27.9 C
Jalandhar
Saturday, April 4, 2026
spot_img
Home Blog Page 97

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ

0

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ

ਸੁਖਜੀਤ ਸਿੰਘ ਕਪੂਰਥਲਾ – 98720-76876

ਈਟੇਂ ਮੰਗਾਈ ਚੂਨਾ ਭੀ ਫ਼ੌਰਨ ਬਹਮ ਕੀਯਾ। ਯਾਰਾ ਨਹੀਂ ਬਯਾਨ ਕਾ ਫਿਰ ਜੋ ਸਿਤਮ ਕੀਯਾ।

ਉਸ ਸਮੇਂ ਸੀਮੇਂਟ ਨਹੀਂ ਸੀ ਹੁੰਦਾ ਤੇ ਇਨ੍ਹਾਂ ਜਲਾਦਾਂ ਨੇ ਖ਼ੂਨੀ ਦੀਵਾਰਾਂ ਦੀ ਉਸਾਰੀ ਲਈ ਹੁਣ ਇੱਟਾਂ ਅਤੇ ਚੂਨਾ ਮੰਗਵਾ ਲਿਆ।  ਹੁਣ ਜੋ ਜ਼ੁਲਮ ਹੋਣ ਲੱਗਾ ਹੈ ਉਹ ਜੋਗੀ ਅੱਲ੍ਹਾ ਯਾਰ ਖ਼ਾਂ ਆਪਣੀ ਕਲਮ ਤੋਂ ਲਿਖ ਰਿਹਾ ਹੈ।

ਗੁਰੂ ਘਰ ਦੇ ਸ਼ਰਧਾਲੂ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲੇ ਸਨ, ਪਰ ਕਲਗੀਧਰ ਨੂੰ ਪਿਆਰ ਕਰਦੇ ਸਨ, ਉਹ ਸਾਰੇ ਇੱਕਠੇ ਹੋ ਗਏ ਤੇ ਇੱਕ ਮਤਾ ਪਕਾਇਆ ਕਿ ਅਸੀਂ ਲਾਲਾਂ ਦੇ ਭਾਰ ਬਦਲੇ, ਨਵਾਬ ਵਜ਼ੀਰ ਖ਼ਾਂ ਨੂੰ ਸੋਨਾ ਦੇ ਦੇਈਏ ਤੇ ਲਾਲਾਂ ਨੂੰ ਛਡਵਾ ਲਈਏ।

ਦੇਖੋ !  ਕਿੰਨਾ ਭਾਰ ਹੋਵੇਗਾ ਇਨ੍ਹਾਂ ਦੋ ਲਾਲਾਂ ਦਾ, ਪਰ ਕਲਗੀਧਰ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਸੀ। ਕਹਿਣ ਲੱਗੇ ਕਿ ਜਾਉ, ਜਿੰਨਾ-ਜਿੰਨਾ ਵੀ ਕਿਸੇ ਦੇ ਕੋਲ ਸੋਨਾ ਹੈ, ਲੈ ਆਉ ਤਾਂ ਕਿ ਸਾਹਿਬਜ਼ਾਦਿਆਂ ਨੂੰ ਛਡਵਾਇਆ ਜਾ ਸਕੇ, ਪਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਵਜ਼ੀਰ ਖ਼ਾਂ ਬਹੁਤ ਜਾਲਮ ਹੈ ਉਹ ਸੋਨਾ ਵੀ ਲੈ ਕੇ ਰੱਖ ਲਵੇਗਾ ਤੇ ਸਾਹਿਬਜ਼ਾਦੇ ਵੀ ਨਹੀਂ ਛੱਡੇਗਾ।

ਜਦੋਂ ਕਲਗੀਧਰ ਦੇ ਲਾਡਲਿਆਂ ਨੂੰ ਜਲਾਦ ਫੜ ਕੇ ਲੈ ਜਾਣ ਲੱਗੇ ਅਤੇ ਡਰਾਵੇ ਦੇਣ ਲੱਗੇ ਕਿ ਅਸੀਂ ਖ਼ਾਨਦਾਨੀ ਜਲਾਦ ਹਾਂ ਤਾਂ ਕਲਗੀਧਰ ਦੇ ਲਾਡਲੇ ਅੱਗੋਂ ਜਵਾਬ ਦਿੰਦੇ ਹਨ ਕਿ ਅਸੀਂ ਖ਼ਾਨਦਾਨੀ ਸ਼ਹੀਦ ਹਾਂ।

ਜੋਗੀ ਅੱਲ੍ਹਾ ਯਾਰ ਖ਼ਾਂ ਕਿੱਸੇ ਨੂੰ ਹੁਣ ਮਚਾਨ ਤੇ ਲੈ ਕੇ ਜਾ ਰਿਹਾ ਹੈ।  ਮਚਾਨ ਕੀ ਹੁੰਦੀ ਹੈ ? (ਪੁਰਾਤਨ ਸਮਿਆਂ ਵਿੱਚ ਜੰਗਲੀ ਜਾਨਵਰ ਜਦੋਂ ਫ਼ਸਲਾਂ ਨੂੰ ਖ਼ਰਾਬ ਕਰਦੇ ਸਨ ਤਾਂ ਜ਼ਿਮੀਂਦਾਰ ਵੀਰ ਆਪਣੇ ਖੇਤਾਂ ਵਿੱਚ ਚਾਰ ਲੱਕੜਾਂ ਗੱਡ ਕੇ ਉਸ ਉੱਪਰ ਬੈਠਣ ਦਾ ਟਿਕਾਣਾ ਬਣਾ ਲੈਂਦੇ ਸਨ, ਉਸ ਉੱਚੀ ਜਗ੍ਹਾ ਨੂੰ ਮਚਾਨ ਕਿਹਾ ਜਾਂਦਾ ਸੀ, ਕਿਉਂਕਿ ਫ਼ਸਲਾਂ ਦੀ ਰਾਖੀ ਵੀ ਕਰਨੀ ਹੁੰਦੀ ਸੀ ਤੇ ਨਾਲ ਹੀ ਜੰਗਲੀ ਜਾਨਵਰਾਂ ਤੋਂ ਆਪਣੀ ਜਾਨ ਵੀ ਬਚਾਉਣੀ ਹੁੰਦੀ ਸੀ) ਜਲਾਦ ਲਾਲਾਂ ਨੂੰ ਫੜਣ ਲਈ ਅਗਾਂਹ ਨੂੰ ਵਧੇ :

ਲਪਕੇ ਲੀਨ ਦੋਨੋਂ ਵੁਹ ਸ਼ਹਿਜਾਦਗਾਨ ਪਰ।

ਹਮਲਾ ਕੀਯਾ ਜਲੀਲੋਂ ਨੇ ਹਰ ਆਲੀਸ਼ਾਨ ਪਰ।

ਥਾ ਇਨ ਕਾ ਕਿੱਸਾ ਲੇ ਕੇ ਚੱਲੇਂ ਅਬ ਮਚਾਨ ਪਰ।

ਬੁਨਿਆਦ ਥੀ ਧਰਮ ਕੀ, ਖ਼ੁਦੀ ਜਿਸ ਮਕਾਨ ਪਰ।

ਜਲਾਦ ਸਾਹਿਬਜ਼ਾਦਿਆਂ ਨੂੰ ਫੜ੍ਹਣ ਲਈ ਟੁੱਟ ਕੇ ਪੈ ਗਏ ਤੇ ਉਸ ਜਗ੍ਹਾ ਵੱਲ ਲੈ ਕੇ ਜਾਣ ਲਈ, ਜਿਸ ਨੀਂਹ ਉੱਪਰ ਸ਼ਹਾਦਤ ਰੂਪੀ ਮਹੱਲ ਦੀ ਉਸਾਰੀ ਹੋਣੀ ਹੈ, ਸਾਹਿਬਜ਼ਾਦੇ ਆਪ ਹੀ ਉੱਧਰ ਨੂੰ ਚੱਲ ਪਏ।

ਸਤਗੁਰ ਕੇ ਲਾਲ ਬੋਲੇ, ਨਾ ਛੂਨਾ ਹਮਾਰੇ ਹਾਥ।

ਗੜਨੇ ਹਮ ਆਜ ਜਿੰਦਾ, ਚਲੇਂਗੇ ਖ਼ੁਸ਼ੀ ਕੇ ਸਾਥ।

ਜਦੋਂ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਫੜਣ ਲਈ ਆਪਣੇ ਹੱਥ ਅਗਾਂਹ ਵਧਾਏ ਤਾਂ ਸਾਹਿਬਜ਼ਾਦੇ ਕਹਿਣ ਲੱਗੇ ‘ਉਏ ! ਸਾਨੂੰ ਹੱਥ ਲਗਾਉਣ ਦੀ ਲੋੜ ਨਹੀਂ ਹੈ, ਅਸੀਂ ਭੱਜਣ ਵਾਲਿਆਂ ਵਿਚੋਂ ਨਹੀਂ ਹਾਂ। ਸਾਨੂੰ ਦੱਸੋ ਕਿੱਥੇ ਜਾਣਾ ਹੈ, ਕਿੱਥੇ ਖੜ੍ਹੇ ਹੋਣਾ ਹੈ, ਅਸੀਂ ਉਸ ਥਾਂ ’ਤੇ ਆਪ ਖੜ੍ਹੇ ਹੋਵਾਂਗੇ। ਅਸੀਂ ਕਲਗੀਧਰ ਦੇ ਪੁੱਤਰ ਹਾਂ, ਸਾਡੀ ਦਾਦੀ ਮਾਂ ਨੇ ਸਾਡੀਆਂ ਰਗਾਂ ਵਿੱਚ ਇਹ ਗੱਲ ਭਰੀ ਹੈ ਕਿ ‘ਤੁਸੀਂ ਕਲਗੀਧਰ ਦੇ ਸਪੁੱਤਰ ਹੋ, ਤੁਸੀਂ ਗੁਰੂ ਤੇਗ਼ ਬਹਾਦਰ ਦੇ ਬਹਾਦਰ ਪੋਤਰੇ ਹੋ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ।’ ਜਲਾਦੋ ਦੱਸੋ !  ਕਿਸ ਜਗ੍ਹਾ ’ਤੇ ਅਸੀਂ ਖੜ੍ਹੇ ਹੋਈਏ, ਅਸੀਂ ਆਪ ਖੜੇ ਹੋਵਾਂਗੇ।’

ਕਵੀ ‘ਇੰਦਰਜੀਤ ਸਿੰਘ ਹਸਨਪੁਰੀ’ ਨੇ ਇਸ ਇਤਿਹਾਸਕ ਸਮੇਂ ਦੀਆਂ ਘੜੀਆਂ ਨੂੰ ਹੂ-ਬ-ਹੂ ਆਪਣੀ ਕਲਮ ਰਾਹੀਂ ਪਰੋਇਆ ਹੈ ਕਿ  ਜਾਲਮਾਂ ਨੇ ਇੱਕ ਥੜ੍ਹਾ ਬਣਾਇਆ ਸੀ ਤੇ ਅੱਜ ਗੁਰੂ ਦੇ ਲਾਲ ਆਪ ਜਾ ਕੇ ਉਸ ਥੜ੍ਹੇ ’ਤੇ ਖੜ੍ਹੇ ਹੋ ਗਏ ਨੇ।  ਕਵੀ ਲਿਖਦਾ ਹੈ:

ਨਿੱਕੇ -ਨਿੱਕੇ ਦੋ ਖ਼ਾਲਸੇ ਵੇਖੋ ਨੀਹਾਂ ਵਿੱਚ ਖੜੇ ਮੁਸਕਰਾਉਂਦੇ।

ਧਰਮ ਨਿਭਾਈਦਾ ਕਿਵੇਂ, ਵੱਡੇ ਵੱਡਿਆਂ ਨੂੰ ਉਹ ਸਮਝਾਉਂਦੇ।

ਲਾਡਲੇ ਗੋਬਿੰਦ ਸਿੰਘ ਦੇ, ਮਾਤਾ ਗੁਜਰੀ ਦੇ ਪੋਤਰੇ ਪਿਆਰੇ।

ਉੱਚੀ-ਉਚੀ ਬਾਹਾਂ ਚੁੱਕ ਕੇ, ਖੜ੍ਹੇ ਨੀਹਾਂ ’ਚ ਛੱਡਣ ਜੈਕਾਰੇ।

ਲੱਕ ਤੱਕ ਕੰਧ ਬਣ ਗਈ, ਲਾਲ ਮੰਨਦੇ ਨਾ ਜਾਲਮ ਮਨਾਉਂਦੇ।

ਨਿੱਕੇ -ਨਿੱਕੇ ਦੋ ਖ਼ਾਲਸੇ ਵੇਖੋ ਨੀਹਾਂ ਵਿੱਚ ਖੜ੍ਹੇ ਮੁਸਕਰਾਉਂਦੇ।

ਮੋਢਿਆਂ ’ਤੇ ਕੰਧ ਅਪੜੀ, ਪਰ ਲਾਲ ਨਾ ਗੁਰਾਂ ਦੇ ਡੋਲੇ। ਨੂਰੋਂ

ਨੂਰ ਮੁੱਖ ਦੋਹਾਂ ਦਾ, ਰੂਪ ਰੱਬ ਦਾ ਨਜ਼ਰ ਨੇ ਆਉਂਦੇ।

ਨਿੱਕੇ ਨਿੱਕੇ ਦੋ ਖ਼ਾਲਸੇ ।

 ਜੋਗੀ ਅੱਲ੍ਹਾ ਯਾਰ ਖ਼ਾਂ ਅੱਗੇ ਲਿਖਦਾ ਹੈ ਕਿ ਸਾਹਿਬਜ਼ਾਦੇ ਹੁਣ ਅੱਗੇ ਕੀ ਕਰਦੇ ਹਨ:

ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵੁਹ ਨੌਨਿਹਾਲ। ਕਹਤੇ ਹੂਏ ਜ਼ਬਾਂ ਸੇ ਬੜੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।

ਇਹ ਨੇ ਕਲਗੀਧਰ ਦੇ ਲਾਡਲੇ, ਜਿਨ੍ਹਾਂ ਨੂੰ ਜ਼ਾਲਮ ਡਰਾਉਣਾ ਚਾਹੁੰਦੇ ਨੇ, ਪਰ ਲਾਡਲੇ ਨਿਡਰ ਹੋ ਕੇ ਆਪ ਖ਼ੁਦ ਮੌਤ ਵੱਲ ਨੂੰ ਵਧ ਰਹੇ ਹਨ।  ਕਲਗੀਧਰ ਦੇ ਲਾਲ ਨਿਸ਼ਚਿਤ ਸਥਾਨ ਤੇ ਖੜ੍ਹੇ ਹੋ ਗਏ। ਦੀਵਾਰਾਂ ਦੀ ਚਿਣਾਈ ਸ਼ੁਰੂ ਹੋਣ ਲੱਗੀ ਇਸ ਸਮੇਂ ਨੂੰ ਇੱਕ ਕਵੀ ਨੇ ਬੜੇ ਹੀ ਭਾਵਨਾ ਭਰੇ ਸ਼ਬਦਾਂ ਨਾਲ ਸ਼ਰਧਾ ਦੇ ਫੁੱਲ ਇਉਂ ਭੇਟਾ ਕੀਤੇ :

ਜ਼ਿੰਦਾ ਨਿਕੀਆਂ, ਹੌਂਸਲੇ ਬਹੁਤ ਵੱਡੇ,

ਆਣ ਨੀਹਾਂ ਦੇ ਵਿੱਚ ਖਲੋ ਗਈਆਂ।

ਰਾਜ ਜਦੋਂ ਸੀ ਚਿਨਣ ਦੀਵਾਰ ਲੱਗੇ,

ਵੇਖ ਇੱਟਾਂ ਵੀ ਡੁਸਕਦੀਆਂ ਰੋ ਪਈਆਂ।

ਇੱਟਾਂ ਵੀ ਇਹ ਜ਼ੁਲਮ ਦੇਖ ਕੇ ਰੋਂਦੀਆਂ ਨੇ, ਪਰ ਜੇਕਰ ਕੋਈ ਨਹੀਂ ਰੋਇਆ ਤਾਂ ਵਜ਼ੀਰ ਖ਼ਾਂ ਨਹੀਂ ਰੋਇਆ, ਸੁੱਚਾ ਨੰਦ ਨਹੀਂ ਰੋਇਆ, ਬਾਕੀ ਸਾਰੇ ਹੀ ਰੋਂਦੇ ਸਨ।  ਇਸ ਪੂਰੇ ਘਟਨਾ ਕ੍ਰਮ ਨੂੰ ਰਾਏਕੋਟ ਦੀ ਧਰਤੀ ’ਤੇ ਨੂਰੇ ਮਾਹੀ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੁਣਾਇਆ ਸੀ ਤਾਂ ਕਲਗੀਧਰ ਪਾਤਸ਼ਾਹ ਨੇ ਨੂਰੇ ਮਾਹੀ ਨੂੰ ਕੁੱਝ ਸਵਾਲ ਵੀ ਕੀਤੇ ਸਨ ਕਿ ਨੂਰਿਆ ਤੂੰ ਰੂ-ਬ-ਰੂ ਸੈਂ ? ਨੂਰੇ ਮਾਹੀ ਅਤੇ ਕਲਗੀਧਰ ਪਾਤਸ਼ਾਹ ਦੇ ਉਸ ਸਮੇਂ ਦੇ ਆਪਸੀ ਵਾਰਤਾਲਾਪ ਨੂੰ ਇੱਕ ਕਵੀ ਨੇ ਇਉਂ ਕਲਮਬੱਧ ਕੀਤਾ:

‘ਸਰਹੰਦ ’ਚੋ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ। ਦੋਵੇਂ ਸ਼ਹੀਦ ਹੋ ਗਏ ਨੇ, ਨੌ-ਨਿਹਾਲ ਟੁਰ ਗਏ। ਸੂਬੇ ਨੇ ਕੰਧ ਅੰਦਰ, ਦੋਵੇਂ ਨਪੀੜ੍ਹ ਦਿੱਤੇ। ਕੋਮਲ ਸਰੀਰ, ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉਠਿਆ। ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ।’

ਨੂਰੇ ਮਾਹੀ ਨੇ ਜਦੋਂ ਇਹ ਗੱਲ, ਕਲਗੀਧਰ ਪਾਤਸ਼ਾਹ ਨੂੰ ਸੁਣਾਈ ਤਾਂ ਗੁਰੂ ਕਲਗੀਧਰ ਪਾਤਸ਼ਾਹ ਮੁਸਕਰਾਏ ਤੇ ਨੂਰੇ ਮਾਹੀ ਨੂੰ ਸੰਬੋਧਨ ਹੋ ਕੇ ਪੁੱਛ ਰਹੇ ਹਨ ਕਿ ਨੂਰਿਆ  !

‘ਤੂੰ ਰੂ-ਬਰੂ ਸੈਂ ਉੱਥੇ ਕੋਈ ਗੱਲ ਨਾ ਲੁਕਾ ਈਂ। ਤੇ ਸਾਫ਼-ਸਾਫ਼ ਦੱਸੀਂ, ਕੋਈ ਕਹਿਰ ਨਾ ਕਮਾ ਈਂ। ਕੋਈ ਹਿੰਝ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ ? ਲਾਲਾਂ ਨੇ ਕਿਧਰੇ ਉੱਚੀ, ਕੋਈ ਸਾਹ ਤੇ ਨਾ ਕੱਢੀ ? ਤੇਸੀ ਨਾਲ ਲੱਗੀ ਜਦ ਸੱਟ ਸੀ ਕਰਾਰੀ। ਮੇਰੇ ਫ਼ਤਿਹ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ ?’

ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਕਲਗੀਧਰ ਨੇ

ਜੋ ਵਜਾਇਆ, ਉਹ ਸਾਜ ਵੱਖਰਾ ਸੀ। (ਪ੍ਰਕਾਸ਼ ਸ਼ਿਮਲਵੀ)

ਹੁਣ ਵੱਡਾ ਵੀਰ ਜ਼ੋਰਾਵਰ ਸਿੰਘ ਆਪਣਾ ਵੱਡੇ ਹੋਣ ਦਾ ਫ਼ਰਜ਼ ਨਿਭਾ ਰਿਹਾ ਹੈ। ਬਾਰ-ਬਾਰ ਆਪਣੇ ਛੋਟੇ ਵੀਰ ਫ਼ਤਿਹ ਸਿੰਘ ਨੂੰ ਆਖ ਰਿਹਾ ਹੈ ‘ਵੀਰਿਆ ਬੋਲ ! ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।’

ਉਹ ਕਿਉਂ ਕਹਿ ਰਿਹਾ ਹੈ ? ਕਿਉਂਕਿ ਜਦੋਂ ਵਾਹਿਗੁਰੂ ਜੀ ਦਾ ਧਿਆਨ ਆਵੇਗਾ ਤਾਂ ਛੋਟੇ ਵੀਰ ਅੰਦਰ ਦ੍ਰਿੜ੍ਹਤਾ ਆਵੇਗੀ ਤੇ ਮੇਰਾ ਛੋਟਾ ਵੀਰ ਡੋਲੇਗਾ ਨਹੀਂ।  ਬਾਰ-ਬਾਰ ਆਪਣੇ ਛੋਟੇ ਵੀਰ ਨੂੰ ਬਾਬਾ ਜ਼ੋਰਾਵਰ ਸਿੰਘ ਕਹਿ ਰਹੇ ਹਨ ‘ਵੀਰਿਆ ! ਯਾਦ ਹੈ ਨਾ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ।’ ਇਹ ਸਭ ਕੁੱਝ ਕਹਿੰਦਿਆਂ-ਕਹਿੰਦਿਆਂ ਦੀਵਾਰ ਵੀ ਉਸਰਦੀ ਜਾ ਰਹੀ ਹੈ।

ਹੁਣ ਬਾਬਾ ਫ਼ਤਿਹ ਸਿੰਘ ਜੀ ਨੇ ਆਪਣੇ ਵੱਡੇ ਵੀਰ ਵੱਲ ਝਾਤੀ ਮਾਰੀ ਤਾਂ ਕੀ ਤੱਕਿਆ ? ਬਾਬਾ ਜ਼ੋਰਾਵਰ ਸਿੰਘ ਦੀਆਂ ਅੱਖਾਂ ਨਮ ਹੋਈਆਂ ਪਈਆਂ ਨੇ, ਤੱਕ ਕੇ ਬਾਬਾ ਫ਼ਤਿਹ ਸਿੰਘ ਕਹਿਣ ਲੱਗਾ: ਵੀਰਿਆ !  ਤੂੰ ਮੈਨੂੰ ਹੌਸਲਾ ਦਿੰਦਾ ਸੈਂ ਤੇ ਹੁਣ ਆਪ ਹੀ ਡੋਲ ਰਿਹਾ ਏਂ ?

ਜ਼ੋਰਾਵਰ ਸਿੰਘ ਕਹਿਣ ਲੱਗੇ: ਨਹੀਂ ਵੀਰਿਆ ! ਮੈਂ ਡੋਲਿਆ ਨਹੀਂ ਹਾਂ।  ਬਾਬਾ ਫ਼ਤਿਹ ਸਿੰਘ ਨੇ ਫਿਰ ਪੁੱਛਿਆ: ਵੀਰਿਆ ! ਤੇਰੀਆਂ ਅੱਖਾਂ ਕਿਉਂ ਨਮ ਹੋਈਆ ਨੇ ?

ਬਾਬਾ ਜ਼ੋਰਾਵਰ ਸਿੰਘ ਨੇ ਜਵਾਬ ਦਿੱਤਾ: ਵੀਰਿਆ ! ਮੇਰੀਆਂ ਅੱਖਾਂ ਇਸ ਕਰ ਕੇ ਨਮ ਹਨ ਕਿ ਮਾਤ ਲੋਕ ਵਿੱਚ ਤੂੰ ਮੇਰੇ ਤੋਂ ਬਾਅਦ ਆਇਆ ਸੈਂ।, ਤੂੰ ਉਮਰ ਵਿੱਚ ਮੇਰੇ ਤੋਂ ਛੋਟਾ ਏਂ, ਕੱਦ ਵਿੱਚੋਂ ਵੀ ਮੇਰੇ ਤੋਂ ਛੋਟਾ ਏਂ, ਪਰ ਇਸ ਦੀਵਾਰ ਵਿੱਚ ਚਿਣ ਕੇ ਤੂੰ ਮੇਰੇ ਤੋਂ ਪਹਿਲਾਂ ਦਾਦਾ ਜੀ ਦੀ ਗੋਦ ਵਿੱਚ ਚਲੇ ਜਾਣਾ ਹੈਂ।

ਜੋ ਦੀਵਾਰ, ਕਿਸੇ ਨੂੰ ਸ਼ਹੀਦ ਕਰਨ ਲਈ ਬਣਾਈ ਜਾ ਰਹੀ ਹੋਵੇ ਉਹ ਇੱਕ ਤਰ੍ਹਾਂ ਦਾ ਕੈਦਖ਼ਾਨਾ ਹੁੰਦਾ ਹੈ, ਜਿੱਥੇ ਬੰਦੀ ਬੈਠ ਨਹੀਂ ਸਕਦਾ, ਖੜ੍ਹਾ ਨਹੀਂ ਰਹਿ ਸਕਦਾ, ਪਾਸਾ ਵੀ ਨਹੀਂ ਲੈ ਸਕਦਾ। ਅਜਿਹੀ ਦੀਵਾਰ ਦਾ ਚਾਰੋਂ ਤਰਫ਼ ਫ਼ਾਸਲਾ ਬਹੁਤ ਹੀ ਤੰਗ ਹੁੰਦਾ ਹੈ। ਕੁਝ ਕਵੀ ਤੇ ਲੇਖਕਾਂ ਦੀ ਕਲਪਨਾ ਇਸ ਨੂੰ ਕੁਝ ਇਉਂ ਬਿਆਨ ਕਰਦੀ ਹੈ ਕਿ ਜਲਾਦ ਦੀਵਾਰ ਚਿਣਦੇ ਗਏ, ਜੋ ਚੌਹਾਂ ਪਾਸਿਆਂ ਤੋਂ ਬਹੁਤ ਭੀੜੀ ਸੀ। ਜਦ ਦੀਵਾਰ ਗੋਡਿਆਂ ਤੱਕ ਆਈ ਤਾਂ ਬੱਚਿਆਂ ਨੇ ਇੱਟ ਦੀ ਬਜਾਇ ਆਪਣੇ ਗੋਡਿਆਂ ਨੂੰ ਤਰਾਸਣ ਲਈ ਕਿਹਾ।

ਅਜਿਹੀ ਕਲਪਨਾ ਰਾਹੀਂ ਬੱਚਿਆਂ ਦੀ ਸ਼ਹੀਦੀ ਪ੍ਰਤੀ ਨਿੱਡਰਤਾ ਤੇ ਸਾਹਸ ਨੂੰ ਦਰਸਾਉਣਾ ਹੁੰਦਾ ਹੈ ਕਿ ਬੱਚੇ ਤਸੀਹਿਆਂ ਦੇ ਸਾਹਮਣੇ ਆਪਣੇ ਆਪ ਨੂੰ ਨਿਰਾਸ਼ ਨਹੀਂ ਹੋਏ ਬਲਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਾਙ ‘ਤੇਰਾ ਕੀਆ ਮੀਠਾ ਲਾਗੈ’ ਰੱਬੀ ਬੰਦਗੀ ਨੂੰ ਮਹੱਤਵ ਦਿੰਦੇ ਰਹੇ। ਇਸ ਦਲੇਰਾਨਾ ਅੰਦਾਜ਼ ਨੂੰ ਇੱਕ ਕਵੀ ਨੇ ਇਉਂ ਪੇਸ਼ ਕੀਤਾ :

‘ਸਰਹਿੰਦ ਨੀਹਾਂ ’ਚੋਂ’ ਗੁਰੂ ਦੇ ਲਾਲ ਬੋਲੇ, ਸਾਡੇ ਲਹੂ ਨੂੰ ਇੱਥੇ ਨਚੋੜ ਕੇ ਲਾ। ਇੱਟਾਂ ਲਾ ਰਿਹੈ ਕਿ ਤੂੰ ਰੋ ਰਿਹੈਂ, ਇੱਟ ਮਨ ਦੀ ਅਵਸਥਾ ਨੂੰ ਮੋੜ ਕੇ ਲਾ। ਇੱਟ ਤੋੜ ਨਾ ਗੋਡੇ ਨੂੰ ਤੋੜ ਦੇ ਤੂੰ, ਸਿੱਖੀ ਮਹਿਲ ਨੂੰ ਇੱਟ ਨਾ ਤੋੜ ਕੇ ਲਾ। ਇਹ ਹਿਲਾਇਆਂ, ਨਾ ਹਿੱਲ ਸਕੇ ਕਿਸੇ ਕੋਲੋਂ, ਓ ਠੋਕ ਠੋਕ ਕੇ ਲਾ, ਜੋੜ ਜੋੜ ਕੇ ਲਾ।’

ਜੋਗੀ ਅੱਲ੍ਹਾ ਯਾਰ ਖ਼ਾਂ ਨੇ ‘ਸ਼ਹੀਦਾਨਿ-ਵਫ਼ਾ’ ਅਰਥਾਤ ‘ਸਾਕਾ ਸਰਹਿੰਦ’ ਕਿੱਸਾ 1913 ਈਸਵੀ ਵਿੱਚ ਲਿਖਿਆ ਤੇ ਆਖ਼ਰੀ ਸਤਰਾਂ ਵਿੱਚ ਉਨ੍ਹਾਂ ਕਿਹਾ ਕਿ ਦੀਵਾਰ ਉਸਰਦੀ ਗਈ, ਉਸਰਦੀ ਗਈ ਤੇ ਆਖ਼ਰ ਉਹ ਦੀਵਾਰ ਸਾਹਿਬਜ਼ਾਦਿਆਂ ਦੀ ਠੋਡੀ ਤੱਕ ਆ ਗਈ: ‘ਠੋਡੀ ਤੱਕ  ਈਂਟੇ ਚੁਨ ਦੀ ਗਈ, ਮੂੰਹ ਤੱਕ ਆ ਗਈ। ਬੀਨੀ ਕੋ ਢਾਂਪਤੇ ਹੀ ਵੁਹ ਆਖੋਂ ਪਿ ਛਾ ਗਈ। ਹਰ ਚਾਂਦ ਸੀ ਜਬੀਨ ਕੋ ਗ੍ਰਹਨ ਸਾ ਲਗਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।..ਜੋਗੀ ਜੀ’ ਇਸ ਕੇ ਬਾਅਦ ਹੁਈ ਥੋੜੀ ਦੇਰ ਥੀ। ਬਸਤੀ ਸਰਹਿੰਦ ਸ਼ਹਿਰ ਕੀ  ਈਂਟੋਂ ਕਾ ਢੇਰ ਥੀ।’ ਭਾਵ ਜਦੋਂ ਦੀਵਾਰ ਠੋਡੀ ਤੱਕ ਆ ਗਈ ਤਾਂ ਇੱਕ ਇੱਟਾਂ ਦਾ ਵਾਰ ਹੋਰ ਉਸਰਿਆ ਤੇ ਬੀਨੀ (ਨੱਕ) ਨੂੰ ਦੀਵਾਰ ਨੇ ਢੱਕ ਲਿਆ ਤੇ ਫਿਰ ਇੱਕ ਹੋਰ ਵਾਰ ਲੱਗਿਆ ਤੇ ਪਿਆਰੇ ਲਾਲਾਂ ਦੀਆਂ ਅੱਖਾਂ ਵੀ ਲੁੱਕ ਗਈਆਂ। ਆਖ਼ਰੀ ਸਤਰਾਂ ਬਿਆਨ ਕਰਦੀਆਂ ਹਨ ਕਿ ‘ਹਰ ਚਾਂਦ ਸੀ ਜਬੀਨ ਕੋ ਗ੍ਰਹਨ ਸਾ ਲਗਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।’ ਭਾਵ ਉਹ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਨੇ ਮੇਰੇ ਕਲਗੀਧਰ ਦੇ ਦੋਨੋਂ ਲਾਡਲਿਆਂ ਨੂੰ ਆਪਣੇ ਅੰਦਰ ਸਮਾ ਲਿਆ, ਸਮਾ ਲਿਆ, ਸਮਾ ਲਿਆ।

ਦੀਵਾਰਾਂ ਉਸਰਦਿਆਂ-ਉਸਰਦਿਆਂ, ਅਕਾਲ ਪੁਰਖ ਦਾ ਭਾਣਾ ਕੁੱਝ ਐਸਾ ਵਾਪਰਿਆ ਕਿ ਦੀਵਾਰ ਦਾ ਢਾਂਚਾ ਅਚਾਨਕ ਢਹਿ ਗਿਆ। ਦੀਵਾਰ ਡਿੱਗਣ ਉਪਰੰਤ ਲਾਡਲੇ ਬੇਹੋਸ਼ ਹੋ ਗਏ। ਕੁੱਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਦੇਸੀ ਜੜ੍ਹੀ ਬੂਟੀ ਤੋਂ ਬਣੀ ਦਵਾਈ (ਮਮੀਰਾ) ਮੰਗਾਈ, ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਪਿਲਾ ਕੇ ਦੁਬਾਰਾ ਹੋਸ਼ ਵਿੱਚ ਲੈ ਆਂਦਾ, ਕਿਉਂਕਿ ਲਾਲਾਂ ਦੇ ਦੀਵਾਰ ਵਿੱਚ ਚਿਣ ਜਾਣ ਕਰ ਕੇ ਅਤੇ ਦੀਵਾਰ ਭੀੜੀ ਹੋਣ ਕਰ ਕੇ ਉਹਨਾਂ ਦਾ ਦਮ ਘੁਟ ਗਿਆ ਸੀ।

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਹੋਸ਼ ’ਚ ਲਿਆ ਕੇ ਦੂਸਰੇ ਦਿਨ ਫਿਰ ਸੂਬਾ ਕਚਹਿਰੀ ’ਚ ਪੇਸ਼ ਕੀਤਾ ਗਿਆ ਤਾਂ ਜੋ ਸ਼ਾਇਦ ਡਰ ਕਾਰਨ ਬੱਚੇ ਇਸਲਾਮ ਕਬੂਲ ਕਰ ਲੈਣ, ਪਰ ਦਾਦੀ ਮਾਤਾ ਦੀ ਸਿੱਖਿਆ ਨੇ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ। ਇੱਥੇ ਇਹ ਵਿਚਾਰ ਜ਼ਿਆਦਾ ਦਰੁਸਤ ਜਾਪਦੀ ਹੈ ਕਿ ਬੱਚਿਆਂ ਨੂੰ ਦੂਜੇ ਦਿਨ ਤੱਕ ਜੀਵਤ ਰੱਖਿਆ ਗਿਆ ਕਿਉਂਕਿ ਵਜ਼ੀਰ ਖ਼ਾਂ ਦੀ ਜਿੱਤ ਬੱਚਿਆਂ ਨੂੰ ਧਰਮ ਪਰਿਵਰਤਨ ਕਰਵਾਉਣ ’ਚ ਸੀ, ਨਾ ਕਿ ਉਨ੍ਹਾਂ ਨੂੰ ਤੁਰੰਤ ਮਾਰਨ ਵਿੱਚ।

ਦੂਸਰੇ ਦਿਨ ਜਲਾਦ ਸ਼ਾਸ਼ਲ ਬੇਗ ਨੇ ਇੱਕ ਲਾਲ ਦਾ ਸਿਰ ਆਪਣੇ ਪੱਟਾਂ ’ਤੇ ਰੱਖਿਆ ਤੇ ਦੂਜੇ ਜਲਾਦ ਬਾਸ਼ਲ ਬੇਗ ਨੇ ਦੂਸਰੇ ਲਾਲ ਦਾ ਸਿਰ ਆਪਣੇ ਪੱਟਾਂ ’ਤੇ ਰੱਖਿਆ ਤੇ ਉਹਨਾਂ ਦੇ ਗਲ਼ਾਂ ’ਤੇ ਛੁਰੀਆਂ ਫੇਰ ਦਿੱਤੀਆਂ।  ਇਸ ਘਟਨਾਕ੍ਰਮ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਦੇ ਸ਼ਬਦਾਂ ’ਚ, ‘ਦੀਵਾਰ ਕੇ ਦਬਾਓ ਸੇ ਜਬ ਹਬਸਿ- ਦਮ ਹੂਆ। ਦੌਰਾਨਿ ਖ਼ੂਨ ਰੁਕਨੇ ਲਗਾ ਸਾਂਸ ਕਮ ਹੂਆ। ਫ਼ੁਰਮਾਏ ਦੋਨੋਂ ਹਮ ਪਰ ਬਜ਼ਾਹਿਰ ਸਿਤਮ ਹੂਆ। ਬਾਤਿਨ ਮੇਂ ਪੰਥ ਪਰ ਹੈ ਖ਼ੁਦਾ ਕਾ ਕਰਮ ਹੂਆ।’

ਬੱਚਿਆਂ ਦੀ ਦਿਲੀ ਫ਼ਰਿਆਦ ਸੀ ਕਿ ‘ਸਦ ਸਾਲ ਔਰ ਜੀ ਕੇ ਭੀ ਮਰਨਾ ਜਰੂਰ ਥਾ। ਸਰ ਕੌਮ ਸੇ ਬਚਾਨਾ ਯਿਹ ਗੈਰਤ ਸੇ ਦੂਰ ਥਾ।’ ਭਾਵ ਸੌ ਸਾਲ ਜੀਅ ਕੇ ਵੀ ਤਾਂ ਅਸਾਂ ਮਰਨਾ ਹੀ ਸੀ, ਪਰ ਸਿੱਖੀ ਗ਼ੈਰਤ ਇਹ ਆਗਿਆ ਨਹੀਂ ਦੇਂਦੀ ਕਿ ਅਸੀਂ ਆਪਣੀ ਜਾਨ ਬਦਲੇ ਧਰਮ ਨੂੰ ਦਾਅ ’ਤੇ ਲਾ ਦੇਈਏ।

ਜਦੋਂ ਕਲਗੀਧਰ ਪਾਤਸ਼ਾਹ ਨੇ ਔਰੰਗਜੇਬ ਨੂੰ ਜ਼ਫ਼ਰਨਾਮਾ ਲਿਖਿਆ ਤਾਂ ਪਾਤਸ਼ਾਹ ਨੇ ਉਸ ਜ਼ਫ਼ਰਨਾਮੇ ਅੰਦਰ ‘ਸਾਕਾ ਸਰਹਿੰਦ’ ਅਤੇ ‘ਸਾਕਾ ਚਮਕੌਰ’ ਦਾ ਵਰਣਨ ਬਾ-ਕਮਾਲ ਢੰਗ ਨਾਲ ਕੀਤਾ, ‘ਐ ਔਰੰਗਜੇਬ ! ਕੀ ਹੋਇਆ ਜੇ ਇੱਕ ਬਘਿਆੜ ਨੇ ਸ਼ੇਰ ਦੇ ਬੱਚੇ ਧੋਖੇ ਨਾਲ ਮਾਰ ਦਿੱਤੇ, ਅਜੇ ਤਾਂ ਕੁੰਡਲੀਦਾਰ ਭੁਝੰਗੀ (ਖ਼ਾਲਸਾ ਪੁੱਤਰ) ਮੇਰਾ ਬਾਕੀ ਹੈ। ਇਹ ਤੇਰੇ ਕੋਲੋਂ ਗਿਣ-ਗਿਣ ਕੇ ਬਦਲੇ ਲਵੇਗਾ, ਇਹ ਗੱਲ ਤੂੰ ਯਾਦ ਰੱਖੀਂ।’

ਜ਼ਫ਼ਰਨਾਮੇ ਵਿੱਚ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਸੰਬੋਧਨ ਹੁੰਦਿਆਂ ਹੋਇਆਂ ਇਹ ਵੀ ਲਿੱਖਿਆ ‘ਐ ਔਰੰਗਜ਼ੇਬ ! ਕੀ ਹੋਇਆ ਜੇਕਰ ਤੂੰ ਪੱਥਰ ਦੇ ਨਾਲ ਸੋਨੇ ਦਾ ਕਾਸਾ (ਬਰਤਨ) ਤੋੜ ਦਿੱਤਾ ਹੈ, ਪਰ ਯਾਦ ਰੱਖੀਂ, ਪੱਥਰ ਫਿਰ ਵੀ ਪੱਥਰ ਹੈ ਤੇ ਸੋਨਾ ਚਕਨਾਚੂਰ ਹੋ ਕੇ ਵੀ ਸੋਨਾ ਹੈ।’

ਇੱਕ ਵਿਦਵਾਨ ਨੇ ਲਿਖਿਆ ਹੈ: ‘ਜੇਕਰ ਕਲਗੀਧਰ ਪਾਤਸ਼ਾਹ ਆਪਣੇ ਵੱਡੇ ਪੁੱਤਰਾਂ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਨਾ ਕਰਵਾਉਂਦੇ ਤਾਂ ਕਦੀ ਵੀ ਸਿੱਖ ਧਰਮ ਵਿੱਚ ਧਰਮ-ਯੁੱਧ ਦਾ ਚਾਓ ਪੈਦਾ ਨਹੀਂ ਸੀ ਹੋਣਾ।  ਜੇਕਰ ਕਲਗੀਧਰ ਪਾਤਸ਼ਾਹ ਆਪਣੇ ਮਾਸੂਮ ਬਾਲਾਂ ਨੂੰ ਬੁੱਕਲ ਵਿੱਚ ਲੁਕਾ ਲੈਂਦੇ, ਬੱਚੇ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਵਿੱਚ ਸ਼ਹੀਦ ਨਾ ਕਰਵਾਉਂਦੇ ਤਾਂ ਕਦੀ ਵੀ ਬਹਾਦਰ ਸਿੰਘਣੀਆਂ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਨਾ ਪੁਆਉਂਦੀਆਂ।’

ਸਾਹਿਬਜ਼ਾਦੇ ਸਾਨੂੰ ਸੁਨੇਹੇ ਦੇ ਰਹੇ ਹਨ: ‘ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ। ਸਿੱਖੀ ਕੀ ਨੀਂਵ, ਹਮ ਹੈਂ ਸਰੋਂ ਪਿ ਉਠਾ ਚਲੇ। ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ। ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਗੱਦੀ ਸੇ ਤਾਜੋ- ਤਖ਼ਤ ਬਸ ਅਬ ਕੌਮ ਪਾਏਗੀ। ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤੱਕ ਮਿਟਾਏਗੀ।’

ਜਦੋਂ ਮਾਂ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲ ਗਈ ਤਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਂ ਗੁਜਰੀ ਗਸ਼ ਖਾ ਕੇ ਡਿੱਗ ਪਈ। ਕਈਆਂ ਲਿਖਿਆ ਹੈ ਕਿ ਮਾਂ ਗੁਜਰੀ ਜੀ ਪ੍ਰਾਣ ਚੜਾ ਗਏ ਸਨ, ਪਰ ਮੈਂ ਬੇਨਤੀ ਕਰ ਦਿਆਂ ਕਿ ਗੁਰਮਤਿ ਦੀ ਕਸਵੱਟੀ ’ਤੇ ਪਰਖੀਏ ਤਾਂ ਉਹ ਮਾਂ ਗੁਜਰੀ ਗਸ਼ ਖਾ ਕੇ ਡਿੱਗ ਨਹੀਂ ਸਕਦੀ, ਉਹ ਮਾਂ ਗੁਜਰੀ ਜਿਸ ਨੇ ਲਾਲਾਂ ਦੇ ਅੰਦਰ ਪੂਰੀ ਦ੍ਰਿੜ੍ਹਤਾ ਭਰੀ ਅਤੇ ਆਪ ਲਾਲਾਂ ਨੂੰ ਪਿਆਰ ਦੇ ਕੇ ਤੋਰਦੀ ਹੈ, ਕੀ ਉਹ ਗਸ਼ ਖਾ ਕੇ ਡਿੱਗ ਜਾਏਗੀ, ਨਹੀਂ ਮਾਂ ਗੁਜਰੀ ਗਸ਼ ਨਹੀਂ ਖਾ ਸਕਦੀ।

ਉਹ ਮਾਂ ਗੁਜਰੀ ਜਿਹੜੇ ਆਪਣੇ ਪਤੀ ਦਾ ਸੀਸ ਝੋਲੀ ਵਿੱਚ ਪੁਆ ਕੇ ਆਖਦੀ ਹੈ: ‘ਪਤੀ ਪਰਮੇਸ਼ਰ ਜੀ ! ਤੁਹਾਡੀ ਨਿਭ ਗਈ, ਮੇਰੀ ਵੀ ਨਿਭ ਜਾਵੇ।’  ਉਹ ਮਾਂ ਗੁਜਰੀ ਇੰਨੀ ਕਮਜੋਰ ਨਹੀਂ ਹੋ ਸਕਦੀ ਕਿ ਉਹ ਗਸ਼ ਖਾ ਕੇ ਡਿੱਗ ਜਾਵੇ ਜਾਂ ਸੁਆਸ ਚੜ੍ਹਾ ਲਵੇ।

ਇੱਕ ਕਵੀ ਨੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਜੀ ਬਾਰੇ ਇਉਂ ਬਚਨ ਲਿਖੇ, ‘ਵੇਖਿਆ ! ਕਿ ਪਿਤਾ ਤੋਂ ਪੁੱਤ ਵੀ ਪੋਲੇ ਨਹੀਂ, ਵੱਡਿਆਂ ਕੀ ਡੋਲਣਾ ਮਾਸੂਮ ਵੀ ਡੋਲੇ ਨਹੀਂ। ਮਾਂ ਗੁਜਰੀ ਬੱਚਿਆਂ ਦੇ ਨਾਲ ਰਲ ਕੇ ਗੁਜਰ ਗਈ। ਜੋ ਵੀ ਆਈਆਂ ਔਕੜਾਂ, ਉਹ ਸੀਸ ਝੱਲ ਕੇ ਗੁਜਰ ਗਈ।’

ਵਜ਼ੀਰ ਖ਼ਾਂ ਚਾਹੁੰਦਾ ਸੀ ਕਿ ਇਨ੍ਹਾਂ ਛੋਟੇ ਬਾਲਾਂ ਨੂੰ ਤਸੀਹੇ ਦੇ ਕੇ ਮੁਸਲਮਾਨ ਬਣਾ ਕੇ, ਕਲਗੀਧਰ ਨੂੰ ਕੈਦ ਕਰ ਕੇ ਔਰੰਗਜ਼ੇਬ ਦੀ ਖ਼ੁਸ਼ੀ ਲੈਂਦਾ, ਪਰ ਜਦ ਛੋਟੇ-ਛੋਟੇ ਬਾਲ ਨਹੀਂ ਡੋਲੇ ਤਾਂ ਮਾਂ ਗੁਜਰੀ ਨੇ ਕੀ ਡੋਲਣਾ ਹੈ, ਬਸ ਇਸੇ ਸੋਚ ਨੂੰ ਮੁੱਖ ਰੱਖ ਕੇ ਜਾਲਮਾਂ ਨੇ ਸਲਾਹ ਕੀਤੀ ਕਿ ਬੱਚੇ ਨਹੀਂ ਰਹੇ ਤਾਂ ਬੁੱਢੀ ਮਾਂ (ਮਾਂ ਗੁਜਰੀ) ਨੂੰ ਰੱਖ ਕੇ ਅਸੀਂ ਕੀ ਕਰਨਾ ਹੈ ?

ਇਤਿਹਾਸ ਮੁਤਾਬਕ ਜਾਲਮਾਂ ਨੇ ਮਾਂ ਗੁਜਰੀ ਨੂੰ ਧੱਕਾ ਦੇ ਕੇ ਠੰਡੇ ਬੁਰਜ ਤੋਂ ਹੇਠਾਂ ਸੁੱਟ ਦਿੱਤਾ।  ਮਾਂ ਗੁਜਰੀ ਵੀ ਇਨ੍ਹਾਂ ਬੱਚਿਆਂ ਦੇ ਨਾਲ ਹੀ ਸ਼ਹਾਦਤ ਦਾ ਜਾਮ ਪੀ ਗਈ।  ਮਾਂ ਗੁਜਰੀ ਅਤੇ ਲਾਲਾਂ ਦੀਆਂ ਲਾਸ਼ਾਂ ਨੂੰ ਚੁਕਾ ਕੇ ਬਾਹਰ ਸੁੱਟ ਦਿੱਤਾ ਗਿਆ ਕਿਉਂਕਿ ਵਜ਼ੀਰ ਖ਼ਾਂ ਨੇ ਕਿਹਾ ਸੀ ਕਿ ਤੁਹਾਡੀਆਂ ਲਾਸ਼ਾਂ ਨੂੰ ਇੱਲਾਂ ਖਾਣਗੀਆਂ।  ਵਜ਼ੀਰ ਖ਼ਾਂ ਨੇ ਢੰਡੋਰਾ ਵੀ ਪਿਟਵਾ ਦਿੱਤਾ ਕਿ ਕੋਈ ਵੀ ਇਨ੍ਹਾਂ ਲਾਸ਼ਾਂ ਨੂੰ ਹੱਥ ਨਾ ਲਗਾਵੇ, ਕੋਈ ਵੀ ਇਨ੍ਹਾਂ ਲਾਸ਼ਾਂ ਦੀ ਸੰਭਾਲ ਨਾ ਕਰੇ।

ਸੇਠ ਦੀਵਾਨ ਟੋਡਰ ਮੱਲ ਦੀ ਔਲਾਦ ਨੇ ਲਾਸ਼ਾਂ ਦਾ ਸਸਕਾਰ ਕਰਨ ਲਈ ਹਕੂਮਤ ਤੋਂ ਆਗਿਆ ਮੰਗੀ, ਪਰ ਉਹਨਾਂ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਹਕੂਮਤ ਵੱਲੋਂ ਜਵਾਬ ਮਿਲਿਆ ਕਿ ਜਿੰਨੀ ਜਗ੍ਹਾ ਚਾਹੀਦੀ ਹੈ, ਓਨੀ ਜਗ੍ਹਾ ’ਤੇ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ’ਚ ਰੱਖ ਕੇ ਸਸਕਾਰ ਲਈ ਜਗ੍ਹਾ ਖ਼ਰੀਦੀ ਜਾ ਸਕਦੀ ਏਂ।

ਟੋਡਰ ਮੱਲ ਦੀ ਔਲਾਦ ਇਹ ਸੁਣ ਕੇ ਘਰ ਵਾਪਸ ਆਈ ਤੇ ਬਾਕੀ ਪਰਿਵਾਰ ਨਾਲ ਸਲਾਹ ਕਰ ਕੇ ਆਪਣੇ ਕੋਲ ਜਿੰਨ੍ਹਾ ਵੀ ਧਨ-ਦੌਲਤ, ਜਾਇਦਾਦ, ਉਨ੍ਹਾਂ ਦੀਆਂ ਘਰ ਵਾਲੀਆਂ ਦੇ ਜੇਵਰਾਤ, ਇੱਥੋਂ ਤੱਕ ਕਿ ਛੋਟੇ-ਛੋਟੇ ਪੁੱਤਰਾਂ ਨੇ ਵੀ ਆਪਣੀਆਂ ਗੋਲਕਾਂ ਲਿਆ ਕੇ ਵੀ ਸਾਹਮਣੇ ਭੰਨ ਦਿੱਤੀਆਂ ਤਾਂ ਜੋ ਮਾਤਾ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਲਈ ਜਗ੍ਹਾ ਖ਼ਰੀਦੀ ਜਾ ਸਕੇ।’

ਇੱਥੇ ਇਸ ਪੱਖ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਟੋਡਰ ਮੱਲ ਦੇ ਪਰਿਵਾਰ ਨੂੰ ਕੁੱਝ ਸਿੱਖ ਪਰਿਵਾਰਾਂ ਨੇ ਵੀ ਮਾਇਆ ਉਪਲਬਧ ਕਰਵਾਈ ਹੋਵੇ ਕਿਉਂਕਿ ਸਰਹਿੰਦ ਸ਼ਹਿਰ ਵਿੱਚ ਵੀ ਮੋਤੀ ਰਾਮ ਮਹਿਰਾ ਸਮੇਤ ਕਈ ਪਰਿਵਾਰ ਗੁਰੂ ਘਰ ਨਾਲ਼ ਪਿਆਰ ਰੱਖਣ ਵਾਲ਼ੇ ਸਨ ਪਰ ਵਜ਼ੀਰ ਖ਼ਾਂ ਦੇ ਡਰ ਕਾਰਨ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਹੋਵੇਗਾ ਅਤੇ ਟੋਡਰ ਮੱਲ ਦਾ ਪਰਿਵਾਰ ਧਨੀ ਸੇਠ ਤੇ ਵਪਾਰੀ ਹੋਣ ਕਾਰਨ ਰਾਜ ਦਰਬਾਰਾਂ ਵਿੱਚ ਅਕਸਰ ਆਉਣ ਜਾਣਾ ਬਣਿਆ ਰਹਿੰਦਾ ਹੈ।  ਸੰਸਾਰ ਦੇ ਇਤਿਹਾਸ ’ਚ ਸਰਹਿੰਦ ਦੀ ਇਹ ਜਗ੍ਹਾ ਅੱਜ ਵੀ ਸਭ ਤੋਂ ਮਹਿੰਗੀ ਖ਼ਰੀਦਦਾਰੀ ਵਜੋਂ ਯਾਦ ਕੀਤੀ ਜਾਂਦੀ ਹੈ।

ਪੱਛਮੀ ਵਿਦਵਾਨ ਡਾਕਟਰ ਟਰੰਪ ਲਿਖਦਾ ਹੈ ਕਿ ‘ਜਿੰਨਾ ਸਮਾਂ ਸਿੱਖਾਂ ਦੇ ਪਾਸ ਇਹ ਜ਼ਮੀਨ ਹੈ, ਉਨ੍ਹਾਂ ਸਮਾਂ ਸਿੱਖ ਕੌਮ ਕਦੇ ਮਿਟ ਨਹੀਂ ਸਕਦੀ।’  ਸਵਾਲ ਕਰਨ ਵਾਲੇ ਨੇ ਡਾਕਟਰ ਟਰੰਪ ਨੂੰ ਪੁੱਛਿਆ: ‘ਕਿਹੜੀ ਜ਼ਮੀਨ ?’  ਡਾਕਟਰ ਟਰੰਪ ਦਾ ਜਵਾਬ ਸੀ ‘ਉਹ ਜ਼ਮੀਨ, ਜਿੱਥੇ ਮਾਸੂਮ ਬਾਲ ਦੀਵਾਰਾਂ ਵਿੱਚ ਚਿਣੇ ਗਏ, ਜਿਸ ਜ਼ਮੀਨ ਨੂੰ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਮੁੱਲ ਖ਼ਰੀਦਿਆ ਗਿਆ।  ਅਜੋਕੇ ਸਮੇਂ ਉੱਥੇ ਗੁਰਦੁਆਰਾ ‘ਸ੍ਰੀ ਜੋਤੀ ਸਰੂਪ’ (ਫ਼ਤਿਹਗੜ੍ਹ ਸਾਹਿਬ) ਸੁਸ਼ੋਭਿਤ ਹੈ, ਜਿਸ ਨੂੰ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਖਰੀਦਿਆ ਗਿਆ ਸੀ। ਇਹ ਜ਼ਮੀਨ ਸ਼ਹਾਦਤਾਂ ਦੇ ਅਨਮੋਲ ਇਤਿਹਾਸ ਦੀ ਗਵਾਹ ਹੈ। ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਹੈ।

ਬਾਹਰ ਖੁੱਲ੍ਹੇ ਵਿੱਚ ਸੁੱਟੀਆਂ ਤਿੰਨੇ ਲਾਸ਼ਾਂ ਨੂੰ ਨਾ ਚੁੱਕਣ ਲਈ ਸ਼ਹਿਰ ਵਿੱਚ ਢੰਡੋਰਾ ਵੀ ਪਿਟਿਆ ਗਿਆ ਕਿ ਕੋਈ ਲਾਸ਼ਾਂ ਨੂੰ ਹੱਥ ਨਾ ਲਗਾਵੇ।  ਟੋਡਰ ਮੱਲ ਦੇ ਪਰਿਵਾਰ ਤੋਂ ਮਿਲੀ ਵੱਡੀ ਰਕਮ ਉਪਰੰਤ ਸਸਕਾਰ ਲਈ ਮਿਲੀ ਸਰਕਾਰੀ ਇਜਾਜ਼ਤ ਤੋਂ ਬਾਅਦ ਪਰਿਵਾਰ ਅਤੇ ਕੁਝ ਮਜਦੂਰਾਂ ਦੀ ਮਦਦ ਨਾਲ਼ ਤਿੰਨੇ ਲਾਸ਼ਾਂ ਦਾ ਸਸਕਾਰ ਕੀਤਾ ਗਿਆ।

ਕੁੱਝ ਲੇਖਕਾਂ ਅਨੁਸਾਰ ਟੋਡਰ ਮੱਲ ਦੇ ਪਰਿਵਾਰ ਅਤੇ ਮੋਤੀ ਰਾਮ ਮਹਿਰਾ ਦੇ ਪਰਿਵਾਰ ਨੂੰ ਗੁਰੂ ਘਰ ਦੀ ਮਦਦ ਕਰਨ ਬਦਲੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਵੀ ਦਰਸਾਇਆ ਹੈ।

ਸਰਸਾ ਨਦੀ ਦੀ ਜੰਗ

0

ਸਰਸਾ ਨਦੀ ਦੀ ਜੰਗ

ਸੁਖਜੀਤ ਸਿੰਘ ਕਪੂਰਥਲਾ  ਗੁਰਮਤਿ ਪ੍ਰਚਾਰਕ/ ਕਥਾਵਾਚਕ 201/6 ਮੁਹੱਲਾ ਸੰਤਪੁਰਾ, ਕਪੂਰਥਲਾ  98720-76876

ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਜਥਿਆਂ ਦੇ ਰੂਪ ’ਚ ਸਰਸਾ ਨਦੀ ਦੇ ਕੰਢੇ ’ਤੇ ਪਹੁੰਚੇ ਤਾਂ ਪਿੱਛਾ ਕਰਦੀ ਆ ਰਹੀ ਪਹਾੜੀ ਤੇ ਮੁਗ਼ਲ ਫ਼ੌਜ ਨੇ ਅਚਾਨਕ ਹਮਲਾ ਕਰ ਦਿੱਤਾ, ਭਾਵੇਂ ਕਿ ਉਸ ਸਮੇਂ ਦਾ ਹਾਲ ਕਵੀ ਆਪਣੀ ਕਲਪਨਾ ਰਾਹੀਂ ਬੰਦਗੀ ਦਾ ਸਮਾਂ ਦਰਸਾਉਦਾ ਹੈ, ‘ਜਬ ਮਹਿਵ ਬੰਦਗੀ ਹੂਏ ਨਾਨਕ ਕੇ ਜਾਨਹੀਂਨ।  ਆ ਟੂਟੇ ਖਾਲਸਾ ਪ: ਅਚਾਨਕ ਕਈ ਲਈਨ।’ (ਅਰਥ: ਮਹਿਵ-ਲੀਨ)

ਗੁਰੂ ਸਾਹਿਬ ਨੇ ਆਪਣੇ ਯੋਧਿਆਂ ਨੂੰ ਯੁੱਧ ਅਭਿਆਸਾਂ ਵਿੱਚ ਪਹਿਲਾਂ ਹੀ ਨਿਪੁੰਨ ਕੀਤਾ ਹੋਇਆ ਸੀ, ਜੋ ਹਰ ਹਾਲਤ ਦਾ ਮੁਕਾਬਲਾ ਕਰਨ ਵਿੱਚ ਸਦਾ ਮਾਹਰ ਰਹੇ ਸਨ :

ਗੋਬਿੰਦ ਸਿੰਘ ਕੇ ਸ਼ੇਰ ਭੀ ਫੌਰਨ ਬਿਫਰ ਗਏ।

ਤਲਵਾਰੇ ਸੂਤ ਸੂਤ ਕੇ ਰਨ ਮੇ ਉਤਰ ਗਏ। (ਅੱਲ੍ਹਾ ਯਾਰ ਖ਼ਾਂ ਯੋਗੀ)

ਹੁਣ ਜਦੋਂ ਸਿੰਘਾਂ ਨੇ ਦੇਖਿਆ ਕਿ ਵੈਰੀ ਆਪਣੇ ਸਾਰੇ ਵਾਅਦੇ ਤੇ ਕਸਮਾਂ ਤੋੜ ਕੇ ਟੁੱਟ ਪਿਆ ਹੈ ਤਾਂ ਸਿੰਘਾਂ ਨੇ ਜੰਗ ਦੇ ਮੈਦਾਨ ਦੀ ਕਮਾਨ ਸੰਭਾਲ ਲਈ, ‘ਮੈਦਾ ਕੋ ਏਕ ਆਨ ਮੇ ਚੌਰੰਗ ਕਰ ਦਿਯਾ। ਰੁਸਤਮ ਭੀ ਆਯਾ ਸਾਮਨੇ ਤੋਂ ਦੰਗ ਕਰ ਦਿਯਾ।’

ਯੋਧਿਆਂ ਨੇ ਜੰਗ ਦਾ ਐਸਾ ਮੈਦਾਨ ਭਖਾ ਦਿੱਤਾ, ਮਾਨੋ ਉਹ ਸਰਸਾ ਨਦੀ ਦੇ ਕੰਢੇ ਦਾ ਮੈਦਾਨ ਲਹੂ ਨਾਲ ਹੀ ਰੰਗਿਆ ਗਿਆ ਹੋਵੇ। ਜੰਗ ਵੀ ਇੰਨੀ ਜਬਰਦਸਤ ਕਿ:-ਰੁਸਤਮ ਭੀ ਆਯਾ ਸਾਮਨੇ ਤੋਂ ਦੰਗ ਕਰ ਦਿਆ। ‘ਰੁਸਤਮ’ ਇਰਾਨ ਦਾ ਮੰਨਿਆ ਪ੍ਰਮੰਨਿਆ ਪਹਿਲਵਾਨ ਸੀ।  ਮਾਨੋ ਰੁਸਤਮ ਵਰਗੇ ਬਹਾਦਰ ਵੀ ਕਲਗੀਧਰ ਪਾਤਸ਼ਾਹ ਦੇ ਸੂਰਬੀਰਾਂ ਦੇ ਅੱਗੇ ਟਿਕ ਨਹੀਂ ਸਕੇ, ‘ਸਤਗੁਰੂ ਕੇ ਗਿਰਦ ਸੀਨੋ ਕੀ ਦੀਵਾਰ ਖੇਂਚ ਲੀ। ਸੌ ਬਾਰ ਗਿਰ ਗਈ ਭੀ ਤੋ ਸੌ ਬਾਰ ਖੇਂਚ ਲੀ।’

ਹੁਣ ਵੈਰੀ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਜੋ ਘੇਰਾ ਸਿੰਘਾਂ ਨੇ ਕਲਗੀਧਰ ਦੇ ਦੁਆਲੇ ਬਣਾਇਆ ਸੀ (ਕਿਉਂਕਿ ਉਸ ਸਮੇਂ ਕਲਗੀਧਰ ਪਾਤਸ਼ਾਹ ਅਤੇ ਸਿੰਘ ਸੂਰਬੀਰ ‘ਆਸਾ ਕੀ ਵਾਰ’ ਦਾ ਕੀਰਤਨ ਕਰ ਰਹੇ ਸਨ) ਉਹ ਘੇਰਾ ਦੁਸ਼ਮਣਾਂ ਨੇ ਤੋੜ ਦਿੱਤਾ, ਪਰ ਸਿੰਘ ਸੂਰਬੀਰਾਂ ਨੇ ਉਹ ਘੇਰਾ ਕਲਗੀਧਰ ਪਾਤਸ਼ਾਹ ਦੇ ਦੁਆਲੇ ਫਿਰ ਕਸ ਲਿਆ, ‘ਖੰਜਰ ਉਦੂ ਕਾ ਦੇਖ ਕੇ ਤਲਵਾਰ ਖੇਂਚ ਲੀ। ਜ਼ਖ਼ਮੀ ਹੁਏ ਤੋ ਲਜੱਤੇ ਸੋ ਫਾਰ ਖੇਂਚ ਲੀ।’ ਭਾਵ ਜਦੋਂ ਵੈਰੀਆਂ ਨੇ ਖੰਜਰ ਕੱਢ ਕੇ ਮਾਰਨਾ ਚਾਹਿਆ ਤਾਂ ਸਿੰਘ ਸੂਰਬੀਰਾਂ ਨੇ ਤਲਵਾਰਾਂ ਸੂਤ ਲਈਆਂ। ਕਲਗੀਧਰ ਦੇ ਸੂਰਬੀਰ ਜ਼ਖ਼ਮੀ ਵੀ ਹੁੰਦੇ ਗਏ, ਪਰ ਨਾਲ ਦੇ ਨਾਲ ਸੂਰਬੀਰ ਯੋਧੇ ਕਮਾਨ ਰਾਹੀਂ ਤੀਰ ਵੀ ਚਲਾਉਂਦੇ ਰਹੇ।

ਵੈਰੀਆਂ ਨੇ ਘੇਰਾ ਪਾਇਆ ਹੋਇਆ ਹੈ, ਉਸ ਜਗ੍ਹਾ ਸਿੰਘਾਂ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਸੰਭਾਲ ਰਹੇ ਹਨ, ਜੋ ਕਿ ਵੈਰੀਆਂ ਦੇ ਆਹੂ ਲਾਹੁੰਦੇ ਜਾ ਰਹੇ ਨੇ, ਪਰ ਇੱਕ ਸਮਾਂ ਆ ਗਿਆ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਵੈਰੀਆ ਦੇ ਐਨ ਵਿਚਕਾਰ ਪੂਰੀ ਤਰ੍ਹਾਂ ਘਿਰ ਗਏ ।  ਐਨ ਮੌਕੇ ’ਤੇ ਭਾਈ ਉਦੈ ਸਿੰਘ (ਜੋ ਕਿ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਅਤੇ ਭਾਈ ਬਚਿਤਰ ਸਿੰਘ ਜੀ ਦੇ ਭਰਾਤਾ ਨੇ) ਬਿਜਲੀ ਦੀ ਫੁਰਤੀ ਵਾਂਗ ਆਏ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਇਸ ਘੇਰੇ ’ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੇ।

ਉਹ ਭਾਈ ਜੈਤਾ ਜੀ ਜੋ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲੈ ਕੇ ਅਨੰਦਪੁਰ ਦੀ ਧਰਤੀ ’ਤੇ ਪਹੁੰਚੇ ਸਨ ਤੇ ਬਾਲ ਗੁਰੂ ਗੋਬਿੰਦ ਰਾਏ ਜੀ ਨੇ ਇਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਪਿਆਰ ਦਿੱਤਾ, ‘ਰੰਘਰੇਟੇ ਗੁਰੂ ਕੇ ਬੇਟੇ’ ਦੀ ਅਸੀਂਸ ਨਾਲ ਨਿਵਾਜਿਆਂ। 1699 ਈ: ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣੇ ਸਨ, ਅੱਜ ਸਰਸਾ ਨਦੀ ਦੇ ਕੰਢੇ ’ਤੇ ਜੰਗ-ਏ-ਮੈਦਾਨ ਵਿੱਚ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ।

ਸਤਿਗੁਰੂ ਜੀ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਮੈਦਾਨ-ਏ-ਜੰਗ-ਵਿੱਚ ਆ ਗਏ।  ਜੋਗੀ ਅੱਲ੍ਹਾ ਯਾਰ ਖ਼ਾਂ ਇਸ ਕਿੱਸੇ ਨੂੰ ਹੋਰ ਅੱਗੇ ਵਧਾਉਂਦਿਆਂ ਹੋਇਆ ਲਿਖ ਰਹੇ ਨੇ:-

ਸਤਿਗੁਰੂ ਕੋ ਦੇਖ ਪੜ ਗਈ ਦੁਸ਼ਮਨ ਮੇ ਖਲਬਲੀ।

ਨਾਜਿਮ ਕੋ ਇਜਤਿਰਾਬ ਥਾ, ਰਾਜੋ ਕੋ ਬੇਕਲੀ।

ਜਦੋਂ ਹੁਣ ਵੈਰੀਆਂ ਨੇ ਤੱਕਿਆ ਕਿ ਕਲਗੀਧਰ ਪਾਤਸ਼ਾਹ ਆਪ ਤਲਵਾਰ ਲੈ ਕੇ ਮੈਦਾਨ-ਏ-ਜੰਗ ਵਿੱਚ ਆ ਗਏ ਨੇ। ਉਹਨਾਂ ਨੂੰ ਇਤਬਾਰ ਨਹੀਂ ਸੀ ਆ ਰਿਹਾ ਕਿ ਕਲਗੀਧਰ ਪਾਤਸ਼ਾਹ ਵੀ ਆਪ ਮੈਦਾਨ-ਏ-ਜੰਗ ਵਿੱਚ ਆ ਸਕਦੇ ਨੇ।

ਗੁਰੂ ਦਾ ਸਵਾਂਗ ਰਚਨਾ ਬੜੀ ਸੌਖੀ ਗੱਲ ਹੈ, ਪਰ ਗੁਰੂ ਬਣਨਾ ਬੜਾ ਔਖਾ। ਹੁਣ ਜਦੋਂ ਕਲਗੀਧਰ ਪਾਤਸ਼ਾਹ ਹੱਥ ਵਿੱਚ ਤਲਵਾਰ ਲੈ ਕੇ ਮੈਦਾਨ-ਏ-ਜੰਗ ਵਿੱਚ ਆਏ ਤਾਂ:-

ਕਹਥੇ ਥੇ ਇਨ ਕੀ ਜਬ ਕਬੀ ਤਲਵਾਰ ਹੈ ਚਲੀ।

ਸਰ ਲੇ ਕੇ ਫਿਰ ਹਜਾਰੋ ਕੇ ਹੀ ਹੈ ਬਲਾ ਟਲੀ।

ਵੈਰੀਆਂ ਨੂੰ ਪਤਾ ਲੱਗ ਗਿਆ ਕਿ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਜੋ ਤਲਵਾਰ ਹੈ ਇਹ ਵੈਸੇ ਤਾਂ ਮਿਆਨ ਵਿੱਚੋਂ ਬਾਹਰ ਨਹੀਂ ਆਉਂਦੀ ਤੇ ਜੇਕਰ ਇਹ ਮਿਆਨ ’ਚੋਂ ਬਾਹਰ ਆ ਗਈ ਹੈ ਤਾਂ ਫਿਰ ਇਹ ਖ਼ਾਲੀ ਮਿਆਨ ਵਿੱਚ ਵਾਪਸ ਨਹੀਂ ਜਾਂਦੀ, ਇਹ ਤਲਵਾਰ ਸੈਂਕੜੇ ਸਿਰ ਲੈ ਕੇ ਹੀ ਮਿਆਨ ਵਿੱਚ ਵਾਪਸ ਜਾਏਗੀ।  ਸਰਸਾ ਨਦੀ ਦੇ ਕੰਢੇ ਉੱਪਰ ਵੈਰੀ ਇਕ ਦੂਜੇ ਨੂੰ ਕਹਿ ਰਹੇ ਨੇ:-

ਜਾਨੋ ਕੀ ਖੈਰ ਚਾਹਤੇ ਹੋ, ਮਿਲ ਕੇ ਘੇਰ ਲੋ।

ਕਿਸਮਤ ਚਲੀ ਹੈ ਹਾਥ ਸੇ, ਫਿਰ ਇਸ ਕੋ ਫੇਰ ਲੋ।

ਭਾਵ ਜੇਕਰ ਜਾਨ ਬਚਾਉਣੀ ਹੈ ਤਾਂ ਸਾਰੇ ਇਕੱਠੇ ਹੋ ਕੇ ਇੱਕੋ ਵਾਰੀ ਟੁੱਟ ਕੇ ਪੈ ਜਾਓ, ਇਸ ਤਰ੍ਹਾਂ ਕਲਗੀਧਰ ਦਾ ਅਸੀਂ ਮੁਕਾਬਲਾ ਕਰ ਸਕਾਂਗੇ।

ਸਤਗੁਰੂ ਨੇ ਰਾਜਪੂਤੋ ਕੇ ਛੱਕੇ ਛੁੜਾ ਦਿਏ।

ਮੁਗਲੋ ਕੇ ਵਲਵਲੇ ਭੀ ਜੋ ਥੇ ਸਬ ਮਿਟਾ ਦਿਏ।

ਸਤਿਗੁਰੂ ਜੀ ਤੇ ਸਿੰਘਾਂ ਨੇ ਮਿਲ ਕੇ ਬਾਈਧਾਰ ਦੇ ਪਹਾੜੀ ਰਾਜਿਆਂ ਦੀਆ ਫ਼ੌਜਾਂ ਅਤੇ ਮੁਗਲਾਂ ਦੇ ਛੱਕੇ ਛੁਡਾ ਦਿੱਤੇ ਤੇ ਵੈਰੀ ਫ਼ੌਜਾਂ ਨੂੰ ਲਿਤਾੜ ਕੇ ਰੱਖ ਦਿੱਤਾ।

ਦੁਸ਼ਮਨ ਕੋ ਅਪਣੀ ਤੇਗ ਕੇ ਜੌਹਰ ਦਿਖਾ ਦਿਏ।

ਕੁਸ਼ਤੋ ਕੇ ਏਕ ਆਨ ਮੇ ਪੁਸ਼ਤੇ ਲਗਾ ਦਿਏ।

ਕਲਗੀਧਰ ਅਤੇ ਸਿੰਘਾਂ ਨੇ ਆਪਣੀਆ ਤਲਵਾਰਾਂ ਦੇ ਐਸੇ ਜੌਹਰ ਵਿਖਾਏ ਕਿ ਸਰਸਾ ਨਦੀ ਦੇ ਕੰਢੇ ’ਤੇ ਦੁਸ਼ਮਣ ਫ਼ੌਜਾਂ ਦੀਆ ਲਾਸ਼ਾਂ ਦੇ ਢੇਰ ਲੱਗ ਗਏ।

ਰਾਜਾ ਜੋ ਚੜ ਕੇ ਆਏ ਥੇ ਬਾਰਹ ਪਹਾੜ ਸੇ।

ਪਛਤਾ ਰਹੇ ਥੇ ਜੀ ਮੇ, ਗੁਰੂ ਕੀ ਲਤਾੜ ਸੇ।

ਹੁਣ ਉਨ੍ਹਾਂ ਸਿਪਾਹੀਆਂ ਦੇ ਹੱਥ ਸਿਰਫ਼ ਪਛਤਾਵਾ ਹੀ ਰਹਿ ਗਿਆ ਕਿਉਂਕਿ ਉਨ੍ਹਾਂ ਵਾਅਦਾ ਖਿਲਾਫੀ ਕੀਤੀ, ਕਸਮਾਂ ਖਾ ਕੇ ਆਪਣੀ ਜ਼ਬਾਨ ਤੋਂ ਫਿਰ ਗਏ ਕਿ ਬਸ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫ਼ਤਾਰ ਕਰ ਲਈਏ ਜਾਂ ਮਾਰ ਕੇ ਸਿਰ ਵੱਢ ਲਿਆਈਏ, ਪਰ ਇੱਥੇ ਤਾਂ ਆਪਣੀ ਜਾਨ ਬਚਾਉਣੀ ਵੀ ਔਖੀ ਹੋ ਗਈ ਹੈ।

ਦੇਖਾ ਜੁਹੀ ਹੁਜੂਰ ਨੇ, ਦੁਸ਼ਮਨ ਸਿਮਟ ਗਏ।

ਬੜਨੇ ਕੀ ਜਗਹ ਖ਼ੌਫ ਸੇ ਨਾਮਰਦ ਹਟ ਗਏ।

ਜਦ ਵੈਰੀ, ਕਲਗੀਧਰ ਪਾਤਸ਼ਾਹ ਨੇ ਚਿਹਰੇ ’ਤੇ ਸ਼ਾਹੀ ਜਲਾਲ ਦੇਖਦੇ ਨੇ, ਤਾਂ ਉਨ੍ਹਾਂ ਕੋਲੋਂ ਕਲਗੀਧਰ ਪਾਤਸ਼ਾਹ ਦਾ ਚਿਹਰਾ ਤੱਕਿਆ ਨਹੀਂ ਜਾਦਾ। ਸਤਿਗੁਰੂ ਦੇ ਜੋਸ਼ ਅੱਗੇ ਕੋਈ ਵੈਰੀ ਖੜ੍ਹਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ ਤੇ ਵੈਰੀ ਫ਼ੌਜਾਂ ਪਿਛਾਂਹ ਹਟਣੀਆਂ ਸ਼ੁਰੂ ਹੋ ਗਈਆਂ।

ਘੋੜੇ ਕੋ ਏੜ ਦੇ ਕੇ ਗੁਰੂ ਰਨ ਮੇ ਡਟ ਗਏ।

ਫੁਰਮਾਏ ਬੁਜਦਿਲੋ ਸੇ ਕਿ ਤੁਮ ਕਯੋ ਪਲਟ ਗਏ।

ਕਲਗੀਧਰ ਪਾਤਸ਼ਾਹ ਵੈਰੀਆਂ ਨੂੰ ਸੰਬੋਧਨ ਹੋ ਕੇ ਕਹਿਣ ਲਗੇ ‘ਬੁਝਲਿਓ ! ਕਸਮਾਂ ਤੋੜਨ ਵਾਲਿਓ ! ਹੁਣ ਪਿਛਾਂਹ ਨੂੰ ਕਿਉਂ ਹਟ ਗਏ, ਪਿਛਾਂਹ ਨੂੰ ਨਾ ਹਟੋ।

ਅਬ ਆਉ ਰਨ ਮੇ, ਜੰਗ ਕੇ ਅਰਮਾਂ ਨਿਕਾਲ ਲੋ।

ਤੁਮ ਕਰ ਚੁਕੇ ਹੋ, ਵਾਰ ਹਮਾਰਾ ਸੰਭਾਲ ਲੋ।

ਤੁਸੀਂ ਜੋ ਅਰਮਾਨ ਦਿਲਾਂ ਵਿੱਚ ਲੈ ਕੇ ਆਏ ਹੋ, ਆਓ ਜੰਗ ਦੇ ਮੈਦਾਨ ਵਿੱਚ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰ ਲਓ। ਤੁਸੀਂ ਤਾਂ ਆਪਣੀਆ ਕਸਮਾਂ ਤੋੜ ਕੇ ਸਾਡੇ ਉੱਪਰ ਵਾਰ ਕਰ ਲਿਆ ਹੈ, ਹੁਣ ਸਾਡਾ ਵੀ ਵਾਰ ਸਹਾਰ ਲਓ।

ਆਏ ਹੋ ਤੁਮ ਪਹਾੜ ਸੇ ਮੈਦਾਨਿ-ਜੰਗ ਮੇਂ।

ਬੱਟਾ ਲਗਾ ਕੇ ਜਾਤੇ ਹੋ ਕਯੋ ਨਾਮੋ-ਨੰਗ ਮੇਂ।

ਉਏ ! ਤੁਸੀਂ ਤਾਂ ਪਹਾੜਾ ਤੋਂ ਉਤਰ ਕੇ ਇੱਥੇ ਜੰਗ ਕਰਨ ਲਈ ਆਏ ਸੀ। ਹੁਣ ਆਪਣੇ ਵਡੇਰੇ ਰਾਜਪੂਤਾਂ ਦੇ ਨਾਮ ਨੂੰ ਵੱਟਾ ਕਿਉਂ ਲਗਾ ਰਹੇ ਹੋ, ਰਾਜਪੂਤਾਂ ਦੀ ਆਨ ਸ਼ਾਨ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਮੈਦਾਨ-ਏ-ਜੰਗ ਵਿੱਚੋਂ ਪਿੱਠ ਦਿਖਾ ਕੇ ਭੱਜ ਜਾਓ।

ਸੁਨਤੇ ਹੈ ਤੁਮ ਕੋ ਨਾਜ਼ ਹੈਂ ਤੀਰੋ ਤੁਫੰਗ ਮੇਂ।

ਹੁਸ਼ਯਾਰ ਸ਼ਹਸਵਾਰ ਹੋ ਮਾਹਿਰ ਖਦੰਗ ਮੇਂ।

ਮੈ ਤਾਂ ਸੁਣਿਆ ਸੀ ਕਿ ਤੁਹਾਡੇ ਪਾਸ ਤੀਰ-ਅੰਦਾਜ਼ੀ ਦੀ ਬਹੁਤ ਵਧੀਆ ਕਲਾ ਹੈ, ਮੈਨੂੰ ਨਹੀਂ ਲਗਦਾ ਕਿ ਤੁਹਾਡੇ ਪਾਸ ਕੋਈ ਐਸੀ ਕਲਾ ਹੈ।

ਦਸ ਬਾਰਹ ਤੁਮ ਮੇ ਰਾਜੇ ਹੈ ਦੋ ਇਕ ਨਵਾਬ ਹੈ।

ਫਿਰ ਹਮ ਸੇ ਜੰਗ ਕਰਨੇ ਮੇ ਕਯੋ ਇਜਤਿਨਾਬ ਹੈ।

ਪਾਤਸ਼ਾਹ ਕਹਿ ਰਹੇ ਨੇ ਤੁਸੀਂ ਦਸ ਬਾਰ੍ਹਾਂ ਰਾਜੇ ਇਕੱਠੇ ਹੋ ਕੇ ਆਪਣੀਆਂ ਫ਼ੌਜਾਂ ਲੈ ਕੇ ਆਏ ਹੋ ਤੇ ਇੱਕ-ਦੋ ਨਵਾਬ (ਲਾਹੌਰ ਤੇ ਸਰਹੰਦ ਦੇ) ਵੀ ਤੁਹਾਡੇ ਨਾਲ ਹਨ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਦਾਨ-ਏ-ਜੰਗ ਵਿੱਚ ਤੁਸੀਂ ਮੇਰੇ ਨਾਲ ਜੂਝਦੇ ਕਿਉਂ ਨਹੀਂ ? ਪਿਛਾਂਹ ਨੂੰ ਕਿਉਂ ਜਾ ਰਹੇ ਹੋ  ?

ਪਾਤਸ਼ਾਹ ਜਿੱਧਰ ਨੂੰ ਵੀ ਜਾਂਦੇ ਨੇ ਵੈਰੀਆਂ ਦੇ ਸੱਥਰ ਵਿਛਾਈ ਜਾ ਰਹੇ ਨੇ, ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਜੋ ਤਲਵਾਰ ਹੈ ਉਸ ਉੱਪਰ ਕਿਸੇ ਦੀ ਵੀ ਨਿਗਾਹ ਨਹੀਂ ਟਿਕ ਰਹੀ, ਮਾਨੋ ਤਲਵਾਰ ਚਮਕਾਂ ਮਾਰ ਰਹੀ ਹੋਵੇ।

ਜਮਤੀ ਨ: ਥੀ ਹੁਜੂਰ ਕੀ ਤਲਵਾਰ ਪਰ ਨਿਗਾਹ।

ਤੇਗੇ-ਗੁਰੂ ਪ: ਹੋਤਾ ਥਾ ਬਿਜਲੀ ਕਾ ਸ਼ਾਇਬਾਹ।

ਇਕ ਹਮਲੇ ਮੇ ਥਾ ਫ਼ੌਜ ਕਾ ਤਖਤਾ ਉਲਟ ਗਯਾ।

ਗੁਰੂ ਕੀ ਹਵਾਏ ਤੇਗ ਸੇ ਬਾਦਲ ਥਾ ਛਟ ਗਯਾ।

ਗੁਰੂ ਪਾਤਸ਼ਾਹ ਦੀ ਕਮਾਨ ਨੇ ਵੈਰੀਆਂ ਦੇ ਛੱਕੇ ਛੁਡਾ ਦਿੱਤੇ ਤੇ ਵੈਰੀਆਂ ਨੂੰ ਭਾਜੜਾਂ ਪੈ ਗਈਆ। ਜਿੱਧਰ ਨੂੰ ਵੀ ਉਨ੍ਹਾਂ ਨੂੰ ਰਾਹ ਮਿਲਿਆ ਉੱਧਰ-ਉੱਧਰ ਨੂੰ ਭੱਜਣ ਲਗੇ ਤਾਂ ਜੋ ਜਾਨ ਬਚਾਈ ਜਾ ਸਕੇ ਕਿਉਂਕਿ ਮੈਦਾਨ-ਏ-ਜੰਗ ਦੀ ਕਮਾਨ ਕਲਗੀਧਰ ਪਾਤਸ਼ਾਹ ਦੇ ਹੱਥ ਹੈ।  ਹੁਣ ਜੋ ਬਚ ਗਏ ਉਨ੍ਹਾਂ ਨੇ ਆਪਣੇ ਆਪਣੇ ਘਰਾਂ ਦਾ ਰਸਤਾ ਨਾਪ ਲਿਆ।

ਜੋ ਬਚ ਗਏ ਵੁਹ ਭਾਗ ਗਏ ਮੂੰਹ ਕੋ ਮੋੜ ਕਰ।

ਰਸਤਾ ਘਰੋ ਕਾ ਲੇ ਲਿਆ ਮੈਦਾ ਕੋ ਛੋੜ ਕਰ।

ਸਿੰਘੋ ਨੇ ਭੁਸ ਨਿਕਾਲ ਦਿਆ ਥਾ ਝੰਝੋੜ ਕਰ।

ਪਛਤਾਵੇ ਆਖਿਰਸ ਕੋ ਬਹੁਤ ਕੌਲ ਤੋੜ ਕਰ।

ਜੋਗੀ ਅੱਲ੍ਹਾ ਯਾਰ ਖ਼ਾਂ ਆਪਣੇ ਕਿੱਸੇ ਨੂੰ ਅੱਗੇ ਤੋਰਦਾ ਹੋਇਆ ਲਿਖਦਾ ਹੈ ਕਿ ਸਿੰਘਾਂ ਨੇ ਸ਼ਸਤ੍ਰਾਂ ਨਾਲ ਵੈਰੀਆਂ ਦੀਆਂ ਆਂਦਰਾਂ ਬਾਹਰ ਕੱਢ ਲਈਆਂ। ਵੈਰੀਆ ਦੇ ਪਾਸ ਹੁਣ ਪਛਤਾਵਾ ਹੀ ਰਹਿ ਗਿਆ ਸੀ ਕਿਉਂਕਿ ਧਰਮ ਖਿਲਾਫੀ ਕੀਤੀ, ਝੂਠੀਆਂ ਕਸਮਾਂ ਖਾਧੀਆਂ, ਜ਼ਬਾਨ ’ਤੇ ਵੀ ਨਾ ਰਹੇ ਤੇ ਪੱਲੇ ਵੀ ਕੁਝ ਨਾ ਪਿਆ, ਉਲਟਾ ਕਿੰਨਾ ਨੁਕਸਾਨ ਕਰਵਾ ਲਿਆ। ਵੈਰੀਆਂ ਦਾ ਝੁੰਡ ਜੋ ਚੁਪ-ਚਾਪ ਚੜ੍ਹਾਈ ਕਰ ਕੇ ਆਇਆ ਸੀ, ਸਿੰਘਾਂ-ਸੂਰਬੀਰਾਂ ਨੇ ਮਿਲ ਕੇ ਅੱਧੇ ਤੋਂ ਜ਼ਿਆਦਾ ਵੈਰੀਆਂ ਦੇ ਸੱਥਰ ਵਿਛਾ ਦਿੱਤੇ।

ਲਾਸ਼ੋ ਸੇ ਔਰ ਸਰੋ ਸੇ ਥਾ ਮੈਦਾਨ ਪਟ ਗਯਾ।

ਆਧੇ ਸੇ ਬੇਸ਼ ਲਸ਼ਕਰੇ-ਆਦਾ ਥਾ ਕਟ ਗਯਾ।

ਜਦ ਸਰਸਾ ਨਦੀ ਦੇ ਕੰਢੇ ’ਤੇ ਜੰਗ ਦਾ ਮੈਦਾਨ ਭੱਖਿਆ ਤਦ ਸਰਸਾ ਨਦੀ ਵਿੱਚ ਹੜ੍ਹ ਦਾ ਪਾਣੀ ਆਇਆ ਹੋਇਆ ਸੀ, ਕਈ ਸਿੰਘ ਸੂਰਬੀਰ ਜੂਝਦਿਆਂ ਹੋਇਆਂ ਸ਼ਹਾਦਤਾਂ ਦਾ ਜਾਮ ਵੀ ਪੀ ਗਏ ਸਨ।

‘ਤਵਾਰੀਖ ਗੁਰੂ ਖਾਲਸਾ’ ਵਿੱਚ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਸਰਸਾ ਨਦੀ ਤੱਕ ਪਹੁੰਚਣ ਵੇਲੇ ਸਿੰਘ-ਸੂਰਬੀਰ ਤੇ ਪਰਿਵਾਰਕ ਮੈਬਰਾਂ ਦੀ ਗਿਣਤੀ ਲਗਭਗ 1500 ਸੀ, ਪਰ ਸਰਸਾ ਨਦੀ ਨੂੰ ਪਾਰ ਕੇਵਲ 150 ਸਰੀਰਾਂ ਨੇ ਕੀਤਾ। ਇੱਥੇ ਸਰਸਾ ਦੇ ਪਾਣੀ ਵਿੱਚ ਕੀਮਤੀ ਖ਼ਜ਼ਾਨਾ ਵੀ ਭੇਂਟ ਚੜ੍ਹ ਗਿਆ। ਸਰਸਾ ਨਦੀ ਨੂੰ ਪਾਰ ਕਰਨ ਉਪਰੰਤ ਗੁਰੂ ਪਰਿਵਾਰ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ।  ‘ਤਵਾਰੀਖ ਗੁਰੂ ਖਾਲਸਾ’ ਅਨੁਸਾਰ ਸਰਸਾ ਨਦੀ ਦੇ ਠੰਡੇ ਪਾਣੀ ਬਾਰੇ ਗੁਰੂ ਪਾਤਸ਼ਾਹ ਨੇ ਬਚਨ ਕੀਤੇ । 

ਸਰਸਾ ਨਾਲੇ, ਕਾਲੇ ਦਿਲ ਵਾਲੇ, ਤੂੰ ਫੇਰ ਕਦੇ ਨਾ ਚੜੇਗਾ।  (ਤਵਾਰੀਖ ਗੁਰੂ ਖਾਲਸਾ-ਗਿਆਨੀ ਗਿਆਨ ਸਿੰਘ)

ਅੰਗਰੇਜ਼ ਇਤਿਹਾਸਕਾਰ ਕਨਿੰਘਮ, ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਨੂੰ ਸਮਝਣ ਲਈ ਸਾਨੂੰ ਇਕ ਤੇਜ਼ ਰਫ਼ਤਾਰ ਘੋੜੇ ’ਤੇ ਸਵਾਰ ਹੋਣਾ ਪਵੇਗਾ ਤੇ ਅਸੀਂ ਓਨੀ ਰਫ਼ਤਾਰ ਨਾਲ ਸਮਝਣ ਦੀ ਕੋਸ਼ਸ਼ ਕਰੀਏ, ਜਿੰਦਗੀ ਖ਼ਤਮ ਹੋ ਜਾਵੇਗੀ, ਪਰ ਕਲਗੀਧਰ ਨੂੰ ਪੂਰਾ ਨਹੀਂ ਸਮਝ ਪਾਵਾਂਗੇ। 

ਉਹ ਮਹਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੋ ‘ਖਾਲਸਾ ਪੰਥ’ ਦੇ ਸਿਰਜਣਹਾਰੇ ਨੇ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪੂਜਨ ਯੋਗ ਬਣਾਇਆ, ਜੋ ਪਾਉਂਟੇ ਦੀ ਧਰਤੀ ਨੂੰ ਪਾਉਂਟਾ ਸਾਹਿਬ ਬਣਾ ਗਏ, ਉਨ੍ਹਾਂ ਤੋਂ ਜਦ ਵਜ਼ੀਰ ਖ਼ਾਂ ਨੇ ਆਪਣੀ ਹਾਰ ਹੁੰਦੀ ਵੇਖੀ ਤਾਂ ਉਹ ਦ੍ਰਿਸ਼ ਅੱਲ੍ਹਾ ਯਾਰ ਖ਼ਾਂ ਯੋਗੀ ਇਉਂ ਬਿਆਨ ਕਰਦੇ ਹਨ:-

ਸਰਹਿੰਦ ਕੇ ਨਵਾਬ ਕਾ ਫਕ ਰੰਗ ਹੋ ਗਯਾ।

ਲਸ਼ਕਰ ਕਾ ਹਾਲ ਦੇਖ ਕੇ ਵੁਹ ਦੰਗ ਹੋ ਗਿਆ।

 ਜਦ ਉਸ ਨੇ ਆਪਣੀਆ ਫ਼ੌਜਾਂ ਅਤੇ ਆਮ ਲਸ਼ਕਰ ਦੀ ਹਾਲਤ ਨੂੰ ਤੱਕਿਆ ਕਿ ਫ਼ੌਜਾਂ ਦੀ ਇੰਨੀ ਵਡੀ ਤਾਦਾਦ ਵਿੱਚ ਕੱਟ-ਵੱਢ ਹੋਈ ਪਈ ਹੈ ਤਾਂ ਉਸ ਦਾ ਰੰਗ ਉੱਡ ਗਿਆ ਕਿ ਇਹ ਕੀ ਹੋ ਗਿਆ ਹੈ ?

ਸਤਗੁਰੂ ਕੀ ਤੇਗੇ ਤੇਜ ਸੇ ਜਬ ਤੰਗ ਹੋ ਗਯਾ।

ਜਾਲਿਮ ਕਾ ਦਿਲ ਜੁ ਸਖਤ ਥਾ ਅਬ ਸੰਗ ਹੋ ਗਯਾ।

ਸਤਿਗੁਰੂ ਜੀ ਤੇ ਸਿੱਖ-ਸੂਰਬੀਰਾਂ ਨੇ ਮੈਦਾਨ-ਏ-ਜੰਗ ਵਿੱਚ ਜਦੋਂ ਆਪਣੇ ਸ਼ਸਤਰਾਂ ਦੇ ਜੌਹਰ ਦਿਖਾਏ, ਇਹ ਦੇਖ ਕੇ ਵਜ਼ੀਰ ਖ਼ਾਂ ਜੋ ਕਿ ਪਹਿਲਾਂ ਪੱਥਰ ਦਿਲ ਸੀ ਹੁਣ ਹੋਰ ਵੀ ਸਖ਼ਤ ਹੋ ਗਿਆ।  ਇਹ ਸਭ ਕਤਲੋਗਾਰਤ ਵੇਖ ਕੇ ਉਸ ਨੇ ਆਪਣੇ ਨਾਲ ਇੱਕ ਵਾਅਦਾ ਕੀਤਾ।

ਠਹਿਰਾਈ ਦਿਲ ਮੇ ਸਿੰਘੋ ਸੇ ਮੈਂ ਇੰਤਿਕਾਮ ਲੂੰ।

ਧੋਕੇ ਫਰੇਬ ਸੇ ਮੈ ਸਹਰ ਲੂੰ ਯਾ ਸ਼ਾਮ ਲੂੰ।

ਵਜ਼ੀਰ ਖ਼ਾਂ ਆਪਣੇ ਅੰਦਰ ਸੋਚ ਰਿਹਾ ਹੈ ਕਿ ਮੈਨੂੰ ਹੁਣ ਕੋਈ ਵੀ ਤਰੀਕਾ ਵਰਤਣਾ ਪਵੇ, ਜਿਨ੍ਹਾਂ ਮਰਜ਼ੀ ਧੋਖਾ ਫਰੇਬ ਕਰਨਾ ਪਵੇ ਮੈ ਸਿੰਘਾਂ ਤੋਂ ਇਸ ਕਤਲੋਗਾਰਤ ਦਾ ਬਦਲਾ ਜ਼ਰੂਰ ਲਵਾਂਗਾ। ਮੈ ਗੁਰੂ ਗੋਬਿੰਦ ਸਿੰਘ ਤੇ ਇਸ ਦੇ ਸਿੰਘਾਂ ਨੂੰ ਛੱਡਾਂਗਾ ਨਹੀਂ। ਵਜ਼ੀਰ ਖ਼ਾਂ ਨੇ ਇਹ ਜੋ ਕਸਮ ਖਾਧੀ, ਇਹ ਕਸਮ ਸਰਹੰਦ ਦੀਆਂ ਖ਼ੂਨੀ ਦੀਵਾਰਾਂ ਦੇ ਇਤਿਹਾਸ ਤੱਕ ਜਾਂਦੀ ਹੈ।

ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ

0

ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ

ਕਿਰਪਾਲ ਸਿੰਘ (ਬਠਿੰਡਾ)- 88378-13661

ਸਿੱਖ ਇਤਿਹਾਸ ਵਿੱਚ ਕਈ ਸੂਰਮੇ, ਯੋਧੇ ਪੈਦਾ ਹੋਏ ਹਨ, ਜਿਨ੍ਹਾਂ ਨੇ ਕੌਮ ਤੇ ਅਣਖ ਖ਼ਾਤਰ ਆਪਾ ਵਾਰਨ ਤੋਂ ਪੈਰ ਪਿਛਾਂਹ ਨਹੀਂ ਕੀਤੇ ਸਨ। ਜ਼ੁਲਮ ਦਾ ਬਹਾਦਰੀ ਨਾਲ ਟਾਕਰਾ ਕਰਨ ਵਾਲੇ ਅਜਿਹੇ ਹੀ ਇੱਕ ਮਹਾਨ ਸ਼ਹੀਦ ਹਨ ‘ਬਾਬਾ ਗੁਰਬਖ਼ਸ਼ ਸਿੰਘ ਜੀ’, ਜਿਨ੍ਹਾਂ ਦਾ ਜਨਮ ੧੦ ਅਪਰੈਲ ੧੬੮੮ ਨੂੰ ਪਿਤਾ ਦਸੌਂਧਾ ਸਿੰਘ ਤੇ ਮਾਤਾ ਲੱਛਮੀ ਜੀ ਦੇ ਗ੍ਰਹਿ ਪਿੰਡ ਲੀਲ੍ਹ, ਸਬ ਤਹਿਸੀਲ ਖੇਮਕਰਨ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸੰਨ ੧੬੯੩ ’ਚ ਆਪ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ। ਸੰਨ ੧੬੯੯ ਦੀ ਵਿਸਾਖੀ ਨੂੰ ਆਪ ਨੇ ਪੰਜਾਂ ਪੰਆਰਿਆਂ ਪਾਸੋਂ ਅੰਮ੍ਰਿਤ ਛੱਕਿਆ, ਜਿਸ ਵਿੱਚ ਭਾਈ ਮਨੀ ਸਿੰਘ ਜੀ ਵੀ ਸ਼ਾਮਲ ਸਨ, ਇਸ ਉਪਰੰਤ ਆਪ ਬਾਬਾ ਦੀਪ ਸਿੰਘ ਦੀ ਸ਼ਹੀਦੀ ਮਿਸਲ ਵਿੱਚ ਸ਼ਾਮਲ ਹੋ ਗਏ। ਇੱਥੇ ਹੀ ਉਨ੍ਹਾਂ ਨੇ ਸ਼ਸਤਰ ਵਿੱਦਿਆ ’ਚ ਨਿਪੁੰਨਤਾ ਹਾਸਲ ਕੀਤੀ। ਅਬਦਾਲੀ ਨੇ ਨਵੰਬਰ ੧੭੫੬ ਈ: ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ। ਇਸ ਸਮੇਂ ਪੰਜਾਬ ’ਚ ਸਿੱਖਾਂ ਦੀ ਸ਼ਕਤੀ ਕਾਫ਼ੀ ਵਧ ਚੁੱਕੀ ਸੀ। ਅਬਦਾਲੀ ਨੇ ਦਿੱਲੀ ਤੋਂ ਵਾਪਸੀ ਸਮੇਂ ਸਿੱਖਾਂ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ। ਅਹਿਮਦ ਸ਼ਾਹ ਅਬਦਾਲੀ ਜਨਵਰੀ ੧੭੫੭ ਈ: ਨੂੰ ਦਿੱਲੀ ਪਹੁੰਚਿਆ ਅਤੇ ਉੱਥੇ ਭਾਰੀ ਲੁੱਟਮਾਰ ਕੀਤੀ।  ਮਥੁਰਾ ਤੇ ਬ੍ਰਿੰਦਾਬਨ ਵੀ ਲੁੱਟਿਆ ਗਿਆ। ਪੰਜਾਬ ਪਹੁੰਚਣ ’ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦਾਲੀ ਨੇ ਕਰਤਾਰਪੁਰ ਅਤੇ ਅੰਮ੍ਰਿਤਸਰ ਦੇ ਸਰੋਵਰਾਂ ਨੂੰ ਗੰਦਗੀ ਨਾਲ ਭਰਵਾ ਦਿੱਤਾ।  ਜਦੋਂ ਇਹ ਖ਼ਬਰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਾਬਾ ਦੀਪ ਸਿੰਘ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਖੰਡੇ ਨਾਲ ਲਕੀਰ ਖਿੱਚ ਕੇ ਆਪਣੇ ਜਥੇ ਦੇ ਸਿੰਘਾਂ ਨੂੰ ਵੰਗਾਰ ਪਾਈ ਕਿ ਜਿਸ ਨੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਵਾਉਣ ਲਈ ਸ਼ਹੀਦੀਆਂ ਪਾਉਣੀਆਂ ਹਨ, ਉਹ ਲਕੀਰ ਦੇ ਇਸ ਪਾਸੇ ਲੰਘ ਅਉਣ। ਸ਼ਹੀਦੀਆਂ ਪਾਉਣ ਤੋਂ ਸਿੰਘ ਕਦੋਂ ਭੱਜਣ ਵਾਲੇ ਸਨ, ਇਸ ਲਈ ਸਾਰੇ ਹੀ ਸਿੰਘ ਬਾਬਾ ਜੀ ਵੱਲ ਆ ਗਏ । ਅਰਦਾਸ ਕਰ ਕੇ ਅਤੇ ਜੈਕਾਰੇ ਬੁਲਾਉਂਦੇ ਹੋਏ ਜਥੇ ਨੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜ਼ਖ਼ਮੀ ਹੋ ਗਏ, ਪਰ ਉਹ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ। 30 ਕੱਤਕ/ ੧੧ ਨਵੰਬਰ (ਜੋ ਹੁਣ ਨਾਨਕਸ਼ਾਹੀ ਕੈਲੰਡਰ ਅਨੁਸਾਰ 13 ਨਵੰਬਰ ਬਣਦਾ ਹੈ) ੧੭੫੭ ਈ: ਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ । ਬਾਬਾ ਗੁਰਬਖ਼ਸ਼ ਸਿੰਘ ਦੇ ਸ਼ਬਦਾਂ ਵਿੱਚ, ‘ਬਾਬਾ ਦੀਪ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਨੇ ਸਾਰੀ ਸਿੱਖ ਕੌਮ ਨੂੰ ਝੰਜੋੜ ਦਿੱਤਾ ਹੈ।’ ਉਨ੍ਹਾਂ ਨੇ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ।  ਬਾਬਾ ਦੀਪ ਸਿੰਘ ਦੀ ਸ਼ਹੀਦੀ ਮਗਰੋਂ ਬਾਬਾ ਗੁਰਬਖ਼ਸ਼ ਸਿੰਘ ਨੇ ਆਪਣਾ ਜਥਾ ਬਣਾ ਕੇ ਉਸ ਦਾ ਟਿਕਾਣਾ ਅੰਮ੍ਰਿਤਸਰ  ਵਿਖੇ ਕਰ ਲਿਆ ਤਾਂ ਜੋ ਦਰਬਾਰ ਸਾਹਿਬ ਦੀ ਸੇਵਾ ਸੰਭਾਲ਼ ਕਰਨਾ ਆਸਾਨ ਰਹੇ। ਇਸ ਤੋਂ ਪਹਿਲਾਂ ਸ਼ਹੀਦ ਮਿਸਲ ਦਾ ਹੈੱਡਕੁਆਰਟਰ ਤਲਵੰਡੀ ਸਾਬੋ ਵਿਖੇ ਸੀ।

੧੭੬੪ ’ਚ ਅਹਿਮਦ ਸ਼ਾਹ ਅਬਦਾਲੀ ਨੇ ਸਤਵਾਂ ਹਮਲਾ ਕੀਤਾ ਅਤੇ ਆਪਣੀ ੩੦,੦੦੦ ਫ਼ੌਜ ਸਣੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰ ਦਿੱਤਾ। ਇੱਧਰ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ਹੇਠ ਸਿਰਫ਼ 30 ਸਿੰਘ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਾਇਨਾਤ ਸਨ। ਸਭ ਸਿੰਘਾਂ ਦੇ ਸੁਝਾਅ ਸਨ ਕਿ ਦਰਬਾਰ ਸਾਹਿਬ ਨੂੰ ਛੱਡ ਕੇ ਜਾਣ ਦੀ ਬਜਾਇ ਅਹਿਮਦ ਸ਼ਾਹ ਦੀ ਫ਼ੌਜ ਦਾ ਟਾਕਰਾ ਕੀਤਾ ਜਾਵੇ ਭਾਵੇਂ ਕਿ ਸ਼ਹੀਦੀਆਂ ਹੋ ਜਾਣ।

ਸਿੰਘਾਂ ਅੰਦਰ ਦਰਬਾਰ ਸਾਹਿਬ ਦੀ ਹਿਫ਼ਾਜ਼ਤ ਕਰਨ ਵਾਲ਼ੀ ਸੇਵਾ ਸੰਭਾਲ਼ ਨੂੰ ਕਾਇਮ ਰੱਖਣ ਲਈ ਚਾਅ ਠਾਠਾਂ ਮਾਰ ਰਿਹਾ ਸੀ। ਬਾਬਾ ਜੀ ਨੇ ਨਿਤਨੇਮ ਕਰਨ ਉਪਰੰਤ ਆਪਣੀ ਯੁੱਧ ਨੀਤੀ ਨੂੰ ਕਾਮਯਾਬ ਬਣਾਉਣ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਿੰਘਾਂ ਨੂੰ ਛੋਟੇ-ਛੋਟੇ ਗਰੁਪਾਂ ’ਚ ਵੰਡ ਕੇ ਵਧੇਰੇ ਸਮੇਂ ਤੱਕ ਡਟੇ ਰਹਿਣ ਅਤੇ ਦੁਸ਼ਮਣ ਨੂੰ ਚੰਗਾ ਸਬਕ ਸਿਖਾਉਣ ਲਈ ਇਲਾਕਾ ਵੰਡ ਕਰ ਲਈਅਹਿਮਦ ਸ਼ਾਹ ਸਮਝਦਾ ਸੀ ਕਿ ਉਸ ਦੇ ਆਉਣ ਦੀ ਖ਼ਬਰ ਸੁਣ ਕੇ ਸਿੰਘ ਜੰਗਲਾਂ ਵਿੱਚ ਜਾ ਲੁਕੇ ਹੋਣਗੇ, ਪਰ ਇਨ੍ਹਾਂ ਸਿੰਘਾਂ ਨੂੰ ਆਪਣੇ ਸਾਹਮਣੇ ਵੇਖ ਕੇ ਉਹ ਹੈਰਾਨ ਹੋ ਗਿਆ। ਸਿੰਘਾਂ ਨੇ ਜੈਕਾਰੇ ਛੱਡੇ ਤੇ ਬਾਜ਼ਾਂ ਵਾਂਗ ਫ਼ੌਜ ’ਤੇ ਟੁੱਟ ਪਏ। ਵੇਖਦੇ ਹੀ ਵੇਖਦੇ ਲੋਥਾਂ ਦੇ ਢੇਰ ਲੱਗ ਗਏ। ਹੌਲ਼ੀ-ਹੌਲ਼ੀ ਘਮਸਾਨ ਵਧਣ ਲੱਗਾ। ਸਿੰਘ ਸ਼ਹੀਦੀਆਂ ਪਾ ਰਹੇ ਸਨ ਤੇ ਦਿਨ ਦਾ ਪਹਿਲਾ ਪਹਿਰ ਬੀਤ ਗਿਆ। ਬਾਬਾ ਗੁਰਬਖ਼ਸ਼ ਸਿੰਘ ਨੇ ਆਪਣੇ ਖੰਡੇ ਨਾਲ ਵੈਰੀ ਦੇ ਐਸੇ ਆਹੂ ਲਾਹੇ ਕਿ ਕਿਸੇ ਦੀ ਜੁਰਅਤ ਨਹੀਂ ਪੈ ਰਹੀ ਸੀ ਕਿ ਅੱਗੇ ਵਧ ਕੇ ਮੁਕਾਬਲਾ ਕਰ ਸਕੇ। ਬਾਬਾ ਜੀ ਸ਼ਹੀਦੀ ਲਈ ਤਤਪਰ ਸਨ। ਦੁਰਾਨੀਆਂ ਦੇ ਸਰੀਰ ਸੰਜੋਆਂ ਨਾਲ਼ ਢੱਕੇ ਹੋਏ ਸਨ, ਜਦਕਿ ਸਿੰਘਾਂ ਪਾਸ ਸਰੀਰ ਢੱਕਣ ਲਈ ਪੂਰੇ ਬਸਤਰ ਵੀ ਨਹੀਂ ਸਨ। ਉਨ੍ਹਾਂ ਪਾਸ ਲੰਮੀ ਮਾਰ ਕਰਨ ਵਾਲੇ ਹਥਿਆਰ, ਤੀਰ, ਬੰਦੂਕ ਆਦਿ ਸਨ। ਸਿੰਘਾਂ ਪਾਸ ਕੇਵਲ ਤੇਗ਼ਾਂ ਤੇ ਬਰਛੇ ਹੀ ਸਨ ਪਰ ਸਿੰਘਾਂ ਦੇ ਜੋਸ਼ ਨੇ ਦੁਸ਼ਮਣਾਂ ’ਚ ਭਾਜੜਾ ਪਾ ਦਿੱਤੀਆਂ ।  ਸਿੰਘਾਂ ਦੀ ਰਣਨੀਤੀ ਛੋਟੇ-ਛੋਟੇ ਜਥਿਆਂ ਦੇ ਰੂਪ ’ਚ ਯੁੱਧ ਕਰਦੀ ਰਹੀ, ਜਦ ਕਾਫ਼ੀ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖ਼ਸ਼ ਸਿੰਘ ਆਪ ਤੇਗ਼ਾ ਲੈ ਕੇ ਵੈਰੀ ਦੇ ਸਿਰ ਜਾ ਧਮਕੇ। ਸਰੀਰਾਂ ਨੂੰ ਸੰਜੋਆਂ ਸਹਿਤ ਚੀਰਦੇ ਵੈਰੀ ਦੀਆਂ ਸਫਾਂ (ਕਤਾਰਾਂ) ਵਿਹਲੀਆਂ ਕਰਦੇ ਗਏ। ਦਿਨ ਦੇ ਦੂਜੇ ਪਹਿਰ ਤੱਕ ਵੈਰੀਆਂ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਬਾਬਾ ਜੀ ਦੇ ਸਨਮੁਖ ਹੋ ਸਕਦੇ। ਦੂਰੋਂ ਖੜ੍ਹੇ ਹੋ ਕੇ ਬਾਬਾ ਜੀ ’ਤੇ ਦੁਸ਼ਮਣਾਂ ਵੱਲੋਂ ਤੀਰਾਂ ਤੇ ਗੋਲ਼ੀਆਂ ਚਲਾਈਆਂ ਗਈਆਂ। ਬਾਬੇ ਦੇ ਵਾਰ ਤੋਂ ਬਚਣ ਲਈ ਵੈਰੀ ਢਾਲ ਦਾ ਆਸਰਾ ਲੈਂਦੇ ਸਨ, ਪਰ ਬਾਬਾ ਜੀ ਦੀ ਮਨਸ਼ਾ ‘ਹੁਣ ਮੂੰਹ ਲੁਕਾ ਕੇ ਨਹੀਂ, ਸਨਮੁਖ ਹੋ ਕੇ ਲੜਨਾ ਹੈ’, ਦੀ ਸੀ।  ਗਿਲਜ਼ੇ (ਮਤੀ ਪਠਾਣਾਂ ਦੀ ਇੱਕ ਸ਼ਾਖ) ਹੁਣ ਦੂਰੋਂ ਹੀ ਗੋਲ਼ੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ, ਨੇੜੇ ਆਉਣ ਦੀ ਜੁਰਅਤ ਨਹੀਂ ਸਨ ਕਰ ਰਹੇ। ਬਾਬਾ ਜੀ ਦਾ ਸਰੀਰ, ਤੀਰਾਂ ਤੇ ਗੋਲ਼ੀਆਂ ਨਾਲ਼ ਬਿਨ੍ਹਿਆ ਗਿਆ। ਅਣਗਿਣਤ ਜ਼ਖ਼ਮ ਅਤੇ ਸਰੀਰ ਵਿੱਚੋਂ ਖ਼ੂਨ ਇਵੇਂ ਚੋ ਰਿਹਾ ਸੀ, ਜਿਵੇਂ ਕੋਹਲੂ ਵਿੱਚੋਂ ਤੇਲ ਜਾਂ ਜਿਵੇਂ ਵੱਡੀ ਮਸਕ ’ਚੋਂ ਛੇਕ ਹੋਣ ’ਤੇ ਚਾਰੇ ਤਰਫ਼ ਪਾਣੀ ਦਾ ਵਹਿਣਾ । ਜਦੋਂ ਕਾਫ਼ੀ ਖ਼ੂਨ ਸਰੀਰ ਵਿੱਚੋਂ ਵਹਿ ਗਿਆ ਤਾਂ ਉਹ ਗੁਰੂ ਸਾਹਿਬ ਅੱਗੇ ਪੰਥ ਦੀ ਚੜ੍ਹਦੀ ਕਲਾ ਲਈ ਬੇਨਤੀ ਕਰ ਕੇ 3 ਦਸੰਬਰ ਨੂੰ ਸ਼ਹੀਦੀ ਪਾ ਗਏ। ‘ਜੰਗਨਾਮੇ’ ਦਾ ਕਰਤਾ ਕਾਜ਼ੀ ਨੂਰ ਮੁਹੰਮਦ ਇਸ ਹਮਲੇ ਦੌਰਾਨ ਅਬਦਾਲੀ ਦੇ ਨਾਲ ਸੀ। ਉਸ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ। ਇਸ ਸਾਕੇ ਬਾਰੇ ਉਹ ਲਿਖਦਾ ਹੈ, ‘‘ਜਦ ਬਾਦਸ਼ਾਹ ਅਤੇ ਸ਼ਾਹੀ ਲਸਕਰ; (ਗੁਰੂ) ਚੱਕ (ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ਉੱਥੇ ਨਜ਼ਰ ਨਾ ਆਇਆ, ਪਰ ਕੁਝ ਥੋੜ੍ਹੇ ਜਿਹੇ ਬੰਦੇ ਗੜ੍ਹੀ (ਬੁੰਗੇ) ਵਿੱਚ ਟਿਕੇ ਹੋਏ ਸਨ, ਜੋ ਆਪਣਾ ਖ਼ੂਨ ਡੋਲ੍ਹਣ ਅਤੇ ਆਪਣੇ-ਆਪ ਨੂੰ ਗੁਰੂ ਤੋਂ ਕੁਰਬਾਨ ਕਰ ਲੈਣ ਲਈ ਤਿਆਰ ਸਨ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿੱਚੋਂ ਨਿਕਲ ਪਏ। ਉਹ ਸਾਰੇ ਗਿਣਤੀ ਵਿੱਚ ਤੀਹ ਸਨ। ਉਹ ਜ਼ੱਰ੍ਹਾ ਭਰ ਵੀ ਡਰੇ ਅਤੇ ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ, ਨਾ ਮੌਤ ਦਾ ਭੈ। ਉਹ ਗ਼ਾਜ਼ੀਆਂ ’ਤੇ ਟੁੱਟ ਕੇ ਪੈ ਗਏ ਅਤੇ ਉਲਝਣ ਵਿੱਚ ਆਪਣਾ ਲਹੂ ਡੋਲ੍ਹ ਗਏ। ਇਸ ਤਰ੍ਹਾਂ ਠੀਕ ਸਾਰੇ ਹੀ (ਸਿੰਘ) ਕਤਲ ਹੋ ਗਏ।’’

ਇਹ ਹੈ ਕਾਜ਼ੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਬਿਆਨ ਕਿ ਕਿਵੇਂ ਕੇਵਲ ਤੀਹ ਸਿੰਘਾਂ ਨੇ ਅਬਦਾਲੀ ਦੀ ਤੀਹ ਹਜ਼ਾਰ ਅਫ਼ਗਾਨੀ ਤੇ ਬਲੋਚ ਫ਼ੌਜ ਦਾ ਮੁਕਾਬਲਾ ਕੀਤਾ ਅਤੇ ਮੌਤ ਤੋਂ ਨਿਡਰ ਹੋ ਕੇ ਗੁਰੂ ਦੇ ਨਾਮ ਪਰ ਆਪਣੀਆਂ ਜਾਨਾਂ ਵਾਰ ਗਏ।

ਸੱਚ ਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖ਼ਸ਼ ਸਿੰਘ ਜੀ ਦੀ ਯਾਦ ਵਿੱਚ ‘ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ’ ਸਥਾਨ ਸੁਸ਼ੋਭਿਤ ਹੈ।

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 139-142)

0

(ਗੁਰਬਾਣੀ ਦਾ ਮੂਲ ਪਾਠ, ਅੰਕ ਨੰਬਰ 139-142)

(ਨੋਟ : ਗੁਰਬਾਣੀ ’ਚ ‘ਮੈਲੁ’ (172 ਵਾਰ) ਅਤੇ ‘ਮਲੁ’ (117 ਵਾਰ) ਦਰਜ ਹਨ, ਜੋ ‘ਮੈਲ਼, ਧੂਲ/ਧੂੜ, ਗਰਦ, ਘੱਟਾ, ਖੇਹ, ਮਿੱਟੀ, ਪਰਦਾ, ਰੱਬ ਨਾਲੋਂ ਪਈ ਵਿੱਥ’ ਦੇ ਅਰਥ ਦਿੰਦੇ ਹਨ, ਇਨ੍ਹਾਂ ਦਾ ਦਰੁਸਤ ਉਚਾਰਨ ‘ਮੈਲ਼, ਮਲ਼’ ਹੋਏਗਾ ਅਤੇ ‘ਮਲ’ ਦਾ ਅਰਥ ‘ਮਲ-ਮੂਤਰ’ ਭਾਵ ਟੱਟੀ-ਪਿਸ਼ਾਬ ਹੁੰਦਾ ਹੈ।  ਵਾਰ-ਵਾਰ ਇਸ ਸ਼ਬਦ ਦੀ ਮੌਜੂਦਗੀ ਹੋਣ ਕਾਰਨ ਸਬੰਧਿਤ ਤੁਕ ’ਚ ਇਹ ਉਚਾਰਨ ਸੇਧ ਦੇਣ ਨਾਲ਼ ਜਿੱਥੇ ਸ਼ਬਦ ਦੀ ਚਾਲ-ਲੈ ਮਰ ਜਾਂਦੀ ਹੈ ਓਥੇ ਹੋਰ ਦਰਸਾਈਆਂ ਸੇਧਾਂ ਮੱਧਮ ਪੈ ਜਾਂਦੀਆਂ ਹਨ, ਜੋ ਕਿ ਮਹੱਤਵ ਪੂਰਨ ਹੁੰਦੀਆਂ ਹਨ।)

ਸਲੋਕੁ ਮ : ੧ ॥ ਕੂੜੁ ਬੋਲਿ (ਕੇ), ਮੁਰਦਾਰੁ (ਭਾਵ ਪਰਾਇਆ ਹੱਕ) ਖਾਇ ॥ ਅਵਰੀ (ਅਵਰੀਂ) ਨੋ ਸਮਝਾਵਣਿ ਜਾਇ ॥ ਮੁਠਾ (ਭਾਵ ਅੰਦਰੋਂ ਲੁੱਟਿਆ) ਆਪਿ, ਮੁਹਾਏ ਸਾਥੈ (ਭਾਵ ਸੰਗਤ ਨੂੰ ਵੀ ਲੁਟਵਾਉਂਦਾ ਹੈ)॥ ਨਾਨਕ  ! ਐਸਾ ਆਗੂ ਜਾਪੈ ॥੧॥ ਮਹਲਾ ੪ ॥ ਜਿਸ ਦੈ ਅੰਦਰਿ, ਸਚੁ ਹੈ ; ਸੋ, ਸਚਾ ਨਾਮੁ ਮੁਖਿ (ਤੋਂ) ਸਚੁ ਅਲਾਏ (ਭਾਵ ਸੱਚ ਬੋਲਦਾ)॥ ਓਹੁ (ਓਹ), ਹਰਿ ਮਾਰਗਿ (’ਤੇ) ਆਪਿ ਚਲਦਾ ; ਹੋਰਨਾ (ਹੋਰਨਾਂ) ਨੋ ਹਰਿ ਮਾਰਗਿ (’ਤੇ) ਪਾਏ ॥ ਜੇ ਅਗੈ ਤੀਰਥੁ (ਭਾਵ ਸਾਫ਼ ਪਾਣੀ) ਹੋਇ, ਤਾ (ਤਾਂ) ਮਲੁ ਲਹੈ ; ਛਪੜਿ (’ਚ) ਨਾਤੈ (ਨ੍ਹਾਤੈ), ਸਗਵੀ (ਸਗਵੀਂ ਭਾਵ ਸਗੋਂ ਹੋਰ) ਮਲੁ ਲਾਏ ॥  ਤੀਰਥੁ ਪੂਰਾ ਸਤਿਗੁਰੂ ; ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥ ਓਹੁ (ਓਹ) ਆਪਿ ਛੁਟਾ, ਕੁਟੰਬ ਸਿਉ (ਸਿਉਂ ਭਾਵ ਪਰਿਵਾਰ ਸਮੇਤ); ਦੇ (ਕੇ) ਹਰਿ ਹਰਿ ਨਾਮੁ, ਸਭ ਸ੍ਰਿਸਟਿ (ਸ੍ਰਿਸ਼ਟਿ) ਛਡਾਏ ॥ ਜਨ ਨਾਨਕ  ! ਤਿਸੁ ਬਲਿਹਾਰਣੈ ; ਜੋ ਆਪਿ ਜਪੈ, ਅਵਰਾ (ਅਵਰਾਂ) ਨਾਮੁ ਜਪਾਏ ॥੨॥ ਪਉੜੀ ॥ ਇਕਿ, ਕੰਦ ਮੂਲੁ ਚੁਣਿ (ਕੇ) ਖਾਹਿ (ਖਾਹਿਂ), ਵਣ ਖੰਡਿ (’ਚ) ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ (ਫਿਰਹਿਂ), ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ (ਤ੍ਰਿਸ਼ਨਾ) ਬਹੁਤੁ, ਛਾਦਨ (ਭਾਵ ਬਸਤਰ) ਭੋਜਨ ਕੀ ਆਸਾ ॥ ਬਿਰਥਾ ਜਨਮੁ ਗਵਾਇ ; ਨ ਗਿਰਹੀ (ਭਾਵ ਗ੍ਰਹਿਸਤੀ), ਨ ਉਦਾਸਾ (ਭਾਵ ਤਿਆਗੀ, ਸੰਨਿਆਸੀ)॥ ਜਮਕਾਲੁ ਸਿਰਹੁ (ਸਿਰੋਂ) ਨ ਉਤਰੈ ; ਤ੍ਰਿਬਿਧਿ ਮਨਸਾ (ਮਨਸ਼ਾ) ॥ ਗੁਰਮਤੀ, ਕਾਲੁ ਨ ਆਵੈ ਨੇੜੈ ; ਜਾ (ਜਾਂ ਭਾਵ ਜਦੋਂ) ਹੋਵੈ ਦਾਸਨਿ ਦਾਸਾ ॥ ਸਚਾ ਸਬਦੁ, ਸਚੁ ਮਨਿ (’ਚ) ; ਘਰ ਹੀ ਮਾਹਿ (ਮਾਹਿਂ) ਉਦਾਸਾ ॥ ਨਾਨਕ  ! ਸਤਿਗੁਰੁ ਸੇਵਨਿ (ਸੇਵਨਿ੍) ਆਪਣਾ ; ਸੇ, ਆਸਾ ਤੇ (ਭਾਵ ਤੋਂ) ਨਿਰਾਸਾ ॥੫॥

(ਨੋਟ : ਉਕਤ 5ਵੀਂ ਪਉੜੀ ਦੀ ਅੰਤਮ ਤੁਕ ‘‘ਸੇ, ਆਸਾ ਤੇ ਨਿਰਾਸਾ ॥’’ ਵਿੱਚ ‘ਸੇ’ ਬਹੁ ਵਚਨ ਭਾਵ ‘ਉਹ’ ਦੇ ਅਰਥਾਂ ’ਚ ਹੈ, ਜਿਸ ਕਾਰਨ ‘ਤੇ’ ਨੂੰ ਵੀ ਭੁਲੇਖੇ ਨਾਲ਼ ‘ਉਹ’ ਦੇ ਅਰਥਾਂ ’ਚ ਨਹੀਂ ਸਮਝਣਾ ਚਾਹੀਦਾ ਕਿਉਂਕਿ ਗੁਰਬਾਣੀ ’ਚ ‘ਤੇ’ ਸ਼ਬਦ 1698 ਵਾਰ ਦਰਜ ਹੈ, ਜਿਸ ਦੇ ਅਰਥ ਹਨ ‘ਉਹ’ (ਪੜਨਾਂਵ) ਅਤੇ ‘ਤੋਂ’ (ਅਪਾਦਾਨ ਕਾਰਕ), ਇਸ ਲਈ ‘ਤੇ’ ਬਾਰੇ ਨਾਸਮਝੀ ਗੁਰਮਤਿ ਨੂੰ ਮਨਮਤ ’ਚ ਤਬਦੀਲ ਕਰ ਦਿੰਦੀ ਹੈ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਤੇ’ ਦਾ ਅਰਥ ‘ਤੋਂ’ ਕਰਨ ਨਾਲ਼ ਅਰਥਾਂ ਦਾ ਅਨਰਥ ਹੋ ਜਾਏਗਾ :

ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥ (ਜਪੁ)  (‘ਤੇ’ ਭਾਵ ਉਹ, ਬਹੁ ਵਚਨ)

ਨਾਨਕ  ! ਤੇ ਮੁਖ ਉਜਲੇ; ਹੋਰ ਕੇਤੀ ਛੁਟੀ ਨਾਲਿ ॥ (ਮ: ੨/੧੪੬) (‘ਤੇ’ ਭਾਵ ਉਹ)

ਨਾਨਕ  ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥ (ਮ: ੧/੪੭੩) (‘ਤੇ’ ਭਾਵ ਉਹ)

ਨਾਨਕ  ! ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ ॥ (ਮ: ੩/੯੫੦) (‘ਤੇ’ ਭਾਵ ਉਹ)

ਜਨ ਨਾਨਕ  !  ਤੇ ਮੁਖ ਉਜਲੇ; ਜਿਨ ਹਰਿ ਸੁਣਿਆ ਮਨਿ ਭਾਇ ॥ (ਮ: ੪/੧੩੧੬) (‘ਤੇ’ ਭਾਵ ਉਹ)

ਨਾਨਕ  !  ਤੇ ਸੋਹਾਗਣੀ; ਜਿਨ੍ਾ ਗੁਰਮੁਖਿ ਪਰਗਟੁ ਹੋਇ ॥ (ਮ: ੧/੧੪੧੨) (‘ਤੇ’ ਭਾਵ ਉਹ), ਆਦਿ ਤੁਕਾਂ ’ਚ ‘ਤੇ’ ਦਾ ਅਰਥ ‘ਤੋਂ’ ਕਰਨ ਨਾਲ਼ ਉਨ੍ਹਾਂ ਦੇ ਮੁੱਖ ਨਾਨਕ ਨਾਲ਼ੋਂ ਵੀ ਉਤਮ ਬਣ ਜਾਣਗੇ, ਜੋ ਕਿ ਗ਼ਲਤ ਹੋਏਗਾ, ਇਸ ਲਈ ‘ਤੇ’ ਦਾ ਅਰਥ ‘ਉਹ’ (ਬਹੁ ਵਚਨ) ਕਰਨਾ ਹੀ ਦਰੁਸਤ ਹੈ, ਪਰ ਹੇਠਲੀਆਂ ਤੁਕਾਂ ’ਚ ‘ਤੇ’ ਦਾ ਅਰਥ ‘ਉਹ’ ਕਰਨਾ ਗ਼ਲਤ ਵੀ ਹੈ :

ਤਿਸ ਤੇ ਭਾਰੁ; ਤਲੈ, ਕਵਣੁ ਜੋਰੁ ॥ (ਜਪੁ) (‘ਤੇ’ ਭਾਵ ਤੋਂ)

ਤਿਸ ਤੇ ਹੋਏ; ਲਖ ਦਰੀਆਉ ॥ (ਜਪੁ) (‘ਤੇ’ ਭਾਵ ਤੋਂ)

ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮ: ੧/੧੯) (‘ਤੇ’ ਭਾਵ ਤੋਂ)

ਸਤਗੁਰ ਤੇ ਜੋ ਮੁਹ ਫੇਰਹਿ; ਮਥੇ ਤਿਨ ਕਾਲੇ ॥ (ਮ: ੩/੩੦) (‘ਤੇ’ ਭਾਵ ਤੋਂ)

ਕਿਰਪਾ ਤੇ ਹਰਿ ਪਾਈਐ; ਸਚਿ ਸਬਦਿ ਵੀਚਾਰਿ ॥ (ਮ: ੩/੩੪) (‘ਤੇ’ ਭਾਵ ਤੋਂ)

ਨਾਮੈ ਹੀ ਤੇ ਸੁਖੁ ਪਾਈਐ; ਸਚੈ ਸਬਦਿ ਸੁਹਾਇ ॥ (ਮ: ੩/੩੪) (‘ਤੇ’ ਭਾਵ ਤੋਂ), ਆਦਿ।)

ਸਲੋਕੁ, ਮ : ੧ ॥ ਜੇ, ਰਤੁ (ਭਾਵ ਖ਼ੂਨ; ਜਾਨਵਰ ਨੂੰ ਇੱਕੋ ਝਟਕੇ ਮਾਰਨ ਨਾਲ਼) ਲਗੈ ਕਪੜੈ (ਕੱਪੜੈ);  ਜਾਮਾ ਹੋਇ ਪਲੀਤੁ ॥ ਜੋ, ਰਤੁ ਪੀਵਹਿ ਮਾਣਸਾ (ਪੀਵਹਿਂ ਮਾਣਸਾਂ ਭਾਵ ਮਨੁੱਖਾਂ ਦਾ); ਤਿਨ, ਕਿਉ (ਕਿਉਂ) ਨਿਰਮਲੁ ਚੀਤੁ  ? ॥ ਨਾਨਕ  ! ਨਾਉ ਖੁਦਾਇ ਕਾ (ਨਾਉਂ ਖ਼ੁਦਾਇ ਕਾ) ; ਦਿਲਿ ਹਛੈ ਮੁਖਿ (ਨਾਲ਼) ਲੇਹੁ (‘ਲੇਹੁ’ ਦਾ ਉਚਾਰਨ ਥੋੜ੍ਹਾ ‘ਲੇਹਉ’ ਵੱਲ)॥ ਅਵਰਿ ਦਿਵਾਜੇ ਦੁਨੀ ਕੇ (ਭਾਵ ਦੁਨੀਆ ਦੇ ਰੇਸ਼ਮੀ ਲਿਬਾਸ); ਝੂਠੇ ਅਮਲ ਕਰੇਹੁ (‘ਕਰੇਹੁ’ ਦਾ ਅੰਤ ਔਕੜ ਉਚਾਰਨਾ ਜ਼ਰੂਰੀ) ॥੧॥ ਮ : ੧ ॥ ਜਾ ਹਉ ਨਾਹੀ, ਤਾ ਕਿਆ ਆਖਾ  ? ਕਿਹੁ ਨਾਹੀ, ਕਿਆ ਹੋਵਾ  ? (ਜਾਂ ਹਉਂ ਨਾਹੀਂ, ਤਾਂ ਕਿਆ ਆਖਾਂ  ? ਕਿਹੁ (ਥੋੜ੍ਹਾ ਕਿਹਉ’ ਵੱਲ) ਨਾਹੀਂ, ਕਿਆ ਹੋਵਾਂ  ? ) ॥ ਕੀਤਾ ਕਰਣਾ, ਕਹਿਆ ਕਥਨਾ ; ਭਰਿਆ ਭਰਿ ਭਰਿ ਧੋਵਾਂ ॥ ਆਪਿ ਨ ਬੁਝਾ (ਬੁੱਝਾਂ), ਲੋਕ ਬੁਝਾਈ (ਬੁਝਾਈਂ) ; ਐਸਾ ਆਗੂ ਹੋਵਾਂ ॥ ਨਾਨਕ  ! ਅੰਧਾ ਹੋਇ ਕੈ, ਦਸੇ (ਦੱਸੇ) ਰਾਹੈ (ਨੂੰ); ਸਭਸੁ ਮੁਹਾਏ ਸਾਥੈ (ਭਾਵ ਸਾਰੇ ਸਾਥ ਨੂੰ ਡੋਬੇਗਾ)॥ ਅਗੈ ਗਇਆ (ਗਇਆਂ), ਮੁਹੇ ਮੁਹਿ ਪਾਹਿ (ਮੁੰਹੇ ਮੁੰਹ ਪਾਹਿਂ); ਸੁ ਐਸਾ ਆਗੂ ਜਾਪੈ ॥੨॥ ਪਉੜੀ ॥ ਮਾਹਾ, ਰੁਤੀ ਸਭ ਤੂੰ ਘੜੀ, ਮੂਰਤ (ਭਾਵ ਮਹੂਰਤ, ਸ਼ੁਭ ਸਮਾਂ); ਵੀਚਾਰਾ ॥ ਤੂੰ; ਗਣਤੈ (ਭਾਵ ਗਿਣਤੀ-ਮਿਣਤੀ ਨਾਲ਼), ਕਿਨੈ ਨ ਪਾਇਓ ; ਸਚੇ ਅਲਖ (ਅਲੱਖ) ਅਪਾਰਾ  ! ॥ ਪੜਿਆ (ਪੜ੍ਹਿਆ) ਮੂਰਖੁ ਆਖੀਐ ; ਜਿਸੁ ਲਬੁ ਲੋਭੁ ਅਹੰਕਾਰਾ ॥ ਨਾਉ ਪੜੀਐ (ਨਾਉਂ ਪੜ੍ਹੀਐ), ਨਾਉ ਬੁਝੀਐ (ਨਾਉਂ ਬੁੱਝੀਐ) ; ਗੁਰਮਤੀ ਵੀਚਾਰਾ ॥ ਗੁਰਮਤੀ ਨਾਮੁ ਧਨੁ ਖਟਿਆ (ਖੱਟਿਆ) ; ਭਗਤੀ ਭਰੇ ਭੰਡਾਰਾ ॥ ਨਿਰਮਲੁ ਨਾਮੁ ਮੰਨਿਆ ; ਦਰਿ+ਸਚੈ (’ਤੇ) ਸਚਿਆਰਾ ॥ ਜਿਸ ਦਾ ਜੀਉ ਪਰਾਣੁ ਹੈ ; ਅੰਤਰਿ ਜੋਤਿ ਅਪਾਰਾ ॥ ਸਚਾ ਸਾਹੁ ਇਕੁ (ਸ਼ਾਹ ਇੱਕ) ਤੂੰ ; ਹੋਰੁ ਜਗਤੁ ਵਣਜਾਰਾ (ਭਾਵ ਆਵਾਗਮਣ ਵਿੱਚ)॥੬॥ ਸਲੋਕੁ, ਮ : ੧ ॥ ਮਿਹਰ ਮਸੀਤਿ, ਸਿਦਕੁ ਮੁਸਲਾ (ਮੁਸੱਲਾ/ਨਮਾਜ਼ ਪੜ੍ਹਨ ਲਈ ਆਸਣ); ਹਕੁ (ਹੱਕ) ਹਲਾਲੁ ਕੁਰਾਣੁ ॥ ਸਰਮ (ਸ਼ਰਮ) ਸੁੰਨਤਿ, ਸੀਲੁ ਰੋਜਾ (ਸ਼ੀਲ ਰੋਜ਼ਾ) ; ਹੋਹੁ (ਅੰਤ ਔਕੜ ਉਚਰਨਾ ਹੈ) ਮੁਸਲਮਾਣੁ ॥ ਕਰਣੀ (ਭਾਵ ਕਿਰਦਾਰ) ਕਾਬਾ, ਸਚੁ ਪੀਰੁ ; ਕਲਮਾ ਕਰਮ ਨਿਵਾਜ (ਨਿਵਾਜ਼)॥ ਤਸਬੀ ਸਾ (ਭਾਵ ਮਾਲਾ ਉਹੀ, ਜੋ), ਤਿਸੁ ਭਾਵਸੀ ; ਨਾਨਕ  ! ਰਖੈ ਲਾਜ ॥੧॥ ਮ : ੧ ॥ ਹਕੁ (ਹੱਕ) ਪਰਾਇਆ, ਨਾਨਕਾ  ! ਉਸੁ (ਭਾਵ ਮੁਸਲਮਾਨ ਲਈ) ਸੂਅਰ, ਉਸੁ (ਹਿੰਦੂ ਲਈ) ਗਾਇ (ਭਾਵ ਗਾਂ)॥ ਗੁਰੁ ਪੀਰੁ ਹਾਮਾ ਤਾ (ਤਾਂ) ਭਰੇ ; ਜਾ (ਜਾਂ ਭਾਵ ਜਦੋਂ) ਮੁਰਦਾਰੁ (ਭਾਵ ਦੂਜੇ ਦਾ ਹੱਕ) ਨ ਖਾਇ ॥ ਗਲੀ (ਗੱਲੀਂ) ਭਿਸਤਿ ਨ ਜਾਈਐ ; ਛੁਟੈ ਸਚੁ ਕਮਾਇ ॥ (ਸਖ਼ਤ ਨੂੰ ਨਰਮ/ਝੂਠ ਨੂੰ ਸੱਚ ਕਰਨ ਵਾਲ਼ਾ ਮਸਾਲਾ-) ਮਾਰਣ, ਪਾਹਿ (ਭਾਵ ਪਾ ਕੇ) ਹਰਾਮ ਮਹਿ (ਭਾਵ ਹੱਕ ਪਰਾਏ ’ਚ); ਹੋਇ ਹਲਾਲੁ ਨ ਜਾਇ (ਭਾਵ ਮਾਰਣ-ਮਸਾਲੇ ਨਾਲ਼ ਝੂਠ, ਸੱਚ ਨਹੀਂ ਬਣ ਜਾਂਦਾ, ਇਸ ਲਈ)॥ ਨਾਨਕ  ! ਗਲੀ ਕੂੜੀਈ (ਗੱਲੀਂ ਕੂੜੀ+ਈਂ, ਨਾਲ਼); ਕੂੜੋ ਪਲੈ ਪਾਇ ॥੨॥ ਮ : ੧ ॥ ਪੰਜਿ ਨਿਵਾਜਾ (ਨਿਵਾਜ਼ਾਂ), ਵਖਤ ਪੰਜਿ ; ਪੰਜਾ ਪੰਜੇ ਨਾਉ (ਪੰਜਾਂ ਪੰਜੇ ਨਾਉਂ)॥ ਪਹਿਲਾ ਸਚੁ, ਹਲਾਲ ਦੁਇ, ਤੀਜਾ ਖੈਰ ਖੁਦਾਇ (ਖ਼ੈਰ ਖ਼ੁਦਾਇ) ॥ ਚਉਥੀ ਨੀਅਤਿ ਰਾਸਿ ਮਨੁ, ਪੰਜਵੀ (ਪੰਜਵੀਂ) ਸਿਫਤਿ ਸਨਾਇ (ਭਾਵ ਅਸਨਾਈ/ਵਡਿਆਈ)॥ ਕਰਣੀ ਕਲਮਾ ਆਖਿ ਕੈ (ਭਾਵ ਆਚਰਣ ਰੂਪ ਕਲਮਾ ਪੜ੍ਹ ਕੇ); ਤਾ (ਤਾਂ) ਮੁਸਲਮਾਣੁ ਸਦਾਇ ॥ ਨਾਨਕ  ! ਜੇਤੇ ਕੂੜਿਆਰ ; ਕੂੜੈ (ਦੀ), ਕੂੜੀ ਪਾਇ (ਪਾਂਇ ਭਾਵ ਇੱਜ਼ਤ, ਅਹੁਦਾ, ਰੁਤਬਾ)॥੩॥ ਪਉੜੀ ॥ ਇਕਿ, ਰਤਨ ਪਦਾਰਥ ਵਣਜਦੇ ; ਇਕਿ, ਕਚੈ ਦੇ ਵਾਪਾਰਾ ॥ (ਪਰ) ਸਤਿਗੁਰਿ+ਤੁਠੈ (ਨਾਲ਼) ਪਾਈਅਨਿ (ਪਾਈਅਨ੍); ਅੰਦਰਿ ਰਤਨ ਭੰਡਾਰਾ ॥ ਵਿਣੁ ਗੁਰ, ਕਿਨੈ (ਕਿਸੇ ਨੇ) ਨ ਲਧਿਆ ; ਅੰਧੇ, ਭਉਕਿ (ਭਉਂਕ, ਕੇ) ਮੁਏ ਕੂੜਿਆਰਾ ॥ ਮਨਮੁਖ ਦੂਜੈ (ਪਿਆਰ ’ਚ) ਪਚਿ ਮੁਏ ; ਨਾ ਬੂਝਹਿ (ਬੂਝਹਿਂ) ਵੀਚਾਰਾ ॥ ਇਕਸੁ ਬਾਝਹੁ (ਬਾਝੋਂ), ਦੂਜਾ ਕੋ ਨਹੀ (ਨਹੀਂ) ; ਕਿਸੁ ਅਗੈ ਕਰਹਿ (ਅੱਗੈ ਕਰਹਿਂ) ਪੁਕਾਰਾ ॥ ਇਕਿ ਨਿਰਧਨ ਸਦਾ ਭਉਕਦੇ (ਭਉਂਕਦੇ); ਇਕਨਾ (ਇਕਨ੍ਾ) ਭਰੇ ਤੁਜਾਰਾ (ਭਾਵ ਘਰ-ਦੇਸ਼)॥ ਵਿਣੁ ਨਾਵੈ (ਨਾਵੈਂ), ਹੋਰੁ ਧਨੁ ਨਾਹੀ (ਨਾਹੀਂ) ; ਹੋਰੁ ਬਿਖਿਆ ਸਭੁ ਛਾਰਾ (ਸੁਆਹ, ਪਰ)॥  ਨਾਨਕ  !  ਆਪਿ ਕਰਾਏ, ਕਰੇ ਆਪਿ ; ਹੁਕਮਿ (ਰਾਹੀਂ) ਸਵਾਰਣਹਾਰਾ ॥੭॥ ਸਲੋਕੁ, ਮ : ੧ ॥ ਮੁਸਲਮਾਣੁ ਕਹਾਵਣੁ ਮੁਸਕਲੁ (ਮੁਸ਼ਕਲ); ਜਾ ਹੋਇ, ਤਾ (ਜਾਂ ਹੋਇ, ਤਾਂ) ਮੁਸਲਮਾਣੁ ਕਹਾਵੈ ॥ ਅਵਲਿ (ਅੱਵਲ), ਅਉਲਿ (ਸੰਤ ਜਨਾਂ ਦਾ ਦੱਸਿਆ) ਦੀਨੁ ਕਰਿ ਮਿਠਾ (ਮਿੱਠਾ/ਪਿਆਰਾ); ਮਸਕਲ ਮਾਨਾ (ਭਾਵ ਜ਼ੰਗ ਲਾਹੁਣ ਵਾਲ਼ੇ ਸੰਦ ਵਾਙ) ਮਾਲੁ ਮੁਸਾਵੈ (ਭਾਵ ਮੈਲ਼ ਖੁਰਚ ਦੇਵੇ)॥ ਹੋਇ (ਕੇ) ਮੁਸਲਿਮੁ ਦੀਨ ਮੁਹਾਣੈ (ਭਾਵ ਧਰਮ ਦਾ ਆਗੂ); ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ (ਰੱਬ ਕੀ ਰਜ਼ਾਇ) ਮੰਨੇ ਸਿਰ ਉਪਰਿ ; ਕਰਤਾ ਮੰਨੇ, ਆਪੁ (ਭਾਵ ਅਹੰਕਾਰ) ਗਵਾਵੈ ॥ ਤਉ, ਨਾਨਕ  ! ਸਰਬ ਜੀਆ (ਜੀਆਂ) ਮਿਹਰੰਮਤਿ ਹੋਇ ; ਤ, ਮੁਸਲਮਾਣੁ ਕਹਾਵੈ ॥੧॥ ਮਹਲਾ ੪ ॥ ਪਰਹਰਿ (ਛੱਡ ਕੇ) ਕਾਮ ਕ੍ਰੋਧੁ ਝੂਠੁ ਨਿੰਦਾ ; ਤਜਿ (ਕੇ) ਮਾਇਆ, ਅਹੰਕਾਰੁ ਚੁਕਾਵੈ ॥ ਤਜਿ (ਕੇ) ਕਾਮੁ, ਕਾਮਿਨੀ (ਭਾਵ ਇਸਤ੍ਰੀ) ਮੋਹੁ ਤਜੈ ; ਤਾ (ਤਾਂ), ਅੰਜਨ ਮਾਹਿ (ਮਾਹਿਂ, ਭਾਵ ਮਾਯਾ ’ਚ ਰਹਿੰਦਿਆਂ) ਨਿਰੰਜਨੁ ਪਾਵੈ ॥ ਤਜਿ (ਛੱਡ ਕੇ) ਮਾਨੁ ਅਭਿਮਾਨੁ, ਪ੍ਰੀਤਿ ਸੁਤ ਦਾਰਾ (ਭਾਵ ਪਤਨੀ); ਤਜਿ (ਕੇ) ਪਿਆਸ, ਆਸ; ਰਾਮ (ਦੀ) ਲਿਵ ਲਾਵੈ ॥ ਨਾਨਕ  ! ਸਾਚਾ ਮਨਿ (’ਚ) ਵਸੈ ; ਸਾਚ ਸਬਦਿ (ਰਾਹੀਂ), ਹਰਿ ਨਾਮਿ (’ਚ) ਸਮਾਵੈ ॥੨॥ ਪਉੜੀ ॥ ਰਾਜੇ, ਰਯਤਿ (ਰਈਅਤ ਭਾਵ ਜਨਤਾ), ਸਿਕਦਾਰ (ਭਾਵ ਚੌਧਰੀ); ਕੋਇ ਨ ਰਹਸੀਓ ॥ ਹਟ ਪਟਣ ਬਾਜਾਰ (ਹੱਟ ਪਟਣ (ਸ਼ਹਿਰ) ਬਾਜ਼ਾਰ); ਹੁਕਮੀ ਢਹਸੀਓ ॥ ਪਕੇ (ਪੱਕੇ) ਬੰਕ ਦੁਆਰ (ਸੁੰਦਰ ਗੇਟ), ਮੂਰਖੁ ਜਾਣੈ ਆਪਣੇ ॥ ਦਰਬਿ (ਭਾਵ ਧਨ ਨਾਲ਼) ਭਰੇ ਭੰਡਾਰ ; ਰੀਤੇ (ਰਿਕ੍ਤ, ਖ਼ਾਲੀ) ਇਕਿ ਖਣੇ ॥ ਤਾਜੀ (ਘੋੜੇ), ਰਥ, ਤੁਖਾਰ (ਊਠ), ਹਾਥੀ ਪਾਖਰੇ (ਜ਼ੰਜੀਰਾਂ ਵਾਲ਼ੇ ਝੁੱਲ ਪਾਏ ਹੋਣ)॥ ਬਾਗ (ਬਾਗ਼) ਮਿਲਖ (ਭਾਵ ਜ਼ਮੀਨਾਂ) ਘਰ ਬਾਰ ; ਕਿਥੈ ਸਿ ਆਪਣੇ  ? ॥ ਤੰਬੂ, ਪਲੰਘ ਨਿਵਾਰ, ਸਰਾਇਚੇ ਲਾਲਤੀ (ਰੇਸ਼ਮ ਦੇ ਚਮਕਦਾਰ ਸਰਾਇਚੇ ਭਾਵ ਕਨਾਤਾਂ)॥ ਨਾਨਕ  ! ਸਚ ਦਾਤਾਰੁ ; ਸਿਨਾਖਤੁ (ਸ਼ਿਨਾਖ਼ਤ) ਕੁਦਰਤੀ (ਭਾਵ ਜੀਵਾਂ ਰਾਹੀਂ ‘ਸਚ ਦਾਤਾਰੁ’ ਦੀ ਪਛਾਣ ਹੁੰਦੀ ਭਾਵ ਰੱਬ ਬਣਾਵਟੀ ਨਹੀਂ)॥੮॥ ਸਲੋਕੁ, ਮ : ੧ ॥ ਨਦੀਆ ਹੋਵਹਿ ਧੇਣਵਾ (ਨਦੀਆਂ ਹੋਵਹਿਂ ਧੇਣਵਾਂ ਭਾਵ ਗਊਆਂ); ਸੁੰਮ (ਭਾਵ ਸੋਮੇ/ਝਰਨੇ) ਹੋਵਹਿ (ਹੋਵਹਿਂ) ਦੁਧੁ ਘੀਉ ॥ ਸਗਲੀ ਧਰਤੀ, ਸਕਰ (ਸ਼ੱਕਰ) ਹੋਵੈ ; ਖੁਸੀ (ਖ਼ੁਸ਼ੀ) ਕਰੇ ਨਿਤ ਜੀਉ ॥ ਪਰਬਤੁ ਸੁਇਨਾ ਰੁਪਾ (ਭਾਵ ਚਾਂਦੀ) ਹੋਵੈ ; ਹੀਰੇ ਲਾਲ ਜੜਾਉ ॥ ਭੀ ਤੂੰ ਹੈ (ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੧॥ ਮ : ੧ ॥ ਭਾਰ ਅਠਾਰਹ (ਅਠਾਰਹਂ/ਅਠਾਰਾਂ) ਮੇਵਾ ਹੋਵੈ ; ਗਰੁੜਾ (ਰਿੱਝੇ ਚਾਵਲ ਵਰਗਾ) ਹੋਇ ਸੁਆਉ (ਭਾਵ ਸੁਆਦ)॥ ਚੰਦੁ ਸੂਰਜੁ ਦੁਇ, ਫਿਰਦੇ ਰਖੀਅਹਿ (ਰਖੀਅਹਿਂ); ਨਿਹਚਲੁ ਹੋਵੈ ਥਾਉ (ਥਾਉਂ)॥ ਭੀ ਤੂੰ ਹੈ (ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੨॥ ਮ : ੧ ॥ ਜੇ, ਦੇਹੈ (ਨੂੰ) ਦੁਖੁ ਲਾਈਐ ; ਪਾਪ ਗਰਹ, ਦੁਇ ਰਾਹੁ (ਥੋੜ੍ਹਾ ‘ਰਾਹੂ’ ਵੱਲ)॥ ਰਤੁ ਪੀਣੇ ਰਾਜੇ, ਸਿਰੈ ਉਪਰਿ ਰਖੀਅਹਿ (ਰਖੀਅਹਿਂ); ਏਵੈ ਜਾਪੈ ਭਾਉ ॥ ਭੀ ਤੂੰ ਹੈ (ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੩॥

(ਨੋਟ : (1). ਉਕਤ ਦੂਜੇ ਸਲੋਕ ’ਚ ‘ਭਾਰ ਅਠਾਰਹ’ ਤੋਂ ਭਾਵ ਉਹ ਖ਼ਿਆਲ ਹੈ ਜੋ ਸਾਰੀ ਬਨਸਪਤੀ ਦੇ ਇੱਕ ਇੱਕ ਪੱਤੇ ਨੂੰ ਤੋੜਨ ਉਪਰੰਤ ਬਣਦਾ ਹੈ ਭਾਵ ਸਾਰੀ ਬਨਸਪਤੀ ਹੀ; ਇੱਕ ਭਾਰ 5 ਮਣ ਕੱਚਾ ਹੋਣ ਕਾਰਨ 18 ਭਾਰ 90 ਮਣ ਬਣ ਜਾਂਦਾ ਹੈ।

(2). ਉਕਤ ਤੀਜੇ ਸਲੋਕ ਦੀ ਤੁਕ ‘‘ਜੇ, ਦੇਹੈ (ਨੂੰ) ਦੁਖੁ ਲਾਈਐ ; ਪਾਪ ਗਰਹ, ਦੁਇ ਰਾਹੁ (ਥੋੜ੍ਹਾ ‘ਰਾਹੂ’ ਵੱਲ)॥’’ ’ਚ ਦਰਜ ‘ਰਾਹੁ’ ਸ਼ਬਦ ਦੀ ਅੰਤ ਔਕੜ ਇੱਕ ਵਚਨ ਪੁਲਿੰਗ ਨਾਂਵ ਦਾ ਸੂਚਕ ਨਹੀਂ ਕਿਉਂਕਿ ਇਸ ਨਾਲ਼ ਸਬੰਧਿਤ ਸ਼ਬਦ ‘ਦੁਇ’ ਭਾਵ ‘ਦੋ’ ਬਹੁ ਵਚਨ ਹੈ। ‘ਰਾਹੁ’ ਦੀ ਅੰਤ ਔਕੜ; ਅੰਤ ਦੁਲੈਂਕੜ ਵਾਲ਼ੇ ਸ਼ਬਦਾਂ (ਰਾਹੂ/ਕੇਤੂ) ’ਚੋਂ ਆਈ ਹੋਣ ਕਾਰਨ ਇਹ ਔਕੜ ਸ਼ਬਦ ਦੀ ਮੂਲਕ ਮੰਨੀ ਜਾਏਗੀ, ਜੋ ਕਿਸੇ ਸਬੰਧਕੀ ਚਿੰਨ੍ਹ ਦੇ ਆਉਣ ਉਪਰੰਤ ਵੀ ਨਹੀਂ ਹਟਦੀ। ਅਜਿਹੇ ਸ਼ਬਦ, ਜੋ ਅੰਤ ਦੁਲੈਂਕੜ ਤੋਂ ਅੰਤ ਔਕੜ ਬਣਦੇ ਹਨ, ਉਹ ਹਨ : ‘‘ਵਸਤੂ (ਵਸਤੁ), ਜਾਣੂ (ਜਾਣੁ, ਇਸ ਦਾ ਅਰਥ ਹੈ ਮਿੱਤਰ, ਨਾ ਕਿ ਕਿਰਿਆਵਾਚੀ ਅਰਥ), ਪਛਾਣੂ (ਪਛਾਣੁ, ਇਹ ਵੀ ਨਾਂਵ ਹੈ, ਨਾ ਕਿ ਕਿਰਿਆ), ਬਿਖੂ (ਬਿਖੁ), ਆਦਿ, ਇਸ ਲਈ ਇਨ੍ਹਾਂ ਦਾ ਉਚਾਰਨ ਹਮੇਸ਼ਾ ਮੂਲਕ ਚਿੰਨ੍ਹ ਦੁਲੈਂਕੜ ਵੱਲ ਹੀ ਥੋੜ੍ਹਾ ਜਾਣਾ ਉਚਿਤ ਹੁੰਦਾ ਹੈ।)

ਮ : ੧ ॥ ਅਗੀ ਪਾਲਾ (ਅੱਗੀ ਪਾਲ਼ਾ) ਕਪੜੁ ਹੋਵੈ (ਭਾਵ ਸਰਦੀ-ਗ਼ਰਮੀ ਕੱਪੜ ਹੋਵੈ/ਨੰਗਾ ਹੀ ਫਿਰੇ); ਖਾਣਾ ਹੋਵੈ ਵਾਉ (ਭਾਵ ਹਵਾ)॥ ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ (ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ੍) ; ਨਾਨਕ  ! ਸਭੋ ਜਾਉ (ਭਾਵ ਵਿਅਰਥ)॥ ਭੀ ਤੂ ਹੈ (ਤੂੰ ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੪॥ ਪਵੜੀ ॥ ਬਦਫੈਲੀ ਗੈਬਾਨਾ (ਗ਼ੈਬਾਨਾ ਭਾਵ ਅਕਲਹੀਣ), ਖਸਮੁ ਨ ਜਾਣਈ (ਜਾਣ+ਈ)॥ ਸੋ ਕਹੀਐ ਦੇਵਾਨਾ (ਪਾਗਲ), ਆਪੁ (ਆਪਣੇ ਆਪ ਨੂੰ) ਨ ਪਛਾਣਈ (ਪਛਾਨ+ਈ)॥ ਕਲਹਿ ਬੁਰੀ ਸੰਸਾਰਿ (’ਚ), ਵਾਦੇ ਖਪੀਐ (ਭਾਵ ਝਗੜੇ ਕਰ-ਕਰ ਮਰਦੇ)॥ ਵਿਣੁ ਨਾਵੈ (ਨਾਵੈਂ) ਵੇਕਾਰਿ,  ਭਰਮੇ ਪਚੀਐ ॥ ਰਾਹ ਦੋਵੈ (ਦੋਵੈਂ ਮਾਯਾ ਰੂਪ ਤੇ ਰੱਬੀ ਮਿਲਾਪ ਵਾਲ਼ਾ, ਪਰ ਜੋ ਰੱਬ ਵਾਲ਼ਾ) ਇਕੁ ਜਾਣੈ, ਸੋਈ ਸਿਝਸੀ (ਭਾਵ ਕਾਮਯਾਬ ਹੁੰਦਾ)॥ ਕੁਫਰਗੋਅ ਕੁਫਰਾਣੈ (ਕੁਫ਼ਰਗੋਅ ਕੁਫ਼ਰਾਣੈ ਭਾਵ ਝੂਠਾ, ਝੂਠ ’ਚ), ਪਇਆ ਦਝਸੀ (ਭਾਵ ਸੜਦਾ)॥ ਸਭ ਦੁਨੀਆ ਸੁਬਹਾਨੁ (ਸ਼ੁਬਹਾਨ ਭਾਵ ਪਾਕ ਰੂਹ, ਜਦ), ਸਚਿ (’ਚ) ਸਮਾਈਐ ॥ ਸਿਝੈ ਦਰਿ ਦੀਵਾਨਿ (ਭਾਵ ਰੱਬੀ ਦਰ-ਕਚਹਿਰੀ ’ਚ ਸੁਰਖ਼ਰੂ ਹੁੰਦਾ, ਜਦ), ਆਪੁ ਗਵਾਈਐ ॥੯॥

ਜਬਰ ਤੇ ਜ਼ੁਲਮ ਦਾ ਵਿਰੋਧ

0

ਜਬਰ ਤੇ ਜ਼ੁਲਮ ਦਾ ਵਿਰੋਧ

ਡਾ. ਹਰਸ਼ਿੰਦਰ ਕੌਰ (ਪਟਿਆਲਾ) – 0175-2216783

ਪੰਜਾਬ ਨੇ ਬੜਾ ਜਬਰ ਤੇ ਜ਼ੁਲਮ ਵੇਖਿਆ ਹੈ। ਇਸੇ ਜਬਰ ਵਿੱਚੋਂ ਉਪਜੇ ਸੂਰਮੇ ਤੇ ਸੂਰਬੀਰ ਦੁਨੀਆ ਵਾਸਤੇ ਮਿਸਾਲ ਬਣ ਗਏ ਅਤੇ ਪੁਸ਼ਤ ਦਰ ਪੁਸ਼ਤ ਆਪਣੀ ਵੀਰਤਾ ਦੀਆਂ ਧੁੰਮਾਂ ਪਾਉਂਦੇ ਰਹੇ। ਇਸੇ ਪਹਿਚਾਣ ਸਦਕਾ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਦਾ ਅੱਜ ਡੰਕਾ ਵਜਦਾ ਪਿਆ ਹੈ।

ਜਿੱਥੇ ਕਿਤੇ ਬਹਾਦਰ ਕੌਮਾਂ ਦੀ ਗੱਲ ਚੱਲੇ ਉੱਥੇ ਸਿੱਖਾਂ ਦਾ ਨਾਂ ਜ਼ਰੂਰ ਆਉਂਦਾ ਹੈ। ਜੰਗਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਤੇ ਦੇਸ ਲਈ ਜਾਨ ਵਾਰਨ ਦਾ ਕੰਮ ਸਿੱਖਾਂ ਨੇ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ। ਇਹ ਜੰਗ ਭਾਵੇਂ ਆਪਣੇ ਮੁਲਕ ਦੀ ਹੋਵੇ ਜਾਂ ਵਿਸ਼ਵ ਜੰਗ, ਦਸਤਾਰਾਂ ਵਾਲੇ, ਲੰਮੇ ਜੁੱਸੇ ਵਾਲੇ ਤੇ ਮਜ਼ਬੂਤ ਇਰਾਦੇ ਵਾਲੇ ਸਿੰਘ ਹਮੇਸ਼ਾ ਮੂਹਰਲੀ ਕਤਾਰ ਵਿੱਚ ਦਿਸਦੇ ਰਹੇ ਹਨ।

ਅੱਜ ਵੀ ਇਤਿਹਾਸ ਵਿੱਚ ਪੰਜਾਬੀਆਂ ਬਾਰੇ ਇਹੀ ਜ਼ਿਕਰ ਮਿਲਦਾ ਹੈ-‘‘ਬਦੇਸੀ ਜਰਵਾਣਿਆਂ ਨਾਲ ਲੋਹਾ ਲੈਣ ਵਾਲੇ’’, ‘‘ਮੌਤ ਨੂੰ ਮਖੌਲਾਂ ਕਰਨ ਵਾਲੇ’’, ‘‘ਸਿਰ ਵਾਰ ਦੇਣ ਵਾਲੇ’’, ‘‘ਚਰਖੜੀਆਂ ਉੱਤੇ ਹੱਸ ਕੇ ਚੜ੍ਹਨ ਵਾਲੇ’’, ‘‘ਤੱਤੀਆਂ ਤਵੀਆਂ ਨੂੰ ਜਰਨ ਵਾਲੇ’’ ਆਦਿ !

ਰਤਾ ਕੁ ਇਤਿਹਾਸ ਵਿੱਚ ਹੋਰ ਝਾਤ ਮਾਰੀਏ। ਉੱਥੇ ਲੱਭਣਗੇ ਆਪਣਾ ਲੋਹਾ ਮੰਨਵਾਉਣ ਵਾਲੇ ਰੋਮਨ, ਇਟੈਲੀਅਨ, ਜਰਮਨ ਤੇ ਜਪਾਨੀ ਵੀ। ਮੰਗੋਲੀਆ ਦੇ ਚੰਗੇਜ਼ ਖ਼ਾਨ ਸਦਕਾ ਮੰਗੋਲੀਆ ਨੇ ਪੂਰੇ ਏਸ਼ੀਆ ਤੇ ਯੂਰਪ ਉੱਤੇ ਆਪਣਾ ਰਾਜ ਸਥਾਪਤ ਕਰ ਲਿਆ।

ਐਲਗਜ਼ਾਂਡਰ, ਜੋ ਪੁਰਾਤਨ ਸਮੇਂ ਦਾ ਸਭ ਤੋਂ ਬਹਾਦਰ ਯੋਧਾ ਮੰਨਿਆ ਗਿਆ, ਨੇ ਵੀਹ ਸਾਲ ਦੀ ਉਮਰ ਵਿੱਚ ਹੀ ਗਰੀਸ ਦੇ ਮੈਸੇਡੋਨੀਆ ਤੋਂ ਸ਼ੁਰੂ ਹੋ ਕੇ ਅਫਰੀਕਾ, ਏਸ਼ੀਆ ਤੇ ਭਾਰਤ ਵਿੱਚ ਜਿੱਤ ਪ੍ਰਾਪਤ ਕਰ ਕੇ ਸਾਬਤ ਕਰ ਦਿੱਤਾ ਕਿ ਪੂਰੀ ਕੌਮ ਨੂੰ ਅਗਾਂਹ ਤੋਰਨ ਤੇ ਇਤਿਹਾਸ ਸਿਰਜਨ ਲਈ ਇੱਕੋ ਦੂਰਅੰਦੇਸ਼ੀ ਲੀਡਰ ਬਥੇਰਾ ਹੁੰਦਾ ਹੈ।

ਉਜ਼ਬੇਕਿਸਤਾਨ ਵਿੱਚ ਜੰਮੇ ਤੈਮੂਰ ਨੇ ਲੰਗੜੇ ਹੋਣ ਦੇ ਬਾਵਜੂਦ ਕਹਿਰ ਢਾਅ ਕੇ ਭਾਰਤ, ਰੂਸ ਤੋਂ ਮੈਡੀਟਰੇਨੀਅਨ ਸਮੁੰਦਰ ਤੱਕ ਆਪਣਾ ਝੰਡਾ ਫਹਿਰਾ ਦਿੱਤਾ। ਇਸੇ ਦੇ ਵੰਸ਼ਜ ਬਾਬਰ ਨੇ ਮੁਗਲ ਸਲਤਨਤ ਦਾ ਬੀਜ ਬੋਇਆ, ਜਿਸ ਨੇ 300 ਸਾਲ ਤੱਕ ਭਾਰਤ ਉੱਤੇ ਰਾਜ ਕੀਤਾ।

ਇਸ ਜਬਰ ਤੇ ਜ਼ੁਲਮ ਦੇ ਬੂਟੇ ਨੂੰ ਜੜ੍ਹੋਂ ਪੁੱਟਣ ਲਈ ਇੱਕ ਲਹਿਰ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ। ਇਸ ਪ੍ਰਕਾਸ਼ਮਾਨ ਹੋਈ ਜੋਤ ਦੇ ਚਾਨਣ ਨੇ ਅਨੇਕਾਂ ਦਬੇ ਕੁਚਲੇ ਲੋਕਾਂ ਵਿੱਚ ਜਾਗ੍ਰਤੀ ਪੈਦਾ ਕੀਤੀ ਤੇ ਬਾਬਰ ਦੇ ਜਬਰ ਵਿਰੁੱਧ ਬਿਨਾਂ ਹਥਿਆਰਾਂ ਦੇ, ਚੁੱਕੀ ਆਵਾਜ਼ ਨੇ ਇੱਕ ਲਹਿਰ ਪੈਦਾ ਕਰ ਦਿੱਤੀ।

ਅਸੀਂ ਵੇਖ ਚੁੱਕੇ ਹਾਂ ਕਿ ਆਮ ਤੌਰ ਉੱਤੇ ਅਜਿਹੀ ਪੈਦਾ ਕੀਤੀ ਲਹਿਰ ਜਾਂ ਤਾਂ ਉਸੇ ਇੱਕ ਸ਼ਖ਼ਸੀਅਤ ਤੱਕ ਸੀਮਤ ਰਹਿ ਜਾਂਦੀ ਹੈ ਜਾਂ ਦੋ ਤਿੰਨ ਪੁਸ਼ਤਾਂ ਤੱਕ ਜਾ ਕੇ ਸਮਾਪਤ ਹੁੰਦੀ ਰਹੀ ਹੈ।

ਬਾਬਰ, ਹੁਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ ਤੋਂ ਬਹਾਦਰਸ਼ਾਹ ਜ਼ਫ਼ਰ ਤੱਕ ਜਿੰਨਾ ਕੁਫ਼ਰ ਤੋਲਿਆ ਗਿਆ, ਉਸ ਨਾਲ ਟੱਕਰ ਲੈਣ ਲਈ ਇੱਕ ਤੋਂ ਬਾਅਦ ਇੱਕ ਗੁਰੂ ਸਾਹਿਬਾਨ ਨੇ ਅਹਿੰਸਾ ਨੂੰ ਪਹਿਲ ਦਿੰਦਿਆਂ ਹੋਇਆ ਜਬਰ ਵਿਰੁੱਧ ਆਵਾਜ਼ ਚੁੱਕਣੀ ਜਾਰੀ ਰੱਖੀ।  ਇਸ ਦੇ ਨਾਲੋ ਨਾਲ ਲੋਕਾਂ ਦੀ ਭਲਾਈ, ਸੋਚ ਵਿੱਚ ਵਿਕਾਸ, ਕੁਦਰਤ ਨੂੰ ਸੰਭਾਲਣ, ਪਾਖੰਡਾਂ ਤੋਂ ਬਚਾਓ, ਰੱਬ ਨਾਲ ਜੁੜਨ ਦਾ ਤਰੀਕਾ ਤੇ ਰਾਜਿਆਂ ਮਹਾਰਾਜਿਆਂ ਅੱਗੇ ਗੋਡੇ ਨਾ ਟੇਕਣ ਦਾ ਸਬਕ ਵੀ ਦਿੱਤਾ, ‘‘ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥’’ (ਗੁਰੂ ਨਾਨਕ ਦੇਵ ਜੀ-ਅੰਗ 1288)

ਇਹ ਸ਼ਬਦ ਉਚਾਰ ਕੇ ਗੁਰੂ ਸਾਹਿਬ ਨੇ ਆਉਣ ਵਾਲਿਆਂ ਲਈ ਰਾਹ ਦਸੇਰੇ ਦਾ ਕੰਮ ਕੀਤਾ ਕਿ ਉਨ੍ਹਾਂ ਦੇ ਚਲਾਏ ਪੂਰਨਿਆਂ ਉੱਤੇ ਚੱਲਣ ਵਾਲੇ ਪੁਸ਼ਤ ਦਰ ਪੁਸ਼ਤ ਇਹੀ ਸੁਣੇਹਾ ਅੱਗੋਂ ਦਿੰਦੇ ਰਹਿਣਗੇ ਕਿ ਭਾਵੇਂ ਨਿਹੱਥੇ ਹੋਵੋ ਪਰ ਆਪਣੀ ਅਣਖ ਨਾ ਮਰਨ ਦਿਓ ਤੇ ਮਨ ਅੰਦਰਲੀ ਹਿੰਮਤ ਜਾਗ੍ਰਿਤ ਰੱਖੋ। ਜ਼ੁਲਮ ਭਾਵੇਂ ਆਪਣੇ ਉੱਤੇ ਹੋਵੇ ਤੇ ਭਾਵੇਂ ਆਪਣੇ ਆਲੇ ਦੁਆਲੇ, ਉਸ ਨੂੰ ਵੇਖ ਕੇ ਚੁੱਪ ਕਰ ਕੇ ਬਹਿਣ ਵਾਲੇ ਮੁਰਦਾ ਹੁੰਦੇ ਹਨ।

ਜ਼ੁਲਮ ਕਰਨ ਵਾਲੇ ਕੋਲ ਭਾਵੇਂ ਪੂਰੀ ਤਾਕਤ ਹੋਵੇ, ਪੂਰੀ ਸਰਕਾਰ ਦਾ ਮਾਲਕ ਹੋਵੇ ਤੇ ਭਾਵੇਂ ਇੱਕ ਗੁੱਟ ਦਾ ਸਰਗਨਾ ਹੋਵੇ, ਨਿਹੱਥੇ ਹੁੰਦੇ ਹੋਇਆਂ ਵੀ ਗ਼ਲਤ ਨੂੰ ਗ਼ਲਤ ਕਹਿਣ ਦੀ ਤਾਕਤ ਹਰ ਕਿਸੇ ਅੰਦਰ ਭਾਵੇਂ ਨਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਹਰ ਧਰਮ ਦੇ ਬਾਸ਼ਿੰਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ।

ਉਨ੍ਹਾਂ ਸਮਿਆਂ ਵਿੱਚ ਸਰਕਾਰਾਂ ਤੇ ਰਾਜਿਆਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਸਹਿ ਰਹੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਖ਼ੂਬੀ ਸਮਝਾ ਦਿੱਤਾ-‘‘ਅਹਿਲਕਾਰ ਤਾਂ ਆਪਣੇ ਹੀ ਜਾਤਿ ਭਰਾਵਾਂ ਨੂੰ ਫਸਾ ਦਿੰਦੇ ਹਨ ਕਿਉਂਕਿ ਉਹ ਰਾਜੇ ਪ੍ਰਤੀ ਵਫ਼ਾਦਾਰੀ ਦਿਖਾਉਣ ਬਦਲੇ ਆਪਣੀ ਸੁਰੱਖਿਆ ਤੇ ਕੁੱਝ ਮਾਲੀ ਲਾਲਚ ਤੱਕ ਹੀ ਆਪਣੀ ਸੋਚ ਨੂੰ ਸੀਮਤ ਕਰ ਲੈਂਦੇ ਹਨ। ਏਸੇ ਲਈ ਅੱਖਾਂ, ਕੰਨ, ਨੱਕ ਤੇ ਦਿਮਾਗ਼ ਬੰਦ ਕਰ ਕੇ ਗ਼ਲਤ ਹੁਕਮਾਂ ਨੂੰ ਵੀ ਲਾਗੂ ਕਰਨ ਵਾਸਤੇ ਗ਼ਰੀਬਾਂ ਦੇ ਹੱਕਾਂ ਦਾ ਘਾਣ ਕਰ ਕੇ ਉਨ੍ਹਾਂ ਨੂੰ ਪੀਹ ਦਿੰਦੇ ਹਨ; ਜਿਵੇਂ ਗਿਝਾਇਆ ਹੋਇਆ ਹਿਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਕੇ ਫਸਾ ਦਿੰਦਾ ਹੈ, ਉਵੇਂ ਹੀ ਰਾਜੇ ਦੇ ਅਹਿਲਕਾਰ ਆਪਣੇ ਹੀ ਹਮ ਜਿਨਸ ਮਨੁੱਖਾਂ ਦਾ ਲਹੂ ਪੀਂਦੇ ਹਨ।

ਸਖ਼ਤ ਸ਼ਬਦਾਵਲੀ ਵਰਤਦਿਆਂ ਗੁਰੂ ਸਾਹਿਬ ਨੇ ਅਜਿਹੇ ਰਾਜਿਆਂ ਨੂੰ ਸ਼ਿਕਾਰੀ ਸ਼ੇਰ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਕੁੱਤੇ ਮੰਨ ਕੇ ਸਮਝਾਇਆ ਹੈ ਕਿ ਜ਼ੁਲਮ ਸਹਿਣ ਵਾਲਿਓ, ਉੱਠੋ, ਜਾਗੋ ਤੇ ਮਨ ਦੀਆਂ ਅੱਖਾਂ ਖੋਲ੍ਹੋ !  ‘‘ਹਰਣਾਂ, ਬਾਜਾਂ ਤੈ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥  ਫਾਂਧੀ ਲਗੀ, ਜਾਤਿ ਫਹਾਇਨਿ; ਅਗੈ ਨਾਹੀ ਥਾਉ ॥.. ਰਾਜੇ ਸੀਹ ਮੁਕਦਮ ਕੁਤੇ ॥  ਜਾਇ ਜਗਾਇਨਿ੍ ਬੈਠੇ ਸੁਤੇ ॥  ਚਾਕਰ ਨਹਦਾ ਪਾਇਨਿ੍ ਘਾਉ ॥  ਰਤੁ ਪਿਤੁ ਕੁਤਿਹੋ ਚਟਿ ਜਾਹੁ॥’’ (ਮ: ੧/੧੨੮੮)

ਹਰ ਸਦੀ ਵਿੱਚ ਜ਼ੁਲਮ ਹੁੰਦਾ ਰਿਹਾ ਹੈ ਤੇ ਜਬਰ ਕਰਨ ਵਾਲੇ ਵੀ ਪੈਦਾ ਹੁੰਦੇ ਰਹੇ ਹਨ। ਅੱਗੋਂ ਵੀ ਇਹੋ ਕੁੱਝ ਚੱਲਦਾ ਰਹਿਣਾ ਹੈ ਕਿਉਂਕਿ ਰਾਜ ਭਾਗ ਤੇ ਕੁਰਸੀ ਬੰਦੇ ਦੀ ‘ਮਤਿ ਥੋਰੀ’ ਕਰ ਦਿੰਦੀ ਹੈ। ਤਾਕਤ ਦਾ ਨਸ਼ਾ ਸੋਚਣ, ਸਮਝਣ ਦੀ ਸਮਰਥਾ ਘਟਾ ਕੇ ਰਾਜ ਭਾਗ ਵਾਲੇ ਨੂੰ ਆਪਣੇ ਹੀ ਬਣਾਏ ਇੱਕ ਦਾਇਰੇ ਤੱਕ ਸੀਮਤ ਕਰ ਦਿੰਦਾ ਹੈ, ਜਿੱਥੇ ਬਾਕੀ ਪਰਜਾ ਸਿਰਫ਼ ਕੀੜੇ ਮਕੌੜੇ ਜਾਪਣ ਲੱਗ ਪੈਂਦੀ ਹੈ।

ਇਸੇ ਕਰ ਕੇ ਆਪਣੀ ਗੱਦੀ ਪੱਕੀ ਕਰਨ ਪਿੱਛੇ ਹਰ ਬਗ਼ਾਵਤ ਕਰਨ ਵਾਲੇ ਨੂੰ ਕੁਚਲ ਦੇਣ, ਖ਼ਤਮ ਕਰ ਦੇਣ, ਜੇਲ੍ਹਾਂ ਵਿੱਚ ਡੱਕ ਦੇਣ ਜਾਂ ਭੁੱਖੇ ਭਾਣੇ ਤ੍ਰਾਹ-ਤ੍ਰਾਹ ਕਰ ਕੇ ਮਰ ਮੁੱਕ ਜਾਣ ਲਈ ਛੱਡ ਦਿੱਤਾ ਜਾਂਦਾ ਹੈ। ਕਮਾਲ ਤਾਂ ਇਹ ਹੈ ਕਿ ਹਰ ਸਦੀ ਵਿੱਚ ਜ਼ਾਲਮ ਹੋਏ ਸਨ ਅਤੇ ਉਨ੍ਹਾਂ ਪ੍ਰਤੀ ਬਗ਼ਾਵਤੀ ਸੁਰ ਕੱਢਣ ਵਾਲੇ ਆਮ ਲੋਕ ਵੀ ਉੱਠੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਤਖ਼ਤੋ ਤਾਜ ਤੋਂ ਮਹਿਰੂਮ ਕਰ ਦਿੱਤਾ।

ਰਾਜਿਆਂ ਦੇ ਅਹਿਲਕਾਰ ਬਿਲਕੁਲ ਉਂਜ ਹੀ ਮੰਨਣੇ ਚਾਹੀਦੇ ਹਨ; ਜਿਵੇਂ ਸ਼ੇਰਾਂ ਦੇ ਨਹੁੰ ਹੋਣ। ਇਹ ਹਮੇਸ਼ਾ ਸ਼ੇਰਾਂ ਦੇ ਹੁਕਮਾਂ ਦੇ ਬੰਨੇ ਬੇਕਸੂਰ ਤੇ ਸੁੱਤੇ ਪਏ ਲੋਕਾਂ ਦਾ ਘਾਤ ਕਰ ਕੇ ਉਨ੍ਹਾਂ ਦਾ ਲਹੂ ਪੀਂਦੇ ਹਨ।

ਬੇਇਤਬਾਰੇ ਤੇ ਨੱਕ ਵੱਢੇ ਨਾਂ ਦੇ ਕੇ ਹਰ ਜਣੇ ਨੂੰ ਸਮਝਾਇਆ ਗਿਆ ਕਿ ਇਨ੍ਹਾਂ ਲੋਕਾਂ ਦੀ ਪਰਖ ਕਰ ਦੇ ਇੱਕਜੁੱਟ ਹੋ ਕੇ ਹਰ ਆਮ ਬੰਦੇ ਨੂੰ ਇਕੱਠੇ ਹੋ ਕੇ ਆਪਣੀ ਤਾਕਤ ਸਮਝਣੀ ਚਾਹੀਦੀ ਹੈ।

ਨੇਕ ਤੇ ਗ਼ਰੀਬ ਮਨੁੱਖ ਤਾਂ ਰੁਖ ਵਾਂਗ ਹੁੰਦਾ ਹੈ। ਜੇ ਉਹ ਆਪਣੀ ਟੇਕ ਰੱਬ ਉੱਤੇ ਛੱਡ ਕੇ ਇੱਕਜੁੱਟ ਹੋ ਜਾਵੇ ਤਾਂ ਉਹ ਡੂੰਘੀਆਂ ਜੜ੍ਹਾਂ ਵਾਲਾ ਰੁੱਖ ਬਣ ਜਾਂਦਾ ਹੈ, ਜਿਸ ਨੂੰ ਕੋਈ ਹਨ੍ਹੇਰੀ ਸੌਖਿਆਂ ਸੁੱਟ ਨਹੀਂ ਸਕਦੀ। ਇਹੋ ਕਾਰਨ ਹੈ ਕਿ ਲੋਕ ਰੋਹ ਅੱਗੇ ਜਾਬਰ ਰਾਜਿਆਂ ਦੇ ਤਖ਼ਤੇ ਪਲਟੇ ਗਏ ਤੇ ਉਨ੍ਹਾਂ ਦੇ ਖ਼ਾਨਦਾਨ ਨੇਸਤੋ-ਨਾਬੂਦ ਹੋ ਗਏ।

ਦੂਜਿਆਂ ਲਈ ਜਾਨ ਵਾਰ ਦੇਣ ਵਾਲੇ ਗੁਰੂ ਸਾਹਿਬ ਦਾ ਵੰਸ਼ ਸਰੀਰਕ ਤੌਰ ਉੱਤੇ ਭਾਵੇਂ ਖ਼ਤਮ ਕੀਤਾ ਗਿਆ ਹੋਵੇ ਪਰ ਬਗ਼ਾਵਤੀ ਸੋਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਜ਼ਾਲਮ ਨੂੰ ਮੂੰਹ-ਤੋੜ ਜਵਾਬ ਸੀ। ਸਾਢੇ 500 ਸਾਲ ਬਾਅਦ ਵੀ ਉਨ੍ਹਾਂ ਦੇ ਨਾਂ ਨੂੰ ਸਿਜਦਾ ਕਰਨ ਵਾਲੇ ਤੇ ਉਨ੍ਹਾਂ ਦੀ ਉਚਾਰੀ ਬਾਣੀ ਲਈ ਜਾਨਾਂ ਵਾਰ ਦੇਣ ਵਾਲੇ ਧਰਤੀ ਦੇ ਹਰ ਕੋਨੇ ਉੱਤੇ ਮੌਜੂਦ ਹਨ, ਪਰ ਕੀ ਜ਼ੁਲਮ ਕਰਨ ਵਾਲਿਆਂ ਦਾ ਖ਼ਾਨਦਾਨ ਕਿਤੇ ਦਿਸਦਾ ਹੈ ?

ਸੰਨ 1947 ਵਿੱਚ ਵੀ ਰਾਜ ਕਰਨ ਵਾਲਿਆਂ ਦਾ ਕੁੱਝ ਨਹੀਂ ਖੁੱਸਿਆ ਪਰ ਰਾਜ ਹਾਸਲ ਕਰਨ ਲਈ ਆਮ ਲੋਕਾਂ ਨੂੰ ਵੱਢ ਘੱਤਿਆ ਗਿਆ। ਉਨ੍ਹਾਂ ਦਾ ਘਰ ਬਾਰ, ਰਿਸ਼ਤੇਦਾਰ, ਮਾਲ ਅਸਬਾਬ ਕੁੱਝ ਨਹੀਂ ਬਚਿਆ। ਲਾਅਨਤ ਤਾਂ ਇਹ ਹੈ ਕਿ ਅੱਜ ਵੀ ਉਸੇ ਜ਼ਖ਼ਮ ਨੂੰ ਕੁਰੇਦ ਕੇ ਆਮ ਲੋਕਾਂ ਦੇ ਮਨਾਂ ਵਿੱਚ ਪਾੜ ਪਾ ਕੇ ਦੁਹਾਂ ਪਾਸੇ ਹਾਕਮ ਰਾਜ ਕਰਦੇ ਪਏ ਹਨ।

ਸੰਨ 1984 ਵਿਚਲੇ ਮਨੁੱਖੀ ਹੱਕਾਂ ਦੇ ਘਾਣ ਨੂੰ ਵੀ ਸਿਆਸਤਦਾਨਾਂ ਨੇ ਸਿਆਸਤ ਦੀ ਜੰਗ ਭਖਾਉਣ ਤੇ ਆਮ ਲੋਕਾਂ ਦੇ ਮਨਾਂ ਵਿਚਲੇ ਡੂੰਘੇ ਲੁਕੇ ਜ਼ਖ਼ਮਾਂ ਨੂੰ ਵਾਰ-ਵਾਰ ਕੁਰੇਦ ਕੇ ਸਿੰਘਾਸਣ ਹਾਸਲ ਕਰਨ ਦਾ ਜ਼ਰੀਆ ਬਣਾ ਲਿਆ ਹੋਇਆ ਹੈ।

ਬਹਿਬਲ ਕਲਾਂ ਵਿੱਚ ਜਿਸ ਬਾਣੀ ਦੇ ਨਿਰਾਦਰ ਲਈ ਲੋਕ ਰੋਹ, ਸ਼ਾਂਤ ਮਹਾਂਸਾਗਰ ਵਾਂਗ ਜਮਾਂ ਹੋਇਆ ਸੀ, ਉਸ ਬਾਣੀ ਵਿੱਚ ਮੁਸਲਮਾਨ ਫ਼ਕੀਰ ਤੇ ਹਿੰਦੂ ਜਾਤੀ ਨਾਲ ਸੰਬੰਧਿਤ ਸੰਤਾਂ ਦੀ ਬਾਣੀ ਵੀ ਦਰਜ ਹੈ। ਯਾਨੀ ਸਮੂਹ ਧਰਮਾਂ ਦੇ ਲੋਕਾਂ ਦੀ ਇੱਜ਼ਤ ਕਰਨ ਵਾਲਾ ਤੇ ਇਨਸਾਨੀਅਤ ਨੂੰ ਤਰਜੀਹ ਦੇਣ ਵਾਲਾ ਇਲਾਹੀ ਹੁਕਮ, ਜਿਸ ਵਿੱਚ ਜ਼ਿੰਦਗੀ ਨੂੰ ਸਹੀ ਤਰੀਕੇ ਜੀਉਣ ਦਾ ਢੰਗ ਤੇ ਲੋਕ ਭਲਾਈ ਦਾ ਸੁਣੇਹਾ ਦਰਜ ਹੋਵੇ, ਉਸ ਦੀ ਬੇਕਦਰੀ ਕਰਨ ਵਾਲੇ ਇਨਸਾਨੀਅਤ ਦੇ ਦੁਸ਼ਮਨ ਤਾਂ ਆਪੇ ਹੀ ਸਾਬਤ ਹੋ ਜਾਂਦੇ ਹਨ। ਜਿਸ ਬਾਣੀ ਵਿੱਚ ਸਭ ਨੂੰ ਕੁਦਰਤ ਦੇ ਬੰਦੇ ਕਿਹਾ ਹੋਵੇ, ਉਸ ਨੂੰ ਰਾਜੇ ਦੇ ਮੁਕੱਦਮ ਕੁੱਤੇ, ਸ਼ਿਕਾਰ ਕਰ ਕੇ ਰਾਜੇ ਅੱਗੇ ਪਰੋਸਣ ਤਾਂ ਕੀ ਲੋਕ ਇਸ ਨੂੰ ਸਹਿ ਜਾਣਗੇ ? ਆਖਰ ਦੱਸੋ ਤਾਂ ਸਹੀ ਕਿ ਕਿਸੇ ਵੀ ਧਰਮ ਦਾ ਬੰਦਾ ਲੋਕ ਭਲਾਈ ਲਈ ਕਹੀ ਗੱਲ ਨੂੰ ਸਾੜੇ ਤੇ ਪਾੜੇ ਜਾਣ ਦਾ ਕੀ ਮਤਲਬ ਕੱਢੇ ?

ਲੋਕ ਰੋਹ ਕਿਸੇ ਇੱਕ ਸਿਆਸਤਦਾਨ ਦੇ ਵਿਰੁੱਧ ਨਹੀਂ ਹੁੰਦਾ ਬਲਕਿ ਲੋਕ-ਪੱਖੀ ਸੋਚ ਨੂੰ ਮਿੱਧਣ ਵਾਲੇ ਹਰ ਰਾਜੇ ਤੇ ਉਸ ਦੇ ਸ਼ਿਕਾਰੀ ਅਹਿਲਕਾਰਾਂ ਵਿਰੁੱਧ ਉਜਾਗਰ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਇਹ ਵਿਦਰੋਹ ਦਬਾਇਆ ਨਹੀਂ ਜਾ ਸਕਦਾ। ਸਿੱਖ ਪੰਥ ਵਿੱਚ ਤਾਂ ਇਸ ਗੱਲ ਦੀ ਵੀ ਪੱਕੀ ਨੀਂਹ ਰੱਖੀ ਗਈ ਹੈ ਕਿ ਰਹਿਨੁਮਾਈ ਵਾਸਤੇ ਹਮੇਸ਼ਾ ਕੋਈ ਮਰਜੀਵੜਾ ਗੁਰੂ ਦੀ ਬਾਣੀ ਤੋਂ ਸੇਧ ਲੈ ਕੇ ਜਬਰ ਦੇ ਵਿਰੋਧ ਲਈ ਆਮ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣ ਕੇ ਅਗਾਂਹ ਆਉਂਦਾ ਰਿਹਾ ਹੈ। ਜਿੱਥੇ ਕੋਈ ਭਾਈ-ਵੀਰ ਨਾ ਵੀ ਹੋਵੇ ਤਾਂ ਕਿਸੇ ਧੀ ਜਾਂ ਮਾਂ ਵਿੱਚੋਂ ਮਾਈ ਭਾਗੋ ਦੀ ਵੰਗਾਰ ਜ਼ਰੂਰ ਗਰਜਦੀ ਹੈ।

ਇੱਕ ਸਵਾਲ ਸੂਝਵਾਨ ਪਾਠਕਾਂ ਤੇ ਸੁਣਨ ਵਾਲਿਆਂ ਲਈ ਜ਼ਰੂਰ ਹੈ ! ਕੀ ਇਹ ਕਿਤੇ ਲਿਖਿਆ ਮਿਲਦਾ ਹੈ ਕਿ ਰਾਜੇ ਜ਼ੁਲਮ ਕਰਨ ਤਾਂ ਧਾਰਮਿਕ ਥਾਵਾਂ ਉੱਤੇ ਪਹੁੰਚ ਕੇ ਮੱਥੇ ਰਗੜਨ ਦਾ ਡਰਾਮਾ ਕਰ ਕੇ ਸੁਰਖ਼ਰੂ ਹੋ ਸਕਦੇ ਹਨ ਪਰ ਪਰਜਾ ਵਿੱਚੋਂ ਜੇ ਕੋਈ ਰਾਜੇ ਨੂੰ ਜਾਂ ਉਸ ਦੇ ਅਹਿਲਕਾਰਾਂ ਵਿੱਚੋਂ ਕਿਸੇ ਦੀ ‘ਮੈਂ’ ਨੂੰ ਝਰੀਟ ਵੀ ਮਾਰ ਦੇਵੇ ਤਾਂ ਮਰਨ ਤੱਕ ਜੇਲ੍ਹ ਵਿੱਚ ਡੱਕੇ ਜਾਣ ਬਾਅਦ ਵੀ ਆਪਣਾ ਜੁਰਮ ਬਖ਼ਸ਼ਵਾ ਨਹੀਂ ਸਕਦਾ ?

ਕੀ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ, ਜਿਹੜੇ ਲੋਕਾਂ ਦਾ ਲਹੂ ਪੀ ਰਹੇ ਹੋਣ ਤੇ ਗੁਰੂ ਦੀ ਬਾਣੀ ਦੀਆਂ ਧੱਜੀਆਂ ਉੱਡਾ ਰਹੇ ਹੋਣ ਤੇ ਜਿਸ ਬਾਣੀ ਵਿੱਚ ਰਾਜਿਆਂ ਤੇ ਉਨ੍ਹਾਂ ਦੇ ਜ਼ੁਲਮ ਕਰ ਰਹੇ ਅਹਿਲਕਾਰਾਂ ਨੂੰ ਲਾਅਨਤਾਂ ਪਾਈਆਂ ਹੋਣ ਤੇ ਜੋ ਬਾਣੀ ਸਪਸ਼ਟ ਕਰ ਰਹੀ ਹੋਵੇ ਕਿ ਲੋਕਾਂ ਦਾ ਲਹੂ ਪੀ ਕੇ ਪਲੀਤ ਹੋ ਚੁੱਕਿਆਂ ਤੋਂ ਮੂੰਹ ਮੋੜ ਲਵੋ ਤੇ ਉਨ੍ਹਾਂ ਦਾ ਦੱਬ ਕੇ ਵਿਰੋਧ ਕਰੋ, ਕੀ ਉਸੇ ਗੁਰੂ ਦੀ ਬਾਣੀ ਅੱਗੇ ਮੱਥਾ ਟੇਕ ਕੇ ਉਨ੍ਹਾਂ ਹੀ ਮੁਕੱਦਮ ਕੁੱਤਿਆਂ ਨੂੰ ਸਭ ਕੁੱਝ ਦੁਬਾਰਾ ਕਰਨ ਦਾ ਹੱਕ ਮਿਲ ਜਾਂਦਾ ਹੈ ?

ਜੇ ਇਹੀ ਮੁਆਫ਼ੀ ਹੈ ਤਾਂ ਫੇਰ ਹਰ ਗ਼ਰੀਬ ਨੂੰ, ਹਰ ਅਣਖੀ ਨੂੰ ਤੇ ਹਰ ਗੁਰੂ ਦੇ ਪਿਆਰੇ ਨੂੰ ਵੀ ਅਜਿਹੇ ਰਾਜਿਆਂ ਤੇ ਅਹਿਲਕਾਰਾਂ ਨੂੰ ਰਾਜ ਪਾਟ ਤੋਂ ਧੂਅ ਕੇ ਲਾਹ ਦੇਣ ਬਾਅਦ ਵੀ ਮੱਥਾ ਟੇਕ ਕੇ ਮੁਆਫ਼ੀ ਮਿਲ ਜਾਣੀ ਚਾਹੀਦੀ ਹੈ ! ਇਸ ਸਵਾਲ ਦਾ ਜਵਾਬ ਸਿਰਫ਼ ਅਣਖ ਵਾਲਿਆਂ ਕੋਲ ਹੀ ਹੋ ਸਕਦਾ ਹੈ। ਜੁੱਤੀ-ਚੱਟਾਂ ਤੇ ਮਖ਼ਮਲੀ ਝੂਟਿਆਂ ਦੇ ਹੁਲਾਰੇ ਲੈਣ ਵਾਲਿਆਂ ਕੋਲ ਨਹੀਂ।

ਹੁਕਮਰਾਨਾਂ ਨੇ ਤਾਂ 47 ਦੇ ਜ਼ਖ਼ਮਾਂ ਨੂੰ ਵੀ ਵਕਤੀ ਮਲ੍ਹਮ ਲਾਉਣ ਵਾਸਤੇ ਕਦੇ ਅਫਸੋਸ ਦਾ ਦੀਵਾ ਬਾਲਣ ਹੀ ਨਹੀਂ ਦਿੱਤਾ। ਸਿਰਫ਼ ਆਜ਼ਾਦੀ ਦਾ ਜਸ਼ਨ ਮਨਾਉਣ ਤੱਕ ਹੀ ਸੀਮਤ ਕਰ ਦਿੱਤਾ ਹੈ। ਬਿਲਕੁਲ ਇੰਜ ਹੀ 84 ਬਾਰੇ ਗੱਲ ਕਰਨ ਵਾਲਾ ਵੀ ਦੇਸਧ੍ਰੋਹੀ ਬਣ ਜਾਂਦਾ ਹੈ ਤੇ ਉਹ ਜ਼ਖ਼ਮ ਵੀ ਉਂਜ ਹੀ ਦੱਬ ਦਿੱਤੇ ਗਏ ਹਨ।

ਇਨ੍ਹਾਂ ਦਾ ਜ਼ਿਕਰ ਤਾਂ ਕਰੀਏ ਜੇ ਕਿਸੇ ਸਿੱਖ ਧਰਮ ਨਾਲ ਜੁੜੇ ਬੱਚੇ ਨੂੰ ਤੱਤੀਆਂ ਤਵੀਆਂ ਦੀ ਪੀੜ ਮਹਿਸੂਸ ਹੋ ਰਹੀ ਹੋਵੇ। ਉਹ ਦਿਨ ਵੀ ਸਿਰਫ਼ ਗੁਰਦੁਆਰਿਆਂ ਵਿੱਚ ਲੰਗਰ ਛਕਣ ਤੇ ਛਬੀਲਾਂ ਲਾਉਣ ਦੇ ਜਸ਼ਨ ਵਿੱਚ ਤਬਦੀਲ ਹੋ ਚੁੱਕਿਆ ਹੈ। ਇੱਥੇ ਤਾਂ ਸੀਸ ਕਟਵਾਉਣ ਵਾਲੇ ਗੁਰੂ ਜੀ, ਜੋ ਪੂਰੇ ਹਿੰਦ ਦੀ ਚਾਦਰ ਸਾਬਤ ਹੋਏ ਸਨ, ਦਾ ਜ਼ਿਕਰ ਵੀ ਕਰਨ ਵਾਲੇ ਨੂੰ ਕੁਰਾਹਾ ਮੰਨ ਲਿਆ ਜਾਂਦਾ ਹੈ।

ਹੋਰ ਤਾਂ ਹੋਰ, ਚਰਖੜੀਆਂ ਉੱਤੇ ਸਰੀਰ ਚਿਰਵਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ ਤੇ ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਨੂੰ ਅੱਜ ਸਿਰਫ਼ ਚੁਟਕਲਿਆਂ ਤੇ ਮਜ਼ਾਕ ਦਾ ਪਾਤਰ ਬਣਾਉਣ ਉੱਤੇ ਜ਼ੋਰ ਲਾਇਆ ਜਾ ਰਿਹਾ ਹੈ।

ਫਿਟਕਾਰ ਦੀ ਗੱਲ ਤਾਂ ਇਹ ਹੈ ਕਿ ਨੀਹਾਂ ਵਿੱਚ ਚਿਣੇ ਗਏ ਦੁੱਧ ਦੇ ਦੰਦਾਂ ਵਾਲੇ ਬਾਲਾਂ ਦੇ ਸ਼ਹੀਦੀ ਦਿਹਾੜੇ ਨੂੰ ਵੀ ਸਿਆਸੀ ਅਖਾੜਾ ਬਣਾ ਕੇ ਰੱਖ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਹਾਲ ਵਿੱਚ ਇਸ ਕੌਮ ਦੇ ਨੌਜਵਾਨ ਆਪਣੇ ਲਹੂ ਅੰਦਰ ਕਿਤੇ ਉਬਾਲਾ ਨਾ ਲੈ ਆਉਣ !

ਜਿਹੜਾ ਜ਼ੁਲਮ ਨਾਲ ਟੱਕਰ ਲੈਣ ਦੀ ਜੁਅਰਤ ਕਰੇ, ਉਹ ਭਾਵੇਂ ਕਿਸਾਨ ਹੋਵੇ, ਅਧਿਆਪਕ ਹੋਵੇ, ਦਿਹਾੜੀਦਾਰ ਮਜ਼ਦੂਰ ਹੋਵੇ, ਸਫ਼ਾਈ ਕਰਮਚਾਰੀ ਹੋਵੇ, ਪੱਤਰਕਾਰ ਹੋਵੇ, ਸਿਰਫ਼ ਇਸ ਲਈ ਦੱਬ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬੀ ਇੱਕਜੁੱਟ ਹੋਣਾ ਭੁੱਲ ਗਏ ਹਨ। ਉਹ ਹਿੰਦੂ, ਸਿੱਖ, ਮੁਸਲਮਾਨ, ਈਸਾਈ ਜਾਂ ਕਿਸੇ ਸਿਆਸੀ ਪਾਰਟੀ ਦੇ ਨੁੰਮਾਇੰਦੇ ਹੀ ਬਣ ਕੇ ਰਹਿ ਗਏ ਹਨ।

ਇਜ਼ਰਾਈਲ ਵਿੱਚ ਅੱਜ ਦੇ ਦਿਨ ਵੀ ਸਾਲ ਵਿੱਚ ਇੱਕ ਵਾਰ ਦੋ ਮਿੰਟਾਂ ਲਈ ਪੂਰਾ ਮੁਲਕ ਇੱਕ ਹੂਟਰ ਵੱਜਣ ਉੱਤੇ ਖਲੋ ਜਾਂਦਾ ਹੈ। ਭਾਵੇਂ ਬਸ ਹੋਵੇ ਤੇ ਭਾਵੇਂ ਪੁਲਿਸ ਦੀਆਂ ਕਾਰਾਂ ਜਾਂ ਟੈਕਸੀਆਂ ਜਾਂ ਕੋਈ ਪੈਦਲ ਹੋਵੇ, ਹਰ ਜਣਾ ਇਸ ਹੂਟਰ ਉੱਤੇ ਰੁੱਕਦਾ ਹੈ। ਕਾਰਨ ? ਸੱਠ ਲੱਖ ਯਹੂਦੀਆਂ ਦਾ ਨਾਜ਼ੀਆਂ ਵੱਲੋਂ ਨਸਲਕੁਸ਼ੀ ਕਰਨਾ ! ਇਸੇ ਦੀ ਯਾਦ ਵਿੱਚ ਹਰ ਸਾਲ ਅਜਿਹਾ 12 ਅਪਰੈਲ ਨੂੰ ਕੀਤਾ ਜਾਂਦਾ ਹੈ। ਕਾਰਾਂ, ਬਸਾਂ ਵਿੱਚੋਂ ਸਭ ਸਵਾਰੀਆਂ ਉੱਤਰ ਕੇ ਮੌਨ ਧਾਰਨ ਕਰ ਕੇ ਜਿੱਥੇ ਵਿਛੜੀਆਂ ਰੂਹਾਂ ਲਈ ਅਰਦਾਸ ਕਰਦੀਆਂ ਹਨ ਉੱਥੇ ਸਾਰੇ ਹੋਟਲ, ਰੈਸਟੋਰਾਂ ਤੇ ਸਾਰੀਆਂ ਮੌਜ ਮਸਤੀ ਦੀਆਂ ਥਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਹਰ ਸਕੂਲ ਵਿੱਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਅਰਦਾਸਾਂ ਕਰਵਾਈਆਂ ਜਾਂਦੀਆਂ ਹਨ ਕਿ ਕਿਤੇ ਉਹ ਆਪਣਾ ਪਿਛੋਕੜ ਭੁੱਲ ਨਾ ਜਾਣ।  ਕੀ ਸਿੱਖ ਪੰਥ 365 ਦਿਨਾਂ ਵਿੱਚੋਂ ਕਿਸੇ ਇੱਕ ਦਿਨ ਵਿਚਲੇ 2 ਮਿੰਟ ਵੀ ਆਪਣੇ ਪਿਛੋਕੜ ਲਈ ਕੱਢ ਸਕਿਆ ਹੈ ?

ਕੋਈ ਅਜਿਹਾ ਦਿਨ, ਜਿੱਥੇ ਸਾਡੇ ਬੱਚੇ ਮੌਜ ਮਸਤੀ ਤੇ ਮੇਲਿਆਂ ਦੀ ਥਾਂ ਪੰਜ ਮਿੰਟ ਤੱਤੀਆਂ ਤਵੀਆਂ ਨੂੰ ਯਾਦ ਕਰਦੇ ਹੋਣ ? ਚਰਖੜੀਆਂ ’ਤੇ ਚੜ੍ਹਿਆਂ ਲਈ, ਆਰਿਆਂ ਉੱਤੇ ਚਿਰਵਾਏ ਗਇਆਂ ਲਈ, ਨੇਜ਼ਿਆਂ ਨਾਲ ਵਿੰਨ੍ਹਿਆਂ ਗਇਆਂ ਲਈ, ਕਸ਼ਮੀਰੀ ਪੰਡਤਾਂ ਲਈ ਸੀਸ ਵਾਰਨ ਵਾਲੇ ਲਈ, ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪਾਉਣ ਵਾਲਿਆਂ ਲਈ, ਨੀਹਾਂ ਵਿੱਚ ਚਿਣੇ ਜਾਣ ਵਾਲਿਆਂ ਲਈ, 47 ਵਿੱਚ ਇੱਜ਼ਤਾਂ ਗੁਆਉਣ ਵਾਲਿਆਂ ਲਈ, ਅਜ਼ਾਦੀ ਲਈ ਸ਼ਹਾਦਤਾਂ ਪਾਉਣ ਵਾਲਿਆਂ ਲਈ, 84 ਵਿੱਚ ਗਲਾਂ ਵਿੱਚ ਬਲਦੇ ਟਾਇਰ ਪੁਆਉਣ ਵਾਲਿਆਂ ਲਈ, ਅਕਾਲ ਤਖ਼ਤ ਦੇ ਢਾਹੇ ਜਾਣ ਲਈ, ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਲਈ, ਜੰਗੀ ਕੈਦੀਆਂ ਲਈ, ਧਰਮੀ ਫੌਜੀਆਂ ਲਈ ਤੇ ਅਨੇਕ ਹੋਰ ਕੁਰਬਾਨ ਹੋ ਚੁੱਕਿਆਂ ਲਈ ਕਦੇ ਕਿਸੇ ਨੇ ਸੋਚਿਆ ਹੈ ਕਿ ਅਜਿਹੀ ਪੀੜਾ ਨੂੰ ਪੀੜੀ ਦਰ ਪੀੜੀ ਜ਼ਿੰਦਾ ਰੱਖਣ ਲਈ ਅਸੀਂ ਵੀ ਬੱਚਿਆਂ ਨੂੰ ਸਾਲ ਵਿੱਚ ਇੱਕ ਵਾਰ ਇਸ ਬਾਰੇ ਜਾਣਕਾਰੀ ਦੇਈਏ ਤੇ ਹਰ ਸਿੱਖ ਜਿਹੜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਇਸ ਇੱਕ ਦਿਨ ਲਈ ਅੱਧਾ ਘੰਟਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਿੱਖਾਂ ਦੇ ਪਿਛੋਕੜ ਨਾਲ ਜੋੜ ਕੇ ਆਤਮ ਪੜਚੋਲ ਕਰ ਲਵੇ ?

ਕਿਸ ਸਦੀ ਵਿੱਚ ਸਮਝਾਂਗੇ ਕਿ ਸਿਆਸਤਦਾਨ, ਲੋਕਾਂ ਨਾਲ ਦਗ਼ਾ ਕਰ ਕੇ ਸਿਰਫ਼ ਵਾਰੀਆਂ ਹੀ ਵੰਡਿਆਂ ਕਰਦੇ ਹਨ। ਉਨ੍ਹਾਂ ਦਾ ਸਿੰਘਾਸਣ ਗ਼ਰੀਬਾਂ ਦੀਆਂ ਹੱਡੀਆਂ ਨਾਲ ਹੀ ਉਸਰਦਾ ਹੈ। ਜਦ ਤੱਕ ਪਿੰਡ, ਆਪਣੀ ਪੱਧਰ ਉੱਤੇ ਕੋਆਪਰੇਟਿਵ ਸਿਸਟਮ ਦੇ ਸ਼ਕਤੀਕਰਨ ਨਾਲ ਮਜ਼ਬੂਤ ਨਹੀਂ ਹੁੰਦੇ ਤੇ ਲੋਕ ਸਰਕਾਰਾਂ ਅੱਗੇ ਹੱਥ ਅੱਡ ਕੇ ਮੁਫ਼ਤ ਚੀਜ਼ਾਂ ਹਾਸਲ ਕਰਨ ਨੂੰ ਨਾ ਨਹੀਂ ਕਰਦੇ, ਇਹ ਕਾਲਾ ਦੌਰ ਕਦੇ ਨਹੀਂ ਮੁੱਕਣਾ। ਮੁਫ਼ਤ ਆਟਾ-ਦਾਲ ਤੋਂ ਅਗਾਂਹ ਤੁਰ ਕੇ ਆਪਣੀ ਸੋਚ ਮੁਫ਼ਤ ਵਿਦਿਆ ਤੇ ਮੁਫ਼ਤ ਸਿਹਤ ਸਹੂਲਤਾਂ ਵੱਲ ਕਰੀਏ। ਆਪਣੀ ਕਿਰਤ ਕਰ ਕੇ ਆਪਣੀ ਤਾਕਤ ਜਿਸ ਦਿਨ ਲੋਕ ਪਛਾਣ ਲੈਣਗੇ, ਉਦੋਂ ਹੀ ਇਹ ਚੱਕਰ ਉਲਟੇਗਾ, ਪਰ ਸਰਕਾਰਾਂ ਵਿਰੁੱਧ ਅਸਲ ਜਿੱਤ ਉਦੋਂ ਹੀ ਹੁੰਦੀ ਹੈ, ਜਦੋਂ ਦਬੇ ਜਾਣ ਵਾਲੇ ਲੋਕ ਇੱਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਣ।

ਇੱਕ ਗੱਲ ਦਿਮਾਗ਼ ਵਿੱਚੋਂ ਨਾ ਵਿਸਾਰਿਓ। ਜਦੋਂ ਸਿਆਸਦਾਨਾਂ ਕੋਲ ਕੋਈ ਰਾਹ ਨਾ ਬਚੇ ਤਾਂ ਰਾਜਿਆਂ ਦੇ ਮੁਕੱਦਮ ਕੁੱਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾਅ ਕੇ ਜਨਤਾ ਨੂੰ ਅਸਲ ਮੁੱਦਿਆਂ ਤੋਂ ਪਰ੍ਹਾਂ ਕਰ ਕੇ ਧਰਮ ਦੇ ਆਧਾਰ ਉੱਤੇ ਪਾੜ ਦਿੰਦੇ ਹਨ। ਕਈ ਵਾਰ ਅਜਿਹਾ ਹੋ ਚੁੱਕਿਆ ਹੈ ਪਰ ਅਸੀਂ ਸਮਝੇ ਨਹੀਂ।

ਕਦੇ ਮੁਸਲਮਾਨ ਅੱਤਵਾਦੀ ਤੇ ਕਦੇ ਸਿੱਖ ਅੱਤਵਾਦੀ ਕਹਿ ਕੇ ਪੰਜਾਬੀਆਂ ਨੂੰ ਪਾੜਿਆ ਜਾਂਦਾ ਰਿਹਾ ਹੈ। ਬੀਬੀ ਕੌਲਾਂ ਸਿੱਖ ਧਰਮ ਵਿੱਚ ਪਵਿੱਤਰ ਨਾਂ ਗਿਣਿਆ ਜਾਂਦਾ ਹੈ, ਜਿਸ ਦਾ ਪਿਛੋਕੜ ਮੁਸਲਮਾਨ ਹੀ ਸੀ। ਆਜ਼ਾਦੀ ਦੀ ਜੰਗ ਵਿੱਚ ਪੰਜਾਬ ਦੀ ਆਮ ਵਸੋਂ ਵਿਚਲੇ ਹਿੰਦੂ ਸਿੱਖ ਤੇ ਮੁਸਲਮਾਨਾਂ ਨੇ ਇੱਕੋ ਜਿੰਨੀ ਮਾਰ ਝੱਲੀ।

ਖੇਮਕਰਨ ਦੇ ਸੱਤ ਟੈਂਕਰ ਤੋੜ ਕੇ ਮੁਲਕ ਵਾਸਤੇ ਜਾਨ ਵਾਰ ਕੇ ਪਰਮਵੀਰ ਚੱਕਰ ਹਾਸਲ ਕਰਨ ਵਾਲਾ ਵੀਰ ਅਬਦੁਲ ਹਮੀਦ ਮੁਸਲਮਾਨ ਹੋਣ ਕਰ ਕੇ ਨਹੀਂ ਬਲਕਿ ਭਾਰਤੀ ਹੋਣ ਕਰ ਕੇ ਲੜਿਆ ਸੀ। ਵੀਰ ਚੱਕਰ ਹਾਸਲ ਬ੍ਰਿਗੇਡੀਅਰ ਉਸਮਾਨ ਅਲੀ ਵੀ ਮੁਸਲਮਾਨ ਹੋਣ ਸਦਕਾ ਨਹੀਂ, ਭਾਰਤੀ ਹੋਣ ਕਾਰਨ ਦੇਸ ਲਈ ਜਾਨ ਵਾਰ ਗਿਆ। ਸ਼ਹੀਦ ਵੀਰ ਮੇਜਰ ਸੋਮਨਾਥ ਸ਼ਰਮਾ ਪਰਮ ਵੀਰ ਚੱਕਰ ਵਿਜੇਤਾ ਜਾਂ ਸ਼ਹੀਦ ਵੀਰ ਵਿਕਰਮ ਬਤਰਾ ਪਰਮ ਵੀਰ ਚੱਕਰ ਜੇਤੂ ਨੇ ਹਿੰਦੂ ਹੋਣ ਕਰ ਕੇ ਨਹੀਂ, ਭਾਰਤੀ ਹੋਣ ਕਰ ਕੇ ਜਾਨ ਵਾਰੀ। ਕੌਣ ਭੁਲਾ ਸਕਦਾ ਹੈ ਜਨਰਲ ਹਰਬਖਸ਼ ਸਿੰਘ ਦੀ ਵੀਰਤਾ ? ਪੂਰੀ ਸਿੱਖ ਕੌਮ ਉਸ ਦੀ ਰਿਣੀ ਹੈ। ਪਰਮ ਵੀਰ ਵਿਜੇਤਾ ਵੀਰ ਨਿਰਮਲ ਜੀਤ ਸਿੰਘ ਸੇਖੋਂ ਨੇ ਵੀ ਸਿੱਖ ਹੋਣ ਸਦਕਾ ਨਹੀਂ, ਭਾਰਤੀ ਹੋਣ ਸਦਕਾ ਹੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਪਰ ਗ਼ੌਰ ਕਰਿਓ, ਸਿਆਸਤਦਾਨਾਂ ਦੇ ਲਾਡਲਿਆਂ ਨੇ ਕਦੇ ਆਪਣੀ ਜਾਨ ਨਹੀਂ ਵਾਰੀ।

ਇਸ ਨੁਕਤੇ ਨੂੰ ਸਮਝਦਿਆਂ ਕਦੇ ਤਾਂ ਅਸੀਂ ਧਰਮ ਦੇ ਨਾਂ ਉੱਤੇ ਪਾੜੇ ਜਾਣ ਤੋਂ ਬਚ ਕੇ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਤੋਂ ਖ਼ਬਰਦਾਰ ਹੋ ਕੇ ਸਿਰਫ਼ ਪੰਜਾਬੀਪੁਣਾ ਸਾਂਭ ਕੇ ਇੱਕਜੁੱਟ ਹੋਵਾਂਗੇ !

ਜੇ ਹਾਲੇ ਵੀ ਨਾ ਨਿੱਤਰੇ ਤਾਂ ਇਤਿਹਾਸ ਗਵਾਹ ਹੈ ਕਿ ਜ਼ੁਲਮ ਤੇ ਜ਼ਾਲਮ ਹਰ ਸਦੀ ਆਉਂਦੇ ਰਹੇ ਹਨ ਤੇ ਵਿਦਰੋਹ ਵੀ ਹਮੇਸ਼ਾ ਹੁੰਦਾ ਰਿਹਾ ਹੈ। ਜੇ ਰੱਜੇ ਪੁੱਜੇ ਨਾ ਨਿੱਤਰੇ ਤਾਂ ਕਾਂਮੀਆਂ ਦੇ ਵਿਹੜੇ ਵਿਦਰੋਹ ਦਾ ਬੀਜ ਜ਼ਰੂਰ ਪੁੰਗਰੇਗਾ ਤੇ ਉਹੀ ਕ੍ਰਾਂਤੀ ਦਾ ਮੁੱਢ ਬੰਨ੍ਹੇਗਾ। ਉੱਥੋਂ ਹੀ ਫਿਰ ਆਵਾਜ਼ ਗੂੰਜੇਗੀ-ਸਾਡੇ ਹੱਕ, ਏਥੇ ਰੱਖ ! ਇਨਕਲਾਬ ਜ਼ਿੰਦਾਬਾਦ ! !

ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ।

ਹਨ੍ਹੇਰੀ ਕਾਲੀ ਆਏਗੀ, ਗਰਦਿਸ਼ ਉਡਦੀ ਜਾਏਗੀ।

ਘਟਾਵਾਂ ਨੇ ਵੀ ਆਉਣਾ ਹੈ, ਝਖੜਾਂ ਸ਼ੋਰ ਮਚਾਉਣਾ ਹੈ।

ਬਿਜਲੀ ਹੋਰ ਵੀ ਕੜਕੇਗੀ, ਕੰਡਿਆਂ ਦੀ ਚੋਭ ਰੜਕੇਗੀ।

ਵੇ ਵੀਰਾ ਥੱਕ ਨਾ ਜਾਣਾ, ਨੀ ਭੈਣਾ ਅੱਕ ਨਾ ਜਾਣਾ।

ਚੰਗੇਜ਼ਾਂ ਫਿਰ ਵੀ ਆਉਣਾ ਹੈ, ਤੈਮੂਰਾਂ ਕਹਿਰ ਢਾਹੁਣਾ ਹੈ।

ਅੰਗਾਰਾਂ ਤੇ ਕਦਮ ਰੱਖਣਾ, ਜਦੋਂ ਤੱਕ ਵਾਟ ਬਾਕੀ ਹੈ।

ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ।

ਨਹੀਂ ਫ਼ਰਿਆਦ ਦਾ ਫ਼ਾਇਦਾ, ਹਨ੍ਹੇਰੇ ਦੀ ਅਦਾਲਤ ਵਿੱਚ।

ਬਗ਼ਾਵਤ ਕਰ ਮੇਰੇ ਸਜਣਾ ! ਜਦੋਂ ਤੱਕ ਰਾਤ ਬਾਕੀ ਹੈ।

ਡਾ. ਹਰਸ਼ ਚੈਰੀਟੇਬਲ ਟਰਸਟ ਵੱਲੋਂ ਬੇਸਹਾਰਾ ਬੱਚੀਆਂ ਨੂੰ ਫੀਸਾਂ ਦੇ ਚੈੱਕ ਵੰਡੇ ਗਏ

0

ਡਾ. ਹਰਸ਼ ਚੈਰੀਟੇਬਲ ਟਰਸਟ ਵੱਲੋਂ ਬੇਸਹਾਰਾ ਬੱਚੀਆਂ ਨੂੰ ਫੀਸਾਂ ਦੇ ਚੈੱਕ ਵੰਡੇ ਗਏ

                         ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪਟਿਆਲਾ, 19 ਨਵੰਬਰ :- ਪਿਛਲੇ ਇਕ ਦਹਾਕੇ ਵਿਚ ਲਗਭਗ 67,000 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਦੇ ਟੱਬਰਾਂ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਨ੍ਹਾਂ ਦੀਆਂ ਪਤਨੀਆਂ, ਮਾਵਾਂ ਤੇ ਬੱਚੀਆ ਨਰਕ ਭੋਗਣ ਉੱਤੇ ਮਜਬੂਰ ਹੋ ਜਾਂਦੀਆਂ ਹਨ।

ਉਨ੍ਹਾਂ ਕੋਲ ਖਾਣ ਦਾ ਜੁਗਾੜ ਵੀ ਨਹੀਂ ਹੁੰਦਾ ਤੇ ਉਨ੍ਹਾਂ ਦੀਆਂ ਬੱਚੀਆਂ ਦੀ ਪੜ੍ਹਾਈ ਤਾਂ ਇਕ ਸੁਫਨਾ ਹੀ ਬਣ ਕੇ ਰਹਿ ਜਾਂਦੀ ਹੈ। ਇਸੇ ਲਈ ਇਹ ਬੱਚੀਆਂ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਇੱਜ਼ਤ ਤੇ ਅਣਖ ਵਾਲੀ ਜ਼ਿੰਦਗੀ ਜੀਣ ਤੋਂ ਤਰਸਦੀਆਂ ਰਹਿ ਜਾਂਦੀਆਂ ਹਨ। ਕੁੱਝ ਮਜਬੂਰਨ ਛੇਤੀ ਵਿਆਹੀਆਂ ਜਾਂਦੀਆਂ ਹਨ ਤੇ ਕੁੱਝ ਸਮਾਜ ਵਿਚਲੇ ਦਰਿੰਦਿਆਂ ਦਾ ਸ਼ਿਕਾਰ ਬਣ ਜਾਂਦੀਆਂ ਹਨ।

ਕਈ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਪਤਨੀਆਂ ਵੀ ਮਾਨਸਿਕ ਤਸ਼ੱਦਦ ਨਾ ਸਹਾਰਦੀਆਂ ਖ਼ੁਦਕੁਸ਼ੀ ਕਰ ਲੈਂਦੀਆਂ ਹਨ ਤੇ ਉਨ੍ਹਾਂ ਦੀਆਂ ਬੱਚੀਆਂ ਬਿਲਕੁਲ ਹੀ ਬੇਸਹਾਰਾ ਹੋ ਜਾਂਦੀਆਂ ਹਨ।

ਡਾ. ਹਰਸ਼ ਚੈਰੀਟੇਬਲ ਟਰਸਟ, ਜੋ ਪਿਛਲੇ 11 ਸਾਲਾਂ ਤੋਂ ਬਿਨਾਂ ਬਾਪ ਦੇ ਬੱਚੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਿਹਾ ਹੈ, ਨੇ ਹੁਣ ਅਜਿਹੇ ਟੱਬਰਾਂ ਦੀਆਂ ਬੱਚੀਆਂ ਦੀ ਪੜ੍ਹਾਈ ਦਾ ਜਿੰਮਾ ਵੀ ਚੁੱਕ ਲਿਆ ਹੈ। ਡਾ. ਗੁਰਪਾਲ ਸਿੰਘ, ਜੋ ਇਸ ਟਰਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਟਰਸਟ ਨੇ ਹੁਣ ਤਿੰਨ ਅਜਿਹੀਆਂ ਬੱਚੀਆਂ ਨੂੰ ਪ੍ਰਾਈਵੇਟ ਸਕੂਲ ਦੀ ਪੜ੍ਹਾਈ ਕਰਨ ਲਈ ਫੀਸ ਦੇ ਚੈੱਕ ਵੰਡੇ ਹਨ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਕਮਾਈ ਕਰਨ ਯੋਗ ਬਣ ਸਕਣ।

ਡਾ. ਸਿੰਘ ਨੇ ਦੱਸਿਆ ਕਿ ਅੱਜ ਗਿਆਰਾਂ ਹੋਰ ਬੱਚੀਆਂ ਨੂੰ ਟਰਸਟ ਵਿੱਚੋਂ ਚੈੱਕ ਦੇ ਕੇ ਇਸ ਟਰਸਟ ਵਿੱਚੋਂ ਹੁਣ ਤਕ 415 ਬੱਚੀਆਂ ਨੂੰ ਮਦਦ ਦਿੱਤੀ ਜਾ ਚੁੱਕੀ ਹੈ। ਟਰਸਟ ਦੇ ਪ੍ਰਧਾਨ, ਡਾ. ਹਰਸ਼ਿੰਦਰ ਕੌਰ ਨੂੰ ਭਾਰਤ ਦੇ ਪ੍ਰੈਜ਼ੀਡੈਂਟ ਵੱਲੋਂ ਭਾਰਤ ਦੀਆਂ ਚੋਟੀ ਦੀਆਂ 100 ਅੰਤਰਰਾਸ਼ਟਰੀ ਨਾਮਣਾ ਖੱਟਣ ਵਾਲੀਆਂ ਔਰਤਾਂ ਵਿੱਚ ਸ਼ਾਮਲ ਕਰ ਕੇ ਸਨਮਾਨ ਦਿੱਤਾ ਗਿਆ ਸੀ। ਉਸ ਨੂੰ ਮਾਦਾ ਭਰੂਣ ਹੱਤਿਆ ਰੋਕਣ ਵਾਸਤੇ ਕੀਤੇ ਬੇਮਿਸਾਲ ਕੰਮਾਂ ਲਈ ਸਨਮਾਨਿਆ ਗਿਆ ਸੀ।

ਦੋ ਵਾਰ ਸਟੇਟ ਐਵਾਰਡ ਹਾਸਲ ਕਰਨ ਵਾਲੀ ਤੇ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਡਾ. ਹਰਸ਼ਿੰਦਰ ਕੌਰ ਨੂੰ ਕਨੇਡਾ, ਅਮਰੀਕਾ ਤੇ ਅਸਟ੍ਰੇਲੀਆ ਦੀਆਂ ਪਾਰਲੀਮੈਂਟਾਂ ਵਿਚ ਵੀ ਸਨਮਾਨ ਮਿਲ ਚੁੱਕਿਆ ਹੈ। ਉਹ ਹੁਣ ਤਕ 40 ਪੁਸਤਕਾਂ ਲਿਖ ਕੇ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੀ ਹੈ ਜਿਸ ਉੱਤੇ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ, ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਵੀ ਮਿਲ ਚੁੱਕੇ ਹਨ। ਪਾਕਿਸਤਾਨ ਵਿਚ ਵੀ ਡਾ. ਹਰਸ਼ਿੰਦਰ ਕੌਰ ਨੂੰ ‘ਮਾਂ ਬੋਲੀ-ਡਾਕਟਰੀ ਪੱਖ ਤੋਂ’ ਕਿਤਾਬ ਵਾਸਤੇ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁੱਕਿਆ ਹੈ।

ਜਦੋਂ ਡਾ. ਕੌਰ ਨੂੰ ਪੁੱਛਿਆ ਗਿਆ ਕਿ ਉਸ ਨੇ ਲੋੜਵੰਦ ਬੱਚੀਆਂ ਦੀ ਮਦਦ ਕਰਨ ਬਾਰੇ ਕਿਵੇਂ ਸੋਚਿਆ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਇਕ ਬੱਚੀ ਨੇ ਪਹੁੰਚ ਕੀਤੀ ਜਿਸ ਦੀ ਫੀਸ ਦੇਣ ਵਿਚ ਮਾਪੇ ਅਸਮਰਥ ਸਨ। ਜਦੋਂ ਉਹ ਸਕੂਲ ਦੀ ਪ੍ਰਿੰਸੀਪਲ ਨੂੰ ਫੀਸ ਮੁਆਫ਼ੀ ਦੀ ਬੇਨਤੀ ਕਰਨ ਗਈ ਤਾਂ ਚੌਕੀਦਾਰ ਨੇ ਉਸ ਦੀ ਮਜਬੂਰੀ ਦਾ ਫ਼ਾਇਦਾ ਉਠਾਉਣਾ ਚਾਹਿਆ।

ਅਜਿਹੀ ਗੱਲ ਤੋਂ ਡਾ. ਕੌਰ ਦਾ ਇਸ ਪਾਸੇ ਕੰਮ ਕਰਨ ਵੱਲ ਧਿਆਨ ਖਿੱਚਿਆ ਗਿਆ ਤੇ ਹੁਣ ਉਸ ਨੇ ਸਰਕਾਰ ਅੱਗੇ ਤੇ ਹੋਰ ਸ਼ੋਸ਼ਲ ਆਰਗੇਨਾਈਜੇਸ਼ਨਾਂ ਅੱਗੇ ਅਰਜ਼ੋਈ ਕੀਤੀ ਹੈ ਕਿ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਟੱਬਰਾਂ ਦੀ, ਖ਼ਾਸ ਕਰ ਨਾਬਾਲਗ ਧੀਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਤਾਂ ਜੋ ਉਹ ਬੱਚੀਆਂ ਆਪਣੀ ਮਾਂ ਦੀ ਜ਼ਿੰਮੇਵਾਰੀ ਸਾਂਭ ਸਕਣ ਤੇ ਅੱਗੋਂ ਇੱਜ਼ਤ ਵਾਲੀ ਜ਼ਿੰਦਗੀ ਜੀਅ ਸਕਣ।

ਬੇਅਦਬੀ ਕਾਂਡ: ਸੱਚ ਸਾਹਮਣੇ ਲਿਆਉਣ ਲਈ ਰਾਮ ਰਹੀਮ ਅਤੇ ਉਸ ਨੂੰ ਮੁਆਫ ਕਰਨ ਵਾਲੇ ਪੰਜੇ ਜਥੇਦਾਰਾਂ ਨੂੰ ਵੀ ਸੰਮਨ ਕੀਤਾ ਜਾਵੇ- ਕਿਰਪਾਲ ਸਿੰਘ

0

ਬੇਅਦਬੀ ਕਾਂਡ: ਸੱਚ ਸਾਹਮਣੇ ਲਿਆਉਣ ਲਈ ਰਾਮ ਰਹੀਮ ਅਤੇ ਉਸ ਨੂੰ ਮੁਆਫ ਕਰਨ ਵਾਲੇ ਪੰਜੇ ਜਥੇਦਾਰਾਂ ਨੂੰ ਵੀ ਸੰਮਨ ਕੀਤਾ ਜਾਵੇ- ਕਿਰਪਾਲ ਸਿੰਘ

ਬਠਿੰਡਾ, ਨਵੰਬਰ 13 : ਬਠਿੰਡਾ ਸ਼ਹਿਰ ਦੀਆਂ ਚੋਣਵੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਅੱਜ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਮੀਟਿੰਗ ਕਰ ਕੇ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸੱਚ ਸਾਹਮਣੇ ਲਿਆਉਣ ਲਈ ਸਿਰਸਾ ਡੇਰਾ ਮੁਖੀ ਰਾਮ ਰਹੀਮ ਅਤੇ ਉਸ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਵਾਲੇ ਪੰਜੇ ਜਥੇਦਾਰਾਂ ਨੂੰ ਵੀ ਸੰਮਨ ਜਾਰੀ ਕਰ ਕੇ ਪੁੱਛ ਪੜਤਾਲ ਵਿੱਚ ਸ਼ਾਮਲ ਕੀਤਾ ਜਾਵੇ। ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਇਹ ਇਸ ਲਈ ਜਰੂਰੀ ਹੈ ਕਿਉਂਕਿ ਡੇਰਾ ਮੁਖੀ ਨੂੰ ਭੇਦਭਰੇ ਢੰਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਮ ਦੀ ਦੁਰਵਰਤੋਂ ਕਰ ਕੇ ਮੁਆਫੀ ਦੇਣ ਅਤੇ ਇਸ ਦਾ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤੇ ਜਾਣ ਤੋਂ ਬਾਅਦ ਮੁਆਫੀ ਦੇਣ ਵਾਲੇ ਜਥੇਦਾਰਾਂ ਵੱਲੋਂ ਹੀ ਮੁਆਫੀ ਦੇਣ ਵਾਲਾ ਹੁਕਮਨਾਮਾ ਵਾਪਸ ਲੈਣ ਉਪ੍ਰੰਤ ਡੇਰਾ ਮੁਖੀ ਦੇ ਬਿਆਨ ਦੀ ਇੱਕ ਵੀਡੀਓ ਸੋਸ਼ਿਲ ਮੀਡੀਏ ’ਤੇ ਆਮ ਵੇਖੀ ਜਾਂਦੀ ਸੀ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ “ਮੇਰੇ ਪਾਸ ਏਕ ਚਿੱਠੀ ਲੇ ਕਰ ਆਏ ਔਰ ਬੋਲੇ ਕਿ ਇਸ ਪਰ ਦਸਤਖਤ ਕਰ ਦੋ, ਮਾਮਲਾ ਰਫਾ ਦਫਾ ਹੋ ਜਾਏਗਾ। ਮੈਂ ਨੇ  ਬੋਲਾ ਕਿ ਅਗਰ ਇਤਨੀ ਸੀ ਬਾਤ ਪੇ ਮਾਮਲਾ ਖਤਮ ਹੋਤਾ ਹੈ ਤੋ ਮੈਂ ਦਸਤਖਤ ਕਰ ਦੇਤਾ ਹੂੰ, ਇਸ ਲੀਏ ਮੈਂ ਨੇ ਦਸਤਖਤ ਕਰ ਦੀਏ।” ਸੋ ਸਾਰਾ ਸੱਚ ਸਾਹਮਣੇ ਲਿਆਉਣ ਲਈ ਡੇਰਾ ਮੁਖੀ ਨੂੰ ਸੰਮਨ ਜਾਰੀ ਕਰਕੇ ਉਸ ਤੋਂ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਪਾਸ ਉਹ ਚਿੱਠੀ ਕੌਣ ਲੈ ਕੇ ਆਇਆ ਸੀ ਜਿਸ ਉਪਰ ਉਨ੍ਹਾਂ ਨੇ ਦਸਤਖਤ ਕੀਤੇ ਸਨ। ਡੇਰਾ ਮੁਖੀ ਦੇ ਬਿਆਨ ਦਰਜ ਕਰ ਕੇ ਉਸ ਦੀ ਵੀਡੀਓ ਵਾਲੇ ਬਿਆਨ ਨਾਲ ਮਿਲਾ ਕੇ ਵੇਖਿਆ ਜਾਵੇ ਕਿ ਉਸ ਦੇ ਬਿਆਨ ਵਿੱਚ ਕਿਤਨੀ ਕੁ ਸੱਚਾਈ ਹੈ ?

ਇਸੇ ਤਰ੍ਹਾਂ ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਵਾਪਸ ਲੈਣ ਵਾਲੇ ਜਥੇਦਾਰਾਂ ਵਿੱਚ ਸ਼ਾਮਲ ਗਿਆਨੀ ਗੁਰਮੁਖ ਸਿੰਘ ਨੇ ਮੀਡੀਆ ਪਰਸਨਜ਼ ਨੂੰ ਸੰਬੋਧਨ ਹੁੰਦੇ ਕਿਹਾ ਸੀ ਕਿ “ਪੰਜੇ ਜਥੇਦਾਰਾਂ ਨੂੰ ਮੁੱਖ ਮੰਤਰੀ ਬਾਦਲ ਦੀ ਕੋਠੀ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਸੀ ਅਤੇ ਇੱਕ ਹਿੰਦੀ ਵਿੱਚ ਲਿਖੀ ਚਿੱਠੀ ਦੇ ਕੇ  ਹੁਕਮ ਕੀਤਾ ਸੀ ਕਿ ਇਸ ਚਿੱਠੀ ਦੇ ਆਧਾਰ ’ਤੇ ਡੇਰਾ ਮੁਖੀ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਜਲਦੀ ਵਾਪਸ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਜੋ ਚਿੱਠੀ ਪੇਸ਼ ਕੀਤੀ ਗਈ ਉਹ ਪੰਜਾਬੀ ਵਿੱਚ ਸੀ।” ਇਸ ਲਈ ਪੰਜੇ ਜਥੇਦਾਰਾਂ (ਖਾਸ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਜੋ ਉਸ ਸਮੇਂ ਤਖ਼ਤ ਸ਼੍ਰੀ ਦਮਦਮਾ ਦੇ ਜਥੇਦਾਰ ਸਨ) ਨੂੰ ਸੰਮਨ ਜਾਰੀ ਕਰ ਕੇ ਉਨ੍ਹਾਂ ਤੋਂ ਗਿਆਨੀ ਗੁਰਮੁਖ ਸਿੰਘ ਦੇ ਬਿਆਨ ਦੀ ਸੱਚਾਈ ਸਬੰਧੀ ਸਵਾਲ ਪੁੱਛੇ ਜਾਣ ਅਤੇ ਗਿਆਨੀ ਗੁਰਮੁਖ ਸਿੰਘ ਦੇ ਪਹਿਲੇ ਬਿਆਨ ਨਾਲ ਮਿਲਾਨ ਕਰ ਕੇ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇ। ਗਿਆਨੀ ਗੁਰਬਚਨ ਸਿੰਘ ਨੂੰ ਇਹ ਵੀ ਪੁੱਛਿਆ ਜਾਵੇ ਕਿ ਅਕਾਲ ਤਖ਼ਤ ’ਤੇ ਪੰਜਾਬੀ ਵਿੱਚ ਲਿਖੀ ਚਿੱਠੀ ਉਨ੍ਹਾਂ ਕਿਸ ਤੋਂ ਪ੍ਰਾਪਤ ਕੀਤੀ ਸੀ?

ਭਾਈ ਕਿਰਪਾਲ ਸਿੰਘ ਅਤੇ ਉਨ੍ਹਾਂ ਨਾਲ ਹਾਜਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਮਿੱਠੂ, ਮਲਕੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸਰਕਲ ਬਠਿੰਡਾ ਦੇ ਭਾਈ ਮਲਕੀਤ ਸਿੰਘ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਭਾਈ ਗੁਰਦਰਸ਼ਨ ਸਿੰਘ, ਇੰਜ: ਜਰਨੈਲ ਸਿੰਘ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨੈਸ਼ਨਲ ਕਲੋਨੀ ਦੇ ਪ੍ਰਧਾਨ ਭਾਈ ਸਰੂਪ ਸਿੰਘ, ਗੁਰਦੁਆਰਾ ਬਾਬਾ ਨਾਮਦੇਵ ਭਵਨ ਦੇ ਮੈਂਬਰ ਭਾਈ ਕਰਮਜੀਤ ਸਿੰਘ, ਗੁਰਦੁਆਰਾ ਭਾਈ ਮਤੀਦਾਸ ਨਗਰ ਦੇ ਪ੍ਰਧਾਨ ਕੈਪਟਨ ਮੱਲ ਸਿੰਘ, ਗੁਰਦੁਆਰਾ ਅਮਰਪੁਰਾ ਕੋਠੇ ਦੇ ਹੈੱਡ ਗ੍ਰੰਥੀ ਭਾਈ ਜਸਪਾਲ ਸਿੰਘ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ, ਹੈੱਡ ਗ੍ਰੰਥੀ ਭਾਈ ਗੁਰਿੰਦਰਦੀਪ ਸਿੰਘ, ਗ੍ਰੰਥੀ ਭਾਈ ਅਜਾਇਬ ਸਿੰਘ, ਗੁਰਦੁਆਰਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪ੍ਰਧਾਨ ਹਰਦੀਪ ਸਿੰਘ, ਸਕੱਤਰ ਭਾਈ ਸੁਰਜੀਤ ਸਿੰਘ, ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਦੇ ਜਨਰਲ ਸਕੱਤਰ ਭਾਈ ਮਿੱਠੂ ਸਿੰਘ ਜੀ, ਗੁਰਦੁਆਰਾ ਭਾਈ ਮੱਖਨ ਸ਼ਾਹ ਲੁਬਾਣਾ ਦੇ ਪ੍ਰਧਾਨ ਭਾਈ ਪ੍ਰਵੀਨ ਸਿੰਘ,  ਗੁਰਦੁਆਰਾ ਮੁਲਤਾਨੀਆ ਰੋਡ ਦੇ ਮੈਂਬਰ ਭਾਈ ਜਗਰੂਪ ਸਿੰਘ, ਗੁਰਦੁਆਰਾ ਜੋਗੀ ਨਗਰ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ, ਗੁਰਦੁਆਰਾ ਗੁਰੂ ਅਰਜਨ ਦੇਵ ਜੀ ਧੋਬੀਆਨਾ ਨਗਰ ਦੇ ਡਾ: ਖੁਸ਼ਵਿੰਦਰ ਸਿੰਘ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਾ: ੧੦ਵੀਂ ਦੇ ਪ੍ਰਧਾਨ ਸੁਖਵਿੰਦਰ ਸਿੰਘ, ਗੁਰਦੁਆਰਾ ਗੁਰੂ ਨਾਨਕਪੁਰਾ ਦੇ ਪ੍ਰਧਾਨ ਭਾਈ ਰਮਨਦੀਪ ਸਿੰਘ ਰਮੀਤਾ, ਸਰਪ੍ਰਸਤ ਭਾਈ ਸੁਰਜੀਤ ਸਿੰਘ, ਗੁਰਦੁਆਰਾ ਹਾਜੀ ਰਤਨ ਗੇਟ ਗੁਰੂ ਨਾਨਕਪੁਰਾ ਮੁਹੱਲਾ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ, ਆਦਿਕ ਨੁੰਮਾਇੰਦਿਆਂ ਨੇ ਕਿਹਾ ਕਿ ਜਦ ਤੱਕ ਡੇਰਾ ਮੁਖੀ ਅਤੇ ਪੰਜੇ ਜਥੇਦਾਰਾਂ ਨੂੰ ਪੜਤਾਲ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਸੱਚਾਈ ਸਾਹਮਣੇ ਨਹੀਂ ਆ ਸਕਦੀ ਕਿਉਂਕਿ ਬਾਦਲ ਬਾਪ ਬੇਟਾ ਅਤੇ ਅਕਸ਼ੈ ਕੁਮਾਰ ਕਦੇ ਵੀ ਆਪਣਾ ਗੁਨਾਹ ਕਬੂਲ ਨਹੀਂ ਕਰਨਗੇ।

ਕਬਿੱਤ ਨੰਬਰ 18 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 18 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ) – ੭੦੧੫੮-੨੧੧੬੨

ਦਰਸ ਧਿਆਨ ਦਿਬਿ ਦ੍ਰਿਸਟਿ ਪ੍ਰਗਾਸ ਭਈ, ਕਰੁਨਾ ਕਟਾਛ ਦਿਬਿ ਦੇਹ ਪਰਵਾਨ ਹੈ ।

ਸਬਦ ਸੁਰਤਿ ਲਿਵ ਬਜਰ ਕਪਾਟ ਖੁਲੇ,  ਪ੍ਰੇਮ ਰਸ ਰਸਨਾ ਕੈ ਅੰਮ੍ਰਿਤ ਨਿਧਾਨ ਹੈ ।

ਚਰਨ ਕਮਲ ਮਕਰੰਦ ਬਾਸਨਾ ਸੁਬਾਸ ਹਸਤ,  ਪੂਜਾ ਪ੍ਰਨਾਮ ਸਫਲ ਸੁ ਗਿਆਨ ਹੈ ।

ਅੰਗ ਅੰਗ ਬਿਸਮ ਸ੍ਰਬੰਗ ਮੈ ਸਮਾਇ ਭਏ, ਮਨ ਮਨਸਾ ਥਕਤ ਬ੍ਰਹਮ ਧਿਆਨ ਹੈ॥੧੮॥

ਸ਼ਬਦ ਅਰਥ: ਦਿਬੁ ਦ੍ਰਿਸਟਿ=ਲੰਮੀ ਨਜ਼ਰ, ਗਿਆਨ ਦੀ ਦ੍ਰਿਸ਼ਟੀ।, ਕਰਨਾ ਕਟਾਛ=ਨਿਮਖ ਭਰ ਕ੍ਰਿਪਾ।, ਬਜਰ  ਕਪਾਟ=ਕਰੜੇ ਕਿਵਾੜ।, ਨਿਧਾਨ=ਖਜ਼ਾਨਾ।, ਮਕਰੰਦ=ਫੁਲ ਦਾ ਰਸ।, ਸ੍ਰਬੰਗ=ਸਾਰੇ ਅੰਗ।

ਅਰਥ: ਗੁਰੂ ਦੇ ਦਰਸ਼ਨ ਕਰ ਕੇ ਮਨੁੱਖ ਦੀ ਗਿਆਨ ਦੀ ਅੱਖ ਖੁੱਲ੍ਹ ਜਾਂਦੀ ਹੈ ਅਤੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ,  ਇਸ ਤਰ੍ਹਾਂ ਸਤਿਗੁਰ ਦੀ ਕਿਰਪਾ ਦੁਆਰਾ ਮਨੁੱਖੀ ਦੇਹ ਪਾਵਨ ਹੋ ਜਾਂਦੀ ਹੈ।  ਸ਼ਬਦ ਅਤੇ ਸੁਰਤਿ ਦੇ ਮੇਲ ਕਰ ਕੇ ਦਸਵੇਂ ਦੁਆਰ ਦੇ ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨੇ। ਫਿਰ ਮਨੁੱਖ ਨੂੰ ਨਾਮ ਅੰਮ੍ਰਿਤ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਜਿਸ ਦੇ ਪ੍ਰੇਮ ਰਸ ਵਿੱਚ ਉਸ ਦੀ ਲਿਵ ਲਗ ਜਾਂਦੀ ਹੈ। ਕੰਵਲ ਵਰਗੇ ਚਰਨਾਂ ਦੀ ਸੁਗੰਧੀ ਲੈ ਕੇ ਹੱਥਾਂ ਨੂੰ ਪੂਜਾ ਵਿੱਚ ਲਾਇਆਂ ਭਗਤੀ ਅਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਪਰਮਾਤਮਾ ਅੰਗ ਅੰਗ ਵਿੱਚ ਸਮਾਇਆ ਹੋਇਆ ਹੈ ਅਤੇ ਮਨ ਦੇ ਸਾਰੇ ਵਿਕਾਰ ਤੇ ਇਛਾਵਾਂ ਨਾਸ ਹੋ ਗਈਆਂ ਹਨ। ਲਿਵ ਸਦਾ ਬ੍ਰਹਮ (ਪ੍ਰਭੂ) ਵਿੱਚ ਹੀ ਜੁੜੀ ਰਹਿੰਦੀ ਹੈ।

ਗੁਰੂ ਹੀ ਸਿੱਖ ਨੂੰ ਗਿਆਨ ਦਾ ਸੁਰਮਾ ਬਖ਼ਸ਼ਦਾ ਹੈ ਜਿਸ ਦੇ ਸਦਕਾ ਉਸ ਦੇ ਹਨੇਰੇ ਮਨ ਅੰਦਰੋਂ ਅਗਿਆਨਤਾ ਦੂਰ ਹੋ ਜਾਂਦੀ ਹੈ ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ। ਗੁਰਬਾਣੀ ਫੁਰਮਾਨ ਹੈ ‘‘ਗਿਆਨ ਅੰਜਨੁ ਗੁਰਿ ਦੀਆ, ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ  ! ਮਨਿ ਪਰਗਾਸੁ॥’’ (ਸੁਖਮਨੀ ਸਾਹਿਬ/ਅੰਕ ੨੯੩) ਜਦੋਂ ਗੁਰੂ ਦਾ ਸ਼ਬਦ ਮਨੁੱਖ ਦੀ ਸੁਰਤਿ ਨਾਲ ਮੇਲ ਖਾਂਦਾ ਹੈ ਤਾ ਉਸ ਦੇ ਮਨ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ, ਉਹ ਮੂੰਹ ਨਾਲ ਵੀ ਪ੍ਰਭੂ ਦਾ ਨਾਮ ਹੀ ਜਪਦਾ ਹੈ। ਫਿਰ ਉਹ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਵੇਖਦਾ। ਇਹਨਾਂ ਗੁਣਾਂ ਕਰ ਕੇ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ, ‘‘ਮਨਿ ਸਾਚਾ, ਮੁਖਿ ਸਾਚਾ ਸੋਇ॥ ਅਵਰ ਨ ਪੇਖੈ, ਏਕਸੁ ਬਿਨੁ ਕੋਇ॥ ਨਾਨਕ  ! ਇਹ ਲਛਣ,  ਬ੍ਰਹਮ ਗਿਆਨੀ ਹੋਇ॥’’ (ਸੁਖਮਨੀ ਸਾਹਿਬ/ਅੰਕ ੨੭੨) ਉਸ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ ਭਾਵ ਕਿ ਉਸ ਦੇ ਮਨ ਦੇ ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ। ਉਸ ਨੂੰ ਆਪਣੇ ਹਿਰਦੇ ਅੰਦਰ ਪ੍ਰਭੂ ਵਸਦਾ ਦਿਸ ਪੈਂਦਾ ਹੈ। ਉਹ ਇੱਕ ਅਕਹਿ ਰਸ ਵਿੱਚ ਮਸਤ ਹੋ ਜਾਂਦਾ ਹੈ, ਜੋ ਉਸ ਨੂੰ ਨਾਮ ਅੰਮ੍ਰਿਤ ਦੀ ਦਾਤਿ ਪ੍ਰਾਪਤ ਹੋਣ ’ਤੇ ਮਿਲਦਾ ਹੈ। ਨਾਮ ਦਾ ਰਸ ਹੀ ਇੱਕ ਐਸਾ ਰਸ ਹੈ, ਜਿਸ ਦੇ ਅੱਗੇ ਸਾਰੇ ਰਸ ਫਿਕੇ ਜਾਪਦੇ ਹਨ। ਜਿਸ ਨੂੰ ਇਹ ਰਸ ਪ੍ਰਾਪਤ ਹੋ ਜਾਂਦਾ ਹੈ, ਉਹ ਫਿਰ ਦੁਨੀਆਂ ਦੇ ਹੋਰ-ਹੋਰ ਰਸ ਨਹੀਂ ਭਾਲਦਾ, ‘‘ਰਾਰਾ, ਰਸੁ ਨਿਰਸ ਕਰਿ ਜਾਨਿਆ॥ ਹੋਇ ਨਿਰਸ, ਸੁ ਰਸੁ ਪਹਿਚਾਨਿਆ॥ ਇਹ ਰਸ ਛਾਡੇ, ਉਹ ਰਸੁ ਆਵਾ॥ ਉਹ ਰਸੁ ਪੀਆ, ਇਹ ਰਸੁ ਨਹੀ ਭਾਵਾ॥’’ (ਭਗਤ ਕਬੀਰ ਜੀ/ਅੰਕ ੩੪੨) ਫਿਰ ਉਹ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਹੇ ਹਰੀ ! ਤੇਰੇ ਚਰਨ-ਰੂਪ ਕੌਲ ਫੁੱਲ਼ਾਂ ਦੀ ਸੁਗੰਧੀ (ਰਸ) ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਰਹਿੰਦੀ ਹੈ, ‘‘ਹਰਿ ਚਰਣ ਕਮਲ ਮਕਰੰਦ, ਲੋਭਿਤ ਮਨੋ; ਅਨਦਿਨੋ ਮੋਹਿ ਆਹੀ ਪਿਆਸਾ॥’’ (ਮ:੧/ਅੰਕ ੬੬੩) ਇਸ ਤਰ੍ਹਾਂ ਉਸ ਦੀ ਸੁਰਤਿ ਪ੍ਰਭੂ ਚਰਨਾਂ ਵਿੱਚ ਸਮਾਈ ਰਹਿੰਦੀ ਹੈ। ਬ੍ਰਹਮ ਗਿਆਨ ਹੋ ਜਾਂਦਾ ਹੈ ਅਤੇ ਉਸ ਦੀ ਅਰਚਨਾ-ਪੂਜਾ ਸਫਲ ਹੋ ਜਾਂਦੀ ਹੈ। ਪ੍ਰਭੂ ਜੀ ਉਸ ਦੀ ਯਾਦ ਵਿੱਚ ਸਮਾਏ ਰਹਿੰਦੇ ਹਨ।, ਉਹ ਪ੍ਰਭੂ ਵਿੱਚ ਸਮਾਇਆ ਰਹਿੰਦਾ ਹੈ।

ਬਾਬੇ ਨਾਨਕ ਦਾ ਰੱਬੀ ਧਰਮ ਬਨਾਮ ਸਾਡਾ ਕਿਰਦਾਰ

0

ਬਾਬੇ ਨਾਨਕ ਦਾ ਰੱਬੀ ਧਰਮ ਬਨਾਮ ਸਾਡਾ ਕਿਰਦਾਰ

ਅਵਤਾਰ ਸਿੰਘ ਮਿਸ਼ਨਰੀ (5104325827)

‘ਧਰਮ’ ਦਾ ਅਰਥ ਹੈ ਧਾਰਨ ਵਾਲੇ ਉਹ ਰੱਬੀ ਨਿਯਮ, ਜਿਨ੍ਹਾਂ ਦੇ ਆਸਰੇ ਸੰਸਾਰ ਚੱਲ ਰਿਹਾ ਹੈ। ਨਿਰੰਕਾਰ ਹੀ ਸੰਸਾਰ ਦਾ ਕਰਤਾ, ਧਰਤਾ ਅਤੇ ਹਰਤਾ ਹੈ। ਬਾਬੇ ਨਾਨਕ ਨੂੰ ਨਿਰੰਕਾਰੀ ਵੀ ਇਸੇ ਕਰ ਕੇ ਕਿਹਾ ਜਾਂਦਾ ਹੈ ਕਿ ਉਹ ਇੱਕ ਨਿਰੰਕਾਰ ਦੇ ਉਪਾਸ਼ਕ ਅਤੇ ਉਪਦੇਸ਼ਕ ਸਨ। ਜਦ ਬਾਬਾ ਨਾਨਕ ਜੀ ਸੰਸਾਰ ਵਿੱਚ ਸਰੀਰਕ ਤੌਰ ’ਤੇ ਪ੍ਰਗਟ ਹੋਏ, ਓਦੋਂ ਕਰਮਕਾਂਡ, ਪਾਖੰਡਾਂ, ਵਹਿਮਾਂ-ਭਰਮਾਂ ਅਤੇ ਵਿਖਾਵੇ ਵਾਲੇ ਮਜ਼੍ਹਬਾਂ (ਮੱਤਾਂ) ਦਾ ਬੋਲ ਬਾਲਾ ਸੀ। ਅਸਲੀ ਧਰਮ, ਧਰਮ ਅਸਥਾਨਾਂ, ਧਰਮ ਆਗੂਆਂ ਅਤੇ ਉਨ੍ਹਾਂ ਦੇ ਅਨੁਯਾਈਆਂ ਕੋਲੋਂ ਮਾਨੋ ਪੰਖ ਲਾ ਕੇ ਉੱਡ ਗਿਆ ਸੀ-‘‘ਕਲਿ ਕਾਤੀ ਰਾਜੇ ਕਾਸਾਈ; ਧਰਮੁ ਪੰਖ ਕਰਿ ਉਡਰਿਆ ॥’’ (ਮ: ੧/੧੪੫) ਜ਼ਿੰਦਗੀ ਦੇ ਚਾਰੇ ਸੰਸਕਾਰ ਭਾਵ ਜਨਮ, ਨਾਮ ਕਰਨ, ਵਿਆਹ ਅਤੇ ਮਿਰਤਕ ਰਾਹੀਂ ਭੇਖੀ ਅਤੇ ਪਾਖੰਡੀ ਆਗੂਆਂ ਵੱਲੋਂ ਜਨਤਾ ਨੂੰ ਲੁੱਟਣ ਵਾਸਤੇ ਥੋਥੇ ਕਰਮਕਾਂਡਾਂ ਦੀ ਭੇਟ ਚੜ੍ਹਾ ਦਿੱਤੇ ਗਏ ਸਨ। ਇਨ੍ਹਾਂ ਥੋਥੇ ਕਰਮਕਾਂਡਾਂ ਰਾਹੀਂ ਮੁੱਲਾਂ, ਮੌਲਾਣੇ, ਬ੍ਰਾਹਮਣ, ਸੰਤ-ਸਾਧ, ਜੋਤਸ਼ੀ ਅਤੇ ਸਿੱਧ ਜੋਗੀ ਆਦਿਕ ਜਨਤਾ ਨੂੰ ਲੁੱਟਦੇ ਸਨ। ਪਰਜਾ ਨੂੰ ਅਸਲੀ ਧਰਮ ਅਤੇ ਵਿਦਿਆ ਵੱਲੋਂ ਅਗਿਆਨੀ ਰੱਖਿਆ ਜਾਂਦਾ ਸੀ-‘‘ਪਰਜਾ ਅੰਧੀ ਗਿਆਨ ਬਿਨੁ..।’’ (ਭਾਈ ਗੁਰਦਾਸ ਜੀ/ਵਾਰ ੧/ਪਉੜੀ ੩੦)

ਜਗਤ ਜਨਨੀ ਔਰਤ ਅਤੇ ਕਿਰਤੀ ਕਾਮੇ ਆਖੇ ਜਾਂਦੇ ਸ਼ੂਦਰ ਆਦਿਕ ਦੁਰਕਾਰੇ ਤੇ ਦਬਾਏ ਜਾਂਦੇ ਸਨ। ਰਾਜੇ ਅਤੇ ਅਖੌਤੀ ਧਾਰਮਿਕ ਆਗੂ ਆਪਸ ਵਿੱਚ ਮਿਲ ਕੇ ਗ਼ਰੀਬ ਜਨਤਾ ਦਾ ਖ਼ੂਨ ਪੀਂਦੇ ਸਨ-‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍; ਬੈਠੇ ਸੁਤੇ ॥  ਚਾਕਰ ਨਹਦਾ ਪਾਇਨਿ੍ ਘਾਉ ॥  ਰਤੁ ਪਿਤੁ ਕੁਤਿਹੋ  !  ਚਟਿ ਜਾਹੁ ॥ (ਮ: ੧/੧੨੮੮) ਐਸੇ ਭਿਆਨਕ ਸਮੇਂ ਜ਼ਾਹਰ ਪੀਰ ਜਗਤ ਗੁਰ ਬਾਬਾ ਨਾਨਕ ਜੀ ਸੰਸਾਰ ਵਿੱਚ ਪ੍ਰਗਟ ਹੋਏ ਅਤੇ ਨਿਰੰਕਾਰ ਦਾ ਸਰਬ ਸਾਂਝਾ ਰੱਬੀ ਧਰਮ ਸੰਸਾਰ ਨੂੰ ਦ੍ਰਿੜਾਇਆ। ਬਾਬੇ ਦੁਆਰਾ ਸੰਸਾਰ ਨੂੰ ਦਰਸਾਇਆ ਧਰਮ, ਕਿਰਤੀਆਂ, ਗਿਆਨੀਆਂ ਅਤੇ ਵਿਗਿਆਨੀਆਂ ਭਾਵ ਹਰ ਵਰਗ ਨਾਲ ਸਬੰਧਿਤ ਲੋਕਾਂ ਦਾ ਸਾਂਝਾ ਧਰਮ ਸੀ, ਜਿਸ ਵਿੱਚ ਅਰਥਹੀਣ ਕਥਾ-ਕਹਾਣੀਆਂ ਅਤੇ ਰਹੁ ਰੀਤਾਂ ਨੂੰ ਕੋਈ ਥਾਂ ਨਹੀਂ ਸੀ। ਇਸ ਵਿੱਚ ਜਨਤਾ ਲੋਟੂ ਪ੍ਰੋਹਿਤ ਪੁਜਾਰੀਆਂ, ਭੇਖੀ ਸਾਧਾਂ ਸੰਤਾਂ ਅਤੇ ਮੁੱਲਾਂ ਮੌਲਾਣਿਆਂ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਸਨ। ਇਹ ਸਰਬ ਸਾਂਝਾ ਰੱਬੀ ਧਰਮ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ’ਤੇ ਅਧਾਰਿਤ ਸੀ।

ਇਸ ਸਰਬ ਸਾਂਝੇ ਧਰਮ ਨੂੰ ਜਨਤਾ ਵਿੱਚ ਪ੍ਰਚਾਰਨ ਲਈ ਬਾਬਾ ਨਾਨਕ ਸਭ ਧਰਮ, ਫਿਰਕਿਆਂ, ਮੰਦਰਾਂ, ਮਸਜ਼ਿਦਾਂ, ਮੱਠਾਂ, ਪਹਾੜਾਂ, ਕੰਦਰਾਂ, ਨਦੀਆਂ, ਸਾਗਰਾਂ ਅਤੇ ਤੀਰਥਾਂ ’ਤੇ ਨਿਧੜਕ ਹੋ ਕੇ ਗਿਆ- ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥’’ (ਮ: ੪/੧੧੧੬) ਹਰੇਕ ਕਿੱਤਾਕਾਰੀ ਭਾਵੇਂ ਉਹ ਕਿਰਸਾਨ, ਵਾਪਾਰੀ, ਬਿਜਨਸਮੈਨ, ਜੁਲਾਹਾ, ਛੀਂਬਾ, ਸੁਨਾਰ, ਲੁਹਾਰ ਅਤੇ ਮਜਦੂਰ ਸੀ।  ਬਾਬੇ ਦੁਆਰਾ ਦਰਸਾਏ ਰੱਬੀ ਧਰਮ ਨੂੰ ਅਪਣਾਅ ਕੇ ਪੁਜਾਰੀਆਂ ਦੇ ਪਾਏ ਡਰ ਤੋਂ ਮੁਕਤ ਹੋ ਆਪਣੇ ਘਰ ਬਾਰ ਕੰਮਕਾਰ ਵਿੱਚ ਹੀ ਸੁਖੀ ਜ਼ਿੰਦਗੀ ਬਤੀਤ ਕਰਨ ਲੱਗ ਪਿਆ।  ਬਾਬੇ ਦੁਆਰਾ ਪ੍ਰਚਾਰੇ ਗਏ ਰੱਬੀ ਵਿਗਿਆਨਕ ਧਰਮ ਨੇ ਪੁਜਾਰੀ ਨੁਮਾਂ ਧਰਮ ਆਗੂਆਂ ਦੀ ਐਸ਼ਪ੍ਰਸਤੀ ਵਾਲੀ ਨੀਂਦ ਉੱਡਾ ਅਤੇ ਜਨਤਾ ਜਗਾ ਦਿੱਤੀ ਤਾਂ ਉਹ ਬਾਬੇ ਨੂੰ ਕੁਰਾਹੀਆ ਕਹਿ ਕੇ ਭੰਡਣ ਲੱਗੇ-‘‘ਕੋਈ ਆਖੈ ਭੂਤਨਾ; ਕੋ ਕਹੈ ਬੇਤਾਲਾ ॥’’ (ਮ: ੧/੯੯੧), ਪਰ ਬੇਪ੍ਰਵਾਹ ਬਾਬੇ ਨੇ ਸੰਗਤਾਂ ਵਿੱਚ ਜਾਗਰਤੀ ਪੈਦਾ ਕਰ ਕੇ, ਹਰੇਕ ਨਗਰ ਖੇੜੇ ਨੂੰ ਘਰ-ਘਰ ਤੱਕ ਧਰਮਸ਼ਾਲਾ ਬਣਾ ਕੇ, ਗੁਰਬਾਣੀ ਵਿਚਾਰ, ਕਥਾ, ਕੀਰਤਨ ਅਤੇ ਮਨੁੱਖੀ ਸੇਵਾ ਦਾ ਪ੍ਰਵਾਹ ਚਲਾ ਦਿੱਤਾ-‘‘ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ।’’ (ਭਾਈ ਗੁਰਦਾਸ ਜੀ/ਵਾਰ ੧/ਪਉੜੀ ੨੭) ਮੰਦਰਾਂ, ਮੱਠਾਂ, ਠਾਕਰ ਦਵਾਲਿਆਂ ਅਤੇ ਮਸਜਿਦਾਂ ਦੇ ਧਰਮ ਆਗੂਆਂ ਦੇ ਸਤਾਏ ਹੋਏ ਲੋਕ, ਬਾਬੇ ਦੇ ਗਾਡੀ ਰਾਹ ’ਤੇ ਚੱਲ ਕੇ ਘਰ-ਘਰ ਬਾਬੇ ਦੇ ਸਰਬ ਸਾਂਝੇ ਰੱਬੀ ਉਪਦੇਸ਼ਾਂ ਨੂੰ ਗਾਉਣ ਲੱਗ ਪਏ-‘‘ਘਰਿ ਘਰਿ ਬਾਬਾ ਗਾਵੀਐ; ਵਜਨਿ ਤਾਲ ਮ੍ਰਿਦੰਗੁ ਰਬਾਬਾ।’’ (ਭਾਈ ਗੁਰਦਾਸ ਜੀ/ਵਾਰ ੨੪/ਪਉੜੀ ੪) ਬਾਬੇ ਨਾਨਕ ਦਾ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਵਾਲਾ ਰੱਬੀ ਧਰਮ ਹਰੇਕ ਕਿੱਤੇ, ਥਾਂ ਅਤੇ ਬਰਾਦਰੀ ਵਿੱਚ ਸੁਖੈਣ ਅਪਣਾਇਆ ਅਤੇ ਕਮਾਇਆ ਜਾ ਸਕਦਾ ਸੀ। ਜਿਸ ਵਿੱਚ ਸੁੱਚ-ਭਿੱਟ, ਛੂਆ-ਛਾਤ, ਵਹਿਮ-ਭਰਮ, ਜਾਤਿ-ਬਰਾਦਰੀ, ਥੋਥੇ ਕਰਮਕਾਂਡ, ਕਾਲਪਿਤ ਨਰਕ-ਸਵਰਗ, ਦੇਵੀ-ਦੇਵਤਾ, ਪੁਜਾਰੀ, ਜੋਤਸ਼ੀ, ਅਖੌਤੀ ਸਾਧ-ਸੰਤ, ਪਾਖੰਡ ਅਤੇ ਕਰਾਮਾਤ ਆਦਿਕ ਮਨੌਤਾਂ ਅਤੇ ਡਰਾਵਿਆਂ ਨੂੰ ਕੋਈ ਥਾਂ ਨਹੀਂ ਸੀ। ਜਿਸ ਧਰਮ ਵਿੱਚ ਸਾਰੇ ਸਾਂਝੀਵਾਲ ਸਨ- ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭)

ਸਭ ਮਾਈ, ਭਾਈ, ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਸੀ-‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮ: ੫/੭੪੭) ਬਾਬਾ ਡੰਕੇ ਦੀ ਚੋਟ ਨਾਲ ਕਹਿੰਦਾ ਸੀ ਕਿ ਸਾਰੀ ਦੁਨੀਆਂ ਦਾ ਸੱਚਾ ਰੱਬੀ ਧਰਮ ਇੱਕ ਹੀ ਹੈ-‘‘ਏਕੋ ਧਰਮੁ; ਦ੍ਰਿੜੈ ਸਚੁ ਕੋਈ ॥’’ (ਮ: ੧/੧੧੮੮) ਬਾਬੇ ਨਾਨਕ ਦੇ ਰੱਬੀ ਧਰਮ ਵਿੱਚ ਨਾਂ ਕੋਈ ਹਿੰਦੂ ਨਾਂ ਮੁਸਲਮਾਨ ਸੀ-‘‘ਨਾ ਹਮ ਹਿੰਦੂ; ਨ ਮੁਸਲਮਾਨ ॥ ਅਲਹ ਰਾਮ ਕੇ, ਪਿੰਡੁ ਪਰਾਨ ॥’’ (ਮ: ੫/੧੧੩੬) ਬਾਬਾ ਸਭਨਾ ਨੂੰ ਇੱਕ ਪਿਤਾ ਪ੍ਰਮਾਤਮਾ ਦੇ ਬੱਚੇ-ਬੱਚੀਆਂ ਸਮਝ ਪਿਆਰ ਕਰਦਾ ਸੀ। ਇਸੇ ਕਰ ਕੇ ਕਹੇ ਜਾਂਦੇ, ਕੀ ਹਿੰਦੂ,ਮੁਸਲਮਾਨ, ਬੋਧੀ, ਜੈਨੀ ਅਤੇ ਬ੍ਰਾਹਮਣ-ਸ਼ੂਦਰ ਸਾਰੇ ਬਾਬੇ ਦੇ ਉਪਦੇਸ਼ ਸੁਣਨ ਧਰਮਸਾਲ-ਸਤਿਸੰਗਤ ਵਿੱਚ ਆਉਂਦੇ ਸਨ। ਅਮੀਰ ਤੇ ਗ਼ਰੀਬ ਭਾਵ ਰਾਜੇ ਤੇ ਰੰਕ ਦੋਵੇਂ ਤਬਕੇ ਦੇ ਭਲੇ ਲੋਕ ਬਾਬੇ ਦੇ ਸੱਚ ਧਰਮ ਨੂੰ ਪਿਆਰ ਕਰਦੇ ਸਨ। ਰਾਜਾ ਰਾਏ ਬੁਲਾਰ, ਰਾਜਾ ਸ਼ਿਵਨਾਭ, ਦੌਲਤ ਖਾਂ ਲੋਧੀ, ਭਾਈ ਮਰਦਾਨਾ ਅਤੇ ਲਾਲੋ ਜੀ ਆਦਿਕ ਬਾਬੇ ਦੇ ਸੱਚੇ ਮੁਰੀਦ ਸਨ। ਬਾਬਾ ਕਿਰਤੀਆਂ, ਕਾਮਿਆਂ ਅਤੇ ਉੱਚ ਜਾਤੀ ਸਮਾਜ ਵੱਲੋਂ ਦੁਰਕਾਰੇ ਹੋਏ ਸ਼ੁਦਰਾਂ ਭਾਵ ਕਹੇ ਜਾਂਦੇ ਨੀਚਾਂ ਨੂੰ ਗਲੇ ਲਾਉਂਦਾ ਅਤੇ ਸਵੈਮਾਨ ਨਾਲ ਜੀਣ ਦਾ ਉਪਦੇਸ਼ ਦਿੰਦਾ ਸੀ-‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥  ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥’’ (ਮ: ੧/੧੫) ਬਾਬਾ ਨਾਨਕ ਪਹਿਲਾ ਬੰਦੀ ਛੋੜ ਸੀ ਜਿਸ ਨੇ ਜ਼ਾਲਮ ਅਤੇ ਹੰਕਾਰੀ ਬਾਦਸ਼ਾਹ ਬਾਬਰ ਦੀ ਕੈਦ ਵਿੱਚੋਂ ਚੱਕੀ ਪੀਹ ਰਹੇ ਅਤੇ ਭਿਆਨਕ ਤਸੀਹੇ ਸ਼ਹਿ ਰਹੇ ਬੇਕਸੂਰ ਲੋਕਾਂ ਨੂੰ ਛੁਡਵਾਇਆ। ਬਾਬੇ ਦੇ ਸੱਚੇ ਸੁੱਚੇ ਅਲਾਹੀ ਉਪਦੇਸ਼ਾਂ ਅਤੇ ਮਨੁੱਖੀ ਪਿਆਰ ਵਾਲੇ ਕਰਤਬਾਂ ਨੇ ਸੱਜਣ ਵਰਗੇ ਠੱਗਾਂ, ਭੂਮੀਏ ਵਰਗੇ ਚੋਰਾਂ, ਕੌਡੇ ਵਰਗੇ ਰਾਕਸ਼ਾਂ ਅਤੇ ਰਾਜਾ ਸ਼ਿਵਨਾਭ ਵਰਗੇ ਆਯਾਸ਼ੀਆਂ ਦਾ ਜੀਵਨ ਬਦਲ, ਜਨਤਾ ਦੇ ਸੇਵਕ ਅਤੇ ਧਰਮ ਦੇ ਪ੍ਰਚਾਰਕ ਬਣਾ ਦਿੱਤਾ। ਜਿਸ ਨੂੰ ਦੁਰਕਾਰੇ ਜਾਣ ਕਰ ਕੇ ਕਿਤੇ ਵੀ ਢੋਈ ਨਹੀਂ ਸੀ ਮਿਲਦੀ ਉਹ ਨਿਸ਼ੰਗ ਹੋ ਕੇ ਨਾਨਕ ਨਿਰੰਕਾਰੀ ਬਾਬੇ ਦੀ ਸੰਗਤੀ (ਸਰਣਿ) ਆ ਮਾਨ ਮਹਿਸੂਸ ਕਰਦਾ। ਬਾਬੇ ਨਾਨਕ ਦੇ ਰੱਬੀ ਧਰਮ ਦਾ ਦਰ ਹੀ ਐਸਾ ਸੀ-‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥’’ (ਮ: ੫/੫੪੪) ਇਤਿਹਾਸ ਦੱਸਦਾ ਹੈ ਕਿ ਬਿਨਾਂ ਆਧੁਨਿਕ ਸਾਧਨਾਂ ਦੇ ਬਾਬੇ ਨੇ ਪੈਦਲ ਚੱਲ, ਘੋੜ ਸਵਾਰ ਹੋ ਅਤੇ ਸਮੁੰਦਰੀ ਬੇੜਿਆਂ ਰਾਹੀਂ ਡੂੰਘੇ ਸਮੁੰਦਰ ਪਾਰ ਕਰ, ਵੱਖ-ਵੱਖ ਦੇਸ਼ਾਂ, ਕੌਮਾਂ, ਕਬੀਲਿਆਂ ਅਤੇ ਮੱਤਾਂ ਦੇ ਕਰੀਬ ਤਿੰਨ ਕਰੋੜ ਲੋਕਾਂ ਨੂੰ ਸਰਬ ਸਾਂਝੇ ਰੱਬੀ ਧਰਮ ਦਾ ਉਪਦੇਸ਼ ਦਿੱਤਾ ਅਤੇ ਇਸ ਉਪਦੇਸ਼ ਨੂੰ ਅੱਗੇ ਚੱਲਦਾ ਰੱਖਣ ਲਈ ਅਖੀਰ ’ਤੇ ਆਪਣਾ ਯੋਗ ਜਾਂਨਸ਼ੀਨ ਭਾਈ ਲਹਿਣਾ ਜੀ ਨੂੰ ਥਾਪ ਕੇ ਗੁਰੂ ਅੰਗਦ ਬਣਾ ਦਿੱਤਾ ਅਤੇ ਹੋਰ ਵੀ ਭਾਈ ਭਗੀਰਥ ਅਤੇ ਭਾਈ ਮਨਸੁਖ ਵਰਗੇ ਵੱਖ-ਵੱਖ ਕਿਰਤੀਆਂ ਨੂੰ ਪ੍ਰਚਾਰਕ ਥਾਪਿਆ। ਕੇਵਲ ਤੇ ਕੇਵਲ ਇੱਕ ਰੱਬ ਦਾ ਹੋਕਾ ਦਿੰਦੇ ਹੋਏ ਉਸ ਦਾ ਅਸਲੀ ਸਰੂਪ ਇਸ ਮੂਲ ਮੰਤ੍ਰ (ਮੁੱਢਲੇ ਉਪਦੇਸ਼) ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’ (ਜਪੁ) ਵਿੱਚ ਦਰਸਾ ਕੇ ਰੱਬ ਬਾਰੇ ਸਾਰੇ ਭਰਮ ਭੁਲੇਖੇ ਹੀ ਦੂਰ ਕਰ ਦਿੱਤੇ।

ਅੱਜ ਜਗਤ ਰਹਿਬਰ, ਜ਼ਾਹਰ ਪੀਰ ਜਗਤ ਗੁਰ ਬਾਬਾ ਨਾਨਕ ਜੀ ਦਾ ਰੱਬੀ ਧਰਮ ਸਾਡੇ ਅੰਦਰੋਂ ਲੱਭੀਏ ਤਾਂ ਕਿੱਥੇ ਹੈ  ? ਕੀ ਬਾਬੇ ਨਾਨਕ ਨੂੰ ਸਤਿ ਗੁਰੂ ਕਹਿ ਕੇ ਪੂਜਣ ਵਾਲੇ ਬਾਬੇ ਦੇ ਆਧੁਨਿਕ ਸਰਬ ਸਾਂਝੇ ਰੱਬੀ ਧਰਮ ਨੂੰ ਜੀਵਨ ਵਿੱਚ ਅਪਣਾਅ ਰਹੇ ਹਨ  ? ਬਾਬੇ ਨਾਨਕ ਦੇ ਨਾਂ ’ਤੇ ਚੱਲ ਰਹੀਆਂ ਧਰਮਸ਼ਾਲਾਵਾਂ, ਗੁਰਦੁਆਰੇ, ਦਲ, ਜੱਥੇ, ਬਹੁਤ ਸਾਰੀਆਂ ਸਾਹਿਤ ਸਭਾਵਾਂ, ਵੱਖ-ਵੱਖ ਸਿੱਖ ਜਥੇਬੰਦੀਆਂ, ਡੇਰੇ, ਸੰਪ੍ਰਦਾਵਾਂ ਅਤੇ ਪ੍ਰਚਾਰਕ ਕੀ ਵਿਖਾਵੇ ਵਾਲੀ ਪੂਜਾ-ਪਾਠ, ਧਰਮ ਦੇ ਨਾਂ ’ਤੇ ਥੋਥੇ ਕਰਮਕਾਂਡ, ਜਾਤ-ਪਾਤ, ਛੂਆ-ਛਾਤ, ਭੁਪ-ਪ੍ਰੇਤ, ਚੰਗੇ-ਮੰਦੇ ਦਿਨ ਦੀ ਵਿਚਾਰ, ਮੱਸਿਆ, ਪੁੰਨਿਆਂ, ਸੰਗਰਾਦਾਂ, ਵਹਿਮਾ-ਭਰਮਾ, ਅਖੌਤੀ ਨਰਕ-ਸਵਰਗ, ਜਾਦੂ-ਟੂਣੇ, ਜੋਤਿਸ਼, ਅਣਹੋਨੀਆਂ ਕਰਾਮਾਤਾਂ, ਆਪਾ ਅਤੇ ਮਨੁੱਖਤਾ ਵਿਰੋਧੀ ਗ੍ਰੰਥਾਂ, ਗੁਰਬਾਣੀ ਸਿਧਾਂਤਾਂ ਨੂੰ ਛੱਡ ਟਕਸਾਲੀ, ਸੰਪ੍ਰਦਾਈ, ਡੇਰੇ, ਸਾਧਾਂ-ਸੰਤਾਂ ਅਤੇ ਜੱਥਿਆਂ ਦੀਆਂ ਬਣਾਈਆਂ ਵੱਖ ਵੱਖ ਰਹਿਤ ਮਰਯਾਦਾਵਾਂ ਦੇ ਭਰਮਜਾਲ ਵਿੱਚ ਉਲਝ ਕੇ, ਬ੍ਰਾਹਮਣਵਾਦ, ਪਾਖੰਡਵਾਦ, ਧੜੇਬੰਦੀ ਅਤੇ ਸੰਪ੍ਰਦਾਈ, ਟਕਸਾਲੀਵਾਦ ਅਤੇ ਅੰਧਵਿਸ਼ਵਾਸਾਂ ਦੀ ਘੁੰਮਣਘੇਰੀ (ਸਾਂਕਲ ਜੇਵਰੀ) ਵਿੱਚ ਫਸ ਕੇ, ਧਰਮ ਅਤੇ ਮਰਯਾਦਾ ਦੇ ਨਾਂ ’ਤੇ ਭਰਾ ਮਾਰੂ ਲੜਾਈਆਂ ਲੜਦੇ ਹੋਏ ਖ਼ੁਆਰ ਹੋ ਰਹੇ ਹਾਂ ਅਤੇ ਆਵਾਜ਼ਾਂ ਮਾਰ ਰਹੇ ਹਾਂ ‘ਸਤਿਗੁਰ ਨਾਨਕ  ! ਆ ਜਾਹ’ ਕੀ ਉਹ ਕਿਤੇ ਗਿਆ ਹੋਇਆ ਹੈ  ? ਉਸ ਦੀ ਸੱਚੀ ਸੁੱਚੀ ਸਰਬ ਗਿਆਨ ਸੰਪਨ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਦਾ ਨਿਰੋਲ ਪ੍ਰਚਾਰ ਕਰਨ ਵਾਲੇ ਕਿਰਤੀ ਪ੍ਰਚਾਰਕਾਂ ਨੂੰ ਤਾਂ ਗੁਰੂ ਬਾਬੇ ਦੇ ਨਾਂ ’ਤੇ ਚਲਾਏ ਹੋਏ ਧਰਮ ਅਸਥਾਨਾਂ, ਗੁਰਦੁਆਰਿਆਂ ਅਤੇ ਸਭਾ ਸੁਸਾਇਟੀਆਂ ਦੀਆਂ ਸਟੇਜਾਂ ’ਤੇ ਸਮਾਂ ਨਹੀਂ ਦਿੰਦੇ। ਮੰਨ ਲਓ ਜੇ ਸੱਚ ਮੁੱਚ ਬਾਬਾ ਜੀ ਸਰੀਰ ਕਰ ਕੇ ਆਪ ਆ ਜਾਣ ਤਾਂ ਹੰਕਾਰੀ ਪ੍ਰਬੰਧਕ ਅਤੇ ਡੇਰੇਦਾਰ ਉਨ੍ਹਾਂ ਨੂੰ ਸਟੇਜਾਂ ’ਤੇ ਜਗ੍ਹਾ ਦੇ ਦੇਣਗੇ  ? ਸਾਡੇ ਪ੍ਰਚਾਰਕ ਤਾਂ ਬਾਬੇ ਨਾਨਕ ਦੀ ਵਿਚਾਰਧਾਰਾ ਬਾਣੀ ਦੇ ਵਿਰੋਧੀ ਅਤੇ ਡੇਰਾਵਾਦੀ ਮਨਘੜਤ ਕਥਾ-ਕਹਾਣੀਆਂ ਅਤੇ ਮਰਯਾਦਾਵਾਂ ਦੇ ਧਾਰਨੀ ਕਿਰਤ ਤੋਂ ਭਗੌੜੇ ਭੇਖਧਾਰੀ ਹੁੰਦੇ ਹਨ। ਕੀ ਬਾਬੇ ਨਾਨਕ ਦੇ ਰੱਬੀ ਧਰਮ ਦੀ ਝਲਕ ਉਨ੍ਹਾਂ ਦੇ ਰੋਜ਼ਮਰਾ ਜੀਵਨ ’ਚੋਂ ਪੈਂਦੀ ਹੈ ? ਕੀ ਬਾਬੇ ਦੇ ਗੁਰਦੁਆਰਿਆਂ ਦੀਆਂ ਗੋਲਕਾਂ, ਜੋ ਧਰਮ ਪ੍ਰਚਾਰ, ਲੋਕ ਭਲਾਈ ਦੇ ਕਾਰਜਾਂ ਵਾਸਤੇ ਵਰਤੀਆਂ ਜਾਣੀਆਂ ਸਨ, ਉਹ ਡੇਰੇਦਾਰ ਸਾਧਾਂ, ਧੜੇਬੰਦੀਆਂ, ਕੋਟ ਕਚਹਿਰੀਆਂ ਦੇ ਕੇਸਾਂ ਅਤੇ ਰਾਜਨੀਤਕ ਪਾਰਟੀਆਂ ਦੀ ਭੇਟਾ ਨਹੀਂ ਚੜ੍ਹਾਈਆਂ ਜਾ ਰਹੀਆਂ  ?

ਜਿਨ੍ਹਾਂ ਕਰਮਕਾਂਡਾਂ ਅਤੇ ਵਹਿਮਾ ਭਰਮਾ ਅਤੇ ਅੰਧ ਵਿਸ਼ਵਾਸਾਂ ਤੋਂ ਗੁਰਬਾਣੀ ਵਰਜਦੀ ਹੈ, ਕੀ ਸਾਡੇ ਧਰਮ ਅਸਥਾਨਾਂ (ਗੁਰਦੁਆਰਿਆਂ ਆਦਿਕ) ਵਿੱਚ ਦੂਜਿਆਂ ਦੀ ਦੇਖਾ-ਦੇਖੀ ਨਹੀਂ ਕੀਤੇ ਤੇ ਕਰਵਾਏ ਜਾ ਰਹੇ ? ਸੰਗਰਾਂਦਾਂ, ਲੋਹੜੀਆਂ, ਦੀਵਾਲੀਆਂ ਅਤੇ ਵਿਸ਼ਕਰਮਾਂ ਡੇ, ਜਿਨ੍ਹਾਂ ਨਾਲ ਬਾਬੇ ਨਾਨਕ ਜਾਂ ਉਨ੍ਹਾਂ ਦੇ ਅਨੁਯਾਈ ਗੁਰੂਆਂ ਅਤੇ ਭਗਤਾਂ ਦਾ ਕੋਈ ਸਬੰਧ ਨਹੀਂ, ਬਰਾਦਰੀ ਵਿੱਚ ਨੱਕ ਰੱਖਣ ਅਤੇ ਭੀੜ ਇਕੱਠੀ ਕਰ ਕੇ ਗੋਲਕਾਂ ਭਰਨ, ਨੋਟ ਅਤੇ ਵੋਟ ਦੀ ਨੀਤੀ ’ਤੇ ਚੱਲਣ, ਮਲਕ ਭਾਗੋ ਵਾਂਗ, ਤਰ੍ਹਾਂ ਤਰ੍ਹਾਂ ਦੇ ਮਾਲ੍ਹ ਪੂੜੇ ਵਾਲੇ ਪਕਵਾਨਾਂ ਦੀ ਪ੍ਰਦਰਸ਼ਨੀ ਕਰ ਕੇ, ਖਾਣ-ਪੀਣ ਅਤੇ ਮੌਜ-ਮੇਲਾ ਕਰਨ ਲਈ ਨਹੀਂ ਮੰਨਾਏ ਜਾ ਰਹੇ  ? ਜੇ ਗੁਰੂ ਨਾਨਕ ਦੇ ਵੇਲੇ-‘‘ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ।’’ (ਭਾਈ ਗੁਰਦਾਸ ਜੀ/ਵਾਰ ੧/ਪਉੜੀ ੨੧) ਅਤੇ ‘‘ਧਰਮੁ ਪੰਖ ਕਰਿ ਉਡਰਿਆ ॥’’ ਕੀ ਅੱਜ ਬਹੁਤੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਆਦਿਕ ਸਭਾ ਸੁਸਾਇਟੀਆਂ ਵਿੱਚ ਬ੍ਰਾਹਮਣ ਮੌਲਾਣਿਆਂ ਵਾਂਗ ਰਾਗੀ, ਗ੍ਰੰਥੀ, ਪ੍ਰਬੰਧਕ, ਪ੍ਰਚਾਰਕ, ਲੀਡਰ ਅਤੇ ਸਾਧ-ਸੰਤ ਗੋਲਕ ਅਤੇ ਧੜੇਬੰਦੀ ਖ਼ਾਤਰ ਨਹੀਂ ਲੜ ਰਹੇ  ? ਕੀ ਬਾਬੇ ਨਾਨਕ ਦਾ ਸਰਬ ਸਾਂਝਾ ਰੱਬੀ ਧਰਮ ਵੀ ਅੰਧਵਿਸ਼ਵਾਸਾਂ, ਕਰਮਮਕਾਂਡਾਂ, ਸਾਧਾਂ-ਸੰਤਾਂ, ਡੇਰੇਦਾਰਾਂ, ਧੜੇਬੰਦੀਆਂ ਅਤੇ ਰਾਜਨੀਤਕਾਂ ਨੇ ਪੰਖ ਲਾ ਕੇ ਉੱਡਾ ਨਹੀਂ ਦਿੱਤਾ ਗਿਆ  ?

ਹਾਂ ਅੱਜ ਵੀ ਜੇ ਬਾਬੇ ਦਾ ਰੱਬੀ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਉਸ ਬਾਣੀ ਨੂੰ ਦਿਲੋਂ ਪੜ੍ਹਨ, ਵਿਚਾਰਨ, ਧਾਰਨ ਅਤੇ ਪ੍ਰਚਾਰਨ ਵਾਲੇ ਕਿਰਤੀ ਸਿੱਖਾਂ ਸੇਵਕਾਂ ਵਿੱਚ ਦੇਖਿਆ ਜਾ ਸਕਦਾ ਹੈ ਜੋ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ॥’’ (ਮ: ੧/੧੪੧੧) ਹਨ। ਅਰਦਾਸ ਕਰਦਾ ਹਾਂ ਕਿ ਬਾਬਾ ਨਾਨਕ ਜੀ ਸਾਨੂੰ ਸਭ ਨੂੰ ਸੁਮੱਤ ਬਖ਼ਸ਼ਣ, ਅਸੀਂ ਵਿਖਾਵੇ, ਅੰਧਵਿਸ਼ਵਾਸ, ਭੇਖ, ਥੋਥੇ ਕਰਮਕਾਂਡ, ਵਹਿਮ ਭਰਮ, ਜਾਤ-ਪਾਤ, ਛੂਆ-ਛਾਤ, ਹਾਉਮੇ-ਅਹੰਕਾਰ, ਈਰਖਾ-ਦ੍ਵੈਤ, ਡੇਰਾਵਾਦ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਬਾਬੇ ਨਾਨਕ ਦੇ ਸੱਚੇ-ਸੁੱਚੇ ਅਤੇ ਸਰਬ ਸਾਂਝੇ ਰੱਬੀ ਧਰਮ ਦੇ ਅਨੁਯਾਈ ਬਣ ਕੇ, ਆਪ ਅਤੇ ਹੋਰਨਾਂ ਨੂੰ ਵੀ ‘‘ਇਹ ਲੋਕ ਸੁਖੀਏ, ਪਰਲੋਕ ਸੁਹੇਲੇ ॥’’ (ਮ: ੫/੨੯੩) ਕਰ ਸਕੀਏ।

ਕਰਵਾ ਚੌਥ

0

ਕਰਵਾ ਚੌਥ

ਕਰੂਏ ਦੇ ਵਰਤ ਨਾਲ ਉਮਰ ਜੇ ਲੰਮੀ ਹੁੰਦੀ,

ਮਰਦੇ ਬ੍ਰਾਹਮਣ ਨਾ ਇਸ ਸੰਸਾਰ ਅੰਦਰ।

ਜੋ ਵੀ ਜੰਮਿਆ ਅਖੀਰ ਉਸ ਨੇ ਮਰਨਾ ਹੈ,

ਲਿਖਿਆ ਰੱਬ ਨੇ ਆਪਣੇ ਦਰਬਾਰ ਅੰਦਰ।

ਰਾਮ ਰਾਵਣ ਜਿਹੇ ਜਪੀ ਤਪੀ ਖ਼ਤਮ ਹੋਗੇ,

ਰੁਕਿਆ ਕੋਈ ਨਹੀਂ ਇਸ ਗ਼ੁਲਜਾਰ ਅੰਦਰ।

ਲੰਮੀ ਉਮਰ ਨਾਲੋਂ ਉਮਰ ਘੱਟ ਚੰਗੀ, ਲੰਘੇ

ਜਿਹੜੀ ਗੁਰੂ ਗ੍ਰੰਥ ਦੇ ਪਿਆਰ ਅੰਦਰ।

ਬੀਬੀਓ ! ਛੱਡ ਦਿਓ ਇਹ ਪਾਖੰਡ ਕਰਨਾ,

ਐਵੇਂ ਭਟਕੋ ਨਾ ਇਸ ਅੰਧਕਾਰ ਅੰਦਰ।

ਗਿਆਨੀ ਬੇਅੰਤ ਸਿੰਘ-97810-21310

Most Viewed Posts