ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)

0
519

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਪਹਿਲਾ)

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਦੂਜਾ)

ਪਿਛਲੇ ਦੋ ਭਾਗਾਂ ’ਚ ਸੰਸਾਰ ਦੇ ਦੋ ਪ੍ਰਮੁੱਖ ਮਜ਼੍ਹਬਾਂ (ਆਰੀਅਨ ਤੇ ਇਬਰਾਨੀ) ਦੇ ਸਿਧਾਂਤਕ ਪੱਖ ਨੂੰ ਵਿਚਾਰਿਆ ਗਿਆ ਸੀ, ਜਿਨ੍ਹਾਂ ’ਚੋਂ ਆਰੀਅਨ ਸਿਧਾਂਤ (ਵੈਦਿਕ ਤੇ ਪਾਰਸੀ ਧਰਮ ਰਾਹੀਂ) ਭਾਰਤੀ ਲੋਕਾਂ ਦੁਆਰਾ ਅਪਣਾਇਆ ਗਿਆ ਤੇ ਇਬਰਾਨੀ ਸਿਧਾਂਤ (ਯਹੂਦੀ, ਈਸਾਈ ਤੇ ਇਸਲਾਮ ਧਰਮ ਰਾਹੀਂ) ਫ਼ਲਸਤੀਨੀ, ਕੁਰੈਸ਼ੀ ਕਬੀਲਿਆਂ ਦੇ ਰੂਪ ’ਚ ‘ਅਰਬ, ਇਜ਼ਰਾਈਲ, ਫ਼ਲਸਤੀਨ, ਰੋਮ (ਇਟਲੀ), ਮਿਸਰ’ ਆਦਿ ਦੇਸ਼ਾਂ ’ਚ ਆਪਣਾ ਅਸਤਿਤਵ ਕਾਇਮ ਕਰਨ ’ਚ ਸਫਲ ਹੋਇਆ।

ਪਹਿਲਾਂ ਕੀਤੀ ਗਈ ਵਿਚਾਰ ਕਿ ਧਰਮ ਦੀ ਵਿਲੱਖਣਤਾ ਲਈ ਕੁਝ ਨੁਕਤਿਆਂ ਨੂੰ ਵਿਚਾਰਨਾ ਜ਼ਰੂਰੀ ਹੁੰਦਾ ਹੈ; ਜਿਵੇਂ ਕਿ

(1). ਧਾਰਮਿਕ ਆਗੂ (ਪੈਗ਼ੰਬਰ, ਰਸੂਲ, ਨਬੀ, ਗੁਰੂ ਆਦਿ) ਨੂੰ ਇਹ ਬੋਧ; ਉਮਰ ਦੇ ਕਿਸ ਪੜਾਅ ’ਚ, ਕਿਸ ਦੁਆਰਾ ਤੇ ਕਿਵੇਂ ਪ੍ਰਾਪਤ ਹੋਇਆ  ?

(2). ਧਾਰਮਿਕ ਆਗੂ ਨੇ ਆਪਣੇ ਇਸ਼ਟ (ਰੱਬ, ਈਸ਼ਵਰ) ਦੀ ਕੀ ਪਰਿਭਾਸ਼ਾ ਬਿਆਨ ਕੀਤੀ  ?

(3). ਮੁਕਤੀ ਤੋਂ ਕੀ ਭਾਵ ਹੈ  ?

(4). ਆਤਮਾ (ਰੂਹ) ਦਾ ਮਾਰਗ (ਪੈਂਡਾ) ਕੀ ਹੈ ? ਕਿਉਂਕਿ ‘ਧਰਮ’ ਰੂਹਾਨੀਅਤ ਦਾ ਵਿਸ਼ਾ ਹੈ, ਜਿਸ ਨੇ ਸਮਾਜਿਕ ਬੁਰਾਈਆਂ ਨਾਲ਼ ਲੜਦਿਆਂ ਆਪਣੀ ਮੰਜ਼ਲ ਫ਼ਤਿਹ ਕਰਨੀ ਹੁੰਦੀ ਹੈ।

(5). ਇਸ ਵਿਚਾਰਧਾਰਾ ਰਾਹੀਂ ਮਾਨਵਤਾ ਨੂੰ ਕੀ ਕੀ ਸੁਤੰਤਰਤਾ ਜਾਂ ਸਮਾਨਤਾ ਮਿਲ਼ੀ  ?

(6). ਉਤਰਾਧਿਕਾਰੀ ਦੀ ਨਿਯੁਕਤੀ ਕਿਸ ਦ੍ਰਿਸ਼ਟੀਕੋਣ ਨਾਲ਼ ਹੋਈ ਤੇ ਕਿੰਨੀ ਕੁ ਸਫਲ ਰਹੀ  ?

(ਨੋਟ : ਕਿਸੇ ਮਹਾਤਮਾ ਦੀ ਘਾਲਣਾ ਦਾ ਵਿਕਾਸ, ਢੁਕਵੇਂ ਸਮੇਂ ’ਤੇ ਲਏ ਗਏ ਦਰੁਸਤ ਨਿਰਣੈ ’ਤੇ ਨਿਰਭਰ ਹੁੰਦਾ ਹੈ, ਜਿਸ ਵਿੱਚ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਵੀ ਸ਼ਾਮਲ ਹੈ ਕਿਉਂਕਿ ਇੱਕ ਵੀ ਗ਼ਲਤ ਨਿਰਣਾ, ਮੂਲ ਸਿਧਾਂਤ ਦੀ ਪਰਿਭਾਸ਼ਾ ਬਦਲ ਸਕਦਾ ਹੈ।)

(7). ਉਸ ਸਿਧਾਂਤ ਨੂੰ ਲਿਖਤੀ ਰੂਪ ’ਚ ਕਿਵੇਂ ਤੇ ਕਿਸ ਦੁਆਰਾ ਸੰਭਾਲ਼ਿਆ ਗਿਆ  ? ਆਦਿ।

ਹਰ ਮਨੁੱਖ ਲਈ ਆਪਣੇ ਜੀਵਨ ਕਾਲ ਦਾ ਸਰਬੋਤਮ ਕਾਰਜ ਆਪਣੀ ਰੂਹਾਨੀਅਤ ਖ਼ੁਰਾਕ ਪ੍ਰਾਪਤ ਕਰਨਾ ਹੈ ਤਾਂ ਜੋ ਲੋਕ ਪ੍ਰਲੋਕ ’ਚ ਸ੍ਰਿਸ਼ਟੀ ਦੇ ਰਚੇਤਾ ਨਾਲ਼ ਨੇੜਤਾ ਬਣੀ ਰਹੇ। ਇਹ ਸੁਭਾਗੀ ਮਨੁੱਖਾ ਘੜੀ ਤੇ ਖ਼ੁਰਾਕ ਦੁਬਾਰਾ ਮਰਨ ਉਪਰੰਤ ਨਹੀਂ ਮਿਲਣੀ। ਧਰਮ ਦੇ ਨਾਂ ’ਤੇ ਅਣਗਿਣਤ ਮਨੁੱਖਾਂ ਨੇ ਆਪਣੇ ਪੂਰਵਜਾਂ ਦੇ ਵੰਸ਼ਜ ਬਣ ਕੇ ਇਸ ਸਮੇਂ ਨੂੰ ਸੰਭਾਲ਼ਿਆ ਵੀ ਤੇ ਅਜਾਈਂ ਵੀ ਗਵਾਇਆ। ਇਸ ਲਈ ਹਰ ਮਨੁੱਖ ਲਈ ਸਾਰਥਕ ਤੇ ਨਿਰਾਰਥਕ ਅਸੂਲਾਂ ਦੇ ਭਿੰਨ-ਭੇਦ ਨੂੰ ਸਮਝਣਾ ਅਤਿ ਜ਼ਰੂਰੀ ਹੈ। ਹਥਲੇ ਵਿਸ਼ੇ ਦੇ ਵਿਚਾਰ ਤੋਂ ਪਹਿਲਾਂ ਕੁਝ ਧਰਮਾਂ ਬਾਰੇ ਸੰਖੇਪ ’ਚ ਮੁੜ ਝਾਤ ਮਾਰਨੀ ਜ਼ਰੂਰਤ ਹੈ :

(1). ਵੈਦਿਕ ਧਰਮ :  4 ਵੇਦ (ਜੋ ਵੈਦਿਕ ਸਿਧਾਂਤ ਦਾ ਆਧਾਰ ਹਨ) ਦਾ ਨਿਚੋੜ ਇਹ ਹੈ ਕਿ ਮਨੁੱਖਾ ਜੀਵਨ ਦੇ ਤਿੰਨ ਸ੍ਰੇਸ਼ਟ ਕਾਰਜ ਹਨ ‘ਉਪਾਸ਼ਨਾ (ਪੂਜਾ), ਉਸਤਤ ਤੇ ਪ੍ਰਾਰਥਨਾ’। ਇਸ ਮਤ ਦਾ ਈਸ਼ਵਰ ‘ਚੰਦ੍ਰਮਾ, ਸੂਰਜ, ਤਾਰੇ, ਦਰਖ਼ਤ, ਜਾਨਵਰ, ਪੰਛੀ, ਦੇਵਤੇ, ਪੱਥਰ ਮੂਰਤੀ’ ਆਦਿ ਆਕਾਰ ਰੂਪ ਹੈ, ਜਿਨ੍ਹਾਂ ਦੀ ਪੂਜਾ, ਗੁਣ ਗਾਉਣਾ ਤੇ ਇਨ੍ਹਾਂ ਅੱਗੇ ਬੇਨਤੀ (ਪ੍ਰਾਰਥਨਾ, ਆਰਤੀ) ਕਰਨਾ ਹੀ ‘ਵੈਦਿਕ ਧਰਮ’ ਹੈ।

ਭਾਰਤ ਦੇ ਰਾਸ਼ਟਰਪਤੀ ਤੇ ਫ਼ਿਲਾਸਫ਼ਰ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਇਸ ਮਤ ਬਾਰੇ ਨਿਰਣਾ ਹੈ ਕਿ ‘ਵੈਦਿਕ ਰਿਸ਼ੀ ਆਰੰਭ ’ਚ ਕੁਦਰਤ ਦੇ ਉਪਾਸ਼ਕ, ਫਿਰ ਬਹੁ ਦੇਵ ਪੂਜਾ ਤੇ ਅੰਤ ’ਚ ਇੱਕ ਈਸ਼ਵਰ (ਦੇਵ) ਦੇ ਪੂਜਾਰੀ ਹਨ। ਆਤਮਾ ਤੇ ਕੁਦਰਤ ਦਾ ਜੁੜਨਾ ਹੀ ਦੇਵ ਪੂਜਾ ਹੈ।’ (ਡਾ. ਰਾਧਾ ਕ੍ਰਿਸ਼ਨਨ)

(ਨੋਟ : ਉਕਤ ਇੱਕ ਈਸ਼ਵਰ ਤੋਂ ਭਾਵ ਆਕਾਰ ਹੈ, ਨਾ ਕਿ ਨਿਰਾਕਾਰ ਕਿਉਂਕਿ ਨਿਰਾਕਾਰ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ।)

ਰਵਿੰਦਰ ਨਾਥ ਟੈਗੋਰ ਮੁਤਾਬਕ ਵੇਦ ਇਤਿਹਾਸਿਕ ਯਾਦਗਾਰ ਹਨ ਭਾਵ ਇਰਾਨੀਆਂ ਦੇ ਸਮਾਜਿਕ ਯੁੱਧ ਦਾ ਵਰਣਨ ਹੈ, ਜੋ ਉਨ੍ਹਾਂ ਭਾਰਤ ਦੇ ਮੂਲ ਨਿਵਾਸੀ ਦਰਾਵੜਾਂ ਨਾਲ਼ ਲੜਿਆ, ਜਿਨ੍ਹਾਂ ਨੂੰ ਛੋਟੀ ਜਾਤੀ ਨਾਂ ਦਿੱਤਾ ਗਿਆ।

(2). ਪਾਰਸੀ ਧਰਮ : ਇਰਾਨੀਆਂ ਦੀ ਇੱਕ ਜਮਾਤ, ਜਿਸ ਦੇ ਧਾਰਮਿਕ ਆਗੂ ਜ਼ਰਤੁਸ਼ਤ (ਜਨਮ 600 ਪੂਰਵ ਈਸਵੀ) ਸਨ, ਜੋ ਦੇਵਤੇ ਅਤੇ ਮੂਰਤੀ ਪੂਜਾ ਦੇ ਵਿਰੁਧ ਸਨ, ਪਰ ਆਪ ਅਗਨੀ ਦੇਵਤੇ ਦੇ ਉਪਾਸ਼ਕ ਵੀ ਸਨ। ਇਹ ਸਿਧਾਂਤ ਉਪਨਿਸ਼ਦਾਂ ਅਤੇ ਸ਼ਾਸਤਰਾਂ ਦੀ ਉਪਜ ਹੈ, ਜਿੱਥੇ ਇੱਕ ਈਸ਼ਵਰੀ ਸੰਕੇਤ ਵੀ ਮਿਲਦਾ ਹੈ।

ਜ਼ਰਤੁਸ਼ਤ ਜੀ ਦੀ 15 ਸਾਲ ’ਚ ਸ਼ਾਦੀ ਹੋਈ ਕੁਝ ਸਮਾਂ ਗ੍ਰਹਿਸਤੀ ਜੀਵਨ ’ਚ ਰਹੇ, ਜਿਸ ਉਪਰੰਤ ਇੱਕ ਲੜਕਾ ਤੇ ਇੱਕ ਲੜਕੀ ਨੂੰ ਛੱਡ 15 ਸਾਲ ਇਕਾਂਤ ’ਚ ਰਹਿ ਕੇ ਜੋ ਅਨੁਭਵ ਕੀਤਾ, ਉਸ ਦਾ ਪਹਿਲਾ ਅਨੁਯਾਈ (ਸ਼ਿਸ਼/ਚੇਲਾ) ਚਾਚੇ ਦਾ ਲੜਕਾ ਬਣਿਆ। ਤਦ ਇਨ੍ਹਾਂ ਦੀ ਉਮਰ ਲਗਭਗ 45 ਸਾਲ ਸੀ। ਬਾਅਦ ’ਚ ਕੁਝ ਰਾਜਿਆਂ ਤੇ ਵਜ਼ੀਰਾਂ ਨੇ ਇਨ੍ਹਾਂ ਅਸੂਲਾਂ ਨੂੰ ਅਪਣਾਇਆ, ਜਿਸ ਕਾਰਨ ਵਿਰੋਧੀ ਰਾਜੇ ਨੇ ਹਮਲਾ ਕਰ ਦਿੱਤਾ ਤੇ ਇਹ 70 ਵਰ੍ਹਿਆਂ ਦੀ ਉਮਰ ’ਚ ਆਪਣੇ 80 ਸਾਥੀਆਂ ਸਮੇਤ ਇਰਾਨ ’ਚ ਮਾਰੇ ਗਏ।

(3). ਜੈਨੀ ਧਰਮ : ਭਗਵਾਨ ਮਹਾਂਵੀਰ ਜੀ (ਜਨਮ 599 ਪੂਰਵ ਈਸਵੀ) ਨੇ 30 ਸਾਲ ਦੀ ਉਮਰ ’ਚ 2 ਬੱਚਿਆਂ ਸਮੇਤ ਗ੍ਰਹਿਸਤੀ ਤਿਆਗ ਜੰਗਲ਼ ’ਚ ਜਾ ਕੇ ਇਕਾਂਤ ਨਿਵਾਸ ਕੀਤਾ ਤੇ 12 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਕੀਤਾ ਉਸ ਮੁਤਾਬਕ ‘ਆਤਮਾ; ਜੋ ਚੇਤਨ ਗਿਆਨ ਸਰੂਪ, ਕਰਮ ਭੋਗੀ, ਜਨਮ ਲੈਣ ਵਾਲ਼ਾ, ਮੋਕਸ਼ ਦਾ ਹੱਕਦਾਰ ਤੇ ਨਿੱਤ ਰਹਿਣ ਵਾਲ਼ਾ’ ਹੈ, ਬਾਰੇ ਚਾਨਣਾ ਪਾਇਆ। ‘ਮੋਕਸ਼ਧਾਰੀ ਆਤਮਾ’ ਹੀ ਮੁਕਤੀ ਪੁਰਸ਼, ਤੀਰਥਾਂਕਰ (ਗੁਰੂ) ਤੇ ਈਸ਼ਵਰ ਹੈ, ਕੋਈ ਹੋਰ ਅਦ੍ਰਿਸ਼ ਸ਼ਕਤੀ ਨਹੀਂ। ਇਨ੍ਹਾਂ ਦੀ ਕੁਲ ਉਮਰ 72 ਵਰ੍ਹੇ ਸੀ।

(ਨੋਟ : ਉਕਤ ਸਿਧਾਂਤ ’ਚ ਇਹ ਸਪਸ਼ਟ ਨਹੀਂ ਕਿ ਜਨਮ ਲੈਣ ਵਾਲ਼ਾ ਆਤਮਾ ਤਾਂ ਜੂਨਾਂ ’ਚ ਜਾਂਦਾ ਹੈ ਪਰ ਮੋਕਸ਼ਧਾਰੀ ਆਤਮਾ ਦਾ ਮਰਨ ਉਪਰੰਤ ਕੀ ਅਸਤਿਤਵ ਹੈ, ਜਿਸ ਨੂੰ ਨਿੱਤ ਰਹਿਣ ਵਾਲ਼ਾ ਵੀ ਕਿਹਾ ਗਿਆ ਹੈ ?

ਗ੍ਰਹਿਸਤੀ ਜੀਵਨ ਤਿਆਗ ਜੰਗਲ ’ਚ ਜਾਣ ਵਾਲ਼ੇ ਲਈ ਗੁਰਮਤਿ ਫ਼ੁਰਮਾਨ ਹੈ ‘‘ਕਾਹੇ ਰੇ  ! ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ’’ (ਮਹਲਾ /੬੮੪)

ਭਗਵਾਨ ਮਹਾਂਵੀਰ ਜੀ ਦੇ 6 ਸਾਲ ਸ਼ਿਸ਼ ਰਹੇ ਗੋਸ਼ਲ ਜੀ ਨੇ ਇਨ੍ਹਾਂ ਦਾ ਸਾਥ ਛੱਡ ਕੇ ਆਪਣਾ ਨਵਾਂ ‘ਅਜੀਵਕ’ ਮਤ ਚਲਾਇਆ, ਜਿਸ ਅਨੁਸਾਰ ਕੁਦਰਤ ’ਚ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ, ਪਰ ਇਨ੍ਹਾਂ ਵਿਚਾਰਾਂ ਨਾਲ਼ ਮਹਾਂਵੀਰ ਜੀ ਸਹਿਮਤ ਨਾ ਹੋਏ, ਜਿਸ ਕਾਰਨ ਗੋਸ਼ਲ ਤੇ ਗੁਰੂ ਮਹਾਂਵੀਰ ਜੀ ’ਚ ਸਿਧਾਂਤਕ ਅਸਮਾਨਤਾ ਬਣ ਗਈ।)

(4). ਬੋਧੀ ਧਰਮ: ਗੌਤਮ ਸਿਧਾਰਥ (ਮਹਾਤਮਾ ਬੁੱਧ, ਜਨਮ 566 ਪੂਰਵ ਈਸਵੀ) ਨੇ 28 ਸਾਲ ਦੀ ਉਮਰ ’ਚ ਇੱਕ ਬੱਚੇ ਸਮੇਤ ਗ੍ਰਹਿਸਤੀ ਜੀਵਨ ਤਿਆਗ ਜੰਗਲ਼ ’ਚ ਜਾ ਇਕਾਂਤ ਨਿਵਾਸ ਕੀਤਾ ਤੇ 7 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਕੀਤਾ ਉਸ ਅਵਸਥਾ ਦਾ ਨਾਂ ‘ਜੋਤੀ, ਬੋਧੀ, ਨਿਰਵਾਣ, ਮਧ ਮਾਰਗ’ ਰੱਖਿਆ।

ਧਾਰਮਿਕ ਨਿਯਮ : ਅਹਿੰਸਾ, ਸਤ੍ਯ, ਅਸ਼ੇਯ (ਭਾਵ ਚੋਰੀ ਨਾ ਕਰਨਾ), ਬ੍ਰਹਮਚਰਜ (ਵਾਸ਼ਨਾਵਾਂ ’ਤੇ ਕਾਬੂ), ਅਪਗ੍ਰਹਿ (ਲੋਭ ਰਹਿਤ), ਸੋਚ-ਪਵਿੱਤ੍ਰਤਾ, ਸੰਤੋਖ, ਤਪ (ਦੁੱਖ-ਸੁੱਖ ਦਾ ਅਭਾਵ), ਹੰਕਾਰ ਤੇ ਵਿਖਾਵਾ ਰਹਿਤ ਜੀਵਨ ਹੀ ਮੁਕਤੀ ਹੈ। ਕੋਈ ਅਦ੍ਰਿਸ਼ ਸ਼ਕਤੀ ਈਸ਼ਵਰ ਨਹੀਂ। ਇਨ੍ਹਾਂ ਦੀ ਕੁਲ ਉਮਰ 80 ਵਰ੍ਹੇ ਸੀ।

(5). ਸ਼ੰਕਰ ਦਾ ਮਤ ਜਾਂ ਵੈਸ਼ਨਵ ਮਤ : ਸ ਸਿਧਾਂਤ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ‘ਭਗਤ ਰਾਮਾਨੰਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ’ ਵਰਗੇ ਮਹਾਂ ਪੁਰਸ਼ਾਂ ਦਾ ਨਾਂ ਇਸ ਮਤ ਨਾਲ਼ ਜੁੜਦਾ ਹੈ।

ਸ਼ੰਕਰਾਚਾਰਯ ਜੀ ਦਾ ਜੀਵਨ ਸੰਨ 789-820 ਈਸਵੀ ਸੀ, ਜੋ ਰਾਮਚੰਦ੍ਰ ਤੇ ਕ੍ਰਿਸ਼ਨ ਜੀ ਨੂੰ ਈਸ਼ਵਰ ਮੰਨਦੇ ਸਨ। ਇਨ੍ਹਾਂ ਦੇ 6ਵੇਂ ਉਤਰਾਧਿਕਾਰੀ ਸਨ : ‘ਰਾਘਵਾਨੰਦ ਜੀ’, ਜੋ ਭਗਤ ਰਾਮਾਨੰਦ ਜੀ ਦੇ ਗੁਰੂ ਦੱਸੇ ਗਏ। ਇੱਕ ਵਾਰ ਰਾਮਾਨੰਦ ਜੀ ਨੇ ਆਪਣੇ ਗੁਰੂ ਨੂੰ ਕਿਹਾ ਕਿ ਇੱਕ ਈਸ਼ਵਰ ਦੀ ਭਗਤੀ ਕਰਨ ਨਾਲ਼ ਵਰਣ-ਆਸ਼ਰਮ, ਜਾਤ-ਪਾਤ ਆਦਿ ਬੰਧਨ ਟੁੱਟ ਜਾਂਦੇ ਹਨ। ਇਨ੍ਹਾਂ ਵਿਚਾਰਾਂ ਨਾਲ਼ ਗੁਰੂ (ਰਾਘਵਾਨੰਦ ਜੀ) ਸਹਿਮਤ ਨਾ ਹੋਏ ਤੇ ਉਨ੍ਹਾਂ ਅਲੱਗ ਸੰਪ੍ਰਦਾਇ ਚਲਾਉਣ ਲਈ ਕਿਹਾ, ਜੋ ਵੈਰਾਗੀ ਸੰਪ੍ਰਦਾਇ ਅਖਵਾਈ, ਪਰ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ; ਭਗਤ ਜੀ ਦੇ ਆਪਣੇ ਵਚਨ ਹਨ ਕਿ ‘‘ਗੁਰ ਕਾ ਸਬਦੁ; ਕਾਟੈ ਕੋਟਿ ਕਰਮ ’’ (ਭਗਤ ਰਾਮਾਨੰਦ/੧੧੯੫) ਯਾਨੀ ਕਿ ਇਨ੍ਹਾਂ ਨੇ ਕਿਸੇ ਨੂੰ ਗੁਰੂ ਧਾਰਿਆ ਸੀ। ਇਹ ਵਿਚਾਰ ਉਕਤ ਇਤਿਹਾਸ ਨੂੰ ਝੁਠਲਾਉਂਦਾ ਹੈ। ਹਰ ਇੱਕ ਰੱਬੀ (ਨਿਰਾਕਾਰ) ਭਗਤ ਨੂੰ ਬ੍ਰਾਹਮਣੀ ਵਰਣ ਵੰਡ ’ਚ ਕੈਦ ਕਰਨਾ, ਰੂੜ੍ਹੀਵਾਦੀ ਨੀਤੀ ਦਾ ਭਾਗ ਰਿਹਾ ਹੈ। ਅਗਰ ਇਨ੍ਹਾਂ ਦਾ ਸ਼ਬਦ, ਗੁਰਬਾਣੀ ’ਚ ਦਰਜ ਨਾ ਹੁੰਦਾ ਤਾਂ ਰਾਮਾਨੰਦ ਜੀ ਨਾਲ਼ ਵੀ ਕਦੇ ਇਨਸਾਫ਼ ਨਾ ਹੁੰਦਾ।

(6). ਯਹੂਦੀ ਧਰਮ : ਇਬਰਾਨੀ ਕੌਮ ਦੇ ਪ੍ਰਮੁੱਖ ਸਨ ‘ਪੈਗ਼ੰਬਰ ਇਬਰਾਹੀਮ’, ਜਿਨ੍ਹਾਂ ਦੀ ਕੁੱਲ ਉਮਰ 175 ਵਰ੍ਹੇ ਸੀ। ਇਨ੍ਹਾਂ ਦੇ ਹੀ ਵੰਸ਼ ’ਚ ਸੰਨ 1571 ਪੂਰਵ ਈਸਵੀ ਮੂਸਾ ਜੀ ਦਾ ਜਨਮ ਹੋਇਆ, ਜੋ 40 ਸਾਲ ਦੀ ਉਮਰ ’ਚ ਇੱਕ ਪਹਾੜ ’ਤੇ ਗਏ ਜਿੱਥੇ ਅੱਗ ਵਰਗੀ ਲਾਟ ਵੇਖੀ ਜਿਸ ਨੇ ਪਹਿਲੀ ਵਾਰ ਖ਼ੁਦਾਈ ਪੈਗ਼ਾਮ ਸੁਣਾਇਆ, ਜੋ ਇਸਰਾਈਲੀ ਕਬੀਲੇ ਦੀ ਮਦਦ ਲਈ ਸੀ। ਆਪਣੇ ਕਬੀਲੇ ਦੀ ਰੱਖਿਆ ਕਰਨਾ ਹੀ ‘ਯਹੂਦੀ ਧਰਮ’ ਹੈ। ਹਜ਼ਰਤ ਮੂਸਾ ਜੀ ਦੀ ਕੁੱਲ ਉਮਰ 120 ਸਾਲ ਸੀ।

(7). ਈਸਾਈ ਧਰਮ : 6 ਪੂਰਵ ਈਸਵੀ ਈਸਾ ਮਸੀਹ ਦਾ ਜਨਮ ਹੋਇਆ। 30 ਸਾਲ ਦੀ ਉਮਰ ’ਚ ਜਦ ਇਨ੍ਹਾਂ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ ਤਦ ਰੂਹ-ਉਲ-ਕੁਦਸ (ਭਾਵ ਰੱਬੀ ਆਤਮਾ) ਕਬੂਤਰ ਦੀ ਸ਼ਕਲ ’ਚ ਇਨ੍ਹਾਂ ਉੱਤੇ ਉਤਰੀ। ਇਸ ਉਪਰੰਤ ਜੋ ਅਨੁਭਵ ਕੀਤਾ ਉਸ ਦਾ ਪ੍ਰਚਾਰ ਕੇਵਲ ਤਿੰਨ ਸਾਲ ਕੀਤਾ ਤੇ 33 ਸਾਲ ਦੀ ਉਮਰ ’ਚ ਸੂਲੀ ’ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤੇ ਗਏ ਕਿਉਂਕਿ ਇਨ੍ਹਾਂ ਨੇ ਆਪਣੇ ਆਪ ਨੂੰ ਖ਼ੁਦਾ ਦਾ ਇਕਲੌਤਾ ਪਿਆਰਾ ਪੁੱਤਰ ਐਲਾਨਿਆ ਸੀ।

(8). ਇਸਲਾਮ ਧਰਮ : ਈਸਾ ਮਸੀਹ ਜੀ ਦੇ ਦੇਹਾਂਤ ਤੋਂ 543 ਸਾਲ ਬਾਅਦ (15 ਅਪ੍ਰੈਲ 570 ਈਸਵੀ) ਮੁਹੰਮਦ ਸਾਹਿਬ ਦਾ ਜਨਮ ਹੋਇਆ।   39 ਸਾਲ ਦੀ ਉਮਰ ’ਚ ਇਨ੍ਹਾਂ ਨੇ ਰੱਬੀ ਪੈਗ਼ਾਮ ਪਹਿਲੀ ਵਾਰ ਸੁਣਿਆ, ਜੋ ਉਸ ਦੇਵ ਪੂਜਾ, ਮੂਰਤੀ ਪੂਜਾ ਦੇ ਖ਼ਿਲਾਫ਼ ਸੀ, ਜੋ ਤਦ ਮੱਕੇ ’ਚ ਹੁੰਦੀ ਸੀ। ਇਨ੍ਹਾਂ ਦੀ ਕੁੱਲ ਉਮਰ 62 ਸਾਲ ਸੀ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ ਸਨ, ਜਿਸ ਕਾਰਨ ਇਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਬਾਅਦ ’ਚ ਲਿਖੇ ਗਏ ।

ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਦੇ ਪੈਰੋਕਾਰ (ਸ਼ੀਆ ਮੁਸਲਮਾਨਾਂ) ਦਾ ਸੁੰਨੀ ਮੁਸਲਮਾਨਾਂ ਉੱਪਰ ਆਰੋਪ ਹੈ ਕਿ ਉਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਜੋ ਇਲਾਹੀ ਪੈਗ਼ਾਮ ਹਜ਼ਰਤ ਅਲੀ ਜੀ ਨੂੰ ਸੁਣਾਏ, ਉਹ ਕੁਰਾਨ ਸ਼ਰੀਫ਼ ’ਚ ਦਰਜ ਨਹੀਂ ਹੋਣ ਦਿੱਤੇ ਗਏ ਬਲਕਿ ਉਨ੍ਹਾਂ ਨੂੰ ‘ਰਾਫ਼ਜ਼ੀ’ ਯਾਨੀ ਕਿ ਝੂਠਾ ਕਿਹਾ ਗਿਆ। ਸ਼ੀਆ ਮੁਸਲਮਾਨਾਂ ਦੀ ਹੀ ਇੱਕ ਪ੍ਰਸਿੱਧ ਜਮਾਤ ਹੈ ‘ਸੂਫ਼ੀ’।

ਸੁੰਨੀ ਮੁਸਲਮਾਨਾਂ ਦੀ ਬੇਇਨਸਾਫ਼ੀ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ ‘‘ਛਾਡਿ ਕਤੇਬ; ਰਾਮੁ ਭਜੁ ਬਉਰੇ  ! ਜੁਲਮ ਕਰਤ ਹੈ ਭਾਰੀ (ਤਾਹੀਓਂ) ਕਬੀਰੈ (ਨੇ) ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ’’ (ਭਗਤ ਕਬੀਰ/੪੭੭)

(ਨੋ : ਉਕਤ ਤਿੰਨੇ ਮਜ਼੍ਹਬਾਂ (ਯਹੂਦੀ, ਈਸਾਈ ਤੇ ਇਸਲਾਮ) ਦਾ ਧਾਰਮਿਕ ਸਿਧਾਂਤ ਪੈਗ਼ੰਬਰੀ ਵਚਨਾਂ ’ਤੇ ਵਿਸ਼ਵਾਸ ਕਰਨਾ ਤੇ ਇੱਕ ਅੱਲ੍ਹਾ (ਈਸ਼ਵਰ) ਦੀ ਬੰਦਗੀ ਕਰਨਾ ਹੈ, ਜੋ ਸੱਤ ਆਕਾਸ਼ ਉੱਪਰ ਹੈ। ਮਰਨ ਉਪਰੰਤ ਰੂਹ ਕਿਆਮਤ ਤੱਕ ਕਬਰ ’ਚ ਰਹੇਗੀ ਬੇਸ਼ੱਕ ਬੰਦਗੀ ਕੀਤੀ ਹੈ ਜਾਂ ਨਹੀਂ। ਇਸ ਲਈ ਰੂਹ ਦਾ ਪੈਂਡਾ ਆਵਾਗਮਣ ਨਹੀਂ ਮੰਨਿਆ ਗਿਆ।)

ਉਕਤ ਸਾਰੇ ਵਿਚਾਰ ਦਾ ਨਿਚੋੜ ਇਹ ਮਿਲਦਾ ਹੈ :

(1). ਸਾਰੇ ਧਾਰਮਿਕ ਆਗੂਆਂ ਦੇ ਵਿਚਾਰ 1500 ਪੂਰਵ ਈਸਵੀ (ਭਾਵ 3100 ਵਰ੍ਹੇ) ਤੋਂ ਪਹਿਲਾਂ ਦੇ ਨਹੀਂ; ਜਿਵੇਂ ਕਿ ਸਭ ਤੋਂ ਪੁਰਾਣੇ ਗ੍ਰੰਥ (ਰਿਗ ਵੇਦ) ਨੂੰ ਰਿਸ਼ੀਆਂ ਨੇ 6-7 ਪੀੜ੍ਹੀਆਂ ’ਚ 1520-1420 ਪੂਰਵ ਈਸਵੀ (100 ਸਾਲਾਂ) ’ਚ ਪੂਰਾ ਕੀਤਾ, ਮੰਨਿਆ ਗਿਆ, ਜਦਕਿ ਜੀਵ ਵਿਗਿਆਨ ਮੁਤਾਬਕ 8 ਲੱਖ ਤੋਂ 4 ਲੱਖ ਸਾਲ ਪਹਿਲਾਂ ਰਹੇ ਮਨੁੱਖ (ਹੋਮੋ ਇਰੈਕਟਸ, ਪਹਿਲੀ ਮਨੁੱਖਾ ਜਾਤੀ) ਨੂੰ ਅੱਗ ਲਗਾਉਣ ਦੀ ਸਮਝ ਸੀ ਤੇ ਉਹ ਔਜ਼ਾਰਧਾਰੀ ਵੀ ਸਨ।

(ਨੋਟ : 1500 ਪੂਰਵ ਈਸਵੀ ਤੋਂ ਪਹਿਲਾਂ ਦਾ ਸਾਰਾ ਹੀ ਇਤਿਹਾਸ; ਕਾਲਪਨਿਕ (ਮਿਥਿਹਾਸ) ਹੈ, ਜਿਸ ਵਿੱਚ ਨਾ-ਮਾਤਰ ਸਚਾਈ ਮਿਲਣੀ ਵੀ ਮੁਸ਼ਕਲ ਹੈ; ਜਿਵੇਂ ਕਿ ‘ਬਾਬਾ ਆਦਮ’ ਦੀ ਉਮਰ 930 ਸਾਲ, ‘ਨੂਹ’ ਦੀ 900 ਸਾਲ, ਵਾਲਮੀਕਿ ਰਾਮਾਇਣ ਮੁਤਾਬਕ ਰਾਮਚੰਦ੍ਰ ਨੇ 10, 000 ਵਰ੍ਹੇ ਰਾਜ ਕੀਤਾ ਜਦਕਿ ਰਾਮਚੰਦ੍ਰ ਦੇ ਗੁਰੂ (ਵਸ਼ਿਸ਼ਟ ਰਿਸ਼ੀ) ਤੇ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ਉਸਤਾਦ ‘ਵਿਸ਼ਵਾਮਿਤਰ’ 1500 ਈਸਵੀ ਪੂਰਵ ਪੈਦਾ ਹੋਏ ਹਨ। ਹਨੁਮਾਨ (ਹਣਵੰਤਰ) ਤ੍ਰੇਤਾ ਯੁੱਗ ’ਚ ਰਾਮਚੰਦ੍ਰ ਜੀ ਦਾ ਸੈਨਾਪਤੀ ਸੀ ਤੇ ਦੁਆਪਰ ’ਚ ਕ੍ਰਿਸ਼ਨ ਜੀ ਦਾ ਸਹਿਯੋਗੀ ਵੀ ਰਿਹਾ ਯਾਨੀ ਕਿ ਹਨੁਮਾਨ ਦੀ ਉਮਰ ਭੀ ਹਜ਼ਾਰਾਂ ਸਾਲ ਹੋਏਗੀ ਆਦਿ।)

(2). ਸਭ ਤੋਂ ਪੁਰਾਣੇ ਵੈਦਿਕ ਧਰਮ ਦਾ ਪਿਛੋਕੜ ਇਰਾਨ ਦੇਸ਼ ਨਾਲ਼ ਹੈ, ਜਿੱਥੇ ਦੇਵ ਪੂਜਾ, ਨਛੱਤਰ ਪੂਜਾ, ਬਨਸਪਤੀ (ਦਰਖ਼ਤ) ਪੂਜਾ, ਮੂਰਤੀ ਪੂਜਾ, ਸਤੀ ਪ੍ਰਥਾ, ਕੁਰਬਾਨੀ ਦੇਣਾ ਆਦਿ ਕਰਮ ਪ੍ਰਧਾਨ ਰਹੇ ਹਨ, ਜਿਨ੍ਹਾਂ ਨੂੰ ਸਵੀਕਾਰਨਾ ਤੇ ਨਕਾਰਨਾ ਹੀ ਕਈ ਧਰਮਾਂ ਦੀ ਬੁਨਿਆਦ ਬਣ ਗਿਆ। ਜੈਨੀ, ਬੋਧੀ ਆਦਿ ਮੱਤਾਂ ਨੇ ਇਨ੍ਹਾਂ ਨੂੰ ਨਕਾਰਿਆ ਵੀ ਤੇ ਕਿਸੇ ਗ਼ੈਬੀ (ਅਲੌਕਿਕ) ਸ਼ਕਤੀ ਤੋਂ ਵੀ ਮੁਨਕਰ ਰਹੇ ਯਾਨੀ ਇਹ ਸਮਾਜਿਕ ਸੋਚ ਸੀ। ਦੂਸਰੇ ਪਾਸੇ ਇਬਰਾਨੀਆਂ ਨੇ ਉਕਤ ਕਰਮਕਾਂਡਾਂ ਨੂੰ ਨਕਾਰਿਆ ਅਤੇ ਗ਼ੈਬੀ ਸ਼ਕਤੀ (ਅੱਲ੍ਹਾ) ਨੂੰ ਸੱਤ ਆਕਾਸ਼ ’ਤੇ ਮੰਨਿਆ ਹੈ। ਇਹ ਵੀ ਸਚਾਈ ਹੈ ਕਿ ਆਰੀਅਨ ਫ਼ਲਸਫ਼ੇ ਦਾ ਪ੍ਰਭਾਵ ਸਭ ਧਰਮਾਂ ਉੱਤੇ ਜ਼ਰੂਰ ਵੇਖਣ ਨੂੰ ਮਿਲਦਾ ਹੈ। ਵੈਸੇ ਸਾਰੇ ਹੀ ਧਰਮ ਸਮਾਜਿਕ ਇਨਸਾਫ਼ ਦੇਣ ਦੇ ਹੱਕ ’ਚ ਹਨ।

(3). ਪੈਗ਼ੰਬਰੀ ਵਿਚਾਰਾਂ ਨਾਲ਼ ਉਨ੍ਹਾਂ ਦੇ ਪੈਰੋਕਾਰਾਂ ਦੀ ਅਸਹਿਮਤੀ ਵੀ ਰਹੀ; ਜਿਵੇਂ ਕਿ ਬ੍ਰਹਮਾ ਨੂੰ ਜਗਤ ਰਚੇਤਾ ਵੀ ਮੰਨਿਆ ਅਤੇ ਆਪਣੀ ਲੜਕੀ ’ਤੇ ਮੋਹਿਤ ਹੋਣ ਵਾਲ਼ਾ ਕਾਮੀ ਵੀ ਕਿਹਾ। ਈਸਾ ਮਸੀਹ ਨੂੰ ਪ੍ਰਮੁੱਖ ਚੇਲੇ ਪੀਟਰ ਵੱਲੋਂ ਲਾਹਨਤਾਂ ਪਾਉਣੀਆਂ, ਭਗਵਾਨ ਮਹਾਂਵੀਰ ਦੇ ਵਿਚਾਰਾਂ ਨਾਲ਼ ਪ੍ਰਮੁੱਖ ਚੇਲੇ ਗੋਸ਼ਲ ਦੀ ਅਸਹਿਮਤੀ, ਰਾਘਵਾਨੰਦ ਜੀ ਨਾਲ਼ ਰਾਮਾਨੰਦ ਜੀ ਦਾ ਵਿਰੋਧਾਭਾਸ, ਹਜ਼ਰਤ ਅਲੀ ਜੀ ਦੇ ਵਿਚਾਰਾਂ ਨੂੰ ਝੂਠਾ ਕਹਿਣਾ ਆਦਿ।

ਗੁਰਬਾਣੀ ਨੇ ਈਸ਼ਵਰ ਦੀ ਪਰਿਭਾਸ਼ਾ ਸਰਬ ਵਿਆਪਕ ਬਿਆਨ ਕੀਤੀ ਹੈ। ਬ੍ਰਾਹਮਣ ਇਸ ਤੋਂ ਮੁਨਕਰ ਹੋ ਕੇ ਕੁਦਰਤ ਦਾ ਉਪਾਸ਼ਕ ਬਣਿਆ ਰਿਹਾ ਤੇ ਆਪਣੇ ਇਸ਼ਟ ਦੇਵ ’ਤੇ ਵੀ ਪੂਰਾ ਵਿਸ਼ਵਾਸ ਨਾ ਬਣਾ ਸਕਿਆ, ਜਿਸ ਕਾਰਨ ਹਿੰਦੂ ਨੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਕਿਹਾ ਜਦਕਿ ਮੁਸਲਮਾਨ;  ਸਰਬ ਵਿਆਪਕ ਖ਼ੁਦਾ ਤੋਂ ਮੁਨਕਰ ਹੈ ਤੇ ਪੈਗ਼ੰਬਰੀ ਵਚਨਾਂ ’ਤੇ ਪੂਰਾ ਯਕੀਨ ਰੱਖਣ ਕਾਰਨ ਕੇਵਲ ਇੱਕ ਅੱਖੋਂ ਕਾਣਾ ਦੱਸਿਆ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ’’ ਕਿਉਂਕਿ ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫) ਪਰ ਬੇਇਨਸਾਫ਼ੀ ਵੇਖੋ ਕਿ ਵਿਦਿਅਕ ਪੰਡਿਤ ਨੇ ਆਪਣੇ ਅਸ਼ਰਧਕ ਇਸ਼ਟ ਵਾਙ ਨਾਮਦੇਵ ਜੀ ਨੂੰ ਹੀ ਪੱਥਰ ਪੂਜਕ ਸਾਬਤ ਕਰਨਾ ਚਾਹਿਆ।

ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਰੱਬ (ਨਿਰਾਕਾਰ) ਦੇ ਅਨੇਕਾਂ ਨਾਮ ਹਨ। ਉਹੀ ਜਗਤ ਰਚਨਾ (ਆਕਾਰ, ਕੁਦਰਤ) ਬਣਾਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਇਸ ਨੂੰ ਖ਼ਤਮ ਕਰਨ ਵਾਲ਼ਾ ਹੈ। ਪ੍ਰਮਾਤਮਾ ਇੱਕ ਸਮੁੰਦਰ ਦੀ ਤਰ੍ਹਾਂ ਹੈ ਤੇ ਸਾਰੇ ਜੀਵ; ਉਸ ਸਮੁੰਦਰ ਦੀਆਂ ਬੂੰਦਾਂ ਹਨ। ਇਨ੍ਹਾਂ ਬੂੰਦਾਂ ਨੂੰ ਆਤਮਾ (ਜ਼ਿੰਦਗੀ ਦਾ ਆਧਾਰ) ਕਿਹਾ, ਜੋ ਅਕਾਲ ਪੁਰਖ ਦਾ ਅਨਿੱਖੜਵਾਂ ਅੰਗ ਹੋਣ ਕਾਰਨ ਕਦੇ ਮਰਦਾ ਨਹੀਂ  ‘‘ਇਆ ਮੰਦਰ ਮਹਿ; ਕੌਨ ਬਸਾਈ ? ਤਾ ਕਾ ਅੰਤੁ; ਕੋਊ ਪਾਈ ਰਹਾਉ …. ਨਾ ਇਸੁ ਪਿੰਡੁ; ਰਕਤੂ ਰਾਤੀ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ)ਇਸੁ ਮਰਤੇ ਕਉ; ਜੇ ਕੋਊ ਰੋਵੈ ਜੋ ਰੋਵੈ; ਸੋਈ ਪਤਿ ਖੋਵੈ ਗੁਰ ਪ੍ਰਸਾਦਿ; ਮੈ ਡਗਰੋ (ਸਹੀ ਮਾਰਗ) ਪਾਇਆ ਜੀਵਨ ਮਰਨੁ ਦੋਊ ਮਿਟਵਾਇਆ ਕਹੁ ਕਬੀਰ ! ਇਹੁ ਰਾਮ ਕੀ ਅੰਸੁ ਜਸ (ਜੈਸੇ) ਕਾਗਦ ਪਰ; ਮਿਟੈ ਮੰਸੁ (ਸਿਆਹੀ)’’ (ਭਗਤ ਕਬੀਰ/੮੭੧)

ਇਸ ਆਤਮਾ ਦਾ ਪੈਂਡਾ ਅਕਾਲ ਪੁਰਖ ’ਚ ਲੀਨਤਾ ਜਾਂ ਕਿਆਮਤ ਤੱਕ ਆਵਾਗਮਣ ਹੁੰਦੇ ਰਹਿਣਾ; ਅਟੁੱਟ ਨਿਯਮ ਹੈ। ਅਕਾਲ ਪੁਰਖ ਆਪ ਅਜੂਨੀ ਹੈ; ਜਿਸ ਦੇ ਹੁਕਮ ’ਚ ਆਵਾਗਮਣ ਰਾਹੀਂ ਕੁਦਰਤ ਦਾ ਵਿਕਾਸ ਹੁੰਦੈ। ਇਸ ਹੁਕਮ ਤੋਂ ਮੁਨਕਰ ਕੋਈ ਨਹੀਂ। ਮੈਂ ਹੁਕਮ ਵਿੱਚ ਚੱਲ ਰਿਹਾ ਹਾਂ, ਨੂੰ ਸਵੀਕਾਰਨਾ ਹੀ ਮੁਕਤੀ ਹੈ ਕਿਉਂਕਿ ਇਹ ਭਾਵਨਾ; ਮਨੁੱਖ ਨੂੰ ਹਰ ਕੰਮ ਦਾ ਮਹੱਤਵ ਆਪਣੇ ’ਤੇ ਲੈਣ ਤੋਂ ਰੋਕਦੀ ਹੈ ਤੇ ਰੱਬ ਦੇ ਗੁਣ ਗਾਉਣ ਲਈ ਪ੍ਰੇਰਦੀ ਹੈ ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਹੂੰ ’’ (੧੩੭੫) ਭਾਵ ਹੇ ਕਰਤਾਰ ! ਹਰ ਕੰਮ ਤੂੰ ਹੀ, ਤੂੰ ਹੀ ਕਰਾਉਂਦਾ ਹੈਂ, ਕਹਿਣ ਨਾਲ਼ ਮੇਰੇ ਅੰਦਰੋਂ ਆਪਣਾਪਣ ਮਰਦਾ ਹੈ, ਜੋ ਜਨਮ ਮਰਨ ਦਾ ਮੂਲ ਹੈ।

ਵੈਸੇ ਸਭ ਜੀਵ ਅਕਾਲ ਪੁਰਖ ਦੇ ਹੁਕਮ ਮੁਤਾਬਕ ਚੱਲਦੇ ਹਨ ਪਰ ਕਰਮਾਂ ਦਾ ਫਲ਼; ਜੀਵ ਦਾ ਆਪਣਾ ਨਸੀਬ ਹੈ, ਜੋ ਆਤਮਾ ਉੱਪਰ ਚੜ੍ਹੀ ਮੈਲ਼ (ਅੰਤਹਿਕਰਣ, ਧੁੰਧ) ਹੈ। ਗੁਰੂ (ਆਤਮ ਪ੍ਰਕਾਸ਼ ਰੂਪ); ਧੁੰਧ ’ਚ ਛੁਪੇ ਆਤਮਾ (ਰੱਬੀ ਨੂਰ) ਬਾਰੇ ਸੋਝੀ ਦਿੰਦੈ ਯਾਨੀ ਅੰਤਹਿਕਰਣ ਨੂੰ ਪਾਰਦਰਸ਼ੀ ਕਰਦੈ। ਇਹੀ ਮੁਕਤੀ ਹੈ। ਭਾਈ ਗੁਰਦਾਸ ਜੀ ਇਉਂ ਬਿਆਨ ਕਰਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭) ਇਹ ਚਾਨਣ; ਗੁਰੂ ਹੀ ਕਰ ਸਕਦੈ, ਨਾ ਕਿ ਅਕਾਸ਼ ’ਚ ਹਜ਼ਾਰਾਂ ਚੰਦ-ਸੂਰਜ ਚੜ੍ਹਨ ਨਾਲ਼ ਪ੍ਰਗਟ ਹੁੰਦੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਮਹਲਾ /੪੬੩) ਪਾਰਦਰਸ਼ੀ ਅੰਤਹਿਕਰਣ ਵਾਲ਼ੇ ਯਾਨੀ ਕਿ ਰੱਬ ਦੇ ਦਰਸ਼ਨ ਕਰ ਚੁੱਕੇ; ਮਰਨ ਉਪਰੰਤ ਅਕਾਲ ਪੁਰਖ ’ਚ ਲੀਨ ਹੁੰਦੇ ਹਨ; ਜਿਵੇਂ ਨਦੀਆਂ-ਨਾਲੇ ਸਮੁੰਦਰ ਵਿੱਚ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ ’’ (ਜਪੁ)

ਗੁਰਬਾਣੀ; ਜਗਤ ਰਚਨਾ ਨੂੰ ਅਕਾਲ ਪੁਰਖ ਦੀ ਇੱਕ ਖੇਡ ਮੰਨਦੀ ਹੈ। ਇਸ ਨੂੰ ਬਣਾਏ ਰੱਖਣਾ ਅਕਾਲ ਪੁਰਖ ਦਾ ਨਿਰਣਾ ਹੈ। ਇਹ ਖੇਡ ਤਾਂ ਹੀ ਵਿਕਾਸ ਕਰੇਗੀ ਜੇ ਜੀਵਾਂ ਦਾ ਸੁਭਾਅ ਅਕਾਲ ਪੁਰਖ ਵਰਗਾ ਨਾ ਹੋਵੇ। ਵੈਦਿਕ ਧਰਮ ਇਸ ਭਿੰਨ ਭਿੰਨ ਸੁਭਾਅ ਨੂੰ ਪਾਪ ਪੁੰਨ ’ਚ ਵੰਡਦੈ ਜਦਕਿ ਗੁਰਬਾਣੀ ਰੱਦ ਕਰਦੀ ਹੈ ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ (ਮੂਲ ਖਬਰ) ਜਾਣੀ ’’ (ਮਹਲਾ /੯੨੦)

ਜਗਤ ਰਚਨਾ ’ਚੋਂ ਜੀਵ ਨੇ ਦੋ ਤਰ੍ਹਾਂ ਮੁਕਤ ਹੋਣਾ ਹੈ ‘ਕਿਆਮਤ ਉਪਰੰਤ ਜਾਂ ਗੁਰੂ ਕਿਰਪਾ ਨਾਲ਼ ਜਗਤ ਰਚੇਤਾ ਨੂੰ ਯਾਦ ਕਰ’। ਰੱਬ ਨੂੰ ਯਾਦ ਕਰਨ ਨਾਲ਼ ਮਨੁੱਖ ਨੂੰ ਲਾਭ ਹੈ, ਰੱਬ ਨੂੰ ਨਹੀਂ ਕਿਉਂਕਿ ਉਹ ਆਪਣੀ ਵਡਿਆਈ ਸੁਣ ਮਨੁੱਖ ਵਾਙ ਫੁੱਲਦਾ ਨਹੀਂ ਤੇ ਨਾ ਯਾਦ ਕਰਨ ਨਾਲ਼ ਘਟਦਾ ਨਹੀਂ ‘‘ਵਡਾ ਹੋਵੈ; ਘਾਟਿ ਜਾਇ ’’ (ਮਹਲਾ /)

ਸਾਰੇ ਜੀਵ ਰੱਬੀ ਜੋਤ ਦਾ ਰੂਪ ਹੋਣ ਕਾਰਨ ਨਸਲ, ਜਾਤ ਜਾਂ ਲਿੰਗ ਆਦਿ ਵਿਤਕਰਾ ਕਰਨਾ ਮਨਮਤ ਹੈ, ਇਸ ਲਈ ਗੁਰਮਤਿ ਨੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਨੂੰ ਪਹਿਲ ਦਿੱਤੀ ਤਾਂ ਜੋ ਆਪਸੀ ਪਿਆਰ ਬਣਿਆ ਰਹੇ।

ਗੁਰੂ ਕੇਵਲ ਅਧਿਆਪਕ ਜਾਂ ਵਿੱਦਿਅਕ ਦਾਤਾ ਨਹੀਂ ਬਲਕਿ ਅੰਤਹਿਕਰਣ ਦੀ ਮੁਕੰਮਲ ਸਫ਼ਾਈ ਕਰਾਉਣ ਤੱਕ ਭਰੋਸਾ ਬਣਾਉਣ ’ਚ ਸਹਾਰਾ ਭੀ ਦਿੰਦੈ ਤਾਂ ਕਿ ਰੱਬ ਦੇ ਦਰਸ਼ਨ ਹੋ ਜਾਣ, ਜੋ ਗੁਰੂ ਦਾ ਟੀਚਾ ਸੀ। ਗੁਰੂ ਨੂੰ ਅੰਗ-ਸੰਗ ਮਹਿਸੂਸ ਕੀਤਿਆਂ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ’’ (ਮਹਲਾ /੩੯੪) ਦਿਲੋਂ ਗੁਰੂ ਅੱਗੇ ਬੇਨਤੀ ਕਰ ਹੁੰਦੀ ਹੈ ‘‘ਗੁਰੂ, ਗੁਰੂ, ਗੁਰੁ ਕਰਿ, ਮਨ ਮੋਰ (ਮੇਰੇ) ! ਗੁਰੂ ਬਿਨਾ; ਮੈ ਨਾਹੀ ਹੋਰ ਗੁਰ ਕੀ ਟੇਕ ਰਹਹੁ; ਦਿਨੁ ਰਾਤਿ ਜਾ ਕੀ; ਕੋਇ ਮੇਟੈ ਦਾਤਿ (ਮਿਹਰ)’’ (ਮਹਲਾ /੮੬੪)

ਗੁਰੂ ਗ੍ਰੰਥ ਸਾਹਿਬ ’ਚ ਵਿਰਾਜਮਾਨ 35 ਮਹਾਂ ਪੁਰਸ਼ਾਂ ’ਚੋਂ ਦੋ ਗੁਰਸਿੱਖ (ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ) ਨੇ ਗੁਰੂ ਸ਼ਖ਼ਸੀਅਤ (ਗੁਰੂ ਅਮਰਦਾਸ ਜੀ) ਦੀ ਉਪਮਾ; ਸਤਿਯੁਗ ’ਚ ਸਮੁੰਦਰ ਰਿੜਕ ਕੇ ਕੱਢੇ, ਮੰਨੇ ਗਏ 14 ਰਤਨਾਂ ਦੀ ਮਿਸਾਲ ਨਾਲ਼ ਨਿਵਾਜ ਕੇ ਕੀਤੀ ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

11 ਭੱਟ ਸਾਹਿਬਾਨ ਦੀ ਬਾਣੀ ਵੀ ਗੁਰੂ ਉਪਮਾ ਨਾਲ਼ ਸੰਬੰਧਿਤ ਸ਼ਬਦ ਹਨ। ਮਿਸਾਲ ਲਈ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਜੋਤ ਪ੍ਰਤੀ ਆਪਣੀ ਭਾਵਨਾ ਇਉਂ ਵਿਅਕਤ ਕੀਤੀ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ਕਲਿਜੁਗਿ, ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ’’ (ਭਟ ਕਲੵ /੧੩੯੦) ਕਿਉਂਕਿ ਗੁਰੂ ਅਤੇ ਅਕਾਲ ਪੁਰਖ ’ਚ ਅੰਤਰ ਨਹੀਂ ਹੁੰਦਾ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ’’ (ਭਟ ਮਥੁਰਾ/੧੪੦੯)

ਗੁਰਬਾਣੀ ਦੇ ਮੂਲ ਸਿਧਾਂਤ; ਜਿਵੇਂ ਕਿ ਅਕਾਲ ਪੁਰਖ ਦੀ ਪਰਿਭਾਸ਼ਾ, ਮਨੁੱਖ ਲਈ ਗੁਰੂ ਦੀ ਅਹਿਮੀਅਤ, ਗੁਰੂ ਅਤੇ ਅਕਾਲ ਪੁਰਖ ਦੀ ਮਨੁੱਖਾਂ ’ਤੇ ਹੁੰਦੀ ਬਖ਼ਸ਼ਸ਼, ਆਵਾਗਮਣ ਤੋਂ ਮੁਕਤੀ, ਮਰਨ ਉਪਰੰਤ ਆਤਮਾ ਦਾ ਮਾਰਗ ਆਦਿ ਵਿਸ਼ਿਆਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ 35 ਮਹਾ ਪੁਰਖਾਂ ਦੇ ਵਿਚਾਰ ਇੱਕ ਸਮਾਨ ਹਨ; ਜਿਵੇਂ ਕਿ

(1). ਅਕਾਲ ਪੁਰਖ ਦੀ ਸਰਬ ਵਿਆਪਕਤਾ ਬਾਰੇ 15 ਭਗਤਾਂ ਦੇ ਵਿਚਾਰ :

ਕਹਤ ਨਾਮਦੇਉ ਹਰਿ ਕੀ ਰਚਨਾ; ਦੇਖਹੁ ਰਿਦੈ ਬੀਚਾਰੀ ॥ ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/485)

ਜੇ ਕੋ ਮੂੰ ਉਪਦੇਸੁ ਕਰਤੁ ਹੈ; ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ (ਭਗਤ ਤ੍ਰਿਲੋਚਨ/੯੨)

ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ (ਉਚਾਰਨ ਭੁਗਵੈ) ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/658)

ਮਸਤਕਿ ਪਦਮੁ, ਦੁਆਲੈ ਮਣੀ ॥ (ਉਸ) ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥ (ਭਗਤ ਬੇਣੀ/੯੭੪) ਭਾਵ ਮੱਥੇ ’ਤੇ ਕੰਵਲ ਫੁੱਲ (ਵਿਵੇਕ) ਹੈ, ਉਸ ਦੁਆਲੇ ਮਣੀ (ਭਾਵ ਗੁਣ, ਹੀਰਾ), ਉਸ ਵਿੱਚ ਤ੍ਰਿਲੋਕ ਦੇ ਮਾਲਕ ਦਾ ਨਿਵਾਸ ਹੈ।

ਫਰੀਦਾ  ! ਜੰਗਲੁ ਜੰਗਲੁ ਕਿਆ ਭਵਹਿ ? ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ (ਹਿਰਦੇ ’ਚ); ਜੰਗਲੁ ਕਿਆ ਢੂਢੇਹਿ ? ॥ (ਭਗਤ ਫਰੀਦ/੧੩੭੮)

ਰਾਮਾਨੰਦ (ਦਾ) ਸੁਆਮੀ ਰਮਤ ਬ੍ਰਹਮ (ਸਰਬ ਵਿਆਪਕ)॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ (ਕਰੋੜਾਂ ਅੰਧਵਿਸ਼ਵਾਸ ਕਿ ਰੱਬ ਸਰਬ ਵਿਆਪਕ ਨਹੀਂ)॥ (ਭਗਤ ਰਾਮਾਨੰਦ/੧੧੯੫)

ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥ (ਭਗਤ ਕਬੀਰ/੩੩੦)

ਜੋਲਾਹੇ ਘਰੁ ਅਪਨਾ ਚੀਨ੍ਹਾਂ (ਭਾਵ ਸਵੈ ਪੜਚੋਲ ਕੀਤੀ ਤਾਂ); ਘਟ ਹੀ ਰਾਮੁ ਪਛਾਨਾਂ ॥ (ਭਗਤ ਕਬੀਰ/੪੮੪)

ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ (ਸਮਝੀਦੈ)॥ (ਭਗਤ ਪੀਪਾ/੬੯੫)

ਕਹੁ ਭੀਖਨ  ! ਦੁਇ ਨੈਨ ਸੰਤੋਖੇ; ਜਹ ਦੇਖਾਂ ਤਹ ਸੋਈ ॥ (ਭਗਤ ਭੀਖਨ/੬੫੯) ਆਦਿ।

(2). ਗੁਰੂ (ਗੁਰਮਤਿ) ਤੇ ਗੁਰੂ ਸੰਗਤ ਦੀ ਅਹਿਮੀਅਤ ਬਾਰੇ 15 ਭਗਤਾਂ ਦੇ ਵਿਚਾਰ :

ਪੂਜਨ ਚਾਲੀ ਬ੍ਰਹਮ ਠਾਇ ॥ (ਪਰ) ਸੋ ਬ੍ਰਹਮੁ ਬਤਾਇਓ; ਗੁਰਿ (ਨੇ), ਮਨ ਹੀ ਮਾਹਿ ॥ (ਭਗਤ ਰਾਮਾਨੰਦ/੧੧੯੫)

ਸਤਿਗੁਰ ! ਮੈ ਬਲਿਹਾਰੀ ਤੋਰ (ਤੇਰੇ ਤੋਂ) ॥ ਜਿਨਿ, ਸਕਲ ਬਿਕਲ (ਸਾਰੇ ਔਖੇ) ਭ੍ਰਮ, ਕਾਟੇ ਮੋਰ (ਮੇਰੇ) ॥ (ਭਗਤ ਰਾਮਾਨੰਦ/੧੧੯੫)

ਗੁਰਮਤਿ (ਗੁਰੂ ਰਾਹੀਂ) ਰਾਮੁ ਕਹਿ; ਕੋ ਕੋ ਨ ਬੈਕੁੰਠਿ ਗਏ  ? ॥ (ਭਗਤ ਨਾਮਦੇਵ/718)

ਕਹੁ ਬੇਣੀ  ! ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ, ਬਾਟ ਨ ਪਾਵੈ ॥ (ਭਗਤ ਬੇਣੀ/੧੩੫੧)

ਸਾਧ ਸੰਗਤਿ ਬਿਨਾ, ਭਾਉ (ਪ੍ਰੇਮ) ਨਹੀ ਊਪਜੈ; ਭਾਵ (ਪ੍ਰੇਮ) ਬਿਨੁ, ਭਗਤਿ ਨਹੀ ਹੋਇ ਤੇਰੀ ॥ (ਭਗਤ ਰਵਿਦਾਸ/੬੯੪)

ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ (ਮੁਰੀਦ/ਸਿੱਖ ਬਣ ਚੱਲਣਾ ਚਾਹੀਦੈ) ॥ (ਬਾਬਾ ਫ਼ਰੀਦ/488)

ਗੁਰ ਸੇਵਾ ਤੇ; ਭਗਤਿ ਕਮਾਈ ॥ ਤਬ; ਇਹ ਮਾਨਸ ਦੇਹੀ ਪਾਈ ॥ (ਭਗਤ ਕਬੀਰ/੯੭੦) (ਭਾਵ ਤਾਂ ਹੀ ਮਨੁੱਖਾ ਦੇਹੀ ਸਫਲ ਹੋਈ।)

ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ; ਧਿਆਨੁ ਮਾਨੁ ਮਨ ਏਕ ਮਏ ॥ (ਭਗਤ ਧੰਨਾ/੪੮੭) ਭਾਵ ਗੁਰੂ ਨੇ ਜਦ ਗਿਆਨ-ਧਨ ਦਿੱਤਾ ਤਾਂ ਇਕੱਗਰ ਚਿਤ ਹੋ ਮਨੁੱਖ; ਰੱਬ ’ਚ ਲੀਨ ਹੋ ਗਿਆ।

ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥ (ਭਗਤ ਭੀਖਨ/੬੫੯)

(ਹੇ ਮਨੁੱਖ ! ਤੈਥੋਂ) ਹਿੰਸਾ ਤਉ ਮਨ ਤੇ ਨਹੀ ਛੂਟੀ; ਜੀਅ ਦਇਆ ਨਹੀ ਪਾਲੀ ॥ ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ (ਚੰਗੀ ਗੱਲ ਨਾ ਸੁਣੀ) ॥ (ਭਗਤ ਪਰਮਾਨੰਦ/੧੨੫੩) ਆਦਿ। ਸੋ ਗੁਰੂ ਸਾਹਿਬਾਨ ਵਾਙ 15 ਭਗਤ ਜਨ ਭੀ ਗੁਰੂ ਅਤੇ ਸੰਗਤ ਨੂੰ ਅਹਿਮ ਮੰਨਦੇ ਹਨ।

(3). ਮਨੁੱਖ ਉੱਤੇ ਹੁੰਦੀ ਗੁਰੂ ਤੇ ਰੱਬ ਦੀ ਮਿਹਰ ਬਾਰੇ 15 ਭਗਤਾਂ ਦੇ ਵਿਚਾਰ :

ਕ੍ਰਿਪਾ ਕਰੀ ਜਨ ਅਪੁਨੇ ਊਪਰ; ਨਾਮਦੇਉ ਹਰਿ ਗੁਨ ਗਾਏ ॥ (ਭਗਤ ਨਾਮਦੇਵ/੬੯੩)

ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ! ਮੇਰੀ ॥ (ਭਗਤ ਰਵਿਦਾਸ/੬੯੪)

ਕਹਿ ਰਵਿਦਾਸ, ਸਰਨਿ ਪ੍ਰਭ  ! ਤੇਰੀ ॥ ਜਿਉ ਜਾਨਹੁ; ਤਿਉ ਕਰੁ ਗਤਿ ਮੇਰੀ ॥ (ਭਗਤ ਰਵਿਦਾਸ/੭੯੩)

ਤੇਰੀ ਪਨਹ ਖੁਦਾਇ  ! ਤੂ ਬਖਸੰਦਗੀ ॥ ਸੇਖ ਫਰੀਦੈ (ਨੂੰ) ਖੈਰੁ; ਦੀਜੈ ਬੰਦਗੀ ॥ (ਸ਼ੇਖ਼ ਫਰੀਦ/੪੮੮)

ਕਹੁ ਕਬੀਰ, ਪ੍ਰਭ  ! ਕਿਰਪਾ ਕੀਜੈ ॥ ਹਾਰਿ ਪਰੇ; ਅਬ ਪੂਰਾ (ਭਰੋਸਾ) ਦੀਜੈ ॥ (ਭਗਤ ਕਬੀਰ/੩੨੬)

ਅਬ ਕੀ ਬਾਰ, ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥ (ਭਗਤ ਕਬੀਰ/੧੧੦੪)

ਰਾਮ ਰਾਇ  ! ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥ (ਭਗਤ ਭੀਖਨ/੬੫੯)

ਗੋਪਾਲ  ! ਤੇਰਾ ਆਰਤਾ (ਮੰਗਤਾ)॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ (ਉਨ੍ਹਾਂ ਦੇ ਤੂੰ) ਕਾਜ ਸਵਾਰਤਾ ॥ (ਭਗਤ ਧੰਨਾ/੬੯੫)

ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ ॥ ਕਹਿ ਰਵਿਦਾਸ  ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥ (ਭਗਤ ਰਵਿਦਾਸ/੬੯੪) ਆਦਿ।

(4). ਭਗਤ ਸਾਹਿਬਾਨ ਦੁਆਰਾ ਰੱਬ ਦੀ ਪ੍ਰੇਮਾ-ਭਗਤੀ ਕਰਨ ਦਾ ਜ਼ਿਕਰ :

ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ (ਉਹ ਧਰਤੀ ’ਤੇ ਬੋਝ ਹਨ)॥ (ਸ਼ੇਖ਼ ਫਰੀਦ/੪੮੮)

ਕਹਾ ਭਇਓ  ? ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ॥੧॥ ਪ੍ਰੇਮ ਕੀ ਜੇਵਰੀ; ਬਾਧਿਓ ਤੇਰੋ ਜਨ ॥ ਕਹਿ ਰਵਿਦਾਸ  ! ਛੂਟਿਬੋ ਕਵਨ ਗੁਨ  ? ॥੩॥ (ਭਗਤ ਰਵਿਦਾਸ/੪੮੭)

(ਰੱਬੀ) ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ (ਪਿਆਰ) ? ॥ ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ (ਪ੍ਰੇਮ)॥ (ਭਗਤ ਕਬੀਰ/੩੨੮)

ਜੋ ਜਨੁ ਭਾਉ ਭਗਤਿ (ਪ੍ਰੇਮਾ-ਭਗਤੀ) ਕਛੁ ਜਾਨੈ; ਤਾ ਕਉ ਅਚਰਜੁ ਕਾਹੋ (ਉਹ ਕਿਰਦਾਰ ਅਨੋਖਾ ਹੁੰਦੈ)॥ (ਭਗਤ ਕਬੀਰ/੬੯੨) ਆਦਿ।

(5). ਭਗਤ ਸਾਹਿਬਾਨ ਦੁਆਰਾ ਮੌਤ ਉਪਰੰਤ ਆਤਮਾ (ਰੂਹ/ਹੰਸੁ) ਦੇ ਪੈਂਡੇ ਦਾ ਜ਼ਿਕਰ :

ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥ (ਬਾਬਾ ਫਰੀਦ/੭੯੪)

ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ (ਬਾਬਾ ਫਰੀਦ/੧੩੭੭)

ਲਟ ਛਿਟਕਾਏ ਤਿਰੀਆ (ਕੇਸ ਖੋਲ੍ਹ ਕੇ ਵਹੁਟੀ) ਰੋਵੈ; ਹੰਸੁ ਇਕੇਲਾ ਜਾਈ ॥ (ਭਗਤ ਕਬੀਰ/੪੭੮)

ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅੱਗੇ) ਹੰਸੁ (ਆਤਮਾ) ਇਕੇਲਾ ਜਾਇ ॥ (ਭਗਤ ਕਬੀਰ/੧੧੨੪), ਆਦਿ।

(6). ਗੁਰਬਾਣੀ ਮੁਤਾਬਕ ਰੱਬੀ ਡਰ-ਅਦਬ ਹੇਠ ਰਹਿਣਾ, ਵਿਕਾਰਾਂ ਤੋਂ ਬਚਣਾ ਤੇ ਪ੍ਰੇਮਾ ਭਗਤੀ ਕਰਨੀ; ਜੀਵਦਿਆਂ ਮੁਕਤੀ ਹੈ, ਜੋ ਮਰਨ ਉਪਰੰਤ ਰੱਬ ’ਚ ਸਦੀਵੀ ਲੀਨਤਾ ਕਰਵਾ ਕੇ ਆਵਾਗਮਣ ਤੋਂ ਮੁਕਤ ਕਰਵਾਏਗੀ, ਪਰ ਅਜਿਹਾ ਰੱਬ ਦੀ ਮਿਹਰ ਨਾਲ਼ ਸੰਭਵ ਹੈ; ਜਿਵੇਂ  ਜੀਵਤ ਮਰਣਾ ਸਭੁ ਕੋ ਕਹੈ (ਪਰ); ਜੀਵਨ ਮੁਕਤਿ ਕਿਉ (ਕਿਵੇਂ) ਹੋਇ ? (ਜਵਾਬ, ਰੱਬੀ) ਭੈ ਕਾ ਸੰਜਮੁ ਜੇ ਕਰੇ; ਦਾਰੂ ਭਾਉ (ਪ੍ਰੇਮ) ਲਾਏਇ ਅਨਦਿਨੁ ਗੁਣ ਗਾਵੈ ਸੁਖ ਸਹਜੇ; ਬਿਖੁ ਭਵਜਲੁ ਨਾਮਿ (ਨਾਲ਼) ਤਰੇਇ (ਪਰ ਤਾਂ ਹੀ ਸੰਭਵ ਜੇ) ਨਾਨਕ  ! ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ (ਮਹਲਾ /੯੪੮) ਅਜਿਹੀ ਰੂਹ ਇਉਂ ਹੁੰਦੀ ਹੈ ‘‘ਤੈਸਾ ਮਾਨੁ; ਤੈਸਾ ਅਭਿਮਾਨੁ ਤੈਸਾ ਰੰਕੁ; ਤੈਸਾ ਰਾਜਾਨੁ ਜੋ ਵਰਤਾਏ; ਸਾਈ ਜੁਗਤਿ ਨਾਨਕ  ! ਓਹੁ ਪੁਰਖੁ ਕਹੀਐ; ਜੀਵਨ ਮੁਕਤਿ ’’ (ਮਹਲਾ /੨੭੫)

ਗੁਰਬਾਣੀ ਦਾ ਇਹ ਪੱਖ ਵੀ ਵਿਲੱਖਣ ਹੈ ਕਿ ਰੱਬ ਆਪ ਹੀ ਜੀਵ ਰੂਪ ਹੋ ਕੇ ਸਭ ਕੁਝ ਕਰ ਰਿਹਾ ਹੈ ਤੇ ਭੋਗ ਰਿਹਾ ਹੈ; ਜਿਵੇਂ ਕਿ

(1). (ਗੁਰੂ ਨਾਨਕ ਜੀ). ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ (ਤੋਹੀ)॥ ਸਹਸ ਪਦ ਬਿਮਲ, ਨਨ ਏਕ ਪਦ (ਪੈਰ); ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥ (ਮਹਲਾ ੧/੧੩) ਭਾਵ ਹੇ ਨਿਰਾਕਾਰ ! ਇਹ ਬੜਾ ਅਦਭੁਤ ਹੈ ਕਿ ਤੂੰ ਨਿਰਾਕਾਰ ਵਜੋਂ ਅੱਖ, ਸ਼ਕਲ, ਪੈਰ, ਨੱਕ ਤੋਂ ਬਿਨਾਂ ਹੈਂ ਪਰ ਸਰਗੁਣ (ਸਰਬ ਵਿਆਪਕ) ਹੋਣ ਕਾਰਨ ਤੇਰੇ ਹਜ਼ਾਰਾਂ ਅੱਖਾਂ, ਹਜ਼ਾਰਾਂ ਸ਼ਕਲਾਂ, ਹਜ਼ਾਰਾਂ ਸੁੰਦਰ ਪੈਰ, ਹਜ਼ਾਰਾਂ ਨੱਕ ਹਨ ਭਾਵ ਤੂੰ ਨਿਰਾਕਾਰ ਹੋ ਕੇ ਪ੍ਰੇਰ ਰਿਹਾ ਹੈਂ ਤੇ ਆਕਾਰ ਰੂਪ ਹੋ ਕੇ ਕਰ ਰਿਹੈਂ ਤੇ ਭੋਗ ਰਿਹੈਂ।

(2). (ਗੁਰੂ ਅੰਗਦ ਜੀ). ਕਿਸ ਨੋ ਕਹੀਐ  ? ਨਾਨਕਾ  ! ਸਭੁ ਕਿਛੁ ਆਪੇ ਆਪਿ ॥ (ਮਹਲਾ ੨/੪੭੫)

(3). (ਗੁਰੂ ਅਮਰਦਾਸ ਜੀ). ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥ ਜੋ ਹੁਕਮੁ ਨ ਬੂਝੈ ਖਸਮ ਕਾ; ਸੋਈ ਨਰੁ ਕਚਾ ॥ (ਮਹਲਾ ੩/੧੦੯੪)

(4). (ਗੁਰੂ ਰਾਮਦਾਸ ਜੀ). ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ  ! ॥ ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ (’ਚ) ਚਲਾਈ ॥ ਨਾਨਕ  ! (ਜੋ) ਹਰਿ ਭਾਵੈ, ਸੋ ਕਰੇ (ਓਹੀ ਜੀਵ ਕਰਦੈ); ਸਭ ਚਲੈ ਰਜਾਈ ॥ (ਮਹਲਾ ੪/੧੨੫੧)

(5). (ਗੁਰੂ ਅਰਜਨ ਸਾਹਿਬ ਜੀ). ਆਪੇ ਕੀਤੋ ਰਚਨੁ (ਜਗਤ); ਆਪੇ ਹੀ ਰਤਿਆ (ਭਾਵ ਮਾਇਆਧਾਰੀ)॥ ਆਪੇ ਹੋਇਓ ਇਕੁ (ਨਿਰਾਕਾਰ ਰੂਪ); ਆਪੇ ਬਹੁ ਭਤਿਆ (ਬਹੁ ਭਾਂਤੀ, ਆਕਾਰ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ (ਨਿਰਲੇਪ; ਨਾਸਤਿਕ ਬਣ)॥ ਆਪੇ ਜਾਣਹਿ ਦੂਰਿ (ਭਾਵ ਰੱਬ ਨੂੰ ਦੂਰ ਸਮਝਦਾ ਤੇ ਭਗਤ ਬਣ); ਆਪੇ ਹੀ ਜਾਹਰਾ (ਅੰਗ ਸੰਗ ਜਾਣਦਾ)॥ (ਮਹਲਾ ੫/੯੬੬) ਆਦਿ ਵਚਨਾਂ ਨੂੰ ਸੰਖੇਪ ’ਚ ਇਉਂ ਕਿਹਾ ਹੈ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ)

(7). ਭਗਤ ਸਾਹਿਬਾਨ ਦੁਆਰਾ ਅਨਮਤ ਧਰਮ ਨੂੰ ਨਿਰਮੂਲ ਸਿੱਧ ਕਰਨ ਦਾ ਜ਼ਿਕਰ :

ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ; ਧਰੀਐ ਪਾਉ ॥ ਜੇ ਓਹੁ ਦੇਉ (ਦੇਵਤਾ); ਤ ਓਹੁ ਭੀ ਦੇਵਾ ॥ ਕਹਿ ਨਾਮਦੇਉ; ਹਮ ਹਰਿ ਕੀ ਸੇਵਾ ॥ (ਭਗਤ ਨਾਮਦੇਵ/੫੨੫)

ਮਾਥੇ ਤਿਲਕੁ, ਹਥਿ ਮਾਲਾ ਬਾਨਾਂ (ਗੇਰੂ ਰੰਗਾ ਬਸਤਰ)॥ ਲੋਗਨ, ਰਾਮੁ ਖਿਲਉਨਾ ਜਾਨਾਂ ॥ (ਭਗਤ ਕਬੀਰ/੧੧੫੮)

ਬੁਤ ਪੂਜਿ ਪੂਜਿ ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ, ਮੁਰਦੇ ਨੂੰ)॥ ਓਇ ਲੇ ਜਾਰੇ, ਓਇ ਲੇ ਗਾਡੇ; ਤੇਰੀ ਗਤਿ ਦੁਹੂ ਨ ਪਾਈ ॥ (ਭਗਤ ਕਬੀਰ/੬੫੪)

ਪੰਡਿਤ ਮੁਲਾਂ; ਜੋ ਲਿਖਿ ਦੀਆ ॥ ਛਾਡਿ ਚਲੇ ਹਮ; ਕਛੂ ਨ ਲੀਆ ॥ (ਭਗਤ ਕਬੀਰ/੧੧੫੯)

ਕਾਇ ਜਪਹੁ ਰੇ  ! ਕਾਇ ਤਪਹੁ ਰੇ  ! ਕਾਇ ਬਿਲੋਵਹੁ ਪਾਣੀ  ? ॥ ਲਖ ਚਉਰਾਸੀਹ ਜਿਨਿ੍ ਉਪਾਈ; ਸੋ ਸਿਮਰਹੁ ਨਿਰਬਾਣੀ ॥੩॥ ਕਾਇ ਕਮੰਡਲੁ ਕਾਪੜੀਆ ਰੇ  ! ਅਠਸਠਿ ਕਾਇ ਫਿਰਾਹੀ  ? ॥ ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ  ! ਕਣ (ਦਾਣੇ) ਬਿਨੁ, ਗਾਹੁ ਕਿ (ਕਿਉਂ) ਪਾਹੀ  ? ॥੪॥ (ਭਗਤ ਤ੍ਰਿਲੋਚਨ/੫੨੬)

ਜਹਾ ਜਾਈਐ; ਤਹ ਜਲ ਪਖਾਨ ॥ (ਭਗਤ ਰਾਮਾਨੰਦ/1195)

ਭਾਵ ਜਿੱਥੇ ਜਿੱਥੇ ਜਾਂਦੇ ਹਾਂ ਉੱਥੇ ਉੱਥੇ ਪਾਣੀ-ਤੀਰਥ ਜਾਂ ਪੱਥਰ ਹਨ ਰੱਬੀ ਭਗਤੀ ਦਾ ਜ਼ਿਕਰ ਨਹੀਂ।

ਕੂਪੁ (ਖੂਹ) ਭਰਿਓ ਜੈਸੇ ਦਾਦਿਰਾ (ਡੱਡੂਆਂ ਨਾਲ਼); ਕਛੁ ਦੇਸੁ ਬਿਦੇਸੁ ਨ ਬੂਝ (ਸਮਝਦਾ)॥ (ਭਗਤ ਰਵਿਦਾਸ/੩੪੬)

ਯਾਨੀ ਕਿ ਦੁਨਿਆਵੀ ਸੁਰਤ ਦਾ ਧਾਰਮਿਕ ਰਸਮਾਂ ਨਾਲ਼ ਬਹੁ ਪੱਖੀ ਵਿਕਾਸ ਨਾ ਹੋਇਆ।

ਪਾਰੁ ਕੈਸੇ ਪਾਇਬੋ ਰੇ ? ॥ ਮੋ ਸਉ (ਮੈਨੂੰ); ਕੋਊ ਨ ਕਹੈ ਸਮਝਾਇ ॥ ਜਾ ਤੇ (ਜਿਸ ਨਾਲ਼); ਆਵਾਗਵਨੁ ਬਿਲਾਇ (ਖ਼ਤਮ ਹੋਵੇ) ॥ (ਭਗਤ ਰਵਿਦਾਸ/੩੪੬)

ਤੈ ਨਰ  ! ਕਿਆ ਪੁਰਾਨੁ ਸੁਨਿ ਕੀਨਾ (ਕੀਤਾ)॥ ਅਨਪਾਵਨੀ (ਸਥਿਰ ਕਰਨ ਵਾਲ਼ੀ) ਭਗਤਿ ਨਹੀ ਉਪਜੀ; ਭੂਖੈ ਦਾਨੁ ਨ ਦੀਨਾ ॥1॥ ਰਹਾਉ ॥ ਕਾਮੁ ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ ਨ ਛੂਟਿਓ ਦੇਵਾ (ਹੇ ਪੰਡਿਤ) ! ॥ ਪਰ ਨਿੰਦਾ ਮੁਖ ਤੇ ਨਹੀ ਛੂਟੀ; ਨਿਫਲ ਭਈ ਸਭ ਸੇਵਾ ॥੧॥ (ਭਗਤ ਪਰਮਾਨੰਦ/੧੨੫੩)

ਰੇ ਜੀਅ ਨਿਲਜ (ਬੇਸ਼ਰਮ) ! ਲਾਜ ਤੁੋਹਿ ਨਾਹੀ ॥ ਹਰਿ ਤਜਿ, ਕਤ ਕਾਹੂ ਕੇ ਜਾਂਹੀ  ? ॥੧॥ ਰਹਾਉ ॥ ਜਾ ਕੋ ਠਾਕੁਰੁ; ਊਚਾ ਹੋਈ ॥ ਸੋ ਜਨੁ; ਪਰ ਘਰ ਜਾਤ ਨ ਸੋਹੀ (ਸ਼ੋਭਦਾ)॥੧॥ ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥੨॥. ਕਹੈ ਕਬੀਰੁ ਪੂਰਨ ਜਗ (ਜਗਤ ’ਚ) ਸੋਈ ॥ ਜਾ ਕੇ ਹਿਰਦੈ, ਅਵਰੁ ਨ ਹੋਈ ॥੫॥ (ਭਗਤ ਕਬੀਰ/੩੩੦) ਆਦਿ।

(8). ਗੁਰੂ ਸਾਹਿਬਾਨ ਵੱਲੋਂ ਭਗਤ ਸਾਹਿਬਾਨ ਦੀ ਉਕਤ ਸੋਚ ਦੀ ਪੁਸ਼ਟੀ ਕੀਤੀ ਗਈ; ਜਿਵੇਂ ਕਿ

ਮਨਮੁਖਿ ਕਰਮ ਕਰਹਿ, ਨਹੀ ਬੂਝਹਿ; ਬਿਰਥਾ ਜਨਮੁ ਗਵਾਏ ॥ ਗੁਰਬਾਣੀ ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥੧॥ ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ ਗੁਰ ਤੇ ਗਤਿ ਪਾਈ ॥ ਬ੍ਰਹਮ ਕੇ ਬੇਤੇ (ਜਾਣੂ), ਸਬਦੁ ਪਛਾਣਹਿ; ਹਉਮੈ ਜਾਤਿ ਗਵਾਈ ॥ ਸੁਰਿ ਨਰ, ਤਿਨ ਕੀ ਬਾਣੀ ਗਾਵਹਿ; ਕੋਇ ਨ ਮੇਟੈ ਭਾਈ  ! ॥ (ਮਹਲਾ ੩/੬੭)

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ (ਦਿਆਲੂ ਨੂੰ) ॥ (ਮਹਲਾ ੪/੮੩੫)

ਧੰਨੈ (ਨੇ) ਸੇਵਿਆ ਬਾਲ ਬੁਧਿ ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ (ਅਕਲ ਆਈ)॥ ਬੇਣੀ ਕਉ ਗੁਰਿ (ਨੇ) ਕੀਓ ਪ੍ਰਗਾਸੁ ॥ ਰੇ ਮਨ  ! ਤੂ ਭੀ ਹੋਹਿ ਦਾਸੁ ॥੫॥ ਕਬੀਰਿ (ਨੇ) ਧਿਆਇਓ ਏਕ ਰੰਗ ॥ ਨਾਮਦੇਵ, ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ, ਗੋਵਿੰਦ ਰੂਪ ॥੮॥ (ਮਹਲਾ ੫/੧੧੯੨) ਆਦਿ।

(ਨੋਟ : ਭਗਤ ਸਾਹਿਬਾਨ ਨੇ ਆਪਣੀ ਆਪਣੀ ਬਾਣੀ ’ਚ ਰੱਬ ਦੇ ਕਈ ਨਾਮ ਲਏ ਹਨ ਪਰ ‘ਗੋਬਿੰਦ’ (ਪ੍ਰਿਥਵੀ ਦੀ ਰੱਖਿਆ ਕਰਨ ਵਾਲ਼ਾ) ਸ਼ਬਦ ਜ਼ਿਆਦਾਤਰ ਭਗਤਾਂ ਨੇ ਵਰਤਿਆ ਹੈ; ਜਿਵੇਂ ਕਿ

ਮੇਰੀ ਪ੍ਰੀਤਿ; ਗੋਬਿੰਦ ਸਿਉ ਜਿਨਿ (ਮਤਾਂ) ਘਟੈ ॥ (ਭਗਤ ਰਵਿਦਾਸ/੬੯੪)

ਸਭੁ ਗੋਬਿੰਦੁ ਹੈ, ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ, ਨਹੀ ਕੋਈ ॥ (ਭਗਤ ਨਾਮਦੇਵ/੪੮੫)

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ, ਰਾਜਿ (ਸੱਤਾ ਪ੍ਰਾਪਤੀ ਨਾਲ਼) ਨ ਲਹੀਐ ॥ (ਭਗਤ ਕਬੀਰ/੩੩੬)

ਸੰਤਹੁ (ਨੇ) ਬਨਜਿਆ ਨਾਮੁ ਗੋਬਿਦ ਕਾ; ਐਸੀ ਖੇਪ ਹਮਾਰੀ ॥ (ਭਗਤ ਕਬੀਰ/੧੧੨੩)

ਮਦਨ (ਸੁੰਦਰ) ਮੂਰਤਿ, ਭੈ ਤਾਰਿ ਗੋਬਿੰਦੇ ॥ ਸੈਨੁ ਭਣੈ; ਭਜੁ ਪਰਮਾਨੰਦੇ ॥ (ਭਗਤ ਸੈਣ ਜੀ/੬੯੫) ਆਦਿ, ਇਸ ਲਈ ਸਭ ਭਗਤਾਂ ਦਾ ਜ਼ਿਕਰ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਵੀ ‘ਗੋਬਿੰਦ’ ਸ਼ਬਦ ਨੂੰ ਆਧਾਰ ਬਣਾਇਆ; ਜਿਵੇਂ

ਗੋਬਿੰਦ, ਗੋਬਿੰਦ, ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਮਹਲਾ ੫/੪੮੮)

(9). ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਵਰਣ-ਵੰਡ ਮੁਤਾਬਕ ਅਕਾਲ ਪੁਰਖ ਦਾ ਨਾਂ ‘ਹਰਿ’ (ਭਾਵ ਸਾਡੇ ਔਗੁਣ ਚੁਰਾ ਲੈਣ ਵਾਲ਼ਾ, ਚੋਰ ਪ੍ਰਭੂ) ਲੈਣਾ ਛੋਟੀ ਜਾਤੀ ਨਾਲ਼ ਸੰਬੰਧਿਤ ਭਗਤਾਂ ਦੁਆਰਾ ਵਰਤਿਆ ਮੰਨਿਆ ਜਾਂਦਾ ਸੀ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਵਚਨ ਹਨ ‘‘ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ਹਰਿ ਸਿਮਰਤ; ਜਨ ਗਏ ਨਿਸਤਰਿ ਤਰੇ ਰਹਾਉ ਹਰਿ ਕੇ ਨਾਮ; ਕਬੀਰ ਉਜਾਗਰ ਜਨਮ ਜਨਮ ਕੇ; ਕਾਟੇ ਕਾਗਰ ’’ (ਭਗਤ ਰਵਿਦਾਸ/੪੮੭)

ਉਕਤ ਸਮਾਜਿਕ ਸੋਚ ਮੁਤਾਬਕ ਹੀ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸ਼ਬਦ ’ਚ ਨੀਚ ਕਹੇ ਜਾਂਦੇ ਭਗਤਾਂ ਦੀ ਤਾਰੀਫ਼ ਕਰਦਿਆਂ 9 ਵਾਰ ਕੇਵਲ ‘ਹਰਿ’ ਸ਼ਬਦ ਦੀ ਵਰਤੋਂ ਕੀਤੀ ‘‘ਨੀਚ ਜਾਤਿਹਰਿਜਪਤਿਆ; ਉਤਮ ਪਦਵੀ ਪਾਇ ਪੂਛਹੁ ਬਿਦਰ ਦਾਸੀ ਸੁਤੈ; ਕਿਸਨੁ ਉਤਰਿਆ, ਘਰਿ ਜਿਸੁ ਜਾਇ ਹਰਿਕੀ ਅਕਥ ਕਥਾ, ਸੁਨਹੁ ਜਨ ਭਾਈ  ! ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ਰਹਾਉ ਰਵਿਦਾਸੁ ਚਮਾਰੁ ਉਸਤਤਿ ਕਰੇ; ‘ਹਰਿਕੀਰਤਿ, ਨਿਮਖ ਇਕ ਗਾਇ ਪਤਿਤ ਜਾਤਿ ਉਤਮੁ ਭਇਆ; ਚਾਰਿ ਵਰਨ ਪਏ ਪਗਿ (ਚਰਨੀਂ) ਆਇ ਨਾਮਦੇਅ ਪ੍ਰੀਤਿ ਲਗੀਹਰਿਸੇਤੀ (ਨਾਲ਼); ਲੋਕੁ ਛੀਪਾ ਕਹੈ ਬੁਲਾਇ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ‘ਹਰਿ(ਨੇ) ਨਾਮਦੇਉ ਲੀਆ ਮੁਖਿ (ਨਾਲ਼) ਲਾਇ ਜਿਤਨੇ ਭਗਤਹਰਿ (ਦੇ) ਸੇਵਕਾ; ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ; ਜੇ ਕ੍ਰਿਪਾ ਕਰੇਹਰਿਰਾਇ ’’ (ਮਹਲਾ /੭੩੩)

ਉਕਤ ਸਾਰੀ ਵਿਚਾਰ ਤੋਂ ਸਪਸ਼ਟ ਹੁੰਦੈ ਕਿ ਗੁਰੂ ਸਾਹਿਬਾਨ ਨੇ ਕਿਸੇ ਸਰੀਰਕ ਰੰਗ-ਭੇਦ ਨੂੰ ਨਾ ਵੇਖਦਿਆਂ ਸਿਧਾਂਤਕ ਪੱਖ ਨੂੰ ਸਰਬੋਤਮ ਮੰਨਿਐ। ਆਪਣੇ ਹਮ ਖ਼ਿਆਲੀ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਜਗ੍ਹਾ ਜਗ੍ਹਾ ਤੋਂ ਇਕੱਤਰ ਕਰ ਅਜਿਹੀ ਗੁਰੂ ਗ੍ਰੰਥ ਸਾਹਿਬ ਰੂਪ ਮਾਲ਼ਾ ’ਚ ਪ੍ਰੋਇਆ, ਤਾਂ ਜੋ ਸਦੀਵੀ ਨਿਰਮਲ ਰੱਖ ਕੇ ਮਾਨਵਤਾ ਨੂੰ ਅਗਵਾਈ ਦਿੱਤੀ ਜਾ ਸਕੇ। ਬ੍ਰਾਹਮਣ ਦੀ ਇਹ ਮਾਨਸਿਕਤਾ ਕਿ ਕੇਵਲ ਬ੍ਰਹਮਾ ਦੇ ਮੂੰਹ ’ਚੋ ਪੈਦਾ ਹੋਣ ਵਾਲ਼ਾ ਪੰਡਿਤ ਹੀ ਧਾਰਮਿਕ ਆਚਾਰੀਆ ਹੋ ਸਕਦਾ ਹੈ, ਰੱਦ ਕਰ ਦਿੱਤਾ। ਇਨ੍ਹਾਂ ਸ਼੍ਰੋਮਣੀ ਭਗਤਾਂ ਨੂੰ ਵਰਣ-ਵੰਡ ਮੁਤਾਬਕ ਨੀਚ ਬਣਾ ਕੇ ਪਿਛਲੇ ਜਨਮ ’ਚ ਉੱਚ ਜਾਤੀ (ਦੇਵਤਿਆਂ) ਦੇ ਅਸ਼ੀਰਵਾਦ ਨਾਲ਼ ਪੈਦਾ ਹੋਏ, ਸਿੱਧ ਕਰਨ ਵਾਲ਼ੀਆਂ ਗ਼ਲਤ ਤੇ ਮਨ-ਘੜਤ ਸਾਖੀਆਂ ਨੂੰ ਉੱਕਾ ਹੀ ਖ਼ਤਮ ਕਰਨ ਲਈ ਗੁਰੂ ਸਾਹਿਬਾਨ ਨੇ ਆਪਣੇ ਸ਼ਬਦਾਂ ਰਾਹੀਂ ਸਪਸ਼ਟ ਕਰ ਦਿੱਤਾ ਕਿ ਇਨ੍ਹਾਂ ਦੀ ਕਮਾਈ ਗੁਰੂ ਦੀ ਰਾਹੀਂ ਸਰਬ ਵਿਆਪਕ ਈਸ਼ਵਰ ਦੀ ਬੰਦਗੀ ਕਰਨ ਉਪਰੰਤ ਹੋਣੀ ਹੈ, ਨਾ ਕਿ ਕਿਸੇ ਕਾਲਪਨਿਕ ਸ਼ਕਤੀ ਦੇ ਅਸ਼ੀਰਵਾਦ ਨਾਲ਼।

ਜਿਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’ ’ਚ ਬਿਰਾਜਮਾਨ 6 ਗੁਰੂ ਸਾਹਿਬਾਨ ਤੋਂ ਇਲਾਵਾ 29 ਹੋਰ ਮਹਾਂ ਪੁਰਸ਼ਾਂ ਨੂੰ ਵਿਸ਼ੇਸ਼ਤਾ ਮਿਲੀ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਤਿਸੰਗੀ ਰਬਾਬੀ (ਭਾਈ ਮਰਦਾਨਾ ਜੀ) ਦਾ ਨਾਂ ਆਪਣੀ ਬਾਣੀ ’ਚ (3 ਸ਼ਬਦਾਂ ਦੇ ਸਿਰਲੇਖ ਵਜੋਂ) ਦਰਜ ਕਰਕੇ ਉਨ੍ਹਾਂ ਦੀ ਗੁਰੂ ਘਰ ਨਾਲ਼ ਨੇੜਤਾ ਨੂੰ ਇਤਿਹਾਸਕ ਬਣਾ ਦਿੱਤਾ। ਮਰਦਾਨਾ ਜੀ ਮੁਸਲਮਾਨ ਜਾਤੀ ਨਾਲ਼ ਸੰਬੰਧਿਤ ਸਨ, ਜਿਨ੍ਹਾਂ ਦਾ ਧਾਰਮਿਕ ਵਿਸ਼ਵਾਸ ਬਹਿਸ਼ਤ ’ਚ ਸੋਮਰਸ (ਸ਼ਰਾਬ) ਪਿਲਾਉਂਦਾ ਹੈ। ਗੁਰੂ ਜੀ ਨੇ ਇਨ੍ਹਾਂ ਤਿੰਨੇ ਸ਼ਬਦਾਂ ਦਾ ਵਿਸ਼ਾ ਵੀ ਸਦੀਵੀ ਨਸ਼ਾ ਦੇਣ ਵਾਲ਼ੀ ਮਸਤੀ (ਨਾਮ ਰਸ) ਨੂੰ ਚੁਣ ਲਿਆ। ਇਨ੍ਹਾਂ ਸ਼ਬਦਾਂ ਦੀ ਵਿਲੱਖਣਤਾ ਇਹ ਹੈ ਕਿ ਸਿਰਲੇਖ ’ਚ ‘ਮਰਦਾਨਾ’ ਸ਼ਬਦ ਦਰਜ ਹੈ, ਪਰ ਸ਼ਬਦ ਦੀ ਸਮਾਪਤੀ ’ਚ ‘ਨਾਨਕ’ ਮੋਹਰ ਲਾਈ ਗਈ; ਜਿਵੇਂ

(1). ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ, ਕਾਮੁ ਮਦੁ; ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ (ਨਾਲ਼) ਭਰੀ; ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ; ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ, ਸਤੁ ਗੁੜੁ; ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ; ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ! ਖਾਧੈ ਜਾਹਿ ਬਿਕਾਰ ॥੧॥ ਪਦ ਅਰਥ : ਕਲਿ ਕਲਵਾਲੀ-ਕਲਿਯੁਗੀ ਸ਼ਰਾਬ ਮੱਟੀ, ਮਦੁ-ਸ਼ਰਾਬ, ਮਜਲਸ-ਮਹਿਫ਼ਲ, ਸਰਾ-ਸ਼ਰਾਬ, ਸਾਰੁ-ਸ੍ਰੇਸ਼ਟ, ਮੰਡੇ-ਰੋਟੀ, ਸੀਲੁ-ਸਹਿਨਸ਼ੀਲਤਾ, ਸਰਮੁ-ਮਿਹਨਤ।

(2+3 ਸਲੋਕ). ਮਰਦਾਨਾ ੧ ॥ ਕਾਇਆ ਲਾਹਣਿ, ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ! ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ, ਸਾਲਾਹ ਮੰਡੇ, (ਰੱਬੀ) ਭਉ ਮਾਸੁ ਆਹਾਰੁ ॥ ਨਾਨਕ ! ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ ॥੨॥ ਕਾਂਯਾਂ ਲਾਹਣਿ, ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ ॥੩॥ (ਮਹਲਾ ੧/੫੫੩) ਪਦ ਅਰਥ : ਆਪੁ ਮਦੁ-ਹੰਕਾਰ ਸ਼ਰਾਬ, ਤ੍ਰਿਸਨਾ ਧਾਤੁ- ਤ੍ਰਿਸਨਾ ਦੀ ਖਿੱਚ, ਇਤੁ ਮਦਿ ਪੀਤੈ-ਇਹ ਨਸ਼ਾ ਪੀਣ ਨਾਲ਼, ਗਿਆਨੁ ਗੁੜੁ-ਰੱਬੀ ਗਿਆਨ ਗੁੜ, ਮੰਡੇ-ਰੋਟੀ।

ਬ੍ਰਾਹਮਣ ਵਾਙ ਅਵਿਕਸਤ ਸੋਚ ਸੰਤ ਸਮਾਜ ਨੇ ਉਕਤ ਤਿੰਨੇ ਸ਼ਬਦ ‘ਮਰਦਾਨਾ’ ਜੀ ਦੀ ਰਚਨਾ ਮੰਨ ਲਏ, ਜਿੱਥੇ ‘ਨਾਨਕ’ ਮੋਹਰ ਸਪਸ਼ਟ ਸੰਕੇਤ ਕਰਦੀ ਹੈ ਕਿ ਇਹ ਸ਼ਬਦ ਗੁਰੂ ਨਾਨਕ ਜੀ ਦੁਆਰਾ ਉਚਾਰਨ ਕੀਤੇ ਹਨ ਜਦਕਿ ਗੁਰਬਾਣੀ ਅੰਦਰ ਭਗਤ ਸੂਰਦਾਸ ਜੀ ਦੇ ਸੰਬੰਧ ’ਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਇੱਕ ਸ਼ਬਦ ਹੈ। ਜਿਸ ਦੇ ਸਿਰਲੇਖ ਅਤੇ ਸਮਾਪਤੀ ’ਚ ‘ਸੂਰਦਾਸ’ ਮੋਹਰ ਹੈ, ਇਹ, ਗੁਰੂ ਅਰਜਨ ਸਾਹਿਬ ਜੀ ਦਾ ਮੰਨਿਆ ਹੈ, ਜੋ ਕਿ ਸਹੀ ਭੀ ਹੈ; ਜਿਵੇਂ ਕਿ ਸਿਰਲੇਖ ਹੈ ‘‘ਸਾਰੰਗ ਮਹਲਾ ੫ ਸੂਰਦਾਸ ॥’’ ਅਤੇ ਸ਼ਬਦ ਦੀ ਆਖ਼ਰੀ ਤੁਕ ਹੈ ‘‘ਸੂਰਦਾਸ  ! ਮਨੁ ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥’’ (ਮਹਲਾ ੫/੧੨੫੩) ਸੋ ਇੱਥੇ ‘ਨਾਨਕ’ ਮੋਹਰ ਨਹੀਂ, ਫਿਰ ਵੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਮੰਨਿਆ ਗਿਆ, ਜੋ ਸਹੀ ਹੈ, ਪਰ ਉਕਤ ਤਿੰਨੇ ਸ਼ਬਦਾਂ ਦੇ ਕੇਵਲ ਸਿਰਲੇਖ ’ਚ ‘ਸਲੋਕ ਮਰਦਾਨਾ ੧’ ਹੈ ਫਿਰ ਭੀ ਤਿੰਨੇ ਸ਼ਬਦ ਮਰਦਾਨਾ ਜੀ ਦੇ ਮੰਨ ਲਏ ਜਦਕਿ ਇਸ ਸਿਰਲੇਖ ਦਾ ਅਰਥ ਹੈ ‘ਸਲੋਕ ਮਰਦਾਨਾ, ਮਹਲਾ ੧ ਭਾਵ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ, ਨਾ ਕਿ ‘ਮਰਦਾਨਾ ਪਹਿਲਾ’ ਕਿਉਂਕਿ ਕੋਈ ‘ਮਰਦਾਨਾ ਦੂਜਾ’ ਜਾਂ ਤੀਜਾ ਇਤਿਹਾਸ ’ਚ ਨਹੀਂ ਆਉਂਦਾ।

ਭਾਈ ਮਰਦਾਨਾ ਜੀ ਵਾਙ ਆਪਣੇ ਇੱਕ ਹੋਰ ਸਤਿਸੰਗੀ ਭਾਈ ਲਾਲੋ ਜੀ ਦੀ ਯਾਦ ਨੂੰ ਇਤਿਹਾਸਕ ਬਣਾਉਣ ਲਈ ਭੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇੱਕ ਸ਼ਬਦ ’ਚ 7 ਵਾਰ ‘ਵੇ ਲਾਲੋ’ ਕਹਿ ਉਚਾਰਨ ਕੀਤਾ। ਇਨ੍ਹਾਂ ਨੂੰ ਭੀ ਬ੍ਰਾਹਮਣ ਸਮਾਜ ਤਰਖਾਣ (ਨੀਚ) ਮੰਨਦਾ ਰਿਹਾ; ਜਿਵੇਂ ਕਿ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ! ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ! ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ ! ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ (ਫੇਰੇ, ਨਿਕਾਹ) ਪੜੈ ਸੈਤਾਨੁ ਵੇ ਲਾਲੋ ! ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ! ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ ਵੇ ਲਾਲੋ ! ਖੂਨ ਕੇ ਸੋਹਿਲੇ ਗਾਵੀਅਹਿ ਨਾਨਕ  ! ਰਤੁ (ਖ਼ੂਨ) ਕਾ ਕੁੰਗੂ (ਕੇਸਰ) ਪਾਇ ਵੇ ਲਾਲੋ ! ਮਹਲਾ /੭੨੩)

‘ਗੁਰੂ ਗ੍ਰੰਥ ਸਾਹਿਬ’ ਦਾ ਮੁਕੰਮਲ ਵਿਸ਼ਲੇਸ਼ਣ ਕਰਨਾ ਬੜਾ ਮੁਸ਼ਕਲ ਹੈ, ਪਰ ਸੰਖੇਪ ’ਚ ਐਨਾ ਕੁ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਮੁਕਤੀ ਤੱਕ ਦੇ ਮਾਰਗ ’ਚ ਬੇਮਿਸਾਲ ਅਗੁਵਾਈ ਕੀਤੀ ਗਈ ਹੈ ਤਾਂ ਜੋ ਮਨੁੱਖ; ਆਪਣੇ ਅਧਿਕਾਰਾਂ ਨੂੰ ਸਮਝੇ, ਇੱਜ਼ਤ ਨਾਲ਼ ਪਰਿਵਾਰਕ ਤੇ ਸਮਾਜਿਕ ਜ਼ਿੰਦਗੀ ਮਾਣੇ। ਗੁਰੂ ਵਚਨ ਹਨ ‘‘ਅਵਰ ਜੋਨਿ; ਤੇਰੀ ਪਨਿਹਾਰੀ (ਸੇਵਾ ਕਰਨ ਲਈ) ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ (ਸਰਦਾਰੀ)॥’’ (ਮਹਲਾ ੫/੩੭੪)

ਗੁਰਬਾਣੀ ਦੀ ਸੰਪਾਦਨਾ ਕਰਦਿਆਂ ਵੀ ਰੱਬੀ ਰਜ਼ਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ’’ (ਮਹਲਾ /੧੪੨੯) ਅਜਿਹੇ ਹੀ ਵਚਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੇ ਗਏ ‘‘ਸਭਿ ਗੁਣ (ਉਪਕਾਰ) ਤੇਰੇ; ਮੈ ਨਾਹੀ ਕੋਇ ਵਿਣੁ ਗੁਣ (ਮਿਹਰ) ਕੀਤੇ; ਭਗਤਿ ਹੋਇ ’’ (ਜਪੁ)

ਹੁਣ ਤੱਕ ਵਿਚਾਰੇ ਗਏ ਸਾਰੇ ਹੀ ਅਨਧਰਮਾਂ ਦੇ ਰਹਿਬਰਾਂ ਨੂੰ ਰੱਬੀ ਨਾਦ, ਉਮਰ ਦੇ ਲਗਭਗ 40 ਸਾਲਾਂ ਉਪਰੰਤ ਨਾਜ਼ਿਲ ਹੋਏ, ਪਰ ਗੁਰੂ ਨਾਨਕ ਸਾਹਿਬ ਜੀ ਨੇ 11 ਸਾਲ ਦੀ ਉਮਰ ’ਚ ਪਿਤਾ-ਪੁਰਖੀ ਪਰੰਪਰਾ (ਸਮੂਹ ਸਮਾਜਿਕ ਭਾਈਚਾਰੇ ਦੇ ਸਨਮੁਖ ਜਨੇਊ ਧਾਰਨ) ਨੂੰ ਅਸਵੀਕਾਰ ਕਰਕੇ ਆਪਣੀ ਜਾਗਰੂਕਤਾ ਦਾ ਸਬੂਤ ਦੇ ਦਿੱਤਾ ਸੀ। ਇਸ ਤੋਂ ਵੀ ਛੋਟੀ ਉਮਰ ’ਚ 3 ਅਧਿਆਪਕਾਂ (7 ਸਾਲ ਦੀ ਉਮਰ ’ਚ ਗੋਪਾਲ ਪੰਡਿਤ ਪਾਸੋਂ ਹਿੰਦੀ ਪੜ੍ਹਨ ਸਮੇਂ, 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਸਮੇਂ ਅਤੇ 13 ਸਾਲ ਦੀ ਉਮਰ ’ਚ ਫ਼ਾਰਸੀ ਤਾਲੀਮ ਲੈਣ ਲਈ ਮੌਲਵੀ ਕੁਤਬੁਦੀਨ) ਪਾਸੋਂ ਵੀ ਪਿਤਾ ਜੀ ਨੂੰ ‘ਬ੍ਰਹਮ ਗਿਆਨੀ ਨਾਨਕ’ ਦੀਆਂ ਰਿਪੋਰਟਾਂ ਮਿਲੀ ਰਹੀਆਂ ਸਨ।  23 ਅਗਸਤ 1507 ਈ: ਭਾਵ 38 ਸਾਲ ਦੀ ਉਮਰ ’ਚ ਵੇਈ ਨਦੀ ਵਾਲ਼ੀ ਘਟਨਾ ਉਪਰੰਤ ਤਾਂ ਬਾਬੇ ਨਾਨਕ ਨੂੰ ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ’’ ਦੀ ਪੁਕਾਰ ਸੁਣਾਈ ਦੇਣ ਲੱਗ ਪਈ ਸੀ।

ਸਾਰੇ ਧਾਰਮਿਕ ਪੁਸਤਕ ਅਤੇ ਗੁਰੂ ਗ੍ਰੰਥ ਸਾਹਿਬ ’ਚ ਅਸਲ ਭਿੰਨਤਾ ਇਹ ਹੈ ਕਿ ਉਨ੍ਹਾਂ ਦੁਆਰਾ ਕਿਸੇ ਵੀ ਧਾਰਮਿਕ ਆਗੂ ਨੇ ਗੁਰੂ ਆਪ ਗੁਰੂ ਧਾਰਨ ਨਹੀਂ ਕੀਤਾ ਅਤੇ ਨਾ ਹੀ ਆਪਣਾ ਉਤਰਾਧਿਕਾਰੀ ਆਪ ਸਥਾਪਿਤ ਕੀਤਾ ਜਦਕਿ ਗੁਰੂ ਗ੍ਰੰਥ ਸਾਹਿਬ ’ਚ ਦਰਜ ਬਾਣੀ, ਸਾਬਤ ਕਰਦੀ ਹੈ ਕਿ ਗੁਰੂ ਨਾਨਕ ਜੀ ਤੋਂ ਇਲਾਵਾ ਸਾਰੇ ਹੀ ਬਾਣੀਕਾਰਾਂ ਨੇ ਗੁਰੂ ਧਾਰਨ ਕੀਤਾ ਸੀ ਅਤੇ ਨਾਨਕ ਜੋਤਿ ਨੇ ਆਪਣਾ ਉਤਰਾਧਿਕਾਰੀ; ਜੀਵਦਿਆਂ ਚੁਣਿਆ ਹੈ ‘‘ਸਹਿ ਟਿਕਾ ਦਿਤੋਸੁ; ਜੀਵਦੈ ’’ (ਬਲਵੰਡ ਸਤਾ ਜੀ/੯੬੬) ਉਹ ‘ਗੁਰੂ’ ਸਰੀਰ ਰੂਪ ਹੋਵੇ ਜਾਂ ‘ਗੁਰੂ ਗ੍ਰੰਥ ਸਾਹਿਬ’ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਵੀ ਧਰਮ; ਰੱਬ ਨੂੰ ‘ਕਣ ਕਣ ਵਿੱਚ ਵਿਆਪਕ’ ਨਹੀਂ ਮੰਨਦਾ, ਉਸ ਦੀ ਮਿਹਰ ਜਾਂ ਉਸ ਦੇ ਹੁਕਮ ਨਾਲ਼ ਜਗਤ ਵਿਕਾਸ ਕਰਦਾ ਹੈ, ਇਹ ਭੀ ਨਹੀਂ ਮੰਨਦਾ।

—————ਸਮਾਪਤ————-