19.8 C
Jalandhar
Tuesday, April 7, 2026
spot_img
Home Blog Page 76

ਖ਼ਾਸ ਇਤਿਹਾਸਕ ਤਰੀਖਾਂ ’ਚ ਵੱਡਾ ਅੰਤਰ ਚਿੰਤਾਜਨਕ ਹੈ

0

ਖ਼ਾਸ ਇਤਿਹਾਸਕ ਤਰੀਖਾਂ ’ਚ ਵੱਡਾ ਅੰਤਰ ਚਿੰਤਾਜਨਕ ਹੈ

ਕਿਰਪਾਲ ਸਿੰਘ (ਬਠਿੰਡਾ) 98554-80797, 88378-13661

ਸਿੱਖ ਇਤਿਹਾਸ ਦੇ ਬਹੁਤ ਥੋੜ੍ਹੇ ਸਮੇਂ ਦੇ ਦੌਰਾਨ ਹੀ ਬਹੁਤ ਹੀ ਮਹੱਤਵ ਪੂਰਨ ਇਤਿਹਾਸਕ ਤਰੀਖਾਂ ਵਿੱਚ ਬਹੁਤ ਵੱਡਾ ਅੰਤਰ ਆ ਜਾਣਾ ਚਿੰਤਾਜਨਕ ਹੈ; ਜਿਵੇਂ ਕਿ 550 ਸਾਲ ਬੀਤ ਜਾਣ ਦੇ ਬਾਅਦ ਸਿੱਖ ਇਹ ਨਿਤਾਰਾ ਨਹੀਂ ਕਰ ਸਕੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀ ਜਾਂ 1 ਵੈਸਾਖ ਨੂੰ; ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਸੰਨ 1661/ਸੰਮਤ 1718 ਬਿਕ੍ਰਮੀ ਵਿੱਚ ਹੋਇਆ ਸੀ ਜਾਂ ਜਾਂ 1665ਸੀ.ਈ./ਸੰਮਤ 1722 ਬਿਕ੍ਰਮੀ; 1666ਸੀ.ਈ./ਸੰਮਤ 1723 ਬਿਕ੍ਰਮੀ; 1668ਸੀ.ਈ./ਸੰਮਤ 1725 ਬਿਕ੍ਰਮੀ ਜਾਂ ਸੰਨ 1669/ਸੰਮਤ 1726 ਬਿਕ੍ਰਮੀ ਵਿੱਚ ਹੋਇਆ ਜਾਂ ਇਨ੍ਹਾਂ ਦੇ ਵਿਚਕਾਰ ਕਿਸੇ ਹੋਰ ਸਾਲ ਵਿੱਚ; ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਨ 1704 ਵਿੱਚ ਹੋਈ ਸੀ ਜਾਂ 1705 ਵਿੱਚ, ਆਦਿ। ਹੋਰ ਤਾਂ ਹੋਰ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰੀ 1984 ਦੀ ਘਟਨਾ ਦਾ ਵੀ ਸਾਨੂੰ ਨਹੀਂ ਪਤਾ ਕਿ ਸੰਤ ਜਰਨੈਲ ਸਿੰਘ ਦੀ ਸ਼ਹੀਦੀ 24 ਜੇਠ ਨੂੰ ਹੋਈ ਸੀ ਜਾਂ 23 ਜੇਠ ਨੂੰ ਕਿਉਂਕਿ ਸ਼੍ਰੋਮਣੀ ਕਮੇਟੀ ਦੇ (ਕੁ)ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਾਨਕਸ਼ਾਹੀ ਸੰਮਤ 550 ਵਿੱਚ ਇਹ ਘਟਨਾ 24 ਜੇਠ ਵਿਖਾਈ ਗਈ ਸੀ ਜਦੋਂ ਕਿ 551 ਵਿੱਚ ਇਹ ਘਟਨਾ 23 ਜੇਠ ਨੂੰ ਦਰਜ ਕੀਤੀ ਹੋਈ ਹੈ। ਇਹ ਚਾਰ ਕੁ ਦਿਹਾੜੇ ਕੇਵਲ ਉਦਾਹਰਣ ਵਜੋਂ ਦਿੱਤੇ ਗਏ ਹਨ ਵਰਨਾ ਤਕਰੀਬਨ ਅੱਧੋਂ ਵੱਧ ਦਿਹਾੜੇ ਕਿਸੇ ਨਾ ਕਿਸੇ ਕਾਰਨ ਹਰ ਸਾਲ ਬਦਲਵੀਆਂ ਤਰੀਖਾਂ ਨੂੰ ਆਉਂਦੇ ਹਨ। ਇਸ ਤਰ੍ਹਾਂ ਦੀ ਦੁਬਿਧਾ ਇਤਿਹਾਸਕਾਰਾਂ ਅਤੇ ਲੇਖਕਾਂ/ਪ੍ਰਚਾਰਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਖ ਵੱਖ ਵੱਖ ਸੋਮਿਆਂ ਅਨੁਸਾਰ ਇਸ ਤਰ੍ਹਾਂ ਹੈ:

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ

  1. ਭੱਟ ਬਹੀਆਂ ਦਾ ਹਵਾਲਾ ਦੇ ਕੇ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ: ਸੰਮਤ ਬਿਕ੍ਰਮੀ 1718, ਪੋਹ ਸੁਦੀ 7 ਬੁਧਵਾਰ ਕੇ ਦਿਹੁੰ ਨੂੰ ਰੈਨਿ ਢਲੀ ਜਨਮ ਹੂਆ ਦਿਹੁੰ ਢਲੇ/18 ਦਸੰਬਰ 1661, ਡਾ: ਦਿਲਗੀਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤਿੰਨ ਤਰੀਖਾਂ ਮਿਲਦੀਆਂ ਹਨ: 1661, 1666 ਅਤੇ 1668 (1668 ਸਿਰਫ ਸ਼੍ਰੋਮਣੀ ਕਮੇਟੀ ਦੀ ਕਿਤਾਬ ’ਚ ਲਿਖਿਆ ਹੈ)।

ਡਾ: ਦਿਲਗੀਰ ਨੇ ਨਾ ਤਾਂ ਸੰਗਰਾਂਦੀ ਤਰੀਖ ਲਿਖੀ ਹੈ ਅਤੇ ਨਾ ਹੀ ਕਿਸੇ ਨਖਸ਼ੱਤਰ, ਲਗਨ, ਕਰਨ, ਯੋਗ ਦਾ ਵੇਰਵਾ ਦਿੱਤਾ ਹੈ ਅਤੇ ਨਾ ਹੀ ਭੱਟ ਬਹੀ ਦੇ ਉਸ ਪੰਨੇ ਦੀ ਫੋਟੋ ਕਾਪੀ ਦਿੱਤੀ ਹੈ, ਜਿਸ ’ਤੇ ਇਹ ਇੰਦਰਾਜ ਕੀਤੇ ਹੋਏ ਹਨ ਇਸ ਲਈ ਇਸ ਤਰੀਖ ਦੀ ਵੀ ਪੜਤਾਲ ਨਹੀਂ ਕੀਤੀ ਜਾ ਸਕਦੀ)

  1. ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ, ਗੁਰਬਾਣੀ ਪਾਠ ਦਰਸ਼ਨ ’ਚ ਲਿਖਦੇ ਹਨ: ਸੰਮਤ 1723 ਬਿਕ੍ਰਮੀ, ਪੋਹ ਸੁਦੀ 7, 23 ਪੋਹ ਦਿਨ ਐਤਵਾਰ, ਧ੍ਰਿਸ਼ਟਾ ਖਗ (ਸ਼ਾਇਦ ਇੱਥੇ ਧਨਿਸ਼ਟਾ ਸ਼ਬਦ ਚਾਹੀਦਾ ਸੀ, ਜਿਸ ਨੂੰ ਲੇਖਕ ਨੇ ਗਲਤੀ ਨਾਲ ‘ਧ੍ਰਿਸ਼ਟਾ ਖਗ’ ਲਿਖ ਦਿੱਤਾ ਜਦੋਂ ਕਿ ਇਸ ਨਾਮ ਦਾ ਕੋਈ ਨਖਸ਼ੱਤਰ ਹੀ ਨਹੀਂ ਹੈ)/1 ਜਨਵਰੀ 1666.

(ਨੋਟ: ਸੰਮਤ 1723 ਬਿਕ੍ਰਮੀ, ਪੋਹ ਸੁਦੀ 7, 23 ਪੋਹ ਨੂੰ ਦਿਨ ਸ਼ਨੀਵਾਰ ਬਣਦਾ ਹੈ, ਨਾ ਕਿ ਐਤਵਾਰ ਅਤੇ ਸਾਂਝੇ ਸਾਲ ਦੀ ਤਰੀਖ 1 ਜਨਵਰੀ 1666 ਨਹੀਂ ਬਲਕਿ 22 ਦਸੰਬਰ 1666 ਬਣਦੀ ਹੈ। ਇਸੇ ਤਰ੍ਹਾਂ ਨਛੱਤਰ ਧ੍ਰਿਸ਼ਟਾ ਖਗ ਨਹੀਂ ਬਲਕਿ ਉਤਰਾ ਭਾਦਰਪਦ ਹੈ ਇਸ ਲਈ ਇਸ ਤਰੀਖ ਦੇ ਕੁਝ ਇੰਦਰਾਜ ਜ਼ਰੂਰ ਗਲਤ ਹਨ।)

  1. ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ : ਸੰਮਤ 1723 ਬਿਕ੍ਰਮੀ, ਪੋਹ ਸੁਦੀ 7, 23 ਪੋਹ ਦਿਨ ਸ਼ਨੀਵਾਰ/22 ਦਸੰਬਰ 1666.

(ਨੋਟ: ਇੱਥੇ ਦਿੱਤੀ 22 ਦਸੰਬਰ 1666 ਤਰੀਖ ਸਾਰੇ ਪੱਖਾਂ ਤੋਂ ਸਹੀ ਜਾਪਦੀ ਹੈ ਅਤੇ ਪੰਥ ਦੇ ਵੱਡੇ ਹਿੱਸੇ ਵਿੱਚ ਪ੍ਰਵਾਣਿਤ ਵੀ ਹੈ)

  1. (ੳ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੀਸਰਚ ਸਕਾਲਰ ਹਿਸਟਰੀ, ਰਣਧੀਰ ਸਿੰਘ ਵੱਲੋਂ ਸੰਪਾਦਤ ਕੀਤੀ ‘ਗੁਰਪ੍ਰਣਾਲੀਆਂ’ ਪੁਸਤਕ ਦਾ ਪੰਨਾ 10 (ਕ੍ਰਿਤ ਭਾਈ ਕੇਸਰ ਸਿੰਘ): ਸੰਮਤ 1723 ਬਿਕ੍ਰਮੀ, ਮਾਘ 13, ਮਾਘ ਸੁਦੀ ਅਸ਼ਟਮੀ, ਧਨਿਸ਼ਟਾ ਨਿਛੱਤ੍ਰ ਦੇ ਤੀਸਰੇ ਚਰਨ ਵਿੱਚ, ਦਿਨ *ਆਇਤਵਾਰ ਪਹਿਰ ਰਾਤ ਰਹਿੰਦੀ ਅਨਹਦ ਧੁਨੀ ਹੋਈ; ਜਨਮ ਧਾਰਿਆ। (ਇਸ ਦੇ ਫੁੱਟ ਨੋਟ ਵਿੱਚ ਲਿਖਿਆ ਹੈ: *13 ਮਾਘ ਨੂੰ ਵਦੀ 13, ਵਾਰ ਸ਼ੁੱਕਰ ਤੇ ਨਛੱਤਰ ਮੂਲਾ ਸੀ ਪਰ ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਅਜੇ ਪੰਜਾਬ ਵਿੱਚ ਹੀ ਸਨ। ਸੰਮਤ 1725 ਵਿੱਚ ਰਾਜਾ ਰਾਮ ਸਿੰਘ ਅੰਬੇਰਪਤਿ ਪੂਰਬ ਗਏ ਸਨ।)

(ਅ) ਗੁਰਪ੍ਰਣਾਲੀਆਂ ਦਾ ਪੰਨਾ 52 ਕ੍ਰਿਤ ਕਵਿ ਗੁਲਾਬ ਸਿੰਘ: ਸੰਮਤ 1722, ਪੋਹ ਸੁਦੀ 7, ਧਨ (ਪੋਹ) ਕਾ ਪ੍ਰਵਿਸ਼ਟਾ 19, ਐਤਵਾਰ, ਧਨਿਸ਼ਟ ਨਿਛੱਤਰ ਤੀਜੇ ਪਗ ਸਵਾ ਪਹਿਰ ਰਾਤ ਰਹੀ ਜਨਮ ਭਯੋ। ਇਸ ਦੇ ਫੁੱਟ ਨੋਟ ਵਿੱਚ ਲਿਖਿਆ ਹੈ: ਸੰਮਤ 1722 ਦੀ ਪੋਹ ਸੁਦੀ 7 ਮੰਗਲਵਾਰ ਮਾਘ 5 ਨੂੰ ਰੇਵਤੀ ਨਛੱਤਰ ਸੀ। ਧਨਿਸ਼ਟਾ 1 ਮਾਘ ਪੋਹ ਸੁਦੀ 3 ਨੂੰ ਸੀ। ਇਨ੍ਹਾਂ ਵਿੱਚੋਂ ਬਹੁਤੇ ਯੋਗ ਸੰਮਤ 1718 ਅਰ 1726 ਵਿੱਚ ਜਰੂਰ ਮਿਲਦੇ ਹਨ। ਪਰ ਨੌਵੇਂ ਪਾਤਸ਼ਾਹ ਸੰਮਤ 1725 ਬਿਕ੍ਰਮੀ ਵਿੱਚ ਰਾਜਾ ਰਾਮ ਸਿੰਘ ਅੰਬੇਰਪਤਿ ਨਾਲ ਆਸਾਮ-ਬੰਗਾਲ ਗਏ ਸਨ। (ਮੁਆਸਰਿ ਆਲਮਗੀਰੀ-ਫਾਰਸੀ ਛਾਪਾ ਪੰਨਾ 64-5, 87 ਤੇ 97)

ਵੱਖ ਵੱਖ ਲੇਖਕਾਂ ਵੱਲੋਂ ਤਰੀਖਾਂ ਦੇਣ ਤੋਂ ਬਾਅਦ ਗੁਰਪ੍ਰਣਾਲੀਆਂ ਦੇ ਪੰਨਾ 133 ’ਤੇ ਹੇਠਾਂ ਦਿੱਤੇ ਫੁੱਟ ਨੋਟ ਵਿੱਚ ਸੰਪਾਦਕ ਰਣਧੀਰ ਸਿੰਘ ਇਸ ਨਤੀਜੇ ’ਤੇ ਪਹੁੰਚਦੇ ਹਨ ਕਿ ਦਸਮੇਸ਼ ਜੀ ਦਾ ਜਨਮ, ਸੰਮਤ 1725 ਬਿਕ੍ਰਮੀ (ਗਤਿ) ਯਾ 1726 ਬਿਕ੍ਰਮੀ (ਵਰਤਮਾਨ) ਦੇ ਪੋਹ ਮਹੀਨੇ (ਮਾਘੀ ਦੀ ਰਾਤਿ) ਹੋਇਆ। (ਮਾਖਜ਼ਿ ਤ੍ਵਾਰੀਖ਼ ਸਿਖਾਂ, ਪੰਨਾ 6; ਤੇ ਹੁਕਮਨਾਮ ਪਾ: ੯, ਨੰ: ੬)

ਸਿੱਖ ਇਤਿਹਾਸ ਵਿੱਚ ਇੰਨਾ ਕੁਝ ਅਸਪਸ਼ਟ ਹੋਣ ਦੇ ਬਾਵਜੂਦ ਵੀ ਜੇ ਕੋਈ ਕਹੇ ਕਿ ਪੁਰੇਵਾਲ ਦੁਆਰਾ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ; ਗੁਰ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲ ਰਿਹਾ ਹੈ ਤਾਂ ਜਾਪਦਾ ਹੈ ਕਿ ਜਾਂ ਤਾਂ ਉਨ੍ਹਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ ਹੀ ਨਹੀਂ ਜਾਂ ਇਸ ਕੈਲੰਡਰ ਦਾ ਵਿਰੋਧ ਕਰਨਾ ਹੀ ਕੇਵਲ ਮਕਸਦ ਹੈ। ਕਿਸੇ ਵੀ ਕੈਲੰਡਰ ਵਿੱਚ ਦਿੱਤੀਆਂ ਤਰੀਖਾਂ ਨੂੰ ਕੈਲੰਡਰ ਵਿਗਿਆਨ ਦੇ ਨਿਯਮਾਂ ਅਨੁਸਾਰ ਹੀ ਪੰਚਾਂਗਾਂ ਬਣਾ ਕੇ ਗਲਤ ਸਾਬਤ ਕੀਤਾ ਜਾ ਸਕਦਾ ਹੈ ਜਾਂ ਇਤਿਹਾਸਕ ਖੋਜ ਉਪਰੰਤ ਨਵੀਂ ਤਰੀਖ ਸਾਹਮਣੇ ਆਉਣ ਉਪਰੰਤ, ਕਿਉਂਕਿ ਕੈਲੰਡਰ ਕੇਵਲ ਫਰੇਮ ਵਰਕ ਹੁੰਦਾ ਹੈ, ਜਿਸ ਵਿੱਚ ਕੋਈ ਵੀ ਤਰੀਖ ਬਦਲ ਕੇ ਨਿਸ਼ਚਿਤ ਕੀਤੀ ਜਾ ਸਕਦੀ ਹੈ।

ਸਿੱਖ ਇਤਿਹਾਸ ਦੀਆਂ ਤਰੀਖਾਂ ਵਿੱਚ ਆਏ ਅੰਤਰ ’ਚ ਹੇਠ ਲਿਖੇ ਦੋ ਪ੍ਰਮੁੱਖ ਕਾਰਨ ਹਨ :

  1. ਸਿਧਾਂਤਿਕ ਪੱਖੋਂ ਖ਼ਾਰ ਖਾਣ (ਈਰਖਾ ਰੱਖਣ) ਵਾਲਿਆਂ ਦੁਆਰਾ ਯੋਜਨਾਬੱਧ ਤਰੀਕੇ ਨਾਲ ਵਿਗਾੜਿਆ ਗਿਆ ਸਿੱਖ ਇਤਿਹਾਸ। ਮਿਸਾਲ ਵਜੋਂ ਪਟਨਾ ਸਾਹਿਬ ਵਿਖੇ ਪਈ ਦਸਮ ਗ੍ਰੰਥ ਦੀ ਇੱਕ ਹੱਥ ਲਿਖਤ ਬੀੜ, ਜਿਸ ਦੇ ਤਤਕਰੇ ਵਿੱਚ ਇਸ ਨੂੰ ਲਿਖਣ ਦਾ ਸਮਾਂ ਅਸਾੜ ਵਦੀ ੧, ਸੰਮਤ ੧੭੫੩ ਬਿਕ੍ਰਮੀ ਹੈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਪੱਤਰੀ ਲਿਖੀ ਹੋਈ ਹੈ, ਜਿਸ ਦੀ ਫੋਟੋ ਇੱਥੇ ਦਿੱਤੀ ਹੈ:

ਇਸ ਜਨਮ ਪੱਤਰੀ ਵਿੱਚ ਦਿਨ ਐਤਵਾਰ (ਰਵੀਵਾਰ) ਦਰਸਾਇਆ ਗਿਆ ਅਤੇ ਸੰਮਤ ੧੭੨੬ (ਸੰਨ 1669) ਨੂੰ ਪਹਿਲਾਂ ਓਵਰ ਰਾਈਟ ਕਰਕੇ ੧੭੨੩ (ਸੰਨ 1666) ਕਰਨਾ ਚਾਹਿਆ, ਪਰ ਸਫਲਤਾ ਨਾ ਮਿਲਦੀ ਵੇਖ ਕੇ ਫਿਰ ਉਸ ਨੂੰ ਕੱਟ ਕੇ ਉੱਪਰ ੧੭੨੩ ਲਿਖ ਦਿੱਤਾ। ਇਹੀ ਜਨਮ ਪੱਤਰੀ ਵੇਖ ਕੇ ਕਈ ਸਿੱਖ ਵਿਦਵਾਨ ਤਰੀਖਾਂ ਨਿਸ਼ਚਿਤ ਕਰਦੇ ਰਹੇ, ਪਰ ਸ: ਪਾਲ ਸਿੰਘ ਪੁਰੇਵਾਲ ਦੀ ਪਾਰਖੂ ਅੱਖ ਨੇ ਇਹ ਗਲਤੀ ਫੜਨ ਲਈ ਗਣਿਤ ਕਰ ਕੇ ਵੇਖਿਆ ਕਿ ਸੰਨ ੧੬੬੦ ਸੀ.ਈ./ਸੰਮਤ ੧੭੧੭ ਤੋਂ ਲੈ ਕੇ ੧੬੭੦ ਸੀ.ਈ./ਸੰਮਤ ੧੭੨੭ ਬਿਕ੍ਰਮੀ ਦੇ ਸਮੇਂ ਦੌਰਾਨ ਆਈਆਂ ਪੋਹ ਸੁਦੀ ੭ਵੀਆਂ ਨੂੰ ਪੱਤਰੀ ਵਿੱਚ ਵਿਖਾਏ ਦਿਨ ਐਤਵਾਰ (ਰਵੀਵਾਰ) ਨਾਲ ਮਿਲਾ ਕੇ ਵੇਖਿਆ ਤਾਂ ਪਾਇਆ ਕਿ ਕੇਵਲ ਦੋ ਸਾਲ (ਸੰਨ ੧੬੬੨ ਅਤੇ ਸੰਨ ੧੬੬੯) ’ਚ ਹੀ ਰਵੀਵਾਰ ਦਿਨ ਆਇਆ ਹੈ।

ਇਸ ਪੱਤਰੀ ’ਚ ਪੋਹ ਸੁਦੀ ੭ ਨੂੰ ਲਗਨ ਮੀਨ ਵੀ ਦੱਸਿਆ ਗਿਆ ਹੈ।  ਸੰਨ ੧੬੬੨ ਦੀ ਪੋਹ ਸੁਦੀ ੭ ਨੂੰ ਲਗਨ ਕੁੰਭ ਸੀ ਅਤੇ ੧੬੬੯ ਸੀ.ਈ./ਸੰਮਤ ੧੭੨੬ ਬਿਕ੍ਰਮੀ ਦੀ ਪੋਹ ਸੁਦੀ ੭ ਨੂੰ ਲਗਨ ਮੀਨ। ਇਸ ਤੋਂ ਸਾਫ਼ ਹੈ ਕਿ ਇਸ ਜਨਮ ਪੱਤਰੀ ਦਾ ਕੱਟ ਕੇ ਕੀਤਾ ਗਿਆ ਸੰਮਤ ੧੭੨੩ (ਸੰਨ ੧੬੬੬) ਸਹੀ ਨਹੀਂ। ਸੋ ਇੱਥੇ ਸੰਮਤ ੧੭੨੬ (ਸੰਨ ੧੬੬੯) ਬਿਕ੍ਰਮੀ ਹੀ ਸਹੀ ਢੁੱਕਦਾ ਹੈ, ਜਿਸ ਨੂੰ ਸਿੱਖਾਂ ਵਿੱਚ ਦੁਬਿਧਾ ਪਾਉਣ ਲਈ ਕੱਟ ਕੇ ਸੰਮਤ ੧੭੨੩ ਬਣਾਇਆ ਗਿਆ। ਇਹ ਛਲ-ਕਪਟ ਉਸ ਸਮੇਂ ਬਾਹਰ ਆਇਆ ਜਦੋਂ ਪਟਨਾ ਵਾਲੀ ਇਸ ਬੀੜ ਦਾ ਇੱਕ ਉਤਾਰਾ ਅੰਮ੍ਰਿਤਸਰ ਤੋਂ ਮਿਲ ਗਿਆ, ਜਿਸ ਦੀ ਫੋਟੋ ਕਾਪੀ ਇੱਥੇ ਦਿੱਤੀ ਜਾ ਰਹੀ ਹੈ :

ਇਸ ਉਤਾਰੇ ਵਿੱਚ ਸਾਫ਼ ਤੌਰ ’ਤੇ ਸੰਮਤ ੧੭੨੬ ਲਿਖਿਆ ਹੋਇਆ ਹੈ ਅਤੇ ਕੋਈ ਕੱਟਿੰਗ ਜਾਂ ਓਵਰ-ਰਾਈਟਿੰਗ ਵੀ ਨਹੀਂ ਕੀਤੀ ਹੋਈ। ਇਸ ਦਾ ਭਾਵ ਹੈ ਕਿ ਇਹ ਉਤਾਰਾ ਕਰਨ ਤੋਂ ਬਾਅਦ ਪਟਨਾ ਵਾਲੀ ਬੀੜ ਵਿੱਚ ਕੱਟਿੰਗ ਕੀਤੀ ਗਈ ਹੈ ਭਾਵੇਂ ਕਿ ਇਸ ਬਾਰੇ ਅੱਜ ਤੱਕ ਕਿਸੇ ਨੇ ਅਵਾਜ਼ ਨਹੀਂ ਉਠਾਈ। ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਜਾ ਰਹੀ ਇਸ ਜਨਮ ਪੱਤਰੀ ਬਾਰੇ ਕੀਤੀ ਧੋਖੇਬਾਜ਼ੀ ਸਬੰਧੀ ਹੋਰ ਵੇਰਵੇ ਸ. ਪਾਲ ਸਿੰਘ ਪੁਰੇਵਾਲ  ਦੀ ਵੈੱਬ ਸਾਈਟ http://purewal.biz/ ਉੱਪਰ ਲੇਖ http://www.purewal.biz/InvestigationIntoSoCalledJanamPatriOfGuruGobindSinghSahib.pdf (Is this Janam Patri of Guru Gobind Singh Sahib ?)  ਪੜ੍ਹਿਆ ਜਾ ਸਕਦਾ ਹੈ।

ਸ. ਪੁਰੇਵਾਲ ਦੇ ਗਣਿਤ ਮੁਤਾਬਕ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਸਲੀ ਤਰੀਖ ਪੋਹ ਸੁਦੀ ੭, ਸੰਗਰਾਂਦੀ ੨੩ ਪੋਹ ਮੁਤਾਬਕ ੨੨ ਦਸੰਬਰ ੧੬੬੬ ਜੂਲੀਅਨ ਹੈ, ਜਿਸ ਦਿਨ ਨਖਸ਼ੱਤਰ ਉੱਤਰਾ ਭਾਦਰਪਦ, ਲਗਨ ਮੀਨ ਅਤੇ ਦਿਨ ਸਨਿਚਰਵਾਰ ਸੀ, ਜੋ ਕਿ ੧੭੫੨ ਵਿੱਚ ਸਾਂਝੇ ਸਾਲ ’ਚ ਲਾਗੂ ਕੀਤੀ ਗਈ ੧੧ ਦਿਨਾਂ ਦੀ ਸੋਧ ਅਤੇ ੧੯੯੯ ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਤੋਂ ਬਾਅਦ ਸਦਾ ਲਈ ੨੩ ਪੋਹ; ੫ ਜਨਵਰੀ ਨੂੰ ਆਉਣੀ ਹੈ।

ਸਾਹਿਬਜ਼ਾਦਿਆਂ ਦੀ ਸ਼ਹੀਦੀ: ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦਾ ਕਿਲ੍ਹਾ (ਕੱਚੀ ਗੜ੍ਹੀ) 8 ਪੋਹ 1761 ਬਿਕ੍ਰਮੀ ਨੂੰ ਛੱਡਿਆ। ਬਹੁਤ ਸਾਰੇ ਲੇਖਕ ਇਸ ਤਰੀਖ ਨੂੰ ਈਸਵੀ ਸੰਨ ਵਿੱਚ ਤਬਦੀਲ ਕਰਕੇ ੨੨ ਦਸੰਬਰ ੧੭੦੪ ਜੂਲੀਅਨ ਲਿਖ ਰਹੇ ਹਨ। ਪੁਰੇਵਾਲ ਜੀ ਅਨੁਸਾਰ ਬਦਲੀ ਹੋਈ ਅਸਲੀ ਤਰੀਖ ੭ ਦਸੰਬਰ ਸੰਨ ੧੭੦੪ ਸੀ. ਈ. ਬਣਦੀ ਹੈ। ਇਹ 15 ਦਿਨਾਂ ਦਾ ਅੰਤਰ ਬਹੁਤ ਮਹੱਤਵ ਰੱਖਦਾ ਹੈ। ਕਿਉਂ ? ਇਸ ਦਾ ਵਰਣਨ ਉਨ੍ਹਾਂ ਨੇ ਆਪਣੇ ਲੇਖ Problem of Date Conversions in History ਵਿੱਚ ਕੀਤਾ ਹੈ।

ਸੰਨ ੧੭੦੪ ਨੂੰ ਪ੍ਰਗਟਾਉਣ ਲਈ ਉਨ੍ਹਾਂ ਜ਼ਫ਼ਰਨਾਮੇ ਦੇ ਬੰਦ ਨੰਬਰ ੪੨, ੪੩, ੪੪ ਨੂੰ ਆਧਾਰ ਬਣਾਇਆ, ਜਿਨ੍ਹਾਂ ਦੇ ਤਰਤੀਬਵਾਰ ਅਰਥ ਹਨ:  (ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿੱਚ ਆ ਗਿਆ (ਭਾਵ ਡੁੱਬ ਗਿਆ, ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ : ‘‘ਚਰਾਗ਼ਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼ ॥ ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼ ॥੪੨॥’’ ਹਰ ਉਹ ਆਦਮੀ, ਜੋ ਕੁਰਾਨ ਦੀ ਕਸਮ ਖਾਂਦਾ ਹੈ, ਰੱਬ ਉਸ ਦਾ ਪਥ-ਪ੍ਰਦਰਸ਼ਨ ਕਰਦਾ ਹੈ : ‘‘ਹਰ ਆਂ ਕਸ ਬ ਕਉਲੇ ਕੁਰਾਂ ਆਯਦਸ਼ ॥ ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼ ॥੪੩॥’’ ਉਸ ਦਾ ਨਾ ਕੋਈ ਵਾਲ ਵਿੰਗਾ ਹੁੰਦਾ ਹੈ ਅਤੇ ਨਾ ਸ਼ਰੀਰ ਦੁੱਖ ਪਾਉਂਦਾ ਹੈ (ਕਿਉਂਕਿ ਰੱਬ) ਵੈਰੀ ਨੂੰ ਮਾਰ ਕੇ ਉਸ ਨੂੰ ਖ਼ੁਦ ਬਾਹਰ ਲੈ ਆਉਂਦਾ ਹੈ: ‘‘ਨ ਪੇਚੀਦਹ ਮੂਏ ਨ ਰੰਜੀਦਹ ਤਨ ॥ ਕਿ ਬੇਰੂੰ ਖ਼ੁਦ ਆਵੁਰਦ ਦੁਸ਼ਮਨ ਸ਼ਿਕਨ ॥੪੪॥’’

੧੭੦੪ ਈਸਵੀ ਵਿੱਚ ੨੨ ਦਸੰਬਰ ਨੂੰ ਚੰਦ ਲਗਭਗ ਅੱਧੀ ਰਾਤ ਨੂੰ ਛਿਪਿਆ ਜਦੋਂ ਕਿ ੭ ਦਸੰਬਰ ਨੂੰ ਚੰਦ ਅੱਧੀ ਰਾਤ ਨੂੰ ਉਦੈ ਹੋਇਆ ਹੈ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਨੇ ਕਿਲ੍ਹੇ ਨੂੰ ੨੨ ਅਤੇ ੨੩ ਦਸੰਬਰ ਦੀ ਰਾਤ ਨੂੰ ਤਕਰੀਬਨ ੨ ਵਜੇ ਛੱਡਿਆ ਹੈ ਜਦੋਂ ਕਿ ਚੰਦ ਛਿਪ ਚੁੱਕਿਆ ਸੀ। ਜ਼ਫ਼ਰਨਾਮੇ ਵਿੱਚ ਗੁਰੂ ਜੀ ਖ਼ੁਦ ਲਿਖ ਰਹੇ ਹਨ ਕਿ ਗੁਰੂ ਜੀ ਨੇ ਜਿਸ ਸਮੇਂ ਕਿਲ੍ਹਾ ਛੱਡਿਆ, ਉਸ ਸਮੇਂ ਚੰਦ ਚਮਕ ਰਿਹਾ ਸੀ। ਇਸ ਹਿਸਾਬ ਨਾਲ ਗੁਰੂ ਜੀ ਨੇ ੭ ਦਸੰਬਰ ੧੭੦੪ ਸੀ.ਈ./ ੮ ਪੋਹ ਸੰਮਤ ੧੭੬੧ ਬਿਕ੍ਰਮੀ ਨੂੰ ਕਿਲ੍ਹਾ ਛੱਡਿਆ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਤਿਹਾਸਕਾਰ ਖ਼ੁਦ ਵੀ ਇਸ ਤਰੀਖ ਸੰਬੰਧੀ ਭਿੰਨ ਭਿੰਨ ਵਿਚਾਰ ਰੱਖਦੇ ਹਨ। ਕੁਝ ਲਿਖਦੇ ਹਨ ਕਿ ਗੁਰੂ ਜੀ ਨੇ ੧੭੬੧ (ਸੰਨ ੧੭੦੪) ਬਿਕ੍ਰਮੀ ਨੂੰ ਕਿਲ੍ਹਾ ਛੱਡਿਆ ਅਤੇ ਕੁਝ ੧੭੬੨ (ਸੰਨ ੧੭੦੫) ਲਿਖਦੇ ਹਨ ਜਦਕਿ ਜ਼ਿਆਦਾਤਰ ਇਸ ਗੱਲ ਨਾਲ ਸਹਿਮਤ ਹਨ ਕਿ ਗੁਰੂ ਜੀ ਨੇ ੮ ਪੋਹ ਨੂੰ ਕਿਲ੍ਹਾ ਛੱਡਿਆ।  ੮ ਪੋਹ; ਸੰਮਤ ੧੭੬੨ ਦੀ ਤਰੀਖ ੭ ਦਸੰਬਰ ੧੭੦੫ ਸੀ.ਈ. ਦਿਨ ਸ਼ੁੱਕਰਵਾਰ ਪੋਹ ਸੁਦੀ ੨ ਵਿੱਚ ਬਦਲ ਜਾਂਦੀ ਹੈ। ਪੋਹ ਸੁਦੀ ੨ ਨੂੰ ਚੰਦ ਬਹੁਤ ਹੀ ਘੱਟ ਅਤੇ ਥੋੜ੍ਹੇ ਸਮੇਂ ਲਈ ਵਿਖਾਈ ਦਿੰਦਾ ਹੈ ਜਿਹੜਾ ਕਿ ਜ਼ਫ਼ਰਨਾਮੇ ਵਿੱਚ ਗੁਰੂ ਜੀ ਦੇ ਆਪਣੇ ਕਥਨ ਨਾਲ ਮੇਲ ਨਹੀਂ ਖਾਂਦਾ।

ਚਮਕੌਰ ਸਾਹਿਬ ਦੇ ਲੈਟੀਚੂਡ ਅਤੇ ਲੌਂਗੀਚੂਡ ਮੁਤਾਬਕ ਉਕਤ ਤਰੀਖਾਂ ਨੂੰ ਭਾਰਤੀ ਸਮੇਂ ਅਨੁਸਾਰ ਸੂਰਜ ਅਤੇ ਚੰਦ ਦੇ ਉਦੈ ਹੋਣ ਅਤੇ ਅਸਤ ਹੋਣ ਦਾ ਸਮਾਂ ਇਸ ਪ੍ਰਕਾਰ ਹੈ:

ਉਪਰੋਕਤ ਚਾਰਟ ’ਚੋਂ ਚੰਦ ਚੜ੍ਹਨ ਅਤੇ ਛਿਪਣ ਦੇ ਸਮੇਂ ਤੋਂ ਇੰਨਾ ਕੁ ਪਤਾ ਲੱਗ ਜਾਂਦਾ ਹੈ ਕਿ ੭ ਦਸੰਬਰ ੧੭੦੪ (੮ ਪੋਹ ੧੭੬੧ ਬਿਕ੍ਰਮੀ, ਪੋਹ ਵਦੀ ੭) ਨੂੰ ਚੰਦ; ਰਾਤ ਦੇ 11.43 ਵਜੇ ਉਦੈ ਹੋਇਆ (ਚੜ੍ਹਿਆ), ਜੋ ਅਗਲੇ ਦਿਨ (੯ ਪੋਹ) ਤੱਕ ਰਿਹਾ ਭਾਵ 11.43 ਵਜੇ ਤੋਂ ਬਾਅਦ ਅਗਲੇ ਦਿਨ ਸੁਭ੍ਹਾ ਤੱਕ ਚੰਦ ਦੀ ਰੌਸ਼ਨੀ ਸੀ, ਇਸ ਚਾਨਣ ਨੂੰ ਜੇ ਜ਼ਫ਼ਰਨਾਮੇ ਦੀ ਤੁਕ ‘‘ਚਰਾਗ਼ਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼ ॥ ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼ ॥੪੨॥’’ ਭਾਵ ਗੁਰੂ ਜੀ ‘ਰਾਤ ਦਾ ਸੁਆਮੀ ਚੰਦ੍ਰਮਾ ਚੜ੍ਹਨ’ ਦਾ ਜੋ ਦ੍ਰਿਸ਼ਟਾਂਤ ਦੇ ਰਹੇ ਹਨ ਉਹ ਸ਼ਾਇਦ ੭ ਦਸੰਬਰ ੧੭੦੪ ਦੀ ਰਾਤ ਹੋ ਸਕਦੀ ਹੈ ਕਿਉਂਕਿ ੭ ਦਸੰਬਰ ੧੭੦੫ (੮ ਪੋਹ ੧੭੬੨ ਬਿਕ੍ਰਮੀ, ਪੋਹ ਸੁਦੀ ੨) ਨੂੰ ਤਾਂ ਚੰਦ ਸ਼ਾਮ ੭.੨੮ ਵਜੇ ਹੀ ਛਿਪ ਗਿਆ ਸੀ ਭਾਵ ਸਾਰੀ ਰਾਤ ਹਨ੍ਹੇਰਾ ਰਿਹਾ ਹੈ।

ਇਹ ਵੀ ਧਾਰਨਾ ਹੈ ਕਿ ‘ਵਦੀ’ ਹਨ੍ਹੇਰਾ ਪੱਖ ਅਤੇ ‘ਸੁਦੀ’ ਚਾਨਣ ਪੱਖ ਹੁੰਦਾ ਹੈ ਤਾਂ ਤੇ ਪੋਹ ਸੁਦੀ ੨ (੭ ਦਸੰਬਰ ੧੭੦੫) ਨੂੰ ਵੀ ਚਾਨਣ ਹੋਵੇਗਾ, ਇਸ ਗਲਤ ਧਾਰਨਾ ਨੂੰ ਆਧਾਰ ਬਣਾ ਕੇ ਸ਼ਾਇਦ ੭ ਦਸੰਬਰ ੧੭੦੪ ਦੀ ਬਜਾਇ ੭ ਦਸੰਬਰ ੧੭੦੫ ਨੂੰ ਅਪਣਾਅ ਲਿਆ ਹੋਵੇ।  ਵੈਸੇ ਚਮਕੌਰ ਦੀ ਜੰਗ ਦਾ ਨਿਸ਼ਚਿਤ ਸਮਾਂ ਇਤਿਹਾਸਕਾਰਾਂ ਦੀ ਖੋਜ ਦਾ ਵਿਸ਼ਾ ਹੈ, ਨਾ ਕਿ ਸ. ਪੁਰੇਵਾਲ ਜੀ ਦਾ। ਇਸ ਬਾਰੇ ਉਨ੍ਹਾਂ ਦਾ ਇਹੀ ਮੰਨਣਾ ਹੈ ਕਿ ਨਵੀਂ ਖੋਜ ਮੁਤਾਬਕ ਕੈਲੰਡਰ ਦੀਆਂ ਤਰੀਖਾਂ ਬਦਲੀਆਂ ਜਾ ਸਕਦੀਆਂ ਹੈ ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਆਧਾਰ ਮੌਸਮੀ (ਕੁਦਰਤੀ) ਸਾਲ ਦੀ ਲੰਬਾਈ ਦੇ ਨੇੜੇ ਜਾਣਾ ਹੈ ਤਾਂ ਜੋ ਇਤਿਹਾਸਕ ਘਟਨਾਵਾਂ ਦੀ ਜ਼ਮੀਨੀ ਹਕੀਕਤ ਅਨੁਸਾਰ ਸਥਿਰਤਾ ਅਤੇ ਗੁਰਬਾਣੀ ’ਚ ਦਰਜ ਮੌਸਮ ਆਧਾਰਿਤ ਬਾਣੀਆਂ ਦਾ ਵਿਸ਼ਾ; ਜ਼ਮੀਨੀ ਮੌਸਮ (ਕੈਲੰਡਰ) ਨਾਲ ਸਦਾ ਲਈ ਜੁੜਿਆ ਰਹੇ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਵਿੱਚ ਹੋਇਆ ਜਾਂ ਵੈਸਾਖ: ਇਸ ਸੰਬੰਧੀ ਵਿਸਥਾਰ ਸਹਿਤ ਸ. ਪੂਰੇਵਾਲ ਜੀ ਨੇ ਇੱਕ ਲੇਖ Parkash Date Guru Nanak Sahib (Gurmukhi, New File – Short) ਲਿਖਿਆ ਹੈ, ਜਿਸ ਵਿੱਚ ਪੁਰੇਵਾਲ ਜੀ ਇਸ ਸਿੱਟੇ ’ਤੇ ਪੁੱਜੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ੧ ਵੈਸਾਖ ਸੰਮਤ ੧੫੨੬ ਬਿਕ੍ਰਮੀ, ਚੇਤ ਸੁਦੀ ਪੂਰਨਮਾਸ਼ੀ/ ੨੭ ਮਾਰਚ ੧੪੬੯ ਨੂੰ ਹੋਇਆ ਸੀ।  ਕੈਲੰਡਰਾਂ ਦੀ ਸੋਧ ਉਪਰੰਤ ੧ ਵੈਸਾਖ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ੧੪ ਅਪ੍ਰੈਲ ਨੂੰ ਆਉਂਦਾ ਹੈ ਤੇ ਆਉਂਦਾ ਰਹੇਗਾ।

  1. ਸਿੱਖ ਇਤਿਹਾਸ ਦੀਆਂ ਤਰੀਖਾਂ ਵਿੱਚ ਆਏ ਅੰਤਰ ਦਾ ਦੂਜਾ ਕਾਰਨ ਗੁਰੂ ਕਾਲ ਦੇ ਸਮੇਂ ਦੇਸ਼ ਵਿੱਚ ਲਗਭਗ ੩੦ ਕਿਸਮ ਦੇ ਵੱਖ ਵੱਖ ਬਿਕ੍ਰਮੀ ਸੂਰਜੀ/ਚੰਦਰ ਕੈਲੰਡਰ ਅਤੇ ਨਿਰੋਲ ਚੰਦਰ ਆਧਾਰਿਤ ਹਿਜਰੀ ਕੈਲੰਡਰ ਲਾਗੂ ਹੋਣ ਕਰਕੇ ਇੱਕ ਕੈਲੰਡਰ ਤੋਂ ਦੂਸਰੇ ਕੈਲੰਡਰ ’ਚ ਤਰੀਖਾਂ ਤਬਦੀਲ ਕਰਦੇ ਸਮੇਂ ਅਨਭੋਲ ਵਿੱਚ ਹੀ ਅਨੇਕਾਂ ਗਲਤੀਆਂ ਰਹਿ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਪਿੱਛੋਂ ਘਰੇਲੂ ਜੰਗ ਅਤੇ ਡੋਗਰਿਆਂ ਦੀ ਗਦਾਰੀ ਕਾਰਨ ੧੮੪੯ ਵਿੱਚ ਪੰਜਾਬ ’ਤੇ ਅੰਗਰੇਜਾਂ ਵੱਲੋਂ ਕਾਬਜ਼ ਹੋਣ ਤੋਂ ਬਾਅਦ ਸਿੱਖਾਂ ਦੀ ਮਾਨਸਿਕਤਾ ਨੂੰ ਸਮਝਣ ਲਈ ਇੱਥੋਂ ਦੇ ਸਮੁੱਚੇ ਇਤਿਹਾਸ ਨੂੰ ਸਾਂਝੇ ਸਾਲ ਦੀਆਂ ਤਰੀਖਾਂ ਵਿੱਚ ਤਬਦੀਲ ਕਰਵਾ ਕੇ ਲਿਖਵਾਇਆ ਕਿਉਂਕਿ ੧੮੪੯ ਤੋਂ ਬਹੁਤ ਪਹਿਲਾਂ ੪ ਅਕਤੂਬਰ ੧੫੮੨ ਦਿਨ ਵੀਰਵਾਰ ਨੂੰ ਰੋਮ ਦੇ ਕੈਥੋਲਿਕ ਚਰਚ ਵੱਲੋਂ ਜੂਲੀਅਨ ਕੈਲੰਡਰ ਵਿੱਚ ੧੦ ਦਿਨ ਦੀ ਸੋਧ ਲਾ ਕੇ ਅਗਲੇ ਦਿਨ ਸ਼ੁੱਕਰਵਾਰ ਨੂੰ ੫ ਦੀ ਬਜਾਏ ਸਿੱਧਾ ਹੀ ੧੫ ਅਕਤੂਬਰ ਕਰ ਲਿਆ ਅਤੇ ਇਸ ਸੋਧੇ ਕੈਲੰਡਰ ਦੇ ਲੀਪ ਸਾਲ ਨਿਯਮਾਂ ਵਿੱਚ ਵੀ ਤਬਦੀਲੀ ਕਰ ਲਈ ਤਾਂ ਕਿ ਅੱਗੇ ਤੋਂ ਅੰਤਰ ਦਾ ਸੰਤੁਲਨ ਬਣਿਆ ਰਹੇ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ੩੬੫ ਦਿਨ ੬ ਘੰਟੇ (੩੬੫.੨੫ ਦਿਨ) ਹੈ, ਜੋ ਕਿ ਰੁੱਤੀ ਸਾਲ ੩੬੫.੨੪੨੨ ਦਿਨ (੩੬੫ ਦਿਨ ੫ ਘੰਟੇ ੪੮ ਮਿੰਟ ੪੫ ਸੈਕੰਡ) ਤੋਂ ਤਕਰੀਬਨ ੧੧ ਮਿੰਟ ਵੱਡਾ ਹੋਣ ਕਰਕੇ ੧੨੮ ਸਾਲਾਂ ਵਿੱਚ ਰੁੱਤੀ ਸਾਲ ਨਾਲੋਂ ਇੱਕ ਦਿਨ ਦਾ ਫਰਕ ਪਾਉਂਦਾ ਸੀ। ਜੂਲੀਅਨ ਕੈਲੰਡਰ ਦਾ ਹਰ ਚੌਥਾ ਸਾਲ, ਜੋ ੪ ’ਤੇ ਪੂਰਾ ਪੂਰਾ ਵੰਡਿਆ ਜਾਵੇ ਉਹ ਲੀਪ ਦਾ ਸਾਲ ਮੰਨਿਆ ਜਾਂਦਾ ਹੈ, ਇਸ ਵਿੱਚ ਫ਼ਰਵਰੀ ਦਾ ਮਹੀਨਾ ੨੮ ਦਿਨਾਂ ਦੀ ਬਜਾਏ ੨੯ ਦਿਨ ਦਾ ਅਤੇ ਸਾਲ ੩੬੫ ਦੀ ਬਜਾਏ ੩੬੬ ਦਿਨ ਦਾ ਕੀਤਾ ਗਿਆ। ਜੂਲੀਅਨ ਕੈਲੰਡਰ ਨੂੰ ਸੋਧ ਕੇ ਬਣਾਏ ਗ੍ਰੈਗੋਰੀਅਨ ਕੈਲੰਡਰ (ਇਹ ਦੋਵੇਂ ਹੀ ਈਸਵੀ ਕੈਲੰਡਰ ਸਨ/ਹਨ, ਇਨ੍ਹਾਂ ਨੂੰ ਸਾਂਝੇ ਸਾਲ ਵੀ ਕਿਹਾ ਜਾਂਦਾ ਹੈ। ਜੂਲੀਅਨ ਕੈਲੰਡਰ ੪ ਅਕਤੂਬਰ ੧੫੮੨ ਤੱਕ ਲਾਗੂ ਰਿਹਾ ਜਦਕਿ ਗ੍ਰੈਗੋਰੀਅਨ ਕੈਲੰਡਰ ੧੫ ਅਕਤੂਬਰ ੧੫੮੨ ਤੋਂ ਸ਼ੁਰੂ ਹੋਇਆ) ਵਿੱਚ ਹਰ ਚੌਥਾ ਸਾਲ ਜੋ ੪ ’ਤੇ ਅਤੇ ੪੦੦ ’ਤੇ ਪੂਰਾ ਪੂਰਾ ਵੰਡਿਆ ਜਾਵੇ ਉਹ ਤਾਂ ਲੀਪ ਦਾ ਸਾਲ ਹੀ ਹੁੰਦਾ ਹੈ ਪਰ ਬਾਕੀ ਪੂਰੀ ਸਦੀ ਵਾਲੇ ਸਾਲ; ਜਿਵੇਂ ਕਿ ੧੦੦, ੨੦੦, ੩੦੦, ੫੦੦, ੬੦੦, ੭੦੦, ੯੦੦, ੧੦੦੦, ੧੧੦੦, ੧੩੦੦ਵੇਂ ਸਾਲ ਲੀਪ ਦੇ ਨਹੀਂ ਹੁੰਦੇ ਜਦਕਿ ਜੋ ਸਦੀ ੪੦੦ ’ਤੇ ਪੂਰੀ-ਪੂਰੀ ਵੰਡੀ ਜਾਵੇ; ਜਿਵੇਂ ਕਿ ੪੦੦, ੮੦੦, ੧੨੦੦, ੧੬੦੦, ੨੦੦੦ਵਾਂ ਸਾਲ ਲੀਪ ਦਾ ਸਾਲ ਹੁੰਦਾ ਹੈ, ਇਨ੍ਹਾਂ ਬਦਲੇ ਨਿਯਮਾਂ ਕਾਰਨ ਜਿੱਥੇ ਜੂਲੀਅਨ ਕੈਲੰਡਰ ਵਿੱਚ ੪੦੦ ਸਾਲਾਂ ਵਿੱਚ ੧੦੦ ਲੀਪ ਦੇ ਸਾਲ ਹੁੰਦੇ ਸਨ, ਉੱਥੇ ਗ੍ਰੈਗੋਰੀਅਨ ਕੈਲੰਡਰ ਵਿੱਚ ੯੭ ਲੀਪ ਦੇ ਸਾਲ ਰਹਿ ਗਏ ਅਤੇ ਔਸਤਨ ਸਾਲ ਦੀ ਲੰਬਾਈ ੩੬੫.੨੫ ਤੋਂ ਘਟ ਕੇ ੩੬੫.੨੪੨੫ ਦਿਨ ਹੋ ਗਈ, ਜੋ ਰੁੱਤੀ ਸਾਲ ੩੬੫.੨੪੨੨ ਦਿਨ ਦੇ ਬਹੁਤ ਹੀ ਨੇੜੇ ਆ ਗਈ। ਇਸ ਸੋਧ ਤੋਂ ਪਹਿਲਾਂ ਜਿੱਥੇ ੧੨੮ ਸਾਲਾਂ ਵਿੱਚ ਰੁੱਤੀ ਸਾਲ ਨਾਲੋਂ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਉੱਥੇ ਹੁਣ ਤਕਰੀਬਨ ੩੩੦੦ ਸਾਲਾਂ ਵਿੱਚ ਇੱਕ ਦਿਨ ਦਾ ਫਰਕ ਰਹਿ ਗਿਆ। ਇੰਗਲੈਂਡ ਪ੍ਰੋਟੈਸਟੈਂਟ ਚਰਚ ਨਾਲ ਸੰਬੰਧਿਤ ਹੋਣ ਕਰਕੇ ਪਹਿਲਾਂ ਤਾਂ ਉਨ੍ਹਾਂ ਨੇ ਇਸ ਸੋਧ ਨੂੰ ਨਾ ਮੰਨਿਆ ਪਰ ਅਖੀਰ ੧੭੦ ਸਾਲ ਬਾਅਦ, ਜਦ ਉਨ੍ਹਾਂ ਨੂੰ ਵੀ ਲੱਗਾ ਕਿ ਉਨ੍ਹਾਂ ਦਾ ਕੈਲੰਡਰ ਰੁੱਤਾਂ ਨਾਲੋਂ ਸੰਬੰਧ ਤੋੜ ਰਿਹਾ ਹੈ ਤਾਂ ਉਨ੍ਹਾਂ ਨੇ ਵੀ ਦਿਨ ਬੁੱਧਵਾਰ ੨ ਸਤੰਬਰ ੧੭੫੨ ਨੂੰ ੧੧ ਦਿਨ ਵਧਾ ਕੇ ਅਗਲੇ ਦਿਨ ਵੀਰਵਾਰ ਨੂੰ ਸਿੱਧਾ ੧੪ ਸਤੰਬਰ ਕਰ ਰੁੱਤੀ ਸਾਲ ਦੇ ਬਰਾਬਰ ਕਰ ਲਿਆ। 

ਲੀਪ ਸਾਲਾਂ ਦੇ ਸੋਧ ਨਿਯਮਾਂ ਕਾਰਨ ਜੂਲੀਅਨ ਕੈਲੰਡਰ; ਗ੍ਰੈਗੋਰੀਅਨ ਕੈਲੰਡਰ ਤੋਂ ੧੦੦ ਸਾਲ ’ਚ ਇੱਕ ਦਿਨ ਅਤੇ ੪੦੦ ਸਾਲਾਂ ’ਚ ਤਿੰਨ ਦਿਨ ਅਗਾਂਹ ਚਲੇ ਜਾ ਰਹੇ ਕਾਰਨ ਹੀ ੪ ਅਕਤੂਬਰ ੧੫੮੨ ਨੂੰ ਹੋਈ ਪਹਿਲੀ ੧੦ ਦਿਨ ਸੋਧ ਤੋਂ ੧੭੦ ਸਾਲ ਬਾਅਦ ਇੰਗਲੈਂਡ ਨੇ ੨ ਸਤੰਬਰ ੧੭੫੨ ਨੂੰ ੧੧ ਦਿਨ ਅਤੇ ੩੩੬ ਸਾਲ ਬਾਅਦ ਰੂਸ ਨੇ ੩੧ ਜਨਵਰੀ ੧੯੧੮ ਨੂੰ ੧੩ ਦਿਨਾਂ ਦੀ ਸੋਧ ਕੀਤੀ।

ਬਿਕ੍ਰਮੀ ਕੈਲੰਡਰ ਦਾ ਸੂਰਜੀ ਸਿਧਾਂਤ, ਜੋ ਗੁਰੂ ਕਾਲ ਤੋਂ ੧੯੬੪ ਤੱਕ ਲਾਗੂ ਰਿਹਾ, ਉਹ ਰੁੱਤੀ ਸਾਲ ਤੋਂ ਤਕਰੀਬਨ ੨੪ ਮਿੰਟ ਵੱਡਾ ਸੀ ਅਤੇ ੬੦ ਸਾਲਾਂ ਵਿੱਚ ੧ ਦਿਨ ਅਗਾਂਹ ਜਾਂਦਾ ਸੀ।  ਸੰਨ ੧੯੬੪ ਤੋਂ ਬਾਅਦ ਇਸ ਨੂੰ ਦ੍ਰਿਕ ਗਣਿਤ ਮੁਤਾਬਕ ਸੋਧਿਆ ਗਿਆ, ਜਿਸ ਕਾਰਨ ਰੁੱਤੀ ਸਾਲ ਤੋਂ ਤਕਰੀਬਨ ੨੦ ਮਿੰਟ ਵੱਡਾ ਰਹਿ ਗਿਆ ਅਤੇ ੭੧-੭੨ ਸਾਲਾਂ ਵਿੱਚ ੧ ਦਿਨ ਅਗਾਂਹ ਜਾਂਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਸਾਰੀ ਦੁਨੀਆਂ ਵਿੱਚ ਪ੍ਰਮਾਣਿਤ ਸਾਂਝੇ ਕੈਲੰਡਰ ਦੇ ਬਿਲਕੁਲ ਬਰਾਬਰ ਅਤੇ ਰੁੱਤੀ ਸਾਲ ਤੋਂ ਕੇਵਲ ੨੬-੨੭ਕੁ ਸੈਕੰਡ ਹੀ ਵੱਡਾ ਹੈ, ਜੋ ੩੩੦੦ ਸਾਲਾਂ ਵਿੱਚ ਕੇਵਲ ੧ ਦਿਨ ਦਾ ਫਰਕ ਪਾਉਂਦਾ ਹੈ।  ਬਿਕ੍ਰਮੀ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ (ਈਸਵੀ ਕੈਲੰਡਰ/ਸਾਂਝਾ ਸਾਲ ਕੈਲੰਡਰ) ਤੋਂ ਇਲਾਵਾ ਭਾਰਤ ਵਿੱਚ ਨਿਰੋਲ ਚੰਦਰਮਾ ਆਧਾਰਿਤ ਹਿਜਰੀ ਕੈਲੰਡਰ ਵੀ ਪ੍ਰਚਲਿਤ ਹੈ, ਜਿਸ ਰਾਹੀਂ ਇਸਲਾਮ ਧਰਮ ਦੇ ਇਤਿਹਾਸਕ ਦਿਹਾੜੇ ਨਿਸ਼ਚਿਤ ਕੀਤੇ ਜਾਂਦੇ ਹਨ। ਸੂਰਜੀ ਸਾਲ ਤੋਂ ੧੧ ਦਿਨ ਛੋਟਾ ਹੋਣ ਕਾਰਨ ੩੩ ਸਾਂਝੇ ਸਾਲਾਂ ਵਿੱਚ ਇਸ ਦੇ ੩੪ ਸਾਲ ਬਣ ਜਾਂਦੇ ਹਨ।

 ਭਾਰਤ ਵਿੱਚ ਵੈਸੇ ਵੀ ੩੦ ਕਿਸਮ ਦੇ ਬਿਕ੍ਰਮੀ ਕੈਲੰਡਰ ਪ੍ਰਚਲਿਤ ਹਨ, ਭਾਵੇਂ ਕਿ ਇਹ ਸਾਰੇ ਹੀ ਸੂਰਜੀ ਸਿਧਾਂਤ ਜਾਂ ਦ੍ਰਿਕ ਗਣਿਤ ਅਨੁਸਾਰ ਹਨ ਪਰ ਤਰੀਖਾਂ ਅਤੇ ਤਿੱਥਾਂ ਨਿਸ਼ਚਿਤ ਕਰਨ ਲਈ ਵੱਖ ਵੱਖ ਪ੍ਰਾਂਤਾਂ ’ਚ ਵੱਖ-ਵੱਖ ਨਿਯਮ ਬਣਾਏ ਹੋਣ ਕਾਰਨ ਉਨ੍ਹਾਂ ਦੀਆਂ ਤਰੀਖਾਂ ਅਤੇ ਤਿੱਥਾਂ ’ਚ ਸਦਾ ਅੰਤਰ ਰਹਿੰਦਾ ਹੈ।

ਮਿਸਾਲ ਵਜੋਂ ਸਵਾਮੀ ਕੰਨੂਪਿਲੇ ਦੀ ਜੰਤਰੀ ’ਚ ਮਹੀਨਿਆਂ ਦਾ ਗਣਿਤ ਆਰੀਆ ਸਿਧਾਂਤ ਅਨੁਸਾਰ ਹੈ ਤੇ ਮਹੀਨੇ ਦੀ ਪਹਿਲੀ ਤਰੀਖ (ਸੰਗਰਾਂਦ) ਤਾਮਿਲਨਾਡੂ ਦੇ ਨਿਯਮਾਂ ਮੁਤਾਬਕ ਜੇ ਸੂਰਜ ਛਿਪਣ ਤੋਂ ਪਹਿਲਾਂ ਰਾਸ਼ੀ ਬਦਲ ਜਾਵੇ ਤਾਂ ਸੰਗਰਾਂਦ ਉਸੇ ਦਿਨ ਹੁੰਦੀ ਹੈ ਅਤੇ ਜੇ ਸੂਰਜ ਛਿਪਣ ਤੋਂ ਪਿੱਛੋਂ ਬਦਲੇ ਤਾਂ ਅਗਲੇ ਦਿਨ ਸੰਗ੍ਰਾਂਦ ਹੁੰਦੀ ਹੈ ਪਰ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਪਹਿਲੀ ਤਰੀਖ ਉਸੇ ਦਿਨ ਹੁੰਦੀ ਹੈ, ਜਿਸ ਦਿਨ ਰਾਸ਼ੀ ਬਦਲਦੀ ਹੈ। ਇਨ੍ਹਾਂ ਨਿਯਮਾਂ ਕਾਰਨ ਤਕਰੀਬਨ ਅੱਧੀਆਂ ਸੰਗਰਾਂਦਾਂ ਤਾਮਿਲਨਾਡੂ ’ਚ ਪੰਜਾਬ ਨਾਲੋਂ ਇੱਕ ਦਿਨ ਪਿੱਛੋਂ ਵੀ ਹੋ ਸਕਦੀਆਂ ਹਨ ਅਤੇ ਅੱਧੀਆਂ ਉਸੇ ਦਿਨ ਹੁੰਦੀਆਂ ਹਨ, ਇਸੇ ਕਾਰਨ ੧੬੯੯ ਦੀ ੧ ਵੈਸਾਖ ਸਵਾਮੀ ਕੰਨੂਪਿਲੇ ਦੀ ਜੰਤਰੀ ਮੁਤਾਬਕ ੩੦ ਮਾਰਚ ਨੂੰ ਸੀ ਪਰ ਸ: ਪਾਲ ਸਿੰਘ ਪੁਰੇਵਾਲ ਦੀ ੫੦੦ ਸਾਲਾ ਜੰਤਰੀ ’ਚ ਪੰਜਾਬ ਦੇ ਨਿਯਮਾਂ ਮੁਤਾਬਕ ੨੯ ਮਾਰਚ ਨੂੰ ਸੀ ਜਦਕਿ ਹੁਣ ੧ ਵਿਸਾਖ ੧੩/੧੪ ਅਪਰੈਲ ਨੂੰ ਆ ਰਹੀ ਹੈ।

ਸੋ ਅਜੋਕੇ ਲੋਕਤੰਤਰ ਯੁੱਗ ’ਚ, ਜਿੱਥੇ ਕਈ ਕੌਮੀ ਇਤਿਹਾਸਕ ਦਿਹਾੜਿਆਂ ’ਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਰਕਾਰਾਂ ਦਾ ਰੋਲ ਵੀ ਅਹਿਮ ਬਣਦਾ ਜਾ ਰਿਹਾ ਹੋਵੇ ਓਥੇ ਇਤਿਹਾਸਕ ਤਰੀਖਾਂ ਨੂੰ ਵਾਰ-ਵਾਰ ਬਦਲਣਾ; ਜਿਵੇਂ ਕਿ ਸਿੱਖਾਂ ’ਚ ਪ੍ਰਚਲਿਤ ਕਰ ਚੁੱਕੇ ਬਿਕ੍ਰਮੀ ਕੈਲੰਡਰ ਦਾ ਹਸ਼ਰ ਹੋ ਰਿਹਾ ਹੈ, ਆਪਣੀ ਅਕਲ ਦਾ ਜਨਾਜ਼ਾ ਕੱਢਣਾ ਹੈ, ਇਸ ਲਈ ਇਤਿਹਾਸਕ ਦਿਹਾੜਿਆਂ ਦੀ ਸਥਿਰਤਾ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਅਤਿ ਜ਼ਰੂਰੀ ਹੈ।

ਗੁਰਮਤਿ ਵਿੱਚ ‘ਮੂਲ ਮੰਤਰ’ ਦਾ ਸਥਾਨ ਤੇ ਮਹੱਤਵ

0

ਗੁਰਮਤਿ ਵਿੱਚ ‘ਮੂਲ ਮੰਤਰ’ ਦਾ ਸਥਾਨ ਤੇ ਮਹੱਤਵ

ਰਣਜੀਤ ਸਿੰਘ ਹੈਡਮਾਸਟਰ (ਸੇਵਾ ਮੁਕਤ) ਲੁਧਿਆਣਾ- 99155-15436

‘‘ਮੂਲ ਮੰਤਰ’ ਇੱਕ ਸਮਾਸੀ ਸ਼ਬਦ ਹੈ, ਜੋ ‘ਮੂਲ’ ਅਤੇ ‘ਮੰਤਰ’; ਦੋ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੋਇਆ ਹੈ। ‘ਮੰਤਰ’ ਸ਼ਬਦ ਨੂੰ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤ ਕੇ ਇਸ ਦੇ ਕਈ ਅਰਥ ਕੀਤੇ ਹੋਏ ਮਿਲਦੇ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਮੰਤਰ’ ਦੇ ਅਰਥ ਕੀਤੇ ਹਨ: ‘ਜੋ ਮਨਨ ਕਰੀਏ ਉਹ ਮੰਤਰ ਹੈ’।  ‘ਮੰਤਰ’ ਅਸਲ ਵਿੱਚ ਵਿਚਾਰ ਜਾਂ ਸ਼ਬਦ ਸਰੂਪ ਹੀ ਹੁੰਦਾ ਹੈ। ਜਿਸ ਮਨੋਰਥ ਲਈ ਜਾਂ ਜਿਸ ਇਸ਼ਟ ਸੰਬੰਧੀ ਕੋਈ ‘ਮੰਤਰ’ ਹੋਵੇ, ਉਸ ਦਾ ਚਿਤਰਣ ਜਾਂ ਲੱਛਣ ਉਸ ‘ਮੰਤਰ’ ਵਿੱਚ ਸੰਖੇਪ ਰੂਪ ਵਿੱਚ ਅੰਕਿਤ ਕੀਤਾ ਹੁੰਦਾ ਹੈ। ‘ਮੂਲ ਮੰਤਰ’ ਵਿੱਚ ‘ਮੰਤਰ’ ਦੇ ਅੱਗੇ ਲੱਗਿਆ ਹੋਇਆ ਲਫਜ਼ ‘ਮੂਲ’ ਇਸ ਦਾ ਅਗੇਤਰ ਹੈ, ਜੋ ‘ਮੰਤਰ’ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ। ‘ਮੂਲ’ ਦਾ ਅਰਥ ਹੈ, ਮੁੱਢ, ਜੜ੍ਹ, ਤੱਤ-ਸਾਰ ਜਾਂ ਅਸਲੀਅਤ ਅਤੇ ‘ਮੰਤਰ’ ਤੋਂ ਭਾਵ ਹੈ ‘ਗੁਰ ਉਪਦੇਸ਼’ ਜਾਂ ਸਮੁੱਚੀ ਬਾਣੀ ਰੂਪ ਗੁਰੂ ਉਪਦੇਸ਼ਾਂ ਦਾ ਮੁੱਢ, ਨਿਚੋੜ। ਗੁਰਬਾਣੀ ਵਿੱਚ ‘ਮੂਲ’ ਅਤੇ ‘ਡਾਲੀ’ ਨੂੰ ਤੁਲਨਾਤਮਿਕ ਪੱਖੋਂ ਲਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ  ?॥’’ (ਆਸਾ, ਮ: ੧, ਅੰਗ ੪੨੦); ‘ਮੂਲ’ ਤੋਂ ਭਾਵ ਸਭ ਦਾ ਮੁੱਢ ਭਾਵ ਅਕਾਲ ਪੁਰਖ ਅਤੇ ਡਾਲੀ ਤੋਂ ਭਾਵ ਅਕਾਲ ਪੁਰਖ ਦੀ ਰਚਨਾ, ਸੰਸਾਰ ਅਤੇ ਸੰਸਾਰਕ ਪਦਾਰਥ।  ਸੋ ‘ਮੂਲ ਮੰਤਰ’ ਤੋਂ ਭਾਵ ਉਹ ਮੁੱਢਲਾ ਉਪਦੇਸ਼, ਜਿਸ ਦਾ ਸੰਬੰਧ ਪ੍ਰਮਾਤਮਾ ਦੇ ਨਾਲ ਹੋਵੇ ਅਤੇ ਜੋ ਸਮੁੱਚੇ ਬ੍ਰਹਿਮੰਡ ਨੂੰ ਬ੍ਰਹਮ ਨਾਲ ਜੋੜ ਕੇ ਸੱਚ ਦਾ ਗਿਆਨ ਉਜਾਗਰ ਕਰਦਾ ਹੋਵੇ। ਇਹੋ ਹੀ ਗੁਰਮਤਿ ਦਾ ਬੀਜ (ਬੀ) ਹੈ, ਮੂਲ ਹੈ, ਆਧਾਰ ਹੈ, ਇਸ ਵਿੱਚੋਂ ਹੀ ਗੁਰਮਤਿ ਦੀ ਸਾਰੀ ਵਿਚਾਰਧਾਰਾ ਜਨਮ ਲੈਂਦੀ ਹੈ, ਪ੍ਰਗਟ ਹੁੰਦੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਆਪ, ਜਿਸ ਨੂੰ ‘ਮੂਲ ਮੰਤਰ’ ਕਿਹਾ, ਉਹ ਪ੍ਰਮਾਤਮਾ ਦਾ ਨਾਮ ਹੈ, ਜੋ ਸਾਰੇ ਰਸਾਂ ਦਾ ਸੋਮਾ ਹੈ। ਇਹ ਨਾਮ; ਮਨੁੱਖ ਨੂੰ ਪ੍ਰਭੂ ਨਾਲ ਜੋੜ ਕੇ ਉਸ ਦਾ ਤਨ, ਮਨ ਹਰਿਆ ਕਰਦਾ ਹੈ।  ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ; ਕਹੁ ਨਾਨਕ ਪੂਰਾ ਪਾਇਆ ॥’’ (ਮਾਰੂ ਸੋਲਹੇ, ਮ: ੧, ਅੰਗ ੧੦੪੦), ਸੋ ਪੂਰਨ ਪ੍ਰਮਾਤਮਾ ਦਾ ਪੂਰਨ ਨਾਮ ਹੀ ਇੱਕੋ-ਇੱਕ ‘ਮੂਲ ਮੰਤਰ’ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਨਾਵਾਂ ਨਾਲ ਪ੍ਰਮਾਤਮਾ ਨੂੰ ਯਾਦ ਕੀਤਾ ਗਿਆ ਹੈ। ਉਨ੍ਹਾਂ ਸਾਰੇ ਨਾਵਾਂ ਨੂੰ ‘ਮੂਲ ਮੰਤਰ’ (ਸਮੁੱਚੀ ਵਿਚਾਰਧਾਰਾ ਦਾ ਧੁਰਾ/ਸਾਰ) ਨਹੀਂ ਕਿਹਾ ਜਾ ਸਕਦਾ।  ਭਾਈ ਗੁਰਦਾਸ ਜੀ ਨੇ ਸੰਖੇਪ ’ਚ ‘ਸਤਿ ਨਾਮੁ ਕਰਤਾ ਪੁਰਖੁ’ ਲਿਖ ਕੇ ਇਸ ਨੂੰ ‘ਮੂਲ ਮੰਤਰ’ ਨਾਂ ਦਿੱਤਾ ਹੈ।  ਆਪ ਛੇਵੀਂ ਵਾਰ ਦੀ 19ਵੀਂ ਪਉੜੀ ’ਚ ਫ਼ੁਰਮਾਉਂਦੇ ਹਨ ਕਿ ‘ਸਤਿਗੁਰੂ ਸਤਿ ਸਰੂਪ ਹੈ। ਸਿੱਖ; ਆਪਣੇ ਧਿਆਨ ਦਾ ਮੁੱਢ (ਕੇਂਦਰ) ਗੁਰੂ ਮੂਰਤਿ ਨੂੰ ਸਮਝਦਾ ਹੋਇਆ ‘ਸਤਿ ਨਾਮੁ ਕਰਤਾ ਪੁਰਖੁ..’ ਨੂੰ ਮੂਲ ਮੰਤਰ ਵਜੋਂ ਸਿਮਰ ਕੇ (ਰੱਬੀ ਦਰ ’ਤੇ) ਪ੍ਰਵਾਣ ਹੁੰਦਾ ਹੈ : ‘‘ਸਤਿ ਗੁਰ ਸਤਿ ਸਰੂਪ ਹੈ; ਧਿਆਨ ਮੂਲੁ, ਗੁਰ ਮੂਰਤਿ ਜਾਣੈ। ਸਤਿ ਨਾਮੁ ਕਰਤਾ ਪੁਰਖੁ; ਮੂਲ ਮੰਤ੍ਰ੍ਰ ਸਿਮਰਣ ਪਰਵਾਣੈ।’’ (ਭਾਈ ਗੁਰਦਾਸ ਜੀ/ਵਾਰ ੬ ਪਉੜੀ ੧੯)

‘ਮੂਲ ਮੰਤਰ’ ਦੀ ਮਹੱਤਤਾ ਨੂੰ ਦਰਸਾਉਣ ਵਾਲਾ ਸ਼ਬਦ ਗੁਰੂ ਰਾਮਦਾਸ ਜੀ ਸਾਰੰਗ ਰਾਗ ਵਿੱਚ ਹੈ, ਜਿਸ ਰਾਹੀਂ ਫ਼ੁਰਮਾਉਂਦੇ ਹਨ : ‘‘ਜਪਿ ਮਨ  ! ਨਿਰਭਉ ॥  ਸਤਿ ਸਤਿ ਸਦਾ ਸਤਿ ॥ ਨਿਰਵੈਰੁ ਅਕਾਲ ਮੂਰਤਿ ॥  ਆਜੂਨੀ ਸੰਭਉ ॥  ਮੇਰੇ ਮਨ ! ਅਨਦਿਨੁੋ ਧਿਆਇ, ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥’’ (ਮ: ੪, ਅੰਗ ੧੨੦੧)

ਪੁਰਾਤਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਿਧਾਂ ਨੇ ਸੁਮੇਰ ਪਰਬਤ ’ਤੇ ਗੁਰੂ ਨਾਨਕ ਸਾਹਿਬ ਜੀ ਨਾਲ਼ ਵਿਚਾਰ-ਗੋਸਟੀ ਕਰਦਿਆਂ ‘ਮੂਲ ਮੰਤਰ’ ਬਾਰੇ ਜਾਣਨ ਲਈ ਪੁੱਛਿਆ ਤਾਂ ਆਪ ਨੇ ‘ੴ’ ਤੋਂ ਲੈ ਕੇ ‘ਗੁਰਪ੍ਰਸਾਦਿ’ ਤੱਕ ਉਚਾਰ ਕੇ ਇਸ ਨੂੰ ‘ਮੂਲ ਮੰਤਰ’ ਕਿਹਾ। ਭਾਈ ਕਾਨ੍ਹ ਸਿੰਘ ਨਾਭਾ ਵੀ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਸਿੱਖੀ ਪ੍ਰੰਪਰਾ ਅਨੁਸਾਰ ‘ੴ’ ਤੋਂ ‘ਗੁਰ ਪ੍ਰਸਾਦਿ’ ਤੱਕ ‘ਮੂਲ ਮੰਤਰ’ ਹੈ। ਇਕ ਗੱਲ ‘ਮੂਲ ਮੰਤਰ’ ਵਿੱਚ ਇਹ ਵੀ ਵਿਲੱਖਣ ਹੈ ਕਿ ਇਸ ਵਿੱਚ ‘ਨਾਨਕ’ ਪਦ ਨਹੀਂ ਵਰਤਿਆ ਗਿਆ ਭਾਵੇਂ ਕਿ ਇਹ ਸੰਖੇਪ ਰਚਨਾ (ਸ਼ਬਦ ਸੰਗ੍ਰਹਿ) ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਣ ਕੀਤੀ ਹੋਈ ਸਰਵ ਪ੍ਰਵਾਣਿਤ ਮੰਨੀ ਜਾਂਦੀ ਹੈ। ਗੁਰਮਤਿ ਵਿੱਚ ਇਸ ਨੂੰ ਸ਼੍ਰੋਮਣੀ ਸਥਾਨ ਪ੍ਰਾਪਤ ਹੈ। ਇਸ ‘ਮੂਲ ਮੰਤਰ’ ਵਿੱਚ ਹੀ ਸਰਵ ਉੱਚ ਪਰਮ ਹਸਤੀ ਅਕਾਲ ਪੁਰਖ ਦੇ ਦਰਸ਼ਨ ਦੀਦਾਰੇ ਹੁੰਦੇ ਹਨ। ਇਸ ਵਿੱਚ ਪਰਮ ਹਸਤੀ ਦੇ ਗੁਣ ਵਾਚਕ ਨਾਮ ਅਤੇ ਉਸ ਦੀ ਕ੍ਰਿਪਾਲਤਾ ਨੂੰ ਪ੍ਰਧਾਨਗੀ ਮਿਲੀ ਹੈ। ਇਸ ਵਿੱਚ ਸੁਰਤ ਜੋੜਨ ਨਾਲ ਮਨੁੱਖ ਦੀ ਲਿਵ ਅਕਾਲ ਪੁਰਖ ਨਾਲ ਜੁੜ ਜਾਂਦੀ ਹੈ। ਧਾਰਮਿਕ ਸਾਹਿਤ ਖੇਤਰ ਵਿੱਚ ਇਹ ਇੱਕ ਅਟੱਲ ਸਚਾਈ ਹੈ ਕਿ ਕਿਸੇ ਵੀ ‘ਮੰਤਰ’ ਵਿੱਚ ਇਸ਼ਟ ਦੇ ਨਾਮ ਜਾਂ ਉਸ ਦੇ ਗੁਣਾਂ ਨੂੰ ਹੀ ਦਰਸਾਇਆ ਜਾਂਦਾ ਹੈ। ‘ਮੰਤਰ’ ਦੇ ਰਚਨਹਾਰੇ ਦਾ ਨਾਮ ਜਾਂ ਮੋਹਰ ਛਾਪ ਨਹੀਂ ਹੁੰਦੀ। ਇਸ ਨਿਯਮ ਦੀ ਪਾਲਣਾ ਹੋਰ ਮਤਾਂ ਦੇ ਮੰਤਰਾਂ ਵਿੱਚ ਵੀ ਮਿਲਦੀ ਹੈ। ‘ੴ’ ਤੋਂ ‘ਗੁਰਪ੍ਰਸਾਦਿ’ ਵਿੱਚ ਵੀ ਜਿੰਨੇ ਸ਼ਬਦ ਹਨ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਹੀ ਪ੍ਰਗਟਾਉਂਦੇ ਹਨ ਪਰ ਰਚਨਹਾਰੇ ਦਾ ਨਾਮ ਨਹੀਂ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਵਿੱਚ ਆਮ ਕਰਕੇ ‘ਨਾਨਕ’ ਪਦ ਜਾਂ ਭਗਤ ਬਾਣੀ ਵਿੱਚ ਭਗਤਾਂ ਦਾ ਨਾਂ ਵਰਤਿਆ ਗਿਆ ਹੈ। ‘ਜਪੁ’ ਬਾਣੀ ਦੀਆਂ 12 ਪਉੜੀਆਂ ਵਿੱਚ ਵੀ ‘ਨਾਨਕ’ ਪਦ ਦੀ ਵਰਤੋਂ ਨਹੀਂ ਕੀਤੀ ਗਈ। ਗਿ: ਜਗਤਾਰ ਸਿੰਘ ਜਾਚਕ ਲਿਖਦੇ ਹਨ ਕਿ ‘ਮੂਲ ਮੰਤਰ’ ਵਿੱਚ ਨਾਨਕ ਪਦ ਨਾਂ ਆਉਣ ਦਾ ਕਾਰਨ ਇਹ ਵੀ ਹੈ ਕਿ ਜਦੋਂ ਕੋਈ ਇਸ ਵਿੱਚ ਸੁਰਤ ਜੋੜਦਾ ਹੈ ਤਾਂ ਸੁਰਤੀ ਜੋੜਨ ਵਾਲੇ ਅਤੇ ਪਰਮ ਹਸਤੀ ਦੇ ਵਿਚਕਾਰ ਦੂਸਰਾ ਕੋਈ ਹੋਰ ਨਹੀਂ ਰਹਿ ਜਾਂਦਾ।

ਗੁਰੂ ਗ੍ਰੰਥ ਸਾਹਿਬ ਵਿੱਚ ਇਹ ‘ਮੂਲਮੰਤਰ’ ਸੰਪੂਰਨ ਰੂਪ ਵਿੱਚ ਜਾਂ ਸੰਖੇਪ ਰੂਪ ਵਿੱਚ 568 ਵਾਰ ਵਰਤਿਆ ਮਿਲਦਾ ਹੈ। ਸੰਪੂਰਨਾ ਰੂਪ ਵਿੱਚ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ’; 33 ਵਾਰ ਵਰਤਿਆ ਗਿਆ ਹੈ।

 

‘ਜਪੁ’ ਬਾਣੀ ਤੋਂ ਪਹਿਲਾਂ :                 1 ਵਾਰ

ਰਾਗਾਂ ਦੇ ਆਰੰਭ ਵਿੱਚ         :                  26 ਵਾਰ

ਰਾਗ ਆਸਾ ਵਾਰ ਮਹਲਾ ੧ :               1 ਵਾਰ

ਰਾਗ ਆਸਾ ਬਾਣੀ ਭਗਤ ਕਬੀਰ ਜੀ ਕੀ:       1 ਵਾਰ

ਸਲੋਕ ਸਹਿਸਕ੍ਰਿਤੀ ਮ: ੧ :                 1 ਵਾਰ

ਸਹਸਕ੍ਰਿਤੀ ਸਲੋਕ ਮ: ੫ :                 1 ਵਾਰ

ਸਵਯੈ ਮ: ੪ :                          1 ਵਾਰ

ਸਲੋਕ ਵਾਰਾਂ ਤੇ ਵਧੀਕ :                  1 ਵਾਰ

                                    33 ਵਾਰ

ਸੰਖੇਪ ਰੂਪ ਵਿੱਚ ਇਸ ਤਰ੍ਹਾਂ ਸੁਸ਼ੋਭਿਤ ਹੈ :

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ :     9 ਵਾਰ

ੴ ਸਤਿ ਨਾਮੁ ਗੁਰਪ੍ਰਸਾਦਿ :               2 ਵਾਰ

ੴ ਸਤਿ ਗੁਰ ਪ੍ਰਸਾਦਿ :                524 ਵਾਰ

ਇਸ ‘ਮੂਲ ਮੰਤਰ’ ਨੂੰ ਮਨ ਵਿੱਚ ਵਸਾਉਣ ਨਾਲ ਜਨਮ ਜਨਮਾਤਰਾਂ ਦੇ ਪਾਪ ਕੱਟੇ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ : ‘‘ਅਉਖਧ ਮੰਤ੍ਰ ਮੂਲੁ ਮਨ ਏਕੈ; ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥  ਜਨਮ ਜਨਮ ਕੇ ਪਾਪ ਕਰਮ ਕੇ; ਕਾਟਨਹਾਰਾ ਲੀਜੈ ਰੇ ॥’’ (ਗਉੜੀ, ਮ: ੧, ਅੰਗ ੧੫੬) ਇਸ ਦੀ ਵਿਆਖਿਆ ਕਰਦੇ ਹੋਏ ਪ੍ਰੋ ਸਾਹਿਬ ਸਿੰਘ ਜੀ ਲਿਖਦੇ ਹਨ : ‘ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ। ਮਨ ਨੂੰ ਵੱਸ ਵਿੱਚ ਕਰਨ ਵਾਲਾ ਸਭ ਤੋਂ ਵਧੀਆ ‘ਮੰਤਰ’ ਪ੍ਰਮਾਤਮਾ ਦਾ ਨਾਮ ਹੀ ਹੈ।’

ਕਿਸੇ ਵੀ ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਣ ਜਾਂ ਦੇਖਣ ਦਾ ਦਾਅਵਾ ਨਹੀਂ ਕੀਤਾ। ਗੁਰਮਤਿ ਅਨੁਸਾਰ ਪ੍ਰਮਾਤਮਾ ਹਰ ਜ਼ਰੇ ਜ਼ਰੇ ਵਿੱਚ ਵਿਆਪਕ ਹੈ; ਜਿਵੇਂ ਹਰ ਵਸਤੂ ਨੂੰ ਕੋਈ ਨਾ ਕੋਈ ਸਿਰਜਦਾ ਹੈ, ਬੀਜਦਾ ਹੈ, ਬਣਾਉਂਦਾ ਹੈ; ਇਉਂ ਪ੍ਰਮਾਤਮਾ; ਕਿਸੇ ਦੁਆਰਾ ਬਣਾਇਆ ਜਾਂ ਸਿਰਜਿਆ ਹੋਇਆ ਵੀ ਨਹੀਂ ਅਤੇ ਉਸ ਦਾ ਮਾਂ-ਬਾਪ ਵੀ ਕੋਈ ਨਹੀਂ। ‘ਜਪੁ’ ਬਾਣੀ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਥਾਪਿਆ ਨ ਜਾਇ, ਕੀਤਾ ਨ ਹੋਇ ॥ ਆਪੇ ਆਪਿ, ਨਿਰੰਜਨੁ ਸੋਇ ॥’’  (ਮ: ੧, ਅੰਗ ੨)

ਭਾਵੇਂ ਉਹ ਹਰ ਵਸਤੂ ਤੇ ਹਰ ਜੀਵ ਵਿੱਚ ਮੌਜੂਦ ਹੈ, ਪਰ ਫਿਰ ਵੀ ਇਹਨਾਂ ਅੱਖਾਂ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਜੋ ਪ੍ਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ ਉਹ ਇਹ ਹੈ : ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’

‘ਜਪੁ’ ਬਾਣੀ (ਸਿਰਲੇਖ) ਜਾਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ; ਇੱਥੋਂ ਹੀ ਅਰੰਭ ਹੁੰਦੀ ਹੈ। ਇਸ ਤੋਂ ਅਗੇਤਰ ਨੂੰ ਹੀ ‘ਮੂਲ ਮੰਤਰ’ ਕਿਹਾ ਜਾਂਦਾ ਹੈ। ‘ੴ’ –  ਇਹ ‘ਮੂਲ ਮੰਤਰ’ ਦਾ ਪਹਿਲਾ ਸ਼ਬਦ ਹੈ। ‘ੴ’ ਪ੍ਰਮਤਾਮਾ ਬਾਰੇ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਦੁਆਲੇ ਸਾਰੀ ਗੁਰਮਤਿ ਫ਼ਿਲਾਸਫ਼ੀ ਦਾ ਪ੍ਰਸਾਰ ਜਾਂ ਵਿਆਖਿਆ ਹੈ, ਜੋ ਸਾਡਾ ਰਾਹ ਦਸੇਰਾ ਬਣਦੀ ਹੈ। ‘ੴ’ ਦਾ ਉਚਾਰਨ ‘ਇੱਕ ਓਅੰਕਾਰ’ ਹੈ। ਪ੍ਰੋ ਸਾਹਿਬ ਸਿੰਘ ਜੀ ਅਨੁਸਾਰ ਇਸ (ੴ) ਸ਼ਬਦ ਦੇ ਤਿੰਨ ਹਿੱਸੇ ਹਨ :

੧, ਓ ਅਤੇ ਕਾਰ। ਇੱਥੇ ੧ ਗਣਿਤ ਦੇ ਸੰਖਿਅਕ ਵਜੋਂ ਨਹੀਂ ਹੈ ਸਗੋਂ ਅਕਾਲ ਪੁਰਖ ਦੀ ਵਿਸ਼ੇਸ਼ਤਾ ਵਜੋਂ ਮੌਜੂਦ ਹੈ ਭਾਵ ਉਹ ਇੱਕ ਹੈ ਅਤੇ ਉਸ ਵਰਗਾ ਹੋਰ ਕੋਈ ਨਹੀਂ।  ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਸਾਹਿਬੁ ਮੇਰਾ ਏਕੋ ਹੈ ॥  ਏਕੋ ਹੈ, ਭਾਈ ! ਏਕੋ ਹੈ ॥੧॥ ਰਹਾਉ ॥’’ (ਆਸਾ, ਮ: ੧, ਅੰਗ ੩੫੦)

ਖੁੱਲ੍ਹੇ ਮੂੰਹ ਵਾਲਾ ‘ਓ’;  ‘ਓਅੰ’ ਸ਼ਬਦ ਦਾ ਬੋਧਕ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਓਅੰ’; ਸਭ ਦੀ ਰੱਖਿਆ ਕਰਨ ਵਾਲਾ ਹੈ। ‘ਓ’ ਦੇ ਅੱਗੇਤਰ ੧ ਲਿਖ ਕੇ ਗੁਰੂ ਸਾਹਿਬਾਨ ਨੇ ਸਪਸ਼ਟ ਕੀਤਾ ਹੈ ਕਿ ਸਾਡਾ ਰੱਖਿਅਕ ਇੱਕ ਕਰਤਾਰ ਹੀ ਹੈ।  ਸੰਸਕ੍ਰਿਤ ਦਾ ਇੱਕ ਪਿਛੇਤਰ ਹੈ ਜਿਸ ਦਾ ਉਚਾਰਣ ਹੈ ‘ਕਾਰ’। ਇਸ ਦਾ ਅਰਥ ਹੈ ਇੱਕ ਰਸ, ਜਿਸ ਵਿੱਚ ਕਦੇ ਤਬਦੀਲੀ ਨਾ ਆਵੇ। ਸੋ ‘ੴ’ ਦਾ ਉਚਾਰਣ ਹੈ ‘ਇੱਕ ਓਅੰਕਾਰ’ ਅਤੇ ਅਰਥ ਹਨ ‘ਪ੍ਰਮਾਤਮਾ ਇਕ ਹੈ ਤੇ ਉਹ ਸਰਬ ਵਿਆਪਕ ਹੈ’ ਭਾਵ ਏਕਤਾ ਵਿੱਚ ਅਨੇਕਤਾ ਅਤੇ ਅਨੇਕਤਾ ਵਿੱਚ ਏਕਤਾ ਹੈ। ਸੰਸਾਰ ਦਾ ਸਾਰਾ ਪਸਾਰਾ (ਜੀਵ ਜੰਤੂ, ਦੀਪ ਸਮੂਹ, ਧਰਤੀ, ਅਕਾਸ਼ ਪਾਤਾਲ, ਸਮੁੰਦ੍ਰ ਬ੍ਰਹਿਮੰਡ,ਦਰਿਆ ਆਦਿ) ਉਸ ਇੱਕ ਤੋਂ ਹੀ ਹੋਇਆ ਹੈ: ‘ਜਪੁ’ ਬਾਣੀ ਵਿੱਚ ਗੁਰੂ ਸਾਹਿਬ ਫ਼ੁਰਮਾਉਂਦੇ ਹਨ : ‘ਕੀਤਾ ਪਸਾਉ ਏਕੋ ਕਵਾਉ ॥  ਤਿਸ ਤੇ ਹੋਏ; ਲਖ ਦਰੀਆਉ ॥’’ (ਮ: ੧, ਅੰਗ ੩) ਭਾਵ ਇਹ ਸਾਰਾ ਪਸਾਰਾ ਇੱਕ ਤੋਂ ਹੀ ਹੋਇਆ ਹੈ ਅਤੇ ਅੰਤ ਸਮਾਂ ਪਾ ਕੇ ਇੱਕ ਵਿੱਚ ਹੀ ਸਮਾ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ‘ਜਾਪੁ’ ਸਾਹਿਬ ਵਿੱਚ ਫ਼ੁਰਮਾਉਂਦੇ ਹਨ : ‘‘ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥ ਖੇਲ ਖੇਲਿ, ਅਖੇਲ ਖੇਲਨ; ਅੰਤ ਕੋ ਫਿਰਿ ਏਕ ॥੩॥੮੧॥’’ (ਜਾਪੁ)

‘੧’ (ਇੱਕ) ਨੂੰ ਅਕਾਲ ਪੁਰਖ ਵਜੋਂ ਪ੍ਰਤੱਖ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ: ‘‘ਏਕੰਕਾਰੁ ਅਵਰੁ ਨਹੀ ਦੂਜਾ; ਨਾਨਕ  ! ਏਕੁ ਸਮਾਈ ॥ (ਰਾਮਕਲੀ ਓਅੰਕਾਰ, ਮ: ੧, ਅੰਗ ੯੩੦) ਭਾਵ ‘‘ਨਾਨਕ  !  ਅਵਰੁ ਨਹੀ ਦੂਜਾ; (ਹਰ ਥਾਂ) ਏਕੁ ਏਕੰਕਾਰੁ ਸਮਾਈ ॥’’

ਗੁਰੂ ਗੋਬਿੰਦ ਸਿੰਘ ਜੀ ਵੀ ਇੱਕ (੧) ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ : ‘‘ਪ੍ਰਣਵੋ ਆਦਿ ਏਕੰਕਾਰਾ ॥ ਜਲ ਥਲ ਮਹੀਅਲ ਕੀਓ ਪਸਾਰਾ ॥ ਆਦਿ ਪੁਰਖੁ ਅਬਗਤਿ ਅਬਿਨਾਸੀ ॥ ਲੋਕ ਚਤ੍ਰਦਸਿ ਜੋਤ ਪ੍ਰਕਾਸੀ ॥੧॥’’ (ਅਕਾਲ ਉਸਤਤਿ) ਭਾਵ ੧ ਅਕਾਲ ਪੁਰਖ ਹੀ ‘ਆਦਿ ਪੁਰਖੁ’ ਹੈ, ਸਰਬ ਵਿਆਪਕ ਹੈ, ਅਦ੍ਰਿਸ਼ ਅਤੇ ‘ਅਬਿਨਾਸੀ’ ਵੀ ਹੈ।

ਸਤਿ ਨਾਮੁ – ਭਾਵੇਂ ‘ੴ’ ਤੋਂ ‘ਗੁਰ ਪ੍ਰਸਾਦਿ’ ਤੱਕ ਦੇ ਸਾਰੇ ਪਦ ਇੱਕ ਮਾਲਾ ਵਿੱਚ ਪਰੋਏ ਹੋਏ ਹਨ ਅਤੇ ਇਹਨਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ ਪ੍ਰੰਤੂ ‘ੴ’ ਅਤੇ ‘ਨਾਮੁ’ ਪਦ ਦੇ ਵਿੱਚ ‘ਸਤਿ’ ਸ਼ਬਦ ਇਸ ਤਰ੍ਹਾਂ ਟਿਕਾਇਆ ਹੋਇਆ ਹੈ; ਜਿਵੇਂ ਘਰ ਦੇ ਦਰਵਾਜ਼ੇ ਦੀ ਦਹਿਲੀਜ ’ਤੇ ਦੀਵਾ ਰੱਖਿਆ ਹੋਵੇ; ਜਿਵੇਂ ਉਹ ਦੀਵਾ ਘਰ ਦੇ ਅੰਦਰ ਵੀ ਤੇ ਬਾਹਰ ਵੀ ਚਾਨਣ ਦੇਂਦਾ ਹੈ; ਇਸੇ ਤਰ੍ਹਾਂ ‘ਸਤਿ’ ਸ਼ਬਦ ਮਨੁੱਖ ਦੇ ਅੰਦਰ ਤੇ ਬਾਹਰ ‘ਸਤਿ’ ਦਾ ਗਿਆਨ ਰੂਪੀ ਚਾਨਣ ਪੈਦਾ ਕਰਕੇ ਉਸ ਨੂੰ ਇੱਕ ‘ਸਤਿ’ ਦੇ ਨਾਲ ਜੋੜਦਾ ਹੈ। ‘ਸਤਿ’ ਸ਼ਬਦ ਸੰਸਕ੍ਰਿਤ ਦੀ ਸੰਗਿਆ ‘ਸਤਯ’ ਤੋਂ ਬਣਿਆ ਹੈ। ਇਸ ਦਾ ਮੁੱਢਲਾ ਭਾਵ ਹੈ ‘ਹੋਂਦ, ਅਸਲੀਅਤ ਜਾਂ ਸਚੁ’। ਇਹ ‘ਸਤਿ’ ਸ਼ਬਦ ਪ੍ਰਮਾਤਮਾ ਦਾ ਗੁਣ ਵਾਚਕ ਨਾਂਵ ਵੀ ਹੈ ਅਤੇ ਇਹ ਪ੍ਰਮਾਤਮਾ ਦਾ ਮੁੱਢਲਾ ਨਾਮ ਵੀ ਹੈ। ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਕਿਰਤਮ ਨਾਮ ਕਥੇ ਤੇਰੇ; ਜਿਹਬਾ ॥  ਸਤਿ ਨਾਮੁ; ਤੇਰਾ ਪਰਾ ਪੂਰਬਲਾ ॥’’ (ਮਾਰੂ ਸੋਲਹੇ, ਮ: ੫, ਅੰਗ ੧੦੮੩)

ਇਸੇ ਤਰ੍ਹਾਂ ਰੱਬੀ ਗੁਣਾ ’ਚੋਂ ਸਭ ਤੋਂ ਮੁੱਢਲਾ ਤੇ ਮੁੱਖ ਗੁਣ ‘ਸਤਿ’ ਭਾਵ ਸੱਚ ਨੂੰ ਹੀ ਮੰਨਿਆ ਗਿਆ ਹੈ, ਜੋ ਅਸਤਿ ਰੂਪ ਮਨੁੱਖੀ ਜੀਵਨ ਲਈ ਐਸਾ ਦਾਰੂ ਹੈ ਜੋ ਸਾਰੇ ਪਾਪਾਂ ਨੂੰ ਧੋ ਕੇ ਕੱਢ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਫ਼ੁਰਮਾਉਂਦੇ ਹਨ : ‘‘ਸਚੁ ਸਭਨਾ ਹੋਇ ਦਾਰੂ; ਪਾਪ ਕਢੈ ਧੋਇ ॥’’ (ਆਸਾ ਕੀ ਵਾਰ, ਮ: ੧, ਅੰਗ ੪੬੮)

ਸੋ ਰੱਬੀ ਹੋਂਦ ਦੀ ਸਦੀਵੀ ਅਟੱਲਤਾ ਨੂੰ ਦਰਸਾਉਣ ਲਈ ‘ਸਤਿ ਨਾਮੁ’ ਹੀ ਸਭ ਤੋਂ ਵਧੇਰੇ ਯੋਗ ਅਤੇ ਢੁੱਕਵਾਂ ਸ਼ਬਦ ਹੈ ਜਿਹੜਾ ਆਪਣੀ ਬੁੱਕਲ ਵਿੱਚ ਸਾਰੇ ਰੱਬੀ ਗੁਣਾਂ ਨੂੰ ਬੀਜ (ਬੀ) ਵਜੋਂ ਸਮਾਈ ਬੈਠਾ ਹੈ।

ਕਰਤਾ ਪੁਰਖ – ਭਾਵ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਤੇ ਬਣਾ ਕੇ ਉਸ ਵਿੱਚ ਹੀ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਹੈ, ਜੋ ਸਭ ਕੁੱਝ ਕਰਨ ਕਰਾਵਨ ਦੀ ਸਮਰੱਥਾ ਰੱਖਦਾ ਹੈ। ਚੇਤੰਨ ਰੂਪ ਵਿੱਚ ਉਹ ਆਪਣੀ ਹਰ ਕਿਰਤ ਵਿੱਚ ਵਿਆਪਕ ਹੈ, ਇਸ ਲਈ ਜੋ ਕੁੱਝ ਦਿਸ ਰਿਹਾ ਹੈ, ਇਹ ਵੀ ਕਰਤਾ ਪੁਰਖੁ ਪ੍ਰਮਾਤਮਾ ਦਾ ਰੂਪ ਹੈ ਅਤੇ ਜੋ ਅਣਦਿਸਦਾ ਜਗਤ ਹੈ, ਉਹ ਵੀ ਉਸੇ ਦਾ ਰੂਪ ਹੈ। ਜਗਤ ਦੀ ਪੈਦਾਇਸ਼ ਕਰਨ ਵਾਲਾ ਅਤੇ ਨਾਸ ਕਰਨ ਵਾਲਾ ਉਹ ਆਪ ਹੀ ਹੈ। ਮਾਇਆ ਦੇ ਤਿੰਨਾਂ ਗੁਣਾਂ (ਰਮੋ, ਤਜੋ, ਸਤੋ) ਤੋਂ ਪਰੇ ਵੀ ਹੈ ਅਤੇ ਇਹਨਾਂ ਦੇ ਵਿੱਚ ਵਿਆਪਕ ਵੀ ਹੈ ਭਾਵ ਸਭਨਾ ਦੇ ਵਿੱਚ ਵਿਆਪਕ ਹੁੰਦਾ ਹੋਇਆ ਵੀ ਨਿਰਲੇਪ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ, ‘ਤੂੰ ਕਰਤਾ ਪੁਰਖੁ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥’’ (ਮਾਝ ਕੀ ਵਾਰ, ਮ: ੧, ਅੰਗ ੧੩੮) ਅਤੇ ‘‘ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥’’ (ਮਲਾਰ ਕੀ ਵਾਰ, ਮ: ੧, ਅੰਗ ੧੨੯੧)

ਕਰਤਾ ਪੁਰਖੁ ਸ਼ਬਦ ਵਿਚਲੇ ਰਹੱਸ ਅਤੇ ਰਮਜ਼ ਨੂੰ ਸਮਝ ਕੇ ਜਿਊਣ ਵਾਲ ਵਿਅਕਤੀ ਗ੍ਰਹਿਸਤੀ ਹੁੰਦਿਆਂ ਹੋਇਆਂ ਵੀ, ਸੰਨਿਆਸੀ ਅਤੇ ਰਾਜ ਭਾਗ ਮਾਣਦਾ ਹੋਇਆ ਵੀ ਜੋਗੀ ਬਣਿਆ ਰਹਿੰਦਾ ਹੈ। ਇਸ ਦਾ ਇਹ ਕਾਰਨ ਹੈ ਕਿ ਉਹ ਕਰਤੇ ਨੂੰ ਸਰਬ ਵਿਆਪਕ ਰੂਪ ਵਿੱਚ ਵੇਖਦਾ ਹੈ। ਉਹ ਸਮਝਦਾ ਹੈ ਕਿ ਕਰਤਾ ਆਪ ਹੀ ਸਾਡੇ ਰਾਹੀਂ ਇਹ ਸਾਰੀ ਲੀਲਾ ਵਰਤਾਅ ਰਿਹਾ ਹੈ। ਅਜਿਹਾ ਮਨੁੱਖ ਹਉਮੈ ਹੰਕਾਰ ਤੋਂ ਬਚਿਆ ਰਹਿੰਦਾ ਹੈ। ਜੇ ਕਰਤਾਰ ਆਪਣੀ ਕਿਰਤ ਨਾਲੋਂ ਵੱਖਰਾ ਹੁੰਦਾ ਤਾਂ ਅਸੀਂ ਵੀ ਉਸ ਨੂੰ ਭਾਲਣ ਲਈ ਆਪਣੀ ਕਿਰਤ ਕਾਰ ਤੋਂ ਵੱਖਰੇ ਹੋ ਜਾਂਦੇ ਪ੍ਰੰਤੂ ਉਹ ਸ੍ਰਿਸ਼ਟੀ-ਰਚਨਾ ਦਾ ਮੂਲ ਸ੍ਰੋਤ ਹੋਣ ਕਰਕੇ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਵਿਆਪਕ ਹੋ ਕੇ ਸਾਡੀ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਇਸ ਲਈ ਪ੍ਰਮਾਤਮਾ ਕੇਵਲ ਕਰਤਾ ਹੀ ਨਹੀਂ ਸਗੋਂ ਦਾਤਾਰ ਵੀ ਹੈ। ਗੁਰਬਾਣੀ ਵਿੱਚ ਜਿੱਥੇ ਉਸ ਨੂੰ ਕਰਤਾ ਪੁਰਖ ਕਿਹਾ ਗਿਆ ਹੈ ਉੱਥੇ ਉਸ ਨੂੰ ਦਾਤਾ ਕਰਤਾ ਵੀ ਕਿਹਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਫ਼ੁਰਮਾਉਂਦੇ ਹਨ : ‘‘ਦਾਤਾ ਕਰਤਾ ਆਪਿ ਤੂੰ; ਤੁਸਿ ਦੇਵਹਿ ਕਰਹਿ ਪਸਾਉ ॥  ਤੂੰ ਜਾਣੋਈ ਸਭਸੈ; ਦੇ ਲੈਸਹਿ ਜਿੰਦੁ ਕਵਾਉ ॥  ਕਰਿ ਆਸਣੁ ਡਿਠੋ ਚਾਉ ॥’’ (ਆਸਾ ਕੀ ਵਾਰ, ਮ: ੧, ਅੰਗ ੪੬੩)

ਜਿਸ ਮਨੁੱਖ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਇੱਕ ਅਕਾਲ ਪੁਰਖ ਹੈ ਅਤੇ ਉਹ ਸਰਬ ਵਿਆਪਕ ਹੋਣ ਕਰਕੇ ਸਾਡੇ ਸਾਰਿਆਂ ਦਾ ਮਾਲਕ ਵੀ ਹੈ ਤਾਂ ਮਨੁੱਖ ਦੇ ਅੰਦਰ ਇਹ ਅਹਿਸਾਸ ਵੀ ਜਾਗ ਪੈਂਦਾ ਹੈ ਕਿ ਸੰਸਾਰ ਵਿੱਚ ਉਹੀ ਕੁੱਝ ਵਾਪਰਦਾ ਹੈ ਜੋ ਕਰਤਾ ਪੁਰਖ ਨੂੰ ਪਸੰਦ ਹੁੰਦਾ ਹੈ। ਅਸਲ ਵਿੱਚ ਇਹ ਦ੍ਰਿੜ੍ਹਤਾ ਕਾਇਮ ਹੋਣੀ ਹੀ ਹਿਰਦੇ ਵਿੱਚ ਕਰਤਾ ਪੁਰਖੁ ਦਾ ਪ੍ਰਗਟਾਅ ਹੋਣਾ ਹੈ।

ਨਿਰਭਉਨਿਰਵੈਰੁ ਦਾ ਭਾਵ ਇਹ ਹੈ ਕਿ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਅਤੇ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੰਸਾਰ ਦੀ ਸਮਾਜਕ, ਆਰਥਕ, ਰਾਜਨੀਤਕ ਤੇ ਧਾਰਮਿਕ ਦੁਰਦਸ਼ਾ ਵੇਖੀ ਤਾਂ ਉਹਨਾਂ ਨੇ ਮਨੁੱਖਤਾ ਤੇ ਤਰਸ ਕੀਤਾ ਅਤੇ ਉਹਨਾਂ ਨੇ ਨਿਰਭਉ ਤੇ ਨਿਰਵੈਰ; ਸਮਾਜ ਦੀ ਸਿਰਜਣਾ ਕਰਨ ਦਾ ਇਰਾਦਾ ਬਣਾਇਆ। ਗੁਰੂ ਨਾਨਕ ਸਾਹਿਬ ਮਹਾਨ ਮਨੋਵਿਗਿਆਨੀ ਸਨ। ਉਹ ਜਾਣਦੇ ਸਨ ਕਿ ਕਿਸੇ ਨੂੰ ਡਰਾ ਕੇ ਜਾਂ ਕਿਸੇ ਨਾਲ ਵੈਰ ਕਮਾ ਕੇ ਸਮਾਜ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹ ਸਮਝਦੇ ਸਨ ਕਿ ਡਰਨਾ ਇੱਕ ਮਾਨਸਿਕ ਕਮਜੋਰੀ ਹੈ ਅਤੇ ਕਿਸੇ ਨੂੰ ਡਰਾਉਣਾ ਸਮਾਜਕ ਬੁਰਾਈ ਹੈ। ਇਸ ਲਈ ਆਪ ਨੇ ਲੋਕਾਂ ਨੂੰ ਇੱਕ ਪ੍ਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ ਜੋ ਡਰ ਰਹਿਤ ਅਤੇ ਵੈਰ ਰਹਿਤ ਹੈ। ਉਹਨਾਂ ਨੇ ਪ੍ਰਮਾਤਮਾ ਦਾ ਨਿਰਭਉ ਤੇ ਨਿਰਵੈਰ ਸਰੂਪ ਪ੍ਰਗਟ ਕੀਤਾ। ਗੁਰੂ ਸਾਹਿਬ ਮਨੁੱਖ ਨੂੰ ਅਧੋਗਤੀ ਵਿੱਚੋਂ ਕੱਢਣਾ ਚਾਹੁੰਦੇ ਸਨ ਇਸ ਲਈ ਨਿਰਭੈਤਾ ਤੇ ਨਿਰਵੈਰਤਾ, ਜੋ ਹੌਂਸਲੇ ਤੇ ਸਹਿਣਸ਼ੀਲਤਾ ਦੇ ਗੁਣ ਮੰਨੇ ਜਾਂਦੇ ਹਨ ਲੋਕਾਂ ਵਿੱਚ ਭਰਨੇ ਅਰੰਭ ਕੀਤੇ।

‘‘ਜੈਸਾ ਸੇਵੈ ਤੈਸੋ ਹੋਇ ॥’’ (ਮ: ੧, ਅੰਗ ੨੨੩) ਦੇ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਆਪ ਨੇ ਲੋਕਾਈ ਨੂੰ ਡਰ ਤੇ ਵੈਰ ਰਹਿਤ ਪ੍ਰਭੂ ਨਾਲ ਜੋੜਿਆ। ਇਸ ਲਈ ਆਪ ਨੇ ਮਨੁੱਖਤਾ ਨੂੰ ਉਚੀ ਅਵਾਜ਼ ਵਿੱਚ ਹੋਕਾ ਦਿੱਤਾ ਕਿ ਜਿਹੜੇ ਲੋਕ ਨਿਰਭਉ ਤੇ ਨਿਰਵੈਰ ਪ੍ਰਭੂ ਨੂੰ ਹਰ ਵੇਲੇ ਆਪਣੇ ਧਿਆਨ ਵਿੱਚ ਰੱਖਦੇ ਹਨ, ਉਹ ਵੀ ਨਿਰਭਉ ਤੇ ਨਿਰਵੈਰ ਹੋ ਜਾਂਦੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਨਿਰਭਉ ਜਪੈ, ਸਗਲ ਭਉ ਮਿਟੈ ॥’’ (ਗਉੜੀ ਸੁਖਮਨੀ, ਮ: ੫, ਅੰਗ ੨੯੩) ਅਤੇ ‘‘ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭੁ ਗਵਾਸੀ ॥’’ (ਸੋ ਪੁਰਖੁ ਆਸਾ, ਮ: ੪, ਅੰਗ ੧੧)

ਨਿਰਭਉ ਤੇ ਨਿਰਵੈਰ ਦਾ ਸੰਮਿਲਤ ਅਰਥ ਹੈ ‘ਪ੍ਰੇਮ ਸਰੂਪ’। ਨਿਰਭੈਤਾ ਤੇ ਨਿਰਵੈਰਤਾ ਦੋਵੇ ਗੁਣ ਅਨਿਖੜਵੇਂ ਹਨ, ਜੋ ਨਿਰਭਉ ਹੁੰਦਾ ਹੈ, ਉਹ ਨਿਰਵੈਰ ਵੀ ਹੁੰਦਾ ਹੈ ਅਤੇ ਜਿਹੜਾ ਨਿਰਵੈਰ ਹੈ, ਉਸ ਦਾ ਨਿਰਭਉ ਹੋਣਾ ਸੁਭਾਵਕ ਹੀ ਹੈ। ਇਸ ਲਈ ਇਹ ਦੋਵੇਂ ਲਫਜ਼ ਕੇਵਲ ‘ਮੂਲ ਮੰਤਰ’ ਵਿੱਚ ਹੀ ਨਹੀਂ ਦਰਜ ਕੀਤੇ ਗਏ ਸਗੋਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਥਾਂ ’ਤੇ ਵੀ ਸੰਯੁਕਤ (ਇਕੱਠੇ) ਹੀ ਵਰਤੇ ਗਏ ਹਨ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ : ‘‘ਹਰਿ ਸਤਿ ਨਿਰੰਜਨ ਅਮਰੁ ਹੈ; ਨਿਰਭਉ ਨਿਰਵੈਰੁ ਨਿਰੰਕਾਰੁ ॥ (ਮ: ੪, ਅੰਗ ੩੦੨), ਕਾਇਆ ਨਗਰਿ ਬਸਤ ਹਰਿ ਸੁਆਮੀ; ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥’’ (ਮ: ੪, ਅੰਗ ੭੨੦), ਆਦਿ।

ਅਕਾਲ ਪੁਰਖ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਇਸ ਲਈ ਉਹ ਨਿਰਭਉ ਅਤੇ ਨਿਰਵੈਰ ਹੈ। ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ। ਇਸ ਲਈ ਕਰਤੇ ਦਾ ਆਪਣੀ ਕਿਰਤ ਤੋਂ ਡਰਨ ਜਾਂ ਵੈਰ ਰੱਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਕਰਤਾ ਹਮੇਸ਼ਾਂ ਹੀ ਆਪਣੀ ਕਿਰਤ ਨੂੰ ਸਵਾਰਦਾ ਹੈ, ਵਿਗਾੜਦਾ ਨਹੀਂ ਅਤੇ ਕਰਤੇ ਵਰਗਾ ਹੋਰ ਕੋਈ ਹੈ ਵੀ ਨਹੀਂ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ : ‘‘ਤੂ ਆਪੇ ਕਰਤਾ, ਤੇਰਾ ਕੀਆ ਸਭੁ ਹੋਇ ॥  ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥’’ (ਸੋ ਪੁਰਖੁ ਆਸਾ, ਮ: ੪, ਅੰਗ ੧੨)

ਪ੍ਰਮਾਤਮਾ ਦੇ ਡਰ ਨੂੰ ਹਿਰਦੇ ਵਿੱਚ ਵਸਾਉਣ ਨੂੰ ‘ਨਿਰਮਲ ਭਉ’ ਕਿਹਾ ਗਿਆ ਹੈ ਭਾਵ ਪ੍ਰਮਾਤਮਾ ਨਾਲ ਪ੍ਰੇਮ ਵੀ ਹੋਵੇ ਅਤੇ ਮਨ ਵਿੱਚ ਅਦਬ ਸਤਿਕਾਰ ਜਾਂ ਉਸ ਦਾ ਡਰ ਵੀ ਹੋਵੇ; ਜਿਵੇਂ ਬੱਚੇ ਦੇ ਮਨ ਵਿੱਚ ਮਾਤਾ ਪਿਤਾ ਪ੍ਰਤੀ ਅਦਬ ਸਤਿਕਾਰ ਹੁੰਦਾ ਹੈ ਪਰ ਜੇਕਰ ਉਹ ਕੋਈ ਗਲਤ ਕੰਮ ਕਰ ਲਵੇ ਤਾਂ ਮਨ ਵਿੱਚ ਡਰ ਵੀ ਹੁੰਦਾ ਹੈ। ਇਹ ਡਰ ਨਿਰਮਲ ਭਉ ਹੁੰਦਾ ਹੈ ਕਿਉਂਕਿ ਉਹ ਸਮਝਦਾ ਹੈ ਕਿ ਮਾਤਾ ਪਿਤਾ ਮੇਰੇ ਲਈ ਹੀ ਸਭ ਕੁੱਝ ਕਰਦੇ ਹਨ। ਇਸੇ ਤਰ੍ਹਾਂ ਪ੍ਰਮਾਤਮਾ ਨਾਲ ਸਾਂਝ ਪੈਣ ’ਤੇ ਮਨ ਵਿੱਚ ਉਸ ਦਾ ਨਿਰਮਲ ਭਉ ਬਣਿਆ ਰਹਿੰਦਾ ਹੈ। ਜੋ ਕੁੱਝ ਵੀ ਉਹ ਸੁੱਖ ਜਾਂ ਦੁੱਖ ਦੇਂਦਾ ਹੈ ਤਾਂ ਉਸ ਦੀ ਦਾਤ ਸਮਝ ਕੇ ਪ੍ਰਵਾਨ ਕਰਦਾ ਹੈ। ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਕੇਤਿਆ; ਦੂਖ ਭੂਖ ਸਦ ਮਾਰ ॥  ਏਹਿ ਭਿ ਦਾਤਿ ਤੇਰੀ; ਦਾਤਾਰ ! ॥’’ (ਜਪੁ) ਗੁਰੂ ਰਾਮਦਾਸ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥’’ (ਮ: ੪, ਅੰਗ ੭੭੪), ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਵਿੱਚ ਰੱਬ ਪ੍ਰਥਾਇ ‘ਡਰ, ਭੈ ਅਤੇ ਭਉ’ ਪਦ ਜਿੱਥੇ ਵੀ ਵਰਤੇ ਗਏ ਹਨ ਇਹਨਾਂ ਦਾ ਅਰਥ-ਭਾਵ ‘ਡਰ-ਅਦਬ, ਨਿਰਮਲ ਭਉ’ ਨਾਲ ਹੈ ਕਿਉਂਕਿ ਰੱਬੀ ਡਰ-ਅਦਬ; ਹਿਰਦੇ ਵਿੱਚ ਰੱਖ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਹ ਸਾਡਾ ਆਪਣਾ ਹੈ, ਪਿਆਰਾ ਹੈ, ਮਾਲਕ ਹੈ। ਜਿਸ ਹਿਰਦੇ ਵਿੱਚ ਇਹ ਧਾਰਨਾ ਬਣ ਗਈ ਫਿਰ ਉਹ ਆਪਣੇ ਘਰ ਵਿੱਚ ਵੀ ਸੁਖੀ ਹੈ ਤੇ ਘਰ ਤੋਂ ਬਾਹਰ ਵੀ ਅਨੰਦ ਮਈ ਅਵਸਥਾ ਵਿੱਚ ਵਿਚਰਦਾ ਹੈ। ਅਜਿਹੇ ਮਨੁੱਖ ਦੀ ਅਵਸਥਾ ਦਾ ਬਿਆਨ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਘਰਿ ਸੁਖਿ ਵਸਿਆ; ਬਾਹਰਿ ਸੁਖੁ ਪਾਇਆ॥  ਕਹੁ ਨਾਨਕ  ! ਗੁਰਿ ਮੰਤ੍ਰੁ ਦ੍ਰਿੜਾਇਆ ॥’’ (ਮ: ੫, ਅੰਗ ੧੧੩੬)

ਅਸਲ ਵਿੱਚ ਸਚਾਈ ਇਹ ਹੈ ਕਿ ਰੱਬੀ ਅਦਬ ਵਿੱਚ ਜਿਊਣਾ ਹੀ ਰੱਬ ਦੀ ਹਜੂਰੀ ਹੈ ਅਤੇ ਅਜਿਹਾ ਮਨੁੱਖ ਹੀ ਸੰਸਾਰ ਵਿੱਚ ਨਿਰਭਉ ਅਤੇ ਨਿਰਵੈਰ ਰਹਿ ਕੇ ਇਸ ਸਮੁੰਦਰ ਨੂੰ ਪਾਰ ਕਰ ਜਾਂਦਾ ਹੈ। ਸਿੰਘਾਂ ਦੀ ਨਿਰਭੈਤਾ ਤੇ ਨਿਰਵੈਰਤਾ ਦੇ ਗੁਣ ਦੇਖ ਕੇ ਦੁਰਾਨੀ ਨੇ ਕਿਹਾ ਸੀ ਕਿ ਇਹ ਕਿਸੇ ਸਮੇਂ ਦੇਸ਼ ਦੇ ਬਾਦਸ਼ਾਹ ਬਣਨਗੇ।

ਅਕਾਲ ਮੂਰਤਿ ਦਾ ਅਰਥ ਹੈ ‘ਕਾਲ ਤੋਂ ਰਹਿਤ ਹਸਤੀ’ ਭਾਵ ਸ੍ਰਿਸ਼ਟੀ ਦਾ ਮੂਲ ਪ੍ਰਮਾਤਮਾ, ਜਿਸ ਨੂੰ ‘ੴ’ ਦੇ ਸੰਕੇਤ ਨਾਲ ਪ੍ਰਗਟ ਕੀਤਾ ਗਿਆ ਹੈ। ਕੇਵਲ ਇੱਕੋ ਇੱਕ ਪ੍ਰਮਾਤਮਾ ਹੀ ਅਜਿਹੀ ਹਸਤੀ ਵਾਲਾ ਹੈ, ਜੋ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਸਮਾਂ ਪਾ ਕੇ ਨਾ ਇਹ ਪੁਰਾਣੀ ਹੁੰਦੀ ਹੈ ਤੇ ਨਾ ਹੀ ਵਿਨਾਸ਼ ਹੁੰਦੀ ਹੈ। ਇਹ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ : ‘‘ਅਕਾਲ ਮੂਰਤਿ; ਜਿਸੁ ਕਦੇ ਨਾਹੀ ਖਉ ॥’’ (ਮਾਰੂ ਸੋਲਹੇ, ਮ: ੫, ਅੰਗ ੧੦੮੨) ਭਾਵ ਪ੍ਰਮਾਤਮਾ ਦੀ ਹਸਤੀ ਕਦੇ ਨਾਸ਼ ਨਹੀਂ ਹੁੰਦੀ।

‘ਅਕਾਲ’ ਸ਼ਬਦ; ਕਾਲ ਦਾ ਵਿਰੋਧੀ ਸ਼ਬਦ ਹੈ। ‘ਕਾਲ’ ਦਾ ਅਰਥ ਹੈ ‘ਸਮਾਂ ਅਤੇ ਮੌਤ’। ਇਸ ਦੇ ਅੱਗੇਤਰ ‘ਅ’ ਲੱਗਣ ਨਾਲ ਇਹ ਕਾਲ ਰਹਿਤ ਅਤੇ ਸਮਾਂ ਰਹਿਤ ਬਣ ਗਿਆ ਭਾਵ ਜਿਸ ਉੱਤੇ ਕਾਲ ਦਾ ਕਿਸੇ ਪੱਖੋਂ ਵੀ ਪ੍ਰਭਾਵ ਨਾ ਪਵੇ। ਪ੍ਰਮਾਤਮਾ; ਕਾਲ ਦੀ ਮਾਰ ਤੋਂ ਉਚੇਰਾ ਹੀ ਨਹੀਂ ਬਲਕਿ ਕਾਲ ਵੀ ਉਸ ਦੇ ਵੱਸ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਮਾਰੂ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਤੂ ਅਕਾਲ ਪੁਰਖੁ; ਨਾਹੀ ਸਿਰਿ ਕਾਲਾ ॥’’ (ਮਾਰੂ ਸੋਲਹੇ, ਮ: ੧, ਅੰਗ ੧੦੩੮)

‘ਅਕਾਲ ਮੂਰਤਿ’ ਸਮਾਸੀ (ਸੰਯੁਕਤ) ਪਦ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸੰਪੂਰਨ ਮੂਲ ਮੰਤਰ ’ਚ 33 ਵਾਰ ਤੋਂ ਇਲਾਵਾ 10 ਵਾਰ (ਗੁਰੂ ਰਾਮਦਾਸ ਜੀ ਨੇ 2 ਵਾਰ ਅਤੇ ਗੁਰੂ ਅਰਜਨ ਸਾਹਿਬ ਜੀ ਨੇ 8 ਵਾਰ) ਹੋਰ ਵੀ ਆਪਣੀ ਰਚਨਾ ’ਚ ਸ਼ਾਮਲ ਕੀਤਾ ਹੈ। ਹਰ ਜਗ੍ਹਾ ‘ਅਕਾਲ’ ਸ਼ਬਦ; ਮੂਰਤਿ ਦੇ ਵਿਸ਼ੇਸ਼ਣ ਵਜੋਂ ਹੈ; ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੇ ਵਾਕ ਹਨ : ‘‘ਅਕਾਲ ਮੂਰਤਿ ਰਿਦੈ ਧਿਆਇਦਾ; ਦਿਨੁ ਰੈਨਿ ਜਪੰਥਾ ॥ (ਮ: ੫, ਅੰਗ ੧੧੦੧), ਸਤਿ ਪੁਰਖ ਅਕਾਲ ਮੂਰਤਿ; ਰਿਦੈ ਧਾਰਹੁ ਧਿਆਨੁ ॥ (ਕੇਦਾਰਾ, ਮ: ੫, ਅੰਗ ੧੧੨੧), ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ ਹੋਵਨਹਾਰਾ ॥’’ (ਸੋਰਠਿ, ਮ: ੫, ਅੰਗ ੬੦੯), ਆਦਿ। ‘ਅਕਾਲ ਮੂਰਤਿ’ ਨੂੰ ਭੂਤ, ਭਵਿੱਖ ਤੇ ਵਰਤਮਾਨ ਵਿੱਚ ਅਬਿਨਾਸੀ ਦਰਸਾਉਂਦਿਆਂ ਸਮੇਂ ਅਤੇ ਕਾਲ ਦੀ ਹੱਦ ਬੰਦੀ ਤੋਂ ਮੁਕਤ ਰੱਖਿਆ ਗਿਆ ਹੈ ਭਾਵ ਉਸ ਦਾ ਕਦੇ ਵਿਨਾਸ਼ ਨਹੀਂ ਹੁੰਦਾ।

ਇਸ ਸੰਸਾਰ ਵਿੱਚ ਅਸੀਂ ਜੋ ਕੁੱਝ ਵੀ ਦੇਖਦੇ ਹਾਂ ਉਹ ਬਿਨਸਹਾਰ ਹੈ। ਗੁਰੂ ਤੇਗ਼ ਬਹਾਦਰ ਜੀ ਫ਼ੁਰਮਾਉਂਦੇ ਹਨ : ‘‘ਜੋ ਦੀਸੈ ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਈ ॥’’ (ਗਉੜੀ, ਮ: ੯, ਅੰਗ ੨੧੯) ਭਾਵ ਇਸ ਸੰਸਾਰ ਵਿੱਚ ਹਰ ਵਸਤੂ, ਬਿਨਸਨਹਾਰ ਹੈ। ‘ਅਕਾਲ ਪੁਰਖ’ ਦੀ ਕੁਦਰਤ ਅਤੇ ਸਮੁੱਚਾ ਬ੍ਰਹਿਮੰਡ ਵੀ ਸਮੇਂ ਦੇ ਪ੍ਰਭਾਵ ਹੇਠ ਹੀ ਹੈ, ਜੋ ਹੌਲ਼ੀ ਹੌਲ਼ੀ ਘਟ ਰਿਹਾ ਹੈ। ਇੱਥੋਂ ਤੱਕ ਕਿ ਸੂਰਜ, ਚੰਦਰਮਾ, ਤਾਰੇ, ਅਕਾਸ਼, ਪਹਾੜ, ਗ੍ਰਹਿ, ਧਰਤੀ; ਜਿਸ ’ਤੇ ਅਸੀਂ ਰਹਿ ਰਹੇ ਹਾਂ, ਵੀ ਸਮੇਂ ਨਾਲ ਘਟਦੇ ਜਾ ਰਹੇ ਹਨ। ਮਾਇਆਵੀ ਰੂਪ ਸੋਨਾ, ਚਾਂਦੀ, ਹੀਰੇ, ਮੋਤੀ ਵੀ ਘਟ ਰਹੇ ਹਨ। ਜੇਕਰ ਕੋਈ ਸਥਿਰ ਹੈ ਤਾਂ ਉਹ ਕੇਵਲ ਅਬਿਨਾਸ਼ੀ ਪ੍ਰਭੂ ਹੀ ਹੈ। ਸਲੋਕ ਸਹਸਕ੍ਰਿਤੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ : ‘‘ਘਟੰਤ ਰੂਪੰ ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥  ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥  ਘਟੰਤ ਲਲਨਾ ਸੁਤ ਭ੍ਰਾਤ ਹੀਤੰ॥  ਘਟੰਤ ਕਨਿਕ ਮਾਨਿਕ; ਮਾਇਆ ਸ੍ਵਰੂਪੰ ॥  ਨਹ ਘਟੰਤ; ਕੇਵਲ ਗੋਪਾਲ ਅਚੁਤ ॥  ਅਸਥਿਰੰ; ਨਾਨਕ  ! ਸਾਧ ਜਨ ॥੯॥’’ (ਸਲੋਕ ਸਹਸਕ੍ਰਿਤੀ, ਮ: ੫, ਅੰਗ ੧੩੫੪)

ਅਜੂਨੀ ਸੈਭੰ – ਭਾਵ ਪ੍ਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ। ਉਸ ਦਾ ਜਨਮ ਜਾਂ ਪੈਦਾਇਸ਼ ਕਿਸੇ ਵੀ ਤਰੀਕੇ ਨਾਲ ਨਹੀਂ ਹੋਈ। ਇਸ ਦ੍ਰਿਸ਼ਟਮਾਨ ਸੰਸਾਰ ਦੇ ਜਿੰਨੇ ਵੀ ਪ੍ਰਾਣੀ ਅਤੇ ਜੜ੍ਹ ਪਦਾਰਥ ਹਨ ਉਹਨਾਂ ਸਾਰਿਆਂ ਦੀ ਪੈਦਾਇਸ਼ ਦਾ ਕੋਈ ਨਾ ਕੋਈ ਸਾਧਨ, ਕਾਰਨ ਅਤੇ ਉਤਪਤੀ ਦਾ ਸਥਾਨ; ਮੌਜੂਦ ਹੈ। ਗੁਰੂ ਨਾਨਕ ਦੇ ਮੱਤ ਅਨੁਸਾਰ ਸਾਰ ਸ੍ਰਿਸ਼ਟੀ ਦਾ ਅਦ੍ਰਿਸ਼ਟ ਮੂਲ ਸ੍ਰੋਤ ਇੱਕ ਅਕਾਲ ਪੁਰਖ ਹੈ, ਜਿਸ ਨੂੰ ‘ੴ’ ਦੇ ਸੰਕੇਤ ਨਾਲ ਪ੍ਰਗਟ ਕੀਤਾ ਗਿਆ ਹੈ ਪਰ ਜਦੋਂ ਉਤਪਤੀ ਸਾਧਨਾਂ ਦੀ ਗੱਲ ਆਉਂਦੀ ਹੈ ਤਾਂ ਬੇਅੰਤ ਤਰੀਕਿਆਂ ਦਾ ਵਰਣਨ ਕੀਤਾ ਗਿਆ; ਜਿਵੇਂ ‘ਜਪੁ’ ਬਾਣੀ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥.. ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ  ! ਅੰਤੁ ਨ ਅੰਤੁ ॥੩੫॥’’ (ਜਪੁ)

ਹੋਰਾਂ ਮਤਾਂ ਦੀ ਵਿਚਾਰਧਾਰਾ ਅਨੁਸਾਰ ਉਤਪਤੀ ਦੇ ਚਾਰ ਮੁੱਖ ਸੋਮੇ (ਅੰਡਜ, ਜੇਰਜ, ਸੇਤਜ ਤੇ ਉਤਭੁਜ) ਮੰਨੇ ਗਏ ਹਨ। ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੋਏ ਬਿਆਨ ਕਰਦੇ ਹਨ ਕਿ ਹੇ ਪ੍ਰਭੂ ! ਇਸ ਜਗਤ ਵਿੱਚ ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ) ਤੇਰੇ ਪੈਦਾ ਕੀਤੇ ਹੋਏ ਹਨ ਅਤੇ ਜਗਤ ਉਤਪਤੀ ਦੀਆਂ ਚਾਰੇ ਖਾਣੀਆਂ ਵੀ ਤੇਰੀ ਹੀ ਰਚਨਾ ਦੇ ਚਿੰਨ੍ਹ ਹਨ ਅਤੇ ਤੂੰ ਆਪ ਹੀ ਇਹਨਾਂ ਸਾਰੇ ਜੀਵਾਂ ਵਿੱਚ ਮੌਜੂਦ ਹੈ। ਆਪ ਜੀ ਦਾ ਫ਼ੁਰਮਾਨ ਹੈ : ‘‘ਅੰਡਜ ਜੇਰਜ ਉਤਭੁਜ ਸੇਤਜ; ਤੇਰੇ ਕੀਤੇ ਜੰਤਾ ॥  ਏਕੁ ਪੁਰਬੁ ਮੈ ਤੇਰਾ ਦੇਖਿਆ; ਤੂ ਸਭਨਾ ਮਾਹਿ ਰਵੰਤਾ ॥’’ (ਸੋਰਠਿ, ਮ: ੧, ਅੰਗ ੫੯੬)

ਕੁਦਰਤ ਦੇ ਇਸ ਨਿਯਮ ਅਨੁਸਾਰ ਹਰੇਕ ਜੀਵ ਦਾ ਕੋਈ ਨਾ ਕੋਈ ਉਤਪਤੀ ਸਾਧਨ ਹੈ। ਫਿਰ ਮਨ ਵਿੱਚ ਸੁਆਲ ਵੀ ਉੱਠਦਾ ਹੈ ਕਿ ਪ੍ਰਮਾਤਮਾ ਦੀ ਉਤਪਤੀ ਕਿਵੇਂ ਹੋਈ ? ਇਸ ਸ਼ੰਕੇ ਨੂੰ ਨਵਿਰਤ ਕਰਨ ਲਈ ਗੁਰੂ ਸਾਹਿਬਾਨ ਨੇ ਅਜੂਨੀ ਦੇ ਨਾਲ ਸੈਭੰ ਲਿਖ ਦਿੱਤਾ ਭਾਵ ਉਸ ਦਾ ਪ੍ਰਕਾਸ਼ ਆਪਣੇ ਆਪ ਹੀ ਹੋਇਆ ਹੈ। ਉਹ ਜਨਮ ਮਰਨ ਵਿੱਚ ਨਹੀਂ ਆਉਂਦਾ, ਨਾ ਉਸ ਦੀ ਕੋਈ ਮਾਂ ਹੈ ਤੇ ਨਾ ਹੀ ਬਾਪ ਹੈ। ਉਹ ਜਨਮ ਮਰਨ ਦੇ ਖਲਜਗਣ (ਝੰਜਟ) ਤੋਂ ਮੁਕਤ ਹੈ। ਗੁਰੂ ਨਾਨਕ ਸਾਹਿਬ ਜੀ ਸੋਰਠਿ ਰਾਗ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਨਾ ਤਿਸੁ ਮਾਤ ਪਿਤਾ ਸੁਤ ਬੰਧਪ; ਨਾ ਤਿਸੁ ਕਾਮੁ ਨ ਨਾਰੀ ॥  ਅਕੁਲ ਨਿਰੰਜਨ ਅਪਰ ਪਰੰਪਰੁ; ਸਗਲੀ ਜੋਤਿ ਤੁਮਾਰੀ ॥’’ (ਸੋਰਠਿ, ਮ: ੧, ਅੰਗ ੫੯੭)

ਗੁਰੂ ਨਾਨਕ ਸਾਹਿਬ ਹੋਰ ਫ਼ੁਰਮਾਉਂਦੇ ਹਨ ਕਿ ਨਾ ਹੀ ਹਿੰਦੂ ਧਰਮ ਦੇ ਵੇਦ ਆਦਿ ਧਾਰਮਿਕ ਪੁਸਤਕਾਂ ਨੇ ਅਤੇ ਨਾ ਹੀ ਸਾਮੀ ਮੱਤ ਦੀਆਂ ਕੁਰਾਨ ਆਦਿਕ ਪੁਸਤਕਾਂ ਨੇ ਪ੍ਰਮਾਤਮਾ ਦੀ ਹਸਤੀ ਨੂੰ ਗਹੁ ਨਾਲ ਵਾਚਿਆ ਜਦਕਿ ਉਸ ਦਾ ਮਾਂ, ਬਾਪ, ਪੁੱਤਰ, ਭੈਣ, ਭਰਾ ਕੋਈ ਵੀ ਨਹੀਂ। ਵੱਡੇ ਵੱਡੇ ਪਹਾੜ ਆਦਿ ਪੈਦਾ ਕਰਕੇ ਉਹ ਜਦੋਂ ਚਾਹੇ ਸਾਰੇ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ‘‘ਬੇਦ ਕਤੇਬੀ; ਭੇਦੁ ਨ ਜਾਤਾ ॥  ਨਾ ਤਿਸੁ; ਮਾਤ, ਪਿਤਾ, ਸੁਤ, ਭ੍ਰਾਤਾ ॥  ਸਗਲੇ ਸੈਲ ਉਪਾਇ ਸਮਾਏ; ਅਲਖੁ ਨ ਲਖਣਾ ਜਾਈ ਹੇ ॥੬॥’’ (ਮਾਰੂ ਸੋਲਹੇ, ਮ: ੧, ਅੰਗ ੧੦੨੧) ਆਸਾ ਕੀ ਵਾਰ ਪੜ੍ਹ ਕੇ ਪ੍ਰਭੂ ਦਾ ‘ਸੈਭੰ’ (ਭਾਵ ਆਪਣੇ ਆਪ ਤੋਂ ਪੈਦਾ ਹੋਣਾ) ਸਰੂਪ ਸਪਸ਼ਟ ਹੋ ਜਾਂਦਾ ਹੈ, ਉਸ ਦਾ ਪ੍ਰਕਾਸ਼ ਆਪਣੇ ਆਪ ਹੋਇਆ ਤੇ ਫਿਰ ਉਸ ਨੇ ਕੁਦਰਤ ਦੀ ਸਾਜਣਾ ਕੀਤੀ। ਪਹਿਲੀ ਪਉੜੀ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ॥  ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਮ: ੧, ਅੰਗ ੪੬੩)

ਸੋ ਅਕਾਲ ਪੁਰਖ ਹੀ ਇੱਕੋ ਇੱਕ ਅਜਿਹੀ ਹਸਤੀ ਹੈ, ਜਿਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਅਤੇ ਨਾ ਹੀ ਉਹ ਜੂਨਾਂ ਵਿੱਚ ਆਉਂਦਾ ਹੈ। ਉਸ ਦਾ ਪ੍ਰਕਾਸ਼ ਆਪਣੇ ਆਪ ਹੀ ਹੋਇਆ ਹੈ।

ਗੁਰਪ੍ਰਸਾਦਿ – ਭਾਵ ਗੁਰੂ ਦੀ ਕ੍ਰਿਪਾ ਨਾਲ। ਅਕਾਲ ਪੁਰਖ ਪ੍ਰਮਾਤਮਾ ਦੇ ਜੋ ਗੁਣ; ਗੁਰੂ ਨਾਨਕ ਸਾਹਿਬ ਜੀ ਨੇ ‘ਮੂਲ ਮੰਤਰ’ ਵਿੱਚ ਬਿਆਨ ਕੀਤੇ ਹਨ ਉਸ ਪ੍ਰਮਾਤਮਾ ਦੀ ਪ੍ਰਾਪਤੀ ਭਾਵ ਉਸ ਨਾਲ ਅਭੇਦਤਾ ਅਥਵਾ ਉਸ (ਭਾਵ ਆਪਣੇ ਆਪ) ਵਾਲੇ ਅਲੌਕਿਕ ਗੁਣ; ਮਨੁੱਖੀ ਹਿਰਦੇ ਅੰਦਰ ਵਸਾਉਣ ਲਈ ਗੁਰੂ ਦੀ ਕ੍ਰਿਪਾ ਦੀ ਲੋੜ ਹੈ। ਗੁਰੂ ਦੀ ਕ੍ਰਿਪਾ ਤੋਂ ਬਿਨਾਂ ਅਸੀਂ ਗੁਣਵਾਨ ਨਹੀਂ ਹੋ ਸਕਦੇ। ਪ੍ਰਮਾਤਮਾ ਗੁਣਾਂ ਦਾ ਸੋਮਾ ਹੈ, ਸਮੁੰਦਰ ਹੈ। ਗੁਰੂ ਅਤੇ ਰੱਬ ਦੀ ਮਿਹਰ ਤੋਂ ਬਿਨਾਂ ਅਕਾਲ ਪੁਰਖ ਦੀ ਭਗਤੀ ਹੀ ਨਹੀਂ ਹੋ ਸਕਦੀ। ਗੁਰੂ ਵਾਕ ਹੈ : ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥੨੧॥’’ (ਜਪੁ)

ਇਸ ਲਈ ਗੁਰਦੇਵ ਨੇ ਭਗਤੀ ਅਤੇ ਸਦਾਚਾਰ ਦਾ ਸੁਮੇਲ ਕਰਕੇ ਮਨੁੱਖੀ ਜੀਵਨ ਵਿੱਚ ਸੰਤੁਲਿਤ ਕਾਇਮ ਰੱਖਦਿਆਂ ਹੋਇਆਂ ਰੱਬੀ ਮਿਲਾਪ ਲਈ ਕਰਮਕਾਂਡਾਂ (ਨਿਰਮੂਲ ਪੂਜਾ) ਦਾ ਆਸਰਾ ਲੈਣ ਦੀ ਥਾਂ ਰੱਬੀ ਬਖ਼ਸ਼ਿਸ਼ ’ਤੇ ਨਿਰਭਰ ਰਹਿਣ ਲਈ ਪ੍ਰੇਰਿਆ। ਇਉਂ ਮਨੁੱਖ ਹਰ ਤਰ੍ਹਾਂ ਦੀ ਹਊਮੈ ਤੋਂ ਮੁਕਤ ਰਹਿ ਕੇ ਅਨੰਦਮਈ ਜੀਵਨ ਜੀਊਂਦਿਆਂ ਸਰਬ ਪੱਖੀ ਵਿਕਾਸ ਕਰ ਸਕੇਗਾ। ਜੇ ਇਹ ਕਹੀਏ ਕਿ ਮਨੁੱਖ ਆਪਣੇ ਬਲ ਨਾਲ ਚੰਗੇ ਇਖਲਾਕੀ ਗੁਣ ਪੈਦਾ ਕਰਕੇ ਆਪਣੀ ਸ਼ਖ਼ਸੀਅਤ ਨੂੰ ਆਪ ਨਿਖਾਰ ਸਕਦਾ ਹੈ ਤਾਂ ਇਹ ਅਸੰਭਵ ਹੈ। ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਗੁਰੂ ਸ਼ਬਦ ਦੁਆਰਾ ਔਗਣਾਂ ਨੂੰ ਮਿਟਾਉਣਾ ਅਤੇ ਸੁਚੱਜੇ ਗੁਣਾਂ ਨੂੰ ਗ੍ਰਹਿਣ ਕਰਨਾ; ਮਾਲਕ ਪ੍ਰਭੂ ਦੀ ਮਿਹਰ ਅਤੇ ਗੁਰੂ ਕ੍ਰਿਪਾ ’ਤੇ ਨਿਰਭਰ ਹੈ।  ਗੁਰੂ ਨਾਨਕ ਸਾਹਿਬ ਜੀ ਗਉੜੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਨਦਰਿ ਕਰੇ ਤਾ ਮੇਲਿ ਮਿਲਾਏ ॥ ਗੁਣ ਸੰਗ੍ਰਹਿ; ਅਉਗਣ ਸਬਦਿ ਜਲਾਏ ॥’’ (ਗਉੜੀ, ਮ: ੧, ਅੰਗ ੨੨੨)

ਇੱਥੋਂ ਤੱਕ ਕਿ ਉਸ ਦੀ ਮਿਹਰ ਬਿਨਾਂ ਤਾਂ ਸਿਮਰਨ ਵੀ ਨਹੀਂ ਹੋ ਸਕਦਾ, ‘‘ਨਦਰਿ ਕਰੇ ਤਾ ਸਿਮਰਿਆ ਜਾਇ ॥ ਆਤਮਾ ਦ੍ਰਵੈ; ਰਹੈ ਲਿਵ ਲਾਇ ॥’’ (ਧਨਾਸਰੀ/ਮ: ੧/੬੬੧) ਬਾਬਾ ਫਰੀਦ ਜੀ ਸਮਝਾਉਂਦੇ ਹਨ ਕਿ ਪਹਿਲੇ ਪਹਿਰ ਦੀ ਬੰਦਗੀ ਮਾਨੋ ਸੁੰਦਰ ਫੁੱਲ ਸਮਾਨ ਹੈ ਤੇ ਫਲ਼ ਵੀ ਅੰਮ੍ਰਿਤ ਵੇਲੇ ਦੀ ਬੰਦਗੀ ਦਿੰਦੀ ਹੈ। ਜੋ ਮਨੁੱਖ ਅੰਮ੍ਰਿਤ ਵੇਲੇ ਜਾਗਦੇ ਹਨ, ਉਹ ਪ੍ਰਮਾਤਮਾ ਵੱਲੋਂ ਹੋਈ ਬਖ਼ਸ਼ਿਸ਼ ਨਾਲ ਇਹ ਹਾਸਲ ਕਰ ਲੈਂਦੇ ਹਨ : ‘‘ਪਹਿਲੈ ਪਹਰੈ ਫੁਲੜਾ; ਫਲੁ ਭੀ ਪਛਾ ਰਾਤਿ ॥ ਜੋ ਜਾਗੰਨਿ੍ ਲਹੰਨਿ ਸੇ; ਸਾਈ ਕੰਨੋ ਦਾਤਿ ॥੧੧੨॥’’  (ਸਲੋਕ ਬਾਬਾ ਫਰੀਦ ਜੀ/੧੩੮੪)

ਗੁਰੂ ਨਾਨਕ ਸਾਹਿਬ ਜੀ ਇਸ ਸਲੋਕ ਨੂੰ ਹੋਰ ਸਰਲ ਕਰਦੇ ਹੋਏ ਸਮਝਾਉਂਦੇ ਹਨ ਕਿ ਮਤਾਂ ਕੋਈ ਮਨੁੱਖ ਇਸ ਗੱਲ ਦਾ ਦਾਅਵਾ ਕਰੇ ਕਿ ਪਹਿਲੇ ਪਹਿਰ ਉੱਠ ਕੇ ਭਗਤੀ ਕਰਨ ਨਾਲ ਮੇਰੇ ’ਤੇ ਪ੍ਰਭੂ ਦੀ ਬਖ਼ਸ਼ਿਸ਼ ਅਵੱਸ਼ ਹੀ ਹੋਣੀ ਹੈ। ਨਹੀਂ ਕਿਉਂਕਿ ਇਹ ਪ੍ਰਭੂ ਦੀ ਦਾਤ ਹੈ, ਜਿਸ ਨੂੰ ਉਹ ਚਾਹੇ, ਦੇ ਸਕਦਾ ਹੈ ਭਾਵੇਂ ਉਸ ਦੀ ਇਹ ਕ੍ਰਿਪਾ ਸੁੱਤੇ ਬੰਦੇ ’ਤੇ ਵੀ ਹੋ ਜਾਵੇ ਤੇ ਭਾਵੇਂ ਜਾਗਦੇ ’ਤੇ ਵੀ ਨਾ ਹੋਵੇ। ਆਪ ਜੀ ਦਾ ਫ਼ੁਰਮਾਨ ਹੈ : ‘‘ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ?॥  ਇਕਿ ਜਾਗੰਦੇ ਨਾ ਲਹਨਿ੍; ਇਕਨ੍ਾ ਸੁਤਿਆ ਦੇਇ ਉਠਾਲਿ ॥੧੧੩॥’’  (ਸਲੋਕ ਬਾਬਾ ਫਰੀਦ ਜੀ/੧੩੮੪) ਭਾਵ ਕਈ ਸਰੀਰਕ ਪੱਖੋਂ ਜਾਗ ਕੇ ਵੀ ਮਾਇਆ ਦੀ ਨੀਂਦ ਵਿੱਚ ਮਸਤ ਰਹਿ ਸਕਦੇ ਹਨ ਤੇ ਕਈ ਸੁੱਤੇ ਪਏ ਗ਼ਾਫ਼ਿਲਾਂ ਨੂੰ ਮਿਹਰ ਕਰਕੇ ਉੱਠਾ ਦਿੰਦਾ ਹੈ ਅਤੇ ਆਪ ਸੂਝ ਬਖ਼ਸ਼ ਦੇਂਦਾ ਹੈ। ਬਖ਼ਸ਼ਿਸ਼ ਰੂਪੀ ਦਾਤ ਉਹ ਮੰਨੀ ਜਾਂਦੀ ਹੈ, ਜੋ ਮਾਲਕ ਆਪਣੀ ਮਰਜ਼ੀ ਨਾਲ ਪ੍ਰਸੰਨ ਹੋ ਕੇ ਦੇਵੇ ਅਤੇ ਪ੍ਰਸੰਨਤਾ; ਅਸਲ ਖਸਮ ਤੋਂ ਬਿਨਾਂ ਕਿਸੇ ਦੂਜੇ ਨਾਲ ਪਿਆਰ ਪਾਇਆਂ ਨਹੀਂ ਹੁੰਦੀ।  ਗੁਰੂ ਅੰਗਦ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਏਹ ਕਿਨੇਹੀ ਆਸਕੀ ? ਦੂਜੈ ਲਗੈ ਜਾਇ ॥ (ਮ: ੨/੪੭੪), ਨਾਨਕ !  ਸਾ ਕਰਮਾਤਿ; ਸਾਹਿਬ ਤੁਠੈ, ਜੋ ਮਿਲੈ ॥’’ (ਮ: ੨/੪੭੫)

ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦਾ ਅਧਾਰ ‘ਮੂਲ ਮੰਤਰ’ ਹੀ ਹੈ। ਗੁਰਮਤਿ ਦੀ ਸਾਰੀ ਵਿਚਾਰਧਾਰਾ (ਫ਼ਿਲਾਸਫ਼ੀ) ਇਸ ਦਾ ਵਿਸਥਾਰ ਹੈ, ਜੋ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਸਮਰੱਥ ਹੈ। ਸੰਸਾਰ ਦਾ ਕੋਈ ਵੀ ਮਨੁੱਖ ਇਸ ਵਿਚਾਰਧਾਰਾ ਨੂੰ ਸਮਝ ਕੇ ਅਕਾਲ ਪੁਰਖ ਦੀ ਨੇੜਤਾ ਹਾਸਲ ਕਰਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ।

ਭਾਈ ਗੁਰਦਾਸ ਜੀ ਲਿਖਦੇ ਹਨ ਕਿ ‘ਮੂਲ ਮੰਤਰ’ ਸਤਿ ਗੁਰੂ ਜੀ ਦਾ ਉਹ ਉਪਦੇਸ਼ ਹੈ ਜਿਸ ਵਿੱਚ ਸੁਰਤ ਜੋੜਨ ਨਾਲ ਮਨੁੱਖ ਅਕਾਲ ਪੁਰਖ ’ਚ ਲਿਵ ਲੀਨ ਰਹਿੰਦਾ ਹੈ। ਸਿੱਖਾਂ ਦਾ ਨਿਸ਼ਚਾ ਹੈ ਕਿ ਸਮੁੱਚੀ ਬਾਣੀ ਦਾ ਆਧਾਰ ਕੇਵਲ ‘ਮੂਲ ਮੰਤਰ’ ਹੀ ਹੈ। ਉਹ ਕਿਸੇ ਹੋਰ ‘ਮੰਤਰ, ਤੰਤਰ ਜਾਂ ਜੰਤਰ’ ਨੂੰ ਨਹੀਂ ਮੰਨਦੇ। ਭਾਈ ਸਾਹਿਬ ਆਪਣੇ ਕਬਿੱਤ ਸਵਯੇ ਵਿੱਚ ਲਿਖਦੇ ਹਨ, ‘‘ਸਤਿਗੁਰ ਸਬਦ ਸੁਰਤਿ ਲਿਵ ਮੂਲਮੰਤ੍ਰ; ਆਨ ਤੰਤ੍ਰ ਮੰਤ੍ਰ ਕੀ ਨ, ਸਿਖਨ ਪ੍ਰਤੀਤਿ ਹੈ।’’ (ਭਾਈ ਗੁਰਦਾਸ ਜੀ/ਕਬਿੱਤ ੧੮੩)

ਭਾਈ ਗੁਰਦਾਸ ਜੀ ਤੀਜੀ ਵਾਰ ਦੀ ਪੰਦਰਵੀਂ ਪਉੜੀ ਵਿੱਚ ਫ਼ੁਰਮਾਉਂਦੇ ਹਨ ਕਿ ਜੋ ਮਨੁੱਖ ਮੂਲ ਮੰਤਰ ਦੇ ਆਰੰਭਕ ਸ਼ਬਦ ‘ੴ’ ਨੂੰ ਸੰਭਾਲ ਲੈਂਦਾ ਹੈ ਉਹ ਪ੍ਰਭੂ ਦੀ ਨਦਰਿ ਨਾਲ ਨਿਹਾਲ ਹੋ ਜਾਂਦਾ ਹੈ ਅਤੇ ਨਾਮ ਰਸ ਦੇ ਪ੍ਰੇਮ ਪਿਆਲੇ ਨੂੰ ਮਾਣਦਾ ਹੈ। ਆਪ ਜੀ ਫ਼ੁਰਮਾਉਂਦੇ ਹਨ: ‘‘ਏਕਾ ਏਕੰਕਾਰੁ; ਲਿਖਿ ਦੇਖਾਲਿਆ। ਊੜਾ; ਓਅੰਕਾਰੁ, ਪਾਸਿ ਬਹਾਲਿਆ।’’ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧੫)

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੈਨਾਪਤੀ (ਮੀਰੀ) ਵਾਲਾ ਰੋਲ

0

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੈਨਾਪਤੀ (ਮੀਰੀ) ਵਾਲਾ ਰੋਲ

ਜਗਤਾਰ ਸਿੰਘ ਜਾਚਕ (ਨਿਊਂਯਾਰਕ)

ਮਰਦ-ਅਗੰਮੜੇ ਤੇ ਵਰਿਆਮ-ਯੋਧੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਤਿ-ਧਰਮ ਦੇ ਪ੍ਰਚਾਰਨ ਅਤੇ ਅਗਿਆਨਤਾ ਵਸ ਵਿਰੋਧ ਕਰਨ ਵਾਲਿਆਂ ਨੂੰ ਪਛਾੜਨ ਤੇ ਸੁਧਾਰਨ ਲਈ ਸੰਘਰਸ਼ ਕਰਦਿਆਂ, ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪ੍ਰੰਤੂ ਚਮਕੌਰ ਗੜੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ੪੦ ਕੁ ਭੁਖਣ ਭਾਣੇ ਸਿੰਘਾਂ ਦੁਆਰਾ ਲੱਖਾਂ ਦੀ ਗਿਣਤੀ ਵਿੱਚ ਘੇਰਾ ਪਾਈ ਦੁਸ਼ਮਣਾਂ ਨਾਲ ਜੂਝਦਿਆਂ, ਗੁਰਦੇਵ ਜੀ ਸੂਰਬੀਰਤਾ, ਸ਼ਹਿਣਸ਼ੀਲਤਾ ਅਤੇ ਸਹਜ-ਮਈ ਜੀਵਨ ਦਾ ਸ਼ਿਖਰ ਕਰ ਵਿਖਾਇਆ। ਜ਼ਫ਼ਰਨਾਮੇ ਵਿੱਚ ਗੁਰਦੇਵ ਜੀ ਆਪਣੀ ਕਲਮ ਦੁਆਰਾ ਲਿਖਿਆ : ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ॥ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ॥੧੯॥ ਭਾਵ ਚਾਲੀ ਭੁੱਖੇ ਭਾਣੇ ਸਿੱਖ ਕੀ ਕਰ ਸਕਦੇ ਹਨ ਜੇ ਉਨ੍ਹਾਂ ਉਤੇ ਦਸ ਲੱਖ ਸੈਨਿਕ ਟੁੱਟ ਕੇ ਆ ਪਏ ਹੋਣ।

ਹਜ਼ੂਰ ਸੱਚੇ ਪਾਤਸ਼ਾਹ ਦੇ ਧਰਮਯੁੱਧ ਦੇ ਚਾਉ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਕਿੰਨੀ ਜ਼ੁਰਅਤ ਭਰ ਗਈ ਸੀ ਅਤੇ ਉਹ ਗੁਰਦੇਵ ਜੀ ਤੋਂ ਆਪਾ ਨਿਛਾਵਰ ਕਰਨ ਲਈ ਕਿਵੇਂ ਤਿਆਰ ਸਨ, ਇਸ ਦੀ ਵੀ ਇੱਕ ਅਨੋਖੀ ਮਿਸਾਲ ਮਿਲਦੀ ਹੈ। ੨੧ ਦਿਸੰਬਰ ੧੭੦੫ ਦੀ ਸ਼ਾਮ ਨੂੰ ਸਤਿਗੁਰੂ ਜੀ, ਵੱਡੇ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ), ਪੰਜ ਪਿਆਰਿਆਂ ਅਤੇ ਥੱਕੇ ਟੁਟੇ ਤੇ ਲਹੂ-ਲੁਹਾਨ ਹੋਏ ਸਿੰਘਾਂ ਸਮੇਤ ਜਦ ਚਮਕੌਰ ਦੀ ਜੂਹ ਵਿੱਚ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੋਧਰੀ ਬੁਧੀਚੰਦ ਖਬਰ ਮਿਲਣ ’ਤੇ ਦੋੜਦਾ ਆਇਆ। ਉਸ ਨੇ ਗੁਰਦੇਵ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੀ ਹਵੇਲੀ ਵਿੱਚ ਆਓ। ਥਾਂ ਵੀ ਉੱਚੀ ਹੈ, ਖੁੱਲ੍ਹੇ ਮਦਾਨ ਨਾਲੋਂ ਉੱਥੇ ਕੁੱਝ ਬਚਾ ਵੀ ਹੋਏਗਾ। ਮਹਾਰਾਜ ! ਤੁਸੀਂ ਸਾਡੇ ਲਈ ਇੰਨੇ ਕਸ਼ਟ ਝੱਲ ਰਹੇ ਹੋ, ਅਸੀਂ ਜਿੰਨੇ ਜੋਗੇ ਹਾਂ, ਹਾਜ਼ਰ ਹਾਂ। ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ: ‘ਖਬਰ ਸੁਨੀ ਜ਼ਿਮੀਦਾਰ ਨੇ, ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ, ਉਹ ਆਯੋ ਉਠਿ ਦੌਰ॥ ਹਾਥ ਜੋਰਿ ਐਸੇ ਕਹਯੋ, ਬਿਨਤੀ ਸੁਨਹੋ ਕਰਤਾਰ। ਬਸੋ ਮਧਿ ਚਮਕੌਰ ਕੇ, ਅਪਨੀ ਕਿਰਪਾ ਧਾਰਿ॥’

ਸਤਿਗੁਰੂ ਜੀ ਨੇ ਗੜੀਨੁੰਮਾ ਇਸ ਹਵੇਲੀ ਦੀ ਨਾਕਾ-ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜੱਥੇ ਬਣਾ ਕੇ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ।  ੨੦ ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਢੋਰਾ ਪਿਟਵਾਇਆ ਕਿ ਜੇਕਰ ਗੁਰੂ ਜੀ ਆਤਮ-ਸਮਰਪਣ ਕਰ ਦੇਣ ਤਾਂ ਹਮਲਾ ਨਹੀਂ ਕੀਤਾ ਜਾਵੇਗਾ। ਮਹਾਂਬਲੀ-ਸਤਿਗੁਰੂ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਬੱਸ ਫਿਰ ਕੀ ਸੀ ! ਚਹੁਂ ਤਰਫੋਂ ਹੀ ਦੁਸ਼ਮਣਾਂ ਨੇ ਜਥੇ ਬਣਾ ਕੇ ਹਮਲੇ ਅਰੰਭ ਕਰ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਨਹੀਂ ਸੀ ਪੈਂਦੀ। ਜਰਨੈਲ ਨਾਹਰ ਖਾਂ; ਪੌੜੀ ਦੁਆਰਾ ਛੁਪ ਕੇ ਚੜ੍ਹਿਆ, ਪਰ ਅਜੇ ਦਿਵਾਰ ਤੋਂ ਜ਼ਰਾ ਕੁ ਸਿਰ ਚੁੱਕਿਆ ਹੀ ਸੀ ਕਿ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾ ਬਣ ਗਿਆ। ਗ਼ਨੀ ਖਾਂ ਨੂੰ ਵੀ ਗੁਰਜ ਦੇ ਇੱਕ ਵਾਰ ਨਾਲ ਚੂਰ ਕਰ ਦਿੱਤਾ ਅਤੇ ਖਵਾਜਾ-ਮਰਦੂਦ ਕੰਧ ਉਲ੍ਹੇ ਛੁਪ ਕੇ ਬਚਿਆ। ਸਤਿਗੁਰੂ ਜੀ ਲਿਖਿਆ ਹੈ ਕਿ ਅਫ਼ਸੋਸ !  ਜੇਕਰ ਉਹ ਸਾਹਮਣੇ ਆ ਜਾਦਾਂ ਤਾਂ ਇੱਕ ਤੀਰ ਉਸ ਨੂੰ ਵੀ ਬਖ਼ਸ਼ ਦਿੰਦੇ : ‘‘ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ ॥ ਨ੍ਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥ ਦਰੇਗਾ ਅਗਰ ਰੂਇ ਓ ਦੀਦਮੇ ॥ ਬ ਯਕ ਤੀਰ ਲਾਚਾਰ ਬਖ਼ਸ਼ੀਦਮੇ ॥੩੫॥’’ (ਜ਼ਫ਼ਰਨਾਮਾ) ਭਾਵ ਉਹ ਖ਼੍ਵਾਜਾ (ਜ਼ਫ਼ਰਬੇਗ) ਕਾਇਰ ਵਾਙ ਦੀਵਾਰ ਦੀ ਓਟ ਵਿੱਚ ਹੀ ਛੁਪਿਆ ਰਿਹਾ, ਨਾ ਮੈਦਾਨ ਵਿੱਚ ਨਿਤਰਿਆ, ਨਾ ਹੀ ਮਰਦਾਨਗੀ ਨਾਲ ਵਾਰ ਕੀਤਾ।  ਖੇਦ ਹੈ, ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ ਤਾਂ ਮਜਬੂਰ ਹੋ ਕੇ ਇੱਕ ਤੀਰ (ਉਸ ਨੂੰ ਵੀ) ਬਖ਼ਸ਼ ਦਿੰਦਾ।

ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ, ਉੱਥੇ ਪੰਜ-ਪੰਜ ਸਿੰਘ ਜੱਥਿਆਂ ਦੇ ਰੂਪ ਵਿੱਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣਾਂ ਦਾ ਪੁਰਜ਼ਾ ਪੁਰਜ਼ਾ ਕੱਟ ਕੇ ਸ਼ਹੀਦ ਹੋ ਰਹੇ ਸਨ। ਐਸਾ ਦੇਖਦਿਆਂ ਜਦੋਂ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਦੀ ਤਰ੍ਹਾਂ ਜੰਗ ਵਿੱਚ ਜੁਝਣ ਦੀ ਬੇਨਤੀ ਕੀਤੀ ਤਾਂ ਪਿਤਾ ਗੁਰਦੇਵ ਜੀ ਬਹੁਤ ਖੁਸ਼ ਹੋਏ ਤੇ ਕਿਹਾ ਕਿ ਪੁੱਤਰੋ ! ਇਸ ਸਮੇਂ ਪੰਥਕ ਬੇੜੇ ਦੇ ਮਲਾਹ ਤੁਸੀਂ ਵੀ ਹੋ। ਜਾਓ ਆਪਣੇ ਖ਼ੂਨ ਦੀ ਨਦੀ ਵਹਾ ਦਿਓ ਤਾਂ ਕਿ ਜ਼ੁਲਮ ਦੇ ਬਰੇਤੇ ’ਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲੱਗ ਜਾਵੇ । ਕਵੀ ਅਲ੍ਹਾ ਯਾਰ ਖਾਂ ਨੇ ਲਿਖਿਆ ਹੈ, ‘ਬੇਟਾ, ਹੋ ਤੁਮ੍ਹੀ ਪੰਥ ਕੇ ਬੇੜੇ ਕੇ ਖਿਵੱਯਾ। ਸਰ ਭੇਟ ਕਰੋ ਤਾਂ ਕਿ ਚਲੇ ਧਰਮ ਕੀ ਨਯਾ।… ਖਾਜਸ਼ ਹੈ, ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ ॥ ਹਮ ਆਂਖ ਸੇ ਬਰਛੀ, ਤੂਮ੍ਹੇ ਖਾਤੇ ਹੂਏ ਦੇਖੇਂ॥’’

ਕਹਿੰਦੇ ਹਨ, ਸਿੰਘਾਂ ਨੇ ਬੇਨਤੀ ਕੀਤੀ ਕਿ ਗੁਰਦੇਵ ਜੀ ! ਆਪ ਸਾਹਿਬਜ਼ਾਦਿਆਂ ਨੂੰ ਲੈ ਕਿ ਗੜ੍ਹੀ ’ਚੋਂ ਨਿਕਲ ਜਾਓ ਤਾਂ ਜੁ ਪੰਥ ਦੀ ਸਫਲ ਅਗਵਾਈ ਕਰਦੇ ਰਹੋ। ਉਤਰ ਵਿੱਚ ਗੁਰਦੇਵ ਜੀ ਬੋਲੇ, ਸਿੰਘੋ ਬਲਿਹਾਰ ! ਬਲਿਹਾਰ ! ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ।  ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ, ਮੇਰੇ ਪੁੱਤਰ ਹੋ। ਖਾਲਸਾ ਜੀ ਸਭ ਕੁੱਝ ਤੁਹਾਡੀ ਬਦੌਲਤ ਹੀ ਹੈ : ‘‘ਖਾਲਸੇ ਕੇ ਪ੍ਰਸਾਦ ਕਰ, ਸੁਤ ਬਿਤ ਕੋਸ਼ ਭੰਡਾਰ॥ ਰਾਜ ਮਾਲ ਸਾਦਨ ਸਗਲ, ਪੁਤ੍ਰ ਕਲਿਤ੍ਰ ਬਿਵਹਾਰ॥’’

ਕਮਾਲ ਦੀ ਗੱਲ ਹੈ, ਜੋ ਕਲਗੀਧਰ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ’ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਬੇਟੇ ਅੱਖਾਂ ਸਾਹਮਣੇ ਬੰਦ-ਬੰਦ ਕਟਵਾ ਕੇ ਸ਼ਹੀਦ ਹੋ ਜਾਂਦੇ ਹਨ ਅਤੇ ਪਿਤਾ ਗੁਰਦੇਵ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹਨ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ: ‘ਕਰੀ ਅਰਦਾਸ ਸਤਿਗੁਰੂ ਨੇ, ਅਮਾਨਤ ਪੁਜਾਈ ਤੇਰੀ॥ ਕਰਜ਼ਾ ਅਦਾ ਹੁਆ ਹੈ, ਕੁਛ ਰਹਿਮਤ ਹੂਈ ਹੈ ਤੇਰੀ॥ ਦੋ ਰਹਿ ਗਏ ਹੈਂ ਬਾਕੀ, ਵੋ ਭੀ ਫਿਦਾ ਕਰੂੰਗਾ ॥ ਰਹਿਮਤ ਤੇਰੀ ਕਾ ਮਾਲਿਕ !  ਤਬ ਸ਼ੁਕਰ ਅਦਾ ਕਰੂੰਗਾ॥’

Oankar ਜਾਂ Oamkar

0

Oankar ਜਾਂ Oamkar

ਚੇਅਰਮੈਨ ਹਰਭਜਨ ਸਿੰਘ (ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)

ਕੁਝ ਸਮਾਂ ਪਹਿਲਾਂ ਮੈਂ ‘ਓਅੰਕਾਰ’ ਦੇ ਵਿਵੇਚਨ ਲਈ ਇੱਕ ਵਿਸ਼ੇਸ਼ ਲੇਖ ਲਿਖਿਆ ਸੀ, ਅੱਜ ਐਵੇਂ ਧਿਆਨ ਵਿੱਚ ਆ ਗਿਆ ਕਿ ਇਸ ਨੂੰ ਸਾਡੇ ਸਿੱਖ ਰੋਮਨ ਅੱਖਰਾਂ ਵਿੱਚ ਕਿਵੇਂ ਲਿਖਦੇ ਹਨ? ਵੇਖਿਆ ਕਿ ਕੋਈ ‘Onkar’ ਕੋਈ ਦੂਜਾ ‘Onkaar’ ਅਤੇ ਕੋਈ ਤੀਜਾ ‘Oankar’ ਲਿਖ ਲੈਂਦਾ ਹੈ।  ਭੈਰਉ ਰਾਗ ਵਿੱਚ ਕਬੀਰ ਜੀ ਦੀ ਬਹੁ-ਪ੍ਰਚਲਿਤ ਪੰਕਤੀ ਹੈ- ‘‘ਲੋਗਨ ਰਾਮੁ ਖਿਲਉਨਾ ਜਾਨਾਂ ॥’’ (੧੧੫੮) ਇਹ ਸਾਧਾਰਣ ਜਿਹੀ ਉਕਤਿ ਨਹੀਂ, ਬਲਕਿ ਸਮੁੱਚੀ ਮਨੁੱਖਤਾ ਦਾ ਰੱਬ ਪ੍ਰਤਿ ਨਿਰਾਦਰੀ ਭਰਿਆ ਵਿਵਹਾਰ ਇੱਕ ਤੁਕ ਵਿਚ ਸੰਚਿਤ ਕਰ ਦਿੱਤਾ ਹੈ। ਧਰਮ ਅਤੇ ਪਰਮੇਸ਼ਰ ਨੂੰ ਮਨੁੱਖ ਗੱਲਾਂ-ਬਾਤਾਂ ਅਤੇ ਠੱਗ-ਪਰਵਚਨਾਂ ਵਿੱਚ ਸਭ ਤੋਂ ਉੱਚਤਮ ਅਤੇ ਪਵਿੱਤ੍ਰ ਕਹਿੰਦਾ ਹੈ, ਪਰ ਇਹ ਸਿਰਫ਼ ਕਹਿਣ ਦੀਆਂ ਗੱਲਾਂ ਹਨ। ਹਕੀਕਤ ਮਨੁੱਖ; ਪਰਮੇਸ਼ਰ ਅਤੇ ਧਰਮ ਨੂੰ ਸਭ ਤੋਂ ਨਿਖਿਧ ਅਤੇ ਵਾਧੂ ਕਲਪਨਾ ਮਾਤ੍ਰ ਮੰਨਦਾ ਹੈ। ਇਸੇ ਲਈ ਲੋਕ ਧਾਰਮਿਕ ਕਰਮ ਪੈਸੇ ਦੇ ਕੇ ਕਰਵਾ ਲੈਂਦੇ ਹਨ ਅਤੇ ਪੈਸੇ ਵੀ ਸਾਧਾਰਣ ਮਜ਼ਦੂਰੀ ਤੋਂ ਘੱਟ ਦੇਣ ਦਾ ਯਤਨ ਕਰਦੇ ਹਨ। ਸਾਡੇ ਸਿੱਖਾਂ ਵਿੱਚ ਪੁਜਾਰੀ-ਪ੍ਰਥਾ ਨਿਸ਼ੇਧ ਹੋਣ ਕਾਰਣ ਗ੍ਰੰਥੀ ਸਿੰਘ ਦਾ ਕਾਰਜ ਬਹੁਤ ਪਵਿੱਤ੍ਰ ਹੈ ਅਤੇ ਸਿੱਧਾ ਅਧਿਆਤਮਕ ਗਿਆਨ ਨਾਲ ਸੰਬੰਧਿਤ ਹੈ, ਪਰ ਕੇਵਲ ਸੰਕਲਪ ਅਤੇ ਚਿੰਤਨ ਵਿੱਚ। ਵਿਵਹਾਰ ਵਿੱਚ ਅਸੀਂ ਵੇਖਦੇ ਹਾਂ, ਕਿ ਸਾਡੀ ਕੌਮ ਦੀ ਆਮ ਧਾਰਨਾ ਹੈ ਕਿ ਜੋ ਕਿਸੇ ਕੰਮ ਨੂੰ ਕਰਣ ਜੋਗਾ ਨਾ ਹੋਵੇ, ਉਹ ਗੁਰਦੁਆਰੇ ਜਾ ਬੈਠਦਾ ਹੈ। ਰੱਬ ਅਤੇ ਧਰਮ; ਹਰ ਵਿਅਕਤੀ ਦੀ ਖਿੱਚ-ਧੂਹ ਤੋਂ ਪ੍ਰੇਸ਼ਾਨ ਹਨ। ਜੋ, ਕੁਝ ਵੀ ਨਾ ਜਾਣਦਾ ਹੋਵੇ, ਉਹ ਵੀ ਸ਼੍ਰੇਸਠਤਮ ਧਰਮ-ਸ਼ਾਸਤ੍ਰੀ। ਜਿਸ ਨੂੰ ‘ਪਰਮੇਸ਼ਰ’ ਸ਼ਬਦ ਦੇ ਅਰਥ ਪਤਾ ਨਾ ਹੋਣ, ਓਹ ਅਕਾਲ ਪੁਰਖ ਦੇ ਪਰਮ-ਗਿਆਤਾ ਹੋ ਕੇ ਪ੍ਰਵਚਨ ਕਰਦਾ ਹੈ।

ਬੰਦਿਆਂ ਦੇ ਨਾਵਾਂ ਦੀ ਵੀ ਕਦੇ ਉਹ ਦੁਰਗਤੀ ਹੋਈ ਹੈ, ਜੋ ‘ਓਅੰਕਾਰ’ ਨੂੰ ਰੋਮਨ ਅੱਖਰਾਂ ਵਿੱਚ ਲਿੱਖਣ ਵਾਲੇ ਸਿੱਖਾਂ ਨੇ ਇਸ ਪਦ ਦੀ ਕੀਤੀ ਹੈ। ਹਿੰਦੂ ਧਰਮ-ਸ਼ਾਸਤ੍ਰੀਆਂ ਨੇ ਤਾਂ ਇਸ ਦੀਆਂ ਮਾਤ੍ਰਾਵਾਂ ਦਾ ਧਿਆਨ ਰੱਖਿਆ ਹੈ, ਪਰ ਸਿੱਖ ਲਿਖਾਰੀਆਂ ਨੂੰ ਮਾਤ੍ਰਾ, ਅਮਾਤ੍ਰਾ, ਕੁਮਾਤ੍ਰਾ ਦਾ ਕੋਈ ਫ਼ਰਕ ਨਹੀਂ ਪੈਂਦਾ। ਸ਼ਾਇਦ ਲੋੜ ਤੋਂ ਜ਼ਿਆਦਾ ਪੜ੍ਹ ਗਏ ਹਨ ਜਾਂ ਹੋਰ ਵਿਦਿਆ ਸਮਝ ਨਹੀਂ ਆਈ, ਤਾਂ ਰਾਤ ਦੇ ਹਨੇਰੇ ਵਿੱਚ ਇੱਧਰ ਘੁਸ ਗਏ ਹਨ। ‘ਓਅੰਕਾਰ’ ਦੀਆਂ ਤਿੰਨ ਮਾਤ੍ਰਾ ਸਰਗੁਣ ਬ੍ਰਹਮ ਦਾ ਸਾਰ ਹਨ। ਇਹ ਪਰਮੇਸ਼ਰ ਦਾ ਦਰਸ਼ਨ-ਸਿਰਜਕ ਅੱਖਰ ਹਨ, ਫ਼ਜ਼ੂਲ ਨਹੀਂ ਕਿ ਜੋ ਚਾਹੋ ਕਰ ਲਓ। ਨਾਮ ਤਾਂ ਕਿਸੇ ਵੀ ਭਾਸ਼ਾ ਵਿੱਚ ਬਦਲਦਾ ਨਹੀਂ, ਇਹ ਰੱਬ ਦੇ ਨਾਮ ਦੀ ਐਸੀ ਕਰੂਪ ਟੁੱਟ ਭੱਜ ਕਿਉਂ ? ਸ਼ਾਇਦ ਉਹ ਸਭ ਤੋਂ ਗ਼ਰੀਬ ਅਤੇ ਅਨਾਥ ਹੈ, ਜਿਹੜਾ ਮਰਜ਼ੀ ਆਵੇ ਆਪਣੀ ਗੰਦੀ ਲੱਤ ਮਾਰ ਕੇ ਲੰਘ ਜਾਵੇ। ਮੈਨੂੰ ਇਹ ਕਹਿਣ ਵਿੱਚ ਕੋਈ ਸੰਦੇਹ ਅਤੇ ਆਲੋਚਨਾ-ਭੈਅ ਨਹੀਂ, ਕਿ ਜਿਤਨਾ ਸਿੱਖਾਂ ਦੇ ਵਿਵਹਾਰ ਨੇ ‘ਲੋਗਨ ਰਾਮੁ ਖਿਲਉਨਾ ਜਾਨਾਂ’ ਨੂੰ ਸੱਚ ਕੀਤਾ ਹੈ, ਉਤਨਾ ਸ਼ਾਇਦ ਹੀ ਹੋਰ ਕਿਸੇ ਕੌਮ ਨੇ ਕੀਤਾ ਹੋਵੇ। ਹਿੰਦੂਆਂ ਵਿੱਚ ਅੰਧ-ਵਿਸ਼ਵਾਸ ਉਨ੍ਹਾਂ ਦੀ ਕਮਜ਼ੋਰੀ ਹੈ, ਪਰ ਇਹ ਵੀ ਸਿਫ਼ਤ ਹੈ ਕਿ ਹਰ ਵਿਅਕਤੀ ਧਰਮ-ਦਰਸ਼ਨ ਦਾ ਗਿਆਤਾ ਨਹੀਂ ਬਣਦਾ।  ਕੇਵਲ ਗਿਆਨਵਾਨ ਹੀ ਧਾਰਮਿਕ ਵਿਆਖਿਆ ਵਿੱਚ ਪੈਂਦੇ ਹਨ, ਜਦੋਂ ਕਿ ਸਿੱਖਾਂ ਵਿੱਚ ਹਰ ਵਿਅਕਤੀ ਧਰਮ, ਇਤਿਹਾਸ, ਗੁਰਬਾਣੀ ਦਾ ਪਰਿਪੱਕ ਗਿਆਤਾ ਹੈ।

ਗੁਰੂ ਜੀ ਦੀ ਧਾਰਮਿਕ ਕ੍ਰਾਂਤਿ ਦੀ ਇੱਕ ਵੱਡੀ ਸ਼ੋਭਾ ਇਹ ਸੀ, ਕਿ ਉਨ੍ਹਾਂ ਨੇ ਪਰਮੇਸ਼ਰ ਦੇ ਪ੍ਰਚਲਿਤ ਨਾਵਾਂ ਦਾ ਨਿਖੇਧ ਨਹੀਂ ਸੀ ਕੀਤਾ। ਸੰਕਲਪ ਨਵੀਨ ਦੇ ਦਿੱਤੇ। ਪਰਮੇਸ਼ਰ ਦੀ ਆਦਿ-ਜੁਗਾਦਿ ਵਾਦਿਤਾ ਉੱਤੇ ਰੱਤਾ ਵੀ ਆਂਚ ਨਹੀਂ ਆਉਣ ਦਿੱਤੀ। ਪਰਮੇਸ਼ਰ ਦੇ ਪੁਰਾਣੇ ਨਾਮ ਰੱਦ ਕਰਨ ਦਾ ਭਾਵ ਹੈ, ਰੱਬ ਦੀ ਸਨਾਤਨਤਾ ਵਿੱਚ ਅਵਿਸ਼ਵਾਸ; ਜਿਵੇਂ ਕਿ ਪਹਿਲਾਂ ਉਹ ਹੈ ਨਹੀਂ ਸੀ ਨਵਾਂ-ਨਵਾਂ ਲੱਭ ਕੇ ਸਿੰਘਾਸਣ ਉੱਤੇ ਬੈਠਾਇਆ ਹੈ। ਗੁਰੂ ਜੀ ਦਾ ਪਰਮੇਸ਼ਰ ਆਦਿ-ਜੁਗਾਦਿ ਸੀ। ਇਸੇ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਭਾਰਤ ਵਿੱਚ ਬਹੁ-ਪ੍ਰਚਲਿਤ ਅਤਿ ਪਾਰਿਸ਼ਕ੍ਰਿਤ (ਸ਼ੋਧਿਤ) ‘ਓਅੰਕਾਰ’ ਨੂੰ ਸਰਵ-ਉੱਚ ਨਾਮ ਘੋਸ਼ਿਤ ਕਰ ਦਿੱਤਾ। ਉਸ ਦੇ ਅੱਗੇ ਗਿਣਤੀ ਦਾ ਏਕਾ ਵੀ ਲਗਾਇਆ, ਉਸ ਦਾ ਅੱਖਰ-ਕ੍ਰਮ ਵੀ ਬਦਲਿਆ, ਉਸ ਦੀ ਆਕ੍ਰਿਤੀ ਵੀ ਬਦਲੀ। ਸਮੁੱਚਾ ਸੰਕਲਪ ਬਦਲ ਦਿੱਤਾ। ਅਸਲੋਂ ਨਵੀਨ ਅਤੇ ਸ਼ੋਧਿਤ ਸਰੂਪ ਸਥਾਪਿਤ ਕੀਤਾ, ਪਰ ਪੁਰਾਤਨ ਸਰੂਪ ਅਤੇ ਵਿਵੇਚਨ ਦੀ ਨਿਰੰਤਰਤਾ ਵਿੱਚ ਨਵ-ਵਿਕਸਿਤ ਚਿੰਤਨ ਪ੍ਰਸਾਰਿਆ। ਜੋ ਸੀ, ਉਹ ਲੈ ਲਿਆ। ਉਸ ਨੂੰ ਰੱਦ ਨਹੀਂ ਕੀਤਾ, ਪਰ ਹੋਰ ਵਿਕਸਿਤ ਨਵੀਨ ਵਿਵੇਚਨ ਵੀ ਦੇ ਦਿੱਤਾ।  ਵੱਖ-ਵੱਖ ਮੱਤਾਂ ਦੇ ਪਰਮੇਸ਼ਰ ਵੀ ਭਿੰਨ-ਭਿੰਨ ਨਾ ਹੋਣ ਸਗੋਂ ਸਾਰੀ ਮਾਨਵਤਾ; ਇੱਕ ਰੱਬ ਨੂੰ ਮੰਨੇ, ਇਸ ਲਈ ਵੈਦਿਕ-ਕਾਲ ਦਾ ‘ਓਅੰਕਾਰ’, ਜਿਸ ਦਾ ਸਰੂਪ ਉਨ੍ਹਾਂ ਤੱਕ ਪਹੁੰਚਦਿਆਂ ਧੁੰਦਲਾ ਜਿਹਾ ਗਿਆ ਸੀ, ਉਸ ਨੂੰ ਸ਼ੋਧਿਤ ਰੂਪ ਦੇ ਕੇ ਪੁਨਰ-ਜਾਗ੍ਰਿਤ ਕਰ ਦਿੱਤਾ। ਵੈਦਿਕ ਕਾਲ ਦਾ ਭਾਵ ਆਦਿ-ਕਾਲ ਤੋਂ ਹੈ, ਨਾ ਕਿ ਹਿੰਦੂ ਵਾਲੇ ਬ੍ਰਹਮਾ ਦੇਵਤੇ ਤੋਂ।  ‘ਦਖਣੀ ਓਅੰਕਾਰੁ ਬਾਣੀ ਵਿੱਚ ਇਸ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ- ‘‘ਓਅੰਕਾਰਿ; ਬ੍ਰਹਮਾ ਉਤਪਤਿ ॥  ਓਅੰਕਾਰੁ ਕੀਆ ਜਿਨਿ ਚਿਤਿ ॥  ਓਅੰਕਾਰਿ; ਸੈਲ ਜੁਗ ਭਏ ॥  ਓਅੰਕਾਰਿ; ਬੇਦ ਨਿਰਮਏ ॥’’ (ਰਾਮਕਲੀ ਓਅੰਕਾਰ, ਮ: ੧, ਅੰਗ ੯੩੦)

ਸਿੱਖ ਗੁਰੂ ਜੀ ਦੇ ਇਸ ਪ੍ਰਥਮ ਅਤੇ ਆਧਾਰ-ਵਿਚਾਰ ਦੀਆਂ ਜੜ੍ਹਾਂ ਉੱਤੇ ਕੁਹਾੜੇ ਦੇ ਪ੍ਰਹਾਰ ਕਰਦੇ ਹਨ, ਜਦੋਂ ਓਹ ਹਿੰਦੂਆਂ ਅਤੇ ਸਿੱਖਾਂ ਦੇ ਵੱਖ-ਵੱਖ ‘ਓਅੰਕਾਰ’ ਸਥਾਪਿਤ ਕਰਦੇ ਹਨ। ਜੇ ਵੱਖ-ਵੱਖ ਰੱਖਣਾ ਹੁੰਦਾ, ਤਾਂ ਗੁਰੁ ਜੀ ਨੂੰ ‘ਓਅੰਕਾਰ’ ਰੱਖਣ ਦੀ ਜ਼ਰੂਰਤ ਕੀ ਸੀ? ‘ਸਤਿ ਕਰਤਾਰ, ਕਰਤਾ ਪਰੁਖ, ਅਕਾਲ ਪੁਰਖ’ ਲਿਖ ਸਕਦੇ ਸਨ। ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਮਾਨਵ-ਏਕਤਾ ਵਾਸਤੇ ਸਾਰੀ ਮਾਨਵਤਾ ਦਾ ਇੱਕ ਪਿਤਾ ਸਥਾਪਿਤ ਕਰਨਾ ਲਾਜ਼ਮੀ ਸੀ, ਜਦੋਂ ਕਿ ਸਾਡੀ ਦ੍ਰਿਸ਼ਟੀ ਵਿੱਚ ਸਭ ਕੁਝ ਛਿੰਨ-ਭਿੰਨ ਕਰਨਾ ਹੀ ਅਸਲ ਧਾਰਮਿਕਤਾ ਹੈ। ਇਸੇ ਅੰਧਕਾਰੀ ਵਿਚਾਰ ਕਾਰਣ ‘ਓਅੰਕਾਰ’ ਦੇ ਰੋਮਨਾਈਜ਼ੇਸ਼ਨ ਸਮੇਂ M ਦੀ ਥਾਂ N ਨੂੰ ਲਿਆਂਦਾ ਗਿਆ ਹੈ, ਜੋ ਕਿ ‘ਓਅੰਕਾਰ’ ਦੇ ਸਰੂਪ ਅਤੇ ਸਿਧਾਂਤ ਦਾ ਸਰਵਨਾਸ਼ ਕਰਨ ਤੁਲ ਹੈ। ‘ਓਅੰਕਾਰ’ ਦੇ ਓ, ਅ, ਮ ਅੱਖਰ ਇਸ ਦੀ ਦਾਰਸ਼ਨਿਕਤਾ ਅਤੇ ਅਧਿਆਤਮਕਤਾ ਦੇ ਸਤੰਬ (ਥੰਮ) ਹਨ। ਇਨ੍ਹਾਂ ਵਿੱਚੋਂ ਕੋਈ ਰੱਤਾ ਜਿਤਨਾ ਵੀ ਟੇਢਾ ਹੋ ਜਾਵੇ, ਤਾਂ ਸਮਝੋ ਗੁਰੂ ਗ੍ਰੰਥ ਸਾਹਿਬ ਰੂਪ ਇਮਾਰਤ ਢਹਿ ਗਈ। ‘ਓਅੰਕਾਰ’ ਹੀ ਦੂਸ਼ਿਤ ਹੋ ਜਾਵੇ, ਤਾਂ ਉਸ ਦੇ ਵਿਸਤਾਰ ਰੂਪ ਗ੍ਰੰਥ ਦਾ ਕੀ ਬਣੇਗਾ ? ਓ, ਅ, ਮ ਦੇ ਕੁਝ ਵੀ ਅਰਥ (ਬ੍ਰਹਮ, ਜਗਤ, ਜੀਵ ਜਾਂ ਬ੍ਰਹਮਾ, ਵਿਸ਼ਣੁ, ਸ਼ਿਵ, ਜਾਂ ਰਜ, ਤਮ, ਸਤੋ ਆਦਿ) ਬਣਾ ਲਓ, ਪਰ ‘ਮ’ ਨੂੰ ‘ਨ’ ਵਿੱਚ ਬਦਲਿਆਂ ਸਮੁੱਚੇ ਸਿਧਾਂਤ ਢਹਿ ਜਾਂਦੇ ਹਨ। ਕਿਸੇ ਵੀ ਲਿਪੀ ਵਿੱਚ ਲਿਖੋ, ਤਿੰਨ ਅੱਖਰ ਓ, ਅ, ਮ ਨੂੰ ਅਪਰਿਵਰਤਿਤ ਰੱਖਣਾ ਪਰਮ-ਆਵਸ਼ਕ ਹੈ। ਇਸ ਨੂੰ Omkar ਵੀ ਨਹੀਂ ਲਿਖ ਸਕਦੇ। ਓ (O), ਅ (A) ਅਤੇ ਮ (M) ਦੇ ਸੰਯੋਜਨ ਬਿਨਾਂ ਕਦਾਚਿਤ ‘ਓਅੰਕਾਰ’ ਨਹੀਂ ਬਣ ਸਕਦਾ। ਇੱਥੇ ਐਸੇ ਅਨਪੜ੍ਹ ਟੀਕਾਕਾਰ ਆ ਗਏ ਹਨ, ਕਿ ‘Onkar’ ਲਿਖ ਕਿ ‘ਮ’ ਨੂੰ ਤਾਂ ਬਦਲਿਆ ਹੀ ਹੈ, (ਅ) ਨੂੰ ਵੀ ਉੱਡਾ ਦਿੱਤਾ ਹੈ। ਓਅੰਕਾਰ ਨੂੰ ਇਸ ਤੋਂ ਵੱਧ ਮਲੀਨ ਕੀਤਾ ਹੀ ਨਹੀਂ ਜਾ ਸਕਦਾ।

‘ਮ’ ਅਖਰ ਜੀਵ ਦੇ ‘ਮੰਤਵ’ ਦਾ ਪਰਿਚਾਇਕ ਹੈ ਅਤੇ ਇਹ ਜੀਵਵਾਦੀ/ਜੀਵਨਵਾਦੀ ਉੱਚਤਮ ਅੱਖਰ ਹੈ, ਜਿਸ ਤੋਂ ਸਾਰੀਆਂ ਅਨੁਨਾਸਿਕੀ ਧੁਨੀਆਂ ਉਤਪੰਨ ਹੁੰਦੀਆਂ ਹਨ। ਇਸ ਦੇ ਮਹੱਤਵ ਨੂੰ ਵੇਖ ਕੇ ਕਬੀਰ ਜੀ ਨੇ ਆਪਣੀ ‘ਬਾਵਨ ਅੱਖਰੀ’ ਬਾਣੀ ਵਿੱਚ ਇਸ ਨੂੰ ਤਿੰਨ ਪਉੜੀਆਂ ਦਿੱਤੀਆਂ ਸਨ, ਜਦੋਂ ਕਿ ਹੋਰ ਅੱਖਰਾਂ ਨੂੰ ਇੱਕ-ਇੱਕ ਪਉੜੀ ਜਾਂ ਇੱਕ-ਇੱਕ ਪਦ ਦਿੱਤਾ ਹੈ।  ‘ਨ’ ਇੱਕ ਨਾਂਹਵਾਚੀ ਅੱਖਰ ਹੈ। ਪਰਮੇਸ਼ਰਵਾਚੀ ਸ਼ਬਦ ਵਿੱਚ ਇਸ ਦੀ ਸ਼ਮੂਲੀਅਤ ਹੋ ਕਿਵੇਂ ਸਕਦੀ ਹੈ? ਓ, ਅ, ਮ ਤਾਂ ਸ਼ਾਸਤ੍ਰ ਨੇ ਸਥਾਪਿਤ ਕੀਤਾ ਹੋਇਆ ਸੀ ਕਿ ਇਹ ਬ੍ਰਹਮ, ਜਗਤ ਅਤੇ ਜੀਵ ਦੇ ਤ੍ਰਿਏਕ ਵਾਸਤੇ ਹਨ। ‘ਨ’ ਲਗਾਉਣ ਨਾਲ ਭਾਵ ਕੀ ਨਿਕਲੇਗਾ ? ਇਹੋ ਕਿ ਨਾ ‘ਓ’ (ਪਰਮਸ਼ੇਰ) ਹੈ, ਨਾ ਹੀ ‘ਅ’ (ਜਗਤ) ਹੈ। ਬਿਲਕੁਲ ਅਸਲੋਂ ਸ਼ੂਨਯਵਾਦ, ਅਨੀਸ਼ਵਰਵਾਦ।  ਐਸੇ-ਐਸੇ ਅਗਿਆਨੀ ਲਿਖਾਰੀ ਸਿੱਖ ਪੰਥ ਵਿੱਚ ਅਵਤ੍ਰਿਤ ਹੋ ਗਏ ਹਨ, ਕਿ ਸਿੱਖ ਪੰਥ ਨੂੰ ਅਨੀਸ਼ਵਰਵਾਦੀ, ਅਵਿਸ਼ਵਾਸੀ ਪੰਥ ਬਣਾ ਰਹੇ ਹਨ।

‘ਨ’ ਅੱਖਰ ਦਾ ਚਿੰਤਨ ਕਰਦਿਆਂ, ਧਿਆਨ ਆਇਆ ਕਿ ‘ਮਨ’ ਵਿੱਚ ‘ਨ’ ਦਾ ਕੀ ਮਤਲਬ ਰਿਹਾ ਹੋਵੇਗਾ ? ਕੋਈ ਸ਼ਬਦ-ਇਤਿਹਾਸ, ਕੋਈ ਕੋਸ਼ ਅੱਜ ਇਸ ਦੀ ਗਾਥਾ ਦੱਸ ਨਹੀਂ ਸਕੇਗਾ ਕਿਉਂਕਿ ਇਸ ਦੇ ਆਵਿਸ਼ਕਾਰ ਦਾ ਇਤਿਹਾਸ ਸਾਡੇ ਕੋਲ ਨਹੀਂ ਹੈ। ਇਹ ਇੱਕੋ ਪਦ ਬਣ ਕੇ ਰਹਿ ਗਿਆ ਹੈ। ‘ਮ’ ਅਤੇ ‘ਨ’ ਦਾ ਸੰਧੀ-ਛੇਦ ਕਰਨਾ ਮੁਸ਼ਕਿਲ ਜਿਹਾ ਹੋ ਗਿਆ ਹੈ, ਜਦੋਂ ਕਿ ਇਹ ਬਿਲਕੁਲ ਸਤਿ ਹੈ, ਕਿ ਇਨ੍ਹਾਂ ਦੋਹਾਂ ਪਦਾਂ ਦੇ ਸੰਜੋਗ ਤੋਂ ਬਿਨਾ ਇਹ ਹੋਂਦ ਵਿੱਚ ਨਹੀਂ ਆ ਸਕਦਾ ਸੀ। ਅੱਖਰ ਐਵੇਂ ਇੱਕ ਦੂਜੇ ਨਾਲ ਨਹੀਂ ਜਾ ਜੁੜੇ। ਚਿੰਤਕਾਂ ਨੇ (ਵਿਕਾਸ-ਪ੍ਰਕ੍ਰਿਆ ਨੇ) ਭਾਵ ਮਿਲਾ ਕੇ ਅੱਖਰ ਜੋੜੇ ਹਨ, ਜਿਨ੍ਹਾਂ ਤੋਂ ਸਜੀਵ ਸ਼ਬਦ ਕ੍ਰਿਆਸ਼ੀਲ ਹਨ। ‘ਮ’ ਅੱਖਰ ਜੀਵ ਵਾਸਤੇ ਹੈ, ਜੀਵ ਦੀ ਵਾਸਤਵਿਕ ਦੈਵੀ-ਪਵਿੱਤ੍ਰਤਾ ਵਾਸਤੇ ਹੈ। ਇਸੇ ਭਾਵ ਵਿੱਚ ‘ਓਅੰਕਾਰ’ ਵਿੱਚ ਹੈ। ‘ਨ’ ਨਾਂਹਵਾਚੀ ਹੈ। ਮਾਇਆ ਹੈ, ਮਾਇਆਵਾਦੀ ਪ੍ਰਵ੍ਰਿਤੀਆਂ ਦਾ ਸੂਚਕ ਹੈ। ਇੰਞ ‘ਮਨ’ ਉਹ ਚੇਤਨਾ ਹੈ, ਜਿਸ ਦਾ ਮੂਲ ‘ਜੀਵ’ ਹੈ ਭਾਵ ਸ਼ੁਧਾਤਮਾ ਹੈ, ਸ਼ੁੱਧ ਪ੍ਰਵ੍ਰਿਤੀਆਂ ਹੈ, ਪਰ ਉਨ੍ਹਾਂ ਸ਼ੁਧ ਪ੍ਰਵ੍ਰਿਤੀਆਂ ਉੱਤੇ ਜਦੋਂ ਮਾਇਆ ਦੀ ਨਾਹਵਾਚਿਕਤਾ ਦਾ ਲੇਪਨ ਹੋ ਜਾਂਦਾ ਹੈ, ਤਾਂ ਉਹ ‘ਮਨ’ ਬਣ ਜਾਂਦਾ ਹੈ। ਸ਼ੁਭ-ਅਸ਼ੁਭ, ਦੈਵੀ-ਮਾਇਆਵੀ ਪ੍ਰਵ੍ਰਿਤੀਆਂ ਦਾ ਸੰਮਿਸ਼੍ਰਣ ਮਨ ਹੈ। ਇਸੇ ਲਈ ਦੁਵਿਧਾ ਵਿੱਚ ਡੋਲਦਾ ਹੈ। ਦਿਵਯਤਾ ਵੱਲ ਜਾਵਾਂ ਕਿ ਮਾਇਆ (ਅੰਧਕਾਰ) ਵੱਲ।

‘‘ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ..॥੫॥’’ (ਆਸਾ, ਮ: ੩, ਅੰਗ ੪੪੧) ਦਾ ਭਾਵ ਇਹੋ ਹੈ, ਕਿ ਤੇਰਾ ਮੂਲ ਤਾਂ ‘ਮ’ ਅਰਥਾਤ ਜੀਵ ਦੀ ਸੁਭਾਵਿਕ ਦੈਵੀ-ਪਵਿੱਤ੍ਰਤਾ ਸੀ, ਪਰ ਉਸ ਤੋਂ ਹਟਣ ਕਾਰਣ ਦੁਵਿਧਾ ਵਿੱਚ ਹੈਂ। ਵੇਖੋ ਜਿੱਥੇ ਉਕਤ ਪੰਕਤੀ (ਸ਼ਬਦ ਦੇ ਪੰਜਵੇਂ ਬੰਦ ਦੀ ਪਹਿਲੀ ਤੁਕ) ਵਿੱਚ ‘ਮਨ’ ਨੂੰ ਜੋਤਿ-ਸਰੂਪ ਕਿਹਾ ਹੈ, ਉੱਥੇ ਅਗਲੇ (ਛੇਵੇਂ) ਬੰਦ ਦੀ ਪਹਿਲੀ ਪੰਕਤੀ ਵਿੱਚ ‘‘ਮਨ ! ਤੂੰ ਗਾਰਬਿ ਅਟਿਆ; ਗਾਰਬਿ ਲਦਿਆ ਜਾਹਿ ॥  ਮਾਇਆ ਮੋਹਣੀ ਮੋਹਿਆ; ਫਿਰਿ ਫਿਰਿ ਜੂਨੀ ਭਵਾਹਿ ..॥੬॥’’ (ਆਸਾ, ਮ: ੩, ਅੰਗ ੪੪੨) ਦੀ ਮਾਇਆਵਾਦੀ ਨਾਹਵਾਚਿਕਤਾ ਆ ਗਈ ਹੈ। ‘ਨ’ ਇਸੇ ਦਾ ਪ੍ਰਤੀਕ ਹੈ। ਇਸੇ ਕਾਰਣ ਕਬੀਰ ਜੀ ਨੇ ਘੋਸ਼ਿਤ ਕੀਤਾ ਕਿ ‘‘ਮਨ ਕਉ ਮਾਰਿ; ਕਹਹੁ, ਕਿਸੁ ਤਾਰੈ ?॥੧॥ ਰਹਾਉ ॥’’ (ਗਉੜੀ, ਭਗਤ ਕਬੀਰ ਜੀ, ਅੰਗ ੩੨੯) ਭਾਵ ਇਸ ਨੂੰ ਮਾਰਣ ਦੀ ਕੋਈ ਜ਼ਰੂਰਤ ਨਹੀਂ।  ‘ਮਨ’ ਤਾਂ ਮਰੇਗਾ ਜੇ ‘ਮ’ ਅਤੇ ‘ਨ’ ਦੋਹਾਂ ਦਾ ਘਾਤ ਕੀਤਾ ਜਾਵੇ।  ‘ਮਨ’ ਮਾਰਣ ਦਾ ਭਾਵ ਹੈ, ‘ਮ’ ਅਰਥਾਤ ਜੀਵ ਦਾ ਅਸਤਿਤ੍ਵ ਵੀ ਨਸ਼ਟ ਕਰਣਾ।  ਪਵਿਤ੍ਰਤਾ, ਅਪਵਿਤ੍ਰਤਾ ਦੋਵੇਂ ਥੋੜ੍ਹੀਆਂ ਨਸ਼ਟ ਕਰਣੀਆਂ ਹਨ। ਇਸ ਤੋਂ ਕੇਵਲ ਨਾਂਹਵਾਚੀ ਪ੍ਰਵ੍ਰਿਤੀਆਂ ਹਟਾਉਣੀਆਂ ਹਨ, ‘ਨ’ ਤੋਂ ਖਹਿੜਾ ਛੁਡਵਾ ਕੇ ਸ਼ੁਧ ਅਤੇ ਕੇਵਲ ‘ਮ’ ਪ੍ਰਗਟ ਕਰਣਾ ਹੈ। ਇਹੋ ਕੈਵਲਯ ਹੈ।  ‘ਮ’ ਰਹਿ ਗਿਆ, ‘ਨ’ ਉੱਡਾ ਦਿੱਤਾ।

ਇਹ ਵਿਆਖਿਆ ‘ਨ’ ਦਾ ਭਾਵ ਦੱਸਣ ਵਿੱਚ ਹੀ ਸਨਮੁਖ ਆ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ‘‘ਏਕਮ, ਏਕੰਕਾਰੁ ਪ੍ਰਭੁ; ਕਰਉ ਬੰਦਨਾ ਧਿਆਇ ॥’’ (ਗਉੜੀ ਥਿਤੀ, ਮ: ੫, ਅੰਗ ੨੯੬) ਅਤੇ ‘‘ਏਕਮ; ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥’’ (ਬਿਲਾਵਲੁ ਥਿਤੀ, ਮ: ੧, ਅੰਗ ੮੩੯) ਵਿੱਚ ‘ਏਕੰਕਾਰੁ’ ਵਿਚਲੀ ਟਿੱਪੀ ਨੂੰ ‘ਏਕਮ’ ਦਾ ‘ਮ’ ਸਪਸ਼ਟ ਕਰ ਦਿੱਤਾ ਹੈ। ਜੇ ‘ਏਕੰਕਾਰ’ ਵਿੱਚ ਇਹ ‘ਮ’ ਹੈ ਅਤੇ ਇਸ ਨੂੰ ‘ਏਕਨਕਾਰ’ ਨਹੀਂ ਲਿਖਿਆ ਜਾ ਸਕਦਾ, ਤਾਂ ‘ਓਅੰਕਾਰ’ ਨੂੰ ਓਨਕਾਰ ਜਾਂ ਓਅਨਕਾਰ’ ਕਿਵੇਂ ਲਿਖਿਆ ਜਾ ਸਕਦਾ ਹੈ?  ਕੀ ‘‘ਕਹੁ ਨਾਨਕ ਸੁਣਿ ਭਰਥਰਿ ਜੋਗੀ! ਪਾਰਬ੍ਰਹਮ ਲਿਵ ਏਕੰ ॥’’ (ਆਸਾ, ਮ: ੧, ਅੰਗ ੩੬੦) ਵਿੱਚ ‘ਏਕੰ’ ਨੂੰ ‘ਏਕਮ੍’ ਕਹਾਂਗੇ ਜਾਂ ‘ਏਕਨ’ ? ਇੰਞ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ‘ਬਾਵਨ ਅਖਰੀ’ ਦੀਆਂ ਤੁਕਾਂ ‘‘ਓਅੰ; ਸਾਧ ਸਤਿਗੁਰ ਨਮਸਕਾਰੰ ॥’’ (ਗਉੜੀ ਬ.ਅ., ਮ: ੫, ਅੰਗ ੨੫੦) ਅਤੇ ‘‘ਓਅੰ; ਗੁਰਮੁਖਿ ਕੀਓ ਅਕਾਰਾ ॥’’ (ਗਉੜੀ ਬ.ਅ., ਮ: ੫, ਅੰਗ ੨੫੦) ਵਿਚ ‘ਓਅੰ’ ਨੂੰ ‘ਓਅਨ’ (Oan) ਜਾਂ ‘ਓਨ’ (Oan) ਲਿਖਣਾ ਵਿਦਿਆ ਅਤੇ ਗਿਆਨ ਦਾ ਵੱਡਾ ਅਨਾਦਰ ਹੈ। ਇਹ ਸ਼ਬਦ ‘ਓਅਮ’ ਹੈ ਅਤੇ ਇਸ ਦਾ ਉਚਾਰਣ ‘ਮ’ ਨਾਲ ਹੀ ਹੋਣਾ ਹੈ।  ਮੈਂ ਕਿਸੇ ਅਣਜਾਣ ਜਿਹੇ ਧਰਮ-ਲੇਖਕ ਦੀ ਟਿਪਣੀ ਪੜ੍ਹ ਰਿਹਾ ਸੀ, ਉਹ ਕਹਿਣ ਲਗਾ ਕਿ ਸੰਸਕ੍ਰਿਤ ਵਿੱਚ ਅਨੁਨਾਸਿਕੀ ਪਦ ਦੇ ਅੱਗੇ ‘ਕ’ ਲਗਿਆ ਹੋਵੇ, ਤਾਂ ਉਚਾਰਣ ‘ਙ’ ਹੋ ਜਾਵੇਗਾ। ਇਹ ਬਿਲਕੁਲ ਦਰੁਸਤ ਹੈ। ਇੱਥੇ ‘ਕ’ ਅੱਗੇ ਲੱਗਣ ਕਾਰਣ ਨਿਰਯਤਨ ਅਤੇ ਕੁਦਰਤਨ ਹੀ ਆਪ-ਮੁਹਾਰੇ ਉਚਾਰਣ ‘ਙ’ ਹੋ ਜਾਂਦਾ ਹੈ, ਪਰ ਇੱਥੇ ‘ਕਾਰ’ ਅਤੇ ‘ਓਅੰ’ ਦੋ ਸ਼ਬਦ ਹਨ, ਨਾ ਕਿ ਇੱਕ; ਇਸ ਲਈ ਅਨੁਨਾਸਿਕੀ ਪਦ ‘ਙ’ ਦੀ ਥਾਂ ‘ਮ’ ਹੀ ਉਚਾਰਿਆ ਅਤੇ ‘ਮ’ ਹੀ ਲਿਖਿਆ ਜਾਏਗਾ। ‘ਓਅੰਕਾਰ’ ਨਾਲੋਂ ਜਦੋਂ ਵੀ ‘ਕਾਰ’ ਪਦ ਹਟਾਇਆ ਜਾਵੇਗਾ, ਤਾਂ ਇਸ ਦਾ ਉਚਾਰਣ ‘ਓਅਮ’ ਹੀ ਰਹੇਗਾ, ‘ਓਅਨ’ ਜਾਂ ਓਅਙ’ ਨਹੀਂ।

ਸੋ ਸਾਵਧਾਨ ਭਰਾਓ ! ਧਰਮ-ਅੰਧਤਾ ਵਿੱਚ ਪਰਮੇਸ਼ਰ ਦਾ ਸ੍ਵਰੂਪ ਨਾ ਵਿਗਾੜੋ। ਗੁਰੂ ਗ੍ਰੰਥ ਸਾਹਿਬ ਦੇ ਉਚਾਰਣ, ਸ਼ਬਦਾਰਥ ਅਤੇ ਭਾਵਾਰਥ ਬਦਲਣ ਦੇ ਕੋਝੇਪਨ ਤੋਂ ਦੂਰ ਰਹੋ। ‘ਓਅੰਕਾਰ’; ਨਾ ਹਿੰਦੂ ਹੈ, ਨਾ ਸਿੱਖ, ਨਾ ਮੁਸਲਮਾਨ ਹੈ। ਉਹ ਨਿਰਗੁਣ ਸਰੂਪ ਹੈ, ਜਿਸ ਦੇ ਸਰਗੁਣ ਸਰੂਪ ਵਿੱਚ ਜਗਤ ਅਤੇ ਜੀਵ ਸ਼ਾਮਲ ਹਨ। ‘ਜੀਵ’ ਕੇਵਲ ਮਨੁੱਖ ਨਹੀਂ, ਸਮੁੱਚੀ ਚੇਤਨਾ ਦਾ ਨਾਮ ਹੈ। ‘ਓਅੰਕਾਰ’ ਪਦ ਨੂੰ ਰੋਮਨ ਅਖਰਾਂ ਵਿੱਚ ਵੀ ਤ੍ਰਿਮਾਤ੍ਰਿਕ ‘Oamkar’ ਹੀ ਲਿਖਿਆ ਜਾਣਾ ਜ਼ਰੂਰੀ ਹੈ, ‘Omkar’ ਲਿਖਿਆਂ ਵੀ ‘ਅ’ ਦੀ ਮਾਤ੍ਰਾ ਲੁਪਤ ਹੋ ਜਾਂਦੀ ਹੈ।

ਪਰਮੇਸ਼ਰ ਨੂੰ ਅਪੰਗ ਨਾ ਕੀਤਾ ਜਾਵੇ। ਪਰਮੇਸ਼ਰ ਨੂੰ ਆਪਣੇ ਲੰਗੜੇ ਗਿਆਨ ਕਾਰਣ ਲੂਲ੍ਹਾ, ਪਿੰਗੁਲਾ ਨਾ ਬਣਾਓ। ਹੋਰ ਕਿਸੇ ਦਾ ਲਿਹਾਜ਼ ਨਹੀਂ ਕਰ ਸਕਦੇ, ਤਾਂ ਆਪਣੇ ਪਿਤਾ ਪਰਮੇਸ਼ਰ ਦਾ ਲਿਹਾਜ਼ ਤਾਂ ਜ਼ਰੂਰ ਕਰੋ- ‘‘ਜਿਨਿ ਕਨ ਕੀਤੇ; ਅਖੀ ਨਾਕੁ ॥  ਜਿਨਿ ਜਿਹਵਾ ਦਿਤੀ; ਬੋਲੇ ਤਾਤੁ ॥’’ (ਧਨਾਸਰੀ, ਮ: ੧, ਅੰਗ ੬੬੨) ਉਸ ਨੇ ਤੁਹਾਨੂੰ ਪਰਿਪੂਰਨ ਰੂਪ ਦਿੱਤਾ, ਤੁਸੀਂ ਉਸੇ ਨੂੰ ਅਪੂਰਨ ਕਰਣ ਵੱਲ ਵਧ ਰਹੇ ਹੋ।

ਜੀਵਣ ਮੁਕਤਿ ਕਰੈ ਉਡੀਣਾ

0

 ਜੀਵਣ ਮੁਕਤਿ ਕਰੈ ਉਡੀਣਾ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੁਕੇਸ਼ਨ)

ਜਦੋਂ ਕਿਸੇ ਮਨੁੱਖ ’ਤੇ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਤਾਂ ਉਸ ਨੂੰ ਗੁਰੂ ਸਤਿਗੁਰੂ ਦਾ ਮਿਲਾਪ ਕਰਵਾ ਦਿੰਦਾ ਹੈ ਅਤੇ ਸਤਿਗੁਰੂ; ਮਨੁੱਖ ਦੇ ਸੁੱਤੇ ਮਨ ਨੂੰ ਜਾਗ੍ਰਤ ਕਰਨ ਲਈ ‘‘ਜਾਗੁ ਰੇ ਮਨਜਾਗਨਹਾਰੇ ਬਿਨੁ ਹਰਿ ਅਵਰੁ ਆਵਸਿ ਕਾਮਾ, ਝੂਠਾ ਮੋਹੁ ਮਿਥਿਆ ਪਸਾਰੇ’’ (ਮ: ੫/੩੮੭) ਜਾਂ ‘‘ਕਬੀਰ ! ਸੂਤਾ ਕਿਆ ਕਰਹਿਬੈਠਾ ਰਹੁ ਅਰੁ ਜਾਗੁ ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗਿ ਲਾਗੁ’’ (੧੩੭੧) ਦਾ ਹੋਕਾ ਦੇ ਕੇ ਇਸ ਨੂੰ ਅਵਿਦਿਆ ਦੀ ਨੀਂਦਰ ਤੋਂ ਜਗਾਂਦੇ ਹਨ।  ਜਾਗ੍ਰਤ ਮਨੁੱਖ ਜਦੋਂ ਬੰਧਨ ਮੁਕਤ ਹੋਣ ਲਈ ਤੱਤਪਰ ਹੁੰਦਾ ਹੈ ਤਦ ਉਸ ਦੇ ਮਨ ’ਚ ਖ਼ਿਆਲ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਇਹ ਜਾਣਿਆ ਜਾਏ ਕਿ ਬੰਧਨ ਕਿਹੜੇ-ਕਿਹੜੇ ਹਨ  ? ਕਿਉਂਕਿ ਬੰਧਨ ਦਾ ਗਿਆਨ ਨਾ ਹੋਣਾ ਹੀ ਬੰਧਨ ਵਿੱਚ ਪੈਣ ਦਾ ਕਾਰਨ ਹੈ। ਕਦੇ ਕਿਸੇ ਤੋਤੇ ਨੂੰ ਪਿੰਜਰੇ ਤੋਂ ਬਾਹਰ ਕੱਢਣ ਦਾ ਯਤਨ ਕਰੋ ਤਾਂ ਉਹ ਤੁਹਾਡੇ ਹੱਥ ਆਪਣੀਆਂ ਨੌਹਦਰਾਂ ਨਾਲ ਲਹੂ ਲੁਹਾਨ ਕਰ ਦੇਵੇਗਾ। ਬਾਂਦਰ ਨੂੰ ਬੰਧਨ ਦਾ ਗਿਆਨ ਨਾ ਹੋਣ ਕਾਰਨ ਹੀ ਉਹ ਮਦਾਰੀ ਦੇ ਕਾਬੂ ਆ ਕੇ ਘਰ-ਘਰ ਤਮਾਸ਼ਾ ਕਰਦਾ ਅਤੇ ਨਾਚ ਕਰਦਾ ਹੈ। ਗੁਰੂ ਫ਼ੁਰਮਾਨ ਹਨ ‘‘ਮਰਕਟ ਮੁਸਟੀ ਅਨਾਜ ਕੀ, ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ  ਛੂਟਨ ਕੋ ਸਹਸਾ ਪਰਿਆ, ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ’’ (੩੩੬) ਮਨੁੱਖ ਨੂੰ ਅਗਿਆਨਤਾ ਦੀ ਨੀਂਦ ’ਚੋਂ ਜਗਾਉਂਦਿਆਂ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਿੱਖ ਨੂੰ ਬੰਧਨਾਂ ਦਾ ਗਿਆਨ ਦਿੱਤਾ ‘‘ਹਉ ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲੀਐ ਇਹ ਜੁਗਤਾ (ਮ: ੫/੬੪੨), ਬੰਧਨ ਸਉਦਾ ਅਣਵੀਚਾਰੀ॥  (ਮ: ੧/੪੧੬), ਜੋ ਜੋ ਕਰਮ ਕੀਓ ਲਾਲਚ ਲਗਿ, ਤਿਹ ਤਿਹ ਆਪੁ ਬੰਧਾਇਓ (ਮ: ੯/੭0੨), ਨਾਨਕ ! ਅਉਗੁਣ ਜੇਤੜੇ, ਤੇਤੇ ਗਲੀ ਜੰਜੀਰ  (ਮ: ੧/੫੯੫), ਲਬੁ ਅਧੇਰਾ ਬੰਦੀਖਾਨਾ, ਅਉਗਣ ਪੈਰਿ ਲੁਹਾਰੀ’’ (ਮ: ੧/੧੧੯੧), ਆਦਿ। ਅਸੀਂ ਸਤਿਗੁਰੂ ਜੀ ਨੂੰ ਨਮਸਕਾਰ ਹੀ ਇਸ ਲਈ ਕਰਦੇ ਹਾਂ ਕਿ ਸਾਨੂੰ ਭਰੋਸਾ ਹੈ ਕਿ ‘‘ਬੰਧਨ ਕਾਟਨਹਾਰ ਸੁਆਮੀ ਜਨ ਨਾਨਕੁ ਸਿਮਰੈ ਅੰਤਰਜਾਮੀ (ਮ: ੫/੬੮੪), ਕਹੁ ਨਾਨਕ ! ਗੁਰਿ ਬੰਧਨ ਕਾਟੇ, ਬਿਛੁਰਤ ਆਨਿ ਮਿਲਾਇਆ’’ (ਮ: ੫/੧੨੧੮)

ਉਪਰੋਕਤ ਤਾਂ ਸਾਡੇ ਨਿਜੀ ਜੀਵਨ ਦੇ ਬੰਧਨਾਂ ਦੀ ਵੀਚਾਰ ਹੈ ਪਰ ਇਸ ਦੇ ਨਾਲ ਹੀ ਜ਼ਬਰ ਜ਼ੁਲਮ ਅਤੇ ਰਾਜ ਦੇ ਨਸ਼ੇ ਵਿੱਚ ਮੱਤੇ ਲੋਕਾਂ ਦੀ ਗੁਲਾਮੀ ਦੇ ਬੰਧਨ ਵਿੱਚ ਵੀ ਕੌਮਾਂ ਜਕੜੀਆਂ ਜਾਂਦੀਆਂ ਹਨ। ਕੋਈ ਰੱਬੀ ਰੂਪ ਰਹਿਬਰ ਹੀ ਇਸ ਗੁਲਾਮੀ ਦੇ ਕੈਦਖ਼ਾਨੇ ’ਚੋਂ ਮੁਕਤ ਕਰ ਸਕਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ, ਖ਼ਾਸ ਕਰਕੇ ਭਾਰਤ ਵਰਸ਼ ਦੇ ਲੋਕਾਂ ਦੀ ਆਤਮਿਕ, ਰਾਜਨੀਤੀ, ਸਮਾਜਿਕ ਤੇ ਧਾਰਮਿਕ ਦਸ਼ਾ ਨੇੜਿਓਂ ਵੇਖੀ ਉਨ੍ਹਾਂ ਨੇ ਕੌਮ ਦੇ ਪਤਨ ਦਾ ਪੂਰਾ ਅਨੁਮਾਨ ਲਾਇਆ, ਰਾਜਿਆਂ, ਪਰਜਾ, ਬ੍ਰਾਹਮਣਾ, ਖਤਰੀਆਂ, ਜੋਗੀਆਂ, ਜੈਨੀਆਂ, ਮੁਸਲਮਾਨਾਂ ਦੀ ਹਾਲਾਤ ਨੂੰ ਧਿਆਨ ਗੋਚਰੇ ਕੀਤਾ।  ਹਾਕਮ ਅਤੇ ਗੁਲਾਮ; ਦੋਹਾਂ ਦੀ ਦਸ਼ਾ ਵੇਖੀ ਕਿ ਕਿਵੇਂ ਜ਼ਮੀਰ, ਕੌਮੀ ਗ਼ੈਰਤ, ਸਵੈਮਾਣ, ਸ਼ਰਮ ਧਰਮ ਸਭ ਕੁਝ ਅਲੋਪ ਹੋ ਗਿਆ, ‘‘ਥਾਨਸਟ ਜਗ ਭਰਿਸਟ ਹੋਏ, ਡੂਬਤਾ ਇਵ ਜਗੁ’’ (ਮ: ੧/੬੬੨)

ਧਾਰਮਿਕ ਸਥਾਨਾਂ ਦੀ ਦਸ਼ਾ ਵੇਖੀ, ਉਨ੍ਹਾਂ ਨੇ ਜੋ ਸਿੱਟੇ ਕੱਢੇ ਉਹ ਖ਼ਿਆਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ; ਜਿਵੇਂ ਸਿਆਸਤਦਾਨਾਂ ਬਾਰੇ:  ‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ’’ (ਮ: ੧/੪੬੮), ਪਰਜਾ ਬਾਰੇ : ‘‘ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ’’ (ਮ: ੧/੧੪੨), ਧਾਰਮਿਕ ਪੰਡਿਤਾਂ ਬਾਰੇ: ‘‘ਕਾਦੀ ਕੂੜੁ ਬੋਲਿ, ਮਲੁ ਖਾਇ ਬ੍ਰਾਹਮਣੁ ਨਾਵੈ, ਜੀਆ ਘਾਇ ਜੋਗੀ ਜੁਗਤਿ ਜਾਣੈ ਅੰਧੁ ਤੀਨੇ, ਓਜਾੜੇ ਦਾ ਬੰਧੁ (ਮ: ੧/੬੬੨), ਖਤ੍ਰੀਆ ਤਾ ਧਰਮੁ ਛੋਡਿਆ, ਮਲੇਛ ਭਾਖਿਆ ਗਹੀ ਸ੍ਰਿਸਟਿ ਸਭ ਇਕ ਵਰਨ ਹੋਈ, ਧਰਮ ਕੀ ਮਤਿ ਰਹੀ (ਮ: ੧/੬੬੩), ਜੋਗੁ ਪਾਇਆ, ਜੁਗਤਿ ਗਵਾਈ ਕਿਤੁ ਕਾਰਣਿ ਸਿਰਿ ਛਾਈ ਪਾਈ (ਮ: ੧/੯੫੧), ਮੂਰਖਿ ਅੰਧੈ ਪਤਿ ਗਵਾਈ (ਮ: ੧/੪੬੭), ਸਿਰੁ ਖੋਹਾਇ ਪੀਅਹਿ ਮਲ ਵਾਣੀ, ਜੂਠਾ ਮੰਗਿ ਮੰਗਿ ਖਾਹੀ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ, ਪਾਣੀ ਦੇਖਿ ਸਗਾਹੀ’’ (ਮ: ੧/੧੪੯)

ਕੌਮੀ ਗਿਰਾਵਟ ਜਾਂ ਗੁਲਾਮੀ ਨੂੰ ਇਸ ਪੱਧਰ ’ਤੇ ਦਰਜ ਕੀਤਾ ਕਿ ‘‘ਗਊ ਬਿਰਾਹਮਣ ਕਉ ਕਰੁ ਲਾਵਹੁ, ਗੋਬਰਿ ਤਰਣੁ ਜਾਈ ਧੋਤੀ ਟਿਕਾ ਤੈ ਜਪਮਾਲੀ, ਧਾਨੁ ਮਲੇਛਾਂ ਖਾਈ ਅੰਤਰਿ ਪੂਜਾ ਪੜਹਿ ਕਤੇਬਾ, ਸੰਜਮ ਤੁਰਕਾ ਭਾਈ (ਮ: ੧/੪੭੧), ਸਰਮ ਧਰਮ ਕਾ ਡੇਰਾ ਦੂਰਿ ਨਾਨਕ ! ਕੂੜੁ ਰਹਿਆ ਭਰਪੂਰਿ (ਮ: ੧/੪੭੧), ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੈੜ ਸੈਤਾਨੁ ਵੇ ਲਾਲੋ !’’ (ਮ: ੧/੭੨੨), ਇਨ੍ਹਾਂ ਬਚਨਾਂ ਰਾਹੀਂ ਸਤਿਗੁਰੂ ਜੀ ਨੇ ਤ੍ਰਾਸਦੀ ਭਰੀ ਤਰਸਯੋਗ ਦਸ਼ਾ ਨੂੰ ਬਿਆਨ ਕੀਤਾ ਕਿ ਭਾਰਤ ਵਾਸੀ ਆਪਣੀ ਆਤਮਿਕ ਉੱਚਤਾ, ਪਵਿੱਤਰਤਾ, ਆਚਰਨ ਦਾ ਜ਼ਬਤ, ਨਿਰਭੈਤਾ, ਸਭਿਆਚਾਰ ਦਾ ਮਾਣ ਤੇ ਆਪਣੀ ਆਜ਼ਾਦ-ਸੁਤੰਤਰ ਹਸਤੀ ਦਾ ਬਲ ਤੇ ਸੂਝ ਗਵਾ ਬੈਠੇ ਹਨ, ਉਹ ਸਰੀਰਕ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਪਰ-ਅਧੀਨਤਾ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਹਾਕਮ ਸ਼੍ਰੇਣੀ ਰਾਜ ਮੱਦ ਵਿੱਚ ਗ਼ਲਤਾਨ ਸੀ।  ਪੜ੍ਹੇ ਲਿਖੇ ਖੁਸ਼ਾਮਦੀ ਧਾਰਮਿਕ ਆਗੂ ਆਦਿ ਉਨ੍ਹਾਂ ਨਾਲ ਰਲ਼ ਕੇ ‘‘ਹਰਣਾਂ ਬਾਜਾਂ ਤੈ ਸਿਕਦਾਰਾਂ, ਏਨ੍ਹਾ ਪੜ੍ਹਿਆ ਨਾਉ॥’’ (ਮ: ੧/੧੨੮੮) ਦਾ ਸੁੱਖ ਐਸ਼ੋ ਆਰਾਮ ਮਾਣ ਰਹੇ ਸਨ, ਪਰਜਾ ਆਤਮਿਕ ਤੇ ਆਚਰਨਕ ਤੌਰ ’ਤੇ ਐਸੀ ਨਿਰਬਲ ਹੋ ਚੁੱਕੀ ਸੀ ਕਿ ਉਹ ਜੁਲਮ ਤੇ ਜਾਲਮ ਵਿਰੁਧ ਆਵਾਜ਼ ਨਹੀਂ ਉੱਠਾ ਸਕਦੀ ਸੀ। ਇਸ ਤਰ੍ਹਾਂ ਇੱਥੋਂ ਦੇ ਵਾਸ਼ੀ ਸ਼ਰਮ ਧਰਮ ਨੂੰ ਤਿਲਾਂਜਲੀ ਦੇ ਕੇ ਹਾਕਮ ਸ਼੍ਰੇਣੀ ਨਾਲ ਮਿਲ ਕੇ ਸਤਾਇਆਂ ਹੋਇਆਂ ਨੂੰ ਹੋਰ ਸਤਾਉਣ ’ਤੇ ਲੱਗੇ ਪਏ ਸਨ। ਮਾਨਸਿਕ, ਰਾਜਨੀਤਕ ਭੈ ਨੇ ਸਾਰੀ ਲਾਕਈ ਨੂੰ ਮੁਰਦਾ ਕਰ ਦਿੱਤਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਬਚਨ ਰੂਪ ਤੀਰ ਨਾਲ ਮਨੁੱਖੀ ਹਿਰਦਿਆਂ ਨੂੰ ਟੁੰਬਿਆ, ਜ਼ਾਲਮ ਦੇ ਜ਼ੁਲਮ ਵਿਰੁਧ ਲੋਕਾਂ ਨੂੰ ਲਾਮ-ਬੰਦ ਕਰਨ ਦਾ ਉਪਰਾਲਾ ਕੀਤਾ ਉਹ ਬਾਬਰ ਦੀ ਜੇਲ੍ਹ ਵਿੱਚ ਬਾਬਰ ਸਾਹਮਣੇ ਗਏ, ਮਲਕ ਭਾਗੋ ਸਾਹਮਣੇ ਦ੍ਰਿੜ੍ਹਤਾ ਨਾਲ ਆਪਣੇ ਵੀਚਾਰ ਰੱਖੇ ਭਾਵ ਜ਼ਾਲਮ ਦੇ ਫੋਕੇ ਧਰਮ ਦੇ ਪਾਜ ਉਘਾੜੇ। ਨਿਰਭੈਤਾ ਤੇ ਆਤਮਿਕ ਉੱਚਤਾ ਦਾ ਉਤਸਾਹ ਕੌਮੀ ਪੱਧਰ ’ਤੇ ਆਉਣ ਲੱਗਾ। ਗੁਰੂ ਅੰਗਦ ਦੇਵ ਜੀ ਹਮਾਯੂੰ ਸਾਹਮਣੇ ਡਟ ਗਏ, ਗੁਰੂ ਅਮਰਦਾਸ ਜੀ; ਅਕਬਰ ਦੇ ਤੇਜ ਪ੍ਰਤਾਪ ਤੋਂ ਪ੍ਰਭਾਵਤ ਨਾ ਹੋਏ, ਗੁਰੂ ਰਾਮਦਾਸ ਜੀ ਨੇ ਅਕਬਰ ਦੇ ਦਰਬਾਰ ਵਿੱਚ ਇਹ ਸਾਬਤ ਕਰ ਦਿੱਤਾ ਕਿ ਆਚਰਣਹੀਣ ਧਾਰਮਿਕ ਆਗੂ ਅਕਲੋਂ ਵੀ ਖ਼ਾਲੀ ਹੁੰਦੇ ਹਨ, ਪੰਜਵੇਂ ਗੁਰਦੇਵ ਜੀ ਨੇ ਹਾਕਮ ਕੱਟੜ ਧਰਮੀ ਲੋਕਾਂ ਦੀ ਮਰਜ਼ੀ ਵਿਰੁਧ ਜਾ ਕੇ ਆਪਣੀ ਸ਼ਹਾਦਤ ਦੇ ਕੇ ਮਾਨਵਤਾ ਅਤੇ ਸਿੱਖ ਕੌਮ ਅੰਦਰ ਨਵੀਂ ਰੂਹ ਭਰ ਦਿੱਤੀ, ਜਿਸ ਦੇ ਸਦਕਾ ‘‘ਛਠਮੁ ਪੀਰੁ ਬੈਠਾ ਗੁਰੁ ਭਾਰੀ’’ (ਵਾਰ ੧/੪੮) ਦੇ ਸ਼ਾਖਸ਼ਾਤ ਦਰਸ਼ਨ ਲੋਕਾਈ ਨੂੰ ਪ੍ਰਾਪਤ ਹੋਏ, ਜਿਸ ਨੇ ਅਕਾਲ ਬੁੰਗਾ ਸਥਾਪਤ ਕਰਕੇ ਜ਼ਾਲਮ ਰਾਜ ਸ਼ਕਤੀ ਵਿਰੁਧ ਆਪਣਾ ਰਾਜ ਤਖ਼ਤ ਹੀ ਕਾਇਮ ਕਰ ਲਿਆ। ਮੀਰੀ-ਪੀਰੀ ਭਾਵ ਭਗਤੀ-ਸ਼ਕਤੀ, ਦੇਗ਼ ਤੇਗ਼ ਦੀ ਫ਼ਤਿਹ ਲਈ ਆਪ ਜੀ ਨੇ ਸਿੱਖਾਂ ਨੂੰ ਗੁਰੂ ਦਰਬਾਰ ਵਿੱਚ ਚੰਗੇ ਘੋੜ ਸਵਾਰ, ਆਪਣੀਆਂ ਜਵਾਨੀਆਂ ਤੇ ਵਧੀਆ ਸ਼ਸਤ੍ਰ ਭੇਟ ਕਰਨ ਲਈ ਹੁਕਮ ਕੀਤਾ, ਜਿਸ ਨੂੰ ਕੌਮ ਨੇ ਅਕਾਲੀ ਹੁਕਮ ਮੰਨ ਸਿਰ ਮੱਥੇ ਸਵੀਕਾਰਿਆ, ਪਰ ‘‘ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ’’ (੬੪੬); ਸਮੇਂ ਦੇ ਹਾਕਮ ਇਹ ਸਭ ਕਿਵੇਂ ਬਰਦਾਸਤ ਕਰਦੇ। ਜਹਾਂਗੀਰ ਨੇ ਜੁਲਾਈ ੧੬੧੧ ਵਿੱਚ ਮੁਰਤਜ਼ਾ ਖਾਂ (ਸ਼ੇਖ ਫ਼ਰੀਦ ਬੁਖਾਰੀ), ਜੋ ਅਤਿ ਦਾ ਜ਼ਾਲਮ ਕੱਟੜ ਜ਼ਨੂਨੀ ਅਧਰਮੀ ਸੀ, ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ, ਉਹ ਪਹਿਲਾਂ ਵੀ ੧੬0੮ ਤੱਕ ਇਸ ਪਦਵੀ ’ਤੇ ਰਹਿ ਚੁੱਕਾ ਸੀ ਉਸ ਨੇ ਸੂਹੀਏ ਭੇਜ ਕੇ ਗੁਰੂ ਕੇ ਚੱਕ ਅੰਮ੍ਰਿਤਸਰ ਦੀਆਂ ਸਰਗਰਮੀਆਂ ’ਤੇ ਡੂੰਘੀ ਨਜ਼ਰਸਾਨੀ ਸ਼ੁਰੂ ਕਰ ਦਿੱਤੀ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਾਰਨ ਉਹ ਸਿੱਖਾਂ, ਉਦਾਰਚਿਤ ਮੁਸਲਮਾਨ ਤੇ ਧਰਮੀ ਲੋਕਾਂ ਵਿੱਚ ਪਹਿਲਾਂ ਹੀ ਬਦਨਾਮ ਸੀ। ਇਸ ਲਈ ਉਸ ਨੇ ਆਪ ਸਿੱਧੀ ਕਾਰਵਾਈ ਕਰਨ ਦੀ ਥਾਂ ਝੂਠ ਦਾ ਪੁਲੰਦਾ ਤਿਆਰ ਕਰਕੇ ਸਾਰੀ ਰਿਪੋਰਟ ਜਹਾਂਗੀਰ ਨੂੰ ਭੇਜ ਦਿੱਤੀ, ਫਿਰ ਸੰਮਨ ਜਾਰੀ ਕਰ ਕੇ ਜਹਾਂਗੀਰ ਨੇ ਛੇਵੇਂ ਪਾਤਿਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ, ਇਹ ਉਹ ਕਿਲ੍ਹਾ ਸੀ ਜਿੱਥੇ ਰਾਜਸੀ ਕੈਦੀ ਹੀ ਰੱਖੇ ਜਾਂਦੇ ਸਨ, ਜਿਨ੍ਹਾਂ ਨੂੰ ਹੌਲ਼ੀ ਹੌਲ਼ੀ ਜ਼ਹਿਰ ਦੇ ਕੇ ਖ਼ਤਮ ਕਰ ਦਿੱਤਾ ਜਾਂਦਾ ਸੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸਮੇਂ ਨੂੰ ਸੰਭਾਲਿਆ ਤਾਂ ਜੋ ਇਸ ਸਮੇਂ ਸਿੱਖੀ ਕਿਤੇ ਮੀਣਿਆਂ ਵੱਲ ਹੀ ਨਾ ਝੁੱਕ ਜਾਏ, ਸੋ ਉਨ੍ਹਾਂ ਧਰਮ ਪ੍ਰਚਾਰ ਦਾ ਮਹਾਨ ਕਾਰਜ ਆਪਣੇ ਹੱਥ ਲਿਆ ਚੌਂਕੀਆਂ ਕੱਢਣ ਦੀ ਪਰੰਪਰਾ ਕਾਇਮ ਕੀਤੀ। ਇਸ ਮਰਯਾਦਾ ਦਾ ਭਾਵ ਹੀ ਰੋਸ ਮਾਰਚ ਜਾਂ ਰੋਸ ਜਲੂਸ ਸੀ। ਚੌਂਕੀਆਂ ਬਣਾ ਕੇ ਪੰਜਾਬ ਦੇ ਪਿੰਡਾਂ ਵਿੱਚ ਭੇਜੀਆਂ, ਜੋ ਗਤੀ ਸਮੇਂ ਕੇਵਲ ਸ਼ਬਦ ਕੀਰਤਨ ਵਾਰਾਂ ਪੜ੍ਹ ਕੇ ਲੋਕਾਂ ਸੰਗਤਾਂ ਨੂੰ ਜਾਗ੍ਰਤ ਕਰਦੇ, ਇਸ ਤਰ੍ਹਾਂ ਪੂਰੇ ਪੰਜਾਬ ਅੰਦਰ ਗੁਰੂ ਜੀ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਫੈਲ ਗਿਆ। ਹਰਿਮੰਦਰ ਸਾਹਿਬ ਵਿੱਖੇ ਬਾਬਾ ਬੁੱਢਾ ਜੀ ਆਪ ਚੌਂਕੀ ਕੱਢਦੇ ਇਸ ਤਰ੍ਹਾਂ ਗੁਰੂ ਘਰ ਦਾ ਪੈਗ਼ਾਮ ਘਰ-ਘਰ ਪੁੱਜ ਗਿਆ। ਪੂਰੇ ਪੰਜਾਬ ਵਿੱਚ ਇੱਕ ਜੋਸ਼ੀਲਾ ਵਾਤਾਵਰਨ ਬਣ ਗਿਆ। ਸਿੱਖਾਂ ਵਿੱਚ ਗੁਰੂ ਮਿਲਾਪ ਲਈ ਉਤਸ਼ਾਹ ਕਾਇਮ ਹੋ ਗਿਆ। ਇੱਕ ਇੱਕ ਚੌਂਕੀ ਅਣਦਿੱਸੇ ਇਨਕਲਾਬ ਦਾ ਚਿੰਨ੍ਹ ਸੀ। ਸੰਨ ੧੬੧੮ ਵਿੱਚ ਜ਼ਾਲਮ ਮੁਰਤਜ਼ਾ ਖਾਂ ਦੀ ਮੌਤ ਹੋ ਗਈ। ਗੁਰੂ ਜੀ ਦੇ ਹੱਕ ਵਿੱਚ ਬਣਿਆ ਮਾਹੌਲ ਵੇਖਦਿਆਂ ਛੇਵੇਂ ਪਾਤਿਸ਼ਾਹ ਜੀ ਨੂੰ ਰਿਹਾ ਕਰਨ ਲਈ ਹੁਕਮ ਕਰ ਦਿੱਤਾ ਗਿਆ, ਪਰ ਗੁਰੂ ਜੀ ਨੇ ਸ਼ਰਤ ਰੱਖੀ ਕਿ ਮੈਂ ਤਦ ਹੀ ਕਿਲ੍ਹੇ ਜਾਂ ਕੈਦ ’ਚੋਂ ਬਾਹਰ ਜਾਵਾਂਗਾ ਜਦੋਂ ਸਾਰੇ ਕੈਦੀ ਰਿਹਾ ਕਰ ਦਿੱਤੇ ਜਾਣਗੇ। ਬਾਦਸ਼ਾਹ ਨੇ ਗੁਰੂ ਜੀ ਦਾ ਇਮਤਿਹਾਨ ਲੈਣ ਲਈ ਕਹਿ ਦਿੱਤਾ ਕਿ ਜਿੰਨੇ ਕੈਦੀ ਤੁਹਾਡੇ ਚੋਲ਼ੇ ਦੀਆਂ ਤਣੀਆਂ (ਕਲੀਆਂ) ਪਕੜ ਕੇ ਬਾਹਰ ਜਾ ਸਕਦੇ ਹਨ, ਉਹ ਰਿਹਾ ਹੋ ਜਾਣਗੇ ਪਰ ਕੈਦੀ ਰਾਜੇ ਤਾਂ ਗਿਣਤੀ ਵਿੱਚ ੫੨ ਸਨ। ਕੁਝ ਇਤਿਹਾਸਕਾਰ ੧੦੧ ਵੀ ਲਿਖਦੇ ਹਨ, ਜੋ ਸਾਰੇ ਹੀ ਹਿੰਦੂ ਸਨ। ਇਸ ਲਈ ਰੱਬੀ ਰੂਪ ‘‘ਅਰਜਨ ਕਾਇਆ ਪਲਟਿ ਕੈ, ਮੂਰਤਿ ਹਰਗੋਬਿੰਦ ਸਵਾਰੀ’’ (ਵਾਰ ੧/੪੮) ਨੇ ਓਨੀਆਂ ਕਲੀਆਂ ਦਾ ਚੋਲ਼ਾ ਪਹਿਨ ਕੇ ਕੈਦੀ ਰਾਜਿਆਂ ਨੂੰ ਮੁਕਤ ਕਰਾ ਦਿੱਤਾ। ਉਸ ਦਿਨ ਤੋਂ ਛੇਵੇਂ ਗੁਰੂ ਜੀ ਨੂੰ ਬੰਦੀ ਛੋੜ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਅਤੇ ਰਾਜਿਆਂ ਦੀ ਰਿਹਾਈ ੨੬ ਅਕਤੂਬਰ ੧੬੧੯ ਨੂੰ ਹੋਈ। ਅਜਿਹੇ ਗੁਰੂ ਸਤਿਗੁਰੂ ਜੀ ਦੀ ਵਡਿਆਈ ਕਰਦਿਆਂ ਭਾਈ ਗੁਰਦਾਸ ਜੀ ਨੇ ਇਹ ਬਚਨ ਅੰਕਿਤ ਕੀਤੇ ਹਨ:- ‘‘ਸਤਿਗੁਰ ਪਾਰਸਿ ਪਰਸਿਐ, ਕੰਚਨੁ ਕਰੈ ਮਨੂਰ ਮਲੀਣਾ ਸਤਿਗੁਰ ਬਾਵਨੁ ਚੰਦਨੋ, ਵਾਸੁ ਸੁਵਾਸੁ ਕਰੈ ਲਾਖੀਣਾ ਸਤਿਗੁਰ ਪੂਰਾ ਪਾਰਿਜਾਤੁ, ਸਿੰਮਲੁ ਸਫਲੁ ਕਰੈ ਸੰਗਿ ਲੀਣਾ ਮਾਨ ਸਰੋਵਰੁ ਸਤਿਗੁਰੂ, ਕਾਗਹੁ ਹੰਸ ਜਲਹੁ ਦੁਧੁ ਪੀਣਾ ਗੁਰ ਤੀਰਥੁ ਦਰੀਆਉ ਹੈ, ਪਸੂ ਪਰੇਤ ਕਰੈ ਪਰਬੀਣਾ ਸਤਿਗੁਰੁ ਬੰਦੀਛੋੜੁ ਹੈ, ਜੀਵਣ ਮੁਕਤਿ ਕਰੈ ਓਡੀਣਾ ਗੁਰਮੁਖਿ ਮਨ ਅਪਤੀਜੁ ਪਤੀਣਾ0 (ਵਾਰ ੨੬)

ਗੁਰੂ ਨਿਰਭੈਤਾ ਦਾ ਇਹ ਸਿਲਸਿਲਾ ਦਸਮੇਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ। ਇਸ ਲਈ ਗੁਰਮਤਿ ਵਿੱਚ ਮੀਰੀ ਅਤੇ ਪੀਰੀ ਸ਼ਕਤੀਆਂ ਨੂੰ ਸਮਾਨੰਤਰ ਰੱਖਿਆ ਗਿਆ ਹੈ।  ਕੇਵਲ ਪੀਰੀ ਨਾਲ ਸੰਬੰਧਿਤ ਕਿੰਨੇ ਵੀ ਅੰਮ੍ਰਿਤਮਈ ਉਪਦੇਸ਼ ਹੋਣ, ਵਕਤ ਦੀਆਂ ਸਰਕਾਰਾਂ ਉਨ੍ਹਾਂ ਦੇ ਬੋਲਣ ’ਤੇ ਪਾਬੰਦੀ ਲਾ ਦਿੰਦੀਆਂ ਹਨ। ਕੇਵਲ ਪੀਰੀ ਤੱਕ ਸੀਮਤ ਗੁਰੂ; ਵਕਤ ਦੀਆਂ ਸਰਕਾਰਾਂ ਨਾਲ ਤਾਲਮੇਲ ਰੱਖਦੇ ਹੋਏ ਆਪਣੀ ਪ੍ਰਭੁਤਾ ਬਚਾਉਂਦੇ ਹਨ। ਅਜਿਹੀ ਪੀਰੀ ਕਦੇ ਪ੍ਰਫੁਲਿਤ ਨਹੀਂ ਹੋ ਸਕਦੀ।  ਦੂਸਰੇ ਪਾਸੇ ਨਿਰੀ ਮੀਰੀ (ਬਾਦਸ਼ਾਹੀ) ਵੀ ਹਾਕਮ ਨੂੰ ਨਿਰਦਈ, ਜ਼ਾਲਮ ਬਣਾ ਦਿੰਦੀ ਹੈ। 

ਮੀਰੀ-ਪੀਰੀ ਦੋਵੇਂ ਗੁਣਾਂ ਦੇ ਧਨੀ ਸਤਿਗੁਰੂ ਹੀ ਰੱਬ ਵਾਙ ਨਿਰਭੈ ਜੋਧੇ ਬਣ ਕੇ ਮਾਨਵਤਾ ਦੇ ਪਿਆਰੇ, ਹਮਦਰਦ, ਰੱਖਿਅਕ ਅਤੇ ਅਸਲ ਮਾਲਕ ਨਾਲ ਸੰਬੰਧ ਸਥਾਪਿਤ ਕਰਵਾਉਣ ਵਾਲੇ ਹੁੰਦੇ ਹਨ ਭਾਵੇਂ ਕਿ ਇਸ ਬਦਲੇ ਖ਼ੁਦ ਸ਼ਹਾਦਤਾਂ ਦੇਣੀਆਂ ਪੈਣ। ਗੁਰੂ ਨਾਨਕ ਜੋਤਿ ’ਤੇ ਵਿਰਾਜਮਾਨ ਹਰ ਗੁਰੂ ਸਾਹਿਬਾਨ ਵਾਙ ਗੁਰੂ ਗੋਬਿੰਦ ਸਿੰਘ ਜੀ ਵਰਗੇ ਜੋਧੇ ਨੂੰ ਹੀ ਸਦਾ ਸਰਬੰਸ ਦਾਨੀ ਵਜੋਂ ਯਾਦ ਕਰੀਦਾ ਹੈ, ਜੋ ਸਦੀਆਂ ਤੋਂ ਗ਼ੁਲਾਮੀ ਦੀਆਂ ਜਨਤਾ ਗਲ਼ ਪਈਆਂ ਜ਼ੰਜੀਰਾਂ ਨੂੰ ਲਾਹੁਣ ਵਾਲ਼ੇ ਰੱਬ ਦੇ ਪਿਆਰੇ, ਨਿਡਰ, ਬੇਮੁਥਾਜ ਸਤਿਗੁਰੂ ਹਨ, ਜਿਨ੍ਹਾਂ ਨੂੰ ‘‘ਸਤਿਗੁਰੁ ਬੰਦੀਛੋੜੁ ਹੈ, ਜੀਵਣ ਮੁਕਤਿ ਕਰੈ ਓਡੀਣਾ’’ ਸ਼ਬਦਾਂ ਰਾਹੀਂ ਮਹਾਨਤਾ ਮਿਲਦੀ ਰਹੇਗੀ।

ਨਾਮ ਜਪੋ, ਕਿਰਤ ਕਰੋ, ਵੰਡ ਛਕੋ ਅਤੇ ਅਜੋਕੇ ਪੰਥਕ ਹਾਲਾਤ

0

ਨਾਮ ਜਪੋ, ਕਿਰਤ ਕਰੋ, ਵੰਡ ਛਕੋ ਅਤੇ ਅਜੋਕੇ ਪੰਥਕ ਹਾਲਾਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਵਾਲੇ ਵਿਸ਼ੇ ਨੂੰ ਜੇਕਰ ਕੁੱਝ ਕੁ ਲਫ਼ਜ਼ਾਂ ’ਚ ਬਿਆਨਣਾ ਹੋਵੇ ਤਾਂ ਇਹ ਸਮਝਣਾ ਹੈ ਕਿ ‘ਨਾਮ’ ਦਾ ਹੀ ਸੰਪੂਰਣ ਸਰੂਪ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’। ਇਸ ਤਰ੍ਹਾਂ ਗੁਰਬਾਣੀ ਅਨੁਸਾਰ ‘ਨਾਮ ਜਪੋ’ ਦਾ ਅਰਥ ਹੈ-ਆਪਣੇ ਜੀਵਨ ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ ਅਨੁਸਾਰ ਤਿਆਰ ਕਰਨਾ – ਤਾਬਿਆ ਚਲਾਣਾ ਅਤੇ ਗੁਰਬਾਣੀ ਜੀਵਨ ਜਾਚ ਦਾ ਅਨੁਸਾਰੀ ਬਨਾਉਣਾ। ਇਸ ਤਰ੍ਹਾਂ ਜੇਕਰ ਜੀਵਨ ਦੀ ਇਹੋ ਜਿਹੀ ਉੱਚੀ – ਆਤਮਿਕ ਅਵਸਥਾ ਬਣ ਆਵੇ ਤਾਂ ਹੀ ਸਮਝ ਆ ਸਕੇਗਾ ਕਿ ‘ਕਿਰਤ ਕਰਨ’ ਦੇ ਕੀ ਅਰਥ ਹਨ ? ਉਸ ਤੋਂ ਪਹਿਲਾਂ ਨਹੀਂ। ਇਹ ਤਾਂ ਕੇਵਲ ਗੁਰਬਾਣੀ ਨੇ ਸਾਬਤ ਕਰਨਾ ਹੈ ਕਿ ਜੋ ਕੁੱਝ ਅਸੀਂ ਕਰ ਰਹੇ ਹਾਂ ਉਹ ‘ਕਿਰਤ’ ਹੈ ਵੀ ਜਾਂ ਨਹੀਂ।

ਇਸੇ ਤਰ੍ਹਾਂ ਜਦੋਂ ਸਾਡਾ ਜੀਵਨ ਰਾਹ ‘‘ਸਭ ਮਹਿ ਜੋਤਿ, ਜੋਤਿ ਹੈ ਸੋਇ ॥’’ (ਮ: ੧/੧੩) ਅਨੁਸਾਰ ਗੁਰਬਾਣੀ ਸਿਖਿਆ ਵਾਲਾ ਹੁੰਦਾ ਜਾਵੇਗਾ ਤਾਂ ਸਾਡਾ ਜੀਵਨ ਸੁਆਰਥੀ ਜਾਂ ਮਤਲਬੀ ਨਹੀਂ ਰਹੇਗਾ ਕਿਉਂਕਿ ਉਸ ਵੇਲੇ ਸੰਤੋਖ-ਪਰਉਪਕਾਰ ਸਾਡੇ ਜੀਵਨ ਦਾ ਹਿੱਸਾ ਹੋਣਗੇ, ਜਿਨ੍ਹਾਂ ਦਾ ਨਤੀਜਾ ‘ਵੰਡ ਛਕੋ’ ਵਾਲਾ ਰੱਬੀ ਉਤਸਾਹ ਸਾਡੇ ਜੀਵਨ ’ਚ ਆਪ ਮੁਹਾਰੇ ਪਨਪੇਗਾ। ਉਸ ਸਮੇਂ ‘ਵੰਡ ਛਕੋ’ ਦੇ ਵੀ ਸਾਡੇ ਕੋਲ ਦਾਨ-ਪੁੰਨ ਵਾਲੇ ਬਨਾਵਟੀ, ਪੁਰਾਤਨ, ਕੱਚੇ ਜਾਂ ਗੁਰਮਤਿ ਵਿਰੋਧੀ ਬ੍ਰਾਹਮਣੀ ਅਰਥ ਨਹੀਂ ਹੋਣਗੇ, ਇਸ ਤਰ੍ਹਾਂ ‘ਨਾਮ ਜਪੋ’ ਗੁਰਬਾਣੀ ਅਰਥਾਂ ਮੁਤਾਬਕ ਤਿਆਰ ਹੋਇਆ ਜੀਵਨ ਸਾਨੂੰ ‘ਕਿਰਤ ਕਰੋ’ ਅਤੇ ‘ਵੰਡ ਛਕੋ’ ਦੇ ਵੀ ਸਹੀ ਅਰਥ ਦੇ ਸਕੇਗਾ।

‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਭਿੰਨ ਭਿੰਨ ਨਹੀਂ – ਦਰਅਸਲ ਇਹ ਗੁਰਮਤਿ ਦੇ ਤਿੰਨ ਸਿਧਾਂਤ ਨਹੀਂ ਹਨ; ਜਿਵੇਂ ਕਿ ਆਪਣੀ ਨਾਸਮਝੀ ਕਾਰਨ ਅੱਜ ਅਸੀਂ ਬਣਾਈ ਬੈਠੇ ਹਾਂ। ਅੱਜ ਗੁਰਬਾਣੀ ਜੀਵਨ ਬਾਰੇ ਸਾਡੀ ਬਣ ਚੁੱਕੀ ਦੂਰੀ ਦਾ ਹੀ ਨਤੀਜਾ ਹੈ ਕਿ ਗੁਰਦੇਵ ਰਾਹੀਂ ਇਸ ਮਹਾਨ ਸਿਧਾਂਤਕ ਦੇਣ ਤੋਂ ਨਾ ਤਾਂ ਅਸੀਂ ਕੁੱਝ ਲੈ ਰਹੇ ਹਾਂ ਅਤੇ ਨਾ ਹੀ ਸੰਸਾਰ ਨੂੰ ਕੁੱਝ ਦੇਣ ’ਚ ਸਫਲ ਹੋ ਰਹੇ ਹਾਂ, ਸਗੋਂ ਇੱਕੋ ਹੀ ਗੁਰਮਤਿ ਸਿਧਾਂਤ ਨੂੰ ਤਿੰਨ ਮੰਨ ਕੇ ਚੱਲ ਰਹੇ ਹਾਂ। ਅਸਲ ’ਚ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਗੁਰਮਤਿ ਦਾ ਲੜੀਬੱਧ ਇੱਕੋ ਹੀ ਨਿਵੇਕਲਾ ਅਤੇ ਸਾਡੇ ਜੀਵਨ ਲਈ ਵੱਡਮੁਲਾ ਸਿਧਾਂਤ ਹੈ, ਜਿੱਥੇ ‘ਕਿਰਤ ਕਰੋ’ ਅਤੇ ‘ਵੰਡ ਛਕੋ’ – ‘ਨਾਮ ਜਪੋ’ ਦਾ ਹੀ ਵਿਸਥਾਰ ਹਨ ਬਸ਼ਰਤੇ ਕਿ ਅਸਾਂ ‘ਨਾਮ ਜਪੋ’ ਦੇ ਅਰਥ ਗੁਰਬਾਣੀ ਤੋਂ ਹੀ ਲਏ ਹੋਣ। ਇੱਥੋਂ ਤੀਕ ਕਿ ਗੁਰਦੇਵ ਨੇ ਤਾਂ ਗੁਰਬਾਣੀ ’ਚ ਵੀ ਇਸ ਸਿਧਾਂਤ ਨੂੰ ਬਿਆਨਿਆ ਹੈ; ਜਿਵੇਂ ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥  ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧, ਪੰਨਾ ੧੨੪੫) ਭਾਵ ਐ ਬੰਦਿਆ! ਜਦੋਂ ਤੇਰਾ ਜੀਵਨ ਗੁਰਬਾਣੀ ਅਨੁਸਾਰ ‘ਨਾਮ ਜਪੋ’ ਬਣ ਕੇ ਕਰਤਾਰ ਦੇ ਰੰਗ ’ਚ ਰੰਗਿਆ ਜਾਵੇਗਾ ਤਾਂ ਹੀ ਤੈਨੂੰ ਸਮਝ ਆ ਸਕੇਗੀ ਕਿ ਤੂੰ ‘ਘਾਲਿ ਕਮਾਈ’ (ਕਿਰਤ ਕਰੋ) ਕਰ ਵੀ ਰਿਹਾ ਹੈ ਜਾਂ ਨਹੀਂ। ਇਸੇ ਤਰ੍ਹਾਂ ਤੈਨੂੰ ਤਾਂ ਹੀ ਸਮਝ ਆ ਸਕੇਗੀ ਕਿ ਉਸ ‘ਕਿਰਤ ਕਮਾਈ’ ਨੂੰ ਤੂੰ ਇਕਲਿਆਂ ਨਹੀਂ ਬਲਕਿ ‘ਕਿਛੁ ਹਥਹੁ ਦੇਇ’ (ਵੰਡ ਛਕਣਾ) ਵੀ ਹੈ ਕਿਉਂਕਿ ਤੂੰ ਇੱਕ ਸਮਾਜਿਕ ਤੇ ਧਾਰਮਿਕ ਪ੍ਰਾਣੀ ਹੈਂ ਇਸ ਲਈ ਤੇਰੀਆਂ ਕੁੱਝ ਹੋਰ ਜ਼ਿੰਮੇਵਾਰੀਆਂ ਵੀ ਹਨ ਅਤੇ ਗੁਰਬਾਣੀ ਸਿਖਿਆ ਤੋਂ ਹੀ ਤੇਰੇ ਅੰਦਰ ਉਨ੍ਹਾਂ ਜ਼ਿੰਮੇਵਾਰੀਆਂ ਦਾ ਇਹਸਾਸ ਵੀ ਪੈਦਾ ਹੋ ਸਕੇਗਾ, ਜਿਸ ਦੇ ਲਈ ਗੁਰਦੇਵ ਫ਼ੁਰਮਾਂਦੇ ਹਨ ‘‘ਨਾਨਕ ! ਰਾਹੁ ਪਛਾਣਹਿ ਸੇਇ’’ ਭਾਵ ਇਹੀ ਤਰੀਕਾ ਹੈ ਜਿਸ ਤੋਂ ਜ਼ਿੰਦਗੀ ਨੂੰ ਠੀਕ ਰਾਹ ’ਤੇ ਤੋਰਿਆ ਜਾ ਸਕੇਗਾ। ਅੱਗੇ ਚੱਲ ਕੇ ਚੌਥੇ ਜਾਮੇ ਸਮੇਂ ਇਸੇ ‘ਵੰਡ ਛਕੋ’ ਵਾਲੀ ਹਿਦਾਇਤ ਦਾ ਹੀ ਪ੍ਰਗਟ ਰੂਪ ਹੈ ‘ਦਸਵੰਧ’ ਪ੍ਰਥਾ’ ਨੂੰ ਲਾਗੂ ਕਰਨਾ।

‘ਗਿਆਨ ਵਿਹੂਣਾ ਗਾਵੈ ਗੀਤ’ – ਵਾਲਾ ਪੂਰਾ ਸਲੋਕ ਹੈ ‘‘ਗਿਆਨ ਵਿਹੂਣਾ; ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ; ਜਾਤਿ ਗਵਾਏ ॥ ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ ਮੂਲਿ; ਨ ਲਗੀਐ ਪਾਇ ॥ ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧, ਪੰਨਾ ੧੨੪੫) ਇਸ ਤਰ੍ਹਾਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਜਦੋਂ ‘ਨਾਮ ਜਪੋ, ਕਿਰਤ ਕਰੋ’ ਵਾਲੇ ਜੀਵਨ ਦੀ ਅਗਿਆਨਤਾ ਕਾਰਨ ਹੀ ਕੁੱਝ ਲੋਕਾਂ ਨੇ ਧਰਮ ਦੇ ਪੜ੍ਹਦੇ ਹੇਠ ਭੋਲੀ ਭਾਲੀ ਲੁਕਾਈ ਨੂੰ ਲੁੱਟਣ ਅਤੇ ਆਪਣੀ ਕਮਾਈ ਲਈ ਵਿਹਲੜਾਂ ਵਾਲੇ ਰਸਤੇ ਅਪਣਾਏ ਹੋਣ ਤਾਂ ‘ਵੰਡ ਛਕੋ’ ਵਾਲੀ ਅਵਸਥਾ ਬਣੇਗੀ ਕਿੱਥੋਂ  ? ਉੱਥੇ ਤਾਂ ਆਪਣਾ ਢਿੱਡ ਹੀ ਵੱਡਾ ਹੋਇਆ ਹੁੰਦਾ ਹੈ। ਹੋਰ ਤਾਂ ਹੋਰ, ਦੇਖਿਆ ਜਾਵੇ ਤਾਂ ਬਹੁਤਾ ਕਰਕੇ ਅੱਜ ਸਿੱਖ ਪ੍ਰਚਾਰਕ ਦੀ ਹਾਲਤ ਵੀ ਸੰਗਤਾਂ ਦੀ ਲੁੱਟ-ਖੋਹ ਵਾਲੀ ਹੀ ਬਣੀ ਪਈ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਨੇ ਦੂਜਿਆਂ ਨੂੰ ਤਾਂ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦੇ ਕਿਸ ਜੀਵਨ ਰਾਹ ’ਤੇ ਪਾਉਣਾ ਸੀ  ? ਅੱਜ ਤਾਂ ਇਹ ਆਪਣੇ ਹੀ ਨਿਖਿੱਧ ਪ੍ਰਚਾਰ ਸਿਸਟਮ ਦਾ ਮੋਹਤਾਜ, ਦਿਨੋ-ਦਿਨ ਰਸਾਤਲ ਵੱਲ ਜਾ ਰਿਹਾ ਹੈ।

ਅੰਦਾਜ਼ਾ ਲਾਓ! ਜਿਸ ਕੌਮ ਕੋਲ ਹਰ ਪੱਖੋਂ ਇੰਨੀ ਮਹਾਨ ਵਿਰਾਸਤ ਹੋਵੇ, ਉਹ ਦੋਸ਼ ਤਾਂ ਭਾਵੇਂ ਕਿਸੇ ਸਿਰ ਮੜ੍ਹਦੀ ਫਿਰੇ, ਅਸਲੀਅਤ ਹੈ ਕਿ ਉਹ ਮਾਰ ਖਾ ਰਹੀ ਹੈ ਤਾਂ ਆਪਣੇ ਹੀ ਨਿਖਿੱਧ ਪ੍ਰਚਾਰ ’ਤੇ, ਚੋਣਾਂ ਰਸਤੇ ਛਾਏ ਗੁਰਦੁਆਰਾ ਪ੍ਰਬੰਧ ਸਿਸਟਮ ਤੋਂ। ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇਂ ਧਾਰਨ ਕਰਕੇ, ਮਨੁੱਖ ਨੂੰ ਗੁਰਬਾਣੀ ਰਾਹੀਂ ਬੇਅੰਤ ਅਮੋਲਕ ਜੀਵਨ-ਸਿਧਾਂਤ ਅਤੇ ‘ਲੰਗਰ, ਪੰਗਤ, ਸਰੋਵਰ’ ਜਾਂ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਵਰਗੀਆਂ ਸੰਸਥਾਂਵਾਂ ਬਖ਼ਸ਼ੀਆਂ, ਜਿਨ੍ਹਾਂ ਦਾ ਤੋੜ ਜਾਂ ਬਦਲ ਸੰਸਾਰ ਕੋਲ ਨਹੀਂ। ਇਸ ਦੇ ਬਾਵਜੂਦ ਆਪਣੇ ਹੀ ਵਿਗੜੇ ਤੇ ਵਿਰੋਧੀਆਂ ਰਾਹੀਂ ਨਿੱਤ ਵਿਗਾੜੇ ਜਾ ਰਹੇ ਗੁਰਬਾਣੀ ਪ੍ਰਸਾਰ ਸਿਸਟਮ ਕਾਰਨ, ਜਿੰਨੀ ਚੋਟ ਅਸੀਂ ਖਾ ਰਹੇ ਹਾਂ ਓਨੀ ਤਾਂ ਸੰਸਾਰ ਪੱਧਰ ਦੀ ਊਣੀ ਤੋਂ ਊਣੀ ਕੌਮ ਜਾਂ ਵਿਚਾਰਧਾਰਾ ਵੀ ਨਹੀਂ ਖਾ ਰਹੀ।

ਖ਼ੂਬੀ ਇਹ ਕਿ ਗੱਲ-ਗੱਲ ’ਤੇ ਦੋਸ਼ ਤਾਂ ਦਿੱਤਾ ਜਾਂਦਾ ਹੈ ਵਿਰੋਧੀਆਂ ਨੂੰ, ਜਿਹੜੇ ਅੱਜ ਨਵੇਂ ਪੈਦਾ ਨਹੀਂ ਹੋਏ ਬਲਕਿ ਪਹਿਲੇ ਪਾਤਸ਼ਾਹ ਤੋਂ ਅਰੰਭ ਹੋ ਕੇ ਦਸਮੇਸ਼ ਪਿਤਾ ਤੀਕ ਦਨ-ਦਣਾਂਦੇ ਰਹੇ। ਇੰਨਾ ਹੋਣ ਦੇ ਬਾਵਜੂਦ ਉਹ ਦੋਖੀ, ਪੰਥਕ ਕਿਲ੍ਹੇ ਅੰਦਰ ਇੱਕ ਸੁਰਾਖ ਵੀ ਨਾ ਕਰ ਸਕੇ। ਇਸ ਸਾਰੇ ਦੇ ਉਲਟ ਅੱਜ ਪੰਥ ਦੀ ਜਿਹੜੀ ਹਾਲਤ ਹੈ ਤੇ ਪੰਥ ਖੇਰੂੰ ਖੇਰੂੰ ਹੋਇਆ ਪਿਆ ਹੈ; ਦੋਖੀਆਂ-ਵਿਰੋਧੀਆਂ ਨੇ ਤਾਂ ਕੀ ਕਰਨਾ ਹੈ ਇਹ ਤਬਾਹੀ ਹੋ ਰਹੀ ਹੈ ਗੁਰਦੁਆਰਾ ਪਲੇਟਫ਼ਾਰਮ ਰਸਤੇ ਬਹੁਤੇ ਅਣ-ਅਧੀਕਾਰੀ ਚਾਪਲੂਸ ਝੋਲੀ-ਚੁੱਕ ਪ੍ਰਚਾਰਕਾਂ ਜਾਂ ਉਨ੍ਹਾਂ ਉਪਰ ਹਕੂਮਤ ਕਰ ਰਹੇ, ਚੋਣਾਂ ਵਾਲੇ ਨਿਖਿੱਧ ਰਸਤੇ ਛਾਏ ਪ੍ਰਬੰਧਕਾਂ ਕਾਰਨ। ਸ਼ੱਕ ਨਹੀਂ, ਸਾਰੇ ਪ੍ਰਚਾਰਕ ਜਾਂ ਪ੍ਰਬੰਧਕ ਦੋਸ਼ੀ ਨਹੀਂ ਹਨ, ਫਿਰ ਵੀ ਟਾਵੇਂ-ਟਾਵੇਂ ਹਨ ਜੋ ਯੋਗ ਤੇ ਦਰਦੀ ਤਾਂ ਹਨ, ਪਰ ਬਹੁਤਿਆਂ ਵਿਚਕਾਰ ਆਪਣੇ ਆਪ ਨੂੰ ਬੇਵੱਸ-ਲਾਚਾਰ ਮਹਿਸੂਸ ਕਰਦੇ ਹਨ।

ਕੁਝ ‘ਗੁਰੂ ਗ੍ਰੰਥ ਸਾਹਿਬ’ ਦੀ ਸ਼ਬਦਾਵਲੀ ਬਾਰੇ-ਇਸ ਦੇ ਨਾਲ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸ਼ਬਦਾਵਲੀ ਬਹੁਤਾ ਕਰਕੇ ਪੁਰਾਤਨ ਹੀ ਹੈ ਕਿਉਂਕਿ ਬੋਲੀਆਂ ਦਾ ਇਤਿਹਾਸ ਹਮੇਸ਼ਾਂ ਲੰਮੇਰਾ ਹੁੰਦਾ ਹੈ। ਮਿਸਾਲ ਵਜੋਂ ‘ਗੁਰੂ, ਅੰਮ੍ਰਿਤ, ਧਰਮ, ਜਪ, ਤਪ, ਜਮ, ਨਰਕ, ਸੁਰਗ, ਨਾਮ, ਸਿਮਰਨ’ ਆਦਿ। ਗੁਰਬਾਣੀ ਵਿਚਲੇ ਅਣਗਿਣਤ ਸ਼ਬਦ ਹਜ਼ਾਰਾਂ ਸਾਲ ਪੁਰਾਣੀਆਂ ਰਚਨਾਵਾਂ ’ਚ ਵੀ ਮਿਲ ਜਾਣਗੇ। ਫਿਰ ਵੀ ਗੁਰਬਾਣੀ ’ਚ ਉਹ ਸਾਰੀ ਸ਼ਬਦਾਵਲੀ ਆਪਣੇ ਨਿਵੇਕਲੇ ਅਤੇ ਬਦਲਵੇਂ ਅਰਥਾਂ ’ਚ ਹੈ ਅਤੇ ਪਾਤਸ਼ਾਹ ਨੇ ਅਨੇਕਾਂ ਥਾਵੇਂ ਵਿਸ਼ੇ ਨੂੰ ਸਾਫ਼ ਵੀ ਕਰ ਦਿੱਤਾ ਹੈ। ਇਸ ਲਈ ਜਦੋਂ ਤੀਕ ਸਾਨੂੰ ਇਨ੍ਹਾਂ ਲਫ਼ਜ਼ਾਂ ਦੇ ਗੁਰਮਤਿ ਅਨੁਸਾਰੀ ਅਰਥਾਂ ਦਾ ਪਤਾ ਨਹੀਂ ਲੱਗੇਗਾ, ਅਸੀਂ ਗੁਰਬਾਣੀ ਤੋਂ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਾਂਗੇ।  ਅੱਜ ਬਹੁਤਾ ਕਰਕੇ ਇਹੀ ਹੋ ਰਿਹਾ ਹੈ। ਇਸ ਦੇ ਬਾਵਜੂਦ ਗੁਰਬਾਣੀ ’ਚ ਅਨੇਕਾਂ ਉਹ ਲਫ਼ਜ਼ ਜਾਂ ਸੰਯੁਕਤ ਲਫ਼ਜ਼ ਵੀ ਹਨ ਜੋ ਪਾਤਸ਼ਾਹ ਦੀ ਨਰੋਈ, ਨਿਵੇਕਲੀ ’ਤੇ ਆਪਣੀ ਦੇਣ ਹਨ। ਗੁਰਬਾਣੀ ਰਚਨਾ ਤੋਂ ਪਹਿਲਾਂ ਉਹ ਕਿੱਧਰੇ ਅਤੇ ਕਿਸੇ ਵੀ ਵਿਚਾਰਧਾਰਾ ’ਚ ਨਹੀਂ ਮਿਲਦੇ; ਜਿਵੇਂ ਕਿ ‘ੴ, ਕਰਤਾ ਪੁਰਖੁ, ਅਕਾਲ ਮੂਰਤਿ, ਅੰਮ੍ਰਿਤ ਵੇਲਾ, ਜੀਵਨ ਮੁਕਤ, ਦੂਜੈ ਭਾਇ, ਸਿੱਖ, ਸਚਿਆਰਾ, ਗੁਰ ਪ੍ਰਸਾਦਿ ਆਦਿ। ਇਸੇ ਸੰਬੰਧ ’ਚ ਜਦ ਤੀਕ ‘ਲੰਗਰ, ਪੰਗਤ ਅਤੇ ਸਰੋਵਰ’ ਜਾਂ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਆਦਿ ਗੁਰਦੇਵ ਦੀਆਂ ਸਿਧਾਂਤਕ ਦੇਣਾ ਨੂੰ ਗੁਰਬਾਣੀ ਆਧਾਰ ’ਤੇ ਨਹੀਂ ਵਾਚਾਂਗੇ, ਕੁਰਾਹੇ ਪਏ ਰਹਾਂਗੇ।  ਜਦ ਤੱਕ ‘ਨਾਮ ਜਪੋ’ ਦੇ ਅਰਥ ਸਾਨੂੰ ਗੁਰਬਾਣੀ ਆਧਾਰ ’ਤੇ ਸਾਫ਼ ਨਹੀਂ, ਉਦੋਂ ਤੀਕ ਅਸੀਂ ਇਸ ਦੇ ਅਰਥ ਵੀ ਬ੍ਰਾਹਮਣੀ ਜਾਂ ਅਨਮਤੀ ਲੈਂਦੇ ਰਵਾਂਗੇ ਅਤੇ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦੇ ਮਹਾਨ ਗੁਰਮਤਿ ਸਿਧਾਂਤ ਨੂੰ ਸਾਰੀ ਉਮਰ ਨਹੀਂ ਸਮਝ ਸਕਾਂਗੇ; ਜਿਵੇਂ ਕਿ ਅੱਜ ਸਾਡੇ ਨਾਲ ਵਾਪਰ ਰਿਹਾ ਹੈ।

‘ਅੰਮ੍ਰਿਤ ਨਾਮੁ’ ਠਾਕੁਰ ਕਾ ਪਇਓ – ਚਲਦੇ ਪ੍ਰਕਰਣ ਅਨੁਸਾਰ ਪਹਿਲਾਂ ਇਹ ਸਮਝਣਾ ਹੈ ਕਿ ਗੁਰਬਾਣੀ ਮੁਤਾਬਕ ‘ਨਾਮ ਜਪੋ’ ਦਾ ਅਰਥ ਹੈ ਕੀ ?  ਦੂਜਾ ਜਦੋਂ ਅਸੀਂ ‘ਨਾਮ ਜਪੋ’ ਵਾਲੇ ਜੀਵਨ ’ਚ ਪ੍ਰਵੇਸ਼ ਕਰਦੇ ਹਾਂ ਤਾਂ ਸਾਡੇ ਅੰਦਰ ਇਲਾਹੀ ਗੁਣਾਂ ਪੱਖੋਂ ਕੀ ਲਾਭ ਹੁੰਦੇ ਹਨ  ? ‘ਨਾਮ ਜਪੋ’ ਦੇ ਗੁਰਬਾਣੀ ਅਨੁਸਾਰ ਅਰਥ ਹਨ ‘ਗੁਰਬਾਣੀ ਸੇਧ ’ਚ ਕਰਤੇ ਦੀ ਸਿਫ਼ਤਿ ਸਾਲਾਹ ਰਾਹੀਂ ਜੀਵਨ ਨੂੰ ਕਰਤਾਰ ਦੇ ਰੰਗ ’ਚ ਰੰਗਣਾ’।  ਗੁਰਬਾਣੀ ’ਚ ਅਨੇਕਾਂ ਥਾਂਵੇਂ ਇਸ ਪ੍ਰਥਾਏ ਵਿਸਥਾਰ ਪੂਰਵਕ ਵਿਆਖਿਆ ਕੀਤੀ ਹੈ। ਪੰਜਵੇਂ ਪਾਤਸ਼ਾਹ ਨੇ ਜਦੋਂ ‘ਆਦਿ ਬੀੜ’ ਦੀ ਸੰਪੂਰਣਤਾ ਕੀਤੀ ਤਾਂ ਅੰਤ ’ਚ ਉਚੇਚੇ ਦੋ ਸਲੋਕ ਦਰਜ ਕੀਤੇ ਹਨ। ਪਹਿਲੇ ’ਚ ‘ਗੁਰੂ ਗ੍ਰੰਥ ਸਾਹਿਬ’ ਵਾਲੀ ਇਸ ਇਲਾਹੀ ਰਚਨਾ ਦਾ ਸਾਰ ਕੀ ਹੈ  ? ‘‘ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ॥’’ (ਮ: ੫, ਪੰਨਾ ੧੪੨੯) ਅਤੇ ਦੂਜਾ ਸਲੋਕ ਹੈ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥’’ (ਮ: ੫, ਪੰਨਾ ੧੪੨੯), ਜਿਸ ਰਾਹੀਂ ਗੁਰਦੇਵ ਨੇ ‘ਆਦਿ ਬੀੜ’ ਦੀ ਸੰਪੂਰਣਤਾ ਉਪਰੰਤ ਕਰਤਾਰ ਦਾ ਸ਼ੁਕਰਾਨਾ ਕੀਤਾ ਹੈ, ਪਰ ਇੱਥੇ ਵਿਚਾਰਨਯੋਗ ਹੈ ਕਿ ਗੁਰਦੇਵ ਨੇ ਪਹਿਲੇ ਸਲੋਕ ਦੀ ਪਹਿਲੀ ਪੰਕਤੀ ’ਚ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਲਈ ਸ਼ਬਦ ਵਰਤਿਆ ਹੈ ‘ਥਾਲ’ ਅਤੇ ਦੂਜੀ ਪੰਕਤੀ ’ਚ ਲਫ਼ਜ਼ ਵਰਤਿਆ ਹੈ ‘ਅੰਮ੍ਰਿਤ ਨਾਮੁ’ ਭਾਵ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮ ਦਾ ਖ਼ਜ਼ਾਨਾ। ਹੁਣ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸਮੁੱਚੀ ਗੁਰਬਾਣੀ ’ਚ ਮਨੁੱਖੀ ਹਿਰਦੇ ‘ਸਤੁ ਸੰਤੋਖੁ ਵੀਚਾਰੋ’ ਪੈਦਾ ਕਰਨ ਦਾ ਆਧਾਰ ਕੇਵਲ ‘ਠਾਕਰ ਕਾ ਅੰਮ੍ਰਿਤ ਨਾਮੁ’ ਹੀ ਹੈ ਭਾਵ ਮਾਲਕ ਦੀ ਸਿਫ਼ਤ ਸਾਲਾਹ ਕਰਨਾ ਹੀ ਹੈ, ਜਿਸ ਨੂੰ ‘‘ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥ (ਜਪੁ, ਮ: ੧) ਤੋਂ ਸ਼ੁਰੂ ਕਰਕੇ ‘‘ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ, ਹਰੇ ਹਰਿ ਗਾਈਐ ॥’’ (ਮ: ੫, ਪੰਨਾ ੩੮੬) ਤੱਕ ਜਾਰੀ ਰੱਖਣਾ ਹੈ, ਇਹ ਹੈ ਗੁਰੂ ਕੇ ਸਿੱਖ ਲਈ ‘ਨਾਮ ਜਪਨਾ’ – ‘ਨਾਮ ਜਪੋ’।

ਸੋ, ‘ਨਾਮ ਜਪੋ’ ਦੇ ਅਰਥ ਹਨ ਗੁਰਬਾਣੀ ਰਾਹੀਂ ਬਾਰ ਬਾਰ ਪ੍ਰਭੂ ਦਾ ਗੁਣ-ਗਾਣ ਕਰਨਾ, ਸਿਫ਼ਤ-ਸਲਾਹ ਜਾਂ ਕਰਤੇ ਦੀਆਂ ਬਾਤਾਂ ਕਰਨੀਆਂ ਤੇ ਉਸ ਦੇ ਡਰ-ਅਦਬ ਰਾਹੀਂ ਆਪਣੀ ਹੋਂਦ ਨੂੰ ਤੁਛ ਜਾਣਦਿਆਂ ਨਿਮਰਤਾ ’ਚ, ਉਸ ਦੇ ਭਾਣੇ ’ਚ ਰਹਿਣਾ। ਇਹੀ ਇੱਕ ਤਰੀਕਾ ਹੈ ਜਿਸ ਨਾਲ ਸਾਡੇ ਜੀਵਨ ਅੰਦਰ ਦਇਆ, ਸਦਾਚਾਰ, ਉੱਚਾ ਆਚਰਣ, ਧੀਰਜ, ਸਹਿਣਸ਼ੀਲਤਾ, ਸੰਤੋਖ, ਦ੍ਰਿੜ੍ਹਤਾ, ਅਟੁੱਟ ਵਿਸ਼ਵਾਸ, ਜੀਵਨ ਜੁਗਤ, ਦੁਚਿੱਤੀ ਤੋਂ ਛੁਟਕਾਰਾ, ਮਨ ਦਾ ਟਿਕਾਅ, ਮਨ ਦੀ ਸ਼ਾਂਤੀ, ਨਿਰਭੈਤਾ, ਅਡੋਲਤਾ, ਨਿਰਵੈਰਤਾ, ਕਾਦਿਰ ਦੀ ਸਹੀ ਪਹਿਚਾਣ ਆਦਿ ਅਨੇਕਾਂ ਰੱਬੀ ਗੁਣ; ਸਾਡੇ ਜੀਵਨ ਦਾ ਭਾਗ ਬਣਦੇ ਜਾਂਦੇ ਹਨ।  ਵਿਕਾਰਾਂ ’ਚ ਲੁਪਤ ਹੋਏ, ਕੁਰਾਹੇ ਪਏ ਅਤੇ ਮੋਹ-ਮਾਇਆ ਦੀ ਅਗਿਆਣਤਾ ’ਚ ਡੁੱਬੇ ਹੋਏ ਜੀਵਨ ਤੋਂ ਛੁਟਕਾਰਾ ਪਾ ਸਕਦੇ ਹਾਂ। ਕਰਤੇ ਦੀ ਬਖ਼ਸ਼ਿਸ਼-ਰਹਿਮਤ ਦਾ ਹਿਰਦੇ ’ਚ ਪ੍ਰਵੇਸ਼ ਹੋ ਸਕਦਾ ਹੈ। ਇਹੀ ਹੈ ਜੀਵਨ ਅੰਦਰ ਗੁਰੂ ਅਥਵਾ ਸਤਿਗੁਰੂ ਦੇ ਪ੍ਰਕਾਸ਼ ਦਾ ਹੋਣਾ। ਅਜਿਹੇ ਇਲਾਹੀ ਗੁਣਾਂ ਦੀ ਅਣਹੋਂਦ ਹੀ ਹੁੰਦੀ ਹੈ ਜਦੋਂ ਸਾਨੂੰ ਸਮਝ ਹੀ ਨਹੀਂ ਆ ਰਹੀ ਹੁੰਦੀ ਕਿ ਸਾਡਾ ਜੀਵਨ ਵਿਕਾਰਾਂ ’ਚ ਤਬਾਹ ਹੋ ਰਿਹਾ ਹੈ। ਕੁਰਾਹੇ ਪਏ ਅਸੀਂ ਜ਼ਿੰਦਗੀ ਦੇ ਹਨ੍ਹੇਰੇ ’ਚ ਠੋਕਰਾਂ ਖਾ ਰਹੇ ਹੁੰਦੇ ਹਾਂ। ਦੁਨਿਆਵੀ ਪਦਾਰਥ ਪਾ ਕੇ ਵੀ ਪ੍ਰੇਸ਼ਾਨ ਰਹਿੰਦੇ ਹਾਂ।

ਇਨ੍ਹਾਂ ਰੱਬੀ ਗੁਣਾਂ ਦੀ ਅਣਹੋਂਦ ਹੀ ਮਨੁੱਖਾ ਜੀਵਨ ਦੇ ਦੁਸ਼ਮਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ; ਸਾਡੇ ’ਤੇ ਹਾਵੀ ਰਹਿੰਦੇ ਹਨ। ਜੀਵਨ ਤ੍ਰਿਸ਼ਨਾ-ਭਟਕਣਾ ਦੀ ਭੱਠੀ ’ਚ ਸੜ ਰਿਹਾ ਹੁੰਦਾ ਹੈ। ਸੰਸਾਰ ਦੀਆਂ ਬਿਨਸਨਹਾਰ (ਕੂੜ) ਪ੍ਰਾਪਤੀਆਂ ਲਈ ਹਰ ਸਮੇਂ ਸਾਡੀ ਵਧ ਰਹੀ ਦੌੜ ਹੀ ਸਾਡੇ ਜੀਵਨ ਨੂੰ ਸੁਤਿਆਂ-ਜਾਗਦਿਆਂ ਬੇਚੈਨ ਕਰਦੀ ਹੈ। ਉੱਠਦੇ-ਬੈਠਦੇ, ਸੁੱਤੇ-ਜਾਗਦੇ ਹਰ ਸਮੇਂ ਸਾਡੀਆਂ ਇਛਾਵਾਂ-ਕਾਮਨਾਵਾਂ ਹੀ ਸਾਡੇ ਮਾਨਸਿਕ ਤਣਾਅ ਦਾ ਕਾਰਨ ਬਣ ਜਾਂਦੀਆਂ ਹਨ।  ਹਰ ਸਮੇਂ ਦੀ ਭਟਕਣਾ-ਬੇਚੈਨੀ-ਮਾਨਸਿਕ ਤਨਾਅ ਦਾ ਨਤੀਜਾ ਹੀ 99% ਸਰੀਰਕ ਤੇ ਮਾਨਸਿਕ ਰੋਗ ਪੈਦਾ ਕਰਦਾ ਹੈ। ਇਹ ਤਣਾਅ ਦਾ ਹੀ ਆਪਸੀ ਲੜਾਈਆਂ-ਝਗੜੇ-ਖਿਚੋਤਾਣੀਆਂ-ਐਕਸੀਡੈਂਟ-ਮੁਕੱਦਮੇ ਬਾਜ਼ੀਆਂ-ਸਮਾਜਿਕ ਕਤਲ ਅਤੇ ਹੋਰ ਬਹੁਤ ਕੁਝ ਕਰਵਾਉਂਦਾ ਹੈ।  ‘ਨਾਮ ਜਪੋ’ ਵਾਲੀ ਘਾਟ ਹੀ ਡਕੈਤੀਆਂ, ਭਿਆਨਕ ਜੁਰਮ, ਕਿਡਨੈਪਿੰਗ, ਵੱਡੇ-ਵੱਡੇ ਸਕੈਂਡਲ-ਛਲ ਕਪਟ, ਅੰਡਰਵਰਲਡ ਦੇ ਕਾਲੇ ਕਾਰਨਾਮੇ ਕਰਵਾਉਂਦੀ ਹੈ। ਗੁਰਬਾਣੀ ਸੋਝੀ ਵੱਲੋਂ ਅਗਿਆਨਤਾ (ਨਾਮ ਜਪੋ) ਵਾਲੀ ਘਾਟ ਹੀ ਮਨੁੱਖ ਅੰਦਰੋਂ ਸ਼ਾਂਤੀ ਖੋਹ ਕੇ ਬੇਚੈਨ ਕਰਦੀ ਹੈ, ਦੂਜਿਆਂ ਦੀਆਂ ਜ਼ਿਆਦਤੀਆਂ ਨੂੰ ਸਹਿਣ ਦੀ ਤਾਕਤ ਨਹੀਂ ਰਹਿੰਦੀ। ਮਨੁੱਖ, ਸਰੀਰਕ ਮੰਗਾਂ ਦਾ ਗ਼ੁਲਾਮ ਅਤੇ ਇਨ੍ਹਾਂ ਦੀ ਦੌੜ੍ਹ ’ਚ ਹੀ ਪ੍ਰੇਸ਼ਾਨ ਰਹਿੰਦਾ ਹੈ, ਜਿਸ ਤੋਂ ਬਚਨ ਲਈ ਬੇਅੰਤ ਫੋਕਟ ਕਰਮਕਾਂਡ, ਹਸਤ-ਰੇਖਾਵਾਂ, ਹਾਰੋਸਕੋਪ, ਸਗਨਾਂ-ਅਪਸਗਨਾਂ-ਟੇਵੇ-ਮਹੂਰਤਾਂ-ਜਨਮ ਪਤ੍ਰੀਆਂ, ਗ੍ਰਿਹ-ਨਖਤ੍ਰਾਂ, ਸੁਰਗ-ਨਰਕ-ਧਰਮਰਾਜ-ਜਮਰਾਜ-ਪਿਤ੍ਰ ਲੋਕ, ਪ੍ਰੇਤ ਆਤਮਾਵਾਂ ਆਦਿ ਦੇ ਹਜ਼ਾਰਹਾਂ ਢੋਂਗ ਦਾ ਸਹਾਰਾ ਲੈਂਦਾ ਹੈ। ਡਰੇ ਸਹਿਮੇ ਮਨੁੱਖ ਨੂੰ ਵਹਿਮਾਂ-ਭਰਮਾਂ-ਭੁਲੇਖਿਆਂ ’ਚ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਪੈਦਾ ਹੋ ਜਾਂਦੇ ਹਨ ਬੇਅੰਤ ਢੋਂਗੀ ਧਾਰਮਿਕ ਆਗੂ -ਤਾਂਤ੍ਰਿਕ ਆਦਿ ਕਾਰਨ ਲੋਕਾਈ ਗੁਮਰਾਹ ਹੋਈ ਰਹਿੰਦੀ ਹੈ।

‘ਸਿੱਖ ਰਹਿਤ ਮਰਿਆਦਾ’ ਅਤੇ ‘ਵਾਹਿਗੁਰੂ ਜਾਪ’- ਸਿੱਖ ਰਹਿਤ ਮਰਿਆਦਾ ’ਚ ਇਸ ਬਾਰੇ ਬੜੀ ਸਪੱਸ਼ਟ ਸੇਧ ਹੈ।  ‘ਸ਼ਖਸੀ ਰਹਣੀਂ’ ਦੇ ਸਿਰਲੇਖ ਹੇਠ ਲਿਖਿਆ ਹੈ ਕਿ ‘ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ ਨਾਮ ਜਪੇ’। ਸਪੱਸ਼ਟ ਹੈ ਸ਼ਰਤ ਇਹ ਹੈ ‘ਇਕ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ’। ਦੇਖਣ ਦੀ ਗੱਲ ਹੈ-ਜੇ ‘ਵਾਹਿਗੁਰੁ ਜਾਪੁ’ ਦੀ ਗੱਲ ਕਹੀ ਹੈ ਤਾਂ ਉਸ ਨਾਲ ਸ਼ਰਤ ਹੈ ‘ਇਕ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ’ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਉਦੋਂ ਹੀ ਹੋ ਸਕੇਗਾ ਜਦੋਂ ਸਾਡੇ ਅੰਦਰ ‘ਅਕਾਲ ਪੁਰਖ ਬਾਰੇ ਸੋਝੀ ਵੀ ਹੋਵੇ। ਇਹ ਸੋਝੀ ਬਾਣੀ ਵਿਚਾਰ-ਜੀਵਨ ਤੋਂ ਬਿਨਾਂ ਸੰਭਵ ਨਹੀਂ।

‘ਅੰਮ੍ਰਿਤ ਸੰਸਕਾਰ’ ਪੰ: ੩੦ ਹੇਠ ‘ਵਾਹਿਗੁਰੂ ਨਾਮ ਦੱਸ ਕੇ ਮੂਲ ਮੰਤਰ ਰਟਾਉਣ ਦੀ ਗੱਲ ਕਹੀ ਹੈ’ ਪਰ ਕਦੋਂ  ? ਜਦੋਂ ਅਸੀਂ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਗੁਰੂ ਧਾਰਨ ਕਰ ਚੁੱਕੇ ਹੁੰਦੇ ਹਾਂ। ਮਤਲਬ ਕਿ ਜਦੋਂ ‘ਗੁਰਬਾਣੀ ਸਿਖਿਆ ਅਨੁਸਾਰ ਜੀਵਨ ਜੀਊਣ ਦਾ ਪ੍ਰਣ ਲੈ ਚੁੱਕੇ ਹੁੰਦੇ ਹਾਂ। ਖ਼ੂਬੀ ਇਹ ਹੈ ਕਿ ਇੱਥੇ ਮੂਲ ਮੰਤ੍ਰ ਦਾ ਸਰੂਪ ਵੀ ‘ੴ’ ਤੋਂ ਲੈ ਕੇ ‘ਗੁਰ ਪ੍ਰਸਾਦਿ’ ਤੀਕ ਸਾਫ਼ ਕੀਤਾ ਹੈ ਭਾਵ ‘ਵਾਹਿਗੁਰੂ’ ਕਹਿ ਕੇ ਰੱਟਣ ਕਰਵਾਇਆ ਹੈ ‘ਮੂਲ ਮੰਤ੍ਰ (ਮੰਗਲਾਚਰਣ) ਦਾ’।  ‘ਵਾਹਿਗੁਰੂ ਜਾਪੁ’ ਤਾਂ ਹੀ ਸਫ਼ਲ ਹੈ ਜਦੋਂ ‘ਮੂਲ ਮੰਤ੍ਰ’ ’ਚ ਬਿਆਨੇ ‘ਅਕਾਲ ਪੁਰਖੁ’ ਬਾਰੇ ਸਾਡਾ ਮਨ ਸਪੱਸ਼ਟ ਹੋਵੇ, ਪਰ ਅਸਾਂ ਅਸਲ ਗੱਲ ਤਾਂ ਛੱਡ ਦਿੱਤੀ ਤੇ ਸੌਖਾ ਰਸਤਾ ਅਪਣਾਅ ਲਿਆ ‘ਵਾਹਿਗੁਰੂ ਵਾਹਿਗੁਰੂ ਰੱਟਣਾ’। ਸੋ ‘ਵਾਹਿਗੁਰੂ ਜਾਪੁ’ ਉਦੋਂ ਹੀ ‘ਨਾਮ ਅਭਿਆਸ’ ਹੈ, ਜਦੋਂ ਸਿੱਖ, ਸਮਝਾਈ ਵਿਧੀ ਮੁਤਾਬਕ ‘ਨਾਮ ਜਪੇ’।

ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਕਲਪ

0

ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਕਲਪ

ਪਰਵਿੰਦਰ ਕੌਰ ਲਤਾਲਾ

ਗੁਰੂ ਨਾਨਕ ਬਾਣੀ ਦਾ ਅਧਿਐਨ ਕਰਨ ’ਤੇ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਦੀ ਹੈ, ਜੋ ਮਨੁੱਖ ਨੂੰ ਆਪੇ ਤੇ ਬ੍ਰਹਿਮੰਡ ਨਾਲ ਜੋੜਦੀ ਹੋਈ ਪਰਮਾਰਥ ਦਾ ਮਾਰਗ ਦਿਖਾਉਂਦੀ ਹੈ। ਗੁਰੂ ਨਾਨਕ ਬਾਣੀ ਜਿੱਥੇ ਆਪਣੇ ਸਮੇਂ ਦੇ ਸਾਮੰਤਵਾਦ ਦੀ ਕੱਟੜ ਨੀਤੀ ਤੇ ਆਰਥਿਕ ਲੁੱਟ-ਖਸੁੱਟ ਦਾ ਵਿਰੋਧ ਕਰਦੀ ਹੋਈ ਮਨੁੱਖ ਨੂੰ ਚੇਤੰਨ ਕਰਦੀ ਹੈ, ਉੱਥੇ ਹੀ ਸਮੁੱਚੀ ਲੋਕਾਈ ਨੂੰ ਕਰਮਕਾਂਡਾਂ, ਆਡੰਬਰਾਂ ਤੇ ਪਾਖੰਡਾਂ ਤੋਂ ਮੁਕਤ ਕਰਦੀ ਹੋਈ ‘ਈਸ਼ਵਰਵਾਦ’ ਦੇ ਸਿਧਾਂਤ ਨਾਲ ਜੋੜਦੀ ਹੈ।

ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਤੇ ਸਮਾਜ ਦੀ ਸਥਾਪਨਾ ਲਈ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਤਿੰਨ ਮੁੱਖ ਉਪਦੇਸ਼ ਦਿੱਤੇ, ਜੋ ਸਮਾਜ ਦੇ ਅਰਥਚਾਰੇ ਤੇ ਸਮਾਜਿਕ ਸਾਂਝੀਵਾਲਤਾ ਦੇ ਸੰਕਲਪ ਹਨ। ਗੁਰੂ ਨਾਨਕ ਦੇਵ ਜੀ ਕਿਰਤ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਕਿਰਤ ਨੂੰ ਸਿਰਫ਼ ਪਦਾਰਥਕ ਖ਼ੁਸ਼ਹਾਲੀ ਦਾ ਆਧਾਰ ਨਹੀਂ ਮੰਨਣਾ ਚਾਹੀਦਾ, ਸਗੋਂ ਸੱਚੀ ਕਿਰਤ ਦੁਆਰਾ ਜਿੱਥੇ ਅਸੀਂ ਸਮਾਜ ਦਾ ਆਰਥਿਕ ਤੌਰ ’ਤੇ ਵਿਕਾਸ ਕਰਦੇ ਹਾਂ ਉੱਥੇ ਹੀ ਸੱਚ ਦਾ ਰਾਹ ਵੀ ਕਿਰਤ ਦੁਆਰਾ ਪਛਾਣਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਖ਼ੁਦ ਖੇਤੀਬਾੜੀ ਦਾ ਕਿੱਤਾ ਕਰ ਕੇ ਕਿਰਤ ਦੀ ਮਹੱਤਤਾ ਨੂੰ ਦਰਸਾਇਆ। ਕਿੱਤਾ ਕੋਈ ਵੀ ਹੋਵੇ, ਉਸ ਨੂੰ ਕਰਦਿਆਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਸਮਾਜ ਦੇ ਸਦੀਵੀ ਵਿਕਾਸ ਲਈ ਉਪਕਾਰ ਭਰੇ ਕਾਰਜ ਕਰਨੇ ਚਾਹੀਦੇ ਹਨ। ਭਗਤ ਨਾਮਦੇਵ ਜੀ ਨੇ ਕੱਪੜਾ ਰੰਗਣ, ਭਗਤ ਰਵਿਦਾਸ ਜੀ ਨੇ ਜੁੱਤੀਆਂ ਗੰਢਣ, ਭਗਤ ਕਬੀਰ ਜੀ ਨੇ ਕੱਪੜਾ ਬੁਣਨ ਦੀ ਕਿਰਤ ਕਰਦਿਆਂ ਜਿੱਥੇ ਸਮਾਜ ਲਈ ਕਈ ਉਪਕਾਰ ਭਰੇ ਕਾਰਜ ਕੀਤੇ, ਉੱਥੇ ਹੀ ਨਾਮ ਸਿਮਰਨ ਦੁਆਰਾ ਬ੍ਰਹਮ ਨੂੰ ਵੀ ਪ੍ਰਾਪਤ ਕੀਤਾ। ਗੁਰੂ ਜੀ ਅਨੁਸਾਰ ਮਨੁੱਖ ਆਪਣੇ ਨਿੱਤ ਦੇ ਕਾਰ ਵਿਹਾਰ ਦੌਰਾਨ ਸੱਚੀ ਕਿਰਤ ਕਰਦਾ ਹੋਇਆ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਅਸਲ ਤੇ ਉੱਤਮ ਕਰਮ ਸੱਚੀ ਕਿਰਤ ਤੇ ਪ੍ਰਭੂ-ਭਗਤੀ ਹੈ, ਜੋ ਮਨੁੱਖੀ ਜੀਵਨ ਦਾ ਮੁੱਖ ਮਨੋਰਥ, ਬੁਨਿਆਦ ਤੇ ਮਾਰਗ ਹੈ।

ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਵੰਡ ਛਕਣ ਦੀ ਵੀ ਗੱਲ ਕਰਦੇ ਹਨ। ਜੋ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾਅ ਕੇ ਲੋੜਵੰਦਾਂ ਦੀ ਵੀ ਸਹਾਇਤਾ ਕਰਦਾ ਹੈ, ਉਹੀ ਮਨੁੱਖ ਕਰਮਸ਼ੀਲ ਹੋ ਸਕਦਾ ਹੈ। ਵੰਡ ਛਕਣ ਦਾ ਸਿਧਾਂਤ ਸਾਂਝੀਵਾਲਤਾ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ ਤੇ ਮਨੁੱਖ ਦੇ ਅੰਦਰੋਂ ਹਉਮੈ ਨੂੰ ਵੀ ਸਦੀਵੀ ਤੌਰ ’ਤੇ ਨਸ਼ਟ ਕਰਦਾ ਹੈ।

ਵੰਡ ਛਕਣ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਮ-ਸਿਮਰਨ ਦੇ ਸੰਕਲਪ ਨੂੰ ਵੀ ਵਿਸਥਾਰਮਈ ਰੂਪ ਵਿੱਚ ਪ੍ਰਗਟਾਉਂਦੇ ਹਨ ਕਿ ਕਿਰਤ ਦਾ ਆਦਰਸ਼ ਰੂਪ; ਨਾਮ ਦੀ ਕਿਰਤ ਕਰਨਾ ਹੈ। ਉਨ੍ਹਾਂ ਅਨੁਸਾਰ ਜੋ ਮਨੁੱਖ ਗ੍ਰਹਿਸਥੀ ਜੀਵਨ ਵਿੱਚ ਸੱਚੀ ਕਿਰਤ ਕਰਦਾ ਹੈ, ਉਸ ਕਿਰਤ ਨੂੰ ਰੱਬੀ ਨਾਮ ਜਪਣ ਨਾਲ਼ ਤੁਰੰਤ ਫਲ਼ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਬੰਦਾ ਹਲੇਮੀ ’ਚ ਰਹਿ ਕੇ ਰੱਬੀ ਬੰਦਗੀ ਕਰਦਾ ਹੈ। ਮਨੁੱਖ ਨੂੰ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਜੇ ਸਿਰਫ਼ ਕਿਰਤ ਨੂੰ ਹੀ ਜ਼ਿੰਦਗੀ ਦਾ ਮੁੱਖ ਆਧਾਰ ਮੰਨ ਕੇ ਚੱਲਾਂਗੇ ਤਾਂ ਉਹ ਵਪਾਰ ਬਣ ਜਾਵੇਗੀ ਅਤੇ ਜੇ ਸਿਰਫ਼ ਨਾਮ ਜਪਣ ਹੀ ਹੈ ਤਾਂ ਉਸ ਨਾਲ ਸਰੀਰਕ ਭੁੱਖ ਦੂਰ ਨਹੀਂ ਹੋ ਸਕੇਗੀ। ਇਸ ਲਈ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਸਹਿਜੇ ਰੂਪ ਵਿੱਚ ਢਾਲਣਾ ਜ਼ਰੂਰੀ ਹੈ। ਮਨੁੱਖ ਦੁਆਰਾ ਕੀਤਾ ਗਿਆ ਸੁੱਚਾ ਕਰਮ ਉਸ ਦੇ ਅੰਦਰ ਗਿਆਨ ਦੀ ਸੋਝੀ ਪੈਦਾ ਕਰਦਾ ਹੈ। ਕਰਮ ਅਤੇ ਸ਼ਬਦ ਗਿਆਨ ਦੇ ਪ੍ਰਕਾਸ਼ ਦੁਆਰਾ ਹੀ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜੇ ਅਸੀਂ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਇਸ ਨਾਲ ਸਾਨੂੰ ਅਮਨ, ਚੈਨ, ਸ਼ਾਂਤੀ, ਸੱਚ, ਨਿਆਂ, ਮੋਕਸ਼ ਤੇ ਆਨੰਦ ਸਦੀਵੀ ਤੌਰ ’ਤੇ ਪ੍ਰਾਪਤ ਹੋ ਸਕਦੇ ਹਨ। ਸਮਾਜਿਕ ਵਿਵਸਥਾ ਅਧੀਨ ਕਈ ਅਜਿਹੇ ਮਸਲੇ ਹਨ, ਜਿਨ੍ਹਾਂ ਦਾ ਹੱਲ ਗੁਰੂ ਨਾਨਕ ਸਾਹਿਬ ਦੀ ਬਾਣੀ ਸਮੇਤ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਨੂੰ ਫਰੋਲਣ (ਘੋਖਣ) ਦੀ ਲੋੜ ਹੈ ਕਿਉਂਕਿ ਇਹ ਉਹ ਰਚਨਾ ਹੈ, ਜੋ ਮਨੁੱਖੀ ਜ਼ਿੰਦਗੀ ਨੂੰ ਅਧਿਆਤਮਕਤਾ ਨਾਲ ਜੋੜ ਕੇ ਸੱਚ ਦਾ ਮਾਰਗ ਦਰਸਾਉਂਦੀ ਹੈ।

ਗੁਰਇਤਿਹਾਸ ਦੀ ਭੂਮਿਕਾ ਵਿੱਚ ਸੂਰਬੀਰ ਮਾਤਾ ਭਾਗ ਕੌਰ

0

ਗੁਰਇਤਿਹਾਸ ਦੀ ਭੂਮਿਕਾ ਵਿੱਚ ਸੂਰਬੀਰ ਮਾਤਾ ਭਾਗ ਕੌਰ

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ, ਵੱਟਸਅਪ ਸੰਪਰਕ : 1-631-455-5164

ਗੁਰਮਤਿ ਫ਼ਿਲਾਸਫ਼ੀ ਅਤੇ ਗੁਰ ਇਤਿਹਾਸ ਦੇ ਸੱਚ ਦੀ ਸੋਝੀ ਰੱਖਣ ਵਾਲੇ ਲਗਭਗ ਸਾਰੇ ਹੀ ਗੁਰਸਿੱਖ ਵਿਦਵਾਨ ਮੰਨਦੇ ਹਨ ਕਿ ਸਿੱਖ ਇਤਿਹਾਸ ਦੇ ਪੁਰਾਤਨ ਸੋਮਿਆਂ ਵਿੱਚੋਂ ਹੁਣ ਐਸਾ ਕੋਈ ਵੀ ਦਸਤਾਵੇਜ਼, ਗ੍ਰੰਥ ਜਾਂ ਪੁਸਤਕ ਨਹੀਂ, ਜਿਸ ਨੂੰ ਗੁਰਬਾਣੀ ਦੇ ਚਾਨਣ ਵਿੱਚ ਸੰਪੂਰਨ ਤੌਰ ’ਤੇ ਗੁਰਮਤਿ ਅਨੁਸਾਰੀ ਤੇ ਗੁਰਸਿੱਖੀ ਅਚਾਰ-ਵਿਹਾਰ ਦੇ ਅਨੁਕੂਲ ਮੰਨਿਆ ਜਾ ਸਕੇ। ਇਸ ਦੇ ਕਾਰਨਾਂ ਸੰਬੰਧੀ ‘ਸਿੱਖ ਇਤਿਹਾਸ ਦੇ ਸੋਮੇ’ ਪੁਸਤਕ ਲੜੀ ਦੀ ਭੂਮਿਕਾ ਵਿੱਚ ਸ. ਸੋਹਣ ਸਿੰਘ ‘ਸੀਤਲ’ ਲਿਖਦੇ ਹਨ ‘‘ਪਰਦੇਸੀ ਲੇਖਕ ਸਾਡੀ ਸੱਭਯਤਾ ਅਤੇ ਧਾਰਮਿਕ ਵਿਚਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸਨ। ਮੁਸਲਮਾਨਾਂ ਨੇ ਸਾਡੇ ਗੁਣਾਂ ਨੂੰ ਘਟਾ ਕੇ ਅਤੇ ਕਮਜ਼ੋਰੀਆਂ ਨੂੰ ਵਧਾ ਕੇ ਦੱਸਿਆ ਹੈ। (ਹਿੰਦੂ ਮਤ ਦੇ ਪ੍ਰਭਾਵ ਹੇਠ ਵਿਚਰਨ ਵਾਲੇ) ਸਨਾਤਨੀ ਸਿੱਖਾਂ ਅਤੇ ਹਿੰਦੂਆਂ ਦੀ ਲਿਖਤਾਂ ਵਿੱਚ ਸਾਰਾ ਜ਼ੋਰ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਫ਼ਿਰਕਾ ਸਿੱਧ ਕਰਨ ਵਾਸਤੇ ਲਾਇਆ ਗਿਆ ਹੈ, ਪਰ ਇਹਨਾਂ ਸਾਰੀਆਂ ਲਿਖਤਾਂ ਨੂੰ ਸਾਮ੍ਹਣੇ ਰੱਖ ਕੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ।’’ (ਪੰ. 16)

21ਵੀਂ ਸਦੀ ਦੇ ਆਰੰਭ ਤੋਂ ਸਾਡੇ ਜਾਗਰੂਕ ਅਖਵਾਉਣ ਵਾਲੇ ਕੁਝ ਗੁਰਸਿੱਖ ਵਿਦਵਾਨਾਂ ਅਤੇ ਪ੍ਰਚਾਰਕ ਵੀਰਾਂ ਦਾ ਸਾਰਾ ਜ਼ੋਰ ਇਤਿਹਾਸ ਦੇ ਉਪਰੋਕਤ ਸੋਮਿਆਂ ਵਿੱਚੋਂ ਸੱਚ ਨੂੰ ਪ੍ਰਗਟਾਉਣ ਦੀ ਥਾਂ ਉਨ੍ਹਾਂ ਨੂੰ ਮੁੱਢੋਂ ਹੀ ਰੱਦ ਕਰਨ ’ਤੇ ਕਿਉਂ ਲੱਗ ਰਿਹਾ ਹੈ, ਸਮਝ ਤੋਂ ਬਾਹਰ ਹੈ। ਸਾਡੀ ਹਾਲਤ ਉਸ ਵਿਅਕਤੀ ਵਾਲੀ ਹੈ, ਜਿਸ ਨੇ ਇੱਕ ਦਰਿਆ ਦੇ ਕਿਨਾਰੇ ਚਿੱਕੜ ਨਾਲ ਲੱਥ-ਪੱਥ ਬੱਚੇ ਨੂੰ ਧੋਂਦਿਆਂ ਆਪਣਾ ਬੱਚਾ ਹੀ ਰੋੜ ਲਿਆ ਸੀ।  ‘ਸੀਤਲ’ ਜੀ ਦੇ ਉਪਰੋਕਤ ਲੇਖ ਵਿੱਚ ਇਹ ਵੀ ਲਫ਼ਜ਼ ਹਨ ‘‘ਜੋ ਵੀ ਹੈ, ਇਨ੍ਹਾਂ ਗ੍ਰੰਥਾਂ ਵਿੱਚੋਂ ਹੀ ਸਾਨੂੰ ਸਹੀ ਮਸਾਲਾ ਲੱਭਣਾ ਪਵੇਗਾ । ਇਨ੍ਹਾਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ । ਇਤਿਹਾਸ; ਕੌਮਾਂ ਦੀ ਜਿੰਦ ਜਾਨ ਹੁੰਦਾ ਹੈ । ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣਾ ਸੋਧਿਆ ਹੋਇਆ ਇਤਿਹਾਸ ਲੋਕਾਂ ਸਾਮ੍ਹਣੇ ਪੇਸ਼ ਕਰੀਏ।’’

‘ਗੁਰ ਪ੍ਰਰਤਾਪ ਸੂਰਜ’ ਦਾ ਹੀ ਪ੍ਰਚਲਿਤ ਤੇ ਸੰਖੇਪ ਪੰਜਾਬੀ ਨਾਂ ਹੈ ‘ਸੂਰਜ ਪ੍ਰਕਾਸ਼’, ਜੋ ਕਵੀ ਭਾਈ ਸੰਤੋਖ ਸਿੰਘ ‘ਨਿਰਮਲੇ’ (ਸੰਨ 1788-1843) ਦੀ ਕਿਰਤ ਹੈ। ਸਾਰੇ ਜਾਣਦੇ ਹਨ ਕਿ ਖ਼ਾਲਸਾ ਰਾਜ ਵੇਲੇ ਉਹ ਸ੍ਰੀ ਦਰਬਾਰ ਸਾਹਿਬ ਦੇ ਉਸ ਮੁੱਖ ਗ੍ਰੰਥੀ ਗਿਆਨੀ ਸੰਤ ਸਿੰਘ ਨਿਰਮਲੇ ਦਾ ਵਿਦਿਆਰਥੀ ਰਿਹਾ ਸੀ, ਜਿਸ ਦੇ ਘਰ ਦੇ ਬਾਹਰਲੇ ਮੁੱਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਵੀ ਸਥਾਪਿਤ ਸੀ।  ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਦੇ ਅੰਦਰਾਜ਼ ‘ਸੰਤੋਖ ਸਿੰਘ’ ਵਿੱਚ ਲਿਖਿਆ ਹੈ ਕਿ ਕੈਥਲਪਤਿ ਭਾਈ ਉਦਯ ਸਿੰਘ ਜੀ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਵੀ ਜੀ ਨੇ ਨੌਂ ਸਤਿਗੁਰਾਂ ਦੀ ਪਵਿਤ੍ਰ ਜੀਵਨਕਥਾ ‘ਗੁਰ ਪ੍ਰਤਾਪ ਸੂਰਯ’ ਨਾਮਕ ਗ੍ਰੰਥ ਵਿੱਚ ਲਿਖੀ, ਜੋ ਸੰਮਤ 1900 (ਸੰਨ 1841) ਹੋਇਆ। ਇਸੇ ਸਾਲ ਹੀ ਉਹ (ਗ੍ਰੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥ ਨੂੰ ਸਮਰਪਤ ਕਰਨ ਉਪਰੰਤ) ਕੈਥਲ ਵਿੱਚ ਹੀ ਗੁਰਪੁਰਿ ਪਧਾਰੇ। ਅਸਲ ਵਿੱਚ ਅਜਿਹੀ ਵਿਓਂਤਬੰਦੀ ਹੀ ਉਹ ਮੁੱਖ ਸਾਧਨ ਬਣੀ, ਜਿਸ ਕਰਕੇ ਗਿ. ਸੰਤ ਸਿੰਘ ਜੀ ਰਾਹੀਂ ਇਸ ਗ੍ਰੰਥ ਦੀ ਗੁਰਦੁਆਰਾ ਸਾਹਿਬਾਨ ਵਿੱਚ ਕਥਾ ਸ਼ੁਰੂ ਹੋਈ । ਇਸੇ ਹੀ ਅੰਦਰਾਜ਼ ਵਿੱਚ ‘ਨਾਭਾ’ ਜੀ ਦੀ ਹੇਠ ਲਿਖੀ ਹੂ-ਬਹੂ ਵਾਰਤਾ ਹੈ :

‘‘ਭਾਈ ਸਾਹਿਬ ਨੂੰ ਗੁਰੁਮਤ ਵਿੱਚ ਪੂਰੀ ਸ਼੍ਰੱਧਾ ਅਤੇ ਪ੍ਰੇਮ ਸੀ, ਪਰ ਪੰਡਿਤਾਂ ਦੀ ਸੰਗਤਿ ਅਤੇ ਪ੍ਰੇਰਣਾ ਦ੍ਵਾਰਾ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣ ਰੀਤੀ ਅਨੁਸਾਰ ਅਵਤਾਰਾਂ ਜੇਹੀ ਲਿਖੋਗੇ ਅਤੇ ਸ਼ਾਸਤ੍ਰਾਂ ਤੋਂ ਵਿਰੁੱਧ ਆਪ ਦੇ ਪੁਸਤਕ ਨਹੀਂ ਹੋਣਗੇ, ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ, ਕਈ ਥਾਈਂ ਟੱਪਲਾ ਖਾ ਗਏ ਹਨ।’’

ਸ੍ਰ ਗੁਰਬਖ਼ਸ਼ ਸਿੰਘ ‘ਕਾਲਾ ਅਫ਼ਗਾਨਾ’ ਨੇ ਜਦੋਂ ‘ਗੁਰ ਬਿਲਾਸ ਪਾਤਸ਼ਾਹੀ 6ਵੀਂ’ ’ਤੇ ਆਧਾਰਿਤ ਸਿੱਖ ਇਤਿਹਾਸ ਦੇ ਮੁੱਢਲੇ ਸ੍ਰੋਤਾਂ ਵਿੱਚ ਬਿਪਰਵਾਦ ਦੀ ਮਿਲਾਵਟ ਦਾ ਮਸਲਾ ਉਭਾਰਿਆ ਤਾਂ ਸ. ਮਨਜੀਤ ਸਿੰਘ ਕਲਕੱਤੇ ਦੀ ਸਲਾਹ ਮੰਨ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜ ਪ੍ਰਕਾਸ਼ ਵਿੱਚੋਂ ਬਿਪਰਵਾਦੀ ਟੱਪਲੇ ਦੂਰ ਕਰਨ ਦੀ ਸੇਵਾ ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਹੁਰਾਂ ਨੂੰ ਸੌਂਪੀ ਗਈ; ਕਿਉਂਕਿ ਗੁਰਦੁਆਰਿਆਂ ਵਿੱਚ ਇਸ ਦੀ ਕਥਾ ਹੋਣ ਕਰਕੇ ਸਿੱਖਾਂ ਵਿੱਚ ਇਸ ਗ੍ਰੰਥ ਦੀ ਬਾਕੀਆਂ ਨਾਲੋਂ ਵਧੇਰੇ ਮਾਨਤਾ ਹੈ। ਇਸ ਨੂੰ ਆਧਾਰ ਬਣਾ ਕੇ ਹੀ ਬਾਕੀ ਦੇ ਕਈ ਇਤਿਹਾਸਕ ਪੱਖ ਲਿਖੇ ਗਏ। ਇਹੀ ਕਾਰਨ ਹੈ ਕਿ ਇਸ ਵਿੱਚ ਰਲ਼ਗੱਡ ਵੀ ਵਧੇਰੇ ਹੋਈ ਹੈ, ਪਰ ਦੁੱਖ ਦੀ ਗੱਲ ਹੈ ਕਿ ਸ. ਕਲਕੱਤਾ ਜੀ ਦੀ ਉਪਰੋਕਤ ਰੀਝ; ਗੁਰਮਤੀ ਸੂਝ ਦੀ ਸਹਾਇਕ ਘਾਟ ਅਤੇ ਸਿੱਖ ਆਗੂਆਂ ਦੀ ਰਾਜਨੀਤਕ ਸਾਂਝ ਦੇ ਪ੍ਰਭਾਵ ਹੇਠ ਡਾ. ਸਾਹਿਬ ਦੇ ਚਲਾਣੇ ਕਾਰਨ ਪੂਰੀ ਵੀ ਨਾ ਹੋ ਸਕੀ।

18ਵੀਂ ਸਦੀ ਦੇ ਅੰਤ ਅਤੇ ਸਿੱਖ ਮਿਸਲਾਂ ਦੇ ਜ਼ਮਾਨੇ ਪਿੰਡ ਭਾਦਸੋਂ (ਪਰਗਨਾ ਥਨੇਸਰ) ਦੇ ਵਸਨੀਕ ਭਾਈ ਕੇਸਰ ਸਿੰਘ ਭੱਟ ਦੇ ਦੋ ਵਿਦਵਾਨ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਸੀ ਭਾਈ ਸਰੂਪ ਸਿੰਘ ‘ਕੌਸ਼ਿਸ਼’। ਉਸ ਨੇ ਆਪਣੇ ਬਜ਼ੁਰਗਾਂ ਦੀਆਂ ਗੁਰੂ ਸਾਹਿਬਾਨ ਸੰਬੰਧੀ ਲਿਖੀਆਂ ਭੱਟ ਵਹੀਆਂ ਦੀ ਫਰੋਲ਼ਾ-ਫਰਾਲ਼ੀ ਕਰਕੇ ਭਟਾਖਰੀ ਲਿੱਪੀ ਵਿੱਚ ਸੰਨ 1790 ਵਿਖੇ ‘ਗੁਰੂ ਕੀਆਂ ਸਾਖੀਆਂ’ ਨਾਂ ਦੀ ਪੁਸਤਕ ਤਿਆਰ ਕੀਤੀ ।   70-80 ਸਾਲ ਬਾਅਦ ਭਾਈ ਛੱਜੂ ਸਿੰਘ ਭੱਟ ਨੇ ਉਪਰੋਕਤ ਪੁਸਤਕ ਨੂੰ ਭਟਾਖਰੀ ਤੋਂ ਗੁਰਮੁਖੀ ਲਿਖਤ ਵਿੱਚ ਲਿਆਂਦਾ। ਚੰਗੇ ਭਾਗਾਂ ਨੂੰ ਸਾਹਿਤਕ ਖੋਜੀ ਪ੍ਰ੍ਰੋ. ਪਿਆਰਾ ਸਿੰਘ ‘ਪਦਮ’ ਹੁਰਾਂ ਨੂੰ ‘ਸ਼ਹੀਦ ਬਿਲਾਸ’ ਭਾਈ ਮਨੀ ਸਿੰਘ ਦੇ ਕਰਤਾ ਗਿ: ਗਰਜਾ ਸਿੰਘ ਜੀ ਦੁਆਰਾ ‘ਗੁਰੂ ਕੀਆਂ ਸਾਖੀਆਂ’ ਦੀ ਕੀਤੀ ਇੱਕ ਨਕਲ ਉਨ੍ਹਾਂ ਪਾਸੋਂ ਪ੍ਰਾਪਤ ਹੋਈ, ਜੋ ਪਦਮ ਜੀ ਨੇ ਸੰਨ 1986 ਵਿੱਚ ਸੋਧ-ਸੰਵਾਰ ਕੇ ਸੰਪਾਦਿਤ ਕੀਤੀ ਅਤੇ ਛਪਵਾਈ।  ਅਜਿਹੀ ਗੌਰਵਤਾ ਭਰਪੂਰ ਪੁਸਤਕ ਨੇ ਹੀ ਸਭ ਤੋਂ ਪਹਿਲਾਂ ਪਿੰਡ ਝਬਾਲ (ਪੱਟੀ, ਸ੍ਰੀ ਅੰਮ੍ਰਿਤਸਰ) ਦੀ ਜੰਮਪਲ ਮਾਤਾ ਭਾਗ ਕੌਰ (ਮਾਈ ਭਾਗੋ) ਜੀ ਦਾ ਪਤਾ ਦਿੱਤਾ ਹੈ। ਲਿਖਿਆ ਹੈ ਕਿ ਉਹ ਮਾਝੇ ਦੇ ਪੱਟੀ ਨਗਰ ਤੋਂ ਇਕੱਠੇ ਹੋ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸ਼ਹੀਦ ਹੋਣ ਦੀ ਮਾਤਮੀ ਪ੍ਰਚਾਵਨੀ ਲਈ ਅਤੇ ਗੁਰੂ ਜੀ ਦਾ ਹਕੂਮਤ ਨਾਲ ਸਮਝੌਤਾ ਕਰਵਾਉਣ ਦੇ ਇਰਾਦੇ ਨਾਲ ਇੱਕ ਪੰਚਾਇਤ ਦੇ ਰੂਪ ’ਚ ਜਿਹੜੇ 40 ਸਿੱਖ ਚੱਲੇ, ਉਨ੍ਹਾਂ ਨਾਲ ਮਾਤਾ ਭਾਗ ਕੌਰਾਂ 41ਵੇਂ ਸਨ । ਇਸ ਪੁਸਤਕ ਵਿੱਚ ਹੀ ਮਾਈ ਜੀ ਵੱਲੋਂ ਗੁਰੂ ਜੀ ਤੋਂ ਬੇਮੁਖ ਹੋ ਰਹੇ ਆਪਣੇ ਗੁਰਸਿੱਖ ਭਾਈਆਂ ਨੂੰ ਦਿੱਤੇ ਜ਼ੋਰਦਾਰ ਹਲੂਣੇ, ਲਲਕਾਰ ਅਤੇ ਉਨ੍ਹਾਂ ਦੇ ਖਦਰਾਣੇ (ਸ੍ਰੀ ਮੁਕਤਸਰ) ਦੀ ਜੰਗ ਵਿੱਚ ਜੂਝਣ, ਘਾਇਲ ਹੋਣ ਅਤੇ ਮਝੈਲਾਂ ਦੇ ਸਿੱਖੀ ਤੋਂ ਪੰਚਾਇਤੀ ਬੇਦਾਵੇ ਦਾ ਵਿਸਥਾਰ ਪੂਰਵਕ ਵਰਣਨ ਹੈ, ਜੋ 90 ਨੰ. ਸਾਖੀ ਤੋਂ ਇਲਾਵਾ 91 ਤੇ 92 ਨੰ. ਸਾਖੀ ਵਿੱਚ ਇਸ ਪ੍ਰਕਾਰ ਹੈ :

  1. ਸਾਖੀ ਖਿਦਰਾਣਾ ਢਾਬ ਕੇ ਜੰਗ ਕੀ ਚਾਲੀ : ਸਤਿਗੁਰਾਂ ਕੇ (ਰੂਪੇਆਣੇ ਪਿੰਡ ਦੀ ਰੋਹੀ ਤੋਂ ਅੱਗੇ) ਚਲੇ ਜਾਣ ਬਾਦ ਮਾਤਾ ਭਾਗ ਕੌਰਾਂ, ਜੋ ਭਾਗ ਸਿੰਘ ਤੇ ਦਿਲਬਾਗ ਸਿੰਘ (ਝਬਾਲੀਏ) ਕੀ ਬੜੀ ਬਹਿਨ (ਭੈਣ) ਤੇ ਨਿਧਾਨ ਸਿੰਘ ਵੜੈਚ (ਪੱਟੀ) ਕੀ ਪਤਨੀ ਸੀ, ਇਸ ਸਭ ਕੀ ਤਰਫ ਮੁਖ ਕਰਕੇ ਇੰਜ ਕਹਾ- ਆਗੇ ਤਾਂ ਰਾਤ ਸਮੇਂ ਦੁਨੀ ਚੰਦ ਕੇ ਗੈਲ ਚਾਰ ਪਾਂਚ ਮਝੈਲ ਸਿੰਘ ਕਿਲਾ ਅਨੰਦਗਢ ਸੇ ਦੀਵਾਰ ਸੇ ਰੱਸਾ ਬਾਂਧ ਭਾਗ ਆਇਆਂ ਕਾ ਕਲੰਕ ਹਮਾਰੇ ਮਾਥੇ ਲਾਗਾ ਹੂਆ ਹੈ, ਉਹ ਨਹੀਂ ਭੂਲਾ । ਅਬ ਤਾਂ ਸਤਿਗੁਰਾਂ ਕੇ ਸਾਮ੍ਹੇ ਲਿਖ ਦੀਆ ਹੈ, ਹੁਣ ਕਿਹੜਾ ਮੁਖ ਲੈ ਕੇ ਵਾਪਸ ਵਤਨ ਕੇ ਜਾਓਗੇ ?

ਮਾਤਾ ਨੇ ਫਿਰ ਕਹਾ ਕਿ ਘਰ ਗਇਆਂ ਕੋ ਸਵਾਣੀਆਂ ਕੀ ਕਹਿਣਗੀਆਂ ਕਿ ਇਹ ਸਿਖ ਸਤਿਗੁਰਾਂ ਕੇ ਦਰਸ਼ਨ ਪਾਇ ਕੇ ਆਏ ਹੈਂ  ? ਲੋਕੀਂ ਲਾਨ੍ਹਤਾਂ ਪਾਉਣਗੇ, ਫੇਰ ਕਿਹੜਾ ਮੁਖ ਲੈ ਕੇ ਘਰ ਬਾਹਰ ਫਿਰੋਗੇ  ? ਉਠੋ ਸ਼ੇਰੋ ! ਹੰਭਲਾ ਮਾਰੋ, ਗੁਰੂ ਜੀ ਬਖਸ਼ਨ ਜੋਗ ਹੈਂ, ਅਸਾਂ ਕੋ ਬਖਸ਼ ਦੇਂਗੇ, ਤਿਆਰੀ ਕਰੀਏ । ਮਾਤਾ ਨੇ ਖਲੀ ਹੋਇ ਪੱਲੂ ਫੇਰਿਆ । ਫਿਰ ਕੀ ਸੀ ਭਾਈ ਭਾਗ ਸਿੰਘ ਆਦਿ ਚਾਲੀ ਸਿੱਖਾਂ ਕਮਰਕੱਸੇ ਕਰ ਗੁਰੂ ਜੀ ਕੇ ਪਾਛੇ ਜਾਨੇ ਕੀ ਤਿਆਰੀ ਕੀ। ਸਭ ਸਿਖ ‘ਸਤਿ ਸ੍ਰੀ ਅਕਾਲ’ ਕਾ ਜੈਕਾਰਾ ਛੋਰ ਅਰਾਕੀਆਂ (ਘੋੜਿਆਂ) ਤੇ ਸਵਾਰ ਹੋਇ ਸਤਿਗੁਰਾਂ ਕੇ ਪਾਛੇ ਰਮਾਂ-ਰਮੀਂ ਖਿਦਰਾਣਾ ਨਗਰ ਕੀ ਢਾਬ ਕੇ ਕੰਢੇ ਆਏ ਖਲੇ ਹੂਏ । ਇਹ ਸਾਰੇ ਪੂਰਬ ਦਿਸ਼ਾ ਵਲ ਜਿਸ ਪਾਸੇ ਸੇ ਤੁਰਕ ਫੌਜ ਆਇ ਰਹੀ ਸੀ ਖਲੇ ਹੂਏ।

(ਸੰਖੇਪ-ਘਮਸਾਨ ਦਾ ਜੁੱਧ ਹੋਇਆ । ਸਾਰੇ ਸਿੰਘ ਸ਼ਹੀਦ ਹੋਏ ਜਾਣ ਕੇ ਸ਼ਾਮ ਵੇਲੇ ਜਦੋਂ ਵਜ਼ੀਰ ਖਾਂ ਸੂਬਾ ਸਰਹਿੰਦ ਆਪਣੀ ਫੌਜ ਲੈ ਕੇ ਵਾਪਸ ਮੁੜਿਆ ਤਾਂ ਦਸਵੇਂ ਪਾਤਿਸ਼ਾਹ ਭਾਈ ਮਾਨ ਸਿੰਘ ਨੂੰ ਲੈ ਕੇ ਢਾਬ ਦੇ ਕਿਨਾਰੇ ਆਏ । ਸ਼ਹੀਦ ਸਿੰਘਾਂ ਦੇ ਪਾਵਨ ਸਰੀਰ ਉਠਵਾਏ ਤੇ ਆਪਣੇ ਰੁਮਾਲ ਨਾਲ ਉਨ੍ਹਾਂ ਤੋਂ ਘੱਟਾ ਮਿੱਟੀ ਝਾੜ ਕੇ ਸੰਵਾਰਿਆ। ਹਜ਼ੂਰ ਨੇ ਉਨ੍ਹਾਂ ’ਚੋਂ ਕਿਸੇ ਨੂੰ ਦਸ ਹਜ਼ਾਰੀ, ਕਿਸੇ ਨੂੰ ਬੀਸ ਹਜ਼ਾਰੀ ਤੇ ਕਿਸੇ ਨੂੰ ਪੰਜਾਹ ਹਜ਼ਾਰੀ ਕਹਿ ਕੇ ਨਿਵਾਜਿਆ।)

  1. ਸਾਖੀ ਸਿੰਘਾਂ ਕਾ ਬੇਦਾਵਾ ਪਾੜਨੇ ਕੀ ਚਾਲੀ : ਇਨ ਚਾਲੀ ਸਿਖੋਂ ਮੇਂ ਸੇ ਤੀਨ ਸਿਖ ਭਾਈ ਰਾਇ ਸਿੰਘ (ਬੇਟਾ ਸ਼ਹੀਦ ਭਾਈ ਮਨੀ ਸਿੰਘ), ਸੁੰਦਰ ਸਿੰਘ ਤੇ ਮਹਾਂ ਸਿੰਘ (ਬੇਟਾ ਭਾਈ ਰਾਇ ਸਿੰਘ) ਅਜੇ ਸਹਿਕਦੇ ਸਨ। ਸ੍ਰੀ ਸਤਿਗੁਰਾਂ ਅੰਤਮ ਸਮੇਂ ਇਨ ਕੇ ਮੁਖ ਮੇਂ ਚੁਆਇਆ ਤੇ ਰੁਮਾਲ ਸੇ ਮੁਖ ਝਾੜੇ। ਇਨ ਤੀਨ ਸਿਖਾਂ ਕੇ ਇਲਾਵਾ ਚੌਥੀ ਮਾਤਾ ਭਾਗ ਕੁਇਰਾਂ ਘਾਇਲ ਹੋ ਗਈ ॥ ਏਕ ਕਰੀਰ ਕੇ ਬੂਟੇ ਕੇ ਨਜ਼ਦੀਕ ਵਣ ਕੇ ਨੀਚੇ ਪੜੀ ਸੀ । ਇਨ ਕੀ ਬਾਂਈਂ ਰਾਂਦ ਮੇਂ ਗੋਲੀ ਕਾ ਜ਼ਖਮ ਥਾ, ਜਿਸ ਸੇ ਨਿਢਾਲ ਹੋਇ ਕੇ ਇਹ ਮੁੱਖ ਥੀਂ ਸ੍ਰੀ ਵਾਹਿਗੁਰੂ ਕਾ ਜਾਪ ਜਪ ਰਹੀ ਸੀ। ਇਸੇ ਮਾਨ ਸਿੰਘ ਆਦਿ ਸਿਖਾਂ ਚੁੱਕ ਕੇ ਗੁਰੂ ਜੀ ਪਾਸ ਲਿਆਂਦਾ। ਗੁਰੂ ਜੀ ਨੇ ਪੂਛਾ, ਬੇਟੀ ! ਤੇਰੀ ਕਿਆ ਦਸ਼ਾ ਹੈ। ਇਸ ਕਹਾ ਮਹਾਰਾਜ! ਤੇਰੀ ਮਿਹਰ ਸੇ ਠੀਕ ਹਾਂ, ਮੁਝੇ ਏਕ ਹੀ ਜ਼ਖਮ ਹੈ ਔਰ ਕਾਈ ਨਹੀਂ।

ਸਤਿਗੁਰਾਂ ਰਾਇ ਸਿੰਘ ਆਦਿ ਤੀਨ ਸਿਖੋਂ ਕੀ ਤਰਫ ਦੇਖਾ, ਪੂਛਾ, ਆਪ ਕਿਆ ਚਾਹਤੇ ਹੋ ? ਇਨ ਮੇਂ ਰਾਇ ਸਿੰਘ ਬੋਲਾ, ਗਰੀਬਨਿਵਾਜ਼! ਜੇ ਆਪ ਅਸਾਂ ਤੇ ਤਰੁਠੇ ਹੋ, ਤਾਂ ਆਪ ਅਸਾਂ ਕਾ ਲਿਖਾ ਸਿਖੀ ਸੇ ਪੰਚਾਇਤੀ ਬੇਦਾਵਾ ਪਾੜ ਕੇ ਸਿਖੀ ਦਾਨ ਬਖਸ਼ੀਏ । ਸਤਿਗੁਰਾਂ ਤੀਨ ਦਫਾ ਸ੍ਰੀ ਮੁਖ ਥੀਂ ‘ਧੰਨ ਸਿੱਖੀ, ਧੰਨ ਸਿਖੀ, ਧੰਨ ਸਿਖੀ’ ਕਹਿ ਕੇ ਖੀਸੇ ਸੇ ਬੇਦਾਵਾ ਕਾਗਜ਼ ਨਿਕਾਲ ਕਰ ਲੀਰੋ ਲੀਰ ਕਰ ਦੀਆ । ਗੁਰੂ ਜੀ ਪਹਿਰ ਰਾਤ ਬਿਤੀਤ ਹੋਇ ਜਾਨੇ ਤੀਕ ਇਸ ਸਿਖੋਂ ਕੇ ਗੈਲ ਬਚਨ ਬਿਲਾਸ ਕਰਤੇ ਰਹੇ। ਪ੍ਰਿਥਮੇ ਭਾਈ ਸੁੰਦਰ ਸਿੰਘ ਝਲੀਆਂ ਵਾਲਾ, ਬਾਦ ਮੇਂ ਦੋਹਾਂ ਸਿਖਾਂ ਪ੍ਰਾਣ ਤਿਆਗ ਦੀਏ। ਇਹ ਘਟਨਾ ਸੰਮਤ ਸਤਰਾਂ ਸੈ ਬਾਸਠ (ਸੰਨ 1705) ਪੋਖ ਮਾਸੇ ਤੀਸ ਰਵੀਵਾਰ ਕੇ ਦਿਹੁੰ ਕੀ ਹੈ। ਗੁਰੂ ਜੀ ਨੇ ਇਨ੍ਹਾਂ ਚਾਲੀ ਸ਼ਹੀਦ ਸਿਖਾਂ ਕੋ ਮੁਕਤਿਆਂ ਕਾ ਵਰ ਦੀਆ।

ਮਹਾਨ ਕੋਸ਼ ਦੇ ‘ਭਾਗੋਮਾਈ’ ਦੇ ਅੰਦਰਾਜ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ : ਢਿੱਲੋ ਗੋਤ ਦੀ ਉੱਚ ਆਚਾਰ ਵਾਲੀ ਇਸਤ੍ਰੀ, ਪਿੰਡ ਚੁਭਾਲ (ਝਬਾਲ) ਜਿਲ੍ਹਾ ਅੰਮ੍ਰਿਤਸਰ ਦੀ ਵਸਨੀਕ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦੇ ਅਨੰਨ ਸਿੱਖ ਭਾਈ ਲੰਗਾਹ ਦੇ ਭਾਈ ਪੇਰੋਸ਼ਾਹ ਦੀ ਔਲਾਦ ਵਿੱਚੋਂ ਸੀ । ਸੰਮਤ ੧੭੬੨ (ਸੰਨ 1705) ਵਿੱਚ ਭਾਗੋ ਮਾਈ ਸਿੰਘਾਂ ਨਾਲ ਸ਼ਾਮਿਲ ਹੋ ਕੇ ਮੁਕਤਸਰ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਲੜੀ ਅਤੇ ਬਹੁਤ ਘਾਇਲ ਹੋਈ, ਦਸਮੇਸ਼ ਨੇ ਇਸ ਦਾ ਇਲਾਜ ਕਰਵਾ ਕੇ ਰਾਜੀ ਕੀਤਾ ਅਰ ਅੰਮ੍ਰਿਤ ਛਕਾ ਕੇ ਭਾਗ ਕੌਰ ਬਣਾਈ। ਇਹ ਮਰਦਾਵਾਂ ਭੇਸ ਧਾਰ ਕੇ ਸਤਿਗੁਰੂ ਦੀ ਸਦਾ ਅੜਦਲ ਵਿੱਚ ਰਹਿਂਦੀ ਸੀ। ਜਦ ਕਲਗੀਧਰ ਅਬਿਚਲਨਗਰ ਅੰਤਰਧਾਨ (ਲੋਪ) ਹੋ ਗਏ, ਤਦ ਇਹ ਉਦਾਸ ਹੋ ਕੇ ਬਿਦਰ ਚਲੀ ਗਈ ਅਰ ਉਸੇ ਥਾਂ ਦੇਹ ਤਿਆਗੀ। ਇਸ ਦੇ ਨਾਮ ਦਾ ਅਬਿਚਲਨਗਰ ਵਿੱਚ ਇੱਕ ਬੁੰਗਾ ਹੈ, ਜਿਸ ਵਿੱਚ ਦਰਬਾਰ ਦਾ ਵਡਾ ਪੁਜਾਰੀ ਰਹਿਂਦਾ ਹੈ। ਇਸ ਦੇ ਬਰਛੇ ਦਾ ਫਲ ਗੁਰੂ ਸਾਹਿਬ ਦੇ ਸਿੰਘਾਸਨ ਤੇ ਹੁਣ ਤੀਕ ਸਨਮਾਨ ਪਾ ਰਿਹਾ ਹੈ, ਜਿਸ ਨੂੰ ਅਣਜਾਣ (ਲੋਕ); ਅਸਭੁਜੀ ਦੇਵੀ ਆਖਦੇ ਹਨ।

ਭਾਈ ਸੰਤੋਖ ਸਿੰਘ ਦੇ ਰਚਿਤ ‘ਗੁਰ ਪ੍ਰਤਾਪ ਸੂਰਜ’ ਦੇ ਐਨ 1 ਅਸੂ 13 ਤੇ 22 ਵਿੱਚ ਮਾਈ ਭਾਗੋ ਦਾ ਜ਼ਿਕਰ ਹੈ, ਜਿਸ ਦੇ ਕਾਵਿਕ ਪਦਾਂ ਮੁਤਾਬਕ ਸੰਖੇਪ ਵਾਰਤਾ ਇੰਝ ਬਣਦੀ ਹੈ :-

ਇਕ ਸਿੱਖ ਨੇ ਆ ਕੇ ਦੱਸਿਆ ਕਿ ਇੱਕ ਥਾਂ ਇੱਕ ਇਸਤ੍ਰੀ (ਮਾਈ ਭਾਗੋ) ਜ਼ਖਮੀ ਪਈ ਹੈ। ਗੁਰੂ ਜੀ ਨੇ ਜਾ ਕੇ ਤੱਕਿਆ ਤੇ ਕਿਹਾ-‘‘ਉਠ ਤੂੰ ਚਲੀਅਹਿ ਸੰਗ ਹਮਾਰੇ। ਚਹੈ ਮਨੋਰਥ ਪੁਰਵੈਂ ਸਾਰੇ ।5।’’ ਮਾਈ ਭਾਗੋ ਨੇ ਦੱਸਿਆ, ‘‘ਮਾਝੇ ਦੇ ਸਿੰਘਾਂ ਨਾਲ ਮੈਂ ਪੁੱਤਰ ਦੀ ਲਾਲਸਾ ਰੱਖ ਕੇ ਆਈ ਸਾਂ। ਏਥੇ ਆ ਕੇ ਲੜਾਈ ਵਿੱਚ ਸ਼ਾਮਲ ਹੋ ਗਈ ਸਾਂ। ਮੈਂ ਸਾਂਗ ਨਾਲ ਵੈਰੀਆਂ ਨੂੰ ਮਾਰਿਆ। ਇੱਕ ਨੇ ਮੈਨੂੰ ਜ਼ਖਮੀ ਕਰ ਦਿੱਤਾ । ਤੁਸਾਂ ਬਚਾ ਲਿਆ ।  ਹੁਣ ਕੋਈ ਇੱਛਿਆ ਨਹੀਂ ਰਹੀ ।’’

ਅੰਸੂ 22 ਦੀ ਕਾਵਿ ਮੁਤਾਬਕ ਵਾਰਤਾ ਹੈ :-

ਸ੍ਰੀ ਮੁਕਤਸਰ ਤੋਂ ਲੈ ਕੇ ਮਾਤਾ ਭਾਗੋ ਗੁਰੂ ਜੀ ਦੇ ਹਜ਼ੂਰ ਹੀ ਰਹੀ । (ਇਥੇ ਕਵੀ ਜੀ ਲਿਖਦੇ ਹਨ : )

‘‘ਕਥਾ ਬੇਦ ਮਹਿਂ ਜਿਸ ਕੀ ਅਹੇ । ਨਾਮ ‘ਗਾਰਗੀ’ ਨਗਨ ਸੁ ਰਹੇ ।

ਪਰਮਹੰਸਨੀ ਬਡ ਅਵਧੂਤਾ । ਤਿਮ ਭਾਗੋ ਗੁਰ ਢਿਗ ਅਵਧੂਤਾ ।37।

ਮਾਤਾ ਭਾਗੋ ਹੱਥ ਵਿੱਚ ਸਾਂਗ (ਬਰਛੀ) ਰੱਖਦੀ ਤੇ ਕਈ ਮਹੀਨੇ ‘ਨਗਨ’ ਹੀ ਰਹੀ । ਫਿਰ ਗੁਰੂ ਜੀ ਨੇ ਆਖਿਆ ਮਾਈ ਭਾਗੋ ਸਚਿਆਰੀ! ਸੁਣ । ਇਹ ਠੀਕ ਹੈ ਤੂੰ ਇੱਕ ਰਸ ਲਿਵ ਲਗਣ ਕਾਰਨ ਪਰਮਹੰਸ ਅਵਸਥਾ ਪ੍ਰਾਪਤ ਕਰ ਲਈ ਹੈ। ‘‘ਰਹਿਨ ਦਿਗੰਬਰ (ਨਗਨ) ਤੁਝ ਬਣ ਆਈ । ਇਕ ਰਸ ਬ੍ਰਿਤਿ ਭਈ ਲਿਵ ਲਾਈ ।40। ਫਿਰ ਵੀ ਤੂੰ ਸਾਡੇ ਸੰਗ ਰਹਿੰਦੀ ਹੈਂ, ਇਸ ਲਈ ਤੂੰ ਤੇੜ ਕਛਹਿਰਾ, ਸਿਰ ’ਤੇ ਦਸਤਾਰ ਤੇ ਬਾਕੀ ਦੀ ਦੇਹ ਢੱਕਣ ਲਈ ਕੋਈ ਚਾਦਰ ਲੈ ਲਿਆ ਕਰ । ਇਸ ਪ੍ਰਕਾਰ ਸਤਿਗੁਰੂ ਜੀ ਦੇ ਕਹਿਣ ’ਤੇ ਉਸ ਨੇ ਬਸਤਰ ਪਹਿਣ ਲਏ।

ਅੰਸੂ 22 ਦੇ ਉਪਰੋਕਤ 37ਵੀਏਂ ਪਦੇ ਬਾਰੇ ਟਿਪਣੀ ਕਰਦਿਆਂ ਮਹਾਨਕੋਸ਼ ਵਿੱਚਲੀ ਜਾਣਕਾਰੀ ਮੁਤਾਬਕ ਸ. ਸੋਹਣ ਸਿੰਘ ਸੀਤਲ ਲਿਖਦੇ ਹਨ :

‘‘ਅਵਧੂਤ ਦਾ ਅਰਥ ਹੈ, ਸਾਧੂ, ਸੰਨਿਆਸੀ, ਤਿਆਗੀ । ਏਥੇ ਇਸ ਦਾ ਅਰਥ ਨਗਨ ਰਹਿਣ ਵਾਲੇ ਤੋਂ ਲਿਆ ਹੈ। ‘ਗਾਰਗੀ’ ਗਰਗ ਮੁਨੀ ਦੀ ਵਿਦਵਾਨ ਪੁੱਤਰੀ ਸੀ, ਜੋ ਸਾਰੀ ਉਮਰ ਬ੍ਰਹਮਚਾਰੀ ਰਹੀ । ਮਿਥਲਾ ਦੇ ਜਨਕ ਰਾਜ ਦੀ ਸਭਾ ਵਿੱਚ ‘ਵੇਦਾਂਤ ਚਰਚਾ’ ਵਿੱਚ ਉਸ ਨੇ ਸਭ ਨੂੰ ਪ੍ਰਭਾਵਤ ਕੀਤਾ ਸੀ । ਉਸ ਦੀ ਕਥਾ ‘ਬ੍ਰਿਹਦਾਰਣ੍ਯਕ ਉਪਨਿਸ਼ਦ’ ਵਿੱਚ ਆਈ ਹੈ। ਕਵੀ ਜੀ ਨੇ ਉਸ ਨੂੰ ‘ਨਗਨ ਰਹਿਣ ਵਾਲੀ’ ਲਿਖਿਆ । ਪਤਾ ਨਹੀਂ, ਇਹ ਕਿਸ ਗ੍ਰੰਥ ਤੋਂ ਲਿਆ ਹੈ।’’ ਇਸ ਲਈ ਸਪਸ਼ਟ ਸਮਝ ਪੈਂਦਾ ਹੈ ਕਿ ਮਾਈ ਭਾਗੋ ਦੇ ਗਾਰਗੀ ਵਾਂਗ ਨਗਨ ਰਹਿਣ ਵਾਲੀ ਗੱਲ ਵੀ ਕਵੀ ਦੀ ਕਪੋਲ (ਜ਼ਬਾਨੀ) ਕਲਪਨਾ ਹੈ ਕਿਉਂਕਿ ਆਪ ਹੀ ਉਹ ਲਿਖਦੇ ਹਨ ਕਿ ਗੁਰੂ ਜੀ ਦੇ ਕਹਿਣ ’ਤੇ ਮਾਈ ਨੇ ਬਸਤ੍ਰ ਧਾਰਨ ਕਰ ਲਏ ਸਨ। ਸੀਤਲ ਜੀ ਦਾ ਵੀ ਇਹੀ ਮਤ ਹੈ । ਗੁਰੂ ਨਾਨਕ ਦ੍ਰਿਸ਼ਟੀ ਵਿੱਚ ‘‘ਮੁਖਿ ਝੂਠ ਬਿਭੂਖਣ ਸਾਰੰ’’ ਦੀ ਸਮਰੱਥਾ ਰੱਖਣ ਵਾਲੇ ਬ੍ਰਾਹਮਣ ਦੀ ਚਲਾਕੀ ਇਹ ਹੈ ਕਿ ਪੌਰਾਣਿਕ ਮਾਈ ਗਾਰਗੀ ਦੀ ਕਲਪਿਤ ਕਹਾਣੀ ਦੇ ਸਹਾਰੇ ਮਾਈ ਭਾਗੋ ਜੀ ਦੀ ਉਸਤਤਿ ਕਰਨ ਦੇ ਰੂਪ ਵਿੱਚ ਨਿੰਦਾ ਹੀ ਕਰਵਾ ਦਿੱਤੀ ਹੈ।

ਇੱਥੇ ਗੰਭੀਰਤਾ ਸਹਿਤ ਵਿਚਾਰਨ ਵਾਲਾ ਪੱਖ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬੇਅੰਤ ਬ੍ਰਹਮਗਿਆਨੀ ਤੇ ਬ੍ਰਹਮਲੀਨ ਸਿੱਖ ਸਿੱਖਣੀਆਂ ਹੋਏ, ਪਰ ਉਨ੍ਹਾਂ ਵਿੱਚੋਂ ਕੋਈ ਵੀ ਨਾਮ ਰੰਗ ਦੀ ਖ਼ੁਮਾਰੀ (ਮਸਤੀ) ਵਿੱਚ ਬੇਸੁੱਧ (ਬੇਹੋਸ਼) ਹੋ ਕੇ ਨਾ ਤਾਂ ਸਰਮਦ (ਇੱਕ ਫ਼ਕੀਰ, ਜਿਸ ਨੂੰ ਨੰਗਾ ਰਹਿਣ ਦੇ ਅਪਰਾਧ ਕਾਰਨ ਔਰੰਗਜ਼ੇਬ ਨੇ 1661 ਈ. ’ਚ ਕਤਲ ਕੀਤਾ) ਵਰਗੇ ਸੂਫ਼ੀ ਫ਼ਕੀਰਾਂ, ਨਾਂਗੇ ਜੋਗੀਆਂ, ਸੰਨਿਆਸੀਆਂ ਤੇ ਦਿੰਗਬਰ ਜੈਨੀਆਂ ਵਾਂਗ ਨਗਨ ਹੋਇਆ ਅਤੇ ਨਾ ਹੀ ਕੋਈ ਮੀਰਾਂ ਵਰਗੇ ਵੈਸ਼ਨਵ ਭਗਤਾਂ ਵਾਂਗ ਨੱਚਿਆ ਟੱਪਿਆ ਤੇ ਹੋਰ ਖ਼ਰਮਸਤੀ ਕੀਤੀ ਭਾਵੇਂ ਕਿ ਉਨ੍ਹਾਂ ਵਿੱਚੋਂ ਕਈ ਭਾਈ ਮਰਦਾਨਾਂ, ਭਾਈ ਬੁੱਢਾ, ਭਾਈ ਮਾਨ ਸਿੰਘ ਤੇ ਪੰਜ ਪਿਆਰਿਆਂ ’ਚੋਂ ਭਾਈ ਦਇਆ ਸਿੰਘ ਵਾਂਗ ਸਾਰੀ ਹੀ ਉਮਰ ਗੁਰੂ ਜੀ ਕੇ ਅੰਗ-ਸੰਗ ਰਹੇ ਕਿਉਂਕਿ ਉਨ੍ਹਾਂ ਗੁਰਬਾਣੀ ਦੁਆਰਾ ਸਮਝ ਲਿਆ ਸੀ ਕਿ ਉਪਰੋਕਤ ਕਿਸਮ ਦੇ ਵਰਤਾਰੇ; ਭਗਤੀ ਸਾਧਨਾ ਨਹੀਂ ਸਗੋਂ ਅਗਿਆਨਤਾ ਭਰਪੂਰ ਅੰਨ੍ਹਿਆਂ ਵਾਲੇ ਕੰਮ ਹਨ। ਉਹ ਜਾਣ ਚੁੱਕੇ ਸਨ ਕਿ ਰੱਬੀ ਰੰਗ ਵਿੱਚ ਰੰਗੀਜ ਕੇ ਅਤੇ ਰੱਬ ਨਾਲ ਸਾਂਝ ਪਾ ਕੇ ਜੀਊਣ ਵਾਲੇ ਬ੍ਰਹਮਗਿਆਨੀ ਲੋਕ ਸਦਾ ਹੀ ਚੇਤੰਨ ਅਤੇ ਵਿਕਾਰਾਂ ਵੱਲੋਂ ਸਾਵਧਾਨ ਰਹਿ ਕੇ ਆਪਣੀਆਂ ਪਰਿਵਾਰਕ, ਸਮਾਜਕ ਤੇ ਧਾਰਮਿਕ ਜ਼ਿਮੇਂਵਾਰੀਆਂ ਵੀ ਜਾਗਰੂਕਤਾ ਸਹਿਤ ਬਖ਼ੂਬੀ ਨਿਭਾਉਂਦੇ ਹਨ। ਕਾਰਨ ਇਹ ਹੈ ਕਿ ਉਪਰੋਕਤ ਕਿਸਮ ਦੀ ਗੁਰਮਤੀ ਸੂਝ ਬਖ਼ਸ਼ਣ ਵਾਲੇ ਹੇਠ ਲਿਖੇ ਗੁਰਵਾਕ ਸਦਾ ਹੀ ਉਨ੍ਹਾਂ ਦੀ ਸੁਰਤ ਵਿੱਚ ਟਿਕੇ ਰਹਿੰਦੇ ਹਨ :

ਗਿਆਨੀ ਹੋਇ, ਸੁ ਚੇਤੰਨੁ ਹੋਇ; ਅਗਿਆਨੀ ਅੰਧੁ ਕਮਾਇ ॥ (ਮ: ੩, ਪੰਨਾ ੫੫੬)

ਚਰਨ ਕਮਲ ਉਰ ਧਾਰੇ ਚੀਤ ॥  ਚਿਰੁ ਜੀਵਨੁ, ਚੇਤਨੁ ਨਿਤ ਨੀਤ ॥ (ਰਾਮਕਲੀ ਓਅੰਕਾਰ, ਮ: ੧,ਪੰਨਾ ੯੩੨)

ਬ੍ਰਹਮ ਗਿਆਨੀ, ਸਦਾ ਸਦ ਜਾਗਤ ॥ (ਗਉੜੀ ਸੁਖਮਨੀ, ਮ: ੫, ਪੰਨਾ ੨੭੩)

ਮਾਤਾ ਭਾਗ ਕੌਰ ਜੀ ਦਾ ਪ੍ਰਸੰਗ ਲਿਖਦਿਆਂ ਤੇ ਸੁਣਾਉਂਦਿਆਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੇ ਉਸ ਅਨਿੰਨ ਸੇਵਕ ਸਿੱਖ ਭਾਈ ਲੰਗਾਹ (ਢਿੱਲੋਂ ਚਉਧਰੀ) ਦੀ ਪੋਤਰੀ ਸੀ, ਜੋ ਸਖੀ ਸਰਵਰ ਦੀ ਉਪਾਸ਼ਨਾ ਛੱਡ ਕੇ ਗੁਰੂ ਦਾ ਸਿੱਖ ਬਣਿਆ, ਜਿਸ ਨੇ ਸ੍ਰੀ ਅੰਮ੍ਰਿਤਸਰ ਵਸਾਉਣ ਵੇਲੇ ਤਨ, ਮਨ ਤੇ ਧਨ ਨਾਲ਼ ਸੇਵਾ ਕਰ ਵੱਡਾ ਹਿੱਸਾ ਪਾਇਆ, ਜਿਸ ਨੇ ਗੁਰੂ ਅਰਜਨ ਪਾਤਿਸ਼ਾਹ ਦੀ ਸ਼ਹੀਦੀ ਵੇਲੇ ਗੁਰੂ ਜੀ ਦੇ ਨਾਲ ਲਹੌਰ ਦੀ ਜੇਲ੍ਹ ਵਿੱਚ ਅਸਹਿ ਕਸ਼ਟ ਸਹਾਰੇ ਸਨ। ਇਹੀ ਕਾਰਨ ਸਨ ਕਿ ਭਾਈ ਗੁਰਦਾਸ ਜੀ ਨੇ ਵੀ ‘‘ਪਟੀ ਅੰਦਰਿ ਚਉਧਰੀ; ਢਿਲੋਂ ਲਾਲੁ ਲੰਗਾਹੁ ਸੁਹੰਦਾ।’’ (ਭਾਈ ਗੁਰਦਾਸ ਜੀ, ਵਾਰ ੧੧ ਪਉੜੀ ੨੨) ਕਹਿ ਕੇ ਉਸ ਨੂੰ ਮਹਾਨ ਸਿੱਖ ਸੇਵਕਾਂ ਵਿੱਚ ਸ਼ੁਮਾਰ ਕਰ ਦਿੱਤਾ ਹੈ।

ਇਹ ਪੱਖ ਵੀ ਸਦਾ ਸਾਡੇ ਧਿਆਨ ’ਚ ਰਹਿਣਾ ਚਾਹੀਦਾ ਹੈ ਕਿ ਉਹ ਦਸਮ ਪਾਤਸ਼ਾਹ ਦੇ ਸੂਰਬੀਰ ਸਿੱਖ ਭਾਈ ਭਾਗ ਸਿੰਘ ਤੇ ਦਿਲਬਾਗ ਸਿੰਘ ਝੁਬਾਲੀਏ ਦੀ ਵੱਡੀ ਭੈਣ ਸੀ, ਪੱਟੀ ਦੇ ਭਾਈ ਸੁਲਤਾਨ ਸਿੰਘ ਵੜੈਚ ਦੀ ਭਰਜਾਈ ਸੀ, ਜਿਸ ਦੇ ਉਪਰੋਕਤ ਦੋਵੇਂ ਭਰਾ ਅਤੇ ਜੇਠ ਸ੍ਰੀ ਮੁਕਤਸਰ ਦੇ ਜੁੱਧ ਵਿੱਚ ਸ਼ਹੀਦ ਹੋ ਕੇ ਗੁਰੂ ਜੀ ਤੋਂ ਨਿਸ਼ਾਵਰ ਹੋ ਗਏ ਸਨ ਭਾਵੇਂ ਕਿ ਉਹ ਸਾਰੇ ਚੌਧਰੀ ਪਰਿਵਾਰਾਂ ਦੇ ਹੋਣ ਕਰਕੇ ਸਰਕਾਰੀ ਅਸਰ ਰਸੂਖ ਵਾਲੇ ਸਨ ਅਤੇ ਗੁਰੂ ਜੀ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੀ ਪੱਟੀ ਤੇ ਝੁਬਾਲ ਦੀ ਚੌਧਰਤਾ ਤੇ ਸਰਕਾਰੀ ਜਗੀਰਾਂ ਖੁੱਸਣ ਦਾ ਖ਼ਤਰਾ ਵੀ ਉਨ੍ਹਾਂ ਦੇ ਸਿਰਾਂ ’ਤੇ ਮੰਡਰਾਅ ਰਿਹਾ ਸੀ, ਪਰ ਉਨ੍ਹਾਂ ਨੇ ਕਿਸੇ ਵੀ ਕਿਸਮ ਦੀ ਕੋਈ ਪ੍ਰਵਾਹ ਨਾ ਕੀਤੀ, ਆਦਿ ਵਿਸ਼ਿਆਂ ਪੱਖਾਂ ਨੂੰ ਗੰਭੀਰਤਾ ਸਹਿਤ ਵਿਚਾਰਿਆ ਜਾਵੇ ਤਾਂ ਇਹ ਕੋਈ ਛੋਟੀ ਜਿਹੀ ਕੁਰਬਾਨੀ ਨਹੀਂ ਹੋਵੇਗੀ।

ਮਾਤਾ ਭਾਗ ਕੌਰ ਉਹ ਵਡਭਾਗਣ, ਸਚਿਆਰ ਤੇ ਮਰਦ ਔਰਤ ਸੀ, ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਦਸ਼ਾਹ-ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਹੱਥੋਂ ਅੰਮ੍ਰਿਤ ਛੱਕਣ ਅਤੇ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਆਪਣੇ ਹੋਰ ਮਰਦ ਗੁਰਭਾਈਆਂ ਦੇ ਬਰਾਬਰ ਗੁਰੂ ਜੀ ਦੇ ਵਿਸ਼ੇਸ਼ ਸੁਰੱਖਿਆ (ਅੜਦਲੀ) ਦਸਤੇ ਦਾ ਮੈਂਬਰ ਬਣਨ ਦਾ ਸੁਭਾਗ ਹਾਸਲ ਹੋਇਆ ਸੀ। ਗੁਰੂ ਜੀ ਦਾ ਇਹ ਇੱਕ ਪਹਿਲਾ ਤੇ ਮਹਾਨ ਕ੍ਰਾਂਤੀਕਾਰੀ ਕਦਮ ਸੀ। ਔਰਤ ਨੂੰ ਸ਼ੂਦਰ ਦੇ ਪੈਰਾਂ ਦੀ ਜੁੱਤੀ ਸਮਝਣ ਵਾਲੇ ਹਿੰਦੋਸਤਾਨ ਦੇ ਇਤਿਹਾਸ ਵਿੱਚ, ਜਿਸ ਨੇ ਬ੍ਰਾਹਮਣੀ ਸੋਚ ਨੂੰ ਮਿੱਟੀ ਵਿੱਚ ਮਿਲਾ ਰੱਖਿਆ ਸੀ। ਅਸਲ ਵਿੱਚ ਇਹੀ ਸਾੜਾ ਸੀ ਉਸ ਮੰਨੂਵਾਦੀ ਬ੍ਰਾਹਮਣਾਂ ਦੇ ਈਰਖਾਲੂ ਹਿਰਦੇ ਵਿੱਚ, ਜਿਸ ਅਧੀਨ ਉਨ੍ਹਾਂ ਨੇ ਕਵੀ ਸੰਤੋਖ ਸਿੰਘ ਜੀ ਪਾਸੋਂ ਚਲਾਕੀ ਜਾਂ ਧੋਖੇ ਨਾਲ਼ ਕਿਸੇ ਪੌਰਾਣਿਕ ਔਰਤ ‘ਗਾਰਗੀ’ ਦੇ ਹਵਾਲੇ ਨਾਲ ਉਪਮਾ ਦੇਣ ਦੇ ਬਹਾਨੇ ਮਾਈ ਭਾਗ ਕੌਰ ਜੀ ਨੂੰ ਅਵਧੂਤ-ਮਈ ਨਗਨ ਅਵਸਥਾ ਵਿੱਚ ਘੁੰਮਦੀ ਦੱਸਿਆ ਅਤੇ ਗੁਰੂ ਜੀ ਦੇ ਉੱਚੇ-ਸੁੱਚੇ ਆਚਰਨ ਨੂੰ ਵੀ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸੋ ਸਾਨੂੰ ਆਪਣੇ ਇਤਿਹਾਸ ਵਿੱਚ ਹੋਈ ਮਿਲਾਵਟ ਜਾਂ ਕੀਤੀ ਗਈ ਰਲ਼ਗੱਡ ਨੂੰ ਗੁਰਮਤਿ ਦੀ ਕਸੌਟੀ ਲਾ ਕੇ ਤੁਰੰਤ ਵੱਖ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਧੁਨਿਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਵਿੱਚ ਕੋਈ ਦੁਚਿੱਤੀ ਨਾ ਰਹੇ। ਇਸ ਸੰਵੇਦਨਸ਼ੀਲ ਕਾਰਜ ਵਿੱਚ ਕੀਤੀ ਗਈ ਦੇਰੀ, ਅਜੋਕੇ ਸਾਇੰਸ ਯੁਗ ’ਚ ਕੌਮ ਦੀ ਏਕਤਾ ਲਈ ਘਾਤਕ ਬਣਦੀ ਜਾਏਗੀ।

ਭੁੱਲ-ਚੁੱਕ ਮੁਆਫ਼ ।

ਕਉਲ ਫੁੱਲ ’ਚੋਂ ਲਾਭ ਉਠਾਉਂਦੀ ਭੌਰ ਬਿਰਤੀ

0

ਕਉਲ ਫੁੱਲ ’ਚੋਂ ਲਾਭ ਉਠਾਉਂਦੀ ਭੌਰ ਬਿਰਤੀ

ਅਵਤਾਰ ਸਿੰਘ ਮਿਸ਼ਨਰੀ (5104325827)

ਸ਼ਬਦ ਕਉਲ, ਕਮਲ ਅਤੇ ਕਵਲ ਤਿੰਨਾ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ। ਕਉਲ ਫੁੱਲ ਦੀ ਵੇਲ ਜਾਂ ਬੂਟੀ ਆਮ ਤੌਰ ’ਤੇ ਖੜ੍ਹੇ ਪਾਣੀ ਦੇ ਛੱਪੜ, ਸਰੋਵਰ ਜਾਂ ਟੋਭੇ ’ਚ ਹੁੰਦੀ ਹੈ। ਇਸ ਦਾ ਸੂਰਜ ਨਾਲ ਸਨੇਹ ਹੈ। ਜਦ ਵੀ ਵੇਲ ਦੀ ਡੋਡੀ ’ਚੋਂ ਇਹ ਫੁੱਲ ਨਿਕਲਦਾ ਹੈ ਉਹ ਸੂਰਜ ਵੱਲ ਮੂੰਹ ਕਰਦਾ ਹੈ; ਜਿਵੇਂ ਜਿਵੇਂ ਸੂਰਜ ਘੁੰਮਦਾ ਦੂਜੇ ਪਾਸੇ ਜਾਂਦਾ ਹੈ; ਓਵੇਂ ਓਵੇਂ ਕਉਲ ਫੁੱਲ ਵੀ ਆਪਣੀ ਦਸ਼ਾ ਬਦਲਦਾ ਰਹਿੰਦਾ ਹੈ; ਜਿਵੇਂ ਸੂਰਜ ਚੜ੍ਹਦਾ, ਪ੍ਰਕਾਸ਼ ਦੀਆਂ ਕਿਰਨਾਂ ਵਿਖੇਰਦਾ ਹੈ, ਓਵੇਂ ਓਵੇਂ ਕਉਲ ਫੁੱਲ ਵੀ ਖਿੜਦਾ ਤੇ ਆਪਣੀਆਂ ਪੰਖੀਆਂ ਦੀਆਂ ਕਿਰਨਾਂ ਫੈਲਾਉਂਦਾ ਹੈ। ਜਦ ਗੂੜੀ ਸ਼ਾਮ ਨੂੰ ਸੂਰਜ ਅਸਤ ਹੋ ਜਾਂਦਾ ਹੈ ਓਦੋਂ ਕਉਲ ਭਾਵ ਕਮਲ ਫੁੱਲ ਵੀ ਆਪਣੇ ਪੰਖ ਸਮੇਟ ਲੈਂਦਾ ਹੈ, ਇਸ ਲਈ ਸੂਰਜ ਹੀ ਇਸ ਦਾ ਸੁਆਮੀ, ਜੀਵਨ ਅਤੇ ਰਾਹ ਦਸੇਰਾ ਭਾਵ ਸਭ ਕੁਝ ਹੈ। ਸੋ, ਸੂਰਜ ਦੀ ਨੇੜਤਾ, ਮਿਲਾਪ ਤੇ ਦਰਸ਼ਨ ਕਉਲ ਦਾ ਜੀਵਨ ਹੈ ਅਤੇ ਸੂਰਜ ਤੋਂ ਦੂਰੀ ਜਾਂ ਵਿਛੋੜਾ ਹੀ ਕਉਲ ਫੁੱਲ ਦੀ ਮੌਤ ਹੈ। ਗੁਰਬਾਣੀ ’ਚ ਕਮਲ ਫੁੱਲ ਦੀ ਮਿਸਾਲ ਨਾਲ ਬੰਦੇ ਦੇ ਹਿਰਦੇ ਨੂੰ ਸੂਰਜਾਂ ਦੇ ਸੂਰਜ (ਮਹਾਂ ਸੂਰਜ) ਗੁਰ-ਪ੍ਰਮੇਸ਼ਰ ਤੇ ਉਸ ਦੇ ਪ੍ਰਕਾਸ਼ ਗਿਆਨ ਨਾਲ ਜੋੜਿਆ ਹੈ। ਗੁਰ-ਪ੍ਰਮੇਸ਼ਰ ਵੀ ਗਿਆਨ ਦੀਆਂ ਕਿਰਨਾਂ ਵਿਖੇਰਦਾ ਹੈ; ਜਿਵੇਂ ਕਿ ‘‘ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ; ਪਰਗਾਸੁ ਭਇਆ ਕਉਲੁ ਖਿਲਿਆ ॥’’ (ਮ: ੫, ਪੰਨਾ ੨੪੯)

ਪ੍ਰਮਾਤਮਾ ਆਪ ਹੀ ਕਉਲ ਹੈ ਅਤੇ ਆਪ ਹੀ ਕਵੀਆ।  ਕਵੀਆ, ਜਿਸ ਨੂੰ ਕੰਮੀ, ਨੀਲੋਫ਼ਰ, ਭੰਭੂਲ, ਕੁਮੁਦ ਵੀ ਆਖਦੇ ਹਨ, ਇਹ ਨੀਲੇ ਰੰਗ ਦਾ ਕਮਲ ਹੈ, ਜੋ ਚੰਦ ਦੀ ਰੌਸ਼ਨ ’ਚ ਖਿੜਦਾ ਹੈ, ‘‘ਕਉਲੁ ਤੂ ਹੈ, ਕਵੀਆ ਤੂ ਹੈ; ਆਪੇ ਵੇਖਿ ਵਿਗਸੁ ॥’ (ਮ: ੧, ਪੰਨਾ ੨੩) ਕਮਲ; ਸਫ਼ੈਦ ਰੰਗ ਦਾ ਫੁੱਲ ਹੈ ਜੋ ਉਗਦਾ ਚਿੱਕੜ ’ਚ ਤੇ ਤੈਰਦਾ ਪਾਣੀ ’ਤੇ ਹੈ। ਡੱਡੂ ਵੀ ਪਾਣੀ ’ਚ ਰਹਿੰਦਾ ਹੈ ਪਰ ਉਸ ਨੂੰ ਕਉਲ ਫੁੱਲ ਦੀ ਸਾਰ ਨਹੀਂ। ਉਹ ਇਸ ਦੀ ਖੁਸ਼ਬੂ ਲੈਣ ਦੀ ਥਾਂ ਇਸ ਦੀਆਂ ਜੜ੍ਹਾਂ ’ਚੋਂ ਜਾਲਾ ਹੀ ਖਾਂਦਾ ਹੈ ਭਾਵ ਉਸ ਨੂੰ ਕਮਲ ਫੁੱਲ ਦੀ ਸਾਰ ਨਹੀਂ -‘‘ਐਬ ਤਨਿ ਚਿਕੜੋ, ਇਹੁ ਮਨੁ ਮੀਡਕੋ; ਕਮਲ ਕੀ ਸਾਰ ਨਹੀ ਮੂਲਿ ਪਾਈ ॥’’ (ਮ: ੧, ਪੰਨਾ ੨੪); ਜਿਵੇਂ ਸੂਰਜ ਦੇ ਪ੍ਰਕਾਸ਼ ਨਾਲ ਕਉਲ ਫੁੱਲ ਖਿੜਦਾ ਹੈ; ਇਵੇਂ ਹੀ ਪ੍ਰਭੂ ਪ੍ਰਕਾਸ਼ਮਈ ਪ੍ਰੇਮ ਨਾਲ ਹਿਰਦਾ ਕੌਲ ਫੁੱਲ ਵੀ ਵਿਗਸਦਾ (ਖਿੜਦਾ) ਹੈ- ‘‘ਪ੍ਰਭ ਕੈ ਸਿਮਰਨਿ; ਕਮਲ ਬਿਗਾਸਨੁ ॥’’ (ਮ: ੫, ਪੰਨਾ ੨੬੩)

ਸਰੋਵਰ; ਇੱਕ ਪ੍ਰਮਾਤਮਾ ਹੈ ਅਤੇ ਗੁਰਮੁਖ ਰੂਪੀ ਉਸ ਸਰੋਵਰ ’ਚ ਸੋਹਣੇ ਫੁੱਲ ਹਨ- ‘‘ਏਕੋ ਸਰਵਰੁ; ਕਮਲ ਅਨੂਪ ॥’’ (ਮ: ੧, ਪੰਨਾ ੩੫੨), ਸਰੀਰ ਵੀ ਇੱਕ ਸਰੋਵਰ ਹੈ ਤੇ ਉਸ ਵਿੱਚ ਹਿਰਦਾ ਜਾਂ ਦਿਲ ਸੋਹਣਾ ਕਮਲ ਹੈ-‘‘ਸਰੀਰ ਸਰੋਵਰ ਭੀਤਰੇ; ਆਛੈ (ਭਾਵ ਹੈ) ਕਮਲ ਅਨੂਪ ॥’’ (ਭਗਤ ਕਬੀਰ, ਪੰਨਾ ੮੫੭), ਜੇ ਕਮਲ ਉਲਟਾ (ਮੂਧਾ) ਹੋ ਜਾਵੇ ਤਾਂ ਉਹ ਸੂਰਜ ਦੀ ਪ੍ਰਕਾਸ਼ਮਈ ਗਰਮੀ ਭਾਵ ਤਾਕਤ ਨੂੰ ਨਹੀਂ ਲੈ ਸਕਦਾ ਜਦਕਿ ਮਨੁੱਖ ਦੇ ਉਲਟੇ ਹੋਏ ਹਿਰਦੇ (ਭਾਵ ਵਿਪਰੀਤ ਗਿਆਨ) ’ਚ ਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਉਹ ਸਿੱਧਾ ਜ਼ਰੂਰ ਹੋ ਜਾਂਦਾ ਹੈ ਭਾਵ ਉਸ ਨੂੰ ਨਿਰੰਜਨ ਪ੍ਰਮਾਤਮਾ ਸਰਬ ਨਿਵਾਸੀ ਦਿੱਸਦਾ ਹੈ, ਮਹਿਸੂਸ ਹੋਣ ਲੱਗ ਜਾਂਦਾ ਹੈ- ‘‘ਊਂਧ ਕਵਲੁ ਜਿਸੁ ਹੋਇ ਪ੍ਰਗਾਸਾ; ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥’’ (ਮ: ੫, ਪੰਨਾ ੧੦੮), ਜੇ ਹਉਮੈ ਅਤੇ ਦੁਰਮਤਿ (ਖੋਟੀਮਤਿ) ਮਨਮਤਿ, ਗੁਰੂ ਨੂੰ ਛੱਡ ਕੇ ਅਖੌਤੀ ਸਾਧਾਂ ਸੰਤਾਂ ਦੀ ਤੇ ਅਖੌਤੀ ਬ੍ਰਹਮ ਗਿਆਨੀ ਸੰਪ੍ਰਦਾਈਆਂ ਦੀ ਮਤਿ (ਸਿੱਖਿਆ) ਨਾਲ ਮਨ, ਹਿਰਦਾ, ਦਿਲ ਮੁਰਝਾ ਜਾਵੇ ਜਾਂ ਮੂਧਾ (ਉਲਟਾ), ਗੁਰੂ ਤੋਂ ਬੇਮੁਖ ਹੋ ਜਾਵੇ ਭਾਵ ਉਲਟੇ ਰਸਤੇ ਪੈ ਜਾਵੇ ਤਾਂ ਗੁਰੂ ਦੇ ਸ਼ਬਦ ਗਿਆਨ ਨਾਲ ਸਿੱਧਾ ਹੋ ਕੇ ਪ੍ਰਕਾਸ਼ਤ ਹੋ ਜਾਂਦਾ ਹੈ – ‘‘ਗੁਰ ਕੈ ਸਬਦਿ ਕਮਲੁ ਪਰਗਾਸਿਆ; ਹਉਮੈ ਦੁਰਮਤਿ ਖੋਈ ॥’’ (ਮ: ੩, ਪੰਨਾ ੧੩੩੪), ਪਰ ਜਿਵੇਂ ਕਿ ਕਉਲ/ਕਵਲ ਫੁੱਲ ’ਚ ਮਕਰੰਦ (ਖੁਸ਼ਬੋ) ਹੁੰਦੀ ਹੈ, ਜਿਸ ਦਾ ਭੌਰੇ ਦੂਰੋਂ ਆ ਕੇ ਅਨੰਦ ਮਾਣ ਜਾਂਦੇ ਹਨ ਭਾਵੇਂ ਕਿ ਨੇੜੇ ਬੈਠਾ ਡੱਡੂ; ਖੁਸ਼ਬੂ ਲੈਣ ਦੀ ਬਜਾਇ ਉਸ ਦੀਆਂ ਜੜ੍ਹਾਂ ’ਚੋਂ ਹੀ ਜਾਲਾ ਖਾਈ ਜਾਂਦਾ ਹੈ; ਇਉਂ ਹੀ ਗੁਰੂ ਗਿਆਨ ਦੀ ਖੁਸ਼ਬੂ; ਗੁਰਮੁਖ ਭੌਰੇ ਦੂਰੋਂ ਆ ਕੇ ਮਾਣਦੇ ਤੇ ਅਨੰਦਿਤ ਹੋ ਜਾਂਦੇ ਹਨ ਪਰ ਡੱਡੂ ਬਿਰਤੀ ਸਾਧ; ਗੁਰੂ ਗਿਆਨ ਦੇ ਸਰੋਵਰ ਗੁਰਦੁਆਰੇ ਆ ਕੇ ਵੀ ਗੁਰਮਤਿ ਰੌਸ਼ਨੀ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਸੁਰਤ ਦਾ ਦਾਇਰਾ ਗੁਰਮੁਖਾਂ ਦੀ ਨਿੰਦਿਆ, ਅਖੌਤੀ ਸਾਧਾਂ ਸੰਤਾਂ ਦੀ ਉਸਤਤ ਕਰਨ ਲਈ ਘੜੀਆਂ ਮਨਘੜਤ ਕਥਾ ਕਹਾਣੀਆਂ ’ਚ ਫਸਿਆ ਹੋਣ ਕਾਰਨ ਕਰਮਕਾਂਡ, ਵਹਿਮ ਭਰਮ ਦੇ ਜਾਲ ’ਚੋਂ ਬਾਹਰ ਨਹੀਂ ਨਿਕਲ ਸਕਦਾ।

ਸੋ, ਸਾਨੂੰ ਕਉਲ ਫੁੱਲ ਦੀ ਦਿੱਤੀ ਗੁਰਬਾਣੀ ’ਚ ਮਿਸਾਲ ਤੋਂ ਇਹ ਸਿਖਿਆ ਲੈਣੀ ਚਾਹੀਦੀ ਹੈ ਕਿ ਜਿਵੇਂ ਕਉਲ ਆਪਣੇ ਸੁਆਮੀ ਸੂਰਜ ਵੱਲ ਖਿੱਚਿਆ ਹੋਣ ਕਾਰਨ ਜੀਵਤ ਹੈ, ਖੁਸ਼ਬੂ ਦੇ ਸਕਦਾ ਹੈ, ਉਸੇ ਤਰ੍ਹਾਂ ਅਸੀਂ ਗੁਰੂ ਗਿਆਨ (ਸੂਰਜ ਪ੍ਰਕਾਸ਼) ਨਾਲ ਜੁੜ ਕੇ ਨਿਰਲੇਪ ਅਤੇ ਵਿਗਾਸੇ (ਖਿੜੇ) ਰਹਿਣਾ ਹੈ ਤਾਂ ਜੋ ਕਮਲ ਵਾਙ ਹੋਰਾਂ ਨੂੰ ਪ੍ਰਭਾਵਤ ਕਰਨ ਲਈ ਗੁਰੂ ਦੀ ਵਿਲੱਖਣਤਾ ਵਜੋਂ ਮਿਸਾਲ ਬਣ ਸਕੀਏ।

ਗੁਰੂ ਨਾਨਕ ਸਾਹਿਬ ਅਤੇ ਕਿਰਤ ਦਾ ਸੰਕਲਪ

0

ਗੁਰੂ ਨਾਨਕ ਸਾਹਿਬ ਅਤੇ ਕਿਰਤ ਦਾ ਸੰਕਲਪ

ਡਾ. ਰਣਜੀਤ ਸਿੰਘ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿੱਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁ ਗਿਣਤੀ ਲੋਕੀਂ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਉਨ੍ਹਾਂ ਦੀ ਦਸ਼ਾ, ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿੱਛੋਂ ਵੀ ਢਿੱਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕੱਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜ੍ਹੇ ਹੋਏ। ਉਨ੍ਹਾਂ ਜ਼ਾਲਮਾਂ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ, ‘‘ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥’’ (ਮ: ੧, ਪੰਨਾ ੧੪੨)

ਗੁਰੂ ਨਾਨਕ ਸਾਹਿਬ ਨੇ ਸਮਾਜਿਕ ਨਾ ਬਰਾਬਰੀ ਵਿਰੁੱਧ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ ਸ਼ੁਰੂ ਕੀਤਾ। ਉਨ੍ਹਾਂ ‘ਸ਼ਬਦ’ ਅਤੇ ‘ਤਰਕ’ ਨੂੰ ਆਪਣਾ ਹਥਿਆਰ ਬਣਾਇਆ। ਉਨ੍ਹਾਂ ਆਪਣੇ ਸਾਥੀ ਮਰਦਾਨੇ ਨੂੰ ਨਾਲ ਲੈ ਕੇ ਮੱਕਾ ਮਦੀਨਾ ਤੀਕ ਪੈਦਲ ਯਾਤਰਾ ਕੀਤੀ। ਉਨ੍ਹਾਂ ਸੱਚ ਅਤੇ ਸੱਚੇ ਸੁੱਚੇ ਜੀਵਨ ਨੂੰ ਮਨੁੱਖ ਦੀ ਸਭ ਤੋਂ ਵੱਡੀ ਸ਼ਕਤੀ ਅਤੇ ਸੁਖਾਵੇਂ ਜੀਵਨ ਦਾ ਆਧਾਰ ਮੰਨਿਆ। ਉਨ੍ਹਾਂ ਹਮੇਸ਼ਾਂ ਸੱਚ, ਗਰੀਬ ਤੇ ਨਿਮਾਣੇ ਦਾ ਸਾਥ ਦਿੱਤਾ। ਉਨ੍ਹਾਂ ਉਚਾਰਿਆ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ?॥’’ (ਮ: ੧, ਪੰਨਾ ੧੫)

ਗੁਰੂ ਨਾਨਕ ਸਾਹਿਬ ਨੇ ਆਮ ਲੋਕਾਂ ਲਈ ਗਿਆਨ ਦੇ ਬੂਹੇ ਖੋਲ੍ਹੇ। ਆਪਣੀ ਬਾਣੀ ਲੋਕਾਂ ਦੀ ਭਾਸ਼ਾ ਵਿੱਚ ਉਚਾਰੀ। ਹਰ ਥਾਂ ਨੀਚ ਆਖੇ ਜਾਂਦੇ ਲੋਕਾਂ ਦੇ ਘਰਾਂ ਵਿੱਚ ਨਿਵਾਸ ਕੀਤਾ ਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ। ਗੁਰੂ ਸਾਹਿਬ ਨੇ ਸੰਗਤ, ਪੰਗਤ ਤੇ ਲੰਗਰ ਦੀ ਪ੍ਰਥਾ ਤੋਰ ਕੇ ਸਭਨਾਂ ਨੂੰ ਇੱਕੋ ਥਾਂ ਬੈਠਣਾ ਸਿਖਾਇਆ। ਲੋਕਾਂ ਨੂੰ ਨਿਤਾਣੇ ਤੇ ਨਿਮਾਣੇ ਬਣਨ ਦਾ ਗੁਰ ਦੱਸਿਆ।

ਸੰਸਾਰ ਦੇ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਅਜਿਹੇ ਯੁਗ ਪੁਰਸ਼ ਹੋਏ ਹਨ, ਜਿਨ੍ਹਾਂ ਪਹਿਲੀ ਵਾਰ ਸਮਾਜਿਕ ਬਰਾਬਰੀ ਅਤੇ ਲੋਕ ਹੱਕਾਂ ਦੀ ਰਾਖੀ ਲਈ ਇਨਕਲਾਬੀ ਕਾਰਜ ਕੀਤੇ। ਗੁਰੂ ਸਾਹਿਬ ਨੇ ਲੋਕਾਈ ਨੂੰ ਵਹਿਮਾਂ, ਭਰਮਾਂ ਅਤੇ ਅੰਧ ਵਿਸ਼ਵਾਸਾਂ ਵਿੱਚੋਂ ਕੱਢ ਕੇ ਇੱਕ ਰੱਬ ’ਤੇ ਯਕੀਨ ਕਰਨਾ ਸਿਖਾਇਆ। ਉਨ੍ਹਾਂ ਸਮਝਾਇਆ ਕਿ ਜਨਮ ਤੋਂ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ। ਬੁਰੇ ਤਾਂ ਬੰਦੇ ਦੇ ਕਰਮ ਹੁੰਦੇ ਹਨ। ਉਨ੍ਹਾਂ ਨੇ ਲੋਕਾਂ ਦੇ ਮਨਾਂ ਵਿੱਚੋਂ ਤਾਕਤ ਦੇ ਡਰ ਨੂੰ ਦੂਰ ਕਰਕੇ ਸੱਚ ਤੇ ਹੱਕ ਦੀ ਲੜਾਈ ਲਈ ਤਿਆਰ ਕੀਤਾ। ਜਿਹੜਾ ਸੁੱਚੀ ਕਿਰਤ ਕਰਦਾ ਹੈ, ਉਸ ਨੂੰ ਵੰਡ ਕੇ ਛੱਕਦਾ ਹੈ, ਕਿਸੇ ਦਾ ਹੱਕ ਨਹੀਂ ਮਾਰਦਾ, ਉਹ ਹੀ ਉੱਚਾ ਮਨੁੱਖ ਹੈ। ਇਸ ਤਰ੍ਹਾਂ ਉਨ੍ਹਾਂ ਨੇ ਕੇਵਲ ਸਮਾਜਿਕ ਬਰਾਬਰੀ ਅਤੇ ਲੋਕ ਹੱਕਾਂ ਲਈ ਹੀ ਘੋਲ ਨਹੀਂ ਕੀਤਾ ਸਗੋਂ ਸੰਸਾਰ ਨੂੰ ਸਮਾਜਵਾਦ ਅਤੇ ਲੋਕਰਾਜ ਦੀ ਬਖਸ਼ਿਸ਼ ਕੀਤੀ। ਨਿਮਾਣੇ ਅਤੇ ਨਿਤਾਣੇ ਸਮਝੇ ਜਾਂਦੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਦੀ ਸੋਝੀ ਕਰਵਾ ਕੇ ਅਜਿਹੀ ਜੋਤ ਜਗਾਈ ਜਿਹੜੀ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣੀ।  ਗੁਰੂ ਸਾਹਿਬ ਨੇ ਆਪਣੇ ਸੰਦੇਸ਼ ਨੂੰ ਚਾਰੇ ਪਾਸੇ ਪਹੁੰਚਾ ਕੇ ਪਿਛਲੀ ਉਮਰੇ ਆਪਣਾ ਠਿਕਾਣਾ ਕਰਤਾਰਪੁਰ ਵਿਖੇ ਬਣਾਇਆ ਅਤੇ ਹੱਥੀਂ ਖੇਤੀ ਕਰਨੀ ਸ਼ੁਰੂ ਕੀਤੀ। ਇਸ ਖੇਤੀ ਵਿੱਚ ਸੰਗਤ ਵੀ ਹੱਥ ਵਟਾਉਂਦੀ ਸੀ ਅਤੇ ਉੁਪਜ ਗੁਰੂ ਕਾ ਲੰਗਰ ਚਲਾਉਂਦੀ ਸੀ। ਗੁਰੂ ਜੀ ਵੱਲੋਂ ਕਿਰਸਾਣੀ ਨੂੰ ਸਤਿਕਾਰੇ ਜਾਣ ਸਦਕਾ ਹੀ ਪੰਜਾਬ ਵਿੱਚ ਖੇਤੀ ਨੂੰ ਸਭ ਤੋਂ ਉੱਤਮ ਧੰਦਾ ਮੰਨਿਆ ਗਿਆ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ: ਉੱਤਮ ਖੇਤੀ, ਮੱਧ ਵਪਾਰ, ਨਖਿੱਧ ਚਾਕਰੀ, ਭੀਖ ਨਾਦਾਰ (ਮੂਰਖਤਾ)

ਗੁਰੂ ਜੀ ਨੇ ਸਿਰਫ਼ ਖੇਤੀ ਹੀ ਨਹੀਂ ਸਗੋਂ ਹਰ ਕਿਰਤ ਦਾ ਸਤਿਕਾਰ ਕੀਤਾ ਅਤੇ ਕਿਰਤੀ ਨੂੰ ਗਲੇ ਲਗਾਇਆ। ਕਿਰਤ ਕਰਨ ਅਤੇ ਵੰਡ ਛੱਕਣ ਦੀ ਸਿੱਖੀ ਵਿੱਚ ਵਿਸ਼ੇਸ਼ ਮਹੱਤਤਾ ਹੈ। ਅਸਲ ਵਿੱਚ ਗੁਰੂ ਸਾਹਿਬ ਦੇ ਸਾਰੇ ਉਪਦੇਸ਼ ਦਾ ਆਧਾਰ ਹੀ ‘ਕਿਰਤ’ ਹੈ। ਗੁਰੂ ਸਾਹਿਬਾਨ ਨੇ ਫ਼ੁਰਮਾਇਆ ਹੈ: ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥  ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧, ਪੰਨਾ ੧੨੪੫) ਭਾਵ ਜੋ ਮਿਹਨਤ ਦੀ ਕਮਾਈ ਕਰਕੇ (ਉਸ ’ਚੋਂ) ਕੁਝ ਲੋੜਵੰਦਾਂ ਦੀ ਮਦਦ ਕਰਦਾ ਹੈ, ਉਹੀ ਬੰਦਾ ਇਨਸਾਨੀਅਤ ਵਾਲ਼ੇ ਸਹੀ ਮਾਰਗ ਨੂੰ ਪਛਾਣਦਾ (ਸਮਝਦਾ) ਹੈ।

ਗੁਰੂ ਸਾਹਿਬ ਨੇ ਕਿਰਤੀ ਦਾ ਸਿਰਫ਼ ਸਤਿਕਾਰ ਹੀ ਨਹੀਂ ਕੀਤਾ ਸਗੋਂ ਉਸ ਨੂੰ ਮਹਾਨਤਾ ਵੀ ਬਖ਼ਸ਼ਸ਼ ਕੀਤੀ। ਸਿੱਖਾਂ ਨੂੰ ਬਰਾਬਰੀ ਦਾ ਸਬਕ ਸਿਖਾਇਆ। ਬਰਾਬਰ ਹੋਣ ਦੀ ਭਾਵਨਾ ਮਨੁੱਖ ਨੂੰ ਕਿਸੇ ਦੇ ਤਰਸ ਦਾ ਪਾਤਰ ਬਣਨ ਤੋਂ ਹੋੜਦੀ ਹੈ ਤੇ ਮਾਨਸਿਕ ਤੌਰ ’ਤੇ ਜ਼ਿੰਮੇਵਾਰ ਤੇ ਉੱਦਮੀ ਬਣਾਉਂਦੀ ਹੈ। ਲੋਕਾਂ ਦੇ ਚਿੰਤਨ ਨੂੰ ਹਾਂ ਮੁਖੀ ਤੇ ਜੀਵਨ ਪੱਖੀ ਬਣਾਉਣ ਵਿੱਚ ਗੁਰੂ ਸਾਹਿਬਾਨ ਦਾ ਵੱਡਾ ਯੋਗਦਾਨ ਹੈ। ਇਸ ਸਦੀ ਦੇ ਸ਼ੁਰੂ ਵਿੱਚ ਪੰਜਾਬੀ ਕਿਸਾਨਾਂ ਨੇ ਹੀ ਪੱਛਮੀ ਪੰਜਾਬ ਦੀਆਂ ਬਾਰਾਂ (ਥੇਹਾਂ) ਨੂੰ ਆਬਾਦ ਕੀਤਾ ਅਤੇ ਆਪਣੀ ਮਿਹਨਤ ਨਾਲ ਲਾਇਲਪੁਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਣਾ ਦਿੱਤਾ। ਆਜ਼ਾਦੀ ਪਿੱਛੋਂ ਉਹ ਆਪਣਾ ਸਭ ਕੁਝ ਲੁਟਾ ਕੇ ਪੱਛਮੀ ਪੰਜਾਬ ਤੋਂ ਆਏ ਸਨ। ਸਿਰ ਲੁਕਾਉਣ ਦੀ ਥਾਂ ਮਿਲਦਿਆਂ ਹੀ ਉਨ੍ਹਾਂ ਰੱਜ ਕੇ ਮਿਹਨਤ ਕੀਤੀ ਤੇ ਭੁੱਖ ਮਰੀ ਦੇ ਮਾਰੇ ਦੇਸ਼ ਨੂੰ ਅਨਾਜ ਵਿੱਚ ਵਾਧੂ ਬਣਾ ਦਿੱਤਾ। ਤਰਾਈ ਦੇ ਸੰਘਣੇ ਜੰਗਲਾਂ ਨੂੰ ਪੁੱਟ ਕੇ ਸੱਪਾਂ ਦੀਆਂ ਸਿਰੀਆਂ ਮਿੱਥ ਗੁਲਜ਼ਾਰ ਬਣਾਉਣ ਵਾਲੇ ਵੀ ਪੰਜਾਬੀ ਕਿਸਾਨ ਹੀ ਹਨ।

ਹੁਣ ਪੰਜਾਬ ਦੇ ਵਾਰਸ ਕਿਰਤ ਤੋਂ ਮੁੱਖ ਮੋੜ ਰਹੇ ਹਨ। ਆਓ, ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਵਰ੍ਹੇ ਨਵੀਂ ਪੀੜ੍ਹੀ ਨੂੰ ਕਿਰਤ ਨਾਲ ਜੋੜਨ ਦਾ ਯਤਨ ਕਰੀਏ, ਉਨ੍ਹਾਂ ਨੂੰ ਕਿਰਤ ਕਰਨ ਲਈ ਪ੍ਰੇਰੀਏ ਤੇ ਪੰਜਾਬ ਨੂੰ ਮੁੜ ਗੁਰੂ ਸਾਹਿਬ ਵੱਲੋਂ ਸਿਰਜੇ ਪੰਜਾਬ ਵਰਗਾ ਬਣਾਈਏ। ਕਿਰਤ ਸੱਭਿਆਚਾਰ ਪੰਜਾਬ ਦੀ ਸ਼ਾਨ ਹੈ। ਇਸ ਵਰ੍ਹੇ ਇਸ ਨੂੰ ਬਹਾਲ ਕਰੀਏ ਤਾਂ ਹੀ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਹੀ ਅਰਥਾਂ ਵਿੱਚ ਮਨਾ ਸਕਾਂਗੇ।

Most Viewed Posts