ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ

0
1716

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ

ਸੁਖਜੀਤ ਸਿੰਘ ਕਪੂਰਥਲਾ – 98720-76876

ਈਟੇਂ ਮੰਗਾਈ ਚੂਨਾ ਭੀ ਫ਼ੌਰਨ ਬਹਮ ਕੀਯਾ। ਯਾਰਾ ਨਹੀਂ ਬਯਾਨ ਕਾ ਫਿਰ ਜੋ ਸਿਤਮ ਕੀਯਾ।

ਉਸ ਸਮੇਂ ਸੀਮੇਂਟ ਨਹੀਂ ਸੀ ਹੁੰਦਾ ਤੇ ਇਨ੍ਹਾਂ ਜਲਾਦਾਂ ਨੇ ਖ਼ੂਨੀ ਦੀਵਾਰਾਂ ਦੀ ਉਸਾਰੀ ਲਈ ਹੁਣ ਇੱਟਾਂ ਅਤੇ ਚੂਨਾ ਮੰਗਵਾ ਲਿਆ।  ਹੁਣ ਜੋ ਜ਼ੁਲਮ ਹੋਣ ਲੱਗਾ ਹੈ ਉਹ ਜੋਗੀ ਅੱਲ੍ਹਾ ਯਾਰ ਖ਼ਾਂ ਆਪਣੀ ਕਲਮ ਤੋਂ ਲਿਖ ਰਿਹਾ ਹੈ।

ਗੁਰੂ ਘਰ ਦੇ ਸ਼ਰਧਾਲੂ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲੇ ਸਨ, ਪਰ ਕਲਗੀਧਰ ਨੂੰ ਪਿਆਰ ਕਰਦੇ ਸਨ, ਉਹ ਸਾਰੇ ਇੱਕਠੇ ਹੋ ਗਏ ਤੇ ਇੱਕ ਮਤਾ ਪਕਾਇਆ ਕਿ ਅਸੀਂ ਲਾਲਾਂ ਦੇ ਭਾਰ ਬਦਲੇ, ਨਵਾਬ ਵਜ਼ੀਰ ਖ਼ਾਂ ਨੂੰ ਸੋਨਾ ਦੇ ਦੇਈਏ ਤੇ ਲਾਲਾਂ ਨੂੰ ਛਡਵਾ ਲਈਏ।

ਦੇਖੋ !  ਕਿੰਨਾ ਭਾਰ ਹੋਵੇਗਾ ਇਨ੍ਹਾਂ ਦੋ ਲਾਲਾਂ ਦਾ, ਪਰ ਕਲਗੀਧਰ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਸੀ। ਕਹਿਣ ਲੱਗੇ ਕਿ ਜਾਉ, ਜਿੰਨਾ-ਜਿੰਨਾ ਵੀ ਕਿਸੇ ਦੇ ਕੋਲ ਸੋਨਾ ਹੈ, ਲੈ ਆਉ ਤਾਂ ਕਿ ਸਾਹਿਬਜ਼ਾਦਿਆਂ ਨੂੰ ਛਡਵਾਇਆ ਜਾ ਸਕੇ, ਪਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਵਜ਼ੀਰ ਖ਼ਾਂ ਬਹੁਤ ਜਾਲਮ ਹੈ ਉਹ ਸੋਨਾ ਵੀ ਲੈ ਕੇ ਰੱਖ ਲਵੇਗਾ ਤੇ ਸਾਹਿਬਜ਼ਾਦੇ ਵੀ ਨਹੀਂ ਛੱਡੇਗਾ।

ਜਦੋਂ ਕਲਗੀਧਰ ਦੇ ਲਾਡਲਿਆਂ ਨੂੰ ਜਲਾਦ ਫੜ ਕੇ ਲੈ ਜਾਣ ਲੱਗੇ ਅਤੇ ਡਰਾਵੇ ਦੇਣ ਲੱਗੇ ਕਿ ਅਸੀਂ ਖ਼ਾਨਦਾਨੀ ਜਲਾਦ ਹਾਂ ਤਾਂ ਕਲਗੀਧਰ ਦੇ ਲਾਡਲੇ ਅੱਗੋਂ ਜਵਾਬ ਦਿੰਦੇ ਹਨ ਕਿ ਅਸੀਂ ਖ਼ਾਨਦਾਨੀ ਸ਼ਹੀਦ ਹਾਂ।

ਜੋਗੀ ਅੱਲ੍ਹਾ ਯਾਰ ਖ਼ਾਂ ਕਿੱਸੇ ਨੂੰ ਹੁਣ ਮਚਾਨ ਤੇ ਲੈ ਕੇ ਜਾ ਰਿਹਾ ਹੈ।  ਮਚਾਨ ਕੀ ਹੁੰਦੀ ਹੈ ? (ਪੁਰਾਤਨ ਸਮਿਆਂ ਵਿੱਚ ਜੰਗਲੀ ਜਾਨਵਰ ਜਦੋਂ ਫ਼ਸਲਾਂ ਨੂੰ ਖ਼ਰਾਬ ਕਰਦੇ ਸਨ ਤਾਂ ਜ਼ਿਮੀਂਦਾਰ ਵੀਰ ਆਪਣੇ ਖੇਤਾਂ ਵਿੱਚ ਚਾਰ ਲੱਕੜਾਂ ਗੱਡ ਕੇ ਉਸ ਉੱਪਰ ਬੈਠਣ ਦਾ ਟਿਕਾਣਾ ਬਣਾ ਲੈਂਦੇ ਸਨ, ਉਸ ਉੱਚੀ ਜਗ੍ਹਾ ਨੂੰ ਮਚਾਨ ਕਿਹਾ ਜਾਂਦਾ ਸੀ, ਕਿਉਂਕਿ ਫ਼ਸਲਾਂ ਦੀ ਰਾਖੀ ਵੀ ਕਰਨੀ ਹੁੰਦੀ ਸੀ ਤੇ ਨਾਲ ਹੀ ਜੰਗਲੀ ਜਾਨਵਰਾਂ ਤੋਂ ਆਪਣੀ ਜਾਨ ਵੀ ਬਚਾਉਣੀ ਹੁੰਦੀ ਸੀ) ਜਲਾਦ ਲਾਲਾਂ ਨੂੰ ਫੜਣ ਲਈ ਅਗਾਂਹ ਨੂੰ ਵਧੇ :

ਲਪਕੇ ਲੀਨ ਦੋਨੋਂ ਵੁਹ ਸ਼ਹਿਜਾਦਗਾਨ ਪਰ।

ਹਮਲਾ ਕੀਯਾ ਜਲੀਲੋਂ ਨੇ ਹਰ ਆਲੀਸ਼ਾਨ ਪਰ।

ਥਾ ਇਨ ਕਾ ਕਿੱਸਾ ਲੇ ਕੇ ਚੱਲੇਂ ਅਬ ਮਚਾਨ ਪਰ।

ਬੁਨਿਆਦ ਥੀ ਧਰਮ ਕੀ, ਖ਼ੁਦੀ ਜਿਸ ਮਕਾਨ ਪਰ।

ਜਲਾਦ ਸਾਹਿਬਜ਼ਾਦਿਆਂ ਨੂੰ ਫੜ੍ਹਣ ਲਈ ਟੁੱਟ ਕੇ ਪੈ ਗਏ ਤੇ ਉਸ ਜਗ੍ਹਾ ਵੱਲ ਲੈ ਕੇ ਜਾਣ ਲਈ, ਜਿਸ ਨੀਂਹ ਉੱਪਰ ਸ਼ਹਾਦਤ ਰੂਪੀ ਮਹੱਲ ਦੀ ਉਸਾਰੀ ਹੋਣੀ ਹੈ, ਸਾਹਿਬਜ਼ਾਦੇ ਆਪ ਹੀ ਉੱਧਰ ਨੂੰ ਚੱਲ ਪਏ।

ਸਤਗੁਰ ਕੇ ਲਾਲ ਬੋਲੇ, ਨਾ ਛੂਨਾ ਹਮਾਰੇ ਹਾਥ।

ਗੜਨੇ ਹਮ ਆਜ ਜਿੰਦਾ, ਚਲੇਂਗੇ ਖ਼ੁਸ਼ੀ ਕੇ ਸਾਥ।

ਜਦੋਂ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਫੜਣ ਲਈ ਆਪਣੇ ਹੱਥ ਅਗਾਂਹ ਵਧਾਏ ਤਾਂ ਸਾਹਿਬਜ਼ਾਦੇ ਕਹਿਣ ਲੱਗੇ ‘ਉਏ ! ਸਾਨੂੰ ਹੱਥ ਲਗਾਉਣ ਦੀ ਲੋੜ ਨਹੀਂ ਹੈ, ਅਸੀਂ ਭੱਜਣ ਵਾਲਿਆਂ ਵਿਚੋਂ ਨਹੀਂ ਹਾਂ। ਸਾਨੂੰ ਦੱਸੋ ਕਿੱਥੇ ਜਾਣਾ ਹੈ, ਕਿੱਥੇ ਖੜ੍ਹੇ ਹੋਣਾ ਹੈ, ਅਸੀਂ ਉਸ ਥਾਂ ’ਤੇ ਆਪ ਖੜ੍ਹੇ ਹੋਵਾਂਗੇ। ਅਸੀਂ ਕਲਗੀਧਰ ਦੇ ਪੁੱਤਰ ਹਾਂ, ਸਾਡੀ ਦਾਦੀ ਮਾਂ ਨੇ ਸਾਡੀਆਂ ਰਗਾਂ ਵਿੱਚ ਇਹ ਗੱਲ ਭਰੀ ਹੈ ਕਿ ‘ਤੁਸੀਂ ਕਲਗੀਧਰ ਦੇ ਸਪੁੱਤਰ ਹੋ, ਤੁਸੀਂ ਗੁਰੂ ਤੇਗ਼ ਬਹਾਦਰ ਦੇ ਬਹਾਦਰ ਪੋਤਰੇ ਹੋ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ।’ ਜਲਾਦੋ ਦੱਸੋ !  ਕਿਸ ਜਗ੍ਹਾ ’ਤੇ ਅਸੀਂ ਖੜ੍ਹੇ ਹੋਈਏ, ਅਸੀਂ ਆਪ ਖੜੇ ਹੋਵਾਂਗੇ।’

ਕਵੀ ‘ਇੰਦਰਜੀਤ ਸਿੰਘ ਹਸਨਪੁਰੀ’ ਨੇ ਇਸ ਇਤਿਹਾਸਕ ਸਮੇਂ ਦੀਆਂ ਘੜੀਆਂ ਨੂੰ ਹੂ-ਬ-ਹੂ ਆਪਣੀ ਕਲਮ ਰਾਹੀਂ ਪਰੋਇਆ ਹੈ ਕਿ  ਜਾਲਮਾਂ ਨੇ ਇੱਕ ਥੜ੍ਹਾ ਬਣਾਇਆ ਸੀ ਤੇ ਅੱਜ ਗੁਰੂ ਦੇ ਲਾਲ ਆਪ ਜਾ ਕੇ ਉਸ ਥੜ੍ਹੇ ’ਤੇ ਖੜ੍ਹੇ ਹੋ ਗਏ ਨੇ।  ਕਵੀ ਲਿਖਦਾ ਹੈ:

ਨਿੱਕੇ -ਨਿੱਕੇ ਦੋ ਖ਼ਾਲਸੇ ਵੇਖੋ ਨੀਹਾਂ ਵਿੱਚ ਖੜੇ ਮੁਸਕਰਾਉਂਦੇ।

ਧਰਮ ਨਿਭਾਈਦਾ ਕਿਵੇਂ, ਵੱਡੇ ਵੱਡਿਆਂ ਨੂੰ ਉਹ ਸਮਝਾਉਂਦੇ।

ਲਾਡਲੇ ਗੋਬਿੰਦ ਸਿੰਘ ਦੇ, ਮਾਤਾ ਗੁਜਰੀ ਦੇ ਪੋਤਰੇ ਪਿਆਰੇ।

ਉੱਚੀ-ਉਚੀ ਬਾਹਾਂ ਚੁੱਕ ਕੇ, ਖੜ੍ਹੇ ਨੀਹਾਂ ’ਚ ਛੱਡਣ ਜੈਕਾਰੇ।

ਲੱਕ ਤੱਕ ਕੰਧ ਬਣ ਗਈ, ਲਾਲ ਮੰਨਦੇ ਨਾ ਜਾਲਮ ਮਨਾਉਂਦੇ।

ਨਿੱਕੇ -ਨਿੱਕੇ ਦੋ ਖ਼ਾਲਸੇ ਵੇਖੋ ਨੀਹਾਂ ਵਿੱਚ ਖੜ੍ਹੇ ਮੁਸਕਰਾਉਂਦੇ।

ਮੋਢਿਆਂ ’ਤੇ ਕੰਧ ਅਪੜੀ, ਪਰ ਲਾਲ ਨਾ ਗੁਰਾਂ ਦੇ ਡੋਲੇ। ਨੂਰੋਂ

ਨੂਰ ਮੁੱਖ ਦੋਹਾਂ ਦਾ, ਰੂਪ ਰੱਬ ਦਾ ਨਜ਼ਰ ਨੇ ਆਉਂਦੇ।

ਨਿੱਕੇ ਨਿੱਕੇ ਦੋ ਖ਼ਾਲਸੇ ।

 ਜੋਗੀ ਅੱਲ੍ਹਾ ਯਾਰ ਖ਼ਾਂ ਅੱਗੇ ਲਿਖਦਾ ਹੈ ਕਿ ਸਾਹਿਬਜ਼ਾਦੇ ਹੁਣ ਅੱਗੇ ਕੀ ਕਰਦੇ ਹਨ:

ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵੁਹ ਨੌਨਿਹਾਲ। ਕਹਤੇ ਹੂਏ ਜ਼ਬਾਂ ਸੇ ਬੜੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।

ਇਹ ਨੇ ਕਲਗੀਧਰ ਦੇ ਲਾਡਲੇ, ਜਿਨ੍ਹਾਂ ਨੂੰ ਜ਼ਾਲਮ ਡਰਾਉਣਾ ਚਾਹੁੰਦੇ ਨੇ, ਪਰ ਲਾਡਲੇ ਨਿਡਰ ਹੋ ਕੇ ਆਪ ਖ਼ੁਦ ਮੌਤ ਵੱਲ ਨੂੰ ਵਧ ਰਹੇ ਹਨ।  ਕਲਗੀਧਰ ਦੇ ਲਾਲ ਨਿਸ਼ਚਿਤ ਸਥਾਨ ਤੇ ਖੜ੍ਹੇ ਹੋ ਗਏ। ਦੀਵਾਰਾਂ ਦੀ ਚਿਣਾਈ ਸ਼ੁਰੂ ਹੋਣ ਲੱਗੀ ਇਸ ਸਮੇਂ ਨੂੰ ਇੱਕ ਕਵੀ ਨੇ ਬੜੇ ਹੀ ਭਾਵਨਾ ਭਰੇ ਸ਼ਬਦਾਂ ਨਾਲ ਸ਼ਰਧਾ ਦੇ ਫੁੱਲ ਇਉਂ ਭੇਟਾ ਕੀਤੇ :

ਜ਼ਿੰਦਾ ਨਿਕੀਆਂ, ਹੌਂਸਲੇ ਬਹੁਤ ਵੱਡੇ,

ਆਣ ਨੀਹਾਂ ਦੇ ਵਿੱਚ ਖਲੋ ਗਈਆਂ।

ਰਾਜ ਜਦੋਂ ਸੀ ਚਿਨਣ ਦੀਵਾਰ ਲੱਗੇ,

ਵੇਖ ਇੱਟਾਂ ਵੀ ਡੁਸਕਦੀਆਂ ਰੋ ਪਈਆਂ।

ਇੱਟਾਂ ਵੀ ਇਹ ਜ਼ੁਲਮ ਦੇਖ ਕੇ ਰੋਂਦੀਆਂ ਨੇ, ਪਰ ਜੇਕਰ ਕੋਈ ਨਹੀਂ ਰੋਇਆ ਤਾਂ ਵਜ਼ੀਰ ਖ਼ਾਂ ਨਹੀਂ ਰੋਇਆ, ਸੁੱਚਾ ਨੰਦ ਨਹੀਂ ਰੋਇਆ, ਬਾਕੀ ਸਾਰੇ ਹੀ ਰੋਂਦੇ ਸਨ।  ਇਸ ਪੂਰੇ ਘਟਨਾ ਕ੍ਰਮ ਨੂੰ ਰਾਏਕੋਟ ਦੀ ਧਰਤੀ ’ਤੇ ਨੂਰੇ ਮਾਹੀ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੁਣਾਇਆ ਸੀ ਤਾਂ ਕਲਗੀਧਰ ਪਾਤਸ਼ਾਹ ਨੇ ਨੂਰੇ ਮਾਹੀ ਨੂੰ ਕੁੱਝ ਸਵਾਲ ਵੀ ਕੀਤੇ ਸਨ ਕਿ ਨੂਰਿਆ ਤੂੰ ਰੂ-ਬ-ਰੂ ਸੈਂ ? ਨੂਰੇ ਮਾਹੀ ਅਤੇ ਕਲਗੀਧਰ ਪਾਤਸ਼ਾਹ ਦੇ ਉਸ ਸਮੇਂ ਦੇ ਆਪਸੀ ਵਾਰਤਾਲਾਪ ਨੂੰ ਇੱਕ ਕਵੀ ਨੇ ਇਉਂ ਕਲਮਬੱਧ ਕੀਤਾ:

‘ਸਰਹੰਦ ’ਚੋ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ। ਦੋਵੇਂ ਸ਼ਹੀਦ ਹੋ ਗਏ ਨੇ, ਨੌ-ਨਿਹਾਲ ਟੁਰ ਗਏ। ਸੂਬੇ ਨੇ ਕੰਧ ਅੰਦਰ, ਦੋਵੇਂ ਨਪੀੜ੍ਹ ਦਿੱਤੇ। ਕੋਮਲ ਸਰੀਰ, ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉਠਿਆ। ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ।’

ਨੂਰੇ ਮਾਹੀ ਨੇ ਜਦੋਂ ਇਹ ਗੱਲ, ਕਲਗੀਧਰ ਪਾਤਸ਼ਾਹ ਨੂੰ ਸੁਣਾਈ ਤਾਂ ਗੁਰੂ ਕਲਗੀਧਰ ਪਾਤਸ਼ਾਹ ਮੁਸਕਰਾਏ ਤੇ ਨੂਰੇ ਮਾਹੀ ਨੂੰ ਸੰਬੋਧਨ ਹੋ ਕੇ ਪੁੱਛ ਰਹੇ ਹਨ ਕਿ ਨੂਰਿਆ  !

‘ਤੂੰ ਰੂ-ਬਰੂ ਸੈਂ ਉੱਥੇ ਕੋਈ ਗੱਲ ਨਾ ਲੁਕਾ ਈਂ। ਤੇ ਸਾਫ਼-ਸਾਫ਼ ਦੱਸੀਂ, ਕੋਈ ਕਹਿਰ ਨਾ ਕਮਾ ਈਂ। ਕੋਈ ਹਿੰਝ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ ? ਲਾਲਾਂ ਨੇ ਕਿਧਰੇ ਉੱਚੀ, ਕੋਈ ਸਾਹ ਤੇ ਨਾ ਕੱਢੀ ? ਤੇਸੀ ਨਾਲ ਲੱਗੀ ਜਦ ਸੱਟ ਸੀ ਕਰਾਰੀ। ਮੇਰੇ ਫ਼ਤਿਹ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ ?’

ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਕਲਗੀਧਰ ਨੇ

ਜੋ ਵਜਾਇਆ, ਉਹ ਸਾਜ ਵੱਖਰਾ ਸੀ। (ਪ੍ਰਕਾਸ਼ ਸ਼ਿਮਲਵੀ)

ਹੁਣ ਵੱਡਾ ਵੀਰ ਜ਼ੋਰਾਵਰ ਸਿੰਘ ਆਪਣਾ ਵੱਡੇ ਹੋਣ ਦਾ ਫ਼ਰਜ਼ ਨਿਭਾ ਰਿਹਾ ਹੈ। ਬਾਰ-ਬਾਰ ਆਪਣੇ ਛੋਟੇ ਵੀਰ ਫ਼ਤਿਹ ਸਿੰਘ ਨੂੰ ਆਖ ਰਿਹਾ ਹੈ ‘ਵੀਰਿਆ ਬੋਲ ! ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।’

ਉਹ ਕਿਉਂ ਕਹਿ ਰਿਹਾ ਹੈ ? ਕਿਉਂਕਿ ਜਦੋਂ ਵਾਹਿਗੁਰੂ ਜੀ ਦਾ ਧਿਆਨ ਆਵੇਗਾ ਤਾਂ ਛੋਟੇ ਵੀਰ ਅੰਦਰ ਦ੍ਰਿੜ੍ਹਤਾ ਆਵੇਗੀ ਤੇ ਮੇਰਾ ਛੋਟਾ ਵੀਰ ਡੋਲੇਗਾ ਨਹੀਂ।  ਬਾਰ-ਬਾਰ ਆਪਣੇ ਛੋਟੇ ਵੀਰ ਨੂੰ ਬਾਬਾ ਜ਼ੋਰਾਵਰ ਸਿੰਘ ਕਹਿ ਰਹੇ ਹਨ ‘ਵੀਰਿਆ ! ਯਾਦ ਹੈ ਨਾ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ।’ ਇਹ ਸਭ ਕੁੱਝ ਕਹਿੰਦਿਆਂ-ਕਹਿੰਦਿਆਂ ਦੀਵਾਰ ਵੀ ਉਸਰਦੀ ਜਾ ਰਹੀ ਹੈ।

ਹੁਣ ਬਾਬਾ ਫ਼ਤਿਹ ਸਿੰਘ ਜੀ ਨੇ ਆਪਣੇ ਵੱਡੇ ਵੀਰ ਵੱਲ ਝਾਤੀ ਮਾਰੀ ਤਾਂ ਕੀ ਤੱਕਿਆ ? ਬਾਬਾ ਜ਼ੋਰਾਵਰ ਸਿੰਘ ਦੀਆਂ ਅੱਖਾਂ ਨਮ ਹੋਈਆਂ ਪਈਆਂ ਨੇ, ਤੱਕ ਕੇ ਬਾਬਾ ਫ਼ਤਿਹ ਸਿੰਘ ਕਹਿਣ ਲੱਗਾ: ਵੀਰਿਆ !  ਤੂੰ ਮੈਨੂੰ ਹੌਸਲਾ ਦਿੰਦਾ ਸੈਂ ਤੇ ਹੁਣ ਆਪ ਹੀ ਡੋਲ ਰਿਹਾ ਏਂ ?

ਜ਼ੋਰਾਵਰ ਸਿੰਘ ਕਹਿਣ ਲੱਗੇ: ਨਹੀਂ ਵੀਰਿਆ ! ਮੈਂ ਡੋਲਿਆ ਨਹੀਂ ਹਾਂ।  ਬਾਬਾ ਫ਼ਤਿਹ ਸਿੰਘ ਨੇ ਫਿਰ ਪੁੱਛਿਆ: ਵੀਰਿਆ ! ਤੇਰੀਆਂ ਅੱਖਾਂ ਕਿਉਂ ਨਮ ਹੋਈਆ ਨੇ ?

ਬਾਬਾ ਜ਼ੋਰਾਵਰ ਸਿੰਘ ਨੇ ਜਵਾਬ ਦਿੱਤਾ: ਵੀਰਿਆ ! ਮੇਰੀਆਂ ਅੱਖਾਂ ਇਸ ਕਰ ਕੇ ਨਮ ਹਨ ਕਿ ਮਾਤ ਲੋਕ ਵਿੱਚ ਤੂੰ ਮੇਰੇ ਤੋਂ ਬਾਅਦ ਆਇਆ ਸੈਂ।, ਤੂੰ ਉਮਰ ਵਿੱਚ ਮੇਰੇ ਤੋਂ ਛੋਟਾ ਏਂ, ਕੱਦ ਵਿੱਚੋਂ ਵੀ ਮੇਰੇ ਤੋਂ ਛੋਟਾ ਏਂ, ਪਰ ਇਸ ਦੀਵਾਰ ਵਿੱਚ ਚਿਣ ਕੇ ਤੂੰ ਮੇਰੇ ਤੋਂ ਪਹਿਲਾਂ ਦਾਦਾ ਜੀ ਦੀ ਗੋਦ ਵਿੱਚ ਚਲੇ ਜਾਣਾ ਹੈਂ।

ਜੋ ਦੀਵਾਰ, ਕਿਸੇ ਨੂੰ ਸ਼ਹੀਦ ਕਰਨ ਲਈ ਬਣਾਈ ਜਾ ਰਹੀ ਹੋਵੇ ਉਹ ਇੱਕ ਤਰ੍ਹਾਂ ਦਾ ਕੈਦਖ਼ਾਨਾ ਹੁੰਦਾ ਹੈ, ਜਿੱਥੇ ਬੰਦੀ ਬੈਠ ਨਹੀਂ ਸਕਦਾ, ਖੜ੍ਹਾ ਨਹੀਂ ਰਹਿ ਸਕਦਾ, ਪਾਸਾ ਵੀ ਨਹੀਂ ਲੈ ਸਕਦਾ। ਅਜਿਹੀ ਦੀਵਾਰ ਦਾ ਚਾਰੋਂ ਤਰਫ਼ ਫ਼ਾਸਲਾ ਬਹੁਤ ਹੀ ਤੰਗ ਹੁੰਦਾ ਹੈ। ਕੁਝ ਕਵੀ ਤੇ ਲੇਖਕਾਂ ਦੀ ਕਲਪਨਾ ਇਸ ਨੂੰ ਕੁਝ ਇਉਂ ਬਿਆਨ ਕਰਦੀ ਹੈ ਕਿ ਜਲਾਦ ਦੀਵਾਰ ਚਿਣਦੇ ਗਏ, ਜੋ ਚੌਹਾਂ ਪਾਸਿਆਂ ਤੋਂ ਬਹੁਤ ਭੀੜੀ ਸੀ। ਜਦ ਦੀਵਾਰ ਗੋਡਿਆਂ ਤੱਕ ਆਈ ਤਾਂ ਬੱਚਿਆਂ ਨੇ ਇੱਟ ਦੀ ਬਜਾਇ ਆਪਣੇ ਗੋਡਿਆਂ ਨੂੰ ਤਰਾਸਣ ਲਈ ਕਿਹਾ।

ਅਜਿਹੀ ਕਲਪਨਾ ਰਾਹੀਂ ਬੱਚਿਆਂ ਦੀ ਸ਼ਹੀਦੀ ਪ੍ਰਤੀ ਨਿੱਡਰਤਾ ਤੇ ਸਾਹਸ ਨੂੰ ਦਰਸਾਉਣਾ ਹੁੰਦਾ ਹੈ ਕਿ ਬੱਚੇ ਤਸੀਹਿਆਂ ਦੇ ਸਾਹਮਣੇ ਆਪਣੇ ਆਪ ਨੂੰ ਨਿਰਾਸ਼ ਨਹੀਂ ਹੋਏ ਬਲਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਾਙ ‘ਤੇਰਾ ਕੀਆ ਮੀਠਾ ਲਾਗੈ’ ਰੱਬੀ ਬੰਦਗੀ ਨੂੰ ਮਹੱਤਵ ਦਿੰਦੇ ਰਹੇ। ਇਸ ਦਲੇਰਾਨਾ ਅੰਦਾਜ਼ ਨੂੰ ਇੱਕ ਕਵੀ ਨੇ ਇਉਂ ਪੇਸ਼ ਕੀਤਾ :

‘ਸਰਹਿੰਦ ਨੀਹਾਂ ’ਚੋਂ’ ਗੁਰੂ ਦੇ ਲਾਲ ਬੋਲੇ, ਸਾਡੇ ਲਹੂ ਨੂੰ ਇੱਥੇ ਨਚੋੜ ਕੇ ਲਾ। ਇੱਟਾਂ ਲਾ ਰਿਹੈ ਕਿ ਤੂੰ ਰੋ ਰਿਹੈਂ, ਇੱਟ ਮਨ ਦੀ ਅਵਸਥਾ ਨੂੰ ਮੋੜ ਕੇ ਲਾ। ਇੱਟ ਤੋੜ ਨਾ ਗੋਡੇ ਨੂੰ ਤੋੜ ਦੇ ਤੂੰ, ਸਿੱਖੀ ਮਹਿਲ ਨੂੰ ਇੱਟ ਨਾ ਤੋੜ ਕੇ ਲਾ। ਇਹ ਹਿਲਾਇਆਂ, ਨਾ ਹਿੱਲ ਸਕੇ ਕਿਸੇ ਕੋਲੋਂ, ਓ ਠੋਕ ਠੋਕ ਕੇ ਲਾ, ਜੋੜ ਜੋੜ ਕੇ ਲਾ।’

ਜੋਗੀ ਅੱਲ੍ਹਾ ਯਾਰ ਖ਼ਾਂ ਨੇ ‘ਸ਼ਹੀਦਾਨਿ-ਵਫ਼ਾ’ ਅਰਥਾਤ ‘ਸਾਕਾ ਸਰਹਿੰਦ’ ਕਿੱਸਾ 1913 ਈਸਵੀ ਵਿੱਚ ਲਿਖਿਆ ਤੇ ਆਖ਼ਰੀ ਸਤਰਾਂ ਵਿੱਚ ਉਨ੍ਹਾਂ ਕਿਹਾ ਕਿ ਦੀਵਾਰ ਉਸਰਦੀ ਗਈ, ਉਸਰਦੀ ਗਈ ਤੇ ਆਖ਼ਰ ਉਹ ਦੀਵਾਰ ਸਾਹਿਬਜ਼ਾਦਿਆਂ ਦੀ ਠੋਡੀ ਤੱਕ ਆ ਗਈ: ‘ਠੋਡੀ ਤੱਕ  ਈਂਟੇ ਚੁਨ ਦੀ ਗਈ, ਮੂੰਹ ਤੱਕ ਆ ਗਈ। ਬੀਨੀ ਕੋ ਢਾਂਪਤੇ ਹੀ ਵੁਹ ਆਖੋਂ ਪਿ ਛਾ ਗਈ। ਹਰ ਚਾਂਦ ਸੀ ਜਬੀਨ ਕੋ ਗ੍ਰਹਨ ਸਾ ਲਗਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।..ਜੋਗੀ ਜੀ’ ਇਸ ਕੇ ਬਾਅਦ ਹੁਈ ਥੋੜੀ ਦੇਰ ਥੀ। ਬਸਤੀ ਸਰਹਿੰਦ ਸ਼ਹਿਰ ਕੀ  ਈਂਟੋਂ ਕਾ ਢੇਰ ਥੀ।’ ਭਾਵ ਜਦੋਂ ਦੀਵਾਰ ਠੋਡੀ ਤੱਕ ਆ ਗਈ ਤਾਂ ਇੱਕ ਇੱਟਾਂ ਦਾ ਵਾਰ ਹੋਰ ਉਸਰਿਆ ਤੇ ਬੀਨੀ (ਨੱਕ) ਨੂੰ ਦੀਵਾਰ ਨੇ ਢੱਕ ਲਿਆ ਤੇ ਫਿਰ ਇੱਕ ਹੋਰ ਵਾਰ ਲੱਗਿਆ ਤੇ ਪਿਆਰੇ ਲਾਲਾਂ ਦੀਆਂ ਅੱਖਾਂ ਵੀ ਲੁੱਕ ਗਈਆਂ। ਆਖ਼ਰੀ ਸਤਰਾਂ ਬਿਆਨ ਕਰਦੀਆਂ ਹਨ ਕਿ ‘ਹਰ ਚਾਂਦ ਸੀ ਜਬੀਨ ਕੋ ਗ੍ਰਹਨ ਸਾ ਲਗਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ। ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।’ ਭਾਵ ਉਹ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਨੇ ਮੇਰੇ ਕਲਗੀਧਰ ਦੇ ਦੋਨੋਂ ਲਾਡਲਿਆਂ ਨੂੰ ਆਪਣੇ ਅੰਦਰ ਸਮਾ ਲਿਆ, ਸਮਾ ਲਿਆ, ਸਮਾ ਲਿਆ।

ਦੀਵਾਰਾਂ ਉਸਰਦਿਆਂ-ਉਸਰਦਿਆਂ, ਅਕਾਲ ਪੁਰਖ ਦਾ ਭਾਣਾ ਕੁੱਝ ਐਸਾ ਵਾਪਰਿਆ ਕਿ ਦੀਵਾਰ ਦਾ ਢਾਂਚਾ ਅਚਾਨਕ ਢਹਿ ਗਿਆ। ਦੀਵਾਰ ਡਿੱਗਣ ਉਪਰੰਤ ਲਾਡਲੇ ਬੇਹੋਸ਼ ਹੋ ਗਏ। ਕੁੱਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਦੇਸੀ ਜੜ੍ਹੀ ਬੂਟੀ ਤੋਂ ਬਣੀ ਦਵਾਈ (ਮਮੀਰਾ) ਮੰਗਾਈ, ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਪਿਲਾ ਕੇ ਦੁਬਾਰਾ ਹੋਸ਼ ਵਿੱਚ ਲੈ ਆਂਦਾ, ਕਿਉਂਕਿ ਲਾਲਾਂ ਦੇ ਦੀਵਾਰ ਵਿੱਚ ਚਿਣ ਜਾਣ ਕਰ ਕੇ ਅਤੇ ਦੀਵਾਰ ਭੀੜੀ ਹੋਣ ਕਰ ਕੇ ਉਹਨਾਂ ਦਾ ਦਮ ਘੁਟ ਗਿਆ ਸੀ।

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਹੋਸ਼ ’ਚ ਲਿਆ ਕੇ ਦੂਸਰੇ ਦਿਨ ਫਿਰ ਸੂਬਾ ਕਚਹਿਰੀ ’ਚ ਪੇਸ਼ ਕੀਤਾ ਗਿਆ ਤਾਂ ਜੋ ਸ਼ਾਇਦ ਡਰ ਕਾਰਨ ਬੱਚੇ ਇਸਲਾਮ ਕਬੂਲ ਕਰ ਲੈਣ, ਪਰ ਦਾਦੀ ਮਾਤਾ ਦੀ ਸਿੱਖਿਆ ਨੇ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ। ਇੱਥੇ ਇਹ ਵਿਚਾਰ ਜ਼ਿਆਦਾ ਦਰੁਸਤ ਜਾਪਦੀ ਹੈ ਕਿ ਬੱਚਿਆਂ ਨੂੰ ਦੂਜੇ ਦਿਨ ਤੱਕ ਜੀਵਤ ਰੱਖਿਆ ਗਿਆ ਕਿਉਂਕਿ ਵਜ਼ੀਰ ਖ਼ਾਂ ਦੀ ਜਿੱਤ ਬੱਚਿਆਂ ਨੂੰ ਧਰਮ ਪਰਿਵਰਤਨ ਕਰਵਾਉਣ ’ਚ ਸੀ, ਨਾ ਕਿ ਉਨ੍ਹਾਂ ਨੂੰ ਤੁਰੰਤ ਮਾਰਨ ਵਿੱਚ।

ਦੂਸਰੇ ਦਿਨ ਜਲਾਦ ਸ਼ਾਸ਼ਲ ਬੇਗ ਨੇ ਇੱਕ ਲਾਲ ਦਾ ਸਿਰ ਆਪਣੇ ਪੱਟਾਂ ’ਤੇ ਰੱਖਿਆ ਤੇ ਦੂਜੇ ਜਲਾਦ ਬਾਸ਼ਲ ਬੇਗ ਨੇ ਦੂਸਰੇ ਲਾਲ ਦਾ ਸਿਰ ਆਪਣੇ ਪੱਟਾਂ ’ਤੇ ਰੱਖਿਆ ਤੇ ਉਹਨਾਂ ਦੇ ਗਲ਼ਾਂ ’ਤੇ ਛੁਰੀਆਂ ਫੇਰ ਦਿੱਤੀਆਂ।  ਇਸ ਘਟਨਾਕ੍ਰਮ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਦੇ ਸ਼ਬਦਾਂ ’ਚ, ‘ਦੀਵਾਰ ਕੇ ਦਬਾਓ ਸੇ ਜਬ ਹਬਸਿ- ਦਮ ਹੂਆ। ਦੌਰਾਨਿ ਖ਼ੂਨ ਰੁਕਨੇ ਲਗਾ ਸਾਂਸ ਕਮ ਹੂਆ। ਫ਼ੁਰਮਾਏ ਦੋਨੋਂ ਹਮ ਪਰ ਬਜ਼ਾਹਿਰ ਸਿਤਮ ਹੂਆ। ਬਾਤਿਨ ਮੇਂ ਪੰਥ ਪਰ ਹੈ ਖ਼ੁਦਾ ਕਾ ਕਰਮ ਹੂਆ।’

ਬੱਚਿਆਂ ਦੀ ਦਿਲੀ ਫ਼ਰਿਆਦ ਸੀ ਕਿ ‘ਸਦ ਸਾਲ ਔਰ ਜੀ ਕੇ ਭੀ ਮਰਨਾ ਜਰੂਰ ਥਾ। ਸਰ ਕੌਮ ਸੇ ਬਚਾਨਾ ਯਿਹ ਗੈਰਤ ਸੇ ਦੂਰ ਥਾ।’ ਭਾਵ ਸੌ ਸਾਲ ਜੀਅ ਕੇ ਵੀ ਤਾਂ ਅਸਾਂ ਮਰਨਾ ਹੀ ਸੀ, ਪਰ ਸਿੱਖੀ ਗ਼ੈਰਤ ਇਹ ਆਗਿਆ ਨਹੀਂ ਦੇਂਦੀ ਕਿ ਅਸੀਂ ਆਪਣੀ ਜਾਨ ਬਦਲੇ ਧਰਮ ਨੂੰ ਦਾਅ ’ਤੇ ਲਾ ਦੇਈਏ।

ਜਦੋਂ ਕਲਗੀਧਰ ਪਾਤਸ਼ਾਹ ਨੇ ਔਰੰਗਜੇਬ ਨੂੰ ਜ਼ਫ਼ਰਨਾਮਾ ਲਿਖਿਆ ਤਾਂ ਪਾਤਸ਼ਾਹ ਨੇ ਉਸ ਜ਼ਫ਼ਰਨਾਮੇ ਅੰਦਰ ‘ਸਾਕਾ ਸਰਹਿੰਦ’ ਅਤੇ ‘ਸਾਕਾ ਚਮਕੌਰ’ ਦਾ ਵਰਣਨ ਬਾ-ਕਮਾਲ ਢੰਗ ਨਾਲ ਕੀਤਾ, ‘ਐ ਔਰੰਗਜੇਬ ! ਕੀ ਹੋਇਆ ਜੇ ਇੱਕ ਬਘਿਆੜ ਨੇ ਸ਼ੇਰ ਦੇ ਬੱਚੇ ਧੋਖੇ ਨਾਲ ਮਾਰ ਦਿੱਤੇ, ਅਜੇ ਤਾਂ ਕੁੰਡਲੀਦਾਰ ਭੁਝੰਗੀ (ਖ਼ਾਲਸਾ ਪੁੱਤਰ) ਮੇਰਾ ਬਾਕੀ ਹੈ। ਇਹ ਤੇਰੇ ਕੋਲੋਂ ਗਿਣ-ਗਿਣ ਕੇ ਬਦਲੇ ਲਵੇਗਾ, ਇਹ ਗੱਲ ਤੂੰ ਯਾਦ ਰੱਖੀਂ।’

ਜ਼ਫ਼ਰਨਾਮੇ ਵਿੱਚ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਸੰਬੋਧਨ ਹੁੰਦਿਆਂ ਹੋਇਆਂ ਇਹ ਵੀ ਲਿੱਖਿਆ ‘ਐ ਔਰੰਗਜ਼ੇਬ ! ਕੀ ਹੋਇਆ ਜੇਕਰ ਤੂੰ ਪੱਥਰ ਦੇ ਨਾਲ ਸੋਨੇ ਦਾ ਕਾਸਾ (ਬਰਤਨ) ਤੋੜ ਦਿੱਤਾ ਹੈ, ਪਰ ਯਾਦ ਰੱਖੀਂ, ਪੱਥਰ ਫਿਰ ਵੀ ਪੱਥਰ ਹੈ ਤੇ ਸੋਨਾ ਚਕਨਾਚੂਰ ਹੋ ਕੇ ਵੀ ਸੋਨਾ ਹੈ।’

ਇੱਕ ਵਿਦਵਾਨ ਨੇ ਲਿਖਿਆ ਹੈ: ‘ਜੇਕਰ ਕਲਗੀਧਰ ਪਾਤਸ਼ਾਹ ਆਪਣੇ ਵੱਡੇ ਪੁੱਤਰਾਂ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਨਾ ਕਰਵਾਉਂਦੇ ਤਾਂ ਕਦੀ ਵੀ ਸਿੱਖ ਧਰਮ ਵਿੱਚ ਧਰਮ-ਯੁੱਧ ਦਾ ਚਾਓ ਪੈਦਾ ਨਹੀਂ ਸੀ ਹੋਣਾ।  ਜੇਕਰ ਕਲਗੀਧਰ ਪਾਤਸ਼ਾਹ ਆਪਣੇ ਮਾਸੂਮ ਬਾਲਾਂ ਨੂੰ ਬੁੱਕਲ ਵਿੱਚ ਲੁਕਾ ਲੈਂਦੇ, ਬੱਚੇ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਵਿੱਚ ਸ਼ਹੀਦ ਨਾ ਕਰਵਾਉਂਦੇ ਤਾਂ ਕਦੀ ਵੀ ਬਹਾਦਰ ਸਿੰਘਣੀਆਂ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਨਾ ਪੁਆਉਂਦੀਆਂ।’

ਸਾਹਿਬਜ਼ਾਦੇ ਸਾਨੂੰ ਸੁਨੇਹੇ ਦੇ ਰਹੇ ਹਨ: ‘ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ। ਸਿੱਖੀ ਕੀ ਨੀਂਵ, ਹਮ ਹੈਂ ਸਰੋਂ ਪਿ ਉਠਾ ਚਲੇ। ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ। ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਗੱਦੀ ਸੇ ਤਾਜੋ- ਤਖ਼ਤ ਬਸ ਅਬ ਕੌਮ ਪਾਏਗੀ। ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤੱਕ ਮਿਟਾਏਗੀ।’

ਜਦੋਂ ਮਾਂ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲ ਗਈ ਤਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਂ ਗੁਜਰੀ ਗਸ਼ ਖਾ ਕੇ ਡਿੱਗ ਪਈ। ਕਈਆਂ ਲਿਖਿਆ ਹੈ ਕਿ ਮਾਂ ਗੁਜਰੀ ਜੀ ਪ੍ਰਾਣ ਚੜਾ ਗਏ ਸਨ, ਪਰ ਮੈਂ ਬੇਨਤੀ ਕਰ ਦਿਆਂ ਕਿ ਗੁਰਮਤਿ ਦੀ ਕਸਵੱਟੀ ’ਤੇ ਪਰਖੀਏ ਤਾਂ ਉਹ ਮਾਂ ਗੁਜਰੀ ਗਸ਼ ਖਾ ਕੇ ਡਿੱਗ ਨਹੀਂ ਸਕਦੀ, ਉਹ ਮਾਂ ਗੁਜਰੀ ਜਿਸ ਨੇ ਲਾਲਾਂ ਦੇ ਅੰਦਰ ਪੂਰੀ ਦ੍ਰਿੜ੍ਹਤਾ ਭਰੀ ਅਤੇ ਆਪ ਲਾਲਾਂ ਨੂੰ ਪਿਆਰ ਦੇ ਕੇ ਤੋਰਦੀ ਹੈ, ਕੀ ਉਹ ਗਸ਼ ਖਾ ਕੇ ਡਿੱਗ ਜਾਏਗੀ, ਨਹੀਂ ਮਾਂ ਗੁਜਰੀ ਗਸ਼ ਨਹੀਂ ਖਾ ਸਕਦੀ।

ਉਹ ਮਾਂ ਗੁਜਰੀ ਜਿਹੜੇ ਆਪਣੇ ਪਤੀ ਦਾ ਸੀਸ ਝੋਲੀ ਵਿੱਚ ਪੁਆ ਕੇ ਆਖਦੀ ਹੈ: ‘ਪਤੀ ਪਰਮੇਸ਼ਰ ਜੀ ! ਤੁਹਾਡੀ ਨਿਭ ਗਈ, ਮੇਰੀ ਵੀ ਨਿਭ ਜਾਵੇ।’  ਉਹ ਮਾਂ ਗੁਜਰੀ ਇੰਨੀ ਕਮਜੋਰ ਨਹੀਂ ਹੋ ਸਕਦੀ ਕਿ ਉਹ ਗਸ਼ ਖਾ ਕੇ ਡਿੱਗ ਜਾਵੇ ਜਾਂ ਸੁਆਸ ਚੜ੍ਹਾ ਲਵੇ।

ਇੱਕ ਕਵੀ ਨੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਜੀ ਬਾਰੇ ਇਉਂ ਬਚਨ ਲਿਖੇ, ‘ਵੇਖਿਆ ! ਕਿ ਪਿਤਾ ਤੋਂ ਪੁੱਤ ਵੀ ਪੋਲੇ ਨਹੀਂ, ਵੱਡਿਆਂ ਕੀ ਡੋਲਣਾ ਮਾਸੂਮ ਵੀ ਡੋਲੇ ਨਹੀਂ। ਮਾਂ ਗੁਜਰੀ ਬੱਚਿਆਂ ਦੇ ਨਾਲ ਰਲ ਕੇ ਗੁਜਰ ਗਈ। ਜੋ ਵੀ ਆਈਆਂ ਔਕੜਾਂ, ਉਹ ਸੀਸ ਝੱਲ ਕੇ ਗੁਜਰ ਗਈ।’

ਵਜ਼ੀਰ ਖ਼ਾਂ ਚਾਹੁੰਦਾ ਸੀ ਕਿ ਇਨ੍ਹਾਂ ਛੋਟੇ ਬਾਲਾਂ ਨੂੰ ਤਸੀਹੇ ਦੇ ਕੇ ਮੁਸਲਮਾਨ ਬਣਾ ਕੇ, ਕਲਗੀਧਰ ਨੂੰ ਕੈਦ ਕਰ ਕੇ ਔਰੰਗਜ਼ੇਬ ਦੀ ਖ਼ੁਸ਼ੀ ਲੈਂਦਾ, ਪਰ ਜਦ ਛੋਟੇ-ਛੋਟੇ ਬਾਲ ਨਹੀਂ ਡੋਲੇ ਤਾਂ ਮਾਂ ਗੁਜਰੀ ਨੇ ਕੀ ਡੋਲਣਾ ਹੈ, ਬਸ ਇਸੇ ਸੋਚ ਨੂੰ ਮੁੱਖ ਰੱਖ ਕੇ ਜਾਲਮਾਂ ਨੇ ਸਲਾਹ ਕੀਤੀ ਕਿ ਬੱਚੇ ਨਹੀਂ ਰਹੇ ਤਾਂ ਬੁੱਢੀ ਮਾਂ (ਮਾਂ ਗੁਜਰੀ) ਨੂੰ ਰੱਖ ਕੇ ਅਸੀਂ ਕੀ ਕਰਨਾ ਹੈ ?

ਇਤਿਹਾਸ ਮੁਤਾਬਕ ਜਾਲਮਾਂ ਨੇ ਮਾਂ ਗੁਜਰੀ ਨੂੰ ਧੱਕਾ ਦੇ ਕੇ ਠੰਡੇ ਬੁਰਜ ਤੋਂ ਹੇਠਾਂ ਸੁੱਟ ਦਿੱਤਾ।  ਮਾਂ ਗੁਜਰੀ ਵੀ ਇਨ੍ਹਾਂ ਬੱਚਿਆਂ ਦੇ ਨਾਲ ਹੀ ਸ਼ਹਾਦਤ ਦਾ ਜਾਮ ਪੀ ਗਈ।  ਮਾਂ ਗੁਜਰੀ ਅਤੇ ਲਾਲਾਂ ਦੀਆਂ ਲਾਸ਼ਾਂ ਨੂੰ ਚੁਕਾ ਕੇ ਬਾਹਰ ਸੁੱਟ ਦਿੱਤਾ ਗਿਆ ਕਿਉਂਕਿ ਵਜ਼ੀਰ ਖ਼ਾਂ ਨੇ ਕਿਹਾ ਸੀ ਕਿ ਤੁਹਾਡੀਆਂ ਲਾਸ਼ਾਂ ਨੂੰ ਇੱਲਾਂ ਖਾਣਗੀਆਂ।  ਵਜ਼ੀਰ ਖ਼ਾਂ ਨੇ ਢੰਡੋਰਾ ਵੀ ਪਿਟਵਾ ਦਿੱਤਾ ਕਿ ਕੋਈ ਵੀ ਇਨ੍ਹਾਂ ਲਾਸ਼ਾਂ ਨੂੰ ਹੱਥ ਨਾ ਲਗਾਵੇ, ਕੋਈ ਵੀ ਇਨ੍ਹਾਂ ਲਾਸ਼ਾਂ ਦੀ ਸੰਭਾਲ ਨਾ ਕਰੇ।

ਸੇਠ ਦੀਵਾਨ ਟੋਡਰ ਮੱਲ ਦੀ ਔਲਾਦ ਨੇ ਲਾਸ਼ਾਂ ਦਾ ਸਸਕਾਰ ਕਰਨ ਲਈ ਹਕੂਮਤ ਤੋਂ ਆਗਿਆ ਮੰਗੀ, ਪਰ ਉਹਨਾਂ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਹਕੂਮਤ ਵੱਲੋਂ ਜਵਾਬ ਮਿਲਿਆ ਕਿ ਜਿੰਨੀ ਜਗ੍ਹਾ ਚਾਹੀਦੀ ਹੈ, ਓਨੀ ਜਗ੍ਹਾ ’ਤੇ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ’ਚ ਰੱਖ ਕੇ ਸਸਕਾਰ ਲਈ ਜਗ੍ਹਾ ਖ਼ਰੀਦੀ ਜਾ ਸਕਦੀ ਏਂ।

ਟੋਡਰ ਮੱਲ ਦੀ ਔਲਾਦ ਇਹ ਸੁਣ ਕੇ ਘਰ ਵਾਪਸ ਆਈ ਤੇ ਬਾਕੀ ਪਰਿਵਾਰ ਨਾਲ ਸਲਾਹ ਕਰ ਕੇ ਆਪਣੇ ਕੋਲ ਜਿੰਨ੍ਹਾ ਵੀ ਧਨ-ਦੌਲਤ, ਜਾਇਦਾਦ, ਉਨ੍ਹਾਂ ਦੀਆਂ ਘਰ ਵਾਲੀਆਂ ਦੇ ਜੇਵਰਾਤ, ਇੱਥੋਂ ਤੱਕ ਕਿ ਛੋਟੇ-ਛੋਟੇ ਪੁੱਤਰਾਂ ਨੇ ਵੀ ਆਪਣੀਆਂ ਗੋਲਕਾਂ ਲਿਆ ਕੇ ਵੀ ਸਾਹਮਣੇ ਭੰਨ ਦਿੱਤੀਆਂ ਤਾਂ ਜੋ ਮਾਤਾ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਲਈ ਜਗ੍ਹਾ ਖ਼ਰੀਦੀ ਜਾ ਸਕੇ।’

ਇੱਥੇ ਇਸ ਪੱਖ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਟੋਡਰ ਮੱਲ ਦੇ ਪਰਿਵਾਰ ਨੂੰ ਕੁੱਝ ਸਿੱਖ ਪਰਿਵਾਰਾਂ ਨੇ ਵੀ ਮਾਇਆ ਉਪਲਬਧ ਕਰਵਾਈ ਹੋਵੇ ਕਿਉਂਕਿ ਸਰਹਿੰਦ ਸ਼ਹਿਰ ਵਿੱਚ ਵੀ ਮੋਤੀ ਰਾਮ ਮਹਿਰਾ ਸਮੇਤ ਕਈ ਪਰਿਵਾਰ ਗੁਰੂ ਘਰ ਨਾਲ਼ ਪਿਆਰ ਰੱਖਣ ਵਾਲ਼ੇ ਸਨ ਪਰ ਵਜ਼ੀਰ ਖ਼ਾਂ ਦੇ ਡਰ ਕਾਰਨ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਹੋਵੇਗਾ ਅਤੇ ਟੋਡਰ ਮੱਲ ਦਾ ਪਰਿਵਾਰ ਧਨੀ ਸੇਠ ਤੇ ਵਪਾਰੀ ਹੋਣ ਕਾਰਨ ਰਾਜ ਦਰਬਾਰਾਂ ਵਿੱਚ ਅਕਸਰ ਆਉਣ ਜਾਣਾ ਬਣਿਆ ਰਹਿੰਦਾ ਹੈ।  ਸੰਸਾਰ ਦੇ ਇਤਿਹਾਸ ’ਚ ਸਰਹਿੰਦ ਦੀ ਇਹ ਜਗ੍ਹਾ ਅੱਜ ਵੀ ਸਭ ਤੋਂ ਮਹਿੰਗੀ ਖ਼ਰੀਦਦਾਰੀ ਵਜੋਂ ਯਾਦ ਕੀਤੀ ਜਾਂਦੀ ਹੈ।

ਪੱਛਮੀ ਵਿਦਵਾਨ ਡਾਕਟਰ ਟਰੰਪ ਲਿਖਦਾ ਹੈ ਕਿ ‘ਜਿੰਨਾ ਸਮਾਂ ਸਿੱਖਾਂ ਦੇ ਪਾਸ ਇਹ ਜ਼ਮੀਨ ਹੈ, ਉਨ੍ਹਾਂ ਸਮਾਂ ਸਿੱਖ ਕੌਮ ਕਦੇ ਮਿਟ ਨਹੀਂ ਸਕਦੀ।’  ਸਵਾਲ ਕਰਨ ਵਾਲੇ ਨੇ ਡਾਕਟਰ ਟਰੰਪ ਨੂੰ ਪੁੱਛਿਆ: ‘ਕਿਹੜੀ ਜ਼ਮੀਨ ?’  ਡਾਕਟਰ ਟਰੰਪ ਦਾ ਜਵਾਬ ਸੀ ‘ਉਹ ਜ਼ਮੀਨ, ਜਿੱਥੇ ਮਾਸੂਮ ਬਾਲ ਦੀਵਾਰਾਂ ਵਿੱਚ ਚਿਣੇ ਗਏ, ਜਿਸ ਜ਼ਮੀਨ ਨੂੰ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਮੁੱਲ ਖ਼ਰੀਦਿਆ ਗਿਆ।  ਅਜੋਕੇ ਸਮੇਂ ਉੱਥੇ ਗੁਰਦੁਆਰਾ ‘ਸ੍ਰੀ ਜੋਤੀ ਸਰੂਪ’ (ਫ਼ਤਿਹਗੜ੍ਹ ਸਾਹਿਬ) ਸੁਸ਼ੋਭਿਤ ਹੈ, ਜਿਸ ਨੂੰ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਖਰੀਦਿਆ ਗਿਆ ਸੀ। ਇਹ ਜ਼ਮੀਨ ਸ਼ਹਾਦਤਾਂ ਦੇ ਅਨਮੋਲ ਇਤਿਹਾਸ ਦੀ ਗਵਾਹ ਹੈ। ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਹੈ।

ਬਾਹਰ ਖੁੱਲ੍ਹੇ ਵਿੱਚ ਸੁੱਟੀਆਂ ਤਿੰਨੇ ਲਾਸ਼ਾਂ ਨੂੰ ਨਾ ਚੁੱਕਣ ਲਈ ਸ਼ਹਿਰ ਵਿੱਚ ਢੰਡੋਰਾ ਵੀ ਪਿਟਿਆ ਗਿਆ ਕਿ ਕੋਈ ਲਾਸ਼ਾਂ ਨੂੰ ਹੱਥ ਨਾ ਲਗਾਵੇ।  ਟੋਡਰ ਮੱਲ ਦੇ ਪਰਿਵਾਰ ਤੋਂ ਮਿਲੀ ਵੱਡੀ ਰਕਮ ਉਪਰੰਤ ਸਸਕਾਰ ਲਈ ਮਿਲੀ ਸਰਕਾਰੀ ਇਜਾਜ਼ਤ ਤੋਂ ਬਾਅਦ ਪਰਿਵਾਰ ਅਤੇ ਕੁਝ ਮਜਦੂਰਾਂ ਦੀ ਮਦਦ ਨਾਲ਼ ਤਿੰਨੇ ਲਾਸ਼ਾਂ ਦਾ ਸਸਕਾਰ ਕੀਤਾ ਗਿਆ।

ਕੁੱਝ ਲੇਖਕਾਂ ਅਨੁਸਾਰ ਟੋਡਰ ਮੱਲ ਦੇ ਪਰਿਵਾਰ ਅਤੇ ਮੋਤੀ ਰਾਮ ਮਹਿਰਾ ਦੇ ਪਰਿਵਾਰ ਨੂੰ ਗੁਰੂ ਘਰ ਦੀ ਮਦਦ ਕਰਨ ਬਦਲੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਵੀ ਦਰਸਾਇਆ ਹੈ।