7 ਤੋਂ 11 ਸਾਲ ਦੇ ਬੱਚੇ

0
309

7 ਤੋਂ 11 ਸਾਲ ਦੇ ਬੱਚੇ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਅਜ ਮੈਂ ਇਕ ਬਹੁਤ ਹੀ ਨਾਜ਼ੁਕ ਪਰ ਅਹਿਮ ਵਿਸ਼ਾ ਛੋਹਣ ਲੱਗੀ ਹਾਂ। ਸ਼ਾਇਦ ਅਗਲੀਆਂ ਸਤਰਾਂ ਤੋਂ ਹੀ ਸਭ ਨੂੰ ਸਮਝ ਆ ਜਾਏ ਕਿ ਇਸ ਉਮਰ ਦੇ ਬੱਚਿਆਂ ਵਿਚ ਉਹ ਬੇਮਿਸਾਲ ਸ਼ਹਾਦਤ ਦੇਣ ਵਾਲੇ ਸਾਹਿਬਜ਼ਾਦੇ ਵੀ ਸ਼ਾਮਲ ਸਨ ਜਿਨ੍ਹਾਂ ਬਾਰੇ ਮੈਂ ਜ਼ਿਕਰ ਕਰਾਂਗੀ: ‘ਬਾਜਾਂ ਵਾਲਿਆ  ! ਤੇਰੇ ਹੌਂਸਲੇ ਸੀ, ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ। ਲੋਕੀਂ ਲਭਦੇ ਨੇ ਲਾਲ ਪਥੱਰਾਂ ’ਚੋਂ, ਤੇ ਤੂੰ ਪਥੱਰਾਂ ’ਚ ਹੀ ਚਿਣਵਾ ਦਿੱਤੇ।’

ਜੀ ਬਿਲਕੁਲ, ਇਹੀ ਉਮਰ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੁੱਲਾਂ ਵਰਗੇ ਲਾਲਾਂ ਦੀ, ਜਿਨ੍ਹਾਂ ਨੇ ਲੁਕਣ ਮੀਟੀ ਖੇਡਣ ਦੀ ਉਮਰ ਵਿਚ ਕੌਮ ਦੀ ਖ਼ਾਤਰ ਕੰਧਾਂ ਵਿਚ ਚਿਣੇ ਜਾਣ ਨੂੰ ਤਰਜੀਹ ਦਿੱਤੀ ਸੀ।

ਜਦੋਂ ਵੀ ਕੋਈ ਸਤ ਤੋਂ ਗਿਆਰਾਂ ਸਾਲਾਂ ਦੇ ਬਾਲਾਂ ਦੀ ਸਰੀਰਕ, ਵਿਗਿਆਨਿਕ ਅਤੇ ਮਨੋਵਿਗਿਆਨਿਕ ਦਸ਼ਾ ਬਾਰੇ ਜਾਣ ਲਵੇਗਾ, ਤਾਂ ਉਹ ਆਪ ਨਿਰਣਾ ਲੈ ਸਕੇਗਾ ਕਿ ਉਨ੍ਹਾਂ ਨਿਕੜੇ ਬਾਲਾਂ ਦੀ ਸ਼ਹੀਦੀ ਬੇਮਿਸਾਲ ਕਿਉਂ ਸੀ ? ਚੇਤੇ ਰਹੇ ਕਿ ਦੁਨੀਆ ਦੇ ਕਿਸੇ ਵੀ ਹੋਰ ਧਰਮ ਵਿਚ ਅਜਿਹੀ ਮਿਸਾਲ ਵੇਖਣ ਸੁਣਨ ਨੂੰ ਨਹੀਂ ਮਿਲਦੀ।

ਸਾਡੇ ਬੱਚੇ ਨੂੰ ਝਰੀਟ ਵੀ ਆ ਜਾਏ ਤਾਂ ਅਸੀਂ ਤੜਫ ਉਠਦੇ ਹਾਂ ਪਰ ਸਦਕੇ ਸਾਹਿਬਜ਼ਾਦਾ ਫਤਿਹ ਸਿੰਘ (ਉਮਰ ਸੱਤ ਸਾਲ) ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਉਮਰ ਨੌਂ ਸਾਲ) ਦੇ, ਜਿਨ੍ਹਾਂ ਨੇ ਦੁੱਧ ਦੇ ਦੰਦ ਟੁੱਟਣ ਤੋਂ ਪਹਿਲਾਂ ਜੀਵਨ ਦੀ ਤੰਦ ਤੋੜਨ ਨੂੰ ਤਰਜੀਹ ਦਿੱਤੀ। ਆਖ਼ਰ ਕਿਹੋ ਜਿਹੀ ਗੁੜ੍ਹਤੀ ਮਿਲੀ ਹੋਵੇਗੀ ਇਨ੍ਹਾਂ ਅਲੌਕਿਕ ਬਾਲਾਂ ਨੂੰ ?

ਜਿਸ ਘਰ ਵਿਚ ਉਨ੍ਹਾਂ ਦੇ ਦਾਦਾ ਜੀ ਨੇ ਦੂਸਰੇ ਧਰਮ ਦੇ ਲੋਕਾਂ ਨੂੰ ਬਚਾਉਣ ਲਈ ਜਾਨ ਕੁਰਬਾਨ ਕੀਤੀ ਹੋਵੇ ਤੇ ਪਿਤਾ ਵੱਲੋਂ ਨਾਮ ਕਰਣ ਹੀ ਅਜਿਹਾ ਹੋਵੇ-ਜ਼ੋਰ ਵਾਲਾ ਤੇ ਤਗੜਾ ਸ਼ੇਰ-ਯਾਨੀ ਜ਼ੋਰਾਵਰ ਸਿੰਘ ਅਤੇ ਉਹ ਸ਼ੇਰ ਜਿਹੜਾ ਜਿੱਤਦਾ ਹੀ ਰਹੇ ਤੇ ਕਿਸੇ ਤੋਂ ਨਾ ਹਾਰੇ-ਯਾਨੀ ਫਤਿਹ ਸਿੰਘ, ਉਹ ਬੱਚੇ ਅਲੌਕਿਕ ਤਾਂ ਹੋਣੇ ਹੀ ਸਨ  !

ਸਰਬੰਸ ਵਾਰ ਦੇਣ ਵਾਲੇ ਪਿਓ ਨੇ ਉਨ੍ਹਾਂ ਨੂੰ ਕਿਹੋ ਜਿਹਾ ਜਿਗਰਾ ਦਿੱਤਾ ਹੋਵੇਗਾ ਕਿ ਮੌਤ ਸਾਹਮਣੇ ਵੇਖਦੇ ਹੋਏ ਤੇ ਨੰਗੀਆਂ ਤਲਵਾਰਾਂ ਦੀ ਛਾਂ ਹੇਠ ਵੀ ਕੋਈ ਖ਼ੌਫ ਉਨ੍ਹਾਂ ਦੇ ਚਿਹਰੇ ਉੱਤੇ ਨਹੀਂ ਸੀ ਬਲਕਿ ਫ਼ਖ਼ਰ ਨਾਲ ਸਿਰ ਬੁਲੰਦ ਕਰ ਕੇ ਉਨ੍ਹਾਂ ਸ਼ਹੀਦੀ ਪ੍ਰਾਪਤ ਕੀਤੀ।

ਇਹ ਜਾਣੀ ਬੁੱਝੀ ਗੱਲ ਹੈ ਕਿ ਸਤ ਅੱਠ ਵਰ੍ਹਿਆਂ ਦੇ ਬੱਚੇ ਮੌਤ ਬਾਰੇ ਪੂਰੀ ਸਮਝ ਰੱਖਣ ਲੱਗ ਪੈਂਦੇ ਹਨ ਤੇ ਹਨ੍ਹੇਰੇ ਤੋਂ ਵੀ ਤਹਿ੍ਰੰਦੇ ਹਨ। ਡਰਨਾ, ਤ੍ਰਭਕਣਾ (ਘਬਰਾ ਜਾਣਾ) ਵੀ ਇਸ ਉਮਰ ਦੇ ਬੱਚਿਆਂ ਵਿਚ ਆਮ ਹੀ ਵੇਖਣ ਵਿਚ ਆਉਂਦਾ ਹੈ।

ਕੁੱਝ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਮੈਂ ਸੱਤ ਤੋਂ ਗਿਆਰਾਂ ਸਾਲਾਂ ਦੇ ਬੱਚਿਆਂ ਦੀ ਮਨੋਦਸ਼ਾ ਤੇ ਉਨ੍ਹਾਂ ਦੇ ਦਿਮਾਗ਼ੀ ਅਤੇ ਸਰੀਰਕ ਬਦਲਾਓ ਬਾਰੇ ਵਿਸਤਾਰ ਨਾਲ ਗੱਲ ਕਰਨਾ ਚਾਹਾਂਗੀ।

ਇਸ ਉਮਰ ਨੂੰ ਬਚਪਨ ਅਤੇ ਜਵਾਨੀ ਦੇ ਵਿਚਕਾਰਲੀ ਉਮਰ ਮੰਨਿਆ ਗਿਆ ਹੈ। ਸੱਤ ਤੋਂ ਨੌਂ ਸਾਲ ਦੇ ਬੱਚੇ ਹਾਲੇ ਬਚਪਨ ਦੀ ਹਦ ਉੱਤੇ ਖੜ੍ਹੇ ਗਿਣੇ ਜਾਂਦੇ ਹਨ ਪਰ ਦਸ ਤੋਂ ਗਿਆਰਾਂ ਸਾਲ ਦੀ ਉਮਰ ਨੂੰ ਜਵਾਨੀ ਦੀ ਦਹਿਲੀਜ਼ ਵਲ ਪੁੱਟਿਆ ਪਹਿਲਾ ਕਦਮ ਗਿਣਿਆ ਜਾਂਦਾ ਹੈ। ਤੇਰ੍ਹਾਂ ਵਰ੍ਹਿਆਂ ਦੀ ਉਮਰ ਵਿਚ ਸਰੀਰ ਉੱਤੇ ਜਵਾਨੀ ਦੇ ਹਸਤਾਖ਼ਰ ਦਿਸਣੇ ਸ਼ੁਰੂ ਹੋ ਜਾਂਦੇ ਹਨ।

ਜਿੰਨੀ ਵੀ ਖੋਜ ਮਨੋਵਿਗਿਆਨੀਆਂ ਨੇ ਇਸ ਉਮਰ ਵਿਚਲੇ ਬੱਚਿਆਂ ਉੱਤੇ ਕੀਤੀ ਹੈ, ਉਸ ਸਦਕਾ ਇਹ ਤਾਂ ਪੱਕਾ ਹੋ ਚੁੱਕਿਆ ਹੈ ਕਿ ਇਸ ਉਮਰ ਦੇ ਬੱਚਿਆਂ ਦਾ ਦਿਮਾਗ਼ ਤੇਜ਼ੀ ਨਾਲ ਵਧਦਾ ਹੈ ਤੇ ਅੱਠ ਤੋਂ ਨੌਂ ਵਰ੍ਹਿਆਂ ਦੀ ਉਮਰ ਦੇ ਬੱਚਿਆਂ ਦੇ ਦਿਮਾਗ਼ ਦਾ ਆਕਾਰ ਲਗਭਗ ਵਡਿਆਂ ਦੇ ਦਿਮਾਗ਼ ਦੇ ਆਕਾਰ ਦੇ ਬਰਾਬਰ ਪਹੁੰਚ ਜਾਂਦਾ ਹੈ। ਇਸ ਉਮਰ ਵਿਚ ਦਿਮਾਗ਼ ਦਾ ਅਗਲਾ ਹਿੱਸਾ (ਫਰੰਟਲ ਲੋਬ) ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਕਿਸੇ ਗਲ ਨੂੰ ਸਮਝਣ ਤੇ ਉਸ ਬਾਰੇ ਘੋਖਣ ਦੀ ਚਾਹ ਤੀਬਰ ਹੋ ਜਾਂਦੀ ਹੈ। ਇਸ ਸਦਕਾ ਬੱਚੇ ਕੋਈ ਆਪਣਾ ਠੋਸ ਫੈਸਲਾ ਲੈਣ ਦੇ ਸਮਰਥ ਹੋ ਜਾਂਦੇ ਹਨ ਤੇ ਇਕ ਵਾਰ ਆਪਣਾ ਮਕਸਦ ਠਾਣ ਕੇ ਫਿਰ ਉਸ ਨੂੰ ਪੂਰਾ ਕਰਨ ਲਈ ਕਿਸੇ ਵੀ ਹਦ ਤਕ ਦੀ ਜ਼ਿੱਦ ਫੜ ਸਕਦੇ ਹਨ। ਫਰੰਟਲ ਲੋਬ ਦੇ ਅਗਲੇ ਸਿਰੇ ਦੇ ਹਿੱਸੇ (ਪਰੀਫਰੰਟਲ ਕੌਰਟੈਕਸ) ਵਿਚ ਕਿਸੇ ਦੀ ਸ਼ਖ਼ਸੀਅਤ ਨੂੰ ਉਘਾੜਨ ਦੀ ਸਮਰਥਾ ਹੁੰਦੀ ਹੈ।

ਫਰੰਟਲ ਲੋਬ ਵਾਲੇ ਹਿੱਸੇ ਵਿਚਲੀ ਕੋਈ ਸੱਟ ਕਾਰਨ ਜਾਂ ਬੀਮਾਰੀ ਕਾਰਨ ਬੱਚੇ ਦੀ ਸੋਚ ਵਿਚ ਵਿਗਾੜ ਪੈ ਸਕਦਾ ਹੈ ਤੇ ਉਹ ਇਕਦਮ ਰੋਣ ਜਾਂ ਉੱਚੀ ਉੱਚੀ ਹੱਸਣ ਜਾਂ ਘਬਰਾਹਟ ਵਰਗੇ ਲੱਛਣ ਵਿਖਾ ਸਕਦਾ ਹੈ।

ਜਿਵੇਂ ਜਿਵੇਂ ਦਿਮਾਗ਼ ਦਾ ਇਹ ਹਿੱਸਾ ਵਧਦਾ ਹੈ, ਬੱਚਾ ਔਖੇ ਤੋਂ ਔਖੇ ਮਸਲੇ ਦਾ ਹਲ ਕੱਢਣ ਦੇ ਸਮਰਥ ਹੋ ਜਾਂਦਾ ਹੈ। ਕਿਸੇ ਖਿਡੌਣੇ ਦੀ ਮੀਨ ਮੇਖ ਕੱਢਣੀ ਜਾਂ ਕਿਸੇ ਔਖੇ ਕੰਪਿਊਟਰ ਪ੍ਰੋਗਰਾਮ ਵਗੈਰਾ ਨੂੰ ਜਲਦੀ ਸਮਝਣ ਯੋਗ ਹੋ ਜਾਂਦਾ ਹੈ।

ਸੱਤ ਸਾਲ ਦੀ ਉਮਰ ਉੱਤੇ ਪਹੁੰਚਦੇ ਦਿਮਾਗ਼ ਦੇ ਦੋਵੇਂ ਹਿੱਸਿਆਂ (ਸੇਰੇਬਰਲ ਹੈਮਿਸਫੀਅਰ) ਨੂੰ ਜੋੜਨ ਵਾਲੀਆਂ ਤੰਦਾਂ (ਕੋਰਪਸ ਕੈਲੋਜ਼ਮ) ਕਾਫ਼ੀ ਵਧ ਜਾਂਦੀਆਂ ਹਨ ਜਿਨ੍ਹਾਂ ਨਾਲ ਸੁਣੇਹੇ ਵੀ ਛੇਤੀ ਦਿਮਾਗ਼ ਅੰਦਰ ਪਹੁੰਚਦੇ ਹਨ ਤੇ ਉਨ੍ਹਾਂ ਵੇਖੀਆਂ ਜਾਂ ਸੁਣੀਆਂ ਹੋਈਆਂ ਚੀਜ਼ਾਂ ਦਾ ਹਲ ਕੱਢਣਾ ਜਾਂ ਡੂੰਘੀ ਸੋਚ ਵਿਚਾਰ (ਬਾਲ- ਮਨਾਂ ਅਨੁਸਾਰ) ਕਰ ਸਕਣ ਦੀ ਸਮਰਥਾ ਵੀ ਆ ਜਾਂਦੀ ਹੈ।

ਸੌਖੇ ਤਰੀਕੇ ਸਮਝਣ ਲਈ ਏਨਾ ਹੀ ਬਹੁਤ ਹੈ ਕਿ ਇਸ ਉਮਰ ਤੋਂ ਪਹਿਲਾਂ ਬੱਚੇ ਦਾ ਸੰਸਾਰ ਸੀਮਤ ਹੁੰਦਾ ਹੈ ਪਰ ਦਿਮਾਗ਼ ਦੇ ਵਾਧੇ ਨਾਲ ਬੱਚੇ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਸਮਝਣ ਯੋਗ ਹੋ ਜਾਂਦੇ ਹਨ ਤੇ ਦੁਨਿਆਵੀ ਤਾਣੇ ਬਾਣੇ ਨੂੰ ਵਿਗਿਆਨਿਕ ਪੱਖੋਂ ਵੀ ਘੋਖਣ ਲਗ ਪੈਂਦੇ ਹਨ। ਮਸਲਨ ਚੰਨ ਤਕ ਪਰਾਂ ਨਾਲ ਉੱਡ ਕੇ ਜਾਂ ਚਿੜੀਆਂ ਉੱਤੇ ਬਹਿ ਕੇ ਨਹੀਂ ਪਹੁੰਚਿਆ ਜਾ ਸਕਦਾ ਤੇ ਉਸ ਉੱਤੇ ਪਰੀਆਂ ਨਹੀਂ ਰਹਿੰਦੀਆਂ ਬਲਕਿ ਚੰਨ ਤਾਂ ਆਪਣੀ ਲਿਸ਼ਕ ਵੀ ਸੂਰਜ ਤੋਂ ਉਧਾਰੀ ਲੈ ਕੇ ਬੈਠਾ ਹੈ ਤੇ ਸਿਰਫ਼ ਇਕ ਗ੍ਰਹਿ ਹੈ।

ਇਸ ਉਮਰ ਦਾ ਬੱਚਾ ਆਪ ਕੰਮ ਕਰਨਾ ਚਾਹੁੰਦਾ ਹੈ ਤੇ ਬਹੁਤ ਕੁੱਝ ਸਿੱਖਣ ਯੋਗ ਵੀ ਹੋ ਜਾਂਦਾ ਹੈ। ਨੱਚਣਾ, ਟੱਪਣਾ, ਦੌੜਨਾ, ਦਰਖ਼ਤ ਉੱਤੇ ਚੜ੍ਹਨਾ, ਖੇਡ ਵਿਚ ਬੌਲ ਕੈਚ ਕਰਨੀ, ਬੇਸ ਬੌਲ, ਸਾਈਕਲ, ਰੋਲਰ ਸਕੇਟ, ਜੂਡੋ-ਕਰਾਟੇ, ਬੈਲੇ ਡਾਂਸ, ਜਿਮਨਾਸਟਿਕਸ, ਤੀਰ ਕਮਾਨ, ਤਲਵਾਰ ਚਲਾਉਣੀ, ਆਦਿ ਸਭ ਕੁੱਝ ਸਿਖਾਇਆ ਜਾ ਸਕਦਾ ਹੈ, ਬਸ਼ਰਤੇ ਕਿ ਉਸ ਨੂੰ ਉਸਤਾਦ ਵਧੀਆ ਮਿਲ ਜਾਏ। ਇਸ ਉਮਰ ਦਾ ਸਿੱਖਿਆ ਬੱਚਾ ਵੱਡਾ ਹੋ ਕੇ ਵਿਸ਼ਵ ਪੱਧਰ ਦਾ ਖਿਡਾਰੀ ਸੌਖਿਆਂ ਹੀ ਬਣ ਸਕਦਾ ਹੈ।

ਇਸ ਉਮਰ ਦੇ ਬੱਚੇ ਆਪਣੇ ਹੱਥ ਦੇ ਕੰਮ ਵੀ ਕਾਫ਼ੀ ਸਫਾਈ ਨਾਲ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਹੱਥ ਨਾਲ ਬਰੀਕੀ ਦਾ ਕੰਮ ਕਰਨ ਦੀ ਸਮਝ ਵੀ ਆ ਜਾਂਦੀ ਹੈ, ਮਸਲਨ ਕਾਗਜ਼ ਕਟ ਕੇ ਸਫ਼ਾਈ ਨਾਲ ਚਿਪਕਾਉਣਾ, ਲਿਖਣਾ, ਚਿੱਤਰਕਾਰੀ ਕਰਨਾ, ਰੰਗ ਭਰਨੇ, ਤਸਮੇ ਬੰਨ੍ਹਣੇ, ਗੰਢਾਂ ਖੋਲ੍ਹਣੀਆਂ, ਦੰਦ ਸਾਫ਼ ਕਰਨੇ, ਵਾਲ ਵਾਹੁਣੇ, ਆਦਿ।

ਜੇ ਇਨ੍ਹਾਂ ਬੱਚਿਆਂ ਦੇ ਸਿੱਖਣ ਦੇ ਸ਼ੌਕ ਨੂੰ ਕੋਈ ਸਿਆਣਾ ਅਧਿਆਪਕ ਸਮਝ ਸਕੇ ਤਾਂ ਇਹ ਪਿਆਨੋ, ਬੰਸਰੀ, ਵਾਜਾ, ਤਬਲਾ ਆਦਿ ਵੀ ਬਹੁਤ ਵਧੀਆ ਵਜਾ ਸਕਦੇ ਹਨ। ਇਸ ਉਮਰ ਦੇ ਬੱਚਿਆਂ ਨੂੰ ਕਿਉਂਕਿ ਨਵੀਆਂ ਚੀਜ਼ਾਂ ਸਿੱਖਣ ਦਾ ਚਾਅ ਏਨਾ ਜ਼ਿਆਦਾ ਹੁੰਦਾ ਹੈ, ਇਸ ਲਈ ਜੇ ਰੀਝ ਨਾਲ ਸਿਖਾਇਆ ਜਾਏ ਤਾਂ ਇਹ ਬੱਚੇ ਆਪਣਾ ਪੂਰਾ ਟਿੱਲ ਲਾ ਕੇ ਬਹੁਤ ਵਧੀਆ ਪੇਸ਼ਕਾਰੀ ਕਰ ਜਾਂਦੇ ਹਨ ਅਤੇ ਕੋਈ ਊਣਤਾਈ ਛਡਦੇ ਹੀ ਨਹੀਂ।

ਜ਼ਿਆਦਾ ਸਿੱਖਣ ਤੇ ਜ਼ਿਆਦਾ ਯਾਦ ਕਰ ਸਕਣ ਦੀ ਸਮਰਥਾ ਸਦਕਾ ਹੀ ਇਸ ਉਮਰ ਦੇ ਬੱਚੇ ਸਕੂਲ ਵਿਚ ਕਾਫ਼ੀ ਸਾਰੇ ਵਿਸ਼ੇ ਇੱਕੋ ਵੇਲੇ ਪੜ੍ਹ ਕੇ ਯਾਦ ਵੀ ਕਰ ਲੈਂਦੇ ਹਨ ਤੇ ਪਿਛਲਾ ਯਾਦ ਕੀਤਾ ਵੀ ਇਕ ਵਾਰ ਦੁਹਰਾਉਣ ਉੱਤੇ ਝਟ ਯਾਦ ਕਰ ਲੈਂਦੇ ਹਨ ਤੇ ਯਾਦ ਵੀ ਦੇਰ ਤਕ ਰੱਖਦੇ ਹਨ। ਇਸ ਉਮਰ ਵਿਚ ਕਿਉਂਕਿ ਦਿਮਾਗ਼ ਦੇ ਸੈੱਲਾਂ ਦੇ ਜੋੜ ਤਾਜ਼ੇ ਬਣੇ ਹੁੰਦੇ ਹਨ ਤੇ ਵਧ ਵੀ ਰਹੇ ਹੁੰਦੇ ਹਨ, ਇਸ ਲਈ ਇਸ ਉਮਰ ਦੀਆਂ ਯਾਦਾਂ ਕਈ ਵਾਰ ਏਨੀਆਂ ਡੂੰਘੀਆਂ ਹੁੰਦੀਆਂ ਹਨ ਕਿ ਜ਼ਿੰਦਗੀ ਦੇ ਆਖ਼ਰੀ ਪੜਾਓ ਤਕ ਭੁੱਲਦੀਆਂ ਨਹੀਂ। ਜਿਵੇਂ, ਯਾਦ ਕੀਤੇ ਪਹਾੜੇ, ਏ, ਬੀ, ਸੀ ਜਾਂ ਪੈਂਤੀ ਆਖਰੀ ਆਦਿ।

ਇਸ ਤੋਂ ਇਲਾਵਾ ਇਸ ਉਮਰ ਵਿਚ ਸੁਣਾਈਆਂ ਗਈਆਂ ਸਾਖੀਆਂ ਜਾਂ ਬਹਾਦਰੀ ਦੇ ਕਿੱਸੇ ਵੀ ਅੱਗੋਂ ਬੱਚੇ ਦੀ ਸ਼ਖ਼ਸੀਅਤ ਉੱਤੇ ਤਗੜਾ ਪ੍ਰਭਾਵ ਛੱਡਦੇ ਹਨ। ਪਰਾ ਸਰੀਰਕ ਗੱਲਾਂ ਜਾਂ ਝੂਠ ਮੂਠ ਪਰਚਾਉਣ ਦੀ ਗੱਲ ਨੂੰ ਵੀ ਇਸ ਉਮਰ ਦੇ ਬੱਚੇ ਸਮਝਣ ਯੋਗ ਹੋ ਜਾਂਦੇ ਹਨ ਕਿ ਅਸਲ ਵਿਚ ਕੀ ਹੋਣ ਵਾਲਾ ਹੈ ਤੇ ਕੀ ਕੁੱਝ ਐਵੇਂ ਹੀ ਕਿਹਾ ਜਾ ਰਿਹਾ ਹੈ। ਏਸੇ ਲਈ ਇਹ ਬੱਚੇ ਛੇਤੀ ਭਰਮਾਏ ਨਹੀਂ ਜਾਂਦੇ ਜਿਵੇਂ ਇਸ ਉਮਰ ਤੋਂ ਛੋਟੇ ਬੱਚੇ ਭਰਮਾਏ ਜਾ ਸਕਦੇ ਹਨ।

ਦਸ ਤੋਂ ਗਿਆਰਾਂ ਸਾਲ ਦੇ ਬੱਚੇ ਹਿਸਾਬ ਤੇ ਸਾਇੰਸ ਵੀ ਬਹੁਤ ਵਧੀਆ ਤਰੀਕੇ ਸਮਝਣ ਯੋਗ ਹੋ ਜਾਂਦੇ ਹਨ ਤੇ ਔਖੇ ਹਲ ਵੀ ਕੱਢ ਲੈਂਦੇ ਹਨ, ਜਿਵੇਂ ਔਖੀ ਪਹੇਲੀ ਦਾ ਹਲ ਲੱਭਣਾ। ਇਸ ਦੇ ਨਾਲ ਨਾਲ ਬੱਚੇ ਨੂੰ ਔਰਤ ਅਤੇ ਮਰਦ ਵਿਚਕਾਰਲਾ ਫ਼ਰਕ ਵੀ ਪੂਰੀ ਤਰ੍ਹਾਂ ਸਮਝ ਆ ਜਾਂਦਾ ਹੈ ਤੇ ਕਿਸੇ ਔਰਤ ਦੇ ਮੂੰਹ ਉੱਤੇ ਨਕਲੀ ਦਾੜੀ ਮੁੱਛ ਲਾ ਕੇ ਜਾਂ ਮਰਦ ਨੂੰ ਸਾੜੀ ਪੁਆ ਕੇ ਅੱਗੋਂ ਲੰਘਾਓ ਤਾਂ ਬੱਚੇ ਝਟ ਪਛਾਣ ਲੈਂਦੇ ਹਨ।

ਏਸੇ ਹੀ ਤਰ੍ਹਾਂ ਸੱਤ ਸਾਲ ਦੇ ਬੱਚੇ ਨੂੰ ਮਿਕਦਾਰ (ਮਾਤਰਾ) ਜਾਂ ਨਾਪ ਤੋਲ ਦੀ ਸਮਝ ਵੀ ਆਉਣ ਲਗ ਪੈਂਦੀ ਹੈ ਅਤੇ ਭਾਰੀ ਜਾਂ ਹੌਲੀ ਚੀਜ਼ ਦੀ ਵੀ ਸਮਝ ਆ ਜਾਂਦੀ ਹੈ, ਜਿਵੇਂ ਕ੍ਰਿਕਟ ਦੀ ਬੌਲ ਜਾਂ ਟੇਬਲ ਟੈਨਿਸ ਦੀ ਬੌਲ ਦਾ ਫ਼ਰਕ ਆਦਿ।

ਜਿਵੇਂ ਜਿਵੇਂ ਇਸ ਉਮਰ ਦੇ ਬੱਚੇ ਦੀਆਂ ਤਾਂਘਾਂ ਅਤੇ ਲੋੜਾਂ ਵਧਦੀਆਂ ਰਹਿੰਦੀਆਂ ਹਨ, ਉਸੇ ਤਰ੍ਹਾਂ ਵਧਦੇ ਸਰੀਰ ਅੰਦਰ ਜ਼ੋਸ ਅਤੇ ਤਾਕਤ ਵੀ ਵਧਣ ਲਗ ਪੈਂਦੀ ਹੈ। ਇਹ ਬਦਲਾਓ ਇਕੋ ਰਾਤ ਵਿਚ ਨਹੀਂ ਆਉਂਦੇ ਬਲਕਿ ਸਹਿਜੇ ਸਹਿਜੇ ਜਵਾਨੀ ਤਕ ਵਧਦੇ ਹੀ ਰਹਿੰਦੇ ਹਨ।

ਘਰ ਵਿਚਲਾ ਮਾਹੌਲ ਤੇ ਆਲਾ ਦੁਆਲਾ ਇਸ ਉਮਰ ਵਿਚ ਕਾਫ਼ੀ ਜ਼ਿਆਦਾ ਅਸਰ ਪਾਉਂਦਾ ਹੈ ਕਿਉਂਕਿ ਬੱਚਾ ਸਕੂਲ ਜਾਂ ਸਾਥੀਆਂ ਵਿਚ ਵੀ ਵਿਚਰਦਾ ਹੈ ਤੇ ਘਰ ਵਿਚ ਵੱਡਿਆਂ ਨਾਲ ਜਾਂ ਮਾਪਿਆਂ ਨਾਲ ਵੀ ਜੁੜ ਬਹਿੰਦਾ ਹੈ। ਇਸ ਸਾਰੇ ਦਾ ਨਿਚੋੜ ਕੱਢ ਕੇ ਬੱਚਾ ਆਪਣੇ ਵਿਹਾਰ ਅਤੇ ਵਿਚਾਰ ਵਿਚ ਬਦਲਾਓ ਲਿਆਉਂਦਾ ਹੈ।

ਯਾਦਦਾਸ਼ਤ ਵਧਾਉਣ ਲਈ ਇਸ ਉਮਰ ਦੇ ਬੱਚੇ ਆਪਣੇ ਨੁਕਤੇ ਆਪ ਹੀ ਬਣਾਉਂਦੇ ਹਨ, ਜਿਵੇਂ ਇਕ ਦੂਜੇ ਨੂੰ ਜਵਾਬ ਸੁਣਾ ਕੇ ਜਾਂ ਰਲ ਕੇ ਉੱਚੀ ਬੋਲ ਕੇ, ਜਾਂ ਫੇਰ ਸਵਾਲ ਦੇ ਜਵਾਬ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਤੇ ਜਾਂ ਉਸ ਜਵਾਬ ਨਾਲ ਕੋਈ ਆਪਣੇ ਖਿਡੌਣੇ ਦੀ ਯਾਦ ਜੋੜ ਕੇ। ਮਸਲਨ, ਜੇ ਜਵਾਬ ‘ਬ’ ਅਤੇ ‘ਟ’ ਤੋਂ ਸ਼ੁਰੂ ਹੋ ਰਿਹਾ ਹੈ ਤਾਂ ਬੱਚਾ ਆਪਣੇ ਖਿਡੌਣੇ ‘ਬੈਨ ਟੈਨ’ ਤੋਂ ਅੱਖਰ ਯਾਦ ਕਰ ਲੈਂਦਾ ਹੈ।

ਜੇ ਸਰੀਰਕ ਵਿਕਾਸ ਦੀ ਗੱਲ ਕਰੀਏ ਤਾਂ ਇਸ ਉਮਰ ਦੇ ਬੱਚੇ ਛੋਟੇ ਬੱਚਿਆਂ ਨਾਲੋਂ ਕੁੱਝ ਹੌਲੀ ਵਧਦੇ ਹਨ ਪਰ ਮੁੰਡੇ ਬਾਰ੍ਹਾਂ ਕੁ ਸਾਲ ’ਤੇ ਜਾ ਕੇ ਝਟ ਕੱਦ ਕੱਢਣ ਲੱਗ ਪੈਂਦੇ ਹਨ ਤੇ ਕੁੜੀਆਂ ਦਸ ਕੁ ਸਾਲ ’ਤੇ ਹੀ।

ਜੇ ਮਾਪਿਆਂ ਦੀ ਲੰਬਾਈ ਘਟ ਹੋਵੇ, ਖ਼ੁਰਾਕ ਘਟ ਜਾ ਰਹੀ ਹੋਵੇ, ਬੱਚਾ ਵਾਰ ਵਾਰ ਬੀਮਾਰ ਹੋ ਰਿਹਾ ਹੋਵੇ, ਤਾਂ ਕਈ ਵਾਰ ਬੱਚਾ ਆਪਣੇ ਹਾਣ ਦੇ ਬੱਚਿਆਂ ਤੋਂ ਗਿੱਠਾ ਜਾਪਣ ਲਗ ਪੈਂਦਾ ਹੈ।

ਸੱਤ ਤੋਂ ਦਸ ਸਾਲ ਦੀ ਉਮਰ ਦੇ ਬੱਚੇ ਦੋ ਤੋਂ ਤਿੰਨ ਇੰਚ ਹਰ ਸਾਲ ਵਧ ਜਾਂਦੇ ਹਨ ਤੇ ਲਗਭਗ ਤਿੰਨ ਕੁ ਕਿੱਲੋ ਹਰ ਸਾਲ ਉਨ੍ਹਾਂ ਦਾ ਭਾਰ ਵੀ ਵਧਦਾ ਰਹਿੰਦਾ ਹੈ। ਇਸ ਉਮਰ ਵਿਚ ਦੁੱਧ ਦੇ ਦੰਦ ਵੀ ਟੁਟਣੇ ਸ਼ੁਰੂ ਹੋ ਜਾਂਦੇ ਹਨ ਤੇ ਨਵੇਂ ਦੰਦ ਆਉਣ ਨਾਲ ਦੰਦਾਂ ਦੀ ਬੀੜ ਵੀ ਚੌੜੀ ਹੋਣ ਲਗ ਪੈਂਦੀ ਹੈ।

ਸਿਹਤ ਪੱਖੋਂ ਵੀ ਇਸ ਉਮਰ ਤਕ ਪਹੁੰਚਦੇ ਬੱਚੇ ਕੁੱਝ ਠੀਕ ਹੋ ਜਾਂਦੇ ਹਨ ਕਿਉਂਕਿ ਛੋਟੀ ਉਮਰ ਵਿਚ ਵਾਰ ਵਾਰ ਲਗਦਾ ਖੰਘ ਜ਼ੁਕਾਮ, ਢਿਡ ਪੀੜ, ਉਲਟੀਆਂ, ਟੱਟੀਆਂ ਆਦਿ ਕਾਫ਼ੀ ਘੱਟ ਜਾਂਦੇ ਹਨ। ਇਕ ਪਾਸੇ ਬੱਚਾ ਥੋੜ੍ਹੀ ਬਹੁਤ ਪੀੜ ਜਰਨ ਲਗ ਪੈਂਦਾ ਹੈ ਤੇ ਦੂਜੇ ਪਾਸੇ ਮਾਪੇ ਵੀ ਹੁਣ ਤਕ ਉਹੜ ਪੁਹੜ ਕਰਨਾ ਸਿਖ ਲੈਂਦੇ ਹਨ ਜਾਂ ਥੋੜ੍ਹੀਆਂ ਬਹੁਤ ਦਵਾਈਆਂ ਦੇ ਨਾਂ ਰਟ ਲੈਂਦੇ ਹਨ, ਸੋ ਡਾਕਟਰਾਂ ਵਲ ਗੇੜੇ ਵੀ ਘਟ ਜਾਂਦੇ ਹਨ। ਪਰ ਅਫ਼ਸੋਸ ਕਿ ਕੈਂਸਰ, ਨਿਮੋਨੀਆ, ਏਡਜ਼, ਫਲੂ, ਡੇਂਗੂ, ਮਲੇਰੀਆ, ਟਾਈਫਾਈਡ, ਮੋਟਾਪਾ ਵਰਗੇ ਰੋਗ ਇਸ ਉਮਰ ਨੂੰ ਵੀ ਨਹੀਂ ਛੱਡਦੇ।

ਇਸ ਤੋਂ ਇਲਾਵਾ ਸੱਟਾਂ ਫੇਟਾਂ ਵੀ ਇਸ ਉਮਰ ਦੇ ਬੱਚੇ ਬਥੇਰੀਆਂ ਖਾਂਦੇ ਰਹਿੰਦੇ ਹਨ ਤੇ ਐਕਸੀਡੈਂਟ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਗਿਆਰਾਂ ਬਾਰ੍ਹਾਂ ਵਰ੍ਹਿਆਂ ਦਾ ਬੱਚਾ ਤਾਂ ਹਾਲਾਤ ਹੱਥੋਂ ਮਜਬੂਰ ਹੋ ਕੇ ਆਤਮ ਹੱਤਿਆ ਵਰਗਾ ਕਦਮ ਵੀ ਪੁਟ ਸਕਦਾ ਹੈ।

ਏਨਾ ਸਭ ਕੁੱਝ ਜਾਣ ਲੈਣ ਤੋਂ ਬਾਅਦ ਉਨ੍ਹਾਂ ਫੁੱਲਾਂ ਵਰਗੇ ਸਾਹਿਬਜ਼ਾਦਿਆਂ ਦਾ ਨਾਂ ਲਿਖਦਿਆਂ ਵੀ ਮੇਰੀ ਕਲਮ ਹੌਲੀ ਹੋ ਜਾਂਦੀ ਹੈ ਕਿ ਕਲਮ ਦੀ ਨੋਕ ਹੇਠਾਂ ਉਨ੍ਹਾਂ ਦੁਲਾਰਿਆਂ ਦਾ ਨਾਂ ਆਇਆ ਹੈ ਤੇ ਕਿਤੇ ਇਹ ਨੋਕ ਵੀ ਉਨ੍ਹਾਂ ਨੂੰ ਦਰਦ ਨਾ ਪਹੁੰਚਾਏ।

ਕਿਹੋ ਜਿਹੀ ਸੋਚ ਅਤੇ ਕਿੰਨਾ ਪਵਿੱਤਰ ਮਾਹੌਲ ਉਨ੍ਹਾਂ ਆਲੌਕਿਕ ਬਾਲਾਂ ਨੂੰ ਮਿਲਿਆ ਕਿ ਆਪਣੀਆਂ ਸਾਰੀਆਂ ਇਛਾਵਾਂ ਦਫਨ ਕਰ ਕੇ ਉਨ੍ਹਾਂ ਸਿਰਫ਼ ਕੌਮ ਦੇ ਭਲੇ ਵਾਸਤੇ ਹੀ ਮਨ ਅੰਦਰ ਥਾਂ ਰੱਖੀ।

ਜਿਹੜਾ ਵੀ ਠੰਡੇ ਬੁਰਜ ਵਿਚ ਦਸੰਬਰ ਦੀ ਰਾਤ ਨੂੰ ਦੋ ਘੰਟੇ ਖੜ੍ਹਾ ਹੋਵੇਗਾ, ਉਸ ਨੂੰ ਸਮਝ ਆ ਸਕਦੀ ਹੈ ਕਿ ਨਿੱਕੇ ਬਾਲਾਂ ਦਾ ਉੱਥੇ ਸਾਰੀ ਰਾਤ ਬਿਤਾਉਣਾ ਕੋਈ ਖ਼ਾਲਾ ਜੀ ਦਾ ਘਰ ਨਹੀਂ ਸੀ। ਉਨ੍ਹਾਂ ਅੰਦਰ ਤੂਸ ਤੂਸ ਕੇ ਭਰਿਆ ਹੌਸਲਾ ਹੀ ਉਨ੍ਹਾਂ ਨੂੰ ਗਰਮਾਹਟ ਦਿੰਦਾ ਰਿਹਾ ਤੇ ਉਸੇ ਸਦਕਾ ਅਗਾਊਂ ਆਉਂਦੀ ਮੌਤ ਦਾ ਭੈਅ ਵੀ ਉਨ੍ਹਾਂ ਦੇ ਨੇੜੇ ਫਟਕਿਆ ਨਹੀਂ। ਰੱਬ ਦੀ ਬਾਣੀ ਦਾ ਸਿਮਰਨ ਉਨ੍ਹਾਂ ਦੇ ਚਿਹਰਿਆ ਉੱਤੇ ਆਏ ਨੂਰ ਦਾ ਕਾਰਨ ਸੀ ਤੇ ਏਸੇ ਲਈ ਉਨ੍ਹਾਂ ਦਾ ਜਲੌ ਤੱਕਿਆ ਨਹੀਂ ਸੀ ਜਾਂਦਾ।

ਅਜਿਹੀਆਂ ਲਾਸਾਨੀ ਸ਼ਖਸੀਅਤਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਇਆ ਕਰਦੀਆਂ, ਬਲਕਿ ਉਨ੍ਹਾਂ ਦੇ ਅਣਖ ਨਾਲ ਉੱਠੇ ਸਿਰਾਂ ਨੇ, ਜਿਨ੍ਹਾਂ ਨੇ ਝੁਕਣਾ ਸਿੱਖਿਆ ਹੀ ਨਹੀਂ ਸੀ, ਸਾਡੇ ਅੱਜ ਨੂੰ ਰੁਸ਼ਨਾ ਦਿੱਤਾ ਹੈ। ਸਾਡੇ ਸਾਰਿਆਂ ਦੇ ਸਿਰ ਵੀ ਫ਼ਖ਼ਰ ਨਾਲ ਆਪਣੇ ਪਿਛੋਕਣ ਸਦਕਾ ਉੱਚੇ ਉੱਠੇ ਹੋਏ ਹਨ।

ਜੇ ਉਹ ਨਿਕੜੇ ਬਾਲ ਥਿੜਕ ਜਾਂਦੇ ਤਾਂ ਅੱਜ ਇਤਿਹਾਸ ਕੁੱਝ ਹੋਰ ਹੀ ਹੁੰਦਾ ਤੇ ਸਾਡੇ ਸਿਰਾਂ ਉੱਤੇ ਕੋਈ ਤਾਜ ਨਾ ਰਹਿੰਦਾ: ‘ਬੁਲਬੁਲ ਦੇ ਪਿੰਜਰੇ ’ਚ ਕਦੇ ਬਾਜ਼ ਨਹੀਂ ਰਹਿੰਦੇ, ਬੁਜ਼ਦਿਲਾਂ ਕੋਲ ਕਦੇ ਰਾਜ਼ ਨਹੀਂ ਰਹਿੰਦੇ। ਝੁਕਾ ਕੇ ਸਿਰ ਜਿਹੜੀ ਕੌਮ ਨੂੰ ਚੱਲਣ ਦੀ ਆਦਤ ਹੋਵੇ, ਉਸ ਕੌਮ ਦੇ ਸਿਰ ’ਤੇ ਕਦੇ ਤਾਜ ਨਹੀਂ ਰਹਿੰਦੇ !’

ਧੰਨ ਅਜਿਹੇ ਬਾਲਕ ਜਿਹੜੇ ਆਪਣੇ ਮਾਪਿਆਂ ਦਾ ਹੀ ਨਹੀਂ ਪੂਰੀ ਕੌਮ ਦਾ ਨਾਂ ਰੌਸ਼ਨ ਕਰਦੇ ਹਨ। ਅੱਜ ਦੇ ਦਿਨ ਜਿਹੜਾ ਕੋਈ ਇਨਸਾਨ ਆਪਣੇ ਨਾਂ ਅੱਗੇ ਗੁਰੂ ਲਾਉਂਦਾ ਹੈ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਬਣਨ ਲਈ ਸਰਬੰਸ ਵਾਰਨਾ ਪੈਂਦਾ ਹੈ ਤੇ ਉਸ ਦੇ ਬੱਚਿਆਂ ਨੂੰ ਕੁਰਬਾਨੀ ਦੀ ਇਕ ਮਿਸਾਲ ਬਣਨਾ ਪੈਂਦਾ ਹੈ ! ਇਹ ਰੁਤਬਾ ਸਿਰਫ਼ ਨਾਂ ਅੱਗੇ ਗੁਰੂ ਜੋੜਨ ਨਾਲ ਹੀ ਹਾਸਲ ਨਹੀਂ ਹੋ ਜਾਂਦਾ !

ਅਗਲੀ ਵਾਰ ਜਦ ਫਤਿਹਗੜ੍ਹ ਸਾਹਿਬ ਵੱਲ ਗੇੜਾ ਲੱਗੇ ਤਾਂ ਕੋਸ਼ਿਸ਼ ਕਰ ਵੇਖਿਓ ਕਿ ਇਸ ਗੌਰਵਮਈ ਪਿਛੋਕੜ ਬਾਰੇ ਆਪਣੇ ਬੱਚਿਆਂ ਨੂੰ ਦਸ ਕੇ ਉਨ੍ਹਾਂ ਨੂੰ ਸੱਚ ਅਤੇ ਹੱਕ ਲਈ ਪਹਿਰਾ ਦੇਣ ਦੇ ਕਾਬਲ ਬਣਾ ਦੇਈਓ ਤਾਂ ਜੋ ਉਹ ਸਿਰਫ ਮੱਥੇ ਰਗੜ ਕੇ ਮੰਗਣ ਅਤੇ ਗਿੜਗਿੜਾਉਣ ਜੋਗੇ ਹੀ ਨਾ ਰਹਿ ਜਾਣ। ਇਹੀ ਉਨ੍ਹਾਂ ਅਲੌਕਿਕ ਸਾਬਿਜ਼ਾਦਿਆਂ ਲਈ ਇਕ ਸੱਚੀ ਸ਼ਰਧਾਜਲੀ ਮੰਨੀ ਜਾਵੇਗੀ।