0
335

ਵਿਦਿਅਕ ਸਿੱਖ ਸੰਸਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਸਿਖਿਆ ਨੂੰ ਸਕੂਲੀ ਸਲੇਬਸ ਦਾ ਭਾਗ ਬਨਾਉਣ ਦੀ ਪਹਿਲ ਕਰਨ।

ਮੈਲਬੌਰਨ, 29 ਮਾਰਚ (ਕਿਰਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸੰਸਾਰ ਭਰ ਦੀਆਂ ਵਿਦਿਅਕ ਸਿੱਖ ਸੰਸਥਾਵਾਂ ਮਨੁੱਖਤਾ ਦੇ ਸਰਬਪੱਖੀ ਵਿਕਾਸ ਦੇ ਜ਼ਾਮਨ ਅਤੇ ਮਾਨਵ-ਏਕਤਾ ਦੇ ਮੁੱਦਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦੀ ਵਿਆਕਰਣਿਕ ਸੰਥਿਆ ਅਤੇ ਸਿਧਾਂਤਕ ਸਿਖਿਆ ਨੂੰ ਆਪਣੇ ਸਕੂਲੀ ਸਲੇਬਸ ਦਾ ਭਾਗ ਬਨਾਉਣ ਦੀ ਪਹਿਲ ਕਰਨ ਦਾ ਪਰਉਪਕਾਰੀ ਉੱਦਮ ਕਰਨ। ਕਿਉਂਕਿ, ਭਾਰਤ ਦੀ ਸੱਤਾਧਾਰੀ ਬਿਪਰਵਾਦੀ ਸੰਕੀਰਣ ਸੋਚ ਇੱਕ ਅਜਿਹੀ ਸਿੱਖਿਆ ਪ੍ਰਨਾਲੀ ਨੂੰ ਪ੍ਰਚਾਰਨ ਤੇ ਵਿਦਿਅਕ ਅਦਾਰਿਆਂ ਵਿੱਚ ਲਾਗੂ ਕਰਨ ਲਈ ਯਤਨਸ਼ੀਲ ਹੈ, ਜਿਹੜੀ ਮਨੁੱਖਤਾ ਵਿੱਚ ਊਚ ਨੀਚ ਦੀਆਂ ਵੰਡੀਆਂ ਪਾਉਣ, ਇਸਤ੍ਰੀ ਜਾਤੀ ਨੂੰ ਸ਼ੂਦਰ ਸ਼੍ਰੇਣੀ ਵਿੱਚ ਰੱਖ ਕੇ ਹਰ ਪੱਖੋਂ ਦਬਾਉਣ ਅਤੇ ਹਰੇਕ ਹੀਲੇ ਆਪਣਾ ਸੁਆਰਥ ਪੂਰਾ ਕਰਨ ਦੀ ਪ੍ਰੇਰਕ ਹੈ । ਜਦੋਂ ਕਿ ਦੂਰਦਿਸ਼੍ਰਟ ਵਿਦਵਾਨਾਂ ਨੇ ਮੰਨਿਆ ਹੈ ਕਿ ਐਟਮੀ ਯੁੱਗ ਦੇ ਵਿਨਾਸ਼ਮਈ ਚਕ੍ਰਵਿਊ ਵਿੱਚ ਫਸੀ ਮਨੁੱਖਤਾ ਨੂੰ ਬਚਾਉਣ ਦਾ ਇੱਕ-ਇੱਕ ਸਾਧਨ ਗੁਰਬਾਣੀ ਦਾ ਚਾਨਣ ਹੈ । ਇਹ ਲਫ਼ਜ਼ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ ਦੇ ਉਸ ਪ੍ਰਮੁਖ ਗੁਰਮਤੇ ਦੇ, ਜਿਹੜਾ ਗੁਰਦੁਆਰਾ ਸਾਹਿਬ ਟਾਰਨੈਟ (ਮੈਲਬੌਰਨ) ਦੀ ਸਿੱਖ ਸੰਗਤ ਵੱਲੋਂ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਅੱਜ ਉਦੋਂ ਪਾਸ ਕੀਤਾ ਗਿਆ, ਜਦੋਂ ਇੰਸਟੀਚਿਊਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਪੂਰਨ ਪਾਠ ਦੀ ਵਿਆਕਰਣਿਕ ਸੰਥਿਆ ਵੀਡੀਓ ਰੀਲੀਜ਼ ਹੋਣ ’ਤੇ ਅਯੋਜਿਤ ਕੀਤੇ ‘ਸ਼ੁਕਰਾਨਾ ਸਮਾਗਮ’ ਵਿੱਚ ਮੈਲਬੌਰਨ ਦੀਆਂ ਸਿੱਖ ਸੰਗਤਾਂ ਪੂਰੇ ਉਤਸ਼ਾਹ ਨਾਲ ਹਾਜ਼ਰ ਸਨ।

ਗੁਰਦੁਆਰਾ ਸਾਹਿਬ ਟਾਰਨੇਟ (ਮੈਲਬਰਨ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਮਾਨ ਅਤੇ ਪ੍ਰਬੰਧਕੀ ਸੇਵਾਦਾਰਾਂ ਦੁਆਰਾ ਖ਼ਾਲਸਾ ਪੰਥ ਦੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੀ ਸਿਰਮੌਰ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਾਰੇ ਸਹਿਯੋਗੀ ਵਿਦਵਾਨਾਂ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪੂੰਰਨ ਪਾਠ ਦੀ ਵਿਆਕਰਣਿਕ ਸੰਥਿਆ ਵੀਡੀਓ ਤਿਆਰ ਕਰਨ ਸਬੰਧੀ ਨਿਭਾਈ ਕਰੜੀ ਭੂਮੀਕਾ ਲਈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਸਿਰੋਪਾਉ ਅਤੇ ਸ੍ਰੀ ਸਾਹਿਬ ਬਖਸ਼ ਕੇ ਸਨਮਾਨਿਤ ਕੀਤਾ ।

ਇਸ ਮੌਕੇ ਮੈਲਬੌਰਨ ਵਿੱਚ ਪਿਛਲੇ ਵੀਹ ਸਾਲ ਤੋਂ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਜੁੱਟੇ ਸ. ਹਰਭਜਨ ਸਿੰਘ ਖਹਿਰਾ ਨੇ ਆਖਿਆ ਕਿ ਗੁਰਬਾਣੀ ਸੰਥਿਆਂ ਪਾਠ ਦੀ ਵੀਡੀਉ ਅਤੇ ਸੰਥਿਆ ਪੋਥੀਆਂ ਗੁਰਮੁਖੀ ਦੀ ਸਿਖਲਾਈ ਲਈ ਭਵਿੱਖ ਵਿੱਚ ਵਡਮੁੱਲਾ ਯੋਗਦਾਨ ਪਾਉਣਗੀਆਂ । ਗੁਰਬਾਣੀ ਦੇ ਪਿਆਰ ਦੀ ਝਲਕ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਮੈਲਬੌਰਨ ਵਿੱਖੇ ਚੱਲ ਰਹੇ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਮੈਚ ਦੇ ਬਾਵਜੂਦ ਗੁਰਦੁਆਰਾ ਸਾਹਿਬ ਦਾ ਹਾਲ ਖਚਾ-ਖੱਚ ਗੁਰਸਿੱਖ ਸਿੱਖ ਸੰਗਤਾਂ ਨਾਲ ਭਰਿਆ ਹੋਇਆ ਸੀ ।

ਜਾਰੀ ਕਰਤਾ

ਅਰਵਿੰਦਰ ਪਾਲ ਸਿੰਘ, ਸੇਵਾਦਾਰ ਸਕੱਤਰ,

ਸ੍ਰੀ ਗੁਰੁ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ (ਅਸਟਰੇਲੀਆ), ਗੁਰਦੁਆਰਾ ਸਾਹਿਬ ਟਾਰਨੇਟ 30-3-2015