ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਤਾਰੀਖ ?

0
583

ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਤਾਰੀਖ ?

ਸਰਵਜੀਤ ਸਿੰਘ ਸੈਕਰਾਮੈਂਟੋ

ਇੰਡੀਆ ਵਿੱਚ ਗਰੈਗੋਰੀਅਨ ਕੈਲੰਡਰ ਗੋਰਿਆਂ ਦੇ ਨਾਲ ਹੀ ਆਇਆ ਸੀ। ਇਸ ਤੋਂ ਪਹਿਲਾ ਤਾਂ ਉਥੇ ਆਮ ਤੌਰ ਤੇ ਬਿਕ੍ਰਮੀ ਕੈਲੰਡਰ ਹੀ ਪ੍ਰਚਲਿਤ ਸੀ। ਸਰਕਾਰੀ ਕਾਰ-ਵਿਹਾਰ ਵਿੱਚ ਹਿਜਰੀ ਕੈਲੰਡਰ ਲਾਗੂ ਸੀ। ਗੋਰਿਆਂ ਨੇ ਆਪਣੀ ਸਹੂਲਤ ਲਈ ਸਤੰਬਰ 1752 ਈ. ਤੋਂ ਪਹਿਲੀਆਂ ਬਿਕ੍ਰਮੀ ਜਾਂ ਹਿਜਰੀ ਤਾਰੀਖਾਂ ਨੂੰ ਜੂਲੀਅਨ ਵਿੱਚ ਅਤੇ ਉਸ ਤੋਂ ਪਿਛੋਂ ਦੀਆਂ ਤਾਰੀਖਾਂ ਨੂੰ ਗਰੈਗੋਰੀਅਨ ਵਿੱਚ ਬਦਲੀ ਕਰ/ਕਰਵਾ ਲਿਆ। ਮਿਸਾਲ ਦੇ ਤੌਰ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਦੇ ਪ੍ਰਚਲਿਤ ਕੈਲੰਡਰਾਂ ਮੁਤਾਬਕ ਇਹ ਤਾਰੀਖ 23 ਪੋਹ ਜਾਂ ਪੋਹ ਸੁਦੀ 7 ਸੰਮਤ 1723 ਬਿਕ੍ਰਮੀ ਸੀ। ਜਦੋਂ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿਚ ਬਦਲੀ ਕੀਤਾ ਗਿਆ ਤਾਂ ਇਹ 22 ਦਸੰਬਰ ਲਿਖੀ ਗਈ। ਫਰਜ਼ ਕਰੋ ਕਿ ਇੰਗਲੈਂਡ ਵਾਲੇ ਵੀ ਜੂਲੀਅਨ ਕੈਲੰਡਰ ਵਿੱਚ ਕੀਤੀ ਗਈ ਸੋਧ ਨੂੰ 1582 ਈ. ਵਿੱਚ ਹੀ ਪ੍ਰਵਾਨ ਕਰ ਲੈਂਦੇ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ ਵੀ ਲਿਖੀ ਜਾਣੀ ਸੀ ਅਤੇ ਇਹ 1 ਜਨਵਰੀ 1667 ਈ. ਹੋਣੀ ਸੀ। ਇਹ ਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਸੱਜਣ ਵਾਰ-ਵਾਰ ਇਹ ਕਹਿੰਦੇ ਹੈਂ ਕਿ ਗੁਰੂ ਜੀ ਦਾ ਜਨਮ 5 ਜਨਵਰੀ ਨੂੰ ਨਹੀ ਸਗੋਂ 1 ਜਨਵਰੀ ਦਾ ਬਣਦਾ ਹੈ। ਗੋਰਿਆਂ ਦੇ ਆਉਣ ਤੋਂ ਪਿਛੋਂ ਸਾਡੇ ਵਿਦਵਾਨਾਂ ਵੱਲੋਂ ਵੀ, ਆਪਣੀਆਂ ਲਿਖਤਾਂ ਵਿੱਚ ਬਿਕ੍ਰਮੀ ਕੈਲੰਡਰ ਦੀਆਂ ਅਸਲ ਤਾਰੀਖਾਂ ਲਿਖਣ ਦੀ ਬਜਾਏ, 1752 ਈ. ਤੋਂ ਪਹਿਲੀਆਂ ਬਿਕ੍ਰਮੀ ਤਾਰੀਖਾਂ ਨੂੰ ਜੂਲੀਅਨ ਕੈਲੰਡਰ ਦੀਆਂ ਤਾਰੀਖਾਂ ਵਿੱਚ ਹੀ ਲਿਖਿਆ ਜਾਣ ਲੱਗ ਪਿਆ। ਉਹ ਇਹ ਭੁੱਲ ਹੀ ਗਏ ਹਨ ਕਿ ਜੂਲੀਅਨ ਕੈਲੰਡਰ ਤਾਂ ਕਦੇ ਇੰਡੀਆ ਵਿਚ ਲਾਗੂ ਹੀ ਨਹੀਂ ਹੋਇਆ ।

ਪਿਛਲੇ ਦਿਨੀਂ ਇਕ ਸੱਜਣ ਨੇ ਡਾ. ਸੁਖਦਿਆਲ ਸਿੰਘ ਦੀ ਇਕ ਪੋਸਟ ਭੇਜ ਕੇ ਸਵਾਲ ਕੀਤਾ ਕਿ ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਦੀ ਤਾਰੀਖ ਕਿੰਨੀ ਹੈ ? ਅਸਲ ਵਿੱਚ ਉਹ ਪੋਸਟ ਡਾ. ਪਰਮਵੀਰ ਸਿੰਘ (ਸਿੱਖ ਵਿਸ਼ਵਕੋਸ਼ ਵਿਭਾਗ) ਦੀ ਲਿਖੀ ਹੋਈ ਸੀ। ਡਾ. ਸੁਖਦਿਆਲ ਸਿੰਘ ਨੇ ਤਾ ਅੱਗੋਂ ਸਾਂਝੀ ਹੀ ਕੀਤੀ ਸੀ। ਉਸ ਲਿਖਤ ਮੁਤਾਬਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ 9 ਜੂਨ ਨੂੰ ਹੋਈ ਸੀ। ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਇਹ ਸ਼ਹੀਦੀ ਦਿਹਾੜਾ 11 ਹਾੜ (24 ਜੂਨ) ਦਾ ਦਰਜ ਹੈ। ਜਦੋਂ ਇਸ ਤਾਰੀਖ ਦੀ ਪੜਤਾਲ ਕਰੀਏ ਤਾਂ ਜਾਣਕਾਰੀ ਮਿਲਦੀ ਹੈ ਕਿ ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ, ਉਸ ਵੇਲੇ ਦੇ ਸਰਕਾਰੀ ਕੈਲੰਡਰ ਵਿੱਚ 29 ਜਮਾਦੀ-ਉਲ ਸਾਨੀ 1128 ਹਿਜਰੀ ਦਰਜ ਹੈ ।

“ਹੈਰਾਨੀ ਅਤੇ ਪ੍ਰੇਸ਼ਾਨੀ ਉਸ ਸਮੇਂ ਆਉਂਦੀ ਹੈ ਜਦੋਂ ਵਿਲੀਅਮ ਇਰਵਿਨ ਅਤੇ ਡਾ. ਗੰਡਾ ਸਿੰਘ ਹਿਜਰੀ ਦੀ ਇਕੋ ਜਿਹੀ ਮਿਤੀ ਦੇ ਕੇ ਫਿਰ ਸੰਨ ਈਸਵੀ ਦੀ ਅਲੱਗ-ਅਲੱਗ ਮਿਤੀ ਦੇ ਦਿੰਦੇ ਹਨ।…ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹਿਜਰੀ ਸੰਮਤ 29 ਜਮਾਦੀ-ਉ-ਸਾਨੀ, 1128 ਨੂੰ ਵਿਲੀਅਮ ਇਰਵਿਨ ਨੇ 19 ਜੂਨ, 1716 ਲਿਖਿਆ ਹੈ ਅਤੇ ਗੰਡਾ ਸਿੰਘ ਨੇ 9 ਜੂਨ 1716 ਲਿਖਿਆ ਹੈ। ਹੁਣ ਦੋਹਾਂ ਵਿੱਚੋਂ  ਅਪਣਾਇਆ ਕਿਸ ਨੂੰ ਜਾਵੇ। ਦੋਵੇਂ ਹੀ ਇਤਿਹਾਸਕਾਰ ਆਪਣੇ ਆਪ ਵਿੱਚ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਲਿਖਣ ਵਿਚ ਪੂਰੀ ਅਥਾਰਟੀ ਹਨ। ਜੇਕਰ ਵਿਲੀਅਮ ਇਰਵਿਨ ਦੀਆਂ ਮਿਤੀਆਂ ਮੰਨ ਕੇ ਚਲਦੇ ਹਾਂ ਤਾਂ ਗੰਡਾ ਸਿੰਘ ਦਾ ਲੱਭਿਆ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਦਾ ਮਹਾਨ ਫਾਰਸੀ ਸਰੋਤ ਗਲਤ ਹੋ ਜਾਂਦਾ ਹੈ ਕਿਉਂਕਿ ਇਸ ਨੂੰ ਗੰਡਾ ਸਿੰਘ ਆਪਣੀਆਂ ਮਿਤੀਆਂ ਮੁਤਾਬਕ ਉਲਥਾਇਆ ਹੈ। ਸਹੀ ਮਿਤੀ ਤਾਂ ਹਿਜਰੀ ਸੰਮਤ ਵਾਲੀ ਹੀ ਹੈ, ਪਰ ਇਸ ਨੂੰ ਪੰਜਾਬ ਅਤੇ ਭਾਰਤੀ ਇਤਿਹਾਸ ਵਿੱਚ ਇਸ ਸਮੇਂ ਅਪਣਾਇਆ ਨਹੀਂ ਜਾ ਰਿਹਾ। ਇਸ ਦੁਚਿੱਤੀ ਵਾਲੇ ਮਾਹੌਲ ਵਿੱਚ ਆਖਰਕਾਰ ਬਿਨਾਂ ਕੋਈ ਠੋਸ ਕਾਰਨ ਦੱਸੇ ਦੇ ਗੰਡਾ ਸਿੰਘ ਵਾਲੀਆਂ ਮਿਤੀਆਂ ਨੂੰ ਹੀ ਅਪਣਾਅ ਕੇ ਚੱਲਿਆ ਜਾ ਰਿਹਾ ਹੈ”। (ਬੰਦਾ ਸਿੰਘ ਬਹਾਦਰ: ਇਤਿਹਾਸਕ ਅਧਿਐਨ, 2010 ਈ:, ਪੰਨਾ 216)

ਹਿਜਰੀ ਕੈਲੰਡਰ ਦੀ ਤਾਰੀਖ, 29 ਜਮਾਦੀ-ਉਲ ਸਾਨੀ 1128 ਹਿਜਰੀ ਨਾਲ ਤਾਂ ਡਾ. ਸੁਖਦਿਆਲ ਸਿੰਘ ਸਹਿਮਤ ਹੈ ਪਰ ਡਾ. ਗੰਡਾ ਸਿੰਘ ਅਤੇ ਵਿਲੀਅਮ ਇਰਵਿਨ ਵੱਲੋਂ ਲਿਖੀਆਂ ਵੱਖ-ਵੱਖ ਅੰਗਰੇਜੀ ਤਾਰੀਖਾਂ ਉਸ ਲਈ ਹੈਰਾਨੀ-ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਹਨ। ਉਹ ਬਿਨਾਂ ਕਿਸੇ ਠੋਸ ਕਾਰਨ ਦੇ ਜਾਂ ਪੜਤਾਲ ਕੀਤਿਆਂ ਵਿਲੀਅਮ ਇਰਵਿਨ ਦੀ ਤਾਰੀਖ (19 ਜੂਨ) ਨੂੰ ਗਲਤ ਮੰਨ ਕੇ ਡਾ. ਗੰਡਾ ਸਿੰਘ ਦੀ ਤਾਰੀਖ (9 ਜੂਨ) ਨੂੰ ਸਹੀ ਮੰਨ ਲੈਂਦਾ ਹੈ। “ਇਸ ਦੁਚਿੱਤੀ ਵਾਲੇ ਮਾਹੌਲ ਵਿੱਚ ਆਖਰਕਾਰ ਬਿਨਾਂ ਕੋਈ ਠੋਸ ਕਾਰਨ ਦੱਸੇ ਦੇ ਗੰਡਾ ਸਿੰਘ ਵਾਲੀਆਂ ਮਿਤੀਆਂ ਨੂੰ ਹੀ ਅਪਣਾਅ ਕੇ ਚੱਲਿਆ ਜਾ ਰਿਹਾ ਹੈ”।ਇਹ ਹੈ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਦਾ, ਆਪਣੀ ਕਲਮ ਨਾਲ ਲਿਖਿਆ ਆਪਣੀ ਅਗਿਆਨਤਾ ਦਾ ਸਬੂਤ। ਡਾ. ਸੁਖਦਿਆਲ ਸਿੰਘ ਨੇ ਆਪਣੀ ਕਿਤਾਬ ਦੇ ਅਖੀਰ ਵਿੱਚ, ਪਾਠਕਾਂ ਉਤੇ ਪ੍ਰਭਾਵ ਪਾਉਣ ਲਈ 134 ਕਿਤਾਬਾਂ (ਅੰਗਰੇਜੀ ਅਤੇ ਪੰਜਾਬੀ) ਦੀ ਸੂਚੀ ਦਿੱਤੀ ਹੈ। ਕਾਸ਼! ਡਾ. ਸੁਖਦਿਆਲ ਸਿੰਘ ਨੇ ਵਿਲੀਅਮ ਇਰਵਿਨ ਦੀ ਕਿਤਾਬ ਦੇ ਪਹਿਲੇ ਅਧਿਆਇ ਦੇ ਪਹਿਲੇ ਪਹਿਰੇ ਨੂੰ ਹੀ ਪੜਿਆ ਹੁੰਦਾ ਤਾਂ ਇਸ ਨਮੋਸ਼ੀ ਦਾ ਸਾਹਮਣਾ ਨਾ ਕਰਨ ਪੈਂਦਾ ।

ਪੜ੍ਹੋ,“The Later Mughals” ਦੇ ਪਹਿਲੇ ਅਧਿਆਇ ਦੀ ਪਹਿਲੀ ਪੰਗਤੀ After an illness of a few days Alamgir died in his camp at Ahmednagar on the 28th Zul Qada 1118 A.H., corresponding to the 3rd march, 1707, New Style” ਇਥੇ “New Style ਤੋਂ ਸਪੱਸ਼ਟ ਹੋ ਜਾਂਦਾ ਹੈ ਕਿ William Irvine ਦੀਆਂ ਸਾਰੀਆਂ ਤਾਰੀਖ਼ਾਂ ਗਰੈਗੋਰੀਅਨ ਕੈਲੰਡਰ ਮੁਤਾਬਕ ਹਨ। ਜੇ ਇਸ ਨੂੰ ਜੂਲੀਅਨ ਕੈਲੰਡਰ ਵਿਚ ਲਿਖਣਾ ਹੋਵੇ ਤਾਂ ਇਹ 20 February 1707, Old Style. ਲਿਖੀ ਜਾਣੀ ਸੀ। ਕਾਸ਼ ! ਡਾ. ਸੁਖਦਿਆਲ ਸਿੰਘ ਨੇ ਇਸ ਕਿਤਾਬ ਦਾ ਹਵਾਲਾ ਦੇਣ ਤੋਂ ਪਹਿਲਾ ਇਸ ਦੇ ਦਰਸ਼ਨ ਕੀਤੇ ਹੁੰਦੇ। ਪਹਿਲੇ ਅਧਿਆਇ ਦੀ ਪਹਿਲੀ ਪੰਗਤੀ ਨੂੰ ਹੀ ਪੜ੍ਹ ਕੇ ਸਮਝਿਆ ਹੁੰਦਾ ਤਾਂ ਜਿਹੜਾ ਨੁਕਤਾ ਉਸ ਨੂੰ ਕਈ ਦਹਾਕਿਆਂ (ਪੜ੍ਹਨ ਅਤੇ ਪੜ੍ਹਾਉਣ ਦਾ ਸਮਾਂ) ਵਿੱਚ ਸਮਝ ਨਹੀਂ ਆਇਆ, ਕੁਝ ਸੈਕਿੰਡ ਵਿਚ ਸਮਝ ਆ ਜਾਣਾ ਸੀ। ਡਾ. ਸੁਖਦਿਆਲ ਸਿੰਘ ਜੀ, ਜਿਥੇ ਦੋ ਲਿਖਾਰੀਆਂ ਵੱਲੋਂ ਲਿਖੀ ਅੰਗਰੇਜੀ ਤਾਰੀਖ ਵਿਚ 10-11 ਦਿਨਾਂ ਦਾ ਫ਼ਰਕ ਹੋਵੇ, ਉਥੇ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦਾ ਝਮੇਲਾ ਹੁੰਦਾ ਹੈ।

ਸਰਕਾਰੀ ਸੋਮਿਆਂ ਮੁਤਾਬਕ 29 ਜਮਾਦੀ-ਉਲ ਸਾਨੀ 1128 ਹਿਜਰੀ ਹੈ। ਜਿਵੇਂ ਕਿ ਪਾਠਕ ਉਪਰ ਪੜ੍ਹ ਆਏ ਹਨ ਕਿ ਅੰਗਰੇਜਾਂ ਨੇ ਆਪਣੀ ਸਹੂਲਤ ਲਈ ਭਾਰਤੀ ਇਤਿਹਾਸ ਦੀਆਂ ਤਾਰੀਖਾਂ (ਬਿਕ੍ਰਮੀ ਅਤੇ ਹਿਜਰੀ) ਨੂੰ, 2 ਸਤੰਬਰ 1752 ਈ: ਤੋਂ ਪਹਿਲੀਆਂ ਨੂੰ ਜੂਲੀਅਨ ਅਤੇ 14 ਸਤੰਬਰ ਪਿਛੋਂ ਦੀਆਂ ਤਾਰੀਖਾਂ ਨੂੰ ਗਰੈਗੋਰੀਅਨ ਕੈਲੰਡਰ ਵਿਚ ਬਦਲੀ ਕਰਨ ਦਾ ਪ੍ਰਬੰਧ ਕਰ ਲਿਆ ਸੀ। ਇਸ ਮੁਤਾਬਕ ਡਾ. ਗੰਡਾ ਸਿੰਘ ਵਾਲੀ ਤਾਰੀਖ ਭਾਵ 9 ਜੂਨ ਜੂਲੀਅਨ ਕੈਲੰਡਰ ਦੀ ਤਾਰੀਖ ਬਣਦੀ ਹੈ। ਵਿਲੀਅਮ ਇਰਵਿਨ ਨੇ ਇਸ ਤਾਰੀਖ ਨੂੰ ਜੂਲੀਅਨ ਵਿੱਚ ਨਹੀਂ, ਸਿਧਾ ਗਰੈਗੋਰੀਅਨ ਵਿੱਚ ਬਦਲੀ ਕਰ ਲਿਆ ਉਸ ਮੁਤਾਬਕ ਇਹ 19 ਜੂਨ ਬਣਦੀ ਹੈ, ਪਰ ਕੀ ਉਸ ਸਮੇਂ ਇਹ ਕੈਲੰਡਰ ਸਾਡੇ ਦੇਸ਼ ਵਿਚ ਲਾਗੂ ਸਨ ? ਜਵਾਬ ਹੈ ਨਹੀਂ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਕੈਲੰਡਰਾਂ ਵਿੱਚ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਸੀ ।

ਆਓ, ਵੇਖੀਏ ਕਿ ਆਪਣੇ ਦੇਸ਼ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਮੁਤਾਬਕ ਇਹ ਤਾਰੀਕ ਕਿੰਨੀ ਸੀ ?  29 ਜਮਾਦੀ-ਉਲ ਸਾਨੀ 1128 ਹਿਜਰੀ ਮੁਤਾਬਕ ਇਹ 11 ਹਾੜ ਸੰਮਤ 1773 ਬਿਕ੍ਰਮੀ ਸੀ। “11 ਹਾੜ, ਸੁਦੀ ਏਕਮ (29 ਜਮਾਦੀ-ਉਲ ਆਖਿਰ 1128 ਹਿ:=9 ਜੂਨ 1716) ਛਨਿਛਰਵਾਰਿ, ਜਦੋਂ ਤਿੰਨ ਕੁ ਨੇਜਿਆਂ ਸਾਨ ਸੂਰਜ ਉੱਭਰਿਆ; ਤਦ ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਮਾਸੂਮ ਪੁੱਤ੍ਰ ਅਜੈ ਸਿੰਘ ਅਤੇ ਭਾਈ ਬਾਜ ਸਿੰਘ, ਰਾਮ ਸਿੰਘ, ਭਾਈ ਫਤਹਿ ਸਿੰਘ, ਆਲੀ ਸਿੰਘ ਤੇ ਗੁਲਾਬ ਸਿੰਘ ਬਖਸ਼ੀ ਆਦਿ ਛੱਬੀਹ ਹੋਰ ਸਿੰਘਾਂ ਨੂੰ, ਲਾਲ ਕਿਲੇ ਦੇ ਬੰਦੀਖ਼ਾਨੇ `ਚੋਂ ਕੱਢ ਕੇ ਸਰਬਰਾਹ ਖਾਨ ਕੋਤਵਾਲ ਤੇ ਇਬਰਾਹੀਮ ਮੁੱਦੀਨ ਖਾਨ ਮੀਰ ਆਤਿਸ਼ ਹੋਰਾਂ ਜਲੂਸ ਦੇ ਰੂਪ ਵਿੱਚ, ਹਜ਼ਰਤ ਖ਼ਵਾਜਾ ਕੁਤਬ ਦੀਨ ਬਖਤਯਾਰ ਕਾਕੀ ਦੇ ਮਿਜਾਰ ਲਾਗੇ ਆਂਦਾ”। (ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ , ਸੰਪਾਦਕ ਰਣਧੀਰ ਸਿੰਘ ਭਾਗ ਪਹਿਲਾ, ਪੰਨਾ 243) ਇਹ ਤਾਰੀਖ ਭਾਵ 11 ਹਾੜ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਦਰਜ ਹੈ। ਇਹ ਗੱਲ ਵੱਖਰੀ ਹੈ ਕਿ ਹਾੜ ਮਹੀਨੇ ਦੀ ਸੰਗਰਾਂਦ ਇਕ ਦਿਨ ਅੱਗੇ ਪਿਛੇ ਹੋ ਜਾਂਦੀ ਹੈ ਇਸ ਲਈ ਇਸ ਸਾਲ 11 ਹਾੜ 24 ਜੂਨ ਨੂੰ ਹੈ, ਪਰ ਪਿਛਲੇ ਸਾਲ 25 ਜੂਨ ਨੂੰ ਸੀ ਅਤੇ ਆਉਣ ਵਾਲੇ ਸਾਲ 11 ਹਾੜ 25 ਜੂਨ ਨੂੰ ਹੋਵੇਗੀ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ, ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਦੀ ਤਾਰੀਖ 11 ਹਾੜ ਨੂੰ, ਸਦਾ ਵਾਸਤੇ 25 ਜੂਨ ਹੀ ਹੋਵੇਗੀ।