ਸਰਕਾਰ ਅਤੇ ਸਮਾਜ ਦਾ ਆਦਰਸ਼ ਆਚਰਣ ਹੀ ਪੰਜਾਬ ਦਾ ਖ਼ਜ਼ਾਨਾ ਭਰੇਗਾ

0
303

ਸਰਕਾਰ ਅਤੇ ਸਮਾਜ ਦਾ ਆਦਰਸ਼ ਆਚਰਣ ਹੀ ਪੰਜਾਬ ਦਾ ਖ਼ਜ਼ਾਨਾ ਭਰੇਗਾ

ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ- 95920-93472

panthaknagara@gmail.com

ਮਨੁੱਖ ਦੀਆਂ ਜਨਮ ਤੋਂ ਮੌਤ ਦੀ ਯਾਤਰਾ ਤੱਕ ਮੁੱਢਲੀਆਂ ਲੋੜਾਂ ਹੁੰਦੀਆਂ ਹਨ। ਚੰਗੀ ਸਿਹਤ, ਸਿੱਖਿਆ, ਸੁਰੱਖਿਆ, ਸਨਮਾਨ, ਸੁਤੰਤਰਤਾ, ਸਮਾਨਤਾ, ਅਮਨ ਤੇ ਚੰਗਾ ਨਿਆਂ; ਜਿਹੀਆਂ ਕਈ ਆਸਾਂ ਨਾਲ ਬੰਦਾ ਜ਼ਿੰਦਗੀ ਜ਼ਿਊਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੁਪ੍ਰਬੰਧ ਵਿਵਸਥਾਵਾਂ ਕਾਰਨ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹੀ ਨਹੀਂ ਹਨ। ਦੂਸਰਾ ਤ੍ਰਿਸ਼ਨਾ ਗ੍ਰਸੇ ਮਨੁੱਖ ਦੇ ਸੁਆਸ ਮੁੱਕ ਜਾਂਦੇ ਹਨ ਪਰ ਆਸਾਵਾਂ ਨਹੀਂ ਮੁੱਕਦੀਆਂ। ਹਾਲਾਂ ਕਿ ਕੁਦਰਤ ਮਾਂ ਦੀ ਤਰ੍ਹਾਂ ਵਿਵਹਾਰ ਕਰਦੀ ਹੈ; ਜਿਵੇਂ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੁੱਧ ਦੀ ਮਾਲਕ ਬਣੀ ਬੈਠੀ ਹੁੰਦੀ ਹੈ। ਕੁਦਰਤ ਪਾਲਣ ਪੋਸ਼ਣ ਕਰਦੀ ਥੱਕਦੀ ਨਹੀਂ। ਮਨੁੱਖ ਨੂੰ ਇਹ ਬੜੀ ਵੱਡੀ ਪੂੰਜੀ ਮਿਲੀ ਹੁੰਦੀ ਹੈ। 

ਆਮ ਧਾਰਨਾ ਅਨੁਸਾਰ ਧਨ ਅਤੇ ਪਦਾਰਥਕ ਪ੍ਰਾਪਤੀ ਨੂੰ ਪੂੰਜੀ ਦੀ ਪ੍ਰਾਪਤੀ ਮੰਨਿਆ ਜਾਂਦਾ ਹੈ। ਪੂੰਜੀ ਦਾ ਸੰਬੰਧ ਅਰਥਚਾਰੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ। ਕਦੇ ਕਿਤੇ ਪੂੰਜੀਵਾਦ, ਸਮਾਜਵਾਦ ਅਤੇ ਸਾਮਵਾਦ ਦੇ ਤਜ਼ਰਬੇ ਹੋਏ, ਜੋ ਕੌੜੇ ਤੇ ਖੱਟੇ ਸਿੱਧ ਹੋਏ। ਕਿਤੇ ਡਿਜੀਟਲ ਦੇਸ਼ ਤੇ ਡਿਜੀਟਲ ਅਰਥਚਾਰੇ ਦੀ ਸਿਰਜਣਾ ਲਈ ਸਿਹਰਾਬੰਦੀ ਹੋ ਰਹੀ ਹੈ, ਪਰ ਆਰਥਿਕ ਅਸਮਾਨਤਾ ਅਸਮਾਨ ’ਤੇ ਹੈ। ਅਸਲ ਵਿੱਚ ਪੂੰਜੀ ਧਰਮ, ਅਰਥ, ਗਿਆਨ, ਵਿਗਿਆਨ, ਤਕਨੀਕਾਂ, ਸੱਤਾ, ਸਮਾਜਕ ਰਿਸ਼ਤਿਆਂ ਅਤੇ ਕੁਦਰਤੀ ਰਿਸ਼ਤਿਆਂ ਇਤਿਆਦਿਕ ਵਿਚਕਾਰ ਇਕ ਗੱਡੀ ਹੈ। ਮਨੁੱਖ ਜਿੰਨਾ ਕੁ ਗਿਆਨਵਾਨ ਹੈ, ਉਸ ਅਨੁਸਾਰ ਪੂੰਜੀ ਦੀ ਗੱਡੀ ਨੂੰ ਦਿਸ਼ਾ ਦਿੰਦਾ ਹੈ। ਜੇਕਰ ਮਨੁੱਖ ਨੈਤਿਕਤਾ ਦਾ ਮਾਲਕ ਹੈ ਤਾਂ ਉਹ ਗੱਡੀ ਨੂੰ ਬਤੌਰ ਸਫਲ ਅਰਥ ਸ਼ਾਸਤਰੀ, ਸਫਲ ਵਪਾਰੀ ਤੇ ਸਫਲ ਸੱਤਾਧਾਰੀ; ਕੁਦਰਤ ਮੁਖੀ ਰਸਤੇ ’ਤੇ ਰੱਖਦਾ ਹੈ। ਇਹ ਗੱਡੀ ਅਨੰਦ ਤੇ ਖੇੜੇ ਦਾ ਮਾਲ ਵੰਡਦੀ ਹੈ। ਇਸ ਪੂੰਜੀ ਦੀਆਂ ਜੜ੍ਹਾਂ ਸਮਾਜਕਤਾ ਦੀ ਧਰਤੀ ਵਿੱਚ ਹੁੰਦੀਆਂ ਹਨ। ਕਿਸੇ ਵੀ ਵਿਕਾਸ ਪ੍ਰਕਿਰਿਆ ਵਿੱਚ ਉਨ੍ਹਾਂ ਤੱਤਾਂ ਦੀ ਵੀ ਬਹੁਤ ਮਹੱਤਤਾ ਹੁੰਦੀ ਹੈ ਜੋ ਆਰਥਿਕ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਸ ਨੂੰ ਸਾਬਤ ਪੂੰਜੀ ਦੇ ਨਾਮ ਨਾਲ ਨਿਵਾਜਿਆ ਹੋਇਆ ਹੈ। ਜਿਸ ਵਿੱਚ ਸੱਚੇ ਵਣਜ ਵਪਾਰ ਦਾ ਸਿਧਾਂਤ ਲਾਗੂ ਹੈ। ਇਸ ਵਿੱਚ ਸੁਰਤਿ, ਮਤਿ, ਮਨ ਅਤੇ ਬੁਧਿ ਦੀ ਸਾਂਝ ਵਾਲੀ ਸਾਇੰਸ ਹੈ। ਜਿਸ ਸਦਕਾ ਸੱਚੀ ਸੁੱਚੀ ਕਿਰਤ ਕਰਕੇ ਪ੍ਰਾਪਤ ਹੋਈ ਪੂੰਜੀ ਕਾਰਨ ਕਰਤੇ ਦੀ ਯਾਦ ਅਤੇ ਕੀਰਤੀ ਬਣੇ ਰਹਿੰਦੇ ਹਨ। ਇਹ ਨਾਨਕਵਾਦ ਹਰ ਇਕ ਕਣ ਦੀ ਮਹੱਤਤਾ ਦਾ ਅਹਿਸਾਸ ਕਰਾਉਂਦਿਆਂ ਉਸ ਪ੍ਰਤੀ ਜ਼ਿੰਮੇਵਾਰੀ ਤੈਅ ਕਰਦਾ ਹੈ। ਆਦਰਸ਼ਕ ਵਾਕ ‘ਜੋ ਜੀਅ ਆਵੇ ਸੋ ਰਾਜੀ ਜਾਵੇ’ ਦੀ ਦਰਿਆਦਿਲੀ ਬਖ਼ਸ਼ਦਾ ਹੈ। ਪਰਾਏ ਹੱਕ ਨੂੰ ਮਾਰਨ ਦੀ ਮਨਾਹੀ ਹੈ।

ਇਹ ਨਾਨਕਵਾਦ ਹਰ ਸਮਾਜਕ-ਆਰਥਕ ਵਿਕਾਸ ਨੂੰ ਸਿਖ਼ਰ ਦੀ ਸਫ਼ਲਤਾ ਦੇਣ ਦਾ ਗੁਣ ਰੱਖਦਾ ਹੈ। ਉਹ ਵਿਸ਼ੇਸ਼ ਗੁਣ ਹੈ ਜੋ ਇਕੋ ਸਮੇਂ ਮਨੁੱਖ ਦੀ ਰੂਹਾਨੀ ਤੇ ਸੰਸਾਰੀ ਜ਼ਿੰਦਗੀ ਨੂੰ ਸੰਬੋਧਨ ਹੁੰਦਾ ਹੈ। ਨਿਰੰਕਾਰੀ ਵੀ ਤੇ ਸੰਸਾਰੀ ਖ਼ਜ਼ਾਨੇ ਦੀ ਲੋੜ, ਕਦਰ ਤੇ ਪਹਿਰੇਦਾਰ ਪਹੁੰਚ ਦੀ ਅਹਿਮੀਅਤ ਦਾ ਗਿਆਨ ਪ੍ਰਗਟਾਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਕਮਾਲ ਦੀ ਜੁਗਤਿ ਸੰਸਾਰੀ ਜੀਵ ਦੇ ਸਾਹਮਣੇ ਰੱਖੀ ਹੈ : ‘‘ਹਮ ਧਨਵੰਤ; ਭਾਗਠ ਸਚ ਨਾਇ ॥  ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥ ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥  ਤਾ ਮੇਰੈ ਮਨਿ; ਭਇਆ ਨਿਧਾਨਾ ॥੧॥  ਰਤਨ ਲਾਲ; ਜਾ ਕਾ ਕਛੂ ਨ ਮੋਲੁ ॥  ਭਰੇ ਭੰਡਾਰ ਅਖੂਟ ਅਤੋਲ ॥੨॥  ਖਾਵਹਿ ਖਰਚਹਿ; ਰਲਿ ਮਿਲਿ ਭਾਈ ॥  ਤੋਟਿ ਨ ਆਵੈ; ਵਧਦੋ ਜਾਈ ॥੩॥  ਕਹੁ ਨਾਨਕ ! ਜਿਸੁ ਮਸਤਕਿ; ਲੇਖੁ ਲਿਖਾਇ ॥ ਸੁ ਏਤੁ ਖਜਾਨੈ; ਲਇਆ ਰਲਾਇ ॥੪॥’’ (ਮਹਲਾ ੫/੧੮੬)

ਕਾਦਰ-ਕੁਦਰਤ ਦੇ ਮਹਾਨ ਖ਼ਜ਼ਾਨੇ ਦਾ ਕਦਰਦਾਨ ਹੀ ਪੀਊ ਦਾਦੇ ਦੇ ਅਮੀਰ ਖ਼ਜ਼ਾਨੇ ਦਾ ਲਾਹਾ ਲੈਂਦਾ ਹੈ। ਖੋ-ਖਿੱਚ ਦੀ ਥਾਂ ਸਭ ਨਾਲ ਰਲ਼ ਮਿਲ਼ ਕੇ ਖਾਂਦਾ ਤੇ ਖਰਚਦਾ ਹੈ। ਜਿਸ ਕਰਕੇ ਖ਼ਜ਼ਾਨੇ ਵਿੱਚ ਤੋਟ ਨਹੀਂ ਆਉਂਦੀ ਬਲਕਿ ਵਧਦਾ ਜਾਂਦਾ ਹੈ। ਕੀ ਇਸ ਉੱਤਮ ਵਿਚਾਰ ਤੋਂ ਬਿਨਾਂ ਕਿਸੇ ਦੇਸ਼ ਦੀ ਅਰਥ ਵਿਵਸਥਾ ਅਤੇ ਅਰਥ ਸੰਸਥਾਵਾਂ ਨੂੰ ਬਚਾਇਆ ਜਾ ਸਕਦਾ ਹੈ ? ਕਦੇ ਵੀ ਨਹੀਂ। 

ਪਰ ਜਦੋਂ ਮਨੁੱਖ ਗੈਰਕੁਦਰਤੀ ਸਿਰਜਤ ਮੰਡੀ ਵਿੱਚ ਅਤੇ ਨਿੱਜੀ ਮਰਜ਼ੀ ਵੱਲ ਗੱਡੀ ਤੋਰ ਲੈਂਦਾ ਹੈ ਤਾਂ ਇਹ ਪੂੰਜੀ ਕੂੜੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਹਨ : ‘‘ਕੂੜੀ ਰਾਸਿ; ਕੂੜਾ ਵਾਪਾਰੁ ॥ ਕੂੜੁ ਬੋਲਿ; ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ; ਦੂਰਿ ॥ ਨਾਨਕ! ਕੂੜੁ ਰਹਿਆ ਭਰਪੂਰਿ ॥’’ (ਆਸਾ ਕੀ ਵਾਰ/ ਮਹਲਾ ੧/੪੭੨) ਤ੍ਰਿਸ਼ਨਾਲੂ ਮਨੁੱਖ ਨੇ ਹਰ ਪੂੰਜੀ ਜਾਂ ਖ਼ਜ਼ਾਨੇ ਦੇ ਮੂਲ ਸਰੋਤ ਕੁਦਰਤ ਅਤੇ ਕੁਦਰਤ ਦੇ ਸੋਮਿਆਂ ਨੂੰ ਬੜੀ ਨਿਰਦਇਤਾ ਨਾਲ ਲੁੱਟਿਆ ਹੈ। ਜਿਸ ਦੇ ਨਤੀਜੇ ਵਜੋਂ ਸੰਸਾਰ ਟਿਕਾਉ ਵਿੱਚ ਨਹੀਂ ਹੈ, ਬਲਕਿ ਡਾਵਾਂਡੋਲ ਹੈ।

ਕਰੋਨਾ ਵਾਇਰਸ ਨੇ ਸੰਸਾਰ ਦੀ ਆਰਥਿਕਤਾ ਡੋਲਣ ਲਾ ਦਿੱਤੀ ਹੈ। ਸਾਰੇ ਦੇਸ਼ਾਂ ਦੇ ਮੁਖੀ ਆਪਣੇ-ਆਪਣੇ ਢੰਗ ਨਾਲ ਦੇਸ਼ ਦੀ ਆਰਥਿਕਤਾ ਉੱਤੇ ਪੈਣ ਵਾਲੇ ਜਾਂ ਪੈ ਚੁੱਕੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਹਨ। ਭਾਰਤ ਦੇਸ਼ ਦਾ ਅਰਥਚਾਰਾ ਮਹਾਂਮਾਰੀ ਦੀ ਮਾਰ ਤੋਂ ਪਹਿਲਾਂ ਹੀ ਡਗਮਗਾ ਰਿਹਾ ਸੀ। ਦੇਸ਼ ਦੀ ਜਿਸ ਜੀ. ਡੀ. ਪੀ. ਦੇ 8 ਪ੍ਰਤੀਸ਼ਤ ਹੋਣ ਦੇ ਦਮਗਜੇ ਮਾਰੇ ਜਾ ਰਹੇ ਸਨ। ਉਹ ਅੱਜ 4.5 ਪ੍ਰਤੀਸ਼ਤ ਹੈ। ਇਸ ਸੰਭਾਵੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਅਰਥ ਸ਼ਾਸਤਰੀ ਕਰਦੇ ਆ ਰਹੇ ਸਨ। ਇਸ ਭਵਿੱਖਬਾਣੀ ਦੇ ਸੱਚ ਹੋਣ ਦੀ ਸਥਿਤੀ ਦੇ ਨਾਲ ਹੀ ਮਹਾਂਮਾਰੀ ਦੀ ਸ਼ਮੂਲੀਅਤ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਨਅਤ ਕਾਰੋਬਾਰ, ਵਪਾਰ, ਸਰਵਿਸ, ਕਿਸਾਨ, ਮਜ਼ਦੂਰ ਖੇਤਰ ਹੀ ਨਹੀਂ ਬਲਕਿ ਧਾਰਮਕ, ਵਿਦਿਅਕ ਅਤੇ ਸਮਾਜਕ ਖੇਤਰ ਵੀ ਆਰਥਕ ਮੰਦਵਾੜੇ ਨੇ ਪੜ੍ਹਨੇ ਪਾਏ ਹੋਏ ਹਨ।

ਪੰਜਾਬ ਦਾ ਖ਼ਜ਼ਾਨਾ ਤਾਂ ਦਹਾਕਿਆਂ ਤੋਂ ਕਰਜ਼ਾਈ ਹੈ ਮੁਢਲੀਆਂ ਸਿੱਖਿਆ ਸੇਵਾਵਾਂ, ਸਿਹਤ ਸੇਵਾਵਾਂ ਅਤੇ ਰੋਜ਼ਗਾਰ ਸੇਵਾਵਾਂ ਪਹਿਲ ਦੇ ਆਧਾਰਤੇ ਨਿਭਾਉਣ ਦੀ ਥਾਂ ਖਾਲੀ ਠੂਠੇ ਦੀਆਂ ਲੇਲੜੀਆਂ ਕੱਢਣੀਆਂ ਹੀ ਲਿਆਕਤ ਹੈ ਸੂਬੇ ਦੀ ਪੰਜਾਬ ਸਰਕਾਰਾਂ ਦੀਆਂ ਭਾਈਭਤੀਜਾਵਾਦ ਅਤੇ ਨਿੱਜਵਾਦ ਨੂੰ ਸੇਧਿਤ ਆਰਥਿਕ ਨੀਤੀਆਂ ਕਾਰਨ ਅੱਜ ਪੰਜਾਬ ਕਰੀਬ ਡੇਢ ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਾ ਹੈ ਇਸ ਤਰਾਸਦੀ ਨੂੰ ਪੜ੍ਹਦਿਆਂ, ਸੁਣਦਿਆਂ ਤੇ ਵੇਖਦਿਆਂ ਸਾਡੇ ਵਰਗਾ ਜਨਸਾਧਾਰਨ ਵੀ ਇਸ ਚਿੰਤਾ ਦਾ ਪਾਤਰ ਬਣ ਰਿਹਾ ਹੈ ਧੁਰ ਅੰਦਰੋਂ ਪਹਿਲਾ ਸਵਾਲ ਨਿੱਕਲਦਾ ਹੈ ਕਿ ਕੀ ਕੋਈ ਵੀ ਰਾਜਸੀ ਧਿਰ ਪੰਜਾਬ ਪ੍ਰਤੀ ਇਮਾਨਦਾਰ ਹੈ? ਜੇ ਰਾਜਸੀ ਧਿਰਾਂ ਰੂਹਾਨੀਅਤ ਤੋਂ ਪ੍ਰੇਰਿਤ ਤੇ ਇਮਾਨਦਾਰ ਹੁੰਦੀਆਂ ਤਾਂ ਪੰਜਾਬ ਦੀ ਸਥਿਤੀ ਅਜਿਹੀ ਨਹੀਂ ਹੋਣੀ ਸੀ ਪੰਜਾਬ ਦੇ ਖ਼ਜ਼ਾਨੇ ਦੀ ਸਵੈਨਿਰਭਰਤਾ ਦੀ ਕਹਾਣੀ ਵੀ ਪੜ੍ਹਨੀ ਹੋਵੇ ਤਾਂ ਲੱਭਣੀ ਔਖੀ ਹੈ   

ਜਿਸ ਸੂਬੇ ਦੇ ਮੁਲਾਜ਼ਮ ਹੱਕਾਂ ਲਈ ਲੰਮਾ ਲੰਮਾ ਸਮਾਂ ਸੜਕਾਂ ’ਤੇ ਲੋਹੇ ਲਾਖ਼ੇ ਹੋ ਤੜਫ਼ਦੇ ਰਹਿਣਗੇ, ਉਹ ਕਿਵੇਂ ਸੂਬੇ ਦੇ ਹਿਤ ਵਿੱਚ ਆਪਣੀ ਸ਼ਕਤੀ ਲਾ ਸਕਦੇ ਹਨ। ਪੰਜਾਬ ਦੇ ਸਾਰੇ ਕਿੱਤਾਕਾਰੀ ਵਰਗਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਕਾਰਖ਼ਾਨੇਦਾਰਾਂ ਲਈ ਬੜਾ ਗੰਭੀਰ ਹੋਣਾ ਪਵੇਗਾ। ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੂੰ ਵਿਧੀਵਤ ਢੰਗ ਨਾਲ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਕੁਝ ਸਮਾਂ ਵਿਰੋਧ ਲਈ ਵਿਰੋਧ ਛੱਡ ਕੇ ਪੰਜਾਬ ਦੇ ਹੱਕ ਵਿੱਚ ਹੋ ਜਾਈਏ, ਸਰਕਾਰ ਪਹਿਲ ਕਰੇ।  ਪੰਜਾਬ ਸਰਕਾਰ ਨੇ ਸਿਹਤਮੰਦ ਆਰਥਿਕਤਾ ਲਈ ਨਾਮਵਰ ਅਰਥ ਸ਼ਾਸਤਰੀਆਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਪਰ ਏਥੇ ਇਕ ਵੱਡਾ ਸਵਾਲ ਜਾਂ ਸ਼ੰਕਾ ਰਹੇਗਾ ਕਿ ਇਹ ਕਮੇਟੀ ਕਿਤੇ ਕਾਰਪੋਰੇਟ ਸੈਕਟਰ ਪੱਖੀ ਯੋਜਨਾਬੰਦੀ ਵੱਲ ਤਾਂ ਨਹੀਂ ਖੜ੍ਹੇਗੀ ਜਦ ਕਿ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਵਿਸ਼ਵ ਨੂੰ ਕੋਆਪ੍ਰੇਟਿਵ ਮਾਡਲ ਦੀ ਲੋੜ ਹੈ ਪੰਜਾਬ ਦੇ ਖ਼ਜ਼ਾਨੇ ਨੂੰ ਕੋਆਪਰੇਟਿਵ ਮਾਡਲ ਰਾਹੀਂ ਹੀ ਭਰਪੂਰ ਕੀਤਾ ਜਾ ਸਕਦਾ ਹੈ

ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਲਈ ਪੰਜਾਬ ਸਰਕਾਰ ਤੇ ਸਮੁੱਚੇ ਢਾਂਚੇ ਨੂੰ ਆਦਰਸ਼ ਆਚਰਣ ਦੇ ਧਾਰਨੀ ਬਣਨਾ ਹੋਵੇਗਾ। ਸਭ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਕ ਲੋਕ ਜੋ ਸੱਤਾ ਦਾ ਹਿੱਸਾ ਰਹਿ ਚੁੱਕੇ ਹਨ ਜਾਂ ਹਨ ਉਹ ਵੀ ਐਲਾਨ ਕਰ ਦੇਣ ਕਿ ਅਸੀਂ 10 ਸਾਲ ਪੰਜਾਬ ਸੇਵਕ ਬਣ ਕੇ ਕੰਮ ਕਰਾਂਗੇ। ਸਰਕਾਰੀ ਖ਼ਜਾਨੇ ਵਿੱਚੋਂ ਨਾ ਤਨਖਾਹ ਲਵਾਂਗੇ ਅਤੇ ਨਾ ਹੀ ਪੈਨਸ਼ਨ ਪ੍ਰਾਪਤ ਕਰਾਂਗੇ ਵਿਧਾਇਕ ਕੇਵਲ ਇਕ ਪੈਨਸ਼ਨ ਲੈਣੀ ਵੀ ਪਾਪ ਸਮਝ ਲੈਣਪੰਜਾਬ ਤੋਂ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਮਿਲਦੀ ਪੈਨਸ਼ਨ ਪੰਜਾਬ ਨੂੰ ਭੇਟਾ ਕਰਨ ਸਿਆਸੀ ਲੋਕਾਂ ਅਤੇ ਅਫ਼ਸਰਾਂ ਦੀ ਸੁਰੱਖਿਆਤੇ ਰੁੜ੍ਹਦੇ ਧਨ ਨੂੰ ਬਚਾ ਕੇ ਪੰਜਾਬ ਦੇ ਲੇਖੇ ਲਾਇਆ ਜਾ ਸਕਦਾ ਹੈ ਸੁਰੱਖਿਆ ਛਤਰੀਆਂ ਦੀ ਛਾਂ ਮਾਣਨ ਵਾਲੇ ਲੋਕ ਅਕਸਰ ਵਿਦੇਸ਼ਾਂ ਦੇ ਦੌਰੇ ਕਰਦੇ ਹਨ, ਇਹ ਵਿਦੇਸ਼ਾਂ ਵਿਚਲੀ ਸੁਰੱਖਿਆ ਪ੍ਰਣਾਲੀ ਤੋਂ ਕੋਈ ਸਿੱਖਿਆਦਾਨ ਪ੍ਰਾਪਤ ਕਰ ਸਕਦੇ ਹਨ

ਦੂਸਰਾ ਪੰਜਾਬ ਦੇ ਸਰਕਾਰੀ ਤੰਤਰ ਵਿੱਚ ਕੰਮ ਕਰਦੇ ਦਾਨੇ ਅਕਲਦਾਨ ਅਫ਼ਸਰ ਆਪਣੇ ਆਪ ਨੂੰ ਸਿੱਧ ਕਰਨ ਕਿ ਪੰਜਾਬ ਦੇ ਸੁਘੜ ਸਿਆਣੇ ਪੁੱਤਰ ਧੀਆਂ ਹਨ। ਐਲਾਨ ਕਰਨ ਕਿ ਅਸੀਂ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸੇਵਾ ਕਰਾਂਗੇ। ਅਗਰ ਇਹ ਵਰਗ ਪੰਜਾਬ ਦੀ ਆਰਥਕ ਹੋਣੀ ਨੂੰ ਸੰਵਾਰਨ ਲਈ ਪੂਰੀ ਦ੍ਰਿੜ੍ਹਤਾ ਨਾਲ ਸੰਕਲਪ ਲੈ ਲੈਂਦਾ ਹੈ ਤਾਂ ਠੇਕੇਦਾਰੀ ਪ੍ਰਬੰਧਾਂ ਕਾਰਨ ਖ਼ੁਰਦ ਬੁਰਦ ਹੁੰਦੇ ਕਰੋੜਾਂ ਦੀ ਬੱਚਤ ਹੋ ਸਕੇਗੀ।

ਤੀਸਰਾ ਸਮਾਜ ਦਾ ਵੀ ਬੜਾ ਵੱਡਾ ਫ਼ਰਜ਼ ਹੈ ਕਿ ਜਿਸ ਖੂਹ ਤੋਂ ਪਾਣੀ ਪੀਂਦੇ ਹਾਂ ਉਸ ਦੇ ਸੋਕੇ ਨੂੰ ਦੂਰ ਕਰਨਾ ਆਪਣਾ ਫ਼ਰਜ਼ ਸਮਝੀਏ। ਪੰਜਾਬ ਸਰਕਾਰ ਤੋਂ ਸੇਵਾ ਮੁਕਤ ਸਬਰ-ਸੰਤੋਖੀ ਲੋਕਾਂ ਦਾ ਕਹਿਣਾ ਹੈ ਕਿ ਲੱਖ-ਲੱਖ ਰੁਪਿਆ ਪੈਨਸ਼ਨ ਲੈਂਦਿਆਂ ਸਾਨੂੰ ਸਾਲਾਨਾ ਵਧਦੇ ਭੱਤੇ ਨਹੀਂ ਮਿਲਣੇ ਚਾਹੀਦੇ। ਇਹ ਗਰੀਬਾਂ ਤੇ ਲੋੜਵੰਦਾਂ ਦੀ ਰੋਟੀ ਰੋਜ਼ੀ ਦੇ ਵਸੀਲੇ ਪੈਦਾ ਕਰਨ ਲਈ ਜਾਣੇ ਚਾਹੀਦੇ ਹਨ। ਅਜਿਹੀ ਉੱਚੀ ਸੁੱਚੀ ਸੋਚ ਵਾਲੇ ਰਾਹ-ਦਸੇਰਾ ਬਣ ਕੇ ਕਾਫ਼ਲਾ ਬਣਾ ਸਕਦੇ ਹਨ। ਜੇਕਰ ਇਹ ਲੋਕ ਸਾਲਾਨਾ ਭੱਤਾ ਵਾਧਾ ਤਿਆਗ ਦੇਂਦੇ ਹਨ ਅਤੇ ਮਿਲਦੀ ਪੈਨਸ਼ਨ ਦਾ ਦਸਵਾਂ ਹਿੱਸਾ ਪੰਜਾਬ ਦੇ ਖ਼ਜਾਨੇ ਵਿੱਚ ਪਾਉਣਾ ਅਰੰਭ ਕਰ ਦਿੰਦੇ ਹਨ ਤਾਂ ਆਸਰਾ ਮਿਲ ਸਕਦਾ ਹੈ। ਵਿਦੇਸ਼ਾਂ ਵਿੱਚ ਵਸ ਚੁੱਕੇ ਸੇਵਾ-ਮੁਕਤ ਲੋਕ ਸਿੱਧੀ ਸੇਵਾ ਭੇਟ ਕਰਨ ਦੀ ਸਹਿਮਤੀ ਦਰਜ ਕਰਾ ਸਕਦੇ ਹਨ। ਪੰਜਾਬ ਅੰਦਰ ਸੇਵਾ ਕਰ ਰਹੇ ਅਤੇ ਸੇਵਾ-ਮੁਕਤ ਪੰਜਾਬ ਹਿਤੈਸ਼ੀਆਂ ਨੂੰ ਹੱਥ ਜੋੜ ਬੇਨਤੀ ਹੈ ਕਿ ਪ੍ਰਸਪਰ ਹਮਦਰਦੀ ਤੇ ਸੁਹਿਰਦਤਾ ਬਿਨਾਂ ਕੋਈ ਵੀ ਢਾਂਚਾ, ਵਿਵਸਥਾ ਜਾ ਵਿਚਾਰਧਾਰਾ ਅਧੂਰੇ ਹਨ। ਅਧੂਰੇ ਖ਼ਜ਼ਾਨੇ ਕੰਗਾਲੀ ਹਨ।

ਆਓ ਪੰਜਾਬ ਨੂੰ ਆਪਣਾ ਪੰਜਾਬ ਮੰਨ ਲਈਏ। ਇਸ ਦੀ ਆਰਥਿਕਤਾ ਅਤੇ ਵਿਕਾਸ ਲਈ ਖੁਦ ਨੂੰ ਪੇਸ਼ ਕਰੀਏ। ਪੰਜਾਬ ਦੀ ਨੌਜਵਾਨੀ ਦੇ ਵਸਣ ਰਸਣ ਲਈ ਕੋਈ ਮੌਕੇ ਬਣਾ ਦੇਈਏ। ਪੰਜਾਬ ਵਿੱਚੋਂ ਵਿਦੇਸ਼ੀ ਪੜ੍ਹਾਈ ਦੇ ਨਾਂ ’ਤੇ 40 ਤੋਂ 50 ਹਜ਼ਾਰ ਕਰੋੜ ਵਿਦੇਸ਼ਾਂ ਨੂੰ ਜਾ ਰਿਹਾ ਹੈ।

ਪੰਜਾਬ ਸਰਕਾਰ ਕੇਵਲ ਸ਼ਰਾਬ ਦੀ ਆਮਦਨ ਦੇ ਮਾਨਵ-ਵਿਰੋਧੀ ਵਰਤਾਰੇ ਨੂੰ ਤਿਆਗ ਕੇ ਉੱਚੇ ਸੁੱਚੇ ਸਰੋਤਾਂ ਦਾ ਸਹਾਰਾ ਲਵੇ ਅਤੇ ਨਸ਼ਿਆਂ ਨਾਲ ਹੁੰਦੀ ਅਗਿਣਵੀਂ ਤਬਾਹੀ ਤੋਂ ਬਚਾਅ ਕਰੇ। ਸਿੱਖਿਆ ਖੇਤਰ ਅਤੇ ਸਿਹਤ ਖੇਤਰ ਅੰਦਰ ਸਰਕਾਰੀ ਆਮਦਨ ਦੇ ਵਸੀਲੇ ਪੈਦਾ ਕਰਨ ਲਈ ਗੁਆਚੀ ਭਰੋਸੇਯੋਗਤਾ ਨੂੰ ਬਹਾਲ ਕਰੇ।

ਪੰਜਾਬ ਦਾ ਖ਼ਜਾਨਾ ਭਰ ਸਕਦਾ ਹੈ। ਲੋੜ ਹੈ ਸਰਕਾਰ ਤੇ ਸਭ ਧਿਰਾਂ ਦੀ ਸੁਹਿਰਦਤਾ ਦੀ। ਚੰਗੀ ਨੀਅਤ ਤੇ ਚੰਗੀ ਨੀਤੀ ਦੀ। ਪੰਜਾਬ ਦੇ ਜਾਏ ਅਜੇ ਪਰਾਏ ਨਹੀਂ ਹੋਏ ਹਨ। ਉਹ ਵਿਦੇਸ਼ਾਂ ਵਿੱਚ ਬੈਠੇ ਵੀ ਪੰਜਾਬ ਦੀ ਸੱਚੀ ਸੁੱਚੀ ਆਵਾਜ਼ ਦਾ ਹੁੰਗਾਰਾ ਭਰਨ ਲਈ ਪੱਬਾਂ ਭਾਰ ਹਨ।