ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)
ਗਿਆਨੀ ਅਵਤਾਰ ਸਿੰਘ
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)
ਭਾਗ ਚੌਥਾ
(6). ਸੰਬੰਧ ਕਾਰਕ: ਕਿਸੇ ‘ਨਾਂਵ/ਪੜਨਾਂਵ’ ਦਾ, ਦੂਸਰੇ ‘ਨਾਂਵ/ਪੜਨਾਂਵ’ ਉੱਤੇ ਮਾਲਕੀ ਦਾ ਹੱਕ ਜਤਾਉਣਾ; ‘ਸੰਬੰਧ ਕਾਰਕ’ ਅਖਵਾਉਂਦਾ ਹੈ; ਜਿਵੇਂ ‘ਮੋਹਨ ਦੀ ਕਿਤਾਬ ਹੈ। ਇਹ, ਰੱਬ ਦਾ ਸੇਵਕ ਹੈ।’ ਵਾਕਾਂ ’ਚ ‘ਮੋਹਨ’ ਅਤੇ ‘ਰੱਬ’; ਸੰਬੰਧ ਕਾਰਕ ਹਨ।
ਗੁਰਬਾਣੀ ’ਚ ਸੰਬੰਧ ਕਾਰਕੀ ਚਿੰਨ੍ਹ ਹਨ : ‘ਕਾ, ਕੇ, ਕੈ, ਕੋ (ਦਾ), ਕੀਆ/ਕੀਆਂ, ਦਾ, ਦੇ, ਦੀ, ਦੀਆ, ਚ/ਚੋ (ਦੀ/ਦਾ), ਕੇਰਾ (ਦਾ), ਕੇਰੀ (ਦੀ), ਕੇਰੇ (ਦੇ), ਕੇਰੀਆ (ਦੀਆਂ), ਸੰਦਾ (ਦਾ), ਸੰਦੇ (ਦੇ), ਸੰਦੀ/ਹੰਦੀ (ਦੀ), ਸੰਦੀਆ (ਦੀਆਂ), ਸੰਦੜਾ (ਦਾ), ਸੰਦੜੀ (ਦੀ), ਸੰਦੜੇ/ਸੰਦੜੈ (ਦੇ), ਰੋ (ਦਾ)’।
ਇਹ ਸੰਬੰਧਕ; ਗੁਰਬਾਣੀ ’ਚ ਲੁਪਤ ਅਤੇ ਪ੍ਰਗਟ ਰੂਪ ’ਚ ਮਿਲਦਾ ਹੈ। ਇਸ ਦੀ ਵਰਤੋਂ ਵੀ ਵਧੇਰੇ ਹੈ, ਇਸ ਲਈ ਥੋੜ੍ਹਾ ਵੱਧ ਸਮਝਣ ਦੀ ਜ਼ਰੂਰਤ ਹੈ। ਲੁਪਤ ਰੂਪ ’ਚ; ਜਿਵੇਂ ‘ਗੁਰ ਪ੍ਰਸਾਦਿ’ ਭਾਵ ਗੁਰੂ ਦੀ ਕਿਰਪਾ ਨਾਲ’; ਵਾਕ ’ਚ ‘ਗੁਰ’; ਸੰਬੰਧ ਕਾਰਕ ਹੈ। ਇਸ ਨੂੰ ਲੁਪਤ ‘ਦੀ’ ਨੇ ਅੰਤ ਮੁਕਤਾ ਕਰ ਦਿੱਤਾ।
ਹੇਠਲੇ ਵਾਕਾਂ ’ਚ ‘ਗੁਰ ਸਬਦੁ’ ਹੋਵੇ ਜਾਂ ‘ਗੁਰ ਕਾ ਸਬਦੁ’, ‘ਗੁਰ ਕਿਰਪਾ’ ਹੋਵੇ ਜਾਂ ‘ਗੁਰ ਕੀ ਕ੍ਰਿਪਾ’; ਅਰਥ ਇੱਕ ਸਮਾਨ ਹੀ ਹਨ ਅਤੇ ‘ਗੁਰੁ’ ਨੂੰ ਦੋਵੇਂ ਤਰ੍ਹਾਂ ਦੇ ਸੰਬੰਧਕਾਂ (ਲੁਪਤ ਅਤੇ ਪ੍ਰਗਟ) ਨੇ ਅੰਤ ਮੁਕਤਾ ਕਰ ਦਿੱਤਾ (ਚੇਤੇ ਰਹੇ ਕਿ ਜਿੱਥੇ ਹੇਠਲੇ ਵਾਕਾਂ ’ਚ ‘ਸਬਦੁ’ ’ਚੋਂ ‘ਨੂੰ’ ਮਿਲ ਰਿਹਾ ਹੈ ਓਥੇ ‘ਗੁਰ ਸਬਦੁ’ ਹੈ, ਪਰ ਜਿੱਥੇ ‘ਸਬਦੁ’ ’ਚੋਂ ‘ਨੂੰ’ ਨਹੀਂ ਮਿਲਦਾ ਓਥੇ ‘ਗੁਰ ਕਾ ਸਬਦੁ’ ਹੈ) :
ਗੁਰ ਕਾ ਸਬਦੁ ਅੰਤਰਿ ਵਸੈ; ਤਾ ਹਰਿ ਵਿਸਰਿ ਨ ਜਾਈ ॥ (ਮਹਲਾ ੩/੩੧) (ਇੱਥੇ ‘ਸਬਦੁ’ ’ਚੋਂ ਨੂੰ ਨਹੀਂ ਮਿਲਦਾ)
ਸੋ ਉਬਰੈ; ਗੁਰ ਸਬਦੁ ਬੀਚਾਰੈ ॥ (ਮਹਲਾ ੧/੨੨੫) (ਗੁਰ ਸਬਦੁ ਭਾਵ ਗੁਰ ਦੇ ਸ਼ਬਦ ਨੂੰ)
ਸੋ ਪੰਡਿਤੁ; ਗੁਰ ਸਬਦੁ ਕਮਾਇ ॥ (ਮਹਲਾ ੫/੮੮੮) (ਗੁਰ ਸਬਦੁ ਭਾਵ ਗੁਰ ਦੇ ਸ਼ਬਦ ਨੂੰ)
ਗੁਰ ਕਾ ਸਬਦੁ ਅੰਮ੍ਰਿਤੁ ਹੈ; ਜਿਤੁ+ਪੀਤੈ (ਨਾਲ) ਤਿਖ ਜਾਇ ॥ (ਮਹਲਾ ੩/੩੫) (ਇੱਥੇ ‘ਸਬਦੁ’ ’ਚੋਂ ਨੂੰ ਨਹੀਂ ਮਿਲਦਾ)
ਜੀਵਤੁ ਮਰੈ ਗੁਰ ਸਬਦੁ ਬੀਚਾਰੈ; ਹਉਮੈ ਮੈਲੁ ਚੁਕਾਵਣਿਆ ॥ (ਮਹਲਾ ੩/੧੨੯) (ਇੱਥੇ ‘ਸਬਦੁ’ ’ਚੋਂ ਨੂੰ ਮਿਲਦਾ ਹੈ)
ਗੁਰ ਕਿਰਪਾ ਤੇ ਬੂਝੀਐ; ਸਭੁ ਬ੍ਰਹਮੁ ਸਮਾਇਆ ॥ (ਮਹਲਾ ੧/੨੨੯) (ਗੁਰ ਕਿਰਪਾ ਤੇ ਭਾਵ ਗੁਰੂ ਦੀ ਕਿਰਪਾ ਨਾਲ)
ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ; ਪਕਰਿਓ ਗਢ ਕੋ ਰਾਜਾ ॥ (ਭਗਤ ਕਬੀਰ/੧੧੬੧) (ਗੁਰ ਕੀ ਕਿਰਪਾ ਤੇ ਭਾਵ ਗੁਰੂ ਦੀ ਕਿਰਪਾ ਨਾਲ)
ਨੋਟ: ਚੇਤੇ ਰਹੇ ਕਿ ਲੁਪਤ ਸੰਬੰਧਕ; ਕੇਵਲ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਨੂੰ ਹੀ ਅੰਤ ਮੁਕਤਾ ਕਰਦੇ ਹਨ, ਕਿਸੇ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ ਨੂੰ ਨਹੀਂ; ਜਿਵੇਂ ‘ਤਿਸੁ, ਜਿਸੁ, ਇਸੁ, ਏਸੁ, ਕਿਸੁ, ਉਸੁ, ਇਸੁ, ਓਸੁ, ਤਿਤੁ, ਜਿਤੁ, ਕਿਤੁ, ਉਤੁ, ਓਤੁ’ ਆਦਿਕ ਸ਼ਬਦਾਂ ਨੂੰ ਕੋਈ ਭੀ ਲੁਪਤ ਸੰਬੰਧਕ; ਅੰਤ ਮੁਕਤਾ ਨਹੀਂ ਕਰਦਾ; ਜਿਵੇਂ ਕਿ
ਕਿਸੁ (ਨੂੰ) ਪੂਛਉ ? ਕਿਸੁ (ਦੇ) ਲਾਗਉ ਪਾਇ ?॥ (ਮਹਲਾ ੧/੨੨੧) (ਇੱਥੇ ‘ਕਿਸੁ’ ਨਾਲ ਦੋ ਲੁਪਤ ਸੰਬੰਧਕ (ਨੂੰ/ਦੇ) ਹਨ, ਪਰ ‘ਕਿਸੁ’ ਨੂੰ ਅੰਤ ਮੁਕਤਾ ਨਹੀਂ ਕਰ ਸਕੇ।)
ਜਿਸੁ (ਦੇ) ਹਥਿ ਜੋਰੁ; ਕਰਿ ਵੇਖੈ ਸੋਇ ॥ (ਜਪੁ)
ਉਕਤ ਤੁਕ ’ਚ ‘ਦੇ’ ਲੁਪਤ ਨੇ ਵੀ ‘ਜਿਸੁ’ ਨੂੰ ਅੰਤ ਮੁਕਤਾ ਨਹੀਂ ਕੀਤਾ ਜਦ ਕਿ ਇਹੀ ਲੁਪਤ ਸੰਬੰਧਕ; ਇੱਕ ਵਚਨ ਪੁਲਿੰਗ ਨਾਂਵਾਂ ਨੂੰ ਅੰਤ ਮੁਕਤਾ ਕਰਦੇ ਹਨ। ਹੇਠਲੇ ਵਾਕਾਂ ’ਚ ਬਹੁਤੇ ਪ੍ਰਗਟ ਸੰਬੰਧਕੀ ਵੀ ਪੜਨਾਂਵਾਂ/ਪੜਨਾਂਵੀ ਵਿਸ਼ੇਸ਼ਣਾਂ ਨੂੰ ਅੰਤ ਮੁਕਤਾ ਨਹੀਂ ਕਰਦੇ :
ਜਿਸੁ ਨਾਲਿ ਜੋਰੁ ਨ ਚਲਈ; ਖਲੇ ਕੀਚੈ ਅਰਦਾਸਿ ॥ (ਮਹਲਾ ੩/੯੯੪)
ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮਸਾਲ ॥ (ਜਪੁ)
ਪ੍ਰਭੁ ਹਰਿਮੰਦਰੁ ਸੋਹਣਾ; ਤਿਸੁ ਮਹਿ ਮਾਣਕ ਲਾਲ ॥ (ਮਹਲਾ ੧/੧੭)
ਤਿਸੁ ਸਿਉ ਨੇਹੁ ਨ ਕੀਜਈ; ਜੋ ਦੀਸੈ ਚਲਣਹਾਰੁ ॥ (ਮਹਲਾ ੧/੨੧)
ਇਸੁ ਊਪਰਿ ਲੇ ਰਾਖਿਓ ਗੁਮਾਨ ॥ (ਮਹਲਾ ੫/੩੭੪)
ਕਿਸੁ ਪਹਿ ਖੋਲ੍ਉ ਗੰਠੜੀ; ਦੂਖੀ ਭਰਿ ਆਇਆ ॥(ਮਹਲਾ ੧/੭੬੭)
ਇਹ ਬਾਣੀ ਜੋ ਜੀਅਹੁ ਜਾਣੈ; ਤਿਸੁ ਅੰਤਰਿ ਰਵੈ ਹਰਿ ਨਾਮਾ ॥ (ਮਹਲਾ ੩/੭੯੭)
ਏਕੋ ਰਵਿ ਰਹਿਆ ਸਭ ਅੰਤਰਿ; ਤਿਸੁ ਬਿਨੁ ਅਵਰੁ ਨ ਕੋਈ ਹੇ ॥ (ਮਹਲਾ ੩/੧੦੪੪)
ਜਿਸੁ ਅੰਦਰਿ ਰੰਗੁ; ਸੋਈ ਗੁਣ ਗਾਵੈ ॥ (ਮਹਲਾ ੩/੧੧੪)
ਓਸੁ ਬਿਨਾ; ਕੋਊ ਮੁਖੁ ਨਹੀ ਜੋਰੈ ॥ (ਮਹਲਾ ੫/੩੯੦)
ਕੇਵਲ ਹੇਠਲੇ ਪੂਰਨ ਸੰਬੰਧਕ ਜਾਂ ਕ੍ਰਿਆ ਵਿਸ਼ੇਸ਼ਣ ‘ਹੀ’ ਹੀ ਇਨ੍ਹਾਂ ਨੂੰ ਅੰਤ ਮੁਕਤਾ ਕਰਦੇ ਹਨ :
ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥ (ਸੋ ਪੁਰਖੁ/ਮਹਲਾ ੪/੧੧)
ਤਿਸ ਦੈ ਚਾਨਣਿ (ਨਾਲ); ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ ੧/੧੩)
ਤਿਸ ਕੈ ਦਰਸਿ (ਨਾਲ); ਸਭ ਪਾਪ ਮਿਟਾਵਹਿ ॥ (ਸੁਖਮਨੀ/ਮਹਲਾ ੫/੨੮੬)
ਗੁਰਮਤੀ ਸਚੁ ਸਲਾਹਣਾ; ਜਿਸ ਦਾ ਅੰਤੁ ਨ ਪਾਰਾਵਾਰੁ ॥ (ਮਹਲਾ ੩/੩੭)
ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥(ਮਹਲਾ ੪/੩੬੬)
ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ॥ (ਮਹਲਾ ੩/੯੧੭)
ਜਿਸ ਕੀ ਵਸਤੁ, ਤਿਸੁ ਚੇਤਹੁ ਪ੍ਰਾਣੀ ! ਕਰਿ ਹਿਰਦੈ ਗੁਰਮੁਖਿ ਬੀਚਾਰਿ ॥ (ਮਹਲਾ ੪/੭੬)
ਤਿਸ ਕੀ ਸਰਨੀ ਪਰੁ ਮਨਾ ! ਜਿਸੁ ਜੇਵਡੁ ਅਵਰੁ ਨ ਕੋਇ ॥ (ਮਹਲਾ ੫/੪੪)
ਉਸੁ ਖੇਤ ਕਾਰਣਿ; ਰਾਖਾ ਕੜੈ ॥ ਤਿਸ ਕੈ ਪਾਲੈ (ਪੱਲੇ ’ਚ); ਕਛੂ ਨ ਪੜੈ ॥ (ਮਹਲਾ ੫/੧੭੯)
ਅੰਤਰਜਾਮੀ ਸਭੁ ਕਿਛੁ ਜਾਨੈ; ਉਸ ਤੇ ਕਹਾ ਛਪਾਇਆ ?॥ (ਮਹਲਾ ੫/੩੮੧)
ਕਿਆ ਹੋਵੈ ਕਿਸੈ ਹੀ ਦੈ ਕੀਤੈ; ਜਾਂ ਧੁਰਿ (ਤੋਂ) ਕਿਰਤੁ ਓਸ ਦਾ ਏਹੋ ਜੇਹਾ ਪਇਆ ॥ (ਮਹਲਾ ੪/੬੫੩)
ਸਭ ਘਟ ਤਿਸ ਕੇ; ਓਹੁ ਕਰਨੈਹਾਰੁ ॥ (ਸੁਖਮਨੀ/ਮਹਲਾ ੫/੨੮੦)
ਜੇ ਕੋ ਓਸ ਦੀ ਰੀਸ ਕਰੇ; ਸੋ ਮੂੜ ਅਜਾਣੀ ॥ (ਮਹਲਾ ੪/੩੦੨)
ਨੋਟ: ਹੇਠਲੇ ਤਿੰਨੇ ਵਾਕਾਂ ’ਚ ਇੱਕੋ ਸ਼ਬਦ; ਲੁਪਤ ਅਤੇ ਪ੍ਰਗਟ ਸੰਬੰਧਕਾਂ ਸਮੇਤ ਹੈ :
ਨਾਨਕ ! ਜੋ ਤਿਸੁ (ਉਸ ਨੂੰ) ਭਾਵੈ, ਸੋ ਕਰੇ; ਜਿਉ ਤਿਸ ਕੀ ਰਜਾਇ ॥ (ਮਹਲਾ ੩/੪੯੨) (ਲੁਪਤ ‘ਨੂੰ’ ਨੇ ‘ਤਿਸੁ’ ਨੂੰ ਅੰਤ ਮੁਕਤਾ ਨਹੀਂ ਕੀਤਾ ਪਰ ਪ੍ਰਗਟ ‘ਕੀ’ ਨੇ ‘ਤਿਸੁ’ ਨੂੰ ਅੰਤ ਮੁਕਤਾ ਕਰ ਦਿੱਤਾ।)
ਇਸ ਕਾ ਬਲੁ; ਨਾਹੀ ਇਸੁ (ਦੇ) ਹਾਥ ॥ (ਸੁਖਮਨੀ/ਮਹਲਾ ੫/੨੭੭) (ਪ੍ਰਗਟ ‘ਕਾ’ ਨੇ ‘ਇਸੁ’ ਨੂੰ ਅੰਤ ਮੁਕਤਾ ਕਰ ਦਿੱਤਾ ਪਰ ਲੁਪਤ ‘ਦੇ’ ਨੇ ‘ਇਸੁ’ ਨੂੰ ਅੰਤ ਮੁਕਤਾ ਨਹੀਂ ਕੀਤਾ।)
ਓਸੁ ਅੰਦਰਿ ਕੂੜੁ, ਕੂੜੋ ਕਰਿ ਬੁਝੈ; ਅਣਹੋਦੇ ਝਗੜੇ, ਦਯਿ ਓਸ ਦੈ ਗਲਿ (’ਚ) ਪਾਇਆ ॥ (ਮਹਲਾ ੪/੩੦੩) (ਪ੍ਰਗਟ ਰੂਪ ‘ਅੰਦਰਿ’ ਨੇ ਵੀ ‘ਓਸੁ’ ਨੂੰ ਅੰਤ ਮੁਕਤਾ ਨਹੀਂ ਕੀਤਾ ਪਰ ਪ੍ਰਗਟ ਰੂਪ ‘ਦੈ’ ਨੇ ‘ਓਸੁ’ ਨੂੰ ਅੰਤ ਮੁਕਤਾ ਕਰ ਦਿੱਤਾ।)
ਸੋ ਗੁਰਬਾਣੀ ’ਚ ਇੱਕ ਅੱਖਰ ਵਾਲੇ ਸੰਬੰਧਕ (ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਨੋ, ਕਉ (ਨੂੰ), ਨਉ (ਨੂੰ), ਤੇ ਜਾਂ ਕ੍ਰਿਆ ਵਿਸ਼ੇਸ਼ਣ ‘ਹੀ’) ਹੀ ਪ੍ਰਗਟ ਰੂਪ ’ਚ ਪੜਨਾਂਵਾਂ ਨੂੰ ਅੰਤ ਮੁਕਤਾ ਕਰਦੇ ਹਨ। ਇਨ੍ਹਾਂ ਨੂੰ ਹੀ ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਇਨ੍ਹਾਂ ’ਚੋਂ ‘ਤੇ’ ਅਤੇ ‘ਹੀ’ ਤੋਂ ਬਿਨਾਂ ਸਾਰੇ ਲੁਪਤ ਰੂਪ ’ਚ ਆ ਕੇ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਨੂੰ ਅੰਤ ਮੁਕਤਾ ਕਰਦੇ ਹਨ ਜਦ ਕਿ ਪ੍ਰਗਟ ਰੂਪ ’ਚ ਹਰ ਤਰ੍ਹਾਂ ਦਾ ਸੰਬੰਧਕ ਹੀ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰਦਾ ਹੈ; ਜਿਵੇਂ ਹੇਠਲੇ ਵਾਕਾਂ ’ਚ ‘ਅਲਹੁ, ਖਸੰਮੁ, ਨਾਨਕੁ, ਗੁਰੁ, ਖੇਤੁ, ਨਾਮੁ, ਪ੍ਰਭੁ, ਮਨੁ, ਸਤਿਗੁਰੁ, ਸਾਹਿਬੁ, ਰਬੁ, ਕਿਰਸਾਣੁ, ਪਿੰਡੁ, ਸਹਜੁ, ਸਤੁ, ਮਨੁ, ਸੰਤੁ’ ਨੂੰ ਅੰਤ ਮੁਕਤਾ ਕੀਤਾ ਗਿਆ ਹੈ :
ਭਗਤਿ ਨਿਰਾਲੀ ਅਲਾਹ ਦੀ; ਜਾਪੈ ਗੁਰ ਵੀਚਾਰਿ ॥ (ਮਹਲਾ ੩/੪੩੦)
ਹੋਵੈ ਸਿਫਤਿ ਖਸੰਮ ਦੀ; ਨੂਰੁ ਅਰਸਹੁ ਕੁਰਸਹੁ ਝਟੀਐ ॥ (ਬਲਵੰਡ ਸਤਾ/੯੬੭)
ਨਾਨਕ ਕੀ ਪ੍ਰਭ ! ਬੇਨਤੀ; ਅਪਨੀ ਭਗਤੀ ਲਾਇ ॥ (ਸੁਖਮਨੀ/ਮਹਲਾ ੫/੨੮੯)
ਸਾਝੀ ਗੁਰ ਨਾਲਿ ਬਹਾਲਿਆ; ਸਰਬ ਸੁਖ ਪਾਇਕ ॥ (ਮਹਲਾ ੫/੧੧੦੨)
ਜਿਉ ਰਾਖਾ; ਖੇਤ ਊਪਰਿ ਪਰਾਏ ॥ (ਮਹਲਾ ੫/੧੭੯)
ਰਾਮ ਨਾਮ ਬਿਨੁ, ਕੋ ਥਿਰੁ ਨਾਹੀ; ਜੀਉ ਬਾਜੀ ਹੈ ਸੰਸਾਰਾ ॥ (ਮਹਲਾ ੩/੨੪੬)
ਪ੍ਰਭ ਸਿਉ ਲਾਗਿ ਰਹਿਓ; ਮੇਰਾ ਚੀਤੁ ॥ (ਮਹਲਾ ੫/੬੮੨)
ਜਾ ਹੋਆ ਹੁਕਮੁ ਕਿਰਸਾਣ ਦਾ; ਤਾ ਲੁਣਿ ਮਿਣਿਆ ਖੇਤਾਰੁ ॥ (ਮਹਲਾ ੫/੪੩)
ਹਉ ਹੋਆ ਮਾਹਰੁ ਪਿੰਡ ਦਾ; ਬੰਨਿ ਆਦੇ ਪੰਜਿ ਸਰੀਕ ਜੀਉ ॥ (ਮਹਲਾ ੫/੭੩)
ਘੋੜਾ ਕੀਤੋ ਸਹਜ ਦਾ; ਜਤੁ ਕੀਓ ਪਲਾਣੁ ॥ (ਬਲਵੰਡ ਸਤਾ/੯੬੮)
ਧਣਖੁ ਚੜਾਇਓ ਸਤ ਦਾ; ਜਸ ਹੰਦਾ (ਦਾ) ਬਾਣੁ (ਤੀਰ)॥ (ਬਲਵੰਡ ਸਤਾ/੯੬੮)
ਸਚੁ, ਮਨ ਅੰਦਰਿ; ਰਹਿਆ ਸਮਾਇ ॥ (ਮਹਲਾ ੩/੧੨੦)
ਸਤਿਗੁਰ ਵਿਚਿ ਆਪਿ ਵਰਤਦਾ; ਹਰਿ ਆਪੇ ਰਖਣਹਾਰੁ ॥ (ਮਹਲਾ ੪/੩੦੨)
ਫਰੀਦਾ ! ਸਾਹਿਬ ਦੀ ਕਰਿ ਚਾਕਰੀ; ਦਿਲ ਦੀ ਲਾਹਿ ਭਰਾਂਦਿ ॥ (ਬਾਬਾ ਫਰੀਦ/੧੩੮੧)
ਫਰੀਦਾ ! ਜੋ ਡੋਹਾਗਣਿ ਰਬ ਦੀ; ਝੂਰੇਦੀ ਝੂਰੇਇ ॥ (ਬਾਬਾ ਫਰੀਦ/੧੩੮੧)
ਮਨ ਕੀਆ ਇਛਾਂ ਪੂਰੀਆ; ਪਾਇਆ ਨਾਮੁ ਨਿਧਾਨੁ ॥ (ਮਹਲਾ ੫/੪੬)
ਦੂਜੈ, ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ॥ (ਮਹਲਾ ੧/੧੪੫)
ਸਭ ਕਿਛੁ ਪ੍ਰਭ ਕਾ; ਪ੍ਰਭ ਕੀਆ ਜਾਈ (ਥਾਵਾਂ) ਜੀਉ ॥ (ਮਹਲਾ ੫/੨੧੭)
ਸੰਤ ਆਚਰਣ ਸੰਤ ਚੋ (ਦਾ) ਮਾਰਗੁ; ਸੰਤ ਚ (ਦੀ) ਓਲ੍ਹਗ ਓਲ੍ਹਗਣੀ ॥ (ਭਗਤ ਰਵਿਦਾਸ/੪੮੬)
ਭਾਵ (ਹੇ ਪ੍ਰਭੂ ! ਮੈਨੂੰ) ਸੰਤਾਂ ਦੀ ਰਹਿਣੀ, ਸੰਤਾਂ ਦਾ ਮਾਰਗ, ਸੰਤਾਂ ਦੀ ਜੂਠ ਮਾਂਜਨ ਵਾਲੀ ਸੇਵਾ ਬਖ਼ਸ਼।)
ਸਾਵਧਾਨੀ: ਹੇਠਲੇ ਵਾਕਾਂ ’ਚ ਜੇ ‘ਕੀਆ/ਦੀਆ’ ਸੰਬੰਧਕ ਹੁੰਦੇ ਤਾਂ ਇੱਕ ਵਚਨ ਪੁਲਿੰਗ ਨਾਂਵ (ਗਰਬੁ, ਪਰਪੰਚੁ (ਜਗਤ ਖਿਲਾਰਾ), ਮੋਹੁ, ਦਾਨੁ, ਅੰਗੀਕਾਰੁ, ਅਨੁਗ੍ਰਹ, ਮਨੁ, ਪ੍ਰਭੁ, ਪਿੰਡੁ) ਨੂੰ ਅੰਤ ਮੁਕਤਾ ਕਰਦੇ ਭਾਵ ਇੱਥੇ ‘ਕੀਆ/ਦੀਆ’; ਕ੍ਰਿਆਵਾਂ ਹਨ ਅਤੇ ਇਨ੍ਹਾਂ ਦੇ ਅਰਥ ਹਨ : ‘ਕੀਤਾ/ਦਿੱਤਾ’।
ਬ੍ਰਹਮੈ (ਨੇ) ਗਰਬੁ ਕੀਆ; ਨਹੀ ਜਾਨਿਆ ॥ (ਮਹਲਾ ੧/੨੨੪)
ਪਪੈ; ਪਾਤਿਸਾਹੁ ਪਰਮੇਸਰੁ; ਵੇਖਣ ਕਉ ਪਰਪੰਚੁ ਕੀਆ ॥ (ਮਹਲਾ ੧/੪੩੩)
ਲਲੈ; ਲਾਇ ਧੰਧੈ ਜਿਨਿ ਛੋਡੀ; ਮੀਠਾ ਮਾਇਆ ਮੋਹੁ ਕੀਆ ॥ (ਮਹਲਾ ੧/੪੩੪)
ਨਾਨਕ ! ਦਾਨੁ ਕੀਆ ਦੁਖ ਭੰਜਨਿ (ਨੇ); ਰਤੇ ਰੰਗਿ ਰਸਾਲੀ ਜੀਉ ॥ (ਮਹਲਾ ੫/੧੦੬)
ਅੰਗੀਕਾਰੁ ਕੀਆ ਤਿਨਿ ਕਰਤੈ (ਨੇ); ਦੁਖ ਕਾ ਡੇਰਾ ਢਾਹਿਆ ਜੀਉ ॥ (ਮਹਲਾ ੫/੧੦੭)
ਹਰਿ ਦੀਨ ਦਇਆਲਿ (ਨੇ) ਅਨੁਗ੍ਰਹੁ ਕੀਆ; ਹਰਿ ਗੁਰ ਸਬਦੀ ਚਖਿ ਡੀਠਾ ॥ (ਮਹਲਾ ੪/੧੭੧)
ਤਨੁ ਮਨੁ ਗੁਰ ਪਹਿ ਵੇਚਿਆ; ਮਨੁ ਦੀਆ ਸਿਰੁ, ਨਾਲਿ ॥ (ਮ: ੧/੨੦)
(ਨੋਟ : ਇੱਥੇ ‘ਨਾਲਿ’ ਕ੍ਰਿਆ–ਵਿਸ਼ੇਸ਼ਣ ਹੈ। ਜੇ ਸੰਬੰਧਕ ਹੁੰਦਾ ਤਾਂ ‘ਸਿਰੁ’ ਨੂੰ ਅੰਤ ਮੁਕਤਾ ਕਰਦਾ।)
ਹਉ ਸਤਿਗੁਰ ਵਿਟਹੁ ਵਾਰਿਆ; ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ (ਮ: ੪/੪੧)
ਕਦ ਹੀ ਚਿਤਿ ਨ ਆਇਓ; ਜਿਨਿ ਜੀਉ ਪਿੰਡੁ ਦੀਆ ॥ (ਮ: ੫/੪੩)
ਗੁਰਬਾਣੀ ’ਚ ‘ਕੈ’ ਸ਼ਬਦ; ਸੰਬੰਧਕ ਤੋਂ ਇਲਾਵਾ ‘ਪੜਨਾਂਵ’ ਤੇ ‘ਯੋਜਕ’ ਵੀ ਹੈ। ਓਥੇ ਅਰਥ ਹਨ : ‘ਜਿਸ’ ਅਤੇ ‘ਜਾਂ’, ਇਸ ਲਈ ‘ਕੈ’ ਸੰਬੰਧਕ ਨੂੰ ਪਛਾਣਨ ਲਈ ਹੇਠਲੇ ਵਾਕਾਂ ’ਚ ਇਸ ਨੇ ਸੰਬੰਧਕ ਵਜੋਂ ‘ਗੁਰੁ, ਪ੍ਰਭੁ’ ਨੂੰ ਅੰਤ ਮੁਕਤਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਇੱਕ ਵਚਨ ਪੁਲਿੰਗ ਨਾਂਵ; ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਆ ਕੇ ‘ਨਾਲ’ ਜਾਂ ‘ਵਿੱਚ’; ਲੁਪਤ ਅਰਥ ਦੇਵੇਗਾ ਜਦ ਕਿ ‘ਪੜਨਾਂਵ’ ਅਤੇ ‘ਯੋਜਕ’ ਸਮੇਂ ‘ਕੈ’ ਦੇ ਅਗੇਤਰ ਅਤੇ ਪਿਛੇਤਰ ਅਜਿਹੇ ਸ਼ਬਦ ਨਹੀਂ ਹੁੰਦੇ :
ਗੁਰ ਕੈ ਭਾਣੈ (’ਚ) ਜੋ ਚਲੈ; ਦੁਖੁ ਨ ਪਾਵੈ ਕੋਇ ॥ (ਮਹਲਾ ੩/੩੧)
ਗੁਰ ਕੈ ਸਬਦਿ (ਨਾਲ) ਜੀਵਤੁ ਮਰੈ; ਹਰਿ ਨਾਮੁ ਵਸੈ ਮਨਿ ਆਇ ॥ (ਮਹਲਾ ੩/੩੩)
ਗੁਰ ਕੈ ਬਚਨਿ (ਨਾਲ); ਮਿਟਿਆ ਮੇਰਾ ਭਰਮੁ ॥ (ਮਹਲਾ ੫/੨੩੯)
ਗੁਰ ਕੈ ਭਾਣੈ (’ਚ) ਜੋ ਚਲੈ; ਤਾਂ ਜੀਵਣ ਪਦਵੀ ਪਾਹਿ ॥ (ਮਹਲਾ ੩/੫੦੮)
ਗੁਰ ਕੈ ਭੈ (ਨਾਲ) ਕੇਤੇ ਨਿਸਤਰੇ; ਭੈ ਵਿਚਿ ਨਿਰਭਉ ਪਾਇ ॥ (ਮਹਲਾ ੩/੫੫੧)
ਗੁਰ ਕੈ ਤਕੀਐ (ਭਰੋਸੇ ਨਾਲ); ਸਾਚੈ ਤਾਣਿ ॥ (ਮਹਲਾ ੧/੧੨੭੫)
ਪ੍ਰਭ ਕੈ ਸਿਮਰਨਿ (ਨਾਲ); ਗਰਭਿ ਨ ਬਸੈ ॥ (ਮਹਲਾ ੫/੨੬੨)
ਪ੍ਰਭ ਕੈ ਸਿਮਰਨਿ (ਨਾਲ); ਦੁਖੁ ਨ ਸੰਤਾਪੈ ॥ (ਮਹਲਾ ੫/੨੬੨)
ਜੋ ਜਨੁ ਰਾਤਾ; ਪ੍ਰਭ ਕੈ ਰੰਗਿ (’ਚ) ॥ (ਮਹਲਾ ੫/੧੩੩੭)
ਨੋਟ: ਗੁਰਬਾਣੀ ’ਚ ‘ਕੈ’ ਤੋਂ ਬਾਅਦ; ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਸ਼ਬਦ ਹੁੰਦਾ ਹੈ ਜਦ ਕਿ ‘ਕੇ’ (ਸੰਬੰਧਕ) ਤੋਂ ਬਾਅਦ ਬਹੁ ਵਚਨ ਨਾਂਵ (ਅੰਤ ਮੁਕਤਾ); ਜਿਵੇਂ ਕਿ ਹੇਠਲੇ ਵਾਕਾਂ ’ਚ ਹੈ :
ਗੁਰ ਕੇ ਚਰਨ; ਮਨ ਮਹਿ ਧਿਆਇ ॥ (ਮਹਲਾ ੫/੫੧)
ਕਾਰਜ ਸਭਿ ਸਵਾਰਿ ਲੈ; ਨਿਤ ਪੂਜਹੁ, ਗੁਰ ਕੇ ਪਾਵ ਜੀਉ ॥ (ਮਹਲਾ ੫/੧੩੨)
ਗੁਰ ਕੇ ਬਚਨ; ਸਤਿ (ਕਰ) ਜੀਅ (’ਚ) ਧਾਰਹੁ ॥ (ਭਟ ਗਯੰਦ/੧੪੦੧)
ਨਾਨਕ ! ਓਇ ਪਰਮੇਸੁਰ ਕੇ ਪਿਆਰੇ ॥ (ਮਹਲਾ ੫/੨੭੬)
ਨਾਨਕ ! ਭਉਜਲੁ ਪਾਰਿ ਪਰੈ; ਜਉ ਗਾਵੈ ਪ੍ਰਭ ਕੇ ਗੀਤ ॥ (ਮਹਲਾ ੯/੫੩੬)
ਰਾਖਹੁ ਰਾਖਨਹਾਰ ਦਇਆਲਾ ! ਨਾਨਕ, (ਭਗਤ ਤੇਰੇ) ਘਰ ਕੇ ਗੋਲੇ ॥ (ਮਹਲਾ ੫/੬੭੪)
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ! ਰਤੁ ਕਾ ਕੁੰਗੂ ਪਾਇ ਵੇ ਲਾਲੋ !॥ (ਮਹਲਾ ੧/੭੨੩)
ਗੁਰਬਾਣੀ ’ਚ ‘ਕੋ’ ਸੰਬੰਧਕ ਦਾ ਅਰਥ ਹੈ: ‘ਦਾ’ ਅਤੇ ਇਹ ‘ਪੜਨਾਂਵ’ ਵੀ ਹੈ, ਓਥੇ ਅਰਥ ਹੈ: ‘ਕੋਈ’। ‘ਕੋ’ ਸੰਬੰਧਕ ਦੀ ਪਛਾਣ ਲਈ ਹੇਠਲੇ ਵਾਕਾਂ ’ਚ ਇਸ ਨੇ, ਇੱਕ ਵਚਨ ਪੁਲਿੰਗ ਨਾਂਵਾਂ (ਨਾਮੁ, ਸੂਖੁ, ਕਾਲੁ, ਧਨੁ, ਜੀਉ, ਕਬੀਰੁ, ਸਹਿਰੁ, ਰਾਮੁ, ਦਾਸੁ, ਮਨੁ, ਸੰਤੁ, ਗੋਪਾਲੁ) ਨੂੰ ਅੰਤ ਮੁਕਤਾ ਕੀਤਾ ਹੈ :
ਮਨ ਰੇ ! ਨਾਮ ਕੋ ਸੁਖ ਸਾਰ (ਸ੍ਰੇਸ਼ਟ)॥ (ਮਹਲਾ ੫/੧੨੨੩)
ਸਰਬ ਸੂਖ ਕੋ ਨਾਇਕੋ; ਰਾਮ ਨਾਮ ਰਸੁ ਪੀਉ ॥ (ਭਗਤ ਕਬੀਰ/੧੩੬੪)
ਸਭੁ ਜਗੁ ਬਾਧੋ ਕਾਲ ਕੋ; ਬਿਨੁ ਗੁਰ ਕਾਲੁ ਅਫਾਰੁ ॥ (ਮਹਲਾ ੧/੫੫)
ਇਸੁ ਤਨ ਧਨ ਕੋ; ਕਿਆ ਗਰਬਈਆ ? ॥ (ਭਗਤ ਕਬੀਰ/੩੩੦)
ਕਬੀਰ ਕੋ ਸੁਆਮੀ; ਗਰੀਬ ਨਿਵਾਜ ॥ (ਭਗਤ ਕਬੀਰ/੩੩੧)
ਬੇਗਮ ਪੁਰਾ; ਸਹਰ ਕੋ ਨਾਉ ॥ (ਭਗਤ ਰਵਿਦਾਸ/੩੪੫)
ਰਾਮ ਕੋ ਨਾਮੁ; ਜਪਉ ਦਿਨ ਰਾਤੀ ॥ (ਭਗਤ ਨਾਮਦੇਵ/੪੮੫)
ਅਪਨੇ ਦਾਸ ਕੋ ਭਇਓ ਸਹਾਈ ॥ (ਮਹਲਾ ੫/੬੨੫)
ਮਾਈ ! ਮੇਰੇ ਮਨ ਕੋ ਸੁਖੁ ॥ ਕੋਟਿ ਅਨੰਦ ਰਾਜ ਸੁਖੁ ਭੁਗਵੈ; ਹਰਿ ਸਿਮਰਤ ਬਿਨਸੈ ਸਭ ਦੁਖੁ ॥ (ਮਹਲਾ ੫/੭੧੭)
ਨਾਰਾਇਣ; ਸੰਤ ਕੋ (ਦਾ) ਮਾਈ ਬਾਪ ॥ (ਮਹਲਾ ੫/੮੬੮)
ਗੋਪਾਲ ਕੋ ਜਸੁ; ਗਾਉ ਪ੍ਰਾਣੀ ! ॥ (ਮਹਲਾ ੫/੮੯੭)
ਸਹਜੇ ਕੀਨੋ ਜੀਅ ਕੋ ਦਾਨੁ ॥ (ਮਹਲਾ ੫/੨੩੭)
ਨੋਟ: ਗੁਰਬਾਣੀ ’ਚ ‘ਭਉ, ਭਾਉ, ਜੀਉ, ਨਾਉ’ ਭਾਵ ਅੰਤ ‘ਉ’ ਵਾਲੇ ਇੱਕ ਵਚਨ ਪੁਲਿੰਗ ਨਾਂਵ; ਸੰਬੰਧਕ ਨਾਲ ਅੰਤ ‘ਅ’ (ਜੀਅ) ਜਾਂ ਅੰਤ ‘ਵ’ (ਭਾਵ) ਜਾਂ ਅੰਤ ਦੁਲਾਵਾਂ (ਭੈ) ਜਾਂ ਅੰਤ ‘ਮ’ (ਨਾਮ) ਹੋ ਜਾਂਦੇ ਹਨ :
ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥ (ਮਹਲਾ ੧/੩੫੭) (ਭਉ/ਭਾਉ ਨੂੰ ‘ਕਾ’ ਨੇ ‘ਭੈ/ਭਾਵ’ ਕਰ ਦਿੱਤਾ)
ਮਨਮੁਖ, ਭੈ ਕੀ ਸਾਰ ਨ ਜਾਣਨੀ; ਤ੍ਰਿਸਨਾ ਜਲਤੇ ਕਰਹਿ ਪੁਕਾਰ ॥ (ਮਹਲਾ ੧/੧੨੮੮) (ਰੱਬ ਦਾ ਭਉ; ਇੱਕ ਵਚਨ ਨਾਂਵ ਨੂੰ ‘ਕੀ’ ਸੰਬੰਧਕ ਨੇ ‘ਭੈ’ ਬਣਾ ਦਿੱਤਾ ਭਾਵ ਮਨਮੁਖ ਲੋਕ; ਰੱਬੀ ਡਰ–ਅਦਬ ਦੀ ਕਦਰ ਨਹੀਂ ਜਾਣਦੇ, ਤ੍ਰਿਸ਼ਨਾ ’ਚ ਜਲ਼ਦੇ ਦੁਖੀ ਹੋਈ ਜਾਂਦੇ ਹਨ।)
ਸਤਿਗੁਰੁ ਦਾਤਾ ਹਰਿ ਨਾਮ ਕਾ; ਪ੍ਰਭੁ ਆਪਿ ਮਿਲਾਵੈ, ਸੋਇ (ਉਸ ਸਤਿਗੁਰੂ ਨੂੰ) ॥ (ਮਹਲਾ ੪/੩੯) (‘ਨਾਉ’ ਨੂੰ ‘ਕਾ’ ਨੇ ‘ਨਾਮ’ ਕਰ ਦਿੱਤਾ)
ਸਾਵਧਾਨੀ: ਗੁਰਬਾਣੀ ’ਚ ‘ਭੈ, ਭਾਵ, ਜੀਅ, ਨਾਮ’; ਬਹੁ ਵਚਨ ਨਾਂਵ ਵੀ ਹਨ, ਪਰ ਤਦ ਇਨ੍ਹਾਂ ਨਾਲ ਸੰਬੰਧਕੀ ਸ਼ਬਦ ਨਹੀਂ ਹੋਵੇਗਾ; ਜਿਵੇਂ ਕਿ
ਮੋਹਨੀ ਮਹਾ ਬਚਿਤ੍ਰਿ ਚੰਚਲਿ; ਅਨਿਕ ਭਾਵ (ਨਖ਼ਰੇ) ਦਿਖਾਵਏ ॥ (ਮਹਲਾ ੫/੮੪੭)
ਅਗਮ ਰੂਪੁ ਗੋਬਿੰਦ ਕਾ; ਅਨਿਕ ਨਾਮ ਅਪਾਰ ॥ (ਮਹਲਾ ੫/੯੮੬)
ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ (ਮਹਲਾ ੯/੧੪੨੭)
ਗਾਵੈ ਕੋ; ਜੀਅ (ਜਿੰਦਾਂ) ਲੈ (ਕੇ) ਫਿਰਿ ਦੇਹ ॥ (ਜਪੁ)
ਨੋਟ : ਹੇਠਲੇ ਵਾਕਾਂ ’ਚ ਜੇ ‘ਕੋ’; ਸੰਬੰਧਕ ਹੁੰਦਾ ਤਾਂ ਇੱਕ ਵਚਨ ਪੁਲਿੰਗ ਨਾਂਵਾਂ (ਹੁਕਮੁ, ਗੁਣੁ, ਸਹਜੁ, ਸਬਦੁ, ਰਤਨੁ) ਨੂੰ ਅੰਤ ਮੁਕਤਾ ਕਰਦਾ। ਸੋ ਇੱਥੇ ‘ਕੋ’; ਪੜਨਾਂਵ ਹੈ ਅਤੇ ਅਰਥ ਹੈ: ‘ਕੋਈ’ (ਇੱਕ ਵਚਨ), ਇਸ ਲਈ ‘ਕੋ’ ਤੋਂ ਪਹਿਲਾਂ ਥੋੜ੍ਹਾ ਵਿਸਰਾਮ ਦੇਣ ਨਾਲ ਅਰਥ ਵਧੇਰੇ ਸਪਸ਼ਟ ਹੁੰਦੇ ਹਨ :
ਨਾਨਕ ! ਹੁਕਮੁ ਕੋ ਗੁਰਮੁਖਿ ਬੁਝੈ; ਜਿਸ ਨੋ ਕਿਰਪਾ ਕਰੇ ਰਜਾਇ ॥ (ਮਹਲਾ ੪/੫੫੬)
ਅਉਗੁਣਵੰਤੀ ਗੁਣੁ ਕੋ ਨਹੀ; ਬਹਣਿ ਨ ਮਿਲੈ ਹਦੂਰਿ ॥ (ਮਹਲਾ ੩/੩੭)
ਗੁਰ ਪਰਸਾਦੀ; ਸਹਜੁ ਕੋ ਪਾਏ ॥ (ਮਹਲਾ ੩/੧੧੯)
ਗੁਰ ਕਾ ਸਬਦੁ, ਕੋ ਵਿਰਲਾ ਬੂਝੈ ॥ (ਮਹਲਾ ੩/੧੨੦)
ਗੁਰਮੁਖਿ (ਗੁਰੂ ਰਾਹੀਂ); ਰਤਨੁ ਕੋ ਵਿਰਲਾ ਲੇਵੈ ॥ (ਮਹਲਾ ੩/੨੩੩)
ਗੁਰਬਾਣੀ ’ਚ ‘ਦੇ’ 208 ਵਾਰ ਹੈ, ਜੋ ਸੰਬੰਧਕ ਤੋਂ ਇਲਾਵਾ ‘ਕ੍ਰਿਆ–ਵਿਸ਼ੇਸ਼ਣ’ ਅਤੇ ‘ਕ੍ਰਿਆ’ ਵੀ ਹੈ। ਸੰਬੰਧਕ ਵਜੋਂ ਇਹ ਕੇਵਲ 5 ਵਾਰ ਹੀ ਹੈ। ਇੱਕ ਵਾਰ ਇੱਕ ਵਚਨ ਪੁਲਿੰਗ ਨਾਂਵ (ਰਬੁ) ਨੂੰ ਅੰਤ ਮੁਕਤਾ ਕਰਦਾ ਹੈ ਅਤੇ 4 ਵਾਰ ਪੜਨਾਂਵ (ਜਿਸੁ, ਤਿਸੁ) ਨੂੰ ਅੰਤ ਮੁਕਤਾ ਕਰਦਾ ਹੈ :
ਬਾਜ ਪਏ ਤਿਸੁ ਰਬ ਦੇ; ਕੇਲਾਂ (ਰੰਗ-ਰਲੀਆਂ) ਵਿਸਰੀਆਂ ॥ (ਬਾਬਾ ਫਰੀਦ/੧੩੮੩)
ਪਰਵਦਗਾਰੁ ਸਾਲਾਹੀਐ; ਜਿਸ ਦੇ ਚਲਤ (ਕੌਤਕ) ਅਨੇਕ ॥ (ਮਹਲਾ ੫/੪੯)
ਜਨ ਨਾਨਕ ! ਜਿਸ ਦੇ ਏਹਿ ਚਲਤ ਹਹਿ; ਸੋ ਜੀਵਉ ਦੇਵਣਹਾਰੁ ॥ (ਮਹਲਾ ੩/੯੫੧)
ਜੀਅ ਜੰਤ ਸਭਿ ਤਿਸ ਦੇ; ਸਭਨਾ ਕਾ ਸੋਈ ॥ (ਮਹਲਾ ੩/੪੨੫)
ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ਦੇ ਜਚਾ (ਕੌਤਕ)॥ (ਮਹਲਾ ੩/੧੦੯੪)
ਸਾਵਧਾਨੀ: ਹੇਠਲੇ ਵਾਕਾਂ ’ਚ ਜੇ ‘ਦੇ’; ਸੰਬੰਧਕ ਹੁੰਦਾ ਤਾਂ ਇੱਕ ਵਚਨ ਪੁਲਿੰਗ ਨਾਂਵਾਂ (ਪਿੰਡੁ, ਹਾਥੁ, ਮਨੁ, ਸਿਰੁ, ਸਿਮਰਨੁ, ਦਾਨੁ) ਵੀ ਅੰਤ ਮੁਕਤਾ ਹੁੰਦੇ। ਸੋ ਇੱਥੇ ਇਹ ਕ੍ਰਿਆ–ਵਿਸ਼ੇਸ਼ਣ ਹੈ। ਅਰਥ ਹੈ: ‘ਦੇ ਕੇ’ (ਚੇਤੇ ਰਹੇ ਕਿ ਇੱਥੇ ਵਾਕ ’ਚ ਮੂਲ ਕ੍ਰਿਆ ‘ਲਈਐ, ਸਾਜਿਆ, ਰਾਖਾ, ਲੀਆ, ਲਾਇਨਿ’ ਹਨ, ਇਸ ਲਈ ਹੀ ਇਹ ਕ੍ਰਿਆ–ਵਿਸ਼ੇਸ਼ਣ ਬਣਿਆ ਹੈ) :
ਦੇ ਸਾਬੂਣੁ; ਲਈਐ ਓਹੁ ਧੋਇ ॥ (ਜਪੁ) (ਦੇ ਭਾਵ ਦੇ ਕੇ)
ਜੀਉ ਪਿੰਡੁ ਦੇ , (ਸਰੀਰ) ਸਾਜਿਆ ॥ (ਮਹਲਾ ੧/੭੨) (ਦੇ ਭਾਵ ਦੇ ਕੇ)
ਮਹਾ ਅਗਨਿ ਤੇ; ਹਾਥੁ ਦੇ ਰਾਖਾ ॥ (ਮਹਲਾ ੫/੨੩੯) (ਦੇ ਭਾਵ ਦੇ ਕੇ)
ਮਨੁ ਦੇ, ਰਾਮੁ ਲੀਆ ਹੈ ਮੋਲਿ ॥ (ਭਗਤ ਕਬੀਰ/੩੨੭) (ਦੇ ਭਾਵ ਦੇ ਕੇ)
ਜੀਅ ਦਾਨੁ ਦੇ, ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥ (ਮਹਲਾ ੫/੭੪੯) (ਦੇ ਭਾਵ ਦੇ ਕੇ)
ਹੇਠਲੇ ਵਾਕਾਂ ’ਚ ਕੋਈ ਮੂਲ ਕ੍ਰਿਆ ਨਾ ਹੋਣ ਕਾਰਨ ‘ਦੇ’ ਹੀ ਮੂਲ ਕ੍ਰਿਆ ਬਣ ਗਿਆ ਅਤੇ ਅਰਥ ਹੈ ‘ਦੇਂਦਾ ਹੈ’ :
ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ਦੇ ਦਾਣੁ ॥ (ਮਹਲਾ ੧/੧੯) (ਦੇ ਭਾਵ ਦਿੰਦਾ ਹੈ)
ਪੂਰਬ ਲਿਖੇ ਪਾਵਣੇ; ਸਾਚੁ ਨਾਮੁ ਦੇ ਰਾਸਿ ॥ (ਮਹਲਾ ੫/੫੨) (ਦੇ ਭਾਵ ਦਿੰਦਾ ਹੈ)
ਨਾਨਕ ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ਦੇ ਵਡਿਆਈ ॥ (ਮਹਲਾ ੩/੩੨) (ਦੇ ਭਾਵ ਦਿੰਦਾ ਹੈ)
ਦੇਦਾ ਦੇ; ਲੈਦੇ ਥਕਿ ਪਾਹਿ ॥ (ਜਪੁ) (ਦੇ ਭਾਵ ਦਿੰਦਾ ਹੈ)
ਹੇਠਲੇ ਵਾਕਾਂ ’ਚ ‘ਕਾਰਨਿ/ਕਾਰਣਿ’ ਦਾ ਅਰਥ ਇੱਕੋ ਹੈ ਪਰ ਆਪਣੇ ਨਾਲ ਸੰਬੰਧਿਤ ਸ਼ਬਦਾਂ ’ਤੇ ਇੱਕ ਸਮਾਨ ਅਸਰ ਨਹੀਂ ਪਾਉਂਦੇ :
ਏਕ ਬਸਤੁ ਕਾਰਨਿ; ਬਿਖੋਟਿ ਗਵਾਵੈ ॥ (ਸੁਖਮਨੀ/ਮਹਲਾ ੫/੨੬੮) (ਕਾਰਨਿ; ਸੰਬੰਧਕ। ਅਰਥ ਹੈ: ‘ਲਈ’। ‘ਬਸਤੁ’ ਦੀ ਅੰਤ ਔਂਕੜ ਮੂਲਕ ਹੋਣ ਕਾਰਨ ਨਹੀਂ ਹਟੀ।)
ਅੰਤ ਕਾਰਣਿ ; ਕੇਤੇ ਬਿਲਲਾਹਿ ॥ (ਜਪੁ) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’ ਭਾਵ ਅੰਤ (ਪਾਉਣ) ਲਈ। ਇਸ ਨੇ ‘ਅੰਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)
ਉਸੁ ਖੇਤ ਕਾਰਣਿ; ਰਾਖਾ ਕੜੈ ॥ (ਮਹਲਾ ੫/੧੭੯) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’। ਇਸ ਨੇ ‘ਖੇਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)
ਨਿਮਖ ਕਾਮ ਸੁਆਦ ਕਾਰਣਿ; ਕੋਟਿ ਦਿਨਸ ਦੁਖੁ ਪਾਵਹਿ ॥ (ਮਹਲਾ ੫/੪੦੩) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’। ਇਸ ਨੇ ‘ਸੁਆਦੁ’ ਨੂੰ ਅੰਤ ਮੁਕਤਾ ਕਰ ਦਿੱਤਾ।)
ਕਿਸੁ ਕਾਰਣਿ ? ਗ੍ਰਿਹੁ ਤਜਿਓ ਉਦਾਸੀ ॥ (ਮਹਲਾ ੧/੯੩੯) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’। ਇਸ ਨੇ ‘ਕਿਸੁ’ ਪੜਨਾਂਵ ਨੂੰ ਅੰਤ ਮੁਕਤਾ ਨਹੀਂ ਕੀਤਾ।)
ਸੋ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਨੂੰ ਸੰਬੰਧ ਕਾਰਕ ਵੀ ਅੰਤ ਮੁਕਤਾ ਕਰ ਰਿਹਾ ਹੈ।
(7). ਅਧਿਕਰਣ ਕਾਰਕ : ਜਿਸ ‘ਨਾਂਵ/ਪੜਨਾਂਵ’ ਦੇ ਆਸਰੇ ਕ੍ਰਿਆ ਦਾ ਕੰਮ ਹੋਵੇ ਜਾਂ ਜਿਸ ਥਾਂ ਕ੍ਰਿਆ ਵਾਪਰੇ; ਉਹ ਅਧਿਕਰਣ ਕਾਰਕ ਹੁੰਦਾ ਹੈ; ਜਿਵੇਂ ‘ਗੁਰੂ; ਸ਼ਬਦ ਵਿੱਚ ਵਸਦਾ ਹੈ। ਪੈਰ; ਪੱਥਰ ਉੱਤੇ ਰੱਖੋ। ਛਾਂ; ਦਰਖ਼ਤ ਹੇਠਾਂ ਹੈ। ਘਰ; ਦੁਕਾਨ ਪਿੱਛੇ ਹੈ। ਖੂਹ; ਰਸਤੇ ਵਿਚਕਾਰ ਹੈ। ਮੁਸਾਫ਼ਰ; ਬਸ ਅੰਦਰ ਹਨ।’ ਵਾਕਾਂ ’ਚ ‘ਸਬਦ, ਪੱਥਰ, ਦਰਖ਼ਤ, ਦੁਕਾਨ, ਰਸਤੇ, ਬਸ’; ਅਧਿਕਰਣ ਕਾਰਕ ਹਨ। ਇਸ ਦੇ ਚਿੰਨ੍ਹ ਹਨ : ‘ਵਿੱਚ, ਉੱਤੇ, ਹੇਠਾਂ, ਅੱਗੇ, ਪਿੱਛੇ, ਵਿਚਕਾਰ, ਅੰਦਰ’।
ਗੁਰਬਾਣੀ ’ਚ ਅਧਿਕਰਣ ਕਾਰਕੀ ਚਿੰਨ੍ਹ ਹਨ: ‘ਵਿਚਿ/ਬਿਚਿ/ਬੀਚਿ/ਬੀਚੇ, ਅੰਤਰਿ/ਅੰਤਰੇ/ਅੰਦਰਿ/ਅੰਦਰੇ, ਮਧਿ/ਮਧੇ/ਮੰਧੇ (ਵਿੱਚ), ਮਹਿ/ਮਾਹਿ/ਮਾਹੀ, ਮਾਝੈ/ਮੰਝਿ/ਮਾਝਿ/ਮਝਾਰਿ/ਮੰਝਾਰਿ/ਮਝਰੀਆ/ਮਝੂਰਿ (ਵਿੱਚ), ਮੈ (ਵਿੱਚ, ਬਹੁਤ ਘੱਟ), ਮੋ (ਵਿੱਚ, ਜੋ 1 ਵਾਰ ਹੀ ਹੈ), ਭੀਤਰਿ/ਭੀਤਰੇ, ਉਪਰਿ/ਊਪਰਿ, ਪਰਿ (ਉੱਤੇ), ਉਤੈ, ਤਲਿ/ਤਲੈ//ਹੇਠਿ, ਪਾਸਿ/ਪਾਸੇ, ਆਗੈ/ਆਗੇ, ਪਾਛੈ/ਪਿਛੈ/ਪੀਛੈ, ਮ੍ਹਿਾਨੇ/ਮਿਆਨੇ (ਵਿੱਚ)’।
ਅਧਿਕਰਣ ਕਾਰਕੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰ ਦਿੰਦੇ ਹਨ। ਇਨ੍ਹਾਂ ਸੰਬੰਧਕਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ ਕਿਉਂਕਿ ਇਹ ਪੂਰਨ ਸੰਬੰਧਕ (ਦਾ, ਦੇ, ਦੀ) ਤੋਂ ਮਦਦ ਲੈਂਦੇ ਹਨ; ਜਿਵੇਂ
ਹਰਿ ਓਟ ਗਹੀ ਮਨ ਅੰਦਰੇ; ਜਪਿ ਜਪਿ ਜੀਵਾਂ ਨਾਂਵ ॥ (ਮਹਲਾ ੫/੧੩੭) (ਮਨ ਅੰਦਰੇ ਭਾਵ ਮਨ ਦੇ ਵਿੱਚ)
ਸਗਲ ਤਿਆਗਿ; ਬਨ ਮਧੇ ਫਿਰਿਆ ॥ (ਮਹਲਾ ੫/੨੬੫) (ਬਨ ਮਧੇ ਭਾਵ ਜੰਗਲ਼ ਦੇ ਵਿੱਚ)
ਮਾਨ ਅਭਿਮਾਨ ਮੰਧੇ (ਵਿਚਕਾਰ); ਸੋ ਸੇਵਕੁ ਨਾਹੀ ॥ (ਮਹਲਾ ੫/੫੧) (ਮਾਨ ਅਭਿਮਾਨ ਮੰਧੇ ਭਾਵ ਆਦਰ ਨਿਰਾਦਰ ਦੇ ਵਿਚਕਾਰ)
ਜਿਨਿ ਏਹੁ ਮੇਘੁ ਪਠਾਇਆ (ਬੱਦਲ ਭੇਜਿਆ); ਤਿਸੁ ਰਾਖਹੁ ਮਨ ਮਾਂਹਿ ॥ (ਮਹਲਾ ੩/੧੨੮੦) (ਮਨ ਮਾਂਹਿ ਭਾਵ ਮਨ ਦੇ ਵਿੱਚ)
ਜਿਉ ਜਲ ਮਾਝੈ ਮਾਛਲੋ (ਮੱਛੀ); ਮਾਰਗੁ ਪੇਖਣੋ ਨ ਜਾਈ ॥ (ਭਗਤ ਨਾਮਦੇਵ/੫੨੫) (ਜਲ ਮਾਝੈ ਭਾਵ ਜਲ ਦੇ ਵਿੱਚ)
ਸੰਤ ਸਭਾ ਜਹ; ਬੈਸਹਿ ਪ੍ਰਭ ਪਾਸੇ (ਦੇ ਨੇੜੇ) ॥ (ਮਹਲਾ ੫/੧੦੭੭) (ਪ੍ਰਭ ਪਾਸੇ ਭਾਵ ਪ੍ਰਭੂ ਦੇ ਨੇੜੇ)
ਗੁਰ ਆਗੈ ਕਰਿ ਜੋਦੜੀ; ਜਨ ਨਾਨਕ ! ਹਰਿ ਮੇਲਾਇ ॥ (ਮਹਲਾ ੪/੨੩੪) (ਗੁਰ ਆਗੈ ਭਾਵ ਗੁਰੂ ਦੇ ਅੱਗੇ)
ਪਾਛੈ ਕਛੂ ਨ ਹੋਇਗਾ; ਜਉ ਸਿਰ ਪਰਿ ਆਵੈ ਕਾਲੁ ॥ (ਭਗਤ ਕਬੀਰ/੧੩੭੧) (ਸਿਰ ਪਰਿ ਭਾਵ ਸਿਰ ਦੇ ਉੱਤੇ)
ਗੁਰਬਾਣੀ ’ਚ ‘ਪਰਿ’; ‘ਕ੍ਰਿਆ’ ਵੀ ਹੈ ਤੇ ਅਰਥ ਹੈ : ‘ਪੈ ਗਈ’
ਕਬੀਰ ! ਨਿਰਮਲ ਬੂੰਦ ਅਕਾਸ ਕੀ; ਪਰਿ ਗਈ ਭੂਮਿ ਬਿਕਾਰ ॥ (ਭਗਤ ਕਬੀਰ/੧੩੭੪) (ਪਰਿ ਗਈ ਭਾਵ ਪੈ ਗਈ)
ਹੇਠਲੇ ਵਾਕਾਂ ’ਚ ਇੱਕ ਵਚਨ ਪੁਲਿੰਗ ਨਾਂਵ; ਅੰਤ ਸਿਹਾਰੀ ਹੋ ਕੇ ਅਧਿਕਰਣ ਕਾਰਕੀ ਚਿੰਨ੍ਹ ਲੁਪਤ ਦੇਂਦਾ ਹੈ :
ਗਾਵੀਐ, ਸੁਣੀਐ; ਮਨਿ ਰਖੀਐ ਭਾਉ ॥ (ਜਪੁ) (ਮਨਿ ਭਾਵ ਮਨ ਵਿੱਚ)
ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵਿਚਾਰੇ ?॥ (ਜਪੁ) (ਚਿਤਿ ਭਾਵ ਚਿੱਤ ਵਿੱਚ)
ਸਤਿਗੁਰ ਚਰਣ ਕਵਲ; ਰਿਦਿ ਧਾਰੰ ॥ (ਭਟ ਕਲ੍/੧੪੦੬) (ਰਿਦਿ ਭਾਵ ਹਿਰਦੇ ਵਿੱਚ)
ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥ (ਮਹਲਾ ੫/੧੦) (ਜਾ ਆਹਰਿ ਭਾਵ ਜਿਸ ਉਦਮ ਵਿੱਚ)
ਨਾਨਕ ! ਸਬਦਿ ਰਤੇ, ਹਰਿ ਨਾਮਿ ਰੰਗਾਏ; ਬਿਨੁ ਭੈ ਕੇਹੀ ਲਾਗਿ ?॥ (ਮਹਲਾ ੩/੨੯) (ਸਬਦਿ ਭਾਵ ਸ਼ਬਦ ਵਿੱਚ)
ਨੋਟ: ਹੇਠਲੇ ਵਾਕਾਂ ’ਚ ‘ਵਿਚਿ’ ਅਤੇ ‘ਸਰਿ’ ਦੇ ਅਰਥ ਵਾਚਣਯੋਗ ਹਨ :
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ; ਕਰਮਿ ਪਰਾਪਤਿ ਹੋਇ ॥ (ਮਹਲਾ ੩/੮੮) (ਵਿਚਿ; ਸੰਬੰਧਕ ਹੈ ਤਾਹੀਓਂ ‘ਸਤਿਗੁਰ’ ਅੰਤ ਮੁਕਤਾ ਹੈ।)
ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ ॥ (ਮਹਲਾ ੧/੩੫੮) (ਵਿਚਿ; ਸੰਬੰਧਕ ਹੈ ‘ਦੀਵਾ’ ਦਾ, ਨਾ ਕਿ ‘ਦੁਖੁ’ ਦਾ, ਨਹੀਂ ਤਾਂ ‘ਦੁਖੁ’ ਨੂੰ ਅੰਤ ਮੁਕਤਾ ਕਰਨਾ ਸੀ।)
ਧ੍ਰੰਮ ਧਨਖੁ ਕਰ ਗਹਿਓ; ਭਗਤ ਸੀਲਹ ਸਰਿ ਲੜਿਅਉ ॥ (ਭਟ ਭਿਖਾ/੧੩੯੬) (ਸਰਿ; ਕਰਣ ਕਾਰਕ ਹੈ। ਅਰਥ ਹੈ: ‘ਤੀਰ ਨਾਲ’; ਭਾਵ ਧਰਮ ਦਾ ਧਨੁਖ; ਹੱਥਾਂ ’ਚ ਫੜ ਕੇ (ਗੁਰੂ ਅਮਰਦਾਸ ਜੀ) ਭਗਤਾਂ ਵਾਲੇ ਸੀਲ-ਸੁਭਾਅ ਤੀਰ ਨਾਲ (ਵਿਕਾਰ ਵੈਰੀਆਂ ਦੇ ਟਾਕਰੇ) ਲੜੇ ਹਨ।
ਅਬ ਨਾਹਿ ਅਵਰ ਸਰਿ ਕਾਮੁ; ਬਾਰੰਤਰਿ ਪੂਰੀ ਪੜੀ ॥ (ਭਟ ਕਲੵ/੧੪੦੮) (ਸਰਿ; ਸੰਬੰਧਕ ਹੈ। ਅਰਥ ਹੈ: ‘ਨਾਲ’; ਭਾਵ (ਹੇ ਗੁਰੂ ਅਰਜਨ ਜੀ !) ਤੇਰੇ ਦਰ ’ਤੇ ਪੂਰੀ ਪੈ ਗਈ ਹੈ, ਹੁਣ ਹੋਰ ਕਿਸੇ ਨਾਲ ਕੋਈ ਵਾਸਤਾ ਨਹੀਂ।)
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਸਰਿ ਹੰਸ ਉਲਥੜੇ ਆਇ ॥ (ਮਹਲਾ ੧/੭੫) (ਸਰਿ; ਅਪਾਦਾਨ ਕਾਰਕ ਹੈ। ਅਰਥ ਹੈ: ‘ਸਿਰ ਉੱਤੇ’; ਭਾਵ ਉਮਰ ਦੇ ਤੀਜੇ ਪੜਾਅ ’ਚ ਸਿਰ ਉੱਤੇ ਧੌਲੇ ਆ ਗਏ।)
ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ; ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ (ਮਹਲਾ ੫/੧੩੮੫) (ਸਰਿ; ਕ੍ਰਿਆ ਹੈ। ਅਰਥ ਹੈ: ‘ਚਲਦੇ ਹਨ’ ਭਾਵ ਹੇ ਪ੍ਰਭੂ ! (ਤੈਥੋਂ) ਅੰਮ੍ਰਿਤ ਦੇ ਝਰਨੇ ਚਲਦੇ ਹਨ। ਤੇਰੇ ਅਤੁਲ ਖ਼ਜ਼ਾਨੇ ਪਰੇ ਤੋਂ ਪਰੇ ਅਪਾਰ ਭਰੇ ਪਏ ਹਨ।)
ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ (ਦੇ) ਸਰਿ ਨ੍ਾਵੈ ॥ (ਮਹਲਾ ੪/੩੦੫) (ਸਰਿ; ਅਧਿਕਰਣ ਕਾਰਕ ਹੈ। ਅਰਥ ਹੈ: ‘ਸਰੋਵਰ ਵਿੱਚ’।)
ਬਿਆਸ ਬਿਚਾਰਿ ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ॥ (ਭਗਤ ਰਵਿਦਾਸ/੬੫੮) (ਸਰਿ; ਸੰਬੰਧਕ ਹੈ। ਅਰਥ ਹੈ: ਰਾਮ ਦੇ ਨਾਮ ‘ਵਰਗਾ’ (ਸੁਖਦਾਈ); ਕੋਈ ਪਦਾਰਥ ਨਹੀਂ । ਇਸ ਨੇ ‘ਨਾਮੁ’ ਨੂੰ ਅੰਤ ਮੁਕਤਾ ਕਰ ਦਿੱਤਾ।)
ਸੋ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਪ੍ਰਗਟ ਅਧਿਕਰਣ ਕਾਰਕੀ ਚਿੰਨਾਂ (ਵਿਚਿ/ਨਾਲਿ/ਅੰਦਰਿ/ਪਰਿ) ਨਾਲ ਅੰਤ ਮੁਕਤਾ ਹੋ ਜਾਂਦਾ ਹੈ ਅਤੇ ਅੰਤ ਸਿਹਾਰੀ (ਮਨਿ/ਨਾਮਿ/ਰਿਦਿ/ਸਬਦਿ) ਲਗਾ ਕੇ ਲੁਪਤ ਅਧਿਕਰਣ ਕਾਰਕੀ ਚਿੰਨ (ਵਿੱਚ) ਦਿੰਦਾ ਹੈ।
(8). ਸੰਬੋਧਨ ਕਾਰਕ : ਨਾਂਵ ਦਾ ਉਹ ਰੂਪ ਜੋ ਕਿਸੇ ਨੂੰ ਬੁਲਾਉਣ ਲਈ ਵਰਤਿਆ ਜਾਵੇ; ਸੰਬੋਧਨ ਕਾਰਕ ਹੁੰਦਾ ਹੈ; ਜਿਵੇਂ ‘ਓਏ ਮੂਰਖ !, ਨੀ ਕੁੜੀਏ !’ ਵਾਕਾਂ ’ਚ ‘ਮੂਰਖ’ ਅਤੇ ‘ਕੁੜੀਏ’; ਸੰਬੋਧਨ ਕਾਰਕ ਹਨ। ਇਸ ਦੇ ਕਾਰਕੀ ਚਿੰਨ੍ਹ ਹਨ : ‘ਹੇ, ਓਏ, ਨੀ, ਅਰੇ, ਵੇ’ ਭਾਵ ਦੂਸਰੇ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵਰਤੇ ਜਾਣ ਵਾਲੇ ਸ਼ਬਦ।
ਗੁਰਬਾਣੀ ’ਚ ਇਹ ਕਾਰਕ; ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰ ਦਿੰਦਾ ਹੈ। ਰੱਬ ਜਾਂ ਗੁਰੂ ਅੱਗੇ ਬੇਨਤੀ ਕਰਨੀ ਹੋਵੇ। ਮਨ ਨੂੰ ਹੁਕਮ ਸੁਣਾਉਣਾ ਹੋਵੇ। ਲਿਖਾਰੀ ਦਾ ਨਾਂ ਦਰਜ ਕਰਨਾ ਹੋਵੇ ਤਾਂ ਸੰਬੋਧਨ ਕਾਰਕ ਹੀ ਇਸਤੇਮਾਲ ਹੁੰਦਾ ਹੈ, ਪਰ ਇਸ ਕਾਰਕ ਦੇ ਪ੍ਰਗਟ ਚਿੰਨ੍ਹ ਬਹੁਤ ਘੱਟ ਹਨ; ਜਿਵੇਂ ‘ਹੇ, ਏ, ਵੇ, ਓਇ, ਰੀ, ਅਰੀ’। ਹੇਠਲੇ ਵਾਕਾਂ ’ਚ ਇਹ ਚਿੰਨ੍ਹ; ਇੱਕ ਵਚਨ ਪੁਲਿੰਗ ਨਾਂਵ (ਮਨੁ, ਸਾਜਨੁ, ਨਰ, ਅਚੁਤੁ, ਪਾਰਬ੍ਰਹਮੁ, ਪੂਰਨੁ, ਗੋਬਿੰਦੁ, ਪੰਡਿਤੁ ਆਦਿਕ) ਨੂੰ ਅੰਤ ਮੁਕਤਾ ਕਰ ਰਹੇ ਹਨ :
ਏ ਮਨ ! ਆਲਸੁ ਕਿਆ ਕਰਹਿ ? ਗੁਰਮੁਖਿ ਨਾਮੁ ਧਿਆਇ ॥ (ਮਹਲਾ ੩/੨੮)
ਏ ਸਾਜਨ ! ਕਛੁ ਕਹਹੁ ਉਪਾਇਆ ॥ (ਮਹਲਾ ੫/੨੫੧)
ਹੇ ਅਚੁਤ ! ਹੇ ਪਾਰਬ੍ਰਹਮ ! ਅਬਿਨਾਸੀ ਅਘਨਾਸ ! ॥ (ਮਹਲਾ ੫/੨੬੧)
ਹੇ ਪੂਰਨ ! ਹੇ ਸਰਬ ਮੈ ! ਦੁਖ ਭੰਜਨ ਗੁਣਤਾਸ !॥ (ਮਹਲਾ ੫/੨੬੧)
ਹੇ ਗੋਬਿਦ ! ਹੇ ਗੁਣ ਨਿਧਾਨ ! ਜਾ ਕੈ ਸਦਾ ਬਿਬੇਕ ॥ (ਮਹਲਾ ੫/੨੬੧)
ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ, ਆਹਰਿ ਹਰਿ ਜੀਉ ਪਰਿਆ ॥ (ਮਹਲਾ ੫/੧੦)
ਰੇ ਮਨ ! ਐਸੀ ਹਰਿ ਸਿਉ ਪ੍ਰੀਤਿ ਕਰਿ; ਜੈਸੀ ਜਲ ਦੁਧ ਹੋਇ ॥ (ਮਹਲਾ ੧/੬੦)
ਕਾਹੇ ਰੇ ਨਰ ! ਗਰਬੁ ਕਰਤ ਹਹੁ; ਬਿਨਸਿ ਜਾਇ ਝੂਠੀ ਦੇਹੀ ॥ (ਭਗਤ ਨਾਮਦੇਵ/੬੯੨)
ਕਹੁ ਰੇ ਪੰਡਿਤ ! ਅੰਬਰੁ (ਅਕਾਸ਼), ਕਾ ਸਿਉ ਲਾਗਾ ? ॥ (ਭਗਤ ਕਬੀਰ/੩੨੯)
ਸਾਵਧਾਨੀ: ਉਕਤ ਸ਼ਬਦ; ਸੰਬੋਧਨ ਤੋਂ ਇਲਾਵਾ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ ਜਾਂ ਵਿਸਮਿਕ ਵੀ ਹੁੰਦੇ ਹਨ; ਜਿਵੇਂ
ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥ (ਭਗਤ ਕਬੀਰ/੪੮੪) (‘ਓਇ’ ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹੈ ‘ਉਹ ਮਨੁੱਖ’।)
ਰੇ ਰੇ ਦਰਗਹ; ਕਹੈ ਨ ਕੋਊ ॥ ਆਉ ਬੈਠੁ; ਆਦਰੁ ਸੁਭ ਦੇਊ ॥ (ਮਹਲਾ ੫/੨੫੨) (ਰੇ ਰੇ; ਫਿਟਕਾਰ-ਵਾਚਕ ਵਿਸਮਿਕ ਹੈ।)
ਏ ਅਖਰ ਖਿਰਿ ਜਾਹਿਗੇ; ਓਇ ਅਖਰ, ਇਨ ਮਹਿ ਨਾਹਿ ॥ (ਭਗਤ ਕਬੀਰ/੩੪੦) (ਏ/ਉਇ; ਪੜਨਾਂਵੀ ਵਿਸ਼ੇਸ਼ਣ ਹਨ। ਅਰਥ ਹਨ: ‘ਇਹ ਅੱਖਰ/ਉਹ ਅੱਖਰ’।)
ਏ ਭੂਪਤਿ ਸਭ ਦਿਵਸ ਚਾਰਿ ਕੇ; ਝੂਠੇ ਕਰਤ ਦਿਵਾਜਾ ॥ (ਭਗਤ ਕਬੀਰ/੮੫੬) (ਏ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹੈ: ‘ਇਹ ਰਾਜੇ’।)
ਨੋਟ: ਗੁਰਬਾਣੀ ’ਚ ‘ਰੇ’ ਪੁਲਿੰਗ ਹੈ। ‘ਰੀ/ਅਰੀ’ ਇਸਤਰੀ ਲਿੰਗ; ਜਿਵੇਂ
ਕਿਆ ਜਾਨਾ ? ਕਿਆ ਹੋਇਗਾ ? ਰੀ ਮਾਈ ! ॥ (ਮਹਲਾ ੧/੩੫੭) (ਰੀ ਮਾਈ ਭਾਵ ਹੇ ਮਾਈ !)
ਸੁਨਿ ਰੀ ਸਖੀ ! ਇਹ ਹਮਰੀ ਘਾਲ ॥ (ਮਹਲਾ ੫/੩੮੪)
ਅਰੀ ਬਾਈ ! ਗੋਬਿਦ ਨਾਮੁ ਮਤਿ ਬੀਸਰੈ ॥ (ਭਗਤ ਤ੍ਰਿਲੋਚਨ/੫੨੬)
ਇਨ੍ਹਾਂ ਲਿਖਤ ਨਿਯਮਾਂ ਨੂੰ ਸਮਝਣ ਵਾਲੇ ਟੀਕਾਕਾਰਾਂ ਨੇ ਹੇਠਲੀ ਤੁਕ ’ਚ ‘ਰੇ ਲੋਈ’ ਦਾ ਅਰਥ ‘ਹੇ ਲੋਈ !’ (ਕਬੀਰ ਜੀ ਦੀ ਸੁਪਤਨੀ) ਨਹੀਂ ਕੀਤਾ ਕਿਉਂਕਿ ਤਦ ‘ਰੇ ਲੋਈ’ ਦੀ ਥਾਂ ‘ਰੀ ਲੋਈ’ ਹੋਣਾ ਸੀ :
ਕਹਤੁ ਕਬੀਰੁ ਸੁਨਹੁ ਰੇ ਲੋਈ ! ਭਰਮਿ ਨ ਭੂਲਹੁ ਕੋਈ ॥ (ਭਗਤ ਕਬੀਰ/੬੯੨) (‘ਰੇ ਲੋਈ’ ਭਾਵ ‘ਹੇ ਲੋਕੋ !’, ਨਾ ਕਿ ਹੇ ਲੋਈ !)
ਸਾਵਧਾਨੀ: ਗੁਰਬਾਣੀ ’ਚ ‘ਹੇ’ ਸੰਬੋਧਨ ਕਾਰਕ ਤੋਂ ਇਲਾਵਾ ਸੈਂਕੜੇ ਵਾਰ ਹਰ ਪੰਕਤੀ ਦੇ ਅੰਤ ’ਚ ਕੇਵਲ ਕਾਵਿ ਤੋਲ ਪੂਰਾ ਕਰਨ ਲਈ ਵਰਤਿਆ ਮਿਲਦਾ ਹੈ। ਜੇ ਹੇਠਲੇ ਵਾਕਾਂ ’ਚ ‘ਹੇ’ ਸੰਬੋਧਨ ਕਾਰਕੀ ਚਿੰਨ੍ਹ ਹੁੰਦਾ ਤਾਂ ‘ਸਚੁ, ਰਾਮੁ, ਪੁਨੁ’ ਨੂੰ ਅੰਤ ਮੁਕਤਾ ਕਰਨਾ ਸੀ :
ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ ॥ ਕਰਿ ਡੰਡਉਤ; ਪੁਨੁ ਵਡਾ ਹੇ ॥ (ਸੋਹਿਲਾ/ਮਹਲਾ ੪/੧੩)
ਜਹਾ ਦਾਣੇ ਤਹਾਂ ਖਾਣੇ; ਨਾਨਕਾ ! ਸਚੁ ਹੇ ॥ (ਮਹਲਾ ੨/੬੫੩)
ਵੈਦੋ ਨ ਵਾਈ; ਭੈਣੋ ਨ ਭਾਈ; ਏਕੋ ਸਹਾਈ ਰਾਮੁ ਹੇ ॥ (ਮਹਲਾ ੫/੧੦੦੮)
ਨੋਟ: ਗੁਰਬਾਣੀ ’ਚ ਸਤਿਕਾਰ–ਬੋਧਕ ਸੰਬੋਧਨ ਕਾਰਕੀ ਚਿੰਨ੍ਹ ‘ਹੇ’ ਹੈ, ਜੋ ‘ਰੱਬ’ ਜਾਂ ‘ਗੁਰੂ’ ਲਈ ਵਰਤਿਆ ਮਿਲਦਾ ਹੈ ਜਦ ਕਿ ਮਨੁੱਖ ਜਾਂ ਮਨ ਲਈ ‘ਏ/ਰੇ/ਵੇ’ ਸੰਬੋਧਨ ਕਾਰਕੀ ਚਿੰਨ੍ਹ ਵਰਤੇ ਗਏ ਹਨ; ਜਿਵੇਂ ਕਿ
ਹੇ ਪੂਰਨ ! ਹੇ ਸਰਬ ਮੈ ! ਦੁਖ ਭੰਜਨ ਗੁਣਤਾਸ !॥ (ਮਹਲਾ ੫/੨੬੧)
ਹੇ ਗੋਬਿਦ ! ਹੇ ਗੁਣ ਨਿਧਾਨ ! ਜਾ ਕੈ ਸਦਾ ਬਿਬੇਕ ॥ (ਮਹਲਾ ੫/੨੬੧)
ਏ ਸਰੀਰਾ ਮੇਰਿਆ ! ਹਰਿ ਤੁਮ ਮਹਿ ਜੋਤਿ ਰਖੀ; ਤਾ ਤੂ ਜਗ ਮਹਿ ਆਇਆ ॥ (ਮਹਲਾ ੩/੯੨੧)
ਏ ਮਨ ! ਹਰਿ ਜੀਉ ਚੇਤਿ ਤੂ; ਮਨਹੁ ਤਜਿ ਵਿਕਾਰ ॥ (ਮਹਲਾ ੩/੯੯੪)
ਭਾਈ ਰੇ ! ਰਾਮੁ ਕਹਹੁ ਚਿਤੁ ਲਾਇ ॥ (ਮਹਲਾ ੧/੨੨)
ਭਾਈ ਰੇ ! ਜਗੁ ਦੁਖੀਆ ਦੂਜੈ ਭਾਇ ॥ (ਮਹਲਾ ੩/੨੯)
ਰੇ ਮੂੜੇ ! ਤੂ ਹੋਛੈ ਰਸਿ (’ਚ) ਲਪਟਾਇਓ ॥ (ਮਹਲਾ ੫/੧੦੧੭)
ਮਨ ਰੇ ! ਕਉਨੁ ਕੁਮਤਿ ਤੈ ਲੀਨੀ ?॥ ਪਰ ਦਾਰਾ ਨਿੰਦਿਆ ਰਸ ਰਚਿਓ; ਰਾਮ ਭਗਤਿ ਨਹਿ ਕੀਨੀ ॥ (ਮਹਲਾ ੯/੬੩੧)
ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ?॥ (ਭਗਤ ਕਬੀਰ/੩੨੪)
ਸਹੁ ਵੇ ਜੀਆ ! ਅਪਣਾ ਕੀਆ ॥ (ਮਹਲਾ ੧/੪੬੭)
ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ ! ॥ (ਮਹਲਾ ੧/੭੨੨)
ਗੁਰੁ ਪਾਇਆ ਵੇ ਸੰਤ ਜਨੋ ! ਮਨਿ ਆਸ ਪੂਰੀ ਹਰਿ ਚਉਦਿਆ ॥ (ਮਹਲਾ ੪/੭੭੬)
ਸਾਵਧਾਨੀ : ਹੇਠਲੇ ਵਾਕਾਂ ’ਚ ‘ਹੇ’ ਸੰਬੋਧਨ ਨਹੀਂ ਤਾਂ ਜੋ ‘ਹੇ ਭਾਈ !’ ਅਰਥ ਕਰ ਲਈਏ। ਇੱਥੇ ‘ਭਾਈ’ ਦਾ ਅਰਥ ਵੀ ‘ਪਸੰਦ’ (ਭਾਵ ਕ੍ਰਿਆ) ਹੈ ਜਾਂ ਕੇਵਲ ਕਾਵਿ ਤੋਲ ਪੂਰਤੀ ਲਈ (ਭਾਈ ਹੇ) ਵਰਤਿਆ ਗਿਆ ਹੈ :
ਆਪੇ ਮੁਕਤਿ ਤ੍ਰਿਪਤਿ ਵਰਦਾਤਾ; ਭਗਤਿ ਭਾਇ ਮਨਿ, ਭਾਈ ਹੇ ॥ (ਮਹਲਾ ੧/੧੦੨੧)
ਆਪੇ ਕਿਸ ਹੀ ਕਸਿ (ਕਸੌਟੀ ਲਾ ਕੇ) ਬਖਸੇ; ਆਪੇ ਦੇ ਲੈ (‘ਗੁਣ’ ਦਿੰਦਾ, ਲੈਂਦਾ ਹੈ), ਭਾਈ ਹੇ ॥ (ਮਹਲਾ ੧/੧੦੨੧)
ਮਨਮੁਖ ਸੋਇ ਰਹੇ, ਸੇ ਲੂਟੇ; ਗੁਰਮੁਖਿ ਸਾਬਤੁ, ਭਾਈ ਹੇ ॥ (ਮਹਲਾ ੧/੧੦੨੪)
ਸਤਿਗੁਰ ਸਰਣਿ ਪਰਹੁ ਤਾ ਉਬਰਹੁ; ਇਉ ਤਰੀਐ ਭਵਜਲੁ, ਭਾਈ ਹੇ ॥ (ਮਹਲਾ ੧/੧੦੨੬)
ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ; ਸਤਿਗੁਰ ਕੀ ਸੇਵਾ ਭਾਈ (ਪਸੰਦ) ਹੇ ॥ (ਮਹਲਾ ੪/੧੦੬੯)
ਅਗਨਿ ਉਪਾਇ ਈਧਨ ਮਹਿ ਬਾਧੀ; ਸੋ ਪ੍ਰਭੁ ਰਾਖੈ, ਭਾਈ ਹੇ ॥ (ਮਹਲਾ ੫/੧੦੭੧)
ਨੋਟ: ਗੁਰਬਾਣੀ ’ਚ ‘ਭਾਈ’ ਨੂੰ ਸੰਬੋਧਨ ਵਜੋਂ 41 ਵਾਰ ‘ਭਾਈ ਰੇ’ ਜਾਂ ‘ਰੇ ਭਾਈ’; ਲਿਖਿਆ ਹੈ, ਨਾ ਕਿ ‘ਹੇ ਭਾਈ’ :
ਭਾਈ ਰੇ ! ਗੁਰ ਬਿਨੁ ਭਗਤਿ ਨ ਹੋਇ ॥ (ਮਹਲਾ ੩/੩੧)
ਭਾਈ ਰੇ ! ਭਗਤਿਹੀਣੁ ਕਾਹੇ ਜਗਿ (’ਚ) ਆਇਆ ? ॥ (ਮਹਲਾ ੩/੩੨)
ਭਾਈ ਰੇ ! ਗੁਰਮੁਖਿ ਬੂਝੈ ਕੋਇ ॥ (ਮਹਲਾ ੩/੩੩)
ਭਾਈ ਰੇ ! ਗੁਰ ਬਿਨੁ ਭਗਤਿ ਨ ਹੋਇ ॥ (ਮਹਲਾ ੩/੩੧)
ਭਾਈ ਰੇ ! ਮੈ ਮੀਤੁ ਸਖਾ ਪ੍ਰਭੁ ਸੋਇ ॥ (ਮਹਲਾ ੪/੪੧)
ਅਚਰਜੁ ਏਕੁ ਸੁਨਹੁ ਰੇ ਭਾਈ ! ਗੁਰਿ (ਨੇ) ਐਸੀ ਬੂਝ ਬੁਝਾਈ ॥ (ਮਹਲਾ ੫/੨੧੫)
ਅਬ ਮਨ ਜਾਗਤ ਰਹੁ; ਰੇ ਭਾਈ ! ॥ (ਭਗਤ ਕਬੀਰ/੩੩੯)
ਜਿਨਿ ਕੀਆ ਤਿਨਿ (ਨੇ) ਦੇਖਿਆ; ਕਿਆ ਕਹੀਐ ? ਰੇ ਭਾਈ !॥ (ਮਹਲਾ ੧/੭੨੪)
ਹਰਿ ਧਨੁ ਸੰਚਹੁ; ਰੇ ਜਨ ਭਾਈ ! ॥ (ਮਹਲਾ ੧/੧੦੩੯)
ਉਕਤ ਸੰਬੋਧਨ ਕਾਰਕ ਤੋਂ ਇਲਾਵਾ ਗੁਰਬਾਣੀ ’ਚ ਅਕਸਰ ਹੀ ਸੰਬੋਧਨ, ਇੱਕ ਵਚਨ ਪੁਲਿੰਗ ਨਾਂਵ; ਅੰਤ ਮੁਕਤਾ ਹੁੰਦੇ ਹਨ। ‘ਹੇ’ ਆਪਣੇ ਕੋਲ਼ੋਂ ਲਗਾਉਣਾ ਪੈਂਦਾ ਹੈ। ਹੇਠਲੇ ਵਾਕਾਂ ’ਚ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ (ਨਾਨਕੁ, ਠਾਕੁਰੁ, ਪ੍ਰਭੁ, ਅਗੰਮੁ, ਰਾਮੁ, ਅਲਹੁ, ਦਯੁ, ਗੁਪਾਲੁ, ਗੁਰੁ, ਮੂਰਖੁ) ਸੰਬੋਧਨ ਕਾਰਕ ਕਾਰਨ ਅੰਤ ਮੁਕਤਾ ਹੋਏ ਹਨ :
ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥ (ਜਪੁ)
ਨਾਨਕ ! ਭਗਤਾ ਸਦਾ ਵਿਗਾਸੁ ॥ (ਜਪੁ)
ਨਾਨਕ ! ਉਤਮੁ ਨੀਚੁ, ਨ ਕੋਇ ॥ (ਜਪੁ)
ਮੇਰੇ ਠਾਕੁਰ ! ਰਖਿ ਲੇਵਹੁ ਕਿਰਪਾ ਧਾਰੀ ॥ (ਮਹਲਾ ੫/੪੯੫)
ਕਰਿ ਕਿਰਪਾ; ਦੀਜੈ ਪ੍ਰਭ ! ਦਾਨੁ ॥ (ਮਹਲਾ ੫/੧੯੩)
ਨਾਨਕ ਕਉ ਪ੍ਰਭ ! ਮਇਆ ਕਰਿ; ਸਚੁ ਦੇਵਹੁ ਅਪੁਣਾ ਨਾਉ ॥ (ਮਹਲਾ ੫/੪੪)
ਨਿਤ ਦੇਵਹੁ ਦਾਨੁ ਦਇਆਲ ਪ੍ਰਭ ! ਹਰਿ ਨਾਮੁ ਧਿਆਇਆ ॥ (ਮਹਲਾ ੪/੯੧)
ਅਗਮ ਅਗੋਚਰਾ ! ਤੇਰਾ ਅੰਤੁ ਨ ਪਾਇਆ ॥ (ਮਹਲਾ ੩/੯੧੮)
ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ! ॥ (ਮਹਲਾ ੫/੧੩੩)
ਅਲਹ ! ਰਾਮ ! ਜੀਵਉ ਤੇਰੇ ਨਾਈ (ਤੇਰੇ ਨਾਮ ਰਾਹੀਂ)॥ (ਭਗਤ ਕਬੀਰ/੧੩੪੯)
ਦਯ ! ਗੁਸਾਈ ਮੀਤੁਲਾ ! ਤੂੰ ਸੰਗਿ ਹਮਾਰੈ, ਬਾਸੁ ਜੀਉ ॥ (ਮਹਲਾ ੫/੨੦੩)
ਅਨਾਥ ਨਾਥ ! ਗੋਬਿੰਦ ਗੁਪਾਲ ! ॥ ਸਰਬ ਘਟਾ ਕਰਤ ਪ੍ਰਤਿਪਾਲ ॥ (ਮਹਲਾ ੫/੨੯੦)
ਤੂ ਪ੍ਰਭ ! ਦਾਤਾ, ਦਾਨਿ ਮਤਿ ਪੂਰਾ; ਹਮ ਥਾਰੇ ਭੇਖਾਰੀ ਜੀਉ ॥ (ਮਹਲਾ ੧/੫੯੭)
ਪ੍ਰਭ ਜੀਉ ! ਪੇਖਉ ਦਰਸੁ ਤੁਮਾਰਾ ॥ (ਮਹਲਾ ੫/੫੩੨)
ਗੁਰ ਜੀਉ ! ਸੰਗਿ ਤੁਹਾਰੈ ਜਾਨਿਓ ॥ (ਮਹਲਾ ੫/੧੨੧੬)
ਹਰਿ ਜੂ ! ਰਾਖਿ ਲੇਹੁ ਪਤਿ ਮੇਰੀ ॥(ਮਹਲਾ ੯/੭੦੩)
ਪ੍ਰਭ ਜੀ ! ਤਉ ਪ੍ਰਸਾਦਿ ਭ੍ਰਮੁ ਡਾਰਿਓ ॥ (ਮਹਲਾ ੫/੫੨੯)
ਮੂਰਖ ਬਾਮਣ ! ਪ੍ਰਭੂ ਸਮਾਲਿ ॥ (ਮਹਲਾ ੫/੩੭੨)
ਸੋ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ; ਸੰਬੋਧਨ ਕਾਰਕ ਵਜੋਂ ਵੀ ਅੰਤ ਮੁਕਤਾ ਹੁੰਦਾ ਹੈ।
ਉਕਤ ‘ਨਾਂਵ ਦੇ ਕਾਰਕ’ ਵਿਸ਼ਾ ਕਿ ਇੱਕ ਵਚਨ ਪੁਲਿੰਗ ਨਾਂਵ; ‘ਅੰਤ ਔਂਕੜ, ਅੰਤ ਮੁਕਤਾ ਜਾਂ ਅੰਤ ਸਿਹਾਰੀ’ ਕਿਉਂ ਹੁੰਦੇ ਹਨ, ਇਨ੍ਹਾਂ 8 ਕਾਰਕਾਂ ਰਾਹੀਂ ਵਿਚਾਰਿਆ ਗਿਆ ਹੈ। ਅੱਠੇ ਕਾਰਕ ਇੱਕੋ ਵਾਕ ’ਚ ਰੱਖ ਕੇ ਸਮੁੱਚੀ ਵਿਚਾਰ ਨੂੰ ਮੁੜ ਤਾਜ਼ਾ ਕਰਦੇ ਹਾਂ :‘ਬਾਪ ਨੇ ਪੁੱਤਰ ਨੂੰ ਪਿਆਰ ਨਾਲ (ਕਿਹਾ ਕਿ) ਮਹਿਮਾਨ ਲਈ ਹੱਟ ਤੋਂ ਮੱਝ ਦਾ (ਦੁੱਧ) ਬਰਤਨ ਵਿੱਚ (ਲੈ ਆਵੀਂ) ਓਇ ਪੁੱਤ !’
ਉਕਤ ਵਾਕ ’ਚ ਬਾਪ; ਕਰਤਾ ਕਾਰਕ ਹੈ। ਪੁੱਤਰ; ਕਰਮ ਕਾਰਕ। ਪਿਆਰ; ਕਰਣ ਕਾਰਕ। ਮਹਿਮਾਨ; ਸੰਪ੍ਰਦਾਨ ਕਾਰਕ। ਹੱਟ; ਅਪਾਦਾਨ ਕਾਰਕ। ਮੱਝ; ਸੰਬੰਧ ਕਾਰਕ। ਬਰਤਨ; ਅਧਿਕਰਣ ਕਾਰਕ। ਪੁੱਤ; ਸੰਬੋਧਨ ਕਾਰਕ ਹੈ। ਇਨ੍ਹਾਂ ਸਾਰਿਆਂ ਨੂੰ ਇੱਕ ਵਚਨ ਪੁਲਿੰਗ ਨਾਂਵ ਮੰਨ ਕੇ ਗੁਰਬਾਣੀ ਵਾਲੀ ਲਿਖਤ ’ਚ ਇਉਂ ਲਿਖਾਂਗੇ : ਬਾਪਿ (ਨੇ), ਪੁਤਰੁ (ਨੂੰ), ਪਿਆਰਿ (ਨਾਲ), ਮਹਿਮਾਨ (ਲਈ), ਹਟਿ (ਤੋਂ), ਮਝ (ਦਾ), ਬਰਤਨਿ (ਵਿੱਚ), (ਹੇ) ਪੁਤ !’ ਭਾਵ ਕਰਤਾ ਕਾਰਕ/ਕਰਣ ਕਾਰਕ/ਅਪਾਦਾਨ ਕਾਰਕ/ਅਧਿਕਰਣ ਕਾਰਕ; ਅੰਤ ਸਿਹਾਰੀ। ਕਰਮ ਕਾਰਕ; ਅੰਤ ਔਂਕੜ। ਸੰਪ੍ਰਦਾਨ ਕਾਰਕ/ਸੰਬੰਧ ਕਾਰਕ/ਸੰਬੋਧਨ ਕਾਰਕ; ਅੰਤ ਮੁਕਤਾ।
ਸੋ ਗੁਰਬਾਣੀ; ਕਈ ਭਾਸ਼ਾਵਾਂ ਦਾ ਕਾਵਿਕ ਸੰਗ੍ਰਹਿ ਹੈ ਫਿਰ ਵੀ ਇਸ ਦੇ ਲਿਖਤੀ ਨਿਯਮ; ਗੁਰਮਤਿ ਸਿਧਾਂਤ ਨੂੰ ਸਪਸ਼ਟ ਕਰਨ ਦੇ ਸਮਰੱਥ ਹਨ। ਇਨ੍ਹਾਂ ਲਿਖਤੀ ਨਿਯਮਾਂ ’ਚੋਂ ਪ੍ਰਮੁੱਖ ਨਿਯਮ ਇਹ ਹਨ :
(1). ਗੁਰਬਾਣੀ ’ਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ‘ਤਤਸਮ’ ਅਤੇ ‘ਤਦਭਵ’ ਰੂਪਾਂ ’ਚ ਅਪਣਾਇਆ ਗਿਆ ਹੈ।
(2). ਤਤਸਮ ਸ਼ਬਦ; ਆਪਣੇ ਅਸਲ ਸਰੂਪ ’ਚ ਹਨ ਜਦ ਕਿ ਤਦਭਵ ਸ਼ਬਦ; ਤਤਸਮ ਸ਼ਬਦਾਂ ਦਾ ਕੁਝ ਬਦਲਿਆ ਰੂਪ ਹੈ।
(3). ਤਦਭਵ ਅਤੇ ਗੁਰਮੁਖੀ ਸ਼ਬਦ; ਲਿਖਤੀ ਨਿਯਮਾਂ ਅਧੀਨ ਲਿਖੇ ਗਏ ਹਨ। ਇਨ੍ਹਾਂ ਦੀ ਬਣਤਰ (ਅੰਤ ਔਂਕੜ/ਅੰਤ ਮੁਕਤਾ/ਅੰਤ ਸਿਹਾਰੀ) ਨਾਲ ਅਰਥ ਕਰਨ ’ਚ ਵਿਸ਼ੇਸ਼ ਮਦਦ ਮਿਲਦੀ ਹੈ, ਪਰ ਇਸ ਪੱਖੋਂ ਤਤਸਮ ਸ਼ਬਦ; ਆਪਣੇ ਮੂਲ ਸਰੂਪ ਨੂੰ ਹੀ ਪ੍ਰਗਟਾਉਂਦੇ ਹਨ। ਲੁਪਤ ਅਰਥ ਦੇਣ ’ਚ ਇਨ੍ਹਾਂ ਦਾ ਕੋਈ ਯੋਗਦਾਨ ਨਹੀਂ।
(4). ਗੁਰਬਾਣੀ ਭਾਵੇਂ ਕਾਵਿ ਰੂਪ ਹੈ ਪਰ ‘ਰਾਹ, ਰਾਹੁ, ਰਾਹਿ’ ਨੂੰ ‘ਰਾਹ’ ਪੜ੍ਹਨ ਨਾਲ ਕਾਵਿ ਤੋਲ ਦਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹ ਤਿੰਨੇ ਲਗਾਂ (ਮੁਕਤਾ/ਔਂਕੜ/ਸਿਹਾਰੀ) ਲਘੂ ਧੁਨੀਆਂ ’ਚ ਹੀ ਆਉਂਦੀਆਂ ਹਨ।
(5). ਗੁਰਬਾਣੀ ’ਚ ਇਸਤਰੀ ਲਿੰਗ ਨਾਂਵ; ਤਿੰਨ ਰੂਪਾਂ ’ਚ ਹਨ: ‘ਅੰਤ ਔਂਕੜ, ਅੰਤ ਮੁਕਤਾ, ਅੰਤ ਸਿਹਾਰੀ’। ਬਹੁ ਵਚਨ ਪੁਲਿੰਗ ਨਾਂਵ; ਅੰਤ ਮੁਕਤਾ ਹਨ ਅਤੇ ਇੱਕ ਵਚਨ ਪੁਲਿੰਗ ਨਾਂਵ; ਅੰਤ ਔਂਕੜ ਹਨ। ਅੰਤ ਔਂਕੜ ਲਿਖਤ ਨਿਯਮ ਹੀ ਅਜੋਕੀ ਪੰਜਾਬੀ ਲਿਖਤ ਤੋਂ ਗੁਰਬਾਣੀ ਲਿਖਤ ਨੂੰ ਵੱਖਰਾ ਕਰਦੇ ਹਨ।
(6). ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜ ’ਚੋਂ ਕਰਮ ਕਾਰਕੀ ਚਿੰਨ੍ਹ (ਨੂੰ) ਲੁਪਤ ਮਿਲਦਾ ਹੈ।
(7). ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); 4 ਕਾਰਨਾਂ ਕਰਕੇ ਅੰਤ ਸਿਹਾਰੀ ਹੁੰਦਾ ਹੈ :
(ੳ). ਕਰਤਾ ਕਾਰਕੀ ਚਿੰਨ੍ਹ (ਨੇ) ਦੇਣ ਲਈ।
(ਅ). ਕਰਣ ਕਾਰਕੀ ਚਿੰਨ੍ਹ (ਨਾਲ/ਰਾਹੀਂ/ਦਆਰਾ) ਦੇਣ ਲਈ।
(ੲ). ਅਪਾਦਾਨ ਕਾਰਕੀ ਚਿੰਨ੍ਹ (ਤੋਂ/’ਚੋਂ) ਦੇਣ ਲਈ।
(ਸ). ਅਧਿਕਰਣ ਕਾਰਕੀ ਚਿੰਨ੍ਹ (ਵਿੱਚ) ਦੇਣ ਲਈ।
ਨੋਟ: ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ; ਅੰਤ ਸਿਹਾਰੀ ਹੋਣ ਜਾਂ ਅੰਤ ਦੁਲਾਵਾਂ; ਇਨ੍ਹਾਂ ਦੇ ਅਰਥ ਇੱਕ ਸਮਾਨ ਹੀ ਹੁੰਦੇ ਹਨ ਭਾਵ ਜੇ ਅੰਤ ਸਿਹਾਰੀ 4 ਲੁਪਤ ਅਰਥ ਦਿੰਦੀ ਹੈ ਤਾਂ ਅੰਤ ਦੁਲਾਵਾਂ ਵੀ ਓਹੀ 4 ਲੁਪਤ ਅਰਥ ਦਿੰਦੀਆਂ ਹਨ।
(8). ਇੱਕ ਵਚਨ ਪੁਲਿੰਗ ਨਾਂਵ; 3 ਕਾਰਨਾਂ ਕਰਕੇ ਅੰਤ ਔਂਕੜ ਤੋਂ ਅੰਤ ਮੁਕਤਾ ਹੋ ਜਾਂਦਾ ਹੈ :
(ੳ). ਸੰਪ੍ਰਦਾਨ ਕਾਰਕੀ ਚਿੰਨ੍ਹ (ਨੂੰ/ਲਈ) ਦੇਣ ਲਈ।
(ਅ). ਸੰਬੰਧ ਕਾਰਕੀ ਚਿੰਨ੍ਹ (ਦਾ/ਦੇ/ਦੀ) ਦੇਣ ਲਈ।
(ੲ). ਸੰਬੋਧਨ ਕਾਰਕੀ ਚਿੰਨ੍ਹ (ਹੇ) ਦੇਣ ਲਈ।
ਨੋਟ: ਸੰਪ੍ਰਦਾਨ ਕਾਰਕ ਦੇ ਪ੍ਰਗਟ ਚਿੰਨ੍ਹ (ਕਉ, ਨੋ, ਤੇ ਆਦਿ), ਸੰਬੰਧ ਕਾਰਕ ਦੇ ਪ੍ਰਗਟ ਚਿੰਨ੍ਹ (ਕਾ, ਕੇ, ਕੀ, ਕੈ, ਕੋ ਆਦਿ), ਅਪਾਦਾਨ ਕਾਰਕ ਦੇ ਪ੍ਰਗਟ ਚਿੰਨ੍ਹ (ਵਿਟਹੁ, ਕਉ ਆਦਿ) ਅਧਿਕਰਣ ਕਾਰਕ ਦੇ ਪ੍ਰਗਟ ਚਿੰਨ੍ਹ (ਵਿਚਿ, ਨਾਲਿ, ਅੰਦਰਿ ਆਦਿ) ਵੀ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰਦੇ ਹਨ।
(9). ਤਤਸਮ ਸ਼ਬਦਾਂ ਉੱਤੇ ਨੰਬਰ 8 ਵਾਲੇ ਨਿਯਮ ਲਾਗੂ ਨਹੀਂ ਹੁੰਦੇ ਭਾਵ ਕਿਸੇ ਲੁਪਤ ਜਾਂ ਪ੍ਰਗਟ ਸੰਬੰਧਕੀ ਚਿੰਨ੍ਹ ਨਾਲ ਤਤਸਮ ਸ਼ਬਦ ਅੰਤ ਮੁਕਤਾ ਨਹੀਂ ਹੁੰਦੇ; ਜਿਵੇਂ
ਹਰਿ ਕੇ ਨਾਮ ਕੋ ਆਧਾਰੁ ॥ (ਮਹਲਾ ੫/੧੧੨੧) (‘ਕੇ’ ਨੇ ‘ਹਰਿ’ ਨੂੰ ਅੰਤ ਮੁਕਤਾ ਨਹੀਂ ਕੀਤਾ ਜਦ ਕਿ ‘ਕੋ’ ਨੇ ‘ਨਾਮੁ’ ਨੂੰ ਅੰਤ ਮੁਕਤਾ ਕਰ ਦਿੱਤਾ। ‘ਕੋ’ ਦਾ ਅਰਥ ਹੈ: ‘ਦਾ’।)
ਫਰੀਦਾ ! ਰਹੀ ਸੁ ਬੇੜੀ ਹਿੰਙੁ ਦੀ; ਗਈ ਕਥੂਰੀ ਗੰਧੁ ॥ (ਬਾਬਾ ਫਰੀਦ/੧੩੭੯) (‘ਦੀ’ ਨੇ ‘ਹਿੰਙੁ’ ਨੂੰ ਅੰਤ ਮੁਕਤਾ ਨਹੀਂ ਕੀਤਾ)
ਸਾਵਧਾਨੀ: ਉਕਤ ਕੀਤੀ ਗਈ ਸਮੁੱਚੀ ਵਿਚਾਰ ’ਚ ਕੇਵਲ ਕਰਮ ਕਾਰਕ ਚਿੰਨ੍ਹ ‘ਨੂੰ’ ਹੀ ਹੈ, ਜੋ ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜ ’ਚੋਂ ਮਿਲਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਗੁਰਬਾਣੀ ’ਚ ਸਾਰੇ ਹੀ ਅੰਤ ਔਂਕੜ (ਇੱਕ ਵਚਨ ਪੁਲਿੰਗ ਨਾਂਵ); ਲੁਪਤ ਸੰਬੰਧਕ ‘ਨੂੰ’ ਦੇਂਦੇ ਹਨ; ਜਿਵੇਂ ਕਿ ਗੁਰਬਾਣੀ ’ਚ ਨਾਨਕੁ 530 ਵਾਰ, ਰਾਮੁ 244 ਵਾਰ, ਪ੍ਰਭੁ 908 ਵਾਰ, ਗੁਰੁ 669 ਵਾਰ, ਸਬਦੁ 594 ਵਾਰ, ਦੁਖੁ 533 ਵਾਰ, ਸੁਖੁ 905 ਵਾਰ, ਅਨੰਦੁ 62 ਵਾਰ, ਗੁਣੁ 41 ਵਾਰ ਹੈ। ਇਨ੍ਹਾਂ ਸਾਰਿਆਂ ਦੇ ਅੰਤ ਔਂਕੜ ’ਚੋਂ ‘ਨੂੰ’ ਨਹੀਂ ਮਿਲੇਗਾ। ਕਿਉਂ ?
ਜਵਾਬ: ਹਥਲਾ ਵਿਸ਼ਾ ‘ਨਾਂਵ ਦਾ ਰੂਪਾਂਤਰ’ ਸਿਰਲੇਖ ਹੇਠ ਚਲਦਾ ਆ ਰਿਹਾ ਹੈ ਭਾਵ ਨਾਂਵ ਸ਼ਬਦਾਂ ਦੀ ਬਣਤਰ ’ਚ ਤਬਦੀਲੀ ਹੋਣ ਦੇ ਕਾਰਨ, ਜੋ ਤਿੰਨ ਹਨ: ‘ਲਿੰਗ ਕਾਰਨ (ਪੁਲਿੰਗ/ਇਸਤਰੀ ਲਿੰਗ), ਵਚਨ ਕਾਰਨ (ਇੱਕ ਵਚਨ/ਬਹੁ ਵਚਨ) ਅਤੇ ਕਾਰਕਾਂ ਕਾਰਨ (ਜਿਨ੍ਹਾਂ ਦੀ ਗਿਣਤੀ ਅੱਠ ਹੈ), ਇਸ ਲਈ ਸੰਬੰਧਿਤ ਵਿਸ਼ੇ ਦਾ ਦਾਇਰਾ ਇੱਕ ਵਚਨ ਪੁਲਿੰਗ ਨਾਂਵ ਦੀ ਬਣਤਰ ’ਚ ਆਉਣ ਵਾਲੀ ਤਬਦੀਲੀ ਤੱਕ ਹੈ। ਬਾਕੀ ਸਾਰੇ ਅੰਤ ਔਂਕੜ ਸ਼ਬਦਾਂ ਬਾਰੇ ਇੰਨਾ ਕੁ ਬੋਧ ਕਾਫ਼ੀ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਲੁਪਤ ਸੰਬੰਧਕ ਨਹੀਂ ਮਿਲਦਾ ਅਤੇ ਪ੍ਰਗਟ ਸੰਬੰਧਕੀ ਉਨ੍ਹਾਂ ਨਾਲ ਹੋਵੇਗਾ ਹੀ ਨਹੀਂ। ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ; ਬੇਅੰਤ ਹਨ, ਇਨ੍ਹਾਂ ਦੀ ਅੰਤ ਔਂਕੜ ਹੀ ਇਨ੍ਹਾਂ ਦਾ ਲਿੰਗ ਅਤੇ ਵਚਨ ਸਮਝਾ ਕੇ ਦਰੁਸਤ ਸ਼ਬਦਾਰਥ ਕਰਵਾਉਂਦੀ ਹੈ।
ਚਾਰ ਭਾਗਾਂ ਵਾਲੇ ਹਥਲੇ ਲੇਖ ਦੇ ਦੂਜੇ ਭਾਗ ’ਚ ਅਰਬੀ/ਫ਼ਾਰਸੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਭਾਸ਼ਾ ਦੇ ਇਸਤ੍ਰੀ ਲਿੰਗ ਤਤਸਮ ਨਾਂਵਾਂ (ਸ਼ਬਦਾਂ) ਦਾ ਵੇਰਵਾ ਦਿੱਤਾ ਗਿਆ ਸੀ, ਜੋ ਅੰਤ ਔਂਕੜ ਅਤੇ ਅੰਤ ਸਿਹਾਰੀ ਸਮੇਤ ਸਨ। ਤੀਜੇ ਅਤੇ ਚੌਥੇ ਭਾਗ ’ਚ ਤਦਭਵ ਨਾਂਵ ਅਤੇ ਗੁਰਮੁਖੀ ਭਾਸ਼ਾਂ ਦੇ ਅੰਤ ਮੁਕਤਾ, ਅੰਤ ਔਂਕੜ ਅਤੇ ਅੰਤ ਸਿਹਾਰੀ ਨਾਂਵਾਂ (ਸ਼ਬਦਾਂ) ਦੀ ਵਿਚਾਰ ਕੀਤੀ ਗਈ ਹੈ। ਹੁਣ ਅੰਤ ’ਚ ਅਨਭਾਸ਼ਾ ਦੇ ਕੁਝ ਕੁ ਉਹ ਤਤਸਮ ਪੁਲਿੰਗ ਨਾਂਵ ਅਤੇ ਤਤਸਮ ਵਿਸ਼ੇਸ਼ਣ ਵੀ ਹੇਠਾਂ ਦਿੱਤੇ ਗਏ ਹਨ, ਜਿਨ੍ਹਾਂ ਦੀ ਅੰਤ ਸਿਹਾਰੀ ਮੂਲਕ ਹੈ ਭਾਵ ਕੋਈ ਕਾਰਕੀ ਲੁਪਤ ਅਰਥ ਨਹੀਂ ਦਿੰਦੀ (ਚੇਤੇ ਰਹੇ ਕਿ ਬਰੈਕਟ ’ਚ ਬੰਦ; ਤਤਸਮ ਸ਼ਬਦਾਂ ਦੇ ਅਰਥ ਹਨ ਤਾਂ ਜੋ ਗੁਰਬਾਣੀ ਸ਼ਬਦ ਸੰਗ੍ਰਹਿ ’ਚ ਹੋਰ ਅਰਥਾਂ ਲਈ ਆਏ ਅਜਿਹੇ ਕਿਸੇ ਵੀ ਸ਼ਬਦ ਸਰੂਪ ਦਾ ਭੁਲੇਖਾ ਨਾ ਪਵੇ; ਜਿਵੇਂ ‘ਤਾਮਿ’ ਦਾ ਅਰਥ ‘ਰੋਟੀ’ ਵੀ ਹੈ ਤੇ ‘ਤਦੋਂ’ ਵੀ) :
ਫ਼ਾਰਸੀ ਭਾਸ਼ਾ ਦੇ ਪੁਲਿੰਗ ਨਾਂਵ : ‘ਖੁਦਾਇ, ਤਾਮਿ (ਰੋਟੀ)’।
ਵਿਸ਼ੇਸ਼ਣ : ਅਸਲਿ, ਸਤਰਿ (ਗੁਪਤ), ਫਨਾਇ (ਫ਼ਨਾਇ), ਬਹਤਰਿ (72), ਬਰਾਬਰਿ’। ਪੜਨਾਂਵ : ‘ਖੁਦਿ’ (ਖ਼ੁਦਿ,ਆਪ ਹੀ)।
ਸੰਸਕ੍ਰਿਤ ਭਾਸ਼ਾ ਦੇ ਪੁਲਿੰਗ ਨਾਂਵ : ‘ਉਦਧਿ/ਜਲਧਿ (ਸਮੁੰਦਰ), ਅਹਿ (ਸੱਪ/ਅਹੰਕਾਰ), ਸਸਿ (ਚੰਦ), ਸਾਰਥਿ (ਰਥਵਾਹ), ਸੁਰਪਤਿ (ਰਾਜਾ), ਸਾਸਤ੍ਰਗਿ (ਸ਼ਾਸਤ੍ਰ ਜਾਣਨਹਾਰ), ਹਸਤਿ (ਹਾਥੀ), ਹਰਿ, ਕਪਿ (ਬਾਂਦਰ), ਕਲਿ (ਕਲਿਯੁਗ), ਕਵਿ, ਗੋਬਿਦਰਾਇ, ਗਿਰਿ (ਪਹਾੜ), ਚਕ੍ਰਪਾਣਿ (ਸੁਦਰਸ਼ਨ ਚੱਕ੍ਰਧਾਰੀ/ਵਿਸਨੁ), ਚਿੰਤਾਮਨਿ, ਛਤ੍ਰਪਤਿ, ਜਮਦਗਨਿ (ਪਰਸਰਾਮ ਦਾ ਪਿਤਾ), ਜਲਨਿਧਿ, ਦਧਿ (ਦਹੀ), ਨਿਧਿ, ਨਰਹਰਿ (ਰੱਬ), ਨਰਪਤਿ/ਨ੍ਰਿਪਤਿ (ਰਾਜੇ), ਪਤਿ, ਪੁਰਖ ਪਤਿ, ਬਨਸਪਤਿ, ਬਿਰੰਚਿ (ਬ੍ਰਹਮਾ), ਬਲਿ (ਪ੍ਰਹਲਾਦ ਦਾ ਪੜਪੋਤਾ), ਬ੍ਰਿਹਸਪਤਿ (ਇੱਕ ਤਾਰਾ), ਭੂਪਤਿ, ਭਰਥਰਿ, ਮਣਿ, ਮੁਨਿ, ਮੋਨਿ, ਮੁਰਾਰਿ (ਕ੍ਰਿਸ਼ਨ), ਰਿਖਿ, ਰਵਿ (ਸੂਰਜ)’।
ਵਿਸ਼ੇਸ਼ਣ : ‘ਅਮਿਤਿ, ਸਿਰੋਮਣਿ, ਕੋਟਿ (ਕ੍ਰੋੜ), ਚਾਰਿ (4), ਸਠਿ (60), ਤੀਨਿ (3), ਤ੍ਰਿਬਿਧਿ (ਤਿੰਨ ਤਰ੍ਹਾਂ ਦੇ/ਰਜੋ, ਤਮੋ, ਸਤੋ), ਬਿਬਧਿ (ਕਈ ਕਿਸਮਾਂ ਦੇ)’।
ਪ੍ਰਾਕ੍ਰਿਤ ਭਾਸ਼ਾ ਦੇ ਪੁਲਿੰਗ ਨਾਂਵ : ‘ਓਦਧਿ, ਕਬਿ, ਨਖਿਆਤਿ (ਤਾਰੇ), ਪੰਖਿ, ਬੇਣਿ, ਬਨਰਾਇ, ਬਨਾਰਸਿ, ਰਾਇ’।
ਵਿਸ਼ੇਸ਼ਣ : ‘ਅਠਸਠਿ, ਅਨੰਨਿ (ਇੱਕ ’ਤੇ ਭਰੋਸਾ ਰੱਖਣ ਵਾਲਾ), ਆਦਿ (ਰਚਨਾ ਦਾ ਮੁੱਢ), ਕੋਰਿ/ਕਰੋੜਿ, ਘਟਿ (ਘੜੀ), ਘੁਘਿ (ਸੰਘਣੀ ਆਬਾਦੀ ਵਾਲਾ), ਚਉਸਠਿ (64), ਚਾਰਿ, ਚਿਲਮਿਲਿ/ਝਿਲਮਿਲਿ (ਬਿਜਲੀ ਦੀ ਰੌਸ਼ਨੀ), ਤੀਨਿ, ਧਨਾਢਿ (ਧਨ ਵਾਲਾ), ਬਿਰਧਿ (ਵਾਧਾ), ਬਿਪਰੀਤਿ, ਭਾਗਠਿ (ਭਾਗਾਂ ਵਾਲਾ), ਮਸਟਿ (ਚੁੱਪ)’।
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)
ਗਿਆਨੀ ਅਵਤਾਰ ਸਿੰਘ
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)
ਭਾਗ ਤੀਜਾ
ਉਕਤ ‘ਨਾਂਵ ਦਾ ਰੂਪਾਂਤਰ’ ਸਿਰਲੇਖ ਹੇਠ ਵਿਚਾਰਿਆ ਗਿਆ ਹੈ ਕਿ ਨਾਂਵ ਸ਼ਬਦਾਂ ’ਚ ਤਬਦੀਲੀ ਹੋਣ ਦੇ ਤਿੰਨ ਕਾਰਨ ਹੁੰਦੇ ਹਨ :
(1). ਲਿੰਗ ਕਾਰਨ (ਭਾਵ ਇਸਤਰੀ ਲਿੰਗ ਜਾਂ ਪੁਲਿੰਗ ਕਾਰਨ)
(2). ਵਚਨ ਕਾਰਨ (ਭਾਵ ਇੱਕ ਵਚਨ ਜਾਂ ਬਹੁ ਵਚਨ ਕਾਰਨ)
(3). ਕਾਰਕ ਕਾਰਨ (ਜੋ ਅੱਠ ਹੁੰਦੇ ਹਨ)।
ਉਕਤ ਨੰਬਰ 1. ਅਤੇ 2. ਦੀ ਵਿਚਾਰ ਹੋ ਚੁੱਕੀ ਹੈ। ਹੁਣ 3. ਨੰਬਰ ਦੀ ਹੇਠਾਂ ਵਿਚਾਰ ਹੀ ਇੱਕ ਵਚਨ ਪੁਲਿੰਗ ਨਾਂਵ ਦੇ ਬਦਲਦੇ ਸਰੂਪਾਂ ਦਾ ਕਾਰਨ ਸਪਸ਼ਟ ਕਰੇਗੀ :
(3). ਨਾਂਵ ਦੇ ਕਾਰਕ (Case): ਕਿਸੇ ਵਾਕ ’ਚ ਨਾਂਵ/ਪੜਨਾਂਵ ਦੀ ਉਹ ਦਸ਼ਾ, ਜਿਸ ਤੋਂ ਉਸ ਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਕ੍ਰਿਆ ਨਾਲ ਸੰਬੰਧ ਪ੍ਰਗਟ ਹੋਵੇ, ਉਹ ‘ਕਾਰਕ’ ਹੁੰਦੇ ਹਨ। ਇਨ੍ਹਾਂ ਦੀਆਂ 8 ਕਿਸਮਾਂ ਹਨ :
(1). ਕਰਤਾ ਕਾਰਕ (2). ਕਰਮ ਕਾਰਕ (3). ਕਰਣ ਕਾਰਕ (4). ਸੰਪ੍ਰਦਾਨ ਕਾਰਕ
(5). ਅਪਾਦਾਨ ਕਾਰਕ (6). ਸੰਬੰਧ ਕਾਰਕ (7). ਅਧਿਕਰਣ ਕਾਰਕ (8). ਸੰਬੋਧਨ ਕਾਰਕ।
ਇਨ੍ਹਾਂ 8 ਕਾਰਕਾਂ ’ਚੋਂ ਪਹਿਲੇ ਪੰਜ ਅਤੇ ਸੱਤਵੇਂ ਕਾਰਕ ਦਾ ਕ੍ਰਿਆ ਨਾਲ ਸਿੱਧਾਂ ਸੰਬੰਧ ਹੁੰਦਾ ਹੈ ਜਦ ਕਿ ਛੇਵੇਂ ਅਤੇ ਅੱਠਵੇਂ ਕਾਰਕ ਦਾ ਕ੍ਰਿਆ ਨਾਲ ਸਿੱਧਾ ਸੰਬੰਧ ਨਾ ਹੋਣ ਕਾਰਨ ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਮਹਾਨ ਕੋਸ਼’ ’ਚ ਕੇਵਲ 6 ਕਾਰਕ ਹੀ ਮੰਨੇ ਹਨ ਭਾਵ ਇਨ੍ਹਾਂ ਦੋਵਾਂ ਨੂੰ ਕਾਰਕ ਨਹੀਂ ਮੰਨਿਆ ਜਦ ਕਿ ਪ੍ਰੋ. ਸਾਹਿਬ ਸਿੰਘ ਜੀ ਅਤੇ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਸਮੇਤ ਪੰਜਾਬੀ ਭਾਸ਼ਾ ਦੀਆਂ ਪ੍ਰਾਚੀਨ ਅਤੇ ਨਵੀਨ ਵਿਆਕਰਣ-ਪੁਸਤਕਾਂ ’ਚ ਕਾਰਕਾਂ ਦੀ ਗਿਣਤੀ ਅੱਠ ਹੀ ਮੰਨੀ ਗਈ ਹੈ।
(1). ਕਰਤਾ ਕਾਰਕ : ਕਰਤਾ ਦਾ ਅਰਥ ਹੈ: ‘ਕਰਨ ਵਾਲਾ’; ਕਿਸੇ ਵਾਕ ਦਾ ਉਹ ਨਾਂਵ/ਪੜਨਾਂਵ, ਜੋ ਵਾਕ ਦੀ ਕ੍ਰਿਆ ਦੇ ਕਰਨ ਵਾਲੇ (ਕਰਤੇ) ਨੂੰ ਪ੍ਰਗਟਾਵੇ, ਉਹ ‘ਕਰਤਾ ਕਾਰਕ’ ’ਚ ਹੁੰਦਾ ਹੈ। ਵਾਕ ਦੀ ਕ੍ਰਿਆ ਨਾਲ ‘ਕਿਸ ਨੇ’ ਲਗਾ ਕੇ ਸਵਾਲ ਪੈਦਾ ਕਰਨ ਉਪਰੰਤ ਵਾਕ ’ਚੋਂ ‘ਕਰਤਾ’ ਪਛਾਣ ਲਿਆ ਜਾਂਦਾ ਹੈ। ਕਰਤਾ ਕਾਰਕ ਦਾ ਕਾਰਕੀ ਚਿੰਨ੍ਹ ‘ਨੇ’ ਹੈ, ਜੋ ਗੁਰਬਾਣੀ ’ਚ ਬਿਲਕੁਲ ਵੀ ਦਰਜ ਨਹੀਂ। ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਸਿਹਾਰੀ ਲਗਾ ਕੇ ਉਸ ’ਚੋਂ ਲੁਪਤ ‘ਨੇ’ ਸੰਬੰਧਕ ਲਿਆ ਜਾਂਦਾ ਹੈ। ਗੁਰਬਾਣੀ ’ਚ ਅੰਤ ਸਿਹਾਰੀ ਵਾਲੇ ਜ਼ਿਆਦਾਤਰ ਇੱਕ ਵਚਨ ਪੁਲਿੰਗ ਨਾਂਵ; ਜਿਵੇਂ ਕਿ ‘ਨਾਨਕਿ (ਨੇ), ਗੁਰਿ (ਨੇ), ਪ੍ਰਭਿ (ਨੇ), ਪਾਰਬ੍ਰਹਮਿ (ਨੇ), ਰਾਮਿ (ਨੇ), ਖਸਮਿ (ਨੇ)’ ਆਦਿਕ ‘ਕਰਤਾ ਕਾਰਕ’ ’ਚ ਹੀ ਹੁੰਦੇ ਹਨ ਅਤੇ ਵਾਕ ਦੀ ਕ੍ਰਿਆ ਭੂਤ-ਕਾਲ ਨੂੰ ਪ੍ਰਗਟਾਉਂਦੀ ਹੈ; ਜਿਵੇਂ ਕਿ
(ੳ). ‘ਨਾਨਕੁ’ (ਅੰਤ ਔਂਕੜ) 531 ਵਾਰ ਹੈ ਅਤੇ ‘ਨੇ’ ਲੁਪਤ ਅਰਥ ਦੇਣ ਲਈ 23 ਵਾਰ ‘ਨਾਨਕਿ’ ਵੀ ਬਣਿਆ ਹੈ :
ਹਰਿ ਕੈ ਦਰਿ ਵਰਤਿਆ; ਸੁ ਨਾਨਕਿ (ਨੇ) ਆਖਿ ਸੁਣਾਇਆ ॥ (ਮਹਲਾ ੪/੩੧੬) (ਭਾਵ ਕ੍ਰਿਆ (ਸੁਣਾਇਆ) ਭੂਤ ਕਾਲ ’ਚ ਹੈ। ਕੰਮ ਹੋ ਚੁੱਕਾ ਹੈ।)
ਜਨ ਨਾਨਕਿ (ਨੇ) ਗੁਰੁ ਪੂਰਾ ਪਾਇਆ; ਮਨਿ+ਹਿਰਦੈ (’ਚ) ਨਾਮੁ ਲਖਾਇ ਜੀਉ ॥ (ਮਹਲਾ ੪/੪੪੬) (ਨੋਟ: ‘ਮਨਿ+ਹਿਰਦੈ’; ਦੋਵੇਂ ਇੱਕ ਵਚਨ ਪੁਲਿੰਗ ਨਾਂਵ–ਸ਼ਬਦਾਂ ’ਚ ਜਮ੍ਹਾ ਦਾ ਨਿਸ਼ਾਨ ਦੇਣ ਦਾ ਕਾਰਨ ਇਹ ਹੈ ਕਿ ਦੋਵਾਂ ’ਚੋਂ ਹੀ ਲੁਪਤ ‘ਵਿੱਚ’ ਸੰਬੰਧਕੀ ਚਿੰਨ੍ਹ ਮਿਲਦਾ ਹੈ।)
ਸਾਧਸੰਗਿ ਨਾਨਕਿ (ਨੇ) ਰੰਗੁ ਮਾਣਿਆ ॥ (ਮਹਲਾ ੫/੮੦੬)
ਨਾਨਕਿ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ (ਦੇ ਕੇ)॥ (ਬਲਵੰਡ ਸਤਾ/੯੬੬)
ਨਾਨਕਿ (ਨੇ) ਨਾਮੁ ਨਿਰੰਜਨ ਜਾਨੵਉ (ਜਾਨਿਔ); ਕੀਨੀ ਭਗਤਿ ਪ੍ਰੇਮ ਲਿਵ ਲਾਈ ॥ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬)
(ਅ). ‘ਗੁਰੁ’ (ਅੰਤ ਔਂਕੜ) 744 ਵਾਰ ਹੈ (ਭਾਵ ਇੱਕ ਵਚਨ ਪੁਲਿੰਗ ਦਾ ਅਸਲ ਸਰੂਪ 744 ਵਾਰ ਹੈ) ਅਤੇ ਲੁਪਤ ‘ਨੇ’ ਦੇਣ ਲਈ 596 ਵਾਰ ‘ਗੁਰਿ’ (ਅੰਤ ਸਿਹਾਰੀ) ਵੀ ਬਣਿਆ ਹੈ :
ਗੁਰਿ (ਨੇ) ਰਾਖੇ, ਸੇ ਉਬਰੇ; ਹੋਰਿ ਮੁਠੀ ਧੰਧੈ ਠਗਿ ॥ (ਮਹਲਾ ੧/੧੯) (ਰਾਖੇ; ਕ੍ਰਿਆ ਭੂਤ ਕਾਲ ’ਚ ਹੈ।)
ਬਾਹ ਪਕੜਿ ਗੁਰਿ (ਨੇ) ਕਾਢਿਆ; ਸੋਈ ਉਤਰਿਆ ਪਾਰਿ ॥ (ਮਹਲਾ ੫/੪੪)
ਭਾਗੁ ਹੋਆ; ਗੁਰਿ (ਨੇ) ਸੰਤੁ (ਰੱਬ) ਮਿਲਾਇਆ ॥ (ਮਹਲਾ ੫/੯੭)
ਗੁਰਿ (ਨੇ) ਗਿਆਨੁ ਦ੍ਰਿੜਾਇਓ; ਦੀਪ ਬਲਿਓ ॥ (ਮਹਲਾ ੫/੨੪੧)
ਗੁਰਿ (ਨੇ) ਕਹਿਆ; ਸੁ ਚਿਤਿ (’ਚ) ਧਰਿ ਹਾਂ ॥ (ਮਹਲਾ ੫/੪੦੯)
ਗੁਰਿ+ਸਤਿਗੁਰਿ (ਨੇ) ਨਾਮੁ ਦ੍ਰਿੜਾਇਆ; ਤਿਨਿ ਹੰਉਮੈ ਦੁਬਿਧਾ ਭੰਨੀ ॥ (ਮਹਲਾ ੪/੫੯੦)
(ੲ). ਰਾਮੁ (ਅੰਤ ਔਂਕੜ); ਅਸਲ ਰੂਪ ’ਚ 253 ਵਾਰ ਹੈ ਅਤੇ ਲੁਪਤ ‘ਨੇ’ ਅਰਥ ਦੇਣ ਲਈ 6 ਵਾਰ ‘ਰਾਮਿ’ ਵੀ ਬਣ ਗਿਆ :
ਐਸੀ ਇਸਤ੍ਰੀ ਇਕ; ਰਾਮਿ (ਨੇ) ਉਪਾਈ ॥ (ਮਹਲਾ ੫/੩੯੪)
ਘੋੜੀ ਤੇਜਣਿ ਦੇਹ; ਰਾਮਿ (ਨੇ) ਉਪਾਈਆ ਰਾਮ ॥ (ਮਹਲਾ ੪/੫੭੫) ਆਦਿਕ।
(ਸ). ਖਸਮੁ (ਅੰਤ ਔਂਕੜ); ਅਸਲ ਰੂਪ ’ਚ 89 ਵਾਰ ਹੈ ਅਤੇ ਲੁਪਤ ‘ਨੇ’ ਅਰਥ ਦੇਣ ਲਈ 19 ਵਾਰ ‘ਖਸਮਿ’ ਵੀ ਬਣਿਆ :
ਸਭ ਛਡਾਈ ਖਸਮਿ (ਨੇ) ਆਪਿ; ਹਰਿ ਜਪਿ ਭਈ ਠਰੂਰੇ ॥ (ਮਹਲਾ ੫/੧੩੩)
ਜੋ ਜੋ ਦਿਤਾ ਖਸਮਿ (ਨੇ); ਸੋਈ ਸੁਖੁ ਪਾਇਆ ॥ (ਮਹਲਾ ੫/੫੨੩)
ਸੋਭਾ ਬਣੀ ਸੀਗਾਰੁ; ਖਸਮਿ (ਨੇ) ਜਾਂ (ਜਦੋਂ) ਰਾਵੀਆ ॥ (ਮਹਲਾ ੫/੯੬੪)
ਲਾਲੇ ਨੋ ਸਿਰਿ ਕਾਰ ਹੈ; ਧੁਰਿ (ਤੋਂ) ਖਸਮਿ (ਨੇ) ਫੁਰਮਾਈ ॥ (ਮਹਲਾ ੧/੧੦੧੧)
ਆਪਿ ਭੂਲਾ; ਜਾ ਖਸਮਿ (ਨੇ) ਭੁਲਾਇਆ ॥ (ਮਹਲਾ ੩/੧੦੪੮)
ਸੋ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਕਰਤਾ ਕਾਰਕ ਲੁਪਤ ਚਿੰਨ੍ਹ ‘ਨੇ’ ਦੇਣ ਲਈ ਅੰਤ ਸਿਹਾਰੀ ਹੋ ਜਾਂਦਾ ਹੈ।
ਨੋਟ: ਉਕਤ ਅੰਤ ਸਿਹਾਰੀ ਇੱਕ ਵਚਨ ਪੁਲਿੰਗ ਨਾਂਵਾਂ ਦੀ ਗੁਰਬਾਣੀ ’ਚੋਂ ਸੰਖਿਆ ਦਿੱਤੀ ਜਾ ਰਹੀ ਹੈ, ਜੋ ਕੇਵਲ ਸੰਕੇਤ ਮਾਤਰ ਹੈ। ਵੈਸੇ ਇੱਕ ਵਚਨ ਪੁਲਿੰਗ ਨਾਂਵ; ਅੰਤ ਔਂਕੜ ਤੋਂ ਅੰਤ ਸਿਹਾਰੀ ਹੋ ਕੇ ਚਾਰ ਲੁਪਤ ਅਰਥ ਦਿੰਦੇ ਹਨ, ਕੇਵਲ ਇੱਕ ਨਹੀਂ। ਬਾਕੀਆਂ ਦੀ ਅਗਾਂਹ ਵਿਚਾਰ ਹੋਣੀ ਹੈ।
(2). ਕਰਮ ਕਾਰਕ : ਜਿਸ ਨਾਂਵ/ਪੜਨਾਂਵ (ਵਿਅਕਤੀ ਜਾਂ ਚੀਜ਼) ’ਤੇ ਕ੍ਰਿਆ ਦੀ ਰਾਹੀਂ ਦੱਸੇ ਕੰਮ ਦਾ ਅਸਰ ਹੋਵੇ; ਉਹ ‘ਕਰਮ ਕਾਰਕ’ ਹੁੰਦਾ ਹੈ। ਵਾਕ ਦੀ ਕ੍ਰਿਆ ਨਾਲ ‘ਕੀ’ ਜਾਂ ‘ਕਿਸ ਨੂੰ’ ਲਗਾ ਕੇ ਸਵਾਲ ਪੈਦਾ ਕਰਨ ਨਾਲ, ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਹੁੰਦਾ ਹੈ; ਜਿਵੇਂ ‘ਗੁਰਮੁਖ ਨੇ ਅੰਮ੍ਰਿਤ ਛਕਿਆ’। ‘ਉਸ ਨੇ ਨਿਤਨੇਮ ਨੂੰ ਵਿਚਾਰਿਆ’; ਵਾਕਾਂ ’ਚ ‘ਕੀ ਛਕਿਆ ?, ਕਿਸ ਨੂੰ ਵਿਚਾਰਿਆ ?, ਦਾ ਜਵਾਬ ਹੈ: ‘ਅੰਮ੍ਰਿਤ’ ਅਤੇ ‘ਨਿਤਨੇਮ’ ਭਾਵ ਦੋਵੇਂ ਵਾਕਾਂ ’ਚ ‘ਅੰਮ੍ਰਿਤ’ ਅਤੇ ਨਿਤਨੇਮ ਇੱਕ ਵਚਨ ਪੁਲਿੰਗ ਨਾਂਵ ‘ਕਰਮ ਕਾਰਕ’ ਹਨ। ਗੁਰਬਾਣੀ ਲਿਖਤ ਮੁਤਾਬਕ ਇਹ ਦੋਵੇਂ ‘ਅੰਮ੍ਰਿਤੁ’ ਅਤੇ ‘ਨਿਤਨੇਮੁ’ ਵਾਙ ਲਿਖੇ ਜਾਣਗੇ।
ਕਰਮ ਕਾਰਕ ਦਾ ਕਾਰਕੀ ਚਿੰਨ੍ਹ ‘ਨੂੰ’ ਹੈ ਤੇ ਗੁਰਬਾਣੀ ’ਚ ਇਹ ਵੀ ਦਰਜ ਨਹੀਂ। ਇੱਕ ਵਚਨ ਪੁਲਿੰਗ ਨਾਂਵ ਦੇ ਅੰਤ ਔਂਕੜ ’ਚੋਂ ਹੀ ‘ਨੂੰ’ ਲੁਪਤ ਮਿਲਦਾ ਹੈ। ਮਿਸਾਲ ਵਜੋਂ ਉਕਤ ਦੋਵੇਂ ਵਾਕ; ਗੁਰਬਾਣੀ ਲਿਖਤ ਮੁਤਾਬਕ ਇਉਂ ਲਿਖੇ ਜਾਣਗੇ, ‘ਗੁਰਮੁਖਿ (ਨੇ) ਅੰਮ੍ਰਿਤੁ (ਨੂੰ) ਛਕਿਆ।, ਤਿਨਿ (ਨੇ) ਨਿਤਨੇਮੁ (ਨੂੰ) ਵਿਚਾਰਿਆ।’
ਹੇਠਲੇ ਵਾਕਾਂ ’ਚ ਬੋਲਡ ਕੀਤੇ ਇੱਕ ਵਚਨ ਪੁਲਿੰਗ ਨਾਂਵ; ਕਰਮ ਕਾਰਕ ’ਚ ਹਨ, ਇਨ੍ਹਾਂ ਦੀ ਅੰਤ ਔਂਕੜ ’ਚੋਂ ਲੁਪਤ ‘ਨੂੰ’ ਲੈ ਕੇ ਅਰਥ ਸਮਝਣੇ ਹਨ :
ਜਾਲਿ ਮੋਹੁ, ਘਸਿ ਮਸੁ ਕਰਿ… ॥…ਲਿਖੁ ਨਾਮੁ, ਸਾਲਾਹ ਲਿਖੁ; ਲਿਖੁ ਅੰਤੁ ਨ ਪਾਰਾਵਾਰੁ॥ (ਮਹਲਾ ੧/੧੬)
ਮਾਇਆ ਮੋਹੁ, ਮੇਰੈ+ਪ੍ਰਭਿ (ਨੇ) ਕੀਨਾ.. ॥ (ਮਹਲਾ ੩/੬੭)
ਮਾਇਆ ਮੋਹੁ, ਸਬਦਿ (ਨਾਲ) ਜਲਾਇਆ ॥ (ਮਹਲਾ ੩/੧੨੦)
ਮਨੁ ਤਨੁ ਨਿਰਮਲੁ; ਮਾਇਆ ਮੋਹੁ ਗਵਾਏ (ਗਵਾ ਕੇ)॥ (ਮਹਲਾ ੩/੧੨੧)
ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ (ਟੀਚਾ) ॥ (ਮਹਲਾ ੧/੮੪)
ਨੋਟ: ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਅੰਤਮ ਵਾਕ ਦੇ ਅਰਥ ਕੀਤੇ ਹਨ: (ਹੇ ਭਾਈ !) ‘ਰੱਬ ’ਤੇ ਭਰੋਸਾ ਰੱਖ- ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ। ਆਪਣੇ ਮਨ ਨੂੰ ਰੱਬ ਵਿੱਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।’ ਜ਼ਰਾ ਹੁਣ ਇੱਕ ਵਾਕ ਵਿਆਕਰਣ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਤੁਕ ਨੂੰ ਦੁਬਾਰਾ ਪੜ੍ਹੋ ਤਾਂ ਸਪਸ਼ਟ ਹੋ ਜਾਏਗਾ ਕਿ ਵਿਆਕਰਣ ਨਿਯਮ ਬਹੁਤ ਹੀ ਸੰਖੇਪਤਾ ’ਚ ਅਰਥ ਸਮਝਾ ਦਿੰਦੇ ਹਨ, ਨਹੀਂ ਤਾਂ ਪ੍ਰੋ. ਸਾਹਿਬ ਸਿੰਘ ਜੀ ਵਾਙ ਵਿਸਥਾਰ ਦੇਣਾ ਹੀ ਪੈਣਾ ਹੈ।
ਮਨੁ ਕਰਿ ਬੈਲੁ, ਸੁਰਤਿ ਕਰਿ ਪੈਡਾ…॥ (ਭਗਤ ਕਬੀਰ/੧੧੨੩)
ਰਾਮ ਰਤਨੁ ਮਨਿ+ਤਨਿ (’ਚ) ਬਸੈ; ਤਜਿ (ਕੇ) ਕਾਮੁ ਕ੍ਰੋਧੁ ਲੋਭੁ ਮੀਤ ! ॥ (ਮਹਲਾ ੫/੨੯੬)
ਕਰਿ ਪ੍ਰਸਾਦੁ (ਨੂੰ ਭਾਵ ਮਿਹਰ ਕਰ ਕੇ) ਇਕੁ ਖੇਲੁ ਦਿਖਾਇਆ ॥ (ਮਹਲਾ ੩/੧੧੨੮)
ਕਰਿ ਬੈਰਾਗੁ, ਤੂੰ ਛੋਡਿ ਪਾਖੰਡੁ; ਸੋ ਸਹੁ, ਸਭੁ ਕਿਛੁ ਜਾਣਏ ॥ (ਮਹਲਾ ੩/੪੪੦)
ਤਨੁ ਮਨੁ ਧਨੁ; ਹਰਿ ਆਗੈ ਰਾਖਿਆ ॥ (ਮਹਲਾ ੧/੧੩੪੩)
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ; ਤਿਆਗਹੁ ਮਨਹੁ ਗੁਮਾਨੀ ॥ (ਮਹਲਾ ੫/੨੧੬)
ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ (ਸੁਖਮਨੀ/ਮਹਲਾ ੫/੨੯੫)
ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ ਅੰਤਰਿ ਪਰਗਾਸੁ; ਹਰਿ ਨਾਮੁ ਧਿਆਵੈ ॥ (ਮਹਲਾ ੩/੬੬੪)
ਸੋ ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜ ’ਚੋਂ ਕਰਮ ਕਾਰਕੀ ਚਿੰਨ੍ਹ ‘ਨੂੰ’ (ਲੁਪਤ) ਮਿਲਦਾ ਹੈ, ਜੋ ਗੁਰਬਾਣੀ ’ਚ ਇੱਕ ਵਾਰ ਵੀ ਦਰਜ ਨਹੀਂ। ਇੱਕ ਵਚਨ ਪੁਲਿੰਗ ਨਾਂਵ ਦੀ ਇਹ ਅੰਤ ਔਂਕੜ ਵਿਅਰਥ ਨਹੀਂ ਹੈ। ਇਸ ਦੇ ਮਨੋਰਥ ਨੂੰ ਸਮਝਣ ਦੀ ਜ਼ਰੂਰਤ ਹੈ।
(3). ਕਰਣ ਕਾਰਕ: ‘ਕਰਣ’ ਦਾ ਅਰਥ ਹੈ: ਵਸੀਲਾ ਜਾਂ ਸਾਧਨ’; ਜਿਵੇਂ ‘ਗਲਾਸ ਨਾਲ ਪਾਣੀ ਪੀਤਾ’, ਵਾਕ ’ਚ ਪਾਣੀ ਪੀਣ ਲਈ ‘ਗਲਾਸ’; ਜ਼ਰੀਆ ਹੈ, ਮਾਧਿਅਮ ਹੈ ਭਾਵ ‘ਕਰਣ ਕਾਰਕ’ ਹੈ।
ਪਰਿਭਾਸ਼ਾ: ਵਾਕ ਦਾ ਕਰਤਾ; ਜਿਸ ਜ਼ਰੀਏ (ਨਾਂਵ/ਪੜਨਾਂਵ ਜਾਂ ਵਿਅਕਤੀ/ਵਸਤੂ) ਰਾਹੀਂ ਕ੍ਰਿਆ ਦਾ ਕੰਮ ਕਰੇ, ਉਹ ‘ਕਰਣ ਕਾਰਕ’ ’ਚ ਹੁੰਦਾ ਹੈ; ਜਿਵੇਂ ‘ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ ਹੈ’ ਵਾਕ ਦੀ ਕ੍ਰਿਆ ਦਾ ਕੰਮ (ਰੱਬ ਦਾ ਮਿਲਣਾ ਹੈ, ਜੋ ਗੁਰੂ ਦੀ) ‘ਕਿਰਪਾ ਨਾਲ’ ਪੂਰਾ ਹੋਇਆ, ਇਸ ਲਈ ‘ਕਿਰਪਾ’; ਕਰਣ ਕਾਰਕ ਹੈ। ‘ਕਰਣ ਕਾਰਕ’ ਦੇ ਕਾਰਕੀ ਚਿੰਨ੍ਹ ਹਨ: ‘ਨਾਲ, ਰਾਹੀਂ, ਦੁਆਰਾ’।
ਕਿਸੇ ਵਾਕ ਦੀ ਕ੍ਰਿਆ ਨਾਲ ‘ਕਿਸ ਨਾਲ’, ਕਿਸ ਰਾਹੀਂ ਜਾਂ ਕਿਸ ਦੁਆਰਾ’ ਲਗਾ ਕੇ ਸਵਾਲ ਪੈਦਾ ਕੀਤਿਆਂ ਜੋ ਜਵਾਬ ਮਿਲੇ, ਉਹੀ ‘ਕਰਣ ਕਾਰਕ’ ਹੁੰਦਾ ਹੈ; ਜਿਵੇਂ ‘ਕਿਸ ਰਾਹੀਂ (ਰੱਬ) ਮਿਲਦਾ ਹੈ ? ‘ਕਿਸ ਨਾਲ (ਰੱਬ) ਮਿਲਦਾ ਹੈ ? ‘ਕਿਸ ਦੁਆਰਾ (ਰੱਬ) ਮਿਲਦਾ ਹੈ ? ਸਭ ਦਾ ਜਵਾਬ ਹੈ : (ਗੁਰੂ ਦੀ) ‘ਕਿਰਪਾ ਨਾਲ’।
ਗੁਰਬਾਣੀ ’ਚ ਭਾਵੇਂ ‘ਨਾਲਿ’ ਸ਼ਬਦ 243 ਵਾਰ, ‘ਰਾਹੀ’ 6 ਵਾਰ ਤੇ ‘ਦੁਆਰਾ’ 29 ਵਾਰ ਦਰਜ ਹੈ, ਪਰ ਇਹ ‘ਕਰਣ ਕਾਰਕ’ ਵਜੋਂ ਨਹੀਂ ਹਨ; ਜਿਵੇਂ ਕਿ
ਮਨਮੁਖਿ ਭੂਲੀ ਬਹੁਤੀ ਰਾਹੀ; ਫਾਥੀ ਮਾਇਆ ਫੰਦੇ ॥ (ਮਹਲਾ ੫/੭੭੯) (ਰਾਹੀ; ਨਾਂਵ ਹੈ। ਅਰਥ ਹੈ: ਬਹੁਤੇ ਰਾਹਾਂ ’ਚ)
ਨਾਨਕ ! ਧੰਨੁ ਸੁਹਾਗਣੀ; ਜਿਨ ਸਹ ਨਾਲਿ ਪਿਆਰੁ ॥ (ਮਹਲਾ ੧/੧੯) (ਨਾਲਿ; ਸੰਬੰਧਕ ਹੈ। ਅਰਥ ਹੈ: ਖਸਮ ਨਾਲ ਪਿਆਰ)
ਦੇਖਿ ਕੁਟੰਬੁ ਮੋਹਿ (’ਚ) ਲੋਭਾਣਾ; ਚਲਦਿਆ ਨਾਲਿ ਨ ਜਾਈ ॥ (ਮਹਲਾ ੩/੬੪) (ਨਾਲਿ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: (ਮਰਨ ਉਪਰੰਤ ਪਰਵਾਰ) ਨਾਲ ਨਹੀਂ ਜਾਂਦਾ।)
ਫਿਰਿ ਓਇ ਕਿਥਹੁ ਪਾਇਨਿ; ਮੋਖ ਦੁਆਰਾ ॥ (ਮਹਲਾ ੩/੧੧੫) (ਦੁਆਰਾ; ਨਾਂਵ ਹੈ। ਅਰਥ ਹੈ: ਮੁਕਤੀ ਦਾ ਦਰਵਾਜ਼ਾ)
ਨਾ ਜਾਨਉ; ਬੈਕੁੰਠ ਦੁਆਰਾ ॥ (ਭਗਤ ਕਬੀਰ/੧੧੬੧) (ਦੁਆਰਾ; ਨਾਂਵ ਹੈ। ਅਰਥ ਹੈ: ਸੁਰਗ ਦਾ ਬੂਹਾ)
ਸੋ ਗੁਰਬਾਣੀ ’ਚ ਕਰਣ ਕਾਰਕੀ ਚਿੰਨ੍ਹ ਵੀ ਦਰਜ ਨਹੀਂ ਹਨ। ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਸਿਹਾਰੀ ਲਗਾ ਕੇ ਉਸ ਵਿੱਚੋਂ ਇਹ ਕਾਰਕੀ ਚਿੰਨ੍ਹ ਲੁਪਤ ਲਏ ਗਏ ਹਨ; ਜਿਵੇਂ ਕਿ
(ੳ). ਗੁਰਬਾਣੀ ’ਚ ‘ਪ੍ਰਸਾਦੁ’ (ਅੰਤ ਔਂਕੜ/ਇੱਕ ਵਚਨ ਪੁਲਿੰਗ ਨਾਂਵ) 6 ਵਾਰ ਹੈ ਅਤੇ ਕਾਰਕੀ ਚਿੰਨ੍ਹ ਲੈਣ ਲਈ ਅੰਤ ਸਿਹਾਰੀ ‘ਪ੍ਰਸਾਦਿ/ਪਰਸਾਦਿ’ (736 + 83 = 819 ਵਾਰ) ਦਰਜ ਕੀਤਾ ਮਿਲਦਾ ਹੈ :
ਨੋਟ: ਵਾਰ ਵਾਰ ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜ ਦਾ ਵੇਰਵਾ ਦੇਣ ਦਾ ਕਾਰਨ ਇਹ ਹੈ ਕਿ ਵਿਚਾਰ ਅਧੀਨ ਸਾਰੇ ਨਾਂਵ–ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਹੀ ਹਨ, ਜੋ ਗੁਰਬਾਣੀ ’ਚ ਅੰਤ ਔਂਕੜ ਹੁੰਦੇ ਹਨ; ਜਿਵੇਂ ਕਿ
ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ (ਦਾ); ਸੰਤਸੰਗਿ ਪਤਿ ਪਾਈ ॥ (ਮਹਲਾ ੫/੧੦੦੦) (ਇੱਥੇ ‘ਪ੍ਰਸਾਦੁ’ ’ਚੋਂ ਕੋਈ ਲੁਪਤ ਸੰਬੰਧਕ ਨਹੀਂ ਮਿਲਦਾ।)
ਇਹੁ ਪਰਸਾਦੁ; ਗੁਰੂ ਤੇ ਜਾਣੈ ॥ (ਮਹਲਾ ੧/੧੨੮੯) (ਭਾਵ ਇਹ ਮਿਹਰ; ਗੁਰੂ ਤੋਂ ਮਿਲਦੀ ਹੈ। ਨੋਟ: ਜੇ ‘ਪਰਸਾਦੁ’; ਪੁਲਿੰਗ ਨਾ ਹੁੰਦਾ ਤਾਂ ਪੜਨਾਂਵੀ ਵਿਸ਼ੇਸ਼ਣ ‘ਇਹੁ’ ਦੀ ਥਾਂ ਵੀ ‘ਇਹ’ ਹੋਣਾ ਸੀ ਕਿਉਂਕਿ ਇਸਤਰੀ ਲਿੰਗ ਨਾਂਵ ਲਈ ਅੰਤ ਮੁਕਤਾ ਹੋਣਾ ਜ਼ਰੂਰੀ ਹੈ।)
ੴ ਸਤਿ ਗੁਰ ਪ੍ਰਸਾਦਿ ॥ (ਪ੍ਰਸਾਦਿ; ਕਰਣ ਕਾਰਕ ਨਾਂਵ ਹੈ। ਅਰਥ ਹੈ: (ਗੁਰੂ ਦੀ) ਕਿਰਪਾ ਨਾਲ।)
ਗੁਰ ਪਰਸਾਦਿ; ਅਕਥੁ ਨਾਨਕਿ (ਨੇ) ਵਖਾਣਿਆ ॥ (ਮਹਲਾ ੫/੩੯੭) ਭਾਵ ਗੁਰੂ ਦੀ ਕਿਰਪਾ ਨਾਲ; ਨਾਨਕ ਨੇ ਅਕੱਥ (ਰੱਬ) ਨੂੰ ਵੀ ਵਖਿਆਨ ਕਰ ਦਿੱਤਾ ਹੈ।
ਨੋਟ: ਉਕਤ ‘ਪ੍ਰਸਾਦੁ’ ਪੁਲਿੰਗ ਦਾ ਅਰਥ ‘ਮਿਹਰ/ਕਿਰਪਾ’ (ਇਸਤਰੀ ਲਿੰਗ) ਵੇਖ ਕੇ ਅੰਤ ਮੁਕਤਾ (ਪ੍ਰਸਾਦ) ਹੋਣ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ। ‘ਪ੍ਰਸਾਦੁ’ ਸੰਸਕ੍ਰਿਤ ’ਚ ਪੁਲਿੰਗ ਹੈ ਅਤੇ ਅਰਬੀ ’ਚ ਵੀ ‘ਫ਼ਜ਼ਲ’ (ਪੁਲਿੰਗ) ਹੈ।
ਗੁਰਬਾਣੀ ’ਚ ‘ਪ੍ਰਸਾਦ’ (ਅੰਤ ਮੁਕਤਾ) ਬਹੁ ਵਚਨ ਇੱਕ ਵਾਰ ਦਰਜ ਹੈ। ਇੱਥੇ ਇਸ ਦਾ ਅਰਥ ‘ਮਿਹਰ’ ਵੀ ਨਹੀਂ ਬਲਕਿ ‘ਕੜਾਹ ਪ੍ਰਸ਼ਾਦ’ ਹੈ, ‘‘ਜੇ ਓਹੁ; ਅਨਿਕ ਪ੍ਰਸਾਦ ਕਰਾਵੈ ॥’’ (ਭਗਤ ਰਵਿਦਾਸ/੮੭੫) ਇਸ ਤੁਕ ’ਚ ‘ਪ੍ਰਸਾਦ’ ਦਾ ਉਚਾਰਨ ਹੈ: ‘ਪ੍ਰਸ਼ਾਦ’।
ਸਿੱਖ ਰਹਿਤ ਮਰਿਆਦਾ ’ਚ ਅਣਗਹਿਲੀ ਨਾਲ 13 ਵਾਰ ‘ਕੜਾਹ ਪ੍ਰਸ਼ਾਦਿ’ ਲਿਖਿਆ ਮਿਲਦਾ ਹੈ। ਕਈ ਗੁਰਦੁਆਰਿਆਂ ’ਚ ਵੀ ‘ਕੜਾਹ ਪ੍ਰਸ਼ਾਦਿ’ ਜਾਂ ‘ਕੜਾਹਿ ਪ੍ਰਸ਼ਾਦਿ’ ਲਿਖਿਆ ਮਿਲਦਾ ਹੈ। ਇੱਥੋਂ ਸਿੱਖ ਸੰਗਤਾਂ ਨੂੰ ਭੁਲੇਖਾ ਲੱਗ ਸਕਦਾ ਹੈ ਕਿ ਸ਼ਾਇਦ ‘ਗੁਰ ਪ੍ਰਸਾਦਿ’ ਦਾ ਉਚਾਰਨ ਵੀ ‘ਗੁਰ ਪ੍ਰਸ਼ਾਦ’ ਹੀ ਹੈ। ਸੋ ‘ਕੜਾਹ ਪ੍ਰਸ਼ਾਦ’ ਨੂੰ ‘ਕੜਾਹ ਪ੍ਰਸ਼ਾਦਿ’ ਜਾਂ ‘ਕੜਾਹਿ ਪ੍ਰਸ਼ਾਦਿ’ ਨਹੀਂ ਲਿਖਣਾ ਚਾਹੀਦਾ। ਇਸ ਲਿਖਤ ਗ਼ਲਤੀ ’ਚ ਹਰ ਥਾਂ ਸੋਧ ਕਰਨੀ ਬਣਦੀ ਹੈ।
(ਅ). ਗੁਰਬਾਣੀ ’ਚ ‘ਸਬਦੁ’ (ਅੰਤ ਔਂਕੜ) 594 ਵਾਰ ਹੈ ਤੇ ਕਾਰਕੀ ਅਰਥ ਲੈਣ ਲਈ 953 ਵਾਰ ‘ਸਬਦਿ’ (ਅੰਤ ਸਿਹਾਰੀ) ਵੀ ਦਰਜ ਕੀਤਾ ਮਿਲਦਾ ਹੈ :
ਪ੍ਰਭੁ ਮੇਲੇ ਤਾ ਮਿਲਿ ਰਹੈ; ਹਉਮੈ ਸਬਦਿ (ਰਾਹੀਂ) ਜਲਾਇ (ਕੇ) ॥ (ਮਹਲਾ ੩/੭੫੫)
ਜਿਨੀ ਹੁਕਮੁ ਪਛਾਣਿਆ; ਸੇ ਮੇਲੇ, ਹਉਮੈ ਸਬਦਿ (ਦੁਆਰਾ) ਜਲਾਇ (ਕੇ) ॥ (ਮਹਲਾ ੩/੧੨੫੮)
ਬਿਨੁ ਨਾਵੈ ਸਭ ਵਿਛੁੜੀ; (ਪਰ) ਗੁਰ ਕੈ ਸਬਦਿ (ਰਾਹੀਂ ਫਿਰ) ਮਿਲਾਏ ॥ (ਮਹਲਾ ੩/੫੫੯)
ਸਚੜਾ ਸਾਹਿਬੁ ਸਬਦਿ (ਨਾਲ) ਪਛਾਣੀਐ; ਆਪੇ ਲਏ ਮਿਲਾਏ ॥ (ਮਹਲਾ ੩/੫੮੨)
(ੲ). ਗੁਰਬਾਣੀ ’ਚ ‘ਸਿਮਰਨੁ/ਸਿਮਰਣੁ’ (ਅੰਤ ਔਂਕੜ); 29+5=34 ਵਾਰ ਹੈ ਭਾਵ ਸਿਮਰਨੁ 29 ਵਾਰ, ਸਿਮਰਣੁ 5 ਵਾਰ ਹੈ। ਕਾਰਕੀ ਚਿੰਨ੍ਹ ਲੈਣ ਲਈ ‘ਸਿਮਰਣਿ’ 9 ਵਾਰ/‘ਸਿਮਰਨਿ’ 70 ਵਾਰ ਵੀ ਦਰਜ ਕੀਤਾ ਮਿਲਦਾ ਹੈ :
ਸੁਖ ਸਾਗਰ ਗੋਬਿੰਦ (ਦਾ) ਸਿਮਰਣੁ; ਭਗਤ ਗਾਵਹਿ ਗੁਣ ਤੇਰੇ, ਰਾਮ ! ॥ (ਮਹਲਾ ੫/੯੨੫) (ਇੱਥੇ ਕੋਈ ਲੁਪਤ ਅਰਥ ਨਹੀਂ ਮਿਲਦਾ)
ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥ (ਸੁਖਮਨੀ/ਮਹਲਾ ੫/੨੬੩) (ਇੱਥੇ ਵੀ ਲੁਪਤ ਅਰਥ ਨਹੀਂ ਮਿਲਦਾ ਭਾਵ ਇਹ ਆਪਣੇ ਅਸਲ ਰੂਪ ’ਚ ਹੈ, ਪਰ)
ਪ੍ਰਭ ਕੈ ਸਿਮਰਨਿ (ਰਾਹੀਂ); ਗਰਭਿ ਨ ਬਸੈ ॥ (ਸੁਖਮਨੀ/ਮਹਲਾ ੫/੨੬੨)
ਪ੍ਰਭ ਕੈ ਸਿਮਰਨਿ (ਨਾਲ); ਭਉ ਨ ਬਿਆਪੈ ॥ (ਸੁਖਮਨੀ/ਮਹਲਾ ੫/੨੬੨)
ਪ੍ਰਭ ਕੈ ਸਿਮਰਨਿ (ਦੁਆਰਾ); ਹੋਇ, ਸੁ ਭਲਾ ॥ (ਸੁਖਮਨੀ/ਮਹਲਾ ੫/੨੬੨)
ਜਾ ਕੈ ਸਿਮਰਣਿ (ਨਾਲ) ਸਭੁ ਕਛੁ ਪਾਈਐ; ਬਿਰਥੀ ਘਾਲ ਨ ਜਾਈ ॥ (ਮਹਲਾ ੫/੬੧੭)
ਸੋ ਗੁਰਬਾਣੀ ਲਿਖਤ ਮੁਤਾਬਕ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਕਰਣ ਕਾਰਕੀ ਚਿੰਨ੍ਹ (ਨਾਲ/ਰਾਹੀਂ/ਦੁਆਰਾ) ਲੁਪਤ ਦੇਣ ਲਈ ਵੀ ਅੰਤ ਸਿਹਾਰੀ ਹੋ ਜਾਂਦਾ ਹੈ।
(4). ਸੰਪ੍ਰਦਾਨ ਕਾਰਕ: ‘ਸੰਪ੍ਰਦਾਨ’ ਦਾ ਅਰਥ ਹੈ : ‘ਦੇਣਾ ਜਾਂ ਬਖ਼ਸ਼ਸ਼’ ਭਾਵ ਦੂਸਰੇ ਲਈ ਕੰਮ ਕਰਨਾ।
ਪਰਿਭਾਸ਼ਾ: ਵਾਕ ਦਾ ਕਰਤਾ; ਜਿਸ (ਨਾਂਵ/ਪੜਨਾਂਵ) ਲਈ ਕੰਮ ਕਰੇ ਉਹ ‘ਸੰਪ੍ਰਦਾਨ ਕਾਰਕ’ ’ਚ ਹੁੰਦਾ ਹੈ; ਜਿਵੇਂ ‘ਰੱਬ ਨੇ ਮਨੁੱਖ ਲਈ ਗੁਰੂ ਭੇਜਿਆ। ਸਿੱਖ ਨੂੰ ਲੰਗਰ ਛਕਾਓ।’ ਵਾਕਾਂ ’ਚ ‘ਮਨੁੱਖ’ ਅਤੇ ‘ਸਿੱਖ’; ਸੰਪ੍ਰਦਾਨ ਕਾਰਕ ਹਨ। ਗੁਰਬਾਣੀ ਲਿਖਤ ਮੁਤਾਬਕ ਇਨ੍ਹਾਂ ਨੂੰ ‘ਮਨੁਖ, ਸਿਖ’ ਲਿਖਿਆ ਜਾਵੇਗਾ ਭਾਵ ਇਹ ਅੰਤ ਔਂਕੜ ਤੋਂ ਅੰਤ ਮੁਕਤਾ ਹੋ ਕੇ ‘ਸੰਪ੍ਰਦਾਨ ਕਾਰਕੀ ਚਿੰਨ੍ਹ ‘ਲਈ, ਨੂੰ, ਤੋਂ’ ਦਿੰਦੇ ਹਨ। ਇਨ੍ਹਾਂ ਦੋਵੇਂ ਵਾਕਾਂ ਨੂੰ ਗੁਰਬਾਣੀ ਲਿਖਤ ਮੁਤਾਬਕ ਇਉਂ ਲਿਖਾਂਗੇ: ‘ਰਬਿ ਮਨੁਖ ਗੁਰੁ ਭੇਜਿਆ’ ਭਾਵ ਰੱਬ ਨੇ ਮਨੁੱਖ ਲਈ ਗੁਰੁ ਨੂੰ ਭੇਜਿਆ ਅਤੇ ‘ਸਿਖ ਲੰਗਰੁ ਛਕਾਓ’ ਭਾਵ ਸਿੱਖ ਲਈ ਲੰਗਰ ਨੂੰ ਛਕਾਓ।
ਗੁਰਬਾਣੀ ’ਚ ਸੰਪ੍ਰਦਾਨ ਕਾਰਕੀ ਚਿੰਨ੍ਹਾਂ ਦੇ ਅਰਥਾਂ ’ਚ ਪ੍ਰਗਟ ਰੂਪ ਵਜੋਂ ‘ਕਉ, ਕੌ, ਕੈ, ਕੂ, ਕਹੁ, ਨੋ, ਨਉ, ਵਿਟਹੁ’ ਸ਼ਬਦ ਵੀ ਮਿਲਦੇ ਹਨ ਅਤੇ ਇਹ ਸਾਰੇ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਵੀ ਕਰ ਦਿੰਦੇ ਹਨ। ਹੇਠਲੇ ਵਾਕਾਂ ’ਚ ਇਨ੍ਹਾਂ ਨੇ ਇੱਕ ਵਚਨ ਪੁਲਿੰਗ ਨਾਂਵਾਂ (ਸਤਿਗੁਰ, ਜੋਗ, ਸੁਹਾਗ, ਦੁਧ, ਨਾਮ, ਸਚਿਆਰ, ਪਾਰਬ੍ਰਹਮ, ਅਨੰਦ ਰੂਪ, ਨਾਨਕ, ਦਰਸਨ, ਮਨਮੁਖ, ਸੇਵਕ, ਪ੍ਰਭ’) ਨੂੰ ਅੰਤ ਮੁਕਤਾ ਕੀਤਾ ਹੈ :
ਸਤਿਗੁਰ ਨੋ ਸਭ ਕੋ ਲੋਚਦਾ; ਜੇਤਾ ਜਗਤੁ ਸਭੁ ਕੋਇ ॥ (ਮਹਲਾ ੪/੪੧) (ਨੋ ਭਾਵ ਨੂੰ)
ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ॥ (ਮਹਲਾ ੩/੫੯੪) (ਨੋ ਭਾਵ ਨੂੰ)
ਭਗਤਿ ਜੋਗ ਕੌ ਜੈਤਵਾਰੁ; ਹਰਿ ਜਨਕੁ ਉਪਾਯਉ ॥ (ਭਟ ਕਲੵ/੧੪੦੭) (ਕੌ ਭਾਵ ਨੂੰ)
ਭਾਵ ਹੇ ਗੁਰੂ ਅਰਜੁਨ ਦੇਵ ਜੀ ! ਹਰੀ ਨੇ (ਆਪ ਨੂੰ) ਭਗਤੀ ਦੇ ਯੋਗ ਨੂੰ ਜਿੱਤਣ ਵਾਲਾ ‘ਜਨਕੁ’ (ਗਿਆਤਾ) ਪੈਦਾ ਕੀਤਾ ਹੈ।
ਢੂਢੇਦੀਏ ਸੁਹਾਗ ਕੂ; ਤਉ ਤਨਿ (’ਚ) ਕਾਈ ਕੋਰ ॥ (ਬਾਬਾ ਫਰੀਦ/੧੩੮੪) (ਕੂ ਭਾਵ ਨੂੰ)
ਭਾਵ ਹੇ ਪਤੀ ਨੂੰ ਭਾਲਣ ਵਾਲੀਏ ! (ਜੇ ਐਨੀ ਬੰਦਗੀ ਕਰਕੇ ਵੀ ਪਤੀ ਨਹੀਂ ਮਿਲਿਆ ਤਾਂ) ਤੇਰੇ ਸਰੀਰ ’ਚ ਹੀ ਕੋਈ ਘਾਟ ਹੈ।
ਆਵਟਣੁ ਆਪੇ ਖਵੈ; ਦੁਧ ਕਉ ਖਪਣਿ ਨ ਦੇਇ ॥ (ਮਹਲਾ ੧/੬੦) (ਕਉ ਭਾਵ ਨੂੰ)
ਭਾਵ (ਪਾਣੀ) ਉਬਾਲ਼ਾ ਆਪ ਸਹਾਰਦਾ ਹੈ ਪਰ ਦੁੱਧ ਨੂੰ ਮੱਚਣ ਨਹੀਂ ਦਿੰਦਾ।
ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ਬਲਿਹਾਰੀ ॥ (ਮਹਲਾ ੪/੫੦੬) (ਕੈ ਭਾਵ ਤੋਂ)
ਹਉ ਸਤਿਗੁਰ ਵਿਟਹੁ ਵਾਰਿਆ; ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ (ਮਹਲਾ ੪/੪੧) (ਵਿਟਹੁ ਭਾਵ ਤੋਂ)
ਹਰਿ ਕੇ ਨਾਮ ਵਿਟਹੁ; ਬਲਿ ਜਾਉ ॥ (ਮਹਲਾ ੩/੧੫੯) (ਵਿਟਹੁ ਭਾਵ ਤੋਂ)
ਸਾਚੇ ਸਚਿਆਰ ਵਿਟਹੁ; ਕੁਰਬਾਣੁ ॥ (ਮਹਲਾ ੧/੫੯੭) (ਵਿਟਹੁ ਭਾਵ ਤੋਂ)
ਪਾਰਬ੍ਰਹਮ ਵਿਟਹੁ; ਕੁਰਬਾਨਾ ॥ (ਮਹਲਾ ੫/੬੨੪) (ਵਿਟਹੁ ਭਾਵ ਤੋਂ)
ਸਾਹਿਬ ! ਤੇਰੇ ਨਾਮ ਵਿਟਹੁ ; ਬਿੰਦ ਬਿੰਦ ਚੁਖ ਚੁਖ ਹੋਇ ॥ (ਮਹਲਾ ੧/੬੬੦) (ਵਿਟਹੁ ਭਾਵ ਤੋਂ)
ਆਨਦ ਰੂਪ ਵਿਟਹੁ; ਕੁਰਬਾਣੀ ॥ (ਮਹਲਾ ੧/੧੩੪੨) (ਵਿਟਹੁ ਭਾਵ ਤੋਂ)
ਨਾਨਕ ਕਉ ਪ੍ਰਭ ਮਇਆ ਕਰਿ; ਸਚੁ ਦੇਵਹੁ ਅਪੁਣਾ ਨਾਉ ॥ (ਮਹਲਾ ੫/੪੪) (ਕਉ ਭਾਵ ਲਈ)
ਤੇਰੇ ਦਰਸਨ ਕਉ ਬਲਿਹਾਰਣੈ; ਤੁਸਿ (ਤਰੁਠ ਕੇ) ਦਿਤਾ ਅੰਮ੍ਰਿਤ ਨਾਮੁ ॥ (ਮਹਲਾ ੫/੫੨) (ਕਉ ਭਾਵ ਲਈ)
ਸਤਿਗੁਰ ਕਉ ਬਲਿ ਜਾਈਐ ॥ (ਮਹਲਾ ੧/੭੧) (ਕਉ ਭਾਵ ਤੋਂ)
ਮਨਮੁਖ ਕਉ ਲਾਗੋ ਸੰਤਾਪੁ ॥ (ਮਹਲਾ ੫/੧੯੦) (ਕਉ ਭਾਵ ਨੂੰ)
ਸੇਵਕ ਕਉ; ਦੀਨੀ ਅਪੁਨੀ ਸੇਵ ॥ (ਮਹਲਾ ੫/੧੯੧) (ਕਉ ਭਾਵ ਲਈ)
ਪ੍ਰਭ ਕਉ; ਸਦ ਬਲਿ ਜਾਈ ਜੀਉ ॥ (ਮਹਲਾ ੫/੨੧੭) (ਕਉ ਭਾਵ ਤੋਂ)
ਸੋ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਸੰਪ੍ਰਦਾਨ ਕਾਰਕ ’ਚ ਅੰਤ ਮੁਕਤਾ ਹੋ ਜਾਂਦਾ ਹੈ ਭਾਵੇਂ ਸੰਬੰਧਕੀ ਚਿੰਨ੍ਹ ਪ੍ਰਗਟ ਰੂਪ ’ਚ ਹੋਣ ਜਾਂ ਲੁਪਤ ਰੂਪ ’ਚ।
(5). ਅਪਾਦਾਨ ਕਾਰਕ : ‘ਸੰਪ੍ਰਦਾਨ ਕਾਰਕ’ ਦਾ ਅਰਥ ਸੀ : ‘ਦੇਣਾ’ ਭਾਵ ਦੂਸਰੇ ਦੀ ਸ਼ਕਤੀ ਵਧਾ ਦੇਣੀ ਪਰ ‘ਅਪਾਦਾਨ’ ਦਾ ਅਰਥ ਹੈ : ‘ਲੈਣਾ’ ਭਾਵ ਦੂਸਰੇ ਵਿਅਕਤੀ, ਸਥਾਨ ਜਾਂ ਵਸਤੂ ’ਚੋਂ ਕੋਈ ਚੀਜ਼ ਕੱਢ ਕੇ ਆਪਣੀ ਸ਼ਕਤੀ ਵਧਾ ਲੈਣੀ।
ਪਰਿਭਾਸ਼ਾ : ਜਿਸ ‘ਨਾਂਵ/ਪੜਨਾਂਵ’ ਤੋਂ ਕ੍ਰਿਆ ਦਾ ਕੰਮ ਸ਼ੁਰੂ ਹੋਵੇ ਜਾਂ ਜਿਸ ‘ਨਾਂਵ/ਪੜਨਾਂਵ’ ’ਚੋਂ ਵੱਖ ਹੋਣ ਦਾ ਭਾਵ ਪ੍ਰਗਟ ਹੋਵੇ। ਉਹ ‘ਅਪਾਦਾਨ ਕਾਰਕ’ ਹੁੰਦਾ ਹੈ; ਜਿਵੇਂ ‘ਟੱਬ ’ਚੋਂ ਪਾਣੀ ਕੱਢ। ਗੁਰੂ ਤੋਂ ਨਾਮ ਮੰਗ।’, ਇਨ੍ਹਾਂ ਵਾਕਾਂ ’ਚ ‘ਟੱਬ, ਗੁਰੂ’; ਅਪਾਦਾਨ ਕਾਰਕ ਹਨ। ਅਪਾਦਾਨ ਕਾਰਕੀ ਚਿੰਨ੍ਹ ਹਨ : ‘ਤੋਂ, ’ਚੋਂ, ਵਿੱਚੋਂ, ਕੋਲ਼ੋਂ, ਪਾਸੋਂ’।
ਚੇਤੇ ਰਹੇ ਕਿ ਅਪਾਦਾਨ ਕਾਰਕ; ਸੰਪ੍ਰਦਾਨ ਕਾਰਕ ਦੇ ਬਿਲਕੁਲ ਉਲ਼ਟ ਕ੍ਰਿਆ ਦਾ ਕੰਮ ਕਰਦਾ ਹੈ; ਜਿਵੇਂ ਕਿ
ਗੁਰੂ ਤੋਂ ਕੁਰਬਾਨ ਹੋ। (ਸੰਪ੍ਰਦਾਨ ਕਾਰਕੀ ਚਿੰਨ੍ਹ ‘ਤੋਂ’ ਭਾਵ ਕ੍ਰਿਆ ਗੁਰੂ ਵੱਲ ਹੋ ਰਹੀ ਹੈ: ‘ਦੇਣਾ’)
ਗੁਰੂ ਤੋਂ ਨਾਮ ਮੰਗ। (ਅਪਾਦਾਨ ਕਾਰਕੀ ਚਿੰਨ੍ਹ ‘ਤੋਂ’ ਭਾਵ ਕ੍ਰਿਆ ਆਪਣੇ ਵੱਲ ਹੋ ਰਹੀ ਹੈ : ‘ਲੈਣਾ’)
ਗੁਰਬਾਣੀ ’ਚ ਅਪਾਦਾਨ ਕਾਰਕੀ ਚਿੰਨ੍ਹ ਹਨ: ‘ਤੇ/ਦੂ/ਦੂੰ/ਸੇ/ਸੈ/ਥੇ/ਡੂੰ/ਹੂ/ਹੂੰ (ਇਨ੍ਹਾਂ ਸਭ ਦਾ ਅਰਥ ਹੈ: ਤੋਂ), ਪਾਸਹੁ, ਨਾਲਹੁ, ਵਿਚਹੁ, ਕੰਨਹੁ (ਕੋਲ਼ੋਂ), ਪਹੁ/ਸਿਉ (ਪਾਸੋਂ), ਥਾਵਹੁ (ਨਾਲੋਂ/ਤੋਂ)’।
ਹਥਲਾ ਵਿਸ਼ਾ (ਪ੍ਰਸੰਗ) ਇੱਕ ਵਚਨ ਪੁਲਿੰਗ ਨਾਂਵ ਦੀ ਬਣਤਰ (ਅੰਤ ਮੁਕਤਾ, ਅੰਤ ਔਂਕੜ ਜਾਂ ਅੰਤ ਸਿਹਾਰੀ) ਦੇ ਇਰਦ–ਗਿਰਦ ਹੈ, ਇਸ ਲਈ ਭਾਵੇਂ ਗੁਰਬਾਣੀ ’ਚ ਇਹ ਸਾਰੇ ਅਪਾਦਾਨ ਕਾਰਕੀ ਚਿੰਨ੍ਹ ਹਨ, ਪਰ ‘ਤੇ’ ਤੋਂ ਬਿਨਾਂ ਕੇਵਲ ਹੇਠਲੇ 5 ਵਾਕਾਂ ’ਚ ਹੀ 5 ਅਪਾਦਾਨ ਸੰਬੰਧਕ ਚਿੰਨ੍ਹਾਂ ਨੇ ਅੰਤ ਔਂਕੜ ਨਾਂਵ ਨੂੰ ਕੇਵਲ ਇੱਕ ਇੱਕ ਵਾਰ ਹੀ ਅੰਤ ਮੁਕਤਾ ਕੀਤਾ ਹੈ :
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ; ਕਰਿ ਸਾਂਝੀ ਹਰਿ ਗੁਣ ਗਾਵਾਂ ॥ (ਮਹਲਾ ੪/੫੬੨) (ਪਾਸਹੁ ਭਾਵ ਕੋਲ਼ੋਂ)
ਨਰ ਸੈ; ਨਾਰਿ ਹੋਇ ਅਉਤਰੈ ॥ (ਭਗਤ ਨਾਮਦੇਵ/੮੭੪) (ਸੈ ਭਾਵ ਤੋਂ)
ਖਾਲਕ ਥਾਵਹੁ ਭੁਲਾ; ਮੁਠਾ (ਭਾਵ ਸੁਆਸ ਪੂੰਜੀ ਲੁਟਾ ਬੈਠਦਾ ਹੈ)॥ (ਮਹਲਾ ੫/੧੦੨੦) (ਥਾਵਹੁ ਭਾਵ ਤੋਂ)
ਆਸਾ ਮਨਸਾ ਪੂਰਨ ਹੋਵੈ; ਪਾਵਹਿ ਸਗਲ ਨਿਧਾਨ ਗੁਰ ਸਿਉ ॥ (ਮਹਲਾ ੫/੮੯੫) (ਸਿਉ ਭਾਵ ਪਾਸੋਂ)
ਗੁਰਬਾਣੀ ’ਚ ‘ਤੇ’ ਸ਼ਬਦ 1698 ਵਾਰ ਹੈ, ਪਰ ਇਸ ਦੇ ਤਿੰਨ ਅਰਥ ਹਨ: ‘ਤੋਂ’, ਉਹ (ਪੜਨਾਂਵ) ਅਤੇ ‘ਉਹ’ (ਪੜਨਾਂਵੀ ਵਿਸ਼ੇਸ਼ਣ)। ਇਨ੍ਹਾਂ ਤਿੰਨਾ ਦੇ ਅੰਤਰ ਨੂੰ ਸਮਝਣਾ ਬੜਾ ਜ਼ਰੂਰੀ ਹੈ। ਗੁਰਬਾਣੀ ’ਚ 95% ‘ਤੇ’ ਦਾ ਅਰਥ ‘ਤੋਂ’ ਹੀ ਹੈ। ਹੇਠਲੇ ਵਾਕਾਂ ’ਚ ਇਸ ‘ਤੇ’ ਨੇ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕੀਤਾ ਹੈ ਭਾਵ ਇੱਥੇ ‘ਤੇ’ ਅਪਾਦਾਨ ਕਾਰਕ ਹੈ। ਇਸ ਦਾ ਅਰਥ ਹੈ : ‘ਤੋਂ’।
ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯) (‘ਤੇ’ ਸੰਬੰਧਕ ਕਾਰਨ ਜਲੁ ਤੋਂ ਜਲ ਬਣਿਆ।)
ਸਤਗੁਰ ਤੇ ਜੋ ਮੁਹ ਫੇਰਹਿ; ਮਥੇ ਤਿਨ ਕਾਲੇ ॥ (ਮਹਲਾ ੩/੩੦) (‘ਤੇ’ ਸੰਬੰਧਕ ਕਾਰਨ ਸਤਿਗੁਰੁ ਤੋਂ ਸਤਿਗੁਰ ਬਣਿਆ।)
ਤਨੁ ਹੈਮੰਚਲਿ (ਬਰਫ਼ ’ਚ) ਗਾਲ਼ੀਐ; ਭੀ ਮਨ ਤੇ ਰੋਗੁ ਨ ਜਾਇ ॥ (ਮਹਲਾ ੧/੬੨) (‘ਤੇ’ ਕਾਰਨ ਮਨੁ ਵੀ ਮਨ ਬਣ ਗਿਆ।)
ਮਨਸਾ ਧਾਰਿ; ਜੋ ਘਰ ਤੇ ਆਵੈ ॥ ਸਾਧਸੰਗਿ; ਜਨਮੁ ਮਰਣੁ ਮਿਟਾਵੈ ॥ (ਮਹਲਾ ੫/੧੦੪) (‘ਤੇ’ ਕਾਰਨ ਘਰੁ ਵੀ ਘਰ ਬਣ ਗਿਆ।)
ਸਚੁ ਸੰਤੋਖੁ ਸਹਜ ਸੁਖੁ ਬਾਣੀ; ਪੂਰੇ ਗੁਰ ਤੇ ਪਾਵਣਿਆ ॥ (ਮਹਲਾ ੩/੧੧੫) (‘ਤੇ’ ਕਾਰਨ ਗੁਰੁ ਵੀ ਗੁਰ ਬਣ ਗਿਆ।)
ਰਤਨੁ ਪਦਾਰਥੁ; ਘਰ ਤੇ (ਹਿਰਦੇ ’ਚੋਂ) ਪਾਇਆ ॥ (ਮਹਲਾ ੩/੧੨੯)
ਅੰਧ ਕੂਪ ਤੇ (ਹਨ੍ਹੇਰੇ ਖੂਹ ਤੋਂ); ਕੰਢੈ (ਕਿਨਾਰੇ ’ਤੇ) ਚਾੜੇ ॥ (ਮਹਲਾ ੫/੧੩੨)
ਪਰਮੇਸਰ ਤੇ ਭੁਲਿਆਂ; ਵਿਆਪਨਿ ਸਭੇ ਰੋਗ ॥ (ਮਹਲਾ ੫/੧੩੫)
ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ॥ (ਮਹਲਾ ੫/੧੩੫)
ਸੰਸਾਰ ਸਾਗਰ ਤੇ ਉਧਰੇ; ਬਿਖਿਆ ਗੜੁ ਜਿਤਾ ॥ (ਮਹਲਾ ੫/੩੨੨)
ਮਨ ਤੇ ਉਪਜੈ; ਮਨ ਮਾਹਿ ਸਮਾਇ ॥ (ਮਹਲਾ ੧/੧੫੨) (ਭਾਵ ਮਨਮੁਖਤਾ; ਮਨ ਤੋਂ ਪੈਦਾ ਹੁੰਦੀ ਹੈ ਤੇ (ਗੁਰੂ ਦੇ ਸਨਮੁਖ ਹੋਇਆਂ) ਮਨ ’ਚ ਹੀ ਮਿਟ ਜਾਂਦੀ ਹੈ)
ਨਾਮੁ ਨਵ ਨਿਧਿ; ਗੁਰ ਤੇ ਪਾਏ ॥ (ਮਹਲਾ ੩/੧੫੯)
ਬਿਖੈ ਰਾਜ ਤੇ ; ਅੰਧੁਲਾ ਭਾਰੀ ॥ (ਮਹਲਾ ੫/੧੯੬) (ਭਾਵ ਵਿਸ਼ਏ ਪ੍ਰਭਾਵ ਤੋਂ (ਮਨੁੱਖ) ਅੰਨ੍ਹਾ ਹੋ ਜਾਂਦਾ ਹੈ।)
ਹਰਿ ਕੇ ਚਰਣ; ਹਿਰਦੈ ਕਰਿ ਓਟ ॥ਜਨਮ ਮਰਣ ਤੇ ; ਹੋਵਤ ਛੋਟ ॥ (ਮਹਲਾ ੫/੧੯੮)
ਸਤਿਗੁਰ ਤੇ ਜੋ ਮੁਹ ਫੇਰੇ; ਤੇ ਵੇਮੁਖ ਬੁਰੇ ਦਿਸੰਨਿ ॥ (ਮਹਲਾ ੩/੨੩੩) (ਸਤਿਗੁਰ ਨਾਲ ‘ਤੇ’ ਸੰਬੰਧਕ ਹੈ ਅਤੇ ‘ਤੇ ਵੇਮੁਖ’ ਭਾਵ ਉਹ ਵੇਮੁਖ’ ’ਚ ‘ਤੇ’; ਪੜਨਾਂਵੀ ਵਿਸ਼ੇਸ਼ਣ ਬਹੁ ਵਚਨ ਹੈ।)
ਭਵਜਲ ਤੇ ਕਾਢਹੁ ਪ੍ਰਭੂ ! ਨਾਨਕ (ਲਈ) ਤੇਰੀ ਟੇਕ ॥ (ਮਹਲਾ ੫/੨੬੧)
ਬਿਸ੍ਵਾਸੁ ਸਤਿ; ਨਾਨਕ ! ਗੁਰ ਤੇ ਪਾਈ ॥ (ਸੁਖਮਨੀ/ਮਹਲਾ ੫/੨੮੪)
ਨਾਨਕ ! ਪ੍ਰਭ ਤੇ ਸਹਜ ਸੁਹੇਲੀ; ਪ੍ਰਭ ਦੇਖਤ ਹੀ ਮਨੁ ਧੀਰੇ ॥ (ਮਹਲਾ ੧/੧੧੯੭)
ਸਾਵਧਾਨੀ: ਉਕਤ ਪੰਕਤੀਆਂ ਵਾਙ ਜੇ ਹਰ ਥਾਂ ਹੀ ‘ਤੇ’ ਦਾ ਅਰਥ ‘ਤੋਂ’ ਲੈ ਲਈਏ ਤਾਂ ਇਸ ਤੁਕ ‘‘ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਜਪੁ) ਦਾ ਅਰਥ ਬਣੇਗਾ ਕਿ ‘ਨਾਨਕ ਤੋਂ (ਭੀ) ਮੁਖ ਰੌਸ਼ਨ ਹੋ ਗਏ।’, ਜੋ ਗ਼ਲਤ ਅਰਥ ਹਨ, ਇਸ ਲਈ ਗੁਰਬਾਣੀ ’ਚ ‘ਨਾਨਕ ਤੇ’; ਦੋਵੇਂ ਸ਼ਬਦਾਂ ਨੂੰ ਬਿਲਕੁਲ ਵੀ ਇਕੱਠਾ ਨਹੀਂ ਪੜ੍ਹਨਾ ਭਾਵ ‘ਨਾਨਕ’ ਤੋਂ ਬਾਅਦ ਥੋੜ੍ਹਾ ਵਿਸਰਾਮ ਦੇ ਕੇ ਫਿਰ ‘ਤੇ’ ਪੜ੍ਹਨਾ ਹੈ ਕਿਉਂਕਿ ਤਦ ‘ਤੇ’ ਦਾ ਅਰਥ ਅਪਾਦਾਨ ਕਾਰਕੀ ਚਿੰਨ੍ਹ ‘ਤੋਂ’ ਨਹੀਂ ਹੁੰਦਾ ਬਲਕਿ ‘ਉਹ’ (ਭਾਵ ਬਹੁ ਵਚਨ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ) ਹੁੰਦਾ ਹੈ। ਪੜਨਾਂਵੀ ਵਿਸ਼ੇਸ਼ਣ ਵਜੋਂ ਇਸ ਦੀ ਪਛਾਣ ਇਹ ਹੈ ਕਿ ‘ਤੇ’ ਦੇ ਨਾਲ ਬਹੁ ਵਚਨ (ਅੰਤ ਮੁਕਤਾ) ਨਾਂਵ ਵੀ ਹੋਣਗੇ; ਜਿਵੇਂ ਹੇਠਲੇ ਵਾਕਾਂ ’ਚ ‘ਤੇ’ ਦੇ ਨਾਲ ‘ਜਨ, ਮੁਖ, ਦਿਨ, ਵੇਮੁਖ’ ਅੰਤ ਮੁਕਤਾ ਹਨ। ਇੱਥੇ ‘ਤੇ’ ਦਾ ਅਰਥ ਹੋਵੇਗਾ ‘ਉਹ’ :
ਨਾਨਕ ! ਤੇ ਮੁਖ ਉਜਲੇ; ਧੁਨਿ ਉਪਜੈ ਸਬਦੁ ਨੀਸਾਣੁ ॥ (ਮਹਲਾ ੧/੨੨)
ਨਾਨਕ ! ਤੇ ਮੁਖ ਉਜਲੇ; ਹੋਰ ਕੇਤੀ ਛੁਟੀ ਨਾਲਿ ॥ (ਮਹਲਾ ੨/੧੪੬)
ਨਾਨਕ ! ਤੇ ਜਨ ਸੁਫਲ ਫਲੇ ॥ (ਮਹਲਾ ੫/੧੯੧)
ਡੇਰਾ ਨਿਹਚਲੁ ਸਚੁ; ਸਾਧਸੰਗ ਪਾਇਆ ॥ ਨਾਨਕ ! ਤੇ ਜਨ, ਨਹ ਡੋਲਾਇਆ ॥ (ਮਹਲਾ ੫/੨੫੬)
ਜਾ ਕੈ ਅੰਤਰਿ; ਬਸੈ ਪ੍ਰਭੁ ਆਪਿ ॥ ਨਾਨਕ ! ਤੇ ਜਨ ਸਹਜਿ ਸਮਾਤਿ ॥ (ਸੁਖਮਨੀ/ਮਹਲਾ ੫/੨੬੭)
ਜਿਨ ਕਉ ਹੋਏ ਆਪਿ ਸੁਪ੍ਰਸੰਨ ॥ ਨਾਨਕ ! ਤੇ ਜਨ; ਸਦਾ ਧਨਿ ਧੰਨਿ ॥ (ਸੁਖਮਨੀ/ਮਹਲਾ ੫/੨੭੬)
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥ ਨਾਨਕ ! ਤੇ ਜਨ; ਨਾਮਿ ਮਿਲੇਇ ॥ (ਸੁਖਮਨੀ/ਮਹਲਾ ੫/੨੭੭)
ਨਾਨਕ ! ਤੇ ਮੁਖ ਉਜਲੇ; ਜਿ ਨਿਤ ਉਠਿ ਸੰਮਾਲੇਨਿ ॥ (ਮਹਲਾ ੪/੩੧੩)
ਨਾਨਕ ! ਤੇ ਮੁਖ ਊਜਲੇ; ਤਿਤੁ ਸਚੈ+ਦਰਬਾਰਿ (’ਚ) ॥ (ਮਹਲਾ ੧/੪੭੩)
ਨਾਨਕ ! ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ ॥ (ਮਹਲਾ ੩/੯੫੦)
ਜਨ ਨਾਨਕ ! ਤੇ ਮੁਖ ਉਜਲੇ; ਜਿਨ ਹਰਿ ਸੁਣਿਆ ਮਨਿ (’ਚ) ਭਾਇ (ਕਰਕੇ) ॥ (ਮਹਲਾ ੪/੧੩੧੬)
ਨਾਨਕ ! ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ॥ (ਮਹਲਾ ੧/੧੪੧੧)
ਤੇ ਦਿਨ ਸੰਮਲੁ ਕਸਟ ਮਹਾ ਦੁਖ; ਅਬ ਚਿਤੁ ਅਧਿਕ ਪਸਾਰਿਆ ॥ (ਭਗਤ ਬੇਣੀ/੯੩)
ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ; ਮਨ ! ਤਿਨ ਕੈ ਨਿਕਟਿ ਨ ਭਿਟੀਐ ॥ (ਮਹਲਾ ੪/੧੭੦)
ਸਤਿਗੁਰ ਤੇ (ਤੋਂ) ਜੋ ਮੁਹ ਫੇਰੇ; ਤੇ ਵੇਮੁਖ ਬੁਰੇ ਦਿਸੰਨਿ ॥ (ਮਹਲਾ ੩/੨੩੩)
ਹੇਠਲੇ ਵਾਕਾਂ ’ਚ ‘ਤੇ’ ਪੜਨਾਂਵ ਹੈ ਕਿਉਂਕਿ ਇਸ ਨਾਲ ਕੋਈ ਬਹੁ ਵਚਨ (ਅੰਤ ਮੁਕਤਾ) ਨਾਂਵ ਦਰਜ ਨਹੀਂ। ਇੱਥੇ ਵੀ ‘ਤੇ’ ਦਾ ਅਰਥ ‘ਉਹ’ (ਬਹੁ ਵਚਨ) ਹੀ ਹੈ :
ਦਰਦ ਨਿਵਾਰਹਿ; ਜਾ ਕੇ ਆਪੇ ॥ ਨਾਨਕ ! ਤੇ ਤੇ ਗੁਰਮੁਖਿ ਧ੍ਰਾਪੇ ॥ (ਮਹਲਾ ੫/੨੫੭)
ਸਾਧਸੰਗਿ; ਕਲਿ ਕੀਰਤਨੁ ਗਾਇਆ ॥ ਨਾਨਕ ! ਤੇ ਤੇ, ਬਹੁਰਿ ਨ ਆਇਆ (ਉਹ ਉਹ ਮੁੜ ਨਾ ਜਨਮਿਆ)॥ (ਮਹਲਾ ੫/੨੫੩)
ਸਤਿਗੁਰੁ ਸੇਵਨਿ ਆਪਣਾ; ਤੇ ਵਿਰਲੇ ਸੰਸਾਰਿ (’ਚ)॥ (ਮਹਲਾ ੩/੨੬)
ਜਿਨ ਕਉ ਤੁਮ ਦਇਆ ਕਰਿ ਮੇਲਹੁ; ਤੇ ਹਰਿ ਹਰਿ ਸੇਵ ਲਗਾਨੇ ॥ (ਮਹਲਾ ੪/੧੭੦)
ਦਰਦ ਨਿਵਾਰਹਿ ਜਾ ਕੇ ਆਪੇ ॥ ਤੇ ਗੁਰਮੁਖਿ ਧ੍ਰਾਪੇ ॥ (ਮਹਲਾ ੫/੨੫੭)
ਜਉ ਪੈ (ਜੇਕਰ) ਰਾਮ ਰਾਮ ਰਤਿ (ਪ੍ਰੇਮ) ਨਾਹੀ ॥ ਤੇ ਸਭਿ ਧਰਮ ਰਾਇ ਕੈ ਜਾਹੀ ॥ (ਭਗਤ ਕਬੀਰ/੩੨੪)
ਤਿਨ ਕਾ ਜਨਮ ਮਰਣ ਦੁਖੁ ਲਾਥਾ; ਤੇ ਹਰਿ ਦਰਗਹ ਮਿਲੇ ਸੁਭਾਇ ॥ (ਮਹਲਾ ੩/੩੬੨)
ਤੇ ਅਨਦਿਨੁ ਨਾਮੁ ਸਦਾ ਧਿਆਵਹਿ; ਗੁਰ ਪੂਰੇ ਤੇ ਭਗਤਿ ਵਿਸੇਖੁ ॥ (ਮਹਲਾ ੩/੩੬੪)
ਗੁਰਬਾਣੀ ’ਚ ਕੁਝ ਅੰਤ ‘ਹੁ’ ਵਾਲੇ ਅਤੇ ਅੰਤ ਕਨੌੜੇ ਵਾਲੇ ਨਾਂਵ ਸਰੂਪਾਂ ’ਚੋਂ ਵੀ ਲੁਪਤ ਅਪਾਦਾਨ ਸੰਬੰਧਕੀ ਚਿੰਨ ‘ਤੋ’ ਮਿਲਦਾ ਹੈ। ਇਨ੍ਹਾਂ ਸਭ ਨੂੰ ਅੰਤ ਬਿੰਦੀ ਸਮੇਤ ਉਚਾਰਨਾ ਬਣਦਾ ਹੈ : ‘ਸਚਹੁ, ਜੀਅਹੁ, ਬਾਹਰਹੁ, ਭੰਡਹੁ, ਰੋਗਹੁ, ਮੂਲਹੁ (ਧੁਰ ਤੋਂ), ਹਥਹੁ, ਸਿਰਹੁ, ਪਰੇਤਹੁ, ਮੁਖਹੁ, ਕਾਗਹੁ, ਨਾਕਹੁ, ਕਾਨਹੁ, ਸਾਦਹੁ, ਭੋਗਹੁ, ਸੁਖਹੁ, ਨੈਨਹੁ, ਧੁਰਾਹੁ/ਧੁਰਾਹੂ (ਧੁਰ ਤੋਂ), ਘਰਾਹੁ (ਹਿਰਦੇ ਤੋਂ), ਦਰਾਹੁ (ਰੱਬੀ ਦਰ ਤੋਂ), ਖੋਟਿਅਹੁ, ਚਸਿਅਹੁ, ਖੰਨਿਅਹੁ (ਖੰਡੇ ਤੋਂ), ਤੋਇਅਹੁ (ਪਾਣੀ ਤੋਂ), ਮੂਹੌ, ਆਪੌ (ਆਪਣੇ ਆਪ ਤੋਂ), ਜੀਭੌ, ਸਬਦੌ’ :
ਭੰਡਹੁ (ਔਰਤ ਤੋਂ) ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥ (ਮਹਲਾ ੧/੪੭੩) (ਭੰਡਹੁ ਭਾਵ ਭੰਡ-ਔਰਤ ਤੋਂ)
ਜੀਅਹੁ ਨਿਰਮਲ; ਬਾਹਰਹੁ ਨਿਰਮਲ ॥ (ਮਹਲਾ ੩/੯੧੯) (ਜੀਅਹੁ, ਬਾਹਰਹੁ ਭਾਵ ਦਿਲ ਤੋਂ, ਬਾਹਰ ਤੋਂ/ਸਮਾਜ ’ਚ)
ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥ (ਮਹਲਾ ੧/੬੨)
ਪਰੇਤਹੁ ਕੀਤੋਨੁ ਦੇਵਤਾ; ਤਿਨਿ ਕਰਣੈਹਾਰੇ (ਨੇ)॥ (ਮਹਲਾ ੫/੩੨੩)
ਸੰਨਿਆਸੀ ਤਪਸੀਅਹ, ਮੁਖਹੁ ਏ ਪੰਡਿਤ ਮਿਠੇ ॥ (ਭਟ ਭਿਖਾ/੧੩੯੫) (ਮੁਖਹੁ ਭਾਵ ਮੂੰਹ ਤੋਂ)
ਜੋ ਤਿਸੁ ਭਾਵੈ ਨਾਨਕਾ ! ਕਾਗਹੁ ਹੰਸੁ ਕਰੇਇ ॥ (ਮਹਲਾ ੧/੯੧) (ਕਾਗਹੁ ਭਾਵ ਕਾਂ ਤੋਂ/ਕਾਲ਼ੇ ਦਿਲ ਤੋਂ)
ਨਾਕਹੁ ਕਾਟੀ, ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥ (ਭਗਤ ਕਬੀਰ/੪੭੬)
ਤਗੁ ਕਪਾਹਹੁ ਕਤੀਐ; ਬਾਮ੍ਣੁ ਵਟੇ ਆਇ (ਕੇ)॥ (ਮਹਲਾ ੧/੪੭੧)
ਮੁਹੌ ਕਿ ਬੋਲਣੁ ਬੋਲੀਐ ? ਜਿਤੁ ਸੁਣਿ ਧਰੇ ਪਿਆਰੁ ॥ (ਜਪੁ)
ਸਬਦੌ ਹੀ ਭਗਤ ਜਾਪਦੇ; ਜਿਨ੍ ਕੀ ਬਾਣੀ ਸਚੀ ਹੋਇ ॥ (ਮਹਲਾ ੩/੪੨੯)
ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ॥ (ਜਪੁ)
ਨਾਨਕ ! ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥ (ਜਪੁ) (ਆਪੌ ਭਾਵ ਆਪਣੇ ਆਪ ਤੋਂ/ਨਿਜੀ ਸਮਝ ਨਾਲ)
ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਵੀ ਅਪਾਦਾਨ ਕਾਰਕੀ ਚਿੰਨ੍ਹ (ਤੋਂ) ਦੇਣ ਲਈ ਅੰਤ ਸਿਹਾਰੀ ਹੋ ਜਾਂਦਾ ਹੈ, ਪਰ ਬਹੁਤ ਘੱਟ; ਜਿਵੇਂ ਕਿ ਹੇਠਲੇ ਵਾਕਾਂ ’ਚ ਬੋਲਡ ਕੀਤੇ ਇੱਕ ਵਚਨ ਪੁਲਿੰਗ ਨਾਂਵਾਂ ’ਚੋਂ ‘ਤੋਂ’ ਲੁਪਤ ਮਿਲਦਾ ਹੈ :
ਭੰਡਿ ਜੰਮੀਐ, ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥ (ਮਹਲਾ ੧/੪੭੩)
(ਭੰਡਿ; ਉਚਾਰਨ: ‘ਭੰਡ’ ਭਾਵ ਔਰਤ ਤੋਂ। ਚੇਤੇ ਰਹੇ ਕਿ ‘ਭੰਡੁ’ ਇੱਕ ਵਚਨ ਪੁਲਿੰਗ ਨਾਂਵ ਹੈ।)
ਓਅੰਕਾਰਿ ; ਬ੍ਰਹਮਾ ਉਤਪਤਿ ॥… ਓਅੰਕਾਰਿ ; ਸੈਲ ਜੁਗ ਭਏ ॥ ਓਅੰਕਾਰਿ ; ਬੇਦ ਨਿਰਮਏ (ਬਣੇ)॥ .. ਓਅੰਕਾਰਿ ; ਗੁਰਮੁਖਿ ਤਰੇ ॥ (ਮਹਲਾ ੧/੯੩੦) (ਓਅੰਕਾਰਿ; ਉਚਾਰਨ: ‘ਓਅੰਕਾਰ’ ਭਾਵ ਨਿਰਾਕਾਰ ਪ੍ਰਭੂ ਤੋਂ)
ਕਿਰਤੁ ਨਿੰਦਕ ਕਾ ਧੁਰਿ (ਤੋਂ) ਹੀ ਪਇਆ ॥ (ਸੁਖਮਨੀ/ਮਹਲਾ ੫/੨੮੦)
ਦੇਸਿ+ਪਰਦੇਸਿ (ਤੋਂ) ਧਨੁ ਚੋਰਾਇ (ਕੇ); ਆਣਿ ਮੁਹਿ (ਪਰਵਾਰ ਦੇ ਮੂੰਹ ’ਚ) ਪਾਇਆ ॥ (ਮਹਲਾ ੪/੧੨੪੯)
ਜੈ ਤਨਿ (ਜਿਸ ਸਰੀਰ ਤੋਂ) ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥ (ਮਹਲਾ ੧/੬੬੧)
ਹਿਰਦੈ ਨਾਮੁ ਦੁਬਿਧਾ ਮਨਿ (ਤੋਂ) ਭਾਗੀ; ਹਰਿ ਹਰਿ ਅੰਮ੍ਰਿਤੁ ਪੀ (ਕੇ) ਤ੍ਰਿਪਤਾਤੇ ॥ (ਮਹਲਾ ੩/੧੧੩੧)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)
ਗਿਆਨੀ ਅਵਤਾਰ ਸਿੰਘ
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)
ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)
ਭਾਗ ਦੂਜਾ (ੳ)
ਨੋਟ: (1). ਗੁਰਬਾਣੀ ’ਚ ‘ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਸੰਬੰਧਕ’ ਸ਼ਬਦਾਂ ਦੇ ਲਿਖਤੀ ਨਿਯਮ ਇੱਕ ਸਮਾਨ ਜਿਹੇ ਹੁੰਦੇ ਹਨ ਜਾਂ ਇੱਕ ਦੂਜੇ ’ਤੇ ਪ੍ਰਭਾਵ ਪਾਉਂਦੇ ਹਨ। ਇੱਕ ਸ਼ਬਦ ਬਣਤਰ; ਦੂਸਰੇ ’ਤੇ ਪ੍ਰਭਾਵ ਪਾ ਕੇ ਉਸ ਦਾ ਸਰੂਪ ਬਦਲ ਲੈਂਦਾ ਹੈ।
(2). ਜੇ ਕਿਸੇ ਵਾਕ ’ਚ ਕ੍ਰਿਆ ਨਾ ਹੋਵੇ ਤਾਂ ਕ੍ਰਿਆ–ਵਿਸ਼ੇਸ਼ਣ ਸ਼ਬਦ ਵੀ ਨਹੀਂ ਹੋਵੇਗਾ ਕਿਉਂਕਿ ਇਸ ਨੇ ਕ੍ਰਿਆ ਦੀ ਹੀ ਵਿਸ਼ੇਸ਼ਤਾ ਦੱਸਣੀ ਹੁੰਦੀ ਹੈ। ਇਨ੍ਹਾਂ ਦੋਵੇਂ ਸ਼ਬਦਾਂ ਦਾ ਆਪਸੀ ਸੰਬੰਧ ਹੋਣ ਦੇ ਬਾਵਜੂਦ ਵੀ ਇਹ ਆਪਣੀ ਆਪਣੀ ਬਣਤਰ ਕਾਇਮ ਰੱਖਦੇ ਹਨ ਭਾਵ ਇੱਕ ਸ਼ਬਦ; ਪ੍ਰਭਾਵ ਪਾ ਕੇ ਦੂਸਰੇ ਦੀ ਬਣਤਰ ਨੂੰ ਨਹੀਂ ਬਦਲਦਾ।
ਨਾਂਵ ਸ਼ਬਦ
ਪਰਿਭਾਸ਼ਾ: ਨਾਂਵ ਦੀਆਂ 5 ਕਿਸਮਾਂ ਹੁੰਦੀਆਂ ਹਨ: ‘ਖ਼ਾਸ ਨਾਂਵ, ਆਮ ਨਾਂਵ (ਜਾਤੀ ਨਾਂਵ), ਵਸਤੂ-ਵਾਚਕ ਨਾਂਵ, ਇਕੱਠ-ਵਾਚਕ ਨਾਂਵ ਅਤੇ ਭਾਵ-ਵਾਚਕ ਨਾਂਵ’।
- ਖ਼ਾਸ ਨਾਂਵ (Proper Noun): ਕਿਸੇ ਖ਼ਾਸ ਜੀਵ, ਖ਼ਾਸ ਵਸਤੂ ਜਾਂ ਖ਼ਾਸ ਸਥਾਨ ਨੂੰ ਹੀ ਖ਼ਾਸ ਨਾਂਵ ਕਿਹਾ ਜਾਂਦਾ ਹੈ। ਇਹ, ਨਿਜ ਵਾਚਕ ਜਾਂ ਵਿਅਕਤੀ ਵਾਚਕ ਨਾਂਵ ਵੀ ਹੁੰਦਾ ਹੈ; ਜਿਵੇਂ ‘ਗੁਰੂ ਨਾਨਕ, ਭਾਈ ਮਰਦਾਨਾ, ਅਫ਼ਰੀਕੀ ਹਾਥੀ, ਅਰਬੀ ਘੋੜਾ, ਨਾਗਪੁਰੀ ਸੰਤਰਾ, ਕਸ਼ਮੀਰੀ ਸੇਬ, ਦਸ਼ਹਿਰੀ ਅੰਬ, ਕਮਲ ਫੁੱਲ, ਬਾਸਮਤੀ ਚੌਲ਼, ਸਮੁੰਦਰੀ ਜਹਾਜ਼, ਜੈਲ ਪੈੱਨ, ਮੈਡੀਕਲ ਬੁੱਕ, ਮਾਰੂਤੀ ਕਾਰ, ਹੀਰੋ ਸਾਈਕਲ, ਬੁਲਟ ਮੋਟਰ-ਸਾਈਕਲ, ਭਾਰਤ, ਪੰਜਾਬ, ਅੰਮ੍ਰਿਤਸਰ, ਪੂਰਬ, ਪੱਛਮ, ਗੰਗਾ, ਯਮੁਨਾ, ਹਿਮਾਲਿਆ, ਬ੍ਰਹਮਾ, ਪਾਰਬਤੀ’।
ਗੁਰਬਾਣੀ ’ਚ ਖ਼ਾਸ ਨਾਂਵ ਇਉਂ ਦਰਜ ਹਨ :
ਨਾਨਕੁ ਤੂ, ਲਹਣਾ ਤੂ ਹੈ; ਗੁਰੁ ਅਮਰੁ ਤੂ ਵੀਚਾਰਿਆ ॥ (ਬਲਵੰਡ ਸਤਾ/੯੬੮)
ਨਾਮਦੇਵ, ਕਬੀਰੁ, ਤਿਲੋਚਨੁ, ਸਧਨਾ ਸੈਨੁ ਤਰੈ ॥ (ਭਗਤ ਰਵਿਦਾਸ/੧੧੦੬)
ਗੁਣ ਗਾਵੈ, ਰਵਿਦਾਸੁ ਭਗਤੁ; ਜੈਦੇਵ, ਤ੍ਰਿਲੋਚਨ ॥ (ਭਟ ਕਲੵ/੧੩੯੦)
ਗੰਗਾ, ਜਮੁਨਾ, ਕੇਲ (ਬਿੰਦ੍ਰਾਬਨ) ਕੇਦਾਰਾ (ਕੇਦਾਰਨਾਥ) ॥ ਕਾਸੀ (ਵਾਰਾਣਸੀ) ਕਾਂਤੀ (ਮਥੁਰਾ) ਪੁਰੀ ਦੁਆਰਾ (ਦੁਆਰਕਾ ਪੁਰੀ)॥ (ਮਹਲਾ ੧/੧੦੨੨)
(2). ਆਮ ਨਾਂਵ (Common Noun): ਗਿਣਨ-ਯੋਗ ਚੀਜ਼ਾਂ ਦੇ ਸਰਬ-ਸਾਂਝੇ ਨਾਂਵ; ਆਮ ਨਾਂਵ ਹੁੰਦੇ ਹਨ। ਇਨ੍ਹਾਂ ਨੂੰ ਜਾਤੀ-ਵਾਚਕ ਨਾਂਵ ਵੀ ਕਿਹਾ ਜਾਂਦਾ ਹੈ; ਜਿਵੇਂ ‘ਲੜਕਾ, ਲੜਕੀ, ਮਾਤਾ, ਪਿਤਾ, ਰਿਸ਼ਤੇਦਾਰ, ਇਸਤਰੀ, ਮਰਦ, ਘੋੜਾ, ਹਾਥੀ, ਸੰਤਰਾ, ਸੇਬ, ਚੌਲ਼, ਕਿਸਾਨ, ਸਿਪਾਹੀ, ਫੁੱਲ, ਜਹਾਜ਼, ਪੈੱਨ, ਬੁੱਕ, ਕਾਰ, ਸਾਈਕਲ, ਮੋਟਰ-ਸਾਈਕਲ, ਦਰਖ਼ਤ, ਘਰ, ਸ਼ਹਿਰ, ਪਿੰਡ, ਸੜਕ, ਦਿਸ਼ਾ, ਕਾਲਜ, ਦਰਿਆ, ਪਹਾੜ, ਖੰਡ, ਬ੍ਰਹਿਮੰਡ, ਆਕਾਸ਼, ਪਾਤਾਲ, ਪਾਣੀ, ਅੱਗ, ਨਦੀ, ਮੈਦਾਨ, ਖੇਤ, ਰਸਤਾ’।
ਗੁਰਬਾਣੀ ’ਚ ਆਮ ਨਾਂਵ ਇਉਂ ਦਰਜ ਹਨ :
ਮਾਨੁਖ, ਬਨੁ, ਤਿਨੁ (ਘਾਹ), ਪਸੂ, ਪੰਖੀ; ਸਗਲ ਤੁਝਹਿ ਅਰਾਧਤੇ ॥ (ਮਹਲਾ ੫/੪੫੫)
ਮਾਈ, ਬਾਪ, ਪੁਤ੍ਰ ਸਭਿ; ਹਰਿ ਕੇ ਕੀਏ ॥ (ਮਹਲਾ ੪/੪੯੪)
ਪਸੂ, ਪੰਖੀ, ਸੈਲ (ਪਹਾੜ) ਤਰਵਰ (ਦਰਖ਼ਤ); ਗਣਤ ਕਛੂ ਨ ਆਵਏ ॥ (ਮਹਲਾ ੫/੭੦੫)
ਪਸੁ, ਪੰਖੀ, ਭੂਤ ਅਰੁ ਪ੍ਰੇਤਾ ॥ (ਮਹਲਾ ੫/੧੦੦੫)
ਗਿਰਿ (ਪਹਾੜ), ਤਰ (ਰੁੱਖ), ਧਰਣਿ (ਧਰਤੀ), ਗਗਨ ਅਰੁ ਤਾਰੇ ॥ (ਮਹਲਾ ੫/੨੩੭)
ਤਿਥੈ; ਖੰਡ, ਮੰਡਲ, ਵਰਭੰਡ ॥ (ਜਪੁ/ਮਹਲਾ ੧)
ਦੀਪ, ਲੋਅ, ਪਾਤਾਲ; ਤਹ, ਖੰਡ, ਮੰਡਲ ਹੈਰਾਨੁ ॥ (ਮਹਲਾ ੧/੧੨੯੧)
ਕੀਆ ਦਿਨਸੁ, ਸਭ ਰਾਤੀ ॥ ਵਣੁ, ਤ੍ਰਿਣੁ, ਤ੍ਰਿਭਵਣ, ਪਾਣੀ ॥ ਚਾਰਿ ਬੇਦ; ਚਾਰੇ ਖਾਣੀ ॥ ਖੰਡ, ਦੀਪ, ਸਭਿ ਲੋਆ ॥ ਏਕ ਕਵਾਵੈ ਤੇ; ਸਭਿ ਹੋਆ ॥ (ਮਹਲਾ ੫/੧੦੦੩)
(3). ਵਸਤੂ–ਵਾਚਕ ਨਾਂਵ (Material Noun): ਭਾਰ ’ਚ ਤੁਲਣ ਵਾਲੀਆਂ ਅਤੇ ਲੰਬਾਈ ’ਚ ਨਾਪੀਆਂ ਜਾਣ ਵਾਲੀਆਂ ਚੀਜ਼ਾਂ ਦੇ ਨਾਂਵ; ਵਸਤੂ-ਵਾਚਕ ਨਾਂਵ ਹੁੰਦੇ ਹਨ; ਜਿਵੇਂ ‘ਦੁੱਧ, ਘਿਉ, ਪਾਣੀ, ਤੇਲ, ਆਟਾ, ਕੱਪੜਾ, ਸਬਜ਼ੀਆਂ, ਦਾਲ਼ਾਂ, ਲੋਹਾ, ਰੇਤ, ਸੋਨਾ, ਚਾਂਦੀ’।
ਗੁਰਬਾਣੀ ’ਚ ਵਸਤੂ–ਵਾਚਕ ਨਾਂਵ ਇਉਂ ਦਰਜ ਹਨ :
ਫਰੀਦਾ ! ਸਕਰ, ਖੰਡੁ, ਨਿਵਾਤ (ਮਿਸਰੀ) ਗੁੜੁ; ਮਾਖਿਓੁ (ਸ਼ਹਿਦ) ਮਾਂਝਾ (ਮੱਝ ਦਾ) ਦੁਧੁ ॥ (ਬਾਬਾ ਫਰੀਦ/੧੩੭੯)
ਕਿਨਹੀ ਬਨਜਿਆ ਕਾਂਸੀ, ਤਾਂਬਾ; ਕਿਨਹੀ ਲਉਗ, ਸੁਪਾਰੀ ॥ (ਭਗਤ ਕਬੀਰ/੧੧੨੩)
ਕਿਆ ਮੇਵਾ ? ਕਿਆ ਘਿਉ, ਗੁੜੁ ਮਿਠਾ ? ਕਿਆ ਮੈਦਾ ? ਕਿਆ ਮਾਸੁ ? ॥ ਕਿਆ ਕਪੜੁ ? ਕਿਆ ਸੇਜ ਸੁਖਾਲੀ ? ਕੀਜਹਿ ਭੋਗ ਬਿਲਾਸ ॥ (ਮਹਲਾ ੧/੧੪੨)
ਦਾਲਿ ਸੀਧਾ (ਆਟਾ) ਮਾਗਉ ਘੀਉ; ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ੀਆ (ਜੁੱਤੀ) ਛਾਦਨੁ ਨੀਕਾ (ਸੁੰਦਰ ਕੱਪੜਾ)॥ ਅਨਾਜੁ ਮਗਉ; ਸਤ ਸੀ ਕਾ ॥ (ਭਗਤ ਧੰਨਾ ਜੀ/੬੯੫)
(4). ਇਕੱਠ–ਵਾਚਕ ਨਾਂਵ (Collective Noun): ਕਿਸੇ ਇਕੱਠ ਲਈ ਵਰਤੇ ਜਾਣ ਵਾਲੇ ਨਾਂਵ ਹੀ ‘ਇਕੱਠ-ਵਾਚਕ ਨਾਂਵ’ ਹੁੰਦੇ ਹਨ; ਜਿਵੇਂ ‘ਸੰਗਤ, ਮੰਡਲੀ, ਡਾਰ, ਇੱਜੜ, ਜਮਾਤ, ਟੋਲੀ, ਗਰੁਪ, ਜਥਾ, ਫ਼ੌਜ, ਭੀੜ, ਢੇਰ’।
ਗੁਰਬਾਣੀ ’ਚ ਇਕੱਠ–ਵਾਚਕ ਨਾਂਵ ਇਉਂ ਦਰਜ ਹਨ :
ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ (ਮਹਲਾ ੩/੮੪)
ਇਹੁ ਤਨੁ; ਹੋਇਗੋ ਭਸਮ ਕੀ ਢੇਰੀ॥ (ਭਗਤ ਰਵਿਦਾਸ/੬੫੯)
ਸਭ ਧਰਤਿ ਭਈ ਹਰੀਆਵਲੀ; ਅੰਨੁ ਜੰਮਿਆ ਬੋਹਲ ਲਾਇ ॥ (ਮਹਲਾ ੪/੧੨੫੦)
ਸੁਖੁ ਪਾਇਆ, ਸਹਜ ਧੁਨਿ ਉਪਜੀ; ਰੋਗਾ ਘਾਣਿ (ਢੇਰੀ) ਮਿਟਾਈ ॥ (ਮਹਲਾ ੫/੬੧੯)
ਸਿਧ ਸਭਾ ਕਰਿ ਆਸਣਿ ਬੈਠੇ; ਸੰਤ ਸਭਾ ਜੈਕਾਰੋ ॥ (ਮਹਲਾ ੧/੯੩੮)
ਫਉਜ ਸਤਾਣੀ ਹਾਠ (ਹਠੀਲੀ); ਪੰਚਾ ਜੋੜੀਐ ॥ (ਮਹਲਾ ੫/੫੨੨)
ਹਰਿ ਹਰਿ ਕਾਜੁ ਰਚਾਇਆ ਪੂਰੈ; ਮਿਲਿ ਸੰਤ ਜਨਾ ਜੰਞ ਆਈ ॥ (ਮਹਲਾ ੪/੫੭੫)
ਸੰਤ ਮੰਡਲ (ਮੰਡਲੀ) ਮਹਿ; ਹਰਿ ਮਨਿ ਵਸੈ ॥ (ਮਹਲਾ ੫/੧੧੪੬)
ਕਥਤ ਸੁਨਤ ਮੁਨਿ ਜਨਾ; ਮਿਲਿ ਸੰਤ ਮੰਡਲੀ ॥ (ਮਹਲਾ ੫/੧੩੨੨)
(5). ਭਾਵ–ਵਾਚਕ ਨਾਂਵ (Abstract Noun): ਜੋ ਚੀਜ਼ਾਂ ਵੇਖੀਆਂ ਜਾਂ ਛੋਹੀਆਂ ਨਾ ਜਾਣ, ਪਰ ਮਹਿਸੂਸ ਕੀਤੀਆਂ ਜਾਣ, ਉਨ੍ਹਾਂ ਦੇ ਨਾਂਵ; ਭਾਵ-ਵਾਚਕ ਨਾਂਵ ਹੁੰਦੇ ਹਨ; ਜਿਵੇਂ ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਈਰਖਾ, ਪਿਆਰ, ਹਮਦਰਦੀ, ਸੁਗੰਧ, ਦੁਰਗੰਧ, ਦੁੱਖ, ਪ੍ਰਸੰਨਤਾ, ਹਿੰਮਤ, ਜ਼ੋਰ, ਝੂਠ, ਸੱਚ, ਮਿਠਾਸ, ਕੁੜੱਤਣ, ਵੈਰ, ਸਬਰ, ਸੰਤੋਖ, ਆਲਸ, ਬਿਮਾਰੀ, ਬਚਪਨ, ਜੁਆਨੀ, ਬੁਢੇਪਾ, ਮਿਹਰ’।
ਗੁਰਬਾਣੀ ’ਚ ‘ਭਾਵ–ਵਾਚਕ ਨਾਂਵ’ ਇਹ ਹਨ :
ਕਾਮ, ਕ੍ਰੋਧ ਅਰੁ ਲੋਭ, ਮੋਹ; ਬਿਨਸਿ ਜਾਇ ਅਹੰਮੇਵ (ਅਹੰਕਾਰ) ॥ (ਮਹਲਾ ੫/੨੬੯)
ਚੰਗਿਆੲਂੀ (ਤੋਂ) ਆਲਕੁ (ਆਲਸ) ਕਰੇ; ਬੁਰਿਆੲਂੀ (ਨੂੰ) ਹੋਇ ਸੇਰੁ (ਭਾਵ ਦਲੇਰੀ)॥ (ਮਹਲਾ ੫/੫੧੮)
ਦੁਖੁ ਨਾਠਾ, ਸੁਖੁ ਘਰ ਮਹਿ ਵੂਠਾ; ਮਹਾ ਅਨੰਦ ਸਹਜਾਇਆ (ਸਹਿਜ ਦਾ)॥ (ਮਹਲਾ ੫/੧੨੩੭)
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥ (ਮਹਲਾ ੯/੧੪੨੮)
(ਅ)
ਨਾਂਵ ਦਾ ਰੂਪਾਂਤਰ (ਭਾਵ ਨਾਂਵ ਸ਼ਬਦ ਬਣਤਰ ’ਚ ਅਦਲਾ-ਬਦਲੀ): ਨਾਂਵ ’ਚ ਅਦਲਾ-ਬਦਲੀ ਹੋਣ ਦੇ 3 ਪ੍ਰਮੁੱਖ ਕਾਰਨ ਹੁੰਦੇ ਹਨ :
(1) ਨਾਂਵ ਦੇ ਲਿੰਗ (Gender) ਕਾਰਨ (ਭਾਵ ਪੁਲਿੰਗ ਜਾਂ ਇਸਤਰੀ ਲਿੰਗ ਕਾਰਨ)।
(2). ਨਾਂਵ ਦੇ ਵਚਨ (Number) ਕਾਰਨ (ਭਾਵ ਇੱਕ ਵਚਨ ਜਾਂ ਬਹੁ ਵਚਨ ਕਾਰਨ)।
(3). ਨਾਂਵ ਦੇ ਕਾਰਕ (Case) ਕਾਰਨ (ਭਾਵ ਅੱਠ ਕਾਰਕ ‘ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਣ ਕਾਰਕ ਤੇ ਸੰਬੋਧਨ ਕਾਰਕ’ ਕਾਰਨ)।
(1). ਨਾਂਵ ਦਾ ਲਿੰਗ : ਜਨਾਨਾ-ਮਰਦਾਨਾ (ਨਰ-ਮਾਦਾ) ਦਾ ਭੇਦ ਜਾਣਨਾ ਹੀ ‘ਲਿੰਗ’ ਹੁੰਦਾ ਹੈ; ਜਿਵੇਂ ‘ਔਰਤ/ਮਰਦ, ਕੁੜੀ/ਮੁੰਡਾ, ਸ਼ੇਰ/ਸ਼ੇਰਨੀ, ਕਾਲਾ/ਕਾਲੀ, ਮਿੱਠਾ/ਮਿੱਠੀ’। ਪੰਜਾਬੀ ’ਚ ਲਿੰਗ; ਦੋ ਪ੍ਰਕਾਰ ਦੇ ਹਨ : (ੳ). ਪੁਲਿੰਗ (Masculine) (ਅ). ਇਸਤਰੀ ਲਿੰਗ (Feminine) ਜਦ ਕਿ ਅੰਗਰੇਜ਼ੀ ’ਚ 4 ਲਿੰਗ ਹੁੰਦੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ (3). ਆਮ ਲਿੰਗ (Common Gender): ਇਸ ਵਿੱਚ ਉਹ ਨਾਂਵ ਆਉਂਦੇ ਹਨ, ਜੋ ਔਰਤ ਅਤੇ ਮਰਦ (ਦੋਵਾਂ) ਲਈ ਸਾਂਝੇ ਹੋਣ; ਜਿਵੇਂ ‘ਜਨਤਾ, ਦੋਸਤ, ਰਿਸ਼ਤੇਦਾਰ, ਵੈਰੀ’ ਅਤੇ (4). ਨਪੁੰਸਕ ਲਿੰਗ (Neuter Gender): ਇਸ ਵਿੱਚ ਨਿਰਜੀਵ ਨਾਂਵ ਹੁੰਦੇ ਹਨ; ਜਿਵੇਂ ‘ਕਿਤਾਬ, ਚਾਕੂ, ਪੈੱਨ, ਪੇਪਰ, ਕਮਰਾ, ਦਰਖ਼ਤ, ਮੇਜ਼’। ਸੰਸਕ੍ਰਿਤ ’ਚ ਵੀ ਤੀਜਾ ਲਿੰਗ ‘ਨਪੁੰਸਕ ਲਿੰਗ’ ਹੈ।
(ੳ). ਪੁਲਿੰਗ : ਮਰਦ (ਨਰ) ਦਾ ਭੇਦ ਪ੍ਰਗਟ ਕਰਨ ਵਾਲਾ ਸ਼ਬਦ; ‘ਪੁਲਿੰਗ’ ਹੁੰਦਾ ਹੈ; ਜਿਵੇਂ ‘ਲੜਕਾ, ਮਨੁੱਖ, ਬੁੱਢਾ, ਘੋੜਾ, ਰਸਤਾ, ਸ਼ਹਿਰ, ਪਿੰਡ, ਮੁਹੱਲਾ, ਸਰੀਰ, ਹੱਥ, ਪੈਰ, ਅਨਾਰ, ਗੰਨਾ, ਦੁੱਖ, ਸੁੱਖ, ਅਨੰਦ, ਸੰਤੋਖ, ਗੁਰੂ, ਰੱਬ, ਦਰਸ਼ਨ, ਦਰਬਾਰ, ਅੰਮ੍ਰਿਤ’ ।
(ਅ). ਇਸਤਰੀ ਲਿੰਗ : ਜਨਾਨਾ (ਮਾਦਾ) ਭੇਦ ਪ੍ਰਗਟ ਕਰਨ ਵਾਲਾ ਸ਼ਬਦ; ‘ਇਸਤਰੀ ਲਿੰਗ’ ਹੁੰਦਾ ਹੈ; ਜਿਵੇਂ ‘ਔਰਤ, ਘੋੜੀ, ਦੇਹ, ਅੱਖ, ਜੀਭ, ਲਉਕੀ, ਕਣਕ, ਕਪਾਹ, ਫ਼ਸਲ, ਪੈਲ਼ੀ, ਈਰਖਾ, ਕੁਦਰਤ, ਸੰਗਤ, ਮੂਰਤੀ, ਦਰਗਾਹ’।
ਪੰਜਾਬੀ ਲਿਪੀ ’ਚ ਅੰਤ ਮੁਕਤਾ ਲਿਖੇ ਜਾਣ ਵਾਲ਼ੇ ‘ਇਸਤਰੀ ਲਿੰਗ’ ਨਾਂਵ ਗੁਰਬਾਣੀ ’ਚ ਤਿੰਨ ਰੂਪਾਂ ’ਚ ਲਿਖੇ ਮਿਲਦੇ ਹਨ : ‘ਅੰਤ ਸਿਹਾਰੀ, ਅੰਤ ਔਂਕੜ ਅਤੇ ਅੰਤ ਮੁਕਤਾ’। ਅੰਤ ਸਿਹਾਰੀ ਅਤੇ ਅੰਤ ਔਂਕੜ; ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਹਨ ਜਦ ਕਿ ਅੰਤ ਮੁਕਤਾ ਸ਼ਬਦ; ਗੁਰਮੁਖੀ ਭਾਸ਼ਾ ਜਾਂ ਤਦਭਵ (ਦੂਸਰੀ ਭਾਸ਼ਾਵਾਂ ਦੇ ਸ਼ਬਦਾਂ ਦਾ ਕੁਝ ਬਦਲਿਆ ਰੂਪ) ਹੁੰਦੇ ਹਨ।
ਅਨਭਾਸ਼ਾ ਦੇ ਇਸਤਰੀ ਲਿੰਗ : ਅਜੋਕੀ ਪੰਜਾਬੀ ’ਚ ਕਿਸੇ ਨਾਂਵ ਸ਼ਬਦ ਦੇ ਅੰਤ ਸਿਹਾਰੀ ਜਾਂ ਅੰਤ ਔਂਕੜ ਨਹੀਂ ਹੁੰਦਾ, ਪਰ ਹੋਰ ਭਾਸ਼ਾਵਾਂ ਦੇ ਕਈ ਸ਼ਬਦ ਆਪਣਾ ਮੂਲ ਰੂਪ; ਅੰਤ ਔਂਕੜ ਅਤੇ ਅੰਤ ਸਿਹਾਰੀ ਸਮੇਤ ਗੁਰਬਾਣੀ ’ਚ ਦਰਜ ਹਨ। ਇਨ੍ਹਾਂ ਨੂੰ ‘ਤਤਸਮ’ ਸ਼ਬਦ ਕਿਹਾ ਜਾਂਦਾ ਹੈ ਭਾਵ ਦੂਜੀ ਭਾਸ਼ਾ ਦੇ ਹੂ-ਬਹੂ ਅਪਣਾਏ ਗਏ ਸ਼ਬਦ। ਤਤਸਮ ਸ਼ਬਦਾਂ ਦਾ ਥੋੜ੍ਹਾ ਬਦਲਿਆ ਰੂਪ ਵੀ ਗੁਰਬਾਣੀ ’ਚ ਦਰਜ ਹੈ। ਇਨ੍ਹਾਂ ਨੂੰ ਤਦਭਵ ਸ਼ਬਦ ਕਿਹਾ ਗਿਆ ਹੈ; ਜਿਵੇਂ ‘ਸਤਿ’ (ਤਤਸਮ) ਦੀ ਅੰਤ ਸਿਹਾਰੀ ਮੂਲਕ ਹੈ, ਸੰਸਕ੍ਰਿਤ ਚ ‘ਸਤ੍ਯ’ ਪੜ੍ਹਿਆ ਜਾਂਦਾ ਹੈ ਅਤੇ ਅਰਥ ਹੈ: ‘ਸਦੀਵੀ ਸਥਿਰ ਜਾਂ ਸਦਾ ਕਾਇਮ ਰਹਿਣ ਵਾਲੀ ਹਸਤੀ’, ਪਰ ਇਸ ਦਾ ਤਦਭਵ ਰੂਪ ‘ਸਤ’ ਵੀ ਗੁਰਬਾਣੀ ’ਚ ਹੈ। ਇਸ ਦੇ ਦੋ ਸਰੂਪ (ਸਤ, ਸਤੁ) ਮਿਲਦੇ ਹਨ । ਇਨ੍ਹਾਂ ਦੇ ਵੀ ਓਹੀ ਤਤਸਮ ਵਾਲੇ ਅਰਥ ਹਨ। ਜਿਵੇਂ ਤਤਸਮ ‘ਸਤਿ’ ਦੀ ਅੰਤ ਸਿਹਾਰੀ ਸੰਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ ਓਵੇਂ ਤਦਭਵ ‘ਸਤੁ’ ਦਾ ਅੰਤ ਔਂਕੜ ਉਚਾਰਨ ਨਹੀਂ ਹੁੰਦਾ। ਤਦਭਵ ਲਿਖਤ ਨਿਯਮ; ਗੁਰਬਾਣੀ ਦੇ ਸ਼ਬਦਾਰਥ ਕਰਨ ’ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਹੀ ਗੁਰਬਾਣੀ ਵਿਆਕਰਣ ਕਿਹਾ ਗਿਆ ਹੈ ਜਦ ਕਿ ਤਤਸਮ ‘ਸਤਿ’ ਦੀ ਅੰਤ ਸਿਹਾਰੀ; ਤਦਭਵ ਸ਼ਬਦਾਂ ਵਾਙ ਅਰਥ ਕਰਨ ਸਮੇਂ ਕੋਈ ਵਿਸ਼ੇਸ਼ ਸਹਾਇਤਾ ਨਹੀਂ ਕਰਦੀ।
ਗੁਰਬਾਣੀ; ਕਾਵਿ (ਕਵਿਤਾ) ਰੂਪ ’ਚ ਹੋਣ ਕਾਰਨ ਪਿੰਗਲ ਨਿਯਮ ਵੀ ਅਹਿਮ ਹੁੰਦੇ ਹਨ, ਜੋ ਗੁਰਮੁਖੀ ਦੀਆਂ 10 ਲਗ-ਧੁਨੀਆਂ ਨੂੰ ਦੋ ਭਾਗਾਂ (ਲਘੂ ਤੇ ਦੀਰਘ) ’ਚ ਵੰਡਦੇ ਹਨ। ਲਘੂ ਭਾਵ ਛੋਟੀਆਂ 3 ਲਗ (ਸ੍ਵਰ) ਧੁਨੀਆਂ ਹਨ : ‘ਮੁਕਤਾ, ਔਂਕੜ, ਸਿਹਾਰੀ’ ਅਤੇ ਦੀਰਘ 7 ਲਗ ਧੁਨੀਆਂ ਹਨ: ‘ਕੰਨਾ, ਦੁਲੈਂਕੜ, ਬਿਹਾਰੀ, ਲਾਂ, ਦੋਲਾਵਾਂ, ਹੋੜਾ, ਕਨੌੜਾ’। ਲਘੂ ਧੁਨੀਆਂ ਵਾਲੇ ਕਿਸੇ ਵੀ ਇੱਕ ਵਚਨ ਪੁਲਿੰਗ ਨਾਂਵ; ਜਿਵੇਂ ਕਿ ‘ਨਾਨਕ, ਨਾਨਕੁ, ਨਾਨਕਿ’ ਨੂੰ ‘ਨਾਨਕ’ ਪੜ੍ਹਨ ਨਾਲ ਕਿਸੇ ਪਿੰਗਲ ਨਿਯਮ ਦਾ ਉਲੰਘਣ ਨਹੀਂ ਹੁੰਦਾ ਕਿਉਂਕਿ ਇਹ ਤਿੰਨੇ (ਮੁਕਤਾ, ਔਂਕੜ, ਸਿਹਾਰੀ) ਹੀ ਲਘੂ ਧੁਨੀਆਂ ਹਨ।
ਸੋ ਗੁਰਬਾਣੀ ’ਚ ‘ਗੁਰ, ਗੁਰੁ, ਗੁਰਿ’ ਨੂੰ ‘ਗੁਰ’ ਪੜ੍ਹਨ ਨਾਲ ਜਾਂ ‘ਰਾਹ, ਰਾਹੁ, ਰਾਹਿ’ ਨੂੰ ‘ਰਾਹ’ ਪੜ੍ਹਨ ਨਾਲ ਜਾਂ ‘ਵਾਹ, ਵਾਹੁ, ਵਾਹਿ’ ਨੂੰ ‘ਵਾਹ’ ਪੜ੍ਹਨ ਨਾਲ ਜਾਂ ‘ਪਾਤਿਸਾਹ, ਪਾਤਿਸਾਹੁ, ਪਾਤਿਸਾਹਿ’ ਨੂੰ ‘ਪਾਤਿਸ਼ਾਹ’ ਪੜ੍ਹਨ ਨਾਲ ਜਾਂ ‘ਸਾਹ, ਸਾਹੁ, ਸਾਹਿ’ ਨੂੰ ‘ਸ਼ਾਹ’ ਪੜ੍ਹਨ ਨਾਲ; ਭਾਵੇਂ ਕਿਸੇ ਕਾਵਿਕ ਪਿੰਗਲ ਨਿਯਮ ਦਾ ਖੰਡਨ ਨਹੀਂ ਹੁੰਦਾ, ਪਰ ਇਹ ਤਿੰਨੇ ਸਰੂਪ (ਅੰਤ ਮੁਕਤਾ, ਅੰਤ ਔਂਕੜ, ਅੰਤ ਸਿਹਾਰੀ) ਵੱਖ ਵੱਖ ਅਰਥ ਕਰਵਾਉਣ ’ਚ ਜ਼ਰੂਰ ਮਦਦ ਕਰਦੇ ਹਨ। ਇਹ ਤਿੰਨੇ ਸ਼ਬਦ ਸਰੂਪ ਹੀ ਗੁਰਬਾਣੀ ਵਿਆਕਰਣ ਦੇ ਬਹੁਤੇ ਨਿਯਮ; ਆਪਣੇ ’ਚ ਛੁਪਾਈ ਬੈਠੇ ਹਨ।
ਗੁਰਬਾਣੀ ’ਚ ਕਈ ਬੋਲੀਆਂ ਹਨ ਅਤੇ ਇਹ ਕਾਵਿਕ ਸੰਗ੍ਰਹਿ ਵੀ ਹੈ, ਇਸ ਲਈ ਸਮੁੱਚੀ ਲਿਖਤ; 100% ਨਿਯਮਾਂ ’ਚ ਬੰਦ ਕਰਨੀ ਅਸੰਭਵ ਹੈ। ਸਮੁੱਚੀ ਲਿਖਤ ਨੂੰ ਤਿੰਨ ਭਾਗਾਂ ’ਚ ਵੰਡ ਕੇ ਵਾਚਣਾ ਸਹੀ ਹੈ :
(ੳ). ਤਤਸਮ ਸ਼ਬਦ: ਇਹ ਅਨਭਾਸ਼ਾ ਦੇ ਮੂਲਕ ਸ਼ਬਦ ਹਨ, ਇਨ੍ਹਾਂ ਦੀ ਅੰਤਮ ਸਿਹਾਰੀ ਜਾਂ ਅੰਤ ਔਂਕੜ; ਕੋਈ ਲੁਪਤ ਅਰਥ ਨਹੀਂ ਦਿੰਦੀ; ਜਿਵੇਂ ‘ਭਗਤਿ, ਹਰਿ, ਮੁਨਿ, ਭੂਮਿ, ਕਲਿ, ਕਲਤੁ, ਵਸਤੁ, ਬਿਖੁ, ਵਿਸੁ’ ’ਚੋਂ ‘ਨੇ, ਵਿੱਚ, ਨਾਲ, ਤੋਂ’ ਲੁਪਤ ਅਰਥ ਨਹੀਂ ਲੈ ਸਕਦੇ ਅਤੇ ਨਾ ਹੀ ਕਿਸੇ ਸੰਬੰਧਕ ਸ਼ਬਦ ਦੇ ਆਇਆਂ ਇਹ ਅੰਤਮ ਲਗ (ਸਿਹਾਰੀ/ਔਂਕੜ) ਹਟਦੀ ਹੈ; ਜਿਵੇਂ ਕਿ
ਹਰਿ ਕੀਆ ਕਥਾ ਕਹਾਣੀਆ; ਗੁਰਿ+ਮੀਤਿ (ਨੇ) ਸੁਣਾਈਆ ॥ (ਮਹਲਾ ੪/੭੨੫)
ਭੂਮੀਆ; ਭੂਮਿ ਊਪਰਿ ਨਿਤ ਲੁਝੈ ॥ (ਮਹਲਾ ੫/੧੮੮)
ਧਨ ਭੂਮਿ ਕਾ; ਜੋ ਕਰੈ ਗੁਮਾਨੁ ॥ (ਮਹਲਾ ੫/੨੭੮)
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ; ਕਰਮਿ ਪੀਆਵਣਹਾਰੁ ॥ (ਮਹਲਾ ੩/੬੪੬)
ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ ॥ (ਮਹਲਾ ੩/੩੬)
ਉਕਤ ਤੁਕਾਂ ’ਚ ਸੰਬੰਧਕ ਸ਼ਬਦਾਂ (ਕੀਆ, ਊਪਰਿ, ਕਾ, ਵਿਚਿ, ਕੀ, ਹੀ) ਨੇ ਤਤਸਮ ਸ਼ਬਦਾਂ (ਹਰਿ, ਭੂਮਿ, ਵਿਖੁ, ਬਿਖੁ) ਦੀ ਮੂਲਕ ਲਗ (ਅੰਤ ਸਿਹਾਰੀ/ਅੰਤ ਔਂਕੜ) ਨਹੀਂ ਹਟਾਈ।
(ਅ). ਤਦਭਵ ਸ਼ਬਦ: ਇਹ ਤਤਸਮ ਸ਼ਬਦਾਂ ਦਾ ਕੁਝ ਬਦਲਿਆ ਰੂਪ ਹੈ। ਇਨ੍ਹਾਂ ਦੇ ਹਰ ਅੰਤਮ ਅੱਖਰ ਦੀ ਬਣਾਵਟ (ਅੰਤ ਮੁਕਤਾ, ਅੰਤ ਸਿਹਾਰੀ, ਅੰਤ ਔਂਕੜ); ਵਿਸ਼ੇਸ਼ ਨਿਯਮ ਮੁਤਾਬਕ ਹੈ ਤੇ ਅਰਥਾਂ ’ਚ ਮਦਦ ਕਰਦੀ ਹੈ; ਜਿਵੇਂ ‘ਸਤੁ, ਕਾਮਣੁ, ਕੋਟੁ, ਨਾਇ, ਖੇਹ, ਕੂੜਿ, ਸਚਿ, ਖੰਡਿ, ਦਯੁ, ਪੰਜਿ, ਚਾਰੁ, ਮਲ, ਹਿਵ, ਬੇਦਨ, ਪੂਜ’ ਸ਼ਬਦ; ਕਿਉਂ ਅੰਤ ਔਂਕੜ ਹਨ ? ਕਿਉਂ ਅੰਤ ਮੁਕਤਾ ਹਨ ? ਕਿਉਂ ਅੰਤ ਸਿਹਾਰੀ ਹਨ ? ਇਨ੍ਹਾਂ ਦਾ ਜਵਾਬ ਹੀ ਵਿਆਕਰਣ ਨਿਯਮ ਅਖਵਾਉਂਦਾ ਹੈ।
(ੲ). ਗੁਰਮੁਖੀ ਲਿਪੀ: ਇਨ੍ਹਾਂ ਨਾਂਵ ਸ਼ਬਦਾਂ ਦੇ ਲਿਖਤ ਨਿਯਮ ਵੀ (ਅ). ਵਾਲੇ ਹੀ ਹਨ ਭਾਵ ‘ਨਾਮਿ, ਮਨਿ, ਮਨੁ, ਦੇਹ, ਗੁਰਿ, ਗੁਰੁ, ਨਾਨਕਿ, ਕਪਾਹ, ਸਬਦਿ’ ਆਦਿਕ ਕਿਉਂ ਅੰਤ ਸਿਹਾਰੀ ? ਕਿਉਂ ਅੰਤ ਮੁਕਤਾ ਜਾਂ ਕਿਉਂ ਅੰਤ ਔਂਕੜ ਹਨ ? ਸਭ ਗੁਰਬਾਣੀ ਲਿਖਤ ਨਿਯਮਾਂ ਅਧੀਨ ਆਉਂਦੇ ਹਨ।
ਸੋ ਉਕਤ ‘ਅ’ ਅਤੇ ‘ੲ’ ਸ਼ਬਦ ਜਿੱਥੇ ਗੁਰਬਾਣੀ ਲਿਖਤ ਨਿਯਮਾਂ ਮੁਤਾਬਕ ਹਨ ਓਥੇ ‘ੳ’ ਸ਼ਬਦ; ਲਿਖਤ ਨਿਯਮਾਂ ’ਚ ਨਹੀਂ ਹਨ।
ਗੁਰਬਾਣੀ ’ਚ ਦੂਜੀ ਬੋਲੀ ਦੇ ਅੰਤ ਸਿਹਾਰੀ ਇਸਤਰੀ ਲਿੰਗ (ਤਤਸਮ) ਸ਼ਬਦ ਭਾਵ ਉਕਤ ‘ੳ’ ਸ਼੍ਰੇਣੀ ਵਾਲੇ ਸ਼ਬਦ; ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਦੀ ਹੂ-ਬਹੂ ਬਣਤਰ ਸੰਬੰਧਿਤ ਭਾਸ਼ਾ ਵਾਙ ਹੈ। ਇਨ੍ਹਾਂ ਦੇ ਅਰਥ; ਅੰਤ ਸਿਹਾਰੀ ਉਚਾਰ ਕੇ ਲਏ ਜਾ ਸਕਦੇ ਹਨ (ਨੋਟ: ਬਰੈਕਟ ’ਚ ਬੰਦ ਸ਼ਬਦ ਉਚਾਰਨ ਸੇਧ ਹੈ ਜਾਂ ਅਰਥ ਹਨ ਤਾਂ ਜੋ ਕੋਈ ਹੋਰ ਪੁਲਿੰਗ ਅਰਥ ਨਾ ਮੰਨ ਲਿਆ ਜਾਵੇ।) :
ਅਰਬੀ–ਫ਼ਾਰਸੀ ਦੇ ਅੰਤ ਸਿਹਾਰੀ ਇਸਤਰੀ ਲਿੰਗ (ਤਤਸਮ) ਨਾਂਵ (ਸ਼ਬਦ): ‘ਉਮਤਿ (ਪਰਜਾ/ਸੰਗਤ), ਅਕਲਿ, ਈਦਿ, ਇਲਤਿ (ਸ਼ਰਾਰਤ), ਸੁਆਦਤਿ (ਜੀਭ ਰਸ), ਸਾਖਤਿ (ਸਾਖ਼ਤਿ/ਦੁਮਚੀ/ਘੋੜੇ ਦੀ ਪੂਛ ’ਚ ਪਾਇਆ ਸਾਜ਼), ਸਜਾਇ (ਸਜ਼ਾਇ/ਸਜ਼ਾ), ਸਨਾਤਿ (ਛੋਟੀ ਜਾਤਿ), ਸਨਾਇ (ਵਡਿਆਈ), ਸੁੰਨਤਿ, ਸਿਫਤਿ (ਸਿਫ਼ਤਿ), ਸਾਬਾਸਿ (ਸ਼ਾਬਾਸ਼ਿ), ਸਾਬਤਿ, ਸੰਬਤਿ, ਸਰਾਇ (ਰਾਹ), ਸਰੀਅਤਿ (ਸ਼ਰੀਅਤਿ), ਸੂਰਤਿ, ਸਲਾਮਤਿ, ਕੁਦਰਤਿ, ਕੀਮਤਿ, ਕਰਾਮਾਤਿ, ਕਵਾਇ (ਪੁਸ਼ਾਕ), ਖਸਲਤਿ (ਖ਼ਸਲਤਿ/ਆਦਤ), ਖਿਜਮਤਿ (ਖ਼ਿਜਮਤਿ/ਸੇਵਾ), ਖਬਰਿ (ਖ਼ਬਰਿ), ਖੈਰਿ (ਖ਼ੈਰਿ), ਖਰੀਦਿ (ਖ਼ਰੀਦਿ), ਗਾਇ (ਜਗ੍ਹਾ/ਥਾਂ), ਗੈਰਤਿ (ਗ਼ੈਰਤਿ/ਸ਼ਰਮਿੰਦਗੀ), ਗਰਦਨਿ, ਜਾਇ (ਥਾਂ), ਜਗਾਤਿ/ਜਾਗਾਤਿ (ਚੁੰਗੀ), ਜਿਨਸਿ (ਕਿਸਮ), ਜਰੂਰਤਿ (ਜ਼ਰੂਰਤਿ/ਲੋੜ), ਤਾਜਨਿ (ਅਰਬੀ ਘੋੜੀ), ਤਮਾਇ (ਤਮ੍ਹਾ/ਲਾਲਚ), ਤਰੀਕਤਿ (ਰੱਬ ਨੂੰ ਮਿਲਣ ਦਾ ਦੂਜਾ ਪੜਾਅ; ਪਹਿਲਾ ਸ਼ਰੀਅਤਿ, ਤੀਜਾ ਮਾਅਰਫ਼ਤ, ਚੌਥਾ ਹਕੀਕਤ), ਦਉਲਤਿ, ਦੁਆਇ, ਦਾਦਿ (ਇਨਸਾਫ਼), ਦੁਨਿਆਇ, ਨਉਬਤਿ (ਨਗਾਰਾ), ਨੀਅਤਿ, ਨਿਆਮਤਿ (ਬਖ਼ਸ਼ਸ਼), ਨਜਰਿ (ਨਜ਼ਰਿ), ਨਦਰਿ, ਪੈਦਾਇਸ (ਪੈਦਾਇਸ਼), ਪੰਦਿ (ਪਗਡੰਡੀ/ਰਾਹ), ਪਨਾਹਿ (ਓਟ), ਫਸਲਿ (ਫ਼ਸਲਿ), ਫਦੀਹਤਿ (ਫ਼ਦੀਹਤਿ/ਪਖ਼ਾਨਾ/ਮਲ), ਫੁਰਮਾਇਸਿ (ਫ਼ੁਰਮਾਇਸ਼ਿ/ਹੁਕਮ), ਬਕਰੀਦਿ (ਗਾਂ ਦੀ ਬਲੀ ਦੇਣ ਵਾਲੀ ਈਦ), ਬਾਗਾਤਿ (ਬਾਗ਼ਾਤਿ/ਬਗ਼ੀਚੀ), ਬੰਦਸਿ (ਬੰਦਸ਼ਿ/ਸ਼ਕਲ), ਬਰਕਤਿ (ਸਫਲਤਾ), ਬਲਾਇ (ਆਫ਼ਤ), ਬਰਾਬਰਿ, ਭਿਸਤਿ (ਨੋਟ: ਇਹ ਸ਼ਬਦ ਪੁਲਿੰਗ ਵੀ ਹੈ), ਮਸਕਤਿ (ਮਸ਼ੱਕਤਿ/ਮਿਹਨਤ), ਮਸੀਤਿ, ਮਸੂਰਤਿ (ਮਸ਼ਵਰਾ), ਮਸਲਤਿ (ਸਲਾਹਕਾਰ), ਮਹਜਿਦਿ (ਮਸਜਿਦ), ਮਾਹੀਤਿ (ਵਾਕਫ਼ੀਅਤ), ਮੁਹਬਤਿ (ਮੁਹੱਬਤਿ), ਮਿਹਰੰਮਤਿ/ਮਿਹਰਾਮਤਿ (ਦਇਆ), ਮੁਹਲਤਿ (ਸਮਾਂ), ਮਜਲਸਿ (ਦਰਬਾਰ), ਮੁਦਤਿ (ਮੁੱਦਤਿ), ਮਿੰਨਤਿ, ਮਾਰਫਤਿ (ਮਾਰਫ਼ਤਿ/ਆਤਮ ਗਿਆਨ), ਯਾਦਿ, ਰਾਇ (ਬਾਦਸ਼ਾਹ), ਰਈਅਤਿ/ਰਯਤਿ (ਪਰਜਾ), ਰਜਾਇ (ਰਜ਼ਾਇ/ਰਜ਼ਾ), ਲਹਰਿ, ਵਲਾਇਤਿ, ਹਕੀਕਤਿ, ਹਿਕਮਤਿ (ਚਲਾਕੀ), ਹੁਜਤਿ (ਹੁੱਜਤਿ/ਦਲੀਲ), ਹੈਰਤਿ (ਹੈਰਾਨਗੀ), ਹੁਰਮਤਿ (ਇੱਜ਼ਤ), ਹਵਾਇ (ਲਾਲਚ)’।
ਸੰਸਕ੍ਰਿਤ ਭਾਸ਼ਾ ਦੇ ਅੰਤ ਸਿਹਾਰੀ ਇਸਤਰੀ ਲਿੰਗ ਨਾਂਵ : ‘ਉਸਤਤਿ, ਉਕਤਿ, ਉਤਪਤਿ, ਉਪਾਧਿ (ਛਲ-ਕਪਟ), ਅਸਿ (ਬਨਾਰਸ ਦੀ ਨਦੀ), ਅਹੰਬੁਧਿ, ਅਗਨਿ, ਅਰਦਾਸਿ, ਅਵਿਗਤਿ (ਮੁਕਤੀ ਨਹੀਂ), ਸਕਤਿ (ਇਸਤਰੀ), ਸੰਗਤਿ, ਸੁਚਿ, ਸਾਂਤਿ, ਸੰਤਤਿ (ਸੰਤਾਨ), ਸਿਧਿ, ਸੰਧਿ, ਸੰਪਤਿ, ਸਮਾਧਿ, ਸਿਮ੍ਰਿਤਿ, ਸੁਮਤਿ, ਸ੍ਰਿਸਟਿ (ਸ੍ਰਿਸ਼ਟਿ), ਸਰਣਿ, ਸੁਰਤਿ, ਸਰਣਾਗਤਿ, ਸ੍ਰੁਤਿ (ਸ਼੍ਰੁਤਿ/ਵੇਦ), ਸਰਨਿ, ਸ੍ਵਸਤਿ (ਸ਼ਾਂਤੀ), ਹਾਨਿ (ਘਾਟ), ਕੀਟਿ (ਕੀੜੀ), ਕੰਠਿ (ਕੰਠੀ/ਮਾਲਾ, ‘‘ਨਾਨਕ ! ਨਾਮੁ ਪਦਾਰਥੁ ਦੀਜੈ; ਹਿਰਦੈ ‘ਕੰਠਿ’ ਬਣਾਈ ॥’’ ਮਹਲਾ ੧/੫੦੪), ਕਾਮਣਿ (ਔਰਤ), ਕਿਰਣਿ, ਕੀਰਤਿ (ਮਹਿਮਾ), ਕ੍ਰਿਮਿ (ਛੋਟੇ ਕੀਟ), ਗੋਸਟਿ (ਚਰਚਾ), ਗਤਿ, ਗੀਤਿ (ਗੀਤ), ਗੁਰਮਤਿ, ਚੰਦ੍ਰਾਵਲਿ (ਇੱਕ ਗੋਪੀ), ਛਬਿ (ਚਮਕ), ਜੁਗਤਿ, ਜਾਤਿ, ਜੋਤਿ, ਜੋਨਿ, ਜਨਨਿ (ਔਰਤ), ਤੋਟਿ, ਤਾਤਿ (ਈਰਖਾ), ਤਪਤਿ, ਤਰੁਣਿ/ਤਰੁਨਿ (ਵਹੁਟੀ), ਤਾਰਿ (ਬੇੜੀ), ਤ੍ਰਿਪਤਿ/ਤਿਪਤਿ, ਦ੍ਰਿਸਟਿ, ਦਾਤਿ, ਦੁਰਮਤਿ, ਧਰਣਿ/ਧਰਨਿ (ਧਰਤੀ), ਧੂਲਿ (ਮਿਟੀ), ਨਾਭਿ, ਨਾਰਿ, ਨਿਭਰਾਂਤਿ (ਭਟਕਣ ਰਹਿਤ), ਪ੍ਰੀਤਿ, ਪ੍ਰਤੀਤਿ, ਪਬਣਿ (ਚੌਪੱਤੀ/ਪਾਣੀ ਕੰਢੇ ਉੱਗੀ ਘਾਹ), ਪਰਸੂਤਿ (ਜਣਨਾ/ਔਲਾਦ), ਪਰਿਤਿ, ਪਰਤੀਤਿ, ਪਰੀਤਿ, ਪਰਾਪਤਿ, ਪਾਲਿ (ਕੰਧ), ਬਿਆਧਿ (ਬਿਮਾਰੀ), ਬਿਧਿ, ਬੁਧਿ, ਬਾਣਿ (ਬਾਣੀ), ਬਿਪਤਿ (ਪੀੜਾ), ਬਿਭੂਤਿ (ਸੁਆਹ), ਬਰਾਬਰਿ, ਭਗਤਿ, ਭੁਗਤਿ (ਚੂਰਮਾ/ਭੋਜਨ), ਭਾਂਤਿ (ਕਿਸਮ), ਭੀਤਿ (ਦੀਵਾਰ), ਭਿਤਿ (ਚੋਗਾ), ਭੂਮਿ, ਭ੍ਰਾਂਤਿ/ਭਰਾਂਤਿ (ਭਟਕਣਾ), ਭ੍ਰਮਨਿ, ਮੁਸਟਿ (ਮੁੱਠੀ), ਮੁਕਤਿ, ਮਤਿ, ਮੇਦਨਿ (ਸ੍ਰਿਸ਼ਟੀ), ਮੂਰਤਿ, ਰਾਸਿ, ਰਜਨਿ (ਜੀਵਨ-ਰਾਤ), ਰਤਿ (ਪ੍ਰੀਤ), ਰੀਤਿ, ਰਿਧਿ, ਰੋਮਾਵਲਿ (ਰੋਮਾਂ ਦੀ ਕਤਾਰ)’।
ਪ੍ਰਾਕ੍ਰਿਤ ਭਾਸ਼ਾ ਦੇ ਅੰਤ ਸਿਹਾਰੀ ਵਾਲੇ ਇਸਤਰੀ ਲਿੰਗ ਨਾਂਵ : ‘ਉਚਾਪਤਿ (ਕਰਜ਼ਾ), ਓਪਤਿ (ਉਤਪਤਿ), ਅਸਤਿ (ਹੱਡੀ), ਅਸਥਿਤਿ (ਅਡੋਲਤਾ), ਅਹਰਣਿ, ਆਗਿ/ਅਗਿ (ਅੱਗ), ਅਜਾਤਿ (ਨੀਵੀਂ ਜਾਤ), ਐਠਿ (ਆਕੜ), ਆਢਿ (ਧਨੀ), ਆਣਿ (ਅਗਨਿ), ਅਨਾਹਤਿ (ਸਥਿਰ ਅਵਸਥਾ), ਅਨੀਤਿ (ਨੀਤੀ ਦੇ ਉਲ਼ਟ), ਆਥਿ (ਮਾਯਾ), ਆਨਿ (ਇੱਜ਼ਤ), ਅਰਦਾਸਿ, ਆੜਿ (ਬਗਲੇ ਵਰਗਾ ਪੰਛੀ/ਆਡਿ), ਇਕਾਂਤਿ (ਸਮਾਧੀ), ਸੋਇ (ਸ਼ੋਭਾ), ਸਉਕਨਿ, ਸਉੜਿ (ਤੰਗ ਥਾਂ), ਸਿਸ਼ਟਿ, ਸਸੁੜਿ (ਸੱਸ), ਸੁਚਿ, ਸਿਞਾਣਿ, ਸਾਟਿ (ਸੱਟ/ਚੋਟ), ਸਨਾਤਿ (ਨੀਵੀਂ ਜਾਤ), ਸੰਨਿ੍, ਸੰਬਤਿ, ਸੋਰਠਿ, ਸਰੋਤਿ (ਬੋਲੀ), ਸਰਣਿ/ਸਰਨਿ, ਸੁਰਤਿ, ਸਿਰਤਿ (ਸਿਰ ਪੀੜ), ਸਰਪਨਿ (ਸਪਣੀ), ਸੂਲਿ, ਸਲਿ (ਸ਼ੱਲਿ/ਜ਼ਖ਼ਮ), ਬਿਸਲਿ (ਬਿਸ਼ੱਲਿ/ਅਰੋਗ), ਸੀਵਨਿ (ਸਿਊਂਣਾ/ਸਿਲ਼ਾਈ ਕਰਨਾ), ਹਾਟਿ, ਹਾਣਿ/ਹਾਨਿ (ਘਾਟਾ), ਕੁਆਰਿ, ਕਸਨਿ (ਰੱਸੀ), ਕਾਣਿ/ਕਾਨਿ (ਮੁਥਾਜੀ/ਧੌਂਸ), ਕਛੋਤਿ (ਅਛੂਤ), ਕੁਬਾਣਿ, ਕੁਬੁਧਿ, ਕਾਬਿ (ਕਵਿਤਾ), ਕਮਜਾਤਿ (ਨੀਵੀਂ ਜਾਤ), ਕਾਮਣਿ (ਔਰਤ), ਕਾਮਣਿਆਰਿ (ਟੂਣੇ ਕਰਨ ਵਾਲੀ), ਕੁਮਤਿ, ਕਿਰਤਿ, ਕਰਤੂਤਿ, ਕੂਲਿ (ਨਦੀ), ਖੂਹਣਿ, ਖਿੰਚੋਤਾਣਿ, ਖਾਨਿ (ਜੜ੍ਹ), ਖਪਤਿ, ਖੋਰਿ (ਆਦਤ), ਖੀਰਿ, ਖਲਿ (ਖਲ਼/ਸਰੋਂ ਦਾ ਤੇਲ ਕੱਢ ਕੇ ਬਚੀ ਖਲ਼), ਗੋਇ (ਸ੍ਰਿਸ਼ਟੀ), ਗਾਇ (ਗਾਂ), ਗੋਸਟਿ (ਚਰਚਾ), ਗੋਇਲਿ (ਖ਼ਾਲੀ ਪਈ ਘਾਹ ਵਾਲੀ ਥਾਂ), ਗੇਹਣਿ/ਗੀਹਣਿ (ਵਹੁਟੀ), ਗਾਗਰਿ, ਗਾਂਠਿ/ਗੰਢਿ, ਗੋਦਾਵਰਿ, ਗੋਨਿ (ਛੱਟ/ਗੂਣ), ਗਾਰਿ/ਗਾਲਿ (ਗਾਲ਼), ਗਰਦਨਿ, ਗੈਲਿ (ਆਦਤ), ਗਿਲਾਨਿ (ਨਫ਼ਰਤ), ਘਾਣਿ (ਢੇਰੀ), ਘੂਮਨਘੇਰਿ, ਘੂਮਰਿ (ਘੁਮੇਰਿ/ਚਕ੍ਰਾਕਰ ਫਿਰਨਾ), ਘਾੜਤਿ, ਚਉਕੜਿ, ਚਉਪੜਿ, ਚਿਤਵਨਿ (ਸੋਚ), ਚੇਰਿ, ਛੋਹਰਿ (ਅਣਜਾਣ ਔਰਤ), ਛਾਛਿ (ਲੱਸੀ), ਛੋਟਿ (ਮਿਹਰ/ਮੁਕਤੀ), ਛੁਟੜਿ/ਛੂਟਰਿ (ਵਿਧਵਾ), ਛਤਿ, ਛੋਤਿ (ਭਿੱਟ), ਛਾਨਿ/ਛਪਰਿ/ਛਾਪਰਿ (ਕੁੱਲੀ), ਜੋਇ (ਨਜ਼ਰ), ਜੂਠਿ, ਜੁਗਤਿ, ਜਤਿ (ਜਾਤਿ), ਜੀਰਾਂਦਿ (ਸਹਿਨਸ਼ੀਲਤਾ), ਜੋਨਿ, ਜਲਣਿ/ਜਲਨਿ, ਜੀਵਨਿ, ਝਤਿ (ਝੱਟ/ਸਮਾਂ), ਟੂਟਨਿ (ਟੁੱਟ-ਫੁੱਟ), ਠਾਡਿ/ਠਾਂਡਿ, ਡੀਠਿ, ਡੰਡਉਤਿ, ਡੋਰਿ, ਤੇਜਣਿ (ਘੋੜੀ), ਤੋਟਿ, ਤਾਤਿ (ਈਰਖਾ), ਥਿਤਿ/ਥੀਤਿ, ਥੂਨਿ (ਛੋਟੀ ਥੰਮ੍ਹੀ), ਥ੍ਰੂਟਿਟਿ (ਪਸ਼ੂ ਹੱਕਣ ਦੀਆਂ ਦੋ ਆਵਾਜ਼ਾਂ), ਦਿਸਟਿ, ਦੂਣਿ (ਵਾਦੀ, ਦੋ ਪਹਾੜੀਆਂ ਵਿਚਕਾਰ ਮੈਦਾਨੀ ਇਲਾਕਾ), ਦਿਤਿ (ਦੱਤਿ, ਦਾਤ), ਦਾਮਨਿ (ਬਿਜਲੀ), ਦਾਵਨਿ (ਰੱਸੀ), ਦਾਲਿ, ਧ੍ਰੋਹਨਿ (ਠਗਣੀ), ਧੁੰਧਿ, ਧੂਰਿ/ਧੂੜਿ, ਧੀਰਿ, ਧੁਨਿ, ਧਰਤਿ/ਧਰਨਿ/ਧਰਣਿ (ਧਰਤੀ), ਨੀਹਿ (ਨੀਂਹ), ਨਾਰਿ, ਨਿਰਤਿ (ਨਾਚ), ਨਰਵਿਰਤਿ/ਨਿਰਵਿਰਤਿ (ਤਿਆਗ), ਨਿਵਲਿ (ਪੇਟ ਦੀਆਂ ਆਂਦਰਾਂ ਭਵਾਣੀਆਂ), ਨਵਹਾਣਿ (ਕੁਆਰੀ ਕੁੜੀ), ਪਾਂਇ (ਇੱਜ਼ਤ), ਪਹਿਤਿ (ਦਾਲ਼), ਪੁਹਮਿ (ਭੂਮਿ), ਪਿਠਿ/ਪੀਠਿ, ਪਤਲਿ (ਪੱਤਿਆਂ ਦੀ ਥਾਲ਼ੀ), ਪਧਤਿ (ਦਿਸ਼ਾ, ਰਾਹ), ਪਰਭਾਤਿ (ਸੁਬ੍ਹਾ), ਪਰੀਤਿ, ਪਬਣਿ (ਪੱਬਣਿ/ਪਾਣੀ ਕੰਢੇ ਉੱਗੀ ਭੰਭੂਲ/ਚੌਪੱਤੀ), ਪ੍ਰਿਥਮਿ, ਪਰਾਲਿ, ਪਰਵਿਰਤਿ (ਗ੍ਰਹਿਸਤੀ), ਪੁਰਾਇਨਿ (ਭੰਭੂਲ), ਪਰਸੂਤਿ (ਜਣਨਾ, ਪੈਦਾਇਸ਼), ਪਲਰਿ (ਤੋਰੀਏ ਦਾ ਨਾੜ), ਫਕੜਿ (ਵਿਅਰਥ), ਫੂੜਿ (ਗੰਦੀ ਬੋਲੀ), ਬਾਇ/ਵਾਇ (ਹਵਾ), ਬਈਅਰਿ (ਇਸਤਰੀ/ਬਾਂਗਰ ਬੋਲੀ), ਬਿਖੋਟਿ, ਬਿਜੁਲਿ/ਬੀਜੁਲਿ, ਬੰਧਚਿ (ਬੰਨ੍ਹਣ ਵਾਲੀ ਮਾਯਾ), ਬੇਦਨਿ (ਪੀੜਾ), ਬੰਧਾਨਿ, ਬੇਨਤਿ, ਬਾਰਿ/ਵਾਰਿ/ਵਾੜਿ (ਚਾਰਦੀਵਾਰੀ), ਬੇਲਿ (ਵੇਲ), ਬਿਥਿ (ਬਿੱਥਿ/ਵਿੱਥ/ਦੂਰੀ), ਭੁਇ, ਭਸਮੜਿ (ਸੁਆਹ ਦੀ ਢੇਰੀ), ਭਾਹਿ (ਅੱਗ), ਭਠਿ, ਭਿਤਿ (ਖ਼ੁਰਾਕ), ਭੀਤਿ (ਕੰਧ), ਭੀਰਿ (ਭੀੜ), ਭਰਾਂਤਿ/ਭਰਾਂਦਿ (ਭਟਕਣਾ), ਭਾਵਰਿ (ਲਾਵਾਂ, ਫੇਰੇ), ਭਾੜਿ (ਦੱਛਣਾ/ਭੇਟਾ), ਮਾਇ, ਮੁਸਟਿ (ਮੁੱਠੀ), ਮੁਹਤਿ (ਦੋ ਘੜੀ ਦਾ ਸਮਾਂ), ਮਿਚਲਿ (ਰਲ਼ਗੱਡ), ਮੋਹਨਿ, ਮਾਂਗਨਿ (ਮੰਗ), ਮੁੰਦਣਿ (ਦੰਦਣ, ਖ਼ਾਮੋਸ਼ੀ), ਰਾਸਿ, ਰਹਰਾਸਿ, ਰੰਗਨਿ/ਰੰਗਣਿ/ਰਾਗਨਿ/ਰੰਙਣਿ (ਰੰਗ ਦੀ ਮੱਟੀ), ਰੈਣਿ/ਰੈਨਿ/ਰਾਤਿ/ਰਯਨਿ (ਰਾਤ), ਰੁਤਿ, ਰਾਰਿ (ਲੜਾਈ), ਰਵਣਿ (ਵਿਸ਼ਈ ਅਵਸਥਾ), ਲਾਹਣਿ/ਲਾਹਨਿ (ਸ਼ਰਾਬ ਕੱਢਣ ਵਾਲੀ ਮੱਟੀ), ਲੇਖਣਿ (ਕਲਮ), ਲਾਗਿ (ਖਿੱਚ, ਅੱਗ, ਪ੍ਰੀਤ), ਲੂਟਿ, ਲੇਟਣਿ (ਲੇਟ ਕੇ ਨੱਚਣਾ), ਲਬਧਿ (ਪ੍ਰਾਪਤੀ), ਬਿਖੋਟਿ/ਵਿਖੋਟਿ (ਖੋਟ ਰਹਿਤ), ਵੇਗਾਰਿ, ਵਿਰਤਿ, ਵਰਤਣਿ, ਵੇਲਿ, ੜਾੜਿ (ਰੜਕ, ਘਮੰਡ)’।
ਹੇਠਲੇ ਵਾਕਾਂ ’ਚ ‘ਬਰਾਬਰਿ’ ਸ਼ਬਦ ਦੇ ਅਰਥ ਵਾਚਣਯੋਗ ਹਨ :
ਪੰਡਿਤ ਸੂਰ ਛਤ੍ਰਪਤਿ ਰਾਜਾ; ਭਗਤ ਬਰਾਬਰਿ ਅਉਰੁ ਨ ਕੋਇ ॥ (ਭਗਤ ਰਵਿਦਾਸ/੮੫੮) (ਬਰਾਬਰਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ਇਸ ਨੇ ‘ਭਗਤੁ’ ਨੂੰ ਅੰਤ ਮੁਕਤਾ ਕਰ ਦਿੱਤਾ ਹੈ।)
ਕਰਉ ਬਰਾਬਰਿ, ਜੋ ਪ੍ਰਿਅ ਸੰਗਿ ਰਾਤਂੀ; ਇਹ ਹਉਮੈ ਕੀ ਢੀਠਾਈ ॥ (ਮਹਲਾ ੫/੧੨੬੭) (ਬਰਾਬਰਿ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਬਰਾਬਰੀ/ਮੁਕਾਬਲਾ’।)
ਨੋਟ: ਪ੍ਰਾਕ੍ਰਿਤ ਭਾਸ਼ਾ ਨੂੰ ਪਾਲੀ ਜਾਂ ਬੋਧੀ ਤ੍ਰਿਪਿਟਕ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਦੀ ਬਜਾਇ ਇਹ ਬੋਲੀ, ਪੰਜਾਬੀ ਦੇ ਜ਼ਿਆਦਾ ਨੇੜੇ ਹੈ; ਜਿਵੇਂ ਸੰਸਕ੍ਰਿਤ ’ਚ ਕੇਵਲ ‘ਲ’ ਹੈ, ਪਰ ਪੰਜਾਬੀ ਅਤੇ ਪ੍ਰਾਕ੍ਰਿਤ ’ਚ ‘ਲ਼, ਲ੍ਹ’ ਵੀ ਹੈ। ਸੰਸਕ੍ਰਿਤ ਦੇ ਮੁਕਾਬਲੇ ਇਹ ਬੋਲੀ ਭਾਰਤ ਦੇ ਬਹੁਤ ਵੱਡੇ ਭੂ-ਭਾਗ ’ਚ ਬੋਲੀ ਜਾਂਦੀ ਰਹੀ ਹੈ, ਇਸ ਲਈ ਗੁਰਬਾਣੀ ’ਚ ਇਨ੍ਹਾਂ ਸ਼ਬਦਾਂ ਦੀ ਗਿਣਤੀ ਵਧੇਰੇ ਹੈ।
ਅੰਤ ਔਂਕੜ ਤਤਸਮ ਇਸਤਰੀ ਲਿੰਗ ਨਾਂਵ : ‘ਅੰਸੁ (ਜੀਵਾਤਮਾ), ਸਾਸੁ/ਸਸੁ (ਸੱਸ), ਹਿੰਙੁ, ਕਫੁ (ਬਲਗ਼ਮ), ਕਲਤ੍ਰੁ (ਔਰਤ), ਖਾਂਡੁ/ਖੰਡੁ, ਖੜੁ (ਨਾੜ), ਚਿੰਜੁ (ਚੁੰਝ), ਖਾਕੁ/ਛਾਰੁ/ਭਸੁ (ਸੁਆਹ), ਜਿੰਦੁ, ਜਰੁ (ਬੁਢੇਪਾ), ਤੰਤੁ (ਤੰਦ/ਧਾਗਾ), ਦਭੁ (ਘਾਹ), ਦਰਦੁ (ਪੀੜਾ), ਧੇਣੁ/ਧੇਨੁ (ਗਾਂ), ਧਾਤੁ (ਮੂਲ/ਆਦਤ/ਭਟਕਣਾ/ਮਾਯਾ), ਫੇਨੁ (ਝੱਗ), ਬਸਤੁ/ਵਸਤੁ/ਵਥੁ (ਬਸਤੂ), ਬਿਖੁ, ਬੇਨੁ/ਵੰਸੁ (ਬੰਸਰੀ), ਬਿੰਦੁ (ਵੀਰਜ), ਮਸੁ/ਮੰਸੁ (ਸਿਆਹੀ), ਮੁਸਕਲੁ (ਮੁਸ਼ਕਲ), ਮਲੁ/ਮੈਲੁ (ਮੈਲ਼), ਰੇਣੁ/ਰੇਨੁ (ਚਰਨ ਧੂੜ), ਰਕਤੁ/ਰਤੁ, ਰੇਤੁ, ਲਾਜੁ/ਲਜੁ (ਰੱਸੀ), ਪਉਣੁ/ਵਾਉ (ਹਵਾ), ਵਿਸੁ (ਜ਼ਹਰ), ਵਾਸੁ (ਸੁਗੰਧੀ)’।
ਨੋਟ: ਉਕਤ ਅੰਤ ਔਂਕੜ ਇਸਤਰੀ ਲਿੰਗ ਨਾਂਵ; ਤਤਸਮ ਹਨ। ਗੁਰਬਾਣੀ ’ਚ ਇਨ੍ਹਾਂ ਨਾਲ ਕੋਈ ਸੰਬੰਧਕੀ ਸ਼ਬਦ ਆਉਣ ’ਤੇ (ੳ). ਅੰਤ ਔਂਕੜ ਕਾਇਮ ਰਹਿੰਦਾ ਹੈ ਜਾਂ (ਅ) ਅੰਤ ਔਂਕੜ; ਕਾਵਿ ਤੋਲ ਕਾਰਨ ਦੁਲੈਂਕੜ ’ਚ ਬਦਲ ਜਾਂਦਾ ਹੈ (ਭਾਵ ਸੰਬੰਧਕ ਆਉਣ ’ਤੇ ਵੀ ਅੰਤ ਮੁਕਤਾ ਨਹੀਂ ਹੁੰਦੇ); ਜਿਵੇਂ ‘ਵਿਸੁ ਤੋਂ ਵਿਸੂ, ਵਸਤੁ ਤੋਂ ਵਸਤੂ, ਬਿਖੁ ਤੋਂ ਬਿਖੂ, ਖਾਕੁ ਤੋਂ ਖਾਕੂ, ਸਸੁ ਤੋਂ ਸਸੂ’; ਤਾਹੀਓਂ ਇਨ੍ਹਾਂ ਦੀ ਅੰਤ ਔਂਕੜ ਦਾ ਉਚਾਰਨ ਕਰਨ ਵਾਲਾ ਥੋੜ੍ਹਾ ਦੁਲੈਂਕੜ ਵੱਲ ਉਚਾਰਨ ਕਰਨਾ ਦਰੁਸਤ ਸਮਝਦਾ ਹੈ। ਇਨ੍ਹਾਂ ਦੀ ਬਣਤਰ ਨੂੰ ਲਿੰਗ (ਇੱਕ ਵਚਨ/ਬਹੁ ਵਚਨ) ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ :
ਸਸੂ ਤੇ; ਪਿਰਿ (ਨੇ) ਕੀਨੀ ਵਾਖਿ ॥ (ਮਹਲਾ ੫/੩੭੦) (‘ਤੇ’ ਸੰਬੰਧਕ ਨੇ ਸਸੁ ਨੂੰ ਸਸੂ ਬਣ ਦਿੱਤਾ।)
ਦੇਵਰ ਜੇਠ ਮੁਏ ਦੁਖਿ (ਨਾਲ); ਸਸੂ ਕਾ ਡਰੁ ਕਿਸੁ ?॥ (ਮਹਲਾ ੧/੬੪੨) (‘ਕਾ’ ਸੰਬੰਧਕ ਨਾਲ ਸਸੁ ਤੋਂ ਸਸੂ ਬਣ ਗਿਆ।)
ਓਹੁ ਖਿਨ ਮਹਿ ਰੁਲਤਾ; ਖਾਕੂ ਨਾਲਿ ॥ (ਮਹਲਾ ੫/੮੬੮) (‘ਨਾਲਿ’ ਸੰਬੰਧਕ ਨਾਲ ਖਾਕੁ ਤੋਂ ਖਾਕੂ ਬਣ ਗਿਆ।)
ਫਰੀਦਾ ! ਖਾਕੁ ਨ ਨਿੰਦੀਐ; ਖਾਕੂ ਜੇਡੁ ਨ ਕੋਇ ॥ (ਬਾਬਾ ਫਰੀਦ/੧੩੭੮) (‘ਜੇਡੁ’ ਭਾਵ ‘ਜਿੱਡਾ/ਵਰਗਾ’; ਸੰਬੰਧਕ ਨੇ ਖਾਕੁ ਤੋਂ ਖਾਕੂ ਬਣਾ ਦਿੱਤਾ।)
ਗ੍ਰਿਹਿ ਸਾਕਤ ਛਤੀਹ ਪ੍ਰਕਾਰ; ਤੇ ਬਿਖੂ ਸਮਾਨ ॥ (ਮਹਲਾ ੫/੮੧੧) (‘ਸਮਾਨ’ ਭਾਵ ਬਰਾਬਰ; ਸੰਬੰਧਕ ਨੇ ਬਿਖੁ ਤੋਂ ਬਿਖੂ ਬਣਾ ਦਿੱਤਾ।)
ਖਾਇ ਖਾਇ (ਕੇ) ਕਰੇ ਬਦਫੈਲੀ; ਜਾਣੁ ਵਿਸੂ ਕੀ ਵਾੜੀ ਜੀਉ ॥ (ਮਹਲਾ ੫/੧੦੫) (‘ਕੀ’ ਸੰਬੰਧਕ ਨਾਲ ਵਿਸੁ ਤੋਂ ਵਿਸੂ ਬਣ ਗਿਆ।)
ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ ॥ (ਮਹਲਾ ੩/੩੬) (‘ਕੀ’ ਸੰਬੰਧਕ ਅਤੇ ‘ਹੀ’ ਕ੍ਰਿਆ-ਵਿਸ਼ੇਸ਼ਣ ਹੋਣ ਦੇ ਬਾਵਜੂਦ ਵੀ ਬਿਖੁ ਤੋਂ ਬਿਖੂ ਨਹੀਂ ਬਣਿਆ। ਇੱਥੇ ਲਿਖਤ ਨਿਯਮ ਤੋਂ ਜ਼ਿਆਦਾ ਕਾਵਿ ਤੋਲ ਨੇ ਪ੍ਰਭਾਵ ਪਾਇਆ ਹੈ। ਜੇ ਤੁਕ ’ਚ ‘ਬਿਖੂ ਕੀ’ ਅਤੇ ‘ਬਿਖੂ ਹੀ’ ਹੁੰਦਾ ਤਾਂ ਕਾਵਿ ਦਾ ਪਿੰਗਲ ਨਿਯਮ ਮਰਦਾ ਹੈ।)
ਵਸਤੂ ਅੰਦਰਿ ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥ (ਮਹਲਾ ੨/੪੭੪) (‘ਅੰਦਰਿ’ ਸੰਬੰਧਕ ਨੇ ‘ਵਸਤੁ’ ਤੋਂ ਵਸਤੂ ਬਣਾ ਦਿੱਤਾ।)
ਏਕ ਵਸਤੁ ਕਉ ਪਹੁਚਿ ਨ ਸਾਕੈ; ਧਨ, ਰਹਤੀ ਭੂਖ ਪਿਆਸਾ ਹੇ ॥ (ਮਹਲਾ ੫/੧੦੭੨) (‘ਕਉ’ ਸੰਬੰਧਕ ਨੇ ਵੀ ਵਸਤੁ ਤੋਂ ਵਸਤੂ ਨਹੀਂ ਕੀਤਾ ਭਾਵ ਵਸਤੁ; ਆਪਣੇ ਅਸਲ ਰੂਪ ’ਚ ਹੀ ਕਾਇਮ ਹੈ।)
ਏਕ ਵਸਤੁ; ਜੇ ਪਾਵੈ ਕੋਇ ॥ (ਮਹਲਾ ੫/੧੧੪੫) (ਵਸਤੁ; ਇੱਕ ਵਚਨ ਹੈ)
ਹਰਿ ਮੰਦਰਿ ਵਸਤੁ ਅਨੇਕ ਹੈ; ਨਵ ਨਿਧਿ ਨਾਮੁ ਸਮਾਲਿ ॥ (ਮਹਲਾ ੩/੧੪੧੮) (ਬਹੁ ਵਚਨ ਸਮੇਂ ਵੀ ‘ਵਸਤੁ’ ਹੀ ਰਿਹਾ।)
ਸੋ ਤਤਸਮ ਸ਼ਬਦ (ਅੰਤ ਔਂਕੜ/ਅੰਤ ਸਿਹਾਰੀ); ਕਿਤੇ ਕਿਤੇ ਸੰਬੰਧਕਾਂ ਦੀ ਮਦਦ ਨਾਲ ਕਾਵਿ ਤੋਲ ਬਣਾਉਣ ’ਚ ਮਦਦ ਕਰਦੇ ਹਨ ਭਾਵ ਆਪਣੀ ਅੰਤ ਔਂਕੜ/ਅੰਤ ਸਿਹਾਰੀ ਨੂੰ ਸਗੋਂ ਦੀਰਘ (ਅੰਤ ਦੁਲੈਂਕੜ/ਅੰਤ ਬਿਹਾਰੀ) ਕਰ ਲੈਂਦੇ ਹਨ, ਪਰ ਅੰਤ ਮੁਕਤਾ ਨਹੀਂ ਹੁੰਦੇ; ਜਿਵੇਂ ਗੁਰਬਾਣੀ ’ਚ ‘ਹਰਿ’ (ਤਤਸਮ); 7123 ਵਾਰ ਹੈ, ਪਰ 38 ਕੁ ਵਾਰ ‘ਹਰੀ’ ਵੀ ਹੋ ਗਿਆ ਹੈ। ‘ਭਗਤਿ’ (ਤਤਸਮ); 640 ਵਾਰ ਹੈ, ਪਰ ਕਿਤੇ ਕਿਤੇ ‘ਭਗਤੀ’ ਵੀ ਹੋਇਆ ਹੈ : ਅਨਦਿਨੁ ਭਗਤੀ (ਭਗਤੀ ’ਚ) ਰਤਿਆ; ਮਨੁ ਤਨੁ ਨਿਰਮਲੁ ਹੋਇ ॥ (ਮਹਲਾ ੩/੨੭), ‘ਭੂਮਿ’ 28 ਵਾਰ ਹੈ, ਪਰ ਇੱਕ ਵਾਰ ‘ਭੂਮੀ’ ਵੀ ਹੈ। ‘ਵਿਸੁ’; 14 ਵਾਰ ਹੈ ਪਰ ਇੱਕ ਵਾਰ ‘ਵਿਸੂ’ ਵੀ ਹੈ।
ਅੰਤ ਮੁਕਤਾ ਇਸਤਰੀ ਲਿੰਗ ਨਾਂਵ : ‘ਊਂਘ, ਓਟ, ਆਸ, ਇਛ (ਇੱਛਾ), ਸਥ (ਪੰਚਾਇਤ), ਸਲਾਹ, ਸਾਟ (ਚੋਟ), ਸਾਧਨ (ਔਰਤ), ਸਿਆਪਣ/ਸਿਆਣਪ, ਸੋਭ (ਸ਼ੋਭਾ), ਸੁਆਹ, ਸੁਚ, ਸੁਰ, ਸੇਵ (ਸੇਵਾ), ਕਲਮ, ਕਪਾਹ, ਕਾਰ (ਕਿਰਤ-ਕਾਰ), ਹਿਵ (ਬਰਫ), ਖਲਕ (ਦੁਨੀਆ), ਖੇਹ, ਗੰਢ, ਗਲ/ਗਾਲ (ਗੱਲ), ਘਾਟ, ਚਾਲ, ਚਿੰਤ, ਚੁਪ, ਚੋਟ, ਛੁਟਕਾਰ, ਜਨ (ਜ਼ਨ/ਇਸਤਰੀ), ਜੀਭ, ਟੇਕ, ਤਰ (ਬੇੜੀ), ਤਿਖ (ਤ੍ਰਿਸ਼ਨਾ), ਤੋਟ, ਦਰਗਾਹ, ਦੇਹ, ਧਨ (ਇਸਤਰੀ), ਧਰਮਸਾਲ (ਧਰਮਸ਼ਾਲ), ਧਾਰ, ਧੂਪ, ਨਿੰਦ, ਬਨਤ/ਬਣਤ (ਬਣਾਵਟ/ਰਚਨਾ), ਬਖਸੀਸ (ਬਖ਼ਸ਼ੀਸ਼), ਭੁਖ/ਭੂਖ, ਮਹਲ (ਇਸਤਰੀ), ਮਰਣ/ਮਰਨ (ਮੌਤ), ਮਲ, ਮਾਰ, ਮਿਹਰ, ਬਾਟ (ਦੂਰੀ), ਬੰਦਨ (ਬੰਦਨਾ/ਬੇਨਤੀ), ਬਾਤ, ਬੇਦਨ (ਪੀੜਾ), ਠਾਕ (ਰੁਕਾਵਟ), ਜੰਞ, ਧੀਰਕ (ਧੀਰਜ), ਤ੍ਰਿਸਨ (ਤ੍ਰਿਸ਼ਨ), ਸੋਚ, ਪਰਜ (ਪ੍ਰਜਾ, ਜਨਤਾ), ਪੜ੍ਹਨਸਾਲ (ਪੜ੍ਹਨਸ਼ਾਲ/ਪਾਠਸ਼ਾਲਾ), ਪਿਆਸ, ਪੂਜ, ਪੈਜ, ਅਹੰ ਮਤ, ਮਾਤ (ਮਾਤਾ), ਰਸਨ (ਜੀਭ), ਰਹਤ (ਰਹਿਣੀ), ਰਚਨ (ਕੁਦਰਤਿ), ਰਵਾਲ/ਧੂੜ (ਚਰਨ-ਧੂੜ), ਲਾਵਣ (ਸਬਜ਼ੀ), ਲੋਚਨ (ਅੱਖ), ਲਿਵ, ਲਿਵਤਾਰ, ਜਹਰ (ਜ਼ਹਰ)’।
ਹੇਠਲੀਆਂ ਤੁਕਾਂ ’ਚ ‘ਸਾਰ’ ਸ਼ਬਦ; ਵਾਚਣਯੋਗ ਹੈ :
ਅਸੰਖ ਸੂਰ; ਮੁਹ ਭਖ ਸਾਰ ॥ (ਜਪੁ) (ਸਾਰ; ਬਹੁ ਵਚਨ ਪੁਲਿੰਗ ਨਾਂਵ ਹੈ। ਅਰਥ ਹੈ: ‘ਲੋਹਾ/ਸ਼ਸਤਰ’।)
ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ ॥ (ਮਹਲਾ ੫/੫੧) (ਸਾਰ; ਇਸਤਰੀ ਲਿੰਗ ਵਿਸ਼ੇਸ਼ਣ ਹੈ। ਅਰਥ ਹੈ: ‘ਸ੍ਰੇਸ਼ਟ’ ਰਹਿਣੀ।)
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ ॥ (ਮਹਲਾ ੫/੭੫੦) (ਸਾਰ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਕਦਰ’।)
ਸੋਈ ਜੀਉ ਨ ਵਜਦਾ; ਜਿਸੁ ਅਲਹੁ ਕਰਦਾ ਸਾਰ ॥ (ਮਹਲਾ ੫/੧੩੮੩) (ਸਾਰ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਸੰਭਾਲ਼’।)
ਨੋਟ : (ੳ). ਕਿਸੇ ਵਾਕ ’ਚ ਨਾਂਵ (ਭਾਵੇਂ ਉਹ ਇਸਤਰੀ ਲਿੰਗ ਹੋਵੇ ਜਾਂ ਪੁਲਿੰਗ) ਦੇ ਨਾਲ ਕੁਝ ਹੋਰ ਸ਼ਬਦ (ਜਿਵੇਂ ਕਿ ਪੜਨਾਂਵੀ ਵਿਸ਼ੇਸ਼ਣ, ਸੰਬੰਧਕ ਜਾਂ ਕ੍ਰਿਆ-ਵਾਚੀ) ਹੁੰਦੇ ਹਨ, ਜੋ ਨਾਂਵ ਦੇ ਲਿੰਗ ਅਤੇ ਵਚਨ ਦੀ ਜਾਣਕਾਰੀ ਦੇ ਦਿੰਦੇ ਹਨ; ਜਿਵੇਂ ਕਿ ਗੁਰਬਾਣੀ ਦੀਆਂ ਹੇਠਲੀਆਂ ਤੁਕਾਂ ’ਚ ‘ਬਾਤ, ਆਸ, ਭਗਤਿ, ਪ੍ਰੀਤਿ, ਚਿੰਤ’ ਇਸਤਰੀ ਲਿੰਗ ਨਾਂਵ (ਅੰਤ ਮੁਕਤਾ ਅਤੇ ਅੰਤ ਸਿਹਾਰੀ) ਹਨ। ਇਨ੍ਹਾਂ ਦੇ ਨਾਲ-ਨਾਲ ਵਾਕ ’ਚ ‘ਦੂਜੀ, ਧਰਈ, ਕੀ, ਤੁਮਰੀ, ਤੇਰੀ, ਮਿਟੀ’ ਸ਼ਬਦ; ਇਸਤਰੀ ਲਿੰਗ ਨਾਂਵਾਂ ਦੇ ਹੀ ਸੂਚਕ ਹਨ ਭਾਵ ਨਾਂਵ ਦਾ ਵਚਨ ਅਤੇ ਲਿੰਗ; ਵਾਕ ਦੇ ਬਾਕੀ ਸ਼ਬਦਾਂ ਦੀ ਬਣਤਰ ’ਤੇ ਵੀ ਅਸਰ ਪਾਉਂਦਾ ਹੈ; ਜਿਵੇਂ ‘‘ਦੂਜੀ ਬਾਤ; ਨ ਧਰਈ ਕਾਨਾ (ਕੰਨ ’ਤੇ)॥ (ਭਗਤ ਕਬੀਰ ਜੀ/੩੪੦), ਮੁਖ ਕੀ ਬਾਤ; ਸਗਲ ਸਿਉ ਕਰਤਾ ॥ (ਮਹਲਾ ੫/੩੮੪), ਤੁਮਰੀ ਆਸ ਪਿਆਸਾ ਤੁਮਰੀ; ਤੁਮ ਹੀ ਸੰਗਿ, ਮਨੁ ਲੀਨਾ ਜੀਉ ॥ (ਮਹਲਾ ੫/੧੦੦), ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ! ਭਰੇ ਬਿਅੰਤ ਬੇਅੰਤਾ ॥ (ਸੋ ਪੁਰਖੁ/ਮਹਲਾ ੪/੧੧), ਪ੍ਰਭ ਕੀ ਪ੍ਰੀਤਿ; ਸਭ ਮਿਟੀ ਹੈ ਚਿੰਤ ॥’’ (ਮਹਲਾ ੫/ ੩੯੧) ਭਾਵ ਇਸਤਰੀ ਲਿੰਗ ਨਾਂਵਾਂ ਨੇ ਵਾਕ ’ਚ ਹੋਰ ਸ਼ਬਦਾਂ ਦੀ ਬਣਤਰ ਨੂੰ ਵੀ ਆਪਣੇ ਵਰਗੀ ਇਸਤਰੀ ਲਿੰਗ ਬਣਾ ਲਿਆ। ਜੇ ਇੱਥੇ ਪੁਲਿੰਗ ਨਾਂਵ ਹੁੰਦੇ ਤਾਂ ‘ਦੂਜਾ, ਧਰਿਆ, ਕਾ, ਤੁਮਰਾ, ਤੇਰਾ, ਮਿਟਿਆ’ ਸ਼ਬਦ ਹੁੰਦੇ; ਜਿਵੇਂ ਹੇਠਲੇ ਵਾਕਾਂ ’ਚ ਇੱਕ ਵਚਨ ਪੁਲਿੰਗ ਨਾਂਵਾਂ (ਖੇਲੁ, ਹਾਥੁ, ਚੀਤੁ, ਨਾਮੁ, ਭਰਮੁ) ਨੇ ਬਾਕੀ ਸ਼ਬਦਾਂ ’ਤੇ ਭੀ ਅਸਰ ਪਾਇਆ ਹੈ, ‘‘ਦੂਜਾ ਖੇਲੁ ਕਰਿ ਦਿਖਲਾਇਆ ॥ (ਮਹਲਾ ੧/੭੩), ਜਿਸੁ ਮਸਤਕਿ (’ਤੇ); ਗੁਰਿ (ਨੇ) ਧਰਿਆ ਹਾਥੁ ॥ (ਮਹਲਾ ੫/੧੩੪੦), ਡੋਲੈ ਨਾਹੀ ਤੁਮਰਾ ਚੀਤੁ ॥ (ਮਹਲਾ ੫/੧੭੯), ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ (ਮਹਲਾ ੧/੨੪), ਗੁਰ ਕੈ ਬਚਨਿ (ਨਾਲ) ਮਿਟਿਆ ਮੇਰਾ ਭਰਮੁ ॥’’ (ਮਹਲਾ ੫/੨੩੯)
(ਅ). ਪਿੱਛੇ ਕੀਤੀ ਗਈ ਵਿਚਾਰ ਕਿ ਇਸਤਰੀ ਲਿੰਗ ਨਾਂਵਾਂ ਦੇ ਤਿੰਨ ਸਰੂਪ ਹੁੰਦੇ ਹਨ : ‘ਦੂਜੀਆਂ ਭਾਸ਼ਾਵਾਂ ਦੇ (1) ਅੰਤ ਸਿਹਾਰੀ। (2). ਅੰਤ ਔਂਕੜ। (3). ਤਦਭਵ ਤੇ ਗੁਰਮੁਖੀ ਦੇ ਅੰਤ ਮੁਕਤਾ ਨਾਂਵ ਭਾਵ ਇਸਤਰੀ ਲਿੰਗ ਨਾਂਵ; ਅੰਤ ਮੁਕਤਾ, ਅੰਤ ਔਂਕੜ ਅਤੇ ਅੰਤ ਸਿਹਾਰੀ ਹੁੰਦੇ ਹਨ, ਪਰ ਚੇਤੇ ਰਹੇ ਕਿ ਇਨ੍ਹਾਂ ਤਿੰਨੇ ਇਸਤਰੀ ਲਿੰਗ ਨਾਂਵਾਂ ਦੇ ਸਾਰੇ ਪੜਨਾਂਵ, ਸਾਰੇ ਪੜਨਾਂਵੀ ਵਿਸ਼ੇਸ਼ਣ ਅਤੇ ਜ਼ਿਆਦਾਤਰ ਵਿਸ਼ੇਸ਼ਣ (ਭਾਵ ਕੁਝ ਤਤਸਮ ਵਿਸ਼ੇਸ਼ਣਾਂ ਤੋਂ ਇਲਾਵਾ); ਅੰਤ ਮੁਕਤਾ ਹੀ ਹੋਣਗੇ; ਜਿਵੇਂ ‘ਅਕਾਲ ਮੂਰਤਿ’; ਇੱਥੇ ‘ਮੂਰਤਿ’ ਤਤਸਮ ਇਸਤਰੀ ਲਿੰਗ ਨਾਂਵ ਹੈ, ਪਰ ਇਸ ਦਾ ਵਿਸ਼ੇਸ਼ਣ (ਅਕਾਲ); ਅੰਤ ਮੁਕਤਾ ਹੈ। ਜੇ ‘ਮੂਰਤਿ’ ਇਸਤਰੀ ਲਿੰਗ ਨਾ ਹੁੰਦਾ ਤਾਂ ‘ਅਕਾਲ’ ਵੀ ‘ਅਕਾਲੁ’ (ਅੰਤ ਔਂਕੜ) ਹੁੰਦਾ; ਜਿਵੇਂ ਇਸ ਵਾਕ ’ਚ ਹੈ ‘‘ਕਾਲੁ ਅਕਾਲੁ ਖਸਮ ਕਾ ਕੀਨ੍ਾ; ਇਹੁ ਪਰਪੰਚੁ ਬਧਾਵਨੁ ॥’’ (ਭਗਤ ਕਬੀਰ/੧੧੦੪)
ਹੇਠਲੇ ਵਾਕਾਂ ’ਚ ਤਿੰਨੇ ਤਰ੍ਹਾਂ ਦੇ ਇਸਤਰੀ ਲਿੰਗ ਨਾਂਵਾਂ ਦੇ ‘ਪੜਨਾਂਵੀ ਵਿਸ਼ੇਸ਼ਣ’ ਅਤੇ ‘ਵਿਸ਼ੇਸ਼ਣ’ (ਇਹ, ਉਹ, ਅਵਰ, ਹੋਰ, ਸਭ); ਅੰਤ ਮੁਕਤਾ ਹੀ ਹਨ ਭਾਵੇਂ ਇਨ੍ਹਾਂ ਨਾਲ ਇਸਤਰੀ ਲਿੰਗ ਨਾਂਵ; ਅੰਤ ਸਿਹਾਰੀ ਹਨ, ਅੰਤ ਔਂਕੜ ਹਨ ਜਾਂ ਅੰਤ ਮੁਕਤਾ ਵੀ :
ਏਕ ਬਸਤੁ ; ਦੀਜੈ ਕਰਿ ਮਇਆ ॥ (ਮਹਲਾ ੫/੨੯੦)
ਏਹ ਵਸਤੁ ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥ (ਮਹਲਾ ੫/੧੪੨੯)
ਹੋਰੁ ਬਿਰਹਾ ਸਭ ਧਾਤੁ ਹੈ; ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ (ਮਹਲਾ ੩/੮੩)
ਮਨ ਕੀ ਮੈਲੁ ਨ ਉਤਰੈ ਇਹ ਬਿਧਿ; ਜੇ ਲਖ ਜਤਨ ਕਰਾਏ ॥ (ਮਹਲਾ ੫/੬੪੨)
ਹਰਿ ਬਿਨੁ ਹੋਰ ਰਾਸਿ ਕੂੜੀ ਹੈ; ਚਲਦਿਆ ਨਾਲਿ ਨ ਜਾਈ ॥ (ਮਹਲਾ ੩/੪੯੦)
ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥ (ਮਹਲਾ ੩/੫੯੧)
ਜਿਨ੍ਾ ਨਾਉ ਸੁਹਾਗਣੀ; ਤਿਨ੍ਾ ਝਾਕ ਨ ਹੋਰ ॥ (ਬਾਬਾ ਫਰੀਦ/੧੩੮੪)
ਇਹ ਮਤਿ; ਗੁਰ ਪ੍ਰਸਾਦਿ, ਮਨਿ ਧਾਰਉ ॥ (ਮਹਲਾ ੫/੧੦੪)
ਦੂਰਿ ਰਹੀ; ਉਹ ਜਨ ਤੇ ਬਾਟ ॥ (ਮਹਲਾ ੫/੩੯੩)
ਧਨਿ ਉਹ ਪ੍ਰੀਤਿ; ਚਰਨ ਸੰਗਿ ਲਾਗੀ ॥ (ਮਹਲਾ ੫/੧੩੦੧)
ਏਕੋ ਸਬਦੁ ਵੀਚਾਰੀਐ; ਅਵਰ ਤਿਆਗੈ ਆਸ ॥ (ਮਹਲਾ ੧/੧੮)
ਅਵਰ ਕਰਤੂਤਿ ਸਗਲੀ; ਜਮੁ ਡਾਨੈ ॥ (ਸੁਖਮਨੀ/ਮਹਲਾ ੫/੨੬੬)
ਅਵਰ ਜੋਨਿ; ਤੇਰੀ ਪਨਿਹਾਰੀ ॥ (ਮਹਲਾ ੫/੩੭੪)
ਇਹ ਬਖਸੀਸ; ਖਸਮ ਤੇ ਪਾਵਾ ॥ (ਮਹਲਾ ੫/੧੦੭੭)
ਬਾਬਾ ! ਹੋਰ ਮਤਿ ਹੋਰ ਹੋਰ ॥ (ਮਹਲਾ ੧/੧੭)
ਕਲਿਜੁਗ ਮਹਿ ਹਰਿ ਜੀਉ ਏਕੁ; ਹੋਰ ਰੁਤਿ ਨ ਕਾਈ ॥ (ਮਹਲਾ ੩/੧੧੩੦)
ਉਕਤ ਵਿਚਾਰ ਤੋਂ ਬਾਅਦ ਇਸ ਤੁਕ ‘‘ਓਇ ਲੋਚਨਿ ਓਨਾ ਗੁਣਾ ਨੋ; ਓਇ ਅਹੰਕਾਰਿ ਸੜੰਦੇ ॥’’ (ਮਹਲਾ ੪/੩੧੬) ’ਚੋਂ ‘ਲੋਚਨਿ’ ਸ਼ਬਦ ਬਾਰੇ ਸਹਿਜੇ ਹੀ ਬੋਧ ਹੋ ਜਾਣਾ ਚਾਹੀਦਾ ਹੈ ਕਿ ਇਹ ਇਸਤਰੀ ਲਿੰਗ ਨਾਂਵ ਨਹੀਂ ਕਿਉਂਕਿ ਇਸ ਨਾਲ ‘ਓਇ’ ਦਰਜ ਹੈ, ਨਾ ਕਿ ‘ਉਹ’ ਜਾਂ ‘ਇਹ’ (ਅੰਤ ਮੁਕਤਾ)। ਇਸ ਪੰਕਤੀ ਦੇ ਅਰਥ ਹਨ : ‘ਓਇ (ਉਹ ਦੋਖੀ/ਪੁਲਿੰਗ) ਅਹੰਕਾਰ ’ਚ ਸੜਦੇ ਪਏ ਹਨ, ਪਰ ਚਾਹੁੰਦੇ ਹਨ ਓਇ (ਉਨ੍ਹਾਂ ਭਗਤਾਂ ਵਾਲੇ/ਪੁਲਿੰਗ) ਗੁਣਾਂ ਨੂੰ’। ਗੁਰਬਾਣੀ ’ਚ ਇਸਤਰੀ ਲਿੰਗ ਨਾਂਵ; ਅੰਤ ਮੁਕਤਾ ‘ਲੋਚਨ’ ਹੈ, ਜੋ 12 ਵਾਰ ਹੈ ਤੇ ਅਰਥ ਹੈ : ‘ਅੱਖਾਂ’:
ਲਾਲਚੁ ਕਰੈ ਜੀਵਨ ਪਦ ਕਾਰਨ; ਲੋਚਨ ਕਛੂ ਨ ਸੂਝੈ ॥ (ਭਗਤ ਬੇਣੀ/੯੩)
ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ ਲੇ ਉਸਾਸਾ ॥ (ਭਗਤ ਕਬੀਰ/੩੩੭)
ਦੁਇ ਦੁਇ ਲੋਚਨ ਪੇਖਾ ॥ (ਭਗਤ ਕਬੀਰ/੬੫੫)
ਦਰਸਨ ਪਿਆਸ; ਲੋਚਨ ਤਾਰ ਲਾਗੀ ॥ (ਮਹਲਾ ੫/੧੧੧੯)
ਅੰਧਾ ਸੋਇ, ਜਿ ਅੰਧੁ ਕਮਾਵੈ; ਤਿਸੁ ਰਿਦੈ ਸਿ ਲੋਚਨ ਨਾਹੀ ॥ ਮਹਲਾ ੧/੧੨੮੯)
(2). ਨਾਂਵ ਦੇ ਵਚਨ (Number): ਇੱਕ ਜਾਂ ਇੱਕ ਤੋਂ ਵਧੇਰੇ ਵਸਤੂਆਂ ਦੇ ਭੇਦ ਨੂੰ ਦੱਸਣ ਵਾਲਾ ਸ਼ਬਦੀ ਰੂਪ; ‘ਵਚਨ’ ਅਖਵਾਉਂਦਾ ਹੈ। ਇਸ ਦੀਆਂ ਦੋ ਕਿਸਮਾਂ ਹਨ: (ੳ). ਇੱਕ ਵਚਨ (ਅ). ਬਹੁ ਵਚਨ।
ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵਾਂ ਦੇ ਅੰਤ ’ਚ ਔਂਕੜ ਹੁੰਦਾ ਹੈ (ਜਿਵੇਂ ‘ਨਾਨਕੁ, ਗੁਰੁ, ਪ੍ਰਭੁ, ਅਲਹੁ, ਸ਼ਾਹੁ, ਰਾਹੁ, ਪਾਤਿਸਾਹੁ, ਵੇਸਾਹੁ’) ਜਦ ਕਿ ਇਸਤਰੀ ਲਿੰਗ ਨਾਂਵ (ਤਤਸਮ ਰਹਿਤ) ਅਤੇ ਬਹੁ ਵਚਨ ਪੁਲਿੰਗ ਨਾਂਵ; ਅਜੋਕੀ ਪੰਜਾਬੀ ਵਾਙ ਅੰਤ ਮੁਕਤਾ ਹੁੰਦੇ ਹਨ। ਗੁਰਬਾਣੀ ਲਿਖਤ ਨਿਯਮਾਂ ਦਾ ਜ਼ਿਆਦਾਤਰ ਸੰਬੰਧ; ਇੱਕ ਵਚਨ ਪੁਲਿੰਗ ਨਾਂਵਾਂ ਨਾਲ ਹੀ ਹੈ। ਇਨ੍ਹਾਂ ਦੀ ਲਿਖਤ-ਬਣਤਰ; ਅਜੋਕੀ ਪੰਜਾਬੀ ਲਿਖਤ ਤੋਂ ਭਿੰਨ ਹੈ, ਇਸ ਭੇਦ ਤੋਂ ਨਾਸਮਝ ਸਿੱਖ, ਅਕਸਰ ਹੀ ਇਨ੍ਹਾਂ ਦੇ ਅਰਥ ਪੰਜਾਬੀ ਵਾਙ ਉਲਥਾ ਕੇ ਗ਼ਲਤ ਮਤਲਬ ਕੱਢ ਲੈਂਦੇ ਹਨ, ਜੋ ਵਿਵਾਦ ਦਾ ਕਾਰਨ ਬਣਦਾ ਹੈ।
ਹਰ ਗੁਰਸਿੱਖ ਨੂੰ ਇੱਕ ਵਚਨ ਪੁਲਿੰਗ ਨਾਂਵਾਂ ਬਾਰੇ ਜਾਣਨਾ ਸਭ ਤੋਂ ਵੱਧ ਜ਼ਰੂਰਤ ਹੈ। ਇਸ ਤੋਂ ਅਗਾਂਹ ਸਾਰੀ ਵਿਚਾਰ ਇੱਕ ਵਚਨ ਪੁਲਿੰਗ ਨਾਂਵ ਦੀ ਲਿਖਤ ਦੇ ਇਰਦ-ਗਿਰਦ ਹੀ ਹੈ। ਇਸ ਲਈ ਮੁੱਢਲਾ ਸਵਾਲ ਹੈ ਕਿ ਜਦ ਇੱਕ ਵਚਨ ਪੁਲਿੰਗ ਨਾਂਵ; ਅੰਤ ਔਂਕੜ ਹੁੰਦੇ ਹਨ ਤਾਂ ਇਹ; ਅੰਤ ਮੁਕਤਾ ਜਾਂ ਅੰਤ ਸਿਹਾਰੀ ਕਿਉਂ ਹੋ ਜਾਂਦੇ ਹਨ; ਜਿਵੇਂ ‘ਨਾਮੁ’ ਤੋਂ ‘ਨਾਮ/ਨਾਮਿ’, ‘ਨਾਨਕੁ’ ਤੋਂ ‘ਨਾਨਕ/ਨਾਨਕਿ’, ‘ਰਾਮੁ’ ਤੋਂ ‘ਰਾਮ/ਰਾਮਿ’, ‘ਗੁਰੁ’ ਤੋਂ ‘ਗੁਰ/ਗੁਰਿ’, ‘ਪ੍ਰਭੁ’ ਤੋਂ ‘ਪ੍ਰਭ/ਪ੍ਰਭਿ’। ਚੇਤੇ ਰਹੇ ਕਿ ਇਹ ਤਿੰਨੇ ਸਰੂਪ (ਅੰਤ ਔਂਕੜ, ਅੰਤ ਮੁਕਤਾ ਅਤੇ ਅੰਤ ਸਿਹਾਰੀ); ਇੱਕ ਵਚਨ ਪੁਲਿੰਗ ਨਾਂਵ ਹੀ ਹਨ।







