ ਸਮਝ ਚੰਗੀ ਤਰ੍ਹਾਂ ਆ ਜਾਵੇ ਅਤੇ ਆਪਣੇ ਦੁਨਿਆਵੀ ਸਫਰ ਦੀਆਂ ਤਮਾਮ ਰੁਕਾਵਟਾਂ ਦਾ ਨਿਰਵਿਘਨ ਮੁਕਾਬਲਾ ਕਰ ਸਕੇ:

(1). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੁਆਰਾ ਮਾਨਤਾ ਪ੍ਰਾਪਤ ‘ਈਸ਼ਰ ਮਾਇਕਰੋ ਮੀਡੀਆ’ ਸਾਫਟ ਵੇਅਰ (ਜੋ ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਨਾਮ ‘ਤੇ ਬਣਾਇਆ ਗਿਆ ਹੈ) ’ਚ ਦਿੱਤੀਆਂ ਗਈਆਂ ਗੁਰਬਾਣੀ ਉਚਾਰਨ ਦੀਆਂ ਕੁਝ ਕੁ ਹਦਾਇਤਾਂ ਇਸ ਪ੍ਰਕਾਰ ਹਨ:

(ੳ). ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ, ਹੋਸੀ ਭੀ ਸਚੁ ॥੧॥ ਜਪੁ (ਮ:੧/੧)

(ਨੋਟ: ਉਪਰੋਕਤ ਉਚਾਰਨ ਸੇਧ ਵਿੱਚ ‘ਨਾਨਕ’ ਸ਼ਬਦ ਤੋਂ ਉਪਰੰਤ ਇਉਂ ਉਚਾਰਨ ਸੇਧ ਹੋਣੀ ਚਾਹੀਦਾ ਸੀ ‘ਨਾਨਕ !’ )

(ਅ). ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥ ਚੁਪੈ, ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ॥ ਭੁਖਿਆ, ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ; ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ?॥ ਹੁਕਮਿ ਰਜਾਈ ਚਲਣਾ; ਨਾਨਕ, ਲਿਖਿਆ ਨਾਲਿ॥੧॥ (ਜਪੁ, ਮ: ੧/੧)

(ੲ) ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥

ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥ (ਜਪੁ, ਮ:੧)

(ਸ). ਫੇਰਿ, ਕਿ ਅਗੈ ਰਖੀਐ ? ਜਿਤੁ ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ ਧਰੇ ਪਿਆਰੁ ॥੪॥ (ਜਪੁ, ਮ: ੧)

(ਹ). ਗੁਰਾ! ਇਕ ਦੇਹਿ ਬੁਝਾਈ ॥ (ਜਪੁ)

(ਕ). ਪਿੰਧੀ ਉਭਕਲੇ, ਸੰਸਾਰਾ॥ ਭ੍ਰਮਿ ਭ੍ਰਮਿ ਆਏ, ਤੁਮ ਚੇ ਦੁਆਰਾ॥ ਤੂ ਕੁਨੁ ਰੇ? ॥ ਮੈ ਜੀ॥ ਨਾਮਾ॥ ਹੋ ਜੀ॥ ਆਲਾ ਤੇ ਨਿਵਾਰਣਾ, ਜਮ ਕਾਰਣਾ॥ ਪਤਿਤ ਪਾਵਨ ਮਾਧਉ! ਬਿਰਦੁ ਤੇਰਾ॥ ਧੰਨਿ ਤੇ ਵੈ ਮੁਨਿ ਜਨ, ਜਿਨ ਧਿਆਇਓ ਹਰਿ ਪ੍ਰਭੁ ਮੇਰਾ॥ ਦੀਨ ਕਾ ਦਇਆਲੁ ਮਾਧੌ! ਗਰਬ ਪਰਹਾਰੀ! ॥ ਚਰਨ ਸਰਨ ਨਾਮਾ, ਬਲਿ ਤਿਹਾਰੀ ॥ ਧਨਾਸਰੀ (ਭ. ਨਾਮਦੇਵ/੬੯੪) ਆਦਿ।

(2). ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ, ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਜੀ ਦੁਆਰਾ ਲਿਖੀ ਗਈ ਪੁਸਤਕ‘ਗੁਰਬਾਣੀ ਪਾਠ ਦਰਪਣ’ ਦੇ ਪ੍ਰਕਾਸ਼ਕ ਦਾਸਨਿ ਦਾਸ ਠਾਕੁਰ ਸਿੰਘ ਖ਼ਾਲਸਾ, ਦਮਦਮੀ ਟਕਸਾਲ, ਜਥਾ ਭਿੰਡਰਾਂ, ਮਹਿਤਾ (ਪੰਜਾਬ) ਵੱਲੋਂ ਛਪੀ ਉਕਤ ਕਿਤਾਬ ’ਚ ਗੁਰਬਾਣੀ ਪਾਠ ਉਚਾਰਨ ਸੇਧ ਇਉਂ ਦਰਜ ਹੈ:

(ੳ). (ਪੰਨਾ 320) ਪੰਕ ‘ਜੁ’ ਮੋਹ, ਪਗੁ ਨਹੀ ਚਾਲੈ; ਹਮ ਦੇਖਾ, ਤਹ ‘ਡੂਬੀਅਲੇ’॥

(ਅ). (ਪੰਨਾ 322) ਏਤੀ ਮਾਰ ਪਈ ‘ਕਰਲਾਣੇ’; ਤੈਂ ਕੀ, ਦਰਦੁ ਨ ਆਇਆ॥…ਸਕਤਾ ਸੀਹੁ, ਮਾਰੇ ਪੈ ਵਗੈ; ਖਸਮੈ, ਸਾ ਪੁਰਸਾਈ॥, ਨਾਨਕ; ਕੀਮਤਿ ਕਹਣੁ ਨ ਜਾਇ॥, ਸੋਗੁ ਹਰਖੁ ਦੁਇ, ਸਮ-ਕਰਿ ਜਾਣੈ; ਗੁਰ ਪਰਸਾਦੀ ਸਬਦਿ ਉਧਰੈ॥, ਗੁਰ ਪਉੜੀ; ਸਭ-ਦੂ ੳੂਚਾ ਹੋਇ॥

(ੲ). (ਪੰਨਾ 323) ਕਬ ਕੋੳੂ, ਲੋਗਨ ਕਉ ‘ਪਤਿਆਵੈ’; ਲੋਕਿ ਪਤੀਣੈ, ਨਾ ਪਤਿ ਹੋਇ॥

(ਸ). (ਪੰਨਾ 342) ਹੰਸ, ‘ਸਿ’ ਹੰਸਾ, ਬਗ, ‘ਸਿ’ ਬਗਾ; ਘਟ ਘਟ ਕਰੇ ਬੀਚਾਰੁ ਜੀਉ॥

(ਹ) (ਪੰਨਾ 414) ਭ੍ਰਮਿ ਭ੍ਰਮਿ ਆਏ; ਤੁਮ-ਚੇ ਦੁਆਰਾ॥, ਸ੍ਰਵਨ ਬਾਨੀ ‘ਸੁਜਸੁ’ ਪੂਰਿ ਰਾਖਉ॥

(ਕ) (ਪੰਨਾ 415) ਦਾਧੀ-ਲੇ ਲੰਕਾ ਗੜੁ, ਉਪਾੜੀ-ਲੇ ਰਾਵਣ ਬਣੁ; ਸਲਿ ਬਿਸਲਿ ਆਣਿ, ਤੋਖੀ-ਲੇ ਹਰੀ॥, ਤਾ-ਚੇ ਮੋਹਿ ਜਾਪੀਅਲੇ, ਰਾਮ-ਚੇ ਨਾਮੰ॥

(ਖ). (ਪੰਨਾ 654) ਮੂਰਤਿ ਪੰਚੁ, ਪ੍ਰਮਾਣ ਪੁਰਖੁ; ਗੁਰੁ ਅਰਜੁਨੁ, ਪਿਖਹੁ ਨਯਣ॥, ਕਲਜੁਗਿ ਜਹਾਜੁ, ਅਰਜੁਨੁ ਗੁਰੂ; ਸਗਲ ਸਿ੍ਰਸਿ੍ਟ ਲਗਿ ਬਿ-ਤਰਹੁ॥ ਆਦਿ।

(3). ਧੰਨਾ ਸਿੰਘ ਜੀ (ਰਿਟਾ. ਕਮਿਸ਼ਨਰ, ਪਟਿਆਲਾ) ਦੁਆਰਾ ਰਚਤ ਕਿਤਾਬ ‘ਗੁਰਬਾਣੀ ਦਾ ਸ਼ੁੱਧ ਉਚਾਰਣ’, ਜੋ ਕਿ ‘ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ (ਪੰਜਾਬ)’ ਵੱਲੋਂ ਲੱਖਾਂ ਦੀ ਗਿਣਤੀ ’ਚ ਛਪਵਾ ਕੇ ਫ੍ਰੀ ਵੰਡੀ ਜਾ ਰਹੀ ਹੈ, ਦੇ ਪੰਨਾ ਨੰ. 420 ’ਤੇ ਗੁਰਬਾਣੀ ਲਿਖਤ ਇਉਂ ਵੀ ਦਰਜ ਹੈ:

(ੳ). ਹਰਿ ‘‘ਨਾਹ’’ ਨ ਮਿਲੀਐ ਸਾਜਣੈ..॥

(ਅ). ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ‘‘ਨਾਹ’’॥ ਆਦਿ।

(4). ਭਾ: ਸਾ: ਭਾਈ ਕਾਨ੍ਹ ਸਿੰਘ, (ਨਾਭਾ) ਦੁਆਰਾ ਰਚਤ ਕਿਤਾਬ ‘ਗੁਰਮਤਿ ਮਾਰਤੰਡ’, ਜੋ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਜਾ ਰਹੀ ਹੈ, ’ਚ ਗੁਰਬਾਣੀ ਲਿਖਤ ਇਉਂ ਦਰਜ ਹੈ:

(ੳ). ਮਨ ਮੇਰੇ, ਸਗਲ ਉਪਾਵ ਤਿਆਗ॥, ਧਰ ਜੀਅੜੇ, ਇਕ ਟੇਕ ਤੂ, ਲਾਹਿ ਵਿਡਾਨੀ ਆਸ॥ (ਪੰਨਾ 20-21)

(ਅ). ਭਾਈ ਰੇ ! ਗੁਰ ਬਿਨੁ ਸਹਜੁ ਨ ਹੋਇ॥, ..ਕਿਆ ਪੜੀਐ ਕਿਆ ਗੁਨੀਐ? ॥ ਕਿਆ ਬੇਦ ਪੁਰਾਨਾਂ ਸੁਨੀਐ? ॥ ਪੜੇ ਸੁਨੇ ਕਿਆ ਹੋਈ? ॥ ਜਉ ਸਹਜ ਨ ਮਿਲਿਓ ਸੋਈ ॥ (ਪੰਨਾ 111), ਆਦਿ।

(5). ਸ. ਹਰਨਾਮ ਸਿੰਘ ਸ਼ਾਨ, ਜਿਨ੍ਹਾਂ ਨੇ ‘ਜਪੁ’ ਬਾਣੀ ’ਤੇ ਪੀ. ਐਚ. ਡੀ. ਕੀਤੀ ਹੋਈ ਹੈ ਅਤੇ ਉਨ੍ਹਾਂ ਦੀ ਕਿਤਾਬ ‘ਗੁਰੂ ਨਾਨਕ ਦਾ ਸ਼ਾਹਕਾਰ ਜਪੁ ਜੀ’ ਨੂੰ ‘ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ (ਚੰਡੀਗੜ੍ਹ)’ ਵਲੋਂ ਛਾਪਿਆ ਗਿਆ ਹੈ, ’ਚ ਬਿਨਾ ਅਰਥਾਂ ਤੋਂ ਨਿਰੋਲ ‘ਜਪੁ’ ਬਾਣੀ ਤਰਤੀਬ (ਪੰਨਾ 69 ਤੋਂ 116 ਤੱਕ) ਇਉਂ ਲਿਖੀ ਹੋਈ ਮਿਲਦੀ ਹੈ:

(ੳ). ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥

(ਅ). ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ? ॥

(ੲ). ਫੇਰਿ ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ ? ॥ ਮੁਹੌ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ ? ॥

(ਸ). ਧਵਲੈ ਉਪਰਿ ਕੇਤਾ ਭਾਰੁ ? ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ? ॥ ਜੀਅ ਜਾਤਿ ਰੰਗਾ ਕੇ ਨਾਵ? ॥ .. ਲੇਖਾ ਲਿਖਿਆ ਕੇਤਾ ਹੋਇ ? ॥ ਕੇਤਾ ਤਾਣੁ ਸੁਆਲਿਹੁ ਰੂਪੁ ? ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ? ॥ ਕੁਦਰਤਿ ਕਵਣ ਕਹਾ ਵੀਚਾਰੁ ? ॥

(6). ਮਿਤੀ 15 ਦਸੰਬਰ 2014 ਨੂੰ ਰਲੀਜ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਅਸਟ੍ਰੇਲੀਆ) ਵੱਲੋਂ ਗਿ. ਜਗਤਾਰ ਸਿੰਘ ਜਾਚਕ ਜੀ ਦੁਆਰਾ ਤਿਆਰ ਕਰਵਾਇਆ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੂਚਨਾ ਕੇਂਦਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਅਰਦਾਸ ਕਰਕੇ ਚੜਦੀਕਲਾ ਟਾਈਮ ਟੀ.ਵੀ.’ਤੇ ਸ਼ੁਰੂ ਕਰਵਾਇਆ ਵਿਆਕਰਣਿਕ ਸੰਥਿਆ ਪਾਠ, ਜਿਹੜਾ ਹਰ ਰੋਜ਼ ਸਵੇਰੇ 10-30 ਤੋਂ 11 ਵਜੇ ਤੱਕ ਸੰਸਾਰ ਭਰ ਵਿੱਚ ਸੁਣਿਆ ਜਾ ਰਿਹਾ ਹੈ, ਵਿਚ ਵੀ ਉਪਰੋਕਤ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ, ਆਦਿ।

ਵਿਸ਼ੇ ਦੇ ਵਿਸਥਾਰ ਤੋਂ ਸੰਕੋਚ ਕਰਦਿਆਂ ਮੈਂ ਸੀਮਤ ਸ਼ਬਦਾਂ ’ਚ ਕੇਵਲ ਇਨ੍ਹਾਂ ਕੁ ਬਿਆਨ ਕਰਨਾ ਚਾਹੁੰਦਾ ਹਾਂ ਕਿ ਮੇਰੀ ਨਿਜੀ ਲਾਇਬ੍ਰੇਰੀ ’ਚ ਲਗਭਗ 200 ਲੇਖਕਾਂ ਦੀਆਂ 2500 ਤੋਂ ਵੱਧ ਕਿਤਾਬਾਂ ਮੌਜੂਦ ਹਨ ਜਿਨ੍ਹਾਂ ਵਿਚੋਂ ਲਗਭਗ 50% ਲੇਖਕਾਂ ਨੇ ਆਪਣੀ ਲਿਖਤ ’ਚ ਗੁਰਬਾਣੀ ਨੂੰ ਬਿਸ਼੍ਰਾਮ ਦੇਣ ਲੱਗਿਆਂ ਉਪਰੋਕਤ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਮਿਲਦੀ ਹੈ ਜਿਵੇਂ ਕਿ ਕੁਝ ਕੁ ਲੇਖਕਾਂ ਦੇ ਨਾਂ ਹਨ ‘ਭਾਈ ਵੀਰ ਸਿੰਘ, ਪਿ੍ਰੰ. ਸਾਹਿਬ ਸਿੰਘ, ਪਿ੍ਰੰ. ਹਰਭਜਨ ਸਿੰਘ, ਭਾਈ ਰਣਧੀਰ ਸਿੰਘ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਗਿ. ਹਰਬੰਸ ਸਿੰਘ (ਪਟਿਆਲਾ), ਪ੍ਰੋ. ਸੋਹਣ ਸਿੰਘ ਗਲ੍ਹੌਤ੍ਰਾ, ਗਿ. ਭਾਗ ਸਿੰਘ, ਸੰਤ ਸਿੰਘ ਮਸਕੀਨ, ਮਹਿੰਦਰ ਸਿੰਘ ਜੋਸ, ਜਸਵੰਤ ਸਿੰਘ ਗ੍ਰੇਵਾਲ, ਨਰੈਣ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਪਿੰ. ਗੰਗਾ ਸਿੰਘ, ਸਤਵੀਰ ਸਿੰਘ, ਗਿ. ਜਸਵੰਤ ਸਿੰਘ ਪ੍ਰਵਾਨਾ, ਆਦਿ।’

ਯਾਦ ਰਹੇ ਕਿ ਉਪਰੋਕਤ ਲੇਖਕਾਂ ਦੀਆਂ ਜ਼ਿਆਦਾਤਰ ਲਿਖਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਗਤ ਪੂਰਨ ਸਿੰਘ ਪਿੰਗਲਵਾੜਾ (ਅੰਮ੍ਰਿਤਸਰ) ਅਤੇ ਸਿੰਘ ਬ੍ਰਦਰਜ (ਅੰਮ੍ਰਿਤਸਰ) ਵਰਗੀਆਂ ਪੰਥ ਪ੍ਰਵਾਣਿਕ ਸੰਸਥਾਵਾਂ ਛਾਪ ਰਹੀਆਂ ਹਨ ਪਰ ਕੁਝ ਸੱਜਣ ਮੇਰੇ ਵੱਲੋਂ ਗੁਰਬਾਣੀ ਲਿਖਤ ਨੂੰ ਸਰਲ (ਵਿਆਕਰਣ ਨਿਯਮਾਂ ਅਨੁਸਾਰ) ਲਿਖ ਕੇ ਆਮ ਪਾਠਕਾਂ ਨੂੰ ਦਿੱਤੀ ਜਾ ਰਹੀ ਸ਼ਬਦ ਵੀਚਾਰ ਦੀ ਵੱਧ ਤੋਂ ਵੱਧ ਸਰਲ ਜਾਣਕਾਰੀ ਨੂੰ ਇਹ ਕਹਿ ਕੇ, ਕਿ ਮੇਰੇ ਵੱਲੋਂ ਗੁਰਬਾਣੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ, ਸਿੱਖ ਸੰਗਤਾਂ ਦਾ ਧਿਆਨ ਮੂਲ ਵਿਸ਼ੇ (ਭਾਵ ਕੇਵਲ ਇਕ ਜਾਗਰੂਕ ਵਰਗ ਪ੍ਰਤੀ ਲਿਖੀ ਜਾਣ ਵਾਲੀ ਉਨ੍ਹਾਂ ਦੀ ਲਿਖਤ) ਤੋਂ ਹਟਾ ਰਹੇ ਹਨ।

ਜੋ ਲੇਖਕ ਇਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੀ ਸਰਲ ਤਕਨੀਕ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਤਾਂ ਇਹ ਲੋਕ ਆਪਣੇ ਪਾਠਕਾਂ ਨੂੰ ਇਹ ਦੱਸਣ ਕਿ ਉਪਰੋਕਤ ਤਮਾਮ ਲੇਖਕਾਂ ਦੇ ਪ੍ਰਤੀ ਇਨ੍ਹਾਂ ਨੇ ਕਿਹੜੀ ਲਹਿਰ ਖੜ੍ਹੀ ਕਰ ਦਿੱਤੀ? ਅਤੇ ਅਗਾਂਹ ਵਾਸਤੇ ਇਹ ਕੀ ਕਰ ਸਕਦੇ ਹਨ? ਕਿਉਂਕਿ ਅੱਜ ਹਰ ਇੱਕ ਗੁਰਸਿੱਖ ਪਿਆਰਾ, ਗੁਰਬਾਣੀ (ਸ਼ਬਦ ਵੀਚਾਰ) ਨੂੰ ਬਾਰੀਕੀ ਨਾਲ ਸਮਝਣਾ ਚਾਹੁੰਦਾ ਹੈ ਇਸ ਦਾ ਇਕ ਅੰਦਾਜ਼ਾ (ਗੁਰ ਪਰਸਾਦ ਡਾੱਟ ਕਮ) ਵੈੱਬ ਸਾਇਟ ‘ਤੇ ਰੋਜ਼ਾਨਾ ਵਧ ਰਹੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ।

ਇਕ ਯੋਗ ਲੇਖਕ ਦੀ ਪਹਿਚਾਣ– ਜੋ ਲੇਖਕ ਸਮਾਜ ਨਾਲ ਸਬੰਧਤ ਕਿਸੇ ਵੀ ਸੁਧਾਰਵਾਦੀ ਵਿਸ਼ੇ ਦੀ ਚੋਣ ਕਰਕੇ ਉਸ ਨੂੰ ਹੇਠ ਲਿਖੇ ਤਿੰਨ ਤਰੀਕਿਆਂ ਨਾਲ ਆਪਣੇ ਪਾਠਕਾਂ ਸਾਹਮਣੇ ਰੱਖਣ ਦਾ ਯਤਨ ਕਰਦਾ ਹੈ, ਉਸ ਨੂੰ ਸਫਲ (ਯੋਗ) ਲੇਖਕ ਕਿਹਾ ਜਾ ਸਕਦਾ ਹੈ।
(1). ਸਮਾਜ ਦੇ ਲੋਕਾਂ ਉੱਤੇ ਬੁਰਾ ਪ੍ਰਭਾਵ ਪਾ ਰਿਹਾ ਕੋਈ ਵੀ ਵਿਸ਼ਾ, ਲੇਖਕ ਆਪਣੀ ਯੋਗਤਾ ਦੀ ਰਾਹੀਂ ਚੁਣ ਕੇ ਸਭ ਤੋਂ ਪਹਿਲਾਂ ਆਪਣੇ ਪਾਠਕਾਂ ਨੂੰ ਉਸ ਵਿਸ਼ੇ ਦੀ ਗੰਭੀਰਤਾ ਬਾਰੇ ਜਾਣਕਾਰੀ ਦੇਵੇਗਾ।

(2). ਲੇਖਕ, ਆਪਣੀ ਯੋਗਤਾ ਦੀ ਰਾਹੀਂ ਉਸ ਵਿਸ਼ੇ (ਲੋਕਾਂ ’ਤੇ ਪੈ ਰਹੇ ਬੁਰੇ ਪ੍ਰਭਾਵ) ਨੂੰ ਖਤਮ ਕਰਨ ਲਈ ਨਵੀਂ ਰਣਨੀਤੀ ਤਿਆਰ ਕਰਵਾਏਗਾ।

(3). ਉਸ (ਉਪਰੋਕਤ ਚੁਣੇ) ਵਿਸ਼ੇ ’ਤੇ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਯਤਨਾ ਨੂੰ ਅਧੂਰਾ ਸਿਧ ਕਰੇਗਾ।

ਪਰ ਗੁਰੂ ਪਿਆਰਿਓ ! ਗੁਰਮਤਿ ਸੰਦੇਸ਼ ਨੂੰ ਵਿਸਵ ਪੱਧਰ ‘ਤੇ ਲੈ ਜਾਣ ਲਈ ਸਿੱਖ ਕੌਮ ਵਿੱਚ ਯੋਗ ਲੇਖਕਾਂ ਦੀ ਬਹੁਤ ਘਾਟ ਹੈ, ਇਹੀ ਸਿੱਖ ਕੌਮ ਦੀ ਅਧੋਗਤੀ (ਗਿਰਾਵਟ) ਦਾ ਮੂਲ ਕਾਰਨ ਹੈ, ਜੋ ਸਿੱਖ ਸਮਾਜ ‘ਚ ਅਜੋਕੇ ਵਿਦਵਾਨ (ਲੇਖਕ) ਬਣ ਕੇ ਵਿਚਰ ਰਹੇ ਹਨ ਉਨ੍ਹਾਂ ਦੀਆਂ ਤਮਾਮ ਲਿਖਤਾਂ ਨੂੰ ਉੱਠਾ ਕੇ ਵੇਖ ਲਵੋ, ਤੁਹਾਨੂੰ ਉਨ੍ਹਾਂ ਦੀ ਯੋਗਤਾ ਦਾ ਸਹੀ-ਸਹੀ ਮੁਲਾਂਕਣ ਹੋ ਜਾਵੇਗਾ। ਇਨ੍ਹਾਂ ਲੋਕਾਂ ਨੂੰ ਆਪਣੀ ਵਿਦਵਤਾ ਵਿਖਾਉਣ ਲਈ ਪਹਿਲਾਂ ਵਿਸ਼ਾ ਕੋਈ ਹੋਰ (ਦੂਸਰਾ) ਲੇਖਕ ਚੁਣਦਾ ਹੈ ਫਿਰ ਇਹ ਆਪਣੀ ਵਿਦਵਤਾ ਕੇਵਲ ਸਵਾਲ / ਜਵਾਬ ਰਾਹੀਂ ਹੀ ਵਿਖਾ ਸਕਦੇ ਹਨ ਜਿਸ ਨੂੰ ਇਹ ਚਰਚਾ ਕਰਨਾ ਜਾਂ ਚਰਚਾ ਤੋਂ ਭਗੌੜਾ ਹੋਣਾ, ਨਾਂ ਦੇ ਕੇ ਆਪਣੇ ਮਨ ਨੂੰ ਕੁਝ ਸਮੇਂ ਲਈ (ਜਦ ਤੱਕ ਕੋਈ ਦੂਸਰਾ ਲੇਖਕ ਕਿਸੇ ਨਵੇਂ ਵਿਸ਼ੇ ਨੂੰ ਨਹੀਂ ਚੁਣਦਾ) ਤਸੱਲੀ ਦਵਾ ਲੈਂਦੇ ਹਨ। ਇਕ ਸਫਲ ਲੇਖਕ ਵਾਂਗ ਇਨ੍ਹਾਂ ਨੇ ਕਦੀ ਲਿਖਤ ਲਿਖਣਾ (ਸਮਾਜਿਕ ਵਿਸ਼ਾ ਚੁਣਨਾ ਅਤੇ ਢੁੱਕਵਾਂ ਸੁਝਾਵ ਦੇਣਾ) ਨਹੀਂ ਸਿਖਿਆ। ਇਨ੍ਹਾਂ ਦੀ ਯੋਗਤਾ ਦਾ ਪਾਰਦਰਸੀ (ਹਰ ਵਿਸ਼ੇ ਨਾਲ ਸਬੰਧਤ) ਹੋਣਾ ਵੀ ਇਨ੍ਹਾਂ ਦਾ ਪੈਮਾਨਾ ਨਹੀਂ। ਇਨ੍ਹਾਂ ਦੀ ਵਿਦਵਤਾ ਨੂੰ ਕੀ ਨਾਂ ਦੇਣਾ ਚਾਹੀਦਾ ਹੈ ਇਹ ਫੈਂਸਲਾ ਮੈਂ ਤੁਹਾਡੇ ਉਪਰ ਹੀ ਛੱਡ ਰਿਹਾ ਹਾਂ।