ਕੌ ਸੈੱਸ (Cow cess) ਨਾਲ ਹੁੰਦਾ ਸਮਾਜਕ ਸ਼ੋਸ਼ਣ

0
337

ਕੌ ਸੈੱਸ (Cow cess) ਨਾਲ ਹੁੰਦਾ ਸਮਾਜਕ ਸ਼ੋਸ਼ਣ

ਕਿਰਪਾਲ ਸਿੰਘ (ਬਠਿੰਡਾ) 88378-13661

ਭਾਰਤ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਜਿਨ੍ਹਾਂ ’ਚੋਂ ਅਣਗਿਣਤ ਲੋਕ ਖ਼ੁਦਕਸ਼ੀਆਂ ਕਰਨ ਦੇ ਰਾਹ ਪੈ ਜਾਂਦੇ ਹਨ। ਖ਼ੁਦਕਸ਼ੀਆਂ ਕਰਨ ਵਾਲਿਆਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਮਜਦੂਰ ਕਿਸਾਨਾਂ ਦੀ ਹੈ ਜੋ ਹੁਣ ਤੱਕ ਅਨਾਜ਼ ਪੈਦਾ ਕਰ ਕੇ ਸਮੁੱਚੇ ਭਾਰਤ ਵਾਸੀਆਂ ਦਾ ਢਿੱਡ ਭਰਦੇ ਆ ਰਹੇ ਹਨ। ਇਨ੍ਹਾਂ ਮਿਹਨਤੀ ਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਦੱਬੇ ਕੁਚਲੇ ਲੋਕਾਂ ਦੀ ਸਾਰ ਲੈਣ ਦੀ ਬਜਾਏ ਸਾਰਕਾਰ ਨੇ ਗਊ ਮਾਤਾਵਾਂ ਦੀ ਸੇਵਾ ਸੰਭਾਲ ਦੇ ਨਾਂ ’ਤੇ ਭਾਰਤ ਵਿੱਚ ਆਮ ਵਿਅਕਤੀਆਂ ਦੇ ਜੀਵਨ ਨਿਰਬਾਹ ਲਈ ਲੋੜੀਦੀਆਂ ਸਾਰੀਆਂ ਵਸਤੂਆਂ, ਬਿਜਲੀ, ਪਾਣੀ, ਪੈਟਰੋਲ/ਡੀਜ਼ਲ, ਨਵੀਆਂ ਗੱਡੀਆਂ ਖ਼ਰੀਦਣ ਉੱਤੇ ਅਤੇ ਟਰਾਂਸਪੋਰਟੇਸ਼ਨ ਚਾਰਜਜ਼ ਆਦਿਕ ’ਤੇ ਲਗਾਏ ਜਾਂਦੇ ਕੌ ਸੈੱਸ ਗ਼ਰੀਬ ਪਰਿਵਾਰਾਂ ’ਤੇ ਪਏ ਪਹਿਲਾਂ ਹੀ ਵਾਧੂ ਭਾਰ ਨੂੰ ਹੋਰ ਵਧਾ ਦਿੱਤਾ ਹੈ।  ਲਗਾਏ ਜਾਂਦੇ ਕੌ ਸੈੱਸ ਨਾਲ ਸਰਕਾਰੀ ਖ਼ਜ਼ਾਨੇ ਮਾਲਾ-ਮਾਲ ਭਰ ਗਏ ਹਨ। ਇਸ ਤੋਂ ਇਲਾਵਾ ਗਊ ਸ਼ਾਲਾਵਾਂ ਦੇ ਨਾਂ ’ਤੇ ਲੋਕਾਂ ਪਾਸੋਂ ਬੇਅੰਤ ਮਾਇਆ ਹੋਰ ਵੀ ਇਕੱਠੀ ਕੀਤੀ ਜਾਂਦੀ ਹੈ, ਇਸ ਦੇ ਬਾਵਜੂਦ ਬਜ਼ਾਰਾਂ, ਸੜਕਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਅਵਾਰਾ ਫਿਰਦੀਆਂ ਗਊਆਂ ਜਿੱਥੇ ਹਰ ਰੋਜ਼ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ ਜਾਂ ਸਾਹਨਾਂ ਦੇ ਭੇੜ ਰਾਹੀਂ ਕੀਮਤੀ ਮਨੁੱਖੀ ਜ਼ਿੰਦਗੀ ਨੂੰ ਖ਼ਤਮ ਕਰ ਰਹੀਆਂ ਹਨ ਉੱਥੇ ਮਹਿੰਗੀਆਂ ਖਾਦਾਂ, ਡੀਜ਼ਲ ਅਤੇ ਦਵਾਈਆਂ ਦੀ ਵਰਤੋਂ ਰਾਹੀਂ ਛੇ ਮਹੀਨਿਆਂ ਦੀ ਕਰੜੀ ਮਿਹਨਤ ਉਪਰੰਤ ਤਿਆਰ ਹੋਈਆਂ ਫਸਲਾਂ ਨੂੰ ਵੀ ਕੁਝ ਕੁ ਮਿੰਟਾਂ ’ਚ ਤਬਾਹ ਕਰ ਕੇ ਕਿਸਾਨਾਂ ਦੀ ਆਰਥਿਕ ਜ਼ਿੰਦਗੀ ਨੂੰ ਨਿਰਬਲ ਬਣਾ ਦਿੰਦੀਆਂ ਹਨ। ਜਿਹੜੀਆਂ ਗਊਆਂ ਸ਼ਹਿਰਾਂ ਵਿੱਚ ਅਵਾਰਾ ਘੁੰਮ ਰਹੀਆਂ ਹਨ ਉਹ ਗੰਦਗੀ ਦੇ ਡੇਰਾਂ ਵਿੱਚ ਮੂੰਹ ਮਾਰਦੀਆਂ ਹੋਈਆਂ ਪਲਾਸਟਿਕ ਦੇ ਲਫਾਫੇ ਖਾ-ਖਾ ਕੇ ਮਰ ਰਹੀਆਂ ਹਨ ਅਤੇ ਜੋ ਗਊ ਸ਼ਾਲਾਵਾਂ ਵਿੱਚ ਹਨ ਉਹ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਰਹੀਆਂ ਹਨ, ਜਿਸ ਕਰਕੇ ਕੌ ਸੈੱਸ ਅਤੇ ਦਿੱਤੇ ਗਏ ਦਾਨ ਦਾ ਲਾਭ ਦਾਨੀਆਂ ਦੀ ਭਾਵਨਾ ਅਤੇ ਗਊਆਂ ਵਿੱਚੋਂ ਕਿਸੇ ਨੂੰ ਨਹੀਂ ਮਿਲ ਰਿਹਾ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਗਾਂ ਦੇ ਨਾਂ ’ਤੇ ਇਕੱਤਰ ਹੁੰਦੀ ਜ਼ਿਆਦਾਤਰ ਮਾਇਆ ਸਰਕਾਰੀ ਤੰਤਰ ਅਤੇ ਅਖੌਤੀ ਗਊ ਭਗਤਾਂ ਦੇ ਢਿੱਡ ਵਿੱਚ ਜਾ ਰਹੀ ਹੈ।

ਇਸ ਚੋਰ-ਬਾਜ਼ਾਰੀ ਦੀ ਜੜ੍ਹ ਹਰ ਸੂਬੇ ਵਿੱਚ ਸਰਕਾਰਾਂ ਦੁਆਰਾ ਬਣਾਏ ਗਏ ਕੌ ਬੋਰਡ ਹਨ ਜਿਨ੍ਹਾਂ ਨੂੰ ਮੰਤਰੀਆਂ ਵਾਂਗ ਸਹੂਲਤਾਂ ਤੇ ਤਨਖ਼ਾਹਾਂ/ਭੱਤੇ ਮਿਲਦੇ ਹਨ।  ਇਹ ਮਹਿਕਮੇ ਮਲਾਈਦਾਰ ਹੋਣ ਕਾਰਨ ਸਰਕਾਰਾਂ ਆਪਣੇ ਚਹੇਤਿਆਂ ਨੂੰ ਇੱਥੇ ਨਿਯੁਕਤ ਕਰ ਲੈਂਦੀਆਂ ਹਨ, ਜਿਨ੍ਹਾਂ ਦੀ ਜੀ ਹਜ਼ੂਰੀ ਲਈ ਹੇਠਾਂ ਹੋਰ ਵੀ ਕਈ ਮੁਲਾਜਮਾਂ ਤੇ ਅਖੌਤੀ ਗਊ ਭਗਤਾਂ ਨੂੰ ਕਈ ਸੁਵਿਧਾਵਾਂ ਤੇ ਅਧਿਕਾਰ ਦਿੱਤੇ ਹੁੰਦੇ ਹਨ। ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਉਗਰਾਹਿਆ ਹੋਇਆ ਧਨ ਸਹੀ ਜਗ੍ਹਾ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿੱਚ ਖਪਤ ਹੋ ਜਾਂਦਾ ਹੈ, ਜਿਸ ਕਾਰਨ ਗਊਆਂ ਅਤੇ ਇਨ੍ਹਾਂ ਦੀ ਮਾਰ ਹੇਠ ਆਈ ਕਿਰਸਾਨੀ ਦੀ ਜੋ ਹਾਲਤ ਹੈ ਉਹ ਸਾਡੇ ਸਾਹਮਣੇ ਹੈ, ਇਸ ਬਾਰੇ ਬਹੁਤਾ ਕੁਝ ਲਿਖਣ ਦੀ ਲੋੜ ਨਹੀਂ।

ਇਸ ਗੰਭੀਰ ਸਮੱਸਿਆ ਦਾ ਹੱਲ ਇਹੀ ਲੱਭਦਾ ਹੈ ਕਿ ਕੌ ਸੈੱਸ ਰਾਹੀਂ ਕੀਤੀ ਜਾਂਦੀ ਜ਼ਬਰੀ ਵਸੂਲੀ ਬਿਲਕੁਲ ਬੰਦ ਕੀਤੀ ਜਾਵੇ ਤੇ ਸਾਰੇ ਹੀ ਕੌ ਬੋਰਡ ਭੰਗ ਕਰ ਦਿੱਤੇ ਜਾਣ ਕਿਉਂਕਿ ਗਊ ਪੂਜਾ ਜਾਂ ਗਊ ਸੇਵਾ ਇੱਕ ਵਿਸ਼ੇਸ਼ ਧਰਮ ਦੀ ਆਸਥਾ ਦਾ ਕੇਂਦਰ ਹੈ, ਨਾ ਕਿ ਸਾਰੇ ਭਾਰਤ ਵਾਸੀਆਂ ਦੀ ਆਸਥਾ। ਭਾਰਤੀ ਸੰਵਿਧਾਨ ਧਰਮ ਨਿਰਪੱਖ ਦੇਸ਼ ਦੀ ਵਿਆਖਿਆ ਕਰਦਾ ਹੈ, ਜਿੱਥੇ ਕਿਸੇ ਵਿਸ਼ੇਸ਼ ਧਰਮ ਨੂੰ ਮਹੱਤਵ ਦੇ ਕੇ ਦੂਸਰਿਆਂ ਪਾਸੋਂ ਜ਼ਬਰੀ ਟੈਕਸ ਵਸੂਲਣਾ ਅਪਰਾਧ ਹੈ। ਜੋ ਲੋਕ ਗਊਆਂ ਪ੍ਰਤੀ ਖ਼ਾਸ ਆਸਥਾ ਨਹੀਂ ਰੱਖਦੇ ਜਾਂ ਟੈਕਸ ਦੇਣ ਤੋਂ ਅਸਮਰਥ ਹਨ, ਉਹ ਇਸ ਆਸਤਕ ਚੱਕੀ ਵਿੱਚ ਕਿਉਂ ਪੀਸਣ? ਸਰਕਾਰਾਂ ਨੂੰ ਚਾਹੀਦਾ ਹੈ ਕਿ ਦੇਸ਼ ਦੀਆਂ ਸਾਰੀਆਂ ਗਊਆਂ ਦੀ ਗਿਣਤੀ ਕਰਾ ਕੇ ਇਨ੍ਹਾਂ ਉੱਤੇ ਹੋਣ ਵਾਲ਼ੇ ਕੁੱਲ ਖ਼ਰਚੇ ਅਤੇ ਇਨ੍ਹਾਂ ਲਈ ਇਕੱਤਰ ਕੀਤੀ ਜਾਂਦੀ ਮਾਇਆ ਦਾ ਵੇਰਵਾ ਜਨਤਾ ਦੇ ਸਾਹਮਣੇ ਲੈ ਕੇ ਆਉਣ।

ਗਊ ਭਗਤਾਂ ਦੀ ਗਊਆਂ ਦੇ ਨਾਂ ’ਤੇ ਵਿਖਾਈ ਜਾਂਦੀ ਹਮਦਰਦੀ ਦਾ ਅਸਲ ਸੱਚ ਜਨਤਾ ਦੇ ਸਾਹਮਣੇ ਲਿਆਉਣ ਲਈ ਇਨ੍ਹਾਂ ਦੇ ਘਰਾਂ ਵਿੱਚ ਰੱਖੀਆਂ ਗਾਈਆਂ ਦੀ ਗਿਣਤੀ ਨੂੰ ਉਜਾਗਰ ਕੀਤਾ ਜਾਵੇ । ਗਊ ਰੱਖਿਆ ਦੇ ਨਾਂ ’ਤੇ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਸਖ਼ਤ ਹਦਾਇਤ ਹੋਵੇ ਕਿ ਉਹ ਜਾਂ ਤਾਂ ਅਵਾਰਾ ਗਊਆਂ ਨੂੰ ਆਪਣੇ ਘਰਾਂ ’ਚ ਬੰਨ੍ਹ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਜਾਂ ਲੋੜ ਅਨੁਸਾਰ ਗਊਸ਼ਾਲਾਵਾਂ ਦੀ ਉਸਾਰੀ ਕਰਨ ਅਤੇ ਇਸ ਕਾਰਜ ਨੂੰ ਖ਼ੁਦ ਸੰਭਾਲਣ, ਨਹੀਂ ਤਾਂ ਫੋਕੀ ਰਾਜਨੀਤੀ ਤੇ ਗੁੰਡਾਗਰਦੀ ਕਰਨੀ ਬੰਦ ਕਰਨ। ਅਗਰ ਸਰਕਾਰ ਸਖ਼ਤੀ ਨਾਲ ਅਜਿਹੇ ਨਿਯਮ ਬਣਾ ਕੇ ਲਾਗੂ ਕਰ ਦੇਵੇ ਤਾਂ ਜਿੱਥੇ ਭੁੱਖਮਰੀ ਅਤੇ ਪਲਾਸਟਿਕ ਦੇ ਲਫਾਫੇ ਖਾ ਕੇ ਮਰ ਰਹੀਆਂ ਗਊਆਂ ਦੀ ਜ਼ਿਦਗੀ ਸੁਖਾਲੀ ਹੋਵੇਗੀ ਉੱਥੇ ਕਿਰਸਾਨੀ ਅਤੇ ਸੜਕ ਹਾਦਸਿਆਂ ਨੂੰ ਵੀ ਠੱਲ ਪਾਈ ਜਾ ਸਕੇਗੀ। ਇਹ ਵੀ ਵਿਚਾਰਨਯੋਗ ਹੈ ਕਿ ਜਿਨ੍ਹਾਂ ਜਾਨਵਰਾਂ ਨਾਲ ਸਮਾਜਕ ਕਠਨਾਈ ਉਤਪੰਨ ਹੁੰਦੀ ਹੋਵੇ ਉਨ੍ਹਾਂ ਦੀ ਨਸਬੰਦੀ ਨੂੰ ਕਿਉਂ ਨਾ ਕਾਨੂੰਨਣ ਮਾਨਤਾ ਦਿੱਤੀ ਜਾਵੇ।