ਨਾਗਰਿਕ ਸੋਧ ਕਾਨੂੰਨ ਵਿਰੁੱਧ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ਉੱਪਰ ਵਹਿਸ਼ੀਆਨਾ ਪੁਲਿਸ ਜ਼ੁਲਮ ਅਤੇ ਹਿੰਸਕ ਚਾਲ ਲੋਕਤੰਤਰ ਦਾ ਕਤਲੇਆਮ : ਪੰਥਕ ਤਾਲਮੇਲ ਸੰਗਠਨ

0
306

ਨਾਗਰਿਕ ਸੋਧ ਕਾਨੂੰਨ ਵਿਰੁੱਧ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ਉੱਪਰ ਵਹਿਸ਼ੀਆਨਾ ਪੁਲਿਸ ਜ਼ੁਲਮ ਅਤੇ ਹਿੰਸਕ ਚਾਲ ਲੋਕਤੰਤਰ ਦਾ ਕਤਲੇਆਮ : ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ 17 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੰਸਥਾਵਾਂ ਅਤੇ ਵਿਦਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜ਼ਬਰਨ ਦਾਖਲ ਹੋ ਕੇ ਵਿਦਿਆਰਥੀਆਂ ਉੱਤੇ ਢਾਹੇ ਪੁਲਿਸ ਅੱਤਿਆਚਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਏਥੋਂ ਤੱਕ ਕਿ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਅਤੇ ਮਸਜਿਦ ਵਿੱਚ ਨਮਾਜ਼ ਪੜ੍ਹ ਰਹੇ ਵਿਦਿਆਰਥੀਆਂ ’ਤੇ ਅਮਾਨਵੀ ਕਹਿਰ ਢਾਹਿਆ ਗਿਆ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਦਿੱਲੀ ਵਿੱਚ ਅਤੇ ਹੋਰ ਥਾਵਾਂ ’ਤੇ ਵਿਦਿਆਰਥੀਆਂ ਵੱਲੋਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੀ ਕੀਤਾ ਜਾ ਰਿਹਾ ਸੀ ਕਿ ਇਹ ਨਵਾਂ ਬਣਾਇਆ ਕਾਨੂੰਨ ਦੇਸ਼ ਦੇ ਸੰਵਿਧਾਨ ਅਤੇ ਧਰਮ-ਨਿਰਪੱਖਤਾ ਦੇ ਵਿਰੁੱਧ ਹੈ, ਪਰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਹਰ ਹਰਬਾ ਵਰਤਿਆ ਗਿਆ। ਇਹ ਤੱਥ ਸਚਾਈ ਦੇ ਨੇੜੇ ਹਨ ਕਿ ਪੁਲਿਸ ਨੇ ਸ਼ਾਂਤਮਈ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ’ਤੇ ਢਾਹੇ ਕਹਿਰ ਨੂੰ ਜਾਇਜ਼ ਠਹਿਰਾਉਣ ਲਈ ਹਿੰਸਾ ਦਾ ਨਾਟਕ ਖਿਡਵਾਇਆ ਹੈ। ਅਜਿਹਾ ਨਾਟਕ ਪੰਜਾਬ ਪੁਲਿਸ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਰੋਸ ਪ੍ਰਗਟਾਉਂਦੀਆਂ ਸੰਗਤਾਂ ਨਾਲ ਖੇਡਿਆ ਸੀ।

ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਅਜਿਹੀਆਂ ਚਾਲਾਂ ਦੇਸ਼ ਦੀ ਫ਼ਿਰਕੂ ਸਦਭਾਵਨਾ ਨਾਲ ਮਜ਼ਾਕ ਕਰਦੀਆਂ ਹਨ। ਨਾਗਰਿਕ ਸੋਧ ਕਾਨੂੰਨ ਬਣਨ ਨਾਲ ਦੇਸ਼ ਦੇ ਉੱਤਰ-ਪੂਰਬ ਦੇ ਸੂਬੇ, ਪੱਛਮੀ ਬੰਗਾਲ ਤੇ ਦਿੱਲੀ ਵੱਡੇ ਪੱਧਰ ’ਤੇ ਪ੍ਰਭਾਵਿਤ ਹਨ, ਪਰ ਮੋਦੀ ਸਰਕਾਰ ਨੇ ਇਹ ਤਹੱਈਆ ਕਰ ਲਿਆ ਹੋਇਆ ਹੈ ਕਿ ਉਸ ਦੀ ਹਰ ਨੀਤੀ ਨੂੰ ਹਰ ਨਾਗਰਿਕ ਕਬੂਲ ਕਰੇ ਤੇ ਸਵਾਗਤ ਕਰੇ। ਜੇ ਨਹੀਂ ਤਾਂ ਕਹਿਰ ਹੋਵੇਗਾ। ਦੇਸ਼-ਧ੍ਰੋਹੀ ਹੋਣ ਦਾ ਬਿੱਲਾ ਲਗਾਇਆ ਜਾਵੇਗਾ ਅਤੇ ਪਾਕਿਸਤਾਨ ਦਾ ਬੁਲਾਰਾ ਆਖਿਆ ਜਾਵੇਗਾ, ਪਰ ਕਦੇ ਕੈਨੇਡਾ ਜਾਂ ਅਮਰੀਕਾ ਦੇ ਬੁਲਾਰੇ ਨਹੀਂ ਆਖਿਆ ਜਾਂਦਾ। ਜਦ ਕਿ ਅਮਰੀਕਾ ਦੇ ਆਲਮੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਅਤੇ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਹੈ। ਏਥੋਂ ਤੱਕ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਸੋਚੇ ਕਿ ਭਾਰਤ ਅੰਦਰ ਮੁਸਲਮਾਨਾਂ ਨਾਲ ਪੱਖਪਾਤ ਕਰਦੇ ‘ਨਾਗਰਿਕਤਾ ਸੋਧ ਕਾਨੂੰਨ’ ਬਣਾਉਣ ਦੇ ਜ਼ਿੰਮੇਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਭਾਗੀਦਾਰਾਂ ਉੱਤੇ ਪਾਬੰਦੀਆਂ ਲਾਈਆਂ ਜਾਣ। ਸਰਕਾਰ ਦੇ ਯੁਨਾਈਟਡ ਨੇਸ਼ਨਜ਼ ਅਨੁਸਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਪਹੁੰਚ ਭਾਰਤ ਸਰਕਾਰ ਵੱਲੋਂ ਕੌਮੀ ਇਕਰਾਰ ਨਾਮਿਆਂ ਦੀ ਉਲੰਘਣਾ ਹੈ।

ਸੰਗਠਨ ਨੇ ਕਿਹਾ ਕਿ ਇਸ ਕਾਨੂੰਨ ਨੇ ਦੁਨੀਆਭਰ ਵਿੱਚ ਭਾਰਤ ਦੇ ਅਕਸ ਨੂੰ ਹੋਰ ਵਿਗਾੜ ਕੇ ਰੱਖ ਦਿੱਤਾ ਹੈ। ਅੱਜ ਦੇਸ਼ ਭਰ ਦੀਆਂ ਜ਼ਮਹੂਰੀ ਜਥੇਬੰਦੀਆਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਅੱਗੇ ਆ ਕੇ ਮਨੁੱਖੀ ਅਧਿਕਾਰਾਂ ਅਤੇ ਹੱਕਾਂ ਦੀ ਰਾਖੀ ਕਰਨੀ ਪਵੇਗੀ। ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਸ਼ੱਕ ਕੌਮ ਕੋਲ ਅੱਜ ਮਨੁੱਖਤਾ ਦੀ ਪਹਿਰੇਦਾਰੀ ਕਰਨ ਵਾਲਾ ਅਕਾਲੀ ਦਲ ਨਹੀਂ ਹੈ, ਪਰ ਉਸ ਦੀ ਰੂਹ ਰੱਖਦੇ ਸਰੀਰਾਂ ਨੂੰ ਸਿਦਕ ਨਿਭਾਉਣ ਦਾ ਫਰਜ਼ ਨਿਭਾਉਣ ਲਈ ਅੱਗੇ ਆਉਣਾ ਹੋਵੇਗਾ।