33.6 C
Jalandhar
Sunday, June 29, 2025
spot_img
Home Blog Page 47

ਸਿਦਕੀ ਸਿੱਖ ਸ਼ਹੀਦ ‘ਭਾਈ ਤਾਰੂ ਸਿੰਘ ਜੀ’

0

ਸਿਦਕੀ ਸਿੱਖ ਸ਼ਹੀਦ ‘ਭਾਈ ਤਾਰੂ ਸਿੰਘ ਜੀ’

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਇਤਿਹਾਸਕਾਰ ਵਿਦਵਾਨ ਗੁਰਸਿੱਖ ਸੱਜਣਾ ਨੇ ਹੁਣ ਤੱਕ ਦੇ ਸਿੱਖ ਇਤਿਹਾਸ ਨੂੰ 10 ਭਾਗਾਂ ਵਿੱਚ ਵੰਡਿਆ ਹੈ। ਸਿੱਖੀ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੱਕ (1469-1606 ਈ.) ਦੇ ਕਾਲ ਨੂੰ ਗੁਰਬਾਣੀ ਯੁੱਗ।  ਛੇਵੇਂ ਪਾਤਸ਼ਾਹ ਤੋਂ ਦਸਮ ਗੁਰੂ ਤੱਕ (1606-1708 ਈ.) ਕੁਰਬਾਨੀ ਯੁੱਗ। ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖ ਸ਼ਹੀਦੀਆਂ ਤੋਂ ਛੋਟੇ ਘੱਲੂਘਾਰੇ ਤੱਕ (1708-1748 ਈ.) ਪਰੀਖਿਆ ਯੁੱਗ।  ਸਿੱਖ ਮਿਸਲਾਂ ਦੀ ਬਣਤਰ ਅਤੇ ਅਬਦਾਲੀ ਵੱਲੋਂ ਵਰਤਾਏ ਵੱਡੇ ਘੱਲੂਘਾਰੇ ਤੋਂ ਲਾਹੌਰ ਦੇ ਕਬਜ਼ੇ ਤੱਕ (1748 ਤੋਂ 1765 ਈ.) ਚੜ੍ਹਦੀ ਕਲਾ ਯੁੱਗ।  ਸੰਨ 1765 ਤੋਂ 1799 ਤੱਕ ਸਰਦਾਰੀ ਯੁੱਗ।  ਸੰਨ 1799-1849 ਤੱਕ ਦੇ ਮਹਾਰਾਜਾ ਰਣਜੀਤ ਸਿੰਘ ਰਾਜ ’ਚੋਂ 1764 ਤੋਂ 1948 ਤੱਕ ਫੂਲਕਿਆਂ ਦੇ ਰਾਜ ਘਰਾਣੇ ਤੇ ਹੋਰ ਸਿੱਖ ਰਿਆਸਤਾਂ ਦੇ ਕਾਲ ਨੂੰ ਰਾਜ-ਭਾਗ ਯੁੱਗ।  ਸੰਨ 1849-1910 ਤੱਕ ਦੇ ਨਿਰੰਕਾਰੀ, ਨਾਮਧਾਰੀ ਤੇ ਸਿੰਘ ਸਭਾ ਲਹਿਰ ਦੇ ਕਾਲ ਨੂੰ ਪੁਨਰ-ਜਾਗ੍ਰਤੀ ਯੁੱਗ। ਸੰਨ 1910 ਤੋਂ 1925 ਤੱਕ ਗਦਰ ਪਾਰਟੀ ਤੇ ਅਕਾਲੀ ਲਹਿਰ ਦੇ ਕਾਲ ਨੂੰ ਇਨਕਲਾਬੀ ਯੁੱਗ। ਸੰਨ 1925 ਤੋਂ 1984 ਤੱਕ ਸਵਰਾਜ ਯੁੱਗ ਅਤੇ 1984 ਤੋਂ ਹੁਣ ਤੱਕ ਨੂੰ ਪੁਨਰ-ਅਜ਼ਾਦੀ ਸੰਘਰਸ਼ ਯੁੱਗ।

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਪਰੀਖਿਆ ਯੁੱਗ (1708-1748) ਦੇ ਉਹ ਸੂਰਬੀਰ ਤੇ ਸਿਦਕੀ ਸਿੱਖ ਹੋਏ ਹਨ, ਜਿਨ੍ਹਾਂ ਨੂੰ ਕਿਰਤ ਕਰਨ, ਵੰਡ ਕੇ ਛਕਣ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਉੱਤਮ ਨਮੂਨੇ ਵਜੋਂ ਪਹਿਚਾਣਿਆ ਜਾਂਦਾ ਹੈ।  ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਪਿੱਛੋਂ ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖ਼ਾਂ ਵੇਲੇ ਦਾ ਇਹ ਉਹ ਯੁੱਗ ਸੀ, ਜਦੋਂ ਅਜ਼ਾਦੀ ਦੇ ਪ੍ਰਵਾਨੇ ਸਿੱਖ ਸੂਰਮੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਂਦੇ ਹੋਏ ਜੰਗਲਾਂ ਵਿੱਚ ਭਟਕ ਰਹੇ ਸਨ। ਕਿਸੇ ਵੱਲੋਂ ਇਨ੍ਹਾਂ ਦੀ ਸਹਾਇਤਾ ਕਰਨੀ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਸੀ।  ਮੱਸੇ ਰੰਘੜ ਨੂੰ ਸੋਧਣ ਵਾਲੇ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਅਤੇ ਜਥੇਦਾਰ ਸ਼ਾਮ ਸਿੰਘ ਕ੍ਰੋੜੀ ਮਿਸਲ ਦੇ ਦੋਹਤਰੇ ਭਾਈ ਰਤਨ ਸਿੰਘ ਭੰਗੂ ਆਪਣੀ ਕ੍ਰਿਤ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ :

ਜੋ ਸਿੰਘਨ ਕੌ ਕੋਊ ਲੁਕਾਵੈ। ਸੋ ਵਹਿ ਅਪਣੀ ਜਾਨ ਗੁਵਾਵੈ।

ਆਏ ਸਿੰਘ, ਬਤਾਵੈ ਨਾਂਹੀ। ਵੈ ਭੀ ਆਪਣੀ ਜਿੰਦ ਗੁਵਾਹੀ।

ਜੋ ਸਿੰਘਨ ਕੋ ਦੇਵੈ ਨਾਜ। ਮੁਸਲਮਾਨ ਕਰੈਂ, ਤਿਸ ਕਾਜ। (ਪੰਨਾ 269/ਐਡੀਸ਼ਨ 1993), ਪਰ ਅਜਿਹੇ ਭਿਆਨਕ ਵੇਲੇ ਵੀ ਬਹੁਤ ਸਾਰੇ ਐਸੇ ਵੀ ਕਿਰਤੀ ਸਿੱਖ ਪਰਿਵਾਰ ਸਨ, ਜਿਹੜੇ ਬੇਘਰ ਹੋਏ ਸੰਘਰਸ਼ੀ ਸਿੰਘ ਜੋਧਿਆਂ ਨੂੰ ਲੁਕ-ਛਿਪ ਕੇ ਰਸਦ ਪਾਣੀ ਤੇ ਕੱਪੜੇ ਵਗੈਰਾ ਪਹੁੰਚਾਂਦੇ ਭਾਵੇਂ ਕਿ ਆਪ ਉਨ੍ਹਾਂ ਨੂੰ ਨੰਗੇ ਤੇ ਭੁੱਖੇ ਵੀ ਕਿਉਂ ਨਾ ਰਹਿਣਾ ਪੈਂਦਾ।  ਐਸਾ ਸੀ ਗੁਰਸਿੱਖਾਂ ਅੰਦਰ ਪੰਥਕ ਪਿਆਰ ਤੇ ਜਜ਼ਬਾ। ਭਾਈ ਸਾਹਿਬ ਨੇ ਲਿਖਿਆ ਹੈ:

ਐਸੇ ਐਸੇ ਸਿੰਘ ਜਗ ਮਾਂਹੀ। ਸਿੰਘ ਛਕਾਇ ਪੀਐਂ ਨਿਜ ਖਾਹੀਂ।

ਆਪ ਸਹੈਂ ਵੈ ਨੰਗ ਅਰ ਭੁੱਖ। ਦੇਖ ਸਕੈਂ ਨਹਿਂ ਸਿੰਘਨ ਦੁੱਖ।

ਆਪ ਗੁਜ਼ਾਰੈਂ ਅਗਨੀ ਨਾਲ। ਸਿੰਘਨ ਘੱਲੈਂ ਪੁਸ਼ਕ ਸਿਵਾਲ।

ਬਾਣ ਬੱਟ ਕਈ ਕਰੈਂ ਮਜ਼ੂਰੀ। ਭੇਜੈਂ ਸਿੰਘਨ ਪਾਸ ਜ਼ਰੂਰੀ। (ਪੰਨਾ 269)

ਐਸੇ ਪੰਥ-ਦਰਦੀ ਤੇ ਪੰਥ ਸੇਵਕ ਗੁਰਸਿੱਖ ਪਰਿਵਾਰਾਂ ਵਿੱਚੋਂ ਇੱਕ ਸਨ ‘ਭਾਈ ਸਾਹਿਬ ਭਾਈ ਤਾਰੂ ਸਿੰਘ ਜੀ’ ਤੇ ਉਨ੍ਹਾਂ ਦੀ ਮਾਤਾ ਅਤੇ ਭੈਣ, ਜੋ ਅਜੋਕੇ ਪੰਜਾਬ ਮੁਤਾਬਕ ਜ਼ਿਲ੍ਹਾ ਤਰਨਤਾਰਨ ਅਤੇ ਤਹਿਸੀਲ ਪੱਟੀ ਦੇ ਭਿੱਖੀਵਿੰਡ ਕਸਬੇ ਨੇੜਲੇ ਪਿੰਡ ਪੂਹਲਾ ਦੇ ਵਸਨੀਕ ਸਨ।  ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲੇ ਚੌਧਰੀ ਮੱਸੇ ਰੰਗੜ ਦੇ ਕਤਲ ਹੋਣ ਪਿੱਛੋਂ ਜ਼ਕਰੀਆਂ ਖ਼ਾਂ ਸੜ ਬਲ਼ਿਆ ਅਤੇ ਕ੍ਰੋਧਿਤ ਹੋਏ ਨੇ ਇਲਾਕੇ ਦੇ ਚੌਧਰੀਆਂ ਨੂੰ ਤਾੜਨਾ ਕੀਤੀ ਕਿ ਜਿਹੜਾ ਵੀ ਸਿੱਖ ਪਰਿਵਾਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਬਾਗ਼ੀ ਲੋਕਾਂ ਦੀ ਸਹਾਇਤਾ ਕਰਦਾ ਹੈ, ਉਸ ਦੀ ਸੂਚਨਾ ਦਿਓ ਤੇ ਇਨਾਮ ਪਾਵੋ।  ਐਸੇ ਗਦਾਰ ਚੌਧਰੀਆਂ ਵਿੱਚੋਂ ਇੱਕ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਮੰਜੀਦਾਰ ਪ੍ਰਚਾਰਕ ਸਿੱਖ ਭਾਈ ਹੰਦਾਲ ਦੇ ਉਪਨਾਮ ’ਤੇ ਚਲਾਈ ਨਿਰੰਜਨੀ ਸੰਪਰਦਾ ਦਾ ਮਹੰਤ ‘ਹਰਿਭਗਤ’।  ਇਸੇ ਲਈ ਇਹ ਨੀਚ ਹਰਿਭਗਤ ਨਿਰੰਜਨੀ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਨੇ ਸਿੰਘਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਦੀ ਅਯੋਗ ਸਹਾਇਤਾ ਕੀਤੀ ਤੇ ਸਿੰਘਾਂ ਦਾ ਘਾਣ ਕਰਵਾਇਆ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਸ ਪ੍ਰਕਾਰ ਦੇ 95% ਸੰਪਰਦਾਈ ਡੇਰੇ ਹੁਣ ਵੀ ਸੱਤਾਧਾਰੀ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ-ਠੋਕੇ ਬਣੇ ਹੋਏ ਹਨ ਤਾਂ ਕਿ ਉਨ੍ਹਾਂ ਦੇ ਅਪਰਾਧੀ ਠੱਗ ਵਾੜੇ ਪੁਲੀਸ ਦੀ ਮਾਰ ਤੋਂ ਸੁਰੱਖਿਅਤ ਰਹਿ ਸਕਣ।  ਸਰਕਾਰੀ ਸਿਫ਼ਾਰਸ਼ਾਂ ਕਰਾਉਣ ਦੇ ਚੱਕਰ ਵਿੱਚ ਆਲੇ-ਦੁਆਲੇ ਦੇ ਲੋਕ ਚੇਲਿਆਂ ਦੇ ਰੂਪ ਵਿੱਚ ਉਨ੍ਹਾਂ ਦੀ ਦੁਕਾਨਦਾਰੀ ਚਲਾਈ ਰੱਖਣ।

ਇਸ ਨੀਚ ਟਾਊਟ ਨੇ ਜ਼ਕਰੀਆ ਖ਼ਾਂ ਕੋਲ ਭਾਈ ਤਾਰੂ ਸਿੰਘ ਬਾਰੇ ਚੁਗ਼ਲੀ ਕਰਦਿਆਂ ਜੋ ਹੇਠ ਲਿਖੀ ਰਿਪੋਰਟ ਲਿਖਵਾਈ, ਉਸ ਤੋਂ ਭਾਈ ਤਾਰੂ ਸਿੰਘ ਜੀ ਦੇ ਪਰਿਵਾਰ ਅੰਦਰਲੇ ਸਿੱਖੀ ਸਿਦਕ, ਗੁਰੂ ਪ੍ਰਤੀਤ, ਸ਼ਬਦ-ਕੀਰਤਨ ਦੇ ਪਿਆਰ ਤੇ ਪੰਥਕ ਦਰਦ ਦੀ ਝਲਕ ਡੁੱਲ-ਡੁੱਲ ਪੈਂਦੀ ਹੈ; ਜੋ ਸਮੁੱਚੇ ਸਿੱਖ ਜਗਤ ਲਈ ਇੱਕ ਰੌਸ਼ਨ ਮੁਨਾਰਾ ਹੈ।  ਇਹ ਪੜ੍ਹ ਕੇ ਲੋੜ ਹੈ ਉਨ੍ਹਾਂ ਪਰਿਵਾਰਾਂ ਨੂੰ ਵੀ ਸਵੈ-ਪੜਚੋਲ ਕਰਨ ਦੀ, ਜਿਹੜੇ ਗੁਰਸਿੱਖ ਅਖਵਾਉਂਦੇ ਹੋਏ ਵੀ ਜੋਤਸ਼ੀਆਂ, ਪੀਰਾਂ ਦੀਆਂ ਕਬਰਾਂ ਅਤੇ ਮੜੀਆਂ ਮਸਾਣਾਂ ਅਤੇ ਦੇਵੀ-ਦੇਵਤਿਆਂ ਦੇ ਪੂਜਾਰੀ ਬਣੇ ਬੈਠੇ ਹਨ।  ਰਿਪੋਰਟ ਕੁਝ ਇਉਂ ਸੀ :

ਹੈ ਉਸ ਕੇ ਇੱਕ ਭੈਣ ਅਰ ਮਾਈ ॥ ਪੀਸ ਕੂਟ ਵੇ ਕਰੈਂ ਕਮਾਈ॥

ਆਪ ਖਾਇ ਵਹਿ ਰੁੱਖੀ ਮਿੱਸੀ ॥ ਮੋਟਾ ਪਹਿਰ ਆਪ ਰਹਿ ਲਿੱਸੀ॥

ਜੋਊ ਬਚੇ ਸੋ ਸਿੰਘਨ ਦੇਵੈ ॥  ਉਇ ਬਿਨ ਸਿੰਘਨ ਔਰ ਨ ਸੇਵੈ॥

ਬਾਂਗ ਸਲਾਤ ਸੁਨ ਮੂੰਦੇ ਕਾਨ। ਰੋਟ ਸ਼ੀਰਨੀ ਪੀਰ ਨਾ ਖਾਨ।

ਸ਼ਬਦ ਚੌਂਕੀ ਗੁਰ ਅਪਨੇ ਕੀ ਕਰੇ। ਸੋ ਮਰਨੇ ਤੇ ਨੈਕ ਨ ਡਰੇ।

ਗੰਗਾ ਜਮਨਾ ਨਿਕਟ ਨ ਜਾਵੈ। ਪਰ ਆਪਨੇ ਕੀ ਛਪੜੀ ਨ੍ਹਾਵੈ।

ਜਗਨ ਨਾਥ ਕੋ ਟੁੰਡਾ ਆਖੈ। ਰਾਮ ਕਿਸ਼ਨ ਕੋ ਜਾਪ ਨਾ ਭਾਖੈ। (ਪ੍ਰਚੀਨ ਪੰਥ ਪ੍ਰਕਾਸ਼/ਪੰਨਾ 270)

ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਕਿਰਤ ਕਰ ਕੇ ਵੰਡ ਛਕਦੇ। ਉਹ ਗੁਰਬਾਣੀ ਦੇ ਸਿਧਾਂਤ ‘‘ਘਾਲਿ ਖਾਇ ਕਿਛੁ ਹਥਹੁ ਦੇਇ   ਨਾਨਕ ਰਾਹੁ ਪਛਾਣਹਿ ਸੇਇ ’’ (ਮਹਲਾ /੧੨੪੫) ਦੇ ਧਾਰਨੀ ਸਨ।

ਇਸ 25 ਸਾਲਾ ਪੰਥ-ਸੇਵਕ ਤੇ ਪੰਥ-ਦਰਦੀ ਨੌਜਵਾਨ ਦੇ ਉੱਚੇ ਆਚਰਨ ਕਾਰਨ ਇਲਾਕੇ ਦਾ ਕੇਵਲ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਸਾਰੇ ਹਿੰਦੂ ਤੇ ਮੁਸਲਮਾਨ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਇਹ ਹੈ ਸਿੱਖੀ ਆਚਰਨ ਦਾ ਸਿਖਰ। ਸਪਸ਼ਟ ਹੈ ਕਿ ਪੰਥਕ ਰਹਿਣੀ ਰਹਿੰਦੇ ਹੋਏ ਵੀ ਅਸੀਂ ਸਮਾਜਿਕ ਖੇਤਰ ਦੇ ਅਨਮੱਤੀ ਲੋਕਾਂ ਦੀ ਹਮਦਰਦੀ ਤੇ ਪਿਆਰ ਦੇ ਪਾਤਰ ਬਣੇ ਰਹਿ ਸਕਦੇ ਹਾਂ।  ਮਾਨਸਿਕ ਤੌਰ ’ਤੇ ਕਮਜ਼ੋਰ ਰਾਜਨੀਤਕ ਆਗੂਆਂ ਵਾਂਗ ਜ਼ਰੂਰੀ ਨਹੀਂ ਕਿ ਵੋਟਾਂ ਦੀ ਖ਼ਾਤਰ ਆਪਣਾ ਈਮਾਨ ਵੇਚਣਾ ਪਵੇ। ਭਾਈ ਸਾਹਿਬ ਦੇ ਪਰਉਪਕਾਰੀ ਤੇ ਸਮਦ੍ਰਿਸ਼ਟ ਵਰਤਾਰੇ ਦਾ ਹੀ ਸਿੱਟਾ ਸੀ ਕਿ ਜਦੋਂ ਅਹਿਦੀਏ ਅਤੇ ਉਨ੍ਹਾਂ ਦੇ ਸਾਥੀ ਸਿਪਾਹੀ ਇਨ੍ਹਾਂ ਨੂੰ ਪਿੰਡੋਂ ਗ੍ਰਿਫ਼ਤਾਰ ਕਰ ਕੇ ਲਾਹੌਰ ਨੂੰ ਲੈ ਕੇ ਜਾ ਰਹੇ ਸਨ ਤਾਂ ਇਲਾਕੇ ਦੇ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਤਰਸਣ ਲੱਗੇ। ਇਸ ਲਈ ਉਨ੍ਹਾਂ ਨੇ ਇੱਕ ਮੋਟੀ ਰਕਮ ਇਕੱਠੀ ਕਰ ਕੇ ਅਹਿਦੀਆਂ ਨੂੰ ਦਿੱਤੀ ਅਤੇ ਬਦਲੇ ਵਿੱਚ ਭਾਈ ਸਾਹਿਬ ਜੀ ਦੀ ਮਾਤਾ ਤੇ ਭੈਣ ਨੂੰ ਛੁਡਵਾਇਆ। ਲੋਕ ਕਹਿ ਰਹੇ ਸਨ ਸਿੱਖ ਛਡਾਵਨ ਹੈ ਬਡ ਧਰਮ ਗਊ ਬ੍ਰਹਮਨ ਤੇ ਸੌ ਗੁਨੋਂ ਕਰਮ

ਭੜਾਣੇ ਪਿੰਡ ਦੇ ਸਿੱਖਾਂ ਨੇ ਆਪਣੇ ਪਰਿਵਾਰਾਂ ਦੇ ਕਤਲ ਤੇ ਉਜਾੜੇ ਦੀ ਪ੍ਰਵਾਹ ਨਾ ਕਰਦਿਆਂ ਅਹਿਦੀਆਂ ਨੂੰ ਮਾਰ ਕੇ ਭਾਈ ਸਾਹਿਬ ਨੂੰ ਛੁਡਾਉਣ ਦੀ ਗੁਪਤ ਸਕੀਮ ਬਣਾਈ, ਪਰ ਭਾਈ ਤਾਰੂ ਸਿੰਘ ਜੀ ਨੇ ਉਨ੍ਹਾਂ ਨੂੰ ਸਨੇਹਾ ਭੇਜਿਆ ਕਿ ਉਹ ਐਸਾ ਨਾ ਕਰਨ:

ਦੋਹਰਾ -ਸਿੱਖਨ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ। 

ਸੋ ਸਿੱਖ ਹਮ ਉਸ ਗੁਰੂ ਕੇ, ਕਿਮ ਰਾਖੇਂ ਸੀਸ ਬਚਾਏ।

ਮਰਨ ਸਭਨ ਕੇ ਸੀਸ ਪਰ, ਸੁਫਲ ਮਰਨ ਹੈ ਤਾਹਿਂ।

ਧਰਮ ਨਿਭੈ, ਸਿੱਖੀ ਨਿਭੈ, ਸਿਰ ਜ਼ੁਲਮ ਬਿਰੁਧ ਲਗ ਜਾਹਿਂ।

ਆਖ਼ਿਰ 26 ਜੂਨ 1745 ਦੇ ਦਿਹਾੜੇ 25 ਸਾਲ ਦੇ ਇਸ ਨੌਜਵਾਨ ਸਿੰਘ ਨੂੰ ਲਾਹੌਰ ਵਿਖੇ ਜ਼ਕਰੀਏ ਦੀ ਕਚਿਹਰੀ ’ਚ ਪੇਸ਼ ਕੀਤਾ ਗਿਆ।  ਹਰਿਭਗਤ ਨਿਰੰਜਨੀਏ ਦੀ ਦਿੱਤੀ ਸੂਹ ਮੁਤਾਬਕ ਭਾਈ ਸਾਹਿਬ ’ਤੇ ਕਾਜ਼ੀ ਨੇ ਦੋ ਦੋਸ਼ ਲਾਏ। ਇੱਕ ਸੀ ਬਾਗ਼ੀ ਸਿੰਘਾਂ ਦੀ ਸਹਾਇਤਾ ਕਰਨਾ ਅਤੇ ਦੂਜਾ ਸੀ ਪੱਟੀ ਦੇ ਫ਼ੌਜਦਾਰ ਨੂੰ ਮਾਰਨ ਦਾ, ਜਿਸ ਨੇ ਧੱਕੇ ਨਾਲ ਉਥੋਂ ਦੇ ਮਾਛੀ ਰਹੀਮ ਬਖ਼ਸ਼ ਦੀ ਲੜਕੀ ਧੱਕੇ ਨਾਲ ਆਪਣੇ ਘਰ ਬਿਠਾ ਲਈ ਸੀ।

ਭਾਈ ਸਾਹਿਬ ਨੇ ਗੱਜ ਕੇ ਫ਼ਤਹਿ ਬੁਲਾਈ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦਿਆਂ ਇਹ ਸਭ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕੀਤਾ ਤੇ ਆਖਿਆ ਕਿ ਇਹ ਮੇਰਾ ਧਰਮ ਹੈ।  ਨਵਾਬ ਅੰਦਰੋਂ ਜਲ਼-ਬਲ਼ ਕੇ ਕੋਲ਼ਾ ਹੋ ਗਿਆ, ਪਰ ਬਾਹਰੋਂ ਹਿਤਕਾਰੀ ਹੋਣ ਦਾ ਡਰਾਮਾ ਕਰਦਿਆਂ ਉਸ ਨੇ ਭਾਈ ਸਾਹਿਬ ਨੂੰ ਆਖਿਆ ਕਿ ਕੇਸ ਕਤਲ ਕਰਵਾ ਕੇ ਅਤੇ ਇਸਲਾਮ ਕਬੂਲ ਕਰ ਕੇ ਅਜੇ ਵੀ ਤੂੰ ਆਪਣੀ ਜਾਨ ਬਚਾ ਸਕਦਾ ਹੈਂ।  ਸਾਰੇ ਸੰਸਾਰਕ ਸੁੱਖ ਭੋਗ ਸਕਦਾ ਹੈਂ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਹਨ ਫਿਰ ਨਵਾਬ ਐਸੀ ਕਹੀ, ਜਿੰਦ ਚਹੈਂ ਤਾਂ ਆਵਹੁ ਦੀਨ ਔਰ ਜੁ ਚਾਹੈਂ ਮਾਂਗ ਸੋ, ਧਨ ਅਰ ਮੁਲਖ ਜ਼ਮੀਨ ਭਾਈ ਸਾਹਿਬ ਦਾ ਉਤਰ ਸੀ ਤੂੰ ਜੇ ਹਮ ਪੈ ਹੈਂ ਮਿਹਰਬਾਨ ਆਖ, ਕੇਸੀਂ ਸਾਸੀਂ ਹਮੇਂ, ਨਾ ਹੋਹੁ ਮੁਸਲਮਾਨ

ਇਹ ਸੁਣ ਕੇ ਨਵਾਬ ਹੋਰ ਕ੍ਰੋਧਿਤ ਹੋਇਆ ਤੇ ਬੋਲਿਆ ਫਿਰ ਤਾਂ ਤੇਰਾ ਖੋਪਰ ਉਤਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਨਵਾਬ ਦੇ ਇਸ਼ਾਰੇ ’ਤੇ ਕਾਜ਼ੀ ਨੇ ਕੇਸਾਂ ਸਮੇਤ ਖੋਪਰੀ ਉਤਾਰਨ ਦੀ ਸਖ਼ਤ ਸਜ਼ਾ ਸੁਣਾਈ।  ਭਾਈ ਸਾਹਿਬ ਨੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਕਾਸ਼ ਗੁੰਜਾ ਦਿੱਤਾ। ਫਿਰ ਦੇਰ ਨਾ ਲੱਗੀ। ਕਸਾਈ ਮੋਚੀ ਨੇ ਤਿੱਖੀ ਰੰਬੀ ਨਾਲ ਮੱਥੇ ਤੋਂ ਗਿੱਚੀ ਤੱਕ ਦੇ ਕੇਸਾਂ ਸਮੇਤ ਖੋਪਰੀ ਉਤਾਰ ਦਿੱਤੀ।  ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :

ਦੋਹਰਾ : ਪੈਨੀ ਥੀ ਰੰਬੀ ਕਰੀ, ਧਰ ਮਥ੍ਯੋਂ ਦਈ ਦਬਾਇ।

ਮੱਥੇ ਤੇ ਕੰਨਾਂ ਤਈਂ, ਗਿਚੀਓਂ ਦਈ ਪੁਟਾਇ।

ਚੋਪਈ : ਸਿੰਘ ਜੀ ਮੁਖ ਤੇ ਸੀ ਨਾ ਕਰੀ।

ਧੰਨ ਧੰਨ ਗੁਰੂ ਮੁਖ ਕਹਣੀ ਸਰੀ।

ਲੋਕ ਸਿਆਣੇ ਐਸੇ ਕਹੈਂ।  ਪਾਤਸ਼ਾਹੀ ਅਬ ਇਨਕੀ ਨਾ ਰਹੈਂ। (ਅਲੀ-ਉਦ-ਦੀਨ ਦੇ ਇਬਰਤ ਨਾਮੇ, ਸਫਾ 211) ਅਤੇ ਖੁਸ਼ਵਕਤ ਰਾਇ ਦੀ ਤਵਾਰੀਖ਼ (ਸਫਾ 72 ਦੇ ਹਵਾਲੇ ਨਾਲ ਡਾ. ਦਿਲਗੀਰ ਨੇ ਸਿੱਖ ਤਵਾਰੀਖ਼ ਦੇ ਦੂਜੇ ਹਿੱਸੇ ਵਿੱਚ ਲਿਖਿਆ ਹੈ ਕਿ 25 ਜੂਨ 1745 ਦੇ ਦਿਨ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਤੇ ਉਹ ਪਹਿਲੀ ਜੁਲਾਈ ਨੂੰ ਸ਼ਹੀਦ ਹੋਏ। ਮੱਸੇ ਰੰਘੜ ਨੂੰ ਸੋਧਣ ਵਾਲੇ ਗ੍ਰਿਫ਼ਤਾਰ ਭਾਈ ਮਹਿਤਾਬ ਸਿੰਘ ਨੂੰ ਵੀ ਇਸ ਦਿਨ ਹੀ ਸ਼ਹੀਦ ਕੀਤਾ ਗਿਆ ਸੀ।  ਖ਼ਾਫ਼ੀ ਖਾਂ ਲਿਖਦਾ ਹੈ ਕਿ ਭਾਈ ਸਾਹਿਬ ਜੀ ਦੀ ਖੱਲ ਲਾਹ ਕੇ ਖਾਈ ਵਿੱਚ ਸੁੱਟ ਦਿੱਤੀ ਤਾਂ ਕਿ ਗਿੱਦੜ ਕੁੱਤੇ ਖਾ ਜਾਣ, ਪਰ ਸਿੰਘ ਉਸ ਦਸ਼ਾ ਵਿੱਚ ਬਾਣੀ ਪੜ੍ਹਦਾ ਰਿਹਾ।  ਜ਼ਕਰੀਆਂ ਖ਼ਾਂ ਨੇ ਇਹ ਆਖ਼ਰੀ ਸਿੱਖ ਕਤਲ ਕੀਤੇ ਸਨ ਕਿਉਂਕਿ ਰੱਬ ਦੀ ਕਰਨੀ ਐਸੀ ਵਾਪਰੀ ਕਿ ਖੋਪਰੀ ਲਾਹੁਣ ਦਾ ਹੁਕਮ ਦੇਣ ਵਾਲਾ ਜ਼ਾਲਮ ਜ਼ਕਰੀਆ ਖ਼ਾਂ ਵੀ ਪਿਸ਼ਾਬ ਦਾ ਬੰਨ੍ਹ ਪੈਣ ਕਾਰਨ ਉਸੇ ਦਿਨ ਹੀ ਪਾਣੀਓਂ ਕੱਢੀ ਮੱਛੀ ਵਾਂਗ ਤੜਪ-ਤੜਪ ਕੇ ਮਰਿਆ।

ਪ੍ਰੰਪਰਾਗਤ ਇਤਿਹਾਸ ਵਿੱਚ ਐਸੀ ਵੀ ਚਰਚਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਪਿੱਛੋਂ ਰੱਬੀ ਰਜ਼ਾ ਵਿੱਚ ਜਦੋਂ ਜ਼ਕਰੀਆਂ ਖ਼ਾਂ ਦਾ ਪਿਸ਼ਾਬ ਬੰਦ ਹੋ ਗਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਮੈਂ ਸਿੰਘਾਂ ਨੂੰ ਬੇਅੰਤ ਤਸੀਹੇ ਦਿੱਤੇ ਹਨ, ਇਹ ਸਭ ਉਸੇ ਦਾ ਫਲ਼ ਹੈ। ਭਾਈ ਸ਼ੁਬੇਗ ਸਿੰਘ ਕੋਤਵਾਲ ਨੂੰ ਖ਼ਾਲਸੇ ਦੀ ਭੇਟ ਲਈ ਪੰਜ ਹਜ਼ਾਰ ਰੁਪਈਆ ਦੇ ਕੇ ਕਾਹਨੂਵਾਣ ਦੇ ਛੰਭ ਵੱਲ ਭੇਜਿਆ ਗਿਆ। ਸਿੰਘਾਂ ਆਖਿਆ ਭਾਈ ਸਾਹਿਬ ਦੀ ਚਰਨ-ਦਾਸੀ  (ਜੁੱਤੀ) ਤੁਰਕ ਦੇ ਸਿਰ ਨੂੰ ਲਾਈ ਜਾਵੇ ਤਾਂ ਉਸ ਦਾ ਪਿਸ਼ਾਬ ਖੁੱਲ੍ਹ ਸਕਦਾ ਹੈ।  ਇਉਂ 1 ਜੁਲਾਈ 1745 ਨੂੰ ਸਿੰਘਾਂ ਦਾ ਦੋਖੀ ਜੁੱਤੀਆਂ ਖਾਂਦਾ ਮਰ ਗਿਆ ਤੇ ਉਸੇ ਦਿਨ ਭਾਈ ਸਾਹਿਬ ਨੇ ਵੀ ਆਪਣਾ ਜ਼ਖ਼ਮੀ ਚੋਲਾ ਤਿਆਗ ਦਿੱਤਾ।

ਅਤਿਅੰਤ ਲੋੜ ਹੈ ਐਸੀਆਂ ਸ਼ਹੀਦੀ ਸਾਖੀਆਂ, ਗੁਰਸਿੱਖ ਪਰਿਵਾਰਾਂ ਦੇ ਉਨ੍ਹਾਂ ਨੌਜਵਾਨਾਂ ਨੂੰ ਪਿਆਰ ਸਹਿਤ ਸੁਣਾਉਣ ਤੇ ਸਮਝਾਉਣ ਦੀ, ਜਿਹੜੇ ਸਿਰ ਮੂੰਹ ਮੁਨਾ ਕੇ ਸਿੱਖੀ ਤੋਂ ਭਗੌੜੇ ਹੋ ਰਹੇ ਹਨ।  ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸਿੰਘਾਂ ਦੀਆਂ ਅਜਿਹੀਆਂ ਸ਼ਹਾਦਤੀ ਤੇ ਸਿਦਕੀ ਸਾਖੀਆਂ ਦੀ ਰੌਸ਼ਨੀ ਵਿੱਚ ਉਨ੍ਹਾਂ ਸਿਆਣਿਆਂ ਨੂੰ ਵੀ ਸੋਚਣ ਦੀ ਲੋੜ ਹੈ, ਜਿਹੜੇ ਬੁੱਧੀ ਮੰਡਲਾਂ ਦੀ ਕੈਦ ਵਿੱਚ ਵਿਚਰਦੇ ਹੋਏ ਕਹਿ ਰਹੇ ਹਨ ਕਿ ਕੇਸਾਂ ’ਤੇ ਦਸਤਾਰ ਵਾਲੀ ਸਿੱਖੀ ਦਾ ਭਵਿੱਖ ਉੱਜਲਾ ਨਹੀਂ ਅਤੇ ਪ੍ਰਚਾਰਕਾਂ ਦਾ ਇਹ ਕਹਿਣਾ ਗ਼ਲਤ ਹੈ ਕਿ ਕੇਸ ਗੁਰੂ ਦੀ ਮੋਹਰ ਹਨ।

ਸਮਾਜ ਦਾ ਘਿਨਾਉਣਾ ਰੂਪ

0

 ਸਮਾਜ ਦਾ ਘਿਨਾਉਣਾ ਰੂਪ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ,

ਲੋਅਰ ਮਾਲ (ਪਟਿਆਲਾ)- 0175-2216783

ਗੱਲ ਤੇਲੀਆਂ ਦੀ ਫਰਵਾਹੀ ਪਿੰਡ ਦੀ ਹੈ। ਦਿਹਾੜੀ ਕਰਦੇ ਇਕ ਬੰਦੇ ਨਾਲ ਗੱਲ ਕਰਦਿਆਂ ਜਦੋਂ ਉਹ ਆਪਣਾ ਦਿਲ ਫਰੋਲਣ ਲੱਗਿਆ ਤਾਂ ਮੈਨੂੰ ਉਸ ਦੀਆਂ ਯਾਦਾਂ ਵਿਚਲੀ ਉਡਦੀ ਸੁਆਹ ਵਿੱਚੋਂ ਬਹੁਤ ਕੁੱਝ ਹਾਸਲ ਹੋਇਆ।

ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਅੱਖੀਂ ਵੇਖੇ ਕਈ ਦਰਦਨਾਕ ਸੱਚ ਉਸ ਨੂੰ ਸੁਣਾਏ ਸਨ। ਉਸ ਨੇ ਉਹ ਗੱਲਾਂ ਮੇਰੇ ਨਾਲ ਸਾਂਝੀਆਂ ਕਰਨ ਲੱਗਿਆਂ ਖੌਰੇ ਕਿੰਨੀ ਵਾਰ ਹੰਝੂ ਕੇਰੇ। ਉਸ ਨੇ ਦੱਸਿਆ ਕਿ ਦੇਸ ਦੀ ਵੰਡ ਮੌਕੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਖੂਹੀ ਪੁੱਟਣੀ ਪਈ ਸੀ, ਕਿਉਂਕਿ ਜਿੰਨੇ ਤਗਾੜੇ ਮੁਸਲਮਾਨ ਉੱਥੇ ਰਹਿੰਦੇ ਸਨ ਉਨ੍ਹਾਂ ਸਾਰਿਆਂ ਦੇ ਸਾਰੇ-ਸਾਰੇ ਟੱਬਰ ਵੱਢ ਸੁੱਟੇ ਗਏ ਸਨ। ਗੁਆਂਢੀਆਂ ਨੇ ਹੀ ਘਰ ਬਾਰ ਲੁੱਟਣ ਖ਼ਾਤਰ ਇੱਕ ਘੰਟੇ ਦੇ ਜੰਮੇ ਬੱਚੇ, 5 ਦਿਨਾਂ ਦੇ ਬੱਚੇ, 6 ਮਹੀਨਿਆਂ ਦੀ ਉਮਰ ਦੇ ਬੱਚੇ ਅਤੇ ਜਵਾਨਾਂ ਸਮੇਤ 100 ਸਾਲ ਤੱਕ ਦੇ ਬਜ਼ੁਰਗ ਕੱਟ ਵੱਢ ਕੇ ਇੱਕੋ ਉਸੇ ਖੂਹ ਵਿੱਚ ਦਫ਼ਨ ਕਰ ਦਿੱਤੇ ਸਨ।

ਉਸ ਦੀ ਮਾਂ ਨੇ ਕੁੱਝ ਦਿਲ ਚੀਰਵੇਂ ਦ੍ਰਿਸ਼ ਵੀ ਵੇਖੇ ਸਨ। ਗੁਰਦੁਆਰੇ ਦੀਆਂ ਪੌੜੀਆਂ ਸਾਹਮਣੇ ਦੋ ਮੁਸਲਮਾਨ ਔਰਤਾਂ ਵੱਢੀਆਂ ਪਈਆਂ ਸਨ, ਜਿਨ੍ਹਾਂ ਦੇ ਦੁੱਧ ਪੀਂਦੇ ਬੱਚੇ ਮਾਂ ਦੀ ਲਾਸ਼ ਉੱਤੇ ਛਾਤੀ ਨਾਲ ਚਿੰਮੜੇ ਦੁੱਧ ਚੁੰਘਦੇ ਪਏ ਸਨ। ਆਲੇ-ਦੁਆਲੇ ਗਿਰਝਾਂ ਉਨ੍ਹਾਂ ਉੱਤੇ ਝਪੱਟਾ ਮਾਰਨ ਦੀ ਉਡੀਕ ਕਰ ਰਹੀਆਂ ਸਨ।

ਇੱਕ ਛੋਟੂ ਨਾਂ ਦੇ ਬੰਦੇ ਨੇ ਖਪਰੇ ਨਾਲ ਬਥੇਰੇ ਮੁਸਲਮਾਨ ਬੱਚੇ ਵੱਢੇ। ਉਸ ਦੇ ਤਾਏ ਨੇ ਆ ਕੇ ਉਸ ਨੂੰ ਕੁੱਟ-ਕੁੱਟ ਕੇ ਅਜਿਹਾ ਕਰਨ ਤੋਂ ਹਟਾਇਆ। ਨਤੀਜਾ ਕੀ ਹੋਇਆ ? ਛੋਟੂ, ਜੋ ਕੱਟ ਵੱਢ ਕਰਦਾ ਪਿਆ ਸੀ, ਉਸ ਦੀ ਔਲਾਦ ਅੱਜ ਵੱਡੀਆਂ-ਵੱਡੀਆਂ ਮੱਲੀਆਂ ਹੋਈਆਂ ਕੋਠੀਆਂ ਵਿੱਚ ਐਸ਼ ਕਰ ਰਹੀ ਹੈ ਤੇ ਉਸ ਦੇ ਮਨੁੱਖੀ ਹੱਕਾਂ ਲਈ ਲੜਦੇ ਤਾਏ ਦੇ ਬੱਚੇ ਦਿਹਾੜੀ ਕਰਦੇ ਜਾਂ ਬੱਕਰੀਆਂ ਪਾਲਦੇ ਪਏ ਹਨ ! ਉਸ ਨੇ ਦੱਸਿਆ ਕਿ ਉਹ ਉਸੇ ਤਾਏ ਦੀ ਪੁਸ਼ਤ ਵਿੱਚੋਂ ਹੈ।

ਉਸ ਦੇ ਕੁੱਝ ਰਿਸ਼ਤੇਦਾਰ ਕਾਂਜਲੇ ਪਿੰਡ ਵਿੱਚ ਵੀ ਸਨ ਜਿੱਥੇ 20-20 ਕਿੱਲਿਆਂ ਦੇ ਮਾਲਕ ਮੁਸਲਮਾਨ ਵੀ ਵੱਢੇ ਟੁੱਕੇ ਗਏ ਸਨ। ਕੁੱਝ ਕੁ ਦੀਆਂ ਔਰਤਾਂ ਆਪਣੇ ਬੱਚੇ ਬਚਾ ਕੇ ਮਲੇਰਕੋਟਲੇ ਭੱਜ ਗਈਆਂ ਸਨ। ਉੱਥੇ ਉਹ ਖੌਰੇ ਕਿੰਨੀ-ਕਿੰਨੀ ਵਾਰ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈਆਂ ! ਉਨ੍ਹਾਂ ਦੇ ਬੱਚੇ ਹੁਣ ਦਿਹਾੜੀ ਕਰ ਕੇ ਢਿੱਡ ਪਾਲ ਰਹੇ ਹਨ।

ਉਸ ਦਿਹਾੜੀਦਾਰ ਦੀਆਂ ਅੱਖਾਂ ਇਹ ਸਭ ਸੁਣਾਉਂਦੀਆਂ ਬੜੀ ਵਾਰ ਭਰੀਆਂ ਕਿਉਂਕਿ ਉਹ ਹਾਲੇ ਤੱਕ ਲੰਘ ਚੁੱਕਿਆ ਹਰ ਪਲ ਆਪਣੇ ਪਿੰਡੇ ਉੱਤੇ ਹੰਢਾ ਰਿਹਾ ਸੀ ਤੇ ਉਸ ਦਾ ਵੰਡ ਵੇਲੇ ਦਾ ਜ਼ਖ਼ਮ ਅਜੇ ਤੱਕ ਅੱਲ੍ਹਾ ਸੀ !

ਬੋਲਦਿਆਂ ਬੋਲਦਿਆਂ ਉਹ ਕੁੱਝ ਚਿਰ ਰੁਕ ਕੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲਿਆ ‘ਏਨਾ ਯਾਦ ਰੱਖਿਓ ਮੈਂ ਰੁੱਤਾਂ ਬਥੇਰੀਆਂ ਬਦਲਦੀਆਂ ਵੇਖੀਆਂ ਨੇ। ਪੱਤੇ ਝੜਦੇ ਤੇ ਫੇਰ ਨਵੇਂ ਆ ਜਾਂਦੇ ਨੇ ਪਰ ਜੜ੍ਹਾਂ ਉਹੀ ਰਹਿੰਦੀਆਂ ਨੇ। ਇਨਸਾਨਾਂ ਦਾ ਬਿਲਕੁਲ ਇਹੋ ਜਿਹਾ ਹੀ ਹਾਲ ਹੈ। ਮਾੜੇ ਲੋਕ ਕੁਰਸੀਆਂ ਮੱਲ ਲੈਂਦੇ ਨੇ ਤੇ ਪੱਕੀਆਂ ਜੜ੍ਹਾਂ ਵਾਂਗ ਨੇ। ਉਨ੍ਹਾਂ ਦੇ ਮੋਹਰੇ ਪੱਤਿਆਂ ਵਾਂਗ ਝੜਦੇ ਰਹਿੰਦੇ ਹਨ। ਸਾਡੇ ਵਰਗੇ ਆਮ ਲੋਕ ਉਮੀਦਾਂ ਲਾ ਕੇ ਬਹਿ ਜਾਂਦੇ ਨੇ। ਫੇਰ ਨਵੇਂ ਮੋਹਰੇ ਵਖਰੇ ਰੰਗ-ਰੂਪ ਵਿੱਚ ਓਹੋ ਘਾਣ ਕਰਦੇ ਨੇ। ਬਸ ਫੇਰ ਚੱਲ ਸੋ ਚੱਲ ! ਜੜ੍ਹਾਂ ਤਾਂ ਉਹੋ ਨੇ ! ਔਰਤਾਂ ਅਤੇ ਗ਼ਰੀਬਾਂ ਨਾਲ ਹੋ ਰਿਹਾ ਅੱਤਿਆਚਾਰ ਨਾ ਕਦੇ ਘਟਿਆ ਹੈ, ਨਾ ਘਟੇਗਾ।’

ਗੱਲ ਦਿਲਚਸਪ ਸੀ। ਮੈਨੂੰ ਬਿਲਕੁਲ ਸਹੀ ਜਾਪੀ। ਸਮਾਂ ਬਦਲਦਾ ਹੈ, ਥਾਂ ਬਦਲਦੀ ਹੈ। ਨਵੇਂ ਚਿਹਰੇ ਆਉਂਦੇ ਹਨ, ਪਰ ਜ਼ੁਲਮ ਉਂਝ ਦਾ ਉਂਝ ਪਹਿਲਾਂ ਵਾਂਗ ਆਪਣੀ ਚਾਲ ਚੱਲਦਾ ਰਹਿੰਦਾ ਹੈ। ਚੰਗੇ ਲੋਕ ਚੁੱਪੀ ਸਾਧ ਇੰਜ ਹੀ ਜ਼ਿੰਦਗੀ ਬਤੀਤ ਕਰ ਤੁਰ ਜਾਂਦੇ ਹਨ। ਇਸੇ ਲਈ ਜ਼ੁਲਮ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਪਦੀ ਹੈ।

ਮੈਨੂੰ ਅੱਜ ਵੀ ਚੇਤੇ ਹੈ ਕਿ ਮੇਰੀ ਸਕੂਲ ਵੇਲੇ ਦੀ ਸਹੇਲੀ ਨੂੰ ਸਿਰਫ਼ ਇਸ ਲਈ ਸਕੂਲੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਸਾਈਕਲ ਉੱਤੇ ਸਕੂਲ ਆਉਂਦੀ ਨੂੰ ਰਾਹ ਵਿੱਚ ਇੱਕ ਵਾਰ ਇੱਕ ਮੁਸ਼ਟੰਡੇ ਨੇ ਸੀਟੀ ਮਾਰ ਦਿੱਤੀ ਸੀ ਤੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਸੀ।  ਗ਼ਲਤੀ ਕਿਸ ਦੀ ਤੇ ਭੁਗਤਿਆ ਕਿਸ ਨੇ !

ਇੰਨ-ਬਿੰਨ ਇਹੋ ਕੁੱਝ ਮੇਰੇ ਪਤੀ ਦੀਆਂ ਦੋ ਛੋਟੀਆਂ ਮਾਸੀਆਂ ਨਾਲ ਰਾਮਪੁਰਾ ਫੂਲ ਵਿੱਚ ਹੋਇਆ ਸੀ। ਉਨ੍ਹਾਂ ਨੂੰ ਵੀ ਇੱਕ ਮਨਚਲੇ ਦੀ ਸੀਟੀ ਕਾਰਨ ਸਕੂਲ ਬਦਲਣਾ ਪਿਆ ਸੀ। ਹੁਣ ਤੀਹ ਸਾਲ ਬਾਅਦ ਕੀ ਬਦਲਾਓ ਆਇਆ ਹੈ, ਉਸ ਵੱਲ ਵੀ ਝਾਤ ਮਾਰੀਏ ! ਕੀ ਉਸ ਦਿਹਾੜੀਦਾਰ ਦੀ ਕਹੀ ਗੱਲ ਸਹੀ ਨਹੀਂ ਹੈ ?

ਅੱਜ ਦੇ ਦਿਨ ਵੀ ਖ਼ਬਰਾਂ ਅਨੁਸਾਰ 16 ਸਾਲਾ ਸੰਗਰੂਰ ਦੀ ਦਲਿਤ ਬੱਚੀ ਨੂੰ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਣਾ ਪਿਆ ਕਿਉਂਕਿ ਚਾਰ ਜੱਟ ਮੁੰਡਿਆਂ ਨੇ 20 ਦਿਨ ਉਸ ਨੂੰ ਛੇੜ-ਛੇੜ ਕੇ ਉਸ ਦਾ ਜੀਣਾ ਹਰਾਮ ਕਰ ਦਿੱਤਾ। ਉਨ੍ਹਾਂ ਵੱਲੋਂ ਕੀਤੀ ਭੱਦੀ ਛੇੜਛਾੜ ਨੂੰ ਰੋਕਣ ਉੱਤੇ ਉਨ੍ਹਾਂ ਸ਼ਰੇਆਮ ਉਸ ਨੂੰ ਥੱਪੜ ਤੱਕ ਜੜ ਦਿੱਤਾ। ਵਿਚਾਰੀ ਬੱਚੀ ਇਸ ਡਰ ਨੂੰ ਚੁੱਪ ਰਹਿ ਗਈ ਕਿ ਕਿਤੇ ਉਸ ਦਾ ਸਕੂਲ ਜਾਣਾ ਬੰਦ ਨਾ ਹੋ ਜਾਏ। ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ ਤਾਂ ਜੋ ਉਸ ਦੇ ਗ਼ਰੀਬ ਮਾਪਿਆਂ ਲਈ ਕੋਈ ਖ਼ਤਰਾ ਨਾ ਰਹੇ !

ਭਾਰਤ ਦੇ ਨੈਸ਼ਨਲ ਕਰਾਈਮ ਬਿਊਰੋ ਦਾ ਰਿਕਾਰਡ ਦੱਸਦਾ ਹੈ ਕਿ ਅਜਿਹਾ ਕੋਈ ਇੱਕਾ ਦੁੱਕਾ ਕੇਸ ਨਹੀਂ ਹੈ। ਸਿਰਫ਼ ਸੰਨ 2014 ਵਿੱਚ ਹੀ 36,700 ਜਬਰ-ਜ਼ਿਨਾਹ ਦੇ ਕੇਸ ਰਿਪੋਰਟ ਹੋਏ ਹਨ। ਜਿਹੜੇ ਰਿਪੋਰਟ ਨਹੀਂ ਹੋਏ ਜਾਂ ਘਰਾਂ ਵਿੱਚ ਨਾਬਾਲਗ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ਹਨ, ਉਹ ਇਸ ਤੋਂ ਤਿੰਨ ਗੁਣਾ ਤੋਂ ਵੀ ਵੱਧ ਹਨ।

ਲਾਹਨਤ ਵਾਲੀ ਗੱਲ ਇਹ ਹੈ ਕਿ ਭਾਰਤੀ ਨੌਜਵਾਨ ਹੁਣ ਇੱਕ ਔਰਤ ਨੂੰ ਵੀ ਚੱਬਣ ਵਿੱਚ ਇਕੱਲੇ ਤੌਰ ਉੱਤੇ ਘਬਰਾਉਣ ਲੱਗ ਪਏ ਹਨ ਤੇ ਪੂਰੀ ਟੀਮ ਬਣਾ ਕੇ ਹੱਲਾ ਬੋਲਦੇ ਪਏ ਹਨ। ਸੰਨ 2014 ਵਿੱਚ ਪੂਰੇ ਮੁਲਕ ਵਿੱਚ 2300 ਸਮੂਹਕ ਬਲਾਤਕਾਰ ਹੋਏ, ਜਿਨ੍ਹਾਂ ਵਿੱਚੋਂ 570 ਸਿਰਫ਼ ਉੱਤਰ ਪ੍ਰਦੇਸ ਵਿੱਚ ਹੀ ਸਨ। ਹਰਿਆਣਾ ਤੇ ਦਿੱਲੀ ਅਜਿਹੇ ਜ਼ੁਲਮ ਕਰਨ ਵਿੱਚ ਪਹਿਲਾ ਤੇ ਦੂਜਾ ਨੰਬਰ ਕ੍ਰਮਵਾਰ ਲੈ ਕੇ ਬੈਠੇ ਹਨ। ਕਾਰਨ ? ਕੁੜੀਆਂ ਦੀ ਘਟਦੀ ਜਾਂਦੀ ਗਿਣਤੀ !  ਪੰਜਵੇਂ ਨੰਬਰ ਉੱਤੇ ਪੰਜਾਬ ਹੈ !

ਰਾਹ ਚੱਲਦਿਆਂ ਭੱਦੀ ਛੇੜਛਾੜ, ਕੰਮ ਕਾਜ ਵਾਲੀ ਥਾਂ ਉੱਤੇ ਹਵਸ ਦਾ ਸ਼ਿਕਾਰ ਬਣਾਉਣਾ ਅਤੇ ਬੱਸਾਂ ਗੱਡੀਆਂ ਵਿੱਚ ਹੋ ਰਹੀ ਬੇਹਯਾਈ ਦੀ ਗਿਣਤੀ ਕਰਨੀ ਔਖੀ ਹੋਈ ਪਈ ਹੈ। ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ 36,700 ਜਬਰ ਜ਼ਿਨਾਹ ਦੇ ਕੇਸਾਂ ਵਿੱਚੋਂ 197 ਪੁਲਿਸ ਸਟੇਸ਼ਨ ਵਿੱਚ ਪੁਲਿਸ ਦੀ ਦੇਖ-ਰੇਖ ਹੇਠਾਂ ਹੋਏ। ਉੱਤਰ ਪ੍ਰਦੇਸ ਵਿੱਚ ਤਾਂ ਹੱਦ ਬੰਨ੍ਹੇ ਹੀ ਤੋੜ ਦਿੱਤੇ ਗਏ ਕਿਉਂਕਿ ਉੱਥੋਂ ਦੇ 90 ਪ੍ਰਤੀਸ਼ਤ ਬਲਾਤਕਾਰਾਂ ਦੇ ਕੇਸ ਥਾਣਿਆਂ ਅੰਦਰ ਹੀ ਹੋਏ ਹਨ। ਕਾਰਾ ਕਰਨ ਵਾਲੇ ਵੱਡੇ ਘਰਾਂ ਦੇ ਕਾਕੇ ਆਪਣਾ ਅਸਰ ਰਸੂਖ ਵਰਤ ਕੇ ਕੇਸਾਂ ’ਚੋਂ ਝਟ ਬਾਹਰ ਨਿਕਲ ਗਏ !

ਇਨ੍ਹਾਂ ਤੋਂ ਇਲਾਵਾ 4200 ਹੋਰ ਕੇਸ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿਚ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਦਿਆਂ ਰਾਹਗੀਰਾਂ ਜਾਂ ਆਂਢੀਆਂ-ਗੁਆਂਢੀਆਂ ਵੱਲੋਂ ਬਚਾ ਲਿਆ ਗਿਆ ਜਾਂ ਔਰਤਾਂ ਨੇ ਆਪਣੀ ਆਬਰੂ ਬਚਾਉਣ ਖ਼ਾਤਰ ਖ਼ੁਦਕੁਸ਼ੀ ਕਰ ਲਈ।

ਨੰਗੇਜ਼ਵਾਦ ’ਚ ਵਾਧਾ ਸਿਖ਼ਰ ਉੱਤੇ ਪਹੁੰਚ ਚੁੱਕਿਆ ਹੈ, ਜਿਸ ਵਿੱਚ ਮੀਡੀਆ, ਮੋਬਾਇਲ, ਲੱਚਰ ਗੀਤ ਸੰਗੀਤ, ਕੰਪਿਊਟਰ, ਇੰਟਰਨੈੱਟ, ਫੇਸਬੁੱਕ ਆਦਿ ਗੱਲ ਕੀ ਹਰ ਜਣਾ ਔਰਤ ਨੂੰ ਨਿਰਵਸਤਰ ਕਰਨ ਦੀ ਹੋੜ ਵਿੱਚ ਪਹਿਲਾ ਨੰਬਰ ਲੈਣ ਦੇ ਜਤਨ ਵਿੱਚ ਲੱਗਿਆ ਹੋਇਆ ਹੈ। ਭਾਰਤ ਵਿਚਲੇ ਅਜਿਹੇ 674 ਕੇਸ ਜੋ ਔਰਤਾਂ ਦੀਆਂ ਕੱਪੜੇ ਬਦਲਦਿਆਂ ਦੀਆਂ ਜਾਂ ਨਹਾਉਂਦਿਆਂ ਦੀਆਂ ਵੀਡੀਓ ਬਣਾਉਣ ਵਾਲੇ ਸਾਹਮਣੇ ਆਏ, ਉਨ੍ਹਾਂ ਵਿੱਚ ਗੋਆ ਪਹਿਲੇ ਨੰਬਰ ਉੱਤੇ ਹੈ ਤੇ ਅਸਾਮ ਦੂਜੇ ਨੰਬਰ ਉੱਤੇ।

ਬੱਚੀਆਂ ਦਾ ਪਿੱਛਾ ਕਰਕੇ ਧਮਕਾਉਣ ਜਾਂ ਅਗਵਾ ਕਰਨ ਦੇ 4600 ਕੇਸ ਸੰਨ 2014 ਵਿੱਚ ਰਿਪੋਰਟ ਹੋਏ ਜਿਸ ਵਿੱਚ ਪਹਿਲਾ ਨੰਬਰ ਉੱਤਰ ਪ੍ਰਦੇਸ (835 ਕੇਸ) ਤੇ ਦੂਜਾ ਮਹਾਰਾਸ਼ਟਰ ਦਾ ਹੈ (797 ਕੇਸ)। ਦਿੱਲੀ ਵਿੱਚ 541 ਕੇਸ ਰਿਕਾਰਡ ਹੋਏ ਪਰ ਆਬਾਦੀ ਦੇ ਹਿਸਾਬ ਨਾਲ ਵੇਖੀਏ ਤਾਂ ਦਿੱਲੀ ਦਾ ਨਾਂ ਪਹਿਲੇ ਨੰਬਰ ਉੱਤੇ ਆ ਜਾਂਦਾ ਹੈ।

ਕੰਮ ਕਾਰ ਵਾਲੀ ਥਾਂ ਉੱਤੇ ਹੋ ਰਹੀ ਔਰਤਾਂ ਨਾਲ ਭੱਦੀ ਛੇੜਛਾੜ ਅਤੇ ਯੌਨ ਉਤਪੀੜਨ ਦੇ ਕੇਸ ਏਨੇ ਜ਼ਿਆਦਾ ਹੋ ਚੁੱਕੇ ਹਨ ਕਿ ਗਿਣਤੀ ਕਰਨੀ ਔਖੀ ਹੋ ਗਈ ਹੈ ਕਿਉਂਕਿ ਡਰਾ ਧਮਕਾ ਕੇ ਜਿਸ ਤਰੀਕੇ ਉਨ੍ਹਾਂ ਔਰਤਾਂ ਦਾ ਮੂੰਹ ਘੁੱਟ ਦਿੱਤਾ ਜਾਂਦਾ ਹੈ, ਉਹ ਕੇਸ ਦਰਜ ਕਰਵਾਉਣ ਅੱਗੇ ਆਉਂਦੀਆਂ ਹੀ ਨਹੀਂ। ਨੈਸ਼ਨਲ ਕਰਾਈਮ ਬਿਊਰੋ ਨੇ ਸਪਸ਼ਟ ਕੀਤਾ ਹੈ ਕਿ ਵਾਕਈ ਲਗਭਗ ਹਰ ਕੰਮ ਕਾਰ ਵਾਲੀ ਥਾਂ ਔਰਤਾਂ ਨਾਲ ਧੱਕਾ ਹੋ ਰਿਹਾ ਹੈ, ਪਰ ਕੇਵਲ 57 ਔਰਤਾਂ ਹੀ ਪੂਰੇ ਭਾਰਤ ਵਿੱਚੋਂ ਕੇਸ ਕਰਨ ਅਗਾਂਹ ਆਈਆਂ। ਬਾਕੀ ਚੁੱਪ ਚਾਪ ਸਹਿ ਰਹੀਆਂ ਹਨ ਤਾਂ ਜੋ ਸਹੁਰੇ-ਪੇਕੇ ਘਰ ਦੀ ਲੱਜ ਢਕੀ ਰਹਿ ਸਕੇ। ਜਦੋਂ ਕੰਮ ਕਾਰ ਵਾਲੀ ਥਾਂ ਉੱਤੇ ਸਮੂਹਕ ਤੌਰ ’ਤੇ ਨੌਕਰੀਪੇਸ਼ਾ ਕੁੜੀ ਉੱਤੇ ਹੱਲਾ ਬੋਲਿਆ ਗਿਆ ਹੋਵੇ ਜਾਂ ਕੰਮ ਕਾਰ ਵਾਲੀ ਥਾਂ ਤੋਂ ਬਾਹਰ ਬੌਸ ਨਾਲ ਹੋਰ ਦੋਸਤ ਰਲ ਕੇ ਨੌਕਰੀ ਕਰਦੀ ਲੋੜਵੰਦ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਹੋਣ ਤਾਂ ਅਜਿਹੇ 469 ਕੇਸ ਜ਼ਰੂਰ ਰਿਪੋਰਟ ਹੋਏ ਹਨ।

ਬੱਸਾਂ, ਰੇਲ ਗੱਡੀਆਂ, ਸੜਕਾਂ ਉੱਤੇ, ਰਾਹ ਵਿੱਚ ਆਉਂਦੇ ਜਾਂਦੇ ਸੀਟੀਆਂ ਮਾਰਨੀਆਂ, ਭੱਦੀ ਛੇੜਛਾੜ, ਗੁੰਡਾਗਰਦੀ, ਚੂੰਡੀਆਂ ਮਾਰਨੀਆਂ, ਸਰੀਰ ਨੂੰ ਟੋਹਣਾ ਆਦਿ ਕੇਸਾਂ ਨੂੰ ਪੁਲਿਸ ਰਿਕਾਰਡ ਕਰਨ ਵਿੱਚ ਵੀ ਆਨਾਕਾਨੀ ਕਰਨ ਲੱਗ ਪਈ ਹੈ ਕਿਉਂਕਿ ਜਿੰਨੇ ਕੇਸ ਅਸਲ ਵਿੱਚ ਵਾਪਰ ਰਹੇ ਹਨ, ਜੇ ਗਿਣਤੀ ਕਰਨੀ ਪੈ ਜਾਏ ਤਾਂ ਭਾਰਤ ਦੀ ਲਗਭਗ ਹਰ ਔਰਤ ਤੇ ਬੱਚੀ ਇਹ ਹਾਮੀ ਭਰੇਗੀ ਕਿ ਉਸ ਨਾਲ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਵਾਰ ਅਜਿਹਾ ਹੋ ਚੁੱਕਿਆ ਹੈ। ਦਿੱਲੀ ਵਰਗੇ ਸ਼ਹਿਰ ਵਿੱਚ, ਜਿਹੜਾ ਔਰਤਾਂ ਲਈ ਸਭ ਤੋਂ ਖ਼ਤਰਨਾਕ ਥਾਂ ਸਾਬਤ ਹੋ ਚੁੱਕਿਆ ਹੈ, ਵਿੱਚ ਸਿਰਫ਼ 8 ਔਰਤਾਂ ਨੇ ਅਜਿਹੀ ਛੇੜਛਾੜ ਦਾ ਕੇਸ ਦਰਜ ਕਰਵਾਇਆ ਹੈ। ਪੂਰੇ ਭਾਰਤ ਵਿੱਚ ਸਿਰਫ਼ 121 ਔਰਤਾਂ ਨੇ ਕੇਸ ਦਰਜ ਕਰਵਾਇਆ ਪਰ ਸਾਰਿਆਂ ਨੇ ਇਹੋ ਮੰਨਿਆ ਕਿ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਉਸੇ ਹਾਲ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਤਬਦੀਲੀ ਮਾਹੌਲ ਵਿੱਚ ਨਹੀਂ ਆਈ ਦਿਸੀ !

ਸੰਨ 2014 ਵਿੱਚ 77,000 ਅਗਵਾ ਦੇ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 31,000 ਬੱਚੀਆਂ ਸਿਰਫ਼ ਵਿਆਹ ਕਰਵਾਉਣ ਲਈ ਛੜਿਆਂ ਵੱਲੋਂ ਚੁਕਵਾਈਆਂ ਗਈਆਂ ਕਿਉਂਕਿ ਕੁੜੀਆਂ ਦੀ ਘਾਟ ਕਾਰਨ ਉਨ੍ਹਾਂ ਦੇ ਵਿਆਹ ਨਹੀਂ ਸਨ ਹੋ ਰਹੇ। ਉੱਤਰ ਪ੍ਰਦੇਸ, ਬਿਹਾਰ ਤੇ ਅਸਾਮ ਵਿਚਲੀਆਂ 50 ਫੀਸਦੀ ਅਗਵਾ ਹੋਈਆਂ ਬੱਚੀਆਂ (ਉੱਤਰ ਪ੍ਰਦੇਸ ਵਿੱਚ 7,338 ਜਵਾਨ ਬੱਚੀਆਂ ਚੁੱਕੀਆਂ ਗਈਆਂ ਯਾਨੀ 60 ਫ਼ੀਸਦੀ ਅਗਵਾ ਹੋਏ ਕੇਸ) ਸਿਰਫ ਵਿਆਹ ਕਰਵਾਉਣ ਲਈ ਚੁੱਕੀਆਂ ਗਈਆਂ।

ਜਿਹੜਾ ਤੱਥ ਸਭ ਤੋਂ ਘਿਨਾਉਣਾ ਹੈ, ਉਹ ਇਹ ਹੈ ਕਿ 47 ਫ਼ੀਸਦੀ ਜਬਰ-ਜ਼ਿਨਾਹ ਦੇ ਕੇਸ 18 ਸਾਲ ਤੋਂ ਛੋਟੀਆਂ ਬੱਚੀਆਂ, ਖਾਸਕਰ 6 ਸਾਲ ਤੋਂ ਵੀ ਛੋਟੀਆਂ ਬੱਚੀਆਂ ਵਿੱਚ ਰਿਕਾਰਡ ਕੀਤੇ ਗਏ ! ਮੱਧ ਪ੍ਰਦੇਸ ਵਿੱਚ 5076 ਤੇ ਹਿਮਾਚਲ ਵਿੱਚ 284 ਰੇਪ ਦੇ ਕੇਸ ਦਰਜ ਹੋਏ ਪਰ ਇਨ੍ਹਾਂ ਵਿੱਚ ਸਭ ਤੋਂ ਵੱਧ ਕੇਸ 6 ਤੋਂ 12 ਅਤੇ ਫੇਰ 12 ਤੋਂ 16 ਸਾਲ ਦੀਆਂ ਨਿੱਕੀਆਂ ਬਾਲੜੀਆਂ ਦੇ ਸਨ ! ਸਾਲ 2014 ਵਿੱਚ 18 ਤੋਂ 30 ਸਾਲ ਦੀਆਂ 97 ਤੇ 30 ਤੋਂ 45 ਸਾਲ ਦੀਆਂ 49 ਔਰਤਾਂ ਨੇ ਰੇਪ ਦਾ ਕੇਸ ਹਿਮਾਚਲ ਪ੍ਰਦੇਸ ਵਿੱਚ ਦਰਜ ਕਰਵਾਇਆ। ਇਨ੍ਹਾਂ ਤੋਂ ਇਲਾਵਾ ਤਿੰਨ ਕੇਸ 60 ਵਰ੍ਹਿਆਂ ਦੀਆਂ ਔਰਤਾਂ ਦੇ ਵੀ ਸਨ ਤੇ 5 ਕੇਸ 8 ਮਹੀਨੇ ਤੋਂ 2 ਸਾਲ ਦੀਆਂ ਬੱਚੀਆਂ ਦੇ ਰਿਕਾਰਡ ਹੋਏ। ਸੰਨ 2010 ਤੋਂ 2015 ਤੱਕ ਬਲਾਤਕਾਰ ਦੇ ਰਿਕਾਰਡ ਕੀਤੇ ਜਾ ਰਹੇ ਕੇਸਾਂ ਵਿੱਚ ਲਗਭਗ ਦੁਗਣਾ ਵਾਧਾ ਹੁੰਦਾ ਜਾ ਰਿਹਾ ਹੈ !

ਹੁਣ ਇਨ੍ਹਾਂ 6 ਜਾਂ 8 ਮਹੀਨਿਆਂ ਦੀਆਂ ਕਿਲਕਾਰੀਆਂ ਮਾਰਦੀਆਂ ਬਾਲੜੀਆਂ ਤੋਂ ਲੈ ਕੇ 60 ਵਰ੍ਹਿਆਂ ਦੀ ਮਾਂ ਦਾ ਚੀਰਹਰਣ ਕਰਨ ਵਾਲਿਆਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੀਏ !

ਪੁਲਿਸ ਦੀ ਤਫ਼ਤੀਸ਼ ਅਨੁਸਾਰ ਸਾਰੇ ਦੇ ਸਾਰੇ ਰਿਕਾਰਡ ਹੋਏ ਕੇਸਾਂ ਵਿੱਚ ਘਿਨਾਉਣਾ ਕਾਰਾ ਕਰਨ ਵਾਲੇ ਬਾਲੜੀਆਂ ਦੇ ਪਿਓ, ਭਰਾ, ਮਾਮੇ, ਚਾਚੇ, ਤਾਏ, ਫੁੱਫੜ ਜਾਂ ਹੋਰ ਨੇੜੇ ਦੇ ਰਿਸ਼ਤੇਦਾਰ ਹੀ ਸਨ ! ਇੱਕ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ ਜਿੱਥੇ ਕਿਸੇ ਬਾਹਰਲੇ ਨੇ ਹੱਦ ਟੱਪੀ ਹੋਵੇ ! ਹਿਮਾਚਲ ਵਿੱਚ ਰਿਪੋਰਟ ਹੋਏ 283 ਕੇਸਾਂ ਵਿੱਚੋਂ 24 ਤਾਂ ਪਿਓ ਹੀ ਗੁਨਾਹਗਾਰ ਸਨ, 5 ਭਰਾ, 16 ਚਾਚੇ-ਤਾਏ ਤੇ 49 ਬਹੁਤ ਨੇੜਲੇ ਗੁਆਂਢੀ। ਇਸੇ ਤਰ੍ਹਾਂ 9 ਕੇਸ ਦਫ਼ਤਰ ਦੇ ਬੌਸ ਵੱਲੋਂ ਕੀਤੀ ਜਿਸਮਾਨੀ ਵਧੀਕੀ ਦੇ ਸਨ !  ਸਭ ਤੋਂ ਘੱਟ ਜਬਰ-ਜ਼ਿਨਾਹ ਦੇ ਕੇਸ ਨਾਗਾਲੈਂਡ (30), ਸਿੱਕਮ  (47) ਤੇ ਮਨੀਪੁਰ (75) ਵਿੱਚ ਰਿਪੋਰਟ ਹੋਏ ਸਨ !

ਭਾਵੇਂ ਵੰਡ ਅਤੇ ਜੰਗਾਂ ਸਮੇਂ ਦੀ ਭਿਆਨਕ ਜ਼ਲਾਲਤ ਸਹਿਣੀ ਪਈ ਹੋਵੇ, ਭਾਵੇਂ ਸਕੂਲਾਂ ਵਿੱਚ ਅਧਿਆਪਕਾਂ ਹੱਥੋਂ ਜਬਰ-ਜ਼ਿਨਾਹ ਦੇ ਕੇਸ ਹੋਣ, ਧਾਰਮਿਕ ਸਥਾਨਾਂ ਉੱਤੇ ਬੇਹਯਾਈ ਕੀਤੀ ਗਈ ਹੋਵੇ, ਕੁੱਖ ਵਿੱਚ ਕਤਲ ਕਰ ਕੁੱਤਿਆਂ ਅੱਗੇ ਸੁੱਟਿਆ ਗਿਆ ਹੋਵੇ, ਗੋਦ ਵਿੱਚ ਮੁਸਕੁਰਾਉਂਦੀ ਕਲੀ ਨੂੰ ਪਿਓ ਜਾਂ ਭਰਾ ਵੱਲੋਂ ਹੀ ਮਿੱਧਿਆ ਗਿਆ ਹੋਵੇ, ਕੰਮਕਾਰ ਵਾਲੀ ਥਾਂ ਔਰਤ ਨੂੰ ਨਿਰਵਸਤਰ ਕੀਤਾ ਗਿਆ ਹੋਵੇ, ਮੀਡੀਆ ਰਾਹੀਂ ਅਸ਼ਲੀਲ ਤਸਵੀਰਾਂ ਨਾਲ, ਭੱਦੇ ਗੀਤ-ਸੰਗੀਤ ਨਾਲ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੋਵੇ ਜਾਂ ਤਾਹਨੇ ਮਿਹਣਿਆਂ ਨਾਲ ਲਫ਼ਜ਼ੀ ਬਲਾਤਕਾਰ ਹੋ ਰਿਹਾ ਹੋਵੇ, ਔਰਤ ਜਾਤ ਨੂੰ ਜ਼ਲੀਲ ਕਰਨ ਵਿੱਚ ਕੋਈ ਪਿਛਾਂਹ ਨਹੀਂ ਰਹਿ ਰਿਹਾ। ਸਹੀ ਕਿਹਾ ਗਿਆ ਹੈ ‘ਇਹ ਦੇਸ ਕੇ ਮੰਦਿਰੋਂ ਮੇਂ ਕਹਾਂ ਦਰਾਰ ਨਹੀਂ। ਸਹੀ ਸਲਾਮਤ ਏਕ ਭੀ ਦੀਵਾਰ ਨਹੀਂ। ਮਤ ਪੂਛੋ ਕਿਸ ਨੇ ਲੂਟਾ ਹੈ ਇਸ ਗੁਲਸ਼ਨ ਕੋ। ਯੇ ਪੂਛੋ ਇਸ ਲੂਟ ਮੇਂ ਕੌਨ ਹਿੱਸੇਦਾਰ ਨਹੀਂ  ?’

ਰਿਪੋਰਟਾਂ ਮੁਤਾਬਕ ਜੇ ਪਿਓ ਗੋਦ ਵਿੱਚ ਪਈ ਧੀ ਦੀ ਪੱਤ ਲੁੱਟਣ ਤੋਂ ਬਿਨਾਂ ਨਹੀਂ ਰਹਿ ਸਕਿਆ ਤੇ ਪੁੱਤਰ; ਮਾਂ ਦਾ ਬਲਾਤਕਾਰ ਕਰਨ ਤੋਂ ਬਗ਼ੈਰ ਨਹੀਂ ਰਹਿ ਸਕਿਆ ਤਾਂ ਔਰਤ ਕਿੱਥੇ ਸੁਰੱਖਿਅਤ ਮੰਨੀ ਜਾਣੀ ਚਾਹੀਦੀ ਹੈ ? ਕੌਣ ਉਸ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਏਗਾ ? ਔਰਤ ਦੇ ਮੁਰਦਾ ਜਿਸਮ ਤੱਕ ਨਾਲ ਕੀਤਾ ਗਿਆ ਬਲਾਤਕਾਰ ਅਨੇਕ ਵਾਰ ਰਿਕਾਰਡ ਹੋ ਚੁੱਕਿਆ ਹੈ।

ਕਮਾਲ ਦਾ ਜਿਗਰਾ ਕਹਿਣਾ ਚਾਹੀਦਾ ਹੈ ਕਿ ਅਜਿਹਾ ਕਾਰਾ ਕਰਨ ਵਾਲੇ ਮਰਦ ਧਾਰਮਿਕ ਸਥਾਨਾਂ ਵਿੱਚ ਦੇਵੀਆਂ ਨੂੰ ਮਾਵਾਂ ਤੇ ਕੰਜਕਾਂ ਦੇ ਨਾਂ ਦੇ ਕੇ ਉੱਚੇ-ਉੱਚੇ ਨਾਅਰੇ ਲਾਉਂਦੇ, ਮੱਥੇ ਤਿਲਕ ਲਾਉਂਦੇ ਤੇ ਉਨ੍ਹਾਂ ਅੱਗੇ ਮੱਥੇ ਰਗੜ ਕੇ ਪਾਪ ਬਖ਼ਸ਼ਾਉਂਦੇ, ਧਨ ਦੌਲਤ ਦੇ ਵਾਧੇ ਲਈ ਦੁਆਵਾਂ ਕਰਦੇ ਵੇਖੇ ਜਾਂਦੇ ਹਨ !

ਪਿੰਡਾਂ ਦੀਆਂ ਪੰਚਾਇਤਾਂ ਫ਼ੈਸਲੇ ਦੇ ਰਹੀਆਂ ਹਨ ਕਿ ਜੇ ਮੁੰਡਾ ਜਾਤੀ ਤੋਂ ਬਾਹਰ ਵਿਆਹ ਕਰਵਾਏਗਾ ਤਾਂ ਉਸ ਦੀਆਂ ਭੈਣਾਂ ਦਾ ਸਮੂਹਿਕ ਬਲਾਤਕਾਰ ਕੀਤਾ ਜਾਵੇਗਾ ! ਕਮਾਲ ਹੀ ਹੋ ਗਈ ਦੋਗਲੇਪਨ ਦੀ ! ਕੋਈ ਹਦ ਬੰਨ੍ਹਾ ਛੱਡਿਆ ਹੀ ਨਹੀਂ ਗਿਆ ! ਕੇਸ ਕੋਈ ਵੀ ਹੋਵੇ, ਫ਼ੈਸਲਾ ਔਰਤ ਦੀ ਪਤ ਲੁੱਟਣ ਦਾ ਸੁਣਾਇਆ ਜਾਵੇਗਾ ! ਦੁਰ ਫਿੱਟੇ ਮੂੰਹ ਇਹੋ ਜਿਹੇ ਸਮਾਜ ਦਾ !

ਅਸਲੀਅਤ ਵਿੱਚ ਇਹ ਸਮਾਜ ਪੂਰਾ ਨੰਗਾ ਹੈ, ਪਰ ਨੰਗਾ ਕਹਾਏ ਜਾਣ ਤੋਂ ਡਰਦਾ ਹੈ। ਪਾਖੰਡ ਦਾ ਨਕਾਬ ਪਹਿਣ ਕੇ ਬੈਠੇ ਬਥੇਰੇ ਲੋਕ ਆਪਣੇ ਮਨ ਅੰਦਰਲੇ ਪਾਪ ਦੇ ਪੁੰਗਰੇ ਬੀਜ ਨੂੰ ਲੁਕਾਉਣ ਖ਼ਾਤਰ ਔਰਤ ਨੂੰ ਹੀ ਔਰਤ ਦਾ ਦੁਸ਼ਮਣ ਕਹਿ ਕੇ ਪਾਸਾ ਵੱਟ ਕੇ ਬਹਿ ਜਾਂਦੇ ਹਨ।

6 ਮਹੀਨਿਆਂ ਦੀ ਬੱਚੀ ਨਾਲ ਕੁਕਰਮ ਕਰਨ ਵਾਲਾ ਪਿਓ, 60 ਸਾਲਾਂ ਦੀ ਮਾਂ ਨਾਲ ਮੂੰਹ ਕਾਲਾ ਕਰਨ ਵਾਲਾ ਪੁੱਤਰ, ਰੱਖੜੀ ਬੰਨ੍ਹਣ ਵਾਲੀ ਭੈਣ ਨਾਲ ਬੇਹਯਾਈ ਕਰਨ ਵਾਲਾ ਭਰਾ, ਫਰੇਬੀ ਮੁਖੌਟਾ ਪਹਿਨੀ ਦਫ਼ਤਰ ਦਾ ਬੌਸ ਆਪਣੇ ਮਾਤਿਹਤ ਕੰਮ ਕਰਦੀ ਔਰਤ ਨੂੰ ਝਪਟਣ ਲਈ ਸ਼ਿੰਕਜਾ ਕਸ ਕੇ ਬੈਠਾ ਤਿਆਰ-ਬਰ-ਤਿਆਰ ਕਿਵੇਂ ਇਹ ਮੰਨੇ ਕਿ ਮਰਦ ਔਰਤ ਦਾ ਦੁਸ਼ਮਨ ਹੈ ? ਆਪਣਾ ਬਘਿਆੜੀ ਰੂਪ ਲੁਕਾਉਣ ਖ਼ਾਤਰ ਕਿੰਨਾ ਸੌਖਾ ਹੈ ਕਿ ਜਿਸ ਉੱਤੇ ਜ਼ੁਲਮ ਕੀਤਾ ਗਿਆ ਹੋਵੇ, ਉਸੇ ਨੂੰ ਗੁਨਾਹਗਾਰ ਸਾਬਤ ਕਰ ਦਿਓ !

ਜਿੰਨੀਆਂ ਮਾਵਾਂ ਤੋਂ ਪੁੱਛਗਿਛ ਕੀਤੀ ਗਈ ਕਿ ਉਨ੍ਹਾਂ ਆਪਣੀਆਂ ਅੱਖਾਂ ਸਾਹਮਣੇ ਆਪਣੀ ਧੀ ਦਾ ਬਲਾਤਕਾਰ ਆਪਣੇ ਪਤੀ ਵੱਲੋਂ ਹੁੰਦਾ ਵੇਖਿਆ ਤਾਂ ਰਿਪੋਰਟ ਦਰਜ ਕਿਉਂ ਨਹੀਂ ਕਰਵਾਈ, ਤਾਂ ਉਨ੍ਹਾਂ ਦਾ ਜਵਾਬ ਸੀ ‘ਘਰ ਤਾਂ ਇੱਕ ਚੱਬ ਰਿਹਾ ਹੈ, ਪਰ ਘਰੋਂ ਬਾਹਰ ਸੈਂਕੜੇ ਸਾਨੂੰ ਨੋਚਣ ਨੂੰ ਤਿਆਰ ਬੈਠੇ ਹਨ ? ਕਿੱਥੇ ਸ਼ਰਨ ਲਈਏ ? ਇਸੇ ਲਈ ਇਹੀ ਜੇਲ੍ਹ ਰੂਪੀ ਨਰਕ ਔਖੇ-ਸੌਖੇ ਕੱਟ ਲੈਂਦੇ ਹਾਂ।’

ਏਨਾ ਸਭ ਕੁੱਝ ਵੇਖ ਸੁਣ ਕੇ, ਮੈਂ ਹਾਲੇ ਵੀ ਨਾ-ਉਮੀਦ ਨਹੀਂ ਹੋਈ। ਬਥੇਰੇ ਮਰਦ ਹਾਲੇ ਵੀ ਇੱਕੋ ਰੱਟ ਨਹੀਂ ਲਗਾ ਕੇ ਬੈਠੇ ਕਿ ਸਿਰਫ਼ ਔਰਤ ਹੀ ਔਰਤ ਦੀ ਦੁਸ਼ਮਣ ਹੈ ਬਲਕਿ ਉਹ ਅਜਿਹਾ ਘਿਨਾਉਣਾ ਕਾਰਾ ਕਰਨ ਵਾਲਿਆਂ ਮਰਦਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ। ਹਾਲੇ ਵੀ ਕਾਨੂੰਨ ਦੇ ਘਾੜੇ ਹਨ ਜੋ ਔਰਤਾਂ ਪ੍ਰਤੀ ਹੋ ਰਹੇ ਘਿਨਾਉਣੇ ਜੁਰਮਾਂ ਅਤੇ ਉਸ ਦੀ ਇੱਜ਼ਤ ਤਾਰ-ਤਾਰ ਕਰਨ ਵਾਲਿਆਂ ਲਈ ਤਕੜੀ ਸਜ਼ਾ ਦੇਣ ਲਈ ਤਿਆਰ ਹਨ। ਬਥੇਰੇ ਡਾਕਟਰ ਵੀ ਹਨ ਜੋ ਜਬਰ-ਜ਼ਿਨਾਹ ਕਰਨ ਵਾਲਿਆਂ ਦਾ ਅੰਗ ਵੱਢ ਕੇ ਨਪੁੰਸਕ ਬਣਾਉਣ ਨੂੰ ਤਿਆਰ ਬੈਠੇ ਹਨ। ਬਥੇਰੇ ਪਿਓ ਵੀ ਹਨ ਜੋ ਦੂਜਿਆਂ ਦੀਆਂ ਧੀਆਂ ਬਚਾਉਣ ਲਈ ਸਭ ਕੁੱਝ ਵਾਰ ਦਿੰਦੇ ਹਨ। ਅਧਿਆਪਕ ਵਰਗ ਵਿੱਚ ਵੀ ਬਥੇਰੇ ਭਲੇ ਮਾਨਸ ਹਨ, ਪਰ ਖ਼ਾਮੋਸ਼ ਰਹਿ ਜਾਣਾ ਉਨ੍ਹਾਂ ਨੂੰ ਜੁਰਮ ਦਾ ਭਾਗੀਦਾਰ ਬਣਾ ਦਿੰਦਾ ਹੈ।

ਇਹ ਸਮਾਜ ਦਰਅਸਲ ਚੰਗੇ ਲੋਕਾਂ ਦੀ ਚੁੱਪੀ ਕਾਰਨ ਵੱਧ ਬੀਮਾਰ ਹੋ ਗਿਆ ਹੈ ! ਕਿਉਂ ਨਹੀਂ ਰਲ਼ ਮਿਲ ਕੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਅਜਿਹਾ ਕਾਰਾ ਕਰਨ ਵਾਲਿਆਂ ਨੂੰ ਫਾਹੇ ਟੰਗ ਦਿੱਤਾ ਜਾਂਦਾ ਤਾਂ ਜੋ ਅੱਗੇ ਤੋਂ ਮਾੜੀ ਸੋਚ ਵਾਲਿਆਂ ਦੇ ਦਿਲ ਦਹਿਲ ਜਾਣ ? ਕਦੇ ਤਾਂ ਉੱਠੀਏ ਮਾਂ ਦੇ ਦੁੱਧ ਦਾ ਕਰਜ਼ ਲਾਹੁਣ ਲਈ !  ਸੁਰਜੀਤ ਪਾਤਰ ਜੀ ਨੇ ਸਹੀ ਹਲੂਣਿਆ ਹੈ ‘ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ। ਹਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ। ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ। ਬਾਲ ਜੋਤਾਂ ਆਸ ਭਰੀਆਂ ਮਾਣ ਮੱਤੀਆਂ। ਉੱਠ ਜਗਾ ਦੇ ਮੋਮਬੱਤੀਆਂ। ਮੰਨਿਆ ਕਿ ਰਾਜ ਨ੍ਹੇਰੇ ਦਾ ਹਠੀਲਾ ਪਰ ਅਜੇ ਜੀਊਂਦਾ ਹੈ ਕਿਰਨਾਂ ਦਾ ਕਬੀਲਾ। ਕਾਲਿਆਂ ਸਫ਼ਿਆਂ ਤੇ ਸਤਰਾਂ ਲਾਲ ਰੱਤੀਆਂ। ਉਠ ਜਗਾ ਦੇ ਮੋਮਬੱਤੀਆਂ !’

ਲੋੜ ਹੈ ਅਜਿਹੀ ਇੱਕ-ਇੱਕ ਮੋਮਬੱਤੀ ਜੋੜ ਵੱਡੀ ਲਾਟ ਬਣਾਉਣ ਦੀ, ਜਿਸ ਵਿੱਚ ਜੁਰਮ ਕਰਨ ਵਾਲੇ ਭਸਮ ਕਰ ਦਿੱਤੇ ਜਾਣ ਤੇ ਮਾੜੀ ਸੋਚ ਵੀ ਨਪੁੰਸਕ ਬਣ ਜਾਏ !  ਫੇਰ ਹੀ ਸਮਾਜ ਦਾ ਘਿਨਾਉਣਾ ਰੂਪ ਸੁਧਾਰਿਆ ਜਾ ਸਕੇਗਾ !

ਕੀ ਖੱਟਿਆ ਤੇ ਕੀ ਗਵਾਇਆ ?

0

ਕੀ ਖੱਟਿਆ ਤੇ ਕੀ ਗਵਾਇਆ ?

ਨਵਗੀਤ ਕੌਰ ਲੁਧਿਆਣਾ।

ਪੈਰ ਤੇਰੇ ਦਾ ਪਿੱਛਾ ਕਰਦੇ ਸਾਰੀ ਦੁਨੀਆ ਪੈਰੀਂ ਗਾਹ ’ਤੀ।

ਕਾਮ ਕ੍ਰੋਧ ਦੇ ਧੇਕੇ ਚੜ੍ਹ ਕੇ ਸਾਰੀ ਉਮਰ ਹੀ ਦਾਅ ਤੇ ਲਾ ’ਤੀ।

ਰੱਬ ਰੱਬ ਕਰਨਾ ਜੁਰਮ ਹੋ ਗਿਆ ਯਾਰਾਂ ਸਾਰੇ ਭੰਡੀ ਪਾ ’ਤੀ।

ਕੂੜੀ ਦੁਨੀਆ ਕੁੜ ਵਿਹਾਝੀ ਕੂੜੇ ਲਾਰੇ ਉਮਰ ਲੰਘਾ ’ਤੀ।

ਮੈਂ ਲੋਚਾਂ ਉਸ ਰੱਬ ਦੀਆਂ ਦੀਦਾਂ, ਰੱਬ ਨੇ ਅੱਗਿਓਂ ਵਹੀ ਦਿਖਾ ’ਤੀ।

ਇਸ ਧਰਤੀ ਦਾ ਬੰਦਾ ਰੱਬ ਏ, ਬੰਦੇ ਦੇ ਕਿਸੇ ਕੰਨੀਂ ਪਾ ’ਤੀ।

ਕੀ ਖੱਟਿਆ ਤੇ ਕੀ ਗਵਾਇਆ ? ਏਸ ਗਣਤ ’ਚ ਵਾਟ ਮੁਕਾ ’ਤੀ।

ਆਖ਼ਿਰ ਛੱਡ ਜਹਾਨੋ ਤੁਰਿਆ, ਤਨ ਦੀ ਲੋਈ ਅੱਗ ਨੇ ਲਾਹ ’ਤੀ।

ਪਦ ਅਰਥ: ਦੀਦਾਂ-ਦੀਦਾਰ (ਦਰਸ਼ਨ)

ਜ਼ਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

0

ਜ਼ਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਡਾ. ਹਰਮਿੰਦਰ ਸਿੰਘ ‘ਸਹਿਜ’-97819-93037

ਰਹੀਆਂ ਨਾ ਹੁਣ ਦਿਲ ਦੀਆਂ ਸਾਂਝਾ, ਨਾ ਉਹ ਪਿਆਰ ਕਲ਼ਾਵੇ।

ਜੰਗਲ਼ ਦੇ ਵਿੱਚ ਭੱਜੇ ਫਿਰਦੇ, ਕੋਈ ਨਾ ਕਿਸੇ ਬੁਲਾਵੇ।

ਆਪੋ ਧਾਪੀ ਦੇ ਆਲਮ ਵਿੱਚ, ਚਾਅ ਗਏ ਸਭ ਦੱਬੇ।

ਜਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਜੀਵਨ ਦਾ ਉਹ ਸਮਾਂ ਸੁਨਹਿਰਾ, ਮੁੜ ਕੇ ਕਦੇ ਨਾ ਆਇਆ।

ਓਸ ਸਮੇਂ ਦੀਆਂ ਯਾਦਾਂ ਨੇ ਹੈ, ਧੁਰ ਤਾਈਂ ਦਿਲ ਹਿਲਾਇਆ।

ਪੌਣ ਕੰਧਾੜੇ ਚੜ੍ਹ ਕੇ ਆਵਣ, ਯਾਦਾਂ ਭਰ ਭਰ ਥੱਬੇ।

ਜਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਜਿਸ ਮੌਲਾਂ ਨੇ ਸ੍ਰਿਸ਼ਟੀ ਸਾਜੀ, ਉਸ ਦੀ ਖੇਡ ਨਿਆਰੀ।

ਆਵਣ ਜਾਣਾ ਖੇਲ ਬਣਾਇਆ, ਸੱਚਾ ਹੁਕਮ ਅਪਾਰੀ।

ਉਸ ਦੀ ਮਹਿਮਾ ਉਚਿਓਂ ਉੱਚੀ, ਸਹਿਜ ਉਸੇ ਨੂੰ ਫੱਬੇ।

ਜਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਹਾਏ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਹਾਜਿਰ ਹਜੂਰਿ ਖੁਦਾਇ (ਭਾਗ ਪਹਿਲਾ)

0

ਹਾਜਿਰ ਹਜੂਰਿ ਖੁਦਾਇ (ਭਾਗ ਪਹਿਲਾ)

ਗਿਆਨੀ ਸੰਤ ਸਿੰਘ ‘ਮਸਕੀਨ’

 ਬੇਸੁਮਾਰ ਅਥਾਹ ਅਗਨਤ ਅਤੋਲੈ   ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ (ਗਉੜੀ ਸੁਖਮਨੀ, ਮਹਲਾ , ਪੰਨਾ ੨੯੨) ਬੁਨਿਆਦੀ ਗੱਲ, ਸਾਰੇ ਕਥਾ ਕੀਰਤਨ, ਸੇਵਾ ਸਿਮਰਨ, ਦਾਨ ਪੁੰਨ, ਇਸ ਦਾ ਜੋ ਸਾਰ ਤੱਤ ਹੈ, ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੁਣਨਾ ਸੁਣਾਉਣਾ, ਦਾਨ ਪੁੰਨ, ਸੇਵਾ, ਇਸ ਸਭ ਕੁਝ ਨੂੰ ਬਾਣੀ ਨੇ ਇਸ ਤਰ੍ਹਾਂ ਤਸ਼ਬੀਹ (ਮਿਸਾਲ) ਦਿੱਤੀ ਹੈ; ਜਿਵੇਂ ਇਹ ਬੀਜ ਹੈ, ਫਲ ਨਹੀਂ। ਮਿੱਠੇ ਤੋਂ ਮਿੱਠੇ ਫਲਾਂ ਦਾ ਬੀਜ ਭੀ ਕੌੜਾ ਹੁੰਦਾ ਹੈ। ਸੁੰਦਰ ਤੋਂ ਸੁੰਦਰ ਫੁੱਲਾਂ ਦਾ ਬੀਜ ਭੀ ਕਰੂਪ ਹੁੰਦਾ ਹੈ। ਫੁੱਲ ਦਾ ਬੀਜ ਸੁੰਦਰ ਨਹੀਂ ਹੁੰਦਾ। ਕਿਸੇ ਭੀ ਫੁੱਲ ਦਾ ਬੀਜ ਲੈ ਲਵੋ, ਉਹ ਸੁੰਦਰ ਨਹੀਂ। ਫੁੱਲ ਕੋਮਲ ਹੈ, ਬੀਜ ਕਠੋਰ ਹੈ। ਫੁੱਲ ਸੁੰਦਰ ਹੈ, ਬੀਜ ਕਰੂਪ। ਇਸੇ ਤਰ੍ਹਾਂ ਫਲਾਂ ਦੇ ਬੀਜ ਵਿੱਚ ਮਿਠਾਸ ਨਹੀਂ, ਮਿਠਾਸ ਫਲ਼ ਵਿੱਚ ਹੁੰਦੀ ਹੈ। ਕੋਈ ਦਾਨ ਕਰ ਰਿਹੈ, ਕੋਈ ਪੁੰਨ ਕਰ ਰਿਹੈ, ਕੋਈ ਸੇਵਾ ਕਰ ਰਿਹੈ, ਕੋਈ ਤੀਰਥਾਂ ਦਾ ਰਟਨ ਕਰ ਰਿਹੈ, ਕੋਈ ਮੰਦਿਰ, ਮਸਜਿਦ, ਗੁਰਦੁਆਰੇ ਜਾ ਰਿਹੈ, ਇਹ ਸਭ ਬੀਜ ਰੂਪ ਹੈ, ਰਸ ਨਹੀਂ ਕਿਉਂਕਿ ਬੀਜ ਵਿੱਚ ਰਸ ਨਹੀਂ ਹੁੰਦਾ। ਬੀਜ ਨੂੰ ਖਾਈਏ ਤਾਂ ਕੌੜਾ ਹੁੰਦਾ ਹੈ। ਦਾਨ ਭੀ ਕਰ ਰਿਹੈ, ਪੁੰਨ ਭੀ ਕਰ ਰਿਹੈ। ਸ਼ਾਇਦ ਥੱਕਦਾ ਭੀ ਹੈ, ਟੁੱਟਦਾ ਭੀ ਹੈ, ਇਸ ਸਭ ਕੁਝ ਨੂੰ ਕਰਮਕਾਂਡ ਗੁਰਮਤਿ ਅਨੁਸਾਰ ਕਹਿੰਦੇ ਹਨ। ਸਰੀਰ ਜੋ ਕੁਝ ਭੀ ਕਰੇਗਾ, ਉਹ ਕਰਮ ਹੈ ਅਤੇ ਕਰਮ ਬੀਜ ਹੁੰਦਾ ਹੈ। ਇਸ ਕਰਮ ਬੀਜ ਦਾ ਫਲ ਹੈ ‘ਗਿਆਨ’। ਗਿਆਨ ਤੋਂ ਮੁਰਾਦ ਕਿਧਰੇ ਅੱਖਰੀਂ ਗਿਆਨ ਨਾ ਲੈ ਲੈਣਾ। ਅਨੁਭਵੀ ਗਿਆਨ, ਜੋ ਕਰਮਕਾਂਡ ਦੇ ਬੀਜ ਤੋਂ ਪੈਦਾ ਹੁੰਦੈ। ਕਿਸੇ ਭੀ ਕਰਮਕਾਂਡ ’ਚ ਰਸ ਨਹੀਂ, ਚਾਹੇ ਕੋਈ ਤੀਰਥਾਂ ’ਤੇ ਜਾ ਰਿਹੈ, ਚਾਹੇ ਕੋਈ ਪਾਠ ਪੂਜਾ ਕਰ ਰਿਹੈ। ਇਸ ਦਾ ਇਹ ਮਤਲਬ ਨਹੀਂ ਕਿ ਜੇਕਰ ਬੀਜ ਕਰੂਪ ਹੈ ਤਾਂ ਸਾੜ ਦੇਈਏ, ਗਾਲ਼ ਦੇਈਏ, ਪਰੇ ਸੁੱਟ ਦੇਈਏ। ਨਹੀਂ, ਬੀਜ ਕਠੋਰ ਜ਼ਰੂਰ ਹੈ, ਪਰ ਕੋਮਲਤਾ ਉਸ ਵਿੱਚੋਂ ਹੀ ਪ੍ਰਗਟ ਹੋਣੀ ਹੈ। ਬੀਜ ਕੌੜਾ ਜ਼ਰੂਰ ਹੈ, ਪਰ ਮਿਠਾਸ ਉਸੇ ਵਿੱਚੋਂ ਪ੍ਰਗਟ ਹੁੰਦੀ ਹੈ। ਬੀਜ ਕਰੂਪ ਜ਼ਰੂਰ ਹੈ, ਪਰ ਸੁਹੱਪਣ ਉਸੇ ਵਿੱਚੋਂ ਪ੍ਰਗਟ ਹੁੰਦੈ ‘‘ਫਲ ਕਾਰਨ ਫੂਲੀ ਬਨਰਾਇ   ਫਲੁ ਲਾਗਾ ਤਬ ਫੂਲੁ ਬਿਲਾਇ   ਗਿਆਨੈ ਕਾਰਨ ਕਰਮ ਅਭਿਆਸੁ   ਗਿਆਨੁ ਭਇਆ ਤਹ ਕਰਮਹ ਨਾਸੁ ’’ (ਭੈਰਉ, ਭਗਤ ਰਵਿਦਾਸ, ਪੰਨਾ ੧੧੬੭)

ਗਿਆਨ ਤਕ ਪਹੁੰਚੇ ਹੋਏ ਅਨੁਭਵੀ ਪੁਰਸ਼ ਨੂੰ ਕਰਮਕਾਂਡ ਦੀ ਲੋੜ ਨਹੀਂ ਰਹਿੰਦੀ ਅਤੇ ਬਹੁਤੇ ਕਰਮਕਾਂਡੀ ਉਸ ਨੂੰ ਨਾਸਤਿਕ ਭੀ ਕਹਿ ਸਕਦੇ ਹਨ। ਬਈ ਇਹ ਤਾਂ ਕਰਮਕਾਂਡ ਕਰਦਾ ਹੀ ਨਹੀਂ। ਹੁਣ ਕੌਣ ਦੱਸੇ ਕਿ ਬੀਜ ਫਲ਼ ਬਣ ਗਿਐ। ਬੀਜ ਦੀ ਕੁੜੱਤਣ ਮਿਠਾਸ ’ਚ ਬਦਲ ਗਈ ਹੈ। ਬੀਜ ਦੀ ਸਖ਼ਤੀ ਕੋਮਲਤਾ ’ਚ ਬਦਲ ਗਈ ਹੈ। ਬੀਜ ਦਾ ਕਰੂਪਪੁਣਾ ਸੁਹੱਪਣ ’ਚ ਬਦਲ ਗਿਆ ਹੈ। ਮੈਂ ਅਰਜ਼ ਕਰਾਂ, ਇਕ ਬੁਨਿਆਦੀ ਨੁਕਤਾ ਇਸ ਵਾਸਤੇ ਰੱਖ ਰਿਹਾ ਹਾਂ ਕਿਉਂਕਿ ਤਿੰਨ ਦਿਨ ਦੀ ਆਪ ਦੀ ਬੜੀ ਮਿਹਨਤ ਹੈ। ਆਪ ਦੂਰ ਦੂਰ ਤੋਂ ਚੱਲ ਕੇ ਆਏ ਹੋ। ਭਾਵੇਂ ਦਸ ਫ਼ੀਸਦੀ ਸੰਗਤ ਇੱਥੇ ਅਲਵਰ ਦੀ ਹੈ, ਬਾਕੀ ਸਭ ਬਾਹਰੋਂ ਆਏ ਹਨ। ਸਮਾਂ ਅਤੇ ਪੈਸਾ ਖ਼ਰਚ ਕਰ ਕੇ ਆਏ ਹਨ। ਇਕ ਬੁਨਿਆਦੀ ਗੱਲ, ਉਹ ਆਪ ਜ਼ਰੂਰ ਲੈ ਜਾਓ, ਇਸ ਵਾਸਤੇ ਮੈਂ ਬਿਆਨ ਕਰ ਰਿਹਾ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਐਸਾ ਫ਼ੁਰਮਾਨ ਹੈ ਕਿ ਇਹ ਸਾਰਾ ਆਕਾਸ਼, ਜੋ ਕੁਝ ਭੀ ਇਨ੍ਹਾਂ ਅੱਖਾਂ ਨਾਲ ਵੇਖਦੇ ਹਾਂ, ਜੜ੍ਹ ਹੈ, ਚੇਤਨ ਹੈ, ਸੂਖਸ਼ਮ ਹੈ, ਅਸਥੂਲ ਹੈ, ਸ਼ਬਦ ਤੋਂ ਆਇਐ, ਆਵਾਜ਼ ਤੋਂ ਆਇਐ ਅਤੇ ਐਸਾ ਕੇਵਲ ਗੁਰੂ ਨਾਨਕ ਜੀ ਨੇ ਹੀ ਨਹੀਂ ਆਖਿਆ, ਲਗਭਗ ਸਾਰੇ ਹੀ ਅਵਤਾਰੀ ਪੁਰਸ਼ਾਂ ਨੇ ਆਖਿਐ। ਇਹ ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਐ। ਜੇਕਰ ਸ਼ਬਦ ਤੋਂ ਆਇਐ ਤਾਂ ਜਿੱਥੋਂ ਆਇਐ, ਉਸੇ ਵਿੱਚ ਹੀ ਪ੍ਰਵੇਸ਼ ਕਰਨੈ, ਤਾਂ ਕਿਸ ਤਰ੍ਹਾਂ ਕਰੇ  ? ਅਕਸਰ ਘਰ ਦੇ ਜਿਸ ਦਰਵਾਜ਼ੇ ਤੋਂ ਬਾਹਰ ਆਈਦਾ ਹੈ, ਉਸੇ ਹੀ ਦਰਵਾਜ਼ੇ ਤੋਂ ਅੰਦਰ ਪ੍ਰਵੇਸ਼ ਕਰੀਦਾ ਹੈ। ਇਵੇਂ ਹੀ ਜੇਕਰ ਸ਼ਬਦ ਤੋਂ ਬ੍ਰਹਿਮੰਡ ਬਾਹਰ ਆਇਐ, ਤਾਂ ਸ਼ਬਦ ਕਰਕੇ ਹੀ ਅੰਦਰ ਪ੍ਰਵੇਸ਼ ਮਿਲੇਗਾ ‘‘ਉਤਪਤਿ ਪਰਲਉ ਸਬਦੇ ਹੋਵੈ   ਸਬਦੇ ਹੀ ਫਿਰਿ ਓਪਤਿ ਹੋਵੈ ’’  (ਮਾਝ, ਮਹਲਾ , ਪੰਨਾ ੧੧੭)

ਇਹ ਉਤਪਤੀ, ਪਸਾਰਾ ਸ਼ਬਦ ਤੋਂ ਹੋਇਐ ਤਾਂ ਉਸ ਵਿੱਚ ਨਿਵਾਸ ਭੀ ਸ਼ਬਦ ਦੁਆਰਾ ਹੀ ਹੋਏਗਾ। ਸ਼ਬਦ ਆਉਣ ਜਾਣ ਦਾ ਇਕ ਜ਼ਰੀਆ ਹੈ। ਜਿਵੇਂ ਇਕ ਘਰ ਦਾ ਦਰਵਾਜ਼ਾ ਹੈ, ਦਰਵਾਜ਼ੇ ਰਾਹੀਂ ਬਾਹਰ ਜਾਣੈ, ਦਰਵਾਜ਼ੇ ਰਾਹੀਂ ਅੰਦਰ ਆਉਣੈ। ਸ਼ਬਦ; ਦੁਆਰ ਹੈ। ਸ਼ਬਦ ਦਰਵਾਜ਼ਾ ਹੈ। ਜੇਕਰ ਪਰਮਾਤਮਾ ਨੂੰ ‘ਘਰ’ ਮੰਨ ਲਈਏ ਤਾਂ ਫਿਰ ਸ਼ਬਦ ਨੂੰ ‘ਦਰ’ ਮੰਨਣਾ ਪਵੇਗਾ। ਸ਼ਬਦ ਦਰ ਹੈ, ਬੁਨਿਆਦੀ ਨੁਕਤਾ ਝੋਲ਼ੀ ’ਚ ਪਾਉਣੈ। ਜੇਕਰ ਪਰਮਾਤਮਾ ਪ੍ਰਕਾਸ਼ ਹੈ ਤਾਂ ਸ਼ਬਦ ਆਵਾਜ਼ ਹੈ, ਧੁਨੀ ਹੈ। ਉਹ ਪਰਮ ਪਿਤਾ, ਪ੍ਰਕਾਸ਼ਮਾਨ ਹੈ। ਉਹੀ ਘਰ ਹੈ, ਸਾਰੀ ਮਖ਼ਲੂਕ (ਰਚਨਾ) ਦਾ ਘਰ ਹੈ, ਜਿਸ ਦਾ ਦਰ ਹੈ ‘ਸ਼ਬਦ’। ਇਸਲਾਮ ਦੀ ਬਾਣੀ ਅਤੇ ਈਸਾਈਅਤ ਦੇ ਜਨਮ-ਦਾਤਾ ਕਹਿੰਦੇ ਹਨ ਕਿ ਜਗਤ; ਲਾਗੋਸ ਨਾਮ ਦੀ ਧੁਨੀ ਤੋਂ, ਕੁਨ ਨਾਮ ਦੀ ਧੁਨੀ ਤੋਂ ਆਇਐ। ਅਰਬ ਦੇ ਸੰਤ ਜਨਾਂ ਦੀ ਗੱਲ ਕਰੀਏ ਜਾਂ ਜੈਨੀਆਂ ਦੀ। ਰਾਜਸਥਾਨ ’ਚ ਚੰਗੀ ਚੋਖੀ ਗਿਣਤੀ ਹੈ ਇਨ੍ਹਾਂ ਦੀ। ਥੋੜ੍ਹੇ ਦਿਨ ਹੋਏ ਸਰਬ ਧਰਮ ਸੰਮੇਲਨ ਭੀ ਹੋਇਆ ਸੀ। ਦਾਸ ਨੂੰ ਭੀ ਬੁਲਾਇਆ ਸੀ ਐਤਕੀਂ। ਉਹ ਕਹਿੰਦੇ ਰਹੇ ਕਿ ਜਦ ਇਹ ਸਮਾਗਮ ਹੋਵੇਗਾ ਸਾਨੂੰ ਦੱਸਣਾ, ਅਸੀਂ ਸਾਰੇ ਆਵਾਂਗੇ। ਅਸੀਂ ਗੁਰੂ ਨਾਨਕ ਦੀ ਬਾਣੀ ਸੁਣਨਾ ਚਾਹੁੰਦੇ ਹਾਂ। ਸਾਨੂੰ ਬੜਾ ਬੋਧ ਮਿਲਿਐ। ਜੈਨ ਧਰਮ ਦੇ ਬਾਨੀ ਸਵਾਮੀ ਮਹਾਂਬੀਰ, ਉਹ ਕਹਿੰਦੇ ਹਨ ਕਿ ਇਹ ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਐ। ਉਪਨਿਸ਼ਦਾਂ ਦੇ ਰਿਸ਼ੀ ਭੀ ਐਸਾ ਹੀ ਕਹਿੰਦੇ ਹਨ। ਵੈਦਿਕ ਰਿਸ਼ੀ, ਸ਼ਬਦ ਦੱਸਦੇ ਹਨ। ਉਪਨਿਸ਼ਦਾਂ ਦੇ ਰਿਸ਼ੀ ‘ਓਮ’ ਦੱਸਦੇ ਹਨ। ‘ਓਮ’ ਬ੍ਰਹਿਮੰਡ ਦੀ ਧੁਨੀ ਹੈ। ਇਸ ਤੋਂ ਜਗਤ ਹੋਇਐ। ਮਹਾਂਬੀਰ ਕਹਿੰਦੇ ਹਨ ਕਿ ਓਂਕਾਰ ਬ੍ਰਹਿਮੰਡ ਦੀ ਧੁਨੀ ਹੈ, ਇਸੇ ਤੋਂ ਜਗਤ ਆਇਐ।

ਚਲੋ, ਇਹ ਤਾਂ ਜਗਤ ਦੇ ਬੇਸ਼ਤਰ (ਬਹੁਤ ਚੰਗੇ) ਮਹਾਂਪੁਰਸ਼ਾਂ ਦਾ ਕਹਿਣਾ ਹੈ, ਪਰ ਮੈਂ ਅਰਜ਼ ਕਰਾਂ, ਇਕ ਮਹਾਂਪੁਰਸ਼ ਜੋ ਕਹੇਗਾ, ਦੂਸਰਾ ਮਹਾਂਪੁਰਸ਼ ਉਸ ਤੋਂ ਉਲਟ ਨਹੀਂ ਕਹਿ ਸਕਦਾ। ਜੇ ਉਲਟ ਕਹਿ ਰਿਹੈ ਤਾਂ ਉਹ ਮਹਾਂਪੁਰਸ਼ ਨਹੀਂ।  ਕਹਾਵਤ ਹੈ ਕਿ ਸੌ ਸਿਆਣੇ ਇੱਕੋ ਮਤਿ। ਸੌ ਸਿਆਣੇ ਇਕ ਸਚਾਈ ਬਿਆਨ ਕਰਨਗੇ ਜਾਂ ਇਕ ਸਿਆਣਾ ਸਚਾਈ ਬਿਆਨ ਕਰੇਗਾ ਤੇ ਨੜ੍ਹਿੰਨਵੇਂ ਸਹਿਮਤ ਹੋ ਜਾਣਗੇ। ਕਹਿੰਦੇ ਹਨ, ਸੋ ਸਿਆਣਿਆਂ ਦਾ ਸਹਿਮਤ ਹੋਣਾ ਸੁਭਾਵਕ ਹੈ। ਦੋ ਮੂਰਖਾਂ ਦਾ ਮੇਲ ਨਾ ਹੋਣਾ, ਆਪਸ ਵਿੱਚ ਸਹਿਮਤ ਨਾ ਹੋਣਾ, ਇਹ ਭੀ ਮੂਰਖਤਾ ਦਾ ਸੁਭਾਅ ਹੈ। ਕਾਰਨ, ਮੂਰਖ ਸੁਣਦਾ ਨਹੀਂ। ਇਕ ਬੋਲ ਰਿਹੈ, ਦੂਸਰਾ ਮੂਰਖ ਸੁਣਦਾ ਨਹੀਂ। ਉਹ ਇਹੀ ਸੋਚ ਰਿਹੈ ਕਿ ਇਹ ਚੁੱਪ ਕਰੇ ਤਾਂ ਮੈਂ ਬੋਲਾਂ। ਨਹੀਂ ਸੁਣਦਾ, ਮੂੜ੍ਹ ਸੁਣਾਣ ਵਿੱਚ ਹੀ ਰਸ ਲੈਂਦਾ ਹੈ। ਕਹਿੰਦੇ ਹਨ ਮਨ ਤਾਂ ਸਦਾ ਹੀ ਬੋਲਦਾ ਹੈ। ਮਨ ਨੂੰ ਖ਼ੁਸ਼ੀ ਮਿਲਦੀ ਹੈ ਵਕਤਾ ਬਣਨ ਵਿੱਚ, ਮਨ ਹਰ ਵਕਤ ਬੋਲ ਰਿਹੈ। ਮੈਂ ਬੇਅਦਬੀ ਨਾ ਕਰਾਂ, ਆਪ ਇੰਨੇ ਸਾਰੇ ਬੈਠੇ ਹੋ, ਕੁਝ ਨਾ ਕੁਝ ਤਾਂ ਮਨ; ਹਰ ਇੱਕ ਦਾ ਬੋਲ ਰਿਹੈ। ਇਹ ਨਹੀਂ ਚੁੱਪ ਕਰਦਾ। ਭਾਵੇਂ ਕੀਰਤਨ ਦੇ ਰਾਹੀਂ ਗੁਰੂ ਨਾਨਕ ਪਏ ਬੋਲਦੇ ਹਨ, ਪਾਠ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਪਏ ਬੋਲਦੇ ਹਨ, ਸ਼ਬਦਾਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਵਾਜ਼ ਪਈ ਗੁੰਜਦੀ ਹੈ, ਪਰ ਮਨ ਆਪਣੇ ਹੀ ਬੋਲ ਸੁਣਾਈ ਜਾ ਰਿਹਾ ਹੈ। ਮਨ ਸੁਣਦਾ ਨਹੀਂ, ਮਨ ਸੁਣਾਂਦੈ। ਸੁਣਨ ਵਿੱਚ ਰੁਚੀ ਨਹੀਂ ਇਸ ਦੀ। ਮਨ ਖ਼ਾਮੋਸ਼ ਹੋ ਜਾਏ ਤਾਂ ਮਨ ਦੀ ਖ਼ਾਮੋਸ਼ੀ ਨੂੰ ਸਮਾਧੀ ਕਹਿੰਦੇ ਹਨ। ਮਨ ਖ਼ਾਮੋਸ਼ ਹੋਏਗਾ ਬਸ਼ਰਤੇ ਕਿ ਇਹ ਸੁਣੇ। ਸੁਣਨਾ ਧਿਆਨ ਪੂਰਬਕ ਹੋਵੇਗਾ। ਸੋ ਧਰਮ ਦੀ ਸਾਰੀ ਸਾਧਨਾ ਧਿਆਨ-ਸਾਧਨਾ ਹੈ। ਸਾਰੇ ਧਰਮ ਕਾਂਡ ਦਾ ਆਖ਼ਰ ਨਿਚੋੜ ਹੈ-ਧਿਆਨ ਦੀ ਇਕਾਗਰਤਾ, ਪਰ ਇਸ ਦਾ ਖੁਲਾਸਾ ਕਰਨ ਤੋਂ ਪਹਿਲੇ ਮੈਂ ਅਰਜ਼ ਕਰਾਂ ‘ਇਹ ਠੀਕ ਹੈ ਕਿ ਸ਼ਬਦ ਦੇ ਰਾਹੀਂ ਜਗਤ ਆਇਐ, ਸ਼ਬਦ ਦੇ ਰਾਹੀਂ ਹੀ ਪ੍ਰਵੇਸ਼ ਹੋਵੇਗਾ। ਸ਼ਬਦ ਨੂੰ ਕੋਈ ਓਮ ਕਹਿੰਦੈ। ਮਹਾਂਬੀਰ ਕਹਿੰਦੇ ਹਨ-ਓਮਕਾਰ ਹੈ। ਗੁਰੂ ਨਾਨਕ ਜੀ ਕਹਿੰਦੇ ਹਨ-ਓਅੰਕਾਰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ-ਓਅੰਕਾਰ। ਭਗਤ ਕਬੀਰ ਜੀ ਕਹਿੰਦੇ ਹਨ-ਓਅੰਕਾਰ।’ ਜਿਹੜੇ ਕਦੀ ਸ਼ਬਦਾਂ ਦੀ ਗਹਿਰਾਈ ਵਿੱਚ ਗਏ ਹਨ ਅਤੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਉੱਥੇ ਆਵਾਜ਼ ਦੀ, ਸ਼ਬਦ ਦੀ ਬੜੀ ਮਹਿਮਾ ਹੈ।

ਨੱਬੇ ਫ਼ੀਸਦੀ ਜੋ ਕੁਝ ਭੀ ਸਾਡੇ ਸਰੀਰ ’ਚ ਜਾਂਦੈ, ਉਹ ਮੂੰਹ ਰਾਹੀਂ ਜਾਂਦੈ। ਪਾਣੀ ਹੈ, ਤਰ੍ਹਾਂ ਤਰ੍ਹਾਂ ਦਾ ਅੰਨ ਹੈ ਜਾਂ ਪਵਨ ਹੈ, ਸੁਆਸ ਭੀ ਜ਼ਿਆਦਾ ਮੂੰਹ ਦੇ ਰਾਹੀਂ ਲੈਂਦੇ ਹਾਂ। ਨੱਬੇ ਫ਼ੀਸਦੀ ਖ਼ੁਰਾਕ ਮੂੰਹ ਦੇ ਰਾਹੀਂ ਅੰਦਰ ਜਾਂਦੀ ਹੈ ਤਾਂ ਅਸੀਂ ਜਿਊਂਦੇ ਹਾਂ, ਵਧਦੇ ਹਾਂ, ਸਰੀਰ ਬਣਦਾ ਰਹਿੰਦੈ ਅਤੇ ਨੱਬੇ ਫ਼ੀਸਦੀ ਹੀ ਅਸੀਂ ਮੂੰਹ ਦੇ ਰਾਹੀਂ ਬੋਲ ਕੇ ਬਾਹਰ ਪ੍ਰਗਟ ਹੁੰਦੇ ਹਾਂ। ਅਸੀਂ ਕੀ ਹਾਂ ? ਸਾਡਾ ਬੋਲਣਾ ਦੱਸਦਾ ਹੈ। ਸੋ ਨੱਬੇ ਫ਼ੀਸਦੀ ਜੋ ਅੰਦਰ ਜਾਂਦੈ, ਮੂੰਹ ਦੇ ਰਾਹੀਂ ਹੀ ਜਾਂਦੈ ਤੇ ਨੱਬੇ ਫ਼ੀਸਦੀ ਸਾਡੀ ਸ਼ਖ਼ਸੀਅਤ ਜੋ ਪ੍ਰਗਟ ਹੁੰਦੀ ਹੈ, ਉਹ ਭੀ ਮੂੰਹ ਦੇ ਰਾਹੀਂ ਹੀ ਪ੍ਰਗਟ ਹੁੰਦੀ ਹੈ। ਕੌੜੇ ਬੋਲ ਬੋਲਣ ਵਾਲਾ ਮਨੁੱਖ ਮਹਾਨ ਨਹੀਂ ਹੁੰਦਾ, ਝੂਠ ਤੇ ਮਿਥਿਆ ਬੋਲਣ ਵਾਲਾ ਮਨੁੱਖ ਮਹਾਨ ਨਹੀਂ ਹੁੰਦਾ। ਬੋਲ ਕੇ ਚੋਟ ਪਹੁੰਚਾਉਣ ਵਾਲਾ ਮਨੁੱਖ ਤਾਂ ਪੱਥਰ ਦੀ ਤਰ੍ਹਾਂ ਹੈ। ਜਿਸ ਦੇ ਬੋਲ ਪੱਥਰ ਹਨ, ਉਹ ਖ਼ੁਦ ਵੀ ਪੱਥਰ ਹੈ, ਜਿਸ ਦੇ ਬੋਲ ਕੌੜੇ ਹਨ, ਸ਼ਾਇਦ ਉਹ ਮਿਰਚ ਹੀ ਹੈ, ਮਿਰਚ ਹੀ ਹੋਵੇਗਾ, ਮਿਰਚ ਭੀ ਕਾਹਨੂੰ ਕਹੀਏ, ਜ਼ਹਿਰ ਹੀ ਹੈ। ਮਹਾਰਾਜ ਤਾਂ ਕਹਿੰਦੇ ਹਨ ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ’’ (ਆਸਾ ਕੀ ਵਾਰ, ਮਹਲਾ , ਪੰਨਾ ੪੭੩)  ਚਾਹੇ ਘਰੇਲੂ ਹਨ, ਚਾਹੇ ਬਾਹਰ ਦੇ, ਨੱਬੇ ਫ਼ੀਸਦੀ ਝਗੜੇ ਬੋਲ ਕਾਰਨ ਹੀ ਹੁੰਦੇ ਹਨ ‘‘ਬੋਲਤ ਬੋਲਤ ਬਢਹਿ ਬਿਕਾਰਾ ’’ (ਗੋਂਡ, ਭਗਤ ਕਬੀਰ, ਪੰਨਾ ੮੭੦)

ਘਰੇਲੂ ਝਗੜਿਆਂ ਦੀ ਤਹਿ ਵਿੱਚ ਭੀ ਜਾਓਗੇ ਤਾਂ ਕਿਸੇ ਨੇ ਕੁਝ ਬੋਲਿਐ, ਦੂਸਰੇ ਨੂੰ ਚੋਟ ਲੱਗੀ ਹੈ। ਚੋਟ ਲੱਗੀ ਤਾਂ ਤਣਾਅ, ਤਕਰਾਰ ਵਧ ਗਿਆ। ਜੇ ਕਿਸੇ ਨੇ ਚੋਟ ਪਹੁੰਚਾਈ ਹੈ ਤਾਂ ਅਗਲਾ ਭੀ ਚੋਟ ਪਹੁੰਚਾਉਣਾ ਚਾਹੁੰਦੈ। ਜੇ ਇਕ ਪੱਥਰ ਦੀ ਤਰ੍ਹਾਂ ਹੈ ਤਾਂ ਦੂਜਾ ਭੀ ਪੱਥਰ ਹੀ ਹੈ। ਕੋਈ ਵਿਰਲਾ ਹੀ ਹੈ ਜੋ ਫੁੱਲ ਹੋਵੇ ਤੇ ਪੱਥਰ ਖਾ ਕੇ ਭੀ ਆਪਣਾ ਸੁਭਾਅ ਨਾ ਛੱਡੇ। ਅਕਾਲੀ ਕੌਰ ਸਿੰਘ ਜੀ ਸ੍ਰੀ ਨਗਰ ਵਾਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਤਤਕਰਾ ਲਿਖਿਐ, ਕਈ ਸਾਲ ਮਿਹਨਤ ਕਰਕੇ। ਸਰਦੀ ਗਰਮੀ ਹੋਵੇ, ਉਹ ਗਰਮ ਕੱਪੜੇ ਪਹਿਣਦੇ ਸਨ, ਕਾਲੀ ਉੱਨ ਦੇ ਕੱਪੜੇ। ਇਹ ਨਹੀਂ ਸਮਝ ਆਈ। ਭਾਵੇਂ ਲੂ ਚੱਲਦੀ ਪਈ ਹੈ ਤਾਂ ਵੀ ਉਨ੍ਹਾਂ ਦੇ ਕੱਪੜੇ ਗਰਮ ਹੁੰਦੇ ਸਨ, ਠੰਢ ਵਿੱਚ ਤਾਂ ਹੁੰਦੇ ਹੀ ਸਨ। ਉਨ੍ਹਾਂ ਨੂੰ ਅਕਾਲੀ ਜੀ ਕਹਿ ਕੇ ਬੁਲਾਂਦੇ ਸਨ। ਹਰ ਵਕਤ ਜੁੜੀ ਹੋਈ ਆਤਮਾ ਸੀ। ਇਕ ਦਿਨ ਕੋਈ ਮਨੁੱਖ ਉਨ੍ਹਾਂ ਦੇ ਵੀਚਾਰਾਂ ਨਾਲ ਸਹਿਮਤ ਨਾ ਹੋਇਆ। ਨਗਰ ਦੀ ਗੱਲ ਹੈ। ਗੁਰਦੁਆਰੇ ਤੋਂ ਬਾਹਰ ਆਏ ਤਾਂ ਉਸ ਨੇ ਗਾਲ਼ਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ, ਮਸਤਾਨਾ ਸਮਝ ਕੇ। ਗਰਮੀਆਂ ਦੇ ਦਿਨ ਸਨ। ਕੰਬਲ ਭੀ ਓੜਿਆ ਹੋਇਐ ਤੇ ਕੱਪੜੇ ਭੀ ਗਰਮ। ਜਦ ਉਹ ਬੋਲ ਹਟਿਆ ਤਾਂ ਅਕਾਲੀ ਜੀ ਕਹਿੰਦੇ ਕਿ ਕੁਝ ਹੋਰ ਗੱਫਾ ਹੋਵੇ ਤਾਂ ਮੈਂ ਖੜ੍ਹਾ ਹਾਂ, ਨਹੀਂ ਤਾਂ ਮੈਂ ਜਾਵਾਂ। ਦਰਅਸਲ ਜੋ ਬੋਲ ਸਨ, ਉਹ ਤਾਂ ਫੁੱਲ ਦੀ ਤਰ੍ਹਾਂ ਸਨ ਤੇ ਫੁੱਲ ਪੱਥਰ ਨਹੀਂ ਬਣਦੇ। ਆਪਣਾ ਆਪਣਾ ਸੁਭਾਅ ਹੁੰਦੈ। ਜਿਸ ਦੇ ਬੋਲ ਚੋਟ ਪਹੁੰਚਾਉਣ, ਉਹ ਮਨੁੱਖ ਨਹੀਂ, ਪੱਥਰ ਹੈ। ਜਿਸ ਦੇ ਬੋਲਾਂ ’ਚ ਕੁੜੱਤਣ ਹੈ, ਉਹ ਮਨੁੱਖ ਨਹੀਂ, ਜ਼ਾਹਿਰ (ਪ੍ਰਤੱਖ) ਹੈ ਕਿ ਉਹ ਜ਼ਹਿਰ ਹੈ, ਜਿਹਦੇ ਬੋਲਾਂ ’ਚ ਫਿੱਕਾਪਣ ਹੈ, ਬੜੀ ਫਿਕਿਆਈ ਹੈ। ਮਹਾਰਾਜ ਕਹਿੰਦੇ ਹਨ ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ’’, ਫਿਰ ਸਤਿਗੁਰ ਐਸਾ ਭੀ ਕਹਿੰਦੇ ਹਨ, ਮੁਖ਼ਤਸਰ (ਸੰਖੇਪ ’ਚ) ਅਰਜ਼ ਕਰਾਂ  ‘‘ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ’’ (ਆਸਾ ਕੀ ਵਾਰ, ਮਹਲਾ , ਪੰਨਾ ੪੭੩) ਨੱਬੇ ਫ਼ੀਸਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦੈ। ਜ਼ਹਿਰ ਹੈ ਜਾਂ ਮਨੁੱਖ ਹੈ। ਮੂਰਖ ਹੈ ਕਿ ਮਨੁੱਖ ਹੈ, ਪੱਥਰ ਹੈ ਜਾਂ ਮਨੁੱਖ ਹੈ ? ਫੁੱਲ ਹੈ ਕਿ ਪੱਥਰ ਹੈ, ਕੋਮਲ ਹੈ ਜਾਂ ਕਠੋਰ। ਕੋਈ ਰਸ ਹੈ ਕਿ ਫਿਕਿਆਈ ਹੈ। ਮੂਰਖ ਹੈ ਕਿ ਸਿਆਣਾ, ਨਾਸਤਕ ਹੈ ਕਿ ਆਸਤਕ। ਧਾਰਮਕ ਹੈ ਜਾਂ ਅਧਾਰਮਕ । ਰਾਜਨੀਤਕ ਹੈ ਕਿ ਵਪਾਰੀ। ਬੋਲਣਾ ਸਭ ਕੁਝ ਦੱਸ ਦਿੰਦਾ ਹੈ। ਬੋਲ ਤੋਂ ਮਨੁੱਖ ਦੀ ਕਿਰਤ ਭੀ ਪ੍ਰਗਟ ਹੁੰਦੀ ਹੈ, ਉਸ ਦਾ ਕੰਮ ਧੰਦਾ ਭੀ ਪ੍ਰਗਟ ਹੁੰਦਾ ਹੈ। ਟਰੱਕ ਚਲਾਣ ਵਾਲਾ ਡਰਾਈਵਰ ਗਿਆਨੀ ਅਜੀਤ ਸਿੰਘ ਜਦ ਮੇਰੇ ਨਾਲ ਗੱਡੀ ਚਲਾਂਦਾ ਸੀ ਤਾਂ ਉਸ ਦਾ ਬੋਲ ਅਜੇ ਤਕ ਮੈਨੂੰ ਯਾਦ ਹੈ। ਹੋਟਲ ’ਤੇ ਰੁਕ ਕੇ ਕਹਿੰਦਾ ਹੁੰਦਾ ਸੀ, ਬਈ ਅੱਸੀ ਮੀਲ ਸਪੀਡ ਦੀ ਚਾਹ ਬਣਾ। ਮੈਂ ਉਸ ਨੂੰ ਕਹਿੰਦਾ ਹੁੰਦਾ ਸੀ ਕਿ ਚਾਹ ਦਾ ਸਪੀਡ ਨਾਲ ਕੀ ਮਤਲਬ ? ਚਾਹ ਭੀ ਕੋਈ ਅੱਸੀ ਮੀਲ ਦੀ ਸਪੀਡ ਨਾਲ ਚੱਲਦੀ ਹੈ  ? ਕਹਿਣਾ ਚਾਹੀਦਾ ਹੈ ਕਿ ਚਾਹ ਜ਼ਰਾ ਕੜਕ ਚਾਹੀਦੀ ਹੈ। ਗੱਡੀ ਤੇਜ਼ ਚਲਾਈ ਹੈ। ਸਫ਼ਰ ਜ਼ਿਆਦਾ ਹੈ ਅਤੇ ਸਮੇਂ ਸਿਰ ਪਹੁੰਚਣੈ, ਪਰ ਢਾਬੇ ਵਾਲੇ ਨੂੰ ਕਹਿੰਦੈ ਕਿ ਅੱਸੀ ਮੀਲ ਸਪੀਡ ਦੀ ਚਾਹ ਬਣਾ। ਇਸ ਤੋਂ ਪਤਾ ਚੱਲਦੈ ਕਿ ਡਰਾਈਵਰ ਹੈ। ਹਰ ਵਕਤ ਸਪੀਡ ’ਚ ਰਹਿੰਦੈ, ਗੱਡੀ ਚਲਾਈ ਰੱਖਦੈ। ਮਨੁੱਖ ਦੇ ਬੋਲ-ਚਾਲ ਦੱਸ ਦਿੰਦੇ ਹਨ। ਚਾਹ ਬੜੀ ਸੁਆਦੀ ਹੋਵੇ ਤਾਂ ਪਤੈ ਰਾਗੀ ਸਿੰਘ ਕੀ ਕਹਿੰਦੇ ਹਨ ? ਚਾਹ ਬੜੀ ਸੁਰ ਵਿੱਚ ਬਣੀ ਹੈ, ਬੜੀ ਸੁਰ ਵਿੱਚ ਹੈ। ਚਾਹ ਕੋਈ ਗਾਉਂਦੀ ਹੈ, ਜੋ ਸੁਰ ’ਚ ਬਣੀ ਹੈ ? ਕਿਉਂਕਿ ਹਰ ਵਕਤ ਸੁਰ ਮੰਡਲ ’ਚ ਰਹਿੰਦੇ ਹਨ ਤੇ ਹਰ ਬੇਸੁਆਦੀ ਚੀਜ਼ ਬੇਸੁਰੀ ਪ੍ਰਤੀਤ ਹੁੰਦੀ ਹੈ ਅਤੇ ਹਰ ਚੰਗੀ ਚੀਜ਼ ਸੁਰ ਵਿੱਚ ਹੈ। ਜੋ ਕੱਪੜਾ ਭੀ ਦਰਜੀ ਨੇ ਸੀਤੈ ਤਾਂ ਕਹਿੰਦੇ ਹਨ ਸੁਰ ਵਿੱਚ ਸੀਤੈ। ਹੱਦ ਹੋ ਗਈ, ਸਲਾਈ ਦਾ ਸੁਰ ਨਾਲ ਜਾਂ ਬੇਸੁਰੇਪਣ ਨਾਲ ਕੀ ਮਤਲਬ  ? ਬੋਲ ਤੋਂ ਹੀ ਉਸ ਦੇ ਪੇਸ਼ੇ ਦਾ ਪਤਾ ਚੱਲਦੈ, ਕਿਰਤ ਦਾ ਭੀ ਪਤਾ ਚੱਲਦੈ। ਬੋਲ ਤੋਂ ਉਸ ਦੇ ਸੁਭਾਅ ਦਾ ਭੀ ਪਤਾ ਚੱਲਦੈ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ ਜਾਂ ਸਤੋ ਗੁਣੀ। ਨੱਬੇ ਫ਼ੀਸਦੀ ਮਨੁੱਖ ਆਪਣੇ ਮੂੰਹ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ। ਅਸੀਂ ਇਸੇ ਕਰਕੇ ਜਿਊਂਦੇ ਹਾਂ ਕਿਉਂਕਿ ਨੱਬੇ ਫ਼ੀਸਦੀ ਸਭ ਕੁਝ ਮੂੰਹ ਰਾਹੀਂ ਅੰਦਰ ਜਾਂਦਾ ਹੈ, ਚਾਹੇ ਪਾਣੀ ਹੈ, ਚਾਹੇ ਹਵਾ ਹੈ, ਚਾਹੇ ਭੋਜਨ। ਅਸੀਂ ਜੀਊਂਦੇ ਹਾਂ ਦਸ ਫ਼ੀਸਦੀ ਰੋਮਾਂ ਦੇ ਰਾਹੀਂ, ਇਹ ਸਮਝ ਲਓ। ਨੱਬੇ ਫ਼ੀਸਦੀ ਅਸੀਂ ਆਪਣਾ ਭਾਵ ਮੂੰਹ ਦੇ ਰਾਹੀਂ ਪ੍ਰਗਟ ਕਰਦੇ ਹਾਂ। ਬੋਲਾਂ ਤੋਂ ਪ੍ਰਗਟ ਹੁੰਦੇ ਹਾਂ। ਪਰਮਾਤਮਾ ਦਾ ਨਾਮ ਭੀ 100% ਬੋਲਾਂ ’ਚੋਂ ਪ੍ਰਗਟ ਹੁੰਦਾ ਹੈ, ਇਹ ਭੀ ਮੈਂ ਅਰਜ਼ ਕਰਾਂ। ਜਦ ਕੋਈ ਸੁਣ ਲੈਂਦਾ ਹੈ ਉਸ ਬੋਲ ਨੂੰ, ਕੌਣ ਸੁਣ ਲੈਂਦੈ  ? ਜਿਹਦਾ ਮਨ ਚੁੱਪ ਹੋ ਜਾਂਦਾ ਹੈ। ਬਸ ਇਧਰ ਮਨ ਚੁੱਪ ਹੋਇਆ, ਉਧਰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਬਸ ਇਹੀ ਤਰੀਕਾ ਹੈ, ਇਹੀ ਢੰਗ ਹੈ ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ, ਮਹਲਾ , ਪੰਨਾ ੧੧੬੦)

ਪ੍ਰਭੂ ਦੀ ਆਵਾਜ਼ ਹਰ ਵਕਤ ਗੂੰਜ ਰਹੀ ਹੈ। ਦੂਜੇ ਪਾਸੇ ਮਨ ਹਰ ਵਕਤ ਬੋਲ ਰਿਹੈ। ਇਕ ਮਨ ਹਰ ਵਕਤ ਬੋਲ ਰਿਹੈ, ਇਕ ਪਰਮਾਤਮਾ ਦੀ ਆਵਾਜ਼ ਹਰ ਵਕਤ ਗੂੰਜ ਰਹੀ ਹੈ। ਜਾਂ ਤਾਂ ਮਨ ਸ਼ਕਤੀ ਜੁਟਾਏ, ਰੱਬ ਨੂੰ ਚੁੱਪ ਕਰਾਏ ਜਾਂ ਫਿਰ ਖ਼ੁਦ ਚੁੱਪ ਰਹੇ। ਜਿਹੜਾ ਚੁੱਪ ਕਰ ਜਾਏ, ਕਹਿੰਦੇ ਹਨ ਉਹ ਮਰ ਗਿਆ, ਇਹ ਤਾਂ ਬੋਲਦਾ ਹੀ ਨਹੀਂ। ਪਰਮਾਤਮਾ ਹੈ ਸਦਾ ਜਿਊਣ ਦਾ ਨਾਮ । ਸਦਾ ਜਿਊਣ ਖੜ੍ਹਾ ਹੈ ਸਦੀਵੀ ਬੋਲ ਦੇ ਉੱਤੇ। ਮਧੁਰ ਬੋਲ ਦੇ ਉੱਤੇ। ਜਦ ਮਨ ਚੁੱਪ ਕਰ ਜਾਏ ਤਾਂ ਭੀ ਕਹੀਦੈ ਕਿ ਮਨ ਮਰ ਗਿਆ। ਮਨ ਦੀ ਮੌਤ ਕੀ ਹੈ ? ਮਨ ਦੀ ਮੌਤ ਅਹੰਕਾਰ ਦੀ ਮੌਤ ਹੈ, ਮਨ ਦੀ ਮੌਤ ਲੋਭ ਦੀ ਮੌਤ ਹੈ, ਮਨ ਦੀ ਮੌਤ ਕਾਮ, ਕ੍ਰੋਧ ਤੇ ਮੋਹ ਦੀ ਮੌਤ ਹੈ। ਹੋਰ ਮਨ ਹੈ ਕੀ  ? ਮਨ ਹੈ ਵੀਚਾਰਾਂ ਦਾ ਪ੍ਰਭਾਵ। ਮਨ ਤੋਂ ਮੁਰਾਦ ਸਾਡੇ ਵੀਚਾਰ, ਸਾਡੀ ਸੋਚਣੀ। ਸੋਚਣੀ ਵਿੱਚ ਕੀ ਚੱਲ ਰਿਹੈ, ਵੀਚਾਰਾਂ ਵਿੱਚ ਕੀ ਚੱਲ ਰਿਹੈ ? ਅਹੰਕਾਰ, ਲੋਭ, ਮੋਹ, ਕਾਮ, ਬਸ ਇਹੀ ਚੱਲ ਰਿਹਾ ਹੈ। ਜਿਸ ਤੋਂ ਅਹੰਕਾਰ ਦੀ, ਲੋਭ ਦੀ, ਕਾਮ ਦੀ ਪੂਰਤੀ ਹੋ ਗਈ ਉਸ ਦੇ ਉੱਤੇ ਮੋਹ ਆ ਜਾਂਦਾ ਹੈ ਅਤੇ ਜਿਸ ਨੇ ਰੋਕ ਖੜ੍ਹੀ ਕਰ ਦਿੱਤੀ, ਉਸ ’ਤੇ ਕ੍ਰੋਧ ਆ ਜਾਂਦਾ ਹੈ। ਮਨ ਤਾਂ ਇਹੀ ਕੁਝ ਹੈ। ਮਨ ਦੀ ਮੌਤ ਅਹੰਕਾਰ ਦੀ ਮੌਤ ਹੈ। ਸਰੀਰ ਜਦ ਮਰਦੈ ਤਾਂ ਰਾਖ ਹੋ ਜਾਂਦਾ ਹੈ, ਖ਼ਾਕ ਹੋ ਜਾਂਦਾ ਹੈ, ਪਰ ਮਨ ਜਦ ਮਰਦੈ ਤਾਂ ਯਕੀਨ ਜਾਣੋ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਈਸ਼ਵਰ ਹੋ ਜਾਂਦਾ ਹੈ  ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਆਸਾ/ਮਹਲਾ , ਪੰਨਾ ੪੪੧)

ਮਨ ਦਾ ਮਰਨਾ ਇਸ ਤਰ੍ਹਾਂ ਨਹੀਂ; ਜਿਵੇਂ ਕਹੀਏ ਬੀਜ ਮਰ ਗਿਐ ਕਿਉਂਕਿ ਬੀਜ ਮਰਿਆ ਨਹੀਂ ਹੁੰਦਾ, ਜ਼ਮੀਨ ’ਚ ਦਫ਼ਨ ਹੋਇਐ। ਮੁਰਦੇ ਨੂੰ ਜ਼ਮੀਨ ਵਿੱਚ ਦਫ਼ਨ ਕਰਦੇ ਹਨ। ਬੀਜ ਦੀ ਭੀ ਕਬਰ ਬਣਾਉਣੀ ਪੈਂਦੀ ਹੈ। ਹਰ ਬੀਜ ਦੀ ਕਬਰ ਬਣਦੀ ਹੈ। ਐਵੇਂ ਨਹੀਂ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ‘‘ਮੁਰਦਾ ਹੋਇ ਮੁਰੀਦ ਸੋਇ; ਕੋ ਵਿਰਲਾ ਗੁਰ ਗੋਰਿ ਸਮਾਵੈ’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੬) ‘ਗੁਰ ਗੋਰਿ ਸਮਾਵੇ’ ਤੋਂ ਭਾਵ ਜ਼ਿੰਦਾ ਕਬਰ ਵਿੱਚ ਦਫ਼ਨ ਹੋ। ਜੇਕਰ ਬੀਜ ਹੈਂ ਤਾਂ ਕਬਰ ਵਿੱਚ ਦਫ਼ਨ ਹੋ। ਬੀਜ ਜਦ ਜ਼ਮੀਨ ਵਿੱਚ ਦਫ਼ਨ ਹੁੰਦਾ ਹੈ, ਕਬਰ ਬਣਦੈ ਤਾਂ ਇਸ ਕਰੂਪ ਬੀਜ ਨੂੰ ਸੁਹੱਪਣ ਮਿਲ ਜਾਂਦਾ ਹੈ। ਕਠੋਰ ਰੂਪ ਨੂੰ ਕੋਮਲਤਾ ਮਿਲ ਜਾਂਦੀ ਹੈ। ਕੌੜੇ ਬੀਜ ਨੂੰ ਰਸ ਮਿਲ ਜਾਂਦਾ ਹੈ। ਫਲ਼ ਰਸਦਾਇਕ ਹੈ, ਬੀਜ ਕੌੜਾ ਹੈ। ਫੁੱਲ ਕੋਮਲ ਹਨ, ਬੀਜ ਸਖ਼ਤ ਹਨ। ਫੁੱਲ ਸੁੰਦਰ ਹੈ, ਬੀਜ ਕਰੂਪ ਹੈ। ਬੀਜ ਦੀ ਕਬਰ ਬਣੇ, ਬੀਜ ਮਰੇ, ਬੀਜ ਦਾ ਮਰਨਾ ਇੰਝ ਹੈ; ਜਿਵੇਂ ਕਰੂਪਤਾ ਮਰ ਗਈ। ਸੁਹੱਪਣ ਪੈਦਾ ਹੋ ਗਿਆ। ਮਨ ਦੀ ਮੌਤ ਇਸ ਤਰ੍ਹਾਂ ਹੈ; ਜਿਵੇਂ ਕਠੋਰਤਾ ਮਰ ਗਈ ਤੇ ਕੋਮਲਤਾ ਪੈਦਾ ਹੋ ਗਈ। ਮਨ ਦੀ ਮੌਤ; ਮਨ ਦਾ ਨੂਰ ਹੋ ਜਾਣਾ ਹੈ, ਪ੍ਰਕਾਸ਼ਮਈ ਹੋ ਜਾਣਾ ਹੈ। ਗੁਰੂ-ਘਰ ਵਿੱਚ ਪ੍ਰਭੂ ਨੂੰ ਸਮਝਣ ਦਾ ਜ਼ਰੀਆ ਕਥਾ ਹੈ। ਜੁੜਨ ਦਾ ਜ਼ਰੀਆ; ਕੀਰਤਨ ਹੈ। ਕਥਾ ਕੀਰਤਨ ਦੋਵੇਂ ਸੁੱਖ ਦਿੰਦੇ ਹਨ। ਜਿਸ ਨੂੰ ਸਮਝਣੈ, ਉਸ ਨਾਲ ਜੁੜਨੈ। ਜਿਸ ਨਾਲ ਜੁੜਨੈ, ਉਸ ਨੂੰ ਸਮਝਣੈ। ਬਸ ਇੰਨੀ ਕੁ ਗੱਲ ਹੈ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹਨ ਕਿ ਪਹਿਲਾਂ ਸਮਝਣੈ  ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਸਲੋਕ ਵਾਰਾਂ ਤੇ ਵਧੀਕ/ਮਹਲਾ , ਪੰਨਾ ੧੪੧੦) ਪਹਿਲੇ ਸਮਝਣੈ ਫਿਰ ਜੁੜਨੈ। ਇਸ ਵਾਸਤੇ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਵੀਚਾਰ ਕਰਨੀ ਦਿੱਤੀ ‘‘ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ’’ (ਜਪੁ) ਆਪਣੇ ਵੀਚਾਰਾਂ ਵਿੱਚ, ਆਪਣੀ ਸੋਚਣੀ ਵਿੱਚ ਅਤੇ ਆਪਣੀ ਸਮਝ ਵਿੱਚ ਪਰਮਾਤਮਾ ਨੂੰ ਲਿਆ। ਜਿੰਨਾ ਚਿਰ ਤੇਰੇ ਕੋਲ ਸਮਝ ਨਹੀਂ, ਅੰਮ੍ਰਿਤ ਵੇਲਾ ਭੀ ਕੋਈ ਅੰਮ੍ਰਿਤ ਵੇਲਾ ਨਹੀਂ। ਜਿੰਨਾ ਚਿਰ ਤੇਰੇ ਕੋਲ ਸਮਝ ਨਹੀਂ, ਸਤਿਸੰਗ ਭੀ ਕੋਈ ਸਤਿਸੰਗ ਨਹੀਂ।

ਹੁਣ ਮੈਨੂੰ ਕਈਆਂ ਨੇ ਕਿਹੈ ਕਿ ਮੈਂ ਉਨ੍ਹਾਂ ਰਾਗੀ ਸਿੰਘਾਂ ਨੂੰ ਚੁੱਪ ਕਰਾਇਐ, ਜੋ ਕਹਿੰਦੇ ਹਨ, ਗਿਆਨੀ ਜੀ ! ਕਈ ਤਾਂ ਮੱਥਾ ਹੀ ਨਹੀਂ ਟੇਕਦੇ, ਲੰਗਰ ਛੱਕਿਆ ਤੇ ਗਏ। ਜੋ ਮੱਥਾ ਨਹੀਂ ਟੇਕਦੇ, ਉਹ ਕੁਝ ਸੁਣਦੇ ਵੀ ਨਹੀਂ। ਮੈਂ ਉਨ੍ਹਾਂ ਨੂੰ ਕਿਹਾ, ਇਹ ਤੁਸੀਂ ਕਾਹਨੂੰ ਦੇਖਦੇ ਹੋ, ਇਹ ਨਾ ਦੇਖੋ। ਬਾਜ਼ਾਰ ਵਿਚ ਫੁੱਲਾਂ ਦੀ ਦੁਕਾਨ ਭੀ ਹੁੰਦੀ ਹੈ, ਫਲ਼ਾਂ ਦੀ ਦੁਕਾਨ ਭੀ ਹੁੰਦੀ ਹੈ। ਬਜਾਜ (ਕੱਪੜੇ ਦੇ ਵਪਾਰੀ) ਭੀ ਹੁੰਦੇ ਹਨ, ਹੀਰਿਆਂ ਦੀਆਂ ਦੁਕਾਨਾਂ ਭੀ ਹੁੰਦੀਆਂ ਹਨ। ਸਰਾਫ਼ਾਂ ਦੀਆਂ ਭੀ ਦੁਕਾਨਾਂ ਹੁੰਦੀਆਂ ਹਨ। ਕੋਲਾ ਭੀ ਵਿਕਦੈ, ਲੱਕੜ ਭੀ ਵਿਕਦੀ ਹੈ। ਤਰ੍ਹਾਂ ਤਰ੍ਹਾਂ ਦੇ ਗਾਹਕ ਹੁੰਦੇ ਹਨ। ਕਿਸੇ ਨੂੰ ਕੁਝ ਚਾਹੀਦੇ, ਕਿਸੇ ਨੂੰ ਕੁਝ। ਕੋਈ ਕੁਝ ਲੈਂਦੇ, ਕੋਈ ਕੁਝ ਲੈਂਦੇ। ਜੇ ਕੋਈ ਕੋਲਾ ਖ਼ਰੀਦਦਾ ਪਿਐ ਅਤੇ ਇਹ ਆਖੇ ਕਿ ਮੈਂ ਹੀਰੇ ਕਿਉਂ ਖ਼ਰੀਦਾਂ ਤਾਂ ਉਸ ਤੋਂ ਹੀਰਿਆਂ ਦੀ ਖ਼ਰੀਦਦਾਰੀ ਭੀ ਨਾ ਕਰਾਓ। ਬਸ ਤੁਸੀਂ ਹੀਰੇ ਖ਼ਰੀਦਦੇ ਰਹੋ।

ਸੰਸਾਰ ਇੱਕ ਬਾਜ਼ਾਰ ਦੀ ਤਰ੍ਹਾਂ ਹੈ। ਇੱਥੇ ਹਰ ਤਰ੍ਹਾਂ ਦੀ ਦੁਕਾਨ ਹੈ। ਸੰਗਤ ਭੀ ਹੈ ਤੇ ਸਤਿਸੰਗ ਭੀ ਹੈ। ਇੱਥੇ ਉਹ ਸਾਧਨ ਭੀ ਹਨ, ਜਿਸ ਨਾਲ ਮਨੁੱਖ ਸਤਿਸੰਗ ’ਚ ਬੈਠਿਆਂ ਭੀ ਲੋਭ ਵੱਸ ਹੋ ਸਕਦੈ। ਮਨੁੱਖ ਬਾਜ਼ਾਰ ਵਿੱਚ ਵਿਚਰਦਿਆਂ ਭੀ ਸੰਤੁਸ਼ਟ ਹੋ ਸਕਦੈ, ਸੰਤੋਖੀ ਹੋ ਸਕਦੈ, ਆਨੰਦਿਤ ਹੋ ਸਕਦੈ। ਮਨ ਚੁੱਪ ਕਰੇ ਤਾਂ ਪਰਮਾਤਮਾ ਦੀ ਆਵਾਜ਼ ਸੁਣਾਈ ਦੇਵੇ।  ਪਰਮਾਤਮਾ ਹਰ ਵਕਤ ਬੋਲ ਰਿਹੈ ‘‘ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ/ਮਹਲਾ /੧੧੬੦) , ਪਰ ਹਰ ਵਕਤ ਬੋਲ ਰਿਹੈ ਸਾਡਾ ਮਨ। ਜਾਂ ਮਨ ਚੁੱਪ ਕਰੇ ਜਾਂ ਰੱਬ ਚੁੱਪ ਕਰੇ । ਜਿਹੜਾ ਚੁੱਪ ਕਰ ਜਾਏ ਸਮਝੋ ਮਰ ਗਿਆ। ਰੱਬ ਨੇ ਨਹੀਂ ਚੁੱਪ ਕਰਨਾ। ਕਈ ਲੋਗ ਰੱਬ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਪਏ ਹਨ। ਉਸ ਦੀ ਆਵਾਜ਼ ਸਦਾ ਗੂੰਜ ਰਹੀ ਹੈ। ਜਿਨ੍ਹਾਂ ਨੇ ਉਸ ਆਵਾਜ਼ ਨੂੰ ਸੁਣਿਐ, ਸਾਧਨਾ ਬੱਸ ਉਹੀ ਹੈ। ਉਨ੍ਹਾਂ ਦਾ ਆਪਣਾ ਮਨ ਚੁੱਪ ਕਰ ਗਿਆ। ਧਰਮ ਦੀ ਸਾਰੀ ਸਾਧਨਾ ਹੈ ‘ਮਨ ਨੂੰ ਚੁੱਪ ਕਰਾਉਣਾ’। ਧੂੰਆਂਧਾਰ ਕੀਰਤਨ ਦਰਬਾਰ ਹੋ ਰਹੇ ਹਨ। ਬੜੇ ਇਕੱਠ ਹਨ ਪੰਤੂ ਕੋਈ ਇਕ ਅੱਧਾ ਹੀ ਹੈ, ਜਿਸ ਦੇ ਹਿਰਦੇ ਰਸ ਬਣਦਾ ਹੈ। ਜ਼ਿੰਦਗੀ ਵਿੱਚ ਆਨੰਦ ਬਣ ਜਾਂਦਾ ਹੈ। ਕਿਸ ਤਰ੍ਹਾਂ ਸੁਣੀਏ ਉਸ ਆਵਾਜ਼ ਨੂੰ  ? ਇੱਕੋ ਹੀ ਸਾਧਨ ਹੈ ਕਿ ਮਨ ਚੁੱਪ ਕਰ ਜਾਏ। ਮਨ ਚੁੱਪ ਕਿਉਂ ਨਹੀਂ ਕਰਦਾ ਕਿਉਂਕਿ ਮਨ ਵਿੱਚ ਹਰ ਵਕਤ ਮੰਗ ਚੱਲਦੀ ਹੈ। ਜਿਹੜੀ ਮੰਗ ਚੱਲਦੀ ਹੈ, ਉਹ ਯਕਦਮ ਤਾਂ ਪੂਰੀ ਨਹੀਂ ਹੋ ਸਕਦੀ। ਵੱਡੀਆਂ ਵੱਡੀਆਂ ਮੰਗਾਂ ਭੀ ਹਨ। ਸੋ ਮਨ ਚਲਾ ਜਾਂਦਾ ਹੈ ਭਵਿੱਖ ਵਿੱਚ। ਮਨੁੱਖ ਜਿੱਥੇ ਬੈਠਾ ਹੈ, ਮਨ ਉੱਥੇ ਨਹੀਂ ਬੈਠਾ। ਇੰਨੀ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਮਨ ਕਿਧਰੇ ਬੈਠਾ ਭੀ ਹੈ ਤਾਂ ਕਿਧਰੇ ਹਜ਼ਾਰਵਾਂ ਹਿੱਸਾ। ਤਨ ਟੁਕੜਿਆਂ ਵਿੱਚ ਨਹੀਂ ਜੀਅ ਸਕਦਾ। ਤਨ ਦੇ ਦਸ ਟੁਕੜੇ ਕਰ ਦੇਵੋ ਤਾਂ ਮੌਤ। ਮਨ ਤਾਂ ਜਿਊਂਦਾ ਹੀ ਟੁੱਕੜਿਆਂ ਵਿੱਚ ਹੈ। ਇੱਕ ਟੁਕੜਾ ਘਰ ਦੇ ਵਿੱਚ, ਇੱਕ ਟੁਕੜਾ ਬਾਜ਼ਾਰ ਦੇ ਵਿੱਚ, ਇੱਕ ਟੁਕੜਾ ਕਾਰੋਬਾਰ ਦੇ ਵਿੱਚ, ਇੱਕ ਟੁਕੜਾ ਕਿਸੇ ਹੋਰ ਮੁਲਕ ਵਿੱਚ, ਇੱਕ ਟੁਕੜਾ ਕਿਸੇ ਹੋਰ ਸ਼ਹਿਰ ਵਿੱਚ, ਇਕ ਨਿੱਕਾ ਜਿਹਾ ਮਨ ਦਾ ਟੁਕੜਾ ਕਿਧਰੇ ਗੁਰਦੁਆਰੇ ’ਚ ਹੁੰਦੈ, ਮੰਦਿਰ ’ਚ ਹੁੰਦੈ। ਇਸੇ ਤਰ੍ਹਾਂ ਬੀਜ ਨੂੰ ਦਲ ਦੇਈਏ ਤਾਂ ਹਜ਼ਾਰਾਂ ਟੁਕੜੇ ਹੋ ਜਾਣ ਅਤੇ ਬੋਈਏ, ਤਾਂ ਕੁਝ ਉੱਗਦੈ  ? ਕੁਝ ਨਹੀਂ ਉੱਗਦਾ। ਇਹ ਭੀ ਮੈਂ ਅਰਜ਼ ਕਰਾਂ, ਦਾਲ ਕਦੇ ਨਹੀਂ ਉੱਗਦੀ, ਸਾਬਤ ਬੀਜ ਉੱਗਦੈ। ਕਬੀਰ ਜੀ ਕਹਿੰਦੇ ਹਨ ‘‘ਕਬੀਰ ਜਾ ਕੀ ਦਿਲ ਸਾਬਤਿ ਨਹੀ; ਤਾ ਕਉ ਕਹਾਂ ਖੁਦਾਇ  ?’’ (ਸਲੋਕ/ਭਗਤ ਕਬੀਰ, ਪੰਨਾ ੧੩੭੪) ਜਿਸ ਦਾ ਬੀਜ ਹੀ ਸਾਬਤ ਨਹੀਂ, ਉਸ ਦੇ ਲਈ ਖ਼ੁਦਾ ਕਿੱਥੇ  ? ਉਸ ਦੇ ਲਈ ਰੱਬ ਕਿੱਥੇ  ? ਤਨ ਦੇ ਦਸ ਵੀਹ ਟੁਕੜੇ ਹੋ ਜਾਣ ਤਾਂ ਸਿਉਂ ਕੇ ਇੱਕ ਕਰਨਾ ਬੜਾ ਔਖਾ ਹੈ। ਜੇਕਰ ਕਰ ਭੀ ਲਈਏ ਤਾਂ ਤਨ ਮੁਰਦਾ ਹੋ ਜਾਏਗਾ, ਪ੍ਰਾਣ ਨਹੀਂ ਰਹਿ ਸਕਣਗੇ, ਖ਼ਤਮ ਹੋ ਜਾਏਗਾ। ਮਨ ਜ਼ਿੰਦਾ ਹੈ ਟੁਕੜਿਆਂ ਵਿੱਚ। ਮਨ ਦੀ ਮੌਤ ਹੋ ਜਾਂਦੀ ਹੈ ਜਦ ਜੋੜ ਕੇ ਇੱਕ ਕਰ ਦੇਈਏ। ਤਨ ਜ਼ਿੰਦਾ ਹੈ ਤਾਂ ਇੱਕ ਹੈ। ਲੱਤਾਂ ਨਾਲ ਜੁੜੀਆਂ ਹੋਈਆਂ ਹਨ। ਹੱਥ ਨਾਲ ਜੁੜੇ ਹੋਏ ਹਨ।  ਗਰਦਨ ਨਾਲ ਜੁੜੀ ਹੋਈ ਹੈ। ਇੱਕ ਇੱਕ ਅੰਗ ਤੁਸੀਂ ਅਲੱਗ ਕਰ ਦੇਵੇ ਤਾਂ ਫਿਰ ਮੌਤ ਹੈ। ਪੈਰ ਅਲੱਗ ਕਰ ਦੇਵੋ, ਹੱਥ ਅਲੱਗ ਕਰ ਦੇਵੋ, ਗਰਦਨ ਅਲੱਗ ਕਰ ਦੇਵੋ, ਪੇਟ ਅਲੱਗ ਕਰ ਦੇਵੋ, ਉਂਗਲੀਆਂ ਅਲੱਗ ਕਰ ਦੇਵੇ ਤਾਂ, ਕੀ ਰਹਿ ਸਕਦੈ ਇਹ ਤਨ  ? ਤਨ ਜਿਊਂਦਾ ਹੈ ਤਾਂ ਇੱਕ ਹੈ। ਮਨ ਅਨੇਕ ਟੁਕੜਿਆਂ ਵਿੱਚ ਜਿਊਂਦਾ ਹੈ। ਮਰ ਜਾਏਗਾ ਤਨ, ਜੇਕਰ ਦਸ ਵੀਹ ਟੁਕੜੇ ਕਰ ਦੇਈਏ । ਮਰ ਜਾਏਗਾ ਮਨ, ਜੇਕਰ ਇਸ ਦੇ ਹਜ਼ਾਰਾਂ ਟੁਕੜਿਆ ਨੂੰ ਇਕ ਕਰ ਦੇਈਏ, ਜੋੜ ਦੇਈਏ । ਇਕ ਹੋਇਆ ਮਨ ਮਰ ਜਾਂਦਾ ਹੈ, ਟੁਕੜੇ ਟੁਕੜੇ ਹੋਇਆ ਤਨ ਮਰ ਜਾਂਦਾ ਹੈ, ਪਰ ਮੈਂ ਅਰਜ਼ ਕਰਾਂ, ਤਨ ਮਰਦੈ ਤਾਂ ਖਾਕ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਰਾਖ ਹੋ ਜਾਂਦਾ ਹੈ। ਮਨ ਮਰਦੈ ਤਾਂ ਪ੍ਰਮਾਤਮਾ ਹੋ ਜਾਂਦਾ ਹੈ ‘‘ਮਨੁ ਮਰੈ; ਧਾਤੁ ਮਰਿ ਜਾਇ   ਬਿਨੁ ਮਨ ਮੂਏ; ਕੈਸੇ ਹਰਿ ਪਾਇ  ? (ਧਨਾਸਰੀ/ਮਹਲਾ , ਪੰਨਾ ੬੬੫) ਮਨ ਇਸ ਤਰ੍ਹਾਂ ਮਰ ਗਿਆ; ਜਿਵੇਂ ਬੀਜ ਮਰ ਗਿਆ। ਕਬਰ ਵਿੱਚ ਚਲਾ ਗਿਆ ਬੀਜ, ਪਰ ਫੁੱਲ ਬਣ ਕੇ ਪ੍ਰਗਟ ਹੋਇਆ, ਫਲ਼ ਬਣ ਕੇ ਪ੍ਰਗਟ ਹੋਇਐ ਕਬਰ ਵਿੱਚੋਂ। ਜੇਕਰ ਮਰਿਆ ਨਹੀਂ ਤਾਂ ਕਬਰ ਵਿੱਚ ਕਿਸ ਤਰ੍ਹਾਂ ਸਮਾਵੇ ਕਿਉਂਕਿ ਮਨ ਤਾਂ ਪਸਰਿਆ ਹੋਇਐ, ਫੈਲਿਆ ਹੋਇਐ। ਮਨ ਦਾ ਇੱਕ ਹੋ ਜਾਣਾ ਹੀ ਕਬਰ ਦਾ ਪ੍ਰਵੇਸ਼ ਹੈ ਤਾਂ ਇੱਕ ਕਿਸ ਤਰ੍ਹਾਂ ਹੋਵੇ  ? ਮੰਗ ਮਿਟੇ ‘‘ਮਮਾ ਮਾਗਨਹਾਰ ਇਆਨਾ ’’ (ਗਉੜੀ, ਬਾਵਨ ਅਖਰੀ, ਮਹਲਾ , ਪੰਨਾ ੨੫੮)  ਇਆਣਾ ਹੈ, ਮੁਰਖ ਹੈ, ਜਿਸ ਦੇ ਮਨ ਵਿੱਚ ਹਰ ਵਕਤ ਮੰਗ ਚੱਲਦੀ ਹੈ। ਦੁਕਾਨ ’ਤੇ ਬੈਠਾ ਹੈ ਜਾਂ ਬਾਜ਼ਾਰ ਵਿੱਚ ਹੈ, ਮੰਗ ਚੱਲਦੀ ਪਈ ਹੈ ਤਾਂ ਚੱਲਣ ਦੇਵੇ, ਪਰ ਹੱਥ ਵਿੱਚ ਗੁਟਕਾ ਹੈ, ਕੀਰਤਨ ਸੁਣ ਰਿਹੈ। ਜੇਕਰ ਫਿਰ ਭੀ ਮਨ ਵਿੱਚ ਮੰਗ ਚੱਲ ਰਹੀ ਹੈ ਤਾਂ ਨਾ ਕੋਈ ਪਾਠ ਕਰ ਰਿਹੈ, ਨਾ ਕੋਈ ਕੀਰਤਨ ਸੁਣ ਰਿਹੈ, ਨਾ ਕੋਈ ਗੁਰਦੁਆਰੇ ਬੈਠਾ ਹੈ, ਨਾ ਕੋਈ ਮੰਦਿਰ ਵਿੱਚ ਬੈਠਾ ਹੈ। ਉਹ ਜੋ ਮੰਗ ਪਈ ਚੱਲਦੀ ਹੈ, ਬਸ ਉਸ ਮੰਗ ਵਿੱਚ ਹੀ ਬੈਠਾ ਹੈ, ਕਿਸੇ ਮਸਜਿਦ ਮੰਦਿਰ ਵਿੱਚ ਨਹੀਂ ਬੈਠਾ।

ਗੁਰੂ ਨਾਨਕ ਜੀ ਨੇ ਸੁਲਤਾਨਪੁਰ ਦੇ ਨਵਾਬ ਨੂੰ ਕਹਿ ਦਿੱਤਾ ਸੀ ਕਿ ਕੌਣ ਪੜ੍ਹੇ ਤੇਰੇ ਨਾਲ ਨਮਾਜ਼, ਤੂੰ ਤਾਂ ਕਾਬਲ ਵਿੱਚ ਘੋੜੇ ਪਿਆ ਖ਼ਰੀਦਦਾ ਸੀ। ਆਪਾਂ ਕਾਬਲ ਜਾ ਕੇ ਘੋੜੇ ਨਹੀਂ ਖ਼ਰੀਦਣੇ, ਇਸ ਲਈ ਮੈਂ ਨਹੀਂ ਪੜ੍ਹੀ ਤੇਰੇ ਨਾਲ ਨਿਮਾਜ਼ ਕਿਉਂਕਿ ਘੋੜੇ ਮੈਂ ਖ਼ਰੀਦਣੇ ਨਹੀਂ ਸਨ। ਮਨ ਘੋੜੇ ਖ਼ਰੀਦ ਰਿਹਾ ਸੀ। ਮੰਗ ਭਵਿੱਖ ਵਿੱਚ ਲੈ ਜਾਂਦੀ ਹੈ। ਜਿਤਨੀ ਵੱਡੀ ਮੰਗ ਹੋਵੇਗੀ। ਉਤਨਾ ਹੀ ਲੰਬਾ ਭਵਿੱਖ ਹੋਵੇਗਾ। ਮੈਂ ਇੱਕ ਝੁੱਗੀ ਬਣਾਉਣਾ ਚਾਹੁੰਦਾ ਹਾਂ ਤਾਂ ਹੋ ਸਕਦੈ ਦੋ ਘੰਟਿਆਂ ਵਿੱਚ ਬਣ ਜਾਏ, ਪਰ ਮੈਂ ਦਸ ਮੰਜ਼ਲਾ ਮਕਾਨ ਬਣਾਉਣਾ ਚਾਹੁੰਦਾ ਹਾਂ, ਦੋ ਚਾਰ ਘੰਟਿਆਂ ਵਿੱਚ ਨਹੀਂ ਬਣ ਸਕਦਾ, ਕਈ ਮਹੀਨੇ ਲੱਗਣਗੇ, ਕਈ ਸਾਲ ਲੱਗਣਗੇ। ਜਿਤਨੀ ਵੱਡੀ ਮੰਗ, ਉਤਨਾ ਜ਼ਿਆਦਾ ਸਮਾਂ ਚਾਹੀਦਾ ਹੈ, ਭਵਿੱਸ਼ ਚਾਹੀਦੈ। ਸੋ ਫਿਰ ਮਨ ਤਾਂ ਭਵਿੱਸ਼ ਵਿੱਚ ਚਲਾ ਗਿਆ। ਕੌਣ ਬਾਣੀ ਸੁਣੇਗਾ ? ਪਾਠ ਸੁਣੇਗਾ ? ਕੌਣ ਕਥਾ ਕੀਰਤਨ ਸੁਣੇਗਾ  ? ਸਾਧਨ ਇਹ ਹੈ ਕਿ ਮੰਗ ਨਾ ਚੱਲੇ ‘‘ਮਮਾ ਮਾਗਨਹਾਰ ਇਆਨਾ   ਦੇਨਹਾਰ ਦੇ ਰਹਿਓ ਸੁਜਾਨਾ ’’  (ਬਾਵਨ ਅਖਰੀ, ਮਹਲਾ , ਪੰਨਾ ੨੫੮)

ਉੱਦਮ ਕਰ ਪਰ ਮੰਗ ਤੋਂ ਬਿਨਾਂ ਕਰ ਕਿਉਂਕਿ ਬਿਨਾਂ ਮੰਗਿਆਂ ਰੱਬ ਪਵਨ ਦਿੰਦਾ ਪਿਐ। ਮੰਗ ਨੂੰ ਇੱਕ ਪਾਸੇ ਕਰ, ਬਥੇਰਾ ਕੁਝ ਮਿਲਦਾ ਜਾਏਗਾ। ਜੇਕਰ ਮਨ ਨੂੰ ਇੱਕ ਪਾਸੇ ਕਰਕੇ ਮੰਗ ਕਰੇਂ ਤਾਂ ਫਿਰ ਪਰਮਾਤਮਾ ਭੀ ਮਿਲ ਜਾਏਗਾ। ਜੇ ਪਰਮਾਤਮਾ ਮਿਲ ਗਿਆ ਤਾਂ ਸਮਝੋ ਸਭ ਕੁਝ ਮਿਲ ਗਿਆ ਸਭ ਕੁਛ ਖ਼ੁਦਾ ਸੇ ਮਾਂਗ ਲੀਆ, ਖ਼ੁਦਾ ਕੋ ਮਾਂਗ ਕਰ ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਅਦ

ਕਹਿੰਦੈ, ਐ ਰੱਬ  ! ਜਿਸ ਦਿਨ ਦਾ ਤੈਨੂੰ ਮੰਗਿਐ, ਤੂੰ ਮਿਲ ਗਿਐਂ। ਹੁਣ ਹੋਰ ਕੋਈ ਮੰਗ ਪੈਦਾ ਹੀ ਨਹੀਂ ਹੁੰਦੀ। ਮੰਗ ਦੇ ਮਿਟਦਿਆਂ ਹੀ ਮਨ ਆ ਜਾਂਦਾ ਹੈ ਵਰਤਮਾਨ ਵਿੱਚ। ਵਰਤਮਾਨ ਦੇ ਅੱਖਰੀ ਅਰਥ ਹਨ ‘ਜਿਸ ਨੂੰ ਮੈਂ ਵਰਤ ਸਕਦਾ ਹਾਂ, ਉਹ ਵਰਤਮਾਨ ਹੈ।’ ਕੱਲ੍ਹ ਦਾ ਗੁਜ਼ਰਿਆ ਹੋਇਆ ਦਿਨ, ਕੀ ਮੈਂ ਅੱਜ ਵਰਤ ਸਕਦਾ ਹਾਂ  ? ਅੱਜ ਦੀ ਲੰਘੀ ਹੋਈ ਸਵੇਰ ਜਾਂ ਲੰਘੀ ਹੋਈ ਦੁਪਹਿਰ ਦੀ ਕੀ ਮੈਂ ਵਰਤੋਂ ਕਰ ਸਕਦਾ ਹਾਂ ? ਨਹੀਂ। ਦੁਪਹਿਰ ਤਾਂ ਗਈ, ਸਵੇਰ ਵੀ ਗਿਆ। ਸੋ ਮੈਂ ਅਰਜ਼ ਕਰਾਂ, ਦੁਪਹਿਰ ਅਤੇ ਸਵੇਰ ਤਾਂ ਬਹੁਤ ਦੂਰ ਹੈ। ਵਰਤਮਾਨ ਤਾਂ ਬਹੁਤ ਥੋੜ੍ਹਾ ਹੁੰਦਾ ਹੈ, ਬਹੁਤ ਛੋਟਾ ਜਿਹਾ। ਕਿਤਨਾ ਕੁ ਛੋਟਾ  ? ਗੁਰਬਾਣੀ ਕਹਿੰਦੀ ਹੈ ‘ਇਕ ਦਮ, ਸਿਰਫ਼ ਇਕ ਦਮ’। ਇਹ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ, ਇਕ ਦਮ ਹੈ ‘ਵਰਤਮਾਨ’। ਜੇਕਰ ਇਕ ਦਮ ਦਾ ਸਮਾਂ ਗਿਣੀਏ ਤਾਂ ਇਕ ਛਿਨ, ਇਕ ਸੈਕਿੰਡ ਹੀ ਇਕ ਦਮ ਹੈ। ਪਰਮਾਤਮਾ ਜਦ ਭੀ ਮਿਲੇਗਾ ਇੱਕ ਸੈਕਿੰਡ ’ਚ ਮਿਲੇਗਾ। ਵੱਡਾ ਮਹਿਲ ਇੱਕ ਸੈਕਿੰਡ ਵਿੱਚ ਨਹੀਂ ਮਿਲੇਗਾ। ਦਸ-ਮੰਜ਼ਲਾ ਮਕਾਨ ਇੱਕ ਸੈਕਿੰਡ ਵਿੱਚ ਨਹੀਂ ਬਣ ਸਕਦਾ, ਪਰ ਪਰਮਾਤਮਾ ਜਦ ਭੀ ਮਿਲੇਗਾ, ਇੱਕ ਸੈਕਿੰਡ ਵਿੱਚ ਮਿਲੇਗਾ ‘‘ਏਕ ਚਿਤ; ਜਿਹ ਇਕ ਛਿਨ ਧਿਆਇਓ ਕਾਲ ਫਾਸਿ ਕੇ ਬੀਚ ਆਇਓ ੧੦ (ਅਕਾਲ ਉਸਤਤਿ), ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਸੂਹੀ, ਮਹਲਾ , ਪੰਨਾ ੭੪੭)

ਪਦਾਰਥ ਜਦ ਮੈਨੂੰ ਮਿਲਣਗੇ ਇੱਕ ਸੈਕਿੰਡ ’ਚ ਨਹੀਂ ਮਿਲ ਸਕਦੇ। ਬੱਚਾ ਪੰਜ ਸਾਲ ਦਾ ਆਖੇ ਕਿ ਮੈਂ ਇੰਜੀਨੀਅਰ ਬਣਨੈ, ਨਹੀਂ ਬਣ ਸਕਦਾ, ਪਰ ਜੇ ਬੱਚਾ ਆਖੇ ਮੈਂ ਭਗਤ ਬਣਨੈ, ਇੱਕ ਸੈਕਿੰਡ ਵਿੱਚ ਬਣ ਜਾਏਗਾ। ਪ੍ਰਹਿਲਾਦ ਬਣ ਗਿਆ ਸੀ। ਧ੍ਰੂ ਬਣ ਗਿਆ ਸੀ। ਪੰਜ ਸਾਲ ਦਾ ਬੱਚਾ ਡਾਕਟਰ ਨਹੀਂ ਬਣ ਸਕਦਾ, ਇੰਜੀਨੀਅਰ ਨਹੀਂ ਬਣ ਸਕਦਾ, ਲੱਗਣਗੇ ਪੰਦਰਾਂ ਵੀਹ ਸਾਲ। ਪੰਜ ਸਾਲ ਦਾ ਬੱਚਾ ਭਗਤ ਬਣ ਸਕਦੈ, ਲੱਗੇਗਾ ਸਿਰਫ਼ ਇੱਕ ਦਮ, ਇੱਕ ਸੈਕਿੰਡ। ਵਰਤਮਾਨ ਕਿਤਨਾ ਹੈ ‘ਇੱਕ ਨਿਮਖ’। ਜਿਹੜਾ ਦਮ ਮੇਰੇ ਮੂੰਹ ਵਿੱਚ ਹੈ, ਬਸ ਇਹੀ ਵਰਤਮਾਨ ਹੈ। ਮੈਂ ਜਿਧਰ ਚਾਹਵਾਂ ਇਸ ਨੂੰ ਵਰਤ ਸਕਦਾ ਹਾਂ। ਇੱਕ ਦਮ ਵਿੱਚ ਮੈਂ ਮਿਥਿਆ ਭੀ ਬੋਲ ਸਕਦਾ ਹਾਂ। ਇਸ ਇੱਕ ਦਮ ਵਿੱਚ ਮੈਂ ਮਹਾਂ ਮੰਤਰ ਭੀ ਬੋਲ ਸਕਦਾ ਹਾਂ। ਦੁਨੀਆਂ ਦੇ ਸਾਰੇ ਮਹਾਂ ਮੰਤਰ ਇੱਕ ਦਮ ਵਿੱਚ ਖ਼ਤਮ ਹੋ ਜਾਂਦੇ ਹਨ। ਓਮ; ਇਕ ਦਮ ਵਿੱਚ ਉਚਾਰਣ ਹੋ ਜਾਂਦਾ ਹੈ। ਰਾਮ ਅਤੇ ਅੱਲ੍ਹਾ ਹੂ; ਇੱਕ ਦਮ ਵਿੱਚ ਉਚਾਰਣ ਹੋ ਜਾਂਦੇ ਹਨ। ਵਾਹਿਗੁਰੂ, ਇੱਕ ਦਮ ਵਿੱਚ ਉਚਾਰਣ ਹੋ ਜਾਂਦਾ ਹੈ। ਹੁਣ ਮੈਂ ਅਰਜ਼ ਕਰਾਂ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਹੀ ਵਾਹਿਗੁਰੂ ਪ੍ਰਗਟ ਹੁੰਦੈ।

ਭਗਤ ਮਾਲ ਦੀ ਕਥਾ ਹੈ ਕਿ ਤਿੰਨ ਦਫ਼ਾ ਰਾਮ ਕਹਿਲਾ ਕੇ ਲੋਈ ਨੇ ਕਿਧਰੇ ਇੱਕ ਰੋਗੀ ਦਾ ਰੋਗ ਦੂਰ ਕੀਤਾ ਸੀ। ਕਬੀਰ ਕਹਿੰਦੇ ਹਨ ਕਿ ਤੂੰ ‘ਰਾਮ ਨਾਮ’ ਦੀ ਤੌਹੀਨ ਕੀਤੀ ਹੈ। ਇਕ ਦਫ਼ਾ ਰਾਮ ਕਹਿ ਕੇ ਤਾਂ ਜਨਮਾਂ-ਜਨਮਾਂਤਰਾਂ ਦੇ ਰੋਗ ਦੂਰ ਕੀਤੇ ਜਾ ਸਕਦੇ ਹਨ। ਸਾਰੇ ਨਗਰ ਦਾ ਰੋਗ ਦੂਰ ਕੀਤਾ ਜਾ ਸਕਦੈ। ਤੂੰ ਤਿੰਨ ਦਫ਼ਾ ਰਾਮ ਕਹਿਲਾਇਐ। ਇਹ ਰੱਬ ਦੇ ਨਾਮ ਦੀ ਤੌਹੀਨ ਹੈ। ਇਸ ਨੂੰ ਕਿਧਰੇ ਅਤਿਕਥਨੀ ਨਾ ਸਮਝ ਲੈਣਾ। ਕਰੋੜਾਂ ਜਨਮਾਂ ਦੇ ਪਾਪ ਇੱਕ ਛਿਨ ਵਿੱਚ ਮਿਟਣਗੇ। ਕਰੋੜਾਂ ਜਨਮਾਂ ਦੇ ਪਾਪ ਧੋਣ ਲਈ ਕਰੋੜਾਂ ਜਨਮ ਨਹੀਂ ਚਾਹੀਦੇ, ਇੱਕ ਛਿਨ ਚਾਹੀਦੈ। ਕਰੋੜਾਂ ਜਨਮਾਂ ਦੇ ਪਾਪ, ਕਰੋੜਾਂ ਜਨਮਾਂ ਦੇ ਦੁੱਖ, ਕਰੋੜਾਂ ਜਨਮਾਂ ਵਿੱਚ ਨਹੀਂ ਮਿਟਣਗੇ, ਇਕ ਛਿਨ ਵਿੱਚ ਮਿਟਣਗੇ। ਭਗਤ ਕਬੀਰ ਜੀ ਕਹਿੰਦੇ ਹਨ  ‘‘ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭) ਪਦ ਅਰਥ : ਟੁਕੁ ਦਮੁ- ਪਲਕ ਭਰ।, ਕਰਾਰੀ-ਇਕਾਗ੍ਰਤਾ।

ਵਰਤਮਾਨ ਦੇ ਇੱਕ ਦਮ ਵਿੱਚ ਕਿਧਰੇ ਆ ਜਾਓ, ਹਾਜ਼ਰ ਨਾਜ਼ਰ ਪਰਮਾਤਮਾ ਵਿਖਾਈ ਦੇਵੇਗਾ। ਇਹ ਦਮ ਮੇਰੇ ਮੂੰਹ ਵਿੱਚ ਹੈ। ਮੇਰੀ ਮਰਜ਼ੀ ਹੈ ਮੈਂ ਇਸ ਨੂੰ ਜਿਧਰ ਵਰਤਾਂ। ਦਮ ਨਿਕਲ ਗਿਆ, ਮੇਰੇ ਹੱਥ ਵਿੱਚ ਨਹੀਂ, ਉਹ ਤਾਂ ਭੂਤਕਾਲ ਹੋ ਗਿਆ। ਦਮ ਜਿਹੜਾ ਆਇਆ ਨਹੀਂ, ਉਹ ਤਾਂ ਭਵਿਖਕਾਲ ਹੈ ਕਿਉਂਕਿ ਅਜੇ ਆਇਆ ਨਹੀਂ।  ਮੂੰਹ ਵਾਲਾ ਦਮ ਹੀ ਵਰਤਮਾਨ ਹੈ। ਭਵਿੱਸ਼ ਕਿਤਨਾ ਹੈ ? ਬਹੁਤ ਲੰਬਾ, ਬਹੁਤ ਹੀ ਲੰਬਾ। ਭੂਤਕਾਲ ਕਿਤਨਾ ਹੈ ? ਬਹੁਤਾ ਲੰਬਾ, ਬਹੁਤ ਹੀ ਲੰਬਾ। ਪਤਾ ਨਹੀਂ ਅਸੀਂ ਕਦੋਂ ਦੇ ਹਾਂ। ਵਰਤਮਾਨ ਕਿਤਨੈ  ? ਇਕ ਦਮ। ਨਾ ਭੂਤਕਾਲ ਵਿੱਚ ਪਰਮਾਤਮਾ ਮਿਲਣੈ, ਨਾ ਭਵਿਖਕਾਲ ਵਿੱਚ ਮਿਲਣੈ। ਕੇਵਲ ਵਰਤਮਾਨ ਵਿੱਚ ਹੀ ਮਿਲਣੈ ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ’’ (ਭਾਈ ਗੁਰਦਾਸ ਜੀ, ਵਾਰ ੧੮ ਪਉੜੀ ੨੧)

 ਹੁਣ ਮੰਗ ਸਿਮਟੇ ਤਾਂ ਧਿਆਨ ਇੱਕ ਦਮ ਵਿੱਚ ਆਵੇ। ਮੰਗਾਂ ਜਿਹੜੀਆਂ ਹਨ, ਧਿਆਨ ਨੂੰ ਲੈ ਜਾਂਦੀਆਂ ਹਨ ਭਵਿੱਸ਼ ਦੇ ਵਿੱਚ, ਬਹੁਤ ਦੂਰ ਲੈ ਜਾਂਦੀਆਂ ਹਨ। ਕੋਈ ਗੱਲ ਨਹੀਂ। ਕਮ ਅਜ਼ ਕਮ (ਘੱਟ ਤੋਂ ਘੱਟ) ਜਦ ਸਤਿਸੰਗ ਵਿੱਚ ਬੈਠੇ ਹੋ ਤਾਂ ਵਾਹਿਗੁਰੂ ਆਖੋ। ਜੇਕਰ ਉਦੋਂ ਭੀ ਮੰਗ ਚੱਲਦੀ ਹੈ ਤਾਂ ਇਹ ਵਾਹਿਗੁਰੂ ਨਹੀਂ ਕਹਿਣ ਦੇਵੇਗੀ, ਨਹੀਂ ਆਖ ਸਕੇਗਾ। ਸੋ ਉਸ ਪਰਮਾਤਮਾ ਤੋਂ ਜੋ ਨਾਦ ਪ੍ਰਗਟ ਹੋਇਆ, ਸ਼ਬਦ ਪ੍ਰਗਟ ਹੋਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਉਹ ਓਅੰਕਾਰ ਸੀ ‘‘ਓਅੰਕਾਰ ਆਦਿ ਕਥਨੀ ਅਨਾਦਿ (ਜਾਪੁ ਸਾਹਿਬ), ਓਅੰਕਾਰ; ਆਦਿ ਮੈ ਜਾਨਾ   ਲਿਖਿ ਅਰੁ ਮੇਟੈ; ਤਾਹਿ ਮਾਨਾ ’’  (ਗਉੜੀ ਬਾਵਨ ਅਖਰੀ, ਭਗਤ ਕਬੀਰ, ਪੰਨਾ ੩੪੦) ਕਬੀਰ ਜੀ ਕਹਿੰਦੇ ਹਨ ਕਿ ਪਹਿਲਾ ਬੋਲ ਬ੍ਰਹਿਮੰਡ ਦਾ ਕੀ ਹੈ ? ‘ਓਅੰਕਾਰ’। ਗੁਰੂ ਨਾਨਕ ਵੀ ਕਹਿੰਦੇ ਹਨ ‘ਓਅੰਕਾਰ’। ਦਖਣੀ ਓਅੰਕਾਰ ਆਪ ਜੀ ਨੇ ਲਿਖੀ ਹੈ ‘‘ਓਅੰਕਾਰਿ; ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ   ਓਅੰਕਾਰਿ; ਸੈਲ ਜੁਗ ਭਏ   ਓਅੰਕਾਰਿ; ਬੇਦ ਨਿਰਮਏ ’’ (ਰਾਮਕਲੀ ਓਅੰਕਾਰ, ਮਹਲਾ , ਪੰਨਾ ੯੩੦)

ਸਾਰਾ ਪਸਾਰਾ ਓਅੰਕਾਰ ਤੋਂ ਹੋਇਐ, ਧੁਨੀ ਤੋਂ ਹੋਇਐ, ਸ਼ਬਦ ਤੋਂ ਹੋਇਐ। ਜੇਕਰ ਸਭ ਕੁਝ ਸ਼ਬਦ ਦੇ ਰਾਹੀਂ ਬਾਹਰ ਆਇਐ ਤਾਂ ਸਭ ਕੁਝ ਸ਼ਬਦ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ। ਸੋ ਸ਼ਬਦ ਦੁਆਰ ਹੈ, ਸ਼ਬਦ ਗੁਰੂ ਹੈ। ਗੁਰੂ ਦੁਆਰ ਹੈ, ਦਰਵਾਜ਼ਾ ਹੈ। ਪ੍ਰਮਾਤਮਾ ਘਰ ਹੈ, ਗੁਰੂ ਦਰ ਹੈ। ਪ੍ਰਕਾਸ਼ ਘਰ ਹੈ, ਸ਼ਬਦ ਦਰ ਹੈ। ਸ਼ਬਦ ਦਾ ਜਪ ਕਰੋ ਤੇ ਸਾਰੇ ਜਪ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਹਨ। ਮਹਾਂ ਮੰਤਰ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ। ਵਾਹਿਗੁਰੂ ਜੇਕਰ ਮੈਂ ਆਖਿਐ, ਪੂਰੇ ਧਿਆਨ ਨਾਲ ਇਸ ਨੂੰ ਸੁਣਿਐ ਤਾਂ ਇੱਕ ਦਫ਼ਾ ਵਾਹਿਗੁਰੂ ਆਖਣ ਨਾਲ ਜਨਮਾਂ-ਜਨਮਾਂਤਰਾਂ ਦੇ ਪਾਪ ਮਿਟ ਜਾਣਗੇ ‘‘ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ’’ (ਆਸਾ, ਮਹਲਾ , ਪੰਨਾ ੩੫੮) ਮਹਾਰਾਜ ਕਹਿੰਦੇ ਹਨ ਕਿ ਲੱਖਾਂ ਮਣ ਲੱਕੜਾਂ ਨੂੰ ਜਲਾਉਣ ਦੀ ਖ਼ਾਤਰ ਕੋਈ ਲੱਖਾਂ ਮਣ ਅੱਗ ਨਹੀਂ ਚਾਹੀਦੀ ਹੁੰਦੀ। ਇੱਕ ਚੰਗਿਆੜੀ ਹੀ ਚਾਹੀਦੀ ਹੈ। ਬੱਸ ਇੱਕ ਚੰਗਿਆੜੀ ਨਾਲ ਜਲ ਜਾਣਗੀਆਂ ਲੱਕੜਾਂ। ਲੱਖਾਂ ਕਰੋੜਾਂ ਪਾਪਾਂ ਨੂੰ ਧੋਣ ਵਾਸਤੇ ਕੋਈ ਲੱਖਾਂ ਪੁੰਨ ਚਾਹੀਦੇ ਹਨ ? ਨਹੀਂ। ਇੱਕ ਦਮ, ਇੱਕ ਦਮ ਵਿੱਚ ਆਖਿਆ ਹੋਇਆ ਇੱਕ ਦਫ਼ਾ ਵਾਹਿਗੁਰੂ, ਬੱਸ ਧੁਲ ਜਾਣਗੇ ਪਾਪ। ਘੰਟਾ ਘੰਟਾ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਅਸੀਂ ਭਵਿੱਖ ਵਿੱਚ ਹੁੰਦੇ ਹਾਂ। ਭੂਤਕਾਲ ਵਿੱਚ ਹੁੰਦੇ ਹਾਂ, ਪਰ ਕਹਿੰਦੇ ਰਹੀਏ ਤਾਂ ਕਿਸੇ ਦਿਨ ਉਹ ਮੂੰਹ ’ਚੋਂ ਵਾਕ ਨਿਕਲੇ, ਜਿਹੜਾ ਇੱਕ ਦਮ ਹੈ ਤੇ ਉਸ ਦਮ ਵਿੱਚ ਜਿਹੜਾ ਵਾਕ ਨਿਕਲੇ, ਉਸੇ ਵਿੱਚ ਹੀ ਸਾਡਾ ਧਿਆਨ ਆ ਜਾਏ, ਉੱਥੇ ਹੀ ਆ ਜਾਏ। ਇਸ ਵਾਸਤੇ ਧਰਮ ਨੂੰ ਕਹਿੰਦੇ ਹਨ ਧਿਆਨ-ਸਾਧਨਾ। ਧਿਆਨ ਜਾਂਦਾ ਹੈ ਭਵਿੱਸ਼ ਵਿੱਚ, ਧਿਆਨ ਜਾਂਦਾ ਹੈ ਭੂਤਕਾਲ ਵਿੱਚ। ਧਿਆਨ ਵਰਤਮਾਨ ਵਿੱਚ ਆਉਂਦਾ ਹੀ ਨਹੀਂ ਤੇ ਵਰਤਮਾਨ ਕੀ ਹੈ, ਇੱਕ ਦਮ। ਇੱਕ ਦਮ ਵਿੱਚ ਕੀ ਮੰਗੋਗੇ ਤੁਸੀਂ  ? ਕਿਹੜੀ ਮੰਗ ਨੂੰ ਜਨਮ ਦਿਓਗੇ  ? ਇੱਕ ਦਮ ਵਿੱਚ ਕੀ ਮਿਲ ਸਕਦੈ  ? ਤੁਸੀਂ ਥੋੜ੍ਹੀ ਜਿਹੀ ਭੀ ਕਲਪਨਾ ਕਰੋ ਕਿ ਇੱਕ ਦਮ ਵਿੱਚ ਕੀ ਮਿਲ ਸਕਦੈ  ? ਜੇਕਰ ਭਵਿੱਸ਼ ਚਾਹੀਦੈ। ਜਿਤਨੀ ਵੱਡੀ ਮੰਗ ਹੋਵੇਗੀ, ਉਤਨਾ ਹੀ ਵੱਡਾ ਭਵਿੱਸ਼ ਹੋਵੇਗਾ। ਹੁਣੇ ਹੀ ਅਰਜ਼ ਕੀਤੀ ਹੈ, ਇੰਜੀਨੀਅਰ ਬਣਨੈ ਤਾਂ ਪੰਦਰਾਂ ਵੀਹ ਸਾਲ ਤਾਂ ਚਾਹੀਦੇ ਹਨ। ਡਾਕਟਰ ਬਣਨੈ, ਪੰਦਰਾਂ ਵੀਹ ਸਾਲ ਤਾਂ ਚਾਹੀਦੇ ਹਨ। ਮੈਂ ਝੁੱਗੀ ਬਣਾਉਣੀ ਹੈ, ਚਲੋ ਦੋ ਚਾਰ ਘੰਟਿਆਂ ਵਿੱਚ ਬਣਾ ਲਵਾਂਗਾ, ਪਰ ਮੈਂ ਅੱਠ-ਮੰਜ਼ਲਾ ਮਕਾਨ ਬਣਾਉਣੇ, ਕਈ ਸਾਲ ਲੱਗਣਗੇ। ਜਿਤਨੀ ਵੱਡੀ ਮੰਗ ਹੋਵੇਗੀ, ਉਤਨਾ ਵੱਡਾ ਭਵਿੱਸ਼। ਮਨ ਭਵਿੱਸ਼ ਦੇ ਵਿੱਚ ਚਲਾ ਜਾਂਦਾ ਹੈ ਜਦਕਿ ਇੱਕ ਦਮ ਵਰਤਮਾਨ ਹੈ ਤੇ ਹੁਣ ਕੋਈ ਇੱਕ ਦਮ ਦੇ ਵਿੱਚ ਆ ਜਾਏ ਅਤੇ ਮੰਗ ਨੂੰ ਪਰੇ ਸੁੱਟੇ। ਇਹ ਇੱਕ ਦਮ ਵਿੱਚ ਨਹੀਂ ਆਉਣ ਦਿੰਦੀ। ਤੁਸੀਂ ਕਰ ਕੇ ਦੇਖਣਾ ਸਾਧਨਾ। ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਸਭ ਤੋਂ ਔਖਾ ਕੰਮ ਇਹੀ ਹੈ ‘‘ਆਖਣਿ ਅਉਖਾ ਸਾਚਾ ਨਾਉ ’’ (ਆਸਾ, ਮਹਲਾ , ਪੰਨਾ ) ਇਹੀ ਔਖੈ, ਇਕ ਦਮ ਵਿੱਚ ਕਿਸ ਤਰ੍ਹਾਂ ਆਖੋਗੇ, ਸਾਧਨਾ ਕਰ ਕੇ ਵੇਖਣਾ। ਰਾਮ ਰਾਮ ਕਹਿ ਰਿਹੈ, ਪਰ ਮੰਗਾਂ ਇਸ ਨੂੰ ਭਵਿੱਸ਼ ਵਿੱਚ ਲੈ ਗਈਆਂ ਹਨ। ਭਵਿੱਸ਼ ਦੀ ਚਿੰਤਾ ਵਿੱਚ ਹੀ ਹੈ। ਮੰਗਾਂ ਦਾ ਜਪ ਪਿਆ ਕਰਦੈ, ਰਾਮ ਦਾ ਜਪ ਨਹੀਂ ਹੋ ਰਿਹਾ। ਕਾਮਨਾਵਾਂ ਦਾ ਜਪ ਪਿਆ ਕਰਦੈ, ਵਾਹਿਗੁਰੂ ਦਾ ਜਪ ਨਹੀਂ ਹੋ ਰਿਹਾ। ਕਾਬਲ ਵਿੱਚ ਘੋੜੇ ਖ਼ਰੀਦਦਾ ਪਿਐ, ਨਮਾਜ਼ ਨਹੀਂ ਪੜ੍ਹਦਾ। ਪਰਮਾਤਮਾ ਤਾਂ ਹੁਣ ਮਿਲੇਗਾ ਵਰਤਮਾਨ ਵਿੱਚ। ਵਰਤਮਾਨ ਨੂੰ ਮੈਂ ਆਪਣੀ ਵਰਤੋਂ ਵਿੱਚ ਲਿਆ ਸਕਦਾ ਹਾਂ। ਇਕ ਦਮ ਜਿਹੜਾ ਮੇਰੇ ਮੂੰਹ ਵਿੱਚ ਹੈ, ਮੈਂ ਕਿਧਰੇ ਭੀ ਵਰਤ ਸਕਦਾ ਹਾਂ। ਇੱਕ ਦਮ ਚਲਾ ਗਿਆ ਤਾਂ ਮੈਂ ਨਹੀਂ ਵਰਤ ਸਕਦਾ। ਇੱਕ ਦਮ ਜਿਹੜਾ ਆਇਆ ਨਹੀਂ, ਮੈਂ ਨਹੀਂ ਵਰਤ ਸਕਦਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਜੇ ਕੋਈ ਮੇਰੇ ਕੋਲੋਂ ਪੁੱਛੇ ਕਿ ਮੇਰੀ ਉਮਰ ਕੀ ਹੈ  ? ‘‘ਹਮ ਆਦਮੀ ਹਾਂ ਇਕ ਦਮੀ.. ’’ (ਧਨਾਸਰੀ, ਮਹਲਾ , ਪੰਨਾ ੬੬੦) ਮੇਰੀ ਉਮਰ ਹੈ ‘ਇਕ ਦਮ’। ਇੰਝ ਕਹਿ ਰਹੇ ਹਨ ਗੁਰੂ ਨਾਨਕ ਜੀ ਕਿ ਆਪਾਂ ਇਕ ਦਮ ਵਿੱਚ ਜਿਊਂਦੇ ਹਾਂ। ਜਿਹੜੀਆਂ ਮੰਗਾਂ ਗੁਜ਼ਰੇ ਹੋਏ ਦਮਾਂ ਵਿੱਚ ਲੈ ਜਾਂਦੀਆਂ ਹਨ, ਜਿਹੜੀਆਂ ਮੰਗਾਂ ਆਉਣ ਵਾਲੇ ਦਮਾਂ ਵਿੱਚ ਲੈ ਜਾਂਦੀਆਂ ਹਨ, ਮਹਾਰਾਜ ਕਹਿੰਦੇ ਹਨ ਮੈਂ ਉਨ੍ਹਾਂ ਦਮਾਂ ਵਿੱਚ ਨਹੀਂ ਜਿਊਂਦਾ। ਉਹ ਤਾਂ ਲੰਘ ਗਏ, ਆਏ ਹੀ ਨਹੀਂ। ਜਿਹੜੇ ਦਮ ਆਏ ਹੀ ਨਹੀਂ, ਉਨ੍ਹਾਂ ਨੂੰ ਮੈਂ ਕਿਸ ਤਰ੍ਹਾਂ ਵਰਤਾਂ  ? ਉਹ ਵਰਤਮਾਨ ਨਹੀਂ ਹਨ ਅਤੇ ਜੋ ਦਮ ਲੰਘ ਗਏ, ਉਨ੍ਹਾਂ ਨੂੰ ਭੀ ਮੈਂ ਕਿਸ ਤਰ੍ਹਾਂ ਵਰਤਾਂ। ਭਾਈ ਨੰਦ ਲਾਲ ਦਾ ਇੱਕ ਵਾਕ ਯਾਦ ਆਇਐ ‘‘ਯੱਕ ਦਮ ਖ਼ੇਸ਼ ਰਾਹ ਬੁਰਦਮ ਕਿ ਕੀਸਤਮ  ?’’ ਇਕ ਨੂੰ ਫ਼ਾਰਸੀ ਵਿਚ ਯੱਕ ਕਹਿੰਦੇ ਹਨ ‘‘ਯੱਕ ਦਮ ਖ਼ੇਸ਼ ਰਾਹ ਬੁਰਦ ਕਿ ਕੀਸਤਮ  ? ਵਾਇ ਨਕਦਿ ਜ਼ਿੰਦਗੀਅਮ ਰਾਇਗਾਂ ਗੁਜ਼ੱਸ਼ਤ’’  ਨਕਦੀ ਕੀ ਹੈ  ? – ‘ਯੱਕ ਦਮ’। ਉਧਾਰ ਕੀ ਹੈ  ? – ‘ਹਜ਼ਾਰਾਂ ਦਮ’, ਜਿਹੜੇ ਅਜੇ ਆਉਣੇ ਹਨ, ਆਏ ਕੋਈ ਨਹੀਂ। ਪਤਾ ਨਹੀਂ ਆਉਣੇ ਭੀ ਹਨ ਕਿ ਨਹੀਂ ਤੇ ਖ਼ਰਚ ਕਿਹੜਾ ਕੀਤੈ  ? ਜਿਹੜੇ ਦਮ ਚਲੇ ਗਏ। ਉਹ ਹੱਥ ਵਿੱਚ ਨਹੀਂ। ਜਿਹੜੇ ਮੈਂ ਖ਼ਰਚ ਕਰ ਦਿੱਤੇ, ਉਹ ਵੀ ਹੱਥ ’ਚ ਨਹੀਂ, ਜਿਹੜੇ ਅਜੇ ਆਉਣੇ ਹਨ ਉਹ ਭੀ ਹੱਥ ’ਚ ਨਹੀਂ। ਹੱਥ ਵਿੱਚ ਹੈ ਇੱਕ ਦਮ। ਮਹਾਰਾਜ ਕਹਿੰਦੇ ਹਨ ‘ਉਮਰ ਇੱਕ ਦਮ ਤੋਂ ਜ਼ਿਆਦਾ ਨਹੀਂ’। ਤੁਸੀਂ ਆਖੋਗੇ ਕਿ ਇੱਕ ਦਮ ਵਿੱਚ ਕੀ ਮਿਲ ਸਕਦੈ  ? ਇੱਕ ਦਮ ਵਿੱਚ ਰੱਬ ਮਿਲ ਸਕਦੈ। ਇੱਕ ਦਮ ਵਿੱਚ ਪਰਮਾਤਮਾ ਮਿਲ ਸਕਦੈ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਸੂਹੀ, ਮਹਲਾ , ਪੰਨਾ ੭੪੭) ਨਿਮਖ, ਇੱਕ ਸੈਕਿੰਡ। ਇੱਕ ਦਮ ਵਿੱਚ ਪਰਮਾਤਮਾ ਮਿਲ ਸਕਦਾ ਹੈ ‘‘ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭) ਸਭ ਪਦਾਰਥਾਂ ਦਾ ਮਿਲਣਾ ਭਾਵ  ਕੁਝ ਭੀ ਨਹੀਂ ਮਿਲਣਾ। ਪਰਮਾਤਮਾ ਦਾ ਮਿਲਣਾ, ਸਭ ਕੁਝ ਦਾ ਮਿਲਣਾ ਹੈ। ਇਸ ਨੂੰ ਇੰਜ ਲੈਣਾ ‘‘ਸਭੇ ਇਛਾ ਪੂਰੀਆ; ਜਾ ਪਾਇਆ ਅਗਮ ਅਪਾਰਾ (ਸੂਹੀ, ਮਹਲਾ , ਪੰਨਾ ੭੪੭) ਪਰਮਾਤਮਾ ਦਾ ਮਿਲਣਾ, ਸਭ ਕੁਝ ਦਾ ਮਿਲਣਾ ਹੈ। ਸਭ ਕੁਝ ਦਾ ਮਿਲਣਾ, ਕੁਝ ਭੀ ਨਹੀਂ ਮਿਲਣਾ ‘‘ਸਗਲ ਸ੍ਰਿਸਟਿ ਕੋ ਰਾਜਾ ਦੁਖੀਆ   ਹਰਿ ਕਾ ਨਾਮੁ ਜਪਤ ਹੋਇ ਸੁਖੀਆ ’’ (ਗਉੜੀ, ਸੁਖਮਨੀ, ਮਹਲਾ , ਪੰਨਾ ੨੬੪) ਮੈਂ ਫਿਰ ਦੁਹਰਾਵਾਂ, ਸਭ ਕੁਝ ਦਾ ਮਿਲਣਾ, ਕੁਝ ਭੀ ਨਹੀਂ ਮਿਲਣਾ, ਪ੍ਰਭੂ ਦਾ ਮਿਲ ਜਾਣਾ, ਸਭ ਕੁਝ ਦਾ ਮਿਲ ਜਾਣਾ ਹੈ ਸਭ ਕੁਝ ਖ਼ੁਦਾ ਸੇ ਮਾਂਗ ਲੀਆ ਖ਼ੁਦਾ ਕੋ ਮਾਂਗ ਕਰ ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਅਦ

ਹੋ ਸਕਦੈ ਕਿ ਇੱਕ ਦਮ ਵਿੱਚ ਮਿਲ ਜਾਵੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਅੰਮ੍ਰਿਤ ਵੇਲੇ ਜਦ ਉੱਠ ਕੇ ਵਾਹਿਗੁਰੂ ਵਾਹਿਗੁਰੂ ਆਖੋ ਤਾਂ ਹੁਣ ਪੂਰੇ ਧਿਆਨ ਨਾਲ ਉਸ ਨੂੰ ਸੁਣੋ। ਪੂਰਾ ਧਿਆਨ ਤਾਂ ਹੀ ਸੁਣ ਸਕੇਗਾ ਜੇਕਰ ਉਸ ਵਕਤ ਕੋਈ ਮੰਗ ਨਾ ਚੱਲੇ, ਫੁਰਨਾ ਹੋਰ ਹੋਵੇ ਹੀ ਨਾ, ਨਹੀਂ ਤਾਂ ਕਾਮਨਾਵਾਂ, ਵਾਸਨਾਵਾਂ, ਮੰਗਾਂ, ਉਸ ਇੱਕ ਦਮ ਵਿੱਚ ਨਹੀਂ ਆਉਣ ਦਿੰਦੀਆਂ। ਜੇਕਰ ਕੋਈ ਆ ਗਿਐ ਇਕ ਦਮ ਵਿੱਚ ਤਾਂ ਉਸੇ ਦਮ ਵਿੱਚ ਖ਼ੁਦਾ ਹਾਜ਼ਰ ਨਾਜ਼ਰ ਵਿਖ ਜਾਂਦਾ ਹੈ। ਇਸੇ ਨੂੰ ਹੀ ਕਬੀਰ ਜੀ ਕਹਿੰਦੇ ਹਨ ‘‘ਬੇਦ ਕਤੇਬ ਇਫਤਰਾ ਭਾਈ ! ਦਿਲ ਕਾ ਫਿਕਰੁ ਜਾਇ   ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭)

ਇਹ ਵਿਅਕਤੀਗਤ ਬੰਦਗੀ ਹੈ। ਅੰਮ੍ਰਿਤ ਵੇਲੇ ਉਠ ਕੇ ਪੰਦਰਾਂ ਵੀਹ ਮਿੰਟ ਵਾਹਿਗੁਰੂ ਵਾਹਿਗੁਰੂ ਜਪਣੈ। ਮਸਾਂ ਕਿਧਰੇ ਉਹ ‘ਅਸਲ’, ਇਸ ਦਫ਼ਾ ਦਾ ਵਾਹਿਗੁਰੂ ਆਖਿਆ ਜਾਏ। ਇਕ ਦਮ ਇਕ ਦਫ਼ਾ ਦਾ ਵਾਹਿਗੁਰੂ ਕਿਧਰੇ ਮੂੰਹ ਵਿੱਚੋਂ ਨਿਕਲੇ, ਜਿਸ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ। ਸਭ ਕੁਝ ਦੀ ਪ੍ਰਾਪਤੀ ਲਈ ਬਹੁਤ ਵੱਡਾ ਭਵਿੱਸ਼ ਚਾਹੀਦੈ ਪ੍ਰੰਤੂ ਪਰਮਾਤਮਾ ਦੀ ਪ੍ਰਾਪਤੀ ਲਈ ਇਕ ਨਿਮਖ ਚਾਹੀਦੈ। ਲੰਬੇ ਚੌੜੇ ਭਵਿੱਸ਼ ਵਿੱਚ ਜਾਣਾ ਬੜਾ ਆਸਾਨ ਹੈ, ਇਕ ਦਮ ਵਿੱਚ ਆਉਣਾ ਬੜਾ ਔਖਾ ਹੈ। ਸਭ ਕੁਝ ਜਿਹੜਾ ਇਤਨਾ ਖਲੇਰਿਐ, ਇਹ ਸਭ ਸਮੇਟਣਾ ਪੈਂਦਾ ਹੈ। ਹਾਫ਼ਿਜ਼ ਕਹਿੰਦੈ ਮਰਾ ਦਰ ਮੰਜ਼ਿਲੇ ਜਾਨਾਂ ਚਿ ਅਮਨੇ ਐਸ਼ ਨੂੰ ਹਰ ਦਮ ਜਰਸ ਫ਼ਰੀਆਦ ਮੇਨਾਲਦ ਕਿ ਬਰਬੰਦੇਦ ਮਹਮਿਲਹਾਇਹ ਫ਼ਕੀਰ ਕਹਿੰਦੈ, ਆਪਣਾ ਸਾਮਾਨ ਮੈਂ ਬੜਾ ਖਲੇਰ ਬੈਠਾ ਹਾਂ ਤੇ ਘੜਿਆਲ ਵੱਜ ਗਿਐ। ਪੁਰਾਣੇ ਸਮੇਂ ਕਾਰਵਾਂ ਚੱਲਦੇ ਸਨ। ਊਠਾਂ ਦੇ ਕਾਫ਼ਲੇ, ਰਸਤੇ ਵਿੱਚ ਆਰਾਮ ਕਰਦੇ ਸਨ ਤੇ ਜਦ ਚੱਲਣੈ ਤਾਂ ਉਹ ਘੜਿਆਲ ਵਜਾਂਦੇ ਸਨ, ਬਈ ਅੰਮ੍ਰਿਤ ਵੇਲਾ ਹੋ ਗਿਐ, ਸਾਮਾਨ ਬੰਨ੍ਹ ਤੇ ਊਠਾਂ ’ਤੇ ਲੱਦੋ, ਅਸਾਂ ਚੱਲਣੈ। ਇਹ ਫ਼ਕੀਰ ਕਹਿੰਦੈ, ਦਿਨ ਭਰ ਚੱਲਣਾ, ਸਾਮਾਨ ਖੋਲ੍ਹਣਾ ਤੇ ਅੰਮ੍ਰਿਤ ਵੇਲੇ ਘੜਿਆਲ ਦਾ ਵੱਜਣਾ, ਫਿਰ ਸਾਮਾਨ ਲਪੇਟਣਾ ਤੇ ਫਿਰ ਚੱਲਣਾ, ਇਹ ਕੋਈ ਜ਼ਿੰਦਗੀ ਹੈ  ? ਇਹ ਕੋਈ ਜੀਵਨ ਹੈ  ? ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹਨ ਜਰਸ ਬੇਹੂਦਾ ਮੇਨਾਲਦ, ਕੁਜਾ ਬੰਦੇਮ ਮਹਮਿਲਹਾ

ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹਨ ਕਿ ਹਾਫ਼ਿਜ਼  ! ਇਹ ਘੜਿਆਲ ਬੇਹੂਦਾ ਪਿਆ ਬੋਲਦੈ। ਅਸੀਂ ਇਤਨਾ ਸਾਮਾਨ ਕਦੀ ਲੱਦਿਆ ਹੀ ਨਹੀਂ, ਨਾ ਖਲੇਰਿਐ। ਅਸੀਂ ਤਿਆਰ ਹੀ ਬੈਠੇ ਹਾਂ। ਸਾਡੀ ਨਿੱਤ ਚੱਲਣ ਦੀ ਤਿਆਰੀ ਹੈ। ਤਿਆਰ ਹੀ ਬੈਠੇ ਹਾਂ। ਇਧਰ ਵਾਹਿਗੁਰੂ ਆਖਿਆ ਤੇ ਵਾਹਿਗੁਰੂ ਨਾਲ ਜੁੜ ਗਏ। ਹੁਣ ਜਿਸ ਦਾ ਸਾਮਾਨ ਬਹੁਤ ਖਲੇਰਿਆ ਪਿਐ, ਕਹਿੰਦੇ ਹਨ ਮਨ ਖਿੰਡਿਆ ਹੋਇਐ, ਵਾਹਿਗੁਰੂ ਵਾਹਿਗੁਰੂ ਆਖਦਾ ਪਿਐ। ਪਹਿਲੇ ਸਾਰਾ ਸਾਮਾਨ ਖਲੇਰਿਆ ਹੋਇਆ ਸਮੇਟੋ ਤਾਂ ਸਹੀ, ਇਕੱਠਾ ਤਾਂ ਕਰੋ। ਭਾਈ ਸਾਹਿਬ ਕਹਿੰਦੇ ਹਨ ‘ਅਸੀਂ ਇਤਨਾ ਸਾਮਾਨ ਇਕੱਠਾ ਹੀ ਨਹੀਂ ਕੀਤਾ। ਖਲੇਰਿਆ ਹੀ ਨਹੀਂ। ਇਕ ਦਫ਼ਾ ਵਾਹਿਗੁਰੂ ਆਖਦੇ ਹਾਂ ਤੇ ਜੁੜ ਜਾਂਦੇ ਹਾਂ । ਮਨ ਕਦੀ ਖਿੰਡਾਇਆ ਹੀ ਨਹੀਂ । ਮਨ ਖਿੰਡਾਂਦੀਆਂ ਨੇ ਕਾਮਨਾਵਾਂ, ਮਨ ਖਿੰਡਾਂਦੀਆਂ ਨੇ ਵਾਸਨਾਵਾਂ। ਬਹੁਤ ਦੂਰ ਤਕ ਲੈ ਜਾਂਦੀਆਂ ਹਨ ਮਨ ਨੂੰ। ਘੱਟ ਤੋਂ ਘੱਟ ਇਹ ਧਿਆਨ-ਸਾਧਨਾ, ਜਿਸ ਵਕਤ ਵਾਹਿਗੁਰੂ ਵਾਹਿਗੁਰੂ ਕਰੀਏ, ਉਸ ਸਮੇਂ ਤਾਂ ਸੁਚੇਤ ਰਹੀਏ। ਉਸ ਸਮੇਂ ਤਾਂ ਕੋਈ ਮੰਗ ਨਾ ਹੋਵੇ ਕਿਉਂਕਿ ਉਹ ਤਾਂ ਭਵਿੱਸ਼ ਵਿੱਚ ਲੈ ਜਾਏਗੀ, ਇਕ ਦਮ ਵਿੱਚ ਆਉਣ ਨਹੀਂ ਦੇਵੇਗੀ।

ਮੈਂ ਫਿਰ ਅਰਜ਼ ਕਰਾਂ, ਸਭ ਕੁਝ ਮਿਲਣ ਲਈ ਭਵਿੱਸ਼ ਚਾਹੀਦੈ ਅਤੇ ਪਰਮਾਤਮਾ ਨੂੰ ਮਿਲਣ ਲਈ ਵਰਤਮਾਨ ਚਾਹੀਦੈ। ਸਭ ਕੁਝ ਮੈਨੂੰ ਮਿਲੇ, ਦਸ ਸਾਲ, ਵੀਹ ਸਾਲ, ਪੰਜਾਹ ਸਾਲ ਚਾਹੀਦੇ ਹਨ। ਹੋ ਸਕਦੇ ਮੈਨੂੰ ਨਾ ਮਿਲੇ, ਮੇਰੇ ਪੁੱਤਰਾਂ ਨੂੰ ਮਿਲੇ, ਮੇਰੇ ਪੋਤਰਿਆਂ ਨੂੰ ਮਿਲੇ। ਮੈਂ ਇਕ ਅੰਬ ਦਾ ਬੂਟਾ ਲਾਇਐ ਅੱਜ, ਪਤਾ ਨਹੀਂ ਪੰਦਰਾਂ ਸਾਲ ਬਾਅਦ ਫਲ਼ ਲੱਗਣੇ ਹਨ ਕਿ ਨਹੀਂ, ਮੈਂ ਖਾਣੇ ਹਨ ਕਿ ਨਹੀਂ। ਭਵਿੱਸ਼ ਬੜਾ ਲੰਬਾ ਹੈ, ਸਭ ਕੁਝ ਦੀ ਪ੍ਰਾਪਤੀ ਲਈ ਲੰਬਾ ਚੌੜਾ ਭਵਿੱਸ਼ ਚਾਹੀਦਾ ਹੈ। ਜਿਤਨਾ ਬਹੁਤਾ ਕੁਝ ਚਾਹੀਦਾ ਹੈ, ਉਤਨਾ ਲੰਬਾ ਭਵਿੱਸ਼ ਹੈ। ਪਰਮਾਤਮਾ ਚਾਹੀਦੈ-ਇੱਕ ਦਮ, ਇੱਕ ਸੈਕਿੰਡ। ਲੰਬੇ ਚੌੜੇ ਭਵਿੱਖ ਵਿੱਚ ਚਲੇ ਜਾਣਾ, ਧਿਆਨ ਨੂੰ ਖਿੰਡਾਣਾ ਆਸਾਨ ਹੈ, ਇੱਕ ਦਮ ਵਿੱਚ ਆਉਣਾ ਬੜਾ ਔਖਾ ਹੈ। ਇਹ ਬੁਨਿਆਦੀ ਗੱਲ, ਮੈਂ ਆਪ ਜੀ ਦੇ ਸਾਹਮਣੇ ਰੱਖੀ ਹੈ। ਜਿਤਨੇ ਚਿਰ ਤੱਕ ਮੰਗ ਚੱਲਦੀ ਪਈ ਹੈ, ਰਾਮ ਰਾਮ ਕਰ ਰਿਹੈ, ਵਾਹਿਗੁਰੂ ਵਾਹਿਗੁਰੂ ਕਰ ਰਿਹੈ, ਅੱਲ੍ਹਾ ਅੱਲ੍ਹਾ ਕਰ ਰਿਹੈ। ਕਾਬਲ ਵਿੱਚ ਘੋੜੇ ਖ਼ਰੀਦਦਾ ਪਿਐ, ਕੋਈ ਨਮਾਜ਼ ਨਹੀਂ ਪੜ੍ਹਦਾ, ਕੋਈ ਰਾਮ ਰਾਮ ਨਹੀਂ, ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਰਿਹਾ। ਜਦ ਵਰਤਮਾਨ ਵਿੱਚ ਆ ਗਿਆ ਤਾਂ ਵਾਹਿਗੁਰੂ ਆਖਣਾ ਭੀ ਚੁੱਪ ਹੋ ਜਾਏਗਾ, ਜ਼ਬਾਨ ਚੁੱਪ ਹੋ ਜਾਏਗੀ ਕਿਉਂਕਿ ਉਹ ਵਾਹਿਗੁਰੂ ਦਾ ਰੂਪ ਹੋ ਜਾਏਗਾ ‘‘ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ; ਬਾਹੁੜਿ ਜਨਮਿ ਆਵਾ (ਬਿਲਾਵਲੁ, ਮਹਲਾ , ਪੰਨਾ ੭੯੫), ਸਮਸਤੁਲ ਜੁਬਾਂ ਹੈਂ ਕਿ ਸਾਹਿਬ ਕਿਰਾ ਹੈਂ ’’ (ਜਾਪੁ ਸਾਹਿਬ) ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਪਤਾ ਨਹੀਂ ਕਿਤਨੀਆਂ ਜ਼ਬਾਨਾਂ ਵਿੱਚੋਂ ਮੈਂ ਤੇਰੀ ਆਵਾਜ਼ ਸੁਣ ਰਿਹਾ ਹਾਂ। ਇਸ ਦਾ ਮਤਲਬ ਹੈ ਕਿ ਮਨ ਚੁੱਪ ਕਰ ਗਿਆ ਹੈ। ਹੁਣ ਤਾਂ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ (ਮਲਾਰ, ਮਹਲਾ , ਪੰਨਾ ੧੨੬੫), ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ, ਮਹਲਾ , ਪੰਨਾ ੧੧੬੦) ਜਾਂ ਮੈਂ ਬੋਲਾਂ ਜਾਂ ਠਾਕੁਰ ਬੋਲੇ ਜਾਂ ਠਾਕੁਰ ਚੁੱਪ ਕਰੇ ਜਾਂ ਮੈਂ ਚੁੱਪ ਕਰਾਂ। ਨਹੀਂ, ਮੈਂ ਠਾਕੁਰ ਨੂੰ ਸੁਣਨਾ ਹੈ, ਮੈਂ ਹੀ ਚੁੱਪ ਕਰਾਂ ਤਾਂ ਹੀ ਗੱਲ ਬਣੇਗੀ।

ਕਈਆਂ ਨੇ ਇਹ ਸੋਚਿਐ ਕਿ ਚੱਲੋ ਜ਼ਬਾਨ ਨੂੰ ਚੁੱਪ ਕਰਾਈਏ, ਗੱਲ ਬਣ ਜਾਏਗੀ। ਨਹੀਂ, ਮਨ ਨੂੰ ਹੀ ਚੁੱਪ ਕਰਾਉਣਾ ਪਵੇਗਾ। ਜ਼ਬਾਨ ਦੇ ਚੁੱਪ ਹੋਣ ਨਾਲ ਮਨ ਨਹੀਂ ਚੁੱਪ ਹੁੰਦਾ ‘‘ਚੁਪੈ ਚੁਪ ਹੋਵਈ..’’ (ਜਪ), ਸ਼ਬਦ ਦੇ ਜਪ ਨਾਲ ਸਿੱਧਾ ਮਨ ਨੂੰ ਚੁੱਪ ਕਰਾਉਣਾ ਪੈਂਦਾ ਹੈ। ਇਤਨੀ ਗਹਿਰੀ ਸਰੋਤ ਸੁਣਨਾ ਕਿ ਸੁਣਨਾ, ਸਮਝ ਬਣ ਜਾਏ। ਪਤੈ, ਸੁਰਤ ਦੇ ਅਰਥ ਕੀ ਹਨ ? ਜਵਾਬ ਹੈ ‘ਸੁਣਨਾ’।  ਸੁਰਤ ਦੇ ਅਰਥ ਹਨ ‘ਸਮਝਣਾ’। ਸੁਰਤ ਦੇ ਅਰਥ ਹਨ ‘ਜੁੜਨਾ’। ਕੋਈ ਸੁਣ ਰਿਹੈ, ਬਈ ਸੁਰਤ ਵਿੱਚ ਹੈ। ਸਮਝ ਆ ਗਈ, ਇਸ ਨੂੰ ਸੁਰਤ ਆ ਗਈ। ਇਹ ਜੁੜ ਗਿਐ, ਇਸ ਦੀ ਸੁਰਤ ਜੁੜ ਗਈ। ਇੱਕੋ ਹੀ ਸ਼ਬਦ ਹੈ ਅਤੇ ਅਰਥ ਭਿੰਨ ਹਨ ‘ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ’। ਵਾਹਿਗੁਰੂ ਵਾਹਿਗੁਰੂ ਉਚਾਰਣ ਕਰਨੈ, ਇਸ ਨੂੰ ਸੁਣਨੈ, ਤਾਂ ਕਿਧਰੇ ਸੁਣਦਿਆਂ ਸੁਣਦਿਆਂ ਸਮਝ ਆ ਜਾਏ।  ਸੁਣਦਿਆਂ ਸੁਣਦਿਆਂ ਇੱਕ ਦਿਨ ਸਮਝ ਆ ਜਾਏਗੀ। ਮਨ ਜਿਵੇਂ ਜਿਵੇਂ ਸਿਮਟੇਗਾ, ਵਰਤਮਾਨ ਦੀ ਤਰਫ਼ ਆਏਗਾ, ਰਸ ਬਣਦਾ ਜਾਏਗਾ, ਬੋਝ ਕੁਝ ਹਲਕਾ ਹੁੰਦਾ ਜਾਏਗਾ ਤੇ ਜਦੋਂ ਮਨ ਵਰਤਮਾਨ ਵਿੱਚ ਆ ਗਿਆ, ਪਰਮਾਤਮਾ ਪ੍ਰਗਟ ਹੋ ਗਿਆ ਤਾਂ ਸਾਰੇ ਭਾਰ ਲਹਿ ਜਾਂਦੇ ਹਨ। ਸਤਿਗੁਰੁ ਸਾਰਿਆਂ ਦੀ ਐਸੀ ਅਵਸਥਾ ਬਣਾਏ। ਜਿਹੜਾ ਵਰਤਮਾਨ ਵਿੱਚ ਆ ਜਾਂਦਾ ਹੈ, ਉਸ ਦਾ ਭੂਤਕਾਲ ਅਤੇ ਭਵਿੱਸ਼ ਮਿਟ ਜਾਂਦਾ ਹੈ। ਜਨਮ ਮਰਨ ਹੀ ਮਿਟ ਜਾਂਦਾ ਹੈ। ਯਾਤਰਾ ਸਫਲ ਹੋ ਜਾਂਦੀ ਹੈ।  ਸੰਸਾਰ ਦੇ ਉੱਤੇ ਆਇਆ ਸਫਲ ਹੋ ਜਾਂਦਾ ਹੈ।

ਸਿੱਖ ਮੱਤ ਅਤੇ ਸੰਸਾਰ

0

ਸਿੱਖ ਮੱਤ ਅਤੇ ਸੰਸਾਰ

ਸਿਰਦਾਰ ਕਪੂਰ ਸਿੰਘ

3 ਨਵੰਬਰ 1974 ਈ: ਨੂੰ ਵਿਦਵਾਨ ਲੇਖਕ ਸਿਰਦਾਰ ਕਪੂਰ ਸਿੰਘ ਜੀ ਕੈਨੇਡਾ (ਟੋਰਾਂਟੋ) ਗਏ। ਉੱਥੇ ਜਾ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉੱਥੋਂ ਦੀ ਯੂਨੀਵਰਸਿਟੀ ਦੇ ਇੱਕ ਵਿਭਾਗ ਵੱਲੋਂ 5 ਨਵੰਬਰ ਨੂੰ ਇੱਕ ਸਭਾ ਕੀਤੀ ਜਾ ਰਹੀ ਹੈ, ਜਿਸ ਵਿੱਚ ਇਹ ਵੀਚਾਰ ਕੀਤੀ ਜਾਣੀ ਸੀ ਕਿ ਸੰਸਾਰ ਦੇ ਸਾਰੇ ਧਰਮ ਮਿਲ ਕੇ ਦੁਨੀਆਂ ਨੂੰ ਦਰਪੇਸ਼ ਜੰਗ ਤੇ ਭੁੱਖਮਰੀ ਦੇ ਖ਼ਤਰਿਆਂ ਦੇ ਹੱਲ ਲਈ ਜਿਹੜੀ ਕਿ ਅਜੋਕੇ ਮਨੁੱਖੀ ਸਮਾਜ ਦੀ ਫ਼ੌਰੀ ਲੋੜ ਹੈ, ਬਾਰੇ ਕੀ ਮਦਦ ਕਰ ਸਕਦੇ ਹਨ ?

ਸਿਰਦਾਰ ਕਪੂਰ ਸਿੰਘ ਜੀ ਨੇ ਦੇਖਿਆ ਕਿ ਆਯੋਜਕਾਂ ਨੇ ਕਿਸੇ ਸਿੱਖ ਨੂੰ ਇਸ ਵੀਚਾਰ ਵਿੱਚ ਹਿੱਸਾ ਲੈਣ ਲਈ ਨਹੀਂ ਬੁਲਾਇਆ ਸੀ, ਭਾਵੇਂ ਕਿ ਇਸ ਇੱਕਠ ਲਈ ਪਿਛਲੇ ਇੱਕ ਸਾਲ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਦੱਸਿਆ ਗਿਆ ਕਿ ਸਿੱਖ ਧਰਮ ਨੂੰ ਵਿਸ਼ਵ ਧਰਮ ਅਤੇ ਸੁਤੰਤਰ ਧਰਮ ਨਹੀਂ ਮੰਨਿਆ ਜਾਂਦਾ। ਇਹ ਮੰਨ ਲਿਆ ਗਿਆ ਹੈ ਕਿ ਜੇ ਚਰਚਾ ਦੌਰਾਨ ਸਿੱਖ ਧਰਮ ਦਾ ਕੋਈ ਹਵਾਲਾ ਕਿਧਰੇ ਦੇਣਾ ਜ਼ਰੂਰੀ ਹੋ ਗਿਆ ਤਾਂ ਇਹ ਕੰਮ ਹਿੰਦੂ ਮੱਤ ਦੇ ਪ੍ਰਤੀਨਿਧੀ ਹੀ ਕਰ ਲੈਣਗੇ।

ਸਿਰਦਾਰ ਜੀ ਨੇ ਇਸ ਚਰਚਾ ਵਿੱਚ ਸਿੱਖਾਂ ਦੇ ਬੁਲਾਰੇ ਵਜੋਂ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਨ੍ਹਾਂ ਨੂੰ ਇਸ ਲਈ ਧੰਨਵਾਦ ਸਹਿਤ ਰਸਮੀ ਸੱਦਾ ਦਿੱਤਾ ਗਿਆ।

ਇਸ ਮੌਕੇ ਹਿੰਦੂ, ਬੁੱਧ (ਹੀਨਯਾਨ, ਮਹਾਯਾਨ, ਤੰਤਰਯਾਨ, ਤਿੱਬਤੀ ਬੁੱਧ ਧਰਮ) ਧਰਮਾਂ ਦੇ ਪ੍ਰਤੀਨਿਧੀ ਭਾਰਤ, ਲੰਕਾ ਤਿੱਬਤ, ਕੋਰੀਆ, ਉੱਤਰੀ ਵੀਅਤਨਾਮ ਤੇ ਭੂਟਾਨ ਵਿੱਚੋਂ ਅਤੇ ਇਸਲਾਮ ਦੇ ਸੁੰਨੀ, ਸ਼ੀਆ, ਅਹਿਮਦੀ ਤੇ ਇਸਮਾਇਲੀ ਫ਼ਿਰਕਿਆਂ ਦੇ ਪ੍ਰਤੀਨਿਧੀ ਅਤੇ ਮਸੀਹੀ ਧਰਮ ਦੇ ਪ੍ਰਮੁਖ ਫ਼ਿਰਕਿਆਂ ਦੇ ਤੇ ਯਹੂਦੀ ਮੱਤ ਦੇ ਕੋਈ 50-60 ਸ੍ਰੇਸ਼ਟ ਪ੍ਰਤੀਨਿਧੀ ਵੀ ਪਹੁੰਚੇ ਹੋਏ ਸਨ।

ਸਿਰਦਾਰ ਕਪੂਰ ਸਿੰਘ ਜੀ ਨੇ ਇਸ ਛੋਟੇ ਜਿਹੇ ਪਰਚੇ ਵਿੱਚ ਇਹ ਮੱਤ ਪ੍ਰਸਤੁਤ ਕੀਤਾ ਹੈ ਕਿ ਸੰਸਾਰ ਨੂੰ ਦਰਪੇਸ਼ ਜਿਨ੍ਹਾਂ ਮੁਸ਼ਕਲਾਂ ਬਾਰੇ ਇਹ ਪ੍ਰਤੀਨਿਧ ਵੀਚਾਰ ਕਰਨ ਲਈ ਪਹੁੰਚੇ ਹਨ, ਉਨ੍ਹਾਂ ਪ੍ਰਤੀ ਸਿੱਖ ਧਰਮ ਦੀ ਪਹੁੰਚ ਬਹੁਤ ਮਹੱਤਵ ਰੱਖਦੀ ਹੈ।

ਅਨੁਵਾਦਕ

(1). ਮੇਰਾ ਖਿਆਲ ਹੈ ਕਿ ਧਰਮਾਂ ਦੀ ਬਾਹਰੀ ਦਿੱਖ ਤੇ ਮਰਯਾਦਾ ਦੇ ਨੁਕਤੇ ਤੋਂ ਸਰਸਰੀ ਨਜ਼ਰ ਨਾਲ ਵੇਖਿਆਂ ਵੱਖ-ਵੱਖ ਧਰਮਾਂ ਨੂੰ ਪੰਜ ਸ਼੍ਰੇਣੀਆਂ ਵਿੱਚ ਰੱਖਿਆ ਜਾ ਸਕਦਾ ਹੈ :-

(ੳ). ਪਹਿਲੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ, ਜਿਨ੍ਹਾਂ ਦਾ ਆਧਾਰ ਨਸਲ ਹੈ ਤੇ ਇਨ੍ਹਾਂ ਮੱਤਾਂ ਦਾ ਨਿਸ਼ਚਾ ਹੈ ਕਿ ਰੱਬ ਵੱਲੋਂ ਪ੍ਰਾਪਤ ਹੋਣ ਵਾਲੇ ਲਾਭਾਂ ਦੇ ਅਧਿਕਾਰੀ ਉਨ੍ਹਾਂ ਨੂੰ ਮੰਨਣ ਵਾਲੇ ਅਨੁਯਾਈ ਹੀ ਹਨ; ਇਨ੍ਹਾਂ ਮੱਤਾਂ ਦੇ ਅਨੁਯਾਈਆਂ ਦਾ ਵਿਸ਼ਵਾਸ ਹੁੰਦਾ ਹੈ ਕਿ ਉਨ੍ਹਾਂ ਦਾ ਮੱਤ ਰੱਬ ਵੱਲੋਂ ਥਾਪੇ ਸ੍ਰੇਸ਼ਟ-ਵਰਗ ਭਾਵ ‘ਚੁਣੇ ਹੋਏ ਲੋਕਾਂ’ ਲਈ ਸਦੀਵੀ ਤੌਰ ’ਤੇ ਰਾਖਵਾਂ ਹੈ, ਜਿਨ੍ਹਾਂ ਨੇ ਰੱਬ ਨਾਲ ਇਕਰਾਰ ਕੀਤਾ ਹੈ। ਯਹੂਦੀ ਮੱਤ ਇਸ ਸ਼੍ਰੇਣੀ ਦੇ ਧਰਮਾਂ ਦੀ ਉੱਘੀ ਮਿਸਾਲ ਹੈ।

(ਅ). ਦੂਜੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਸਾਰੇ ਲੋਕਾਂ ਲਈ ਖੁਲ੍ਹੇ ਹਨ, ਬਸ਼ਰਤੇ ਕਿ ਲੋਕ ਉਨ੍ਹਾਂ ਦੇ ਧਰਮ ਨੂੰ ਧਾਰਨ ਕਰਨ ਅਤੇ ਉਨ੍ਹਾਂ ਦੇ ਧਰਮ ਦੇ ਸੂਤਰਾਂ ਨੂੰ ਸੱਚ ਦਾ ਇੱਕੋ ਇੱਕ ਖ਼ਜ਼ਾਨਾ ਪ੍ਰਵਾਨ ਕਰ ਲੈਣ। ਵਿਸ਼ਵ ਵਿਆਪੀ ਧਰਮਾਂ ਦੀ ਇਸ ਸ਼੍ਰੇਣੀ ਵਿੱਚ ਮਸੀਹੀ ਧਰਮ ਤੇ ਇਸਲਾਮ ਗਿਣੇ ਜਾ ਸਕਦੇ ਹਨ।

(ੲ). ਤੀਜੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ ਜਿਹੜੇ ਇਸ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਸਰਵਉਚ ਧਾਰਮਿਕ ਅਨੁਭਵ ਵਿਸ਼ੇਸ਼ ਭੂਗੋਲਿਕ ਤੇ ਸਭਿਆਚਾਰਕ ਵਾਤਾਵਰਣ ਦੇ ਸੰਦਰਭ ਵਿੱਚ ਜੀਵਾਤਮਾ ਦੇ ਕਈ ਜਨਮਾਂ ਤੇ ਪੁਨਰ-ਜਨਮਾਂ ਦੀ ਲੜੀ ਦਾ ਅੰਤਮ ਸਿੱਟਾ ਹੁੰਦਾ ਹੈ। ਸਪਸ਼ਟ ਹੈ ਕਿ ਇਸ ਸ਼੍ਰੇਣੀ ਦੇ ਮੱਤਾਂ ਅਨੁਸਾਰ ਸੱਚੇ ਧਰਮ ਦਾ ਮਾਰਗ ਤੇ ਪ੍ਰਾਪਤੀਆਂ, ਕੇਵਲ ਵਿਸ਼ੇਸ਼ ਨਸਲ ਤੇ ਖਾਸ ਭੂਗੋਲਿਕ ਖਿੱਤੇ ਦੇ ਲੋਕਾਂ ਤੱਕ ਹੀ ਸੀਮਤ ਹਨ। ਇਸ ਕਰ ਕੇ ਕੋਈ ਹਿੰਦੂ ਦਾਅਵਾ ਕਰਦਾ ਹੈ, ‘ਰੱਬ ਦੀ ਵਿਸ਼ੇਸ਼ ਕਿਰਪਾ ਕਰ ਕੇ ਹੀ – ਕੋਈ ਮਨੁੱਖ ਹਿੰਦੂ ਵਜੋਂ ਭਾਰਤ ਦੀ ਪਵਿੱਤਰ ਧਰਤੀ ਉੱਪਰ ਜਨਮ ਲੈਂਦਾ ਹੈ; ਹੋਰ ਥਾਂਵਾਂ ’ਤੇ ਜੰਮਣਾ ਦੁੱਖ ਤੇ ਨਿਰਾਸ਼ਤਾ ਦੇਣ ਵਾਲਾ, ਵਿਅਰਥ ਜਨਮ ਹੈ।’  ਵਿਸ਼ਨੂੰ ਪੁਰਾਣ ਵਿੱਚ ਲਿਖਿਆ ਗਿਆ ਹੈ:-

ਕ੍ਰਿਸ਼ਣਾਨੁਗ੍ਰਹਤੋ ਲਬਧਵਾ ਮਾਨਵ ਜਨਮ ਭਾਰਤੇ, ਅਨਯਸਥਾਨੇ ਵ੍ਰਿਥਾ ਜਨਮ ਨਿਸ਼ਫਲਨਯ ਗਤਾਗਤਮ ।

ਇਸ ਸਿਧਾਂਤ ਦੀ ਮੂਲ ਧਾਰਨਾ ਇਹ ਹੈ ਕਿ ਵਰਤਮਾਨ ਸਮੇਂ ਦੇ ਅਣਗਿਣਤ ਨਿਜੀ ਅਨੁਭਵ ਅਤੇ ਸਰੀਰਕ ਲੱਛਣ, ਪਿਛਲੇ ਕੀਤੇ ਕਰਮਾਂ ਦੀ ਰਹਿੰਦ-ਖੂੰਹਦ ਦਾ ਹੀ ਪ੍ਰਗਟਾਵਾ ਹੈ। ਇੱਕ ਹਿੰਦੂ ਅਨੁਸਾਰ ਪਹਿਲੀਆਂ ਦੋਹਾਂ ਸ਼੍ਰੇਣੀਆਂ ਦੇ ਮੱਤਾਂ ਨੂੰ ਮੰਨਣ ਵਾਲਿਆਂ ਦੇ ਅਸਪਸ਼ਟ ਵਰਤਾਰਿਆਂ ਤੇ ਰਹੱਸਵਾਦੀ ਸ਼ਕਤੀਆਂ ਦੇ ਗਹਿਰੇ ਅਧਿਐਨ ਤੋਂ ਬਾਅਦ ਜਿਹੜੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਦੀ ਸਮਝ ਹਿੰਦੂ ਮੱਤ ਦੀ ਪੂਰਬ- ਵਰਣਿਤ ਧਾਰਨਾ ਨੂੰ ਮੰਨਣ ਤੇ ਸਵੀਕਾਰਨ ਨਾਲ ਹੀ ਆ ਸਕਦੀ ਹੈ। ਇਹੀ ਭਾਰਤ ਵਿੱਚ ਕਿਸੇ ਹਿੰਦੂ ਪਰਿਵਾਰ ਵਿੱਚ ਜਨਮ ਲੈਣ ਦੇ ਦਾਅਵੇ ਨੂੰ ਤਰਕ ਪ੍ਰਦਾਨ ਕਰਦੀ ਹੈ।

(ਸ). ਚੌਥੀ ਸ਼੍ਰੇਣੀ ਦੇ ਮੱਤਾਂ ਦੀ ਮੂਲ ਧਾਰਨਾ ਇਹ ਹੈ ਕਿ ਧਾਰਮਿਕ ਅਨੁਭਵ ਗੈਰ-ਬੌਧਿਕ ਤੇ ਅਕੱਥ ਹੁੰਦਾ ਹੈ, ਇਸ ਦਾ ਅਰਥ ਇਹ ਹੈ ਕਿ ਧਾਰਮਿਕ ਅਨੁਭਵ ਧਰਮ ਦੀ ਵਿਵਹਾਰਕ ਪੱਧਰ ਉੱਪਰ ‘ਉਪਾਅ’ ਭਾਵ ਕਿ ਆਰਜ਼ੀ ਸਾਧਨ ਹੈ, ਨਾ ਕਿ ਸਿਧਾਂਤ, ਸੰਕਲਪ ਜਾਂ ਵਿਸ਼ਵਾਸ।

ਇਹ ਉਪਾਅ ਉਸ ਹਸਤੀ ਵਾਂਗ ਅਸਥਿਰ ਹੁੰਦੇ ਹਨ ਜਿਸ ਨੂੰ ਰੂਹਾਨੀ ਖੁਰਾਕ ਪ੍ਰਦਾਨ ਕਰਨ ਦਾ ਇਹ ਸਾਧਨ ਹੁੰਦੇ ਹਨ। ਬੁੱਧ ਧਰਮ ਜਿਹੜਾ ਕਿ ਹਿੰਦੂ ਧਰਮ ਦਾ ਹੀ ਇਕ ਨਿਰਯਾਤ ਰੂਪ ਹੈ, ਇਸ ਸ਼੍ਰੇਣੀ ਦਾ ਮੱਤ ਹੈ। ਬੁੱਧ ਮੱਤ ਦੀਆਂ ਕਈ ਸ਼ਾਖਾਵਾਂ ਹਨ; ਜਿਵੇਂ : ‘ਹੀਨਯਾਨ’ ਜਿਸ ਨੂੰ ਮੂਲ ਰੂਪ ਵਿੱਚ ਨੈਤਿਕ-ਦਾਰਸ਼ਨਿਕ ਧਰਮ ਕਿਹਾ ਜਾਂਦਾ ਹੈ, ‘ਮਹਾਯਾਨ’, ‘ਵੈਰਯਾਨ’, ‘ਤੰਤਰਯਾਨ’, ‘ਮੰਤਰਯਾਨ’,‘ਤਿੱਬਤੀ ਬੁੱਧ ਮੱਤ’ ਅਤੇ ‘ਜੈਨ’।

(ਹ). ਧਰਮਾਂ ਦੀ ਪੰਜਵੀ ਸ਼੍ਰੇਣੀ ਵਿੱਚ ਉਹ ਧਰਮ ਹਨ, ਜਿਨ੍ਹਾਂ ਦਾ ਨਿਸ਼ਾਨਾ ਕੱਟੜਤਾ ਤਿਆਗਣਾ ਹੈ ਅਤੇ ਇਹ ਉਸ ਧਾਰਮਿਕ ਅਨੁਭਵ ਵੱਲ ਸੇਧਿਤ ਕਰਦੇ ਹਨ ਜਿਸ ਨੂੰ ਹਰ ਧਰਮ ਦਾ ਅਨੁਯਾਈ ਅਨੁਭਵ ਕਰ ਸਕਦਾ ਹੈ; ਇਸ ਲਈ ਇਹ ਧਰਮ ਕਿਸੇ ਸਿਧਾਂਤ, ਕਿਸੇ ਵਿਸ਼ਵਾਸ ਨਾਲ ਟਕਰਾਉਂਦੇ ਨਹੀਂ ਅਤੇ ਇਨ੍ਹਾਂ ਦਾ ਨਿਸ਼ਾਨਾ ਧਰਮ ਬਦਲੀ ਨਹੀਂ ਸਗੋਂ ਧਾਰਮਿਕ ਜੀਵਨ ਜੀਊਣਾ ਹੈ ਅਤੇ ਇਉਂ ਇਹ ਧਰਮ ਇੱਕ ਪੁੱਲ ਵਾਂਗ ਕੰਮ ਕਰਦਾ ਹੈ, ਨਾ ਕਿ ਵਿਸ਼ਵਵਿਆਪੀ ਜੇਤੂ ਵਾਂਗ, ਜਿਵੇਂ ਕਿ ਇਸਲਾਮ ਤੇ ਮਸੀਹੀ ਧਰਮਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕ ਵੱਧ ਤੋਂ ਵੱਧ ਉਨ੍ਹਾਂ ਦੇ ਹੀ ਧਰਮ ਵਿੱਚ ਸ਼ਾਮਲ ਹੋਣ।

 ਸਿੱਖ ਧਰਮ ਪੰਜਵੀ ਸ਼੍ਰੇਣੀ ਦਾ ਧਰਮ ਹੈ, ਜਿਹੜਾ ਕਿ ਦੂਜੇ ਸਿਧਾਂਤਾਂ ਤੇ ਵਿਸ਼ਵਾਸਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦਾ, ਸਗੋਂ ਧਰਮ ਬਦਲਣ ਦੀ ਥਾਂ ਸੰਵਾਦ ਦੀ ਯਾਚਨਾ ਕਰਦਾ ਹੈ ਤਾਂ ਜੋ ਧਾਰਮਿਕ ਤੰਗ-ਨਜ਼ਰੀ ਤੋਂ ਅੱਗੇ ਵਧਿਆ ਜਾਵੇ। ਇਹ ਇਸ ਗੱਲ ਦਾ ਪ੍ਰਚਾਰ ਕਰਦਾ ਹੈ ਕਿ ਨਾ ਤਾਂ ਵਿਸ਼ਵ-ਵਿਆਪੀ ਸੰਕਲਪ ਦਿੱਤਾ ਜਾਵੇ, ਨਾ ਸੰਸ਼ਲੇਸ਼ਣ (ਇੱਕੋ ਰੂਪ) ਜਾਂ ਸਮਨਵੈ (ਸਮਾਨੰਤਰ) ਕਰ ਕੇ ਧਰਮਾਂ ਨੂੰ ਮਿਲਾਇਆ ਜਾਵੇ ਬਲਕਿ ਹਰ ਕਿਸੇ ਨੂੰ ਆਪਣੇ ਧਰਮ ਦੀ ਸੋਚ, ਸ਼ਰਧਾ ਤੇ ਕਰਮ ਵਿੱਚ ਗਹਿਰਾਈ ਤੀਕ ਜਾਣਾ ਚਾਹੀਦਾ ਹੈ। ਇਸ ਦਾ ਖ਼ਿਆਲ ਹੈ ਕਿ ਹਰ ਜਿਊਂਦੇ ਧਰਮ ਦੀ ਗਹਿਰਾਈ ਵਿੱਚ ਕੋਈ ਅਜਿਹਾ ਨੁਕਤਾ ਹੁੰਦਾ ਹੈ, ਜਿਹੜਾ ਇਸ ਦੇ ਮਹੱਤਵ ਨੂੰ ਖੋਰਾ ਲਾਉਂਦਾ ਹੈ ਅਤੇ ਇਹ ਨੁਕਤਾ ਰੂਹਾਨੀ ਆਜ਼ਾਦੀ ’ਤੇ ਰੋਕ ਲਾ ਕੇ ਕੱਟੜਤਾ ਵਾਲੀ ਵੰਡ ਪਾਉਂਦਾ ਹੈ ।

(2). ਪਹਿਲੀ ਸ਼੍ਰੇਣੀ ਦੇ ਧਰਮਾਂ ਨੇ ਰਾਜਨੀਤਕ ਤੇ ਸਮਾਜਿਕ ਯੋਗਤਾ ਦੁਆਰਾ ਆਪਣਾ ਨਿਵੇਕਲਾ ਦਬ-ਦਬਾਅ, ਪਹਿਲਾਂ ਵਾਲੀ ਸ਼ਨਾਖ਼ਤ ਅਤੇ ਵਿਸ਼ੇਸ਼ ਅਧਿਆਤਮਕ ਅਧਿਕਾਰਾਂ ਵਾਲਾ ਰੁਤਬਾ; ਬਰਕਰਾਰ ਰੱਖੇ ਹਨ।

(3). ਦੂਜੀ ਸ਼੍ਰੇਣੀ ਦੇ ਧਰਮਾਂ ਵਿੱਚੋਂ ਈਸਾਈ ਮੱਤ ਦਾ ਵਿਸ਼ਵਾਸ ਹੈ ਕਿ ਚੀਜ਼ਾਂ ਦੀ ਪ੍ਰਕਿਰਤੀ ਵਿੱਚ ਸੰਸਾਰ ਲਈ ਦੈਵੀ-ਪ੍ਰੇਮ ਹੈ, ਜਿਸ ਦਾ ਨਿਸ਼ਾਨਾ ਦੁੱਖ ਸਹਿ ਕੇ ਨਵੇਂ ‘ਰਾਜ’ ਦੀ ਸਥਾਪਨਾ ਲਈ ਕੰਮ ਕਰਨਾ ਹੈ, ਜਿੱਥੇ ਸਾਰੇ ਕੰਮ ਰੱਬ ਦੇ ਹੁਕਮ ਅਨੁਸਾਰ ਹੋਣਗੇ; ਜਿਵੇਂ ਕਿ ਸਵਰਗ ਵਿੱਚ ਹੁੰਦਾ ਹੈ।

(4). ਦੂਜੀ ਸ਼ੇਣੀ ਵਿੱਚ ਆਉਂਦੇ ਇਸਲਾਮ ਦਾ ਨਿਸ਼ਾਨਾ ‘ਅਲ-ਜਹਾਦ’ ਲਈ ਵਾਹ ਲਾਉਣੀ ਹੈ ਤਾਂ ਜੋ ਸੰਸਾਰ ਵਿੱਚ ਉਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇ ਜਿਹੜੇ ਆਕਾਸ਼ਬਾਣੀ ਰਾਹੀਂ ਆਏ ਤੇ ਮੁਹੰਮਦ ਸਾਹਿਬ ਵੱਲੋਂ ਦਿੱਤੇ ਗਏ ਹਨ। ਇਸ ਧਰਮ ਅਨੁਸਾਰ ਰੱਬ ਨੇ ਮਨੁੱਖ ਤੇ ਸੰਸਾਰ ਦੀ ਰਚਨਾ ਇਸੇ ਉਦੇਸ਼ ਲਈ ਕੀਤੀ ਹੈ ਅਤੇ ‘ਤਲਵਾਰ ਦੀ ਵਰਤੋਂ’ ਦੀ ਨੀਤੀ ਪ੍ਰਯੋਗ ਕਰਨੀ ਵਿਧਾਨ ਹੈ; ਜਿਵੇਂ ਕਿ ‘ਸ਼ਰਾ ਤਹਾਤੁਸ ਸ਼ੈਫਵਿੱਚ ਜ਼ਿਕਰ ਹੈ।

(5). ਤੀਜੀ ਸ਼੍ਰੇਣੀ ਦੇ ਧਰਮ; ਦੂਜਿਆਂ ਤੋਂ ਅਲੱਗ-ਥਲੱਗ, ਸਵੈ-ਸਮਰਥ ਤੇ ਸਵੈ-ਇਜਾਰੇਦਾਰੀ (ਏਕਾਧਿਕਾਰੀ) ਵਾਲੇ ਹਨ ਤੇ ਬਾਹਰੀ ਦਖ਼ਲ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਆਪਣੀ ਅੰਦਰੂਨੀ ਪਵਿੱਤਰਤਾ ਨੂੰ ਕਾਇਮ ਰੱਖਦੇ ਹਨ।

(6). ਚੌਥੀ ਸ਼੍ਰੇਣੀ ਦੇ ਧਰਮ ਗ਼ੈਰ-ਸਮਾਜਕ ਅਤੇ ਗ਼ੈਰ-ਸੰਸਥਾਤਮਿਕ ਹਨ ਅਤੇ ਮਨੁੱਖ ਵਿੱਚ ਨਿੱਜੀ ਪੱਧਰ ਦੀ ਚੇਤਨਾ ਜਗਾਉਂਦੇ ਹਨ, ਨਾ ਕਿ ਉਸ ਨੂੰ ਪੂਰੇ ਸਮਾਜ ਦਾ ਅੰਗ ਮੰਨਦੇ ਹਨ। ਇਨ੍ਹਾਂ ਧਰਮਾਂ ਅਨੁਸਾਰ ‘ਪ੍ਰਜਨਾ’ ਭਾਵ ਕਿ ਪਰਾ-ਗਿਆਨ ਮਨੁੱਖ ਨੂੰ ਸਾਰੇ ਨਾਮਾਂ ਤੇ ਰੂਪਾਂ ਦੀਆਂ ਸੀਮਾਵਾਂ ਤੋਂ ਮੁਕਤ ਕਰਦਾ ਹੈ।

(7). ਪੰਜਵੀਂ ਸ਼੍ਰੇਣੀ ਦੇ ਧਰਮਾਂ ਵਿੱਚ ਸਿੱਖ ਧਰਮ ਆਉਂਦਾ ਹੈ ਜੋ ਕਿ ਸਾਰੇ ਧਰਮਾਂ ਦੀ ਏਕਤਾ ਨੂੰ ਮਾਨਤਾ ਦਿੰਦਾ ਹੈ । ਇਸ ਦਾ ਕਹਿਣਾ ਹੈ ਕਿ ਸਾਰੇ ਧਰਮਾਂ ਵਿੱਚ ਕੁਝ ਖਾਮੀਆਂ ਹਨ, ਜਿਨ੍ਹਾਂ ਕਰਕੇ ਇਨ੍ਹਾਂ ਵਿੱਚ ਬੁਨਿਆਦੀ ਸੰਕਲਪਾਂ; ਜਿਵੇਂ ਪਰਮ-ਸੱਚ ਅਤੇ ਜਗਤ ਪ੍ਰਤੀ ਦ੍ਰਿਸ਼ਟੀਕੋਣ ਬਾਰੇ ਮੱਤਭੇਦ ਹੁੰਦੇ ਹਨ, ਜੋ ਕਿ ਬੇਮੇਲ ਤੱਤਾਂ ਕਾਰਨ ਇਨ੍ਹਾਂ ਦਰਮਿਆਨ ਸੱਚਾ ਤੇ ਪੱਕਾ ਮੇਲ ਪੈਦਾ ਕਰਨ ਵਿੱਚ ਰੁਕਾਵਟ ਪਾਉਂਦੇ ਹਨ। ਸਿੱਖ ਧਰਮ ਵੱਖ-ਵੱਖ ਧਰਮਾਂ ਤੇ ਉਨ੍ਹਾਂ ਦੇ ਅਨੁਯਾਈਆਂ ਨਾਲ ਖੁਲ੍ਹ ਕੇ ਸੰਵਾਦ ਕਰਦਾ ਹੈ ਤਾਂ ਜੁ ਮਜ਼੍ਹਬੀ ਸੰਕੀਰਨਤਾ ਦੇ ਘੇਰੇ ਵਿੱਚੋਂ ਬਾਹਰ ਆਇਆ ਜਾ ਸਕੇ ਅਤੇ ਸਾਰੇ ਧਰਮਾਂ ਦੀ ਗਹਿਰਾਈ ਵਿੱਚ ਪਏ ਧਾਰਮਿਕ ਪ੍ਰਗਟਾਅ ਨੂੰ ਸਮਝਿਆ ਜਾ ਸਕੇ। ਇਸ ਦੇ ਸਿੱਟੇ ਵਜੋਂ ਸਿੱਖ ਧਰਮ ਅਨੇਕਵਾਦੀ, ਆਜ਼ਾਦ ਤੇ ਅਗਾਂਹਵਧੂ ਮਨੁੱਖੀ ਸਮਾਜ ਦੀ ਮੰਗ ਕਰਦਾ ਹੈ ਜਿਹੜਾ ਰੱਬ ਵੱਲ ਝੁਕਾਅ ਰੱਖੇ ਅਤੇ ਝਗੜਾਲੂ ਨਾ ਹੋਵੇ ਸਗੋਂ ਬੁਰਾਈ ਵਿਰੁੱਧ ਜਥੇਬੰਦਕ ਪ੍ਰਤੀਰੋਧ ਕਰਨ ਤੇ ਜੂਝਣ ਲਈ ਦ੍ਰਿੜ੍ਹ ਤੇ ਹਮੇਸ਼ਾਂ ਤਤਪਰ ਹੋਵੇ। ਇਸ ਸਭ ਕੁਝ ਨੂੰ ਸਿਰੇ ਚਾੜ੍ਹਨ ਲਈ ਸਿੱਖ ਧਰਮ ਭਲੇ ਲੋਕਾਂ ਦੇ ਜਥੇਬੰਦਕ ਤੇ ਸਾਂਝੇ ਯਤਨਾਂ ਦੀ ਸਿਫ਼ਾਰਸ਼ ਕਰਦਾ ਹੈ ਅਤੇ ਇਹ ਵੀ ਸੰਕੇਤ ਕਰਦਾ ਹੈ ਕਿ ਇਸ ਛੋਟੇ ਜਿਹੇ ਪਰਚੇ ਦੇ ਘੇਰੇ ਵਿੱਚ ਨਹੀਂ ਆਉਂਦਾ।

1984 ਚ ਸਿੱਖ ਸਿਆਸਤ ਸਾਜ਼ਿਸ਼ ਦਾ ਸ਼ਿਕਾਰ ਹੋਈ ਸੀ

0

ਸਾਹਿਬੁ ਮੇਰਾ ਨੀਤ ਨਵਾ..॥

0

ਸਾਹਿਬੁ ਮੇਰਾ ਨੀਤ ਨਵਾ..॥

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ) ਰੋਪੜ

ਮਨੁੱਖੀ ਜ਼ਿੰਦਗੀ ਨਵੀਨਤਾ ਨੂੰ ਪਿਆਰ ਕਰਦੀ ਹੈ। ਇਸ ਲਈ ਹਮੇਸ਼ਾਂ ਨਵੇਂ ਧਨ ਵੱਲ ਵੱਧਣਾ ਲੋਚਦੀ ਹੈ ਇਸ ਨੂੰ ਨਵੇਂ ਕੱਪੜੇ, ਨਵੀਂ ਗੱਡੀ ਆਦਿ ਬਹੁਤ ਪਿਆਰੇ ਲੱਗਦੇ ਹਨ ਫਿਰ ਮਨੁੱਖ ਸਮੇਂ ਦੀ ਨਵੀਨਤਾ ਵੀ ਲੋਚਦਾ ਹੈ।

ਦੁਨੀਆਂ ਦਾ ਕੋਈ ਆਲਮ ਫ਼ਾਜਿਲ ਸ੍ਰਿਸ਼ਟੀ ਰਚਨਾ ਬਾਰੇ ਸੰਪੂਰਨ ਰੂਪ ਵਿੱਚ ਇਸ ਦੇ ਆਦਿ ਤੋਂ ਅੰਤ ਤੱਕ ਕੁਝ ਵੀ ਦੱਸਣ ਦੇ ਸਮਰਥ ਨਹੀਂ ਹੋ ਸਕਿਆ। ਕੀਕਣ ਹੋਇਆ ਤੇ ਕੀਕੂੰ ਹੋਇਆ ਖਪ ਖਪ ਮੂਏ ਸਿਆਣੇ, ਦਾ ਗੁੱਝਾ ਭੇਦ ਹੀ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਰੱਬੀ ਗਿਆਨ ਬਖ਼ਸ਼ਿਆ ਕਿ ‘‘ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ਵਾਰੁ ? ਕਵਣਿ ਸਿ ਰੁਤੀ  ? ਮਾਹੁ ਕਵਣੁ ? ਜਿਤੁ ਹੋਆ ਆਕਾਰੁ ਵੇਲ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ ਵਖਤੁ ਪਾਇਓ ਕਾਦੀਆ; ਜਿ ਲਿਖਨਿ ਲੇਖੁ ਕੁਰਾਣੁ ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ (ਜਪੁ ਜੀ/ਮਹਲਾ /)  ਭਾਵ ਇਸ ਵਿਵਾਦ ਦਾ ਨਿਬੇੜਾ ਫ਼ੈਸਲਾਕੁਨ ਗੱਲ ਕੀਤੀ ਕਿ ਸ੍ਰਿਸ਼ਟੀ ਰਚਨਾ ਕਦੋਂ ਆਰੰਭ ਹੋਈ ਬਾਰੇ ਵਾਹਿਗੁਰੂ ਅਕਾਲ ਪੁਰਖ ਹੀ ਜਾਣਦਾ ਹੈ, ਕੋਈ ਹੋਰ ਸ਼ਕਤੀ ਇਸ ਦੀ ਵਿਆਖਿਆ ਨਹੀਂ ਕਰ ਸਕਦੀ, ਉਸ ਦੇ ਮਹਾਨ ਕ੍ਰਿਸ਼ਮੇ ਨੂੰ ਕਿਸੇ ਸੰਮਤ, ਈਸਵੀ ਜਾ ਹਿਜਰੀ ਸਾਲਾਂ ਵਿੱਚ ਸੀਮਿਤ ਨਹੀਂ ਕੀਤਾ ਜਾ ਸਕਦਾ।

ਸੰਨ 1609 ਤੋਂ 1613 ਵਿਚਕਾਰ ਪਹਿਲੀ ਵਾਰ ਇਟਲੀ ਦੇ ਖਗੋਲ ਵਿਗਿਆਨੀ ਗੈਲੀਲੀਓ ਗੈਲੀਲੀ (15-2-1564 ਤੋਂ 8-1-1642) ਨੇ ਸ਼ਕਤੀਸ਼ਾਲੀ ਦੂਰਬੀਨ ਦਾ ਨਿਰਮਾਣ ਕਰ ਚੰਦ, ਸ਼ੁਕਰ, ਬ੍ਰਹਸਪਤੀ ਆਦਿ ਗ੍ਰਹਿ ਦੀ ਚਾਲ ਨੂੰ ਵੇਖਿਆ ਅਤੇ ਸੂਰਜ ਦੁਆਲੇ ਧਰਤੀ ਸਮੇਤ ਇਹ ਸਾਰੇ ਗ੍ਰਹਿ ਘੁੰਮਣ ਦੀ ਗੱਲ ਕੀਤੀ। ਇਹ ਗੱਲ ਤਤਕਾਲੀਨ ਵਿਗਿਆਨੀ ਅਤੇ ਈਸਾਈ ਚਰਚ ਦੀਆਂ ਧਾਰਮਿਕ ਮਾਨਤਾਵਾਂ ਵਿਰੁੱਧ ਸੀ, ਜਿਸ ਕਾਰਨ 1633 ਵਿੱਚ ਇਸ ਮਹਾਨ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਭਾਵੇਂ ਕਿ ਗੈਲੀਲੀਓ ਦੁਆਰਾ ਮੁਆਫ਼ੀ ਮੰਗਣ ਉਪਰੰਤ ਇਹ ਸਜ਼ਾ ਘਰ-ਕੈਦ ਵਿੱਚ ਬਦਲੀ ਗਈ ਸੀ, ਜਿੱਥੇ ਉਨ੍ਹਾਂ ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ।

ਵਿਗਿਆਨ ਨੇ ਸਿੱਧ ਕੀਤਾ ਕਿ ਧਰਤੀ; ਸੂਰਜ ਦੁਆਲੇ ਲਗਭਗ 365 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਗੈਲੀਲੀਓ ਦੇ ਉਸ ਕਥਨ ਅੱਗੇ ਝੁਕਣਾ ਪਿਆ ਤੇ 5 ਅਕਤੂਬਰ 1989 ਨੂੰ ਪੋਪ ਸੇਂਟ ਜੋਹਨਪਾਲ ਨੇ ਟੀ. ਵੀ. ’ਤੇ ਗੈਲੀਲੀਓ ਦੀ ਆਤਮਾ ਤੋਂ ਮੁਆਫੀ ਮੰਗੀ ਤੇ ਮੰਨਿਆ ਕਿ ਪੁਲਾੜ ਵਿਗਿਆਨੀ ਠੀਕ ਕਹਿੰਦਾ ਸਾਡੀ ਸੋਚ ਜਾਂ ਧਾਰਨਾ ਹੀ ਗ਼ਲਤ ਸੀ ਪਰ ਸਿੱਖ ਸਿਧਾਂਤ ਨੇ ਸਦੀਵੀ ਸੱਚ ’ਤੇ ਤੁਰਦਿਆਂ ਸਾਰੀ ਕਾਇਨਾਤ ਸੰਬੰਧੀ ਫ਼ੁਰਮਾਨ ਕੀਤਾ ਕਿ ਇਹ ਸਾਰੀ ਰਚਨਾ ਰਚਨਹਾਰ ਦੇ ਹੁਕਮ ਵਿੱਚ ਨਿਯਮਬਧ ਹੋ ਕੇ ਚੱਲ ਰਹੀ ਹੈ ਇਹ ਬੇਨਿਯਮੀ ਨਾਲ ਨਹੀਂ ਚਲ ਸਕਦੀ। ਫ਼ੁਰਮਾਨ ਕੀਤਾ ‘‘ਭੈ ਵਿਚਿ; ਪਵਣੁ ਵਹੈ ਸਦਵਾਉ ਭੈ ਵਿਚਿ; ਚਲਹਿ ਲਖ ਦਰੀਆਉ ਭੈ ਵਿਚਿ; ਅਗਨਿ ਕਢੈ ਵੇਗਾਰਿ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ਭੈ ਵਿਚਿ ਰਾਜਾ ਧਰਮ ਦੁਆਰੁ ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ  ਕੋਹ ਕਰੋੜੀ ਚਲਤ; ਅੰਤੁ’’ (ਮਹਲਾ /੪੬੫) ਗੱਲ ਕੀ, ਫ਼ੈਸਲਾ ਦਿੱਤਾ ਕਿ ‘‘ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ  ! ਨਿਰਭਉ ਨਿਰੰਕਾਰੁ ਸਚੁ ਏਕੁ (ਮਹਲਾ  /੪੬੫),  ਆਪੇ ਸੂਤੁ ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ਆਪੇ ਹੀ ਸੂਤਧਾਰੁ ਹੈ ਪਿਆਰਾ; ਸੂਤੁ ਖਿੰਚੇ ਢਹਿ ਢੇਰੀ ਹੋਇ’’ (ਮਹਲਾ /੬੦੫) ਇਹ ਰਚਨਾ ਵੀ ਰਚਨਹਾਰ ਦੀ ਤਰ੍ਹਾਂ ਸਾਡੇ ਲਈ ਬੇਅੰਤ ਹੀ ਹੈ। ਬਸ ਇਹੀ ਕਿਹਾ ਜਾ ਸਕਦਾ ਹੈ ਕਿ ‘‘ਅੰਤੁ ਜਾਪੈ ਕੀਤਾ ਆਕਾਰੁ  ਅੰਤੁ ਜਾਪੈ ਪਾਰਾਵਾਰੁ’’ (ਜਪੁ/ਮਹਲਾ /)  ਇਸ ਤਰ੍ਹਾਂ ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਸੂਰਜ, ਚੰਦ੍ਰਮਾ, ਤਾਰੇ ਆਦਿ ਕਿਸੇ ਰੱਬੀ ਸੂਤਰ ਵਿੱਚ ਬੱਝੇ ਹੋਏ ਸੇਵਾ ਨਿਭਾ ਰਹੇ ਹਨ।

ਮਨੁੱਖ ਇਸ ਰਚਨਾ ਦਾ ਸਭ ਤੋਂ ਸ਼੍ਰੋਮਣੀ ਜੀਵ ਹੈ। ਫਿਰ ਇਹ ਬੇਨਿਯਮਾ ਹੋ ਕੇ ਜੀਵਨ ਦੀ ਤਰੱਕੀ ਕਿਵੇਂ ਕਰ ਸਕਦਾ ਹੈ ? ਸਫਲਤਾ ਦੀ ਪਉੜੀ ਕਿਸੇ ਮਰਯਾਦਾ ਜਾਂ ਨਿਯਮ ਨਾਲ ਹੀ ਚੜ੍ਹੀ ਜਾ ਸਕਦੀ ਹੈ। ਇਸ ਲਈ ਸਿਆਣੇ ਲੋਕਾਂ ਨੇ ਮਨੁੱਖੀ ਜ਼ਿੰਦਗੀ ਲਈ, ਕਾਰੋਬਾਰ ਲਈ ਅਤੇ ਸੰਸਾਰ ਦੀ ਇੱਕ ਸਾਰਤਾ ਪੈਦਾ ਕਰਨ ਲਈ ਸਮਾਂ ਸਾਰਨੀ ਅਪੀਲ ਕਲੈਂਡਰ ਹੋਂਦ ਵਿੱਚ ਲਿਆਂਦਾ। ਜਿਸ ਅਨੁਸਾਰ 1 ਜਨਵਰੀ ਤੋਂ 31 ਦਸੰਬਰ ਤੱਕ ਸਾਲ ਦੇ ਬਾਰ੍ਹਾਂ ਮਹੀਨਿਆਂ ਦਾ ਸਮਾਂ ਨੀਅਤ ਕੀਤਾ ਗਿਆ। ਹਰ ਸਾਲ ਮਨੁੱਖਤਾ 31 ਦਿਸੰਬਰ ਨੂੰ ਬੀਤੇ ਵਰ੍ਹੇ ਨੂੰ ਅਲਵਿਦਾ ਆਖਦੀ ਹੋਈ ਨਵੇਂ ਵਰ੍ਹੇ ਨੂੰ ‘ਜੀ ਆਇਆਂ’ ਆਖਦੀ ਹੈ। ਗੁਰਮਤਿ ਨੇ ਇਕ ਗੱਲ ਬੜ੍ਹੀ ਸਪਸ਼ਟਤਾ ਨਾਲ ਸਾਨੂੰ ਸਮਝਾਈ ਹੈ ਕਿ ਸਿੱਖ ਜੀਵਨ ਜਾਚ ਵਿੱਚ ਜਿੱਥੇ ਕਿਸੇ ਦੇਵੀ ਦੇਵਤੇ, ਮਨੁੱਖ ਜਾਂ ਪੱਥਰ ਪੂਜਾ ਦਾ ਵਿਧਾਨ ਨਹੀਂ ਉੱਥੇ ਕਿਸੇ ਖ਼ਾਸ ਥਿੱਤ ਜਾਂ ਦਿਹਾੜੇ ਦੀ ਵੀ ਕੋਈ ਖਾਸ ਮਹੱਤਤਾ ਜਾਂ ਪੂਜਾ ਨਹੀਂ ਬਲਕਿ ਸਾਹਿਬ ਜੀ ਨੇ ਸਾਨੂੰ ਇਹ ਪਵਿੱਤਰ ਸੰਦੇਸ਼ ਦਿੱਤਾ ਹੈ ‘‘ਥਿਤੀ ਵਾਰ ਸਭਿ; ਸਬਦਿ ਸੁਹਾਏ ਸਤਿਗੁਰੁ ਸੇਵੇ; ਤਾ ਫਲੁ ਪਾਏ ਥਿਤੀ ਵਾਰ ਸਭਿ; ਆਵਹਿ ਜਾਹਿ ਗੁਰ ਸਬਦੁ ਨਿਹਚਲੁ; ਸਦਾ ਸਚਿ ਸਮਾਹਿ (ਮਹਲਾ /੮੪੨) , ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ ਨਾਨਕ  ! ਗੁਰਮੁਖਿ ਬੂਝੈ ਸੋਝੀ ਪਾਇ ਇਕਤੁ ਨਾਮਿ; ਸਦਾ ਰਹਿਆ ਸਮਾਇ (ਮਹਲਾ /੮੪੩), ਸਾ ਵੇਲਾ ਸੋ ਮੂਰਤੁ, ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ! ਜਿਤੁ ਹਰਿ ਮੇਰਾ ਚਿਤਿ ਆਵੈ ਰਾਮ’’ (ਮਹਲਾ /੫੪੦) ਜਿਹੜਾ ਮਨੁੱਖ, ਜਿਹੜੀ ਕੌਮ ਸਮੇਂ ਦੀ ਸੰਭਾਲ ਤੇ ਕਦਰ ਨਹੀਂ ਕਰਦੇ ਉਹ ਡਾਵਾਂ ਡੋਲ ਤੇ ਗੁਲਾਮ ਹੋ ਜਾਂਦੇ ਹਨ। ਭਾਈ ਵੀਰ ਸਿੰਘ ਜੀ ਨੇ ਲਹਿਰ ਹੁਲਾਰੇ ਕਾਵਿ ਰਚਨਾ ਵਿੱਚ ਮਨੁੱਖ ਨੂੰ ਸੁਚੇਤ ਕਰਦਿਆਂ ਕਾਵਿ ਰੂਪ ਵਿੱਚ ਸਾਡੇ ਨਾਲ ਗੱਲ ਸਾਂਝੀ ਕੀਤੀ ਹੈ ਰਹੀ ਵਾਸਤੇ ਘੱਤ, ਸਮੇਂ ਨੇ ਇਕ ਮੰਨੀ ਫੜ ਫੜ ਰਹੀ ਧਰੀਕ, ਸਮੇਂ ਖਿਮਕਾਈ ਕੰਨੀ ਕਿਵੇਂ ਸਕੀ ਰੋਕ, ਅਟਕ ਜੋ ਪਾਈ ਭੰਨੀ ਤਿਖੇ ਆਪਣੇ ਵੇਗ, ਗਿਆ ਟੱਪ ਬੰਨੋ ਬੰਨੀ ਹੋ ! ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ, ਉਡੰਦਾ ਜਾਂਵਦਾ ਇਹ ਠਹਿਰਨ ਜਾਚ ਜਾਣਦਾ, ਲੰਘ ਗਿਆ ਮੁੜ ਕੇ ਆਂਵਦਾ

ਅਸਲ ਵਿੱਚ ਇਹ ਸੂਝ ਗੁਰਬਾਣੀ ਤੋਂ ਹੀ ਪ੍ਰਾਪਤ ਹੁੰਦੀ ਹੈ ਕਿ ‘‘ਵਖਤੁ ਵੀਚਾਰੇ ਸੁ ਬੰਦਾ ਹੋਇ (ਮਹਲਾ /੮੪), ਕਬੀਰ  ! ਕਾਲਿ ਕਰੰਤਾ ਅਬਹਿ ਕਰੁ, ਅਬ ਕਰਤਾ ਸੁ ਇਤਾਲ ਪਾਛੈ ਕਛੂ ਹੋਇਗਾ; ਜਉ ਸਿਰ ਪਰਿ ਆਵੈ ਕਾਲੁ (ਭਗਤ ਕਬੀਰ੧੩੭੧), ਫਰੀਦਾ  ! ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ’’ (ਬਾਬਾ ਫਰੀਦ ਜੀ/੧੩੭੯)

ਸਿੱਖ ਜੀਵਨ ਜਾਚ ਵਿੱਚ ਬੀਤੇ ’ਤੇ ਪਛਤਾਵੇ ਵਿੱਚ ਜ਼ਿੰਦਗੀ ਬਰਬਾਦ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਭਵਿੱਖ ਦੀ ਚਿੰਤਾ ਕੀਤੀ ਜਾਂਦੀ ਹੈ ਬਲਕਿ ਵਰਤਮਾਨ ਨੂੰ ਗੁਰੂ ਹੁਕਮਾਂ ਅਨੁਸਾਰ ਜੀਅ ਕੇ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’’ (ਮਹਲਾ /੨੯੨) ਦੀ ਸੋਝੀ ਦਿੱਤੀ ਗਈ ਹੈ। ਇਸੇ ਹੀ ਗੁਰਮੁਖ ਕਿਰਿਆ ਜਾਂ ਜੀਵਨ ਜੀਊਣ ਦੀ ਜਾਚ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਅੰਕਿਤ ਕੀਤਾ ਹੈ ‘‘ਗੁਰਮੁਖਿ ਹਉਮੈ ਪਰਹਰੈ, ਮਨਿ ਭਾਵੈ ਖਸਮੈ ਦਾ ਭਾਣਾ ਪੈਰੀ ਪੈ ਪਾਖਾਕ ਹੋਇ, ਦਰਗਹ ਪਾਵੈ ਮਾਣੁ ਨਿਮਾਣਾ ਵਰਤਮਾਨ ਵਿਚਿ ਵਰਤਦਾ, ਹੋਵਣਹਾਰ ਸੋਈ ਪਰਵਾਣਾ’’ (ਭਾਈ ਗੁਰਦਾਸ ਜੀ, ਵਾਰ ੧੮ ਪਉੜੀ ੨੧)

 ਇਸ ਲਈ ਸਤਿਗੁਰੂ ਜੀ ਨੇ ਸਮੇਂ ਦੀ ਸੰਭਾਲ ਤੇ ਕਦਰ ਦੀ ਮਹੱਤਤਾ ਨੂੰ ਗੁਰਬਾਣੀ ਅੰਦਰ ਦਰਜ ਕੀਤਾ ਹੈ ‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ (ਮਹਲਾ /੪੧੭), ਮੰਦਾ ਮੂਲਿ ਕੀਚਈ; ਦੇ ਲੰਮੀ ਨਦਰਿ ਨਿਹਾਲੀਐ (ਮਹਲਾ /੪੭੪), ਐਸਾ ਕੰਮੁ ਮੂਲੇ ਕੀਚੈ; ਜਿਤੁ ਅੰਤਿ ਪਛੋਤਾਈਐ (ਮਹਲਾ /੯੧੭), ਨਾਨਕ  ! ਦ੍ਰਿਸਟਿ ਦੀਰਘ ਸੁਖੁ ਪਾਵੈ; ਗੁਰ ਸਬਦੀ ਮਨੁ ਧੀਰਾ’’ (ਮਹਲਾ /੧੧੦੭)  ਭਾਈ ਗੁਰਦਾਸ ਜੀ ਦੇ ਵੀ ਬਚਨ ਹਨ ‘‘ਜੈਸੇ ਘਰਿ ਲਾਗੈ ਆਗਿ, ਜਾਗਿ ਕੂਆ ਖੋਦਿਓ ਚਾਹੈ; ਕਾਰਜ ਸਿਧਿ ਹੋਇ, ਰੋਇ ਪਛੁਤਾਈਐ’’ (ਭਾਈ ਗੁਰਦਾਸ ਜੀ/ਕਬਿੱਤ ੪੯੫), ਪ੍ਰੇਮ ਸੁਮਾਰਗ ਵਿੱਚ ਵੀ ਦਰਜ ਹੈ ਜੋ ਕਿਛੁ ਕਰੇ ਸੋ ਸਮਝ ਕੇ, ਅੰਤ ਕਾਲ ਕੋ ਨਦਰ ਕਰ ਕੈ ਕਰੇ

ਅੱਜ ਜੇ ਕਿਸੇ ਪੁਰਾਤਨਤਾ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਅਕਾਲ ਪੁਰਖ ਹੀ ਹੈ, ਇਸੇ ਲਈ ਭੱਟਾਂ ਨੇ ਬਚਨ ਕੀਤਾ ਹੈ ‘‘ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ; ਕਹਿ ਸਕੈ ਕੋਊ ਤੂ ਕਦ ਕਾ’’ (ਸਵਈਏ ਮਹਲੇ ਚਉਥੇ ਕੇ/1403) ਪਰ ਇਸ ਦੇ ਮੁਕਾਬਲੇ ਜੇ ਕੋਈ ਨਵੀਨਤਾ ਹੋ ਸਕਦੀ ਹੈ ਤਾਂ ਉਹ ਵੀ ਅਕਾਲ ਪੁਰਖ ਹੀ ਹੈ। ਬਚਨ ਹਨ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ’’ (ਮਹਲਾ /੬੬੦)

ਹਰ ਧਰਮੀ ਅਤੇ ਦੁਨੀਆਦਾਰ ਆਪਣੇ ਸਭਿਆਚਾਰ ਅਨੁਸਾਰ ਅਤੀਤ ਤੋਂ ਸੇਧ ਲੈ ਕੇ ਨਵੇਂ ਸਮੇਂ ਨੂੰ ਸਫਲ ਬਣਾਉਂਦਾ ਹੈ। ਅਸੀਂ ਸਿੱਖ ਹੋਣ ਦੇ ਨਾਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸ਼ਬਦ ਵਿਚਾਰ ਕਰਦਿਆਂ ਭੂਤਕਾਲ ਦੀਆਂ ਗ਼ਲਤੀਆਂ ਤੋਂ ਸਾਵਧਾਨ ਰਹਿ ਆਪਣੇ ਵਰਤਮਾਨ ਨੂੰ ਸਫਲ ਬਣਾਉਣਾ ਦੀ ਅਰਦਾਸ ਕਰਨੀ ਹੈ ਤਾਂ ਕਿ ਫੋਕਟ ਰਸਮਾਂ ਤੋਂ ਉੱਪਰ ਉੱਠ ਗੁਰਮਤਿ ਕਮਾ ਸਕੀਏ। ਆਪਣਾ ਨਿਆਰਾਪਣ ਕਾਇਮ ਰੱਖ ਸਕੀਏ । ਜਿਵੇਂ ਬੀਤ ਚੁੱਕੇ ਸਾਲ ਨੂੰ ਅਲਵਿਦਾ ਆਖ ਨਵੇਂ ਸਾਲ ਨੂੰ ‘ਜੀ ਆਇਆਂ’ ਆਖੀਦਾ ਹੈ, ਓਵੇਂ ਹੀ ਹਰ ਦਿਨ ਆਪਣੀ ਮਨਮਤ ਨੂੰ ਅਲਵਿਦਾ ਕਹਿ ਗੁਰਮਤਿ ਦਾ ਧਾਰਨੀ ਹੋਣਾ ਹੈ‘‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ’’ ਦੇ ਨਵੇਂ ਜੀਵਨ ਦਾ ਧਾਰਨੀ ਬਣਨਾ ਹੈ। ਜਦ ‘‘ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ! ਜਿਤੁ ਜਪੀਐ ਹਰਿ ਨਾਉ’’ (ਮਹਲਾ /੪੩੨) ਮਹਿਸੂਸ ਹੋਣ ਲੱਗਦਾ ਹੈ ਤਾਂ ਚਾਰੋਂ ਤਰਫ਼ ਅੰਗ ਸੰਗ ਮਾਲਕ ਸਦਾ ਨਵੇਂ ਰੂਪ ’ਚ, ਨਵੇਂ ਗੁਣਾਂ ਵਿੱਚ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ’’ (ਮਹਲਾ /੬੬੦) ਨਜ਼ਰੀਂ ਆਉਂਦਾ ਰਹਿੰਦਾ ਹੈ।

ਕਿਸਾਨ ਮੋਰਚੇ ਨੇ ਦੇਸ਼ ਦੀ ਸਿਆਸੀ ਨੁਹਾਰ ਬਦਲੀ ਹੈ।

0

ਕਿਸਾਨ ਮੋਰਚੇ ਨੇ ਦੇਸ਼ ਦੀ ਸਿਆਸੀ ਨੁਹਾਰ ਬਦਲ ਦਿੱਤੀ ਹੈ।

ਕਿਰਪਾਲ ਸਿੰਘ (ਬਠਿੰਡਾ) 88378-13661

ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦਾ ਉਤਸ਼ਾਹ; ਮਨ ’ਚ ਲੈ ਕੇ ਸ: ਕਰਤਾਰ ਸਿੰਘ ਸਰਾਭਾ, ਸ: ਊਦਮ ਸਿੰਘ ਸੁਨਾਮ, ਸ: ਭਗਤ ਸਿੰਘ ਸਮੇਤ ਬਹੁਤ ਸਾਰੇ ਕੌਮੀ ਪ੍ਰਵਾਨੇ ਹੱਸ-ਹੱਸ ਕੇ ਫਾਂਸੀ ’ਤੇ ਚੜ੍ਹੇ। ਸਾਡੇ ’ਚੋਂ ਬਹੁਤਿਆਂ ਦਾ ਜਨਮ 1947 ਤੋਂ ਬਾਅਦ ਦਾ ਹੋਣ ਕਰਕੇ ਭਾਵੇਂ ਅਸੀਂ ਗੁਲਾਮੀ ਦਾ ਸਮਾਂ ਅੱਖੀਂ ਨਹੀਂ ਵੇਖਿਆ ਪਰ ਬਜੁਰਗਾਂ ਤੋਂ ਜ਼ਰੂਰ ਸੁਣਦੇ ਆ ਰਹੇ ਹਾਂ ਕਿ ਇਸ ਆਜ਼ਾਦੀ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਜਾਤ ਪਾਤ ਅਤੇ ਧਰਮਾਂ ਦੇ ਆਧਾਰ ’ਤੇ ਵੋਟ ਹਾਸਲ ਕਰਨੇ ਤਾਂ ਭਾਵੇਂ ਲੁਕਵੇਂ ਰੂਪ ’ਚ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਸ਼ੁਰੂ ਹੋ ਚੁੱਕਾ ਸੀ ਪਰ ਸਮੇਂ ਦੇ ਨਾਲ ਨਾਲ ਭ੍ਰਿਸ਼ਟਾਚਾਰ ਅਤੇ ਬਾਹੂਬਲ ਦਾ ਪ੍ਰਭਾਵ ਵਧਣ ਤੋਂ ਇਲਾਵਾ ਸਿਆਸੀ ਪਾਰਟੀਆਂ ਕੁਝ ਪਰਵਾਰਾਂ ਦੀ ਨਿੱਜੀ ਮਲਕੀਅਤ ਦੇ ਰੂਪ ਤੱਕ ਸੀਮਤ ਰਹਿ ਗਈਆਂ, ਜਿਸ ਕਾਰਨ ਆਮ ਆਦਮੀ ਦੀ ਆਵਾਜ਼ ਅਣਸੁਣੀ ਹੁੰਦੀ ਗਈ। ਬਹੁ ਕੌਮੀ ਆਜ਼ਾਦ ਭਾਰਤ ਵਿੱਚ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਮਨਸ਼ਾ ਨਾਲ ਆਰ. ਐੱਸ. ਐੱਸ. ਦੇ ਸਿਆਸੀ ਵਿੰਗ ਭਾਜਪਾ ਨੇ ਭਾਰਤੀ ਜਨਤਾ ਨੂੰ ਪਰਵਾਰਵਾਦ ਮੁਕਤ, ਭ੍ਰਿਸ਼ਟਾਚਾਰ ਤੇ ਬਾਹੂਬਲ ਮੁਕਤ ਲਾਲੀਪੌਪ ਦਿੱਤਾ। ਭਾਰਤ ’ਚ ਹਿੰਦੂ ਬਹੁਗਿਣਤੀ ਹਨ, ਜਿਸ ਕਾਰਨ ਇਸ ਦੰਭ ਦੇ ਸਹਾਰੇ ਪਹਿਲਾਂ ਤਿੰਨ ਵਾਰ ਅਟਲ ਬਿਹਾਰੀ ਵਾਜਪਾਈ ਅਤੇ ਦੋ ਵਾਰ ਨਰਿੰਦਰ ਮੋਦੀ ਨੇ ਸਰਕਾਰ ਬਣਾ ਲਈ।

ਨੈਸ਼ਨਲ ਇਲੈਕਸ਼ਨ ਵਾਚ ਐਂਡ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੀ ਰਿਪੋਰਟ ਮੁਤਾਬਕ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ 539 ਜੇਤੂਆਂ ਵਿੱਚੋਂ 233 ਸੰਸਦ ਮੈਂਬਰਾਂ ਨੇ ਆਪਣੇ ਚੋਣ ਹਲਫ਼ਨਾਮਿਆਂ ’ਚ ਆਪਣੇ ਉੱਪਰ ਦਰਜ ਅਪਰਾਧਿਕ ਕੇਸਾਂ ਦਾ ਜ਼ਿਕਰ ਕੀਤਾ ਹੈ। ਸਾਲ 2009 ਤੋਂ ਐਲਾਨੇ ਜਾ ਰਹੇ ਅਪਰਾਧਿਕ ਕੇਸਾਂ ’ਚ ਪਿਛਲੇ ਚੁਣਾਵੀ ਸਾਲ ਦੇ ਮੁਕਾਬਲੇ ਇਸ ਵਾਰ ਸੰਸਦ ਮੈਂਬਰਾਂ ਦੀ ਗਿਣਤੀ ’ਚ ਇਹ ਵਾਧਾ 44% ਹੋ ਗਿਆ। ਗੰਭੀਰ ਅਪਰਾਧਿਕ ਕੇਸਾਂ ਵਾਲੇ ਸੰਸਦ ਵੀ ਇਸ ਵਾਰ ਤਕਰੀਬਨ 159 (29%) ਜੇਤੂ ਹੋਏ, ਜਿਨ੍ਹਾਂ ਉੱਪਰ ਬਲਾਤਕਾਰ, ਕਤਲ, ਕਤਲ ਦੀ ਕੋਸ਼ਿਸ਼, ਅਗਵਾ ਕਰਨ ਆਦਿਕ ਕੇਸ ਦਰਜ ਹਨ ਜਦਕਿ 2009 ਵਿੱਚ 543 ਜੇਤੂ ਸੰਸਦਾਂ ਵਿੱਚ ਇਹ ਅੰਕੜਾ ਕੇਵਲ 76 (14%) ਹੀ ਸੀ। ਸੋ ਸੰਨ 2009 ਦੇ ਮੁਕਾਬਲੇ ਗੰਭੀਰ ਅਪਰਾਧਿਕ ਕੇਸਾਂ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਵਿੱਚ ਇਸ ਵਾਰ 109% ਵਾਧਾ ਹੋਇਆ ਹੈ। ਕਹਿਣ ਤੋਂ ਭਾਵ ਸਾਫ਼ ਸੁਥਰੀ ਰਾਜਨੀਤੀ ਕਰਨ ਦਾ ਵਾਅਦਾ ਕਰ ਕੇ ਸੱਤਾ ’ਚ ਆਈ ਭਾਜਪਾ ਦੇ 301 ਜੇਤੂ ਸੰਸਦਾਂ ਵਿੱਚ ਵੀ 87 (29%) ਸੰਸਦਾਂ ਉੱਤੇ ਗੰਭੀਰ ਅਪਰਾਧਿਕ ਕੇਸ ਦਰਜ ਹਨ। ਜਿਹੜੀ ਸਰਕਾਰ ਗੰਭੀਰ ਅਪਰਾਧਿਕ ਸੰਸਦਾਂ ਦੀ ਮਦਦ ਨਾਲ ਬਣੀ ਹੋਵੇ ਉਸ ਪਾਸੋਂ ਆਮ ਨਾਗਰਿਕ ਲਈ ਕਿੰਨੀ ਕੁ ਹਮਦਰਦੀ ਦੀ ਉਮੀਦ ਰੱਖੀ ਜਾ ਸਕਦੀ ਹੈ  ?

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਜੀ ਨੇ ਕਿਹਾ ਮੁਝੇ ਪ੍ਰਧਾਨ ਮੰਤਰੀ ਨਹੀਂ, ਚੌਕੀਦਾਰ ਬਣਾ ਲੀਜੀਏ, ਮੈਂ ਦੇਸ਼ ਨਹੀਂ ਬਿਕਨੇ ਦੂੰਗਾ, ਵਿਦੇਸ਼ੋਂ ਮੇਂ ਜਮ੍ਹਾਂ ਕਾਲ਼ਾ ਧਨ ਵਾਪਸ ਲਾਏਂਗੇ, ਹਰ ਨਾਗਰਿਕ ਕੇ ਖ਼ਾਤੇ ਮੇਂ 15-15 ਲਾਖ ਰੁਪਏ ਜਮ੍ਹਾ ਹੋਂਗੇ, ਸਵਾਮੀਨਾਥਨ ਰਿਪੋਰਟ ਲਾਗੂ ਹੋਗੀ, ਕਿਸਾਨੋਂ ਕੀ ਆਮਦਨ ਦੁੱਗਣੀ ਕੀ ਜਾਏਗੀ, ਹਰ ਸਾਲ 2 ਕਰੋੜ ਨੌਕਰੀਆਂ ਦੀ ਜਾਏਂਗੀ, ਸਭ ਕਾ ਸਾਥ ਸਭ ਕਾ ਵਿਕਾਸ, ਅੱਛੇ ਦਿਨ ਆਏਂਗੇ, ਇਤਿਆਦਿਕ’। ਲੋਕਾਂ ਦੀ ਅੰਧਭਗਤੀ ਹੀ ਕਹੀਏ ਕਿ ਇਨ੍ਹਾਂ ਸਮਾਜਿਕ ਵਾਅਦਿਆਂ ’ਚੋਂ ਇੱਕ ਵੀ ਪੂਰਾ ਨਾ ਹੋਣ ਦੇ ਬਾਵਜੂਦ 2019 ’ਚ ਪੁਲਵਾਮਾ ਹਮਲੇ ਅਤੇ ਬਾਲਾਕੋਟ ਏਅਰ ਸਟਰਾਈਕ ਦੇ ਨਾਂ ’ਤੇ ਮੁੜ (2014 ਨਾਲੋਂ ਵੀ ਵੱਧ ਸੀਟਾਂ ’ਤੇ) ਜਿੱਤ ਹਾਸਲ ਕਰ ਲਈ। ਇਸ ਵੱਡੀ ਜਿੱਤ ਦੇ ਅਹੰਕਾਰ ’ਚ ਸਭ ਕਾ ਸਾਥ ਸਭ ਕਾ ਵਿਕਾਸ’ ਦੀ ਥਾਂ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਆਂਧਰਾ ਪ੍ਰਦੇਸ਼ ਦੇ ਚੰਦਰ ਬਾਬੂ ਨਾਇਡੂ ਇਸ ਦੇ ਪਹਿਲੇ ਸ਼ਿਕਾਰ ਹੋਏ। ਮਹਾਂਰਾਸ਼ਟਰ ’ਚ ਆਪਣੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਸ਼ਿਵਸੈਨਾ ਵੀ ਨਿਸ਼ਾਨਾ ਬਣੀ। ਰਾਮ ਵਿਲਾਸ ਪਾਸਵਾਨ ਦੇ ਪੁੱਤਰ ਰਾਹੀਂ ਬਿਹਾਰ ’ਚ ਨਿਤਿਸ਼ ਕੁਮਾਰ ਅਤੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਅਪਾਹਜ਼ ਕਰ ਛੱਡਿਆ। ਪੰਜਾਬ ’ਚ ਆਉਣ ਵਾਲੀਆਂ 2022 ਦੀਆਂ ਚੋਣਾਂ ਦੌਰਾਨ ਭਾਜਪਾ ਛੋਟੇ ਭਾਈਵਾਲ ਵਜੋਂ ਨਹੀਂ ਬਲਕਿ ਹੁਣ ਛੋਟੇ ਦਲਾਂ ਨਾਲ ਗਠਜੋੜ ਕਰ ਵੱਡੇ ਭਾਈਵਾਲ ਵਜੋਂ ਵਿਚਰੇਗੀ। ਇਹ ਤਾਂ ਭਲਾ ਹੋਵੇ ਕਿਸਾਨ ਅੰਦੋਲਨ ਦਾ, ਜਿਸ ਕਾਰਨ ਅਕਾਲੀ ਦਲ ਨੇ ਭਾਵੇਂ ਮਜਬੂਰੀ ਹੀ ਵਿਖਾਈ, ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਤੇ ਆਪਣੇ ਪਤੀ-ਪਤਨੀ ਸੰਬੰਧਾਂ ਵਾਲੀ ਇੱਜ਼ਤ ਬਚਾ ਲਈ।

ਕਸ਼ਮੀਰ ’ਚ ਧਾਰਾ 370 ਅਤੇ ਭਾਰਤ ’ਚ ਨਾਗਰਿਕਤਾ ਸੋਧ ਕਾਨੂੰਨ ਬਣਾ ਮੁਸਲਮਾਨ ਭਰਾਵਾਂ ਨੂੰ ਦੂਸਰੇ ਦੇਸ਼ ਦੇ ਸ਼ਹਿਰੀ ਐਲਾਨ ਉਨ੍ਹਾਂ ਨੂੰ ਹੁਣ ਪੂਰੇ ਦੇਸ਼ ’ਚ ਨਫਰਤ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਅਜਿਹੀ ਸੰਪਰਦਾਈ ਸੋਚ ਨੂੰ ਰਾਸ਼ਟਰੀ ਏਕਤਾ ਦੇ ਰੰਗ ’ਚ ਰੰਗ ਕੇ ਭਾਜਪਾ; ਹਰ ਚੁਣਾਵ ’ਚ ਆਮ ਜਨਤਾ ਅੰਦਰ ਨਫਰਤ ਦਾ ਬੀ ਬੀਜਦੀ ਆ ਰਹੀ ਹੈ, ਜਿਸ ਦੇ ਬਦਲੇ ’ਚ ‘‘ਅੰਧੀ ਰਯਤਿ ਗਿਆਨ ਵਿਹੂਣੀ.. ’’ (ਮਹਲਾ /੪੬੯) ਇਨ੍ਹਾਂ ਨੂੰ ਵੋਟਾਂ ਪਾ ਜਿਤਾ ਦਿੰਦੀ ਹੈ ਭਾਵੇਂ ਕਿ ਅਜਿਹੀ ਸੋਚ ਅਜ਼ਾਦ ਭਾਰਤ ਦੀ ਸੁਤੰਤਰਤਾ ਅਤੇ ਅਖੰਡਤਾ ਲਈ ਬਹੁਤ ਵੱਡਾ ਖ਼ਤਰਾ ਹੈ।

ਮੋਦੀ ਦੀ ਅਗਵਾਈ ’ਚ ਪ੍ਰਾਪਤ ਹੁੰਦੀਆਂ ਇਨ੍ਹਾਂ ਚੁਣਾਵੀ ਜਿੱਤਾਂ ਨੂੰ ਵੇਖ ਅੰਧ ਭਗਤਾਂ ਦੇ ਨਾਹਰੇ ‘ਮੋਦੀ ਹੈ ਤਾਂ ਮੁਮਕਿਨ ਹੈ’ ’ਚ ਬਦਲ ਗਏ, ਜੋ ਸਿਆਸਤਦਾਨਾਂ ਦੇ ਅਹੰਕਾਰ ਨੂੰ ਵਧਾਉਣ ਲਈ ਕਾਫ਼ੀ ਹਨ।  ਜੂਨ 2020 ’ਚ ਆਰਡੀਨੈਂਸ ਜਾਰੀ ਕਰ ਤਿੰਨ ਖੇਤੀ ਬਿੱਲ ਲੈ ਆਏ ਜੋ ਸੰਘੀ ਢਾਂਚੇ ’ਤੇ ਹਮਲਾ ਹੈ ਕਿਉਂਕਿ ਖੇਤੀ; ਸੂਬਾਈ ਸ਼ਡਿਊਲ ’ਚ ਹੋਣ ਕਾਰਨ ਕੇਂਦਰ ਸਰਕਾਰ ਖੇਤੀ ਸੰਬੰਧੀ ਕੋਈ ਨਾਨੂੰਨ ਨਹੀਂ ਬਣਾ ਸਕਦੀ। ਪੰਜਾਬ ’ਚ ਇਨ੍ਹਾਂ ਬਿੱਲਾਂ ਦਾ ਭਾਰੀ ਵਿਰੋਧ ਹੋਇਆ ਫਿਰ ਵੀ ਭਾਜਪਾ ਨੇ ਸੰਸਦੀ ਮਰਿਆਦਾ ਦੀ ਘੋਰ ਉਲੰਘਣਾ ਕਰ ਇਹ ਬਿੱਲ ਲੋਕ ਸਭਾ ਤੇ ਰਾਜ ਸਭਾ ’ਚ ਪਾਸ ਕਰਵਾ ਕਾਨੂੰਨ ਬਣਾ ਲਏ। ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਤੋਂ ਆਪਣਾ ਮੋਰਚਾ ਪੰਜਾਬ ਤੋਂ ਦਿੱਲੀ ਵੱਲ ਵਧਾ ਲਿਆ। ਇਸ ਸੰਘਰਸ਼ ਨਾਲ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਆਦਿ ਦੇ ਕਿਸਾਨ ਵੀ ਜੁੜਦੇ ਗਏ। ਹੌਲ਼ੀ-ਹੌਲ਼ੀ ਇਹ ਸੰਘਰਸ਼ ਮੱਧ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ ਤੱਕ ਵਧਦਾ-ਵਧਦਾ ਪੂਰੇ ਭਾਰਤ ’ਚ ਫੈਲ ਗਿਆ। ਅੱਜ ਪੂਰੀ ਦੁਨੀਆ ਵਿੱਚ ਕਿਰਸਾਨੀ ਮੰਗਾਂ ਦੀ ਹਮਾਇਤ ਵਿੱਚ ਆਵਾਜ਼ ਉੱਠਣ ਲੱਗੀ ਹੈ। ਇਸ ਮੋਰਚੇ ਨੇ ਪੂਰੇ ਭਾਰਤ ’ਚ ‘ਮੋਦੀ ਹੈ ਤਾਂ ਮੁਮਕਿਨ ਹੈ’ ਸੋਚ ਵਾਲਿਆਂ ਲਈ ਭਾਰੀ ਖ਼ਤਰਾ ਪੈਦਾ ਕਰ ਦਿੱਤਾ ਹੈ। ਹਰਿਆਣਾ ’ਚ ਭਾਜਪਾ ਦਾ ਮੁੱਖ ਮੰਤਰੀ ਹੁੰਦਿਆਂ ਮਨੋਹਰ ਲਾਲ ਖੱਟਰ ਦੇ ਹੈਲੀਕੌਪਟਰ ਨੂੰ ਉਤਰਨ ਨਹੀਂ ਦਿੱਤਾ ਜਾ ਰਿਹਾ। ਪੂਰੇ ਸਰਕਾਰੀ ਤੰਤਰ ਦਾ ਦੁਰਪ੍ਰਯੋਗ ਕਰਕੇ ਵੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ’ਚ ਭਾਜਪਾ ਨਾਕਾਮਯਾਬ ਰਹੀ। ਦਿੱਲੀ ਮੋਰਚੇ ਤੋਂ ਕਿਸਾਨ ਆਗੂਆਂ ਨੇ ਬੰਗਾਲ ’ਚ ਜਾ ਕੇ ਭਾਜਪਾ ਵਿਰੁਧ ਹਵਾ ਬਣਾਉਣ ’ਚ ਅਹਿਮ ਯੋਗਦਾਨ ਪਾਇਆ। ਲੋਕ ਮਾਰੂ, ਸੰਵਿਧਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਪਰਦਾਫ਼ਾਸ਼ ਕੀਤਾ। ਲੋਕਾਂ ਨੂੰ ਅਪੀਲ ਕੀਤੀ ਕਿ ਹੋਰ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾਈ ਜਾਵੇ ਪਰ ਭਾਜਪਾ ਨੂੰ ਨਾ ਪਾਈ ਜਾਵੇ। ਮਮਤਾ ਬੈਨਰਜੀ ਦੇ ਲੋਕ ਭਲਾਈ ਕੰਮਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਅਸਰ ਨੇ ਫਿਰਕੂ ਭਾਜਪਾ ਦੇ ਸੁਫਨੇ ਪੂਰੇ ਨਹੀਂ ਹੋਣ ਦਿੱਤੇ। ਯੂ.ਪੀ. ਦੀਆਂ ਪੰਚਾਇਤੀ ਚੋਣਾਂ ’ਚ ਭਾਜਪਾ ਖ਼ਤਮ ਹੀ ਹੋ ਗਈ ਭਾਵੇਂ ਕਿ ਰਾਜ ਸੱਤਾ ’ਤੇ ਕਾਬਜ਼ ਪਾਰਟੀ ਹੀ ਅਜਿਹੀਆਂ ਛੋਟੀਆਂ-ਮੋਟੀਆਂ ਚੋਣਾਂ ਜਿੱਤਦੀ ਹੁੰਦੀ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਦੇ ਹਲਕੇ ਵਾਰਾਨਸ਼ੀ ’ਚ ਇੱਕ ਵੀ ਸੀਟ ਨਹੀਂ ਜਿੱਤ ਹੋਈ। ਮੁੱਖ ਮੰਤਰੀ ਯੋਗੀ ਦੇ ਹਲਕੇ ’ਚ ਵੀ ਭਾਜਪਾ ਕੋਈ ਸੀਟ ਨਾ ਹਾਸਲ ਕਰ ਸਕੀ। ਇਨ੍ਹਾਂ ਪੰਚਾਇਤੀ ਚੋਣਾਂ ’ਚ ਸੱਤਾਧਾਰੀ ਭਾਜਪਾ ਤੀਜੇ ਨੰਬਰ ’ਤੇ ਪਹੁੰਚ ਗਈ।

ਸਾਲ 2022 ਵਿੱਚ ਯੂ.ਪੀ., ਪੰਜਾਬ, ਗੋਆ, ਮਣੀਪੁਰ ਅਤੇ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਚੋਣਾਂ ਜਿੱਥੇ ਭਾਜਪਾ ਲਈ ਵਿਸ਼ੇਸ਼ ਹਨ, ਉੱਥੇ ਕਿਸਾਨ ਜਥੇਬੰਦੀਆਂ ਲਈ ਵੀ ਖ਼ਾਸ ਹਨ। ਪੰਜਾਬ ’ਚ ਤਾਂ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਕਿਉਂਕਿ ਯੂ.ਪੀ. ’ਚ ਕੰਮ ਆਸਾਨ ਹੋਵੇਗਾ। ਓਥੇ ਸਮਾਜਵਾਦੀ ਪਾਰਟੀ ਦਾ ਰਾਸ਼ਟਰੀ ਲੋਕ ਦਲ ਨਾਲ ਚੋਣ ਸਮਝੌਤਾ ਹੋ ਗਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਰਾਸ਼ਟਰੀ ਲੋਕ ਦਲ ਦੇ ਸਾਬਕਾ ਪ੍ਰਧਾਨ ਸਵ: ਅਜੀਤ ਸਿੰਘ ਦੇ ਪਰਿਵਾਰ ਨਾਲ ਸਾਂਝ ਵੀ ਹੈ। ਰਾਜਨੀਤਕ ਮਾਹਰਾਂ ਦਾ ਮੰਨਣਾ ਹੈ ਕਿ ਇਹ ਗੱਠਜੋੜ ਭਾਜਪਾ ਨੂੰ ਯੂ.ਪੀ ’ਚੋਂ ਬੇਦਖ਼ਲ ਕਰੇਗਾ।  ਯੂ.ਪੀ ਦਾ ਇਹ ਚੁਣਾਵ ਹਾਰਨ ਦਾ ਮਤਲਬ 2024 ਵਿੱਚ ਭਾਜਪਾ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਹੱਥੋਂ ਜਾਣਾ ਹੈ। ਯੂਪੀ ਵਰਗੇ ਹਾਲਾਤ ਹੀ ਕਿਸਾਨ ਸੰਘਰਸ਼ ਕਾਰਨ ਪੂਰੇ ਉੱਤਰ ਭਾਰਤ ਦੇ ਰਾਜਾਂ ’ਚ ਬਣ ਚੁੱਕੇ ਹਨ, ਜਿਨ੍ਹਾਂ ਵਿੱਚ ਰਾਜਸਥਾਨ, ਹਰਿਆਣਾ, ਉਤਰਾਖੰਡ, ਪੰਜਾਬ ਆਦਿ ਸ਼ਾਮਲ ਹਨ।

ਜਿਸ ਤਰ੍ਹਾਂ ਸਿੱਖਾਂ ਨੇ ਕਿਰਸਾਨੀ ਮੰਗਾਂ ਲਈ ਪੂਰੇ ਭਾਰਤ ਦੇ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਉਸੇ ਤਰ੍ਹਾਂ ਹੀ ਸੰਨ 2022 ਦੇ ਚੁਣਾਵ ਦੌਰਾਨ ਵੀ ਆਪਣਾ ਫ਼ਰਜ਼ ਅਦਾ ਕਰਨਾ ਪੈਣਾ ਹੈ। ਇਸ ਲਈ ਪੰਜਾਬ ਦੇ ਕੁਝ ਸਿਆਸੀ ਹਾਲਾਤ ਸਮਝਣੇ ਜ਼ਰੂਰੀ ਹਨ, ਜਿੱਥੇ ਕੇਵਲ 8 ਕੁ ਮਹੀਨੇ ਹੀ ਚੁਣਵ ਹੋਣ ਲਈ ਬਚੇ ਹਨ।

ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦਾ ਗੁਟਕਾ ਹੱਥ ’ਚ ਫੜ ਸੌਂ ਖਾਧੀ ਸੀ ਪਰ ਪੂਰਾ ਨਹੀਂ ਉਤਰੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ,  4 ਹਫਤਿਆਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਘਰ-ਘਰ ਨੌਕਰੀ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਰਗੇ ਵੱਡੇ ਵਾਅਦਿਆਂ ’ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਕੈਪਟਨ ਨੇ ਇਹ ਚੋਣ ਆਪਣੀ ਅਗਵਾਈ ’ਚ ਲੜਨੀ ਹੈ ਭਾਵੇਂ ਕਿ ਉਸ ਦੇ ਕੰਮ ਕਰਨ ਦਾ ਸ਼ਾਹੀ ਅੰਦਾਜ਼, ਸਰਕਾਰ ਦਾ ਪੂਰਾ ਕੰਮ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਹੱਥ ’ਚ ਦੇਣਾ, ਆਮ ਲੋਕਾਂ ਸਮੇਤ ਆਪਣੀ ਹੀ ਪਾਰਟੀ ਦੇ ਵਿਧਾਇਕ, ਮੰਤਰੀਆਂ ਨੂੰ ਵੀ ਮਿਲਣ ਦਾ ਸਮਾਂ ਨਾ ਦੇਣ ਕਾਰਨ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕਾਂਗਰਸ ਦਾ ਮੁੜ ਸੱਤਾ ’ਤੇ ਕਾਬਜ਼ ਹੋਣਾ ਮੁਸ਼ਕਲ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਆਧਾਰ; ਪੰਥਕ ਅਤੇ ਕਿਸਾਨ ਵੋਟ ਹੈ। ਗੁਰੂ ਸਾਹਿਬ ਦੀ ਬੇਅਦਬੀ, ਡੇਰਾ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਬਿਨਾਂ ਮੰਗਿਆਂ ਮੁਆਫ਼ੀ ਦਿਵਾ ਦੇਣੀ ਆਦਿਕ ਪੰਥ ਦੋਖੀ ਕਾਰਜਾਂ ਕਾਰਨ ਪੰਥਕ ਵੋਟ ਅਕਾਲੀ ਦਲ ਤੋਂ ਪਹਿਲਾਂ ਹੀ ਦੂਰ ਹੋ ਚੁੱਕੀ ਹੈ ਅਤੇ ਖੇਤੀ ਬਿੱਲਾਂ ਨੂੰ ਪਾਸ ਕਰਵਾਉਣ ’ਚ ਬਾਦਲ ਪਰਿਵਾਰ ਦੀ ਭੂਮਿਕਾ ਅਹਿਮ ਰਹੀ ਹੈ ਭਾਵੇਂ ਕਿ ਉਪਰੋਂ-ਉਪਰੋਂ ਕਿਸਾਨਾਂ ਦੀ ਹਮਾਇਤ ’ਚ ਹੰਝੂ ਕੇਰੇ ਜਾ ਰਹੇ ਹਨ। ਕਿਸਾਨ ਇਹ ਰਾਜ਼ ਭਲੀਭਾਂਤ ਜਾਣਦੇ ਹਨ ਤਾਹੀਓਂ ਕਿਰਸਾਨੀ ਵੋਟ ਵੀ ਅਕਾਲੀ ਦਲ ਤੋਂ ਦੂਰ ਹੋ ਚੁੱਕੀ ਹੈ। ਇਸ ਬੇਚੈਨੀ ’ਚੋਂ ਹੀ ਬਸਪਾ ਨਾਲ ਚੋਣ ਸਮਝੌਤਾ ਕਰਨਾ ਪਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ, ਅਕਾਲੀ ਦਲ ਅਤੇ ਬਸਪਾ ਕਦੋਂ ਇੱਕ ਹੋ ਜਾਣ ਅਤੇ ਯੂ.ਪੀ. ਵਿੱਚ ਵੀ ਕਿਸਾਨ ਹਮਾਇਤੀ ਸਿਆਸੀ ਦਲਾਂ ਨੂੰ ਨੁਕਸਾਨ ਪਹੁੰਚਾ ਦੇਣਾ, ਕੁਝ ਕਿਹਾ ਨਹੀਂ ਜਾ ਸਕਦਾ।

ਵੈਸੇ ਵੀ ਕਿਹਾ ਜਾਂਦਾ ਹੈ ਕਿ ਬਸਪਾ ਮੁਖੀ ਮਾਇਆਵਤੀ; ਭਾਜਪਾ ਦੀ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰ ਸਕਦੀ। ਭਾਰਤ ਦਾ ਲੋਕਤੰਤਰੀ ਢਾਂਚਾ ਅਜਿਹਾ ਸਿਰਜਿਆ ਜਾ ਚੁੱਕਾ ਹੈ ਕਿ ਚੋਣਾਂ ਸਮੇਂ ਅਰਬਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਤਾਂ ਜੋ ਇਮਾਨਦਾਰ ਆਦਮੀ ਚੁਣਾਵ ਹੀ ਨਾ ਲੜ ਸਕੇ। ਗ਼ੈਰ ਤਰੀਕੇ ਨਾਲ ਇਕੱਠਾ ਕੀਤਾ ਪਾਰਟੀ ਫੰਡ ਚੁਣਾਵ ਉਪਰੰਤ ਸੱਤਾਧਾਰੀ ਪਾਰਟੀ ਦੀ ਹਮਾਇਤ ਹਾਸਲ ਕਰਨ ਲਈ ਸਰਕਾਰੀ ਏਜੰਸੀਆਂ ਦੇ ਡਰ ਨਾਲ ਮਦਦ ਕਰਦਾ ਹੈ ਅਤੇ ਵਿਰੋਧੀ ਸਿਆਸੀ ਆਵਾਜ਼ ਨੂੰ ਭ੍ਰਿਸ਼ਟਾਚਾਰ ਦਾ ਡਰ ਵਿਖਾ ਕੇ ਚੁਪ ਕਰਾ ਲਿਆ ਜਾਂਦਾ ਹੈ। ਹਰ ਪਾਰਟੀ ਨੂੰ ਮਹਿੰਗਾ ਚੁਣਾਵ ਲੜਨ ਲਈ ਜਾਇਜ਼-ਨਜਾਇਜ਼ ਹੱਥਕੰਡਾ ਅਪਣਾਉਣਾ, ਮਜਬੂਰੀ ਵੀ ਬਣਾ ਦਿੱਤਾ ਗਿਆ ਹੈ। ਅਜਿਹੇ ਭ੍ਰਿਸ਼ਟ ਅਤੇ ਮਹਿੰਗੇ ਢਾਂਚੇ ਵਿੱਚ ਕੋਈ ਇਮਾਨਦਾਰ ਅਤੇ ਪੜ੍ਹਿਆ ਲਿਖਿਆ ਸਿਆਸਤਦਾਨ ਹੀ ਟਿਕ ਸਕਦਾ ਹੈ ਭਾਵ ਅਹੰਕਾਰੀ ਸਿਆਸਦਾਨਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁਧ ਬੋਲ ਸਕਦਾ ਹੈ। ਭ੍ਰਿਸ਼ਟ ਪਾਰਟੀਆਂ ਦੀ ਆਵਾਜ਼ ਸਦਾ ਬੰਦ ਹੀ ਰਹਿੰਦੀ ਹੈ। ਮਿਸਾਲ ਵਜੋਂ ਪਿਛਲੇ ਕੁਝ ਸਾਲਾਂ ਤੋਂ ਦਲਿਤਾਂ ਉੱਤੇ ਹੋਏ ਇੰਨੇ ਅਤਿਆਚਾਰ ਦੇ ਬਾਵਜੂਦ ਵੀ ਦਲਿਤਾਂ ਦੀ ਸਮਰਥਿਕ ਬਸਪਾ ਮੁਖੀ ਮਾਇਆਵਤੀ ਕਦੇ ਆਵਾਜ਼ ਉਠਾਉਂਦੀ ਨਹੀਂ ਵੇਖੀ ਗਈ।

ਦੂਸਰੇ ਪਾਸੇ ਸੱਤਾਧਾਰੀ ਪਾਰਟੀ ਭ੍ਰਿਸ਼ਟ ਸਿਆਸਤਦਾਨ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਵੀ ਆਪਣੀ ਛਬੀ ਇਮਾਨਦਾਰ ਅਤੇ ਪਾਰਦਰਸ਼ੀ ਸਾਬਤ ਕਰਨ ’ਚ ਲੱਗੀ ਰਹਿੰਦੀ ਹੈ । ਮਿਸਾਲ ਵਜੋਂ ਪੱਛਮੀ ਬੰਗਾਲ ਦੇ ਮੰਤਰੀ ਫਿਰਦਾਦ ਹਕੀਮ, ਸੁਬਰਤ ਮੁਖਰਜੀ ਅਤੇ ਟੀ. ਐਮ. ਸੀ. ਵਿਧਾਇਕ ਮਦਨ ਮਿੱਤਰਾ, ਜਿਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ ਉਨ੍ਹਾਂ ਨੂੰ ਸੀ. ਬੀ. ਆਈ. ਨੇ ਨਾਰਦਾ ਸਟਿੰਗ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ, ਪਰ ਉਸੇ ਕੇਸ ਵਿੱਚ ਦੋਸ਼ੀ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਇ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਧੂ ਅਧਿਕਾਰੀ ਨੂੰ ਸੀ. ਬੀ. ਆਈ. ਨੇ ਦੋਸ਼ ਮੁਕਤ ਕਰ ਦਿੱਤਾ।

ਜਿਵੇਂ ਬਾਦਲ ਦਲ ਨੇ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਸਿਰਮੌਰ ਪੰਥਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ; ਓਵੇਂ ਮੋਦੀ ਸਰਕਾਰ ਨੇ ਵੀ ਭਾਰਤ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਅਪੰਗ ਬਣਾ ਦਿੱਤਾ ਹੈ। ਕਿਸਾਨ ਅੰਦੋਲਨ ਨੇ ਇਨ੍ਹਾਂ ਦੋਵੇਂ ਸਿਆਸੀ ਦਲਾਂ ਨੂੰ ਪੂਰੀ ਚੁਣੌਤੀ ਦੇ ਰੱਖੀ ਹੈ, ਜਿਸ ਕਾਰਨ ਚਿੰਤਤ ਵੇਖੇ ਜਾ ਸਕਦੇ ਹਨ। ਅਜਿਹਾ ਕੰਮ ਸਾਰੀਆਂ ਹੀ ਵਿਰੋਧੀ ਸਿਆਸੀ ਪਾਰਟੀਆਂ ਮਿਲ ਕੇ ਨਹੀਂ ਕਰ ਸਕੀਆਂ। ਜ਼ਰੂਰਤ ਹੈ ਇਸ ਮੁਹਿਮ ਨੂੰ 2022 ਤੱਕ ਕਾਇਮ ਰੱਖਣ ਦੀ ਕਿਉਂਕਿ ਉਸ ਮਾਰ ਨਾਲ ਹੀ ਕਿਸਾਨੀ ਮੰਗਾਂ ਮੰਨੀਆਂ ਜਾਣੀਆਂ ਹਨ।

ਪੰਜਾਬ ’ਚ ਧੜਾਧੜ ਨਵੀਆਂ ਪਾਰਟੀਆਂ ਇਸ ਆਸ ’ਚ ਉੱਭਰ ਰਹੀਆਂ ਹਨ ਕਿ ਸ਼ਾਇਦ ਯੂ. ਪੀ. ਦੀਆਂ ਪੰਚਾਇਤੀ ਚੋਣਾਂ ’ਚ ਟਰੈਕਟਰ ਚੋਣ ਵਾਲੇ ਆਜ਼ਾਦ ਉਮੀਦਵਾਰਾਂ ਵਾਙ ਦਾਅ ਲੱਗ ਜਾਵੇ। ਪੰਜਾਬ ਦੇ ਕਿਸਾਨ ਆਗੂਆਂ ਦੀ ਸਿਆਣਪ ਇਸੇ ’ਚ ਹੈ ਕਿ ਮਾਹਰਾਂ ਦੀ ਕਮੇਟੀ ਬਣਾ ਕੇ ਕੇਵਲ ਆਪਣਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਚੋਣ ਏਜੰਡਾ ਤੈਅ ਕਰਨ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ’ਚ ਕੰਮ ਕਰ ਰਹੀ ਪਿੰਡ ਬਚਾਉ ਪੰਜਾਬ ਬਚਾਉਕਮੇਟੀ ਵੱਲੋਂ ਤਿਆਰ ਕੀਤਾ ਏਜੰਡਾ ਪੰਜਾਬ ਖਰੜੇ ਤੋਂ ਇਸ ਕੰਮ ਲਈ ਸੇਧ ਲਈ ਜਾ ਸਕਦੀ ਹੈ। ਇਸ ਤਿਆਰ ਕੀਤੇ ਏਜੰਡੇ ਨੂੰ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਕਿਸੇ ਸੁਹਿਰਦ ਨਵੀਂ ਪਾਰਟੀ ਜਾਂ ਨਵੀਆਂ ਪਾਰਟੀਆਂ ਦੇ ਗੱਠਜੋੜ ਦਾ ਸਮਰਥਨ ਕਰਨ ਨਾਲ ਕਿਸਾਨੀ ਅੰਦੋਲਨ ਪ੍ਰਤੀ ਸੱਚੇ ਦਿਲੋਂ ਆਵਾਜ਼ ਉਠਾਈ ਜਾ ਸਕਦੀ ਹੈ।

ਕਿਸੇ ਦਲਿਤ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣਾ ਵੀ ਲਾਲੀਪੌਪ ਹੀ ਹੈ ਕਿਉਂਕਿ ਪੰਜਾਬ ’ਚ ਜਦ ਕਿਸੇ ਆਪਣੇ ਟਕਸਾਲੀ ਆਗੂ ਦੀ ਪਾਰਟੀ ਮੁਖੀ (ਰਾਜਾ ਸ਼ਾਹੀ ਸੋਚ ਵਾਲੇ) ਨਹੀਂ ਸੁਣਦੇ ਤਾਂ ਰਾਸ਼ਟਪਤੀ ਵਾਙ ਉਪ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਾ ਕੋਈ ਦਲਿਤ ਵੀ ਆਪਣੇ ਭਾਈਚਾਰੇ ਪ੍ਰਤੀ ਕਿੰਨਾ ਕੁ ਲਾਭਕਾਰੀ ਹੋਵੇਗਾ, ਕਹਿਣਾ ਮੁਸ਼ਕਲ ਹੈ।

ਕਿਸਾਨ ਅਤੇ ਪੰਥਕ ਜਥੇਬੰਦੀਆਂ ਨੂੰ ਪਿੰਡ-ਪਿੰਡ ਸਭਾਵਾਂ ਕਰਕੇ ਦਲਿਤ ਭਾਈਚਾਰੇ ਨੂੰ ਸੁਚੇਤ ਰਹਿਣ ਬਾਬਤ ਸਮਝਾਉਣਾ ਚਾਹੀਦਾ ਹੈ। ਕਿਸਾਨ ਅਤੇ ਪੰਥਕ ਹਲਕਿਆਂ ਵਿੱਚ ਮਜ਼ਦੂਰਾਂ ਪ੍ਰਤੀ ਸਮਾਜਿਕ ਪਿਆਰ ਸਦੀਆਂ ਪੁਰਾਣਾ ਰਿਹਾ ਹੈ। ਪੰਜਾਬ ਦੇ ਸੁਨਹਿਰੇ ਭਵਿੱਖ ਲਈ ਅਤੇ ਕਿਸਾਨੀ ਮੰਗਾਂ ਨੂੰ ਮੰਨਵਾਉਣ ਲਈ ਕਿਸਾਨ- ਮਜ਼ਦੂਰ ਏਕਤਾ ਦਾ ਕਾਇਮ ਰਹਿਣਾ ਅਤਿ ਜ਼ਰੂਰੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਭਾਈਵਾਲ ਸਾਂਝ ਨੂੰ ਤੋੜਨ ਲਈ ਹੀ ਭਾਜਪਾ ਨੇ ਅਕਾਲੀ ਦਲ ਅਤੇ ਬਸਪਾ ਦਾ ਸਿਆਸੀ ਗਠਜੋੜ ਕਰਵਾਇਆ ਹੈ ਅਤੇ ਕੁਝ ਆਪਣੇ ਬੰਦੇ ਭਾਜਪਾ ਪਾਰਟੀ ਆਜ਼ਾਦ ਵੀ ਚੋਣਾਂ ਦੌਰਾਨ ਖੜ੍ਹੇ ਕਰ ਸਕਦੀ ਹੈ।

 ਪੰਜਾਬ ’ਚ ਹੁਣ ਤੱਕ ਬਹੁਤੇ ਮੁੱਖ ਮੰਤਰੀ ਜੱਟ ਕਿਸਾਨ ਰਹੇ ਹਨ, ਫਿਰ ਵੀ ਕਿਸਾਨ ਕਰਜ਼ੇ ਦੀ ਮਾਰ ਤੋਂ ਉੱਪਰ ਨਹੀਂ ਉੱਠ ਸਕੇ। ਕਿਸਾਨਾਂ ਦੁਆਰਾ ਖ਼ੁਦਕੁਸ਼ੀਆਂ ਹੁੰਦੀਆਂ ਰਹੀਆਂ। ਇਹੀ ਹਾਲ ਦਲਿਤ ਮੁੱਖ ਮੰਤਰੀ ਵਾਲਾ ਲਾਲੀਪੌਪ ਫੜਾਉਣ ਉਪਰੰਤ ਦਲਿਤਾਂ ਦਾ ਹੋਣਾ ਹੈ। ਮੌਜੂਦਾ ਕੈਪਟਨ ਸਰਕਾਰ ’ਚ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰਾਲਾ ਦਲਿਤ ਆਗੂ ਸਾਧੂ ਸਿੰਘ ਧਰਮਸੋਤ ਪਾਸ ਹੈ ਜਿਸ ਉੱਪਰ ਦਲਿਤ ਵਿਦਿਆਰਥੀਆਂ ਦੇ ਵਜੀਫਿਆਂ ਦੀ ਰਕਮ ਦੇ ਘੁਟਾਲੇ ਦੇ ਦੋਸ਼ ਲੱਗ ਰਹੇ ਹਨ। ਇਸ ਘੁਟਾਲੇ ਕਾਰਨ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਯੂ. ਪੀ ਦੇ ਹਾਥਰਸ ਜ਼ਿਲ੍ਹੇ ਦੇ ਪਿੰਡ ਦੀ ਇੱਕ ਦਲਿਤ ਲੜਕੀ ਨਾਲ 14 ਸਤੰਬਰ 2020 ਨੂੰ ਸਮੂਹਿਕ ਬਲਾਤਕਾਰ ਅਤੇ ਭਾਰੀ ਤਸ਼ੱਦਦ ਹੋਇਆ; ਉਸ ਦੀ ਰੀੜ ਦੀ ਹੱਡੀ ਤੋੜੀ ਗਈ ਅਤੇ ਜੀਭ ਕੱਟ ਦਿੱਤੀ ਗਈ ਤਾਂ ਕਿ ਉਹ ਆਪਣੇ ਨਾਲ ਹੋਏ ਤਸ਼ੱਦਦ ਨੂੰ ਬਿਆਨ ਨਾ ਕਰ ਸਕੇ। ਲੜਕੀ 13 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਅੰਤ ਜੀਵਨ ਬਾਜ਼ੀ ਹਾਰ ਗਈ। ਕੁਝ ਸਮਾਜਸੇਵੀ ਤੇ ਵਿਰੋਧੀ ਪਾਰਟੀਆਂ ਨੇ ਆਵਾਜ਼ ਉਠਾਈ ਪਰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਜਿਸ ਦਾ ਇਸ ਬਾਰੇ ਬੋਲਣਾ ਹੀ ਅਧਿਕਾਰਸੀ ਅਤੇ ਦੋਵੇਂ ਦਲਿਤ ਬਰਾਦਰੀ ਨਾਲ ਸੰਬੰਧਿਤ ਹਨ, ਫਿਰ ਵੀ ਕਦੇ ਪੀੜਤ ਲਈ ਹਾਅ ਦਾ ਨਾਹਰਾ ਨਾ ਮਾਰ ਸਕੇ। ਇਹ ਉਦਾਹਰਣਾਂ ਕੇਵਲ ਇਹ ਸਮਝਣ ਲਈ ਹਨ ਕਿ ਸਿਸਟਮ ਬਦਲੇ ਬਿਨਾਂ ਵਿਸ਼ੇਸ਼ ਜਾਤੀ ਦਾ ਮੁੱਖ ਮੰਤਰੀ ਕਹਿ ਦੇਣਾ ਕੇਵਲ ਲਾਲੀਪੌਪ ਹੀ ਹੁੰਦਾ ਹੈ।

ਸਿਆਸਤ ਜਾਣਨ ਲਈ ਪਾਰਟੀਆਂ ਦਾ ਅਸਲ ਏਜੰਡਾ ਸਮਝਣੀ ਜ਼ਰੂਰੀ ਹੈ। ਭਾਜਪਾ ਦਾ ਏਜੰਡਾ ਹੈ ‘ਰਾਮਰਾਜ’। ਧਰਮ ਪੁਸਤਕਾਂ ਅਨੁਸਾਰ ਰਾਜਾ ਰਾਮ ਚੰਦਰ ਜੀ ਦੇ ਰਾਜ ਦੌਰਾਨ ਇੱਕ ਦਲਿਤ ਸਮਾਜ ਨਾਲ ਸੰਬੰਧਿਤ ਰਿਸ਼ੀ ਸ਼ੰਭੂਕ ਨੂੰ ਬ੍ਰਾਹਮਣਾਂ ਦੀ ਸ਼ਿਕਾਇਤ ’ਤੇ ਕੇਵਲ ਇਸ ਲਈ ਮਾਰ ਦਿੱਤਾ ਕਿ ਉਸ ਨੇ ਦਲਿਤ ਹੁੰਦਿਆਂ ਰੱਬ ਦੀ ਭਗਤੀ ਕਰਨ ਦਾ ਸਾਹਸ ਵਿਖਾਇਆ ਸੀ। ਦੂਸਰੇ ਪਾਸੇ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਰੂਪੀ ਵਿਚਾਰਧਾਰਾ ਹੈ, ਜਿਸ ਅੰਦਰ ਭਾਰਤੀ ਅਖੌਤੀ ਜਾਤਾਂ ਦੇ ਸਿਰੋਮਣੀ ਭਗਤ ਸਾਹਿਬਾਨ ਦੇ ਵਿਚਾਰ ਬਿਨਾਂ ਕਿਸੇ ਭੇਦ ਭਾਵ ਤੋਂ ਸੁਭਾਇਮਾਨ ਹਨ। ਮਿਸਾਲ ਵਜੋਂ ਕੁਝ ਹੇਠਾਂ ਪਾਵਨ ਵਚਨ ਦਰਜ ਹਨ :

ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ  ?॥ (ਮਹਲਾ ੧/੧੫)

ਖਤ੍ਰੀ, ਬ੍ਰਾਹਮਣ, ਸੂਦ, ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥ (ਮਹਲਾ ੫/੭੪੮)

ਬ੍ਰਹਮਨ, ਬੈਸ, ਸੂਦ ਅਰੁ ਖੵਤ੍ਰੀ; ਡੋਮ, ਚੰਡਾਰ, ਮਲੇਛ ਮਨ ਸੋਇ ॥ ਹੋਇ ਪੁਨੀਤ, ਭਗਵੰਤ ਭਜਨ ਤੇ; ਆਪੁ ਤਾਰਿ ਤਾਰੇ ਕੁਲ ਦੋਇ ॥ (ਭਗਤ ਰਵਿਦਾਸ/੮੫੮)

ਐਸੀ ਲਾਲ  !  ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥ ਨੀਚਹ, ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥ (ਭਗਤ ਰਵਿਦਾਸ/੧੧੦੬)

ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ ! ॥ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥੧॥ ਰਹਾਉ ॥ (ਮਹਲਾ ੩/੧੧੨੮)

ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ  ?॥ (ਭਗਤ ਕਬੀਰ/੧੩੪੯) ਆਦਿ।

ਸੋ ਭਾਰਤ ਭਾਵੇਂ ਇੱਕ ਲੋਕਤੰਤਰ ਦੇਸ਼ ਹੈ ਪਰ ਇੱਥੇ ਸੱਤਾ ਦਾ ਨਸ਼ਾ, ਜਾਤ-ਪਾਤ ਦਾ ਅਭਿਮਾਨ, ਧਾਰਮਿਕ ਵਿਤਕਰਿਆਂ ਆਦਿ ਨੇ ਆਮ ਨਾਗਰਿਕਾਂ ਦੀ ਜ਼ਿੰਦਗੀ ਨੂੰ ਪੀੜਾ ਦਾਇਕ ਬਣਾ ਰੱਖਿਆ ਹੈ। ਇਸ ਦਾ ਮੁਕਾਬਲਾ ਸਭ ਨੂੰ ਮਿਲ ਕੇ ਕਰਨਾ ਪੈਣਾ ਹੈ, ਨਹੀਂ ਤਾਂ ਸਿਆਸੀ ਲੋਕ; ਸਾਨੂੰ ਵੰਡ ਕੇ ਅੱਜ ਕਿਸਾਨਾਂ ਨੂੰ, ਕੱਲ੍ਹ ਮਜਦੂਰਾਂ ਨੂੰ ਅਤੇ ਇੱਕ ਦਿਨ ਛੋਟੇ ਵਪਾਰੀਆਂ ਨੂੰ ਪੂੰਜੀਪਤੀਆਂ ਕੋਲ ਬੰਧੂਆ ਮਜ਼ਦੂਰ ਬਣਾ ਦੇਣਗੇ। ਸਿਆਸੀ ਲੋਕਾਂ ਦੀ ਜਾਨ ਮਤਦਾਨ ਪੇਟੀਆਂ ’ਚ ਬੰਦ ਹੁੰਦੀ ਹੈ ਬਸ਼ਰਤੇ ਕਿ ਸਾਨੂੰ ਆਪਣੀ ਵੋਟ ਸ਼ਕਤੀ ਦਾ ਸਹੀ ਪ੍ਰਯੋਗ ਕਰਨ ਦੀ ਜਾਚ ਆ ਜਾਵੇ। ਪੰਜਾਬੀਆਂ ਕੋਲ ਭਾਰਤ ਦੀ ਜਨਤਾ ਨੂੰ ਜਗਾਉਣ ਦੀ ਸਮਰੱਥਾ ਹੈ, ਇਸ ਦੀ ਮਿਸਾਲ ਕਿਸਾਨ ਅੰਦੋਲਨ ਹੈ ਤਾਂ ਤੇ ਅਸਾਂ ਆਪਣੀ ਜ਼ਿੰਮੇਵਾਰੀ ਜਲਦੀ ਸਮਝਣੀ ਹੈ।

Most Viewed Posts