ਗੁਰਮਤਿ ਮੁਤਾਬਕ ਆਵਾਗਮਣ

0
1331

ਗੁਰਮਤਿ ਮੁਤਾਬਕ ਆਵਾਗਮਣ

ਗਿਆਨੀ ਅਵਤਾਰ ਸਿੰਘ

ਆਵਾਗਮਣ ਦਾ ਮਤਲਬ ਹੈ ‘ਜਨਮ ਲੈਣਾ ਅਤੇ ਮਰਨਾ’ ਯਾਨੀ ਕਿ ਇੱਕ ਸਰੀਰਕ ਮੌਤ ਉਪਰੰਤ ਇੱਕ ਹੋਰ ਸਰੀਰ ਧਾਰਨ ਕਰਨਾ।  ਭਾਈ ਕਾਹਨ ਸਿੰਘ ਨਾਭਾ ਨੇ (ਮਹਾਨ ਕੋਸ਼ ’ਚ) ਯੂਨਾਨੀ ਇਤਿਹਾਸਕਾਰ ਹੀਰਾਡੋਟਸ (Herodotus॥.  53. 81. 123) ਦੇ ਹਵਾਲੇ ਨਾਲ਼ ਦੱਸਿਆ ਹੈ ਕਿ ਪ੍ਰਾਚੀਨ ਮਿਸਰੀ, ਯਹੂਦੀ, ਇਸਾਈ, ਇਸਲਾਮ ਅਤੇ ਹੋਰ ਮਤਾਵਲੰਬੀ ਆਵਾਗਮਨ ਨੂੰ ਮੰਨਦੇ ਸਨ। ਯੂਨਾਨੀ ਤੱਤ੍ਵਵੇਤਾ ਅਤੇ ਨਵੀਨ ਬ੍ਰਹਮਵੇਤਾ ਭੀ ਇਸ ਸਿਧਾਂਤ ਨੂੰ ਮੰਨਦੇ ਹਨ। ‘ਬੌਧੀ, ਜੈਨੀ, ਹਿੰਦੂ ਅਤੇ ਸਿੱਖ ਭੀ ਆਵਾਮਗਣ ’ਚ ਵਿਸ਼ਵਾਸ ਰੱਖਦੇ ਹਨ। ਸਿਆਣਿਆਂ ਨੇ ਆਵਾਗਮਣ ਨੂੰ ਤਿੰਨ ਭੇਦਾਂ ’ਚ ਵੰਡਿਆ ਹੈ :

(ੳ). ਜਦ ਬੱਚਾ ਜਨਮ ਲੈਂਦਾ ਹੈ ਤਾਂ ਰੱਬ ਉਸੇ ਸਮੇਂ ਆਤਮਾ ਨਹੀਂ ਸਿਰਜਦਾ ਕਿਉਂਕਿ ਇਹ ਪਹਿਲਾਂ ਤੋਂ ਵਿਦੇਹ ਦਸ਼ਾ ’ਚ ਮੌਜੂਦ ਹੁੰਦੈ। ਸਰੀਰ ਧਾਰਨਾ; ਇਸ ਲਈ ਪਹਿਲਾ ਮੌਕਾ ਹੁੰਦੈ [ਨੋਟ : ਯਾਨੀ ਕਿ ਆਤਮਾ ਨਾਲ਼ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ’’  ਰੂਪ ਮੈਲ਼ ਨਹੀਂ ਹੈ] ਅਤੇ ਮਰਨ ਉਪਰੰਤ ਭੀ ਕੋਈ ਹੋਰ ਸਰੀਰ ਨਹੀਂ ਧਾਰੇਗਾ [ਨੋਟ : ਯਾਨੀ ਕਿ ਮਨੁੱਖ ਦੁਆਰਾ ਕੀਤੇ ਕੰਮ ਦਾ ਕੋਈ ਲੇਖਾ-ਜੋਖਾ ‘‘ਲੇਖਾ ਰਬੁ ਮੰਗੇਸੀਆ; ਬੈਠਾ ਕਢਿ ਵਹੀ ’’ (ਮਹਲਾ /੯੫੩) ਨਹੀਂ ਮੰਗਿਆ ਜਾਏਗਾ] ਇਸ ਸਿਧਾਂਤ ਦਾ ਨਾਮ ‘ਪੂਰਵਅਸਤਿਤ੍ਵ’ (the doctrine of Pre existence) ਹੈ।

(ਅ). ਆਤਮਾ ਇਸ ਸਰੀਰ ਤੋਂ ਪਹਿਲਾਂ ਕੋਟਿਨ ਕੋਟਿ ਮਨੁੱਖ, ਪਸ਼ੂ, ਪੰਖੀ, ਬਿਰਛ ਆਦਿਕ ਜੂਨੀਆਂ ਵਿੱਚ ਭ੍ਰਮਣ ਕਰਦਾ ਰਿਹਾ ਹੈ, ਅਰ ਮੌਜੂਦਾ ਸਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖ ਜੂਨੀ ਵਿੱਚ ਆਉਣ ਤੋਂ ਪਹਿਲਾਂ (ਨਿਗੁਰਾ ਬੰਦਾ) ਕਈ ਪਸ਼ੂ, ਪੰਖੀ, ਬਿਰਛ ਆਦਿਕ ਜੂਨੀਆਂ ਵਿੱਚ ਜਨਮ ਲਏਗਾ। ਇਸ ਸਿਧਾਂਤ ਦਾ ਨਾਮ ਤਨਾਸੁਖ਼ ਅਥਵਾ ਯਥਾਰਥ ਆਵਾਗਮਨ (transmigration or metempsychosis) ਹੈ। [ਨੋਟ : ਇਸ ਸਿਧਾਂਤ ਨੂੰ ਗੁਰਬਾਣੀ ’ਚ ਇਉਂ ਬਿਆਨ ਕੀਤੈ ‘‘ਕਈ ਜਨਮ ਭਏ; ਕੀਟ ਪਤੰਗਾ   ਕਈ ਜਨਮ; ਗਜ ਮੀਨ ਕੁਰੰਗਾ (ਹਾਥੀ, ਮੱਛੀ, ਹਿਰਨ)   ਕਈ ਜਨਮ; ਪੰਖੀ ਸਰਪ (ਸੱਪ) ਹੋਇਓ   ਕਈ ਜਨਮ; ਹੈਵਰ (ਚੰਗੇ ਘੋੜੇ) ਬ੍ਰਿਖ ਜੋਇਓ ’’ ਮਹਲਾ /੧੭੬ ]

(ੲ). ਮਨੁੱਖ ਦਾ ਆਤਮਾ ਇਸ ਸਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਂਦਾ ਰਿਹਾ ਹੈ, ਪਰ ਪਸ਼ੂ, ਪੰਖੀ, ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ, ਅਰ ਮੌਜੂਦਾ ਸਰੀਰ ਤਿਆਗਣ ਮਗਰੋਂ ਭੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਹੀ ਪੁਨਰ ਜਨਮ ਧਾਰਣ ਕਰੇਗਾ, ਇਸ ਸਿਧਾਂਤ ਦਾ ਨਾਉਂ ਪੁਨਰਭਵ (Re-incarnation) ਹੈ। [ਨੋਟ : ਇਹ ਹਿੰਦੂ ਵਿਸ਼ਵਾਸ ਹੈ, ਨਾ ਕਿ ਗੁਰਮਤਿ। ਇਸ ਲਈ ਔਰਤ ਤੇ ਸੂਦਰ ਨੂੰ ਜਨੇਊ ਨਹੀਂ ਪਾਈਦਾ ਤਾਂ ਜੋ ਅਗਲੇ ਜਨਮ ’ਚ ਇਹ, ਉੱਚ ਜਾਤੀ ਹਿੰਦੂ ਮਰਦ ਬਣ ਕੇ ਮੁਕਤ ਹੋਣ। ਸੰਤ ਸਮਾਜ ਦਾ ਭੀ ਇਹੀ ਮੰਨਣੈ ਤਾਹੀਓਂ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਪਿਛਲੇ ਜਨਮ ’ਚ ਜਾਤੀ ਸੂਚਕ ਪੰਜ ਭਗਤ ਮੰਨਿਆ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ ਅਤੇ ਰੱਬ ’ਚ ਅਭੇਦ ਹੋਣ ਦੀ ਥਾਂ ਹਿੰਦੂ ਸੁਰਗ ਨਗਰੀ ਵਾਙ ਸ਼ਹੀਦ ਨਗਰੀ ਭੀ ਮੰਨੀ ਹੈ।]

ਆਵਾਗਮਣ ਪ੍ਰਤਿ ਵਿਸ਼ਵਾਸ ਰੱਖਣ ਦੇ ਭਾਵੇਂ ਉਕਤ ਤਿੰਨ ਰੂਪ ਹਨ, ਪਰ ਇਹ ਸੱਚ ਹੈ ਕਿ ਇੱਕ ਭੀ ਮੱਤ ਨੇ ਆਵਾਗਮਣ ਨੂੰ ਰੱਦ ਨਹੀਂ ਕੀਤਾ। ਆਵਾਗਮਣ ਨਾਲ਼ ਅਟੁੱਟ ਰਿਸ਼ਤਾ ਆਤਮਾ ਦਾ ਹੁੰਦਾ ਹੈ, ਜਿਸ ਦੇ ਭਿੰਨ ਭਿੰਨ ਨਾਂਵ (ਆਤਮਾ, ਰੂਹ, ਜਿੰਦ, ਜੀਉ, ਜੀਅ, ਜ਼ਮੀਰ, ਜਾਨ, ਮਨ, ਚਿਤ’ ਆਦਿ) ਰੱਖੇ ਗਏ ਹਨ। ਸੋ ਭੌਤਿਕ ਸਰੀਰਾਂ ਅੰਦਰ ਇੱਕ ਸੂਖਮ ਆਤਮਾ ਰੂਪ ਸ਼ਕਤੀ ਮੌਜੂਦ ਹੈ।

ਗੁਰਮਤਿ ਨੇ ਆਵਾਗਮਣ ਦਾ ਮੂਲ; ਬੰਦੇ ਦੁਆਰਾ ਕੀਤੇ ਕਰਮਾਂ ਨੂੰ ਮੰਨਿਆ ਹੈ, ਜੋ ਸੂਖਮ ਆਤਮਾ ’ਤੇ ਚੜ੍ਹੀ ਵਿਕਾਰ ਰੂਪ ਮੈਲ਼ ਹੈ। ਇਸ ਮੈਲ਼ ਨੂੰ ਅਗਲੇ ਜਨਮ ਤੱਕ ਆਤਮਾ ਲੈ ਕੇ ਜਾਂਦਾ ਹੈ। ਇਹ ਆਤਮਾ; ਭੌਤਿਕ ਸਰੀਰ ਵਾਙ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ) ਨਾਲ਼ ਨਹੀਂ ਬਣਿਆ ਹੁੰਦਾ।

ਸਰੀਰ ਅੰਦਰ ਆਤਮਾ, ਮਨ, ਸੁਆਸ, ਦਿਲ, ਦਿਮਾਗ਼; ਅਲੱਗ ਅਲੱਗ ਸ਼ਕਤੀਆਂ ਹਨ, ਨਾ ਕਿ ਇੱਕੋ ਹੀ। ਗੁਰੂ ਸਾਹਿਬਾਨ ਨੇ ‘ਪ੍ਰਾਣ (ਸੁਆਸ), ਮਨ (ਸੰਕਲਪ-ਵਿਕਲਪ) ਅਤੇ ਜੀਉ (ਜਿੰਦ/ਆਤਮਾ/ਰੂਹ) ਅਤੇ ਪਿੰਡ (ਸਰੀਰ) ਨੂੰ ਵੱਖ ਵੱਖ ਮੰਨਿਆ ਹੈ ‘‘ਹਰਿ ਨਾਨਕ ਕਦੇ ਵਿਸਰਉ; ਏਹੁ ਜੀਉ ਪਿੰਡੁ ਤੇਰਾ ਸਾਸੁ (ਸੁਆਸ) (ਮਹਲਾ /੫੨), ਹਰਿ ਜੀਉ ਨਾਹੁ (ਹਰੀ ਖਸਮ ਜੀ) ਮਿਲਿਆ; ਮਉਲਿਆ (ਖਿੜਿਆ) ਮਨੁ, ਤਨੁ, ਸਾਸੁ, ਜੀਉ (ਜਿੰਦ) (ਮਹਲਾ /੯੨੭), ਜੀਉ, ਪਿੰਡੁ, ਪ੍ਰਾਣ, ਸਭਿ ਤਿਸ ਕੇ; ਘਟਿ ਘਟਿ ਰਹਿਆ ਸਮਾਈ (ਮਹਲਾ /੧੨੬੦), ਜੀਉ, ਮਨੁ, ਤਨੁ, ਪ੍ਰਾਣ ਪ੍ਰਭ ਕੇ; ਤੂ ਆਪਨ ਆਪੁ ਨਿਵਾਰਿ ’’ (ਮਹਲਾ /੧੦੦੭), ਗੁਰੂ ਅਮਰਦਾਸ ਜੀ ਨੇ ‘ਜੀਉ’ (ਆਤਮਾ) ਦੀ ਸਰੀਰ ਅੰਦਰ ਮੌਜੂਦਗੀ ਨੂੰ ਇਉਂ ਸਪਸ਼ਟ ਕੀਤਾ ‘‘ਹਰਿ (ਨੇ), ਜੀਉ ਗੁਫਾ (ਸਰੀਰ) ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ’’ (ਅਨੰਦ/ਮਹਲਾ /੯੨੨) ਗੁਰੂ ਅਰਜਨ ਸਾਹਿਬ ਅਤੇ ਭਗਤ ਕਬੀਰ ਜੀ ਨੇ ਇਸ ਬਾਰੇ ਇਉਂ ਕਿਹਾ ‘‘ਜੀਉ ਪਾਇ (ਕੇ) ਪਿੰਡੁ ਜਿਨਿ ਸਾਜਿਆ; ਦਿਤਾ ਪੈਨਣੁ ਖਾਣੁ (ਮਹਲਾ /੬੧੯), ਜਿਨਿ ਪ੍ਰਭਿ (ਨੇ), ਜੀਉ ਪਿੰਡੁ ਥਾ ਦੀਆ; ਤਿਸ ਕੀ ਭਾਉ ਭਗਤਿ ਨਹੀ ਸਾਧੀ ’’ (ਭਗਤ ਕਬੀਰ/੯੭੧)

ਚੇਤੇ ਰਹੇ ਕਿ ‘ਆਤਮਾ’ ਅਤੇ ‘ਜੀਉ’ ਇੱਕ ਵਚਨ ਪੁਲਿੰਗ ਨਾਂਵ ਹਨ ਅਤੇ ਗੁਰਬਾਣੀ ਲਿਖਤ ਮੁਤਾਬਕ ‘ਜੀਉ, ਭਉ (ਡਰ), ਭਾਉ (ਪ੍ਰੇਮ), ਨਾਉ’ ਯਾਨੀ ਕਿ ਅੰਤ ‘ਉ’ ਇੱਕ ਵਚਨ ਨਾਂਵਾਂ ਨਾਲ਼ ਸੰਬੰਧਕੀ ‘ਕਾ, ਕੇ, ਕੀ, ਨੋ’ ਆਇਆਂ ‘ਜੀਉ ਕੀ, ਭਉ ਕੇ, ਭਾਉ ਕਾ, ਨਾਉ ਨੋ’ ਨਹੀਂ ਲਿਖਿਆ ਹੁੰਦਾ ਬਲਕਿ ‘ਜੀਅ ਕੀ, ਭੈ ਕੇ, ਭਾਵ ਕਾ, ਨਾਵ ਨੋ’ ਹੁੰਦਾ ਹੈ; ਜਿਵੇਂ ‘‘ਗੁਹਜ (ਗੁਪਤ) ਗਲ ਜੀਅ ਕੀ, ਕੀਚੈ ਸਤਿਗੁਰੂ ਪਾਸਿ; ਤਾ ਸਰਬ ਸੁਖੁ ਪਾਈਐ (ਮਹਲਾ /੮੫੦), ਗੁਰ ਕੇ ਭੈ ਕੀ; ਸਾਰ ਜਾਣਹਿ (ਮਹਲਾ /੧੦੫੪), ਹਉ ਵਾਰੀ ਹਉ ਵਾਰਣੈ; ਕੁਰਬਾਣੁ ਤੇਰੇ ਨਾਵ ਨੋ (ਤੋਂ)’’ (ਮਹਲਾ /੭੧), ਪਰ ਜੇਕਰ ਇਨ੍ਹਾਂ ਨਾਲ਼ ਕੋਈ ਸੰਬੰਧਕੀ ਚਿੰਨ੍ਹ ਨਾ ਹੋਵੇ ਤਾਂ ਇਹ ਬਹੁ ਵਚਨ ਹੁੰਦੇ ਹਨ; ਜਿਵੇਂ ‘‘ਮੋਹਨੀ ਮਹਾ ਬਚਿਤ੍ਰਿ ਚੰਚਲਿ; ਅਨਿਕ ਭਾਵ (ਨਖ਼ਰੇ) ਦਿਖਾਵਏ ’’ (ਮਹਲਾ /੮੪੭), ਅਸੰਖ ਨਾਵ; ਅਸੰਖ ਥਾਵ (ਜਪੁ), ਗੁਰ ਕੀ ਸਰਣਿ ਪਏ, ਭੈ (ਦੁਨਿਆਵੀ ਡਰ) ਨਾਸੇ.. (ਮਹਲਾ /੬੧੫), ਹੁਕਮੀ ਹੋਵਨਿ ਜੀਅ (ਜੀਵ).. (ਜਪੁ), ਸਭਿ ਜੀਅ ਤੁਮਾਰੇ ਜੀ  ! ਤੂੰ ਜੀਆ ਕਾ ਦਾਤਾਰਾ (ਮਹਲਾ /੩੪੮), ਸੋ ਕਿਉ ਮਨਹੁ ਵਿਸਾਰੀਐ; ਜਾ ਕੇ ਜੀਅ ਪਰਾਣ (ਮਹਲਾ /੧੬), ਸੋ ਕਿਉ ਵਿਸਰੈ; ਜਿਸ ਕੇ ਜੀਅ ਪਰਾਨਾ (ਮਹਲਾ /੧੫੯)

ਨੋਟ : ਉਕਤ ਅੰਤਮ ਦੋ ਵਾਕਾਂ ’ਚ ‘ਜੀਅ ਪਰਾਣ’ ਬਹੁ ਵਚਨ ਹਨ ਤੇ ਅਰਥ ਹਨ ‘ਬਹੁਤੇ ਜਿੰਦ ਅਤੇ ਬਹੁਤੇ ਸੁਆਸ’।

ਗੁਰਮਤਿ ਨੇ ਆਤਮਾ ਅਤੇ ਸਰਵ ਵਿਆਪਕ ਰੱਬੀ ਜੋਤਿ ਨੂੰ ਇੱਕ ਹੀ ਮੰਨਿਆ ਹੈ। ਸਰੀਰ (ਜੀਵ) ਨਾਲ਼ ਆਤਮਾ ਦਾ ਮੇਲ਼ ਹੋਣ ਕਾਰਨ ਇਸ ਨੂੰ ਜੀਵਾਤਮਾ ਕਿਹਾ ਗਿਐ। ਜੀਵਾਤਮਾ ’ਤੇ ਬੰਦੇ ਦੁਆਰਾ ਕੀਤੇ ਕਰਮਾਂ ਦੀ ਚੜ੍ਹੀ ਮੈਲ਼; ਬੰਦੇ ਦਾ ਭਾਗ ਹੈ, ਨਸੀਬ ਹੈ, ਇਸ ਨੂੰ ਧੋਣ ਨਾਲ਼ ਪਰਮ ਆਤਮਾ (ਸ਼ੁੱਧ ਆਤਮਾ/ਪਰਾਤਮਾ) ਨਾਲ਼ ਅਭੇਦ ਹੋ ਜਾਈਦਾ ਹੈ। ਇਹ ਆਵਾਗਮਣ ਤੋਂ ਮੁਕਤੀ ਹੈ। ਗੁਰੂ ਵਚਨ ਹਨ :

ਆਤਮ ਮਹਿ ਰਾਮੁ; ਰਾਮ ਮਹਿ ਆਤਮੁ; ਚੀਨਸਿ ਗੁਰ ਬੀਚਾਰਾ ॥ (ਮਹਲਾ ੧/੧੧੫੩)

ਚੀਨਸਿ-ਸਮਝ ਹੁੰਦੀ ਹੈ।

ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥ (ਮਹਲਾ ੧/੪੨੧) ਪਰਮਾਤਮੁ-ਰੱਬ ਦਾ ਰੂਪ।

ਅੰਤਰ ਆਤਮੈ ਜੋ ਮਿਲੈ; (ਰੱਬ ਨਾਲ਼) ਮਿਲਿਆ ਕਹੀਐ ਸੋਇ ॥ (ਮਹਲਾ ੨/੭੯੧)

ਸਬਦੁ ਚੀਨਿ੍ ਆਤਮੁ ਪਰਗਾਸਿਆ; ਸਹਜੇ ਰਹਿਆ ਸਮਾਈ ॥ (ਮਹਲਾ ੩/੭੫੩)

ਅਰਥ : ਗੁਰੂ ਸ਼ਬਦ ਨੂੰ ਸਮਝ ਕੇ ਆਤਮਾ ਉੱਜਲ ਹੋ ਗਿਆ, ਆਤਮਾ ’ਤੇ ਚੜ੍ਹੀ ਮੈਲ਼ ਲਹਿ ਗਈ ਤੇ ਰੱਬ ਵਿੱਚ ਅਚਨਚੇਤ ਸਮਾ ਗਿਆ ਯਾਨੀ ਜੀਵਾਤਮਾ ਤੇ ਰੱਬੀ ਜੋਤਿ; ਇਕ-ਮਿਕ ਹੋ ਗਏ।

ਆਤਮ ਦੇਉ, ਦੇਉ ਹੈ ਆਤਮੁ; ਰਸਿ ਲਾਗੈ ਪੂਜ ਕਰੀਜੈ ॥ (ਮਹਲਾ ੪/੧੩੨੫)

ਅਰਥ : ਆਤਮਾ ਹੀ ਅਸਲ ਦੇਵਤਾ ਹੈ ਯਾਨੀ ਜੋਤਿ ਸਰੂਪ ਰੱਬ ਹੈ, ਰੱਬ ਹੀ ਜੀਵਾਤਮਾ ਹੈ। ਉਸ ਦੇ ਪਿਆਰ ’ਚ ਭਿੱਜ ਕੇ ਕੀਤੀ ਬੰਦਗੀ ਹੀ ਅਸਲ ਬੰਦਗੀ ਅਖਵਾਉਂਦੀ ਹੈ।

ਆਤਮਾ; ਰੱਬ ਵਾਙ ਅਮਰ ਹੈ, ਜੋ ਕਦੇ ਨਾਸ਼ ਨਹੀਂ ਹੁੰਦਾ; ਜਿਵੇਂ ਕਾਗਜ਼ ’ਤੇ ਲਿਖਿਆ ਨਹੀਂ ਮਿਟਦਾ ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ (ਜੋਤ) ਜਸ ਕਾਗਦ ਪਰ ਮਿਟੈ ਮੰਸੁ (ਸਿਆਹੀ)’’ (ਭਗਤ ਕਬੀਰ/੮੭੧) ਆਤਮਾ ’ਤੇ ਚੜ੍ਹੀ ਮੈਲ਼ ਨੂੰ ਅੰਤਹਿਕਰਣ ਕਿਹਾ ਹੈ। ਇਸ ਅੰਦਰਲੀ ਇੰਦ੍ਰੀ ਮੁਤਾਬਕ ਜੀਵ ਦਾ ਸੁਭਾਅ ਬਣਦਾ ਹੈ, ਜੋ ਬਾਹਰਲੇ ਚਾਰ ਇੰਦ੍ਰੇ (ਸੁਰਤਿ, ਮਤਿ, ਮਨਿ, ਬੁਧਿ) ਰਾਹੀਂ ਪ੍ਰਗਟ ਹੁੰਦਾ ਹੈ। ਸੁਰਤਿ- ਭੂਤਕਾਲ ਦਾ ਅਨੁਭਵ ਹੈ, ਮਤਿ- ਪਦਾਰਥਾਂ ਨਾਲ਼ ਲਗਾਅ (ਯਾਨੀ ਮਮਤਾ/ਹਉਮੈ) ਹੈ, ਮਨ-ਵਿਚਾਰ ਪੈਦਾ ਹੋਣੇ (ਸੰਕਲਪ) ਤੇ ਉਨ੍ਹਾਂ ’ਤੇ ਭਰੋਸਾ ਨਾ ਬਣਨ ਕਾਰਨ ਵਿਚਾਰ ਮਰ ਜਾਣੇ (ਯਾਨੀ ਵਿਕਲਪ/ਦੁਬਿਧਾ) ਹੈ, ਬੁਧਿ-ਨਵੇਂ ਵਿਚਾਰ ਪੈਦਾ ਹੋ ਕੇ ਉਨ੍ਹਾਂ ’ਤੇ ਭਰੋਸਾ ਬਣਨਾ’ ਹੈ। ਗੁਰੂ ਦਰਪਣ ਰਾਹੀਂ ਸ਼ਰਮਖੰਡ ਅਵਸਥਾ ’ਚ ਯਾਨੀ ਕਿ ਸਵੈ ਪੜਚੋਲ ਕਰਦਿਆਂ ਇਹ ਚਾਰੋਂ ਇੰਦ੍ਰੇ ਘੜੇ ਜਾ ਸਕਦੇ ਹਨ ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ’’ (ਜਪੁ), ਜੋ ਬੰਦਾ; ਆਪਣੇ ਅੰਤਹਿਕਰਣ ‘‘ਜਨਮ ਜਨਮ ਕੀ ਇਸੁ ਮਨ (ਜੀਵਾਤਮਾ) ਕਉ ਮਲੁ (ਅੰਤਹਿਕਰਣ) ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਨੂੰ ਧੋ ਨਾ ਸਕਿਆ ਯਾਨੀ ਇਸ ਨੂੰ ਪਾਰਦਰਸ਼ੀ ਬਣਾ ਅੰਦਰ ਵਸਦੇ ਜੋਤਿ ਸਰੂਪ ਰੱਬ ਨਾਲ਼ ਇਕ-ਮਿਕ ਹੋ ਅਨੰਦ ਨਾ ਮਾਣ ਸਕਿਆ ਉਹ ਭੀ; ਸਭ ਦਾਤਾਂ ਦੇਣ ਵਾਲ਼ੇ ਦਾ ਰਿਸ਼ਤੇਦਾਰ ਨਹੀਂ ਕਿ ਬਖ਼ਸ਼ਿਆ ਜਾਏਗਾ; ਉਸ ਨੂੰ ਫਾਹੇ ਟੰਗਿਆ ਹੀ ਜਾਣੈ। ਸੰਸਾਰ ’ਚ ਬਾਹਰੋਂ ਭਾਵੇਂ ਕੋਈ ਖੁਸ਼ਹਾਲ ਜਾਪੇ ਪਰ ਅੰਦਰੋਂ ‘‘ਨਾਨਕ  ! ਦੁਖੀਆ ਸਭੁ ਸੰਸਾਰੁ ’’ (ਮਹਲਾ /੯੫੪) ਇਸ ਦਾ ਪ੍ਰਤੀਕ ਹੈ। ਇਹ ਦੁਖਦਾਈ ਜ਼ਿੰਦਗੀ; ਦਰਅਸਲ ਜੀਵਾਤਮਾ ਕੇ ਹੀ ਬੰਧਨ ਹਨ ‘‘ਬਿਨੁ ਸਤਿਗੁਰ ਸੇਵੇ, ਜੀਅ ਕੇ ਬੰਧਨਾ; ਵਿਚਿ ਹਉਮੈ ਕਰਮ ਕਮਾਹਿ (ਮਹਲਾ /੫੮੯), ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ; ਜੇਤੇ ਕਰਮ ਕਮਾਹਿ ’’ (ਮਹਲਾ /੫੫੨) ਇਸ ਬੰਧਨ ਨੂੰ ਬੰਦੇ ਦਾ ਮਾੜਾ ਨਸੀਬ ਹੀ ਕਹਾਂਗੇ ‘‘ਜੀਅ ਕਾ ਬੰਧਨੁ; ਕਰਮੁ ਬਿਆਪੈ ’’ (ਭਗਤ ਨਾਮਦੇਵ/੧੩੫੧)

ਨੋਟ : ਉਕਤ ਤੁਕ ’ਚ ‘ਕਰਮੁ’; ਇੱਕ ਵਚਨ ਹੈ, ਨਹੀਂ ਤਾਂ ਬੰਦੇ ਦੁਆਰਾ ਕੀਤੇ ਕੰਮ (ਬਹੁ ਵਚਨ); ਅਰਥ ਹੋਣੇ ਸੀ। ਗੁਰਬਾਣੀ ’ਚ ‘ਕਰਮੁ’ (ਔਂਕੜ ਅੰਤ) 99 ਵਾਰ ਹੈ, ਜਿਸ ਦੇ ਅਕਸਰ ਅਰਥ ‘ਭਾਗ/ਨਸੀਬ’ ਜਾਂ ਰੱਬ ਦੀ ਮਿਹਰ ਹਨ; ਜਿਵੇਂ ‘‘ਕਰਮੁ (ਮਿਹਰ) ਹੋਵੈ; ਸਤਸੰਗਿ ਮਿਲਾਏ (ਮਹਲਾ /੧੫੮), ਗੁਰ ਕੈ ਬਚਨਿ; ਜਾਗਿਆ ਮੇਰਾ ਕਰਮੁ (ਭਾਗ)’’ ਮਹਲਾ /੨੩੯)

ਗੁਰੂ ਅਰਜਨ ਦੇਵ ਜੀ; ਮਨੁੱਖ ਦੇ ਇਸ ਗੁਪਤ ਨਸੀਬ-ਬੰਧਨ (ਮੈਲ਼/ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ) ਦਾ ਪ੍ਰਗਟ ਚਿੰਨ੍ਹ; ‘ਹਉਮੈ’ ਦੱਸ ਰਹੇ ਹਨ ‘‘ਹਉਮੈ ਰੋਗੁ; ਮਾਨੁਖ ਕਉ ਦੀਨਾ ’’ (ਮਹਲਾ /੧੧੪੦) ਤਾਹੀਓਂ ਬੰਦਾ ‘‘ਇਕ ਦੂ ਇਕੁ ਸਿਆਣਾ ’’ (ਜਪੁ) ਬਣਦੈ। ਇਹ ਹਉਮੈ ਹੀ ਆਵਾਗਮਣ ਦਾ ਮੂਲ ਹੈ ‘‘ਜਿਨਿ ਰਚਿ ਰਚਿਆ ਪੁਰਖਿ ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯) ਯਾਨੀ ਆਵਾਗਮਣ; ਹਉਮੈ ਕਾਰਨ ਹੈ, ਨਸੀਬ ਮੁਤਾਬਕ ਹੈ, ਬੰਦੇ ਦੇ ਸੁਭਾਅ ਮੁਤਾਬਕ ਕੀਤੇ ਕੰਮਾਂ ਅਨੁਸਾਰ ਹੈ, ਨਾ ਕਿ ਆਤਮਾ ਕਾਰਨ। ਆਤਮਾ ਤਾਂ ‘‘ਰਾਮ ਕੀ ਅੰਸੁ’’  ਹੋਣ ਕਾਰਨ ਅਮਰ ਹੈ ‘‘ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ’’ (ਭਗਤ ਕਬੀਰ/੮੭੧)

ਸਿੱਖਾਂ ’ਚ ਇੱਕ ਨਾਸਤਿਕ ਜਮਾਤ ਹੈ, ਜੋ ਭੋਲ਼ੇ-ਭਾਲ਼ੇ ਸਿੱਖਾਂ ਨੂੰ ਗੁਮਰਾਹ ਕਰਦੀ, ਆਖਦੀ ਹੈ ਕਿ ਮਰਨ ਉਪਰੰਤ ਪੰਜ ਤੱਤ; ਆਪਣੇ-ਆਪਣੇ ਤੱਤਾਂ ’ਚ ਮਿਲ ਜਾਂਦੇ ਹਨ, ਬਾਕੀ ਕੁਝ ਨਹੀਂ ਬਚਦਾ। ਮਿਸਾਲ ਇਉਂ ਦਿੰਦੇ ਹਨ ‘‘ਪਵਨੈ ਮਹਿ ਪਵਨੁ ਸਮਾਇਆ .. ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ  ?  ਕਉਨੁ ਮੂਆ ਰੇ ! ਕਉਨੁ ਮੂਆ  ?  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ’’ (ਮਹਲਾ /੮੮੫) ਜਦਕਿ ਇਸੇ ਸ਼ਬਦ ’ਚ ‘‘ਪਵਨੈ ਮਹਿ ਪਵਨੁ ਸਮਾਇਆ ’’ ਤੋਂ ਬਾਅਦ ‘‘ਜੋਤੀ ਮਹਿ; ਜੋਤਿ ਰਲਿ ਜਾਇਆ ’’ ਭੀ ਦਰਜ ਹੈ, ਜੋ ਅਕ੍ਰਿਤਘਣਾਂ ਨੇ ਛੁਪਾ ਲਿਆ ਤੇ ਅਗਾਂਹ ਹੋਰ ਇਉਂ ਬੋਲਣਾ ਸ਼ੁਰੂ ਕਰ ਦਿੱਤਾ ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ  ਫਿਰਿ ਹਸਣਿ ਪਾਹਿ   ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’ (ਮਹਲਾ /੬੪੮) ਯਾਨੀ ਕਿ ਇਨਾਂ ਮੁਤਾਬਕ ਮਰਨ ਉਪਰੰਤ ਜੇਕਰ ਕੁਝ (ਆਤਮਾ ਬਗ਼ੈਰਾ) ਬਚਿਆ ਹੁੰਦਾ ਤਾਂ ਗੁਰੂ ਜੀ ਇਹ ਨਾ ਆਖਦੇ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ  ? ’’

ਦਰਅਸਲ ਗੁਰੂ ਨਾਨਕ ਜੀ; ਕਰਤਾਰ ਦੀ ਕੁਦਰਤ ਦਾ ਅੰਤ ਪਾਉਣ ਵਾਲ਼ੇ ਨੂੰ ਮੂਰਖਾਂ ’ਚੋਂ ਵੱਡਾ ਮੂਰਖ ਮੰਨਦੇ ਹਨ ਕਿਉਂਕਿ ‘‘ਕਰਤੇ ਕੈ ਕਰਣੈ (ਰਚਨਾ ਦਾ); ਨਾਹੀ ਸੁਮਾਰੁ (ਅੰਤ)..੧੬ (ਜਪੁ), ਏਹੁ ਅੰਤੁ; ਜਾਣੈ ਕੋਇ ਬਹੁਤਾ ਕਹੀਐ; ਬਹੁਤਾ ਹੋਇ ..੨੪’’ (ਜਪੁ), ਜੇਵਡੁ ਭਾਵੈ ਤੇਵਡੁ ਹੋਇ   ਨਾਨਕ  ! ਜਾਣੈ ਸਾਚਾ ਸੋਇ ਜੇ ਕੋ ਆਖੈ; ਬੋਲੁਵਿਗਾੜੁ (ਬੜਬੋਲਾ) ਤਾ ਲਿਖੀਐ; ਸਿਰਿ ਗਾਵਾਰਾ ਗਾਵਾਰੁ ੨੬’’ (ਜਪੁ), ਇਸ ਲਈ ਮਰਨ ਉਪਰੰਤ ਆਤਮਾ ਕਿਹੜੀ-ਕਿਹੜੀ ਜੂਨ ’ਚ ਜਾਂਦੀ ਹੈ, ਬਿਆਨ ਕਰਨਾ; ਕੁਦਰਤ ਦੇ ਅੰਤ ਪਾਉਣ ’ਚ ਸ਼ਾਮਲ ਹੁੰਦੈ। ਗੁਰੂ ਜੀ ਤਾਂ ਵਾਰ ਵਾਰ ਕਹਿ ਰਹੇ ਹਨ ‘‘ਕੁਦਰਤਿ ਕਵਣ ਕਹਾ ਵੀਚਾਰੁ ’’ (ਜਪੁ) ਯਾਨੀ ਕਿ ਮੇਰੀ ਕੀ ਪਾਇਆਂ ਹੈ; ਹੇ ਨਿਰਾਕਾਰ !  ਕਿ ਤੇਰਾ ਅੰਤ ਪਾ ਸਕਾਂ।

ਗੁਰਬਾਣੀ ’ਚ ਇੱਕ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਹੈ ‘‘ਅੰਤਿ ਕਾਲਿ ਜੋ ਲਛਮੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਸਰਪ ਜੋਨਿ ਵਲਿ ਵਲਿ ਅਉਤਰੈ ’’ ਵਿਚਾਰਨਾ ਜ਼ਰੂਰੀ ਹੈ ਤਾਂ ਜੋ ਇਸ ਦਾ ਮਤਲਬ ਉਕਤ ਵਿਚਾਰ ਦੇ ਖੰਡਨ ਵਜੋਂ ਨਾ ਲਿਆ ਜਾਵੇ। ਇਸ ਸ਼ਬਦ ਰਾਹੀਂ ਭਗਤ ਜੀ; ਬੰਦੇ ਦੀ ਦਿਲੀ ਇੱਛਾ ਮੁਤਾਬਕ ਅਗਲੀ ਜੂਨ ਦੇ ਹਵਾਲੇ (ਡਰ) ਨਾਲ਼ ਇਸ ਜਨਮ ’ਚ ਬਾਕੀ ਰਹਿੰਦੇ ਸਮੇਂ ਨੂੰ ਸਫਲ ਕਰਨਾ ਚਾਹੁੰਦੇ ਹਨ; ਜਿਵੇਂ ਕਿ ‘ਰਹਾਉ’ ਬੰਦ ਹੈ ‘‘ਅਰੀ ਬਾਈ (ਹੇ ਭੈਣ) ! ਗੋਬਿਦ ਨਾਮੁ ਮਤਿ ਬੀਸਰੈ ਰਹਾਉ ’’, ਨਾ ਕਿ ਮਰਨ ਉਪਰੰਤ ਆਤਮਾ ਦੀ ਵਿਆਖਿਆ ਕਰ ਕੁਦਰਤ ਦਾ ਅੰਤ ਪਾਉਂਦੇ ਹਨ।

ਬੰਦੇ ਨੂੰ ਅਜਿਹਾ ਡਰ; ਸਹਿਜੇ ਹੀ ਕਰਾ ਸਹੀ ਮਾਰਗ ਪਾਇਆ ਜਾ ਸਕਦਾ ਹੈ। ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਰੱਬੀ ਡਰ-ਅਦਬ ਹਿਰਦੇ ਪੈਦਾ ਹੋਣ ਨਾਲ਼ ਦੁਨਿਆਵੀ ਡਰ ਖ਼ਤਮ ਹੋ ਜਾਂਦੈ ਕਿਉਂਕਿ ਇਹ ਡਰ; ਰੱਬੀ ਡਰ-ਅਦਬ ’ਚ ਲੀਨ ਹੋ ਗਿਆ ਯਾਨੀ ਜੰਮਣਾ, ਮਰਨਾ; ਬੰਦੇ ਦੇ ਹੱਥ ਨਹੀਂ, ਨਿਸ਼ਚਾ ਹੋ ਗਿਆ। ਜੇ ਰੱਬ ਦੇ ਡਰ ਨੂੰ ਨਾ ਪਛਾਣੀਏ ਤਾਂ ਸਰੀਰਕ ਮੌਤ ਦਾ ਡਰ ਸਦਾ ਵਿਆਪਦਾ ਹੈ। ਜਦ ਰੱਬ ਨਾਲ਼ ਜੁੜ ਨਿਡਰ ਹੋ ਜਾਈਏ ਤਾਂ ਹੋਰ ਡਰ ਹਿਰਦੇ ’ਚੋਂ ਭੱਜ ਜਾਂਦੈ ‘‘ਡਡਾ; ਡਰ ਉਪਜੇ; ਡਰੁ ਜਾਈ ਤਾ ਡਰ ਮਹਿ; ਡਰੁ ਰਹਿਆ ਸਮਾਈ ਜਉ ਡਰ ਡਰੈ;  ਫਿਰਿ ਡਰੁ ਲਾਗੈ ਨਿਡਰ ਹੂਆ; ਡਰੁ ਉਰ ਹੋਇ ਭਾਗੈ ’’ (ਬਾਵਨ ਅਖਰੀ/ਭਗਤ ਕਬੀਰ/੩੪੧)

ਭਗਤ ਤ੍ਰਿਲੋਚਨ ਜੀ ਕਹਿ ਰਹੇ ਹਨ ਜੇਕਰ ਸਾਰੀ ਉਮਰ ਕਾਮ (ਚਮੜੀ) ਰੋਗ ਤੋਂ ਪੀੜਤ ਰਿਹਾ (ਭਗਤੀ ਕਰ ਰੱਬ ਨਾਲ਼ ਨਾ ਜੁੜਿਆ) ਤਾਂ ਅਗਲਾ ਜਨਮ ਮੁੜ ਮੁੜ ਵੇਸਵਾ ਦਾ ਮਿਲ ਸਕਦਾ ਹੈ। ਓਥੇ ਬੈਠਾ ਆਪਣੀ ਦਿਲੀ ਇੱਛਾ ਪੂਰੀ ਕਰਦਾ ਰਹੀਂ ‘‘ਅੰਤਿ ਕਾਲਿ ਜੋ ਇਸਤ੍ਰੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਬੇਸਵਾ ਜੋਨਿ ਵਲਿ ਵਲਿ ਅਉਤਰੈ ’’  ਜੇਕਰ ਬੱਚਿਆਂ ਦੀ ਮਮਤਾ ’ਚ ਉਲਝਿਆ ਰਿਹਾ ਤਾਂ ਅਗਲੇ ਜਨਮ ’ਚ ਕੁੱਤਾ ਜਾਂ ਸੂਰ ਯਾਨੀ ਕਿ ਜਿਸ ਦੇ ਬਹੁਤ ਬੱਚੇ ਹੁੰਦੇ ਹਨ ਉਹ ਜੂਨ ਮਿਲ ਸਕਦੀ ਹੈ ‘‘ਅੰਤਿ ਕਾਲਿ ਜੋ ਲੜਿਕੇ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਸੂਕਰ ਜੋਨਿ; ਵਲਿ ਵਲਿ ਅਉਤਰੈ ’’  ਜੇਕਰ ਘਰ-ਮਹਿਲ ਬਣਾਨ ਦੇ ਸ਼ੌਕ ਤੱਕ ਸੀਮਤ ਰਿਹਾ ਤਾਂ ਭੂਤ-ਪ੍ਰੇਤ ਬਣ ਕੇ ਇਨ੍ਹਾਂ ’ਚ ਭਟਕਦਾ ਰਹੀਂ ‘‘ਅੰਤਿ ਕਾਲਿ ਜੋ ਮੰਦਰ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਪ੍ਰੇਤ ਜੋਨਿ; ਵਲਿ ਵਲਿ ਅਉਤਰੈ , ਪਰ ਇਨ੍ਹਾਂ ਤੋਂ ਉਤਾਂਹ ਉੱਠ ਕੇ ਜੇ ਰੱਬ ਨਾਲ਼ ਜੁੜਿਆ ਰਿਹਾ ਤਾਂ ਤ੍ਰਿਲੋਚਨ ਜੀ  ਗਵਾਹੀ ਭਰਦੇ ਹਨ ਕਿ ਉਸ ਦੇ ਹਿਰਦੇ ’ਚ ਪ੍ਰਭੂ ਵਸਦਾ ਹੈ। ਇਹੀ ਮੁਕਤ ਹੋਣੈ ‘‘ਅੰਤਿ ਕਾਲਿ ਨਾਰਾਇਣੁ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ਬਦਤਿ ਤਿਲੋਚਨੁ ਤੇ ਨਰ ਮੁਕਤਾ; ਪੀਤੰਬਰੁ ਵਾ ਕੇ ਰਿਦੈ ਬਸੈ ’’ (ਭਗਤ ਤ੍ਰਿਲੋਚਨ/੫੨੬) ਜੇਕਰ ਇਸ ਵਾਕ ਨੂੰ ਮਰਨ ਉਪਰੰਤ ਕੀਤੀ ਆਤਮਾ ਦੀ ਵਿਆਖਿਆ ਮੰਨੀਏ ਤਾਂ ‘ਰਹਾਉ’ ਤੁਕ ਸੰਬੋਧਨ ਰੂਪ ‘ਅਰੀ ਬਾਈ’ ! ਯਾਨੀ ਕਿ ਹੇ ਭੈਣ !  ਨਾ ਹੁੰਦਾ ‘‘ਅਰੀ ਬਾਈ ! ਗੋਬਿਦ ਨਾਮੁ ਮਤਿ ਬੀਸਰੈ ਰਹਾਉ ’’

ਸੋ ਨਾਸਤਿਕਾਂ ਦੁਆਰਾ ਵਰਤੀ ਜਾਂਦੀ ਆਤਮਾ ਨਾਲ਼ ਸੰਬੰਧਿਤ ਉਕਤ ਤੁਕ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’  ਕਹਿਣ ਤੋਂ ਭਾਵ ਕੁਦਰਤ ਦੇ ਮੁਕਾਬਲੇ ਆਪਣੇ ਆਪ ਨੂੰ ਤੁਛ ਜਾਣਨਾ ਹੈ, ਨਾ ਕਿ ਆਤਮਾ ਦੇ ਵਜੂਦ ਨੂੰ ਰੱਦ ਕਰਨਾ। ਗੁਰਮਤਿ ਅਨੁਸਾਰੀ ਆਵਾਗਮਣ ਰੱਦ ਕੀਤਿਆਂ ਰੱਬ ਦੀ ਜੋਤਿ ਸਰੂਪ ਵਜੋਂ ਸਰਵ ਵਿਆਪਕਤਾ ਰੱਦ ਹੋਣੀ ਹੈ। ਉਸ ਦੇ ਹੁਕਮ ਦੀ ਗ਼ਲਤ ਵਿਆਖਿਆ ਹੋਣੀ ਹੈ। ਸਭ ਦੇ ਦਿਲਾਂ ਦੀ ਜਾਣਨ ਉਪਰੰਤ ਮਿਲਦੀ ਦਾਤ ਅਤੇ ਹੁੰਦੀ ਬਖ਼ਸ਼ਸ਼ ਪ੍ਰਤਿ ਭਰੋਸਾ ਨਹੀਂ ਬਣ ਸਕਦਾ, ਜਿਸ ਅੱਗੇ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’ (ਸੋਹਿਲਾ/ਮਹਲਾ /੧੩)

ਇੱਥੇ ਦਿੱਤੇ ਦੋ ਵਾਕਾਂ ’ਚ ‘ਫਿਰ’ ਸ਼ਬਦ ਦਾ ਮਹੱਤਵ ਜਾਣਨਾ ਜ਼ਰੂਰੀ ਹੈ ‘ਖਾਣਾ ਖਾਹ, ਫਿਰ ਚਾਹ ਪੀਵਾਂਗੇ।, ਇੱਥੇ ਆ ਫਿਰ ਬਾਜ਼ਾਰ ਜਾਵਾਂਗੇ।’ ਯਾਨੀ ‘ਫਿਰ’ ਸ਼ਬਦ; ਕਾਲ ਵਾਚਕ ਕਿਰਿਆ ਵਿਸ਼ੇਸ਼ਣ ਹੈ, ਜਿਸ ਤੋਂ ਪਹਿਲਾਂ ਕਿਰਿਆ ਵਾਪਰ ਰਹੀ ਹੁੰਦੀ ਹੈ (ਖਾਣਾ ਖਾਹ/ ਇੱਥੇ ਆ) ਅਤੇ ਅਗਾਂਹ ਭੀ ਕਿਰਿਆ ਵਾਪਰਨੀ ਹੈ (ਚਾਹ ਪੀਵਾਂਗੇ/ਬਾਜ਼ਾਰ ਜਾਵਾਂਗੇ)। ‘ਫਿਰ’ ਤੋਂ ਬਾਅਦ ਦਰਜ ਸਾਰੇ ਸ਼ਬਦ; ਭਵਿੱਖ ਵਾਚਕ ਹੁੰਦੇ ਹਨ, ਨਾ ਕਿ ਹੋ ਗਿਆ (ਭੂਤਕਾਲ) ਜਾਂ ਹੋ ਰਿਹਾ ਹੈ (ਵਰਤਮਾਨ ਕਾਲ)। ਹੇਠਲੇ ਵਾਕਾਂ ’ਚ ਸਾਰੇ ਹੀ ਗੁਰੂ ਸਾਹਿਬਾਨ; ਮੌਜੂਦਾ ਜਨਮ ਦੀ ਗੱਲ ਨਹੀਂ ਬਲਕਿ ‘ਫਿਰਿ’ ਜਾਂ ‘ਫਿਰਿ  ਫਿਰਿ’ ਦਰਜ ਕਰ ਆਉਣ ਵਾਲ਼ੇ ਆਵਾਗਮਣ ਬਾਰੇ ਸੰਕੇਤ ਕਰ ਰਹੇ ਹਨ :

ਮਨਮੁਖਿ ਅਹੰਕਾਰੀ;  ਫਿਰਿ ਜੂਨੀ ਭਵੈ ॥ (ਮਹਲਾ ੧/੨੨੮)

ਫਿਰਿ ਜੂਨੀ ਭਵੈ’ ਤੋਂ ਭਾਵ ਵਰਤਮਾਨ ’ਚ ਭੋਗੀ ਜਾ ਰਹੀ ਜੂਨੀ ਨਹੀਂ।

ਹਰਿ ਨਾਮੁ ਚੇਤਿ (ਕੇ);  ਫਿਰਿ ਪਵਹਿ ਨ ਜੂਨੀ ॥  (ਓਅੰਕਾਰ/ਮਹਲਾ ੧/੯੩੨)

ਹਉਮੈ ਏਈ ਬੰਧਨਾ;  ਫਿਰਿ  ਫਿਰਿ ਜੋਨੀ ਪਾਹਿ ॥ (ਮਹਲਾ ੨/੪੬੬)

ਏਕੁ ਸਬਦੁ ਤੂੰ ਚੀਨਹਿ ਨਾਹੀ;  ਫਿਰਿ  ਫਿਰਿ ਜੂਨੀ ਆਵਹਿਗਾ ॥ (ਪਟੀ/ਮਹਲਾ ੩/੪੩੪)

ਆਵਹਿਗਾ-ਭਵਿੱਖਵਾਚੀ ਕਿਰਿਆ ਹੈ।

ਏਕੋ ਚੇਤੈ;  ਫਿਰਿ ਜੋਨਿ ਨ ਆਵੈ ॥ (ਮਹਲਾ ੩/੧੧੭੪)

ਬਿਨੁ ਗੁਰ ਮਨੂਆ ਨਾ ਟਿਕੈ;  ਫਿਰਿ  ਫਿਰਿ ਜੂਨੀ ਪਾਇ ॥ (ਮਹਲਾ ੪/੩੧੩)

ਹਉਮੈ ਬਿਆਪਿਆ ਸਬਦੁ ਨ ਚੀਨ੍ੈ;  ਫਿਰਿ  ਫਿਰਿ ਜੂਨੀ ਆਵੈ ॥ (ਮਹਲਾ ੪/੭੩੨)

ਗੁਰੂ ਅਰਜਨ ਸਾਹਿਬ ਜੀ; ਫਿਰਿ ਸ਼ਬਦ ਦੀ ਥਾਂ 11 ਵਾਰ ਬਹੁੜਿ ਲਿਖਦੇ ਹਨ, ਜਿਸ ਦਾ ਅਰਥ ਹੈ ‘ਮੁੜ ਕੇ’ :

ਰਤਨ ਜਨਮੁ ਅਪਾਰ ਜੀਤਿਓ; ਬਹੁੜਿ ਜੋਨਿ ਨ ਪਾਇ ॥ (ਮਹਲਾ ੫/੧੨੨੬)

ਹਰਿ ਗੁਰੁ ਨਾਨਕੁ ਜਿਨ੍ ਪਰਸਿਓ; ਤੇ ਬਹੁੜਿ ਫਿਰਿ ਜੋਨਿ ਨ ਆਏ ॥ (ਸਵਈਏ ਸ੍ਰੀ ਮੁਖਬਾਕੵ/ਮਹਲਾ ੫/੧੩੮੬) ਆਦਿ।

ਗੁਰਬਾਣੀ ’ਚ ਹੰਸੁ/ਹੰਸ ਸ਼ਬਦ; 39+20=59 ਵਾਰ ਹੈ। ਇਨ੍ਹਾਂ ’ਚੋਂ 20 ਵਾਰ ਕੇਵਲ ਗੁਰੂ ਨਾਨਕ ਜੀ ਨੇ ਵਰਤਿਆ ਹੈ। ‘ਹੰਸ’ ਦਾ ਇੱਕ ਅਰਥ ਹੈ ‘ਆਤਮੁ, ਰੂਹੁ, ਜਿੰਦੁ’। ਗੁਰੂ ਜੀ ਨੇ ਮਨੁੱਖਾ ਜੀਵਨ ਨੂੰ 10 ਪਹਿਰਾਂ ’ਚ ਵੰਡਿਆ ਹੈ। ਅੰਤਮ ਪਹਿਰ ਉਪਰੰਤ; ਕਾਇਆਂ ’ਚੋਂ ਹੰਸੁ (ਆਤਮਾ) ਅਕਾਸ਼ ਵੱਲ ਉੱਡਦਾ ਦਰਸਾਇਆ ਹੈ ‘‘ਪਹਿਲੈ; ਪਿਆਰਿ ਲਗਾ, ਥਣ ਦੁਧਿ ਦੂਜੈ; ਮਾਇ ਬਾਪ ਕੀ ਸੁਧਿ ਪੰਜਵੈ; ਖਾਣ ਪੀਅਣ ਕੀ ਧਾਤੁ   ਛਿਵੈ; ਕਾਮੁ ਪੁਛੈ ਜਾਤਿ ਨਾਵੈ; ਧਉਲੇ ਉਭੇ ਸਾਹ ਦਸਵੈ; ਦਧਾ (ਚਿਖ਼ਾ ਸੜ ਕੇ) ਹੋਆ ਸੁਆਹ ਗਏ ਸਿਗੀਤ (ਮੌਜਮੇਲੇ); ਪੁਕਾਰੀ ਧਾਹ ਉਡਿਆ ਹੰਸੁ; ਦਸਾਏ ਰਾਹ (ਪੁੱਛਦੈ ਹੁਣ ਅਗਾਂਹ ਮਾਰਗ) .. ਨਾਨਕ  ! ਮਨਮੁਖਿ ਅੰਧੁ ਪਿਆਰੁ ਬਾਝੁ ਗੁਰੂ; ਡੁਬਾ ਸੰਸਾਰੁ ’’ (ਮਹਲਾ /੧੩੭)

ਗੁਰੂ ਨਾਨਕ ਸਾਹਿਬ; ਇੱਕ ਹੋਰ ਸ਼ਬਦ ’ਚ ਕਾਇਆਂ (ਜੋ ਹੰਸੁ-ਆਤਮੁ ਦੀ ਪਤਨੀ ਹੈ) ਨੂੰ ਸੰਬੋਧਨ ਕਰਦਿਆਂ ਫ਼ੁਰਮਾਉਂਦੇ ਹਨ ‘‘ਹਉ ਤੁਧੁ ਆਖਾ ਮੇਰੀ ਕਾਇਆ ! ਤੂੰ ਸੁਣਿ ਸਿਖ (ਸਿਖਿਆ) ਹਮਾਰੀ   ਨਿੰਦਾ ਚਿੰਦਾ ਕਰਹਿ ਪਰਾਈ; ਝੂਠੀ ਲਾਇਤਬਾਰੀ ਵੇਲਿ (ਇਸਤ੍ਰੀ) ਪਰਾਈ ਜੋਹਹਿ ਜੀਅੜੇਕਰਹਿ ਚੋਰੀ ਬੁਰਿਆਰੀ ਹੰਸੁ ਚਲਿਆ, ਤੂੰ ਪਿਛੈ ਰਹੀਏਹਿ; ਛੁਟੜਿ ਹੋਈਅਹਿ ਨਾਰੀ ’’ (ਮਹਲਾ /੧੫੫) ਯਾਨੀ ਕਿ ‘ਹੰਸੁ-ਆਤਮਾ’; ਸਰੀਰ ’ਚੋਂ ਨਿਕਲਦਾ; ਸਪਸ਼ਟ ਹੁੰਦਾ ਹੈ।

ਭਗਤ ਕਬੀਰ ਜੀ; ਮੌਤ ਉਪਰੰਤ ਵਾਰ-ਵਾਰ ਹੰਸੁ-ਆਤਮਾ ਨੂੰ ਸਰੀਰ ’ਚੋਂ ਨਿਕਲ ਕੇ ਇਕੱਲਿਆਂ ਜਾਂਦਿਆਂ ਵਿਖਾਉਂਦੇ ਹਨ; ਜਿਵੇਂ ਕਿ

ਲਟ ਛਿਟਕਾਏ ਤਿਰੀਆ (ਔਰਤ) ਰੋਵੈ; ਹੰਸੁ ਇਕੇਲਾ ਜਾਈ ॥ (ਭਗਤ ਕਬੀਰ/੪੭੮)

ਮਰਘਟ ਲਉ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ॥ (ਭਗਤ ਕਬੀਰ/੬੫੪)

(ਜਿਵੇਂ) ਕਾਚੈ ਕਰਵੈ; ਰਹੈ ਨ ਪਾਨੀ ॥(ਤਿਉਂ) ਹੰਸੁ ਚਲਿਆ; ਕਾਇਆ ਕੁਮਲਾਨੀ ॥ (ਭਗਤ ਕਬੀਰ/੭੯੨)

ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅਗਾਂਹ) ਹੰਸੁ ਇਕੇਲਾ ਜਾਇ ॥ (ਭਗਤ ਕਬੀਰ/੧੧੨੪)

ਬਾਬਾ ਫ਼ਰੀਦ ਜੀ ਭੀ ਸਰੀਰ ’ਚੋਂ ਹੰਸ ਨਿਕਲਦਾ ਸਪਸ਼ਟ ਕਰਦੇ ਹਨ ‘‘ਹੰਸੁ ਚਲਸੀ ਡੁੰਮਣਾ (ਦੁਚਿਤਾ); ਅਹਿ ਤਨੁ ਢੇਰੀ ਥੀਸੀ ’’ (ਬਾਬਾ ਫ਼ਰੀਦ ਜੀ/੭੯੪)

ਨੋਟ : ਉਕਤ ਸਾਰੇ ਵਾਕਾਂ ’ਚ ਗੁਰੂ ਸ਼ਬਦ ਰਾਹੀਂ ਸਵੈ ਪੜਚੋਲ ਨਾ ਕਰਨ ਵਾਲ਼ਿਆਂ ਦਾ ਵੇਰਵਾ ਹੈ ਯਾਨੀ ਜੋ ਆਪਣਾ ਅੰਤਹਿਕਰਣ; ਧੋ ਨਾ ਸਕੇ ਅਤੇ ਜੋਤਿ ਸਰੂਪ ਨਾਲ਼ ਅਭੇਦ ਨਾ ਹੋ ਸਕੇ, ਓਹੀ ਆਵਾਗਮਣ ’ਚ ਜਾਂਦੇ ਹਨ, ਪਰ ਜਿਨ੍ਹਾਂ ਨੇ ਮਨੁੱਖਾ ਜਨਮ ਸਫਲ ਬਣਾ ਲਿਆ ਉਹ ਜੀਵਦਿਆਂ ਹੀ ਆਪਣੀ ਜੋਤਿ (ਆਤਮਾ) ਨੂੰ ਜੋਤਾਂ ਦੇ ਸਮੂਹ (ਜੋਤੀ/ਪ੍ਰਭੂ) ’ਚ ਅਭੇਦ ਕਰ ਗਏ ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ (ਮਹਲਾ /੮੪੬), ਜੋਤੀ ਜੋਤਿ ਮਿਲਾਇ; ਜੋਤਿ ਰਲਿ ਜਾਵਹਗੇ (ਮਹਲਾ /੧੩੨੧), ਇਸੇ ਪ੍ਰਸੰਗ ’ਚ ਹੈ ਨਾਸਤਿਕ ਦੁਆਰਾ ਵਰਤਿਆ ਇਹ ਵਾਕ ‘‘ਪਵਨੈ ਮਹਿ ਪਵਨੁ ਸਮਾਇਆ ਜੋਤੀ ਮਹਿ; ਜੋਤਿ ਰਲਿ ਜਾਇਆ ਮਾਟੀ ਮਾਟੀ ਹੋਈ ਏਕ ਰੋਵਨਹਾਰੇ ਕੀ ਕਵਨ ਟੇਕ  ? ’’ (ਮਹਲਾ /੮੮੫) ਯਾਨੀ ਭੌਤਿਕ ਸਰੀਰ ਦੇ ਪੰਜ ਤੱਤ; ਆਪੋ ਆਪਣੇ ਤੱਤਾਂ ’ਚ ਜਾ ਰਲ਼ੇ ਅਤੇ ਜੋਤਿ ਭੀ ਆਪਣੇ ਸਰੋਤ ਜੋਤੀ (ਰੱਬ) ’ਚ ਜਾ ਰਲ਼ੀ, ਫਿਰ ਰੋਣਾ-ਪਿੱਟਣਾ ਕਾਹਦੇ ਲਈ। ਮਰਿਆ ਭਾਵ ਖ਼ਤਮ ਤਾਂ ਕੁੱਝ ਭੀ ਨਹੀਂ ਹੋਇਆ। ਬਾਬਾ ਸੁੰਦਰ ਜੀ; ਗੁਰੂ ਅਮਰਦਾਸ ਜੀ ਦੇ ਹਵਾਲੇ ਨਾਲ਼ ਸਮਝਾਉਂਦੇ ਹਨ ਕਿ ਗੁਰੂ ਜੀ ਆਪਣੇ ਅਸਲ ਘਰ (ਪਰਮ-ਪਿਤਾ) ’ਚ ਲੀਨ ਹੋਣ ਜਾ ਰਹੇ ਹਨ; ਰੌਣਾ ਨਹੀਂ ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’ (ਬਾਬਾ ਸੁੰਦਰ ਜੀ/੯੨੩)

ਸਵਾਲ : ਕੀ ਗੁਰਮਤਿ; 84 ਲੱਖ ਜੂਨਾਂ ਨੂੰ ਮੰਨਦੀ ਹੈ ?

ਜਵਾਬ : ਨਹੀਂ। ਗੁਰਮਤਿ; ਕਰਤਾਰ ਦੇ ਕੁਦਰਤਿ ਬਾਰੇ ਬਣਾਏ ਨਿਯਮ ਨੂੰ ਕਿਸੇ ਸੰਖਿਆ ਨਾਲ਼ ਨਹੀਂ ਨਾਪਦੀ। ਇਹ ਕੁਦਰਤ ਦਾ ਅੰਤ ਪਾਉਣਾ ਹੈ। ਜੂਨਾਂ ਦੀ ਗਿਣਤੀ ਬਾਰੇ ਗੁਰੂ ਸਾਹਿਬਾਨ; ਪ੍ਰਚਲਿਤ ਦੰਦ-ਕਥਾਵਾਂ (84 ਲੱਖ) ਤੋਂ ਇਲਾਵਾ ਆਪਣੇ ਸ਼ਬਦ; ‘ਅਸੰਖ’ ਤੇ ‘ਅਨੇਕ’ ਦਰਜ ਕਰਦੇ ਹਨ। ‘ਅਨੇਕ’ ਦਾ ਅਰਥ ਹੈ ‘ਅਨ ਏਕ’ ਭਾਵ ਇੱਕ ਨਹੀਂ, ਅਣਗਿਣਤ ਹਨ; ਜਿਵੇਂ ਕਿ

ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ ॥ (ਮਹਲਾ ੫/੭੦੫)

ਅਨੇਕ ਜੂਨੀ ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ ਨ ਪਾਏ ॥ (ਅਨੰਦ/ਮਹਲਾ ੩/੯੨੦)

ਫਿਰੰਤ ਜੋਨਿ ਅਨੇਕ ਜਠਰਾਗਨਿ; ਨਹ ਸਿਮਰੰਤ ਮਲੀਣ ਬੁਧੵੰ ॥ (ਸਹਸਕ੍ਰਿਤੀ/ਮਹਲਾ ੫/੧੩੫੫)

ਜਿਉ ਉਦਿਆਨ ਕੁਸਮ ਪਰਫੁਲਿਤ; ਕਿਨਹਿ ਨ ਘ੍ਰਾਉ ਲਇਓ ॥ ਤੈਸੇ ਭ੍ਰਮਤ ਅਨੇਕ ਜੋਨਿ ਮਹਿ;  ਫਿਰਿ  ਫਿਰਿ ਕਾਲ ਹਇਓ ॥ (ਭਗਤ ਕਬੀਰ/੩੩੬) ਅਰਥ : ਜਿਵੇਂ ਜੰਗਲ਼ ’ਚ ਖਿੜੇ ਫੁੱਲਾਂ ਦੀ ਕੋਈ ਸੁਗੰਧੀ ਲੈਣ ਨਹੀਂ ਜਾਂਦਾ; ਇਉਂ ਮਨਮੁਖ ਅਨੇਕਾਂ ਜੂਨਾਂ ’ਚ ਮੁੜ-ਮੁੜ ਭਟਕਦੇ, ਨਾਸ ਹੁੰਦੇ ਰਹਿੰਦੇ ਹਨ (ਕੋਈ ਮਾਰਗ ਦੱਸਣ ਨਹੀਂ ਜਾਂਦਾ)

ਸਿੱਖਾਂ ’ਚ ਇੱਕ ਵੱਡਾ ਭੁਲੇਖਾ ਵੇਖੀਦਾ ਹੈ ਕਿ ਗੁਰਬਾਣੀ ’ਚ ਪਸ਼ੂ, ਪੰਖੀ (ਪੰਛੀ) ਦਾ ਜ਼ਿਕਰ ਆਉਣਾ; ਦਰਅਸਲ ਇਸੇ ਜਨਮ ’ਚ ਮਨੁੱਖਾਂ ਦੇ ਭਿੰਨ-ਭਿੰਨ ਸੁਭਾਅ ਨਾਲ਼ ਸੰਬੰਧਿਤ ਹੈ ਯਾਨੀ ਕਿ ਕੁੱਤੇ ਤੇ ਬਾਂਦਰ ਦਾ ਸੁਭਾਅ ਲੋਭੀ। ਕਾਂ ਤੇ ਸੂਅਰ ਦਾ ਸੁਭਾਅ ਗੰਦ-ਮੰਦ ਖਾਣਾ। ਹਾਥੀ ਦਾ ਸੁਭਾਅ ਕਾਮੀ ਯਾਨੀ ਇਨ੍ਹਾਂ ਦੀ ਮਿਸਾਲ ਦੇ ਕੇ ਮਨੁੱਖੀ ਸੁਭਾਅ ਨੂੰ ਬਦਲਿਆ ਹੈ, ਨਾ ਕਿ ਇਨ੍ਹਾਂ ਜੂਨਾਂ ’ਚ ਮਨੁੱਖ ਨੇ ਜਾਣਾ ਹੈ, ਵੱਲ ਸੰਕੇਤ ਹੈ।

ਜਵਾਬ : ਗੁਰਬਾਣੀ ’ਚ ਪਸ਼ੂ, ਪੰਖੀ ਦੇ ਖਾਣ-ਪਾਣ, ਕਰਮ ਆਦਿਕ ਨੂੰ ਤਾਂ ਮਿਸਾਲ ਵਜੋਂ ਜ਼ਰੂਰ ਲਿਆ ਹੈ; ਜਿਵੇਂ ਕਿ ‘‘ਕਰਿ ਪਰਪੰਚ ਉਦਰ ਨਿਜ ਪੋਖਿਓ; ਪਸੁ ਕੀ ਨਿਆਈ ਸੋਇਓ (ਮਹਲਾ /੬੩੩), ਗੁਰਮਤਿ ਸੁਨਿ ਕਛੁ ਗਿਆਨੁ ਉਪਜਿਓ; ਪਸੁ ਜਿਉ ਉਦਰੁ (ਪੇਟ) ਭਰਉ ’’ (ਮਹਲਾ /੬੮੫) ਯਾਨੀ ਦੋਵੇਂ ਵਾਕਾਂ ’ਚ ਪਸ਼ੂ ਦੇ ਸੌਣ ਅਤੇ ਪੇਟ ਭਰਨ ਦੀ ਮਿਸਾਲ ਤਾਂ ਸਹੀ ਹੈ, ਪਰ ਪਸ਼ੂ-ਪੰਖੀ ਦੀ ਸੋਚ ਦੀ ਤੁਲਨਾ; ਮਨੁੱਖ ਦੀ ਸੋਚ ਨਾਲ਼ ਬਿਲਕੁਲ ਨਹੀਂ ਕੀਤੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ਼ ਪਸ਼ੂ-ਪੰਖੀ ਦਾ ਅਪਮਾਨ ਹੈ। ਮਿਸਾਲ ਵਜੋਂ ਵਚਨ ਹੈ ‘‘ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ   ਪਸੂ ਪੰਖੀ ਸੈਲ ਤਰਵਰ; ਗਣਤ ਕਛੂ ਆਵਏ ’’ (ਮਹਲਾ /੭੦੫) ਅਰਥ : ਮਨਮੁਖ ਲੋਕ; ਪਸ਼ੂ, ਪੰਛੀ, ਪੱਥਰ, ਰੁੱਖ ਆਦਿਕ ਅਸੰਖ ਜੂਨਾਂ ’ਚ ਮਰ ਕੇ ਜਨਮਦੇ ਹਨ, ਫਿਰ ਆਉਂਦੇ (ਜਨਮਦੇ) ਹਨ, ਜਾਂਦੇ (ਮਰਦੇ) ਹਨ, ਇਨ੍ਹਾਂ ਜੂਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਵਿਚਾਰ : ਉਕਤ ਸ਼ਬਦ ’ਚ ਦਰਜ ਪਸ਼ੂ, ਪੰਛੀ, ਦਰਖ਼ਤ, ਪੱਥਰ ਆਦਿ ਦੇ ਗੁਣ; ਬੰਦੇ ਨੂੰ ਸਮਝਾਉਣ ਲਈ ਜੇ ਮਿਸਾਲ ਮੰਨੀਏ ਤਾਂ ਪਹਿਲੇ ਦੋ (ਪਸ਼ੂ, ਪੰਛੀ) ਵਿਕਾਰ ਸਹਿਤ ਹਨ ਅਤੇ ਪਿਛਲੇ ਦੋ (ਦਰਖ਼ਤ, ਪੱਥਰ) ਜੀਰਾਂਦ (ਸਹਿਣ ਸ਼ਕਤੀ) ਵਾਲ਼ੇ ਹਨ।  ਇਹ ਦੋਵੇਂ ਇੱਕੋ ਵਾਕ ’ਚ ਮਨੁੱਖ ਲਈ ਮਿਸਾਲ ਕਿਵੇਂ ਬਣ ਸਕਦੇ ਹਨ ? ਇਉਂ ਹੋਰ ਵਾਕ ਭੀ ਹਨ ‘‘ਪਸੁ ਪੰਖੀ ਬਿਰਖ ਅਸਥਾਵਰ (ਪਰਬਤ); ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ’’ (ਮਹਲਾ /੧੩੮੮) ਸੋ ਇੱਥੇ ਪਸ਼ੂ, ਪੰਖੀ, ਬਿਰਖ, ਪਰਬਤ; ਮਿਸਾਲ ਨਹੀਂ ਬਲਕਿ ਮਨੁੱਖ ਲਈ ਆਵਾਗਮਣ ਦੇ ਪ੍ਰਤੀਕ ਹਨ।

ਦੂਜੇ ਪਾਸੇ ਬੰਦੇ ਨੂੰ ਅੰਦਰਲੀ ਕਮਜੋਰੀ ਦਾ ਅਹਿਸਾਸ ਕਰਵਾਉਣ ਲਈ ਪਸ਼ੂ, ਪੰਖੀ ਸਮਾਨ ਨਹੀਂ ਰੱਖਿਆ ਜਾਂਦਾ ਬਲਕਿ ਇਨ੍ਹਾਂ ਤੋਂ ਨੀਵਾਂ ਬਿਆਨਿਆ ਜਾਂਦਾ ਹੈ; ਜਿਵੇਂ ਕਿ

(1). ਪਸੂ ਮਿਲਹਿ ਚੰਗਿਆਈਆ; ਖੜੁ (ਕੌੜੀ ਖਲ਼) ਖਾਵਹਿ, ਅੰਮ੍ਰਿਤੁ ਦੇਹਿ ॥  ਨਾਮ ਵਿਹੂਣੇ ਆਦਮੀ; ਧ੍ਰਿਗੁ ਜੀਵਣ ਕਰਮ ਕਰੇਹਿ ॥ (ਮਹਲਾ ੧/੪੮੯) ਯਾਨੀ ਕਿ ਪਸ਼ੂ ਆਪ ਕੌੜਾ ਖਾ ਕੇ ਹੋਰਾਂ ਲਈ ਮਿੱਠਾ ਦੁੱਧ ਦਿੰਦੈ, ਇਸ ਲਈ ਤਾਰੀਫ਼ ਹੁੰਦੀ ਹੈ, ਪਰ ਮਨਮੁਖ ਮੈ ਮੈ ਕਰਦੇ ਕੰਮ ਕਰਦੇ ਹਨ, ਜਿਸ ਬਦਲੇ ਫਿਟਕਾਰ ਮਿਲਦੀ ਹੈ।

(2). ਨਰੂ ਮਰੈ; ਨਰੁ ਕਾਮਿ (’ਚ) ਨ ਆਵੈ ॥  ਪਸੂ ਮਰੈ; ਦਸ ਕਾਜ ਸਵਾਰੈ ॥ (ਭਗਤ ਕਬੀਰ/੮੭੦)

ਅਰਥ : ਪਸ਼ੂ ਮਰਦਾ ਹੈ ਤਾਂ ਭੀ ਉਸ ਦਾ ਸਰੀਰ ਕਈ ਕੰਮ ਆਉਂਦਾ ਹੈ, ਪਰ ਬੰਦਾ ਮਰਦਾ ਹੈ ਤਾਂ ਕਿਸੇ ਕੰਮ ਨਹੀਂ ਆਉਂਦਾ।

ਨੋਟ : ਗੁਰਬਾਣੀ ਦੇ ਅਰਥ; ਉਚਾਰਨ ਕੀਤੇ ਸਮੇਂ ਮੁਤਾਬਕ ਵਾਚਣੇ ਚਾਹੀਦੇ ਹਨ, ਨਾ ਕਿ 6 ਸਦੀਆਂ ਬਾਅਦ ਅੱਜ ਆਧੁਨਿਕ ਯੁੱਗ ਨਾਲ਼, ਜਿੱਥੇ ਮਨੁੱਖ ਦਾ ਮ੍ਰਿਤਕ ਸਰੀਰ ਭੀ ਕੰਮ ਆਉਣ ਲੱਗ ਪਿਆ ਹੈ। ਵੈਸੇ ਪਸ਼ੂ ਦੇ ਮ੍ਰਿਤਕ ਸਰੀਰ ਦੇ ਮੁਕਾਬਲੇ ਮਨੁੱਖ ਦਾ ਮ੍ਰਿਤਕ ਸਰੀਰ; ਅੱਜ ਭੀ ਨਾ-ਮਾਤਰ ਹੀ ਕੰਮ ਆਉਂਦੈ। ਬਹੁਤਾਤ ਲੋਕ ਤਾਂ ਮ੍ਰਿਤਕ ਦੇਹ ਨੂੰ ਅੱਜ ਭੀ ਅੱਗ ’ਚ ਸਾੜਦੇ ਹਨ ਜਾਂ ਮਿੱਟੀ ’ਚ ਦਫ਼ਨ ਕਰਦੇ ਹਨ।

(3). ਕਬੀਰ  !  ਸਾਕਤ ਤੇ ਸੂਕਰ (ਸੂਅਰ) ਭਲਾ; ਰਾਖੈ ਆਛਾ ਗਾਉ (ਗਾਂਉ) ॥  ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ ਨ ਲੈਹੈ ਨਾਉ ॥ (ਭਗਤ ਕਬੀਰ/੧੩੭੨) ਯਾਨੀ ਸੂਅਰ ਨੂੰ ਮਰਨ ਉਪਰੰਤ ਭੀ ਲੋਕ ਯਾਦ ਕਰਦੇ ਹਨ ਕਿ ਵਿਚਾਰਾ ਸਫ਼ਾਈ ਕਰਦਾ ਸੀ, ਪਰ ਮਾਇਆਧਾਰੀ ਦੇ ਮਰਨ ’ਤੇ ਉਸ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਸਮਾਜ ਦਾ ਕੋਈ ਕੰਮ ਨਹੀਂ ਕੀਤਾ ਹੁੰਦਾ।

(4). ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ  ?॥ (ਭਗਤ ਰਵਿਦਾਸ/੪੮੬) ਯਾਨੀ ਹਿਰਨ ਨੂੰ ਇੱਕ ਕੰਨ ਰਸ ਨੇ ਮਾਰਿਆ (ਹਿਰਨ ਅੰਦਰ ਨਾਦ ਹੈ, ਪਰ ਉਹ ਬਾਹਰਲੀ ਘੰਡੇਹੇੜੇ ਦੀ ਆਵਾਜ਼ ਸੁਣ ਸ਼ਿਕਾਰੀ ਕੋਲ਼ ਜਾ ਫਸਦੈ), ਮੱਛੀ ਨੂੰ ਇੱਕ ਜੀਭ ਰਸ ਨੇ, ਭੌਰੇ ਨੂੰ ਸੁਗੰਧੀ ਰਸ ਨੇ (ਉਹ ਫੁੱਲ ’ਤੇ ਬਹਿੰਦੈ ਜੋ ਉੱਪਰੋਂ ਬੰਦ ਹੋ ਜਾਂਦੈ), ਪਤੰਗੇ ਨੂੰ ਇੱਕ ਨਜ਼ਰ ਰੋਗ ਨੇ (ਰੌਸ਼ਨੀ ’ਤੇ ਲੈ ਜਾ ਮਾਰਿਆ) ਅਤੇ ਹਾਥੀ ਨੂੰ ਇੱਕ ਚਮੜੀ (ਕਾਮ) ਰੋਗ ਨੇ (ਨਕਲੀ ਹਥਣੀ ਨੂੰ ਡੂੰਘੇ ਟੋਏ ’ਤੇ ਖੜ੍ਹਾ ਕਰ) ਕੈਦੀ ਬਣਾ ਦਿੱਤਾ, ਪਰ ਮਨੁੱਖ ਅੰਦਰ ਤਾਂ ਇਹ ਸਾਰੇ ਰੋਗ ਹਨ। ਇਸ ਦੀ ਬੇੜੀ ਕਿਵੇਂ ਪਾਰ ਹੋਵੇਗੀ ?

ਸੋ ਗੁਰਬਾਣੀ ਦੇ ਉਕਤ ਸਾਰੇ ਵਾਕ ਮਨੁੱਖ ਨੂੰ ਪਸ਼ੂ, ਪੰਖੀ ਸਮਾਨ ਨਹੀਂ ਮੰਨਦੇ ਸਗੋਂ ਉਨ੍ਹਾਂ ਤੋਂ ਨੀਵੇਂ ਹੋਣ ਦਾ ਅਹਿਸਾਸ ਕਰਾ ਰਹੇ ਹਨ, ਤਾਂ ਫਿਰ ਕਿਵੇਂ ਕਿਹਾ ਜਾ ਸਕਦੈ ਕਿ ਪਸ਼ੂ ਪੰਖੀ ਦੇ ਸੁਭਾਅ ਵਰਗਾ ਮਨੁੱਖੀ ਸੁਭਾਅ ਹੈ, ਇਹ ਅਹਿਸਾਸ ਕਰਾਇਆ ਜਾਂਦੈ। ਦਰਅਸਲ ਸਚਾਈ ਇਹ ਹੈ ਕਿ ਮਨਮੁਖ ਨਾਲ਼ੋਂ ਪਸ਼ੂ ਪੰਖੀ ਬਹੁਤ ਅੱਗੇ ਹਨ ਕਿਉਂਕਿ ਮਨੁੱਖਾ ਜਨਮ ਉਨ੍ਹਾਂ ਨੂੰ ਮਨੁੱਖ ਨਾਲ਼ੋਂ ਪਹਿਲਾਂ ਮਿਲਣੈ। ਜੇਕਰ ਹੁਣ ਇਹ ਗੁਰੂ ਵਚਨ ਨਾ ਮੰਨੇ ‘‘ਲਖ ਚਉਰਾਸੀਹ; ਜੋਨਿ ਸਬਾਈ   ਮਾਣਸ ਕਉ ਪ੍ਰਭਿ (ਨੇ) ਦੀਈ ਵਡਿਆਈ   ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ (ਮਹਲਾ /੧੦੭੫), ਚਾਰਿ ਪਾਵ, ਦੁਇ ਸਿੰਗ, ਗੁੰਗ ਮੁਖ; ਤਬ ਕੈਸੇ ਗੁਨ ਗਈਹੈ .. ? ਹਰਿ ਬਿਨੁ; ਬੈਲ ਬਿਰਾਨੇ (ਪਰਾਏ ਬਲ਼ਦ) ਹੁਈਹੈ   ਫਾਟੇ ਨਾਕਨ ਟੂਟੇ ਕਾਧਨ (ਕੰਧੇ); ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਇਹ ਵਾਕ ਪ੍ਰਤੱਖ; ਆਵਾਗਮਣ ਦੇ ਪ੍ਰਤੀਕ ਹਨ, ਨਾ ਕਿ ਮਨੁੱਖ ਨੂੰ ਬਲ਼ਦ ਦੇ ਅਮੋੜ ਸੁਭਾਅ ਤੋਂ ਜਾਣੂ ਕਰਾਇਆ ਜਾ ਰਿਹੈ। ਧਰਮ; ਮਨੁੱਖ ਲਈ ਹੈ, ਨਾ ਕਿ ਪਸ਼ੂ, ਪੰਖੀ ਨੂੰ ਅਹਿਸਾਸ ਕਰਾਉਣ ਲਈ ਜਾਂ ਉਨ੍ਹਾਂ ਦੇ ਔਗੁਣ ਫਰੋਲ਼ਨ ਲਈ।

ਨਾਸਤਿਕ ਲੋਕ; ਹੇਠਲੇ ਗੁਰਮਤਿ ਫ਼ਲਸਫ਼ੇ ਤੋਂ ਅਣਜਾਣ ਹਨ :

(1). ਜਿਨਿ ਦੀਏ, ਸੁ ਚਿਤਿ ਨ ਆਵਈ; ਪਸੂ ਹਉ ਕਰਿ ਜਾਣੀ ॥ (ਮਹਲਾ ੪/੧੬੭)

ਅਰਥ : ਜਿਸ (ਰੱਬ) ਨੇ ਸਭ ਪਦਾਰਥ ਦਿੱਤੇ ਉਸ ਨੂੰ ਦਿਲੋਂ ਯਾਦ ਨਹੀਂ ਕਰਦਾ, ਪਸ਼ੂ ਮਨੁੱਖ; ਮੈਂ ਕਮਾਈ ਕੀਤੀ, ਕਹਿ ਕੇ ਵੱਡਾ ਬਣਦਾ ਹੈ।

ਸਵਾਲ : ਉਕਤ ਵਾਕ ’ਚ ਮਨੁੱਖ ਨੂੰ ਪਸ਼ੂ ਵਰਗਾ ਕਿਹਾ ਹੈ। ਕੀ ਪਸ਼ੂ; ਮੈਂ ਕਮਾਈ ਕੀਤੀ, ਆਖਦਾ ਹੈ ?

(2). ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ ਕਰੈ; ਦਿਨੁ ਰਾਤਿ ॥ (ਸੁਖਮਨੀ/ਮਹਲਾ ੫/੨੬੭)

ਅਰਥ : ਵੇਖਣ ਨੂੰ ਭਾਵੇਂ ਮਨੁੱਖ ਹੈ ਪਰ ਕਰਮ ਪਸ਼ੂਆਂ ਵਰਗੇ ਹਨ। ਦਿਨ ਰਾਤ ਭਾਵ ਸਦਾ ਲੋਕ ਵਿਖਾਵਾ ਕਰਦਾ ਹੈ।

ਸਵਾਲ : ਕੀ ਪਸ਼ੂ ਲੋਕ ਵਿਖਾਵਾ ਕਰਦੇ ਹਨ ਤਾਂ ਜੋ ਮਨੁੱਖ ਨੂੰ ਉਨ੍ਹਾਂ ਦੀ ਮਿਸਾਲ ਦਿੱਤੀ ਜਾਵੇ ?

(3). ਹਰਿ ਕੀ ਭਗਤਿ ਕਰਹਿ, ਤਿਨ ਨਿੰਦਹਿ; ਨਿਗੁਰੇ ਪਸੂ ਸਮਾਨਾ ॥ (ਮਹਲਾ ੫/੧੧੩੮)

ਅਰਥ : ਨਿਗੁਰੇ ਪਸ਼ੂਆਂ ਵਰਗੇ ਲੋਕ; ਉਨ੍ਹਾਂ ਦੀ ਨਿੰਦਿਆ ਕਰਦੇ ਹਨ, ਜੋ ਹਰੀ ਦੀ ਭਗਤੀ ਕਰਦੇ ਹਨ ।

ਸਵਾਲ : ਕੀ ਪਸ਼ੂ ਕਿਸੇ ਦੀ ਨਿੰਦਿਆ ਕਰਦਾ ਹੈ ਤਾਂ ਜੋ ਮਨੁੱਖ ਨੂੰ ਉਸ ਵਰਗਾ ਮੰਨ ਲਈਏ ?

ਦਰਅਸਲ ਉਕਤ ਵਾਕਾਂ ’ਚ ਪਸ਼ੂ ਸ਼ਬਦ; ਪਸ਼ੂ ਲਈ ਨਹੀਂ ਬਲਕਿ ਉਸ ਨਿਗੁਰੇ-ਨਾਸਤਿਕ ਲਈ ਹੈ, ਜੋ ਪਸ਼ੂ ਵਾਙ ਆਪਣੀ ਮੰਜ਼ਲ ਨਾ ਪਛਾਣ ਸਕਿਆ। ਭਗਤ ਨਾਮਦੇਵ ਜੀ ਇਸ ਦੀ ਗਵਾਹੀ ਭਰਦੇ ਹਨ ‘‘ਜਿਨ ਕੈ ਭੀਤਰਿ ਹੈ ਅੰਤਰਾ (ਰੱਬ ਤੋਂ ਦੂਰੀ)॥ ਜੈਸੇ ਪਸੁ; ਤੈਸੇ ਓਇ ਨਰਾ ॥’’ (ਭਗਤ ਨਾਮਦੇਵ/੧੧੬੩)

ਗੁਰੂ ਨਾਨਕ ਜੀ ਨੇ ਇਸ ਨੁਕਤੇ ਨੂੰ ਇਉਂ ਰੱਖਿਆ ‘‘ਮਨਮੁਖ ਤਤੁ ਜਾਣਨੀ; ਪਸੂ ਮਾਹਿ ਸਮਾਨਾ ’’ (ਮਹਲਾ /੧੦੦੯) ਯਾਨੀ ਕਿ ਮਨਮੁਖ ਬੰਦਾ; ਅਸਲੀਅਤ (ਆਪਣੀ ਮੰਜ਼ਲ) ਨਹੀਂ ਜਾਣਦਾ, ਪਸ਼ੂ ਵਾਙ ਟੀਚਾ ਰਹਿਤ ਜ਼ਿੰਦਗੀ ਭੋਗਦਾ ਹੈ। ਮਨੁੱਖ ਦਾ ਟੀਚਾ ਹੈ ਆਪਣੇ ਮੂਲ ਰੱਬ ਦੀ ਪ੍ਰਾਪਤੀ।

ਅੰਤ ’ਚ ਇੱਕ ਸੱਜਣ ਦੁਆਰਾ ਕੀਤਾ ਸਵਾਲ ਹੈ ਕਿ ਗੁਰਮਤਿ ਸਿਧਾਂਤ ‘‘ਲੇਖਾ ਛੋਡਿ ਅਲੇਖੈ ਛੂਟਹ’’ ਹੈ ਯਾਨੀ ਪੂਰਵਲੇ ਨਸੀਬ ਨਹੀਂ ਹੁੰਦੇ ਕਿਉਂਕਿ ਮੇਰੇ ਦੁਆਰਾ ‘ਹੁਕਮ ਬਨਾਮ ਨਸੀਬ’ ਲੇਖ ’ਚ ਲਿਖਿਆ ਸੀ ਕਿ ਪਿਛਲੀ ‘ਕੂੜੈ ਪਾਲਿ’ ਭੀ ਰੱਬ ਦੇ ਹੁਕਮ ’ਚ ਚੱਲਦਿਆਂ ਬਣੀ ਸੀ ?

ਜਵਾਬ : ਇਹ ਵਾਕ ਹੈ ‘‘ਲੇਖਾ ਛੋਡਿ ਅਲੇਖੈ ਛੂਟਹ; ਹਮ ਨਿਰਗੁਨ ਲੇਹੁ ਉਬਾਰੀ ॥’’ (ਮਹਲਾ ੫/੭੧੩)

ਅਰਥ  : ਹੇ ਨਿਰਗੁਣ ਪ੍ਰਭੂ !  ਸਾਡੇ ਮਾੜੇ ਨਸੀਬ ਧਿਆਨ ’ਚ ਨਾ ਲਿਆ (ਨਹੀਂ ਤਾਂ ਅਸੀਂ ਆਪਣੇ ਦੁਆਰਾ ਕੀਤੇ ਮਾੜੇ ਕੰਮਾਂ ਦੇ ਫਲ਼-ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ)। ਸਾਡਾ ਤਾਂ ਹੀ ਪਾਰ ਉਤਾਰਾ ਹੋਣੈ ਜੇ ਤੁਸੀਂ ਸਾਡਾ ਮਾੜਾ ਲੇਖ ਭੁਲਾ ਕੇ ਆਪ ਮਿਹਰ ਕਰ ਦਿਓਂ।

ਸੋ ਗੁਰਮਤਿ ਅਨੁਸਾਰ ਰੱਬ ਕਣ-ਕਣ ’ਚ ਜੋਤਿ ਸਰੂਪ ਵਜੋਂ ਵਿਆਪਕ ਹੈ। ਇਹ ਨਿਰਮਲ ਜੋਤਿ; ਮਨੁੱਖ ਦਾ ਜੀਵਾਤਮਾ ਹੈ, ਜਿਸ ’ਤੇ ਮਨੁੱਖ ਦੁਆਰਾ ਕੀਤੇ ਕੰਮਾਂ ਦੀ ਮੈਲ਼ (ਅੰਤਹਿਕਰਣ) ਚੜ੍ਹੀ ਹੈ, ਜੋ ਨਿਗੁਰੇ ਨੂੰ ਆਵਾਗਮਣ ਵੱਲ ਧੱਕਦੀ ਹੈ ‘‘ਨਕਿ ਨਥ, ਖਸਮ ਹਥਿ; ਕਿਰਤੁ ਧਕੇ ਦੇ ਜਹਾ ਦਾਣੇ ਤਹਾਂ ਖਾਣੇ; ਨਾਨਕਾ ਸਚੁ ਹੇ ’’ (ਮਹਲਾ /੬੫੩) ਯਾਨੀ ਇਹ ਅਸਲ ਸਚਾਈ ਹੈ ਕਿ (ਬੰਦੇ ਦੁਆਰਾ ਕੀਤੀ) ਕਿਰਤ; ਸਾਡੇ ਨੱਕ ’ਚ ਨੱਥ ਹੈ, ਜੋ ਰੱਬ ਦੇ ਹੱਥ ’ਚ ਫੜਾਈ ਹੈ ਭਾਵ ਬੰਦੇ ਦੀ ਕਿਰਤ ਦਾ ਫਲ਼; ਰੱਬ ਨੇ ਨਿਰਧਾਰਿਤ ਕੀਤੈ। ਹੁਣ ਜਿੱਥੇ-ਜਿੱਥੇ ਚੋਗ਼ਾ ਖਿਲਰਿਐ, ਉਹ ਚੁਗਣਾ ਪੈਣੈ ਭਾਵੇਂ ਹਜ਼ਾਰਾਂ ਜੂਨਾਂ ਭੋਗਣੀਆਂ ਪੈਣ। ਪਰਿਵਾਰਿਕ ਮੇਲ਼ ਅਤੇ ਵਿਛੋੜਾ ਭੀ ਇਸ ਕਿਰਤ ਦਾ ਫਲ਼ ਹੈ। ਜੇਕਰ ਕਿਸੇ ਪਰਿਵਾਰ ਨੇ ਗੁਰੂ ਉਪਦੇਸ਼ ਕਮਾ; ਰੱਬ ਅੱਗੇ ਫ਼ਰਿਆਦ ਕਰਨੀ ਸਿੱਖ ਲਈ, ਉਨ੍ਹਾਂ ਦਾ ਸਾਥ ਮਰਨ ਉਪਰੰਤ ਭੀ ਰਹਿਣੈ, ਨਹੀਂ ਤਾਂ ਸਭ ਦਾ ਵਿਛੋੜਾ ਨਿਸ਼ਚਿਤ ਹੈ ਭਾਵੇਂ ਕੋਈ ਇੱਥੇ ਬੱਚਿਆਂ ਲਈ ਕਿੰਨਾ ਭੀ ਧਨ ਜੋੜ ਜਾਵੇ ‘‘ਵਿਜੋਗਿ, ਮਿਲਿ ਵਿਛੁੜਿਆ; ਸੰਜੋਗੀ ਮੇਲੁ ’’ (ਸੋ ਪੁਰਖੁ/ਮਹਲਾ /੧੧) ਅਰਥ : ਵਿਛੋੜੇ ਵਾਲ਼ੇ ਨਸੀਬ ਕਾਰਨ (ਪਰਿਵਾਰ ’ਚ) ਮਿਲ ਕੇ ਅਗਾਂਹ ਲਈ ਵਿਛੜ ਗਿਆ। ਚੰਗੇ ਨਸੀਬ ਨਾਲ਼ ਸਦੀਵੀ ਮੇਲ਼ ਬਣਿਆ ਰਹਿਣੈ। ਭਗਤ ਕਬੀਰ ਜੀ ਤਾਂ ਇੱਕ ਸਵਾਲ ‘‘ਪਿੰਡਿ ਮੂਐ; ਜੀਉ ਕਿਹ ਘਰਿ ਜਾਤਾ  ?’’  ਉਤਪੰਨ ਕਰ ਆਪ ਹੀ ਇਉਂ ਜਵਾਬ ਦੇਂਦੇ ਹਨ ‘‘ਤਿਤੁ ਘਰਿ ਜਾਉ; ਜਿ ਬਹੁਰਿ ਆਵਉ ’’ (ਭਗਤ ਕਬੀਰ/੩੨੭) ਕਿਉਂਕਿ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ ’’ (ਜਪੁ) ਵਚਨਾਂ ਵਾਙ ਪ੍ਰਭੂ ’ਚ ਸਦੀਵੀ ਲੀਨਤਾ ਹੋ ਗਈ ‘‘ਮਿਟਿ ਗਏ ਗਵਨ (ਆਵਾਗਮਣ); ਪਾਏ ਬਿਸ੍ਰਾਮ   ਨਾਨਕ  ! ਪ੍ਰਭ ਕੈ ਸਦ ਕੁਰਬਾਨ ’’ (ਸੁਖਮਨੀ/ ਮਹਲਾ /੨੭੮) ਤਾਂ ਤੇ ਹਰ ਮਨੁੱਖ ਨੂੰ ਇਹ ਅਰਦਾਸ ਸਦਾ ਕਰਨੀ ਚਾਹੀਦੀ ਹੈ ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪)