ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ’ਤੇ ਸੰਖੇਪ ਝਾਤ

0
9495

ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ’ਤੇ ਸੰਖੇਪ ਝਾਤ

(ਸੰਮਤ 1723-1765/ ਸੰਨ 1666-1708)

ਗਿਆਨੀ ਅਵਤਾਰ ਸਿੰਘ

ਜਨਮ: ਪੋਹ ਸੁਦੀ 7 (23 ਪੋਹ) ਸੰਮਤ 1723 (ਸੰਨ 1666 ਈਸਵੀ), ਪਟਨਾ ਸਾਹਿਬ (ਬਿਹਾਰ) ਜਦਕਿ ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀਨਾਮਾ’ ਅਨੁਸਾਰ ਸੰਮਤ ਬਿਕਰਮੀ 1718 (ਸੰਨ 1661) ਵਿੱਚ ਹੋਇਆ।

ਮਾਤਾ ਪਿਤਾ: ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ।

ਗੁਰਿਆਈ: ਮੱਘਰ ਸੁਦੀ 5 (12 ਮੱਘਰ) ਸੰਮਤ 1732 (ਸੰਨ 11 ਨਵੰਬਰ 1675)।

ਵਿਆਹ: ਮਾਤਾ ਜੀਤੋ ਜੀ (ਪੇਕਿਆਂ ਦਾ ਨਾਂ) ਅਤੇ ਮਾਤਾ ਸੁੰਦਰੀ ਜੀ (ਸਹੁਰੇ ਘਰ ਦਾ ਨਾਂ) ਨਾਲ, 7 ਵੈਸਾਖ ਸੰਮਤ 1741 (ਸੰਨ 1684) ਨੂੰ ਅਤੇ ਮਾਤਾ ਸਾਹਿਬ ਕੌਰ ਜੀ ਨਾਲ 18 ਵੈਸਾਖ ਸੰਮਤ 1757 (ਸੰਨ 1700) ਨੂੰ ਹੋਈ।

(ਨੋਟ: ਮਾਤਾ ਜੀਤਾਂ ਜੀ ਬੜੇ ਸੁਸ਼ੀਲ, ਸੁਲੱਖਣ ਤੇ ਸੁੰਦਰ ਸ਼ਖ਼ਸੀਅਤ ਦੇ ਮਾਲਕ ਸਨ, ਇਨ੍ਹਾਂ ਗੁਣਾਂ ਕਾਰਨ ਹੀ ਉਨ੍ਹਾਂ ਦੀ ਸ਼ਾਦੀ ਉਪਰੰਤ ਮਾਤਾ ਸੁੰਦਰੀ ਜੀ (ਨਾਮ) ਪ੍ਰਸਿੱਧ ਹੋ ਗਿਆ। ਪੰਜਾਬੀ ਸੱਭਿਆਚਾਰ ਮੁਤਾਬਕ ਲੜਕੀ ਦੇ ਪੇਕੇ ਘਰ ਦਾ ਨਾਮ ਤੇ ਸਹੁਰੇ ਘਰ ਦੇ ਨਾਮ ’ਚ ਤਬਦੀਲੀ ਹੁੰਦੀ ਆਮ ਵੇਖੀਦੀ ਹੈ। ਕੁਝ ਸਿੱਖ ਵਿਦਵਾਨ ਮਾਤਾ ਜੀਤੋ ਜੀ (ਵਿਆਹ ਸੰਨ 1677, ਗੁਰੂ ਜੀ ਦੀ ਉਮਰ ਮਾਤਰ 11 ਸਾਲ) ਅਤੇ ਮਾਤਾ ਸੁੰਦਰੀ ਜੀ (ਵਿਆਹ ਸੰਨ 1684, ਗੁਰੂ ਜੀ ਦੀ ਉਮਰ 18 ਸਾਲ) ਨੂੰ ਅਲੱਗ-ਅਲੱਗ ਸ਼ਖ਼ਸੀਅਤਾਂ ਮੰਨਦੇ ਹਨ, ਪਰ ਇਹ ਦਲੀਲ ਸਿਧਾਂਤਕ ਤੇ ਸਰੀਰਕ ਕਿਰਿਆ ਮੁਤਾਬਕ ਦਰੁਸਤ ਨਹੀਂ ਜਾਪਦੀ ਕਿਉਂਕਿ ਮਾਤਾ ਜੀਤੋ ਜੀ ਦੇ ਸਭ ਤੋਂ ਵੱਡੇ ਲੜਕੇ ਬਾਬਾ ਜੁਝਾਰ ਸਿੰਘ ਜੀ ਨੂੰ ਦਰਸਾਇਆ ਜਾਂਦਾ ਹੈ, ਜੋ ਕਿ ਮਾਤਾ ਜੀਤੋ ਜੀ ਦੇ ਵਿਆਹ (ਸੰਨ 1677) ਤੋਂ 13 ਸਾਲ ਬਾਅਦ (ਸੰਨ 1690 ’ਚ) ਪੈਦਾ ਹੁੰਦੇ ਹਨ ਜਦਕਿ ਇਨ੍ਹਾਂ ਸਮੇਤ ਅਗਲੇ 7 ਸਾਲਾਂ ’ਚ 3 ਬੱਚਿਆਂ (ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ) ਦਾ ਜਨਮ ਹੋ ਜਾਂਦਾ ਹੈ, ਇਸ ਲਈ ਪਹਿਲੀ ਦਲੀਲ, ਕਿ ਮਾਤਾ ਜੀਤੋ ਜੀ ਹੀ ਮਾਤਾ ਸੁੰਦਰੀ ਜੀ ਹਨ, ਜਿਨ੍ਹਾਂ ਦੇ ਵਿਆਹ (ਸੰਨ 1684) ਉਪਰੰਤ ਚਾਰੋਂ ਬੱਚਿਆਂ ਦਾ ਜਨਮ ਸੰਨ 1686 (ਪਹਿਲਾ ਬੱਚਾ), 1690 (ਦੂਜਾ), 1694 (ਤੀਜਾ) ਤੇ ਸੰਨ 1698 (ਚੌਥੇ ਬੱਚੇ ਦਾ ਜਨਮ) ਵਧੇਰੇ ਦਰੁਸਤ ਜਾਪਦੀ ਹੈ, ਨਹੀਂ ਤਾਂ ਸੋਚੋ ਕਿ ਮਾਤਾ ਜੀਤੋ ਜੀ (ਵਿਆਹ ਸੰਨ 1677) ਦੀਆਂ ਅਸਥੀਆਂ ਨੂੰ ਕਿੱਥੇ ਪਾਇਆ ਜਾਂ ਦਫ਼ਨਾਇਆ ਗਿਆ ਹੈ ?)

ਸੰਤਾਨ: (1) ਬਾਬਾ ਅਜੀਤ ਸਿੰਘ ਜੀ (ਸੰਨ 1686-1705), (2) ਬਾਬਾ ਜੁਝਾਰ ਸਿੰਘ ਜੀ (ਸੰਨ 1690-1705), (3) ਬਾਬਾ ਜੋਰਾਵਰ ਸਿੰਘ ਜੀ (ਸੰਨ 1696-1705), (4) ਬਾਬਾ ਫ਼ਤਿਹ ਸਿੰਘ ਜੀ (ਸੰਨ 1698-1705)।

ਖਾਲਸੇ ਦੀ ਸਾਜਨਾ: ਵੈਸਾਖ 1, ਸੰਮਤ 1756 ਨੂੰ (ਸੰਨ 1699)।

ਅਸਥਾਨੇ ਰਚੇ: ਕੇਸ ਗੜ੍ਹ, ਫਤਹਿ ਗੜ੍ਹ, ਹੋਲ ਗੜ੍ਹ, ਅਨੰਦ ਗੜ੍ਹ, ਲੋਹ ਗੜ੍ਹ, ਪਾਉਂਟਾ ਸਾਹਿਬ, ਦਮਦਮਾ ਸਾਹਿਬ (ਤਲਵੰਡੀ ਸਾਬੋ), ਅਬਚਲ ਨਗਰ।

ਯੁੱਧ: (1) ਭੰਗਾਣੀ (2) ਨਦੌਣ (3) ਗੁਲੇਰ ਜਾ ਹੁਸੈਨੀ (4) ਅਨੰਦਪੁਰ (5) ਚਮਕੌਰ (6) ਮੁਕਤਸਰ, ਆਦਿ।

ਜੋਤੀ ਜੋਤ ਸਮਾਏ: ਕੱਤਕ ਸੁਦੀ 5 (7 ਕੱਤਕ) ਸੰਮਤ 1765 (7 ਅਕਤੂਬਰ 1708), ਨੰਦੇੜ (ਮਹਾਰਾਸ਼ਟਰ)।

ਜਨਮ ਤੇ ਬਾਲ ਲੀਲ੍ਹਾ: ਪੰਥ ਦੇ ਵਾਲੀ, ਸ੍ਰੀ ਕਲਗੀਧਰ, ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ੍ਰੀ ਹਰਿਮੰਦਰ ਸਾਹਿਬ, ਪਟਨਾ, ਬਿਹਾਰ-ਵਿੱਚ ਪੋਹ ਸੁਦੀ 7 (23 ਪੋਹ) ਸੰਮਤ 1723, ਮੁਤਾਬਕ 22 ਦਸੰਬਰ ਸੰਨ 1666 ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਉਸ ਵੇਲੇ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਢਾਕਾ (ਪੂਰਬੀ ਬੰਗਾਲ, ਬੰਗਲਾ ਦੇਸ਼) ਵਿੱਚ ਸਨ। ਸਾਹਿਬਜ਼ਾਦੇ ਦਾ ਨਾਂ ਸ੍ਰੀ ਗੋਬਿੰਦ ਰਾਏ ਜੀ ਰੱਖਿਆ ਗਿਆ। ਸੰਨ 1699 ’ਚ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਉਪਰੰਤ ਨਾਂ ਗੁਰੂ ਗੋਬਿੰਦ ਸਿੰਘ ਤਬਦੀਲ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਅਸਾਮ ਤੋਂ ਪੰਜਾਬ ਵਿੱਚ ਵਾਪਸ ਆ ਜਾਣ ਮਗਰੋਂ ਵੀ ਆਪ ਦਾ ਪਰਿਵਾਰ ਕੁਝ ਚਿਰ ਪਟਨਾ ਸਾਹਿਬ ਰੁਕਿਆ ਰਿਹਾ। ਦਸ਼ਮੇਸ਼ ਜੀ ਦੇ ਬਾਲਪਨ ਦੇ ਪਹਿਲੇ ਪੰਜ ਕੁ ਸਾਲ ਪਟਨਾ ਸਾਹਿਬ ਵਿਚ ਹੀ ਬੀਤੇ। ਆਪ ਦੀ ਸਿਖਲਾਈ ਪੜ੍ਹਾਈ ਦਾ ਕੰਮ ਉੱਥੇ ਹੀ ਸ਼ੁਰੂ ਹੋ ਗਿਆ ਸੀ। ਗੁਰਸਿੱਖੀ ਤੇ ਗੁਰਬਾਣੀ ਦੀ ਪੜਾਈ ਦੇ ਨਾਲ-ਨਾਲ ਆਪ ਨੂੰ ਸ਼ਸਤਰਾਂ ਦੀ ਵਰਤੋ, ਘੋੜ ਸਵਾਰੀ, ਤਾਰੀ (ਤੈਰਨਾ) ਆਦਿ ਵੀ ਸਿਖਲਾਈ ਗਈ । ਛੋਟੀ ਉਮਰ ਤੋਂ ਆਪ ਜੋਧਿਆਂ ਜਰਨੈਲਾਂ ਵਾਲੀਆਂ ਰੁਚੀਆ ਪ੍ਰਗਟ ਕਰਨ ਲੱਗ ਪਏ। ਉਹ ਆਪਣੇ ਹਾਣੀਆਂ ਵਿੱਚ ਦੋ ਟੋਲੀਆਂ ਬਣਾ ਕੇ ਯੁੱਧ ਦਾ ਅਭਿਆਸ ਕਰਾਉਂਦੇ। ਇਕ ਵਪਾਰੀ ਨੇ ਆਪਣੀ ਇਕ ਛੋਟੀ ਜਿਹੀ ਬੇੜੀ ਦੇ ਦਿੱਤੀ। ਉਹ ਇਸ ਨੂੰ ਗੰਗਾ ਵਿਚ ਠੇਲ੍ਹ ਕੇ ਬੜੀ ਹੁਸ਼ਿਆਰੀ ਨਾਲ ਚਲਾਉਂਦੇ ਅਤੇ ਖੁਸ਼ ਹੁੰਦੇ।

ਇਕ ਵਾਰ ਕਿਸੇ ਪ੍ਰੇਮੀ ਨੇ ਦਸ਼ਮੇਸ਼ ਜੀ ਵਾਸਤੇ ਸੋਨੇ ਦੇ ਕੜੇ ਭੇਟ ਕੀਤੇ, ਜਿਨ੍ਹਾਂ ਨੂੰ ਹੱਥੀਂ ਪਾਇਆ ਗਿਆ। ਸ਼ਾਮ ਵੇਲੇ ਆਪ ਗੰਗਾ ਦੇ ਕੰਢੇ ’ਤੇ ਖੇਡ ਰਹੇ ਸਨ। ਆਪ ਨੇ ਇਕ ਕੜਾ ਲਾਹ ਕੇ ਗੰਗਾ ਵਿੱਚ ਸੁੱਟ ਦਿੱਤਾ। ਮਗਰੋਂ ਆਪ ਦੇ ਮਾਮਾ ਕ੍ਰਿਪਾਲ ਜੀ ਨੇ ਪੁੱਛਿਆ ਕਿ ਕੜਾ ਕਿੱਥੇ ਹੈ ? ਮਾਮਾ ਜੀ ਨੂੰ ਗੰਗਾ ਦੇ ਕੰਢੇ ’ਤੇ ਲੈ ਗਏ, ਜਿੱਥੇ ਖੜ੍ਹੋ ਕੇ ਆਪ ਨੇ ਦੂਸਰਾ ਕੜਾ ਵੀ ਉਤਾਰ ਕੇ ਦਰਿਆ ਵਿੱਚ ਸੁਟਿਆ ਤੇ ਕਿਹਾ ਏਥੇ ਸੁੱਟਿਆ ਹੈ। ਉਸ ਥਾਂ ਹੁਣ ਗੁਰਦੁਆਰਾ ਗੋਬਿੰਦ ਘਾਟ ਸੁਭਾਇਮਾਨ ਹੈ।

ਗੁਰੂ ਪਿਤਾ ਨੇ ਪਰਿਵਾਰ ਨੂੰ ਪੰਜਾਬ ਆਉਣ ਲਈ ਸੱਦਾ ਭੇਜਿਆ। ਮਾਤਾ ਗੁਜਰੀ ਜੀ ਨੇ ਪਰਿਵਾਰ ਸਮੇਤ ਪਟਨੇ ਤੋਂ ਤੁਰਨ ਦੀ ਤਿਆਰੀ ਕੀਤੀ, ਜਦ ਪਟਨੇ ਦੀ ਸੰਗਤ ਨੂੰ ਪਤਾ ਲੱਗਾ ਤਾਂ ਸਭ ਹੱਕੇ-ਬੱਕੇ ਰਹਿ ਗਏ।

ਫੱਗਣ ਸੰਮਤ 1728 (ਸੰਨ 1671) ਨੂੰ ਕੁਝ ਸੰਗਤ ਸਮੇਤ ਪੰਜਾਬ ਵੱਲ ਨੂੰ ਚਾਲੇ ਪਾਏ ਗਏ, ਤਦ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਮਾਤਰ 5 ਸਾਲ ਸੀ। ਦਾਨਪੁਰ, ਬਕਸਰ, ਆਰਾ, ਛੋਟਾ ਮਿਰਜ਼ਾਪੁਰ, ਬਨਾਰਸ, ਪਰਾਗ, ਲਖਨਊ, ਮਥੁਰਾ, ਥਾਨੇਸਰ, ਸਹਾਰਨਪੁਰ, ਆਦਿ ਥਾਵਾਂ ’ਤੇ ਹੁੰਦੇ ਹੋਏ ਭਾਦੋਂ ਸੰਮਤ 1729 ਨੂੰ ਸਾਰਾ ਪਰਿਵਾਰ ਲਖਨੋਰ ਨਗਰ ਪੁੱਜਾ, ਜੋ ਅੰਬਾਲੇ ਦੇ ਪਾਸ ਹੈ। ਕੁਝ ਸਮਾਂ ਇੱਥੇ ਆਰਾਮ ਕਰਨ ਉਪਰੰਤ ਆਪ ਜੀ ਅਨੰਦਪੁਰ ਸਾਹਿਬ ਪਹੁੰਚ ਗਏ। ਘਰ ਘਰ ਖੁਸ਼ੀ ਮਨਾਈ ਗਈ ਤੇ ਰਾਤ ਨੂੰ ਦੀਪਮਾਲਾ ਜਗਾਈ ਗਈ।

ਵਿਦਿਆ ਤੇ ਸਿੱਖਿਆ

ਗੁਰੂ ਜੀ ਦੇ ਮਾਤਾ ਪਿਤਾ ਨੇ ਆਪ ਜੀ ਲਈ ਸ਼ਸਤਰ ਚਲਾਉਣ ਤੇ ਘੋੜ ਸਵਾਰੀ ਸਿਖਾਉਣ ਵਾਸਤੇ ਭਾਈ ਬਜਰ ਸਿੰਘ ਨੂੰ ਤਾਇਨਾਤ ਕੀਤਾ। ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ ਆਦਿ ਵਿਦਿਆ ਵੀ ਪੜ੍ਹਾਈ ਗਈ, ਜਿਸ ਦੇ ਦਰਸ਼ਨ ਉਹਨਾਂ ਦੀ ਬਾਣੀ ਵਿੱਚੋਂ ਹੁੰਦੇ ਹਨ।

ਗੁਰਿਆਈ: ਜਦੋਂ ਕਸ਼ਮੀਰ ਵਿੱਚ ਸ਼ੇਰ ਅਫ਼ਗਾਨ ਖ਼ਾਂ ਨੇ ਕਸ਼ਮੀਰੀ ਪੰਡਿਤਾਂ ਨੂੰ ਜ਼ਬਰੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ, ਤਾਂ 16 ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆ ਫ਼ਰਿਆਦ ਕੀਤੀ । ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥’’ (ਮ: ੫/੫੪੪) ਵਾਕ ਅਨੁਸਾਰ ਗੁਰੂ ਜੀ ਵੱਲੋਂ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਗਿਆ ਕਿ ਜਾਓ, ਔਰੰਗਜ਼ੇਬ ਨੂੰ ਜਾ ਕੇ ਕਹਿ ਦੇਵੋ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਂਦੇ ਹਨ ਤਾਂ ਅਸੀਂ ਸਾਰੇ ਖ਼ੁਦ ਹੀ ਮੁਸਲਮਾਨ ਬਣ ਜਾਵਾਂਗੇ। ਬਾਲ ਗੋਬਿੰਦ ਰਾਏ, ਜੋ ਮਾਤਰ 9 ਕੁ ਸਾਲ ਦੇ ਸਨ, ਨੇ ਪਿਤਾ ਜੀ ਦੇ ਇਸ ਫੈਸਲੇ ’ਤੇ ਪ੍ਰਸੰਨਤਾ ਜ਼ਾਹਰ ਕੀਤੀ। ਗੁਰੂ ਜੀ ਆਪਣੇ ਪੁੱਤਰ ਦੀ ਇਸ ਸੂਝ ਬੂਝ ਤੋਂ ਬਹੁਤ ਪ੍ਰਭਾਵਤ ਹੋਏ ਤੇ ਆਪਣੇ ਉਤਰਾਧਿਕਾਰ ਦੀ ਜਿੰਮੇਵਾਰੀ ਸੰਭਾਲਣ ਦੇ ਯੋਗ ਸਮਝਦਿਆਂ 8 ਜੁਲਾਈ 1675 ਨੂੰ ਗੁਰਿਆਈ ਬਖ਼ਸ਼ ਦਿੱਤੀ । ਗੁਰੂ ਜੀ ਨੇ ਆਪ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਸਮੇਤ 11 ਜੁਲਾਈ ਨੂੰ ਚੱਕ ਨਾਨਕੀ (ਅਨੰਦਪੁਰ) ਛੱਡ ਦਿੱਤਾ ਤੇ ਚਾਦਨੀ ਚੌਂਕ (ਦਿੱਲੀ) ’ਚ ਮੱਘਰ ਸੁਦੀ 5, 11 ਮੱਘਰ ਬਿਕ੍ਰਮੀ ਸੰਮਤ 1732 (ਨਾਨਕਸ਼ਾਹੀ ਸੰਮਤ 207); 11 ਨਵੰਬਰ 1675 ਨੂੰ ਸ਼ਹੀਦ ਪ੍ਰਾਪਤ ਕੀਤੀ, ਜਿੱਥੇ ਹੁਣ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ। ਭਾਈ ਜੈਤਾ ਜੀ ਗੁਰੂ ਜੀ ਦੇ ਸੀਸ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਜੀ ਨੇ ਭਾਈ ਸਾਹਿਬ ਜੀ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਮਾਣ ਬਖ਼ਸ਼ਿਆ।

ਪਾਉਂਟਾ ਸਾਹਿਬ ਦੀ ਨੀਂਹ: 1684 ਤਕ ‘ਚੱਕ ਨਾਨਕੀ’ (ਹੁਣ ਅਨੰਦਪੁਰ ਸਾਹਿਬ) ਇੱਕ ਅਹਿਮ ਨਗਰ ਬਣ ਚੁੱਕਾ ਸੀ। ਜਿਸ ਨੂੰ ਵੇਖ ਕੇ ਕੁਝ ਪਹਾੜੀ ਰਾਜੇ ਈਰਖਾ ਕਰਨ ਲੱਗ ਪਏ। ਬਿਲਾਸਪੁਰ ਦਾ ਰਾਜਾ ਭੀਮ ਚੰਦ ਵੀ ਗੁਰੂ ਸਾਹਿਬ ਨਾਲ ਵਿਟਰਿਆ ਹੋਇਆ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਦੇ ਲੜਕੇ ਦੀ ਮੰਗਣ ’ਤੇ ਉਨ੍ਹਾਂ ਦੀ ਨਾਜਾਇਜ਼ ਮੰਗ ਮੁਤਾਬਕ ਪਰਸਾਦੀ ਹਾਥੀ, ਚਾਂਦਨੀ ਆਦਿ ਨਹੀਂ ਦਿੱਤਾ ਸੀ। ਉਸ ਨੇ ‘ਚੱਕ ਨਾਨਕੀ’ ਵਲ ਵੀ ਕੈਰੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੱਤਾ।

ਸੰਨ 1685 ਦੇ ਸ਼ੁਰੂ ਵਿਚ ਨਾਹਨ ਦੇ ਰਾਜੇ (ਮੇਦਨੀ ਪ੍ਰਕਾਸ) ਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿੱਚ ਦਰਸ਼ਨ ਦੇਣ ਲਈ ਅਰਜ਼ ਕੀਤੀ। 14 ਅਪ੍ਰੈਲ 1685 ਨੂੰ ਗੁਰੂ ਸਾਹਿਬ ਨਾਹਨ ਪੁੱਜੇ। ਆਪ ਨੇ ਰਿਆਸਤ ਦਾ ਦੌਰਾ ਕੀਤਾ ਤੇ ਦਰਿਆ ਜਮਨਾ ਦੇ ਕੰਢੇ ਮੌਜੂਦਾ ਪਾਉਂਟਾ ਵਾਲੀ ਜਗ੍ਹਾ ’ਤੇ ਇੱਕ ਨਵਾਂ ਨਗਰ ਵਸਾਉਣ ਦਾ ਫੈਸਲਾ ਕਰ ਲਿਆ। ਪਾਉਂਟੇ ਦੀ ਨੀਂਹ 29 ਅਪ੍ਰੈਲ 1685 ਨੂੰ ਦੀਵਾਨ ਨੰਦ ਚੰਦ ਸੰਘਾ ਕੋਲੋਂ ਅਰਦਾਸ ਕਰਵਾ ਕੇ ਤੇ ਭਾਈ ਰਾਮ ਕੁੰਵਰ ਦੇ ਹੱਥੋਂ ਮੋੜ੍ਹੀ ਗਡਵਾ ਕੇ ਰਖਵਾਈ ਗਈ। ਅਗਲੇ 3 ਸਾਲ 5 ਮਹੀਨੇ ਪਾਉਂਟਾ ਸਾਹਿਬ ਵਿੱਚ ਨਿਵਾਸ ਰਿਹਾ। ਇੱਥੇ ਹੀ 11 ਮਈ 1685 ਨੂੰ ਬਾਬਾ ਰਾਮਰਾਇ ਜੀ, ਜਿਨ੍ਹਾਂ ਨੂੰ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਪਾਸ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ, ਗੁਰੂ ਜੀ ਨੂੰ ਮਿਲਣ ਲਈ ਆਏ।

ਭੰਗਾਣੀ ਦਾ ਯੁੱਧ: ਭੰਗਾਣੀ, ਪਾਉਂਟਾ ਸਾਹਿਬ ਤੋਂ ਲਗਭਗ ਛੇ ਮੀਲ ਦੂਰ ਦੋ ਪਹਾੜਾਂ ਦੇ ਵਿਚਕਾਰ ਜਮੁਨਾ ਦੇ ਕਿਨਾਰੇ ਖੁਲ੍ਹਾ ਮੈਦਾਨ ਹੈ। ਬਿਲਾਸਪੁਰ ਤੋਂ ਆਉਣ ਵਾਲਾ ਪ੍ਰਮੁੱਖ ਰਸਤਾ ਹੈ।

‘ਬਾਈ ਧਾਰ’ ਉਹ ਪਹਾੜੀ ਇਲਾਕਾ ਹੈ ਜੋ ਜੰਮੂ ਤੋਂ ਗੜਵਾਲ ਤਕ, ਝਨਾਂ ਨਦੀ ਤੋਂ ਗੰਗਾ ਤੱਕ ਫੈਲਿਆ ਹੈ ਤੇ ਤਦ ਬਾਈ ਰਿਆਸਤਾਂ ਵਿਚ ਵੰਡਿਆ ਹੋਇਆ ਸੀ। ਇਨ੍ਹਾਂ ਰਿਆਸਤਾਂ ਦੇ ਸਭ ਰਾਜੇ ਸਨਾਤਨੀ ਹਿੰਦੂ ਸਨ, ਜਿਨ੍ਹਾਂ ਲਈ ਗੁਰੂ ਤੇਗ ਬਹਾਦਰ ਜੀ ਨੇ ਬਲੀਦਾਨ ਦਿੱਤਾ, ਪਰ ਇਹ ਸਭ ਗੁਰੂ ਸਾਹਿਬ ਦੀ ਸਰਵ ਪ੍ਰਮਾਣਿਤ ਧਾਰਮਿਕ ਨੀਤੀ ਤੋਂ ਚਿੰਤਤ ਸਨ, ਜਿਸ ਵਿੱਚ ਹਰ ਵਰਗ ਨੂੰ ਸਤਿਕਾਰ ਮਿਲਦਾ ਸੀ।

ਗੁਰੂ ਜੀ ਦੀ ਸਢਾਉਰਾ ਨਿਵਾਸੀ ਪੀਰ ਬੁਧੂ ਸ਼ਾਹ ਨਾਲ ਮੁਲਾਕਾਤ ਵੀ ਪਾਉਂਟਾ ਸਾਹਿਬ ਹੋਈ। ਪੀਰ ਜੀ ਨੇ ਮੁਗ਼ਲ ਫ਼ੌਜ ਵਿੱਚੋਂ ਕੱਢੇ 500 ਪਠਾਣ ਫ਼ੌਜੀਆਂ ਨੂੰ ਗੁਰੂ ਜੀ ਦੀ ਸੇਵਾ ਵਿੱਚ ਰਖਵਾ ਦਿੱਤਾ। ਜਿੰਨਾਂ ਦੇ ਪੰਜ ਸਰਦਾਰ ਕਾਲੇ ਖਾਂ, ਭੀਖ਼ਨ ਖਾਂ, ਨਜ਼ਾਬਤ ਖਾਂ, ਉਮਰ ਖਾਂ ਅਤੇ ਹਯਾਤ ਖਾਂ ਸਨ, ਪਰ ਭੰਗਾਣੀ ਯੁੱਧ ਦੌਰਾਨ ਕੇਵਲ ਕਾਲੇ ਖ਼ਾਂ ਸਰਦਾਰ ਦੇ ਜੱਥੇ ਤੋਂ ਬਿਨਾਂ ਬਾਕੀ ਚਾਰੋਂ ਸਰਦਾਰ ਆਪਣੇ 400 ਸੈਨਿਕਾਂ ਸਮੇਤ ਵਿਰੋਧੀ ਧਿਰ ਨਾਲ ਜਾ ਮਿਲੇ। ਇਸ ਵਿਸ਼ਵਾਸ ਘਾਤ ਉਪਰੰਤ ਪੀਰ ਜੀ ਆਪਣੇ 700 ਸੈਨਿਕਾਂ ਸਮੇਤ ਗੁਰੂ ਜੀ ਦੀ ਮਦਦ ਲਈ ਪਹੁੰਚੇ, ਜਿੱਥੇ ਉਨ੍ਹਾਂ ਦੇ 2 ਭਰਾ ਤੇ ਕਈ ਸੈਨਿਕ ਵੀ ਸ਼ਹੀਦ ਹੋ ਗਏ।

ਅਨੰਦਪੁਰ ਸਾਹਿਬ ਕਹਿਲੂਰ ਦੀ ਰਿਆਸਤ ਵਿਚ ਪੈਂਦਾ ਸੀ, ਜਿਸ ਦਾ ਰਾਜਾ ਭੀਮ ਚੰਦ ਸੀ। ਜਿਸ ਨੂੰ ਗੁਰੂ ਸਾਹਿਬ ਵਲੋਂ ‘ਰਣਜੀਤ ਨਗਾਰਾ’ ਵਜਾਉਣਾ ਆਪਣੀ ਹੇਠੀ ਜਾਪਦੀ ਸੀ। ਉਹ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੇ ਪ੍ਰਭਾਵ ਅਧੀਨ ਰਹਿਣ। ਰਾਜੇ ਹਉਮੈ ਦੇ ਮਾਰੇ ਗਰੀਬਾਂ ਦਾ ਤਿ੍ਰਸਕਾਰ ਕਰਦੇ ਸਨ ਜਦਕਿ ਗੁਰੂ ਜੀ ਇਕ ਸੰਗਤ ਤੇ ਪੰਗਤ ਨੂੰ ਮਹੱਤਵ ਦਿੰਦੇ ਸਨ। ਇਸ ਲਈ ਉਹ ਵਾਧੂ ਬਹਾਨੇ ਲੱਭਦੇ ਰਹਿੰਦੇ ਸਨ, ਜਿਸ ਦਾ ਸਿੱਟਾ ਹੈ ‘ਭੰਗਾਣੀ ਦਾ ਯੁੱਧ’।

ਗੁਰੂ ਜੀ ਨੇ ਗੜਵਾਲ ਦੇ ਰਾਜੇ ਫ਼ਤਹਿ ਸ਼ਾਹ ਤੇ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ’ਚ ਦੋਸਤੀ ਕਰਵਾਈ ਸੀ, ਜੋ ਭੀਮ ਚੰਦ ਨੂੰ ਚੁੱਭਦੀ ਸੀ। ਇਸ ਦੌਰਾਨ ਰਾਜਾ ਭੀਮ ਚੰਦ ਦੇ ਲੜਕੇ ਦੀ ਮੰਗਣੀ ਰਾਜਾ ਫ਼ਤਹਿ ਸ਼ਾਹ ਦੀ ਲੜਕੀ ਨਾਲ ਹੋਈ। ਭੀਮ ਚੰਦ ਨੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਮੇਰੇ ਪੁੱਤਰ ਦੀ ਬਰਾਤ ਬਿਲਾਸਪੁਰ ਤੋਂ ਸਿਰੀ ਨਗਰ (ਗੜ੍ਹਵਾਲ) ਪਾਉਂਟੇ ਕੋਲੋਂ ਲੰਘੇਗੀ। ਬਰਾਤ ’ਚ ਫੌਜ ਵੀ ਹੋਵੇਗੀ, ਜੋ ਬੇਕਾਬੂ ਹੋ ਕੇ ਤੁਹਾਡੇ ਡੇਰੇ ਨੂੰ ਲੁੱਟ ਸਕਦੀ ਹੈ, ਇਸ ਲਈ ਤੁਸੀਂ ਰਸਤੇ ’ਚੋਂ ਹਟ ਜਾਓ, ਨਹੀਂ ਤਾਂ ਤੁਹਾਡਾ ਹੀ ਨੁਕਸਾਨ ਹੋਏਗਾ। ਗੁਰੂ ਜੀ ਨੇ ਜਵਾਬ ਦਿੱਤਾ ਕਿ ਤੁਹਾਡੇ ਪੁੱਤਰ ਦੀ ਬਰਾਤ ਨੂੰ ਰੋਕਾਂਗਾ ਨਹੀਂ, ਪਰ ਫੌਜ ਨੂੰ ਜਾਣ ਦੇਵਾਂਗਾ ਨਹੀਂ। ਜੇਕਰ ਫੌਜ ਦਾ ਜਾਣਾ ਜ਼ਰੂਰੀ ਹੈ ਤਾਂ ਕਿਸੇ ਹੋਰ ਰਸਤੇ ’ਚੋਂ ਚਲੇ ਜਾਓ।

ਉੱਤਰ ਸੁਣ ਕੇ ਭੀਮ ਚੰਦ ਪਾਗਲ ਹੋ ਗਿਆ। ਉਹ ਬੇ-ਕਾਬੂ ਹੋ ਗਿਆ ਤੇ ਰਾਜਾ ਫ਼ਤਹਿ ਸ਼ਾਹ ਦੁਆਰਾ ਗੁਰੂ ਜੀ ਨੂੰ ਵਿਆਹ ਵਿਚ ਬੁਲਾਵਾ ਭੇਜ ਦਿੱਤਾ। ਗੁਰੂ ਜੀ ਆਪ ਤਾਂ ਨਹੀਂ ਗਏ ਪ੍ਰੰਤੂ ਆਪਣੇ ਦੀਵਾਨ ਨੰਦ ਚੰਦ ਨੂੰ ਕੀਮਤੀ ਤੋਹਫੇ ਦੇ ਕੇ ਭੇਜ ਦਿੱਤਾ ਤੇ ਸੁਚੇਤ ਰਹਿਣ ਲਈ ਵੀ ਕਿਹਾ। ਸ਼ਾਦੀ ਤੋਂ ਪਹਿਲਾਂ ਭਰੀ ਸਭਾ ’ਚ ਤੋਹਫਿਆਂ ਦਾ ਐਲਾਨ ਕੀਤਾ ਗਿਆ, ਜਿੱਥੇ ਗੁਰੂ ਜੀ ਵਲੋਂ ਭੇਜੇ ਤੋਹਫ਼ੇ ਸਭ ਤੋਂ ਕੀਮਤੀ ਸਨ। ਭੀਮ ਚੰਦ ਨੇ ਪਰਸਾਦੀ ਹਾਥੀ ਦੀ ਵੀ ਮੰਗ ਕਰ ਦਿੱਤੀ, ਜਿਸ ਬਾਰੇ ਨੰਦ ਚੰਦ ਨੇ ਇਨਕਾਰ ਕਰ ਦਿੱਤਾ, ਜਿਸ ਉਪਰੰਤ ਉਨ੍ਹਾਂ ਨੂੰ ਕਾਬੂ ਕਰਨਾ ਚਾਹਿਆ ਪਰ ਉਹ ਕੁਝ ਸਾਥੀਆਂ ਸਮੇਤ ਹੁਸ਼ਿਆਰੀ ਨਾਲ ਵਾਪਸ ਆ ਗਿਆ ਤੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਸੁਣਾ ਦਿੱਤੀ।

ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਹੋ ਗਈ। ਗੱਭਰੂ ਤੇ ਵਹੁਟੀ ਬਿਲਾਸਪੁਰ ਭੇਜ ਦਿੱਤੇ ਗਏ। ਬਾਕੀ ਸਾਰੇ ਰਾਜੇ ਆਪਣੀਆਂ ਫੌਜਾਂ ਲੈ ਕੇ ਪਾਉਂਟਾ ਸਾਹਿਬ ਵੱਲ ਗੁਰੂ ਸਾਹਿਬ ’ਤੇ ਹਮਲਾ ਕਰਨ ਲਈ ਤੁਰ ਪਏ। ਜਿਹਨਾਂ ਰਾਜਿਆਂ ਨੇ ਇਸ ਜੰਗ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ, ਉਹ ਸਨ ਕਹਿਲੂਰ ਦਾ ਰਾਜਾ ਭੀਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਹਿ ਸ਼ਾਹ, ਕਾਂਗੜੇ ਦਾ ਰਾਜਾ ਕ੍ਰਿਪਾਲ ਚੰਦ, ਮੰਡੀ ਦਾ ਰਾਜਾ ਬੀਰ ਸੈਨ, ਜਸਵਾਲ ਦਾ ਰਾਜਾ ਕੇਸਰੀ ਚੰਦ, ਕਾਠਗੜ੍ਹ ਦਾ ਰਾਜਾ ਦਿਆਲ ਚੰਦ, ਹਿੰਡੌਰ ਦਾ ਰਾਜਾ ਹਰੀ ਚੰਦ, ਭੰਬੋਰ ਦਾ ਰਾਜਾ ਕਰਮ ਚੰਦ ਅਤੇ ਸ਼ਿਮਲੇ ਦਾ ਰਾਜਾ ਲੱਛੂ ਚੰਦ, ਆਦਿ।

ਭੰਗਾਣੀ ਦੀ ਜੰਗ 18 ਸਤੰਬਰ 1688 ਨੂੰ ਹੋਈ, ਜੋ ਗੁਰੂ ਗੋਬਿੰਦ ਸਿੰਘ ਜੀ ਵਲੋਂ ਲੜੀਆਂ ਚੌਦਾਂ ਜੰਗਾਂ ਵਿਚੋਂ ਪਹਿਲੀ ਜੰਗ ਸੀ। ਗੁਰੂ ਸਾਹਿਬ ਦੀ ਆਯੂ ਉਸ ਸਮੇਂ ਮਾਤਰ 21 ਸਾਲ ਸੀ। ਸੰਸਾਰ ’ਚ ਇਤਨੀ ਛੋਟੀ ਆਯੂ ’ਚ ਕੋਈ ਵੀ ਕਮਾਂਡਰ-ਇਨ-ਚੀਫ਼ ਨਹੀਂ ਬਣਿਆ। ਇਸ ਲੜਾਈ ’ਚ ਮਹੰਤ ਕ੍ਰਿਪਾਲ ਦਾਸ ਨੇ ਆਪਣੇ ਕੁਤਕੇ ਨਾਲ ਭਗੌੜੇ ਪਠਾਣ ਜਰਨੈਲ ਹਯਾਤ ਖ਼ਾਨ ਨੂੰ ਮਾਰ ਦਿੱਤਾ। ਅਨੇਕਾਂ ਸੈਨਿਕਾਂ ਸਮੇਤ ਰਾਜਾ ਹਰੀ ਚੰਦ ਵੀ ਮਾਰਿਆ ਗਿਆ।

ਗੁਰੂ ਜੀ ਦੀ ਮਦਦ ਲਈ ਪੀਰ ਬੁਧੂ ਸ਼ਾਹ ਆਪਣੇ ਚਾਰ ਪੁੱਤਰਾਂ, ਦੋਹਾਂ ਭਰਾਵਾਂ ਅਤੇ 700 ਚੇਲਿਆਂ ਸਮੇਤ ਪਹੁੰਚੇ, ਗੁਰੂ ਜੀ ਦੀ ਭੂਆ ਵੀਰੋ ਦੇ ਪੰਜ ਪੁੱਤਰ ਜੀਤ ਮੱਲ, ਸੰਗੋ ਸ਼ਾਹ, ਮੋਹਰੀ ਚੰਦ, ਗੁਲਾਬ ਰਾਇ ਅਤੇ ਗੰਗਾ ਰਾਮ ਨੇ ਵੀ ਸਾਥ ਦਿੱਤਾ, ਮਾਮਾ ਕ੍ਰਿਪਾਲ ਚੰਦ ਤੇ ਬਨਾਰਸ ਤੋਂ ਚਲਿਆ ਸਿੱਖ ਭਾਈ ਰਾਮ ਜੀ ਵੀ ਭਾਰੀ ਤੋਪ ਤੇ ਹੋਰ ਜੰਗੀ ਸਮਾਨ ਲੈ ਕੇ ਜੱਥੇ ਸਮੇਤ ਆਇਆ, ਆਦਿ। ਜਿਸ ਵਿੱਚ ਬੀਬੀ ਵੀਰੋ ਜੀ ਦੇ ਦੋ ਪੁੱਤਰ (ਸੰਗੋ ਸ਼ਾਹ ਤੇ ਜੀਤ ਮੱਲ), ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ (ਸੱਯਦ ਅਸ਼ਰਫ ਤੇ ਸੱਯਦ ਮੁਹੰਮਦ ਸ਼ਾਹ) ਸਮੇਤ ਕਈ ਸੈਨਿਕ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੀ ਹੱਥੀਂ ਦਫਨ ਕੀਤਾ। ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਬਤ ਕਰ ਦਿੱਤਾ ਕਿ ‘ਧਰਮ’ ਨਾ ਧੱਕੇ ਅਤੇ ਨਾ ਕਮਜ਼ੋਰੀ ਦਾ ਹੀ ਨਾਮ ਹੈ।

ਆਪ 27 ਅਕਤੂਬਰ, 1688 ਦੇ ਦਿਨ, ਪਾਉਂਟਾ ਸਾਹਿਬ ਤੋਂ ਚੱਲੇ ਅਤੇ ਕਪਾਲ ਮੋਚਨ, ਲਾਹੜਪੁਰ, ਟੋਕਾ, ਦਾਬਰਾ, ਰਾਣੀ ਦਾ ਰਾਏਪੁਰ, ਢਕੌਲੀ, ਨਾਢਾ, ਮਨੀਮਾਜਰਾ, ਕੋਟਲਾ ਨਿਹੰਗ, ਘਨੌਲਾ, ਬੁੰਗਾ, ਅਟਾਰੀ, ਕੀਰਤਪੁਰ, ਆਦਿ ਹੁੰਦੇ ਹੋਏ, ਨਵੰਬਰ ਦੇ ਅੱਧ ਵਿਚ, ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਪਹੁੰਚ ਗਏ।

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਲੰਬਾ ਨਹੀਂ ਸੀ ਪ੍ਰੰਤੂ ਉਹ ਘਟਨਾਵਾਂ ਨਾਲ ਇੰਨਾ ਭਰਪੂਰ ਹੈ ਕਿ ਉਨ੍ਹਾਂ ਨੂੰ ਸਾਇਦ ਹੀ ਕਿਤੇ ਅਰਾਮ ਮਿਲਿਆ ਹੋਵੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਹੀ ਉਹਨਾਂ ਦੇ ਜੀਵਨ ਦਾ ਮਨੋਰਥ ਸੀ। ਇਸ ਮਨੋਰਥ ਦੀ ਪੂਰਤੀ ਲਈ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜਬਾਤੀ ਤੌਰ ਤੇ ਤਿਆਰ ਕੀਤਾ।

ਡੇਢ ਸਾਲ ਪਿੱਛੋਂ ਗੁਰੂ ਜੀ ਨੇ ਨਦੌਣ ਦੇ ਯੁੱਧ ਵਿੱਚ ਭਾਗ ਲਿਆ ਅਤੇ ਮਹਾਨ ਹਮਲਾਵਰ ਅਲਫ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸ ਦੇ ਸਾਥੀਆਂ ਰਾਜਿਆਂ ਦੀ ਜਿੱਤ ਨੂੰ ਯਕੀਨੀ ਬਣਾਇਆ। ਇਸ ਤੋਂ ਜਾਪਦਾ ਹੈ ਕਿ ਗੁਰੂ ਜੀ ਦੀ ਭੀਮ ਚੰਦ ਨਾਲ ਕੋਈ ਦਿਲੀ ਈਰਖਾ ਕਦੇ ਨਹੀਂ ਰਹੀ। ਇਸ ਤੋਂ ਉਪਰੰਤ ਕਈ ਵਰ੍ਹਿਆਂ ਤੱਕ ਸ਼ਾਂਤੀ ਬਣੀ ਰਹੀ।  ਅਗਸਤ 1695 ਈ. ਦੇ ਅੰਤ ਵਿੱਚ ਕਾਂਗੜੇ ਦੇ ਫੌਜਦਾਰ ਦਿਲਾਵਰ ਖਾ ਨੇ ਆਪਣੇ ਪੁੱਤਰ ਨੂੰ ਅਨੰਦਪੁਰ ’ਤੇ ਹਮਲਾ ਕਰਨ ਲਈ ਭੇਜਿਆ, ਜੋ ਲੜਾਈ ਅਰੰਭ ਹੋਣ ਤੋਂ ਪਹਿਲਾਂ ਹੀ ਵਾਪਸ ਭੱਜ ਗਿਆ।

ਖਾਲਸੇ ਦੀ ਸਥਾਪਨਾ: 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਮੰਗ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਪੂਰੀ ਕੀਤੀ। ਗੁਰੂ ਜੀ ਨੇ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਇਸ ਉਪਰੰਤ ਸਾਰਿਆਂ ਦੇ ਨਾਮ ਨਾਲ ‘ਸਿੰਘ’ ਤੇ ‘ਕੌਰ’ ਸਬਦ ਲਗਾਇਆ ਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰੇ ਦਾ ਧਾਰਨੀ ਹੋਣ ਦੀ ਆਗਿਆ ਹੋਈ ਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟਾਇਆ।

ਹਿੰਦੂ ਪਹਾੜੀ ਰਾਜਿਆਂ ਤੇ ਔਰੰਗਜ਼ੇਬ ਦੀਆਂ ਫੌਜਾਂ ਵੱਲੋਂ ਅਨੰਦਪੁਰ ਨੂੰ ਘੇਰਾ: ਸੰਨ 1705 ਈ: ਵਿੱਚ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਵਿਰੁਧ ਲੜਾਈ ਵਾਸਤੇ ਔਰੰਗਜ਼ੇਬ ਤੱਕ ਫ਼ਰਿਆਦ ਪਹੁੰਚਾਈ। ਇਹ ਫ਼ਰਿਆਦ ਸੁਣ ਕੇ ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਇਸ ਤਰ੍ਹਾਂ ਲਾਹੌਰ, ਸਰਹੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਦੀ ਹਜ਼ਾਰਾਂ ਫੌਜ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰ ਲੰਮੇ ਸਮੇਂ ਤੱਕ ਨਿੱਤ ਦੀ ਲੜਾਈ ਵਿੱਚ ਹੋ ਰਹੀਆਂ ਸ਼ਹੀਦੀਆਂ ਕਾਰਨ ਖ਼ਾਲਸਾ ਫੌਜ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ, ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਸਿੰਘਾਂ ਨੇ ਆਪਣਾ ਸਾਹਸ ਨਹੀਂ ਡੇਗਿਆ। ਦੁਸ਼ਮਣਾਂ ਵੱਲੋਂ ਖਾਧੀਆਂ ਕਸਮਾਂ ਉਪਰੰਤ 6-7 ਪੋਹ ਬਿਕ੍ਰਮੀ ਸੰਮਤ 1762 ਦੀ ਰਾਤ ਨੂੰ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਹਾਲੀ ਗੁਰੂ ਜੀ ਕੀਰਤਪੁਰ ਵੀ ਨਹੀਂ ਪਹੁੰਚੇ ਸਨ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿਛੋਂ ਹਮਲਾ ਕਰ ਦਿੱਤਾ। 7 ਪੋਹ ਦੀ ਸਵੇਰੇ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੋਈ ਤੇ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਤਿੰਨ ਹਿਸਿਆਂ ’ਚ ਵੰਡਿਆ ਗਿਆ। ਕੁਝ ਸਿੰਘ ਮੁਕਾਬਲਾ ਕਰਦੇ ਸ਼ਹੀਦ ਹੋ ਗਏ ਕੇ ਕੁਝ ਅਲੱਗ-ਥਲੱਗ ਹੋ ਗਏ। ਮਾਤਾ ਸੁੰਦਰੀ ਜੀ (ਜੀਤੋ ਜੀ) ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਆ ਗਏ। ਮਾਤਾ ਗੂਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਨ੍ਹਾਂ ਨੂੰ ਰਸੋਈਆ ਗੰਗੂ ਬ੍ਰਾਹਮਣ ਆਪਣੇ ਘਰ ਪਿੰਡ ਖੇੜੀ ਲੈ ਆਇਆ, ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ’ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚੱਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਉਪਰੰਤ ਨਦੀ ਪਾਰ ਕਰਦਿਆਂ ਗੁਰੂ ਜੀ ਨਾਲ ਕੇਵਲ 45 ਰਹਿ ਗਏ, ਜਿਨ੍ਹਾਂ ’ਚ ਪੰਜ ਪਿਆਰੇ ਤੇ ਦੋ ਵੱਡੇ ਸਾਹਿਬਜ਼ਾਦੇ ਸ਼ਾਮਲ ਸਨ, ਜੋ ਚਮਕੌਰ ਪਹੁੰਚ ਗਏ ਤੇ ਅਗਲੀ ਰਣਨੀਤੀ ਲਈ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ।

ਸਾਕਾ ਚਮਕੌਰ: 8-9 ਪੋਹ ਨੂੰ ਚਮਕੌਰ ਸਾਹਿਬ ਵਿਖੇ ਘਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਸਮੇਤ 40 ਸਿੰਘ ਸ਼ਹੀਦ ਹੋ ਗਏ ਤੇ ਗੁਰੂ ਜੀ ਸਮੇਤ 3 ਸਿੰਘ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ) ਮਾਛੀਵਾੜੇ ਦੇ ਜੰਗਲਾਂ ਵੱਲ ਕੂਚ ਕਰ ਗਏ। ਭਾਈ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗੜ੍ਹੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਤੇ ਬਸਤਰ ਪਹਿਨਾਏ ਸਨ; ਸਮੇਤ ਬਾਕੀ ਦੇ ਸਾਰੇ ਸਿੰਘ 9 ਪੋਹ ਨੂੰ ਸ਼ਹੀਦ ਹੋ ਗਏ।

ਸਾਕਾ ਸਰਹਿੰਦ: ਸਰਸਾ ਨਦੀ ਤੋਂ ਵਿਛੜ ਕੇ ਦੋ ਛੋਟੇ ਸਾਹਿਬਜ਼ਾਦੇ ਸਮੇਤ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਮੋਰਿੰਡੇ ਕੋਲ ਪਿੰਡ ਖੇੜੀ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ 10 ਪੋਹ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਪਹਿਲੀ ਰਾਤ ਉਨ੍ਹਾਂ ਨੂੰ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਕਈ ਲਾਲਚ ਤੇ ਡਰ ਦਿੱਤੇ ਗਏ, ਪਰ ਬੱਚੇ ਨਾ ਘਬਰਾਏ, ਜਿਸ ਉਪਰੰਤ ਦੀਵਾਨ ਸੁੱਚਾ ਨੰਦ ਨੇ ਵਜੀਰ ਖ਼ਾਂ ਨੂੰ ਭੜਕਾਇਆ ਤੇ ਕਾਜ਼ੀ ਪਾਸੋਂ ਮੌਤ ਦਾ ਫਤਵਾ ਜਾਰੀ ਕਰਵਾ ਦਿੱਤਾ।

12 ਪੋਹ ਨੂੰ ਦੋਵੇਂ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਿਆ ਗਿਆ। ਜਦ ਕੰਧ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਮੋਢਿਆਂ ਤੱਕ ਪਹੁੰਚੀ ਤਾਂ ਅਚਾਨਕ ਕੰਧ ਡਿੱਗ ਪਈ। ਅਗਲੇ ਦਿਨ ਬੱਚਿਆਂ ਨੂੰ ਜਿਬ੍ਹਾ ਕਰਨ (ਗਲ ਵੱਢਣ) ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ (ਸ਼ਾਸ਼ਲ ਬੇਗ ਤੇ ਬਾਸ਼ਲ ਬੇਗ) ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖ਼ੰਜਰ ਖੋਭੇ ਅਤੇ ਫਿਰ ਤਲਵਾਰ ਨਾਲ ਸੀਸ ਧੜ ਤੋਂ ਅਲੱਗ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਨ ਉਪਰੰਤ ਕਈ ਦਿਨਾਂ ਤੋਂ ਭੁੱਖ ਅਤੇ ਕੜਾਕੇ ਦੀ ਠੰਡ ਨਾ ਸਹਾਰਦੇ ਹੋਏ ਮਾਤਾ ਗੁੱਜਰ ਕੌਰ ਜੀ ਵੀ ਪ੍ਰਾਨ ਤਿਆਗ ਗਏ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬੁਰਜ ਵਿੱਚੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ।

ਮੁਕਤਸਰ ਦੀ ਜੰਗ: ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ; ਜਿੱਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ (ਭਾਈ ਨਬੀ ਖ਼ਾਨ, ਗ਼ਨੀ ਖ਼ਾਨ) ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਪਿੰਡ ਹ੍ਹੇਰਾਂ (ਹੇਹਰਾਂ) ਤੱਕ ਪਹੁੰਚਾਇਆ ਸੀ। ਉੱਥੋਂ ਚੱਲ ਕੇ ਪਿੰਡ ਦੀਨੇ ਪਹੁੰਚੇ। ਦੀਨੇ ਪਹੁੰਚ ਕੇ ਹੀ ਗੁਰੂ ਸਾਹਿਬ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤ ਗੁੱਜਰ ਕੌਰ ਜੀ ਦੀ ਸ਼ਹੀਦੀ ਦੀ ਖ਼ਬਰ ਮਿਲੀ ਤੇ ਉਨ੍ਹਾਂ ਨੇ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਜਿੱਤ ਦੀ ਚਿੱਠੀ ਲਿਖੀ; ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ ਲਿਖਿਆ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜਿਊਂਦਾ ਹੈ ਜੋ ਤੇਰੇ ਲਈ ਫੰਨ੍ਹੀਅਰ ਨਾਗ ਹੈ।

ਓਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਹਰ, ਲੰਮੇ, ਰਾਇਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਭਾਰੀ ਲਾਓ-ਲਸ਼ਕਰ ਨਾਲ ਆਪ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ਼ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖ਼ਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ਼ ਲਏ। ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਹੇਠ ਸਿੰਘਾਂ ਨੇ ਦੁਸ਼ਮਣ ਫੌਜ਼ਾਂ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗ਼ਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿੱਚ ਆ ਕੇ ਵੇਖਿਆ ਕਿ ਢਾਬ ਦੇ ਕੰਢੇ ਜ਼ਖਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ।

ਸਹਿਕਦੇ ਹੋਏ ਭਾਈ ਮਹਾਂ ਸਿੰਘ ਜੀ ਨੂੰ ਕਲਗੀਧਰ ਨੇ ਗੋਦੀ ’ਚ ਲਿਆ ਤੇ ਕੋਈ ਇੱਛਾ ਬਾਰੇ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ‘ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਸਮੇਂ ਦੇ ਗੇੜ ਅਤੇ ਬਿਖੜੇ ਹਾਲਤਾਂ ਕਾਰਨ ਅਸੀਂ ਆਪ ਜੀ ਤੋਂ ਵਿੱਛੜ ਗਏ ਸਾਂ ਉਸ ਨੂੰ ਨਾ ਚਿਤਾਰਦੇ ਹੋਏ ਸਾਨੂੰ ਬਖ਼ਸ਼ ਕੇ ਟੁੱਟੀ ਗੰਢ ਲਉ।’ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਬਖ਼ਸ਼ਸ਼ ਕੀਤੀ ਅਤੇ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਕੇ ਗੁਰੂ ਸਾਹਿਬ ਜੀ ਇੱਥੋਂ 16 ਜਨਵਰੀ 1706 ਈ: ਦੇ ਨੇੜੇ ਤੇੜੇ ਤਲਵੰਡੀ ਸਾਬੋ ਪਹੁੰਚ ਗਏ। ਦਮਦਮਾ ਸਾਹਿਬ ਤਲਵੰਡੀ ਸਾਬੋ: ਗੁਰੂ ਗੋਬਿੰਦ ਸਿੰਘ ਜੀ ਇੱਥੇ 9 ਮਹੀਨੇ 14 ਦਿਨ ਠਹਿਰੇ ਸਨ ।

ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਜੋ ਅਨੰਦਪੁਰ ਸਾਹਿਬ ਤੋਂ ਪਰਿਵਾਰ ਨਾਲੋਂ ਵਿੱਛੜ ਕੇ ਬੁਰਹਾਨ ਪੁਰ (ਮੱਧ ਪ੍ਰਦੇਸ਼) ਵਿਖੇ ਰਹਿ ਰਹੀਆਂ ਸਨ, ਗੁਰੂ ਸਾਹਿਬ ਜੀ ਦੇ ਬੁਲਾਵੇ ’ਤੇ ਪਹਿਲੀ ਵਾਰ ਦਮਦਮਾ ਸਾਹਿਬ ਤਲਵੰਡੀ ਵਿਖੇ 1706 ਈ: ਦੀ ਵੈਸਾਖੀ ਨੂੰ ਪਹੁੰਚੀਆਂ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਉਨ੍ਹਾਂ ਨੂੰ ਚਾਰੇ ਸਾਹਿਬਜ਼ਾਦੇ ਨਜ਼ਰ ਨਾ ਆਏ ਤਾਂ ਪੁੱਛਣ ’ਤੇ ਗੁਰੂ ਸਾਹਿਬ ਜੀ ਨੇ ਭਰੇ ਦੀਵਾਨ ਵਿੱਚ ਬੈਠੇ ਸਿੰਘਾਂ ਵੱਲ ਇਸ਼ਾਰਾ ਕਰਕੇ ਕਿਹਾ ‘‘ਇਨ ਪੁਤਰਨ ਕੇ ਸੀਸ ਪਹਿ, ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਭਇਆ ? ਜੀਵਤ ਕਈ ਹਜਾਰ॥’’ ਗੁਰੂ ਸਾਹਿਬ ਜੀ ਦੇ ਇਸ ਕਥਨ ਤੋਂ ਪਤਾ ਲਗਦਾ ਹੈ ਕਿ ਉਹ ਆਪਣੇ ਸਾਹਿਬਜ਼ਾਦਿਆਂ ਤੇ ਸਿੱਖਾਂ ਵਿੱਚ ਕੋਈ ਅੰਤਰ ਨਹੀਂ ਸਮਝਦੇ ਸਨ।

ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ: ਗੁਰੂ ਗੋਬਿੰਦ ਸਿੰਘ ਜੀ ਇੱਥੋਂ ਕੱਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਨੂੰ ਦੱਖਣ ਵੱਲ ਚੱਲ ਪਏ। 21 ਫਰਵਰੀ 1707 ਨੂੰ ਔਰੰਗਜ਼ੇਬ ਮਰ ਗਿਆ। ਬਹਾਦਰ ਸ਼ਾਹ ਨੇ ਤਖ਼ਤ ’ਤੇ ਬੈਠਣ ਲਈ ਮਦਦ ਮੰਗੀ। ਗੁਰੂ ਜੀ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਦੀ ਕਮਾਨ ਹੇਠ ਇੱਕ ਜੱਥਾ ਭੇਜਿਆ। ਗੁਰੂ ਜੀ ਦੀ ਮਦਦ ਨਾਲ ਬਹਾਦਰ ਸ਼ਾਹ ਦੀ ਜਿੱਤ ਹੋਈ ਤੇ ਉਹ ਤਖ਼ਤ ’ਤੇ ਬੈਠ ਗਿਆ। ਗੁਰੂ ਜੀ ਉਸ ਵੇਲੇ ਆਗਰੇ ਵਿੱਚ ਸਨ।

ਗੁਰੂ ਸਾਹਿਬ ਅਤੇ ਬਹਾਦਰ ਸਾਹ ਦੇ ਕਾਫਲੇ 13 ਮਈ, 1708 ਦੇ ਦਿਨ ਬੁਰਹਾਨਪੁਰ ਪੁੱਜੇ ਸਨ। ਵਜੀਰ ਖਾਨ ਦੇ ਨੁਮਾਇੰਦਿਆਂ ਦਾ ਮੇਲ ਬਾਦਸਾਹ ਨਾਲ ਬੁਰਹਾਨਪੁਰ ਜਾਂ ਇਸ ਤੋਂ ਕੁੱਝ ਚਿਰ ਮਗਰੋਂ ਹੀ ਹੋਇਆ ਹੋਵੇਗਾ ਕਿਉਂਕਿ ਬਹਾਦਰ ਸਾਹ, ਮਈ, 1708 ਦੇ ਦੋ ਹਫਤੇ ਨਰਮਦਾ ਦਰਿਆ ਵਿੱਚ ਹੜ੍ਹ ਆਏ ਹੋਣ ਕਾਰਨ ਬੁਰਹਾਨਪੁਰ ਰੁਕਿਆ ਰਿਹਾ ਸੀ। ਵਜੀਰ ਖਾਨ (ਸੂਬਾ ਸਰਹੰਦ) ਦੇ ਏਲਚੀਆਂ ਦੁਆਰਾ ਮਿਲੀ ਰਕਮ ਕਾਰਨ ਬਹਾਦਰ ਸਾਹ ਦੀ ਨੀਅਤ ਬਦਲ ਚੁੱਕੀ ਸੀ। ਇਸ ਤੋਂ ਬਾਅਦ ਬਹਾਦਰ ਸਾਹ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ। ਦਰਅਸਲ, ਹੁਣ ਉਹ ਵਜੀਰ ਖਾਨ ਦੀ ਭੇਜੀ ਰਕਮ ਕਾਰਨ ਉਸ ਦੇ ਖ਼ਿਲਾਫ ਕਾਰਵਾਈ ਨਹੀਂ ਸੀ ਕਰਨਾ ਚਾਹੁੰਦਾ। ਗੁਰੂ ਸਾਹਿਬ ਅਤੇ ਬਹਾਦਰ ਸਾਹ ਵਿੱਚ ਆਖਰੀ ਮੁਲਾਕਾਤ ਤਾਪਤੀ ਦਰਿਆ ਪਾਰ ਕਰਨ, 25 ਜੂਨ, 1708 ਮਗਰੋਂ ਬਾਲਾਪੁਰ ਵਿੱਚ ਅਗਸਤ, 1708 ਵਿੱਚ ਹੋਈ। ਇਸ ਮੁਲਾਕਾਤ ਵਿੱਚ ਗੁਰੂ ਸਾਹਿਬ ਨੇ ਸਮਝ ਲਿਆ ਕਿ ਬਹਾਦਰ ਸਾਹ ਲਾਲਚ ਵਸ ਸੂਬਾ ਸਰਹੰਦ (ਵਜ਼ੀਰ ਖ਼ਾਂ) ਦੁਆਰਾ ਮਜ਼ਲੂਮਾਂ ਉੱਤੇ ਕੀਤੀ ਗਈ ਕਾਰਵਾਈ ਨੂੰ ਬੁਰਾ ਨਹੀਂ ਮੰਨਦਾ, ਇਸ ਲਈ ਇਸ ਦਾ ਸਾਥ ਛੱਡਣਾ ਜ਼ਰੂਰੀ ਹੈ। ਬਾਦਸਾਹ 24 ਅਗਸਤ 1708 ਨੂੰ ਦਰਿਆ ਬਾਣਗੰਗਾ ਪਾਰ ਕਰ ਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ ਨੰਦੇੜ ਵਿੱਚ ਰੁਕ ਗਏ। ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਬਾਦਸਾਹ ਤੋਂ ਆਸ ਛੱਡ ਕੇ ਆਪ ਇਨਸਾਫ ਕਾਇਮ ਕੀਤਾ ਜਾਵੇ। ਜਿੱਥੇ ਉਨ੍ਹਾਂ ਦਾ ਮੇਲ 3 ਸਤੰਬਰ 1708 ਦੇ ਦਿਨ ਮਾਧੋ ਦਾਸ ਬੈਰਾਗੀ (ਮਗਰੋਂ ਬਾਬਾ ਬੰਦਾ ਸਿੰਘ ਬਹਾਦਰ) ਨਾਲ ਹੋਇਆ। ਪੰਜਾਬ ਦੀ ਹਾਲਤ ਸੁਣ ਕੇ ਅਤੇ ਮੁਗਲ ਹਾਕਮਾਂ ਦੀਆਂ ਕਰਤੂਤਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ।

ਜੋਤੀ ਜੋਤ ਸਮਾਉਣਾ: 5 ਅਕਤੂਬਰ 1708 ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜਦ ਨੰਦੇੜ ਤੋਂ ਚੱਲੇ, ਉਸੇ ਦਿਨ ਸ਼ਾਮ ਨੂੰ ਗੁਰੂ ਸਾਹਿਬ ਦੇ ਆਰਾਮ ਕਰਦਿਆਂ, ਗੁਲਖ਼ਾਨ ਦੀ ਮਦਦ ਨਾਲ ਜਮਸ਼ੇਦ ਖਾਨ ਪਠਾਣ ਨੇ ਉਨ੍ਹਾਂ ਉੱਤੇ ਕਟਾਰ ਨਾਲ ਤਿੰਨ ਵਾਰ ਕਰ ਦਿੱਤੇ, ਜਿਸ ਨਾਲ ਗੁਰੂ ਜੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਫਿਰ ਵੀ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰਕੇ ਜਮਸ਼ੇਦ ਖਾਨ ਨੂੰ ਮਾਰ ਦਿੱਤਾ। ਗੁਰੂ ਸਾਹਿਬ ਜੀ ਆਪ ਵੀ ਗੰਭੀਰ ਜਖ਼ਮੀ ਹੋਣ ਕਾਰਨ, ਕੱਤਕ ਸੁਦੀ 5, 7 ਕੱਤਕ ਬਿਕ੍ਰਮੀ ਸੰਮਤ 1765 (ਨਾਨਕਸ਼ਾਹੀ ਸੰਮਤ 240) 7 ਅਕਤੂਬਰ ਸੰਨ 1708 ਨੂੰ ਸਵੇਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਗੱਦੀ ਸੌਂਪ ਕੇ ਅਕਾਲ ਪੁਰਖ ਦੀ ਗੋਦ ਵਿੱਚ ਸਮਾ ਗਏ। ਉਨ੍ਹਾਂ ਦਾ ਸਸਕਾਰ ਇਸੇ ਸ਼ਾਮ, ਗੋਦਾਵਰੀ ਦਰਿਆ ਦੇ ਕੰਢੇ ਕਰ ਦਿੱਤਾ ਗਿਆ।