22.4 C
Jalandhar
Tuesday, April 7, 2026
spot_img
Home Blog Page 72

ਗੁਰਮੁਖਿ ਬੁਢੇ ਕਦੇ ਨਾਹੀ..

0

ਗੁਰਮੁਖਿ ਬੁਢੇ ਕਦੇ ਨਾਹੀ..

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ-94172-39495

ਮਨੁੱਖੀ ਜਨਮ ਤੋਂ ਮੌਤ ਤੱਕ ਦੇ ਸਫ਼ਰ ਦੌਰਾਨ ਅਨੇਕਾਂ ਸਰੀਰਕ ਤਬਦੀਲੀਆਂ ਆਉਂਦੀਆਂ ਹਨ। ਕੁਦਰਤ ਦੇ ਨਿਯਮ ਅਨੁਸਾਰ ਹਰੇਕ ਇਨਸਾਨ ਨੂੰ ਬਚਪਨ, ਜੁਆਨੀ ਤੇ ਬੁਢਾਪੇ ਤੱਕ ਦੇ ਸਫ਼ਰ ’ਚੋਂ ਲੰਘਣਾ ਪੈਂਦਾ ਹੈ ਭਾਵੇਂ ਕਿ ਉਹ ਗੁਰਮੁਖ ਹੋਵੇ ਜਾਂ ਮਨਮੁਖ ਇੱਥੋਂ ਤੱਕ ਨਾਸਤਿਕ ਨੂੰ ਵੀ ਇਹ ਸਰੀਰਕ ਪੜਾਅ ਪਾਰ ਕਰਨੇ ਪੈਂਦੇ ਹਨ ਪਰ ਇਸ ਦੇ ਬਾਵਜੂਦ ਵੀ ਗੁਰਬਾਣੀ ਵਿੱਚ ਸਤਿਗੁਰੂ ਜੀ ਦਾ ਫ਼ੁਰਮਾਨ ਹੈ: ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥  ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥’’  (ਮਹਲਾ ੩/ ੧੪੧੮)

ਜੇਕਰ ਓਪਰੀ ਨਿਗਾਹ ਨਾਲ ਇਨ੍ਹਾਂ ਤੁਕਾਂ ਦੇ ਅਰਥ ਕੀਤੇ ਜਾਣ ਤਾਂ ਇਹ ਹਨ ਕਿ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੋਵੇ ਜਾਂ ਰੱਬੀ ਧਿਆਨ ਵਾਲੇ ਮਨੁੱਖ ਕਦੇ ਬੁੱਢੇ ਨਹੀਂ ਹੁੰਦੇ ਤੇ ਉਹ ਆਪਣੇ ਹਿਰਦੇ ਵਿੱਚ ਸਦਾ ਹਰੀ ਪ੍ਰਭੂ ਦੀਆਂ ਸਿਫਤ ਸਲਾਹਾਂ ਕਰਦੇ ਰਹਿੰਦੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਬਾਣੀ ਨੂੰ ਮੰਨਣ ਵਾਲੇ ਤਾਂ ਠੀਕ ਇੱਥੇ ਗੁਰਬਾਣੀ ਸਿਰਜਣ ਵਾਲਿਆਂ ਨੂੰ ਵੀ ਸਰੀਰਕ ਪੱਖੋਂ ਆਪਣੇ ਤਨ ’ਤੇ ਬੁਢੇਪਾ ਹੰਢਾਉਣਾ ਪਿਆ। ਹੁਣ ਇਸ ਪੰਕਤੀਆਂ ਨੂੰ ਵਿਚਾਰਨ ਲੱਗਿਆਂ ਜੇਕਰ ਕੁਦਰਤ ਦੇ ਅਟੱਲ ਨਿਯਮਾਂ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਸਮਝ ਆਏਗੀ ਕਿ ਇੱਥੇ ਸਰੀਰਕ ਨਹੀਂ ਸਗੋਂ ਮਾਨਸਿਕ ਬੁਢੇਪੇ ਦੀ ਗੱਲ ਕਹੀ ਗਈ ਹੈ ਕਿਉਂਕਿ ਜੇਕਰ ਅਸੀਂ ਆਪਣੇ ਵੀਚਾਰ ਜਾਂ ਸੁਭਾਅ ਦਾ ਸ਼ੁੱਧ ਅਤੇ ਸਹੀ ਵਿਚਾਰਾਂ ਨਾਲ ਨਵੀਨੀਕਰਨ ਕਰਨ ਤੋਂ ਮੁਨਕਰ ਹੁੰਦਿਆਂ ਆਪਣੇ ਗ਼ਲਤ ਰੂੜ੍ਹੀਵਾਦੀ ਅੜੀਅਲ ਵਤੀਰੇ ਅਤੇ ਸੁਭਾਅ ’ਤੇ ਕਾਇਮ ਰਹਿੰਦੇ ਹਾਂ ਅਤੇ ਆਪਣੇ ਵੀਚਾਰਾਂ ਦੀ ਉੱਨਤੀ ਕਰਨ (ਘੜਨ) ਤੋਂ ਮੁਨਕਰ ਹਾਂ ਜਾਂ ਮਾਨਸਿਕ ਉੱਨਤੀ ’ਤੇ ਰੋਕ ਲਗਾਉਣ ਦਾ ਯਤਨ ਕਰਦੇ ਹੋਏ ਹਉਮੈ ਗ੍ਰਸਤ ਹਾਂ ਤਾਂ ਗੁਰਬਾਣੀ ਅਨੁਸਾਰ ਅਸੀਂ ਬੁਢੇਪੇ ਦਾ ਸ਼ਿਕਾਰ ਹੋ ਰਹੇ ਹਾਂ ਭਾਵੇਂ ਕਿ ਸਰੀਰਕ ਪੱਖੋਂ ਅਸੀਂ ਰਿਸ਼ਟ-ਪੁਸ਼ਟ ਅਤੇ ਜਵਾਨ ਹੋਈਏ । ਗੁਰਬਾਣੀ ਫ਼ੁਰਮਾਨ ਹੈ ‘‘ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ; ਜਿਨ੍ਾ ਅੰਤਰਿ ਹਰਿ ਸੁਰਤਿ ਨਾਹੀ ॥  ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮ ਰਾਇ ਕੈ ਜਾਂਹੀ ॥’’ (ਮਹਲਾ ੩/ ੧੪੧੮)

ਗੁਰ ਇਤਿਹਾਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਅਮਰਦਾਸ ਜੀ ਸਰੀਰਕ ਤੌਰ ’ਤੇ ਬਿਰਧ ਹੋਣ ਦੇ ਬਾਵਜੂਦ ਵੀ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇੱਕ ਜਵਾਨ ਮਰਜੀਵੜੇ ਵਾਂਗ ਦੁਨੀਆ ’ਚ ਸਦਾ ਵਿਚਰਦੇ ਰਹੇ ਹਨ। ਗੁਰੂ ਅਰਜਨ ਪਾਤਸ਼ਾਹ ਵੀ ਸਾਨੂੰ ਪ੍ਰੇਰਨਾ ਕਰਦੇ ਹੋਏ ਫ਼ੁਰਮਾਉਂਦੇ ਹਨ, ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥  ਨਾਨਕ !  ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ ॥’’  (ਮਹਲਾ ੫/ ੧੦੯੬)

ਇੱਥੇ ਉਮਰ ਦੀ ਕੋਈ ਬੰਦਿਸ਼ ਨਹੀਂ ਸਗੋਂ ਆਪਣੇ ਵੀਚਾਰਾਂ ਨੂੰ ‘‘ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥’’ (ਮਹਲਾ ੧/ ੬੬੦) ’ਤੋਂ ਸਿੱਖਿਆ ਲੈ ਕੇ ਆਪਣੇ ਅੰਦਰਲੇ ਬਦਲਾਅ ਲਈ ਸਦਾ ਤਤਪਰ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ। ਸਾਡੇ ਆਲੇ ਦੁਆਲੇ ਅਨੇਕਾਂ ਕਰਮਕਾਂਡੀ ਤੇ ਪੁਰਾਤਨਵਾਦੀ ਡੇਰੇਦਾਰ ਸਮਾਜ ਨੂੰ ਚੇਤੰਨ ਕਰਨ ਦੀ ਬਜਾਏ ਗ਼ਲਤ ਰੂੜ੍ਹਵਾਦੀ ਵਿਚਾਰਧਾਰਾ ਤੱਕ ਸੀਮਤ ਰੱਖਣਾ ਚਾਹੁੰਦਾ ਹੈ, ਪਰ ਲੋੜ ਹੈ ਗੁਰਬਾਣੀ ਦੇ ਗਿਆਨ ਦੀ ਰੌਸ਼ਨੀ ਦੀ ਤਾਂ ਜੋ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥  ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥’’  (ਮਹਲਾ ੩/ ੧੪੧੮) ਨੂੰ ਆਪਣੇ ਆਪ ਉੱਤੇ ਢੁਕਾ ਸਕਣ ’ਚ ਕਾਮਯਾਬੀ ਮਿਲ ਸਕੇ ।

-ਚਲਦਾ-

ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼

0

ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼

ਅਵਤਾਰ ਸਿੰਘ ਮਿਸ਼ਨਰੀ (5104325827)

ਭਗਤ ਬਾਬਾ ਰਵਿਦਾਸ ਜੀ ਨੇ ਪ੍ਰਭੂ ਸਿਮਰਨ ’ਤੇ ਹੀ ਜੋਰ ਦਿੱਤਾ। ਸਿਮਰਨ ਭਾਵ ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣਾ। ਗ੍ਰਹਿਸਤ ਮਾਰਗ ’ਚ ਰਹਿੰਦਿਆਂ ਕਿਰਤ ਕਮਾਈ ਕਰਨੀ, ਵੰਡ ਛੱਕਣਾ ਤੇ ਪ੍ਰਭੂ ਦੀ ਯਾਦ ਹੀ ਅਸਲ ਭਗਤੀ ਹੈ। ਉਹ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ- ‘‘ਕਹਿ ਰਵਿਦਾਸ; ਹਾਥ ਪੈ ਨੇਰੈ.. ॥’’ (ਭਗਤ ਰਵਿਦਾਸ/੬੫੮) ਜਿਵੇਂ ਸੋਨੇ ਅਤੇ ਉਸ ਦੇ ਬਣੇ ਗਹਿਣੇ ਵਿੱਚ ਅੰਤਰ ਨਹੀਂ ਇਵੇਂ ਹੀ ਆਤਮਾ ਤੇ ਪ੍ਰਮਾਤਮਾ ਦਾ ਅਸਲਾ ਵੀ ਇੱਕ ਹੈ; ਜਿਵੇਂ ਗਹਿਣੇ ਸੋਨੇ ਦੀ ਸਜਾਵਟ ਹਨ ਉਵੇਂ ਹੀ ਭਗਤ, ਭਗਵਾਨ ਦੀ ਸੁੰਦਰਤਾ ਹਨ। ਜਿਵੇਂ ਪਾਣੀ ਤੋਂ ਪੈਦਾ ਹੋਇਆ ਬੁਲਬੁਲਾ ਤੇ ਪਾਣੀ ਇੱਕ ਹੀ ਹਨ, ਫ਼ਰਕ ਕੇਵਲ ਵੱਖਰੀ ਬਣਤਰ ਦਾ ਹੀ ਹੈ, ਇਉਂ ਭਗਤ ਦੇ ਰੱਬ ਦਾ ਸੁਮੇਲ ਹੁੰਦਾ ਹੈ, ‘‘ਤੋਹੀ ਮੋਹੀ, ਮੋਹੀ ਤੋਹੀ; ਅੰਤਰੁ ਕੈਸਾ ?॥  ਕਨਕ ਕਟਿਕ; ਜਲ ਤਰੰਗ ਜੈਸਾ ॥ (ਭਗਤ ਰਵਿਦਾਸ/੯੩) ਮਨੁੱਖਾ ਜਨਮ ਦੁਰਲੱਭ ਜਨਮ ਹੈ- ‘‘ਦੁਲਭ ਜਨਮੁ ਪੁੰਨ ਫਲ ਪਾਇਓ … ॥’’ (ਭਗਤ ਰਵਿਦਾਸ/੬੫੮) ਸਭ ਮਨੁੱਖ ਬਰਾਬਰ ਹਨ, ਕੋਈ ਜਾਤ-ਪਾਤ ਕਰਕੇ ਉੱਚਾ ਨੀਵਾਂ ਨਹੀਂ ਸਗੋਂ ਕਰਮਾਂ ਕਰਕੇ ਨੀਚ ੳੂਚ ਹਨ। ਗੋਬਿੰਦ ਹੀ ਨੀਵਿਆਂ ਨੂੰ ਉੱਚਾ ਕਰਨਯੋਗ ਹੈ, ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ.. ॥’’ (ਭਗਤ ਰਵਿਦਾਸ/੧੧੦੬) ਸੁੱਚ-ਭਿੱਟ ਛੂਆ-ਛਾਤ ਵਿੱਚ ਵਿਸ਼ਵਾਸ ਨਹੀਂ ਰੱਖਣਾ ਕਿਉਂਕਿ ਇਹ ਚਲਾਕ ਬ੍ਰਾਹਮਣ ਦੁਆਰਾ ਪੈਦਾ ਕੀਤੀ ਹੋਈ ਹੈ। ਪ੍ਰਭੂ ਭਗਤ ਨੇ ਸਫ਼ਾਈ ਰੱਖਣੀ ਹੈ, ਨਾ ਕਿ ਸੁੱਚ ਭਿੱਟ ਭਾਵੇਂ ਕਿ ਕਈ ਗੁਰਦੁਆਰਿਆਂ ਵਿੱਚ ਵੀ ਸੁੱਚ ਭਿੱਟ ਦੇਖੀ ਜਾ ਸਕਦੀ ਹੈ। ਧੂਪਾਂ ਦੀਪਾਂ ਜੋਤਾਂ ਨਾਲ ਪ੍ਰਭੂ ਦੀ ਆਰਤੀ ਨਹੀਂ ਕੀਤੀ ਜਾ ਸਕਦੀ। ਪ੍ਰਭੂ ਦਾ ਨਾਮ ਹੀ ਸੱਚੀ ਆਰਤੀ ਹੈ, ‘‘ਨਾਮੁ ਤੇਰੋ ਆਰਤੀ.. ॥’’ (ਭਗਤ ਰਵਿਦਾਸ/੬੯੪) ਵਹਿਮਾਂ ਭਰਮਾਂ, ਥਿਤਾਂ ਵਾਰਾਂ ਦੀ ਪੂਜਾ ਬ੍ਰਾਹਮਣੀ ਕਰਮਕਾਂਡ ਹਨ। ਭਗਤ ਲਈ ਪੂਜਾ ਕੇਵਲ ਸੁੱਚੀ ਕਿਰਤ ਤੇ ਨਾਮ ਜਪਣਾ ਹੀ ਹੈ, ‘‘.. ਕਲਿ ਕੇਵਲ ਨਾਮ ਅਧਾਰ ॥’’ (ਭਗਤ ਰਵਿਦਾਸ/੩੪੬)

ਪਸ਼ੂ ਪੰਛੀਆਂ ਵਿੱਚ ਇੱਕ-ਇੱਕ ਦੋਖ ਹੈ ਪਰ ਇਸਤਰੀ ਪੁਰਸ਼ ਵਿੱਚ ਪੰਜੇ ਇਕੱਠੇ ਹਨ, ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥  ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ॥’’ (ਭਗਤ ਰਵਿਦਾਸ/੪੮੬) ਜਿਵੇਂ ਚੰਦਨ ਦੇ ਨਿਕਟ ਵਸਣ ਵਾਲੇ ਰਿੰਡ ’ਚੋਂ ਵੀ ਖੁਸ਼ਬੋ ਆਉਣ ਲੱਗ ਜਾਂਦੀ ਹੈ ਤਿਵੇਂ ਗੁਣਹੀਣ ਮਨੁੱਖ ਵੀ ਗੁਣੀ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਨਾਲ ਭਰ ਜਾਂਦੇ ਹਨ, ‘‘ਨੀਚ ਰੂਖ ਤੇ ਊਚ ਭਏ ਹੈ; ਗੰਧ ਸੁਗੰਧ ਨਿਵਾਸਾ ॥’’ (ਭਗਤ ਰਵਿਦਾਸ/੪੮੬) ਸਭ ਵਸਤੂਆਂ ਜੂਠੀਆਂ ਹੋ ਸਕਦੀਆਂ ਹਨ ਪਰ ਪ੍ਰਭੂ ਦਾ ਨਾਮ ਸਦਾ ਸੁੱਚਾ ਰਹਿੰਦਾ ਹੈ ਜਿਵੇਂ ਦੁੱਧ ਵੱਛੇ ਦੇ ਥਣ ਚੁੰਘਣ ਨਾਲ, ਫੁੱਲ਼ ਭੰਵਰੇ ਦੇ ਬਾਸ ਲੈਣ ਨਾਲ ਅਤੇ ਪਾਣੀ ਮੱਛੀ ਦੇ ਰਹਿਣ ਕਰਕੇ ਝੂਠੇ ਹੋ ਜਾਂਦੇ ਹਨ, ‘‘ਦੂਧੁ ਤ ਬਛਰੈ ਥਨਹੁ ਬਿਟਾਰਿਓ ॥  ਫੂਲੁ ਭਵਰਿ; ਜਲੁ ਮੀਨਿ ਬਿਗਾਰਿਓ ॥’’ (ਭਗਤ ਰਵਿਦਾਸ/੫੨੫) ਬ੍ਰਾਹਮਣ ਭਾਵੇਂ ਖਟ ਕਰਮ ਕਰੇ ਫਿਰ ਵੀ ਨੀਚ ਹੀ ਹੈ ਜੇ ਉਸ ਅੰਦਰ ਰੱਬ ਪ੍ਰਤੀ ਪਿਆਰ ਨਹੀਂ, ‘‘ਖਟੁ ਕਰਮ ਕੁਲ ਸੰਜੁਗਤੁ ਹੈ; ਹਰਿ ਭਗਤਿ ਹਿਰਦੈ ਨਾਹਿ ॥’’ (ਭਗਤ ਰਵਿਦਾਸ/੧੧੨੪) ਜੇ ਕਹੇ ਜਾਂਦੇ ਪਾਪੀ ਅਜਾਮਲ ਤੇ ਪਾਪਣ ਪਿੰਗਲਾ ਵਰਗੇ ਚੰਗੀ ਸੰਗਤ ਕਰ, ਨਾਮ ਜਪ ਕੇ ਤਰ ਗਏ ਫਿਰ ਚਮਾਰ ਵਰਗੇ ਨੀਵੀਂ ਜਾਤ ਦੇ ਕਿਵੇਂ ਨਹੀਂ ਤਰਨਗੇ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ॥  ਐਸੇ ਦੁਰਮਤਿ ਨਿਸਤਰੇ; ਤੂ ਕਿਉ ਨ ਤਰਹਿ ਰਵਿਦਾਸ? ॥’’ (ਭਗਤ ਰਵਿਦਾਸ/੧੧੨੪) ਜਿਸ ਦੇ ਅੰਦਰ ਦਰਦ ਨਹੀਂ ਉਹ ਦੂਜਿਆਂ ਦਾ ਦਰਦ ਕਿਵੇਂ ਮਹਿਸੂਸ ਕਰ ਸਕਦਾ ਹੈ, ‘‘ਸੋ ਕਤ ਜਾਨੈ ਪੀਰ ਪਰਾਈ ॥  ਜਾ ਕੈ ਅੰਤਰਿ; ਦਰਦੁ ਨ ਪਾਈ ॥੧॥ ਰਹਾਉ ॥’’ (ਭਗਤ ਰਵਿਦਾਸ/੭੯੩) ਚੰਮ ਤੋਂ ਬਣਿਆਂ ਹੋਣ ਕਰਕੇ ਸਾਰਾ ਸੰਸਾਰ ਹੀ ਚਮਾਰ ਹੈ ਫਿਰ ਵਖਰੇਵਾਂ ਕਾਹਦਾ? ਬ੍ਰਾਹਮਣ ਦਾ ਸਰੀਰ ਵੀ ਚੰਮ ਦਾ ਹੀ ਹੈ, ਨਾ ਕਿ ਸੋਨੇ ਦਾ। ਮੋਹ ’ਚ ਫਸਿਆ ਜੀਵ ਸਰੀਰ ਰੂਪੀ ਜੁੱਤੀ ਦੀ ਹੀ ਗੰਢ-ਤੁੱਪ ਕਰਦਾ ਕਰਾਉਂਦਾ ਰਹਿੰਦਾ ਹੈ, ‘‘ਲੋਗੁ ਗਠਾਵੈ ਪਨਹੀ ॥੧॥ ਰਹਾਉ ॥’’ (ਭਗਤ ਰਵਿਦਾਸ/੬੫੯) ਪਨਹੀ (ਜੁੱਤੀ) ਇਹ ਸੰਸਾਰ ਬਿਨਸਨਹਾਰ ਹੈ, ‘‘ਜੋ ਦਿਨ ਆਵਹਿ; ਸੋ ਦਿਨ ਜਾਹੀ ॥  ਕਰਨਾ ਕੂਚੁ; ਰਹਨੁ ਥਿਰੁ ਨਾਹੀ ॥’’ (ਭਗਤ ਰਵਿਦਾਸ/੭੯੩) ਪਤੀ ਦੀ ਸਾਰ ਸੁਹਾਗਣ (ਗੁਰਮੁਖ ਇਸਤਰੀ) ਹੀ ਪ੍ਰਮਾਤਮਾ ਪਤੀ ਨੂੰ ਜਾਣ-ਪਹਿਚਾਣ ਸਕਦੀ ਹੈ, ‘‘ਸਹ ਕੀ ਸਾਰ, ਸੁਹਾਗਨਿ ਜਾਨੈ ॥’’ (ਭਗਤ ਰਵਿਦਾਸ/੭੯੩) ਗਿਆਨ ਦੀ ਪ੍ਰਾਪਤੀ ਲਈ ਕਰਮ ਅਭਿਆਸ ਕਰਨਾ ਹੈ, ਜਦ ਗਿਆਨ ਹੋ ਜਾਵੇ ਤਾਂ ਤੋਤਾ ਰਟਨੀ ਛੱਡਣੀ ਚਾਹੀਦੀ ਹੈ; ਜਿਵੇਂ ਅਸੀਂ ਪਹਿਲੀ ਜਮਾਤ ਦੇ ਕੈਦੇ ਕਿਤਾਬਾਂ ਤੋਂ ਉੱਪਰ ਉੱਠਦੇ-2 ਜਾਂਦੇ ਹਾਂ ਇਵੇਂ ਹੀ ਕਰਮ ਜਾਲ ਤੋਂ ਉੱਪਰ ਉੱਠਣਾ ਹੈ, ‘‘ਗਿਆਨੈ ਕਾਰਨ ਕਰਮ ਅਭਿਆਸੁ ॥  ਗਿਆਨੁ ਭਇਆ; ਤਹ ਕਰਮਹ ਨਾਸੁ ॥’’ (ਭਗਤ ਰਵਿਦਾਸ/੧੧੬੭) ਨਸ਼ਿਆਂ ਦਾ ਤਿਆਗ ਕਰਨਾ ਹੈ, ਸ਼ਰਾਬ ਭਾਵੇਂ ਪਵਿੱਤਰ ਕਹੇ ਜਾਂਦੇ ਗੰਗਾ ਆਦਿਕ ਦੇ ਜਲ ਤੋਂ ਵੀ ਤਿਆਰ ਕੀਤੀ ਗਈ ਹੋਵੇ, ਗ੍ਰਹਿਣ ਨਹੀਂ ਕਰਨੀ, ‘‘ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ; ਸੰਤ ਜਨ ਕਰਤ ਨਹੀ ਪਾਨੰ ॥’’ (ਭਗਤ ਰਵਿਦਾਸ/੧੨੯੩) ਸੁਰਸਰੀ-ਗੰਗਾ, ਬਾਰੁਨੀ-ਸ਼ਰਾਬ, ਪਾਨੰ-ਪੀਣਾ। ਜੇ ਨੀਚ ਜਾਤ ਜੀਵ ਪ੍ਰਭੂ ਦੀ ਸ਼ਰਨ ਆ ਜਾਵੇ ਤਾਂ ਉੱਚ ਜਾਤੀਏ ਵੀ ਡੰਡਾਉਤਾਂ ਕਰਦੇ ਹਨ, ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥’’ (ਭਗਤ ਰਵਿਦਾਸ/੧੨੯੩) ਭਗਤ ਹਿਰਦੇ ਰੂਪੀ ਦੀਵੇ ਵਿੱਚ ਨਾਮ ਦੀ ਜੋਤਿ ਜਗਾਉਂਦੇ ਹਨ, ਨਾ ਕਿ ਕਿਸੇ ਘਿਉ ਦੀ, ‘‘ਨਾਮ ਤੇਰੇ ਕੀ ਜੋਤਿ ਲਗਾਈ..॥’’ (ਭਗਤ ਰਵਿਦਾਸ/੬੯੪) ਵਹਿਮ, ਭਰਮ, ਸਵਰਗ ਤੇ ਨਰਕ ਦੇ ਡਰਾਵੇ ਫ਼ਜ਼ੂਲ ਹਨ, ‘‘ਮਾਧਵੇ! ਕਿਆ ਕਹੀਐ ? ਭ੍ਰਮੁ ਐਸਾ ॥  ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥’’ (ਭਗਤ ਰਵਿਦਾਸ/੬੫੭) ਐਸਾ ਰਾਜ ਹੋਵੇ ਜਿੱਥੇ ਕੋਈ ਚਿੰਤਾ ਫਿਕਰ, ਗ਼ਮ, ਖ਼ੌਫ ਆਦਿਕ ਨਾ ਹੋਣ। ਸਭ ਦੇ ਹੱਕ ਬਾਰਬਰ ਹੋਣ, ਕਿਸੇ ਬੇਕਸੂਰ ਨੂੰ ਤੰਗ ਨਾ ਕੀਤਾ ਜਾਵੇ। ਜਿੱਥੇ ਸਭ ਦੀ ਖ਼ੈਰ ਮੰਗੀ ਜਾਵੇ, ਜਿੱਥੇ ਕੋਈ ਗ਼ੁਲਾਮ ਨਾ ਹੋਵੇ, ਜਿੱਥੇ ਹਰੇਕ ਅਜ਼ਾਦੀ ਦਾ ਨਿੱਘ ਮਾਣ ਸਕੇ, ਜਿੱਥੇ ਹਰ ਸ਼ਹਿਰੀ ਨਾਲ ਮਿਤਰਤਾ ਭਾਵ ਵਾਲਾ ਸਲੂਕ ਕੀਤਾ ਜਾਵੇ, ਜਿੱਥੇ ਸਭ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਹੋਵੇ ਅਤੇ ਸਭ ਨੂੰ ਕੰਮ ਭਾਵ ਰੁਜ਼ਗਾਰ ਮਿਲੇ। ਜਿੱਥੇ ਕਿਸੇ ਨਾਲ ਵਿਤਕਰਾ ਆਦਿਕ ਨਾ ਕੀਤਾ ਜਾਵੇ, ‘‘ਬੇਗਮ ਪੁਰਾ ਸਹਰ ਕੋ ਨਾਉ ॥  ਦੂਖੁ ਅੰਦੋਹੁ ਨਹੀ; ਤਿਹਿ ਠਾਉ ॥  ਨਾਂ ਤਸਵੀਸ; ਖਿਰਾਜੁ ਨ ਮਾਲੁ ॥  ਖਉਫੁ ਨ ਖਤਾ; ਨ ਤਰਸੁ ਜਵਾਲੁ ॥੧॥  ਅਬ ਮੋਹਿ; ਖੂਬ ਵਤਨ ਗਹ ਪਾਈ ॥  ਊਹਾਂ ਖੈਰਿ ਸਦਾ; ਮੇਰੇ ਭਾਈ! ॥੧॥ ਰਹਾਉ ॥  ਕਾਇਮੁ ਦਾਇਮੁ ਸਦਾ ਪਾਤਿਸਾਹੀ ॥  ਦੋਮ ਨ ਸੇਮ; ਏਕ ਸੋ ਆਹੀ ॥  ਆਬਾਦਾਨੁ ਸਦਾ ਮਸਹੂਰ ॥  ਊਹਾਂ ਗਨੀ ਬਸਹਿ; ਮਾਮੂਰ ॥੨॥  ਤਿਉ ਤਿਉ ਸੈਲ ਕਰਹਿ; ਜਿਉ ਭਾਵੈ ॥  ਮਹਰਮ ਮਹਲ ਨ ਕੋ ਅਟਕਾਵੈ ॥  ਕਹਿ ਰਵਿਦਾਸ; ਖਲਾਸ ਚਮਾਰਾ ॥  ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥’’ (ਭਗਤ ਰਵਿਦਾਸ/੩੪੫) ਹਰੀ ਰੂਪੀ ਹੀਰੇ ਨੂੰ ਛੱਡ ਕੇ ਕਰੋੜਾਂ ’ਤੇ ਆਸ ਲਾ ਬੈਠਣਾ ਭਾਵ ਸ਼ਬਦ ਗੁਰੂ ਪ੍ਰਮੇਸ਼ਰ ਤੋਂ ਬਿਨਾਂ ਹੋਰਾਂ ਦੇ ਚਰਨੀਂ ਡਿੱਗਦੇ ਫਿਰਨਾ, ਨਰਕ ਦਾ ਮਾਰਗ ਹੈ, ‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)

ਐਸੇ ਕ੍ਰਾਂਤੀਕਾਰੀ, ਕਲਿਆਣਕਾਰੀ, ਅਗਾਂਹਵਧੂ ਵਿਚਾਰਾਂ ਵਾਲੇ ਭਗਤ ਬਾਬਾ ਰਵਿਦਾਸ ਜੀ ਬਾਰੇ ਭਾਈ ਗੁਰਦਾਸ ਜੀ ਇਉਂ ਦਰਜ ਕਰਦੇ ਹਨ, ‘‘ਭਗਤੁ ਭਗਤੁ ਜਗਿ ਵਜਿਆ; ਚਹੁੰ ਚਕਾਂ ਦੇ ਵਿਚਿ ਚਮਿਰੇਟਾ।’’ (ਭਾਈ ਗੁਰਦਾਸ ਜੀ/ਵਾਰ ੧੦ ਪਉੜੀ ੧੭) ਗੁਰੂ ਅਰਜਨ ਸਾਹਿਬ ਜੀ ਵੀ ਭਗਤ ਰਵਿਦਾਸ ਜੀ ਦੀ ਭਗਤੀ ਭਾਵਨਾ ਦਾ ਆਧਾਰ ਸਾਧ ਸੰਗਤ ਨੂੰ ਮੰਨਦੇ ਹਨ, ਨਾ ਕਿ ਕਿਸੇ ਦੇਵ ਜਾਂ ਪੱਥਰ ਪੂਜਾ ਨੂੰ, ‘‘ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥  ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥’’ (ਮਹਲਾ ੫/੪੮੭) ਐਸੇ ਗਿਆਨੀ, ਪਰਉਪਕਾਰੀ, ਸੇਵਾ ਸਿਮਰਨ ਵਾਲੇ, ਨਿਰਭੈਤਾ ਅਤੇ ਅਜ਼ਾਦ ਵਿਚਾਰਾਂ ਵਾਲੀ ਪ੍ਰਤਿਮਾਂ ਦੇ ਰੂਪ ਸਨ, ਭਗਤ ਲੜੀ ਦੇ ਅਨਮੋਲ ਹੀਰੇ ਭਗਤ ਗੁਰੂ ਰਵਿਦਾਸ ਜੀ!

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸਾਹੀ ਕੈਲੰਡਰ ਕੀਤਾ ਰੀਲੀਜ

0

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸਾਹੀ ਕੈਲੰਡਰ ਕੀਤਾ ਰੀਲੀਜ

ਕਿਰਪਾਲ ਸਿੰਘ ਬਠਿੰਡਾ

ਭਾਈ ਪੰਥਪ੍ਰੀਤ ਸਿੰਘ ਖਾਲਸਾ ਅਤੇ ਗੁਰਮਤਿ ਸੇਵਾ ਲਹਿਰ ਦੇ ਮੈਂਬਰਾਂ ਵੱਲੋਂ ਸੰਗਤ ਕੈਂਚੀਆਂ ਵਿਖੇ ਮੂਲ ਨਾਨਕਸਾਹੀ ਕੈਲੰਡਰ ਸੰਮਤ 552 (2020-21) ਅੱਜ ਰੀਲੀਜ਼ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਦੀ ਲੋੜ ਸੰਬੰਧੀ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਮ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਕੌਮ ਨੂੰ ਧੋਖਾ ਦੇ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਉਨ੍ਹਾਂ ਦੇ ਕੈਲੰਡਰ ਵਿੱਚ ਕਿੰਨੇ ਦਿਨ ਹੁੰਦੇ ਹਨ ਅਤੇ ਮਹੀਨੇ ਕਿੰਨੇ ਕਿੰਨੇ ਦਿਨਾਂ ਦੇ ਹੁੰਦੇ ਹਨ। ਇਸੇ ਕਾਰਨ ਕੋਈ ਇੱਕ ਹੀ ਦਿਹਾੜਾ ਕਿਸੇ ਸਾਲ 354/55 ਦਿਨਾਂ ਬਾਅਦ ਆ ਜਾਂਦਾ ਹੈ ਅਤੇ ਉਹੀ ਦਿਹਾੜਾ ਉਸ ਤੋਂ ਦੂਸਰੇ ਸਾਲ 383/84 ਦਿਨਾਂ ਬਾਅਦ ਅਤੇ ਕੋਈ ਹੋਰ ਦਿਹਾੜਾ 365/66 ਦਿਨਾਂ ਬਾਅਦ ਆ ਜਾਂਦਾ ਹੈ। ਮੱਸਿਆ, ਪੂਰਨਮਾਸ਼ੀਆਂ ਤੇ ਸੰਗਰਾਂਦਾਂ ਪੂਜਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਕਿ ਸਿੱਖ ਇਤਿਹਾਸਕ ਦਿਹਾੜੇ ਕਿਹੜੀਆਂ ਤਰੀਖਾਂ ਨੂੰ ਨਿਸ਼ਚਿਤ ਕੀਤੇ ਜਾਂਦੇ ਹਨ; ਮਿਸਾਲ ਦੇ ਤੌਰ ’ਤੇ ਬੰਦੀਛੋੜ ਦਿਹਾੜਾ ਆਮ ਤੌਰ ’ਤੇ ਕੱਤਕ ਦੀ ਮੱਸਿਆ ਨੂੰ ਆਉਂਦਾ ਹੈ ਪਰ ਸੰਮਤ 551 ਵਿੱਚ ਇਹ ਕੱਤਕ ਦੀ ਚਉਦਸ ਨੂੰ ਆਇਆ ਸੀ ਅਤੇ ਹੁਣ 552 ਵਿੱਚ ਵੀ ਕੱਤਕ ਦੀ ਚਉਦਸ ਨੂੰ ਹੀ ਆਵੇਗਾ। ਹੋਲਾ ਮਹੱਲਾ ਆਮ ਤੌਰ ’ਤੇ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ ਪਰ ਸੰਮਤ 551 ਵਿੱਚ ਇਹ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਗਿਆ, ਇਸੇ ਲਈ ਸੋਧਾਂ ਦੇ ਨਾਂ ’ਤੇ ਵਿਗਾੜੇ ਹੋਏ ਕੈਲੰਡਰ ਦੀਆਂ ਵੱਡੀਆਂ ਸਮਰਥਕ ਨਿਹੰਗ ਸਿੰਘ ਜਥੇਬੰਦੀਆਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੋਲੇ ਮਹੱਲੇ ਦੀ ਤਰੀਕ ਸੰਬੰਧੀ ਆਮੋ ਸਾਹਮਣੇ ਹੋ ਜਾਂਦੀਆਂ ਹਨ; ਜਿਵੇਂ ਕਿ ਸਾਲ 2019 ਵੱਚ ਸ਼੍ਰੋਮਣੀ ਕਮੇਟੀ ਨੇ 8 ਚੇਤ/21 ਮਾਰਚ ਨੂੰ ਮਨਾਇਆ ਅਤੇ ਨਿਹੰਗ ਸਿੰਘਾਂ ਨੇ 9 ਚੇਤ/22 ਮਾਰਚ ਨੂੰ।, ਸਾਲ 2009 ’ਚ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ 11 ਮਾਰਚ ਨੂੰ ਕੱਢਿਆ ਸੀ ਜਦੋਂ ਕਿ ਨਿਹੰਗ ਜਥੇਬੰਦੀਆਂ ਨੇ 12 ਮਾਰਚ ਨੂੰ। ਇਸੇ ਤਰ੍ਹਾਂ ਸੰਨ 2018 ’ਚ ਤੀਜਾ ਘੱਲੂਘਾਰਾ (1984) 22 ਜੇਠ ਅਤੇ 2019 ਵਿੱਚ 23 ਜੇਠ ਨੂੰ ਨਿਸ਼ਚਿਤ ਕੀਤਾ ਗਿਆ। ਇਹੀ ਕਾਰਨ ਹਨ ਕਿ ਕੈਲੰਡਰ ਬਣਾਉਣ ਅਤੇ ਰੀਲੀਜ ਕਰਨ ਵਾਲਿਆਂ ਨੂੰ ਖ਼ੁਦ ਨਹੀਂ ਪਤਾ ਕਿ ਤਰੀਖਾਂ ਕਿਸ ਤਰ੍ਹਾਂ ਨਿਸ਼ਚਿਤ ਕਰਨੀਆਂ ਹਨ। ਉਹ ਸਿਰਫ ਪੰਡਿਤ ਦੇਵੀ ਦਿਆਲ ਜੋਤਸ਼ੀ ਦੀ ਜੰਤਰੀ ਚੁੱਕ ਕੇ ਉਸ ਦੀ ਨਕਲ ਮਾਰ ਲੈਂਦੇ ਹਨ; ਭਾਵ ਨਿਆਰੀ ਕੌਮ ਨੂੰ ਪੰਡਿਤਾਂ ਦੀ ਪਿਛਲੱਗ ਅਤੇ ਮੁਥਾਜ ਬਣਾ ਕੇ ਰੱਖ ਦਿੱਤਾ ਹੈ ਜਦੋਂ ਕਿ ਅਸਲੀ ਨਾਨਕਸ਼ਾਹੀ ਕੈਲੰਡਰ ਹਰ ਸਾਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮਹੱਲਾ ਨਾਲ 1 ਚੇਤ/14 ਮਾਰਚ ਨੂੰ ਸ਼ੁਰੂ ਹੋ ਕੇ 30/31 ਫੱਗਣ ਨੂੰ ਸਮਾਪਤ ਹੋਵੇਗਾ ਜਿਸ ਦਾ ਆਮ ਸਾਲ 365 ਦਿਨ ਅਤੇ ਲੀਪ ਸਾਲ 366 ਦਿਨਾਂ ਦਾ ਹੋਣ ਕਰਕੇ ਸਾਰੇ ਦਿਹਾੜੇ ਹਰ ਸਾਲ 365/66 ਦਿਨਾਂ ਪਿੱਛੋਂ ਦੋਵੇਂ ਹੀ ਦੇਸੀ ਮਹੀਨੇ ਅਤੇ ਅੰਗਰੇਜ਼ੀ ਮਹੀਨਿਆਂ ਦੀਆਂ ਉਨ੍ਹਾਂ ਹੀ ਨਿਸ਼ਚਿਤ ਤਰੀਖਾਂ ਨੂੰ ਆਉਂਦੇ ਹਨ, ਜਿਨ੍ਹਾਂ ਤਰੀਖਾਂ ਨੂੰ ਪਿਛਲੇ ਸਾਲਾਂ ਵਿੱਚ ਆਏ ਸਨ ਅਤੇ ਆਉਣ ਵਾਲੇ ਹਜ਼ਾਰਾਂ ਸਾਲਾਂ ਵਿੱਚ ਆਉਂਦੇ ਰਹਿਣਗੇ; ਜਿਵੇਂ ਕਿ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ 23 ਪੋਹ/5 ਜਨਵਰੀ, ਬੰਦੀਛੋੜ ਦਿਵਸ 1 ਫੱਗਣ/12 ਫਰਵਰੀ, ਤੀਜਾ ਘੱਲੂਘਾਰਾ (1984) 23 ਜੇਠ/6 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2 ਹਾੜ/16 ਜੂਨ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 11 ਮੱਘਰ/24 ਨਵੰਬਰ ਅਤੇ ਇਸ ਤਰ੍ਹਾਂ ਸੂਰਜੀ ਤਰੀਖਾਂ ਅਨੁਸਾਰ ਨਿਸ਼ਚਿਤ ਕੀਤੇ, ਬਾਕੀ ਦੇ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਹਰ ਸਾਲ ਨਿਸ਼ਚਿਤ ਤਰੀਖਾਂ ਨੂੰ ਹੀ ਆਉਣ ਕਰਕੇ ਸਾਡੇ ਬੱਚੇ ਬੱਚੇ ਨੂੰ ਯਾਦ ਹੋ ਜਾਣਗੇ ਜਦੋਂ ਕਿ ਮੌਜੂਦਾ ਰਲੀਜ ਕੀਤੇ ਜਾ ਰਹੇ ਕੈਲੰਡਰ ’ਚ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਡੇਰੇਦਾਰ ਨੂੰ ਵੀ ਬਿਨਾਂ ਕੈਲੰਡਰ ਵੇਖਿਆਂ ਕੁਝ ਪਤਾ ਨਹੀਂ ਲਗਦਾ। ਇਸ ਸਮੇਂ ਉਨ੍ਹਾਂ ਨਾਲ ਗੁਰਮਤਿ ਸੇਵਾ ਲਹਿਰ ਨਾਲ ਸੰਬੰਧਤ ਮੈਂਬਰ ਭਾਈ ਰਘਵੀਰ ਸਿੰਘ ਖਿਆਲੀਵਾਲਾ, ਮੱਖਣ ਸਿੰਘ ਰੌਂਤਾ, ਕੌਰ ਸਿੰਘ ਹਮੀਰਗੜ੍ਹ, ਨਰੈਣ ਸਿੰਘ ਕੋਟ ਸਮੀਰ, ਕਿਰਪਾਲ ਸਿੰਘ ਬਠਿੰਡਾ, ਸੁਖਬੀਰ ਸਿੰਘ, ਦਵਿੰਦਰ ਸਿੰਘ ਭੰਗੂ, ਜਗਤਾਰ ਸਿੰਘ ਬਠਿੰਡਾ, ਗੁਰਮੀਤ ਸਿੰਘ ਜੋਧਪੁਰ ਰੋਮਾਣਾ ਆਦਿਕ ਹਾਜ਼ਰ ਸਨ।

ਮਨ ਕੀ ਹੈ ?

0

ਮਨ ਕੀ ਹੈ ?

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ਸ੍ਰਿਸ਼ਟੀ ਰਚਨਾ ਵਿੱਚ ਕੇਵਲ ਮਨੁੱਖ ਹੀ ਸਮੁੱਚੇ ਬ੍ਰਹਿਮੰਡ ਵਿੱਚ ਉੱਚ ਪਦਵੀ ’ਤੇ ਪਹੁੰਚਿਆ ਹੈ। ਐਵੋਲਿਊਸ਼ਨ ਦੇ ਸਿਧਾਂਤ ਅਨੁਸਾਰ ਵੀ ਮਨੁੱਖ, ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਉਤਾਂਹ ਸਿਖਰਲੇ ਡੰਡੇ ’ਤੇ ਹੈ। ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥  ਸੁਇਨਾ, ਰੂਪਾ; ਤੁਝ ਪਹਿ ਦਾਮ ॥  ਸੀਲੁ ਬਿਗਾਰਿਓ ਤੇਰਾ; ਕਾਮਿ (ਨੇ) ॥’’ (ਆਸਾ/ ਮ: ੫/ ਪੰਨਾ ੩੭੪)

ਕੇਵਲ ਮਨੁੱਖ ਨੂੰ ਹੀ ਅਕਾਲ ਪੁਰਖ ਨੇ ਇੱਕ ਖ਼ਾਸ ਜੀਵਨ ਮਨੋਰਥ ਲਈ ਸੰਸਾਰ ’ਚ ਭੇਜਿਆ ਹੈ। ਬਾਕੀ ਜੀਵਾਂ ਦਾ ਇਸ ਸੰਸਾਰ ਵਿੱਚ ਆਉਣ ਦਾ ਅਤੇ ਤਰੱਕੀ ਕਰਨ ਦਾ ਕੋਈ ਟੀਚਾ ਨਹੀਂ। ਸਾਡੇ ਸਰੀਰ ਰੂਪੀ ਮੰਦਰ ਨੂੰ ਚਲਾਉਣ ਲਈ ਪ੍ਰਾਣ ਜਾਂ ਸਵਾਸ ਹੁੰਦੇ ਹਨ। ਇਸ ਤੋਂ ਅੱਗੇ ਮਾਨਸਿਕ ਮੰਡਲ ਹੈ। ਮਨ ਦਾ ਸਰੀਰ ਨਾਲ ਸੰਬੰਧ ਪੰਜ ਭੌਤਿਕ ਤੱਤਾਂ ਕਰਕੇ ਹੈ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਇਹੁ ਮਨੁ; ਪੰਚ ਤਤੁ ਤੇ ਜਨਮਾ ॥’’ (ਆਸਾ/ ਮ: ੧/ ਪੰਨਾ ੪੧੫) ਇਸ ਪੱਖੋਂ ਮਨ ਦੇ ਕਈ ਰੋਗਾਂ ’ਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪ੍ਰਮੁੱਖ ਹਨ, ‘‘ਪੰਚ ਬਿਕਾਰ ਮਨ ਮਹਿ ਬਸੇ; ਰਾਚੇ ਮਾਇਆ ਸੰਗਿ ॥’’ (ਗਉੜੀ ਥਿਤੀ/ ਮ: ੫/ ਪੰਨਾ ੨੯੭)

ਮਨ, ਵਿਕਾਰਾਂ ਨੂੰ ਆਪ ਨਹੀਂ ਭੋਗਦਾ ਬਲਕਿ ਇੰਦਰਿਆਂ ਨੂੰ ਭੋਗਣ ਲਈ ਉਕਸਾਉਂਦਾ ਹੈ। ਮਨ ਦਾ ਵਾਸ਼ਨਾ ਅਧੀਨ ਹੋਣਾ ਬੰਧਨ ਹੈ ਅਤੇ ਵਾਸ਼ਨਾ ਰਹਿਤ ਹੋਣਾ ਹੀ ਮੁਕਤੀ ਹੈ। ਗੁਰਬਾਣੀ ਵਿੱਚ ਮਨ ਮਾਰਨ ’ਤੇ ਜਾਂ ਮਨ ਨੂੰ ਵੱਸ ਕਰਨ ’ਤੇ ਬਹੁਤ ਜ਼ੋਰ ਦਿੱਤਾ ਹੈ। ਵੈਸੇ ਗੁਰੂ ਸ਼ਬਦ ਦੁਆਰਾ ਹੀ ਮਨ ਵੱਸ ਵਿੱਚ ਜਾਂ ਨਿਰਮਲ ਹੁੰਦਾ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ : ‘‘ਗੁਰ ਸਬਦੀ ਮਨੁ ਨਿਰਮਲੁ ਹੋਆ; ਚੂਕਾ ਮਨਿ (ਤੋਂ) ਅਭਿਮਾਨੁ ॥’’ (ਪ੍ਰਭਾਤੀ/ ਮ: ੩/ ਪੰਨਾ ੧੩੩੪)

ਵਿਚਾਰਾਂ ਦਾ ਸੰਗ੍ਰਹਿ ਵੀ ਮਨ ਹੀ ਹੈ। ਮਨ ਸੰਸਕ੍ਰਿਤ ਦੇ ਸ਼ਬਦ ਮਨਸ਼ ਦਾ ਪੰਜਾਬੀ ਰੂਪ ਹੈ। ਸਰੀਰਕ ਇੰਦਰਿਆਂ ਦੀਆਂ ਕ੍ਰਿਆਵਾਂ ਵਜੋਂ ‘ਮਨ’; ਸੂਖਮ ਤੌਰ ’ਤੇ ਸਰੀਰ ਅੰਦਰ ਵਿਚਰਦਾ ਹੈ। ਇਹ ਕਈ ਭਾਵਨਾਵਾਂ ਪ੍ਰਗਟਾਉਂਦਾ ਹੈ; ਜਿਵੇਂ ਕੁੱਝ ਪ੍ਰਾਪਤੀ ਦੀ ਇੱਛਾ ਪੈਦਾ ਹੋਣੀ, ਕੰਮ ਕਰਨ ਦਾ ਇਰਾਦਾ ਬਣਾਉਣਾ ਜਾਂ ਇਰਾਦਾ ਛੱਡਣਾ, ਕਿਸੇ ਕੰਮ ਕਰਨ ਸਮੇਂ ਡਰ ਪੈਦਾ ਹੋਣਾ ਜਾਂ ਕਿਸੇ ਕੰਮ ਤੋਂ ਸ਼ਰਮ ਮਹਿਸੂਸ ਹੋਣਾ ਆਦਿ। ਮਨ ਆਪਣੇ ਸਰੀਰਕ ਇੰਦਰਿਆਂ – ਕੰਨ, ਅੱਖ, ਨੱਕ, ਜ਼ਬਾਨ ਤੇ ਛੋਹ ਰਾਹੀਂ ਅਜਿਹੇ ਸਾਰੇ ਕੰਮਾਂ ਨੂੰ ਮੁਕੰਮਲ ਕਰਦਾ ਹੈ। ਮਨ ਚੇਤੰਨਤਾ ਦਾ ਕੇਂਦਰੀ ਅੰਗ ਹੈ, ਜੋ ਭੌਤਿਕ ਇੰਦਰਿਆਂ ਰਾਹੀਂ ਗਿਆਨ ਪ੍ਰਾਪਤ ਕਰ ਕਰਮ ਇੰਦਰਿਆਂ ਰਾਹੀਂ ਆਪਣੇ ਗਿਆਨ ਨੂੰ ਕਰਮ ’ਚ ਬਦਲਦਾ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਤਰਵਰੁ ਕਾਇਆ ਪੰਖਿ ਮਨੁ; ਤਰਵਰਿ ਪੰਖੀ ਪੰਚ ॥  ਤਤੁ ਚੁਗਹਿ ਮਿਲਿ ਏਕਸੇ; ਤਿਨ ਕਉ ਫਾਸ ਨ ਰੰਚ ॥’’ (ਰਾਮਕਲੀ ਓਅੰਕਾਰ/ ਮ: ੧/ ਪੰਨਾ ੯੩੪) ਭਾਵ ਮਨੁੱਖੀ ਸਰੀਰ ਇੱਕ ਦਰਖ਼ਤ ਹੈ, ਜਿਸ ਉੱਤੇ ਮਨ ਪੰਛੀ ਹੈ। ਮਨ ਪੰਛੀ ਨਾਲ ਪੰਜ ਗਿਆਨ ਇੰਦਰੇ ਵੀ ਦਰੱਖ਼ਤ ’ਤੇ ਹੀ ਹਨ। ਜਿਸ ਦਰਖ਼ਤ-ਸਰੀਰ ’ਤੇ ਬੈਠੇ ਇਹ (ਮਨ ਤੇ ਗਿਆਨ ਇੰਦਰੇ) ਮਿਲ ਕੇ ਰੱਬੀ ਨਾਮ ਰੂਪ ਚੋਗਾ (ਦਾਣੇ) ਚੁਗਦੇ ਹਨ ਉਨ੍ਹਾਂ ਨੂੰ ਰੱਤਾ ਭਰ ਵੀ (ਮਾਯਾ ਰੂਪ) ਫਾਹੀ ਨਹੀਂ ਪੈਂਦੀ।

ਸਰੀਰ ਇੱਕ ਗੱਡੀ ਦੀ ਨਿਆਈਂ ਹੈ ਤੇ ਮਨ ਇਸ ਦਾ ਚਾਲਕ ਹੈ; ਜਿਵੇਂ ਮਨ (ਚਾਲਕ) ਚਾਹੁੰਦਾ ਹੈ ਸਰੀਰ ਉਸੇ ਤਰ੍ਹਾਂ ਇੰਦਰਿਆਂ ਰਾਹੀਂ ਕਾਰਜ ਕਰਦਾ ਹੈ। ਮਨ ਬਹੁਤ ਚੰਚਲ ਹੈ। ਇਹ ਕਦੇ ਕੁੱਝ ਚਾਹੁੰਦਾ ਹੈ ਤੇ ਕਦੇ ਕੁੱਝ। ਕਦੇ ਲੱਖਾਂ ਰੁਪਏ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੰਦਾ ਹੈ ਤੇ ਕਦੇ ਇੱਕ ਰੁਪਏ ਪਿੱਛੇ ਆਪਣਾ ਇਮਾਨ (ਭਰੋਸਾ) ਗਵਾ ਲੈਂਦਾ ਹੈ। ਚੰਚਲ ਹੋਣ ਕਰਕੇ ਇਹ ਛੇਤੀ ਕੀਤਿਆਂ ਕਾਬੂ ਨਹੀਂ ਆਉਂਦਾ। ਇਹ ਇੱਛਾਵਾਂ ਤੇ ਤ੍ਰਿਸ਼ਨਾਵਾਂ ਅਧੀਨ ਵਿਚਰਦਾ ਭੁੱਲ ਜਾਂਦਾ ਹੈ ਕਿ ਇਹ ਜੋਤ ਸਰੂਪ ਵੀ ਹੈ ਤੇ ਆਪਣੇ ਮੂਲ ਪਰਮ ਤੱਤ ਨੂੰ ਨਹੀਂ ਪਛਾਣਦਾ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ਮਨ ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥ (ਆਸਾ/ ਮ: ੩/ ਪੰਨਾ ੪੪੧), ਮਨ ਦੇ ਇਸ ਚੰਚਲ ਸੁਭਾਅ ਬਾਰੇ ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ : ਕਾਂਇਆ ਨਗਰਿ ਇਕੁ ਬਾਲਕੁ ਵਸਿਆ; ਖਿਨੁ ਪਲੁ ਥਿਰੁ ਨ ਰਹਾਈ ॥ ਅਨਿਕ ਉਪਾਵ ਜਤਨ ਕਰਿ ਥਾਕੇ; ਬਾਰੰ ਬਾਰ ਭਰਮਾਈ ॥੧॥ (ਬਸੰਤੁ/ ਮ: ੪/ ਪੰਨਾ ੧੧੯੧) ਗੁਰੂ ਦੇ ਭਾਣੇ ਵਿੱਚ ਰਹਿ ਕੇ ਹੀ ਇਹ ਮਨ ਕਾਬੂ ਵਿੱਚ ਰਹਿ ਸਕਦਾ ਹੈ, ਇਸ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ : ਮੇਰੇ ਮਨ  ! ਗੁਰ ਚਰਣੀ ਚਿਤੁ ਲਾਇ ॥ (ਗਉੜੀ/ ਮ: ੩/ ਪੰਨਾ ੧੬੨)

ਮਨ ਦਾ ਸੁਭਾਅ ਹਵਾ ਵਰਗਾ ਮੰਨਿਆ ਜਾਂਦਾ ਹੈ ਜੋ ਕਦੇ ਟਿਕਦਾ ਨਹੀਂ। ਜਿਹੋ ਜਿਹੇ ਮਨ ਕੰਮ ਕਰਦਾ ਹੈ ਉਸ ਨੂੰ ਉਸੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ : ਮਨੁ ਜੋਗੀ ਮਨੁ ਭੋਗੀਆ; ਮਨੁ ਮੂਰਖੁ ਗਾਵਾਰੁ ॥  ਮਨੁ ਦਾਤਾ, ਮਨੁ ਮੰਗਤਾ; ਮਨ ਸਿਰਿ ਗੁਰੁ ਕਰਤਾਰੁ ॥ (ਪ੍ਰਭਾਤੀ/ ਮ: ੧/ ਪੰਨਾ ੧੩੩੦) ਭਾਵ ਚੰਗੇ ਕੰਮ ਕਰਨ ਵਾਲਾ ਮਨ ਜੋਗੀ ਹੈ ਤੇ ਮੰਦੇ ਕਰਮ ਕਰਨ ਵਾਲਾ ਜਾਂ ਭੋਗਾਂ ਵਿੱਚ ਖਚਿਤ ਹੋਣ ਵਾਲਾ ਭੋਗੀ, ਮੂਰਖਾਂ ਵਾਲੇ ਕੰਮ ਕਰਨ ਕਰਕੇ ਮੂਰਖ ਜਾਂ ਗਵਾਰ ਹੈ। ਦਾਨ ਕਰਨ ਵਾਲਾ ਮਨ ਦਾਤਾ ਹੈ ਤੇ ਮੰਗ ਕੇ ਖਾਣ ਵਾਲਾ ਮੰਗਤਾ ਹੈ। ਤਾਂ ਤੇ ਮਨ ਨੂੰ ਸ਼ੁੱਧ ਰੱਖਣ ਦੀ ਲੋੜ ਹੈ ਤੇ ਇਹ ਸ਼ੁੱਧਤਾ ਕੇਵਲ ਗੁਰੂ ਦੇ ਹੁਕਮ ਮੰਨਣ ਨਾਲ ਹੋਣੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ਮਨ ਮੇਰੇ ! ਗੁਰ ਕੀ ਮੰਨਿ ਲੈ ਰਜਾਇ ॥  ਮਨੁ ਤਨੁ ਸੀਤਲੁ ਸਭੁ ਥੀਐ; ਨਾਮੁ ਵਸੈ ਮਨਿ ਆਇ ॥੧॥ ਰਹਾਉ ॥ (ਸਿਰੀ ਰਾਗੁ/ ਮ: ੩/ ਪੰਨਾ ੩੭)

ਜਦੋਂ ਇਹ ਮਨ; ਗੁਰੂ ਦਾ ਹੁਕਮ ਮੰਨ ਲੈਂਦਾ ਹੈ ਤਾਂ ਇਹ ਜੀਵਾਤਮਾ ਰੂਪ ਹੋ ਕੇ ਟਿਕ ਜਾਂਦਾ ਹੈ। ਪਹਿਲਾਂ ਮਨ ਮਾਇਕ ਪਦਾਰਥਾਂ ਵਿੱਚ ਖਚਿਤ ਹੋਇਆ ਪਿਆ ਸੀ, ਪਰ ਗੁਰੂ ਹੁਕਮ ਮੰਨਣ ਨਾਲ ਪਰਮਾਤਮਾ ਦਾ ਰੂਪ ਜੀਵਾਤਮਾ ਹੋ ਗਿਆ ਹੈ। ਸੋ ਮਨ ਹੀ ਸਾਨੂੰ ਸੁਖੀ ਰੱਖਦਾ ਹੈ ਤੇ ਮਨ ਹੀ ਦੁਖੀ। ਆਵਾਗਮਨ ਦਾ ਮਾਰਗ ਮਨ ਹੀ ਨਿਸ਼ਚਿਤ ਕਰਦਾ ਹੈ। ਜਦੋਂ ਮਨ ਚੰਚਲਤਾਈ ਵਿੱਚ ਹੁੰਦਾ ਹੈ ਤਾਂ ਸਰੀਰ ਭਟਕਦਾ ਹੈ ਤੇ ਜਦੋਂ ਗੁਰੂ ਸਬਦ ਨਾਲ ਸਥਿਰ ਹੋ ਜਾਂਦਾ ਹੈ ਤਾਂ ਇਹ ਆਪਣੇ ਅਸਲੇ ਜੀਵਾਤਮਾ ਨੂੰ ਪਛਾਣ ਲੈਂਦਾ ਹੈ ਕਿ ਉਹ ਜੋਤ ਸਰੂਪ ਹੈ, ਇਹੀ ਮਨ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣ ਨਾਲ ਸਾਰੇ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ।  ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ : ਮਨਿ ਜੀਤੈ ਜਗੁ ਜੀਤੁ ॥ (ਮ: ੧/ ਪੰਨਾ ੬) ਭਗਤ ਕਬੀਰ ਜੀ ਜ਼ਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ : ਮਮਾ ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ ॥  ਮਨ ਹੀ ਮਨ ਸਿਉ ਕਹੈ ਕਬੀਰਾ !  ਮਨ ਸਾ ਮਿਲਿਆ ਨ ਕੋਇ ॥੩੨॥  (ਗਉੜੀ ਬਾਵਨ ਅਖਰੀ/ ਭਗਤ ਕਬੀਰ/ ਪੰਨਾ ੩੪੨)

ਮਨ ਇੱਕ ਗੁੰਝਲਦਾਰ ਬੁਝਾਰਤ ਵੀ ਹੈ ਜਿਸ ਨੂੰ ਬੁੱਝਣ ਦੇ ਯਤਨ, ਆਦਿ ਕਾਲ ਤੋਂ ਹੁੰਦੇ ਆਏ ਹਨ ਪਰ ਇਹ ਅੜਾਉਣੀ (ਪਹੇਲੀ) ਸ਼ਾਇਦ ਕਦੀ ਵੀ ਪੂਰੀ ਤਰ੍ਹਾਂ ਸੁਲਝ ਨਾ ਸਕੀ। ਇਹ ਜੀਵਨ ਦੇ ਉਚੇਚੇ ਤੰਤੂ ਪ੍ਰਬੰਧ ਦੀ ਵਿਸ਼ੇਸ਼ ਕਾਰਵਾਈ ਹੈ। ਇਸ ਕਾਰਵਾਈ ਦੇ ਤਿੰਨ ਪਹਿਲੂ ਹਨ ‘ਬੋਧਕਾਰੀ, ਭਾਵਨਾ ਕਾਰੀ ਅਤੇ ਇੱਛਾਕਾਰੀ’। ਇਨ੍ਹਾਂ ਤਿੰਨਾ ਦੇ ਸੁਮੇਲ ਤੋਂ ਹੀ ਮਾਨਸਿਕ ਕਿਰਿਆ ਮੁਕੰਮਲ ਹੁੰਦੀ ਹੈ। ਇਨ੍ਹਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ ਪਰ ਹਰ ਮਾਨਸਿਕ ਕਿਰਿਆ ਵਿੱਚ ਇਨ੍ਹਾਂ ਤਿੰਨਾ ਅੰਸ਼ਾਂ ਵਿੱਚੋਂ ਕੋਈ ਇੱਕ ਅੰਸ਼ ਦੂਜਿਆ ਨਾਲੋਂ ਵਧੇਰੇ ਪ੍ਰਬਲ ਹੁੰਦਾ ਰਹਿੰਦਾ ਹੈ।

ਆਧੁਨਿਕ ਖੋਜ ਨੇ ਮਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਸੁਚੇਤ ਮਨ ਤੇ ਅਚੇਤ ਮਨ। ਮਨੁੱਖ ਦੀ ਜੀਵਨ ਦੌੜ ਕੇਵਲ ਸੁਚੇਤ ਮਨ ਦੇ ਆਸਰੇ ਨਹੀਂ ਚੱਲਦੀ। ਰੋਜ਼ ਦੇ ਕੀਤੇ ਹੋਏ ਕੰਮ ਸੁਚੇਤ ਮਨ ਦੇ ਚੇਤੇ ਨਹੀਂ ਰਹਿੰਦੇ, ਉਹ ਹਮੇਸ਼ਾਂ ਲਈ ਮਿਟ ਜਾਂਦੇ ਜੇਕਰ ਅਚੇਤ ਮਨ ਵਿੱਚ ਇਕੱਠੇ ਨਾ ਹੁੰਦੇ। ਸੁਚੇਤ ਮਨ ਦਾ ਸਟੋਰ ਹੀ ਅਚੇਤ ਮਨ ਹੈ। ਰਾਤ ਨੂੰ ਸੁਚੇਤ ਮਨ ਸੌਂ ਜਾਂਦਾ ਹੈ ਪਰ ਅਚੇਤ ਮਨ ਨਹੀਂ, ਇਸ ਦੀ ਹਲਚਲ ਵਿੱਚੋਂ ਹੀ ਸੁਫ਼ਨੇ ਆਉਂਦੇ ਹਨ।

ਸਰੀਰ ਅਤੇ ਮਨ ਦਾ ਆਪਸ ਵਿੱਚ ਡੂੰਘਾ ਸੰਬੰਧ ਹੁੰਦਾ ਹੈ। ਜੇਕਰ ਸਰੀਰ ਕਿਸੇ ਕਾਰਨ ਰੋਗ ਗ੍ਰਸਤ ਹੋ ਜਾਵੇ ਤਾਂ ਸਰੀਰਕ ਕਸ਼ਟ ਕਾਰਨ ਮਨ ਵੀ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ ਤੇ ਉਦਾਸ ਅਵਸਥਾ ਆ ਘੇਰਦੀ ਹੈ। ਕੋਈ ਮਾਇਕ ਨੁਕਸਾਨ ਹੋ ਜਾਵੇ ਜਾਂ ਕੋਈ ਬੁਰੀ ਖ਼ਬਰ ਕਿਸੇ ਮਿੱਤਰ ਪਿਆਰੇ ਜਾਂ ਸੰਬੰਧੀ ਬਾਰੇ ਸੁਣਨ ’ਤੇ ਮਨ ਉਦਾਸ ਹੋ ਜਾਂਦਾ ਹੈ ਤੇ ਸਰੀਰ ਵੀ ਨਿਢਾਲ ਹੋ ਜਾਂਦਾ ਹੈ। ਸੌਣ ਅਤੇ ਜਾਗਣ ਵੇਲੇ ਕੁਝ ਸਮਾਂ ਸੁਚੇਤ ਮਨ ਆਲਸ ਅਵਸਥਾ ਵਿੱਚ ਰਹਿੰਦਾ ਹੈ। ਇਸ ਦੀ ਦੌੜ-ਭੱਜ ਢਿੱਲੀ ਪਈ ਰਹਿੰਦੀ ਹੈ। ਇਸ ਸਮੇਂ ਅਚੇਤ ਮਨ ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਢਿੱਲੇ ਪਏ ਸੁਚੇਤ ਮਨ ਨੂੰ ਚੁਸਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹੀ ਕਾਰਨ ਹੈ ਕਿ ਸੁਬ੍ਹਾ-ਸ਼ਾਮ ਦੀ ਸੰਭਾਲ਼ ਸਿੱਖ ਧਰਮ ਦਾ ਇੱਕ ਜ਼ਰੂਰੀ ਅੰਗ ਹੈ। ਸੌਣ ਵੇਲੇ ‘ਸੋਹਿਲਾ’ ਬਾਣੀ ਦਾ ਪਾਠ ਤੇ ਉੱਠਣ ਸਮੇਂ ਅੰਮ੍ਰਿਤ ਵੇਲੇ ਸਿਮਰਨ ਤੇ ਨਿਤਨੇਮ ਕਰਨ ਦਾ ਵਿਧਾਨ ਹੈ। ਅੰਮ੍ਰਿਤ ਵੇਲੇ ਦੀ ਮਹੱਤਤਾ ਬਾਬਤ ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ : ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥ (ਜਪੁ)

ਭਾਈ ਨੰਦ ਲਾਲ ਜੀ ਆਪਣੀ ਇੱਕ ਗਜ਼ਲ ਵਿੱਚ ਬਿਆਨ ਕਰਦੇ ਹਨ ਕਿ ਰੱਬੀ ਰਾਹ ਦੇ ਇਸ਼ਕ ’ਤੇ ਤੁਰਨ ਵਾਲਿਆਂ ਲਈ ਅੰਮ੍ਰਿਤ ਵੇਲੇ ਜਾਗਣਾ ਜ਼ਿੰਦਗੀ ਹੈ। ਮੈਂ ਵੀ ਅੱਜ ਤੋਂ ਅੰਮ੍ਰਿਤ ਵੇਲੇ ਸੁੱਤੇ ਰਹਿਣ ਨੂੰ ਹਰਾਮ ਸਮਝ ਲਿਆ ਹੈ, ‘ਬੇਦਾਰੀ ਅਸਤ ਜ਼ਿੰਦਗੀਏ ਆਰਫ਼ਿਨ ਸ਼ੌਂਕ॥ ਗੋਇਆ ਹਰਾਮ ਕਰਦਮ ਅਜ ਆਇੰਦਾ ਖ਼ਾਬਿ ਸੁਬਹ॥’

ਕੁਦਰਤ ’ਚ ਲਗਾਤਾਰ ਹੋ ਰਹੇ ਰੱਬੀ ਨਾਦ ਨੂੰ ਸੁਣਨ ਨਾਲ ਸੁਚੇਤ ਮਨ ਆਪਣੀ ਭੱਜ-ਦੌੜ ਵੱਲੋਂ ਲਾਚਾਰ ਹੋ ਜਾਂਦਾ ਹੈ। ਨਾਦ-ਰਾਗ ਵਿੱਚ ਇਹ ਵਡਿਆਈ ਹੈ ਕਿ ਇਹ ਮਨ ਨੂੰ ਸਰੂਰ ਵਿੱਚ ਲਿਆ ਕੇ ਇਸ ਨੂੰ ਮਸਤ ਜਿਹਾ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਬੱਚਾ ਰੋਂਦਾ ਹੋਵੇ ਤੇ ਨਾ ਸੌਂਵੇ ਤਾਂ ਮਾਂ ਲੋਰੀਆਂ ਦਿੰਦੀ ਹੈ। ਜਿਸ ਨੂੰ ਸੁਣ ਕੇ ਬੱਚਾ ਸਹਿਜੇ ਹੀ ਸੌਂ ਜਾਂਦਾ ਹੈ। ਚੱਲਦੀ ਗੱਡੀ ਦੇ ਖੜਾਕ ਨਾਲ ਸਹਿਜੇ ਹੀ ਨੀਂਦ ਆ ਜਾਂਦੀ ਹੈ। ਕਿਸੇ ਨਦੀ ਦਰਿਆ ਦੇ ਕੰਢੇ ’ਤੇ ਲੇਟਣ ਨਾਲ ਪਾਣੀ ਦੀ ਅਵਾਜ਼ ਸੁਣ ਕੇ ਛੇਤੀ ਨੀਂਦ ਝੱਪਕਾ ਮਾਰਦੀ ਹੈ।

ਸੋ ਮਨੁੱਖ ਕੇਵਲ ਸੁਚੇਤ ਮਨ ਦੀ ਪ੍ਰੇਰਣਾ ਨਾਲ ਹੀ ਨਹੀਂ ਦੌੜਿਆ ਫਿਰਦਾ ਇਸ ਦੇ ਜੀਵਨ ਨੂੰ ਢਾਲਣ ਵਿੱਚ ਅਚੇਤ ਮਨ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਜਨਮ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸੰਸਕਾਰ ਇਸ ਵਿੱਚ ਜਮ੍ਹਾ ਹਨ। ਇੱਕ ਤਰ੍ਹਾਂ ਨਾਲ ਅਚੇਤ ਮਨ ਮਨੁੱਖਾ ਜੀਵਨ ਦਾ ਬਿਜਲੀ ਘਰ ਹੈ, ਜਿਸ ਵਿੱਚੋਂ ਨਿਕਲੀ ਰੌਸ਼ਨੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਬਣਦੀ ਹੈ। ਜ਼ਿੰਦਗੀ ਨੂੰ ਸੁਰਜੀਤ ਰੱਖਣ ਵਾਸਤੇ ਸਰੀਰ ਦੇ ਸਾਰੇ ਅੰਗ, ਜੋ ਕੰਮ ਕਰਦੇ ਹਨ, ਉਨ੍ਹਾਂ ਦੀ ਦੇਖਭਾਲ ਅਤੇ ਅਰੋਗਤਾ ਦਾ ਧਿਆਨ ਵੀ ਅਚੇਤ ਮਨ ਰੱਖਦਾ ਹੈ। ਸਰੀਰਕ ਅੰਗਾਂ ਦੀਆਂ ਸਾਰੀਆਂ ਗੁੰਝਲਾਂ ਦੀ ਨਿਗਰਾਨੀ ਅਚੇਤ ਮਨ ਕਰਦਾ ਹੈ। ਜੇ ਇਹ ਕਹੀਏ ਕਿ ਅਚੇਤ ਮਨ ਕਦੇ ਸੌਂਦਾ ਨਹੀਂ ਤਾਂ ਕੋਈ ਅਤਿ ਕਥਨੀ ਨਹੀਂ ਸਗੋਂ ਜਦੋਂ ਸੁਚੇਤ ਮਨ ਅਰਾਮ ਕਰਦਾ ਹੈ ਤਾਂ ਅਚੇਤ ਮਨ ਹੋਰ ਵੀ ਤਕੜਾ ਹੋ ਜਾਂਦਾ ਹੈ। ਸੁਚੇਤ ਮਨ ਵੀ ਇੱਕ ਵਡਮੁੱਲੀ ਮਸ਼ੀਨ ਦੀ ਨਿਆਈਂ ਹੈ ਤੇ ਮਨੁੱਖ ਦੀ ਵਿਚਾਰ ਸਤਾ ਦਾ ਸੋਮਾ ਹੈ।

ਸਾਡੇ ਰੋਜ਼ਾਨਾ ਜੀਵਨ ਵਿੱਚ ਕਿਸੇ ਖਿਆਲ ਦਾ ਸੁਚੇਤ ਮਨ ਵਿੱਚੋਂ ਲੰਘ ਕੇ ਅਚੇਤ ਮਨ ਦੀਆਂ ਡੂਘੀਆਂ ਤਹਿਆਂ ਵਿੱਚ ਜਾਣ ਨੂੰ ਸਵੈ ਪ੍ਰੇਰਣਾ ਕਿਹਾ ਜਾਂਦਾ ਹੈ। ਇਹ ਸਵੈ ਪ੍ਰੇਰਣਾ ਸਾਡੇ ਜੀਵਨ ਵਿੱਚ ਹਰ ਵੇਲੇ ਹੋ ਰਹੀ ਹੁੰਦੀ ਹੈ। ਸਟੇਜ ’ਤੇ ਪਹਿਲੀ ਵਾਰ ਬੋਲਣ ਵਾਲੇ ਵਿਅਕਤੀ ਦੇ ਅਚੇਤ ਮਨ ਵਿੱਚ ਇਹ ਗੱਲ ਕਈ ਵਾਰ ਘਰ ਕਰ ਚੁੱਕੀ ਹੁੰਦੀ ਹੈ ਕਿ ਸਟੇਜ ’ਤੇ ਬੋਲਣਾ ਬਹੁਤ ਔਖਾ ਹੈ। ਜ਼ਬਾਨ ਥਿੜਕ ਸਕਦੀ ਹੈ ਤੇ ਲੱਤਾਂ ਕੰਬਦੀਆਂ ਹਨ। ਇਨ੍ਹਾਂ ਵਿਚਾਰਾਂ ਨਾਲ ਜਦੋਂ ਉਹ ਸਟੇਜ ’ਤੇ ਆ ਜਾਂਦਾ ਹੈ ਤਾਂ ਸਾਰਾ ਗਿਆਨ ਹੁੰਦਿਆਂ ਹੋਇਆਂ ਵੀ ਉਹ ਬੋਲ ਨਹੀਂ ਸਕਦਾ ਤੇ ਸਟੇਜ ਤੋਂ ਥੱਲੇ ਆ ਜਾਂਦਾ ਹੈ ਕਿਉਂਕਿ ਅਚੇਤ ਮਨ ਦੇ ਵਿਚਾਰਾਂ ਨੇ ਉਸ ਨੂੰ ਘੇਰਾ ਪਾ ਰੱਖਿਆ ਸੀ।

ਵਿਉਤਪਤੀ ਦੇ ਦ੍ਰਿਸ਼ਟੀਕੋਨ ਤੋਂ ਮਨ ਦੇ ਅਰਥ ਹਨ ‘ਜਿਸ ਦੁਆਰਾ ਕਾਰਜ ਪੂਰਾ ਹੋਵੇ’। ਮਨ ਵਿੱਚ ਉਹ ਸ਼ਕਤੀ ਹੈ ਜਿਸ ਨਾਲ ਮਨੁੱਖ ਨੂੰ ਦੁੱਖ ਸੁੱਖ, ਸੰਕਲਪ ਵਿਕਲਪ, ਇੱਛਾ ਦ੍ਵੈਸ਼, ਬੌਧਿਕ ਤੇ ਵਿਚਾਰਾਂ ਦਾ ਅਨੁਭਵ ਹੁੰਦਾ ਹੈ। ਮਨ ਨੂੰ ਇੰਦਰਿਆਂ ਦੀ ਲਗਾਮ ਵੀ ਕਿਹਾ ਜਾ ਸਕਦਾ ਹੈ ਪਰ ਮਨ ਨੂੰ ਵਸ ਵਿੱਚ ਕੇਵਲ ਗੁਰੂ ਦਾ ਸ਼ਬਦ ਹੀ ਕਰਾ ਸਕਦਾ ਹੈ, ਜਿਹੜਾ ਮਨੁੱਖ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਜੀਵਨ ਵਿੱਚ ਉਹੀ ਮਨੁੱਖ ਸਫਲਤਾ ਹਾਸਲ ਕਰਦਾ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ਮਨੁ ਬੇਚੈ ਸਤਿਗੁਰ ਕੈ ਪਾਸਿ ॥  ਤਿਸੁ ਸੇਵਕ ਕੇ ਕਾਰਜ ਰਾਸਿ ॥ (ਗਉੜੀ ਸੁਖਮਨੀ/ ਮ: ੫/ ਪੰਨਾ ੨੮੭)

ਆਰਥਿਕ ਬਦਹਾਲੀ, ਨਸ਼ੇ ਤੇ ਬੇਰੁਜ਼ਗਾਰ ਪੰਜਾਬ ਨੂੰ ਬਚਾਉਣ ਲਈ ਸੁਹਿਰਦ ਨੇਤਾਵਾਂ ਦੀ ਅਹਿਮ ਭੂਮਿਕਾ

0

ਆਰਥਿਕ ਬਦਹਾਲੀ, ਨਸ਼ੇ ਤੇ ਬੇਰੁਜ਼ਗਾਰ ਪੰਜਾਬ ਨੂੰ ਬਚਾਉਣ ਲਈ ਸੁਹਿਰਦ ਨੇਤਾਵਾਂ ਦੀ ਅਹਿਮ ਭੂਮਿਕਾ

ਕਿਰਪਾਲ ਸਿੰਘ ਬਠਿੰਡਾ 88378-13661

ਹਰ ਮਨੁੱਖ ਲਈ ਚੰਗੀ ਸਿਹਤ ਸਭ ਤੋਂ ਅਹਿਮ ਲੋੜ ਹੈ ਕਿਉਂਕਿ ਇੱਕ ਸਿਹਤਮੰਦ ਵਿਅਕਤੀ ਹੀ ਆਪਣੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਚੰਗੀਆਂ ਸੇਵਾਵਾਂ ਨਿਭਾ ਸਕਦਾ ਹੈ ਜਦੋਂ ਕਿ ਇੱਕ ਕਮਜੋਰ ਤੇ ਬੀਮਾਰ ਆਦਮੀ ਦੂਸਰਿਆਂ ’ਤੇ ਭਾਰ ਬਣਿਆ ਰਹਿੰਦਾ ਹੈ। ਦੂਸਰੇ ਨੰਬਰ ’ਤੇ ਹਰ ਮਨੁੱਖ ਦਾ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਵਿੱਦਿਆ ਰੁਜ਼ਗਾਰ ਦੇ ਚੰਗੇ ਸਾਧਨ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਣ ਤੋਂ ਇਲਾਵਾ ਰਾਜਨੀਤਕ ਚੇਤਨਤਾ ਅਤੇ ਆਪਣੇ ਅਧਿਕਾਰਾਂ ਤੇ ਫਰਜ਼ਾਂ ਪ੍ਰਤੀ ਵੀ ਜਾਗਰੂਕਤਾ ਪੈਦਾ ਕਰਦੀ ਹੈ। ਕੇਵਲ ਸਿਹਤ ਅਤੇ ਸਿੱਖਿਆ ਹੀ ਆਪਣੀ ਨਿੱਜੀ ਤੇ ਦੇਸ਼ ਦੀ ਤਰੱਕੀ ਅਤੇ ਸਭਿਅਕ ਸਮਾਜ ਦੀ ਸਿਰਜਣਾ ਲਈ ਕਾਫ਼ੀ ਨਹੀਂ ਹੁੰਦੇ ਬਲਕਿ ਇਨ੍ਹਾਂ ਤੋਂ ਇਲਾਵਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲਾ ਸਦਾਚਾਰੀ ਧਰਮ ਵੀ ਜ਼ਰੂਰੀ ਹੈ। ਆਮ ਤੌਰ ’ਤੇ ਧਰਮ ਦੇ ਅਰਥ ਕਿਸੇ ਖਾਸ ਧਰਮ ਦਾ ਧਾਰਮਿਕ ਲਿਬਾਸ ਧਾਰਨ ਕਰਨਾ ਜਾਂ ਲੋੜ ਪੈਣ ’ਤੇ ਸਮੇਂ-ਸਮੇਂ ਸਿਰ ਆਪਣੇ ਪਰਿਵਾਰਿਕ ਸੰਸਕਾਰ ਉਸ ਧਰਮ ਵਿਸ਼ੇਸ਼ ਦੀ ਮਰਿਆਦਾ ਅਨੁਸਾਰ ਨਿਭਾਉਣੇ ਤੇ ਹੋਰ ਮਿਥੇ ਹੋਏ ਧਾਰਮਿਕ ਕਰਮਕਾਂਡ ਕਰਨਾ ਹੀ ਧਰਮ ਸਮਝ ਲਿਆ ਜਾਂਦਾ ਹੈ ਪਰ ਅਸਲ ਵਿੱਚ ਧਰਮ ਦਾ ਅਰਥ ਹੈ ਮਨੁੱਖ ਦੀ ਜੀਵਨ ਜਾਂਚ, ਜੋ ਦੂਸਰਿਆਂ ਲਈ ਮਿਸਾਲ ਬਣੇ, ਨਾ ਕਿ ਪਰਾਇਆ ਹੱਕ ਖਾਣ ਤੱਕ ਸੀਮਤ ਰਹੇ: ‘‘ਹਕੁ ਪਰਾਇਆ ਨਾਨਕਾ, ਉਸੁ ਸੂਅਰ, ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ ॥ ਗਲੀ, ਭਿਸਤਿ ਨ ਜਾਈਐ; ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲੁ ਨ ਜਾਇ ॥ ਨਾਨਕ ! ਗਲੀ ਕੂੜੀਈ, ਕੂੜੋ ਪਲੈ ਪਾਇ ॥’’ (ਪੰਨਾ 141), ਉੱਚਾ-ਸੁੱਚਾ ਆਚਰਨ ਹੋਵੇ: ‘‘ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥’’ (ਪੰਨਾ 274), ਮਿਹਨਤੀ ਸੁਭਾਉ ਹੋਵੇ: ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (522) ਅਤੇ ਸਭ ਪ੍ਰਾਣੀਆਂ ਵਿੱਚ ਇੱਕੋ ਪ੍ਰਮਾਤਮਾ ਦੀ ਜੋਤ ਸਮਝ ਕੇ ਧਰਮ/ਜਾਤੀ/ਲਿੰਗ ਆਧਾਰਤ ਵਿਤਕਰੇ ਤੋਂ ਉੱਪਰ ਉੱਠ ਕੇ ਹਰ ਕਮਜੋਰ ਅਤੇ ਪੀੜਤ ਵਿਅਕਤੀ ਦੀ ਮੱਦਦ ਕੀਤੀ ਜਾਵੇ: ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ॥ (349), ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥  ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ  ?॥’’ (1350) ਅਤੇ ਜਰਵਾਣੇ ਨਾਲ ਲੋਹਾ ਲੈਣ ਦੀ ਸਮਰੱਥਾ ਤੇ ਜਜ਼ਬਾ ਰੱਖਿਆ ਜਾਵੇ: ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ॥ ਕਹੁ ਨਾਨਕ, ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (1427) ਆਦਿਕ ਸਦਾਚਾਰੀ ਗੁਣ ਸਿੱਖਣਾ ਧਰਮ ਹੈ। ਜਦ ਦੇਸ਼ ਦੇ ਸਭ ਸ਼ਹਿਰੀ ਅਜਿਹੀ ਸਿੱਖਿਆ ਦੇਣ ਵਾਲੇ ਧਰਮ ਅਪਨਾਉਣਗੇ ਤਾਂ ਜਿੱਥੇ ਉਹ ਖ਼ੁਦ ਸੁਖੀ ਜੀਵਨ ਬਤੀਤ ਕਰਨਯੋਗ ਹੋ ਜਾਣਗੇ ਉੱਥੇ ਸਾਰਿਆਂ ਦੇ ਸਾਂਝੇ ਉੱਦਮ ਅਤੇ ਆਪਸੀ ਸਹਿਯੋਗ ਨਾਲ ਦੇਸ਼ ਤਰੱਕੀ ਕਰੇਗਾ ਅਤੇ ਸ਼ਾਂਤੀ ਬਣੀ ਰਹੇਗੀ ਜਦੋਂ ਕਿ ਗੁਣਾਂ ਤੋਂ ਸੱਖਣਾ ਅੰਧਵਿਸ਼ਵਾਸ਼ੀ ਕੱਟਰਤਾ ਵਾਲਾ ਧਰਮ ਹਮੇਸ਼ਾਂ ਫਿਰਕੂ ਤਣਾਅ ਤੇ ਅਸ਼ਾਂਤੀ ਵਾਲਾ ਮਹੌਲ ਪੈਦਾ ਕਰਦਾ ਰਹਿੰਦਾ ਹੈ, ਜੋ ਮਨੁੱਖ ਦੀ ਨਿੱਜੀ ਅਤੇ ਸਮੁੱਚੇ ਦੇਸ਼ ਦੀ ਤਰੱਕੀ ਅਤੇ ਅਜਾਦੀ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ।

ਧਰਮ ਹਰ ਵਿਅਕਤੀ ਦੀ ਆਪਣੀ ਨਿੱਜੀ ਚੋਣ ’ਤੇ ਨਿਰਭਰ ਹੈ ਜਦੋਂ ਕਿ ਕਿਸੇ ਦੇਸ਼ ਦੀ ਤਰੱਕੀ ਵਿੱਚ ਇਸ ਦੇ ਨਾਗਰਿਕਾਂ ਦੀ ਮਿਆਰੀ ਵਿੱਦਿਆ ਅਤੇ ਤੰਦਰੁਸਤ ਸਿਹਤ ਦਾ ਅਹਿਮ ਸਥਾਨ ਹੋਣ ਕਰਕੇ ਹਰ ਲੋਕ ਹਿਤੂ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹਰ ਨਾਗਰਿਕ ਨੂੰ ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਲਈ ਵਚਨਬੱਧ ਹੋਵੇ ਪਰ ਕਿਸੇ ਦੇ ਧਰਮ ਵਿੱਚ ਦਖ਼ਲ ਅੰਦਾਜ਼ੀ ਨਾ ਕਰੇ। ਸਮੁੱਚੇ ਭਾਰਤ ਸਮੇਤ ਪੰਜਾਬ ਵਿੱਚ ਵੀ ਸਰਕਾਰ ਨੇ ਵਿੱਦਿਆ ਅਤੇ ਸਿਹਤ ਦੋਵੇਂ ਅਹਿਮ ਵਿਭਾਗਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਰੱਖਿਆ ਹੈ ਅਤੇ ਇਨ੍ਹਾਂ ਦਾ ਮਿਆਰ ਡਿੱਗ ਚੁੱਕਾ ਹੈ। ਸਿੱਖਿਆ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਦੀ ਗੁਲਾਮੀ ਸਮੇਂ ਦੇ ਸਰਕਾਰੀ ਸਕੂਲਾਂ ਵਿੱਚ ਤਪੜਾਂ ’ਤੇ ਬੈਠ ਕੇ ਅਤੇ ਧਰਤੀ ’ਤੇ ਰੀਠਿਆਂ ਦੀਆਂ ਕਲਮਾਂ ਨਾਲ ਲਿਖ ਕੇ ਪੜ੍ਹੇ ਡਾ: ਮਨਮੋਹਨ ਸਿੰਘ ਅਤੇ ਡਾ: ਸਰਦਾਰਾ ਸਿੰਘ ਜੌਹਲ ਵਰਗੇ ਅਨੇਕਾਂ ਹੋਰਨਾਂ ਦੀ ਮਿਸਾਲ ਸਾਡੇ ਸਾਹਮਣੇ ਹੈ, ਜੋ ਅੰਤਰਾਸ਼ਟਰੀ ਪੱਧਰ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ, ਖੇਤੀ ਵਿਗਿਆਨੀ ਤੇ ਹੋਰ ਉੱਚ ਮੁਕਾਮਾਂ ’ਤੇ ਪਹੁੰਚੇ ਹਨ ਪਰ ਅੱਜ ਕੱਲ੍ਹ ਦੇ ਅਜਾਦ ਭਾਰਤ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਿਆ ਵਿਅਕਤੀ ਸ਼ਾਇਦ ਹੀ ਕੋਈ ਕਲਰਕ ਜਾਂ ਪਟਵਾਰੀ ਦੀ ਨੌਕਰੀ ਹਾਸਲ ਕਰਨ ਦੇ ਯੋਗ ਹੋਵੇ। ਵਿੱਦਿਆ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਪੱਖੋਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਣ ਸਦਕਾ ਉਨ੍ਹਾਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਵੱਲ ਵਧ ਰਿਹਾ ਹੈ। ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਦੇ ਖਰਚੇ ਜਨ ਸਧਾਰਨ ਵਿਅਕਤੀ ਦੀ ਪਹੁੰਚ ਤੋਂ ਬਾਹਰ ਹਨ। ਇਹੋ ਕਾਰਨ ਹੈ ਕਿ 73 ਸਾਲਾਂ ਦੀ ਅਜਾਦੀ ਤੋਂ ਬਾਅਦ ਵੀ ਅੱਜ ਭਾਰਤ ਵਿੱਚ ਅਮੀਰਾਂ ਅਤੇ ਗਰੀਬਾਂ ਦੀ ਆਮਦਨ ਵਿੱਚ ਪਾੜਾ ਦਿਨੋ ਦਿਨ ਵਧ ਰਿਹਾ ਹੈ।

ਇੱਥੋਂ ਦੇ ਲੁਟੇਰੇ ਕਿਸਮ ਦੇ ਸਿਆਸਤਦਾਨਾਂ ਲਈ ਵੱਡੀ ਗਿਣਤੀ ਵਿੱਚ ਲੋਕਾਂ ਦਾ ਅਨਪੜ੍ਹ ਤੇ ਗਰੀਬ ਹੋਣਾ ਵਰਦਾਨ ਹੈ ਕਿਉਂਕਿ ਇੱਕ ਤਾਂ ਰੋਟੀ, ਕੱਪੜੇ ਤੇ ਮਕਾਨ ਤੋਂ ਦੂਰ ਹੋਣ ਕਰਕੇ ਚੋਣਾਂ ਦੌਰਾਨ ਇਹ ਆਪਣੀ ਜ਼ਮੀਰ ਵੇਚਣ ਭਾਵ ਵੋਟ ਵੇਚਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਦੂਸਰਾ ਅਨਪੜ੍ਹ ਹੋਣ ਕਰਕੇ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਤੋਂ ਅਣਜਾਣ ਹੋਣ ਤੋਂ ਇਲਾਵਾ ਇਨ੍ਹਾਂ ਨੂੰ ਧਰਮ ਦਾ ਅਸਲੀ ਗਿਆਨ ਤਾਂ ਹੁੰਦਾ ਨਹੀਂ ਪਰ ਧਰਮ ਵਿੱਚ ਆਸਥਾ ਹੋਣ ਕਾਰਨ ਇਨ੍ਹਾਂ ਨੂੰ ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਵੱਲ ਪ੍ਰੇਰਿਤ ਕਰਨਾ ਬਹੁਤਾ ਆਸਾਨ ਹੁੰਦਾ ਹੈ ਜੋ ਕਿ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਨੂੰ ਫਿੱਟ ਬੈਠਦਾ ਹੈ; ਜਿਵੇਂ ਕਿ ਜੂਨ 1984 ’ਚ ਇੰਦਰਾ ਗਾਂਧੀ ਦੀ ਕੇਂਦਰੀ ਸਰਕਾਰ ਨੇ ਸਿੱਖਾਂ ਦੇ ਜਾਨ ਤੋਂ ਪਿਆਰੇ ਸਥਾਨ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਸੈਂਕੜੇ ਸਿੱਖ ਸ਼ਹੀਦ ਕਰ ਦਿੱਤੇ ਗਏ। ਇਸ ਦੇ ਪ੍ਰਤੀਕਰਮ ਵਜੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਦਿੱਲੀ ਸਮੇਤ ਕਾਂਗਰਸੀ ਸਰਕਾਰਾਂ ਵਾਲੇ ਬਾਹਰਲੇ ਸੂਬਿਆਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਸਰਕਾਰੀ ਸ਼ਹਿ ’ਤੇ ਭੀੜਾਂ ਵੱਲੋਂ ਬੇਰਹਿਮੀ ਨਾਲ ਕਤਲ ਹੋਇਆ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਸਿੱਖਾਂ ਨੂੰ ਦੇਸ਼ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਅਤੇ ਇੰਦਰਾ ਗਾਂਧੀ ਨੂੰ ਦੇਸ਼ ਦੀ ਅਖੰਡਤਾ ਤੇ ਹਿੰਦੂਆਂ ਦੀ ਸੁਰੱਖਿਆ ਲਈ ਸ਼ਹੀਦ ਹੋਈ ਪ੍ਰਚਾਰਿਆ ਗਿਆ, ਜਿਸ ਦੇ ਸਿੱਟੇ ਵਜੋਂ ਇੰਦਰਾ ਦੇ ਪੁੱਤਰ ਰਜੀਵ ਗਾਂਧੀ ਦੀ ਅਗਵਾਈ ਹੇਠ 1985 ਦੇ ਸ਼ੁਰੂ ਵਿੱਚ ਹੋਈਆਂ ਚੋਣਾਂ ਵਿੱਚ ਐਨਾ ਭਾਰੀ ਬਹੁਮਤ ਮਿਲਿਆ, ਜਿੰਨਾ ਕਿ ਕਦੇ ਨਹਿਰੂ ਜਾਂ ਇੰਦਰਾ ਗਾਂਧੀ ਨੂੰ ਵੀ ਨਹੀਂ ਸੀ ਮਿਲਿਆ।

ਜਨਸੰਘ ਜਿਹੜੀ ਕਿ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਬਣੀ, ਉਸ ਦੀ ਤਾਂ ਨੀਤੀ ਹੀ ਹਿੰਦੂ ਮੁਸਲਮਾਨਾਂ ਵਿੱਚ ਨਫਰਤ ਵਧਾ ਕੇ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਹਾਸਲ ਕਰਨਾ ਰਹੀ ਹੈ, ਇਸ ਲਈ ਰਾਮ ਮੰਦਰ ਦੇ ਨਾਂ ’ਤੇ ਕਦੀ ਬਾਬਰੀ ਮਸਜਿਦ ਢਾਹ ਕੇ ਅਤੇ ਕਦੀ ਗੋਧਰਾ ਕਾਂਡ ਦੇ ਬਹਾਨੇ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਗਿਆ ਤੇ ਇਸ ਤਰ੍ਹਾਂ ਤਾਕਤ ਫੜਦੀ ਗਈ। ਸੰਨ 2014 ਵਿੱਚ ਕੇਂਦਰ ਵਿੱਚ ਮੋਦੀ ਦੀ ਅਗਵਾਈ ਹੇਠ ਸਰਕਾਰ ਬਣਨ ਪਿੱਛੋਂ ਤਾਂ ਮੁਸਲਮਾਨ ਤੇ ਪਾਕਿਸਤਾਨ ਨੂੰ ਭਾਰਤ ਵਿਰੋਧੀ ਪ੍ਰਚਾਰਨਾ ਹੀ ਇਸ ਦਾ ਇੱਕੋ ਇੱਕ ਏਜੰਡਾ ਬਣ ਗਿਆ ਤੇ ਅਖੌਤੀ ਗਊ ਰੱਖਿਅਕ ਭੀੜਾਂ ਨੇ ਦਰਜਨਾਂ ਬੇਗੁਨਾਹ ਮੁਸਲਮਾਨ ਤੇ ਦਲਿਤਾਂ ਦਾ ਮੌਬ ਲਿੰਚਿੰਗ ਨਾਲ ਕਤਲ ਕੀਤਾ। ਸੰਨ 2014 ਵਿੱਚ ਭਾਜਪਾ ਵੱਲੋਂ ਕੀਤੇ ਅਨੇਕਾਂ ਚੋਣ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਬੇਰੁਜ਼ਗਾਰੀ ਵਧਣ ਤੇ ਜੀਡੀਪੀ ਘਟਣ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਪਰ ਇਸ ਦੇ ਬਾਵਜੂਦ 2019 ਦੀਆਂ ਲੋਕ ਸਭਾ ਚੋਣਾ ਪੁਲਵਾਮਾ ਹਮਲੇ ਅਤੇ ਬਾਲਾਕੋਟ ਸਰਜੀਕਲ ਸਟਰਾਈਕ ਦੇ ਨਾਂ ’ਤੇ ਜਿੱਤ ਲਈਆਂ। ਦੂਸਰੀ ਵਾਰ ਲੋਕ ਸਭਾ ’ਚ ਦੋ ਤਿਹਾਈ ਬਹੁਮਤ ਤੋਂ ਇਲਾਵਾ ਰਾਜ ਸਭਾ ਵਿੱਚ ਵੀ ਇਸ ਨੂੰ ਬਹੁਮਤ ਹਾਸਲ ਹੋ ਗਿਆ ਇਸ ਲਈ ਮੋਦੀ-ਸ਼ਾਹ ਜੋੜੀ ਨੇ ਨਫਰਤੀ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ। ਆਪਣੀ ਬਹੁਗਿਣਤੀ ਦੇ ਬਲ ਨਾਲ ਸੰਵਿਧਾਨ ਵਿਰੋਧੀ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਕੇ ਸਾਰੇ ਦੇਸ਼ ਵਿੱਚ ਐੱਨਆਰਸੀ/ ਐੱਨਪੀਆਰ ਲਾਗੂ ਕਰਨ ਦੇ ਦਗਮਜੇ ਮਾਰਨੇ ਸ਼ੁਰੂ ਕਰ ਦਿੱਤੇ। ਇਹ ਕਾਨੂੰਨ ਮੁਸਲਮਾਨਾਂ ਦੇ ਤਾਂ ਸਿੱਧੇ ਤੌਰ ’ਤੇ ਵਿਰੋਧ ਵਿੱਚ ਹੈ ਹੀ, ਪਰ ਅਸਲ ਵਿੱਚ ਇਹ ਸਾਰੇ ਆਦਿਵਾਸੀ ਕਬੀਲਿਆਂ, ਦਲਿਤਾਂ, ਝੁੱਗੀ ਝੌਪੜੀ ਵਾਲਿਆਂ, ਕਿਸਾਨਾਂ ਆਦਿ, ਜਿਨ੍ਹਾਂ ਪਾਸ ਅਨਪੜ੍ਹ ਹੋਣ ਕਰਕੇ ਆਪਣੇ ਅਤੇ ਆਪਣੇ ਮਾਤਾ-ਪਿਤਾ, ਦਾਦੇ ਪੜਦਾਦੇ ਅਤੇ ਨਾਨੇ-ਨਾਨੀਆਂ ਦੇ ਜਨਮ ਸਥਾਨ ਅਤੇ ਮਿਤੀ ਦਾ ਰਿਕਾਰਡ ਨਹੀਂ ਉਨ੍ਹਾਂ ਲਈ ਭਾਰੀ ਬਿਪਤਾ ਦਾ ਕਾਰਨ ਸਿੱਧ ਹੋਣਗੇ। ਸੁਭਾਵਕ ਹੈ ਕਿ ਇਸ ਦਾ ਵਿਰੋਧ ਹੋਣਾ ਹੀ ਸੀ ਇਸ ਲਈ ਕਈ ਯੂਨੀਵਰਸਿਟੀਆਂ ਸਮੇਤ ਸਮੁੱਚੇ ਦੇਸ਼ ਵਿੱਚ ਇਨ੍ਹਾਂ ਕਾਨੂੰਨਾਂ ਦਾ ਭਾਰੀ ਵਿਰੋਧ ਹੋਣ ਲੱਗਾ ਕੜਾਕੇ ਦੀ ਠੰਡ ਵਿੱਚ ਵੀ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬਜ਼ੁਰਗ ਔਰਤਾਂ ਵੱਲੋਂ ਪਿਛਲੇ ਢਾਈ ਮਹੀਨਿਆਂ ਤੋਂ ਧਰਨਾ ਜਾਰੀ ਹੈ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਕਿਹਾ ਗਿਆ ਤੇ ਐਸਾ ਹੀ ਵਿਵਹਾਰ ਕਰਦਿਆਂ ਇਕੱਲੀ ਯੂਪੀ ਵਿੱਚ ਦੋ ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀ ਪੁਲਿਸ ਦੀ ਗੋਲੀ ਨਾਲ ਮਾਰ ਦਿੱਤੇ ਅਤੇ ਦਿੱਲੀ ਦੀਆਂ ਚੋਣਾਂ ਵਿੱਚ ਵੀ ‘ਦੇਸ਼ ਕੇ ਗਦਾਰੋਂ ਕੋ, ਗੋਲ਼ੀ ਮਾਰੋ ਸਾਲੋਂ ਕੋ’ ਵਰਗੇ ਫਿਰਕੂ ਨਾਰ੍ਹੇ ਲਗਾਏ ਗਏ। ਹੈਰਾਨੀ ਹੁੰਦੀ ਹੈ ਕਿ ਐਸੇ ਨਫਰਤ ਭਰੇ ਘਟੀਆ ਨਾਰ੍ਹੇ ਲਗਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਸੱਤਾਧਾਰੀ ਮੰਤਰੀ ਖੁਦ ਹਨ। ਨੋਟ ਕਰਨ ਵਾਲੀ ਗੱਲ ਹੈ ਕਿ 1984 ਵਿੱਚ ਸਿੱਖਾਂ ਦਾ ਕਤਲੇਆਮ ਉਨ੍ਹਾਂ ਸੂਬਿਆਂ ਵਿੱਚ ਹੋਇਆ ਜਿੱਥੇ ਕੇਂਦਰ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦਾ ਰਾਜ ਸੀ ਅਤੇ 2014 ਤੋਂ 2019 ਤੱਕ ਮੌਬ ਲਿੰਚਿੰਗ ਅਤੇ ਹੁਣ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਮੁਸਲਿਮ ਪ੍ਰਦਰਸ਼ਨ ਕਾਰੀਆਂ ਦਾ ਪੁਲਿਸ ਦੀ ਗੋਲ਼ੀ ਨਾਲ ਕਤਲ ਅਤੇ ਅੰਨ੍ਹਾ ਤਸ਼ੱਦਦ ਵੀ ਉਨ੍ਹਾਂ ਸੂਬਿਆਂ ਵਿੱਚ ਹੀ ਹੋਇਆ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਜਾਂ ਦਿੱਲੀ ਵਿੱਚ ਹੋਇਆ ਜਿੱਥੋਂ ਦੀ ਪੁਲਿਸ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਘੱਟ ਗਿਣਤੀਆਂ ਦਾ ਕਤਲੇਆਮ ਅਤੇ ਤਸ਼ੱਦਦ ਸਿੱਧੇ ਤੌਰ ’ਤੇ ਉਨ੍ਹਾਂ ਹੀ ਸਰਕਾਰਾਂ ਦੀ ਸਰਪ੍ਰਸਤੀ ਹੇਠ ਹੁੰਦਾ ਹੈ ਜਿਨ੍ਹਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹਰ ਵਰਗ ਦੀ ਸੁਰੱਖਿਆ ਕਰਨੀ, ਹੁੰਦੀ ਹੈ। ਐਸੀ ਹਾਲਤ ਵਿੱਚ ਘੱਟ ਗਿਣਤੀਆਂ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਹਨ ?

ਸੀ ਏ ਏ ਵਿਰੁਧ ਧਰਨੇ ਪ੍ਰਦਰਸ਼ਨਾਂ ਵਿੱਚ ਭਲੇ ਹੀ ਬਹੁ ਗਿਣਤੀ ਮੁਸਲਮਾਨਾਂ ਦੀ ਹੈ ਪਰ ਇੱਕ ਚੰਗੀ ਸ਼ੁਰੂਆਤ ਇਹ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਨੂੰ ਸਮਾਜ ਦੇ ਸੁਹਿਰਦ ਹਿੰਦੂਆਂ ਸਮੇਤ ਸਮੁੱਚੇ ਵਰਗਾਂ ਦਾ ਸਮਰਥਨ ਮਿਲ ਰਿਹਾ ਹੈ। ਪ੍ਰਦਰਸ਼ਨ ਕਾਰੀਆਂ ਦੀ ਗੱਲ ਸੁਣਨ ਦੀ ਬਜਾਏ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੋਦੀ, ਅਮਿਤ ਸ਼ਾਹ ਸਮੇਤ ਸਮੁੱਚੀ ਲੀਡਰਸ਼ਿਪ ਨੇ ਸ਼ਾਹੀਨ ਬਾਗ਼ ਨੂੰ ਭਾਰਤ ਵਿੱਚ ਮਿੰਨੀ ਪਾਕਿਸਤਾਨ ਦੱਸ ਕੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਬੋਲਣ ਵਾਲੇ ਹਰ ਵਿਅਕਤੀ ਨੂੰ ਪਾਕਿਸਤਾਨੀ ਜਾਂ ਪਾਕਿਸਤਾਨ ਸਮਰਥਕ ਦੱਸ ਕੇ ਨਫ਼ਰਤੀ ਮਹੌਲ ਸਿਰਜਿਆ। ਕੇਂਦਰੀ ਪ੍ਰਸ਼ਾਸਿਤ ਦਿੱਲੀ ਦੀਆਂ ਚੋਣਾਂ ਨੂੰ ਭਾਰਤ-ਪਾਕਿਸਤਾਨ ਦੀ ਜੰਗ ਦੱਸਣ ਲੱਗਿਆਂ ਵੀ ਸ਼ਰਮ ਮਹਿਸੂਸ ਨਾ ਕੀਤੀ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਕਿ ਕਿਸੇ ਧਰਮ ਨਿਰਪੱਖ ਸੰਵਿਧਾਨ ਵਾਲੇ ਦੇਸ਼ ਵਿੱਚ ਸੰਵਿਧਾਨ ਦੀ ਸਹੁੰ ਚੁੱਕਣ ਵਾਲੀ ਸਤਾਧਾਰੀ ਪਾਰਟੀ ਮਾਮੂਲੀ ਚੋਣਾਂ ਵਿੱਚ ਇੰਨੀਆਂ ਨਫ਼ਰਤੀ ਗੱਲਾਂ ਕਰ ਸਕਦੀ ਹੈ।

ਭਾਰਤ ਦੀ ਆਮ ਜਨਤਾ ਪਿਆਰ ਤੇ ਏਕਤਾ ਵਿੱਚ ਯਕੀਨ ਰੱਖਦੀ ਹੈ ਇਸ ਲਈ ਦਿੱਲੀ ਚੋਣਾਂ ’ਚ ਫਿਰਕੂ ਲੋਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਨਾਮੋਸ਼ੀਭਰੀ ਹਾਰ ਪਿੱਛੋਂ ਇਹ ਅਹਿਸਾਸ ਖ਼ੁਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਹੋਇਆ ਜਿਸ ਨੂੰ ਕਹਿਣਾ ਪਿਆ ਕਿ ਸਾਡੀ ਹਾਰ ਦਾ ਕਾਰਨ ਸਾਡੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਦਿੱਤੇ ਗਏ ਨਫ਼ਰਤੀ ਬਿਆਨ ਸਨ। ਦਿੱਲੀ ਵਿੱਚ ਭਾਜਪਾ ਦੀ ਹਾਰ ਦਾ ਕਾਰਨ ਇਹ ਵੀ ਰਿਹਾ ਕਿ ਦਿੱਲੀ ਦੀ ਅੱਧ-ਪਚੱਧੀ ਭਾਵ ਸੀਮਤ ਸ਼ਕਤੀ ਵਾਲੀ ਕੇਜਰੀਵਾਲ ਸੂਬਾ ਸਰਕਾਰ ਨੇ ਫਿਰਕੂ ਨਫ਼ਰਤ ਦਾ ਸਹਾਰਾ ਲੈਣ ਦੀ ਥਾਂ ਆਪਣੇ ਏਜੰਡੇ ’ਚ ਆਮ ਲੋਕਾਂ ਦੀਆਂ ਸੁਵਿਧਾਵਾਂ ਨੂੰ ਪਹਿਲ ਦਿੱਤੀ। ਕੇਜਰੀਵਾਲ ਨੇ ਦਿੱਲੀ ਦੇ ਸਕੂਲਾਂ ਵਿੱਚ ਇੰਨਾ ਸੁਧਾਰ ਕੀਤਾ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਚੰਗੇ ਨਤੀਜੇ ਸਾਹਮਣੇ ਆਏ। ਮੁਹੱਲਾ ਕਲੀਨਿਕ ਬਣਾਏ ਗਏ ਜਿੱਥੇ ਲੋਕਾਂ ਦੇ ਮੁਫਤ ਇਲਾਜ ਹੋ ਰਹੇ ਹਨ, 20 ਹਜ਼ਾਰ ਲੀਟਰ/ਮਹੀਨਾ ਪਾਣੀ ਅਤੇ 200 ਯੂਨਿਟ/ਮਹੀਨਾ ਬਿਜਲੀ ਹਰ ਇੱਕ ਘਰ ਨੂੰ ਮੁਫ਼ਤ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਬਿਜਲੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਸਸਤੀ ਅਤੇ 24 ਘੰਟੇ ਮੁਹੱਈਆ ਕਰਵਾਈ ਗਈ। ਭਾਜਪਾ ਦੁਆਰਾ ਦੇਸ਼ ਨੂੰ ਦਿੱਤੀ ਆਰਥਿਕ ਤੰਗੀ ਸਮੇਂ ਕੇਜਰੀਵਾਲ ਦੀਆਂ ਸਮਾਜਿਕ ਸਹੂਲਤਾਂ ਅੰਮ੍ਰਿਤ ਬਰਖਾ ਕਰ ਗਈਆਂ, ਜਿਸ ਕਾਰਨ ਆਮ ਜਨਤਾ ਨੇ ਦਿੱਲੀ ਦੀਆਂ ਕੁੱਲ 70 ਸੀਟਾਂ ਵਿੱਚੋਂ ਕੇਜਰੀਵਾਲ ਦੀ ਝੋਲ਼ੀ 62 ਸੀਟਾਂ ਦੇ ਕੇ ਭਰ ਦਿੱਤੀ। ਇੱਥੋਂ ਤੱਕ ਕਿ ਬੁਰਾਰੀ ਹਲਕੇ ਜਿੱਥੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਸੀ ਕਿ 8 ਫਰਵਰੀ ਨੂੰ ਈ ਵੀ ਐੱਮ ’ਚ ਕਮਲ ਦੇ ਫੁੱਲ ਵਾਲਾ ਬਟਨ ਇੰਨੇ ਜੋਰ ਸੇ ਦਬਾਨਾ ਕਿ ਇਸ ਕਾ ਕਰੰਟ ਸ਼ਾਹੀਨ ਬਾਗ਼ ਲੱਗੇ; ਉਸ ਖੇਤਰ ਦੀਆਂ ਪੋਲ ਹੋਈਆਂ ਕੁਲ 2,22,262 ਵੋਟਾਂ ਵਿੱਚੋਂ ਆਪ ਦੇ ਉਮੀਦਵਾਰ ਸੰਜੀਵ ਝਾਅ ਨੂੰ 1,39,598 ਵੋਟਾਂ ਮਿਲੀਆਂ ਜਦੋਂ ਕਿ ਭਾਜਪਾ-ਜੇਡੀਯੂ ਗੱਠਜੋੜ ਉਮੀਦਵਾਰ ਸ਼ਲਿੰਦਰਾ ਕੁਮਾਰ ਨੂੰ ਕੇਵਲ 51,440 ਵੋਟਾਂ ਹੀ ਪਈਆਂ ਅਤੇ 88,158 ਵੋਟਾਂ ਦੇ ਅੰਤਰ ਨਾਲ ਸ਼ਰਮਿੰਦਗੀ ਉਠਾਣੀ ਪਈ। ਇਸੇ ਤਰ੍ਹਾਂ ਸ਼ਾਹੀਨ ਬਾਗ਼ ਦੀ ਓਖਲਾ ਸੀਟ, ਜਿੱਥੇ ਭਾਜਪਾ ਵਾਲੇ ਭਾਰਤ ਵਿੱਚ ਮਿੰਨੀ ਪਾਕਿਸਤਾਨ ਅਤੇ ਭਾਰਤ-ਪਾਕਿਸਤਾਨ ਯੁੱਧ ਵਰਗਾ ਮਹੌਲ ਬਣਾ ਰਹੇ ਸਨ, ਓਥੇ ਆਪ ਦੇ ਉਮੀਦਵਾਰ ਅਮਾਨਤੁਉਲਾ ਖ਼ਾਨ ਨੂੰ 1,30,367 (ਭਾਵ 66.03%) ਵੋਟਾਂ ਅਤੇ ਫਿਰਕੂ ਭਾਜਪਾ ਉਮੀਦਵਾਰ ਬ੍ਰਹਮ ਸਿੰਘ ਨੂੰ ਕੇਵਲ 58,540 (ਭਾਵ 29.65%) ਵੋਟਾਂ ਹੀ ਪਈਆਂ, ਜਿਸ ਦਾ ਅੰਤਰ 71, 827 ਵੋਟਾਂ ਦਾ ਰਿਹਾ। ਇਹ ਸਮਾਜ ਨੂੰ ਵੰਡਣ ਵਾਲਿਆਂ ਦੇ ਮੂੰਹ ’ਤੇ ਚਪੇੜ ਹੀ ਕਹੀ ਜਾਵੇਗੀ।

ਦਿੱਲੀ ਚੋਣ ਨਤੀਜਿਆਂ ਨੇ ਭਾਰਤ ਦੀ ਰਾਜਨੀਤੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ ਭਾਵੇਂ ਕਿ ਇਸ ਵਿੱਚ ਵੱਡਾ ਹੱਥ ਉੱਥੋਂ ਦੇ ਵੋਟਰਾਂ ਦਾ ਪੜ੍ਹੇ ਲਿਖੇ ਹੋਣਾ ਹੈ। ਦਿੱਲੀ ਦਾ ਅਸਰ ਆਉਣ ਵਾਲੀਆਂ ਸਾਰੀਆਂ ਚੋਣਾਂ ’ਤੇ ਪੈ ਸਕਦਾ ਹੈ, ਜੋ ਕਿ ਜਨਤਾ ਦੇ ਹਿੱਤ ਵਿੱਚ ਹੀ ਰਹੇਗਾ।

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਫਰਵਰੀ 2022 ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਪੰਜਾਬ ਦੀ ਸਥਿਤੀ ਕਈ ਕਾਰਨਾਂ ਕਰਕੇ ਦਿੱਲੀ ਨਾਲੋਂ ਕਾਫ਼ੀ ਵੱਖਰੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ; ਖੇਤੀ ਤੋਂ ਬਿਨਾਂ ਇੱਥੇ ਆਮਦਨ ਦੇ ਸਾਧਨ ਨਾਮਾਤਰ ਹਨ ਕਿਉਂਕਿ ਵੱਡੇ ਉਦਯੋਗ ਤਾਂ ਇੱਥੇ ਪਹਿਲਾਂ ਹੀ ਨਹੀਂ ਰਹੇ, ਜੋ ਹਨ ਉਹ ਵੀ ਸਰਕਾਰੀ ਨੀਤੀਆਂ ਅਤੇ ਮਹਿੰਗੀ ਬਿਜਲੀ ਕਾਰਨ ਪੜੋਸੀ ਸੂਬਿਆਂ ਵਿੱਚ ਚਲੇ ਗਏ। ਕੁਦਰਤੀ ਸਾਧਨਾਂ ਵਿੱਚੋਂ ਇੱਥੇ ਕੋਈ ਖਣਿਜ ਪਦਾਰਥ ਨਹੀਂ; ਇੱਕੋ ਇੱਕ ਦਰਿਆਈ ਪਾਣੀ ਸੀ, ਜੋ ਇੱਥੋਂ ਦੀ ਖੇਤੀ ਲਈ ਅਹਿਮ ਸੀ ਪਰ ਉਸ ਦਾ ਅੱਧੋਂ ਵੱਧ ਹਿੱਸਾ ਪਹਿਲਾਂ ਹੀ ਰਾਜਸਥਾਨ ਨੂੰ ਦੇ ਦਿੱਤਾ ਗਿਆ। ਅਜਾਦੀ ਤੋਂ ਪਹਿਲਾਂ ਰਾਜਸਥਾਨ ਇਸ ਦੀ ਕੀਮਤ ਅਦਾ ਕਰਦਾ ਸੀ ਪਰ ਅਜਾਦੀ ਮਿਲਣ ਪਿੱਛੋਂ ਇਹ ਪਾਣੀ ਮੁਫਤ ਵਿੱਚ ਜਾ ਰਿਹਾ ਹੈ। ਬਾਕੀ ਰਹਿੰਦੇ ਪਾਣੀ ਦਾ 40% ਹਿੱਸਾ ਹਰਿਆਣਾ ਅਤੇ ਕੁਝ ਪਾਣੀ ਦਿੱਲੀ ਨੂੰ ਦੇ ਦਿੱਤਾ ਗਿਆ। ਦੇਸ਼ ਲਈ ਅਨਾਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਮੁਫਤ ਬਿਜਲੀ ਦੇਣ ਦੀ ਸਕੀਮ ਸ਼ੁਰੂ ਕੀਤੀ ਗਈ, ਜੋ ਸਰਕਾਰੀ ਖ਼ਜ਼ਾਨੇ ’ਤੇ ਵਾਧੂ ਭਾਰ ਬਣ ਗਈ। ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾਣ ਵਾਲੇ ਭਵਿੱਖ ਦੇ ਖ਼ਤਰਿਆਂ ਵੱਲ ਉਚੇਚਾ ਧਿਆਨ ਨਾ ਰੱਖਿਆ ਗਿਆ। ਲੱਖਾਂ ਰੁਪਏ ਖਰਚ ਕੇ ਕਿਸਾਨਾਂ ਨੇ ਧੜਾ-ਧੜਾ ਟਿਊਬਵੈੱਲ ਲਾਏ, ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਨਾਲ ਵੱਧ ਫ਼ਸਲ ਲੈਣ ਦੇ ਲਾਲਚ ਕਾਰਨ ਪੰਜਾਬ ਦੀ ਉਪਜਾਉ ਜ਼ਮੀਨ ਬੰਜਰ ਹੋਣ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਦਾ ਪਾਣੀ ਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਕਾਰਨ ਇੱਥੇ ਬੀਮਾਰੀਆਂ ਵਧ ਰਹੀਆਂ ਹਨ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।

2014 ਦੀਆਂ ਚੋਣਾਂ ਸਮੇਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਭਾਜਪਾ ਹੁਣ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਵੀ ਇਨਕਾਰੀ ਹੈ ਜਿਸ ਨਾਲ ਪਹਿਲਾਂ ਤੋਂ ਹੀ ਕਰਜੇ ਹੇਠ ਆਈ ਕਿਸਾਨੀ ਦਾ ਲੱਕ ਟੁੱਟਦਾ ਜਾ ਰਿਹਾ ਹੈ।  ਖੇਤੀ ਤੋਂ ਬਿਨਾਂ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਹੋਰ ਕੁਝ ਵੀ ਨਹੀਂ। ਹੁਣ ਪੰਜਾਬ ਨੂੰ ਬਚਾਉਣ ਦੇ ਸਿਰਫ ਦੋ ਹੀ ਤਰੀਕੇ ਹਨ- ਜਾਂ ਤਾਂ ਰੀਪੇਰੀਅਨ ਕਾਨੂੰਨ ਨੂੰ ਲਾਗੂ ਕਰਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਤਾਂ ਕਿ ਟਿਊਬਵੈੱਲਾਂ ਰਾਹੀਂ ਧਰਤੀ ਹੇਠਲਾ ਪਾਣੀ ਕੱਢਣਾ ਬੰਦ ਕਰਕੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ। ਜੇ ਇਹ ਸੰਭਵ ਨਹੀਂ ਤਾਂ ਗੈਰ ਰੀਪੇਰੀਅਨ ਸੂਬਿਆਂ ਵੱਲੋਂ ਵਰਤੇ ਜਾ ਰਹੇ ਪਾਣੀ ’ਤੇ ਰੌਇਲਟੀ ਦੇਣੀ ਬਣਦੀ ਹੈ ਤਾਂ ਕਿ ਇਸ ਪੈਸੇ ਨਾਲ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰੇ ਤੇ ਲੋਕਾਂ ਨੂੰ ਰੋਜ਼ਗਾਰ ਆਦਿ ਸਹੂਲਤਾਂ ਮਿਲਣ। ਸਵਾਲ ਪੈਦਾ ਹੁੰਦਾ ਹੈ ਕਿ ਜਦ ਰਾਜਸਥਾਨ ਆਪਣੇ ਪੱਥਰ ’ਚੋਂ ਕਮਾਈ ਕਰ ਰਿਹਾ ਹੈ, ਬਿਹਾਰ ਤੇ ਝਾਰਖੰਡ ਆਪਣੇ ਕੋਇਲੇ ’ਚੋਂ ਆਮਦਨ ਕਮਾ ਰਿਹਾ ਹੈ ਤਾਂ ਪੰਜਾਬ ਨਾਲ ਹੀ ਬੇਇਨਸਾਫੀ ਕਿਉਂ ? ਇਸ ਪੱਖੋਂ ਕੋਈ ਵੀ ਕੌਮੀ ਪਾਰਟੀ ਪੰਜਾਬ ਦੇ ਹਿੱਤ ਵਿੱਚ ਆਵਾਜ਼ ਬੁਲੰਦ ਨਹੀਂ ਕਰੇਗੀ। ਕਾਂਗਰਸ ਤਾਂ ਉਹ ਪਾਰਟੀ ਹੈ ਜਿਸ ਨੇ ਪੰਜਾਬ ਨਾਲ ਹਰ ਪਹਿਲੂ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਰੀਪੇਰੀਅਨ ਕਾਨੂੰਨ ਦੇ ਉਲਟ ਪੰਜਾਬ ਦਾ ਪਾਣੀ ਧੱਕੇ ਨਾਲ ਦੂਸਰੀਆਂ ਸਟੇਟਾਂ ਨੂੰ ਦਿੱਤਾ। ਭਾਜਪਾ ਉਹ ਪਾਰਟੀ ਹੈ ਜਿਹੜੀ ਦਰਿਆਵਾਂ ਦੇ ਪਾਣੀਆਂ ਨੂੰ ਕੌਮੀ ਜਾਇਦਾਦ ਮੰਨਦੀ ਹੈ। ਗੁਆਂਢੀ ਸੂਬੇ ਹਿਮਾਚਲ ’ਚ ਉਦਯੋਗ ਨੂੰ ਭਾਰੀ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗ ਦਾ ਉਜਾੜਾ ਵੀ ਇਸੇ ਪਾਰਟੀ ਦੀ ਦੇਣ ਹੈ। ਪੰਜਾਬ ਦੇ ਹੱਕ ਵਿੱਚ ਕਿਸੇ ਵੇਲੇ ਬੋਲਣ ਵਾਲੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਪਰ ਹੁਣ ਇਹ ਵੀ ਇੱਕ ਪਰਿਵਾਰ ਦੀ ਨਿਜੀ ਬਣ ਕੇ ਰਹਿ ਗਈ, ਜੋ ਇੱਕ ਪਰਿਵਾਰ ਦੇ ਮੈਂਬਰ ਨੂੰ ਕੇਂਦਰ ਵਿੱਚ ਮਿਲਣ ਵਾਲੀ ਵਜੀਰੀ ਤੋਂ ਅਗਾਂਹ ਨਹੀਂ ਸੋਚਦੀ। ਪੰਥਕ ਮਸਲਿਆਂ ਨੂੰ ਉਲਝਾ ਕੇ ਰੱਖਣਾ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਤੱਕ ਪਹੁੰਚ ਗਏ। ਦੋਸੀਆਂ ਨੂੰ ਸਜ਼ਾ ਦੇਣ ਦੀ ਬਜਾਇ ਮੁਆਫ਼ੀਨਾਮੇ ਤੱਕ ਦਿੱਤੇ ਗਏ।

ਸੋ ਪੰਜਾਬ ਸਿਆਸੀ ਤੌਰ ’ਤੇ ਤੀਸਰੇ ਬਦਲ ਵੱਲ ਵਧ ਸਕਦਾ ਹੈ। ਅਜਿਹੇ ਹਾਲਾਤਾਂ ’ਚ ਸੁਹਿਰਦ ਪੰਜਾਬੀ ਨੇਤਾਵਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ ਤਾਂ ਜੋ ਜਿੱਥੇ ‘ਆਪ’ ਦੇ ਦਿੱਲੀ ਮਾਡਲ ਨੂੰ ਪੰਜਾਬ ’ਚ ਲਾਗੂ ਕਰਕੇ ਸਿਹਤ ਤੇ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ ਓਥੇ ਪੰਜਾਬੀ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਲਈ ਵਿਦੇਸ਼ ਭਟਕਣਾ ਜਾਂ ਨਸ਼ਿਆਂ ’ਚ ਖਚਿਤ ਨਾ ਹੋਣਾ ਪਵੇ ਅਤੇ ਮਰਦੀ ਜਾ ਰਹੀ ਕਿਰਸਾਨੀ ਵਿੱਚ ਨਵੀਂ ਜਾਨ ਭਰੀ ਜਾ ਸਕੇ।

ਆਵਨਿ ਅਠਤਰੈ ਜਾਨਿ ਸਤਾਨਵੈ

0

ਆਵਨਿ ਅਠਤਰੈ ਜਾਨਿ ਸਤਾਨਵੈ

ਇੰਜ. ਜੋਗਿੰਦਰ ਸਿੰਘ (ਲੁਧਿਆਣਾ)-94630-55206

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ੭੨੨ ਉੱਤੇ ਰਾਗ ਤਿਲੰਗ ਮਹਲਾ ੧ ਦੇ ਸਿਰਲੇਖ ਅਧੀਨ ਆਏ ਸ਼ਬਦ ਦਾ ਪਾਠ ਇੰਞ ਹੈ: ਤਿਲੰਗ ਮਹਲਾ ੧ ॥  ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ  !॥  ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ  !॥  ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ  ! ॥  ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ ਵੇ ਲਾਲੋ  !॥  ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ, ਖੁਦਾਇ ਵੇ ਲਾਲੋ  !॥  ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ  !॥  ਖੂਨ ਕੇ ਸੋਹਿਲੇ ਗਾਵੀਅਹਿ, ਨਾਨਕ ! ਰਤੁ ਕਾ ਕੁੰਗੂ ਪਾਇ, ਵੇ ਲਾਲੋ  !॥੧॥  ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ ਆਖੁ ਮਸੋਲਾ ॥  ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ ॥  ਸਚਾ ਸੋ ਸਾਹਿਬੁ, ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ ਮਸੋਲਾ ॥  ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥  ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥  ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ ॥੨॥੩॥੫॥ (ਮਹਲਾ ੧/ ਪੰਨਾ ੭੨੩)

ਅੱਖਰੀ ਅਰਥ ਹਨ :- ਹੇ (ਭਾਈ) ਲਾਲੋ ! ਜਿਸ ਤਰ੍ਹਾਂ ਮੈਨੂੰ ਖਸਮ-ਪ੍ਰਭੂ ਵੱਲੋਂ ਅਗੰਮੀ-ਸੈਨਤਾਂ ਦਾ ਅਨੁਭਵ ਹੋ ਰਿਹੈ, ਉਸੇ ਅਨੁਸਾਰ ਮੈਂ ਤੈਨੂੰ ਜਾਣੂ ਕਰਵਾ ਰਹਿਆ ਹਾਂ। (ਬਾਬਰ) ਕਾਬਲ ਤੋਂ (ਜ਼ਾਲਮ ਧਾੜਵੀਆਂ ਦੇ ਲਾਉ-ਲਸ਼ਕਰ ਰੂਪੀ) ਪਾਪ ਦੀ ਜੰਞ ਇਕੱਠੀ ਕਰ ਕੇ ਆ ਚੜ੍ਹਿਆ ਹੈ ਅਤੇ ਧਿੰਗਾਣੀ ਜ਼ੋਰ-ਜਬਰ ਦੁਆਰਾ ਹਿੰਦ-ਦੀ-ਹਕੂਮਤ ਰੂਪੀ ਕੰਨਿਆ ਦਾ ਦਾਨ ਮੰਗ ਰਿਹੈ। ਹਰ ਤਰ੍ਹਾਂ ਦੀ ਸ਼ਰਮ ਅਤੇ ਧਰਮ, ਦੋਵੇਂ ਹੀ ਅਲੋਪ ਹੋ ਚੁੱਕੇ ਹਨ ਤੇ ਸਭ ਪਾਸੇ ਝੂਠ ਹੀ ਝੂਠ ਚੌਧਰੀ ਬਣਿਆ ਫਿਰਦੈ ! (ਸ਼ਰੇਆਮ ਪੂਰੀ ਬੇ-ਹਯਾਈ (ਬੇਸ਼ਰਮੀ) ਦੁਆਰਾ ਔਰਤਾਂ, ਨੂੰਹਾਂ-ਧੀਆਂ ਨਾਲ ਬਲਾਤਕਾਰ ਅਜਿਹੀ ਬੇਕਿਰਕੀ ਤੇ ਖੁਦਾਈ-ਖ਼ੌਫ ਤੋਂ ਨਾਬਿਰ (ਇਨਕਾਰੀ) ਹੋ ਕੇ ਕੀਤੇ ਜਾ ਰਹੇ ਹਨ) ਮਾਨੋ ਖੁਦ ਸ਼ੈਤਾਨ ਆਪ ਹੀ ਸਮੂਹਿਕ ਨਿਕਾਹ-ਵਿਆਹ ਪੜ੍ਹਾਅ ਰਹਿਆ ਹੋਵੇ। ਕਾਜ਼ੀਆਂ-ਬ੍ਰਾਹਮਣਾਂ ਵਾਲੀਆਂ ਰੀਤਾਂ-ਰਸਮਾਂ ਦੀ ਪੁੱਛ-ਪ੍ਰਤੀਤ ਵੀ ਮਰ-ਮੁੱਕ ਚੁੱਕੀ ਹੈ। ਉੱਚੀਆਂ-ਨੀਵੀਆਂ ਜਾਤਾਂ ਦੀਆਂ ਸਾਰੀਆਂ ਹਿੰਦੂ-ਇਸਤ੍ਰੀਆਂ ਸਮੇਤ ਮੁਸਲਮਾਨ ਔਰਤਾਂ ਵੀ ਇਸ ਬੇਪਤੀ ਤੇ ਬਿਪਤਾ ਭਰੇ ਅੱਤਿਆਚਾਰਾਂ ਦੌਰਾਨ ਕੁਰਾਨ ਦੀਆਂ ਆਇਤਾਂ ਪੜ੍ਹਦਿਆਂ ਅੱਲ੍ਹਾ-ਤਾਲਾ ਅੱਗੇ ਚੀਕ-ਪੁਕਾਰ ਕਰ ਰਹੀਆਂ ਹਨ (ਕਿਹੋ ਜੇਹੀ ਜੰਞ ਤੇ ਕਿਹੋ ਜਿਹੇ ਵਿਆਹ ?) ਕਤਲੋਗਾਰਤ ਦੇ ਵਾਤਾਵਰਨ ’ਚ ਖੂਨ ਦੇ ਸੋਹਿਲੇ ਤੇ ਖੂਨ ਦਾ ਹੀ ਕੇਸਰ ਚਹੁਂ ਤਰਫ਼ੀ ਖਿਲਾਰਿਆ ਜਾ ਰਿਹਾ ਹੈ।

ਲੋਥਾਂ-ਭਰੇ ਮਹੌਲ ਦੇ ਰੂ-ਬਰੂ (ਗੁਰੂ) ਨਾਨਕ, ਪੂਰੇ ਮਸਲੇ ਬਾਰੇ ਅਸਲ ਹਕੀਕਤ ਦੀ ਗੱਲ ਇਹ ਆਖਦੇ ਹਨ ਕਿ ਜਿਸ ਕਰਤੇ-ਪੁਰਖ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ-ਮੋਹ ਵਿੱਚ ਪਰਵਿਰਤ ਕੀਤਾ ਹੋਇਆ ਹੈ, ਪਰ ਆਪ ਉਹ ਨਿਵੇਕਲਾ-ਨਿਰਲੇਪ ਰਹਿੰਦਿਆਂ ਜਗਤ-ਤਮਾਸ਼ਾ ਵੇਖ ਰਿਹੈ। ਉਹ ਮਾਲਕ ਸੱਚਾ ਹੈ, ਉਸ ਦਾ ਇਨਸਾਫ਼ ਵੀ ਸੱਚ-ਰੂਪ ਹੈ ਅਤੇ ਉਹ ਅਗਾਂਹ ਵੀ ਇਸ ਮਸਲੇ ਦਾ ਫ਼ੈਸਲਾ ਆਪਣੇ ਨਿਯਮਾਂ ਅਨੁਸਾਰ (ਸਚੜਾ ਨਿਆਉ) ਕਰੇਗਾ (ਕਰੇਗੁ) ! ਅਰਥਾਤ (ਇਸ ਦੇਸ਼ ਵਿੱਚ) ਸਰੀਰ ਰੂਪੀ ਕੱਪੜਾ ਟੋਟੇ-ਟੋਟੇ ਹੋਵੇਗਾ (ਹੋਸੀ) ਅਤੇ ਹਿੰਦੁਸਤਾਨ, ਮੇਰੇ ਇਨ੍ਹਾਂ ਬੋਲਾਂ (ਭਵਿੱਖਮੁਖੀ ਵਾਕਾਂ) ਨੂੰ ਯਾਦ ਰੱਖੇਗਾ (ਸਮਾਲਸੀ)। (ਕਾਬਲ ਤੋਂ ਮੁਗ਼ਲ) ਅਠਤਰੈ ਵਿੱਚ ਆਉਣਗੇ ਅਤੇ ਸਤਾਨਵੈ ’ਚ ਵਾਪਸ ਪਰਤਣਾ ਪਵੇਗਾ ਕਿਉਂਕਿ ਉਦੋਂ (ਕੋਈ) ਹੋਰ ‘ਮਰਦ ਕਾ ਚੇਲਾ’ ਰਾਜ ਸੰਭਾਲ ਲਵੇਗਾ। (ਗੁਰੂ) ਨਾਨਕ ਸੱਚੀ ਗੱਲ ਆਖਦਾ ਹੈ ਅਤੇ ਉਹ ਹਮੇਸ਼ਾਂ ਲੋਕਾਈ ਨੂੰ ਸਮੇਂ ਸਿਰ ਸੱਚ ਤੋਂ ਜਾਣੂ ਕਰਵਾ ਰਹਿਆ ਹੈ ।

ਉਪਰੋਕਤ ਸ਼ਬਦ ਸਾਡੇ ਇਸ ਵਿਸ਼ਾਲ ਭਾਰਤੀ ਉਪ-ਮਹਾਂਦੀਪ ਦੇ ਸਭਿਆਚਾਰਕ, ਸਮਾਜਕ ਵਿਵਸਥਾ ਅਤੇ ਰਾਜਨੀਤਕ ਉੱਥਲ-ਪੱੁਥਲ ਦੀਆਂ ਅਹਿਮ ਇਤਿਹਾਸਿਕ-ਘਟਨਾਵਾਂ ਦੀ ਅਸਲੀਅਤ ਅਤੇ ਭਵਿੱਖਮੁਖੀ ਹੋਣੀਆਂ ਦਾ ਵਿਸਤ੍ਰਿਤ ਉਲੇਖ ਉਜਾਗਰ ਕਰਦਾ ਹੈ, ਪਰ ਕੀ ਇਹ ਅੱਖੀਂ-ਡਿੱਠੇ ਹਾਲਾਤਾਂ ਦਾ ਬਿਆਨ ਹੈ ਜਾਂ ਕਿਸੇ ਭਵਿੱਖਮੁਖੀ ਘਟਨਾਕ੍ਰਮ ਸੰਬੰਧੀ ਅਗਾਊਂ ਪੇਸ਼ੀਨਗੋਈ ਹੈ। ਅਠਤਰੈ ਅਤੇ ਸਤਾਨਵੇਂ ਨਾਲ ਸੰਮਤ ਸ਼ਬਦ ਅੰਕਿਤ ਹੋਣ ਕਰ ਕੇ, ਇਸ ਘੁੰਡੀ ਬਾਰੇ ਵਿਦਵਾਨਾਂ ਵੱਲੋਂ ਟੀਕਾਕਾਰੀ-ਵਿਆਖਿਆ ਕਰਨ ਵਿੱਚ ਕਈ ਤਰ੍ਹਾਂ ਦੇ ਖ਼ਿਆਲ ਵੇਖੇ ਜਾਂਦੇ ਹਨ। ਵੱਖ ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਨੂੰ ਪਾਠਕਾਂ ਨਾਲ ਸਾਂਝਾ ਕਰਨਾ ਇਸ ਲੇਖ ਦਾ ਦਿਲਚਸਪੀ-ਭਰਪੂਰ ਮੰਤਵ ਹੈ।

  1. ਪ੍ਰੋਫੈਸਰ ਸਾਹਿਬ ਸਿੰਘ, ਸਾਬਕਾ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ:- ਹੇ (ਭਾਈ) ਲਾਲੋ ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵੱਲੋਂ ਪ੍ਰੇਰਨਾ ਆਈ ਹੈ, ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿੱਚ ਵਾਪਰੀ ਹੈ)। (ਬਾਬਰ) ਕਾਬਲ ਤੋਂ (ਫ਼ੌਜ ਜੋ ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ। (ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਅਲੋਪ ਹੋ ਚੁੱਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। (ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉੱਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ। ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉੱਤੇ ਇਹੀ ਅੱਤਿਆਚਾਰ ਹੋ ਰਹੇ ਹਨ। (ਸੈਦਪੁਰ ਦੀ ਕਤਲੇਆਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ, (ਹੇ ਭਾਈ ਲਾਲੋ ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ) ।

ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ। (ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।

(ਪਰ ਹੇ ਭਾਈ ਲਾਲੋ ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ (੧੫੭੮) ਵਿਚ ਆਏ ਹਨ, ਇਹ ਸੰਮਤ ਸਤਾਨਵੇ (੧੫੯੭) ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ। (ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ।

  1. ਜਨਮਸਾਖੀ ਮੇਹਰਬਾਨ: ਤਥ ਬਾਬੇ ਜੀ ਕਹਿਆ ਜੇ, ‘ਅਠਤਰੈ ਪਠਾਣ ਆਵਹਿਗੇ ਸਤਾਨਵੇ ਪਠਾਣ ਜਾਹਿਗੇ ! ਤਬ ਏਨਾ ਪਠਾਣਾਂ ਕੀ ਪਾਤਿਸਾਹੀ ਜਾਇਗੀ। ਏਕੁ ਮਰਦ ਕਾ ਚੇਲਾ ਅਵਰੁ ਉਠਿ ਖੜਾ ਹੋਵੇਗਾ, ਆਇ ਪਾਤਿਸ਼ਾਹੀ ਕਰੇਗਾ। ਹਿੰਦੁਸਤਾਨ ਖੁਰਾਸਾਨ ਕੀ ਪਾਤਿਸਾਹੀ ਕਰੇਗਾ। ਇਨਹੁ ਪਠਾਣਹੁ ਕੰਉ ਮਾਰਿ ਕਰਿ ਗਰਤ ਗੋਰ ਕਰੇਗਾ, ਅਰੁ ਪਾਤਿਸ਼ਾਹੀ ਉਹੁ ਕਰੇਗਾ। ਏਹੁ ਸਚ ਕੀ ਬਾਣੀ ਦਰਗ਼ਹ ਤੇ ਸਾਹਿਬ ਭੇਜੀ ਹੈ। ਏ ਲੋਕਹੁ ! ਤੁਮ ਚੇਤਾ ਕਰੀਅਹੁ ਦੇਖਹੁਗੇ ਜਿ ਈਹਾਂ ਹੋਇਗਾ।’
  2. ਗਿਆਨ ਰਤਨਾਵਲੀ ਭਾਈ ਮਨੀ ਸਿੰਘ: ਪੰਦਰਾ ਸੈ ਅਠਤਰੈ ਚਉ ਗੱਤੇ ਹਿੰਦੁਸਤਾਨ ਮੇ ਆਵਨਗੇ ਅਰ ਹਿੰਦ ਰਾਜ 219 ਦੋ ਸੈ ਉਨੀ ਬਰਸ ਕਰਹਿੰਗੇ ਅਰ ਸਤਾਰਾਂ ਸੈ ਛਿਆਨਵੇਂ ਮੇਂ ਈਰਾਨ ਸੋਂ ਇੱਕ ਮੁਗਲ ਆਵੇਗਾ ਔਰ ਗੁਰ ਜੀ ਦਾ ਜਾਪ ਜਪਾਵੈਗਾ ਅਰ ਏਨਾਂ ਦਾ ਰਾਜ ਜੀਤ ਕੇ ਫੇਰ 297 ਨੂੰ ਅਰ ਸਤਾਰਾਂ ਸੋ ਸਨਾਨਵੇਂ ਮੇਂ ਉੱਠ ਜਾਵੇਗਾ ਅਤੇ ਉਸ ਤੋਂ ਪਿੱਛੋਂ ਦਸਵਾਂ ਅਉਤਾਰ ਅਸਾਡਾ ਨਰ ਰੂਪ ਹੋਵੇਗਾ ਸੋ ਉਹ ਜੋ ਮਰਦ ਹੈ ਉਸ ਦੇ ਸਿੱਖ ਖਾਲਸਾ ਸਦਾਇਨਗੇ ਅਰ ਸਨੇ ਸਨੇ ਹਿੰਦੁਸਤਾਨ ਦਾ ਰਾਜ ਖੋਹ ਲਵਨਗੇ। ਸੋ ਜੇ ਆਪਸ ਵਿੱਚ ਇੱਤਫ਼ਾਕ ਕਰਨਗੇ ਤਾਂ ਹੋਰਨਾਂ ਵਲਾਇਤਾਂ ਦਾ ਰਾਜ ਭੀ ਮੱਲ ਲਵਨਗੇ ਅਤੇ ਜੇ ਆਪਸ ਮੇਂ ਵਿਰੋਧ ਕਰਨਗੇ ਤਾਂ ਹਿੰਦੁਸਤਾਨ ਵਿੱਚ ਦੁਖ ਪਏ ਪਾਵਨਗੇ।
  3. ਗਿ. ਹਰਬੰਸ ਸਿੰਘ: ਦਰਸ਼ਨ ਨਿਰਣੈ, ਪੋਥੀ ਅੱਠਵੀਂ ਪੰਨਾ 86:- (ਕਾਬਲ ਤੋਂ ਮੁਗਲ 78 ਵਿਚ ਆਉਣਗੇ (ਅਤੇ) 97 ਵਿਚ ਚਲੇ ਜਾਣਗੇ (ਉਨ੍ਹਾਂ ਤੋਂ ਮਗਰੋਂ ਇੱਕ) ਹੋਰ ਮਰਦ ਕਾ ਚੇਲਾ ਉੱਠੇਗਾ। ਨਾਨਕ ਸੱਚ ਕੀ ਬਾਣੀ (ਭਾਵ ਸੱਚੀ ਗਲ) ਆਖਦਾ ਹੈ ਸੱਚ ਹੀ ਸੁਣਾਇਗਾ (ਕਿਉਂਕਿ ਇਹ ਸੱਚ ਸੁਣਾਉਣ ਦਾ ਵੇਲਾ ਹੈ)
  4. ਮਹਾਨ ਕੋਸ਼- ਕ੍ਰਿਤ ਭਾਈ ਕਾਨ੍ਹ ਸਿੰਘ ਜੀ ਨਾਭਾ:-ਆਵਨਿ ਅਠਤਰੈ: ਤਿਲੰਗ ਰਾਗ ਵਿੱਚ ਗੁਰੂ ਨਾਨਕ ਦੇਵ ਦਾ ਇਹ ਭਵਿੱਖਤ ਦਾ ਹਾਲ ਪ੍ਰਗਟ ਕਰਨ ਵਾਲਾ ਵਾਕ ਹੈ, ਜੋ ਭਾਈ ਲਾਲੋ ਪ੍ਰੇਮੀ ਨੂੰ ਸੰਬੋਧਨ ਕਰਕੇ ਉਚਾਰਿਆ ਹੈ, ਯਥਾ:-

     ‘‘ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ’’, ਇਸ ਦਾ ਅਰਥ ਹੈ ਕਿ ਇਸ ਥਾਂ ਸੈਦਪੁਰ (ਏਮਨਾਬਾਦ) ਵਿੱਚ ਮੁਗਲ ੧੫੭੮ ਬਿਕ੍ਰਮੀ ਨੂੰ ਆ ਕੇ ਹੰਕਾਰੀ ਪਠਾਣਾਂ ਨੂੰ ਤਬਾਹ ਕਰਨਗੇ ਅਤੇ ਭਾਰਤ ਤੋਂ ਸੰਮਤ ੧੫੯੭ ਨੂੰ ਚਲੇ ਜਾਣਗੇ, ਪਠਾਣਾਂ ਵਿੱਚੋਂ ਭੀ ਇੱਕ ਹੋਰ ਮਰਦ ਦਾ ਚੇਲਾ ਪ੍ਰਗਟ ਹੋਵੇਗਾ।

ਬਾਬਰ ਦੇ ਹਿੰਦੁਸਤਾਨ ਉੱਪਰ ਪੰਜ ਹੱਲੇ ਹੋਏ ਹਨ, ਇਹ ਤੀਜਾ ਹੱਲਾ ਸੰਮਤ ੧੫੭੮ ਦਾ ਸੀ, ਜਿਸ ਵਿੱਚ ਸੈਦਪੁਰ ਦੇ ਅਹੰਕਾਰੀ ਪਠਾਣ ਬਾਬਰ ਨੇ ਕਤਲ ਕੀਤੇ। ਸੰਮਤ ੧੫੯੭ ਵਿੱਚ ਕਨੌਜ ਦੀ ਲੜਾਈ ਅੰਦਰ ਸ਼ੇਰ ਸ਼ਾਹ ਤੋਂ ਹਾਰ ਖਾ ਕੇ ਹੁਮਾਯੂੰ ਭਾਰਤ ਛੱਡ ਗਿਆ। ‘ਭੀ’ ਸ਼ਬਦ ਬੋਧਨ ਕਰਦਾ ਹੈ ਕਿ ਮੁਗਲਾਂ ਕਰਕੇ ਜਿੱਤੇ ਹੋਏ ਪਠਾਣ ਫੇਰ ਭੀ ਰਾਜ ਪਾਉਣਗੇ, ਸੋ ਸ਼ੇਰ ਸ਼ਾਹ ਨੇ ਦਿੱਲੀ ਦਾ ਤਖ਼ਤ ਪ੍ਰਾਪਤ ਕੀਤਾ।

ਕਈ ਵਿਦਵਾਨ ਇਸ ਪੇਸ਼ੀਨਗੋਈ ਨੂੰ ਬਿਕ੍ਰਮੀ ਸੋਲਵੀਂ ਸਦੀ ਤੋਂ ਲੈ ਕੇ ਬੀਸਵੀਂ ਸਦੀ ਤਕ ਵਰਤਦੇ ਹਨ, ਅਰ ‘ਮਰਦ ਕਾ ਚੇਲਾ’ ਦਸਮੇਸ਼ ਅਤੇ ਖ਼ਾਲਸਾ ਪੰਥ ਨੂੰ, ਤਥਾ ਬੰਦਾ ਬਹਾਦਰ ਆਦਿ ਅਨੇਕਾਂ ਨੂੰ ਕਲਪਦੇ ਹਨ, ਪਰ ਇਹ ਉਨ੍ਹਾਂ ਦੀ ਭੁੱਲ ਹੈ, ਕਿਉਂਕਿ ਸਦੀ ਦਾ ਅੰਗ ਸਾਥ ਲਾਏ ਬਿਨਾ ਵਿਚਕਾਰਲੇ ਅੰਗ ਕੇਵਲ ਵਰਤਮਾਨ ਸਦੀ ਦੇ ਹੀ ਵਰਤੇ ਜਾ ਸਕਦੇ ਹਨ, ਜੇ ਸੋਲਵੀਂ ਸਦੀ ਤੋਂ ਬਾਹਰ ਦੀ ਘਟਨਾ ਸਤਿਗੁਰੂ ਵਰਣਨ ਕਰਦੇ, ਤਦ ਸਦੀ ਦਾ ਅੰਗ ਜ਼ਰੂਰ ਜੋੜਦੇ, ਏਥੇ ਕੇਵਲ ਸੋਲਵੀਂ ਸਦੀ ਦਾ ਅਠੱਤਰ ਅਤੇ ਸਤਾਨਵੇਂ ਹੈ।

  1. Gurbachan Singh Talib, in consultation with Bhai Jodh Singh, English Translation. Publication Bureau Punjabi University Patiala:-

Traditionally this hymn is stated to be addressed to Lalo, a carpenter of Saidpur (Eminabad) and a disciple of Guru Nanak Dev. ‘Lalo’ is apostrophized at the end of each line. The occasion is Babar’s invasion and sack of Sialkot and other areas. It may be possible that the holy Guru is here not addressing the man Lalo alone, but God, the Divine Beloved, ‘Mere Lal Jio’ is an expression occurring for God in the Scripture.

     Dān is the traditional term for giving away a daughter in wedlock and Satan making marriages, implies dishonour of Indian womanhood by Babar’s soldiery, ‘ਖੂਨ ਕੇ ਸੋਹਿਲੇ -ਵੇ ਲਾਲੋ॥’ ਵਾਲੀ ਤੁੱਕ ਨੂੰ ਸਾਹਮਣੇ ਰੱਖਦਿਆਂ, ਡਾ. ਤਾਲਿਬ ਹੁਰਾਂ ਪ੍ਰਭੂ-ਪ੍ਰਮਾਤਮਾ ਨੂੰ ਵੀ ਸੰਬੋਧਿਤ ਹੋਵਣ ਦਾ ਵਿਚਾਰ ਪੇਸ਼ ਕੀਤਾ ਹੈ।

  1. ਭਾਈ ਕੇਸਰ ਸਿੰਘ ਛਿੱਬਰ ਨੇ ‘ਅਠਤਰੈ’ ਦਾ ਭਾਵ ਅਰਥ ‘ਅੱਠ ਤੇ ਤਰੈ’ (83) ਤ੍ਰਿਆਸੀ ਕੀਤਾ ਹੈ। ਗਿਆਨੀ ਹਰਬੰਸ ਸਿੰਘ ਕਰਤਾ ‘ਦਰਸ਼ਨ ਨਿਰਣੈ’ ਨੇ ਉਕਤ ਵਿਆਖਿਆ ਵਿਚ ਬਾਬਰੀ ਹਮਲਿਆਂ ਦੇ ਕ੍ਰਮ-ਅੰਕ ਜਾਂ ਸਥਾਨ ਦਾ ਨਿਖੇੜਾ ਨਹੀਂ ਕੀਤਾ। ਪ੍ਰੋ. ਸਾਹਿਬ ਸਿੰਘ ਕਰਤਾ ‘ਦਰਪਣ’, ਹੁਰਾਂ ਨੇ ਇਸ ਸ਼ਬਦ ਦੇ ਵਿਸ਼ਾ-ਵਸਤੂ ਨੂੰ ਸੰਮਤ 1578 (ਸੰਨ 1521) ਵਿੱਚ ਬਾਬਰ ਦੇ ਤੀਜੇ ਹਮਲੇ ਦੌਰਾਨ ਸੈਦਪੁਰ (ਏਮਨਾਬਾਦ) ਦੀ ਹੋਈ ਬਰਬਾਦੀ ਤੇ ਕਤਲੇਆਮ ਨਾਲ ਜੋੜਿਆ ਹੈ।

* ਕਈ ਲਿਖਾਰੀਆਂ ਵੱਲੋਂ ‘ਮਹਾਰਾਜਾ ਰਣਜੀਤ ਸਿੰਘ ਜਾਂ ਸ. ਬਘੇਲ ਸਿੰਘ ਨੂੰ ‘ਮਰਦ ਕਾ ਚੇਲਾ’ ਕਹਿਣਾ ਠੀਕ ਨਹੀਂ ਕਿਉਂਕਿ ਇਨ੍ਹਾਂ ਦੋਹਾਂ ਨੇ ਦਿੱਲੀ ਦੇ ਤਖ਼ਤ ’ਤੇ ਬੈਠ ਕੇ ਹਕੂਮਤ ਨਹੀਂ ਕੀਤੀ’। ਇਹ ਵੀ ਜਾਣ ਲਈਏ ਕਿ ਸਹੀ ਤੱਥਾਂ ਤੱਕ ਅਪੜਨ ਲਈ ਪੁਰਾਤਨ ਲਿਖਤਾਂ ਦੀ ਬਹੁ-ਪੱਖੀ ਜਾਂਚ ਹੋਣੀ ਚਾਹੀਦੀ ਹੈ।

ਸਿੱਖ ਸਾਹਿਤ ਤੋਂ ਬਾਹਰਲੇ ਹਮਲਿਆਂ ਨੂੰ ਵੀ ਵਿਚਾਰਨਾ ਉਚਿਤ ਹੋਵੇਗਾ। ਬਾਬਰ ਦੀ ਲਿਖਤ ਅਨੁਸਾਰ:-ਜਦੋਂ ਅਮੀਰ ਤੈਮੂਰ ਨਛੱਤ੍ਰ-ਸੂਰ (ਸਾਹਿਬ ਕਿਰਾਂ) ਹਿੰਦੁਸਤਾਨ ਵਿਚ ਆਏ ਤੇ ਮੁੜ ਗਏ ਸਨ, ਉਦੋਂ ਤੋਂ ਹੀ ਇਹ ਇਲਾਕੇ… ਭੇਰਾ, ਖੁਸ਼ਾਬ ਤੇ ਚਨਿਓਟ… ਉਨ੍ਹਾਂ ਤੇ ਉਨ੍ਹਾਂ ਦੀ ਸੰਤਾਨ ਦੇ ਕਬਜ਼ੇ ਵਿੱਚ ਰਹੇ ਹਨ।…ਇਸ ਕਰਕੇ ਅਸੀਂ ਇਸ ਇਲਾਕੇ ਨੂੰ ਤਾਂ ਆਪਣਾ ਹੀ ਸਮਝਦੇ ਸਾਂ। ਸੋ ਅਸਾਂ ਇੱਥੋਂ ਦੇ ਵਸਨੀਕਾਂ ਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ। ਏਥੇ (ਭੇਰੇ) ਵਾਲਿਆਂ ਨੇ ਭੀ ਆਖਿਆ ਕਿ ‘ਜੇ ਸੁਲਹ-ਸਫਾਈ ਨਾਲ ਦਿੱਲੀ ਦਰਬਾਰ ਨਾਲ ਗੱਲ ਕੀਤੀ ਜਾਵੇ; ਤਾਂ ਜੋ ਮੁਲਕ ਤੁਰਕਾਂ ਦਾ ਹੈ, ਉਸ ਪਰ ਓਹ ਦਾਵਾ ਨਹੀਂ ਕਰਨਗੇ।’

…ਇਸ ਵਾਸਤੇ, ਮੁੱਲਾ ਮੁਰਸ਼ਿਦ ਨੂੰ ਰਾਜਦੂਤ ਬਣਾ ਕੇ, ਸੁਲਤਾਨ ਇਬਰਾਹੀਮ ਪਾਸ ਭੇਜਿਆ ਅਰੁ ਜਿਤਨਾ ਮੁਲਕ ਕਦੀਮ ਤੋਂ ਤੁਰਕਾਂ ਦਾ ਸੀ, ਉਸ ਦਾ ਦਾਵਾ ਕੀਤਾ। ਜੋ ਪੱਤਰ ਦੌਲਤਖਾਨ ਸੂਬੇਦਾਰ ਲਾਹੌਰ ਅਤੇ ਸੁਲਤਾਨ ਇਬਰਾਹੀਮ ਦੇ ਨਾਮ ਲਿਖੇ; ਰਾਜਦੂਤ ਦੇ ਹੱਥ ਦਿੱਤੇ ਗਏ। ਕੁਝ ਜ਼ਬਾਨੀ ਸੁਨੇਹੇ ਵੀ ਦਿੱਤੇ ਅਰ ਮੁੱਲਾਂ ਮੁਰਸ਼ਿਦ ਨੂੰ ਟੋਰ ਦਿੱਤਾ ਗਿਆ।

…‘ਹਿੰਦੁਸਤਾਨੀ ਬੇ-ਵਕੂਫ ਹੁੰਦੇ ਹਨ। ਨਾ ਦੁਸ਼ਮਨੀ ਕਰਨ ਦੀ ਉਨ੍ਹਾਂ ਨੂੰ ਜਾਚ ਹੈ, ਨਾ ਦੋਸਤੀ ਨਿਬਾਹੁਣਾ ਜਾਣਦੇ ਹਨ। ਨਾ ਮੁਕਾਬਲੇ ਪੁਰ ਡਟਣ ਦਾ ਜਿਗਰਾ ਰੱਖਦੇ ਹਨ, ਤੇ ਨਾ ਨੱਸ ਜਾਣ ਦਾ ਉਨ੍ਹਾਂ ਨੂੰ ਵੱਲ ਆਉਂਦੈ।’ ਸਾਡੇ ਘਲੇ ਏਲਚੀ ਨੂੰ ਦੌਲਤ ਖਾਨ ਨੇ ਚੋਖਾ ਚਿਰ ਲਾਹੌਰ ਹੀ ਅਟਕਾ ਰੱਖਿਆ, ਨਾ ਤਾਂ ਖੁਦ ਉਸ ਨਾਲ ਮਿਲਣੀ ਕੀਤੀ ਤੇ ਨਾ ਉਸ ਨੂੰ ਸੁਲਤਾਨ ਇਬਰਾਹੀਮ ਪਾਸ ਜਾਣ ਦਿੱਤਾ। ਉਸ ਵਿਚਾਰੇ ਦੀ ਜਦ ਕਿਸੇ ਵਾਤ ਨਾ ਪੁੱਛੀ ਤੇ ਉਸ ਨੂੰ ਕੋਈ ਜਵਾਬ ਵੀ ਨਾ ਮਿਲਿਆ, ਤਾਂ ਉਹ ਨਿਰਾਸ਼ ਹੋ ਕੇ ਕੁਝ ਦਿਨ ਬਾਅਦ ਕਾਬੁਲ ਮੁੜ ਆਇਆ।’ (ਤੁਜ਼ਕਿ ਬਾਬਰੀ-ਉਰਦੂ ਸਫ਼ਾ 226-27)

ਬਾਬਰ ਦਾ ਉਕਤ ਬਿਆਨ, ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਤੁੱਕ ‘ਜੋਰੀ ਮੰਗੈ ਦਾਨ ਵੇ ਲਾਲੋ॥’ ਦੇ ਪਿਛੋਕੜ ’ਚ ਰਹੀ ਅਸਲੀਅਤ ਦਾ ਕਬੂਲਨਾਮਾ ਹੀ ਤਾਂ ਹੈ !

ਕਾਬਲ ਦਾ ਮੀਰ ਬਾਬਰ, ਸਾਡੇ ਦੇਸ਼ ਉੱਤੇ ਕੁੱਲ 5 ਵਾਰੀ ਹਮਲਾਵਰ ਹੋਇਆ। ਪਹਿਲੇ ਦੋ ਹੱਲਿਆਂ ਸਮੇਂ ਉਹ ਦਰਿਆ ਅਟਕ ਪਾਰ ਨਹੀਂ ਕਰ ਸਕਿਆ। ਭੇਰਾ-ਖੁਸ਼ਾਬ ਦਾ ਇਲਾਕਾ (ਅਟਕ ਤੇ ਝਨਾ ਦਰਿਆਵਾਂ ਦੇ ਵਿਚਕਾਰਲਾ ਖੇਤਰ) ਫ਼ਤਹਿ ਕਰਨ ਦੀ ਤਾਰੀਕ 21,22 ਸਫ਼ਰ 925 ਹਿਜਰੀ ਬੁੱਧ-ਵੀਰਵਾਰ ਲਿਖੀ ਹੋਈ ਹੈ, ਜੋ ਫੱਗੁਣ 27, 28 ਸੰਮਤ 1575 ਬਣਦੀ ਹੈ। ਇਹ ਬਾਬਰ ਦਾ ਤੀਜਾ ਧਾਵਾ ਸੀ। ਬਾਬਰ ਨੇ ਚੌਥਾ ਹਮਲਾ 930 ਹਿਜਰੀ ਦੌਰਾਨ ਅਰਥਾਤ ਸੰਮਤ 1580 ਬਿ.’ਚ ਕੀਤਾ ਸੀ। ਇਸ ਮੁਹਿੰਮ ਰਾਹੀਂ ਉਸ ਨੇ ਬਿਆਸ ਦਰਿਆ ਤੋਂ ਪਾਰਲਾ ਸਾਰਾ ਮੁਲਕ ਦੀਪਾਲਪੁਰ ਤੱਕ ਫ਼ਤਹਿ ਕਰਕੇ, ਹਰ ਥਾਂ ਆਪਣੇ ਅਹੁਦੇਦਾਰ ਤੇ ਕਰਿੰਦੇ ਪ੍ਰਬੰਧ ਵਾਸਤੇ ਨੀਅਤ ਕਰ ਦਿੱਤੇ ਸਨ। ਇਸ ਹਿਸਾਬ ਨਾਲ ਸੰਮਤ 1578 ਸਹੀ ਨਹੀਂ ਬੈਠਦਾ। ਗੁਰੂ ਬਾਬਾ ਜੀ ਵੱਲੋਂ ‘ਕਾਬਲੁਹੁੰ ਧਾਇਆ’ ਆਖਣਾ ਇਹ ਨਿਸ਼ਚਿਤ ਕਰਦਾ ਹੈ ਕਿ ਬਾਬਰ ਨੇ ਹਮਲੇ ਸ਼ੁਰੂ ਕਰ ਦਿੱਤੇ ਸਨ, ਪਰ ਭਵਿੱਖਬਾਣੀ ਕਰਦੇ ਅਗੰਮੀ-ਬਚਨ, ਪੰਜਵੇ ਹਮਲੇ ਬਾਰੇ ਹੀ ਸਿੱਧ ਹੁੰਦੇ ਹਨ, ਜਿਸ ਰਾਹੀਂ ਮੀਰ ਬਾਬਰ ਪਾਣੀਪਤ ਦੇ ਮੈਦਾਨ ਅੰਦਰ ਸ਼ੁਕਰਵਾਰ 8 ਰੱਜਬ 932 ਹਿਜਰੀ ਅਰਥਾਤ ਵੈਸਾਖ 24 ਸੰਮਤ, 1583 ਬਿ. (20 ਅਪ੍ਰੈਲ 1526 ਈ.) ਨੂੰ ਭਿਆਨਕ ਜੰਗੀ ਤਬਾਹੀ ਤੇ ਕਤਲੋਗਾਰਤ ਕਰਦਿਆਂ, ਦਿੱਲੀ ਦੇ ਬਾਦਸ਼ਾਹ ਸੁਲਤਾਨ ਇਬਰਾਹੀਮ ਨੂੰ ਮਾਰਨ ਉਪਰੰਤ, ਹਿੰਦੋਸਤਾਨ ਦੀ ਹਕੂਮਤ ਦਾ ਮਾਲਕ ਬਣਿਆ ਸੀ।

ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਇਤਿਹਾਸ ਦੇ ਉਸ ਮੁਕਾਮ ’ਤੇ ਹੋਇਆ ਜਦੋਂ ਸੰਸਾਰ ਵਿਚ ਸਮਾਜਕ ਮਜ਼ਹਬੀ, ਰਾਜਸੀ ਤੇ ਇਖਲਾਕੀ ਹਰ ਤਰ੍ਹਾਂ ਦੀ ਅਧੋਗਤੀ ਪਸਰੀ ਹੋਈ ਸੀ। ਬਾਲ ਨਾਨਕ ਦੇ ਬਚਪਨ ਦੌਰਾਨ ਹੀ ਸਭਨਾ ਵੱਲੋਂ ਵੇਖੀ ਜਾਂਦੀ ਗਹਿਰ-ਗੰਭੀਰਤਾ, ਸੁਘੜ ਸਿਆਣੇ ਪਾਂਧੇ ਤੇ ਮੁੱਲਾਂ ਜੀ ਨੂੰ ਬੜੀ ਸਰਲਤਾ ਨਾਲ ਆਪਣੀ ਵਿਲੱਖਣ ਸੂਝ-ਬੂਝ ਦੀ ਪਛਾਣ ਕਰਵਾ ਦੇਣੀ ਅਤੇ ਕਈ ਹੋਰ ਅਦਭੁਤ ਘਟਨਾਵਾਂ ਨੇ ਮੁਕਾਮੀ-ਹਾਕਿਮ ਰਾਇ ਭੋਇ ਭੱਟੀ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬਾਲ-ਗੁਰੂ ਦਾ ਮੁਰੀਦ ਬਣਾ ਦਿੱਤਾ ਸੀ। ਆਸ-ਪਾਸ ਇਲਾਕੇ ਦੇ ਹੋਰ ਵੱਡੇ-ਵਡੇਰਿਆਂ ਉੱਤੇ ਵੀ ਪੈਗੰਬਰੀ-ਪ੍ਰਭਾਵ ਪੈਣਾ ਸਹਜ-ਸੁਭਾਵਕ ਹੀ ਸੀ। ਭਾਈਆ ਜੈ ਰਾਮ ਦੀ ਮਾਰਫ਼ਤ, ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੀ ਨੌਕਰੀ ਕਰਦਿਆਂ ਗੁਰੂ ਜੀ ਨੂੰ ਆਮ ਰਿਆਇਆ ਤੇ ਸਰਕਾਰੀ-ਦਰਬਾਰੀ ਅਮਲੇ ਬਾਰੇ ਬਹੁਤ ਤਰ੍ਹਾਂ ਦੀ ਵਾਕਫ਼ੀਅਤ ਹੋਈ, ਜਿਸ ਸੰਬੰਧੀ ਕਰੜੀ-ਆਲੋਚਨਾ ਗੁਰਬਾਣੀ ਵਿਚ ਉਪਲਬਧ ਹੈ। ਇਸ ਸਮੇਂ ਪੰਜਾਬ ਪੂਰੀ ਤਰ੍ਹਾਂ ਦੌਲਤ ਖਾਨ ਲੋਧੀ ਜੋ ਦਿੱਲੀ ਦੇ ਹੁਕਮਰਾਨ ਸੁਲਤਾਨ ਇਬਰਾਹੀਮ ਲੋਧੀ ਦੇ ਵੰਸ਼ ਵਿੱਚੋਂ ਹੀ ਸੀ, ਦੇ ਪ੍ਰਸ਼ਾਸਕੀ-ਪ੍ਰਬੰਧਨ ਅਧੀਨ ਸੀ। ਨਵਾਬ ਸਾਹਿਬ ਦੀ ਪੱਕੀ ਰਿਹਾਇਸ਼ ਉਦੋਂ ਸੁਲਤਾਨਪੁਰ ਵਿਖੇ ਸੀ ਅਤੇ ਉਹ ਬ-ਜ਼ਾਤੇ ਖ਼ੁਦ ਨੇਕ ਨੀਅਤ ਇਨਸਾਨ ਤੇ ਨਾਨਕ-ਨਿੰਰਕਾਰੀ ਦੀਆਂ ਧਰਮ-ਸਿਖਿਆਵਾਂ ਤੋਂ ਭਲੀ ਪਰਕਾਰ ਵਰੋਸਾਇਆ ਹੋਇਆ ਸੀ। ਇਸ ਦੀ ਗਵਾਹੀ ਭਾਈ ਗੁਰਦਾਸ ਜੀ ਵੱਲੋਂ ੧੧ਵੀਂ ਵਾਰ ਦੀ ੧੩ਵੀਂ ਪਉੜੀ ’ਚ ਦਰਜ ਹੈ: ਦਉਲਤ ਖਾਂ ਲੋਦੀ ਭਲਾ ਹੋਆ ਜਿੰਦਪੀਰ ਅਬਿਨਾਸੀ।

ਗੁਰੂ ਨਾਨਕ ਸਾਹਿਬ ਅਰਬ, ਈਰਾਨ ਤੇ ਈਰਾਕ ਦੇ ਦੌਰੇੇ ਤੋਂ ਵਾਪਸੀ ਕਰਦਿਆਂ, ਕਾਬੁਲ-ਕੰਧਾਰ ਦੇ ਰਸਤੇ ਆਪਣੇ ਵਤਨਾਂ ਨੂੰ ਮੁੜੇ ਸਨ। ਦੇਸਾਂ-ਪਰਦੇਸਾਂ ਦੀਆਂ ਸਮਾਜਕ ਸਥਿਤੀਆਂ, ਰਾਜਨੀਤਿਕ ਵਿਉਂਤਬੰਦੀਆਂ ਤੇ ਮੁਗ਼ਲ ਮੀਰਾਂ-ਅਮੀਰਾਂ ਦੇ ਇਰਾਦਿਆਂ ਦੀਆਂ ਕੰਨਸੋਆਂ ਤੋਂ ਬਾਖ਼ੂਬੀ ਵਾਕਫ਼ ਹੋ ਚੁੱਕੇ ਸਨ। ਇਸੇ ਤਰ੍ਹਾਂ ਜਦੋਂ ਰਸਤੇ ਵਿੱਚ ਭਾਈ ਲਾਲੋ ਜੀ ਦੇ ਪ੍ਰੇਮ-ਬੰਧਨਾ ਦੇ ਬੱਧੇ ਸੈਦਪੁਰ-ਏਮਨਾਬਾਦ ਵਿਖੇ ਕੁਝ ਦਿਨਾਂ ਲਈ ਠਹਿਰੇ ਸਨ, ਉਹ ਆਪਣੇ ਅੰਤਰ ਆਤਮੇ ਆਮ ਲੋਕ-ਮਾਨਸਿਕਤਾ, ਭਾਰਤੀ ਰਾਜ ਸੱਤਾ ਦੀਆਂ ਕਮਜ਼ੋਰੀਆਂ ਤੇ ਰੱਬੀ-ਰਜ਼ਾ ਦੀਆਂ ਸੰਭਾਵੀ ਹੋਣੀਆਂ ਨੂੰ ਸੰਜੀਵ ਸਰੂਪ ਵਿੱਚ ਅਨੁਭਵ ਕਰ ਰਹੇ ਸਨ।’ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥’ ਦੀ ਸ਼ੁਰੂਆਤੀ ਤੁਕ ਸਪਸ਼ਟ ਕਰਦੀ ਹੈ ਕਿ ‘ਇਹ’ ਪ੍ਰਕਰਣ ਦੁਨੀਆਵੀ ਜਾਣਕਾਰੀ ਨਹੀਂ ਬਲਕਿ ਪ੍ਰਭੂ-ਖਸਮ ਵਲੋਂ ਆਵੇਸ਼ਿਤ ਹੋ ਰਿਹਾ ਅਨੁਭਵੀ ਗਿਆਨ ਹੈ। ਧਾਰਮਿਕ, ਸਮਾਜਿਕ ਤੇ ਨੈਤਿਕ ਪਤਨ ਦਾ ਵਿਵੇਚਨ ਹਿੰਦੋਸਤਾਨੀ ਹੁਕਮਰਾਨਾ ਤੇ ਰਿਆਇਆ ਨਾਲ ਸੰਬਧਿਤ ਹੈ। ‘ਕਰੇਸ’, ‘ਟੁਕ ਟੁਕ ਹੋਸੀ’ ‘ਸਮਾਲਸੀ’ ਅਤੇ ‘ਆਵਨਿ ਅਠਤਰੈ ਜਾਨਿ ਸਤਾਨਵੈ’ ਅਤੇ ‘ਉਠਸੀ’ ਸਾਰੀਆਂ ਕਿਰਿਆਵਾਂ ਭਵਿੱਖਵਾਚੀ ਹਨ।

ਵੈਸਾਖ 24 ਸੰਮਤ 1583 (ਸ਼ੁਕਰਵਾਰ ਅੱਠਵੀਂ ਰੱਜਬ 932 ਹਿਜਰੀ ਜੋ ਈਸਵੀ ਸੰਨ 1526 ਦੇ ਅਪ੍ਰੈਲ ਮਹੀਨੇ ਦੀ 20 ਤਾਰੀਖ ਬਣਦੀ ਹੈ) ਨੂੰ ਪਾਣੀਪਤ ਦੇ ਮੁਕਾਮ ’ਤੇ ਘਮਸਾਣ ਦਾ ਯੁੱਧ ਹੋਇਆ। ਸੁਲਤਾਨ ਇਬਰਾਹੀਮ ਲੋਧੀ ਬੇਸ਼ੁਮਾਰ ਸਾਥੀਆਂ ਸਮੇਤ ਮਾਰਿਆ ਗਿਆ। ਲੋਧੀਆਂ ਦੇ ਪਠਾਣੀ-ਰਾਜ ਦੇ ਖਾਤਮੇ ਨਾਲ ਮੀਰ ਬਾਬਰ ਨੇ ਦਿੱਲੀ-ਤਖਤ ਸੰਭਾਲਿਆ ਅਤੇ ਮੁਗ਼ਲ-ਸਲਤਨਤ ਦੀ ਨੀਂਹ ਰੱਖੀ ਗਈ। ਇਸ ਜੰਗ ਰਾਹੀਂ ਹੋਏ ਰਾਜ-ਪਲਟੇ ਦੌਰਾਨ ਹੋਈ ਕਤਲੋਗਾਰਤ, ਅਮੀਰਾਂ-ਵਜ਼ੀਰਾਂ ਸਮੇਤ ਆਮ-ਮਖ਼ਲੂਕਾਤ ਦੀ ਹੋਈ ਬਰਬਾਦੀ ਅਤੇ ਪੂਰੇ ਘਟਨਾਕ੍ਰਮ ਦੇ ਕਾਰਨਾਂ-ਨਤੀਜਿਆਂ (causes & Effects) ਦੀ ਨਿਸ਼ਾਨਦੇਹੀ ਕਰਨ ਦੇ ਨਾਲੋ ਨਾਲ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ, ਰਚਨਾਵਾਂ ਅੰਦਰ, ਉਪਦੇਸ਼ਾਤਮਕ-ਚੇਤਾਵਨੀਆਂ ਵੀ ਦਰਜ ਕੀਤੀਆਂ ਹਨ:

  1. ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ; ਕੁਇਰੁ ਨ ਰੋਟੀ ਖਾਇ ॥੫॥  ਇਕਨਾ ਵਖਤ ਖੁਆਈਅਹਿ; ਇਕਨ੍ਾ ਪੂਜਾ ਜਾਇ ॥  ਚਉਕੇ ਵਿਣੁ ਹਿੰਦਵਾਣੀਆ; ਕਿਉ ਟਿਕੇ ਕਢਹਿ ਨਾਇ  ?॥  ਰਾਮੁ ਨ ਕਬਹੂ ਚੇਤਿਓ; ਹੁਣਿ ਕਹਣਿ ਨ ਮਿਲੈ ਖੁਦਾਇ ॥੬॥  ਇਕਿ ਘਰਿ ਆਵਹਿ ਆਪਣੈ; ਇਕਿ ਮਿਲਿ ਮਿਲਿ ਪੁਛਹਿ ਸੁਖ ॥  ਇਕਨ੍ਾ ਏਹੋ ਲਿਖਿਆ; ਬਹਿ ਬਹਿ ਰੋਵਹਿ ਦੁਖ ॥  ਜੋ ਤਿਸੁ ਭਾਵੈ ਸੋ ਥੀਐ; ਨਾਨਕ ! ਕਿਆ ਮਾਨੁਖ  ?॥੭॥੧੧॥ (ਮਹਲਾ ੧/ ਪੰਨਾ ੪੧੭) ਅਤੇ ਆਸਾ ਮਹਲਾ ੧ ॥  ਕਹਾ ਸੁ ਖੇਲ ਤਬੇਲਾ ਘੋੜੇ ? ਕਹਾ ਭੇਰੀ ਸਹਨਾਈ ? ॥  ਕਹਾ ਸੁ ਤੇਗਬੰਦ ਗਾਡੇਰੜਿ ? ਕਹਾ ਸੁ ਲਾਲ ਕਵਾਈ  ?॥  ਕਹਾ ਸੁ ਆਰਸੀਆ ਮੁਹ ਬੰਕੇ ? ਐਥੈ ਦਿਸਹਿ ਨਾਹੀ ॥੧॥  ਇਹੁ ਜਗੁ ਤੇਰਾ; ਤੂ ਗੋਸਾਈ ॥  ਏਕ ਘੜੀ ਮਹਿ ਥਾਪਿ ਉਥਾਪੇ; ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ (ਮਹਲਾ ੧/ ਪੰਨਾ ੪੧੮)
  2. ਬਾਦਸ਼ਾਹ ਬਾਬਰ, ਹਿੰਦੋਸਤਾਨ ਉੱਤੇ 5 ਕੁ ਸਾਲ ਹਕੂਮਤ ਕਰਨ ਮਗਰੋਂ ਇਸ ਆਤਸ਼-ਦੁਨੀਆਂ ਤੋਂ ਰੁਖਸਤ ਹੋਇਆ। ਉਸ ਦੇ ਚਾਰ ਪੁੱਤਰ ਮੁਹੰਮਦ ਹੁਮਾਯੂੰ, ਕਾਮਰਾਨ, ਅੱਸਕਰੀ ਤੇ ਹਿੰਦਾਲ ਸਨ। ਬਾਬਰ ਸਭਨਾਂ ਤੋਂ ਵੱਡਾ ਤੇ ਸਮਰੱਥ ਹੋਣ ਕਰਕੇ ਤਾਜੋ ਤਖਤ ਦਾ ਮਾਲਕ ਬਣਿਆ। ਪੂਰਬ ਵੱਲ ਬਿਹਾਰ ਦੀ ਸਰਹੱਦ ਤੱਕ ਤੇ ਦੱਖਣ ਵੱਲ ਗੁਜਰਾਤ-ਕਾਠੀਆਵਾੜ ਤੱਕ ਆਪਣੀ ਸਲਤਨਤ ਦਾ ਪਾਸਾਰ ਕਰਨ ਵਿੱਚ ਕਾਮਯਾਬ ਹੁੰਦਾ ਗਿਆ। ਉਦੋਂ ਦੇਸ ਬਿਹਾਰ ਜੌਨਪੁਰ ਤੇ ਚੂਨਾਰਗੜ੍ਹ ਉੱਤੇ ਅਫ਼ਗਾਨੀ ਸ਼ੇਰ ਖਾਨ ਸੂਰੀ ਰਾਜ ਕਰ ਰਿਹਾ ਸੀ। ਸ਼ੇਰ ਖਾਨ ਦਾ ਮੁੱਢਲਾ ਨਾਂ ‘ਫ਼ਰੀਦ’, ਪਿਤਾ ਹਸਨ ਤੇ ਦਾਦਾ ਇਬਰਾਹੀਮ ਸੂਰ-ਬੰਸੀ ਸੀ। ਫਰੀਦ ਨੇ ਬਿਹਾਰ ਦੇ ਤਤਕਾਲੀਨ ਹਾਕਿਮ ਸੁਲਤਾਨ ਮੁਹੰਮਦ ਕੋਲ ਨੌਕਰੀ ਕਰਦਿਆ, ਸ਼ਾਹੀ ਸ਼ਿਕਾਰ ਮੁਹਿੰਮ ਦੌਰਾਨ ਜਦੋਂ ਇੱਕ ਖੂੰਖਾਰ ਸ਼ੇਰ ਨੇ ਅਚਨਚੇਤ ਹਮਲਾ ਕਰਦਿਆ ਕਈਆਂ ਨੂੰ ਮੌਤ ਦਾ ਨਿਵਾਲਾ ਬਣਾ ਦਿੱਤਾ, ਉਦੋਂ ਫਰੀਦ ਨੇ ਹੈਰਾਨਕੁਨ ਹੌਸਲਾ ਕਰਦਿਆਂ, ਪੌਰਖਾ ਸੰਭਾਲ ਕੇ ਸ਼ੇਰ ਨੂੰ ਮਾਰ ਮੁਕਾਇਆ। ਸੁਲਤਾਨ ਨੇ ਸ਼ਾਬਾਸ਼ੀ ਦੇਂਦਿਆਂ ‘ਸ਼ੇਰ ਖਾਨ’ ਦਾ ਖਿਤਾਬ ਬਖ਼ਸ਼ਿਆ।

ਸ਼ੇਰ ਖਾਨ ਦੀ ਯੋਗਤਾ ਤੇ ਕਾਮਯਾਬੀਆਂ ਦਾ ਸਿਹਰਾ, ਸ਼ੇਰ ਖਾਨ ਦੇ ਮੁਰਸ਼ਿਦ ਪੀਰ ਸ਼ੇਖ ਖ਼ਲੀਲ ਸਾਹਿਬ ਦੇ ਸਿਰ ਬੱਝਦਾ ਹੈ, ਜਿਨ੍ਹਾਂ ਨੇ ਉਸ ਨੂੰ ਰਾਜ-ਯੋਗ ਦੀ ਸਿੱਖਿਆ-ਦੀਖਿਆ ਦੇ ਕੇ ਪੱਕੇ ਇਰਾਦੇ ਨਾਲ ਅਗਾਂਹ-ਵਧੂ ਸੂਰਮਾ ਬਣਾਇਆ ਸੀ। ਪੀਰ ਸਾਹਿਬ ਹਮੇਸ਼ਾ ਉਸ ਦੇ ਸੰਗ-ਸਾਥ ਰਹਿ ਕੇ ਸਹਾਇਤਾ ਤੇ ਸਹੀ-ਸੁਝਾਅ ਦਿੰਦੇ ਰਹਿੰਦੇ ਸਨ। ਸ਼ੇਖ ਖਲੀਲ ਹਜ਼ਰਤ ਸ਼ੇਖ ਫਰੀਦ ‘ਸ਼ਕਰਗੰਜ’ ਦੇ ਪੋਤਰੇ ਸਨ, ਜਿਸ ਕਾਰਨ ਗੁਰੂ ਨਾਨਕ ਸਾਹਿਬ ਨੇ ਸ਼ੇਰ ਖਾਨ ਨੂੰ ‘ਮਰਦ ਕਾ ਚੇਲਾ’ ਆਖਦਿਆਂ ਵਡਿਆਇਆ ਹੈ।

ਹੁਮਾਯੂੰ ਬਾਦਸ਼ਾਹ ਨੇ ਜਦੋਂ ਸ਼ੇਰ ਖਾਨ ਉੱਤੇ ਚੜਾਈ ਕੀਤੀ ਤਾਂ ਵਿਚੋਲਗੀ ਦੁਆਰਾ ਸੁਲਹ ਕਰ ਕੇ ਜੰਗ ਟਾਲਣ ਵਾਸਤੇ ਰਜ਼ਾਮੰਦੀ ਬਣ ਗਈ। ਇਹ ਸ਼ੇਰ ਖਾਨ ਦੀ ਫ਼ੌਜੀ ਪੈਂਤੜੇਬਾਜ਼ੀ ਸੀ। ਉਸ ਨੇ ਅੱਧੀ ਰਾਤ ਅਚਨਚੇਤੀ ਬਹੁਤ ਤੇਜ਼ੀ ਨਾਲ ਵੱਡੇ ਭਾਰੀ ਬਾਦਸ਼ਾਹੀ-ਲਸ਼ਕਰ ਉੱਤੇ ਹੱਲਾ ਬੋਲ ਦਿੱਤਾ। ਸ਼ਾਹੀ ਫ਼ੌਜੀਆਂ ਨੂੰ ਸ਼ਸਤਰ ਸੰਭਾਲਣ ਦੀ ਵੀ ਫੁਰਸਤ ਨਾ ਮਿਲੀ। ਬਾਦਸ਼ਾਹ ਹੁਮਾਯੂੰ ਸਣੇ ਸਾਰੇ ਮੁਗ਼ਲੀਆਂ ਸਿਪਹਸਲਾਰ ਤੇ ਸੂਰਮੇ ਸਿਪਾਹੀਆਂ ਦੇ ਵਹੀਰ, ਜਿੱਧਰ ਨੂੰ ਮੂੰਹ ਹੋਇਆ ਭੱਜਣ ਲੱਗੇ। ਬਹੁਤੇ ਮਾਰੇ ਗਏ, ਕਈ ਗੰਗਾਂ ’ਚ ਰੁੜ੍ਹ ਕੇ ਖੁਦਾ ਨੂੰ ਪਿਆਰੇ ਹੋ ਗਏ। ਬਾਦਸ਼ਾਹ ਆਪੂੰ, ਮਾਸ਼ਕੀ ਨਿਜ਼ਾਮ ਸੱਕੇ ਦੀ ਮਸ਼ਕ ਰਾਹੀਂ ਬਚ ਕੇ ਪਾਰ ਲੰਘਿਆ। ਆਗਰੇ ਪਹੁੰਚ ਕੇ ਅਜੇ ਟਿਕਾਣਾ ਕੀਤਾ ਹੀ ਸੀ ਕਿ ਪਿਛੋਂ ਸ਼ੇਰ ਖਾਨ ਦੇ ਜੰਗਜੂ ਜਵਾਨਾਂ ਦੇ ਅੱਪੜ ਪੈਣ ਦੀ ਖ਼ਬਰ ਮਿਲੀ। ਉਸ ਸਮੇਂ ਸ਼ਾਹੀ ਸੈਨਾ ਵਿਚ ਇੱਕ ਲੱਖ ਸਵਾਰ ਸਨ ਤੇ ਸ਼ੇਰ ਖਾਨ ਦੀ ਕਮਾਨ ਥੱਲੇ ਮਸਾਂ ਪੰਜਾਹ ਹਜ਼ਾਰ। ਵੱਡੇ ਵੱਡੇ ਇਤਬਾਰੀ ਤੇ ਰਿਸ਼ਤੇਦਾਰੀਆਂ ਵਿੱਚੋਂ ਆਏ ਲੜਾਕੂ ਸੂਰਮੇ ਵੀ ਬਾਦਸ਼ਾਹ ਨੂੰ ਦਗ਼ਾ ਦੇ ਗਏ ਅਤੇ ਇਉਂ ਸ਼ਾਹੀ-ਦਲ ਵਿਚ ਆਪੌ ਧਾਪੀ ਛਿੜ ਪਈ। ਵਰਖਾ ਰੱੁਤ ਹੋਣ ਕਾਰਨ, ਮੋਹਲੇਧਾਰ ਮੀਂਹ ਵਰਿਆ। ਬਾਦਸ਼ਾਹੀ-ਲਸ਼ਕਰ ਦਾ ਟਿਕਾਣਾ ਨੀਵੇਂ ਥਾਂ ਹੋਣ ਕਰਕੇ ਮੁਸ਼ਕਲਾਤ ਵਧ ਚੁੱਕੀ ਸੀ ਤੇ ਉਤੋਂ ਸ਼ੇਰ ਖਾਨ ਅਚਿੰਤੇ ਬਾਜ਼ ਵਾਂਗ ਆ ਪਿਆ। ਬਹੁਤੇ ਤਾਂ ਬਿਨਾ ਲੜੇ ਹੀ ਭੱਜ ਨਿਕਲੇ, ਥੋੜੇ ਜਿਹੇ ਵਫ਼ਾਦਾਰ, ਜਾਨਾਂ ਹੂਲ ਕੇ ਲੜ ਮਰੇ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ, ਪਾਸਾ ਪਲਟ ਚੁੱਕਾ ਸੀ। ਬਾਦਸ਼ਾਹ ਹੁਮਾਯੂੰ ਨੇ ਆਪਣਾ ਘੋੜਾ ਦਰਿਆ ਵਿੱਚ ਠੇਲ੍ਹ ਦਿੱਤਾ। ਇਹ ਫੈਸਲਾਕੁਨ ਲੱਕ ਤੋੜਵੀਂ ਹਾਰ 10 ਮੁਹੱਰਮ 947 ਹਿਜਰੀ ਅਰਥਾਤ ਸੰਮਤ 1597 ਬਿ. 21 ਜੇਠ ਸੋਮਵਾਰ ਨੂੰ ਹੋਈ ਸੀ। ਇੱਥੋਂ ਜਾਨ ਬਚਾ ਕੇ ਨਸੇ ਜਾਂਦੇ ਬਾਬਰਕਿਆ ਦੇ, ਆਗਰੇ-ਦਿੱਲੀ-ਲਾਹੌਰ ਕਿਤੇ ਵੀ ਪੈਰ ਟਿੱਕ ਨਾ ਸਕੇ ਤੇ ਪੰਜ ਛੇ ਮਹੀਨਿਆਂ ਦੀ ਭਾਜੜ ਮਗਰੋਂ ਹੁਮਾਯੂੰ, ਰਾਵੀ ਦਰਿਆ ਲੰਘਦਿਆ ਭੇਰੇ ਵੱਲ ਤੇ ਫਿਰ ਦਰਿਆ ਸਿੰਧ ਪਾਰ ਕਰ ਗਿਆ। ਇਸ ਤਰ੍ਹਾਂ ਨਾਨਕ ਨਿਰੰਕਾਰੀ ਸਤਿਗੁਰੂ ਦਾ ਉਕਤ ਅਗੰਮੀ ਵਾਕ ‘‘ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥’’ (ਮਹਲਾ ੧/ ਪੰਨਾ ੭੨੩) ਅਟਲਾਧਾ (ਅਟੱਲ) ਸਿੱਧ ਹੋਇਆ, ‘‘ਇਕਿ ਸਾਧ ਬਚਨ ਅਟਲਾਧਾ ॥’’ (ਮਹਲਾ ੫/ ੧੨੦੪)

ਸੋ ਹਥਲਾ ਵਿਸ਼ਾ ‘‘ਆਵਨਿ ਅਠਤਰੈ ਜਾਨਿ ਸਤਾਨਵੈ’’ ’ਚ ਭਾਵੇਂ ਟੀਕਾਕਰਾਂ ਵੱਲੋਂ ਦਰਸਾਏ ਗਏ ਕਈ ਪੱਖਾਂ ਨੂੰ ਰੂਪਮਾਨ ਕੀਤਾ ਗਿਆ, ਵਿਚਾਰਿਆ ਗਿਆ ਹੈ ਪਰ ਇਹ ਘਟਨਾ ਸੈਦਪੁਰ (ਤਦ ਇਹ ਇਲਾਕਾ ਹਿੰਦੋਸਤਾਨ ’ਚ ਆਉਂਦਾ ਸੀ) ’ਚ ਬਾਬਰ ਦੇ ਸੰਮਤ 1578 (ਸੰਨ 1521) ’ਚ ਹਮਲਾ ਕਰਨ ਅਤੇ ਸੰਮਤ 1597 (ਸੰਨ 1540) ’ਚ ਸ਼ੇਰ ਖਾਨ ਹੱਥੋਂ ਹਾਰ ਕੇ ਭੱਜਦੇ ਹਮਾਯੂੰ ਦੀ ਜੰਗ ਨਾਲ ਸੰਬੰਧਿਤ ਵਧੇਰੇ ਜਾਪਦਾ ਹੈ; ਜਿਵੇਂ ਕਿ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ ਗਿਆਨੀ ਹਰਬੰਸ ਸਿੰਘ ਜੀ ਅਰਥ ਕਰਦੇ ਹਨ।

ਜੀਵੇ ਪੰਜਾਬੀ

0

ਕਹਾਣੀ

ਜੀਵੇ ਪੰਜਾਬੀ

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)-98150-24920

ਸ਼ਹਿਰ ਦੀਆਂ ਛੋਟੀਆਂ ਤੰਗ ਗਲੀਆਂ ਮੁਹੱਲਿਆਂ ਵਿੱਚੋਂ ਨਿਕਲ ਕੇ ਸ਼ਹਿਰ ਦੇ ਬਾਹਰਵਰ ਕੱਟੀਆਂ ਜਾ ਰਹੀਆਂ ਨਵੀਆਂ ਕਲੋਨੀਆਂ ਵਿੱਚ ਸ਼ਹਿਰ ਦੇ ਕਹੇ ਜਾਂਦੇ ਉੱਚ ਵਰਗ ਦੇ ਪੜ੍ਹੇ ਲਿਖੇ ਲੋਕਾਂ ਨੇ ਆਪੋ-ਆਪਣੀਆਂ ਥਾਂਵਾਂ ਲੈ ਕੇ ਮਨਮਰਜ਼ੀ ਦੀਆਂ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਦੇਸ਼ਾਂ ਵਿੱਚ ਪੜ੍ਹਨ ਭੇਜੇ ਬੱਚਿਆਂ ਦੀਆਂ ਸਲਾਹਾਂ ਨਾਲ ਵਿਦੇਸ਼ੀ ਰੰਗ-ਢੰਗ ਦੀਆਂ ਕੋਠੀਆਂ ਉਸਰ ਰਹੀਆਂ ਸਨ। ਇੱਕ ਵਧੀਆ ਅਤੇ ਸਾਫ਼-ਸੁਥਰਾ ਮਹੌਲ ਬਣ ਗਿਆ। ਸਾਫ਼-ਸੁਥਰੀ ਪਾਰਕ, ਸੁਪਰ ਮਾਰਕਿਟ, ਕਾਰਾਂ ਗੱਡੀਆਂ ਖੜ੍ਹੀਆਂ ਕਰਨ ਲਈ ਖੁੱਲ੍ਹੀ-ਡੁੱਲੀ ਥਾਂ, ਹਰ ਘਰ ਦੇ ਮੂਹਰੇ ਹਰਿਆਲੀ ਲਈ ਰੁੱਖ-ਬੂਟੇ ਵਗੈਰਾ ਲੱਗੇ ਹੋਏ। ਕਲੋਨੀ ਦੇ ਅੰਦਰ ਹੀ ਸ਼ਹਿਰ ਦੇ ਮਹਿੰਗੇ ਸਕੂਲਾਂ ਦੀਆਂ ਬੱਸਾਂ ਬੱਚਿਆਂ ਨੂੰ ਲੈਣ ਅਤੇ ਛੱਡਣ ਆਉਂਦੀਆਂ, ਪਰ ਪਿਛਲੇ ਕੁੱਝ ਦਿਨਾਂ ਤੋਂ ਕਲੋਨੀ ਵਿੱਚ ਨਵੀਂ ਨਕੋਰ ਕੋਠੀ ਬਣਵਾ ਕੇ ਰਹਿਣ ਆਏ ਨਵੇਂ ਪਰਿਵਾਰ ਤੋਂ ਸਾਰੀ ਕਲੋਨੀ ਕੁੱਝ ਦੁਖੀ ਸੀ। ਹਰ ਕੋਈ ਉਨ੍ਹਾਂ ਵੱਲ ਬੜੀ ਕੈਰੀ ਜਿਹੀ ਅੱਖ ਨਾਲ ਤੱਕਦਾ ਸੀ; ਜਿਵੇਂ ਸਾਰੇ ਉਨ੍ਹਾਂ ਤੋਂ ਗੁੱਸੇ/ਨਾਰਾਜ਼ ਹੋਣ। ਆਖ਼ਿਰ ਕਲੋਨੀ ਵਿੱਚੋਂ ਹੀ ਇੱਕ ਸਿਆਣੇ ਬਜ਼ੁਰਗ ਨੇ ਆਉਂਦੇ ਐਤਵਾਰ ਸਾਰਿਆਂ ਦੀ ਇਕੱਤਰਤਾ ਸੱਦ ਲਈ ਤਾਂ ਕਿ ਮਸਲਾ ਵਿਚਾਰਿਆ ਅਤੇ ਸੁਲਝਾਇਆ ਜਾ ਸਕੇ। ਆਖ਼ਿਰ ਰਿਸ਼ਤੇਦਾਰਾਂ ਤੋਂ ਵੀ ਪਹਿਲਾਂ ਸੁੱਖ ਦੁੱਖ ਵੇਲੇ ਸਭ ਤੋਂ ਪਹਿਲਾਂ ਤਾਂ ਆਂਢ-ਗੁਆਂਢ ਨੇ ਹੀ ਕੰਮ ਆਉਣਾ ਹੁੰਦਾ ਹੈ।

ਐਤਵਾਰ ਦੀ ਸ਼ਾਮ ਸੰਬੰਧਿਤ ਪਰਿਵਾਰ ਜੋ ਇਸ ਗੱਲ ਤੋਂ ਹੈਰਾਨ ਸੀ ਕਿ ਲੋਕ ਉਨ੍ਹਾਂ ਤੋਂ ਔਖੇ ਕਿਉਂ ਹਨ, ਉਹ ਵੀ ਪੁੱਜ ਚੁੱਕਾ ਸੀ ਅਤੇ ਕਲੋਨੀ ਦੇ ਅਗਾਂਹਵਧੂ ਮੰਨੇ ਜਾਂਦੇ ਲੋਕ ਵੀ ਕੁਰਸੀਆਂ ’ਤੇ ਸਜ ਚੁੱਕੇ ਸਨ। ਸਭ ਤੋਂ ਪਹਿਲਾ ਸ਼ਿਕਾਇਤ ਕਰਤਾ ਉੱਠਿਆ ਅਤੇ ਬਾਕੀਆਂ ਦੀ ਨੁਮਾਇੰਦਗੀ ਕਰਦਾ ਹੋਇਆ ਬੜੀ ਹਲੀਮੀ ਨਾਲ ਸ਼ਬਦਾਂ ਦਾ ਸੰਘਣਾ ਜਾਲ ਬੁਣਦਿਆਂ ਕਹਿਣ ਲੱਗਾ ਕਿ ਇਸ ਕਲੋਨੀ ਵਿੱਚ ਹਰ ਘਰ ਦਾ ਹਰ ਮੈਂਬਰ ਪੜ੍ਹਿਆ ਲਿਖਿਆ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਚੰਗੇ ਅਤੇ ਮਹਿੰਗੇ ਸਕੂਲ ਵਿੱਚ ਪੜ੍ਹਾ ਰਿਹਾ ਹੈ ਤਾਂ ਕਿ ਬੱਚੇ ਵੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਬਣਨ।  ਕਲੋਨੀ ਵਿੱਚ ਆਏ ਇਸ ਨਵੇਂ ਪਰਿਵਾਰ ਤੋਂ ਸਾਨੂੰ ਕੋਈ ਬਹੁਤਾ ਇਤਰਾਜ਼ ਨਹੀਂ ਹੈ ਕਿਉਂਕਿ ਇਹ ਵੀ ਸਾਡੇ ਵਾਂਗ ਪੜ੍ਹੇ-ਲਿਖੇ ਹਨ। ਭਾਜੀ ਹੁਣੀ ਆਪਣੀ ਆਰਕੀਟੈਕਚਰ ਹਨ ਅਤੇ ਭਰਜਾਈ ਜੀ ਵੀ ਪੀ.ਐੱਚ.ਡੀ ਹੋਲਡਰ ਹਨ।  ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਾਡੀ ਕਲੋਨੀ ਵਿੱਚ ਹਨ, ਪਰ ਹੈਰਾਨਗੀ ਹੈ ਕਿ ਐਨਾ ਪੜ੍ਹ ਲਿਖ ਕੇ ਵੀ ਇਨ੍ਹਾਂ ਨੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪਾਏ ਹੋਏ ਹਨ। ਉੱਥੋਂ ਦੇ ਬੱਚਿਆਂ ਦੀਆਂ ਆਦਤਾਂ ਸਿੱਖ ਕੇ ਆ ਰਹੇ ਇਨ੍ਹਾਂ ਦੇ ਬੱਚੇ ਪੂਰੇ ਮੁਹੱਲੇ ਦੇ ਬੱਚਿਆਂ ਦੀਆਂ ਆਦਤਾਂ ਵੀ ਵਿਗਾੜ ਸਕਦੇ ਹਨ। ਇਸੇ ਗੱਲ ਦਾ ਸਾਰੀ ਕਲੋਨੀ ਨੂੰ ਇਤਰਾਜ਼ ਹੈ ਕਿ ਅਸੀਂ ਸਾਰੇ ਮਿਹਨਤਾਂ ਕਰਕੇ ਬੜੀ ਮੁਸ਼ਕਲ ਨਾਲ ਮਹਿੰਗੇ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਭੇਜਦੇ ਹਾਂ। ਜੇ ਇਹ ਪਰਿਵਾਰ ਕਲੋਨੀ ਵਿੱਚ ਰਹੇਗਾ ਤਾਂ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ ? ਐਨਾ ਕਹਿੰਦੇ ਹੋਏ ਉਹ ਧੰਨਵਾਦ ਕਰ ਕੇ ਬੈਠ ਗਿਆ।

ਬਜ਼ੁਰਗ ਸਾਰਾ ਮਸਲਾ ਸਮਝ ਚੁੱਕਿਆ ਸੀ ਅਤੇ ਸੰਬੰਧਿਤ ਪਰਿਵਾਰ ਦੇ ਮੁਖੀ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਤਾਂ ਉਸ ਨੇ ਬੜੀ ਪਿਆਰ ਭਰੀ ਬੋਲੀ ਅਤੇ ਮਿੱਠੇ ਲਹਿਜੇ ਵਿੱਚ ਆਪਣੀ ਗੱਲ ਕਰਨੀ ਸ਼ੁਰੂ ਕੀਤੀ ਕਿ ਜਿਵੇਂ ਮੇਰੇ ਤੋਂ ਪਹਿਲਾਂ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੈਂ ਇੱਕ ਆਰਕੀਟੈਕਚਰ ਹਾਂ ਇਸ ਲਈ ਇਹ ਦੱਸਦਾ ਜਾਵਾਂ ਕਿ ਮੇਰੀ ਵੀ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਦੀ ਹੀ ਹੈ ਅਤੇ ਮੇਰੀ ਘਰਵਾਲੀ ਜੋ ਪੀ.ਐੱਚ.ਡੀ ਹੋਲਡਰ ਹੈ, ਦੀ ਪੜ੍ਹਾਈ ਵੀ ਸਰਕਾਰੀ ਸਕੂਲ ਦੀ ਹੈ ਅਤੇ ਮੈਰਿਟ ਵਿੱਚ ਆਉਣ ਕਰਕੇ ਮਿਲੇ ਵਜੀਫਿਆਂ ਦੇ ਸਿਰ ’ਤੇ ਹੀ ਉਹ ਪੀ.ਐੱਚ.ਡੀ ਕਰ ਸਕੀ ਹੈ। ਸਾਨੂੰ ਇਹ ਮਾਣ ਬਿਨ੍ਹਾਂ ਸ਼ੱਕ, ਵਿੱਦਿਆ ਨੇ ਦਿਵਾਇਆ ਹੈ। ਵਿੱਦਿਆ ਤਾਂ ਵਿੱਦਿਆ ਹੀ ਹੈ ਉਹ ਸਰਕਾਰੀ ਸਕੂਲ ਦੀ ਹੋਵੇ ਜਾਂ ਨਿੱਜੀ ਸਕੂਲਾਂ ਦੀ। ਸਿਰਫ ਉਸ ਵਿੱਦਿਆ ਨੂੰ ਪ੍ਰਾਪਤ ਕਰਨ ਦਾ ਕੋਈ ਫਾਇਦਾ ਨਹੀਂ ਜਿਸ ਨੂੰ ਪ੍ਰਾਪਤ ਕਰ ਕੇ ਅਸੀਂ ਆਪਣੀ ਮਾਂ ਬੋਲੀ ਭੁੱਲ ਜਾਈਏ, ਆਪਣੀ ਵਿਰਾਸਤ, ਆਪਣਾ ਵਿਰਸਾ, ਆਪਣਾ ਸੱਭਿਆਚਾਰ, ਆਪਣਾ ਇਤਿਹਾਸ ਭੁੱਲ ਜਾਈਏ। ਭਾਜੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਾਡੀ ਕਲੋਨੀ ਦੇ ਬੱਚੇ ਵਿਗੜ ਜਾਣਗੇ, ਜੇ ਬੱਚੇ ਵਿਗੜ ਜਾਣਗੇ ਤਾਂ ਜਿਹੜੀ ਮਹਿੰਗੀ ਅਤੇ ਚਮਕਦੀਆਂ ਇਮਾਰਤਾਂ ਵਿੱਚੋਂ ਉਹ ਵਿੱਦਿਆ ਸਿੱਖ ਕੇ ਆ ਰਹੇ ਹਨ, ਕੀ ਉਹ ਐਨੀਂ ਹੌਲੀ/ਹਲਕੀ ਹੈ ਜੋ ਚੰਗੇ ਬੁਰੇ ਦੀ ਪਹਿਚਾਣ ਕਰਨ ਤੋਂ ਅਸਮਰੱਥ ਹੈ। ਅਸੀਂ ਤਾਂ ਇਹ ਸੋਚ ਕੇ ਇਸ ਕਲੋਨੀ ਵਿੱਚ ਕੋਠੀ ਪਾਈ ਸੀ ਕਿ ਇੱਥੇ ਕਾਫੀ ਪੜ੍ਹੇ ਲਿਖੇ ਹੋਣਗੇ ਪਰ ਅਫਸੋਸ ਹੋਇਆ। ਇਸ ਨਾਲੋਂ ਤਾਂ ਅਸੀਂ ਸ਼ਹਿਰ ਦੀਆਂ ਤੰਗ ਗਲੀਆਂ ਬਾਜ਼ਾਰਾਂ ਵਿੱਚ ਹੀ ਚੰਗੇ ਸੀ, ਜਿੱਥੇ ਬੱਚੇ ਇਕੱਠੇ ਖੇਡਦੇ ਸੀ, ਇੱਕ ਦੂਜੇ ਨਾਲ ਖਾਣ-ਪੀਣ ਤੋਂ ਇਲਾਵਾ ਆਪਣੇ ਖਿਡੌਣੇ ਤੱਕ ਸਾਂਝੇ ਕਰ ਲੈਂਦੇ ਸੀ। ਨਾ ਰੰਗ ਦੇਖਦੇ ਸੀ, ਨਾ ਜਾਤ-ਪਾਤ ਦੇਖਦੇ ਸੀ, ਨਾ ਅਮੀਰੀ ਦੇਖਦੇ ਸੀ, ਨਾ ਗਰੀਬੀ ਦੇਖਦੇ ਸੀ। ਬੱਸ ਆਪਣੇ ਬਚਪਨ ਨੂੰ ਜਿਉਂਦੇ ਸੀ, ਕੁਦਰਤ ਦੇ ਰੰਗਾਂ ਨੂੰ ਮਾਣਦੇ ਸੀ।

ਸਿਆਣੇ ਬਜ਼ੁਰਗ ਨੇ ਵਿੱਚੋਂ ਹੀ ਟੋਕਦਿਆਂ ਕਿਹਾ ਸਰਦਾਰ ਸਾਹਿਬ ! ਬੈਠ ਜਾਓ ! ਸਾਰੀ ਕਲੋਨੀ ਵਾਲਿਆਂ ਦੀਆਂ ਝੁਕੀਆਂ ਹੋਈਆਂ ਗਰਦਨਾਂ ਅਤੇ ਨੀਵੀਆਂ ਹੋਈਆਂ ਅੱਖਾਂ, ਹੁਣ ਤੁਹਾਡੇ ਨਾਲ ਹੀ ਉੱਪਰ ਉੱਠਣਾ ਚਾਹੁੰਦੀਆਂ ਹਨ। ਬੱਸ ਫਿਰ ਕੀ ਸੀ ਹੁਣ ਤੱਕ ਸਭ ਸਾਂਝੇ ਤੌਰ ’ਤੇ ਰਹਿੰਦੇ ਹਨ। ਕਲੋਨੀ ਦਾ ਨਾਂ ਦੱਸਦੀ ਤਖਤੀ ਵੀ ਪੰਜਾਬੀ ਵਿੱਚ ਹੈ ਅਤੇ ਘਰਾਂ ਦੇ ਬਾਹਰ ਲੱਗੀਆਂ ਤਖਤੀਆਂ ਉੱਤੇ ਵੀ ਪੰਜਾਬੀ ਉਕਰੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਭਾਈ ਕੋਲੋਂ ਵੀ ਹਰ ਹਫਤੇ ਕਲੋਨੀ ਦੇ ਬੱਚਿਆਂ ਲਈ ਪੰਜਾਬੀ ਦੀ ਕਲਾਸ ਲਗਾਉਣ ਦਾ ਵਾਅਦਾ ਕਰ ਲਿਆ ਹੈ।

ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ

0

ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ

ਡਾ. ਹਰਸ਼ਿੰਦਰ ਕੌਰ, ਐੱਮ. ਡੀ., ਬੱਚਿਆਂ ਦੀ ਮਾਹਿਰ

28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਹਵਾ ਵਿਚਲਾ ਪ੍ਰਦੂਸ਼ਣ ਕਰੋੜਾਂ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਹਵਾ ਵਿਚਲਾ ਪ੍ਰਦੂਸ਼ਣ ਨਾ ਸਿਰਫ਼ ਇਨਸਾਨਾਂ ਉੱਤੇ ਬਲਕਿ ਕੀੜਿਆਂ, ਜਾਨਵਰਾਂ, ਪਾਣੀ, ਧਰਤੀ, ਵਨਸਪਤੀ, ਹਰ ਚੀਜ਼ ਉੱਤੇ ਜਾਨਲੇਵਾ ਅਸਰ ਛੱਡ ਰਿਹਾ ਹੈ।

ਇਰਾਨ ਦੇ ਤਹਿਰਾਨ ਅਤੇ ਭਾਰਤ ਦੀ ਦਿੱਲੀ ਨੂੰ ਦੁਨੀਆ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ ਮੰਨ ਲੈਣ ਬਾਅਦ ਵਿਸ਼ਵ ਸਿਹਤ ਸੰਸਥਾ ਨੇ ਪ੍ਰਦੂਸ਼ਿਤ ਹਵਾ ਨਾਲ ਹੋ ਰਹੇ ਮਾੜੇ ਅਸਰਾਂ ਬਾਰੇ ਖੋਜ ਕਰਨ ਦਾ ਫ਼ੈਸਲਾ ਕੀਤਾ।

ਇਰਾਨ ਦੀ ਮੈਡੀਕਲ ਯੂਨੀਵਰਸਿਟੀ ਵਿਚਲੇ ਮੈਡੀਕਲ ਤਕਨਾਲੌਜੀ ਰਿਸਰਚ ਸੈਂਟਰ, ਵਿਖੇ ਮੈਡੀਸਨ ਵਿਭਾਗ ਦੇ ਸਪੈਸ਼ਲਿਸਟਾਂ ਵੱਲੋਂ ਖੋਜ ਕਰ ਕੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆ ਧਰੇ ਹਨ।

ਸਭ ਤੋਂ ਪਹਿਲਾਂ ਹਵਾ ਵਿਚਲੇ ਕਣ, ਜੋ ਪ੍ਰਦੂਸ਼ਣ ਕਹਾਏ ਜਾਂਦੇ ਹਨ, ਉਨ੍ਹਾਂ ਬਾਰੇ ਜਾਣੀਏ:-

  1. ਕਾਰਬਨ ਮੋਨੋਆਕਸਾਈਡ
  2. ਸਲਫਰ ਡਾਈਆਕਸਾਈਡ
  3. ਓਜ਼ੋਨ
  4. ਨਾਈਟਰੋਜਨ ਡਾਈਆਕਸਾਈਡ
  5. ਪ੍ਰਦੂਸ਼ਿਤ ਕਣ

 ਇਨ੍ਹਾਂ ਦੀ ਹਵਾ ਵਿਚਲੀ ਮਾਤਰਾ ਦੇ ਹਿਸਾਬ ਨਾਲ ਹਵਾ ਸਹੀ ਜਾਂ ਜ਼ਹਿਰੀਲੀ ਗਿਣੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਵੀ ਹੋਰ ਅਨੇਕ ਜ਼ਹਿਰੀਲੀਆਂ ਗੈਸਾਂ ਤੇ ਕਣ ਹਨ, ਜੋ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ।

ਸਿਫ਼ਰ ਤੋਂ ਲੈ ਕੇ 500 ਤੱਕ ਦੀ ਮਿਣਤੀ ਅਨੁਸਾਰ ਹਵਾ ਨੂੰ ਪ੍ਰਦੂਸ਼ਿਤ ਗਿਣਿਆ ਜਾਂਦਾ ਹੈ ਕਿ ਇਹ ਹਵਾ ਕਿਸੇ ਇਨਸਾਨ ਲਈ, ਜਾਨਵਰ ਲਈ, ਕੀਟਾਣੂਆਂ ਲਈ ਜਾਂ ਬੂਟਿਆਂ ਲਈ ਕਿੰਨੀ ਹਾਨੀਕਾਰਕ ਹੈ !

ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਇੱਕ ਸਿਗਰਟ ਦਾ ਵੀ ਰੋਲ ਹੁੰਦਾ ਹੈ। ਕੁਦਰਤੀ ਤੌਰ ਉੱਤੇ ਫਟਣ ਵਾਲੇ ਜਵਾਲਾਮੁਖੀ, ਗੱਡੀਆਂ, ਮੋਟਰਾਂ, ਹਵਾਈ ਜਹਾਜ਼ਾਂ ਦੇ ਇੰਜਣਾਂ ਅਤੇ ਫੈਕਟਰੀਆਂ ਵਿੱਚੋਂ ਲਗਾਤਾਰ ਨਿਕਲਦੀ ਗੰਦਗੀ ਸਮੇਤ ਜੰਗਲਾਂ ਨੂੰ ਅੱਗਾਂ ਲੱਗਣੀਆਂ ਵੀ ਇਸ ਦਾ ਕਾਰਨ ਬਣਦੇ ਜਾ ਰਹੇ ਹਨ।

ਪ੍ਰਦੂਸ਼ਿਤ ਹਵਾ ਨਾਲ ਕੀ ਨੁਕਸਾਨ ਹੋ ਚੁੱਕੇ ਹਨ ਤੇ ਹੋ ਰਹੇ ਹਨ  ?

  1. ਕਈ ਕਿਸਮਾਂ ਦੇ ਕੁਦਰਤੀ ਮਦਦਗਾਰ ਕੀਟਾਣੂ ਹਮੇਸ਼ਾ ਲਈ ਖ਼ਤਮ ਹੋ ਚੁੱਕੇ ਹਨ।
  2. ਹਰ ਸਾਲ 43 ਲੱਖ ਮੌਤਾਂ ਘਰ ਅੰਦਰਲੇ ਧੂੰਏ ਨਾਲ ਹੋ ਰਹੀਆਂ ਹਨ।
  3. ਹਵਾ ਵਿਚਲਾ ਵਧਦਾ ਪ੍ਰਦੂਸ਼ਣ ਹਰ ਸਾਲ 37 ਲੱਖ ਮੌਤਾਂ ਦਾ ਕਾਰਨ ਬਣ ਰਿਹਾ ਹੈ।

ਇਕੱਲੇ ਤਹਿਰਾਨ ਵਿਚ ਸੰਨ 2013 ਵਿਚ 4460 ਮੌਤਾਂ ਹਵਾ ਦੇ ਪ੍ਰਦੂਸ਼ਿਤ ਹੋ ਜਾਣ ਨਾਲ ਹੋਈਆਂ ਕਿਉਂਕਿ ਉਸ ਸਾਲ ਲੰਡਨ ਦੀ ਹਵਾ ਨਾਲੋਂ 13 ਗੁਣਾ ਵੱਧ ਗੰਦਗੀ ਤਹਿਰਾਨ ਦੀ ਹਵਾ ਵਿਚ ਲੱਭੀ।

  1. ਕਈ ਤਰ੍ਹਾਂ ਦੇ ਜਾਨਵਰ ਹੌਲੀ-ਹੌਲੀ ਲੁਪਤ ਹੁੰਦੇ ਜਾ ਰਹੇ ਹਨ ਤੇ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਉਸ ਦਾ ਕਾਰਨ ਪ੍ਰਦੂਸ਼ਿਤ ਹਵਾ ਵਿਚਲੇ ਜ਼ਹਿਰ ਦਾ ਬੂਟਿਆਂ ਅਤੇ ਧਰਤੀ ਵਿਚਲੇ ਪਾਣੀ ਵਿਚ ਰਲ ਜਾਣਾ ਹੈ।
  2. ਹਵਾ ਵਿਚਲੇ ਲੋੜੋਂ ਵੱਧ ਮਾੜੇ ਕਣ ਜੋ ਪੱਤਿਆਂ ਉੱਤੇ ਜੰਮ ਕੇ ਉਨ੍ਹਾਂ ਵਿੱਚੋਂ ਨਾਰਮਲ ਗੈਸਾਂ ਦਾ ਆਦਾਨ ਪ੍ਰਦਾਨ ਹੋਣ ਤੋਂ ਰੋਕ ਦਿੰਦੇ ਹਨ, ਉਸੇ ਗੰਦਗੀ ਤਹਿਤ ਦਰਖ਼ਤ ਹਵਾ ਵਿੱਚੋਂ ਗੰਦਗੀ ਨੂੰ ਸਾਫ ਕਰਨ ਵਿਚ ਅਸਮਰੱਥ ਹੋ ਜਾਂਦੇ ਹਨ। ਇਸੇ ਕਰਕੇ ਕਈ ਤਰ੍ਹਾਂ ਦੀ ਵਨਸਪਤੀ ਦੀ ਹੋਂਦ ਵੀ ਜਾਨਵਰਾਂ ਵਾਂਗ ਖ਼ਤਰੇ ਵਿਚ ਪੈ ਚੁੱਕੀ ਹੈ ਤੇ ਕੁੱਝ ਕਿਸਮਾਂ ਲੁਪਤ ਹੋ ਚੁੱਕੀਆਂ ਹਨ।
  3. ਵਿਸ਼ਵ ਸਿਹਤ ਸੰਸਥਾ ਅਨੁਸਾਰ ਓਜ਼ੋਨ, ਸਲਫਰ ਡਾਇਓਕਸਾਈਡ, ਨਾਈਟਰੋਜਨ ਆਕਸਾਈਡ, ਲੈੱਡ (ਸਿੱਕਾ) ਤੇ ਪ੍ਰਦੂਸ਼ਿਤ ਕਣ ਜਿਵੇਂ ਮਿੱਟੀ-ਘੱਟਾ, ਪਰਾਲੀ ਦਾ ਸਾੜਨਾ, ਜੰਗਲਾਂ ਦਾ ਸੜਨਾ, ਫੈਕਟਰੀਆਂ ਦਾ ਧੂੰਆਂ, ਹਾਈਡਰੋਕਾਰਬਨ, ਹੈਲੋਜਨ, ਵਿਸਫੋਟਕ ਧੂੰਆਂ ਆਦਿ ਸਰੀਰ ਉੱਤੇ ਹੌਲੀ-ਹੌਲੀ ਮਾਰੂ ਅਸਰ ਕਰ ਕੇ ਕੈਂਸਰ ਕਰ ਦਿੰਦੇ ਹਨ।
  4. ਇਕੱਲੇ ਈਰਾਨ ਵਿਚ ਪ੍ਰਦੂਸ਼ਿਤ ਹਵਾ ਨਾਲ ਹੋਈਆਂ ਬੀਮਾਰੀਆਂ ਦੇ ਇਲਾਜ ਵਿਚ ਇੱਕ ਸਾਲ ਵਿਚ ਲੋਕਾਂ ਦੇ 16 ਬਿਲੀਅਨ ਡਾਲਰ ਖਰਚ ਹੋਏ ਹਨ।
  5. ਫੈਕਟਰੀਆਂ, ਗੱਡੀਆਂ, ਬੱਸਾਂ, ਕਾਰਾਂ ਆਦਿ ਵਿੱਚੋਂ ਨਿਕਲੀ ਪ੍ਰਦੂਸ਼ਿਤ ਗੈਸ ਡੀ.ਐਨ.ਏ. ਵਿੱਚ ਸਦੀਵੀ ਨੁਕਸ ਪਾਉਣ ਦੇ ਸਮਰੱਥ ਹੈ। ਓਜ਼ੋਨ, ਇਲੈਕਟਰੋਨ ਨੂੰ ਖਿੱਚ ਕੇ ਸਾਹ ਦੀਆਂ ਨਾਲੀਆਂ ਵਿਚਲੇ ਸੈੱਲਾਂ ਦੀ ਪਰਤ ਹੇਠਲੇ ਫੈੱਟੀ ਏਸਿਡ ਨਾਲ ਛੇੜਛਾੜ ਕਰ ਕੇ ਹੌਲੀ-ਹੌਲੀ ਦਮੇ ਦਾ ਪੱਕਾ ਰੋਗੀ ਬਣਾ ਦਿੰਦੀ ਹੈ। ਫੇਰ ਹਾਈਡਰੋਜਨ ਪਰਆਕਸਾਈਡ ਤੇ ਐਲਡੀਹਾਈਡ ਬਣਾ ਕੇ ਸੈੱਲਾਂ ਦੀ ਪਰਤ ਵਿਚ ਤਬਦੀਲੀ ਲਿਆ ਕੇ, ਡੀ.ਐਨ.ਏ. ਵਿਚ ਬਦਲਾਅ ਲਿਆ ਦਿੰਦੀ ਹੈ। ਇੰਜ ਨਾ ਸਿਰਫ਼ ਸੈੱਲਾਂ ਦੇ ਕੰਮ ਕਾਰ, ਬਣਤਰ, ਬੀਮਾਰੀ ਨਾਲ ਲੜਨ ਦੀ ਸਮਰੱਥਾ ਬਲਕਿ ਉਨ੍ਹਾਂ ਅੰਦਰਲੀਆਂ ਬਾਇਓਕੈਮੀਕਲ ਸੋਧਾਂ ਵਿਚ ਵੀ ਗੜਬੜੀ ਕਰ ਦਿੰਦੀ ਹੈ। ਇੰਜ ਸਰੀਰ ਧੁਆਂਖੀ (ਸੜੀ) ਲੱਕੜ ਵਾਂਗ ਹੌਲੀ-ਹੌਲੀ ਰੋਗੀ ਬਣਦਾ ਜਾਂਦਾ ਹੈ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੁੱਝ ਸਾਲਾਂ ਬਾਅਦ ਕਿਉਂ ਫੈਲੇ ਹੋਏ ਕੈਂਸਰ ਦਾ ਸ਼ਿਕਾਰ ਬਣ ਗਿਆ ਤੇ ਕਿਉਂ ਸਾਰਾ ਟੱਬਰ ਵਾਰ-ਵਾਰ ਬੀਮਾਰ ਹੁੰਦਾ ਰਹਿੰਦਾ ਹੈ !

ਬਿਲਕੁਲ ਇੰਜ ਹੀ ਓਜ਼ੋਨ ਦਰਖ਼ਤਾਂ ਵਿੱਚ ਕਾਰਬਨ ਦਾ ਘੁਲਣਾ ਰੋਕ ਕੇ ਉਨ੍ਹਾਂ ਨੂੰ ਸੁਕਾ ਦਿੰਦੀ ਹੈ ਤੇ ਪੂਰਾ ਇਲਾਕਾ ਵੀਰਾਨ ਕਰ ਦਿੰਦੀ ਹੈ, ਜੋ ਅੱਗੋਂ ਹਵਾ ਵਿਚਲਾ ਪ੍ਰਦੂਸ਼ਣ ਖ਼ਤਮ ਕਰਨ ਜੋਗਾ ਨਹੀਂ ਰਹਿੰਦਾ।

  1. ਲੱਕੜ ਤੇ ਕੋਲੇ ਦੇ ਬਾਲਣ ਨਾਲ ਨਿਕਲੀ ਕਾਰਬਨ ਮੋਨੋਆਕਸਾਈਡ ਸਿਰ ਪੀੜ, ਚੱਕਰ, ਬੇਹੋਸ਼ੀ ਹੋਣੀ, ਕਮਜ਼ੋਰੀ, ਜੀਅ ਕੱਚਾ, ਉਲਟੀਆਂ, ਘਬਰਾਹਟ, ਕੁੱਝ ਸਮਝ ਨਾ ਸਕਣਾ ਆਦਿ ਵਰਗੇ ਲੱਛਣ ਪੈਦਾ ਕਰ ਦਿੰਦੀ ਹੈ। ਦੋ ਫੀਸਦੀ ਤੱਕ ਵਧੀ ਕਾਰਬਨ ਮੋਨੋਆਕਸਾਈਡ ਨਾਲ ਖ਼ਤਰਾ ਨਹੀਂ ਹੁੰਦਾ ਪਰ 40 ਫੀਸਦੀ ਤੱਕ ਵਧੀ ਨਾਲ ਮੌਤ ਹੋ ਜਾਂਦੀ ਹੈ। ਦੋ ਤੋਂ 6 ਫੀਸਦੀ ਵਾਧੇ ਨਾਲ ਐਨਜਾਈਨਾ ਦੀ ਪੀੜ ਸ਼ੁਰੂ ਹੋ ਜਾਂਦੀ ਹੈ ਤੇ ਦਿਲ ਦੀ ਧੜਕਣ ਦੀ ਗੜਬੜੀ ਮੌਤ ਦਾ ਕਾਰਨ ਬਣ ਸਕਦੀ ਹੈ।
  2. ਸਲਫਰ ਡਾਇਆਕਸਾਈਡ :- ਜਵਾਲਾ ਮੁਖੀ ਫਟਣ, ਫੈਕਟਰੀਆਂ ਦੀ ਜ਼ਹਿਰੀਲੀ ਗੈਸ ਤੇ ਲੱਕੜ-ਕੋਲਾ ਬਾਲਣ ਨਾਲ ਨਿਕਲੀ ਗੈਸ ਬੂਟਿਆਂ ਲਈ ਵੀ ਬਹੁਤ ਨੁਕਸਾਨਦੇਹ ਹੈ। ਜਾਨਵਰਾਂ ਤੇ ਬੰਦਿਆਂ ਉੱਤੇ ਇਹ ਕਹਿਰ ਢਾਅ ਸਕਦੀ ਹੈ। ਚਮੜੀ ਤੇ ਫੇਫੜਿਆਂ ਦੀਆਂ ਬੀਮਾਰੀਆਂ ਬੱਚਿਆਂ ਤੋਂ ਬਜ਼ੁਰਗਾਂ ਤਕ, ਹਰ ਕਿਸੇ ਨੂੰ ਹੋ ਸਕਦੀਆਂ ਹਨ। ਦਿਲ ਦੀਆਂ ਬੀਮਾਰੀਆਂ, ਛਾਤੀ ਵਿਚ ਪਾਣੀ ਭਰਨਾ, ਨਿਮੂਨੀਆ, ਇਕਦਮ ਸਾਹ ਦਾ ਰੁਕਣਾ, ਦਮਾ ਆਦਿ ਆਮ ਲੱਛਣ ਹਨ।

ਮੀਂਹ ਰਾਹੀਂ ਧਰਤੀ ਤੱਕ ਪਹੁੰਚਦੇ ਸਾਰ ਸਲਫਰ ਡਾਇਓਕਸਾਈਡ ਤੇਜ਼ਾਬੀ ਮਾਦਾ ਹੋਣ ਸਦਕਾ (ਏਸਿਡ ਰੇਨ) ਪਾਣੀ ਵਿਚਲੇ ਜੀਵਾਂ ਨੂੰ ਵੀ ਮਾਰ ਮੁਕਾਉਂਦੀ ਹੈ ਤੇ ਵਨਸਪਤੀ ਦਾ ਵੀ ਨਾਸ ਮਾਰ ਦਿੰਦੀ ਹੈ। ਭਲਾ ਫੇਰ ਮਨੁੱਖ ਕਿਵੇਂ ਇਸ ਦੇ ਮਾੜੇ ਅਸਰਾਂ ਤੋਂ ਬਚ ਸਕਦਾ ਹੈ ?

  1. ਨਾਈਟਰੋਜਨ ਆਕਸਾਈਡ : – ਬੱਸਾਂ, ਟਰੱਕਾਂ, ਕਾਰਾਂ ਵਿੱਚੋਂ ਨਿਕਲਦੀ ਇਸ ਗੈਸ ਨਾਲ ਫੇਫੜਿਆਂ ਵਿਚ ਪਾਣੀ ਭਰ ਸਕਦਾ ਹੈ। ਸੀ. ਡੀ 8 ਸੈੱਲਾਂ ਦਾ ਕੰਮ-ਕਾਰ ਘਟਾ ਕੇ ਬੀਮਾਰੀ ਨਾਲ ਲੜਨ ਦੀ ਤਾਕਤ ਖ਼ਤਮ ਕਰ ਦਿੰਦੀ ਹੈ।

ਅੱਖਾਂ ਵਿਚ ਰੜਕ, ਨੱਕ ਤੇ ਗਲੇ ਵਿਚ ਖ਼ੁਰਕ, ਸਿਰ ਪੀੜ, ਸਾਹ ਚੜ੍ਹਨਾ, ਛਾਤੀ ਵਿਚ ਪੀੜ ਅਤੇ ਜਕੜਨ, ਬੁਖ਼ਾਰ, ਪਸੀਨਾ ਆਉਣਾ, ਫੇਫੜਿਆਂ ਵਿਚ ਪਾਣੀ ਇਕੱਠਾ ਹੋਣਾ ਆਦਿ ਹੋਣੇ ਸ਼ੁਰੂ ਹੋ ਜਾਂਦੇ ਹਨ।

  1. ਸਿੱਕਾ :- ਫੈਕਟਰੀਆਂ ਵਿਚਲੀ ਗੰਦਗੀ ਰਾਹੀਂ, ਬੈਂਟਰੀਆਂ, ਸਿੱਕੇ ਵਾਲੇ ਪੈਟਰੋਲ ਆਦਿ ਵਿੱਚੋਂ ਨਿਕਲਦਾ ਸਿੱਕਾ ਟਰੈਫਿਕ ਪੁਲਿਸ ਮੁਲਾਜ਼ਮਾਂ ਉੱਤੇ ਹੌਲੀ-ਹੌਲੀ ਅਸਰ ਕਰਦਾ, ਉਨ੍ਹਾਂ ਦਾ ਸਰੀਰ ਛਲਣੀ ਕਰ ਦਿੰਦਾ ਹੈ। ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਵੀ ਇਸ ਦੇ ਮਾੜੇ ਅਸਰਾਂ ਤੋਂ ਬਚਦੇ ਨਹੀਂ। ਸਿੱਕਾ ਲਹੂ, ਹੱਡੀਆਂ ਤੇ ਪੱਠਿਆਂ ਵਿਚ ਜੰਮ ਜਾਂਦਾ ਹੈ ਤੇ ਹੌਲੀ-ਹੌਲੀ ਗੁਰਦੇ, ਜਿਗਰ, ਦਿਮਾਗ਼, ਫੇਫੜੇ, ਅੱਖਾਂ, ਕੰਨ ਆਦਿ, ਸਾਰੇ ਅੰਗਾਂ ਨੂੰ ਆਪਣੀ ਚਪੇਟ ਵਿਚ ਲੈ ਲੈਂਦਾ ਹੈ।

ਬੱਚਿਆਂ ਦੇ ਦਿਮਾਗ਼ ਵਿਚ ਜੰਮਣ ਬਾਅਦ ਇਹ ਦਿਮਾਗ਼ ਦੇ ਕੰਮ-ਕਾਰ ਨੂੰ ਬਹੁਤ ਘਟਾ ਦਿੰਦਾ ਹੈ। ਮੰਦ ਬੁੱਧ, ਪੜ੍ਹਨ ਲਿਖਣ ਵਿਚ ਦਿੱਕਤ, ਯਾਦਦਾਸ਼ਤ ਦੀ ਕਮੀ, ਟਿਕ ਕੇ ਨਾ ਬਹਿ ਸਕਣਾ, ਛੇਤੀ ਕਾਹਲੇ ਪੈ ਜਾਣਾ, ਲੜਾਈ-ਮਾਰ ਕੁਟਾਈ ਕਰਨੀ, ਜ਼ਿੱਦੀ ਬਣ ਜਾਣਾ, ਗਾਲ੍ਹਾਂ ਕੱਢਣ ਲੱਗ ਪੈਣਾ ਆਦਿ ਵੇਖੇ ਜਾ ਸਕਦੇ ਹਨ। ਕੁੱਝ ਸਾਲਾਂ ਬਾਅਦ ਦਿਲ, ਗੁਰਦੇ ਅਤੇ ਸ਼ੁਕਰਾਣੂਆਂ ਉੱਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਕਈਆਂ ਨੂੰ ਢਿੱਡ ਪੀੜ, ਲਹੂ ਦੀ ਕਮੀ, ਕਬਜ਼, ਚਿੜਚਿੜਾਪਣ, ਸਿਰ ਪੀੜ, ਛੇਤੀ ਭੜਕ ਜਾਣਾ, ਧਿਆਨ ਨਾ ਲਾ ਸਕਣਾ, ਛੇਤੀ ਭੁੱਲਣ ਲੱਗ ਪੈਣਾ, ਨੀਂਦਰ ਵਿਚ ਗੜਬੜੀ, ਬਲੱਡ ਪ੍ਰੈੱਸ਼ਰ ਦਾ ਵਧਣਾ, ਸ਼ੁਕਰਾਣੂਆਂ ਦੀ ਕਮੀ, ਬਾਂਝਪਨ, ਹਾਜ਼ਮਾ ਖ਼ਰਾਬ ਹੋਣਾ, ਪੇਟ ’ਚ ਅਫਾਰਾ ਮਹਿਸੂਸ ਹੋਣਾ, ਜੋੜਾਂ ਦਾ ਦਰਦ, ਪੱਠਿਆਂ ਵਿਚ ਖਿੱਚ, ਗੁਰਦੇ ਖ਼ਰਾਬ ਹੋਣ ਆਦਿ ਦੇ ਲੱਛਣ ਦਿੱਸਣ ਲੱਗ ਪੈਂਦੇ ਹਨ।

  1. ਬੈਨਜ਼ੀਨ, ਟੌਲਿਊਈਨ, ਈਥਾਈਲ ਬੈਨਜ਼ੀਨ, ਜ਼ਾਈਲੀਨ, ਐਂਥਰਾਸੀਨ, ਡਾਇਓਕਸੀਨ ਵਰਗੇ ਹਾਨੀਕਾਰਕ ਤੱਤ ਫੈਕਟਰੀਆਂ ਰਾਹੀਂ ਜਾਂ ਕੋਲੇ ਜਾਂ ਤੇਲ ਦੀ ਵਰਤੋਂ ਨਾਲ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ਤੇ ਕੈਂਸਰ ਵਰਗੀ ਬੀਮਾਰੀ ਦਾ ਆਧਾਰ ਬਣਦੇ ਹਨ।
  2. ਜੰਗਲ ਦੀ ਅੱਗ ਤੇ ਜਵਾਲਾਮੁਖੀ ਵੀ ਲੰਮੇ ਸਮੇਂ ਤੱਕ ਪੂਰਾ ਵਾਤਾਵਰਨ ਗੰਧਲਾ ਕਰ ਦਿੰਦੇ ਹਨ। ਇਹ ਵੀ ਸਾਹ ਤੇ ਚਮੜੀ ਦੀਆਂ ਬੀਮਾਰੀਆਂ ਅਤੇ ਕੈਂਸਰ ਦੀ ਸ਼ੁਰੂਆਤ ਕਰ ਦਿੰਦੇ ਹਨ।

ਹਵਾ ਵਿਚਲੇ ਪ੍ਰਦੂਸ਼ਣ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ :- ਅਣਜੰਮੇ ਬੱਚੇ ਹੋਣ ਅਤੇ ਭਾਵੇਂ ਬਜ਼ੁਰਗ, ਕੋਈ ਵੀ ਪ੍ਰਦੂਸ਼ਣ ਦੇ ਅਸਰਾਂ ਤੋਂ ਬਚ ਨਹੀਂ ਸਕਿਆ। ਕੋਈ ਘੱਟ ਤੇ ਕੋਈ ਵੱਧ, ਸਭ ਇਸ ਦੀ ਮਾਰ ਹੇਠ ਆਉਂਦੇ ਹਨ। ਕਿਸੇ ਨੂੰ ਦਿਮਾਗ਼ ਤੇ ਕਿਸੇ ਨੂੰ ਦਿਲ, ਜਿਗਰ ਜਾਂ ਗੁਰਦੇ ਦਾ ਰੋਗ ਹੋ ਸਕਦਾ ਹੈ। ਕੋਈ ਚਮੜੀ ਤੇ ਕੋਈ ਜੋੜਾਂ ਜਾਂ ਅੱਖਾਂ ਦੇ ਰੋਗ ਲੈ ਬਹਿੰਦਾ ਹੈ। ਕਿਸੇ ਨੂੰ ਮਾਨਸਿਕ ਰੋਗ ਜਕੜ ਲੈਂਦੇ ਹਨ ਤੇ ਕੋਈ ਕੈਂਸਰ ਦੇ ਬੀਜ ਸਰੀਰ ਅੰਦਰ ਬੀਜ ਲੈਂਦਾ ਹੈ। ਕਈਆਂ ਨੂੰ ਛੇਤੀ ਤੇ ਕਈਆਂ ਨੂੰ ਸਾਲਾਂ ਬਾਅਦ ਇਸ ਦੇ ਮਾੜੇ ਅਸਰ ਦਿੱਸਦੇ ਹਨ, ਪਰ ਦਿੱਸਦੇ ਜ਼ਰੂਰ ਹਨ।

ਆਮ ਵੇਖੇ ਜਾਣ ਵਾਲੇ ਨੁਕਸ :-

  1. ਮੂੰਹ ਉੱਤੇ ਕਾਲੇ ਚਟਾਕ ਜਾਂ ਤਿਲ ਵਧਣ ਲੱਗ ਪੈਣੇ ਤੇ ਝੁਰੜੀਆਂ ਛੇਤੀ ਪੈਣੀਆਂ।
  2. ਇਮਿਊਨ ਸਿਸਟਮ ਵਿਚ ਗੜਬੜੀ।
  3. ਬੀਮਾਰੀ ਨਾਲ ਲੜਨ ਵਾਲੇ ਸੈੱਲਾਂ ਦਾ ਘਟਣਾ।
  4. ਭਰੂਣ ਦਾ ਵਧਣਾ ਫੁੱਲਣਾ ਰੁਕ ਜਾਣਾ
  5. ਸਤਮਾਹਿਆ ਬੱਚਾ ਪੈਦਾ ਹੋਣਾ
  6. ਸ਼ਕਰਾਣੂਆਂ ਦੀ ਕਮੀ
  7. ਫੇਫੜਿਆਂ ਦਾ ਨਾਸ ਵੱਜਣਾ ਤੇ ਸਦੀਵੀ ਰੋਗ ਹੋਣੇ
  8. ਅੱਖਾਂ ਦੇ ਅਨੇਕ ਰੋਗ ਹੋਣੇ, ਪਾਣੀ ਵਗਦਾ ਰਹਿਣਾ, ਲਾਲੀ ਹੋਣੀ, ਖਾਰਸ਼ ਹੋਣੀ
  9. ਚਮੜੀ ਦੀ ਐਲਰਜੀ/ਖ਼ੁਰਕ/ਦਾਣੇ/ਐਗਜ਼ੀਮਾ
  10. ਦਿਲ ਦੇ ਰੋਗ ਤੇ ਨਾੜੀਆਂ ਵਿਚ ਨੁਕਸ
  11. ਮਨੋਰੋਗ ਹੋਣੇ/ਵਾਧੂ ਲੜਨਾ, ਢਹਿੰਦੀ ਕਲਾ ਹੋਣੀ ਆਦਿ।
  12. ਛੇਤੀ ਝਗੜ ਪੈਣਾ, ਗੁਸੈਲ ਹੋਣਾ, ਓਟਿਜ਼ਮ, ਯਾਦਦਾਸ਼ਤ ਘਟਣੀ, ਹੱਥ ਪੈਰ ਬੇਲੋੜੇ ਹਿਲਣੇ, ਜੁਰਮ ਵੱਲ ਝੁਕਾਅ ਹੋਣਾ
  13. ਲਹੂ ਦੀ ਕਮੀ
  14. ਕੈਂਸਰ ਦਾ ਬੀਜ ਬੋਇਆ ਜਾਣਾ
  15. ਜਿਨ੍ਹਾਂ ਨੂੰ ਪਹਿਲਾਂ ਤੋਂ ਸਾਹ ਜਾਂ ਦਿਲ ਦੀ ਬੀਮਾਰੀ ਹੋਵੇ, ਉਨ੍ਹਾਂ ਦੀ ਮੌਤ ਦਾ ਖ਼ਤਰਾ ਤਿੰਨ ਗੁਣਾ ਵੱਧ ਜਾਂਦਾ ਹੈ।
  16. ਗਲੇ ਵਿਚ ਖ਼ਰਾਸ਼, ਆਵਾਜ਼ ਭਾਰੀ ਹੋਣੀ ਤੇ ਗਲਾ ਸਾਫ਼ ਕਰਨ ਦੀ ਲੋੜ ਪੈਣੀ ਦਾ ਮਤਲਬ ਹੈ ਕਿ ਪ੍ਰਦੂਸ਼ਿਤ ਹਵਾ ਦੇ ਅਸਰ ਹੇਠ ਸਰੀਰ ਆ ਚੁੱਕਿਆ ਹੈ। ਫੇਫੜਿਆਂ ਵਿਚਲੇ ਨੁਕਸ ਕਈ ਵਾਰ ਸਾਲਾਂ ਬਾਅਦ ਪਤਾ ਲੱਗਦੇ ਹਨ, ਪਰ ਸ਼ੁਰੂਆਤ ਕਾਫ਼ੀ ਪਹਿਲਾਂ ਤੋਂ ਹੋ ਚੁੱਕੀ ਹੁੰਦੀ ਹੈ।
  17. ਬਲੱਡ ਪ੍ਰੈੱਸ਼ਰ ਦਾ ਵਾਧਾ
  18. ਲਹੂ ਵਿਚਲੇ ਚਿੱਟੇ ਸੈੱਲਾਂ ਦਾ ਨੁਕਸ
  19. ਦਿਲ ਦੇ ਵੱਖੋ-ਵੱਖ ਹਿੱਸਿਆਂ (ਵੈਂਟਰੀਕਲ, ਸੱਜਾ ਤੇ ਖੱਬਾ) ਦਾ ਮੋਟਾ ਹੋਣਾ, ਜੋ ਖ਼ਤਰਨਾਕ ਹੈ।

ਨਵੀਂ ਖੋਜ :- ਪ੍ਰਦੂਸ਼ਿਤ ਹਵਾ ਵਿਚ ਲਗਾਤਾਰ ਰਹਿਣ ਵਾਲਿਆਂ ਦੇ ਦਿਮਾਗ਼ ਉੱਤੇ ਪੈਂਦੇ ਵਿਗਾੜ ਸਦਕਾ:-

  1. ਮਨੋਰੋਗਾਂ ਵਿਚ 18 ਫੀਸਦੀ ਵਾਧਾ ਵੇਖਿਆ ਗਿਆ।
  2. ਅਜਿਹੇ ਮਾਹੌਲ ਵਿਚ ਪੈਦਾ ਹੋਏ ਬੱਚਿਆਂ ਵਿਚ ਵੱਡੇ ਹੋ ਕੇ ਠਹਿਰਾਓ ਨਹੀਂ ਲੱਭਿਆ
  3. ਬੱਚੇ ਰੋਂਦੂ, ਚਿੜਚਿੜੇ, ਜ਼ਿੱਦੀ ਤੇ ਲੋੜੋਂ ਵੱਧ ਲੜਾਕੇ ਹੋਏ ਲੱਭੇ
  4. 45 ਸਾਲਾਂ ਦੀ ਉਮਰ ’ਤੇ ਹੀ ਬਥੇਰਿਆਂ ਨੂੰ ਐਲਜ਼ਾਈਮਰ ਤੇ ਪਾਰਕਿਨਸਨ ਰੋਗ ਦੀ ਸ਼ੁਰੂਆਤ ਹੋਈ ਲੱਭੀ।
  5. ਵੱਡੇ ਸ਼ਹਿਰਾਂ ਵਿਚ ਭਿਆਨਕ ਜੁਰਮਾਂ ਵਿਚ ਵਾਧੇ ਵਿਚ ਵੀ ਜ਼ਰਾਇਮ ਪੇਸ਼ਾ ਲੋਕਾਂ ਦੇ ਦਿਮਾਗ਼ ਦੀ ਸਕੈਨਿੰਗ ਤੇ ਲਹੂ ਦੇ ਟੈਸਟਾਂ ਰਾਹੀਂ ਇਹੀ ਪੱਖ ਸਾਹਮਣੇ ਆਇਆ ਕਿ ਪ੍ਰਦੂਸ਼ਿਤ ਹਵਾ ਰਾਹੀਂ ਉਨ੍ਹਾਂ ਦੇ ਸਰੀਰਾਂ ਤੇ ਦਿਮਾਗ਼ ਅੰਦਰ ਪ੍ਰਦੂਸ਼ਿਤ ਕਣਾਂ ਦਾ ਵਾਧਾ ਹੋ ਚੁੱਕਿਆ ਸੀ, ਜਿਸ ਨਾਲ ਉਨ੍ਹਾਂ ਦੇ ਸੋਚਣ ਸਮਝਣ ਦੀ ਸ਼ਕਤੀ ਤੇ ਤਰਕ ਖ਼ਤਮ ਹੋ ਗਿਆ ਸੀ।
  6. ਘਬਰਾਹਟ ਹੁੰਦੀ ਰਹਿਣੀ, ਡਰ ਲੱਗਣਾ ਤੇ ਛੇਤੀ ਭੜਕ ਪੈਣਾ ਵੀ ਪ੍ਰਦੂਸ਼ਣ ਦੇ ਅਸਰ ਸਦਕਾ ਹੈ
  7. ਜਿਗਰ ਦੇ ਕੈਂਸਰ ਵਿਚ ਵਾਧਾ
  8. ਬੱਚਿਆਂ ਵਿਚ ਓਟਿਜ਼ਮ ਬੀਮਾਰੀ ਦਾ ਵਾਧਾ, ਜੋ ਉਮਰ ਭਰ ਲਈ ਬੱਚੇ ਦੇ ਦਿਮਾਗ਼ ਵਿਚ ਵਿਗਾੜ ਪੈਦਾ ਕਰ ਦਿੰਦੀ ਹੈ।
  9. ਭਰੂਣ ਦੇ ਦਿਮਾਗ਼ ਦੇ ਵਿਕਾਸ ਵਿਚ ਗੜਬੜੀ, ਉਸ ਦੇ ਸਿਰ ਦੇ ਆਕਾਰ ਵਿਚ ਵਿਗਾੜ ਤੇ ਭਾਰ ਦੇ ਘੱਟ ਰਹਿ ਜਾਣ ਦੇ ਨਾਲ-ਨਾਲ ਅੰਗਾਂ ਦਾ ਪੂਰਾ ਵਿਕਾਸ ਨਾ ਹੋਣਾ
  10. ਇਮਿਊਨ ਸਿਸਟਮ ਦਾ ਭੱਠਾ ਬਹਿ ਜਾਣਾ
  11. ਦਿਮਾਗ਼ ਵਿਚਲੇ ਸੁਣੇਹੇ ਪਹੁੰਚਾਉਣ ਵਿਚ ਗੜਬੜੀ
  12. ਅੰਨ੍ਹੇ ਹੋ ਜਾਣਾ

ਕਾਰਨ :- ਆਮ ਹੀ ਸਿਰਫ਼ ਕਿਸਾਨਾਂ ’ਤੇ ਪਰਾਲੀ ਸਾੜਨ ਸਦਕਾ ਹੋਏ ਹਵਾ ਦੇ ਪ੍ਰਦੂਸ਼ਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਇਹ ਸਭ ਤੋਂ ਆਖ਼ਰੀ ਕਾਰਨ ਹੈ। ਪਰਾਲੀ ਸਾੜਨ ਨਾਲ ਧਰਤੀ ਉੱਪਰਲੇ ਵਧੀਆ ਕੀਟਾਣੂ ਮਰ ਜਾਂਦੇ ਹਨ ਤੇ ਧਰਤੀ ਵਿਚਲੇ ਲੋੜੀਦੇ ਤੱਤਾਂ ਦਾ ਵੀ ਨਾਸ ਵੱਜ ਜਾਂਦਾ ਹੈ। ਕੁਦਰਤੀ ਤੌਰ ਉੱਤੇ ਬੀਮਾਰੀਆਂ ਤੋਂ ਬਚਾਉਣ ਲਈ ਇਨ੍ਹਾਂ ਦੀ ਜ਼ਰੂਰਤ ਹੁੰਦੀ ਹੈ, ਜੋ ਪਰਾਲੀ ਸਾੜ੍ਹਨ ਨਾਲ ਨਸ਼ਟ ਹੋ ਜਾਂਦੇ ਹਨ ਤੇ ਹਵਾ ਵਿਚ ਮਿੱਟੀ ਤੇ ਧੂੰਏ ਦੀ ਮਾਤਰਾ ਵੱਧ ਹੋ ਜਾਂਦੀ ਹੈ। ਇਸ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਆਪਣਾ ਹੀ ਹੁੰਦਾ ਹੈ, ਜਿਨ੍ਹਾਂ ਦੀਆਂ ਫਸਲਾਂ ਦਾ ਝਾੜ ਹੌਲੀ-ਹੌਲੀ ਕਈ ਦਹਾਕਿਆਂ ਬਾਅਦ ਘਟਣ ਲੱਗ ਪੈਂਦਾ ਹੈ ਅਤੇ ਨੇੜੇ ਰਹਿੰਦੇ ਆਪਣੇ ਹੀ ਟੱਬਰ ਦੇ ਜੀਅ ਬੀਮਾਰੀਆਂ ਸਹੇੜ ਲੈਂਦੇ ਹਨ।

ਅਸਲ ਕਾਰਨ, ਜੋ ਪ੍ਰਦੂਸ਼ਣ ਫੈਲਾ ਰਹੇ ਹਨ, ਉਹ ਹਨ :-

  1. ਜਵਾਲਾਮੁਖੀ
  2. ਸਿਗਰਟਾਂ ਦਾ ਧੂੰਆਂ
  3. ਫੈਕਟਰੀਆਂ ਵਿੱਚੋਂ ਨਿਕਲਦੀ ਗੰਦਗੀ
  4. ਮੋਟਰਾਂ (ਡੀਜ਼ਲ ਉੱਤੇ ਚੱਲਣ ਵਾਲੀਆਂ)
  5. ਮੋਟਰਸਾਈਕਲ; ਕਾਰ ਨਾਲੋਂ 60 ਗੁਣਾ ਵੱਧ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।
  6. ਕਾਰਾਂ, ਬਸਾਂ, ਟਰੱਕ, ਵੈਨਾਂ
  7. ਸਲਫਰ ਡਾਇਓਕਸਾਈਡ, ਜੋ ਸਭ ਤੋਂ ਖ਼ਤਰਨਾਕ ਗਿਣੀ ਜਾਂਦੀ ਹੈ, ਇਸ ਵੇਲੇ ਦਿੱਲੀ ਦੀ ਹਵਾ ਵਿਚ ਸਭ ਤੋਂ ਵੱਧ ਹੈ ਤੇ ਇਹ ਉਸ ਦੀ ਆਪਣੀ ਉਪਜ ਹੈ, ਜੋ ਕਿਸੇ ਹੋਰ ਸੂਬੇ ਤੋਂ ਨਹੀਂ ਆਈ ਹੋਈ ਕਿਉਂਕਿ ਹੋਰਨਾਂ ਕਿਸੇ ਸੂਬਿਆਂ ਵਿਚਲੀ ਹਵਾ ਵਿਚ ਏਨੀ ਮਾਤਰਾ ਨਹੀਂ ਹੈ। ਸਗੋਂ ਦਿੱਲੀ ਦੇ ਕਾਰਖ਼ਾਨੇ ਤੇ ਵੱਡੀ ਗਿਣਤੀ ਮੋਟਰਸਾਈਕਲਾਂ, ਬੱਸਾਂ, ਟਰੱਕਾਂ, ਕਾਰਾਂ ਦੇ ਨਾਲੋ ਨਾਲ ਕੂੜੇ ਦੇ ਢੇਰ ਦਾ ਸਾੜਿਆ ਜਾਣਾ ਵੀ ਇਸ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ ਅਤੇ ਹੋਰਨਾਂ ਸੂਬਿਆਂ ਦੀ ਹਵਾ ਵੀ ਖ਼ਰਾਬ ਕਰ ਰਿਹਾ ਹੈ।

ਯੂਨੀਵਰਸਿਟੀ ਆਫ਼ ਮੈਰੀਲੈਂਡ ਨੇ ਖੋਜ ਰਾਹੀਂ ਦੱਸ ਦਿੱਤਾ ਹੈ ਕਿ ਭਾਰਤ ਵਿਚ ਕੋਲੇ ਦੀ ਵਾਧੂ ਵਰਤੋਂ ਸਦਕਾ ਭਾਰਤ ਦੀ ਹਵਾ ਵਿਚਲੀ ਸਲਫਰ ਡਾਇਓਕਸਾਈਡ ਦੀ ਮਾਤਰਾ ਚੀਨ ਤੋਂ ਵੀ ਟੱਪ ਜਾਣ ਵਾਲੀ ਹੈ। ਹਵਾ ਵਿਚਲਾ ਗੰਧਲਾਪਨ ਬਣਾਉਣ ਦਾ ਵੀਹ ਫੀਸਦੀ ਹਿੱਸਾ ਸਿਰਫ਼ ਸਲਫਰ ਡਾਇਓਕਸਾਈਡ ਸਦਕਾ ਹੀ ਹੈ।

ਵਿਸ਼ਵ ਸਿਹਤ ਸੰਸਥਾ ਨੇ ਏਸ਼ੀਆ ਵਿੱਚੋਂ ਦਿੱਲੀ ਤੇ ਤਹਿਰਾਨ ਨੂੰ ਦੁਨੀਆਭਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨ ਦਿੱਤਾ ਹੈ, ਜਿੱਥੇ ਫੈਕਟਰੀਆਂ, ਕੋਲਾ ਤੇ ਬੱਸਾਂ, ਕਾਰਾਂ, ਮੋਟਰਸਾਈਕਲਾਂ ਹੀ ਇਸ ਦਾ ਕਾਰਨ ਦੱਸਿਆ ਗਿਆ ਹੈ। ਪੰਜਾਬ ਦੇ ਥਰਮਲ ਪਲਾਂਟਾਂ ਵਿਚਲਾ ਕੋਲਾ ਵੀ ਇਹੋ ਹਾਲ ਕਰਨ ਵਾਲਾ ਹੈ।

ਹੱਲ :- ਲੰਡਨ ਤੇ ਟੋਕੀਓ ਨੇ ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਦਾ ਹੱਲ ਹੈ। ਇਸ ਵਾਸਤੇ ਉਨ੍ਹਾਂ ਵੱਲੋਂ ਸੁਝਾਏ ਨੁਕਤੇ ਹਨ :-

  1. ਮੋਟਰਾਂ ਦੇ ਇੰਜਨਾਂ ਵਿਚ ਤਬਦੀਲੀ ਲਿਆ ਕੇ ਸੀ.ਐਨ.ਜੀ. ਦੀ ਵਰਤੋਂ ਵਧਾਈ ਜਾਏ।
  2. ਇਲੈਕਟ੍ਰਿਕ ਕਾਰਾਂ ਦੀ ਵਰਤੋਂ ਵਧਾਈ ਜਾਏ।
  3. ਸਬ ਵੇਅ, ਮੈਟਰੋ, ਟਰੈਮ, ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਚਾਲੂ ਕੀਤੀਆਂ ਜਾਣ।
  4. ਦਸ ਸਾਲਾਂ ਤੋਂ ਪੁਰਾਣੀਆਂ ਸਾਰੀਆਂ ਫੈਕਟਰੀਆਂ ਦੀਆਂ ਮਸ਼ੀਨਾਂ ਨਵੀਆਂ ਲਾਈਆਂ ਜਾਣ ਤੇ ਉਨ੍ਹਾਂ ਵਿੱਚੋਂ ਨਿਕਲਦੇ ਪ੍ਰਦੂਸ਼ਣ ਦੀ ਜਾਂਚ ਰੈਗੂਲਰ ਤੌਰ ਉੱਤੇ ਹੋਵੇ।
  5. ਵੀਹ ਸਾਲ ਤੋਂ ਪੁਰਾਣੀਆਂ ਸਾਰੀਆਂ ਕਾਰਾਂ ਸੜਕਾਂ ਉੱਤੇ ਚੱਲਣੀਆਂ ਬੰਦ ਕਰ ਦਿੱਤੀਆਂ ਜਾਣ।
  6. ਹਵਾ ਵਿਚ ਪ੍ਰਦੂਸ਼ਿਤ ਕਣਾਂ ਦੇ ਵਧਦੇ ਸਾਰ ਫੈਕਟਰੀਆਂ ਦੇ ਕੰਮ-ਕਾਰ ਦਾ ਸਮਾਂ ਕੁੱਝ ਹਫਤੇ ਘਟਾ ਕੇ ਤੇ ਕਾਰਾਂ ਬੱਸਾਂ ਦੀ ਗਿਣਤੀ ਵੀ ਸੜਕਾਂ ਉੱਤੇ ਕੁੱਝ ਹਫ਼ਤੇ ਘਟਾ ਦੇਣੀ ਚਾਹੀਦੀ ਹੈ।
  7. ਮੀਡੀਆ ਵੱਲੋਂ ਲੋਕਾਂ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਘਰਾਂ ਵਿਚ ਜ਼ਿਆਦਾ ਸਮਾਂ ਰਹਿਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।
  8. ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਘਰਾਂ ਵਿਚ ਜ਼ਿਆਦਾ ਸਮਾਂ ਬਤੀਤ ਕਰਨ ਲਈ ਕਹਿਣਾ ਚਾਹੀਦਾ ਹੈ।
  9. ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾ ਕੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਉੱਤੇ ਰੋਕ ਲਾ ਦੇਣੀ ਚਾਹੀਦੀ ਹੈ। ਇੰਜ ਹੀ ਪੁਰਾਣੀਆਂ ਕਾਰਾਂ ਉੱਤੇ ਚਾਰ ਗੁਣਾਂ ਟੈਕਸ ਲਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਸੜਕਾਂ ਉੱਤੇ ਚੱਲਣਾ ਬੰਦ ਹੋਵੇ।
  10. ਦਰਖ਼ਤਾਂ ਦਾ ਵੱਧ ਤੋਂ ਵੱਧ ਲਾਉਣਾ।

ਸਾਰ :-

* ਇਕ ਸਿਗਰਟ ਦਾ ਧੂੰਆਂ ਵੀ ਹਵਾ ਪ੍ਰਦੂਸ਼ਿਤ ਕਰਦਾ ਹੈ।

*  ਜਵਾਲਾਮੁਖੀ ਫਟਣ ਨਾਲ ਹੋਇਆ ਪ੍ਰਦੂਸ਼ਣ ਇਨਸਾਨੀ ਪ੍ਰਦੂਸ਼ਣ ਤੋਂ ਕਿਤੇ ਵੱਧ ਹੈ।

* ਫੈਕਟਰੀਆਂ, ਕੋਲੇ ਦਾ ਬਲ਼ਨਾ ਤੇ ਮੋਟਰਸਾਈਕਲ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ।

* ਹਵਾ ਵਿਚਲੇ ਪ੍ਰਦੂਸ਼ਣ ਦਾ ਅਸਰ ਭਰੂਣ ਤੋਂ ਲੈ ਕੇ 100 ਸਾਲਾਂ ਦੀ ਉਮਰ ਭੋਗ ਰਹੇ ਹਰ ਜਣੇ ਉੱਤੇ ਪੈਂਦਾ ਹੈ।

* ਇਸ ਦੇ ਮਾੜੇ ਅਸਰ ਤੁਰੰਤ ਤੋਂ ਲੈ ਕੇ ਕਈ ਸਾਲਾਂ ਬਾਅਦ ਤਕ ਹੁੰਦੇ ਰਹਿ ਸਕਦੇ ਹਨ ਤੇ ਧੁਖਦੀ ਲੱਕੜ ਵਾਂਗ ਸਰੀਰ ਨੂੰ ਹੌਲੀ-ਹੌਲੀ ਖੋਖਲਾ ਕਰ ਦਿੰਦੇ ਹਨ।

* ਮਨੋਰੋਗ ਤੇ ਵਧਦੇ ਜੁਰਮਾਂ ਦੇ ਨਾਲੋ ਨਾਲ ਓਟਿਜ਼ਮ ਅਤੇ ਵਧਦੇ ਲੜਾਈਆਂ ਝਗੜੇ ਇਸੇ ਦੀ ਉਪਜ ਹਨ।

* ਡੀ.ਐਨ.ਏ. ਵਿਚਲੀ ਤਬਦੀਲੀ ਅਗਲੀਆਂ ਪੁਸ਼ਤਾਂ ਤਕ ਅਸਰ ਛੱਡ ਸਕਦੀ ਹੈ।

* ਵਨਸਪਤੀ ਅਤੇ ਜਾਨਵਰਾਂ ਉੱਤੇ ਬੇਹੱਦ ਮਾੜੇ ਅਸਰ ਦਿੱਸਦੇ ਹਨ।

* ਸਰਕਾਰਾਂ ਨੂੰ ਇਕ ਦੂਜੇ ਉੱਤੇ ਦੂਸ਼ਣ ਲਾਉਣ ਦੀ ਥਾਂ ਅਤੇ ਸਾਰਾ ਦੋਸ਼ ਕਿਸਾਨਾਂ ਉੱਤੇ ਮੜ੍ਹਨ ਦੀ ਥਾਂ ਸਖ਼ਤ ਕਾਨੂੰਨ ਲਾਗੂ ਕਰ ਕੇ ਫੈਕਟਰੀਆਂ, ਕੋਲੇ ਦੇ ਬਾਲਣ ਦੀ ਵਰਤੋਂ ਘਟਾਉਣ ਤੇ ਮੋਟਰਸਾਈਕਲਾਂ, ਬੱਸਾਂ, ਕਾਰਾਂ ਦੀ ਗਿਣਤੀ ਸੜਕਾਂ ਉੱਤੇ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।

* ਦਰਖ਼ਤਾਂ ਦੀ ਗਿਣਤੀ ਹਰ ਸਾਲ ਵਧਾਉਣੀ ਪੈਣੀ ਹੈ। ਸੜਕਾਂ ਦੁਆਲੇ ਰੁੱਖ ਬੀਜਣ ਤੇ ਹਰ ਘਰ ਵਿਚ ਬੂਟੇ ਲਾਉਣੇ ਲਾਜ਼ਮੀ ਕਰ ਦੇਣੇ ਚਾਹੀਦੇ ਹਨ।

* ਪ੍ਰਦੂਸ਼ਣ ਹਰ ਵੱਡੇ-ਛੋਟੇ, ਅਮੀਰ-ਗਰੀਬ ਉੱਤੇ ਇੱਕੋ ਜਿਹਾ ਅਸਰ ਕਰਦਾ ਹੈ। ਸੋ ਇਸ ਨੂੰ ਰੋਕਣ ਲਈ ਸਾਂਝਾ ਉਪਰਾਲਾ ਕਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਪਣੀਆਂ ਹੀ ਆਉਣ ਵਾਲੀਆਂ ਨਸਲਾਂ ਮਾਨਸਿਕ ਤੇ ਸਰੀਰਕ ਪੱਖੋਂ ਤੰਦਰੁਸਤ ਰਹਿ ਸਕਣ !

 ਕਿਸਾਨਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਪਰਾਲੀ ਸਾੜਨ ਨਾਲ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦੇ ਆਪਣੇ ਸਰੀਰ ਦਾ ਤੇ ਆਪਣੇ ਟੱਬਰ ਵਿਚਲੇ ਬੱਚਿਆਂ ਦਾ ਹੋਣਾ ਹੈ ਤੇ ਨਾਲੋ ਨਾਲ ਆਪਣੀ ਜ਼ਮੀਨ ਦਾ ਵੀ।

 ਅੰਤ ਵਿਚ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮੀਡੀਆ ਰਾਹੀਂ ਪੂਰਾ ਦੋਸ਼ ਕਿਸਾਨਾਂ ਉੱਤੇ ਮੜ੍ਹ ਦੇਣ ਦਾ ਮਤਲਬ ਹੈ ਕਿ ਅਸਲ ਦੋਸ਼ੀ ਵੱਲੋਂ ਲੋਕਾਂ ਦਾ ਧਿਆਨ ਹਟਾਉਣਾ। ਕਿਸਾਨਾਂ ਦੀ ਪਰਾਲੀ ਨੂੰ ਲਾਈ ਅੱਗ ਜੰਗਲਾਂ ਵਿਚ ਲੱਗੀ ਅੱਗ ਤੋਂ ਵੱਧ ਪ੍ਰਦੂਸ਼ਣ ਨਹੀਂ ਫੈਲਾ ਸਕਦੀ।

ਜਦੋਂ ਸਭ ਨੂੰ ਸਮਝ ਆ ਜਾਏਗੀ ਕਿ ਅਸਲ ਕਾਰਨ ਹਨ- ਫੈਕਟਰੀਆਂ, ਕੋਲਾ ਸਾੜਨਾ, ਡੀਜ਼ਲ, ਪੈਟਰੋਲ, ਬੱਸਾਂ, ਟਰੱਕਾਂ, ਕਾਰਾਂ ਤੇ ਮੋਟਰਸਾਈਕਲ ਤਾਂ ਸਾਂਝੇ ਤੌਰ ਉੱਤੇ ਰੋਕਥਾਮ ਕਰਨੀ ਆਸਾਨ ਹੋ ਜਾਵੇਗੀ।

 ਵੱਡੀ ਗੱਲ ਹੈ – ਪੰਜਾਬ ਦੀ ਹਵਾ ਦਿੱਲੀ ਦੀ ਹਵਾ ਨਾਲੋਂ ਸਾਫ਼ ਹੈ, ਸੋ ਦਿੱਲੀ ਵੱਲੋਂ ਪੰਜਾਬ ਉੱਤੇ ਲਾਏ ਜਾ ਰਹੇ ਦੂਸ਼ਣ ਸਰਾਸਰ ਗ਼ਲਤ ਹਨ !

ਕੈਸੀ ਹੋਵੇ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ ?

0

ਕੈਸੀ ਹੋਵੇ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ ?

ਹਰਲਾਜ ਸਿੰਘ ਬਹਾਦਰਪੁਰ (ਮਾਨਸਾ)-94170-23911

ਕੁਦਰਤ ਨੇ ਹਰ ਜੀਵ ਜਾਤੀ ਦੀ ਪਦਾਇਸ਼ ਲਈ ਜੋੜਾ ਪੈਦਾ ਕੀਤਾ ਹੈ, ਸਾਰੇ ਜੀਵਾਂ ਦੇ ਜੋੜੇ ਕੁਦਰਤੀ ਢੰਗ ਨਾਲ ਆਪਣੇ ਬੱਚੇ ਪਾਲ ਰਹੇ ਹਨ ਅਤੇ ਆਪਣੇ ਫ਼ਰਜ਼ ਵੀ ਸਹੀ ਨਿਭਾਉਂਦੇ ਹੋਏ ਜੀਅ ਰਹੇ ਹਨ। ਕੋਈ ਜੀਵ ਕਿਸੇ ਦੇ ਹੱਕ ਨੂੰ ਮਾਰਦਾ ਵੀ ਨਹੀਂ, ਨਕਾਰਦਾ ਵੀ ਨਹੀਂ ਅਤੇ ਬਰਾਬਰਤਾ ਦੇ ਹੱਕ ਲੈਣ ਦੇਣ ਦਾ ਰੌਲਾ ਵੀ ਨਹੀਂ ਪਾਉਂਦਾ।  ਨਾ ਕੋਈ ਊਚ ਨੀਚ ਦੀ ਵੰਡੀ ਹੈ, ਨਾ ਕੋਈ ਮੂਰਖ ਹੈ, ਨਾ ਸਿਆਣਾ। ਨਾ ਉਹਨਾਂ ਨੂੰ ਸਿਆਣੇ ਬਣਾਉਣ ਲਈ ਕੋਈ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਹਨ, ਨਾ ਕੋਈ ਧਰਮ ਵਗੈਰਾ ਹੈ, ਪਰ ਉਹ ਫਿਰ ਵੀ ਆਪਣੇ ਫ਼ਰਜ਼ ਸਹੀ ਨਿਭਾਅ ਰਹੇ ਹਨ। ਇੱਕ ਮਨੁੱਖ ਜਾਤੀ ਹੀ ਹੈ ਜੋ ਆਪਣੇ ਆਪ ਨੂੰ ਸਾਰੇ ਜੀਵਾਂ ਤੋਂ ਸਿਆਣਾ ਸਮਝਦਾਰ ਸਮਝਦਾ ਹੈ, ਜਿਸ ਨੂੰ ਹੋਰ ਸਿਆਣਾ ਸਮਝਦਾਰ ਬਣਾਉਣ ਲਈ ਬੇਅੰਤ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਅਨੇਕਾਂ ਹੀ ਧਰਮ ਹਨ, ਪਰ ਇਹ ਹਾਲੇ ਵੀ ਆਪਣੇ ਮੁੱਢਲੇ ਫ਼ਰਜ਼ਾਂ ਤੋਂ ਅਣਜਾਣ ਹੀ ਹੈ, ਜਿਸ ਕਾਰਨ ਹੱਕ ਮਾਰਨ, ਹੱਕ ਨਕਾਰਨ, ਬਰਾਬਰਤਾ ਦੇਣ ਅਤੇ ਲੈਣ ਦੇ ਰੌਲੇ ਪੈ ਰਹੇ ਹਨ। ਮੇਰੀ ਸੋਚ ਮੁਤਾਬਕ ਇਹਨਾਂ ਰੌਲਿਆਂ ਦਾ ਮੁੱਖ ਕਾਰਨ ਸਮਾਜਕ ਵੰਡ ਹੈ। ਹੋ ਸਕਦਾ ਹੈ ਮੈਂ ਗਲਤ ਹੋਵਾਂ ਪਰ ਮੈਨੂੰ ਮਨੁੱਖਤਾ ਵਿੱਚ ਹਰ ਤਰ੍ਹਾਂ ਦੀਆਂ ਪਈਆਂ ਵੰਡੀਆਂ ਬਹੁਤ ਮਾੜੀਆਂ ਲੱਗਦੀਆਂ ਹਨ। ਇਹ ਵੰਡੀਆਂ ਚਾਹੇ ਧਰਮ, ਜਾਤ, ਦੇਸ਼, ਸੂਬੇ ਅਤੇ ਇਸਤਰੀ ਪੁਰਸ਼ ਆਦਿ ਦੀਆਂ ਹੋਣ। ਵੰਡੀ ਬੇਸੱਕ ਕੋਈ ਵੀ ਚੰਗੀ ਨਹੀਂ ਹੁੰਦੀ ਪਰ ਸਭ ਤੋਂ ਖ਼ਤਰਨਾਕ ਵੰਡੀ ਮਨੁੱਖ ਜਾਤ ਦੀ ਵੰਡ ਹੈ ਜੋ ਇਸਤਰੀ ਅਤੇ ਪੁਰਸ਼ ਨੂੰ ਵੀ ਵੰਡਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੱਝ ਪੁਰਸ਼ਾਂ ਨੇ ਕੁਦਰਤੀ ਕਾਰਨਾਂ ਨੂੰ ਨਾ ਸਮਝਦਿਆਂ, ਜਿਸ ਕਾਰਨ ਪੁਰਸ਼ ਨੂੰ ਉੱਤਮ ਅਤੇ ਇਸਤਰੀ ਨੂੰ ਨੀਚ ਹੋਣ ਦਾ ਦਰਜਾ ਦੇ ਦਿੱਤਾ ਸੀ (ਹੈ)। ਨਾਲੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸਤਰੀ ਨੀਚ ਹੈ, ਤਾਂ ਫਿਰ ਨੀਚ ਦੇ ਪੇਟ ਵਿੱਚੋਂ ਪੈਦਾ ਹੋਣ ਵਾਲਾ ਪੁਰਸ਼ ਉੱਤਮ ਕਿਵੇਂ ਹੋ ਸਕਦਾ ਹੈ।

ਸਾਨੂੰ ਹੁਣ ਉਹਨਾਂ ਪੁਰਾਣੀਆਂ ਉੱਤਮ, ਨੀਚ ਵਾਲੀਆਂ ਮਨੌਤਾਂ ਨੂੰ ਛੱਡ ਕੇ ਬਰਾਬਰਤਾ ਦਾ ਜੀਵਨ ਜਿਊਣ ਦਾ ਅਨੰਦ ਲੈਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਇਸਤਰੀ ਅਤੇ ਪੁਰਸ਼ ਦੋਹੇਂ ਰਲ ਕੇ ਹੀ ਇੱਕ ਮਨੁੱਖ ਬਣਦੇ ਹਨ।  ਇਹਨਾਂ ਨੂੰ ਵੰਡਿਆ ਹੀ ਨਹੀਂ ਜਾ ਸਕਦਾ। ਇਸਤਰੀ ਅਤੇ ਪੁਰਸ਼ ਇੱਕ ਦੂਜੇ ਤੋਂ ਬਗੈਰ ਅਧੂਰੇ ਹਨ। ਮਨੁੱਖ ਜਾਤੀ ਨੂੰ ਪੈਦਾ ਕਰਨ ਜਾਂ ਇਸ ਦੀ ਹੋਂਦ ਨੂੰ ਜਿੰਦਾ ਰੱਖਣ ਲਈ ਦੋਹੇਂ ਇੱਕੋ ਜਿੰਨੇ ਭਾਈਵਾਲ ਹਨ। ਹਾਂ ਜੋ ਕੁਦਰਤੀ ਪੱਖੋਂ ਇਹਨਾਂ ਵਿੱਚ ਸਰੀਰਕ ਵਖਰੇਵੇਂ ਹਨ, ਉਹ ਰਹਿਣਗੇ ਵੀ ਅਤੇ ਉਹ ਲੋੜ ਅਨੁਸਾਰ ਜ਼ਰੂਰੀ ਵੀ ਹਨ। ਇਹ ਵਖਰੇਵੇਂ ਪੁਰਸ਼ ਦੇ ਉੱਤਮ ਜਾਂ ਇਸਤਰੀ ਦੇ ਨੀਚ ਹੋਣ ਦੇ ਸੂਚਕ ਵੀ ਨਹੀਂ । ਅਫ਼ਸੋਸ ਦੀ ਗੱਲ ਹੈ ਕਿ ਪਹਿਲਾਂ ਅਣਪੜ੍ਹਤਾ ਜਾਂ ਰੂੜ੍ਹੀਵਾਦੀ ਵਿਚਾਰਾਂ ਕਾਰਨ ਇਸਤਰੀ ਨੂੰ ਨੀਚ ਸਮਝ ਕੇ ਉਸ ਨਾਲ ਧੱਕਾ ਹੁੰਦਾ ਰਿਹਾ ਹੈ, ਹੁਣ ਬਰਾਬਰਤਾ ਦੇ ਨਾਂ ’ਤੇ ਵੀ ਇਸਤਰੀ ਦਾ ਹੀ ਸ਼ੋਸ਼ਣ ਹੋ ਰਿਹਾ ਹੈ ਭਾਵੇਂ ਕਿ ਇਸ ਦਾ ਨੁਕਸਾਨ ਦੋਹਾਂ ਨੂੰ ਹੀ ਹੁੰਦਾ ਹੈ। ਇਸਤਰੀ ਨੂੰ ਆਰਥਿਕ ਤੌਰ ’ਤੇ ਹਰ ਖੇਤਰ ਵਿੱਚ ਕੰਮ ਕਰਨ ਅਤੇ ਨੌਕਰੀ ਦੇਣਾ ਬਰਾਬਰਤਾ ਨਹੀਂ ਹੁੰਦੀ ਕਿਉਂਕਿ ਇਸਤਰੀ ਉੱਤੇ ਹੋਰ ਵੀ ਬੋਝ ਵਧਾ ਦਿੱਤਾ, ਜਿਸ ਕਾਰਨ ਨੌਕਰੀ ਕਰਨ ਵਾਲੀਆਂ ਇਸਤਰੀਆਂ ਨੂੰ ਘਰਦੇ ਕੰਮਾਂ ਦੇ ਨਾਲ-ਨਾਲ ਬਾਹਰਲੇ ਕੰਮ ਵੀ ਕਰਨੇ ਪੈਂਦੇ ਹਨ। ਮੈਨੂੰ ਤਾਂ ਇਸ ਵਿੱਚ ਵੀ ਇਸਤਰੀ ਦੀ ਗੁਲਾਮੀ ਹੀ ਦਿਸ ਰਹੀ ਹੈ। ਜਿਸ ਕਾਰਨ ਹੁਣ ਬਰਾਬਰਤਾ ਦਾ ਇੱਕ ਹੋਰ ਪੈਮਾਨਾ ਵੀ ਸਾਹਮਣੇ ਆ ਰਿਹਾ ਹੈ ਕਿ ਜਿੰਨਾ ਪੜ੍ਹਿਆ ਲੜਕਾ/ਲੜਕੀ ਹੋਵੇ ਉਸ ਨੂੰ ਓਨਾ ਹੀ ਪੜ੍ਹਿਆ ਲੜਕੀ/ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਂ ਜਿੰਨੀ ਵੱਡੀ/ਛੋਟੀ ਨੌਕਰੀ ਲੜਕਾ/ਲੜਕੀ ਕਰਦਾ ਹੈ ਉਸ ਨੂੰ ਓਨੀ ਹੀ ਵੱਡੀ/ਛੋਟੀ ਨੌਕਰੀ ਕਰਦੇ ਲੜਕੀ/ਲੜਕੇ ਦਾ ਰਿਸ਼ਤਾ ਚਾਹੀਦਾ ਹੈ।

ਅਜਿਹੀ ਅਜੋਕੀ ਬਰਾਬਰਤਾ ਵਿੱਚ ਦੋਹੇਂ ਪਤੀ ਪਤਨੀ ਆਰਥਿਕ ਤੌਰ ’ਤੇ ਪੈਸੇ ਕਮਾਉਣ ਵਾਲੇ ਸੰਦ ਤੋਂ ਵੱਧ ਕੁੱਝ ਵੀ ਨਹੀਂ ਹੁੰਦੇ ਕਿਉਂਕਿ ਅਜਿਹੀ ਬਰਾਬਰਤਾ ਵਾਲੇ ਪਤੀ ਪਤਨੀਆਂ ਲਈ ਆਪਸ ਵਿੱਚ ਇੱਕ ਦੂਜੇ ਦੇ ਕੰਮ ਆਉਣਾ, ਬੱਚਿਆਂ ਦਾ ਪਾਲਣ ਪੋਸ਼ਣ, ਵੱਡਿਆਂ ਦੀ ਸਾਂਭ ਸੰਭਾਲ ਕਰਨਾ ਅਤੇ ਹੋਰ ਰਿਸ਼ਤੇ ਨਾਤਿਆਂ ਦੀ ਥਾਂ ਸਭ ਕੁੱਝ ਸਿਰਫ ਪੈਸਾ ਹੀ ਹੁੰਦਾ ਹੈ ਜਦ ਕਿ ਭਾਵੇਂ ਪੈਸਾ ਲੋੜ ਤਾਂ ਹੁੰਦੀ ਹੈ ਪਰ ਸਭ ਕੁੱਝ ਨਹੀਂ । ਇਸਤਰੀ ਨੂੰ ਆਰਥਿਕ ਤੌਰ ’ਤੇ ਕਮਾਈ ਕਰਨ ਲਈ ਇੱਕ ਸੰਦ ਵਜੋਂ ਬਰਾਬਰਤਾ ਦੇਣੀ ਕੋਈ ਬਰਾਬਰਤਾ ਨਹੀਂ ਹੁੰਦੀ। ਸਹੀ ਬਰਾਬਰੀ ਤਾਂ ਇਸ ਵਿੱਚ ਹੈ ਕਿ ਅਸੀਂ ਇੱਕ ਦੂਜੇ ਨੂੰ ਵੱਧ, ਘੱਟ ਅਧਿਕਾਰ ਦੇਣ, ਉੱਤਮ ਜਾਂ ਨੀਚ ਸਮਝਣ ਦੀ ਬਜਾਏ ਦੋਹਾਂ ਨੂੰ ਮਨੁੱਖ ਦੇ ਇੱਕ ਅੰਗ ਵਜੋਂ ਜਾਣੀਏ, ਨਾ ਕਿ ਵੱਖ ਵੱਖ ਦੋ ਸਰੀਰ; ਜਿਵੇਂ ਕਿ ਮਨੁੱਖਾ ਸਰੀਰ ਦੇ ਦੋ ਲੱਤਾਂ ਦੋ ਬਾਹਾਂ ਆਦਿ ਅੰਗ ਹਨ, ਉਹਨਾਂ ਵਿੱਚੋਂ ਕੋਈ ਵੀ ਬੇਲੋੜਾ ਜਾਂ ਉੱਤਮ ਨੀਚ ਨਹੀਂ ਹੁੰਦਾ। ਇਸੇ ਤਰ੍ਹਾਂ ਇਸਤਰੀ ਅਤੇ ਪੁਰਸ਼ ਵੀ ਦੋਹੇਂ ਇੱਕ ਮਨੁੱਖ ਦੇ ਅੰਗ ਹਨ ਇਹਨਾਂ ਵਿੱਚੋਂ ਕੋਈ ਵੀ ਬੇਲੋੜਾ ਜਾਂ ਉੱਤਮ ਨੀਚ ਨਹੀਂ, ਪਰ ਅਸੀਂ ਆਪਣੇ ਆਪ ਨੂੰ ਇੱਕ ਸਮਝਣ ਦੀ ਥਾਂ ਕੋਈ ਇਸਤਰੀ ਨੂੰ ਨੀਚ ਸਿੱਧ ਕਰਨ ਦੀ ਕੋਸ਼ਿਸ ਕਰ ਰਿਹਾ ਹੈ, ਕੋਈ ਪੁਰਸ਼ ਨੂੰ ਹੰਕਾਰੀ ਸਿੱਧ ਕਰ ਰਿਹਾ ਹੈ। ਜਦੋਂ ਕਿ ਗੁਣ ਔਗੁਣ ਦੋਹਾਂ ਵਿੱਚ ਬਰਾਬਰ ਹੀ ਹੁੰਦੇ ਹਨ, ਅਸੀਂ ਫਿਰ ਵੀ ਦੋਹੇਂ ਇੱਕ ਦੂਜੇ ਨੂੰ ਬਰਾਬਰ ਮੰਨਣ ਲਈ ਤਿਆਰ ਨਹੀਂ ਹੁੰਦੇ।

ਕਿਹੋ ਜਿਹੀ ਹੋਣੀ ਚਾਹੀਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ ? ਮੇਰੀ ਸਮਝ ਅਨੁਸਾਰ ਸਾਨੂੰ ਸਰੀਰਕ ਹਾਲਾਤਾਂ, ਸਮੇਂ ਅਤੇ ਸਥਾਨ ਅਨੁਸਾਰ ਰਲ ਮਿਲ ਕੇ ਕਾਰ ਵਿਹਾਰ ਕਰਨੇ ਚਾਹੀਦੇ ਹਨ। ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤੀ ਤੰਗ ਹੈ ਤਾਂ ਪਤਨੀ ਉਸ ਦੀ ਹਰ ਤਰ੍ਹਾਂ ਦੀ ਸੇਵਾ ਕਰੇ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ’ਤੇ ਖੁਸ਼ ਰੱਖਣ ਤੋਂ ਲੈ ਕੇ ਖਾਣ-ਪਾਣ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਦਬਾਉਣ ਤੱਕ। ਇਸੇ ਤਰ੍ਹਾਂ ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤਨੀ ਤੰਗ ਹੈ ਤਾਂ ਪਤੀ ਨੂੰ ਵੀ ਉਸ ਦੀ ਹਰ ਤਰ੍ਹਾਂ ਦੀ ਸੇਵਾ ਕਰਨੀ ਬਣਦੀ ਹੈ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ’ਤੇ ਖੁਸ਼ ਰੱਖਣ ਤੋਂ ਲੈ ਕੇ ਭੋਜਨ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਘੁੱਟਣ ਤੱਕ। ਅਜਿਹੇ ਹਲਾਤਾਂ ਵਿੱਚ ਅਸੀਂ ਇੱਕ ਦੂਜੇ ਨੂੰ ਬੋਝ ਜਾਂ ਉੱਤਮ ਨੀਚ ਸਮਝਣ ਦੀ ਥਾਂ ਸੱਚੇ ਸਾਥੀ ਜਾਂ ਆਪਣੇ ਹੀ ਸਰੀਰ ਦਾ ਅੰਗ ਜਾਣ ਕੇ ਇੱਕ ਦੂਜੇ ਦੇ ਕੰਮ ਆਈਏ ਫਿਰ ਹੀ ਸਹੀ ਅਰਥਾਂ ਵਿੱਚ ਬਰਾਬਰਤਾ ਹੋਵੇਗੀ। ਇੱਕ ਪੜ੍ਹੀ ਲਿਖੀ ਜਾਂ ਨੌਕਰੀ ਕਰਦੀ ਪਤਨੀ ਦਾ ਪਤੀ ਅਣਪੜ੍ਹ ਵੀ ਹੋ ਸਕਦਾ ਹੈ ਅਤੇ ਇੱਕ ਪੜ੍ਹੇ ਲਿਖੇ ਜਾਂ ਨੌਕਰੀ ਕਰਦੇ ਪਤੀ ਦੀ ਪਤਨੀ ਵੀ ਅਣਪੜ੍ਹ ਵੀ ਹੋ ਸਕਦੀ ਹੈ ਇਹ ਰਿਸ਼ਤੇ ਰੂਹਾਂ ਦੇ ਹੋਣੇ ਬਣਨਗੇ, ਨਾ ਕਿ ਨੌਕਰੀ ਜਾਂ ਪੈਸੇ-ਸੌਦੇ ਦੇ, ਪਰ ਅਫ਼ਸੋਸ ਕਿ ਅੱਜ ਅਸੀਂ ਕਿਸੇ ਵਿਰਲੇ ਨੂੰ ਛੱਡ ਕੇ, ਬਰਾਬਰਤਾ ਦੇ ਨਾਹਰੇ ਲਾਉਣ ਵਾਲੇ ਸਾਰੇ ਹੀ ਇਸਤਰੀ ਪੁਰਸ਼ ਇਨਸਾਨੀਅਤ ਦੀ ਥਾਂ ਬਰਾਬਰਤਾ ਸਿਰਫ ਡਿਗਰੀਆਂ ਜਾਂ ਪੈਸੇ ਨੂੰ ਹੀ ਸਮਝ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਅਸੀਂ ਸਮਝਦਾਰ ਅਤੇ ਸਾਰੇ ਸਾਧਨਾਂ ਦੇ ਹੁੰਦੇ ਹੋਏ ਵੀ ਅਨੰਦ ਮਾਨਣ ਦੀ ਥਾਂ ਲੜਾਈ ਝਗੜਿਆਂ ਵਾਲਾ ਜੰਗਲੀ ਜਾਨਵਰਾਂ ਤੋਂ ਵੀ ਮਾੜਾ ਜੀਵਨ ਜਿਊਂ ਰਹੇ ਹਾਂ।

ਕਾਸ਼ ! ਸਾਨੂੰ ਇੱਕ ਦੂਜੇ ਨੂੰ ਵੱਖ ਸਮਝ ਕੇ ਉਸ ਤੋਂ ਹੱਕ ਅਤੇ ਬਰਾਬਰਤਾ ਲੈਣ ਲਈ ਲੜਨ ਦੀ ਥਾਂ ਇੱਕ ਦੂਜੇ ਨੂੰ ਇੱਕ ਹੀ (ਆਪਣਾ ਹੀ ਅੰਗ) ਸਮਝ ਕੇ ਹੱਕ ਅਤੇ ਬਰਾਬਰਤਾ ਦੇਣ ਦੀ ਸੋਝੀ ਆ ਜਾਵੇ ।

ਕੀ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ ?

0

ਕੀ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ

28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ- 0175-2216783

(ਅਸਲ ਵਾਪਰੀ ਘਟਨਾ)

ਮੇਰਾ ਨਾਂ ਅੰਗਰੇਜ਼ ਕੌਰ ਹੈ। ਮੇਰੇ ਮਾਪਿਆਂ ਨੇ ਬੜੇ ਚਾਅ ਨਾਲ ਮੇਰਾ ਨਾਂ ਰੱਖਿਆ ਸੀ। ਮੇਰੇ ਪਿਓ ਨੂੰ ਲੱਗਦਾ ਸੀ ਕਿ ਅੰਗਰੇਜ਼ ਬਹੁਤ ਅਗਾਂਹਵਧੂ ਹੁੰਦੇ ਨੇ ਤੇ ਗੋਰੇ ਚਿੱਟੇ ਵੀ। ਮੈਨੂੰ ਉਹ ਅਸਮਾਨ ਦੀਆਂ ਉਚਾਈਆਂ ਛੂਹਦੀ ਨੂੰ ਵੇਖਣਾ ਚਾਹੁੰਦਾ ਸੀ।

ਮੈਂ ਦੁੱਧ ਧੋਤੀ, ਗੋਰੀ-ਚਿੱਟੀ ਸੀ ਤੇ ਹੱਥ ਲਾਇਆ ਮੈਲ਼ੀ ਹੁੰਦੀ ਸੀ, ਇਸੇ ਲਈ ਮੇਰੇ ਪਿਓ ਨੇ ਬਸ ਇੱਕੋ ਨਾਂ-ਅੰਗਰੇਜ਼ ਕੌਰ ’ਤੇ ਹੀ ਹਾਮੀ ਭਰੀ।

ਸਾਰਾ ਦਿਨ-ਮੇਰੀ ਧੀ ਅੰਗਰੇਜ਼ੋ, ਮੇਰਾ ਨਾਂ ਚਮਕਾਏਗੀ, ਮੇਰਾ ਨਾਂ ਚਮਕਾਏਗੀ; ਕਰਦਾ ਮੇਰਾ ਪਿਓ ਮੈਨੂੰ ਮੋਢੇ ਉੱਤੇ ਚੁੱਕ ਕੇ ਘੁੰਮਾਉਂਦਾ ਰਹਿੰਦਾ ਸੀ। ਕੀ ਮਜਾਲ ਸੀ ਕਿ ਕੋਈ ਐਰਾ ਗ਼ੈਰਾ ਮੈਨੂੰ ਹੱਥ ਵੀ ਲਾ ਜਾਂਦਾ। ਮੇਰਾ ਪਿਓ ਤਾਂ ਮਾਂ ਨੂੰ ਮੇਰੇ ਵਾਸਤੇ ਦੋ-ਦੋ ਵਾਰ ਨੁਹਾਉਣ ਨੂੰ ਕਹਿ ਕੇ ਘਰੋਂ ਨਿਕਲਦਾ ਤਾਂ ਕਿ ਕਿਤੇ ਅੰਗਰੇਜ਼ੋ ਮੈਲ਼ੀ ਨਾ ਹੋ ਜਾਏ।

ਕਿੰਨਾ ਚਾਅ ਸੀ ਮੇਰੇ ਪਿਓ ਨੂੰ ਮੇਰੇ ਗੋਰੇ ਰੰਗ ’ਤੇ ! ਮੈਂ ਵੀ ਫੁੱਲੀ ਨਾ ਸਮਾਉਂਦੀ। ਸਾਰਾ ਦਿਨ ਪਿਓ ਦੇ ਮੋਢੇ ਚੜ੍ਹ ਆਪਣੀਆਂ ਮੰਗਾਂ ਮਨਵਾਉਂਦੀ।  ਮੇਰਾ ਪਿਓ ਤਾਂ ਨਿਰਾ ਦੇਵਤਾ ਸੀ। ਹਰ ਕਿਸੇ ਨੂੰ ਕਹਿੰਦਾ ਰਹਿੰਦਾ – ਮੇਰੇ ਘਰ ਤਾਂ ਦੇਵੀ ਪੈਦਾ ਹੋਈ ਐ। ਸਾਕਸ਼ਾਤ ਦੇਵੀ। ਗੋਰੀ ਚਿੱਟੀ ਦੁੱਧ ਧੋਤੀ !

ਮੇਰੇ ਵਿਆਹ ਦੇ ਚਾਅ ਤਾਂ ਉਸ ਨੇ ਐਨੇ ਪੂਰੇ ਕੀਤੇ ਕਿ ਕੀ ਦੱਸਾਂ। ਵਿੱਤੋਂ ਬਾਹਰ ਹੋ ਕੇ ਉਸ ਨੇ ਮੇਰੇ ਸਹੁਰਿਆਂ ਨੂੰ ਰਜਾ ਦਿੱਤਾ। ਉਸ ਦਾ ਇਹੋ ਸੁਫ਼ਨਾ ਸੀ ਕਿ ਉਸ ਦੀ ਧੀ ਅੰਗਰੇਜ਼ ਕੌਰ ਨੂੰ ਦੁਨੀਆ ਦੀ ਹਰ ਖ਼ੁਸ਼ੀ ਮਿਲੇ।

ਨਿਆਲ ਪਿੰਡ ਵਿੱਚ ਮੈਂ ਵਿਆਹ ਕੇ ਗਈ। ਮੇਰੇ ਦੋ ਪੁੱਤਰ ਹੋਏ। ਮੇਰੇ ਮਾਪੇ ਫੁੱਲੇ ਨਾ ਸਮਾਏ। ਸਾਰੇ ਪਿੰਡ ’ਚ ਮੇਰੀ ਟੌਹਰ ਸੀ। ਸਾਰੇ ਹੈਰਾਨ ਸਨ ਕਿ ਰੱਬ ਨੇ ਏਨੀ ਮਿਹਰ ਕਿਵੇਂ ਕੀਤੀ ਐ। ਇੱਕ ਤਾਂ ਮੈਂ ਰੱਜ ਕੇ ਸੋਹਣੀ। ਉੱਤੋਂ ਜੋੜੀਆਂ ਪੁੱਤਰਾਂ ਦੀਆਂ। ਬੱਸ ਪੁੱਛੋ ਨਾ ਕੀ ਚਾਅ ਲਾਹੇ ਮੈਂ ਤੇ ਮੇਰੇ ਸਹੁਰਿਆਂ ਨੇ।

ਮੇਰੇ ਪਿਓ ਦਾ ਤਾਂ ਅੰਗਰੇਜ਼ੋ ਅੰਗਰੇਜ਼ੋ ਕਰਦੇ ਦਾ ਗਲਾ ਸੁੱਕਦਾ ਸੀ। ਮੈਨੂੰ ਡਾਕਟਰ ਨੇ ਕਿਹਾ ਸੀ ਪੂਰੇ ਡੇਢ ਸਾਲ ਤਾਈਂ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਆਈਂ। ਮੈਂ ਤਾਂ ਪੂਰੇ ਦੋ ਸਾਲ ਪਿਆਇਆ ਤਾਂ ਜੋ ਮੇਰੇ ਬੱਚੇ ਪੂਰੇ ਪਿੰਡ ’ਚੋਂ ਤਗੜੇ ਹੋਣ। ਨਾਲੇ ਦੁੱਧ ਦਾ ਕਰਜ਼ਾ ਵੀ ਦੂਣਾ ਚੜ੍ਹਦਾ।  ਆਖ਼ਰ ਮੇਰੇ ਪੁੱਤਰ ਮੇਰੇ ਬੁਢੇਪੇ ਦੀ ਡੰਗੋਰੀ ਸਨ। ਮੇਰੇ ਪਿਓ ਤੇ ਭਰਾ ਗੁਜ਼ਰੇ ਤਾਂ ਮੈਨੂੰ ਸਿਰਫ਼ ਆਪਣੇ ਪੁੱਤਰਾਂ ਉੱਤੇ ਆਸ ਰਹਿ ਗਈ। ਅਖੀਰ ਮੇਰਾ ਪਤੀ ਵੀ ਤੁਰ ਗਿਆ। ਫੇਰ ਤਾਂ ਮੈਂ ਦਿਨ-ਰਾਤ ਆਪਣੇ ਬੱਚਿਆਂ ਦੀ ਸੇਵਾ ਵਿੱਚ ਜੁਟ ਗਈ। ਮੇਰੇ ਸਾਈਂ ਦੀ ਆਖ਼ਰੀ ਨਿਸ਼ਾਨੀ।

ਮੇਰੇ ਵੱਡੇ ਪੁੱਤਰ ਕੁਲਦੀਪ ਸਿੰਘ ਉਰਫ਼ ਕਾਲਾ ਨੇ ਸੰਨ 2007 ਵਿੱਚ ਸ਼ਹਿਰ ਦੀ ਇੱਕ ਟਰਾਂਸਪੋਰਟ ਕੰਪਨੀ, ਗਰਗ ਬਸ ਸਰਵਿਸ ਵਾਲਿਆਂ ਦੀ ਬੱਚੀ ਨੂੰ ਅਗਵਾ ਕਰਕੇ ਫਿਰੌਤੀ ਮੰਗ ਲਈ। ਉਦੋਂ ਹੀ ਮੈਨੂੰ ਪਤਾ ਲੱਗਿਆ ਕਿ ਉਹ ਨਸ਼ੇ ਦੀ ਲਤ ਪਾਲ ਚੁੱਕਿਆ ਸੀ ਤੇ ਪੈਸੇ ਇਕੱਠੇ ਕਰਨ ਲਈ ਉਸ ਨੇ ਇਹ ਸਭ ਕੀਤਾ ਸੀ। ਮੇਰੇ ਲਈ ਇਹ ਧੱਕਾ ਕਿੰਨਾ ਅਸਹਿ ਹੋਵੇਗਾ, ਇਸ ਦਾ ਅੰਦਾਜ਼ਾ ਸੌਖਿਆਂ ਲਾਇਆ ਜਾ ਸਕਦਾ ਹੈ, ਪਰ ਮੈਂ ਠਾਣ ਲਿਆ ਕਿ ਮੈਂ ਆਪਣਾ ਪੁੱਤਰ ਹਰ ਹਾਲ ਵਿੱਚ ਠੀਕ ਰਸਤੇ ਉੱਤੇ ਲਿਆਉਣਾ ਹੈ। ਇਸੇ ਲਈ ਮੈਂ ਪੁਲਿਸ ਵਾਲਿਆਂ ਨੂੰ ਉੱਕਾ ਹੀ ਨਹੀਂ ਰੋਕਿਆ ਜਦੋਂ ਉਹ ਮੇਰੇ ਮੁੰਡੇ ਨੂੰ ਫੜਨ ਲਈ ਆਏ। ਫੇਰ ਕੇਸ ਚੱਲਿਆ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਉਮਰ ਕੈਦ ਲਈ ਅੰਦਰ ਭੇਜ ਦਿੱਤਾ ਗਿਆ।

14 ਜੁਲਾਈ 2016 ਨੂੰ ਡੇਢ ਮਹੀਨੇ ਦੀ ਛੁੱਟੀ ਲੈ ਕੇ ਉਹ ਮੈਨੂੰ ਮਿਲਣ ਲਈ ਘਰ ਆਇਆ। ਮੈਨੂੰ ਪੂਰੀ ਉਮੀਦ ਸੀ ਕਿ ਪਛੁਤਾਵੇ ਦੇ ਹੰਝੂ ਉਸ ਨੂੰ ਬਦਲ ਚੁੱਕੇ ਹੋਣਗੇ, ਪਰ ਇਹ ਕੀ ਹੋਇਆ ? ਘਰ ਪਹੁੰਚਦੇ ਸਾਰ ਕੁਲਦੀਪ ਨੇ ਆਪਣੇ ਛੋਟੇ ਵੀਰ ਹਰਦੀਪ ਸਿੰਘ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਮਾਂ ਵਾਰੀ, ਮੈਂ ਤਾਂ ਤਰਲੇ ਕਰਦੀ ਰਹਿ ਗਈ ਪਰ ਉਸ ਨੇ ਕੁੱਝ ਨਾ ਸੁਣਿਆ। ਪੂਰਾ ਦਿਨ ਤੇ ਰਾਤ ਉਹ ਸ਼ਰਾਬ ਪੀਂਦਾ ਰਿਹਾ।

ਮੈਂ ਬੜੇ ਚਾਅ ਨਾਲ ਉਸ ਲਈ ਖੀਰ ਬਣਾਈ ਸੀ। ਉਹ ਚਾਅ ਵੀ ਅੱਧਾ ਰਹਿ ਗਿਆ। ਦੂਜੇ ਦਿਨ ਦੀ ਸ਼ਾਮ ਹੋ ਚੱਲੀ ਪਰ ਉਸ ਦੀਆਂ ਸ਼ਰਾਬਾਂ ਦੀਆਂ ਬੋਤਲਾਂ ਨਹੀਂ ਮੁੱਕੀਆਂ।  ਮੈਂ ਤਾਂ ਬੂਹਾ ਢੋਅ ਕੇ ਬਿਨਾਂ ਕੁੱਝ ਖਾਧੇ ਪੀਤੇ ਸੌਣ ਚਲੀ ਗਈ। ਮੈਂ ਹਾਲੇ ਲੇਟੀ ਹੀ ਸੀ ਕਿ ਮੇਰਾ ਪੁੱਤਰ ਮੇਰੇ ਕਮਰੇ ਅੰਦਰ ਆ ਗਿਆ ਤੇ ਉਸ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਮੈਂ ਬਹੁਤ ਖ਼ੁਸ਼ ਹੋਈ ਕਿ ਚਲੋ ਆਖ਼ੀਰ ਪੁੱਤਰ ਨੂੰ ਮਾਂ ਦੀ ਯਾਦ ਤਾਂ ਆ ਗਈ। ਉਹ ਮੇਰੇ ਨੇੜੇ ਆ ਕੇ ਮੈਨੂੰ ਚਿੰਬੜ ਗਿਆ। ਮੇਰੇ ਜਿਗਰ ਦਾ ਟੁੱਕੜਾ ! ਮੈਨੂੰ ਤਾਂ ਮੇਰਾ ਉਹੀ ਨਿੱਕਾ ਕੁਲਦੀਪ ਮੇਰੀ ਗੋਦੀ ’ਚ ਆਉਂਦਾ ਲੱਗਿਆ। ਮੈਂ ਘੁੱਟ ਕੇ ਹਿੱਕ ਨਾਲ ਲਾ ਲਿਆ।

ਆਹ ਕੀ ਹੋ ਰਿਹੈ। ਮੇਰੇ ਪੁੱਤਰ ਨੇ ਮੇਰੀ ਕਮੀਜ਼ ਪਾੜ ਦਿੱਤੀ। ਓਹੋ ਆਹ ਕੀ ਕਰਨ ਡਿਹੈਂ ? ਓਏ ਪੁੱਤਰਾ ਸ਼ਰਮ ਕਰ ! ਓਏ ਏਥੋਂ ਹੀ ਜੰਮਿਐਂ ਤੂੰ। ਓਏ ਕੰਜਰਾ, ਇਸ ਕੁੱਖ ਨੂੰ ਕਲੰਕਿਤ ਨਾ ਕਰ। ਬਸ ਕਰ ਓਏ। ਇਹ ਕੁਕਰਮ ਕਿਵੇਂ ਬਖ਼ਸ਼ਵਾਏਂਗਾ ? ਹਾਏ ਓ ਮੇਰਿਆ ਰੱਬਾ ! ਇਹ ਦਿਨ ਵੀ ਵਿਖਾਉਣਾ ਸੀ। ਹੁਣ ਪੁੱਤਰ ਹੱਥੋਂ ਵੀ ਪੱਤ ਲੁਟਾਉਣੀ ਸੀ। ਇਹ ਲਾਸ਼ ਹੁਣ ਕਿਵੇਂ ਢੋਹਾਂਗੀ ? ਓ ਮੇਰੇ ਬਾਪੂ ! ਵੇਖ ਤਾਂ ਸਹੀ, ਬਹੁੜ ਤਾਂ ਸਹੀ, ਤੇਰੀ ਅੰਗਰੇਜ਼ੋ ਮੈਲ਼ੀ ਹੋ ਚੱਲੀ। ਹੁਣ ਨ੍ਹਾਤਿਆਂ-ਧੋਤਿਆਂ ਵੀ ਇਹ ਮੈਲ਼ ਨਹੀਂ ਸਾਫ਼ ਹੋਣੀ। ਮੇਰੇ ਸਿਰ ਦੇ ਸਾਈਆਂ, ਤੇਰੀ ਅੰਗਰੇਜ਼ੋ ਦੀ ਹਰ ਖ਼ੁਸ਼ੀ ਖੋਹ ਲਈ ਗਈ ਐ। ਕੀ ਮੈਂ ਅਸਮਾਨ ਦੀਆਂ ਇਹੋ ਜਿਹੀਆਂ ਉਚਾਈਆਂ ਛੂਹਣੀਆਂ ਸਨ ?

ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਨਹਿਸ਼ (ਕੁਲੱਛਣੀ) ਰਾਤ ਉਸ ਦਿਨ ਕੱਢੀ। ਮੈਂ ਸਵਖਤੇ ਇਕ ਪੱਕਾ ਫ਼ੈਸਲਾ ਕਰ ਲਿਆ ਤੇ ਕਮਰੇ ਨੂੰ ਜੰਦਰਾ ਲਾ ਸਿੱਧਾ ਥਾਣੇ ਗਈ। ਪਾਤੜਾਂ ਦੇ ਥਾਣੇ ਮੁਖੀ ਨਰਾਇਣ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੋਡਲ ਅਫ਼ਸਰ ਰਾਜਵਿੰਦਰ ਕੌਰ ਨੇ ਮਾਮਲਾ ਦਰਜ ਕਰ ਕੇ ਮੇਰਾ ਮੈਡੀਕਲ ਕਰਵਾਇਆ ਤੇ ਪਿੰਡ ਵਾਲਿਆਂ ਨੂੰ ਵੀ ਸਭ ਦੱਸਿਆ।

ਫਿਟ ਲਾਅਨਤ ਇਹੋ ਜਿਹੇ ਪੁੱਤਰਾਂ ’ਤੇ। ਮੇਰਾ ਕੀ ਕਸੂਰ ਸੀ ? ਪੂਰੀ ਉਮਰ ਇਨ੍ਹਾਂ ਦੀ ਪਰਵਰਿਸ਼ ਉੱਤੇ ਲਾ ਦਿੱਤੀ। ਇਹ ਬੁਢੇਪੇ ਦੀ ਡੰਗੋਰੀ ਹੈ ਕਿ ਸਪੋਲੀਆ ? ਕਿੱਥੇ ਮਰ ਗਏ ਕਹਿਣ ਵਾਲੇ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ ? ਕਿਉਂ ਪੁੱਤਰਾਂ ਨੂੰ ਜੰਮੀਏ ? ਜਿਸ ਕੁੱਖੋਂ ਜੰਮੀਏ, ਉਸੇ ਨੂੰ ਪੜਵਾਉਣ ਲਈ ? ਕੀ ਚੰਨ ਚਾੜ੍ਹਿਐ, ਇਸ ਬੇਗ਼ੈਰਤ ਨੇ ?

ਵੇ ਡੁੱਬ ਜਾਣਿਓ !  ਕੋਈ ਕੁਸਕਦਾ ਕਿਉਂ ਨਹੀਂ ? ਪੁੱਤਰਾਂ ਦੇ ਜੰਮਣ ’ਤੇ ਲੱਡੂ ਵੰਡਣ ਵਾਲਿਓ ! ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਮਾਂ ਬਣਨ ਦੇ ਜੁਰਮ ਦੀ ਮਿਲੀ ਸਜ਼ਾ ਬਾਰੇ ਕੁੱਝ ਤਾਂ ਬੋਲੋ !  ਜੇ ਮੇਰੇ ਸਵਾਲਾਂ ਦਾ ਜਵਾਬ ਨਾ ਮਿਲਿਆ ਤਾਂ ਮੈਂ ਹਰ ਮਾਂ ਨੂੰ ਇਹੀ ਸਲਾਹ ਦੇਵਾਂਗੀ ਕਿ ਜੰਮਦੇ ਸਪੋਲੀਏ ਦੀ ਹੀ ਸੰਘੀ ਨੱਪ ਦੇਣ ਤਾਂ ਜੋ ਅੱਗੇ ਤੋਂ ਕਿਸੇ ਮਾਂ ਨੂੰ ਅਜਿਹੀ ਸ਼ਰਮਨਾਕ ਘਟਨਾ ਵਿੱਚੋਂ ਨਾ ਲੰਘਣਾ ਪਵੇ।

ਲੱਖ ਲਾਅਨਤ ਹਨ ਇਸ ਮੁਲਕ (ਭਾਰਤ) ਨੂੰ, ਮਾਂ ਦਾ ਨਾਂ ਦੇਣ ਵਾਲਿਆਂ ਨੂੰ ! ਹੱਥ ਲਾਇਆਂ ਨੂੰ ਵੀ ਮੈਲ਼ੀ ਹੁੰਦੀ ਅੰਗਰੇਜ਼ ਕੌਰ ਦੀ ਇਹ ਮੈਲ਼ ਹੋਰ ਸੈਂਕੜੇ ਵਰ੍ਹੇ ਨਹਾਉਣ ਧੋਣ ਨਾਲ ਵੀ ਨਹੀਂ ਲੱਥਣ ਲੱਗੀ। ਔਂਤਰਿਓ ! ਕੋਈ ਤਾਂ ਬੋਲੋ ਹੁਣ !

‘ਧੀ ਜੰਮਣਾ ਤਾਂ ਅਪਸ਼ਗਨ ਹਮੇਸ਼ਾ ਤੋਂ ਸੀ, ਕੀ ਹੁਣ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ ?’

Most Viewed Posts