ਆਪ ਬੀਤੀ ਇਕ ਘਟਨਾ

0
681

ਆਪ ਬੀਤੀ ਇਕ ਘਟਨਾ

ਜਗਦੀਪ ਸਿੰਘ ਫਰੀਦਕੋਟ

ਉਹਨੀਂ ਦਿਨੀਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਹੁੰਦੇ ਸਾਂ। ਕਰਮ ਏਨੇ ਚੰਗੇ ਕਿ ਦਰਬਾਰ ਸਾਹਿਬ ਦੇ ਦਰਸਨ ਦੀਦਾਰ ਲਗਭਗ ਹਰ ਰੋਜ਼ ਹੋ ਜਾਂਦੇ। ਇਕ ਦੁਪਿਹਰ ਮੈਂ ਤੇ ਮੇਰਾ ਪਰਮ ਮਿੱਤਰ (ਸ਼ਾਇਦ ਉਸ ਨੂੰ ਵੀ ਇਹ ਘਟਨਾ ਇੰਨ ਬਿੰਨ ਯਾਦ ਹੋਵੇ) ਘੰਟਾ ਘਰ ਵਾਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋ ਰਹੇ ਸਾਂ। ਭਾਈ ਨਿਰਮਲ ਸਿੰਘ ਕੀਰਤਨ ਕਰ ਰਹੇ ਸਨ। ਉਹਨਾਂ ਸੇਵਾ ਆਰੰਭ ਹੀ ਕੀਤੀ ਸੀ ਤੇ ਮੰਗਲ ਗਾ ਰਹੇ ਸਨ। ਮੈਂ ਮਿੱਤਰ ਨੂੰ ਕਿਹਾ, “ਤੈਨੂੰ ਪਤੈ, ਕਹਿੰਦੇ ਨੇ ਤਾਨਸੇਨ ਜਦ ਰਾਗ ਦੀਪਕ ਗਾਉਂਦਾ ਸੀ ਤਾਂ ਦੀਵੇ ਆਪਣੇ ਆਪ ਬਲ ਪੈਂਦੇ ਸਨ। ਜਦ ਮੇਘ ਗਾਉਂਦਾ ਤਾਂ ਮੀਂਹ ਬਰਸਨ ਲੱਗਦਾ ਸੀ। ਪੰਥ ਵਿਚ ਵੀ ਐਸੇ ਕੀਰਤਨੀਏ ਰਹੇ ਹੋਣਗੇ, ਜਿਹਨਾਂ ਦੁਆਰਾ ਗਾਏ ਜਾਂਦੇ ਰਾਗ ਧੁਰ ਦਰਗਾਹੀਂ ਪਹੁੰਚਦੇ ਹੋਣਗੇ। ਜਿਹਨਾਂ ਦੁਆਰਾ ਗਾਈ ਕੀਰਤ ਅਕਾਲ ਪੁਰਖ ਆਪ ਸੁਣਦੇ ਹੋਣਗੇ”। “ਹੋਏ ਹੋਣਗੇ ਕਿਉਂ ? ਹੁਣ ਵੀ ਨੇ ਤੇ ਅੱਗੋਂ ਵੀ ਆਉਣਗੇ”, ਉਹ ਬੋਲਿਆ ਤੇ ਮੈਨੂੰ ਭਾਈ ਸਮੁੰਦ ਸਿੰਘ, ਭਾਈ ਸੁਰਜਨ ਸਿੰਘ, ਭਾਈ ਬਖਸੀਸ਼ ਸਿੰਘ ਹੁਣਾ ਬਾਰੇ ਦੱਸਣ ਲੱਗਾ। ਸੂਰਜ ਚਮਕ ਰਿਹਾ ਸੀ ਜਦ ਅਸੀਂ ਘੰਟਾ ਘਰ ਦਰਵਾਜ਼ੇ ਤੋਂ ਅੰਦਰ ਦਾਖਲ ਹੋਏ। ਭਾਈ ਸਾਹਿਬ ਨੇ ਸਬਦ ਆਰੰਭ ਕੀਤਾ, “ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥” ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤਕ ਜਾਂਦਿਆਂ ਬੱਦਲ ਹੋ ਗਏ। ਮੇਰਾ ਮਿੱਤਰ ਹੱਸਦਿਆਂ ਬੋਲਿਆ, “ਇੰਝ ਗਾ ਰਹੇ ਨੇ ਭਾਈ ਸਾਹਿਬ, ਜਿਵੇਂ ਇੰਦਰ ਨੂੰ ਹੁਕਮ ਦੇ ਰਹੇ ਹੋਣ”। ਕਮਾਲ ਓਦੋਂ ਹੋਈ ਕਿ ਜਦ ਤਕ ਅਸੀਂ ਅਕਾਲ ਤਖਤ ਸਾਹਿਬ ਦੇ ਵਿਹੜੇ ਵਿਚ ਪਹੁੰਚੇ ਤਾਂ ਮੁਸਲਾਧਾਰ ਵਰਖਾ ਸ਼ੁਰੂ ਹੋ ਗਈ ਤੇ ਸਾਡੇ ਦੋਹਾਂ ਦੇ ਹੰਝੂ ਮੀਂਹ ਦੀਆਂ ਕਣੀਆਂ ਵਿਚ ਹੀ ਮਿਲ ਗਏ। … ਮੈਂ ਇਕ ਵਾਰ ਭਾਈ ਸਾਹਿਬ ਨੂੰ ਇਹ ਗੱਲ ਦੱਸੀ। ਉਹ ਬੋਲੇ, “ਮੇਰੇ ਜਿਉਂਦੇ ਜੀਅ ਇਹ ਘਟਨਾ ਕਿਤੇ ਨਾ ਲਿਖੀਂ”… ਤੇ ਮੈਂ ਨਹੀਂ ਲਿਖੀ। ਪਰ ਅੱਜ ਮੈਂ ਬੈਠਾ ਸੋਚ ਰਿਹਾ ਸਾਂ ਕਿ ਜਿਵੇਂ ਉਹਨਾਂ ਨੂੰ ਪਤਾ ਹੀ ਸੀ ਕਿ ਮੈਂ ਇਸ ਤੋਂ ਪਹਿਲਾਂ ਦੇਹ ਦਾ ਓਹਲਾ ਕਰਾਂਗਾ ਤੇ ਉਹ ਮੈਨੂੰ ਅਸਿੱਧੇ ਢੰਗ ਨਾਲ ਕਹਿ ਰਹੇ ਸਨ, “ਮੇਰੇ ਜਾਣ ਮਗਰੋਂ ਇਹ ਗੱਲ ਸੰਗਤ ਨੂੰ ਜਰੂਰ ਦੱਸੀਂ, ਸੋਹਣੀ ਲੱਗੇਗੀ”। … ਭਰੇ ਮਨ ਨਾਲ ਅਲਵਿਦਾ ਭਾਈ ਸਾਹਿਬ    ਲਿਖਤ : ਜਗਦੀਪ ਸਿੰਘ ਫਰੀਦਕੋਟ