ਗੁਰਾਂ ਦੇ ਨਾਂਅ ਤੇ ਵਸਦੇ ਅੱਜ ਦੇ ਪੰਜਾਬ ਦਾ ਹਾਲ

0
359

ਗੁਰਾਂ ਦੇ ਨਾਂਅ ਤੇ ਵਸਦੇ ਅੱਜ ਦੇ ਪੰਜਾਬ ਦਾ ਹਾਲ

ਬਲਬੀਰ ਸਿੰਘ ਬੱਬੀ, ਪਿੰਡ/ਡਾਕ. ਤੱਖਰਾਂ, ਤਹਿ. ਸਮਰਾਲਾ  (ਲੁਧਿਆਣਾ)-92175-92531

                ਪੰਜ+ਆਬ ਸ਼ਬਦ ਜ਼ਬਾਨ ਵਿੱਚੋਂ ਨਿਕਲਣ ਸਮੇਂ ਮੂੰਹ ਵਿੱਚ ਅਲੱਗ ਹੀ ਮਿਠਾਸ ਜਿਹੀ ਪੈਦਾ ਹੁੰਦੀ ਸੀ। ਇਹ ਮਿਠਾਸ ਉਸ ਪੁਰਾਤਨ ਪੰਜਾਬ ਸਮੇਂ ਜ਼ਿਆਦਾ ਸੁਖਦਾਈ ਤੇ ਆਨੰਦਮਈ ਸੀ, ਜਦੋਂ ਸਮੁੱਚੇ ਪੰਜਾਬ ਦਾ ਧੁਰਾ ਲਾਹੌਰ ਸੀ ਤੇ ਪੰਜਾਬ ਦੀ ਇਲਾਕਾਈ ਵਿਸ਼ਾਲਤਾ ਮਹਾਨ ਸੀ। ਸੱਚ ਮੁੱਚ ਹੀ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਰਹਿਬਰਾਂ ਦੀ ਧਰਤੀ ਮੰਨੀ ਜਾਂਦੀ ਸੀ। ਇਸ ਧਰਤੀ ਦੀ ਰੰਗਤ ਵੀ ਧਾਰਮਿਕ ਸੀ। ਮਹਾਨ ਸਿੱਖ ਧਰਮ ਦੀ ਨੀਂਹ ਮਹਾਨ ਰੱਬੀ ਜੋਤ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਵਿੱਚ ਹੀ ਰੱਖੀ ਸੀ। ਬਾਅਦ ਵਿੱਚ ਗੁਰੂ ਸਾਹਿਬਾਨ, ਭਗਤ, ਧਰਮੀ ਯੋਧੇ, ਬਹਾਦਰ ਸੂਰਮੇ ਤੇ ਅਨੇਕਾਂ ਹੀ ਗੱਲਾਂ-ਬਾਤਾਂ ਪੰਜਾਬ ਦੇ ਬਹਾਦਰ ਲੋਕਾਂ ਨਾਲ ਜੁੜੀਆਂ। ਧਾਰਮਿਕ ਅਕੀਦੇ ਸਦਕਾ ਹੀ ‘ਪੰਜਾਬ ਵਸਦਾ ਗੁਰਾਂ ਦੇ ਨਾਂਅ ਤੇ’ ਜਾਣਿਆ ਜਾਣ ਲੱਗਾ। ਪ੍ਰੋ. ਪੂਰਨ ਸਿੰਘ ਦੀ ਸੱਚੀ ਰਚਨਾ ਪੰਜਾਬ ਦਾ ਧਾਰਮਿਕ ਪੱਖ ਤੇ ਹੋਰ ਬਹੁਤ ਕੁਝ ਬਿਆਨ ਕਰਦੀ ਸੀ। ਦੇਸ਼ ਦੀ ਵੰਡ-ਵੰਡਾਈ, ਸਰਕਾਰਾਂ ਦੇ ਕਹਿਰ ਤੇ ਲੀਡਰਾਂ ਦੀ ਕੁਰਸੀ ਦੀ ਭੁੱਖ ਦੀ ਚੌਧਰ ਨੇ ਇੱਕ ਛੋਟੀ ਜਿਹੀ ਸੂਬੀ ਬਣਾ ਕੇ ਰੱਖ ਦਿੱਤੀ, ਜੋ ਅੱਜ ਸਾਡੇ ਸਾਹਮਣੇ ਹੈ। ਅਸੀਂ ਇਸ ਦੇ ਵਸਨੀਕ ਹਾਂ।

ਅੱਜ ਗੁਰਾਂ ਦੇ ਨਾਮ ਹੇਠ ਵਸਦੇ ਮੇਰੇ ਪੰਜਾਬ ਦਾ ਜੋ ਹਾਲ ਹੈ, ਉਹ ਬਹੁਤ ਹੀ ਦੁਖਦਾਈ ਹੈ। ਤਕਰੀਬਨ ’47 ਦੀ ਵੰਡ ਤੋਂ ਬਾਅਦ ਅਨੇਕਾਂ ਹੀ ਜ਼ਖ਼ਮ ਆਪਣਿਆਂ ਤੇ ਬੇਗਾਨਿਆਂ ਨੇ ਰਲ਼ ਕੇ ਦਿੱਤੇ ਹਨ। ਜੋ ਬਿਆਨ ਕਰਨੇ ਮੁਸ਼ਕਲ ਹਨ ਤੇ ਕਿਸੇ ਨੇ ਇਨ੍ਹਾਂ ਜ਼ਖ਼ਮਾਂ ਨੂੰ ਭਰਨ ਦਾ ਯਤਨ ਨਹੀਂ ਕੀਤਾ, ਸਗੋਂ ਹੋਰ ਖੁਰਚੇ ਜਾ ਰਹੇ ਹਨ। ਕਈ ਸਮਝਦਾਰ ਰੱਬੀ ਤੇ ਤੜਪ ਰੱਖਦੀਆਂ ਰੂਹਾਂ ਹਾਲੇ ਵੀ ਪੰਜਾਬ ਲਈ ਆਪਣੇ ਸੀਨੇ ਵਿੱਚ ਬਹੁਤ ਕੁਝ ਸਮੋਈ ਬੈਠੀਆਂ ਹਨ। ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾ ਰਹੀ ਜਾਂ ਕੋਈ ਉਨ੍ਹਾਂ ਦੀ ਸੁਣੀ ਹੀ ਨਹੀਂ ਜਾ ਰਹੀ। ਅਸਲ ’ਚ ਉਨ੍ਹਾਂ ਨੂੰ ਖੂੰਝੇ ਲਾਉਣ ਦੀਆਂ ਗੱਲਾ ਗੁੰਦੀਆਂ ਜਾ ਰਹੀਆਂ ਹਨ। ਹੁਣ ਤੱਕ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕਰਨ ਜਾਂ ਕਰਾਉਣ ਵਾਲਿਆਂ ਨੂੰ ਹੀ ਟੇਢੇ-ਮੇਢੇ ਢੰਗ ਨਾਲ ਰਾਜ-ਗੱਦੀ ’ਤੇ ਬਿਠਾਇਆ ਜਾ ਰਿਹਾ ਹੈ।

ਸਭ ਤੋਂ ਵੱਡੀ ਗੱਲ ਚਾਰੇ ਪਾਸੇ ਦੁਹਾਈ ਪੈ ਰਹੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ। ਸਰਕਾਰੀ ਸਰਪ੍ਰਸਤੀ ਬਿਨਾਂ ਕੋਈ ਮਨਾਹੀ ਵਾਲੀ ਚੀਜ਼ ਕਿਵੇਂ ਕਿਸ ਤਰ੍ਹਾਂ ਮਿਲ ਸਕਦੀ ਹੈ ? ਇਸ ਭੇਦ ਵਿੱਚ ਹੀ ਸਭ ਕੁਝ ਉਲਝਿਆ ਹੋਇਆ ਹੈ। ਉਹ ਦਿਨ ਕਿਹੜਾ ਜਿਸ ਦਿਨ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੋਂ ਲੱਖਾ ਕਰੋੜਾਂ ਰੁਪਿਆਂ ਦਾ ਨਸ਼ਾ ਨਹੀਂ ਫੜਿਆ ਜਾਂਦਾ, ਨਸ਼ੇ ਵੀ ਅਤਿ ਮਹਿੰਗੇ ਹੈਰੋਇਨ, ਸਮੈਕ, ਪਾਊਡਰ, ਅਫੀਮ, ਭੁੱਕੀ ਤੇ ਹੋਰ ਨਿੱਕ ਸੁਕ। ਵੋਟਾਂ ਦੇ ਸਮੇਂ ਜ਼ਿਆਦਾਤਰ ਨਸ਼ੇ ਸਰਕਾਰੀ ਸਰਪ੍ਰਸਤੀ ਹੇਠ ਪ੍ਰਮੁੱਖ ਪਾਰਟੀਆਂ ਇੱਕ ਦੂਜੇ ਤੋਂ ਓਹਲੇ ਹੋ-ਹੋ ਕੇ ਵੋਟਰਾਂ ਤੱਕ ਪੁੱਜਦਾ ਕਰਦੀਆਂ ਹਨ। ਸਰਕਾਰਾਂ ਨੇ ਸ਼ਰਾਬ ਨੀਤੀ ਹੀ ਇਹੋ ਜਿਹੀ ਬਣਾ ਦਿੱਤੀ ਹੈ ਕਿ ਪੰਜਾਬ ਦੀ ਕੋਈ ਥਾਂ ਠੇਕੇ ਤੋਂ ਖ਼ਾਲੀ ਨਾ ਰਹੇ। ਰੌਲਾ ਸਰਕਾਰੀ ਆਮਦਨ ਵਧਾਉਣ ਦਾ ਪਾਇਆ ਜਾ ਰਿਹਾ ਹੈ। ਕੀ ਕਰਨੀ ਹੈ ਆਮਦਨ ਜੋ ਜਵਾਨੀ ਨੂੰ ਹੀ ਪੱੁਠੇ ਰਾਹ ਪਾਵੇ। ਇਹ ਸਭ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਜਾਂ ਪੁੱਠੇ ਰਸਤੇ ਪਾਉਣ ਲਈ ਆਪਣਿਆਂ ਦੀਆਂ ਹੀ ਕੁਰਸੀ ਨਾਲ ਚਿੰਬੜਨ ਦੀਆਂ ਜੁਗਤਾਂ ਹਨ। ਕੀ ਗੁਰਾਂ ਦੇ ਨਾਂਅ ਤੇ ਵੱਸਦੇ ਪੰਜਾਬ ’ਚ ਇਹੀ ਚੀਜ਼ਾਂ ਪ੍ਰਮੁੱਖ ਚਾਹੀਦੀਆਂ ਹਨ।

ਸਿੱਖੀ ਦੇ ਕੇਂਦਰ ਪੰਜਾਬ ਵਿੱਚ ਜੋ ਹਾਲ ਸਿੱਖ ਧਰਮ ਦਾ ਹੈ ਉਹ ਸਾਡੇ ਸਾਹਮਣੇ ਹੈ ਤੇ ਧਰਮੀ ਬੰਦੇ ਧਾਹਾਂ ਮਾਰ ਰਹੇ ਹਨ। ਸਿੱਖ ਧਰਮ ਦੀਆਂ ਮਹਾਨ ਰਹੁ-ਰੀਤਾਂ ਇੰਨੀਆਂ ਵਿਸ਼ਾਲ ਸਨ ਕਿ ਗੁਰਬਾਣੀ ਦੇ ਸਿਧਾਂਤ ਤੋਂ ਕੁਲ ਦੁਨੀਆਂ ਨੇ ਸੇਧ ਲੈਣੀ ਸੀ, ਪਰ ਇੱਥੇ ਤਾਂ ਸਭ ਉਲਟ ਹੋ ਰਿਹਾ ਹੈ। ਸਿੱਖ ਧਾਰਮਿਕ ਤੇ ਰਾਜਨੀਤਿਕ ਲੀਡਰਾਂ ਦੀਆਂ ਨਾਲਾਇਕੀਆਂ ਤੇ ਮਿਲੀ ਭੁਗਤ ਨਾਲ ਗੁਰੂ ਡੰਮ ਨੇ ਪੰਜਾਬ ਦੀ ਧਰਤੀ ’ਤੇ ਜੜ੍ਹਾਂ ਕਾਇਮ ਕਰ ਵੱਡੇ ਰੱੁਖ ਦਾ ਸਥਾਨ ਲੈ ਲਿਆ ਹੈ। ਅੱਜ ਗੁਰਾਂ ਦੇ ਨਾਂਅ ਹੇਠ ਵੱਸਦਾ ਪੰਜਾਬ ਪੂਰੀ ਤਰ੍ਹਾਂ ਪਾਖੰਡੀਆਂ ਤੇ ਦੰਭੀਆਂ ਤੋਂ ਇਲਾਵਾ ਸਿੱਖੀ ਭੇਸ ’ਚ ਵਿਚਰ ਰਹੇ ਬਾਬਾ ਵਾਦ, ਗੁਰੂ ਡੰਮ ਨੇ ਪੂਰੀ ਤਰ੍ਹਾਂ ਜਕੜ ਲਿਆ ਹੈ। ਸਿੱਖ ਧਰਮ ਦੀਆਂ ਜੜ੍ਹਾਂ ਸਿੱਖੀ ਭੇਸ ਵਾਲੇ ਗੋਲ ਪੱਗਾਂ ਤੇ ਲੰਮੇ ਚੋਲਿਆਂ ਵਾਲੇ ਅਨੇਕਾਂ ਰੰਗਾਂ ’ਚ ਵੱਢ ਰਹੇ ਹਨ। ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਤੇ ਸਿੱਖ ਧਰਮ ਦੇ ਅਖੌਤੀ ਜਥੇਦਾਰ ਇਨ੍ਹਾਂ ਪਾਖੰਡੀਆਂ ਦੀਆਂ ਹਾਜ਼ਰੀਆਂ ਵੋਟਾਂ ਖਾਤਰ ਭਰਦੇ ਹਨ। ਇਸੇ ਬੇਖੌਫ ਪਰਦੇ ਹੇਠ ਸਰਕਾਰ ਨਾਲ ਯਾਰੀ ਪਾ ਆਲੀਸ਼ਾਨ ਡੇਰੇ ਨਜ਼ਾਇਜ ਜ਼ਮੀਨਾਂ ’ਤੇ ਕਬਜੇ ਕਰ ਬਣਾਏ ਜਾ ਰਹੇ ਹਨ। ਅੱਜ ਦੇ ਬਹੁਤਿਆਂ ਬਾਬਿਆਂ ਤੇ ਜ਼ਮੀਨ ਹੜੱਪਣ, ਬਲਾਤਕਾਰ ਤੇ ਹੋਰ ਕਈ ਗ਼ਲਤ ਕੇਸ ਚੱਲ ਰਹੇ ਹਨ। ਸਿੱਖਾਂ ਦੀ ਸਿਰਮੋਰ ਸੰਸਥਾ ਦਾ ਹਾਲ ਵੀ ਠੀਕ ਨਹੀਂ ਹੈ। ਉਥੋਂ ਵੀ ਗ਼ਲਤ ਘਟਨਾਵਾਂ ਦੀ ਕੰਨਸੋਅ ਆਉਂਦੀ ਰਹਿੰਦੀ ਹੈ। ਦੂਜੇ ਪਾਸੇ ਸਿੱਖੀ ਨੂੰ ਸਮਰਪਿਤ ਕੁਝ ਜਥੇਬੰਦੀਆਂ, ਸੰਸਥਾਵਾਂ, ਰਸਾਲੇ, ਅਖ਼ਬਾਰ ਆਦਿ ਗੁਰਾਂ ਦੀ ਸਿੱਖਿਆਂ ਨੂੰ ਸਮਰਪਿਤ ਹੋ ਕੇ ਦੰਭੀ ਪਾਖੰਡੀਆਂ ਨਾਲ ਦੋ ਹੱਥ ਕਰਦੇ ਹਨ ਤਾਂ ਉਨ੍ਹਾਂ ’ਤੇ ਉਲਟੀ ਸਰਕਾਰੀ ਗੋਲੀ ਵੱਜਦੀ ਰਹਿੰਦੀ ਹੈ। ਝੂਠੇ ਕੇਸ ਪਾ ਸਾਰੀ ਉਮਰ ਉਲਝਾ ਕੇ ਜੇਲ੍ਹਾਂ ’ਚ ਬੰਦ ਕਰ ਦਿੱਤੇ ਜਾਂਦੇ ਹਨ। ਪੰਥਕ ਸਰਕਾਰ ਡੇਰੇਦਾਰਾਂ ਨਾਲ ਰਲ਼ ਕੇ ਗੰਢ ਤੁਪ ਕਰ ਕੇ ਸਾਡੇ ਗੁਰੂ ਘਰ ਢਹਾ ਰਹੀ ਹੈ। ਇੰਦਰਾਂ ਗਾਂਧੀ ਤਾਂ ਦੂਰੋਂ ਆਈ ਸੀ, ਇੱਥੇ ਤਾਂ ਆਪਣੇ ਹੀ ਸਰਕਾਰੀ ਸਰਪ੍ਰਸਤੀ ’ਚ ਗੁਰੂ ਘਰ ਦੀ ਮਰਯਾਦਾ ਢਾਹ ਕੇ, ਪੈਸੇ ਦੇ ਫ਼ੈਸਲਾ ਕਰ ਰਹੇ ਹਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਰੁਮਾਲੇ ’ਚ ਲਪੇਟ ਕੇ ਸਿਰਫ ਦਰਸਨਾਂ ਲਈ ਰੱਖਿਆ ਹੈ। ਗੁਰਦੁਆਰਿਆਂ ’ਤੇ ਸੋਨਾ, ਸੰਗਮਰਮਰ ਲਾ ਮਾਇਆ ਇਕੱਠੀ ਕਰਨ ਦੇ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਇਸ ਮਾਇਆ ਦੀ ਦੁਰਵਰਤੋਂ ਹੋ ਰਹੀ ਹੈ, ਆਗੂ ਆਪਣਿਆਂ ਨੂੰ ਹੀ ਹਰ ਥਾਂ ਫਿੱਟ ਕਰਨ ’ਚ ਲੱਗੇ ਹਨ। ਸਿੱਖੀ ਦੇ ਘਰ ’ਚ ਹੀ ਨੌਜੁਆਨੀ ਸਿਰੋਂ ਘੋਨ-ਮੋਨ, ਮੂੰਹ ਸਫਾ ਚੱਟ ਤੇ ਕੰਨਾਂ ’ਚ ਮੁੰਦਰਾਂ ਪਾਈ ਨਿਸ਼ਾਨੇ ਤੋਂ ਭਟਕੀ ਨਸ਼ਿਆ ’ਚ ਗਲਤਾਨ ਹੈ, ਸਿੱਖ ਆਗੂਆਂ ਦੀ ਇਹਨਾਂ ’ਤੇ ਨਜ਼ਰ ਨਹੀਂ ਪੈਂਦੀ। ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ, ਮੇਰੇ ਗੁਰਾਂ ਦੇ ਨਾਂਅ ਹੇਠ ਵੱਸਦੇ ਪੰਜਾਬ ਵਿੱਚ ?

ਅੱਜ ਅਖੌਤੀ ਲੋਕਾਂ ਨੇ ਜੋ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਸੇਵਕ ਕਹਾ ਰਹੇ ਹਨ, ਨੇ ਰਲ਼ ਕੇ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਰਹੁ ਰੀਤਾਂ ਦਾ ਰੱਜ ਕੇ ਘਾਣ ਕੀਤਾ ਹੈ। ਅੱਜ ਪੰਜਾਬੀ ਗਾਇਕੀ ਹੇਠ ਲੱਚਰ ਗਾਉਣ ਤੇ ਲਿਖਣ ਨੂੰ ਹੀ ਸਾਡਾ ਸੱਭਿਆਚਾਰ ਮੰਨਿਆ ਜਾ ਰਿਹਾ ਹੈ। ਅੱਜ ਕੁਝ ਪੰਜਾਬੀ ਕਲਾਕਾਰਾਂ ਨੂੰ ਛੱਡ ਜ਼ਿਆਦਾਤਰ, ਲੱਚਰਤਾ ਨੂੰ ਬੇਸ਼ਰਮ ਹੋ ਕੇ ਖੁਦ ਪੇਸ਼ ਕਰ ਰਹੇ ਹਨ। ਸਾਡੀਆਂ ਧੀਆਂ ਭੈਣਾਂ ਦੇ ਸਰੀਰ ਨਾਪੇ ਜਾ ਰਹੇ ਹਨ, ਰਿਸ਼ਤੇ ਗ਼ਲਤ ਪੇਸ਼ ਕੀਤੇ ਜਾ ਰਹੇ ਹਨ, ਲੜਕੀਆਂ ਸ਼ਰਾਬਾਂ, ਸਿਗਰਟਾਂ, ਪੀਦੀਆਂ ਅੱਧਨੰਗੀਆਂ ਗੀਤਾਂ ’ਚ ਪੇਸ਼ ਕੀਤੀਆਂ ਜਾ ਰਹੀਆਂ ਹਨ । ਅਸੀਂ ਜਮੀਰ ਮਾਰ ਕੇ ਸਭ ਕੁਝ ਬਰਦਾਸਤ ਕਰੀ ਜਾ ਰਹੇ ਹਾਂ। ਸਮਾਜ ਸੇਵੀ, ਧਾਰਮਿਕ ਸੰਸਥਾਵਾਂ, ਲੇਖਕ, ਬੁੱਧੀਜੀਵੀ ਵਰਗ ਸਭ ਚੁੱਪ ਹਨ। ਸਰਕਾਰੀ ਸੱਭਿਆਚਾਰ ਮਹਿਕਮਾਂ ਸਿਰਫ ਨਾਮ ਦਾ ਹੀ ਰਹਿ ਗਿਆ ਹੈ। ਕੀਹਨੂੰ ਕਹੀਏ, ਸਰਕਾਰ ਤਾਂ ਖ਼ੁਦ ਅਸਲੀਲ ਡਾਂਸ ਗਰੁੱਪ ਮੁੰਬਈ ਤੋਂ ਕਰੋੜਾ ਖ਼ਰਚ ਕੇ ਪੰਜਾਬ ’ਚ ਸਮਾਰੋਹਾਂ ਦੀ ਸ਼ਾਨ ਵਧਾ ਰਹੀ ਹੈ। ਇਨ੍ਹਾਂ ਗ਼ਲਤ ਚੀਜ਼ਾਂ ਦੀ ਜਕੜ ਵਿੱਚ ਆ ਕੇ ਨਵੀਂ ਪੀੜ੍ਹੀ ਆਪਣੇ ਸੰਸਕਾਰਾਂ ਨੂੰ ਭੁਲਦੀ ਜਾ ਰਹੀ ਹੈ। ਵੱਡਿਆਂ ਦੀ ਇੱਜ਼ਤ ਕਰਨੀ ਭੁੱਲਾ ਕੇ ਸਾਡੇ ਰੀਤੀ ਰਿਵਾਜ਼ ਹੀ ਵਿਸਾਰ ਦਿੱਤੇ ਹਨ। ਇਹ ਵੀ ਮੇਰੇ ਗੁਰਾਂ ਦੇ ਨਾਂਅ ਹੇਠ ਵਸਦੇ ਪੰਜਾਬ ਦੀ ਇੱਕ ਗੱਲ ਹੈ।

ਜੇ ਇਹ ਕਹਿ ਲਈਏ ਕਿ ਅੱਜ ਲੋਕਾਂ ਦੀ ਨਜ਼ਰ ਵਿੱਚ ਸਿਰਫ ਪੈਸਾ ਹੀ ਮੁੱਖ ਰਹਿ ਗਿਆ ਹੈ ਤਾਂ ਗ਼ਲਤ ਨਹੀਂ ਹੋਵੇਗਾ। ਪੰਜਾਬ ਦੀਆਂ ਅਖ਼ਬਾਰਾਂ ’ਚ ਰੋਜ਼ ਕੁਝ ਖ਼ਬਰਾਂ ਹੁੰਦੀਆਂ ਹਨ ਕਿ ਜ਼ਮੀਨ-ਜਾਇਦਾਦ ਪਿੱਛੇ ਕਤਲ, ਪੈਸੇ ਦੀ ਲੁੱਟ ਖੋਹ, ਕੁਝ ਪੈਸਿਆਂ ਪਿੱਛੇ ਬੰਦਾ ਜ਼ਖ਼ਮੀ ਜਾਂ ਖ਼ਤਮ। ਹੋਰ ਤਾਂ ਹੋਰ ਸਿਰਫ਼ ਸੰਤਾਲੀ ਲੱਖ ਪਿੱਛੇ ਹੀ ਡੇਹਲੋਂ ਨਜ਼ਦੀਕ ਪਿੰਡ ਦੇ ਛੇ ਮੈਂਬਰ ਹੀ ਨਹਿਰ ’ਚ ਰੋੜ ਦਿੱਤੇ। ਰੋਂਦੀ ਹੈ ਪੰਜਾਬ ਦੀ ਧਰਤੀ ਕਿ ਇਹ ਕਲੰਕ ਮੇਰੇ ਮੱਥੇ ਹੀ ਲੱਗੀ ਜਾ ਰਿਹਾ ਹੈ। ਸ਼ਾਇਦ ਹੀ ਇੰਨੇ ਘਿਨਾਉਣੇ ਕੰਮ ਕਿਸੇ ਹੋਰ ਪਾਸੇ ਹੁੰਦੇ ਹੋਣ। ਦੁੱਖ ਹੁੰਦਾ ਹੈ ਜਦੋਂ ਨਵੀਆਂ ਤੇ ਅਜੀਬ ਗੱਲਾਂ ਸੁਣਦੇ-ਪੜ੍ਹਦੇ ਹਾਂ, ਦੋ ਪੁੱਤਰੀਆਂ ਨੂੰ ਪਿਤਾ ਵੱਲੋਂ ਗ਼ਲਤ ਕੰਮ ਲਈ ਵਰਜਣ ’ਤੇ ਪਿਤਾ ਨੂੰ ਹੀ ਮਿੱਟੀ ਦਾ ਤੇਲ ਪਾ ਅੱਗ ਲਾ ਦੇਣੀ, ਪੁੱਤਰ ਵੱਲੋਂ ਮਨਪਸੰਦ ਲੜਕੀ ਘਰ ਲੈ ਆਉਣ ਲਈ ਆਪਣੇ ਮਾਤਾ-ਪਿਤਾ ਨੂੰ ਜ਼ਹਿਰ ਦੇਣਾ, ਭਰਾ ਜਾਂ ਮਾਪਿਆਂ ਵੱਲੋਂ ਨਸ਼ਾ ਕਰਨ ਤੋਂ ਰੋਕਣ ’ਤੇ ਕਤਲ, ਪੰਜਾਹ ਸੱਠ ਸਾਲਾ ਬਜ਼ੁਰਗ ਵੱਲੋਂ ਦੂਜੀ ਔਰਤ ਨਾਲ ਸਬੰਧ ਬਣਾ ਕੇ ਪਤਨੀ ਦਾ ਕਤਲ, ਦਸਵੀਂ ਤੱਕ ਪੜ੍ਹਦੇ ਲੜਕਿਆਂ ਵੱਲੋਂ ਸਹਿਪਾਠਣਾਂ ਦੇ ਗ਼ਲਤ ਐਸ. ਐਮ. ਐਸ ਮੋਬਾਈਲ ਰਾਹੀਂ ਫੈਲਾਉਣੇ।

ਗੁੰਮਰਾਹ ਹੋਈਆਂ ਲੜਕੀਆਂ ਗ਼ਲਤ ਤਰੀਕੇ ਵਿਆਹ ਕਰਵਾ ਆਪਣੇ ਮਾਪਿਆਂ ਵਿਰੁੱਧ ਹੀ ਸ਼ਿਕਾਇਤਾਂ ਦਰਜ ਕਰਾਉਣ, ਵਿਗੜੀ ਹੋਈ ਧੀ ਨੂੰ ਬਾਪੂ ਦੀ ਇੱਜ਼ਤ ਖਾਤਰ ਮਾਰੇ, ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਹੀ ਬੇਰਹਿਮ ਮੁਟਿਆਰਾਂ ਬਿਨਾਂ ਵਿਆਹ ਮਾਵਾਂ ਬਣ ਮਾਸੂਮ ਬੱਚਿਆਂ ਨੂੰ ਕੂੜੇਦਾਨਾਂ, ਝਾੜੀਆ ’ਚ ਸੁੱਟਣ, ਨਸ਼ੇ ਕਰ ਸੜਕਾਂ ’ਤੇ ਐਕਸੀਡੈਟਾਂ ਰਾਹੀਂ ਮੌਤਾਂ ਵੰਡਣਾ, ਅਨੇਕਾਂ ਤਰੀਕਿਆਂ ਨਾਲ ਭਰੂਣ ਹੱਤਿਆਂ, ਦਾਜ ਰੂਪੀ ਦੈਂਤ ਨੇ ਘਰ ਕਰਨਾ, ਪੁਲਿਸ ਦੀਆਂ ਅਨੇਕਾਂ ਵਧੀਕਿਆਂ, ਇਨਸਾਫ਼ ਪੈਸੇ ਅੱਗੇ ਵਿਕਣਾ, ਹੋਰ ਬਹੁਤ ਸਮਾਜ ’ਚ ਕੁਰਤੀਆਂ ਜੋ ਗੁਪਤ ਚੱਲ ਰਹੀਆਂ ਹਨ। ਚਾਹੀਦਾ ਤਾਂ ਇਹ ਸੀ ਕਿ ਬਾਬੇ ਨਾਨਕ ਦੀ ਬਾਣੀ ਨਾਲ ਆਨੰਦਮਈ ਹੋਏ ਪੰਜਾਬ ’ਤੇ ਕੋਈ ਵੀ ਕੁਰੀਤੀ ਤੇ ਵਧੀਕੀ ਨਹੀਂ ਸੀ ਚਾਹੀਦੀ ਪਰ ਇੱਥੇ ਕੰਮ ਉਲਟ ਹੋ ਰਿਹਾ ਹੈ। ਅਸੀਂ ਬਾਣੀ ਤੇ ਬਾਣੇ ਦੇ ਸਿਧਾਂਤ ਤੋਂ ਉੱਟ ਕੇ ਦੁੱਖ ਭੋਗ ਰਹੇ ਹਾਂ। ਬੇਮੁੱਖ ਹੋ ਕੇ ਸਿਧਾਂਤ ਨਾ ਮੰਨਣ ਵਾਲਾ ਮਨੁੱਖ ਕੁਰਾਹੇ ਨਹੀਂ ਪਏਗਾ ਤਾਂ ਹੋਰ ਕੀ ਕਰੇਗਾ ? ਅੱਜ ਅਸੀਂ ਆਪਣੀਆਂ ਮਹਾਨ ਧਾਰਮਿਕ, ਸੱਭਿਆਚਾਰਕ ਵਿਰਾਸਤਾਂ ਨੂੰ ਵਿਸਾਰ ਚੁੱਕੇ ਹਾਂ। ਫਿਰ ਕਿੱਥੋਂ ਸੁੱਖ ਭਾਲੀਏ ਗੁਰਾਂ ਦੇ ਨਾਂਅ ਦੇ ਵਸਦੇ ਪੰਜਾਬ ਉੱਤੇ।

ਸਭ ਤੋਂ ਅਹਿਮ ਗੱਲ ਕਿ ਜੋ ਕੋਈ ਇਨਸਾਨ ਕਿਸੇ ਵਧੀਆਂ ਸੰਸਥਾਂ ਦਾ ਗਠਨ ਕਰ ਕੇ, ਚੰਗੇ ਸਾਧਨ ਮੀਡੀਏ, ਅਖ਼ਬਾਰਾਂ ਤੇ ਰਸਾਲੇ ਰਾਹੀਂ ਸਾਨੂੰ ਸਭ ਗੱਲਾਂ ਤੋਂ ਸੁਚੇਤ ਕਰਨ ਦਾ ਯਤਨ ਕਰਦਾ ਹੈ ਤੇ ਸੱਚੀ ਗੱਲ ਹਰ ਪਾਸਿਓ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਦੀ ਸੰਘੀ ਨੱਪਣ ਲਈ ਸਮੇਂ ਦੀਆਂ ਸਰਕਾਰਾਂ ਨਵੇਂ ਕਾਨੂੰਨ ਤੇ ਹੋਰ ਸਰਕਾਰੀ, ਧਾਰਮਿਕ ਸਰਪ੍ਰਸਤੀ ਦਾ ਸਹਾਰਾ ਲੈ ਕੇ ਉਸ ਨੂੰ ਜਲੀਲ ਕਰ ਨਵੇਂ-ਨਵੇਂ ਕੇਸਾਂ ਵਿੱਚ ਉਲਝਾ ਕੇ ਥਾਣਿਆਂ ਤੇ ਜੇਲ੍ਹਾਂ ’ਚ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅੱਜ ਇਹ ਮਿਸਾਲਾਂ ਸਾਡੇ ਸਾਹਮਣੇ ਹਨ, ਪਰ ਸਿਦਕੀ ਤੇ ਤੜਪ ਰੱਖਣ ਵਾਲੇ ਲੋਕ ਕਦੋਂ ਕਿਸੇ ਦੀ ਪ੍ਰਵਾਹ ਕਰਦੇ ਹਨ।  ਅਸ਼ਕੇ ਜਾਈਏ ਉਨ੍ਹਾਂ ਦੀ ਚੰਗੀ ਸੋਚ ਦੇ ਜੋ ਦੂਜਿਆਂ ਦੀ ਸੋਚ ਵੀ ਬਦਲ ਰਹੇ ਹਨ।

ਮੇਰੇ ਪੰਜਾਬ ਦੇ ਸਮਝਦਾਰ ਤੇ ਤੜਪ ਰੱਖਣ ਵਾਲੇ ਸੱਜਣ ਇਹ ਨਹੀਂ ਚਾਹੁੰਦੇ ਕਿ ਜੋ ਉਪਰ ਲਿਖਿਆ ਹੈ, ਰੰਗਲੇ ਪੰਜਾਬ ਦਾ ਹਾਲ ਇਹ ਜਾਂ ਇਸ ਤੋਂ ਵੀ ਬਦਤਰ ਹੋਵੇ। ਸਾਡਾ ਸਭਨਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਜਨਮ ਭੋਇ, ਮਾਂ-ਬੋਲੀ, ਧਾਰਮਿਕ ਤੇ ਰਾਜਨੀਤਿਕ ਗਤੀਵਿਧੀਆਂ ਪ੍ਰਤੀ ਵਫਾਦਾਰ ਰਹਿ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਨਵੇਂ-ਨਰੋਏ ਰੂਪ ਵਿੱਚ ਚੰਗੀ ਵਿਰਾਸਤ ਛੱਡ ਕੇ ਜਾਈਏ ਤਾਂ ਕਿ ਸਾਡਾ ਪੰਜਾਬ ਗੁਰਾਂ ਦੇ ਨਾਂਅ ਤੇ ਹੱਸਦਾ ਵੱਸਦਾ ਰਹਿ ਸਕੇ।