ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੈਨਾਪਤੀ (ਮੀਰੀ) ਵਾਲਾ ਰੋਲ

0
554

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੈਨਾਪਤੀ (ਮੀਰੀ) ਵਾਲਾ ਰੋਲ

ਜਗਤਾਰ ਸਿੰਘ ਜਾਚਕ (ਨਿਊਂਯਾਰਕ)

ਮਰਦ-ਅਗੰਮੜੇ ਤੇ ਵਰਿਆਮ-ਯੋਧੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਤਿ-ਧਰਮ ਦੇ ਪ੍ਰਚਾਰਨ ਅਤੇ ਅਗਿਆਨਤਾ ਵਸ ਵਿਰੋਧ ਕਰਨ ਵਾਲਿਆਂ ਨੂੰ ਪਛਾੜਨ ਤੇ ਸੁਧਾਰਨ ਲਈ ਸੰਘਰਸ਼ ਕਰਦਿਆਂ, ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪ੍ਰੰਤੂ ਚਮਕੌਰ ਗੜੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ੪੦ ਕੁ ਭੁਖਣ ਭਾਣੇ ਸਿੰਘਾਂ ਦੁਆਰਾ ਲੱਖਾਂ ਦੀ ਗਿਣਤੀ ਵਿੱਚ ਘੇਰਾ ਪਾਈ ਦੁਸ਼ਮਣਾਂ ਨਾਲ ਜੂਝਦਿਆਂ, ਗੁਰਦੇਵ ਜੀ ਸੂਰਬੀਰਤਾ, ਸ਼ਹਿਣਸ਼ੀਲਤਾ ਅਤੇ ਸਹਜ-ਮਈ ਜੀਵਨ ਦਾ ਸ਼ਿਖਰ ਕਰ ਵਿਖਾਇਆ। ਜ਼ਫ਼ਰਨਾਮੇ ਵਿੱਚ ਗੁਰਦੇਵ ਜੀ ਆਪਣੀ ਕਲਮ ਦੁਆਰਾ ਲਿਖਿਆ : ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ॥ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ॥੧੯॥ ਭਾਵ ਚਾਲੀ ਭੁੱਖੇ ਭਾਣੇ ਸਿੱਖ ਕੀ ਕਰ ਸਕਦੇ ਹਨ ਜੇ ਉਨ੍ਹਾਂ ਉਤੇ ਦਸ ਲੱਖ ਸੈਨਿਕ ਟੁੱਟ ਕੇ ਆ ਪਏ ਹੋਣ।

ਹਜ਼ੂਰ ਸੱਚੇ ਪਾਤਸ਼ਾਹ ਦੇ ਧਰਮਯੁੱਧ ਦੇ ਚਾਉ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਕਿੰਨੀ ਜ਼ੁਰਅਤ ਭਰ ਗਈ ਸੀ ਅਤੇ ਉਹ ਗੁਰਦੇਵ ਜੀ ਤੋਂ ਆਪਾ ਨਿਛਾਵਰ ਕਰਨ ਲਈ ਕਿਵੇਂ ਤਿਆਰ ਸਨ, ਇਸ ਦੀ ਵੀ ਇੱਕ ਅਨੋਖੀ ਮਿਸਾਲ ਮਿਲਦੀ ਹੈ। ੨੧ ਦਿਸੰਬਰ ੧੭੦੫ ਦੀ ਸ਼ਾਮ ਨੂੰ ਸਤਿਗੁਰੂ ਜੀ, ਵੱਡੇ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ), ਪੰਜ ਪਿਆਰਿਆਂ ਅਤੇ ਥੱਕੇ ਟੁਟੇ ਤੇ ਲਹੂ-ਲੁਹਾਨ ਹੋਏ ਸਿੰਘਾਂ ਸਮੇਤ ਜਦ ਚਮਕੌਰ ਦੀ ਜੂਹ ਵਿੱਚ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੋਧਰੀ ਬੁਧੀਚੰਦ ਖਬਰ ਮਿਲਣ ’ਤੇ ਦੋੜਦਾ ਆਇਆ। ਉਸ ਨੇ ਗੁਰਦੇਵ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੀ ਹਵੇਲੀ ਵਿੱਚ ਆਓ। ਥਾਂ ਵੀ ਉੱਚੀ ਹੈ, ਖੁੱਲ੍ਹੇ ਮਦਾਨ ਨਾਲੋਂ ਉੱਥੇ ਕੁੱਝ ਬਚਾ ਵੀ ਹੋਏਗਾ। ਮਹਾਰਾਜ ! ਤੁਸੀਂ ਸਾਡੇ ਲਈ ਇੰਨੇ ਕਸ਼ਟ ਝੱਲ ਰਹੇ ਹੋ, ਅਸੀਂ ਜਿੰਨੇ ਜੋਗੇ ਹਾਂ, ਹਾਜ਼ਰ ਹਾਂ। ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ: ‘ਖਬਰ ਸੁਨੀ ਜ਼ਿਮੀਦਾਰ ਨੇ, ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ, ਉਹ ਆਯੋ ਉਠਿ ਦੌਰ॥ ਹਾਥ ਜੋਰਿ ਐਸੇ ਕਹਯੋ, ਬਿਨਤੀ ਸੁਨਹੋ ਕਰਤਾਰ। ਬਸੋ ਮਧਿ ਚਮਕੌਰ ਕੇ, ਅਪਨੀ ਕਿਰਪਾ ਧਾਰਿ॥’

ਸਤਿਗੁਰੂ ਜੀ ਨੇ ਗੜੀਨੁੰਮਾ ਇਸ ਹਵੇਲੀ ਦੀ ਨਾਕਾ-ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜੱਥੇ ਬਣਾ ਕੇ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ।  ੨੦ ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਢੋਰਾ ਪਿਟਵਾਇਆ ਕਿ ਜੇਕਰ ਗੁਰੂ ਜੀ ਆਤਮ-ਸਮਰਪਣ ਕਰ ਦੇਣ ਤਾਂ ਹਮਲਾ ਨਹੀਂ ਕੀਤਾ ਜਾਵੇਗਾ। ਮਹਾਂਬਲੀ-ਸਤਿਗੁਰੂ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਬੱਸ ਫਿਰ ਕੀ ਸੀ ! ਚਹੁਂ ਤਰਫੋਂ ਹੀ ਦੁਸ਼ਮਣਾਂ ਨੇ ਜਥੇ ਬਣਾ ਕੇ ਹਮਲੇ ਅਰੰਭ ਕਰ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਨਹੀਂ ਸੀ ਪੈਂਦੀ। ਜਰਨੈਲ ਨਾਹਰ ਖਾਂ; ਪੌੜੀ ਦੁਆਰਾ ਛੁਪ ਕੇ ਚੜ੍ਹਿਆ, ਪਰ ਅਜੇ ਦਿਵਾਰ ਤੋਂ ਜ਼ਰਾ ਕੁ ਸਿਰ ਚੁੱਕਿਆ ਹੀ ਸੀ ਕਿ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾ ਬਣ ਗਿਆ। ਗ਼ਨੀ ਖਾਂ ਨੂੰ ਵੀ ਗੁਰਜ ਦੇ ਇੱਕ ਵਾਰ ਨਾਲ ਚੂਰ ਕਰ ਦਿੱਤਾ ਅਤੇ ਖਵਾਜਾ-ਮਰਦੂਦ ਕੰਧ ਉਲ੍ਹੇ ਛੁਪ ਕੇ ਬਚਿਆ। ਸਤਿਗੁਰੂ ਜੀ ਲਿਖਿਆ ਹੈ ਕਿ ਅਫ਼ਸੋਸ !  ਜੇਕਰ ਉਹ ਸਾਹਮਣੇ ਆ ਜਾਦਾਂ ਤਾਂ ਇੱਕ ਤੀਰ ਉਸ ਨੂੰ ਵੀ ਬਖ਼ਸ਼ ਦਿੰਦੇ : ‘‘ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ ॥ ਨ੍ਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥ ਦਰੇਗਾ ਅਗਰ ਰੂਇ ਓ ਦੀਦਮੇ ॥ ਬ ਯਕ ਤੀਰ ਲਾਚਾਰ ਬਖ਼ਸ਼ੀਦਮੇ ॥੩੫॥’’ (ਜ਼ਫ਼ਰਨਾਮਾ) ਭਾਵ ਉਹ ਖ਼੍ਵਾਜਾ (ਜ਼ਫ਼ਰਬੇਗ) ਕਾਇਰ ਵਾਙ ਦੀਵਾਰ ਦੀ ਓਟ ਵਿੱਚ ਹੀ ਛੁਪਿਆ ਰਿਹਾ, ਨਾ ਮੈਦਾਨ ਵਿੱਚ ਨਿਤਰਿਆ, ਨਾ ਹੀ ਮਰਦਾਨਗੀ ਨਾਲ ਵਾਰ ਕੀਤਾ।  ਖੇਦ ਹੈ, ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ ਤਾਂ ਮਜਬੂਰ ਹੋ ਕੇ ਇੱਕ ਤੀਰ (ਉਸ ਨੂੰ ਵੀ) ਬਖ਼ਸ਼ ਦਿੰਦਾ।

ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ, ਉੱਥੇ ਪੰਜ-ਪੰਜ ਸਿੰਘ ਜੱਥਿਆਂ ਦੇ ਰੂਪ ਵਿੱਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣਾਂ ਦਾ ਪੁਰਜ਼ਾ ਪੁਰਜ਼ਾ ਕੱਟ ਕੇ ਸ਼ਹੀਦ ਹੋ ਰਹੇ ਸਨ। ਐਸਾ ਦੇਖਦਿਆਂ ਜਦੋਂ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਦੀ ਤਰ੍ਹਾਂ ਜੰਗ ਵਿੱਚ ਜੁਝਣ ਦੀ ਬੇਨਤੀ ਕੀਤੀ ਤਾਂ ਪਿਤਾ ਗੁਰਦੇਵ ਜੀ ਬਹੁਤ ਖੁਸ਼ ਹੋਏ ਤੇ ਕਿਹਾ ਕਿ ਪੁੱਤਰੋ ! ਇਸ ਸਮੇਂ ਪੰਥਕ ਬੇੜੇ ਦੇ ਮਲਾਹ ਤੁਸੀਂ ਵੀ ਹੋ। ਜਾਓ ਆਪਣੇ ਖ਼ੂਨ ਦੀ ਨਦੀ ਵਹਾ ਦਿਓ ਤਾਂ ਕਿ ਜ਼ੁਲਮ ਦੇ ਬਰੇਤੇ ’ਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲੱਗ ਜਾਵੇ । ਕਵੀ ਅਲ੍ਹਾ ਯਾਰ ਖਾਂ ਨੇ ਲਿਖਿਆ ਹੈ, ‘ਬੇਟਾ, ਹੋ ਤੁਮ੍ਹੀ ਪੰਥ ਕੇ ਬੇੜੇ ਕੇ ਖਿਵੱਯਾ। ਸਰ ਭੇਟ ਕਰੋ ਤਾਂ ਕਿ ਚਲੇ ਧਰਮ ਕੀ ਨਯਾ।… ਖਾਜਸ਼ ਹੈ, ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ ॥ ਹਮ ਆਂਖ ਸੇ ਬਰਛੀ, ਤੂਮ੍ਹੇ ਖਾਤੇ ਹੂਏ ਦੇਖੇਂ॥’’

ਕਹਿੰਦੇ ਹਨ, ਸਿੰਘਾਂ ਨੇ ਬੇਨਤੀ ਕੀਤੀ ਕਿ ਗੁਰਦੇਵ ਜੀ ! ਆਪ ਸਾਹਿਬਜ਼ਾਦਿਆਂ ਨੂੰ ਲੈ ਕਿ ਗੜ੍ਹੀ ’ਚੋਂ ਨਿਕਲ ਜਾਓ ਤਾਂ ਜੁ ਪੰਥ ਦੀ ਸਫਲ ਅਗਵਾਈ ਕਰਦੇ ਰਹੋ। ਉਤਰ ਵਿੱਚ ਗੁਰਦੇਵ ਜੀ ਬੋਲੇ, ਸਿੰਘੋ ਬਲਿਹਾਰ ! ਬਲਿਹਾਰ ! ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ।  ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ, ਮੇਰੇ ਪੁੱਤਰ ਹੋ। ਖਾਲਸਾ ਜੀ ਸਭ ਕੁੱਝ ਤੁਹਾਡੀ ਬਦੌਲਤ ਹੀ ਹੈ : ‘‘ਖਾਲਸੇ ਕੇ ਪ੍ਰਸਾਦ ਕਰ, ਸੁਤ ਬਿਤ ਕੋਸ਼ ਭੰਡਾਰ॥ ਰਾਜ ਮਾਲ ਸਾਦਨ ਸਗਲ, ਪੁਤ੍ਰ ਕਲਿਤ੍ਰ ਬਿਵਹਾਰ॥’’

ਕਮਾਲ ਦੀ ਗੱਲ ਹੈ, ਜੋ ਕਲਗੀਧਰ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ’ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਬੇਟੇ ਅੱਖਾਂ ਸਾਹਮਣੇ ਬੰਦ-ਬੰਦ ਕਟਵਾ ਕੇ ਸ਼ਹੀਦ ਹੋ ਜਾਂਦੇ ਹਨ ਅਤੇ ਪਿਤਾ ਗੁਰਦੇਵ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹਨ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ: ‘ਕਰੀ ਅਰਦਾਸ ਸਤਿਗੁਰੂ ਨੇ, ਅਮਾਨਤ ਪੁਜਾਈ ਤੇਰੀ॥ ਕਰਜ਼ਾ ਅਦਾ ਹੁਆ ਹੈ, ਕੁਛ ਰਹਿਮਤ ਹੂਈ ਹੈ ਤੇਰੀ॥ ਦੋ ਰਹਿ ਗਏ ਹੈਂ ਬਾਕੀ, ਵੋ ਭੀ ਫਿਦਾ ਕਰੂੰਗਾ ॥ ਰਹਿਮਤ ਤੇਰੀ ਕਾ ਮਾਲਿਕ !  ਤਬ ਸ਼ੁਕਰ ਅਦਾ ਕਰੂੰਗਾ॥’