ਤਰਕ ਸੰਗਤ ਦਲੀਲਾਂ ਦਾ ਬਾਦਸ਼ਾਹ ਗਿਆਨੀ ਦਿੱਤ ਸਿੰਘ ਜੀ

0
899

ਤਰਕ ਸੰਗਤ ਦਲੀਲਾਂ ਦਾ ਬਾਦਸ਼ਾਹ ਗਿਆਨੀ ਦਿੱਤ ਸਿੰਘ ਜੀ

ਪ੍ਰਿੰਸੀਪਲ ਨਸੀਬ ਸਿੰਘ ਸੇਵਕ (ਸੰਪਾਦਕ ਗਿਆਨੀ ਦਿੱਤ ਸਿੰਘ ਪੱਤ੍ਰਿਕਾ) ਚੰਡੀਗੜ੍ਹ -94652-16530

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸੰਨ 1839 ਸਮੇਂ ਸਿੱਖਾਂ ਦੀ ਗਿਣਤੀ 1 ਕਰੋੜ ਤੋਂ ਵੀ ਵੱਧ ਸੀ, ਜੋ 1881 ਦੀ ਮਰਦਮ ਸ਼ੁਮਾਰੀ ਵਿੱਚ ਘਟ ਕੇ 18,53,429 ਰਹਿ ਗਈ ਸੀ। ਇਸੀ ਦੌਰਾਨ ਰਿਆਸਤ ਪਟਿਆਲਾ ਦੇ ਮਸ਼ਹੂਰ ਪਿੰਡ ਕਲੌੜ (ਨੰਦਪੁਰ) ਵਿਖੇ, ਜੋ ਅੱਜ ਕੱਲ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੈ, ਵਿਖੇ ਬਾਬਾ ਦਿਵਾਨ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਇੱਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਦਿਤਾ ਰਾਮ ਰੱਖਿਆ ਗਿਆ, ਜੋ ਬਾਅਦ ਵਿੱਚ ਗਿਆਨੀ ਦਿੱਤ ਸਿੰਘ ਦੇ ਨਾਂ ਨਾਲ ਮਸ਼ਹੂਰ ਹੋ ਗਿਆ।  8 ਸਾਲ ਦੀ ਉਮਰੇ, ਪਿਤਾ ਨੇ ਇਹ ਕਹਿ ਕੇ ਕਿ ਜਾਓ ਮੇਰੇ ਪਿਛੇ ਕਿਉਂ ਫਿਰਦਾ ਹੈਂ, ਤੂੰ ਭੀ ਬ੍ਰਹਮ ਤੇ ਮੈਂ ਭੀ ਬ੍ਰਹਮ, ਬ੍ਰਹਮੰਡ ਤੇਰਾ ਹੀ ਹੈ, ਜਾ ਕੇ ਸੰਭਾਲ  ਕੇ ਘਰੋਂ ਤੋਰ ਦਿੱਤਾ ਤੇ ਇਕ ਦਿਨ ਬਡਾਲੇ ਵਿਖੇ ਸ. ਭਾਗ ਸਿੰਘ ਦੇ ਘਰ ਰਹਿ ਕੇ ਅਗਲੇ ਦਿਨ ਪਿੰਡ ਤਿਊੜ ਵਿਖੇ ਗੁਲਾਬਦਾਸੀਆਂ ਦੇ ਡੇਰੇ ਪੁੱਜ ਗਿਆ।  18 ਸਾਲ ਦੀ ਉਮਰ ਤੱਕ ਬਹੁਤ ਸਾਰਾ ਗਿਆਨ ਪ੍ਰਾਪਤ ਕੀਤਾ। ਡੇਰੇ ਵਿਖੇ ਆਉਂਦੇ ਸਾਧੂ, ਸੰਤਾਂ, ਵਿਦਵਾਨਾਂ ਨਾਲ ਵਿਚਾਰ ਵਟਾਂਦਰੇ ਕਰਦੇ ਰਹੇ। ਪੰਜਾਬੀ ਦੇ ਨਾਲ ਹਿੰਦੀ, ਸੰਸਕ੍ਰਿਤ, ਫਾਰਸੀ, ਅਰਬੀ, ਉਰਦੂ, ਅੰਗਰੇਜ਼ੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਪ੍ਰਾਪਤ ਕਰ ਲਿਆ ਸੀ। ਦਿਤਾ ਰਾਮ ਛੋਟੀ ਉਮਰ ਵਿੱਚ ਹੀ ਲਾਗਲੇ ਪਿੰਡਾਂ ਵਿੱਚ ਪ੍ਰਚਾਰ ਕਰਨ ਲੱਗ ਗਿਆ ਸੀ। ਇੱਥੋਂ ਉਹ ਚੱਠਿਆਂ ਵਾਲਾ (ਲਾਹੌਰ) ਵਿਖੇ ਪੁੱਜਿਆ ਇੱਥੇ ਉਸ ਦੀਆਂ ਆਰੀਆ ਸਮਾਜ ਦੇ ਮੁੱਖੀ ਸਵਾਮੀ ਦਯਾ ਨੰਦ ਨਾਲ ਲਗਾਤਾਰ ਤਿੰਨ ਧਰਮ ਬਾਰੇ ਬਹਿਸਾਂ ਹੋਈਆਂ।

ਆਰੀਆ ਸਮਾਜ ਦੀ ਸਥਾਪਨਾ 29 ਮਾਰਚ, 1875 ਵਿੱਚ ਬੰਬਈ ਵਿਖੇ ਹੋਈ ਇਸ ਦੇ ਸੰਸਥਾਪਕ ਸਵਾਮੀ ਦਯਾ ਨੰਦ ਜੀ ਸਨ।  ਉਹ 19 ਅਪ੍ਰੈਲ 1877 ਨੂੰ ਲਾਹੌਰ ਆਏ ਅਤੇ ਰਤਨ ਚੰਦ ਦਾਹੜੀ ਵਾਲੇ ਦੇ ਬਾਗ ਵਿੱਚ ਠਹਿਰੇ। ਸਵਾਮੀ ਦਯਾ ਨੰਦ ਹਰ ਰੋਜ ਵਿਖਿਆਨ ਕਰਿਆ ਕਰਦੇ ਸਨ ਅਤੇ ਬਾਅਦ ਵਿੱਚ ਲੋਕਾਂ ਨੂੰ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਜਾਂਦਾ ਸੀ। ਗਿਆਨੀ ਦਿੱਤ ਸਿੰਘ ਨੂੰ ਉਨ੍ਹਾਂ ਦੇ ਆਉਣ ਅਤੇ ਵਿਖਿਆਨ ਕਰਨ ਦਾ ਪਤਾ ਚਲਿਆ। ਗਿਆਨੀ ਜੀ ਨੂੰ ਕਿਉਂਕਿ ਬਚਪਨ ਉਪਰੰਤ ਗੁਲਾਬਦਾਸੀਆਂ ਦੇ ਡੇਰੇ ਤਿਊੜ ਤੋਂ ਹੀ ਵਿਚਾਰ ਚਰਚਾ ਕਰਨ, ਸੰਬਾਦ ਕਰਨ ਅਤੇ ਭਾਸ਼ਨ ਦੇਣ ਆਦਿ ਦਾ ਕਾਫੀ ਅਧਿਐਨ ਹੋ ਚੁੱਕਾ ਸੀ ਅਤੇ ਚੱਠਿਆਂ ਵਾਲੇ ਆ ਕੇ ਉਨ੍ਹਾਂ ਨੇ ਇਨ੍ਹਾਂ ਵਿਸ਼ਿਆਂ ਵਿੱਚ ਹੋਰ ਬੇਮਿਸਾਲ ਵਾਧਾ ਕਰ ਲਿਆ ਸੀ, ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ 1877 ਈ: ਤੱਕ ਗਿਆਨੀ ਦਿੱਤ ਸਿੰਘ ਨੂੰ ਗਿਆਨ ਦੀ ਚੰਗੀ ਖਾਸੀ ਪ੍ਰਾਪਤੀ ਹੋ ਗਈ ਸੀ। ਉਹ ਆਪਣੇ ਗਿਆਨ ਦੇ ਬਲਬੂਤੇ ’ਤੇ ਕਿਸੇ ਵੀ ਗੁਣੀ ਗਿਆਨੀ ਨਾਲ ਵਿਚਾਰ ਚਰਚਾ ਕਰਨ ਦੇ ਯੋਗ ਹੋ ਗਏ ਸਨ। ਉਹ ਹਮੇਸ਼ਾ ਦੂਜਿਆਂ ਨਾਲ ਵਿਚਾਰ ਚਰਚਾ ਕਰਕੇ ਆਪਣੇ ਵਿਸ਼ਾਲ ਗਿਆਨ ਵਿੱਚ ਹੋਰ ਵਾਧਾ ਕਰਨ ਦੇ ਇਛੁੱਕ ਰਹਿੰਦੇ ਸਨ। ਸਵਾਮੀ ਜੀ ਦੇ ਵਿਖਿਆਨ ਸੁਨਣ ਲਈ ਇਕ ਦੋ ਦਿਨ ਜਾਣ ਤੋਂ ਬਾਅਦ ਉਨ੍ਹਾਂ ਨੇ ਸਵਾਮੀ ਜੀ ਨਾਲ ਪ੍ਰਸ਼ਨ ਉੱਤਰ ਕਰਨ ਦੀ ਇੱਛਾ ਪ੍ਰਗਟ ਕੀਤੀ। ਆਖਰ ਇਕ ਦਿਨ ਗਿਆਨੀ ਦਿੱਤ ਸਿੰਘ ਉਰਫ ਰਾਮ ਦਿੱਤਾ ਅਤੇ ਸਵਾਮੀ ਦਯਾ ਨੰਦ ਪਹਿਲੀ ਧਰਮ ਵਿਚਾਰ ਚਰਚਾ ਲਈ ਆਹਮੋਂ-ਸਾਹਮਣੇ ਬੈਠ ਗਏ। ਦਿਤਾ ਰਾਮ ਨੇ ਸਵਾਮੀ ਜੀ ਨੂੰ ਪਹਿਲਾ ਸਵਾਲ ਕੀਤਾ ‘ਇਸ ਜਗਤ ਦਾ ਕਰਤਾ ਕੌਣ’ ? ਦਯਾ ਨੰਦ ਨੇ ਉੱਤਰ ਦਿੱਤਾ, ‘ਈਸ਼ਵਰ’। ਗਿਆਨੀ ਜੀ ਨੇ ਮੋੜਵਾਂ ਸਵਾਲ ਕੀਤਾ ਕਿ ‘ਕੀ ਈਸ਼ਵਰ ਜਗਤ ਨੂੰ ਆਪਣੇ ਵਿੱਚੋਂ ਪੈਦਾ ਕਰਦਾ ਹੈ ਜਾਂ ਕਿਸੇ ਹੋਰ ਵਸਤੂ ਵਿੱਚੋਂ’ ? ਫਿਰ ਸਾਧੂ ਜੀ ਨੇ ਕਿਹਾ ‘ਈਸ਼ਵਰ ਨਿਰਾਕਰ ਹੈ ਪਰ ਚਾਰੇ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ’। ਫਿਰ ਗਿਆਨੀ ਜੀ ਨੇ ਪੁੱਛਿਆ ਕਿ ‘ਪ੍ਰਮਾਣੂ ਪਹਿਲਾਂ ਹੀ ਬਣੇ ਹੋਏ ਸਨ ਜਾਂ ਇਨ੍ਹਾਂ ਨੂੰ ਈਸ਼ਵਰ ਨੇ ਰਚਿਆ ਹੈ’ ? ਫਿਰ ਸਾਧੂ ਜੀ ਨੇ ਕਿਹਾ ਕਿ ‘ਈਸ਼ਵਰ ਕੋਈ ਸਾਕਾਰ ਪਦਾਰਥ ਨਹੀਂ ਕਿ ਸਥੂਲ ਤੱਥਾਂ ਨੂੰ ਰਚਦਾ ਫਿਰੇ, ਉਸ ਨੇ ਤਾਂ ਇਨ੍ਹਾਂ ਨੂੰ ਪਰਸਪਰ ਮਿਲਾ ਕੇ ਜਗਤ ਰਚਨਾ ਪੈਦਾ ਕਰ ਦਿੱਤੀ’। ਗਿਆਨੀ ਜੀ ਨੇ ਕਿਹਾ ‘ਫਿਰ ਈਸ਼ਵਰ ਤਾਂ ਇਕ ਰਾਜ ਕਾਰੀਗਰ ਹੈ, ਜੋ ਇੱਟਾਂ ਚੂਨਾ, ਗਾਰਾ ਅਤੇ ਲਕੜੀ ਦਾ ਕਰਤਾ ਨਹੀਂ ਹੈ ਪਰ ਉਹ ਤਰਤੀਬ ਨਾਲ ਮਕਾਨ ਬਣਾ ਦਿੰਦਾ ਹੈ’।

ਪਹਿਲੀ ਗੋਸ਼ਟੀ ਤੋਂ ਹੀ ਗਿਆਨੀ ਦਿੱਤ ਸਿੰਘ ਜਾਣ ਗਿਆ ਸੀ ਕਿ ਸਾਧੂ ਪੜ੍ਹਿਆ ਲਿਖਿਆ ਤਾਂ ਹੈ ਪਰ ਅਨੁਭਵ ਦੀ ਘਾਟ ਹੈ। ਦੁਬਾਰਾ ਕਦੀ ਫਿਰ ਚਰਚਾ ਕਰਾਂਗਾ। ਸੋ ਉਨ੍ਹਾਂ ਦੀ ਦੂਜੀ ਚਰਚਾ ਕੁੱਝ ਦਿਨਾਂ ਬਾਅਦ ਹੀ ਹੋਈ। ਸਵਾਮੀ ਦਯਾ ਨੰਦ ਜੀ ਰਹੀਮ ਖਾਂ ਦੀ ਕੋਠੀ ਠਹਿਰੇ ਅਤੇ ਤਿੰਨ ਦਿਨ ਵਿਖਿਆਨ ਕਰਦੇ ਤੇ ਚੌਥੇ ਦਿਨ ਲੋਕਾਂ ਨੂੰ ਮੌਕਾ ਦਿੰਦੇ ਸਨ ਕਿ ਉਹ ਕੋਈ ਪ੍ਰਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਹੋਇਆ ਸੀ ਕਿ ਜਿਸ ਨੇ ਕੋਈ ਪ੍ਰਸ਼ਨ ਕਰਨਾ ਹੈ ਤਾਂ ਸਾਹਮਣੇ ਪਈ ਕੁਰਸੀ ’ਤੇ ਬੈਠ ਸਕਦਾ ਹੈ ਤੇ ਨਾਲ ਇਹ ਵੀ ਸ਼ਰਤ ਸੀ ਕਿ ਜੋ ਵੀ ਹਾਰ ਜਾਵੇਗਾ ਉਸ ਨੂੰ ਕੁਰਸੀ ਛੱਡਣੀ ਪਵੇਗੀ। ਗਿਆਨੀ ਦਿੱਤ ਸਿੰਘ ਜੀ ਨੇ ਲਿਖਿਆ ਹੈ ‘ਉਸ ਦਿਨ ਪਹਿਲਾਂ ਇਕ ਮੌਲਵੀ ਨੇ ਪ੍ਰਸ਼ਨ ਉੱਥੇ ਕੀਤੇ ਪਰ ਉਹ ਜਲਦੀ ਹੀ ਹਾਰ ਕੇ ਕੁਰਸੀ ਤੋਂ ਹੇਠਾਂ ਆ ਗਿਆ’।

ਗਿਆਨੀ ਜੀ ਕੁਰਸੀ ’ਤੇ ਬੈਠੇ ਅਤੇ ਪੁੱਛਿਆ ਕਿ ਜੋ ਤੁਸੀਂ ਆਪਣੇ ਵਿਖਿਆਨ ਵਿੱਚ ਕਿਹਾ ਹੈ ਕਿ ਵੇਦ ਈਸ਼ਵਰ ਨੇ ਰਚੇ ਹਨ ਪਰ ਮੇਰੇ ਅਨੁਸਾਰ ਵੇਦ ਈਸ਼ਵਰ ਦੀ ਕਿਰਤ ਨਹੀਂ ਹਨ ਬਲਕਿ ਵੇਦ ਮਨੁੱਖ ਨੇ ਰਚੇ ਹਨ ਅਤੇ ਬੈਖਰੀ ਬਾਣੀ ਰੂਪ ਹਨ ਕਿਉਂਕਿ ਸਵਾਮੀ ਦਯਾ ਨੰਦ ਦਾ ਸੰਬਾਦ ਪੁਸਤਕ ਦੇ ਪੰਨਾ 26 ’ਤੇ ਇਸ ਤਰ੍ਹਾਂ ਲਿਖਦੇ ‘ਬੈਖਰੀ ਬਾਣੀ ਅੱਖਰਾਂ ਦੇ ਉਚਾਰਨ ਬਿਨਾਂ ਬੋਲੀ ਜਾਂਦੀ ਹੈ ਕਿਉਂਕਿ ਜਿਤਨਾ ਚਿਰ ਅੱਖਰ ਉਚਾਰਨ ਨਹੀਂ ਹੋਵੇਗਾ ਉਤਨਾਂ ਚਿਰ ਕੋਈ ਪਦ ਯਾ ਵਾਕ ਨਹੀਂ ਬਨੇਗਾ। ਇਸ ਵਾਸਤੇ ਵੇਦ ਜੋ ਇਕ ਅੱਖਰ-ਪਦ ਅਤੇ ਵਾਕ ਰੂਪ ਹੈ। ਇਸੀ ’ਤੇ ਬੈਖਰੀ ਬਾਣੀ ਹੈ, ਜੋ ਪੰਜ ਭੂਤਕ ਦੇਹਧਾਰੀ ਦੀ ਹੈ, ਤਾਂ ਤੇ ਇਨ੍ਹਾਂ ਅੱਖਰਾਂ ਵਾਲੀ ਬੋਲੀ ਦੇ ਉਚਾਰਨ ਲਈ ਅਵੱਸ਼ ਕਿਸੇ ਦੇਹਧਾਰੀ ਦੀ ਲੋੜ ਹੈ।’ ਇਸ ਲਈ ਗਿਆਨੀ ਜੀ ਨੇ ਲਿਖਿਆ ਹੈ ਕਿ ਮੈਂ ਕਿਹਾ ਕਿ ਆਪ ਕੁੱਝ ਸਾਬਤ ਨਹੀਂ ਕਰ ਸਕੇ ਅਰ ਮੈਂ ਆਪ ਨੂੰ ਸਾਬਤ ਕਰਕੇ ਦਿਖਾ ਦਿੱਤਾ ਕਿ ਵੇਦ ਮਨੁੱਖਾਂ ਦੇ ਰਚੇ ਹੋਏ ਹਨ। ਸੋ ਦੂਜੀ ਧਰਮ ਬਹਿਸ ਵਿੱਚ ਵੀ ਗਿਆਨੀ ਦਿੱਤ ਸਿੰਘ ਜੇਤੂ ਰਹੇ।

ਕੁੱਝ ਦਿਨ ਮਗਰੋਂ ਜਦੋਂ ਸਾਧੂ ਦਯਾ ਨੰਦ ਰਾਇ ਮੇਲਾ ਰਾਮ ਸਾਹਿਬ ਦੇ ਤਲਾਬ ’ਤੇ ਠਹਿਰੇ ਹੋਏ ਸਨ ਤੇ ਵਿਖਿਆਨ ਕਰਦੇ ਸਨ ਤਾਂ ਗਿਆਨੀ ਦਿੱਤ ਸਿੰਘ ਇਕੱਲੇ ਹੀ ਇੱਥੇ ਪਹੁੰਚ ਗਏ। ਪ੍ਰਸ਼ਨ ਕਾਲ ਵਿੱਚ ਗਿਆਨੀ ਜੀ ਨੇ ਸਵਾਲ ਕੀਤਾ ਕਿ ਸਵਾਮੀ ਜੀ! ਇਹ ਦੱਸੋ ਕਿ ਆਪ ਦੇ ਮੱਤ ਵਿੱਚ ਮੁਕਤੀ ਦਾ ਕਿਆ ਸਰੂਪ ਹੈ ਅਤੇ ਲਖਣ ਕਿਆ ਹੈ ?  ਸਵਾਮੀ ਜੀ ਨੇ ਮੁਕਤੀ ਦਾ ਅਰਥ ਛੁੱਟ ਜਾਣਾ ਦੱਸਿਆ ਤੇ ਗਿਆਨੀ ਜੀ ਨੇ ਕਿਹਾ ਕਿ ਕਿਨ੍ਹਾਂ ਬਾਤਾਂ ਤੋਂ ਛੁਟਨਾ ਹੈ ? ਸਵਾਮੀ ਜੀ ਨੇ ਜਵਾਬ ਦਿੱਤਾ ‘ਜੀਵ ਆਤਮਾ ਨੇ ਦੇਹ ਵਿੱਚੋਂ ਛੁਟਨਾ ਹੈ। ਚਾਰ ਵਾਕ ਵਾਲੇ ਵੀ ਇਹੋ ਮੰਨਦੇ ਹਨ।’

ਚਾਰ ਵਾਕ ਮਤ ਅਨੁਸਾਰ ਜੀਵ ਦਾ ਪੁਨਰ ਜਨਮ ਨਹੀਂ ਹੁੰਦਾ ਪ੍ਰੰਤੂ ਸਾਡੇ ਮੱਤ ਵਿੱਚ ਜੀਵ ਦਾ ਪੁਨਰ ਜਨਮ ਹੁੰਦਾ ਹੈ। ਗਿਆਨੀ ਜੀ ਅਨੁਸਾਰ ਸਾਡੇ ਇਸ ਪ੍ਰਸ਼ਨ ਦਾ ਵੀ ਉਹ ਸਹੀ ਉੱਤਰ ਨਹੀਂ ਦੇ ਸਕੇ। ਇਸ ਬਹਿਸ ਚਰਚਾ ਦੀ ਫੋਟੋ ਵੀ ਗਵਾਹੀ ਵਜੋਂ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕਿ ਜਦੋਂ ਸਵਾਮੀ ਜੀ ਨੂੰ ਪ੍ਰਸ਼ਨ ਦਾ ਸਹੀ ਉੱਤਰ ਨਹੀਂ ਮਿਲਿਆ ਤਾਂ ਕਿਵੇਂ ਉਹ ਪਿੱਛੇ ਬੈਠੀ ਪਬਲਿਕ ਵੱਲ ਮੂੰਹ ਘੁੰਮਾਉਂਦੇ ਹਨ।

ਉਪਰੋਕਤ ਸੰਖੇਪ ਜਾਣਕਾਰੀ ਤੋਂ ਹੀ ਪਤਾ ਲਗਦਾ ਹੈ ਕਿ ਗਿਆਨੀ ਜੀ ਦੀ ਧਾਰਮਕ ਵਿਸ਼ਿਆਂ ’ਤੇ ਕਿੰਨੀ ਪਕੜ ਸੀ। ਜਿਸ ਕਾਰਨ ਲਗਾਤਾਰ ਤਿੰਨ ਧਾਰਮਕ ਬਹਿਸਾਂ ਵਿੱਚ ਸਵਾਮੀ ਦਯਾ ਨੰਦ ਨੂੰ ਨਿਰਉੱਤਰ ਕੀਤਾ।

ਇਹਨਾਂ ਬਹਿਸਾਂ ਸੰਬੰਧੀ ਗਿਆਨੀ ਦਿੱਤ ਸਿੰਘ ਨੇ ਬਾਅਦ ਵਿੱਚ ਇਕ ਪੁਸਤਕ ਲਿਖੀ, ਜਿਸ ਦਾ ਨਾਂ ਹੈ ਕਿ ਮੇਰਾ ਤੇ ਸਾਧੂ ਦਯਾ ਨੰਦ ਦਾ ਸੰਵਾਦ। ਇਸ ਪੁਸਤਕ ਦੀ ਅੱਜ ਵੀ ਬਹੁਤ ਮੰਗ ਹੈ ਇਸ ਦਾ ਊਰਦੁ ਅਨੁਵਾਦ ਵੀ ਹੈ। ਇਹ ਵਿਸ਼ਵ ਪੱਧਰੀ ਪੁਸਤਕ ਬਣ ਚੁੱਕੀ ਹੈ। ਇਸੇ ਤਰ੍ਹਾਂ ਦੀ ਇੱਕ ਪੁਸਤਕ ਦੰਭ ਵਿਦਾਰਨ, ਜੋ ਸੁਆਮੀ ਦਯਾ ਦੀ ਪੁਸਤਕ ਦੀ ਅਲੋਚਨਾ ਦੇ ਤੌਰ ’ਤੇ ਲਿਖੀ ਗਈ ਹੈ। ਜੋ ਕਿ ਲਾਹੌਰ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਕਈ ਪੰਜਾਬੀਆਂ ਪਾਸ ਵੀ ਇਸ ਦੀ ਕਾਪੀ ਹੈ। ਇਸ ਵਿੱਚ ਵੀ ਗਿਆਨੀ ਜੀ ਨੇ ਉਹਨਾਂ ਦੀ ਲਿਖਤ ਦੇ ਹਵਾਲੇ ਦੇ ਕੇ ਆਪਣੇ ਤਰਕ ਦਿੱਤੇ ਹਨ ਅਤੇ ਸੁਆਮੀ ਦਯਾ ਨੰਦ ਨੂੰ ਝੁਠਲਾਇਆ ਗਿਆ ਹੈ। ਉਹਨਾਂ ’ਤੇ ਕਈ ਵਿਅੰਗ ਵੀ ਕੱਸੇ ਹਨ।

ਦੋਹਿਰਾ

ਇਹ ਮੇਰੀ ਹੈ ਸੰਮਤੀ ਉਸ ਦੀ ਵਿੱਦਯਾ ਹੇਤ ॥ ਜੇ ਅਤਬਾਰ ਨ ਆਵੰਦਾ ਖੋਜ ਲਵੋ ਸਭ ਭੇਤ ॥5॥

ਮਨ ਦੇ ਵਿੱਦਯਾ ਨੂੰ ਪੜ੍ਹੋ ਵੇਦ ਔਰ ਸਭ ਭਾਸ ॥  ਦਤ ਆਪ ਲਖ ਲੇਹੁਗੇ ਜੋ ਹੈ ਸੱਤ ਬਲਾਸ ॥6॥

ਨਾਲ ਦਯਾਨੰਦ ਸਾਧ ਦੇ ਇਹ ਹੋਏ ਪ੍ਰਸੰਗ॥ ਜਿਸ ਨੂੰ ਪੜ੍ਹ ਕੇ ਸੁਜਾਨ ਜਨ ਮਨ ਮਹਿ ਹੋਵਨ ਦੰਗ ॥7॥

ਜੇ ਕਰ ਕੋਈ ਉਨ੍ਹਾਂ ਦਾ ਚੇਲਾ ਕਰੇ ਘਮੰਡ॥ ਤਾਂ ਮੈਂ ਸਦ ਹੀ ਤਯਾਰ ਹਾਂ ਖੋਲਨ ਹੇਤ ਪਖੰਡ ॥8॥ ਇਤੀ ॥

ਸਮੁੱਚੇ ਤੌਰ ’ਤੇ ਨਿਰਣਾ ਲਿਆ ਜਾ ਸਕਦਾ ਹੈ ਕਿ ਗਿਆਨੀ ਦਿੱਤ ਸਿੰਘ ਜੀ ਇੱਕ ਬਹੁਤ ਵੱਡੇ ਸੁਲਝੇ ਹੋਏ ਤੇ ਕੌਮ ਨੂੰ ਸਮਰਪਿਤ ਮਹਾਨ ਵਿਦਵਾਨ ਸਨ, ਪਰ ਅਫਸੋਸ ਕਿ ਕੌਮ ਨੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਯਾਦ ਪ੍ਰਤੀ ਉਹ ਕਾਰਜ ਨਹੀਂ ਕੀਤੇ, ਜੋ ਕਰਨ ਦੀ ਲੋੜ ਸੀ  ਸੰਨ 1941 ਤੋਂ ਭਾਵੇਂ ਜਥੇਦਾਰ ਬਖਸ਼ੀਸ਼ ਸਿੰਘ ਕਲੌੜ ਦੀ ਅਗਵਾਈ ਹੇਠ ਪਿੰਡ ਕਲੌੜ ਅਤੇ ਨੇੜੇ ਦੇ ਇਲਾਕਿਆਂ ਵਿੱਚ ਗਿਆਨੀ ਜੀ ਨੂੰ ਪ੍ਰਚਾਰਿਆ ਗਿਆ ਤੇ 2001 ਵਿੱਚ ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ (ਰਜਿ) ਪ੍ਰਿੰ. ਨਸੀਬ ਸਿੰਘ ਸੇਵਕ ਦੀ ਪ੍ਰਧਾਨਗੀ ਹੇਠ ਬਣੀ ਤੇ ਜਨਵਰੀ 2010 ਤੋਂ ਭਾਈ ਦਿੱਤ ਪੱਤ੍ਰਿਕਾ ਮਹੀਨਾਵਾਰ ਪ੍ਰਿੰ. ਸਾਹਿਬ ਹੀ ਕੱਢ ਰਹੇ ਹਨ। ਦੇਸ਼ ਵਿਦੇਸ਼ ਦੇ ਲੋਕ ਕਾਫੀ ਜਾਗਰੂਕ ਹੋਏ ਹਨ ਪਰ SGPC ਜਿਸ ਦੀ ਇਹ ਜ਼ਿੰਮੇਵਾਰੀ ਸੀ, ਉਸ ਨੇ ਕੋਈ ਉਪਰਾਲਾ ਨਹੀਂ ਕੀਤਾ। ਦੂਜੇ ਪਾਸੇ ਹਾਰੇ ਹੋਏ ਵਿਅਕਤੀ (ਸਾਧੂ ਦਯਾ ਨੰਦ) ਦੇ ਪੈਰੋਕਾਰਾਂ ਨੇ ਉਹਨਾਂ ਦੇ ਨਾਂ ’ਤੇ ਸਕੂਲ, ਕਾਲਜ, ਹਸਪਤਾਲ ਤੇ ਯੂਨੀਵਰਸਿਟੀਆਂ ਤੱਕ ਬਣਾ ਕੇ ਉਹਨਾਂ ਦਾ ਨਾਂ ਰੌਸ਼ਨ ਕੀਤਾ ਹੋਇਆ ਹੈ।

ਗਿਆਨੀ ਦਿੱਤ ਸਿੰਘ ਜੀ ਨੇ ਜੀਵਨਭਰ ਸਿੱਖੀ ਦੀ ਨਿਡਰਤਾ ਨਾਲ ਸੇਵਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹਮੇਸ਼ਾਂ ਪ੍ਰਵਾਨ ਕੀਤੀ ਤੇ ਇਸੇ ਅਧੀਨ ਸਕੂਲ, ਕਾਲਜ, ਸਿੰਘ ਸਭਾ ਲਹਿਰ, ਵਹਿਮਾ ਭਰਮਾ ਖਿਲਾਫ ਅਤੇ ਸਮਾਜ ਸੁਧਾਰ ਪ੍ਰਤੀ ਅਜੇਹੇ ਕਾਰਜ ਕੀਤੇ ਜੋ ਰਹਿੰਦੀ ਦੁਨੀਆਂ ਤੀਕ ਚੇਤਿਆਂ ਵਿੱਚ ਰਹਿਣਗੇ। ਕੁੱਝ ਵਰਨਣ ਯੋਗ ਕਾਰਜ ਹਨ :

(1). ਪੰਜਾਬੀ ਸਾਹਿਤ ਦੇ ਵੱਡੇ ਸਾਹਿਤਕਾਰ ਬਣ ਕੇ 51 ਸਾਲ ਦੀ ਉਮਰ ਵਿੱਚ 72 ਕਿਤਾਬਾਂ ਲਿਖੀਆਂ।

(2). ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਨੂੰ ਸਥਾਪਿਤ ਕੀਤਾ।

ਇਹ ਇੱਕ ਰੌਚਿਕ ਕਹਾਣੀ ਹੈ ਕਿ ਕਾਲਜ ਲਈ ਜਦੋਂ ਪੈਸੇ ਇਕੱਠੇ ਕਰਨ ਲਈ ਮੀਟਿੰਗ ਹੋ ਰਹੀ ਸੀ ਤੇ ਦਿਆਲ ਸਿੰਘ ਮਜੀਠੀਆ ਨੇ ਕਿਹਾ ਕਿ ਕਾਲਜ ’ਤੇ ਸਾਰਾ ਪੈਸਾ ਉਹ ਖਰਚੇਗਾ ਪਰ ਕਾਲਜ ਦਾ ਨਾਂ ਮੇਰੇ ਨਾਂ ’ਤੇ ਹੋਵੇ।  ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਜੀ ਨੇ ਤੁਰੰਤ ਨਾ ਕਰ ਦਿੱਤੀ ਸੀ।

(3). ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ; ਗਿਆਨੀ ਜੀ ਨੇ ਪਹਿਲੇ ਬੈਚ ’ਚ ਪਹਿਲਾ ਸਥਾਨ ਪ੍ਰਾਪਤ ਕਰ ਕੀਤੀ, ਜਿਸ ਉਪਰੰਤ ਲਾਰਡ ਬੈਟਿਨ ਪਾਸੋਂ ਇਨਾਮ ਵਿੱਚ ਸੋਨੇ ਦੀ ਘੜੀ ਪ੍ਰਾਪਤ ਹੋਈ। ਗਿਆਨੀ ਜੀ ਪਹਿਲੇ ਅੰਤਰਰਾਸ਼ਟਰੀ ਪੰਜਾਬੀ ਪ੍ਰੋਫੈਸਰ ਵੀ ਸਨ।

(4). ਸੰਨ 1886 ਵਿੱਚ ਸ਼ੁਰੂ ਕੀਤੇ ਖਾਲਸਾ ਅਖਬਾਰ ਲਾਹੌਰ ਦੇ ਅਰੰਭ ਤੋਂ ਸੰਪਾਦਕ ਰਹੇ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਅਖਵਾਏ।

(5). ਇਕ ਹੋਰ ਘਟਨਾ ਜੋ ਕਿ ਬਾਬਾ ਖੇਮ ਸਿੰਘ ਬੇਦੀ ਬਾਰੇ ਹੈ ਕਿ ਉਹ Two in One ਸਨ ਭਾਵ ਸ੍ਰੀ ਸਾਹਿਬ ਦੇ ਨਾਲ ਨਾਲ ਜਨੇਊ ਵੀ ਪਹਿਣਦੇ ਸੀ। ਉਹ ਆਪਣੇ ਆਪ ਨੂੰ ਬਾਬੇ ਨਾਨਕ ਜੀ ਦੀ ਅੰਸ਼ ਵਿੱਚੋਂ ਹੋਣਾ, ਦੱਸਦੇ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲਾ ਕੇ ਵੀ ਬੈਠਦੇ ਸਨ। ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿੱਤ ਸਿੰਘ ਹੁਰਾਂ ਨੇ ਕਈ ਵਾਰੀ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਅਜਿਹਾ ਨਾ ਕੀਤਾ ਜਾਵੇ ਪਰ ਉਹ ਨਾ ਮੰਨੇ। ਆਖਿਰ 18 ਮਾਰਚ 1887 ਨੂੰ ਉਨ੍ਹਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਭਰੇ ਦੀਵਾਨ ਵਿੱਚ ਉਸ ਦੇ ਹੇਠਿਓਂ ਗਦੈਲਾ ਘੜੀਸ ਕੇ ਬਾਹਰ ਸੁੱਟ ਦਿੱਤਾ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੱਖੀਆਂ ਸਾਰੀਆਂ ਮੂਰਤੀਆਂ ਵੀ ਬਾਹਰ ਸੁੱਟ ਦਿੱਤੀਆਂ। ਇਹ ਘਟਨਾ ਉਨ੍ਹਾਂ ਦੇ ਸਿੱਖੀ ਸਿਦਕ ਨੂੰ ਪ੍ਰਗਟਾਉਂਦੀ ਹੈ। ਦੂਜੇ ਪਾਸੇ ਆਪਣੀ ਹੱਤਕ ਸਮਝਦੇ ਹੋਏ ਬਾਬਾ ਬੇਦੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਾ ਇਸ ਹਰਕਤ ਬਦਲੇ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਤੋਂ ਛੇਕ ਦਿੱਤਾ। ਮਰਨ ਉਪਰੰਤ ਭਾਵ ਇੱਕ ਸਦੀ ਬਾਅਦ ਕੌਮ ਨੇ 1995 ਵਿੱਚ ਹੁਕਮਨਾਮਾ ਰੱਦ ਕਰ ਉਨ੍ਹਾਂ ਨੂੰ ਪੰਥ ਵਿੱਚ ਵਾਪਸ ਲਿਆ।

(6). ਗਿਆਨੀ ਦਿੱਤ ਸਿੰਘ ਨੇ ਵਿਰੋਧੀਆਂ ’ਤੇ ਵਿਅੰਗ ਭਰਿਆ ਸਵਪਨ ਨਾਟਕ ਲਿਖਿਆ, ਜਿਸ ਕਾਰਨ ਉਨ੍ਹਾਂ ਨੂੰ 51 ਰੁਪਏ ਜੁਰਮਾਨਾ ਕੀਤਾ ਭਾਵੇਂ ਕਿ ਉਪਰਲੀ ਅਦਾਲਤ ਦੇ ਫ਼ੈਸਲੇ ਨਾਲ ਗਿਆਨੀ ਦਿੱਤ ਸਿੰਘ ਜੀ ਦੀ ਜਿੱਤ ਹੋਈ ਤੇ ਜੁਰਮਾਨਾ ਮੁਆਫ ਹੋ ਗਿਆ ਸੀ।

ਸੋ ਗਿਆਨੀ ਦਿੱਤ ਸਿੰਘ ਜੀ ਗੁਰਮਤਿ ਨੂੰ ਉਜਾਗਰ ਕਰਨ ਲਈ ਤੱਥਾਂ ਆਧਾਰਿਤ ਪਾਖੰਡ ਨੂੰ ਖ਼ਤਮ ਕਰਨ ਵਾਲੇ ਵੱਡੇ ਸਮਾਜ ਸੁਧਾਰਕ ਅਖਵਾਏ। ਗਿਆਨੀ ਜੀ ਦਾ ਸਿੱਖੀ ਪ੍ਰਤੀ ਸਤਿਕਾਰ ਤੇ ਸ਼ਰਧਾ ਇੱਕ ਹੋਰ ਅਜੀਬੋ-ਗਰੀਬ ਕਹਾਣੀ ਕਾਰਨ ਵੀ ਹੈ। ਜੋ ਉਨ੍ਹਾਂ ਦੀ ਸਹਿਣਸ਼ੀਲਤਾ ਦਾ ਪ੍ਰਤੀਕ ਵੀ ਹੈ। ਗਿਆਨੀ ਜੀ ਹਰ ਮਹੀਨੇ ਲਾਹੌਰ ਤੋਂ ਫਿਰੋਜਪੁਰ ਦੇ ਅਕਾਲਗੜ੍ਹ ਗੁਰਦੁਆਰੇ ਲੈਕਚਰ ਦੇਣ ਆਉਂਦੇ ਸਨ। ਲੈਕਚਰ ਦੀ ਸਮਾਪਤੀ ਉਪਰੰਤ ਉਨ੍ਹਾਂ ਨੂੰ ਜੋੜਿਆ ਵਾਲੀ ਥਾਂ ਬਿਠਾ ਕੇ ਦੇਗ ਦਿੱਤੀ ਜਾਂਦੀ ਸੀ ਕਿਉਕਿ ਉਨ੍ਹਾਂ ਨੂੰ ਨੀਵੀਂ ਜਾਤ ਵਾਲਾ ਸਮਝਿਆ ਜਾਂਦਾ ਸੀ। ਫਿਰ ਵੀ ਉਹ ਅਗਲੇ ਮਹੀਨੇ ਭਾਸ਼ਣ ਦੇਣ ਲਈ ਆਉਂਦੇ ਭਾਵ ਬੁਰਾ ਨਾ ਮਨਾਉਂਦੇ। ਅਜਿਹੀ ਲਾਜਵਾਬ ਮਿਸਾਲ ਮਿਲਣੀ ਮੁਸ਼ਕਲ ਹੈ ਤਾਹੀਓਂ ਉਨ੍ਹਾਂ ਨੂੰ ਸਿੱਖ ਕੌਮ ਦਾ ਕੋਹੇਨੂਰ ਕਿਹਾ ਜਾਂਦਾ ਹੈ ਭਾਵੇਂ ਕਿ ਅਕਾਲੀ ਦਲ ਅਤੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ SGPC ਨੇ ਵੀ ਉਨ੍ਹਾਂ ਨੂੰ ਅਣਡਿੱਠ ਹੀ ਕਰ ਰੱਖਿਆ ਹੈ।

ਸਮਾਜ ਦੇ ਹਰ ਖੇਤਰ (ਵਿੱਦਯਾ, ਸਮਾਜਿਕ, ਧਾਰਮਿਕ ਆਦਿ) ਵਿੱਚ ਉਨ੍ਹਾਂ ਦਾ ਨਾਂ ਕਾਬਲੇ-ਤਾਰੀਫ਼ ਰਿਹਾ ਹੈ। ਉਨ੍ਹਾਂ ਅੰਦਰ ਗੁਰਬਾਣੀ ਪ੍ਰਤੀ ਜਾਗਰੂਕਤਾ, ਗੰਭੀਰਤਾ, ਸਹਿਣਸ਼ਕਤੀ ਬੜੀ ਹੀ ਭਰੋਸੇਯੋਗ ਸੀ। ਦੁਨੀਆ ’ਚ ਪ੍ਰਸਿੱਧ ਖਾਲਸਾ ਕਾਲਜ ਦੇ ਉਹ ਉਮਰਭਰ ਮੈਂਬਰ ਰਹੇ ਅਤੇ ਅੱਜ ਤੀਕ ਵੀ ਉਨ੍ਹਾਂ ਦੇ ਨਾਂ ’ਤੇ ਹਰ ਸਾਲ ਗੋਲਡ ਮੈਡਲ ਦਿੱਤਾ ਜਾਂਦਾ ਹੈ।  ਉਸ ਕਾਲਜ ਵਿੱਚ ਹਰ ਤਰ੍ਹਾਂ ਦੇ ਕੋਰਸਾਂ ਦੀਆਂ ਕਲਾਸਾਂ ਲਗਦੀਆਂ ਹਨ ਅਤੇ ਹੋਰ ਵੀ ਇਸ ਦੀਆਂ ਅਨੇਕਾਂ ਸ਼ਾਖਾਵਾਂ ਖੁੱਲ੍ਹ ਗਈਆਂ ਹਨ। ਹਰ ਸਾਲ 21 ਅਪ੍ਰੈਲ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਲਗਾਤਾਰ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਸੰਸਥਾਵਾਂ, ਕਮੇਟੀਆਂ, ਸਰਕਾਰਾਂ ਅਤੇ SGPC ; ਉਨ੍ਹਾਂ ਦੀ ਯਾਦ ਅਤੇ ਸਿੱਖਿਆਵਾਂ ਨੂੰ ਵੱਡੇ ਪੱਧਰ ’ਤੇ ਸੰਗਤਾਂ ਸਾਹਮਣੇ ਲਿਆਵੇ ਤਾਂ ਜੋ ਸਿੱਖ ਭਾਈਚਾਰਾ ਅਤੇ ਸਮਾਜ; ਵਧੇਰੇ ਲਾਭ ਉੱਠਾ ਸਕੇ। ਭਾਈ ਦਿੱਤ ਸਿੰਘ ਪੱਤ੍ਰਿਕਾ ਆਪਣੇ ਸੀਮਤ ਸਾਧਨਾ ਨਾਲ ਆਪਣੇ ਪੱਧਰ ’ਤੇ ਹਰ ਸਾਲ ‘ਫਖ਼ਰ-ਏ-ਸਿੱਖ ਕੌਮ ਗਿਆਨੀ ਦਿੱਤ ਸਿੰਘ’ ਅਵਾਰਡ ਦਿੰਦੀ ਆ ਰਹੀ ਹੈ ਤੇ ਸੀਮਤ ਸਾਧਨਾ ਨਾਲ ਹੋਰ ਕਾਰਜ ਵੀ ਕਰਦੀ ਹੈ। ਜਨਮ ਦਿਹਾੜੇ ਦੀ ਵਧਾਈ ਦੇ ਨਾਲ ਨਾਲ ਸਾਰਿਆਂ ਨੂੰ ਬੇਨਤੀ ਹੈ ਕਿ ਕੌਮ ਦੇ ਮਹਾਨ ਸਪੂਤ ਗਿਆਨੀ ਦਿੱਤ ਸਿੰਘ ਜੀ ਬਾਰੇ ਵੱਧ ਤੋਂ ਵੱਧ ਜਾਣਨ ਦੀ ਚਾਹਤ ਪੈਦਾ ਕੀਤੀ ਜਾਵੇ।