ਗੁਰੂ ਦੀ ਗੋਲਕ ਲਈ ਦੋ ਸਾਰਥਕ ਲਾਭ: ‘ਪ੍ਰਬੰਧਕੀ ਲੜਾਈ ਖ਼ਤਮ ਤੇ ਲੋੜਵੰਦ ਖ਼ੁਸ਼ਹਾਲ’

0
203

ਗੁਰੂ ਦੀ ਗੋਲਕ ਲਈ ਦੋ ਸਾਰਥਕ ਲਾਭ: ‘ਪ੍ਰਬੰਧਕੀ ਲੜਾਈ ਖ਼ਤਮ ਤੇ ਲੋੜਵੰਦ ਖ਼ੁਸ਼ਹਾਲ’

ਸ. ਪ੍ਰਭਦਿਆਲ ਸਿੰਘ ਸੁਨਾਮ-94638-65060

ਇੱਕ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਕਮੇਟੀ ਦੀ ਚੋਣ ਹੋ ਰਹੀ ਸੀ। ਦੋ ਧੜੇ ਆਹਮੋ ਸਾਹਮਣੇ ਵਿਚਾਰ ਤੇ ਤਰਕ ਪੇਸ਼ ਕਰ ਰਹੇ ਸੀ। ਥੋੜੀ ਹੀ ਦੇਰ ਬਾਅਦ ਉਹਨਾਂ ਦੀਆਂ ਅਵਾਜਾਂ ਦੂਰ ਦੂਰ ਤੱਕ ਸੁਣਨ ਲੱਗੀਆਂ। ਆਸ ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕੁਝ ਹੀ ਦੇਰ ਬਾਅਦ ਦੋਵੇਂ ਧੜਿਆਂ ’ਚ ਹੱਥੋ ਪਾਈ ਸ਼ੁਰੂ ਹੋ ਗਈ ਅਤੇ ਗੁਰਦੁਆਰਾ ਸਾਹਿਬ ਦਾ ਵਿਹੜਾ ਲੜਾਈ ਦਾ ਮੈਦਾਨ ਬਣ ਗਿਆ। ਕੁਝ ਦੇਰ ਬਾਅਦ ਪੁਲਿਸ ਵੀ ਆ ਗਈ। ਕਾਫੀ ਸਮਾਂ ਮੁਸ਼ੱਕਤ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਐਸ. ਐਚ. ਓ. ਸਾਹਿਬ ਨੇ ਦੋਵੇਂ ਧੜਿਆਂ ਨੂੰ ਕੁਝ ਸਮੇਂ ਲਈ ਸ਼ਾਂਤ ਕਰ ਲਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਰਜੀ ਫੈਸਲਾ ਕੀਤਾ ਗਿਆ।

ਜਰਾ ਵਿਚਾਰ ਕਰੀਏ ਕਿ ਕੀ ਝਗੜਾ ਗੁਰੂ ਘਰ ਦੀ ਸੇਵਾ ਲੈਣ ਲਈ ਹੀ ਆਰੰਭ ਹੋਇਆ ਸੀ ਜਾਂ ਕੁਝ ਹੋਰ ਕਾਰਨ ਸਨ। ਜਿਸ ਨੇ ਸੇਵਾ ਕਰਨੀ ਹੈ, ਕੀ ਉਸ ਲਈ ਪ੍ਰਬੰਧਕ ਬਣਨਾ ਜ਼ਰੂਰੀ ਹੈ ਜਾਂ ਝਗੜਾ ਕਰਕੇ ਸੇਵਾ ਲੈਣੀ ਜ਼ਰੂਰੀ ਹੈ ? ਸਾਫ ਜ਼ਾਹਰ ਹੈ ਕਿ ਸਾਰਾ ਮਸਲਾ ਗੁਰੂ ਕੀ ਗੋਲਕ ਦਾ ਹੈ, ਸਾਰਾ ਮਸਲਾ ਮਾਇਆ ਤੇ ਚੌਧਰ ਨਾਲ ਸੰਬੰਧਿਤ ਹੈ। ਤਾਂ ਫਿਰ ਕੀ ਕੀਤਾ ਜਾਵੇ ਕਿ ਇਸ ਤਰ੍ਹਾਂ ਦੀ ਸਥਿਤੀ ਨਾ ਪੈਦਾ ਹੋਵੇ। ਸਿਰਫ ਇੱਕ ਕੰਮ ਸਰਬੋਤਮ ਹੈ ਕਿ ਝਗੜੇ ਪੈਦਾ ਕਰਨ ਵਾਲੀ ਮਾਇਆ ਨੂੰ ਗੁਰੂ ਘਰਾਂ ਤੋਂ ਦੂਰ ਕਰ ਦਿਓ, ਪਰ ਮਾਇਆ ਦੀ ਤਾਂ ਸਭ ਥਾਵਾਂ ’ਤੇ ਲੋੜ ਹੁੰਦੀ ਹੈ, ਗੁਰੂ ਘਰਾਂ ’ਚ ਵੀ। ਸਾਰੇ ਕੰਮ ਮਾਇਆ ਨਾਲ ਹੀ ਪੂਰੇ ਹੋ ਸਕਦੇ ਹਨ ਤਾਂ ਫਿਰ ਇਹ ਕੰਮ ਕਰੀਏ ਕਿ ਜਿੰਨੀ ਮਾਇਆ ਦੀ ਲੋੜ ਹੈ, ਸੰਗਤ ਦੁਆਰਾ ਕੇਵਲ ਉਤਨੀ ਹੀ ਮਾਇਆ ਇਕੱਤਰ ਕੀਤੀ ਜਾਵੇ, ਪਰ ਇਸ ਗੱਲ ਦਾ ਨਿਰਣਾ ਕਿਵੇਂ ਹੋਵੇਗਾ ਕਿ ਕਿਸ ਗੁਰੂ ਘਰ ਵਿੱਚ ਕਿੰਨੀ ਮਾਇਆ ਚਾਹੀਦੀ ਹੈ। ਕਿਸ ਗੁਰੂ ਘਰ ’ਚ ਮਾਇਆ ਦੀ ਘਾਟ ਹੈ ਤੇ ਕਿੱਥੇ ਮਾਇਆ ਵਧੀਕ ਹੈ। ਇਸ ਗੱਲ ਦਾ ਅੰਦਾਜ਼ਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਿਸ ਗੁਰੂ ਘਰ ’ਚ ਪ੍ਰਧਾਨਗੀ ਪ੍ਰਾਪਤ ਕਰਨ ਲਈ ਝਗੜੇ ਹੋਣ ਲੱਗ ਪੈਣ, ਜ਼ਾਹਰ ਹੈ ਕਿ ਉਸ ਗੁਰੂ ਘਰ ’ਚ ਮਾਇਆ ਦੀ ਬਹੁਤਾਤ ਹੈ। ਇਸ ਲਈ ਇਹ ਨਿਤਾਪ੍ਰਤੀ ਝਗੜੇ ਮਿਟਾਉਣ ਲਈ ਸੰਗਤਾਂ ਨੂੰ ਚਾਹੀਦਾ ਹੈ ਕਿ ਝਗੜੇ ਪੈਦਾ ਕਰਨ ਵਾਲੀ ਮਾਇਆ ਨੂੰ ਗੁਰੂ ਘਰ ’ਚ ਲੋੜ ਅਨੁਸਾਰ ਹੀ ਦਿੱਤਾ ਜਾਵੇ।

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਸਮੁੱਚੀ ਸਿੱਖ ਸੰਗਤ ਖੁਸ਼ਹਾਲ ਹੈ। ਅੰਨ ਧਨ ਦੇ ਭੰਡਾਰੇ ਭਰਪੂਰ ਹਨ ਅਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹਰ ਸਿੱਖ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰਾਂ ਵਿੱਚ ਭੇਟ ਕਰਦਾ ਹੈ। ਇਸ ਲਈ ਗੁਰੂ ਘਰ ਦੀਆਂ ਇਮਾਰਤਾਂ ਬਹੁਤ ਸੁੰਦਰ ਹਨ, ਵੱਡੇ ਵੱਡੇ ਹਾਲ ਬਣੇ ਹਨ, ਸੋਨੇ ਨਾਲ ਜੜ੍ਹੇ ਗੁੰਬਦ ਸੋਭਦੇ ਹਨ, ਬੇਅੰਤ ਮਾਇਆ ਚੜਾਈ ਜਾਂਦੀ ਹੈ। ਸਿੱਖ ਸੰਗਤ ਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਸ਼ਰਧਾ ਨਾਲ ਭੇਟ ਕੀਤੀ ਜਾ ਰਹੀ ਮਾਇਆ ਸਹੀ ਥਾਂ ’ਤੇ ਲੱਗ ਰਹੀ ਹੈ ਜਾਂ ਗੋਲਕ ਚੋਰਾਂ ਦਾ ਢਿੱਡ ਭਰ ਰਹੀ ਹੈ। ਜ਼ਰੂਰੀ ਹੈ ਕਿ ਜਿੱਥੇ ਵਾਧੂ ਮਾਇਆ ਆਵੇਗਾ ਉੱਥੇ ਕੁਝ ਕੰਮ ਬੇਧਿਆਨੇ ਵੀ ਹੋ ਜਾਣਗੇ ਕਿਉਂਕਿ ਸਾਡੇ ਗੁਰਦੁਆਰਾ ਪ੍ਰਬੰਧਕਾਂ ਕੋਲ ਪਹਿਲਾਂ ਤੋਂ ਉਲੀਕੇ ਕੋਈ ਵੀ ਪ੍ਰੋਗਰਾਮ ਨਹੀਂ ਹਨ।

ਧਨ ਦੇ ਪੱਖ ਤੋਂ ਕਮਜ਼ੋਰ ਵਰਗ ਜਿਸ ਨੂੰ ਸਮਾਜ ਦੇ ਵਿੱਚ ਨੀਵਾਂ ਵਰਗ ਸਮਝਿਆ ਜਾਂਦਾ ਹੈ। ਉਸ ਨਿਮਨ ਵਰਗ ਨੂੰ ਸਿੱਖ ਸੰਗਤ ਨੇ ਵੀ ਅੱਖੋਂ ਓਹਲੇ ਕੀਤਾ ਹੋਇਆ ਹੈ। ਜਿਸ ਦਾ ਨਤੀਜਾ ਹੀ ਹੈ ਕਿ ਇਹਨਾਂ ਲੋਕਾਂ ਨੇ ਗੁਰੂ ਘਰਾਂ ਤੋਂ ਮੂੰਹ ਫੇਰ ਕੇ ਡੇਰੇਦਾਰਾਂ ਵੱਲ ਰੁਝਾਨ ਕਰ ਲਿਆ ਹੈ ਤੇ ਵੱਡੀ ਗਿਣਤੀ ਸਿੱਖੀ ਸਰੂਪ ਤੇ ਗ਼ੈਰ ਸਿੱਖ ਡੇਰੇਦਾਰਾਂ ਦੇ ਸ਼ਰਧਾਲੂ ਹਨ। ਜਦੋਂ ਇਹ ਡੇਰਿਆਂ ਦੇ ਸ਼ਰਧਾਲੂ ਬਣੇ ਤਾਂ ਅਸੀਂ ਇਹਨਾਂ ਪ੍ਰਤੀ ਆਪਣਾ ਰਵੱਈਆ ਹੋਰ ਵੀ ਸਖ਼ਤ ਕਰ ਲਿਆ। ਇਹਨਾਂ ਨਾਲ ਪੂਰੀ ਤਰ੍ਹਾਂ ਸੰਬੰਧ ਤੋੜ ਲਏ। ਇਹਨਾਂ ਨੂੰ ਸਮਝਾਉਣ ਦੀ ਥਾਂ ਬੁਰਾ ਭਲਾ ਬੋਲਣ ਲੱਗ ਪਏ। ਨਤੀਜੇ ਵੱਜੋਂ ਉਹਨਾਂ ਨਾਲ ਸਾਡੇ ਸੰਬੰਧ ਪੂਰੀ ਤਰ੍ਹਾਂ ਵਿਗੜ ਗਏ। ਸਮਾਜ ਵਿਚਲੇ ਹਰ ਵਰਗ ਨਾਲ ਸਿੱਖ ਸੰਗਤ ਦੇ ਚੰਗੇ ਸੰਬੰਧ ਹੋਣ ਅਤੇ ਹਰ ਵਰਗ ਸਿੱਖ ਸੰਗਤ ਨੂੰ ਪਿਆਰ ਅਤੇ ਸਤਿਕਾਰ ਦੇਵੇ, ਇਸ ਲਈ ਜ਼ਰੂਰੀ ਹੈ ਕਿ ਸਿੱਖ ਆਪਣੀ ਸ਼ਖ਼ਸੀਅਤ ਵਿੱਚ ਹਰ ਵਰਗ ਲਈ ਪਿਆਰ ਤੇ ਨਿਮਰਤਾ ਧਾਰਨ ਕਰੇ। ਗੁਰਦੁਆਰਿਆਂ ਦੀਆਂ ਕੰਧਾਂ ’ਤੇ ਸੋਨਾ ਲਗਾਉਣ ਦੀ ਬਜਾਏ ਕਿਸੇ ਗਰੀਬ ਦੇ ਪੇਟ ਨੂੰ ਭਰਿਆ ਜਾਵੇ, ਕਿਸੇ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇ। ਗੁਰੂ ਘਰਾਂ ਦੀਆਂ ਗੋਲਕਾਂ ਭਰ ਭਰ ਕੇ ਉੱਥੋਂ ਦੇ ਪ੍ਰਬੰਧਕਾਂ ਨੂੰ ਭ੍ਰਿਸ਼ਟ ਬਣਾਉਣ ਦੀ ਥਾਂ ਆਪਣਾ ਦਸਵੰਧ ਕਿਸੇ ਗਰੀਬ ਦੀ ਲੋੜ ਪੂ੍ਰਰੀ ਕਰਨ ਲਈ ਖਰਚ ਕੀਤਾ ਜਾਵੇ। ਅਸੀਂ ਸਾਰੇ ਹੀ ਇਹ ਗੱਲ ਜਾਣਦੇ ਹਾਂ ਕਿ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’ ਹੈ। ਇਸ ਲਈ ਜੇਕਰ ਅਸੀਂ ਆਪਣੇ ਦਸਵੰਧ ਭੇਟ ਕਰਨ ਦੀ ਦਿਸ਼ਾ ’ਚ ਬਦਲਾਅ ਕਰ ਦੇਈਏ ਤਾਂ ਦੋਵੇਂ ਪਾਸੇ ਲਾਭ ਹੋਵੇਗਾ। ਪ੍ਰਬੰਧਕੀ ਕਮੇਟੀਆਂ ਭ੍ਰਿਸ਼ਟ ਨਹੀਂ ਹੋਣਗੀਆਂ ਤੇ ਗਰੀਬ ਜਾਂ ਲੋੜਵੰਦ ਸਮਾਜ ਨੂੰ ਸਹਾਰਾ ਮਿਲੇਗਾ ਤਾਂ ਉਹ ਸਿੱਖ ਪੰਥ ਨਾਲ ਵੀ ਜੁੜਨਗੇ। ਇਸ ਲਈ ਮੇਰੀ ਦਾਨੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਜਿੰਨਾ ਹੋ ਸਕੇ ਆਪਣੀ ਦਸਵੰਧ ਦੀ ਰਾਸ਼ੀ ਕਿਸੇ ਗਰੀਬ ਦੀ ਭਲਾਈ ਲਈ ਖਰਚ ਕੀਤੀ ਜਾਵੇ। ਬਦਲੇ ’ਚ ਜਦੋਂ ਉਹ ਤੁਹਾਡਾ ਧੰਨਵਾਦ ਕਰੇ ਤਾਂ ਉਸ ਨੂੰ ਬੇਨਤੀ ਕਰਿਓ ਕਿ ਉਹ ਸਾਡੇ ਗੁਰੂ ਦਾ ਧੰਨਵਾਦ ਕਰੇ ਕਿਉਂਕਿ ਇਹ ਸੋਚ ਤੇ ਇਹ ਸਮਰੱਥ ਗੁਰੂ ਜੀ ਦੀ ਹੀ ਬਖ਼ਸ਼ਸ਼ ਹੈ।