29.9 C
Jalandhar
Sunday, June 22, 2025
spot_img
Home Blog Page 68

ਅਉਖੀ ਘੜੀ ਨ ਦੇਖਣ ਦੇਈ

0

ਧਨਾਸਰੀ ਮਹਲਾ ੫ ॥

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥

ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੇ ॥੧॥

ਪ੍ਰਭ ਸਿਉ ਲਾਗਿ ਰਹਿਓ, ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ, ਧੰਨੁ ਹਮਾਰਾ ਮੀਤੁ ॥ ਰਹਾਉ ॥

ਮਨਿ ਬਿਲਾਸ, ਭਏ ਸਾਹਿਬ ਕੇ; ਅਚਰਜ ਦੇਖਿ ਬਡਾਈ ॥

ਹਰਿ ਸਿਮਰਿ ਸਿਮਰਿ, ਆਨਦ ਕਰਿ ਨਾਨਕ!  ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

(ਧਨਾਸਰੀ/ਮਹਲਾ ੫/ਅੰਗ ੬੮੨)

ਗੁਰੂ ਅਰਜਨ ਸਾਹਿਬ ਜੀ ਦੁਆਰਾ ਸਿੱਖ-ਭਗਤਾਂ ਦਾ (ਦੁੱਖ-ਤਕਲੀਫ਼ ਦੌਰਾਨ ਰੱਬ ’ਤੇ) ਭਰੋਸਾ ਨਾ ਟੁੱਟਣ ਦੇਣ ਵਜੋਂ ਉਚਾਰੇ ਗਏ ਉਕਤ ਸ਼ਬਦ ਦੀ ਵਿਚਾਰ ਕਰਨ ਲੱਗਿਆਂ ਦੋ ਬੰਦਾਂ ਵਾਲੇ ਸ਼ਬਦ ਦੇ ਵਿਚਕਾਰ ਦਰਜ ‘ਰਹਾਉ’ ਬੰਦ ਨੂੰ ਸਾਹਮਣੇ (ਸ਼ੁਰੂਆਤੀ ਵਜੋਂ) ਰੱਖ ਕੇ ਵਿਚਾਰਨਾ ਲਾਭਕਾਰੀ ਹੈ ਕਿਉਂਕਿ ਬਾਕੀ ਦੋ ਬੰਦ ਇਸੇ (ਰਹਾਉ) ਵਿਸ਼ੇ ਦਾ ਵਿਸਥਾਰ ਹੀ ਹਨ ਭਾਵ ਸਮੁੱਚੇ ਸ਼ਬਦ-ਵਿਸ਼ੇ ਦਾ ‘ਰਹਾਉ’ ਬੰਦ ਹੀ ਤੱਤ-ਸਾਰ ਹੈ, ਇਸ ਲਈ ‘ਰਹਾਉ’ ਬੰਦ ਨੂੰ ਪਹਿਲਾਂ ਲੈ ਕੇ ਵਿਚਾਰ ਸ਼ੁਰੂ ਕੀਤੀ ਜਾ ਰਹੀ ਹੈ, ਜੋ ਇਸ ਪ੍ਰਕਾਰ ਹੈ:

ਪ੍ਰਭ ਸਿਉ ਲਾਗਿ ਰਹਿਓ; ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ॥ ਰਹਾਉ ॥

ਭਾਵ – ਰੱਬ ਨਾਲ ਮੇਰਾ ਮਨ ਹਰ ਸਮੇਂ ਜੁੜਿਆ ਰਹਿੰਦਾ ਹੈ।  (ਜ਼ਿੰਦਗੀ ਦੇ) ਸ਼ੁਰੂ ਤੋਂ ਅੰਤ ਤੱਕ (ਉਹ, ਮੇਰਾ) ਹਰ ਥਾਂ ਮਦਦਗਾਰ ਹੈ, ਇਸ ਲਈ ਧੰਨਤਾਯੋਗ ਹੈ ਮੇਰਾ ਸਖਾ-ਮਿੱਤਰ ॥ ਰਹਾਉ॥

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ; ਸਾਸਿ ਸਾਸਿ ਪ੍ਰਤਿਪਾਲੇ ॥੧॥

ਭਾਵ – (ਰੱਬ, ਆਪਣੇ ਪਿਆਰੇ ਨੂੰ) ਮੁਸ਼ਕਲ ਸਮਾਂ ਵੇਖਣ ਨਹੀਂ ਦਿੰਦਾ (ਕਿਉਂਕਿ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ) ਆਪਣਾ ਸੁਭਾਅ ਚੇਤੇ ਰੱਖਦਾ ਹੈ। ਆਪਣੇ ਪਿਆਰ ਸੇਵਕ ਨੂੰ ਹੌਂਸਲਾ ਦੇ ਕੇ ਰੱਖਦਾ ਹੈ (ਭਾਵ ਸੇਵਕ ਦੀ ਮਦਦ ਕਰ-ਕਰ ਕੇ ਆਪਣੇ ’ਤੇ ਪੂਰਨ ਵਿਸ਼ਵਾਸ ਬਣਾਈ ਰੱਖਦਾ ਹੈ, ਆਪਣੇ ’ਤੇ ਬਣਿਆ ਭਰੋਸਾ ਟੁੱਟਣ ਨਹੀਂ ਦਿੰਦਾ) ਸੁਆਸ ਸੁਆਸ ’ਚ ਰੱਖਿਆ ਕਰਦਾ ਹੈ।੧।

ਮਨਿ ਬਿਲਾਸ, ਭਏ ਸਾਹਿਬ ਕੇ; ਅਚਰਜ ਦੇਖਿ ਬਡਾਈ ॥

ਹਰਿ ਸਿਮਰਿ ਸਿਮਰਿ ਆਨਦ ਕਰਿ, ਨਾਨਕ!  ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ (ਧਨਾਸਰੀ/ਮ: ੫/ਅੰਗ ੬੮੨)

ਭਾਵ – (ਰੱਬੀ ਮਿਹਰ ਦਾ ਅਹਿਸਾਸ ਹੁੰਦਾ ਵੇਖ ਜਾਂ) ਹੈਰਾਨ ਕਰਨ ਵਾਲੇ ਕੌਤਕ, (ਰੱਬੀ) ਗੁਣ ਵੇਖ ਕੇ (ਜੋ ਮਨੁੱਖ; ਸਦਾ ਲਈ) ਮਾਲਕ ਦੇ ਹੋ ਗਏ (ਉਨ੍ਹਾਂ ਦੇ) ਮਨ ’ਚ (ਦੁੱਖ-ਤਕਲੀਫ਼ਾਂ ਦੀ ਥਾਂ ਸਦਾ) ਅਨੰਦ-ਖੇੜੇ ਬਣ ਗਏ (ਭਾਵ ਉਹ ਮੁਸ਼ੀਬਤਾਂ ’ਚ ਵੀ ਡੋਲਦੇ ਨਹੀਂ, ਰੱਬ ਨਾਲ ਜੁੜੇ ਰਹਿੰਦੇ ਹਨ) ਤਾਂ ਤੇ ਹੇ ਨਾਨਕ! (ਹਰ ਬਿਪਤਾ ’ਚੋਂ ਉੱਪਰ ਉੱਠ) ਹਰੀ ਨੂੰ ਯਾਦ ਕਰ-ਕਰ ਆਨੰਦ ਮਾਣਦਾ ਰਹਿ ਕਿਉਂਕਿ ਰੱਬ ਨੇ (ਭਗਤਾਂ ਦੀ ਤੁਛ ਮਾਤਰ ਨਹੀਂ ਸਗੋਂ) ਮੁਕੰਮਲ ਇੱਜ਼ਤ ਰੱਖਣੀ ਹੈ।

ਗਿਆਨੀ ਅਵਤਾਰ ਸਿੰਘ

ਆਪ ਬੀਤੀ ਇਕ ਘਟਨਾ

0

ਆਪ ਬੀਤੀ ਇਕ ਘਟਨਾ

ਜਗਦੀਪ ਸਿੰਘ ਫਰੀਦਕੋਟ

ਉਹਨੀਂ ਦਿਨੀਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਹੁੰਦੇ ਸਾਂ। ਕਰਮ ਏਨੇ ਚੰਗੇ ਕਿ ਦਰਬਾਰ ਸਾਹਿਬ ਦੇ ਦਰਸਨ ਦੀਦਾਰ ਲਗਭਗ ਹਰ ਰੋਜ਼ ਹੋ ਜਾਂਦੇ। ਇਕ ਦੁਪਿਹਰ ਮੈਂ ਤੇ ਮੇਰਾ ਪਰਮ ਮਿੱਤਰ (ਸ਼ਾਇਦ ਉਸ ਨੂੰ ਵੀ ਇਹ ਘਟਨਾ ਇੰਨ ਬਿੰਨ ਯਾਦ ਹੋਵੇ) ਘੰਟਾ ਘਰ ਵਾਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋ ਰਹੇ ਸਾਂ। ਭਾਈ ਨਿਰਮਲ ਸਿੰਘ ਕੀਰਤਨ ਕਰ ਰਹੇ ਸਨ। ਉਹਨਾਂ ਸੇਵਾ ਆਰੰਭ ਹੀ ਕੀਤੀ ਸੀ ਤੇ ਮੰਗਲ ਗਾ ਰਹੇ ਸਨ। ਮੈਂ ਮਿੱਤਰ ਨੂੰ ਕਿਹਾ, “ਤੈਨੂੰ ਪਤੈ, ਕਹਿੰਦੇ ਨੇ ਤਾਨਸੇਨ ਜਦ ਰਾਗ ਦੀਪਕ ਗਾਉਂਦਾ ਸੀ ਤਾਂ ਦੀਵੇ ਆਪਣੇ ਆਪ ਬਲ ਪੈਂਦੇ ਸਨ। ਜਦ ਮੇਘ ਗਾਉਂਦਾ ਤਾਂ ਮੀਂਹ ਬਰਸਨ ਲੱਗਦਾ ਸੀ। ਪੰਥ ਵਿਚ ਵੀ ਐਸੇ ਕੀਰਤਨੀਏ ਰਹੇ ਹੋਣਗੇ, ਜਿਹਨਾਂ ਦੁਆਰਾ ਗਾਏ ਜਾਂਦੇ ਰਾਗ ਧੁਰ ਦਰਗਾਹੀਂ ਪਹੁੰਚਦੇ ਹੋਣਗੇ। ਜਿਹਨਾਂ ਦੁਆਰਾ ਗਾਈ ਕੀਰਤ ਅਕਾਲ ਪੁਰਖ ਆਪ ਸੁਣਦੇ ਹੋਣਗੇ”। “ਹੋਏ ਹੋਣਗੇ ਕਿਉਂ ? ਹੁਣ ਵੀ ਨੇ ਤੇ ਅੱਗੋਂ ਵੀ ਆਉਣਗੇ”, ਉਹ ਬੋਲਿਆ ਤੇ ਮੈਨੂੰ ਭਾਈ ਸਮੁੰਦ ਸਿੰਘ, ਭਾਈ ਸੁਰਜਨ ਸਿੰਘ, ਭਾਈ ਬਖਸੀਸ਼ ਸਿੰਘ ਹੁਣਾ ਬਾਰੇ ਦੱਸਣ ਲੱਗਾ। ਸੂਰਜ ਚਮਕ ਰਿਹਾ ਸੀ ਜਦ ਅਸੀਂ ਘੰਟਾ ਘਰ ਦਰਵਾਜ਼ੇ ਤੋਂ ਅੰਦਰ ਦਾਖਲ ਹੋਏ। ਭਾਈ ਸਾਹਿਬ ਨੇ ਸਬਦ ਆਰੰਭ ਕੀਤਾ, “ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥” ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤਕ ਜਾਂਦਿਆਂ ਬੱਦਲ ਹੋ ਗਏ। ਮੇਰਾ ਮਿੱਤਰ ਹੱਸਦਿਆਂ ਬੋਲਿਆ, “ਇੰਝ ਗਾ ਰਹੇ ਨੇ ਭਾਈ ਸਾਹਿਬ, ਜਿਵੇਂ ਇੰਦਰ ਨੂੰ ਹੁਕਮ ਦੇ ਰਹੇ ਹੋਣ”। ਕਮਾਲ ਓਦੋਂ ਹੋਈ ਕਿ ਜਦ ਤਕ ਅਸੀਂ ਅਕਾਲ ਤਖਤ ਸਾਹਿਬ ਦੇ ਵਿਹੜੇ ਵਿਚ ਪਹੁੰਚੇ ਤਾਂ ਮੁਸਲਾਧਾਰ ਵਰਖਾ ਸ਼ੁਰੂ ਹੋ ਗਈ ਤੇ ਸਾਡੇ ਦੋਹਾਂ ਦੇ ਹੰਝੂ ਮੀਂਹ ਦੀਆਂ ਕਣੀਆਂ ਵਿਚ ਹੀ ਮਿਲ ਗਏ। … ਮੈਂ ਇਕ ਵਾਰ ਭਾਈ ਸਾਹਿਬ ਨੂੰ ਇਹ ਗੱਲ ਦੱਸੀ। ਉਹ ਬੋਲੇ, “ਮੇਰੇ ਜਿਉਂਦੇ ਜੀਅ ਇਹ ਘਟਨਾ ਕਿਤੇ ਨਾ ਲਿਖੀਂ”… ਤੇ ਮੈਂ ਨਹੀਂ ਲਿਖੀ। ਪਰ ਅੱਜ ਮੈਂ ਬੈਠਾ ਸੋਚ ਰਿਹਾ ਸਾਂ ਕਿ ਜਿਵੇਂ ਉਹਨਾਂ ਨੂੰ ਪਤਾ ਹੀ ਸੀ ਕਿ ਮੈਂ ਇਸ ਤੋਂ ਪਹਿਲਾਂ ਦੇਹ ਦਾ ਓਹਲਾ ਕਰਾਂਗਾ ਤੇ ਉਹ ਮੈਨੂੰ ਅਸਿੱਧੇ ਢੰਗ ਨਾਲ ਕਹਿ ਰਹੇ ਸਨ, “ਮੇਰੇ ਜਾਣ ਮਗਰੋਂ ਇਹ ਗੱਲ ਸੰਗਤ ਨੂੰ ਜਰੂਰ ਦੱਸੀਂ, ਸੋਹਣੀ ਲੱਗੇਗੀ”। … ਭਰੇ ਮਨ ਨਾਲ ਅਲਵਿਦਾ ਭਾਈ ਸਾਹਿਬ    ਲਿਖਤ : ਜਗਦੀਪ ਸਿੰਘ ਫਰੀਦਕੋਟ

ਸਿੱਖ ਜਗਤ ਦਾ ਤਾਨਸੇਨ ‘ਸੀ ਪਦਮ’ ਸ੍ਰੀ ਭਾਈ ਨਿਰਮਲ ਸਿੰਘ ‘ਖ਼ਾਲਸਾ’- ਜਗਤਾਰ ਸਿੰਘ ਜਾਚਕ ਲੁਧਿਆਣਾ

0

ਸਿੱਖ ਜਗਤ ਦਾ ਤਾਨਸੇਨ ‘ਸੀ ਪਦਮ’ ਸ੍ਰੀ ਭਾਈ ਨਿਰਮਲ ਸਿੰਘ ‘ਖ਼ਾਲਸਾ’- ਜਗਤਾਰ ਸਿੰਘ ਜਾਚਕ ਲੁਧਿਆਣਾ

2 ਅਪ੍ਰੈਲ (ਮਨਜੀਤ ਸਿੰਘ) ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਕੀਰਤਨੀਏ ਭਾਈ ਨਿਰਮਲ ਸਿੰਘ ‘ਖ਼ਾਲਸਾ’ ਸੰਗੀਤਕ ਪੱਖੋਂ ਸਿੱਖ ਜਗਤ ਦੇ ‘ਤਾਨਸੇਨ’ ਮੰਨੇ ਜਾਂਦੇ ਸਨ, ਜਿਨ੍ਹਾਂ ਦਾ ਅਕਾਲ ਚਲਾਣਾ ਗੁਰਬਾਣੀ ਸੰਗੀਤ ਦੇ ਖੇਤਰ ਵਿੱਚ ਸਦਾ ਹੀ ਇੱਕ ਵੱਡੀ ਘਾਟ ਵਜੋਂ ਰੜਕਦਾ ਰਹੇਗਾ । ਉਹ ਸਿੱਖ ਪੰਥ ਦੇ ਪਹਿਲੇ ਕੀਰਤਨੀਏ ਸਨ, ਜਿਨ੍ਹਾਂ ਨੂੰ ਗੁਰਬਾਣੀ ਸੰਗੀਤ ਦੀਆਂ ਪ੍ਰਾਪਤੀਆਂ ਤੇ ਸੇਵਾਵਾਂ ਕਾਰਨ ਭਾਰਤ ਸਰਕਾਰ ਦਾ ਸਭ ਤੋਂ ਉੱਚਾ ਸਨਮਾਨ ‘ ਪਦਮ ਸ੍ਰੀ’ ਪ੍ਰਾਪਤ ਹੋਇਆ । ਗਿ. ਜਗਤਾਰ ਸਿੰਘ ਜਾਚਕ ਨੇ ਉਪਰੋਕਤ ਵੀਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਭਾਈ ਸਾਹਿਬ ਨੇ ਸੰਨ 1974 ਤੋਂ 1976 ਤਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰੋ. ਅਵਤਾਰ ਸਿੰਘ ‘ਨਾਜ਼’ ਪਾਸੋਂ ਗੁਰਬਾਣੀ ਸੰਗੀਤ ਦੀ ਵਿਦਿਆ ਹਾਸਲ ਕੀਤੀ ਤੇ ਫਿਰ ਕੁਝ ਸਮਾਂ ਉਥੇ ਹੀ ਅਧਿਆਪਕ ਵੀ ਰਹੇ । ਹਮ-ਜਮਾਤੀ ਗਿ. ਜਾਚਕ ਮੁਤਾਬਕ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਭਾਈ ਨਿਰਮਲ ਸਿੰਘ ਦੀ ਰਾਗ-ਵਿਦਿਆ ਦੇ ਅਭਿਆਸ ਦੀ ਲਗਨ ਅਤੇ ਕੀਰਤਨ-ਸ਼ੈਲੀ ਨੂੰ ਧਿਆਨ ਵਿੱਚ ਰੱਖ ਕੇ ਕਿਹਾ ਕਰਦੇ ਸਨ “ਇਹ ਸਾਡਾ ਤਾਨਸੇਨ ਹੈ” ।

ਭਾਈ ਸਾਹਿਬ ਇੱਕ ਵਧੀਆ ਲੇਖਕ ਵੀ ਸਨ, ਜਿਨ੍ਹਾਂ ਦੀਆਂ ਕਈ ਸੰਗੀਤਕ ਤੇ ਸੁਧਾਰਵਾਦੀ ਲਿਖਤਾਂ ਅਖਬਾਰਾਂ ਵਿੱਚ ਵੀ ਲੜੀਵਾਰ ਛਪਦੀਆਂ ਰਹੀਆਂ, ਜਿਨ੍ਹਾਂ ਨੇ ਪਿਛੋਂ ਪੁਸਤਕਾਂ ਦਾ ਰੂਪ ਧਾਰਨ ਕੀਤਾ । ਕੀਰਤਨਕਾਰ ਸਿੱਖ ਬੀਬੀਆਂ ਛਾਪੀ ਸਿੰਘ ਬ੍ਰਦਰਜ਼ ਨੇ ਅਤੇ ਗੁਰਬਾਣੀ ਸੰਗੀਤ ਨਾਲ ਸਬੰਧਿਤ ਪੁਸਤਕ ਛਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ । ਉਹ ਸ੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨੀ ਜਥੇ ਹੋਣ ਦੀ ਵਕਾਲਤ ਵੀ ਕਰਦੇ ਰਹੇ ਅਤੇ ਸਿੱਖ ਸੰਪਰਦਾਵਾਂ ਅੰਦਰ ਫੈਲੀ ਊਚ-ਨੀਚ ਵਾਲੀ ਬਿਪਰਵਾਦੀ ਸੋਚ ਦੀ ਵੀ ਜ਼ੋਰਦਾਰ ਖ਼ਿਲਾਵਤ ਵੀ ਕਰਦੇ ਰਹੇ । ਉਹ ਦੁਖੀ ਸਨ ਕਿ ‘ਜਾਣਹੁ ਜੋਤਿ ਨ ਪੂਛਹੁ ਜਾਤੀ’ ਦਾ ਨਾਰ੍ਹਾ ਬੁਲੰਦ ਕਰਨ ਵਾਲੀ ਸਿੱਖ ਕੌਮ ਅੰਦਰੋਂ ਅਜੇ ਤਕ ਜਾਤ-ਪਾਤ ਦੀ ਬ੍ਰਾਹਮਣੀ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੀ, ਜੋ ਇਕ ਤਰ੍ਹਾਂ ਨਾਲ ਸਿੱਖੀ ਸੋਚ ਨੂੰ ਕਲੰਕਿਤ ਕਰਨ ਵਾਲੀ ਹੈ ।

ਦੁੱਖ ਦੀ ਗੱਲ ਹੈ ਕਿ ਅਜਿਹਾ ਗੁਣੀ ਇਨਸਾਨ ਤੇ ਉੱਚ-ਕੋਟੀ ਦਾ ਸੰਗੀਤਕਾਰ ਅੱਜ ਸਾਡੇ ਵਿੱਚ ਨਹੀਂ ਰਿਹਾ । ਉਨ੍ਹਾਂ ਦੇ ਦੁਖਦਾਈ ਵਿਛੋੜੇ ਦਾ ਕਾਰਨ ਸਦਾ ਡਾਕਟਰਾਂ ਦੀ ਲਾਪ੍ਰਵਾਹੀ ਨੂੰ ਹੀ ਮੰਨਿਆ ਜਾਂਦਾ ਰਹੇਗਾ, ਜਿਨ੍ਹਾਂ ਨੇ ਭਾਈ ਸਾਹਿਬ ਨੂੰ ਪਹਿਲਾਂ ਦਾਖਲ ਨਹੀਂ ਕੀਤਾ, ਜਦੋਂ ਕਿ ਉਹ ਆਪ ਕਹਿੰਦੇ ਰਹੇ ਕਿ ਉਹ ਕੋਰੋਨਾ ਤੋਂ ਪੀੜਤ ਜਾਪਦੇ ਹਨ । ਇਹ ਕਹਿਣਾ ਵੀ ਗ਼ਲਤ ਹੈ ਕਿ ਇਹ ਬੀਮਾਰੀ ਉਹ ਵਿਦੇਸ਼ ਤੋਂ ਲੈ ਕੇ ਆਏ ਸਨ ਕਿਉਂਕਿ ਉਨ੍ਹਾਂ ਦੇ ਸਾਥੀਆਂ ਮੁਤਾਬਕ ਪਿਛਲੇ ਅੱਠ ਮਹੀਨਿਆਂ ਤੋਂ ਉਹ ਭਾਰਤ ਅੰਦਰ ਹੀ ਕੀਰਤਨ ਪ੍ਰੋਗਰਾਮ ਕਰ ਰਹੇ ਸਨ ।

ਭਾਈ ਸਾਹਿਬ ਦੀ ਦੁਖਦਾਈ ਖ਼ਬਰ ਮਿਲਣ ‘ਤੇ ਕਲਾਕਾਰਾਂ ਦੇ ਕਦਰਦਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਿਆ :

ਮਹਿਕਵੰਤ ਸੁਰਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ ।

ਅੰਮ੍ਰਿਤ ਵੇਲੇ ਪਾਟੀ ਚਿੱਠੀ, ਕੌਣ ਬਨੇਰੇ ਆਣ ਧਰ ਗਿਆ ।

ਸਾਰੀ ਉਮਰ ਬਤਾਈ ਜਿਸ ਨੇ, ਗੁਰਚਰਨਾਂ ਦੀ ਪ੍ਰੀਤੀ ਅੰਦਰ,

ਸੱਜਣ ਦੇ ਤੁਰ ਜਾਣ ਤੇ ਲੱਗਿਆ, ਸੁਰ ਦੀ ਖਾਲੀ ਧਰਤ ਕਰ ਗਿਆ ।

ਇਲਾਜ਼ ਪ੍ਰਣਾਲੀ ਦੀ ਕਮੀ ਨੇ ਲਏ ਹੋ ਸਕਦੇ ਹਨ ਕੌਮਾਂਤਰੀ ਰਾਗੀ ਭਾਈ ਨਿਰਮਲ ਸਿੰਘ ਦੇ ਪ੍ਰਾਣ : ਪੰਥਕ ਤਾਲਮੇਲ ਸੰਗਠਨ

0

ਇਲਾਜ਼ ਪ੍ਰਣਾਲੀ ਦੀ ਕਮੀ ਨੇ ਲਏ ਹੋ ਸਕਦੇ ਹਨ ਕੌਮਾਂਤਰੀ ਰਾਗੀ ਭਾਈ ਨਿਰਮਲ ਸਿੰਘ ਦੇ ਪ੍ਰਾਣ : ਪੰਥਕ ਤਾਲਮੇਲ ਸੰਗਠਨ

                 ( ਕਰੋਨਾ ਵਰਗੀਆਂ ਕਰੋਪੀਆਂ ਤੋਂ ਹਰਾਉਣ ਵਿਚਕਰੋਨੀ ਕੈਪਿਟਾਲਿਜ਼ਮਦਾ ਵੱਡਾ ਹੱਥ  )

2 ਅਪ੍ਰੈਲ : ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਕੌਮਾਂਤਰੀ ਕੀਰਤਨੀਏ ਦੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰੇ ਘਟਨਾਕ੍ਰਮ ਤੋਂ ਪ੍ਰਤੀਤ ਹੁੰਦਾ ਹੈ ਕਿ ਇਲਾਜ਼ ਪ੍ਰਣਾਲੀ ਵਿਚ ਕੋਈ ਕਮੀ ਰਹੀ ਹੋਵੇਗੀ। ਇਹ ਕਮੀ ਸਿਹਤ ਸਬੰਧੀ ਸਹੂਲਤਾਂ, ਸੁਹਿਰਦਤਾ ਅਤੇ ਪ੍ਰਤੀਬੱਧਤਾ ਦੀ ਵੀ ਹੋ ਸਕਦੀ ਹੈ।

ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਵਿਸ਼ਵ ਭਰ ਵਿਚ ਹੋ ਰਹੀਆਂ ਮੌਤਾਂ ਦਾ ਹਰ ਹਿਰਦੇ ਨੂੰ ਦਰਦ ਹੋ ਰਿਹਾ ਹੈ ਅਤੇ ਵਿਸ਼ਵ ਭਰ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਅੱਜ ਚਿੰਤਨ ਕਰਨ ਦੀ ਲੋੜ ਹੈ ਕਿ ਕਰੋਨਾ ਵਰਗੀਆਂ ਕਰੋਪੀਆਂ ਤੋਂ ਹਰਾਉਣ ਵਿਚਕਰੋਨੀ ਕੈਪਿਟਾਲਿਜ਼ਮਦਾ ਵੱਡਾ ਹੱਥ ਹੈ ਇਸ ਪੂੰਜੀਵਾਦ ਯਾਰਾਨੇ ਨੇ ਸਿਹਤ, ਸਿੱਖਿਆ ਅਤੇ ਖ਼ੁਰਾਕ ਦੀ ਬੁਨਿਆਦੀ ਨੀਂਹ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੋਇਆ ਹੈ ਕੁਦਰਤੀ ਸ੍ਰੋਤਾਂ ਅਤੇ ਵਾਤਾਵਰਨ ਨੂੰ ਪਿਆਰ ਕਰਨ ਦੀ ਥਾਂ ਵਪਾਰ ਬਣਾ ਲਿਆ ਹੈ। ਪੂੰਜੀ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰਨ ਦੀ ਫ਼ਿਲਾਸਫ਼ੀ ਨੇ ਮਾਨਵਜਾਤੀ ਸਾਹਮਣੇ ਜੀਵਨ ਅਤੇ ਮੌਤ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

ਇਸ ਸੰਕਟ ਘੜੀ ਸਿਹਤ ਸਹੂਲਤਾਂ ਦੀ ਕਮੀ ਨਜ਼ਰ ਆਉਣੀ ਕੁਦਰਤੀ ਹੈ ਕਿਉਂਕਿ ਭਾਰਤ ਦੀ ਵੀ ਸਭ ਤੋਂ ਕਮਜ਼ੋਰ ਕੜੀ ਦੌਲਤ ਦੀ ਅਸਮਾਨ ਵੰਡ ਹੈ। ਕੇਵਲ ਇਕ ਸੈਂਕੜਾ ਦੇ ਕਰੀਬ ਲੋਕਾਂ ਕੋਲ ਐਨੀ ਕੁ ਦੌਲਤ ਹੈ ਜਿਸ ਨਾਲ ਭਾਰਤ ਦੇ ਸਾਰੇ ਰਾਜਾਂ ਦਾ 85% ਸਿਹਤ ਅਤੇ ਸਿੱਖਿਆ ਦਾ ਖਰਚਾ ਨਿੱਕਲ ਸਕਦਾ ਹੈ। ਬਿਨਾਂ ਸ਼ੱਕ ਜੀ. ਡੀ. ਪੀ. ਵਿਚ ਵਾਧੇ ਨੇ ਉੱਭਰਦੇ ਅਰਥਚਾਰਿਆਂ ਵਿਚ ਮਾਣ ਦਿਵਾਇਆ ਹੋਵੇ ਪਰ ਇਹ ਤੰਦਰੁਸਤ ਅਰਥਸ਼ਾਸਤਰ ਨਹੀਂ ਬਲਕਿ ਬਿਮਾਰ ਅਰਥਸ਼ਾਸਤਰ ਹੈ। ਜੋ ਕਿ ਕਰੋਨਾ ਵਰਗੀ ਕਰੋਪੀਆਂ ਦੀ ਮਾਰ ਤੋਂ ਬਚਾਉਣ ਵਿਚ ਅਸਮਰੱਥ ਹੈ।

ਸੰਗਠਨ ਨੇ ਅਪੀਲ ਕੀਤੀ ਕਿ ਮੌਤ ਦੇ ਤਾਂਡਵ ਨਾਚ ਮੌਕੇ ਜਿੱਥੇ ਵੱਧ ਤੋਂ ਵੱਧ ਸੁਰੱਖਿਅਤ ਮਾਪਦੰਡ ਅਪਣਾਉਣ ਦੀ ਲੋੜ ਹੈ, ਉੱਥੇ ਮੌਤ ਦਾ ਸ਼ਿਕਾਰ ਹੁੰਦੇ ਸਰੀਰਾਂ ਅਤੇ ਪਰਿਵਾਰਾਂ ਨਾਲ ਹਮਦਰਦੀ ਜੁਟਾਉਣੀ ਮਨੁੱਖੀ ਧਰਮ ਹੈ। ਅੰਤਮ ਸਸਕਾਰ ਮੌਕਿਆਂ ’ਤੇ ਨਫ਼ਰਤ ਵਾਲੀ ਪਹੁੰਚ ਦੀ ਥਾਂ ਸਸਕਾਰ ਲਈ ਯੋਗ ਢੰਗਾਂ ਬਾਰੇ ਰਾਏ ਦੇਣੀ ਬਣਦੀ ਹੈ ਅਤੇ ਯੋਗਦਾਨ ਬਣਦਾ ਹੈ।

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥

0

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥

ਸੁਖਦੇਵ ਸਿੰਘ ਲੁਧਿਆਣਾ, ਫੋਨ: 83605-68209

ਹਥਲੀ ਤੁਕ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਜਪੁ ਜੀ ਸਾਹਿਬ ਵਿੱਚ ਅੰਕਿਤ ਕੀਤੀ ਹੈ, ਜਿਸ ਨੂੰ ਅਸੀਂ ਰੋਜ਼ਾਨਾ ਪੜ੍ਹਦੇ-ਸੁਣਦੇ ਹਾਂ। ਇਸ ਵਿੱਚ ਰੱਬੀ ਹੁਕਮ ਨੂੰ ਬੁੱਝਣ ਜਾਂ ਜਾਣਨ ਦੀ ਗੱਲ ਕੀਤੀ ਗਈ ਹੈ। ਜਪੁ ਬਾਣੀ ਦੀ ਦੂਸਰੀ ਪਉੜੀ ’ਚ ਰੱਬੀ ਹੁਕਮ ਦੀ ਵਿਆਖਿਆ ਦਰਜ ਹੈ ਅਤੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦੀ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥  ਨਾਨਕ  ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥’’ (ਜਪੁ)

ਇਨ੍ਹਾਂ ਤੁਕਾਂ ਦਾ ਭਾਵਾਰਥ ਇਹ ਹੈ ਕਿ ਜੋ ਵੀ ਵਰਤਾਰਾ ਕੁਦਰਤ ਵਿੱਚ ਵਰਤ ਰਿਹਾ ਹੈ, ਉਹ ਰੱਬ ਦੇ ਹੁਕਮ ਵਿੱਚ ਵਰਤ ਰਿਹਾ ਹੈ, ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ; ਜਿਵੇਂ ਅਸੀਂ ਕਈ ਵਾਰ ਸੁਣਦੇ ਹਾਂ ਕਿ ਰੱਬ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਭਾਵ ਉਸ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਕਿਸੇ ਦਾ ਬੁਰਾ ਨਹੀਂ ਲੋਚਦਾ ਅਤੇ ਮਿੱਠਾ ਬੋਲਦਾ ਹੈ। ਫਿਰ ਵੀ ਅਸੀਂ ਦੇਖਦੇ ਹਾਂ ਕਿ ਸਮੁੰਦਰ ਵਿੱਚ ਤੂਫਾਨ ਆਉਂਦੇ ਹਨ, ਹਜ਼ਾਰਾਂ ਲੋਕ ਤੂਫਾਨ ਵਿੱਚ ਮਰ ਜਾਂਦੇ ਹਨ। ਕਿਤੇ ਹੜ੍ਹ ਆ ਜਾਂਦਾ ਹੈ, ਕਿਤੇ ਕੋਈ ਬੱਸ ਖੱਡ ਵਿੱਚ ਡਿੱਗ ਜਾਂਦੀ ਹੈ, ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ। ਆਮ ਬੰਦੇ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਕੀ ਇਹ ਸਭ ਕੁਝ ਕਰਨ ਦਾ ਹੁਕਮ ਰੱਬ ਨੇ ਦਿੱਤਾ ਹੈ ? ਆਮ ਬੰਦਾ ਇਹ ਸਮਝਦਾ ਹੈ ਕਿ ਰੱਬ, ਉੱਪਰ ਬੈਠਾ ਹੁਕਮ ਕਰੀ ਜਾਂਦਾ ਹੈ ਕਿ ਫਲਾਣੇ ਨੂੰ ਮਾਰ ਦਿਓ, ਫਲਾਣੇ ਨੂੰ ਬਿਮਾਰ ਕਰ ਦਿਓ, ਹੁਣ ਇਹ ਕਰ ਦਿਓ, ਹੁਣ ਉਹ ਕਰ ਦਿਓ। ਜੇ ਇਸ ਤਰ੍ਹਾਂ ਮੰਨ ਲਈਏ ਤਾਂ ਫਿਰ ਸੰਸਾਰ ਵਿੱਚ ਅਰਬਾਂ ਮਨੁੱਖ ਤੇ ਜਾਨਵਰ ਹਨ ਅਤੇ ਅਰਬਾਂ ਦੀ ਗਿਣਤੀ ਵਿੱਚ ਸਮੁੰਦਰੀ ਜੀਵ ਅਤੇ ਕੀੜੇ-ਮਕੌੜੇ ਹਨ, ਕਿੰਨੀ ਬਨਸਪਤੀ ਹੈ। ਕਿਹੜੇ ਦਰਖ਼ਤ ਦਾ ਪੱਤਾ ਕਦੋਂ ਹਿੱਲੇ, ਰੱਬ ਇਹੀ ਦੇਖਦਾ ਰਹੇ ਤਾਂ ਉਸ ਨੂੰ ਕਦੇ ਵਿਹਲ ਹੀ ਨਹੀਂ ਮਿਲ ਸਕਦੀ ? ਇਸੇ ਤਰ੍ਹਾਂ ਰੱਬ ਦੇ ਹੋਰ ਹਜ਼ਾਰਾਂ ਕੰਮ ਕਿਸ ਤਰ੍ਹਾਂ ਹੋਣਗੇ ?

ਦਰਅਸਲ ਇੱਥੇ ਹੁਕਮ ਦਾ ਮਤਲਬ ਕਿਤੇ ਸੱਤਵੇਂ ਅਸਮਾਨ ’ਤੇ ਬੈਠ ਕੇ ਕੀਤੇ ਜਾਣ ਵਾਲਾ ਹੁਕਮ ਨਹੀਂ ਬਲਕਿ ਰੱਬੀ ਕਾਨੂੰਨ ਜਾਂ ਕੁਦਰਤ ਦੀ ਮਰਿਆਦਾ ਹੈ। ਕੁਦਰਤ ਵਿੱਚ ਵਿਚਰ ਰਹੇ ਸਾਰੇ ਜੀਅ-ਜੰਤ (ਮਨੁੱਖ ਸਮੇਤ) ਤੇ ਪੇੜ-ਪੌਦੇ ਉਸ ਦੇ ਕਿਸੇ ਨਿਯਮ ਅਧੀਨ ਹੀ ਕੰਮ ਕਰ ਰਹੇ ਹਨ। ਇਸੇ ਲਈ ਇਹ ਕਿਹਾ ਜਾਂਦਾ ਹੈ ਕਿ ਉਸ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਕਿਉਂਕਿ ਹਵਾ, ਪਾਣੀ, ਸੂਰਜ, ਧਰਤੀ ਆਦਿ ਸਾਰਾ ਵਰਤਾਰਾ ਹੀ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ। ਇਹ ਸਾਰੇ ਰੱਬ ਦੇ ਬਣਾਏ ਵਿਧੀ-ਵਿਧਾਨ ਮੁਤਾਬਕ ਹੀ ਕੰਮ ਕਰ ਰਹੇ ਹਨ। ਰੱਬ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਹਵਾ ਇਸ ਤਰ੍ਹਾਂ ਚੱਲੇਗੀ ਤੇ ਹਵਾ ਦੇ ਚੱਲਣ ਨਾਲ ਪੱਤੇ ਹਿੱਲਣਗੇ। ਜਿਸ ਪੱਤੇ ’ਤੇ ਹਵਾ ਦਾ ਦਬਾਅ ਵੱਧ ਪਵੇਗਾ, ਉਹ ਵੱਧ ਹਿੱਲੇਗਾ। ਜਿਸ ’ਤੇ ਘੱਟ ਪਏਗਾ ਉਹ ਘੱਟ ਹਿੱਲੇਗਾ ਅਤੇ ਜਿਸ ’ਤੇ ਨਹੀਂ ਪਏਗਾ ਉਹ ਨਹੀਂ ਹਿੱਲੇਗਾ। ਇਹ ਸਾਰਾ ਕੁਝ ਰੱਬ ਦੇ ਬਣਾਏ ਹੋਏ ਕਾਨੂੰਨ ਮੁਤਾਬਕ ਹੀ ਹੁੰਦਾ ਹੈ। ਰੱਬ ’ਕੱਲੇ-’ਕੱਲੇ ਪੱਤੇ ਨੂੰ ਹਿੱਲਣ ਲਈ ਹੁਕਮ ਜਾਰੀ ਨਹੀਂ ਕਰੇਗਾ। ਜਦੋਂ ਮਨੁੱਖ ਇਹ ਕਹਿੰਦਾ ਹੈ ਕਿ ‘ਮੈਂ ਆਹ ਕੀਤਾ, ਮੈਂ ਓਹ ਕੀਤਾ’ ਉਦੋਂ ਉਹ ਰੱਬ ਤੋਂ ਦੂਰ ਚਲਾ ਜਾਂਦਾ ਹੈ ਕਿਉਂਕਿ ਬੰਦੇ ਦਾ ਸਰੀਰ ਵੀ ਤਾਂ ਰੱਬ ਹੀ ਚਲਾ ਰਿਹਾ ਹੁੰਦਾ ਹੈ। ਇਸੇ ਹਉਮੈ ਕਰ ਕੇ ਹੀ ਮਨੁੱਖ ਰੱਬ ਤੋਂ ਦੂਰ ਹੁੰਦਾ ਜਾਂਦਾ ਹੈ; ਜਿਵੇਂ ਦੇਸ਼ ਦਾ ਕਾਨੂੰਨ ਹਰ ਨਾਗਰਿਕ ’ਤੇ ਲਾਗੂ ਹੁੰਦਾ ਹੈ ਤੇ ’ਕੱਲੇ-’ਕੱਲੇ ਨੂੰ ਹੁਕਮ ਜਾਰੀ ਨਹੀਂ ਹੁੰਦਾ, ਉਸੇ ਤਰ੍ਹਾਂ ਰੱਬ ਦਾ ਹੁਕਮ ਹੈ।

‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦਾ ਭਾਵ ਇਹੀ ਹੈ ਕਿ ਹਰ ਚੀਜ਼ ਰੱਬ ਦੇ ਹੁਕਮ ਵਿੱਚ ਵਿਚਰਦੀ ਹੈ। ਮਿਸਾਲ ਵਜੋਂ ਰੱਬ ਨੇ ਇੱਕ ਨਿਯਮ ਬਣਾ ਦਿੱਤਾ ਕਿ ਧਰਤੀ ਹਰ ਚੀਜ਼ ਨੂੰ ਆਪਣੇ ਵੱਲ ਖਿੱਚੇਗੀ; ਜਿਵੇਂ ਅਸੀਂ ਕੋਈ ਪੱਥਰ ਉੱਪਰ ਵੱਲ ਸੁੱਟੀਏ ਤਾਂ ਉਹ ਧਰਤੀ ਦੀ ਖਿੱਚ ਕਾਰਨ ਥੱਲੇ ਆ ਡਿੱਗਦਾ ਹੈ ਪਰ ਦੂਜੇ ਪਾਸੇ ਇੱਕ ਗੁਬਾਰੇ ਵਿੱਚ ਗੈਸ ਭਰ ਕੇ ਥੱਲੇ ਵੱਲ ਸੁਟੀਏ ਤਾਂ ਵੀ ਉਹ ਉੱਪਰ ਵੱਲ ਜਾਣਾ ਸ਼ੁਰੂ ਕਰ ਦਿੰਦਾ ਹੈ। ਇਹ ਰੱਬੀ ਹੁਕਮ ਹੈ। ਪੱਥਰ ਠੋਸ ਚੀਜ਼ ਹੈ ਤੇ ਗੈਸ ਹਵਾ ਦਾ ਇੱਕ ਰੂਪ। ਪੱਥਰ ਹਮੇਸ਼ਾਂ ਧਰਤੀ ਵੱਲ ਖਿੱਚਿਆ ਜਾਵੇਗਾ ਤੇ ਗੁਬਾਰਾ ਉੱਪਰ ਨੂੰ ਉੱਡੇਗਾ। ਰੱਬ ਦਾ ਇਹ ਹੁਕਮ ਹਰ ਥਾਂ ਇੱਕੋ ਜਿਹਾ ਲਾਗੂ ਹੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਹੁਕਮ ਦਾ ਹਉਮੈ ਨਾਲ ਕੀ ਸੰਬੰਧ ਹੈ ? ਇਸ ਦਾ ਬੜਾ ਗਹਿਰਾ ਸੰਬੰਧ ਹੈ। ਮਨੁੱਖ ਕੋਈ ਚੀਜ਼ ਬਣਾ ਕੇ ਇਹ ਸਮਝਦਾ ਹੈ ਕਿ ਮੈਂ ਇਹ ਬਣਾਈ ਹੈ ਜਦਕਿ ਹੁੰਦਾ ਇਹ ਹੈ ਕਿ ਰੱਬ ਦੀ ਦਿੱਤੀ ਬਲ-ਬੁੱਧੀ ਕਰ ਕੇ ਹੀ ਮਨੁੱਖ ਕੁਝ ਕਰ ਪਾਉਂਦਾ ਹੈ। ਮਨੁੱਖ ਦਾ ਸਰੀਰ ਵੀ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ। ਰੱਬ ਦੇ ਹੁਕਮ ਵਿੱਚ ਹੀ ਸਰੀਰ ਬੁੱਢਾ ਹੁੰਦਾ ਹੈ ਤੇ ਅੰਤ ਖ਼ਤਮ ਹੋ ਜਾਂਦਾ ਹੈ, ਪਰ ਅਗਿਆਨੀ ਮਨੁੱਖ ਇਸ ਨੂੰ ਆਪਣਾ ਸਮਝਣ ਦੀ ਵੱਡੀ ਭੁੱਲ ਕਰ ਬੈਠਦਾ ਹੈ। ਜੇਕਰ ਮਨੁੱਖ ਇਹ ਚੰਗੀ ਤਰ੍ਹਾਂ ਸਮਝ ਲਵੇ ਕਿ ਇਹ ਸਰੀਰ ਰੱਬ ਦਾ ਦਿੱਤਾ ਹੋਇਆ ਹੈ ਤੇ ਉਹੀ ਸਾਰੇ ਕੰਮ ਉਸ ਕੋਲੋਂ ਕਰਵਾ ਰਿਹਾ ਹੈ ਤਾਂ ਉਹ ਸੁਖੀ ਜੀਵਨ ਬਤੀਤ ਕਰੇਗਾ ਜਦਕਿ ਮਨੁੱਖ ਹੁਕਮ ’ਚ ਚੱਲਣ ਨੂੰ ਭੁਲਾ ਕੇ ਆਪਣੀ ਝੂਠੀ ਹਉਮੈ ਵਿੱਚ ਫਸ ਕੇ ਦੁਖੀ ਹੁੰਦਾ ਰਹਿੰਦਾ ਹੈ। ਗੁਰਬਾਣੀ ਦਾ ਇਸ ਬਾਰੇ ਸਪਸ਼ਟ ਫ਼ੁਰਮਾਨ ਹੈ: ‘‘ਮਨ ਕੀ ਮਤਿ ਤਿਆਗਹੁ ਹਰਿ ਜਨ ! ਹੁਕਮੁ ਬੂਝਿ ਸੁਖੁ ਪਾਈਐ ਰੇ ॥ (ਮ: ੫/੨੦੯), ਹੁਕਮੁ ਬੂਝਿ; ਪਰਮ ਪਦੁ ਪਾਈ ॥ (ਮ: ੫/੨੯), ਹੁਕਮੁ ਬੂਝਿ; ਰੰਗ ਰਸ ਮਾਣੇ ॥ (ਮ: ੫/੩੮੫) ਆਦਿਕ।

ਇੱਥੇ ਅਸੀਂ ਇਸ ਗੱਲ ਨੂੰ ਇੱਕ ਉਦਾਹਰਨ ਨਾਲ ਵੀ ਸਮਝ ਸਕਦੇ ਹਾਂ ਕਿ ਜੇਕਰ ਮਨੁੱਖ ਨੇ ਇਹ ਹੁਕਮ ਬੁੱਝ ਲਿਆ ਕਿ ਸ਼ਰਾਬ ਪੀਣ ਦਾ ਬੁਰਾ ਅਸਰ ਮੇਰੇ ਲੀਵਰ ’ਤੇ ਹੋਣਾ ਹੈ ਤਾਂ ਉਹ ਕਦੇ ਵੀ ਸ਼ਰਾਬ ਨਹੀਂ ਪੀਏਗਾ। ਇਸੇ ਤਰ੍ਹਾਂ ਸਿਗਰਟ ਪੀਣ ਦਾ ਅਸਰ ਮੇਰੇ ਫੇਫੜਿਆਂ ਸਮੇਤ ਹੋਰ ਹਿੱਸਿਆਂ ’ਤੇ ਪਵੇਗਾ ਤਾਂ ਉਹ ਇਸ ਦਾ ਸੇਵਨ ਨਹੀਂ ਕਰੇਗਾ। ਜੇਕਰ ਅਸੀਂ ਕੋਈ ਸਰੀਰ ਦੇ ਸਿਸਟਮ ਤੋਂ ਉਲਟ ਚੀਜ਼ ਦਾ ਸੇਵਨ ਕਰਾਂਗੇ ਤਾਂ ਉਹ ਸਰੀਰ ਨੂੰ ਜ਼ਰੂਰ ਨੁਕਸਾਨ ਪਹੁੰਚਾਵੇਗੀ। ਇਹ ਰੱਬੀ ਹੁਕਮ ਹੈ। ਇਸ ਰੱਬੀ ਹੁਕਮ ਨੂੰ ਮੰਨ ਕੇ ਅਸੀਂ ਸੁਖੀ ਰਹਿ ਸਕਦੇ ਹਾਂ ਤੇ ਜੇ ਨਹੀਂ ਮੰਨਾਂਗੇ ਤਾਂ ਦੁਖੀ ਹੋਵਾਂਗੇ। ਅਸੀਂ ਰਾਤ ਨੂੰ ਰੋਟੀ ਖਾ ਕੇ ਸੌਂ ਜਾਂਦੇ ਹਾਂ ਤੇ ਰਾਤ ਨੂੰ ਉਹ ਹਜ਼ਮ ਵੀ ਹੋ ਜਾਂਦੀ ਹੈ ਕਿਉਂਕਿ ਸਰੀਰ ਦਾ ਸਿਸਟਮ ਰੱਬ ਦੇ ਨਿਯਮ ਅਨੁਸਾਰ ਕੰਮ ਕਰ ਰਿਹਾ ਹੈ। ਜਿਹੜਾ ਬੰਦਾ ਰੱਬੀ ਹੁਕਮ ਨੂੰ ਸਮਝ ਲੈਂਦਾ ਹੈ, ਉਹ ਫਿਰ ਹਉਮੈਂ ਵਾਲੀ ਗੱਲ ਨਹੀਂ ਕਰਦਾ ਭਾਵ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲੈਂਦਾ। ਆਓ, ਰੱਬ ਦੇ ਇਸ ਹੁਕਮ ਨੂੰ ਸਮਝੀਏ ਤੇ ਵਿਅਰਥ ਹਉਮੈ ਛੱਡ ਕੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖੀਏ !

ਗੁਰਮੁਖਿ ਬੁਢੇ ਕਦੇ ਨਾਹੀ..

0

ਗੁਰਮੁਖਿ ਬੁਢੇ ਕਦੇ ਨਾਹੀ..

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ-94172-39495

ਮਨੁੱਖੀ ਜਨਮ ਤੋਂ ਮੌਤ ਤੱਕ ਦੇ ਸਫ਼ਰ ਦੌਰਾਨ ਅਨੇਕਾਂ ਸਰੀਰਕ ਤਬਦੀਲੀਆਂ ਆਉਂਦੀਆਂ ਹਨ। ਕੁਦਰਤ ਦੇ ਨਿਯਮ ਅਨੁਸਾਰ ਹਰੇਕ ਇਨਸਾਨ ਨੂੰ ਬਚਪਨ, ਜੁਆਨੀ ਤੇ ਬੁਢਾਪੇ ਤੱਕ ਦੇ ਸਫ਼ਰ ’ਚੋਂ ਲੰਘਣਾ ਪੈਂਦਾ ਹੈ ਭਾਵੇਂ ਕਿ ਉਹ ਗੁਰਮੁਖ ਹੋਵੇ ਜਾਂ ਮਨਮੁਖ ਇੱਥੋਂ ਤੱਕ ਨਾਸਤਿਕ ਨੂੰ ਵੀ ਇਹ ਸਰੀਰਕ ਪੜਾਅ ਪਾਰ ਕਰਨੇ ਪੈਂਦੇ ਹਨ ਪਰ ਇਸ ਦੇ ਬਾਵਜੂਦ ਵੀ ਗੁਰਬਾਣੀ ਵਿੱਚ ਸਤਿਗੁਰੂ ਜੀ ਦਾ ਫ਼ੁਰਮਾਨ ਹੈ: ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥  ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥’’  (ਮਹਲਾ ੩/ ੧੪੧੮)

ਜੇਕਰ ਓਪਰੀ ਨਿਗਾਹ ਨਾਲ ਇਨ੍ਹਾਂ ਤੁਕਾਂ ਦੇ ਅਰਥ ਕੀਤੇ ਜਾਣ ਤਾਂ ਇਹ ਹਨ ਕਿ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੋਵੇ ਜਾਂ ਰੱਬੀ ਧਿਆਨ ਵਾਲੇ ਮਨੁੱਖ ਕਦੇ ਬੁੱਢੇ ਨਹੀਂ ਹੁੰਦੇ ਤੇ ਉਹ ਆਪਣੇ ਹਿਰਦੇ ਵਿੱਚ ਸਦਾ ਹਰੀ ਪ੍ਰਭੂ ਦੀਆਂ ਸਿਫਤ ਸਲਾਹਾਂ ਕਰਦੇ ਰਹਿੰਦੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਬਾਣੀ ਨੂੰ ਮੰਨਣ ਵਾਲੇ ਤਾਂ ਠੀਕ ਇੱਥੇ ਗੁਰਬਾਣੀ ਸਿਰਜਣ ਵਾਲਿਆਂ ਨੂੰ ਵੀ ਸਰੀਰਕ ਪੱਖੋਂ ਆਪਣੇ ਤਨ ’ਤੇ ਬੁਢੇਪਾ ਹੰਢਾਉਣਾ ਪਿਆ। ਹੁਣ ਇਸ ਪੰਕਤੀਆਂ ਨੂੰ ਵਿਚਾਰਨ ਲੱਗਿਆਂ ਜੇਕਰ ਕੁਦਰਤ ਦੇ ਅਟੱਲ ਨਿਯਮਾਂ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਸਮਝ ਆਏਗੀ ਕਿ ਇੱਥੇ ਸਰੀਰਕ ਨਹੀਂ ਸਗੋਂ ਮਾਨਸਿਕ ਬੁਢੇਪੇ ਦੀ ਗੱਲ ਕਹੀ ਗਈ ਹੈ ਕਿਉਂਕਿ ਜੇਕਰ ਅਸੀਂ ਆਪਣੇ ਵੀਚਾਰ ਜਾਂ ਸੁਭਾਅ ਦਾ ਸ਼ੁੱਧ ਅਤੇ ਸਹੀ ਵਿਚਾਰਾਂ ਨਾਲ ਨਵੀਨੀਕਰਨ ਕਰਨ ਤੋਂ ਮੁਨਕਰ ਹੁੰਦਿਆਂ ਆਪਣੇ ਗ਼ਲਤ ਰੂੜ੍ਹੀਵਾਦੀ ਅੜੀਅਲ ਵਤੀਰੇ ਅਤੇ ਸੁਭਾਅ ’ਤੇ ਕਾਇਮ ਰਹਿੰਦੇ ਹਾਂ ਅਤੇ ਆਪਣੇ ਵੀਚਾਰਾਂ ਦੀ ਉੱਨਤੀ ਕਰਨ (ਘੜਨ) ਤੋਂ ਮੁਨਕਰ ਹਾਂ ਜਾਂ ਮਾਨਸਿਕ ਉੱਨਤੀ ’ਤੇ ਰੋਕ ਲਗਾਉਣ ਦਾ ਯਤਨ ਕਰਦੇ ਹੋਏ ਹਉਮੈ ਗ੍ਰਸਤ ਹਾਂ ਤਾਂ ਗੁਰਬਾਣੀ ਅਨੁਸਾਰ ਅਸੀਂ ਬੁਢੇਪੇ ਦਾ ਸ਼ਿਕਾਰ ਹੋ ਰਹੇ ਹਾਂ ਭਾਵੇਂ ਕਿ ਸਰੀਰਕ ਪੱਖੋਂ ਅਸੀਂ ਰਿਸ਼ਟ-ਪੁਸ਼ਟ ਅਤੇ ਜਵਾਨ ਹੋਈਏ । ਗੁਰਬਾਣੀ ਫ਼ੁਰਮਾਨ ਹੈ ‘‘ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ; ਜਿਨ੍ਾ ਅੰਤਰਿ ਹਰਿ ਸੁਰਤਿ ਨਾਹੀ ॥  ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮ ਰਾਇ ਕੈ ਜਾਂਹੀ ॥’’ (ਮਹਲਾ ੩/ ੧੪੧੮)

ਗੁਰ ਇਤਿਹਾਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਅਮਰਦਾਸ ਜੀ ਸਰੀਰਕ ਤੌਰ ’ਤੇ ਬਿਰਧ ਹੋਣ ਦੇ ਬਾਵਜੂਦ ਵੀ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇੱਕ ਜਵਾਨ ਮਰਜੀਵੜੇ ਵਾਂਗ ਦੁਨੀਆ ’ਚ ਸਦਾ ਵਿਚਰਦੇ ਰਹੇ ਹਨ। ਗੁਰੂ ਅਰਜਨ ਪਾਤਸ਼ਾਹ ਵੀ ਸਾਨੂੰ ਪ੍ਰੇਰਨਾ ਕਰਦੇ ਹੋਏ ਫ਼ੁਰਮਾਉਂਦੇ ਹਨ, ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥  ਨਾਨਕ !  ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ ॥’’  (ਮਹਲਾ ੫/ ੧੦੯੬)

ਇੱਥੇ ਉਮਰ ਦੀ ਕੋਈ ਬੰਦਿਸ਼ ਨਹੀਂ ਸਗੋਂ ਆਪਣੇ ਵੀਚਾਰਾਂ ਨੂੰ ‘‘ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥’’ (ਮਹਲਾ ੧/ ੬੬੦) ’ਤੋਂ ਸਿੱਖਿਆ ਲੈ ਕੇ ਆਪਣੇ ਅੰਦਰਲੇ ਬਦਲਾਅ ਲਈ ਸਦਾ ਤਤਪਰ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ। ਸਾਡੇ ਆਲੇ ਦੁਆਲੇ ਅਨੇਕਾਂ ਕਰਮਕਾਂਡੀ ਤੇ ਪੁਰਾਤਨਵਾਦੀ ਡੇਰੇਦਾਰ ਸਮਾਜ ਨੂੰ ਚੇਤੰਨ ਕਰਨ ਦੀ ਬਜਾਏ ਗ਼ਲਤ ਰੂੜ੍ਹਵਾਦੀ ਵਿਚਾਰਧਾਰਾ ਤੱਕ ਸੀਮਤ ਰੱਖਣਾ ਚਾਹੁੰਦਾ ਹੈ, ਪਰ ਲੋੜ ਹੈ ਗੁਰਬਾਣੀ ਦੇ ਗਿਆਨ ਦੀ ਰੌਸ਼ਨੀ ਦੀ ਤਾਂ ਜੋ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥  ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥’’  (ਮਹਲਾ ੩/ ੧੪੧੮) ਨੂੰ ਆਪਣੇ ਆਪ ਉੱਤੇ ਢੁਕਾ ਸਕਣ ’ਚ ਕਾਮਯਾਬੀ ਮਿਲ ਸਕੇ ।

-ਚਲਦਾ-

ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼

0

ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼

ਅਵਤਾਰ ਸਿੰਘ ਮਿਸ਼ਨਰੀ (5104325827)

ਭਗਤ ਬਾਬਾ ਰਵਿਦਾਸ ਜੀ ਨੇ ਪ੍ਰਭੂ ਸਿਮਰਨ ’ਤੇ ਹੀ ਜੋਰ ਦਿੱਤਾ। ਸਿਮਰਨ ਭਾਵ ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣਾ। ਗ੍ਰਹਿਸਤ ਮਾਰਗ ’ਚ ਰਹਿੰਦਿਆਂ ਕਿਰਤ ਕਮਾਈ ਕਰਨੀ, ਵੰਡ ਛੱਕਣਾ ਤੇ ਪ੍ਰਭੂ ਦੀ ਯਾਦ ਹੀ ਅਸਲ ਭਗਤੀ ਹੈ। ਉਹ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ- ‘‘ਕਹਿ ਰਵਿਦਾਸ; ਹਾਥ ਪੈ ਨੇਰੈ.. ॥’’ (ਭਗਤ ਰਵਿਦਾਸ/੬੫੮) ਜਿਵੇਂ ਸੋਨੇ ਅਤੇ ਉਸ ਦੇ ਬਣੇ ਗਹਿਣੇ ਵਿੱਚ ਅੰਤਰ ਨਹੀਂ ਇਵੇਂ ਹੀ ਆਤਮਾ ਤੇ ਪ੍ਰਮਾਤਮਾ ਦਾ ਅਸਲਾ ਵੀ ਇੱਕ ਹੈ; ਜਿਵੇਂ ਗਹਿਣੇ ਸੋਨੇ ਦੀ ਸਜਾਵਟ ਹਨ ਉਵੇਂ ਹੀ ਭਗਤ, ਭਗਵਾਨ ਦੀ ਸੁੰਦਰਤਾ ਹਨ। ਜਿਵੇਂ ਪਾਣੀ ਤੋਂ ਪੈਦਾ ਹੋਇਆ ਬੁਲਬੁਲਾ ਤੇ ਪਾਣੀ ਇੱਕ ਹੀ ਹਨ, ਫ਼ਰਕ ਕੇਵਲ ਵੱਖਰੀ ਬਣਤਰ ਦਾ ਹੀ ਹੈ, ਇਉਂ ਭਗਤ ਦੇ ਰੱਬ ਦਾ ਸੁਮੇਲ ਹੁੰਦਾ ਹੈ, ‘‘ਤੋਹੀ ਮੋਹੀ, ਮੋਹੀ ਤੋਹੀ; ਅੰਤਰੁ ਕੈਸਾ ?॥  ਕਨਕ ਕਟਿਕ; ਜਲ ਤਰੰਗ ਜੈਸਾ ॥ (ਭਗਤ ਰਵਿਦਾਸ/੯੩) ਮਨੁੱਖਾ ਜਨਮ ਦੁਰਲੱਭ ਜਨਮ ਹੈ- ‘‘ਦੁਲਭ ਜਨਮੁ ਪੁੰਨ ਫਲ ਪਾਇਓ … ॥’’ (ਭਗਤ ਰਵਿਦਾਸ/੬੫੮) ਸਭ ਮਨੁੱਖ ਬਰਾਬਰ ਹਨ, ਕੋਈ ਜਾਤ-ਪਾਤ ਕਰਕੇ ਉੱਚਾ ਨੀਵਾਂ ਨਹੀਂ ਸਗੋਂ ਕਰਮਾਂ ਕਰਕੇ ਨੀਚ ੳੂਚ ਹਨ। ਗੋਬਿੰਦ ਹੀ ਨੀਵਿਆਂ ਨੂੰ ਉੱਚਾ ਕਰਨਯੋਗ ਹੈ, ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ.. ॥’’ (ਭਗਤ ਰਵਿਦਾਸ/੧੧੦੬) ਸੁੱਚ-ਭਿੱਟ ਛੂਆ-ਛਾਤ ਵਿੱਚ ਵਿਸ਼ਵਾਸ ਨਹੀਂ ਰੱਖਣਾ ਕਿਉਂਕਿ ਇਹ ਚਲਾਕ ਬ੍ਰਾਹਮਣ ਦੁਆਰਾ ਪੈਦਾ ਕੀਤੀ ਹੋਈ ਹੈ। ਪ੍ਰਭੂ ਭਗਤ ਨੇ ਸਫ਼ਾਈ ਰੱਖਣੀ ਹੈ, ਨਾ ਕਿ ਸੁੱਚ ਭਿੱਟ ਭਾਵੇਂ ਕਿ ਕਈ ਗੁਰਦੁਆਰਿਆਂ ਵਿੱਚ ਵੀ ਸੁੱਚ ਭਿੱਟ ਦੇਖੀ ਜਾ ਸਕਦੀ ਹੈ। ਧੂਪਾਂ ਦੀਪਾਂ ਜੋਤਾਂ ਨਾਲ ਪ੍ਰਭੂ ਦੀ ਆਰਤੀ ਨਹੀਂ ਕੀਤੀ ਜਾ ਸਕਦੀ। ਪ੍ਰਭੂ ਦਾ ਨਾਮ ਹੀ ਸੱਚੀ ਆਰਤੀ ਹੈ, ‘‘ਨਾਮੁ ਤੇਰੋ ਆਰਤੀ.. ॥’’ (ਭਗਤ ਰਵਿਦਾਸ/੬੯੪) ਵਹਿਮਾਂ ਭਰਮਾਂ, ਥਿਤਾਂ ਵਾਰਾਂ ਦੀ ਪੂਜਾ ਬ੍ਰਾਹਮਣੀ ਕਰਮਕਾਂਡ ਹਨ। ਭਗਤ ਲਈ ਪੂਜਾ ਕੇਵਲ ਸੁੱਚੀ ਕਿਰਤ ਤੇ ਨਾਮ ਜਪਣਾ ਹੀ ਹੈ, ‘‘.. ਕਲਿ ਕੇਵਲ ਨਾਮ ਅਧਾਰ ॥’’ (ਭਗਤ ਰਵਿਦਾਸ/੩੪੬)

ਪਸ਼ੂ ਪੰਛੀਆਂ ਵਿੱਚ ਇੱਕ-ਇੱਕ ਦੋਖ ਹੈ ਪਰ ਇਸਤਰੀ ਪੁਰਸ਼ ਵਿੱਚ ਪੰਜੇ ਇਕੱਠੇ ਹਨ, ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥  ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ॥’’ (ਭਗਤ ਰਵਿਦਾਸ/੪੮੬) ਜਿਵੇਂ ਚੰਦਨ ਦੇ ਨਿਕਟ ਵਸਣ ਵਾਲੇ ਰਿੰਡ ’ਚੋਂ ਵੀ ਖੁਸ਼ਬੋ ਆਉਣ ਲੱਗ ਜਾਂਦੀ ਹੈ ਤਿਵੇਂ ਗੁਣਹੀਣ ਮਨੁੱਖ ਵੀ ਗੁਣੀ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਨਾਲ ਭਰ ਜਾਂਦੇ ਹਨ, ‘‘ਨੀਚ ਰੂਖ ਤੇ ਊਚ ਭਏ ਹੈ; ਗੰਧ ਸੁਗੰਧ ਨਿਵਾਸਾ ॥’’ (ਭਗਤ ਰਵਿਦਾਸ/੪੮੬) ਸਭ ਵਸਤੂਆਂ ਜੂਠੀਆਂ ਹੋ ਸਕਦੀਆਂ ਹਨ ਪਰ ਪ੍ਰਭੂ ਦਾ ਨਾਮ ਸਦਾ ਸੁੱਚਾ ਰਹਿੰਦਾ ਹੈ ਜਿਵੇਂ ਦੁੱਧ ਵੱਛੇ ਦੇ ਥਣ ਚੁੰਘਣ ਨਾਲ, ਫੁੱਲ਼ ਭੰਵਰੇ ਦੇ ਬਾਸ ਲੈਣ ਨਾਲ ਅਤੇ ਪਾਣੀ ਮੱਛੀ ਦੇ ਰਹਿਣ ਕਰਕੇ ਝੂਠੇ ਹੋ ਜਾਂਦੇ ਹਨ, ‘‘ਦੂਧੁ ਤ ਬਛਰੈ ਥਨਹੁ ਬਿਟਾਰਿਓ ॥  ਫੂਲੁ ਭਵਰਿ; ਜਲੁ ਮੀਨਿ ਬਿਗਾਰਿਓ ॥’’ (ਭਗਤ ਰਵਿਦਾਸ/੫੨੫) ਬ੍ਰਾਹਮਣ ਭਾਵੇਂ ਖਟ ਕਰਮ ਕਰੇ ਫਿਰ ਵੀ ਨੀਚ ਹੀ ਹੈ ਜੇ ਉਸ ਅੰਦਰ ਰੱਬ ਪ੍ਰਤੀ ਪਿਆਰ ਨਹੀਂ, ‘‘ਖਟੁ ਕਰਮ ਕੁਲ ਸੰਜੁਗਤੁ ਹੈ; ਹਰਿ ਭਗਤਿ ਹਿਰਦੈ ਨਾਹਿ ॥’’ (ਭਗਤ ਰਵਿਦਾਸ/੧੧੨੪) ਜੇ ਕਹੇ ਜਾਂਦੇ ਪਾਪੀ ਅਜਾਮਲ ਤੇ ਪਾਪਣ ਪਿੰਗਲਾ ਵਰਗੇ ਚੰਗੀ ਸੰਗਤ ਕਰ, ਨਾਮ ਜਪ ਕੇ ਤਰ ਗਏ ਫਿਰ ਚਮਾਰ ਵਰਗੇ ਨੀਵੀਂ ਜਾਤ ਦੇ ਕਿਵੇਂ ਨਹੀਂ ਤਰਨਗੇ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ॥  ਐਸੇ ਦੁਰਮਤਿ ਨਿਸਤਰੇ; ਤੂ ਕਿਉ ਨ ਤਰਹਿ ਰਵਿਦਾਸ? ॥’’ (ਭਗਤ ਰਵਿਦਾਸ/੧੧੨੪) ਜਿਸ ਦੇ ਅੰਦਰ ਦਰਦ ਨਹੀਂ ਉਹ ਦੂਜਿਆਂ ਦਾ ਦਰਦ ਕਿਵੇਂ ਮਹਿਸੂਸ ਕਰ ਸਕਦਾ ਹੈ, ‘‘ਸੋ ਕਤ ਜਾਨੈ ਪੀਰ ਪਰਾਈ ॥  ਜਾ ਕੈ ਅੰਤਰਿ; ਦਰਦੁ ਨ ਪਾਈ ॥੧॥ ਰਹਾਉ ॥’’ (ਭਗਤ ਰਵਿਦਾਸ/੭੯੩) ਚੰਮ ਤੋਂ ਬਣਿਆਂ ਹੋਣ ਕਰਕੇ ਸਾਰਾ ਸੰਸਾਰ ਹੀ ਚਮਾਰ ਹੈ ਫਿਰ ਵਖਰੇਵਾਂ ਕਾਹਦਾ? ਬ੍ਰਾਹਮਣ ਦਾ ਸਰੀਰ ਵੀ ਚੰਮ ਦਾ ਹੀ ਹੈ, ਨਾ ਕਿ ਸੋਨੇ ਦਾ। ਮੋਹ ’ਚ ਫਸਿਆ ਜੀਵ ਸਰੀਰ ਰੂਪੀ ਜੁੱਤੀ ਦੀ ਹੀ ਗੰਢ-ਤੁੱਪ ਕਰਦਾ ਕਰਾਉਂਦਾ ਰਹਿੰਦਾ ਹੈ, ‘‘ਲੋਗੁ ਗਠਾਵੈ ਪਨਹੀ ॥੧॥ ਰਹਾਉ ॥’’ (ਭਗਤ ਰਵਿਦਾਸ/੬੫੯) ਪਨਹੀ (ਜੁੱਤੀ) ਇਹ ਸੰਸਾਰ ਬਿਨਸਨਹਾਰ ਹੈ, ‘‘ਜੋ ਦਿਨ ਆਵਹਿ; ਸੋ ਦਿਨ ਜਾਹੀ ॥  ਕਰਨਾ ਕੂਚੁ; ਰਹਨੁ ਥਿਰੁ ਨਾਹੀ ॥’’ (ਭਗਤ ਰਵਿਦਾਸ/੭੯੩) ਪਤੀ ਦੀ ਸਾਰ ਸੁਹਾਗਣ (ਗੁਰਮੁਖ ਇਸਤਰੀ) ਹੀ ਪ੍ਰਮਾਤਮਾ ਪਤੀ ਨੂੰ ਜਾਣ-ਪਹਿਚਾਣ ਸਕਦੀ ਹੈ, ‘‘ਸਹ ਕੀ ਸਾਰ, ਸੁਹਾਗਨਿ ਜਾਨੈ ॥’’ (ਭਗਤ ਰਵਿਦਾਸ/੭੯੩) ਗਿਆਨ ਦੀ ਪ੍ਰਾਪਤੀ ਲਈ ਕਰਮ ਅਭਿਆਸ ਕਰਨਾ ਹੈ, ਜਦ ਗਿਆਨ ਹੋ ਜਾਵੇ ਤਾਂ ਤੋਤਾ ਰਟਨੀ ਛੱਡਣੀ ਚਾਹੀਦੀ ਹੈ; ਜਿਵੇਂ ਅਸੀਂ ਪਹਿਲੀ ਜਮਾਤ ਦੇ ਕੈਦੇ ਕਿਤਾਬਾਂ ਤੋਂ ਉੱਪਰ ਉੱਠਦੇ-2 ਜਾਂਦੇ ਹਾਂ ਇਵੇਂ ਹੀ ਕਰਮ ਜਾਲ ਤੋਂ ਉੱਪਰ ਉੱਠਣਾ ਹੈ, ‘‘ਗਿਆਨੈ ਕਾਰਨ ਕਰਮ ਅਭਿਆਸੁ ॥  ਗਿਆਨੁ ਭਇਆ; ਤਹ ਕਰਮਹ ਨਾਸੁ ॥’’ (ਭਗਤ ਰਵਿਦਾਸ/੧੧੬੭) ਨਸ਼ਿਆਂ ਦਾ ਤਿਆਗ ਕਰਨਾ ਹੈ, ਸ਼ਰਾਬ ਭਾਵੇਂ ਪਵਿੱਤਰ ਕਹੇ ਜਾਂਦੇ ਗੰਗਾ ਆਦਿਕ ਦੇ ਜਲ ਤੋਂ ਵੀ ਤਿਆਰ ਕੀਤੀ ਗਈ ਹੋਵੇ, ਗ੍ਰਹਿਣ ਨਹੀਂ ਕਰਨੀ, ‘‘ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ; ਸੰਤ ਜਨ ਕਰਤ ਨਹੀ ਪਾਨੰ ॥’’ (ਭਗਤ ਰਵਿਦਾਸ/੧੨੯੩) ਸੁਰਸਰੀ-ਗੰਗਾ, ਬਾਰੁਨੀ-ਸ਼ਰਾਬ, ਪਾਨੰ-ਪੀਣਾ। ਜੇ ਨੀਚ ਜਾਤ ਜੀਵ ਪ੍ਰਭੂ ਦੀ ਸ਼ਰਨ ਆ ਜਾਵੇ ਤਾਂ ਉੱਚ ਜਾਤੀਏ ਵੀ ਡੰਡਾਉਤਾਂ ਕਰਦੇ ਹਨ, ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥’’ (ਭਗਤ ਰਵਿਦਾਸ/੧੨੯੩) ਭਗਤ ਹਿਰਦੇ ਰੂਪੀ ਦੀਵੇ ਵਿੱਚ ਨਾਮ ਦੀ ਜੋਤਿ ਜਗਾਉਂਦੇ ਹਨ, ਨਾ ਕਿ ਕਿਸੇ ਘਿਉ ਦੀ, ‘‘ਨਾਮ ਤੇਰੇ ਕੀ ਜੋਤਿ ਲਗਾਈ..॥’’ (ਭਗਤ ਰਵਿਦਾਸ/੬੯੪) ਵਹਿਮ, ਭਰਮ, ਸਵਰਗ ਤੇ ਨਰਕ ਦੇ ਡਰਾਵੇ ਫ਼ਜ਼ੂਲ ਹਨ, ‘‘ਮਾਧਵੇ! ਕਿਆ ਕਹੀਐ ? ਭ੍ਰਮੁ ਐਸਾ ॥  ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥’’ (ਭਗਤ ਰਵਿਦਾਸ/੬੫੭) ਐਸਾ ਰਾਜ ਹੋਵੇ ਜਿੱਥੇ ਕੋਈ ਚਿੰਤਾ ਫਿਕਰ, ਗ਼ਮ, ਖ਼ੌਫ ਆਦਿਕ ਨਾ ਹੋਣ। ਸਭ ਦੇ ਹੱਕ ਬਾਰਬਰ ਹੋਣ, ਕਿਸੇ ਬੇਕਸੂਰ ਨੂੰ ਤੰਗ ਨਾ ਕੀਤਾ ਜਾਵੇ। ਜਿੱਥੇ ਸਭ ਦੀ ਖ਼ੈਰ ਮੰਗੀ ਜਾਵੇ, ਜਿੱਥੇ ਕੋਈ ਗ਼ੁਲਾਮ ਨਾ ਹੋਵੇ, ਜਿੱਥੇ ਹਰੇਕ ਅਜ਼ਾਦੀ ਦਾ ਨਿੱਘ ਮਾਣ ਸਕੇ, ਜਿੱਥੇ ਹਰ ਸ਼ਹਿਰੀ ਨਾਲ ਮਿਤਰਤਾ ਭਾਵ ਵਾਲਾ ਸਲੂਕ ਕੀਤਾ ਜਾਵੇ, ਜਿੱਥੇ ਸਭ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਹੋਵੇ ਅਤੇ ਸਭ ਨੂੰ ਕੰਮ ਭਾਵ ਰੁਜ਼ਗਾਰ ਮਿਲੇ। ਜਿੱਥੇ ਕਿਸੇ ਨਾਲ ਵਿਤਕਰਾ ਆਦਿਕ ਨਾ ਕੀਤਾ ਜਾਵੇ, ‘‘ਬੇਗਮ ਪੁਰਾ ਸਹਰ ਕੋ ਨਾਉ ॥  ਦੂਖੁ ਅੰਦੋਹੁ ਨਹੀ; ਤਿਹਿ ਠਾਉ ॥  ਨਾਂ ਤਸਵੀਸ; ਖਿਰਾਜੁ ਨ ਮਾਲੁ ॥  ਖਉਫੁ ਨ ਖਤਾ; ਨ ਤਰਸੁ ਜਵਾਲੁ ॥੧॥  ਅਬ ਮੋਹਿ; ਖੂਬ ਵਤਨ ਗਹ ਪਾਈ ॥  ਊਹਾਂ ਖੈਰਿ ਸਦਾ; ਮੇਰੇ ਭਾਈ! ॥੧॥ ਰਹਾਉ ॥  ਕਾਇਮੁ ਦਾਇਮੁ ਸਦਾ ਪਾਤਿਸਾਹੀ ॥  ਦੋਮ ਨ ਸੇਮ; ਏਕ ਸੋ ਆਹੀ ॥  ਆਬਾਦਾਨੁ ਸਦਾ ਮਸਹੂਰ ॥  ਊਹਾਂ ਗਨੀ ਬਸਹਿ; ਮਾਮੂਰ ॥੨॥  ਤਿਉ ਤਿਉ ਸੈਲ ਕਰਹਿ; ਜਿਉ ਭਾਵੈ ॥  ਮਹਰਮ ਮਹਲ ਨ ਕੋ ਅਟਕਾਵੈ ॥  ਕਹਿ ਰਵਿਦਾਸ; ਖਲਾਸ ਚਮਾਰਾ ॥  ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥’’ (ਭਗਤ ਰਵਿਦਾਸ/੩੪੫) ਹਰੀ ਰੂਪੀ ਹੀਰੇ ਨੂੰ ਛੱਡ ਕੇ ਕਰੋੜਾਂ ’ਤੇ ਆਸ ਲਾ ਬੈਠਣਾ ਭਾਵ ਸ਼ਬਦ ਗੁਰੂ ਪ੍ਰਮੇਸ਼ਰ ਤੋਂ ਬਿਨਾਂ ਹੋਰਾਂ ਦੇ ਚਰਨੀਂ ਡਿੱਗਦੇ ਫਿਰਨਾ, ਨਰਕ ਦਾ ਮਾਰਗ ਹੈ, ‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)

ਐਸੇ ਕ੍ਰਾਂਤੀਕਾਰੀ, ਕਲਿਆਣਕਾਰੀ, ਅਗਾਂਹਵਧੂ ਵਿਚਾਰਾਂ ਵਾਲੇ ਭਗਤ ਬਾਬਾ ਰਵਿਦਾਸ ਜੀ ਬਾਰੇ ਭਾਈ ਗੁਰਦਾਸ ਜੀ ਇਉਂ ਦਰਜ ਕਰਦੇ ਹਨ, ‘‘ਭਗਤੁ ਭਗਤੁ ਜਗਿ ਵਜਿਆ; ਚਹੁੰ ਚਕਾਂ ਦੇ ਵਿਚਿ ਚਮਿਰੇਟਾ।’’ (ਭਾਈ ਗੁਰਦਾਸ ਜੀ/ਵਾਰ ੧੦ ਪਉੜੀ ੧੭) ਗੁਰੂ ਅਰਜਨ ਸਾਹਿਬ ਜੀ ਵੀ ਭਗਤ ਰਵਿਦਾਸ ਜੀ ਦੀ ਭਗਤੀ ਭਾਵਨਾ ਦਾ ਆਧਾਰ ਸਾਧ ਸੰਗਤ ਨੂੰ ਮੰਨਦੇ ਹਨ, ਨਾ ਕਿ ਕਿਸੇ ਦੇਵ ਜਾਂ ਪੱਥਰ ਪੂਜਾ ਨੂੰ, ‘‘ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥  ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥’’ (ਮਹਲਾ ੫/੪੮੭) ਐਸੇ ਗਿਆਨੀ, ਪਰਉਪਕਾਰੀ, ਸੇਵਾ ਸਿਮਰਨ ਵਾਲੇ, ਨਿਰਭੈਤਾ ਅਤੇ ਅਜ਼ਾਦ ਵਿਚਾਰਾਂ ਵਾਲੀ ਪ੍ਰਤਿਮਾਂ ਦੇ ਰੂਪ ਸਨ, ਭਗਤ ਲੜੀ ਦੇ ਅਨਮੋਲ ਹੀਰੇ ਭਗਤ ਗੁਰੂ ਰਵਿਦਾਸ ਜੀ!

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸਾਹੀ ਕੈਲੰਡਰ ਕੀਤਾ ਰੀਲੀਜ

0

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸਾਹੀ ਕੈਲੰਡਰ ਕੀਤਾ ਰੀਲੀਜ

ਕਿਰਪਾਲ ਸਿੰਘ ਬਠਿੰਡਾ

ਭਾਈ ਪੰਥਪ੍ਰੀਤ ਸਿੰਘ ਖਾਲਸਾ ਅਤੇ ਗੁਰਮਤਿ ਸੇਵਾ ਲਹਿਰ ਦੇ ਮੈਂਬਰਾਂ ਵੱਲੋਂ ਸੰਗਤ ਕੈਂਚੀਆਂ ਵਿਖੇ ਮੂਲ ਨਾਨਕਸਾਹੀ ਕੈਲੰਡਰ ਸੰਮਤ 552 (2020-21) ਅੱਜ ਰੀਲੀਜ਼ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਦੀ ਲੋੜ ਸੰਬੰਧੀ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਮ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਕੌਮ ਨੂੰ ਧੋਖਾ ਦੇ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਉਨ੍ਹਾਂ ਦੇ ਕੈਲੰਡਰ ਵਿੱਚ ਕਿੰਨੇ ਦਿਨ ਹੁੰਦੇ ਹਨ ਅਤੇ ਮਹੀਨੇ ਕਿੰਨੇ ਕਿੰਨੇ ਦਿਨਾਂ ਦੇ ਹੁੰਦੇ ਹਨ। ਇਸੇ ਕਾਰਨ ਕੋਈ ਇੱਕ ਹੀ ਦਿਹਾੜਾ ਕਿਸੇ ਸਾਲ 354/55 ਦਿਨਾਂ ਬਾਅਦ ਆ ਜਾਂਦਾ ਹੈ ਅਤੇ ਉਹੀ ਦਿਹਾੜਾ ਉਸ ਤੋਂ ਦੂਸਰੇ ਸਾਲ 383/84 ਦਿਨਾਂ ਬਾਅਦ ਅਤੇ ਕੋਈ ਹੋਰ ਦਿਹਾੜਾ 365/66 ਦਿਨਾਂ ਬਾਅਦ ਆ ਜਾਂਦਾ ਹੈ। ਮੱਸਿਆ, ਪੂਰਨਮਾਸ਼ੀਆਂ ਤੇ ਸੰਗਰਾਂਦਾਂ ਪੂਜਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਕਿ ਸਿੱਖ ਇਤਿਹਾਸਕ ਦਿਹਾੜੇ ਕਿਹੜੀਆਂ ਤਰੀਖਾਂ ਨੂੰ ਨਿਸ਼ਚਿਤ ਕੀਤੇ ਜਾਂਦੇ ਹਨ; ਮਿਸਾਲ ਦੇ ਤੌਰ ’ਤੇ ਬੰਦੀਛੋੜ ਦਿਹਾੜਾ ਆਮ ਤੌਰ ’ਤੇ ਕੱਤਕ ਦੀ ਮੱਸਿਆ ਨੂੰ ਆਉਂਦਾ ਹੈ ਪਰ ਸੰਮਤ 551 ਵਿੱਚ ਇਹ ਕੱਤਕ ਦੀ ਚਉਦਸ ਨੂੰ ਆਇਆ ਸੀ ਅਤੇ ਹੁਣ 552 ਵਿੱਚ ਵੀ ਕੱਤਕ ਦੀ ਚਉਦਸ ਨੂੰ ਹੀ ਆਵੇਗਾ। ਹੋਲਾ ਮਹੱਲਾ ਆਮ ਤੌਰ ’ਤੇ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ ਪਰ ਸੰਮਤ 551 ਵਿੱਚ ਇਹ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਗਿਆ, ਇਸੇ ਲਈ ਸੋਧਾਂ ਦੇ ਨਾਂ ’ਤੇ ਵਿਗਾੜੇ ਹੋਏ ਕੈਲੰਡਰ ਦੀਆਂ ਵੱਡੀਆਂ ਸਮਰਥਕ ਨਿਹੰਗ ਸਿੰਘ ਜਥੇਬੰਦੀਆਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੋਲੇ ਮਹੱਲੇ ਦੀ ਤਰੀਕ ਸੰਬੰਧੀ ਆਮੋ ਸਾਹਮਣੇ ਹੋ ਜਾਂਦੀਆਂ ਹਨ; ਜਿਵੇਂ ਕਿ ਸਾਲ 2019 ਵੱਚ ਸ਼੍ਰੋਮਣੀ ਕਮੇਟੀ ਨੇ 8 ਚੇਤ/21 ਮਾਰਚ ਨੂੰ ਮਨਾਇਆ ਅਤੇ ਨਿਹੰਗ ਸਿੰਘਾਂ ਨੇ 9 ਚੇਤ/22 ਮਾਰਚ ਨੂੰ।, ਸਾਲ 2009 ’ਚ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ 11 ਮਾਰਚ ਨੂੰ ਕੱਢਿਆ ਸੀ ਜਦੋਂ ਕਿ ਨਿਹੰਗ ਜਥੇਬੰਦੀਆਂ ਨੇ 12 ਮਾਰਚ ਨੂੰ। ਇਸੇ ਤਰ੍ਹਾਂ ਸੰਨ 2018 ’ਚ ਤੀਜਾ ਘੱਲੂਘਾਰਾ (1984) 22 ਜੇਠ ਅਤੇ 2019 ਵਿੱਚ 23 ਜੇਠ ਨੂੰ ਨਿਸ਼ਚਿਤ ਕੀਤਾ ਗਿਆ। ਇਹੀ ਕਾਰਨ ਹਨ ਕਿ ਕੈਲੰਡਰ ਬਣਾਉਣ ਅਤੇ ਰੀਲੀਜ ਕਰਨ ਵਾਲਿਆਂ ਨੂੰ ਖ਼ੁਦ ਨਹੀਂ ਪਤਾ ਕਿ ਤਰੀਖਾਂ ਕਿਸ ਤਰ੍ਹਾਂ ਨਿਸ਼ਚਿਤ ਕਰਨੀਆਂ ਹਨ। ਉਹ ਸਿਰਫ ਪੰਡਿਤ ਦੇਵੀ ਦਿਆਲ ਜੋਤਸ਼ੀ ਦੀ ਜੰਤਰੀ ਚੁੱਕ ਕੇ ਉਸ ਦੀ ਨਕਲ ਮਾਰ ਲੈਂਦੇ ਹਨ; ਭਾਵ ਨਿਆਰੀ ਕੌਮ ਨੂੰ ਪੰਡਿਤਾਂ ਦੀ ਪਿਛਲੱਗ ਅਤੇ ਮੁਥਾਜ ਬਣਾ ਕੇ ਰੱਖ ਦਿੱਤਾ ਹੈ ਜਦੋਂ ਕਿ ਅਸਲੀ ਨਾਨਕਸ਼ਾਹੀ ਕੈਲੰਡਰ ਹਰ ਸਾਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮਹੱਲਾ ਨਾਲ 1 ਚੇਤ/14 ਮਾਰਚ ਨੂੰ ਸ਼ੁਰੂ ਹੋ ਕੇ 30/31 ਫੱਗਣ ਨੂੰ ਸਮਾਪਤ ਹੋਵੇਗਾ ਜਿਸ ਦਾ ਆਮ ਸਾਲ 365 ਦਿਨ ਅਤੇ ਲੀਪ ਸਾਲ 366 ਦਿਨਾਂ ਦਾ ਹੋਣ ਕਰਕੇ ਸਾਰੇ ਦਿਹਾੜੇ ਹਰ ਸਾਲ 365/66 ਦਿਨਾਂ ਪਿੱਛੋਂ ਦੋਵੇਂ ਹੀ ਦੇਸੀ ਮਹੀਨੇ ਅਤੇ ਅੰਗਰੇਜ਼ੀ ਮਹੀਨਿਆਂ ਦੀਆਂ ਉਨ੍ਹਾਂ ਹੀ ਨਿਸ਼ਚਿਤ ਤਰੀਖਾਂ ਨੂੰ ਆਉਂਦੇ ਹਨ, ਜਿਨ੍ਹਾਂ ਤਰੀਖਾਂ ਨੂੰ ਪਿਛਲੇ ਸਾਲਾਂ ਵਿੱਚ ਆਏ ਸਨ ਅਤੇ ਆਉਣ ਵਾਲੇ ਹਜ਼ਾਰਾਂ ਸਾਲਾਂ ਵਿੱਚ ਆਉਂਦੇ ਰਹਿਣਗੇ; ਜਿਵੇਂ ਕਿ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ 23 ਪੋਹ/5 ਜਨਵਰੀ, ਬੰਦੀਛੋੜ ਦਿਵਸ 1 ਫੱਗਣ/12 ਫਰਵਰੀ, ਤੀਜਾ ਘੱਲੂਘਾਰਾ (1984) 23 ਜੇਠ/6 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2 ਹਾੜ/16 ਜੂਨ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 11 ਮੱਘਰ/24 ਨਵੰਬਰ ਅਤੇ ਇਸ ਤਰ੍ਹਾਂ ਸੂਰਜੀ ਤਰੀਖਾਂ ਅਨੁਸਾਰ ਨਿਸ਼ਚਿਤ ਕੀਤੇ, ਬਾਕੀ ਦੇ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਹਰ ਸਾਲ ਨਿਸ਼ਚਿਤ ਤਰੀਖਾਂ ਨੂੰ ਹੀ ਆਉਣ ਕਰਕੇ ਸਾਡੇ ਬੱਚੇ ਬੱਚੇ ਨੂੰ ਯਾਦ ਹੋ ਜਾਣਗੇ ਜਦੋਂ ਕਿ ਮੌਜੂਦਾ ਰਲੀਜ ਕੀਤੇ ਜਾ ਰਹੇ ਕੈਲੰਡਰ ’ਚ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਡੇਰੇਦਾਰ ਨੂੰ ਵੀ ਬਿਨਾਂ ਕੈਲੰਡਰ ਵੇਖਿਆਂ ਕੁਝ ਪਤਾ ਨਹੀਂ ਲਗਦਾ। ਇਸ ਸਮੇਂ ਉਨ੍ਹਾਂ ਨਾਲ ਗੁਰਮਤਿ ਸੇਵਾ ਲਹਿਰ ਨਾਲ ਸੰਬੰਧਤ ਮੈਂਬਰ ਭਾਈ ਰਘਵੀਰ ਸਿੰਘ ਖਿਆਲੀਵਾਲਾ, ਮੱਖਣ ਸਿੰਘ ਰੌਂਤਾ, ਕੌਰ ਸਿੰਘ ਹਮੀਰਗੜ੍ਹ, ਨਰੈਣ ਸਿੰਘ ਕੋਟ ਸਮੀਰ, ਕਿਰਪਾਲ ਸਿੰਘ ਬਠਿੰਡਾ, ਸੁਖਬੀਰ ਸਿੰਘ, ਦਵਿੰਦਰ ਸਿੰਘ ਭੰਗੂ, ਜਗਤਾਰ ਸਿੰਘ ਬਠਿੰਡਾ, ਗੁਰਮੀਤ ਸਿੰਘ ਜੋਧਪੁਰ ਰੋਮਾਣਾ ਆਦਿਕ ਹਾਜ਼ਰ ਸਨ।

ਮਨ ਕੀ ਹੈ ?

0

ਮਨ ਕੀ ਹੈ ?

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ਸ੍ਰਿਸ਼ਟੀ ਰਚਨਾ ਵਿੱਚ ਕੇਵਲ ਮਨੁੱਖ ਹੀ ਸਮੁੱਚੇ ਬ੍ਰਹਿਮੰਡ ਵਿੱਚ ਉੱਚ ਪਦਵੀ ’ਤੇ ਪਹੁੰਚਿਆ ਹੈ। ਐਵੋਲਿਊਸ਼ਨ ਦੇ ਸਿਧਾਂਤ ਅਨੁਸਾਰ ਵੀ ਮਨੁੱਖ, ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਉਤਾਂਹ ਸਿਖਰਲੇ ਡੰਡੇ ’ਤੇ ਹੈ। ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥  ਸੁਇਨਾ, ਰੂਪਾ; ਤੁਝ ਪਹਿ ਦਾਮ ॥  ਸੀਲੁ ਬਿਗਾਰਿਓ ਤੇਰਾ; ਕਾਮਿ (ਨੇ) ॥’’ (ਆਸਾ/ ਮ: ੫/ ਪੰਨਾ ੩੭੪)

ਕੇਵਲ ਮਨੁੱਖ ਨੂੰ ਹੀ ਅਕਾਲ ਪੁਰਖ ਨੇ ਇੱਕ ਖ਼ਾਸ ਜੀਵਨ ਮਨੋਰਥ ਲਈ ਸੰਸਾਰ ’ਚ ਭੇਜਿਆ ਹੈ। ਬਾਕੀ ਜੀਵਾਂ ਦਾ ਇਸ ਸੰਸਾਰ ਵਿੱਚ ਆਉਣ ਦਾ ਅਤੇ ਤਰੱਕੀ ਕਰਨ ਦਾ ਕੋਈ ਟੀਚਾ ਨਹੀਂ। ਸਾਡੇ ਸਰੀਰ ਰੂਪੀ ਮੰਦਰ ਨੂੰ ਚਲਾਉਣ ਲਈ ਪ੍ਰਾਣ ਜਾਂ ਸਵਾਸ ਹੁੰਦੇ ਹਨ। ਇਸ ਤੋਂ ਅੱਗੇ ਮਾਨਸਿਕ ਮੰਡਲ ਹੈ। ਮਨ ਦਾ ਸਰੀਰ ਨਾਲ ਸੰਬੰਧ ਪੰਜ ਭੌਤਿਕ ਤੱਤਾਂ ਕਰਕੇ ਹੈ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਇਹੁ ਮਨੁ; ਪੰਚ ਤਤੁ ਤੇ ਜਨਮਾ ॥’’ (ਆਸਾ/ ਮ: ੧/ ਪੰਨਾ ੪੧੫) ਇਸ ਪੱਖੋਂ ਮਨ ਦੇ ਕਈ ਰੋਗਾਂ ’ਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪ੍ਰਮੁੱਖ ਹਨ, ‘‘ਪੰਚ ਬਿਕਾਰ ਮਨ ਮਹਿ ਬਸੇ; ਰਾਚੇ ਮਾਇਆ ਸੰਗਿ ॥’’ (ਗਉੜੀ ਥਿਤੀ/ ਮ: ੫/ ਪੰਨਾ ੨੯੭)

ਮਨ, ਵਿਕਾਰਾਂ ਨੂੰ ਆਪ ਨਹੀਂ ਭੋਗਦਾ ਬਲਕਿ ਇੰਦਰਿਆਂ ਨੂੰ ਭੋਗਣ ਲਈ ਉਕਸਾਉਂਦਾ ਹੈ। ਮਨ ਦਾ ਵਾਸ਼ਨਾ ਅਧੀਨ ਹੋਣਾ ਬੰਧਨ ਹੈ ਅਤੇ ਵਾਸ਼ਨਾ ਰਹਿਤ ਹੋਣਾ ਹੀ ਮੁਕਤੀ ਹੈ। ਗੁਰਬਾਣੀ ਵਿੱਚ ਮਨ ਮਾਰਨ ’ਤੇ ਜਾਂ ਮਨ ਨੂੰ ਵੱਸ ਕਰਨ ’ਤੇ ਬਹੁਤ ਜ਼ੋਰ ਦਿੱਤਾ ਹੈ। ਵੈਸੇ ਗੁਰੂ ਸ਼ਬਦ ਦੁਆਰਾ ਹੀ ਮਨ ਵੱਸ ਵਿੱਚ ਜਾਂ ਨਿਰਮਲ ਹੁੰਦਾ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ : ‘‘ਗੁਰ ਸਬਦੀ ਮਨੁ ਨਿਰਮਲੁ ਹੋਆ; ਚੂਕਾ ਮਨਿ (ਤੋਂ) ਅਭਿਮਾਨੁ ॥’’ (ਪ੍ਰਭਾਤੀ/ ਮ: ੩/ ਪੰਨਾ ੧੩੩੪)

ਵਿਚਾਰਾਂ ਦਾ ਸੰਗ੍ਰਹਿ ਵੀ ਮਨ ਹੀ ਹੈ। ਮਨ ਸੰਸਕ੍ਰਿਤ ਦੇ ਸ਼ਬਦ ਮਨਸ਼ ਦਾ ਪੰਜਾਬੀ ਰੂਪ ਹੈ। ਸਰੀਰਕ ਇੰਦਰਿਆਂ ਦੀਆਂ ਕ੍ਰਿਆਵਾਂ ਵਜੋਂ ‘ਮਨ’; ਸੂਖਮ ਤੌਰ ’ਤੇ ਸਰੀਰ ਅੰਦਰ ਵਿਚਰਦਾ ਹੈ। ਇਹ ਕਈ ਭਾਵਨਾਵਾਂ ਪ੍ਰਗਟਾਉਂਦਾ ਹੈ; ਜਿਵੇਂ ਕੁੱਝ ਪ੍ਰਾਪਤੀ ਦੀ ਇੱਛਾ ਪੈਦਾ ਹੋਣੀ, ਕੰਮ ਕਰਨ ਦਾ ਇਰਾਦਾ ਬਣਾਉਣਾ ਜਾਂ ਇਰਾਦਾ ਛੱਡਣਾ, ਕਿਸੇ ਕੰਮ ਕਰਨ ਸਮੇਂ ਡਰ ਪੈਦਾ ਹੋਣਾ ਜਾਂ ਕਿਸੇ ਕੰਮ ਤੋਂ ਸ਼ਰਮ ਮਹਿਸੂਸ ਹੋਣਾ ਆਦਿ। ਮਨ ਆਪਣੇ ਸਰੀਰਕ ਇੰਦਰਿਆਂ – ਕੰਨ, ਅੱਖ, ਨੱਕ, ਜ਼ਬਾਨ ਤੇ ਛੋਹ ਰਾਹੀਂ ਅਜਿਹੇ ਸਾਰੇ ਕੰਮਾਂ ਨੂੰ ਮੁਕੰਮਲ ਕਰਦਾ ਹੈ। ਮਨ ਚੇਤੰਨਤਾ ਦਾ ਕੇਂਦਰੀ ਅੰਗ ਹੈ, ਜੋ ਭੌਤਿਕ ਇੰਦਰਿਆਂ ਰਾਹੀਂ ਗਿਆਨ ਪ੍ਰਾਪਤ ਕਰ ਕਰਮ ਇੰਦਰਿਆਂ ਰਾਹੀਂ ਆਪਣੇ ਗਿਆਨ ਨੂੰ ਕਰਮ ’ਚ ਬਦਲਦਾ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਤਰਵਰੁ ਕਾਇਆ ਪੰਖਿ ਮਨੁ; ਤਰਵਰਿ ਪੰਖੀ ਪੰਚ ॥  ਤਤੁ ਚੁਗਹਿ ਮਿਲਿ ਏਕਸੇ; ਤਿਨ ਕਉ ਫਾਸ ਨ ਰੰਚ ॥’’ (ਰਾਮਕਲੀ ਓਅੰਕਾਰ/ ਮ: ੧/ ਪੰਨਾ ੯੩੪) ਭਾਵ ਮਨੁੱਖੀ ਸਰੀਰ ਇੱਕ ਦਰਖ਼ਤ ਹੈ, ਜਿਸ ਉੱਤੇ ਮਨ ਪੰਛੀ ਹੈ। ਮਨ ਪੰਛੀ ਨਾਲ ਪੰਜ ਗਿਆਨ ਇੰਦਰੇ ਵੀ ਦਰੱਖ਼ਤ ’ਤੇ ਹੀ ਹਨ। ਜਿਸ ਦਰਖ਼ਤ-ਸਰੀਰ ’ਤੇ ਬੈਠੇ ਇਹ (ਮਨ ਤੇ ਗਿਆਨ ਇੰਦਰੇ) ਮਿਲ ਕੇ ਰੱਬੀ ਨਾਮ ਰੂਪ ਚੋਗਾ (ਦਾਣੇ) ਚੁਗਦੇ ਹਨ ਉਨ੍ਹਾਂ ਨੂੰ ਰੱਤਾ ਭਰ ਵੀ (ਮਾਯਾ ਰੂਪ) ਫਾਹੀ ਨਹੀਂ ਪੈਂਦੀ।

ਸਰੀਰ ਇੱਕ ਗੱਡੀ ਦੀ ਨਿਆਈਂ ਹੈ ਤੇ ਮਨ ਇਸ ਦਾ ਚਾਲਕ ਹੈ; ਜਿਵੇਂ ਮਨ (ਚਾਲਕ) ਚਾਹੁੰਦਾ ਹੈ ਸਰੀਰ ਉਸੇ ਤਰ੍ਹਾਂ ਇੰਦਰਿਆਂ ਰਾਹੀਂ ਕਾਰਜ ਕਰਦਾ ਹੈ। ਮਨ ਬਹੁਤ ਚੰਚਲ ਹੈ। ਇਹ ਕਦੇ ਕੁੱਝ ਚਾਹੁੰਦਾ ਹੈ ਤੇ ਕਦੇ ਕੁੱਝ। ਕਦੇ ਲੱਖਾਂ ਰੁਪਏ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੰਦਾ ਹੈ ਤੇ ਕਦੇ ਇੱਕ ਰੁਪਏ ਪਿੱਛੇ ਆਪਣਾ ਇਮਾਨ (ਭਰੋਸਾ) ਗਵਾ ਲੈਂਦਾ ਹੈ। ਚੰਚਲ ਹੋਣ ਕਰਕੇ ਇਹ ਛੇਤੀ ਕੀਤਿਆਂ ਕਾਬੂ ਨਹੀਂ ਆਉਂਦਾ। ਇਹ ਇੱਛਾਵਾਂ ਤੇ ਤ੍ਰਿਸ਼ਨਾਵਾਂ ਅਧੀਨ ਵਿਚਰਦਾ ਭੁੱਲ ਜਾਂਦਾ ਹੈ ਕਿ ਇਹ ਜੋਤ ਸਰੂਪ ਵੀ ਹੈ ਤੇ ਆਪਣੇ ਮੂਲ ਪਰਮ ਤੱਤ ਨੂੰ ਨਹੀਂ ਪਛਾਣਦਾ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ਮਨ ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥ (ਆਸਾ/ ਮ: ੩/ ਪੰਨਾ ੪੪੧), ਮਨ ਦੇ ਇਸ ਚੰਚਲ ਸੁਭਾਅ ਬਾਰੇ ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ : ਕਾਂਇਆ ਨਗਰਿ ਇਕੁ ਬਾਲਕੁ ਵਸਿਆ; ਖਿਨੁ ਪਲੁ ਥਿਰੁ ਨ ਰਹਾਈ ॥ ਅਨਿਕ ਉਪਾਵ ਜਤਨ ਕਰਿ ਥਾਕੇ; ਬਾਰੰ ਬਾਰ ਭਰਮਾਈ ॥੧॥ (ਬਸੰਤੁ/ ਮ: ੪/ ਪੰਨਾ ੧੧੯੧) ਗੁਰੂ ਦੇ ਭਾਣੇ ਵਿੱਚ ਰਹਿ ਕੇ ਹੀ ਇਹ ਮਨ ਕਾਬੂ ਵਿੱਚ ਰਹਿ ਸਕਦਾ ਹੈ, ਇਸ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ : ਮੇਰੇ ਮਨ  ! ਗੁਰ ਚਰਣੀ ਚਿਤੁ ਲਾਇ ॥ (ਗਉੜੀ/ ਮ: ੩/ ਪੰਨਾ ੧੬੨)

ਮਨ ਦਾ ਸੁਭਾਅ ਹਵਾ ਵਰਗਾ ਮੰਨਿਆ ਜਾਂਦਾ ਹੈ ਜੋ ਕਦੇ ਟਿਕਦਾ ਨਹੀਂ। ਜਿਹੋ ਜਿਹੇ ਮਨ ਕੰਮ ਕਰਦਾ ਹੈ ਉਸ ਨੂੰ ਉਸੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ : ਮਨੁ ਜੋਗੀ ਮਨੁ ਭੋਗੀਆ; ਮਨੁ ਮੂਰਖੁ ਗਾਵਾਰੁ ॥  ਮਨੁ ਦਾਤਾ, ਮਨੁ ਮੰਗਤਾ; ਮਨ ਸਿਰਿ ਗੁਰੁ ਕਰਤਾਰੁ ॥ (ਪ੍ਰਭਾਤੀ/ ਮ: ੧/ ਪੰਨਾ ੧੩੩੦) ਭਾਵ ਚੰਗੇ ਕੰਮ ਕਰਨ ਵਾਲਾ ਮਨ ਜੋਗੀ ਹੈ ਤੇ ਮੰਦੇ ਕਰਮ ਕਰਨ ਵਾਲਾ ਜਾਂ ਭੋਗਾਂ ਵਿੱਚ ਖਚਿਤ ਹੋਣ ਵਾਲਾ ਭੋਗੀ, ਮੂਰਖਾਂ ਵਾਲੇ ਕੰਮ ਕਰਨ ਕਰਕੇ ਮੂਰਖ ਜਾਂ ਗਵਾਰ ਹੈ। ਦਾਨ ਕਰਨ ਵਾਲਾ ਮਨ ਦਾਤਾ ਹੈ ਤੇ ਮੰਗ ਕੇ ਖਾਣ ਵਾਲਾ ਮੰਗਤਾ ਹੈ। ਤਾਂ ਤੇ ਮਨ ਨੂੰ ਸ਼ੁੱਧ ਰੱਖਣ ਦੀ ਲੋੜ ਹੈ ਤੇ ਇਹ ਸ਼ੁੱਧਤਾ ਕੇਵਲ ਗੁਰੂ ਦੇ ਹੁਕਮ ਮੰਨਣ ਨਾਲ ਹੋਣੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ਮਨ ਮੇਰੇ ! ਗੁਰ ਕੀ ਮੰਨਿ ਲੈ ਰਜਾਇ ॥  ਮਨੁ ਤਨੁ ਸੀਤਲੁ ਸਭੁ ਥੀਐ; ਨਾਮੁ ਵਸੈ ਮਨਿ ਆਇ ॥੧॥ ਰਹਾਉ ॥ (ਸਿਰੀ ਰਾਗੁ/ ਮ: ੩/ ਪੰਨਾ ੩੭)

ਜਦੋਂ ਇਹ ਮਨ; ਗੁਰੂ ਦਾ ਹੁਕਮ ਮੰਨ ਲੈਂਦਾ ਹੈ ਤਾਂ ਇਹ ਜੀਵਾਤਮਾ ਰੂਪ ਹੋ ਕੇ ਟਿਕ ਜਾਂਦਾ ਹੈ। ਪਹਿਲਾਂ ਮਨ ਮਾਇਕ ਪਦਾਰਥਾਂ ਵਿੱਚ ਖਚਿਤ ਹੋਇਆ ਪਿਆ ਸੀ, ਪਰ ਗੁਰੂ ਹੁਕਮ ਮੰਨਣ ਨਾਲ ਪਰਮਾਤਮਾ ਦਾ ਰੂਪ ਜੀਵਾਤਮਾ ਹੋ ਗਿਆ ਹੈ। ਸੋ ਮਨ ਹੀ ਸਾਨੂੰ ਸੁਖੀ ਰੱਖਦਾ ਹੈ ਤੇ ਮਨ ਹੀ ਦੁਖੀ। ਆਵਾਗਮਨ ਦਾ ਮਾਰਗ ਮਨ ਹੀ ਨਿਸ਼ਚਿਤ ਕਰਦਾ ਹੈ। ਜਦੋਂ ਮਨ ਚੰਚਲਤਾਈ ਵਿੱਚ ਹੁੰਦਾ ਹੈ ਤਾਂ ਸਰੀਰ ਭਟਕਦਾ ਹੈ ਤੇ ਜਦੋਂ ਗੁਰੂ ਸਬਦ ਨਾਲ ਸਥਿਰ ਹੋ ਜਾਂਦਾ ਹੈ ਤਾਂ ਇਹ ਆਪਣੇ ਅਸਲੇ ਜੀਵਾਤਮਾ ਨੂੰ ਪਛਾਣ ਲੈਂਦਾ ਹੈ ਕਿ ਉਹ ਜੋਤ ਸਰੂਪ ਹੈ, ਇਹੀ ਮਨ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣ ਨਾਲ ਸਾਰੇ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ।  ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ : ਮਨਿ ਜੀਤੈ ਜਗੁ ਜੀਤੁ ॥ (ਮ: ੧/ ਪੰਨਾ ੬) ਭਗਤ ਕਬੀਰ ਜੀ ਜ਼ਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ : ਮਮਾ ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ ॥  ਮਨ ਹੀ ਮਨ ਸਿਉ ਕਹੈ ਕਬੀਰਾ !  ਮਨ ਸਾ ਮਿਲਿਆ ਨ ਕੋਇ ॥੩੨॥  (ਗਉੜੀ ਬਾਵਨ ਅਖਰੀ/ ਭਗਤ ਕਬੀਰ/ ਪੰਨਾ ੩੪੨)

ਮਨ ਇੱਕ ਗੁੰਝਲਦਾਰ ਬੁਝਾਰਤ ਵੀ ਹੈ ਜਿਸ ਨੂੰ ਬੁੱਝਣ ਦੇ ਯਤਨ, ਆਦਿ ਕਾਲ ਤੋਂ ਹੁੰਦੇ ਆਏ ਹਨ ਪਰ ਇਹ ਅੜਾਉਣੀ (ਪਹੇਲੀ) ਸ਼ਾਇਦ ਕਦੀ ਵੀ ਪੂਰੀ ਤਰ੍ਹਾਂ ਸੁਲਝ ਨਾ ਸਕੀ। ਇਹ ਜੀਵਨ ਦੇ ਉਚੇਚੇ ਤੰਤੂ ਪ੍ਰਬੰਧ ਦੀ ਵਿਸ਼ੇਸ਼ ਕਾਰਵਾਈ ਹੈ। ਇਸ ਕਾਰਵਾਈ ਦੇ ਤਿੰਨ ਪਹਿਲੂ ਹਨ ‘ਬੋਧਕਾਰੀ, ਭਾਵਨਾ ਕਾਰੀ ਅਤੇ ਇੱਛਾਕਾਰੀ’। ਇਨ੍ਹਾਂ ਤਿੰਨਾ ਦੇ ਸੁਮੇਲ ਤੋਂ ਹੀ ਮਾਨਸਿਕ ਕਿਰਿਆ ਮੁਕੰਮਲ ਹੁੰਦੀ ਹੈ। ਇਨ੍ਹਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ ਪਰ ਹਰ ਮਾਨਸਿਕ ਕਿਰਿਆ ਵਿੱਚ ਇਨ੍ਹਾਂ ਤਿੰਨਾ ਅੰਸ਼ਾਂ ਵਿੱਚੋਂ ਕੋਈ ਇੱਕ ਅੰਸ਼ ਦੂਜਿਆ ਨਾਲੋਂ ਵਧੇਰੇ ਪ੍ਰਬਲ ਹੁੰਦਾ ਰਹਿੰਦਾ ਹੈ।

ਆਧੁਨਿਕ ਖੋਜ ਨੇ ਮਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਸੁਚੇਤ ਮਨ ਤੇ ਅਚੇਤ ਮਨ। ਮਨੁੱਖ ਦੀ ਜੀਵਨ ਦੌੜ ਕੇਵਲ ਸੁਚੇਤ ਮਨ ਦੇ ਆਸਰੇ ਨਹੀਂ ਚੱਲਦੀ। ਰੋਜ਼ ਦੇ ਕੀਤੇ ਹੋਏ ਕੰਮ ਸੁਚੇਤ ਮਨ ਦੇ ਚੇਤੇ ਨਹੀਂ ਰਹਿੰਦੇ, ਉਹ ਹਮੇਸ਼ਾਂ ਲਈ ਮਿਟ ਜਾਂਦੇ ਜੇਕਰ ਅਚੇਤ ਮਨ ਵਿੱਚ ਇਕੱਠੇ ਨਾ ਹੁੰਦੇ। ਸੁਚੇਤ ਮਨ ਦਾ ਸਟੋਰ ਹੀ ਅਚੇਤ ਮਨ ਹੈ। ਰਾਤ ਨੂੰ ਸੁਚੇਤ ਮਨ ਸੌਂ ਜਾਂਦਾ ਹੈ ਪਰ ਅਚੇਤ ਮਨ ਨਹੀਂ, ਇਸ ਦੀ ਹਲਚਲ ਵਿੱਚੋਂ ਹੀ ਸੁਫ਼ਨੇ ਆਉਂਦੇ ਹਨ।

ਸਰੀਰ ਅਤੇ ਮਨ ਦਾ ਆਪਸ ਵਿੱਚ ਡੂੰਘਾ ਸੰਬੰਧ ਹੁੰਦਾ ਹੈ। ਜੇਕਰ ਸਰੀਰ ਕਿਸੇ ਕਾਰਨ ਰੋਗ ਗ੍ਰਸਤ ਹੋ ਜਾਵੇ ਤਾਂ ਸਰੀਰਕ ਕਸ਼ਟ ਕਾਰਨ ਮਨ ਵੀ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ ਤੇ ਉਦਾਸ ਅਵਸਥਾ ਆ ਘੇਰਦੀ ਹੈ। ਕੋਈ ਮਾਇਕ ਨੁਕਸਾਨ ਹੋ ਜਾਵੇ ਜਾਂ ਕੋਈ ਬੁਰੀ ਖ਼ਬਰ ਕਿਸੇ ਮਿੱਤਰ ਪਿਆਰੇ ਜਾਂ ਸੰਬੰਧੀ ਬਾਰੇ ਸੁਣਨ ’ਤੇ ਮਨ ਉਦਾਸ ਹੋ ਜਾਂਦਾ ਹੈ ਤੇ ਸਰੀਰ ਵੀ ਨਿਢਾਲ ਹੋ ਜਾਂਦਾ ਹੈ। ਸੌਣ ਅਤੇ ਜਾਗਣ ਵੇਲੇ ਕੁਝ ਸਮਾਂ ਸੁਚੇਤ ਮਨ ਆਲਸ ਅਵਸਥਾ ਵਿੱਚ ਰਹਿੰਦਾ ਹੈ। ਇਸ ਦੀ ਦੌੜ-ਭੱਜ ਢਿੱਲੀ ਪਈ ਰਹਿੰਦੀ ਹੈ। ਇਸ ਸਮੇਂ ਅਚੇਤ ਮਨ ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਢਿੱਲੇ ਪਏ ਸੁਚੇਤ ਮਨ ਨੂੰ ਚੁਸਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹੀ ਕਾਰਨ ਹੈ ਕਿ ਸੁਬ੍ਹਾ-ਸ਼ਾਮ ਦੀ ਸੰਭਾਲ਼ ਸਿੱਖ ਧਰਮ ਦਾ ਇੱਕ ਜ਼ਰੂਰੀ ਅੰਗ ਹੈ। ਸੌਣ ਵੇਲੇ ‘ਸੋਹਿਲਾ’ ਬਾਣੀ ਦਾ ਪਾਠ ਤੇ ਉੱਠਣ ਸਮੇਂ ਅੰਮ੍ਰਿਤ ਵੇਲੇ ਸਿਮਰਨ ਤੇ ਨਿਤਨੇਮ ਕਰਨ ਦਾ ਵਿਧਾਨ ਹੈ। ਅੰਮ੍ਰਿਤ ਵੇਲੇ ਦੀ ਮਹੱਤਤਾ ਬਾਬਤ ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ : ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥ (ਜਪੁ)

ਭਾਈ ਨੰਦ ਲਾਲ ਜੀ ਆਪਣੀ ਇੱਕ ਗਜ਼ਲ ਵਿੱਚ ਬਿਆਨ ਕਰਦੇ ਹਨ ਕਿ ਰੱਬੀ ਰਾਹ ਦੇ ਇਸ਼ਕ ’ਤੇ ਤੁਰਨ ਵਾਲਿਆਂ ਲਈ ਅੰਮ੍ਰਿਤ ਵੇਲੇ ਜਾਗਣਾ ਜ਼ਿੰਦਗੀ ਹੈ। ਮੈਂ ਵੀ ਅੱਜ ਤੋਂ ਅੰਮ੍ਰਿਤ ਵੇਲੇ ਸੁੱਤੇ ਰਹਿਣ ਨੂੰ ਹਰਾਮ ਸਮਝ ਲਿਆ ਹੈ, ‘ਬੇਦਾਰੀ ਅਸਤ ਜ਼ਿੰਦਗੀਏ ਆਰਫ਼ਿਨ ਸ਼ੌਂਕ॥ ਗੋਇਆ ਹਰਾਮ ਕਰਦਮ ਅਜ ਆਇੰਦਾ ਖ਼ਾਬਿ ਸੁਬਹ॥’

ਕੁਦਰਤ ’ਚ ਲਗਾਤਾਰ ਹੋ ਰਹੇ ਰੱਬੀ ਨਾਦ ਨੂੰ ਸੁਣਨ ਨਾਲ ਸੁਚੇਤ ਮਨ ਆਪਣੀ ਭੱਜ-ਦੌੜ ਵੱਲੋਂ ਲਾਚਾਰ ਹੋ ਜਾਂਦਾ ਹੈ। ਨਾਦ-ਰਾਗ ਵਿੱਚ ਇਹ ਵਡਿਆਈ ਹੈ ਕਿ ਇਹ ਮਨ ਨੂੰ ਸਰੂਰ ਵਿੱਚ ਲਿਆ ਕੇ ਇਸ ਨੂੰ ਮਸਤ ਜਿਹਾ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਬੱਚਾ ਰੋਂਦਾ ਹੋਵੇ ਤੇ ਨਾ ਸੌਂਵੇ ਤਾਂ ਮਾਂ ਲੋਰੀਆਂ ਦਿੰਦੀ ਹੈ। ਜਿਸ ਨੂੰ ਸੁਣ ਕੇ ਬੱਚਾ ਸਹਿਜੇ ਹੀ ਸੌਂ ਜਾਂਦਾ ਹੈ। ਚੱਲਦੀ ਗੱਡੀ ਦੇ ਖੜਾਕ ਨਾਲ ਸਹਿਜੇ ਹੀ ਨੀਂਦ ਆ ਜਾਂਦੀ ਹੈ। ਕਿਸੇ ਨਦੀ ਦਰਿਆ ਦੇ ਕੰਢੇ ’ਤੇ ਲੇਟਣ ਨਾਲ ਪਾਣੀ ਦੀ ਅਵਾਜ਼ ਸੁਣ ਕੇ ਛੇਤੀ ਨੀਂਦ ਝੱਪਕਾ ਮਾਰਦੀ ਹੈ।

ਸੋ ਮਨੁੱਖ ਕੇਵਲ ਸੁਚੇਤ ਮਨ ਦੀ ਪ੍ਰੇਰਣਾ ਨਾਲ ਹੀ ਨਹੀਂ ਦੌੜਿਆ ਫਿਰਦਾ ਇਸ ਦੇ ਜੀਵਨ ਨੂੰ ਢਾਲਣ ਵਿੱਚ ਅਚੇਤ ਮਨ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਜਨਮ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸੰਸਕਾਰ ਇਸ ਵਿੱਚ ਜਮ੍ਹਾ ਹਨ। ਇੱਕ ਤਰ੍ਹਾਂ ਨਾਲ ਅਚੇਤ ਮਨ ਮਨੁੱਖਾ ਜੀਵਨ ਦਾ ਬਿਜਲੀ ਘਰ ਹੈ, ਜਿਸ ਵਿੱਚੋਂ ਨਿਕਲੀ ਰੌਸ਼ਨੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਬਣਦੀ ਹੈ। ਜ਼ਿੰਦਗੀ ਨੂੰ ਸੁਰਜੀਤ ਰੱਖਣ ਵਾਸਤੇ ਸਰੀਰ ਦੇ ਸਾਰੇ ਅੰਗ, ਜੋ ਕੰਮ ਕਰਦੇ ਹਨ, ਉਨ੍ਹਾਂ ਦੀ ਦੇਖਭਾਲ ਅਤੇ ਅਰੋਗਤਾ ਦਾ ਧਿਆਨ ਵੀ ਅਚੇਤ ਮਨ ਰੱਖਦਾ ਹੈ। ਸਰੀਰਕ ਅੰਗਾਂ ਦੀਆਂ ਸਾਰੀਆਂ ਗੁੰਝਲਾਂ ਦੀ ਨਿਗਰਾਨੀ ਅਚੇਤ ਮਨ ਕਰਦਾ ਹੈ। ਜੇ ਇਹ ਕਹੀਏ ਕਿ ਅਚੇਤ ਮਨ ਕਦੇ ਸੌਂਦਾ ਨਹੀਂ ਤਾਂ ਕੋਈ ਅਤਿ ਕਥਨੀ ਨਹੀਂ ਸਗੋਂ ਜਦੋਂ ਸੁਚੇਤ ਮਨ ਅਰਾਮ ਕਰਦਾ ਹੈ ਤਾਂ ਅਚੇਤ ਮਨ ਹੋਰ ਵੀ ਤਕੜਾ ਹੋ ਜਾਂਦਾ ਹੈ। ਸੁਚੇਤ ਮਨ ਵੀ ਇੱਕ ਵਡਮੁੱਲੀ ਮਸ਼ੀਨ ਦੀ ਨਿਆਈਂ ਹੈ ਤੇ ਮਨੁੱਖ ਦੀ ਵਿਚਾਰ ਸਤਾ ਦਾ ਸੋਮਾ ਹੈ।

ਸਾਡੇ ਰੋਜ਼ਾਨਾ ਜੀਵਨ ਵਿੱਚ ਕਿਸੇ ਖਿਆਲ ਦਾ ਸੁਚੇਤ ਮਨ ਵਿੱਚੋਂ ਲੰਘ ਕੇ ਅਚੇਤ ਮਨ ਦੀਆਂ ਡੂਘੀਆਂ ਤਹਿਆਂ ਵਿੱਚ ਜਾਣ ਨੂੰ ਸਵੈ ਪ੍ਰੇਰਣਾ ਕਿਹਾ ਜਾਂਦਾ ਹੈ। ਇਹ ਸਵੈ ਪ੍ਰੇਰਣਾ ਸਾਡੇ ਜੀਵਨ ਵਿੱਚ ਹਰ ਵੇਲੇ ਹੋ ਰਹੀ ਹੁੰਦੀ ਹੈ। ਸਟੇਜ ’ਤੇ ਪਹਿਲੀ ਵਾਰ ਬੋਲਣ ਵਾਲੇ ਵਿਅਕਤੀ ਦੇ ਅਚੇਤ ਮਨ ਵਿੱਚ ਇਹ ਗੱਲ ਕਈ ਵਾਰ ਘਰ ਕਰ ਚੁੱਕੀ ਹੁੰਦੀ ਹੈ ਕਿ ਸਟੇਜ ’ਤੇ ਬੋਲਣਾ ਬਹੁਤ ਔਖਾ ਹੈ। ਜ਼ਬਾਨ ਥਿੜਕ ਸਕਦੀ ਹੈ ਤੇ ਲੱਤਾਂ ਕੰਬਦੀਆਂ ਹਨ। ਇਨ੍ਹਾਂ ਵਿਚਾਰਾਂ ਨਾਲ ਜਦੋਂ ਉਹ ਸਟੇਜ ’ਤੇ ਆ ਜਾਂਦਾ ਹੈ ਤਾਂ ਸਾਰਾ ਗਿਆਨ ਹੁੰਦਿਆਂ ਹੋਇਆਂ ਵੀ ਉਹ ਬੋਲ ਨਹੀਂ ਸਕਦਾ ਤੇ ਸਟੇਜ ਤੋਂ ਥੱਲੇ ਆ ਜਾਂਦਾ ਹੈ ਕਿਉਂਕਿ ਅਚੇਤ ਮਨ ਦੇ ਵਿਚਾਰਾਂ ਨੇ ਉਸ ਨੂੰ ਘੇਰਾ ਪਾ ਰੱਖਿਆ ਸੀ।

ਵਿਉਤਪਤੀ ਦੇ ਦ੍ਰਿਸ਼ਟੀਕੋਨ ਤੋਂ ਮਨ ਦੇ ਅਰਥ ਹਨ ‘ਜਿਸ ਦੁਆਰਾ ਕਾਰਜ ਪੂਰਾ ਹੋਵੇ’। ਮਨ ਵਿੱਚ ਉਹ ਸ਼ਕਤੀ ਹੈ ਜਿਸ ਨਾਲ ਮਨੁੱਖ ਨੂੰ ਦੁੱਖ ਸੁੱਖ, ਸੰਕਲਪ ਵਿਕਲਪ, ਇੱਛਾ ਦ੍ਵੈਸ਼, ਬੌਧਿਕ ਤੇ ਵਿਚਾਰਾਂ ਦਾ ਅਨੁਭਵ ਹੁੰਦਾ ਹੈ। ਮਨ ਨੂੰ ਇੰਦਰਿਆਂ ਦੀ ਲਗਾਮ ਵੀ ਕਿਹਾ ਜਾ ਸਕਦਾ ਹੈ ਪਰ ਮਨ ਨੂੰ ਵਸ ਵਿੱਚ ਕੇਵਲ ਗੁਰੂ ਦਾ ਸ਼ਬਦ ਹੀ ਕਰਾ ਸਕਦਾ ਹੈ, ਜਿਹੜਾ ਮਨੁੱਖ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਜੀਵਨ ਵਿੱਚ ਉਹੀ ਮਨੁੱਖ ਸਫਲਤਾ ਹਾਸਲ ਕਰਦਾ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ਮਨੁ ਬੇਚੈ ਸਤਿਗੁਰ ਕੈ ਪਾਸਿ ॥  ਤਿਸੁ ਸੇਵਕ ਕੇ ਕਾਰਜ ਰਾਸਿ ॥ (ਗਉੜੀ ਸੁਖਮਨੀ/ ਮ: ੫/ ਪੰਨਾ ੨੮੭)

ਆਰਥਿਕ ਬਦਹਾਲੀ, ਨਸ਼ੇ ਤੇ ਬੇਰੁਜ਼ਗਾਰ ਪੰਜਾਬ ਨੂੰ ਬਚਾਉਣ ਲਈ ਸੁਹਿਰਦ ਨੇਤਾਵਾਂ ਦੀ ਅਹਿਮ ਭੂਮਿਕਾ

0

ਆਰਥਿਕ ਬਦਹਾਲੀ, ਨਸ਼ੇ ਤੇ ਬੇਰੁਜ਼ਗਾਰ ਪੰਜਾਬ ਨੂੰ ਬਚਾਉਣ ਲਈ ਸੁਹਿਰਦ ਨੇਤਾਵਾਂ ਦੀ ਅਹਿਮ ਭੂਮਿਕਾ

ਕਿਰਪਾਲ ਸਿੰਘ ਬਠਿੰਡਾ 88378-13661

ਹਰ ਮਨੁੱਖ ਲਈ ਚੰਗੀ ਸਿਹਤ ਸਭ ਤੋਂ ਅਹਿਮ ਲੋੜ ਹੈ ਕਿਉਂਕਿ ਇੱਕ ਸਿਹਤਮੰਦ ਵਿਅਕਤੀ ਹੀ ਆਪਣੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਚੰਗੀਆਂ ਸੇਵਾਵਾਂ ਨਿਭਾ ਸਕਦਾ ਹੈ ਜਦੋਂ ਕਿ ਇੱਕ ਕਮਜੋਰ ਤੇ ਬੀਮਾਰ ਆਦਮੀ ਦੂਸਰਿਆਂ ’ਤੇ ਭਾਰ ਬਣਿਆ ਰਹਿੰਦਾ ਹੈ। ਦੂਸਰੇ ਨੰਬਰ ’ਤੇ ਹਰ ਮਨੁੱਖ ਦਾ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਵਿੱਦਿਆ ਰੁਜ਼ਗਾਰ ਦੇ ਚੰਗੇ ਸਾਧਨ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਣ ਤੋਂ ਇਲਾਵਾ ਰਾਜਨੀਤਕ ਚੇਤਨਤਾ ਅਤੇ ਆਪਣੇ ਅਧਿਕਾਰਾਂ ਤੇ ਫਰਜ਼ਾਂ ਪ੍ਰਤੀ ਵੀ ਜਾਗਰੂਕਤਾ ਪੈਦਾ ਕਰਦੀ ਹੈ। ਕੇਵਲ ਸਿਹਤ ਅਤੇ ਸਿੱਖਿਆ ਹੀ ਆਪਣੀ ਨਿੱਜੀ ਤੇ ਦੇਸ਼ ਦੀ ਤਰੱਕੀ ਅਤੇ ਸਭਿਅਕ ਸਮਾਜ ਦੀ ਸਿਰਜਣਾ ਲਈ ਕਾਫ਼ੀ ਨਹੀਂ ਹੁੰਦੇ ਬਲਕਿ ਇਨ੍ਹਾਂ ਤੋਂ ਇਲਾਵਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲਾ ਸਦਾਚਾਰੀ ਧਰਮ ਵੀ ਜ਼ਰੂਰੀ ਹੈ। ਆਮ ਤੌਰ ’ਤੇ ਧਰਮ ਦੇ ਅਰਥ ਕਿਸੇ ਖਾਸ ਧਰਮ ਦਾ ਧਾਰਮਿਕ ਲਿਬਾਸ ਧਾਰਨ ਕਰਨਾ ਜਾਂ ਲੋੜ ਪੈਣ ’ਤੇ ਸਮੇਂ-ਸਮੇਂ ਸਿਰ ਆਪਣੇ ਪਰਿਵਾਰਿਕ ਸੰਸਕਾਰ ਉਸ ਧਰਮ ਵਿਸ਼ੇਸ਼ ਦੀ ਮਰਿਆਦਾ ਅਨੁਸਾਰ ਨਿਭਾਉਣੇ ਤੇ ਹੋਰ ਮਿਥੇ ਹੋਏ ਧਾਰਮਿਕ ਕਰਮਕਾਂਡ ਕਰਨਾ ਹੀ ਧਰਮ ਸਮਝ ਲਿਆ ਜਾਂਦਾ ਹੈ ਪਰ ਅਸਲ ਵਿੱਚ ਧਰਮ ਦਾ ਅਰਥ ਹੈ ਮਨੁੱਖ ਦੀ ਜੀਵਨ ਜਾਂਚ, ਜੋ ਦੂਸਰਿਆਂ ਲਈ ਮਿਸਾਲ ਬਣੇ, ਨਾ ਕਿ ਪਰਾਇਆ ਹੱਕ ਖਾਣ ਤੱਕ ਸੀਮਤ ਰਹੇ: ‘‘ਹਕੁ ਪਰਾਇਆ ਨਾਨਕਾ, ਉਸੁ ਸੂਅਰ, ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ ॥ ਗਲੀ, ਭਿਸਤਿ ਨ ਜਾਈਐ; ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲੁ ਨ ਜਾਇ ॥ ਨਾਨਕ ! ਗਲੀ ਕੂੜੀਈ, ਕੂੜੋ ਪਲੈ ਪਾਇ ॥’’ (ਪੰਨਾ 141), ਉੱਚਾ-ਸੁੱਚਾ ਆਚਰਨ ਹੋਵੇ: ‘‘ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥’’ (ਪੰਨਾ 274), ਮਿਹਨਤੀ ਸੁਭਾਉ ਹੋਵੇ: ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (522) ਅਤੇ ਸਭ ਪ੍ਰਾਣੀਆਂ ਵਿੱਚ ਇੱਕੋ ਪ੍ਰਮਾਤਮਾ ਦੀ ਜੋਤ ਸਮਝ ਕੇ ਧਰਮ/ਜਾਤੀ/ਲਿੰਗ ਆਧਾਰਤ ਵਿਤਕਰੇ ਤੋਂ ਉੱਪਰ ਉੱਠ ਕੇ ਹਰ ਕਮਜੋਰ ਅਤੇ ਪੀੜਤ ਵਿਅਕਤੀ ਦੀ ਮੱਦਦ ਕੀਤੀ ਜਾਵੇ: ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ॥ (349), ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥  ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ  ?॥’’ (1350) ਅਤੇ ਜਰਵਾਣੇ ਨਾਲ ਲੋਹਾ ਲੈਣ ਦੀ ਸਮਰੱਥਾ ਤੇ ਜਜ਼ਬਾ ਰੱਖਿਆ ਜਾਵੇ: ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ॥ ਕਹੁ ਨਾਨਕ, ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (1427) ਆਦਿਕ ਸਦਾਚਾਰੀ ਗੁਣ ਸਿੱਖਣਾ ਧਰਮ ਹੈ। ਜਦ ਦੇਸ਼ ਦੇ ਸਭ ਸ਼ਹਿਰੀ ਅਜਿਹੀ ਸਿੱਖਿਆ ਦੇਣ ਵਾਲੇ ਧਰਮ ਅਪਨਾਉਣਗੇ ਤਾਂ ਜਿੱਥੇ ਉਹ ਖ਼ੁਦ ਸੁਖੀ ਜੀਵਨ ਬਤੀਤ ਕਰਨਯੋਗ ਹੋ ਜਾਣਗੇ ਉੱਥੇ ਸਾਰਿਆਂ ਦੇ ਸਾਂਝੇ ਉੱਦਮ ਅਤੇ ਆਪਸੀ ਸਹਿਯੋਗ ਨਾਲ ਦੇਸ਼ ਤਰੱਕੀ ਕਰੇਗਾ ਅਤੇ ਸ਼ਾਂਤੀ ਬਣੀ ਰਹੇਗੀ ਜਦੋਂ ਕਿ ਗੁਣਾਂ ਤੋਂ ਸੱਖਣਾ ਅੰਧਵਿਸ਼ਵਾਸ਼ੀ ਕੱਟਰਤਾ ਵਾਲਾ ਧਰਮ ਹਮੇਸ਼ਾਂ ਫਿਰਕੂ ਤਣਾਅ ਤੇ ਅਸ਼ਾਂਤੀ ਵਾਲਾ ਮਹੌਲ ਪੈਦਾ ਕਰਦਾ ਰਹਿੰਦਾ ਹੈ, ਜੋ ਮਨੁੱਖ ਦੀ ਨਿੱਜੀ ਅਤੇ ਸਮੁੱਚੇ ਦੇਸ਼ ਦੀ ਤਰੱਕੀ ਅਤੇ ਅਜਾਦੀ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ।

ਧਰਮ ਹਰ ਵਿਅਕਤੀ ਦੀ ਆਪਣੀ ਨਿੱਜੀ ਚੋਣ ’ਤੇ ਨਿਰਭਰ ਹੈ ਜਦੋਂ ਕਿ ਕਿਸੇ ਦੇਸ਼ ਦੀ ਤਰੱਕੀ ਵਿੱਚ ਇਸ ਦੇ ਨਾਗਰਿਕਾਂ ਦੀ ਮਿਆਰੀ ਵਿੱਦਿਆ ਅਤੇ ਤੰਦਰੁਸਤ ਸਿਹਤ ਦਾ ਅਹਿਮ ਸਥਾਨ ਹੋਣ ਕਰਕੇ ਹਰ ਲੋਕ ਹਿਤੂ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹਰ ਨਾਗਰਿਕ ਨੂੰ ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਲਈ ਵਚਨਬੱਧ ਹੋਵੇ ਪਰ ਕਿਸੇ ਦੇ ਧਰਮ ਵਿੱਚ ਦਖ਼ਲ ਅੰਦਾਜ਼ੀ ਨਾ ਕਰੇ। ਸਮੁੱਚੇ ਭਾਰਤ ਸਮੇਤ ਪੰਜਾਬ ਵਿੱਚ ਵੀ ਸਰਕਾਰ ਨੇ ਵਿੱਦਿਆ ਅਤੇ ਸਿਹਤ ਦੋਵੇਂ ਅਹਿਮ ਵਿਭਾਗਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਰੱਖਿਆ ਹੈ ਅਤੇ ਇਨ੍ਹਾਂ ਦਾ ਮਿਆਰ ਡਿੱਗ ਚੁੱਕਾ ਹੈ। ਸਿੱਖਿਆ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਦੀ ਗੁਲਾਮੀ ਸਮੇਂ ਦੇ ਸਰਕਾਰੀ ਸਕੂਲਾਂ ਵਿੱਚ ਤਪੜਾਂ ’ਤੇ ਬੈਠ ਕੇ ਅਤੇ ਧਰਤੀ ’ਤੇ ਰੀਠਿਆਂ ਦੀਆਂ ਕਲਮਾਂ ਨਾਲ ਲਿਖ ਕੇ ਪੜ੍ਹੇ ਡਾ: ਮਨਮੋਹਨ ਸਿੰਘ ਅਤੇ ਡਾ: ਸਰਦਾਰਾ ਸਿੰਘ ਜੌਹਲ ਵਰਗੇ ਅਨੇਕਾਂ ਹੋਰਨਾਂ ਦੀ ਮਿਸਾਲ ਸਾਡੇ ਸਾਹਮਣੇ ਹੈ, ਜੋ ਅੰਤਰਾਸ਼ਟਰੀ ਪੱਧਰ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ, ਖੇਤੀ ਵਿਗਿਆਨੀ ਤੇ ਹੋਰ ਉੱਚ ਮੁਕਾਮਾਂ ’ਤੇ ਪਹੁੰਚੇ ਹਨ ਪਰ ਅੱਜ ਕੱਲ੍ਹ ਦੇ ਅਜਾਦ ਭਾਰਤ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਿਆ ਵਿਅਕਤੀ ਸ਼ਾਇਦ ਹੀ ਕੋਈ ਕਲਰਕ ਜਾਂ ਪਟਵਾਰੀ ਦੀ ਨੌਕਰੀ ਹਾਸਲ ਕਰਨ ਦੇ ਯੋਗ ਹੋਵੇ। ਵਿੱਦਿਆ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਪੱਖੋਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਣ ਸਦਕਾ ਉਨ੍ਹਾਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਵੱਲ ਵਧ ਰਿਹਾ ਹੈ। ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਦੇ ਖਰਚੇ ਜਨ ਸਧਾਰਨ ਵਿਅਕਤੀ ਦੀ ਪਹੁੰਚ ਤੋਂ ਬਾਹਰ ਹਨ। ਇਹੋ ਕਾਰਨ ਹੈ ਕਿ 73 ਸਾਲਾਂ ਦੀ ਅਜਾਦੀ ਤੋਂ ਬਾਅਦ ਵੀ ਅੱਜ ਭਾਰਤ ਵਿੱਚ ਅਮੀਰਾਂ ਅਤੇ ਗਰੀਬਾਂ ਦੀ ਆਮਦਨ ਵਿੱਚ ਪਾੜਾ ਦਿਨੋ ਦਿਨ ਵਧ ਰਿਹਾ ਹੈ।

ਇੱਥੋਂ ਦੇ ਲੁਟੇਰੇ ਕਿਸਮ ਦੇ ਸਿਆਸਤਦਾਨਾਂ ਲਈ ਵੱਡੀ ਗਿਣਤੀ ਵਿੱਚ ਲੋਕਾਂ ਦਾ ਅਨਪੜ੍ਹ ਤੇ ਗਰੀਬ ਹੋਣਾ ਵਰਦਾਨ ਹੈ ਕਿਉਂਕਿ ਇੱਕ ਤਾਂ ਰੋਟੀ, ਕੱਪੜੇ ਤੇ ਮਕਾਨ ਤੋਂ ਦੂਰ ਹੋਣ ਕਰਕੇ ਚੋਣਾਂ ਦੌਰਾਨ ਇਹ ਆਪਣੀ ਜ਼ਮੀਰ ਵੇਚਣ ਭਾਵ ਵੋਟ ਵੇਚਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਦੂਸਰਾ ਅਨਪੜ੍ਹ ਹੋਣ ਕਰਕੇ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਤੋਂ ਅਣਜਾਣ ਹੋਣ ਤੋਂ ਇਲਾਵਾ ਇਨ੍ਹਾਂ ਨੂੰ ਧਰਮ ਦਾ ਅਸਲੀ ਗਿਆਨ ਤਾਂ ਹੁੰਦਾ ਨਹੀਂ ਪਰ ਧਰਮ ਵਿੱਚ ਆਸਥਾ ਹੋਣ ਕਾਰਨ ਇਨ੍ਹਾਂ ਨੂੰ ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਵੱਲ ਪ੍ਰੇਰਿਤ ਕਰਨਾ ਬਹੁਤਾ ਆਸਾਨ ਹੁੰਦਾ ਹੈ ਜੋ ਕਿ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਨੂੰ ਫਿੱਟ ਬੈਠਦਾ ਹੈ; ਜਿਵੇਂ ਕਿ ਜੂਨ 1984 ’ਚ ਇੰਦਰਾ ਗਾਂਧੀ ਦੀ ਕੇਂਦਰੀ ਸਰਕਾਰ ਨੇ ਸਿੱਖਾਂ ਦੇ ਜਾਨ ਤੋਂ ਪਿਆਰੇ ਸਥਾਨ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਸੈਂਕੜੇ ਸਿੱਖ ਸ਼ਹੀਦ ਕਰ ਦਿੱਤੇ ਗਏ। ਇਸ ਦੇ ਪ੍ਰਤੀਕਰਮ ਵਜੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਦਿੱਲੀ ਸਮੇਤ ਕਾਂਗਰਸੀ ਸਰਕਾਰਾਂ ਵਾਲੇ ਬਾਹਰਲੇ ਸੂਬਿਆਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਸਰਕਾਰੀ ਸ਼ਹਿ ’ਤੇ ਭੀੜਾਂ ਵੱਲੋਂ ਬੇਰਹਿਮੀ ਨਾਲ ਕਤਲ ਹੋਇਆ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਸਿੱਖਾਂ ਨੂੰ ਦੇਸ਼ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਅਤੇ ਇੰਦਰਾ ਗਾਂਧੀ ਨੂੰ ਦੇਸ਼ ਦੀ ਅਖੰਡਤਾ ਤੇ ਹਿੰਦੂਆਂ ਦੀ ਸੁਰੱਖਿਆ ਲਈ ਸ਼ਹੀਦ ਹੋਈ ਪ੍ਰਚਾਰਿਆ ਗਿਆ, ਜਿਸ ਦੇ ਸਿੱਟੇ ਵਜੋਂ ਇੰਦਰਾ ਦੇ ਪੁੱਤਰ ਰਜੀਵ ਗਾਂਧੀ ਦੀ ਅਗਵਾਈ ਹੇਠ 1985 ਦੇ ਸ਼ੁਰੂ ਵਿੱਚ ਹੋਈਆਂ ਚੋਣਾਂ ਵਿੱਚ ਐਨਾ ਭਾਰੀ ਬਹੁਮਤ ਮਿਲਿਆ, ਜਿੰਨਾ ਕਿ ਕਦੇ ਨਹਿਰੂ ਜਾਂ ਇੰਦਰਾ ਗਾਂਧੀ ਨੂੰ ਵੀ ਨਹੀਂ ਸੀ ਮਿਲਿਆ।

ਜਨਸੰਘ ਜਿਹੜੀ ਕਿ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਬਣੀ, ਉਸ ਦੀ ਤਾਂ ਨੀਤੀ ਹੀ ਹਿੰਦੂ ਮੁਸਲਮਾਨਾਂ ਵਿੱਚ ਨਫਰਤ ਵਧਾ ਕੇ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਹਾਸਲ ਕਰਨਾ ਰਹੀ ਹੈ, ਇਸ ਲਈ ਰਾਮ ਮੰਦਰ ਦੇ ਨਾਂ ’ਤੇ ਕਦੀ ਬਾਬਰੀ ਮਸਜਿਦ ਢਾਹ ਕੇ ਅਤੇ ਕਦੀ ਗੋਧਰਾ ਕਾਂਡ ਦੇ ਬਹਾਨੇ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਗਿਆ ਤੇ ਇਸ ਤਰ੍ਹਾਂ ਤਾਕਤ ਫੜਦੀ ਗਈ। ਸੰਨ 2014 ਵਿੱਚ ਕੇਂਦਰ ਵਿੱਚ ਮੋਦੀ ਦੀ ਅਗਵਾਈ ਹੇਠ ਸਰਕਾਰ ਬਣਨ ਪਿੱਛੋਂ ਤਾਂ ਮੁਸਲਮਾਨ ਤੇ ਪਾਕਿਸਤਾਨ ਨੂੰ ਭਾਰਤ ਵਿਰੋਧੀ ਪ੍ਰਚਾਰਨਾ ਹੀ ਇਸ ਦਾ ਇੱਕੋ ਇੱਕ ਏਜੰਡਾ ਬਣ ਗਿਆ ਤੇ ਅਖੌਤੀ ਗਊ ਰੱਖਿਅਕ ਭੀੜਾਂ ਨੇ ਦਰਜਨਾਂ ਬੇਗੁਨਾਹ ਮੁਸਲਮਾਨ ਤੇ ਦਲਿਤਾਂ ਦਾ ਮੌਬ ਲਿੰਚਿੰਗ ਨਾਲ ਕਤਲ ਕੀਤਾ। ਸੰਨ 2014 ਵਿੱਚ ਭਾਜਪਾ ਵੱਲੋਂ ਕੀਤੇ ਅਨੇਕਾਂ ਚੋਣ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਬੇਰੁਜ਼ਗਾਰੀ ਵਧਣ ਤੇ ਜੀਡੀਪੀ ਘਟਣ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਪਰ ਇਸ ਦੇ ਬਾਵਜੂਦ 2019 ਦੀਆਂ ਲੋਕ ਸਭਾ ਚੋਣਾ ਪੁਲਵਾਮਾ ਹਮਲੇ ਅਤੇ ਬਾਲਾਕੋਟ ਸਰਜੀਕਲ ਸਟਰਾਈਕ ਦੇ ਨਾਂ ’ਤੇ ਜਿੱਤ ਲਈਆਂ। ਦੂਸਰੀ ਵਾਰ ਲੋਕ ਸਭਾ ’ਚ ਦੋ ਤਿਹਾਈ ਬਹੁਮਤ ਤੋਂ ਇਲਾਵਾ ਰਾਜ ਸਭਾ ਵਿੱਚ ਵੀ ਇਸ ਨੂੰ ਬਹੁਮਤ ਹਾਸਲ ਹੋ ਗਿਆ ਇਸ ਲਈ ਮੋਦੀ-ਸ਼ਾਹ ਜੋੜੀ ਨੇ ਨਫਰਤੀ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ। ਆਪਣੀ ਬਹੁਗਿਣਤੀ ਦੇ ਬਲ ਨਾਲ ਸੰਵਿਧਾਨ ਵਿਰੋਧੀ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਕੇ ਸਾਰੇ ਦੇਸ਼ ਵਿੱਚ ਐੱਨਆਰਸੀ/ ਐੱਨਪੀਆਰ ਲਾਗੂ ਕਰਨ ਦੇ ਦਗਮਜੇ ਮਾਰਨੇ ਸ਼ੁਰੂ ਕਰ ਦਿੱਤੇ। ਇਹ ਕਾਨੂੰਨ ਮੁਸਲਮਾਨਾਂ ਦੇ ਤਾਂ ਸਿੱਧੇ ਤੌਰ ’ਤੇ ਵਿਰੋਧ ਵਿੱਚ ਹੈ ਹੀ, ਪਰ ਅਸਲ ਵਿੱਚ ਇਹ ਸਾਰੇ ਆਦਿਵਾਸੀ ਕਬੀਲਿਆਂ, ਦਲਿਤਾਂ, ਝੁੱਗੀ ਝੌਪੜੀ ਵਾਲਿਆਂ, ਕਿਸਾਨਾਂ ਆਦਿ, ਜਿਨ੍ਹਾਂ ਪਾਸ ਅਨਪੜ੍ਹ ਹੋਣ ਕਰਕੇ ਆਪਣੇ ਅਤੇ ਆਪਣੇ ਮਾਤਾ-ਪਿਤਾ, ਦਾਦੇ ਪੜਦਾਦੇ ਅਤੇ ਨਾਨੇ-ਨਾਨੀਆਂ ਦੇ ਜਨਮ ਸਥਾਨ ਅਤੇ ਮਿਤੀ ਦਾ ਰਿਕਾਰਡ ਨਹੀਂ ਉਨ੍ਹਾਂ ਲਈ ਭਾਰੀ ਬਿਪਤਾ ਦਾ ਕਾਰਨ ਸਿੱਧ ਹੋਣਗੇ। ਸੁਭਾਵਕ ਹੈ ਕਿ ਇਸ ਦਾ ਵਿਰੋਧ ਹੋਣਾ ਹੀ ਸੀ ਇਸ ਲਈ ਕਈ ਯੂਨੀਵਰਸਿਟੀਆਂ ਸਮੇਤ ਸਮੁੱਚੇ ਦੇਸ਼ ਵਿੱਚ ਇਨ੍ਹਾਂ ਕਾਨੂੰਨਾਂ ਦਾ ਭਾਰੀ ਵਿਰੋਧ ਹੋਣ ਲੱਗਾ ਕੜਾਕੇ ਦੀ ਠੰਡ ਵਿੱਚ ਵੀ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬਜ਼ੁਰਗ ਔਰਤਾਂ ਵੱਲੋਂ ਪਿਛਲੇ ਢਾਈ ਮਹੀਨਿਆਂ ਤੋਂ ਧਰਨਾ ਜਾਰੀ ਹੈ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਕਿਹਾ ਗਿਆ ਤੇ ਐਸਾ ਹੀ ਵਿਵਹਾਰ ਕਰਦਿਆਂ ਇਕੱਲੀ ਯੂਪੀ ਵਿੱਚ ਦੋ ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀ ਪੁਲਿਸ ਦੀ ਗੋਲੀ ਨਾਲ ਮਾਰ ਦਿੱਤੇ ਅਤੇ ਦਿੱਲੀ ਦੀਆਂ ਚੋਣਾਂ ਵਿੱਚ ਵੀ ‘ਦੇਸ਼ ਕੇ ਗਦਾਰੋਂ ਕੋ, ਗੋਲ਼ੀ ਮਾਰੋ ਸਾਲੋਂ ਕੋ’ ਵਰਗੇ ਫਿਰਕੂ ਨਾਰ੍ਹੇ ਲਗਾਏ ਗਏ। ਹੈਰਾਨੀ ਹੁੰਦੀ ਹੈ ਕਿ ਐਸੇ ਨਫਰਤ ਭਰੇ ਘਟੀਆ ਨਾਰ੍ਹੇ ਲਗਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਸੱਤਾਧਾਰੀ ਮੰਤਰੀ ਖੁਦ ਹਨ। ਨੋਟ ਕਰਨ ਵਾਲੀ ਗੱਲ ਹੈ ਕਿ 1984 ਵਿੱਚ ਸਿੱਖਾਂ ਦਾ ਕਤਲੇਆਮ ਉਨ੍ਹਾਂ ਸੂਬਿਆਂ ਵਿੱਚ ਹੋਇਆ ਜਿੱਥੇ ਕੇਂਦਰ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦਾ ਰਾਜ ਸੀ ਅਤੇ 2014 ਤੋਂ 2019 ਤੱਕ ਮੌਬ ਲਿੰਚਿੰਗ ਅਤੇ ਹੁਣ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਮੁਸਲਿਮ ਪ੍ਰਦਰਸ਼ਨ ਕਾਰੀਆਂ ਦਾ ਪੁਲਿਸ ਦੀ ਗੋਲ਼ੀ ਨਾਲ ਕਤਲ ਅਤੇ ਅੰਨ੍ਹਾ ਤਸ਼ੱਦਦ ਵੀ ਉਨ੍ਹਾਂ ਸੂਬਿਆਂ ਵਿੱਚ ਹੀ ਹੋਇਆ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਜਾਂ ਦਿੱਲੀ ਵਿੱਚ ਹੋਇਆ ਜਿੱਥੋਂ ਦੀ ਪੁਲਿਸ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਘੱਟ ਗਿਣਤੀਆਂ ਦਾ ਕਤਲੇਆਮ ਅਤੇ ਤਸ਼ੱਦਦ ਸਿੱਧੇ ਤੌਰ ’ਤੇ ਉਨ੍ਹਾਂ ਹੀ ਸਰਕਾਰਾਂ ਦੀ ਸਰਪ੍ਰਸਤੀ ਹੇਠ ਹੁੰਦਾ ਹੈ ਜਿਨ੍ਹਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹਰ ਵਰਗ ਦੀ ਸੁਰੱਖਿਆ ਕਰਨੀ, ਹੁੰਦੀ ਹੈ। ਐਸੀ ਹਾਲਤ ਵਿੱਚ ਘੱਟ ਗਿਣਤੀਆਂ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਹਨ ?

ਸੀ ਏ ਏ ਵਿਰੁਧ ਧਰਨੇ ਪ੍ਰਦਰਸ਼ਨਾਂ ਵਿੱਚ ਭਲੇ ਹੀ ਬਹੁ ਗਿਣਤੀ ਮੁਸਲਮਾਨਾਂ ਦੀ ਹੈ ਪਰ ਇੱਕ ਚੰਗੀ ਸ਼ੁਰੂਆਤ ਇਹ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਨੂੰ ਸਮਾਜ ਦੇ ਸੁਹਿਰਦ ਹਿੰਦੂਆਂ ਸਮੇਤ ਸਮੁੱਚੇ ਵਰਗਾਂ ਦਾ ਸਮਰਥਨ ਮਿਲ ਰਿਹਾ ਹੈ। ਪ੍ਰਦਰਸ਼ਨ ਕਾਰੀਆਂ ਦੀ ਗੱਲ ਸੁਣਨ ਦੀ ਬਜਾਏ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੋਦੀ, ਅਮਿਤ ਸ਼ਾਹ ਸਮੇਤ ਸਮੁੱਚੀ ਲੀਡਰਸ਼ਿਪ ਨੇ ਸ਼ਾਹੀਨ ਬਾਗ਼ ਨੂੰ ਭਾਰਤ ਵਿੱਚ ਮਿੰਨੀ ਪਾਕਿਸਤਾਨ ਦੱਸ ਕੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਬੋਲਣ ਵਾਲੇ ਹਰ ਵਿਅਕਤੀ ਨੂੰ ਪਾਕਿਸਤਾਨੀ ਜਾਂ ਪਾਕਿਸਤਾਨ ਸਮਰਥਕ ਦੱਸ ਕੇ ਨਫ਼ਰਤੀ ਮਹੌਲ ਸਿਰਜਿਆ। ਕੇਂਦਰੀ ਪ੍ਰਸ਼ਾਸਿਤ ਦਿੱਲੀ ਦੀਆਂ ਚੋਣਾਂ ਨੂੰ ਭਾਰਤ-ਪਾਕਿਸਤਾਨ ਦੀ ਜੰਗ ਦੱਸਣ ਲੱਗਿਆਂ ਵੀ ਸ਼ਰਮ ਮਹਿਸੂਸ ਨਾ ਕੀਤੀ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਕਿ ਕਿਸੇ ਧਰਮ ਨਿਰਪੱਖ ਸੰਵਿਧਾਨ ਵਾਲੇ ਦੇਸ਼ ਵਿੱਚ ਸੰਵਿਧਾਨ ਦੀ ਸਹੁੰ ਚੁੱਕਣ ਵਾਲੀ ਸਤਾਧਾਰੀ ਪਾਰਟੀ ਮਾਮੂਲੀ ਚੋਣਾਂ ਵਿੱਚ ਇੰਨੀਆਂ ਨਫ਼ਰਤੀ ਗੱਲਾਂ ਕਰ ਸਕਦੀ ਹੈ।

ਭਾਰਤ ਦੀ ਆਮ ਜਨਤਾ ਪਿਆਰ ਤੇ ਏਕਤਾ ਵਿੱਚ ਯਕੀਨ ਰੱਖਦੀ ਹੈ ਇਸ ਲਈ ਦਿੱਲੀ ਚੋਣਾਂ ’ਚ ਫਿਰਕੂ ਲੋਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਨਾਮੋਸ਼ੀਭਰੀ ਹਾਰ ਪਿੱਛੋਂ ਇਹ ਅਹਿਸਾਸ ਖ਼ੁਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਹੋਇਆ ਜਿਸ ਨੂੰ ਕਹਿਣਾ ਪਿਆ ਕਿ ਸਾਡੀ ਹਾਰ ਦਾ ਕਾਰਨ ਸਾਡੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਦਿੱਤੇ ਗਏ ਨਫ਼ਰਤੀ ਬਿਆਨ ਸਨ। ਦਿੱਲੀ ਵਿੱਚ ਭਾਜਪਾ ਦੀ ਹਾਰ ਦਾ ਕਾਰਨ ਇਹ ਵੀ ਰਿਹਾ ਕਿ ਦਿੱਲੀ ਦੀ ਅੱਧ-ਪਚੱਧੀ ਭਾਵ ਸੀਮਤ ਸ਼ਕਤੀ ਵਾਲੀ ਕੇਜਰੀਵਾਲ ਸੂਬਾ ਸਰਕਾਰ ਨੇ ਫਿਰਕੂ ਨਫ਼ਰਤ ਦਾ ਸਹਾਰਾ ਲੈਣ ਦੀ ਥਾਂ ਆਪਣੇ ਏਜੰਡੇ ’ਚ ਆਮ ਲੋਕਾਂ ਦੀਆਂ ਸੁਵਿਧਾਵਾਂ ਨੂੰ ਪਹਿਲ ਦਿੱਤੀ। ਕੇਜਰੀਵਾਲ ਨੇ ਦਿੱਲੀ ਦੇ ਸਕੂਲਾਂ ਵਿੱਚ ਇੰਨਾ ਸੁਧਾਰ ਕੀਤਾ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਚੰਗੇ ਨਤੀਜੇ ਸਾਹਮਣੇ ਆਏ। ਮੁਹੱਲਾ ਕਲੀਨਿਕ ਬਣਾਏ ਗਏ ਜਿੱਥੇ ਲੋਕਾਂ ਦੇ ਮੁਫਤ ਇਲਾਜ ਹੋ ਰਹੇ ਹਨ, 20 ਹਜ਼ਾਰ ਲੀਟਰ/ਮਹੀਨਾ ਪਾਣੀ ਅਤੇ 200 ਯੂਨਿਟ/ਮਹੀਨਾ ਬਿਜਲੀ ਹਰ ਇੱਕ ਘਰ ਨੂੰ ਮੁਫ਼ਤ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਬਿਜਲੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਸਸਤੀ ਅਤੇ 24 ਘੰਟੇ ਮੁਹੱਈਆ ਕਰਵਾਈ ਗਈ। ਭਾਜਪਾ ਦੁਆਰਾ ਦੇਸ਼ ਨੂੰ ਦਿੱਤੀ ਆਰਥਿਕ ਤੰਗੀ ਸਮੇਂ ਕੇਜਰੀਵਾਲ ਦੀਆਂ ਸਮਾਜਿਕ ਸਹੂਲਤਾਂ ਅੰਮ੍ਰਿਤ ਬਰਖਾ ਕਰ ਗਈਆਂ, ਜਿਸ ਕਾਰਨ ਆਮ ਜਨਤਾ ਨੇ ਦਿੱਲੀ ਦੀਆਂ ਕੁੱਲ 70 ਸੀਟਾਂ ਵਿੱਚੋਂ ਕੇਜਰੀਵਾਲ ਦੀ ਝੋਲ਼ੀ 62 ਸੀਟਾਂ ਦੇ ਕੇ ਭਰ ਦਿੱਤੀ। ਇੱਥੋਂ ਤੱਕ ਕਿ ਬੁਰਾਰੀ ਹਲਕੇ ਜਿੱਥੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਸੀ ਕਿ 8 ਫਰਵਰੀ ਨੂੰ ਈ ਵੀ ਐੱਮ ’ਚ ਕਮਲ ਦੇ ਫੁੱਲ ਵਾਲਾ ਬਟਨ ਇੰਨੇ ਜੋਰ ਸੇ ਦਬਾਨਾ ਕਿ ਇਸ ਕਾ ਕਰੰਟ ਸ਼ਾਹੀਨ ਬਾਗ਼ ਲੱਗੇ; ਉਸ ਖੇਤਰ ਦੀਆਂ ਪੋਲ ਹੋਈਆਂ ਕੁਲ 2,22,262 ਵੋਟਾਂ ਵਿੱਚੋਂ ਆਪ ਦੇ ਉਮੀਦਵਾਰ ਸੰਜੀਵ ਝਾਅ ਨੂੰ 1,39,598 ਵੋਟਾਂ ਮਿਲੀਆਂ ਜਦੋਂ ਕਿ ਭਾਜਪਾ-ਜੇਡੀਯੂ ਗੱਠਜੋੜ ਉਮੀਦਵਾਰ ਸ਼ਲਿੰਦਰਾ ਕੁਮਾਰ ਨੂੰ ਕੇਵਲ 51,440 ਵੋਟਾਂ ਹੀ ਪਈਆਂ ਅਤੇ 88,158 ਵੋਟਾਂ ਦੇ ਅੰਤਰ ਨਾਲ ਸ਼ਰਮਿੰਦਗੀ ਉਠਾਣੀ ਪਈ। ਇਸੇ ਤਰ੍ਹਾਂ ਸ਼ਾਹੀਨ ਬਾਗ਼ ਦੀ ਓਖਲਾ ਸੀਟ, ਜਿੱਥੇ ਭਾਜਪਾ ਵਾਲੇ ਭਾਰਤ ਵਿੱਚ ਮਿੰਨੀ ਪਾਕਿਸਤਾਨ ਅਤੇ ਭਾਰਤ-ਪਾਕਿਸਤਾਨ ਯੁੱਧ ਵਰਗਾ ਮਹੌਲ ਬਣਾ ਰਹੇ ਸਨ, ਓਥੇ ਆਪ ਦੇ ਉਮੀਦਵਾਰ ਅਮਾਨਤੁਉਲਾ ਖ਼ਾਨ ਨੂੰ 1,30,367 (ਭਾਵ 66.03%) ਵੋਟਾਂ ਅਤੇ ਫਿਰਕੂ ਭਾਜਪਾ ਉਮੀਦਵਾਰ ਬ੍ਰਹਮ ਸਿੰਘ ਨੂੰ ਕੇਵਲ 58,540 (ਭਾਵ 29.65%) ਵੋਟਾਂ ਹੀ ਪਈਆਂ, ਜਿਸ ਦਾ ਅੰਤਰ 71, 827 ਵੋਟਾਂ ਦਾ ਰਿਹਾ। ਇਹ ਸਮਾਜ ਨੂੰ ਵੰਡਣ ਵਾਲਿਆਂ ਦੇ ਮੂੰਹ ’ਤੇ ਚਪੇੜ ਹੀ ਕਹੀ ਜਾਵੇਗੀ।

ਦਿੱਲੀ ਚੋਣ ਨਤੀਜਿਆਂ ਨੇ ਭਾਰਤ ਦੀ ਰਾਜਨੀਤੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ ਭਾਵੇਂ ਕਿ ਇਸ ਵਿੱਚ ਵੱਡਾ ਹੱਥ ਉੱਥੋਂ ਦੇ ਵੋਟਰਾਂ ਦਾ ਪੜ੍ਹੇ ਲਿਖੇ ਹੋਣਾ ਹੈ। ਦਿੱਲੀ ਦਾ ਅਸਰ ਆਉਣ ਵਾਲੀਆਂ ਸਾਰੀਆਂ ਚੋਣਾਂ ’ਤੇ ਪੈ ਸਕਦਾ ਹੈ, ਜੋ ਕਿ ਜਨਤਾ ਦੇ ਹਿੱਤ ਵਿੱਚ ਹੀ ਰਹੇਗਾ।

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਫਰਵਰੀ 2022 ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਪੰਜਾਬ ਦੀ ਸਥਿਤੀ ਕਈ ਕਾਰਨਾਂ ਕਰਕੇ ਦਿੱਲੀ ਨਾਲੋਂ ਕਾਫ਼ੀ ਵੱਖਰੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ; ਖੇਤੀ ਤੋਂ ਬਿਨਾਂ ਇੱਥੇ ਆਮਦਨ ਦੇ ਸਾਧਨ ਨਾਮਾਤਰ ਹਨ ਕਿਉਂਕਿ ਵੱਡੇ ਉਦਯੋਗ ਤਾਂ ਇੱਥੇ ਪਹਿਲਾਂ ਹੀ ਨਹੀਂ ਰਹੇ, ਜੋ ਹਨ ਉਹ ਵੀ ਸਰਕਾਰੀ ਨੀਤੀਆਂ ਅਤੇ ਮਹਿੰਗੀ ਬਿਜਲੀ ਕਾਰਨ ਪੜੋਸੀ ਸੂਬਿਆਂ ਵਿੱਚ ਚਲੇ ਗਏ। ਕੁਦਰਤੀ ਸਾਧਨਾਂ ਵਿੱਚੋਂ ਇੱਥੇ ਕੋਈ ਖਣਿਜ ਪਦਾਰਥ ਨਹੀਂ; ਇੱਕੋ ਇੱਕ ਦਰਿਆਈ ਪਾਣੀ ਸੀ, ਜੋ ਇੱਥੋਂ ਦੀ ਖੇਤੀ ਲਈ ਅਹਿਮ ਸੀ ਪਰ ਉਸ ਦਾ ਅੱਧੋਂ ਵੱਧ ਹਿੱਸਾ ਪਹਿਲਾਂ ਹੀ ਰਾਜਸਥਾਨ ਨੂੰ ਦੇ ਦਿੱਤਾ ਗਿਆ। ਅਜਾਦੀ ਤੋਂ ਪਹਿਲਾਂ ਰਾਜਸਥਾਨ ਇਸ ਦੀ ਕੀਮਤ ਅਦਾ ਕਰਦਾ ਸੀ ਪਰ ਅਜਾਦੀ ਮਿਲਣ ਪਿੱਛੋਂ ਇਹ ਪਾਣੀ ਮੁਫਤ ਵਿੱਚ ਜਾ ਰਿਹਾ ਹੈ। ਬਾਕੀ ਰਹਿੰਦੇ ਪਾਣੀ ਦਾ 40% ਹਿੱਸਾ ਹਰਿਆਣਾ ਅਤੇ ਕੁਝ ਪਾਣੀ ਦਿੱਲੀ ਨੂੰ ਦੇ ਦਿੱਤਾ ਗਿਆ। ਦੇਸ਼ ਲਈ ਅਨਾਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਮੁਫਤ ਬਿਜਲੀ ਦੇਣ ਦੀ ਸਕੀਮ ਸ਼ੁਰੂ ਕੀਤੀ ਗਈ, ਜੋ ਸਰਕਾਰੀ ਖ਼ਜ਼ਾਨੇ ’ਤੇ ਵਾਧੂ ਭਾਰ ਬਣ ਗਈ। ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾਣ ਵਾਲੇ ਭਵਿੱਖ ਦੇ ਖ਼ਤਰਿਆਂ ਵੱਲ ਉਚੇਚਾ ਧਿਆਨ ਨਾ ਰੱਖਿਆ ਗਿਆ। ਲੱਖਾਂ ਰੁਪਏ ਖਰਚ ਕੇ ਕਿਸਾਨਾਂ ਨੇ ਧੜਾ-ਧੜਾ ਟਿਊਬਵੈੱਲ ਲਾਏ, ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਨਾਲ ਵੱਧ ਫ਼ਸਲ ਲੈਣ ਦੇ ਲਾਲਚ ਕਾਰਨ ਪੰਜਾਬ ਦੀ ਉਪਜਾਉ ਜ਼ਮੀਨ ਬੰਜਰ ਹੋਣ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਦਾ ਪਾਣੀ ਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਕਾਰਨ ਇੱਥੇ ਬੀਮਾਰੀਆਂ ਵਧ ਰਹੀਆਂ ਹਨ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।

2014 ਦੀਆਂ ਚੋਣਾਂ ਸਮੇਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਭਾਜਪਾ ਹੁਣ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਵੀ ਇਨਕਾਰੀ ਹੈ ਜਿਸ ਨਾਲ ਪਹਿਲਾਂ ਤੋਂ ਹੀ ਕਰਜੇ ਹੇਠ ਆਈ ਕਿਸਾਨੀ ਦਾ ਲੱਕ ਟੁੱਟਦਾ ਜਾ ਰਿਹਾ ਹੈ।  ਖੇਤੀ ਤੋਂ ਬਿਨਾਂ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਹੋਰ ਕੁਝ ਵੀ ਨਹੀਂ। ਹੁਣ ਪੰਜਾਬ ਨੂੰ ਬਚਾਉਣ ਦੇ ਸਿਰਫ ਦੋ ਹੀ ਤਰੀਕੇ ਹਨ- ਜਾਂ ਤਾਂ ਰੀਪੇਰੀਅਨ ਕਾਨੂੰਨ ਨੂੰ ਲਾਗੂ ਕਰਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਤਾਂ ਕਿ ਟਿਊਬਵੈੱਲਾਂ ਰਾਹੀਂ ਧਰਤੀ ਹੇਠਲਾ ਪਾਣੀ ਕੱਢਣਾ ਬੰਦ ਕਰਕੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ। ਜੇ ਇਹ ਸੰਭਵ ਨਹੀਂ ਤਾਂ ਗੈਰ ਰੀਪੇਰੀਅਨ ਸੂਬਿਆਂ ਵੱਲੋਂ ਵਰਤੇ ਜਾ ਰਹੇ ਪਾਣੀ ’ਤੇ ਰੌਇਲਟੀ ਦੇਣੀ ਬਣਦੀ ਹੈ ਤਾਂ ਕਿ ਇਸ ਪੈਸੇ ਨਾਲ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰੇ ਤੇ ਲੋਕਾਂ ਨੂੰ ਰੋਜ਼ਗਾਰ ਆਦਿ ਸਹੂਲਤਾਂ ਮਿਲਣ। ਸਵਾਲ ਪੈਦਾ ਹੁੰਦਾ ਹੈ ਕਿ ਜਦ ਰਾਜਸਥਾਨ ਆਪਣੇ ਪੱਥਰ ’ਚੋਂ ਕਮਾਈ ਕਰ ਰਿਹਾ ਹੈ, ਬਿਹਾਰ ਤੇ ਝਾਰਖੰਡ ਆਪਣੇ ਕੋਇਲੇ ’ਚੋਂ ਆਮਦਨ ਕਮਾ ਰਿਹਾ ਹੈ ਤਾਂ ਪੰਜਾਬ ਨਾਲ ਹੀ ਬੇਇਨਸਾਫੀ ਕਿਉਂ ? ਇਸ ਪੱਖੋਂ ਕੋਈ ਵੀ ਕੌਮੀ ਪਾਰਟੀ ਪੰਜਾਬ ਦੇ ਹਿੱਤ ਵਿੱਚ ਆਵਾਜ਼ ਬੁਲੰਦ ਨਹੀਂ ਕਰੇਗੀ। ਕਾਂਗਰਸ ਤਾਂ ਉਹ ਪਾਰਟੀ ਹੈ ਜਿਸ ਨੇ ਪੰਜਾਬ ਨਾਲ ਹਰ ਪਹਿਲੂ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਰੀਪੇਰੀਅਨ ਕਾਨੂੰਨ ਦੇ ਉਲਟ ਪੰਜਾਬ ਦਾ ਪਾਣੀ ਧੱਕੇ ਨਾਲ ਦੂਸਰੀਆਂ ਸਟੇਟਾਂ ਨੂੰ ਦਿੱਤਾ। ਭਾਜਪਾ ਉਹ ਪਾਰਟੀ ਹੈ ਜਿਹੜੀ ਦਰਿਆਵਾਂ ਦੇ ਪਾਣੀਆਂ ਨੂੰ ਕੌਮੀ ਜਾਇਦਾਦ ਮੰਨਦੀ ਹੈ। ਗੁਆਂਢੀ ਸੂਬੇ ਹਿਮਾਚਲ ’ਚ ਉਦਯੋਗ ਨੂੰ ਭਾਰੀ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗ ਦਾ ਉਜਾੜਾ ਵੀ ਇਸੇ ਪਾਰਟੀ ਦੀ ਦੇਣ ਹੈ। ਪੰਜਾਬ ਦੇ ਹੱਕ ਵਿੱਚ ਕਿਸੇ ਵੇਲੇ ਬੋਲਣ ਵਾਲੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਪਰ ਹੁਣ ਇਹ ਵੀ ਇੱਕ ਪਰਿਵਾਰ ਦੀ ਨਿਜੀ ਬਣ ਕੇ ਰਹਿ ਗਈ, ਜੋ ਇੱਕ ਪਰਿਵਾਰ ਦੇ ਮੈਂਬਰ ਨੂੰ ਕੇਂਦਰ ਵਿੱਚ ਮਿਲਣ ਵਾਲੀ ਵਜੀਰੀ ਤੋਂ ਅਗਾਂਹ ਨਹੀਂ ਸੋਚਦੀ। ਪੰਥਕ ਮਸਲਿਆਂ ਨੂੰ ਉਲਝਾ ਕੇ ਰੱਖਣਾ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਤੱਕ ਪਹੁੰਚ ਗਏ। ਦੋਸੀਆਂ ਨੂੰ ਸਜ਼ਾ ਦੇਣ ਦੀ ਬਜਾਇ ਮੁਆਫ਼ੀਨਾਮੇ ਤੱਕ ਦਿੱਤੇ ਗਏ।

ਸੋ ਪੰਜਾਬ ਸਿਆਸੀ ਤੌਰ ’ਤੇ ਤੀਸਰੇ ਬਦਲ ਵੱਲ ਵਧ ਸਕਦਾ ਹੈ। ਅਜਿਹੇ ਹਾਲਾਤਾਂ ’ਚ ਸੁਹਿਰਦ ਪੰਜਾਬੀ ਨੇਤਾਵਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ ਤਾਂ ਜੋ ਜਿੱਥੇ ‘ਆਪ’ ਦੇ ਦਿੱਲੀ ਮਾਡਲ ਨੂੰ ਪੰਜਾਬ ’ਚ ਲਾਗੂ ਕਰਕੇ ਸਿਹਤ ਤੇ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ ਓਥੇ ਪੰਜਾਬੀ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਲਈ ਵਿਦੇਸ਼ ਭਟਕਣਾ ਜਾਂ ਨਸ਼ਿਆਂ ’ਚ ਖਚਿਤ ਨਾ ਹੋਣਾ ਪਵੇ ਅਤੇ ਮਰਦੀ ਜਾ ਰਹੀ ਕਿਰਸਾਨੀ ਵਿੱਚ ਨਵੀਂ ਜਾਨ ਭਰੀ ਜਾ ਸਕੇ।

Most Viewed Posts