ਸੁਣਿਆ ਤੁਸੀਂ ਗੁਰੂ ਮਾਰਤਾ !

0
532

ਸੁਣਿਆ ਤੁਸੀਂ ਗੁਰੂ ਮਾਰਤਾ !

                            – ਗੁਰਪ੍ਰੀਤ ਸਿੰਘ, (USA)

“ਮੈਂ ਕਿਹਾ ਭੈਣ ਜੀ!  ਕੀ ਗੱਲ ਆ ? ਤੁਸੀਂ ਤਾਂ ਅੱਖ ਈ ਨਹੀਂ ਰਲ਼ਾਉਂਦੇ ! ਕੱਲ੍ਹ ਭਾ ਜੀ ਵੀ ਪਾਸਾ ਜਿਹਾ ਵੱਟ ਕੇ, ਚੁੱਪ-ਚਾਪ ਈ ਨਿਕਲ਼ ਗਏ। ਸਭ ਰਾਜ਼ੀ ਖ਼ੁਸ਼ੀ ਤਾਂ ਹੈ ?”

ਅਸੀਂ ਤਾਂ ਗੁਰੂ ਮਿਹਰ ਸਦਕਾ ਸਾਰੇ ਚੜ੍ਹਦੀ ਕਲਾ ‘ਚ ਹਾਂ, ਪਰ ਸਾਡਾ ਤੁਹਾਡੇ ਨਾਲ਼ ਬੋਲਣ ਨੂੰ ਹੁਣ ਦਿਲ ਨਹੀਂ ਮੰਨਦਾ। ਸੱਚੀ ਦੱਸਾਂ ਤਾਂ ਤੁਹਾਡੇ ਸਾਰਿਆਂ ਕੋਲੋਂ ਡਰ ਜਿਹਾ ਲੱਗਦਾ ਆ।

“ਹੈਂਅ ! ਡਰ ਲੱਗਦਾ ? ਆਹ ਕੀ ਗੱਲ ਹੋਈ ! ਨਾ ਅਸੀਂ ਕਿਹੜਾ ਦੁਨਾਲ਼ੀਆਂ ਰੱਖੀਆਂ ਹੋਈਆਂ। ਤੂੰ ਭੈਣ ! ਗੱਲ ਤਾਂ ਦੱਸ ਕਿ ਅਸਲੀ ਮਸਲਾ ਕੀ ਹੈ ?

ਅਸੀਂ ਸੁਣਿਆ ਹੈ ਕਿ ਤੁਹਾਡੇ ਸਾਰੇ ਪਰਿਵਾਰ ਨੇ ਗੁਰੂ ਮਾਰਤਾ ! 

ਗੁਰੂ ਤੋਂ ਬੇਮੁਖ ਹੋਏ ਤਾਂ ਸਾਨੂੰ ਦੇਖਣ ਨੂੰ ਵੀ ਚੰਗੇ ਨਹੀਂ ਲੱਗਦੇ, ਜਿਵੇਂ ਕਿ ਸਾਡੇ ਗੁਰੂ ਸਾਹਿਬ ਜੀ ਦਾ ਬਚਨ ਹੈ: ਸਤਿਗੁਰ ਤੇ ਜੋ ਮੁਹ ਫੇਰੇ; ਤੇ ਵੇਮੁਖ ਬੁਰੇ ਦਿਸੰਨਿ॥ ਅਨਦਿਨੁ ਬਧੇ ਮਾਰੀਅਨਿ; ਫਿਰਿ ਵੇਲਾ ਨਾ ਲਹੰਨਿ॥(ਮ:੩/੨੩੩-੩੪)

“ਗੁਰੂ ਮਾਰਤਾ ! ਮੈਂ ਕੁਛ ਸਮਝੀ ਨਹੀਂ, ਅਸੀਂ ਕਿਹੜਾ ਗੁਰੂ ਮਾਰਤਾ ?”

ਤਾਂ ਫਿਰ ਮਨ ਲਾ ਕੇ ਸੁਣ; ਪੂਰੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ਕੇ ਜੇ ਸਾਰਾ ਪਰਿਵਾਰ ਅਖੌਤੀ ਸਾਧ ਦੇ ਡੇਰੇ ਜਾਣ ਲੱਗ ਪਏ ਤਾਂ ਇਹ ਗੁਰੂ ਨੂੰ ਮਾਰਨਾ ਹੀ ਹੋਇਆ ਨਾ, ਘੱਟੋ-ਘੱਟ ਆਪਣੇ ਮਨਾਂ ‘ਚੋਂ ਤਾਂ ਤੁਸੀਂ ਗੁਰੂ ਨੂੰ ਮਾਰ ਹੀ ਦਿੱਤਾ ਹੈ ਨਾ। ਸ਼ਾਇਦ ਤੁਹਾਨੂੰ ਗੁਰੂ ਸਾਹਿਬ ਜੀ ਦੇ ਇਹ ਬਚਨ ਚੇਤੇ ਨਹੀਂ ਰਹੇ ਕਿ ਜਿਹੜੇ ਸੱਚੇ ਗੁਰੂ ਵੱਲੋਂ ਆਪਣਾ ਮੂੰਹ ਮੋੜ ਲੈਂਦੇ ਹਨ, ਉਹ ਹਮੇਸ਼ਾ ਭਟਕਦੇ ਹੀ ਰਹਿੰਦੇ ਹਨ: ਸਤਿਗੁਰ ਤੇ ਜੋ ਮੁਹੁ ਫੇਰੇ; ਓਇ ਭ੍ਰਮਦੇ ਨਾ ਟਿਕੰਨਿ॥ ਧਰਤਿ ਅਸਮਾਨੁ ਨ ਝਲਈ; ਵਿਚਿ ਵਿਸਟਾ ਪਏ ਪਚੰਨਿ॥(ਮ:੩/੨੩੩-੩੪)

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣੇ ਮਨ ਦੀ ਮੱਤ ਤਿਆਗ ਕੇ, ਆਪਣਾ ਦਿਲ ਤੇ ਸੀਸ ਹਮੇਸ਼ਾਂ ਲਈ ਗੁਰੂ ਨੂੰ ਵੇਚ ਦਿੱਤਾ ਹੈ। ਸਮਰੱਥ ਗੁਰੂ ਵੀ ਸ਼ਰਨ ਪਏ ਹੋਏ ਅਜਿਹੇ ਨਿਮਾਣੇ ਸਿੱਖ ਨੂੰ, ਆਪਣੀ ਅਗਵਾਈ ਦੇ ਕੇ ਪ੍ਰਮਾਤਮਾ ਨਾਲ਼ ਮਿਲਾ ਦਿੰਦਾ ਹੈ, ਜਿਵੇਂ ਕਿ ਗੁਰ-ਵਾਕ ਹੈ: ਤਨੁ ਮਨੁ ਗੁਰ ਪਹਿ ਵੇਚਿਆ; ਮਨੁ ਦੀਆ ਸਿਰੁ, ਨਾਲਿ॥ ਤ੍ਰਿਭਵਣੁ ਖੋਜਿ ਢੰਢੋਲਿਆ; ਗੁਰਮੁਖਿ ਖੋਜਿ ਨਿਹਾਲਿ॥ ਸਤਗੁਰਿ ਮੇਲਿ ਮਿਲਾਇਆ; ਨਾਨਕ ! ਸੋ ਪ੍ਰਭੁ, ਨਾਲਿ॥ (ਸਿਰੀਰਾਗੁ ਮ:੧/੨੦)
ਤੁਸੀਂ ਪਤਾ ਨਹੀਂ ਕਿਹੜੇ ਲਾਲਚ ਕਾਰਨ ਗੁਰੂ ਨੂੰ ਪਿੱਠ ਦੇ ਕੇ, ਕੂੜ ਦੇ ਗਾਹਕ ਬਣ ਗਏ ਹੋ ਪਰ ਤੁਹਾਨੂੰ ਇਹ ਭੁੱਲ ਗਿਆ ਲੱਗਦਾ ਹੈ ਕਿ ਕਿਸੇ ਮਨੁੱਖ ਦਾ ਲਿਆ ਆਸਰਾ ਵਿਅਰਥ ਹੈ ਕਿਉਂਕਿ ਸਿਰਫ਼ ਅਕਾਲ ਪੁਰਖ ਹੀ ਸਭ ਦਾਤਾਂ ਦੇਣ ਦੇ ਸਮਰੱਥ ਹੈ, ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ: ਸਭਨਾ ਦਾਤਾ ਏਕੁ ਤੂ; ਮਾਣਸ ਦਾਤਿ ਨ ਹੋਇ ॥ ਜੋ ਤਿਸੁ ਭਾਵੈ, ਸੋ ਥੀਐ; ਰੰਨ, ਕਿ ਰੁੰਨੈ ਹੋਇ ॥ (ਮ:੧/੫੯੫) ਪੰਚਮ ਪਾਤਸ਼ਾਹ ਜੀ ਦੇ ਵੀ ਫੁਰਮਾਨ ਹਨ: ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ ਭਰੇ ਭੰਡਾਰ॥ (ਮ:੫/੨੫੭), ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ ॥ ਦੇਵਨ ਕਉ, ਏਕੈ ਭਗਵਾਨੁ ॥ ਜਿਸ ਕੈ ਦੀਐ, ਰਹੈ ਅਘਾਇ ॥ ਬਹੁਰਿ ਨ, ਤ੍ਰਿਸਨਾ ਲਾਗੈ ਆਇ ॥ ਮਾਰੈ, ਰਾਖੈ, ਏਕੋ ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ ॥ (ਗਉੜੀ ਸੁਖਮਨੀ ਮ:੫/੨੮੧)

ਨਾਲ਼ੇ ਯਾਦ ਰੱਖਣਾ ਕਿ ਜਿਨ੍ਹਾਂ ਮਨੋਰਥਾਂ ਕਰਕੇ ਗੁਰੂ ਨੂੰ ਵਿਸਾਰਿਆ ਹੈ; ਉਹ ਵੀ ਆਖਰੀ ਵੇਲੇ ਨਹੀਂ ਬਹੁੜਦੇ, ਸੁੱਖ ਤਾਂ ਸਿਰਫ਼ ਸ਼ਬਦ ਗੁਰੂ ਦੀ ਮੱਤ ਧਾਰਨ ਕੀਤਿਆਂ ਹੀ ਮਿਲਦਾ ਹੈ: ਜਿਨ ਕਾਰਣਿ ਗੁਰੂ ਵਿਸਾਰਿਆ; ਸੇ ਨ ਉਪਕਰੇ ਅੰਤੀ ਵਾਰ॥ ਨਾਨਕ ! ਗੁਰਮਤੀ ਸੁਖੁ ਪਾਇਆ; ਬਖਸੇ ਬਖਸਣਹਾਰ॥ (ਮ:੩/੫੯੪)

ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੀ ਹੈ ਕਿ ਬਖਸ਼ਣਹਾਰ ਗੁਰੂ ਜੀ, ਸ਼ਰਨ ਆਏ ਪਾਪੀ ਨੂੰ ਵੀ ਹਮੇਸ਼ਾਂ ਗਲ਼ ਲਾਉਂਦੇ ਹਨ (ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥ ਮ:੫/੫੪੪) ਹਾਲੇ ਵੀ ਵੇਲਾ ਹੈ ! ਲੋਕਾਂ ਦਾ ਹਰ ਪੱਖੋਂ ਸ਼ੋਸ਼ਣ ਕਰਨ ਵਾਲੇ ਨਕਲੀ ਤੇ ਪਾਖੰਡੀ ਗੁਰੂ ਦੇ ਜਾਲ਼ ‘ਚੋਂ ਨਿਕਲ਼ ਕੇ ਤੁਸੀਂ ਮੁੜ ਸੱਚੇ ਗੁਰੂ, ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਸਤਿਗੁਰੂ ਜੀ, ਸੱਚੇ ਦਿਲ ਨਾਲ਼ ਸ਼ਰਨ ‘ਚ ਆਉਣ ਵਾਲੇ ਦੇ ਪਿਛਲੇ ਸਾਰੇ ਗੁਨਾਹ (ਅਉਗੁਣ) ਬਖ਼ਸ਼ ਦਿੰਦੇ ਹਨ, ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ: ਜੇ ਗੁਰ ਕੀ ਸਰਣੀ, ਫਿਰਿ ਓਹੁ ਆਵੈ; ਤਾ ਪਿਛਲੇ ਅਉਗਣ ਬਖਸਿ ਲਇਆ ॥ (ਮ:੪/੩੦੭) ਨਹੀਂ ਤਾਂ ਆਪਣੀ ਕੀਤੀ ਗਲਤੀ ਕਾਰਨ (ਸੁਚੱਜੇ ਜੀਵਨ ਮਾਰਗ ਤੋਂ ਖੁੰਝ ਕੇ) ਤੁਹਾਨੂੰ ਹਮੇਸ਼ਾਂ ਲਈ ਪਛਤਾਉਣਾ ਹੀ ਪਵੇਗਾ: ਭੋਲਾਵੜੈ ਭੁਲੀ; ਭੁਲਿ ਭੁਲਿ ਪਛੋਤਾਣੀ ॥ ਪਿਰਿ ਛੋਡਿਅੜੀ ਸੁਤੀ; ਪਿਰ ਕੀ ਸਾਰ ਨ ਜਾਣੀ ॥ (ਮ:੩/੧੧੧੧)

ਆਓ, ਅਸੀਂ ਵੀ ਆਪਣੇ ਮਨ, ਜੀਵਨ ਤੇ ਪਰਿਵਾਰ ਵੱਲ ਇੱਕ ਝਾਤ ਮਾਰੀਏ ਤੇ ਵੇਖੀਏ ਕਿ ਕੀ ਅਸੀਂ ਵੀ ਗੁਰੂ ਨੂੰ ਜੀਵਤ ਰੱਖਿਆ ਹੋਇਆ ਹੈ ਜਾਂ ਅਸੀਂ ਵੀ ਗੁਰੂ ਨੂੰ…….. ! ਤੇ ਨਾਲ਼ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਇਹ ਬਚਨ ਵੀ ਯਾਦ ਰੱਖੀਏ: ਨਾਮੁ ਅਮੋਲਕੁ ਰਤਨੁ ਹੈ; ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ; ਕਢਿ ਰਤਨੁ ਦੇਵੈ ਪਰਗਾਸਿ ॥ ਧੰਨੁ ਵਡਭਾਗੀ ਵਡ ਭਾਗੀਆ; ਜੋ ਆਇ ਮਿਲੇ ਗੁਰ ਪਾਸਿ ॥ (ਸਿਰੀਰਾਗੁ ਮ:੪/੪੦)