34.6 C
Jalandhar
Friday, June 27, 2025
spot_img
Home Blog Page 54

ਪਾਖੰਡਵਾਦ, ਧੰਨਾ ਭਗਤ ਅਤੇ ਪ੍ਰੇਮਾ ਭਗਤੀ

0

ਪਾਖੰਡਵਾਦ, ਧੰਨਾ ਭਗਤ ਅਤੇ ਪ੍ਰੇਮਾ ਭਗਤੀ

ਰਮੇਸ਼ ਚੋਹਲਾ  (ਲੁਧਿਆਣਾ)-94631-32719

ਮੱਧ ਕਾਲ ਵਿੱਚ ਉੱਭਰੀ ਭਗਤੀ ਲਹਿਰ ਨੇ ਮਨੁੱਖ ਦੇ ਅਧਿਆਤਮਕ ਵਿਕਾਸ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਹੈ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਬਣੇ ਰਹੇ ਸਨ। ਇਲਾਕਾਈ ਅਤੇ ਭਾਸ਼ਾਈ ਹੱਦਬਸਤ ਤੋਂ ਉੱਪਰ ਉੱਠ ਕੇ ਵਿਚਰਨ ਵਾਲੇ ਇਹ ਮਹਾਂ ਪੁਰਖ ਆਪਣੀ ਸਰਬ ਕਲਿਆਣੀ ਸੋਚ ਸਦਕਾ ਆਪਸੀ ਭਾਈਚਾਰੇ ਅਤੇ ਬਰਾਬਰਤਾ ਦੇ ਹਾਮੀ ਰਹੇ ਹਨ। ਅਥਾਹ ਸ਼ਰਧਾ ਅਤੇ ਦ੍ਰਿੜ੍ਹ ਇਰਾਦੇ ਦੇ ਮਾਲਕ ਇਨ੍ਹਾਂ ਭਗਤਾਂ ਨੇ ਆਪਣੀ ਰੂਹ ਨੂੰ ਰੱਬੀ ਰੰਗ ਵਿੱਚ ਰੰਗ ਕੇ ਅਜਿਹੇ ਵਡਮੁੱਲੇ ਅਤੇ ਪਵਿੱਤਰ ਬਚਨ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਬਣਾ ਸਕਦਾ ਹੈ। ਸਮਾਜਿਕ ਅਤੇ ਸਭਿਆਚਾਰਕ ਵਖਰੇਵੇਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾਂ ਇੱਕ ਅਕਾਲ ਪੁਰਖ ’ਤੇ ਰਹੀ ਹੈ। ਇਸ ਟੇਕ ਸਦਕਾ ਹੀ ਇਹ ਭਗਤ ਪਰਮ ਪਿਤਾ (ਅਕਾਲ ਪੁਰਖ) ਨਾਲ ਇਕਸੁਰ ਹੁੰਦੇ ਰਹੇ ਹਨ। ਸੋਚ ਪੱਖੋਂ ਉੱਚੇ ਅਤੇ ਵਿਵਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁੱਝ ਨਿਰਾਲੀ ਬਣੀ ਰਹੀ ਹੈ। ਇਸ ਚਾਲ ਦੀ ਗਵਾਹੀ ਤੀਸਰੇ ਪਾਤਿਸਾਹ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਪਾਵਨ ਬਾਣੀ ਆਨੰਦ ਸਾਹਿਬ ਦੀ 14ਵੀਂ ਪਾਉੜੀ ਵਿੱਚ ਇਸ ਤਰ੍ਹਾਂ ਕਰਦੇ ਹਨ ‘‘ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ਲਬੁ ਲੋਭੁ ਅੰਹਕਾਰ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ’’ (ਮਹਲਾ /੯੧੮)

ਇਸ ਨਿਰਾਲੀ ਚਾਲ ਕਾਰਨ ਭਗਤਾਂ ਅਤੇ ਸੰਸਾਰੀਆਂ ਦਾ ਜੋੜ, ਘੱਟ ਹੀ ਬਣਦਾ ਰਿਹਾ ਹੈ। ਇਨ੍ਹਾਂ ਬਿਖਮ ਮਾਰਗ ਦੇ ਪਾਂਧੀ ਭਗਤਾਂ ਨੂੰ ਜਦੋਂ ਕਦੇ ਸੰਸਾਰੀ ਲੋਕਾਂ ਨੇ ਸਤਾਉਣ ਜਾਂ ਅਜਮਾਉਣ ਦਾ ਕੋਈ ਕੋਝਾ ਯਤਨ ਕੀਤਾ ਹੈ ਤਾਂ ਆਪਣੇ ਪਿਆਰੇ ਭਗਤਾਂ ਦੀ ਬਾਂਹ ਪ੍ਰਭੂ ਨੇ ਅੱਗੇ ਹੋ ਕੇ ਆਪ ਫੜੀ ਹੈ। ਇਸ ਗੱਲ ਨੂੰ ਤਸਦੀਕ ਕਰਦੇ ਹੋਏ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇੰਝ ਫ਼ੁਰਮਾਉਂਦੇ ਹਨ ‘‘ਹਰਿ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ’’  ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖਰ ਛੋਹ ਜਾਂਦੀ ਹੈ ਤਾਂ ਉਸ ਵਕਤ ਰੱਬ ਨੂੰ ਵੀ ਆਪਣੇ ਭਗਤਾਂ ਦੀ ਗੱਲ ਸੁਣਨੀ ਪੈਂਦੀ ਹੈ। ਅਜਿਹੀ ਹੀ ਭਗਤ ਤੇ ਰੱਬ ਦੇ ਮਿਲਾਪ ਵਾਲੀ ਵਾਰਤਾਲਾਪ ਦਾ ਜ਼ਿਕਰ ਧੰਨੇ ਭਗਤ ਜੀ ਨੂੰ ਵੀ ਕਰਨਾ ਪਿਆ ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ।

ਜੱਟਕੀ ਜ਼ਿੱਦ ਤੇ ਅਟੱਲ ਭਰੋਸਤਾ ਨਾਲ ਰੱਬੀ ਬਖ਼ਸ਼ਿਸ਼ ਦਾ ਪਾਤਰ ਬਣਨ ਵਾਲੇ ਅਤੇ ਇਸ ਬਖ਼ਸ਼ਿਸ ਦੀ ਬਾਦੌਲਤ ਆਪਣੇ ਖੇਤਾਂ ਦੇ ਨੱਕੇ ਮੁੜਵਾਉਣ ਵਾਲੇ ਭਗਤ ਧੰਨਾ ਜੀ ਦਾ ਜਨਮ 20 ਅਪ੍ਰੈਲ ਸੰਨ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਭਾਈ ਭੋਲਾ ਅਤੇ ਮਾਤਾ ਦਾ ਨਾਮ ਧੰਨੋ ਸੀ। ਆਪ ਦਾ ਸ਼ੁਮਾਰ ਉਨ੍ਹਾਂ ਸਿੱਦਕਵਾਨਾਂ ਵਿੱਚ ਕੀਤਾ ਜਾਂਦਾ ਹੈ ਜਿਹੜੇ ਆਪਣਾ ਹੱਥ ਕਾਰ (ਕਿਰਤ) ਵੱਲ ਅਤੇ ਦਿਲ ਪਿਆਰੇ (ਪ੍ਰਭੂ) ਵੱਲ ਲਗਾਈ ਰੱਖਦੇ ਹਨ। ਇਸ ਲਗਨ ਸਦਕਾ ਉਨ੍ਹਾਂ ਨੇ ਉਸ ਪਰਮ ਪਿਤਾ ਦੇ ਨਾ ਸਿਰਫ਼ ਦਰਸ਼ਨ ਹੀ ਅਨੁਭਵ ਕੀਤੇ ਸਗੋਂ ਉਸ ਦੀ ਯਾਦ ਨੂੰ ਆਪਣੇ ਕੰਮ-ਕਾਜ ਦਾ ਨਿਰੰਤਰ ਹਿੱਸਾ ਵੀ ਬਣਾ ਲਿਆ।

ਭਗਤ ਧੰਨਾ ਜੀ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਬੜੇ ਧਿਆਨ ਨਾਲ ਦੇਖਿਆ। ਦੇਖਣ ਉੁਪਰੰਤ ਭਗਤ ਜੀ ਦੇ ਮਨ ਵਿੱਚ ਵੀ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਪ੍ਰਚੰਡਿਤ ਇੱਛਾ ਕਾਰਨ ਉਨ੍ਹਾਂ ਨੇ ਪੰਡਿਤ ਜੀ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿੱਚ ਉਸ ਪੰਡਿਤ ਨੇ ਭਗਤ ਜੀ ਨੂੰ ਕੁੱਝ ਦੁਨਿਆਵੀ ਵਸਤਾਂ ਦਕਸ਼ਣਾ ਦੇ ਰੂਪ ਵਿੱਚ ਦੇਣ ਲਈ ਕਿਹਾ। ਜੋ ਭਗਤ ਜੀ ਨੇ ਸਹਿਜ ਨਾਲ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਇਸ ਸਮਝੌਤੇ ਤੋਂ ਬਾਅਦ ਉਸ ਚੁਸਤ-ਲਾਲਚ ਪੰਡਿਤ ਨੇ ਇਕ ਸਧਾਰਨ ਪੱਥਰ ਭਗਤ ਧੰਨਾ ਜੀ ਦੇ ਸਪੁਰਦ ਕਰ ਦਿੱਤਾ। ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਸਧਾਰਨ ਪੱਥਰ ਨੂੰ (ਭਗਵਾਨ ਸਮਝ ਕੇ) ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਆਦਿ ਨੂੰ ਭੋਗ ਲਗਾਉਣ ਲਈ ਕਿਹਾ। ਪੱਥਰ ਵੱਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੀ 13ਵੀਂ ਪਾਉੜੀ ’ਚ ਇਸ ਤਰ੍ਹਾਂ ਭਰੀ ਹੈ ‘‘ਠਾਕੁਰ ਨੋ ਨ੍ਹਾਵਾਲਿ ਕੈ; ਛਾਹਿ ਰੋਟੀ ਲੈ ਭੋਗੁ ਚੜ੍ਹਾਵੈ ਹਥਿ ਜੋੜਿ ਮਿਨਤਿ ਕਰੈ; ਪੈਰੀ ਪੈ ਪੈ ਬਹੁਤੁ ਮਨਾਵੈ ਹਉ ਭੀ ਮੁਹੁ ਜਠਾਲਾਸਾਂ; ਤੂ ਰੁਠਾ ਮੈ ਕਿਹੁ ਨਾ ਸੁਖਾਵੇ ਗੋਸਾਈ ਪਰਤਖਿ ਹੋਇ; ਰੋਟੀ ਖਾਹਿ, ਛਾਹਿ ਮੁਹਿ ਲਾਵੈ ਭੋਲਾ ਭਾਉ ਗੋਬਿੰਦੁ ਮਿਲਾਵੈ’’

ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਜਿੱਥੇ ਹੋਰ ਬਹੁਤ ਸਾਰੇ ਭਗਤਾਂ ਦੀ ਸੁਚੱਜੀ ਕਮਾਈ ਦਾ ਜ਼ਿਕਰ ਕਰਦੇ ਹਨ, ਉੱਥੇ ਭਗਤ ਧੰਨਾ ਜੀ ਨੂੰ ‘‘ਧੰਨੈ ਸੇਵਿਆ ਬਾਲ ਬੁਧਿ’’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਦਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਦੇ ਅੰਗ ੪੮੮ ਉੱਪਰ ਸ਼ੁਸੋਭਿਤ ਆਪਣੇ ਇਕ ਹੋਰ ਪਾਵਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਪੰਜਵੇਂ ਨਾਨਕ ਫ਼ੁਰਮਾਉਂਦੇ ਹਨ ‘‘ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ   ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ’’ (ਮਹਲਾ /੪੮੮) ਗੁਰੂ ਅਰਜਨ ਸਾਹਿਬ ਇਨ੍ਹਾਂ ਪਾਵਨ ਪੰਕਤੀਆਂ ਰਾਹੀਂ ਇਹ ਸਪਸ਼ਟ ਕਰਦੇ ਹਨ ਕਿ ਭਗਤ ਧੰਨਾ ਜੀ ਨੇ ਇਸ ਗੱਲ ਨੂੰ ਭਲੀਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਨਾਲ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵੀਦਾਸ ਅਤੇ ਸੈਣ ਆਦਿਕ) ਨੇ ਰੱਬੀ ਪਿਆਰ ਨੂੰ ਭਗਤੀ ਨਾਲ ਹਾਸਲ ਕੀਤਾ ਹੈ ਤਾਂ ਇਹ ਯੁਕਤੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਸ ਦੀ ਇਸ ਸਮਰਪਣ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਸਾਖਿਆਤ (ਅਨੁਭਵ) ਰੂਪ ਵਿੱਚ ਪ੍ਰਭੂ ਦੇ ਦਰਸ਼ਨ-ਦੀਦਾਰੇ ਕਰਵਾ ਦਿੱਤੇ ਸਨ। ਗੱਲ ਸਿਰਫ਼ ਦਰਸ਼ਨ-ਦੀਦਾਰੇ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਸਾਰੇ ਕਾਰਜ ਵੀ ਭਰੋਸੇ ਰੱਖਣ ਬਦਲੇ ਆਪਣੇ ਜ਼ਿੰਮੇ ਲੈ ਲਏ ਸਨ।

ਗੋਪਾਲ ਵੱਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਫ਼ੁਰਮਾਉਂਦੇ ਹਨ ‘‘ਗੋਪਾਲ ! ਤੇਰਾ ਆਰਤਾ   ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ਰਹਾਉ ’’ (ਭਗਤ ਧੰਨਾ/੬੯੫) ਭਗਤ ਧੰਨਾ ਜੀ ਦੀ ਵਡਿਆਈ ਇਸ ਪੱਖੋਂ ਵੀ ਹੈ ਕਿ ਜਿੱਥੇ ਕੁੱਝ ਧਾਰਮਿਕ ਰਹਿਬਰ ਔਰਤ ਨੂੰ ਭਗਤੀ-ਮਾਰਗ ਲਈ ਰੁਕਾਵਟ ਮੰਨਦੇ ਰਹੇ ਉੱਥੇ ਉਨ੍ਹਾਂ ਨੇ ਬੁਲੰਦ ਆਵਾਜ਼ ’ਚ ਕਿਹਾ ‘‘ਘਰ ਕੀ ਗੀਹਨਿ ਚੰਗੀ ਜਨੁ ਧੰਨਾ ਲੇਵੈ ਮੰਗੀ ’’ (ਭਗਤ ਧੰਨਾ/੬੯੫) ਔਰਤ ਜਾਤੀ ਅਤੇ ਕਿਰਤ ਦੇ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਪੂਰਨ ਅਤੇ ਬਣਦਾ ਸਤਿਕਾਰ ਕਰਦਿਆਂ ਹੀ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਲਾਹੀ ਬਚਨਾਂ ਦਾ ਉਚਾਰਨ ਕਰਨ ਵਾਲੇ 6 ਗੁਰੂ ਸਾਹਿਬਾਨਾਂ, 11 ਭੱਟਾਂ, 3 ਗੁਰੂ ਦੇ ਨਿਕਟਵਰਤੀਆਂ ਅਤੇ 15 ਭਗਤਾਂ ਦੀ ਬਾਣੀ ਨੂੰ ਇਕ (ਆਦਿ ਗ੍ਰੰਥ ਸਾਹਿਬ ਦੇ ਰੂਪ) ਲੜੀ ’ਚ ਪਰੋਇਆ ਤਾਂ ਭਗਤ ਧੰਨਾ ਜੀ ਦੇ 3 ਪਵਿੱਤਰ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਵਿੱਚ ਸ਼ਾਮਲ ਕਰ ਲਏ ਹਨ।

ਭਗਤੀ ਲਹਿਰ ਦੇ ਪ੍ਰਮੁੱਖ ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਈਸਵੀ ਨੂੰ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਭਗਤੀ-ਭਾਵਨਾ ਜਿੱਥੇ ਪਾਖੰਡਵਾਦ ਤੋਂ ਨਿਰਲੇਪ ਹੈ, ਉੱਥੇ ਸੱਚੀ ਸੁੱਚੀ ਕਿਰਤ ਕਰਦਿਆਂ ਕਰਤਾਰ ਨਾਲ ਜੁੜਨ ਦੀ ਇੱਕ ਅਤਿ ਉੱਤਮ ਮਿਸਾਲ ਵੀ ਹੈ।

‘ਅੰਮ੍ਰਿਤ’ ਦੀ ਮਨੁੱਖਾ ਜੂਨੀ ਲਈ ਮਹੱਤਤਾ

0

‘ਅੰਮ੍ਰਿਤ’ ਦੀ ਮਨੁੱਖਾ ਜੂਨੀ ਲਈ ਮਹੱਤਤਾ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਕੁਦਰਤਿ ਦੀ ਗੋਦ ’ਚ ਆ ਕੇ ਜਦੋਂ ਮਨੁੱਖ ਨੇ ਅੱਖ ਖੋਲ੍ਹੀ ਤਾਂ ਸੁਹੱਪਣ ਨੇ ਇਸ ਨੂੰ ਮੋਹਿਆ ਅਤੇ ‘‘ਹੁਕਮਿ ਰਜਾਈ ਚਲਣਾ.. ’’ (ਜਪੁ) ਨੂੰ ਭੁੱਲ ਕੇ ‘‘ਆਕੀ ਮਰਹਿ ਅਫਾਰੀ ’’ (ਮਹਲਾ /੯੯੨) ਦੇ ਮਾਰਗ ’ਤੇ ਚੱਲ ਪਿਆ। ਹੁਕਮ ਤੋਂ ਬਾਗੀ ਹੋ ਗਿਆ ‘‘ਪਹਿਲਾ ਮਰਣੁ ਕਬੂਲਿ.. ’’  ਕਰ ਕੇ ਆਇਆ ਮਾਨਵ ‘‘ਮਰਣੁ ਮਨਹੁ ਵਿਸਾਰਿਆ ’’ (ਮਹਲਾ /੯੧੯) ਹੋ ਗਿਆ।  ਇਸ ਦਾ ਜੀਵਨ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ’’ (ਮਹਲਾ /੧੨੫੪) ਵਾਲਾ ਹੋ ਗਿਆ। ਮਨੁੱਖ ਇਸੇ ਕੋਸ਼ਿਸ਼ ਵਿੱਚ ਲੱਗ ਗਿਆ ਕਿ ਮੈਂ ਦੁਨੀਆਂ ਤੋਂ ਨਾ ਜਾਵਾਂ, ਕਦੇ ਨਾ ਮਰਾਂ, ਜ਼ਿੰਦਗੀ ਅੰਦਰ ਮ੍ਰਿਤੂ ਜਾਂ ਮੌਤ ਇਸ ਨੂੰ ਸਭ ਤੋਂ ਵੱਡੀ ਦੁਸ਼ਮਣ ਜਾਪਣ ਲੱਗ ਪਈ। ਮ੍ਰਿਤੂ ਦੀ ਯਾਦ ਕਰਵਾਣ ਵਾਲੇ ਜਾਂ ਮ੍ਰਿਤੂ ਦੇ ਕਾਰਨ ਹਰ ਦੁੱਖ-ਦਰਦ, ਹਥਿਆਰ ਸਭ ਦੁਸ਼ਮਣ ਜਾਪਣ ਲੱਗੇ। ਜੀਵਨ ਇਸੇ ਖੋਜ ਵਿੱਚ ਲਗਾ ਦਿੱਤਾ ਕਿ ਕਿਸੇ ਵਸਤੂ ਦੀ ਭਾਲ ਕਰਾਂ ਜੋ ਮ੍ਰਿਤੂ ਤੋਂ ਮੇਰੀ ਰਾਖੀ ਕਰੇ, ਮੈਨੂੰ ਜੀਵਨ ਦੇਣ ਵਾਲੀ ਬਣ ਜਾਵੇ। ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਉਪਰਾਲੇ ਕੀਤੇ। ਕਦੇ ਪੂਜਾ ਪਾਠ, ਕਦੇ ਮੰਤ੍ਰ ਜਾਪ, ਕਦੇ ਅਜਿਹੇ ਹਥਿਆਰਾਂ ਦੀ ਖੋਜ, ਕਦੇ ਸੁਰੱਖਿਅਤ ਕਿਲ੍ਹਿਆਂ ਦੀ ਉਸਾਰੀ। ਕਦੇ ਅਮਰ ਔਸ਼ਧੀਆਂ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਮੌਤ ਜਿੱਤਦੀ ਰਹੀ ਤੇ ਲੰਮੀ ਲੜਾਈ ਲੜਦਿਆਂ ਲੜਦਿਆਂ ਮਾਨਵੀ ਜ਼ਿੰਦਗੀ ਹਾਰਦੀ ਰਹੀ। ਇਹ ਲੜਾਈ ਅੱਜ ਵੀ ਜਾਰੀ ਹੈ। ਇਸ ਵਿੱਚੋਂ ਜੀਵਨ ਜਿਊਣ ਦੀ ਭਾਵਨਾ ਦੀ ਵਿਆਖਿਆ ਕਰਦਾ ਅਜੋਕੀ ਭਾਸ਼ਾ ਦਾ ‘ਅੰਮ੍ਰਿਤ’ ਸ਼ਬਦ ਪੁੰਗਰਿਆ। ਅੰਮ੍ਰਿਤ ਦਾ ਅਰਥ ‘ਅ’ ਅਗੇਤਰ ਹੋਣ ਕਰਕੇ ਮ੍ਰਿਤੂ ਨੂੰ ਨਾਹ ਵਾਚਕ ਸ਼ਬਦ ਵਿੱਚ ਬਦਲ ਦਿੰਦਾ ਹੈ ਭਾਵ ਜਿੱਥੇ ਮੌਤ ਨਹੀਂ ਹੈ, ਜਿੱਥੇ ਮ੍ਰਿਤੂ ਨਹੀਂ ਹੈ; ਇਸ ਦੀ ਹੋਂਦ ਦਾ ਪ੍ਰਗਟਾਵਾ ਮਹਾਂਭਾਰਤ, ਰਿਗ ਵੇਦ ਅਤੇ ਪੁਰਾਣਾ ਵਿੱਚ ਵੀ ਹੈ।  ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਜੋੜੀਆਂ ਗਈਆਂ।  ਭਾਈ ਗੁਰਦਾਸ ਜੀ ਨੇ ਵਾਰ ਨੰਬਰ 26 ਦੀ ਪਉੜੀ ਨੰਬਰ 23 ਵਿੱਚ ਅੰਮ੍ਰਿਤ ਪ੍ਰਾਪਤੀ ਦਾ ਜ਼ਿਕਰ ਕੀਤਾ ਹੈ ‘‘ਖੀਰ ਸਮੁੰਦੁ ਵਿਰੋਲਿ ਕੈ; ਕਢਿ ਰਤਨ ਚਉਦਹ ਵੰਡਿ ਲੀਤੇ ਮਣਿ ਲਖਮੀ ਪਾਰਜਾਤ ਸੰਖੁ; ਸਾਰੰਗ ਧਣਖੁ ਬਿਸਨੁ ਵਸਿ ਕੀਤੇ ਕਾਮਧੇਣੁ ਤੇ ਅਪਛਰਾਂ; ਐਰਾਪਤਿ ਇੰਦ੍ਰਾਸਣਿ ਸੀਤੇ ਕਾਲਕੂਟ ਤੇ ਅਰਧ ਚੰਦੁ; ਮਹਾਂਦੇਵ ਮਸਤਕਿ ਧਰਿ ਪੀਤੇ ਘੋੜਾ ਮਿਲਿਆ ਸੂਰਜੈ; ਮਦੁ ਅੰਮਿਤ੍ਰੁ ਦੇਵ ਦਾਨਵ ਰੀਤੇ ਕਰੇ ਧਨੰਤਰੁ ਵੈਦਗੀ; ਡਸਿਆ ਤੱਛਕਿ ਮਤਿ ਬਿਪਰੀਤੇ ਗੁਰ ਉਪਦੇਸੁ ਅਮੋਲਕਾ; ਰਤਨ ਪਦਾਰਥ ਨਿਧਿ ਅਗਣੀਤੇ ਸਤਿਗੁਰ ਸਿਖਾ, ਸਚੁ ਪਰੀਤੇ ੨੩’’ (ਭਾਈ ਗੁਰਦਾਸ ਜੀ/ ਵਾਰ ੨੬ ਪਉੜੀ ੨੩)

ਪੁਰਾਤਨ ਬੰਦਗੀ ਦਾ ਮਕਸਦ ਵੀ ਹਰਨਾਕਸ਼, ਰਾਵਣ ਜਾਂ ਦੇਵ ਦੈਂਤਾਂ ਆਦਿਕ ਬਾਰੇ ਪੜ੍ਹ ਕੇ ਇਹ ਹੀ ਸਮਝ ਆਉਂਦੀ ਹੈ ਕਿ ਹਰੇਕ ਦੀ ਚਾਹਨਾ ਸੀ ਕਿ ‘ਮੈਂ ਕਦੇ ਮਰਾਂ ਹੀ ਨਾ’ ਪਰ ਹਰ ਵਾਰੀ ਮੌਤ ਹਰ ਇੱਕ ਨੂੰ ਆਪਣੀ ਗੋਦ ਵਿੱਚ ਸਦਾ ਦੀ ਨੀਂਦ ਸੁਆ ਹੀ ਦੇਂਦੀ ਹੈ।  ਧਾਰਮਿਕ ਦੁਨੀਆਂ ਵਿੱਚ ਆਪੋ ਆਪਣੇ ਅਕੀਦੇ ਅਨੁਸਾਰ (ਉਨ੍ਹਾਂ ਦੇ ਨਾਂ ਭਲੇ ਵੱਖੋ ਵੱਖਰੇ ਹਨ) ਕੋਈ ਆਬੇ ਹਯਾਤ ਆਖੇ, ਕੋਈ ਸੋਮਰਸ, ਕੋਈ ਬਪਤਿਸਮਾ ਆਖੇ ਭਾਵੇਂ ਕੋਈ ਅੰਮ੍ਰਿਤ ਆਖਦਾ ਹੈ ਪਰ ਸਾਰਿਆਂ ਪਿੱਛੇ ਇੱਕੋ ਵਿਚਾਰ ਕੰਮ ਕਰਦੀ ਹੈ ਕਿ ਮੌਤ ਤੋਂ ਬਚਾਅ ਕਿਵੇਂ ਹੋਵੇ ?

ਗੁਰਮਤਿ ਦੀ ਰੌਸ਼ਨੀ ਅੰਦਰ ਜਿੱਥੇ ਹਰ ਅਸੂਲ ਰੱਬੀ ਰਜ਼ਾ ਨੂੰ ਮੁੱਖ ਰੱਖ ਕੇ ਘੜਿਆ ਗਿਆ ਹੋਵੇ, ਉੱਥੇ ਅੰਮ੍ਰਿਤ ਦੀ ਵਿਚਾਰਧਾਰਾ ਵੀ ਵਖਰੀ ਕਿਸਮ ਦੀ ਹੈ। ਜਦੋਂ ਸਿੱਖ ਅੰਮ੍ਰਿਤ ਦੀ ਦਾਤ ਲੈਣ ਲਈ ਗੁਰੂ ਚਰਨਾਂ ਵਿੱਚ ਪੁਜਦਾ ਹੈ ਤਾਂ ਇਸ ਨੂੰ ਪਹਿਲਾ ਵਾਕ ਹੀ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ   ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ’’  (ਮਹਲਾ /੧੧੦੨)  ਦ੍ਰਿੜ੍ਹ ਕਰਵਾਇਆ ਜਾਂਦਾ ਹੈ ਭਾਵ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਭਟਕਣਾ (ਆਵਾਗਮਣ) ਮੁਕ ਜਾਏ, ਇਸ ਨੂੰ ਮੌਤ ਨਹੀਂ ਸਗੋਂ ਸਿੱਖੀ ਜਾਂ ਗੁਰਮਤਿ ਭਾਸ਼ਾ ਵਿੱਚ ‘ਨਿਜ ਘਰ’ ਜਾਣਾ ਕਿਹਾ ਗਿਆ ਹੈ।  ਜੁਗਾਂ ਜੁਗਾਂ ਤੋਂ ਅੰਮ੍ਰਿਤ ਦੀ ਖੋਜ ਹੋ ਰਹੀ ਹੈ। ਮਨੁੱਖ ਹੀ ਨਹੀਂ ਬਲਕਿ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ.. ’’ ਫਿਰਦੇ ਹਨ, ਪਰ ‘‘ਸੁ ਅੰਮ੍ਰਿਤੁ ਗੁਰ ਤੇ ਪਾਇਆ ’’ (ਮਹਲਾ /੯੧੮) ਅਨੁਸਾਰ ਜੀਵਨ ਵਿੱਚੋਂ ਮੌਤ ਨੂੰ ਦੂਰ ਕਰਨ ਦਾ ਸੰਕਲਪ ਰੂਪੀ ਅੰਮ੍ਰਿਤ ਗੁਰੂ ਕੋਲੋਂ ਹੀ ਪ੍ਰਾਪਤ ਹੁੰਦਾ ਹੈ। ਪਾਤਸ਼ਾਹੀ ਪਹਿਲੀ ਦੇ ਬਚਨ ਹਨ ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ ਗੁਰ ਪਾਹੀ ਜੀਉ ’’ (ਮਹਲਾ /੫੯੮) ਇਸ ਦੀ ਪ੍ਰਾਪਤੀ ਲਈ ਗੁਰੂ ਦਾ ਪਾਵਨ ਸੰਦੇਸ਼ ਹੈ ‘‘ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ’’ (ਮਹਲਾ /੫੯੮)  ਚੇਤੇ ਰੱਖਣਯੋਗ ਹੈ ਕਿ ਹਜ਼ੂਰ ਨੇ ਅੰਮ੍ਰਿਤ ਖੋਜੀਆਂ ਲਈ ਅੰਮ੍ਰਿਤ ਦੇ ਟਿਕਾਣੇ ਦੱਸਣ ਦੀ ਵੀ ਬਖ਼ਸ਼ਸ਼ ਕੀਤੀ ਹੈ ਅਤੇ ਉਸ ਟਿਕਾਣੇ ਤੋਂ ਅੰਮ੍ਰਿਤ ਕਿਵੇਂ ਹਾਸਲ ਕਰੀਦਾ ਹੈ, ਬਾਰੇ ਗਿਆਨ ਪ੍ਰਦਾਨ ਕੀਤਾ ਹੈ; ਜਿਵੇਂ ਕਿ ‘‘ਨਉ ਨਿਧਿ ਅੰਮ੍ਰਿਤੁ; ਪ੍ਰਭ ਕਾ ਨਾਮੁ   ਦੇਹੀ ਮਹਿ, ਇਸ ਕਾ ਬਿਸ੍ਰਾਮੁ (ਮਹਲਾ /੨੯੩), ਕਾਇਆ ਨਗਰ ਮਹਿ, ਰਾਮ ਰਸੁ ਊਤਮੁ; ਕਿਉ ਪਾਈਐ ਉਪਦੇਸੁ ਜਨ ਕਰਹੁ  ? (ਮਹਲਾ /੮੦੦), ਸਤਿਗੁਰੁ ਸੇਵਿ ਸਫਲ ਹਰਿ ਦਰਸਨੁ; ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ’’ (ਮਹਲਾ /੮੦੦)  ਭਾਵ ਸਾਡੇ ਸਰੀਰ ਵਿੱਚ ਹੀ ਪ੍ਰਭੂ ਨਾਮ ਦਾ ਅੰਮ੍ਰਿਤ ਮੌਜੂਦ ਹੈ ਪਰ ਸਤਿਗੁਰੂ ਅਨੁਸਾਰੀ ਹੋ ਕੇ ਹੀ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

‘‘ਅੰਮ੍ਰਿਤ ਬਾਣੀ ਤਤੁ ਵਖਾਣੀ’’ (ਮਹਲਾ /੧੨੪੩) ਅਨੁਸਾਰ ਗੁਰਬਾਣੀ; ਅੰਮ੍ਰਿਤ ਜੀਵਨ ਦੇਣ ਵਾਲੀ ਹੈ ਕਿਉਂਕਿ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ’’ (ਮਹਲਾ /੯੮੨) ਦਾ ਹੁਕਮ ਹੈ। ਗੁਰੂ ਦੀ ਬਾਣੀ ਜੀਵਨ ਦੇਣ ਵਾਲਾ ਅੰਮ੍ਰਿਤ ਹੈ, ਜੋ ਵੀ ਗੁਰਬਾਣੀ ਨੂੰ ਜਪਦਾ ਹੈ ਉਹ ‘‘ਅੰਮ੍ਰਿਤ ਬਚਨ; ਸਾਧ ਕੀ ਬਾਣੀ   ਜੋ ਜੋ ਜਪੈ, ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ’’ (ਮਹਲਾ /੭੪੪) ਅਨੁਸਾਰ ਪਰਮ ਅਵਸਥਾ ਪ੍ਰਾਪਤ ਕਰ ਕੇ ਸਦਾ ਰੱਬੀ ਨਾਮ ਦਾ ਵਖਿਆਨ ਕਰਦਾ ਰਹਿੰਦਾ ਹੈ।

ਯਾਦ ਰਹੇ ਨਾਮ, ਗੁਰੂ ਤੋਂ ਬਿਨਾਂ ਨਹੀਂ ਮਿਲਦਾ ਤੇ ਗੁਰੂ ਵਾਲੇ ਬਣਨ ਦਾ ਕੋਈ ਵਿਧੀ-ਵਿਧਾਨ ਹੁੰਦਾ ਹੈ।  ਸਿੱਖ ਇਤਿਹਾਸ ਵਿੱਚ ਗੁਰੂ ਧਾਰਨ ਕਰਨ ਦੀ ਮਰਯਾਦਾ ਦੋ ਤਰ੍ਹਾਂ ਦੀ ਰਹੀ ਹੈ ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ’’ (ਭਾਈ ਗੁਰਦਾਸ ਜੀ /ਵਾਰ ਪਉੜੀ ੨੩) ਅਨੁਸਾਰ ਇਸ ਨੂੰ ਚਰਨ ਪਾਹੁਲ ਆਖਿਆ ਜਾਂਦਾ ਸੀ।  ਸਾਹਿਬ ਜੀ ਨੇ ਗੁਰੂ ਚਰਨਾਂ ਬਾਰੇ ਸਪਸ਼ਟ ਕੀਤਾ ਹੈ ‘‘ਹਿਰਦੈ ਚਰਣ ਸਬਦੁ ਸਤਿਗੁਰ ਕੋ; ਨਾਨਕ  !  ਬਾਂਧਿਓ ਪਾਲ ’’ (ਮਹਲਾ /੬੮੦) ਜਿਹੜਾ ਵੀ ਗੁਰੂ ਦਾ ਸ਼ਿਸ਼ ਬਣਦਾ ਸੀ, ਉਸ ਲਈ ਜ਼ਰੂਰੀ ਹੁੰਦੀ ਸੀ ਕਿ ਉਹ ਚਰਨ ਪਾਹੁਲ ਦਾ ਧਾਰਨੀ ਹੋਵੈ।  ਐਸਾ ਜਨਮ ਸਾਖੀਆਂ ਅਤੇ ਭਾਈ ਗੁਰਦਾਸ ਜੀ ਦੇ ਹਵਾਲੇ ਦਰਸਾਉਂਦੇ ਹਨ। ਮਗਰੋਂ ਦਸਵੇਂ ਜਾਮੇ ਵਿੱਚ ਸੰਨ 1699 ਦੀ ਵਿਸਾਖੀ ਨੂੰ ਸਾਹਿਬ ਜੀ ਨੇ ਚਰਨ ਪਾਹੁਲ ਨੂੰ ਖੰਡੇ ਬਾਟੇ ਦੀ ਪਾਹੁਲ ਵਿੱਚ ਤਬਦੀਲ ਕਰ ਦਿੱਤਾ ਤਾਂ ਕਿ ਸਮੁੱਚੀ ਕੌਮ ਅੰਦਰ ਇੱਕ ਮਰਯਾਦਾ ਰਹੇ।

ਸਿੱਖੀ ਨਿਯਮਾਂ ਅਨੁਸਾਰ ਸਿੱਖੀ ਧਾਰਨ ਕਰਨ ਵਾਸਤੇ ਖੰਡੇ ਬਾਟੇ ਦੀ ਪਾਹੁਲ ਪੰਜਾਂ ਪਿਆਰਿਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈਣੀ ਹੈ। ਫਿਰ ਅੰਮ੍ਰਿਤਧਾਰੀ ਇਨ੍ਹਾਂ ਸਾਰੇ ਪੜਾਵਾਂ ਨੂੰ ਪਾਰ ਕਰ ‘‘ਅੰਮ੍ਰਿਤੁ ਪੀਵੈ, ਅਮਰੁ ਸੋ ਹੋਇ (ਮਹਲਾ /੨੮੭), ਪੀ ਅੰਮ੍ਰਿਤੁ ਆਘਾਨਿਆ; ਗੁਰਿ ਅਮਰੁ ਕਰਾਇਆ ’’ (ਮਹਲਾ /੮੦੮) ਦੀ ਪਦਵੀ ਹਾਸਲ ਕਰਦਾ ਹੈ।

ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਗੁਰਬਾਣੀ ਵਿਚਲੇ ਅੰਮ੍ਰਿਤ ਦੇ ਸੰਕਲਪ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਹੈ ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾ ਕੋ ਸਿਰ ਧਰ ਛਕ ਪੁਨ ਲੇਵੈ ਪੁਨ ਮਿਲਿ ਪਾਂਚਹੁ ਰਹਿਤ ਜੋ ਭਾਖੈਂ, ਤਾ ਕੋ ਮਨ ਮਹਿ ਦ੍ਰਿੜ ਕਰਿ ਰਾਖੈ

ਦੇਹੀ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਨਾਮ ਅੰਮ੍ਰਿਤ ਦਾ ਅਭਿਆਸ ਜ਼ਰੂਰੀ ਹੈ। ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਗੁਰੂ ਦੀ ਲੋੜ ਹੈ। ਗੁਰੂ; ਗੁਰਬਾਣੀ ਹੀ ਹੈ, ਇਸ ਨੂੰ ਧਾਰਨ ਕਰਨ ਲਈ ਇਸ ਗੁਰਬਾਣੀ ਦੀ ਹਜ਼ੂਰੀ ਵਿੱਚ ਹੀ ਪੰਜਾਂ ਪਿਆਰਿਆਂ ਕੋਲੋਂ ਖੰਡੇ ਦੀ ਪਾਹੁਲ ਛਕ ਕੇ ਅੰਮ੍ਰਿਤ ਤੇ ਅੰਮ੍ਰਿਤਮਈ ਜੀਵਨ ਦੀ ਪ੍ਰਾਪਤੀ ਕਰਨੀ ਹੈ। ਇਸ ਪੜਾਅ ’ਤੇ ਪੁੱਜ ਕੇ ਜਗਿਆਸੂ ਆਖਦਾ ਹੈ ‘‘ਅੰਮ੍ਰਿਤੁ ਪੀਆ ਸਤਿਗੁਰਿ ਦੀਆ   ਅਵਰੁ ਜਾਣਾ ਦੂਆ ਤੀਆ (ਮਹਲਾ /੧੦੩੪), ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ ਗੁਰ ਤੇ ਪਾਇਆ ’’ (ਮਹਲਾ /੯੧੮)

ਸੋ ਕੀਮਤੀ ਮਨੁੱਖਾ ਜ਼ਿੰਦਗੀ ਨੂੰ ਸਫਲ ਕਰਨ ਲਈ ਅਮਰ ਹੋਣਾ ਪੈਣਾ ਹੈ। ਅਮਰ; ਮਨ ’ਚ ਪ੍ਰਭੂ ਪ੍ਰਾਪਤੀ ਦੇ ਟੀਚੇ ਨਾਲ ਹੋਈਦਾ ਹੈ। ਜਿਸ ਮਨ ਅੰਦਰ ਇਹ ਇੱਛਾ ਪੈਦਾ ਹੋ ਗਈ ਉਹ ਜ਼ਿੰਦਗੀਭਰ ਪਰਮ ਅਨੰਦ ਮਾਣਦਾ ਹੈ ਤਾਂ ਤੇ ਸਾਨੂੰ ਪੂਰਨ ਸਤਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈਣੀ ਹੀ ਪੂਰਨ ਗੁਰੂ ਦੀ ਸ਼ਰਨ ਲੈਣਾ ਹੈ।

ਮਾਧਵੇ !.. ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥

0

ਮਾਧਵੇ !..ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥

ਗਿਆਨੀ ਹਰਭਜਨ ਸਿੰਘ (ਪ੍ਰਿੰਸੀਪਲ, ਰੋਪੜ)

ਜਉ ਤੁਮ ਗਿਰਿਵਰ; ਤਉ ਹਮ ਮੋਰਾ ॥  ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥  ਮਾਧਵੇ  !  ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥  ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ  ?॥੧॥ ਰਹਾਉ ॥  ਜਉ ਤੁਮ ਦੀਵਰਾ; ਤਉ ਹਮ ਬਾਤੀ ॥  ਜਉ ਤੁਮ ਤੀਰਥ; ਤਉ ਹਮ ਜਾਤੀ ॥੨॥  ਸਾਚੀ ਪ੍ਰੀਤਿ; ਹਮ ਤੁਮ ਸਿਉ ਜੋਰੀ ॥  ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ॥੩॥  ਜਹ ਜਹ ਜਾਉ; ਤਹਾ ਤੇਰੀ ਸੇਵਾ ॥  ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥  ਤੁਮਰੇ ਭਜਨ; ਕਟਹਿ ਜਮ ਫਾਂਸਾ ॥  ਭਗਤਿ ਹੇਤ; ਗਾਵੈ ਰਵਿਦਾਸਾ ॥੫॥ (ਭਗਤ ਰਵਿਦਾਸ/੬੫੯)

ਵਿਚਾਰ ਅਧੀਨ ਇਹ ਪਾਵਨ ਸ਼ਬਦ ਸੋਰਠਿ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ, ਪੰਜਵਾਂ ਸ਼ਬਦ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 658-659 ’ਤੇ ਸ਼ੋਭਨੀਕ ਹੈ। ਇਸ ਸ਼ਬਦ ਰਾਹੀਂ ਭਗਤ ਜੀ ਅਕਾਲ ਪੁਰਖ ਦੇ ਨਾਲ ਆਪਣੀ ਸੱਚੀ ਪ੍ਰੀਤ ਦਾ ਪ੍ਰਗਟਾਵਾ ਵੱਖ-ਵੱਖ ਦ੍ਰਿਸ਼ਟਾਂਤ ਦੇ ਕੇ ਕਰਦੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਾਕ ‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ॥ (ਮਹਲਾ ੧/੧੪੫) ਤੇ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਵਚਨ ‘‘ਭਗਤਾ ਕੀ ਚਾਲ ਨਿਰਾਲੀ ॥’’ (ਮਹਲਾ ੩/੯੧੮), ਆਦਿ ਵਾਕਾਂ ਮੁਤਾਬਕ ਭਗਤਾਂ ਦੀ ਚਾਲ ਕਿਵੇਂ ਨਿਰਾਲੀ ਹੁੰਦੀ ਹੈ ?  ਜਾਂ ਭਗਤਾਂ ਅਤੇ ਆਮ ਸੰਸਾਰੀ ਮਨੁੱਖਾਂ ਦਾ ਜੋੜ ਕਿਉਂ ਨਹੀਂ ਬਣਦਾ ?  ਇਸ ਦਾ ਜਵਾਬ ਲੱਭਣ ਲਈ ਗੁਰਬਾਣੀ ਸਿਧਾਂਤ ਨੂੰ ਗਹੁ ਨਾਲ ਵਿਚਾਰਨ ਦੀ ਜ਼ਰੂਰਤ ਹੈ।

ਸੰਸਾਰੀ ਮਨੁੱਖ ਉਨ੍ਹਾਂ ਨੂੰ ਕਿਹਾ ਗਿਆ ਹੈ, ਜਿਨ੍ਹਾਂ ਦੀ ਪ੍ਰੀਤ ਕੇਵਲ ਸੰਸਾਰ ਨਾਲ ਹੀ ਹੋਵੇ, ਪਰ ਭਗਤ ਕਹਿਲਾਉਣ ਦੇ ਹੱਕਦਾਰ ਉਹੀ ਹੁੰਦੇ ਹਨ, ਜੋ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਆਪਣਾ ਪਰਿਵਾਰਕ ਤੇ ਸਮਾਜਕ ਫ਼ਰਜ਼ ਨਿਭਾਉਂਦਿਆਂ ਹੋਇਆਂ ਵੀ ਆਪਣੀ ਪ੍ਰੀਤ ਸੰਸਾਰ ਦੇ ਰਚਨਹਾਰ ਨਿਰੰਕਾਰ ਨਾਲ ਅੰਤ ਤੱਕ ਪਾਈ ਰੱਖਦੇ ਹਨ।  ਕਿਸੇ ਪ੍ਰਕਾਰ ਦੀ ਕੋਈ ਵੀ ਲਾਲਚ ਜਾਂ ਹੋਰ ਵਿਕਾਰ ਉਨ੍ਹਾਂ ਦੀ ਪ੍ਰੀਤ ਵਿੱਚ ਰੁਕਾਵਟ ਨਹੀਂ ਬਣਦੇ, ਸਗੋਂ ਉਹ ਤਾਂ ਹਰ ਵੇਲੇ ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ‘‘ਮੂ, ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥  ਤੋਰੀ ਨ ਤੂਟੈ, ਛੋਰੀ ਨ ਛੂਟੈ; ਐਸੀ ਮਾਧੋ ਖਿੰਚ ਤਨੀ ॥’’ (ਮਹਲਾ ੫/੮੨੭) ਨੂੰ ਗਾ- ਗਾ ਕੇ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹਨ।  ਜਿਨ੍ਹਾਂ ਦੇ ਜੀਵਨ ਦਾ ਆਧਾਰ ਪ੍ਰਮਾਤਮਾ ਦਾ ਪਿਆਰ ਤੇ ਉਸ ਦੀ ਹੋਂਦ ਨੂੰ ਸਵੀਕਾਰਨਾ ਬਣ ਗਿਆ, ਉਹ ਤਾਂ ਸਹਿਜ ਵਿੱਚ ਆ ਕੇ ਕਬੀਰ ਜੀ ਦੇ ਇਨ੍ਹਾਂ ਵਚਨਾਂ ‘‘ਤੂੰ ਮੇਰੋ ਮੇਰੁ ਪਰਬਤੁ ਸੁਆਮੀ  !  ਓਟ ਗਹੀ ਮੈ ਤੇਰੀ ॥  ਨਾ ਤੁਮ ਡੋਲਹੁ, ਨਾ ਹਮ ਗਿਰਤੇ; ਰਖਿ ਲੀਨੀ ਹਰਿ ਮੇਰੀ ॥ (ਭਗਤ ਕਬੀਰ/੯੬੯)  ਨੂੰ ਨਿਰੰਤਰ ਗਾਉਂਦੇ ਰਹਿੰਦੇ ਹਨ।

ਵਿਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਰਾਹੀਂ ਭਗਤ ਜੀ ਫ਼ੁਰਮਾ ਰਹੇ ਹਨ ਕਿ ਹੇ ਮਾਧੋ (ਮਾਇਆ ਦੇ ਪਤੀ) !  ਜੇ ਤੂੰ ਮੇਰੇ ਨਾਲੋਂ ਪਿਆਰ ਨਾ ਤੋੜੇਂ ਤਾਂ ਮੈ ਵੀ ਨਹੀਂ ਤੋੜਾਂਗਾ ਭਾਵ ਤੈਥੋਂ ਦੂਰ ਨਹੀਂ ਜਾ ਸਕਦਾ ਕਿਉਂਕਿ ਤੇਰੇ ਨਾਲੋਂ ਪਿਆਰ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ ?  ਹੋਰ ਕੋਈ ਤੇਰੇ ਵਰਗਾ ਸ਼ਕਤੀਸ਼ਾਲੀ ਹੈ ਹੀ ਨਹੀਂ: ‘‘ਮਾਧਵੇ  !  ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥੧॥ ਰਹਾਉ ॥’’

ਪ੍ਰਭੂ ਜੀ ਦੀ ਰਹਿਮਤ ਨਾਲ ਹੀ ਉਸ ਦੇ ਚਰਨਾਂ ਵਿੱਚ ਪ੍ਰੀਤ ਟਿਕੀ ਰਹਿ ਸਕਦੀ ਹੈ ਤੇ ਇਹੀ ਪ੍ਰੀਤ ਉੱਚੇ ਦਰਜੇ ਦੀ ਕਹੀ ਜਾ ਸਕਦੀ ਹੈ। ਗੁਰਬਾਣੀ ’ਚ ਭਿੰਨ-ਭਿੰਨ ਪ੍ਰੀਤਾਂ ਪ੍ਰਤੀ ਕੁਝ ਵਚਨ ਦਰਜ ਹਨ; ਜਿਵੇਂ ਕਿ ਮੱਛੀ ਦੀ ਪ੍ਰੀਤ ਪਾਣੀ ਨਾਲ, ਭੰਵਰੇ ਦੀ ਕਮਲ-ਫੁੱਲ ਨਾਲ, ਮਿਰਗ ਦੀ ਘੰਡੇਹੇੜੇ ਦੀ ਆਵਾਜ਼ ਨਾਲ, ਚਕੋਰ ਦੀ ਚੰਦ ਨਾਲ ਪ੍ਰੀਤ, ਚਕਵੀ ਦੀ ਸੂਰਜ ਨਾਲ, ਪਪੀਹੇ ਦੀ ਬੱਦਲ (ਬਾਰਸ਼) ਨਾਲ, ਪਤਨੀ ਦੀ ਪਤੀ ਨਾਲ, ਮਾਤਾ ਦੀ ਪੁੱਤਰ ਨਾਲ ਪ੍ਰੀਤ, ਆਦਿ।  ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਨ੍ਹਾਂ ਦਾ ਜ਼ਿਕਰ ਮਿਸਾਲ ਵਜੋਂ ਆਪਣੀ ਰਚਨਾ ਵਿੱਚ ਕੀਤਾ ਹੈ ਤੇ ਅਖੀਰ ਵਿੱਚ ਇੱਕ ਗੁਰਸਿੱਖ ਦੀ ਪ੍ਰਤੀ, ਆਪਣੇ ਗੁਰੂ ਨਾਲ ਪਈ ਹੋਈ ਨੂੰ ਦਰਸਾਇਆ ਗਿਆ ਹੈ, ਜੋ ਇਸ ਤਰ੍ਹਾਂ ਹੈ:

ਚੰਦ ਚਕੋਰ ਪਰੀਤ ਹੈ; ਲਾਇ ਤਾਰ ਨਿਹਾਲੇ।ਚਕਵੀ ਸੂਰਜ ਹੇਤ ਹੈ; ਮਿਲਿ ਹੋਨਿ ਸੁਖਾਲੇ।

ਨੇਹੁ ਕਵਲ ਜਲ ਜਾਣੀਐ; ਖਿੜਿ ਮੁਹ ਵੇਖਾਲੇ।ਮੋਰ ਬਬੀਹੇ ਬੋਲਦੇ; ਵੇਖਿ ਬਦਲ ਕਾਲੇ।

ਨਾਰਿ ਭਤਾਰ ਪਿਆਰੁ ਹੈ; ਮਾਂ ਪੁਤ ਸਮ੍ਹਾਲੇ।ਪੀਰ ਮੁਰੀਦਾ ਪਿਰਹੜੀ; ਓਹੁ ਨਿਬਹੈ ਨਾਲੇ ॥੪॥

(ਭਾਈ ਗੁਰਦਾਸ ਜੀ/ਵਾਰ ੨੭ ਪਉੜੀ ੪)

ਭਗਤ ਰਵਿਦਾਸ ਜੀ ਦੇ ਧਨਾਸਰੀ ਰਾਗ ਵਿੱਚ ਦਰਜ ਕੀਤੇ ਗਏ ਸ਼ਬਦ ਰਾਹੀਂ ਪ੍ਰੀਤ ਨੂੰ ਹੋਰ ਵੀ ਪਰਪੱਕਤਾ ਮਿਲਦੀ ਹੈ, ਜਿਸ ਵਿੱਚ ਦਰਜ ਹੈ: ‘‘ਮੇਰੀ ਪ੍ਰੀਤਿ; ਗੋਬਿੰਦ ਸਿਉ ਜਿਨਿ (ਮਤਾਂ ਕਿਤੇ) ਘਟੈ ॥  ਮੈ ਤਉ ਮੋਲਿ ਮਹਗੀ ਲਈ; ਜੀਅ ਸਟੈ (ਜਿੰਦ ਬਦਲੇ)॥੧॥ ਰਹਾਉ ॥ (ਭਗਤ ਰਵਿਦਾਸ/੬੯੪)

ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ’ਚ ਭਗਤ ਜੀ ਵਚਨ ਕਰਦੇ ਹਨ ਕਿ ਹੇ ਮਾਧੋ !  ਜੇ ਤੂੰ ਸੋਹਣਾ ਜਿਹਾ ਬੱਦਲ ਬਣੇਂ ਤਾਂ ਮੈਂ ਤੇਰਾ ਮੋਰ ਬਣਾਂਗਾ (ਭਾਵ ਤੈਨੂੰ ਵੇਖ ਕੇ ਪੈਲਾਂ ਪਾਵਾਂਗਾ) ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਭਾਵ ਤੈਨੂੰ ਵੇਖ-ਵੇਖ ਖ਼ੁਸ ਹੋ-ਹੋ ਕੇ ਬੋਲਾਂਗੀ): ‘‘ਜਉ ਤੁਮ ਗਿਰਿਵਰ; ਤਉ ਹਮ ਮੋਰਾ ॥  ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥’’

ਜਿਸ ਪ੍ਰੀਤ ਦਾ ਜ਼ਿਕਰ ਭਗਤ ਜੀ ਕਰ ਰਹੇ ਹਨ ਇਹ ਪ੍ਰੀਤ, ਨਾ ਤਾਂ ਦੁਨਿਆਵੀ ਧਨ ਬਦਲੇ ਅਤੇ ਨਾ ਹੀ ਧਰਮ ਦੇ ਨਾਂ ’ਤੇ ਕੀਤੇ ਜਾਂਦੇ ਕਰਮਕਾਂਡਾਂ ਬਦਲੇ ਪ੍ਰਾਪਤ ਹੁੰਦੀ ਹੈ, ਸਗੋਂ ਇਹ ਪ੍ਰੀਤ ਤਾਂ ਸੀਸ ਭੇਟ ਕਰਨ ਭਾਵ ਆਪਣੀ ਮਤਿ ਤਿਆਗਣ ਨਾਲ ਹੀ ਮਿਲਦੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਹਵਾਲਾ ਦਿੰਦਿਆਂ ਸਮਝਾਇਆ ਕਿ ਦਿਲੀ ਪ੍ਰੀਤ ਅਤੇ ਧਨ ਸਮਰਪਤ ਕਰਨ ’ਚ ਫ਼ਰਕ ਹੁੰਦਾ ਹੈ; ਜਿਵੇਂ ਰਾਵਨ ਨੇ ਸ਼ਿਵਜੀ ਅੱਗੇ 11 ਵਾਰ ਆਪਣਾ ਸੀਸ ਭੇਟ ਕੀਤਾ, ਮੰਨਿਆ ਗਿਆ ਹੈ, ਪਰ ਅਗਰ ਧਨ ਭੇਟ ਕਰਨ ਨਾਲ ਇਹੀ ਪਿਆਰ ਮਿਲਦਾ ਤਾਂ ਰਾਵਨ ਦੇ ਪਾਸ ਕਿਹੜਾ ਧਨ ਦੀ ਕੋਈ ਕਮੀ ਸੀ: ‘‘ਸੰਮਨ ਜਉ ਇਸ ਪ੍ਰੇਮ ਕੀ; ਦਮ ਕਿੵਹੁ ਹੋਤੀ ਸਾਟ ॥  ਰਾਵਨ ਹੁਤੇ ਸੁ ਰੰਕ ਨਹਿ; ਜਿਨਿ ਸਿਰ ਦੀਨੇ ਕਾਟਿ ॥’’ (ਮਹਲਾ ੫/੧੩੬੩)

ਵਿਚਾਰ ਅਧੀਨ ਸ਼ਬਦ ਦੇ ਦੂਸਰੇ ਤੇ ਤੀਸਰੇ ਬੰਦ ’ਚ ਵੀ ਭਗਤ ਰਵਿਦਾਸ ਜੀ ਸਮਝਾਉਂਦੇ ਹਨ ਕਿ ਹੇ ਮਾਧੋ ਜੀ  !  ਅਗਰ ਤੁਸੀਂ ਸੋਹਣਾ ਦੀਵਾ ਹੋ ਤਾਂ ਮੈਂ ਉਸ ਦੀ ਬੱਤੀ ਬਣਾਂ।  ਜੇਕਰ ਤੁਸੀਂ ਕੋਈ ਤੀਰਥ ਬਣ ਜਾਓਂ ਤਾਂ ਮੈ (ਤੇਰੇ ਦੀਦਾਰ ਕਰਨ ਲਈ) ਉਸ ਤੀਰਥ ਉੱਤੇ ਆਉਣ ਵਾਲ਼ਾ ਯਾਤ੍ਰੀ ਬਣ ਜਾਵਾਂ ਕਿਉਂਕਿ ਮੈਂ ਤੇਰੇ ਨਾਲ ਪੱਕਾ ਪਿਆਰ ਪਾਉਣਾ ਚਾਹੁੰਦਾ ਹਾਂ ਜਿਸ ਬਦਲੇ ਹੋਰ ਸਾਰੇ ਪਿਆਰਾਂ ਨਾਲੋਂ ਮੈਂ ਆਪਣੇ ਸੰਬੰਧ ਤੋੜ ਲਏ ਹਨ: ‘‘ਜਉ ਤੁਮ ਦੀਵਰਾ; ਤਉ ਹਮ ਬਾਤੀ ॥  ਜਉ ਤੁਮ ਤੀਰਥ; ਤਉ ਹਮ ਜਾਤੀ ॥੨॥  ਸਾਚੀ ਪ੍ਰੀਤਿ; ਹਮ ਤੁਮ ਸਿਉ ਜੋਰੀ ॥  ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ॥੩॥’’

(ਨੋਟ: ਧਿਆਨ ਰਹੇ ਕਿ ਸਭਨਾਂ ਨਾਲੋਂ ਸੰਬੰਧ ਤੋੜਨ ਦਾ ਇਹ ਮਤਲਬ ਕਦਾਚਿਤ ਨਹੀਂ ਲੈਣਾ ਚਾਹੀਦਾ ਕਿ ਉਨ੍ਹਾਂ ਆਪਣੀ ਬਣਦੀ ਪਰਿਵਾਰਕ ਜਾਂ ਸਮਾਜਿਕ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਗ੍ਰਹਿਸਤੀ ਤਿਆਗ ਜੰਗਲਾਂ ’ਚ ਚਲੇ ਗਏ ਬਲਕਿ ਇਸ ਦਾ ਭਾਵ ਹੈ ਕਿ ਕੇਵਲ ਇਨ੍ਹਾਂ (ਪਰਿਵਾਰਕ ਜਾਂ ਸਮਾਜਿਕ) ਤੱਕ ਹੀ ਸੀਮਤ ਰਹਿਣਾ ਛੱਡ ਦਿੱਤਾ ਹੈ।  ਭਗਤ ਜੀ ਦੇ ਜੀਵਨ ’ਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਆਪ ਜੁੱਤੀਆਂ ਗੰਢਣ ਵਾਲੀ ਕਿਰਤ ਕਰਦੇ ਰਹੇ ਸਨ; ਜਿਵੇਂ ਕਿ ਉਨ੍ਹਾਂ ਦੇ ਹੀ ਵਚਨ ਹਨ: ‘‘ਚਮਰਟਾ ਗਾਂਠਿ ਨ ਜਨਈ ॥  ਲੋਗੁ ਗਠਾਵੈ ਪਨਹੀ (ਜੁੱਤੀ)॥’’ (ਭਗਤ ਰਵਿਦਾਸ/੬੫੯), ਪਰ ਭਗਤ ਜੀ ਇਸ ਕਿਰਤ ਨੂੰ ਕਰਦਿਆਂ ਇਉਂ ਨਿਰਮੋਹ ਰਹਿ ਕੇ ਅਕਾਲ ਪੁਰਖ ਨਾਲ ਆਪਣੀ ਸੁਰਤ ਜੋੜੀ ਰੱਖਦੇ ਸਨ, ਜਿਸ ਤਰ੍ਹਾਂ ਦੀ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਵਾਰਤਾਲਾਪ ਦਾ ਜ਼ਿਕਰ ਭਗਤ ਕਬੀਰ ਜੀ ਕਰਦੇ ਹਨ: ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥  ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ ਭਗਤ ਕਬੀਰ/੧੩੭੬)

ਵਿਚਾਰ ਅਧੀਨ ਸ਼ਬਦ ਦੇ ਚੌਥੇ ਤੇ ਪੰਜਵੇਂ ਪਦੇ ’ਚ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਹੇ ਮਾਧੋ ਜੀ  !  ਜਿੱਥੇ ਜਿੱਥੇ ਵੀ ਮੈਂ ਜਾਂਦਾ ਹਾਂ (ਮੈਨੂੰ ਹਰ ਥਾਂ ਤੁਹੀਂ ਤੁਹੀਂ ਦਿਸਦਾ ਹੈਂ ਤੇ ਹਰ ਥਾਂ) ਮੈਂ ਤੇਰੀ ਹੀ ਸੇਵਾ ਕਰ ਸਕਦਾ ਹਾਂ।  ਹੇ ਪ੍ਰਕਾਸ਼ ਰੂਪ ਦੇਵ !  ਤੇਰੀ ਹਸਤੀ ਵਰਗਾ ਮੈਨੂੰ ਹੋਰ ਕੋਈ ਮਾਲਕ ਨਜ਼ਰ ਨਹੀਂ ਆਇਆ।  ਤੇਰੀ ਬੰਦਗੀ ਕੀਤਿਆਂ ਆਤਮਕ ਵਿਕਾਰ ਰੂਪ ਜਮਰਾਜ ਦੇ ਦੂਤਾਂ ਦੇ ਬੰਧਨ ਟੁੱਟ ਜਾਂਦੇ ਹਨ, ਇਸੇ ਲਈ ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਦਿਆਂ ਤੇਰੇ ਗੁਣ ਗਾਉਂਦਾ ਹੈ: ‘‘ਜਹ ਜਹ ਜਾਉ; ਤਹਾ ਤੇਰੀ ਸੇਵਾ ॥  ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥  ਤੁਮਰੇ ਭਜਨ; ਕਟਹਿ ਜਮ ਫਾਂਸਾ ॥  ਭਗਤਿ ਹੇਤ; ਗਾਵੈ ਰਵਿਦਾਸਾ ॥੫॥’’

ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਦੀ ਵਿਚਾਰ ਨਾਲ ਸਮੁੱਚੀ ਲੁਕਾਈ ਨੂੰ ਇਹ ਸੇਧ ਮਿਲਦੀ ਹੈ ਕਿ ਦੁਨੀਆਵੀ ਕਰਮਕਾਂਡਾਂ ਨੂੰ ਤਿਆਗ ਕੇ ਸੱਚੇ ਦਿਲ ਨਾਲ ਅਕਾਲ ਪੁਰਖ (ਨਿਰਾਕਾਰ) ਦੀ ਬੰਦਗੀ ਕਰਦਿਆਂ ਉਸ ਨਾਲ ਸਦਾ ਪ੍ਰੀਤ ਪਾਉਣੀ ਚਾਹੀਦੀ ਹੈ, ਜੋ ਕਣ-ਕਣ ਵਿੱਚ ਵਿਆਪਕ ਹੈ।  ਇਸ ਲਈ ਕੋਈ ਸਮਾਜਿਕ ਵਿਤਕਰਾ ਜਾਂ ਔਰਤ-ਮਰਦ ਦਾ ਭੇਦ ਉਸ ਦੇ ਦਰਬਾਰ ਵਿੱਚ ਕੋਈ ਮਾਇਨਾ ਨਹੀਂ ਰੱਖਦਾ। ਭਗਤ ਜੀ ਆਪਣੀ ਤਮਾਮ ਰਚਨਾ ਰਾਹੀਂ ਆਕਾਰ ਪੂਜਾ ਨਾਲ ਆਪਣੀ ਅਸਹਿਮਤੀ ਜਤਾਉਂਦੇ ਹਨ ਇਸ ਲਈ ਉਨ੍ਹਾਂ ਦੀ ਮੂਰਤੀ ਬਣਾ ਕੇ ਆਕਾਰ ਪੂਜਾ ਕਰਨ ਨਾਲ ਭਗਤ ਜੀ ਦਾ ਕੋਈ ਸਰੋਕਾਰ ਨਹੀਂ ਹੋ ਸਕਦਾ ਕਿਉਂਕਿ ਇਹ ਧਾਰਨਾ (ਸ਼ਰਧਾ) ਉਨ੍ਹਾਂ ਦੀ ਸੋਚ ਦੇ ਵਿਪਰੀਤ ਹੈ।  ਭਗਤ ਕਬੀਰ ਜੀ ਵੀ ਭਗਤ ਰਵਿਦਾਸ ਜੀ ਦੇ ਹਵਾਲੇ ਨਾਲ ਇਹੀ ਸਮਝਾ ਰਹੇ ਹਨ ਕਿ: ‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)

ਸਰਬ ਸਾਂਝੇ ਫ਼ੈਸਲੇ ਲੈਣਾ ਹੀ ਸਿੱਖੀ ਵਿਰਸਾ, ਨਾ ਕਿ ਵਿਅਕਤੀਗਤ ਸੋਚ ’ਤੇ ਪਹਿਰਾ ਦੇਣਾ।

0

ਸਰਬ ਸਾਂਝੇ ਫ਼ੈਸਲੇ ਲੈਣਾ ਹੀ ਸਿੱਖੀ ਵਿਰਸਾ, ਨਾ ਕਿ ਵਿਅਕਤੀਗਤ ਸੋਚ ’ਤੇ ਪਹਿਰਾ ਦੇਣਾ।

ਕਿਰਪਾਲ ਸਿੰਘ ਬਠਿੰਡਾ 88378-13661

ਤਕਰੀਬਨ ਪਿਛਲੇ ਚਾਰ ਦਹਾਕਿਆਂ ਤੋਂ ਸਾਡੇ ਸਿੱਖ ਨੌਜਵਾਨ ਗੁਰੂ ਦੀ ਸੋਚ ਅਤੇ ਸਿੱਖਿਆ ਨੂੰ ਤਾਂ ਵਿਸਾਰੀ ਬੈਠੇ ਹਨ, ਪਰ ਜਜ਼ਬਾਤਾਂ ਦੇ ਵਹਿਣ ਵਿੱਚ ਆਪਣੇ ਵੱਲੋਂ ਮਿੱਥੇ ਗਏ ਹੀਰੋ ਦੀ ਸੋਚ ’ਤੇ ਠੋਕ ਕੇ ਪਹਿਰਾ ਦੇਣ ਦੇ ਨਾਹਰੇ ਬੜੇ ਜ਼ੋਰ-ਸ਼ੋਰ ਨਾਲ ਲਾਉਂਦੇ ਸੁਣੇ ਜਾ ਸਕਦੇ ਹਨ। ਇਸ ਸੋਚ ਦੀ ਜਨਮ ਦਾਤਾ ਸ਼ਾਇਦ ਉਹ ਟਕਸਾਲ ਹੈ ਜੋ ਪਹਿਲਾਂ ਤਾਂ ਆਪਣਾ ਮੁੱਢ ਸ਼ਾਂਤਮਈ ਰਹਿ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਨਾਲ ਜੋੜਦੇ ਰਹੇ ਹਨ ਪਰ ਪਿਛਲੇ ਚਾਰ ਦਹਾਕਿਆਂ ਤੋਂ ਖੰਡਾ ਖੜਕਾਉਣ ਵਾਲੇ ਬਾਬਾ ਦੀਪ ਸਿੰਘ ਜੀ ਸ਼ਹੀਦ ਨਾਲ ਜੋੜਨ ਲੱਗ ਪਏ ਹਨ। ਅੱਜ ਹਰ ਥਾਂ ਖੰਡਾ ਖੜਕਾਉਣਾ ਜਾਇਜ਼ ਠਹਿਰਾਉਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਚਾਰਿਆ ਅਤੇ ਜ਼ਫ਼ਰਨਾਮੇ ’ਚ ਦਰਜ਼ ਵਾਕ ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤੁ ਬੁਰਦਨ ਸ਼ਮਸ਼ੀਰ ਦਸਤ ੨੨’’ ਸੁਣਾਉਂਦੇ ਹਨ, ਜਿਸ ਦਾ ਭਾਵ ਹੈ ‘ਜਦੋਂ ਸੁਲ੍ਹਾ-ਸਫ਼ਾਈ ਹੋਣ ਦੇ ਸਾਰੇ ਉਪਾਅ ਖ਼ਤਮ ਹੋ ਜਾਣ ਤਾਂ ਤਲਵਾਰ; ਹੱਥ ’ਚ ਧਾਰਨ ਕਰਨੀ ਜਾਇਜ਼ ਹੈ ॥੨੨॥, ਪਰ ਇਹ ਦਲੀਲਾਂ ਦੇਣ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਅਤੇ ਸਿੱਖ ਮਿਸਲਾਂ ਦੇ ਸਮੇਂ; ਰਾਜੇ ਮਹਾਂ ਰਾਜਿਆਂ ਦੀ ਨਿਯੁਕਤੀ ਵੋਟਾਂ ਪਾ ਕੇ ਲੋਕਤੰਤਰਿਕ ਢੰਗ ਨਾਲ ਨਹੀਂ ਬਲਕਿ ਪਿਤਾ ਪੁਰਖੀ ਉੱਤਰਾਧਿਕਾਰੀ ਚੁਣਨ ਜਾਂ ਬਾਹੂ ਬਲ ਨਾਲ ਹੁੰਦੀ ਸੀ। ਰਾਜੇ ਦੇ ਮੂੰਹ ’ਚੋਂ ਨਿਕਲੇ ਬੋਲ ਹੀ ਸਰਕਾਰੀ ਕਾਨੂੰਨ/ਹੁਕਮ ਅਤੇ ਅੰਤਮ ਫ਼ੈਸਲਾ ਹੁੰਦੇ ਸਨ। ਉਸ ਸਮੇਂ ਨਾ ਕੋਈ ਮਨੁੱਖੀ ਅਧਿਕਾਰ ਕਮਿਸ਼ਨ, ਨਾ ਅਦਾਲਤਾਂ ’ਚ ਦਲੀਲ-ਅਪੀਲ ਅਤੇ ਨਾ ਹੀ ਯੂ. ਐੱਨ.ਓ. ਵਰਗੀ ਕੋਈ ਅੰਤਰਰਾਸ਼ਟਰੀ ਸਾਂਝੀ ਸੰਸਥਾ ਹੁੰਦੀ ਸੀ, ਜੋ ਦੇਸ਼ ਦੇ ਵਸ਼ਿੰਦਿਆਂ ’ਤੇ ਢਾਹੇ ਜਾ ਰਹੇ ਉਨ੍ਹਾਂ ਦੀ ਆਪਣੀ ਸਰਕਾਰ ਵੱਲੋਂ ਜਾਂ ਕਿਸੇ ਵਿਦੇਸ਼ੀ ਹਮਲਾਵਰਾਂ ਵੱਲੋਂ ਤਸ਼ੱਦਦ ਵਿਰੁੱਧ ਦਬਾਅ ਪਾਉਂਦੀ ਸੀ, ਇਸ ਲਈ ਉਸ ਸਮੇਂ ਜਦੋਂ ਅਹਿਮਦਸ਼ਾਹ ਅਬਦਾਲੀ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਧਾੜਵੀ ਹਿੰਦੁਸਤਾਨ ਦੀ ਇੱਜਤ-ਆਬਰੂ ਲੁੱਟਦੇ ਅਤੇ ਧਾਰਮਿਕ ਸਥਾਨਾਂ ਨੂੰ ਢਾਹੁੰਦੇ ਤਾਂ ਉਨ੍ਹਾਂ ਨਾਲ ਨਿਪਟਣ ਦਾ ਇੱਕੋ ਇੱਕ ਰਾਹ ਹੁੰਦਾ ਸੀ ‘ਹਥਿਆਰਬੰਦ ਹੋ ਕੇ ਮੁਕਾਬਲਾ ਕਰਨਾ’। ਇਨ੍ਹਾਂ ਹਾਲਾਤਾਂ ’ਚ ਬਾਬਾ ਦੀਪ ਸਿੰਘ ਜੀ ਅਤੇ ਸਿੱਖ ਮਿਸਲਾਂ ਦੇ ਜਥੇਦਾਰਾਂ ਤੇ ਯੋਧਿਆਂ ਵੱਲੋਂ ਖੰਡਾ ਖੜਕਾਉਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ ਹੁੰਦਾ, ਪਰ ਅੱਜ ਦੁਨੀਆਂ ਦੇ ਬਹੁਤਾਤ ਦੇਸ਼ਾਂ ’ਚ ਲੋਕਾਂ ਦੀਆਂ ਵੋਟਾਂ ਨਾਲ ਚੁਣੀਆਂ ਜਾਂਦੀਆਂ ਸਰਕਾਰਾਂ ਹਨ, ਜਿਨ੍ਹਾਂ ਨੂੰ ਸੰਵਿਧਾਨ ਅਨੁਸਾਰ ਨਿਸ਼ਚਿਤ ਸਮੇਂ ਲਈ ਕੰਮ ਕਰਨ ਦੇ ਅਧਿਕਾਰ ਪ੍ਰਾਪਤ ਹੁੰਦੇ ਹਨ। ਨਿਸ਼ਚਿਤ ਸਮੇਂ ਪਿੱਛੋਂ ਦੁਬਾਰਾ ਚੋਣ ਹੁੰਦੀ ਹੈ, ਜਿਸ ਦੌਰਾਨ ਲੋਕਾਂ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਨ੍ਹਾਂ ਨਾਲ ਕੀਤੇ ਵਾਅਦਿਆਂ ’ਤੇ ਪੂਰੀ ਨਾ ਉੱਤਰਨ ਵਾਲੀ ਪਾਰਟੀ ਦੀ ਥਾਂ ਬਹੁਗਿਣਤੀ ਵੋਟਾਂ ਨਾਲ ਕਿਸੇ ਦੂਸਰੀ ਪਾਰਟੀ ਦੀ ਸਰਕਾਰ ਚੁਣ ਸਕਣ।

ਅੱਜ ਦੀਪ ਸਿੱਧੂ ਦੀ ਸੋਚ ’ਤੇ ਠੋਕ ਕੇ ਪਹਿਰਾ ਦੇਣ ਦੇ ਨਾਹਰੇ ਲਾਉਣ ਵਾਲੇ ਨੌਜਵਾਨਾਂ ਅਤੇ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਸਵਾਲ ਬਣ ਜਾਂਦਾ ਹੈ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਸਭ ਤੋਂ ਵੱਡੇ ਵੋਟ ਹਥਿਆਰ ਦੀ, ਕੀ ਉਨ੍ਹਾਂ ਕਦੇ ਯੋਗ ਵਰਤੋਂ ਕਰਨ ਲਈ ਜ਼ਮੀਨ ਤਿਆਰ ਕੀਤੀ ਹੈ ?  ਸਿੱਖ ਬੁਧੀਜੀਵੀ ਤੇ ਮੰਨਿਆ ਜਾਂਦਾ ਇਤਿਹਾਸਕਾਰ ਅਜਮੇਰ ਸਿੰਘ ਵੀ ਇਸ ਜਮਾਤ ਨਾਲ ਰਲ਼ ਕੇ ਦੀਪ ਸਿੱਧੂ ਨੂੰ ਬਹੁਤ ਹੀ ਬੁੱਧੀਮਾਨ ਅਤੇ ਦੀਰਘ ਸੋਚ ਵਾਲਾ ਕਿਸਾਨ ਨੌਜਵਾਨ ਨੇਤਾ ਕਹਿੰਦਾ ਪਿਆ ਹੈ, ਜੋ ਕਿਸਾਨ ਮੋਰਚਾ ਸ਼ੁਰੂ ਹੋਣ ਤੋਂ ਸਾਲ ਕੁ ਪਹਿਲਾਂ ਲੋਕ ਸਭਾ ਚੋਣਾਂ ’ਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਦਾ ਚੋਣ ਮੈਨੇਜਰ ਰਿਹਾ ਹੈ। ਫਿਲਮਾਂ ’ਚ ਨਲਕੇ ਪੁੱਟਣ ਵਾਲੇ ਸੰਨੀ ਦਿਉਲ ਨੇ ਆਪਣੀ ਸੀਟ ਜਿੱਤਣ ਤੋਂ ਬਾਅਦ ਪੰਜਾਬੀਆਂ ਦੇ ਦੁੱਖਾਂ ਦੀ ਜੜ੍ਹ ਤਾਂ ਕੀ ਪੁੱਟਣੀ ਸੀ ਸਗੋਂ ਆਪਣੇ ਹਲਕੇ ’ਚ ਵੀ ਕਦੇ ਗੇੜਾ ਨਹੀਂ ਮਾਰਿਆ ਅਤੇ ਨਾ ਹੀ ਅਜਮੇਰ ਸਿੰਘ ਵਰਗਿਆਂ ਮੁਤਾਬਕ ਕਿਸਾਨ ਮਾਮਲਿਆਂ ਸੰਬੰਧੀ ਦੀਰਘ ਸੋਚ ਰੱਖਣ ਵਾਲੇ ਦੀਪ ਸਿੱਧੂ ਨੇ ਕਦੇ ਉਸ ਨੂੰ ਚੇਤਾ ਕਰਵਾਇਆ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾਵੇ।

ਖੇਤੀ ਕਾਨੂੰਨਾਂ ਦੇ ਨਾਂ ’ਤੇ ਤਿੰਨ ਕਿਸਾਨ ਮਾਰੂ ਆਰਡੀਨੈਂਸ ਜਾਰੀ ਹੋਣ ਤੋਂ ਲੈ ਕੇ ਲੋਕ ਸਭਾ ’ਚ ਬਿੱਲ ਪੇਸ਼ ਹੋਣ ਅਤੇ ਕਾਨੂੰਨ ਬਣਨ ਤੱਕ ਸੰਨੀ ਦਿਉਲ ਨੇ ਕਦੇ ਮੂੰਹ ਨਹੀਂ ਖੋਲ੍ਹਿਆ ਅਤੇ ਇਨ੍ਹਾਂ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਭਖਵਾਂ ਸੰਘਰਸ਼ ਚਲਾਏ ਜਾਣ ਅਤੇ ਹਰ ਵਰਗ ਵੱਲੋਂ ਇਸ ਅੰਦੋਲ ਨੂੰ ਹਿਮਾਇਤ ਮਿਲਣ ਦੇ ਬਾਵਜੂਦ ਵੀ ਸੰਨੀ ਦਿਉਲ ਨੇ ਆਪਣੀ ਜ਼ਬਾਨ ਬੰਦ ਰੱਖੀ। ਦੀਪ ਸਿੱਧੂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸੰਨ੍ਹੀ ਦਿਉਲ ਦੇ ਘਰ ਜਾ ਬੈਠਦਾ ਤੇ ਉਸ ’ਤੇ ਜ਼ੋਰ ਪਾਉਂਦਾ ਕਿ ਤੈਨੂੰ ਅਸੀਂ ਇਸ ਕਾਰਨ ਨਹੀਂ ਚੁਣਿਆ ਸੀ ਕਿ ਕੇਵਲ ਚੋਣ ਦੌਰਾਨ ਹੀ ਮੋਢੇ ’ਤੇ ਨਲਕਾ ਰੱਖ ਕੇ ਢਾਈ ਕਿੱਲੋ ਦਾ ਹੱਥ ਵਿਖਾ ਕੇ ਫਿਲਮੀ ਡਾਇਲਾਗ ਬੋਲ-ਬੋਲ ਤਾਲੀਆਂ ਵਜਾ ਕੇ ਖੁਸ਼ ਹੁੰਦੇ ਰਹੀਏ। ਹੁਣ ਨਿੱਜੀ ਤੌਰ ’ਤੇ ਮੋਦੀ ਜਾਂ ਅਮਿਤ ਸ਼ਾਹ ਨੂੰ ਮਿਲ ਕੇ ਕਾਨੂੰਨ ਰੱਦ ਕਰਵਾਉਣ ਲਈ ਜ਼ੋਰ ਪਾਉਣ ਅਤੇ ਉਨ੍ਹਾਂ ਵੱਲੋਂ ਨਾ ਮੰਨਣ ਦੀ ਸੂਰਤ ’ਚ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਜਾਂ ਰੋਸ ਵਜੋਂ ਅਸਤੀਫ਼ਾ ਦੇ ਦੇਣ। ਸੰਨ੍ਹੀ ਦਿਉਲ ਵੱਲੋਂ ਇਹ ਸੁਝਾਅ ਮੰਨਣ ਤੋਂ ਇਨਕਾਰੀ ਹੋਣ ’ਤੇ ਦੀਪ ਸਿੱਧੂ ਨੂੰ ਚਾਹੀਦਾ ਸੀ ਕਿ ਗੁਰਦਾਸਪੁਰ ਹਲਕੇ ’ਚੋਂ ਚੋਣਾਂ ਦੌਰਾਨ ਸਮਰਥਨ ਦੇਣ ਵਾਲੇ ਨੌਜਵਾਨਾਂ ਦਾ ਜਥਾ ਲੈ ਕੇ ਮੁੰਬਈ ਵਿਖੇ ਸੰਨ੍ਹੀ ਦਿਉਲ ਦੀ ਰਿਹਾਇਸ਼ ਅੱਗੇ ਧਰਨਾ ਜਾ ਲਾਉਂਦੇ; ਜਿਵੇਂ ਪੰਜਾਬ ਦੇ ਕਿਸਾਨਾਂ ਨੇ ਪਿੰਡ ਬਾਦਲ ਵਿਖੇ ਧਰਨਾ ਲਾ ਕੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਅਤੇ ਅਕਾਲੀ ਦਲ ਬਾਦਲ ਨੂੰ ਭਾਜਪਾ ਨਾਲੋਂ ਢਾਈ ਦਹਾਕੇ ਪੁਰਾਣਾ ਗਠਜੋੜ ਤੋੜਨ ਲਈ ਮਜ਼ਬੂਰ ਕਰ ਦਿੱਤਾ ਸੀ। ਜੇ ਉਹ ਇਹ ਰਾਹ ਅਪਣਾਅ ਲੈਂਦਾ ਤਾਂ ਹਰ ਹਲਕੇ ’ਚ ਭਾਜਪਾ ਅਤੇ ਇਸ ਦੇ ਭਾਈਵਾਲ ਸਾਂਸਦਾਂ ਦੇ ਸਮਰਥਕਾਂ ਵੱਲੋਂ ਇਹ ਮੁਹਿੰਮ ਚਲਾਏ ਜਾਣ ਲਈ ਰਾਹ ਦਸੇਰਾ ਬਣ ਜਾਣਾ ਸੀ, ਜਿਸ ਨਾਲ ਸਰਕਾਰ ’ਤੇ ਦਬਾਅ ਵਧਣਾ ਸੀ, ਪਰ ਦੀਪ ਸਿੱਧੂ ਨੇ ਇਹ ਰਾਹ ਅਪਨਾਉਣ ਦੀ ਥਾਂ, ਜਦ ਪੰਜਾਬ ਦੇ ਕਿਸਾਨ ਰੇਲਾਂ ਦੀਆਂ ਪਟੜੀਆਂ ’ਤੇ ਧਰਨੇ ਲਾਈ ਬੈਠੇ ਸਨ ਤਾਂ ਦਿੱਲੀ ਵੱਲ ਅੱਗੇ ਜਾ ਪੰਜਾਬ ਹਰਿਆਣਾ ਦੇ ਸੰਭੂ ਬਾਰਡਰ ’ਤੇ ਮੋਰਚਾ ਜਾ ਲਾਇਆ। ਨੌਜਵਾਨਾਂ ਦਾ ਤਾਂ ਇਹ ਹਾਲ ਹੁੰਦਾ ਹੈ ਕਿ ਜਿੱਥੇ ਫਿਲਮੀ ਹੀਰੋ ਹੋਣ, ਗਾਇਕ ਹੋਣ ਉੱਥੇ ਇਕੱਠੇ ਹੁੰਦਿਆਂ ਦੇਰ ਨਹੀਂ ਲਗਦੀ। ਦੀਪ ਸਿੱਧੂ, ਜੋ ਖ਼ੁਦ ਫਿਲਮੀ ਹੀਰੋ ਹੈ, ਉਸ ਨਾਲ ਕੁਝ ਨੌਜਵਾਨਾਂ ਦਾ ਜੁੜਨਾ ਸੁਭਾਵਕ ਹੈ।

ਸੰਭੂ ਬਾਰਡਰ ’ਤੇ ਦਿੱਤੇ ਦੀਪ ਸਿੱਧੂ ਦੇ ਭਾਸ਼ਣ ਸੁਣ ਕੇ ਜਾਪਦਾ ਹੈ ਕਿ ਇਹ ਅਜੋਕੀਆਂ ਕਿਸਾਨੀ ਮੰਗਾਂ ਬਾਰੇ ਘੱਟ ਅਤੇ ਦੇਸ਼ ਦੀ ਆਜ਼ਾਦੀ ’ਚ ਸਿੱਖਾਂ ਵੱਲੋਂ ਪਾਏ ਸਭ ਤੋਂ ਵੱਧ ਯੋਗਦਾਨ ਅਤੇ ਉਸ ਤੋਂ ਬਾਅਦ ਹੋਈ ਸਿੱਖਾਂ ਨਾਲ ਬੇਇਨਸਾਫ਼ੀ ਦੀਆਂ ਮਿਸਾਲਾਂ ਦੇ ਦੇ ਕੇ ਸੰਘੀ ਢਾਂਚੇ ਦੇ ਇਰਦ-ਗਿਰਦ ਬੋਲਦਾ ਰਿਹਾ ਭਾਵੇਂ ਕਿ ਇਹ ਭਾਸ਼ਣ ਕਿਸਾਨ ਸੰਘਰਸ਼ ਦੇ ਦਾਇਰੇ ਤੋਂ ਬਾਹਰ ਸਨ, ਪਰ ਨੌਜਵਾਨ ਸਿੱਖਾਂ ਦੇ ਮਨਾਂ ਨੂੰ ਟੁੰਭ ਜਾਂਦੇ ਸਨ।

ਪੰਜਾਬ ਦੇ ਕਿਸਾਨ ਆਗੂਆਂ ਦਾ ਵੀ ਮੰਨਣਾ ਰਿਹਾ ਕਿ ਭਾਵੇਂ ਇਹ ਮੰਗਾਂ ਜਾਇਜ਼ ਹਨ, ਪਰ ਅੱਜ ਸਮੁੱਚੇ ਭਾਰਤ ਦੀਆਂ ਕਿਸਾਨ ਮੰਗਾਂ ਨੂੰ ਫੁੱਟਪਾਊ ਕੇਂਦਰ ਸਰਕਾਰ ਕੇਵਲ ਸਿੱਖਾਂ ਨਾਲ ਜੋੜਦਿਆਂ ਫਿਰਕੂ ਰੰਗਤ ਦੇ ਕੇ ਅੰਦਲਨ ਦੀ ਏਕਤਾ ਦਾ ਨੁਕਸਾਨ ਕਰੇਗੀ; ਜਿਵੇਂ ਕਿ ਅਸੀਂ ਪਿਛਲੇ ਸਮਿਆਂ ’ਚ ਖ਼ਾਸ ਕਰ ਸਿੱਖ ਸੰਘਰਸ਼ਾਂ ਦੌਰਾਨ ਵੇਖ ਚੁੱਕੇ ਹਾਂ। ਇਸ ਲਈ ਕਿਸਾਨ ਆਗੂ ਚਾਹੁੰਦੇ ਸਨ ਕਿ ਕਿਸਾਨ ਸੰਘਰਸ਼ ਨੂੰ ਸਿੱਖਾਂ ਜਾਂ ਪੰਜਾਬ ਦੀਆਂ ਮੰਗਾਂ ਤੱਕ ਸੀਮਤ ਨਾ ਰੱਖਿਆ ਜਾਵੇ ਬਲਕਿ ਪੰਜਾਬ ’ਚੋਂ ਸ਼ੁਰੂ ਕੀਤੇ ਇਸ ਘੋਲ਼ ਨੂੰ ਪੂਰੇ ਦੇਸ਼ ਵਿੱਚ ਫੈਲਾਅ ਕੇ ਸਾਰੇ ਵਰਗਾਂ ਨੂੰ ਨਾਲ ਜੋੜ ਕੇ ਵੱਡਾ ਜਨ ਅੰਦੋਲਨ ਖੜ੍ਹਾ ਕੀਤਾ ਜਾਵੇ ਤਾਂ ਹੀ ਸਫਲਤਾ ਸੰਭਵ ਹੈ। ਕਿਸਾਨਾਂ ਦਾ ਪੱਕਾ ਨਿਸ਼ਚਾ ਸੀ ਕਿ ਜੇ ਅੰਦੋਲਨ ਸ਼ਾਂਤਮਈ ਰਿਹਾ ਤਾਂ ਜਿੱਤ ਅੰਦੋਲਨਕਾਰੀਆਂ ਦੀ ਹੋਵੇਗੀ। ਜੇ ਹਿੰਸਕ ਹੋ ਗਿਆ ਤਾਂ ਯਕੀਨੀ ਤੌਰ ’ਤੇ ਜਿੱਤ ਸਰਕਾਰ ਦੀ ਹੋਵੇਗੀ/ ਮੋਦੀ ਦੀ ਹੋਵੇਗੀ। ਉਕਤ ਸਾਰੇ ਹਾਲਾਤਾਂ ਨੂੰ ਧਿਆਨ ’ਚ ਰੱਖਿਆਂ ਹੀ ਦੀਪ ਸਿੱਧੂ ਦੀਆਂ ਸ਼ੰਭੂ ਮੋਰਚੇ ਤੋਂ ਲਾਲ ਕਿਲ੍ਹੇ ਤੱਕ ਦੀਆਂ ਗਤੀਵਿਧੀਆਂ ਕਿਸਾਨ ਅੰਦੋਲਨ ਵਿਰੁਧ ਭੁਗਤਦੀਆਂ ਪ੍ਰਤੀਤ ਹੋਈਆਂ। ਕਿਸਾਨ ਆਗੂਆਂ ਨੇ ਸ਼ੰਭੂ ਮੋਰਚੇ ਦੌਰਾਨ ਹੀ ਭਾਂਪ ਲਿਆ ਸੀ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਲਈ ਨੁਕਸਾਨ ਦਾਇਕ ਹੋਵੇਗਾ ਇਸੇ ਕਾਰਨ ਉਨ੍ਹਾਂ ਨੇ ਆਰੰਭ ਤੋਂ ਹੀ ਇਸ ਨੂੰ ਆਪਣੀ ਸਟੇਜ਼ ਤੋਂ ਦੂਰ ਰੱਖਿਆ।

ਹਰ ਪੰਜਾਬੀ ਜਾਣਦਾ ਹੈ ਕਿ ਪੰਜਾਬੀ ਸੂਬਾ ਲਹਿਰ ਦੌਰਾਨ ਅਤੇ ਬਾਅਦ ਵਿੱਚ ਜਿੰਨੇ ਵੀ ਮੋਰਚੇ ਲੱਗੇ ਉਨ੍ਹਾਂ ਵਿਰੁੱਧ ਜਨਸੰਘ/ਭਾਜਪਾ ਲੋਹੇ ਦੀ ਲੱਠ ਬਣ ਕੇ ਇਨ੍ਹਾਂ ਮੰਗਾਂ ਦੀ ਪੂਰਤੀ ਵਿੱਚ ਰੋੜਾ ਬਣਦੀ ਰਹੀ ਹੈ। ਦੇਸ਼ ਦੀ ਵੰਡ ਲਈ ਭਾਵੇਂ ਇਹ ਜਮਾਤ ਮੁੱਖ ਤੌਰ ’ਤੇ ਮੁਹੰਮਦ ਜ਼ਿਨਾਹ ਅਤੇ ਜਵਾਹਰ ਲਾਲ ਨਹਿਰੂ ਨੂੰ ਕਸੂਰਵਾਰ ਠਹਿਰਾਉਂਦੀ ਰਹੀ ਹੈ ਪਰ ਬੀ.ਆਰ. ਅੰਬੇਡਕਰ ਦੀਆਂ ਲਿਖਤਾਂ ਪੜ੍ਹਨ ਵਾਲੇ ਜਾਣਦੇ ਹਨ ਕਿ ਆਰ.ਐੱਸ.ਐੱਸ. ਦੇ ਨਫ਼ਰਤੀ ਬਿਆਨ ਅਤੇ 1935 ’ਚ ਹਿੰਦੂ ਰਾਸ਼ਟਰ ਦੀ ਮੰਗ ਕਰਨਾ; ਵੱਧ ਕਸੂਰਵਾਰ ਸੀ। ਇਸ ਲਈ ਪੰਜਾਬੀਆਂ ਦੇ ਹੋਏ ਨੁਕਸਾਨ ਲਈ ਕਾਂਗਰਸ ਦੇ ਨਾਲ-ਨਾਲ ਆਰ.ਐੱਸ.ਐੱਸ./ਭਾਜਪਾ ਵੀ ਜ਼ਿੰਮੇਵਾਰ ਹੈ।

ਫਿਲਮਾਂ ’ਚ ਦੂਸਰਿਆਂ ਦੀ ਲਿਖੀ ਸਕਰਿਪਟ ’ਤੇ ਐਕਟਿੰਗ ਕਰਨਾ ਜਾਂ ਦੂਸਰਿਆਂ ਵੱਲੋਂ ਲਿਖੇ ਡਾਇਲਾਗ ਬੋਲਣਾ; ਕਿਸੇ ਅੰਦੋਲਨ ਦੀ ਅਗਵਾਈ ਕਰਨ ਵਰਗਾ ਨਹੀਂ ਹੁੰਦਾ। ਕਿਸੇ ਪਤਿਤ ਹੀਰੋ ਦੇ ਬੋਲਾਂ ਤੋਂ ਪ੍ਰਭਾਵਤ ਹੋ ਕੇ ਉਸ ਦੀ ਬਹਾਦਰੀ ਨੂੰ ਬਾਬਾ ਬਘੇਲ ਸਿੰਘ ਜੀ ਜਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਬਹਾਦਰੀ ਨਾਲ ਜੋੜ ਬੈਠਣਾ; ਇੱਕ ਟੀਵੀ ਦਰਸ਼ਕ ਦੀ ਸੋਚ ਹੀ ਕਹੀ ਜਾਵੇਗੀ। ਬੜਾ ਦੁੱਖ ਹੁੰਦਾ ਹੈ ਜਦ ਕਿਸੇ ਕੌਮ ਦਾ ਇਤਿਹਾਸਕਾਰ ਜਾਂ ਵਕਤਾ ਵੀ ਅਜਿਹੇ ਦਰਸ਼ਕਾਂ ਦੀ ਕਤਾਰ ’ਚ ਖੜ੍ਹ ਹੁੰਦਾ ਹੈ ਜਦਕਿ ਕੌਮ; ਉਸ ਪਾਸੋਂ ਗਹਿਰੀਆਂ ਉਮੀਦਾਂ ਲਾਈ ਬੈਠੀ ਹੁੰਦੀ ਹੈ। ਜੋ ਸਿੱਖ; ਏਜੰਡੇ ਨਾਲੋਂ ਵਿਅਕਤੀ ਵਿਸ਼ੇਸ਼ ਦੀ ਸੋਚ ਦੀ ਫੋਟੋ ਕਾਪੀ ਬਣ ਕਹਿੰਦੇ ਰਹਿੰਦੇ ਹਨ ਕਿ ‘ਫਲਾਣਿਆ! ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਉਨ੍ਹਾਂ ਨੂੰ ਹੇਠਲੇ ਨੁਕਤਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ :

  1. ਪੰਜਾਬ ਦੀਆਂ ਜਿਹੜੀਆਂ ਮੰਗਾਂ ਅਤੇ ਵੱਧ ਅਧਿਕਾਰਾਂ ਦੀ ਗੱਲ-ਬਾਤ ਕਾਰਨ ਦੀਪ ਸਿੱਧੂ, ਨੌਜਵਾਨੀ ਲਈ ਰੋਲ ਮਾਡਲ ਬਣਿਆ ਹੈ ਇਹ ਅੱਜ ਦੀਆਂ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਦੀਪ ਸਿੱਧੂ ਕਦੇ ਉਨ੍ਹਾਂ ’ਤੇ ਬੋਲਦਾ ਨਹੀਂ ਵੇਖਿਆ ਗਿਆ। ਆਖ਼ਿਰ ਕਿਉਂ ? ਕੀ ਇਹ ਕਿਸਾਨੀ ਸੰਘਰਸ਼ ਪ੍ਰਤੀ ਬਣੀ ਸਮਾਜਿਕ ਚੇਤਨਾ ਦਾ ਰੁਖ ਬਦਲਣ ਲਈ ਤਾਂ ਨਹੀਂ ?
  2. ਜਦ 26 ਜਨਵਰੀ ਤੋਂ ਪਹਿਲਾਂ ਕਿਸਾਨੀ ਮੰਗਾਂ ਬਾਰੇ ਭਾਜਪਾ ਸਰਕਾਰ ਦੀ ਬੋਲੀ ਭਾਂਪ ਲਈ ਗਈ ਸੀ ਕਿ ਇਹ ਕਿਸਾਨ ਸੰਘਰਸ਼ ਨੂੰ ਸਿੱਖ ਸੰਘਰਸ਼ ਜਾਂ ਖਾਲਿਸਤਾਨੀ ਸੰਘਰਸ਼ ਸਾਬਤ ਕਰ ਰਹੀ ਹੈ ਤਾਂ ਲਾਲ ਕਿਲ੍ਹੇ ਵੱਲ ਵਧ ਕੇ ਕਿਸਾਨਾਂ ਸਾਮ੍ਹਣੇ ਕਮਜ਼ੋਰ ਪੈ ਚੁੱਕੀ ਸਰਕਾਰ ਨੂੰ ਮੁੜ ਊਰਜਾ ਦੇਣ ਵਾਲਾ ਕਾਰਜ ਕਿਉਂ ਕੀਤਾ ਗਿਆ ?
  3. ਲਾਲ ਕਿਲ੍ਹੇ ’ਤੇ ਪਹੁੰਚਣ ਦਾ ਪ੍ਰੋਗਰਾਮ ਅਚਾਨਕ ਹੀ ਨਹੀਂ ਬਣ ਗਿਆ ਬਲਕਿ ਇਸ ਲਈ 25 ਜਨਵਰੀ ਦੀ ਰਾਤ ਨੂੰ ਹੀ ਸੰਯੁਕਤ ਕਿਸਾਨ ਮੰਚ ’ਤੇ ਜਬਰਨ ਕਬਜ਼ਾ ਕਰ ਦਿੱਲੀ ਪੁਲਿਸ ਅਤੇ ਕਿਸਾਨ ਆਗੂਆਂ ਦੁਆਰਾ ਬਣਾਈ ਪੂਰੀ ਪਲਾਨਿੰਗ ਨੂੰ ਫੇਲ੍ਹ ਕੀਤਾ ਗਿਆ। ਦੂਸਰੇ ਪਾਸੇ ਸਰਕਾਰ ਨੇ ਵੀ ਨਿਰਧਾਰਿਤ ਕੀਤੇ ਰੋਡ ਮਾਰਚ ਨੂੰ ਬੰਦ ਕਰ ਲਾਲ ਕਿਲ੍ਹੇ ’ਤੇ ਜਾਣ ਵਾਲੇ ਸਾਰੇ ਰਸਤੇ ਖੋਲ੍ਹ ਦਿੱਤੇ ਗਏ। ਆਖ਼ਿਰ ਕਿਉਂ ? ਵੈਸੇ ਦਿੱਲੀ ਪੁਲਿਸ ਵੀ ਕਿਸਾਨ ਆਗੂਆਂ ਨਾਲ ਮਜਬੂਰੀ ’ਚ ਹੀ 26 ਜਨਵਰੀ ਦੇ ਰੋਡ ਮਾਰਚ ਬਾਰੇ ਗੱਲ-ਬਾਤ ਕਰਦੀ ਪਈ ਸੀ।
  4. ਜਿਹੜੇ ਕਿਸਾਨ ਆਗੂ ਲਾਲ ਕਿਲ੍ਹੇ ’ਤੇ ਪਹੁੰਚੇ ਹੀ ਨਹੀਂ ਅਤੇ ਉੱਧਰ ਜਾਣ ਵਾਲਿਆਂ ਨੂੰ ਰੋਕਦੇ ਵੀ ਰਹੇ ਉਨ੍ਹਾਂ 37 ਕਿਸਾਨ ਆਗੂਆਂ ਵਿਰੁਧ ਬਾਈ ਨੇਮ ਕੇਸ ਦਰਜ ਕਿਉਂ ਹੋਏ ? ਦੂਸਰੇ ਪਾਸੇ ਦੀਪ ਸਿੱਧੂ ਦੀਆਂ ਭਾਵੇਂ ਲਾਲ ਕਿਲ੍ਹੇ ਜਾਣ ਅਤੇ ਭਾਸ਼ਣ ਦੇਣ ਦੀਆਂ ਵੀਡੀਓ ਵੀ ਮੌਜੂਦ ਹਨ, ਪਰ ਉਸ ਦਾ ਨਾਂ ਤੁਰੰਤ ਲਿਖੀ ਕਿਸੇ ਐੱਫ.ਆਈ.ਆਰ ਵਿੱਚ ਦਰਜ ਨਹੀਂ। ਜਦੋਂ ਮੀਡੀਏ ਵਿੱਚ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਜਿਹੜੇ ਕਿਸਾਨ ਆਗੂ ਲਾਲ ਕਿਲ੍ਹੇ ਵਿੱਚ ਗਏ ਹੀ ਨਹੀਂ ਉਨ੍ਹਾਂ ਦੇ ਨਾਮ ਤਾਂ ਵੱਖ ਵੱਖ ਐੱਫ.ਆਈ.ਆਰ’ਜ਼ ’ਚ ਸ਼ਾਮਲ ਹਨ ਪਰ ਜਿਹੜੇ ਪਹੁੰਚੇ ਅਤੇ ਜਿਨ੍ਹਾਂ ਵੱਲੋਂ ਝੰਡੇ ਲਹਿਰਾਏ ਗਏ ਉਨ੍ਹਾਂ ਦੇ ਨਾਮ ਕਿਸੇ ਵੀ ਐੱਫ.ਆਈ.ਆਰ ਵਿੱਚ ਸ਼ਾਮਲ ਕਿਉਂ ਨਹੀਂ ? ਤਾਂ ਦਬਾਅ ਕਾਰਨ ਦੀਪ ਸਿੱਧੂ ਵਿਰੁਧ ਡੀ.ਡੀ. (ਡੀ.ਡੀ.ਆਰ) ਦਰਜ ਕਰ ਉਸ ਦੀ ਪੜਤਾਲ ਦੇ ਆਧਾਰ ’ਤੇ ਐੱਫ.ਆਈ.ਆਰ. ਨੰ: 96 ਮਿਤੀ 27.1.2021 ਅਧੀਨ ਨਾਮਜ਼ਦ ਕਰ ਦਿੱਤਾ। ਹੁਣ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਰਕਾਰ ਆਪਣੇ ਬੰਦਿਆਂ ਰਾਹੀਂ ਕਿਸਾਨ ਆਗੂਆਂ ’ਤੇ ਦਬਾਅ ਬਣਾਏਗੀ ਤਾਂ ਜੋ ਉਹ ਦੀਪ ਸਿੱਧੂ ਨੂੰ ਰਿਹਾਅ ਕਰਨ ਲਈ ਕੋਈ ਬਿਆਨ ਜਾਰੀ ਕਰਵਾਇਆ ਜਾ ਸਕੇ ਤੇ ਸਰਕਾਰ ਤੁਰੰਤ ਦੀਪ ਸਿੱਧੂ ਨੂੰ ਛੱਡ ਦੇਵੇ।
  5. ਮਿਤੀ 27.2.2021 ਨੂੰ ਸ਼੍ਰੀ ਗਜ਼ੇਂਦਰ ਸਿੰਘ ਨਾਗਰ ਚੀਫ ਮੈਟਰੋਪੋਲੀਸ਼ਨ ਮੈਜਿਸਟ੍ਰੇਟ ਕੇਂਦਰੀ ਦਿੱਲੀ ਦੀ ਅਦਾਲਤ ’ਚ ਇਸ ਕੇਸ ਵਿੱਚ ਹੋਈ ਜ਼ਿਰਹਾ ਦੌਰਾਨ ਦੀਪ ਸਿੱਧੂ ਨੇ ਲਿਖਤੀ ਜਵਾਬਨਾਮੇ ਵਿੱਚ ਕਿਹਾ ਕਿ ਉਹ 12.00 ਵਜੇ ਤੱਕ ਮੂਰਥਲ ਹੋਟਲ ਵਿੱਚ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ’ਤੇ ਪਹੁੰਚ ਗਏ ਹਨ ਤਾਂ ਉਸ ਨੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਚਲੇ ਜਾਣ ਦੀ ਅਪੀਲ ਕਰਕੇ ਦਿੱਲੀ ਪੁਲਿਸ ਦੀ ਮਦਦ ਕੀਤੀ ਹੈ। ਜੇ ਸਿੱਧੂ ਸੱਚ ਕਹਿ ਰਿਹੈ ਤਾਂ ਜ਼ਰਾ ਸੋਚੋ ਇਹ ਬਿਆਨ ਉਸ ਵੱਲੋਂ 25.1.2021 ਦੀ ਸ਼ਾਮ ਨੂੰ ਸ਼ੰਭੂ ਬਾਰਡਰ ਦੀ ਸਟੇਜ਼ ’ਤੇ ਦਿੱਤੇ ਉਸ ਭਾਸ਼ਣ ਦੇ ਵਿਰੋਧ ਵਿੱਚ ਨਹੀਂ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਅਸੀਂ ਸਰਕਾਰ ਵੱਲੋਂ ਸੁਝਾਏ ਰੂਟ ’ਤੇ ਚੱਲਣ ਦੇ ਪਾਬੰਦ ਨਹੀਂ ਹਾਂ ਅਸੀਂ ਆਪਣਾ ਰਾਹ ਆਪ ਚੁਣਨਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ 25 ਜਨਵਰੀ ਦੀ ਅੱਧੀ ਰਾਤ ਤੱਕ ਪੁਲਿਸ ਦੀਆਂ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰੀ ਦੀਪ ਸਿੱਧੂ ਅਗਲੀ ਸਵੇਰ ਹੀ ਨੌਜਾਵਾਨਾਂ ਨੂੰ ਕਿਸ ਦੇ ਰਹਿਮ ’ਤੇ ਛੱਡ ਕੇ 12.00 ਦੁਪਹਿਰ ਤੱਕ ਹੋਟਲ ਵਿੱਚ ਬੈਠਾ ਰਿਹਾ ਅਤੇ 12.30 ਵਜੇ ਲਾਲ ਕਿਲ੍ਹੇ ਆ ਕੇ ਪੁਲਿਸ ਦੀ ਮਦਦ ਕਰਦਾ ਪਿਆ ਹੈ। ਕਮਾਲ ਹੈ!

ਉਕਤ ਨੁਕਤੇ ਵੀਚਾਰਨ ਉਪਰੰਤ ਫ਼ੈਸਲਾ ਸਭ ਪੰਜਾਬੀਆਂ ਨੇ ਕਰਨਾ ਹੈ ਕਿ ਦੀਪ ਸਿੱਧੂ ਦੀਆਂ ਗਤੀਵਿਧੀਆਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲੀਆਂ ਹਨ ਜਾਂ ਢਾਅ ਲਾਉਣ ਵਾਲੀਆਂ। ਇਸ ਕਿਸਾਨ ਵਿਰੋਧੀ ਲਹਿਰ ਨੂੰ ਜੀਵਤ ਰੱਖਣ ਲਈ ਭੱਜ-ਦੌੜ ਕਰ ਰਹੇ ਸ. ਅਜਮੇਰ ਸਿੰਘ ਮੰਡੀ ਕਲਾਂ ਅਤੇ ਬਾਬਾ ਬਖ਼ਸ਼ੀਸ਼ ਸਿੰਘ ਬਾਰੇ ਵੀ ਕੁਝ ਵਿਚਾਰ ਜ਼ਰੂਰੀ ਹੈ। ਸ. ਅਜਮੇਰ ਸਿੰਘ; ਪੰਜਾਬ ’ਚ ਚੱਲੀ ਪਹਿਲਾਂ ਨਕਸਲਾਈਟ ਲਹਿਰ ਦਾ ਅਤੇ ਫਿਰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਚੱਲੀ ਖਾੜਕੂ ਲਹਿਰ ਦਾ ਸਮਰਥਕ ਰਿਹਾ ਹੈ। ਇਸੇ ਤਰ੍ਹਾਂ ਬਾਬਾ ਬਖ਼ਸ਼ੀਸ਼ ਸਿੰਘ ਖੜਕੂ ਲਹਿਰ ਦਾ ਕੇਵਲ ਸਮਰਥਕ ਹੀ ਨਹੀਂ ਬਲਕਿ ਸਰਗਰਮ ਹਿੱਸੇਦਾਰ ਸੀ। 26 ਜਨਵਰੀ ਦੀਆਂ ਘਟਨਾਵਾਂ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਰਵਨੀਤ ਸਿੰਘ ਡਿਬਡਿਬਾ ਹਮੇਸ਼ਾਂ ਲਈ ਯਾਦ ਰਹਿਣ ਦੇ ਬਿਆਨ ਦੇਣ ਵਾਲੇ ਇਹ ਵੀਰ ਦੱਸਣ ਕਿ ਨਕਸਲਾਈਟ ਲਹਿਰ ਅਤੇ ਖਾੜਕੂ ਲਹਿਰ ਦੌਰਾਨ ਕਿਹੜੇ-ਕਿਹੜੇ ਨੌਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਸ਼ਹੀਦੀਆਂ ਕਾਰਨ ਪੰਜਾਬ ਨੂੰ ਕੀ ਪ੍ਰਾਪਤੀ ਹੋਈ ? ਉਨ੍ਹਾਂ ਖਾੜਕੂ ਲਹਿਰਾਂ ਦੌਰਾਨ ਸਾਰੇ ਸ਼ਹੀਦਾਂ ਦੇ ਨਾਮ ਤਾਂ ਕਿਸੇ ਨੂੰ ਕੀ ਯਾਦ ਹੋਣੇ ਸੀ, ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਆਪਣੀ ਜਾਨ ਦੀ ਕੀਮਤ ’ਤੇ ਲੱਭੀਆਂ ਲਾਵਾਰਸ਼ ਲਾਸ਼ਾਂ ਨੂੰ ਜੇ ਕੋਈ ਇਨਸਾਫ਼ ਵੀ ਅਜਿਹੇ ਬੰਦੇ ਦਿਵਾ ਸਕਦੇ ਤਾਂ ਹੁਣ ਵੀ ਗੱਲ ਮੰਨਣਯੋਗ ਹੁੰਦੀ। ਸੋ ਬਿਨਾਂ ਸੋਚੇ ਸਮਝੇ ਭੜਕਾਊ ਭਾਸ਼ਣ ਦੇ ਦੇ ਸਿੱਖ ਨੌਜਵਾਨੀ ਨੂੰ ਸ਼ਹੀਦ ਕਰਵਾਈ ਜਾਣ; ਕੋਈ ਸਿਆਣਪ ਨਹੀਂ ਕਹੀ ਜਾ ਸਕਦੀ।

ਗੁਰੂ ਅੰਗਦ ਸਾਹਿਬ ਜੀ ਦਾ ਫ਼ੁਰਮਾਨ ਹੈ ਕਿ ਜਿਊਂਦੇ ਨੂੰ ਜਿਊਂਦਾ ਅਤੇ ਮਰ ਚੁੱਕੇ ਨੂੰ ਮਰਿਆ ਮਿਲਦਾ ਹੈ ‘‘ਜੀਵਤੇ ਕਉ ਜੀਵਤਾ ਮਿਲੈ; ਮੂਏ ਕਉ ਮੂਆ ’’ (ਮਹਲਾ /੭੮੮)  ਦੀਪ ਸਿੱਧੂ ਅੰਦਰ ਦੀਰਘ ਸੋਚ ਵੇਖਣ ਵਾਲੇ ਸ: ਅਜਮੇਰ ਸਿੰਘ ਜੀ ਦੀ ਦੀਰਘ ਸੋਚ ਨੂੰ ਜਾਣਨ ਲਈ ਉਸ ਦੇ ਹੇਠਲੇ ਬਿਆਨ ਧਿਆਨ ਮੰਗਦੇ ਹਨ।

(1). 14 ਫ਼ਰਵਰੀ 2015 ਨੂੰ ਦਿੱਲੀ ’ਚ ਕੇਜਰੀਵਾਲ ਸਰਕਾਰ 70 ਵਿਧਾਨਸਭਾ ਸੀਟਾਂ ’ਚੋਂ 67 ਸੀਟਾਂ ਜਿੱਤ ਕੇ ਸਰਕਾਰ ਬਣਾਉਂਦੀ ਹੈ। ਸ. ਅਜਮੇਰ ਸਿੰਘ ਜੀ 17 ਫ਼ਰਵਰੀ 2015 ਨੂੰ ਇੱਕ ਇੰਟਰਵਿਊ ’ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਬਹੁਤ ਸੂਝਵਾਨ ਅਤੇ ਦੀਰਘ ਸੋਚ ਦੇ ਮਾਲਕ ਆਖਦਾ ਹੈ।

(2). ਮਾਰਚ 2015 ’ਚ ਭਾਵ ਇੱਕ ਮਹੀਨੇ ਅੰਦਰ ਹੀ ਕੇਜਰੀਵਾਲ ਅਤੇ ਯੋਗੇਂਦਰ ਯਾਦਵ ਦਾ ਆਪਸੀ ਵਿਵਾਦ ਹੋ ਗਿਆ। ਸ. ਅਜਮੇਰ ਸਿੰਘ ਜੀ ਨੇ 22 ਮਾਰਚ 2015 ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਮੁਕਾਬਲੇ ਯੋਗੇਂਦਰ ਯਾਦਵ ਬੜੇ ਦੀਰਘ ਅਤੇ ਵਿਆਪਕ ਸੋਚ ਦੇ ਮਾਲਕ ਹਨ।

(3). ਹੁਣ ਕਿਸਾਨ ਆਗੂਆਂ ਵੱਲੋਂ 26 ਜਨਵਰੀ 2021 ਨੂੰ ਲਾਲ ਕਿਲ੍ਹੇ ਜਾਣ ਦੀ ਨਿਖੇਧੀ ਕਰਨ ਕਾਰਨ ਸ. ਅਜਮੇਰ ਸਿੰਘ ਜੀ ਨੇ ਇਸ ਦੇ ਪਿਛੇ ਯੋਗੇਂਦਰ ਯਾਦਵ ਦੀ ਸੰਕੀਰਨ ਅਤੇ ਕਾਮਰੇਡ ਸੋਚ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸ. ਅਜਮੇਰ ਸਿੰਘ ਜੀ ਹਰ ਉਸ ਤਾਕਤ ਨਾਲ ਖੜ੍ਹੇ ਵੇਖੇ ਗਏ ਹਨ ਜੋ (ਸਥਾਪਿਤ ਧਿਰਾਂ ਦੇ ਮੁਕਾਬਲੇ ਨਵੀਂ ਉੱਭਰ ਰਹੀ ਹੁੰਦੀ ਹੈ) ਵਿਰੋਧ ’ਚ ਹੁੰਦੀ ਹੈ। (2015 ’ਚ ਸਥਾਪਿਤ ਧਿਰਾਂ ਕਾਂਗਰਸ ਅਤੇ ਭਾਜਪਾ ਦੇ ਵਿਰੋਧ ’ਚ ਕੇਜਰੀਵਾਲ ਉੱਭਰਿਆ ਤਾਂ ਅਜਮੇਰ ਸਿੰਘ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਿਆਣਪ ਤੇ ਸੋਚ ਨੂੰ ਖ਼ੂਬ ਸਾਲਾਹਿਆ। ਮਹੀਨੇ ਕੁ ਬਾਅਦ ਕੇਜਰੀਵਾਲ ਦਾ ਇਸ ਦੀ ਪਾਰਟੀ ਦੇ ਪ੍ਰਮੁੱਖ ਆਗੂ ਯੋਗੇਂਦਰ ਯਾਦਵ ਤੇ ਪ੍ਰਸਾਂਤ ਭੂਸ਼ਨ ਨਾਲ ਵਿਵਾਦ ਖੜ੍ਹਾ ਹੋਇਆ ਤਾਂ ਅਜਮੇਰ ਸਿੰਘ ਜੀ; ਯੋਗੇਂਦਰ ਯਾਦਵ ਨਾਲ ਸਨ। ਹੁਣ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੁਆਰਾ ਲਏ ਫ਼ੈਸਲਿਆਂ ਦਾ ਵਿਰੋਧ ਕੀਤਾ ਤਾਂ ਦੀਪ ਸਿੱਧੂ ਨਾਲ ਹਨ । ਵੈਸੇ ਜੋ ਵਿਅਕਤੀ ਇੱਕ ਮਹੀਨੇ (ਮਾਰਚ 2015) ’ਚ ਇਕੋ ਬੰਦੇ (ਕੇਜਰੀਵਾਲ/ਭਗਵੰਤ ਮਾਨ) ਨੂੰ ਦੀਰਘ ਸੋਚ ਵਾਲਾ ਅਤੇ ਸੰਕੀਰਨ ਸੋਚ ਵਾਲਾ ਕਹਿ ਸਕਦਾ ਹੋਵੇ ਉਸ ਅਨੁਸਾਰ ਮਾਰਚ 2015 ’ਚ ਦੀਰਘ ਸੋਚ ਵਾਲਾ ਯੋਗੇਂਦਰ ਯਾਦਵ; ਸੰਨ 2021 (6 ਸਾਲ ਬਾਅਦ) ਸੰਕੀਰਨ ਸੋਚ ਦਾ ਮਾਲਕ ਬਣਾ ਦੇਣਾ ਕਿੰਨਾ ਕੁ ਮੁਸ਼ਕਲ ਹੋ ਸਕਦਾ ਹੈ ?

ਸ: ਅਜਮੇਰ ਸਿੰਘ ਜੀ ਦੇ ਉਕਤ ਬਦਲਵੇਂ ਵੀਚਾਰਾਂ ਉਪਰੰਤ ਕੀ ਇਹ ਉਮੀਦ ਰੱਖੀ ਜਾ ਸਕਦੀ ਹੈ ਕਿ ਭਵਿੱਖ ’ਚ ਦੀਪ ਸਿੱਧੂ ਨੂੰ ਸੰਕੀਰਨ ਸੋਚ ਦਾ ਮਾਲਕ ਨਹੀਂ ਕਹਿਣਗੇ ?

ਅਖੀਰ ਵਿੱਚ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡੇ ਸੰਵਿਧਾਨ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਹਰ ਦੇਸ਼ ਦੇ ਸ਼ਹਿਰੀ ਨੂੰ ਇਹ ਹੱਕ ਹੈ ਕਿ ਉਹ ਸ਼ਾਂਤਮਈ ਰਹਿ ਕੇ ਸਰਕਾਰੀ ਹੁਕਮਾਂ/ਕਾਨੂੰਨਾਂ ਦਾ ਵਿਰੋਧ ਕਰ ਸਕਦੇ ਹਨ। ਇਨ੍ਹਾਂ ਸੰਵਿਧਾਨਿਕ ਹੱਕਾਂ ਕਾਰਨ ਹੀ ਸਾਡੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਹੁਕਮ ਕੀਤਾ ਹੈ ਕਿ ਹਰ ਸ਼ਹਿਰੀ ਨੂੰ ਸਰਕਾਰ ਦੇ ਗਲਤ ਫ਼ੈਸਲਿਆਂ ਦਾ ਸ਼ਾਂਤਮਈ ਰਹਿ ਕੇ ਵਿਰੋਧ ਕਰਨ ਦਾ ਹੱਕ ਹਾਸਲ ਹੈ। ਜਦ ਤਕ ਅੰਦੋਲਨਕਾਰੀ ਸ਼ਾਂਤਮਈ ਰਹਿਣਗੇ ਓਨੀ ਦੇਰ ਸਰਕਾਰ; ਜਬਰਨ ਧਰਨਾ ਸਥਲ ਨੂੰ ਖਾਲੀ ਨਹੀਂ ਕਰਵਾ ਸਕਦੀ। ਸਿਰਫ ਸੁਪਰੀਮ ਕੋਰਟ ਹੀ ਨਹੀਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਸਰਕਾਰ ’ਤੇ ਭਾਰੀ ਦਬਾਅ ਹੈ ਕਿ ਉਹ ਕਿਸਾਨ ਸੰਘਰਸ਼ ਨੂੰ ਦਬਾਉਣ ਦਾ ਯਤਨ ਨਾ ਕਰੇ। ਇਸੇ ਕਾਰਨ ਕਿਸਾਨੀ ਸੰਘਰਸ਼ ਹੁਣ ਤੱਕ ਉਹ ਸਫਲਤਾਵਾਂ ਹਾਸਲ ਕਰਨ ਵਿੱਚ ਸਫਲ ਹੋਇਆ ਹੈ ਜਿਹੜੀਆਂ ਕਿ ਪਹਿਲਾਂ ਕਿਸੇ ਸੰਘਰਸ਼ ਸਮੇਂ ਨਹੀਂ ਹੋ ਸਕੀਆਂ। ਕਾਰਨ ਇੱਕੋ ਹੈ ਕਿ ਨਕਸਲਾਈਟ ਲਹਿਰ ਅਤੇ ਸਿੱਖ ਖਾੜਕੂ ਲਹਿਰ ਦੌਰਾਨ ਸਾਨੂੰ ਨਾ ਕਿਸੇ ਅਦਾਲਤ ਤੋਂ ਇਨਸਾਫ਼ ਮਿਲਿਆ ਅਤੇ ਨਾ ਹੀ ਅੰਤਰਰਾਸ਼ਟਰੀ ਪੱਧਰ ’ਤੇ ਕੋਈ ਸਮਰਥਨ ਹਾਸਲ ਹੋਇਆ ਸੀ ਕਿਉਂਕਿ ਹਿੰਸਕ ਸੰਘਰਸ਼ ਨਾਲ ਕੋਈ ਨਹੀਂ ਖੜ੍ਹੇਗਾ।  ਕੇਵਲ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਕਿਸਾਨ ਆਗੂਆਂ ਨੂੰ ਪੂਰਨ ਸਹਿਯੋਗ ਦੇਣਾ ਬਣਦਾ ਹੈ।

ਹਰ ਵਰਗ ਦੀ ਭਰਵੀ ਸ਼ਮੂਲੀਅਤ ਤੋਂ ਬਿਨਾਂ ਤਾਨਾਸ਼ਾਹੀ ਮੋਦੀ ਸਰਕਾਰ ਤੋਂ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਸੰਘਰਸ਼ ਨੂੰ ਦਿਲੋਂ ਪਿਆਰ ਕਰਨ ਵਾਲਿਆਂ ’ਚ ਏਕਤਾ ਬਣਾ ਕੇ ਰੱਖਣੀ ਬਣਦੀ ਹੈ। ਦੀਪ ਸਿੱਧੂ ਦੇ ਮੁਕਾਬਲੇ ਲੱਖਾ ਸਿਧਾਣਾ ਪੰਜਾਬ ਦੀ ਮਿੱਟੀ ਨਾਲ ਜੁੜਿਆ, ਕਿਸਾਨ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸ਼ਖ਼ਸ ਹੈ ਜਦੋਂ ਕਿ ਦੀਪ ਸਿੱਧੂ ਦਾ ਆਰਥਿਕ ਖੇਤਰ ਫਿਲਮ ਅਦਾਕਾਰੀ ਕਾਰਨ ਮੁੰਬਈ ਆਧਾਰਿਤ ਹੈ, ਜਿੱਥੇ ਬੜਾ ਸਿਆਸੀ ਦਬਾਅ ਰਹਿੰਦਾ ਹੈ। ਭਾਜਪਾ ਸਰਕਾਰ ਗੁਮਰਾਹਕੁੰਨ ਖ਼ਬਰ ਹਰ ਹੀਲੇ ਫੈਲਾਉਂਦੀ ਆ ਰਹੀ ਹੈ। ਜ਼ਿਆਦਾਤਰ ਗੋਦੀ ਮੀਡੀਆ, ਅਦਾਕਾਰ ਅਤੇ ਖਿਡਾਰੀ; ਇਸ ਦਾ ਸ਼ਿਕਾਰ ਹੋ ਜਾਂਦੇ ਹਨ।  3 ਫ਼ਰਵਰੀ 2021 ਨੂੰ ਸਾਇਨਾ ਨੇਹਵਾਲ ਅਤੇ ਅਕਸ਼ੇ ਕੁਮਾਰ ਦੁਆਰਾ ਕੀਤੇ ਇੱਕੋ ਜਿਹੇ ਟਵੀਟ ਤੋਂ ਇਹ ਸਾਬਤ ਹੋ ਚੁੱਕਾ ਹੈ।

ਲੱਖੇ ਸਿਧਾਣੇ ਸੰਬੰਧੀ ਕਿਸਾਨ ਆਗੂ ਸੁਰਜੀਤ ਸਿੰਘ ਡੱਲੇਵਾਲ ਅਤੇ ਰੁਲਦੂ ਸਿੰਘ ਮਾਨਸਾ ਵਰਗੇ ਵੀ ਕਹਿ ਚੁੱਕੇ ਹਨ ਕਿ ਉਹ ਸਾਡਾ ਹੀ ਬੱਚਾ ਹੈ। ਵੈਸੇ ਵੀ 26 ਜਨਵਰੀ ਵਾਲੀ ਘਟਨਾ ’ਚ ਉਸ ਦਾ ਬਹੁਤ ਰੋਲ ਨਹੀਂ ਸੀ ਜਦਕਿ ਦੀਪ ਸਿੱਧੂ ਬਾਰੇ ਉਨ੍ਹਾਂ ਸਪਸ਼ਟ ਕਿਹਾ ਹੈ ਕਿ ਨਾ ਉਸ ਨਾਲ ਸਾਡਾ ਪਹਿਲਾਂ ਕੋਈ ਸੰਬੰਧ ਸੀ, ਨਾ ਹੁਣ ਹੈ। ਹੁਣ ਲੱਖੇ ਸਿਧਾਣੇ ਨੂੰ ਵੀ ਚਾਹੀਦਾ ਹੈ ਕਿ ਉਹ ਵਾਚੇ ਕਿ ਕਿਤੇ ਗਲਤ ਅਨਸਰ ਉਸ ਨੂੰ ਆਪਣੇ ਕੁਹਾੜੇ ਦਾ ਦਸਤਾ ਤਾਂ ਨਹੀਂ ਬਣਾ ਰਹੇ।

ਪੰਜਾਬ ਅਤੇ ਕਿਸਾਨਾਂ ਦੇ ਸਮੁੱਚੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸਾਂਝੇ ਫ਼ੈਸਲੇ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਬਣਿਆ ਰਹਿਣਾ ਜ਼ਰੂਰੀ ਹੈ।  26 ਜਨਵਰੀ ਦੀਆਂ ਘਟਨਾਵਾਂ ਨੇ ਜਿੱਥੇ ਮੋਰਚੇ ਨੂੰ ਵੱਡੀ ਢਾਅ ਲਾਈ ਹੈ ਉੱਥੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਅਗਵਾਈ ਜੋ ਪਹਿਲਾਂ ਪੰਜਾਬ ਕੋਲ ਸੀ ਉਹ ਕਿਸਾਨ ਆਗੂਆਂ ਅਤੇ ਨੌਜਵਾਨਾਂ ਵਿਚਕਾਰ ਵਧੇ ਤਨਾਅ ਕਾਰਨ ਕੁਝ ਮੱਧਮ ਪਈ ਜਾਪਦੀ ਹੈ। ਇਸ ਨਾਲ ਪੰਜਾਬ ਦਾ ਵੱਧ ਨੁਕਸਾਨ ਹੋਣਾ ਹੈ। ਬਜ਼ੁਰਗ ਕਿਸਾਨ ਆਗੂਆਂ ਅਤੇ ਨੌਜਵਾਨਾਂ ਦੀ ਨੇੜਤਾ ਹੀ ਹੱਠੀ ਸਰਕਾਰ ਲਈ ਚੁਣੌਤੀ ਬਣ ਕੇ ਕਿਸਾਨ ਮੰਗਾਂ ਮਨਵਾਉਣ ’ਚ ਸਫਲ ਸਿੱਧ ਹੋਵੇਗਾ।

ਹੇਠਲੀ ਵੀਡੀਓ ਚ ਸੋਚ ਤੋਂ ਭਾਵ ਏਜੰਡਾ ਹੈ। ਪਹਿਲਾਂ ਕਿਹਾ ਗਿਆ ਹੈ ਕਿ ਲੋਕ ਕਹਿੰਦੇ ਹਨ ਕਿ ਏਜੰਡਾ ਦੀ ਗੱਲ ਹੋਵੇ, ਵਿਅਕਤੀ ਦੀ ਨਹੀਂ, ਪਰ ਫਿਰ ਆਪ ਹੀ ਸੋਚ (ਏਜੰਡੇ) ਲਈ ਇਕੱਠ ਬੁਲਾਉਣ ਅਤੇ ਉਸ ਤੇ ਮੰਥਨ ਕਰਨ ਲਈ ਕਹਿ ਰਿਹਾ ਹੈ ਭਾਵ ਪਹਿਲਾਂ ਏਜੰਡੇ ਨੂੰ ਰੱਦ ਕਰ ਵਿਅਕਤੀ ਨੂੰ ਮਹੱਤਵ ਦੇ ਰਿਹੈ ਫਿਰ ਆਪ ਹੀ ਏਜੰਡੇ ਨੂੰ।

Most Viewed Posts