ਗੁਰਮੁਖਿ ਬੁਢੇ ਕਦੇ ਨਾਹੀ..

0
848

ਗੁਰਮੁਖਿ ਬੁਢੇ ਕਦੇ ਨਾਹੀ..

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ-94172-39495

ਮਨੁੱਖੀ ਜਨਮ ਤੋਂ ਮੌਤ ਤੱਕ ਦੇ ਸਫ਼ਰ ਦੌਰਾਨ ਅਨੇਕਾਂ ਸਰੀਰਕ ਤਬਦੀਲੀਆਂ ਆਉਂਦੀਆਂ ਹਨ। ਕੁਦਰਤ ਦੇ ਨਿਯਮ ਅਨੁਸਾਰ ਹਰੇਕ ਇਨਸਾਨ ਨੂੰ ਬਚਪਨ, ਜੁਆਨੀ ਤੇ ਬੁਢਾਪੇ ਤੱਕ ਦੇ ਸਫ਼ਰ ’ਚੋਂ ਲੰਘਣਾ ਪੈਂਦਾ ਹੈ ਭਾਵੇਂ ਕਿ ਉਹ ਗੁਰਮੁਖ ਹੋਵੇ ਜਾਂ ਮਨਮੁਖ ਇੱਥੋਂ ਤੱਕ ਨਾਸਤਿਕ ਨੂੰ ਵੀ ਇਹ ਸਰੀਰਕ ਪੜਾਅ ਪਾਰ ਕਰਨੇ ਪੈਂਦੇ ਹਨ ਪਰ ਇਸ ਦੇ ਬਾਵਜੂਦ ਵੀ ਗੁਰਬਾਣੀ ਵਿੱਚ ਸਤਿਗੁਰੂ ਜੀ ਦਾ ਫ਼ੁਰਮਾਨ ਹੈ: ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥  ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥’’  (ਮਹਲਾ ੩/ ੧੪੧੮)

ਜੇਕਰ ਓਪਰੀ ਨਿਗਾਹ ਨਾਲ ਇਨ੍ਹਾਂ ਤੁਕਾਂ ਦੇ ਅਰਥ ਕੀਤੇ ਜਾਣ ਤਾਂ ਇਹ ਹਨ ਕਿ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੋਵੇ ਜਾਂ ਰੱਬੀ ਧਿਆਨ ਵਾਲੇ ਮਨੁੱਖ ਕਦੇ ਬੁੱਢੇ ਨਹੀਂ ਹੁੰਦੇ ਤੇ ਉਹ ਆਪਣੇ ਹਿਰਦੇ ਵਿੱਚ ਸਦਾ ਹਰੀ ਪ੍ਰਭੂ ਦੀਆਂ ਸਿਫਤ ਸਲਾਹਾਂ ਕਰਦੇ ਰਹਿੰਦੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਬਾਣੀ ਨੂੰ ਮੰਨਣ ਵਾਲੇ ਤਾਂ ਠੀਕ ਇੱਥੇ ਗੁਰਬਾਣੀ ਸਿਰਜਣ ਵਾਲਿਆਂ ਨੂੰ ਵੀ ਸਰੀਰਕ ਪੱਖੋਂ ਆਪਣੇ ਤਨ ’ਤੇ ਬੁਢੇਪਾ ਹੰਢਾਉਣਾ ਪਿਆ। ਹੁਣ ਇਸ ਪੰਕਤੀਆਂ ਨੂੰ ਵਿਚਾਰਨ ਲੱਗਿਆਂ ਜੇਕਰ ਕੁਦਰਤ ਦੇ ਅਟੱਲ ਨਿਯਮਾਂ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਸਮਝ ਆਏਗੀ ਕਿ ਇੱਥੇ ਸਰੀਰਕ ਨਹੀਂ ਸਗੋਂ ਮਾਨਸਿਕ ਬੁਢੇਪੇ ਦੀ ਗੱਲ ਕਹੀ ਗਈ ਹੈ ਕਿਉਂਕਿ ਜੇਕਰ ਅਸੀਂ ਆਪਣੇ ਵੀਚਾਰ ਜਾਂ ਸੁਭਾਅ ਦਾ ਸ਼ੁੱਧ ਅਤੇ ਸਹੀ ਵਿਚਾਰਾਂ ਨਾਲ ਨਵੀਨੀਕਰਨ ਕਰਨ ਤੋਂ ਮੁਨਕਰ ਹੁੰਦਿਆਂ ਆਪਣੇ ਗ਼ਲਤ ਰੂੜ੍ਹੀਵਾਦੀ ਅੜੀਅਲ ਵਤੀਰੇ ਅਤੇ ਸੁਭਾਅ ’ਤੇ ਕਾਇਮ ਰਹਿੰਦੇ ਹਾਂ ਅਤੇ ਆਪਣੇ ਵੀਚਾਰਾਂ ਦੀ ਉੱਨਤੀ ਕਰਨ (ਘੜਨ) ਤੋਂ ਮੁਨਕਰ ਹਾਂ ਜਾਂ ਮਾਨਸਿਕ ਉੱਨਤੀ ’ਤੇ ਰੋਕ ਲਗਾਉਣ ਦਾ ਯਤਨ ਕਰਦੇ ਹੋਏ ਹਉਮੈ ਗ੍ਰਸਤ ਹਾਂ ਤਾਂ ਗੁਰਬਾਣੀ ਅਨੁਸਾਰ ਅਸੀਂ ਬੁਢੇਪੇ ਦਾ ਸ਼ਿਕਾਰ ਹੋ ਰਹੇ ਹਾਂ ਭਾਵੇਂ ਕਿ ਸਰੀਰਕ ਪੱਖੋਂ ਅਸੀਂ ਰਿਸ਼ਟ-ਪੁਸ਼ਟ ਅਤੇ ਜਵਾਨ ਹੋਈਏ । ਗੁਰਬਾਣੀ ਫ਼ੁਰਮਾਨ ਹੈ ‘‘ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ; ਜਿਨ੍ਾ ਅੰਤਰਿ ਹਰਿ ਸੁਰਤਿ ਨਾਹੀ ॥  ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮ ਰਾਇ ਕੈ ਜਾਂਹੀ ॥’’ (ਮਹਲਾ ੩/ ੧੪੧੮)

ਗੁਰ ਇਤਿਹਾਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਅਮਰਦਾਸ ਜੀ ਸਰੀਰਕ ਤੌਰ ’ਤੇ ਬਿਰਧ ਹੋਣ ਦੇ ਬਾਵਜੂਦ ਵੀ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇੱਕ ਜਵਾਨ ਮਰਜੀਵੜੇ ਵਾਂਗ ਦੁਨੀਆ ’ਚ ਸਦਾ ਵਿਚਰਦੇ ਰਹੇ ਹਨ। ਗੁਰੂ ਅਰਜਨ ਪਾਤਸ਼ਾਹ ਵੀ ਸਾਨੂੰ ਪ੍ਰੇਰਨਾ ਕਰਦੇ ਹੋਏ ਫ਼ੁਰਮਾਉਂਦੇ ਹਨ, ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥  ਨਾਨਕ !  ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ ॥’’  (ਮਹਲਾ ੫/ ੧੦੯੬)

ਇੱਥੇ ਉਮਰ ਦੀ ਕੋਈ ਬੰਦਿਸ਼ ਨਹੀਂ ਸਗੋਂ ਆਪਣੇ ਵੀਚਾਰਾਂ ਨੂੰ ‘‘ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥’’ (ਮਹਲਾ ੧/ ੬੬੦) ’ਤੋਂ ਸਿੱਖਿਆ ਲੈ ਕੇ ਆਪਣੇ ਅੰਦਰਲੇ ਬਦਲਾਅ ਲਈ ਸਦਾ ਤਤਪਰ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ। ਸਾਡੇ ਆਲੇ ਦੁਆਲੇ ਅਨੇਕਾਂ ਕਰਮਕਾਂਡੀ ਤੇ ਪੁਰਾਤਨਵਾਦੀ ਡੇਰੇਦਾਰ ਸਮਾਜ ਨੂੰ ਚੇਤੰਨ ਕਰਨ ਦੀ ਬਜਾਏ ਗ਼ਲਤ ਰੂੜ੍ਹਵਾਦੀ ਵਿਚਾਰਧਾਰਾ ਤੱਕ ਸੀਮਤ ਰੱਖਣਾ ਚਾਹੁੰਦਾ ਹੈ, ਪਰ ਲੋੜ ਹੈ ਗੁਰਬਾਣੀ ਦੇ ਗਿਆਨ ਦੀ ਰੌਸ਼ਨੀ ਦੀ ਤਾਂ ਜੋ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥  ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥’’  (ਮਹਲਾ ੩/ ੧੪੧੮) ਨੂੰ ਆਪਣੇ ਆਪ ਉੱਤੇ ਢੁਕਾ ਸਕਣ ’ਚ ਕਾਮਯਾਬੀ ਮਿਲ ਸਕੇ ।

-ਚਲਦਾ-