ਪੰਥਕ ਤਾਲਮੇਲ ਸੰਗਠਨ ਵੱਲੋਂ ਕਰਵਾਇਆ ਗਿਆ ਸਿੱਖ ਵਿਦਿਅਕ ਸੰਮੇਲਨ

0
486

ਪੰਥਕ ਤਾਲਮੇਲ ਸੰਗਠਨ ਵੱਲੋਂ ਕਰਵਾਇਆ ਗਿਆ ਸਿੱਖ ਵਿਦਿਅਕ ਸੰਮੇਲਨ

ਸਿੱਖ ਵਿਦਿਅਕ ਪ੍ਰਬੰਧ ਦੇ ਭੂਤ, ਵਰਤਮਾਨ ਅਤੇ ਭਵਿੱਖ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ

ਅੰਮ੍ਰਿਤਸਰ – (23-11-2019) – ਪੰਥਕ ਸੰਸਥਾਵਾਂ ਅਤੇ ਪੰਥਕ ਵਿਦਵਾਨਾਂ ਦੇ ਸਾਂਝੇ ਮੁਹਾਜ ਵੱਲੋਂ ਨਿਰੰਤਰ ਕਾਰਜਸ਼ੀਲ ਪੰਥਕ ਤਾਲਮੇਲ ਸੰਗਠਨ ਵੱਲੋਂ ਸਿੱਖ ਕੌਮ ਦੇ ਵਿਦਿਅਕ ਪ੍ਰਬੰਧ ਦਾ ਲੇਖਾ ਜੋਖਾ ਕਰਨ ਅਤੇ ਸਿੱਖ ਅਦਾਰੇ ਸੰਸਾਰਭਰ ਦੇ ਵਿਦਿਅਕ ਅਦਾਰਿਆਂ ਦੀ ਬਰਾਬਰਤਾ ਕਰਨ ਦੇ ਸਮਰੱਥ ਹੋਣ ਦੇ ਮਕਸਦ ਲਈ ਸਿੱਖ ਵਿਦਿਅਕ ਪ੍ਰਬੰਧ ਦਾ ਭੂਤ, ਵਰਤਮਾਨ ਅਤੇ ਭਵਿੱਖ ਸਬੰਧੀ ਵਿਚਾਰਾਂ ਲਈ ‘ਸਿੱਖ ਵਿਦਿਅਕ ਸੰਮੇਲਨ’ ਸਥਾਨਕ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।

ਸਿੱਖ ਵਿਦਿਅਕ ਸੰਮੇਲਨ ਦੀ ਆਰੰਭਤਾ ਰਾਣਾ ਇੰਦਰਜੀਤ ਸਿੰਘ ਲੁਧਿਆਣਾ ਵੱਲੋਂ ‘ਆਇ ਮਿਲਿ ਗੁਰਸਿਖ ਆਇ ਮਿਲਿ’ ਸ਼ਬਦ ਗਾਇਨ ਉਪਰੰਤ ਅਰਦਾਸ ਕਰਕੇ ਕੀਤੀ ਗਈ। ਸ. ਜਸਵਿੰਦਰ ਸਿੰਘ ਐਡਵੋਕੇਟ ਡਾਇਰੈਕਟਰ ਅਕਾਲ ਪੁਰਖ ਕੀ ਫੌਜ ਵੱਲੋਂ ਆਏ ਹੋਏ ਪਤਵੰਤੇ ਵਿਦਵਾਨ ਸੱਜਣਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਿੱਖ ਵਿਦਿਅਕ ਸੰਮੇਲਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਅਤੇ ਕਿਉਂ ਅੱਜ ਸਿੱਖ ਵਿਦਿਅਕ ਸੰਮੇਲਨ ਕਰਵਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਨੇ ਇਤਿਹਾਸਕ ਹਵਾਲਿਆਂ ਰਾਹੀਂ ਸਿੱਖ ਵਿਦਿਅਕ ਸੰਸਥਾਵਾਂ ਦੇ ਉੱਥਾਨ ਦੇ ਨਾਲ ਕੌਮੀ ਅਤੇ ਵਿਸ਼ਵ ਪੱਧਰ ’ਤੇ ਇਨ੍ਹਾਂ ਸਿੱਖ ਸੰਸਥਾਵਾਂ ਦੇ ਮਹੱਤਵ ਪੂਰਨ ਰੋਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਮੌਕੇ ਵੱਖ-ਵੱਖ ਸਿੱਖ ਵਿਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਅਜੋਕੇ ਸਮੇਂ ਦੀ ਸਿੱਖ ਵਿਦਿਅਕ ਅਦਾਰਿਆਂ ਦੀ ਸਥਿਤੀ ਅਤੇ ਇਨ੍ਹਾਂ ਸੰਸਥਾਵਾਂ ਅੰਦਰਲੇ ਪ੍ਰਬੰਧ ਸਬੰਧੀ ਜਾਣਕਾਰੀ ਭਰਪੂਰ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਪੁੱਜੇ ਪ੍ਰਸਿਧ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਡੂੰਘੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸਿੱਖ ਵਿਦਿਅਕ ਸੰਸਥਾਂਵਾਂ ਦੀ ਹੋਂਦ ਕਿਉਂ ਜ਼ਰੂਰੀ ਹੈ ਅਤੇ ਸਿੱਖ ਵਿਦਿਅਕ ਸੰਸਥਾਵਾਂ ਦਾ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿੱਖ ਵਿਦਿਅਕ ਸੰਸਥਾਵਾਂ ਦੇ ਉਥਾਨ ਅਤੇ ਤਰੱਕੀ ਲਈ ਸਾਡਾ ਟੀਚਾ ਮਿੱਥਣਾ ਬਹੁਤ ਜ਼ਰੂਰੀ ਹੈ ਜਦਕਿ ਬਹੁਤਾਤ ਵਿੱਚ ਅਸੀਂ ਅਜਿਹਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪਾਸ ਖਾਲਸਾ ਕਾਲਜ ਅੰਮ੍ਰਿਤਸਰ ਜਿਹੇ ਵਿਦਿਅਕ ਅਦਾਰੇ ਮੌਜੂਦ ਹਨ। ਉਨ੍ਹਾਂ ਇਤਿਹਾਸਕ ਪਹਿਲੂਆਂ ਉੱਪਰ ਚਾਨਣ ਪਾਉਂਦੇ ਹੋਏ ਦੱਸਿਆ ਕਿ ਸਾਡੇ ਭਾਰਤ-ਪਾਕਿਸਤਾਨ ਵੰਡ ਵੇਲੇ ਕਈ ਸਿੱਖ ਵਿਦਿਅਕ ਅਦਾਰੇ ਪਾਕਿਸਤਾਨ ਵਿੱਚ ਖਤਮ ਹੋ ਗਏ ਜੋ ਕਿ ਭਾਰਤ ਵਿੱਚ ਆ ਕੇ ਮੁੜ ਤੋਂ ਸੁਰਜੀਤ ਨਹੀਂ ਹੋ ਸਕੇ। ਖਾਲਸਾ ਕਾਲਜ ਸੰਸਥਾਵਾਂ ਆਪਣਾ ਆਧਾਰ ਗਵਾਉਣ ਵੱਲ ਵੱਧਣ ਲੱਗੀਆਂ ਹਨ। ਉਨ੍ਹਾਂ ਅੱਗੇ ਦੱਸਦੇ ਹੋਏ ਕਿਹਾ ਕਿ ਅੱਜ ਬੇਸ਼ੱਕ ਅਸੀਂ ਸਿੱਖ ਸੰਸਥਾਵਾਂ ਦੁਬਾਰਾ ਖੜ੍ਹੀਆਂ ਕੀਤੀਆਂ ਹਨ, ਜੋ ਕਿ ਵਧੀਆ ਗੱਲ ਹੈ ਪਰ ਸਿੱਖ ਸੰਸਥਾਵਾਂ ਦੀ ਤਰੱਕੀ ਲਈ ਪ੍ਰਬੰਧਕੀ ਰੂਪ ਵਿੱਚ ਅਹਿਮ ਫੈਸਲੇ ਲੈੇਣੇ ਲਾਜ਼ਮੀ ਹਨ। ਉਨ੍ਹਾਂ ਵੱਲੋਂ ਅਜੋਕੀਆਂ ਸਿੱਖ ਸੰਸਥਾਵਾਂ ਵਿਚਲੇ ਪ੍ਰਬੰਧ ਅਤੇ ਹਲਾਤਾਂ ਦੇ ਮੱਦੇ ਨਜ਼ਰ ਕਿਹਾ ਕਿ ਅੱਜ ਕੱਲ੍ਹ ਸਿੱਖ ਸੰਸਥਾਵਾਂ ਵਿੱਚ ਪ੍ਰਬੰਧਕ ਵੀ ਪੂਰੀ ਤਰ੍ਹਾਂ ਸਿੱਖ ਨਹੀਂ ਆ ਰਹੇ ਅਤੇ ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਵਿੱਚ 50% ਸਿੱਖ ਬੱਚਿਆਂ ਦੀ ਗਿਣਤੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਅੰਦਰ ਵਿਦਿਆ ਦਾ ਪੱਧਰ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਸਿੱਖੀ ਮਨਫੀ ਨਾ ਹੋਵੇ ਬਲਕਿ ਸਿੱਖੀ ਦਾ ਉਭਾਰ ਹੋ ਸਕੇ। ਉਨ੍ਹਾਂ ਇਸ ਗੱਲ ’ਤੇ ਜੋਰ ਦਿੰਦੇ ਹੋਏ ਕਿਹਾ ਕਿ ਆਪਣੀ ਸਿੱਖ ਪਛਾਣ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਹੈ ਅਤੇ ਵਿਦਿਅਕ ਅਦਾਰਿਆਂ ਅੰਦਰ ਸਿੱਖ ਪਛਾਣ ਅਤੇ ਸਿੱਖ ਸਰੋਕਾਰਾਂ ਦੇ ਨਾਲ ਧਾਰਮਿਕ ਵਿਸ਼ਿਆਂ ਦੀ ਜਾਣਕਾਰੀ ਵੀ ਦੇਣੀ ਲਾਜ਼ਮੀ ਹੋਣੀ ਚਾਹੀਦੀ ਹੈ।

ਸੰਮੇਲਨ ਮੌਕੇ ਸ. ਰਣਜੋਧ ਸਿੰਘ ਵੱਲੋਂ ਆਪਣੇ ਵਿਚਾਰ ਰੱਖਦੇ ਹੋਏ ਦੱਸਿਆ ਗਿਆ ਕਿ ਸਾਡੇ ਪ੍ਰਚਾਰ ਵਿੱਚ ਕਮੀ ਨਹੀਂ ਬਲਕਿ ਸਾਡੇ ਸਾਧਨਾਂ ਵਿੱਚ ਕਮੀ ਹੈ, ਤਾਂ ਹੀ ਅਸੀਂ ਆਪਣਾ ਟੀਚਾ ਮਿੱਥਣ ਵਿੱਚ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖ ਵਿਦਿਅਕ ਸੰਸਥਾਵਾਂ ਵਿੱਚ ਬੱਚਿਆਂ ਅੰਦਰ ਪੰਜਾਬੀ ਭਾਸ਼ਾ, ਸਿੱਖ ਧਰਮ ਦੀ ਜਾਣਕਾਰੀ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹੋਰਨਾਂ ਖੇਤਰਾਂ ਤੋਂ ਇਲਾਵਾ ਧਾਰਮਿਕ ਖੇਤਰ ਵਿੱਚ ਵੀ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਧਰਮ ਅਤੇ ਵਿਰਸੇ ਤੋਂ ਜਾਣੂੰ ਹੋ ਸਕਣ। ਪੰਜਾਬੀ ਭਾਸ਼ਾ ਦੇ ਨਾਲ ਹੋਰਨਾਂ ਭਾਸ਼ਾਵਾਂ ਦੀ ਜਾਣਕਾਰੀ ਵੀ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਦੂਜੀਆਂ ਭਾਸ਼ਾਵਾਂ ਵਿੱਚ ਵੀ ਸੰਸਾਰ ਅੰਦਰ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾ ਸਕੇ। ਇਸ ਮੌਕੇ ਸਲੋਚਨਬੀਰ ਸਿੰਘ ਵੱਲੋਂ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਸਿੱਖ ਵਿਦਿਅਕ ਸੰਸਥਾਵਾਂ ਵਿਚਲੇ ਸੁਧਾਰਾਂ ਬਾਰੇ ਆਪਣੇ ਸੁਝਾਅ ਦੇਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਪੁਰ ਅਮਲ ਹੋ ਸਕੇ।

ਇਸ ਮੌਕੇ ਬੋਲਦੇ ਹੋਏ ਡਾ. ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਸਿੱਖ ਵਿਦਿਅਕ ਸੰਸਥਾਵਾਂ ਬਾਰੇ ਸਾਡਾ ਆਪਣਾ ਟੀਚਾ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਅਤੇ ਸਾਡਾ ਵਿਦਿਅਕ ਪੱਧਰ ਅਤੇ ਵਿਦਿਆ ਦਾ ਪ੍ਰਸਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾ ਸਿੱਖ ਵਿਦਿਅਕ ਸੰਸਥਾਵਾਂ ਦੀ ਬਿਹਤਰੀ ਲਈ ਸਿੱਖ ਐਜੂਕੇਸ਼ਨ ਬੋਰਡ ਬਣਾਉਣ ਦੀ ਗੱਲ ਵੀ ਆਖੀ।

ਸੰਮੇਲਨ ਮੌਕੇ ਪ੍ਰੋ: ਜੋਗਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੰਥਕ ਤਾਲਮੇਲ ਸੰਗਠਨ ਨੂੰ ਇਸ ਕਾਰਜ ਲਈ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਪਿਛਲੇ ਸਮੇਂ ਤੋਂ ਚਲੀਆਂ ਆ ਰਹੀਆਂ ਸਿੱਖ ਸੰਸਥਾਵਾਂ ਦੀ ਕਾਰਜਸ਼ੈਲੀ ਨੂੰ ਵਿਚਾਰਨਾ ਚਾਹੀਦਾ ਹੈ ਤਾਂ ਜੋ ਉਸ ਕਾਰਜਸ਼ੈਲੀ ਤੋਂ ਸੇਧ ਲੈ ਕੇ ਵਿਦਿਅਕ ਸੰਸਥਾਵਾਂ ਦਾ ਉਸਾਰੂ ਭਵਿੱਖ ਸਿਰਜਿਆ ਜਾ ਸਕੇ। ਸਿੱਖ ਵਿਦਵਾਨਾਂ ਦਾ ਇੱਕ ਬੈਂਕ ਬਣਾਉਣ ਦੀ ਗੱਲ ਵੀ ਕੀਤੀ ਗਈ ਤਾਂ ਜੋ ਉਨ੍ਹਾਂ ਦੇ ਸੁਝਾਅ ਸਮੇਂ-ਸਮੇਂ ਲਏ ਜਾ ਸਕਣ। ਉਨ੍ਹਾਂ ਕਿਹਾ ਕਿ ਸਿੱਖ ਵਿਦਿਅਕ ਸੰਸਥਾਵਾਂ ਅੰਦਰ ਸਕਿਲ ਡਿਵੈਲਪਮੈਂਟ ਨੂੰ ਵੀ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਿੱਖ ਬੱਚੇ ਬੱਚੀਆਂ ਕਿੱਤਾਮੁਖੀ ਕੋਰਸਾਂ ਦਾ ਲਾਭ ਉੱਠਾ ਸਕਣ।

ਇਸ ਦੌਰਾਨ ਸ. ਧੰਨਵੰਤ ਸਿੰਘ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਆਈ.ਪੀ.ਐਸ. ਜਾਂ ਆਈ.ਏ.ਐਸ. ਸੰਸਥਾਵਾਂ ਦੀ ਤਰਜ ’ਤੇ ਹੀ ਸਰਕਾਰਾਂ ਨੂੰ ਆਈ. ਟੀ. ਐਸ (ਇੰਡੀਅਨ ਟੀਚਰਜ਼ ਸਰਵਿਸਿਜ) ਦੀ ਸ਼ੁਰੂਆਤ ਵੀ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ। ਇਸ ਮੌਕੇ ਸੰਤ ਸਿੰਘ, ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਪ੍ਰਿੰ: ਜਗਦੀਸ਼ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੁੱਚੀਆਂ ਸਿੱਖ ਵਿਦਿਅਕ ਸੰਸਥਾਵਾਂ ਦੀ ਏਕਤਾ ਬਹੁਤ ਜ਼ਰੂਰੀ ਹੈ। ਸਟੇਟ ਅਤੇ ਰਾਸ਼ਟਰੀ ਪੱਧਰ ’ਤੇ ਸਿੱਖ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ ਲਾਜ਼ਮੀ ਬਣਾਉਣਾ ਚਾਹੀਦਾ ਹੈ, ਜਿਸ ਦੇ ਚੱਲਦੇ ਸਿੱਖ ਸੰਸਥਾਵਾਂ ਆਪਣਾ ਆਧਾਰ ਕਾਇਮ ਰੱਖ ਸਕਣ। ਇਸ ਮੌਕੇ ਪ੍ਰਿੰ: ਜਗਦੀਸ਼ ਸਿੰਘ ਨੂੰ ਵਿਦਿਅਕ ਖੇਤਰ ਵਿੱਚ ਉਨ੍ਹਾਂ ਦੀਆਂ ਲਾ-ਮਿਸਾਲ ਅਣਥੱਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਥਕ ਤਾਲਮੇਲ ਸੰਗਠਨ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਜੀ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

ਸਿੱਖ ਵਿਦਿਅਕ ਸੰਮੇਲਨ ਮੌਕੇ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਇਸ ਸਿੱਖ ਵਿਦਿਅਕ ਸੰਮੇਲਨ ਦੀ ਲੋੜ ਅਤੇ ਮਹੱਤਤਾ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਸਿੱਖ ਵਿਦਿਅਕ ਸੰਸਥਾਵਾਂ ਦਾ ਕੀ ਯੋਗਦਾਨ ਹੋਣਾ ਚਾਹੀਦਾ ਹੈ ਉਸ ਵਾਸਤੇ ਪੰਥਕ ਤਾਲਮੇਲ ਸੰਗਠਨ ਦੇ ਕਾਰਜਾਂ ਅਤੇ ਮਕਸਦ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਸਿੱਖ ਵਿਦਿਅਕ ਸੰਮੇਲਨ ਮੌਕੇ ਆਏ ਹੋਏ ਬੁਲਾਰਿਆਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਮੁੱਖ ਰੱਖਦੇ ਹੋਏ ਇੱਕ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਭਵਿੱਖ ਦੇ ਟੀਚਿਆਂ ਲਈ ਇੱਕ ਕਮੇਟੀ ਦੀ ਸਥਾਪਨਾ ਕਰਨ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੀ ਸੁਰਜੀਤੀ ਲਈ ਲੋੜੀਂਦੇ ਕਾਰਜ ਕਰਨੇ ਸ਼ਾਮਲ ਹਨ। ਗਿ. ਕੇਵਲ ਸਿੰਘ ਜੀ ਨੇ ਦੱਸਿਆ ਕਿ ਇਸ ਐਲਾਨਨਾਮੇ ਦੇ ਤਹਿਤ ਸਿੱਖ ਵਿਦਵਾਨਾਂ ਦਾ ਇੱਕ ਬੈਂਕ ਵੀ ਸਿਰਜਿਆ ਜਾਵੇਗਾ, ਜਿਸ ਨਾਲ ਕਿ ਵੱਖ-ਵੱਖ ਖੇਤਰਾਂ ਵਿੱਚ ਪ੍ਰਸਿਧੀ ਪ੍ਰਾਪਤ ਯੋਗ ਸਿੱਖ ਸ਼ਖ਼ਸੀਅਤਾਂ ਦੇ ਵਿਚਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਸਿੱਖ ਵਿਦਿਅਕ ਸੰਸਥਾਵਾਂ ਦਾ ਮਿਆਰ ਕਾਇਮ ਰੱਖਿਆ ਜਾ ਸਕੇ ਅਤੇ ਭਵਿੱਖ ਲਈ ਹੋਰ ਉਸਾਰੂ ਕਾਰਜ ਕੀਤੇ ਜਾ ਸਕਣ। ਇਸ ਐਲਾਨਨਾਮੇ ਤਹਿਤ ਅਜਿਹੇ 10 ਸਿੱਖ ਅਦਾਰਿਆਂ ਨੂੰ ਨਿਸ਼ਚਿਤ ਕੀਤਾ ਜਾਵੇਗਾ ਜੋ ਕਿ ਦੂਜਿਆਂ ਲਈ ਰੋਲ ਮਾਡਲ ਸਾਬਤ ਹੋ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਐਲਾਨਨਾਮੇ ਤਹਿਤ ਕਿੱਤਾ ਮੁੱਖੀ ਵਿਦਿਆ ਬਾਰੇ ਵੀ ਨੀਤੀ ਤਿਆਰ ਕੀਤੀ ਜਾਵੇਗੀ ਤਾਂ ਜੋ ਸਿੱਖ ਬੱਚੇ-ਬੱਚੀਆਂ ਅਕਾਦਮਿਕ ਤੇ ਧਾਰਮਿਕ ਵਿਦਿਆ ਦੇ ਨਾਲ ਰੁਜ਼ਗਾਰ ਸਬੰਧੀ ਵੀ ਸਹੀ ਦਿਸ਼ਾ ਪ੍ਰਦਾਨ ਕਰ ਸਕਣ।

ਇਸ ਤੋਂ ਇਲਾਵਾ ਸੰਮੇਲਨ ਮੌਕੇ ਵਿਸ਼ੇਸ਼ ਰੂਪ ਵਿੱਚ ਪੁੱਜੇ ਡਾ: ਪ੍ਰਿਥੀਪਾਲ ਸਿੰਘ ਕਪੂਰ ਜੀ ਨੂੰ ‘ਪ੍ਰੋ ਗੁਰਮੁੱਖ ਸਿੰਘ ਯਾਦਗਾਰੀ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਿੰ: ਬਲਵਿੰਦਰ ਸਿੰਘ ਨੂੰ ਉਨ੍ਹਾਂ ਦੀ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਮਾਸਟਰ ਹਰਬੰਸ ਸਿੰਘ ਜੀ ਨੂੰ ਉਨ੍ਹਾਂ ਦੀ ਵਿਦਿਅਕ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਸਿੱਖ ਵਿਦਿਅਕ ਸੰਮੇਲਨ ਵਿੱਚ ਪੰਜਾਬਭਰ ਤੋਂ ਪਹੁੰਚੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਸਾਹਿਬਾਨ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਇਸ ਸੰਮੇਲਨ ਮੌਕੇ ਪਹੁੰਚੀਆਂ ਹੋਈਆਂ ਸਮੂਹ ਜਥੇਬੰਦੀਆਂ, ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੇ ਹੋਏ ਸ. ਜਸਵਿੰਦਰ ਸਿੰਘ ਐਡਵੋਕੇਟ ਡਾਇਰੈਕਟਰ ਅਕਾਲ ਪੁਰਖ ਕੀ ਫੌਜ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਵਿਦਿਅਕ ਕਾਨਫਰੰਸਾਂ ਕਰਨ ਅਤੇ ਸਿੱਖ ਵਿਦਿਅਕ ਅਦਾਰਿਆਂ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਰਹਿਣ ਦਾ ਸੁਨੇਹਾ ਦਿੱਤਾ। ਇਸ ਸਿੱਖ ਵਿਦਿਅਕ ਸੰਮੇਲਨ ਮੌਕੇ ਜਾਰੀ ਐਲਾਨ ਨਾਮੇ:

  1. ਅੱਜ ਦੇ ਸਮਾਗਮ ਵਿੱਚ ਇਹ ਗੱਲ ਤੀਬਰਤਾ ਨਾਲ ਵਿਚਾਰੀ ਗਈ ਕਿ ਸਿੱਖ ਵਿਦਿਆ ਨੂੰ ਵਿਸ਼ਵ ਪੱਧਰੀ ਮੁਕਾਮ ਹਾਸਲ ਕਰਵਾਉਣ ਲਈ ਇੱਕ ਵੱਖਰੀ ਕਮੇਟੀ ਦੀ ਸਥਾਪਨਾ ਕੀਤੀ ਜਾਣੀ ਬਹਤ ਜ਼ਰੁਰੀ ਹੈ। ਇਹ ਕਮੇਟੀ ਦੁਨਿਆਵੀ ਅਤੇ ਸਿੱਖ ਵਿਦਿਆ ਦਾ ਉਚੇਰਾ ਮਿਆਰ ਮਿੱਥ ਕੇ ਲੋੜੀਂਦਾ ਸਿਲੇਬਸ ਤਿਆਰ ਕਰੇ ਅਤੇ ਮਿੱਥੇ ਟੀਚੇ ਦੀ ਪੂਰਤੀ ਲਈ ਲੋੜੀਂਦੀਆਂ ਪੁਸਤਕਾਂ ਦੀ ਤਿਆਰੀ ਕਰਵਾਏ। ਸਿਲੇਬਸ ਅਤੇ ਪੁਸਤਕਾਂ ਦੀ ਤਿਆਰੀ ਉਪਰੰਤ ਇਸ ਕਮੇਟੀ ਦਾ ਅੰਤਮ ਨਿਸ਼ਾਨਾ ਇਹ ਹੋਵੇ ਕਿ ਸਿੱਖਾਂ ਦਾ ਆਪਣਾ ਇੱਕ ਵਿਦਿਅਕ ਬੋਰਡ ਹੋਵੇ, ਜੋ ਕਿਸੇ ਵੀ ਤਰ੍ਹਾਂ CBSE ਜਾਂ ICSE ਦੇ ਪੱਧਰ ਤੋਂ ਘੱਟ ਨਾ ਹੋਵੇ। ਇਸ ਬੋਰਡ ਨੂੰ ਭਾਰਤ ਸਰਕਾਰ ਜਾਂ ਵਿਸ਼ਵ ਪੱਧਰੀ ਕਿਸੇ ਹੋਰ ਵਿਦਿਅਕ ਸੰਸਥਾ ਪਾਸੋਂ ਮਾਨਤਾ ਪ੍ਰਾਪਤ ਹੋਵੇ। ਸਿੱਖਾਂ ਦਾ ਬਣਿਆ ਇਹ ਬੋਰਡ ਇਸ ਪੱਧਰ ਦਾ ਹੋਵੇ ਕਿ ਨਾ ਸਿਰਫ਼ ਸਿੱਖ ਵਿਦਿਅਕ ਸੰਸਥਾਵਾਂ ਸਗੋਂ ਗੈਰ-ਸਿੱਖ ਵਿਦਿਅਕ ਸੰਸਥਾਵਾਂ ਇਸ ਬੋਰਡ ਨਾਲ ਜੁੜਨਾ ਵਿੱਚ ਫ਼ਖਰ ਮਹਿਸੂਸ ਕਰਨ।
  2. ਪੰਜਾਬ ਅੰਦਰ ਅਲੱਗ-ਅਲੱਗ ਸੰਗੀਤ ਘਰਾਣੇ ਹਨ, ਜਿਨ੍ਹਾਂ ਦਾ ਅਪਣਾ ਇੱਕ ਸਿਲੇਬਸ ਅਤੇ ਇੱਕ ਸੰਗੀਤਕ ਮਰਯਾਦਾ ਹੈੇ ਜਦਕਿ ਸਾਡੀਆਂ ਵਿਦਿਅਕ ਸੰਸਥਾਵਾਂ ਵਿੱਚ ਸੰਗੀਤ ਦੀ ਵਿਦਿਆ ਸਿਰਫ਼ ਸ਼ਬਦ ਸਿਖਾਉਣ ਤੱਕ ਸੀਮਤ ਹੋ ਜਾਂਦੀ ਹੈ। ਸਿੱਖ ਵਿਦਿਅਕ ਪ੍ਰਬੰਧ ਲਈ ਆਪਣਾ ਕਲਾਸ ਕ੍ਰਮ ਅਨੁਸਾਰ ਸੰਗੀਤ ਸਿਲੇਬਸ ਬਣਾਇਆ ਜਾਣਾ ਜ਼ਰੂਰੀ ਹੈ। ਪ੍ਰਾਚੀਨ ਕਲਾ ਕੇਂਦਰ ਦੀ ਤਰਜ਼ ਉੱਪਰ ਇਸ ਦੀ ਮਾਨਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
  3. ਸਮੂਹ ਸਿੱਖ ਵਿਦਿਅਕ ਸੰਸਥਾਵਾਂ ਦਾ ਸਾਝਾਂ ਮੁਹਾਜ ਬਣਨਾ ਸਮੇਂ ਦੀ ਇੱਕ ਪ੍ਰਮੁੱਖ ਲੋੜ ਹੈ। ਮੁੱਢਲੇ ਰੂਪ ਵਿੱਚ ਸਮੂਹ ਸਿੱਖ ਸਕੂਲਾਂ ਦੀਆਂ carrier oriented ਖੇਡਾਂ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਵਿਦਿਆ ਦੇ ਨਾਲ-ਨਾਲ ਖੇਡਾਂ ਦੀ ਟ੍ਰੇਨਿੰਗ ਕਈ ਖੇਤਰਾਂ ਵਿੱਚ ਆਪ ਹੀ ਆਰਥਿਕ ਸਥਾਪਤੀ ਵਿੱਚ ਸਹਾਈ ਹੋ ਸਕਦੀ ਹੈ, ਖਾਸ-ਕਰ ਫ਼ੌਜ ਅਤੇ ਨੀਮ ਫ਼ੌਜੀ ਦਸਤਿਆਂ ਵਿੱਚ। ਭਾਵੇਂ ਕੌਮ ਦੇ ਬੱਚਿਆਂ ਦੀ ਆਰਥਿਕ ਮੁਕੰਮਲਤਾ ਹੀ ਗੁਰੂ ਨਾਨਕ ਸਾਹਿਬ ਦੀ ਫ਼ਿਲਾਸਫ਼ੀ ਦੇ ਪਸਾਰ ਦਾ ਮੁੱਢਲਾ ਕਦਮ ਹੈ, ਪਰ ਅੰਤਮ ਨਿਸ਼ਾਨਾ ਬਹੁਤ ਵਡੇਰਾ ਹੈ। ਸਮੂਹ ਸਕੂਲਾਂ ਦੇ ਪਾਠ-ਕ੍ਰਮ ਦੀ ਸਮਾਨਤਾ, ਵਿਸ਼ਵ-ਪੱਧਰੀ ਵਿਦਿਅਕ ਪ੍ਰਬੰਧ ਲਈ ਬਾਨਣੂ ਬੰਨਣੇ, ਅਧਿਆਪਕਾਂ ਦੀ ਅਲੱਗ-ਅਲੱਗ ਵਿਸ਼ਿਆਂ ਦੀ ਟ੍ਰੇਨਿੰਗ ਅਤੇ ਪ੍ਰਗਤੀ, ਸਿੱਖ ਬੱਚਿਆਂ ਦੇ ਵਿਦਿਅਕ, ਆਰਥਿਕ ਅਤੇ ਅਧਿਆਤਮਕ ਜੀਵਨ ਦੀ ਸੰਪੂਰਨਤਾ ਤੱਕ ਪੁੱਜਣਾ ਇਸ ਸਾਂਝੇ ਮੁਹਾਜ ਰਾਹੀਂ ਹੀ ਸੰਭਵ ਹੈ।
  4. ਜਿਸ ਤਰ੍ਹਾਂ ਅੰਗਰੇਜ਼ੀ, ਵਿਗਿਆਨ ਅਤੇ ਹਿਸਾਬ ਦੇ ਵਿਸ਼ਵ ਪੱਧਰੀ ਓਲ਼ੰਪੀਆਡ ਹੁੰਦੇ ਹਨ, ਉਸ ਤਰ੍ਹਾਂ ਦਾ ਪੰਜਾਬੀ ਸੰਬੰਧੀ ਇੱਕ ਮੁੱਢਲਾ ਉਪਰਾਲਾ ਇੱਕ ਸੰਸਥਾ ਸਿੱਖ ਐਡੂ., ਮੁੰਬਈ ਵੱਲੋਂ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਦੇ ਫ਼ੈਲਾਅ ਲਈ ਇਸ ਸੰਕਲਪ ਨੂੰ ਵਿਸ਼ਵ ਪੱਧਰੀ ਮਿਆਰਾਂ ਨਾਲ ਲਾਗੂ ਕਰਵਾਉਣ ਨੂੰ ਇਹ ਇਕੱਠ ਆਪਣੀ ਜ਼ਿੰਮੇਵਾਰੀ ਸਮਝਦਾ ਹੈ।
  5. ਇਸ ਤਰ੍ਹਾਂ ਦੇ ਇੱਕ ਪ੍ਰਬੰਧ ਦੀ ਸਥਾਪਨਾ ਕਰਨੀ ਜਿਸ ਰਾਹੀਂ ਸਾਧਨਾਂ ਦੀ ਘਾਟ ਨਾਲ ਜੂਝ ਰਹੇ ਸਿੱਖ ਸਕੂਲਾਂ ਨੂੰ ਸਮਰੱਥ ਸਕੂਲਾਂ ਦੀ ਸਰਪ੍ਰਸਤੀ ਦੁਆਣੀ। ਜਿਸ ਰਾਹੀਂ ਅਧਿਆਪਕਾਂ ਦੀ ਵਿਦਿਅਕ ਅਤੇ ਪ੍ਰਬੰਧਕੀ ਜੁਗਤ ਵਿੱਚ ਪ੍ਰਗਤੀ ਦੇ ਮਿਆਰ ਨੂੰ ੳੇੁਚੇਰਾ ਚੁੱਕਣ ਤੋਂ ਇਲਾਵਾ ਕੌਮ ਦੇ ਵਸੀਲਿਆਂ ਨੂੰ ਬੇਹਤਰ ਤਰੀਕੇ ਨਾਲ ਵਰਤਿਆ ਜਾ ਸਕੇਗਾ।
  6. ਰਾਜ ਸਰਕਾਰਾਂ, ਕੇਂਦਰੀ ਸਰਕਾਰ, ਵਿਸ਼ਵ ਪੱਧਰੀ ਵੱਡ ਅਕਾਰੀ ਸੰਸਥਾਵਾਂ ਜਿਨ੍ਹਾਂ ਵਿੱਚ U.N.O. ਆਦਿ ਵੀ ਸ਼ਾਮਲ ਹਨ, ਦੀਆਂ ਬਹੁਤ ਸਾਰੀਆਂ ਗ੍ਰਾਂਟਾਂ ਵਿਦਿਆ ਦੇ ਪਸਾਰ ਲਈ ਉਪਲਬਧ ਹਨ। ਸਿੱਖ ਸੰਸਥਾਵਾਂ ਦੀ ਬਹੁਤਾਤ ਅਜਿਹੀ ਕਿਸੇ ਜਾਣਕਾਰੀ ਤੋਂ ਵੰਚਿਤ ਹਨ। ਇਸ ਤਰ੍ਹਾਂ ਦੇ ਪ੍ਰਬੰਧ ਦੀ ਵਿਵਸਥਾ ਕੀਤੀ ਜਾਵੇ ਕਿ ਜੋ ਸੰਸਥਾਵਾਂ ਉਕਤ ਗ੍ਰਾਂਟਾਂ ਲਈ ਯੋਗ ਹਨ, ਉਨ੍ਹਾਂ ਨੂੰ ਇਹ ਅਸਾਨੀ ਨਾਲ ਹਾਸਲ ਹੋ ਸਕਣ।
  7. ਸਿੱਖ ਸਕੂਲਾਂ ਵਿੱਚ ਸਿੱਖ ਸੋਚ ਅਨੁਸਾਰ ਅਗਵਾਈ ਕਰਨ ਵਾਲੇ ਟੀਮ ਲੀਡਰ (ਪ੍ਰਿੰਸੀਪਲ ਸਾਹਿਬਾਨ) ਦੀ ਘਾਟ ਬਹੁਤ ਜ਼ਿਆਦਾ ਰੜਕਦੀ ਹੈ। ਕਿਸੇ ਨਾਮੀ ਯੂਨੀਵਰਸਟੀ ਨਾਲ ਸੰਪਰਕ ਕਰਕੇ ਵਿਦਿਅਕ ਅਦਾਰਿਆਂ ਸੰਬੰਧੀ ਪ੍ਰਬੰਧਕੀ ਵਿਸ਼ੇ ਉਪਰ MBA ਸ਼ੁਰੂ ਕਰਵਾਉਣ ਲਈ ਯਤਨ ਕੀਤਾ ਜਾਵੇ। ਸਿੱਖ ਪ੍ਰਿੰਸੀਪਲ ਗ਼ੈਰ ਸਿੱਖ ਸਕੂਲਾਂ ਦੀ ਅਗਵਾਈ ਦੇ ਯੋਗ ਹੋਣ। ਅਜਿਹਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ।
  8. ਸਿੱਖ ਵਿਦਿਆਰਥੀਆਂ ਲਈ ਵਜ਼ੀਫ਼ੇ ਸ਼ੁਰੂ ਕਰਵਾਉਣ ਲਈ ਕੌਮੀ ਤੌਰ ਉੱਪਰ ਯਤਨ ਕੀਤੇ ਜਾਣਗੇ। ਕੌਮ ਦੇ ਦਸਵੰਧ ਨੂੰ ਮੁੜ ਪ੍ਰਭਾਸ਼ਿਤ ਕਰਕੇ ਕੌਮ ਦੀ ਤਕਦੀਰ ਬਦਲੀ ਜਾ ਸਕਦੀ ਹੈ।

ਅੱਜ ਦੇ ਮਿੱਥੇ ਗਏ ਟੀਚਿਆਂ ਦੀ ਪੂਰਤੀ ਅਤੇ ਅਗਲੇ ਮਿੱਥੇ ਜਾਣ ਵਾਲੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਇੱਕ ਅੰਤ੍ਰਿਮ ਕਮੇਟੀ ਦੀ ਸਥਾਪਨਾ ਬਹੁਤ ਜ਼ਰੂਰੀ ਹੈ। ਇਸ ਕਮੇਟੀ ਲਈ ਇੱਕ ਸੀਮਤ ਸਮਾਂ ਮਿੱਥ ਕੇ ਛੋਟੇ ਸਮੇਂ ਦੇ ਅਤੇ ਲੰਬੇ ਸਮੇਂ ਦੇ ਨਿਸ਼ਾਨੇ ਨਿਰਧਾਰਿਤ ਕੀਤੇ ਜਾਣ। ਇਸ ਲਈ ਇੱਕ ਅਲੱਗ ਸੈਕਟਰੀਏਟ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਸਮੂਹ ਸਿੱਖ ਸੰਸਥਾਵਾਂ ਲਈ ਸਾਂਝੇ ਕੰਮ ਕੀਤੇ ਜਾ ਸਕਣ।