29.3 C
Jalandhar
Saturday, April 4, 2026
spot_img
Home Blog Page 99

ਪੈਨਸਲਵੇਨੀਆ ਸਟੇਟ ਨੇ ਕੀਤਾ 1984 ਸਿੱਖ ਕਤਲੇਆਮ ਸਬੰਧੀ ਸਿੱਖ ਜੈਨੋਸਾਈਡ ਦਾ ਬਿੱਲ ਪਾਸ

0

ਪੈਨਸਲਵੇਨੀਆ ਸਟੇਟ ਨੇ ਕੀਤਾ 1984 ਸਿੱਖ ਕਤਲੇਆਮ ਸਬੰਧੀ ਸਿੱਖ ਜੈਨੋਸਾਈਡ ਦਾ ਬਿੱਲ ਪਾਸ

ਬਿੱਲ ਪਾਸ ਕਰਨ ਵਾਲੇ 190 ਅਸੰਬਲੀ ਮੈਂਬਰਾਂ ਦਾ ਧੰਨਵਾਦ : ਨਰਿੰਦਰ ਸਿੰਘ, ਕੇਵਲ ਸਿੰਘ

ਪੈਨਸਲਵੇਨੀਆ : ਅਮਰੀਕਾ ਦੇ ਪੈਨਸਲਵੇਨੀਆ ਸਟੇਟ ਦੀ ਅਸੰਬਲੀ ਵਿੱਚ 1984 ਦੌਰਾਨ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਜੈਨੋਸਾਈਡ ਤੇ ਤੌਰ ’ਤੇ ਸਵੀਕਾਰ ਕਰ ਲਿਆ ਹੈ। ਇਸ ਸਬੰਧੀ ਇੱਕ 1160 ਨੰਬਰ ਬਿੱਲ ਪੇਸ਼ ਹੋਇਆ ਜਿਸ ਨੂੰ ਕੁੱਲ 190 ਮੈਂਬਰਾਂ ਨੇ ਸਮੁੱਚੇ ਰੂਪ ਵਿੱਚ ਪ੍ਰਵਾਨ ਕਰ ਲਿਆ ਹੈ, ਦੁਨੀਆ ਦੀ ਇਹ ਪਹਿਲੀ ਅਸੰਬਲੀ ਬਣ ਗਈ ਹੈ ਜਿਸ ਵਿੱਚ 1984 ਦੇ ਹੋਏ ਸਿੱਖ ਕਤਲੇਆਮ ਨੂੰ ਸਿੱਖ ਜੈਨੋਸਾਈਡ ਤੇ ਤੌਰ ’ਤੇ ਮੰਨਿਆ ਗਿਆ ਹੈ। ਇਹ ਬਿੱਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਪੈਨਸਲਵੇਨੀਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪਾਸ ਕਰਾਇਆ। ਇਸ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਯੂ.ਐਸ.ਏ. ਅਤੇ ਸਿੱਖ ਕਾਕਸ ਅਮਰੀਕਾ ਨੇ ਅਸੰਬਲੀ ਮੈਂਬਰਾਂ ਦਾ ਧੰਨਵਾਦ ਕੀਤਾ ਹੈ।

ਅਮਰੀਕਾ ਦੀ ਪੈਨਸਲਵੇਨੀਆ ਸਟੇਟ ਦੇ ਕੁੱਲ 190 ਮੈਂਬਰ ਹਨ, ਅਸੰਬਲੀ ਵਿੱਚ ਬਿੱਲ ਸਟੇਟ ਦੇ ਪ੍ਰਤੀਨਿਧ ਅਲੈਕਸ ਚਾਰਲਟੋਨ ਅਤੇ ਜੈਮਸ ਸੰਟੋਰਾ ਨੇ ਪੇਸ਼ ਕੀਤਾ ਜਿਸ 190 ਬਾਇ ਜ਼ੀਰੋ ਨਾਲ ਪਾਸ ਕੀਤਾ ਗਿਆ ਅਤੇ ਇਸ ’ਤੇ ਮੋਹਰ ਲਾ ਦਿੱਤੀ ਗਈ ਕਿ ਭਾਰਤ ਵਿੱਚ 1984 ਦੌਰਾਨ ਹੋਇਆ ਸਿੱਖ ਕਤਲੇਆਮ ਸਿੱਖ ਜੈਨੋਸਾਈਡ ਸੀ। ਇਸ ਨਾਲ ਸਿੱਖ ਕਤਲੇਆਮ ਨੂੰ ਸਿੱਖ ਜੈਨੋਸਾਈਡ ਮੰਨਣ ਵਾਲਾ ਬਿੱਲ ਪਾਸ ਕਰਨ ਵਾਲੀ ਪੈਨਸਲਵੇਨੀਆ ਸਟੇਟ ਦੀ ਅਸੰਬਲੀ ਦੁਨੀਆ ਦੀ ਪਹਿਲੀ ਅਸੰਬਲੀ ਬਣ ਗਈ ਹੈ। ਇਸ ਨਾਲ ਸਿੱਖ ਯੂ.ਐਨ.ਓ. ਕੋਲ ਜਾ ਕੇ ਆਪਣਾ ਪੱਖ ਰੱਖ ਸਕਣਗੇ। ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਯੂ.ਐਸ.ਏ. ਦੇ ਨਰਿੰਦਰ ਸਿੰਘ, ਕੇਵਲ ਸਿੰਘ, ਜੁਗਰਾਜ ਸਿੰਘ, ਹਿੰਮਤ ਸਿੰਘ, ਹਰਜਿੰਦਰ ਸਿੰਘ ਪਾਇਨਹਿੱਲ ਅਤੇ ਅਮਰੀਕਨ ਕਾਕਸ ਵੱਲੋਂ ਪ੍ਰਿਤਪਾਲ ਸਿੰਘ ਨੇ ਸਟੇਟ ਤੇ ਦੋਵਾਂ ਮੈਂਬਰਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਪੈਨਸਲਵੇਨੀਆ ਸਟੇਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੱਖ ਕਾਕਸ ਅਮਰੀਕਾ ਅਤੇ ਹੋਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਸਮੇਂ ਤੋਂ ਮੰਗ ਰੱਖੀ ਜਾ ਰਹੀ ਸੀ। ਇਸ ਮੰਗ ਅਨੁਸਾਰ ਪੈਨਸਲਵੇਨੀਆ ਸਟੇਟ ਤੇ ਦੋ ਸਟੇਟ ਪ੍ਰਤੀਨਿਧ ਅਲੈਕਸ ਚਾਰਲਟੋਨ ਅਤੇ ਜੈਮਸ ਸੰਟੋਰਾ ਨੇ ਬਿੱਲ ਪੇਸ਼ ਕੀਤਾ ਅਤੇ ਉਸ ਨੂੰ ਅਸੰਬਲੀ ਵਿੱਚ ਬਿਨਾਂ ਕਿਸੇ ਵਿਰੋਧ ਤੋਂ ਪਾਸ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਯੂ.ਐਸ.ਏ. ਵੱਲੋਂ ਅਮਰੀਕਾ ਦੀ ਸਟੇਟ ਨਿਊ ਜਰਸੀ ਵਿੱਚ ਬਿੱਲ ਪਾਸ ਕਰਾਇਆ ਸੀ ਜਿਸ ਵਿੱਚ 14 ਅਪ੍ਰੈਲ ਨੂੰ ਵਰਲਡ ਸਿੱਖ ਡੇ ਵਜੋਂ ਮਨਾਉਣ ਦਾ ਮਤਾ ਪਾਇਆ ਗਿਆ ਸੀ ਤੇ ਅਪ੍ਰੈਲ ਮਹੀਨੇ ਨੂੰ ਸਿੱਖ ਅਵੇਅਰਨੇਸ ਮੰਥ ਵੱਲੋਂ ਮਨਾਉਣ ਦਾ ਬਿੱਲ ਪਾਸ ਕੀਤਾ ਗਿਆ ਸੀ।

ਜਾਰੀ ਕਰਤਾ:  ਹਿੰਮਤ ਸਿੰਘ ਕੋਆਰਡੀਨੇਟਰ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਯੂ.ਐਸ.ਏ. ਸੰਪਰਕ : 0016463587745

ਬੇਅਦਬੀ ਕਾਂਡ ਅਤੇ ਕੋਟਕਪੂਰਾ/ਬਹਿਬਲ ਵਿਖੇ ਪੁਲਿਸ ਗੋਲ਼ੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਕਿਵੇਂ ਦਿਵਾਈ ਜਾ ਸਕਦੀ ਹੈ ?

0

ਬੇਅਦਬੀ ਕਾਂਡ ਅਤੇ ਕੋਟਕਪੂਰਾ/ਬਹਿਬਲ ਵਿਖੇ ਪੁਲਿਸ ਗੋਲ਼ੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਕਿਵੇਂ ਦਿਵਾਈ ਜਾ ਸਕਦੀ ਹੈ ?

ਜੇ ਸਿਆਸੀ ਪਾਰਟੀਆਂ ਦੇ ਹਰ ਛੋਟੇ/ਵੱਡੇ ਆਗੂ ਨੂੰ ਇਹ ਸਵਾਲ ਪੁੱਛੇ ਜਾਣ ਤਾਂ ਦੋਸ਼ੀਆਂ ਨੂੰ ਸਜਾ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ।

ਕਿਰਪਾਲ ਸਿੰਘ (ਬਠਿੰਡਾ)-88378-13661

ਸੰਸਾਰ ਭਰ ਦੇ ਧਾਰਮਿਕ ਵਿਰਤੀ ਵਾਲੇ ਸਮੂਹ ਲੋਕਾਂ ਦਾ ਰਹਿਬਰ, ਕੇਵਲ ਸਿੱਖ ਹੀ ਨਹੀਂ ਬਲਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਇਨਸਾਫ ਪਸੰਦ ਸੱਭਿਅਕ ਮਨੁੱਖ ਦਾ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵੇਖ ਸੁਣ ਕੇ ਹਿਰਦਾ ਵਲੂੰਧਰਿਆ ਗਿਆ ਪਰ ਜੇ ਇਸ ਨੂੰ ਆਮ ਜਿਹੀ ਮਾਮੂਲੀ ਘਟਨਾ ਸਮਝ ਕੇ ਇਸ ਸਬੰਧੀ ਜਵਾਬਦੇਹ ਹੋਣ ਤੋਂ ਵੀ ਇਨਕਾਰੀ ਹੋ ਰਹੇ ਹਨ ਤਾਂ ਉਹ ਹਨ ਬਾਦਲ ਪਿਉ, ਪੱਤਰ ਅਤੇ ਉਨ੍ਹਾਂ ਦੇ ਤਲਬੇ ਚੱਟ ਆਗੂ।

ਸਵੇਰੇ ਸੈਰ ਕਰਦੇ ਸਮੇਂ ਬਾਦਲ ਦਲ ਦੇ ਇੱਕ ਸਾਬਕਾ ਵਿਧਾਇਕ ਅਤੇ ਲੋਕ ਸਭਾ ਲਈ ਸੰਭਾਵੀ ਉਮੀਦਵਾਰ ਨਾਲ ਅਚਨਚੇਤੀ ਹੋਏ ਮਿਲਾਪ ਦੌਰਾਨ ਬਰਗਾੜੀ ਕਾਂਡ ਅਤੇ ਉਸ ਉਪਰੰਤ ਵਾਪਰ ਰਹੀਆਂ ਮੌਜੂਦਾ ਘਟਨਾਵਾਂ ਸਬੰਧੀ ਮੇਰੇ ਨਾਲ ਉਨ੍ਹਾਂ ਦੇ ਸਵਾਲ-ਜਵਾਬ ਹੋਏ, ਜਿਨ੍ਹਾਂ ਦਾ ਲਾਚਾਰੀ ਨਾਲ ਉਨ੍ਹਾਂ ਇਉਂ ਜਵਾਬ ਦਿੱਤਾ :

ਸਵਾਲ 1. :  ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿੱਚ ਕਿਸੇ ਹਿੰਦੂ ਦਾ ਨਾਮ ਹੀ ਨਹੀਂ ਹੈ, ਕੋਈ ਵੀ ਸਿੱਖ ਕਿਸੇ ਹਿੰਦੂ ਨੂੰ ਬੇਅਦਬੀ ਲਈ ਕਸੂਰਵਾਰ ਨਹੀਂ ਠਹਿਰਾ ਰਿਹਾ ਤਾਂ ਇਸ ’ਤੇ ਅਮਲ ਹੋਣ ਨਾਲ ਹਿੰਦੂ-ਸਿੱਖ ਭਾਈਚਾਰਕ ਸਾਂਝ ਕਿਵੇਂ ਖਤਰੇ ਵਿੱਚ ਪੈ ਜਾਵੇਗੀ ?

ਜਵਾਬ : ਨਹੀਂ ਜੀ ਇਸ ਨਾਲ ਤਾਂ ਭਾਈਚਾਰਕ ਸਾਂਝ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਐਸਾ ਕਹਿਣਾ ਤਾਂ ਗਲਤ ਹੈ।

ਸਵਾਲ 2. :  ਜੇ ਤੁਸੀਂ ਸਮਝ ਰਹੇ ਹੋ ਕਿ ਐਸਾ ਕਹਿਣਾ ਹੀ ਗਲਤ ਹੈ ਤਾਂ ਆਪਣੇ ਮੁੱਖ ਆਗੂਆਂ ਨੂੰ ਪੁੱਛੋ ਕਿ ਬਾਦਲ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਜੋ ਤਕਰੀਬਨ ਹਰ ਰੋਜ ਇਹ ਬਿਆਨ (ਕਿ ਹਿੰਦੂ-ਸਿੱਖ ਭਾਈਚਾਰਕ ਸਾਂਝ ਖਤਰੇ ਵਿੱਚ ਪੈ ਜਾਵੇਗੀ) ਕਿਉਂ ਦੇ ਰਹੇ ਹਨ  ? ਉਨ੍ਹਾਂ ਤੋਂ ਇਹ ਵੀ ਪੁੱਛੋ ਕਿ ਜਿਹੜੀ ਭਾਜਪਾ ਨੇ ਪੰਜਾਬ ਅਤੇ ਪੰਥ ਦੀਆਂ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ, ਦਰਿਆਈ ਪਾਣੀਆਂ ਅਤੇ ਮਾਤ ਭਾਸ਼ਾ ਸਮੇਤ ਹਰ ਤਰ੍ਹਾਂ ਦੀ ਮੰਗ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਮੋਰਚੇ ਦਾ ਜ਼ਬਰਦਸਤ ਵਿਰੋਧ ਕਰ ਕੇ ਅਤੇ ਪੰਜਾਬੀ ਹਿੰਦੂਆਂ ਨੂੰ ਪ੍ਰੇਰ ਕੇ ਉਨ੍ਹਾਂ ਦੀ ਮਾਤ ਭਾਸ਼ਾ ਹਿੰਦੀ ਲਿਖਵਾ ਕੇ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਵਿੱਚ ਦੂਰੀਆਂ ਵਧਾਉਣ ਦੇ ਬੀਜ਼ ਬੀਜੇ ਉਹ ਅੱਜ ਭਾਈਚਾਰਕ ਸਾਂਝ ਦੇ ਅਲੰਬਰਦਾਰ ਕਿਵੇਂ ਬਣ ਗਏ ?

ਜਵਾਬ : ਨਹੀਂ ਜੀ ਮੈਂ ਤਾਂ ਕਦੀ ਐਸਾ ਨਹੀਂ ਸੁਣਿਆ। (ਨੋਟ: ਕੀ ਇਹ ਜਵਾਬ ਇਸ ਆਗੂ ਦਾ ਮਚਲਾਪਨ ਹੈ ਜਾਂ ਅਗਿਆਨਤਾ ਦਾ ਪ੍ਰਗਟਾਵਾ ?)

ਸਵਾਲ 3. : ਜੇ ਤੁਸੀਂ ਅਖਬਾਰ ਪੜ੍ਹਦੇ ਹੋ ਤਾਂ ਪਿਛਲੇ ਅਖਬਾਰ ਵੇਖੋ ਜਿਨ੍ਹਾਂ ਦੇ ਹਰ ਰੋਜ ਅਜਿਹੇ ਬਿਆਨ ਕਿਉਂ ਛਪ ਰਹੇ ਹਨ।

ਜਵਾਬ : (ਅਸਲ ਗੱਲ ਤੋਂ ਟਾਲ਼ਾ ਵੱਟ ਕੇ) ਤੁਸੀਂ ਇਹ ਦੱਸੋ ਕਿ ਜੋ ਬਰਗਾੜੀ ਮੋਰਚਾ ਲਾਈ ਬੈਠੇ ਹਨ ਉਹ ਠੀਕ ਹਨ ? ਉਨ੍ਹਾਂ ਦੇ ਕਿਰਦਾਰ ਸਬੰਧੀ ਕੌਣ ਨਹੀਂ ਜਾਣਦਾ ?

ਸਵਾਲ 4. : ਮੋਰਚੇ ਲਾਉਣ ਵਾਲੇ ਕਿਸ ਆਗੂ ਦਾ ਕਿਰਦਾਰ ਕੈਸਾ ਹੈ ਇਸ ਸਬੰਧੀ ਆਪਾਂ ਫਜੂਲ ਦੀ ਬਹਿਸ ਕਰਨ ਨਾਲੋਂ ਚੰਗਾ ਇਹ ਹੈ ਕਿ ਕੀ ਉਨ੍ਹਾਂ ਦੀਆਂ ਮੰਗਾਂ ਠੀਕ ਹਨ ਜਾਂ ਗਲਤ ? ਮੰਨ ਵੀ ਲੈਂਦੇ ਹਾਂ ਕਿ ਬਰਗਾੜੀ ਮੋਰਚੇ ਵਾਲੇ ਗਲਤ ਹਨ ਤਾਂ ਇਸ ਨਾਲ ਤਾਂ ਰਣਜੀਤ ਸਿੰਘ ਦੀ ਰੀਪੋਰਟ ਗਲਤ ਨਹੀਂ ਹੋ ਸਕਦੀ ?

ਜਵਾਬ : ਰਣਜੀਤ ਸਿੰਘ ਦੀ ਰੀਪੋਰਟ ਦਾ ਤਾਂ ਅਸੀਂ ਵਿਰੋਧ ਨਹੀਂ ਕਰਦੇ।

ਸਵਾਲ 5. : ਜੇ ਵਿਰੋਧ ਨਹੀਂ ਕਰਦੇ ਤਾਂ ਵਿਧਾਨ ਸਭਾ ਵਿੱਚ ਇਸ ’ਤੇ ਹੋ ਰਹੀ ਬਹਿਸ ਦਾ ਬਾਈਕਾਟ ਕਰ ਕੇ ਬਾਹਰ ਇੱਕ ਹੋਰ (ਸਮਾਨੰਤਰ) ਸੈਸ਼ਨ ਕਿਉਂ ਚਲਾਇਆ ?

ਜਵਾਬ : ਸਾਨੂੰ ਰੀਪੋਰਟ ਮਿਲੀ ਸੀ ਕਿ ਵਿਧਾਨ ਸਭਾ ਵਿੱਚ ਕਾਂਗਰਸੀਆਂ ਨੇ ਸਾਨੂੰ ਚੁੰਬੜ ਜਾਣ ਦੀ ਸਕੀਮ ਬਣਾਈ ਸੀ।

ਸਵਾਲ 6. : ਇਹ ਤੁਹਾਡਾ ਫਜੂਲ ਦਾ ਡਰ ਹੈ। ਜੇ ਵਿਧਾਨ ਸਭਾ ਦੇ ਅੰਦਰ ਤੁਹਾਡੇ ਨਾਲ ਹੱਥੋਪਾਈ ਜਾਂ ਕੁੱਟਮਾਰ ਕਰਦੇ ਇਸ ਨਾਲ ਤਾਂ ਸਗੋਂ ਕਾਂਗਰਸ ਦੀ ਵੱਧ ਕਿਰਕਰੀ  ਹੋਣੀ ਸੀ ਪਰ ਹੁਣ ਤੁਹਾਡੇ ’ਤੇ ਦੋਸ਼ ਲੱਗਦੇ ਹਨ ਕਿ ਸੱਚ ਦਾ ਸਾਹਮਣਾ ਕਰਨ ਲਈ ਤੁਹਾਡੇ ਵਿੱਚ ਹਿੰਮਤ ਨਹੀਂ ਸੀ। ਹੁਣ ਤਾਂ ਤੁਹਾਡੇ ਸੀਨੀਅਰ ਆਗੂ ਢੀਂਡਸਾ, ਬ੍ਰਹਮਪੁਰਾ, ਸੇਖਵਾਂ, ਰਤਨ ਸਿੰਘ ਅਜਨਾਲਾ ਵਰਗੇ ਵੀ ਬਿਆਨ ਦੇਣ ਲੱਗ ਪਏ ਹਨ ਕਿ ਵਿਧਾਨ ਸਭਾ ਦਾ ਬਾਈਕਾਟ ਕਰਨ ਦਾ ਫੈਸਲਾ ਗਲਤ ਸੀ।

ਜਵਾਬ : ਢੀਂਡਸੇ ਦਾ ਪੁੱਤ ਮੰਤਰੀ, ਖ਼ੁਦ ਰਾਜ ਸਭਾ ਦਾ ਮੈਂਬਰ ਅਤੇ ਆਪਣੀ ਨੂੰਹ ਵਾਸਤੇ ਲੋਕ ਸਭਾ ਦੀ ਟਿਕਟ ਮੰਗਦਾ ਸੀ। ਬ੍ਰਹਮਪੁਰਾ ਨੂੰ ਬਾਦਲ ਸਾਹਿਬ ਨੇ ਕਹਿ ਦਿੱਤਾ ਕਿ ਤੁਹਾਡੀ ਉਮਰ ਵੱਡੀ ਹੋ ਗਈ ਹੈ ਇਸ ਲਈ ਹੁਣ ਕਿਸੇ ਹੋਰ ਨੂੰ ਮੌਕਾ ਦੇਣਾ ਹੈ। ਤਾਂ ਬ੍ਰਹਮਪੁਰਾ ਨੇ ਆਪਣੀ ਨੂੰਹ ਵਾਸਤੇ ਟਿਕਟ ਮੰਗ ਲਈ। ਨਾ ਕਰਨ ’ਤੇ ਉਹ ਨਰਾਜ਼ ਹੋ ਗਏ।

ਸਵਾਲ 7. : ਬਾਦਲ ਖ਼ੁਦ ਬ੍ਰਹਮਪੁਰਾ ਨਾਲੋਂ ਵੱਡੀ ਉਮਰ ਦਾ ਹੈ ਫਿਰ ਵੀ ਅਗਲੇ ਮੁੱਖ ਮੰਤਰੀ ਵਾਸਤੇ ਉਸ ਦਾ ਉਮੀਦਵਾਰ ਬਣ ਗਿਆ ਤਾਂ ਬ੍ਰਹਮਪੁਰਾ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਾ ਸਕਦੀ ? ਬਾਦਲ ਖ਼ੁਦ ਮੁੱਖ ਮੰਤਰੀ, ਪੁੱਤਰ ਉੱਪ ਮੁੱਖ ਮੰਤਰੀ, ਜਵਾਈ ਮੰਤਰੀ, ਨੂੰਹ ਦਾ ਭਾਈ ਮੰਤਰੀ, ਨੂੰਹ ਕੇਂਦਰੀ ਮੰਤਰੀ, ਰਿਸ਼ਤੇਦਾਰ ਸੇਖੋਂ ਵੀ ਮੰਤਰੀ ਕਿਸੇ ਵੇਲੇ ਭਤੀਜਾ ਵੀ ਮੰਤਰੀ ਸੀ ਤਾਂ ਢੀਂਡਸਾ ਤੇ ਬ੍ਰਹਮਪੁਰਾ ਵੱਲੋਂ ਆਪਣੀਆਂ ਨੂੰਹਾਂ ਲਈ ਟਿਕਟਾਂ ਦੀ ਮੰਗ ਹੀ ਬਾਦਲ ਨੂੰ ਬੁਰੀ ਕਿਉਂ ਲੱਗੀ ? ਆਪ ਸਬਰ ਸੰਤੋਖ ਕਿਉਂ ਨਹੀਂ ਵਿਖਾਉਂਦੇ ?

ਜਵਾਬ : ਢੁਕਵਾਂ ਜਵਾਬ ਦੇਣ ਤੋਂ ਅਸਮਰਥ ਹੋਣ ਕਾਰਨ ਮੁੜਘੁੜ ਬਰਗਾੜੀ ਮੋਰਚੇ ’ਤੇ ਬੈਠੇ ਆਗੂਆਂ ਦੇ ਕਿਰਦਾਰ ਦਾ ਰਾਗ ਛੇੜ ਕੇ ਕਹਿੰਦਾ ਮੰਡ ਤੋਂ ਪੁੱਛੋ ਉਸ ਨੇ ਮੋਰਚਾ ਲੱਗਣ ਪਿਛੋਂ 30 ਲੱਖ ਰੁਪਏ ਦੀ ਜਮੀਨ ਕਿਥੋਂ ਖਰੀਦ ਲਈ ? ਦਾਦੂਵਾਲੇ ਦੇ ਖਾਤੇ ਵਿੱਚ ਕਰੋੜਾਂ ਰੁਪਏ ਕਿਸ ਨੇ ਜਮ੍ਹਾਂ ਕਰਵਾਏ ?

ਸਵਾਲ 8. : ਤੁਸੀਂ ਇਸ ਤਰ੍ਹਾਂ ਦੇ ਜਵਾਬ ਬਾਦਲਾਂ ਤੋਂ ਕਿਉਂ ਨਹੀਂ ਪੁੱਛਦੇ ਕਿ ਉਨ੍ਹਾਂ ਨੇ ਲੱਖਾਂ ਨਹੀਂ ਬਲਕਿ ਅਰਬਾਂ ਰੁਪਏ ਦੀ ਜਾਇਦਾਦ ਕਿਵੇਂ ਬਣਾ ਲਈ ਹੈ ?

ਜਵਾਬ : ਅਸਲ ਵਿੱਚ ਗੱਲ ਇਹ ਹੈ ਕਿ ਰਣਜੀਤ ਸਿੰਘ ਦੀ ਰੀਪੋਰਟ ਹੈ ਹੀ ਜ਼ਾਲ੍ਹੀ ਇਹ ਕਾਂਗਰਸ ਤੇ ਬਰਗਾੜੀ ਮੋਰਚੇ ਵਾਲਿਆਂ ਨੇ ਬਾਦਲ ਦਲ ਨੂੰ ਬਦਨਾਮ ਕਰਨ ਲਈ ਬਣਾਈ ਗਈ ਹੈ।

ਸਵਾਲ 9. : ਪਹਿਲਾਂ ਤੁਸੀਂ ਆਖ ਚੁੱਕੇ ਹੋ ਕਿ ਰਣਜੀਤ ਸਿੰਘ ਦੀ ਰੀਪੋਰਟ ਦਾ ਤੁਸੀਂ ਵਿਰੋਧ ਨਹੀਂ ਕਰਦੇ ਹੁਣ ਤੁਸੀਂ ਇਸ ਨੂੰ ਜ਼ਾਲ੍ਹੀ ਦੱਸ ਰਹੇ ਹੋ। ਕੀ ਤੁਸੀਂ ਕਦੀ ਬਾਦਲ ਸਰਕਾਰ ਵੱਲੋਂ ਬਣਾਏ ਜਸਟਿਸ ਜੋਰਾ ਸਿੰਘ ਦੀ ਰੀਪੋਰਟ ਪੜ੍ਹੀ ਹੈ ? ਉਨ੍ਹਾਂ ਨੇ ਵੀ ਆਪਣੀ  ਰੀਪੋਰਟ ਵਿੱਚ ਲਿਖਿਆ ਹੈ ਕਿ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣ; ਦੋਸ਼ੀਆਂ ਵੱਲੋਂ ਚੋਰੀ ਕੀਤੇ ਸਰੂਪ ਨੂੰ ਆਪਣੇ ਕੋਲ ਹੋਣ ਅਤੇ ਲੱਭਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਅਤੇ ਸੌਦਾ ਸਾਧ ਦੀ ਫਿਲਮ ਨਾ ਚਲਾਏ ਜਾਣ ਦੇ ਵਿਰੋਧ ਵਿੱਚ ਚੋਰੀ ਕੀਤੇ ਸਰੂਪ ਦੇ ਪੰਨੇ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ ਜਾਣ ਦੀ ਧਮਕੀ ਭਰੇ ਪੋਸਟਰ ਲਾਉਣ ਅਤੇ ਅੰਤ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਗਲੀਆਂ ਵਿੱਚ ਖਿਲਾਰ ਦੇਣ ਆਦਿਕ ਦੀਆਂ ਸਾਰੀਆਂ ਘਟਨਾਵਾਂ ਦੀਆਂ ਤੁਰੰਤ ਥਾਣਿਆਂ ਵਿੱਚ ਰੀਪੋਰਟਾਂ ਦਰਜ ਕਰਵਾਈਆਂ ਸਨ, ਜਿਨ੍ਹਾਂ ਵਿੱਚ ਸ਼ੱਕੀ ਵਿਅਕਤੀ ਦੇ ਨਾਂ ਵੀ ਲਿਖਾਏ ਗਏ ਇਸ ਦੇ ਬਾਵਜੂਦ ਸੱਕੀ ਵਿਅਕਤੀ ਨੂੰ ਕਿਸੇ ਨੇ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਤੱਕ ਨਹੀਂ ਕੀਤੀ। ਕੀ ਇਸ ਅਤਿ ਸੰਵੇਦਨਸ਼ੀਲ ਕੇਸ ਦੀ ਪੜਤਾਲ ਨੂੰ ਲਟਕਾਉਣ ਦੇ ਦੋਸ਼ੀ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨਹੀਂ ਹਨ ?

ਜਵਾਬ : ਠੀਕ ਹੈ ਉਸ ਸਮੇਂ ਗਲਤੀ ਹੋ ਗਈ ਪਰ ਅਸੀਂ ਉਸ ਗਲਤੀ ਦੀ ਸਜਾ ਵੀ ਭੁਗਤ ਲਈ ਹੈ। (ਭੁਗਤੀ ਗਈ ਸਜਾ ਪੁੱਛੇ ਜਾਣ ’ਤੇ ਉਸ ਦਾ ਜਵਾਬ ਸੀ ਕਿ ਸਾਡੀ ਸਰਕਾਰ ਨਹੀਂ ਬਣੀ; ਜੇ ਕਰ ਗਲਤੀ ਨਾ ਹੁੰਦੀ ਤਾਂ ਸਾਡੀ ਸ਼ਰਤੀਆ ਸਰਕਾਰ ਬਣਨੀ ਸੀ।

ਸਵਾਲ 10. : ਕਿਤਨੀ ਅਜੀਬ ਗੱਲ ਹੈ ਕਿ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ; ਚੈਲੰਜ ਕਰ ਕੇ ਗਲੀਆਂ ਵਿੱਚ ਖਿਲਾਰੇ ਹੋਣ ਉੱਤੇ ਤੁਸੀਂ ਕੇਵਲ ਸਰਕਾਰ ਬਦਲ ਜਾਣ ਨੂੰ ਹੀ ਸਜਾ ਸਮਝ ਰਹੇ ਹੋ ? ਦੋਸ਼ੀਆਂ ਨੂੰ ਸਜਾ ਦੇਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ ?

ਜਵਾਬ :  ਹੁਣ ਦੋਸ਼ੀਆਂ ਵਿਰੁੱਧ ਕੇਸ ਦਰਜ ਤਾਂ ਹੋ ਗਿਆ। ਤੀਜੀ ਸਿੱਟ ਬਣੀ ਹੈ ਪੜਤਾਲ ਪੂਰੀ ਹੋਣ ’ਤੇ ਆਪੇ ਜੋ ਫੈਸਲਾ ਹੋਣਾ ਹੈ ਹੋ ਜਾਵੇਗਾ। ਸਾਡੇ ਵਾਸਤੇ ਤਾਂ ਸਰਕਾਰ ਨਾ ਬਣਾ ਸਕਣਾ ਹੀ ਬਹੁਤ ਵੱਡੀ ਸਜਾ ਹੈ।

ਸਵਾਲ 11. : ਦੋਸ਼ੀਆਂ ਵਿਰੁੱਧ ਕਾਰਵਾਈ ਵਿੱਚ ਰੋੜਾ ਅਟਕਾਉਣ ਦੇ ਮਕਸਦ ਨਾਲ ਰੈਲੀਆਂ ਕਿਉਂ ਕਰ ਰਹੇ ਹੋ ?

ਜਵਾਬ : ਬਹੁਤ ਹੀ ਢੀਠਤਾਈ ਨਾਲ ਉਨ੍ਹਾਂ ਦਾ ਜਵਾਬ ਸੀ ਅਸੀਂ ਸਰਕਾਰ ਬਣਾਉਣੀ ਹੈ ਤਾਂ ਰੈਲੀਆਂ ਕਰਨੀਆਂ ਹੀ ਹਨ।

ਸਵਾਲ 12. : ਕੀ ਤੁਸੀਂ ਸੱਚਾਈ ਤੋਂ ਅੱਖਾਂ ਮੀਟ ਕੇ ਕੇਵਲ ਰੈਲੀਆਂ ਕਰ ਕੇ ਸਰਕਾਰ ਬਣਾ ਲਵੋਗੇ ? ਹੁਣ ਤੱਕ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਸਨ ਕਿ ਤੁਹਾਡੀ ਤੇ ਕਾਂਗਰਸ (ਦੋਵਾਂ) ਦੀਆਂ ਰੈਲੀਆਂ ਦੇ ਇਕੱਠ ਨਾਲੋਂ ਵੀ ਬਰਗਾੜੀ ਵਿਖੇ ਆਪ ਮੁਹਾਰੇ ਪਹੁੰਚੀਆਂ ਸੰਗਤਾਂ ਦੀ ਗਿਣਤੀ ਕਿਤੇ ਵੱਧ ਸੀ ਹਾਲਾਂ ਕਿ ਸੋਸ਼ਲ ਮੀਡੀਏ ’ਤੇ ਵਾਇਰਲ ਹੋਈਆਂ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਵੱਡਾ ਇਕੱਠ ਕਰਨ ਲਈ ਜਾਣ ਵਾਲੇ ਹਰ ਵਿਅਕਤੀ ਨੂੰ 300-300 ਰੁਪਏ ਅਤੇ ਸ਼ਰਾਬ ਵੀ ਵਰਤਾਈ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾਉਣੀਆਂ ਹਨ ਉਨ੍ਹਾਂ ਵੱਲੋਂ ਪ੍ਰਗਟਾਏ ਜਾ ਰਹੇ ਗੁੱਸੇ ਦੇ ਚਲਦਿਆਂ ਤੁਸੀਂ ਸਰਕਾਰ ਬਣਾਉਣ ਦੀ ਆਸ ਕਿਵੇਂ ਲਾਈ ਬੈਠੇ ਹੋ ?

ਜਵਾਬ : ਸਰਕਾਰ ਬਣਾਉਣ ਦਾ ਜੋਰਦਾਰ ਦਾਅਵਾ ਕਰਦਿਆਂ ਉਸ ਨੇ ਸਾਹ ਦੀ ਤਕਲੀਫ ਦੱਸਦਿਆਂ ਹੋਰ ਜਵਾਬ ਦੇਣ ਤੋਂ ਟਾਲ਼ਾ ਵੱਟ ਲਿਆ।

ਬਾਦਲ ਦਲ ਵੱਲੋਂ ਹੁਣ ਤੱਕ ਅਪਣਾਈ ਗਈ ਨੀਤੀ ਤੋਂ ਇਹੀ ਸਿੱਧ ਹੁੰਦਾ ਹੈ ਕਿ ਉਕਤ ਸੋਚ ਕੇਵਲ ਉਸ ਆਗੂ ਦੀ ਹੀ ਨਹੀਂ ਬਲਕਿ ਆਪਣੇ ਮਨੋਰਥਾਂ ਦੀ ਪੂਰਤੀ ਲਈ ਬੱਝੇ ਹੇਠਲੇ ਪੱਧਰ ਦੇ ਆਮ ਵਰਕਰ ਤੋਂ ਲੈ ਕੇ ਉੱਪਰ ਤੱਕ ਦੇ ਹਰ ਸੁਆਰਥੀ ਆਗੂ ਦੀ ਹੈ। ਇਸ ਲਈ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਹਰ ਚਾਹਵਾਨ ਸਿੱੱਖ ਨੂੰ ਇਸ ਤਰ੍ਹਾਂ ਦੇ ਸਵਾਲ ਬਾਦਲ ਦਲ ਦੇ ਹਰ ਸਾਧਾਰਨ ਵਰਕਾਰ (ਮੈਂਬਰ, ਸਰਪੰਚ, ਐੱਮ.ਸੀ.) ਤੋਂ ਲੈ ਕੇ ਵੱਡੇ ਤੋਂ ਵੱਡਾ ਆਗੂ ਜੋ ਵੀ ਸਾਡੇ ਘਰ ਜਾਂ ਪਿੰਡ ਸ਼ਹਿਰ ਵਿੱਚ ਵੋਟਾਂ ਮੰਗਣ ਆਵੇ ਉਸ ਤੋਂ ਜਰੂਰ ਪੁੱਛੇ ਜਾਣੇ ਚਾਹੀਦੇ ਹਨ ਤਾ ਕਿ ਇਨ੍ਹਾਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਦੋਸ਼ੀਆਂ ਨੂੰ ਬਚਾਉਣ ਦੇ ਦਾਗ ਧੋਤੇ ਬਿਨਾਂ ਉਹ ਕਦਾਚਿਤ ਸਰਕਾਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਕਰ ਸਕਦੇ। 

ਉੱਪਰ ਦਰਸਾਈ ਗਈ ਇਸ ਗੱਲਬਾਤ ਦਾ ਤੱਤਸਾਰ ਇਹੀ ਹੈ ਕਿ ਜਿਸ ਗੁਰੂ ਦੇ ਸਿੱਖ ਲੱਖੀਸ਼ਾਹ ਵਣਜ਼ਾਰੇ ਨੇ ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਦੀ ਦੇਹ ਦੇ ਟੁਕੜੇ ਕਰ ਕੇ ਸ਼ਹਿਰ ਦੇ ਗੇਟਾਂ ’ਤੇ ਲਟਕਾਉਣ ਦੇ ਮੰਦ ਇਰਾਦਿਆਂ ਨੂੰ ਭਾਂਪਦੇ ਹੋਏ ਆਪਣੇ ਘਰ ਦੀ ਵੀ ਪਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ਜੀ ਦੀ ਚਿਤਾ ਆਪਣੇ ਘਰ ਵਿੱਚ ਚਿਣ ਕੇ ਸਮੇਤ ਆਪਣੇ ਘਰ ਦੇ ਸਸਕਾਰ ਕਰ ਦਿੱਤਾ ਸੀ; ਭਾਈ ਜੈਤਾ ਜੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜੰਗਲਾਂ ਦੇ ਬਿਖੜੇ ਰਸਤਿਆਂ ਤੋਂ ਲੰਘ ਕੇ ਦਿੱਲੀ ਤੋਂ ਗੁਰੂ ਸਾਹਿਬ ਜੀ ਦੇ ਸੀਸ ਨੂੰ ਅਨੰਦਪੁਰ ਸਾਹਿਬ ਵਿਖੇ ਪੁਜਦਾ ਕੀਤਾ; ਆਪਣੇ ਆਪ ਨੂੰ ਉਸ ਗੁਰੂ ਦੇ ਸਿੱਖ ਅਤੇ ਪੰਥਕ ਆਗੂ ਕਹਾਉਣ ਵਾਲਿਆਂ ਦੀਆਂ ਨਜਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਗਲੀਆਂ ਦੀਆਂ ਨਾਲ਼ੀਆਂ ਉਪਰ ਖਿਲਾਰ ਕੇ ਕੀਤੀ ਬੇਅਦਬੀ ਵੀ ਉਨ੍ਹਾਂ ਦੀ ਅਗਲੀ ਸਰਕਾਰ ਬਣਨ ਦੀ ਸੂਰਤ ਵਿੱਚ ਤੁੱਛ ਜਾਪਦੀ ਹੈ।

ਸੋਸ਼ਲ ਮੀਡੀਏ ਰਾਹੀਂ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਵਿਧਾਨ ਸਭਾ ਵਿੱਚ ਹਾਜਰ ਸਤਾਧਾਰੀ ਅਤੇ ਵਿਰੋਧੀ ਧਿਰ ਦੇ ਦਬਾਅ ਕਾਰਨ ਕੈਪਟਨ ਅਮਰਿੰਦਰ ਸਿੰਘ ਵੀ ਪੁਸ਼ਤਪਨਾਹੀ ਕਰਨ ਵਾਲੇ ਬਾਦਲ ਪਰਿਵਾਰ (ਪਿਉ-ਪੁੱਤ) ਵਿਰੁੱਧ ਕਾਰਵਾਈ ਕਰਨਾ ਚਾਹੁੰਦਾ ਸੀ ਪਰ ਉਸ ਦੀ ਲਗਾਮ ਰਾਜਨਾਥ ਸਿੰਘ ਨੇ ਖਿੱਚ ਦਿੱਤੀ ਹੈ ਕਿ ਜੇ ਕਰ ਤੁਸੀਂ ਬਾਦਲ ਸਾਹਿਬ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਤੁਹਾਡੇ ਵਿਰੁੱਧ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਤੁਸੀਂ ਵੀ ਆਈ.ਐੱਸ.ਆਈ. ਏਜੰਟ ਅਰੂਸਾ ਨੂੰ ਸਰਕਾਰੀ ਕੋਠੀ ਵਿੱਚ ਠਹਿਰਾਉਣ ਦੇ ਦੋਸ਼ੀ ਹੋ।

ਇਨ੍ਹਾਂ ਹਾਲਤਾਂ ਵਿੱਚ ਜੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਵੋਟਾਂ ਖਾਤਰ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਸਿਆਸੀ ਆਗੂਆਂ ਨੂੰ ਢੁੱਕਵੀਂ ਸਜਾ ਦਿੱਤੀ ਜਾਵੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੌਜੂਦਾ ਮਹੌਲ ਵਿੱਚ ਅਦਾਲਤਾਂ ਰਾਹੀਂ ਇਨ੍ਹਾਂ ਨੂੰ ਅਸੀਂ ਯੋਗ ਸਜਾਵਾਂ ਨਹੀਂ ਦਿਵਾ ਸਕਦੇ, ਭਾਵੇਂ ਕਿ ਜਿਸ ਨੂੰ ਇਹ ਸਜਾ ਸਮਝਦੇ ਹਨ ਉਹ ਸਜਾਵਾਂ ਦੇਣ ਲਈ ਢੁਕਵਾਂ ਮਹੌਲ ਜਰੂਰ ਸਿਰਜ ਸਕਦੇ ਹਾਂ। ਉਹ ਮਹੌਲ ਹੈ ਕਿ ਬਾਦਲ ਦਲ ਅਤੇ ਭਾਜਪਾ ਦੇ ਆਮ ਵਰਕਾਰ, ਮੈਂਬਰ, ਸਰਪੰਚ, ਐੱਮ.ਸੀ. ਤੋਂ ਲੈ ਕੇ ਛੋਟੇ ਵੱਡੇ ਪੱਧਰ ਦਾ ਹਰ ਆਗੂ ਜਿਹੜਾ ਵੀ ਤੁਹਾਡੇ ਘਰ ਜਾਂ ਪਿੰਡ, ਸ਼ਹਿਰ ਜਾਂ ਗਲੀ ਮਹੱਲੇ ਵਿੱਚ ਵੋਟਾਂ ਮੰਗਣ ਲਈ ਆਵੇ ਉਸ ਤੋਂ ਉਕਤ ਤਰ੍ਹਾਂ ਦੇ ਸਵਾਲ ਜਰੂਰ ਪੁੱਛੇ ਜਾਣ ਤਾਂ ਕਿ ਸਾਰੇ ਪੰਜਾਬੀ ਹੀ ਨਹੀਂ ਬਲਕਿ ਸਾਰੇ ਭਾਰਤੀ ਨਾਗਰਿਕ ਇਤਨੇ ਕੁ ਜਾਗਰੂਕ ਹੋ ਜਾਣ ਕਿ ਜਿਹੜੀ ਵੀ ਪਾਰਟੀ ਕੇਵਲ ਵੋਟਾਂ ਖਾਤਰ ਆਪਣੇ ਇਸ਼ਟ ਦੀ ਬੇਪਤੀ ਕਰਨ ਨੂੰ ਵੀ ਤੁੱਛ ਸਮਝਦੀ ਹੋਵੇ, ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਪ੍ਰਸਾਸ਼ਨ, ਪੜਤਾਲੀਆ ਏਜੰਸੀਆਂ ਅਤੇ ਇੱਥੋਂ ਤੱਕ ਕਿ ਜੁਡੀਸ਼ਰੀ ਨੂੰ ਵੀ ਆਪਣੇ ਮੁਤਾਬਕ ਵਰਤ ਸਕਦੇ ਹੋਣ ਉਨ੍ਹਾਂ ਨੂੰ ਲੋਕਾਂ ਵਿੱਚ ਬੇਪਰਦ ਕਰ ਕੇ ਚੋਣਾਂ ਵਿੱਚ ਜਬਰਦਸਤ ਹਾਰ ਦਾ ਮੂੰਹ ਜਰੂਰ ਵਿਖਾਇਆ ਜਾਵੇ ਤਾਂ ਕਿ ਇਹ ਆਪਣੇ ਨਾਪਾਕ ਮਨਸੂਬਿਆਂ ਵਿੱਚ ਕਦੀ ਵੀ ਸਫਲ ਨਾ ਹੋ ਸਕਣ।

ਦੂਸਰੀ ਨੀਤੀ ਜੋ ਸਾਨੂੰ ਅਪਨਾਉਣੀ ਚਾਹੀਦੀ ਹੈ ਉਹ ਹੈ ਕਿ ਬਾਦਲ-ਭਾਜਪਾ ਹਰ ਉਹ ਹੀਲਾ ਵਰਤਣਗੇ ਜਿਸ ਨਾਲ ਸਾਡੀ ਸ਼ਕਤੀ ਕਮਜੋਰ ਹੋਵੇ। ਹਿੰਦੂ, ਮੁਸਲਮਾਨ, ਇਸਾਈ ਅਤੇ ਦਲਿਤ ਭਰਾਵਾਂ ਨਾਲ ਸਿੱਖਾਂ ਦਾ ਸਿੱਧਾ ਟਕਰਾਅ ਪੈਦਾ ਕਰਵਾ ਕੇ ਆਪਣੇ ਵੱਲੋਂ ਪ੍ਰਗਟਾਏ ਡਰ ਨੂੰ ਸਹੀ ਸਾਬਤ ਕਰਨਾ ਚਾਹੁੰਣਗੇ । ਇਨ੍ਹਾਂ ਦੀ ਇਸ ਬਦਨੀਤੀ ਤੋਂ ਬਚਣ ਲਈ ਸਾਨੂੰ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ ਅਤੇ ਕਿਸੇ ਵੀ ਸਿੱਖ ਆਗ਼ੂ ਨੂੰ ਐਸੀ ਕੋਈ ਬਿਆਨਬਾਜੀ ਨਹੀਂ ਕਰਨੀ ਚਾਹੀਦਾ ਜਿਸ ਨਾਲ ਸਾਡੀ ਭਾਈਚਾਰਕ ਸਾਂਝ ਨੂੰ ਕੋਈ ਆਂਚ ਆਵੇ।

ਅਜਿਹਾ ਤਾਂ ਹੀ ਸੰਭਵ ਹੈ ਜੇ ਕਰ ਸਾਰੀ ਕੌਮ ਆਪਸੀ ਮਤਭੇਦ ਅਤੇ ਆਪਣੀਆਂ ਮਿਥੀਆਂ ਮਨੌਤਾਂ ਭੁਲਾ ਕੇ ਇੱਕ ਵਿਧਾਨ – ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ, ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਦਾ ਘੱਟੋ ਘੱਟ ਪ੍ਰੋਗਰਾਮ ਮਿੱਥ ਕੇ ਇਕੱਤਰ ਹੋ ਜਾਵੇ। ਸਾਡੇ ਵਿੱਚੋਂ ਬਹੁਤੇ ਵੀਰ ਐਸੇ ਹਨ ਜੋ ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦਾ ਨਾਮ ਸੁਣ ਕੇ ਹੀ ਭੜਕ ਉਠਦੇ ਹਨ ਭਾਵੇਂ ਕਿ ਭੜਕਣ ਵਾਲੇ ਅੱਗੇ ਦੋ ਹੋਰ ਗਰੁੱਪਾਂ ਵਿੱਚ ਵੰਡੇ ਹੋਏ ਹਨ ਅਤੇ ਦੋਵਾਂ ਗਰੁੱਪਾਂ ਦਾ ਆਪਸ ਵਿੱਚ ਵੀ ਕੋਈ ਤਾਲਮੇਲ ਨਹੀਂ ਹੈ ਸਗੋਂ ਕੱਟੜ ਵਿਰੋਧ ਵਿੱਚ ਖੜ੍ਹੇ ਹਨ।

ਜੇ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਸਰਬਉੱਚ ਹਨ ਤਾਂ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਸ ਵਿੱਚ ਦਰਜ ਉਪਦੇਸ਼ਾਂ ਨੂੰ ਬਿਨਾਂ ਕਿਸੇ ਹੀਲ ਹੁਜਤ ਮੰਨ ਲੈਣਾ ਹੀ ਗੁਰੂ ਸਾਹਿਬਾਨ ਜੀ ਦਾ ਅਸਲ ਸਤਿਕਾਰ ਹੈ ਅਤੇ ਸਿਧਾਂਤਾਂ ਤੋਂ ਉਲਟ ਕਿਸੇ ਹੋਰ ਮਨੌਤਾਂ ਨੂੰ ਗੁਰਬਾਣੀ ਨਾਲੋਂ ਵੱਧ ਮਾਣਤਾ ਦੇਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਬਰਾਬਰ ਹੈ। ਜਦ ਸਾਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਗਰਾਂਦ ਜਾਂ ਸੰਕਰਾਂਤੀ ਨਾਮ ਦਾ ਕੋਈ ਵੀ ਸ਼ਬਦ ਮੌਜੂਦ ਨਹੀਂ ਅਤੇ ਨਾ ਇਹ ਵਿਆਖਿਆ ਕੀਤੀ ਹੋਈ ਹੈ ਕਿ ਸੰਗਰਾਂਦ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਨਿਕਲ ਕੇ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਇਸੇ ਤਰ੍ਹਾਂ ਚੰਦ੍ਰਮਾ ਦੇ ਹਿਸਾਬ ਚਉਦਸ, ਮੱਸਿਆ, ਪੂਰਨਮਾਸ਼ੀਆਂ ਨੂੰ ਪਵਿੱਤਰ ਮੰਨਣ ਦੀ ਮਨੌਤ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਗੁਰਬਾਣੀ ਦਾ ਉਪਦੇਸ਼ ਹੈ: “ਚਉਦਸ ਅਮਾਵਸ ਰਚਿ ਰਚਿ ਮਾਂਗਹਿ ; ਕਰ ਦੀਪਕੁ ਲੈ, ਕੂਪਿ ਪਰਹਿ (ਅੰਕ ੯੭੦) ਅਤੇ “ਸੋਈ ਦਿਵਸੁ ਭਲਾ, ਮੇਰੇ ਭਾਈ ! ਹਰਿ ਗੁਨ ਗਾਇ ; ਪਰਮ ਗਤਿ ਪਾਈ (ਅੰਕ ੩੯੫) ਸੋ ਜਿਨ੍ਹਾਂ ਸੰਗਰਾਂਦਾਂ, ਮੱਸਿਆ, ਪੂਰਨਮਾਸ਼ੀਆਂ ਆਦਿਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਮਹਾਨਤਾ ਹੀ ਨਹੀਂ ਦਿੱਤੀ ਗਈ ਉਨ੍ਹਾਂ ਦੇ ਅਧਾਰ ’ਤੇ ਪੰਡਿਤ ਦੇਵੀ ਲਾਲ ਸ਼ਰਮਾ ਵੱਲੋਂ ਬਣਾਈ ਜੰਤਰੀ ਨੂੰ ਸਦਾ ਲਈ ਸਥਿਰ ਤਰੀਖਾਂ ਨਿਸ਼ਚਿਤ ਕਰਨਾ, ਕੀ ਗੁਰੂ ਸਾਹਿਬਾਨ ਜੀ ਦੇ ਸਿਧਾਂਤ ਦੀ ਬੇਅਦਬੀ ਨਹੀਂ ਹੈ ?

ਇਸੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਅੰਕ ੧੩ ਅਤੇ ੬੬੩ ਉੱਪਰ ਦੋ ਵਾਰ ਧਨਾਸਰੀ ਰਾਗ ਵਿੱਚ ਦਰਜ ਕੀਤੇ ਸ਼ਬਦ “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ, ਜਨਕ ਮੋਤੀ ਵਿੱਚ  ਗੁਰੂ ਨਾਨਕ ਸਾਹਿਬ ਜੀ ਨੇ ਥਾਲ ਵਿੱਚ ਦੀਵੇ ਜਗਾ ਕੇ ਆਰਤੀ ਕਰਨ ਦਾ ਖੰਡਨ ਕੀਤਾ ਹੈ ਅਤੇ ਪਾਵਨ ਅੰਕ ੧੧੦੩ ਉੱਪਰ ਮਾਰੂ ਰਾਗ ਵਿੱਚ ਦਰਜ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ “ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ ; ਅਧਰਮੁ ਕਹਹੁ ਕਤ, ਭਾਈ ! ਆਪਸ ਕਉ ਮੁਨਿਵਰ ਕਰਿ ਥਾਪਹੁ ; ਕਾ ਕਉ ਕਹਹੁ ਕਸਾਈ ਵਿੱਚ ਰੱਬ ਜਾਂ ਖ਼ੁਦਾ ਦੇ ਨਾਂ ’ਤੇ ਪਸ਼ੂਆਂ ਦੀ ਬਲੀ ਦੇਣ ਦਾ ਜੋਰਦਾਰ ਢੰਗ ਨਾਲ ਖੰਡਨ ਕੀਤਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਐਸੇ ਮਨਮਤੀ ਕਰਮ ਕਰਨ ਦੀ ਮਨਾਹੀ ਸਾਫ ਸ਼ਬਦਾਂ ਵਿੱਚ ਲਿਖੀ ਹੋਈ ਹੈ। ਇਸ ਤਰ੍ਹਾਂ ਹੋਰ ਬਹੁਤ ਕੁਝ ਅਨਮਤੀ ਕਰਮ ਹਨ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਰਹਿਤ ਮਰਿਆਦਾ ਦੋਵਾਂ ਵਿੱਚ ਖੰਡਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਐਸੇ ਸਥਾਨ ਹਨ ਜਿੱਥੇ ਗੁਰਮਤਿ ਤੋਂ ਬਿਬਰਜਤ ਇਹ ਕਰਮ ਕੀਤੇ ਜਾਣ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਰੂਪ ਵਿੱਚ ਬੇਅਦਬੀ ਕੀਤੀ ਜਾ ਰਹੀ ਹੈ, ਅਜਿਹੇ ਕਰਮ ਸਿੱਖ ਪੰਥ ਵਿੱਚ ਵੰਡੀਆਂ ਪਾਉਣ ਅਤੇ ਆਪਸੀ ਵਿਰੋਧ ਪੈਦਾ ਕਰਨ ਦਾ ਮੂਲ ਕਾਰਨ ਬਣਦੇ ਹਨ।

ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਅਤੇ ਸਤਿਕਾਰ ਬਹਾਲ ਕਰਨ ਲਈ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਨੂੰ ਮਾਣਤਾ ਦੇਣਾ ਹੀ ਇੱਕੋ ਇੱਕ ਢੰਗ ਹੈ ਜਿਸ ਨਾਲ ਕੌਮੀ ਏਕਤਾ ਹਾਸਲ ਕਰ ਕੇ ਅਸੀਂ ਆਪਣੇ ਕੌਮੀ ਟੀਚੇ ਸਰ ਕਰ ਸਕਦੇ ਹਾਂ। ਹਾਂ ਜੇ ਕੁਝ ਸਿੱਖ ਰਹਿਤ ਮਰਿਆਦਾ ਵਿੱਚ ਐਸਾ ਕੁਝ ਜਾਪੇ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਿਧਾਂਤ ਦੇ ਵਿਰੋਧ ਵਿੱਚ ਹੈ ਤਾਂ ਉਸ ਨੂੰ ਜਰੂਰ ਹੀ ਗੁਰਬਾਣੀ ਤੋਂ ਸੇਧ ਲੈ ਕੇ ਸੋਧ ਕੀਤੀ ਜਾ ਸਕਦੀ ਹੈ ਪਰ ਉਸ ਤੋਂ ਪਹਿਲਾਂ ਮੌਜੂਦਾ ਸਿੱਖ ਰਹਿਤ ਮਰਿਆਦਾ ਹੀ ਇਕੋ ਇੱਕ ਸਰਬ ਸਾਂਝਾ ਪ੍ਰੋਗਰਾਮ ਰੱਖਣਾ ਪਏਗਾ।

ਕੌ ਸੈੱਸ (Cow cess) ਨਾਲ ਹੁੰਦਾ ਸਮਾਜਕ ਸ਼ੋਸ਼ਣ

0

ਕੌ ਸੈੱਸ (Cow cess) ਨਾਲ ਹੁੰਦਾ ਸਮਾਜਕ ਸ਼ੋਸ਼ਣ

ਕਿਰਪਾਲ ਸਿੰਘ (ਬਠਿੰਡਾ) 88378-13661

ਭਾਰਤ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਜਿਨ੍ਹਾਂ ’ਚੋਂ ਅਣਗਿਣਤ ਲੋਕ ਖ਼ੁਦਕਸ਼ੀਆਂ ਕਰਨ ਦੇ ਰਾਹ ਪੈ ਜਾਂਦੇ ਹਨ। ਖ਼ੁਦਕਸ਼ੀਆਂ ਕਰਨ ਵਾਲਿਆਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਮਜਦੂਰ ਕਿਸਾਨਾਂ ਦੀ ਹੈ ਜੋ ਹੁਣ ਤੱਕ ਅਨਾਜ਼ ਪੈਦਾ ਕਰ ਕੇ ਸਮੁੱਚੇ ਭਾਰਤ ਵਾਸੀਆਂ ਦਾ ਢਿੱਡ ਭਰਦੇ ਆ ਰਹੇ ਹਨ। ਇਨ੍ਹਾਂ ਮਿਹਨਤੀ ਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਦੱਬੇ ਕੁਚਲੇ ਲੋਕਾਂ ਦੀ ਸਾਰ ਲੈਣ ਦੀ ਬਜਾਏ ਸਾਰਕਾਰ ਨੇ ਗਊ ਮਾਤਾਵਾਂ ਦੀ ਸੇਵਾ ਸੰਭਾਲ ਦੇ ਨਾਂ ’ਤੇ ਭਾਰਤ ਵਿੱਚ ਆਮ ਵਿਅਕਤੀਆਂ ਦੇ ਜੀਵਨ ਨਿਰਬਾਹ ਲਈ ਲੋੜੀਦੀਆਂ ਸਾਰੀਆਂ ਵਸਤੂਆਂ, ਬਿਜਲੀ, ਪਾਣੀ, ਪੈਟਰੋਲ/ਡੀਜ਼ਲ, ਨਵੀਆਂ ਗੱਡੀਆਂ ਖ਼ਰੀਦਣ ਉੱਤੇ ਅਤੇ ਟਰਾਂਸਪੋਰਟੇਸ਼ਨ ਚਾਰਜਜ਼ ਆਦਿਕ ’ਤੇ ਲਗਾਏ ਜਾਂਦੇ ਕੌ ਸੈੱਸ ਗ਼ਰੀਬ ਪਰਿਵਾਰਾਂ ’ਤੇ ਪਏ ਪਹਿਲਾਂ ਹੀ ਵਾਧੂ ਭਾਰ ਨੂੰ ਹੋਰ ਵਧਾ ਦਿੱਤਾ ਹੈ।  ਲਗਾਏ ਜਾਂਦੇ ਕੌ ਸੈੱਸ ਨਾਲ ਸਰਕਾਰੀ ਖ਼ਜ਼ਾਨੇ ਮਾਲਾ-ਮਾਲ ਭਰ ਗਏ ਹਨ। ਇਸ ਤੋਂ ਇਲਾਵਾ ਗਊ ਸ਼ਾਲਾਵਾਂ ਦੇ ਨਾਂ ’ਤੇ ਲੋਕਾਂ ਪਾਸੋਂ ਬੇਅੰਤ ਮਾਇਆ ਹੋਰ ਵੀ ਇਕੱਠੀ ਕੀਤੀ ਜਾਂਦੀ ਹੈ, ਇਸ ਦੇ ਬਾਵਜੂਦ ਬਜ਼ਾਰਾਂ, ਸੜਕਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਅਵਾਰਾ ਫਿਰਦੀਆਂ ਗਊਆਂ ਜਿੱਥੇ ਹਰ ਰੋਜ਼ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ ਜਾਂ ਸਾਹਨਾਂ ਦੇ ਭੇੜ ਰਾਹੀਂ ਕੀਮਤੀ ਮਨੁੱਖੀ ਜ਼ਿੰਦਗੀ ਨੂੰ ਖ਼ਤਮ ਕਰ ਰਹੀਆਂ ਹਨ ਉੱਥੇ ਮਹਿੰਗੀਆਂ ਖਾਦਾਂ, ਡੀਜ਼ਲ ਅਤੇ ਦਵਾਈਆਂ ਦੀ ਵਰਤੋਂ ਰਾਹੀਂ ਛੇ ਮਹੀਨਿਆਂ ਦੀ ਕਰੜੀ ਮਿਹਨਤ ਉਪਰੰਤ ਤਿਆਰ ਹੋਈਆਂ ਫਸਲਾਂ ਨੂੰ ਵੀ ਕੁਝ ਕੁ ਮਿੰਟਾਂ ’ਚ ਤਬਾਹ ਕਰ ਕੇ ਕਿਸਾਨਾਂ ਦੀ ਆਰਥਿਕ ਜ਼ਿੰਦਗੀ ਨੂੰ ਨਿਰਬਲ ਬਣਾ ਦਿੰਦੀਆਂ ਹਨ। ਜਿਹੜੀਆਂ ਗਊਆਂ ਸ਼ਹਿਰਾਂ ਵਿੱਚ ਅਵਾਰਾ ਘੁੰਮ ਰਹੀਆਂ ਹਨ ਉਹ ਗੰਦਗੀ ਦੇ ਡੇਰਾਂ ਵਿੱਚ ਮੂੰਹ ਮਾਰਦੀਆਂ ਹੋਈਆਂ ਪਲਾਸਟਿਕ ਦੇ ਲਫਾਫੇ ਖਾ-ਖਾ ਕੇ ਮਰ ਰਹੀਆਂ ਹਨ ਅਤੇ ਜੋ ਗਊ ਸ਼ਾਲਾਵਾਂ ਵਿੱਚ ਹਨ ਉਹ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਰਹੀਆਂ ਹਨ, ਜਿਸ ਕਰਕੇ ਕੌ ਸੈੱਸ ਅਤੇ ਦਿੱਤੇ ਗਏ ਦਾਨ ਦਾ ਲਾਭ ਦਾਨੀਆਂ ਦੀ ਭਾਵਨਾ ਅਤੇ ਗਊਆਂ ਵਿੱਚੋਂ ਕਿਸੇ ਨੂੰ ਨਹੀਂ ਮਿਲ ਰਿਹਾ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਗਾਂ ਦੇ ਨਾਂ ’ਤੇ ਇਕੱਤਰ ਹੁੰਦੀ ਜ਼ਿਆਦਾਤਰ ਮਾਇਆ ਸਰਕਾਰੀ ਤੰਤਰ ਅਤੇ ਅਖੌਤੀ ਗਊ ਭਗਤਾਂ ਦੇ ਢਿੱਡ ਵਿੱਚ ਜਾ ਰਹੀ ਹੈ।

ਇਸ ਚੋਰ-ਬਾਜ਼ਾਰੀ ਦੀ ਜੜ੍ਹ ਹਰ ਸੂਬੇ ਵਿੱਚ ਸਰਕਾਰਾਂ ਦੁਆਰਾ ਬਣਾਏ ਗਏ ਕੌ ਬੋਰਡ ਹਨ ਜਿਨ੍ਹਾਂ ਨੂੰ ਮੰਤਰੀਆਂ ਵਾਂਗ ਸਹੂਲਤਾਂ ਤੇ ਤਨਖ਼ਾਹਾਂ/ਭੱਤੇ ਮਿਲਦੇ ਹਨ।  ਇਹ ਮਹਿਕਮੇ ਮਲਾਈਦਾਰ ਹੋਣ ਕਾਰਨ ਸਰਕਾਰਾਂ ਆਪਣੇ ਚਹੇਤਿਆਂ ਨੂੰ ਇੱਥੇ ਨਿਯੁਕਤ ਕਰ ਲੈਂਦੀਆਂ ਹਨ, ਜਿਨ੍ਹਾਂ ਦੀ ਜੀ ਹਜ਼ੂਰੀ ਲਈ ਹੇਠਾਂ ਹੋਰ ਵੀ ਕਈ ਮੁਲਾਜਮਾਂ ਤੇ ਅਖੌਤੀ ਗਊ ਭਗਤਾਂ ਨੂੰ ਕਈ ਸੁਵਿਧਾਵਾਂ ਤੇ ਅਧਿਕਾਰ ਦਿੱਤੇ ਹੁੰਦੇ ਹਨ। ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਉਗਰਾਹਿਆ ਹੋਇਆ ਧਨ ਸਹੀ ਜਗ੍ਹਾ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿੱਚ ਖਪਤ ਹੋ ਜਾਂਦਾ ਹੈ, ਜਿਸ ਕਾਰਨ ਗਊਆਂ ਅਤੇ ਇਨ੍ਹਾਂ ਦੀ ਮਾਰ ਹੇਠ ਆਈ ਕਿਰਸਾਨੀ ਦੀ ਜੋ ਹਾਲਤ ਹੈ ਉਹ ਸਾਡੇ ਸਾਹਮਣੇ ਹੈ, ਇਸ ਬਾਰੇ ਬਹੁਤਾ ਕੁਝ ਲਿਖਣ ਦੀ ਲੋੜ ਨਹੀਂ।

ਇਸ ਗੰਭੀਰ ਸਮੱਸਿਆ ਦਾ ਹੱਲ ਇਹੀ ਲੱਭਦਾ ਹੈ ਕਿ ਕੌ ਸੈੱਸ ਰਾਹੀਂ ਕੀਤੀ ਜਾਂਦੀ ਜ਼ਬਰੀ ਵਸੂਲੀ ਬਿਲਕੁਲ ਬੰਦ ਕੀਤੀ ਜਾਵੇ ਤੇ ਸਾਰੇ ਹੀ ਕੌ ਬੋਰਡ ਭੰਗ ਕਰ ਦਿੱਤੇ ਜਾਣ ਕਿਉਂਕਿ ਗਊ ਪੂਜਾ ਜਾਂ ਗਊ ਸੇਵਾ ਇੱਕ ਵਿਸ਼ੇਸ਼ ਧਰਮ ਦੀ ਆਸਥਾ ਦਾ ਕੇਂਦਰ ਹੈ, ਨਾ ਕਿ ਸਾਰੇ ਭਾਰਤ ਵਾਸੀਆਂ ਦੀ ਆਸਥਾ। ਭਾਰਤੀ ਸੰਵਿਧਾਨ ਧਰਮ ਨਿਰਪੱਖ ਦੇਸ਼ ਦੀ ਵਿਆਖਿਆ ਕਰਦਾ ਹੈ, ਜਿੱਥੇ ਕਿਸੇ ਵਿਸ਼ੇਸ਼ ਧਰਮ ਨੂੰ ਮਹੱਤਵ ਦੇ ਕੇ ਦੂਸਰਿਆਂ ਪਾਸੋਂ ਜ਼ਬਰੀ ਟੈਕਸ ਵਸੂਲਣਾ ਅਪਰਾਧ ਹੈ। ਜੋ ਲੋਕ ਗਊਆਂ ਪ੍ਰਤੀ ਖ਼ਾਸ ਆਸਥਾ ਨਹੀਂ ਰੱਖਦੇ ਜਾਂ ਟੈਕਸ ਦੇਣ ਤੋਂ ਅਸਮਰਥ ਹਨ, ਉਹ ਇਸ ਆਸਤਕ ਚੱਕੀ ਵਿੱਚ ਕਿਉਂ ਪੀਸਣ? ਸਰਕਾਰਾਂ ਨੂੰ ਚਾਹੀਦਾ ਹੈ ਕਿ ਦੇਸ਼ ਦੀਆਂ ਸਾਰੀਆਂ ਗਊਆਂ ਦੀ ਗਿਣਤੀ ਕਰਾ ਕੇ ਇਨ੍ਹਾਂ ਉੱਤੇ ਹੋਣ ਵਾਲ਼ੇ ਕੁੱਲ ਖ਼ਰਚੇ ਅਤੇ ਇਨ੍ਹਾਂ ਲਈ ਇਕੱਤਰ ਕੀਤੀ ਜਾਂਦੀ ਮਾਇਆ ਦਾ ਵੇਰਵਾ ਜਨਤਾ ਦੇ ਸਾਹਮਣੇ ਲੈ ਕੇ ਆਉਣ।

ਗਊ ਭਗਤਾਂ ਦੀ ਗਊਆਂ ਦੇ ਨਾਂ ’ਤੇ ਵਿਖਾਈ ਜਾਂਦੀ ਹਮਦਰਦੀ ਦਾ ਅਸਲ ਸੱਚ ਜਨਤਾ ਦੇ ਸਾਹਮਣੇ ਲਿਆਉਣ ਲਈ ਇਨ੍ਹਾਂ ਦੇ ਘਰਾਂ ਵਿੱਚ ਰੱਖੀਆਂ ਗਾਈਆਂ ਦੀ ਗਿਣਤੀ ਨੂੰ ਉਜਾਗਰ ਕੀਤਾ ਜਾਵੇ । ਗਊ ਰੱਖਿਆ ਦੇ ਨਾਂ ’ਤੇ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਸਖ਼ਤ ਹਦਾਇਤ ਹੋਵੇ ਕਿ ਉਹ ਜਾਂ ਤਾਂ ਅਵਾਰਾ ਗਊਆਂ ਨੂੰ ਆਪਣੇ ਘਰਾਂ ’ਚ ਬੰਨ੍ਹ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਜਾਂ ਲੋੜ ਅਨੁਸਾਰ ਗਊਸ਼ਾਲਾਵਾਂ ਦੀ ਉਸਾਰੀ ਕਰਨ ਅਤੇ ਇਸ ਕਾਰਜ ਨੂੰ ਖ਼ੁਦ ਸੰਭਾਲਣ, ਨਹੀਂ ਤਾਂ ਫੋਕੀ ਰਾਜਨੀਤੀ ਤੇ ਗੁੰਡਾਗਰਦੀ ਕਰਨੀ ਬੰਦ ਕਰਨ। ਅਗਰ ਸਰਕਾਰ ਸਖ਼ਤੀ ਨਾਲ ਅਜਿਹੇ ਨਿਯਮ ਬਣਾ ਕੇ ਲਾਗੂ ਕਰ ਦੇਵੇ ਤਾਂ ਜਿੱਥੇ ਭੁੱਖਮਰੀ ਅਤੇ ਪਲਾਸਟਿਕ ਦੇ ਲਫਾਫੇ ਖਾ ਕੇ ਮਰ ਰਹੀਆਂ ਗਊਆਂ ਦੀ ਜ਼ਿਦਗੀ ਸੁਖਾਲੀ ਹੋਵੇਗੀ ਉੱਥੇ ਕਿਰਸਾਨੀ ਅਤੇ ਸੜਕ ਹਾਦਸਿਆਂ ਨੂੰ ਵੀ ਠੱਲ ਪਾਈ ਜਾ ਸਕੇਗੀ। ਇਹ ਵੀ ਵਿਚਾਰਨਯੋਗ ਹੈ ਕਿ ਜਿਨ੍ਹਾਂ ਜਾਨਵਰਾਂ ਨਾਲ ਸਮਾਜਕ ਕਠਨਾਈ ਉਤਪੰਨ ਹੁੰਦੀ ਹੋਵੇ ਉਨ੍ਹਾਂ ਦੀ ਨਸਬੰਦੀ ਨੂੰ ਕਿਉਂ ਨਾ ਕਾਨੂੰਨਣ ਮਾਨਤਾ ਦਿੱਤੀ ਜਾਵੇ।

ਮਹਾਂ ਪੁਰਖ ਕਹਾਉਣ ਵਾਲਿਆਂ ਦੇ (ਕੁ)ਬਚਨ

0

ਕਿਰਪਾਲ ਸਿੰਘ ਬਠਿੰਡਾ 88378-13661

ਪਿਛਲੇ ਦਿਨਾਂ ਵਿੱਚ ਆਪਣੇ ਆਪ ਨੂੰ ਮਹਾਂਪੁਰਖ ਜਾਂ ਮਹਾਂਮੁਰਖਾਂ ਦੇ ਬਹੁਤ ਜੀ ਨਜ਼ਦੀਕੀ ਕਹਾਉਣ ਵਾਲੇ ਦੋ ਵਿਅਕਤੀਆਂ ਦੇ ਗੁਰਮਤਿ ਵਿਰੋਧੀ ਅਤੇ ਭਾਵਨਾਤਮਿਕ ਤੌਰ ’ਤੇ ਪੰਥ ਵਿਰੋਧੀ ਸ਼ਬਦ ਸੁਣਨ ਨੂੰ ਮਿਲੇ; ਉਨ੍ਹਾਂ ਦੋਵਾਂ ਦੀ ਵੀਚਾਰ ਕਰਨੀ ਬਣਦੀ ਹੈ। ਉਨ੍ਹਾਂ ਵਿੱਚੋਂ ਪਹਿਲਾ ਹੈ ਗਿਆਨੀ ਠਾਕਰ ਸਿੰਘ। ਠਾਕਰ ਸਿੰਘ ਕਹਿੰਦਾ 1984 ’ਚ ਦਰਬਾਰ ਸਾਹਿਬ ’ਤੇ ਭਾਰਤੀ ਫੌਜਾਂ ਦੇ ਹਮਲੇ ਤੋਂ ਪਹਿਲਾਂ 6 ਮਹੀਨੇ ਲਗਾਤਾਰ ਸੰਤ ਜਰਨੈਲ ਸਿੰਘ ਦੀ ਛੇਵੇਂ ਤੇ ਦਸਵੇਂ ਪਾਤਸ਼ਾਹ ਨਾਲ ਅਕਾਲ ਤਖ਼ਤ ’ਤੇ ਮੀਟਿੰਗ ਹੁੰਦੀ ਰਹੀ ਅਤੇ ਦਸਵੇਂ ਪਾਤਸ਼ਾਹ ਨੇ ਹੀ ਜਰਨੈਲ ਸਿੰਘ ਨੂੰ ਸਾਲਾਹ ਦਿੱਤੀ ਸੀ ਕਿ ਜੇ ਅਕਾਲ ਤਖ਼ਤ ਢਹਿ ਗਿਆ ਤਾਂ ਟਕਸਾਲ ਦਾ ਇਤਨਾ ਪਰਚਾਰ ਹੋ ਜਾਣਾ ਹੈ ਜਿਨਾਂ ਟਕਸਾਲ ਸੌ ਸਾਲ ਦੇ ਪਰਚਾਰ ਨਾਲ ਵੀ ਨਹੀਂ ਕਰ ਸਕਦੀ।  ਸੁਣੋ ਇਸ ਲਿੰਕ ਤੋਂ

ਗੁਰਮਤਿ ਦਾ ਦ੍ਰਿੜ ਵਿਸ਼ਵਾਸ਼ ਹੈ ਕਿ ‘ਗੁਰੂ’ ਸਰੀਰ ਨਹੀਂ ਬਲਕਿ ਜੋਤ ਰੂਪ ਹੈ: ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥(ਭਟ ਮਥੁਰਾ/1408) ਜੋ ਬਾਣੀ ਪੜ੍ਹਨ ਅਤੇ ਸੇਵਾ ਸਿਮਰਨ ਕਰਨ ਵਾਲੇ ਗੁਰਸਿੱਖ ਦੇ ਹਮੇਸ਼ਾਂ ਅੰਗ ਸੰਗ ਰਹਿੰਦਾ ਹੈ : ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ ॥ (ਮ: 5/394) ਇਸ ਲਈ ਗੁਰੂ ਸਾਹਿਬ ਜੀ ਵੱਲੋਂ ਕਦੀ ਰਾਤ ਬਰਾਤੇ ਆ ਕੇ ਕਿਸੇ ਗੁਰਸਿੱਖ ਕੋਲ ਬਿਸਤਰੇ ’ਤੇ ਬੈਠਣਾ ਅਤੇ ਸਲਾਹ ਮਸ਼ਵਰੇ ਕਰਨੇ ਕੇਵਲ ਮਨੋਕਲਪਿਤ ਮਨੌਤ ਅਤੇ ਗਪੌੜ ਸੰਖ ਤੋਂ ਵੱਧ ਕੁਝ ਵੀ ਨਹੀਂ ਹੈ। ਦੂਸਰੀ ਗੱਲ ਹੈ ਕਿ ਇਨ੍ਹਾਂ ਟਕਸਾਲੀਆਂ ਨੂੰ ਗੁਰਮਤਿ ਦੇ ਪਰਚਾਰ ਨਾਲੋਂ ਆਪਣੀ ਟਕਸਾਲ ਦੇ ਪਰਚਾਰ ਦੀ ਬਹੁਤ ਚਿੰਤਾ ਸਤਾਉਂਦੀ ਰਹਿੰਦੀ ਹੈ ਇਸੇ ਕਾਰਨ ਤਾਂ ਗਪੌੜੀ ਠਾਕਰ ਸਿੰਘ ਅਨੁਸਾਰ ਸੰਤ ਜਰਨੈਲ ਸਿੰਘ ਨੇ ਅਕਾਲ ਤਖ਼ਤ ਦੇ ਢਹਿ ਢੇਰੀ ਹੋਣ ਦੇਣ ਦੀ ਦਸਵੇਂ ਪਾਤਸ਼ਾਹ ਦੀ ਸਲਾਹ ਕੇਵਲ ਇਸੇ ਕਾਰਨ ਮੰਨ ਲਈ ਸੀ ਕਿਉਂਕਿ ਇਸ ਨਾਲ ਟਕਸਾਲ ਦਾ ਪਰਚਾਰ ਇਤਨਾ ਹੋ ਜਾਣਾ ਹੈ ਜਿਤਨਾ ਸੰਤ ਜਰਨੈਲ ਸਿੰਘ ਨੇ ਸੌ ਸਾਲ ਦੇ ਪਰਚਾਰ ਨਾਲ ਵੀ ਨਹੀਂ ਸੀ ਕਰ ਸਕਣਾ।

ਜੇ ਕਰ ਠਾਕਰ ਸਿੰਘ ਦੀ ਗੱਲ ਦਰੁਸਤ ਮੰਨ ਵੀ ਲਈ ਜਾਏ ਤਾਂ ਉਸ ਵੱਲੋਂ ਕੀਤੇ ਇੰਕਸ਼ਾਫ ਦੁਆਰਾ ਟਕਸਾਲ ਸਮੇਤ ਪੰਥ ਦੇ ਵੱਡੇ ਹਿੱਸੇ ਵੱਲੋਂ ਅਕਾਲ ਤਖ਼ਤ ’ਤੇ ਹਮਲੇ ਲਈ ਕਾਂਗਰਸ ਖਾਸ ਕਰਕੇ ਇੰਦਰਾ ਗਾਂਧੀ ਨੂੰ ਦੋਸ਼ੀ ਦੱਸੇ ਜਾਣ ਦੀ ਕੋਈ ਤੁਕ ਹੀ ਨਹੀਂ ਬਣਦੀ ਕਿਉਂਕਿ ਗਪੌੜੀ ਠਾਕਰ ਸਿੰਘ ਅਨੁਸਾਰ ਤਾਂ ਇਹ ਹਮਲਾ ਦਸਵੇਂ ਪਾਤਸ਼ਾਹ ਤੇ ਸੰਤ ਜਰਨੈਲ ਸਿੰਘ ਦੀ ਸਕੀਮ ਅਨੁਸਾਰ ਹੀ ਹੋਇਆ ਸੀ।

ਅਜੇਹੀ ਗੱਪ ਠਾਕਰ ਸਿੰਘ ਨੇ ਪਹਿਲੀ ਵਾਰ ਨਹੀਂ ਮਾਰੀ ਸਗੋਂ ਆਮ ਤੌਰ ’ਤੇ ਇਹ ਅਤੇ ਇਸ ਦੇ ਹੋਰ ਟਕਸਾਲੀ ਭਰਾ ਜਿਵੇਂ ਕਿ ਹਰੀ ਸਿੰਘ ਰੰਧਾਵਾ ਆਦਿਕ ਮਾਰਦੇ ਰਹਿੰਦੇ ਹਨ। ਇਹ ਕਦੀ ਕਹਿੰਦੇ ਹਨ ਕਿ ਉਨ੍ਹਾਂ ਨੂੰ 32-32 ਫੁੱਟ ਉਚੇ ਸਿੱਖ ਸ਼ਹੀਦ ਮਿਲੇ ਅਤੇ ਕਦੀ ਕਹਿੰਦੇ ਹਨ ਕਿ ਬਹੁਤ ਹੀ ਲੰਬੀ ਚੌੜੀ ਸੁਰੰਗ ਵਿੱਚ ਇਨ੍ਹਾਂ ਦੇ ਮਹਾਂਮਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਟਕਸਾਲ ਨਾਲ ਸਬੰਧਤ ਸ਼ਹੀਦ ਸਿੱਖ ਜੋਧੇ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਉਹ ਇੱਥੋਂ ਨਿਕਲ ਕੇ ਸਿੱਖਾਂ ਲਈ ਖਾਲਸਤਾਨ ਬਣਾ ਕੇ ਦੇਣਗੇ।

ਦੂਸਰਾ ਹੈ ਬਾਬਾ ਘਾਲਾ ਸਿੰਘ ਨਾਨਕਸਰੀਆ। ਇਹ ਕਹਿੰਦਾ ਭੁੱਚੋ ਵਾਲੇ ਚੌਕ ’ਤੇ ਬੇਅੰਤ ਸਿੰਘ ਖੜ੍ਹਾ ਸੀ ਜਿਸ ਨੇ ਸਾਹਮਣੇ ਤੋਂ ਆ ਰਹੇ ਸੰਤ ਨਰਾਇਣ ਸਿੰਘ ਨੂੰ ਨਮਸ਼ਕਾਰ ਕੀਤੀ ਅਤੇ ਆਪਣੇ ਲਈ ਮੁੱਖ ਮੰਤਰੀ ਦਾ ਅਹੁੱਦਾ ਪ੍ਰਾਪਤ ਕਰਨ ਲਈ ਅਸ਼ੀਰਵਾਦ ਮੰਗਿਆ। ਅੱਗੇ ਬੋਲਦੇ ਹਨ ਕਿ ਸੰਤਾਂ ਦੇ ਅਸ਼ੀਰਵਾਦ ਨਾਲ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਿਹੜਾ ਆਪ ਭਾਵੇਂ ਸ਼ਹੀਦ ਹੋ ਗਿਆ ਪਰ ਪੰਜਾਬ ਵਿੱਚ ਉਸ ਨੇ ਸ਼ਾਂਤੀ ਲਿਆ ਦਿੱਤੀ। (ਸੁਣੋ ਇਸ ਲਿੰਕ ਤੋਂ

ਜੇ ਕਰ ਘਾਲਾ ਸਿੰਘ ਦੇ ਉਕਤ ਕਥਨ ਅਨੁਸਾਰ ਬੇਅੰਤ ਸਿੰਘ ਨੂੰ ਸ਼ਹੀਦ ਮੰਨ ਲਿਆ ਜਾਵੇ ਤਾਂ ਕੌਮ ਵੱਲੋਂ ਮੰਨੇ ਜਾ ਰਹੇ ਸ਼ਹੀਦ ਦਿਲਾਵਰ ਸਿੰਘ ਨੂੰ ਉਹ ਕਿਹੜਾ ਸਥਾਨ ਦੇਣਾ ਚਾਹੁੰਦੇ ਹਨ  ਸ਼ਹੀਦ ਦਾ ਜਾਂ ਕਾਤਲ ਅਤੇ ਦੇਸ਼ ਦੇ ਗਦਾਰ ਦਾ?

ਸਮੁੱਚਾ ਪੰਥ ਬੇਅੰਤ ਸਿੰਘ ਨੂੰ ਬੁੱਚੜ ਕਹਿ ਕੇ ਯਾਦ ਕਰਦਾ ਹੈ ਕਿਉਂਕਿ ਉਹ ਸੈਂਕੜੇ ਸਿੱਖ ਨੌ ਜਵਾਨਾਂ ਨੂੰ ਪੁਲਿਸ ਕੋਲੋਂ ਘਰੋਂ ਚੁੱਕਵਾ ਕੇ ਝੂਠੇ ਮੁਕਾਬਲਿਆਂ ਵਿੱਚ ਮਰਵਾਉਣ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ। ਬੁੱਚੜ ਬਅੰਤ ਸਿੰਘ ਨੂੰ ਮੁੱਖ ਮੰਤਰੀ ਬਣਨ ਦਾ ਅਸ਼ੀਰਵਾਦ ਦੇਣ ਵਾਲੇ ਉਸੇ ਨਾਨਕਸਰੀਏ ਮਹਾਂਪੁਰਖ ਦੇ ਚੇਲੇ ਹਨ ਜਿਸ ਅਨੁਸਾਰ ਮਹਾਂਪੁਰਖਾਂ ਦੇ ਡੇਰੇ ’ਤੇ ਰਹਿਣ ਵਾਲੀ ਕੁੱਤੀ ਨੇ ਸੰਤਾਂ ਦੀ ਕਿਰਪਾ ਕਾਰਨ ਇੰਗਲੈਂਡ ਵਿੱਚ ਜਨਮ ਲੈ ਕੇ ਉਥੋਂ ਦੀ ਰਾਣੀ ਅਲਿਜਾਬਿਥ ਬਣ ਕੇ ਰਾਜ ਕੀਤਾ। ਜਿਸ ਪੁਸਤਕ ਵਿੱਚ ਇਹ ਝੂਠੀ ਗੱਪ ਲਿਖੀ ਹੋਈ ਹੈ ਉਸ ਨੂੰ ਨਾਨਕਸਰੀਏ ਬਹੁਤ ਹੀ ਮਹਾਨਤਾ ਦਿੰਦੇ ਹਨ। ਉਸ ਪੁਸਤਕ ਨੂੰ ਪੜ੍ਹ ਕੇ ਵੇਖਿਆ ਜਾਵੇ ਤਾਂ ਅਨੇਕਾਂ ਐਸੀਆਂ ਗੱਪਾਂ ਪੜ੍ਹਨ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਪੜ੍ਹ ਕੇ ਬੰਦਾ ਹੈਰਾਨ ਰਹਿ ਜਾਂਦਾ ਹੈ।

ਮਹਾਂ ਪੁਰਖ ਅਖਵਾਉਣ ਵਾਲੇ ਉਕਤ ਦੋਵੇਂ ਵਿਅਕਤੀਆਂ ਵਿੱਚੋਂ ਪਹਿਲੇ ਨੇ ਵੀਡੀਓ ਬਣਾ ਕੇ ਮੁਆਫੀ ਮੰਗ ਲਈ ਹੈ  ਅਤੇ ਦੂਸਰੇ ਨੇ ਅਕਾਲ ਤਖਤ ’ਤੇ ਪਹੁੰਚ ਕੇ ਆਪਣੇ ਕਹੇ ਹੋਏ ਸ਼ਬਦ ਵਾਪਸ ਲੈ ਲਏ ਹਨ। ਸੰਭਾਵਨਾ ਇਹੀ ਹੀ ਹੈ ਕਿ ਦੋਵਾਂ ਨੂੰ ਮੁਆਫੀ ਮੰਗੇ ਜਾਣ ਦਾ ਬਹਾਨਾ ਬਣਾ ਕੇ ਮੁਆਫ ਕਰ ਦਿੱਤਾ ਜਾਵੇਗਾ ਜਾਂ ਵੱਧ ਵੱਧ ਦੋ ਚਾਰ ਦਿਨ ਦੀ ਮਾਮੂਲੀ ਤਨਖਾਹ ਲਾ ਕੇ ਮੁਆਫ ਕਰ ਦਿੱਤਾ ਜਾਵੇਗਾ। ਅਸਲ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਧਾਰਨ ਕੀਤਾ ਐਸਾ ਵਤੀਰਾ ਹੀ ਹੈ ਜਿਹੜਾ ਐਸੇ ਮਹਾਂਪੁਰਖਾਂ ਨੂੰ ਗੁਰਮਤਿ ਵਿਰੋਧੀ ਅਤੇ ਪੰਥਕ ਜਜ਼ਬਾਤਾਂ ਦਾ ਘਾਣ ਕਰਨ ਵਾਲਾ ਮਨਮਤੀ ਪਰਚਾਰ ਕਰਨ ਦੀ ਹਲਾਸ਼ੇਰੀ ਦੇ ਰਿਹਾ ਹੈ ਜਦੋਂ ਕਿ ਗੁਰਮਤਿ ਦੇ ਪ੍ਰਚਾਰਕਾਂ ਨੂੰ ਕੱਟ ਵੱਢ ਕੇ ਪੇਸ਼ ਕੀਤੀਆਂ ਵੀਡਓ ਕਲਿੱਪ ਦੇ ਅਧਾਰ ’ਤੇ ਹੀ ਪੰਥ ਵਿੱਚੋਂ ਛੇਕ ਕੇ ਪੰਥ ਲਈ ਹੁਕਮ ਚਾੜ੍ਹ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਪੰਥਕ ਸਟੇਜ਼ ’ਤੇ ਬੋਲਣ ਨਾ ਦਿੱਤਾ ਜਾਵੇ। ਇਹੀ ਨਹੀਂ ਬਲਕਿ ਜਥੇਦਾਰ ਵੱਲੋਂ ਇਨ੍ਹਾਂ ਦੇ ਡੇਰਿਆਂ ’ਤੇ ਜਾ ਕੇ ਉਨ੍ਹਾਂ ਨੂੰ ਪੰਥ ਦੀ ਬਹੁ ਮੁੱਲੀ ਸੇਵਾ ਕਰਨ ਵਾਲੇ ਐਲਾਨਿਆ ਜਾਂਦਾ ਹੈ। ਇਸ ਲਈ ਮਨਮਤ ਦੇ ਪਰਚਾਰ ਲਈ ਕੇਵਲ ਇਹ ਅਖੌਤੀ ਮਹਾਂਪੁਰਖਾਂ ਹੀ ਨਹੀਂ ਬਲਕਿ ਅਕਾਲ ਤਖ਼ਤ ਦਾ ਜਥੇਦਾਰ ਵੀ ਬਰਾਬਰ ਦਾ

  

ਸੰਘ ਦੀਆਂ ਮਾਰੂ ਨੀਤੀਆਂ ਨੂੰ ਠੱਲ੍ਹ ਪਾਉਣ ਦਾ ਇੱਕੋ ਉਪਾਅ: ਮਹਾਂ ਗਠਜੋੜ ਦਾ ਗਠਨ

0

ਸੰਘ  ਦੀਆਂ ਮਾਰੂ ਨੀਤੀਆਂ ਨੂੰ ਠੱਲ੍ਹ ਪਾਉਣ ਦਾ ਇੱਕੋ ਉਪਾਅ: ਮਹਾਂ ਗਠਜੋੜ ਦਾ ਗਠਨ

ਕਿਰਪਾਲ ਸਿੰਘ ਬਠਿੰਡਾ 88378-13661

ਬ੍ਰਾਹਮਣਵਾਦ ਨੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਮੰਨੂ ਸਿਮਰਿਤੀ ਰਾਹੀਂ ਭਾਰਤੀ ਲੋਕਾਂ ਨੂੰ ਵਰਣਾਂ ਅਤੇ ਜਾਤਾਂ ਵਿੱਚ ਵੰਡ ਕੇ ਖ਼ੂਬ ਲਤਾੜਿਆ ਅਤੇ ਲੁੱਟਿਆ । ਖਾਸ ਕਰ ਕੇ ਸ਼ੂਦਰਾਂ, ਜਿਨ੍ਹਾਂ ਨੂੰ ਅੱਜ ਕੱਲ੍ਹ ਦਲਿਤ ਕਿਹਾ ਜਾਂਦਾ ਹੈ; ਨੂੰ ਪਸ਼ੂਆਂ ਨਾਲੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ। ਇਸ ਦਾ ਵਿਸਥਾਰ ਸਹਿਤ ਵਰਨਣ ਪ੍ਰੋ: ਗੁਰਨਾਮ ਸਿੰਘ ਮੁਕਤਸਾਰ ਨੇ ਆਪਣੀ ਪੁਸਤਕ “ਭਾਰਤੀ ਲੋਕ ਨੀਚ ਕਿਵੇਂ ਬਣੇ” ਵਿੱਚ ਹਿੰਦੂ ਧਰਮ ਦੇ ਹੀ ਪੁਰਾਣਾਂ ਅਤੇ ਸਿਮਰਿਤੀਆਂ ਦੇ ਹਵਾਲੇ ਦੇ ਕੇ ਕੀਤਾ ਹੈ। ਮੁਸਲਮਾਨਾਂ ਪ੍ਰਤੀ ਆਰ.ਐੱਸ.ਐੱਸ. ਦੇ ਫ਼ਿਲਾਸਫਰ ਤੇ ਸਰਸੰਘ ਚਾਲਕ ਐੱਮ.ਐੱਸ. ਗੋਲਵਲਕਰ ਆਪਣੀ ਪੁਸਤਕ ‘ਵੀ ਆਰ ਨੇਸ਼ਨਹੁੱਡ ਡਿਫਾਈਂਡ’ ਵਿੱਚ ਲਿਖਦੇ ਹਨ:  “ਉਹ ਅਸ਼ੁਭ ਦਿਨ ਜਦੋਂ ਮੁਸਲਮਾਨਾਂ ਨੇ ਹਿੰਦੋਸਤਾਨ ਦੀ ਜ਼ਮੀਨ ’ਤੇ ਆਪਣੇ ਪੈਰ ਧਰੇ ਉਦੋਂ ਤੋਂ ਹੁਣ ਤਕ ਇਨ੍ਹਾਂ ਨੂੰ ਲਤਾੜਨ ਲਈ ਹਿੰਦੂ ਰਾਸ਼ਟਰ ਬਹਾਦਰੀ ਨਾਲ ਲੜ ਰਿਹਾ ਹੈ। ਹਿੰਦੂ ਰਾਸ਼ਟਰ ਅਜੇ ਜੇਤੂ ਨਹੀਂ ਹੋਇਆ ਇਸ ਲਈ ਜੰਗ ਜਾਰੀ ਹੈ।”  ਆਪਣੀ ਪੁਸਤਕ ‘ਬੰਚ ਆਫ ਥਾਟ’ ਵਿੱਚ ਉਸ ਨੇ ਲਿਖਿਆ ਹੈ: “ਮੁਸਲਮਾਨ ਇਸ ਦੇਸ਼ ਦੇ ਦੁਸ਼ਮਣ ਹਨ, ਇਨ੍ਹਾਂ ਦੇ ਤਾਰ ਪਾਕਿ ਨਾਲ ਜੁੜੇ ਰਹਿੰਦੇ ਹਨ, ਉਹ ਭਾਰਤ ਵਿੱਚ ਕਈ ਹੋਰ ਪਾਕਿਸਤਾਨ ਬਣਾਉਣ ਵਿੱਚ ਜੁਟੇ ਹੋਏ ਹਨ।”

 ਆਰ.ਐੱਸ.ਐੱਸ. ਵੈਸੇ ਤਾਂ ਜੈਨੀਆਂ, ਬੋਧੀਆਂ, ਸਿੱਖਾਂ, ਈਸਾਈਆਂ ਸਮੇਤ ਸਾਰੇ ਹੀ ਧਰਮਾਂ ਨੂੰ ਸਿਧਾਂਤਕ ਤੌਰ ’ਤੇ ਖੋਰਾ ਲਾ ਕੇ ਉਨ੍ਹਾਂ ਨੂੰ ਹੌਲ਼ੀ ਹੌਲ਼ੀ ਹਿੰਦੂ ਧਰਮ ਵਿੱਚ ਸ਼ਾਮਲ ਕਰ ਕੇ ਹਿੰਦੂ ਰਾਸ਼ਟਰ ਕਾਇਮ ਕਰਨ ਵੱਲ ਵਧ ਰਹੀ ਹੈ ਪਰ 2014 ਜਦੋਂ ਤੋਂ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਹੋਂਦ ਵਿੱਚ ਆਈ ਹੈ ਉਸੇ ਸਮੇਂ ਤੋਂ ਰੋਮੀਓ, ਲਵ ਜਹਾਦ, ਗਊ ਹੱਤਿਆ, ਗਊ ਮਾਸ ਅਤੇ ਰਾਸ਼ਟਰਵਾਦ ਆਦਿਕ ਦੇ ਨਾਮ ’ਤੇ ਜਿਸ ਤਰ੍ਹਾਂ ਪਿਛਲੇ ਸਵਾ ਚਾਰ ਸਾਲਾਂ ਵਿੱਚ ਵਿਸ਼ੇਸ਼ ਤੌਰ ’ਤੇ ਦਲਿਤਾਂ ਅਤੇ ਮੁਸਲਮਾਨਾਂ ਉੱਤੇ ਬੇਰੋਕ ਹਿੰਸਕ ਭੀੜਾਂ ਰਾਹੀਂ ਹਜੂਮੀ ਕਤਲ, ਸਮੂਹਕ ਬਲਾਤਕਾਰ, ਘਰਾਂ ਅਤੇ ਝੁੱਗੀਆਂ ਨੂੰ ਅੱਗ ਲਾ ਕੇ ਪਰਵਾਰਾਂ ਸਮੇਤ ਸਾੜਨ ਵਰਗੀਆਂ ਹਿਰਦੇ ਵੇਦਕ ਅਣਮਨੁੱਖੀ ਕਾਰਵਾਈਆਂ ਕੀਤੀਆਂ ਗਈਆਂ ਹਨ ਇਸ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਸਰਕਾਰੀ ਤੰਤਰ ਦੀ ਛਤਰੀ ਹੇਠ ਆਰ.ਐੱਸ.ਐੱਸ. ਆਪਣਾ ਈਜੰਡਾ ਤੇਜੀ ਨਾਲ ਲਾਗੂ ਕਰ ਰਹੀ ਹੈ। ਕੁਦਰਤ ਦਾ ਨਿਯਮ ਹੈ ਕਿ ਜਿਸ ਸਮੇਂ ਜੁਲਮ ਆਪਣੀਆਂ ਸਿਖਰਾਂ ਵੱਲ ਬੇਰੋਕ ਵਧਣਾਂ ਫੁੱਲਣਾਂ ਸ਼ੁਰੂ ਕਰ ਦਿੰਦਾ ਹੈ ਉਸ ਵਿਰੁਧ ਆਵਾਜ਼ ਉੱਠਣੀ ਵੀ ਲਾਜ਼ਮੀ ਹੈ ਅਤੇ ਇਹ ਆਵਾਜ਼ ਪਿਛਲੇ ਸਮੇਂ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਧਾਨ ਸਭਾ ਅਤੇ ਮੱਧ ਕਾਲੀਨ ਚੋਣਾਂ ਦੌਰਾਨ ਭਾਜਪਾ ਦੀ ਕਰਾਰੀ ਹਾਰ ਦੇ ਰੂਪ ਵਿੱਚ ਸੁਣਾਈ ਵੀ ਦੇ ਰਹੀ ਹੈ। ਇਹ ਵੇਖਿਆ ਗਿਆ ਹੈ ਕਿ ਸਮੁੱਚੇ ਭਾਰਤ ਵਿੱਚ ਐੱਨਡੀਏ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਕੁੱਲ ਵੋਟ ਬੈਂਕ ਨਾਲੋਂ ਵਿਰੋਧੀਆਂ ਪਾਰਟੀਆਂ ਦੇ ਕੁਲ ਵੋਟ ਬੈਂਕ ਦਾ ਜੋੜ ਵੱਧ ਹੈ ਇਸ ਕਾਰਨ ਭਾਜਪਾ ਦੀ ਜਿੱਤ ਦਾ ਇੱਕੋ ਇੱਕ ਰਾਜ਼ ਵਿਰੋਧੀ ਪਾਰਟੀਆਂ ਦਾ ਆਪਸੀ ਤਾਲਮੇਲ ਨਾ ਹੋਣਾ ਹੈ। ਜਿੱਥੇ ਵੀ ਮੁੱਖ ਵਿਰੋਧੀ ਪਾਰਟੀਆਂ ਨੇ ਐੱਨਡੀਏ ਖਿਲਾਫ ਗਠਜੋੜ ਕਰ ਕੇ ਚੋਣਾਂ ਲੜੀਆਂ ਉੱਥੇ ਹੀ ਐੱਨਡੀਏ ਖਾਸ ਕਰ ਕੇ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਗਠਜੋੜ ਤੋਂ ਉਤਸ਼ਾਹਤ ਹੋ ਕੇ ਜਿੱਥੇ ਭਾਜਪਾ ਵਿਰੋਧੀ ਪਾਰਟੀਆਂ ਮਹਾਂ ਗਠਜੋੜ ਕਰਨ ਲਈ ਅੱਗੇ ਵਧ ਰਹੀਆਂ ਹਨ ਉੱਥੇ ਆਰ.ਐੱਸ.ਐੱਸ./ਭਾਜਪਾ ਵੀ ਇਸ ਬਣ ਰਹੇ ਗਠਜੋੜ ਤੋਂ ਚਿੰਤਤ ਜਾਪਦੀ ਹੈ। ਇਹੋ ਕਾਰਨ ਹੈ ਕਿ ਸਤੰਬਰ ਮਹੀਨੇ ਵਿੱਚ ਹੋਏ ਇਸ ਦੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਆਰ.ਐੱਸ.ਐੱਸ. ਦੇ ਸੰਚਾਲਕ ਮੋਹਨ ਭਾਗਵਤ ਨੇ ਕਿਹਾ ਕਿ ਆਰ.ਐੱਸ.ਐੱਸ. ਮੁਸਲਮਾਨਾਂ, ਇਸਾਈਆਂ, ਘੱਟ ਗਿਣਤੀਆਂ, ਮੂਲ ਨਿਵਾਸੀਆਂ ਤੇ ਖੱਬੇ ਪੱਖੀਆਂ ਨਾਲ ਨਫ਼ਰਤ ਨਹੀਂ ਕਰਦੀ। ਉਹ ਹੁਣ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ।

ਆਰ.ਐੱਸ.ਐੱਸ. ਮੁਖੀ ਦੇ ਇਸ ਕਥਨ ਤੋਂ ਓਪਰੀ ਨਜ਼ਰੇ ਤਾਂ ਇਹੀ ਜਾਪਦਾ ਹੈ ਕਿ ਸੰਘ ਦੀ ਨੀਤੀ ਵਿੱਚ ਤਬਦੀਲੀ ਆ ਰਹੀ ਹੈ; ਉਹ ਆਪਣੀਆਂ ਪਰੰਪਰਿਕ ਮੂਲ ਧਾਰਨਾਵਾਂ ਵਿੱਚ ਪਰਿਵਰਤਨ ਕਰ ਰਿਹਾ ਹੈ ਪਰ ਜਦੋਂ ਤੱਕ ਇਹ ਗੋਲਵਲਕਰ ਅਤੇ ਆਪਣੀਆਂ ਧਾਰਮਿਕ ਪੁਸਤਕਾਂ ਪੁਰਾਣ/ਸਿਮਰਿਤੀਆਂ ਨੂੰ ਰੱਦ ਨਹੀਂ ਕਰਦੇ; ਉਸ ਸਮੇਂ ਤੱਕ ਮੋਹਨ ਭਾਗਵਤ ਦਾ ਬਿਆਨ ਕਿਸੇ ਦੇ ਸੰਘੋਂ ਹੇਠ ਉਤਰਨਾ ਮੁਸ਼ਕਲ ਹੈ। ਜਿਨ੍ਹਾਂ ਨੇ ਗੁਰਨਾਮ ਸਿੰਘ ਮੁਕਤਸਰ ਦੀਆਂ ਪੁਸਤਕਾਂ ਪੜ੍ਹੀਆਂ ਹਨ ਉਨ੍ਹਾਂ ਲਈ ਤਾਂ ਬੇਸ਼ੱਕ ਮੋਹਨ ਭਾਗਵਤ ਗੋਲਵਲਕਰ ਅਤੇ ਆਪਣੇ ਧਰਮ ਦੀਆਂ ਧਾਰਮਿਕ ਪੁਸਤਕਾਂ ਪੁਰਾਣ/ਸਿਮਰਿਤੀਆਂ ਨੂੰ ਰੱਦ ਕਰਨ ਦਾ ਬਿਆਨ ਵੀ ਦਾਗ ਦੇਵੇ ਤਾਂ ਵੀ ਉਹ ਵਿਸ਼ਵਾਸਯੋਗ ਮੰਨਣਾ ਅਸੰਭਵ ਹੀ ਹੋਵੇਗਾ ਕਿਉਂਕਿ ਬ੍ਰਾਹਮਣਵਾਦ ਲੋੜ ਪੈਣ ’ਤੇ ਆਪਣੇ ਮੂਲ ਸਿਧਾਂਤ ਬਦਲ ਵੀ ਸਕਦਾ ਹੈ ਪਰ ਆਪਣੇ ਵਿਰੋਧੀਆਂ ਲਈ ਉਨ੍ਹਾਂ ਦੀ ਨੀਤੀ ਵਿੱਚ ਕੋਈ ਅੰਤਰ ਨਹੀਂ ਆਉਂਦਾ।  ਗੁਰਨਾਮ ਸਿੰਘ ਨੇ ਪੁਰਾਣ/ ਸਿਮਰਿਤੀਆਂ ਦੇ ਹਵਾਲੇ ਦੇ ਕੇ ਲਿਖਿਆ ਹੈ ਕਿ ਪਹਿਲਾਂ ਬ੍ਰਾਹਮਣ ਪੁਜਾਰੀ ਗਊਮੇਧ ਜੱਗਾਂ ਵਿੱਚ ਗਊਆਂ ਦੀ ਬਲੀ ਦਿੰਦੇ ਸਨ ਪਰ ਜਿਸ ਸਮੇਂ ਉਨ੍ਹਾਂ ਦਾ ਧਰਮ ਬੁੱਧ ਤੇ ਜੈਨ ਦੀ ਅਹਿੰਸਾ ਦੇ ਟਾਕਰੇ ਵਿੱਚ ਕਮਜੋਰ ਪੈਣਾ ਸ਼ੁਰੂ ਹੋ ਗਿਆ ਉਸ ਸਮੇਂ ਬ੍ਰਾਹਮਣ ਪੁਜਾਰੀ ਨੇ ਬਲੀ ਦੇਣੀ ਬੰਦ ਕਰ ਕੇ ਗਊ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਬੇਸ਼ੱਕ ਉਸ ਸਮੇਂ ਗਊ ਪ੍ਰਤੀ ਆਪਣੇ ਮੂਲ ਸਿਧਾਂਤ ਨੂੰ ਬਦਲ ਵੀ ਲਿਆ ਪਰ ਅੱਜ ਵੀ ਦਲਿਤਾਂ ਪ੍ਰਤੀ ਉੱਚ ਜਾਤੀਆਂ ਦੇ ਵਿਵਹਾਰ ਵਿੱਚ ਬਹੁਤਾ ਅੰਤਰ ਨਹੀਂ ਆਇਆ ਅਤੇ ਗਊ ਮਾਸ ਦੇ ਨਾਮ ਹੇਠ ਦਲਿਤਾਂ ਅਤੇ ਮੁਸਲਮਾਨਾਂ ’ਤੇ ਤਸ਼ੱਦਦ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਜਾਰੀ ਹੈ।

ਸੰਘ ਪਰਿਵਾਰ ਮੁਸਲਮਾਨਾਂ ਪ੍ਰਤੀ ਹਮਦਰਦੀ ਦਿਖਾਉਣ ਲੱਗ ਜਾਵੇ ਤਾਂ ਹਰੇਕ ਦੇ ਮਨ ਵਿੱਚ ਸ਼ੱਕ ਹੋਵੇਗਾ? ਰਾਜਨੀਤਕ ਮਾਹਰ ਇਸ ਗੱਲ ਨੂੰ ਪ੍ਰਵਾਨ ਕਰਦੇ ਹਨ ਕਿ ਆਰ.ਐੱਸ.ਐੱਸ. ਵਿੱਚ ਆਈ ਤਬਦੀਲੀ ਦਾ ਕਾਰਨ 2019 ਦੀਆਂ ਚੋਣਾਂ ਹਨ। ਮੌਜੂਦਾ ਦੌਰ ਵਿੱਚ ਮੋਦੀ ਤੇ ਭਾਜਪਾ ਦਾ ਅਕਸ ਡਿੱਗ ਰਿਹਾ ਹੈ। ਹਜੂਮੀ ਹਿੰਸਾ ਇਨ੍ਹਾਂ ਦੇ ਲੋਕ ਆਧਾਰ ਨੂੰ ਖੋਰਾ ਲਗਾ ਰਹੀ ਹੈ। 2014 ਦੀਆਂ ਚੋਣਾਂ ਦੌਰਾਨ ਵਿਦੇਸ਼ਾਂ ਵਿੱਚ ਭਰਿਸ਼ਟ ਆਗੂਆਂ ਤੇ ਕਾਰੋਬਾਰੀਆਂ ਦਾ ਜਮ੍ਹਾਂ ਕਰਵਾਇਆ ਕਾਲ਼ਾ ਧਨ ਵਾਪਸ ਲਿਆ ਕੇ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ, ਪੈਟ੍ਰੋਲ ਤੇ ਹੋਰ ਜਰੂਰੀ ਵਸਤਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਘਟਾ ਕੇ ਮਹਿੰਗਾਈ ਦਰ ਘਟਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਕਿਸਾਨਾਂ ਦੀਆਂ ਜਿਨਸਾਂ ਦੇ ਲਾਹੇਵੰਦ ਭਾਅ ਨਿਸਚਿਤ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ, ਅੱਛੇ ਦਿਨ ਆਉਣ ਆਦਿਕ ਦੇ ਅਨੇਕਾਂ ਦਿਲ ਲੁਭਾਊ ਵਾਅਦਿਆਂ ਵਿੱਚੋਂ ਕੋਈ ਇੱਕ ਵੀ ਵਫਾ ਨਹੀਂ ਹੋਇਆ ਸਗੋਂ ਜਿਹੜਾ ਪੈਟਰੋਲ ਮਨਮੋਹਨ ਸਿੰਘ ਦੇ ਸਮੇਂ 50 ਰੁਪਏ/ਲਿਟਰ ਸੀ ਉਹ ਹੁਣ 90 ਰੁਪਏ/ਲਿਟਰ ਨੂੰ ਪਹੁੰਚ ਚੁੱਕਾ ਹੈ ਅਤੇ ਹਾਲਾਂ ਨਿੱਤ ਦਿਹਾੜੇ ਰੇਟ ਵਧ ਰਹੇ ਹਨ। ਰਫਾਲ ਸੌਦੇ ਨੇ ਇਹ ਵੀ ਜੱਗ ਜ਼ਾਹਰ ਕਰ ਦਿੱਤਾ ਹੈ ਕਿ ਭਾਜਪਾ ਵੱਡੇ ਘਪਲੇ ਕਰਨ ਵਿੱਚ ਵੀ ਕਾਂਗਰਸ ਤੋਂ ਘੱਟ ਨਹੀਂ ਸਗੋਂ ਪੈਰ ਅੱਗੇ ਰੱਖ ਰਹੀ ਹੈ। ਜਿਨ੍ਹਾਂ ਕਾਰਪੋਰੇਟ ਘਰਾਣਿਆਂ ਤੋਂ ਚੋਣ ਫੰਡਾਂ ਦੇ ਰੂਪ ਵਿੱਚ ਮੋਟੀਆਂ ਰਕਮਾਂ ਪ੍ਰਾਪਤ ਕਰਨੀਆਂ ਹਨ ਉਨ੍ਹਾਂ ਦੇ ਕਾਰੋਬਾਰ ਬੇਹਿਸਾਬਾ ਵਧੇ ਹਨ ਅਤੇ ਗਰੀਬ ਹੋਰ ਗਰੀਬ ਹੋਏ ਹਨ; ਵਿਜੇ ਮਾਲਿਆ ਵਰਗੇ ਬੈਂਕਾਂ ਦਾ ਅਰਬਾਂ ਰੁਪਏ ਲੈ ਕੇ ਵਿਦੇਸ਼ ਦੌੜ ਗਏ ਹਨ ਅਤੇ ਕਿਸਾਨ 5-10 ਲੱਖ ਰੁਪਏ ਦੇ ਕਰਜਿਆਂ ਪਿੱਛੇ ਆਤਮ ਹੱਤਿਆਵਾਂ ਕਰ ਰਹੇ ਹਨ।  ਐਸੇ ਕਈ ਹੋਰ ਕਾਰਨ ਹਨ ਜਿਨ੍ਹਾਂ ਸਦਕਾ ਮੋਦੀ ਅੱਜ ਉਸ ਤਰ੍ਹਾਂ ਦੇ ਲੋਕਨਾਇਕ ਵਜੋਂ ਨਹੀਂ ਜਾਣੇ ਜਾਂਦੇ ਜਿਵੇਂ ਉਹ 2014 ਦੀਆਂ ਚੋਣਾਂ ਦੌਰਾਨ ਉੱਭਰੇ ਸਨ। ਪਿਛਲੇ ਸਵਾ ਚਾਰ ਸਾਲਾਂ ਵਿੱਚ ਮੁਸਲਮਾਨਾਂ ਅਤੇ ਦਲਿਤਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਹੋਇਆ ਹੈ, ਉਹ ਦੋਇਮ ਦਰਜੇ ਵਾਲਾ ਹੈ। ਸੰਘ ਨੂੰ ਤੇ ਮੋਦੀ ਨੂੰ ਮੁਸਲਮਾਨਾਂ ਦੀ ਚਿੰਤਾ ਨਹੀਂ। ਦੇਸ਼-ਵਾਸੀਆਂ ਦਾ ਇੱਕ ਵੱਡਾ ਹਿੱਸਾ ਮੋਦੀ ਸਰਕਾਰ; ਜੋ ਭੀੜ ਦੀ ਹਿੰਸਾ ਨੂੰ ਕੰਟਰੋਲ ਨਹੀਂ ਕਰ ਸਕੀ; ਦੀਆਂ ਨੀਤੀਆਂ ਦਾ ਵਿਰੋਧੀ ਹੈ, ਉਹ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਤੋਂ ਬਹੁਤ ਨਾਰਾਜ਼ ਹਨ। ਇਹ ਨਾਰਾਜ਼ਗੀ ਸੱਤਾਧਾਰੀ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ। ਸੰਘ ਵੀ ਜਾਣਦਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਜੋ ਰਾਜਨੀਤਕ ਲਾਭ ਉਨ੍ਹਾਂ ਨੂੰ ਆਪਣੀਆਂ ਗੈਰ ਜਮਹੂਰੀ ਨੀਤੀਆਂ ਲਾਗੂ ਕਰਨ ਲਈ ਮਿਲਿਆ, ਉਹ ਹੁਣ ਮਿੱਟੀ ਵਿੱਚ ਮਿਲ ਸਕਦਾ ਹੈ ਇਸ ਲਈ ਉਨ੍ਹਾਂ ਨੇ ਆਪਣਾ ਪੈਂਤੜਾ ਬਦਲ ਲਿਆ ਹੈ।

ਉਕਤ ਹਾਲਾਤਾਂ ਦੇ ਮੱਦੇਨਜ਼ਰ ਆਰ.ਐੱਸ.ਐੱਸ. ਅਤੇ ਭਾਜਪਾ ਦੇ ਦਿਲ ਲੁਭਾਊ ਨਾਹਰਿਆਂ ’ਤੇ ਜੋ ਵੀ ਵਿਸ਼ਵਾਸ ਕਰੇਗਾ ਉਹ ਧੋਖਾ ਖਾਏਗਾ। ਦੇਸ਼ ਵਿਆਪੀ ਵਿਰੋਧੀਆਂ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਦੇਸ਼ ਲਈ ਆਰ.ਐੱਸ.ਐੱਸ. ਅਤੇ ਭਾਜਪਾ ਦੀਆਂ ਘਾਤਕ ਨੀਤੀਆਂ ਦੇ ਟਾਕਰੇ ਲਈ ਮਹਾਂਗਠ ਜੋੜ ਕਰਨ ਲਈ ਖੁੱਲ੍ਹੇ ਦਿਲ ਨਾਲ ਇੱਕ ਦੂਜੇ ਵੱਲ ਹੱਥ ਵਧਾਉਣ। ਕਾਂਗਰਸ ਨੈਸ਼ਨਲ ਪਾਰਟੀ ਹੋਣ ਕਰ ਕੇ ਬਾਕੀਆਂ ਦੇ ਮੁਕਾਬਲੇ ਸਮੁੱਚੇ ਦੇਸ਼ ਵਿੱਚ ਔਸਤਨ ਰੂਪ ਵਿੱਚ ਵੱਧ ਜਨ ਆਧਾਰ ਰੱਖਦੀ ਹੈ ਇਸ ਲਈ ਵੱਡੀ ਪਾਰਟੀ ਹੋਣ ਦੇ ਨਾਤੇ ਉਸ ਨੂੰ ਬਾਕੀਆਂ ਨਾਲੋਂ ਵੱਡਾ ਦਿਲ ਰੱਖਣਾ ਪਏਗਾ। ਇਸੇ ਤਰ੍ਹਾਂ ਬਾਕੀ ਪਾਰਟੀਆਂ ਜਿਨ੍ਹਾਂ ਦਾ ਸੀਮਤ ਖੇਤਰ ਵਿੱਚ ਆਧਾਰ ਹੈ ਉਨ੍ਹਾਂ ਨੂੰ ਵੀ ਦੂਸਰੀ ਪਾਰਟੀ ਦੀ ਮਜਬੂਰੀ ਵੇਖ ਕੇ ਸਨਮਾਨਯੋਗ ਸੀਟਾਂ ਦੇ ਨਾਮ ਹੇਠ ਵੱਧ ਸੀਟਾਂ ਦੀ ਮੰਗ ਰੱਖ ਕੇ ਮਹਾਂਗਠ ਜੋੜ ਦੀ ਉਸਾਰੀ ਵਿੱਚ ਉਡਿਕਾ ਨਹੀਂ ਬਣਨਾ ਚਾਹੀਦਾ। ਸਭ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ 2-4 ਜਾਂ 5-10 ਸੀਟਾਂ ਵੱਧ ਲੈ ਕੇ ਕਿਸੇ ਦਾ ਸਨਮਾਨ ਨਹੀਂ ਵਧੇਗਾ ਬਲਕਿ ਜੇ ਉਨ੍ਹਾਂ ਨੇ ਮਿਲ ਕੇ ਕੇਂਦਰ ਵਿੱਚ ਸਰਕਾਰ ਬਣਾ ਲਈ ਤਾਂ ਸਭ ਦਾ ਸਨਮਾਨ ਵਧੇਗਾ ਵਰਨਾ ਸਭ ਦਾ ਸਨਮਾਨ ਮਿੱਟੀ ਵਿੱਚ ਰੁਲ ਜਾਵੇਗਾ। ਇਹ ਠੀਕ ਹੈ ਕਿ ਕੇਂਦਰ ਵਿੱਚ ਸਰਕਾਰ ਹੋਣ ਕਰ ਕੇ ਮਾਇਆ ਦੇ ਗੱਫੇ ਦੇ ਕੇ ਜਾਂ ਕੁਝ ਪਾਰਟੀਆਂ ਦੇ ਮੁੱਖ ਆਗੂਆਂ ਵਿਰੁੱਧ ਚੱਲ ਰਹੇ ਕੇਸਾਂ ਵਿੱਚ ਸੀਬੀਆਈ ਦਾ ਡੰਡਾ ਵਿਖਾ ਕੇ ਭਾਜਪਾ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਮਹਾਂ ਗਠਜੋੜ ਬਣਾਉਣ ਵਿੱਚ ਰੋੜੇ ਵਜੋਂ ਵਰਤ ਸਕਦੀ ਹੈ ਪਰ ਫਿਰ ਵੀ ਕੁਝ ਪ੍ਰਾਪਤੀ ਕਰਨ ਲਈ ਕੁਝ ਨਾ ਕੁਝ ਤਾਂ ਕੁਰਬਾਨੀ ਕਰਨੀ ਹੀ ਪਏਗੀ। ਕੁਝ ਖੇਤਰੀ ਪਾਰਟੀਆਂ ਕਾਂਗਰਸ ਦੀਆਂ ਪਹਿਲਾਂ ਦੀਆ ਕੀਤੀਆਂ ਗਲਤੀਆਂ ਕਾਰਨ ਉਸ ਨਾਲ ਗਠਜੋੜ ਨਾ ਕਰਨ ਦੀਆਂ ਮੰਨਣਯੋਗ ਦਲੀਲਾਂ ਦੇ ਸਕਦੇ ਹਨ ਪਰ ਸਭ ਨੂੰ ਇਹ ਜਰੂਰ ਸੋਚਣ ਦੀ ਲੋੜ ਹੈ ਕਿ ਮਹਾਂ ਗਠਜੋੜ ਕਿਸੇ ਇੱਕ ਪਾਰਟੀ ਨਾਲ ਨਹੀਂ ਬਲਕਿ ਇਸ ਵਿੱਚ ਬਹੁਤੀਆਂ ਖੇਤਰੀ ਪਾਰਟੀਆਂ ਐਸੀਆਂ ਹੋਣਗੀਆਂ ਜਿਹੜੀਆਂ ਆਪਣੇ ਜਨਮ ਤੋਂ ਹੀ ਸੂਬਿਆਂ ਲਈ ਵੱਧ ਅਧਿਕਾਰ ਤੇ ਫੈੱਡਰਲ ਢਾਂਚੇ ਦੀ ਮੰਗ ਕਰ ਰਹੀਆਂ ਹਨ। ਇਹ ਅਧਿਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਭਾਜਪਾ ਨੇ ਕਦੀ ਵੀ ਨਹੀਂ ਦੇਣੇ। ਪਹਿਲਾਂ ਕਾਂਗਰਸ ਵੀ ਸੂਬਿਆਂ ਨੂੰ ਇਹ ਅਧਿਕਾਰ ਦੇਣ ਲਈ ਕਦਾਚਿਤ ਤਿਆਰ ਨਹੀਂ ਸੀ ਹੋ ਸਕਦੀ ਪਰ ਹੁਣ ਰਾਸ਼ਟਰੀ ਪੱਧਰ ’ਤੇ ਉਸ ਦੀ ਸਥਿਤੀ ਪਹਿਲਾਂ ਵਾਲੀ ਨਹੀਂ ਰਹੀ। ਗੱਠਜੋੜ ਸਰਕਾਰ ਵਿੱਚ ਬਹੁਤੇ ਸਾਂਸਦ ਐਸੇ ਹੋਣਗੇ ਜੋ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਹੱਕ ਵਿੱਚ ਹੋਣਗੇ। ਕਾਂਗਰਸ ਨੂੰ ਵੀ ਪਤਾ ਹੈ ਕਿ ਹੁਣ ਉਨ੍ਹਾਂ ਦੀ ਇਕੱਲਿਆਂ ਦੀ ਮਜਬੂਤ ਕੇਂਦਰੀ ਸਰਕਾਰ ਕਦੇ ਨਹੀਂ ਬਣ ਸਕਦੀ ਕੇਵਲ ਕੁਝ ਗਿਣਤੀ ਦੇ ਸੂਬਿਆਂ ਵਿੱਚ ਹੀ ਉਹ ਆਪਣੀ ਨਿਰੋਲ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਦੇ ਹਨ ਇਸ ਲਈ ਇਹ ਵੀ ਫੈੱਡਰਲ ਢਾਂਚੇ ਜਾਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਅਸਾਨੀ ਨਾਲ ਹੱਕ ਵਿੱਚ ਹੋ ਸਕਦੀ ਹੈ। ਇਸ ਲਈ ਸਾਰੇ ਜਮ੍ਹਾਂ ਘਟਾਉ ਕਰ ਕੇ ਨਤੀਜਾ ਇਹੀ ਨਿਕਲਦਾ ਹੈ ਕਿ ਕਿਸੇ ਪਾਰਟੀ ਨੂੰ 2-4 ਜਾਂ 5-10 ਸੀਟਾਂ ਵੱਧ ਘੱਟ ਮਿਲਣੀਆਂ ਕੋਈ ਮਾਅਨਾ ਨਹੀਂ ਰਖਦੀਆਂ ਪਰ ਮਿਲ ਕੇ ਸਾਂਝੀ ਸਰਕਾਰ ਬਣਾ ਲੈਣ ਦਾ ਉਨ੍ਹਾਂ ਨੂੰ ਖੁਦ ਸਮੇਤ ਦੇਸ਼ ਦੇ ਬਹੁ ਗਿਣਤੀ ਵਰਗ ਨੂੰ ਬਹੁਤ ਵੱਡਾ ਲਾਭ ਹੋਵੇਗਾ। ਵੈਸੇ ਤਾਂ ਪਿਛਲੇ ਸਮੇਂ ਵਿੱਚ ਵੀ ਜੈਨੀ, ਬੋਧੀਆਂ, ਸਿੱਖਾਂ ਅਤੇ ਈਸਾਈਆਂ ਨਾਲ ਘੱਟ ਨਹੀਂ ਕੀਤੀ ਪਰ ਜਿਸ ਤਰ੍ਹਾਂ ਅੱਜ ਮੁਸਲਮਾਨਾਂ ਅਤੇ ਦਲਿਤਾਂ ’ਤੇ ਜੁਲਮ ਹੋ ਰਹੇ ਹਨ ਇਸੇ ਤਰ੍ਹਾਂ ਦੇ, ਸ਼ਾਇਦ ਇਸ ਤੋਂ ਵੱਧ ਇਨ੍ਹਾਂ ਸਭਨਾਂ ਤੇ ਵੀ ਹੋਣ ਦੀ ਸੰਭਾਵਨਾ ਪ੍ਰਤੱਖ ਵਿਖਾਈ ਦੇ ਰਹੀ ਹੈ। ਇਸ ਸਾਰੇ ਲਾਭ ਹਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੈਨੀਆਂ, ਬੋਧੀਆਂ, ਸਿੱਖਾਂ, ਈਸਾਈਆਂ, ਮੁਸਲਮਾਨਾਂ ਅਤੇ ਦਲਿਤਾਂ ਸਮੇਤ ਇਮਾਨਦਾਰੀ ਨਾਲ ਮਿਹਨਤ ਮਜਦੂਰੀ ਕਰ ਰਹੇ ਕਿਸਾਨਾਂ ਅਤੇ ਛੋਟੇ ਛੋਟੇ ਵਾਪਾਰ ਕਰਨ ਵਾਲੇ ਇਨਸਾਫ ਪਸੰਦ ਹਿੰਦੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਹਾਂ ਗੱਠਜੋੜ ਨੂੰ ਹਿਮਾਇਤ ਦੇ ਕੇ ਰਾਸ਼ਟਰਵਾਦ ਦੇ ਨਾਮ ’ਤੇ ਆਪਣੀਆਂ ਫਾਸ਼ੀਵਾਦੀ ਨੀਤੀਆਂ ਲਾਗੂ ਕਰਕੇ ਦੇਸ਼ ਨੂੰ ਟੋਟੇ ਟੋਟੇ ਕਰਨ ਦੇ ਰਾਹ ਪਈ ਆਰ.ਐੱਸ.ਐੱਸ. ਨੂੰ ਠੱਲ੍ਹ ਪਾਉਣ ਲਈ ਆਪਣਾ ਸਹਿਯੋਗ ਦੇਣ ਕਿਉਂਕ ਜਦੋਂ ਕਿਸੇ ਵੀ ਖਾਸ ਫਿਰਕੇ ’ਤੇ ਜੁਲਮ ਵਧਦਾ ਹੈ ਤਾਂ ਕੁਦਰਤੀ ਤੌਰ ’ਤੇ ਵਿਦਰੋਹ ਵਧਦਾ ਹੈ ਜੋ ਕਦੀ ਵੀ ਵੱਖਵਾਦ ਦੇ ਰਾਹ ਪੈ ਸਕਦਾ ਹੈ ਜਿਸ ਨਾਲ ਦੇਸ਼ ਦੇ ਅਮਨਚੈਨ ਦੀ ਸਥਿਤੀ ਵੀ ਵਿਗੜ ਸਕਦੀ ਹੈ ਜਿਸ ਦਾ ਨੁਕਸਾਨ ਕਿਸੇ ਇੱਕ ਫਿਰਕੇ ਨੂੰ ਨਹੀਂ ਬਲਕਿ ਸਮੁੱਚੇ ਦੇਸ਼ ਵਾਸੀਆਂ ਨੂੰ ਭੁਗਤਣਾ ਪਏਗਾ।

ਗੁਰਬਾਣੀ ਹੀ ਗੁਰਦੁਆਰੇ ਹਨ

0

ਗੁਰਬਾਣੀ ਹੀ ਗੁਰਦੁਆਰੇ ਹਨ

ਰਘਬੀਰ ਸਿੰਘ ਮਾਨ

ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ।

ਨਿਸ਼ਾਨ ਸਾਹਿਬ ਗੁਰਦੁਆਰੇ ਦਾ ਪ੍ਰਤੀਕ ਹੁੰਦਾ ਹੈ। ਦੂਰੋਂ ਹੀ ਕਿਸੇ ਪਿੰਡ ਵਿੱਚੋਂ ਨਿਸ਼ਾਨ ਸਾਹਿਬ ਵੇਖ ਕੇ ਗੁਰਦੁਆਰੇ ਬਾਰੇ ਪਤਾ ਚੱਲ ਜਾਂਦਾ ਹੈ ਕਿ ਗੁਰਦੁਆਰਾ ਇੱਥੇ ਹੈ ? ਨਿਸ਼ਾਨ ਸਾਹਿਬ ਦਾ ਅਰਥ ਇਹ ਵੀ ਹੈ ਕਿ ਇਸ ਥਾਂ ’ਤੇ ਗੁਰੂ ਘਰ ਹੈ, ਇੱਥੇ ਨਿਆਸਰਿਆਂ ਲਈ ਆਸਰਾ, ਨਿਤਾਣਿਆਂ ਲਈ ਤਾਣ, ਨਿਮਾਣਿਆਂ ਲਈ ਮਾਣ ਅਤੇ ਲੋੜਵੰਦਾਂ ਲਈ ਮਦਦ ਮਿਲ ਸਕਦੀ ਹੈ। ਨਿਸ਼ਾਨ ਸਾਹਿਬ ਸਿੱਖ ਧਰਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਵੀ ਹੈ। ਹਮੇਸ਼ਾ ਸਿੱਖ ਨੂੰ ਸਿਰ ਉੱਚਾ ਅਤੇ ਇਰਾਦਾ ਬੁਲੰਦ ਰੱਖਣ ਦੀ ਸਿੱਖਿਆ ਦਿੰਦਾ ਹੈ। ਇਸ ਲਈ ਇਹ ਸਿੱਖ ਲਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿਣ ਦਾ ਪ੍ਰਤੀਕ ਹੈ। ਇਸ ਦੇ ਥੜ੍ਹੇ ’ਤੇ ਸਿਰ ਸੁੱਟ ਲੈਣਾ, ਢਹਿੰਦੀ ਕਲਾ ਦੀ ਨਿਸ਼ਾਨੀ ਹੈ, ਜੋ ਅੱਜ ਕੱਲ੍ਹ ਬਹੁਤ ਸਾਰੇ ਸਿੱਖ ਕਰ ਰਹੇ ਹਨ। ਇਸ ਨੂੰ ਅਤੇ ਇਸ ਦੇ ਥੜ੍ਹੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਸਗੋਂ ਨਿਸ਼ਾਨ ਸਾਹਿਬ ਦੀ ਉਚਾਈ ਵੱਲ ਵੇਖ ਕੇ ਆਪਣੇ ਇਰਾਦੇ, ਗਿਆਨ, ਸੋਚ, ਆਚਰਨ, ਹੌਂਸਲਾ, ਦ੍ਰਿੜ੍ਹਤਾ ਅਤੇ ਗੁਰੂ ਪ੍ਰਤੀ ਪਰਪੱਕਤਾ ਇਸ ਦੀ ਉਚਾਈ ਜਿੰਨੀ ਬੁਲੰਦ ਅਤੇ ਉੱਚੀ ਰੱਖਣ ਦਾ ਪ੍ਰਣ ਕਰਨਾ ਚਾਹੀਦਾ ਹੈ।

ਕੀ ਗੁਰਦੁਆਰੇ ਪੈਸਿਆਂ ਨਾਲ ਹੀ ਮੱਥਾ ਟੇਕਣਾ ਚਾਹੀਦਾ ਹੈ ?

ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਇਆ ਨਾਲ ਮੱਥਾ ਟੇਕਣਾ ਕੋਈ ਗੁਰਮਤਿ ਸਿਧਾਂਤ ਨਹੀਂ ਹੈ। ਹੁਣ ਤੱਕ ਇਹ ਸਿੱਧ ਹੋਇਆ ਹੈ ਕਿ ਗੋਲਕਾਂ ਭਰਨ ਨਾਲ ਅਲਸੇਟਾਂ (ਉਲਝਣਾਂ) ਹੀ ਪੈਦਾ ਹੋਈਆਂ ਹਨ। ਮਨ ਦੀ ਮਲ਼ੀਨਤਾ ਹੀ ਵਧੀ ਹੈ। ਬੁਰਾਈਆਂ ਹੀ ਪੈਦਾ ਹੋਈਆਂ ਹਨ। ਗੁਰਦੁਆਰਾ ਕਮੇਟੀਆਂ ਵਿੱਚ ਝਗੜੇ ਹੀ ਪੈਦਾ ਹੋਏ ਹਨ। ਗੁਰਦੁਆਰਿਆਂ ਦੀ ਹਾਸੋ-ਹੀਣੀ ਹੀ ਹੋਈ ਹੈ। ਕਿਸੇ ਲੋੜਵੰਦ ਦੀ ਸਮੇਂ ਸਿਰ ਕੀਤੀ ਮਦਦ ਗੁਰੂ ਸਾਹਿਬ ਪ੍ਰਤੀ ਸਾਡੇ ਅਥਾਹ ਅਤੇ ਦਿਲੀ ਪਿਆਰ ਦੀ ਨਿਸ਼ਾਨੀ ਹੈ। ਲੋੜਵੰਦਾਂ ਲਈ ਸਾਡੇ ਦੁਆਰਾ ਕੀਤਾ ਹਰ ਕੰਮ ਗੁਰੂ ਸਾਹਿਬ ਨੂੰ ਪ੍ਰਵਾਨ ਹੈ। ਇਸ ਲਈ ਗੁਰਦੁਆਰੇ ਖ਼ਾਲੀ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣਾ ਕੋਈ ਬੁਰਾਈ ਨਹੀਂ ਹੈ। ਗੁਰਦੁਆਰੇ ਵਿੱਚ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉਸ ਵਿੱਚ ਆਪਣੀ ਵਿੱਤ ਅਨੁਸਾਰ ਹਿੱਸਾ ਪਾਇਆ ਜਾ ਸਕਦਾ ਹੈ।

ਗੁਰਦੁਆਰਿਆਂ ਵਿੱਚ ਜੋਤਾਂ ਜਗਾਉਣੀਆਂ

ਬਹੁਤ ਸਾਰੇ ਸਿੱਖ ਭਾਈ ਅਤੇ ਬੀਬੀਆਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਜਾ ਕੇ ਦੇਸੀ ਘਿਓ ਦੀ ਜੋਤ ਜਗਾਉਂਦੇ ਹਨ। ਗੁਰਦੁਆਰਿਆਂ ਵਿੱਚ ਜੋਤਾਂ ਜਗਾਉਣ ਲਈ ਇੱਕ ਖ਼ਾਸ ਥਾਂ ਵੀ ਨਿਸ਼ਚਿਤ ਕੀਤੀ ਗਈ ਹੁੰਦੀ ਹੈ। ਇਹ ਜੋਤ ਕਿਉਂ ਜਗਾਈ ਜਾਂਦੀ ਹੈ ? ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ, ਪਰ ਦੇਖਾ-ਦੇਖੀ ਸਭ ਜਗਾਈ ਜਾਂਦੇ ਹਨ। ਜੋਤ ਤਾਂ ਗੁਰਬਾਣੀ ਰਾਹੀਂ ਦਿੱਤਾ ਗੁਰੂ ਦਾ ਗਿਆਨ ਹੈ ਜੋ ਹਰੇਕ ਸਿੱਖ ਦੇ ਮਨ ਵਿੱਚ ਜਗਣਾ ਚਾਹੀਦਾ ਹੈ। ਜਦੋਂ ਵੀ ਕਿਤੇ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ (ਰੱਬੀ ਗਿਆਨ) ਐਲਾਨਿਆ ਜਾਂਦਾ ਹੈ। ਗੁਰਬਾਣੀ ਵਿੱਚ ਫ਼ੁਰਮਾਨ ਕੀਤਾ ਗਿਆ ਹੈ ਕਿ, ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥ (ਮ: ੩/੪੪੧), ਸਭ ਮਹਿ ਜੋਤਿ; ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥’’ (ਮ: ੧/੧੩) ਭਾਵ ਸਾਰੇ ਜੀਵਾਂ ਵਿੱਚ ਇੱਕੋ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਉਸ ਦੀ ਜੋਤ ਨਾਲ ਹੀ ਸਭ ਜੀਵਾਂ ਨੂੰ ਚਾਨਣ (ਸੂਝ-ਬੂਝ) ਹੁੰਦਾ ਹੈ, ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ।

ਗੁਰਬਾਣੀ ਵਿੱਚ ਜੋਤਿ ਤੋਂ ਭਾਵ ‘ਗੁਰੂ ਦਾ ਗਿਆਨ, ਗੁਰੂ ਸ਼ਕਤੀ, ਰੱਬੀ ਨੂਰ’ ਹੈ। ਬਾਹਰਲੀਆਂ ਜੋਤਾਂ ਤਾਂ ਹਿੰਦੂ ਮੰਦਰਾਂ ਵਿੱਚ ਹੀ ਜਗਦੀਆਂ ਵੇਖੀਦੀਆਂ ਹਨ।  ਇਹ ਅਗਨੀ ਦੇਵਤੇ ਦੀ ਪੂਜਾ ਵੀ ਮੰਨੀ ਜਾਂਦੀ ਹੈ। ਫਿਰ ਗੁਰਬਾਣੀ ਤਾਂ ਕਿਸੇ ਦੇਵਤੇ ਨੂੰ ਮਾਨਤਾ ਹੀ ਨਹੀਂ ਦਿੰਦੀ। ਸਿੱਖ ਧਰਮ ਤਾਂ ਹਿੰਦੂ ਧਰਮ ਤੋਂ ਇਕਦਮ ਅਲੱਗ ਹੈ। ਫਿਰ ਗੁਰਦੁਆਰਿਆਂ ਵਿੱਚ ਜੋਤਾਂ ਕਿਉਂ… ?

ਗੁਰੂ ਸਾਹਿਬ ਨੂੰ ਵਿਆਹ ਦਾ ਸੱਦਾ-ਪੱਤਰ ਦੇਣਾ

ਇਹ ਵੀ ਇੱਕ ਰਿਵਾਜ ਪੈ ਗਿਆ ਹੈ ਕਿ ਜਦੋਂ ਪਰਿਵਾਰ ਵਿੱਚ ਕਿਸੇ ਬੱਚੇ ਦੀ ਸ਼ਾਦੀ ਤਹਿ ਹੋਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਦਾ ਦੇਣ ਲਈ ਕਾਰਡ ਅਤੇ ਨਕਲੀ ਦੁੱਧ ਤੋਂ ਬਣੀ ਮਠਿਆਈ ਦਾ ਡੱਬਾ ਗੁਰਦੁਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰੱਖ ਕੇ ਮੱਥਾ ਟੇਕਿਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਗੁਰੂ ਸਾਹਿਬ ਨੂੰ ਦੁਨੀਆਵੀ ਵਿਅਕਤੀ ਸਮਝਿਆ ਜਾਂਦਾ ਹੈ ਅਤੇ ਵਿਆਹ ਵਿੱਚ ਬਾਕੀ ਲੋਕਾਂ ਵਾਂਗ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਦੂਸਰੀ ਗੱਲ ਜਿਸ ਵਿਆਹ ਵਿੱਚ ਗੁਰੂ ਸਾਹਿਬ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਉਸ ਵਿਆਹ ਵਿੱਚ ਕਈ ਕਿਸਮ ਦੀ ਮਹਿੰਗੀ ਅਤੇ ਵਿਦੇਸ਼ੀ ਸ਼ਰਾਬ ਅਤੇ ਕਈ ਕਿਸਮ ਦਾ ਮੀਟ ਪ੍ਰੋਸਿਆ ਜਾਂਦਾ ਹੈ। ਉਸ ਵਿਆਹ ਸਮਾਗਮ ਸਮੇਂ ਡੀ. ਜੇ. ’ਤੇ ਲੱਚਰ ਗੀਤ ਬਜਾਏ ਜਾਂਦੇ ਹਨ। ਕੀ ਅਜਿਹੇ ਵਿਆਹ ਸਮਾਗਮਾਂ ਸਮੇਂ ਗੁਰੂ ਸਾਹਿਬ ਨੂੰ ਸੱਦਾ ਦੇ ਕੇ ਉਹਨਾਂ ਦਾ ਨਿਰਾਦਰ ਕਰਨਾ ਨਹੀਂ ? ਕੀ ਗੁਰੂ ਸਾਹਿਬ ਕਿਸੇ ਵੀ ਵਿਆਹ ਵਿੱਚ ਸ਼ਾਮਲ ਹੁੰਦੇ ਹਨ ? ਕੀ ਇਹ ਵੀ ਇੱਕ ਮਤਮਤ ਨਹੀਂ ? ਸਿੱਖ ਦਾ ਫਰਜ਼ ਹੈ ਕਿ ਹਰ ਨਵੇਂ ਕਾਰਜ ਦੀ ਅਰੰਭਤਾ ਸਮੇਂ ਗੁਰੂ ਸਾਹਿਬ ਦਾ ਓਟ-ਆਸਰਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਜਾਂ ਕਰਾਈ ਜਾਵੇ, ਨਾ ਕਿ ਗੁਰੂ ਸਾਹਿਬ ਨੂੰ ਦੁਨੀਆਵੀ ਸਮਾਗਮਾਂ ਵਿੱਚ ਸੱਦਾ ਪੱਤਰ ਦਿੱਤੇ ਜਾਣ ਦਾ ਅਡੰਬਰ ਰਚਿਆ ਜਾਵੇ।

ਗੁਰਦੁਆਰਿਆਂ ਵਿੱਚ ਸੰਗਮਰਮਰ ਅਤੇ ਸੋਨਾ

ਗੁਰੂ ਗ੍ਰੰਥ ਸਾਹਿਬ ਅਤੇ ਸਮੁੱਚੇ ਸਿੱਖ ਅਸੂਲਾਂ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸੋਨਾ ਚੜਾਉਣ, ਸੰਗਮਰਮਰ ਲਗਾਉਣ, ਵਿਸ਼ਾਲ ਬਿਲਡਿੰਗਾਂ ਬਣਾਉਣ, ਅਸਮਾਨ ਛੂਹਦੇ ਮਹਿਲ ਮੁਨਾਰੇ ਬਣਾਉਣ, ਹੀਰੇ ਮੋਤੀਆਂ ਨਾਲ ਜੜੇ ਚੰਦੋਏ ਲਾਉਣ, ਮਹਿੰਗੇ ਰੁਮਾਲੇ ਅਤੇ  ਚੌਰਾਂ ਵਰਤਣ ਦੀ ਕਿਤੇ ਵੀ ਸ਼ਲਾਘਾ ਨਹੀਂ ਕੀਤੀ ਗਈ। ਫਿਰ ਗੁਰਦੁਆਰਿਆਂ ਵਿੱਚ ਸਾਦਗੀ ਕਿਉਂ ਨਹੀਂ ਰੱਖੀ ਜਾਂਦੀ ? ਸਿੱਖ ਇਤਿਹਾਸਕ ਸਥਾਨਾਂ ਨੂੰ ਮਲ਼ੀਆਮੇਟ ਕਰ ਸੰਗਮਰਮਰ ਅਤੇ ਸੋਨਾ ਚੜ੍ਹਾਇਆ ਜਾ ਰਿਹਾ ਹੈ। ਲੋੜਵੰਦ ਸਿੱਖਾਂ ਲਈ ਗੁਰਦੁਆਰਿਆਂ ਵੱਲੋਂ ਹੱਥ ਪਿੱਛੇ ਖਿੱਚਿਆ ਜਾਂਦਾ ਹੈ। ਅਜਿਹੇ ਕੰਮਾਂ ਲਈ ‘ਕਾਰ ਸੇਵਾ’ ਦਾ ਸਿਸਟਮ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਸਮਝ ਦੀ ਘਾਟ ਕਾਰਨ ਬਹੁਤੇ ਪੁਰਾਤਨ ਯਾਦਗਰੀ ਨਿਸ਼ਾਨ ਮਿਟਾ ਦਿੱਤੇ ਗਏ ਹਨ।

ਗੁਰਾਂ ਦੇ ਨਾਂਅ ਤੇ ਵਸਦੇ ਅੱਜ ਦੇ ਪੰਜਾਬ ਦਾ ਹਾਲ

0

ਗੁਰਾਂ ਦੇ ਨਾਂਅ ਤੇ ਵਸਦੇ ਅੱਜ ਦੇ ਪੰਜਾਬ ਦਾ ਹਾਲ

ਬਲਬੀਰ ਸਿੰਘ ਬੱਬੀ, ਪਿੰਡ/ਡਾਕ. ਤੱਖਰਾਂ, ਤਹਿ. ਸਮਰਾਲਾ  (ਲੁਧਿਆਣਾ)-92175-92531

                ਪੰਜ+ਆਬ ਸ਼ਬਦ ਜ਼ਬਾਨ ਵਿੱਚੋਂ ਨਿਕਲਣ ਸਮੇਂ ਮੂੰਹ ਵਿੱਚ ਅਲੱਗ ਹੀ ਮਿਠਾਸ ਜਿਹੀ ਪੈਦਾ ਹੁੰਦੀ ਸੀ। ਇਹ ਮਿਠਾਸ ਉਸ ਪੁਰਾਤਨ ਪੰਜਾਬ ਸਮੇਂ ਜ਼ਿਆਦਾ ਸੁਖਦਾਈ ਤੇ ਆਨੰਦਮਈ ਸੀ, ਜਦੋਂ ਸਮੁੱਚੇ ਪੰਜਾਬ ਦਾ ਧੁਰਾ ਲਾਹੌਰ ਸੀ ਤੇ ਪੰਜਾਬ ਦੀ ਇਲਾਕਾਈ ਵਿਸ਼ਾਲਤਾ ਮਹਾਨ ਸੀ। ਸੱਚ ਮੁੱਚ ਹੀ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਰਹਿਬਰਾਂ ਦੀ ਧਰਤੀ ਮੰਨੀ ਜਾਂਦੀ ਸੀ। ਇਸ ਧਰਤੀ ਦੀ ਰੰਗਤ ਵੀ ਧਾਰਮਿਕ ਸੀ। ਮਹਾਨ ਸਿੱਖ ਧਰਮ ਦੀ ਨੀਂਹ ਮਹਾਨ ਰੱਬੀ ਜੋਤ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਵਿੱਚ ਹੀ ਰੱਖੀ ਸੀ। ਬਾਅਦ ਵਿੱਚ ਗੁਰੂ ਸਾਹਿਬਾਨ, ਭਗਤ, ਧਰਮੀ ਯੋਧੇ, ਬਹਾਦਰ ਸੂਰਮੇ ਤੇ ਅਨੇਕਾਂ ਹੀ ਗੱਲਾਂ-ਬਾਤਾਂ ਪੰਜਾਬ ਦੇ ਬਹਾਦਰ ਲੋਕਾਂ ਨਾਲ ਜੁੜੀਆਂ। ਧਾਰਮਿਕ ਅਕੀਦੇ ਸਦਕਾ ਹੀ ‘ਪੰਜਾਬ ਵਸਦਾ ਗੁਰਾਂ ਦੇ ਨਾਂਅ ਤੇ’ ਜਾਣਿਆ ਜਾਣ ਲੱਗਾ। ਪ੍ਰੋ. ਪੂਰਨ ਸਿੰਘ ਦੀ ਸੱਚੀ ਰਚਨਾ ਪੰਜਾਬ ਦਾ ਧਾਰਮਿਕ ਪੱਖ ਤੇ ਹੋਰ ਬਹੁਤ ਕੁਝ ਬਿਆਨ ਕਰਦੀ ਸੀ। ਦੇਸ਼ ਦੀ ਵੰਡ-ਵੰਡਾਈ, ਸਰਕਾਰਾਂ ਦੇ ਕਹਿਰ ਤੇ ਲੀਡਰਾਂ ਦੀ ਕੁਰਸੀ ਦੀ ਭੁੱਖ ਦੀ ਚੌਧਰ ਨੇ ਇੱਕ ਛੋਟੀ ਜਿਹੀ ਸੂਬੀ ਬਣਾ ਕੇ ਰੱਖ ਦਿੱਤੀ, ਜੋ ਅੱਜ ਸਾਡੇ ਸਾਹਮਣੇ ਹੈ। ਅਸੀਂ ਇਸ ਦੇ ਵਸਨੀਕ ਹਾਂ।

ਅੱਜ ਗੁਰਾਂ ਦੇ ਨਾਮ ਹੇਠ ਵਸਦੇ ਮੇਰੇ ਪੰਜਾਬ ਦਾ ਜੋ ਹਾਲ ਹੈ, ਉਹ ਬਹੁਤ ਹੀ ਦੁਖਦਾਈ ਹੈ। ਤਕਰੀਬਨ ’47 ਦੀ ਵੰਡ ਤੋਂ ਬਾਅਦ ਅਨੇਕਾਂ ਹੀ ਜ਼ਖ਼ਮ ਆਪਣਿਆਂ ਤੇ ਬੇਗਾਨਿਆਂ ਨੇ ਰਲ਼ ਕੇ ਦਿੱਤੇ ਹਨ। ਜੋ ਬਿਆਨ ਕਰਨੇ ਮੁਸ਼ਕਲ ਹਨ ਤੇ ਕਿਸੇ ਨੇ ਇਨ੍ਹਾਂ ਜ਼ਖ਼ਮਾਂ ਨੂੰ ਭਰਨ ਦਾ ਯਤਨ ਨਹੀਂ ਕੀਤਾ, ਸਗੋਂ ਹੋਰ ਖੁਰਚੇ ਜਾ ਰਹੇ ਹਨ। ਕਈ ਸਮਝਦਾਰ ਰੱਬੀ ਤੇ ਤੜਪ ਰੱਖਦੀਆਂ ਰੂਹਾਂ ਹਾਲੇ ਵੀ ਪੰਜਾਬ ਲਈ ਆਪਣੇ ਸੀਨੇ ਵਿੱਚ ਬਹੁਤ ਕੁਝ ਸਮੋਈ ਬੈਠੀਆਂ ਹਨ। ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾ ਰਹੀ ਜਾਂ ਕੋਈ ਉਨ੍ਹਾਂ ਦੀ ਸੁਣੀ ਹੀ ਨਹੀਂ ਜਾ ਰਹੀ। ਅਸਲ ’ਚ ਉਨ੍ਹਾਂ ਨੂੰ ਖੂੰਝੇ ਲਾਉਣ ਦੀਆਂ ਗੱਲਾ ਗੁੰਦੀਆਂ ਜਾ ਰਹੀਆਂ ਹਨ। ਹੁਣ ਤੱਕ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕਰਨ ਜਾਂ ਕਰਾਉਣ ਵਾਲਿਆਂ ਨੂੰ ਹੀ ਟੇਢੇ-ਮੇਢੇ ਢੰਗ ਨਾਲ ਰਾਜ-ਗੱਦੀ ’ਤੇ ਬਿਠਾਇਆ ਜਾ ਰਿਹਾ ਹੈ।

ਸਭ ਤੋਂ ਵੱਡੀ ਗੱਲ ਚਾਰੇ ਪਾਸੇ ਦੁਹਾਈ ਪੈ ਰਹੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ। ਸਰਕਾਰੀ ਸਰਪ੍ਰਸਤੀ ਬਿਨਾਂ ਕੋਈ ਮਨਾਹੀ ਵਾਲੀ ਚੀਜ਼ ਕਿਵੇਂ ਕਿਸ ਤਰ੍ਹਾਂ ਮਿਲ ਸਕਦੀ ਹੈ ? ਇਸ ਭੇਦ ਵਿੱਚ ਹੀ ਸਭ ਕੁਝ ਉਲਝਿਆ ਹੋਇਆ ਹੈ। ਉਹ ਦਿਨ ਕਿਹੜਾ ਜਿਸ ਦਿਨ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੋਂ ਲੱਖਾ ਕਰੋੜਾਂ ਰੁਪਿਆਂ ਦਾ ਨਸ਼ਾ ਨਹੀਂ ਫੜਿਆ ਜਾਂਦਾ, ਨਸ਼ੇ ਵੀ ਅਤਿ ਮਹਿੰਗੇ ਹੈਰੋਇਨ, ਸਮੈਕ, ਪਾਊਡਰ, ਅਫੀਮ, ਭੁੱਕੀ ਤੇ ਹੋਰ ਨਿੱਕ ਸੁਕ। ਵੋਟਾਂ ਦੇ ਸਮੇਂ ਜ਼ਿਆਦਾਤਰ ਨਸ਼ੇ ਸਰਕਾਰੀ ਸਰਪ੍ਰਸਤੀ ਹੇਠ ਪ੍ਰਮੁੱਖ ਪਾਰਟੀਆਂ ਇੱਕ ਦੂਜੇ ਤੋਂ ਓਹਲੇ ਹੋ-ਹੋ ਕੇ ਵੋਟਰਾਂ ਤੱਕ ਪੁੱਜਦਾ ਕਰਦੀਆਂ ਹਨ। ਸਰਕਾਰਾਂ ਨੇ ਸ਼ਰਾਬ ਨੀਤੀ ਹੀ ਇਹੋ ਜਿਹੀ ਬਣਾ ਦਿੱਤੀ ਹੈ ਕਿ ਪੰਜਾਬ ਦੀ ਕੋਈ ਥਾਂ ਠੇਕੇ ਤੋਂ ਖ਼ਾਲੀ ਨਾ ਰਹੇ। ਰੌਲਾ ਸਰਕਾਰੀ ਆਮਦਨ ਵਧਾਉਣ ਦਾ ਪਾਇਆ ਜਾ ਰਿਹਾ ਹੈ। ਕੀ ਕਰਨੀ ਹੈ ਆਮਦਨ ਜੋ ਜਵਾਨੀ ਨੂੰ ਹੀ ਪੱੁਠੇ ਰਾਹ ਪਾਵੇ। ਇਹ ਸਭ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਜਾਂ ਪੁੱਠੇ ਰਸਤੇ ਪਾਉਣ ਲਈ ਆਪਣਿਆਂ ਦੀਆਂ ਹੀ ਕੁਰਸੀ ਨਾਲ ਚਿੰਬੜਨ ਦੀਆਂ ਜੁਗਤਾਂ ਹਨ। ਕੀ ਗੁਰਾਂ ਦੇ ਨਾਂਅ ਤੇ ਵੱਸਦੇ ਪੰਜਾਬ ’ਚ ਇਹੀ ਚੀਜ਼ਾਂ ਪ੍ਰਮੁੱਖ ਚਾਹੀਦੀਆਂ ਹਨ।

ਸਿੱਖੀ ਦੇ ਕੇਂਦਰ ਪੰਜਾਬ ਵਿੱਚ ਜੋ ਹਾਲ ਸਿੱਖ ਧਰਮ ਦਾ ਹੈ ਉਹ ਸਾਡੇ ਸਾਹਮਣੇ ਹੈ ਤੇ ਧਰਮੀ ਬੰਦੇ ਧਾਹਾਂ ਮਾਰ ਰਹੇ ਹਨ। ਸਿੱਖ ਧਰਮ ਦੀਆਂ ਮਹਾਨ ਰਹੁ-ਰੀਤਾਂ ਇੰਨੀਆਂ ਵਿਸ਼ਾਲ ਸਨ ਕਿ ਗੁਰਬਾਣੀ ਦੇ ਸਿਧਾਂਤ ਤੋਂ ਕੁਲ ਦੁਨੀਆਂ ਨੇ ਸੇਧ ਲੈਣੀ ਸੀ, ਪਰ ਇੱਥੇ ਤਾਂ ਸਭ ਉਲਟ ਹੋ ਰਿਹਾ ਹੈ। ਸਿੱਖ ਧਾਰਮਿਕ ਤੇ ਰਾਜਨੀਤਿਕ ਲੀਡਰਾਂ ਦੀਆਂ ਨਾਲਾਇਕੀਆਂ ਤੇ ਮਿਲੀ ਭੁਗਤ ਨਾਲ ਗੁਰੂ ਡੰਮ ਨੇ ਪੰਜਾਬ ਦੀ ਧਰਤੀ ’ਤੇ ਜੜ੍ਹਾਂ ਕਾਇਮ ਕਰ ਵੱਡੇ ਰੱੁਖ ਦਾ ਸਥਾਨ ਲੈ ਲਿਆ ਹੈ। ਅੱਜ ਗੁਰਾਂ ਦੇ ਨਾਂਅ ਹੇਠ ਵੱਸਦਾ ਪੰਜਾਬ ਪੂਰੀ ਤਰ੍ਹਾਂ ਪਾਖੰਡੀਆਂ ਤੇ ਦੰਭੀਆਂ ਤੋਂ ਇਲਾਵਾ ਸਿੱਖੀ ਭੇਸ ’ਚ ਵਿਚਰ ਰਹੇ ਬਾਬਾ ਵਾਦ, ਗੁਰੂ ਡੰਮ ਨੇ ਪੂਰੀ ਤਰ੍ਹਾਂ ਜਕੜ ਲਿਆ ਹੈ। ਸਿੱਖ ਧਰਮ ਦੀਆਂ ਜੜ੍ਹਾਂ ਸਿੱਖੀ ਭੇਸ ਵਾਲੇ ਗੋਲ ਪੱਗਾਂ ਤੇ ਲੰਮੇ ਚੋਲਿਆਂ ਵਾਲੇ ਅਨੇਕਾਂ ਰੰਗਾਂ ’ਚ ਵੱਢ ਰਹੇ ਹਨ। ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਤੇ ਸਿੱਖ ਧਰਮ ਦੇ ਅਖੌਤੀ ਜਥੇਦਾਰ ਇਨ੍ਹਾਂ ਪਾਖੰਡੀਆਂ ਦੀਆਂ ਹਾਜ਼ਰੀਆਂ ਵੋਟਾਂ ਖਾਤਰ ਭਰਦੇ ਹਨ। ਇਸੇ ਬੇਖੌਫ ਪਰਦੇ ਹੇਠ ਸਰਕਾਰ ਨਾਲ ਯਾਰੀ ਪਾ ਆਲੀਸ਼ਾਨ ਡੇਰੇ ਨਜ਼ਾਇਜ ਜ਼ਮੀਨਾਂ ’ਤੇ ਕਬਜੇ ਕਰ ਬਣਾਏ ਜਾ ਰਹੇ ਹਨ। ਅੱਜ ਦੇ ਬਹੁਤਿਆਂ ਬਾਬਿਆਂ ਤੇ ਜ਼ਮੀਨ ਹੜੱਪਣ, ਬਲਾਤਕਾਰ ਤੇ ਹੋਰ ਕਈ ਗ਼ਲਤ ਕੇਸ ਚੱਲ ਰਹੇ ਹਨ। ਸਿੱਖਾਂ ਦੀ ਸਿਰਮੋਰ ਸੰਸਥਾ ਦਾ ਹਾਲ ਵੀ ਠੀਕ ਨਹੀਂ ਹੈ। ਉਥੋਂ ਵੀ ਗ਼ਲਤ ਘਟਨਾਵਾਂ ਦੀ ਕੰਨਸੋਅ ਆਉਂਦੀ ਰਹਿੰਦੀ ਹੈ। ਦੂਜੇ ਪਾਸੇ ਸਿੱਖੀ ਨੂੰ ਸਮਰਪਿਤ ਕੁਝ ਜਥੇਬੰਦੀਆਂ, ਸੰਸਥਾਵਾਂ, ਰਸਾਲੇ, ਅਖ਼ਬਾਰ ਆਦਿ ਗੁਰਾਂ ਦੀ ਸਿੱਖਿਆਂ ਨੂੰ ਸਮਰਪਿਤ ਹੋ ਕੇ ਦੰਭੀ ਪਾਖੰਡੀਆਂ ਨਾਲ ਦੋ ਹੱਥ ਕਰਦੇ ਹਨ ਤਾਂ ਉਨ੍ਹਾਂ ’ਤੇ ਉਲਟੀ ਸਰਕਾਰੀ ਗੋਲੀ ਵੱਜਦੀ ਰਹਿੰਦੀ ਹੈ। ਝੂਠੇ ਕੇਸ ਪਾ ਸਾਰੀ ਉਮਰ ਉਲਝਾ ਕੇ ਜੇਲ੍ਹਾਂ ’ਚ ਬੰਦ ਕਰ ਦਿੱਤੇ ਜਾਂਦੇ ਹਨ। ਪੰਥਕ ਸਰਕਾਰ ਡੇਰੇਦਾਰਾਂ ਨਾਲ ਰਲ਼ ਕੇ ਗੰਢ ਤੁਪ ਕਰ ਕੇ ਸਾਡੇ ਗੁਰੂ ਘਰ ਢਹਾ ਰਹੀ ਹੈ। ਇੰਦਰਾਂ ਗਾਂਧੀ ਤਾਂ ਦੂਰੋਂ ਆਈ ਸੀ, ਇੱਥੇ ਤਾਂ ਆਪਣੇ ਹੀ ਸਰਕਾਰੀ ਸਰਪ੍ਰਸਤੀ ’ਚ ਗੁਰੂ ਘਰ ਦੀ ਮਰਯਾਦਾ ਢਾਹ ਕੇ, ਪੈਸੇ ਦੇ ਫ਼ੈਸਲਾ ਕਰ ਰਹੇ ਹਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਰੁਮਾਲੇ ’ਚ ਲਪੇਟ ਕੇ ਸਿਰਫ ਦਰਸਨਾਂ ਲਈ ਰੱਖਿਆ ਹੈ। ਗੁਰਦੁਆਰਿਆਂ ’ਤੇ ਸੋਨਾ, ਸੰਗਮਰਮਰ ਲਾ ਮਾਇਆ ਇਕੱਠੀ ਕਰਨ ਦੇ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਇਸ ਮਾਇਆ ਦੀ ਦੁਰਵਰਤੋਂ ਹੋ ਰਹੀ ਹੈ, ਆਗੂ ਆਪਣਿਆਂ ਨੂੰ ਹੀ ਹਰ ਥਾਂ ਫਿੱਟ ਕਰਨ ’ਚ ਲੱਗੇ ਹਨ। ਸਿੱਖੀ ਦੇ ਘਰ ’ਚ ਹੀ ਨੌਜੁਆਨੀ ਸਿਰੋਂ ਘੋਨ-ਮੋਨ, ਮੂੰਹ ਸਫਾ ਚੱਟ ਤੇ ਕੰਨਾਂ ’ਚ ਮੁੰਦਰਾਂ ਪਾਈ ਨਿਸ਼ਾਨੇ ਤੋਂ ਭਟਕੀ ਨਸ਼ਿਆ ’ਚ ਗਲਤਾਨ ਹੈ, ਸਿੱਖ ਆਗੂਆਂ ਦੀ ਇਹਨਾਂ ’ਤੇ ਨਜ਼ਰ ਨਹੀਂ ਪੈਂਦੀ। ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ, ਮੇਰੇ ਗੁਰਾਂ ਦੇ ਨਾਂਅ ਹੇਠ ਵੱਸਦੇ ਪੰਜਾਬ ਵਿੱਚ ?

ਅੱਜ ਅਖੌਤੀ ਲੋਕਾਂ ਨੇ ਜੋ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਸੇਵਕ ਕਹਾ ਰਹੇ ਹਨ, ਨੇ ਰਲ਼ ਕੇ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਰਹੁ ਰੀਤਾਂ ਦਾ ਰੱਜ ਕੇ ਘਾਣ ਕੀਤਾ ਹੈ। ਅੱਜ ਪੰਜਾਬੀ ਗਾਇਕੀ ਹੇਠ ਲੱਚਰ ਗਾਉਣ ਤੇ ਲਿਖਣ ਨੂੰ ਹੀ ਸਾਡਾ ਸੱਭਿਆਚਾਰ ਮੰਨਿਆ ਜਾ ਰਿਹਾ ਹੈ। ਅੱਜ ਕੁਝ ਪੰਜਾਬੀ ਕਲਾਕਾਰਾਂ ਨੂੰ ਛੱਡ ਜ਼ਿਆਦਾਤਰ, ਲੱਚਰਤਾ ਨੂੰ ਬੇਸ਼ਰਮ ਹੋ ਕੇ ਖੁਦ ਪੇਸ਼ ਕਰ ਰਹੇ ਹਨ। ਸਾਡੀਆਂ ਧੀਆਂ ਭੈਣਾਂ ਦੇ ਸਰੀਰ ਨਾਪੇ ਜਾ ਰਹੇ ਹਨ, ਰਿਸ਼ਤੇ ਗ਼ਲਤ ਪੇਸ਼ ਕੀਤੇ ਜਾ ਰਹੇ ਹਨ, ਲੜਕੀਆਂ ਸ਼ਰਾਬਾਂ, ਸਿਗਰਟਾਂ, ਪੀਦੀਆਂ ਅੱਧਨੰਗੀਆਂ ਗੀਤਾਂ ’ਚ ਪੇਸ਼ ਕੀਤੀਆਂ ਜਾ ਰਹੀਆਂ ਹਨ । ਅਸੀਂ ਜਮੀਰ ਮਾਰ ਕੇ ਸਭ ਕੁਝ ਬਰਦਾਸਤ ਕਰੀ ਜਾ ਰਹੇ ਹਾਂ। ਸਮਾਜ ਸੇਵੀ, ਧਾਰਮਿਕ ਸੰਸਥਾਵਾਂ, ਲੇਖਕ, ਬੁੱਧੀਜੀਵੀ ਵਰਗ ਸਭ ਚੁੱਪ ਹਨ। ਸਰਕਾਰੀ ਸੱਭਿਆਚਾਰ ਮਹਿਕਮਾਂ ਸਿਰਫ ਨਾਮ ਦਾ ਹੀ ਰਹਿ ਗਿਆ ਹੈ। ਕੀਹਨੂੰ ਕਹੀਏ, ਸਰਕਾਰ ਤਾਂ ਖ਼ੁਦ ਅਸਲੀਲ ਡਾਂਸ ਗਰੁੱਪ ਮੁੰਬਈ ਤੋਂ ਕਰੋੜਾ ਖ਼ਰਚ ਕੇ ਪੰਜਾਬ ’ਚ ਸਮਾਰੋਹਾਂ ਦੀ ਸ਼ਾਨ ਵਧਾ ਰਹੀ ਹੈ। ਇਨ੍ਹਾਂ ਗ਼ਲਤ ਚੀਜ਼ਾਂ ਦੀ ਜਕੜ ਵਿੱਚ ਆ ਕੇ ਨਵੀਂ ਪੀੜ੍ਹੀ ਆਪਣੇ ਸੰਸਕਾਰਾਂ ਨੂੰ ਭੁਲਦੀ ਜਾ ਰਹੀ ਹੈ। ਵੱਡਿਆਂ ਦੀ ਇੱਜ਼ਤ ਕਰਨੀ ਭੁੱਲਾ ਕੇ ਸਾਡੇ ਰੀਤੀ ਰਿਵਾਜ਼ ਹੀ ਵਿਸਾਰ ਦਿੱਤੇ ਹਨ। ਇਹ ਵੀ ਮੇਰੇ ਗੁਰਾਂ ਦੇ ਨਾਂਅ ਹੇਠ ਵਸਦੇ ਪੰਜਾਬ ਦੀ ਇੱਕ ਗੱਲ ਹੈ।

ਜੇ ਇਹ ਕਹਿ ਲਈਏ ਕਿ ਅੱਜ ਲੋਕਾਂ ਦੀ ਨਜ਼ਰ ਵਿੱਚ ਸਿਰਫ ਪੈਸਾ ਹੀ ਮੁੱਖ ਰਹਿ ਗਿਆ ਹੈ ਤਾਂ ਗ਼ਲਤ ਨਹੀਂ ਹੋਵੇਗਾ। ਪੰਜਾਬ ਦੀਆਂ ਅਖ਼ਬਾਰਾਂ ’ਚ ਰੋਜ਼ ਕੁਝ ਖ਼ਬਰਾਂ ਹੁੰਦੀਆਂ ਹਨ ਕਿ ਜ਼ਮੀਨ-ਜਾਇਦਾਦ ਪਿੱਛੇ ਕਤਲ, ਪੈਸੇ ਦੀ ਲੁੱਟ ਖੋਹ, ਕੁਝ ਪੈਸਿਆਂ ਪਿੱਛੇ ਬੰਦਾ ਜ਼ਖ਼ਮੀ ਜਾਂ ਖ਼ਤਮ। ਹੋਰ ਤਾਂ ਹੋਰ ਸਿਰਫ਼ ਸੰਤਾਲੀ ਲੱਖ ਪਿੱਛੇ ਹੀ ਡੇਹਲੋਂ ਨਜ਼ਦੀਕ ਪਿੰਡ ਦੇ ਛੇ ਮੈਂਬਰ ਹੀ ਨਹਿਰ ’ਚ ਰੋੜ ਦਿੱਤੇ। ਰੋਂਦੀ ਹੈ ਪੰਜਾਬ ਦੀ ਧਰਤੀ ਕਿ ਇਹ ਕਲੰਕ ਮੇਰੇ ਮੱਥੇ ਹੀ ਲੱਗੀ ਜਾ ਰਿਹਾ ਹੈ। ਸ਼ਾਇਦ ਹੀ ਇੰਨੇ ਘਿਨਾਉਣੇ ਕੰਮ ਕਿਸੇ ਹੋਰ ਪਾਸੇ ਹੁੰਦੇ ਹੋਣ। ਦੁੱਖ ਹੁੰਦਾ ਹੈ ਜਦੋਂ ਨਵੀਆਂ ਤੇ ਅਜੀਬ ਗੱਲਾਂ ਸੁਣਦੇ-ਪੜ੍ਹਦੇ ਹਾਂ, ਦੋ ਪੁੱਤਰੀਆਂ ਨੂੰ ਪਿਤਾ ਵੱਲੋਂ ਗ਼ਲਤ ਕੰਮ ਲਈ ਵਰਜਣ ’ਤੇ ਪਿਤਾ ਨੂੰ ਹੀ ਮਿੱਟੀ ਦਾ ਤੇਲ ਪਾ ਅੱਗ ਲਾ ਦੇਣੀ, ਪੁੱਤਰ ਵੱਲੋਂ ਮਨਪਸੰਦ ਲੜਕੀ ਘਰ ਲੈ ਆਉਣ ਲਈ ਆਪਣੇ ਮਾਤਾ-ਪਿਤਾ ਨੂੰ ਜ਼ਹਿਰ ਦੇਣਾ, ਭਰਾ ਜਾਂ ਮਾਪਿਆਂ ਵੱਲੋਂ ਨਸ਼ਾ ਕਰਨ ਤੋਂ ਰੋਕਣ ’ਤੇ ਕਤਲ, ਪੰਜਾਹ ਸੱਠ ਸਾਲਾ ਬਜ਼ੁਰਗ ਵੱਲੋਂ ਦੂਜੀ ਔਰਤ ਨਾਲ ਸਬੰਧ ਬਣਾ ਕੇ ਪਤਨੀ ਦਾ ਕਤਲ, ਦਸਵੀਂ ਤੱਕ ਪੜ੍ਹਦੇ ਲੜਕਿਆਂ ਵੱਲੋਂ ਸਹਿਪਾਠਣਾਂ ਦੇ ਗ਼ਲਤ ਐਸ. ਐਮ. ਐਸ ਮੋਬਾਈਲ ਰਾਹੀਂ ਫੈਲਾਉਣੇ।

ਗੁੰਮਰਾਹ ਹੋਈਆਂ ਲੜਕੀਆਂ ਗ਼ਲਤ ਤਰੀਕੇ ਵਿਆਹ ਕਰਵਾ ਆਪਣੇ ਮਾਪਿਆਂ ਵਿਰੁੱਧ ਹੀ ਸ਼ਿਕਾਇਤਾਂ ਦਰਜ ਕਰਾਉਣ, ਵਿਗੜੀ ਹੋਈ ਧੀ ਨੂੰ ਬਾਪੂ ਦੀ ਇੱਜ਼ਤ ਖਾਤਰ ਮਾਰੇ, ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਹੀ ਬੇਰਹਿਮ ਮੁਟਿਆਰਾਂ ਬਿਨਾਂ ਵਿਆਹ ਮਾਵਾਂ ਬਣ ਮਾਸੂਮ ਬੱਚਿਆਂ ਨੂੰ ਕੂੜੇਦਾਨਾਂ, ਝਾੜੀਆ ’ਚ ਸੁੱਟਣ, ਨਸ਼ੇ ਕਰ ਸੜਕਾਂ ’ਤੇ ਐਕਸੀਡੈਟਾਂ ਰਾਹੀਂ ਮੌਤਾਂ ਵੰਡਣਾ, ਅਨੇਕਾਂ ਤਰੀਕਿਆਂ ਨਾਲ ਭਰੂਣ ਹੱਤਿਆਂ, ਦਾਜ ਰੂਪੀ ਦੈਂਤ ਨੇ ਘਰ ਕਰਨਾ, ਪੁਲਿਸ ਦੀਆਂ ਅਨੇਕਾਂ ਵਧੀਕਿਆਂ, ਇਨਸਾਫ਼ ਪੈਸੇ ਅੱਗੇ ਵਿਕਣਾ, ਹੋਰ ਬਹੁਤ ਸਮਾਜ ’ਚ ਕੁਰਤੀਆਂ ਜੋ ਗੁਪਤ ਚੱਲ ਰਹੀਆਂ ਹਨ। ਚਾਹੀਦਾ ਤਾਂ ਇਹ ਸੀ ਕਿ ਬਾਬੇ ਨਾਨਕ ਦੀ ਬਾਣੀ ਨਾਲ ਆਨੰਦਮਈ ਹੋਏ ਪੰਜਾਬ ’ਤੇ ਕੋਈ ਵੀ ਕੁਰੀਤੀ ਤੇ ਵਧੀਕੀ ਨਹੀਂ ਸੀ ਚਾਹੀਦੀ ਪਰ ਇੱਥੇ ਕੰਮ ਉਲਟ ਹੋ ਰਿਹਾ ਹੈ। ਅਸੀਂ ਬਾਣੀ ਤੇ ਬਾਣੇ ਦੇ ਸਿਧਾਂਤ ਤੋਂ ਉੱਟ ਕੇ ਦੁੱਖ ਭੋਗ ਰਹੇ ਹਾਂ। ਬੇਮੁੱਖ ਹੋ ਕੇ ਸਿਧਾਂਤ ਨਾ ਮੰਨਣ ਵਾਲਾ ਮਨੁੱਖ ਕੁਰਾਹੇ ਨਹੀਂ ਪਏਗਾ ਤਾਂ ਹੋਰ ਕੀ ਕਰੇਗਾ ? ਅੱਜ ਅਸੀਂ ਆਪਣੀਆਂ ਮਹਾਨ ਧਾਰਮਿਕ, ਸੱਭਿਆਚਾਰਕ ਵਿਰਾਸਤਾਂ ਨੂੰ ਵਿਸਾਰ ਚੁੱਕੇ ਹਾਂ। ਫਿਰ ਕਿੱਥੋਂ ਸੁੱਖ ਭਾਲੀਏ ਗੁਰਾਂ ਦੇ ਨਾਂਅ ਦੇ ਵਸਦੇ ਪੰਜਾਬ ਉੱਤੇ।

ਸਭ ਤੋਂ ਅਹਿਮ ਗੱਲ ਕਿ ਜੋ ਕੋਈ ਇਨਸਾਨ ਕਿਸੇ ਵਧੀਆਂ ਸੰਸਥਾਂ ਦਾ ਗਠਨ ਕਰ ਕੇ, ਚੰਗੇ ਸਾਧਨ ਮੀਡੀਏ, ਅਖ਼ਬਾਰਾਂ ਤੇ ਰਸਾਲੇ ਰਾਹੀਂ ਸਾਨੂੰ ਸਭ ਗੱਲਾਂ ਤੋਂ ਸੁਚੇਤ ਕਰਨ ਦਾ ਯਤਨ ਕਰਦਾ ਹੈ ਤੇ ਸੱਚੀ ਗੱਲ ਹਰ ਪਾਸਿਓ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਦੀ ਸੰਘੀ ਨੱਪਣ ਲਈ ਸਮੇਂ ਦੀਆਂ ਸਰਕਾਰਾਂ ਨਵੇਂ ਕਾਨੂੰਨ ਤੇ ਹੋਰ ਸਰਕਾਰੀ, ਧਾਰਮਿਕ ਸਰਪ੍ਰਸਤੀ ਦਾ ਸਹਾਰਾ ਲੈ ਕੇ ਉਸ ਨੂੰ ਜਲੀਲ ਕਰ ਨਵੇਂ-ਨਵੇਂ ਕੇਸਾਂ ਵਿੱਚ ਉਲਝਾ ਕੇ ਥਾਣਿਆਂ ਤੇ ਜੇਲ੍ਹਾਂ ’ਚ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅੱਜ ਇਹ ਮਿਸਾਲਾਂ ਸਾਡੇ ਸਾਹਮਣੇ ਹਨ, ਪਰ ਸਿਦਕੀ ਤੇ ਤੜਪ ਰੱਖਣ ਵਾਲੇ ਲੋਕ ਕਦੋਂ ਕਿਸੇ ਦੀ ਪ੍ਰਵਾਹ ਕਰਦੇ ਹਨ।  ਅਸ਼ਕੇ ਜਾਈਏ ਉਨ੍ਹਾਂ ਦੀ ਚੰਗੀ ਸੋਚ ਦੇ ਜੋ ਦੂਜਿਆਂ ਦੀ ਸੋਚ ਵੀ ਬਦਲ ਰਹੇ ਹਨ।

ਮੇਰੇ ਪੰਜਾਬ ਦੇ ਸਮਝਦਾਰ ਤੇ ਤੜਪ ਰੱਖਣ ਵਾਲੇ ਸੱਜਣ ਇਹ ਨਹੀਂ ਚਾਹੁੰਦੇ ਕਿ ਜੋ ਉਪਰ ਲਿਖਿਆ ਹੈ, ਰੰਗਲੇ ਪੰਜਾਬ ਦਾ ਹਾਲ ਇਹ ਜਾਂ ਇਸ ਤੋਂ ਵੀ ਬਦਤਰ ਹੋਵੇ। ਸਾਡਾ ਸਭਨਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਜਨਮ ਭੋਇ, ਮਾਂ-ਬੋਲੀ, ਧਾਰਮਿਕ ਤੇ ਰਾਜਨੀਤਿਕ ਗਤੀਵਿਧੀਆਂ ਪ੍ਰਤੀ ਵਫਾਦਾਰ ਰਹਿ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਨਵੇਂ-ਨਰੋਏ ਰੂਪ ਵਿੱਚ ਚੰਗੀ ਵਿਰਾਸਤ ਛੱਡ ਕੇ ਜਾਈਏ ਤਾਂ ਕਿ ਸਾਡਾ ਪੰਜਾਬ ਗੁਰਾਂ ਦੇ ਨਾਂਅ ਤੇ ਹੱਸਦਾ ਵੱਸਦਾ ਰਹਿ ਸਕੇ।

ਆਰਐੱਸਐੱਸ ਦੀ ਨਵੀਂ ਸਿਆਸਤ ਤੇ 2019 ਦੀਆਂ ਚੋਣਾਂ

0

ਆਰਐੱਸਐੱਸ ਦੀ ਨਵੀਂ ਸਿਆਸਤ ਤੇ 2019 ਦੀਆਂ ਚੋਣਾਂ

ਪ੍ਰੋ. ਬਲਵਿੰਦਰਪਾਲ ਸਿੰਘ ਸੰਪਰਕ: 98157-00916

ਰਾਸ਼ਟਰੀ ਸਵੈਮਸੇਵਕ ਸੰਘ ਦੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਆਰ ਐੱਸ ਐੱਸ ਦੇ ਸਰਸੰਘ ਚਾਲਕ ਮੋਹਨ ਭਾਗਵਤ ਨੇ ਬਹੁਤ ਕੁਝ ਅਜਿਹਾ ਕਿਹਾ ਜਿਸ ਤੋਂ ਇਹ ਜਾਪਦਾ ਹੈ ਕਿ ਸੰਘ ਵਿੱਚ ਤਬਦੀਲੀ ਆ ਰਹੀ ਹੈ। ਉਹ ਆਪਣੀਆਂ ਪਰੰਪਰਿਕ ਮੂਲ ਧਾਰਨਾਵਾਂ ਵਿੱਚ ਪਰਿਵਰਤਨ ਕਰ ਰਿਹਾ ਹੈ। ਉਹ ਮੁਸਲਮਾਨਾਂ, ਇਸਾਈਆਂ, ਘੱਟ ਗਿਣਤੀਆਂ, ਮੂਲ ਨਿਵਾਸੀਆਂ ਅਤੇ ਖੱਬੇ ਪੱਖੀਆਂ ਨਾਲ ਨਫ਼ਰਤ ਨਹੀਂ ਕਰਦੀ। ਉਹ ਹੁਣ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ।

ਸੁਆਲ ਇਹ ਹੈ ਕਿ ਮੋਹਨ ਭਾਗਵਤ ਨੂੰ ਇਹ ਸਭ ਕੁਝ ਕਹਿਣ ਦੀ ਲੋੜ ਕਿਉਂ ਪਈ ? ਸੰਘ ਦੀਆਂ ਧਾਰਨਾਵਾਂ ਉੱਤੇ ਸਾਨੂੰ ਵਿਸ਼ਵਾਸ ਕਿਉਂ ਨਹੀਂ ਹੋ ਰਿਹਾ। ਅਸਲ ਵਿੱਚ ਆਰ ਐੱਸ ਐੱਸ ਦਾ ਆਧਾਰ ਹਿੰਦੂ ਰਾਸ਼ਟਰਵਾਦ ਹੈ। ਇਹ ਅੱਜ ਦਾ ਨਹੀਂ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਹੈ। ਹਿੰਦੂ ਮਹਾਂਸਭਾ ਦੇ ਸੁਪਰੀਮੋ ਮੁੰਜੇ, ਆਰਐੱਸਐੱਸ ਦੇ ਸਰਸੰਘ ਚਾਲਕ ਸਾਵਰਕਰ, ਗੁਰੂ ਗੋਲਵਲਕਰ ਇਹੋ ਕੁਝ ਕਹਿੰਦੇ ਰਹੇ ਹਨ।

ਸੰਘ ਪਰਿਵਾਰ ਮੁਸਲਮਾਨਾਂ ਪ੍ਰਤੀ ਹਮਦਰਦੀ ਦਿਖਾਉਣ ਲੱਗ ਜਾਵੇ ਤਾਂ ਹਰੇਕ ਦੇ ਮਨ ਵਿੱਚ ਸ਼ੱਕ ਹੋਵੇਗਾ ? ਰਾਜਨੀਤਕ ਮਾਹਰ ਇਸ ਗੱਲ ਨੂੰ ਪ੍ਰਵਾਨ ਕਰਦੇ ਹਨ ਕਿ ਆਰਐੱਸਐੱਸ ਵਿੱਚ ਆਈ ਤਬਦੀਲੀ ਦਾ ਕਾਰਨ 2019 ਦੀਆਂ ਚੋਣਾਂ ਹਨ। ਮੌਜੂਦਾ ਦੌਰ ਵਿੱਚ ਮੋਦੀ ਤੇ ਭਾਜਪਾ ਦਾ ਅਕਸ ਡਿੱਗ ਰਿਹਾ ਹੈ। ਭੀੜ ਦੀ ਹਿੰਸਾ ਉਨ੍ਹਾਂ ਦੇ ਲੋਕ ਆਧਾਰ ਨੂੰ ਖੋਰਾ ਲਗਾ ਰਹੀ ਹੈ। ਮੋਦੀ ਅੱਜ ਉਸ ਤਰ੍ਹਾਂ ਲੋਕਨਾਇਕ ਵਜੋਂ ਨਹੀਂ ਜਾਣੇ ਜਾਂਦੇ ਜਿਵੇਂ ਉਹ 2014 ਦੀਆਂ ਚੋਣਾਂ ਦੌਰਾਨ ਉੱਭਰੇ ਸਨ।

ਪਿਛਲੇ ਸਵਾ ਚਾਰ ਸਾਲਾਂ ਵਿੱਚ ਮੁਸਲਮਾਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਹੋਇਆ ਹੈ, ਉਹ ਦੋਇਮ ਦਰਜੇ ਵਾਲਾ ਸੀ। ਸੰਘ ਨੂੰ ਤੇ ਮੋਦੀ ਨੂੰ ਮੁਸਲਮਾਨਾਂ ਦੀ ਚਿੰਤਾ ਨਹੀਂ। ਦੇਸ਼-ਵਾਸੀਆਂ ਦਾ ਇੱਕ ਵੱਡਾ ਹਿੱਸਾ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧੀ ਹੈ, ਜੋ ਭੀੜ ਦੀ ਹਿੰਸਾ ਨੂੰ ਕੰਟਰੋਲ ਨਹੀਂ ਕਰ ਸਕੇ, ਉਹ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਤੋਂ ਬਹੁਤ ਨਾਰਾਜ਼ ਹਨ। ਇਹ ਨਾਰਾਜ਼ਗੀ ਸੱਤਾਧਾਰੀ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ। ਇਹੀ ਕਾਰਨ ਹੈ ਕਿ ਭਾਗਵਤ ਆਪਣੇ ਭਾਸ਼ਣ ਰਾਹੀਂ ਹਿੰਦੂਆਂ ਦੇ ਇਸ ਵੱਡੇ ਗਰੁੱਪ ਨੂੰ ਇਹ ਸੁਨੇਹਾ ਦੇ ਰਹੇ ਹਨ ਕਿ ਜੋ ਪਿੱਛੇ ਵਾਪਰ ਗਿਆ, ਉਹ ਹੁਣ ਨਹੀਂ ਵਾਪਰੇਗਾ। ਅਸਲ ਵਿੱਚ ਇਹ ਚੋਣਾਵੀ ਰਾਜਨੀਤੀ ਹੈ। ਸੰਘ ਵੀ ਜਾਣਦਾ ਹੈ ਕਿ ਜੋ ਪਿਛਲੇ ਚਾਰ ਸਾਲਾਂ ਵਿੱਚ ਰਾਜਨੀਤਕ ਲਾਭ ਮਿਲਿਆ, ਉਹ ਹੁਣ ਮਿੱਟੀ ਵਿੱਚ ਮਿਲ ਸਕਦਾ ਹੈ। ਇਸ ਲਈ ਉਨ੍ਹਾਂ ਨੇ ਆਪਣਾ ਪੈਂਤੜਾ ਬਦਲ ਲਿਆ ਹੈ।

ਭਾਗਵਤ ਨੇ ਕਿਹਾ ਕਿ ਹਿੰਦੂਵਾਦ ਗ਼ਲਤ ਸ਼ਬਦ ਹੈ। ਸੱਚ ਦੀ ਲਗਾਤਾਰ ਖੋਜ ਦਾ ਨਾਮ ਹਿੰਦੂਤਵ ਹੈ। ਹਿੰਦੂਤਵ ਹੀ ਹੈ ਜੋ ਸਾਰਿਆਂ ਨਾਲ ਤਾਲਮੇਲ ਦਾ ਆਧਾਰ ਹੋ ਸਕਦਾ ਹੈ। ਭਾਰਤ ਵਿੱਚ ਰਹਿਣ ਵਾਲੇ ਲੋਕ ਹਿੰਦੂ ਹੀ ਹਨ। ਸੰਘ ਮੁਖੀ ਦਾ ਕਹਿਣਾ ਸੀ ਕਿ ਗਊ ਰੱਖਿਆ ਨਾਲ ਜੁੜੇ ਲੋਕਾਂ ਨੂੰ ‘ਮੌਬ ਲਿੰਚਿੰਗ’ ਨਾਲ ਜੋੜਨਾ ਠੀਕ ਨਹੀਂ। ਕਿਸੇ ਪੱਖ ’ਤੇ ਹਿੰਸਾ ਕਰਨਾ ਅਪਰਾਧ ਹੈ ਤੇ ਉਸ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਗਾਂ ਰਵਾਇਤੀ ਸ਼ਰਧਾ ਦਾ ਵਿਸ਼ਾ ਹੈ। ਭਾਗਵਤ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ ਹਿੰਦੂਤਵ ਨਹੀਂ ਹੈ।

ਆਰਐੱਸਐੱਸ ਦੇ ਫ਼ਿਲਾਸਫਰ ਤੇ ਸਰਸੰਘ ਚਾਲਕ ਐੱਮ.ਐੱਸ. ਗੋਲਵਲਕਰ ਆਪਣੀ ਪੁਸਤਕ ‘ਵੀ ਆਰ ਨੇਸ਼ਨਹੁੱਡ ਡਿਫਾਈਂਡ’ ਵਿੱਚ ਲਿਖਦੇ ਹਨ ‘ਹਿੰਦੂ ਰਾਸ਼ਟਰ ਅਜੇ ਜੇਤੂ ਨਹੀਂ ਹੋਇਆ। ਲੜਾਈ ਜਾਰੀ ਹੈ, ਉਹ ਅਸ਼ੁੱਭ ਦਿਨ ਜਦੋਂ ਮੁਸਲਮਾਨਾਂ ਨੇ ਹਿੰਦੋਸਤਾਨ ਦੀ ਜ਼ਮੀਨ ’ਤੇ ਆਪਣੇ ਪੈਰ ਧਰੇ ਉਦੋਂ ਤੋਂ ਹੁਣ ਤੱਕ ਇਨ੍ਹਾਂ ਨੂੰ ਲਤਾੜਨ ਲਈ ਹਿੰਦੂ ਰਾਸ਼ਟਰ ਬਹਾਦਰੀ ਨਾਲ ਲੜ ਰਿਹਾ ਹੈ। ਇਸ ਲਈ ਜੰਗ ਜਾਰੀ ਹੈ।’

ਗੋਲਵਲਕਰ ਨੇ ਆਪਣੀ ਪੁਸਤਕ ‘ਬੰਚ ਆਫ ਥਾਟ’ ਵਿੱਚ ਕਿਹਾ ਹੈ ‘ਮੁਸਲਮਾਨ ਇਸ ਦੇਸ਼ ਦੇ ਦੁਸ਼ਮਣ ਹਨ, ਇਨ੍ਹਾਂ ਦੇ ਤਾਰ ਪਾਕਿ ਨਾਲ ਜੁੜੇ ਰਹਿੰਦੇ ਹਨ, ਉਹ ਕਈ ਹੋਰ ਪਾਕਿਸਤਾਨ ਬਣਾਉਣ ਵਿੱਚ ਜੁਟੇ ਹੋਏ ਹਨ।’ ਭਾਗਵਤ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਹ ਹੁਣ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ ? ਪਿਛਲੇ ਸਵਾ ਚਾਰ ਸਾਲਾਂ ਵਿੱਚ ਸਾਜ਼ਿਸੀ ਢੰਗ ਨਾਲ ਮੁਸਲਮਾਨਾਂ ਨੂੰ ਹਰ ਢੰਗ ਨਾਲ ਦੇਸ਼ਧ੍ਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਗਵਤ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਗੁਰੂ ਗੋਲਵਲਕਰ ਦਾ ਵਿਚਾਰ ਰੱਦ ਕਰ ਦਿੱਤਾ ਹੈ ਜਾਂ ਨਹੀਂ ?

ਦਰਅਸਲ, ਇਹ ਸਾਰਾ ਮਾਮਲਾ 2019 ਦੀਆਂ ਚੋਣਾਂ ਦਾ ਹੈ, ਜਿਸ ਤਹਿਤ ਭਾਜਪਾ ਤੇ ਆਰਐੱਸਐੱਸ ਆਪਣੀ ਰਣਨੀਤੀ ਤੇ ਚੋਣਵੀ ਤਿਆਰੀ ਕਰ ਰਹੇ ਹਨ। ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਮੁਤਾਬਕ ਸਫਲਤਾ ਹਾਸਲ ਨਹੀਂ ਕੀਤੀ। ਇਸ ਦੌਰਾਨ ਧਰਮ ਦੇ ਨਾਮ ’ਤੇ ਹਿੰਸਕ ਭੀੜ ਨੂੰ ਖ਼ੂਬ ਭੜਕਾਇਆ ਹੈ। ਇਸ ਤਹਿਤ ਦਲਿਤਾਂ ਤੇ ਮੁਸਲਮਾਨਾਂ ’ਤੇ ਹਮਲੇ ਹੋਏ ਹਨ। ਇਸ ਦੌਰਾਨ ਐੱਸਸੀ/ਐੱਸਟੀ ਨੂੰ ਲੈ ਕੇ ਮੂਲਨਿਵਾਸੀਆਂ ਅਤੇ ਉੱਚ ਜਾਤਾਂ ਵਿਚਾਲੇ ਤਾਕਤ ਪ੍ਰਦਰਸ਼ਨ ਦੀ ਰਣਨੀਤੀ ਵੀ ਖੇਡੀ ਗਈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀਆਂ ਚੋਣਾਂ ਵਿੱਚ ਵੀ ਆਰਐੱਸਐੱਸ ਤੇ ਭਾਜਪਾ ਵੱਲੋਂ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। 2016 ਵਿੱਚ ਸਾਜ਼ਿਸ਼ ਤਹਿਤ ਜੇਐੱਨਯੂ ਨੂੰ ਦੇਸ਼ਧ੍ਰੋਹੀਆਂ ਦਾ ਅੱਡਾ ਐਲਾਨਣ ਦੀ ਕੋਸ਼ਿਸ਼ ਕੀਤੀ ਗਈ। ਕਨ੍ਹੱਈਆ ਕੁਮਾਰ ਤੇ ਉਮਰ ਖਾਲਿਦ ਵਰਗੇ ਵਿਦਿਆਰਥੀਆਂ ਨੂੰ ਦੇਸ਼ਧ੍ਰੋਹੀ ਤੇ ਦੇਸ਼ ਦੇ ਟੁਕੜੇ ਕਰਨ ਵਾਲੇ ਕਰਾਰ ਦਿੱਤਾ। ਕਨ੍ਹੱਈਆ ਕੁਮਾਰ ਨੂੰ ਜੇਲ੍ਹ ਹੋ ਗਈ। ਦਿਲਚਸਪ ਹੈ ਕਿ 900 ਤੋਂ ਜ਼ਿਆਦਾ ਦਿਨ ਹੋ ਗਏ ਹਨ, ਪਰ ਅਜੇ ਤਕ ਜੇਐੱਨਯੂ ਮਾਮਲੇ ਵਿੱਚ ਕਨ੍ਹੱਈਆ ਕੁਮਾਰ ਤੇ ਉਮਰ ਖਾਲਿਦ ਖਿਲਾਫ਼ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ। ਜਦੋਂ ਕਿ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਖਿਲਾਫ਼ ਪੱਕੇ ਸਬੂਤ ਹਨ ਤਾਂ ਚਾਰਜਸ਼ੀਟ ਕਿਉਂ ਨਹੀਂ ਦਾਖਲ ਕੀਤੀ ਗਈ ? ਜੇ ਪੱਕੇ ਸਬੂਤ ਨਹੀਂ ਸਨ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਲੀਲ ਕਿਉਂ ਕੀਤਾ ਗਿਆ ? ਮੋਦੀ ਸਰਕਾਰ ਇੱਕ ਮਜ਼ਬੂਤ ਸਰਕਾਰ ਹੈ। ਇਸ ਦੇ ਬਾਵਜੂਦ ਇਹੋ ਜਿਹੇ ਕਾਂਡ ਵਾਪਰਨੇ ਕੀ ਸੰਦੇਸ਼ ਦਿੰਦੇ ਹਨ ? ਆਖਿਰ ਇਨ੍ਹਾਂ ਪਿੱਛੇ ਕੌਣ ਹਨ ?

ਖੱਬੇ ਪੱਖੀਆਂ ਦੀ ਜਿੱਤ ਦਾ ਕਾਰਨ ਇਹੀ ਸੀ ਕਿ ਉਨ੍ਹਾਂ ਦੀ ਲੀਡਰਸ਼ਿਪ ਸੁਲਝੀ ਹੋਈ ਸੀ ਤੇ ਉਨ੍ਹਾਂ ਨੇ ਫਿਰਕੂ ਹਿੰਸਾ ਤੇ ਫਿਰਕੂਵਾਦ ਦਾ ਟਾਕਰਾ ਜਮਹੂਰੀ ਢੰਗ ਨਾਲ ਕੀਤਾ ਤੇ ਆਪਣੇ ਹੱਕ ਵਿੱਚ ਲਹਿਰ ਬੁਲੰਦ ਕੀਤੀ। ਦੂਸਰੇ ਪਾਸੇ ਭਾਰਤ ਵਿੱਚ ਬਹੁਜਨ ਏਕਤਾ ਦੀ ਵਿਚਾਰਧਾਰਕ ਲਹਿਰ ਵੀ ਉਸਰ ਰਹੀ ਹੈ, ਜੋ ਘੱਟ ਗਿਣਤੀਆਂ ਤੇ ਖੱਬੇ ਪੱਖੀਆਂ ਨੂੰ ਲੈ ਕੇ ਚੱਲ ਰਹੀ ਹੈ। ਮਹਾਂਰਾਸ਼ਟਰ ਵਿੱਚ ਇਸ ਦੀ ਅਗਵਾਈ ਵਾਮਨ ਮੇਸ਼ਰਾਮ ਮੁਖੀ ਬਾਮਸੇਫ, ਤੀਸਤਾ ਸੀਤਲਵਾੜ ਕਰ ਰਹੇ ਹਨ ਤੇ ਯੂਪੀ ਵਿੱਚ ਚੰਦਰ ਸ਼ੇਖਰ ਅਜ਼ਾਦ ਰਾਵਣ ਕਰ ਰਹੇ ਹਨ। ਲਾਲੂ, ਮੁਲਾਇਮ ਤੇ ਮਾਇਆਵਤੀ ਦੀ ਸਾਂਝੀ ਰਾਜਨੀਤੀ ਭਾਜਪਾ ਲਈ ਚੁਣੌਤੀ ਬਣ ਰਹੀ ਹੈ। ਨਵੇਂ ਨਵੇਂ ਸਮੀਕਰਨ ਉੱਭਰਨ ਦੀਆਂ ਤਿਆਰੀਆਂ ਵਿੱਚ ਹਨ। ਅੱਗੇ ਕੀ ਹੋਵੇਗਾ, ਇਹ ਵਕਤ ਤੋਂ ਪਹਿਲਾਂ ਕਹਿਣ ਦੀ ਗੱਲ ਹੈ, ਪਰ ਏਨੀ ਗੱਲ ਜ਼ਰੂਰ ਹੈ ਕਿ ਭਾਜਪਾ ਤੇ ਆਰਐੱਸਐੱਸ ਨੂੰ ਇਨ੍ਹਾਂ ਗੱਠਜੋੜਾਂ ਦਾ ਡਰ ਸਤਾ ਰਿਹਾ ਹੈ। ਇਹੀ ਕਾਰਨ ਹੈ ਕਿ ਆਰਐੱਸਐੱਸ ਨੂੰ ਆਪਣੀ ਵਿਚਾਰਧਾਰਾ ਵਿੱਚ ਨਾਟਕੀ ਢੰਗ ਨਾਲ ਤਬਦੀਲੀ ਲਿਆਉਣੀ ਪੈ ਰਹੀ ਹੈ।

ਗੁਰੂ ਦੀ ਹਜ਼ੂਰੀ ਕੀ ਹੈ ?

0

ਗੁਰੂ ਦੀ ਹਜ਼ੂਰੀ ਕੀ ਹੈ ?

-ਸੁਖਦੇਵ ਸਿੰਘ ਲੁਧਿਆਣਾ, ਫੋਨ: 83605-68209

ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੀਤੇ ਜਾਣ ਵਾਲੇ ਹਰ ਸਮਾਗਮ ਨੂੰ ਕਹਿ ਦਿੰਦੇ ਹਾਂ ਕਿ ‘ਇਹ ਸਮਾਗਮ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਤਾ ਗਿਆ’ ! ਇਸ ਲੇਖ ਵਿੱਚ ਆਪਾਂ ਇਹ ਵਿਚਾਰ ਕਰਾਂਗੇ ਕਿ ਸਤਿਗੁਰਾਂ ਦੀ ਹਜ਼ੂਰੀ ਹੈ ਕੀ ? ਕੀ ਸਿਰਫ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ’ਤੇ ਹੀ ਗੁਰੂ ਦੀ ਹਜ਼ੂਰੀ ਮੰਨੀ ਜਾ ਸਕਦੀ ਹੈ ? ਆਮ ਦੇਖਣ ਨੂੰ ਇਹ ਗੱਲ ਸਹੀ ਲੱਗਦੀ ਹੋਵੇ ਪਰ ਜੇ ਗੁਰਮਤਿ ਦੀ ਡੂੰਘਾਈ ਨਾਲ ਵੀਚਾਰ ਕੀਤੀ ਜਾਵੇ ਤਾਂ ਇਹ ਗੱਲ ਸਹੀ ਨਹੀਂ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਸਮਾਗਮ ਕਰ ਲੈਣ ਨਾਲ ਗੁਰੂ ਜੀ ਦੀ ਹਜ਼ੂਰੀ ਨਹੀਂ ਮੰਨੀ ਜਾ ਸਕਦੀ, ਜਦ ਤੱਕ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮੁਤਾਬਕ ਗੱਲ ਨਾ ਕੀਤੀ ਜਾਵੇ !

ਇਹ ਗੱਲ ਸਿੱਖਾਂ ਨੂੰ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਗੁਰਮਤਿ ਅਨੁਸਾਰ ਸਿੱਖਾਂ ਦਾ ਗੁਰੂ ਕੇਵਲ ਤੇ ਕੇਵਲ ਗਿਆਨ ਰੂਪੀ ਪ੍ਰਕਾਸ਼ ਹੈ। ਗਿਆਨ ਦਾ ਮਤਲਬ ਸੱਚ ਦਾ ਗਿਆਨ ਹੈ। ਸੱਚ ਨਾਲ ਜੁੜਨਾ ਹੀ ਸਿੱਖੀ ਹੈ। ਗੁਰਮਤਿ ਵਿੱਚ ਕਿਸੇ ਸਰੀਰਕ ਗੁਰੂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ, ਬੇਸ਼ੱਕ ਦਸ ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਆ ਕੇ ਸਿੱਖਾਂ ਦੀ ਅਗਵਾਈ ਕਰਦੇ ਰਹੇ। ਉਨ੍ਹਾਂ ਦਸ ਗੁਰੂ ਸਾਹਿਬਾਨ ਨੇ ਵੀ ਗਿਆਨ ਗੁਰੂ ਨੂੰ ਪ੍ਰਗਟ ਕਰਨ ਵਾਸਤੇ ਇਹ ਦਸ ਜਾਮੇ ਧਾਰਨ ਕੀਤੇ ਤੇ ਜਦੋਂ ਗੁਰੂ ਸਾਹਿਬਾਨ ਨੇ ਇਹ ਦੇਖਿਆ ਕਿ ਗਿਆਨ ਗੁਰੂ ਵਾਲੀ ਜੁਗਤ ਸੰਪੂਰਨ ਹੋ ਗਈ ਹੈ, ਤਾਂ ਉਨ੍ਹਾਂ ਸ਼ਖ਼ਸੀ ਗੁਰਤਾ ਵਾਲੀ ਜੁਗਤਿ ਨੂੰ ਸਮੇਟ ਦਿੱਤਾ ਅਤੇ ਹਮੇਸ਼ਾਂ ਲਈ ਗੁਰੂ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ ਦਿੱਤੀ। ਵੈਸੇ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਵਾਲੀ ਜੁਗਤਿ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ ਚੱਲੀ ਆ ਰਹੀ ਸੀ।

ਇਸ ਲਈ ਇਹ ਗੱਲ ਸਿਧਾਂਤਕ ਰੂਪ ਵਿੱਚ ਸਪਸ਼ਟ ਹੋਣੀ ਚਾਹੀਦੀ ਹੈ ਕਿ ਸਿੱਖਾਂ ਦਾ ਗੁਰੂ, ‘ਗਿਆਨ’ ਹੀ ਹੈ। ਇਸ ਕਰ ਕੇ ਸੱਚੇ ਸਿੱਖ ਨੇ ਕਿਸੇ ਵਿਅਕਤੀ ਦੇ ਸਰੀਰ ਪਿੱਛੇ ਨਹੀਂ ਲੱਗਣਾ ਬਲਕਿ ਸ਼ਬਦ ਦੀ ਕਮਾਈ ਕਰ ਕੇ ਨਿਰੰਕਾਰ ਵਿੱਚ ਅਭੇਦ ਹੋਣਾ ਹੈ। ਦੇਹਧਾਰੀਆਂ ਪਿੱਛੇ ਸਿੱਖਾਂ ਨੂੰ ਨਾ ਲਾਉਣ ਦਾ ਇਕ ਕਾਰਨ ਇਹ ਵੀ ਹੈ ਕਿ ਦੇਹਧਾਰੀਆਂ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਹੋ ਸਕਦੀਆਂ ਹਨ ਤੇ ਉਹ ਹਰ ਥਾਂ ਹਾਜ਼ਰ ਵੀ ਨਹੀਂ ਹੋ ਸਕਦਾ ਜਦ ਕਿ ਸ਼ਬਦ (ਗਿਆਨ) ਦਾ ਪ੍ਰਕਾਸ਼ ਹਰ ਥਾਂ ਕੀਤਾ ਜਾ ਸਕਦਾ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੋਇਆ ਵੀ ਗੁਰਬਾਣੀ ਗਿਆਨ ਨਾਲੋਂ ਟੁੱਟਿਆ ਹੋਇਆ ਹੈ, ਤਾਂ ਹੀ ਉਹ ਦੇਹਧਾਰੀਆਂ ਪਿੱਛੇ ਤੁਰਿਆ ਫਿਰਦਾ ਹੈ। ਅਖੰਡ ਪਾਠ, ਸੰਪਟ ਪਾਠ ਤੇ ਗਿਣਤੀ-ਮਿਣਤੀ ਦੇ ਪਾਠ ਤਾਂ ਹੀ ਹੋ ਰਹੇ ਹਨ ਕਿਉਂਕਿ ਅਜੋਕਾ ਸਿੱਖ ਗੁਰਮਤਿ ਦੇ ਗਿਆਨ ਤੋਂ ਵਿਹੂਣਾ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਵੀ ਦੇਹਧਾਰੀਆਂ ਵਾਂਗ ਸਮਝਿਆ ਜਾਂਦਾ ਹੈ। ਸਰਦੀਆਂ ਵਿੱਚ ਇਸ ’ਤੇ ਕੰਬਲ, ਰਜ਼ਾਈਆਂ ਦਿੱਤੇ ਜਾਂਦੇ ਹਨ ਤੇ ਗ਼ਰਮੀਆਂ ਵਿੱਚ ਕੂਲਰ, ਏ. ਸੀ. ਲਾਏ ਜਾਂਦੇ ਹਨ। ਕਈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸੈਰ ਵੀ ਕਰਵਾਉਂਦੇ ਹਨ। ਇਸੇ ਤਰ੍ਹਾਂ ਕਈ ਇਸ਼ਨਾਨ ਵੀ ਕਰਵਾਉਣ ਲੱਗ ਪਏ ਹਨ।

ਇਸ ਦਾ ਮਤਲਬ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੀ ਨਾ ਕੀਤਾ ਜਾਵੇ ! ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਵੀ ਬੇਹੱਦ ਜ਼ਰੂਰੀ ਹੈ। ਇਸ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਬਹੁਤ ਸਤਿਕਾਰ ਨਾਲ ਰੱਖਣਾ ਚਾਹੀਦਾ ਹੈ। ਇਸ ਦਾ ਪ੍ਰਕਾਸ਼ ਤੇ ਸੁਖਾਸਣ ਪੂਰੇ ਸਤਿਕਾਰ ਨਾਲ ਹੋਣਾ ਚਾਹੀਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਜਾਂ ਸਰੀਰ ਸਮਝ ਕੇ ਠੰਡ ਜਾਂ ਗ਼ਰਮੀ ਤੋਂ ਬਚਾਉਣ ਦਾ ਯਤਨ ਕਰਨਾ ਅਗਿਆਨਤਾ ਹੈ। ਇਸ ਉਪਰ ਰਜਾਈਆਂ, ਕੰਬਲ ਦੇਣੇ ਤੇ ਏ. ਸੀ., ਕੂਲਰ ਲਾਉਣੇ ਗੁਰਮਤਿ ਤੋਂ ਉਲਟ ਹਨ। ਸੁਖਾਸਣ ਕਰ ਕੇ ਇਹ ਸਮਝਣਾ ਕਿ ਗੁਰੂ ਸੌਂ ਗਿਆ ਹੈ, ਇਹ ਸਾਡੀ ਭੁੱਲ ਹੈ। ਗੁਰੂ ਤਾਂ ਸ਼ਬਦ ਹੈ, ਜੋ ਹਮੇਸ਼ਾਂ ਹੀ ਜਾਗਤ ਜੋਤ ਹੈ। ਅਸੀਂ ਸ਼ਬਦ (ਗਿਆਨ) ਗੁਰੂ ਦੇ ਪੁਜਾਰੀ ਹਾਂ, ਦੇਹਧਾਰੀ ਸਰੂਪ ਗੁਰੂ ਦੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਵਾਂਗ ਸਮਝਣਾ ਸਾਡੀ ਮਨਮੁਖਤਾਈ ਹੈ। ਸਾਨੂੰ ਕੇਵਲ ਮੱਥਾ ਟੇਕਣ ਤੇ ਬਾਹਰੀ ਸਤਿਕਾਰ ਕਰਨ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ। ਉਦਾਹਰਨ ਵਜੋਂ ਜੇਕਰ ਅਸੀਂ ਆਪਣੇ ਕਿਸੇ ਬਜ਼ੁਰਗ ਨੂੰ ਸੋਹਣੇ-ਸੋਹਣੇ ਕੱਪੜੇ ਵੀ ਪਹਿਨਾਈ ਜਾਈਏ, ਪਰ ਉਸ ਦੀ ਗੱਲ ਕੋਈ ਨਾ ਮੰਨੀਏ, ਤਾਂ ਇਹ ਉਸ ਦਾ ਸਤਿਕਾਰ ਨਹੀਂ, ਸਗੋਂ ਨਿਰਾਦਰੀ ਹੈ। ਗੁਰਬਾਣੀ ਇੱਕ ਜੀਵਨਜਾਚ ਹੈ ਅਤੇ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਹੀ ਸਹੀ ਮਾਇਨੇ ਵਿੱਚ ਸਿੱਖੀ ਹੈ।

ਗੁਰਮਤਿ ਅਨੁਸਾਰ ਗੁਰੂ ਤਾਂ ਹਰ ਥਾਂ ਹੀ ਹਾਜ਼ਰ-ਨਾਜ਼ਰ ਹੈ। ਜੇਕਰ ਸਿਧਾਂਤਕ ਤੌਰ ’ਤੇ ਦੇਖੀਏ ਤਾਂ ਜਿਸ ਥਾਂ ’ਤੇ ਗੁਰੂ ਦੇ ਹੁਕਮ ਅਨੁਸਾਰ ਕੰਮ ਹੋ ਰਿਹਾ ਹੈ, ਉੱਥੇ ਗੁਰੂ ਜੀ ਹਾਜ਼ਰ-ਨਾਜ਼ਰ ਹਨ ਤੇ ਜਿੱਥੇ ਗੁਰਮਤਿ ਅਨੁਸਾਰ ਕੰਮ ਨਹੀਂ ਹੋ ਰਿਹਾ, ਉੱਥੇ ਗੁਰੂ ਦੀ ਹਜ਼ੂਰੀ ਨਹੀਂ ਮੰਨੀ ਜਾ ਸਕਦੀ, ਭਾਵੇਂ ਪ੍ਰਕਾਸ਼ ਕੀਤਾ ਹੀ ਹੋਵੇ। ਹਜ਼ੂਰੀ ਦਾ ਮਤਲਬ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਸ ਦੇ ਕਹੇ ਅਨੁਸਾਰ ਕੰਮ ਕਰਨੇ ਹਨ। ਗੁਰੂ ਦੀ ਹਜ਼ੂਰੀ ਵਿੱਚ ਕਿਸੇ ਨੂੰ ਸ਼ਰਧਾਂਜਲੀਆਂ ਦੇਣੀਆਂ, ਕਿਸੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣੇ, ਚੌਧਰ ਖਾਤਰ ਸਿਰੋਪੇ ਦੇਣੇ, ਪਾਖੰਡੀਆਂ ਨੂੰ ਮੱਥਾ ਟੇਕਣਾ, ਕੱਚੀ ਬਾਣੀ ਪੜ੍ਹਨੀ ਜਾਂ ਹੋਰ ਕਰਮਕਾਂਡ ਕਰਨੇ ਗੁਰਮਤਿ ਤੋਂ ਉਲਟ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਹੋਰ ਗ੍ਰੰਥ ਜਾਂ ਕਿਤਾਬ ਦਾ ਪ੍ਰਕਾਸ਼ ਕਰਨਾ ਵੀ ਗੁਰੂ ਸਾਹਿਬ ਦੀ ਨਿਰਾਦਰੀ ਹੈ। ਇਸ ਤੋਂ ਉਲਟ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵੇਂ ਪ੍ਰਕਾਸ਼ ਨਹੀਂ ਵੀ ਕੀਤਾ ਗਿਆ, ਪਰ ਸੈਮੀਨਾਰ ਜਾਂ ਚਰਚਾ ਕਰ ਕੇ ਗੁਰਮਤਿ ਨੂੰ ਸਮਝਣ-ਸਮਝਾਉਣ ਦਾ ਕਾਰਜ ਕੀਤਾ ਜਾ ਰਿਹਾ ਹੋਵੇ, ਤਾਂ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ ਮੰਨੀ ਜਾਣੀ ਚਾਹੀਦੀ ਹੈ।

ਉਪਰੋਕਤ ਵਿਚਾਰ ਦਾ ਨਿਚੋੜ ਇਹੀ ਨਿਕਲਦਾ ਹੈ ਕਿ ਜਿੱਥੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਕੰਮ ਹੋ ਰਿਹਾ ਹੈ, ਉੱਥੇ ਹੀ ਸਤਿਗੁਰੂ ਦੀ ਹਜ਼ੂਰੀ ਮੰਨੀ ਜਾ ਸਕਦੀ ਹੈ ਤੇ ਜਿੱਥੇ ਗੁਰੂ ਦੀ ਵਿਚਾਰਧਾਰਾ ਤੋਂ ਉਲਟ ਕੰਮ ਹੋ ਰਿਹਾ ਹੈ, ਉੱਥੇ ਸਤਿਗੁਰੂ ਜੀ ਦੀ ਹਜ਼ੂਰੀ ਨਹੀਂ ਮੰਨੀ ਜਾ ਸਕਦੀ, ਭਾਵੇਂ ਕਿੰਨੇ ਵੀ ਪ੍ਰਕਾਸ਼ ਕਿਉਂ ਨਾ ਕੀਤੇ ਹੋਣ ? ਕੇਵਲ ਪ੍ਰਕਾਸ਼ ਕਰਨ ਨਾਲ ਹੀ ਗੁਰੂ ਦੀ ਹਜ਼ੂਰੀ ਨਹੀਂ ਬਣ ਜਾਂਦੀ, ਸਗੋਂ ਗੁਰੂ ਦੀ ਮੱਤ ਅਨੁਸਾਰ ਚੱਲਣਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਦੁਨਿਆਵੀ ਵਾਹ-ਵਾਹ ਲਈ ਪ੍ਰਕਾਸ਼ ਕਰਨ ਦੀ ਪ੍ਰਵਿਰਤੀ ਛੱਡੀਏ ਤੇ ਗੁਰਬਾਣੀ ’ਤੇ ਅਮਲ ਕਰਨ ਦਾ ਯਤਨ ਕਰੀਏ ! ਗੁਰੂ ਗ੍ਰੰਥ ਸਾਹਿਬ ਨੂੰ ਸ਼ੋਅ ਪੀਸ ਨਾ ਬਣਾਈਏ ਸਗੋਂ ਇਸ ਦੀ ਵਿਚਾਰਧਾਰਾ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ !

Most Viewed Posts