ਨਾਨਕਸ਼ਾਹੀ ਕੈਲੰਡਰ ਚਰਚਾ ਵਿਚ ਉਠਾਏ ਬੇਲੋੜੇ ਸਵਾਲਾਂ ਦਾ ਜਵਾਬ

0
532

     ਵਿਰਦੀ ਸਾਹਿਬ ਜੀ ! ਵੀਚਾਰ ਚਰਚਾ ਦੇ ਜਿਸ ਰਾਹ ਤੁਸੀਂ ਪਏ ਹੋ ਇਸ ਰਾਹ ਪਏ ਆਪਾਂ 100 ਜਨਮ ਵੀ ਇੱਕ ਦੂਸਰੇ ਨੂੰ ਜਵਾਬ ਦੇਣ ਅਤੇ ਪ੍ਰਸ਼ਨ ਕਰਨ ਵਿੱਚ ਲੱਗੇ ਰਹੀਏ ਤਾਂ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਆਪਣੀ ਵੀਚਾਰ ਚਰਚਾ ਕਿਸੇ ਤਣ-ਪੱਤਣ ਨਹੀਂ ਲੱਗੇਗੀ। ਤੁਹਾਡੇ ਦੋ ਮੁਢਲੇ ਸ਼ੰਕੇ ਸਨ:- (1) ਪੁਰੇਵਾਲ ਨੇ ਗੁਰਬਾਣੀ ਦੀ ਤੁਕ “ਰਥੁ ਫਿਰੈ, ਛਾਇਆ ਧਨ ਤਾਕੈ ;  ਟੀਡੁ ਲਵੈ, ਮੰਝਿ ਬਾਰੇ ਦੇ ਅਰਥ ਆਪਣੀ ਮਰਜੀ ਨਾਲ ਤ੍ਰੋੜ ਮ੍ਰੋੜ ਕੇ ਕਰ ਦਿੱਤੇ। (2) ਸੂਰਜ ਦਾ ਰਥ ਕਦੇ ਵੀ ਪਿੱਛੇ ਨਹੀਂ ਮੁੜਦਾ ਅਤੇ ਨਾ ਹੀ ਪੈਂਡੂਲਮ ਵਾਙ ਦੱਖਣ ਤੋਂ ਉੱਤਰ ਜਾਂ ਉੱਤਰ ਤੋਂ ਦੱਖਣ ਨੂੰ ਹੁੰਦਾ ਹੈ।

ਪਹਿਲੇ ਸਵਾਲ ਦੀ ਤੁਹਾਡੀ ਸ਼ੰਕਾ ਦੂਰ ਕਰਨ ਲਈ ਆਪ ਜੀ ਅੱਗੇ (੧) ਮਹਾਨ ਕੋਸ਼ ਕ੍ਰਿਤ ਭਾਈ ਕਾਹਨ ਸਿੰਘ ਨਾਭਾ (੨) ਸ਼੍ਰੀ ਗੁਰੂ ਗ੍ਰੰਥ ਕੋਸ਼ ਕ੍ਰਿਤ ਡਾ: ਗੁਰਚਰਨ ਸਿੰਘ (੩) ਫ਼ਰੀਦਕੋਟੀ ਟੀਕਾ ਅਤੇ (੪) ਸੰਪ੍ਰਦਾਈ ਟੀਕਾ ‘ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕ੍ਰਿਤ ਸੰਤ ਕਿਰਪਾਲ ਸਿੰਘ; ਰੱਖ ਕੇ ਦੱਸਿਆ ਗਿਆ ਕਿ ਇਨ੍ਹਾਂ ਸਾਰੀਆਂ ਪੁਸਤਕਾਂ/ਪੋਥੀਆਂ ਵਿੱਚ ਉਹੀ ਅਰਥ ਲਿਖੇ ਮਿਲਦੇ ਹਨ ਜੋ ਪੁਰੇਵਾਲ ਸਾਹਿਬ ਜੀ ਨੇ ਕੀਤੇ ਹਨ। ਇਹ ਸਾਰੀਆਂ ਪੁਸਤਕਾਂ/ਪੋਥੀਆਂ ਪੁਰੇਵਾਲ ਸਾਹਿਬ ਜੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਲਿਖੇ ਜਾਣ ਤੋਂ ਬਹੁਤ ਚਿਰ ਪਹਿਲਾਂ ਦੀਆਂ ਛਪੀਆਂ ਹੋਈਆਂ ਹੋਣ ਕਰਕੇ ਤੁਹਾਡਾ ਇਹ ਦੋਸ਼ ਬਿਲਕੁਲ ਨਿਰਾਧਾਰ ਹੈ, ਕਿ ਉਨ੍ਹਾਂ ਨੇ ਆਪਣੀ ਮਰਜੀ ਨਾਲ ਅਰਥ ਬਦਲ ਦਿੱਤੇ ? ਇਹ ਪੁਸਤਕਾਂ ਵਿਖਾਉਣ ਬਾਅਦ ਆਪ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਕੀ ਤੁਹਾਡੀ ਇਨ੍ਹਾਂ ਅਰਥਾਂ ਨਾਲ ਸਹਿਮਤੀ ਹੈ ਜਾਂ ਨਹੀਂ ? ਇਸ ਤੋਂ ਬਾਅਦ ਹੀ ਤੁਹਾਡੀ ਦੂਸਰੀ ਸ਼ੰਕਾ ਦੂਰ ਕੀਤੀ ਜਾਵੇਗੀ ਕਿ ਕੀ ਸੂਰਜ ਦਾ ਰਥ ਪਿੱਛੇ ਨੂੰ ਮੁੜਦਾ ਹੈ ਜਾਂ ਪੈਂਡੂਲਮ ਵਾਙ ਆਪਣੀ ਦਿਸ਼ਾ ਬਦਲਦਾ ਹੈ  ?

ਆਪ ਜੀ ਨੇ ਇਨ੍ਹਾਂ ਅਰਥਾਂ ’ਤੇ ਬਿਨਾਂ ਕੋਈ ਕੁਮੈਂਟਸ ਕੀਤਿਆਂ ਦੂਸਰੇ ਸਵਾਲ ਨੂੰ ਦੁਹਰਾ ਦਿੱਤਾ। ਇਹ ਸਮਝਕੇ ਕਿ ਆਪਣੀ ਕਹੀ ਹੋਈ ਗੱਲ ਨੂੰ ਹਮੇਸ਼ਾਂ ਲਈ ਸੱਚ ਮੰਨਣ ਦੀ ਤੁਹਾਡੇ ਵੱਲੋਂ ਫੜੀ ਜ਼ਿਦ ਕਾਰਨ ਭਾਵੇਂ ਤੁਸੀਂ ਜ਼ਾਹਰਾ ਰੂਪ ’ਚ ਉਨ੍ਹਾਂ ਚਾਰ ਵਿਦਵਾਨਾਂ ਵੱਲੋਂ ਕੀਤੇ ਅਰਥਾਂ ਨੂੰ ਠੀਕ ਜਾਂ ਗਲਤ ਨਹੀਂ ਕਹਿ ਸਕੇ ਪਰ ਕੋਈ ਕੁਮੈਂਟ ਨਾ ਕੀਤੇ ਜਾਣ, ਦਾ ਭਾਵ ਹੈ ਕਿ ਅਮਲੀ ਰੂਪ ਵਿੱਚ ਤੁਸੀਂ ਉਨ੍ਹਾਂ ਨੂੰ ਸਵੀਕਾਰ ਕਰ ਰਹੇ ਹੋ; ਇਸ ਲਈ ਤੁਹਾਡੇ ਦੂਸਰੇ ਸਵਾਲ ਦਾ ਉੱਤਰ ਦੇਣ ਲਈ ਬਠਿੰਡਾ ਸ਼ਹਿਰ ਵਿੱਚ ਉੱਤਰੈਣ ਤੋਂ ਦੱਖਨੈਣ ਅਤੇ ਦੱਖਨੈਣ ਤੋਂ ਉੱਤਰੈਣ ਹੋਣ ਦੀ ਉਦਾਹਰਣ ਦੇ ਕੇ ਅਤੇ ਇਸ ਦਾ ਇੱਕ ਚਿੱਤਰ ਬਣਾ ਕੇ ਤੁਹਾਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਭਾਵੇਂ ਸੂਰਜ ਧਰਤੀ ਦੇ ਮੁਕਾਬਲੇ ਆਪਣੇ ਸਥਾਨ ’ਤੇ ਸਥਿਰ ਹੈ ਪਰ ਇਹ ਸਾਨੂੰ ਜ਼ਾਹਰਾ ਤੌਰ ’ਤੇ  Summer & Winter Solistices ਦੇ ਵਿਚਕਾਰ ਪੈਂਡੂਲਮ ਵਾਙ ਬਿਲਕੁਲ ਉਸੇ ਤਰ੍ਹਾਂ ਦੱਖਨੈਣ ਤੋਂ ਉੱਤਰੈਣ ਅਤੇ ਉੱਤਰੈਣ ਤੋਂ ਦੱਖਨੈਣ ਵੱਲ ਦਿਸ਼ਾ ਬਦਲਦਾ ਵਿਖਾਈ ਦਿੰਦਾ ਹੈ ਜਿਵੇਂ ਸੂਰਜ ਪੂਰਬ ਵਿੱਚੋਂ ਉਦੈ ਹੋ ਕੇ ਪੱਛਮ ਵੱਲ ਚੱਲਦਾ ਅਤੇ ਅਖੀਰ ਪੱਛਮ ਵਿੱਚ ਛੁਪ ਜਾਂਦਾ ਵਿਖਾਈ ਦਿੰਦਾ ਹੈ। ਹੈਰਾਨੀ ਹੋਈ ਕਿ ਆਪਣੀ ਪੱਕੀ ਹੋਈ ਆਦਤ ਅਨੁਸਾਰ ਮੇਰੇ ਜਵਾਬ ’ਤੇ ਕੋਈ ਟਿੱਪਣੀ ਕੀਤੇ ਬਿਨਾਂ ਤੁਸੀਂ ਹੇਠ ਲਿਖੇ ਤਿੰਨ ਨਵੇਂ ਸਵਾਲ ਕਰ ਦਿੱਤੇ। ਜੇਕਰ ਕਰਨੇ ਹੀ ਸਨ ਤਾਂ ਤੁਹਾਨੂੰ ਦੱਖਨੈਣ/ਉੱਤਰੈਣ ਦੇ ਚੱਕਰ ਵਿੱਚ ਪੈਣ ਤੋਂ ਪਹਿਲਾਂ ਹੀ ਕਰ ਦੇਣੇ ਚਾਹੀਦਾ ਸਨ। ਕੀ ਤੁਸੀਂ ਉਸ ਸਮੇਂ ਸੁੱਤੇ ਪਏ ਸੀ ਜਾਂ ਬਾਅਦ ਵਿੱਚ ਕੋਈ ਤੁਹਾਡੇ ਕੰਨ ਵਿੱਚ ਫੂਕ ਮਾਰ ਜਾਂਦਾ ਹੈ ? ਵੀਚਾਰ ਚਰਚਾ ਦੌਰਾਨ ਜਦੋਂ ਇੱਕ ਧਿਰ ਦੂਸਰੀ ਧਿਰ ਵੱਲੋਂ ਦਿੱਤੇ ਜਵਾਬ ਨੂੰ ਨਾ ਮੰਨੇ ਅਤੇ ਨਾ ਮੰਨਣ ਦਾ ਕੋਈ ਠੋਸ ਕਾਰਨ ਦੱਸੇ ਬਿਨਾਂ ਹੀ ਨਵੇਂ ਸਵਾਲ ਕਰਦਾ ਹੀ ਤੁਰਿਆ ਜਾਵੇ ਤਾਂ ਕੀ ਇਸ ਨੂੰ ਉਸਾਰੂ ਵੀਚਾਰ ਚਰਚਾ ਕਿਹਾ ਜਾ ਸਕਦਾ ਹੈ ਜਾਂ ਲੱਸੀ ਵਿੱਚ ਪਾਣੀ ਪਾ ਕੇ ਇਸ ਨੂੰ ਇਸ ਕਦਰ ਵਧਾਉਂਦੇ ਹੀ ਜਾਣਾ ਹੈ ਕਿ ‘ਨਾ ਇਹ ਲੱਸੀ ਰਹੇ, ਨਾ ਹੀ ਪਾਣੀ ਪਰ ਫਿਰ ਵੀ ਮੁਕਦੀ ਨਜ਼ਰ ਨਾ ਆਵੇ ਕੁਚਰਚਾ ਦੀ ਇਹ ਕੱਚੀ ਘਾਣੀ

ਇਸ ਕੁਚਰਚਾ ਨੂੰ ਉਸਾਰੂ ਚਰਚਾ ਵਿੱਚ ਬਦਲਣ ਦੇ ਆਖਰੀ ਹੰਭਲੇ ਵਜੋਂ ਆਪ ਜੀ ਦੇ ਨਵੇਂ ਸਵਾਲ ਹੂ-ਬਹੂ ਲਿਖ ਕੇ ਉਨ੍ਹਾਂ ਦੇ ਜਵਾਬ ਅਤੇ ਨਾਲ ਹੀ ਤੁਹਾਡੇ ਲਈ ਸਵਾਲ ਕੀਤੇ ਜਾ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਮੇਰੇ ਵੱਲੋਂ ਦਿੱਤੇ ਪਿਛਲੇ ਦੋਵਾਂ ਉੱਤਰਾਂ ਅਤੇ ਹੁਣ ਦਿੱਤੇ ਜਾ ਰਹੇ ਜਵਾਬਾਂ ਨੂੰ ਮੰਨਣ ਜਾਂ ਠੋਸ ਦਲੀਲਾਂ ਦੇ ਆਧਾਰ ’ਤੇ ਰੱਦ ਕੀਤੇ ਜਾਣ ਦੇ ਕਾਰਨ ਦੱਸੇ ਬਿਨਾਂ ਤੁਸੀਂ ਨਵੇਂ ਸਵਾਲਾਂ ਦੀ ਗਿਣਤੀ ਵਧਾ ਕੇ ਚਰਚਾ ਦੀ ਇਸ ਕੱਚੀ ਲੱਸੀ ’ਚ ਪਾਣੀ ਪਾ ਕੇ ਹੋਰ ਵਧਾਉਣ ਤੋਂ ਗੁਰੇਜ ਕਰੋਗੇ। ਆਪ ਜੀ ਦੇ ਨਵੇਂ ਸਵਾਲ ਅਤੇ ਉਨ੍ਹਾਂ ਦੇ ਉੱਤਰਾਂ ਦੇ ਨਾਲ ਨਾਲ ਮੇਰੇ ਸਵਾਲ ਹੇਠਾਂ ਦਰਜ ਹਨ:

ਕਿਰਪਾਲ ਸਿੰਘ ਜੀ! ਪਹਿਲਾਂ ਤਾਂ ਤੁਸੀਂ ਮੇਰੇ ਤਿੰਨ ਛੋਟੇ ਛੋਟੇ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ-

ਆਪ ਜੀ ਦਾ ਸਵਾਲ ਨੰ: 1.  ਤੁਸੀਂ ਫਰੀਦਕੋਟੀ ਟੀਕੇ ਨੂੰ ਸਹੀ/ਪ੍ਰਮਾਣਿਤ ਮੰਨਦੇ ਹੋ ?

ਮੇਰਾ ਜਵਾਬ : ਇਹ ਹੈ ਕਿ ਕਿਸੇ ਵੀ ਵਿਦਵਾਨ ਵੱਲੋਂ ਕੀਤੀ ਮਿਹਨਤ ਨੂੰ ਤੁਸੀਂ ਇੱਕੇ ਸੱਟੇ ਨਾ ਰੱਦ ਕਰ ਸਕਦੇ ਹੋ ਅਤੇ ਨਾ ਹੀ ਉਸ ਦੇ 100% ਸਹੀ ਹੋਣ ਦੀ ਮੋਹਰ ਲਾ ਸਕਦੇ ਹੋ।

ਜਿੱਥੋਂ ਤੱਕ ਮੇਰਾ ਸਬੰਧ ਹੈ ਮੈਂ ਫ਼ਰੀਦਕੋਟੀ ਟੀਕੇ ’ਚ ‘ਰਥੁ ਫਿਰੈ’ ਦੇ ਕੀਤੇ ਅਰਥਾਂ ਨੂੰ ਇਸ ਆਧਾਰ ’ਤੇ ਸਹੀ ਮੰਨਦਾ ਹਾਂ ਕਿਉਂਕਿ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਨੂੰ ਗੁਰਬਾਣੀ ਵਿੱਚ ਹੋਰ ਵੀ ਕਈ ਥਾਂ ਇਨ੍ਹਾਂ ਹੀ ਅਰਥਾਂ ਵਿੱਚ ਵਰਤਿਆ ਹੈ। ਮਿਸਾਲ ਦੇ ਤੌਰ ’ਤੇ

(i) ਧੁਰਿ ਲਿਖਿਆ ਪਰਵਾਣਾ ‘ਫਿਰੈ’ ਨਾਹੀ ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ – ਰਾਮਕਲੀ ਸਦ (ਬਾਬਾ ਸੁੰਦਰ ਜੀ)/੯੨੩)

(ii) ਜਿਉ ਜਿਉ, ਨਾਮਾ ਹਰਿ ਗੁਣ ਉਚਰੈ ਭਗਤ ਜਨਾਂ ਕਉ ਦੇਹੁਰਾ ‘ਫਿਰੈ’ – ਭੈਰਉ, ਭਗਤ ਨਾਮਦੇਵ ਜੀ/੧੧੬੪)

(iii) ਜਉ ਗੁਰਦੇਉ, ਕੰਧੁ ਨਹੀ ਹਿਰੈ ਜਉ ਗੁਰਦੇਉ, ਦੇਹੁਰਾ ‘ਫਿਰੈ’ – (ਭੈਰਉ, ਭਗਤ ਨਾਮਦੇਵ ਜੀ/੧੧੬੭)

(iv) ਤਿਸੁ ਸਿਉ ਕੈਸਾ ਬੋਲਣਾ ? ਜਿ ਆਪੇ ਜਾਣੈ ਜਾਣੁ ਚੀਰੀ ਜਾ ਕੀ ਨਾ ‘ਫਿਰੈ’ , ਸਾਹਿਬੁ ਸੋ ਪਰਵਾਣੁ ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ਜੋ ਤਿਸੁ ਭਾਵੈ ਨਾਨਕਾ ! ਸਾਈ, ਭਲੀ ਕਾਰ ਜਿਨ੍ਹ੍ਹਾ ਚੀਰੀ ਚਲਣਾ ; ਹਥਿ ਤਿਨ੍ਹ੍ਹਾ ਕਿਛੁ ਨਾਹਿ ਸਾਹਿਬ ਕਾ ਫੁਰਮਾਣੁ ਹੋਇ, ਉਠੀ ਕਰਲੈ ਪਾਹਿ ਜੇਹਾ ਚੀਰੀ ਲਿਖਿਆ, ਤੇਹਾ ਹੁਕਮੁ ਕਮਾਹਿ ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ –  ਸਾਰੰਗ  ਕੀ ਵਾਰ: ਮ:੨/੧੨੩੯)

ਮੇਰੇ ਸਵਾਲ : (੧)  ਗੁਰਬਾਣੀ ਨੂੰ ਗੁਰੂ ਮੰਨਦੇ ਹੋਏ ਜਿਹੜੇ ਅਰਥ ਤੁਸੀਂ ਉਪ੍ਰੋਕਤ ਚਾਰੇ ਤੁਕਾਂ ਵਿੱਚ ‘ਫਿਰੈ’ ਦੇ ਕਰੋਗੇ ਜੇ ਉਹੀ ਅਰਥ ਫ਼ਰੀਦਕੋਟੀ ਟੀਕੇ ਵਿੱਚ ‘ਰਥੁ ਫਿਰੈ ਦੇ ਕੀਤੇ ਹਨ ਤਾਂ ਇਨ੍ਹਾਂ ਅਰਥਾਂ ਨੂੰ ਤੁਸੀਂ ਗਲਤ ਕਿਵੇਂ ਮੰਨਦੇ ਹੋ ?

(੨) ਚਾਰਾਂ ਵਿੱਚੋਂ ਕੇਵਲ ਇੱਕ ਫ਼ਰੀਦਕੋਟੀ ਟੀਕੇ ਦਾ ਜਿਕਰ ਕਰਨ ਤੋਂ ਭਾਵ ਹੈ ਕਿ ਤੁਸੀਂ ਸੰਪ੍ਰਦਾਈ ਟੀਕੇ ਅਤੇ ਭਾਈ ਕਾਹਨ ਸਿੰਘ ਨਾਭਾ ਤੇ ਡਾ: ਗੁਰਚਰਨ ਸਿੰਘ ਦੇ ਕੋਸ਼ਾਂ ਵਿੱਚ ਦਿੱਤੇ ਅਰਥਾਂ ਨਾਲ ਸਹਿਮਤ ਹੋ ?

(੩) ਜੇ ਕਰ ਬਾਕੀ ਤਿੰਨਾਂ ਵਿੱਚ ਦਿੱਤੇ ਅਰਥਾਂ ਨਾਲ ਵੀ ਤੁਸੀਂ ਸਹਿਮਤ ਨਹੀ ਹੋ ਤਾਂ ਤੁਸੀਂ ਇਨ੍ਹਾਂ ਦਾ ਜਿਕਰ ਕਿਉਂ ਨਹੀਂ ਕੀਤਾ ? ਕੀ ਇਸੇ ਕਾਰਨ ਕਿ ਇਸ ਇੱਕ ਦਾ ਜਵਾਬ ਲੈ ਕੇ ਉਸ ਸਬੰਧੀ ਚੁੱਪ ਧਾਰ ਲਵੋਗੇ ਅਤੇ ਫਿਰ ਵਾਰੋ ਵਾਰੀ ਬਾਕੀ ਤਿੰਨਾਂ ਦੀ ਪ੍ਰਮਾਣਿਕਤਾ ਸਬੰਧੀ ਸਵਾਲ ਉਠਾ ਕੇ ਲੱਸੀ ਵਿੱਚ ਪਾਣੀ ਪਾਉਣਾ ਜਾਰੀ ਰੱਖਣਾ ਹੈ ?

(੪) ਫ਼ਰੀਦਕੋਟੀ ਟੀਕੇ ’ਚੋਂ ਇੱਕ ਤੁਕ ਦਾ ਮੇਰੇ ਵੱਲੋਂ ਹਵਾਲਾ ਦਿੱਤੇ ਜਾਣ ’ਤੇ ਤੁਸੀਂ ਮੇਰੇ ਤੋਂ ਪੁੱਛ ਲਿਆ ਕਿ ਕੀ ਮੈਂ ਫ਼ਰੀਦਕੋਟੀ ਟੀਕੇ ਨੂੰ ਸਹੀ ਮੰਨਦਾ ਹਾਂ। ਮੈਂ ਤਾਂ ਆਪ ਜੀ ਦੇ ਸਾਰੇ ਸਵਾਲਾਂ ਦਾ ਵਿਸਥਾਰ ਸਹਿਤ ਜਵਾਬ ਦੇ ਦਿੱਤਾ ਹੈ ਹੁਣ ਤੁਹਾਡੇ ਲਈ ਸਵਾਲ ਹੈ ਕਿ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੀ ਆਪਣੀ ਦਲੀਲ ਦੇ ਹੱਕ ਵਿੱਚ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਫੇਸ-ਬੁੱਕ ’ਚੋਂ ਕੁਝ ਅੰਸ਼ ਕਾਪੀ-ਪੇਸਟ ਕੀਤੇ ਸਨ ਇਸ ਲਈ ਸਪਸ਼ਟ ਰੂਪ ਵਿੱਚ ਦੱਸੋ ਕਿ ਕੀ ਤੁਸੀਂ ਡਾ: ਦਿਲਗੀਰ ਦੀ ਹਰ ਪੁਸਤਕ ਅਤੇ ਫੇਸ-ਬੁੱਕ ਦੀ ਹਰ ਪੋਸਟ ਨੂੰ 100% ਸਹੀ ਮੰਨਦੇ ਹੋ ? ਮੈਨੂੰ ਪੂਰਾ ਯਕੀਨ ਹੈ ਕਿ ਨਾ ਹੀ ਤੁਸੀਂ ਉਨ੍ਹਾਂ ਦੀ ਹਰ ਲਿਖਤ ਨਾਲ ਇੱਥੋਂ ਤੱਕ ਕਿ ਉਸ ਵੱਲੋਂ ਤਜਵੀਜ਼ ਕੀਤੇ ਨਾਨਕਸ਼ਾਹੀ ਕੈਲੰਡਰ ਨਾਲ ਵੀ ਸਹਿਮਤ ਨਹੀਂ ਹੋ ਅਤੇ ਨਾ ਹੀ ਉਹ ਤੁਹਾਡੇ ਵੱਲੋਂ ਸਭ ਤੋਂ ਸ਼ੁੱਧ ਮੰਨੇ ਜਾ ਰਹੇ ਬਿਕ੍ਰਮੀ ਕੈਲੰਡਰ ਨਾਲ ਸਹਿਮਤ ਹੈ। ਉਸ ਦੀ ਆਦਤ ਵੀ ਬਿਲਕੁਲ ਤੁਹਾਡੇ ਵਾਲੀ ਹੈ ਕਿ ਜੋ ਵੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦਾ ਹੈ ਉਸ ਦੀ ਮੱਦਦ ਕਰਨ ਲਈ ਆਪਣੀ ਫੇਸ-ਬੁੱਕ ’ਚ ਸੰਨ 2015 ਦੀ ਇਹ ਪੋਸਟ ਚਲਦੀ ਵੀਚਾਰ ’ਚ ਘਸੋੜ ਦਿੰਦਾ ਹੈ। ਤੁਹਾਡੇ ਵਰਗਾ ਬੰਦਾ ਉਸ ਵਿੱਚੋਂ ਖ਼ੁਦ ਨੂੰ ਫਿੱਟ ਬੈਠਦੇ ਅੰਸ਼ਾਂ ਦਾ ਹਵਾਲਾ ਦੇ ਦਿੰਦਾ ਹੈ। ਤੁਹਾਡੇ ਵੱਲੋਂ ਕਾਪੀ-ਪੇਸਟ ਕੀਤੀ ਡਾ: ਡਿਲਗੀਰ ਦੀ ਉਸ ਪੋਸਟ ’ਤੇ ਮੈਂ ਆਪਣੇ ਪਿਛਲੇ ਲੇਖ ’ਚ ਅਨੇਕਾਂ ਸਵਾਲ ਖੜ੍ਹੇ ਕੀਤੇ ਸਨ। ਉਸ ਦੀ ਆਦਤ ਵੀ ਬਿਲਕੁਲ ਤੁਹਾਡੇ ਵਾਲੀ ਹੋਣ ਕਾਰਨ ਉਸ ਨੇ ਵੀ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਅਤੇ ਮੈਨੂੰ ਯਕੀਨ ਹੈ ਕਿ ਉਸ ਨੇ ਜਵਾਬ ਦੇਣਾ ਵੀ ਨਹੀਂ ਪਰ ਆਪਣੀ ਇਸ ਆਦਤ ਤੋਂ ਬਾਜ਼ ਵੀ ਨਹੀਂ ਆਉਣਾ ਅਤੇ ਸਮੇਂ ਸਮੇਂ ’ਤੇ ਆਪਣੀ ਉਸੇ ਪੋਸਟ ਨੂੰ ਰੀਨਿਊ ਕਰਦੇ ਰਹਿਣਾ ਹੈ ਜਿਸ ਨੂੰ ਤੁਹਾਡੇ ਵਰਗਿਆਂ ਨੇ ਬਿਨਾਂ ਸੋਚੇ ਸਮਝੇ ਆਪਣੇ ਹੱਕ ’ਚ ਉਨ੍ਹਾਂ ਦਾ ਹਵਾਲਾ ਦਿੰਦੇ ਹੀ ਰਹਿਣਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਹਰਨਾਮ ਸਿੰਘ ਧੁੰਮਾ ਵੀ ਸੰਨ 2009 ’ਚ ਸਪੋਕਸਮੈਨ ਵਿੱਚ ਡਾ: ਦਿਲਗੀਰ ਦੀ ਛਪੀ ਖ਼ਬਰ ਜਥੇਦਾਰਾਂ ਅਤੇ ਪ੍ਰੈੱਸ ਮੀਡੀਏ ਨੂੰ ਵਿਖਾ ਕੇ ਕਹਿੰਦਾ ਵੇਖਿਆ ਗਿਆ ਕਿ ਆਹ ਵੇਖੋ ਸਪੋਕਸਮੈਨ ਅਤੇ ਡਾ: ਦਿਲਗੀਰ ਵੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦਾ ਹੈ ਇਸ ਲਈ ਇਹ ਸਿਰੇ ਤੋਂ ਗਲਤ ਹੈ ਜਿਸ ਕਾਰਨ ਇਸ ਨੂੰ ਫੌਰਨ ਰੱਦ ਕਰਨਾ ਚਾਹੀਦਾ ਹੈ।

ਤੁਹਾਡਾ ਸਵਾਲ ਨੰ: 2.  ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਠੀਕ ਨਹੀਂ ਮੰਨਦੇ ?

ਮੇਰਾ ਉੱਤਰ: ਹਾਂ ਜੀ ਮੈਂ ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤੇ ਅਰਥਾਂ, ਗੁਰਬਾਣੀ ਵਿਆਕਰਣ ਅਤੇ ਸਿੱਖ ਇਤਿਹਾਸ ਨੂੰ ਕਾਫੀ ਹੱਦ ਤੱਕ ਠੀਕ ਸਮਝਦਾ ਹਾਂ। ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤਾ ਕੰਮ, ਕੌਮ ਨੂੰ ਮਹਾਨ ਦੇਣ ਹੈ ਜਿਸ ਨੂੰ ਭੁਲਾਇਆ ਜਾਂ ਅਣਡਿੱਠ ਨਹੀਂ ਕੀਤਾ ਜਾ ਸਕਦਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਉਨ੍ਹਾਂ ਵੱਲੋਂ ਕੀਤੇ ਸਾਰੇ ਅਰਥਾਂ ਨੂੰ 100% ਸਹੀ ਮੰਨਣ ਦਾ ਪਾਬੰਦ ਹਾਂ ਕਿਉਂਕਿ ਤੁਹਾਡੇ ਆਪਣੇ ਹੀ ਸਵਾਲ ਨੰ: 3. ਦਾ ਭਾਵ ਹੈ ਕਿ ‘ਕੋਈ ਵੀ ਟੀਕਾਕਾਰ ਸਾਡਾ ਗੁਰੂ ਨਹੀਂ ਹੈ ?’ ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤੇ ਅਰਥਾਂ ਵਿੱਚੋਂ 5-10% ਅਰਥਾਂ ਨਾਲ ਅਸਹਿਮਤੀ ਜਤਾਉਣ ਦਾ ਇਹ ਕਦਾਚਿਤ ਭਾਵ ਨਹੀਂ ਹੈ ਕਿ ਮੈਂ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਰਿਹਾ ਹਾਂ ਜਿਵੇਂ ਕਿ ਤੁਸੀਂ ਫ਼ਰੀਦਕੋਟੀ ਟੀਕੇ ਅਤੇ ਪੁਰੇਵਾਲ ਸਾਹਿਬ ਵੱਲੋਂ ਕੈਲੰਡਰ ਸਬੰਧੀ ਕੀਤੇ ਕੰਮ ਨੂੰ ਮੁੱਢੋਂ ਹੀ ਨਕਾਰ ਰਹੇ ਹੋ।

ਤੁਹਾਡਾ ਸਵਾਲ ਨੰ: 3. ਕੋਈ ਵੀ ਟੀਕਾਕਾਰ ਸਾਡਾ ਗੁਰੂ ਹੈ ? ਜੇ ਨਹੀਂ ਤਾਂ ਅਸੀਂ ਗੁਰਬਾਣੀ ਨੂੰ ਉਸ ਦੇ ਸਹੀ ਅਰਥਾਂ ਵਿੱਚ ਸਮਝਣਾ ਹੈ ਜਾਂ ਜਿਹੜੇ ਟੀਕਾਕਾਰ ਦੇ ਅਰਥ ਸਾਡਾ ਨਿਜੀ ਮਕਸਦ ਪੂਰਾ ਕਰਦਾ ਹੋਵੇ ਉਸ ਨੂੰ ਵਰਤ ਕੇ ਆਪਣਾ ਮਕਸਦ ਪੂਰਾ ਕਰ ਲਓ ?

ਮੇਰਾ ਉੱਤਰ : ਵਿਰਦੀ ਸਾਹਿਬ ਜੀ, ਤੁਹਾਡੇ ਵਾਙ ਬਿਨਾਂ ਸੋਚੋ ਸਮਝੇ ਅੱਖਾਂ ਮੀਟ ਕੇ ਨਾ ਮੈਂ ਕਿਸੇ ਟੀਕਾਕਾਰ ਜਾਂ ਵਿਦਵਾਨ ਨੂੰ ਸਿਰੇ ਤੋਂ ਨਕਾਰਦਾ ਹਾਂ ਅਤੇ ਨਾ ਹੀ ਕਿਸੇ ਵਿਦਵਾਨ ਨੂੰ 100% ਠੀਕ ਮੰਨ ਕੇ ਉਸ ਨੂੰ ਗੁਰੂ ਦੀ ਤਰ੍ਹਾਂ ਮੰਨਣ ਲਈ ਤਿਆਰ ਹਾਂ ਜਿਵੇਂ ਕਿ ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਨੂੰ ਮੰਨ ਰਹੇ ਹੋ। ਪ੍ਰੋ: ਸਾਹਿਬ ਸਿੰਘ ਜੀ ਅਤੇ ਭਾਈ ਕਾਹਨ ਸਿੰਘ ਜੀ ਨਾਭਾ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਮੰਨਦਾ ਹਾਂ ਕਿ ਗੁਰਮਤਿ ਸਬੰਧੀ ਜਿੰਨਾ ਕੰਮ ਇਹ ਦੋ ਵਿਦਵਾਨਾਂ ਨੇ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ, ਪਰ ਇਸ ਦੇ ਬਾਵਜੂਦ ਜਿਨੀ ਕੁ ਗੁਰੂ ਸਾਹਿਬ ਜੀ ਨੇ ਬੁੱਧੀ ਬਖ਼ਸ਼ੀ ਹੈ ਉਸ ਦੀ ਵਰਤੋਂ ਕਰਕੇ ਠੀਕ ਗਲਤ ਦੀ ਪਛਾਣ ਕਰਕੇ ਠੀਕ ਨੂੰ ਅਪਣਾਅ ਲੈਣ ਵਿੱਚ ਕੁਝ ਵੀ ਗਲਤ ਨਹੀਂ ਸਮਝਦਾ ਭਾਵੇਂ ਕਿ ਉਹ ਕਿਸੇ ਵੀ ਹੋਰ ਵਿਦਵਾਨ ਦੀ ਕ੍ਰਿਤ ਕਿਉਂ ਨਾ ਹੋਵੇ।

ਤੁਹਾਡੇ ਸਵਾਲ ਦੇ ਦੂਸਰੇ ਹਿੱਸੇ ਨੂੰ ਵੀ ਮੈਂ ਪੂਰੀ ਤਰ੍ਹਾਂ ਰੱਦ ਕਰਦਾ ਹਾਂ ਕਿ ਸ: ਪਾਲ ਸਿੰਘ ਪੁਰੇਵਾਲ ਜਾਂ ਉਨ੍ਹਾਂ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੇ ਸਮਰਥਕ ਗੁਰਬਾਣੀ ਨੂੰ ਉਸ ਦੇ ਸਹੀ ਅਰਥਾਂ ਵਿੱਚ ਸਮਝਣ ਦੀ ਥਾਂ, ਜਿਹੜੇ ਟੀਕਾਕਾਰ ਦੇ ਅਰਥ ਉਨ੍ਹਾਂ ਦਾ ਨਿਜੀ ਮਕਸਦ ਪੂਰਾ ਕਰਦੇ ਹਨ ਉਸ ਨੂੰ ਵਰਤਕੇ ਆਪਣਾ ਮਕਸਦ ਪੂਰਾ ਕਰ ਰਹੇ ਹਨ।

ਮੇਰੇ ਵੱਲੋ ਤੁਹਾਨੂੰ ਸਵਾਲ:  (੧) ਮੇਰਾ ਖੁੱਲ੍ਹਾ ਚੈਲੰਜ ਹੈ ਕਿ ਜਾਂ ਤਾਂ ਆਪਣਾ ਇਹ ਦੋਸ਼ ਸਿੱਧ ਕਰੋ ਤੇ ਦੱਸੋ ਕਿ ਪੁਰੇਵਾਲ ਅਤੇ ਸਮਰਥਕਾਂ ਨੇ ਆਪਣੇ ਕਿਹੜੇ ਨਿਜੀ ਮਕਸਦ ਪੂਰੇ ਕੀਤੇ ? ਜਾਂ ਕਿਹੜਾ ਆਰਥਿਕ ਲਾਭ ਖੱਟਿਆ ਹੈ ? ਕੀ ਨਾਨਕਸ਼ਾਹੀ ਕੈਲੰਡਰ ਦੀ ਲੋੜ ਕੇਵਲ ਪੁਰੇਵਾਲ ਨੂੰ ਹੈ ਜਾਂ ਤੁਹਾਡੇ ਵਰਗੇ ਥੋੜੇ ਜਿਹੇ ਅੜਿਕਾ ਸਿੰਘਾਂ ਨੂੰ ਛੱਡ ਕੇ ਬਾਕੀ ਦੀ ਸਮੁੱਚੀ ਕੌਮ ਲਈ ਇਹ ਕੌਮੀ ਮੁੱਦਾ ਹੈ ?

(੨) ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਨੇ ਹਮੇਸ਼ਾਂ ਹੀ ਗੱਲ ਅਧਿਆਤਮਿਕਤਾ ਦੀ ਕੀਤੀ ਹੈ ਪਰ ਇਸ ਲਈ ਉਦਾਹਰਣਾਂ ਹਮੇਸ਼ਾਂ ਹੀ ਦੁਨਿਆਵੀ ਦਿੱਤੀਆਂ ਹਨ ਤਾਂ ਕਿ ਸਾਨੂੰ ਸੌਖਿਆ ਹੀ ਸਮਝ ਵਿੱਚ ਆ ਸਕੇ। ਇੱਥੇ ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਸਤਿਗੁਰੂ ਵੱਲੋਂ ਦਿੱਤੀਆਂ ਦੁਨਿਆਵੀ ਉਦਾਹਰਣਾਂ ਜਿੱਥੇ ਦੁਨਿਆਵੀ ਤੌਰ ’ਤੇ ਪਰਖਿਆਂ ਪੂਰਨ ਤੌਰ ’ਤੇ ਸੱਚ ਹੋ ਨਿਬੜਦੀਆਂ ਹਨ ਉੱਥੇ ਉਨ੍ਹਾਂ ਦੇ ਅੰਤ੍ਰੀਵ ਭਾਵਾਂ ਰਾਹੀਂ ਦਿੱਤਾ ਉਪਦੇਸ਼ ਅਧਿਆਤਮਿਕਤਾ ਦੇ ਤੌਰ ’ਤੇ ਵੀ ਸੱਚ ਸਾਬਤ ਹੁੰਦਾ ਹੈ, ਜਿਵੇਂ ਕਿ : ਦੋਹਾਗਣੀ ਪਿਰ ਕੀ ਸਾਰ ਜਾਣਹੀ ; ਕਿਆ ਕਰਿ ਕਰਹਿ ਸੀਗਾਰੁ  ? ਦੇ ਅਰਥ ਭਾਵ ਸੰਸਾਰਕ ਅਤੇ ਅਧਿਆਤਮਕ ਦੋਵੇਂ ਰੂਪਾਂ ’ਚ ਸੱਚ ਹੋ ਨਿਬੜਦੇ ਹਨ । ਇਸੇ ਕਾਰਨ ਤਾਂ ਗੁਰਬਾਣੀ ’ਚ ਦਰਜ ਹੈ : “ਨਾਨਕ ! ਦਾਸੁ, ਮੁਖ ਤੇ ਜੋ ਬੋਲੈ ; ਈਹਾ ਊਹਾ ਸਚੁ ਹੋਵੈ (ਧਨਾਸਰੀ ਮ:੫/੧੯); “ਹਲਤੁ ਪਲਤੁ, ਪ੍ਰਭ ਦੋਵੈ ਸਵਾਰੇ ; ਹਮਰਾ, ਗੁਣੁ ਅਵਗੁਣੁ ਨ ਬੀਚਾਰਿਆ ਅਟਲ ਬਚਨੁ, ਨਾਨਕ ! ਗੁਰ ! ਤੇਰਾ ; ਸਫਲ ਕਰੁ, ਮਸਤਕਿ ਧਾਰਿਆ (ਸੋਰਠਿ ਮ:੫/੬੨੧) ਬੇਨਤੀ ਹੈ ਕਿ ਇਨ੍ਹਾਂ ਤੁਕਾਂ ਨੂੰ ਧਿਆਨ ਵਿੱਚ ਰੱਖ ਕੇ ਤੁਹਾਡੇ ਅਨੁਸਾਰ ਤੁਖਾਰੀ ਬਾਰਹਮਾਹਾ (ਮ:੧) ਦੇ ਅੱਠਵੇਂ ਸੰਪੂਰਨ ਪਦੇ “ਆਸਾੜੁ ਭਲਾ, ਸੂਰਜੁ ਗਗਨਿ ਤਪੈ ਧਰਤੀ ਦੂਖ ਸਹੈ, ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ ; ਭੀ ਸੋ ਕਿਰਤੁ ਨ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ ; ਟੀਡੁ ਲਵੈ ਮੰਝਿ ਬਾਰੇ ਅਵਗਣ ਬਾਧਿ ਚਲੀ, ਦੁਖੁ ਆਗੈ ; ਸੁਖੁ ਤਿਸੁ, ਸਾਚੁ ਸਮਾਲੇ ਨਾਨਕ ! ਜਿਸ ਨੋ ਇਹੁ ਮਨੁ ਦੀਆ ; ਮਰਣੁ ਜੀਵਣੁ ਪ੍ਰਭ ਨਾਲੇ   ਦੇ ਜੋ ਗੁਰਮਤਿ ਅਨੁਸਾਰੀ ਅਰਥ ਤੇ ਗੁਰੂ ਸਾਹਿਬ ਜੀ ਦਾ ਅੰਤ੍ਰੀਵ ਭਾਵ ਹੈ ਉਹ ਲਿਖ ਭੇਜਣਾ ਫਿਰ ਪੁਰੇਵਾਲ ਸਾਹਿਬ ਜੀ ਵੱਲੋਂ ਚਿਤਵੇ ਸੰਪੂਰਨ ਅਰਥਾਂ ਨਾਲ ਮੇਲ ਕਰ ਕੇ ਦੱਸਿਓ ਕਿ ਉਨ੍ਹਾਂ ਵੱਲੋਂ ਕੀਤੇ ਅਰਥਾਂ ਵਿੱਚ ਕੀ ਕਮੀ ਰਹਿ ਗਈ ਹੈ ?

ਆਖਰੀ ਸਵਾਲ ਹੈ ਕਿ ਮੇਰੀ ਭਾਸ਼ਾ ’ਤੇ ਇਤਰਾਜ ਕਰਨ ਵਾਲੇ ਵਿਰਦੀ ਜੀਓ ! ਕੀ ਕਦੀ ਤੁਸੀਂ ਮੇਰੀ ਭਾਸ਼ਾ ਨੂੰ ਦਿਲਗੀਰ ਦੀਆਂ ਉਹ ਪੋਸਟਾਂ ਵਿਚ ਵਰਤੀ ਭਾਸ਼ਾ ਨਾਲ ਤੁਲਨਾ ਕਰਕੇ ਵੇਖਿਆ ਹੈ, ਜੋ ਤੁਸੀਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਸ਼ੇਅਰ ਕਰ ਰਹੇ ਹੋ ? ਜੇ ਤੁਹਾਨੂੰ ਉਸ ਦੀ ਮੇਰੇ ਨਾਲੋਂ ਕਈ ਗੁਣਾਂ ਘਟੀਆ ਭਾਸ਼ਾ ’ਤੇ ਕੋਈ ਇਤਰਾਜ ਨਹੀਂ ਹੈ ਤਾਂ ਇਸ ਦਾ ਇਹੀ ਕਾਰਨ ਹੈ ਕਿ ਉਹ ਤੁਹਾਡੇ ਵਾਙ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ’ਚ ਭੁਗਤਾ ਰਿਹਾ ਹੈ ? ਭਾਵ ਜਿਹੜਾ ਵਿਰੋਧਤਾ ਵਿੱਚ ਸਹਾਇਕ ਜਾਪੇ ਉਸ ਦੇ ਅਤਿ ਦਰਜੇ ਦੇ ਘਟੀਆ ਬੋਲ ਵੀ ਤੁਹਾਡੇ ਲਈ ਅੰਮ੍ਰਿਤ ਬੋਲ ਅਤੇ ਆਪਣੇ ਵਿਰੋਧੀ ਵੀਚਾਰਾਂ ਵਾਲੇ ਦੇ ਸਧਾਰਨ ਬੋਲ ਵੀ ਤੁਹਾਡੇ ਲਈ ਕੁਬੋਲ ?

ਜੇਕਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਤੁਸੀਂ ਨਵੇਂ ਸਵਾਲਾਂ ਦੀ ਬੁਛਾੜ ਕਰਨਾ ਜਾਰੀ ਰੱਖਿਆ ਤਾਂ ਬੇਸ਼ੱਕ ਤੁਹਾਨੂੰ ਬੁਰਾ ਹੀ ਲੱਗੇ ਪਰ ਮੈਨੂੰ ਮਜਬੂਰਨ ਆਪਣੇ ਪੁਰਾਣੇ ਲਫਜ਼ ਦੁਹਰਾਉਣੇ ਪੈਣੇ ਹਨ ਕਿ ਤੁਹਾਨੂੰ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾਉਣ ਦੀ ਬਹੁਤ ਜਰੂਰਤ ਹੈ। ਅੱਗੋਂ ਮੰਨਣਾਂ ਜਾਂ ਨਾਂ ਮੰਨਣਾ ਤੁਹਾਡੀ ਮਰਜੀ।