ਦੇਹਧਾਰੀ ਗੁਰੂ

0
330

ਦੇਹਧਾਰੀ ਗੁਰੂ

ਭਾਈ ਸਾਹਿਬ ਡਾ. ਵੀਰ ਸਿੰਘ ਜੀ ਦੇ ਵਿਚਾਰ

ਦੇਹਧਾਰੀ ਗੁਰੂ ਪਹਿਲੇ ਤਾਂ ਸਿੱਖੀ ਦੇ ਭਾਵ ਨੂੰ ਪ੍ਰਗਟ ਕਰਨ ਲੱਗ ਜਾਂਦੇ ਹਨ, ਜੈਸਾ ਕਿ ਹੰਕਾਰ ਦੀ ਨਿਵਿਰਤੀ ਵਾਸਤੇ ਸਤਿਸੰਗਤ ਦੀ ਸੇਵਾ ਜ਼ਰੂਰੀ ਹੈ; ਕਾਮ, ਕ੍ਰੋਧ, ਲੋਭ, ਮੋਹ ਨੂੰ ਰੋਕਣ ਵਾਸਤੇ ਸਤਿਸੰਗ ਦੀ ਲੋੜ ਹੈ, ਮਾਇਕ ਪਦਾਰਥਾਂ ਤੋਂ ਉਪਰਾਮ ਹੋਣ ਵਾਸਤੇ ‘ਹਉਮੈ’ ਦਾ ਤਿਆਗ਼ ਕਰਨਾ ਚਾਹੀਏ, ਮਨ ਦੀ ਇਕਾਗ਼ਰਤਾ ਅਤੇਸਫ਼ਾਈ ਵਾਸਤੇ ਗੁਰਬਾਣੀ ਦਾ ਪੜ੍ਹਨਾ, ਨਿਤਨੇਮ ਦਾ ਕਰਨਾ ਬਹੁਤ ਲੋੜਵੰਦੀ ਬਾਤ ਹੈ, ਪਰ ਮੁਕਤੀ ਦੇ ਪਾਉਣ ਵਾਸਤੇ ਗੁਰੂ ਧਾਰਨ ਦੀ ਵੱਡੀ ਡਾਢੀ ਲੋੜ ਹੈ।

ਬੱਸ, ਏਥੋਂ ਤੱਕ ਉਪਦੇਸ਼ ਤਾਂ ਸਿੱਖੀ ਅਸੂਲਾਂ ਦੇ ਹੁੰਦੇ ਹਨ, ਪਰ ਜਦ ਇਹ ਦੇਹਧਾਰੀ ਗੁਰੂ ਸਮਝ ਲੈਂਦੇ ਹਨ ਕਿ ਸਿੱਖ ਦੀ ਸਫ਼ਾਈ ਐਥੋਂ ਤੱਕ ਹੋ ਚੁੱਕੀ ਹੈ ਕਿ ਇਹ ਸੰਗਤ ਦੀ ਸੇਵਾ ਕਰਦਾ ਹੈ, ਆਏ ਗਏ ਸਾਧੂ ਸੰਤ ਅਭਿਆਗਤ ਨੂੰ ਪ੍ਰਸ਼ਾਦ ਛਕਾਉਂਦਾ ਹੈ, ਸ੍ਰੇਸ਼ਟਾਚਾਰ ਵਿਚ ਵੀ ਕੁਝ ਵਾਧਾ ਕਰ ਚੁੱਕਾ ਹੈ, ਗੁਰਬਾਣੀ ਦਾ ਵੀ ਕੁਝ ਅਭਿਆਸੀ ਤੇ ਨਿੱਤਨੇਮੀ ਹੋ ਗਿਆ ਹੈ, ਸਾਡੇ ਕੋਮਲ ਬਚਨਾਂ ਤੇ ਸਿੱਧੇ ਦਾਹੜੇ ਉੱਪਰ ਤੇ ਸਾਫ਼ ਸੁੰਦਰ ਚਿਹਰੇ ਉੱਪਰ ਇਸ ਦਾ ਵਿਸ਼ਵਾਸ ਜੰਮ ਗਿਆ ਹੈ, ਤਾਂ ਉਸ ਦਾ ਕਪਟੀ ਮਨ ਹੁਣ ਗੁਰੂ ਪਦ ਦੇ ਅਰਥਾਂ ਨੂੰ ਬਦਲਣ ਲੱਗਦਾ ਹੈ। ‘ਗੁਰੂ’ ਪਦ ਦੇ ਅਰਥ ਤਾਂ ਇਹ ਸਨ ਕਿ ਅੰਧੇਰੇ ਵਿਚੋਂ ਚਾਨਣ ਲਿਆਉਣ ਵਾਲਾ ਅਥਵਾ ਪਰਮਾਤਮਾ ਦੇ ਗਿਆਨ ਤੇ ਸ਼ਬਦ ਨੂੰ ਦੱਸਣ ਅਤੇ ਉਸ ਦੇ ਮਿਲਣ ਨੂੰ ਸਾਧਨ ਨੂੰ ਦ੍ਰਿੜ ਕਰਾਉਣ ਵਾਲਾ। ਸੋ ਤਾਂ ਇਹ ਦੱਸਦਾ ਨਹੀਂ, ਸਿਰਫ਼ ਆਪ ਗੁਰੂ ਬਣਨ ਦੀਇੱਛਾ ਵਿਚ, ਗੁਰਮੰਤਰ ਦੇਣ ਵਾਲਾ ਇਹ ਬਣ ਬੈਠਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਜੋ ਗੁਰਮੰਤ੍ਰ ਅਕਾਲ ਪੁਰਖ ਵੱਲੋਂ ‘ੴ ਸਤਿਨਾਮੁ’ ਵਾਲਾ ਮਿਲਿਆ ਸੀ, ਉਸ ਵਿਚ ਤਾਂ ਸਿਰਫ਼ ਅਕਾਲ ਪੁਰਖ ਦੀ ਸਿਫ਼ਤ ਹੈ ਕਿ ਜਿਤਨਾ ਗਿਆਨ ਇਨਸਾਨ ਨੂੰ ਮਿਲਿਆ ਹੈ, ਉਸ ਦਾ ਬਖਸ਼ਣ ਵਾਲਾ ਆਦਿ ਗੁਰੂ ਪਰਮਾਤਮਾ ਅਕਾਲ ਪੁਰਖ ਹੀ ਹੈ, ਹੋਰ ਕੋਈ ਨਹੀਂ, ਜਿਸ ਕਰਕੇ ਉਹੀ ਹਰ ਵਸਤੂ ਦੇ ਸਿਖਾਉਣ ਵਾਲਾ ਹੈ; ਕਿਉਂਕਿ, ਉਹੀ ਹਰ ਵਸਤੂ ਨੂੰ ਜਾਣਦਾ ਹੈ। ਸਗੋਂ, ਉਸ ਦਾ ਨਿੱਜਸਰੂਪ ਅਤੇ ਨਿੱਤ ਸਿਫ਼ਤ ਵੀ ਉਸੇ ਨੂੰ ਹੀ ਮਾਲੂਮ ਹੈ।

    ਨਿਊਟਨ ਦੇ ਆਕਰਖਣ ਸ਼ਕਤੀ ਨੂੰ ਸਮਝਿਆ ਤਾਂ ਉਸੇ ਵਿਸ਼ੇ ਦਾ ਉਹ ਸੱਚਾ ਉਸਤਾਦ ਮੰਨਿਆ ਗਿਆ। ਹੁਣ ਕੋਈ ਆਦਮੀ ਆਕਰਖਣ ਸ਼ਕਤੀ ਦਾ ਸਮਝਾਉਣ ਵਾਲਾ, ਭੂਗੋਲ ਵਿਦਯਾ ਦੇ ਜਾਣੂਆਂ ਦੇ ਸਮਾਜ ਵਿਚ ਨਿਊਟਨ ਦੀ ਜਗ੍ਹਾ ਲੈਣ ਦੀ ਖ਼ਾਤਰ, ਨਿਊਟਨ ਦੀ ਪਦਵੀ ਆਪਣੀ ਬਣਾਵੇ ਤਾਂ ਕਿਸ ਤਰ੍ਹਾਂ ਬਣਾ ਸਕਦਾ ਹੈ ? ਉਹ ਪਦਵੀ ਤਾਂ ਉਸੇ (ਨਿਊਟਨ) ਨੂੰ ਹੀ ਮਿਲੇਗੀ।

ਇਸ ਤਰ੍ਹਾਂ ਪਰਮਾਤਮਵਿਦਯਾ ਵਿਚ ਜੋ ਅਕਾਲ ਪੁਰਖ ਦੇ ਸਰੂਪ ਦਾ ਗਿਆਨ ‘ੴ ਸਤਿਨਾਮੁ’ ਮੰਤਰ ਦੁਵਾਰਾ ਗੁਰੂ ਨਾਨਕ ਦੇਵ ਜੀ ਨੂੰ ਪ੍ਰਾਪਤ ਹੋਇਆ ਹੈ, ਉਸ ਦੇ ਭਾਵ ਨੂੰ ਦੱਸਣ ਵਾਲਾ ਗੁਰੂ ਸਿਰਫ ‘ਗੁਰੂ ਨਾਨਕ ਜੀ’ ਹੀ ਹੋ ਸਕਦਾ ਹੈ, ਜਿਸ ਤਰ੍ਹਾਂ ‘ਇੰਗਲਿਸ਼ ਗਵਰਨਮੈਂਟ’ ਪਦ ਭਾਵੇਂ ਹੈ ਤਾਂ ਅਸਲ ਵਿਚ ਉਸ ਸਮਾਜ ਦਾ ਨਾਮ, ਜਿਸ ਪਰ ਕਿਸੇ ਵੇਲੇ ਬਾਦਸ਼ਾਹ ਐਡਵਰਡ ਸਦਰ ਨਸ਼ੀਨ ਹੈ ਪਰ ਜੇ ਉਹ ਵਾਇਸਰਾਇ ਹਿੰਦ ਅਤੇ ਉਸ ਦੀ ਕੌਂਸਲ ਨੂੰ ‘ਗਵਰਨਮਿੰਟ ਹਿੰਦ’ ਦੀ ਉਹ ਪਦਵੀ ਦੇਵੇ ਅਤੇ ਲੈਫਟੀਨੈਂਟ ਗਵਰਨਰ ਤੇ ਉਸ ਦੇ ਸਟਾਫ਼ ਨੂੰ ਪੰਜਾਬ ਗਵਰਨਮੈਂਟ ਦੀ ਉਪਾਧੀ ਦੇਵੇ, ਤਾਂ ਸਭ ਕਿਸੇ ਨੂੰ ਰਈਅਤ ਵਿਚੋਂ ਇਸ ਬਾਤ ਨੂੰ ਮੰਨਣਾ ਪਵੇਗਾ। ਇਸੇ ਤਰ੍ਹਾਂ ਸਾਰੇ ਜਗਤ ਦਾ ਆਦਿ ਗੁਰੂ ਅਕਾਲ ਪੁਰਖ ਹੀ ਹੈ, ਹੋਰ ਕੋਈ ਨਹੀਂ, ਪਰ ਉਸ ਦੇ ਗਿਆਨ ਦੇ ਫੈਲਾਉਣ ਦੀ ਗੁਰਿਆਈ ਜੋ ਗੁਰੂ ਨਾਨਕ ਦੇਵ ਜੀ ਦੇ ਸਪੁਰਦ ਹੋਈ ਹੈ, ਉਸ ਦਾ ਸਿਲਸਿਲਾ ਦਸਮ ਗੁਰੂ ਜੀ ਤੱਕ ਆ ਕੇ ਉਹ ਗੁਰਿਆਈ, ਆਤਮਾ ਦੇ ਸੁਧਾਰ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਅਤੇ ਸਿੱਖੀ ਦੇ ਪ੍ਰਬੰਧ ਦੀ ਗੁਰੂ ਗ੍ਰੰਥ ਦੀ ਤਾਬਿਆ (ਸਮੁੱਚੀ ਹਾਲਤ ਵਿਚ) ਪੰਥ ਨੂੰ ਦਿੱਤੀ ਗਈ, ਤਾਂ ਸਿੱਖਾਂ ਵਿਚੋਂ ਇਸ ਪ੍ਰਬੰਧ ਨੂੰ ਮੰਨਣ ਪਰ ਕਿਸ ਨੂੰ ਇਤਰਾਜ਼ ਹੋ ਸਕਦਾ ਹੈ ? ਪਰ ਜਿਸ ਤਰ੍ਹਾਂ ਕੋਈ ਆਦਮੀ ਖ਼ੁਦ ਬੇਖੁਦ ਆਪਣੀ ਗਵਰਨਮੈਂਟ ਕਾਇਮ ਕਰ ਲਵੇ ਤਾਂ ਉਹ ਧੋਖਾ ਦੇਣ ਵਾਲਾ ਸਮਝਿਆ ਜਾਂਦਾ ਹੈ, ਇਸ ਤਰ੍ਹਾਂ ਜੋ ਆਦਮੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖ਼ਾਲਸਾ ਜੀ ਦੇ ਅਧਿਕਾਰ ਖੋਹ ਕੇ, ਖਾਲੀ ਦੋਨੋਂ ਇਖ਼ਤਿਆਰਾਂ ਦਾ ਆਪ ਹੀ ਮਾਲਕ ਬਣਨਾ ਚਾਹੁੰਦਾ ਹੈ, ਸੋ ਕਦੀ ਵੀ ਸਿੱਖੀ ਵਿਚ ਇੱਜ਼ਤ ਨਹੀਂ ਪਾਉਂਦਾ। ਇਸ ਅਸੂਲ ਪਰ ਤੁਰਦੇ ਹੋਏ ਵੱਡੇ ਵੱਡੇ ਪ੍ਰਤਾਪੀ ਸਿੰਘਾਂ ਨੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਸਦਾਇਆ। ਉਹ ਸਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਂਦੇ ਰਹੇ ਹਨ ਅਤੇ ਗੁਰੂ ਖ਼ਾਲਸੇ ਜੀ ਦੀ ਸੇਵਾ ਕਰਦੇ ਰਹੇ ਹਨ ਭਾਵੇਂ ਉਨ੍ਹਾਂ ਦੇ ਪਿਛਲੱਗਾਂ ਨੇ ਉਨ੍ਹਾਂ ਨੂੰ ਸਾਰੀ ਸਿੱਖੀ ਦੇ ਗੁਰੂ ਬਣਾਉਣ ਦੇ ਉਪਰਾਲੇ ਵੀ ਕੀਤੇ, ਪਰ ਕਾਰਗਰ ਨਾ ਹੋਏ।

ਫੇਰ ਵੀ ਦੇਹਧਾਰੀ ਗੁਰੂ ਜੋ ਅੱਜ ਕੱਲ੍ਹ ਦੇਸ਼ ਵਿਚ ਆਮ ਫਿਰ ਰਹੇ ਹਨ, ਸੋ ਉਨ੍ਹਾਂ ਸਿੱਖਾਂ ਨੂੰ ਗੁਰੂ ਪਦ ਦੇ ਅਰਥਾਂ ਦੇ ਅਨਰਥ ਕਰਕੇ ਆਪਣੀ ਚਰਨੀਂ ਲਾ ਲੈਂਦੇ ਹਨ। ਉਨ੍ਹਾਂ ਭਲੇ ਪੁਰਸ਼ਾਂ ਨੂੰ ਇਤਨਾ ਖ਼ਿਆਲ ਵੀ ਨਹੀਂ ਆਉਂਦਾ ਕਿ ਜੋ ਜੋ ਗੁਣ ਗੁਰੂ ਪਦ ਹੇਠ, ਗੁਰੂ ਨਾਨਕ ਦੇਵ ਜੀ ਨੇ ਅਥਵਾ ਹੋਰਨਾਂ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦੇ ਗੁਣ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੱਸੇ ਹਨ, ਸੋ ਸਾਡੇ ਪੁਰ ਕਿਸ ਤਰ੍ਹਾਂ ਘਟ ਸਕਦੇ ਹਨ ? ਕੀ ਗੁਰੂ ਮੰਤਰ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’ ਸਾਡਾ ਮੰਤਰ ਹੈ ? ਇਹ ਮੰਤਰ ਤਾਂ ਅਕਾਲ ਪੁਰਖ ਦਾ ਹੈ ਤੇ ਮਿਲਿਆ ਗੁਰੂ ਨਾਨਕ ਦੇਵ ਜੀ ਨੂੰ ਹੈ, ਜਿਸ ਕਰਕੇ ਉਹ ਗੁਰੂ ਹਨ। ਵਸਤੂ ਤੇ ਜਾਣਨ ਵਾਲਾ ਤਾਂ ਕੇਵਲ ਪ੍ਰਮਾਤਮਾ ਹੀ ਹੈ ਤੇ ਉਸ ਦੇ ਗਿਆਨ ਨੂੰ ਇਸ ਗੁਰੂ ਮੰਤਰ ਰਾਹੀਂ ਦੱਸਣ ਵਾਲਾ ਕੇਵਲ ਗੁਰੂ ਨਾਨਕ ਦੇਵ ਜੀ ਹੀ ਹਨ ਅਥਵਾ ਉਹ ਹੈ, ਜਿਸ ਨੂੰ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਆਪਣੀ ਜਗ੍ਹਾ ਸਥਾਪਨ ਕੀਤੇ ਗੁਰੂ ਅੰਗਦ ਜੀ ਅਤੇ (ਵਿਵਹਾਰਕ ਕੰਮਾਂ ਵਾਸਤੇ ਗੁਰੂ ਗ੍ਰੰਥ ਜੀ ਦੀ ਤਾਬਿਆ) ਸਾਰਾ ਪੰਥ ਖਾਲਸਾ ਜੀ ‘ਗੁਰੂ’ ਸੱਦਾ ਸਕਦਾ ਹੈ, ਹੋਰ ਕੋਈ ਨਹੀਂ ਸਦਾਅ ਸਕਦਾ। ਫੇਰ ਅਸੀਂ ਕਿਸ ਤਰ੍ਹਾਂ ਗੁਰੂ ਬਣ ਬੈਠੇ ਹਾਂ ?

ਜੇ ਇਹ ਕਹੋ ਕਿ ‘ਗੁਰ’ ਪਦ ਸੰਸਕ੍ਰਿਤ ਦਾ ਹੈ, ਸਿੱਖਾਂ ਦਾ ਨਹੀਂ, ਸੰਸਕ੍ਰਿਤ ਵਿਚ ਇਸ ਦੇ ਅਰਥ ਸਿਖਾਉਣ ਵਾਲਾ ਹੈ, ਅਸੀਂ ਵੀ ਸਿੱਖੀ ਦੇ ਸਿਖਾਉਣ ਵਾਲੇ ਹਾਂ। ਇਹ ਗੱਲ ਗੁਰੂ ਪਦ ਦੇ ਅਰਥਾਂ ਵਾਲੀ, ਭਾਵੇਂ ਉਨ੍ਹਾਂ ਦੇ ਮੰਤਵ ਅਨੁਸਾਰ ਠੀਕ ਭਾਸੇ, ਪਰ ਜਿਸ ਤਰ੍ਹਾਂ ਕੋਈ ਜਥਾ ਜਾਂ ਕੌਮ ਖ਼ਾਸ ਪਦਾਂ ਦੇ ਖ਼ਾਸ ਅਰਥ ਕਰੇ ਕਰਾਵੇ, ਪਰ ਉਹ ਜਥੇ ਯਾਂ ਕੌਮ ਵਿਚ ਉਹ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਿੱਖਾਂ ਵਿਚ ‘ਗੁਰੂ’ ਪਦ ਮਾਮੂਲੀ ਧਾਰਮਿਕ ਉਸਤਾਦ ਦਾ ਨਾਮ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਹਰ ਇੱਕ ਆਦਮੀ ਗਵਰਨਮੈਂਟ ਦੇ ਅਰਥ ਪ੍ਰਬੰਧਕਾਰੀ ਕਮੇਟੀ ਰੱਖ ਕੇ ਘਰ ਵਿਚ ਆਪਣੇ ਘਰ ਦਾ ਗਵਰਨਰ ਹੈ; ਪਰ ਕੀ ਉਹ ਪੰਜਾਬ ਜਾਂ ਹਿੰਦ ਦੀ ਗਵਰਨਮੈਂਟ ਵਿਚ ਦਖ਼ਲ ਦੇ ਸਕਦਾ ਹੈ ? ਜੇ ਉੱਥੇ ਨਹੀਂ ਦੇ ਸਕਦਾ ਤਾਂ ਉਹ ਦਾ ਉਸ ਜਗ੍ਹਾ ਦਖ਼ਲ ਦੇਣ ਦੀ ਨੀਯਤ ਨਾਲ ਕੀ ਗਵਰਨਰ ਸਦਾਉਣਾ ਯੋਗ ਹੈ, ਜਿਸ ਤਰ੍ਹਾਂ ਅਫ਼ਗਾਨਿਸਤਾਨ ਵਿਚ ‘ਅਮੀਰ’ ਪਦ ਅਤੇ ਚਤਰਾਲ ਵਿਚ ‘ਮੋਹਤਰ’ ਪਦ ਦੇ ਅਰਥ ‘ਬਾਦਸ਼ਾਹ’ ਹਨ, ਪਰ ਕੀ ਕੋਈ ਪੰਜਾਬ ਵਿਚ ਅਮੀਰ ਸਦਾਉਣ ਵਾਲਾ ਆਦਮੀ ਅਫ਼ਗਾਨਿਸਤਾਨ ਵਿਚ ਜਾ ਕੇ ਅਮੀਰ ਸਦਾ ਸਕਦਾ ਹੈ ? ਕਦੀ ਨਹੀਂ। ਫੇਰ, ਕੀ ਕੋਈ ਪੰਜਾਬ ਦਾ ਭੰਗੀ ਜੇ ਏਥੇ ਮੋਹਤਰ ਸਦਾਉਂਦਾ ਹੈ, ਚਤਰਾਲ ਵਿਚ ਜਾ ਕੇ ‘ਮੋਹਤਰ’ ਪਦ ਨੂੰ ਅੱਗੇ ਰੱਖ ਕੇ ਚਤਰਾਲ ਦੇ ਰਾਜ ਕਾਜ ਵਿਚ ਦਖ਼ਲ ਦੇ ਸਕਦਾ ਹੈ ? ਕਦੀ ਨਹੀਂ। ਇਸੇ ਤਰ੍ਹਾਂ ਗੁਰੂ ਪਦ ਸਿੱਖੀ ਵਿਚ ਕੇਵਲ ਦਸੋਂ ਹੀ ਗੁਰੂਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਖਾਲਸੇ ਜੀ ਵਾਸਤੇ ਹੀ ਬੋਲਿਆ ਜਾਂਦਾ ਹੈ, ਹੋਰ ਕਿਸੇ ਵਾਸਤੇ ਨਹੀਂ। ਹੁਣ ਜੋ ਸਿੱਖੀ ਵਿਚ ‘ਗੁਰੂ’ ਪਦ ਨੂੰ ਅੱਗੇ ਰੱਖ ਕੇ ਕੋਈ ਦੇਹਧਾਰੀ ਗੁਰੂ ਬਣਨਾ ਚਾਹੁੰਦਾ ਹੈ, ਤਾਂ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਖਾਲਸੇ ਜੀ ਦੇ ਅਧਿਕਾਰ ਖੋਹਣ ਦੇ ਬਹਾਨੇ ਕਰਦਾ ਹੈ, ਅਤੇ ਬਹੁਤ ਕਰ ਕੇ ਉਸ ਦੀ ਇੱਛਾ ਸਿਰਫ ਸਿੱਖਾਂ ਪਾਸੋਂ ਸੇਵਾ ਕਰਾਉਣ ਦੀ ਤੇ ਧਨ ਲੁੱਟਣ ਦੀ ਹੁੰਦੀ ਹੈ। ਜੇ ਉਹ ਪਰਮਾਰਥ ਦੇ ਸਿਖਾਉਣ ਵਾਸਤੇ ਹੁੰਦਾ ਤਾਂ ਸਾਧ, ਸੰਤ, ਗਿਆਨੀ ਆਦਿਕ ਪਦ ਜਿਹੜੇ ਸਿੱਖੀ ਵਿਚ ਮੌਜੂਦ ਹਨ, ਉਨ੍ਹਾਂ ਉਪਾਧੀਆਂ ਨੂੰ ਆਪਣੀ ਲਿਆਕਤ ਅਨੁਸਾਰ ਧਾਰਨ ਕਰ ਲੈਂਦਾ।

ਸੋ, ਇਸ ਤਰ੍ਹਾਂ ਦੀਆਂ ਬਰੀਕੀਆਂ ਤਾਂ ਇਹ ਦੇਹਧਾਰੀ ਗੁਰੂ ਦੱਸਦੇ ਨਹੀਂ, ਪਰ ਮਨ ਵਿਚ ਕਪਟ ਰੱਖ ਕੇ ਸਿੱਖਾਂ ਨੂੰ ਗੁਰੂ ਪਦ ਦੀ ਮਹਿਮਾ, ਜੋ ਅਕਾਲ ਪੁਰਖ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਈ ਹੈ, ਉਹ ਇਹ ਦੇਹਧਾਰੀ ਗੁਰੂ ਆਪਣੇ ਵੱਲ ਖਿੱਚਣ ਲੱਗ ਪੈਂਦੇ ਹਨ। ਗੁਰੂ ਨਾਨਕ ਦੇਵ ਜੀ ਆਦਿਕ ਗੁਰੂ ਸਾਹਿਬਾਨਾਂ ਨੇ ਆਪਣੇ ਪੈਰ ਪੁਜਾਉਣ ਵਾਸਤੇ ਸਿੱਖੀ ਨਹੀਂ ਸੀ ਕਾਇਮ ਕੀਤੀ। ਜੇ ਉਹ ‘ਗੁਰੂ’ ਪਦ ਦੀ ਮਹਿਮਾ ਆਪਣੇ ਵਾਸਤੇ ਲਿਖਦੇ ਤਾਂ ਆਪਣੇ ਆਪ ਨੂੰ ਮਹਲਾ ੧, ਮਹਲਾ ੨, ਮਹਲਾ ੩ ਆਦਿਕ ਨ ਲਿਖਦੇ। ਫੇਰ, ਕਈ ਤਾਂ ਐਥੇ ਹੀ ਬੱਸ ਨਹੀਂ ਕਰਦੇ, ਆਪਣੇ ਆਪਣੇ ਸਿੱਖਾਂ ਲਈ ਨਵੀਨ ਗ੍ਰੰਥ ਰਚ ਕੇ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਨਾਲ ਬਾਣੀ ਦੇ ਰਸੀਏ ਅਤੇ ਵਿਚਾਰਵਾਨ ਸਿੱਖ ਦਾ ਵੀ ਦੇਹਧਾਰੀ ਗੁਰੂਆਂ ਦੇ ਚੇਲੇ ਹੋ ਕੇ, ਸਿੱਖੀ ਮਾਰਗ ਤੋਂ ਡਿੱਗ ਪੈਂਦੇ ਹਨ; ਸਗੋਂ ਕਈ ਇੱਕ ਖਾਲਸਾ ਭਾਈ, ਜੋ ਅੰਮ੍ਰਿਤ ਛਕ ਕੇ ਗੁਰੂ ਖਾਲਸੇ ਜੀ ਦੇ ਅੰਗ ਹੁੰਦੇ ਹਨ, ਸੋ ਆਪਣੀ ਉੱਚ ਪਦਵੀ ਤੋਂ ਗਿਰ ਕੇ ਇਨ੍ਹਾਂ ਦੇਹਧਾਰੀ ਗੁਰੂਆਂ ਦੇ ਗੋਲੇ ਹੋ ਜਾਂਦੇ ਹਨ। ਕਈ ਜਗ੍ਹਾ ਇਹ ਦੇਹਧਾਰੀ ਗੁਰੂ ਖ਼ੁਦ ਧਰਮਸਾਲੀਏ ਬਣ ਕੇ ਗੁਰੂ ਜੀ ਦੀ ਸੰਗਤ ਨੂੰ ਆਪਣੀ ਚਰਨੀਂ ਲਾ ਲੈਂਦੇ ਹਨ, ਪਰ, ਇਹ ਘਾਟਾ ਸਿੱਖਾਂ ਦਾ ਇਸੇ ਵਾਸਤੇ ਹੋ ਰਿਹਾ ਹੈ ਕਿ ਵਿਦਵਾਨ ਦੂਰਅੰਦੇਸ਼ੀ ਗ੍ਰੰਥੀਆਂ ਦਾ ਸਿੱਖੀ ਵਿਚ ਘਾਟਾ ਹੈ।

ਜੇ ਹਰ ਇੱਕ ਪਿੰਡ ਦੀ ਰਈਅਤ ਆਪਣੇ ਆਪਣੇ ਨੰਬਰਦਾਰਾਂ ਹੇਠ ਸੁਤੰਤਰ ਹੋ ਜਾਵੇ ਤਾਂ ਸਰਕਾਰੀ ਰਾਜ ਕਿੱਥੇ ਰਹੇਗਾ ? ਇਸੇ ਤਰ੍ਹਾਂ, ਜੇ ਜਗ੍ਹਾ ਜਗ੍ਹਾ ਦੀਆਂ ਸਿੱਖ ਸੰਗਤਾਂ ਆਪਣਾ ਆਪਣਾ ਦੇਹਧਾਰੀ ਗੁਰੂ ਬਣਾ, ਬੈਠ ਜਾਣਗੀਆਂ ਤਾਂ ਸਿੱਖ ਧਰਮ ਕਿੱਥੇ ਰਹੂ ? ਪਰ, ਥਾਣੇਦਾਰ ਕਿਸੇ ਪਿੰਡ ਨੂੰ ਸੁਤੰਤਰ ਨਹੀਂ ਹੋਣ ਦਿੰਦੇ, ਇਸ ਵਾਸਤੇ ਕਿ ਉਹ ਆਪਣਾ ਫਰਜ਼ ਜਾਣਦੇ ਹਨ। ਇਸੇ ਤਰ੍ਹਾਂ ਜੇ ਹਰ ਇੱਕ ਧਰਮਸਾਲੀਆ ਆਪਣੇ ਕੰਮ ਨੂੰ ਕਰਨ ਵਾਲਾ ਹੋਵੇ ਅਤੇ ਸਿੱਖੀ ਨੂੰ ਗੁਰੂ ਨਾਨਕ ਜੀ ਮਹਾਰਾਜ ਦੇ ਪਿੱਛੇ ਰੱਖਣ ਵਾਲਾ ਹੋਵੇ, ਤਾਂ ਦੇਹਧਾਰੀ ਗੁਰੂ ਸੰਗਤ ਨੂੰ ਖਰਾਬ ਨਾ ਕਰ ਸਕਣ। ਪਰ ਇਹ ਤਦ ਹੋ ਸਕਦਾ ਹੈ, ਜਦ ਧਰਮਸਾਲੀਏ ਦਿਵਯਾਵਾਨ ਅਤੇਸਿੱਖੀ ਦੇ ਅਸੂਲਾਂ ਪਰ ਤੁਰਨ ਵਾਲੇ ਹੋਣ। ਕਈ ਸਿੰਘ ਸਭਾਵਾਂ ਅਤੇ ਦੀਵਾਨ ਇਹ ਵੇਖ ਕੇ ਕਿ ਸਾਡੇ ਇਲਾਕੇ ਦੀਆਂ ਧਰਮਸਾਲਾ ਦੇਹਧਾਰੀ ਗੁਰੂਆਂ ਦੇ ਰੋਅਬ ਦਾਬ ਵਿਚ ਜਾ ਚੁੱਕੀਆਂ ਹਨ, ਆਪਣੀਆਂ ਨਵੀਆਂ ਹਜ਼ਾਰਾਂ ਰੁਪਏ ਦੇ ਖਰਚ ਪਰ, ਬਣਾਉਣ ਦਾ ਬੀੜਾ ਉਠਾਉਂਦੇ ਹਨ, ਪਰ ਜਦ ਤੱਕ ਚੰਗੇ ਧਰਮਸਾਲੀਏ ਨਾ ਹੋਣਗੇ, ਇਹ ਨਵੀਆਂ ਧਰਮਸਾਲਾਂ ਕਿਸ ਤਰ੍ਹਾਂ ਦੇਹਧਾਰੀ ਗੁਰੂਆਂ ਪਾਸੋਂ ਬਚਣਗੀਆਂ ? ਸੋ, ਨਵੀਆਂ ਧਰਮਸਾਲਾਂ ਪਰ ਜੋ ਪੰਥ ਰੁਪਿਆ ਖਰਚ ਕਰ ਰਿਹਾ ਹੈ, ਉਹੀ ਰੁਪਿਆ ਚੰਗੇ ਗ੍ਰੰਥੀਆਂ ਦੇ ਪੈਦਾ ਕਰਨ ਪਰ ਖਰਚ ਕਰਨ ਤਾਂ ਪੁਰਾਣੀਆਂ ਹੀ ਧਰਮਸਾਲਾਂ ਨੂੰ ਰੌਣਕ ਹੋ ਜਾਵੇ ਤੇ ਇਸ ਕਾਰਜ ਨਾਲ ਫਲ ਕੈਸਾ ਅੱਛਾ ਹੋਵੇ। ਇਸ ਸਾਡੇ ਲੇਖ ਤੋਂ ਇਹ ਨਹੀਂ ਸਮਝ ਲੈਣਾ ਚਾਹੀਏ ਕਿ ਚੰਗੇ ਗ੍ਰੰਥੀ ਪੰਥ ਵਿਚ ਰਹੇ ਹੀ ਨਹੀਂ ਹਨ। ਨਹੀਂ, ਨਹੀਂ, ਅਜੇ ਤੱਕ ਕਈ ਚੰਗੇ ਗ੍ਰੰਥੀ ਵੀ ਹਨ, ਪਰ ਥੋੜੇ ਹਨ, ਜਿਸ ਕਰਕੇ ਉਹਨਾਂ ਦੇ ਹਿੱਸੇ ਦੀਆਂ ਸੰਗਤਾਂ ਦੇਹਧਾਰੀ ਗੁਰੂਆਂ ਦੀ ਲੁੱਟ ਪਾਸੋਂ ਬਚੀਆਂ ਹੋਂਈਆਂ ਹਨ।

(ਨੋਟਭਾਈ ਸਾਹਿਬ ਦੇ ਉਪਰੋਕਤ ਅਤਿ ਅਹਿਮ ਲੇਖ ਨੂੰ ਹੋਰ ਪਰਪੱਕ ਕਰਨ ਹਿੱਤ, ਸੰਖੇਪ ਵਿਚ ਇਹ ਕਹਾਨੀ ਅੰਕਿਤ ਕਰਦਾ ਹਾਂ (ਲੇਖਕ) ‘‘ਗਾਥਾ ਹੈ ਕਿ ਇੱਕ ਵੇਰ, ਸਿਆਲ ਦੀ ਰੁੱਤੇ, ਇੱਕ ਅਰਬੀ ਆਪਣੇ ਊਠ ਨਾਲ ਸਫ਼ਰ ਕਰਦਾ ਕਰਦਾ, ਰਾਤ ਕੱਟਣ ਲਈ, ਇੱਕ ਰੇਤਲੇ ਖੇਤਰ ਵਿਚ ਅਟਕਿਆ। ਉਸ ਨੇ ਆਪਣਾ ਛੋਟਾ ਜਿਹਾ ਤੰਬੂ ਲਾਇਆ ਅਤੇ ਊਠ ਬਾਹਰ ਬੰਨ੍ਹ ਕੇ, ਆਪ ਅੰਦਰ ਸੌਂ ਗਿਆ। ਜਦ ਰਾਤ ਦਾ ਪਹਿਲਾ ਪਹਿਰ ਲੰਘਿਆ ਤਾਂ ਊਠ ਨੇ ਸਰਦੀ ਤੋਂ ਬਚਣ ਲਈ ਆਪਣੇ ਸਿਰ ਨੂੰ ਖੇਮੇ ਅੰਦਰ ਕਰ ਲੈਣ ਦੀ ਆਗਿਆ ਮੰਗੀ, ਜੋ ਮਾਲਿਕ ਨੇ ਸਾਥੀ ਸਮਝ ਕੇ ਦੇ ਦਿੱਤੀ। ਇਸੇ ਤਰ੍ਹਾਂ, ਫੇਰ ਦੂਜੇ ਪਹਿਰ ਗਰਦਨ ਤੇ ਤੀਜੇ ਪਹਿਰ ਮਾਲਿਕ ਦੀ ਆਗਿਆ ਅਨੁਸਾਰ ਗਰਦਨ ਤੇ ਧੜ ਵੀ ਖੇਮੇ ਅੰਦਰ ਕਰਨ ਉਪਰੰਤ, ਪਲਸੇਟਾ ਮਾਰ ਕੇ ਸਾਰਾ ਹੀ ਅੰਦਰ ਹੋ ਗਿਆ ਅਤੇ ਮਾਲਿਕ ਨੂੰ ਖੇਮਿਓਂ ਬਾਹਰ ਕੱਢ ਦਿੱਤਾ। ਮਾਲਿਕ ਦੇ ਰੋਸ ਵੱਲੋਂ ਲਾਪ੍ਰਵਾਹ ਹੋ ਕੇ ਉੱਤਰ ਦਿੱਤਾ ਕਿ ਉਹ ਤਾਂ ਹੁਣ ਬਾਹਰ ਨਿਕਲਣ ਤੋਂ ਇਨਕਾਰੀ ਹੈ।’’

ਸੋ, ਐਨ ਇਹੀ ਹਾਲ ਦੰਭੀ ਤੇ ਦੇਹਧਾਰੀ ਗੁਰੂਆਂ ਦਾ ਹੈ। ਉਹ ਸਤਿਗੁਰੂ ਦੇ ਉਪਦੇਸ਼ਾਂ, ਅਤੇ ‘ਬਾਣੀ’ ਰਾਹੀਂ ਸਿੱਖ ਦੇ ਹਿਰਦੇ ਅੰਦਰ ਵੜਦੇ ਹਨ ਅਤੇ ਆਖ਼ਰ ਗੁਰੂ ਨਾਨਕ ਦੇਵ ਜੀ ਨੂੰ ਬਾਹਰ ਕੱਢ ਕੇ, ਪੂਰਨ ਤੌਰ ਤੇ ਆਪ ਕਾਬਜ਼ ਹੋ ਜਾਂਦੇ ਹਨ।)

ਪ੍ਰਿੰ : ਹਰਿਭਜਨ ਸਿੰਘ