ਖ਼ਾਸ ਇਤਿਹਾਸਕ ਤਰੀਖਾਂ ’ਚ ਵੱਡਾ ਅੰਤਰ ਚਿੰਤਾਜਨਕ ਹੈ

0
1012

ਖ਼ਾਸ ਇਤਿਹਾਸਕ ਤਰੀਖਾਂ ’ਚ ਵੱਡਾ ਅੰਤਰ ਚਿੰਤਾਜਨਕ ਹੈ

ਕਿਰਪਾਲ ਸਿੰਘ (ਬਠਿੰਡਾ) 98554-80797, 88378-13661

ਸਿੱਖ ਇਤਿਹਾਸ ਦੇ ਬਹੁਤ ਥੋੜ੍ਹੇ ਸਮੇਂ ਦੇ ਦੌਰਾਨ ਹੀ ਬਹੁਤ ਹੀ ਮਹੱਤਵ ਪੂਰਨ ਇਤਿਹਾਸਕ ਤਰੀਖਾਂ ਵਿੱਚ ਬਹੁਤ ਵੱਡਾ ਅੰਤਰ ਆ ਜਾਣਾ ਚਿੰਤਾਜਨਕ ਹੈ; ਜਿਵੇਂ ਕਿ 550 ਸਾਲ ਬੀਤ ਜਾਣ ਦੇ ਬਾਅਦ ਸਿੱਖ ਇਹ ਨਿਤਾਰਾ ਨਹੀਂ ਕਰ ਸਕੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀ ਜਾਂ 1 ਵੈਸਾਖ ਨੂੰ; ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਸੰਨ 1661/ਸੰਮਤ 1718 ਬਿਕ੍ਰਮੀ ਵਿੱਚ ਹੋਇਆ ਸੀ ਜਾਂ ਜਾਂ 1665ਸੀ.ਈ./ਸੰਮਤ 1722 ਬਿਕ੍ਰਮੀ; 1666ਸੀ.ਈ./ਸੰਮਤ 1723 ਬਿਕ੍ਰਮੀ; 1668ਸੀ.ਈ./ਸੰਮਤ 1725 ਬਿਕ੍ਰਮੀ ਜਾਂ ਸੰਨ 1669/ਸੰਮਤ 1726 ਬਿਕ੍ਰਮੀ ਵਿੱਚ ਹੋਇਆ ਜਾਂ ਇਨ੍ਹਾਂ ਦੇ ਵਿਚਕਾਰ ਕਿਸੇ ਹੋਰ ਸਾਲ ਵਿੱਚ; ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਨ 1704 ਵਿੱਚ ਹੋਈ ਸੀ ਜਾਂ 1705 ਵਿੱਚ, ਆਦਿ। ਹੋਰ ਤਾਂ ਹੋਰ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰੀ 1984 ਦੀ ਘਟਨਾ ਦਾ ਵੀ ਸਾਨੂੰ ਨਹੀਂ ਪਤਾ ਕਿ ਸੰਤ ਜਰਨੈਲ ਸਿੰਘ ਦੀ ਸ਼ਹੀਦੀ 24 ਜੇਠ ਨੂੰ ਹੋਈ ਸੀ ਜਾਂ 23 ਜੇਠ ਨੂੰ ਕਿਉਂਕਿ ਸ਼੍ਰੋਮਣੀ ਕਮੇਟੀ ਦੇ (ਕੁ)ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਾਨਕਸ਼ਾਹੀ ਸੰਮਤ 550 ਵਿੱਚ ਇਹ ਘਟਨਾ 24 ਜੇਠ ਵਿਖਾਈ ਗਈ ਸੀ ਜਦੋਂ ਕਿ 551 ਵਿੱਚ ਇਹ ਘਟਨਾ 23 ਜੇਠ ਨੂੰ ਦਰਜ ਕੀਤੀ ਹੋਈ ਹੈ। ਇਹ ਚਾਰ ਕੁ ਦਿਹਾੜੇ ਕੇਵਲ ਉਦਾਹਰਣ ਵਜੋਂ ਦਿੱਤੇ ਗਏ ਹਨ ਵਰਨਾ ਤਕਰੀਬਨ ਅੱਧੋਂ ਵੱਧ ਦਿਹਾੜੇ ਕਿਸੇ ਨਾ ਕਿਸੇ ਕਾਰਨ ਹਰ ਸਾਲ ਬਦਲਵੀਆਂ ਤਰੀਖਾਂ ਨੂੰ ਆਉਂਦੇ ਹਨ। ਇਸ ਤਰ੍ਹਾਂ ਦੀ ਦੁਬਿਧਾ ਇਤਿਹਾਸਕਾਰਾਂ ਅਤੇ ਲੇਖਕਾਂ/ਪ੍ਰਚਾਰਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਖ ਵੱਖ ਵੱਖ ਸੋਮਿਆਂ ਅਨੁਸਾਰ ਇਸ ਤਰ੍ਹਾਂ ਹੈ:

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ

  1. ਭੱਟ ਬਹੀਆਂ ਦਾ ਹਵਾਲਾ ਦੇ ਕੇ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ: ਸੰਮਤ ਬਿਕ੍ਰਮੀ 1718, ਪੋਹ ਸੁਦੀ 7 ਬੁਧਵਾਰ ਕੇ ਦਿਹੁੰ ਨੂੰ ਰੈਨਿ ਢਲੀ ਜਨਮ ਹੂਆ ਦਿਹੁੰ ਢਲੇ/18 ਦਸੰਬਰ 1661, ਡਾ: ਦਿਲਗੀਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤਿੰਨ ਤਰੀਖਾਂ ਮਿਲਦੀਆਂ ਹਨ: 1661, 1666 ਅਤੇ 1668 (1668 ਸਿਰਫ ਸ਼੍ਰੋਮਣੀ ਕਮੇਟੀ ਦੀ ਕਿਤਾਬ ’ਚ ਲਿਖਿਆ ਹੈ)।

ਡਾ: ਦਿਲਗੀਰ ਨੇ ਨਾ ਤਾਂ ਸੰਗਰਾਂਦੀ ਤਰੀਖ ਲਿਖੀ ਹੈ ਅਤੇ ਨਾ ਹੀ ਕਿਸੇ ਨਖਸ਼ੱਤਰ, ਲਗਨ, ਕਰਨ, ਯੋਗ ਦਾ ਵੇਰਵਾ ਦਿੱਤਾ ਹੈ ਅਤੇ ਨਾ ਹੀ ਭੱਟ ਬਹੀ ਦੇ ਉਸ ਪੰਨੇ ਦੀ ਫੋਟੋ ਕਾਪੀ ਦਿੱਤੀ ਹੈ, ਜਿਸ ’ਤੇ ਇਹ ਇੰਦਰਾਜ ਕੀਤੇ ਹੋਏ ਹਨ ਇਸ ਲਈ ਇਸ ਤਰੀਖ ਦੀ ਵੀ ਪੜਤਾਲ ਨਹੀਂ ਕੀਤੀ ਜਾ ਸਕਦੀ)

  1. ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ, ਗੁਰਬਾਣੀ ਪਾਠ ਦਰਸ਼ਨ ’ਚ ਲਿਖਦੇ ਹਨ: ਸੰਮਤ 1723 ਬਿਕ੍ਰਮੀ, ਪੋਹ ਸੁਦੀ 7, 23 ਪੋਹ ਦਿਨ ਐਤਵਾਰ, ਧ੍ਰਿਸ਼ਟਾ ਖਗ (ਸ਼ਾਇਦ ਇੱਥੇ ਧਨਿਸ਼ਟਾ ਸ਼ਬਦ ਚਾਹੀਦਾ ਸੀ, ਜਿਸ ਨੂੰ ਲੇਖਕ ਨੇ ਗਲਤੀ ਨਾਲ ‘ਧ੍ਰਿਸ਼ਟਾ ਖਗ’ ਲਿਖ ਦਿੱਤਾ ਜਦੋਂ ਕਿ ਇਸ ਨਾਮ ਦਾ ਕੋਈ ਨਖਸ਼ੱਤਰ ਹੀ ਨਹੀਂ ਹੈ)/1 ਜਨਵਰੀ 1666.

(ਨੋਟ: ਸੰਮਤ 1723 ਬਿਕ੍ਰਮੀ, ਪੋਹ ਸੁਦੀ 7, 23 ਪੋਹ ਨੂੰ ਦਿਨ ਸ਼ਨੀਵਾਰ ਬਣਦਾ ਹੈ, ਨਾ ਕਿ ਐਤਵਾਰ ਅਤੇ ਸਾਂਝੇ ਸਾਲ ਦੀ ਤਰੀਖ 1 ਜਨਵਰੀ 1666 ਨਹੀਂ ਬਲਕਿ 22 ਦਸੰਬਰ 1666 ਬਣਦੀ ਹੈ। ਇਸੇ ਤਰ੍ਹਾਂ ਨਛੱਤਰ ਧ੍ਰਿਸ਼ਟਾ ਖਗ ਨਹੀਂ ਬਲਕਿ ਉਤਰਾ ਭਾਦਰਪਦ ਹੈ ਇਸ ਲਈ ਇਸ ਤਰੀਖ ਦੇ ਕੁਝ ਇੰਦਰਾਜ ਜ਼ਰੂਰ ਗਲਤ ਹਨ।)

  1. ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ : ਸੰਮਤ 1723 ਬਿਕ੍ਰਮੀ, ਪੋਹ ਸੁਦੀ 7, 23 ਪੋਹ ਦਿਨ ਸ਼ਨੀਵਾਰ/22 ਦਸੰਬਰ 1666.

(ਨੋਟ: ਇੱਥੇ ਦਿੱਤੀ 22 ਦਸੰਬਰ 1666 ਤਰੀਖ ਸਾਰੇ ਪੱਖਾਂ ਤੋਂ ਸਹੀ ਜਾਪਦੀ ਹੈ ਅਤੇ ਪੰਥ ਦੇ ਵੱਡੇ ਹਿੱਸੇ ਵਿੱਚ ਪ੍ਰਵਾਣਿਤ ਵੀ ਹੈ)

  1. (ੳ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੀਸਰਚ ਸਕਾਲਰ ਹਿਸਟਰੀ, ਰਣਧੀਰ ਸਿੰਘ ਵੱਲੋਂ ਸੰਪਾਦਤ ਕੀਤੀ ‘ਗੁਰਪ੍ਰਣਾਲੀਆਂ’ ਪੁਸਤਕ ਦਾ ਪੰਨਾ 10 (ਕ੍ਰਿਤ ਭਾਈ ਕੇਸਰ ਸਿੰਘ): ਸੰਮਤ 1723 ਬਿਕ੍ਰਮੀ, ਮਾਘ 13, ਮਾਘ ਸੁਦੀ ਅਸ਼ਟਮੀ, ਧਨਿਸ਼ਟਾ ਨਿਛੱਤ੍ਰ ਦੇ ਤੀਸਰੇ ਚਰਨ ਵਿੱਚ, ਦਿਨ *ਆਇਤਵਾਰ ਪਹਿਰ ਰਾਤ ਰਹਿੰਦੀ ਅਨਹਦ ਧੁਨੀ ਹੋਈ; ਜਨਮ ਧਾਰਿਆ। (ਇਸ ਦੇ ਫੁੱਟ ਨੋਟ ਵਿੱਚ ਲਿਖਿਆ ਹੈ: *13 ਮਾਘ ਨੂੰ ਵਦੀ 13, ਵਾਰ ਸ਼ੁੱਕਰ ਤੇ ਨਛੱਤਰ ਮੂਲਾ ਸੀ ਪਰ ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਅਜੇ ਪੰਜਾਬ ਵਿੱਚ ਹੀ ਸਨ। ਸੰਮਤ 1725 ਵਿੱਚ ਰਾਜਾ ਰਾਮ ਸਿੰਘ ਅੰਬੇਰਪਤਿ ਪੂਰਬ ਗਏ ਸਨ।)

(ਅ) ਗੁਰਪ੍ਰਣਾਲੀਆਂ ਦਾ ਪੰਨਾ 52 ਕ੍ਰਿਤ ਕਵਿ ਗੁਲਾਬ ਸਿੰਘ: ਸੰਮਤ 1722, ਪੋਹ ਸੁਦੀ 7, ਧਨ (ਪੋਹ) ਕਾ ਪ੍ਰਵਿਸ਼ਟਾ 19, ਐਤਵਾਰ, ਧਨਿਸ਼ਟ ਨਿਛੱਤਰ ਤੀਜੇ ਪਗ ਸਵਾ ਪਹਿਰ ਰਾਤ ਰਹੀ ਜਨਮ ਭਯੋ। ਇਸ ਦੇ ਫੁੱਟ ਨੋਟ ਵਿੱਚ ਲਿਖਿਆ ਹੈ: ਸੰਮਤ 1722 ਦੀ ਪੋਹ ਸੁਦੀ 7 ਮੰਗਲਵਾਰ ਮਾਘ 5 ਨੂੰ ਰੇਵਤੀ ਨਛੱਤਰ ਸੀ। ਧਨਿਸ਼ਟਾ 1 ਮਾਘ ਪੋਹ ਸੁਦੀ 3 ਨੂੰ ਸੀ। ਇਨ੍ਹਾਂ ਵਿੱਚੋਂ ਬਹੁਤੇ ਯੋਗ ਸੰਮਤ 1718 ਅਰ 1726 ਵਿੱਚ ਜਰੂਰ ਮਿਲਦੇ ਹਨ। ਪਰ ਨੌਵੇਂ ਪਾਤਸ਼ਾਹ ਸੰਮਤ 1725 ਬਿਕ੍ਰਮੀ ਵਿੱਚ ਰਾਜਾ ਰਾਮ ਸਿੰਘ ਅੰਬੇਰਪਤਿ ਨਾਲ ਆਸਾਮ-ਬੰਗਾਲ ਗਏ ਸਨ। (ਮੁਆਸਰਿ ਆਲਮਗੀਰੀ-ਫਾਰਸੀ ਛਾਪਾ ਪੰਨਾ 64-5, 87 ਤੇ 97)

ਵੱਖ ਵੱਖ ਲੇਖਕਾਂ ਵੱਲੋਂ ਤਰੀਖਾਂ ਦੇਣ ਤੋਂ ਬਾਅਦ ਗੁਰਪ੍ਰਣਾਲੀਆਂ ਦੇ ਪੰਨਾ 133 ’ਤੇ ਹੇਠਾਂ ਦਿੱਤੇ ਫੁੱਟ ਨੋਟ ਵਿੱਚ ਸੰਪਾਦਕ ਰਣਧੀਰ ਸਿੰਘ ਇਸ ਨਤੀਜੇ ’ਤੇ ਪਹੁੰਚਦੇ ਹਨ ਕਿ ਦਸਮੇਸ਼ ਜੀ ਦਾ ਜਨਮ, ਸੰਮਤ 1725 ਬਿਕ੍ਰਮੀ (ਗਤਿ) ਯਾ 1726 ਬਿਕ੍ਰਮੀ (ਵਰਤਮਾਨ) ਦੇ ਪੋਹ ਮਹੀਨੇ (ਮਾਘੀ ਦੀ ਰਾਤਿ) ਹੋਇਆ। (ਮਾਖਜ਼ਿ ਤ੍ਵਾਰੀਖ਼ ਸਿਖਾਂ, ਪੰਨਾ 6; ਤੇ ਹੁਕਮਨਾਮ ਪਾ: ੯, ਨੰ: ੬)

ਸਿੱਖ ਇਤਿਹਾਸ ਵਿੱਚ ਇੰਨਾ ਕੁਝ ਅਸਪਸ਼ਟ ਹੋਣ ਦੇ ਬਾਵਜੂਦ ਵੀ ਜੇ ਕੋਈ ਕਹੇ ਕਿ ਪੁਰੇਵਾਲ ਦੁਆਰਾ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ; ਗੁਰ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲ ਰਿਹਾ ਹੈ ਤਾਂ ਜਾਪਦਾ ਹੈ ਕਿ ਜਾਂ ਤਾਂ ਉਨ੍ਹਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ ਹੀ ਨਹੀਂ ਜਾਂ ਇਸ ਕੈਲੰਡਰ ਦਾ ਵਿਰੋਧ ਕਰਨਾ ਹੀ ਕੇਵਲ ਮਕਸਦ ਹੈ। ਕਿਸੇ ਵੀ ਕੈਲੰਡਰ ਵਿੱਚ ਦਿੱਤੀਆਂ ਤਰੀਖਾਂ ਨੂੰ ਕੈਲੰਡਰ ਵਿਗਿਆਨ ਦੇ ਨਿਯਮਾਂ ਅਨੁਸਾਰ ਹੀ ਪੰਚਾਂਗਾਂ ਬਣਾ ਕੇ ਗਲਤ ਸਾਬਤ ਕੀਤਾ ਜਾ ਸਕਦਾ ਹੈ ਜਾਂ ਇਤਿਹਾਸਕ ਖੋਜ ਉਪਰੰਤ ਨਵੀਂ ਤਰੀਖ ਸਾਹਮਣੇ ਆਉਣ ਉਪਰੰਤ, ਕਿਉਂਕਿ ਕੈਲੰਡਰ ਕੇਵਲ ਫਰੇਮ ਵਰਕ ਹੁੰਦਾ ਹੈ, ਜਿਸ ਵਿੱਚ ਕੋਈ ਵੀ ਤਰੀਖ ਬਦਲ ਕੇ ਨਿਸ਼ਚਿਤ ਕੀਤੀ ਜਾ ਸਕਦੀ ਹੈ।

ਸਿੱਖ ਇਤਿਹਾਸ ਦੀਆਂ ਤਰੀਖਾਂ ਵਿੱਚ ਆਏ ਅੰਤਰ ’ਚ ਹੇਠ ਲਿਖੇ ਦੋ ਪ੍ਰਮੁੱਖ ਕਾਰਨ ਹਨ :

  1. ਸਿਧਾਂਤਿਕ ਪੱਖੋਂ ਖ਼ਾਰ ਖਾਣ (ਈਰਖਾ ਰੱਖਣ) ਵਾਲਿਆਂ ਦੁਆਰਾ ਯੋਜਨਾਬੱਧ ਤਰੀਕੇ ਨਾਲ ਵਿਗਾੜਿਆ ਗਿਆ ਸਿੱਖ ਇਤਿਹਾਸ। ਮਿਸਾਲ ਵਜੋਂ ਪਟਨਾ ਸਾਹਿਬ ਵਿਖੇ ਪਈ ਦਸਮ ਗ੍ਰੰਥ ਦੀ ਇੱਕ ਹੱਥ ਲਿਖਤ ਬੀੜ, ਜਿਸ ਦੇ ਤਤਕਰੇ ਵਿੱਚ ਇਸ ਨੂੰ ਲਿਖਣ ਦਾ ਸਮਾਂ ਅਸਾੜ ਵਦੀ ੧, ਸੰਮਤ ੧੭੫੩ ਬਿਕ੍ਰਮੀ ਹੈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਪੱਤਰੀ ਲਿਖੀ ਹੋਈ ਹੈ, ਜਿਸ ਦੀ ਫੋਟੋ ਇੱਥੇ ਦਿੱਤੀ ਹੈ:

ਇਸ ਜਨਮ ਪੱਤਰੀ ਵਿੱਚ ਦਿਨ ਐਤਵਾਰ (ਰਵੀਵਾਰ) ਦਰਸਾਇਆ ਗਿਆ ਅਤੇ ਸੰਮਤ ੧੭੨੬ (ਸੰਨ 1669) ਨੂੰ ਪਹਿਲਾਂ ਓਵਰ ਰਾਈਟ ਕਰਕੇ ੧੭੨੩ (ਸੰਨ 1666) ਕਰਨਾ ਚਾਹਿਆ, ਪਰ ਸਫਲਤਾ ਨਾ ਮਿਲਦੀ ਵੇਖ ਕੇ ਫਿਰ ਉਸ ਨੂੰ ਕੱਟ ਕੇ ਉੱਪਰ ੧੭੨੩ ਲਿਖ ਦਿੱਤਾ। ਇਹੀ ਜਨਮ ਪੱਤਰੀ ਵੇਖ ਕੇ ਕਈ ਸਿੱਖ ਵਿਦਵਾਨ ਤਰੀਖਾਂ ਨਿਸ਼ਚਿਤ ਕਰਦੇ ਰਹੇ, ਪਰ ਸ: ਪਾਲ ਸਿੰਘ ਪੁਰੇਵਾਲ ਦੀ ਪਾਰਖੂ ਅੱਖ ਨੇ ਇਹ ਗਲਤੀ ਫੜਨ ਲਈ ਗਣਿਤ ਕਰ ਕੇ ਵੇਖਿਆ ਕਿ ਸੰਨ ੧੬੬੦ ਸੀ.ਈ./ਸੰਮਤ ੧੭੧੭ ਤੋਂ ਲੈ ਕੇ ੧੬੭੦ ਸੀ.ਈ./ਸੰਮਤ ੧੭੨੭ ਬਿਕ੍ਰਮੀ ਦੇ ਸਮੇਂ ਦੌਰਾਨ ਆਈਆਂ ਪੋਹ ਸੁਦੀ ੭ਵੀਆਂ ਨੂੰ ਪੱਤਰੀ ਵਿੱਚ ਵਿਖਾਏ ਦਿਨ ਐਤਵਾਰ (ਰਵੀਵਾਰ) ਨਾਲ ਮਿਲਾ ਕੇ ਵੇਖਿਆ ਤਾਂ ਪਾਇਆ ਕਿ ਕੇਵਲ ਦੋ ਸਾਲ (ਸੰਨ ੧੬੬੨ ਅਤੇ ਸੰਨ ੧੬੬੯) ’ਚ ਹੀ ਰਵੀਵਾਰ ਦਿਨ ਆਇਆ ਹੈ।

ਇਸ ਪੱਤਰੀ ’ਚ ਪੋਹ ਸੁਦੀ ੭ ਨੂੰ ਲਗਨ ਮੀਨ ਵੀ ਦੱਸਿਆ ਗਿਆ ਹੈ।  ਸੰਨ ੧੬੬੨ ਦੀ ਪੋਹ ਸੁਦੀ ੭ ਨੂੰ ਲਗਨ ਕੁੰਭ ਸੀ ਅਤੇ ੧੬੬੯ ਸੀ.ਈ./ਸੰਮਤ ੧੭੨੬ ਬਿਕ੍ਰਮੀ ਦੀ ਪੋਹ ਸੁਦੀ ੭ ਨੂੰ ਲਗਨ ਮੀਨ। ਇਸ ਤੋਂ ਸਾਫ਼ ਹੈ ਕਿ ਇਸ ਜਨਮ ਪੱਤਰੀ ਦਾ ਕੱਟ ਕੇ ਕੀਤਾ ਗਿਆ ਸੰਮਤ ੧੭੨੩ (ਸੰਨ ੧੬੬੬) ਸਹੀ ਨਹੀਂ। ਸੋ ਇੱਥੇ ਸੰਮਤ ੧੭੨੬ (ਸੰਨ ੧੬੬੯) ਬਿਕ੍ਰਮੀ ਹੀ ਸਹੀ ਢੁੱਕਦਾ ਹੈ, ਜਿਸ ਨੂੰ ਸਿੱਖਾਂ ਵਿੱਚ ਦੁਬਿਧਾ ਪਾਉਣ ਲਈ ਕੱਟ ਕੇ ਸੰਮਤ ੧੭੨੩ ਬਣਾਇਆ ਗਿਆ। ਇਹ ਛਲ-ਕਪਟ ਉਸ ਸਮੇਂ ਬਾਹਰ ਆਇਆ ਜਦੋਂ ਪਟਨਾ ਵਾਲੀ ਇਸ ਬੀੜ ਦਾ ਇੱਕ ਉਤਾਰਾ ਅੰਮ੍ਰਿਤਸਰ ਤੋਂ ਮਿਲ ਗਿਆ, ਜਿਸ ਦੀ ਫੋਟੋ ਕਾਪੀ ਇੱਥੇ ਦਿੱਤੀ ਜਾ ਰਹੀ ਹੈ :

ਇਸ ਉਤਾਰੇ ਵਿੱਚ ਸਾਫ਼ ਤੌਰ ’ਤੇ ਸੰਮਤ ੧੭੨੬ ਲਿਖਿਆ ਹੋਇਆ ਹੈ ਅਤੇ ਕੋਈ ਕੱਟਿੰਗ ਜਾਂ ਓਵਰ-ਰਾਈਟਿੰਗ ਵੀ ਨਹੀਂ ਕੀਤੀ ਹੋਈ। ਇਸ ਦਾ ਭਾਵ ਹੈ ਕਿ ਇਹ ਉਤਾਰਾ ਕਰਨ ਤੋਂ ਬਾਅਦ ਪਟਨਾ ਵਾਲੀ ਬੀੜ ਵਿੱਚ ਕੱਟਿੰਗ ਕੀਤੀ ਗਈ ਹੈ ਭਾਵੇਂ ਕਿ ਇਸ ਬਾਰੇ ਅੱਜ ਤੱਕ ਕਿਸੇ ਨੇ ਅਵਾਜ਼ ਨਹੀਂ ਉਠਾਈ। ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਜਾ ਰਹੀ ਇਸ ਜਨਮ ਪੱਤਰੀ ਬਾਰੇ ਕੀਤੀ ਧੋਖੇਬਾਜ਼ੀ ਸਬੰਧੀ ਹੋਰ ਵੇਰਵੇ ਸ. ਪਾਲ ਸਿੰਘ ਪੁਰੇਵਾਲ  ਦੀ ਵੈੱਬ ਸਾਈਟ http://purewal.biz/ ਉੱਪਰ ਲੇਖ http://www.purewal.biz/InvestigationIntoSoCalledJanamPatriOfGuruGobindSinghSahib.pdf (Is this Janam Patri of Guru Gobind Singh Sahib ?)  ਪੜ੍ਹਿਆ ਜਾ ਸਕਦਾ ਹੈ।

ਸ. ਪੁਰੇਵਾਲ ਦੇ ਗਣਿਤ ਮੁਤਾਬਕ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਸਲੀ ਤਰੀਖ ਪੋਹ ਸੁਦੀ ੭, ਸੰਗਰਾਂਦੀ ੨੩ ਪੋਹ ਮੁਤਾਬਕ ੨੨ ਦਸੰਬਰ ੧੬੬੬ ਜੂਲੀਅਨ ਹੈ, ਜਿਸ ਦਿਨ ਨਖਸ਼ੱਤਰ ਉੱਤਰਾ ਭਾਦਰਪਦ, ਲਗਨ ਮੀਨ ਅਤੇ ਦਿਨ ਸਨਿਚਰਵਾਰ ਸੀ, ਜੋ ਕਿ ੧੭੫੨ ਵਿੱਚ ਸਾਂਝੇ ਸਾਲ ’ਚ ਲਾਗੂ ਕੀਤੀ ਗਈ ੧੧ ਦਿਨਾਂ ਦੀ ਸੋਧ ਅਤੇ ੧੯੯੯ ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਤੋਂ ਬਾਅਦ ਸਦਾ ਲਈ ੨੩ ਪੋਹ; ੫ ਜਨਵਰੀ ਨੂੰ ਆਉਣੀ ਹੈ।

ਸਾਹਿਬਜ਼ਾਦਿਆਂ ਦੀ ਸ਼ਹੀਦੀ: ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦਾ ਕਿਲ੍ਹਾ (ਕੱਚੀ ਗੜ੍ਹੀ) 8 ਪੋਹ 1761 ਬਿਕ੍ਰਮੀ ਨੂੰ ਛੱਡਿਆ। ਬਹੁਤ ਸਾਰੇ ਲੇਖਕ ਇਸ ਤਰੀਖ ਨੂੰ ਈਸਵੀ ਸੰਨ ਵਿੱਚ ਤਬਦੀਲ ਕਰਕੇ ੨੨ ਦਸੰਬਰ ੧੭੦੪ ਜੂਲੀਅਨ ਲਿਖ ਰਹੇ ਹਨ। ਪੁਰੇਵਾਲ ਜੀ ਅਨੁਸਾਰ ਬਦਲੀ ਹੋਈ ਅਸਲੀ ਤਰੀਖ ੭ ਦਸੰਬਰ ਸੰਨ ੧੭੦੪ ਸੀ. ਈ. ਬਣਦੀ ਹੈ। ਇਹ 15 ਦਿਨਾਂ ਦਾ ਅੰਤਰ ਬਹੁਤ ਮਹੱਤਵ ਰੱਖਦਾ ਹੈ। ਕਿਉਂ ? ਇਸ ਦਾ ਵਰਣਨ ਉਨ੍ਹਾਂ ਨੇ ਆਪਣੇ ਲੇਖ Problem of Date Conversions in History ਵਿੱਚ ਕੀਤਾ ਹੈ।

ਸੰਨ ੧੭੦੪ ਨੂੰ ਪ੍ਰਗਟਾਉਣ ਲਈ ਉਨ੍ਹਾਂ ਜ਼ਫ਼ਰਨਾਮੇ ਦੇ ਬੰਦ ਨੰਬਰ ੪੨, ੪੩, ੪੪ ਨੂੰ ਆਧਾਰ ਬਣਾਇਆ, ਜਿਨ੍ਹਾਂ ਦੇ ਤਰਤੀਬਵਾਰ ਅਰਥ ਹਨ:  (ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿੱਚ ਆ ਗਿਆ (ਭਾਵ ਡੁੱਬ ਗਿਆ, ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ : ‘‘ਚਰਾਗ਼ਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼ ॥ ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼ ॥੪੨॥’’ ਹਰ ਉਹ ਆਦਮੀ, ਜੋ ਕੁਰਾਨ ਦੀ ਕਸਮ ਖਾਂਦਾ ਹੈ, ਰੱਬ ਉਸ ਦਾ ਪਥ-ਪ੍ਰਦਰਸ਼ਨ ਕਰਦਾ ਹੈ : ‘‘ਹਰ ਆਂ ਕਸ ਬ ਕਉਲੇ ਕੁਰਾਂ ਆਯਦਸ਼ ॥ ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼ ॥੪੩॥’’ ਉਸ ਦਾ ਨਾ ਕੋਈ ਵਾਲ ਵਿੰਗਾ ਹੁੰਦਾ ਹੈ ਅਤੇ ਨਾ ਸ਼ਰੀਰ ਦੁੱਖ ਪਾਉਂਦਾ ਹੈ (ਕਿਉਂਕਿ ਰੱਬ) ਵੈਰੀ ਨੂੰ ਮਾਰ ਕੇ ਉਸ ਨੂੰ ਖ਼ੁਦ ਬਾਹਰ ਲੈ ਆਉਂਦਾ ਹੈ: ‘‘ਨ ਪੇਚੀਦਹ ਮੂਏ ਨ ਰੰਜੀਦਹ ਤਨ ॥ ਕਿ ਬੇਰੂੰ ਖ਼ੁਦ ਆਵੁਰਦ ਦੁਸ਼ਮਨ ਸ਼ਿਕਨ ॥੪੪॥’’

੧੭੦੪ ਈਸਵੀ ਵਿੱਚ ੨੨ ਦਸੰਬਰ ਨੂੰ ਚੰਦ ਲਗਭਗ ਅੱਧੀ ਰਾਤ ਨੂੰ ਛਿਪਿਆ ਜਦੋਂ ਕਿ ੭ ਦਸੰਬਰ ਨੂੰ ਚੰਦ ਅੱਧੀ ਰਾਤ ਨੂੰ ਉਦੈ ਹੋਇਆ ਹੈ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਨੇ ਕਿਲ੍ਹੇ ਨੂੰ ੨੨ ਅਤੇ ੨੩ ਦਸੰਬਰ ਦੀ ਰਾਤ ਨੂੰ ਤਕਰੀਬਨ ੨ ਵਜੇ ਛੱਡਿਆ ਹੈ ਜਦੋਂ ਕਿ ਚੰਦ ਛਿਪ ਚੁੱਕਿਆ ਸੀ। ਜ਼ਫ਼ਰਨਾਮੇ ਵਿੱਚ ਗੁਰੂ ਜੀ ਖ਼ੁਦ ਲਿਖ ਰਹੇ ਹਨ ਕਿ ਗੁਰੂ ਜੀ ਨੇ ਜਿਸ ਸਮੇਂ ਕਿਲ੍ਹਾ ਛੱਡਿਆ, ਉਸ ਸਮੇਂ ਚੰਦ ਚਮਕ ਰਿਹਾ ਸੀ। ਇਸ ਹਿਸਾਬ ਨਾਲ ਗੁਰੂ ਜੀ ਨੇ ੭ ਦਸੰਬਰ ੧੭੦੪ ਸੀ.ਈ./ ੮ ਪੋਹ ਸੰਮਤ ੧੭੬੧ ਬਿਕ੍ਰਮੀ ਨੂੰ ਕਿਲ੍ਹਾ ਛੱਡਿਆ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਤਿਹਾਸਕਾਰ ਖ਼ੁਦ ਵੀ ਇਸ ਤਰੀਖ ਸੰਬੰਧੀ ਭਿੰਨ ਭਿੰਨ ਵਿਚਾਰ ਰੱਖਦੇ ਹਨ। ਕੁਝ ਲਿਖਦੇ ਹਨ ਕਿ ਗੁਰੂ ਜੀ ਨੇ ੧੭੬੧ (ਸੰਨ ੧੭੦੪) ਬਿਕ੍ਰਮੀ ਨੂੰ ਕਿਲ੍ਹਾ ਛੱਡਿਆ ਅਤੇ ਕੁਝ ੧੭੬੨ (ਸੰਨ ੧੭੦੫) ਲਿਖਦੇ ਹਨ ਜਦਕਿ ਜ਼ਿਆਦਾਤਰ ਇਸ ਗੱਲ ਨਾਲ ਸਹਿਮਤ ਹਨ ਕਿ ਗੁਰੂ ਜੀ ਨੇ ੮ ਪੋਹ ਨੂੰ ਕਿਲ੍ਹਾ ਛੱਡਿਆ।  ੮ ਪੋਹ; ਸੰਮਤ ੧੭੬੨ ਦੀ ਤਰੀਖ ੭ ਦਸੰਬਰ ੧੭੦੫ ਸੀ.ਈ. ਦਿਨ ਸ਼ੁੱਕਰਵਾਰ ਪੋਹ ਸੁਦੀ ੨ ਵਿੱਚ ਬਦਲ ਜਾਂਦੀ ਹੈ। ਪੋਹ ਸੁਦੀ ੨ ਨੂੰ ਚੰਦ ਬਹੁਤ ਹੀ ਘੱਟ ਅਤੇ ਥੋੜ੍ਹੇ ਸਮੇਂ ਲਈ ਵਿਖਾਈ ਦਿੰਦਾ ਹੈ ਜਿਹੜਾ ਕਿ ਜ਼ਫ਼ਰਨਾਮੇ ਵਿੱਚ ਗੁਰੂ ਜੀ ਦੇ ਆਪਣੇ ਕਥਨ ਨਾਲ ਮੇਲ ਨਹੀਂ ਖਾਂਦਾ।

ਚਮਕੌਰ ਸਾਹਿਬ ਦੇ ਲੈਟੀਚੂਡ ਅਤੇ ਲੌਂਗੀਚੂਡ ਮੁਤਾਬਕ ਉਕਤ ਤਰੀਖਾਂ ਨੂੰ ਭਾਰਤੀ ਸਮੇਂ ਅਨੁਸਾਰ ਸੂਰਜ ਅਤੇ ਚੰਦ ਦੇ ਉਦੈ ਹੋਣ ਅਤੇ ਅਸਤ ਹੋਣ ਦਾ ਸਮਾਂ ਇਸ ਪ੍ਰਕਾਰ ਹੈ:

ਉਪਰੋਕਤ ਚਾਰਟ ’ਚੋਂ ਚੰਦ ਚੜ੍ਹਨ ਅਤੇ ਛਿਪਣ ਦੇ ਸਮੇਂ ਤੋਂ ਇੰਨਾ ਕੁ ਪਤਾ ਲੱਗ ਜਾਂਦਾ ਹੈ ਕਿ ੭ ਦਸੰਬਰ ੧੭੦੪ (੮ ਪੋਹ ੧੭੬੧ ਬਿਕ੍ਰਮੀ, ਪੋਹ ਵਦੀ ੭) ਨੂੰ ਚੰਦ; ਰਾਤ ਦੇ 11.43 ਵਜੇ ਉਦੈ ਹੋਇਆ (ਚੜ੍ਹਿਆ), ਜੋ ਅਗਲੇ ਦਿਨ (੯ ਪੋਹ) ਤੱਕ ਰਿਹਾ ਭਾਵ 11.43 ਵਜੇ ਤੋਂ ਬਾਅਦ ਅਗਲੇ ਦਿਨ ਸੁਭ੍ਹਾ ਤੱਕ ਚੰਦ ਦੀ ਰੌਸ਼ਨੀ ਸੀ, ਇਸ ਚਾਨਣ ਨੂੰ ਜੇ ਜ਼ਫ਼ਰਨਾਮੇ ਦੀ ਤੁਕ ‘‘ਚਰਾਗ਼ਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼ ॥ ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼ ॥੪੨॥’’ ਭਾਵ ਗੁਰੂ ਜੀ ‘ਰਾਤ ਦਾ ਸੁਆਮੀ ਚੰਦ੍ਰਮਾ ਚੜ੍ਹਨ’ ਦਾ ਜੋ ਦ੍ਰਿਸ਼ਟਾਂਤ ਦੇ ਰਹੇ ਹਨ ਉਹ ਸ਼ਾਇਦ ੭ ਦਸੰਬਰ ੧੭੦੪ ਦੀ ਰਾਤ ਹੋ ਸਕਦੀ ਹੈ ਕਿਉਂਕਿ ੭ ਦਸੰਬਰ ੧੭੦੫ (੮ ਪੋਹ ੧੭੬੨ ਬਿਕ੍ਰਮੀ, ਪੋਹ ਸੁਦੀ ੨) ਨੂੰ ਤਾਂ ਚੰਦ ਸ਼ਾਮ ੭.੨੮ ਵਜੇ ਹੀ ਛਿਪ ਗਿਆ ਸੀ ਭਾਵ ਸਾਰੀ ਰਾਤ ਹਨ੍ਹੇਰਾ ਰਿਹਾ ਹੈ।

ਇਹ ਵੀ ਧਾਰਨਾ ਹੈ ਕਿ ‘ਵਦੀ’ ਹਨ੍ਹੇਰਾ ਪੱਖ ਅਤੇ ‘ਸੁਦੀ’ ਚਾਨਣ ਪੱਖ ਹੁੰਦਾ ਹੈ ਤਾਂ ਤੇ ਪੋਹ ਸੁਦੀ ੨ (੭ ਦਸੰਬਰ ੧੭੦੫) ਨੂੰ ਵੀ ਚਾਨਣ ਹੋਵੇਗਾ, ਇਸ ਗਲਤ ਧਾਰਨਾ ਨੂੰ ਆਧਾਰ ਬਣਾ ਕੇ ਸ਼ਾਇਦ ੭ ਦਸੰਬਰ ੧੭੦੪ ਦੀ ਬਜਾਇ ੭ ਦਸੰਬਰ ੧੭੦੫ ਨੂੰ ਅਪਣਾਅ ਲਿਆ ਹੋਵੇ।  ਵੈਸੇ ਚਮਕੌਰ ਦੀ ਜੰਗ ਦਾ ਨਿਸ਼ਚਿਤ ਸਮਾਂ ਇਤਿਹਾਸਕਾਰਾਂ ਦੀ ਖੋਜ ਦਾ ਵਿਸ਼ਾ ਹੈ, ਨਾ ਕਿ ਸ. ਪੁਰੇਵਾਲ ਜੀ ਦਾ। ਇਸ ਬਾਰੇ ਉਨ੍ਹਾਂ ਦਾ ਇਹੀ ਮੰਨਣਾ ਹੈ ਕਿ ਨਵੀਂ ਖੋਜ ਮੁਤਾਬਕ ਕੈਲੰਡਰ ਦੀਆਂ ਤਰੀਖਾਂ ਬਦਲੀਆਂ ਜਾ ਸਕਦੀਆਂ ਹੈ ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਆਧਾਰ ਮੌਸਮੀ (ਕੁਦਰਤੀ) ਸਾਲ ਦੀ ਲੰਬਾਈ ਦੇ ਨੇੜੇ ਜਾਣਾ ਹੈ ਤਾਂ ਜੋ ਇਤਿਹਾਸਕ ਘਟਨਾਵਾਂ ਦੀ ਜ਼ਮੀਨੀ ਹਕੀਕਤ ਅਨੁਸਾਰ ਸਥਿਰਤਾ ਅਤੇ ਗੁਰਬਾਣੀ ’ਚ ਦਰਜ ਮੌਸਮ ਆਧਾਰਿਤ ਬਾਣੀਆਂ ਦਾ ਵਿਸ਼ਾ; ਜ਼ਮੀਨੀ ਮੌਸਮ (ਕੈਲੰਡਰ) ਨਾਲ ਸਦਾ ਲਈ ਜੁੜਿਆ ਰਹੇ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਵਿੱਚ ਹੋਇਆ ਜਾਂ ਵੈਸਾਖ: ਇਸ ਸੰਬੰਧੀ ਵਿਸਥਾਰ ਸਹਿਤ ਸ. ਪੂਰੇਵਾਲ ਜੀ ਨੇ ਇੱਕ ਲੇਖ Parkash Date Guru Nanak Sahib (Gurmukhi, New File – Short) ਲਿਖਿਆ ਹੈ, ਜਿਸ ਵਿੱਚ ਪੁਰੇਵਾਲ ਜੀ ਇਸ ਸਿੱਟੇ ’ਤੇ ਪੁੱਜੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ੧ ਵੈਸਾਖ ਸੰਮਤ ੧੫੨੬ ਬਿਕ੍ਰਮੀ, ਚੇਤ ਸੁਦੀ ਪੂਰਨਮਾਸ਼ੀ/ ੨੭ ਮਾਰਚ ੧੪੬੯ ਨੂੰ ਹੋਇਆ ਸੀ।  ਕੈਲੰਡਰਾਂ ਦੀ ਸੋਧ ਉਪਰੰਤ ੧ ਵੈਸਾਖ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ੧੪ ਅਪ੍ਰੈਲ ਨੂੰ ਆਉਂਦਾ ਹੈ ਤੇ ਆਉਂਦਾ ਰਹੇਗਾ।

  1. ਸਿੱਖ ਇਤਿਹਾਸ ਦੀਆਂ ਤਰੀਖਾਂ ਵਿੱਚ ਆਏ ਅੰਤਰ ਦਾ ਦੂਜਾ ਕਾਰਨ ਗੁਰੂ ਕਾਲ ਦੇ ਸਮੇਂ ਦੇਸ਼ ਵਿੱਚ ਲਗਭਗ ੩੦ ਕਿਸਮ ਦੇ ਵੱਖ ਵੱਖ ਬਿਕ੍ਰਮੀ ਸੂਰਜੀ/ਚੰਦਰ ਕੈਲੰਡਰ ਅਤੇ ਨਿਰੋਲ ਚੰਦਰ ਆਧਾਰਿਤ ਹਿਜਰੀ ਕੈਲੰਡਰ ਲਾਗੂ ਹੋਣ ਕਰਕੇ ਇੱਕ ਕੈਲੰਡਰ ਤੋਂ ਦੂਸਰੇ ਕੈਲੰਡਰ ’ਚ ਤਰੀਖਾਂ ਤਬਦੀਲ ਕਰਦੇ ਸਮੇਂ ਅਨਭੋਲ ਵਿੱਚ ਹੀ ਅਨੇਕਾਂ ਗਲਤੀਆਂ ਰਹਿ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਪਿੱਛੋਂ ਘਰੇਲੂ ਜੰਗ ਅਤੇ ਡੋਗਰਿਆਂ ਦੀ ਗਦਾਰੀ ਕਾਰਨ ੧੮੪੯ ਵਿੱਚ ਪੰਜਾਬ ’ਤੇ ਅੰਗਰੇਜਾਂ ਵੱਲੋਂ ਕਾਬਜ਼ ਹੋਣ ਤੋਂ ਬਾਅਦ ਸਿੱਖਾਂ ਦੀ ਮਾਨਸਿਕਤਾ ਨੂੰ ਸਮਝਣ ਲਈ ਇੱਥੋਂ ਦੇ ਸਮੁੱਚੇ ਇਤਿਹਾਸ ਨੂੰ ਸਾਂਝੇ ਸਾਲ ਦੀਆਂ ਤਰੀਖਾਂ ਵਿੱਚ ਤਬਦੀਲ ਕਰਵਾ ਕੇ ਲਿਖਵਾਇਆ ਕਿਉਂਕਿ ੧੮੪੯ ਤੋਂ ਬਹੁਤ ਪਹਿਲਾਂ ੪ ਅਕਤੂਬਰ ੧੫੮੨ ਦਿਨ ਵੀਰਵਾਰ ਨੂੰ ਰੋਮ ਦੇ ਕੈਥੋਲਿਕ ਚਰਚ ਵੱਲੋਂ ਜੂਲੀਅਨ ਕੈਲੰਡਰ ਵਿੱਚ ੧੦ ਦਿਨ ਦੀ ਸੋਧ ਲਾ ਕੇ ਅਗਲੇ ਦਿਨ ਸ਼ੁੱਕਰਵਾਰ ਨੂੰ ੫ ਦੀ ਬਜਾਏ ਸਿੱਧਾ ਹੀ ੧੫ ਅਕਤੂਬਰ ਕਰ ਲਿਆ ਅਤੇ ਇਸ ਸੋਧੇ ਕੈਲੰਡਰ ਦੇ ਲੀਪ ਸਾਲ ਨਿਯਮਾਂ ਵਿੱਚ ਵੀ ਤਬਦੀਲੀ ਕਰ ਲਈ ਤਾਂ ਕਿ ਅੱਗੇ ਤੋਂ ਅੰਤਰ ਦਾ ਸੰਤੁਲਨ ਬਣਿਆ ਰਹੇ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ੩੬੫ ਦਿਨ ੬ ਘੰਟੇ (੩੬੫.੨੫ ਦਿਨ) ਹੈ, ਜੋ ਕਿ ਰੁੱਤੀ ਸਾਲ ੩੬੫.੨੪੨੨ ਦਿਨ (੩੬੫ ਦਿਨ ੫ ਘੰਟੇ ੪੮ ਮਿੰਟ ੪੫ ਸੈਕੰਡ) ਤੋਂ ਤਕਰੀਬਨ ੧੧ ਮਿੰਟ ਵੱਡਾ ਹੋਣ ਕਰਕੇ ੧੨੮ ਸਾਲਾਂ ਵਿੱਚ ਰੁੱਤੀ ਸਾਲ ਨਾਲੋਂ ਇੱਕ ਦਿਨ ਦਾ ਫਰਕ ਪਾਉਂਦਾ ਸੀ। ਜੂਲੀਅਨ ਕੈਲੰਡਰ ਦਾ ਹਰ ਚੌਥਾ ਸਾਲ, ਜੋ ੪ ’ਤੇ ਪੂਰਾ ਪੂਰਾ ਵੰਡਿਆ ਜਾਵੇ ਉਹ ਲੀਪ ਦਾ ਸਾਲ ਮੰਨਿਆ ਜਾਂਦਾ ਹੈ, ਇਸ ਵਿੱਚ ਫ਼ਰਵਰੀ ਦਾ ਮਹੀਨਾ ੨੮ ਦਿਨਾਂ ਦੀ ਬਜਾਏ ੨੯ ਦਿਨ ਦਾ ਅਤੇ ਸਾਲ ੩੬੫ ਦੀ ਬਜਾਏ ੩੬੬ ਦਿਨ ਦਾ ਕੀਤਾ ਗਿਆ। ਜੂਲੀਅਨ ਕੈਲੰਡਰ ਨੂੰ ਸੋਧ ਕੇ ਬਣਾਏ ਗ੍ਰੈਗੋਰੀਅਨ ਕੈਲੰਡਰ (ਇਹ ਦੋਵੇਂ ਹੀ ਈਸਵੀ ਕੈਲੰਡਰ ਸਨ/ਹਨ, ਇਨ੍ਹਾਂ ਨੂੰ ਸਾਂਝੇ ਸਾਲ ਵੀ ਕਿਹਾ ਜਾਂਦਾ ਹੈ। ਜੂਲੀਅਨ ਕੈਲੰਡਰ ੪ ਅਕਤੂਬਰ ੧੫੮੨ ਤੱਕ ਲਾਗੂ ਰਿਹਾ ਜਦਕਿ ਗ੍ਰੈਗੋਰੀਅਨ ਕੈਲੰਡਰ ੧੫ ਅਕਤੂਬਰ ੧੫੮੨ ਤੋਂ ਸ਼ੁਰੂ ਹੋਇਆ) ਵਿੱਚ ਹਰ ਚੌਥਾ ਸਾਲ ਜੋ ੪ ’ਤੇ ਅਤੇ ੪੦੦ ’ਤੇ ਪੂਰਾ ਪੂਰਾ ਵੰਡਿਆ ਜਾਵੇ ਉਹ ਤਾਂ ਲੀਪ ਦਾ ਸਾਲ ਹੀ ਹੁੰਦਾ ਹੈ ਪਰ ਬਾਕੀ ਪੂਰੀ ਸਦੀ ਵਾਲੇ ਸਾਲ; ਜਿਵੇਂ ਕਿ ੧੦੦, ੨੦੦, ੩੦੦, ੫੦੦, ੬੦੦, ੭੦੦, ੯੦੦, ੧੦੦੦, ੧੧੦੦, ੧੩੦੦ਵੇਂ ਸਾਲ ਲੀਪ ਦੇ ਨਹੀਂ ਹੁੰਦੇ ਜਦਕਿ ਜੋ ਸਦੀ ੪੦੦ ’ਤੇ ਪੂਰੀ-ਪੂਰੀ ਵੰਡੀ ਜਾਵੇ; ਜਿਵੇਂ ਕਿ ੪੦੦, ੮੦੦, ੧੨੦੦, ੧੬੦੦, ੨੦੦੦ਵਾਂ ਸਾਲ ਲੀਪ ਦਾ ਸਾਲ ਹੁੰਦਾ ਹੈ, ਇਨ੍ਹਾਂ ਬਦਲੇ ਨਿਯਮਾਂ ਕਾਰਨ ਜਿੱਥੇ ਜੂਲੀਅਨ ਕੈਲੰਡਰ ਵਿੱਚ ੪੦੦ ਸਾਲਾਂ ਵਿੱਚ ੧੦੦ ਲੀਪ ਦੇ ਸਾਲ ਹੁੰਦੇ ਸਨ, ਉੱਥੇ ਗ੍ਰੈਗੋਰੀਅਨ ਕੈਲੰਡਰ ਵਿੱਚ ੯੭ ਲੀਪ ਦੇ ਸਾਲ ਰਹਿ ਗਏ ਅਤੇ ਔਸਤਨ ਸਾਲ ਦੀ ਲੰਬਾਈ ੩੬੫.੨੫ ਤੋਂ ਘਟ ਕੇ ੩੬੫.੨੪੨੫ ਦਿਨ ਹੋ ਗਈ, ਜੋ ਰੁੱਤੀ ਸਾਲ ੩੬੫.੨੪੨੨ ਦਿਨ ਦੇ ਬਹੁਤ ਹੀ ਨੇੜੇ ਆ ਗਈ। ਇਸ ਸੋਧ ਤੋਂ ਪਹਿਲਾਂ ਜਿੱਥੇ ੧੨੮ ਸਾਲਾਂ ਵਿੱਚ ਰੁੱਤੀ ਸਾਲ ਨਾਲੋਂ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਉੱਥੇ ਹੁਣ ਤਕਰੀਬਨ ੩੩੦੦ ਸਾਲਾਂ ਵਿੱਚ ਇੱਕ ਦਿਨ ਦਾ ਫਰਕ ਰਹਿ ਗਿਆ। ਇੰਗਲੈਂਡ ਪ੍ਰੋਟੈਸਟੈਂਟ ਚਰਚ ਨਾਲ ਸੰਬੰਧਿਤ ਹੋਣ ਕਰਕੇ ਪਹਿਲਾਂ ਤਾਂ ਉਨ੍ਹਾਂ ਨੇ ਇਸ ਸੋਧ ਨੂੰ ਨਾ ਮੰਨਿਆ ਪਰ ਅਖੀਰ ੧੭੦ ਸਾਲ ਬਾਅਦ, ਜਦ ਉਨ੍ਹਾਂ ਨੂੰ ਵੀ ਲੱਗਾ ਕਿ ਉਨ੍ਹਾਂ ਦਾ ਕੈਲੰਡਰ ਰੁੱਤਾਂ ਨਾਲੋਂ ਸੰਬੰਧ ਤੋੜ ਰਿਹਾ ਹੈ ਤਾਂ ਉਨ੍ਹਾਂ ਨੇ ਵੀ ਦਿਨ ਬੁੱਧਵਾਰ ੨ ਸਤੰਬਰ ੧੭੫੨ ਨੂੰ ੧੧ ਦਿਨ ਵਧਾ ਕੇ ਅਗਲੇ ਦਿਨ ਵੀਰਵਾਰ ਨੂੰ ਸਿੱਧਾ ੧੪ ਸਤੰਬਰ ਕਰ ਰੁੱਤੀ ਸਾਲ ਦੇ ਬਰਾਬਰ ਕਰ ਲਿਆ। 

ਲੀਪ ਸਾਲਾਂ ਦੇ ਸੋਧ ਨਿਯਮਾਂ ਕਾਰਨ ਜੂਲੀਅਨ ਕੈਲੰਡਰ; ਗ੍ਰੈਗੋਰੀਅਨ ਕੈਲੰਡਰ ਤੋਂ ੧੦੦ ਸਾਲ ’ਚ ਇੱਕ ਦਿਨ ਅਤੇ ੪੦੦ ਸਾਲਾਂ ’ਚ ਤਿੰਨ ਦਿਨ ਅਗਾਂਹ ਚਲੇ ਜਾ ਰਹੇ ਕਾਰਨ ਹੀ ੪ ਅਕਤੂਬਰ ੧੫੮੨ ਨੂੰ ਹੋਈ ਪਹਿਲੀ ੧੦ ਦਿਨ ਸੋਧ ਤੋਂ ੧੭੦ ਸਾਲ ਬਾਅਦ ਇੰਗਲੈਂਡ ਨੇ ੨ ਸਤੰਬਰ ੧੭੫੨ ਨੂੰ ੧੧ ਦਿਨ ਅਤੇ ੩੩੬ ਸਾਲ ਬਾਅਦ ਰੂਸ ਨੇ ੩੧ ਜਨਵਰੀ ੧੯੧੮ ਨੂੰ ੧੩ ਦਿਨਾਂ ਦੀ ਸੋਧ ਕੀਤੀ।

ਬਿਕ੍ਰਮੀ ਕੈਲੰਡਰ ਦਾ ਸੂਰਜੀ ਸਿਧਾਂਤ, ਜੋ ਗੁਰੂ ਕਾਲ ਤੋਂ ੧੯੬੪ ਤੱਕ ਲਾਗੂ ਰਿਹਾ, ਉਹ ਰੁੱਤੀ ਸਾਲ ਤੋਂ ਤਕਰੀਬਨ ੨੪ ਮਿੰਟ ਵੱਡਾ ਸੀ ਅਤੇ ੬੦ ਸਾਲਾਂ ਵਿੱਚ ੧ ਦਿਨ ਅਗਾਂਹ ਜਾਂਦਾ ਸੀ।  ਸੰਨ ੧੯੬੪ ਤੋਂ ਬਾਅਦ ਇਸ ਨੂੰ ਦ੍ਰਿਕ ਗਣਿਤ ਮੁਤਾਬਕ ਸੋਧਿਆ ਗਿਆ, ਜਿਸ ਕਾਰਨ ਰੁੱਤੀ ਸਾਲ ਤੋਂ ਤਕਰੀਬਨ ੨੦ ਮਿੰਟ ਵੱਡਾ ਰਹਿ ਗਿਆ ਅਤੇ ੭੧-੭੨ ਸਾਲਾਂ ਵਿੱਚ ੧ ਦਿਨ ਅਗਾਂਹ ਜਾਂਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਸਾਰੀ ਦੁਨੀਆਂ ਵਿੱਚ ਪ੍ਰਮਾਣਿਤ ਸਾਂਝੇ ਕੈਲੰਡਰ ਦੇ ਬਿਲਕੁਲ ਬਰਾਬਰ ਅਤੇ ਰੁੱਤੀ ਸਾਲ ਤੋਂ ਕੇਵਲ ੨੬-੨੭ਕੁ ਸੈਕੰਡ ਹੀ ਵੱਡਾ ਹੈ, ਜੋ ੩੩੦੦ ਸਾਲਾਂ ਵਿੱਚ ਕੇਵਲ ੧ ਦਿਨ ਦਾ ਫਰਕ ਪਾਉਂਦਾ ਹੈ।  ਬਿਕ੍ਰਮੀ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ (ਈਸਵੀ ਕੈਲੰਡਰ/ਸਾਂਝਾ ਸਾਲ ਕੈਲੰਡਰ) ਤੋਂ ਇਲਾਵਾ ਭਾਰਤ ਵਿੱਚ ਨਿਰੋਲ ਚੰਦਰਮਾ ਆਧਾਰਿਤ ਹਿਜਰੀ ਕੈਲੰਡਰ ਵੀ ਪ੍ਰਚਲਿਤ ਹੈ, ਜਿਸ ਰਾਹੀਂ ਇਸਲਾਮ ਧਰਮ ਦੇ ਇਤਿਹਾਸਕ ਦਿਹਾੜੇ ਨਿਸ਼ਚਿਤ ਕੀਤੇ ਜਾਂਦੇ ਹਨ। ਸੂਰਜੀ ਸਾਲ ਤੋਂ ੧੧ ਦਿਨ ਛੋਟਾ ਹੋਣ ਕਾਰਨ ੩੩ ਸਾਂਝੇ ਸਾਲਾਂ ਵਿੱਚ ਇਸ ਦੇ ੩੪ ਸਾਲ ਬਣ ਜਾਂਦੇ ਹਨ।

 ਭਾਰਤ ਵਿੱਚ ਵੈਸੇ ਵੀ ੩੦ ਕਿਸਮ ਦੇ ਬਿਕ੍ਰਮੀ ਕੈਲੰਡਰ ਪ੍ਰਚਲਿਤ ਹਨ, ਭਾਵੇਂ ਕਿ ਇਹ ਸਾਰੇ ਹੀ ਸੂਰਜੀ ਸਿਧਾਂਤ ਜਾਂ ਦ੍ਰਿਕ ਗਣਿਤ ਅਨੁਸਾਰ ਹਨ ਪਰ ਤਰੀਖਾਂ ਅਤੇ ਤਿੱਥਾਂ ਨਿਸ਼ਚਿਤ ਕਰਨ ਲਈ ਵੱਖ ਵੱਖ ਪ੍ਰਾਂਤਾਂ ’ਚ ਵੱਖ-ਵੱਖ ਨਿਯਮ ਬਣਾਏ ਹੋਣ ਕਾਰਨ ਉਨ੍ਹਾਂ ਦੀਆਂ ਤਰੀਖਾਂ ਅਤੇ ਤਿੱਥਾਂ ’ਚ ਸਦਾ ਅੰਤਰ ਰਹਿੰਦਾ ਹੈ।

ਮਿਸਾਲ ਵਜੋਂ ਸਵਾਮੀ ਕੰਨੂਪਿਲੇ ਦੀ ਜੰਤਰੀ ’ਚ ਮਹੀਨਿਆਂ ਦਾ ਗਣਿਤ ਆਰੀਆ ਸਿਧਾਂਤ ਅਨੁਸਾਰ ਹੈ ਤੇ ਮਹੀਨੇ ਦੀ ਪਹਿਲੀ ਤਰੀਖ (ਸੰਗਰਾਂਦ) ਤਾਮਿਲਨਾਡੂ ਦੇ ਨਿਯਮਾਂ ਮੁਤਾਬਕ ਜੇ ਸੂਰਜ ਛਿਪਣ ਤੋਂ ਪਹਿਲਾਂ ਰਾਸ਼ੀ ਬਦਲ ਜਾਵੇ ਤਾਂ ਸੰਗਰਾਂਦ ਉਸੇ ਦਿਨ ਹੁੰਦੀ ਹੈ ਅਤੇ ਜੇ ਸੂਰਜ ਛਿਪਣ ਤੋਂ ਪਿੱਛੋਂ ਬਦਲੇ ਤਾਂ ਅਗਲੇ ਦਿਨ ਸੰਗ੍ਰਾਂਦ ਹੁੰਦੀ ਹੈ ਪਰ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਪਹਿਲੀ ਤਰੀਖ ਉਸੇ ਦਿਨ ਹੁੰਦੀ ਹੈ, ਜਿਸ ਦਿਨ ਰਾਸ਼ੀ ਬਦਲਦੀ ਹੈ। ਇਨ੍ਹਾਂ ਨਿਯਮਾਂ ਕਾਰਨ ਤਕਰੀਬਨ ਅੱਧੀਆਂ ਸੰਗਰਾਂਦਾਂ ਤਾਮਿਲਨਾਡੂ ’ਚ ਪੰਜਾਬ ਨਾਲੋਂ ਇੱਕ ਦਿਨ ਪਿੱਛੋਂ ਵੀ ਹੋ ਸਕਦੀਆਂ ਹਨ ਅਤੇ ਅੱਧੀਆਂ ਉਸੇ ਦਿਨ ਹੁੰਦੀਆਂ ਹਨ, ਇਸੇ ਕਾਰਨ ੧੬੯੯ ਦੀ ੧ ਵੈਸਾਖ ਸਵਾਮੀ ਕੰਨੂਪਿਲੇ ਦੀ ਜੰਤਰੀ ਮੁਤਾਬਕ ੩੦ ਮਾਰਚ ਨੂੰ ਸੀ ਪਰ ਸ: ਪਾਲ ਸਿੰਘ ਪੁਰੇਵਾਲ ਦੀ ੫੦੦ ਸਾਲਾ ਜੰਤਰੀ ’ਚ ਪੰਜਾਬ ਦੇ ਨਿਯਮਾਂ ਮੁਤਾਬਕ ੨੯ ਮਾਰਚ ਨੂੰ ਸੀ ਜਦਕਿ ਹੁਣ ੧ ਵਿਸਾਖ ੧੩/੧੪ ਅਪਰੈਲ ਨੂੰ ਆ ਰਹੀ ਹੈ।

ਸੋ ਅਜੋਕੇ ਲੋਕਤੰਤਰ ਯੁੱਗ ’ਚ, ਜਿੱਥੇ ਕਈ ਕੌਮੀ ਇਤਿਹਾਸਕ ਦਿਹਾੜਿਆਂ ’ਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਰਕਾਰਾਂ ਦਾ ਰੋਲ ਵੀ ਅਹਿਮ ਬਣਦਾ ਜਾ ਰਿਹਾ ਹੋਵੇ ਓਥੇ ਇਤਿਹਾਸਕ ਤਰੀਖਾਂ ਨੂੰ ਵਾਰ-ਵਾਰ ਬਦਲਣਾ; ਜਿਵੇਂ ਕਿ ਸਿੱਖਾਂ ’ਚ ਪ੍ਰਚਲਿਤ ਕਰ ਚੁੱਕੇ ਬਿਕ੍ਰਮੀ ਕੈਲੰਡਰ ਦਾ ਹਸ਼ਰ ਹੋ ਰਿਹਾ ਹੈ, ਆਪਣੀ ਅਕਲ ਦਾ ਜਨਾਜ਼ਾ ਕੱਢਣਾ ਹੈ, ਇਸ ਲਈ ਇਤਿਹਾਸਕ ਦਿਹਾੜਿਆਂ ਦੀ ਸਥਿਰਤਾ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਅਤਿ ਜ਼ਰੂਰੀ ਹੈ।