ਡਾ. ਹਰਸ਼ ਚੈਰੀਟੇਬਲ ਟਰਸਟ ਵੱਲੋਂ ਬੇਸਹਾਰਾ ਬੱਚੀਆਂ ਨੂੰ ਫੀਸਾਂ ਦੇ ਚੈੱਕ ਵੰਡੇ ਗਏ

0
288

ਡਾ. ਹਰਸ਼ ਚੈਰੀਟੇਬਲ ਟਰਸਟ ਵੱਲੋਂ ਬੇਸਹਾਰਾ ਬੱਚੀਆਂ ਨੂੰ ਫੀਸਾਂ ਦੇ ਚੈੱਕ ਵੰਡੇ ਗਏ

                         ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪਟਿਆਲਾ, 19 ਨਵੰਬਰ :- ਪਿਛਲੇ ਇਕ ਦਹਾਕੇ ਵਿਚ ਲਗਭਗ 67,000 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਦੇ ਟੱਬਰਾਂ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਨ੍ਹਾਂ ਦੀਆਂ ਪਤਨੀਆਂ, ਮਾਵਾਂ ਤੇ ਬੱਚੀਆ ਨਰਕ ਭੋਗਣ ਉੱਤੇ ਮਜਬੂਰ ਹੋ ਜਾਂਦੀਆਂ ਹਨ।

ਉਨ੍ਹਾਂ ਕੋਲ ਖਾਣ ਦਾ ਜੁਗਾੜ ਵੀ ਨਹੀਂ ਹੁੰਦਾ ਤੇ ਉਨ੍ਹਾਂ ਦੀਆਂ ਬੱਚੀਆਂ ਦੀ ਪੜ੍ਹਾਈ ਤਾਂ ਇਕ ਸੁਫਨਾ ਹੀ ਬਣ ਕੇ ਰਹਿ ਜਾਂਦੀ ਹੈ। ਇਸੇ ਲਈ ਇਹ ਬੱਚੀਆਂ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਇੱਜ਼ਤ ਤੇ ਅਣਖ ਵਾਲੀ ਜ਼ਿੰਦਗੀ ਜੀਣ ਤੋਂ ਤਰਸਦੀਆਂ ਰਹਿ ਜਾਂਦੀਆਂ ਹਨ। ਕੁੱਝ ਮਜਬੂਰਨ ਛੇਤੀ ਵਿਆਹੀਆਂ ਜਾਂਦੀਆਂ ਹਨ ਤੇ ਕੁੱਝ ਸਮਾਜ ਵਿਚਲੇ ਦਰਿੰਦਿਆਂ ਦਾ ਸ਼ਿਕਾਰ ਬਣ ਜਾਂਦੀਆਂ ਹਨ।

ਕਈ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਪਤਨੀਆਂ ਵੀ ਮਾਨਸਿਕ ਤਸ਼ੱਦਦ ਨਾ ਸਹਾਰਦੀਆਂ ਖ਼ੁਦਕੁਸ਼ੀ ਕਰ ਲੈਂਦੀਆਂ ਹਨ ਤੇ ਉਨ੍ਹਾਂ ਦੀਆਂ ਬੱਚੀਆਂ ਬਿਲਕੁਲ ਹੀ ਬੇਸਹਾਰਾ ਹੋ ਜਾਂਦੀਆਂ ਹਨ।

ਡਾ. ਹਰਸ਼ ਚੈਰੀਟੇਬਲ ਟਰਸਟ, ਜੋ ਪਿਛਲੇ 11 ਸਾਲਾਂ ਤੋਂ ਬਿਨਾਂ ਬਾਪ ਦੇ ਬੱਚੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਿਹਾ ਹੈ, ਨੇ ਹੁਣ ਅਜਿਹੇ ਟੱਬਰਾਂ ਦੀਆਂ ਬੱਚੀਆਂ ਦੀ ਪੜ੍ਹਾਈ ਦਾ ਜਿੰਮਾ ਵੀ ਚੁੱਕ ਲਿਆ ਹੈ। ਡਾ. ਗੁਰਪਾਲ ਸਿੰਘ, ਜੋ ਇਸ ਟਰਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਟਰਸਟ ਨੇ ਹੁਣ ਤਿੰਨ ਅਜਿਹੀਆਂ ਬੱਚੀਆਂ ਨੂੰ ਪ੍ਰਾਈਵੇਟ ਸਕੂਲ ਦੀ ਪੜ੍ਹਾਈ ਕਰਨ ਲਈ ਫੀਸ ਦੇ ਚੈੱਕ ਵੰਡੇ ਹਨ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਕਮਾਈ ਕਰਨ ਯੋਗ ਬਣ ਸਕਣ।

ਡਾ. ਸਿੰਘ ਨੇ ਦੱਸਿਆ ਕਿ ਅੱਜ ਗਿਆਰਾਂ ਹੋਰ ਬੱਚੀਆਂ ਨੂੰ ਟਰਸਟ ਵਿੱਚੋਂ ਚੈੱਕ ਦੇ ਕੇ ਇਸ ਟਰਸਟ ਵਿੱਚੋਂ ਹੁਣ ਤਕ 415 ਬੱਚੀਆਂ ਨੂੰ ਮਦਦ ਦਿੱਤੀ ਜਾ ਚੁੱਕੀ ਹੈ। ਟਰਸਟ ਦੇ ਪ੍ਰਧਾਨ, ਡਾ. ਹਰਸ਼ਿੰਦਰ ਕੌਰ ਨੂੰ ਭਾਰਤ ਦੇ ਪ੍ਰੈਜ਼ੀਡੈਂਟ ਵੱਲੋਂ ਭਾਰਤ ਦੀਆਂ ਚੋਟੀ ਦੀਆਂ 100 ਅੰਤਰਰਾਸ਼ਟਰੀ ਨਾਮਣਾ ਖੱਟਣ ਵਾਲੀਆਂ ਔਰਤਾਂ ਵਿੱਚ ਸ਼ਾਮਲ ਕਰ ਕੇ ਸਨਮਾਨ ਦਿੱਤਾ ਗਿਆ ਸੀ। ਉਸ ਨੂੰ ਮਾਦਾ ਭਰੂਣ ਹੱਤਿਆ ਰੋਕਣ ਵਾਸਤੇ ਕੀਤੇ ਬੇਮਿਸਾਲ ਕੰਮਾਂ ਲਈ ਸਨਮਾਨਿਆ ਗਿਆ ਸੀ।

ਦੋ ਵਾਰ ਸਟੇਟ ਐਵਾਰਡ ਹਾਸਲ ਕਰਨ ਵਾਲੀ ਤੇ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਡਾ. ਹਰਸ਼ਿੰਦਰ ਕੌਰ ਨੂੰ ਕਨੇਡਾ, ਅਮਰੀਕਾ ਤੇ ਅਸਟ੍ਰੇਲੀਆ ਦੀਆਂ ਪਾਰਲੀਮੈਂਟਾਂ ਵਿਚ ਵੀ ਸਨਮਾਨ ਮਿਲ ਚੁੱਕਿਆ ਹੈ। ਉਹ ਹੁਣ ਤਕ 40 ਪੁਸਤਕਾਂ ਲਿਖ ਕੇ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੀ ਹੈ ਜਿਸ ਉੱਤੇ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ, ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਵੀ ਮਿਲ ਚੁੱਕੇ ਹਨ। ਪਾਕਿਸਤਾਨ ਵਿਚ ਵੀ ਡਾ. ਹਰਸ਼ਿੰਦਰ ਕੌਰ ਨੂੰ ‘ਮਾਂ ਬੋਲੀ-ਡਾਕਟਰੀ ਪੱਖ ਤੋਂ’ ਕਿਤਾਬ ਵਾਸਤੇ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁੱਕਿਆ ਹੈ।

ਜਦੋਂ ਡਾ. ਕੌਰ ਨੂੰ ਪੁੱਛਿਆ ਗਿਆ ਕਿ ਉਸ ਨੇ ਲੋੜਵੰਦ ਬੱਚੀਆਂ ਦੀ ਮਦਦ ਕਰਨ ਬਾਰੇ ਕਿਵੇਂ ਸੋਚਿਆ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਇਕ ਬੱਚੀ ਨੇ ਪਹੁੰਚ ਕੀਤੀ ਜਿਸ ਦੀ ਫੀਸ ਦੇਣ ਵਿਚ ਮਾਪੇ ਅਸਮਰਥ ਸਨ। ਜਦੋਂ ਉਹ ਸਕੂਲ ਦੀ ਪ੍ਰਿੰਸੀਪਲ ਨੂੰ ਫੀਸ ਮੁਆਫ਼ੀ ਦੀ ਬੇਨਤੀ ਕਰਨ ਗਈ ਤਾਂ ਚੌਕੀਦਾਰ ਨੇ ਉਸ ਦੀ ਮਜਬੂਰੀ ਦਾ ਫ਼ਾਇਦਾ ਉਠਾਉਣਾ ਚਾਹਿਆ।

ਅਜਿਹੀ ਗੱਲ ਤੋਂ ਡਾ. ਕੌਰ ਦਾ ਇਸ ਪਾਸੇ ਕੰਮ ਕਰਨ ਵੱਲ ਧਿਆਨ ਖਿੱਚਿਆ ਗਿਆ ਤੇ ਹੁਣ ਉਸ ਨੇ ਸਰਕਾਰ ਅੱਗੇ ਤੇ ਹੋਰ ਸ਼ੋਸ਼ਲ ਆਰਗੇਨਾਈਜੇਸ਼ਨਾਂ ਅੱਗੇ ਅਰਜ਼ੋਈ ਕੀਤੀ ਹੈ ਕਿ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਟੱਬਰਾਂ ਦੀ, ਖ਼ਾਸ ਕਰ ਨਾਬਾਲਗ ਧੀਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਤਾਂ ਜੋ ਉਹ ਬੱਚੀਆਂ ਆਪਣੀ ਮਾਂ ਦੀ ਜ਼ਿੰਮੇਵਾਰੀ ਸਾਂਭ ਸਕਣ ਤੇ ਅੱਗੋਂ ਇੱਜ਼ਤ ਵਾਲੀ ਜ਼ਿੰਦਗੀ ਜੀਅ ਸਕਣ।