26.7 C
Jalandhar
Monday, June 30, 2025
spot_img
Home Blog Page 41

ਗੁਰਬਾਣੀ ਪਾਠ-ਬੋਧ ਉਚਾਰਨ ਬਾਰੇ ਉੱਠਦੇ ਸਵਾਲਾਂ ਦੇ ਜਵਾਬ

0

ਗੁਰਬਾਣੀ ਪਾਠ-ਬੋਧ ਉਚਾਰਨ ਬਾਰੇ ਉੱਠਦੇ ਸਵਾਲਾਂ ਦੇ ਜਵਾਬ

ਗਿਆਨੀ ਅਵਤਾਰ ਸਿੰਘ

ਗੁਰਬਾਣੀ; ਬੰਦੇ ਲਈ ਰੂਹ ਦੀ ਖ਼ੁਰਾਕ ਹੈ। ਇਸ ਕਾਰਨ ਇਸ ਨੂੰ ਪ੍ਰਗਟ ਕਰਨ ਵਾਲ਼ੇ ‘ਕਾਗਜ਼, ਕਲਮ, ਸਿਆਹੀ, ਅੱਖਰ, ਚਿੰਨ੍ਹ, ਲਿਪੀ, ਭਾਸ਼ਾ, ਲਿਖਤ ਨਿਯਮ (ਵਿਆਕਰਨ), ਰਾਗ’ ਆਦਿਕ ਭੀ ਪੂਜਨੀਕ ਹਨ। ਦੁਨੀਆ ਦਾ ਹਰ ਗਿਆਨ ਭਾਵੇਂ ਇਨ੍ਹਾਂ ਯੁਕਤੀਆਂ ਰਾਹੀਂ ਹੀ ਪ੍ਰਗਟ ਹੁੰਦਾ ਹੈ, ਪਰ ਇਨ੍ਹਾਂ ਨੂੰ ਅਜਿਹਾ ਸਤਿਕਾਰ ਨਹੀਂ ਮਿਲਦਾ। ਭਗਤ ਰਵਿਦਾਸ ਜੀ ਅਤਿ ਅਪਵਿੱਤਰ ਮੰਨੇ ਜਾਂਦੇ ਤਾੜੀ-ਰੁੱਖ ਦੇ ਹਵਾਲੇ ਨਾਲ਼ ਸਮਝਾਉਂਦੇ ਹਨ (ਜਿਸ ਤੋਂ ਸ਼ਰਾਬ ਬਣਦੀ ਹੈ) ਕਿ ਉਸ ਤੋਂ ਬਣੇ ਕਾਗਜ਼ ’ਤੇ ਰੱਬ ਦੀ ਵਡਿਆਈ ਲਿਖੀ ਜਾਵੇ ਤਾਂ ਉਹ ਭੀ ਪੂਜਣਯੋਗ ਹੋ ਜਾਂਦਾ ਹੈ ‘‘ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ! ਜੈਸੇ ਕਾਗਰਾ ਕਰਤ ਬੀਚਾਰੰ   ਭਗਤਿ ਭਾਗਉਤੁ ਲਿਖੀਐ ਤਿਹ ਊਪਰੇ; ਪੂਜੀਐ ਕਰਿ ਨਮਸਕਾਰੰ ’’ (ਭਗਤ ਰਵਿਦਾਸ/੧੨੯੩) ਵੈਸੇ ਇਹ ਯੁਕਤੀਆਂ ਭੀ ਸਥਾਈ ਨਹੀਂ; ਜਿਸ ਤਰ੍ਹਾਂ ਇਨ੍ਹਾਂ ਅੰਦਰ ਦਰਜ ਇਲਾਹੀ ਪੈਗ਼ਾਮ ਸਥਾਈ ਹੁੰਦਾ ਹੈ। ਭਗਤ ਕਬੀਰ ਜੀ ਦੇ ਵਚਨ ਹਨ ‘‘ਬਾਵਨ ਅਛਰ ਲੋਕ ਤ੍ਰੈ; ਸਭੁ ਕਛੁ ਇਨ ਹੀ ਮਾਹਿ ਅਖਰ ਖਿਰਿ ਜਾਹਿਗੇ; ਓਇ ਅਖਰ (+ਖਰ, ਅਬਿਨਾਸ਼ੀ ਰੱਬ) ਇਨ ਮਹਿ ਨਾਹਿ ’’ (ਭਗਤ ਕਬੀਰ/੩੪੦), ਸਭ ਤੋਂ ਵੱਧ ਯਾਨੀ ਕਿ 30 ਰਾਗਾਂ ’ਚ ਗੁਰਬਾਣੀ ਦੀ ਰਚਨਾ ਕਰਨ ਵਾਲ਼ੇ ਗੁਰੂ ਰਾਮਦਾਸ ਜੀ; ਇਹ ਭੀ ਸਮਝਾਉਂਦੇ ਹਨ ਕਿ ਕੇਵਲ ਰਾਗ ਨਾਦ ਨਾਲ਼ ਰੱਬੀ ਹੁਕਮ ਨਹੀਂ ਸਮਝਿਆ ਜਾ ਸਕਦਾ ‘‘ਰਾਗੈ ਨਾਦੈ ਬਾਹਰਾ; ਇਨੀ ਹੁਕਮੁ ਬੂਝਿਆ ਜਾਇ ’’ (ਮਹਲਾ /੧੪੨੩) ਸੋ ਭਾਵੇਂ ਉਕਤ ਸਾਧਨ ਸਤਿਕਾਰਮਈ ਹਨ, ਪਰ ਗੁਰਬਾਣੀ ਦਾ ਅਸਲ ਸਤਿਕਾਰ; ਇਸ ਅੰਦਰ ਦਰਜ ਗੁਰੂ ਉਪਦੇਸ਼ ਨੂੰ ਸਮਝਣਾ ਤੇ ਉਸ ਅਨੁਸਾਰ ਜੀਵਨ ਬਤੀਤ ਕਰਨਾ ਹੀ ਹੈ।

ਗੁਰਬਾਣੀ; ਕਾਵਿਕ ਰਚਨਾ ਹੈ। ਕਾਵਿਮਈ ਰਚਨਾ ਅਤੇ ਵਾਰਤਕ (ਤੁਕਾਂਤ ਰਹਿਤ ਯਾਨੀ ਕਿ ਗੱਦ-) ਰਚਨਾ ’ਚ ਇਹੀ ਅੰਤਰ ਹੁੰਦੈ ਕਿ ਵਾਰਤਕ ਲਿਖਣ ਵਾਲ਼ਾ ਲੇਖਕ; ਵਾਰਤਕ ਨਿਯਮਾਂ ’ਚ ਬੱਝਾ ਹੁੰਦੈ ਜਦਕਿ ਕਾਵਿ ਰਚਨਾ ਦੌਰਾਨ ਲੇਖਕ; ਭਾਸ਼ਾਈ ਬੰਦਸ਼ ਤੋਂ ਸੁਤੰਤਰ ਹੁੰਦੈ ਭਾਵ ਬਾਣੀਕਾਰ (ਕਵੀ) ਭਾਸ਼ਾਈ ਸ਼ਬਦਾਂ ਦੇ ਮੁਕਾਬਲੇ ਕਾਵਿ ਪਿੰਗਲ ਨੂੰ ਪਹਿਲ ਦਿੰਦੈ; ਜਿਵੇਂ ਕਿ ਵਾਰਤਕ ’ਚ ‘ਪਾਣੀ ਪੀਤਾ, ਖਾਣਾ ਖਾਧਾ’ ਹੀ ਲਿਖਿਆ ਜਾਂਦੈ, ਨਾ ਕਿ ‘ਪਾਣੀ ਖਾਧਾ ਤੇ ਖਾਣਾ ਪੀਤਾ’, ਪਰ ਕਵਿਤਾ ’ਚ ‘ਪਾਣੀ ਖਾਧਾ ਤੇ ਖਾਣਾ ਪੀਤਾ’ ਭੀ ਲਿਖ ਸਕਦੇ ਹਾਂ; ਜਿਵੇਂ ਕਿ ਗੁਰਬਾਣੀ ’ਚ ਪੀਣ ਵਾਲ਼ੀ ਵਸਤੂ (ਅੰਮ੍ਰਿਤ/ਰਾਮ ਰਸੁ) ਨੂੰ ਖਾਧਾ ਭੀ ਕਿਹਾ ਹੈ ‘‘ਤਿਨ ਕੇ ਪਾਪ ਦੋਖ ਸਭਿ ਬਿਨਸੇ; ਜੋ ਗੁਰਮਤਿ ਰਾਮ ਰਸੁ ਖਾਤੇ (ਮਹਲਾ /੧੬੯), ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ’’ (ਮਹਲਾ /੯੬੨) ਇਸ ਵਿਚਾਰ ਨਾਲ਼ ਇਹੀ ਪ੍ਰਗਟ ਹੁੰਦੈ ਕਿ ਕਵਿਤਾ ਰਾਹੀਂ ਦਿੱਤਾ ਸੰਦੇਸ਼ ਹੀ ਅਸਲ ਟੀਚਾ ਹੈ, ਨਾ ਕਿ ਭਾਸ਼ਾਈ ਸ਼ਬਦ, ਨਿਯਮ, ਰਾਗ, ਕਾਗਜ਼ ਆਦਿ। ਮਤਾਂ ਬੰਦਾ ਇਨ੍ਹਾਂ ਨੂੰ ਸਤਿਕਾਰ ਦੇਣ, ਦਿਵਾਉਣ ’ਚ ਰੁੱਝਿਆ ਰਹੇ ਤੇ ਅਸਲ ਟੀਚੇ (ਗੁਰਮਤਿ) ਤੋਂ ਦੂਰ ਹੁੰਦਾ ਜਾਵੇ।

ਗੁਰਬਾਣੀ ਨੂੰ ਪੜ੍ਹਨ ਨਾਲ਼ੋਂ ਇਸ ਦੀ ਵਿਚਾਰ ਕਰਨ ਵੱਲ ਵਧੇਰੇ ਧਿਆਨ ਦਿਵਾਇਆ ਹੈ; ਜਿਵੇਂ ਕਿ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ (ਮਹਲਾ /੯੦੪), ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ (ਰਾਹੀਂ) ਕਰੇ ਵੀਚਾਰੁ ’’ (ਮਹਲਾ /੫੯੪) ਦੂਜੇ ਪਾਸੇ ਨਿਰਾ ਪੜ੍ਹਨ ਨੂੰ ਨਿਰਮੂਲ ਦੱਸਿਐ ‘‘ਪੜਿਐ ਨਾਹੀ; ਭੇਦੁ, ਬੁਝਿਐ ਪਾਵਣਾ (ਮਹਲਾ /੧੪੮), ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ   ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ   ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ (ਮਹਲਾ /੪੬੭), ਪੜੇ, ਸੁਨੇ; ਕਿਆ ਹੋਈ  ? (ਭਗਤ ਕਬੀਰ/੬੫੫), ਪੜੈ, ਸੁਣਾਵੈ; ਤਤੁ ਚੀਨੀ ’’ (ਮਹਲਾ /੯੦੪) ਆਦਿ।

ਗੁਰਬਾਣੀ; ਸਿੱਖ ਦਾ ਮਾਰਗ-ਦਰਸ਼ਨ ਹੈ। ਇਸ ਦਾ ਅਸਲ ਸਤਿਕਾਰ; ਸਤਿਗੁਰੂ ਅਨੁਸਾਰੀ ਜੀਵਨ ਜਾਚ ਸਿੱਖਣਾ ਤੇ ਹੋਰਾਂ ਲਈ ਆਦਰਸ਼ ਬਣਨਾ ਹੈ, ਪਰ ਬਹੁਤਾਤ ਸਿੱਖ ਇਸ ਪਾਸਿਓਂ ਮੂੰਹ ਮੋੜ ਗੁਰਬਾਣੀ ਦੇ ਕੇਵਲ ਬਾਹਰੀ ਸਤਿਕਾਰ ਕਰਨ/ਕਰਾਉਣ ਤੱਕ ਦਲੀਲਾਂ ਦਿੰਦੇ ਰਹਿੰਦੇ ਹਨ। ਭਾਵੇਂ ਕਿ ਇਹ ਭੀ ਜ਼ਰੂਰੀ ਹੈ, ਪਰ ਇੱਥੋਂ ਤੱਕ ਹੀ ਸੀਮਤ ਰਹਿਣਾ; ਗੁਰੂ ਦਾ ਟੀਚਾ ਨਹੀਂ।  ਗੁਰਬਾਣੀ; ਪੜ੍ਹੀ ਬਹੁਤ ਜਾ ਰਹੀ ਹੈ, ਪਰ ਅਜੋਕੇ ਬੱਚਿਆਂ ਅੰਦਰ ਧਰਮ ਪ੍ਰਤੀ ਪੈਦਾ ਹੁੰਦੇ ਸੰਦੇਹ ਜਾਂ ਪੈਦਾ ਕੀਤੇ ਜਾ ਰਹੇ ਸ਼ੰਕੇ; ਦੂਰ ਕਰਨ ਲਈ ਕੋਈ ਕੌਮੀ ਏਜੰਡਾ ਨਹੀਂ ਉਲੀਕਿਆ ਜਾਂਦਾ ਬਲਕਿ ਗੁਰਬਾਣੀ ਦੇ ਸ਼ੁੱਧ/ਅਸ਼ੁੱਧ ਪਾਠ ਨੂੰ ਵੱਡਾ ਮੁੱਦਾ ਬਣਾ ਨਵੇਂ ਧੜੇ ਖੜ੍ਹੇ ਕੀਤੇ ਜਾਂਦੇ ਹਨ। ਹਿੰਦੂ, ਮੁਸਲਮਾਨ ਆਦਿਕ ’ਚ ਆਪਸੀ ਮਤਭੇਦ ਸਿਧਾਂਤਿਕ ਵੇਖੇ ਗਏ, ਪਰ ਸਿੱਖਾਂ ਅੰਦਰ ਗੁਰਬਾਣੀ ਦੇ ਪੜ੍ਹਨ ਨੂੰ ਲੈ ਕੇ ਹੀ ਗੁਰੂ ਦੋਖੀ, ਗੁਰੂ ਨਿੰਦਕ ਸਿੱਧ ਕੀਤਾ ਜਾ ਰਿਹਾ ਹੈ। ਸਿੱਖ ਮਿਸ਼ਨਰੀ ਕਾਲਜਾਂ ਨੇ ਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਏਜੰਡੇ ਨੂੰ ਅੱਗੇ ਵਧਾਇਆ ਹੈ, ਪਰ ਬਦਕਿਸਮਤੀ ਨਾਲ਼ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਇੱਕ ਸਿਆਸੀ ਧੜੇ ਦੀ ਜ਼ਬਾਨ ਬਣ ਕੇ ਰਹਿ ਗਈ ਹੈ।

ਵਿਧਾਨ ਸਭਾ ਚੁਣਾਵ (ਫ਼ਰਵਰੀ 2022) ਨੂੰ ਵੇਖਦਿਆਂ ਬਹਾਦਰ ਗੜ੍ਹ (ਪਟਿਆਲ਼ਾ) ਵਿਖੇ 11 ਤੋਂ 15 ਅਕਤੂਬਰ 2021 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ਼ ਕਰਵਾਈ ਗਈ ‘ਗੁਰਬਾਣੀ ਸੰਥਿਆ ਕਾਰਜਸ਼ਾਲਾ’ ’ਚ ਗੁਰਬਾਣੀ ਦੇ ਹਰ ਲਗ-ਮਾਤਰ ਦੇ ਉਚਾਰਨ ਕਰਨ ਵਾਲ਼ਿਆਂ ਨੂੰ ਜਿੱਥੇ ਸੱਚੇ ਸਿੱਖ ਕਿਹਾ ਗਿਆ ਓਥੇ ਹੁਣ ਤੱਕ ਪ੍ਰਚਲਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਿਸ਼ਨਰੀ ਕਾਲਜਾਂ ਦੇ ਪਾਠ-ਸੰਥਿਆ ਕਰਨ ਵਾਲ਼ਿਆਂ ਨੂੰ ਗੁਰੂ ਨੂੰ ਬੇਦਾਵਾ ਦੇਣ ਵਾਲ਼ੇ ਸਿੱਖ ਤੱਕ ਕਹਿ ਦਿੱਤਾ। ਇਹ ਕੋਈ ਪਹਿਲਾ ਮੌਕਾ ਨਹੀਂ ਜਦ ਕਾਲਜਾਂ ਦੇ ਪ੍ਰਚਲਿਤ ਪਾਠ-ਬੋਧ ’ਤੇ ਸਵਾਲ ਖੜ੍ਹੇ ਹੋਏ ਹੋਣ, ਇਸ ਤੋਂ ਪਹਿਲਾਂ ਭੀ ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਸਾਹਿਬ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ (ਚੰਡੀਗੜ੍ਹ ਵਾਲ਼ੇ), ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਆਦਿਕ ’ਤੇ ਅਜਿਹੇ ਆਰੋਪ ਲੱਗ ਚੁੱਕੇ ਹਨ। ਇਸ ਵਾਰੀ ਹੈਰਾਨੀ ਇਹ ਹੈ ਕਿ ਉਨ੍ਹਾਂ ਲੋਕਾਂ ਨਾਲ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਖੜ੍ਹੀ ਹੀ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੁਆਰਾ ਲਿਖੇ ਕਿਤਾਬਚੇ ਬਕਾਇਦਾ ਛਪਵਾ ਕੇ ਵੰਡੇ, ਜੋ ਪੰਥ ਦਰਦੀਆਂ ਨੂੰ ਹੈਰਾਨ ਕਰਦਾ ਹੈ ਤਾਂ ਤੇ ਹਰ ਗੁਰਸਿੱਖ ਨੂੰ ਗੁਰਬਾਣੀ ਪਾਠ-ਬੋਧ ਬਾਰੇ ਦਿੱਤੀਆਂ ਗਈਆਂ ਹਦਾਇਤਾਂ ਤੇ ਪ੍ਰਚਲਿਤ ਪਾਠ-ਬੋਧ ਨਿਯਮਾਂ ਬਾਰੇ ਥੋੜ੍ਹਾ ਜਾਣਨਾ ਜ਼ਰੂਰੀ ਹੈ।

ਪ੍ਰਚਲਿਤ ਗੁਰਬਾਣੀ ਪਾਠ-ਬੋਧ ਦਾ ਵਿਰੋਧ ਕਰਨ ਵਾਲ਼ਿਆਂ ’ਚ ਸ਼ਾਮਲ ਹਨ ‘ਚੀਫ਼ ਖਾਲਸਾ ਦੀਵਾਨ ਦੇ ਅਜੋਕੇ ਪ੍ਰਬੰਧਕ, ਡਾਕਟਰ ਹਰਕੀਰਤ ਸਿੰਘ, ਸ. ਇੰਦਰ ਸਿੰਘ, ਡਾਕਟਰ ਗੁਰਮੇਲ ਸਿੰਘ, ਡਾਕਟਰ ਚਮਕੌਰ ਸਿੰਘ, ਡਾਕਟਰ ਬ੍ਰਿਜਪਾਲ ਸਿੰਘ ਆਦਿਕ, ਜਿਨ੍ਹਾਂ ਨੇ ਬਕਾਇਦਾ ਮਿਸ਼ਨਰੀ ਪਾਠ-ਬੋਧ ਵਿਰੁਧ ਕਿਤਾਬਾਂ ਛਾਪੀਆਂ ਹਨ। ਜਿਨ੍ਹਾਂ ਨੂੰ ਵੇਰਵੇ ਸਹਿਤ ਵਿਚਾਰਿਆ ਗਿਆ ਹੈ।

ਸੰਨ 2016-17 ’ਚ ਤਿੰਨ ਕੁ ਵਾਰ ਡਾਕਟਰ ਮੋਹਨ ਸਿੰਘ ਜੀ ਲੁਧਿਆਣੇ ਵਾਲ਼ੇ ਮੇਰੇ ਕੋਲ਼ ਗੁਰਬਾਣੀ ਵਿਆਕਰਨ ਸੰਬੰਧੀ ਵਿਚਾਰ ਵਟਾਂਦਰਾ ਕਰਨ ਆਏ। ਅਸੀਂ ਪ੍ਰਤੀ ਦਿਨ 7-8 ਘੰਟੇ ਸ਼ਬਦ ਵਿਚਾਰ ਕੀਤੀ। ਉਨ੍ਹਾਂ ਦਾ ਗੁਰਬਾਣੀ ਉਚਾਰਨ ਪ੍ਰਤੀ ਨਜ਼ਰੀਆ ਭੀ ਉਕਤ ਵਿਦਵਾਨਾਂ ਵਾਲ਼ਾ ਸੀ।  ਉਨ੍ਹਾਂ ਦੁਆਰਾ ਕੀਤੇ ਤਿੰਨ ਪ੍ਰਮੁੱਖ ਸਵਾਲ ਅਤੇ ਮੇਰੇ ਵੱਲੋਂ ਦਿੱਤੇ ਜਵਾਬ ਹੇਠਾਂ ਦਰਜ ਹਨ :

ਸਵਾਲ ਨੰਬਰ 1 : ਤੁਸੀਂ ਗੁਰਬਾਣੀ ਨੂੰ ਅਜੋਕੀ ਪੰਜਾਬੀ ਵਾਙ ਬਿੰਦੀ ਸਹਿਤ ਪੜ੍ਹਦੇ ਹੋ ?

ਜਵਾਬ : ਨਹੀਂ ਜੀ। ਮਿਸਾਲ ਵਜੋਂ ‘ਕਾਇਆ’ ਸ਼ਬਦ ਲੈਂਦੇ ਹਾਂ, ਜੋ ਗੁਰਬਾਣੀ ’ਚ 173 ਵਾਰ ਬਿਨਾਂ ਬਿੰਦੀ (ਕਾਇਆ) ਹੈ, 12 ਵਾਰ ‘ਕਾਂਇਆ’ ਹੈ ਤੇ ਇੱਕ ਵਾਰ ‘ਕਾਇਆਂ’। ਇਸ ਸ਼ਬਦ ਦਾ ਅਜੋਕਾ (ਪੰਜਾਬੀ/ਸੰਸਕ੍ਰਿਤ) ਉਚਾਰਨ ‘ਕਾਇਆ’ (ਬਿਨਾਂ ਬਿੰਦੀ) ਹੈ, ਪਰ ਅਸੀਂ ਹਰ ਥਾਂ ‘ਕਾਂਇਆ’ ਪੜ੍ਹਦੇ ਹਾਂ ਕਿਉਂਕਿ ਇਹ ਬਣਤਰ ਗੁਰਬਾਣੀ ’ਚ 12 ਵਾਰ ਹੈ। ਜਿਨ੍ਹਾਂ ’ਚੋਂ 4 ਵਾਰ ਗੁਰੂ ਨਾਨਕ ਸਾਹਿਬ, 2 ਵਾਰ ਗੁਰੂ ਅਮਰਦਾਸ ਜੀ, 2 ਵਾਰ ਗੁਰੂ ਰਾਮਦਾਸ ਜੀ, 2 ਵਾਰ ਗੁਰੂ ਅਰਜਨ ਸਾਹਿਬ ਜੀ ਅਤੇ 1-1 ਵਾਰ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਭਗਤ ਕਬੀਰ ਜੀ ਦੀ ਬਾਣੀ ’ਚ ਦਰਜ ਹੈ ਯਾਨੀ ਕਿ ‘ਕਾਂਇਆ’ (ਬਿੰਦੀ ਸਮੇਤ) ਸਰੂਪ ਭਗਤ ਕਬੀਰ ਜੀ ਤੋਂ ਲੈ ਕੇ ਨਾਵੇਂ ਪਾਤਿਸ਼ਾਹ ਦੇ ਸਮੇਂ ਤੱਕ (ਤਕਰੀਬਨ 200 ਸਾਲ) ਕਾਇਮ ਰਿਹਾ ਹੈ। ਜੇਕਰ ਅਜੋਕੀ ਬੋਲੀ ਵਾਙ ਉਚਾਰਨ ਕਰਨਾ ਹੁੰਦਾ ਤਾਂ ਹਰ ਥਾਂ ‘ਕਾਇਆ’ (ਬਿਨਾਂ ਬਿੰਦੀ) ਪੜ੍ਹਿਆ ਜਾਂਦਾ।

ਸਵਾਲ ਨੰਬਰ 2 : ਜਦ ਉਸ ਸਮੇਂ ਨਾਸਕੀ ਉਚਾਰਨ ਹੁੰਦਾ ਸੀ ਤਾਂ ਹਰ ਥਾਂ ‘ਕਾਂਇਆ’ (ਬਿੰਦੀ ਸਮੇਤ) ਕਿਉਂ ਨਹੀਂ ਦਰਜ ਕੀਤਾ ?

ਜਵਾਬ : ਗੁਰਬਾਣੀ ’ਚੋਂ ‘ਵਡਿਆਈਆ’ ਸ਼ਬਦ ਲੈਂਦੇ ਹਾਂ, ਜੋ 32 ਵਾਰ ‘ਵਡਿਆਈਆ’ (ਬਿਨਾਂ ਬਿੰਦੀ) ਹੈ, 3 ਵਾਰ ‘ਵਡਿਆਈਆਂ’ (ਨਾਸਕੀ ਅੰਤ) ਹੈ ਤੇ ਇੱਕ ਵਾਰ ‘ਵਡਿਆਂਈਆ’ (ਯਾਨੀ ਕਿ ਅਸ਼ੁੱਧ ਰੂਪ) ਹੈ; ਜਿਵੇਂ ਕਿ

(1). ਤੇਰੀਆ ਸਦਾ ਸਦਾ ਚੰਗਿਆਈਆ ॥  ਮੈ ਰਾਤਿ ਦਿਹੈ ਵਡਿਆਈਆਂ ॥ (ਮਹਲਾ ੧/੭੩)

(2). ਸਿਧਾ ਪੁਰਖਾ ਕੀਆ ਵਡਿਆਈਆਂ ॥ (ਮਹਲਾ ੧/੩੪੯)

(3). ਨਾਨਕ ! ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ ॥ (ਮਹਲਾ ੨/੧੨੯੦)

(4/1). ਜਾ ਤੂੰ ਵਡਾ, ਸਭਿ ਵਡਿਆਂਈਆ; ਚੰਗੈ ਚੰਗਾ ਹੋਈ ॥ (ਮਹਲਾ ੧/੧੪੫)

ਗੁਰੂ ਨਾਨਕ ਸਾਹਿਬ ਜੀ; ਉਕਤ ਨੰਬਰ 1 ਤੇ 2 ’ਚ ‘ਵਡਿਆਈਆਂ’ (ਨਾਸਕੀ ਅੰਤ) ਲਿਖਦੇ ਹਨ ਪਰ ਨੰਬਰ 4/1 ’ਤੇ ਕੀ ਇੱਕ ਵਾਰ ‘ਵਡਿਆਂਈਆ’ (ਅਸ਼ੁੱਧ) ਲਿਖਦੇ ? ਨਹੀਂ। ਇਹ ਛਾਪੇ ਦੀ ਗ਼ਲਤੀ ਹੈ। ਜੇਕਰ ‘ਕਾਇਆ’ ਨੂੰ 173 ਵਾਰ ਤੇ ‘ਵਡਿਆਈਆ’ ਨੂੰ ਹੋਰ 32 ਵਾਰ ਭੀ ਬਿੰਦੀ ਸਮੇਤ ਲਿਖਿਆ ਹੁੰਦਾ ਤਾਂ ਅਜਿਹੀਆਂ ਗ਼ਲਤੀਆਂ ਵਧ ਜਾਂਦੀਆਂ, ਜਿਨ੍ਹਾਂ ’ਚ ਸੋਧ ਕਰਨੀ ਮੁਸ਼ਕਲ ਸੀ।

ਸਵਾਲ ਨੰਬਰ 3 : ਤੁਸੀਂ ਇੱਕ ਵਚਨ ਨਾਂਵ ਸ਼ਬਦ ਦੀ ਅੰਤ ਸਿਹਾਰੀ ਤੇ ਅੰਤ ਔਂਕੜ ਨਹੀਂ ਉਚਾਰਦੇ, ਕਿਉਂ ?

ਜਵਾਬ : (ੳ). ਗੁਰਬਾਣੀ ’ਚ ਦੋ ਲਗਾਂ (ਔਂਕੜ/ਹੋੜਾ ਧੁਨੀਆਂ) ਵਾਲ਼ੇ ਭੀ ਅੱਖਰ ਹਨ। ਗੁਰਬਾਣੀ ਕਾਵਿਕ ਰਚਨਾ ਹੋਣ ਕਾਰਨ ਪਿੰਗਲ ਵਜ਼ਨ (ਤੋਲ) ਜ਼ਰੂਰੀ ਹੈ, ਜਿਸ ਮੁਤਾਬਕ ਲਘੂ ਮਾਤਰਾ ਨੂੰ 1-1 ਅੰਕ ਤੇ ਦੀਰਘ ਦੇ 2-2 ਅੰਕ ਹਨ ਜਦਕਿ ਇਸ ਨਿਯਮ ਮੁਤਾਬਕ ਇੱਕੋ ਅੱਖਰ ਦੀਆਂ ਦੋ ਲਗਾਂ ਲਈ ਸਾਂਝੇ 2 ਜਾਂ 3 ਅੰਕ ਨਹੀਂ ਹੁੰਦੇ। ਜਿਸ ਸ਼ਬਦ ਦੇ ਇੱਕ ਬੰਦ ’ਚ 2-2 ਲਗਾਂ ਵਾਲ਼ੇ ਅੱਖਰ ਹਨ, ਉਨ੍ਹਾਂ ਦਾ ਕੁੱਲ ਪਿੰਗਲ ਜੋੜ; ਸ਼ਬਦ ਦੇ ਬਾਕੀ ਬੰਦਾਂ ਨਾਲ਼ੋਂ ਪਹਿਲਾਂ ਹੀ ਵੱਧ ਹੁੰਦੈ। ਉਤੋਂ ਦੋਵੇਂ ਲਗਾਂ ਪੜ੍ਹ ਕੇ ਕਾਵਿ ਪਿੰਗਲ ਅੰਤਰ, ਹੋਰ ਵਧੇਰੇ; ਜਿਵੇਂ ਕਿ ਹੇਠਲੇ ਸ਼ਬਦ ਦੇ ਦੂਜੇ ਬੰਦ ’ਚ ਤੁੋਹੀ ਸ਼ਬਦ ਹੈ ਤੇ ਪਿੰਗਲ ਜੋੜ 67 ਹੈ। ਚੌਥੇ ਬੰਦ ’ਚ ਅਨਦਿਨੁੋ ਹੈ ਤੇ ਪਿੰਗਲ ਜੋੜ 65 ਹੈ। ਇਹ ਦੋਵੇਂ ਸੰਖਿਆ; ਸ਼ਬਦ ਦੇ ਪਹਿਲੇ ਬੰਦ ਦੇ ਕੁੱਲ ਜੋੜ 64 ਤੇ ਤੀਜੇ ਬੰਦ ਦੀ ਸੰਖਿਆ 59 ਤੋਂ ਪਹਿਲਾਂ ਹੀ ਵੱਧ ਹਨ; ਜਿਵੇਂ ਕਿ

ਨੋਟ : ਹੇਠਲੇ ਸ਼ਬਦ ’ਚ ਲਘੂ ਮਾਤਰਾ (ਮੁਕਤਾ, ਔਂਕੜ, ਸਿਹਾਰੀ, ਲਾਂ ਤੇ ਹੋੜਾ) ਦੇ 1-1 ਅੰਕ ਅਤੇ ਦੀਰਘ ਮਾਤਰਾ (ਕੰਨਾ, ਦੁਲੈਂਕੜ, ਬਿਹਾਰੀ, ਦੁਲਾਵਾਂ ਤੇ ਕਨੌੜਾ) ਦੇ 2-2 ਅੰਕ ਲਏ ਹਨ।  ‘ਤੁੋਹੀ’ ਦਾ ਕੇਵਲ ਹੋੜਾ ਤੇ ‘ਅਨਦਿਨੁੋ’ ਦਾ ਔਂਕੜ ਹੀ ਗਿਣਿਆ (ਪੜ੍ਹਿਆ) ਹੈ।

ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ-32 ॥

ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ-32=64

ਕੈਸੀ ਆਰਤੀ ਹੋਇ ॥  ਭਵ ਖੰਡਨਾ ! ਤੇਰੀ ਆਰਤੀ ॥  ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ-34 ॥

ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ-33=67

ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ-30 ॥

ਗੁਰ ਸਾਖੀ; ਜੋਤਿ ਪਰਗਟੁ ਹੋਇ ॥  ਜੋ ਤਿਸੁ ਭਾਵੈ; ਸੁ ਆਰਤੀ ਹੋਇ-29=59

ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੁੋ ਮੋਹਿ ਆਹੀ ਪਿਆਸਾ-32 ॥

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ; ਹੋਇ ਜਾ ਤੇ ਤੇਰੈ+ਨਾਇ ਵਾਸਾ-33=65

(ਸੋਹਿਲਾ/ਮਹਲਾ ੧/੧੩)

ਜਾਂ ਸ਼ਬਦ ਦੇ ਇੱਕੋ ਬੰਦ ’ਚ ਤੁਕਾਂ ਦਾ ਪਰਸਪਰ ਪਿੰਗਲ ਜੋੜ ਵੱਧ ਹੁੰਦੈ; ਜਿਵੇਂ ਹੇਠਲੀ ‘ਗੁੋਬਿੰਦ’ ਵਾਲ਼ੀ ਤੁਕ ’ਚ ਕੁੱਲ ਜੋੜ 16 ਹੈ, ਜੋ ਬਾਕੀ ਤਿੰਨ 14, 14, 11 ਦੇ ਮੁਕਾਬਲੇ ਪਹਿਲਾਂ ਹੀ ਵੱਧ ਹੈ। ਇਸ ਦਾ ਹੋੜਾ ਤੇ ਔਂਕੜ ਦੋਵੇਂ ਉਚਾਰ ਕੇ ਇਹ ਅੰਤਰ ਹੋਰ ਵਧਦਾ ਹੈ।

ਕਰਿ ਕਿਰਪਾ ਸੁਖ ਅਨਦ ਕਰੇਇ-14 ॥  ਬਾਲਕ ਰਾਖਿ ਲੀਏ ਗੁਰਦੇਵਿ-14 ॥

ਪ੍ਰਭ ਕਿਰਪਾਲ ਦਇਆਲ ਗੁੋਬਿੰਦ-16 ॥  ਜੀਅ ਜੰਤ ਸਗਲੇ ਬਖਸਿੰਦ-11 ॥੧॥ (ਮਹਲਾ ੫/੮੬੬)

ਨੋਟ : ਇੱਥੇ ਭੀ ਔਂਕੜ ਹੀ ਉਚਾਰਿਐ, ਨਹੀਂ ਤਾਂ ‘ਬਖਸਿੰਦ’ ਨਾਲ਼ ਤੁਕਾਂਤ ਭੀ ਸਹੀ ਨਾ ਬੈਠਦਾ।

(ਅ). ਕਿਸੇ ਸ਼ਬਦ ’ਚ ਤੁਕਾਂਤ ਤੋਲ ਮੇਲਣ ਲਈ ਭੀ ਇੱਕ ਅੱਖਰ ਨੂੰ ਦੋ ਲਗਾਂ ਲਗਦੀਆਂ ਹਨ; ਜਿਵੇਂ ਹੇਠਲੀ ‘ਰਹਾਉ’ ਤੁਕ ’ਚ ‘ਜਿੰਦੁ’ ਨਾਲ਼ ਉਚਾਰਨ ਮਿਲਾਣ ਲਈ ‘ਗੁੋਬਿੰਦ’ ’ਚੋਂ ‘ਗੁਬਿੰਦ’ ਉਚਾਰਿਐ ਤੇ ‘ਗੋਬਿੰਦ’ ਅਰਥ ਕੀਤੇ ਹਨ ਯਾਨੀ ਦੋਵੇਂ ਲਗਾਂ ਜ਼ਰੂਰੀ ਸਨ :

ਇਨ ਬਿਧਿ ਰਮਹੁ; ਗੋਪਾਲ ਗੁੋਬਿੰਦੁ ॥  ਤਨੁ ਧਨੁ ਪ੍ਰਭ ਕਾ; ਪ੍ਰਭ ਕੀ ਜਿੰਦੁ ॥੧॥ ਰਹਾਉ ॥ (ਮਹਲਾ ੫/੮੬੬)

ਗੁਰਮੁਖੀ ਲਿਪੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਹੋੜਾ, ਕਨੌੜਾ, ਲਾਂ, ਦੁਲਾਵਾਂ) ਹਨ, ਪਰ ਡਾ. ਗੁਰਮੇਲ ਸਿੰਘ ਆਪਣੇ ਕਿਤਾਬਚੇ (ਗੁਰਬਾਣੀ ਉਚਾਰਨ : ਧਰਮ-ਵਿਗਿਆਨਕ, ਧੁਨੀ-ਵਿਗਿਆਨਕ, ਮਨੋ-ਵਿਗਿਆਨਕ ਪਹੁੰਚ) ਦੇ ਪੰਨਾ 17 ’ਤੇ ਗਿਆਰਾਂ ਲਗਾਂ ਲਿਖਦੇ ਹਨ ਯਾਨੀ ਕਿ ਇੱਕ ਲਗ ‘ਔਂਕੜ/ਹੋੜੇ’ ਦੀ ਸਾਂਝੀ ਭੀ ਮੰਨੀ ਹੈ ਜਦਕਿ ਇਹ ਕਾਵਿ-ਪਿੰਗਲ ਮੁਤਾਬਕ ਸਹੀ ਨਹੀਂ। ਡਾ. ਗੁਰਮੇਲ ਸਿੰਘ ਦਾ 20 ਕੁ ਪੰਨਿਆਂ ਦਾ ਇਹੀ ਕਿਤਾਬਚਾ ਥੋੜ੍ਹੇ ਕੁ ਅੰਤਰ ਨਾਲ਼ (ਇਸ ਅੰਤਰ ਦਾ ਕਾਰਨ ਹੇਠਾਂ ਦਿੱਤਾ ਜਾਏਗਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ (ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ) ਛਾਪ ਕੇ ਬਹਾਦਰ ਗੜ੍ਹ ਵਿਖੇ ਵੰਡਿਆ ਹੈ।

ਗੁਰਬਾਣੀ ’ਚ ਇੱਕ ਦਰਜਨ ਤੋਂ ਵੱਧ ਭਾਸ਼ਾਵਾਂ ਦੇ ਸ਼ਬਦ ਹਨ। ਮਿਸ਼ਨਰੀ ਵਿਚਾਰਧਾਰਾ ਮੁਤਾਬਕ ਇਨ੍ਹਾਂ ਨੂੰ ਤਿੰਨ ਭਾਗਾਂ ’ਚ ਵੰਡ ਕੇ ਸਮਝਿਆ ਤੇ ਸਮਝਾਇਆ ਜਾਂਦਾ ਹੈ ‘ਤਤਸਮ, ਤਦਭਵ ਤੇ ਗੁਰਮੁਖੀ/ਪੰਜਾਬੀ’ ਸ਼ਬਦ। ‘ਤਤਸਮ’; ਅਨਭਾਸ਼ਾਵਾਂ ਦੇ ਮੂਲਕ ਸ਼ਬਦ ਹਨ, ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ; ਕੋਈ ਲੁਪਤ ਸੰਬੰਧਕੀ ਅਰਥ ਨਹੀਂ ਦਿੰਦੀ ਤਾਹੀਓਂ ਉਚਾਰਨ ਦਾ ਭਾਗ ਕਹੀ ਜਾ ਸਕਦੀ ਹੈ। ਇਨ੍ਹਾਂ ’ਚ ਪੁਲਿੰਗ/ਇਸਤਰੀ ਲਿੰਗ ਨਾਂਵ ਤੇ ਵਿਸ਼ੇਸ਼ਣ ਆਦਿ ਸ਼ਬਦ ਹੁੰਦੇ ਹਨ; ਜਿਵੇਂ ‘ਸਤਿ, ਹਰਿ, ਕਲਿ (ਕਲਿਜੁਗ), ਰਵਿ (ਸੂਰਜ), ਸਸਿ (ਚੰਦ) ਗਿਰਿ (ਪਹਾੜ), ਆਦਿ, ਭਗਤਿ, ਮੂਰਤਿ, ਮੁਨਿ, ਭੂਮਿ, ਰਿਧਿ, ਸਿਧਿ, ਹਸਤਿ, ਕਾਮਣਿ’ ਆਦਿਕ। ਇਨ੍ਹਾਂ ’ਚੋਂ ਬਹੁਤ ਥੋੜ੍ਹੇ ਸ਼ਬਦ ਵਿਆਕਰਨ ਨਿਯਮਾਂ ਅਧੀਨ ਹਨ; ਜਿਵੇਂ ਇਸਤ੍ਰੀ ਲਿੰਗ ‘ਜ਼ਨ (ਔਰਤ), ਅਰਜ਼, ਮਸ਼ੱਕਤਿ (ਮਿਹਨਤ)’ ਆਦਿਕ ਤੇ ਪੁਲਿੰਗ ‘ਆਸ਼ਕੁ, ਜ਼ੋਰੁ, ਸ਼ਾਹੁ, ਪਾਤਿਸ਼ਾਹੁ, ਗੋਸ਼ (ਕੰਨ/ਬਹੁ ਵਚਨ)’ ਆਦਿਕ ਹਨ। ‘ਤਦਭਵ’ ਸ਼ਬਦ; ਤਤਸਮ ਸ਼ਬਦਾਂ ਦਾ ਕੁੱਝ ਬਦਲਿਆ/ਵਿਗੜਿਆ ਰੂਪ ਹੁੰਦੈ; ਜਿਵੇਂ ‘ਸਤਿ ਤੋਂ ਸਚਿ, ਨਜ਼ਰਿ ਤੋਂ ਨਦਰਿ, ਹਾਜ਼ਿਰ ਹਜ਼ੂਰਿ ਤੋਂ ਹਾਦਰਾ ਹਦੂਰਿ, ਕਾਜ਼ੀ ਤੋਂ ਕਾਦੀ, ਕਾਗਦ (ਕਾਗਜ਼), ਆਕਾਸ਼ ਤੋਂ ਆਗਾਸ, ਸ੍ਰਿਸ਼ਟਿ ਤੋਂ ਸਿਰਠਿ, ਵਸਤੂ ਤੋਂ ਵਸਤੁ, ਜਾਣੂ ਤੋਂ ਜਾਣੁ, ਰਾਹੂ (-ਕੇਤੂ) ਤੋਂ ਰਾਹੁ’ ਆਦਿ। ਪ੍ਰਿੰਸੀਪਲ ਹਰਭਜਨ ਸਿੰਘ ਜੀ ਅਨੁਸਾਰ ‘ਖ਼ਿਦਮਤ ਤੋਂ ਖਿਜਮਤਿ, ਪਰਵਰਦਿਗਾਰ ਤੋਂ ਪਰਵਦਗਾਰ, ਬਹਿਸ਼੍ਤ ਤੋਂ ਭਿਸਤਿ, ਵਕਤ ਤੋਂ ਵਖ਼ਤ, ਪੁਲ-ਸਿਰਾਤ ਤੋਂ ਪੁਰਸਲਾਤ’ ਆਦਿ ਤਦਭਵ ਹਨ। ਇਹ ਬੱਚਿਆਂ ਦੀ ਤੋਤਲੀ ਜ਼ਬਾਨ ਵਾਙ ਕਾਵਿਕ ਮਸਤੀ ’ਚੋਂ ਪ੍ਰਗਟ ਹੁੰਦੇ ਹਨ, ਨਾ ਕਿ ਕਿਸੇ ਵਾਰਤਕ ’ਚ ਅਜਿਹਾ ਵੇਖੀਦੈ। ਉਕਤ ਕੀਤੀ ਗਈ ਵਿਚਾਰ ਕਿ ਕਾਵਿ ਰਚਨਾ ’ਚ ਲਿਖਾਰੀ ਨਵੇਂ ਸ਼ਬਦ ਘੜ ਸਕਦੈ; ਵਾਰਤਕ ’ਚ ਨਹੀਂ। ਇਹ ਤਦਭਵ ਸ਼ਬਦ ਉਸੇ ਦਾ ਨਤੀਜਾ ਹਨ । ਵੈਸੇ ਅਜਿਹੀ ਸ਼ਬਦ ਬਣਤਰ ਅਕਸਰ ਕਿਸੇ ਭਾਸ਼ਾ ਦੀ ਨਹੀਂ ਹੁੰਦੀ।

ਗੁਰਬਾਣੀ ’ਚ 15 ਕੁ ਪ੍ਰਤਿਸ਼ਤ ਸ਼ਬਦ; ਤਤਸਮ ਤੇ ਤਦਭਵ ਹਨ, ਜਿਨ੍ਹਾਂ ਦੀ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ਦਾ ਭਾਵ ਹੈ ਬਾਕੀ 85 ਫ਼ੀਸਦੀ ਸ਼ਬਦ (ਜਿਨ੍ਹਾਂ ’ਚ ਥੋੜ੍ਹੇ ਕੁ ਤਤਸਮ ਤੇ ਤਦਭਵ ਸ਼ਬਦ ਹਨ; ਬਾਕੀ ਸਾਰੇ ਗੁਰਮੁਖੀ) ਦੀ ਅੰਤ ਸਿਹਾਰੀ ਤੇ ਅੰਤ ਔਂਕੜ ਵਿਆਕਰਨਿਕ ਨਿਯਮਾਂ ਅਧੀਨ ਹੈ ਯਾਨੀ ਉਚਾਰਨ ਦਾ ਭਾਗ ਨਹੀਂ। ਇਨ੍ਹਾਂ ’ਚੋਂ ਕਾਰਕੀ (ਲੁਪਤ ਸੰਬੰਧਕੀ) ਚਿੰਨ੍ਹ ਮਿਲਦੇ ਹਨ, ਜੋ ਸ਼ਾਬਦਿਕ ਅਰਥਾਂ ਲਈ ਸਹਾਇਕ ਬਣਦੇ ਹਨ; ਜਿਵੇਂ ‘ਸਤਿ’ (ਤਤਸਮ) ਦਾ ਉਚਾਰਨ ‘ਸਤਯ’ ਵਾਙ ਹੈ ਕਿਉਂਕਿ ਸਿਹਾਰੀ ਮੂਲਕ ਹੈ, ਪਰ ‘ਸਚਿ’ (ਤਦਭਵ) ਦੀ ਅੰਤ ਸਿਹਾਰੀ; ਕਾਰਕੀ ਅਰਥ ‘ਨੇ, ਨਾਲ਼, ਤੋਂ, ਵਿੱਚ’ ਆਦਿਕ ਦਿੰਦੀ ਹੈ, ਨਾ ਕਿ ਉਚਾਰਨ ਦਾ ਭਾਗ ਹੈ।

ਉਕਤ ਵਿਦਵਾਨਾਂ ਦਾ ਵਿਰੋਧ ਗੁਰਬਾਣੀ ਦੀਆਂ ਕੇਵਲ ਸਾਰੀਆਂ ਲਗਾਂ ਉਚਾਰਨ ਤੱਕ ਹੀ ਸੀਮਤ ਨਹੀਂ ਬਲਕਿ ਇਨ੍ਹਾਂ ਅਨੁਸਾਰ ਸਾਰੇ ਉਹ ਤਤਸਮ ਸ਼ਬਦ, ਜਿਨ੍ਹਾਂ ਵਿੱਚ ‘ਸ਼, ਖ਼, ਗ਼, ਜ਼, ਫ਼’ ਧੁਨੀ ਹੈ; ਜਿਵੇਂ ‘ਜ਼ਨ, ਸ਼ਾਹ, ਪਾਤਿਸ਼ਾਹ, ਜ਼ੋਰ, ਮਸ਼ੱਕਤਿ, ਸ਼ਰੀਅਤਿ, ਭਿਸ਼ਤਿ, ਸ਼ਰਮ’ ਆਦਿ ਭੀ ਤਦਭਵ (ਮੂਲ ਭਾਸ਼ਾ ਦਾ ਬਦਲਿਆ ਰੂਪ ‘ਜਨ, ਸਾਹ, ਪਾਤਿਸਾਹ, ਜੋਰ, ਸਰਮ’ ਆਦਿ) ਹੀ ਹਨ ਤਾਂ ਕਿ ਮੂਲ ਭਾਸ਼ਾਈ ਸ਼ਬਦ (ਜ਼ਨ, ਸ਼ਰਮ ਆਦਿ) ਵਾਙ ਉਚਾਰਨ ਬਾਰੇ ਕੋਈ ਸੋਚੇ ਹੀ ਨਾ ਜਦਕਿ ਤਦਭਵ ਸ਼ਬਦ-ਬਣਤਰ ਲਈ ਮੂਲਕ-ਸ਼ਬਦ ਦਾ ਘੱਟੋ ਘੱਟ ਇੱਕ ਅੱਖਰ ਬਦਲਿਆ ਹੋਣਾ ਜ਼ਰੂਰੀ ਹੁੰਦੈ; ਜਿਵੇਂ ਕਾਜ਼ੀ ਤੋਂ ਕਾਦੀ ਯਾਨੀ ‘ਜ਼’ ਦੀ ਥਾਂ ‘ਦ’, ਪਰ ਕਾਜ਼ੀ (ਤਤਸਮ) ਨੂੰ ਕਾਜੀ (ਤਦਭਵ) ਕਹਿਣਾ; ਕਿਸੇ ਅਖੌਤੀ ਡਾਕਟਰ ਪਦਵੀ ਦਾ ਕੰਮ ਹੋ ਸਕਦੈ।

ਤਤਸਮ ਸ਼ਬਦਾਂ ਨੂੰ ਤਦਭਵ ਮੰਨ ਕੇ ਗੁਰਬਾਣੀ ’ਚ ਇੱਕ ਦਰਜਨ ਤੋਂ ਵੱਧ ਭਾਸ਼ਾਵਾਂ ਹਨ, ਇਹ ਕਹਿਣਾ ਭੀ ਗ਼ਲਤ ਹੋ ਜਾਵੇਗਾ। ਪੰਜਾਬੀ ਵਰਣਮਾਲਾ ਦੇ 35 ਅੱਖਰ ਹੀ ਸਨ। ਗੁਰਬਾਣੀ ’ਚ ਅਨਭਾਸ਼ਾਵਾਂ ਦੇ ਸ਼ਬਦ ਹੋਣ ਕਾਰਨ ਹੀ ਪੰਜਾਬੀ ਵਿੱਚ ‘ਸ਼, ਖ਼, ਗ਼, ਜ਼, ਫ਼’ ਧੁਨੀ ਆਈ ਹੈ। ਉਕਤ ਵਿਦਵਾਨ ਇਹ ਮੰਨਦੇ ਹਨ ਕਿ ਇਨ੍ਹਾਂ ਧੁਨੀਆਂ ਦੀ ਸ਼ੁਰੂਆਤ 18ਵੀਂ ਸਦੀ ਤੋਂ ਹੋਈ ਹੈ, ਨਾ ਕਿ 16ਵੀਂ ਜਾਂ 17ਵੀਂ ਸਦੀ ਤੋਂ। ਇੱਥੇ ਵਿਚਾਰਨਯੋਗ ਹੈ ਕਿ ਅੱਖਰ-ਧੁਨੀ; ਪਹਿਲਾਂ ਉਚਾਰਨ ਹੁੰਦੀ ਹੈ ਜਾਂ ਉਸ ਦਾ ਲਿਖਤ ਰੂਪ ਪਹਿਲਾਂ ਆਉਂਦੈ  ? ਜਵਾਬ ਹੈ ‘ਧੁਨੀ ਪਹਿਲਾਂ ਉਚਾਰੀ ਜਾਂਦੀ ਹੈ’। ਮਿਸਾਲ ਵਜੋਂ ‘ਲ਼’ ਧੁਨੀ ਲਿਖਤ ’ਚ 20ਵੀਂ ਸਦੀ ਦੇ ਅੰਤ ’ਚ ਆਈ ਹੈ, ਪਰ ਇਸ ਦਾ ਉਚਾਰਨ ਪਹਿਲਾਂ ਤੋਂ ਹੁੰਦਾ ਆਇਐ। ‘ਭੋਲਾ’ (ਵਿਅਕਤੀ ਨਾਂ) ਤੇ ‘ਭੋਲ਼ਾ’ (ਮਾਸੂਮ), ‘ਨਾਲ’ (ਜੁਲਾਹੇ ਦੀ ਨਲਕੀ) ਤੇ ‘ਨਾਲ਼’ (ਸਾਥ) ਉਚਾਰਨ ਵਖਰੇਵਾਂ ਪੁਰਾਣਾ ਹੈ, ਨਾ ਕਿ ‘ਲ਼’ ਧੁਨੀ ਲਿਖਤ ਉਪਰੰਤ। ‘ਕਾਲ਼ਾ’ (ਰੰਗ) ਨੂੰ ਕਦੇ ‘ਕਾਲਾ’ ਨਹੀਂ ਕਿਹਾ ਹੋਣਾ।

ਇਤਿਹਾਸਿਕ ਤੱਥ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 13 ਸਾਲ ਦੀ ਉਮਰ ਤੱਕ ਪੰਡਿਤ ਗੋਪਾਲ ਜੀ ਪਾਸੋਂ ਸਿੱਧਮ ਭਾਖਾ (ਯਾਨੀ ਕਿ ਗੁਰਮੁਖੀ), ਪੰਡਿਤ ਬ੍ਰਿਜ ਨਾਥ ਜੀ ਪਾਸੋਂ ਸੰਸਕ੍ਰਿਤ ਤੇ ਮੌਲਵੀ ਕੁਤਬਦੀਨ ਜੀ ਪਾਸੋਂ ਫ਼ਾਰਸੀ ਸਿੱਖ ਲਈ ਸੀ। ਕੀ ਮੌਲਵੀ ਨੇ ਗੁਰੂ ਨਾਨਕ ਜੀ ਨੂੰ ‘ਮਸਕਤਿ’ ਪੜ੍ਹਾਇਆ ਹੋਵੇਗਾ ਜਾਂ ‘ਮਸ਼ੱਕਤਿ’ ? ਅੱਜ ਜੇਕਰ ਕਿਸੇ ਵਿਦਵਾਨ ਦੀ ਬੋਲੀ; ਸ਼ੁੱਧ ਨਾ ਹੋਵੇ ਤਾਂ ਉਸ ਦਾ ਵਿਚਾਰ-ਚਰਚਾ ਦੌਰਾਨ ਬਹੁਤਾ ਪ੍ਰਭਾਵ ਨਹੀਂ ਕਬੂਲਿਆ ਜਾਂਦਾ। ਗੁਰੂ ਨਾਨਕ ਸਾਹਿਬ ਜੀ ਤਾਂ ਵੱਡੇ ਵੱਡੇ ਧਾਰਮਿਕ ਆਚਾਰੀਆ ਨਾਲ਼ ਗੋਸ਼ਟੀਆਂ ਕਰਦੇ ਰਹੇ ਹਨ। ਸੁਲਤਾਨਪੁਰ ਵਿਖੇ ਦੁਕਾਨਦਾਰੀ ਤੇ ਧਾਰਮਿਕ ਚਰਚਾ; ਦੋਵੇਂ ਕਰਦਿਆਂ ਮੌਲਵੀ-ਕਾਜ਼ੀਆਂ ਨੂੰ ਕਾਜੀ ਨਹੀਂ ਬੋਲਦੇ ਹੋਣੇ। ਗੁਰੂ ਸਾਹਿਬ ਦੀ ਭਾਸ਼ਾਈ ਪਕੜ ’ਤੇ ਕੋਈ ਸੰਦੇਹ ਨਹੀਂ ਕਰ ਸਕਦਾ। ਗੁਰਬਾਣੀ ’ਚ ਪੈਰ ਬਿੰਦੀ ਅਤੇ ਅੱਧਕ ਦੇ ਨਾ ਹੋਣ ਦਾ ਕਾਰਨ ਇਹੀ ਹੋ ਸਕਦੈ ਕਿ ਉਸ ਸਮੇਂ ਇਹ ਲਿਖਤ ਰੂਪ ’ਚ ਨਹੀਂ ਆਈਆਂ ਸਨ ਭਾਵੇਂ ਕਿ ਬੋਲੀਆਂ ਜਾਂਦੀਆਂ ਸੀ; ਜਿਵੇਂ ‘ਲ਼’ ਪੈਰ ਬਿੰਦੀ ਅੱਜ ਤੋਂ 35-40 ਸਾਲ ਪਹਿਲਾਂ ਲਿਖਤਾਂ ’ਚ ਨਹੀਂ ਮਿਲਦੀ ਅਤੇ ਪੁਰਾਣੇ ਪੜ੍ਹੇ ਹੋਏ ਬਹੁਤੇ ਲੇਖਕ ਵੀ ਅੱਜ ਨਹੀਂ ਲਿਖਦੇ ਪਰ ਉਚਾਰਨ ’ਚ ਮੌਜੂਦ ਹੋਣ ਤੋਂ ਕੋਈ ਵੀ ਇਨਕਾਰੀ ਨਹੀਂ। ਨਾਸਕੀ ਧੁਨੀ ਦਾ ਭੀ ਵਧੇਰੇ ਪ੍ਰਯੋਗ ਇਸ ਲਈ ਨਹੀਂ ਕੀਤਾ ਗਿਆ ਜਾਪਦੈ ਤਾਂ ਜੋ ਉਤਾਰਿਆਂ ’ਚ ਵੱਧ ਗ਼ਲਤੀਆਂ ਨਾ ਹੋਣ।

ਡਾਕਟਰ ਗੁਰਮੇਲ ਸਿੰਘ ਵੱਲੋਂ ਪੰਨਾ 3 ’ਤੇ ਲਿਖਿਆ ਹੈ ਕਿ ‘ਗੁਰਬਾਣੀ ਦੇ ਸ਼ਬਦ; ਆਪਣੀ ਪਿਛਲੀ (ਅਰਬੀ, ਫ਼ਾਰਸੀ, ਸੰਸਕ੍ਰਿਤ…) ਜਾਤ-ਪਾਤ ਤਿਆਗ ਆਏ ਹਨ, ਇਨ੍ਹਾਂ ਨੇ ਗੁਰੂ ਨਾਨਕ ਬਾਬੇ ਦਾ ਅੰਮ੍ਰਿਤ ਛਕ ਲਿਆ ਹੈ ਭਾਵ ਇਹ ਪਵਿੱਤਰ ਹੋ ਗਏ ਹਨ। ਹੁਣ ਇਨ੍ਹਾਂ ਦੇ ਉਚਾਰਨ ਵੀ ਉਹੀ ਹੋਣਗੇ ਜਿਵੇਂ ਇਹ ਬਾਣੀ ਵਿਚ ਸਜੇ ਹੋਏ ਹਨ।’

ਉਕਤ ਸ਼ਬਦਾਵਲੀ ਤੋਂ ਜਾਪਦੈ ਕਿ ਡਾ. ਸਾਹਿਬ; ਜਾਤ-ਪਾਤ ਵਿਤਕਰੇ ਵਾਙ ਅਨਭਾਸ਼ਾ ਨੂੰ ਭੀ ਮਲੇਛ ਭਾਸ਼ਾ ਮੰਨਦੇ ਹਨ ਜਦਕਿ ਗੁਰੂ ਸਾਹਿਬਾਨ ਨੇ ਅਜਿਹੇ ਵਿਤਕਰਿਆਂ ਨੂੰ ਮੇਟਣ ਲਈ ਹੀ ਇੱਕੋ ਗ੍ਰੰਥ ’ਚ ਕਈ ਭਾਸ਼ਾਵਾਂ ਤੇ ਨੀਵੀਂ ਜਾਤ ਦੇ ਕਹੇ ਜਾਂਦੇ ਭਗਤਾਂ ਦੀ ਬਾਣੀ ਦਰਜ ਕਰ, ਮਾਣ ਬਖ਼ਸ਼ਿਆ ਹੈ।

ਅਗਾਂਹ ਲਿਖਦੇ ਹਨ ਕਿ ‘ਗੁਰਬਾਣੀ ਵਿੱਚ ਅਰਥ ਨਾਲੋਂ ਉਦੇਸ਼/ਉਪਦੇਸ਼ ਮਹਤ੍ਵਪੂਰਨ ਹੈ। ਸ਼ਬਦ ਦੇ ਕੀ ਅਰਥ ਹਨ; ਉਹ ਕਿਸ ਧਾਤੂ ਤੋਂ ਵਿਕਸਿਤ ਹੋਇਆ ਹੈ; ਉਸ ਦਾ ਇਤਿਹਾਸਕ ਵਿਕਾਸ-ਕ੍ਰਮ ਕੀ ਹੈ, ਉਹ ਮੂਲਕ ਜਾਂ ਸਾਧਿਤ ਕਿਸ ਭਾਸ਼ਾਈ ਰੂਪ ਵਿਚ ਹੈ ? ਆਦਿ ਸਵਾਲ ਧਰਮ ਵਿਚ ਬਹੁਤੇ ਮਾਅਨੇ ਨਹੀਂ ਰਖਦੇ..। ਸਮਾਜੀ ਭਾਸ਼ਾਵਾਂ ਕਿਸੇ ਅਰਥ ਦੀਆਂ ਮੁਥਾਜ ਹਨ, ਪਰ ਗੁਰਬਾਣੀ ਅਰਥ ਮੁਥਾਜੀ ਤੋਂ ਰਹਿਤ ਹੈ। ਇਸ ਨੂੰ ਸਿੱਖਣ ਲਈ ਕਿਸੇ ਕਾਇਦੇ, ਕੋਸ਼ ਜਾਂ ਕੋਰਸ ਦੀ ਲੋੜ ਨਹੀਂ ਪੈਂਦੀ। ਇਹ ‘ਅਨਾਹਦ’ ਹੈ; ਇਹ ‘ਝੁਣਕਾਰ’ ਹੈ; ਪੰਚ ਸ਼ਬਦ ਦੀ ਅਨਹਦੁ ਝੁਣਕਾਰੁ ਹੈ (ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥੧੦੪੦; ਪੰਚ ਸਬਦ ਧੁਨਿ ਅਨਹਦ ਵਾਜੇ…੭੬੪; ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੧੨੦੪)’

ਵਿਚਾਰ : ਗੁਰਬਾਣੀ; ਸ਼ਬਦ-ਵਿਚਾਰ ਨੂੰ ਸਰਵੋਤਮ ਮੰਨਦੀ ਹੈ, ਪਰ ਡਾਕਟਰ ਸਾਹਿਬ ਦੇ ਉਕਤ ਵਿਚਾਰ ਤੋਂ ਜਾਪਦੈ ਕਿ ਗੁਰਬਾਣੀ ਦੇ ਕੀਤੇ ਸਾਰੇ ਟੀਕੇ ਅਤੇ ਸ਼ਬਦ ਕੋਸ਼ ਆਦਿ ਨਿਰਮੂਲ ਹਨ। ਰੂਹਾਨੀਅਤ ਅਨੰਦ; ਗੂੰਗੇ ਦੁਆਰਾ ਖਾਧੀ ਮਿਠਾਈ ਵਾਙ ਬਿਆਨ ਨਹੀਂ ਹੁੰਦਾ, ਪਰ ਡਾਕਟਰ ਸਾਹਿਬ ਯੋਗ-ਮੱਤ ਵਾਙ ਅਨੰਦ ਨੂੰ ਬਿਆਨ ਕਰਦੇ ਪਏ ਹਨ। ਇਹੀ ਸੋਚ ਰਾਧਾ ਸੁਆਮੀ ਡੇਰੇ ਨੇ ਅਪਣਾਈ ਹੈ ਯਾਨੀ ਅਨੰਦ ਤੇ ਨਾਮ ਦੀ ਮਹਿਮਾ ਗਾਓ, ਪਰ ਅਨੰਦ ਕਿਵੇਂ ਹੋਵੇ, ਨਾਮ ਕਿਸ ਦਾ ਹੈ, ਕੀ ਹੈ ? ਇਸ ਬਾਰੇ ਵਿਚਾਰ ਨਾ ਕਰੋ।

ਸਚਾਈ ਇਹ ਹੈ ਕਿ ਜਿਸ ਨੇ ਗੁਰਮਤਿ ਰਹੱਸ ਚਖ ਲਿਆ ਉਹ ਹੋਰਾਂ ਪ੍ਰਤੀ ਜਲ਼ਨ ਨਹੀਂ ਰੱਖ ਸਕਦਾ, ਕਿਸੇ ਅਨਭਾਸ਼ਾ ਪ੍ਰਤੀ ਭੀ। ਉਸ ਲਈ ‘‘ਸਭੁ ਗੋਬਿੰਦੁ ਹੈ, ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ ਨਹੀ ਕੋਈ ’’ (ਭਗਤ ਨਾਮਦੇਵ/੪੮੫) ਕਿਉਂਕਿ ‘‘ਤਿਸ ਕੈ ਭਾਣੈ ਕੋਇ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ’’ (ਮਹਲਾ /੬੧੦), ਪਰ ਪਾਖੰਡੀ ਮਨ ਜ਼ਰੂਰ ਕਹੇਗਾ ਕਿ ਮੈਨੂੰ ਤ੍ਰਿਲੋਕ ਦੇ ਦਰਸ਼ਨ ਹੁੰਦੇ ਪਏ ਨੇ।

ਦਰਅਸਲ ਡਾਕਟਰ ਗੁਰਮੇਲ ਸਿੰਘ ਓਹੀ ਬੋਲਦਾ ਪਿਐ, ਜੋ ਸੰਨ 1985 ’ਚ ਪਹਿਲੀ ਵਾਰ ਚੀਫ਼ ਖਾਲਸਾ ਦੀਵਾਨ ਵੱਲੋਂ ਛਾਪੀ ਗਈ ਡਾਕਟਰ ਹਰਕੀਰਤ ਸਿੰਘ ਦੀ 162 ਪੰਨਿਆਂ ਦੀ ਕਿਤਾਬ ‘ਗੁਰਬਾਣੀ ਦਾ ਸੁੱਧ ਉਚਾਰਨ’ ’ਚ ਲਿਖਿਆ ਹੈ। ਮੇਰੇ ਕੋਲ਼ ਸੰਨ 2013 ’ਚ ਮੁੜ ਛਾਪੀ ਇਸ ਦੀ ਦੂਸਰੀ ਐਡੀਸ਼ਨ ਹੈ। ਇਸ ਕਿਤਾਬ ਦੇ 16 ਤੋਂ 92 ਪੰਨੇ ਤੱਕ ਸ. ਇੰਦਰ ਸਿੰਘ ਨੇ ਕਵੀ ਸੰਤੋਖ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ. ਸਾਹਿਬ ਸਿੰਘ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ’ਤੇ ਦੂਸ਼ਣ ਲਾਉਂਦਿਆਂ ਸਿੱਖਾਂ ਨੂੰ ਸੁਚੇਤ ਕੀਤੈ ਕਿ ਉਸ ਸਮੇਂ ਸਿੱਖ ਨਾਮ ਜਪਦੇ ਸੀ ਜਿਸ ਕਾਰਨ ਇਨ੍ਹਾਂ ਨਾਸਤਿਕਾਂ, ਗੁਰੂ ਨਿੰਦਕਾਂ ਦਾ ਪ੍ਰਭਾਵ ਨਾ ਕਬੂਲਿਆ, ਪਰ ਅੱਜ ਅਸੀਂ ਨਾਮ ਅਭਿਆਸ ਨਹੀਂ ਕਰਦੇ, ਇਸ ਲਈ ਇਨ੍ਹਾਂ ਅਸ਼ੁੱਧ ਪਾਠੀਆਂ (ਯਾਨੀ ਕਿ ਮਿਸ਼ਨਰੀਆਂ) ਦਾ ਪ੍ਰਭਾਵ ਕਬੂਲਿਆ ਜਾ ਰਿਹੈ। ਇਸ ਕਿਤਾਬ ਦਾ ਮੁੱਖ ਬੰਦ ਚਰਨਜੀਤ ਸਿੰਘ ਚੱਢਾ (ਪ੍ਰਧਾਨ ਚੀਫ਼ ਖਾਲਸਾ ਦੀਵਾਨ) ਨੇ ਲਿਖਿਐ, ਜਿਸ ਦੀ ਪਿਛਲੇ ਦਿਨੀਂ ਇੱਕ ਬੀਬੀ ਨਾਲ਼ ਗ਼ਲਤ ਹਰਕਤਾਂ ਕਰਦਿਆਂ ਵੀਡੀਓ ਵਾਇਰਲ ਹੋਈ ਸੀ ਤੇ ਇਸ ਦੇ ਹੋਣਹਾਰ ਪੁੱਤਰ ਨੇ ਬੇਸ਼ਰਮੀ ਨਾ ਸਹਾਰਦਿਆਂ ਆਪਣੇ ਰਿਵਾਲਵਰ ਨਾਲ਼ ਚੰਡੀਗੜ੍ਹ ਵਿਖੇ ਆਤਮ ਹੱਤਿਆ ਕਰ ਲਈ ਸੀ। ਕੀ ‘ਅਨਾਹਦ, ਪੰਚ ਸ਼ਬਦ ਦੀ ਅਨਹਦੁ ਝੁਣਕਾਰੁ’ ਸੁਣਨ ਵਾਲ਼ੇ ਅਜਿਹੇ ਕਿਰਦਾਰ ਹੁੰਦੇ ਹਨ ?

ਸ. ਇੰਦਰ ਸਿੰਘ ਨੇ ਪ੍ਰਿੰਸੀਪਲ ਹਰਭਜਨ ਸਿੰਘ ਦੁਆਰਾ ਲਿਖੇ ‘ਕਾਗਜ਼’ (‘ਜ਼’ ਅਨਭਾਸ਼ਾ ਅਰਬੀ ਧੁਨੀ) ਨੂੰ ਝੂਠਾ ਸਾਬਤ ਕਰਨ ਲਈ ਉਕਤ ਕਿਤਾਬ ਦੇ ਪੰਨਾ 70-71 ’ਤੇ 8 ਵਾਰ ‘ਕਾਗਦ’ (ਤਦਭਵ) ਲਿਖਿਆ ਹੈ ਅਤੇ ਡਾਕਟਰ ਹਰਕੀਰਤ ਸਿੰਘ ਨੇ ਇਹ ਸਿੱਧ ਕਰਨ ਲਈ ਕਿ ਅਸ਼ੁੱਧ ਪਾਠੀ (ਯਾਨੀ ਕਿ ਮਿਸ਼ਨਰੀ) ‘ਗੁਰ ਪ੍ਰਸਾਦਿ’ ਦੇ ਪਾਤਰ ਨਹੀਂ ਬਣ ਸਕੇ; 100 ਤੋਂ ਵੱਧ ਵਾਰ ‘ਗੁਰ ਪ੍ਰਸਾਦਿ’ ਲਿਖਿਐ ਜਦਕਿ ‘ਗੁਰ ਪ੍ਰਸਾਦਿ’ ਦਾ ਸ਼ਾਬਦਿਕ ਅਰਥ ਹੈ ‘ਗੁਰੂ ਦੀ ਕਿਰਪਾ ਨਾਲ਼’। ਕੀ ‘ਅਨਾਹਦ, ਝੁਣਕਾਰੁ’ ਸੁਣਨ ਵਾਲ਼ਿਆਂ ਅੰਦਰ ਐਨੀ ਜਲ਼ਨ ਹੁੰਦੀ ਹੈ ?

ਡਾ. ਹਰਕੀਰਤ ਸਿੰਘ ਇਸ ਕਿਤਾਬ ’ਚ ਵਾਰ-ਵਾਰ ਲਿਖਦੈ ਕਿ ਚਾਰ-ਪੰਜ ਸੌ ਸਾਲ ਪੁਰਾਣੀ ਭਾਸ਼ਾ ਨੂੰ ਅਜੋਕੇ ਪੰਜਾਬੀ ਉਚਾਰਨ ਵਾਙ ਪੜ੍ਹਿਆ ਜਾਂਦੈ। ਪੰਜਾਬੀ ਨੇ ਅਗਾਂਹ ਭੀ ਬਦਲਦੇ ਰਹਿਣੈ। ਕੀ ਗੁਰਬਾਣੀ ਉਚਾਰਨ ਭੀ ਬਦਲਦਾ ਰਹੇਗਾ ? ਇਸ ਦਾ ਜਵਾਬ ਮੈ ਉਕਤ ‘ਕਾਇਆ’ ਮਿਸਾਲ ਰਾਹੀਂ ਦੇ ਚੁੱਕਾ ਹਾਂ, ਇਸ ਲਈ ਇਹ ਆਰੋਪ ਹੀ ਗ਼ਲਤ ਹੈ ਕਿ ਗੁਰਬਾਣੀ ਨੂੰ ਅਜੋਕੀ ਪੰਜਾਬੀ ਵਾਙ ਪੜ੍ਹਿਆ ਜਾਂਦੈ। ਦਰਅਸਲ ਡਾ. ਹਰਕੀਰਤ ਸਿੰਘ ਅਤੇ ਡਾ. ਗੁਰਮੇਲ ਸਿੰਘ ਵਰਗੇ ਗੁਰਬਾਣੀ ’ਚ ਲੱਗੀਆਂ ਬਿੰਦੀਆਂ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਸਗੋਂ ਇਸ ਦੇ ਉਲ਼ਟ ਡਾ. ਹਰਕੀਰਤ ਸਿੰਘ ਇਸ ਕਿਤਾਬ ਦੇ ਪੰਨਾ 121 ’ਤੇ ਲਿਖ ਰਿਹੈ ਕਿ ਇਹ ਬਿੰਦੀਆਂ ਬੀੜਾਂ ਦਾ ਉਤਾਰਾ ਕਰਦਿਆਂ ਵਾਧੂ ਲਾਈਆਂ ਗਈਆਂ ਹਨ। ਪੁਰਾਤਨ ਹੱਥ ਲਿਖਤ ਬੀੜਾਂ ’ਚੋਂ ਇਹੀ ਸ਼ਬਦ ਬਿੰਦੀ ਰਹਿਤ ਲੱਭ ਕੇ ਇਹ ਬਿੰਦੀਆਂ ਭੀ ਹਟਾ ਦੇਣੀਆਂ ਚਾਹੀਦੀਆਂ ਹਨ। ਕੀ ਐਸੀ ਸੋਚ ਗੁਰੂ ਨਿੰਦਕ ਨਹੀਂ ? ਦੂਜਾ ਸੁਝਾਅ ਉਹ ਦਿੰਦੈ ਕਿ ਜੇ ਇੱਕ ਸ਼ਬਦ ਨੂੰ 2-4 ਥਾਂ ਬਿੰਦੀ ਹੈ ਤੇ 100 ਜਗ੍ਹਾ ਨਹੀਂ ਤਾਂ ਸੇਧ ਘੱਟ ਸ਼ਬਦਾਂ ਤੋਂ ਨਹੀਂ ਬਲਕਿ ਵਧੇਰੇ ਸ਼ਬਦਾਂ ਤੋਂ ਲੈ ਕੇ ਘੱਟ ਵਾਲ਼ੇ ਸ਼ਬਦਾਂ ਦਾ ਉਚਾਰਨ ਦਰੁਸਤ ਕਰਨਾ ਚਾਹੀਦੈ ਯਾਨੀ ਕਿ 173 ਵਾਰ ਲਿਖੇ ‘ਕਾਇਆ’ ਤੋਂ ਸੇਧ ਲੈ ਕੇ 12 ਵਾਰ ਲਿਖੇ ‘ਕਾਂਇਆ’ (ਬਿੰਦੀ ਸਹਿਤ) ਨੂੰ ਦਰੁਸਤ (ਕਾਇਆ/ਬਿੰਦੀ ਰਹਿਤ) ਪੜ੍ਹਨਾ ਚਾਹੀਦਾ ਹੈ।

ਇੱਕ ਸਧਾਰਨ ਬੰਦੇ ਨੂੰ ਭੀ ਐਨੀ ਕੁ ਸਮਝ ਹੁੰਦੀ ਹੈ ਕਿ ਜੇ 173 ਵਾਰ ‘ਕਾਂਇਆ’ (ਬਿੰਦੀ ਸਮੇਤ) ਹੋਵੇ ਤਾਂ 12 ਵਾਰ ‘ਕਾਇਆ’ (ਬਿਨਾਂ ਬਿੰਦੀ) ਕੇਵਲ ਛਾਪੇ ਦੀ ਗ਼ਲਤੀ ਹੋਵੇਗੀ, ਨਾ ਕਿ ਉਹ, ਉਚਾਰਨ ਸੇਧ ਹੋਵੇਗੀ। ਉਚਾਰਨ ਸੇਧ ਓਹੀ ਅਖਵਾ ਸਕਦੀ ਹੈ, ਜਿਸ ਦੀ ਮਾਤਰਾ ਘੱਟ ਹੋਵੇ, ਪਰ ਇਹ ਤਥਾ-ਕਥਿਤ ਡਾਕਟਰ; ਉਲ਼ਟਾ ਰਾਗ ਅਲਾਪਦੇ ਪਏ ਹਨ।

ਡਾ. ਹਰਕੀਰਤ ਸਿੰਘ ਇਸ ਕਿਤਾਬ ਦੇ ਪੰਨਾ 149 ’ਤੇ ਲਿਖਦੈ ਕਿ ਗੁਰਬਾਣੀ ’ਚ ਕਰਣ ਕਾਰਕ ਬਹੁ ਵਚਨ ਨੂੰ ਬਿੰਦੀ ਆਉਂਦੀ ਹੈ, ਕਰਤਾ ਕਾਰਕ ਬਹੁ ਵਚਨ ਨੂੰ ਨਹੀਂ। ਮਿਸਾਲ ਵਜੋਂ ਉਸ ਨੇ ਕਿਹਾ ‘‘ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥’’ (ਮਹਲਾ ੨/੪੬੩) ਤੁਕ ’ਚ ‘ਚੰਦਾ’ ਕਰਤਾ ਕਾਰਕ, ਬਹੁ ਵਚਨ ਹੈ, ਇਸ ਲਈ ‘ਚੰਦਾਂ’ (ਬਿੰਦੀ ਸਮੇਤ) ਨਹੀਂ, ਪਰ ‘‘ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥’’ (ਮਹਲਾ ੧/੪੧੭) ਤੁਕ ’ਚ ‘ਸਾਹਾਂ’; ਕਰਣ ਕਾਰਕ, ਬਹੁ ਵਚਨ ਹੈ, ਇਸ ਲਈ ਬਿੰਦੀ ਸਮੇਤ ਹੈ।

ਉਕਤ ਵਿਚਾਰ ਸਾਬਤ ਕਰਦੇ ਹਨ ਕਿ ਡਾ. ਹਰਕੀਰਤ ਸਿੰਘ ਜਾਣ ਬੁੱਝ ਕੇ ਝੂਠ ਬੋਲਦੈ ਜਾਂ ਇਸ ਨੂੰ ਕਾਰਕਾਂ ਬਾਰੇ ਕੋਈ ਸਮਝ ਨਹੀਂ। ਸਚਾਈ ਇਹ ਹੈ ਕਿ (1). ਚੰਦਾ ਅਤੇ ਸਾਹਾਂ; ਦੋਵੇਂ ਸ਼ਬਦ ਹੀ ਕਰਤਾ ਕਾਰਕ ਬਹੁ ਵਚਨ ਹਨ। (2). ‘ਚੰਦਾ’; ਕਰਤਾ ਕਾਰਕ, ਬਹੁ ਵਚਨ ’ਚੋਂ ਕੋਈ ਲੁਪਤ ਸੰਬੰਧਕੀ ‘ਨੇ, ਨਾਲ਼’ ਆਦਿ (ਚਿੰਨ੍ਹ) ਨਹੀਂ ਨਿਕਲਦਾ ਤਾਹੀਓਂ ‘ਚੰਦਾ’ ਦਾ ‘ਾ’ (ਕੰਨਾ) ਕੇਵਲ ਕਾਵਿ ਤੋਲ ਵਜੋਂ ਹੈ; ਜਿਵੇਂ ‘ਗੁਰ’ ਤੋਂ ‘ਗੁਰਾ’, ‘ਮਨ’ ਤੋਂ ‘ਮਨਾ’ ਹੁੰਦੈ, ਇਸ ਲਈ ਬਿੰਦੀ ਸਮੇਤ (ਚੰਦਾਂ) ਨਹੀਂ ਜਦਕਿ ‘ਸਾਹਾਂ’; ਬਹੁ ਵਚਨ, ਕਰਤਾ ਕਾਰਕ ’ਚੋਂ ਸੰਬੰਧਕੀ ‘ਨੇ’ ਲੁਪਤ ਨਿਕਲਣ ਕਾਰਨ, ਬਿੰਦੀ ਸਮੇਤ ਹੈ। ‘‘ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥’’ ਦਾ ਅਰਥ ਹੈ ‘ਪਾਤਿਸ਼ਾਹਾਂ ਨੇ ਮੌਜ-ਮਸਤੀ/ਖ਼ੁਸ਼ੀ ਆਦਿ ਮਨਾਉਣ ਕਾਰਨ ਆਪਣੀ ਅਕਲ ਗਵਾ ਲਈ।’, ਜੇ ‘ਸਾਹਾਂ’ ਨੂੰ ਕਰਣ ਕਾਰਕ ਮੰਨੀਏ ਤਾਂ ਅਰਥ ਹੋਣਗੇ ‘ਪਾਤਿਸਾਹਾਂ ਨਾਲ਼ ਮੌਜ-ਮਸਤੀ/ਖ਼ੁਸ਼ੀ ਆਦਿ ਮਨਾਉਣ ਕਾਰਨ ਆਪਣੀ ਅਕਲ ਗਵਾ ਲਈ।’, ਸਵਾਲ ਉਪਜੇਗਾ ਕਿਸ ਨੇ ? ਸੋ ਵਿਆਕਰਨ ਅਨੁਸਾਰ ‘ਚੰਦਾ’ ਸਾਧਾਰਨ ਕਰਤਾ ਕਾਰਕ ਬਹੁ ਵਚਨ ਰੂਪ ਹੈ ਤੇ ‘ਸਾਹਾਂ’ ਸੰਬੰਧਕੀ ਕਰਤਾ ਕਾਰਕ ਬਹੁ ਵਚਨ ਰੂਪ।

ਡਾ. ਹਰਕੀਰਤ ਸਿੰਘ ਨੇ ਉਕਤ ਵਿਚਾਰ ਇਸ ਲਈ ਕੀਤੀ ਤਾਂ ਜੋ ਗੁਰਬਾਣੀ ਦੀ ਤੁਕ ‘‘ਪੁਤ੍ਰੀ ਕਉਲੁ ਪਾਲਿਓ; ਕਰਿ ਪੀਰਹੁ ਕੰਨ੍ ਮੁਰਟੀਐ ’’ (ਬਲਵੰਡ ਸਤਾ/੯੬੭) ’ਚ ‘ਪੁਤ੍ਰੀ’ ਸ਼ਬਦ ਨੂੰ (ਚੰਦਾ ਵਾਙ) ਕਰਤਾ ਕਾਰਕ ਬਿੰਦੀ ਰਹਿਤ ਸਿੱਧ ਕੀਤਾ ਜਾਵੇ ਕਿਉਂਕਿ ਪ੍ਰਿੰਸੀਪਲ ਹਰਭਜਨ ਸਿੰਘ ਨੇ ਆਪਣੀ ਕਿਤਾਬ ‘ਗੁਰਬਾਣੀ ਸੰਪਾਦਨ ਨਿਰਣੈ’ ’ਚ ‘ਪੁਤ੍ਰੀ’ ਦਾ ਉਚਾਰਨ ਪੁੱਤ੍ਰੀਂ ਕੀਤਾ ਸੀ ਤੇ ਨਾਲ਼ ਇਹ ਭੀ ਲਿਖਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਈ ‘ਬੇਟੀ’ ਨਹੀਂ ਸੀ, ਜਿਸ ਨੂੰ ‘ਪੁਤ੍ਰੀ’ ਕਿਹਾ ਹੋਵੇ। ਇਸ ਦੇ ਜਵਾਬ ’ਚ ਸ. ਇੰਦਰ ਸਿੰਘ ਉਕਤ ਕਿਤਾਬ ਦੇ ਪੰਨਾ 67 ’ਤੇ ਲਿਖਦੈ ਕਿ ਪ੍ਰਿੰਸੀਪਲ ਸਾਹਿਬ ਇਹ ਕਹਿੰਦੇ ਨੇ ਕਿ ‘ਪੁਤ੍ਰੀ’ ਸ਼ਬਦ ਦੇ 2 ਤੋਂ ਵੱਧ ਅਰਥ, ਹੋ ਹੀ ਨਹੀਂ ਸਕਦੇ (ਜਦਕਿ ਐਸਾ ਕਿਸੇ ਨੇ ਕਿਹਾ ਹੀ ਨਹੀਂ ਸੀ। ਬੇਟੀ ਵਾਲ਼ੇ ਤਰਕ ਦਾ ਜਵਾਬ ਨਾ ਹੋਣ ਕਾਰਨ, ਕਿਹਾ) ਮਹਾਨ ਕੋਸ਼ ’ਚ ਇਸ ਸ਼ਬਦ ਦੇ 4 ਅਰਥ ਹਨ (1). ਪੁਤ੍ਰੀ-ਬੇਟੀ ‘‘ਸਾਈ ਪੁਤ੍ਰੀ ਜਜਮਾਨ ਕੀ; ਸਾ ਤੇਰੀ..॥’’ (2). ਪੁੱਤਲਿਕਾ, ਪੁਤਲੀ, ਕਿ ਸੋਵਰਣ ਪੁਤ੍ਰੀ (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। (3). ਅੱਖ ਦੀ ਧੀਰੀ (4). ਪੁਤ੍ਰੀਂ, ਪੁਤਰਾਂ ਨੇ ‘‘ਪੁਤ੍ਰੀ ਕਉਲੁ ਨ ਪਾਲਿਓ..॥’’

ਪ੍ਰਿੰਸੀਪਲ ਹਰਭਜਨ ਸਿੰਘ ਨੂੰ ਝੂਠਾ ਸਿੱਧ ਕਰਨ ਲਈ ਸ. ਇੰਦਰ ਸਿੰਘ ਨੇ ਜੋ ਮਹਾਨ ਕੋਸ਼ ਦੀ ਉਕਤ ਮਿਸਾਲ ਦਿੱਤੀ ਹੈ, ਉਸ ਦਾ ਨੰਬਰ 4 ਤਾਂ ਸਗੋਂ ਪ੍ਰਿੰਸੀਪਲ ਦੇ ਵਿਚਾਰਾਂ ਦੀ ਪੁਸ਼ਟੀ ਕਰਦੈ ਕਿ ‘ਪੁਤ੍ਰੀ’ ਦਾ ਅਰਥ ਪੁੱਤਰਾਂ ਨੇ ਹੈ ਅਤੇ ਉਚਾਰਨ ਹੈ ਪੁੱਤ੍ਰੀਂ। ਨੰਬਰ 2, 3 ਵਾਲ਼ੇ ਅਰਥ ਵੈਸੇ ਭੀ ਗੁਰਬਾਣੀ ’ਚ ਨਹੀਂ। ਜੇ ਕੋਈ 2+2=4 ਕਹੇ ਦਾ ਮਤਲਬ 2+2=5 ਕੱਢੇ ਤਾਂ ਉਸ ਅੰਦਰ ‘ਅਨਾਹਦ, ਝੁਣਕਾਰੁ’ ਨਹੀਂ; ਜਲ਼ਨ ਹੁੰਦੀ ਹੈ। ਅਗਲੀ ਮਿਸਾਲ ਸਪਸ਼ਟ ਕਰੇਗੀ। ਪ੍ਰਿੰਸੀਪਲ ਹਰਭਜਨ ਸਿੰਘ; ਆਪਣੀ ਕਿਤਾਬ ਦੇ ਪੰਨਾ 93 ’ਤੇ ਭਾਈ ਗੁਰਦਾਸ ਜੀ ਦੇ ਹਵਾਲੇ ਨਾਲ਼ ਲਿਖਦੇ ਹਨ ਕਿ ‘ਜੇ ‘‘ਘਰਿ ਘਰਿ ਅੰਦਰਿ ਧਰਮਸਾਲ’’ (ਵਾਰ ੧ ਪਉੜੀ ੨੭) ਬਣਾਉਣੀ ਹੈ ਤਾਂ ਸੁਭਾਵਕ ਹੀ ਹਰ ਗੁਰਸਿੱਖ ਨੇ ਗ੍ਰੰਥੀ ਤੇ ਪ੍ਰਚਾਰਕ ਵੀ ਹੋਣਾ ਹੈ’’ ਇਸ ਦਾ ਮਤਲਬ ਸ. ਇੰਦਰ ਸਿੰਘ ਨੇ ਉਕਤ ਕਿਤਾਬ ਦੇ ਪੰਨਾ 73 ’ਤੇ ਇਹ ਕੱਢਿਐ ਕਿ ‘ਪ੍ਰਿੰਸੀਪਲ ਕਹਿੰਦੇ ਨੇ ਕਿ ਦਸਾਂ ਪਾਤਿਸ਼ਾਹੀਆਂ ਵੇਲੇ ਤਾਂ ਘਰ ਘਰ ਅੰਦਰ ਧਰਮਸਾਲ ਨਹੀਂ ਸਨ।’

ਕਵੀ ਸੰਤੋਖ ਸਿੰਘ; ‘ਗਰਬ ਗੰਜਨੀ ਟੀਕੇ’ (ਜਪੁ ਜੀ ਸਾਹਿਬ) ਦੀ 25ਵੀਂ ਪਉੜੀ ਦੀ ਸਮਾਪਤੀ ‘‘ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥’’ ਦੇ ਅਰਥਾਂ ’ਚ ‘ਪਾਤਿਸ਼ਾਹੀਂ’ ਸ਼ਬਦ ਦੇ ਹਵਾਲੇ ਨਾਲ਼ ਲਿਖਦੇ ਹਨ ਕਿ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ; ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹਯੋ ਗ੍ਰੰਥ ਸਾਹਿਬ ਮੇਂ। ਸਾਹਿਬ ਜੀ ਨੇ ਕਹਯੋ; ਅਬ ਨਹੀਂ ਲਗਤ ਹੈ, ਸਿਖ ਬੁਧਿਵਾਨ ਅਗਾਰੀ ਆਪ ਹੀ ਇਸੀ ਰੀਤਿ ਸੇ ਪਾਠ ਕਰਿ ਅਰਥ ਕੋ ਕਰੈਂਗੇ। ਯਾ ਤੇ ਈਹਾਂ ‘ਪਾਤਿਸ਼ਾਹੀਂ’ (ਬਿੰਦੀ ਸਮੇਤ) ਕੋ ਅਰਥ ਹੋਤ ਹੈ।’ ਇਸ ਲਿਖਤ ਤੋਂ ਸਪਸ਼ਟ ਹੁੰਦੈ ਕਿ ਗੁਰਬਾਣੀ ਦਾ ਪ੍ਰਚਲਿਤ ਪਾਠ-ਬੋਧ; ਪੁਰਾਤਨ ਰੀਤ ਚੱਲੀ ਆਈ ਹੈ, ਨਾ ਕਿ ਕੇਵਲ ਮਿਸ਼ਨਰੀਆਂ ਨੇ ਸ਼ੁਰੂ ਕੀਤਾ ਹੈ।

ਡਾਕਟਰ ਗੁਰਮੇਲ ਸਿੰਘ; ਪ੍ਰਚਲਿਤ ਉਚਾਰਨ ਸੇਧਾਂ ਦਾ ਵਿਰੋਧ ਕਰਦਾ-ਕਰਦਾ ਆਪਣੇ ਕਿਤਾਬਚੇ (ਗੁਰਬਾਣੀ ਉਚਾਰਨ : ਧਰਮ-ਵਿਗਿਆਨਕ, ਧੁਨੀ-ਵਿਗਿਆਨਕ, ਮਨੋ-ਵਿਗਿਆਨਕ ਪਹੁੰਚ) ਦੇ ਪੰਨਾ 13 ’ਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ (ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ) ਦੇ ਪੰਨਾ 25 ’ਤੇ ਲਿਖਦੈ ‘ੴ’ ਦਾ ਉਚਾਰਨ ‘ਇਕਓਅੰਕਾਰ’ ਹੈ, ਇਕ ਓਅੰਕਾਰ (ਅਲੱਗ-ਅਲੱਗ) ਨਹੀਂ। ‘ਅੰ’ ਦਾ ਉਚਾਰਨ ‘ਅਙ੍’ (ਇਕਓਅਙ੍ਕਾਰ) ਹੈ। ਅਗਾਂਹ ਲਿਖਿਐ-‘ਇਸ ਦੈਵੀ-ਚਿੰਨ੍ਹ ਨੂੰ ਅਧਾਰ ਬਣਾ ਕੇ ਇਹ ਤਰਕ ਨਹੀਂ ਘੜਿਆ ਜਾ ਸਕਦਾ ਕਿ ਦੇਖੋ ਜੀ ੴ ਦਾ ਉਚਾਰਨ ਵੀ ਤਾਂ ਅਸੀਂ ਇਕਓਅਙ੍ਕਾਰ ਕਰਦੇ ਹੀ ਹਾਂ, ਇਹ ਕਿਹੜਾ ਲਿਖਿਆ ਹੈ। ਇਥੇ ਦੁਹਰਾਅ ਦੇਣਾ ਕੁਥਾਂ (ਗ਼ਲਤ) ਨਹੀਂ ਕਿ ਇਹ ਚਿੰਨ੍ਹ ਹੈ, ਭਾਸ਼ਾਈ ਪਦ ਨਹੀਂ। ‘ਇਕਓਅਙ੍ਕਾਰ’ ਇਸ ਦੀ ਧੁਨੀ ਹੈ, ਨਾਂ ਨਹੀਂ।’

ਵਿਚਾਰ : (1). ‘‘ਬਾਣੀ ਗੁਰੂ; ਗੁਰੂ ਹੈ ਬਾਣੀ.. ॥’’ (ਮਹਲਾ ੪/੯੮੨) ਵਾਕ ’ਚ, ਜੋ ‘ਬਾਣੀ ਗੁਰੂ’ ਹੈ, ਉਸ ਨੂੰ ਗੁਰੂ ਨਾਨਕ ਜੀ ਨੇ ‘ਸਬਦੁ ਗੁਰੂ’ ਕਿਹਾ ਹੈ। ਮਹਾਨ ਕੋਸ਼ ’ਚ ‘ਬਾਣੀ’ ਦੇ 10 ਅਰਥ, ‘ਸਬਦ’ ਦੇ 11 ਅਤੇ ‘ਓਅੰਕਾਰ’ ਦੇ 4 ਅਰਥ ਹਨ, ਪਰ ਇਨ੍ਹਾਂ 25 ਅਰਥਾਂ ’ਚ ਇੱਕ ਭੀ ਥਾਂ ‘ਚਿੰਨ੍ਹ’ ਜਾਂ ‘ਦੈਵੀ ਚਿੰਨ੍ਹ’ ਅਰਥ ਨਹੀਂ। ਤਥਾ ਕਥਿਤ ਵਿਦਵਾਨਾਂ ਨੇ ਆਪਣੀ ਲਿਖਤ ’ਚ ਵਾਰ-ਵਾਰ ਲਿਖਿਐ ਕਿ ਗੁਰਬਾਣੀ ਦੇ (ਸਮਾਜੀ ਰਚਨਾ ਵਾਙ) ਸ਼ਾਬਦਿਕ ਅਰਥ ਨਹੀਂ ਹੋ ਸਕਦੇ, ਫਿਰ ‘ਪੁਤ੍ਰੀ’ ਅਰਥਾਂ ਲਈ ਮਹਾਨ ਕੋਸ਼ ਵਰਤ ਲਿਆ ਤੇ ੴ ਦੇ ਅਰਥਾਂ ਲਈ ਕਿਸੇ ਭੀ ਕੋਸ਼ ਦਾ ਹਵਾਲਾ ਦੇਣਾ, ਉਚਿਤ ਨਾ ਸਮਝਿਆ।

(2). ਡਾ. ਗੁਰਮੇਲ ਸਿੰਘ ਨੇ ਕਿਹਾ ਕਿ ‘ਇਕ’ ਤੋਂ ‘ਓਅਙ੍ਕਾਰ’ ਭਿੰਨ ਨਹੀਂ ਕਰਨਾ। ਭਾਈ ਗੁਰਦਾਸ ਜੀ ‘ਇਕ’ ਦੇ ‘ਕੋਲ਼’ ‘ਊੜੇ’ ਨੂੰ ਬੈਠਾਉਂਦੇ ਹਨ, ਨਾ ਕਿ ਇੱਕ ਵਿੱਚ ਊੜਾ ਮਿਲਾਉਂਦੇ ਹਨ; ਜਿਵੇਂ ਕਿ ‘‘ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ।’’ (ਵਾਰ ੩ ਪਉੜੀ ੧੫) ਕੀ ਇਹ ਤਥਾ ਕਥਿਤ ਵਿਦਵਾਨ; ਭਾਈ ਗੁਰਦਾਸ ਜੀ ਤੋਂ ਭੀ ਵੱਧ ਸਮਝਦਾਰ ਹਨ ?

(3). ੴ ਵਿੱਚ ‘ਇਕ+ਓ+ਕਾਰ’ ਹੈ, ਨਾ ਕਿ ਇਕਓਅਙ੍ਕਾਰ’। ਇਹ ਲਿਖਣਾ ਕਿ ‘ਅੰ’ ਦਾ ਉਚਾਰਨ ‘ਅਙ੍’ ਹੈ, ਕਿੱਥੋਂ ਲਿਐ ?

ਡਾ. ਗੁਰਮੇਲ ਸਿੰਘ ਆਪਣੀ ਕਿਤਾਬ ਦੇ ਪੰਨਾ 15 ’ਤੇ ਅਤੇ ‘ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ’ ਦੇ ਪੰਨਾ 26 ’ਤੇ ਲਿਖਦੈ ‘ਗੁਰਬਾਣੀ ਵਿਚ ਵਿਸਰਗ (:) ਵੀ ਵਰਤੇ ਗਏ ਹਨ। ਵਿਸਰਗ (ਯਾਨੀ ਦ੍ਰਿੜੰਤਣ: ਲਿਖੵਣ: ਸੰਪੂਰਣ: ਰੰਗਣ:) ਦਾ ਉਚਾਰਨ ‘ਹ੍’ ਹੈ (ਭਾਵ ਦ੍ਰਿੜੰਤਣਹ੍ ਲਿਖੵਣਹ੍ ਸੰਪੂਰਣਹ੍ ਰੰਗਣਹ੍) ਅਤੇ ਅਗਾਂਹ ਲਿਖਦੈ ‘ਗੁਰਬਾਣੀ ਲੇਖਣੀ ਵਿਧਾਨ ਵਿਚ ਸਿਰਫ਼ ਇਕ ਸ਼ਬਦ, ਬਾਣੀਕਾਰ ‘ਮਹਲਾ’ ਲਈ, ਸੰਖਿਪਤ ਤਰਕੀਬ ‘ਮ:’ ਅਨੇਕ ਵਾਰ ਵਰਤੋਂ ਵਿਚ ਲਿਆਂਦੀ ਗਈ ਹੈ। ਬਾਣੀ ਉਚਾਰਨ ਵਿਚ ਇਸ ਦਾ ਉਚਾਰਨ ਤੇ ਰੂਪ ‘ਮਹਲਾ’ ਹੈ।

ਵਿਚਾਰ : ਡਾ. ਗੁਰਮੇਲ ਸਿੰਘ ਮੁਤਾਬਕ ਦੋਵੇਂ ਚਿੰਨ੍ਹ ਵਿਸਰਗ ‘(:)’ ਤੇ ਮ : ‘(:)’ ਸੰਸਕ੍ਰਿਤ ਦੇ ਹਨ ਕਿਉਂਕਿ ਡਾ. ਹਰਕੀਰਤ ਸਿੰਘ ਤੇ ਡਾ. ਗੁਰਮੇਲ ਸਿੰਘ; ਮ: ਦਾ ਉਚਾਰਨ ‘ਮਹੱਲਾ’ ਦਾ ਵਿਰੋਧ ਨਹੀਂ ਕਰਦੇ ਤੇ ਇਹ ਉਚਾਰਨ ਸੰਸਕ੍ਰਿਤ ਸ਼ਬਦ ਵਜੋਂ ਹੀ ਹੈ (ਨਾ ਕਿ ਅਰਬੀ ‘ਮਹਲਾ’ ਦਾ) ਤਾਂ ਫਿਰ ਇੱਕ ਜਗ੍ਹਾ ‘(:)’ ਦਾ ਉਚਾਰਨ ‘ਹ੍’ ਤੇ ਦੂਜਾ ਥਾਂ ‘(:)’ ਦਾ ਉਚਾਰਨ ‘ਹੱਲਾ’ (ਯਾਨੀ ਮਹੱਲਾ) ਕਿਵੇਂ ? ਇੱਥੇ ਭੀ ਇਨ੍ਹਾਂ ਮੁਤਾਬਕ ਵਿਸਰਗ ਸ਼ਬਦਾਂ ਵਾਙ ‘ਮਹ੍’ ਹੋਣਾ ਚਾਹੀਦਾ ਸੀ।

ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ’ਚ ਸਿੱਖਾਂ ਲਈ ਸਪਸ਼ਟ ਸੰਕੇਤ ਕੀਤੇ ਹਨ; ਜਿਵੇਂ ‘ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥, ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥’ ਇਨ੍ਹਾਂ ਸਿਰਲੇਖਾਂ ’ਚ ‘੧’ ਦੇ ਨਾਲ਼ ‘ਪਹਿਲਾ’ ਲਿਖਣ ਤੋਂ ਭਾਵ ‘੧’ ਦਾ ਉਚਾਰਨ ‘ਪਹਿਲਾ’ ਹੈ, ਨਾ ਕਿ ‘ਇਕ’ ਜਾਂ ਦੋ ਵਾਰ ‘ਪਹਿਲਾ ਪਹਿਲਾ’। ਫਿਰ ਭੀ ਨਾ ਸਮਝਣ ਵਾਲ਼ੇ ਗੁਰੂ ਤੋਂ ਬੇਮੁਖ ਹਨ ਜਾਂ ਇਨ੍ਹਾਂ ਸੰਕੇਤਾਂ ਨੂੰ ਸਮਝਣ ਵਾਲ਼ੇ ਬੇਮੁਖ ? ਗੁਰਬਾਣੀ ਨੂੰ ਹੂਬਹੂ ਪੜ੍ਹਨ ਨਾਲ਼ ‘ਪਹਿਲਾ ਪਹਿਲਾ’ ਦੋ ਵਾਰ ਪੜ੍ਹਨਾ ਪੈਣਾ ਹੈ, ਜੋ ਕਿ ਸਹੀ ਨਹੀਂ।

ਅੰਤ ’ਚ ਇਹ ਜਾਣਨਾ ਭੀ ਬੜਾ ਜ਼ਰੂਰੀ ਹੈ ਕਿ ਡਾ. ਗੁਰਮੇਲ ਸਿੰਘ ਨੇ ਆਪਣੀ ਕਿਤਾਬ (ਗੁਰਬਾਣੀ ਉਚਾਰਨ : ਧਰਮ-ਵਿਗਿਆਨਕ, ਧੁਨੀ-ਵਿਗਿਆਨਕ, ਮਨੋ-ਵਿਗਿਆਨਕ ਪਹੁੰਚ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ (ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ) ’ਚ ਕੀ ਅੰਤਰ ਹੈ ਤੇ ਕਿਉਂ ਰੱਖਿਐ ? ਡਾ. ਗੁਰਮੇਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ ’ਚ ਪੰਨਾ ਨੰਬਰ 11, 12 ਤੇ 13 ’ਤੇ 19 ਵਾਰ ‘ਟਕਸਾਲ’ ਸ਼ਬਦ ਵਾਧੂ ਲਿਖਦਿਆਂ ਇਨ੍ਹਾਂ ਵਾਕਾਂ ‘‘ਜਤੁ ਪਾਹਾਰਾ ਧੀਰਜੁ ਸੁਨਿਆਰੁ ॥… ਘੜੀਐ ਸਬਦੁ ਸਚੀ ਟਕਸਾਲ ॥ (ਜਪੁ), ਸਚ ਸਬਦੁ ਗੁਰਿ ਸਉਪਿਆ; ਸਚ ਟਕਸਾਲਹੁ ਸਿਕਾ ਚਲਿਆ।’’ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੮) ਦੀ ਟੇਕ ਲੈ ਕੇ ਇਹ ਸਿੱਧ ਕੀਤੈ ਕਿ ‘ਟਕਸਾਲ’ ਦੀ ਸ਼ੁਰੂਆਤ ਬਾਬਾ ਦੀਪ ਸਿੰਘ ਜਾਂ ਭਾਈ ਮਨੀ ਸਿੰਘ ਤੋਂ ਨਹੀਂ ਹੋਈ ਬਲਕਿ ਗੁਰੂ ਨਾਨਕ ਸਾਹਿਬ ਜੀ ਤੋਂ ਹੋਈ ਹੈ। ਇਸ ਤੋਂ ਜਾਪਦੈ ਕਿ ਬਹਾਦਰ ਗੜ੍ਹ (ਪਟਿਆਲ਼ਾ) ਵਿਖੇ 11 ਤੋਂ 15 ਅਕਤੂਬਰ 2021 ਤੱਕ ਹੋਈ ‘ਗੁਰਬਾਣੀ ਸੰਥਿਆ ਕਾਰਜਸ਼ਾਲਾ’ ਕਿਸ ਨੇ ਕਰਵਾਈ ਤੇ ਕਿਉਂ ਕਰਵਾਈ ? ਵੈਸੇ ਉਕਤ ਦੋਵੇਂ ਵਾਕਾਂ ’ਚ ‘ਟਕਸਾਲ’ ਦਾ ਉਹ ਅਰਥ ਭੀ ਨਹੀਂ, ਜੋ ਇਸ ਨੇ ਸੰਤ ਸਮਾਜ ਦੀ ਮੁਥਾਜੀ ਕਰਦਿਆਂ ਕਰ ਲਿਆ।

ਸਿੱਖ ਕੌਮ ਦੀਆਂ ਸਿਰਮੌਰ ਦੋ ਜਥੇਬੰਦੀਆਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੀਫ਼ ਖ਼ਾਲਸਾ ਦੀਵਾਨ) ਸ਼ਰੇਆਮ ਪੰਥ ਦਰਦੀ ਜਥੇਬੰਦੀਆਂ ’ਤੇ ਸਵਾਲ ਖੜ੍ਹੇ ਕਰਨ ਵਾਲ਼ਿਆਂ ਨੂੰ ਹੱਲਾਸ਼ੇਰੀ ਦਿੰਦੀਆਂ ਪਈਆਂ ਹਨ ਜਦਕਿ ਚੀਫ਼ ਖ਼ਾਲਸਾ ਦੀਵਾਨ ਨਾਲ਼ ਹੀ ਸੰਬੰਧਿਤ ਪਦਮ ਭੂਸ਼ਣ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਹੇ ਹਨ, ਜਿਨ੍ਹਾਂ ਨੇ ਆਪਣੇ ਵੱਲੋਂ ਕੀਤੇ ਗੁਰਬਾਣੀ ਦੇ ਟੀਕੇ ’ਚ ਉਚਾਰਨ ਸੇਧਾਂ ਦਿੱਤੀਆਂ ਹਨ। ਇਸ ਦੇ ਕੀ ਕਾਰਨ ਹਨ, ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਜਲਦੀ ਸਿੱਖਣਾ ਬਹੁਤ ਜ਼ਰੂਰੀ ਹੈ।

ਤਤਸਾਰ : ਪ੍ਰਚਲਿਤ ਗੁਰਬਾਣੀ ਪਾਠ ਬੋਧ ਦੌਰਾਨ; ਜਿੱਥੇ ਤਤਸਮ ਸ਼ਬਦਾਂ ਨੂੰ ਸੰਬੰਧਿਤ ਭਾਸ਼ਾ ਦੇ ਉਚਾਰਨ ਵਾਙ ਉਚਾਰ ਕੇ ਭਾਸ਼ਾਈ ਵਿਤਕਰਾ ਮਿਟਦੈ ਓਥੇ ਤਦਭਵ ਸ਼ਬਦਾਂ ਨੂੰ ਬੱਚਿਆਂ ਦੀ ਤੋਤਲੀ ਜ਼ਬਾਨ ਵਾਙ ਉਚਾਰ ਕੇ ਮਸਤੀ/ਅਨੰਦ ਮਾਣੀਦੈ ਅਤੇ ਵਿਆਕਰਨਿਕ ਨਿਯਮਾਂ ਦੀ ਸੂਝ ਨਾਲ਼ ਸ਼ਾਬਦਿਕ ਅਰਥ ਕਰਕੇ ਭਾਵਾਰਥ (ਗੁਰਮਤਿ ਸਿਧਾਂਤ) ਸਪਸ਼ਟ ਹੁੰਦਾ ਹੈ।

ਦੂਜੇ ਪਾਸੇ ਇਸ ਦਾ ਵਿਰੋਧ ਕਰਨ ਵਾਲ਼ੇ ਰੂੜ੍ਹੀਵਾਦੀ; ਗੁਰੂ ਟੀਚੇ ਨੂੰ ਕੇਵਲ ਪ੍ਰਗਟ ਕਰਨ ਵਾਲ਼ੇ ‘ਰਾਗ, ਕਾਗਜ਼, ਅੱਖਰ, ਧੁਨੀ’ ਆਦਿ ਦੇ ਸਤਿਕਾਰ ਤੱਕ ਸੀਮਤ ਹਨ, ਜੋ ਇਨ੍ਹਾਂ ਵਚਨਾਂ ‘‘ ਅਖਰ ਖਿਰਿ ਜਾਹਿਗੇ; ਓਇ ਅਖਰ (+ਖਰ) ਇਨ ਮਹਿ ਨਾਹਿ , ਰਾਗੈ ਨਾਦੈ ਬਾਹਰਾ; ਇਨੀ ਹੁਕਮੁ ਬੂਝਿਆ ਜਾਇ ’’ ਆਦਿ ਤੋਂ ਕੋਈ ਸੇਧ ਨਹੀਂ ਲੈ ਰਹੇ। ਵਿਅਕਤੀ ਵਿਸ਼ੇਸ਼ ਨਾਮ ‘ਨਾਨਕ’ ਨੂੰ ਕੋਈ ਰੂੜ੍ਹੀਵਾਦੀ ਹੀ ‘ਨਾਨਕੁ’ ਜਾਂ ‘ਨਾਨਕਿ’ ਪੜ੍ਹੇਗਾ ਕਿਉਂਕਿ ਇਹ (ਨਾਨਕੁ/ਨਾਨਕਿ) ਨਾਮ; ਗੁਰੂ ਨਾਨਕ ਸਾਹਿਬ ਜੀ ਦੇ ਨਹੀਂ ਹਨ।

ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’

0

ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’

ਗਿਆਨੀ ਅਵਤਾਰ ਸਿੰਘ

ਮਨੁੱਖ; ਇੱਕ ਜੂਨ ਹੈ ਜੋ ਅਣਗਿਣਤ ਆਮ ਜੂਨਾਂ ਵਾਙ ਸੰਸਾਰ ’ਚ ਜਨਮ ਲੈਂਦਾ, ਮਨ-ਇੱਛਤ ਪਦਾਰਥ ਭੋਗਦਾ ਅਤੇ ਆਪਣੇ ਵੰਸ਼ਜ ਦਾ ਵਿਕਾਸ ਕਰਦਾ ਆਖ਼ਿਰ ਇੱਕ ਦਿਨ ਇੱਥੋਂ ਸਦਾ ਲਈ ਚਲਾ ਜਾਂਦਾ ਹੈ। ਮਰਨ ਤੋਂ ਕੁਝ ਸਮੇਂ ਬਾਅਦ ਉਸ ਦੀ ਯਾਦ ਵੀ ਅਲੋਪ ਹੋ ਜਾਂਦੀ ਹੈ।  ਧਰਮ, ਬੰਦੇ ਨੂੰ ਕੋਹਲੂ ਦੇ ਬੈਲ਼ ਵਾਙ ਟੀਚਾ ਰਹਿਤ ਬੀਤ ਰਹੇ ਮਨੁੱਖੀ ਜੀਵਨ ਦਾ ਅਹਿਸਾਸ ਕਰਾ ਕੇ ਅਨੋਖੇ ਲਕਸ਼ ਦੀ ਪ੍ਰਾਪਤੀ ਲਈ ਨਵੇਕਲ਼ੇ ਮਾਰਗ ਦਾ ਪਾਂਧੀ ਬਣਾਉਂਦਾ ਹੈ। ਅਜਿਹਾ ਮੁਸਾਫ਼ਰ (ਧਰਮੀ ਬੰਦਾ) ਨਿੱਜੀ ਜੀਵਨ ਤੋਂ ਉੱਪਰ ਉੱਠ ਕੇ ਭਾਈਚਾਰਕ, ਸਮਾਜਕ ਤੇ ਸਿਆਸੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਸਾਹਸੀ ਤੇ ਅਨੰਦਮਈ ਜੀਵਨ ਬਤੀਤ ਕਰਦਾ ਹੈ, ਜੋ ਕਿ ਹੋਰਨਾਂ ਲਈ ਇੱਕ ਮਿਸਾਲ ਬਣਦੀ ਹੈ।

‘ਧਰਮ’, ਜੋ ਕਿ ਕੇਵਲ ਮਨੁੱਖਾ ਜੂਨੀ ਦਾ ਅਹਿਮ ਅੰਗ ਹੈ, ਦੀ ਵਿਆਖਿਆ ਸਦੀਆਂ ਤੋਂ ਹੁੰਦੀ ਆਈ ਹੈ ਭਾਵੇਂ ਕਿ ਸਮਾਜ ਨੂੰ ਇਸ ਵਿਆਖਿਆ ਦਾ ਬਹੁਤਾ ਲਾਭ ਹੋਇਆ ਜਾਂ ਨਾ ਹੋਇਆ ਹੋਵੇ। ਇੱਥੇ ਇਹ ਵਿਚਾਰਨਾ ਗ਼ਲਤ ਨਹੀਂ ਹੋਏਗਾ ਕਿ ਪ੍ਰਚਲਿਤ ਧਰਮਾਂ ਦੇ ਰਹਿਬਰ (ਆਗੂ) ਤੇ ਅਨੁਯਾਈਆਂ (ਚੇਲਿਆਂ/ਪੈਰੋਕਾਰਾਂ) ਨੇ ਸਮੁੱਚੀ ਮਾਨਵਤਾ ਦੇ ਹਿਤਕਾਰੀ ਕਾਰਜਾਂ ਬਦਲੇ ਆਪਣੇ ਜੀਵਨ ਨੂੰ ਦੁਖਦਾਈ ਜਾਂ ਕੁਰਬਾਨ ਨਹੀਂ ਹੋਣ ਦਿੱਤਾ; ਸਿਵਾਏ ਗੁਰੂ ਅਤੇ ਸਿੱਖ ਇਤਿਹਾਸ ਤੋਂ।

ਆਮ ਮਨੁੱਖ ਅਤੇ ਧਰਮੀ ਬੰਦੇ ਦੇ ਸੁਭਾਅ (ਕਥਨੀ ਤੇ ਕਰਨੀ) ਵਿੱਚ ਬੜਾ ਅੰਤਰ ਹੁੰਦੈ। ਭਾਵੇਂ ਕਿ ਧਰਮੀ ਬੰਦੇ ਨਿਰਸੁਆਰਥ ਹੁੰਦੇ ਹਨ ਪਰ ਇਨ੍ਹਾਂ ਦੇ ਵਧਦੇ ਸਮਾਜਿਕ ਰਸੂਖ਼ ਤੋਂ ਸਿਆਸੀ ਲੋਕਾਂ ਦਾ ਬੌਣਾ ਹੁੰਦਾ ਕੱਦ ਉਨ੍ਹਾਂ ਨੂੰ ਸਦਾ ਚਿੰਤਤ ਕਰਦਾ ਰਿਹਾ ਹੈ।

ਪਰੰਪਰਾਵਾਦੀ ਹਿੰਦੂ ਤੇ ਇਸਲਾਮੀ ਖ਼ਿਆਲਾਂ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਘੱਟ, ਦੁਖਦਾਈ ਵਧੇਰੇ ਬਣਾਇਆ।  ਰੱਬ ਬਾਰੇ ਨਾਸਮਝੀ ਤੇ ਆਪੂ ਬਣੇ ਗੁਰੂ/ਪੀਰਾਂ ਨੇ ਆਪਣੀ-ਆਪਣੀ ਮਤ ਨੂੰ ਸੱਚਾ ਧਰਮ ਕਹਿ ਕੇ ਪ੍ਰਚਾਰਿਆ, ਜੋ ਕਿ ਉਨ੍ਹਾਂ ਦੀ ਕੱਟੜਤਾ (ਫ਼ਿਰਕੂ ਸੋਚ) ਤੇ ਆਰਥਿਕ ਲੋੜਾਂ (ਲੋਭ) ਦੀ ਪੂਰਤੀ ਮਾਤਰ ਸੀ।

ਮਾਨਵ ਹਿਤਕਾਰੀ ਨਵੇਂ ਫ਼ਲਸਫ਼ੇ ਨਾਲ਼ ਜਿੱਥੇ ਸਿਆਸੀ ਲੋਕ ਚਿੰਤਾਤੁਰ ਸਨ, ਉੱਥੇ ਅਖੌਤੀ ਧਰਮੀ ਪੈਰੋਕਾਰਾਂ ਦਾ ਫ਼ਿਕਰਮੰਦ ਹੋਣਾ ਸੁਭਾਵਕ ਸੀ।  ਨਹੀਂ ਤਾਂ ਸੋਚੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਹੇਠਲੇ ਤਿੰਨ ਅਸੂਲਾਂ ਦਾ ਵਿਰੋਧ ਭਲਾ ਕੋਈ ਇਨਸਾਨ ਕਿਉਂ ਕਰੇਗਾ :

(1). ਰੱਬ ਇੱਕ ਹੈ, ਜੋ ਕਣ-ਕਣ ਵਿੱਚ ਵਿਆਪਕ ਅਦ੍ਰਿਸ਼ ਤੇ ਨਿਰਲੇਪ ਹੈ। ਕੇਵਲ ਉਸ ਦੀ ਉਸਤਤ ਕਰਨੀ ਲਾਭਕਾਰੀ ਹੈ, ‘‘ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ ਅਵਰੁ ਦੂਜਾ ਕਿਉ ਸੇਵੀਐਜੰਮੈ ਤੈ ਮਰਿ ਜਾਇ ’’ (ਮਹਲਾ /੫੦੯

(2). ਗੁਰੂ, ਰਹਿਬਰ, ਪੈਗ਼ੰਬਰ, ਆਚਾਰੀਆ, ਪੰਡਿਤ-ਵਿਦਵਾਨ, ਮੌਲਵੀ, ਸਿਆਸੀ ਆਗੂ ਉਹੀ ਹੈ, ਜੋ ਮਨੁੱਖਤਾ ਨੂੰ ਏਕਤਾ, ਪਿਆਰ, ਇਨਸਾਫ਼ ਤੇ ਸੁਤੰਤਰਤਾ ਉਪਲਬਧ ਕਰਾਵੇ, ‘‘ਨਾਨਕ  ! ਸਤਿਗੁਰੁ ਐਸਾ ਜਾਣੀਐ; ਜੋ ਸਭਸੈ ਲਏ ਮਿਲਾਇ ਜੀਉ (ਮਹਲਾ /੭੨), ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ’’ (ਮਹਲਾ /੭੪੭)

(3). ਹਰ ਉਹ ਖ਼ਿਆਲ; ਰੋਗ ਹੈ, ਜੋ ਸਮਾਜ ’ਚ ਵਿਤਕਰਾ, ਅੰਧ ਵਿਸ਼ਵਾਸ ਨੂੰ ਜਨਮ ਦਿੰਦੈ; ਜਿਵੇਂ ਕਿ ਫ਼ਿਰਕੂ ਸੋਚ, ਜਾਤ-ਪਾਤ, ਵਰਨ-ਆਸ਼ਰਮ, ਲਿੰਗ-ਭੇਦ (ਔਰਤ ਮਰਦ ’ਚ ਅਸਮਾਨਤਾ), ਭਰਮ-ਭੁਲੇਖਾ (ਜੋ ਝੂਠ ਨੂੰ ਤਰਜੀਹ ਦੇ ਕੇ ਸਚਾਈ ਨੂੰ ਛੁਪਾਵੇ), ਕਰਮਕਾਂਡ (ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਧਾਰਮਿਕ ਕਰਮ), ਨਸ਼ਾ ਵਗ਼ੈਰਾ।

ਸਚਾਈ ਦੇ ਉਕਤ ਤਿੰਨੇ ਪੱਖ, ਹਰ ਵਿਅਕਤੀ ਲਈ ਗੁਣਕਾਰੀ ਹਨ ਭਾਵੇਂ ਕੋਈ ਰੱਬ ਨੂੰ ਮੰਨੇ ਜਾਂ ਨਾ ਮੰਨੇ ।  ਗੁਰਬਾਣੀ; ਮਨੁੱਖਤਾ ਨੂੰ ਸਚਾਈ ਭਰਪੂਰ ਰੂਹਾਨੀਅਤ ਸ਼ਕਤੀ ਦੇ ਕੇ ਨਿੱਜੀ, ਪਰਿਵਾਰਕ ਤੇ ਸਮਾਜਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀ ਹੈ। ਇਸ ਰੁਤਬੇ ਨੂੰ ਪਹੁੰਚਿਆ ਬੰਦਾ, ਸਮਾਜ ਨੂੰ ਆਪਣਾ ਪਰਿਵਾਰ ਮੰਨਦਾ ਹੋਇਆ, ਖ਼ੁਦ ਕੀਤੀ ਹੱਕ-ਸੱਚ ਦੀ ਨੇਕ ਕਿਰਤ-ਕਮਾਈ ਨੂੰ ਵੀ ਇਨਸਾਨੀਅਤ ਪੱਖੋਂ ਵੰਡ ਕੇ ਛਕਦਾ ਹੈ। ਅਜਿਹੇ ਜੀਵਨ ’ਚ ਛਲ-ਕਪਟ ਦੀ ਬਦਬੋ ਨਹੀਂ ਹੁੰਦੀ, ਪਰ ਛਲ-ਕਪਟੀ ਪੂਜਾਰੀ (ਪੰਡਿਤ/ਕਾਜ਼ੀ ਆਦਿ) ਤੇ ਸਿਆਸੀ ਆਗੂ ਇਨ੍ਹਾਂ (ਰੱਬੀ ਬੰਦਿਆਂ) ਨੂੰ ਮਾਨਵਤਾ ਦੇ ਸਾਰਥਿਕ ਕਾਰਜ ਕਰਨ ਬਦਲੇ ਨਿਸ਼ਾਨਾ ਬਣਾਉਂਦੇ ਆਏ ਹਨ, ਤਾਂ ਜੋ ਲੁਕਾਈ ਨੂੰ ਆਪਣੇ ਸੁਆਰਥੀ ਹਿੱਤਾਂ ਲਈ ਵਰਤਣ ’ਚ ਕੋਈ ਰੁਕਾਵਟ ਨਾ ਆਵੇ ।  ਰਾਜਸੀ ਤਾਕਤ; ਪੂਜਾਰੀਆਂ ਦੀ ਮਦਦ ਨਾਲ਼ ਗੁਰੂ ਸਾਹਿਬਾਨ ਅਤੇ ਅਨੇਕਾਂ ਮਰਜੀਵੜੇ ਸਿੱਖਾਂ ਨੂੰ ਭਾਵੇਂ ਕਿ ਸ਼ਹੀਦ ਕਰਨ ’ਚ ਸਫਲ ਹੁੰਦੀ ਰਹੀ, ਪਰ ਸਮਾਜਿਕ ਪਿਆਰ ਨੇ ਹੌਸਲੇ ਬੁਲੰਦ ਰੱਖੇ, ਜਿਨ੍ਹਾਂ ਨੂੰ ਸੁਬ੍ਹਾ-ਸ਼ਾਮ ਅਰਦਾਸ ਰਾਹੀਂ ਯਾਦ ਕਰ ਸਿੱਖ ਭਾਈਚਾਰਾ ਅੱਜ ਵੀ ਨਵੀਂ ਊਰਜਾ ਪ੍ਰਾਪਤ ਕਰਦਾ ਹੈ।

ਸਿੱਖ ਇਤਿਹਾਸ ਸਿਰਜਿਆ ਹੀ ਸ਼ਹੀਦਾਂ ਦੇ ਖ਼ੂਨ ਨਾਲ਼ ਹੈ। ਇਸ ਵਿੱਚ ਗੁਰੂ ਸਾਹਿਬਾਨ (ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ) ਜੀ ਦੀ ਸ਼ਹੀਦੀ ਅਹਿਮ ਪ੍ਰੇਰਨਾ ਸਰੋਤ ਹੈ।  ਸ਼ਹੀਦਾਂ ਦੀ ਕੌਮ ’ਚ ਕੌਣ, ਕਦੋਂ ਤੇ ਕਿੱਥੇ ਆਪਣੇ ਜੀਵਨ ਦੀ ਅਹੂਤੀ ਦੇ ਗਿਆ ਹੋਵੇ, ਉਸ ਦਾ ਪੂਰਨ ਇਤਿਹਾਸ ਇਕੱਤਰ ਕਰਨਾ ਅਸੰਭਵ ਹੁੰਦਾ ਹੈ ਪਰ ਸਿੱਖ ਇਤਿਹਾਸ ’ਚ ਦਰਜ ਕੁਝ ਅੰਕੜਿਆਂ ਮੁਤਾਬਕ ਪਹਿਲਾ ਸਿੱਖ ਸ਼ਹੀਦ ਭਾਈ ਤਾਰਾ ਜੀ ਨੂੰ ਮੰਨਿਆ ਗਿਆ ਹੈ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਾਤ ਦੇ ਕੇ ਪਰਉਪਕਾਰੀ ਬਣਾ ਦਿੱਤਾ ਸੀ।  ਸੰਨ 1524 ’ਚ ਜਦੋਂ ਬਾਬਰ ਦੁਆਰਾ ਲਾਹੌਰ ਸ਼ਹਿਰ ਨੂੰ ਅੱਗ ਲਗਾਈ ਗਈ ਤਾਂ ਭਾਈ ਸਾਹਿਬ ਨੂੰ ਅੱਗ ਬੁਝਾਉਣ ਬਦਲੇ ਬਾਬਰ ਦੇ ਸਿਪਾਹੀਆਂ ਨੇ ਘੋੜੇ ਪਿੱਛੇ ਬੰਨ੍ਹ ਕੇ ਸ਼ਹੀਦ ਕੀਤਾ ਸੀ। ਭਾਈ ਤਾਰਾ ਜੀ; ਬਜ਼ੁਰਗ ਮਾਤਾ ਤੇ ਵਿਧਵਾ ਭੈਣ ਦਾ ਇਕਲੌਤਾ ਸਹਾਰਾ ਸੀ, ਪਰ ਫਿਰ ਵੀ ਉਨ੍ਹਾਂ ਗੁਰੂ ਨਾਨਕ ਜੀ ਦੁਆਰਾ ਦਿੱਤੀ ਗਈ ਸਿੱਖਿਆ (ਸੱਚ ਦਾ ਵਪਾਰ ਕੀਤਾ ਕਰਨਾ।  ਪ੍ਰਮੇਸ਼ਰ ਦੇ ਜੀਵਾਂ ਤੇ ਪਰਉਪਕਾਰ ਕਰਨਾ।) ਨੂੰ ਪਹਿਲ ਦਿੱਤੀ।  ਭਾਈ ਤਾਰਾ ਜੀ ਨੂੰ ਭਾਈ ਗੁਰਦਾਸ ਜੀ ਨੇ ਤਾਰੂ ਲਿਖ ਕੇ ਸਾਨੂੰ ਇਉਂ ਯਾਦ ਕਰਵਾਇਆ, ‘‘ਤਾਰੂ ਪੋਪਟੁ ਤਾਰਿਆ; ਗੁਰਮੁਖਿ ਬਾਲ ਸੁਭਾਇ ਉਦਾਸੀ’’ (ਵਾਰ ੧੧ ਪਉੜੀ ੧੩)

ਗੁਰੂ ਅਰਜਨ ਸਾਹਿਬ ਜੀ ਦੀ 2 ਹਾੜ/30 ਮਈ 1606 ਈਸਵੀ ਨੂੰ ਅਸਹਿ ਸ਼ਹੀਦੀ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੋਏ ਅਚਾਨਕ 4 ਯੁੱਧਾਂ ’ਚ ਕਈ ਸਿੱਖ ਸੂਰਮੇ ਸ਼ਹੀਦ ਹੋਏ ।   11 ਮੱਘਰ/11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਮੇਤ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਵੀ ਆਪਣੇ ਇਰਾਦੇ ਨੂੰ ਸਫਲ ਕਰ ਗਏ।  ਕਵੀ ਕੇਸ਼ਵ ਭੱਟ ਗੁਰੂ ਜੀ ਦੀ ਇਸ ਮਨਸ਼ਾ ਨੂੰ ਇਉਂ ਪੇਸ਼ ਕਰਦੇ ਹਨ : ‘ਬਾਂਹਿ ਜਿੰਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋਡੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋਡੀਏ।’ ਪਦ ਅਰਥ : ਧਰ ਪਈਐ-ਡਿੱਗ ਭਾਵ ਮਰ ਜਾਣਾ।

ਇਤਿਹਾਸ ਗਵਾਹ ਹੈ ਕਿ ਸਿੱਖਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਤਿੰਨੇ ਸਿੱਖਾਂ ਦੀ ਭਿਆਨਕ ਸ਼ਹੀਦੀ ਤੋਂ ਸਾਢੇ ਚਾਰ ਮਹੀਨੇ ਬਾਅਦ (27 ਮਾਰਚ 1676 ਨੂੰ) ਔਰੰਗਜ਼ੇਬ ਹਸਨ ਅਬਦਾਲ (ਅਜੋਕੇ ਪੰਜਾ ਸਾਹਿਬ/ਪਾਕਿਸਤਾਨ) ਤੋਂ ਦਿੱਲੀ ਪਹੁੰਚਿਆ।  ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਉੱਤੇ ਸਿੱਖਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ; ਜਿਵੇਂ ਕਿ ਇੱਕ ਸਿੱਖ ਨੇ 27 ਅਕਤੂਬਰ 1676 ਨੂੰ ਔਰੰਗਜ਼ੇਬ ਉੱਤੇ ਇੱਟਾਂ ਨਾਲ ਤਦ ਹਮਲਾ ਕਰ ਦਿੱਤਾ ਜਦ ਉਹ ਬੇੜੀ ’ਚੋਂ ਉਤਰ ਰਿਹਾ ਸੀ।  ਜੂਨ-ਜੁਲਾਈ 1677 ਨੂੰ ਚਾਂਦਨੀ ਚੌਂਕ ’ਚ ਇੱਕ ਸਿੱਖ ਨੇ ਔਰੰਗਜ਼ੇਬ ਉੱਤੇ ਤਿੱਖਾ ਨੇਜ਼ਾ ਮਾਰਿਆ ਅਤੇ 19 ਅਕਤੂਬਰ 1677 ਨੂੰ ਇੱਕ ਸਿੱਖ ਨੇ ਤਲਵਾਰ ਨਾਲ ਤਦ ਔਰੰਗਜ਼ੇਬ ਉੱਤੇ ਹਮਲਾ ਕੀਤਾ ਜਦ ਉਹ ਜਾਮਾ ਮਸਜਿਦ ਦੀਆਂ ਪੌੜੀਆਂ ਤੋਂ ਉੱਤਰ ਕੇ ਘੋੜੇ ਉੱਤੇ ਚੜ੍ਹ ਰਿਹਾ ਸੀ।  (ਮਆਸਿਰਿ-ਆਲਮਗੀਰੀ, ਸਫ਼ਾ 135-36)

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਧਦਾ ਮਨੁੱਖੀ ਪਿਆਰ ਹੀ ਬਿਲਾਸਪੁਰ ਦੇ ਰਾਜੇ ਭੀਮ ਚੰਦ, ਉਸ ਦੇ ਪੁੱਤਰ ਅਜਮੇਰ ਚੰਦ ਤੇ ਉਸ ਦੇ ਵਜ਼ੀਰ ਪੰਡਿਤ ਪਰਮਾ ਨੰਦ ਨੂੰ ਬੇਚੈਨ ਕਰਦਾ ਸੀ।  ਮਿਸਾਲ ਵਜੋਂ ਜਦ 7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੇ ਜਥੇ ਨਾਲ਼ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਬ੍ਰਾਹਮਣ ਦੇਵਕੀ ਦਾਸ ਦੀ ਪਤਨੀ ਨੂੰ ਰਿਹਾਅ ਕਰਵਾਇਆ, ਜਿਸ ਨੂੰ ਕੁਝ ਦਿਨ ਪਹਿਲਾਂ ਉਹ ਜ਼ਬਰਨ ਖੋਹ ਕੇ ਲੈ ਗਿਆ ਸੀ ਤਾਂ ਚਾਰੋਂ ਤਰਫ਼ ਗੁਰੂ ਮਹਿਮਾ ਫੈਲ ਗਈ, ਜਿਸ ਨੂੰ ਸੁਣ ਕੇ ਰਾਜਾ ਅਜਮੇਰ ਚੰਦ ਸੜ-ਬਲ਼ ਗਿਆ ਤੇ ਉਸ ਨੇ ਮੁੜ ਗੁਰੂ ਘਰ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੋ (ਹਮਲੇ) ਉਸ ਨੇ ਆਪਣੀ ਦਾਦੀ (ਰਾਣੀ ਚੌਪਾ, ਜੋ ਗੁਰੂ ਪ੍ਰਤੀ ਸ਼ਰਧਾ ਰੱਖਦੀ ਸੀ) ਦੇ ਜੀਜੇ ਰਾਜਾ ਸਲਾਹੀ ਚੰਦ ਦੇ ਦਬਾਅ ਕਾਰਨ 15 ਅਕਤੂਬਰ 1700 ਈ. ਤੋਂ ਬਾਅਦ ਬੰਦ ਕਰ ਰੱਖੇ ਸਨ।

ਗੁਰੂ ਘਰ ਦੀ ਲੜਾਈ ਦਾ ਕਾਰਨ ਕਿਸੇ ਸਿਆਸੀ ਰਾਜੇ ਦੇ ਅਧਿਕਾਰਾਂ ’ਤੇ ਕਬਜ਼ਾ ਕਰਨਾ ਨਹੀਂ ਰਿਹਾ ਬਲਕਿ ਫ਼ਿਰਕੂ ਰਾਜੇ ਤੇ ਪੂਜਾਰੀ ਗਠਜੋੜ ਦੁਆਰਾ ਕੀਤੇ ਜਾਂਦੇ ਹਮਲਿਆ ਤੋਂ ਆਪਣੀ ਹਿਫ਼ਾਜ਼ਤ ਕਰਨਾ ਸੀ।  ਗੁਰੂ ਨਾਨਕ ਫ਼ਲਸਫ਼ੇ ਦਾ ਸ਼ੁਰੂ ਤੋਂ ਹਾਕਮ, ਮੌਲਵੀ ਤੇ ਪੰਡਿਤਾਂ ਨਾਲ਼ ਵਿਚਾਰਕ ਟਕਰਾਅ ਰਿਹਾ ਹੈ; ਜਿਵੇਂ ਕਿ ਬਾਬਰ, ਜਹਾਂਗੀਰ, ਸ਼ੇਖ਼ ਅਹਿਮਦ ਸਾਹਰਿੰਦੀ (ਸਰਹਿੰਦੀ), ਸ਼ਾਹਜਹਾਨ, ਲੱਲਾ ਬੇਗ਼, ਕਮਰ ਬੇਗ਼, ਸੁਲਹੀ ਖ਼ਾਨ, ਵਜ਼ੀਰ ਖੱਤਰੀ ਚੰਦੂ, ਕਰਮ ਚੰਦ (ਚੰਦੂ ਦਾ ਪੁੱਤਰ), ਭਗਵਾਨ ਦਾਸ (ਚੰਦੂ ਦਾ ਕੁੜਮ), ਰਤਨ ਚੰਦ (ਭਗਵਾਨ ਦਾਸ ਦਾ ਪੁੱਤਰ), ਔਰੰਗਜ਼ੇਬ, ਲਾਹੌਰ ਦਾ ਸੂਬੇਦਾਰ ਮੁਰਤਜ਼ਾ ਖ਼ਾਨ, ਸ਼ੇਖ਼ ਸੈਫ਼-ਉਦ ਦੀਨ (ਸ਼ੇਖ਼ ਅਹਿਮਦ ਸਾਹਰਿੰਦੀ ਦੇ ਗੱਦੀ-ਨਸ਼ੀਨ, ਜਿਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਇਸਲਾਮ ’ਚ ਲਿਆਉਣ ਲਈ ਬੱਸੀ ਪਠਾਣਾਂ ਕਿਲ੍ਹੇ ’ਚ 3 ਮਹੀਨੇ ਬੰਦ ਰੱਖਿਆ), ਦਿੱਲੀ ਦਾ ਸੂਬੇਦਾਰ ਸਾਫ਼ੀ ਖ਼ਾਨ ਤੇ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ (ਜਿਨ੍ਹਾਂ ਗੁਰੂ ਤੇਗ਼ ਬਹਾਦਰ ਸਮੇਤ ਤਿੰਨ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ), ਬਿਲਾਸਪੁਰ ਦਾ ਰਾਜਾ ਭੀਮ ਚੰਦ ਤੇ ਉਸ ਦਾ ਪੁੱਤਰ ਰਾਜਾ ਅਜਮੇਰ ਚੰਦ ਤੇ ਉਸ ਦਾ ਵਜ਼ੀਰ ਪੰਡਿਤ ਪਰਮਾ ਨੰਦ, ਕੇਸਰੀ ਚੰਦ (ਭੀਮ ਚੰਦ ਦਾ ਸਾਲ਼ਾ, ਜਿਸ ਨੇ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਉਣ ਦਾ ਪ੍ਰਣ ਲਿਆ ਸੀ, ਪਰ ਭਾਈ ਉਦੈ ਸਿੰਘ ਨੇ ਇਸ ਦਾ ਹੀ ਸਿਰ ਵੱਢ ਕੇ ਗੁਰੂ ਜੀ ਅੱਗੇ ਲਿਆ ਰੱਖਿਆ) ਤੇ ਉਸ ਦਾ ਵਜ਼ੀਰ ਕਰਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਹਿ ਸ਼ਾਹ, ਕਾਂਗੜੇ ਦਾ ਰਾਜਾ ਆਲਮ ਚੰਦ ਕਟੋਚ ਤੇ ਉਸ ਦਾ ਜਰਨੈਲ ਬਲੀਆ ਚੰਦ ਕਟੋਚ, ਸੂਬਾ ਸਰਹਿੰਦ ਵਜ਼ੀਰ ਖ਼ਾਨ, ਸੁੱਚਾ ਨੰਦ ਆਦਿ।

ਦੂਜੇ ਪਾਸੇ ਹਿੰਦੂ-ਮੁਸਲਿਮ (ਹਾਕਮ, ਮੌਲਵੀ ਤੇ ਪੰਡਿਤ) ਗੁਰੂ ਘਰ ਦੇ ਸ਼ਰਧਾਲੂ ਵੀ ਬਣੇ; ਜਿਵੇਂ ਕਿ ‘ਪਰੋਹਤ ਹਰਦਿਆਲ, ਭਾਈ ਮਰਦਾਨਾ, ਰਾਇ ਬੁਲਾਰ, ਦੌਲਤ ਖ਼ਾਨ ਲੋਧੀ (ਜਲੰਧਰ ਦਾ ਨਵਾਬ, ਜੋ ਬਾਅਦ ’ਚ ਪੰਜਾਬ ਦਾ ਗਵਰਨਰ ਬਣਿਆ), ਦੁਨੀ ਚੰਦ (ਜੋ ਬਹੁਤ ਅਮੀਰ ਸੀ, ਗੁਰੂ ਜੀ ਨੇ ਇਸ ਨੂੰ ਇੱਕ ਸੂਈ ਦਿੱਤੀ ਕਿ ਮੈ ਅੱਗੇ ਜਾ ਕੇ ਤੈਥੋਂ ਲਵਾਂਗਾ), ਸ਼੍ਰੀ ਲੰਕਾ ਦਾ ਰਾਜਾ ਸ਼ਿਵਨਾਭ, ਸ਼ੇਖ਼ ਇਬਰਾਹਿਮ (ਸ਼ੇਖ਼ ਫ਼ਰੀਦ ਦੇ ਗੱਦੀਦਾਰ), ਅਕਬਰ ਬਾਦਸ਼ਾਹ, ਖ਼ੁਸਰੋ (ਜਹਾਂਗੀਰ ਦਾ ਵੱਡਾ ਪੁੱਤਰ), ਸਾਈਂ ਮੀਆਂ ਮੀਰ, ਮਲਿਕਾ ਨੂਰ ਜਹਾਂ, ਗਵਾਲੀਅਰ ਕਿਲ੍ਹੇ ਦਾ ਦਰੋਗਾ ਹਰੀ ਦਾਸ ਯਾਦਵ, ਦਾਰਾ ਸ਼ਿਕੋਹ (ਔਰੰਗਜ਼ੇਬ ਦਾ ਵੱਡਾ ਭਰਾ), ਰਾਜਾ ਜੈ ਸਿੰਹ ਮਿਰਜ਼ਾ, ਮਿਰਜ਼ਾ ਬੇਗ਼, ਤ੍ਰਿਪੁਰੇ ਦਾ ਰਾਜਾ ਰਾਮ ਸਿੰਹ ਤੇ ਉਸ ਦਾ ਪੁੱਤਰ ਰਤਨ ਰਾਏ (ਜੋ ਅਨੰਦਪੁਰ ’ਚ ਗੁਰੂ ਜੀ ਪਾਸ ਸੰਨ 1680 ’ਚ ਪੰਜ ਮਹੀਨੇ ਰਿਹਾ ਤੇ ਇਨ੍ਹਾਂ ਨੇ ਗੁਰੂ ਸਾਹਿਬ ਨੂੰ ਪਰਸਾਦੀ (ਸਫ਼ੈਦ) ਹਾਥੀ ਭੇਂਟ ਕੀਤਾ, ਜਿਸ ਨੂੰ ਖੋਹਣ ਲਈ ਭੀਮ ਚੰਦ ਤੇ ਗੜ੍ਹਵਾਲ ਦੇ ਰਾਜੇ ਫ਼ਤਿਹ ਚੰਦ ਨੇ 18 ਸਤੰਬਰ 1688 ’ਚ ਭੰਗਾਣੀ ਦਾ ਯੁੱਧ ਕੀਤਾ, ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼, ਸਢੌਰਾ (ਅੰਬਾਲਾ) ਨਿਵਾਸੀ ਪੀਰ ਬੁਧੂ ਸ਼ਾਹ ਆਦਿ। ਇਸ ਵਿਸਥਾਰ ਦਾ ਮਤਲਬ ਇਹ ਸਿੱਧ ਕਰਨਾ ਹੈ ਕਿ ਗੁਰੂ ਜੀ ਕਿਸੇ ਇੱਕ ਵਿਸ਼ੇਸ਼ ਸਮੁਦਾਇ ਵਿਰੁਧ ਨਹੀਂ ਸਨ।

ਗੁਰੂ ਸਾਹਿਬਾਨ ਅੰਦਰ ਕੋਈ ਡਰ-ਘਬਰਾਹਟ ਨਹੀਂ ਵੇਖੀ ਗਈ; ਜਿਵੇਂ ਕਿ ਬਾਬਰ ਨੂੰ ਉਸ ਦੇ ਮੂੰਹ ’ਤੇ ਜਾਬਰ ਕਹਿਣਾ, ਮਲਕ ਭਾਗੋ ਦੇ ਸ਼ਾਹੀ ਭੋਜ ’ਚ ਜਾਣ ਤੋਂ ਇਨਕਾਰ ਕਰਨਾ, ਗੁਰੂ ਅੰਗਦ ਸਾਹਿਬ ’ਤੇ ਹਮਲਾ ਕਰਨ ਲਈ ਬਾਦਸ਼ਾਹ ਹਮਾਯੂੰ ਵੱਲੋਂ ਤਲਵਾਰ ਕੱਢਣ ’ਤੇ ਗੁਰੂ ਦਾ ਜਵਾਬ ਕਿ ਇਹ ਤਲਵਾਰ ਸ਼ੇਰ ਸ਼ਾਹ ਸੂਰ (ਸੂਰੀ) ਅੱਗੇ ਕੱਢਣੀ ਸੀ ਜਿੱਥੋਂ ਤੂੰ ਹਾਰ ਕੇ ਭੱਜਿਆ ਹੈਂ, ਗੁਰੂ ਹਰਿਰਾਏ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੁਆਰਾ ਔਰੰਗਜ਼ੇਬ ਨੂੰ ਮਿਲਣ ਤੋਂ ਮਨ੍ਹਾ ਕਰਨਾ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਦੁਆਰਾ ਆਪਣੇ ਆਪ ਹੀ ਸ਼ਹੀਦੀ ਦੇਣ ਲਈ ਚਲੇ ਜਾਣਾ ਆਦਿ ਸੰਕੇਤ ਗੁਰਬਾਣੀ ਦੀ ਇਸ ਕਥਨੀ ਨੂੰ ਕਰਨੀ ’ਚ ਤਬਦੀਲ ਕਰਦੇ ਜਾਪਦੇ ਹਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ (ਭਗਤ ਕਬੀਰ ਜੀ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ; ਗਲੀ ਮੇਰੀ ਆਉ   ਇਤੁ ਮਾਰਗਿ; ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ (ਮਹਲਾ /੧੪੧੨), ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭) ਆਦਿ।

ਸਿਧ ਗੋਸਟਿ ’ਚ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛੇ ਗਏ ਸਵਾਲ ਕਿ ‘‘ਤੇਰਾ ਕਵਣੁ ਗੁਰੂ  ? ਜਿਸ ਕਾ ਤੂ ਚੇਲਾ ’’ (ਮਹਲਾ /੯੪੨) ਦਾ ਦਿੱਤਾ ਗਿਆ ਜਵਾਬ ਕਿ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ /੯੪੩) ਤੋਂ ਸਪਸ਼ਟ ਹੁੰਦੈ ਕਿ ਸਿੱਖਾਂ ਦਾ ਗੁਰੂ; ਸਰੀਰਕ ਜਾਮੇ ’ਚ ਸੀਮਤ ਸਮੇਂ ਤੱਕ ਹੀ ਰਹੇਗਾ।

ਗੁਰੂ ਕਾਲ ਦੇ 239 (1469-1708) ਸਾਲ ਦੇ ਇਤਿਹਾਸ ਨੂੰ ਅਗਰ ਗਹੁ ਨਾਲ਼ ਵਾਚੀਏ ਤਾਂ ਇਹ ਸੰਕੇਤ ਵੀ ਮਿਲਦਾ ਹੈ ਕਿ ਪਹਿਲੇ ਤਿੰਨ ਗੁਰੂ ਵੰਸ਼ਜ (ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ) ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਕਿਤੇ ਨਾ ਕਿਤੇ ਓਨੇ ਸਫਲ ਨਾ ਰਹੇ।, ਅਗਲੇ ਪੰਜ ਗੁਰੂ ਵੰਸ਼ਜ (ਬਾਬਾ ਪ੍ਰਿਥੀ ਚੰਦ, ਮਹਾਦੇਵ ਜੀ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਮੱਲ, ਬਾਬਾ ਅਟਲ ਰਾਇ, ਗੁਰੂ ਤੇਗ਼ ਬਹਾਦਰ ਸਾਹਿਬ, ਗੁਰੂ ਹਰਿਰਾਇ ਸਾਹਿਬ, ਬਾਬਾ ਰਾਮਰਾਇ, ਗੁਰੂ ਹਰਿਕ੍ਰਿਸ਼ਨ ਜੀ) ਵਿੱਚੋਂ ਬਹੁਤੇ ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਸਫਲ ਰਹੇ ਅਤੇ ਅੰਤਮ ਦੋ ਗੁਰੂ ਵੰਸ਼ਜ (ਗੁਰੂ ਗੋਬਿੰਦ ਸਿੰਘ ਅਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ) ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਪੂਰਨ ਤੌਰ ’ਤੇ ਪ੍ਰਪੱਕ ਰਹੇ, ਤੋਂ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਕੇਵਲ ਸਾਨੂੰ ਹੀ ਨਹੀਂ ਬਲਕਿ ਸਾਡੀ ਨਸਲ ਨੂੰ ਵੀ ਧਰਮੀ ਬਣਾਉਣ ਲਈ ਆਪਣੇ 239 ਸਾਲ ਦੇ ਵੰਸ਼ਜ ਦੀ ਮਿਸਾਲ ਨਾਲ਼ ‘ਸ਼ਬਦ ਗੁਰੂ’ ਦੇ ਲੜ ਲਗਾ ਕੇ ਆਪਣੇ ਸਰੀਰ ਗੁਰੂ ਰਾਹੀਂ ਅਗਵਾਈ ਕਰਨ ਵਾਲ਼ੀ ਜ਼ਿੰਮੇਵਾਰੀ ਤੋਂ ਸਦਾ ਲਈ ਮੁਕਤ ਹੋਣਾ ਚਾਹੁੰਦੇ ਸਨ।  ਗੁਰੂ ਕਾਲ ਦੇ ਅੰਤਮ ਵੰਸ਼ਜ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਵਿਚਾਰਿਆਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਕਾਲ ਤੋਂ ਆਪਣੇ ਉੱਤਰਾਧਿਕਾਰੀ ਦੀ ਪਰਖ ਕਰਦਿਆਂ, ਗੁਰੂ ਸਿਧਾਂਤ ਪ੍ਰਤੀ ਜੋ ਨਿਸ਼ਚਾ ਵੇਖਿਆ ਗਿਆ ਉਹੀ ਨਿਸ਼ਚਾ ਚਾਰੇ ਸਾਹਿਬਜ਼ਾਦੇ ਦੇ ਰੋਮ-ਰੋਮ ’ਚ ਸਮਾਇਆ ਹੋਇਆ ਸੀ, ਜਿਸ ’ਤੇ ਪਹਿਰਾ ਦਿੰਦਿਆਂ ਉਹ ਸ਼ਹੀਦ ਤਾਂ ਹੋ ਗਏ ਪਰ ਗੁਰੂ ਮਰਿਆਦਾ ਨੂੰ ਢਾਹ ਨਾ ਲੱਗਣ ਦਿੱਤੀ । ਇਹ ਹੈ ਚਾਰ ਸਾਹਿਬਜ਼ਾਦਿਆਂ ਦੀ ਜੀਵਨ ਯਾਤਰਾ ਦਾ ਸੰਖੇਪ ’ਚ ਵੇਰਵਾ :

ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ, ਮਾਤਾ ਸੁੰਦਰੀ ਜੀ (ਜਿਨ੍ਹਾਂ ਦੇ ਪੇਕੇ ਘਰ ਦਾ ਨਾਂ ਮਾਤਾ ਜੀਤਾਂ ਜੀ ਸੀ) ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 26 ਜਨਵਰੀ 1687 ਈਸਵੀ (ਪਾਉਂਟਾ ਸਾਹਿਬ) ਵਿਖੇ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਅਨੰਦਪੁਰ ਵਿਖੇ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਜਨਮ 28 ਨਵੰਬਰ 1696 ਈਸਵੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਜਨਮ ਫ਼ਰਵਰੀ 1698 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ।

ਸਾਹਿਬਜ਼ਾਦਿਆਂ ਦੀ ਮੁੱਢਲੀ ਸੇਵਾ ਸੰਭਾਲ਼ ਦਾਦੀ ਮਾਤਾ ਗੁਜਰ ਕੌਰ (1619-1705) ਜੀ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਬੱਚਿਆਂ ਅੰਦਰ ਗੁਰੂ ਸਿਧਾਂਤ, ਗੁਰੂ ਇਤਿਹਾਸ ਨੂੰ ਚੰਗੀ ਤਰ੍ਹਾਂ ਪ੍ਰਪੱਕ ਕੀਤਾ।  ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੀ ਨਿਗਰਾਨੀ ’ਚ ਬੱਚਿਆਂ ਨੂੰ ਘੋੜ ਸਵਾਰੀ, ਸ਼ਸਤਰ ਵਿੱਦਿਆ, ਤੀਰ-ਅੰਦਾਜ਼ੀ ਵਿੱਚ ਨਿਪੁੰਨ ਕੀਤਾ। ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਘਰ ’ਤੇ ਹੁੰਦੇ ਹਮਲਿਆਂ ਦੌਰਾਨ ਹਰ ਲੜਾਈ ’ਚ ਵਧ-ਚੜ੍ਹ ਕੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਰਹੇ।  ਚਾਰੇ ਸਾਹਿਬਜ਼ਾਦਿਆਂ ਨੇ ਅੰਮ੍ਰਿਤਪਾਨ ਕਰ ਆਪਣੇ ਨਾਂ ਦੇ ਪਿੱਛੇ ‘ਸਿੰਘ’ ਸ਼ਬਦ ਲਗਾਇਆ।

ਗੁਰੂ ਘਰ ਉੱਤੇ ਹੁੰਦੇ ਵਿਰੋਧੀਆਂ ਦੇ ਹਮਲਿਆਂ ਦੌਰਾਨ ਬਾਬਾ ਅਜੀਤ ਸਿੰਘ ਜੀ ਦਾ ਜਥਾ ਕਿਲ੍ਹਾ ਤਾਰਾਗੜ੍ਹ ਵਿਖੇ ਤਾਇਨਾਤ ਸੀ, ਜੋ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਪਹਾੜੀ ਵੱਲ ਹੈ।  ਇਸੇ ਤਰਫ਼ ਬਿਲਾਸਪੁਰ ਦੇ ਰਾਜਾ ਅਜਮੇਰ ਚੰਦ ਦਾ ਇਲਾਕਾ ਸੀ, ਜੋ ਗੁਰੂ ਘਰ ਦੀ ਚੜ੍ਹਤ ਵੇਖ ਅਤੇ ਆਪਣੇ ਵਜ਼ੀਰ ਪੰਡਿਤ ਪਰਮਾ ਨੰਦ (ਜੋ ਕਿ ਪਹਿਲਾਂ ਰਾਜਾ ਭੀਮ ਚੰਦ ਦਾ ਵਜ਼ੀਰ ਰਿਹਾ ਸੀ) ਤੋਂ ਗੁਰੂ ਘਰ ਬਾਰੇ ਗ਼ਲਤ ਸੂਚਨਾਵਾਂ ਸੁਣ-ਸੁਣ ਕੇ ਸਦਾ ਸੜਦਾ ਰਹਿੰਦਾ ਸੀ।   29 ਅਕਤੂਬਰ 1700 ਈਸਵੀ ਦਿਨ ਵੀਰਵਾਰ ਨੂੰ ਅਜਮੇਰ ਚੰਦ ਨੇ ਇਸ ਕਿਲ੍ਹੇ ’ਤੇ ਅਚਾਨਕ ਹਮਲਾ ਕਰ ਦਿੱਤਾ।  ਤਦ ਬਾਬਾ ਅਜੀਤ ਸਿੰਘ ਜੀ ਨਾਲ਼ ਕੇਵਲ ਗਿਣਤੀ ਦੇ ਹੀ ਸਿੰਘ ਸਨ।  ਅਨੰਦਪੁਰ ਸਾਹਿਬ ਤੋਂ ਭਾਈ ਉਦੈ ਸਿੰਘ ਜੀ ਦੀ ਕਮਾਂਡ ਹੇਠ 100 ਸਿੰਘਾਂ ਦਾ ਜਥਾ ਆਉਣ ਤੱਕ ਬਾਬਾ ਜੀ ਨੇ ਇਸ ਹਮਲੇ ਨੂੰ ਪਛਾੜਨ ਲਈ ਆਪਣੇ ਸਿੰਘਾਂ ਤੋਂ ਜਥਿਆਂ ਦੇ ਰੂਪ ’ਚ ਮੁਕਾਬਲਾ ਕਰਵਾਇਆ ਅਤੇ ਤਿੰਨ ਘੰਟਿਆਂ ਬਾਅਦ ਪਹਾੜੀ ਫ਼ੌਜ ਆਪਣਾ ਨੁਕਸਾਨ ਹੁੰਦਾ ਵੇਖ ਵਾਪਸ ਭੱਜ ਗਈ । ਇਸ ਹਮਲੇ ’ਚ ਭਾਈ ਕਲਿਆਣ ਸਿੰਘ (ਸਪੁੱਤਰ ਸ਼ਹੀਦ ਭਾਈ ਦਿਆਲਾ ਜੀ), ਭਾਈ ਮੰਗਤ ਸਿੰਘ (ਭਰਾ ਭਾਈ ਫੇਰੂ ਮੱਲ ਉਰਫ਼ ਸੱਚੀ ਦਾੜ੍ਹੀ) ਸ਼ਹੀਦ ਹੋ ਗਏ ਅਤੇ ਪਹਾੜੀ ਰਾਜਿਆਂ ਦੇ ਕਈ ਸੈਨਿਕ ਮਾਰੇ ਗਏ ਤੇ ਉਨ੍ਹਾਂ ਦਾ ਆਗੂ ਘੁਮੰਡ ਚੰਦ, ਭਾਈ ਉਦੈ ਸਿੰਘ ਹੱਥੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

15 ਮਾਰਚ 1701 ਈਸਵੀ ਨੂੰ ਪਹਾੜੀ ਇਲਾਕੇ ’ਚੋਂ ਗੁਰੂ ਘਰ ਆ ਰਹੀ ਸੰਗਤ ਨੂੰ ਪਿੰਡ ਬਜਰੌੜ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਗੁੱਜਰਾਂ ਤੇ ਰੰਘੜਾਂ ਨੇ ਲੁੱਟ ਲਿਆ।  ਸੰਗਤ ਨੇ ਜਦ ਆਪ ਬੀਤੀ ਗੁਰੂ ਸਾਹਿਬ ਜੀ ਨੂੰ ਆ ਕੇ ਸੁਣਾਈ ਤਾਂ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਜੀ ਦੀ ਕਮਾਨ ਹੇਠ ਗਏ 100 ਸਿੰਘਾਂ ਨੇ ਲੁਟੇਰਿਆਂ ਦੇ ਮੁਖੀ ਚਿੱਤੂ ਤੇ ਮਿੱਤੂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਤੇ ਲੁੱਟੀ ਹੋਈ ਸਮੱਗਰੀ ਵਾਪਸ ਗੁਰੂ ਘਰ ਲੈ ਆਂਦੀ।

7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੀ ਫ਼ੌਜ ਲੈ ਕੇ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਦੇਵਕੀ ਦਾਸ ਬ੍ਰਾਹਮਣ ਦੀ ਪਤਨੀ ਨੂੰ ਕੈਦ ’ਚੋਂ ਮੁਕਤ ਕਰਵਾਇਆ।

ਪਹਾੜੀ ਰਾਜਿਆਂ ਦੁਆਰਾ ਖਾਧੀਆਂ ਗਊ ਦੀਆਂ ਕਸਮਾਂ ਅਤੇ ਔਰੰਗਜ਼ੇਬ ਦਾ ਲਿਖਿਆ ਖ਼ਤ ਵਿਖਾ ਕੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਕੁਝ ਸਮੇਂ ਲਈ ਖ਼ਾਲੀ ਕਰਨ ਨੂੰ ਕਿਹਾ ਗਿਆ ਤਾਂ ਜੋ ਇਸ ਇਲਾਕੇ ’ਚ ਸ਼ਾਂਤੀ ਹੋਣ ਉਪਰੰਤ ਗੁਰੂ ਜੀ ਵਾਪਸ ਆ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖ ਲੈਣ, ਪਰ ਪਹਾੜੀ ਤੇ ਸ਼ਾਹੀ ਫ਼ੌਜ ਦਾ ਇਹ ਸੁਝਾਅ ਕੇਵਲ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਅਜਮੇਰ ਚੰਦ ਨੇ ਹੰਡੂਰੀ, ਗੁੱਜਰ, ਰੰਘੜ ਤੇ ਸੂਬਾ ਸਰਹਿੰਦ ਦੀ ਫ਼ੌਜ ਸਮੇਤ ਅਨੰਦਪੁਰ ਸਾਹਿਬ ਨੂੰ 13 ਮਾਰਚ 1705 ਤੋਂ 5 ਦਸੰਬਰ 1705 ਤੱਕ (ਲਗਭਗ 9 ਮਹੀਨੇ 9 ਦਿਨ) ਘੇਰਾ ਪਾ ਰੱਖਿਆ ਸੀ ਪਰ ਫਿਰ ਵੀ ਕੋਈ ਵੱਡੀ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਸੀ।

ਗੁਰੂ ਜੀ ਨੇ ਮੁਖੀ ਸਿੰਘਾਂ ਨੂੰ ਇਕੱਤਰ ਕਰ ਖ਼ਾਲਸਾਈ ਫ਼ੌਜ ਨੂੰ ਅਲੱਗ-ਅਲੱਗ ਜਥਿਆਂ ’ਚ ਵੰਡ ਕੇ ਅਨੰਦਪੁਰ ਸਾਹਿਬ ਖ਼ਾਲੀ ਕਰਨ ਦਾ ਮਨ ਬਣਾ ਲਿਆ। ਇਸ ਸਮੇਂ ਅਨੰਦਪੁਰ ’ਚ ਲਗਭਗ 500 ਸਿੰਘ ਮੌਜੂਦ ਸਨ, ਜਿਨ੍ਹਾਂ ’ਚੋਂ 100 ਦਾ ਜਥਾ ਭਾਈ ਬਚਿੱਤਰ ਸਿੰਘ ਨਾਲ਼, 100 ਦਾ ਜਥਾ ਭਾਈ ਜੀਵਨ ਸਿੰਘ ਨਾਲ਼, 100 ਸਿੰਘਾਂ ਦਾ ਜਥਾ ਮਾਤਾ ਗੁਜਰ ਕੌਰ ਜੀ, ਦੋ ਛੋਟੇ ਸਾਹਿਬਜ਼ਾਦਿਆਂ, ਦੋ ਸੇਵਾਦਾਰਾਂ (ਭਾਈ ਦੁੱਨਾ ਸਿੰਘ ਜੀ ਤੇ ਬੀਬੀ ਸੁਭਿੱਖੀ ਜੀ) ਨਾਲ਼, 100 ਦਾ ਜਥਾ ਬਾਬਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਜੀ ਨਾਲ਼, 50 ਦਾ ਜਥਾ ਭਾਈ ਉਦੈ ਸਿੰਘ ਜੀ ਨਾਲ਼ ਤੇ 40 ਸਿੰਘਾਂ ਦਾ ਜਥਾ ਗੁਰੂ ਜੀ ਨੇ ਆਪਣੇ ਨਾਲ਼ ਰੱਖਿਆ।

ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਤਾਰਾ ਕੌਰ ਜੀ ਤੇ ਭਾਈ ਜੇਠਾ ਜੀ ਨੂੰ ਪਹਿਲਾਂ ਹੀ ਅਨੰਦਪੁਰ ਸਾਹਿਬ ਤੋਂ ਬੁਰਹਾਨਪੁਰ (ਮੱਧ ਪ੍ਰਦੇਸ਼) ਨੂੰ ਭੇਜਿਆ ਜਾ ਚੁੱਕਾ ਸੀ। ਇਨ੍ਹਾਂ ਨਾਲ਼ ਭਾਈ ਮਨੀ ਸਿੰਘ ਜੀ ਨਹੀਂ ਸਨ ਕਿਉਂਕਿ ਅਪਰੈਲ 1699 ਦੀ ਵਿਸਾਖੀ ਨੂੰ ਗੁਰੂ ਕੇ ਚੱਕ (ਅੰਮ੍ਰਿਤਸਰ) ਤੋਂ ਆਈ ਸੰਗਤ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਮੀਣੇ ਦਰਬਾਰ ਸਾਹਿਬ (ਅੰਮ੍ਰਿਤਸਰ) ਖ਼ਾਲੀ ਕਰ ਕੇ ਭੱਜ ਗਏ ਹਨ ਅਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਤਦ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸੇਵਾ ਸੰਭਾਲ਼ਣ ਲਈ ਨਿਯੁਕਤ ਕੀਤਾ ਸੀ।

ਸਭ ਤੋਂ ਅੱਗੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਵਾਲ਼ਾ ਜਥਾ ਕੀਰਤਪੁਰ ਵੱਲ ਭੇਜਿਆ ਗਿਆ, ਇਸ ਤੋਂ ਬਾਅਦ ਭਾਈ ਉਦੈ ਸਿੰਘ ਵਾਲ਼ਾ ਜਥਾ, ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਲ਼ਾ, ਫਿਰ ਭਾਈ ਬਚਿੱਤਰ ਸਿੰਘ ਵਾਲ਼ਾ ਤੇ ਅੰਤ ’ਚ ਭਾਈ ਜੀਵਨ ਸਿੰਘ ਜੀ ਦਾ ਜਥਾ ਰਵਾਨਾ ਕੀਤਾ ਗਿਆ, ਪਰ ਛਲ-ਕਪਟੀ ਪਹਾੜੀਆਂ ਨੇ ਖਾਧੀਆਂ ਕਸਮਾਂ ਨੂੰ ਭੁੱਲਾ ਕੇ ਭਾਈ ਜੀਵਨ ਸਿੰਘ ਜੀ ਦੇ ਜਥੇ ’ਤੇ ਹਮਲਾ ਕਰ ਦਿੱਤਾ। ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਬਖ਼ਸ਼ ਕੇ ਭਾਈ ਉਦੈ ਸਿੰਘ ਜੀ ਨੂੰ ਸ਼ਾਹੀ ਟਿੱਬੀ ’ਤੇ ਤਾਇਨਾਤ ਕਰ ਦਿੱਤਾ।  ਇਨ੍ਹਾਂ ਅਨੁਸਾਰ ਹੀ ਇੱਥੇ ਹੋਏ ਦੂਜੇ ਹਮਲੇ ’ਚ ਭਾਈ ਉਦੈ ਸਿੰਘ ਦਾ ਸੀਸ ਵੱਢ ਕੇ ਰੋਪੜ ਦੇ ਨਵਾਬ ਪਾਸ ਭੇਜਿਆ ਗਿਆ ਤੇ ਕਿਹਾ, ‘ਅਸੀਂ ਗੁਰੂ ਨੂੰ ਮਾਰ ਦਿੱਤਾ ਹੈ।’

ਭੱਟ ਵਹੀ ਮੁਲਤਾਨੀ ਸਿੰਧੀ ’ਚ ਪਹਿਲੇ ਹਮਲੇ ਦੌਰਾਨ ਭਾਈ ਜੀਵਨ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ ਸ਼ਹੀਦ ਹੋਣ ਬਾਰੇ ਇਉਂ ਦਰਜ ਹੈ, ‘ਜੀਵਨ ਸਿੰਘ ਬੇਟਾ ਅਗਿਆ ਕਾ, ਪੋਤਾ ਦੁੱਲੇ ਕਾ.. ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ.. ਰਾਣੇ ਦੀ ਫ਼ੌਜ ਗੈਲ ਦਸ ਘਰੀ ਜੂਝ ਕੇ ਮਰਾ। ਆਗੇ ਗੁਰੂ ਭਾਣੇ ਕਾ ਖਾਵਿੰਦ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਗੁਰੂ ਜਪਨਾ ਜਨਮ ਸਊਰੈਗਾ।’

ਦੂਜੀ ਲੜਾਈ ਭਾਈ ਉਦੈ ਸਿੰਘ ਜੀ ਦੇ ਜਥੇ ਦੇ 50 ਸਿੰਘਾਂ ਨਾਲ਼ ਹੋਈ।  ਭੱਟ ਵਹੀ ਕਰਸਿੰਧੂ ’ਚ ਇਸ ਬਾਰੇ ਇਉਂ ਜ਼ਿਕਰ ਹੈ, ‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ….ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ, ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।’

ਤੀਜਾ ਜਥਾ ਭਾਈ ਬਚਿੱਤਰ ਸਿੰਘ ਦਾ ਰੰਘੜਾਂ ਦੀ ਫ਼ੌਜ ਨਾਲ਼ ਮਲਕਪੁਰ (ਉਦੋਂ ਮਲਕਪੁਰ ਰੰਘੜਾਂ) ਪਿੰਡ ਦੀ ਜੂਹ ਵਿੱਚ ਭਿੜ ਪਿਆ, ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਪਿੱਛੇ ਆ ਰਹੇ ਬਾਬਾ ਅਜੀਤ ਸਿੰਘ, ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਬਚਿੱਤਰ ਸਿੰਘ ਨੂੰ ਉੱਥੋਂ ਬਚਾ ਕੇ ਛੇ ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਖ਼ਾਨ ਵਿਖੇ ਲੈ ਆਏ। ਇਹ ਯੁੱਧ 6-7 ਪੋਹ/ 5 ਤੇ 6 ਦਸੰਬਰ 1705 ਈਸਵੀ ਦੀ ਰਾਤ ਨੂੰ ਹੋਇਆ ਅਤੇ ਇਹ ਰਾਤ ਗੁਰੂ ਜੀ ਨੇ ਭਾਈ ਨਿਹੰਗ ਖ਼ਾਨ ਦੇ ਘਰ ਬਿਤਾਈ।

ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਮੁਤਾਬਕ ਹਮਲਿਆਂ ਦੀ ਸ਼ੁਰੂਆਤ ਤੱਕ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦੇ ਤੇ ਦੋ ਸੇਵਾਦਾਰਾਂ ਸਰਸਾ ਨਦੀ ਪਾਰ ਕਰ ਚੁੱਕੇ ਸਨ, ਜੋ ਬਾਅਦ ’ਚ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਪਹੁੰਚੇ । ਇਸ ਦਿਨ ਸਰਸਾ ਨਦੀ ਵਿੱਚ ਕਈ ਸਿੰਘਾਂ ਦੀਆਂ ਜਾਨਾਂ ਤੇ ਬਹੁਤ ਸਾਰਾ ਸਾਹਿਤਕ ਖ਼ਜ਼ਾਨਾ ਹੱਥੋਂ ਚਲਾ ਗਿਆ।

8 ਪੋਹ/7 ਦਸੰਬਰ ਨੂੰ ਸੁਬ੍ਹਾ ਨਿਹੰਗ ਖ਼ਾਨ ਦਾ ਬੇਟਾ ਆਲਮ ਖ਼ਾਨ ਗੁਰੂ ਜੀ ਨਾਲ਼ ਬੂਰ ਮਾਜਰੇ ਤੱਕ ਗਿਆ। ਇੱਥੋਂ ਗੁਰੂ ਜੀ, ਦੋ ਵੱਡੇ ਸਾਹਿਬਜ਼ਾਦੇ ਅਤੇ 44 ਸਿੰਘ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉੱਚੀ ਜਗ੍ਹਾ ’ਤੇ ਸਥਿਤ ਇੱਕ ਕੱਚੀ ਗੜ੍ਹੀ ਨੂੰ ਸੁਰੱਖਿਆ ਵਜੋਂ ਦਰੁਸਤ ਮੰਨ ਕੇ ਟਿਕਾਣਾ ਬਣਾਇਆ ਤੇ ਸ਼ਾਮ ਨੂੰ ਰਹਰਾਸਿ ਦਾ ਪਾਠ ਕੀਤਾ, ‘‘ਰਹਰਾਸਿ ਕਾ ਦੀਵਾਨ ਸਜਾਯਾ ਗੁਰੂ ਜੀ ਨੇ ਮਿਲ ਜੁਲ ਕੇ ਸ਼ਰੇਸ਼ਾਮ ਭਜਨ ਗਾਏ ਸਭੀ ਨੇ ’’ (ਗੰਜਿ ਸ਼ਹੀਦਾਂ/ਅੱਲਾ ਯਾਰ ਖ਼ਾਂ ਯੋਗੀ)

(ਨੋਟ : ਉਕਤ ਦਿੱਤੀਆਂ ਦੇਸੀ ਤੇ ਅੰਗਰੇਜ਼ੀ ਮਹੀਨਿਆਂ ਦੀਆਂ ਤਾਰੀਖ਼ਾਂ ਤੋਂ ਇਹ ਭੁਲੇਖਾ ਨਾ ਰਹੇ ਕਿ ਹੁਣ 6/7 ਪੋਹ ਨੂੰ 5/6 ਦਸੰਬਰ ਜਾਂ 8 ਪੋਹ ਨੂੰ 7 ਦਸੰਬਰ ਕਿਉਂ ਨਹੀਂ ਆ ਰਿਹਾ, ਇਸ ਦਾ ਕਾਰਨ ਹੈ ਕਿ ਅਜੋਕੇ ਕੈਲੰਡਰ ’ਚ 2 ਸਤੰਬਰ 1752 ਈਸਵੀ (ਬੁੱਧਵਾਰ) ਤੋਂ ਅਗਲਾ ਦਿਨ ਵੀਰਵਾਰ ਸਿੱਧਾ ਹੀ 11 ਤਾਰੀਖ਼ਾਂ ਵਧਾ ਕੇ 14 ਸਤੰਬਰ 1752 ਕਰ ਦਿੱਤਾ ਗਿਆ ਸੀ ਤਾਂ ਜੋ ਇਸ ਨੂੰ ਮੌਸਮੀ ਕੈਲੰਡਰ ਦੇ ਨੇੜੇ ਲਿਆਂਦਾ ਜਾ ਸਕੇ।)

ਗੁਰੂ ਜੀ ਕਾਇਰਾਂ ਵਾਙ ਛੁਪੇ ਨਹੀਂ ਸਗੋਂ 10 ਪੋਹ/9 ਦਸੰਬਰ ਨੂੰ ਸੁਬ੍ਹਾ ਹੋਣ ਵਾਲ਼ੀ ਵੱਡੀ ਜੰਗ ਵਾਸਤੇ 8 ਤੇ 9 ਦਸੰਬਰ ਵਾਲ਼ੀ ਰਾਤ ਨੂੰ ਗੜ੍ਹੀ ਦੇ ਚਾਰੋਂ ਤਰਫ਼ ਦਾ ਮੁਆਇਨਾ ਕਰਦੇ ਰਹੇ ।  ਗੁਰੂ ਜੀ; ਆਪਣੇ ਜ਼ਫ਼ਰਨਾਮੇ ’ਚ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਮੇਰੇ 40 ਭੁੱਖੇ ਭਾਣੇ ਬੰਦੇ ਹੋਰ ਕਿੰਨਾ ਕੁ ਕਰ ਸਕਦੇ ਸਨ ਜਦੋਂ ਕਿ ਉਨ੍ਹਾਂ ਉੱਤੇ 10 ਲੱਖ ਸੈਨਿਕ ਟੁੱਟ ਕੇ ਆ ਪਏ, ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ?੧੯’’

ਮੁਖ਼ਬਰਾਂ ਪਾਸੋਂ ਰਾਤ ਨੂੰ ਮਿਲੀ ਸੂਚਨਾ ਮੁਤਾਬਕ ਸਵੇਰੇ, ਕੱਚੀ ਗੜ੍ਹੀ ਨੂੰ ਚਾਰੋਂ ਤਰਫ਼ੋਂ ਘੇਰ ਲਿਆ ਗਿਆ।  9 ਦਸੰਬਰ ਨੂੰ ਪੂਰਾ ਦਿਨ ਸੰਸਾਰ ਦਾ ਬੇਜੋੜ ਯੁੱਧ ਹੋਇਆ ਕਿਉਂਕਿ ਇੱਕ-ਇੱਕ ਸਿੰਘ ਨੇ ਹਜ਼ਾਰਾਂ ਹਮਲਾਵਰਾਂ ਨਾਲ਼ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।  ਸ਼ਾਹੀ ਫ਼ੌਜ, ਸਿੰਘਾਂ ਦੇ ਗੜ੍ਹੀ ’ਚੋਂ ਬਾਹਰ ਆ ਕੇ ਗਰੁਪਾਂ ’ਚ ਹਮਲਾ ਕਰਨ ਦੇ ਤਰੀਕੇ ਤੋਂ ਇੰਨੀ ਡਰੀ ਹੋਈ ਸੀ ਕਿ ਇੱਕ ਸਿੰਘ ਦੇ ਸ਼ਹੀਦ ਹੋਣ ’ਤੇ ਵੀ ਆਖਦੇ ਕਿ ਚੰਗਾ ਹੋਇਆ ਬਲਾ ਟਲ ਗਈ, ‘‘ਤਲਵਾਰ ਵੁਹ ਖ਼ੂੰਖ਼ਾਰ ਥੀ, ਤੋਬਾ ਹੀ ਭਲੀ ਥੀ ਲਾਖੋਂ ਕੀ ਹੀ ਜਾਂ ਲੇ ਕੇ, ਬਲਾ ਸਰ ਸੇ ਟਲੀ ਥੀ ’’ (ਅੱਲਾ ਯਾਰ ਖਾਂ ਯੋਗੀ)

ਅੱਲਾ ਯਾਰ ਖਾਂ ਯੋਗੀ ਦੇ ਇਸ ਕਥਨ ਕਿ ‘‘ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਯੇ ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਯੇ ’’ ਮੁਤਾਬਕ ਸ਼ਾਮ ਤੱਕ ਦੋ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ) ਤੋਂ ਇਲਾਵਾ 40 ਸਿੰਘ ਦੁਸ਼ਮਣਾਂ ਨੂੰ ਭਾਜੜਾ ਪਾਉਂਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਂ ਹਨ ‘‘ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ (ਉਹ ਗੁਰਮੁਖ, ਜਿਨ੍ਹਾਂ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤ 25 ਮਈ 1675 ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਾਸੋਂ ਮਦਦ ਲੈਣ ਅਨੰਦਪੁਰ ਸਾਹਿਬ ਆਏ।), ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਿਆਲ ਸਿੰਘ, ਦਾਮੋਦਰ ਸਿੰਘ, ਨਰਾਇਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸਨ ਸਿੰਘ, ਭਗਵਾਨ ਸਿੰਘ, ਮਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ ਅਤੇ ਰਤਨ ਸਿੰਘ।’’ (ਮਹਾਨ ਕੌਸ਼)

ਗੁਰੂ ਸਾਹਿਬ ਨੇ ਗੜ੍ਹੀ ’ਚੋਂ ਤੀਰਾਂ ਨਾਲ਼ ਅਚੂਕ ਹਮਲੇ ਕਰ ਕੇ ਮੁਗ਼ਲ ਸਰਦਾਰ ਨਾਹਨ ਖ਼ਾਂ (ਮਲੇਰਕੋਟਲਾ ਨਿਵਾਸੀ) ਸਮੇਤ ਅਣਗਿਣਤ ਮੁਗ਼ਲ ਸਰਦਾਰ ਅਤੇ ਸੈਨਿਕ ਮਾਰੇ।  9 ਤੇ 10 ਦਸੰਬਰ ਦੀ ਰਾਤ ਨੂੰ ਪੰਜ ਸਿੰਘਾਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ) ਦੁਆਰਾ ਲਏ ਗਏ ਫ਼ੈਸਲੇ ਉਪਰੰਤ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ ਗਈ।  ਭਾਈ ਸੰਤੋਖ ਸਿੰਘ ਅਨੁਸਾਰ ਇਨ੍ਹਾਂ ਪੰਜਾਂ ਪਿਆਰਿਆਂ ’ਚੋਂ ਬਾਅਦ ’ਚ ਸਥਿਤੀ ਨੂੰ ਸੰਭਾਲਣ ਲਈ ਗੁਰੂ ਜੀ ਨੇ ਭਾਈ ਸੰਤ ਸਿੰਘ ਨੂੰ ਆਪਣਾ ਤੁਰਰਾ ਤੇ ਕਲਗੀ ਬਖ਼ਸ਼ੀ, ‘‘ਪੰਚਹੁਂ ਮੇ ਕਲਗੀ ਕਿਂਹ ਦੀਨਸ  ?, ਸੋ ਨਿਰਨੈ ਸੁਨੀਐ ਮਨ ਲਾਇ, ਸੰਤ ਸਿੰਘ ਖਤ੍ਰੀ ਸਿਖ ਸੁਭ ਮਤਿ, ਥਾਪ੍ਯੋ ਪੰਚਹੁਂ ਮੇ ਵਡਿਆਈ ਤਿਸ ਕੋ ਗੁਰੁਤਾ (ਅਗਵਾਈ) ਅਰਪਨ ਕੀਨਸ, ਪ੍ਰਿਥਮ ਖਾਲਸੇ ਮੇ ਤਿਨ ਪਾਇ ਸਸਤ੍ਰ ਬੰਧਾਇ ਬਠਾਇ ਅਟਾਰੀ ਗੁਰੂ ਫ਼ਤੇ ਬੋਲੇ ਹਰਖਾਇ’’ ( ਗੁਪ੍ਰਸੂ ਰੁੱਤ : ੪੧)  ਪਰ ਗੁਰੁ ਵਿਲਾਸ ਦੇ 20ਵੇਂ ਅਧਿਆਏ ’ਚ ਭਾਈ ਸੁਖਾ ਸਿੰਘ ਨੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ (ਕਲਗੀ) ਬਖ਼ਸ਼ੀ, ਲਿਖਿਆ ਹੈ।

(ਨੋਟ : ਉਕਤ ਬਿਆਨ ਕੀਤੇ ਗਏ 40 ਸ਼ਹੀਦ ਸਿੰਘਾਂ ’ਚ ਭਾਈ ਸੰਗਤ ਸਿੰਘ ਜੀ ਦਾ ਨਾਂ ਨਹੀਂ ਹੈ, ਅਗਰ ਭਾਈ ਸਾਹਿਬ ਦੀ ਗਿਣਤੀ ਸ਼ਾਮਲ ਕੀਤੀ ਜਾਏ ਤਾਂ ਇਹ 41+2 (ਸ਼ਾਹਿਬਜ਼ਾਦੇ)= 43 ਹੋ ਜਾਏਗੀ, ਪਰ ਜ਼ਫ਼ਰਨਾਮੇ ’ਚ 40 ਸਿੰਘਾਂ ਦੀ ਗਿਣਤੀ ਦਾ ਜ਼ਿਕਰ ਹੈ।  ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਨੇ ਇਹ ਗਿਣਤੀ ਅੰਦਾਜ਼ਨ ਕਹੀ ਹੋਵੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦੇ ਜਥੇ ’ਚ 40 ਸਿੰਘ ਹੀ ਸਨ।)

ਖ਼ਾਲਸੇ ਦਾ ਹੁਕਮ ਮੰਨਦਿਆਂ ਗੁਰੂ ਜੀ ਨੇ ਗੜ੍ਹੀ ’ਚੋਂ ਬਾਹਰ ਜਾਣਾ ਕਬੂਲ ਕਰ ਲਿਆ, ਜਿਨ੍ਹਾਂ ਦੀ ਹਿਫ਼ਾਜ਼ਤ ਲਈ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ (ਨਿਹੰਗ ਪੰਥ ਦੇ ਬਾਨੀ) ਵੀ ਗੜ੍ਹੀ ’ਚੋਂ ਬਾਹਰ ਨਿਕਲ ਮਾਛੀਵਾੜੇ ਵੱਲ ਗਏ ਜਿੱਥੇ ਆਪ ਨੂੰ ਗੁਰੂ ਘਰ ਦੇ ਪਰਮ ਭਗਤ ਗ਼ਨੀ ਖ਼ਾਂ ਤੇ ਨਬੀ ਖ਼ਾਂ ਮਿਲੇ।  ਇਹ ਰਾਤ ਆਪ ਨੇ ਭਾਈ ਜੀਵਨ ਸਿੰਘ ਦੇ ਚੌਬਾਰੇ ’ਚ ਗੁਜਾਰੀ।

ਦੂਸਰੇ ਪਾਸੇ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਖੇੜੀ (ਸਹੇੜੀ) ਪਿੰਡ ਦੇ ਮਸੰਦਾਂ ਅਤੇ ਗੰਗੂ ਬ੍ਰਾਹਮਣ ਨੇ ਮੁਰਿੰਡੇ ਦੇ ਥਾਣੇਦਾਰ ਨੂੰ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ, ਜਿਸ ਨੇ ਬੰਦੀ ਬਣਾ ਉਨ੍ਹਾਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ।  ਸੂਬਾ ਸਰਹਿੰਦ ਨੇ ਠੰਡੇ ਬੁਰਜ ’ਚ ਕੈਦ ਕਰ 2-3 ਦਿਨ ਡਰਾਉਣਾ, ਸਮਝਾਉਣਾ ਜਾਰੀ ਰੱਖਿਆ ਤਾਂ ਜੋ ਇਸਲਾਮ ਕਬੂਲ ਕਰ ਲੈਣ ਪਰ 86 ਸਾਲਾਂ (1619-1705) ਬਜ਼ੁਰਗ ਦਾਦੀ ਮਾਤਾ ਦੀ ਪ੍ਰੇਰਨਾ ਨੇ ਇਨ੍ਹਾਂ ਦੇ ਫ਼ਿਰਕੂ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ।  ਆਖ਼ਿਰ 13 ਪੋਹ/12 ਦਸੰਬਰ 1705 ਈਸਵੀ ਨੂੰ 9 ਸਾਲ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ 7 ਸਾਲ ਦੇ ਸਾਹਿਬਜ਼ਾਦਾ ਫ਼ਤਿਹ ਸਿੰਘ (ਦੋਵੇਂ ਮਸੂਮਾਂ) ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ, ਪਰ ਕੰਧ ਡਿੱਗ ਗਈ ਤੇ ਬੱਚੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹੋਸ਼ ’ਚ ਲਿਆ ਕੇ ਅਗਲੇ ਦਿਨ ਮੁੜ ਵਜ਼ੀਰ ਖ਼ਾਨ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ ਤਾਂ ਜੋ ਸ਼ਾਇਦ ਹੁਣ ਡਰ ਕਾਰਨ ਇਸਲਾਮ ਕਬੂਲ ਕਰ ਲੈਣ। ਇੱਥੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਮਸੂਮ ਬੱਚਿਆਂ ਨੂੰ ਕਤਲ ਨਾ ਕਰਨ ਦੀ ਨਸੀਹਤ ਦਿੱਤੀ ਸੀ, ਪਰ ਸਭਾ ’ਚ ਮੌਜੂਦ ਸੁੱਚਾ ਨੰਦ ਬ੍ਰਾਹਮਣ ਨੇ ਵਜ਼ੀਰ ਖ਼ਾਨ ਨੂੰ ਭੜਕਾਇਆ ਤੇ ਤਲਵਾਰ ਨਾਲ਼ ਦੋਵੇਂ ਬੱਚਿਆਂ ਨੂੰ ਕਤਲ ਕਰਵਾ ਦਿੱਤਾ ਗਿਆ। ਇਸ ਮਗਰੋਂ ਠੰਡੇ ਬੁਰਜ ’ਚ ਬੰਦ ਬਜ਼ੁਰਗ ਮਾਤਾ ਗੁਜਰੀ ਦੇ ਮੂੰਹੋਂ ਨਿਕਲੀ ਸਚਾਈ ਨੂੰ ਨਾ ਸਹਿ ਸਕਣ ਤੋਂ ਬਾਅਦ ਉਨ੍ਹਾਂ ਨੂੰ ਬੁਰਜ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ ਗਿਆ, ਜਿਸ ਕਾਰਨ ਉਹ ਪ੍ਰਾਣ ਤਿਆਗ ਗਏ । 

ਤਿੰਨੇ ਸਰੀਰਾਂ ਨੂੰ ਬਾਹਰ ਖੁਲ੍ਹੇ ਮੈਦਾਨ ’ਚ ਸੁੱਟਵਾ ਦਿੱਤਾ ਗਿਆ ਤਾਂ ਜੋ ਜਾਨਵਰ ਖਾ ਲੈਣ, ਪਰ ਗੁਰੂ ਘਰ ਦੇ ਸੇਵਕ ਟੋਡਰ ਮੱਲ ਦੀ ਔਲਾਦ ਦੁਆਰਾ ਸੂਬਾ ਸਰਹਿੰਦ ਨੂੰ ਭਾਰੀ ਰਕਮ ਦੇ ਕੇ ਦੋਵੇਂ ਬੱਚਿਆਂ ਤੇ ਮਾਤਾ ਦੇ ਸਰੀਰ ਦਾ ਸਸਕਾਰ ਕੀਤਾ ਗਿਆ।  ਟੋਡਰ ਮੱਲ, ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲ਼ਾ ਇੱਕ ਉਦਾਰਵਾਦੀ ਵਪਾਰੀ ਸੇਠ ਸੀ, ਜਿਨ੍ਹਾਂ ਦੀ ਮੌਤ ਸੰਨ 1665-66 ’ਚ ਹੋ ਚੁੱਕੀ ਸੀ।  ਗੁਰੂ ਪਰਿਵਾਰ ਦਾ ਸਸਕਾਰ ਕਰਨ ਬਦਲੇ ਭਾਰੀ ਰਕਮ ਲੈਣ ਦੇ ਬਾਵਜੂਦ ਵੀ ਟੋਡਰ ਮੱਲ ਦੇ ਪਰਿਵਾਰ ਨੂੰ ਵੀ ਕੋਹਲੂ ’ਚ ਪੀੜਿਆ ਗਿਆ।

ਦੂਜੇ ਪਾਸੇ ਸੂਬਾ ਸਰਹਿੰਦ ਕੈਦੀਆਂ ਨੂੰ ਭੋਜਨ ਦੇਣ ਲਈ ਨਿਯੁਕਤ ਭਾਈ ਮੋਤੀ ਰਾਮ ਮਹਿਰਾ, ਠੰਡੇ ਬੁਰਜ ’ਚ ਬੰਦ ਬੱਚਿਆਂ ਤੇ ਮਾਤਾ ਜੀ ਨੂੰ ਵੀ ਦੁੱਧ ਪਿਲਾਉਂਦਾ ਰਿਹਾ, ਜਿਸ ਦਾ ਪਤਾ ਲੱਗਣ ’ਤੇ ਉਸ ਦੀ ਮਾਤਾ, ਪਤਨੀ ਤੇ ਇੱਕ ਛੋਟੇ ਜਿਹੇ ਪੁੱਤਰ ਸਮੇਤ ਪੂਰੇ ਪਰਿਵਾਰ ਨੂੰ ਕੋਹਲੂ ’ਚ ਪੀੜ ਕੇ ਕਤਲ ਕੀਤਾ ਗਿਆ ।

ਇਸ ਲੇਖ ਦੀ ਅਰੰਭਤਾ ’ਚ ਕੀਤੀ ਗਈ ਵਿਚਾਰ ਕਿ ਮਨੁੱਖ ਵੀ ਇੱਕ ਆਮ ਜੂਨ ਹੈ, ਜੋ ਕੇਵਲ ਪਦਾਰਥ ਭੋਗਣ ਤੇ ਆਪਣੇ ਵੰਸ਼ਜ ਦੇ ਵਿਕਾਸ ਤੱਕ ਸੀਮਤ ਰਹਿ ਕੇ ਮਰ ਜਾਂਦਾ ਹੈ, ਪਰ ਧਰਮ ਦੀ ਦ੍ਰਿਸ਼ਟੀ ਤੋਂ ਮੰਜ਼ਲ ਵਿਹੂਣਾ ਬੀਤ ਰਿਹਾ ਇਹ ਜਨਮ ਕੋਹਲੂ ਦੇ ਬਲ਼ਦ ਵਾਙ ਹੈ।  ਭਾਈ ਗੁਰਦਾਸ ਜੀ ਅਨੁਸਾਰ;  ਜਿਵੇਂ ਕੋਹਲੂ ’ਚ ਸਰੋਂ ਪਾ ਕੇ ਜੋਤਿਆ ਗਿਆ ਅੱਖਾਂ ਬੰਨ੍ਹ ਕੇ ਬਲ਼ਦ ਪੂਰਾ ਤੇਲ ਨਿਕਲ ਜਾਣ ’ਤੇ ਜਦ ਉਸ ਦੀਆਂ ਅੱਖਾਂ ਖੋਲ੍ਹੀਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਓਥੇ ਖੜ੍ਹਾ ਹੀ ਵੇਖਦਾ ਹੈ, ਜਿੱਥੋਂ ਕਈ ਘੰਟੇ ਪਹਿਲਾਂ ਚੱਲਿਆ ਸੀ, ਇਸੇ ਤਰ੍ਹਾਂ ਟੀਚਾ ਰਹਿਤ ਜੂਨ ਭੋਗ ਰਿਹਾ ਮਨੁੱਖ, ਸੰਸਾਰਕ ਯਾਤ੍ਰਾ ਦੀ ਸਮਾਪਤੀ ’ਚ ਵੀ ਆਪਣੇ ਆਪ ਨੂੰ ਓਥੇ ਹੀ ਖੜ੍ਹਾ ਪਾਉਂਦਾ ਹੈ ਜਿੱਥੋਂ ਇਹ ਮਨੁੱਖਾ ਜਨਮ ਮਿਲਿਆ ਸੀ, ‘‘ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲ੍ਯੋ; ਨੈਨ ਉਘਰਤ ਵਾਹੀ ਠਾਉ ਹੀ ਠਿਕਾਨੋ ਹੈਤੈਸੇ ਸ੍ਵਪਨੰਤਰੁ ਦਿਸੰਤਰ ਬਿਹਾਯ ਗਈ; ਪਹੁੰਚ ਸਕ੍ਯੋ ਤਹਾਂ ਜਹਾਂ ਮੋਹਿ ਜਾਨੋ ਹੈ ’’ (ਕਬਿੱਤ ੫੭੮)

ਸੋ ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’ ਦੇ ਵਾਰਸਾਂ ਨੇ ਹੁਣ ਵੇਖਣਾ ਹੈ ਕਿ ਆਪਣੇ ਕੀਮਤੀ ਸੁਆਸਾਂ ਨੂੰ ਕਿਵੇਂ ਸਾਰਥਕ ਬਣਾਉਣਾ ਹੈ।

ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥

0

ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥

ਗਿਆਨ ਬਲਜੀਤ ਸਿੰਘ (ਡਾਇਰੈਕਟਰ ਐਜੁਕੇਸ਼ਨ)

ਇਹ ਪਵਿੱਤਰ ਪੰਗਤੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਉਚਾਰਨ ਕੀਤੀ ਹੋਈ ਹੈ ਅਤੇ ਆਸਾ ਰਾਗ ਅੰਦਰ ਦਰਜ ਸ਼ਬਦ ‘‘ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ’’ ਦੇ ਦੂਜੇ ਬੰਦ ਅੰਦਰ ਦੂਜੀ ਤੁਕ ਹੈ।  ਪੂਰਾ ਬੰਦ ਇਸ ਤਰ੍ਹਾਂ ਹੈ ‘‘ਆਪਿ ਲੀਏ ਲੜਿ ਲਾਇ, ਦਰਿ ਦਰਵੇਸ ਸੇ ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ’’ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ ੪੮੮ ’ਤੇ ਅੰਕਿਤ ਹੈ।

ਦੁਨੀਆਂ ਅੰਦਰ ਆਮ ਧਾਰਨਾ ਹੈ ਕਿ ਜਨਨੀ ਜਣੈ ਤਾ ਭਗਤ ਜਨ ਕੈ (ਜਾਂ) ਦਾਤਾ ਕੈ ਸੂਰ  ਨਹੀਂ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ’ (ਤੁਲਸੀਦਾਸ ਜੀ) ਗੁਰਬਾਣੀ ਅਤੇ ਭਗਤ ਬਾਣੀ ਵਿੱਚ ਵੀ ਸੰਤਾਨ ਨੂੰ ਧਰਮੀ ਬਣਾਉਣ ਲਈ ਸਖ਼ਤ ਹਦਾਇਤ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਤੋਂ ਜੋ ਸਮਾਜ ਹੋਂਦ ਵਿੱਚ ਆਏ ਉਹ ਧਰਮੀ ਲੋਕਾਂ ਦਾ ਸਮਾਜ ਹੋ ਸਕੇ।  ਕਬੀਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜਿਹ ਕੁਲਿ, ਪੂਤੁ ਗਿਆਨ ਬੀਚਾਰੀ ਬਿਧਵਾ ਕਸ ਭਈ ਮਹਤਾਰੀ ’’ (ਭਗਤ ਕਬੀਰ ਜੀ/੩੨੮), ਗੁਰੂ ਰਾਮਦਾਸ ਜੀ ਫ਼ੁਰਮਾਨ ਕਰਦੇ ਹਨ ‘‘ਜਿਨ ਹਰਿ ਹਿਰਦੈ ਨਾਮੁ ਬਸਿਓ; ਤਿਨ ਮਾਤ ਕੀਜੈ ਹਰਿ ਬਾਂਝਾ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈਓਇ ਖਪਿ ਖਪਿ ਮੁਏ ਕਰਾਂਝਾ ’’ (ਮਹਲਾ /੬੯੭)

ਦ੍ਰਿਸ਼ਟਮਾਨ ਇਸ ਜਗਤ ਵਿੱਚ ਮਨੁੱਖੀ ਜੀਵਨ ਨੂੰ ਸਰਬੋਤਮ ਮੰਨਿਆ ਗਿਆ ਹੈ, ਪਰ ਇਹ ਸਰਬੋਤਮ ਜੀਵਨ ਪ੍ਰਾਪਤ ਹੋਇਆ ਹੀ ਪ੍ਰਭੂ ਦੇ ਗੁਣਾਂ ਨੂੰ ਧਾਰਨ ਕਰਨ ਲਈ ਹੈ।  ਉਸ ਨਾਲ ਅਭੇਦ ਹੋਣ ਲਈ ਇਹ ਵਾਰੀ ਮਿਲੀ ਹੈ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ’’ (ਮਹਲਾ /੧੨)

ਗੁਰਮਤਿ ਨੇ ਮਨੁੱਖ ਨੂੰ ਦ੍ਰਿੜ੍ਹ ਕਰਵਾਇਆ ਹੈ ਕਿ ਗੁਰੂ ਦੁਆਰਾ ਬਖ਼ਸ਼ੇ ਹੋਏ ਅੰਮ੍ਰਿਤ ਨੇ ਇਸ ਜੀਵਨ ਨੂੰ ਪਵਿੱਤਰ ਕਰਨਾ ਹੈ, ਜਿਸ ਨੂੰ ਖ਼ਾਲਸਾ ਜਾਂ ਪਵਿੱਤਰ ਜੀਵਨ ਕਿਹਾ ਗਿਆ ਹੈ। ਖ਼ਾਲਸਾ; ਇੱਕ ਮਾਨਸਿਕ ਪੱਧਰ ਦਾ ਨਾਮ ਹੈ। ਖ਼ਾਲਸਾ; ਇੱਕ ਧਾਰਮਿਕ, ਮਾਨਸਿਕ, ਸਦਾਚਾਰਕ ਬਿਰਤੀ ਦਾ ਨਾਮ ਹੈ।  ਖ਼ਾਲਸਾ; ਕੁਝ ਆਦਰਸ਼ਾਂ ਦਾ ਨਾਮ ਹੈ, ਜਿਸ ਦੇ ਮੁੱਖ ਰੂਪ ਵਿੱਚ ‘ਗੁਰੂ ਗ੍ਰੰਥ ਜੀ ਮਾਨਿਓ, ਸੰਤ ਸਿਪਾਹੀ (ਰਾਜ-ਜੋਗ, ਮੀਰੀ-ਪੀਰੀ) ਵਾਹਿਗੁਰੂ ਜੀ ਕੀ ਫ਼ਤਿਹ ਅਤੇ ਬੋਲੇ ਸੋ ਨਿਹਾਲ’ ਆਦਰਸ਼ ਪ੍ਰਤੀਕ ਹਨ।  ਖ਼ਾਲਸੇ ਦਾ ਨਿਸ਼ਾਨਾ ਜਗਤ ਜਲੰਦੇ ਨੂੰ ਤਾਰਨਾ ਅਤੇ ਸਰਬੱਤ ਦਾ ਭਲਾ ਮੰਗਣਾ ਹੈ।

ਅਸੂਲ ਇਹ ਹੈ ਕਿ ਸਿਰ ਨਹੀਂ ਗਿਣਨੇ, ਆਦਰਸ਼ ਮਿਣਨੇ ਹਨ। ਭਾਰ ਨਹੀਂ ਤੋਲਣਾ, ਜਿਗਰ ਪਰਖਣਾ ਹੈ। ਪਸ਼ੂ ਸ਼ਕਤੀ ਨਹੀਂ ਜਾਣਨੀ, ਮਾਨਸਿਕ ਸਥਿਰਤਾ ਵੇਖਣੀ ਹੈ। ਹੁਕਮ ਹਾਸਲ ਦੀ ਕਦਰ ਨਹੀਂ, ਸੇਵਾ ਦੀ ਮਹਾਨਤਾ ਹੈ।  ਸਿਧਾਂਤ ਇਹ ਹੈ ਕਿ ਪ੍ਰਭੂ ਬਿਰਤੀ ਵਾਲਾ ਇੱਕ ਮਨੁੱਖ ਵੀ ਕਰੋੜ ਵਿਸ਼ਈਆਂ ਅਤੇ ਕੁਕਰਮੀਆਂ ਤੋਂ ਬਹੁਤ ਬਲਵਾਨ ਹੁੰਦਾ ਹੈ।

ਅਜਿਹੇ ਆਤਮਿਕ ਬਲਵਾਨ, ਮੁਕਤ ਤੇ ਸਚਿਆਰ ਪੁਰਸ਼ ਨੇ ਪਰਉਪਕਾਰ ਲਈ ਵੀ ਸੰਸਾਰ ’ਤੇ ਆਉਣਾ ਹੈ।  ਅਜਿਹੇ ਮਹਾਂ ਪੁਰਖ ਦੇ ਜਨਮ ’ਤੇ ਵੀ ਖ਼ੁਸ਼ੀ ਹੁੰਦੀ ਹੈ ਤੇ ਲੁਕਾਈ ਖ਼ੁਸ਼ੀ ਵਿੱਚ ਝੂਮਦੀ ਹੋਈ ਪੁਕਾਰ ਉੱਠਦੀ ਹੈ ‘‘ਧਨੁ ਧੰਨੁ ਪਿਤਾ, ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ, ਜਿਨਿ ਗੁਰੂ ਜਣਿਆ ਮਾਇ ਧਨੁ ਧੰਨੁ ਗੁਰੂ, ਜਿਨਿ ਨਾਮੁ ਅਰਾਧਿਆ; ਆਪਿ ਤਰਿਆ, ਜਿਨੀ ਡਿਠਾ, ਤਿਨਾ ਲਏ ਛਡਾਇ ਹਰਿ ਸਤਿਗੁਰੁ ਮੇਲਹੁ ਦਇਆ ਕਰਿ; ਜਨੁ ਨਾਨਕੁ ਧੋਵੈ ਪਾਇ (ਮਹਲਾ /੩੧੦ ), ਧੰਨੁ ਸੁ ਵੰਸੁ, ਧੰਨੁ ਸੁ ਪਿਤਾ; ਧੰਨੁ ਸੁ ਮਾਤਾ, ਜਿਨਿ ਜਨ ਜਣੇ ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿਸੇ ਸਾਚੀ ਦਰਗਹ ਹਰਿ ਜਨ ਬਣੇ ’’ (ਮਹਲਾ /੧੧੩੫) ਭਾਈ ਗੁਰਦਾਸ ਜੀ ਅਜਿਹੇ ਜੀਵਨ ਤੋਂ ਸਦਕੇ ਜਾਂਦੇ ਹੋਏ ਵਾਰ ਨੰਬਰ ੩ ਦੀ ਪਉੜੀ ਨੰਬਰ ੨੦ ਰਾਹੀਂ ਇਸ ਤਰ੍ਹਾਂ ਕਥਨ ਕਰਦੇ ਹਨ ਕਿ

੧. ਜਿਨ੍ਹਾਂ ਨੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੀਸ ਝੁਕਾਇਆ ਹੈ।

੨. ਗੁਰੂ ਚਰਨਾਂ ਨਾਲ ਚਿੱਤ ਲਾ ਕੇ ਆਪਣਾ ਮੱਥਾ ਗੁਰੂ ਚਰਨਾਂ ’ਤੇ ਟਿਕਾ ਦਿੱਤਾ ਹੈ।

੩. ਗੁਰਮਤਿ ਨੂੰ ਹਿਰਦੇ ਵਿੱਚ ਵਸਾ ਕੇ ਆਪਾ-ਭਾਵ ਨਾਸ ਕੀਤਾ ਹੈ।

੪. ਗੁਰੂ ਦੀ ਰਾਹੀਂ ਅਡੋਲਤਾ ਵਿੱਚ ਰਹਿੰਦਿਆਂ ਪਰਮਾਤਮਾ ਦਾ ਹੁਕਮ ਚੰਗਾ ਲੱਗਾ ਹੈ।

੫. ਸ਼ਬਦ ਵਿੱਚ ਸੁਰਤ ਜੋੜ ਕੇ ਹੁਕਮ ਦੀ ਕਮਾਈ ਕੀਤੀ ਹੈ।

੬. ਸਾਧ ਸੰਗਤ ਦੀ ਰਾਹੀਂ ਗੁਰੂ ਦੇ ਭੈ ਨੂੰ ਸਮਝ ਕੇ ਨਿੱਜ ਘਰ ਭਾਵ ਨਿਜ ਰੂਪ ਦੀ ਪਹਿਚਾਣ ਕੀਤੀ ਹੈ।

੭. ਭੰਵਰ ਵਾਂਗ ਗੁਰੂ ਦੇ ਚਰਨ ਕੰਵਲਾਂ ਨਾਲ ਪਤੀਜ ਗਿਆ ਹੈ।

੮. ਸੁਖਾਂ ਦੇ ਖ਼ਜ਼ਾਨੇ ਨਾਮ ਨਾਲ ਪਰਚਾ ਲਾ ਕੇ ਨਾ ਪੀਤਾ ਜਾਣ ਵਾਲਾ ਅੰਮ੍ਰਿਤ ਰਸ ਪੀਤਾ ਹੈ।  ਅਜਿਹੇ ਜੀਵਨ ਵਾਲੇ ਪੁਰਸ਼ ਦੀ ਜਨਨੀ ਧੰਨਤਾ ਯੋਗ ਹੈ।  ਕਥਨ ਹੈ ‘‘ਸਤਿਗੁਰ ਸਰਣੀ ਜਾਇ ਸੀਸੁ ਨਿਵਾਇਆ ਗੁਰ ਚਰਣੀ ਚਿਤੁ ਲਾਇ ਮਥਾ ਲਾਇਆ ਗੁਰਮਤਿ ਰਿਦੈ ਵਸਾਇ ਆਪੁ ਗਵਾਇਆ ਗੁਰਮੁਖਿ ਸਹਜਿ ਸੁਭਾਇ ਭਾਣਾ ਭਾਇਆ ਸਬਦ ਸੁਰਤਿ ਲਿਵ ਲਾਇ ਹੁਕਮੁ ਕਮਾਇਆ ਸਾਧਸੰਗਤਿ ਭੈ ਭਾਇ ਨਿਜ ਘਰਿ ਪਾਇਆ ਚਰਨ ਕਵਲ ਪਤੀਆਇ ਭਵਰੁ ਲੁਭਾਇਆ ਸੁਖ ਸੰਪਟ ਪਰਚਾਇ ਅਪਿਓ ਪੀਆਇਆ ਧੰਨ ਜਣੇਦੀ ਮਾਇ ਸਹਿਲਾ ਆਇਆ ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੦)

ਅਜਿਹੇ ਪਵਿੱਤਰ ਜੀਵਨ ਵਾਲੇ ਪੁਰਸ਼ ਜਦੋਂ ‘‘ਜੀਵਤ ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ ’’ (ਮਹਲਾ /੧੦੦੦) ਅਨੁਸਾਰ ਸੰਸਾਰ ਤੋਂ ਵਾਪਸ ਤੁਰਦੇ ਹਨ ਤਦ ਵੀ ਉਹ ਚਾਉ ਨਾਲ ਹੀ ਜਾਂਦੇ ਹਨ ‘‘ਕਬੀਰ ! ਮੁਹਿ ਮਰਨੇ ਕਾ ਚਾਉ ਹੈ; ਮਰਉ, ਹਰਿ ਕੈ ਦੁਆਰ ਮਤ ਹਰਿ ਪੂਛੈ ਕਉਨੁ ਹੈਪਰਾ ਹਮਾਰੈ ਬਾਰ (ਭਗਤ ਕਬੀਰ ਜੀ/੧੩੬੭), ਕਬੀਰ ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ’’ (ਭਗਤ ਕਬੀਰ ਜੀ/੧੩੬੫)

ਇੱਥੇ ਜਨਮ ਮਰਨ ਦੀ ਗੱਲ ਨਹੀਂ ਬਲਕਿ ਗੱਲ ਤਾਂ ਵਿਚਲੇ ਜੀਵਨ ਦੀ ਹੈ।  ਸਵਾਲ ਇਹ ਨਹੀਂ ਕਿੰਨਾ ਲੰਬਾ ਜੀਵਨ ਜੀਵਿਆ ਗਿਆ ਹੈ ? ਬਲਕਿ ਸਵਾਲ ਇਹ ਹੈ ਕਿ ਜੀਵਨ ਕਿਵੇਂ ਬਤੀਤ ਕੀਤਾ ਗਿਆ ਹੈ ?  ਹੋ ਸਕਦਾ ਹੈ ਬਾਬਾ ਫ਼ਤਿਹ ਸਿੰਘ ਜੀ ਦੀ ਤਰ੍ਹਾਂ ਜੀਵਨ ਲੀਲ੍ਹਾ 7 ਸਾਲ ਬਾਅਦ ਹੀ ਸਮਾਪਤ ਹੋ ਗਈ ਹੋਵੇ ਜਾਂ ਬਾਬਾ ਬੁੱਢਾ ਜੀ ਦੀ ਤਰ੍ਹਾਂ 125 ਸਾਲ ਦੀ ਲੰਮੇਰੀ ਯਾਤਰਾ ਕੀਤੀ ਗਈ ਹੋਵੇ।  ਜਿਸ ਦਾ ਜੀਵਨ ਪਰਉਪਕਾਰ ਦਾ ਹੈ, ਪਰਮਾਤਮਾ ਦੀ ਯਾਦ ਦਾ ਹੈ, ਜੀਵਨ ਸਿਮਰਨ ਤੇ ਸੇਵਾ ਦਾ ਹੈ, ਫਿਰ ਅੰਤ ਸਮਾਂ ਭਾਵੇਂ ਤੱਤੀ ਤਵੀ ’ਤੇ ਬੈਠਾ ਹੋਵੇ, ਭਾਵੇਂ ਦੇਗ਼ ਵਿੱਚ ਉੱਬਲ ਕੇ, ਆਰੇ ਨਾਲ ਚੀਰਿਆ ਗਿਆ ਹੋਵੇ ਜਾਂ ਖੋਪਰੀ ਉਤਰਵਾ ਕੇ, ਭਾਵੇਂ ਬੰਦ-ਬੰਦ ਕਟਵਾਏ ਹੋਣ, ਭਾਵੇਂ ਕੀਰਤਨ ਸੁਣਦਿਆਂ ਸੁਆਸ ਸਮਾਪਤ ਹੋਏ ਹੋਣ। ਸੰਸਾਰ ਉਨ੍ਹਾਂ ਦੇ ਸਫਲ ਜੀਵਨ ਦਾ ਧਿਆਨ ਇਸ ਤਰ੍ਹਾਂ ਧਰਦਾ ਹੋਇਆ ‘ਧੰਨ ਧੰਨ’ ਕਰਦਾ ਹੈ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ਼ ਵਾਹੀ, ਦੇਖ ਕੇ ਅਣਡਿੱਠ ਕੀਤਾ; ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀਬੋਲੋ ਜੀਵਾਹਿਗੁਰੂ

ਦੇਖਿਆ ਤਾਂ ਜੀਵਨ ਜਾਂਦਾ ਹੈ, ਜੀਵਨ ਵਿੱਚ ਕੀਤਾ ਕੀ ਸੀ ?  ਇਸ ਧਾਰਨਾ ਵਿੱਚ ਕੋਈ ਸੱਚ ਨਹੀਂ ਕਿ ਮੁਕਤ ਉਹੀ ਹੋਵੇਗਾ ਜਿਸ ਦੇ ਪ੍ਰਾਣ ਬ੍ਰਹਮਰੰਧ੍ਰ (ਦਸਮ ਦੁਆਰ) ਫੋੜ ਕੇ ਨਿਕਲਣ, ਕੋਈ ਪਤਾ ਨਹੀਂ ਬ੍ਰਹਮ ਗਿਆਨੀ ਦੀ ਖੋਪਰੀ ਕੋਈ ਮੂਰਖ ਲਾਠੀ ਮਾਰ ਕੇ ਹੀ ਫੋੜ ਦੇਵੇ।  ਮੌਤ ਦਾ ਬਹਾਨਾ ਕੋਈ ਵੀ ਹੋਵੇ ਸੱਚ ਤਾਂ ਇਹ ਹੈ ਕਿ ‘‘ਬ੍ਰਹਮ ਗਿਆਨੀ ਸਦ ਜੀਵੈ; ਨਹੀ ਮਰਤਾ ’’ (ਮਹਲਾ /੨੭੪)

ਅਜਿਹੀ ਸ਼ਖ਼ਸੀਅਤ ਪਰਮਾਤਮਾ ਦੇ ਹੁਕਮ ਵਿੱਚ ਫਿਰ ਨਵਾਂ ਸਰੀਰ ਰੂਪੀ ਚੋਲ਼ਾ ਪ੍ਰਾਪਤ ਕਰ ਪਰਉਪਕਾਰ ਲਈ ਜਗਤ ’ਚ ਆ ਜਾਂਦੀ ਹੈ।  ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ ਕਿ ‘ਬਾਹਰੋਂ ਵੇਖਣ ਨੂੰ ਤਾਂ ਸੰਤ ਜਨ ਵੀ ਖ਼ਾਕ ਦੀ ਮੁੱਠ ਦੇ ਕੈਦੀ ਹੀ ਜਾਪਦੇ ਹਨ, ਪਰ ਉਨ੍ਹਾਂ ਨੂੰ ਅੰਦਰੋਂ ਵੇਖੋ ਤਾਂ ਉਹ ਪਵਿੱਤਰ ਪਰਮਾਤਮਾ ਦਾ ਰੂਪ ਹੁੰਦੇ ਹਨ, ਜੋ ਨਾ ਜੰਮਦਾ ਹੈ, ਨਾ ਹੀ ਮਰਦਾ ਹੈ, ‘‘ਜ਼ਾਹਰੇ ਕੈਦੇ ਮੁਸ਼ਤੇ ਖ਼ਾਕ ਅਸਤ ਬਾਤਨੇ ਬਾ ਖੁਦਾਇਆ ਅਸਤ’’ ਭਾਵੇਂ ਸੰਸਾਰ ਉਨ੍ਹਾਂ ਦੇ ਜਨਮ ਦਿਹਾੜੇ ਅਤੇ ਜੋਤੀ ਜੋਤ ਦਿਵਸ ਮਨਾ ਰਿਹਾ ਹੈ, ਪਰ ਇਹ ਅਟੱਲ ਹੈ ਕਿ ਉਹ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ   ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯)

ਮਨੁੱਖੀ ਜ਼ਿੰਦਗੀ ਦੀ ਕੀ ਪਾਇਆਂ ਹੈ ਇਸ ਦੀ ਵਿਆਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਭਰਪੂਰ ਪ੍ਰਾਪਤ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਮੈਂ ਨਹੀਂ ਜਾਣਦਾ ਜ਼ਿੰਦਗੀ ਦੀ ਮੁਹਲਤ ਕਿੰਨੀ ਕੁ ਹੁੰਦੀ ਹੈ, ਕਿਹੜਾ ਸਮਾਂ ਜਦੋਂ ਮਰ ਜਾਣਾ ਹੈ ?  ਅਸੀਂ ਤਾਂ ਇੱਕ ਦਮੀ ਆਦਮੀ ਹਾਂ।  ਫ਼ੁਰਮਾਨ ਹੈ ‘‘ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਜਾਣਾ ਨਾਨਕੁ ਬਿਨਵੈ ਤਿਸੈ ਸਰੇਵਹੁ; ਜਾ ਕੇ ਜੀਅ ਪਰਾਣਾ ’’ (ਮਹਲਾ /੬੬੦) ਜਿਸ ਨੂੰ ਜ਼ਿੰਦਗੀ ਕਹਿੰਦੇ ਹਾਂ ਇਹ ਤਾਂ ਪਲ-ਪਲ ਵਿੱਚ ਸੁਪਨਾ ਹੁੰਦੀ ਜਾ ਰਹੀ ਹੈ ‘‘ਜਗਿ ਜੀਵਨੁ ਐਸਾ, ਸੁਪਨੇ ਜੈਸਾ; ਜੀਵਨੁ ਸੁਪਨ ਸਮਾਨੰ ਸਾਚੁ ਕਰਿ ਹਮ ਗਾਠਿ ਦੀਨੀਛੋਡਿ ਪਰਮ ਨਿਧਾਨੰ’’ (ਭਗਤ ਕਬੀਰ ਜੀ/੪੮੨)

ਬਾਬਾ ਫ਼ਰੀਦ ਜੀ ਜਿਨ੍ਹਾਂ ਦੁਆਰਾ ਉਚਾਰਨ ਕੀਤੀ ਗਈ ਪੰਕਤੀ ’ਤੇ ਅਸੀਂ ਵਿਚਾਰ ਕਰ ਰਹੇ ਹਾਂ, ਉਸ ਰਾਹੀਂ ਮਨੁੱਖੀ ਜੀਵਨ ਬਾਰੇ ਫ਼ੁਰਮਾਨ ਕਰਦੇ ਹਨ :

  1. ਗੰਢੇਦਿਆਂ ਛਿਅ ਮਾਹ; ਤੁੜੰਦਿਆ ਹਿਕੁ ਖਿਨੋ ॥ (ਬਾਬਾ ਫ਼ਰੀਦ ਜੀ/੪੮੮)
  2. ਫਰੀਦਾ ਖਿੰਥੜਿ ਮੇਖਾ ਅਗਲੀਆ; ਜਿੰਦੁ ਨ ਕਾਈ ਮੇਖ ॥ ਵਾਰੀ ਆਪੋ ਆਪਣੀ; ਚਲੇ ਮਸਾਇਕ ਸੇਖ ॥ (ਬਾਬਾ ਫ਼ਰੀਦ ਜੀ/੧੩੮੦)
  3. ਕੰਧੀ ਉਤੈ ਰੁਖੜਾ; ਕਿਚਰਕੁ ਬੰਨੈ ਧੀਰੁ ॥ ਫਰੀਦਾ ! ਕਚੈ ਭਾਂਡੈ ਰਖੀਐ; ਕਿਚਰੁ ਤਾਈ ਨੀਰੁ ॥  (ਬਾਬਾ ਫ਼ਰੀਦ ਜੀ/੧੩੮੨)
  4. ਫਰੀਦਾ ! ਕੋਠੇ ਧੁਕਣੁ ਕੇਤੜਾ ? ਪਿਰ ਨੀਦੜੀ ਨਿਵਾਰਿ ॥  ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥ (ਬਾਬਾ ਫ਼ਰੀਦ ਜੀ/੧੩੮੦) ਆਦਿ। 

ਜੇ ਇਹੀ ਜ਼ਿੰਦਗੀ ਹੈ ਤਾਂ ਫਿਰ ਇਹ ਵੀ ਮੰਨ ਲਓ ਕਿ ਜਨਮ ਮਰਨ ਹੈ ਹੀ ‘ਦੁੱਖ’। ਇਕ ਬੰਦਾ ਦੁੱਖ ਵਿੱਚ ਹੀ ਜਨਮੇ, ਦੁੱਖ ਵਿੱਚ ਹੀ ਜੀਵੇ ਅਤੇ ਦੁੱਖ ਵਿੱਚ ਹੀ ਮਰ ਜਾਏ ਤਾਂ ਫਿਰ ਇਹ ਜੀਵਨ ਦੁੱਖ ਹੈ।  ਫਿਰ ਅਰਦਾਸ ਕਰਨੀ ਹੀ ਪਵੇਗੀ ਕਿ ਵਾਹਿਗੁਰੂ ਅੱਗੋਂ ਸੰਸਾਰ ’ਤੇ ਨਾ ਭੇਜੀਂ, ਇੱਥੇ ਬੜਾ ਦੁੱਖ ਹੈ, ਪਰ ਜੋ ‘‘ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ’’ ਦੀ ਸਿੱਕ (ਇੱਛਾ) ਪੈਦਾ ਕਰਕੇ ਜ਼ਿੰਦਗੀ ਜੀਅ ਰਿਹਾ ਹੈ, ਉਸ ਦਾ ਜਨਮ; ਦੁੱਖ ਨਹੀਂ ਉਸ ਦਾ ਜਨਮ ਤਾਂ ਸਫਲਾ ਹੈ। ਉਸ ਨੇ ਤਾਂ ਪਰਮਾਤਮਾ ਨੂੰ ਵੀ ਸੌਂਤਰਾ ਭਾਵ ਔਲਾਦ ਵਾਲਾ ਕਰ ਦਿੱਤਾ।  ਫ਼ੁਰਮਾਨ ਹੈ ‘‘ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ’’ (ਮਹਲਾ /੫੩੨)

ਜੋ ਪਰਮਾਤਮਾ ਦੇ ਹੋ ਗਏ, ਜਿਨ੍ਹਾਂ ਦਾ ਰੱਬ ਨਾਲ ਪਿਆਰ ਬਣ ਗਿਆ, ਜਿਨ੍ਹਾਂ ਦੇ ਜੀਵਨ ਵਿੱਚ ਉਸ ਦੀ ਸਿਫ਼ਤ ਸਲਾਹ ਹੈ ਤਾਂ ਫਿਰ ਮੌਤ ਵੀ ਝੂਮਣ ਲੱਗ ਪੈਂਦੀ ਹੈ।  ਰੱਬੀ ਪਿਆਰ ਜਦੋਂ ਮੌਤ ਦੇ ਸਾਹਮਣੇ ਆਉਂਦਾ ਹੈ ਤਾਂ ਮੌਤ ਵੀ ਝੁਕ ਕੇ ਪ੍ਰਣਾਮ ਕਰਦੀ ਹੈ, ਫਿਰ ਜਨਮ ਦੁੱਖ ਨਹੀਂ ਬਲਕਿ ਪਰਮਾਤਮਾ ਦਾ ਹੁਕਮ ਜਾਪਦਾ ਹੈ।  ਪ੍ਰਭੂ ਦਾ ਸੁਭਾਅ ਹੀ ਬਣ ਜਾਂਦਾ ਹੈ ‘‘ਜੋ ਜੋ ਹੁਕਮੁ ਭਇਓ ਸਾਹਿਬ ਕਾਸੋ ਮਾਥੈ ਲੇ ਮਾਨਿਓ ’’ (ਮਹਲਾ /੧੦੦੦) ਜਨਮ ਵੇਲੇ ਤਾਂ ਹਰ ਘਰ ਵਿੱਚ ਵਧਾਈ ਹੁੰਦੀ ਹੈ ਪਰ ਸੰਸਾਰ ਤੋਂ ਕੂਚ ਕਰਨ ਲਗਿਆਂ ਵੀ ‘‘ਕਬੀਰ ! ਸੰਤ ਮੂਏ ਕਿਆ ਰੋਈਐ  ? ਜੋ ਅਪੁਨੇ ਗ੍ਰਿਹਿ ਜਾਇ ’’ (ਭਗਤ ਕਬੀਰ ਜੀ/੧੩੬੫) ਦੀ ਪ੍ਰਸੰਨਤਾ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੇ ਜਨਮ ਲੈ ਕੇ ਸਤਿਗੁਰੂ ਦਾ ਪੱਲਾ ਫੜ੍ਹਿਆ, ਮਾਤਾ ਦੇ ਗਰਭ ਤੋਂ ਜਨਮ ਧਾਰਨ ਉਪਰੰਤ ਸਤਿਗੁਰੂ ਦੇ ਘਰ ਵੀ ਜਨਮ ਲੈ ਲਿਆ ਉਨ੍ਹਾਂ ਦਾ ਆਵਾਗਮਣ ਮੁੱਕ ਗਿਆ।  ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ‘‘ਕਿਤੁ ਬਿਧਿ ਪੁਰਖਾਜਨਮੁ ਵਟਾਇਆ  ? ਕਾਹੇ ਕਉ ਤੁਝੁ ਇਹੁ ਮਨੁ ਲਾਇਆ  ?’’ (ਮਹਲਾ /੯੪੦) ਫਿਰ ਸਾਹਿਬ ਜੀ ਨੇ ਜਵਾਬ ਦਿੱਤਾ ‘‘ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ਅਨਹਤਿ ਰਾਤੇ; ਇਹੁ ਮਨੁ ਲਾਇਆ ’’ (ਮਹਲਾ /੯੪੦)  ਫਿਰ ਉਨ੍ਹਾਂ ਦਾ ਜਨਮ ਹੀ ਗਿਆਨ ਦਾ ਜਨਮ ਹੈ, ਸ਼ਰਧਾ ਦਾ ਜਨਮ ਹੈ, ਪ੍ਰੇਮ ਦਾ ਜਨਮ ਹੈ। ਉਨ੍ਹਾਂ ਦਾ ਜਨਮ ਹੈ ਦਇਆ ਤੇ ਭਰੋਸੇ ਦਾ ਜਨਮ, ਉਨ੍ਹਾਂ ਦਾ ਜਨਮ ਹੈ ਧਰਮ ਦਾ ਜਨਮ ਆਦਿ।  ਜਿਸ ਰਾਹੀਂ ਉਨ੍ਹਾਂ ਦਾ ਜਨਮ ਸਤ, ਸੰਤੋਖ, ਧੀਰਜ ਆਦਿ ਗੁਣ ਧਾਰਨ ਕਰ ਗਿਆ।  ਐਸੇ ਗੁਣ ਜਿੱਥੇ ਪਰਗਟ ਹੋਣ ਉੱਥੇ ਵਧਾਈ ਕਿਉਂ ਨਾ ਵੱਜੇ ?  ਜਿਸ ਬੰਦੇ ਦਾ ਅਸਾਧ ਰੋਗ ਮੁੱਕ ਜਾਏ, ਅਰੋਗਤਾ ਮਿਲ ਜਾਏ ਉੱਥੇ ਵੀ ਮੁਬਾਰਕਾਂ ਮਿਲਦੀਆਂ ਹਨ।  ਉਸ ਦਾ ਮਰਨ ਕੀ ਹੈ ?  ਕਾਮ, ਕਰੋਧ ਆਦਿਕ ਪੰਜ ਰੋਗਾਂ ਦੀ ਮੌਤ ਉਸ ਦਾ ਮਰਨ ਹੈ, ਅਗਿਆਨਤਾ ਦੀ ਮੌਤ ਹੋ ਜਾਂਦੀ ਹੈ, ਉਸ ਦੇ ਅਪਰਾਧ ਮਰ ਜਾਂਦੇ ਹਨ।  ਜਿਹੜੇ ਜੀਵਨ ਵਿੱਚੋਂ ਇਹ ਬਿਮਾਰੀਆਂ ਮੁੱਕ ਜਾਣ ਐਸੇ ਬੰਦੇ ਦੇ ਸੰਸਾਰ ਤੋਂ ਜਾਣ ਵੇਲੇ ਕਿਉਂ ਨਾ ਵਧਾਈ ਮਿਲੇਗੀ।  ਅਜਿਹਾ ਪ੍ਰਭੂ ਪਿਆਰਾ; ਉਸ ਦੇ ਭਾਣੈ ਜਾਂ ਹੁਕਮ ਨੂੰ ਦੁੱਖ ਕਿਵੇਂ ਆਖੇ ਉਹ ਤਾਂ ‘‘ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ’’ (ਬਾਬਾ ਸੁੰਦਰ ਜੀ/੯੨੩) ਜਾਂ ‘‘ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ’’ (ਬਾਬਾ ਸੁੰਦਰ ਜੀ/੯੨੩) ਦੇ ਅਟੱਲ ਨਿਯਮ ਨੂੰ ਸਤ-ਸਤ ਕਰ ਮੰਨਦਾ ਹੈ।

ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੇਰੇ ਪਿੱਛੋਂ ਨਿਰਬਾਣ ਕੀਰਤਨ ਹੀ ਕਰਨਾ ਹੈ।  ਨਿਰਬਾਣ ਕੀਰਤਨ ਕੀ ਹੈ ?  ਜਿਸ ਵਿੱਚ ਕੋਈ ਵੀ ਮੰਗ ਨਾ ਹੋਵੇ, ਤੁਸੀਂ ਮੇਰੇ ਬਾਅਦ ਨਾ ਆਖਿਓ ਹੇ ਪ੍ਰਭੂ !  ਬਜ਼ੁਰਗ ਨੂੰ ਸੱਚਖੰਡ ਵਿੱਚ ਵਾਸਾ ਦੇਵੀਂ। ਨਹੀਂ, ਉਹ ਤੁਹਾਡੇ ਨਾਲੋਂ ਵਧੇਰੇ ਜਾਣਦਾ ਹੈ, ਉਸ ਦੀ ਮਰਜ਼ੀ ਹੈ; ਮੈਨੂੰ ਵਾਪਸ ਭੇਜੇ, ਉਸ ਦੀ ਮਰਜ਼ੀ ਹੈ, ਆਪਣੇ ਕੋਲ ਰੱਖੇ, ਜਿਹੜਾ ਤੁਹਾਡੇ ਵਿੱਚੋਂ ਰੋਇਆ, ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਣਾ ‘‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ਮਤ ਮੈ ਪਿਛੈ ਕੋਈ ਰੋਵਸੀਸੋ, ਮੈ ਮੂਲਿ ਭਾਇਆ ’’ (ਬਾਬਾ ਸੁੰਦਰ ਜੀ/੯੨੩)

ਇੱਕ ਮਿੱਤਰ ਨੂੰ ਸਿਰੋਪਾ ਮਿਲਦਾ ਹੋਵੇ ਤਾਂ ਜਿਸ ਮਿੱਤਰ ਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ, ਉਹ ਪ੍ਰਸੰਨ ਹੁੰਦਾ ਹੈ ਤੁਸੀਂ ਵੀ ਵਿਚਾਰ ਕੇ ਦੇਖੋ ਮੈਨੂੰ ਤਾਂ ਹੁਣ ਪ੍ਰਭੂ ਜੀ ਸਿਰੋਪਾ ਬਖ਼ਸ਼ਸ਼ ਕਰ ਰਹੇ ਹਨ ‘‘ਮਿਤੁ ਪੈਝੈ ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ਤੁਸੀ ਵੀਚਾਰਿ ਦੇਖਹੁ ਪੁਤ ਭਾਈਹਰਿ ਸਤਿਗੁਰੂ ਪੈਨਾਵਏ ’’  (ਬਾਬਾ ਸੁੰਦਰ ਜੀ/੯੨੩)

ਪਰਮਾਤਮਾ ਦੇ ਦਰ ਤੋਂ ਸਿਰੋਪਾ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੇ ਸਫਲ ਜੀਵਨ ਜੀਵਿਆ ਹੋਵੇ।  ਉਹਨਾਂ ਲਈ ਜੀਵਨ ਮਰਨ ਦੁੱਖ ਨਹੀਂ ਰਹਿ ਗਿਆ ਸਗੋਂ ਰੱਬ ਦਾ ਭਾਣਾ ਬਣ ਗਿਆ ਹੁੰਦਾ ਹੈ ‘‘ਜਾ ਆਏ ਤਾ ਤਿਨਹਿ ਪਠਾਏ; ਚਾਲੇ, ਤਿਨੈ ਬੁਲਾਇ ਲਇਆ ਜੋ ਕਿਛੁ ਕਰਣਾ, ਸੋ ਕਰਿ ਰਹਿਆ; ਬਖਸਣਹਾਰੈ ਬਖਸਿ ਲਇਆ (ਮਹਲਾ /੯੦੭), ਗੁਰਮੁਖਿ; ਹਰਿ ਹਰਿ, ਹਰਿ ਲਿਵ ਲਾਗੇ ਜਨਮ ਮਰਣ; ਦੋਊ ਦੁਖ ਭਾਗੇ ’’ (ਮਹਲਾ /੧੧੭੮) ਆਦਿ।

ਜੇਕਰ ਜੀਵਨ ਦੁੱਖ ਹੈ ਤਾਂ ਇਹ ਦੁੱਖ ਹੋ ਸਕਦਾ ਹੈ ਕਿ ਜਨਨੀ ਨੂੰ ਕਹਿਣਾ ਪਵੇ ਕਿ ਪੁੱਤਰ ਇੰਨਾ ਨਾਲਾਇਕ ਜੰਮਿਆ, ਤੈਨੂੰ ਜਨਮ ਦੇਣ ਦਾ ਐਵੇਂ ਦੁੱਖ ਝਲਿਆ ਹੈ।  ਵੈਸੇ ਮਾਂ ਇਸ ਦੁੱਖ ਨੂੰ ਅਰਦਾਸ ਕਰਕੇ ਪੱਲੇ ਪਾਉਂਦੀ ਹੈ, ਪਰ ਉਸ ਨੂੰ ਪਤਾ ਹੈ ਕਿ ਪੁੱਤਰ ਇਕੱਲਾ ਨਹੀਂ ਮਿਲਣਾ, ਨਾਲ ਪ੍ਰਸੂਤਾ ਪੀੜਾ ਵੀ ਮਿਲਣੀ ਹੈ।  ਅਜਿਹੇ ਜਨਮ-ਮਰਨ ਦੇ ਦੁੱਖ ਨੂੰ ਤਾਂ ਦੇਵਤੇ ਵੀ ਤਰਸਦੇ ਹਨ।  ਇਹ ਜੀਵਨ ਜਿਸ ਦੇ ਆਦਿ ਵਿੱਚ ਜਨਮ ਅਤੇ ਅੰਤ ਵਿੱਚ ਮੌਤ ਹੈ, ਇਹ ਤਾਂ ਗੋਬਿੰਦ ਮਿਲਣ ਦੀ ਵਾਰੀ ਹੈ।  ਜੋ ਜੀਵਨ ਵਿੱਚ ਕਰਨਾ ਸੀ ਜੇ ਉਹ ਨਾ ਹੋਵੇ ਤਾਂ ਜ਼ਿੰਦਗੀ ਬਹੁਤ ਵੱਡਾ ਦੁੱਖ ਹੈ ਪਰ ਜੋ ਕਰਨਾ ਸੀ ਜੇ ਉਹ ਹੋ ਜਾਏ ਤਾਂ ਜੀਵਨ ਪਰਮਾਤਮਾ ਦੀ ਮਿਹਰ ਹੈ।  ਕਰਨਾ ਕੀ ਸੀ ?  ਸਫਲ ਜੀਵਨ ਜਿਊਣਾ ਸੀ, ਸਫਲ ਕਿਵੇਂ ਹੁੰਦਾ ਹੈ ?  ‘‘ਨਾਨਕ ! ਸੋਈ ਜੀਵਿਆ; ਜਿਨਿ ਇਕੁ ਪਛਾਤਾ (ਮਹਲਾ /੩੧੯), ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ਨਾਨਕ ! ਅਵਰੁ ਜੀਵੈ ਕੋਇ ’’ (ਮਹਲਾ /੧੪੨) ਆਦਿ।

ਜੀਵਨ ਦਾ ਅਰਥ ਹੀ ਹੈ ਕਿ ਜਿਸ ਦੇ ਮਗਰ ਮੌਤ ਕੋਈ ਨਹੀਂ ਹੋਵੇ।  ਸਰੀਰ ਦਾ ਚਾਰ ਦਿਨ ਸੰਸਾਰ ਵਿੱਚ ਰਹਿਣਾ ਜੀਵਨ ਨਹੀਂ, ਜੀਵਨ ਤਾਂ ਉਹ ਹੈ ਜਿਸ ਦੇ ਆਸਰੇ ਸਰੀਰ ਬਣਿਆ ਹੈ।  ਜੀਵਨ ਤਾਂ ਉਹ ਹੈ ਜੋ ਸਰੀਰ ਤੋਂ ਪਹਿਲਾਂ ਸੀ ਅਤੇ ਸਰੀਰ ਬਿਨਸ ਜਾਣ ਤੋਂ ਬਾਅਦ ਰਹੇਗਾ, ਜੇ ਉਸ ਨਾਲ ਜੁੜ ਜਾਈਏ ਤਾਂ ਸਰੀਰ ‘‘ਕੰਚਨ ਕਾਇਆ ਕੋਟ ਗੜ ..’’ (ਮਹਲਾ /੪੪੯) ਬਣ ਕੇ ਸਫਲ ਹੋ ਜਾਂਦਾ ਹੈ।  ਮਨੁੱਖਾ ਸਰੀਰ ਤੋਂ ਬਿਨਾਂ ਉਸ ਦਾ ਅਨੁਭਵ ਕੋਈ ਨਹੀਂ ਹੁੰਦਾ ਤੇ ਜਨਮ-ਮਰਨ ਤੋਂ ਬਿਨਾਂ ਸਰੀਰ ਨਹੀਂ ਮਿਲਦਾ।  ਜਦੋਂ ਮਨੁੱਖ ਨੂੰ ਗੁਰਮਤਿ ਦੀ ਸੋਝੀ ਹੋ ਜਾਂਦੀ ਹੈ ਤਾਂ ਸਫਲ ਸਰੀਰ ਮਿਲਦਾ ਹੈ; ਇਹ ਜੀਵਨ ਦੁੱਖ ਨਹੀਂ ਬਲਕਿ ਵਰਦਾਨ ਹੋ ਜਾਂਦਾ ਹੈ ਕਿਉਂਕਿ ਇਹ ਸਫਲਤਾ ਮਨੁੱਖੀ ਤਾਕਤ ਨਾਲ ਨਹੀਂ ਮਿਲੀ ਬਲਕਿ ਉਸ ਪ੍ਰਭੂ ਨੇ ਆਪਣੇ ਲੜ ਲਾ ਕੇ ਬਖ਼ਸ਼ੀ ਹੋਈ ਹੈ।  ਜੀਵਨ ਐਸਾ ਸਚਿਆਰ ਤੇ ਸਫਲ ਹੋਇਆ ਕਿ ਸੰਸਾਰ ਨੂੰ ਕਹਿਣਾ ਪਿਆ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ਤਿਨ, ਧੰਨੁ ਜਣੇਦੀ ਮਾਉ; ਆਏ ਸਫਲੁ ਸੇ ’’ (ਬਾਬਾ ਫ਼ਰੀਦ ਜੀ/੪੮੮)

ਸੋ ਰੱਬੀ ਪਿਆਰ ਵਿੱਚ ਅਮੋਲਕ ਜੀਵਨ ਜੀਵਿਆ ਗੁਰਬਾਣੀ ਤੋਂ ਪ੍ਰਭਾਵਤ ਹੁੰਦੇ ਹੋਏ ਅਸੀਂ ਉਸ ਦੁਆਰਾ ਦਰਸਾਏ ਗਏ ਰੱਬੀ ਮਾਰਗ ਦੇ ਪਾਂਧੀ ਬਣਨ ਦਾ ਹਰ ਸੰਭਵ ਯਤਨ ਕਰੀਏ।

ਸਿਮਰਨ ਕਿਵੇਂ ਕਰਨਾ ਹੈ

0

ਸਿਮਰਨ ਕਿਵੇਂ ਕਰਨਾ ਹੈ

ਪ੍ਰੋਫ਼ੈਸਰ ਸਾਹਿਬ ਸਿੰਘ

ਤੁਸੀਂ ਸਕੂਲਾਂ ਕਾਲਜਾਂ, ਦਫ਼ਤਰਾਂ ਤੇ ਅਮੀਰ ਲੋਕਾਂ ਦੇ ਘਰਾਂ ਵਿਚ ਕੰਧ ਨਾਲ ਲਟਕਾਇਆ ਹੋਇਆ ਕਲਾਕ ਨਿੱਤ ਵੇਖਦੇ ਹੋਵੋਗੇ। ਕਲਾਕ ਦੇ ਹੇਠਲੇ ਵਧਵੇਂ ਹਿੱਸੇ ਵਿਚ ਪਤਲੀ ਲੰਮੀ ਡੰਡੀ ਵਾਲਾ ਇਕ ਚੰਗਾ ਵਜ਼ਨੀ ਭਾਰ ਲਟਕਾਇਆ ਹੁੰਦਾ ਹੈ, ਜੋ ਹਰ ਵੇਲੇ ਸੱਜੇ ਖੱਬੇ ਹਿਲਦਾ ਰਹਿੰਦਾ ਹੈ। ਅੰਗ੍ਰੇਜ਼ੀ ਵਿਚ ਇਸ ਨੂੰ ‘ਪੈਂਡੂਲਮ’ ਆਖਦੇ ਹਨ। ਕਦੇ ਕਲਾਕ ਦਾ ਸਾਹਮਣਾ ਡਾਇਲ ਚੁੱਕ ਕੇ ਕਲਾਕ ਦੇ ਅੰਦਰਲੇ ਪੁਰਜ਼ੇ ਵੇਖੋ। ਇਹ ਪੁਰਜ਼ੇ ਬੜੇ ਸੁੰਦਰ, ਪਤਲੇ ਤੇ ਨਾਜ਼ੁਕ ਦਿੱਸਦੇ ਹਨ। ਪੁਰਜ਼ਿਆਂ ਦੀ ਆਪੋ ਵਿਚ ਦੀ ਸਾਂਝ ਤੋਂ ਅੰਞਾਣ ਬੰਦਾ ਇਹਨਾਂ ਨਾਜ਼ੁਕ ਪੁਰਜ਼ਿਆਂ ਦੇ ਨਾਲ ਇਤਨੇ ਵਜ਼ਨੀ ਭਾਰ ਨੂੰ ਬੱਧਾ ਵੇਖ ਕੇ ਕੁਝ ਹੈਰਾਨੀ ਜਿਹੀ ਵਿਚ ਇਤਰਾਜ਼ ਕਰ ਉੱਠਦਾ ਹੈ ਕਿ ਇਕ ਪਾਸੇ ਇਹ ਬਾਰੀਕ ਨਾਜ਼ੁਕ ਪੁਰਜ਼ੇ ਤੇ ਦੂਜੇ ਪਾਸੇ ਇਹ ਇਤਨਾ ਭਾਰ-ਇਹਨਾਂ ਦੋਹਾਂ ਦਾ ਮੂਲ ਨਹੀਂ ਫਬਦਾ, ਪਰ ਵਾਕਫ਼ ਆਦਮੀ ਜਾਣਦਾ ਹੈ ਕਿ ਪੈਂਡੂਲਮ ਨੂੰ ਕਲਾਕ ਨਾਲੋਂ ਵੱਖਰਾ ਕਰ ਦੇਈਏ ਤਾਂ ਪੁਰਜ਼ਿਆਂ ਦੀ ਚਾਲ ਬੇ-ਥਵੀ ਹੋ ਜਾਂਦੀ ਹੈ ਤੇ ਕਲਾਕ ਠੀਕ ਵਕਤ ਦੇਣ ਜੋਗਾ ਨਹੀਂ ਰਹਿ ਜਾਂਦਾ।

ਇਹੀ ਹਾਲ ਮਨੁੱਖ ਦੀ ਜੀਵਨ-ਤੋਰ ਦਾ ਹੈ। ਦੁਨੀਆ ਦੀਆਂ ਜ਼ਿਮੇਵਾਰੀਆਂ ਤੋਂ ਖਿੱਝ-ਅੱਕ ਕੇ ਕਈ ਅੰਞਾਣ ਬੰਦੇ ਇਹ ਮਿਥ ਲੈਂਦੇ ਹਨ ਕਿ ਜੇ ਦੁਨੀਆ ਦੇ ਧੰਦਿਆਂ ਦਾ ਭਾਰ ਸਿਰ ਤੋਂ ਲਹਿ ਜਾਏ ਤਾਂ ਹੌਲੇ ਫੁੱਲ ਹੋ ਕੇ ਕਿਤੇ ਇਕਾਂਤ ਵਿਚ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਇਹ ਵੱਡਾ ਭਾਰਾ ਭੁਲੇਖਾ ਹੈ। ਜਗਤ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੀ ਮਨੁੱਖ ਦੀ ਜੀਵਨ-ਤੋਰ ਨੂੰ ਸਾਵਾਂ-ਪੱਧਰਾ ਰੱਖਦਾ ਹੈ ਤੇ ਇਸ ਭਾਰ ਨੂੰ ਚੁੱਕੀ ਰੱਖ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ।

ਭਗਤ ਨਾਮਦੇਵ ਜੀ ਦੇ ਮਿੱਤਰ ਤ੍ਰਿਲੋਚਨ ਜੀ ਨੇ ਇਕ ਵਾਰੀ ਨਾਮਦੇਵ ਜੀ ਨੂੰ ਕੱਪੜੇ ਛਾਪਦਿਆਂ ਵੇਖ ਕੇ ਇਉਂ ਸਮਝਿਆ ਕਿ ਨਾਮਦੇਵ ਜੀ ਪਰਮਾਤਮਾ ਦੀ ਯਾਦ ਵਿਸਾਰ ਕੇ ਦੁਨੀਆ ਦੇ ਜੰਜਾਲ ਵਿਚ ਫਸ ਗਏ ਹਨ। ਇਤਰਾਜ਼ ਕੀਤੇ ਨੇ, ਤਾਂ ਨਾਮਦੇਵ ਜੀ ਨੇ ਆਖਿਆ-ਇਕ ਮੁੰਡਾ ਕਾਗਜ਼ ਦੀ ਗੁੱਡੀ ਉਡਾਂਦਾ ਹੈ, ਆਪਣੇ ਨਾਲ ਦੇ ਹਾਣੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦੀ ਸੁਰਤ ਆਪਣੀ ਗੁੱਡੀ ਵਿਚ ਹੀ ਰਹਿੰਦੀ ਹੈ। ਜਵਾਨ ਕੁੜੀਆਂ ਪਾਣੀ ਭਰਨ ਜਾਂਦੀਆਂ ਹਨ, ਪਾਣੀ ਦੀਆਂ ਭਰੀਆਂ ਗਾਗਰਾਂ ਵਲਟੋਹੀਆਂ ਸਿਰ ਉੱਤੇ ਰੱਖੀਂ ਆਉਂਦੀਆਂ ਹਨ, ਆਪੋ ਵਿਚ ਹੱਸਦੀਆਂ ਖੇਡਦੀਆਂ ਹਨ, ਪਰ ਉਹਨਾਂ ਦਾ ਧਿਆਨ ਆਪਣੀਆਂ ਗਾਗਰਾਂ ਵਿਚ ਹੁੰਦਾ ਹੈ। ਅੰਞਾਣੇ ਵੱਛੇ ਵਾਲੀ ਥਾਂ ਨੂੰ ਗਾਂ ਦਾ ਮਾਲਕ ਚੁਗਣ ਵਾਸਤੇ ਚੌਣੇ ਛੱਡ ਆਉਂਦਾ ਹੈ, ਗਾਂ ਬਾਹਰ ਜੂਹ ਵਿਚ ਘਾਹ ਚੁਗਦੀ ਹੈ, ਪਰ ਉਸ ਦੀ ਸ਼ੁਰਤ ਆਪਣੇ ਵੱਛੇ ਵਿਚ ਹੁੰਦੀ ਹੈ। ਬੱਚੇ ਦੀ ਮਾਂ ਬੱਚੇ ਨੂੰ ਪੰਘੂੜੇ ਵਿਚ ਸੁਆ ਕੇ ਘਰ ਦਾ ਕੰਮ-ਕਾਜ ਕਰਦੀ ਹੈ, ਪਰ ਉਸ ਦਾ ਧਿਆਨ ਹਰ ਵੇਲੇ ਆਪਣੇ ਬੱਚੇ ਵਿਚ ਹੀ ਟਿਕਿਆ ਰਹਿੰਦਾ ਹੈ। ਜਿਵੇਂ ਸੁਨਿਆਰਾ ਗਹਿਣੇ ਘੜਦਾ ਗਾਹਕ ਨਾਲ ਗੱਲਾਂ ਕਰਦਾ ਹੋਇਆ ਭੀ ਧਿਆਨ ਸੋਨੇ ਵਿਚ ਰੱਖਦਾ ਹੈ, ਤਿਵੇਂ ਕਿਰਤ-ਕਾਰ ਕਰਦਿਆਂ ਮਨੁੱਖ ਨੇ ਆਪਣੀ ਸੁਰਤ ਦੀ ਡੋਰ ਪਰਮਾਤਮਾ ਦੇ ਚਰਨਾਂ ਵਿਚ ਜੋੜੀ ਰੱਖਣੀ ਹੈ। ਫ਼ੁਰਮਾਂਦੇ ਹਨ  ‘‘ਆਨੀਲੇ ਕਾਗਦੁ; ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ   ਪੰਚ ਜਨਾ ਸਿਉ ਬਾਤ ਬਤਊਆ; ਚੀਤੁ ਸੁ ਡੋਰੀ ਰਾਖੀਅਲੇ   ਮਨੁ ਰਾਮ ਨਾਮਾ ਬੇਧੀਅਲੇ   ਜੈਸੇ ਕਨਿਕ ਕਲਾ; ਚਿਤੁ ਮਾਂਡੀਅਲੇ ਰਹਾਉ   ਆਨੀਲੇ ਕੁੰਭੁ; ਭਰਾਈਲੇ ਊਦਕ; ਰਾਜ ਕੁਆਰਿ ਪੁਰੰਦਰੀਏ   ਹਸਤ ਬਿਨੋਦ ਬੀਚਾਰ ਕਰਤੀ ਹੈ; ਚੀਤੁ ਸੁ ਗਾਗਰਿ ਰਾਖੀਅਲੇ   ਮੰਦਰੁ ਏਕੁ; ਦੁਆਰ ਦਸ ਜਾ ਕੇ; ਗਊ ਚਰਾਵਨ ਛਾਡੀਅਲੇ   ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ   ਕਹਤ ਨਾਮਦੇਉ ਸੁਨਹੁ ਤਿਲੋਚਨ ! ਬਾਲਕੁ ਪਾਲਨ ਪਉਢੀਅਲੇ   ਅੰਤਰਿ ਬਾਹਰਿ ਕਾਜ ਬਿਰੂਧੀ; ਚੀਤੁ ਸੁ ਬਾਰਿਕ ਰਾਖੀਅਲੇ (ਭਗਤ ਨਾਮਦੇਵ/੯੭੨)

[ਪਦ ਅਰਥ : ਆਨੀਲੇ-ਲਿਆਂਦਾ। ਕਾਟੀਲੇ-ਕੱਟ ਕੇ ਬਣਾਈ । ਮਧੇ-ਵਿਚ। ਭਰਮੀਅਲੇ-ਉਡਾਈ । ਬਾਤ ਬਤਊਆ-ਗੱਲ-ਬਾਤ, ਗੱਪਾਂ ॥੧॥

ਬੇਧੀਅਲੇ-ਵਿੱਝ ਗਿਆ ਹੈ। ਕਨਿਕ-ਸੋਨਾ। ਕਲਾ-ਹੁਨਰ। ਕਨਿਕ ਕਲਾ-ਸੋਨੇ ਦਾ ਕਾਰੀਗਰ, ਸੁਨਿਆਰਾ। ਮਾਂਡੀਅਲੇ-(ਸੋਨੇ ਵਿਚ) ਜੁੜਿਆ ਰਹਿੰਦਾ ਹੈ॥੧॥ ਰਹਾਉ॥

ਕੁੰਭ-ਘੜਾ। ਉਦਕ-ਪਾਣੀ। ਕੁਆਰਿ-ਕੁਆਰੀ। ਰਾਜ ਕੁਆਰਿ-ਜਵਾਨ ਕੁਆਰੀਆਂ। ਪੁਰੰਦਰੀਏ (ਪੁਰੰ-ਅੰਦਰੋਂ) ਸ਼ਹਿਰ ਵਿਚੋਂ। ਹਸਤ-ਹਸਦੀਆਂ। ਬਿਨੋਦ-ਹਾਸੇ ਦੀਆਂ ਗੱਲਾਂ ॥੨॥

ਪਾਲਨ-ਪੰਘੂੜਾ। ਪਉਢੀਅਲੇ-ਪਾਇਆ ਹੁੰਦਾ ਹੈ। ਬਿਰੂਧੀ-ਰੁੱਝੀ ਹੋਈ॥੪॥

ਅਰਥ : ਹੇ ਤ੍ਰਿਲੋਚਨ ! (ਜਿਵੇਂ ਸੁਨਿਆਰੇ ਦਾ ਮਨ) ਹੋਰਨਾਂ ਨਾਲ ਗੱਲਾਂ ਬਾਤਾਂ ਕਰਦਿਆਂ ਭੀ ਕੁਠਾਲੀ ਵਿਚ ਪਾਏ ਸੋਨੇ ਵਿਚ ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਜੁੜਿਆ ਹੋਇਆ ਹੈ ॥੧॥ ਰਹਾਉ॥

ਹੇ ਤ੍ਰਿਲੋਚਨ  ! (ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਂਦਾ ਹੈ, ਸਾਥੀਆਂ ਨਾਲ ਗੱਲਾਂ ਭੀ ਮਾਰੀ ਜਾਂਦਾ ਹੈ, (ਪਰ ਉਸ ਦਾ ਮਨ, ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ॥੧॥

ਹੇ ਤ੍ਰਿਲੋਚਨ ! ਜਵਾਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ), ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ॥੨॥

ਹੇ ਤਿਲੋਚਨ ! ਇੱਕ ਘਰ ਹੈ ਜਿਸ ਦੇ ਦਸ ਬੁਹੇ ਹਨ। ਜਿਸ ਘਰੋਂ ਮਨੁੱਖ, ਗਊਆਂ ਚਾਰਨ ਲਈ ਛੱਡਦਾ ਹੈ। ਇਹ ਗਾਈਆਂ ਪੰਜਾਂ ਕੋਹਾਂ ’ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰਖਦੀਆਂ ਹਨ। (ਤਿਵੇਂ ਹੀ ਦਸ-ਇੰਦ੍ਰੀਆਂ ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਹੀ ਹੈ) ॥੩॥

ਹੇ ਤ੍ਰਿਲੋਚਨ ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ-ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ ।੪॥੧॥]

ਇਹਨਾਂ ਦੋਹਾਂ ਮਿੱਤਰਾਂ ਦੀ ਇਸ ਗੱਲ-ਬਾਤ ਦਾ ਤੱਤ ਥੋੜੇ ਲਫ਼ਜ਼ਾਂ ਵਿਚ ਕਬੀਰ ਜੀ ਨੇ ਇਉਂ ਦੱਸਿਆ ਹੈ  ‘‘ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ   ਕਾਹੇ ਛੀਪਹੁ ਛਾਇਲੈ; ਰਾਮ ਲਾਵਹੁ ਚੀਤੁ ੨੧੨ (ਭਗਤ ਕਬੀਰ/੧੩੭੫),  ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ   ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ੨੧੩’’ (ਭਗਤ ਕਬੀਰ/੧੩੭੬)

 ਨੋਟ: ਇਹਨਾਂ ਸਲੋਕਾਂ ਵਿਚ ਕਬੀਰ ਜੀ; ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦਾ ਜ਼ਿਕਰ ਕਰਦੇ ਹਨ। ਇਸ ਗੱਲ ਤੋਂ ਇਹ ਸਾਬਤ

ਕਿ ਇਹ ਦੋਵੇਂ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਹਨ। ਨਾਮਦੇਵ ਜੀ ਬੰਬਈ ਪ੍ਰਾਂਤ ਦੇ ਜ਼ਿਲ੍ਹਾ ਸਤਾਰਾ ਦੇ ਰਹਿਣ ਵਾਲੇ ਸਨ, ਫਿਰ ਭੀ ਇਹ ਇਤਨੇ ਉੱਘੇ ਹੋ ਚੁਕੇ ਸਨ ਕਿ ਬਨਾਰਸ ਦੇ ਵਸਨੀਕ ਕਬੀਰ ਜੀ ਇਹਨਾਂ ਨੂੰ ਜਾਣਦੇ ਸਨ।

ਕਬੀਰ ਜੀ ਇਹਨਾਂ ਸਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਜੀ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ, ਜੋ ਨਾਮਦੇਵ ਜੀ ਨੇ ਰਾਮਕਲੀ ਰਾਗ ਦੇ ਉਪਰ-ਲਿਖੇ ਸ਼ਬਦ ਵਿਚ ਦਿੱਤਾ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸਲੋਕਾਂ ਵਿਚ ਦੇ ਰਹੇ ਹਨ। ਇਸ ਤੋਂ ਇਹ ਸਾਫ਼ ਨਤੀਜਾ ਨਿਕਲਦਾ ਹੈ ਕਿ ਕਬੀਰ ਜੀ ਦੇ ਪਾਸ ਨਾਮਦੇਵ ਜੀ ਦਾ ਉਹ ਸਾਰਾ ਸ਼ਬਦ ਮੌਜੂਦ ਸੀ। ਕੋਈ ਅਜਬ ਗੱਲ ਨਹੀਂ ਕਿ ਨਾਮਦੇਵ ਜੀ ਦੀ ਸਾਰੀ ਹੀ ਬਾਣੀ ਕਬੀਰ ਜੀ ਦੇ ਪਾਸ ਹੋਵੇ ਕਿਉਂਕਿ ਦੋਵੇਂ ਹਮ-ਖ਼ਿਆਲ ਸਨ ਅਤੇ ਦੋਵੇਂ ਹੀ ਬ੍ਰਾਹਮਣ ਦੇ ਧਾਰਮਿਕ ਦਬਾਉ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।

[ਪਦ ਅਰਥ : ਛੀਪਹੁ-ਠੇਕ ਰਹੇ ਹੋ। ਛਾਇਲੈ-ਰਜਾਈਆਂ ਦੇ ਅੰਬਰੇ॥੨੧੨॥

ਪਾਉ-ਪੈਰ। ਕਾਮੁ ਸਭੁ-(ਘਰ ਦਾ) ਸਾਰਾ ਕੰਮ-ਕਾਜ। ਨਿਰੰਜਨ – ਅੰਜਨ-ਰਹਿਤ, ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ॥੨੧੩॥]

ਅਰਥ : ਤ੍ਰਿਲੋਚਨ ਆਖਦਾ ਹੈ – ਹੇ ਮਿੱਤਰ ਨਾਮਦੇਵ  ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ ? ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ ?॥੨੧੨॥

ਨਾਮਦੇਵ (ਅੱਗੋਂ) ਉਤਰ ਦੇਂਦਾ ਹੈ – ਹੇ ਤ੍ਰਿਲੋਚਨ !  ਮੂੰਹ ਨਾਲ ਪਰਮਾਤਮਾ ਦਾ ਨਾਮ ਲੈ। ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ॥੨੧੩॥]

ਤੁਸੀਂ ਰੇਲ-ਗੱਡੀ ਵਿਚ ਸਫ਼ਰ ਕਰ ਰਹੇ ਹੋ, ਗੱਡੀ ਦੇ ਪਹੀਆਂ ਦਾ ਖੜਾਕ ਸੁਣਨਾ ਸ਼ੁਰੂ ਕਰੋ । ਪਹਿਲਾਂ ਕੁਝ ਖਰ੍ਹਵਾ ਜਿਹਾ ਜਾਪੇਗਾ, ਪਰ ਤੁਸੀਂ ਇਸ ਦੇ ਨਾਲ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਰਲਾ ਦਿਉ। ਵੇਖੋ, ਕੈਸੀ ਮਸਤੀ-ਭਰੀ ਮੌਜ ਬਣ ਜਾਂਦੀ ਹੈ।

ਤੁਸੀਂ ਟਾਂਗੇ ਤੇ ਬੈਠੇ ਹੋ। ਘੋੜੇ ਦੇ ਟਾਪਾਂ ਵਲ ਕੰਨ ਲਾ ਦਿਉ ਤੇ ਟਾਪਾਂ ਦੇ ਤਾਲ ਨਾਲ ਆਪਣੇ ਅੰਦਰ ਧੁਨੀ ਛੇੜ ਦਿਓ ‘ਤੂੰ ਹੀ ਤੂੰ’ ਦੀ? ਸਾਥੀ ਰਾਹੀਆਂ ਦੀਆਂ ਗੱਪਾਂ ਵਲੋਂ ਹਟ ਕੇ ਆਪਣੇ ਆਪ ਤੁਹਾਡਾ ਮਨ ‘ਤੂੰ ਹੀ ਤੂੰ’ ਦੀ ਮੌਜ ਵਿਚ ਜੁੜ ਜਾਏਗਾ।

ਤੁਸੀਂ ਪੈਦਲ ਤੁਰੇ ਜਾ ਰਹੇ ਹੋ। ਮਨ ਕਦੇ ਵਿਹਲਾ ਤਾਂ ਰਹਿ ਨਹੀਂ ਸਕਦਾ, ਕਈ ਫੁਰਨੇ ਇਸ ਦੇ ਅੰਦਰ ਉੱਠਦੇ ਰਹਿੰਦੇ ਹਨ, ਪਰ ਤੁਸੀਂ ਆਪਣੇ ਪੈਰਾਂ ਦੇ ਤਾਲ ਨਾਲ ਆਪਣੇ ਅੰਦਰ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਛੇੜ ਦਿਉ। ਵੇਖੋ, ਕੈਸੇ ਸੌਖੇ ਤਰੀਕੇ ਨਾਲ ਪੈਂਡਾ ਮੁੱਕਦਾ ਹੈ !

ਤੁਸੀਂ ਕਿਸੇ ਪਹਾੜੀ ਨਦੀ ਦੇ ਕੰਢੇ ਬੈਠੇ ਹੋ। ਪੱਥਰਾਂ ਨਾਲ ਵੱਜਦੇ ਪਾਣੀ ਦੇ ਖੜਾਕ ਨਾਲ ਤੁਸੀਂ ‘ਤੂੰ ਹੀ ਤੂੰ’ ਰਲਾ ਦਿਉ। ਵੇਖੋ, ਕੈਸੀ ਮਸਤੀ ਦੀ ਹਾਲਤ ਬਣਦੀ ਹੈ  ! ਦੁਨੀਆ ’ਤੇ ਦੁਨੀਆ ਦੇ ਸਾਰੇ ਚਿੰਤਾ-ਫ਼ਿਕਰ ਕਿਤੇ ਜਾਂਦੇ ਨਹੀਂ ਲੱਭਣੇ।

ਰਾਤ ਸੌਣ ਵੇਲੇ ਤੁਸੀਂ ਆਪਣੇ ਮੰਜੇ ’ਤੇ ਲੇਟੇ ਹੋ। ਅੰਦਰ ਬਾਹਰ ਆਉਂਦੇ ਜਾਂਦੇ ਆਪਣੇ ਸਾਹ ਦੇ ਨਾਲ ਤੁਸੀਂ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਮੇਲ ਦਿਉ। ਵੇਖੋ, ਕੀ ਮੌਜ ਬਣਦੀ ਹੈ।

ਤੁਸੀਂ ਵਗਦੇ ਖੂਹ ਦੀ ਗਾਧੀ (ਉਹ ਲੱਕੜ, ਜਿਸ ਨੂੰ ਬਲ਼ਦ ਖਿੱਚ ਕੇ ਹਲ਼ਟ ਨੂੰ ਘੁੰਮਾ ਪਾਣੀ ਕੱਢਦੈ) ’ਤੇ ਬੈਠੇ ਹੋ। ਖੂਹ ਦਾ ਰਾਗ ਸੁਣੋ ਤੇ ਉਸ ਰਾਗ ਦੇ ਨਾਲ ਆਪਣੇ ‘ਵਾਹਿ-ਗੁਰੂ’ ਨੂੰ ਜੋੜ ਦਿਉ। ਫਿਰ ਇਉਂ ਜਾਪੇਗਾ ਕਿ ‘‘ਹਰਹਟ ਭੀ ਤੂੰ ਤੂੰ ਕਰਹਿ; ਬੋਲਹਿ ਭਲੀ ਬਾਣਿ ’’ (ਮਹਲਾ /੧੪੨੦) ਆਪਣਾ ਮਾਲਕ ਆਪਣੇ ਕੋਲ ਬੈਠਾ ਜਾਪੇਗਾ। ਉੱਚੀ ਬੋਲਣ ਨੂੰ ਜੀਅ ਨਹੀਂ ਕਰੇਗਾ ‘‘ਸਾਹਿਬੁ ਸਦਾ ਹਦੂਰਿ ਹੈ; ਕਿਆ ਉਚੀ ਕਰਹਿ ਪੁਕਾਰ ’’ (ਮਹਲਾ /੧੪੨੦)

ਬੱਸ  ! ਇਸ ਤਰ੍ਹਾਂ ਤੁਰਦਿਆਂ-ਫਿਰਦਿਆਂ, ਉੱਠਦਿਆਂ ਬੈਠਦਿਆਂ, ਕੰਮ-ਕਾਰ ਕਰਦਿਆਂ ਖਸਮ-ਪ੍ਰਭੂ ਨੂੰ ਗਲੇ ਦਾ ਹਾਰ ਬਣਾਣਾ ਹੈ। ਸਾਹਿਬ ਪੰਚਮ ਪਾਤਿਸ਼ਾਹ ਫ਼ੁਰਮਾਂਦੇ ਹਨ ‘‘ਊਠਤ ਬੈਠਤ ਸੋਵਤ ਧਿਆਈਐ   ਮਾਰਗਿ ਚਲਤ; ਹਰੇ ਹਰਿ ਗਾਈਐ   ਸ੍ਰਵਨ ਸੁਨੀਜੈ; ਅੰਮ੍ਰਿਤ ਕਥਾ   ਜਾਸੁ ਸੁਨੀ ਮਨਿ ਹੋਇ ਅਨੰਦਾ; ਦੂਖ ਰੋਗ ਮਨ ਸਗਲੇ ਲਥਾ ਰਹਾਉ   ਕਾਰਜਿ ਕਾਮਿ; ਬਾਟ ਘਾਟ ਜਪੀਜੈ   ਗੁਰ ਪ੍ਰਸਾਦਿ; ਹਰਿ ਅੰਮ੍ਰਿਤੁ ਪੀਜੈ   ਦਿਨਸੁ ਰੈਨਿ; ਹਰਿ ਕੀਰਤਨੁ ਗਾਈਐ   ਸੋ ਜਨੁ; ਜਮ ਕੀ ਵਾਟ ਪਾਈਐ   ਆਠ ਪਹਰ; ਜਿਸੁ ਵਿਸਰਹਿ ਨਾਹੀ   ਗਤਿ ਹੋਵੈ, ਨਾਨਕ ! ਤਿਸੁ ਲਗਿ ਪਾਈ (ਮਹਲਾ /੩੮੬)

ਇਥੇ ਇਕ ਹੋਰ ਗੱਲ ਦਾ ਭੀ ਧਿਆਨ ਰੱਖਣਾ ਹੈ। ਕਿਰਸਾਣ ਆਪਣੇ ਫ਼ਸਲ-ਬੰਨੇ ਦੀ ਰਾਖੀ ਆਦਿਕ ਦਾ ਖ਼ਿਆਲ ਤਾਂ ਹਰ ਵੇਲੇ ਰੱਖਦਾ ਹੈ, ਪਰ ਜਿਸ ਨੇ ਬੀਜਣ ਵੇਲੇ ਵੱਤਰ ਦਾ ਵੇਲਾ ਹੀ ਖੁੰਝਾ ਦਿੱਤਾ ਹੋਵੇ, ਉਸ ਦਾ ਫ਼ਸਲ ਬਣਨਾ ਹੀ ਕਿੱਥੋਂ ਹੋਇਆ ? ਅੱਠੇ ਪਹਿਰ ਪਰਮਾਤਮਾ ਦੇ ਚਰਨਾਂ ਦਾ ਧਿਆਨ ਰੱਖਣਾ-ਇਹ ਅਸਲ ਵਿਚ ਨਾਮ-ਫ਼ਸਲ ਦੀ ਰਾਖੀ ਤੇ ਪਰਵਰਿਸ਼ ਹੈ। ਇਸ ਦੇ ਬੀਜਣ ਦਾ ਅਸਲੀ ਸਮਾ ਹੈ ਅੰਮ੍ਰਿਤ ਵੇਲਾ, ਪਰਭਾਤ ਦਾ ਵੇਲਾ, ਜਦੋਂ ਚਿੜੀ ਚੁਹਕਦੀ ਹੈ ਤੇ ਰੱਬ ਦੇ ਆਸ਼ਿਕਾਂ ਦੇ ਅੰਦਰ ਸਿਮਰਨ ਦੇ ਤਰੰਗ ਉੱਠਦੇ ਹਨ ‘‘ਚਿੜੀ ਚੁਹਕੀ ਪਹੁ ਫੁਟੀ; ਵਗਨਿ ਬਹੁਤੁ ਤਰੰਗ   ਅਚਰਜ ਰੂਪ ਸੰਤਨ ਰਚੇ; ਨਾਨਕਨਾਮਹਿ ਰੰਗ ’’ (ਮਹਲਾ /੩੧੯)

 [ਪਦ ਅਰਥ: ਚੁਹਕੀ-ਬੋਲੀ। ਪਹੁ ਫੁਟੀ-ਪਹੁ-ਫੁਟਾਲਾ ਹੋਇਆ, ਅੰਮ੍ਰਿਤ ਵੇਲਾ ਹੋਇਆ। ਤਰੰਗ-ਲਹਿਰਾਂ, ਸਿਮਰਨ ਦੇ ਤਰੰਗ। ਨਾਮਹਿ-ਨਾਮ ਵਿਚ।

ਅਰਥ : ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਰੰਗ ਬਹੁਤ ਉੱਠਦੇ ਹਨ। ਹੇ ਨਾਨਕ !  ਜਿਨ੍ਹਾਂ ਗੁਰਮੁਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਨ੍ਹਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪਰਮਾਤਮਾ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ)॥੧॥]

ਸਿੱਖ-ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਵਰਖਾ ਵਾਸਤੇ ਅਰਜ਼ੋਈ ਕਰਦਾ ਹੈ। ਦਾਤਾਰ-ਪ੍ਰਭੂ ਦੇ ਹੁਕਮ ਵਿਚ ਗੁਰੂ-ਮੇਘ (ਬੱਦਲ) ਬਾਣੀ ਦੀ ਰਾਹੀਂ ਵਰਖਾ ਕਰਦਾ ਹੈ ਤੇ ਗੁਰਬਾਣੀ ਦੀ ਵਿਚਾਰ ਵਿਚ ਭਿੱਜ ਕੇ ਸਿੱਖ ਦੇ ਹਿਰਦੇ ਵਿਚ ਹਰਿਆਵਲ ਹੋ ਜਾਂਦੀ ਹੈ।

ਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ ‘‘ਬਾਬੀਹਾ ਅੰਮ੍ਰਿਤ ਵੇਲੈ ਬੋਲਿਆ; ਤਾਂ ਦਰਿ ਸੁਣੀ ਪੁਕਾਰ   ਮੇਘੈ ਨੋ ਫੁਰਮਾਨੁ ਹੋਆ; ਵਰਸਹੁ ਕਿਰਪਾ ਧਾਰਿ   ਹਉ ਤਿਨ ਕੈ ਬਲਿਹਾਰਣੈ; ਜਿਨੀ ਸਚੁ ਰਖਿਆ ਉਰਿ ਧਾਰਿ   ਨਾਨਕ  ! ਨਾਮੇ ਸਭ ਹਰੀਆਵਲੀ; ਗੁਰ ਕੈ ਸਬਦਿ ਵੀਚਾਰਿ (ਮਹਲਾ /੧੨੮੫)

[ਪਦ ਅਰਥ : ਦਰਿ-ਪ੍ਰਭੂ ਦੇ) ਦਰ ’ਤੇ। ਮੇਘੈ ਨੋ-(ਗੁਰੂ) ਬੱਦਲ ਨੂੰ। ਉਰਿ-ਹਿਰਦੇ ਵਿਚ।

ਅਰਥ : (ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪਰਮਾਤਮਾ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ। (ਪਰਮਾਤਮਾ ਵਲੋਂ ਗੁਰੂ-) ਬੱਦਲ ਨੂੰ ਹੁਕਮ ਹੁੰਦਾ ਹੈ ਕਿ ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ਨਾਮ ਦੀ ਵਰਖਾ ਕਰੋ।

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ । ਹੇ ਨਾਨਕ  ! ਸਤਿਗੁਰੂ ਦੇ ਸ਼ਬਦ ਦੀ ਰਾਹੀਂ (‘ਨਾਮ’ ਦੀ) ਵੀਚਾਰ ਕੀਤਿਆਂ (ਭਾਵ ਨਾਮ ਸਿਮਰਿਆਂ) ‘ਨਾਮ’ ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ ॥੧॥

ਗੁਰੂ ਰਾਮਦਾਸ ਜੀ ਲਿਖਦੇ ਹਨ, ਸਤਿਗੁਰੂ ਸਮੁੰਦਰ ਹੈ, ਜਿਸ ਵਿਚ ਨਾਮ-ਰਤਨ ਭਰੇ ਪਏ ਹਨ। ਜਿਹੜੇ ਭਾਗਾਂ ਵਾਲੇ ਸਤਿਗੁਰੂ ਦੀ ਬਾਣੀ ਵਿਚ ਜੁੜਦੇ ਹਨ ਉਹਨਾਂ ਨੂੰ ਇਹ ਰਤਨ ਆਪਣੇ ਅੰਦਰੋਂ ਹੀ ਲੱਭ ਪੈਂਦਾ ਹੈ। ਗੁਰੂ ਤੇ ਗੋਬਿੰਦ ਵਿਚ ਮਨ ਜੋੜੋ। ਆਪ ਫ਼ੁਰਮਾਂਦੇ ਹਨ ‘‘ਰਤਨਾ ਰਤਨ ਪਦਾਰਥ; ਬਹੁ ਸਾਗਰੁ ਭਰਿਆ ਰਾਮ   ਬਾਣੀ ਗੁਰਬਾਣੀ ਲਾਗੇ; ਤਿਨ੍ ਹਥਿ ਚੜਿਆ ਰਾਮ   ਗੁਰਬਾਣੀ ਲਾਗੇ, ਤਿਨ੍ ਹਥਿ ਚੜਿਆ; ਨਿਰਮੋਲਕੁ ਰਤਨੁ ਅਪਾਰਾ   ਹਰਿ ਹਰਿ ਨਾਮੁ ਅਤੋਲਕੁ ਪਾਇਆ; ਤੇਰੀ ਭਗਤਿ ਭਰੇ ਭੰਡਾਰਾ   ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ   ਗੁਰ ਗੋਵਿੰਦੁ, ਗੁੋਵਿੰਦੁ ਗੁਰੂ ਹੈ; ਨਾਨਕ ! ਭੇਦੁ ਭਾਈ ’’ (ਮਹਲਾ /੪੪੨)

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)

0

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਪਹਿਲਾ)

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਦੂਜਾ)

ਪਿਛਲੇ ਦੋ ਭਾਗਾਂ ’ਚ ਸੰਸਾਰ ਦੇ ਦੋ ਪ੍ਰਮੁੱਖ ਮਜ਼੍ਹਬਾਂ (ਆਰੀਅਨ ਤੇ ਇਬਰਾਨੀ) ਦੇ ਸਿਧਾਂਤਕ ਪੱਖ ਨੂੰ ਵਿਚਾਰਿਆ ਗਿਆ ਸੀ, ਜਿਨ੍ਹਾਂ ’ਚੋਂ ਆਰੀਅਨ ਸਿਧਾਂਤ (ਵੈਦਿਕ ਤੇ ਪਾਰਸੀ ਧਰਮ ਰਾਹੀਂ) ਭਾਰਤੀ ਲੋਕਾਂ ਦੁਆਰਾ ਅਪਣਾਇਆ ਗਿਆ ਤੇ ਇਬਰਾਨੀ ਸਿਧਾਂਤ (ਯਹੂਦੀ, ਈਸਾਈ ਤੇ ਇਸਲਾਮ ਧਰਮ ਰਾਹੀਂ) ਫ਼ਲਸਤੀਨੀ, ਕੁਰੈਸ਼ੀ ਕਬੀਲਿਆਂ ਦੇ ਰੂਪ ’ਚ ‘ਅਰਬ, ਇਜ਼ਰਾਈਲ, ਫ਼ਲਸਤੀਨ, ਰੋਮ (ਇਟਲੀ), ਮਿਸਰ’ ਆਦਿ ਦੇਸ਼ਾਂ ’ਚ ਆਪਣਾ ਅਸਤਿਤਵ ਕਾਇਮ ਕਰਨ ’ਚ ਸਫਲ ਹੋਇਆ।

ਪਹਿਲਾਂ ਕੀਤੀ ਗਈ ਵਿਚਾਰ ਕਿ ਧਰਮ ਦੀ ਵਿਲੱਖਣਤਾ ਲਈ ਕੁਝ ਨੁਕਤਿਆਂ ਨੂੰ ਵਿਚਾਰਨਾ ਜ਼ਰੂਰੀ ਹੁੰਦਾ ਹੈ; ਜਿਵੇਂ ਕਿ

(1). ਧਾਰਮਿਕ ਆਗੂ (ਪੈਗ਼ੰਬਰ, ਰਸੂਲ, ਨਬੀ, ਗੁਰੂ ਆਦਿ) ਨੂੰ ਇਹ ਬੋਧ; ਉਮਰ ਦੇ ਕਿਸ ਪੜਾਅ ’ਚ, ਕਿਸ ਦੁਆਰਾ ਤੇ ਕਿਵੇਂ ਪ੍ਰਾਪਤ ਹੋਇਆ  ?

(2). ਧਾਰਮਿਕ ਆਗੂ ਨੇ ਆਪਣੇ ਇਸ਼ਟ (ਰੱਬ, ਈਸ਼ਵਰ) ਦੀ ਕੀ ਪਰਿਭਾਸ਼ਾ ਬਿਆਨ ਕੀਤੀ  ?

(3). ਮੁਕਤੀ ਤੋਂ ਕੀ ਭਾਵ ਹੈ  ?

(4). ਆਤਮਾ (ਰੂਹ) ਦਾ ਮਾਰਗ (ਪੈਂਡਾ) ਕੀ ਹੈ ? ਕਿਉਂਕਿ ‘ਧਰਮ’ ਰੂਹਾਨੀਅਤ ਦਾ ਵਿਸ਼ਾ ਹੈ, ਜਿਸ ਨੇ ਸਮਾਜਿਕ ਬੁਰਾਈਆਂ ਨਾਲ਼ ਲੜਦਿਆਂ ਆਪਣੀ ਮੰਜ਼ਲ ਫ਼ਤਿਹ ਕਰਨੀ ਹੁੰਦੀ ਹੈ।

(5). ਇਸ ਵਿਚਾਰਧਾਰਾ ਰਾਹੀਂ ਮਾਨਵਤਾ ਨੂੰ ਕੀ ਕੀ ਸੁਤੰਤਰਤਾ ਜਾਂ ਸਮਾਨਤਾ ਮਿਲ਼ੀ  ?

(6). ਉਤਰਾਧਿਕਾਰੀ ਦੀ ਨਿਯੁਕਤੀ ਕਿਸ ਦ੍ਰਿਸ਼ਟੀਕੋਣ ਨਾਲ਼ ਹੋਈ ਤੇ ਕਿੰਨੀ ਕੁ ਸਫਲ ਰਹੀ  ?

(ਨੋਟ : ਕਿਸੇ ਮਹਾਤਮਾ ਦੀ ਘਾਲਣਾ ਦਾ ਵਿਕਾਸ, ਢੁਕਵੇਂ ਸਮੇਂ ’ਤੇ ਲਏ ਗਏ ਦਰੁਸਤ ਨਿਰਣੈ ’ਤੇ ਨਿਰਭਰ ਹੁੰਦਾ ਹੈ, ਜਿਸ ਵਿੱਚ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਵੀ ਸ਼ਾਮਲ ਹੈ ਕਿਉਂਕਿ ਇੱਕ ਵੀ ਗ਼ਲਤ ਨਿਰਣਾ, ਮੂਲ ਸਿਧਾਂਤ ਦੀ ਪਰਿਭਾਸ਼ਾ ਬਦਲ ਸਕਦਾ ਹੈ।)

(7). ਉਸ ਸਿਧਾਂਤ ਨੂੰ ਲਿਖਤੀ ਰੂਪ ’ਚ ਕਿਵੇਂ ਤੇ ਕਿਸ ਦੁਆਰਾ ਸੰਭਾਲ਼ਿਆ ਗਿਆ  ? ਆਦਿ।

ਹਰ ਮਨੁੱਖ ਲਈ ਆਪਣੇ ਜੀਵਨ ਕਾਲ ਦਾ ਸਰਬੋਤਮ ਕਾਰਜ ਆਪਣੀ ਰੂਹਾਨੀਅਤ ਖ਼ੁਰਾਕ ਪ੍ਰਾਪਤ ਕਰਨਾ ਹੈ ਤਾਂ ਜੋ ਲੋਕ ਪ੍ਰਲੋਕ ’ਚ ਸ੍ਰਿਸ਼ਟੀ ਦੇ ਰਚੇਤਾ ਨਾਲ਼ ਨੇੜਤਾ ਬਣੀ ਰਹੇ। ਇਹ ਸੁਭਾਗੀ ਮਨੁੱਖਾ ਘੜੀ ਤੇ ਖ਼ੁਰਾਕ ਦੁਬਾਰਾ ਮਰਨ ਉਪਰੰਤ ਨਹੀਂ ਮਿਲਣੀ। ਧਰਮ ਦੇ ਨਾਂ ’ਤੇ ਅਣਗਿਣਤ ਮਨੁੱਖਾਂ ਨੇ ਆਪਣੇ ਪੂਰਵਜਾਂ ਦੇ ਵੰਸ਼ਜ ਬਣ ਕੇ ਇਸ ਸਮੇਂ ਨੂੰ ਸੰਭਾਲ਼ਿਆ ਵੀ ਤੇ ਅਜਾਈਂ ਵੀ ਗਵਾਇਆ। ਇਸ ਲਈ ਹਰ ਮਨੁੱਖ ਲਈ ਸਾਰਥਕ ਤੇ ਨਿਰਾਰਥਕ ਅਸੂਲਾਂ ਦੇ ਭਿੰਨ-ਭੇਦ ਨੂੰ ਸਮਝਣਾ ਅਤਿ ਜ਼ਰੂਰੀ ਹੈ। ਹਥਲੇ ਵਿਸ਼ੇ ਦੇ ਵਿਚਾਰ ਤੋਂ ਪਹਿਲਾਂ ਕੁਝ ਧਰਮਾਂ ਬਾਰੇ ਸੰਖੇਪ ’ਚ ਮੁੜ ਝਾਤ ਮਾਰਨੀ ਜ਼ਰੂਰਤ ਹੈ :

(1). ਵੈਦਿਕ ਧਰਮ :  4 ਵੇਦ (ਜੋ ਵੈਦਿਕ ਸਿਧਾਂਤ ਦਾ ਆਧਾਰ ਹਨ) ਦਾ ਨਿਚੋੜ ਇਹ ਹੈ ਕਿ ਮਨੁੱਖਾ ਜੀਵਨ ਦੇ ਤਿੰਨ ਸ੍ਰੇਸ਼ਟ ਕਾਰਜ ਹਨ ‘ਉਪਾਸ਼ਨਾ (ਪੂਜਾ), ਉਸਤਤ ਤੇ ਪ੍ਰਾਰਥਨਾ’। ਇਸ ਮਤ ਦਾ ਈਸ਼ਵਰ ‘ਚੰਦ੍ਰਮਾ, ਸੂਰਜ, ਤਾਰੇ, ਦਰਖ਼ਤ, ਜਾਨਵਰ, ਪੰਛੀ, ਦੇਵਤੇ, ਪੱਥਰ ਮੂਰਤੀ’ ਆਦਿ ਆਕਾਰ ਰੂਪ ਹੈ, ਜਿਨ੍ਹਾਂ ਦੀ ਪੂਜਾ, ਗੁਣ ਗਾਉਣਾ ਤੇ ਇਨ੍ਹਾਂ ਅੱਗੇ ਬੇਨਤੀ (ਪ੍ਰਾਰਥਨਾ, ਆਰਤੀ) ਕਰਨਾ ਹੀ ‘ਵੈਦਿਕ ਧਰਮ’ ਹੈ।

ਭਾਰਤ ਦੇ ਰਾਸ਼ਟਰਪਤੀ ਤੇ ਫ਼ਿਲਾਸਫ਼ਰ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਇਸ ਮਤ ਬਾਰੇ ਨਿਰਣਾ ਹੈ ਕਿ ‘ਵੈਦਿਕ ਰਿਸ਼ੀ ਆਰੰਭ ’ਚ ਕੁਦਰਤ ਦੇ ਉਪਾਸ਼ਕ, ਫਿਰ ਬਹੁ ਦੇਵ ਪੂਜਾ ਤੇ ਅੰਤ ’ਚ ਇੱਕ ਈਸ਼ਵਰ (ਦੇਵ) ਦੇ ਪੂਜਾਰੀ ਹਨ। ਆਤਮਾ ਤੇ ਕੁਦਰਤ ਦਾ ਜੁੜਨਾ ਹੀ ਦੇਵ ਪੂਜਾ ਹੈ।’ (ਡਾ. ਰਾਧਾ ਕ੍ਰਿਸ਼ਨਨ)

(ਨੋਟ : ਉਕਤ ਇੱਕ ਈਸ਼ਵਰ ਤੋਂ ਭਾਵ ਆਕਾਰ ਹੈ, ਨਾ ਕਿ ਨਿਰਾਕਾਰ ਕਿਉਂਕਿ ਨਿਰਾਕਾਰ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ।)

ਰਵਿੰਦਰ ਨਾਥ ਟੈਗੋਰ ਮੁਤਾਬਕ ਵੇਦ ਇਤਿਹਾਸਿਕ ਯਾਦਗਾਰ ਹਨ ਭਾਵ ਇਰਾਨੀਆਂ ਦੇ ਸਮਾਜਿਕ ਯੁੱਧ ਦਾ ਵਰਣਨ ਹੈ, ਜੋ ਉਨ੍ਹਾਂ ਭਾਰਤ ਦੇ ਮੂਲ ਨਿਵਾਸੀ ਦਰਾਵੜਾਂ ਨਾਲ਼ ਲੜਿਆ, ਜਿਨ੍ਹਾਂ ਨੂੰ ਛੋਟੀ ਜਾਤੀ ਨਾਂ ਦਿੱਤਾ ਗਿਆ।

(2). ਪਾਰਸੀ ਧਰਮ : ਇਰਾਨੀਆਂ ਦੀ ਇੱਕ ਜਮਾਤ, ਜਿਸ ਦੇ ਧਾਰਮਿਕ ਆਗੂ ਜ਼ਰਤੁਸ਼ਤ (ਜਨਮ 600 ਪੂਰਵ ਈਸਵੀ) ਸਨ, ਜੋ ਦੇਵਤੇ ਅਤੇ ਮੂਰਤੀ ਪੂਜਾ ਦੇ ਵਿਰੁਧ ਸਨ, ਪਰ ਆਪ ਅਗਨੀ ਦੇਵਤੇ ਦੇ ਉਪਾਸ਼ਕ ਵੀ ਸਨ। ਇਹ ਸਿਧਾਂਤ ਉਪਨਿਸ਼ਦਾਂ ਅਤੇ ਸ਼ਾਸਤਰਾਂ ਦੀ ਉਪਜ ਹੈ, ਜਿੱਥੇ ਇੱਕ ਈਸ਼ਵਰੀ ਸੰਕੇਤ ਵੀ ਮਿਲਦਾ ਹੈ।

ਜ਼ਰਤੁਸ਼ਤ ਜੀ ਦੀ 15 ਸਾਲ ’ਚ ਸ਼ਾਦੀ ਹੋਈ ਕੁਝ ਸਮਾਂ ਗ੍ਰਹਿਸਤੀ ਜੀਵਨ ’ਚ ਰਹੇ, ਜਿਸ ਉਪਰੰਤ ਇੱਕ ਲੜਕਾ ਤੇ ਇੱਕ ਲੜਕੀ ਨੂੰ ਛੱਡ 15 ਸਾਲ ਇਕਾਂਤ ’ਚ ਰਹਿ ਕੇ ਜੋ ਅਨੁਭਵ ਕੀਤਾ, ਉਸ ਦਾ ਪਹਿਲਾ ਅਨੁਯਾਈ (ਸ਼ਿਸ਼/ਚੇਲਾ) ਚਾਚੇ ਦਾ ਲੜਕਾ ਬਣਿਆ। ਤਦ ਇਨ੍ਹਾਂ ਦੀ ਉਮਰ ਲਗਭਗ 45 ਸਾਲ ਸੀ। ਬਾਅਦ ’ਚ ਕੁਝ ਰਾਜਿਆਂ ਤੇ ਵਜ਼ੀਰਾਂ ਨੇ ਇਨ੍ਹਾਂ ਅਸੂਲਾਂ ਨੂੰ ਅਪਣਾਇਆ, ਜਿਸ ਕਾਰਨ ਵਿਰੋਧੀ ਰਾਜੇ ਨੇ ਹਮਲਾ ਕਰ ਦਿੱਤਾ ਤੇ ਇਹ 70 ਵਰ੍ਹਿਆਂ ਦੀ ਉਮਰ ’ਚ ਆਪਣੇ 80 ਸਾਥੀਆਂ ਸਮੇਤ ਇਰਾਨ ’ਚ ਮਾਰੇ ਗਏ।

(3). ਜੈਨੀ ਧਰਮ : ਭਗਵਾਨ ਮਹਾਂਵੀਰ ਜੀ (ਜਨਮ 599 ਪੂਰਵ ਈਸਵੀ) ਨੇ 30 ਸਾਲ ਦੀ ਉਮਰ ’ਚ 2 ਬੱਚਿਆਂ ਸਮੇਤ ਗ੍ਰਹਿਸਤੀ ਤਿਆਗ ਜੰਗਲ਼ ’ਚ ਜਾ ਕੇ ਇਕਾਂਤ ਨਿਵਾਸ ਕੀਤਾ ਤੇ 12 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਕੀਤਾ ਉਸ ਮੁਤਾਬਕ ‘ਆਤਮਾ; ਜੋ ਚੇਤਨ ਗਿਆਨ ਸਰੂਪ, ਕਰਮ ਭੋਗੀ, ਜਨਮ ਲੈਣ ਵਾਲ਼ਾ, ਮੋਕਸ਼ ਦਾ ਹੱਕਦਾਰ ਤੇ ਨਿੱਤ ਰਹਿਣ ਵਾਲ਼ਾ’ ਹੈ, ਬਾਰੇ ਚਾਨਣਾ ਪਾਇਆ। ‘ਮੋਕਸ਼ਧਾਰੀ ਆਤਮਾ’ ਹੀ ਮੁਕਤੀ ਪੁਰਸ਼, ਤੀਰਥਾਂਕਰ (ਗੁਰੂ) ਤੇ ਈਸ਼ਵਰ ਹੈ, ਕੋਈ ਹੋਰ ਅਦ੍ਰਿਸ਼ ਸ਼ਕਤੀ ਨਹੀਂ। ਇਨ੍ਹਾਂ ਦੀ ਕੁਲ ਉਮਰ 72 ਵਰ੍ਹੇ ਸੀ।

(ਨੋਟ : ਉਕਤ ਸਿਧਾਂਤ ’ਚ ਇਹ ਸਪਸ਼ਟ ਨਹੀਂ ਕਿ ਜਨਮ ਲੈਣ ਵਾਲ਼ਾ ਆਤਮਾ ਤਾਂ ਜੂਨਾਂ ’ਚ ਜਾਂਦਾ ਹੈ ਪਰ ਮੋਕਸ਼ਧਾਰੀ ਆਤਮਾ ਦਾ ਮਰਨ ਉਪਰੰਤ ਕੀ ਅਸਤਿਤਵ ਹੈ, ਜਿਸ ਨੂੰ ਨਿੱਤ ਰਹਿਣ ਵਾਲ਼ਾ ਵੀ ਕਿਹਾ ਗਿਆ ਹੈ ?

ਗ੍ਰਹਿਸਤੀ ਜੀਵਨ ਤਿਆਗ ਜੰਗਲ ’ਚ ਜਾਣ ਵਾਲ਼ੇ ਲਈ ਗੁਰਮਤਿ ਫ਼ੁਰਮਾਨ ਹੈ ‘‘ਕਾਹੇ ਰੇ  ! ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ’’ (ਮਹਲਾ /੬੮੪)

ਭਗਵਾਨ ਮਹਾਂਵੀਰ ਜੀ ਦੇ 6 ਸਾਲ ਸ਼ਿਸ਼ ਰਹੇ ਗੋਸ਼ਲ ਜੀ ਨੇ ਇਨ੍ਹਾਂ ਦਾ ਸਾਥ ਛੱਡ ਕੇ ਆਪਣਾ ਨਵਾਂ ‘ਅਜੀਵਕ’ ਮਤ ਚਲਾਇਆ, ਜਿਸ ਅਨੁਸਾਰ ਕੁਦਰਤ ’ਚ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ, ਪਰ ਇਨ੍ਹਾਂ ਵਿਚਾਰਾਂ ਨਾਲ਼ ਮਹਾਂਵੀਰ ਜੀ ਸਹਿਮਤ ਨਾ ਹੋਏ, ਜਿਸ ਕਾਰਨ ਗੋਸ਼ਲ ਤੇ ਗੁਰੂ ਮਹਾਂਵੀਰ ਜੀ ’ਚ ਸਿਧਾਂਤਕ ਅਸਮਾਨਤਾ ਬਣ ਗਈ।)

(4). ਬੋਧੀ ਧਰਮ: ਗੌਤਮ ਸਿਧਾਰਥ (ਮਹਾਤਮਾ ਬੁੱਧ, ਜਨਮ 566 ਪੂਰਵ ਈਸਵੀ) ਨੇ 28 ਸਾਲ ਦੀ ਉਮਰ ’ਚ ਇੱਕ ਬੱਚੇ ਸਮੇਤ ਗ੍ਰਹਿਸਤੀ ਜੀਵਨ ਤਿਆਗ ਜੰਗਲ਼ ’ਚ ਜਾ ਇਕਾਂਤ ਨਿਵਾਸ ਕੀਤਾ ਤੇ 7 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਕੀਤਾ ਉਸ ਅਵਸਥਾ ਦਾ ਨਾਂ ‘ਜੋਤੀ, ਬੋਧੀ, ਨਿਰਵਾਣ, ਮਧ ਮਾਰਗ’ ਰੱਖਿਆ।

ਧਾਰਮਿਕ ਨਿਯਮ : ਅਹਿੰਸਾ, ਸਤ੍ਯ, ਅਸ਼ੇਯ (ਭਾਵ ਚੋਰੀ ਨਾ ਕਰਨਾ), ਬ੍ਰਹਮਚਰਜ (ਵਾਸ਼ਨਾਵਾਂ ’ਤੇ ਕਾਬੂ), ਅਪਗ੍ਰਹਿ (ਲੋਭ ਰਹਿਤ), ਸੋਚ-ਪਵਿੱਤ੍ਰਤਾ, ਸੰਤੋਖ, ਤਪ (ਦੁੱਖ-ਸੁੱਖ ਦਾ ਅਭਾਵ), ਹੰਕਾਰ ਤੇ ਵਿਖਾਵਾ ਰਹਿਤ ਜੀਵਨ ਹੀ ਮੁਕਤੀ ਹੈ। ਕੋਈ ਅਦ੍ਰਿਸ਼ ਸ਼ਕਤੀ ਈਸ਼ਵਰ ਨਹੀਂ। ਇਨ੍ਹਾਂ ਦੀ ਕੁਲ ਉਮਰ 80 ਵਰ੍ਹੇ ਸੀ।

(5). ਸ਼ੰਕਰ ਦਾ ਮਤ ਜਾਂ ਵੈਸ਼ਨਵ ਮਤ : ਸ ਸਿਧਾਂਤ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ‘ਭਗਤ ਰਾਮਾਨੰਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ’ ਵਰਗੇ ਮਹਾਂ ਪੁਰਸ਼ਾਂ ਦਾ ਨਾਂ ਇਸ ਮਤ ਨਾਲ਼ ਜੁੜਦਾ ਹੈ।

ਸ਼ੰਕਰਾਚਾਰਯ ਜੀ ਦਾ ਜੀਵਨ ਸੰਨ 789-820 ਈਸਵੀ ਸੀ, ਜੋ ਰਾਮਚੰਦ੍ਰ ਤੇ ਕ੍ਰਿਸ਼ਨ ਜੀ ਨੂੰ ਈਸ਼ਵਰ ਮੰਨਦੇ ਸਨ। ਇਨ੍ਹਾਂ ਦੇ 6ਵੇਂ ਉਤਰਾਧਿਕਾਰੀ ਸਨ : ‘ਰਾਘਵਾਨੰਦ ਜੀ’, ਜੋ ਭਗਤ ਰਾਮਾਨੰਦ ਜੀ ਦੇ ਗੁਰੂ ਦੱਸੇ ਗਏ। ਇੱਕ ਵਾਰ ਰਾਮਾਨੰਦ ਜੀ ਨੇ ਆਪਣੇ ਗੁਰੂ ਨੂੰ ਕਿਹਾ ਕਿ ਇੱਕ ਈਸ਼ਵਰ ਦੀ ਭਗਤੀ ਕਰਨ ਨਾਲ਼ ਵਰਣ-ਆਸ਼ਰਮ, ਜਾਤ-ਪਾਤ ਆਦਿ ਬੰਧਨ ਟੁੱਟ ਜਾਂਦੇ ਹਨ। ਇਨ੍ਹਾਂ ਵਿਚਾਰਾਂ ਨਾਲ਼ ਗੁਰੂ (ਰਾਘਵਾਨੰਦ ਜੀ) ਸਹਿਮਤ ਨਾ ਹੋਏ ਤੇ ਉਨ੍ਹਾਂ ਅਲੱਗ ਸੰਪ੍ਰਦਾਇ ਚਲਾਉਣ ਲਈ ਕਿਹਾ, ਜੋ ਵੈਰਾਗੀ ਸੰਪ੍ਰਦਾਇ ਅਖਵਾਈ, ਪਰ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ; ਭਗਤ ਜੀ ਦੇ ਆਪਣੇ ਵਚਨ ਹਨ ਕਿ ‘‘ਗੁਰ ਕਾ ਸਬਦੁ; ਕਾਟੈ ਕੋਟਿ ਕਰਮ ’’ (ਭਗਤ ਰਾਮਾਨੰਦ/੧੧੯੫) ਯਾਨੀ ਕਿ ਇਨ੍ਹਾਂ ਨੇ ਕਿਸੇ ਨੂੰ ਗੁਰੂ ਧਾਰਿਆ ਸੀ। ਇਹ ਵਿਚਾਰ ਉਕਤ ਇਤਿਹਾਸ ਨੂੰ ਝੁਠਲਾਉਂਦਾ ਹੈ। ਹਰ ਇੱਕ ਰੱਬੀ (ਨਿਰਾਕਾਰ) ਭਗਤ ਨੂੰ ਬ੍ਰਾਹਮਣੀ ਵਰਣ ਵੰਡ ’ਚ ਕੈਦ ਕਰਨਾ, ਰੂੜ੍ਹੀਵਾਦੀ ਨੀਤੀ ਦਾ ਭਾਗ ਰਿਹਾ ਹੈ। ਅਗਰ ਇਨ੍ਹਾਂ ਦਾ ਸ਼ਬਦ, ਗੁਰਬਾਣੀ ’ਚ ਦਰਜ ਨਾ ਹੁੰਦਾ ਤਾਂ ਰਾਮਾਨੰਦ ਜੀ ਨਾਲ਼ ਵੀ ਕਦੇ ਇਨਸਾਫ਼ ਨਾ ਹੁੰਦਾ।

(6). ਯਹੂਦੀ ਧਰਮ : ਇਬਰਾਨੀ ਕੌਮ ਦੇ ਪ੍ਰਮੁੱਖ ਸਨ ‘ਪੈਗ਼ੰਬਰ ਇਬਰਾਹੀਮ’, ਜਿਨ੍ਹਾਂ ਦੀ ਕੁੱਲ ਉਮਰ 175 ਵਰ੍ਹੇ ਸੀ। ਇਨ੍ਹਾਂ ਦੇ ਹੀ ਵੰਸ਼ ’ਚ ਸੰਨ 1571 ਪੂਰਵ ਈਸਵੀ ਮੂਸਾ ਜੀ ਦਾ ਜਨਮ ਹੋਇਆ, ਜੋ 40 ਸਾਲ ਦੀ ਉਮਰ ’ਚ ਇੱਕ ਪਹਾੜ ’ਤੇ ਗਏ ਜਿੱਥੇ ਅੱਗ ਵਰਗੀ ਲਾਟ ਵੇਖੀ ਜਿਸ ਨੇ ਪਹਿਲੀ ਵਾਰ ਖ਼ੁਦਾਈ ਪੈਗ਼ਾਮ ਸੁਣਾਇਆ, ਜੋ ਇਸਰਾਈਲੀ ਕਬੀਲੇ ਦੀ ਮਦਦ ਲਈ ਸੀ। ਆਪਣੇ ਕਬੀਲੇ ਦੀ ਰੱਖਿਆ ਕਰਨਾ ਹੀ ‘ਯਹੂਦੀ ਧਰਮ’ ਹੈ। ਹਜ਼ਰਤ ਮੂਸਾ ਜੀ ਦੀ ਕੁੱਲ ਉਮਰ 120 ਸਾਲ ਸੀ।

(7). ਈਸਾਈ ਧਰਮ : 6 ਪੂਰਵ ਈਸਵੀ ਈਸਾ ਮਸੀਹ ਦਾ ਜਨਮ ਹੋਇਆ। 30 ਸਾਲ ਦੀ ਉਮਰ ’ਚ ਜਦ ਇਨ੍ਹਾਂ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ ਤਦ ਰੂਹ-ਉਲ-ਕੁਦਸ (ਭਾਵ ਰੱਬੀ ਆਤਮਾ) ਕਬੂਤਰ ਦੀ ਸ਼ਕਲ ’ਚ ਇਨ੍ਹਾਂ ਉੱਤੇ ਉਤਰੀ। ਇਸ ਉਪਰੰਤ ਜੋ ਅਨੁਭਵ ਕੀਤਾ ਉਸ ਦਾ ਪ੍ਰਚਾਰ ਕੇਵਲ ਤਿੰਨ ਸਾਲ ਕੀਤਾ ਤੇ 33 ਸਾਲ ਦੀ ਉਮਰ ’ਚ ਸੂਲੀ ’ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤੇ ਗਏ ਕਿਉਂਕਿ ਇਨ੍ਹਾਂ ਨੇ ਆਪਣੇ ਆਪ ਨੂੰ ਖ਼ੁਦਾ ਦਾ ਇਕਲੌਤਾ ਪਿਆਰਾ ਪੁੱਤਰ ਐਲਾਨਿਆ ਸੀ।

(8). ਇਸਲਾਮ ਧਰਮ : ਈਸਾ ਮਸੀਹ ਜੀ ਦੇ ਦੇਹਾਂਤ ਤੋਂ 543 ਸਾਲ ਬਾਅਦ (15 ਅਪ੍ਰੈਲ 570 ਈਸਵੀ) ਮੁਹੰਮਦ ਸਾਹਿਬ ਦਾ ਜਨਮ ਹੋਇਆ।   39 ਸਾਲ ਦੀ ਉਮਰ ’ਚ ਇਨ੍ਹਾਂ ਨੇ ਰੱਬੀ ਪੈਗ਼ਾਮ ਪਹਿਲੀ ਵਾਰ ਸੁਣਿਆ, ਜੋ ਉਸ ਦੇਵ ਪੂਜਾ, ਮੂਰਤੀ ਪੂਜਾ ਦੇ ਖ਼ਿਲਾਫ਼ ਸੀ, ਜੋ ਤਦ ਮੱਕੇ ’ਚ ਹੁੰਦੀ ਸੀ। ਇਨ੍ਹਾਂ ਦੀ ਕੁੱਲ ਉਮਰ 62 ਸਾਲ ਸੀ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ ਸਨ, ਜਿਸ ਕਾਰਨ ਇਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਬਾਅਦ ’ਚ ਲਿਖੇ ਗਏ ।

ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਦੇ ਪੈਰੋਕਾਰ (ਸ਼ੀਆ ਮੁਸਲਮਾਨਾਂ) ਦਾ ਸੁੰਨੀ ਮੁਸਲਮਾਨਾਂ ਉੱਪਰ ਆਰੋਪ ਹੈ ਕਿ ਉਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਜੋ ਇਲਾਹੀ ਪੈਗ਼ਾਮ ਹਜ਼ਰਤ ਅਲੀ ਜੀ ਨੂੰ ਸੁਣਾਏ, ਉਹ ਕੁਰਾਨ ਸ਼ਰੀਫ਼ ’ਚ ਦਰਜ ਨਹੀਂ ਹੋਣ ਦਿੱਤੇ ਗਏ ਬਲਕਿ ਉਨ੍ਹਾਂ ਨੂੰ ‘ਰਾਫ਼ਜ਼ੀ’ ਯਾਨੀ ਕਿ ਝੂਠਾ ਕਿਹਾ ਗਿਆ। ਸ਼ੀਆ ਮੁਸਲਮਾਨਾਂ ਦੀ ਹੀ ਇੱਕ ਪ੍ਰਸਿੱਧ ਜਮਾਤ ਹੈ ‘ਸੂਫ਼ੀ’।

ਸੁੰਨੀ ਮੁਸਲਮਾਨਾਂ ਦੀ ਬੇਇਨਸਾਫ਼ੀ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ ‘‘ਛਾਡਿ ਕਤੇਬ; ਰਾਮੁ ਭਜੁ ਬਉਰੇ  ! ਜੁਲਮ ਕਰਤ ਹੈ ਭਾਰੀ (ਤਾਹੀਓਂ) ਕਬੀਰੈ (ਨੇ) ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ’’ (ਭਗਤ ਕਬੀਰ/੪੭੭)

(ਨੋ : ਉਕਤ ਤਿੰਨੇ ਮਜ਼੍ਹਬਾਂ (ਯਹੂਦੀ, ਈਸਾਈ ਤੇ ਇਸਲਾਮ) ਦਾ ਧਾਰਮਿਕ ਸਿਧਾਂਤ ਪੈਗ਼ੰਬਰੀ ਵਚਨਾਂ ’ਤੇ ਵਿਸ਼ਵਾਸ ਕਰਨਾ ਤੇ ਇੱਕ ਅੱਲ੍ਹਾ (ਈਸ਼ਵਰ) ਦੀ ਬੰਦਗੀ ਕਰਨਾ ਹੈ, ਜੋ ਸੱਤ ਆਕਾਸ਼ ਉੱਪਰ ਹੈ। ਮਰਨ ਉਪਰੰਤ ਰੂਹ ਕਿਆਮਤ ਤੱਕ ਕਬਰ ’ਚ ਰਹੇਗੀ ਬੇਸ਼ੱਕ ਬੰਦਗੀ ਕੀਤੀ ਹੈ ਜਾਂ ਨਹੀਂ। ਇਸ ਲਈ ਰੂਹ ਦਾ ਪੈਂਡਾ ਆਵਾਗਮਣ ਨਹੀਂ ਮੰਨਿਆ ਗਿਆ।)

ਉਕਤ ਸਾਰੇ ਵਿਚਾਰ ਦਾ ਨਿਚੋੜ ਇਹ ਮਿਲਦਾ ਹੈ :

(1). ਸਾਰੇ ਧਾਰਮਿਕ ਆਗੂਆਂ ਦੇ ਵਿਚਾਰ 1500 ਪੂਰਵ ਈਸਵੀ (ਭਾਵ 3100 ਵਰ੍ਹੇ) ਤੋਂ ਪਹਿਲਾਂ ਦੇ ਨਹੀਂ; ਜਿਵੇਂ ਕਿ ਸਭ ਤੋਂ ਪੁਰਾਣੇ ਗ੍ਰੰਥ (ਰਿਗ ਵੇਦ) ਨੂੰ ਰਿਸ਼ੀਆਂ ਨੇ 6-7 ਪੀੜ੍ਹੀਆਂ ’ਚ 1520-1420 ਪੂਰਵ ਈਸਵੀ (100 ਸਾਲਾਂ) ’ਚ ਪੂਰਾ ਕੀਤਾ, ਮੰਨਿਆ ਗਿਆ, ਜਦਕਿ ਜੀਵ ਵਿਗਿਆਨ ਮੁਤਾਬਕ 8 ਲੱਖ ਤੋਂ 4 ਲੱਖ ਸਾਲ ਪਹਿਲਾਂ ਰਹੇ ਮਨੁੱਖ (ਹੋਮੋ ਇਰੈਕਟਸ, ਪਹਿਲੀ ਮਨੁੱਖਾ ਜਾਤੀ) ਨੂੰ ਅੱਗ ਲਗਾਉਣ ਦੀ ਸਮਝ ਸੀ ਤੇ ਉਹ ਔਜ਼ਾਰਧਾਰੀ ਵੀ ਸਨ।

(ਨੋਟ : 1500 ਪੂਰਵ ਈਸਵੀ ਤੋਂ ਪਹਿਲਾਂ ਦਾ ਸਾਰਾ ਹੀ ਇਤਿਹਾਸ; ਕਾਲਪਨਿਕ (ਮਿਥਿਹਾਸ) ਹੈ, ਜਿਸ ਵਿੱਚ ਨਾ-ਮਾਤਰ ਸਚਾਈ ਮਿਲਣੀ ਵੀ ਮੁਸ਼ਕਲ ਹੈ; ਜਿਵੇਂ ਕਿ ‘ਬਾਬਾ ਆਦਮ’ ਦੀ ਉਮਰ 930 ਸਾਲ, ‘ਨੂਹ’ ਦੀ 900 ਸਾਲ, ਵਾਲਮੀਕਿ ਰਾਮਾਇਣ ਮੁਤਾਬਕ ਰਾਮਚੰਦ੍ਰ ਨੇ 10, 000 ਵਰ੍ਹੇ ਰਾਜ ਕੀਤਾ ਜਦਕਿ ਰਾਮਚੰਦ੍ਰ ਦੇ ਗੁਰੂ (ਵਸ਼ਿਸ਼ਟ ਰਿਸ਼ੀ) ਤੇ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ਉਸਤਾਦ ‘ਵਿਸ਼ਵਾਮਿਤਰ’ 1500 ਈਸਵੀ ਪੂਰਵ ਪੈਦਾ ਹੋਏ ਹਨ। ਹਨੁਮਾਨ (ਹਣਵੰਤਰ) ਤ੍ਰੇਤਾ ਯੁੱਗ ’ਚ ਰਾਮਚੰਦ੍ਰ ਜੀ ਦਾ ਸੈਨਾਪਤੀ ਸੀ ਤੇ ਦੁਆਪਰ ’ਚ ਕ੍ਰਿਸ਼ਨ ਜੀ ਦਾ ਸਹਿਯੋਗੀ ਵੀ ਰਿਹਾ ਯਾਨੀ ਕਿ ਹਨੁਮਾਨ ਦੀ ਉਮਰ ਭੀ ਹਜ਼ਾਰਾਂ ਸਾਲ ਹੋਏਗੀ ਆਦਿ।)

(2). ਸਭ ਤੋਂ ਪੁਰਾਣੇ ਵੈਦਿਕ ਧਰਮ ਦਾ ਪਿਛੋਕੜ ਇਰਾਨ ਦੇਸ਼ ਨਾਲ਼ ਹੈ, ਜਿੱਥੇ ਦੇਵ ਪੂਜਾ, ਨਛੱਤਰ ਪੂਜਾ, ਬਨਸਪਤੀ (ਦਰਖ਼ਤ) ਪੂਜਾ, ਮੂਰਤੀ ਪੂਜਾ, ਸਤੀ ਪ੍ਰਥਾ, ਕੁਰਬਾਨੀ ਦੇਣਾ ਆਦਿ ਕਰਮ ਪ੍ਰਧਾਨ ਰਹੇ ਹਨ, ਜਿਨ੍ਹਾਂ ਨੂੰ ਸਵੀਕਾਰਨਾ ਤੇ ਨਕਾਰਨਾ ਹੀ ਕਈ ਧਰਮਾਂ ਦੀ ਬੁਨਿਆਦ ਬਣ ਗਿਆ। ਜੈਨੀ, ਬੋਧੀ ਆਦਿ ਮੱਤਾਂ ਨੇ ਇਨ੍ਹਾਂ ਨੂੰ ਨਕਾਰਿਆ ਵੀ ਤੇ ਕਿਸੇ ਗ਼ੈਬੀ (ਅਲੌਕਿਕ) ਸ਼ਕਤੀ ਤੋਂ ਵੀ ਮੁਨਕਰ ਰਹੇ ਯਾਨੀ ਇਹ ਸਮਾਜਿਕ ਸੋਚ ਸੀ। ਦੂਸਰੇ ਪਾਸੇ ਇਬਰਾਨੀਆਂ ਨੇ ਉਕਤ ਕਰਮਕਾਂਡਾਂ ਨੂੰ ਨਕਾਰਿਆ ਅਤੇ ਗ਼ੈਬੀ ਸ਼ਕਤੀ (ਅੱਲ੍ਹਾ) ਨੂੰ ਸੱਤ ਆਕਾਸ਼ ’ਤੇ ਮੰਨਿਆ ਹੈ। ਇਹ ਵੀ ਸਚਾਈ ਹੈ ਕਿ ਆਰੀਅਨ ਫ਼ਲਸਫ਼ੇ ਦਾ ਪ੍ਰਭਾਵ ਸਭ ਧਰਮਾਂ ਉੱਤੇ ਜ਼ਰੂਰ ਵੇਖਣ ਨੂੰ ਮਿਲਦਾ ਹੈ। ਵੈਸੇ ਸਾਰੇ ਹੀ ਧਰਮ ਸਮਾਜਿਕ ਇਨਸਾਫ਼ ਦੇਣ ਦੇ ਹੱਕ ’ਚ ਹਨ।

(3). ਪੈਗ਼ੰਬਰੀ ਵਿਚਾਰਾਂ ਨਾਲ਼ ਉਨ੍ਹਾਂ ਦੇ ਪੈਰੋਕਾਰਾਂ ਦੀ ਅਸਹਿਮਤੀ ਵੀ ਰਹੀ; ਜਿਵੇਂ ਕਿ ਬ੍ਰਹਮਾ ਨੂੰ ਜਗਤ ਰਚੇਤਾ ਵੀ ਮੰਨਿਆ ਅਤੇ ਆਪਣੀ ਲੜਕੀ ’ਤੇ ਮੋਹਿਤ ਹੋਣ ਵਾਲ਼ਾ ਕਾਮੀ ਵੀ ਕਿਹਾ। ਈਸਾ ਮਸੀਹ ਨੂੰ ਪ੍ਰਮੁੱਖ ਚੇਲੇ ਪੀਟਰ ਵੱਲੋਂ ਲਾਹਨਤਾਂ ਪਾਉਣੀਆਂ, ਭਗਵਾਨ ਮਹਾਂਵੀਰ ਦੇ ਵਿਚਾਰਾਂ ਨਾਲ਼ ਪ੍ਰਮੁੱਖ ਚੇਲੇ ਗੋਸ਼ਲ ਦੀ ਅਸਹਿਮਤੀ, ਰਾਘਵਾਨੰਦ ਜੀ ਨਾਲ਼ ਰਾਮਾਨੰਦ ਜੀ ਦਾ ਵਿਰੋਧਾਭਾਸ, ਹਜ਼ਰਤ ਅਲੀ ਜੀ ਦੇ ਵਿਚਾਰਾਂ ਨੂੰ ਝੂਠਾ ਕਹਿਣਾ ਆਦਿ।

ਗੁਰਬਾਣੀ ਨੇ ਈਸ਼ਵਰ ਦੀ ਪਰਿਭਾਸ਼ਾ ਸਰਬ ਵਿਆਪਕ ਬਿਆਨ ਕੀਤੀ ਹੈ। ਬ੍ਰਾਹਮਣ ਇਸ ਤੋਂ ਮੁਨਕਰ ਹੋ ਕੇ ਕੁਦਰਤ ਦਾ ਉਪਾਸ਼ਕ ਬਣਿਆ ਰਿਹਾ ਤੇ ਆਪਣੇ ਇਸ਼ਟ ਦੇਵ ’ਤੇ ਵੀ ਪੂਰਾ ਵਿਸ਼ਵਾਸ ਨਾ ਬਣਾ ਸਕਿਆ, ਜਿਸ ਕਾਰਨ ਹਿੰਦੂ ਨੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਕਿਹਾ ਜਦਕਿ ਮੁਸਲਮਾਨ;  ਸਰਬ ਵਿਆਪਕ ਖ਼ੁਦਾ ਤੋਂ ਮੁਨਕਰ ਹੈ ਤੇ ਪੈਗ਼ੰਬਰੀ ਵਚਨਾਂ ’ਤੇ ਪੂਰਾ ਯਕੀਨ ਰੱਖਣ ਕਾਰਨ ਕੇਵਲ ਇੱਕ ਅੱਖੋਂ ਕਾਣਾ ਦੱਸਿਆ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ’’ ਕਿਉਂਕਿ ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫) ਪਰ ਬੇਇਨਸਾਫ਼ੀ ਵੇਖੋ ਕਿ ਵਿਦਿਅਕ ਪੰਡਿਤ ਨੇ ਆਪਣੇ ਅਸ਼ਰਧਕ ਇਸ਼ਟ ਵਾਙ ਨਾਮਦੇਵ ਜੀ ਨੂੰ ਹੀ ਪੱਥਰ ਪੂਜਕ ਸਾਬਤ ਕਰਨਾ ਚਾਹਿਆ।

ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਰੱਬ (ਨਿਰਾਕਾਰ) ਦੇ ਅਨੇਕਾਂ ਨਾਮ ਹਨ। ਉਹੀ ਜਗਤ ਰਚਨਾ (ਆਕਾਰ, ਕੁਦਰਤ) ਬਣਾਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਇਸ ਨੂੰ ਖ਼ਤਮ ਕਰਨ ਵਾਲ਼ਾ ਹੈ। ਪ੍ਰਮਾਤਮਾ ਇੱਕ ਸਮੁੰਦਰ ਦੀ ਤਰ੍ਹਾਂ ਹੈ ਤੇ ਸਾਰੇ ਜੀਵ; ਉਸ ਸਮੁੰਦਰ ਦੀਆਂ ਬੂੰਦਾਂ ਹਨ। ਇਨ੍ਹਾਂ ਬੂੰਦਾਂ ਨੂੰ ਆਤਮਾ (ਜ਼ਿੰਦਗੀ ਦਾ ਆਧਾਰ) ਕਿਹਾ, ਜੋ ਅਕਾਲ ਪੁਰਖ ਦਾ ਅਨਿੱਖੜਵਾਂ ਅੰਗ ਹੋਣ ਕਾਰਨ ਕਦੇ ਮਰਦਾ ਨਹੀਂ  ‘‘ਇਆ ਮੰਦਰ ਮਹਿ; ਕੌਨ ਬਸਾਈ ? ਤਾ ਕਾ ਅੰਤੁ; ਕੋਊ ਪਾਈ ਰਹਾਉ …. ਨਾ ਇਸੁ ਪਿੰਡੁ; ਰਕਤੂ ਰਾਤੀ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ)ਇਸੁ ਮਰਤੇ ਕਉ; ਜੇ ਕੋਊ ਰੋਵੈ ਜੋ ਰੋਵੈ; ਸੋਈ ਪਤਿ ਖੋਵੈ ਗੁਰ ਪ੍ਰਸਾਦਿ; ਮੈ ਡਗਰੋ (ਸਹੀ ਮਾਰਗ) ਪਾਇਆ ਜੀਵਨ ਮਰਨੁ ਦੋਊ ਮਿਟਵਾਇਆ ਕਹੁ ਕਬੀਰ ! ਇਹੁ ਰਾਮ ਕੀ ਅੰਸੁ ਜਸ (ਜੈਸੇ) ਕਾਗਦ ਪਰ; ਮਿਟੈ ਮੰਸੁ (ਸਿਆਹੀ)’’ (ਭਗਤ ਕਬੀਰ/੮੭੧)

ਇਸ ਆਤਮਾ ਦਾ ਪੈਂਡਾ ਅਕਾਲ ਪੁਰਖ ’ਚ ਲੀਨਤਾ ਜਾਂ ਕਿਆਮਤ ਤੱਕ ਆਵਾਗਮਣ ਹੁੰਦੇ ਰਹਿਣਾ; ਅਟੁੱਟ ਨਿਯਮ ਹੈ। ਅਕਾਲ ਪੁਰਖ ਆਪ ਅਜੂਨੀ ਹੈ; ਜਿਸ ਦੇ ਹੁਕਮ ’ਚ ਆਵਾਗਮਣ ਰਾਹੀਂ ਕੁਦਰਤ ਦਾ ਵਿਕਾਸ ਹੁੰਦੈ। ਇਸ ਹੁਕਮ ਤੋਂ ਮੁਨਕਰ ਕੋਈ ਨਹੀਂ। ਮੈਂ ਹੁਕਮ ਵਿੱਚ ਚੱਲ ਰਿਹਾ ਹਾਂ, ਨੂੰ ਸਵੀਕਾਰਨਾ ਹੀ ਮੁਕਤੀ ਹੈ ਕਿਉਂਕਿ ਇਹ ਭਾਵਨਾ; ਮਨੁੱਖ ਨੂੰ ਹਰ ਕੰਮ ਦਾ ਮਹੱਤਵ ਆਪਣੇ ’ਤੇ ਲੈਣ ਤੋਂ ਰੋਕਦੀ ਹੈ ਤੇ ਰੱਬ ਦੇ ਗੁਣ ਗਾਉਣ ਲਈ ਪ੍ਰੇਰਦੀ ਹੈ ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਹੂੰ ’’ (੧੩੭੫) ਭਾਵ ਹੇ ਕਰਤਾਰ ! ਹਰ ਕੰਮ ਤੂੰ ਹੀ, ਤੂੰ ਹੀ ਕਰਾਉਂਦਾ ਹੈਂ, ਕਹਿਣ ਨਾਲ਼ ਮੇਰੇ ਅੰਦਰੋਂ ਆਪਣਾਪਣ ਮਰਦਾ ਹੈ, ਜੋ ਜਨਮ ਮਰਨ ਦਾ ਮੂਲ ਹੈ।

ਵੈਸੇ ਸਭ ਜੀਵ ਅਕਾਲ ਪੁਰਖ ਦੇ ਹੁਕਮ ਮੁਤਾਬਕ ਚੱਲਦੇ ਹਨ ਪਰ ਕਰਮਾਂ ਦਾ ਫਲ਼; ਜੀਵ ਦਾ ਆਪਣਾ ਨਸੀਬ ਹੈ, ਜੋ ਆਤਮਾ ਉੱਪਰ ਚੜ੍ਹੀ ਮੈਲ਼ (ਅੰਤਹਿਕਰਣ, ਧੁੰਧ) ਹੈ। ਗੁਰੂ (ਆਤਮ ਪ੍ਰਕਾਸ਼ ਰੂਪ); ਧੁੰਧ ’ਚ ਛੁਪੇ ਆਤਮਾ (ਰੱਬੀ ਨੂਰ) ਬਾਰੇ ਸੋਝੀ ਦਿੰਦੈ ਯਾਨੀ ਅੰਤਹਿਕਰਣ ਨੂੰ ਪਾਰਦਰਸ਼ੀ ਕਰਦੈ। ਇਹੀ ਮੁਕਤੀ ਹੈ। ਭਾਈ ਗੁਰਦਾਸ ਜੀ ਇਉਂ ਬਿਆਨ ਕਰਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭) ਇਹ ਚਾਨਣ; ਗੁਰੂ ਹੀ ਕਰ ਸਕਦੈ, ਨਾ ਕਿ ਅਕਾਸ਼ ’ਚ ਹਜ਼ਾਰਾਂ ਚੰਦ-ਸੂਰਜ ਚੜ੍ਹਨ ਨਾਲ਼ ਪ੍ਰਗਟ ਹੁੰਦੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਮਹਲਾ /੪੬੩) ਪਾਰਦਰਸ਼ੀ ਅੰਤਹਿਕਰਣ ਵਾਲ਼ੇ ਯਾਨੀ ਕਿ ਰੱਬ ਦੇ ਦਰਸ਼ਨ ਕਰ ਚੁੱਕੇ; ਮਰਨ ਉਪਰੰਤ ਅਕਾਲ ਪੁਰਖ ’ਚ ਲੀਨ ਹੁੰਦੇ ਹਨ; ਜਿਵੇਂ ਨਦੀਆਂ-ਨਾਲੇ ਸਮੁੰਦਰ ਵਿੱਚ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ ’’ (ਜਪੁ)

ਗੁਰਬਾਣੀ; ਜਗਤ ਰਚਨਾ ਨੂੰ ਅਕਾਲ ਪੁਰਖ ਦੀ ਇੱਕ ਖੇਡ ਮੰਨਦੀ ਹੈ। ਇਸ ਨੂੰ ਬਣਾਏ ਰੱਖਣਾ ਅਕਾਲ ਪੁਰਖ ਦਾ ਨਿਰਣਾ ਹੈ। ਇਹ ਖੇਡ ਤਾਂ ਹੀ ਵਿਕਾਸ ਕਰੇਗੀ ਜੇ ਜੀਵਾਂ ਦਾ ਸੁਭਾਅ ਅਕਾਲ ਪੁਰਖ ਵਰਗਾ ਨਾ ਹੋਵੇ। ਵੈਦਿਕ ਧਰਮ ਇਸ ਭਿੰਨ ਭਿੰਨ ਸੁਭਾਅ ਨੂੰ ਪਾਪ ਪੁੰਨ ’ਚ ਵੰਡਦੈ ਜਦਕਿ ਗੁਰਬਾਣੀ ਰੱਦ ਕਰਦੀ ਹੈ ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ (ਮੂਲ ਖਬਰ) ਜਾਣੀ ’’ (ਮਹਲਾ /੯੨੦)

ਜਗਤ ਰਚਨਾ ’ਚੋਂ ਜੀਵ ਨੇ ਦੋ ਤਰ੍ਹਾਂ ਮੁਕਤ ਹੋਣਾ ਹੈ ‘ਕਿਆਮਤ ਉਪਰੰਤ ਜਾਂ ਗੁਰੂ ਕਿਰਪਾ ਨਾਲ਼ ਜਗਤ ਰਚੇਤਾ ਨੂੰ ਯਾਦ ਕਰ’। ਰੱਬ ਨੂੰ ਯਾਦ ਕਰਨ ਨਾਲ਼ ਮਨੁੱਖ ਨੂੰ ਲਾਭ ਹੈ, ਰੱਬ ਨੂੰ ਨਹੀਂ ਕਿਉਂਕਿ ਉਹ ਆਪਣੀ ਵਡਿਆਈ ਸੁਣ ਮਨੁੱਖ ਵਾਙ ਫੁੱਲਦਾ ਨਹੀਂ ਤੇ ਨਾ ਯਾਦ ਕਰਨ ਨਾਲ਼ ਘਟਦਾ ਨਹੀਂ ‘‘ਵਡਾ ਹੋਵੈ; ਘਾਟਿ ਜਾਇ ’’ (ਮਹਲਾ /)

ਸਾਰੇ ਜੀਵ ਰੱਬੀ ਜੋਤ ਦਾ ਰੂਪ ਹੋਣ ਕਾਰਨ ਨਸਲ, ਜਾਤ ਜਾਂ ਲਿੰਗ ਆਦਿ ਵਿਤਕਰਾ ਕਰਨਾ ਮਨਮਤ ਹੈ, ਇਸ ਲਈ ਗੁਰਮਤਿ ਨੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਨੂੰ ਪਹਿਲ ਦਿੱਤੀ ਤਾਂ ਜੋ ਆਪਸੀ ਪਿਆਰ ਬਣਿਆ ਰਹੇ।

ਗੁਰੂ ਕੇਵਲ ਅਧਿਆਪਕ ਜਾਂ ਵਿੱਦਿਅਕ ਦਾਤਾ ਨਹੀਂ ਬਲਕਿ ਅੰਤਹਿਕਰਣ ਦੀ ਮੁਕੰਮਲ ਸਫ਼ਾਈ ਕਰਾਉਣ ਤੱਕ ਭਰੋਸਾ ਬਣਾਉਣ ’ਚ ਸਹਾਰਾ ਭੀ ਦਿੰਦੈ ਤਾਂ ਕਿ ਰੱਬ ਦੇ ਦਰਸ਼ਨ ਹੋ ਜਾਣ, ਜੋ ਗੁਰੂ ਦਾ ਟੀਚਾ ਸੀ। ਗੁਰੂ ਨੂੰ ਅੰਗ-ਸੰਗ ਮਹਿਸੂਸ ਕੀਤਿਆਂ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ’’ (ਮਹਲਾ /੩੯੪) ਦਿਲੋਂ ਗੁਰੂ ਅੱਗੇ ਬੇਨਤੀ ਕਰ ਹੁੰਦੀ ਹੈ ‘‘ਗੁਰੂ, ਗੁਰੂ, ਗੁਰੁ ਕਰਿ, ਮਨ ਮੋਰ (ਮੇਰੇ) ! ਗੁਰੂ ਬਿਨਾ; ਮੈ ਨਾਹੀ ਹੋਰ ਗੁਰ ਕੀ ਟੇਕ ਰਹਹੁ; ਦਿਨੁ ਰਾਤਿ ਜਾ ਕੀ; ਕੋਇ ਮੇਟੈ ਦਾਤਿ (ਮਿਹਰ)’’ (ਮਹਲਾ /੮੬੪)

ਗੁਰੂ ਗ੍ਰੰਥ ਸਾਹਿਬ ’ਚ ਵਿਰਾਜਮਾਨ 35 ਮਹਾਂ ਪੁਰਸ਼ਾਂ ’ਚੋਂ ਦੋ ਗੁਰਸਿੱਖ (ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ) ਨੇ ਗੁਰੂ ਸ਼ਖ਼ਸੀਅਤ (ਗੁਰੂ ਅਮਰਦਾਸ ਜੀ) ਦੀ ਉਪਮਾ; ਸਤਿਯੁਗ ’ਚ ਸਮੁੰਦਰ ਰਿੜਕ ਕੇ ਕੱਢੇ, ਮੰਨੇ ਗਏ 14 ਰਤਨਾਂ ਦੀ ਮਿਸਾਲ ਨਾਲ਼ ਨਿਵਾਜ ਕੇ ਕੀਤੀ ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

11 ਭੱਟ ਸਾਹਿਬਾਨ ਦੀ ਬਾਣੀ ਵੀ ਗੁਰੂ ਉਪਮਾ ਨਾਲ਼ ਸੰਬੰਧਿਤ ਸ਼ਬਦ ਹਨ। ਮਿਸਾਲ ਲਈ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਜੋਤ ਪ੍ਰਤੀ ਆਪਣੀ ਭਾਵਨਾ ਇਉਂ ਵਿਅਕਤ ਕੀਤੀ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ਕਲਿਜੁਗਿ, ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ’’ (ਭਟ ਕਲੵ /੧੩੯੦) ਕਿਉਂਕਿ ਗੁਰੂ ਅਤੇ ਅਕਾਲ ਪੁਰਖ ’ਚ ਅੰਤਰ ਨਹੀਂ ਹੁੰਦਾ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ’’ (ਭਟ ਮਥੁਰਾ/੧੪੦੯)

ਗੁਰਬਾਣੀ ਦੇ ਮੂਲ ਸਿਧਾਂਤ; ਜਿਵੇਂ ਕਿ ਅਕਾਲ ਪੁਰਖ ਦੀ ਪਰਿਭਾਸ਼ਾ, ਮਨੁੱਖ ਲਈ ਗੁਰੂ ਦੀ ਅਹਿਮੀਅਤ, ਗੁਰੂ ਅਤੇ ਅਕਾਲ ਪੁਰਖ ਦੀ ਮਨੁੱਖਾਂ ’ਤੇ ਹੁੰਦੀ ਬਖ਼ਸ਼ਸ਼, ਆਵਾਗਮਣ ਤੋਂ ਮੁਕਤੀ, ਮਰਨ ਉਪਰੰਤ ਆਤਮਾ ਦਾ ਮਾਰਗ ਆਦਿ ਵਿਸ਼ਿਆਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ 35 ਮਹਾ ਪੁਰਖਾਂ ਦੇ ਵਿਚਾਰ ਇੱਕ ਸਮਾਨ ਹਨ; ਜਿਵੇਂ ਕਿ

(1). ਅਕਾਲ ਪੁਰਖ ਦੀ ਸਰਬ ਵਿਆਪਕਤਾ ਬਾਰੇ 15 ਭਗਤਾਂ ਦੇ ਵਿਚਾਰ :

ਕਹਤ ਨਾਮਦੇਉ ਹਰਿ ਕੀ ਰਚਨਾ; ਦੇਖਹੁ ਰਿਦੈ ਬੀਚਾਰੀ ॥ ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/485)

ਜੇ ਕੋ ਮੂੰ ਉਪਦੇਸੁ ਕਰਤੁ ਹੈ; ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ (ਭਗਤ ਤ੍ਰਿਲੋਚਨ/੯੨)

ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ (ਉਚਾਰਨ ਭੁਗਵੈ) ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/658)

ਮਸਤਕਿ ਪਦਮੁ, ਦੁਆਲੈ ਮਣੀ ॥ (ਉਸ) ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥ (ਭਗਤ ਬੇਣੀ/੯੭੪) ਭਾਵ ਮੱਥੇ ’ਤੇ ਕੰਵਲ ਫੁੱਲ (ਵਿਵੇਕ) ਹੈ, ਉਸ ਦੁਆਲੇ ਮਣੀ (ਭਾਵ ਗੁਣ, ਹੀਰਾ), ਉਸ ਵਿੱਚ ਤ੍ਰਿਲੋਕ ਦੇ ਮਾਲਕ ਦਾ ਨਿਵਾਸ ਹੈ।

ਫਰੀਦਾ  ! ਜੰਗਲੁ ਜੰਗਲੁ ਕਿਆ ਭਵਹਿ ? ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ (ਹਿਰਦੇ ’ਚ); ਜੰਗਲੁ ਕਿਆ ਢੂਢੇਹਿ ? ॥ (ਭਗਤ ਫਰੀਦ/੧੩੭੮)

ਰਾਮਾਨੰਦ (ਦਾ) ਸੁਆਮੀ ਰਮਤ ਬ੍ਰਹਮ (ਸਰਬ ਵਿਆਪਕ)॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ (ਕਰੋੜਾਂ ਅੰਧਵਿਸ਼ਵਾਸ ਕਿ ਰੱਬ ਸਰਬ ਵਿਆਪਕ ਨਹੀਂ)॥ (ਭਗਤ ਰਾਮਾਨੰਦ/੧੧੯੫)

ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥ (ਭਗਤ ਕਬੀਰ/੩੩੦)

ਜੋਲਾਹੇ ਘਰੁ ਅਪਨਾ ਚੀਨ੍ਹਾਂ (ਭਾਵ ਸਵੈ ਪੜਚੋਲ ਕੀਤੀ ਤਾਂ); ਘਟ ਹੀ ਰਾਮੁ ਪਛਾਨਾਂ ॥ (ਭਗਤ ਕਬੀਰ/੪੮੪)

ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ (ਸਮਝੀਦੈ)॥ (ਭਗਤ ਪੀਪਾ/੬੯੫)

ਕਹੁ ਭੀਖਨ  ! ਦੁਇ ਨੈਨ ਸੰਤੋਖੇ; ਜਹ ਦੇਖਾਂ ਤਹ ਸੋਈ ॥ (ਭਗਤ ਭੀਖਨ/੬੫੯) ਆਦਿ।

(2). ਗੁਰੂ (ਗੁਰਮਤਿ) ਤੇ ਗੁਰੂ ਸੰਗਤ ਦੀ ਅਹਿਮੀਅਤ ਬਾਰੇ 15 ਭਗਤਾਂ ਦੇ ਵਿਚਾਰ :

ਪੂਜਨ ਚਾਲੀ ਬ੍ਰਹਮ ਠਾਇ ॥ (ਪਰ) ਸੋ ਬ੍ਰਹਮੁ ਬਤਾਇਓ; ਗੁਰਿ (ਨੇ), ਮਨ ਹੀ ਮਾਹਿ ॥ (ਭਗਤ ਰਾਮਾਨੰਦ/੧੧੯੫)

ਸਤਿਗੁਰ ! ਮੈ ਬਲਿਹਾਰੀ ਤੋਰ (ਤੇਰੇ ਤੋਂ) ॥ ਜਿਨਿ, ਸਕਲ ਬਿਕਲ (ਸਾਰੇ ਔਖੇ) ਭ੍ਰਮ, ਕਾਟੇ ਮੋਰ (ਮੇਰੇ) ॥ (ਭਗਤ ਰਾਮਾਨੰਦ/੧੧੯੫)

ਗੁਰਮਤਿ (ਗੁਰੂ ਰਾਹੀਂ) ਰਾਮੁ ਕਹਿ; ਕੋ ਕੋ ਨ ਬੈਕੁੰਠਿ ਗਏ  ? ॥ (ਭਗਤ ਨਾਮਦੇਵ/718)

ਕਹੁ ਬੇਣੀ  ! ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ, ਬਾਟ ਨ ਪਾਵੈ ॥ (ਭਗਤ ਬੇਣੀ/੧੩੫੧)

ਸਾਧ ਸੰਗਤਿ ਬਿਨਾ, ਭਾਉ (ਪ੍ਰੇਮ) ਨਹੀ ਊਪਜੈ; ਭਾਵ (ਪ੍ਰੇਮ) ਬਿਨੁ, ਭਗਤਿ ਨਹੀ ਹੋਇ ਤੇਰੀ ॥ (ਭਗਤ ਰਵਿਦਾਸ/੬੯੪)

ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ (ਮੁਰੀਦ/ਸਿੱਖ ਬਣ ਚੱਲਣਾ ਚਾਹੀਦੈ) ॥ (ਬਾਬਾ ਫ਼ਰੀਦ/488)

ਗੁਰ ਸੇਵਾ ਤੇ; ਭਗਤਿ ਕਮਾਈ ॥ ਤਬ; ਇਹ ਮਾਨਸ ਦੇਹੀ ਪਾਈ ॥ (ਭਗਤ ਕਬੀਰ/੯੭੦) (ਭਾਵ ਤਾਂ ਹੀ ਮਨੁੱਖਾ ਦੇਹੀ ਸਫਲ ਹੋਈ।)

ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ; ਧਿਆਨੁ ਮਾਨੁ ਮਨ ਏਕ ਮਏ ॥ (ਭਗਤ ਧੰਨਾ/੪੮੭) ਭਾਵ ਗੁਰੂ ਨੇ ਜਦ ਗਿਆਨ-ਧਨ ਦਿੱਤਾ ਤਾਂ ਇਕੱਗਰ ਚਿਤ ਹੋ ਮਨੁੱਖ; ਰੱਬ ’ਚ ਲੀਨ ਹੋ ਗਿਆ।

ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥ (ਭਗਤ ਭੀਖਨ/੬੫੯)

(ਹੇ ਮਨੁੱਖ ! ਤੈਥੋਂ) ਹਿੰਸਾ ਤਉ ਮਨ ਤੇ ਨਹੀ ਛੂਟੀ; ਜੀਅ ਦਇਆ ਨਹੀ ਪਾਲੀ ॥ ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ (ਚੰਗੀ ਗੱਲ ਨਾ ਸੁਣੀ) ॥ (ਭਗਤ ਪਰਮਾਨੰਦ/੧੨੫੩) ਆਦਿ। ਸੋ ਗੁਰੂ ਸਾਹਿਬਾਨ ਵਾਙ 15 ਭਗਤ ਜਨ ਭੀ ਗੁਰੂ ਅਤੇ ਸੰਗਤ ਨੂੰ ਅਹਿਮ ਮੰਨਦੇ ਹਨ।

(3). ਮਨੁੱਖ ਉੱਤੇ ਹੁੰਦੀ ਗੁਰੂ ਤੇ ਰੱਬ ਦੀ ਮਿਹਰ ਬਾਰੇ 15 ਭਗਤਾਂ ਦੇ ਵਿਚਾਰ :

ਕ੍ਰਿਪਾ ਕਰੀ ਜਨ ਅਪੁਨੇ ਊਪਰ; ਨਾਮਦੇਉ ਹਰਿ ਗੁਨ ਗਾਏ ॥ (ਭਗਤ ਨਾਮਦੇਵ/੬੯੩)

ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ! ਮੇਰੀ ॥ (ਭਗਤ ਰਵਿਦਾਸ/੬੯੪)

ਕਹਿ ਰਵਿਦਾਸ, ਸਰਨਿ ਪ੍ਰਭ  ! ਤੇਰੀ ॥ ਜਿਉ ਜਾਨਹੁ; ਤਿਉ ਕਰੁ ਗਤਿ ਮੇਰੀ ॥ (ਭਗਤ ਰਵਿਦਾਸ/੭੯੩)

ਤੇਰੀ ਪਨਹ ਖੁਦਾਇ  ! ਤੂ ਬਖਸੰਦਗੀ ॥ ਸੇਖ ਫਰੀਦੈ (ਨੂੰ) ਖੈਰੁ; ਦੀਜੈ ਬੰਦਗੀ ॥ (ਸ਼ੇਖ਼ ਫਰੀਦ/੪੮੮)

ਕਹੁ ਕਬੀਰ, ਪ੍ਰਭ  ! ਕਿਰਪਾ ਕੀਜੈ ॥ ਹਾਰਿ ਪਰੇ; ਅਬ ਪੂਰਾ (ਭਰੋਸਾ) ਦੀਜੈ ॥ (ਭਗਤ ਕਬੀਰ/੩੨੬)

ਅਬ ਕੀ ਬਾਰ, ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥ (ਭਗਤ ਕਬੀਰ/੧੧੦੪)

ਰਾਮ ਰਾਇ  ! ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥ (ਭਗਤ ਭੀਖਨ/੬੫੯)

ਗੋਪਾਲ  ! ਤੇਰਾ ਆਰਤਾ (ਮੰਗਤਾ)॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ (ਉਨ੍ਹਾਂ ਦੇ ਤੂੰ) ਕਾਜ ਸਵਾਰਤਾ ॥ (ਭਗਤ ਧੰਨਾ/੬੯੫)

ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ ॥ ਕਹਿ ਰਵਿਦਾਸ  ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥ (ਭਗਤ ਰਵਿਦਾਸ/੬੯੪) ਆਦਿ।

(4). ਭਗਤ ਸਾਹਿਬਾਨ ਦੁਆਰਾ ਰੱਬ ਦੀ ਪ੍ਰੇਮਾ-ਭਗਤੀ ਕਰਨ ਦਾ ਜ਼ਿਕਰ :

ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ (ਉਹ ਧਰਤੀ ’ਤੇ ਬੋਝ ਹਨ)॥ (ਸ਼ੇਖ਼ ਫਰੀਦ/੪੮੮)

ਕਹਾ ਭਇਓ  ? ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ॥੧॥ ਪ੍ਰੇਮ ਕੀ ਜੇਵਰੀ; ਬਾਧਿਓ ਤੇਰੋ ਜਨ ॥ ਕਹਿ ਰਵਿਦਾਸ  ! ਛੂਟਿਬੋ ਕਵਨ ਗੁਨ  ? ॥੩॥ (ਭਗਤ ਰਵਿਦਾਸ/੪੮੭)

(ਰੱਬੀ) ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ (ਪਿਆਰ) ? ॥ ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ (ਪ੍ਰੇਮ)॥ (ਭਗਤ ਕਬੀਰ/੩੨੮)

ਜੋ ਜਨੁ ਭਾਉ ਭਗਤਿ (ਪ੍ਰੇਮਾ-ਭਗਤੀ) ਕਛੁ ਜਾਨੈ; ਤਾ ਕਉ ਅਚਰਜੁ ਕਾਹੋ (ਉਹ ਕਿਰਦਾਰ ਅਨੋਖਾ ਹੁੰਦੈ)॥ (ਭਗਤ ਕਬੀਰ/੬੯੨) ਆਦਿ।

(5). ਭਗਤ ਸਾਹਿਬਾਨ ਦੁਆਰਾ ਮੌਤ ਉਪਰੰਤ ਆਤਮਾ (ਰੂਹ/ਹੰਸੁ) ਦੇ ਪੈਂਡੇ ਦਾ ਜ਼ਿਕਰ :

ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥ (ਬਾਬਾ ਫਰੀਦ/੭੯੪)

ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ (ਬਾਬਾ ਫਰੀਦ/੧੩੭੭)

ਲਟ ਛਿਟਕਾਏ ਤਿਰੀਆ (ਕੇਸ ਖੋਲ੍ਹ ਕੇ ਵਹੁਟੀ) ਰੋਵੈ; ਹੰਸੁ ਇਕੇਲਾ ਜਾਈ ॥ (ਭਗਤ ਕਬੀਰ/੪੭੮)

ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅੱਗੇ) ਹੰਸੁ (ਆਤਮਾ) ਇਕੇਲਾ ਜਾਇ ॥ (ਭਗਤ ਕਬੀਰ/੧੧੨੪), ਆਦਿ।

(6). ਗੁਰਬਾਣੀ ਮੁਤਾਬਕ ਰੱਬੀ ਡਰ-ਅਦਬ ਹੇਠ ਰਹਿਣਾ, ਵਿਕਾਰਾਂ ਤੋਂ ਬਚਣਾ ਤੇ ਪ੍ਰੇਮਾ ਭਗਤੀ ਕਰਨੀ; ਜੀਵਦਿਆਂ ਮੁਕਤੀ ਹੈ, ਜੋ ਮਰਨ ਉਪਰੰਤ ਰੱਬ ’ਚ ਸਦੀਵੀ ਲੀਨਤਾ ਕਰਵਾ ਕੇ ਆਵਾਗਮਣ ਤੋਂ ਮੁਕਤ ਕਰਵਾਏਗੀ, ਪਰ ਅਜਿਹਾ ਰੱਬ ਦੀ ਮਿਹਰ ਨਾਲ਼ ਸੰਭਵ ਹੈ; ਜਿਵੇਂ  ਜੀਵਤ ਮਰਣਾ ਸਭੁ ਕੋ ਕਹੈ (ਪਰ); ਜੀਵਨ ਮੁਕਤਿ ਕਿਉ (ਕਿਵੇਂ) ਹੋਇ ? (ਜਵਾਬ, ਰੱਬੀ) ਭੈ ਕਾ ਸੰਜਮੁ ਜੇ ਕਰੇ; ਦਾਰੂ ਭਾਉ (ਪ੍ਰੇਮ) ਲਾਏਇ ਅਨਦਿਨੁ ਗੁਣ ਗਾਵੈ ਸੁਖ ਸਹਜੇ; ਬਿਖੁ ਭਵਜਲੁ ਨਾਮਿ (ਨਾਲ਼) ਤਰੇਇ (ਪਰ ਤਾਂ ਹੀ ਸੰਭਵ ਜੇ) ਨਾਨਕ  ! ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ (ਮਹਲਾ /੯੪੮) ਅਜਿਹੀ ਰੂਹ ਇਉਂ ਹੁੰਦੀ ਹੈ ‘‘ਤੈਸਾ ਮਾਨੁ; ਤੈਸਾ ਅਭਿਮਾਨੁ ਤੈਸਾ ਰੰਕੁ; ਤੈਸਾ ਰਾਜਾਨੁ ਜੋ ਵਰਤਾਏ; ਸਾਈ ਜੁਗਤਿ ਨਾਨਕ  ! ਓਹੁ ਪੁਰਖੁ ਕਹੀਐ; ਜੀਵਨ ਮੁਕਤਿ ’’ (ਮਹਲਾ /੨੭੫)

ਗੁਰਬਾਣੀ ਦਾ ਇਹ ਪੱਖ ਵੀ ਵਿਲੱਖਣ ਹੈ ਕਿ ਰੱਬ ਆਪ ਹੀ ਜੀਵ ਰੂਪ ਹੋ ਕੇ ਸਭ ਕੁਝ ਕਰ ਰਿਹਾ ਹੈ ਤੇ ਭੋਗ ਰਿਹਾ ਹੈ; ਜਿਵੇਂ ਕਿ

(1). (ਗੁਰੂ ਨਾਨਕ ਜੀ). ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ (ਤੋਹੀ)॥ ਸਹਸ ਪਦ ਬਿਮਲ, ਨਨ ਏਕ ਪਦ (ਪੈਰ); ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥ (ਮਹਲਾ ੧/੧੩) ਭਾਵ ਹੇ ਨਿਰਾਕਾਰ ! ਇਹ ਬੜਾ ਅਦਭੁਤ ਹੈ ਕਿ ਤੂੰ ਨਿਰਾਕਾਰ ਵਜੋਂ ਅੱਖ, ਸ਼ਕਲ, ਪੈਰ, ਨੱਕ ਤੋਂ ਬਿਨਾਂ ਹੈਂ ਪਰ ਸਰਗੁਣ (ਸਰਬ ਵਿਆਪਕ) ਹੋਣ ਕਾਰਨ ਤੇਰੇ ਹਜ਼ਾਰਾਂ ਅੱਖਾਂ, ਹਜ਼ਾਰਾਂ ਸ਼ਕਲਾਂ, ਹਜ਼ਾਰਾਂ ਸੁੰਦਰ ਪੈਰ, ਹਜ਼ਾਰਾਂ ਨੱਕ ਹਨ ਭਾਵ ਤੂੰ ਨਿਰਾਕਾਰ ਹੋ ਕੇ ਪ੍ਰੇਰ ਰਿਹਾ ਹੈਂ ਤੇ ਆਕਾਰ ਰੂਪ ਹੋ ਕੇ ਕਰ ਰਿਹੈਂ ਤੇ ਭੋਗ ਰਿਹੈਂ।

(2). (ਗੁਰੂ ਅੰਗਦ ਜੀ). ਕਿਸ ਨੋ ਕਹੀਐ  ? ਨਾਨਕਾ  ! ਸਭੁ ਕਿਛੁ ਆਪੇ ਆਪਿ ॥ (ਮਹਲਾ ੨/੪੭੫)

(3). (ਗੁਰੂ ਅਮਰਦਾਸ ਜੀ). ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥ ਜੋ ਹੁਕਮੁ ਨ ਬੂਝੈ ਖਸਮ ਕਾ; ਸੋਈ ਨਰੁ ਕਚਾ ॥ (ਮਹਲਾ ੩/੧੦੯੪)

(4). (ਗੁਰੂ ਰਾਮਦਾਸ ਜੀ). ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ  ! ॥ ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ (’ਚ) ਚਲਾਈ ॥ ਨਾਨਕ  ! (ਜੋ) ਹਰਿ ਭਾਵੈ, ਸੋ ਕਰੇ (ਓਹੀ ਜੀਵ ਕਰਦੈ); ਸਭ ਚਲੈ ਰਜਾਈ ॥ (ਮਹਲਾ ੪/੧੨੫੧)

(5). (ਗੁਰੂ ਅਰਜਨ ਸਾਹਿਬ ਜੀ). ਆਪੇ ਕੀਤੋ ਰਚਨੁ (ਜਗਤ); ਆਪੇ ਹੀ ਰਤਿਆ (ਭਾਵ ਮਾਇਆਧਾਰੀ)॥ ਆਪੇ ਹੋਇਓ ਇਕੁ (ਨਿਰਾਕਾਰ ਰੂਪ); ਆਪੇ ਬਹੁ ਭਤਿਆ (ਬਹੁ ਭਾਂਤੀ, ਆਕਾਰ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ (ਨਿਰਲੇਪ; ਨਾਸਤਿਕ ਬਣ)॥ ਆਪੇ ਜਾਣਹਿ ਦੂਰਿ (ਭਾਵ ਰੱਬ ਨੂੰ ਦੂਰ ਸਮਝਦਾ ਤੇ ਭਗਤ ਬਣ); ਆਪੇ ਹੀ ਜਾਹਰਾ (ਅੰਗ ਸੰਗ ਜਾਣਦਾ)॥ (ਮਹਲਾ ੫/੯੬੬) ਆਦਿ ਵਚਨਾਂ ਨੂੰ ਸੰਖੇਪ ’ਚ ਇਉਂ ਕਿਹਾ ਹੈ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ)

(7). ਭਗਤ ਸਾਹਿਬਾਨ ਦੁਆਰਾ ਅਨਮਤ ਧਰਮ ਨੂੰ ਨਿਰਮੂਲ ਸਿੱਧ ਕਰਨ ਦਾ ਜ਼ਿਕਰ :

ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ; ਧਰੀਐ ਪਾਉ ॥ ਜੇ ਓਹੁ ਦੇਉ (ਦੇਵਤਾ); ਤ ਓਹੁ ਭੀ ਦੇਵਾ ॥ ਕਹਿ ਨਾਮਦੇਉ; ਹਮ ਹਰਿ ਕੀ ਸੇਵਾ ॥ (ਭਗਤ ਨਾਮਦੇਵ/੫੨੫)

ਮਾਥੇ ਤਿਲਕੁ, ਹਥਿ ਮਾਲਾ ਬਾਨਾਂ (ਗੇਰੂ ਰੰਗਾ ਬਸਤਰ)॥ ਲੋਗਨ, ਰਾਮੁ ਖਿਲਉਨਾ ਜਾਨਾਂ ॥ (ਭਗਤ ਕਬੀਰ/੧੧੫੮)

ਬੁਤ ਪੂਜਿ ਪੂਜਿ ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ, ਮੁਰਦੇ ਨੂੰ)॥ ਓਇ ਲੇ ਜਾਰੇ, ਓਇ ਲੇ ਗਾਡੇ; ਤੇਰੀ ਗਤਿ ਦੁਹੂ ਨ ਪਾਈ ॥ (ਭਗਤ ਕਬੀਰ/੬੫੪)

ਪੰਡਿਤ ਮੁਲਾਂ; ਜੋ ਲਿਖਿ ਦੀਆ ॥ ਛਾਡਿ ਚਲੇ ਹਮ; ਕਛੂ ਨ ਲੀਆ ॥ (ਭਗਤ ਕਬੀਰ/੧੧੫੯)

ਕਾਇ ਜਪਹੁ ਰੇ  ! ਕਾਇ ਤਪਹੁ ਰੇ  ! ਕਾਇ ਬਿਲੋਵਹੁ ਪਾਣੀ  ? ॥ ਲਖ ਚਉਰਾਸੀਹ ਜਿਨਿ੍ ਉਪਾਈ; ਸੋ ਸਿਮਰਹੁ ਨਿਰਬਾਣੀ ॥੩॥ ਕਾਇ ਕਮੰਡਲੁ ਕਾਪੜੀਆ ਰੇ  ! ਅਠਸਠਿ ਕਾਇ ਫਿਰਾਹੀ  ? ॥ ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ  ! ਕਣ (ਦਾਣੇ) ਬਿਨੁ, ਗਾਹੁ ਕਿ (ਕਿਉਂ) ਪਾਹੀ  ? ॥੪॥ (ਭਗਤ ਤ੍ਰਿਲੋਚਨ/੫੨੬)

ਜਹਾ ਜਾਈਐ; ਤਹ ਜਲ ਪਖਾਨ ॥ (ਭਗਤ ਰਾਮਾਨੰਦ/1195)

ਭਾਵ ਜਿੱਥੇ ਜਿੱਥੇ ਜਾਂਦੇ ਹਾਂ ਉੱਥੇ ਉੱਥੇ ਪਾਣੀ-ਤੀਰਥ ਜਾਂ ਪੱਥਰ ਹਨ ਰੱਬੀ ਭਗਤੀ ਦਾ ਜ਼ਿਕਰ ਨਹੀਂ।

ਕੂਪੁ (ਖੂਹ) ਭਰਿਓ ਜੈਸੇ ਦਾਦਿਰਾ (ਡੱਡੂਆਂ ਨਾਲ਼); ਕਛੁ ਦੇਸੁ ਬਿਦੇਸੁ ਨ ਬੂਝ (ਸਮਝਦਾ)॥ (ਭਗਤ ਰਵਿਦਾਸ/੩੪੬)

ਯਾਨੀ ਕਿ ਦੁਨਿਆਵੀ ਸੁਰਤ ਦਾ ਧਾਰਮਿਕ ਰਸਮਾਂ ਨਾਲ਼ ਬਹੁ ਪੱਖੀ ਵਿਕਾਸ ਨਾ ਹੋਇਆ।

ਪਾਰੁ ਕੈਸੇ ਪਾਇਬੋ ਰੇ ? ॥ ਮੋ ਸਉ (ਮੈਨੂੰ); ਕੋਊ ਨ ਕਹੈ ਸਮਝਾਇ ॥ ਜਾ ਤੇ (ਜਿਸ ਨਾਲ਼); ਆਵਾਗਵਨੁ ਬਿਲਾਇ (ਖ਼ਤਮ ਹੋਵੇ) ॥ (ਭਗਤ ਰਵਿਦਾਸ/੩੪੬)

ਤੈ ਨਰ  ! ਕਿਆ ਪੁਰਾਨੁ ਸੁਨਿ ਕੀਨਾ (ਕੀਤਾ)॥ ਅਨਪਾਵਨੀ (ਸਥਿਰ ਕਰਨ ਵਾਲ਼ੀ) ਭਗਤਿ ਨਹੀ ਉਪਜੀ; ਭੂਖੈ ਦਾਨੁ ਨ ਦੀਨਾ ॥1॥ ਰਹਾਉ ॥ ਕਾਮੁ ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ ਨ ਛੂਟਿਓ ਦੇਵਾ (ਹੇ ਪੰਡਿਤ) ! ॥ ਪਰ ਨਿੰਦਾ ਮੁਖ ਤੇ ਨਹੀ ਛੂਟੀ; ਨਿਫਲ ਭਈ ਸਭ ਸੇਵਾ ॥੧॥ (ਭਗਤ ਪਰਮਾਨੰਦ/੧੨੫੩)

ਰੇ ਜੀਅ ਨਿਲਜ (ਬੇਸ਼ਰਮ) ! ਲਾਜ ਤੁੋਹਿ ਨਾਹੀ ॥ ਹਰਿ ਤਜਿ, ਕਤ ਕਾਹੂ ਕੇ ਜਾਂਹੀ  ? ॥੧॥ ਰਹਾਉ ॥ ਜਾ ਕੋ ਠਾਕੁਰੁ; ਊਚਾ ਹੋਈ ॥ ਸੋ ਜਨੁ; ਪਰ ਘਰ ਜਾਤ ਨ ਸੋਹੀ (ਸ਼ੋਭਦਾ)॥੧॥ ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥੨॥. ਕਹੈ ਕਬੀਰੁ ਪੂਰਨ ਜਗ (ਜਗਤ ’ਚ) ਸੋਈ ॥ ਜਾ ਕੇ ਹਿਰਦੈ, ਅਵਰੁ ਨ ਹੋਈ ॥੫॥ (ਭਗਤ ਕਬੀਰ/੩੩੦) ਆਦਿ।

(8). ਗੁਰੂ ਸਾਹਿਬਾਨ ਵੱਲੋਂ ਭਗਤ ਸਾਹਿਬਾਨ ਦੀ ਉਕਤ ਸੋਚ ਦੀ ਪੁਸ਼ਟੀ ਕੀਤੀ ਗਈ; ਜਿਵੇਂ ਕਿ

ਮਨਮੁਖਿ ਕਰਮ ਕਰਹਿ, ਨਹੀ ਬੂਝਹਿ; ਬਿਰਥਾ ਜਨਮੁ ਗਵਾਏ ॥ ਗੁਰਬਾਣੀ ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥੧॥ ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ ਗੁਰ ਤੇ ਗਤਿ ਪਾਈ ॥ ਬ੍ਰਹਮ ਕੇ ਬੇਤੇ (ਜਾਣੂ), ਸਬਦੁ ਪਛਾਣਹਿ; ਹਉਮੈ ਜਾਤਿ ਗਵਾਈ ॥ ਸੁਰਿ ਨਰ, ਤਿਨ ਕੀ ਬਾਣੀ ਗਾਵਹਿ; ਕੋਇ ਨ ਮੇਟੈ ਭਾਈ  ! ॥ (ਮਹਲਾ ੩/੬੭)

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ (ਦਿਆਲੂ ਨੂੰ) ॥ (ਮਹਲਾ ੪/੮੩੫)

ਧੰਨੈ (ਨੇ) ਸੇਵਿਆ ਬਾਲ ਬੁਧਿ ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ (ਅਕਲ ਆਈ)॥ ਬੇਣੀ ਕਉ ਗੁਰਿ (ਨੇ) ਕੀਓ ਪ੍ਰਗਾਸੁ ॥ ਰੇ ਮਨ  ! ਤੂ ਭੀ ਹੋਹਿ ਦਾਸੁ ॥੫॥ ਕਬੀਰਿ (ਨੇ) ਧਿਆਇਓ ਏਕ ਰੰਗ ॥ ਨਾਮਦੇਵ, ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ, ਗੋਵਿੰਦ ਰੂਪ ॥੮॥ (ਮਹਲਾ ੫/੧੧੯੨) ਆਦਿ।

(ਨੋਟ : ਭਗਤ ਸਾਹਿਬਾਨ ਨੇ ਆਪਣੀ ਆਪਣੀ ਬਾਣੀ ’ਚ ਰੱਬ ਦੇ ਕਈ ਨਾਮ ਲਏ ਹਨ ਪਰ ‘ਗੋਬਿੰਦ’ (ਪ੍ਰਿਥਵੀ ਦੀ ਰੱਖਿਆ ਕਰਨ ਵਾਲ਼ਾ) ਸ਼ਬਦ ਜ਼ਿਆਦਾਤਰ ਭਗਤਾਂ ਨੇ ਵਰਤਿਆ ਹੈ; ਜਿਵੇਂ ਕਿ

ਮੇਰੀ ਪ੍ਰੀਤਿ; ਗੋਬਿੰਦ ਸਿਉ ਜਿਨਿ (ਮਤਾਂ) ਘਟੈ ॥ (ਭਗਤ ਰਵਿਦਾਸ/੬੯੪)

ਸਭੁ ਗੋਬਿੰਦੁ ਹੈ, ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ, ਨਹੀ ਕੋਈ ॥ (ਭਗਤ ਨਾਮਦੇਵ/੪੮੫)

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ, ਰਾਜਿ (ਸੱਤਾ ਪ੍ਰਾਪਤੀ ਨਾਲ਼) ਨ ਲਹੀਐ ॥ (ਭਗਤ ਕਬੀਰ/੩੩੬)

ਸੰਤਹੁ (ਨੇ) ਬਨਜਿਆ ਨਾਮੁ ਗੋਬਿਦ ਕਾ; ਐਸੀ ਖੇਪ ਹਮਾਰੀ ॥ (ਭਗਤ ਕਬੀਰ/੧੧੨੩)

ਮਦਨ (ਸੁੰਦਰ) ਮੂਰਤਿ, ਭੈ ਤਾਰਿ ਗੋਬਿੰਦੇ ॥ ਸੈਨੁ ਭਣੈ; ਭਜੁ ਪਰਮਾਨੰਦੇ ॥ (ਭਗਤ ਸੈਣ ਜੀ/੬੯੫) ਆਦਿ, ਇਸ ਲਈ ਸਭ ਭਗਤਾਂ ਦਾ ਜ਼ਿਕਰ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਵੀ ‘ਗੋਬਿੰਦ’ ਸ਼ਬਦ ਨੂੰ ਆਧਾਰ ਬਣਾਇਆ; ਜਿਵੇਂ

ਗੋਬਿੰਦ, ਗੋਬਿੰਦ, ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਮਹਲਾ ੫/੪੮੮)

(9). ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਵਰਣ-ਵੰਡ ਮੁਤਾਬਕ ਅਕਾਲ ਪੁਰਖ ਦਾ ਨਾਂ ‘ਹਰਿ’ (ਭਾਵ ਸਾਡੇ ਔਗੁਣ ਚੁਰਾ ਲੈਣ ਵਾਲ਼ਾ, ਚੋਰ ਪ੍ਰਭੂ) ਲੈਣਾ ਛੋਟੀ ਜਾਤੀ ਨਾਲ਼ ਸੰਬੰਧਿਤ ਭਗਤਾਂ ਦੁਆਰਾ ਵਰਤਿਆ ਮੰਨਿਆ ਜਾਂਦਾ ਸੀ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਵਚਨ ਹਨ ‘‘ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ਹਰਿ ਸਿਮਰਤ; ਜਨ ਗਏ ਨਿਸਤਰਿ ਤਰੇ ਰਹਾਉ ਹਰਿ ਕੇ ਨਾਮ; ਕਬੀਰ ਉਜਾਗਰ ਜਨਮ ਜਨਮ ਕੇ; ਕਾਟੇ ਕਾਗਰ ’’ (ਭਗਤ ਰਵਿਦਾਸ/੪੮੭)

ਉਕਤ ਸਮਾਜਿਕ ਸੋਚ ਮੁਤਾਬਕ ਹੀ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸ਼ਬਦ ’ਚ ਨੀਚ ਕਹੇ ਜਾਂਦੇ ਭਗਤਾਂ ਦੀ ਤਾਰੀਫ਼ ਕਰਦਿਆਂ 9 ਵਾਰ ਕੇਵਲ ‘ਹਰਿ’ ਸ਼ਬਦ ਦੀ ਵਰਤੋਂ ਕੀਤੀ ‘‘ਨੀਚ ਜਾਤਿਹਰਿਜਪਤਿਆ; ਉਤਮ ਪਦਵੀ ਪਾਇ ਪੂਛਹੁ ਬਿਦਰ ਦਾਸੀ ਸੁਤੈ; ਕਿਸਨੁ ਉਤਰਿਆ, ਘਰਿ ਜਿਸੁ ਜਾਇ ਹਰਿਕੀ ਅਕਥ ਕਥਾ, ਸੁਨਹੁ ਜਨ ਭਾਈ  ! ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ਰਹਾਉ ਰਵਿਦਾਸੁ ਚਮਾਰੁ ਉਸਤਤਿ ਕਰੇ; ‘ਹਰਿਕੀਰਤਿ, ਨਿਮਖ ਇਕ ਗਾਇ ਪਤਿਤ ਜਾਤਿ ਉਤਮੁ ਭਇਆ; ਚਾਰਿ ਵਰਨ ਪਏ ਪਗਿ (ਚਰਨੀਂ) ਆਇ ਨਾਮਦੇਅ ਪ੍ਰੀਤਿ ਲਗੀਹਰਿਸੇਤੀ (ਨਾਲ਼); ਲੋਕੁ ਛੀਪਾ ਕਹੈ ਬੁਲਾਇ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ‘ਹਰਿ(ਨੇ) ਨਾਮਦੇਉ ਲੀਆ ਮੁਖਿ (ਨਾਲ਼) ਲਾਇ ਜਿਤਨੇ ਭਗਤਹਰਿ (ਦੇ) ਸੇਵਕਾ; ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ; ਜੇ ਕ੍ਰਿਪਾ ਕਰੇਹਰਿਰਾਇ ’’ (ਮਹਲਾ /੭੩੩)

ਉਕਤ ਸਾਰੀ ਵਿਚਾਰ ਤੋਂ ਸਪਸ਼ਟ ਹੁੰਦੈ ਕਿ ਗੁਰੂ ਸਾਹਿਬਾਨ ਨੇ ਕਿਸੇ ਸਰੀਰਕ ਰੰਗ-ਭੇਦ ਨੂੰ ਨਾ ਵੇਖਦਿਆਂ ਸਿਧਾਂਤਕ ਪੱਖ ਨੂੰ ਸਰਬੋਤਮ ਮੰਨਿਐ। ਆਪਣੇ ਹਮ ਖ਼ਿਆਲੀ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਜਗ੍ਹਾ ਜਗ੍ਹਾ ਤੋਂ ਇਕੱਤਰ ਕਰ ਅਜਿਹੀ ਗੁਰੂ ਗ੍ਰੰਥ ਸਾਹਿਬ ਰੂਪ ਮਾਲ਼ਾ ’ਚ ਪ੍ਰੋਇਆ, ਤਾਂ ਜੋ ਸਦੀਵੀ ਨਿਰਮਲ ਰੱਖ ਕੇ ਮਾਨਵਤਾ ਨੂੰ ਅਗਵਾਈ ਦਿੱਤੀ ਜਾ ਸਕੇ। ਬ੍ਰਾਹਮਣ ਦੀ ਇਹ ਮਾਨਸਿਕਤਾ ਕਿ ਕੇਵਲ ਬ੍ਰਹਮਾ ਦੇ ਮੂੰਹ ’ਚੋ ਪੈਦਾ ਹੋਣ ਵਾਲ਼ਾ ਪੰਡਿਤ ਹੀ ਧਾਰਮਿਕ ਆਚਾਰੀਆ ਹੋ ਸਕਦਾ ਹੈ, ਰੱਦ ਕਰ ਦਿੱਤਾ। ਇਨ੍ਹਾਂ ਸ਼੍ਰੋਮਣੀ ਭਗਤਾਂ ਨੂੰ ਵਰਣ-ਵੰਡ ਮੁਤਾਬਕ ਨੀਚ ਬਣਾ ਕੇ ਪਿਛਲੇ ਜਨਮ ’ਚ ਉੱਚ ਜਾਤੀ (ਦੇਵਤਿਆਂ) ਦੇ ਅਸ਼ੀਰਵਾਦ ਨਾਲ਼ ਪੈਦਾ ਹੋਏ, ਸਿੱਧ ਕਰਨ ਵਾਲ਼ੀਆਂ ਗ਼ਲਤ ਤੇ ਮਨ-ਘੜਤ ਸਾਖੀਆਂ ਨੂੰ ਉੱਕਾ ਹੀ ਖ਼ਤਮ ਕਰਨ ਲਈ ਗੁਰੂ ਸਾਹਿਬਾਨ ਨੇ ਆਪਣੇ ਸ਼ਬਦਾਂ ਰਾਹੀਂ ਸਪਸ਼ਟ ਕਰ ਦਿੱਤਾ ਕਿ ਇਨ੍ਹਾਂ ਦੀ ਕਮਾਈ ਗੁਰੂ ਦੀ ਰਾਹੀਂ ਸਰਬ ਵਿਆਪਕ ਈਸ਼ਵਰ ਦੀ ਬੰਦਗੀ ਕਰਨ ਉਪਰੰਤ ਹੋਣੀ ਹੈ, ਨਾ ਕਿ ਕਿਸੇ ਕਾਲਪਨਿਕ ਸ਼ਕਤੀ ਦੇ ਅਸ਼ੀਰਵਾਦ ਨਾਲ਼।

ਜਿਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’ ’ਚ ਬਿਰਾਜਮਾਨ 6 ਗੁਰੂ ਸਾਹਿਬਾਨ ਤੋਂ ਇਲਾਵਾ 29 ਹੋਰ ਮਹਾਂ ਪੁਰਸ਼ਾਂ ਨੂੰ ਵਿਸ਼ੇਸ਼ਤਾ ਮਿਲੀ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਤਿਸੰਗੀ ਰਬਾਬੀ (ਭਾਈ ਮਰਦਾਨਾ ਜੀ) ਦਾ ਨਾਂ ਆਪਣੀ ਬਾਣੀ ’ਚ (3 ਸ਼ਬਦਾਂ ਦੇ ਸਿਰਲੇਖ ਵਜੋਂ) ਦਰਜ ਕਰਕੇ ਉਨ੍ਹਾਂ ਦੀ ਗੁਰੂ ਘਰ ਨਾਲ਼ ਨੇੜਤਾ ਨੂੰ ਇਤਿਹਾਸਕ ਬਣਾ ਦਿੱਤਾ। ਮਰਦਾਨਾ ਜੀ ਮੁਸਲਮਾਨ ਜਾਤੀ ਨਾਲ਼ ਸੰਬੰਧਿਤ ਸਨ, ਜਿਨ੍ਹਾਂ ਦਾ ਧਾਰਮਿਕ ਵਿਸ਼ਵਾਸ ਬਹਿਸ਼ਤ ’ਚ ਸੋਮਰਸ (ਸ਼ਰਾਬ) ਪਿਲਾਉਂਦਾ ਹੈ। ਗੁਰੂ ਜੀ ਨੇ ਇਨ੍ਹਾਂ ਤਿੰਨੇ ਸ਼ਬਦਾਂ ਦਾ ਵਿਸ਼ਾ ਵੀ ਸਦੀਵੀ ਨਸ਼ਾ ਦੇਣ ਵਾਲ਼ੀ ਮਸਤੀ (ਨਾਮ ਰਸ) ਨੂੰ ਚੁਣ ਲਿਆ। ਇਨ੍ਹਾਂ ਸ਼ਬਦਾਂ ਦੀ ਵਿਲੱਖਣਤਾ ਇਹ ਹੈ ਕਿ ਸਿਰਲੇਖ ’ਚ ‘ਮਰਦਾਨਾ’ ਸ਼ਬਦ ਦਰਜ ਹੈ, ਪਰ ਸ਼ਬਦ ਦੀ ਸਮਾਪਤੀ ’ਚ ‘ਨਾਨਕ’ ਮੋਹਰ ਲਾਈ ਗਈ; ਜਿਵੇਂ

(1). ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ, ਕਾਮੁ ਮਦੁ; ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ (ਨਾਲ਼) ਭਰੀ; ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ; ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ, ਸਤੁ ਗੁੜੁ; ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ; ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ! ਖਾਧੈ ਜਾਹਿ ਬਿਕਾਰ ॥੧॥ ਪਦ ਅਰਥ : ਕਲਿ ਕਲਵਾਲੀ-ਕਲਿਯੁਗੀ ਸ਼ਰਾਬ ਮੱਟੀ, ਮਦੁ-ਸ਼ਰਾਬ, ਮਜਲਸ-ਮਹਿਫ਼ਲ, ਸਰਾ-ਸ਼ਰਾਬ, ਸਾਰੁ-ਸ੍ਰੇਸ਼ਟ, ਮੰਡੇ-ਰੋਟੀ, ਸੀਲੁ-ਸਹਿਨਸ਼ੀਲਤਾ, ਸਰਮੁ-ਮਿਹਨਤ।

(2+3 ਸਲੋਕ). ਮਰਦਾਨਾ ੧ ॥ ਕਾਇਆ ਲਾਹਣਿ, ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ! ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ, ਸਾਲਾਹ ਮੰਡੇ, (ਰੱਬੀ) ਭਉ ਮਾਸੁ ਆਹਾਰੁ ॥ ਨਾਨਕ ! ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ ॥੨॥ ਕਾਂਯਾਂ ਲਾਹਣਿ, ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ ॥੩॥ (ਮਹਲਾ ੧/੫੫੩) ਪਦ ਅਰਥ : ਆਪੁ ਮਦੁ-ਹੰਕਾਰ ਸ਼ਰਾਬ, ਤ੍ਰਿਸਨਾ ਧਾਤੁ- ਤ੍ਰਿਸਨਾ ਦੀ ਖਿੱਚ, ਇਤੁ ਮਦਿ ਪੀਤੈ-ਇਹ ਨਸ਼ਾ ਪੀਣ ਨਾਲ਼, ਗਿਆਨੁ ਗੁੜੁ-ਰੱਬੀ ਗਿਆਨ ਗੁੜ, ਮੰਡੇ-ਰੋਟੀ।

ਬ੍ਰਾਹਮਣ ਵਾਙ ਅਵਿਕਸਤ ਸੋਚ ਸੰਤ ਸਮਾਜ ਨੇ ਉਕਤ ਤਿੰਨੇ ਸ਼ਬਦ ‘ਮਰਦਾਨਾ’ ਜੀ ਦੀ ਰਚਨਾ ਮੰਨ ਲਏ, ਜਿੱਥੇ ‘ਨਾਨਕ’ ਮੋਹਰ ਸਪਸ਼ਟ ਸੰਕੇਤ ਕਰਦੀ ਹੈ ਕਿ ਇਹ ਸ਼ਬਦ ਗੁਰੂ ਨਾਨਕ ਜੀ ਦੁਆਰਾ ਉਚਾਰਨ ਕੀਤੇ ਹਨ ਜਦਕਿ ਗੁਰਬਾਣੀ ਅੰਦਰ ਭਗਤ ਸੂਰਦਾਸ ਜੀ ਦੇ ਸੰਬੰਧ ’ਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਇੱਕ ਸ਼ਬਦ ਹੈ। ਜਿਸ ਦੇ ਸਿਰਲੇਖ ਅਤੇ ਸਮਾਪਤੀ ’ਚ ‘ਸੂਰਦਾਸ’ ਮੋਹਰ ਹੈ, ਇਹ, ਗੁਰੂ ਅਰਜਨ ਸਾਹਿਬ ਜੀ ਦਾ ਮੰਨਿਆ ਹੈ, ਜੋ ਕਿ ਸਹੀ ਭੀ ਹੈ; ਜਿਵੇਂ ਕਿ ਸਿਰਲੇਖ ਹੈ ‘‘ਸਾਰੰਗ ਮਹਲਾ ੫ ਸੂਰਦਾਸ ॥’’ ਅਤੇ ਸ਼ਬਦ ਦੀ ਆਖ਼ਰੀ ਤੁਕ ਹੈ ‘‘ਸੂਰਦਾਸ  ! ਮਨੁ ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥’’ (ਮਹਲਾ ੫/੧੨੫੩) ਸੋ ਇੱਥੇ ‘ਨਾਨਕ’ ਮੋਹਰ ਨਹੀਂ, ਫਿਰ ਵੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਮੰਨਿਆ ਗਿਆ, ਜੋ ਸਹੀ ਹੈ, ਪਰ ਉਕਤ ਤਿੰਨੇ ਸ਼ਬਦਾਂ ਦੇ ਕੇਵਲ ਸਿਰਲੇਖ ’ਚ ‘ਸਲੋਕ ਮਰਦਾਨਾ ੧’ ਹੈ ਫਿਰ ਭੀ ਤਿੰਨੇ ਸ਼ਬਦ ਮਰਦਾਨਾ ਜੀ ਦੇ ਮੰਨ ਲਏ ਜਦਕਿ ਇਸ ਸਿਰਲੇਖ ਦਾ ਅਰਥ ਹੈ ‘ਸਲੋਕ ਮਰਦਾਨਾ, ਮਹਲਾ ੧ ਭਾਵ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ, ਨਾ ਕਿ ‘ਮਰਦਾਨਾ ਪਹਿਲਾ’ ਕਿਉਂਕਿ ਕੋਈ ‘ਮਰਦਾਨਾ ਦੂਜਾ’ ਜਾਂ ਤੀਜਾ ਇਤਿਹਾਸ ’ਚ ਨਹੀਂ ਆਉਂਦਾ।

ਭਾਈ ਮਰਦਾਨਾ ਜੀ ਵਾਙ ਆਪਣੇ ਇੱਕ ਹੋਰ ਸਤਿਸੰਗੀ ਭਾਈ ਲਾਲੋ ਜੀ ਦੀ ਯਾਦ ਨੂੰ ਇਤਿਹਾਸਕ ਬਣਾਉਣ ਲਈ ਭੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇੱਕ ਸ਼ਬਦ ’ਚ 7 ਵਾਰ ‘ਵੇ ਲਾਲੋ’ ਕਹਿ ਉਚਾਰਨ ਕੀਤਾ। ਇਨ੍ਹਾਂ ਨੂੰ ਭੀ ਬ੍ਰਾਹਮਣ ਸਮਾਜ ਤਰਖਾਣ (ਨੀਚ) ਮੰਨਦਾ ਰਿਹਾ; ਜਿਵੇਂ ਕਿ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ! ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ! ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ ! ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ (ਫੇਰੇ, ਨਿਕਾਹ) ਪੜੈ ਸੈਤਾਨੁ ਵੇ ਲਾਲੋ ! ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ! ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ ਵੇ ਲਾਲੋ ! ਖੂਨ ਕੇ ਸੋਹਿਲੇ ਗਾਵੀਅਹਿ ਨਾਨਕ  ! ਰਤੁ (ਖ਼ੂਨ) ਕਾ ਕੁੰਗੂ (ਕੇਸਰ) ਪਾਇ ਵੇ ਲਾਲੋ ! ਮਹਲਾ /੭੨੩)

‘ਗੁਰੂ ਗ੍ਰੰਥ ਸਾਹਿਬ’ ਦਾ ਮੁਕੰਮਲ ਵਿਸ਼ਲੇਸ਼ਣ ਕਰਨਾ ਬੜਾ ਮੁਸ਼ਕਲ ਹੈ, ਪਰ ਸੰਖੇਪ ’ਚ ਐਨਾ ਕੁ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਮੁਕਤੀ ਤੱਕ ਦੇ ਮਾਰਗ ’ਚ ਬੇਮਿਸਾਲ ਅਗੁਵਾਈ ਕੀਤੀ ਗਈ ਹੈ ਤਾਂ ਜੋ ਮਨੁੱਖ; ਆਪਣੇ ਅਧਿਕਾਰਾਂ ਨੂੰ ਸਮਝੇ, ਇੱਜ਼ਤ ਨਾਲ਼ ਪਰਿਵਾਰਕ ਤੇ ਸਮਾਜਿਕ ਜ਼ਿੰਦਗੀ ਮਾਣੇ। ਗੁਰੂ ਵਚਨ ਹਨ ‘‘ਅਵਰ ਜੋਨਿ; ਤੇਰੀ ਪਨਿਹਾਰੀ (ਸੇਵਾ ਕਰਨ ਲਈ) ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ (ਸਰਦਾਰੀ)॥’’ (ਮਹਲਾ ੫/੩੭੪)

ਗੁਰਬਾਣੀ ਦੀ ਸੰਪਾਦਨਾ ਕਰਦਿਆਂ ਵੀ ਰੱਬੀ ਰਜ਼ਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ’’ (ਮਹਲਾ /੧੪੨੯) ਅਜਿਹੇ ਹੀ ਵਚਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੇ ਗਏ ‘‘ਸਭਿ ਗੁਣ (ਉਪਕਾਰ) ਤੇਰੇ; ਮੈ ਨਾਹੀ ਕੋਇ ਵਿਣੁ ਗੁਣ (ਮਿਹਰ) ਕੀਤੇ; ਭਗਤਿ ਹੋਇ ’’ (ਜਪੁ)

ਹੁਣ ਤੱਕ ਵਿਚਾਰੇ ਗਏ ਸਾਰੇ ਹੀ ਅਨਧਰਮਾਂ ਦੇ ਰਹਿਬਰਾਂ ਨੂੰ ਰੱਬੀ ਨਾਦ, ਉਮਰ ਦੇ ਲਗਭਗ 40 ਸਾਲਾਂ ਉਪਰੰਤ ਨਾਜ਼ਿਲ ਹੋਏ, ਪਰ ਗੁਰੂ ਨਾਨਕ ਸਾਹਿਬ ਜੀ ਨੇ 11 ਸਾਲ ਦੀ ਉਮਰ ’ਚ ਪਿਤਾ-ਪੁਰਖੀ ਪਰੰਪਰਾ (ਸਮੂਹ ਸਮਾਜਿਕ ਭਾਈਚਾਰੇ ਦੇ ਸਨਮੁਖ ਜਨੇਊ ਧਾਰਨ) ਨੂੰ ਅਸਵੀਕਾਰ ਕਰਕੇ ਆਪਣੀ ਜਾਗਰੂਕਤਾ ਦਾ ਸਬੂਤ ਦੇ ਦਿੱਤਾ ਸੀ। ਇਸ ਤੋਂ ਵੀ ਛੋਟੀ ਉਮਰ ’ਚ 3 ਅਧਿਆਪਕਾਂ (7 ਸਾਲ ਦੀ ਉਮਰ ’ਚ ਗੋਪਾਲ ਪੰਡਿਤ ਪਾਸੋਂ ਹਿੰਦੀ ਪੜ੍ਹਨ ਸਮੇਂ, 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਸਮੇਂ ਅਤੇ 13 ਸਾਲ ਦੀ ਉਮਰ ’ਚ ਫ਼ਾਰਸੀ ਤਾਲੀਮ ਲੈਣ ਲਈ ਮੌਲਵੀ ਕੁਤਬੁਦੀਨ) ਪਾਸੋਂ ਵੀ ਪਿਤਾ ਜੀ ਨੂੰ ‘ਬ੍ਰਹਮ ਗਿਆਨੀ ਨਾਨਕ’ ਦੀਆਂ ਰਿਪੋਰਟਾਂ ਮਿਲੀ ਰਹੀਆਂ ਸਨ।  23 ਅਗਸਤ 1507 ਈ: ਭਾਵ 38 ਸਾਲ ਦੀ ਉਮਰ ’ਚ ਵੇਈ ਨਦੀ ਵਾਲ਼ੀ ਘਟਨਾ ਉਪਰੰਤ ਤਾਂ ਬਾਬੇ ਨਾਨਕ ਨੂੰ ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ’’ ਦੀ ਪੁਕਾਰ ਸੁਣਾਈ ਦੇਣ ਲੱਗ ਪਈ ਸੀ।

ਸਾਰੇ ਧਾਰਮਿਕ ਪੁਸਤਕ ਅਤੇ ਗੁਰੂ ਗ੍ਰੰਥ ਸਾਹਿਬ ’ਚ ਅਸਲ ਭਿੰਨਤਾ ਇਹ ਹੈ ਕਿ ਉਨ੍ਹਾਂ ਦੁਆਰਾ ਕਿਸੇ ਵੀ ਧਾਰਮਿਕ ਆਗੂ ਨੇ ਗੁਰੂ ਆਪ ਗੁਰੂ ਧਾਰਨ ਨਹੀਂ ਕੀਤਾ ਅਤੇ ਨਾ ਹੀ ਆਪਣਾ ਉਤਰਾਧਿਕਾਰੀ ਆਪ ਸਥਾਪਿਤ ਕੀਤਾ ਜਦਕਿ ਗੁਰੂ ਗ੍ਰੰਥ ਸਾਹਿਬ ’ਚ ਦਰਜ ਬਾਣੀ, ਸਾਬਤ ਕਰਦੀ ਹੈ ਕਿ ਗੁਰੂ ਨਾਨਕ ਜੀ ਤੋਂ ਇਲਾਵਾ ਸਾਰੇ ਹੀ ਬਾਣੀਕਾਰਾਂ ਨੇ ਗੁਰੂ ਧਾਰਨ ਕੀਤਾ ਸੀ ਅਤੇ ਨਾਨਕ ਜੋਤਿ ਨੇ ਆਪਣਾ ਉਤਰਾਧਿਕਾਰੀ; ਜੀਵਦਿਆਂ ਚੁਣਿਆ ਹੈ ‘‘ਸਹਿ ਟਿਕਾ ਦਿਤੋਸੁ; ਜੀਵਦੈ ’’ (ਬਲਵੰਡ ਸਤਾ ਜੀ/੯੬੬) ਉਹ ‘ਗੁਰੂ’ ਸਰੀਰ ਰੂਪ ਹੋਵੇ ਜਾਂ ‘ਗੁਰੂ ਗ੍ਰੰਥ ਸਾਹਿਬ’ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਵੀ ਧਰਮ; ਰੱਬ ਨੂੰ ‘ਕਣ ਕਣ ਵਿੱਚ ਵਿਆਪਕ’ ਨਹੀਂ ਮੰਨਦਾ, ਉਸ ਦੀ ਮਿਹਰ ਜਾਂ ਉਸ ਦੇ ਹੁਕਮ ਨਾਲ਼ ਜਗਤ ਵਿਕਾਸ ਕਰਦਾ ਹੈ, ਇਹ ਭੀ ਨਹੀਂ ਮੰਨਦਾ।

—————ਸਮਾਪਤ————-

Nanak Gur Santokh Rukh (Maajh Vaar, Pauree 20) Salok Mehla 1, Ang 147

0

ਗੁਰਮਤਿ ਮੁਤਾਬਕ ਆਵਾਗਮਣ

0

ਗੁਰਮਤਿ ਮੁਤਾਬਕ ਆਵਾਗਮਣ

ਗਿਆਨੀ ਅਵਤਾਰ ਸਿੰਘ

ਆਵਾਗਮਣ ਦਾ ਮਤਲਬ ਹੈ ‘ਜਨਮ ਲੈਣਾ ਅਤੇ ਮਰਨਾ’ ਯਾਨੀ ਕਿ ਇੱਕ ਸਰੀਰਕ ਮੌਤ ਉਪਰੰਤ ਇੱਕ ਹੋਰ ਸਰੀਰ ਧਾਰਨ ਕਰਨਾ।  ਭਾਈ ਕਾਹਨ ਸਿੰਘ ਨਾਭਾ ਨੇ (ਮਹਾਨ ਕੋਸ਼ ’ਚ) ਯੂਨਾਨੀ ਇਤਿਹਾਸਕਾਰ ਹੀਰਾਡੋਟਸ (Herodotus॥.  53. 81. 123) ਦੇ ਹਵਾਲੇ ਨਾਲ਼ ਦੱਸਿਆ ਹੈ ਕਿ ਪ੍ਰਾਚੀਨ ਮਿਸਰੀ, ਯਹੂਦੀ, ਇਸਾਈ, ਇਸਲਾਮ ਅਤੇ ਹੋਰ ਮਤਾਵਲੰਬੀ ਆਵਾਗਮਨ ਨੂੰ ਮੰਨਦੇ ਸਨ। ਯੂਨਾਨੀ ਤੱਤ੍ਵਵੇਤਾ ਅਤੇ ਨਵੀਨ ਬ੍ਰਹਮਵੇਤਾ ਭੀ ਇਸ ਸਿਧਾਂਤ ਨੂੰ ਮੰਨਦੇ ਹਨ। ‘ਬੌਧੀ, ਜੈਨੀ, ਹਿੰਦੂ ਅਤੇ ਸਿੱਖ ਭੀ ਆਵਾਮਗਣ ’ਚ ਵਿਸ਼ਵਾਸ ਰੱਖਦੇ ਹਨ। ਸਿਆਣਿਆਂ ਨੇ ਆਵਾਗਮਣ ਨੂੰ ਤਿੰਨ ਭੇਦਾਂ ’ਚ ਵੰਡਿਆ ਹੈ :

(ੳ). ਜਦ ਬੱਚਾ ਜਨਮ ਲੈਂਦਾ ਹੈ ਤਾਂ ਰੱਬ ਉਸੇ ਸਮੇਂ ਆਤਮਾ ਨਹੀਂ ਸਿਰਜਦਾ ਕਿਉਂਕਿ ਇਹ ਪਹਿਲਾਂ ਤੋਂ ਵਿਦੇਹ ਦਸ਼ਾ ’ਚ ਮੌਜੂਦ ਹੁੰਦੈ। ਸਰੀਰ ਧਾਰਨਾ; ਇਸ ਲਈ ਪਹਿਲਾ ਮੌਕਾ ਹੁੰਦੈ [ਨੋਟ : ਯਾਨੀ ਕਿ ਆਤਮਾ ਨਾਲ਼ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ’’  ਰੂਪ ਮੈਲ਼ ਨਹੀਂ ਹੈ] ਅਤੇ ਮਰਨ ਉਪਰੰਤ ਭੀ ਕੋਈ ਹੋਰ ਸਰੀਰ ਨਹੀਂ ਧਾਰੇਗਾ [ਨੋਟ : ਯਾਨੀ ਕਿ ਮਨੁੱਖ ਦੁਆਰਾ ਕੀਤੇ ਕੰਮ ਦਾ ਕੋਈ ਲੇਖਾ-ਜੋਖਾ ‘‘ਲੇਖਾ ਰਬੁ ਮੰਗੇਸੀਆ; ਬੈਠਾ ਕਢਿ ਵਹੀ ’’ (ਮਹਲਾ /੯੫੩) ਨਹੀਂ ਮੰਗਿਆ ਜਾਏਗਾ] ਇਸ ਸਿਧਾਂਤ ਦਾ ਨਾਮ ‘ਪੂਰਵਅਸਤਿਤ੍ਵ’ (the doctrine of Pre existence) ਹੈ।

(ਅ). ਆਤਮਾ ਇਸ ਸਰੀਰ ਤੋਂ ਪਹਿਲਾਂ ਕੋਟਿਨ ਕੋਟਿ ਮਨੁੱਖ, ਪਸ਼ੂ, ਪੰਖੀ, ਬਿਰਛ ਆਦਿਕ ਜੂਨੀਆਂ ਵਿੱਚ ਭ੍ਰਮਣ ਕਰਦਾ ਰਿਹਾ ਹੈ, ਅਰ ਮੌਜੂਦਾ ਸਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖ ਜੂਨੀ ਵਿੱਚ ਆਉਣ ਤੋਂ ਪਹਿਲਾਂ (ਨਿਗੁਰਾ ਬੰਦਾ) ਕਈ ਪਸ਼ੂ, ਪੰਖੀ, ਬਿਰਛ ਆਦਿਕ ਜੂਨੀਆਂ ਵਿੱਚ ਜਨਮ ਲਏਗਾ। ਇਸ ਸਿਧਾਂਤ ਦਾ ਨਾਮ ਤਨਾਸੁਖ਼ ਅਥਵਾ ਯਥਾਰਥ ਆਵਾਗਮਨ (transmigration or metempsychosis) ਹੈ। [ਨੋਟ : ਇਸ ਸਿਧਾਂਤ ਨੂੰ ਗੁਰਬਾਣੀ ’ਚ ਇਉਂ ਬਿਆਨ ਕੀਤੈ ‘‘ਕਈ ਜਨਮ ਭਏ; ਕੀਟ ਪਤੰਗਾ   ਕਈ ਜਨਮ; ਗਜ ਮੀਨ ਕੁਰੰਗਾ (ਹਾਥੀ, ਮੱਛੀ, ਹਿਰਨ)   ਕਈ ਜਨਮ; ਪੰਖੀ ਸਰਪ (ਸੱਪ) ਹੋਇਓ   ਕਈ ਜਨਮ; ਹੈਵਰ (ਚੰਗੇ ਘੋੜੇ) ਬ੍ਰਿਖ ਜੋਇਓ ’’ ਮਹਲਾ /੧੭੬ ]

(ੲ). ਮਨੁੱਖ ਦਾ ਆਤਮਾ ਇਸ ਸਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਂਦਾ ਰਿਹਾ ਹੈ, ਪਰ ਪਸ਼ੂ, ਪੰਖੀ, ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ, ਅਰ ਮੌਜੂਦਾ ਸਰੀਰ ਤਿਆਗਣ ਮਗਰੋਂ ਭੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਹੀ ਪੁਨਰ ਜਨਮ ਧਾਰਣ ਕਰੇਗਾ, ਇਸ ਸਿਧਾਂਤ ਦਾ ਨਾਉਂ ਪੁਨਰਭਵ (Re-incarnation) ਹੈ। [ਨੋਟ : ਇਹ ਹਿੰਦੂ ਵਿਸ਼ਵਾਸ ਹੈ, ਨਾ ਕਿ ਗੁਰਮਤਿ। ਇਸ ਲਈ ਔਰਤ ਤੇ ਸੂਦਰ ਨੂੰ ਜਨੇਊ ਨਹੀਂ ਪਾਈਦਾ ਤਾਂ ਜੋ ਅਗਲੇ ਜਨਮ ’ਚ ਇਹ, ਉੱਚ ਜਾਤੀ ਹਿੰਦੂ ਮਰਦ ਬਣ ਕੇ ਮੁਕਤ ਹੋਣ। ਸੰਤ ਸਮਾਜ ਦਾ ਭੀ ਇਹੀ ਮੰਨਣੈ ਤਾਹੀਓਂ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਪਿਛਲੇ ਜਨਮ ’ਚ ਜਾਤੀ ਸੂਚਕ ਪੰਜ ਭਗਤ ਮੰਨਿਆ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ ਅਤੇ ਰੱਬ ’ਚ ਅਭੇਦ ਹੋਣ ਦੀ ਥਾਂ ਹਿੰਦੂ ਸੁਰਗ ਨਗਰੀ ਵਾਙ ਸ਼ਹੀਦ ਨਗਰੀ ਭੀ ਮੰਨੀ ਹੈ।]

ਆਵਾਗਮਣ ਪ੍ਰਤਿ ਵਿਸ਼ਵਾਸ ਰੱਖਣ ਦੇ ਭਾਵੇਂ ਉਕਤ ਤਿੰਨ ਰੂਪ ਹਨ, ਪਰ ਇਹ ਸੱਚ ਹੈ ਕਿ ਇੱਕ ਭੀ ਮੱਤ ਨੇ ਆਵਾਗਮਣ ਨੂੰ ਰੱਦ ਨਹੀਂ ਕੀਤਾ। ਆਵਾਗਮਣ ਨਾਲ਼ ਅਟੁੱਟ ਰਿਸ਼ਤਾ ਆਤਮਾ ਦਾ ਹੁੰਦਾ ਹੈ, ਜਿਸ ਦੇ ਭਿੰਨ ਭਿੰਨ ਨਾਂਵ (ਆਤਮਾ, ਰੂਹ, ਜਿੰਦ, ਜੀਉ, ਜੀਅ, ਜ਼ਮੀਰ, ਜਾਨ, ਮਨ, ਚਿਤ’ ਆਦਿ) ਰੱਖੇ ਗਏ ਹਨ। ਸੋ ਭੌਤਿਕ ਸਰੀਰਾਂ ਅੰਦਰ ਇੱਕ ਸੂਖਮ ਆਤਮਾ ਰੂਪ ਸ਼ਕਤੀ ਮੌਜੂਦ ਹੈ।

ਗੁਰਮਤਿ ਨੇ ਆਵਾਗਮਣ ਦਾ ਮੂਲ; ਬੰਦੇ ਦੁਆਰਾ ਕੀਤੇ ਕਰਮਾਂ ਨੂੰ ਮੰਨਿਆ ਹੈ, ਜੋ ਸੂਖਮ ਆਤਮਾ ’ਤੇ ਚੜ੍ਹੀ ਵਿਕਾਰ ਰੂਪ ਮੈਲ਼ ਹੈ। ਇਸ ਮੈਲ਼ ਨੂੰ ਅਗਲੇ ਜਨਮ ਤੱਕ ਆਤਮਾ ਲੈ ਕੇ ਜਾਂਦਾ ਹੈ। ਇਹ ਆਤਮਾ; ਭੌਤਿਕ ਸਰੀਰ ਵਾਙ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ) ਨਾਲ਼ ਨਹੀਂ ਬਣਿਆ ਹੁੰਦਾ।

ਸਰੀਰ ਅੰਦਰ ਆਤਮਾ, ਮਨ, ਸੁਆਸ, ਦਿਲ, ਦਿਮਾਗ਼; ਅਲੱਗ ਅਲੱਗ ਸ਼ਕਤੀਆਂ ਹਨ, ਨਾ ਕਿ ਇੱਕੋ ਹੀ। ਗੁਰੂ ਸਾਹਿਬਾਨ ਨੇ ‘ਪ੍ਰਾਣ (ਸੁਆਸ), ਮਨ (ਸੰਕਲਪ-ਵਿਕਲਪ) ਅਤੇ ਜੀਉ (ਜਿੰਦ/ਆਤਮਾ/ਰੂਹ) ਅਤੇ ਪਿੰਡ (ਸਰੀਰ) ਨੂੰ ਵੱਖ ਵੱਖ ਮੰਨਿਆ ਹੈ ‘‘ਹਰਿ ਨਾਨਕ ਕਦੇ ਵਿਸਰਉ; ਏਹੁ ਜੀਉ ਪਿੰਡੁ ਤੇਰਾ ਸਾਸੁ (ਸੁਆਸ) (ਮਹਲਾ /੫੨), ਹਰਿ ਜੀਉ ਨਾਹੁ (ਹਰੀ ਖਸਮ ਜੀ) ਮਿਲਿਆ; ਮਉਲਿਆ (ਖਿੜਿਆ) ਮਨੁ, ਤਨੁ, ਸਾਸੁ, ਜੀਉ (ਜਿੰਦ) (ਮਹਲਾ /੯੨੭), ਜੀਉ, ਪਿੰਡੁ, ਪ੍ਰਾਣ, ਸਭਿ ਤਿਸ ਕੇ; ਘਟਿ ਘਟਿ ਰਹਿਆ ਸਮਾਈ (ਮਹਲਾ /੧੨੬੦), ਜੀਉ, ਮਨੁ, ਤਨੁ, ਪ੍ਰਾਣ ਪ੍ਰਭ ਕੇ; ਤੂ ਆਪਨ ਆਪੁ ਨਿਵਾਰਿ ’’ (ਮਹਲਾ /੧੦੦੭), ਗੁਰੂ ਅਮਰਦਾਸ ਜੀ ਨੇ ‘ਜੀਉ’ (ਆਤਮਾ) ਦੀ ਸਰੀਰ ਅੰਦਰ ਮੌਜੂਦਗੀ ਨੂੰ ਇਉਂ ਸਪਸ਼ਟ ਕੀਤਾ ‘‘ਹਰਿ (ਨੇ), ਜੀਉ ਗੁਫਾ (ਸਰੀਰ) ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ’’ (ਅਨੰਦ/ਮਹਲਾ /੯੨੨) ਗੁਰੂ ਅਰਜਨ ਸਾਹਿਬ ਅਤੇ ਭਗਤ ਕਬੀਰ ਜੀ ਨੇ ਇਸ ਬਾਰੇ ਇਉਂ ਕਿਹਾ ‘‘ਜੀਉ ਪਾਇ (ਕੇ) ਪਿੰਡੁ ਜਿਨਿ ਸਾਜਿਆ; ਦਿਤਾ ਪੈਨਣੁ ਖਾਣੁ (ਮਹਲਾ /੬੧੯), ਜਿਨਿ ਪ੍ਰਭਿ (ਨੇ), ਜੀਉ ਪਿੰਡੁ ਥਾ ਦੀਆ; ਤਿਸ ਕੀ ਭਾਉ ਭਗਤਿ ਨਹੀ ਸਾਧੀ ’’ (ਭਗਤ ਕਬੀਰ/੯੭੧)

ਚੇਤੇ ਰਹੇ ਕਿ ‘ਆਤਮਾ’ ਅਤੇ ‘ਜੀਉ’ ਇੱਕ ਵਚਨ ਪੁਲਿੰਗ ਨਾਂਵ ਹਨ ਅਤੇ ਗੁਰਬਾਣੀ ਲਿਖਤ ਮੁਤਾਬਕ ‘ਜੀਉ, ਭਉ (ਡਰ), ਭਾਉ (ਪ੍ਰੇਮ), ਨਾਉ’ ਯਾਨੀ ਕਿ ਅੰਤ ‘ਉ’ ਇੱਕ ਵਚਨ ਨਾਂਵਾਂ ਨਾਲ਼ ਸੰਬੰਧਕੀ ‘ਕਾ, ਕੇ, ਕੀ, ਨੋ’ ਆਇਆਂ ‘ਜੀਉ ਕੀ, ਭਉ ਕੇ, ਭਾਉ ਕਾ, ਨਾਉ ਨੋ’ ਨਹੀਂ ਲਿਖਿਆ ਹੁੰਦਾ ਬਲਕਿ ‘ਜੀਅ ਕੀ, ਭੈ ਕੇ, ਭਾਵ ਕਾ, ਨਾਵ ਨੋ’ ਹੁੰਦਾ ਹੈ; ਜਿਵੇਂ ‘‘ਗੁਹਜ (ਗੁਪਤ) ਗਲ ਜੀਅ ਕੀ, ਕੀਚੈ ਸਤਿਗੁਰੂ ਪਾਸਿ; ਤਾ ਸਰਬ ਸੁਖੁ ਪਾਈਐ (ਮਹਲਾ /੮੫੦), ਗੁਰ ਕੇ ਭੈ ਕੀ; ਸਾਰ ਜਾਣਹਿ (ਮਹਲਾ /੧੦੫੪), ਹਉ ਵਾਰੀ ਹਉ ਵਾਰਣੈ; ਕੁਰਬਾਣੁ ਤੇਰੇ ਨਾਵ ਨੋ (ਤੋਂ)’’ (ਮਹਲਾ /੭੧), ਪਰ ਜੇਕਰ ਇਨ੍ਹਾਂ ਨਾਲ਼ ਕੋਈ ਸੰਬੰਧਕੀ ਚਿੰਨ੍ਹ ਨਾ ਹੋਵੇ ਤਾਂ ਇਹ ਬਹੁ ਵਚਨ ਹੁੰਦੇ ਹਨ; ਜਿਵੇਂ ‘‘ਮੋਹਨੀ ਮਹਾ ਬਚਿਤ੍ਰਿ ਚੰਚਲਿ; ਅਨਿਕ ਭਾਵ (ਨਖ਼ਰੇ) ਦਿਖਾਵਏ ’’ (ਮਹਲਾ /੮੪੭), ਅਸੰਖ ਨਾਵ; ਅਸੰਖ ਥਾਵ (ਜਪੁ), ਗੁਰ ਕੀ ਸਰਣਿ ਪਏ, ਭੈ (ਦੁਨਿਆਵੀ ਡਰ) ਨਾਸੇ.. (ਮਹਲਾ /੬੧੫), ਹੁਕਮੀ ਹੋਵਨਿ ਜੀਅ (ਜੀਵ).. (ਜਪੁ), ਸਭਿ ਜੀਅ ਤੁਮਾਰੇ ਜੀ  ! ਤੂੰ ਜੀਆ ਕਾ ਦਾਤਾਰਾ (ਮਹਲਾ /੩੪੮), ਸੋ ਕਿਉ ਮਨਹੁ ਵਿਸਾਰੀਐ; ਜਾ ਕੇ ਜੀਅ ਪਰਾਣ (ਮਹਲਾ /੧੬), ਸੋ ਕਿਉ ਵਿਸਰੈ; ਜਿਸ ਕੇ ਜੀਅ ਪਰਾਨਾ (ਮਹਲਾ /੧੫੯)

ਨੋਟ : ਉਕਤ ਅੰਤਮ ਦੋ ਵਾਕਾਂ ’ਚ ‘ਜੀਅ ਪਰਾਣ’ ਬਹੁ ਵਚਨ ਹਨ ਤੇ ਅਰਥ ਹਨ ‘ਬਹੁਤੇ ਜਿੰਦ ਅਤੇ ਬਹੁਤੇ ਸੁਆਸ’।

ਗੁਰਮਤਿ ਨੇ ਆਤਮਾ ਅਤੇ ਸਰਵ ਵਿਆਪਕ ਰੱਬੀ ਜੋਤਿ ਨੂੰ ਇੱਕ ਹੀ ਮੰਨਿਆ ਹੈ। ਸਰੀਰ (ਜੀਵ) ਨਾਲ਼ ਆਤਮਾ ਦਾ ਮੇਲ਼ ਹੋਣ ਕਾਰਨ ਇਸ ਨੂੰ ਜੀਵਾਤਮਾ ਕਿਹਾ ਗਿਐ। ਜੀਵਾਤਮਾ ’ਤੇ ਬੰਦੇ ਦੁਆਰਾ ਕੀਤੇ ਕਰਮਾਂ ਦੀ ਚੜ੍ਹੀ ਮੈਲ਼; ਬੰਦੇ ਦਾ ਭਾਗ ਹੈ, ਨਸੀਬ ਹੈ, ਇਸ ਨੂੰ ਧੋਣ ਨਾਲ਼ ਪਰਮ ਆਤਮਾ (ਸ਼ੁੱਧ ਆਤਮਾ/ਪਰਾਤਮਾ) ਨਾਲ਼ ਅਭੇਦ ਹੋ ਜਾਈਦਾ ਹੈ। ਇਹ ਆਵਾਗਮਣ ਤੋਂ ਮੁਕਤੀ ਹੈ। ਗੁਰੂ ਵਚਨ ਹਨ :

ਆਤਮ ਮਹਿ ਰਾਮੁ; ਰਾਮ ਮਹਿ ਆਤਮੁ; ਚੀਨਸਿ ਗੁਰ ਬੀਚਾਰਾ ॥ (ਮਹਲਾ ੧/੧੧੫੩)

ਚੀਨਸਿ-ਸਮਝ ਹੁੰਦੀ ਹੈ।

ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥ (ਮਹਲਾ ੧/੪੨੧) ਪਰਮਾਤਮੁ-ਰੱਬ ਦਾ ਰੂਪ।

ਅੰਤਰ ਆਤਮੈ ਜੋ ਮਿਲੈ; (ਰੱਬ ਨਾਲ਼) ਮਿਲਿਆ ਕਹੀਐ ਸੋਇ ॥ (ਮਹਲਾ ੨/੭੯੧)

ਸਬਦੁ ਚੀਨਿ੍ ਆਤਮੁ ਪਰਗਾਸਿਆ; ਸਹਜੇ ਰਹਿਆ ਸਮਾਈ ॥ (ਮਹਲਾ ੩/੭੫੩)

ਅਰਥ : ਗੁਰੂ ਸ਼ਬਦ ਨੂੰ ਸਮਝ ਕੇ ਆਤਮਾ ਉੱਜਲ ਹੋ ਗਿਆ, ਆਤਮਾ ’ਤੇ ਚੜ੍ਹੀ ਮੈਲ਼ ਲਹਿ ਗਈ ਤੇ ਰੱਬ ਵਿੱਚ ਅਚਨਚੇਤ ਸਮਾ ਗਿਆ ਯਾਨੀ ਜੀਵਾਤਮਾ ਤੇ ਰੱਬੀ ਜੋਤਿ; ਇਕ-ਮਿਕ ਹੋ ਗਏ।

ਆਤਮ ਦੇਉ, ਦੇਉ ਹੈ ਆਤਮੁ; ਰਸਿ ਲਾਗੈ ਪੂਜ ਕਰੀਜੈ ॥ (ਮਹਲਾ ੪/੧੩੨੫)

ਅਰਥ : ਆਤਮਾ ਹੀ ਅਸਲ ਦੇਵਤਾ ਹੈ ਯਾਨੀ ਜੋਤਿ ਸਰੂਪ ਰੱਬ ਹੈ, ਰੱਬ ਹੀ ਜੀਵਾਤਮਾ ਹੈ। ਉਸ ਦੇ ਪਿਆਰ ’ਚ ਭਿੱਜ ਕੇ ਕੀਤੀ ਬੰਦਗੀ ਹੀ ਅਸਲ ਬੰਦਗੀ ਅਖਵਾਉਂਦੀ ਹੈ।

ਆਤਮਾ; ਰੱਬ ਵਾਙ ਅਮਰ ਹੈ, ਜੋ ਕਦੇ ਨਾਸ਼ ਨਹੀਂ ਹੁੰਦਾ; ਜਿਵੇਂ ਕਾਗਜ਼ ’ਤੇ ਲਿਖਿਆ ਨਹੀਂ ਮਿਟਦਾ ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ (ਜੋਤ) ਜਸ ਕਾਗਦ ਪਰ ਮਿਟੈ ਮੰਸੁ (ਸਿਆਹੀ)’’ (ਭਗਤ ਕਬੀਰ/੮੭੧) ਆਤਮਾ ’ਤੇ ਚੜ੍ਹੀ ਮੈਲ਼ ਨੂੰ ਅੰਤਹਿਕਰਣ ਕਿਹਾ ਹੈ। ਇਸ ਅੰਦਰਲੀ ਇੰਦ੍ਰੀ ਮੁਤਾਬਕ ਜੀਵ ਦਾ ਸੁਭਾਅ ਬਣਦਾ ਹੈ, ਜੋ ਬਾਹਰਲੇ ਚਾਰ ਇੰਦ੍ਰੇ (ਸੁਰਤਿ, ਮਤਿ, ਮਨਿ, ਬੁਧਿ) ਰਾਹੀਂ ਪ੍ਰਗਟ ਹੁੰਦਾ ਹੈ। ਸੁਰਤਿ- ਭੂਤਕਾਲ ਦਾ ਅਨੁਭਵ ਹੈ, ਮਤਿ- ਪਦਾਰਥਾਂ ਨਾਲ਼ ਲਗਾਅ (ਯਾਨੀ ਮਮਤਾ/ਹਉਮੈ) ਹੈ, ਮਨ-ਵਿਚਾਰ ਪੈਦਾ ਹੋਣੇ (ਸੰਕਲਪ) ਤੇ ਉਨ੍ਹਾਂ ’ਤੇ ਭਰੋਸਾ ਨਾ ਬਣਨ ਕਾਰਨ ਵਿਚਾਰ ਮਰ ਜਾਣੇ (ਯਾਨੀ ਵਿਕਲਪ/ਦੁਬਿਧਾ) ਹੈ, ਬੁਧਿ-ਨਵੇਂ ਵਿਚਾਰ ਪੈਦਾ ਹੋ ਕੇ ਉਨ੍ਹਾਂ ’ਤੇ ਭਰੋਸਾ ਬਣਨਾ’ ਹੈ। ਗੁਰੂ ਦਰਪਣ ਰਾਹੀਂ ਸ਼ਰਮਖੰਡ ਅਵਸਥਾ ’ਚ ਯਾਨੀ ਕਿ ਸਵੈ ਪੜਚੋਲ ਕਰਦਿਆਂ ਇਹ ਚਾਰੋਂ ਇੰਦ੍ਰੇ ਘੜੇ ਜਾ ਸਕਦੇ ਹਨ ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ’’ (ਜਪੁ), ਜੋ ਬੰਦਾ; ਆਪਣੇ ਅੰਤਹਿਕਰਣ ‘‘ਜਨਮ ਜਨਮ ਕੀ ਇਸੁ ਮਨ (ਜੀਵਾਤਮਾ) ਕਉ ਮਲੁ (ਅੰਤਹਿਕਰਣ) ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਨੂੰ ਧੋ ਨਾ ਸਕਿਆ ਯਾਨੀ ਇਸ ਨੂੰ ਪਾਰਦਰਸ਼ੀ ਬਣਾ ਅੰਦਰ ਵਸਦੇ ਜੋਤਿ ਸਰੂਪ ਰੱਬ ਨਾਲ਼ ਇਕ-ਮਿਕ ਹੋ ਅਨੰਦ ਨਾ ਮਾਣ ਸਕਿਆ ਉਹ ਭੀ; ਸਭ ਦਾਤਾਂ ਦੇਣ ਵਾਲ਼ੇ ਦਾ ਰਿਸ਼ਤੇਦਾਰ ਨਹੀਂ ਕਿ ਬਖ਼ਸ਼ਿਆ ਜਾਏਗਾ; ਉਸ ਨੂੰ ਫਾਹੇ ਟੰਗਿਆ ਹੀ ਜਾਣੈ। ਸੰਸਾਰ ’ਚ ਬਾਹਰੋਂ ਭਾਵੇਂ ਕੋਈ ਖੁਸ਼ਹਾਲ ਜਾਪੇ ਪਰ ਅੰਦਰੋਂ ‘‘ਨਾਨਕ  ! ਦੁਖੀਆ ਸਭੁ ਸੰਸਾਰੁ ’’ (ਮਹਲਾ /੯੫੪) ਇਸ ਦਾ ਪ੍ਰਤੀਕ ਹੈ। ਇਹ ਦੁਖਦਾਈ ਜ਼ਿੰਦਗੀ; ਦਰਅਸਲ ਜੀਵਾਤਮਾ ਕੇ ਹੀ ਬੰਧਨ ਹਨ ‘‘ਬਿਨੁ ਸਤਿਗੁਰ ਸੇਵੇ, ਜੀਅ ਕੇ ਬੰਧਨਾ; ਵਿਚਿ ਹਉਮੈ ਕਰਮ ਕਮਾਹਿ (ਮਹਲਾ /੫੮੯), ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ; ਜੇਤੇ ਕਰਮ ਕਮਾਹਿ ’’ (ਮਹਲਾ /੫੫੨) ਇਸ ਬੰਧਨ ਨੂੰ ਬੰਦੇ ਦਾ ਮਾੜਾ ਨਸੀਬ ਹੀ ਕਹਾਂਗੇ ‘‘ਜੀਅ ਕਾ ਬੰਧਨੁ; ਕਰਮੁ ਬਿਆਪੈ ’’ (ਭਗਤ ਨਾਮਦੇਵ/੧੩੫੧)

ਨੋਟ : ਉਕਤ ਤੁਕ ’ਚ ‘ਕਰਮੁ’; ਇੱਕ ਵਚਨ ਹੈ, ਨਹੀਂ ਤਾਂ ਬੰਦੇ ਦੁਆਰਾ ਕੀਤੇ ਕੰਮ (ਬਹੁ ਵਚਨ); ਅਰਥ ਹੋਣੇ ਸੀ। ਗੁਰਬਾਣੀ ’ਚ ‘ਕਰਮੁ’ (ਔਂਕੜ ਅੰਤ) 99 ਵਾਰ ਹੈ, ਜਿਸ ਦੇ ਅਕਸਰ ਅਰਥ ‘ਭਾਗ/ਨਸੀਬ’ ਜਾਂ ਰੱਬ ਦੀ ਮਿਹਰ ਹਨ; ਜਿਵੇਂ ‘‘ਕਰਮੁ (ਮਿਹਰ) ਹੋਵੈ; ਸਤਸੰਗਿ ਮਿਲਾਏ (ਮਹਲਾ /੧੫੮), ਗੁਰ ਕੈ ਬਚਨਿ; ਜਾਗਿਆ ਮੇਰਾ ਕਰਮੁ (ਭਾਗ)’’ ਮਹਲਾ /੨੩੯)

ਗੁਰੂ ਅਰਜਨ ਦੇਵ ਜੀ; ਮਨੁੱਖ ਦੇ ਇਸ ਗੁਪਤ ਨਸੀਬ-ਬੰਧਨ (ਮੈਲ਼/ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ) ਦਾ ਪ੍ਰਗਟ ਚਿੰਨ੍ਹ; ‘ਹਉਮੈ’ ਦੱਸ ਰਹੇ ਹਨ ‘‘ਹਉਮੈ ਰੋਗੁ; ਮਾਨੁਖ ਕਉ ਦੀਨਾ ’’ (ਮਹਲਾ /੧੧੪੦) ਤਾਹੀਓਂ ਬੰਦਾ ‘‘ਇਕ ਦੂ ਇਕੁ ਸਿਆਣਾ ’’ (ਜਪੁ) ਬਣਦੈ। ਇਹ ਹਉਮੈ ਹੀ ਆਵਾਗਮਣ ਦਾ ਮੂਲ ਹੈ ‘‘ਜਿਨਿ ਰਚਿ ਰਚਿਆ ਪੁਰਖਿ ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯) ਯਾਨੀ ਆਵਾਗਮਣ; ਹਉਮੈ ਕਾਰਨ ਹੈ, ਨਸੀਬ ਮੁਤਾਬਕ ਹੈ, ਬੰਦੇ ਦੇ ਸੁਭਾਅ ਮੁਤਾਬਕ ਕੀਤੇ ਕੰਮਾਂ ਅਨੁਸਾਰ ਹੈ, ਨਾ ਕਿ ਆਤਮਾ ਕਾਰਨ। ਆਤਮਾ ਤਾਂ ‘‘ਰਾਮ ਕੀ ਅੰਸੁ’’  ਹੋਣ ਕਾਰਨ ਅਮਰ ਹੈ ‘‘ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ’’ (ਭਗਤ ਕਬੀਰ/੮੭੧)

ਸਿੱਖਾਂ ’ਚ ਇੱਕ ਨਾਸਤਿਕ ਜਮਾਤ ਹੈ, ਜੋ ਭੋਲ਼ੇ-ਭਾਲ਼ੇ ਸਿੱਖਾਂ ਨੂੰ ਗੁਮਰਾਹ ਕਰਦੀ, ਆਖਦੀ ਹੈ ਕਿ ਮਰਨ ਉਪਰੰਤ ਪੰਜ ਤੱਤ; ਆਪਣੇ-ਆਪਣੇ ਤੱਤਾਂ ’ਚ ਮਿਲ ਜਾਂਦੇ ਹਨ, ਬਾਕੀ ਕੁਝ ਨਹੀਂ ਬਚਦਾ। ਮਿਸਾਲ ਇਉਂ ਦਿੰਦੇ ਹਨ ‘‘ਪਵਨੈ ਮਹਿ ਪਵਨੁ ਸਮਾਇਆ .. ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ  ?  ਕਉਨੁ ਮੂਆ ਰੇ ! ਕਉਨੁ ਮੂਆ  ?  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ’’ (ਮਹਲਾ /੮੮੫) ਜਦਕਿ ਇਸੇ ਸ਼ਬਦ ’ਚ ‘‘ਪਵਨੈ ਮਹਿ ਪਵਨੁ ਸਮਾਇਆ ’’ ਤੋਂ ਬਾਅਦ ‘‘ਜੋਤੀ ਮਹਿ; ਜੋਤਿ ਰਲਿ ਜਾਇਆ ’’ ਭੀ ਦਰਜ ਹੈ, ਜੋ ਅਕ੍ਰਿਤਘਣਾਂ ਨੇ ਛੁਪਾ ਲਿਆ ਤੇ ਅਗਾਂਹ ਹੋਰ ਇਉਂ ਬੋਲਣਾ ਸ਼ੁਰੂ ਕਰ ਦਿੱਤਾ ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ  ਫਿਰਿ ਹਸਣਿ ਪਾਹਿ   ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’ (ਮਹਲਾ /੬੪੮) ਯਾਨੀ ਕਿ ਇਨਾਂ ਮੁਤਾਬਕ ਮਰਨ ਉਪਰੰਤ ਜੇਕਰ ਕੁਝ (ਆਤਮਾ ਬਗ਼ੈਰਾ) ਬਚਿਆ ਹੁੰਦਾ ਤਾਂ ਗੁਰੂ ਜੀ ਇਹ ਨਾ ਆਖਦੇ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ  ? ’’

ਦਰਅਸਲ ਗੁਰੂ ਨਾਨਕ ਜੀ; ਕਰਤਾਰ ਦੀ ਕੁਦਰਤ ਦਾ ਅੰਤ ਪਾਉਣ ਵਾਲ਼ੇ ਨੂੰ ਮੂਰਖਾਂ ’ਚੋਂ ਵੱਡਾ ਮੂਰਖ ਮੰਨਦੇ ਹਨ ਕਿਉਂਕਿ ‘‘ਕਰਤੇ ਕੈ ਕਰਣੈ (ਰਚਨਾ ਦਾ); ਨਾਹੀ ਸੁਮਾਰੁ (ਅੰਤ)..੧੬ (ਜਪੁ), ਏਹੁ ਅੰਤੁ; ਜਾਣੈ ਕੋਇ ਬਹੁਤਾ ਕਹੀਐ; ਬਹੁਤਾ ਹੋਇ ..੨੪’’ (ਜਪੁ), ਜੇਵਡੁ ਭਾਵੈ ਤੇਵਡੁ ਹੋਇ   ਨਾਨਕ  ! ਜਾਣੈ ਸਾਚਾ ਸੋਇ ਜੇ ਕੋ ਆਖੈ; ਬੋਲੁਵਿਗਾੜੁ (ਬੜਬੋਲਾ) ਤਾ ਲਿਖੀਐ; ਸਿਰਿ ਗਾਵਾਰਾ ਗਾਵਾਰੁ ੨੬’’ (ਜਪੁ), ਇਸ ਲਈ ਮਰਨ ਉਪਰੰਤ ਆਤਮਾ ਕਿਹੜੀ-ਕਿਹੜੀ ਜੂਨ ’ਚ ਜਾਂਦੀ ਹੈ, ਬਿਆਨ ਕਰਨਾ; ਕੁਦਰਤ ਦੇ ਅੰਤ ਪਾਉਣ ’ਚ ਸ਼ਾਮਲ ਹੁੰਦੈ। ਗੁਰੂ ਜੀ ਤਾਂ ਵਾਰ ਵਾਰ ਕਹਿ ਰਹੇ ਹਨ ‘‘ਕੁਦਰਤਿ ਕਵਣ ਕਹਾ ਵੀਚਾਰੁ ’’ (ਜਪੁ) ਯਾਨੀ ਕਿ ਮੇਰੀ ਕੀ ਪਾਇਆਂ ਹੈ; ਹੇ ਨਿਰਾਕਾਰ !  ਕਿ ਤੇਰਾ ਅੰਤ ਪਾ ਸਕਾਂ।

ਗੁਰਬਾਣੀ ’ਚ ਇੱਕ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਹੈ ‘‘ਅੰਤਿ ਕਾਲਿ ਜੋ ਲਛਮੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਸਰਪ ਜੋਨਿ ਵਲਿ ਵਲਿ ਅਉਤਰੈ ’’ ਵਿਚਾਰਨਾ ਜ਼ਰੂਰੀ ਹੈ ਤਾਂ ਜੋ ਇਸ ਦਾ ਮਤਲਬ ਉਕਤ ਵਿਚਾਰ ਦੇ ਖੰਡਨ ਵਜੋਂ ਨਾ ਲਿਆ ਜਾਵੇ। ਇਸ ਸ਼ਬਦ ਰਾਹੀਂ ਭਗਤ ਜੀ; ਬੰਦੇ ਦੀ ਦਿਲੀ ਇੱਛਾ ਮੁਤਾਬਕ ਅਗਲੀ ਜੂਨ ਦੇ ਹਵਾਲੇ (ਡਰ) ਨਾਲ਼ ਇਸ ਜਨਮ ’ਚ ਬਾਕੀ ਰਹਿੰਦੇ ਸਮੇਂ ਨੂੰ ਸਫਲ ਕਰਨਾ ਚਾਹੁੰਦੇ ਹਨ; ਜਿਵੇਂ ਕਿ ‘ਰਹਾਉ’ ਬੰਦ ਹੈ ‘‘ਅਰੀ ਬਾਈ (ਹੇ ਭੈਣ) ! ਗੋਬਿਦ ਨਾਮੁ ਮਤਿ ਬੀਸਰੈ ਰਹਾਉ ’’, ਨਾ ਕਿ ਮਰਨ ਉਪਰੰਤ ਆਤਮਾ ਦੀ ਵਿਆਖਿਆ ਕਰ ਕੁਦਰਤ ਦਾ ਅੰਤ ਪਾਉਂਦੇ ਹਨ।

ਬੰਦੇ ਨੂੰ ਅਜਿਹਾ ਡਰ; ਸਹਿਜੇ ਹੀ ਕਰਾ ਸਹੀ ਮਾਰਗ ਪਾਇਆ ਜਾ ਸਕਦਾ ਹੈ। ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਰੱਬੀ ਡਰ-ਅਦਬ ਹਿਰਦੇ ਪੈਦਾ ਹੋਣ ਨਾਲ਼ ਦੁਨਿਆਵੀ ਡਰ ਖ਼ਤਮ ਹੋ ਜਾਂਦੈ ਕਿਉਂਕਿ ਇਹ ਡਰ; ਰੱਬੀ ਡਰ-ਅਦਬ ’ਚ ਲੀਨ ਹੋ ਗਿਆ ਯਾਨੀ ਜੰਮਣਾ, ਮਰਨਾ; ਬੰਦੇ ਦੇ ਹੱਥ ਨਹੀਂ, ਨਿਸ਼ਚਾ ਹੋ ਗਿਆ। ਜੇ ਰੱਬ ਦੇ ਡਰ ਨੂੰ ਨਾ ਪਛਾਣੀਏ ਤਾਂ ਸਰੀਰਕ ਮੌਤ ਦਾ ਡਰ ਸਦਾ ਵਿਆਪਦਾ ਹੈ। ਜਦ ਰੱਬ ਨਾਲ਼ ਜੁੜ ਨਿਡਰ ਹੋ ਜਾਈਏ ਤਾਂ ਹੋਰ ਡਰ ਹਿਰਦੇ ’ਚੋਂ ਭੱਜ ਜਾਂਦੈ ‘‘ਡਡਾ; ਡਰ ਉਪਜੇ; ਡਰੁ ਜਾਈ ਤਾ ਡਰ ਮਹਿ; ਡਰੁ ਰਹਿਆ ਸਮਾਈ ਜਉ ਡਰ ਡਰੈ;  ਫਿਰਿ ਡਰੁ ਲਾਗੈ ਨਿਡਰ ਹੂਆ; ਡਰੁ ਉਰ ਹੋਇ ਭਾਗੈ ’’ (ਬਾਵਨ ਅਖਰੀ/ਭਗਤ ਕਬੀਰ/੩੪੧)

ਭਗਤ ਤ੍ਰਿਲੋਚਨ ਜੀ ਕਹਿ ਰਹੇ ਹਨ ਜੇਕਰ ਸਾਰੀ ਉਮਰ ਕਾਮ (ਚਮੜੀ) ਰੋਗ ਤੋਂ ਪੀੜਤ ਰਿਹਾ (ਭਗਤੀ ਕਰ ਰੱਬ ਨਾਲ਼ ਨਾ ਜੁੜਿਆ) ਤਾਂ ਅਗਲਾ ਜਨਮ ਮੁੜ ਮੁੜ ਵੇਸਵਾ ਦਾ ਮਿਲ ਸਕਦਾ ਹੈ। ਓਥੇ ਬੈਠਾ ਆਪਣੀ ਦਿਲੀ ਇੱਛਾ ਪੂਰੀ ਕਰਦਾ ਰਹੀਂ ‘‘ਅੰਤਿ ਕਾਲਿ ਜੋ ਇਸਤ੍ਰੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਬੇਸਵਾ ਜੋਨਿ ਵਲਿ ਵਲਿ ਅਉਤਰੈ ’’  ਜੇਕਰ ਬੱਚਿਆਂ ਦੀ ਮਮਤਾ ’ਚ ਉਲਝਿਆ ਰਿਹਾ ਤਾਂ ਅਗਲੇ ਜਨਮ ’ਚ ਕੁੱਤਾ ਜਾਂ ਸੂਰ ਯਾਨੀ ਕਿ ਜਿਸ ਦੇ ਬਹੁਤ ਬੱਚੇ ਹੁੰਦੇ ਹਨ ਉਹ ਜੂਨ ਮਿਲ ਸਕਦੀ ਹੈ ‘‘ਅੰਤਿ ਕਾਲਿ ਜੋ ਲੜਿਕੇ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਸੂਕਰ ਜੋਨਿ; ਵਲਿ ਵਲਿ ਅਉਤਰੈ ’’  ਜੇਕਰ ਘਰ-ਮਹਿਲ ਬਣਾਨ ਦੇ ਸ਼ੌਕ ਤੱਕ ਸੀਮਤ ਰਿਹਾ ਤਾਂ ਭੂਤ-ਪ੍ਰੇਤ ਬਣ ਕੇ ਇਨ੍ਹਾਂ ’ਚ ਭਟਕਦਾ ਰਹੀਂ ‘‘ਅੰਤਿ ਕਾਲਿ ਜੋ ਮੰਦਰ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਪ੍ਰੇਤ ਜੋਨਿ; ਵਲਿ ਵਲਿ ਅਉਤਰੈ , ਪਰ ਇਨ੍ਹਾਂ ਤੋਂ ਉਤਾਂਹ ਉੱਠ ਕੇ ਜੇ ਰੱਬ ਨਾਲ਼ ਜੁੜਿਆ ਰਿਹਾ ਤਾਂ ਤ੍ਰਿਲੋਚਨ ਜੀ  ਗਵਾਹੀ ਭਰਦੇ ਹਨ ਕਿ ਉਸ ਦੇ ਹਿਰਦੇ ’ਚ ਪ੍ਰਭੂ ਵਸਦਾ ਹੈ। ਇਹੀ ਮੁਕਤ ਹੋਣੈ ‘‘ਅੰਤਿ ਕਾਲਿ ਨਾਰਾਇਣੁ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ਬਦਤਿ ਤਿਲੋਚਨੁ ਤੇ ਨਰ ਮੁਕਤਾ; ਪੀਤੰਬਰੁ ਵਾ ਕੇ ਰਿਦੈ ਬਸੈ ’’ (ਭਗਤ ਤ੍ਰਿਲੋਚਨ/੫੨੬) ਜੇਕਰ ਇਸ ਵਾਕ ਨੂੰ ਮਰਨ ਉਪਰੰਤ ਕੀਤੀ ਆਤਮਾ ਦੀ ਵਿਆਖਿਆ ਮੰਨੀਏ ਤਾਂ ‘ਰਹਾਉ’ ਤੁਕ ਸੰਬੋਧਨ ਰੂਪ ‘ਅਰੀ ਬਾਈ’ ! ਯਾਨੀ ਕਿ ਹੇ ਭੈਣ !  ਨਾ ਹੁੰਦਾ ‘‘ਅਰੀ ਬਾਈ ! ਗੋਬਿਦ ਨਾਮੁ ਮਤਿ ਬੀਸਰੈ ਰਹਾਉ ’’

ਸੋ ਨਾਸਤਿਕਾਂ ਦੁਆਰਾ ਵਰਤੀ ਜਾਂਦੀ ਆਤਮਾ ਨਾਲ਼ ਸੰਬੰਧਿਤ ਉਕਤ ਤੁਕ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’  ਕਹਿਣ ਤੋਂ ਭਾਵ ਕੁਦਰਤ ਦੇ ਮੁਕਾਬਲੇ ਆਪਣੇ ਆਪ ਨੂੰ ਤੁਛ ਜਾਣਨਾ ਹੈ, ਨਾ ਕਿ ਆਤਮਾ ਦੇ ਵਜੂਦ ਨੂੰ ਰੱਦ ਕਰਨਾ। ਗੁਰਮਤਿ ਅਨੁਸਾਰੀ ਆਵਾਗਮਣ ਰੱਦ ਕੀਤਿਆਂ ਰੱਬ ਦੀ ਜੋਤਿ ਸਰੂਪ ਵਜੋਂ ਸਰਵ ਵਿਆਪਕਤਾ ਰੱਦ ਹੋਣੀ ਹੈ। ਉਸ ਦੇ ਹੁਕਮ ਦੀ ਗ਼ਲਤ ਵਿਆਖਿਆ ਹੋਣੀ ਹੈ। ਸਭ ਦੇ ਦਿਲਾਂ ਦੀ ਜਾਣਨ ਉਪਰੰਤ ਮਿਲਦੀ ਦਾਤ ਅਤੇ ਹੁੰਦੀ ਬਖ਼ਸ਼ਸ਼ ਪ੍ਰਤਿ ਭਰੋਸਾ ਨਹੀਂ ਬਣ ਸਕਦਾ, ਜਿਸ ਅੱਗੇ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’ (ਸੋਹਿਲਾ/ਮਹਲਾ /੧੩)

ਇੱਥੇ ਦਿੱਤੇ ਦੋ ਵਾਕਾਂ ’ਚ ‘ਫਿਰ’ ਸ਼ਬਦ ਦਾ ਮਹੱਤਵ ਜਾਣਨਾ ਜ਼ਰੂਰੀ ਹੈ ‘ਖਾਣਾ ਖਾਹ, ਫਿਰ ਚਾਹ ਪੀਵਾਂਗੇ।, ਇੱਥੇ ਆ ਫਿਰ ਬਾਜ਼ਾਰ ਜਾਵਾਂਗੇ।’ ਯਾਨੀ ‘ਫਿਰ’ ਸ਼ਬਦ; ਕਾਲ ਵਾਚਕ ਕਿਰਿਆ ਵਿਸ਼ੇਸ਼ਣ ਹੈ, ਜਿਸ ਤੋਂ ਪਹਿਲਾਂ ਕਿਰਿਆ ਵਾਪਰ ਰਹੀ ਹੁੰਦੀ ਹੈ (ਖਾਣਾ ਖਾਹ/ ਇੱਥੇ ਆ) ਅਤੇ ਅਗਾਂਹ ਭੀ ਕਿਰਿਆ ਵਾਪਰਨੀ ਹੈ (ਚਾਹ ਪੀਵਾਂਗੇ/ਬਾਜ਼ਾਰ ਜਾਵਾਂਗੇ)। ‘ਫਿਰ’ ਤੋਂ ਬਾਅਦ ਦਰਜ ਸਾਰੇ ਸ਼ਬਦ; ਭਵਿੱਖ ਵਾਚਕ ਹੁੰਦੇ ਹਨ, ਨਾ ਕਿ ਹੋ ਗਿਆ (ਭੂਤਕਾਲ) ਜਾਂ ਹੋ ਰਿਹਾ ਹੈ (ਵਰਤਮਾਨ ਕਾਲ)। ਹੇਠਲੇ ਵਾਕਾਂ ’ਚ ਸਾਰੇ ਹੀ ਗੁਰੂ ਸਾਹਿਬਾਨ; ਮੌਜੂਦਾ ਜਨਮ ਦੀ ਗੱਲ ਨਹੀਂ ਬਲਕਿ ‘ਫਿਰਿ’ ਜਾਂ ‘ਫਿਰਿ  ਫਿਰਿ’ ਦਰਜ ਕਰ ਆਉਣ ਵਾਲ਼ੇ ਆਵਾਗਮਣ ਬਾਰੇ ਸੰਕੇਤ ਕਰ ਰਹੇ ਹਨ :

ਮਨਮੁਖਿ ਅਹੰਕਾਰੀ;  ਫਿਰਿ ਜੂਨੀ ਭਵੈ ॥ (ਮਹਲਾ ੧/੨੨੮)

ਫਿਰਿ ਜੂਨੀ ਭਵੈ’ ਤੋਂ ਭਾਵ ਵਰਤਮਾਨ ’ਚ ਭੋਗੀ ਜਾ ਰਹੀ ਜੂਨੀ ਨਹੀਂ।

ਹਰਿ ਨਾਮੁ ਚੇਤਿ (ਕੇ);  ਫਿਰਿ ਪਵਹਿ ਨ ਜੂਨੀ ॥  (ਓਅੰਕਾਰ/ਮਹਲਾ ੧/੯੩੨)

ਹਉਮੈ ਏਈ ਬੰਧਨਾ;  ਫਿਰਿ  ਫਿਰਿ ਜੋਨੀ ਪਾਹਿ ॥ (ਮਹਲਾ ੨/੪੬੬)

ਏਕੁ ਸਬਦੁ ਤੂੰ ਚੀਨਹਿ ਨਾਹੀ;  ਫਿਰਿ  ਫਿਰਿ ਜੂਨੀ ਆਵਹਿਗਾ ॥ (ਪਟੀ/ਮਹਲਾ ੩/੪੩੪)

ਆਵਹਿਗਾ-ਭਵਿੱਖਵਾਚੀ ਕਿਰਿਆ ਹੈ।

ਏਕੋ ਚੇਤੈ;  ਫਿਰਿ ਜੋਨਿ ਨ ਆਵੈ ॥ (ਮਹਲਾ ੩/੧੧੭੪)

ਬਿਨੁ ਗੁਰ ਮਨੂਆ ਨਾ ਟਿਕੈ;  ਫਿਰਿ  ਫਿਰਿ ਜੂਨੀ ਪਾਇ ॥ (ਮਹਲਾ ੪/੩੧੩)

ਹਉਮੈ ਬਿਆਪਿਆ ਸਬਦੁ ਨ ਚੀਨ੍ੈ;  ਫਿਰਿ  ਫਿਰਿ ਜੂਨੀ ਆਵੈ ॥ (ਮਹਲਾ ੪/੭੩੨)

ਗੁਰੂ ਅਰਜਨ ਸਾਹਿਬ ਜੀ; ਫਿਰਿ ਸ਼ਬਦ ਦੀ ਥਾਂ 11 ਵਾਰ ਬਹੁੜਿ ਲਿਖਦੇ ਹਨ, ਜਿਸ ਦਾ ਅਰਥ ਹੈ ‘ਮੁੜ ਕੇ’ :

ਰਤਨ ਜਨਮੁ ਅਪਾਰ ਜੀਤਿਓ; ਬਹੁੜਿ ਜੋਨਿ ਨ ਪਾਇ ॥ (ਮਹਲਾ ੫/੧੨੨੬)

ਹਰਿ ਗੁਰੁ ਨਾਨਕੁ ਜਿਨ੍ ਪਰਸਿਓ; ਤੇ ਬਹੁੜਿ ਫਿਰਿ ਜੋਨਿ ਨ ਆਏ ॥ (ਸਵਈਏ ਸ੍ਰੀ ਮੁਖਬਾਕੵ/ਮਹਲਾ ੫/੧੩੮੬) ਆਦਿ।

ਗੁਰਬਾਣੀ ’ਚ ਹੰਸੁ/ਹੰਸ ਸ਼ਬਦ; 39+20=59 ਵਾਰ ਹੈ। ਇਨ੍ਹਾਂ ’ਚੋਂ 20 ਵਾਰ ਕੇਵਲ ਗੁਰੂ ਨਾਨਕ ਜੀ ਨੇ ਵਰਤਿਆ ਹੈ। ‘ਹੰਸ’ ਦਾ ਇੱਕ ਅਰਥ ਹੈ ‘ਆਤਮੁ, ਰੂਹੁ, ਜਿੰਦੁ’। ਗੁਰੂ ਜੀ ਨੇ ਮਨੁੱਖਾ ਜੀਵਨ ਨੂੰ 10 ਪਹਿਰਾਂ ’ਚ ਵੰਡਿਆ ਹੈ। ਅੰਤਮ ਪਹਿਰ ਉਪਰੰਤ; ਕਾਇਆਂ ’ਚੋਂ ਹੰਸੁ (ਆਤਮਾ) ਅਕਾਸ਼ ਵੱਲ ਉੱਡਦਾ ਦਰਸਾਇਆ ਹੈ ‘‘ਪਹਿਲੈ; ਪਿਆਰਿ ਲਗਾ, ਥਣ ਦੁਧਿ ਦੂਜੈ; ਮਾਇ ਬਾਪ ਕੀ ਸੁਧਿ ਪੰਜਵੈ; ਖਾਣ ਪੀਅਣ ਕੀ ਧਾਤੁ   ਛਿਵੈ; ਕਾਮੁ ਪੁਛੈ ਜਾਤਿ ਨਾਵੈ; ਧਉਲੇ ਉਭੇ ਸਾਹ ਦਸਵੈ; ਦਧਾ (ਚਿਖ਼ਾ ਸੜ ਕੇ) ਹੋਆ ਸੁਆਹ ਗਏ ਸਿਗੀਤ (ਮੌਜਮੇਲੇ); ਪੁਕਾਰੀ ਧਾਹ ਉਡਿਆ ਹੰਸੁ; ਦਸਾਏ ਰਾਹ (ਪੁੱਛਦੈ ਹੁਣ ਅਗਾਂਹ ਮਾਰਗ) .. ਨਾਨਕ  ! ਮਨਮੁਖਿ ਅੰਧੁ ਪਿਆਰੁ ਬਾਝੁ ਗੁਰੂ; ਡੁਬਾ ਸੰਸਾਰੁ ’’ (ਮਹਲਾ /੧੩੭)

ਗੁਰੂ ਨਾਨਕ ਸਾਹਿਬ; ਇੱਕ ਹੋਰ ਸ਼ਬਦ ’ਚ ਕਾਇਆਂ (ਜੋ ਹੰਸੁ-ਆਤਮੁ ਦੀ ਪਤਨੀ ਹੈ) ਨੂੰ ਸੰਬੋਧਨ ਕਰਦਿਆਂ ਫ਼ੁਰਮਾਉਂਦੇ ਹਨ ‘‘ਹਉ ਤੁਧੁ ਆਖਾ ਮੇਰੀ ਕਾਇਆ ! ਤੂੰ ਸੁਣਿ ਸਿਖ (ਸਿਖਿਆ) ਹਮਾਰੀ   ਨਿੰਦਾ ਚਿੰਦਾ ਕਰਹਿ ਪਰਾਈ; ਝੂਠੀ ਲਾਇਤਬਾਰੀ ਵੇਲਿ (ਇਸਤ੍ਰੀ) ਪਰਾਈ ਜੋਹਹਿ ਜੀਅੜੇਕਰਹਿ ਚੋਰੀ ਬੁਰਿਆਰੀ ਹੰਸੁ ਚਲਿਆ, ਤੂੰ ਪਿਛੈ ਰਹੀਏਹਿ; ਛੁਟੜਿ ਹੋਈਅਹਿ ਨਾਰੀ ’’ (ਮਹਲਾ /੧੫੫) ਯਾਨੀ ਕਿ ‘ਹੰਸੁ-ਆਤਮਾ’; ਸਰੀਰ ’ਚੋਂ ਨਿਕਲਦਾ; ਸਪਸ਼ਟ ਹੁੰਦਾ ਹੈ।

ਭਗਤ ਕਬੀਰ ਜੀ; ਮੌਤ ਉਪਰੰਤ ਵਾਰ-ਵਾਰ ਹੰਸੁ-ਆਤਮਾ ਨੂੰ ਸਰੀਰ ’ਚੋਂ ਨਿਕਲ ਕੇ ਇਕੱਲਿਆਂ ਜਾਂਦਿਆਂ ਵਿਖਾਉਂਦੇ ਹਨ; ਜਿਵੇਂ ਕਿ

ਲਟ ਛਿਟਕਾਏ ਤਿਰੀਆ (ਔਰਤ) ਰੋਵੈ; ਹੰਸੁ ਇਕੇਲਾ ਜਾਈ ॥ (ਭਗਤ ਕਬੀਰ/੪੭੮)

ਮਰਘਟ ਲਉ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ॥ (ਭਗਤ ਕਬੀਰ/੬੫੪)

(ਜਿਵੇਂ) ਕਾਚੈ ਕਰਵੈ; ਰਹੈ ਨ ਪਾਨੀ ॥(ਤਿਉਂ) ਹੰਸੁ ਚਲਿਆ; ਕਾਇਆ ਕੁਮਲਾਨੀ ॥ (ਭਗਤ ਕਬੀਰ/੭੯੨)

ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅਗਾਂਹ) ਹੰਸੁ ਇਕੇਲਾ ਜਾਇ ॥ (ਭਗਤ ਕਬੀਰ/੧੧੨੪)

ਬਾਬਾ ਫ਼ਰੀਦ ਜੀ ਭੀ ਸਰੀਰ ’ਚੋਂ ਹੰਸ ਨਿਕਲਦਾ ਸਪਸ਼ਟ ਕਰਦੇ ਹਨ ‘‘ਹੰਸੁ ਚਲਸੀ ਡੁੰਮਣਾ (ਦੁਚਿਤਾ); ਅਹਿ ਤਨੁ ਢੇਰੀ ਥੀਸੀ ’’ (ਬਾਬਾ ਫ਼ਰੀਦ ਜੀ/੭੯੪)

ਨੋਟ : ਉਕਤ ਸਾਰੇ ਵਾਕਾਂ ’ਚ ਗੁਰੂ ਸ਼ਬਦ ਰਾਹੀਂ ਸਵੈ ਪੜਚੋਲ ਨਾ ਕਰਨ ਵਾਲ਼ਿਆਂ ਦਾ ਵੇਰਵਾ ਹੈ ਯਾਨੀ ਜੋ ਆਪਣਾ ਅੰਤਹਿਕਰਣ; ਧੋ ਨਾ ਸਕੇ ਅਤੇ ਜੋਤਿ ਸਰੂਪ ਨਾਲ਼ ਅਭੇਦ ਨਾ ਹੋ ਸਕੇ, ਓਹੀ ਆਵਾਗਮਣ ’ਚ ਜਾਂਦੇ ਹਨ, ਪਰ ਜਿਨ੍ਹਾਂ ਨੇ ਮਨੁੱਖਾ ਜਨਮ ਸਫਲ ਬਣਾ ਲਿਆ ਉਹ ਜੀਵਦਿਆਂ ਹੀ ਆਪਣੀ ਜੋਤਿ (ਆਤਮਾ) ਨੂੰ ਜੋਤਾਂ ਦੇ ਸਮੂਹ (ਜੋਤੀ/ਪ੍ਰਭੂ) ’ਚ ਅਭੇਦ ਕਰ ਗਏ ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ (ਮਹਲਾ /੮੪੬), ਜੋਤੀ ਜੋਤਿ ਮਿਲਾਇ; ਜੋਤਿ ਰਲਿ ਜਾਵਹਗੇ (ਮਹਲਾ /੧੩੨੧), ਇਸੇ ਪ੍ਰਸੰਗ ’ਚ ਹੈ ਨਾਸਤਿਕ ਦੁਆਰਾ ਵਰਤਿਆ ਇਹ ਵਾਕ ‘‘ਪਵਨੈ ਮਹਿ ਪਵਨੁ ਸਮਾਇਆ ਜੋਤੀ ਮਹਿ; ਜੋਤਿ ਰਲਿ ਜਾਇਆ ਮਾਟੀ ਮਾਟੀ ਹੋਈ ਏਕ ਰੋਵਨਹਾਰੇ ਕੀ ਕਵਨ ਟੇਕ  ? ’’ (ਮਹਲਾ /੮੮੫) ਯਾਨੀ ਭੌਤਿਕ ਸਰੀਰ ਦੇ ਪੰਜ ਤੱਤ; ਆਪੋ ਆਪਣੇ ਤੱਤਾਂ ’ਚ ਜਾ ਰਲ਼ੇ ਅਤੇ ਜੋਤਿ ਭੀ ਆਪਣੇ ਸਰੋਤ ਜੋਤੀ (ਰੱਬ) ’ਚ ਜਾ ਰਲ਼ੀ, ਫਿਰ ਰੋਣਾ-ਪਿੱਟਣਾ ਕਾਹਦੇ ਲਈ। ਮਰਿਆ ਭਾਵ ਖ਼ਤਮ ਤਾਂ ਕੁੱਝ ਭੀ ਨਹੀਂ ਹੋਇਆ। ਬਾਬਾ ਸੁੰਦਰ ਜੀ; ਗੁਰੂ ਅਮਰਦਾਸ ਜੀ ਦੇ ਹਵਾਲੇ ਨਾਲ਼ ਸਮਝਾਉਂਦੇ ਹਨ ਕਿ ਗੁਰੂ ਜੀ ਆਪਣੇ ਅਸਲ ਘਰ (ਪਰਮ-ਪਿਤਾ) ’ਚ ਲੀਨ ਹੋਣ ਜਾ ਰਹੇ ਹਨ; ਰੌਣਾ ਨਹੀਂ ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’ (ਬਾਬਾ ਸੁੰਦਰ ਜੀ/੯੨੩)

ਸਵਾਲ : ਕੀ ਗੁਰਮਤਿ; 84 ਲੱਖ ਜੂਨਾਂ ਨੂੰ ਮੰਨਦੀ ਹੈ ?

ਜਵਾਬ : ਨਹੀਂ। ਗੁਰਮਤਿ; ਕਰਤਾਰ ਦੇ ਕੁਦਰਤਿ ਬਾਰੇ ਬਣਾਏ ਨਿਯਮ ਨੂੰ ਕਿਸੇ ਸੰਖਿਆ ਨਾਲ਼ ਨਹੀਂ ਨਾਪਦੀ। ਇਹ ਕੁਦਰਤ ਦਾ ਅੰਤ ਪਾਉਣਾ ਹੈ। ਜੂਨਾਂ ਦੀ ਗਿਣਤੀ ਬਾਰੇ ਗੁਰੂ ਸਾਹਿਬਾਨ; ਪ੍ਰਚਲਿਤ ਦੰਦ-ਕਥਾਵਾਂ (84 ਲੱਖ) ਤੋਂ ਇਲਾਵਾ ਆਪਣੇ ਸ਼ਬਦ; ‘ਅਸੰਖ’ ਤੇ ‘ਅਨੇਕ’ ਦਰਜ ਕਰਦੇ ਹਨ। ‘ਅਨੇਕ’ ਦਾ ਅਰਥ ਹੈ ‘ਅਨ ਏਕ’ ਭਾਵ ਇੱਕ ਨਹੀਂ, ਅਣਗਿਣਤ ਹਨ; ਜਿਵੇਂ ਕਿ

ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ ॥ (ਮਹਲਾ ੫/੭੦੫)

ਅਨੇਕ ਜੂਨੀ ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ ਨ ਪਾਏ ॥ (ਅਨੰਦ/ਮਹਲਾ ੩/੯੨੦)

ਫਿਰੰਤ ਜੋਨਿ ਅਨੇਕ ਜਠਰਾਗਨਿ; ਨਹ ਸਿਮਰੰਤ ਮਲੀਣ ਬੁਧੵੰ ॥ (ਸਹਸਕ੍ਰਿਤੀ/ਮਹਲਾ ੫/੧੩੫੫)

ਜਿਉ ਉਦਿਆਨ ਕੁਸਮ ਪਰਫੁਲਿਤ; ਕਿਨਹਿ ਨ ਘ੍ਰਾਉ ਲਇਓ ॥ ਤੈਸੇ ਭ੍ਰਮਤ ਅਨੇਕ ਜੋਨਿ ਮਹਿ;  ਫਿਰਿ  ਫਿਰਿ ਕਾਲ ਹਇਓ ॥ (ਭਗਤ ਕਬੀਰ/੩੩੬) ਅਰਥ : ਜਿਵੇਂ ਜੰਗਲ਼ ’ਚ ਖਿੜੇ ਫੁੱਲਾਂ ਦੀ ਕੋਈ ਸੁਗੰਧੀ ਲੈਣ ਨਹੀਂ ਜਾਂਦਾ; ਇਉਂ ਮਨਮੁਖ ਅਨੇਕਾਂ ਜੂਨਾਂ ’ਚ ਮੁੜ-ਮੁੜ ਭਟਕਦੇ, ਨਾਸ ਹੁੰਦੇ ਰਹਿੰਦੇ ਹਨ (ਕੋਈ ਮਾਰਗ ਦੱਸਣ ਨਹੀਂ ਜਾਂਦਾ)

ਸਿੱਖਾਂ ’ਚ ਇੱਕ ਵੱਡਾ ਭੁਲੇਖਾ ਵੇਖੀਦਾ ਹੈ ਕਿ ਗੁਰਬਾਣੀ ’ਚ ਪਸ਼ੂ, ਪੰਖੀ (ਪੰਛੀ) ਦਾ ਜ਼ਿਕਰ ਆਉਣਾ; ਦਰਅਸਲ ਇਸੇ ਜਨਮ ’ਚ ਮਨੁੱਖਾਂ ਦੇ ਭਿੰਨ-ਭਿੰਨ ਸੁਭਾਅ ਨਾਲ਼ ਸੰਬੰਧਿਤ ਹੈ ਯਾਨੀ ਕਿ ਕੁੱਤੇ ਤੇ ਬਾਂਦਰ ਦਾ ਸੁਭਾਅ ਲੋਭੀ। ਕਾਂ ਤੇ ਸੂਅਰ ਦਾ ਸੁਭਾਅ ਗੰਦ-ਮੰਦ ਖਾਣਾ। ਹਾਥੀ ਦਾ ਸੁਭਾਅ ਕਾਮੀ ਯਾਨੀ ਇਨ੍ਹਾਂ ਦੀ ਮਿਸਾਲ ਦੇ ਕੇ ਮਨੁੱਖੀ ਸੁਭਾਅ ਨੂੰ ਬਦਲਿਆ ਹੈ, ਨਾ ਕਿ ਇਨ੍ਹਾਂ ਜੂਨਾਂ ’ਚ ਮਨੁੱਖ ਨੇ ਜਾਣਾ ਹੈ, ਵੱਲ ਸੰਕੇਤ ਹੈ।

ਜਵਾਬ : ਗੁਰਬਾਣੀ ’ਚ ਪਸ਼ੂ, ਪੰਖੀ ਦੇ ਖਾਣ-ਪਾਣ, ਕਰਮ ਆਦਿਕ ਨੂੰ ਤਾਂ ਮਿਸਾਲ ਵਜੋਂ ਜ਼ਰੂਰ ਲਿਆ ਹੈ; ਜਿਵੇਂ ਕਿ ‘‘ਕਰਿ ਪਰਪੰਚ ਉਦਰ ਨਿਜ ਪੋਖਿਓ; ਪਸੁ ਕੀ ਨਿਆਈ ਸੋਇਓ (ਮਹਲਾ /੬੩੩), ਗੁਰਮਤਿ ਸੁਨਿ ਕਛੁ ਗਿਆਨੁ ਉਪਜਿਓ; ਪਸੁ ਜਿਉ ਉਦਰੁ (ਪੇਟ) ਭਰਉ ’’ (ਮਹਲਾ /੬੮੫) ਯਾਨੀ ਦੋਵੇਂ ਵਾਕਾਂ ’ਚ ਪਸ਼ੂ ਦੇ ਸੌਣ ਅਤੇ ਪੇਟ ਭਰਨ ਦੀ ਮਿਸਾਲ ਤਾਂ ਸਹੀ ਹੈ, ਪਰ ਪਸ਼ੂ-ਪੰਖੀ ਦੀ ਸੋਚ ਦੀ ਤੁਲਨਾ; ਮਨੁੱਖ ਦੀ ਸੋਚ ਨਾਲ਼ ਬਿਲਕੁਲ ਨਹੀਂ ਕੀਤੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ਼ ਪਸ਼ੂ-ਪੰਖੀ ਦਾ ਅਪਮਾਨ ਹੈ। ਮਿਸਾਲ ਵਜੋਂ ਵਚਨ ਹੈ ‘‘ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ   ਪਸੂ ਪੰਖੀ ਸੈਲ ਤਰਵਰ; ਗਣਤ ਕਛੂ ਆਵਏ ’’ (ਮਹਲਾ /੭੦੫) ਅਰਥ : ਮਨਮੁਖ ਲੋਕ; ਪਸ਼ੂ, ਪੰਛੀ, ਪੱਥਰ, ਰੁੱਖ ਆਦਿਕ ਅਸੰਖ ਜੂਨਾਂ ’ਚ ਮਰ ਕੇ ਜਨਮਦੇ ਹਨ, ਫਿਰ ਆਉਂਦੇ (ਜਨਮਦੇ) ਹਨ, ਜਾਂਦੇ (ਮਰਦੇ) ਹਨ, ਇਨ੍ਹਾਂ ਜੂਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਵਿਚਾਰ : ਉਕਤ ਸ਼ਬਦ ’ਚ ਦਰਜ ਪਸ਼ੂ, ਪੰਛੀ, ਦਰਖ਼ਤ, ਪੱਥਰ ਆਦਿ ਦੇ ਗੁਣ; ਬੰਦੇ ਨੂੰ ਸਮਝਾਉਣ ਲਈ ਜੇ ਮਿਸਾਲ ਮੰਨੀਏ ਤਾਂ ਪਹਿਲੇ ਦੋ (ਪਸ਼ੂ, ਪੰਛੀ) ਵਿਕਾਰ ਸਹਿਤ ਹਨ ਅਤੇ ਪਿਛਲੇ ਦੋ (ਦਰਖ਼ਤ, ਪੱਥਰ) ਜੀਰਾਂਦ (ਸਹਿਣ ਸ਼ਕਤੀ) ਵਾਲ਼ੇ ਹਨ।  ਇਹ ਦੋਵੇਂ ਇੱਕੋ ਵਾਕ ’ਚ ਮਨੁੱਖ ਲਈ ਮਿਸਾਲ ਕਿਵੇਂ ਬਣ ਸਕਦੇ ਹਨ ? ਇਉਂ ਹੋਰ ਵਾਕ ਭੀ ਹਨ ‘‘ਪਸੁ ਪੰਖੀ ਬਿਰਖ ਅਸਥਾਵਰ (ਪਰਬਤ); ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ’’ (ਮਹਲਾ /੧੩੮੮) ਸੋ ਇੱਥੇ ਪਸ਼ੂ, ਪੰਖੀ, ਬਿਰਖ, ਪਰਬਤ; ਮਿਸਾਲ ਨਹੀਂ ਬਲਕਿ ਮਨੁੱਖ ਲਈ ਆਵਾਗਮਣ ਦੇ ਪ੍ਰਤੀਕ ਹਨ।

ਦੂਜੇ ਪਾਸੇ ਬੰਦੇ ਨੂੰ ਅੰਦਰਲੀ ਕਮਜੋਰੀ ਦਾ ਅਹਿਸਾਸ ਕਰਵਾਉਣ ਲਈ ਪਸ਼ੂ, ਪੰਖੀ ਸਮਾਨ ਨਹੀਂ ਰੱਖਿਆ ਜਾਂਦਾ ਬਲਕਿ ਇਨ੍ਹਾਂ ਤੋਂ ਨੀਵਾਂ ਬਿਆਨਿਆ ਜਾਂਦਾ ਹੈ; ਜਿਵੇਂ ਕਿ

(1). ਪਸੂ ਮਿਲਹਿ ਚੰਗਿਆਈਆ; ਖੜੁ (ਕੌੜੀ ਖਲ਼) ਖਾਵਹਿ, ਅੰਮ੍ਰਿਤੁ ਦੇਹਿ ॥  ਨਾਮ ਵਿਹੂਣੇ ਆਦਮੀ; ਧ੍ਰਿਗੁ ਜੀਵਣ ਕਰਮ ਕਰੇਹਿ ॥ (ਮਹਲਾ ੧/੪੮੯) ਯਾਨੀ ਕਿ ਪਸ਼ੂ ਆਪ ਕੌੜਾ ਖਾ ਕੇ ਹੋਰਾਂ ਲਈ ਮਿੱਠਾ ਦੁੱਧ ਦਿੰਦੈ, ਇਸ ਲਈ ਤਾਰੀਫ਼ ਹੁੰਦੀ ਹੈ, ਪਰ ਮਨਮੁਖ ਮੈ ਮੈ ਕਰਦੇ ਕੰਮ ਕਰਦੇ ਹਨ, ਜਿਸ ਬਦਲੇ ਫਿਟਕਾਰ ਮਿਲਦੀ ਹੈ।

(2). ਨਰੂ ਮਰੈ; ਨਰੁ ਕਾਮਿ (’ਚ) ਨ ਆਵੈ ॥  ਪਸੂ ਮਰੈ; ਦਸ ਕਾਜ ਸਵਾਰੈ ॥ (ਭਗਤ ਕਬੀਰ/੮੭੦)

ਅਰਥ : ਪਸ਼ੂ ਮਰਦਾ ਹੈ ਤਾਂ ਭੀ ਉਸ ਦਾ ਸਰੀਰ ਕਈ ਕੰਮ ਆਉਂਦਾ ਹੈ, ਪਰ ਬੰਦਾ ਮਰਦਾ ਹੈ ਤਾਂ ਕਿਸੇ ਕੰਮ ਨਹੀਂ ਆਉਂਦਾ।

ਨੋਟ : ਗੁਰਬਾਣੀ ਦੇ ਅਰਥ; ਉਚਾਰਨ ਕੀਤੇ ਸਮੇਂ ਮੁਤਾਬਕ ਵਾਚਣੇ ਚਾਹੀਦੇ ਹਨ, ਨਾ ਕਿ 6 ਸਦੀਆਂ ਬਾਅਦ ਅੱਜ ਆਧੁਨਿਕ ਯੁੱਗ ਨਾਲ਼, ਜਿੱਥੇ ਮਨੁੱਖ ਦਾ ਮ੍ਰਿਤਕ ਸਰੀਰ ਭੀ ਕੰਮ ਆਉਣ ਲੱਗ ਪਿਆ ਹੈ। ਵੈਸੇ ਪਸ਼ੂ ਦੇ ਮ੍ਰਿਤਕ ਸਰੀਰ ਦੇ ਮੁਕਾਬਲੇ ਮਨੁੱਖ ਦਾ ਮ੍ਰਿਤਕ ਸਰੀਰ; ਅੱਜ ਭੀ ਨਾ-ਮਾਤਰ ਹੀ ਕੰਮ ਆਉਂਦੈ। ਬਹੁਤਾਤ ਲੋਕ ਤਾਂ ਮ੍ਰਿਤਕ ਦੇਹ ਨੂੰ ਅੱਜ ਭੀ ਅੱਗ ’ਚ ਸਾੜਦੇ ਹਨ ਜਾਂ ਮਿੱਟੀ ’ਚ ਦਫ਼ਨ ਕਰਦੇ ਹਨ।

(3). ਕਬੀਰ  !  ਸਾਕਤ ਤੇ ਸੂਕਰ (ਸੂਅਰ) ਭਲਾ; ਰਾਖੈ ਆਛਾ ਗਾਉ (ਗਾਂਉ) ॥  ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ ਨ ਲੈਹੈ ਨਾਉ ॥ (ਭਗਤ ਕਬੀਰ/੧੩੭੨) ਯਾਨੀ ਸੂਅਰ ਨੂੰ ਮਰਨ ਉਪਰੰਤ ਭੀ ਲੋਕ ਯਾਦ ਕਰਦੇ ਹਨ ਕਿ ਵਿਚਾਰਾ ਸਫ਼ਾਈ ਕਰਦਾ ਸੀ, ਪਰ ਮਾਇਆਧਾਰੀ ਦੇ ਮਰਨ ’ਤੇ ਉਸ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਸਮਾਜ ਦਾ ਕੋਈ ਕੰਮ ਨਹੀਂ ਕੀਤਾ ਹੁੰਦਾ।

(4). ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ  ?॥ (ਭਗਤ ਰਵਿਦਾਸ/੪੮੬) ਯਾਨੀ ਹਿਰਨ ਨੂੰ ਇੱਕ ਕੰਨ ਰਸ ਨੇ ਮਾਰਿਆ (ਹਿਰਨ ਅੰਦਰ ਨਾਦ ਹੈ, ਪਰ ਉਹ ਬਾਹਰਲੀ ਘੰਡੇਹੇੜੇ ਦੀ ਆਵਾਜ਼ ਸੁਣ ਸ਼ਿਕਾਰੀ ਕੋਲ਼ ਜਾ ਫਸਦੈ), ਮੱਛੀ ਨੂੰ ਇੱਕ ਜੀਭ ਰਸ ਨੇ, ਭੌਰੇ ਨੂੰ ਸੁਗੰਧੀ ਰਸ ਨੇ (ਉਹ ਫੁੱਲ ’ਤੇ ਬਹਿੰਦੈ ਜੋ ਉੱਪਰੋਂ ਬੰਦ ਹੋ ਜਾਂਦੈ), ਪਤੰਗੇ ਨੂੰ ਇੱਕ ਨਜ਼ਰ ਰੋਗ ਨੇ (ਰੌਸ਼ਨੀ ’ਤੇ ਲੈ ਜਾ ਮਾਰਿਆ) ਅਤੇ ਹਾਥੀ ਨੂੰ ਇੱਕ ਚਮੜੀ (ਕਾਮ) ਰੋਗ ਨੇ (ਨਕਲੀ ਹਥਣੀ ਨੂੰ ਡੂੰਘੇ ਟੋਏ ’ਤੇ ਖੜ੍ਹਾ ਕਰ) ਕੈਦੀ ਬਣਾ ਦਿੱਤਾ, ਪਰ ਮਨੁੱਖ ਅੰਦਰ ਤਾਂ ਇਹ ਸਾਰੇ ਰੋਗ ਹਨ। ਇਸ ਦੀ ਬੇੜੀ ਕਿਵੇਂ ਪਾਰ ਹੋਵੇਗੀ ?

ਸੋ ਗੁਰਬਾਣੀ ਦੇ ਉਕਤ ਸਾਰੇ ਵਾਕ ਮਨੁੱਖ ਨੂੰ ਪਸ਼ੂ, ਪੰਖੀ ਸਮਾਨ ਨਹੀਂ ਮੰਨਦੇ ਸਗੋਂ ਉਨ੍ਹਾਂ ਤੋਂ ਨੀਵੇਂ ਹੋਣ ਦਾ ਅਹਿਸਾਸ ਕਰਾ ਰਹੇ ਹਨ, ਤਾਂ ਫਿਰ ਕਿਵੇਂ ਕਿਹਾ ਜਾ ਸਕਦੈ ਕਿ ਪਸ਼ੂ ਪੰਖੀ ਦੇ ਸੁਭਾਅ ਵਰਗਾ ਮਨੁੱਖੀ ਸੁਭਾਅ ਹੈ, ਇਹ ਅਹਿਸਾਸ ਕਰਾਇਆ ਜਾਂਦੈ। ਦਰਅਸਲ ਸਚਾਈ ਇਹ ਹੈ ਕਿ ਮਨਮੁਖ ਨਾਲ਼ੋਂ ਪਸ਼ੂ ਪੰਖੀ ਬਹੁਤ ਅੱਗੇ ਹਨ ਕਿਉਂਕਿ ਮਨੁੱਖਾ ਜਨਮ ਉਨ੍ਹਾਂ ਨੂੰ ਮਨੁੱਖ ਨਾਲ਼ੋਂ ਪਹਿਲਾਂ ਮਿਲਣੈ। ਜੇਕਰ ਹੁਣ ਇਹ ਗੁਰੂ ਵਚਨ ਨਾ ਮੰਨੇ ‘‘ਲਖ ਚਉਰਾਸੀਹ; ਜੋਨਿ ਸਬਾਈ   ਮਾਣਸ ਕਉ ਪ੍ਰਭਿ (ਨੇ) ਦੀਈ ਵਡਿਆਈ   ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ (ਮਹਲਾ /੧੦੭੫), ਚਾਰਿ ਪਾਵ, ਦੁਇ ਸਿੰਗ, ਗੁੰਗ ਮੁਖ; ਤਬ ਕੈਸੇ ਗੁਨ ਗਈਹੈ .. ? ਹਰਿ ਬਿਨੁ; ਬੈਲ ਬਿਰਾਨੇ (ਪਰਾਏ ਬਲ਼ਦ) ਹੁਈਹੈ   ਫਾਟੇ ਨਾਕਨ ਟੂਟੇ ਕਾਧਨ (ਕੰਧੇ); ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਇਹ ਵਾਕ ਪ੍ਰਤੱਖ; ਆਵਾਗਮਣ ਦੇ ਪ੍ਰਤੀਕ ਹਨ, ਨਾ ਕਿ ਮਨੁੱਖ ਨੂੰ ਬਲ਼ਦ ਦੇ ਅਮੋੜ ਸੁਭਾਅ ਤੋਂ ਜਾਣੂ ਕਰਾਇਆ ਜਾ ਰਿਹੈ। ਧਰਮ; ਮਨੁੱਖ ਲਈ ਹੈ, ਨਾ ਕਿ ਪਸ਼ੂ, ਪੰਖੀ ਨੂੰ ਅਹਿਸਾਸ ਕਰਾਉਣ ਲਈ ਜਾਂ ਉਨ੍ਹਾਂ ਦੇ ਔਗੁਣ ਫਰੋਲ਼ਨ ਲਈ।

ਨਾਸਤਿਕ ਲੋਕ; ਹੇਠਲੇ ਗੁਰਮਤਿ ਫ਼ਲਸਫ਼ੇ ਤੋਂ ਅਣਜਾਣ ਹਨ :

(1). ਜਿਨਿ ਦੀਏ, ਸੁ ਚਿਤਿ ਨ ਆਵਈ; ਪਸੂ ਹਉ ਕਰਿ ਜਾਣੀ ॥ (ਮਹਲਾ ੪/੧੬੭)

ਅਰਥ : ਜਿਸ (ਰੱਬ) ਨੇ ਸਭ ਪਦਾਰਥ ਦਿੱਤੇ ਉਸ ਨੂੰ ਦਿਲੋਂ ਯਾਦ ਨਹੀਂ ਕਰਦਾ, ਪਸ਼ੂ ਮਨੁੱਖ; ਮੈਂ ਕਮਾਈ ਕੀਤੀ, ਕਹਿ ਕੇ ਵੱਡਾ ਬਣਦਾ ਹੈ।

ਸਵਾਲ : ਉਕਤ ਵਾਕ ’ਚ ਮਨੁੱਖ ਨੂੰ ਪਸ਼ੂ ਵਰਗਾ ਕਿਹਾ ਹੈ। ਕੀ ਪਸ਼ੂ; ਮੈਂ ਕਮਾਈ ਕੀਤੀ, ਆਖਦਾ ਹੈ ?

(2). ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ ਕਰੈ; ਦਿਨੁ ਰਾਤਿ ॥ (ਸੁਖਮਨੀ/ਮਹਲਾ ੫/੨੬੭)

ਅਰਥ : ਵੇਖਣ ਨੂੰ ਭਾਵੇਂ ਮਨੁੱਖ ਹੈ ਪਰ ਕਰਮ ਪਸ਼ੂਆਂ ਵਰਗੇ ਹਨ। ਦਿਨ ਰਾਤ ਭਾਵ ਸਦਾ ਲੋਕ ਵਿਖਾਵਾ ਕਰਦਾ ਹੈ।

ਸਵਾਲ : ਕੀ ਪਸ਼ੂ ਲੋਕ ਵਿਖਾਵਾ ਕਰਦੇ ਹਨ ਤਾਂ ਜੋ ਮਨੁੱਖ ਨੂੰ ਉਨ੍ਹਾਂ ਦੀ ਮਿਸਾਲ ਦਿੱਤੀ ਜਾਵੇ ?

(3). ਹਰਿ ਕੀ ਭਗਤਿ ਕਰਹਿ, ਤਿਨ ਨਿੰਦਹਿ; ਨਿਗੁਰੇ ਪਸੂ ਸਮਾਨਾ ॥ (ਮਹਲਾ ੫/੧੧੩੮)

ਅਰਥ : ਨਿਗੁਰੇ ਪਸ਼ੂਆਂ ਵਰਗੇ ਲੋਕ; ਉਨ੍ਹਾਂ ਦੀ ਨਿੰਦਿਆ ਕਰਦੇ ਹਨ, ਜੋ ਹਰੀ ਦੀ ਭਗਤੀ ਕਰਦੇ ਹਨ ।

ਸਵਾਲ : ਕੀ ਪਸ਼ੂ ਕਿਸੇ ਦੀ ਨਿੰਦਿਆ ਕਰਦਾ ਹੈ ਤਾਂ ਜੋ ਮਨੁੱਖ ਨੂੰ ਉਸ ਵਰਗਾ ਮੰਨ ਲਈਏ ?

ਦਰਅਸਲ ਉਕਤ ਵਾਕਾਂ ’ਚ ਪਸ਼ੂ ਸ਼ਬਦ; ਪਸ਼ੂ ਲਈ ਨਹੀਂ ਬਲਕਿ ਉਸ ਨਿਗੁਰੇ-ਨਾਸਤਿਕ ਲਈ ਹੈ, ਜੋ ਪਸ਼ੂ ਵਾਙ ਆਪਣੀ ਮੰਜ਼ਲ ਨਾ ਪਛਾਣ ਸਕਿਆ। ਭਗਤ ਨਾਮਦੇਵ ਜੀ ਇਸ ਦੀ ਗਵਾਹੀ ਭਰਦੇ ਹਨ ‘‘ਜਿਨ ਕੈ ਭੀਤਰਿ ਹੈ ਅੰਤਰਾ (ਰੱਬ ਤੋਂ ਦੂਰੀ)॥ ਜੈਸੇ ਪਸੁ; ਤੈਸੇ ਓਇ ਨਰਾ ॥’’ (ਭਗਤ ਨਾਮਦੇਵ/੧੧੬੩)

ਗੁਰੂ ਨਾਨਕ ਜੀ ਨੇ ਇਸ ਨੁਕਤੇ ਨੂੰ ਇਉਂ ਰੱਖਿਆ ‘‘ਮਨਮੁਖ ਤਤੁ ਜਾਣਨੀ; ਪਸੂ ਮਾਹਿ ਸਮਾਨਾ ’’ (ਮਹਲਾ /੧੦੦੯) ਯਾਨੀ ਕਿ ਮਨਮੁਖ ਬੰਦਾ; ਅਸਲੀਅਤ (ਆਪਣੀ ਮੰਜ਼ਲ) ਨਹੀਂ ਜਾਣਦਾ, ਪਸ਼ੂ ਵਾਙ ਟੀਚਾ ਰਹਿਤ ਜ਼ਿੰਦਗੀ ਭੋਗਦਾ ਹੈ। ਮਨੁੱਖ ਦਾ ਟੀਚਾ ਹੈ ਆਪਣੇ ਮੂਲ ਰੱਬ ਦੀ ਪ੍ਰਾਪਤੀ।

ਅੰਤ ’ਚ ਇੱਕ ਸੱਜਣ ਦੁਆਰਾ ਕੀਤਾ ਸਵਾਲ ਹੈ ਕਿ ਗੁਰਮਤਿ ਸਿਧਾਂਤ ‘‘ਲੇਖਾ ਛੋਡਿ ਅਲੇਖੈ ਛੂਟਹ’’ ਹੈ ਯਾਨੀ ਪੂਰਵਲੇ ਨਸੀਬ ਨਹੀਂ ਹੁੰਦੇ ਕਿਉਂਕਿ ਮੇਰੇ ਦੁਆਰਾ ‘ਹੁਕਮ ਬਨਾਮ ਨਸੀਬ’ ਲੇਖ ’ਚ ਲਿਖਿਆ ਸੀ ਕਿ ਪਿਛਲੀ ‘ਕੂੜੈ ਪਾਲਿ’ ਭੀ ਰੱਬ ਦੇ ਹੁਕਮ ’ਚ ਚੱਲਦਿਆਂ ਬਣੀ ਸੀ ?

ਜਵਾਬ : ਇਹ ਵਾਕ ਹੈ ‘‘ਲੇਖਾ ਛੋਡਿ ਅਲੇਖੈ ਛੂਟਹ; ਹਮ ਨਿਰਗੁਨ ਲੇਹੁ ਉਬਾਰੀ ॥’’ (ਮਹਲਾ ੫/੭੧੩)

ਅਰਥ  : ਹੇ ਨਿਰਗੁਣ ਪ੍ਰਭੂ !  ਸਾਡੇ ਮਾੜੇ ਨਸੀਬ ਧਿਆਨ ’ਚ ਨਾ ਲਿਆ (ਨਹੀਂ ਤਾਂ ਅਸੀਂ ਆਪਣੇ ਦੁਆਰਾ ਕੀਤੇ ਮਾੜੇ ਕੰਮਾਂ ਦੇ ਫਲ਼-ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ)। ਸਾਡਾ ਤਾਂ ਹੀ ਪਾਰ ਉਤਾਰਾ ਹੋਣੈ ਜੇ ਤੁਸੀਂ ਸਾਡਾ ਮਾੜਾ ਲੇਖ ਭੁਲਾ ਕੇ ਆਪ ਮਿਹਰ ਕਰ ਦਿਓਂ।

ਸੋ ਗੁਰਮਤਿ ਅਨੁਸਾਰ ਰੱਬ ਕਣ-ਕਣ ’ਚ ਜੋਤਿ ਸਰੂਪ ਵਜੋਂ ਵਿਆਪਕ ਹੈ। ਇਹ ਨਿਰਮਲ ਜੋਤਿ; ਮਨੁੱਖ ਦਾ ਜੀਵਾਤਮਾ ਹੈ, ਜਿਸ ’ਤੇ ਮਨੁੱਖ ਦੁਆਰਾ ਕੀਤੇ ਕੰਮਾਂ ਦੀ ਮੈਲ਼ (ਅੰਤਹਿਕਰਣ) ਚੜ੍ਹੀ ਹੈ, ਜੋ ਨਿਗੁਰੇ ਨੂੰ ਆਵਾਗਮਣ ਵੱਲ ਧੱਕਦੀ ਹੈ ‘‘ਨਕਿ ਨਥ, ਖਸਮ ਹਥਿ; ਕਿਰਤੁ ਧਕੇ ਦੇ ਜਹਾ ਦਾਣੇ ਤਹਾਂ ਖਾਣੇ; ਨਾਨਕਾ ਸਚੁ ਹੇ ’’ (ਮਹਲਾ /੬੫੩) ਯਾਨੀ ਇਹ ਅਸਲ ਸਚਾਈ ਹੈ ਕਿ (ਬੰਦੇ ਦੁਆਰਾ ਕੀਤੀ) ਕਿਰਤ; ਸਾਡੇ ਨੱਕ ’ਚ ਨੱਥ ਹੈ, ਜੋ ਰੱਬ ਦੇ ਹੱਥ ’ਚ ਫੜਾਈ ਹੈ ਭਾਵ ਬੰਦੇ ਦੀ ਕਿਰਤ ਦਾ ਫਲ਼; ਰੱਬ ਨੇ ਨਿਰਧਾਰਿਤ ਕੀਤੈ। ਹੁਣ ਜਿੱਥੇ-ਜਿੱਥੇ ਚੋਗ਼ਾ ਖਿਲਰਿਐ, ਉਹ ਚੁਗਣਾ ਪੈਣੈ ਭਾਵੇਂ ਹਜ਼ਾਰਾਂ ਜੂਨਾਂ ਭੋਗਣੀਆਂ ਪੈਣ। ਪਰਿਵਾਰਿਕ ਮੇਲ਼ ਅਤੇ ਵਿਛੋੜਾ ਭੀ ਇਸ ਕਿਰਤ ਦਾ ਫਲ਼ ਹੈ। ਜੇਕਰ ਕਿਸੇ ਪਰਿਵਾਰ ਨੇ ਗੁਰੂ ਉਪਦੇਸ਼ ਕਮਾ; ਰੱਬ ਅੱਗੇ ਫ਼ਰਿਆਦ ਕਰਨੀ ਸਿੱਖ ਲਈ, ਉਨ੍ਹਾਂ ਦਾ ਸਾਥ ਮਰਨ ਉਪਰੰਤ ਭੀ ਰਹਿਣੈ, ਨਹੀਂ ਤਾਂ ਸਭ ਦਾ ਵਿਛੋੜਾ ਨਿਸ਼ਚਿਤ ਹੈ ਭਾਵੇਂ ਕੋਈ ਇੱਥੇ ਬੱਚਿਆਂ ਲਈ ਕਿੰਨਾ ਭੀ ਧਨ ਜੋੜ ਜਾਵੇ ‘‘ਵਿਜੋਗਿ, ਮਿਲਿ ਵਿਛੁੜਿਆ; ਸੰਜੋਗੀ ਮੇਲੁ ’’ (ਸੋ ਪੁਰਖੁ/ਮਹਲਾ /੧੧) ਅਰਥ : ਵਿਛੋੜੇ ਵਾਲ਼ੇ ਨਸੀਬ ਕਾਰਨ (ਪਰਿਵਾਰ ’ਚ) ਮਿਲ ਕੇ ਅਗਾਂਹ ਲਈ ਵਿਛੜ ਗਿਆ। ਚੰਗੇ ਨਸੀਬ ਨਾਲ਼ ਸਦੀਵੀ ਮੇਲ਼ ਬਣਿਆ ਰਹਿਣੈ। ਭਗਤ ਕਬੀਰ ਜੀ ਤਾਂ ਇੱਕ ਸਵਾਲ ‘‘ਪਿੰਡਿ ਮੂਐ; ਜੀਉ ਕਿਹ ਘਰਿ ਜਾਤਾ  ?’’  ਉਤਪੰਨ ਕਰ ਆਪ ਹੀ ਇਉਂ ਜਵਾਬ ਦੇਂਦੇ ਹਨ ‘‘ਤਿਤੁ ਘਰਿ ਜਾਉ; ਜਿ ਬਹੁਰਿ ਆਵਉ ’’ (ਭਗਤ ਕਬੀਰ/੩੨੭) ਕਿਉਂਕਿ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ ’’ (ਜਪੁ) ਵਚਨਾਂ ਵਾਙ ਪ੍ਰਭੂ ’ਚ ਸਦੀਵੀ ਲੀਨਤਾ ਹੋ ਗਈ ‘‘ਮਿਟਿ ਗਏ ਗਵਨ (ਆਵਾਗਮਣ); ਪਾਏ ਬਿਸ੍ਰਾਮ   ਨਾਨਕ  ! ਪ੍ਰਭ ਕੈ ਸਦ ਕੁਰਬਾਨ ’’ (ਸੁਖਮਨੀ/ ਮਹਲਾ /੨੭੮) ਤਾਂ ਤੇ ਹਰ ਮਨੁੱਖ ਨੂੰ ਇਹ ਅਰਦਾਸ ਸਦਾ ਕਰਨੀ ਚਾਹੀਦੀ ਹੈ ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪)

‘ਪੰਚ ਪਰਵਾਣ’ ਸ਼ਬਦ ਦੀ ਵਿਆਖਿਆ

0

‘ਪੰਚ ਪਰਵਾਣ’ ਸ਼ਬਦ ਦੀ ਵਿਆਖਿਆ

ਅਵਤਾਰ ਸਿੰਘ ਮਿਸ਼ਨਰੀ (5104325827)

ਪੰਚ ਸੰਸਕ੍ਰਿਤ ਦਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਵਿਖੇ 215 ਵਾਰ ਦਰਜ ਅਤੇ ਕਈ ਅਰਥਾਂ ਵਿੱਚ ਆਇਆ ਹੈ; ਜਿਵੇਂ-ਪੰਜ ਵਿਸ਼ੇ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਲਈ ‘‘ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬) ਦੈਵੀ ਗੁਣਾਂ ਲਈ-ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ‘‘ਪੰਚ ਮਨਾਏ ਪੰਚ ਰੁਸਾਏ   ਪੰਚ ਵਸਾਏ ਪੰਚ ਗਵਾਏ ’’ (ਮਹਲਾ /੪੩੦) ਪੰਜ ਦੈਵੀ ਗੁਣ ਮਨਾਏ ਭਾਵ ਧਾਰਨ ਕਰ ਲਏ, ਜਿਸ ਕਰਕੇ ਪੰਜੇ ਵਿਸ਼ੇ ਰੁੱਸ ਗਏ। ਪੰਚ ਵਸਾਏ ਭਾਵ ਪੰਜ ਰੱਬੀ ਗੁਣ ਹਿਰਦੇ ਵਿੱਚ ਵਸਾ ਲਏ ਅਤੇ ਪੰਚ ਗਵਾਏ ਭਾਵ ਕਾਮਾਦਿਕ ਅੰਦਰੋਂ ਭੁਲਾ ਦਿੱਤੇ।

ਪੰਜ ਗਿਆਨ ਇੰਦ੍ਰੇ (ਪੰਚ  ਨੱਕ, ਕੰਨ, ਜੀਭ, ਅੱਖ ਤੇ ਚਮੜੀ) ਲਈ ਭੀ ਪੰਚ ਸ਼ਬਦ ਹੈ ‘‘ਪੰਚ ਸਖੀ ਹਮ ਏਕੁ ਭਤਾਰੋ ’’ (ਮਹਲਾ /੩੫੯) ਪੰਚ; ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਲਈ ਵੀ ਆਇਆ ਹੈ  ‘‘ਮੂਰਤਿ ਪੰਚ ਪ੍ਰਮਾਣ ਪੁਰਖੁ; ਗੁਰੁ ਅਰਜੁਨੁ ਪਿਖਹੁ ਨਯਣ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਪਿੰਡ ਦੇ ਮੁਖੀਆਂ ਲਈ ਵੀ ਪੰਚ ਹੈ ‘‘ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ’’ (ਮਹਲਾ /੩੧੫) ਪੰਚ; ਪੰਚਾਇਤ ਭਾਵ ਡੇਮੋਕਰੇਸੀ ਦਾ ਸੂਚਿਕ ਹੈ। ਪੰਚ ਜ਼ੁਮੇਵਾਰ-ਸਿਆਣੇ ਮੰਨੇ ਪ੍ਰਮੰਨੇ ਵਿਅਕਤੀਆਂ ਲਈ ਵੀ ਹੈ ‘‘ਪੰਚ ਪਰਵਾਣ ਪੰਚ ਪਰਧਾਨੁ   ਪੰਚੇ ਪਾਵਹਿ ਦਰਗਹਿ ਮਾਨੁ   ਪੰਚੇ ਸੋਹਹਿ ਦਰਿ ਰਾਜਾਨੁ   ਪੰਚਾ ਕਾ ਗੁਰੁ ਏਕੁ ਧਿਆਨੁ ..੧੬’’ (ਜਪੁ) ਭਾਵ ਸੰਸਾਰੀ ਤੇ ਨਿਰੰਕਾਰੀ ਪ੍ਰਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਗੁਰਮੁਖ ਜਿਨ੍ਹਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਹੈ। ਜਿਨ੍ਹਾਂ ਅੰਦਰ ਪ੍ਰਭੂ ਲਈ ਤੜਫ ਪੈਦਾ ਹੋ ਗਈ ਹੈ, ਉਹ ਹੀ ਮੰਨੇ ਪ੍ਰਮੰਨੇ ਸਭ ਦੇ ਆਗੂ ਹੁੰਦੇ ਹਨ। ਪ੍ਰਭੂ ਦੀ ਹਜੂਰੀ ਵਿੱਚ ਆਦਰ ਪਾਉਂਦੇ ਹਨ। ਰਾਜ ਦਰਬਾਰਾਂ ਵਿੱਚ ਸ਼ੋਭਦੇ ਹਨ ਅਤੇ ਗੁਰ ਸ਼ਬਦ ਵਿੱਚ ਜੁੜੇ ਰਹਿਣਾ ਹੀ ਉਨ੍ਹਾਂ ਦਾ ਅਸਲ ਨਿਸ਼ਾਨਾ ਹੁੰਦਾ ਹੈ।

ਜ਼ਰਾ ਧਿਆਨ ਦਿਓ ! ਜਪੁ ਜੀ ਸਾਹਿਬ ਦੀ 16ਵੀਂ ਪਾਉੜੀ ਵਿਖੇ ਪੰਚ ਸ਼ਬਦ ਨਿਰੰਕਾਰੀ ਤੇ ਸੰਸਾਰੀ ਜੀਵਨ ਜੁਗਤੀ ਦੇ ਚੰਗੇ ਜਾਣੂੰ ਤੇ ਧਾਰਨੀ ਅਤੇ ਮਨੁੱਖਤਾ ਦੀ ਅਗਵਾਈ ਕਰਨ ਵਾਲਿਆਂ ਦਾ ਸੂਚਿਕ ਹੈ, ਜੋ ਕਰਤਾਰ ਦੇ ਦੈਵੀ ਗੁਣਾਂ ਅਤੇ ਹੁਕਮ, ਭਾਣਾ ਸ੍ਰਵਣ, ਮੰਨਣ ਅਤੇ ਅਮਲ ਕਰ ਜੀਵਨ ਵਿੱਚ ਧਾਰਨ ਕਰਕੇ ਲੋਕਾਈ ਵਿੱਚ ਵਿਚਰਦੇ ਹਨ। ਅੱਜ ਪੰਚਾਇਤ (ਡੈਮੋਕਰੇਸੀ) ਵਿੱਚ ਪੰਜਾਂ ਦੀ ਗਿਣਤੀ ਮੁਕਰਰ ਨਹੀਂ, ਵੱਧ ਵੀ ਹੋ ਸਕਦੀ ਹੈ। ਪੰਜ ਪਿਆਰੇ ਵੀ ਇਸ ਉੱਚੀ ਸੁੱਚੀ ਅਵਸਥਾ ਦੇ ਧਾਰਨੀ ਰਹੇ, ਜਾਤ ਪਾਤ ਮੁਕਤ ਸਨ ਅਤੇ ਵੱਖ ਵੱਖ ਇਲਾਕਿਆਂ ਦੇ ਵਾਸੀ ਸਨ। ਇਕੱਲਾ ਮਨੁੱਖ ਗਲਤ ਫ਼ੈਸਲੇ ਵੀ ਕਰ ਸਕਦਾ ਹੈ, ਪਰ ਬਹੁਤੇ ਰਲ਼ ਮਿਲ਼ ਕੇ, ਸੰਗਤੀ ਰੂਪ ’ਚ ਵਿਚਾਰਾਂ ਕਰ ਲੋਕ ਭਲਾਈ ਦੇ ਫ਼ੈਸਲੇ ਕਰਦੇ ਹਨ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਨਸਾਨ ਨੂੰ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਉਲਝਾਇਆ, ਜੋ ਅੱਜ ਉਲਝ ਗਿਆ ਹੈ।

ਮਤਲਬ ਤਾਂ ਪੰਚ ਲਫਜ਼ ਨੂੰ ਸਮਝੀਏ ਕਿ ਗੁਰੂ ਨੇ ਕਿਸ ਸੰਦਰਭ ਵਿੱਚ ਵਰਤਿਆ ਹੈ ? ਭਾਵ ਲੋਕਾਈ ਦੀ ਨਿਗ੍ਹਾ ਵਿੱਚ ਕਰਮ ਸੁਭ ਕਰਕੇ ਦਾਨੇ, ਸਿਆਣੇ, ਸਮਝਦਾਰ, ਪਰਉਪਕਾਰੀ, ਸੰਸਾਰੀ ਤੇ ਨਿਰੰਕਾਰੀ ਵਿਦਿਆ ਦੇ ਗਿਆਤਾ, ਸਭ ਵਿੱਚ ਰੱਬੀ ਜੋਤਿ ਦੇਖਣ ਵਾਲੇ ਮਾਈ ਭਾਈ ਜੋ ਸ਼ੁਭ ਕਰਮਾਂ ਕਰਕੇ, ਸੰਸਾਰ ਤੇ ਨਿਰੰਕਾਰ ਬਾਰੇ ਸ੍ਰਵਣ, ਮੰਨਣ ਉਪਰੰਤ ਇੱਕਮਿਕ ਹੋ ਚੁੱਕੇ ਹਨ।  ਪੰਚ ਪਰਵਾਣ ਕਹਿਣਾ ਭਾਵ ਪੰਜ ਪਿਆਰੇ ਹੀ ਪਰਵਾਨ ਹਨ। ਇਹ ਗੱਲ ਉਪ੍ਰੋਕਤ ਗੁਣਾਂ ਦੇ ਧਾਰੀਆਂ ਲਈ ਤਾਂ ਠੀਕ ਹੈ, ਪਰ ਇਕੱਲੇ ਪੰਜ ਕਕਾਰਾਂ ਤੇ ਬਾਣੇ ਦੇ ਭੇਖਧਾਰੀ, ਜੋ ਜਾਤ ਪਾਤ, ਵਹਿਮ-ਭਰਮ ਨੂੰ ਮੰਨਦੇ ਹਨ, ਕਿਸੇ ਇੱਕ ਪਾਰਟੀ ਜਾਂ ਜਥੇ ਨਾਲ ਜੁੜੇ, ਆਪੋ ਆਪਣੇ ਜਥੇ ਅਤੇ ਸੰਪ੍ਰਦਾਵਾਂ ਦੀ ਤੰਗਦਿਲੀ ਮਰਯਾਦਾ ਪਾਲਦੇ ਹਨ, ਜਿਸ ਵਿੱਚ ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀਂ ਦਿੰਦੇ, ਉਨ੍ਹਾਂ ਨੂੰ ਪੰਚ ਪਰਵਾਣ ਨਹੀਂ ਕਿਹਾ ਜਾ ਸਕਦਾ। ਸੰਖੇਪ ’ਚ ਇਹੀ ਕਹਿ ਸਕਦੇ ਹਾਂ ਕਿ ਹਰ ਪੱਖੋਂ ਪੂਰੇ, ਸੂਰੇ ਸਰਬਪੱਖੀ ਗੁਣਾਂ ਦੇ ਧਾਰਨੀ ਮਾਈ ਭਾਈ ਹੀ ‘ਪੰਚ ਪਰਵਾਣ’ ਹੁੰਦੇ ਹਨ।

Most Viewed Posts