ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਨਾਂ ਖ਼ਤ

0
992

                                                   ਵਾਹਿਗੁਰੂ ਜੀ ਕੀ ਫਤਿਹ

ਆਦਰਯੋਗ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ,

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਵਿਸ਼ਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਾਰੀ ਹੁੰਦੇ ਕੈਲੰਡਰ ਨੂੰ ਨਾਨਕਸ਼ਾਹੀ ਦੀ ਥਾਂ ਬ੍ਰਾਹਮਣਵਾਦੀ ਕੈਲੰਡਰ ਲਿਖਣ ਬਾਰੇ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਪ੍ਰਧਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਸੋਹੀਣੀ ਗ਼ੁਲਾਮ ਸੋਚ ਉੱਤੇ ਬੜਾ ਹੀ ਅਫ਼ਸੋਸ ਹੈ। ਕਿੱਥੇ ਉਹ ਸਮਾਂ ਸੰਨ 1995 ਦਾ ਵਿਸ਼ਵ ਸਿੱਖ ਸੰਮੇਲਨ ਕੀਤਾ ਜਾਂਦਾ ਹੈ। ਖ਼ਾਲਸਾ ਪੰਥ ਦੀ ਉਸ ਨਿਰਮਲ ਅਤੇ ਨਿਆਰੀ ਹੋਂਦ ਨੂੰ ਸੰਸਾਰ ਸਾਹਮਣੇ ਪ੍ਰਗਟਾਉਣ ਲਈ ਇਤਿਹਾਸਕ ਕਦਮ ਸ਼੍ਰੋ: ਗੁ: ਪ੍ਰੰ: ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੁੱਟਦੀ ਹੈ ਤੇ ਸਪੱਸ਼ਟ ਕਰਦੀ ਹੈ ਕਿ ਸਿੱਖ ਕੌਮ ਆਜ਼ਾਦ ਕੌਮ ਹੈ। ਇਸ ਦਾ ਆਪਣਾ ਕੈਲੰਡਰ ਹੋਣਾ ਜ਼ਰੂਰੀ ਮਹਿਸੂਸ ਕਰਕੇ ਸ: ਪਾਲ ਸਿੰਘ ਜੀ ਪੁਰੇਵਾਲ ਵੱਲੋਂ ਲੰਮੀ ਮਿਹਨਤ ਨਾਲ ਕੈਲੰਡਰ ਤਿਆਰ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਦਾ ਖਰੜਾ ਸ਼੍ਰੋ: ਗੁ: ਪ੍ਰੰ: ਕਮੇਟੀ, ਡਾ: ਖੜਗ ਸਿੰਘ ਜੀ ਦੀ ਅਗਵਾਈ ਹੇਠ ਵਿਦਵਾਨਾਂ ਨੂੰ ਸੌਂਪਦੀ ਹੈ। ਵਡਮੁਲੀਆਂ ਰਾਵਾਂ ਉਪਰੰਤ ਖ਼ਾਲਸਾ ਪੰਥ ਦੇ 300 ਸਾਲਾ ਸਾਜਨਾ ਦਿਹਾੜ੍ਹੇ ਮੌਕੇ ਲਾਗੂ ਕਰਨ ਦਾ ਨਿਰਣਾ ਲੈਂਦੀ ਹੈ। ਕਾਰਜਕਾਰਨੀ ਅਤੇ ਆਮ ਅਜਲਾਸ ਇਸ ਇਤਿਹਾਸਕ ਨਿਰਣੈ ਨੂੰ ਪ੍ਰਵਾਨਗੀ ਦੇਂਦੇ ਹਨ।

ਸਮੇਂ ਦੇ ਬ੍ਰਾਹਮਣਵਾਦੀ ਦੇ ਪ੍ਰਭਾਵ ਵਾਲੇ ਸਿੱਖ ਭੇਖ ਵਾਲੇ ਡੇਰੇਦਾਰ ਗਿਆਨੀ ਪੂਰਨ ਸਿੰਘ ਰਾਹੀਂ ਕੌਮੀ ਆਜ਼ਾਦ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੁਕਵਾ ਲੈਂਦੇ ਹਨ। ਫਿਰ ਪੜਚੋਲ ਲਈ ਵਿਦਵਾਨਾਂ ਦੀ ਕਮੇਟੀ ਬਣਦੀ ਹੈ। ਸੰਨ 2003 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਲੇ ਤਹਿਖ਼ਾਨੇ ਅੰਦਰ ਕੁਝ ਸੋਧਾਂ ਕਰਕੇ ਸ: ਕ੍ਰਿਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ, ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਹਾਜ਼ਰੀ ਵਿੱਚ ਬੜੇ ਹੀ ਜੋਸ਼ੋ ਖਰੋਸ਼ ਮਾਹੌਲ ਅੰਦਰ ਜੈਕਾਰਿਆਂ ਦੀ ਗੂੰਜ ਵਿੱਚ ਲਾਗੂ ਕਰਨ ਦਾ ਐਲਾਨ ਸ਼੍ਰੋ: ਗੁ: ਪ੍ਰੰ: ਕਮੇਟੀ ਕਰਦੀ ਹੈ। ਹਾਲਾਂ ਕਿ ਇਸ ਮੌਕੇ ਸਵਾਲ ਉਠਾਇਆ ਗਿਆ ਸੀ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਅਤੇ ਧਾਰਮਿਕ ਆਗੂਆਂ ਦੀ ਹਾਮੀ ਨਾਲ ਜ਼ਰੂਰੀ ਹੈ ਤਾਂ ਸ: ਕ੍ਰਿਪਾਲ ਸਿੰਘ ਜੀ ਬਡੂੰਗਰ ਨੇ ਬੜੇ ਮਾਣ ਨਾਲ ਆਖਿਆ ਸੀ ਕਿ ਤਿੰਨ ਤਖ਼ਤ ਸਾਡੇ ਪ੍ਰਬੰਧ ਹੇਠ ਹਨ ਉਹ ਸਾਡਾ ਕੁਝ ਨਹੀਂ ਵਿਗਾੜ ਸਕਦੇ ਹਨ। ਦਾਸ ਦਾ ਉੱਤਰ ਸੀ ਕਿ ਜਦੋਂ ਉਨ੍ਹਾਂ ਨੇ ਵਿਗਾੜਨਾ ਹੈ, ਤੁਸਾਂ ਪ੍ਰਧਾਨ ਨਹੀਂ ਹੋਣਾ।

ਪ੍ਰਧਾਨ ਜੀ, ਭਾਰਤ ਅੰਦਰਲੀਆਂ ਬਿਪਰਵਾਦੀ ਤਾਕਤਾਂ ਸਿੱਖ ਕੌਮ ਨੂੰ ਆਪਣੀ ਪੀਢੀ ਕੈਦ ਵਿੱਚੋਂ ਕਦਾਚਿਤ ਛੱਡਣ ਲਈ ਤਿਆਰ ਨਹੀਂ। ਇਹਨਾਂ ਤਾਕਤਾਂ ਨੇ ਸਿੱਖ ਕੌਮ ਦੇ ਅੰਦਰ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਸਮੱਰਥਕ ਕਈ ਡੇਰੇ ਸੰਪਰਦਾਵਾਂ ਨੂੰ ਉਤਸ਼ਾਹਿਤ ਕਰਕੇ ਅੱਗੇ ਕੀਤਾ ਹੈ। ਉਨ੍ਹਾਂ ਸਭ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ, ਜੋ ਖ਼ਾਲਸਈ ਸਿਧਾਂਤ ਦੀ ਪਹਿਰੇਦਾਰੀ ਨਾਲੋਂ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਵਧੇਰੇ ਵਫ਼ਾਦਾਰ ਹੈ; ਨੂੰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਲਈ ਰਾਜ਼ੀ ਕਰ ਲਿਆ। ਇਸ ਦਲ ਦੀ ਗ਼ੁਲਾਮ ਹੋ ਕੇ ਕੰਮ ਕਰਦੀ ਸ਼੍ਰੋ: ਗੁ: ਪ੍ਰੰ: ਕਮੇਟੀ ਨੇ 2011 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਜ਼ਿਬ੍ਹਾ ਕਰ ਦਿੱਤਾ। ਚੰਦ ਵੋਟਾਂ ਦੀ ਖਾਤਰ। ਪ੍ਰਧਾਨ ਜੀ ! ਕੀ ਆਖੀਏ ਸ਼੍ਰੋ: ਗੁ: ਪ੍ਰੰ: ਕਮੇਟੀ ਅਤੇ ਤਖ਼ਤ ਸਾਹਿਬ ’ਤੇ ਬੈਠੇ ਜਥੇਦਾਰ ਸੱਜਣਾਂ ਨੂੰ ; ਜਿਨ੍ਹਾਂ ਨੂੰ ਖ਼ਾਲਸਾ ਪੰਥ ਦੀ ਨਿਰਮਲ ਨਿਆਰੀ ਹੋਂਦ ਦੀ ਪਹਿਰੇਦਾਰੀ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ, ਉਨ੍ਹਾਂ ਨੇ ਬ੍ਰਾਹਮਣਵਾਦੀ ਨੀਤਾਂ ਅਤੇ ਰਹੁ-ਰੀਤਾਂ ਨੂੰ ਤਰਜੀਹ ਦੇਣ ’ਚ ਆਪਣੀ ਬਿਹਤਰੀ ਸਮਝੀ। ਜੇਕਰ ਕੋਈ ਚਾਰ ਤਰੀਖਾਂ 2003 ਨੂੰ ਪ੍ਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਵਾਲੀਆਂ ਬਚੀਆਂ ਸਨ, ਉਹ ਵੀ ਕੁਝ 2013 ਵਿੱਚ ਤੇ ਕੁਝ ਬਾਅਦ ਵਿੱਚ ਬਦਲ ਕੇ ਬ੍ਰਾਹਮਣਵਾਦੀ ਰੰਗ ਢੰਗ ਨੂੰ ਪੂਰੀ ਤਰ੍ਹਾਂ ਅਪਣਾਅ ਲਿਆ ਗਿਆ।

ਇਹ ਪੱਤਰ ਲਿਖਣ ਦਾ ਹੀਆ ਮਜ਼ਬੂਰੀ ਵਿੱਚ ਕੀਤਾ ਹੈ। ਮੌਜੂਦਾ ਸਮੇਂ ਸ਼੍ਰੋ: ਗੁ: ਪ੍ਰੰ: ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਕੈਲੰਡਰ ਜਾਰੀ ਕੀਤਾ ਹੋਇਆ ਹੈ, ਉਹ ਨਾਨਕਸ਼ਾਹੀ ਕੈਲੰਡਰ ਨਹੀਂ ਹੈ। ਅਖੌਤੀ ਕੈਲੰਡਰ ਹੈ। ਉਸ ਵਿੱਚ ਪਿਛਲੇ ਸਾਲ ਸੰਨ 2020 ਦੀ 6 ਜੂਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਹੀਂ ਸੀ। ਇਸ ਵਾਰ ਕਿਉਂ ਅਤੇ ਕਿਵੇਂ ਆ ਗਿਆ। ਕਿੱਡੀ ਨਮੋਸ਼ੀ ਭਰੀ ਗੱਲ ਹੈ ਕਿ 3 ਜੂਨ 1984 ਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ (ਉਦੋਂ ਨਾਨਕਸ਼ਾਹੀ ਕੈਲੰਡਰ ਕੌਮ ਵੱਲੋਂ ਨਹੀਂ ਸੀ ਬਣਿਆ)।  3 ਜੂਨ, 6 ਜੂਨ ਅਸੀਂ ਬਦਲਣ ਲਈ ਤਿਆਰ ਨਹੀਂ ਹਾਂ, ਕਿਉਂ ? ਇਹ ਵੀ ਬ੍ਰਾਹਮਣਵਾਦੀ ਕੈਲੰਡਰ ਮੁਤਾਬਕ ਘੁਮਾਉ। ਫਿਰ ਅਹਿਸਾਸ ਹੋਊ। ਕਿੱਥੇ ਸ਼੍ਰੋ: ਗੁ: ਪ੍ਰੰ: ਕਮੇਟੀ ਖ਼ਾਲਸਾ ਪੰਥ ਦੀ ਨੁੰਮਾਇੰਦਾ ਜਮਾਤ ਸੀ, ਅੱਜ ਚੰਦ ਡੇਰਿਆਂ ਦੀ ਨੁੰਮਾਇੰਦਗੀ ਕਰਦੀ ਦਿੱਸਦੀ ਹੈ। ਇਸ ਲਈ ਪ੍ਰਧਾਨ ਜੀ ! ਹੁਣ ਖੁਸ਼ੀ ਖੁਸ਼ੀ ਤੁਸੀਂ ਜੋ ਕੈਲੰਡਰ ਸ਼੍ਰੋ: ਗੁ: ਕਮੇਟੀ ਵੱਲੋਂ ਛਾਪਦੇ ਹੋ ਉਸ ’ਤੇ ਐਲਾਨੀਆ ਲਿਖ ਦਿਓ ‘ਬ੍ਰਾਹਮਣਵਾਦੀ ਕੈਲੰਡਰ’। ਇਹ ਵੀ ਵਿਸਥਾਰ ਦਿੱਤਾ ਜਾਵੇ ਕਿ ਬ੍ਰਾਹਮਣਵਾਦੀ ਤਾਕਤਾਂ ਦੀ ਭਰਪੂਰ ਪ੍ਰਸੰਨਤਾ ਅਤੇ ਬ੍ਰਾਹਮਣਵਾਦੀ ਚੰਦ ਡੇਰੇਦਾਰਾਂ ਦੀ ਖੁਸ਼ੀ ਲੈਂਦਿਆਂ ਇਹ ਕੈਲੰਡਰ ਜਾਰੀ ਕੀਤਾ ਗਿਆ। ਗੁਰੂ ਦਾ ਵਾਸਤਾ !!! ਇਸ ਨੂੰ ਨਾਨਕਸ਼ਾਹੀ ਕੈਲੰਡਰ ਨਾ ਲਿਖੋ ਤੇ ਨਾ ਆਖੋ। ਪੰਥ ਦੇ ਗੁਰਮਤੇ ਦੀ ਤੌਹੀਨ ਨਾ ਕਰੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬ੍ਰਾਹਮਣਵਾਦ ਨੂੰ ਪਛਾੜ ਕੇ ਨਿਰਾਲਾ ਪੰਥ ਕੀਤਾ ਸੀ। ਜੇਕਰ ਸੱਚੀਂ ਤੁਹਾਡੇ ਅੰਦਰ ਗੁਰੂ ਪੰਥ ਦੇ ਸਿੱਖ ਹੋਣ ਦਾ ਕਿਧਰੇ ਕਿਤੇ ਅਹਿਸਾਸ ਹੈ ਤਾਂ ਦਲੇਰੀ ਕਰਕੇ ਸੰਨ 2003 ਨੂੰ ਸ਼੍ਰੋ: ਗੁ: ਪ੍ਰੰ: ਕਮੇਟੀ ਵੱਲੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਦਿਓ। ਨਹੀਂ ਤਾਂ ਨਾਨਕਸ਼ਾਹੀ ਸ਼ਬਦ ਦੀ ਵਰਤੋਂ ਕੈਲੰਡਰ ’ਤੇ ਨਾ ਕਰੋ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗਿਆਨ ਸੋਚ ਨਾਲੋਂ ਵਿਛੋੜਾ ਹੈ ਤੇ ਪੰਥ ਨਾਲ ਧੋਖਾ ਹੈ।

ਉਮੀਦ ਕੀਤੀ ਜਾਵੇਗੀ ਕਿ ਗੁਰੂ-ਪੰਥ ਦੀ ਖੁਸ਼ੀ ਲੈਣ ਲਈ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਛਾਪੋਗੇ ਅਤੇ ਸੰਸਾਰ ਭਰ ਦੇ ਸਿੱਖਾਂ ਅੰਦਰ ਹਰ ਸਾਲ ਗੁਰ ਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਸੰਬੰਧੀ ਪੈਦਾ ਹੁੰਦੇ ਪ੍ਰਸ਼ਨਾਂ ਦੀ ਉਲਝਣ ’ਚੋਂ ਕੱਢੋਗੇ। ਜ਼ਮੀਰ ਨਾ ਜਾਗੇ ਤਾਂ ਐਨਾ ਕੁ ਹੀ ਇਮਾਨ ਨਿਭਾਉ ਕਿ ਕੈਲੰਡਰ ਜਾਂ ਜੰਤਰੀ ’ਤੇ ਨਾਨਕਸ਼ਾਹੀ ਸ਼ਬਦ ਨਾ ਛਾਪੋ। ਨਾਨਕਸ਼ਾਹੀ ਸ਼ਬਦ ਦੀ ਵਰਤੋਂ ਕਰਕੇ ਪੰਥ ਨੂੰ ਦਰਦ ਨਾ ਦੇਵੋ।  ਭੁੱਲਾਂ ਦੀ ਖ਼ਿਮਾਂ ਕਰਨੀ ਜੀ।

 ਮਿਤੀ : 16/6/2020

ਗੁਰੂ ਪੰਥ ਦਾ ਦਾਸ   ਕੇਵਲ ਸਿੰਘ

ਗਿਆਨੀ ਕੇਵਲ ਸਿੰਘ                                         ਪਿੰਡ : ਪੰਡੋਰੀ ਰਣ ਸਿੰਘ

ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ                      ਜ਼ਿਲ੍ਹਾ : ਤਰਨਤਾਰਨ ਸਾਹਿਬ 95920-93472                                     panthaknagara@gmail.com <mailto:panthaknagara@gmail.com>