47.7 C
Jalandhar
Wednesday, June 11, 2025
spot_img
Home Blog Page 234

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-5)

0

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-5)

ਪ੍ਰੀਤਮ ਸਿੰਘ (ਕਰਨਾਲ)-94164-05173

ਇਸਤ੍ਰੀ ਲਿੰਗ ਨਾਂਵ

ਜਾਣ ਪਛਾਣ –

ਲੱਛਣ – ਇਸਤ੍ਰੀ ਲਿੰਗ ਨਾਂਵ ਉਹ ਨਾਂਵ ਹੁੰਦੇ ਹਨ ਜਿਨ੍ਹਾਂ ਤੋਂ ਮਦੀਨ ਵਿਅਕਤੀਆਂ, ਵਸਤੂਆਂ, ਜੀਵ ਜੰਤੂਆਂ, ਆਦਿ ਦਾ ਗਿਆਨ ਹੋਵੇ।

ਸ਼ਬਦ ਬਣਤਰ – ਇਸਤ੍ਰੀ ਲਿੰਗ ਨਾਂਵ ਸ਼ਬਦਾਂ ਨੂੰ ਲੱਗੀ ਅੰਤਲੀ ਲਗ ਦੇ ਅਧਾਰ ’ਤੇ ਵੱਖ ਵੱਖ ਸਰੂਪਾਂ ਵਾਲੇ ਸ਼ਬਦਾਂ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਹਨ:

ਮੁਕਤਾ ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਕੋਈ ਲਗ ਨਹੀਂ ਹੁੰਦੀ; ਜਿਵੇਂ: ਸੇਵ, ਮੁੰਧ, ਸਮਝ, ਟਹਲ, ਘਾਲ, ਗਲ, ਧਾਤ, ਕੂੰਜ, ਆਦਿ।

ਕੰਨਾ ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਕੰਨਾ ( ਾ ) ਲਗਾ ਹੋਵੇ; ਜਿਵੇਂ: ਆਸਾ, ਵਿਦਿਆ, ਤ੍ਰਿਸਨਾ, ਰਜ਼ਾ, ਮਨਸਾ, ਦੁਬਿਧਾ, ਆਦਿ।

ਸਿਹਾਰੀ ( ਿ ) ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਸਿਹਾਰੀ ( ਿ) ਲੱਗੀ ਹੋਵੇ; ਜਿਵੇਂ: ਪ੍ਰੀਤਿ, ਸੁਰਤਿ, ਭਗਤਿ, ਮੁਕਤਿ, ਜੁਗਤਿ, ਲਹਰਿ, ਅਰਦਾਸਿ, ਉਮਤਿ, ਖਬਰਿ, ਮਤਿ, ਆਦਿ।

ਬਿਹਾਰੀ ( ੀ ) ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਬਿਹਾਰੀ ( ੀ ) ਲੱਗੀ ਹੋਵੇ; ਜਿਵੇਂ: ਵਧਾਈ, ਦੇਹੁਰੀ, ਕੜਛੀ, ਬਾਣੀ, ਸੂਹਨੀ, ਖਾਣੀ, ਗੱਠੜੀ, ਆਦਿ।

ਔਂਕੜ ( ੁ ) ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ( ੁ ) ਔਂਕੜ ਲੱਗੀ ਹੋਵੇ; ਜਿਵੇਂ: ਮੈਲੁ, ਖੰਡੁ, ਰਤੁ, ਛਾਰੁ, ਮਧੁ, ਵਸਤੁ, ਆਦਿ।

ਬਿੰਦੀ ਸਬੰਧੀ ਵਿਚਾਰ

ਵਿਆਕਰਣਿਕ ਨਿਯਮਾਂ ਅਨੁਸਾਰ ਬਿੰਦੀਆਂ ਆਮ ਕਰਕੇ ਉਨ੍ਹਾਂ ਲਗਾਂ ਨਾਲ ਲਗਦੀਆਂ ਹਨ ਜਿਨ੍ਹਾਂ ਇਸਤ੍ਰੀ ਲਿੰਗ ਨਾਂਵਾਂ ਨੂੰ ਬਹੁ ਵਚਨ ਬਣਾਇਆ ਜਾਵੇ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਮੁਕਤਾ ਅੰਤ ਇਸਤ੍ਰੀ ਲਿੰਗ ਨਾਂਵ:

ਇਕ ਵਚਨ – ਗੱਲ     ਬਹੁ ਵਚਨ – ਗੱਲਾਂ, ਗੱਲੀਂ (ਗੱਲਾਂ ਨਾਲ)

ਇਕ ਵਚਨ – ਬਾਤ     ਬਹੁ ਵਚਨ – ਬਾਤਾਂ, ਬਾਤੀਂ (ਬਾਤਾਂ ਨਾਲ)

ਇਕ ਵਚਨ – ਅੱਖ      ਬਹੁ ਵਚਨ – ਅੱਖਾਂ, ਅੱਖੀਂ (ਅੱਖਾਂ ਨਾਲ)

ਇਕ ਵਚਨ – ਕੁੰਡ      ਬਹੁ ਵਚਨ – ਕੁੰਡਾਂ, ਕੁੰਡੀਂ (ਕੁੰਡਾਂ ਵਿਚ)

ਕੰਨਾ ( ਾ ) ਅੰਤ ਇਸਤ੍ਰੀ ਲਿੰਗ ਨਾਂਵ:

ਇਕ ਵਚਨ – ਆਸਾ    ਬਹੁ ਵਚਨ – ਆਸਾਂ

ਇਕ ਵਚਨ – ਇੱਛਾ     ਬਹੁ ਵਚਨ – ਇੱਛਾਂ

– ਿ ਅੰਤ ਇਸਤ੍ਰੀ ਲਿੰਗ ਨਾਂਵ:

ਇਕ ਵਚਨ – ਲਹਰਿ   ਬਹੁ ਵਚਨ – ਲਹਿਰੀਂ (ਲਹਿਰਾਂ ਵਿਚ), ਲਹਿਰਾਂ

ਇਕ ਵਚਨ – ਦਾਤਿ    ਬਹੁ ਵਚਨ – ਦਾਤੀਂ, ਦਾਤਾਂ

ਇਕ ਵਚਨ – ਜੁਗਤਿ  ਬਹੁ ਵਚਨ – ਜੁਗਤੀਂ (ਜੁਗਤੀਆਂ ਨਾਲ), ਜੁਗਤਾਂ, ਜੁਗਤੀਆਂ

ਇਕ ਵਚਨ – ਧਰਤਿ   ਬਹੁ ਵਚਨ – ਧਰਤੀਂ (ਧਰਤੀਆਂ ਉੱਤੇ), ਧਰਤੀਆਂ

ਇਕ ਵਚਨ – ਜ਼ਾਤਿ    ਬਹੁ ਵਚਨ – ਜ਼ਾਤੀਂ (ਜ਼ਾਤਾਂ ਵਿਚ), ਜ਼ਾਤੀਆਂ, ਜ਼ਾਤਾਂ

ੀ-ਅੰਤ ਇਸਤ੍ਰੀ ਲਿੰਗ ਨਾਂਵਾਂ ਨਾਲ ‘ਆਂ’ ਵਾਧੂ ਲੱਗ ਕੇ ਬਹੁ ਵਚਨ ਬਣਦਾ ਹੈ; ਜਿਵੇਂ:

ਇਕ ਵਚਨ – ਵਧਾਈ   ਬਹੁ ਵਚਨ – ਵਧਾਈਆਂ

ਇਕ ਵਚਨ – ਕੜਛੀ   ਬਹੁ ਵਚਨ – ਕੜਛੀਆਂ

ਇਕ ਵਚਨ – ਖਾਣੀ    ਬਹੁ ਵਚਨ – ਖਾਣੀਂ, ਖਾਣੀਆਂ

ਇਕ ਵਚਨ – ਮੁੱਕੀ (ਹੱਥ ਦੀ) ਬਹੁ ਵਚਨ – ਮੁੱਕੀਂ (ਮੁਕੀਆਂ ਨਾਲ), ਮੁਕੀਆਂ

‘‘ਫਰੀਦਾ ! ਜੋ ਤੈ ਮਾਰਨਿ ‘ਮੁਕੀਆਂ’, ਤਿਨ੍ਾ ਨ ਮਾਰੇ ਘੁੰਮਿ ॥’’ (ਬਾਬਾ ਫਰੀਦ/੧੩੭੮)

ਇਕ ਵਚਨ – ਚੰਗਿਆਈ        ਬਹੁ ਵਚਨ – ਚੰਗਿਆਈਂ (ਚੰਗਿਆਈਆਂ ਵਲੋਂ), ਚੰਗਿਆਈਆਂ

ਅੰਤਲੇ ਅੱਖਰ ਨੂੰ ਲੱਗੀ ਲਗ ਦੇ ਅਧਾਰ ’ਤੇ ਵੱਖ ਵੱਖ ਸ਼੍ਰੇਣੀਆਂ ਵਾਲੇ ਇਸਤ੍ਰੀ ਲਿੰਗ ਬਹੁ ਵਚਨ ਨਾਂਵਾਂ ਦੇ ਨਾਸਕੀ ਉਚਾਰਣ ਸੰਬੰਧੀ ਵਿਚਾਰ ਇਕ ਇਕ ਸ਼੍ਰੇਣੀ ਦੇ ਸ਼ਬਦ ਲੈ ਕੇ ਕੀਤੀ ਜਾ ਰਹੀ ਹੈ।

ਮੁਕਤਾ-ਅੰਤ ਇਸਤ੍ਰੀ ਲਿੰਗ ਨਾਂਵ

ਅਜਿਹੇ ਇਸਤ੍ਰੀ ਲਿੰਗ ਨਾਂਵ ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਕੋਈ ਮਾਤਰਾ ਨਹੀਂ ਲੱਗੀ ਹੁੰਦੀ, ਮੁਕਤਾ ਅੰਤ ਨਾਂਵ ਕਹੇ ਜਾਂਦੇ ਹਨ; ਜਿਵੇਂ: ਸੇਵ, ਸਮਝ, ਮੁੰਧ, ਧਨ, ਟਹਲ, ਘਾਲ, ਵੇਲ, ਆਦਿ।

ਮੁਕਤਾ ਅੰਤ ਇਸਤ੍ਰੀ ਲਿੰਗ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਆਮ ਤੌਰ ’ਤੇ ਉਹਨਾਂ ਦੇ ਅੰਤ ਵਿਚ ਨਾਸਕੀ ਚਿੰਨ੍ਹ (ਾਂ) ਜਾਂ ( ੀਂ) ਲਾਇਆ ਜਾਂਦਾ ਹੈ।

ਕਾਰਕ ਚਿੰਨ੍ਹ  ( ਾਂ    ) ਦੀ ਵਰਤੋਂ:

‘ਰੂਹ’ ਤੋਂ ਬਹੁ ਵਚਨ ‘ਰੂਹਾਂ’

‘ਕੁਲ’ ਤੋਂ ਬਹੁ ਵਚਨ ‘ਕੁਲਾਂ’

‘ਆਸ’ ਤੋਂ ਬਹੁ ਵਚਨ ‘ਆਸਾਂ’

ਕਾਰਕ ਚਿੰਨ੍ਹ ( ੀਂ) ਦੀ ਵਰਤੋਂ:

‘ਅੱਖ’ ਤੋਂ ਬਹੁ ਵਚਨ ਅੱਖਾਂ ਤੇ ‘ਅੱਖੀਂ’

‘ਗੱਲ ਬਾਤ’ ਤੋਂ ਬਹੁ ਵਚਨ ‘ਗੱਲੀਂ ਬਾਤੀਂ’

‘ਕੁੰਟ’ ਤੋਂ ਬਹੁ ਵਚਨ ‘ਕੁੰਟਾਂ ਤੇ ਕੁੰਟੀਂ’

ਛਾਪੇ ਦੀ ਬੀੜ ਵਿਚ ਮੁਕਤਾ-ਅੰਤ ਇਸਤ੍ਰੀ ਲਿੰਗ ਨਾਂਵ ਸ਼ਬਦਾਂ ਨੂੰ ਬਹੁ ਵਚਨ ਦੇ ਨਾਸਕੀ ਕਾਰਕ ਚਿੰਨ੍ਹ ( ਾਂ ) ਅਤੇ ( ੀਂ ) ਲੱਗੇ ਹੋਏ ਮਿਲਦੇ ਹਨ। ਇਹਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ। ਇਹਨਾਂ ਵਿਚੋਂ ਕਈ ਨਾਂਵ ਸੰਬੰਧਕੀ ਪਦਾਂ ਤੋਂ ਬਗ਼ੈਰ ਹਨ, ਕਈਆਂ ਨਾਲ ਪਰਗਟ ਤੌਰ ’ਤੇ ਸੰਬੰਧਕੀ ਪਦ ਹਨ ਅਤੇ ਕਈਆਂ ਵਿਚ ਲੁਪਤ ਹਨ।

      ਸੰਬੰਧਕੀ ਪਦਾਂ ਤੋਂ ਬਗ਼ੈਰ

(1). ਸਭੇ ‘ਧਿਰਾਂ’ ਨਿਖੁਟੀਅਸੁ, ਹਿਰਿ ਲਈਅਸੁ ਧਰਤੇ॥ (ਅੰਕ ੩੧੭)           ਕਰਤਾ ਕਾਰਕ, ਬਹੁ ਵਚਨ।

(2). ਕਤਿਕ ‘ਕੂੰਜਾਂ’ ਚੇਤਿ ਡਉ, ਸਾਵਣਿ ਬਿਜੁਲੀਆਂ॥ (ਅੰਕ੪੮੮)               ਉਹੀ

(3). ਨਾਨਕੁ ਆਖੇ ਰਾਹੁ ਏਹੁ, ਹੋਰਿ ‘ਗਲਾਂ’ ਸੈਤਾਨੁ॥ (ਅੰਕ (੧੨੪੫)            ਉਹੀ

(4). ਫਰੀਦਾ ਸਿਰੁ ਪਲਿਆ ਦਾੜੀ ਪਲੀ, ‘ਮੁਛਾਂ’ ਭੀ ਪਲੀਆਂ॥ (ਅੰਕ ੧੩੮੦)            ਉਹੀ

(5). ਗੋਰਾਂ ਸੇ ਨਿਮਾਣੀਆਂ, ਬਹਸਨਿ ‘ਰੂਹਾਂ’ ਮਲਿ॥ (ਅੰਕ ੧੩੮੩)              ਉਹੀ

(6). ਸਚੁ ਸੰਜਮੁ ਕਰਣੀ ‘ਕਾਰਾਂ’, ਨਾਵਣੁ ਨਾਉ ਜਪੇਹੀ॥ (ਅੰਕ ੯੧)             ਕਰਮ ਕਾਰਕ, ਬਹੁ ਵਚਨ।

(7). ਰਾਖਹੁ ਕੰਧ, ਉਸਾਰਹੁ ‘ਨੀਵਾਂ’॥ (ਅੰਕ ੬੫੯)                                         ਉਹੀ

(8). ‘ਕੁਲਹਾਂ’ ਦੇਂਦੇ ਬਾਵਲੇ, ਲੈਂਦੇ ਵਡੇ ਨਿਲਜ॥ (ਅੰਕ ੧੨੮੬)                                      ਉਹੀ

(9). ਸੋ ਧਨੁ ਮਿਤੁ੍ ਨ ਕਾਂਢੀਐ, ਜਿਤੁ ਸਿਰਿ ‘ਚੋਟਾਂ’ ਖਾਇ॥ (ਅੰਕ ੧੨੮੭)                ਉਹੀ

(10). ‘ਗੋਰਾਂ’ ਸੇ ਨਿਮਾਣੀਆਂ, ਬਹਸਨਿ ਰੂਹਾਂ ਮਲਿ॥ (ਅੰਕ ੧੩੮੩)                      ਉਹੀ

(11). ਬਾਜ ਪਏ ਤਿਸੁ ਰਬ ਦੇ, ‘ਕੇਲਾਂ’ ਵਿਸਰੀਆਂ (ਅੰਕ ੧੩੮੩)                         ਉਹੀ

(12). ਚਾਰੇ ‘ਕੁੰਡਾਂ’ ਸੁਝੀਓਸੁ, ਮਨ ਮਹਿ ਸਬਦੁ ਪਰਵਾਣੁ॥ (ਅੰਕ ੯੬੮)                            ਉਹੀ

(13). ‘ਗਲਾਂ’ ਕਰੇ ਘਣੇਰੀਆਂ, ਤਾਂ ਅੰਨ੍ਹੇ ਪਵਣਾ ਖਾਤੀ ਟੋਵੈ॥ (ਅੰਕ ੧੪੧੨)               ਉਹੀ

(14). ਜੇ ਇਕ ਵਿਖ ਅਗਾਹਾ ਭਰੇ, ਤਾਂ ਦਸ ‘ਵਿਖਾਂ’ ਪਿਛਾਹਾ ਜਾਇ॥ (ਅੰਕ ੧੨੦੬)      ਉਹੀ

ਪਰਗਟ ਸੰਬੰਧਕੀ ਪਦਾਂ ਦੇ ਨਾਲ

(ੳ) ਕਾਰਕ ਚਿੰਨ੍ਹ ( ਾਂ )

(1). ਫਰੀਦਾ ਡੁਖਾ ਸੇਤੀ ਦਿਹੁ ਗਇਆ, ‘ਸੂਲਾਂ’ ਸੇਤੀ ਰਾਤਿ॥ (ਅੰਕ ੧੩੮੨)     ਅਧਿਕਰਣ ਕਾਰਕ, ਬਹੁ ਵਚਨ

ਨੋਟ:– ਇਸ ਤੁਕ ਵਿਚ ਦੋ ਬਹੁ ਵਚਨ ਅੰਤ ਕੰਨਾ ਨਾਂਵ ਹਨ, ‘ਡੁਖਾ’ ਅਤੇ ‘ਸੂਲਾਂ’। ‘ਸੂਲਾਂ’ ਤੇ ਬਿੰਦੀ ਲਗੀ ਹੋਈ ਹੈ, ਪਰ ਪਹਿਲੇ ਨਾਂਵ (ਡੁਖਾ) ਤੇ ਨਹੀਂ। ਅਰਥ ਦੇ ਆਧਾਰ ’ਤੇ ਉਚਾਰਣ ਦੋਹਾਂ ਦਾ ਇਕਸਾਰ ਹੀ ਕੀਤਾ ਜਾਣਾ ਸ਼ੁੱਧ ਹੈ। ਭਾਵ ਕਿ ‘ਡੁਖਾ’ ਦਾ ਉਚਾਰਣ ਵੀ ਬਿੰਦੇ ਸਹਿਤ (ਡੁਖਾਂ) ਹੀ ਕਰਨਾ ਚਾਹੀਦਾ ਹੈ।

(1). ਜਾਲਣ ‘ਗੋਰਾਂ’ ਨਾਲਿ, ਓਲਾਮੇ ਜੀਅ ਸਹੇ॥ (ਅੰਕ ੪੮੮)                             ਅਧਿਕਰਣ ਕਾਰਕ, ਬਹੁ ਵਚਨ

(2). ਨਾਮਿ ਰਤੇ, ‘ਕੁਲਾਂ’ ਕਾ ਕਰਹਿ ਉਧਾਰੁ॥ (ਅੰਕ ੧੧੭੪)                     ਸੰਬੰਧ ਕਾਰਕ, ਬਹੁ ਵਚਨ

(3). ਸਲੋਕ ‘ਵਾਰਾਂ’ ਤੇ ਵਧੀਕ॥ (ਅੰਕ ੧੪੧੦)                                   ਅਪਾਦਾਨ ਕਾਰਕ, ਬਹੁ ਵਚਨ

(ਅ). ਕਾਰਕ ਚਿੰਨ੍ਹ ( ੀਂ )

‘ਅਖੀਂ’ ਪਰਣੈ ਜੇ ਫਿਰਾਂ, ਦੇਖਾਂ ਸਭੁ ਆਕਾਰੁ॥ (ਅੰਕ ੧੨੪੧)            ਕਰਣ ਕਾਰਕ, ਬਹੁ ਵਚਨ ਸੰਬੰਧਕੀ ਪਦ ਲੁਪਤ

(1). ‘ਗਲੀਂ’ ਅਸੀ ਚੰਗੀਆ, ਆਚਾਰੀ ਬੁਰੀਆਹ॥ (ਅੰਕ ੮੫)                   ਗਲਾਂ ‘ਨਾਲ’ (ਕਰਣ ਕਾਰਕ, ਬਹੁ ਵਚਨ)

ਨੋਟ:– ਇਸ ਤੁਕ ਵਿਚ ਦੋ ਬਹੁ ਵਚਨੀ ਅੰਤ ਸਿਹਾਰੀ ਨਾਂਵ ਹਨ, ‘ਗਲੀਂ’ ਅਤੇ ‘ਆਚਾਰੀ’। ‘ਗਲੀਂ’ ਦੇ ਅੰਤ ਵਿਚ ਲਗਿਆ ਬਹੁ ਵਚਨੀ ਚਿੰਨ੍ਹ (ਬਿਹਾਰੀ) ਬਿੰਦੇ ਸਹਿਤ ਹੈ ਪਰ ‘ਆਚਾਰੀ’ ਦਾ ਬਿੰਦੇ ਰਹਿਤ। ਤੁਕ ਦੇ ਅਰਥ ਨੂੰ ਮੁਖ ਰੱਖਦਿਆਂ ਇਹਨਾਂ ਦੋਹਾਂ ਦਾ ਉਚਾਰਣ ਬਿੰਦੇ ਸਹਿਤ ਹੀ ਕਰਨਾ ਚਾਹੀਦਾ ਹੈ।

(1). ਫਰੀਦਾ ‘ਗਲੀਂ’ ਸੁ ਸਜਣ ਵੀਹ, ਇਕੁ ਢੂੰਢੇਦੀ ਨ ਲਹਾਂ॥ (ਅੰਕ ੧੩੮੨)     ਗਲੀਂ – ਗਲਾਂ ‘ਨਾਲ’ (ਕਰਣ ਕਾਰਕ, ਬਹੁ ਵਚਨ)

(2). ‘ਛੇਰੀਂ’ ਭਰਮੈ, ਮੁਕਤਿ ਨ ਹੋਇ॥ (ਅੰਕ ੮੩੯)  ਛੇਰੀਂ – ਛੇਰਾਂ ‘ਵਿਚ’ (ਅਧਿਕਰਣ ਕਾਰਕ, ਬਹੁ ਵਚਨ)

ਸੇਧ:-

ਗੁਰਬਾਣੀ ਦੀਆਂ ਉਪਰੋਕਤ ਉਦਾਹਰਣਾਂ ਤੋਂ ਅਤੇ ਉਹਨਾਂ ਦੇ ਆਧਾਰ ’ਤੇ ਕੀਤੀ ਗਈ ਉਪਰੋਕਤ ਵੀਚਾਰ ਤੋਂ ਇਹ ਸੇਧ ਮਿਲਦੀ ਹੈ ਕਿ: ‘ਮੁਕਤਾ-ਅੰਤ ਇਸਤ੍ਰੀ ਲਿੰਗ ਨਾਵਾਂ ਦੇ ਬਹੁ ਵਚਨ ਬਣਾਉਣ ਲਈ ਉਹਨਾਂ ਦੇ ਅੰਤਲੇ ਅੱਖਰ ਨੂੰ ਲਾਏ ਗਏ ਕਾਰਕ ਚਿੰਨ੍ਹ ( ਾ ) ਅਤੇ ( ੀ ) ਸਦਾ ਬਿੰਦੇ ਸਹਿਤ ਬੋਲਦੇ ਹਨ, ਭਾਵੇਂ ਅਜਿਹੇ ਨਾਂਵ ਸੰਬੰਧਕੀ ਪਦ ਤੋਂ ਬਗ਼ੈਰ ਹੋਣ, ਸੰਬੰਧਕੀ ਪਦ ਪਰਗਟ ਹੋਣ ਜਾਂ ਸੰਬੰਧਕੀ ਪਦ ਲੁਪਤ ਹੋਣ।

ਸਾਵਧਾਨੀ:

ਮੁਕਤਾ-ਅੰਤ ਇਸਤ੍ਰੀ ਲਿੰਗ ਨਾਵਾਂ ਦੇ ਇਕ ਵਚਨੀ ਰੂਪ ਦੇ ਅੰਤ ਵਿਚ ਵੀ ਕਿਧਰੇ ਕਿਧਰੇ ( ਾ ) ਚਿੰਨ੍ਹ ਆਉਂਦਾ ਹੈ; ਜਿਵੇਂ:

(1). ਭਗਤਾ ਕੀ ਚਾਲ ਨਿਰਾਲੀ॥ ‘ਚਾਲਾ’ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ॥ (ਅੰਕ ੯੧੮)

(2). ਰਾਮ ਰਸਾਇਣੁ ਜਿਨ ਗੁਰਮਤਿ ਪਾਇਆ, ਤਿਨ ਕੀ ਊਤਮ ‘ਬਾਤਾ’॥ (ਅੰਕ ੯੮੪)

(3). ਸਭੁ ਜਨਮੁ ਤਿਨਾ ਕਾ ਸਫਲੁ ਹੈ, ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ‘ਭੁਖਾ’॥ (ਅੰਕ ੫੮੮)

ਇਹਨਾਂ ਉਕਤ ਤੁਕਾਂ ਵਿਚ ‘ਚਾਲਾ’ ‘ਬਾਤਾ’ ਅਤੇ ‘ਭੁਖਾ’ ਸ਼ਬਦਾਂ ਨੂੰ ਅੰਤਲਾ ਕੰਨਾ ਪਿੰਗਲ ਦੇ ਨਿਯਮਾਂ ਅਧੀਨ ਲਗਾ ਹੈ। ਇਹ ਕਾਰਕ ਚਿੰਨ੍ਹ ਨਹੀਂ ਅਤੇ ਨਾ ਹੀ ਬਹੁ ਵਚਨ ਦਾ ਸੂਚਕ ਹੈ। ਇਸ ਲਈ ਇਸ ਦਾ ਉਚਚਾਰਣ ਨਾਸਕੀ ਨਹੀਂ ਭਾਵ ਕਿ ਬਿੰਦੇ ਰਹਿਤ ਹੀ ਹੋਵੇਗਾ।

ਕਸਵਟੀ:

ਕੌਣ ਨਾਂਵ ਸ਼ਬਦ ਇਕ ਵਚਨ ਹੈ ਜਾਂ ਬਹੁ ਵਚਨ, ਇਸ ਸੰਬੰਧੀ ਨਿਰਣਾ ਕਰਨ ਲਈ ਤੁਕ ਵਿਚ ਆਏ ਵਿਸ਼ੇਸ਼ਣ, ਕਿਰਿਆ, ਸੰਬੰਧਕੀ ਇਤਿਆਦਿਕ ਸ਼ਬਦਾਂ ਰਾਹੀਂ ਸੇਧ ਮਿਲ ਸਕਦੀ ਹੈ।

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-6)

0

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-6)

                                                ਪ੍ਰੀਤਮ ਸਿੰਘ (ਕਰਨਾਲ)-94164-05173

ਬਿਹਾਰੀ ( ੀ)-ਅੰਤ ਪੁਲਿੰਗ ਨਾਂਵ

ਅਜਿਹੇ ਨਾਂਵ ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਰੂਪ ਵਿਚ ਬਿਹਾਰੀ ਲੱਗੀ ਹੁੰਦੀ ਹੈ, ਬਿਹਾਰੀ-ਅੰਤ ਨਾਂਵ ਕਹੇ ਜਾਂਦੇ ਹਨ; ਜਿਵੇਂ:

ਭਾਈ, ਜੁਆਈ, ਹਸਤੀ, ਪਾਣੀ, ਸੁਆਮੀ ਆਦਿ।

ਉਪਰੋਕਤ ਸ਼ਬਦਾਂ ਦਾ ਬਿਹਾਰੀ ਮੂਲਕ ਅੰਗ ਹੈ। ਇਹ ਬਿਹਾਰੀ-ਅੰਤ ਸ਼ਬਦ ਕਿਸੇ ਵਿਸ਼ੇਸ਼ਣ ਜਾਂ ਕਿਰਿਆ ਤੋਂ ਘੜੇ ਹੋਏ ਬਨਾਉਟੀ ਨਾਂਵ ਨਹੀਂ।

ਬਿਹਾਰੀ-ਅੰਤ ਨਾਂਵਾਂ ਦੀ ਇਕ ਹੋਰ ਕਿਸਮ ਵੀ ਗੁਰਬਾਣੀ ਵਿਚ ਮਿਲਦੀ ਹੈ; ਜਿਵੇਂ:

ਪਾਪੀ, ਧਰਮੀ, ਸਤੀ, ਦਾਨੀ, ਵਡਭਾਗੀ ਆਦਿ।

ਇਹ ਬਨਾਉਟੀ ਬਿਹਾਰੀ-ਅੰਤ ਨਾਂਵ ਹਨ ਕਿਉਕਿ ਅਸਲ ਵਿਚ ਇਹ ਵਿਸ਼ੇਸ਼ਣ ਸ਼ਬਦ ਹਨ, ਜੋ ਪਾਪ, ਧਰਮ, ਸਤ, ਦਾਨ, ਵਡਭਾਗ, ਮੁਕਤਾ-ਅੰਤ ਨਾਂਵ ਸ਼ਬਦਾਂ ਦੇ ਅੰਤ ਵਿਚ ਬਿਹਾਰੀ ਲਾਉਣ ਨਾਲ ਬਣੇ ਹਨ। ਇਹ ਸ਼ਬਦ ਜਦੋਂ ਕਿਸੇ ਨਾਂਵ ਜਾਂ ਪੜਨਾਂਵ ਨਾਲ ਵਰਤੇ ਜਾਣ ਤਦੋਂ ਇਹ ਵਿਸ਼ੇਸ਼ਣ ਹੁੰਦੇ ਹਨ, ਪਰ ਜਦੋਂ ਕਿਸੇਪੰਕਤੀ ਵਿਚ ਨਾਂਵ ਜਾਂ ਪੜਨਾਂਵ ਕੋਈ ਨਾ ਹੋਵੇ ਇਹ ਸ਼ਬਦ ਆਪਣੇ ਆਪ ਵਿਚ ਨਾਂਵ ਦਾ ਕੰਮ ਕਰਦੇ ਹਨ। ਸਪੱਸ਼ਟ ਕਰਨ ਲਈ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾਂਦੀਆਂ ਹਨ।

ਮੁਕਤਾ-ਅੰਤ ਨਾਂਵ      ੀ-ਲਾਇਆਂ ਬਣਿਆ ਸ਼ਬਦ          ਵਿਸ਼ੇਸ਼ਣ ਦੇ ਤੌਰ ’ਤੇ           ਨਾਂਵ ਦੇ ਤੌਰ ਤੇ

ਵਾਪਾਰ                          ਵਾਪਾਰੀ                                     ਵਾਪਾਰੀ ਮਨੁੱਖ                ਵਾਪਾਰੀ

ਰੋਗ                              ਰੋਗੀ                                         ਰੋਗੀ ਮਨੁੱਖ                    ਰੋਗੀ

ਹਠ                               ਹਠੀ                                          ਹਠੀ ਸਾਧ                      ਹਠੀ

ਦੁਖ                               ਦੁਖੀ                                          ਦੁਖੀ ਪਰਜਾ                   ਦੁਖੀ

ਸੰਤੋਖ                            ਸੰਤੋਖੀ                                       ਸੰਤੋਖੀ ਬੱਚਾ                   ਸੰਤੋਖੀ

ਅਜਿਹੇ ਬਨਾਵਟੀ ਸ਼ਬਦਾਂ ਦੇ ਬਹੁ ਵਚਨ ਜਦੋਂ ਕਿਸੇ ਪਰਗਟ ਜਾਂ ਲੁਪਤ ਸੰਬੰਧਕੀ ਪਦ ਤੋਂ ਬਗ਼ੈਰ ਆਉਣ ਤਾਂ ਸਗਵੇਂ ਏਵੇਂ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੀ ਅੰਤਲੀਬਿਹਾਰੀ ਬਿੰਦੇ ਰਹਿਤ ਬੋਲਦੀ ਹੈ; ਜਿਵੇਂ:

ਸੋ ‘ਵਡਭਾਗੀ’, ਜਿਸੁ ਨਾਮਿ ਪਿਆਰੁ॥ (ਅੰਕ ੧੧੫੦)           ਵਡਭਾਗੀ – ਇਕ ਵਚਨ ਵਿਸ਼ੇਸ਼ਣ

ਸੋ ‘ਵਡਭਾਗੀ’, ਜਿਨ ਨਾਮੁ ਧਿਆਇਆ॥ (ਅੰਕ ੩੬੧)  ਵਡਭਾਗੀ – ਬਹੁ ਵਚਨ ਵਿਸ਼ੇਸ਼ਣ

ਮਨੁ ਤਨੁ ਸੀਤਲੁ ਸਭੁ ਹਰਿਆ ਹੋਆ, ‘ਵਡਭਾਗੀ’ ਹਰਿ ਨਾਮੁ ਧਿਆਵੈ॥ (ਅੰਕ ੪੯੪) ਵਡਭਾਗੀ – ਨਾਂਵ, ਇਕ ਵਚਨ

‘ਵਡਭਾਗੀ’, ਹਰਿ ਸੰਗਤਿ ਪਾਵਹਿ॥ (ਅੰਕ ੯)          ਵਡਭਾਗੀ – ਨਾਂਵ, ਬਹੁ ਵਚਨ

‘ਲੋਭੀ’ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ॥ (ਅੰਕ ੫੦) ਲੋਭੀ – ਨਾਂਵ, ਇਕ ਵਚਨ

‘ਲੋਭੀ’ ਅਨ ਕਉ ਸੇਵਦੇ, ਪੜਿ ਵੇਦਾ ਕਰਹਿ ਪੁਕਾਰ॥ (ਅੰਕ ੩੦) ਲੋਭੀ – ਨਾਂਵ ਬਹੁ ਵਚਨ

ਕਈ ਵਾਰੀ ਬਿਹਾਰੀ-ਅੰਤ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਇਹਨਾਂ ਦੇ ਅੰਤ ਵਿਚ ‘ਏ’ ਚਿੰਨ੍ਹ ਲਾਇਆ ਜਾਂਦਾ ਹੈ, ਜੋ ਬਿੰਦੇ ਰਹਿਤ ਬੋਲਦਾ ਹੈ; ਜਿਵੇਂ:

ਹੋਰੁ ਵਣਜੁ ਕਰਹਿ ‘ਵਾਪਾਰੀਏ’, ਅਨੰਤ ਤਰੰਗੀ ਦੁਖੁ ਮਾਇਆ॥ (ਅੰਕ ੧੬੫)

‘ਦੁਖੀਏ’ ਦਰਦਵੰਦ ਦਰਿ ਤੇਰੈ, ਨਾਮਿ ਰਤੇ ਦਰਵੇਸ ਭਏ॥ (ਅੰਕ ੩੫੮)

ਬਿਹਾਰੀ-ਅੰਤ ਪੁਲਿੰਗ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਹੇਠ ਲਿਖੇ ਤਰੀਕੇ ਵਰਤੇ ਜਾਂਦੇ ਹਨ:

(1). ਬਿਹਾਰੀ-ਅੰਤ ਨਾਂਵ ਸ਼ਬਦਾਂ ਦੀ ਅੰਤਲੀ ਬਿਹਾਰੀ ਨਾਸਕੀ ਕਰ ਦਿੱਤੀ ਜਾਂਦੀ ਹੈ।

(2). ਬਿਹਾਰੀ-ਅੰਤ ਨਾਂਵ ਸ਼ਬਦਾਂ ਦੇ ਅੰਤ ਵਿਚ ਨਾਸਕੀ ਚਿੰਨ੍ਹ (ਈਂ) ਲਾ ਦਿੱਤਾ ਜਾਂਦਾ ਹੈ।

(3). ਬਿਹਾਰੀ-ਅੰਤ ਨਾਂਵ ਸ਼ਬਦਾਂ ਦੇ ਅੰਤ ਵਿਚ ਨਾਸਕੀ ਚਿੰਨ੍ਹ (ਆਂ) ਲਾ ਦਿੱਤਾ ਜਾਂਦਾ ਹੈ।

ਨੋਟ: ਉਪਰੋਕਤ ਤਿੰਨੇ ਤਰੀਕੇ ਉਦੋਂ ਵਰਤੇ ਜਾਂਦੇ ਹਨ ਜਦੋਂ ਬਿਹਾਰੀ-ਅੰਤ ਨਾਂਵਾਂ ਦੇ ਬਹੁ ਵਚਨ ਸ਼ਬਦਾਂ ਨਾਲ ਕੋਈ ਪਰਗਟ ਜਾਂ ਲੁਪਤ ਸੰਬੰਧਕੀ ਪਦ ਹੋਵੇ।

ਛਾਪੇ ਦੀ ਬੀੜ ਵਿਚ ਬਿਹਾਰੀ-ਅੰਤ ਨਾਂਵਾਂ ਦੇ ਬਿੰਦੇ ਸਹਿਤ ਬਹੁ ਵਚਨਾਂ ਵਾਲੀਆਂ ਪੰਗਤੀਆਂ ਹੇਠਾਂ ਦਿੱਤੀਆਂ ਜਾਂਦੀਆਂ ਹਨ:

(1) ਤਿਨ੍ਾ ਪਿਆਰਿਆ ‘ਭਾਈਆਂ’, ਅਗੈ ਦਿਤਾ ਬੰਨਿ॥ (ਅੰਕ ੧੩੮੩) (ਭਾਈਆਂ – ਭਾਈਆਂ ਨੇ, ਕਰਤਾ ਕਾਰਕ)

(2) ਸੇਵ ਕੀਤੀ ‘ਸੰਤੋਖੀੲਂ ੀ’, ਜਿਨ੍ੀ ਸਚੋ ਸਚੁ ਧਿਆਇਆ॥ (ਅੰਕ ੪੬੬) (ਸੰਤੋਖੀੲਂ ੀ – ਸੰਤੋਖੀਆਂ ਨੇ, ਕਰਤਾ ਕਾਰਕ।

(3) ਪਤਿਤ ਪਾਵਨੁ ਨਾਮੁ ਨਰਹਰਿ, ‘ਮੰਦ ਭਾਗੀਆਂ’ ਨਹੀ ਭਾਇਓ॥ (ਅੰਕ ੯੮੫) (ਮੰਦ ਭਾਗੀਆਂ-ਮੰਦ ਭਾਗੀ ਪੁਰਸ਼ਾਂ ਨੂੰ, ਸੰਪਰਦਾਨ ਕਾਰਕ)

(4) ਏਕ ਘੜੀ ਮਹਿ ਥਾਪਿ ਉਥਾਪੇ, ਜਰੁ ਵੰਡਿ ਦੇਵੈ ‘ਭਾੲਂ ੀ’॥ (ਅੰਕ ੪੧੭) (ਭਾੲਂ ੀ – ਭਾਈਆਂ ਵਿਚ, ਅਧਿਕਰਣ ਕਾਰਕ)

(5) ਮੁੰਹ ਕਾਲੇ ਤਿਨ੍ ‘ਲੋਭੀਆਂ’, ਜਾਸਨਿ ਜਨਮੇ ਗਵਾਇ॥ (ਅੰਕ ੧੪੧੭) (ਲੋਭੀਆਂ-ਲੋਭੀ ਪੁਰਸ਼ਾਂ ਦੇ, ਸੰਬੰਧ ਕਾਰਕ)

ਸੇਧ:

ਉੱਪਰ ਦਿੱਤੀਆਂ ਗੁਰਬਾਣੀ ਦੀਆਂ ਪੰਗਤੀਆਂ ਅਤੇ ਉਹਨਾਂ ਦੇ ਆਧਾਰ ’ਤੇ ਕੀਤੀ ਹੋਈ ਵਿਚਾਰ ਤੋਂ ਇਹ ਸੇਧ ਮਿਲਦੀ ਹੈ ਕਿ ਬਿਹਾਰੀ-ਅੰਤ, ਬਹੁ ਵਚਨ, ਪੁਲਿੰਗ ਨਾਂਵਾਂ ਦੇ ਨਾਲ ਜਦੋਂ ਕੋਈ ਸੰਬੰਧਕੀ ਪਦ (ਲੁਪਤ ਜਾਂ ਪ੍ਰਗਟ) ਹੋਵੇ ਤਾਂ ਉਹਨਾਂ ਦੀ ਅੰਤਲੀ ਬਿਹਾਰੀ ਜਾਂ ਉਹਨਾਂ ਦੇ ਅੱਗੇ ਲਾਏ ਕਾਰਕ ਚਿੰਨ੍ਹ (ਈ) ਜਾਂ (ਆ) ਸਦਾ ਨਾਸਕੀ (ਬਿੰਦੇ ਸਹਿਤ) ਬੋਲਦੇ ਹਨ।

ਸਾਵਧਾਨੀ:

ਜਦੋਂ ਬਿਹਾਰੀ-ਅੰਤ, ਬਹੁ ਵਚਨ ਪੁਲਿੰਗ ਨਾਂਵ ਨਾਲ ਕੋਈ ਸੰਬੰਧਕੀ ਪਦ (ਲੁਪਤ ਜਾਂ ਪ੍ਰਗਟ) ਨਹੀਂ ਆਉਂਦਾ ਤਾਂ ਉਹ ਆਪਣੇ ਸਗਵੇਂ ਰੂਪ ਵਿਚ ਹੀ ਰਹਿੰਦੇ ਹਨਜਾਂ ਅੰਤ ਵਿਚ ਚਿੰਨ੍ਹ ‘ਏ’ ਆਉਂਦਾ ਹੈ, ਜੋ ਬਿੰਦੇ ਰਹਿਤ ਹੁੰਦਾ ਹੈ; ਜਿਵੇਂ:

ਸਗਵੇਂ ਰੂਪ ਵਿਚ:

(1). ‘ਵਡਭਾਗੀ’, ਹਰਿ ਸੰਗਤਿ ਪਾਵਹਿ॥ (ਅੰਕ ੯੫)

(2). ‘ਪਾਪੀ’ ਕਰਮ ਕਮਾਵਦੇ, ਕਰਦੇ ਹਾਇ ਹਾਇ॥ (ਅੰਕ ੧੪੨੫)

(3). ‘ਲੋਭੀ’ ਅਨ ਕਉ ਸੇਵਦੇ, ਪੜ੍ਹਿ ਵੇਦਾ ਕਰਹਿ ਪੁਕਾਰ॥ (ਅੰਕ ੩੦) ਆਦਿ।

ਕਾਰਕ-ਚਿੰਨ੍ਹ ‘ਏ’ ਸਹਿਤ:

ਹੋਰ ਵਣਜੁ ਕਰਹਿ ‘ਵਾਪਾਰੀਏ’, ਅਨਤ ਤਰੰਗੀ ਦੁਖੁ ਮਾਇਆ॥ (ਅੰਕ੭੬੫)

‘ਦੁਖੀਏ’ ਦਰਦਵੰਦ ਦਰਿ ਤੇਰੈ, ਨਾਮਿ ਰਤੇ ਦਰਵੇਸ ਭਏ॥ (ਅੰਕ ੩੫੮) ਆਦਿ।

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ੳ) ਨਿਯਮ ਨੰ: 1

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ

ਪ੍ਰੋ. ਮਨਿੰਦਰ ਪਾਲ ਸਿੰਘ (ਰੋਪੜ) 94175-86121

(ਭਾਗ-ੳ) ਨਿਯਮ ਨੰ: 1

ਪ੍ਰਸ਼ਨ : ਨਾਉਂ ਕਿਸ ਨੂੰ ਆਖਦੇ ਹਨ ?

ਉੱਤਰ : ਜੋ ਸ਼ਬਦ ਕਿਸੇ ਵਸਤੂ, ਵਿਅਕਤੀ, ਸਥਾਨ, ਗੁਣ ਅਤੇ ਹਾਲਤ ਨੂੰ ਪ੍ਰਗਟ ਕਰੇ, ਉਸ ਨੂੰ ਨਾਉਂ ਆਖਦੇ ਹਨ।

ਪ੍ਰਸ਼ਨ : ਹੇਠ ਲਿਖੇ ਇੱਕੋ ਜਿਹੇ ਦੋ ਸ਼ਬਦਾਂ ਵਿਚਲੇ ਅੰਤਰ ਵੱਲ ਧਿਆਨ ਦੇਵੋ, ਜੀ।

  1. ਰਾਹ ਅਤੇ ਰਾਹੁ
  2. ਪੰਡਿਤ ਅਤੇ ਪੰਡਿਤੁ
  3. ਨੇਹ ਅਤੇ ਨੇਹੁ
  4. ਜਨ ਅਤੇ ਜਨੁ
  5. ਵਾਰ ਅਤੇ ਵਾਰੁ।

ਕੀ ਕੋਈ ਫ਼ਰਕ ਹੈ ? ਹੈ, ਤਾਂ ਕਿਉਂ ? ਜਦ ਕਿ ਇਹ ਸਾਰੇ ਸ਼ਬਦ ਗੁਰਬਾਣੀ ਵਿੱਚੋਂ ਹੀ ਲਏ ਗਏ ਹਨ। ਆਪਾਂ ਇਨ੍ਹਾਂ ਦੀ ਵੀਚਾਰ ਕਰਨੀ ਹੈ। ਇਨ੍ਹਾਂ ਸ਼ਬਦਾਂ ’ਚ ਕ੍ਰਮਵਾਰ ਜੋ ਪਹਿਲਾਂ ਲਿਖੇ ਹੋਏ ਹਨ ਉਨ੍ਹਾਂ ਦਾ ਅਖੀਰਲਾ ਅੱਖਰ ਮੁਕਤਾ ਹੈ ਭਾਵ ਅਖੀਰਲੇ ਅੱਖਰ ਨਾਲ ਕੋਈ ਵੀ ਮਾਤ੍ਰਿਕ ਚਿੰਨ੍ਹ ਨਹੀਂ ਹੈ ਪਰ ਦੂਜੇ ਨੰਬਰ ’ਤੇ ਲਿਖੇ ਗਏ ਸਾਰੇ ਹੀ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ( ੁ) ਆਈ ਹੈ; ਜਿਵੇਂ ਕਿ ਵਾਰ ਅਤੇ ਵਾਰੁ।

ਗੁਰਬਾਣੀ ਵਿੱਚ ਇਨ੍ਹਾਂ ਦੀ ਵਰਤੋਂ ਇਸ ਪ੍ਰਕਾਰ ਕੀਤੀ ਗਈ ਹੈ :

(1). ‘ਰਾਹ’ ਦੋਵੈ; ਖਸਮੁ ਏਕੋ ਜਾਣੁ ॥ (ਮ: ੧/੨੨੩) ਅਤੇ

ਸੁਣਿਐ; ਅੰਧੇ ਪਾਵਹਿ ‘ਰਾਹੁ’ ॥ (ਜਪੁ)

(2). ਨਾਨਕ  ! ਉਠੀ ਚਲਿਆ, ਸਭਿ ਕੂੜੇ ਤੁਟੇ ‘ਨੇਹ’ ॥ (ਮ: ੧/੧੬) ਅਤੇ

ਜਿਸੁ ਪਿਆਰੇ ਸਿਉ ‘ਨੇਹੁ’, ਤਿਸੁ ਆਗੈ ਮਰਿ ਚਲੀਐ ॥ (ਮ: ੨/੮੩)

(3). ਗਾਵਨਿ ‘ਪੰਡਿਤ’ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ (ਜਪੁ) ਅਤੇ

ਸੋ ‘ਪੰਡਿਤੁ’; ਜੋ ਮਨੁ ਪਰਬੋਧੈ ॥ (ਸੁਖਮਨੀ /ਮ: ੫/੨੭੪)

(4). ਪ੍ਰਭ ਕਉ ਸਿਮਰਹਿ; ਸੇ ‘ਜਨ’ ਪਰਵਾਨ ॥ (ਸੁਖਮਨੀ /ਮ: ੫/੨੬੩) ਅਤੇ

‘ਜਨੁ’ ਰਾਤਾ; ਹਰਿ ਨਾਮ ਕੀ ਸੇਵਾ ॥ (ਸੁਖਮਨੀ /ਮ: ੫/੨੬੫)

(5). ਰਾਤੀ, ਰੁਤੀ, ਥਿਤੀ, ‘ਵਾਰ’  ॥ (ਜਪੁ) ਅਤੇ

ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ‘ਵਾਰੁ’  ?  ॥ (ਜਪੁ), ਆਦਿ।

ਹੁਣ ਸਵਾਲ ਉੱਠਦਾ ਹੈ ਕਿ ਗੁਰਬਾਣੀ ਵਿੱਚ ਇਹ ਸ਼ਾਬਦਿਕ ਅੰਤਰ ਕਿਉਂ ਰੱਖਿਆ ਗਿਆ ਹੈ ? ਕਿੱਧਰੇ ਔਂਕੜ ਆ ਗਈ ਤੇ ਕਿੱਧਰੇ ਨਾ ਆਈ।

ਇਸ ਦਾ ਉੱਤਰ ਵੀ ਗੁਰਬਾਣੀ ਵਿੱਚੋਂ ਹੀ ਲੱਭਣਾ ਪਏਗਾ। ਪਹਿਲਾਂ ਸ਼ਬਦਾਂ ਦੇ ਅਰਥ ਵੀਚਾਰਨੇ ਪੈਣਗੇ। ਆਓ, ਦੁਬਾਰਾ ਫਿਰ ਉੱਪਰ ਲਿਖੀਆਂ ਪੰਕਤੀਆਂ ਨੂੰ ਗਹੁ ਨਾਲ ਪੜ੍ਹੀਏ ਤੇ ਕੁਝ ਪ੍ਰਸ਼ਨਾਂ ਦੇ ਉੱਤਰ ਲੱਭੀਏ ।

(1). ‘ਰਾਹ’ ਦੋਵੈ, ਖਸਮੁ ਏਕੋ ਜਾਣੁ ॥

ਪ੍ਰਸ਼ਨ : ਕਿੰਨੇ ‘ਰਾਹ’ ਹਨ ?

ਉੱਤਰ : ਦੋ ਰਾਹ (ਭਾਵ ਇਕ ਤੋਂ ਜ਼ਿਆਦਾ, ਜੋ ਪੁਰਸ਼ ਸ਼੍ਰੇਣੀ ਨਾਲ ਸੰਬੰਧਿਤ ਹਨ, ਜਿਸ ਨੂੰ ਬਹੁ ਵਚਨ ਪੁਲਿੰਗ ਨਾਉਂ ਕਿਹਾ ਜਾਂਦਾ ਹੈ।)

(2). ਨਾਨਕ  ! ਉਠੀ ਚਲਿਆ; ਸਭਿ ਕੂੜੇ ਤੁਟੇ ‘ਨੇਹ’ ॥

ਪ੍ਰਸ਼ਨ : ਕਿੰਨੇ ‘ਨੇਹ’ (ਲਗਾਅ, ਮੋਹ) ਟੁੱਟ ਗਏ।

ਉੱਤਰ : ਸਾਰੇ (ਭਾਵ ਇਕ ਤੋਂ ਜ਼ਿਆਦਾ, ‘ਨੇਹ’ ਸ਼ਬਦ ਵੀ ਪੁਲਿੰਗ ਸ਼੍ਰੇਣੀ ਨਾਲ ਸੰਬੰਧਿਤ ਬਹੁ ਵਚਨ ਹੈ।)

(3). ਗਾਵਨਿ ‘ਪੰਡਿਤ’ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥

ਪ੍ਰਸ਼ਨ : ਕੌਣ ਗਾਉਂਦੇ ਹਨ ?

ਉੱਤਰ : ‘ਪੰਡਿਤ’ (ਇਕ ਤੋਂ ਜ਼ਿਆਦਾ ‘ਕਈ ਪੰਡਿਤ’, ਬਹੁ ਵਚਨ ਪੁਲਿੰਗ)

(4). ਪ੍ਰਭ ਕਉ ਸਿਮਰਹਿ; ਸੇ ‘ਜਨ’ ਪਰਵਾਨ ॥

ਪ੍ਰਸ਼ਨ : ਕੌਣ ਪਰਵਾਨ ਹੁੰਦੇ ਹਨ ?

ਉੱਤਰ : ‘ਜਨ’ (ਇਕ ਤੋਂ ਜ਼ਿਆਦਾ ਕਈ ਜਨ, ਇੱਥੇ ਜਨ ਬਹੁ ਵਚਨ ਪੁਲਿੰਗ ਨਾਉਂ ਹੈ)।

(5). ਰਾਤੀ, ਰੁਤੀ, ਥਿਤੀ, ‘ਵਾਰ’  ॥ (ਜਪੁ)

ਪ੍ਰਸ਼ਨ : ਕਿੰਨੇ (ਸੋਮ, ਮੰਗਲ, ਬੁੱਧ, ਵੀਰ, ਆਦਿ) ਵਾਰ ਹਨ ?

ਉੱਤਰ : ‘ਕਈ ਵਾਰ’ (ਭਾਵ ਇਕ ਤੋਂ ਜ਼ਿਆਦਾ ਕਈ ਵਾਰ, ਇੱਥੇ ਵਾਰ ਬਹੁ ਵਚਨ ਪੁਲਿੰਗ ਨਾਉਂ ਹੈ)।

(ਨੋਟ : ਸੇ ਬਹੁਤਿਆਂ ਲਈ ਅਤੇ ‘ਸੋ’ ਇਕ ਲਈ ਆਉਂਦਾ ਹੈ, ਇਸ ਲਈ ਨੰਬਰ 4 ’ਚ ਆਏ ‘ਸੇ ਜਨ’ ਦਾ ਮਤਲਬ ਜ਼ਿਆਦਾ ਸੇਵਕ ਹਨ।)

ਹੁਣ ਉਹਨਾਂ ਸ਼ਬਦਾਂ ਦੀ ਵੀਚਾਰ ਕਰਦੇ ਹਾਂ ਜਿਨ੍ਹਾਂ ਦੇ ਅਖੀਰ ’ਚ ਔਂਕੜ ਆਈ ਹੈ।

(1). ਸੁਣਿਐ, ਅੰਧੇ ਪਾਵਹਿ ‘ਰਾਹੁ’ ॥

ਪ੍ਰਸ਼ਨ : ਅੰਨ੍ਹੇ (ਅਗਿਆਨੀ) ਮਨੁੱਖ ਕੀ ਪਾ ਲੈਂਦੇ ਹਨ ?

ਉੱਤਰ : ਰਸਤਾ (ਜੀਵਨ ਜਾਚ ਭਾਵ ਇਕ ਮਾਰਗ ਜਾਂ ਸਿਧਾਂਤ, ਇੱਥੇ ‘ਰਾਹੁ’ ਇੱਕ ਵਚਨ ਪੁਲਿੰਗ ਨਾਉਂ ਹੈ)।

(2). ਜਿਸੁ ਪਿਆਰੇ ਸਿਉ ‘ਨੇਹੁ’; ਤਿਸੁ ਆਗੈ ਮਰਿ ਚਲੀਐ ॥

ਪ੍ਰਸ਼ਨ : ਪਿਆਰੇ ਨਾਲ ਕੀ ਹੈ ?

ਉੱਤਰ : ਨੇਹ, ਪਿਆਰ, ਮੁਹੱਬਤ (ਨੇਹੁ, ਜੋ ਇੱਕ ਵਚਨ ਪੁਲਿੰਗ ਹੈ ਕਿਉਂਕਿ ਜਦ ਪਿਆਰਾ (ਰੱਬ) ਹੀ ਇੱਕ ਹੈ ਤਾਂ ਪਿਆਰ ਬਹੁਤੇ ਨਹੀਂ ਹੋ ਸਕਦੇ।)

(3). ਸੋ ‘ਪੰਡਿਤੁ’; ਜੋ ਮਨੁ ਪਰਬੋਧੈ ॥

ਪ੍ਰਸ਼ਨ : ਮਨ ਨੂੰ ਪਰਬੋਧ (ਕਾਬੂ ਕਰਨ ਵਾਲਾ) ਕੌਣ ਹੈ ?

ਉੱਤਰ : ‘ਪੰਡਿਤ’ (ਉਕਤ ਕੀਤੀ ਗਈ ਵਿਚਾਰ ਕਿ ‘ਸੇ’ ਬਹੁ ਵਚਨ ਹੁੰਦਾ ਹੈ ਤੇ ‘ਸੋ’ ਇੱਕ ਵਚਨ, ਇਸ ਲਈ ‘ਸੋ ਪੰਡਿਤੁ’ ਇਕ ਵਚਨ ਦਾ ਪ੍ਰਤੀਕ ਹੈ।)

(4). ‘ਜਨੁ’ ਰਾਤਾ; ਹਰਿ ਨਾਮ ਕੀ ਸੇਵਾ ॥

ਪ੍ਰਸ਼ਨ : ‘ਹਰਿ ਨਾਮ ਦੀ ਸੇਵਾ’ ’ਚ ਕੌਣ ਰੱਤਿਆ ਹੋਇਆ ਹੈ ?

ਉੱਤਰ : ‘ਜਨ’ (ਭਾਵ ਸੇਵਕ, ਇਕ ਵਚਨ ਕਿਉਂਕਿ ਰਾਤਾ ਵੀ ਇੱਕ ਵਚਨ ਕਿਰਿਆ ਹੈ, ਨਹੀਂ ਤਾਂ ਰਾਤੇ ਹੁੰਦਾ; ਜਿਵੇਂ ਕਿ ‘‘ਜੋ ਸਚਿ ‘ਰਾਤੇ’; ਤਿਨ ਸਚੀ ਲਿਵ ਲਾਗੀ  ॥’’ (ਮ: ੩/੧੨੦)

(5). ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ‘ਵਾਰੁ’  ?  ॥ (ਜਪੁ)

ਪ੍ਰਸ਼ਨ : ਉਹ ਕਿਹੜਾ ਦਿਨ (ਸੋਮਵਾਰ ਜਾਂ ਬੁੱਧਵਾਰ ਜਾਂ ਸ਼ੁਕਰਵਾਰ) ਸੀ ? ਭਾਵ ਕਿੰਨੇ ਦਿਨਾਂ ਵੱਲ ਸੰਕੇਤ ਹੈ ?

ਉੱਤਰ : ਇੱਕ ਦਿਨ ਵੱਲ (ਜਦ ਸਿ੍ਰਸ਼ਟੀ ਬਣੀ, ਉਸ ਸਮੇਂ ਨੂੰ ਕਿਹੜੇ-ਕਿਹੜੇ ਦਿਨ ਸਨ, ਨਹੀਂ ਕਿਹਾ ਜਾ ਸਕਦਾ। ਸੋ, ਇੱਥੇ ਵਾਰੁ ਇੱਕ ਵਚਨ ਪੁਲਿੰਗ ਨਾਉਂ ਹੈ)।

ਉਕਤ ਕੀਤੀ ਗਈ ਵਿਚਾਰ ਉਪਰੰਤ ਸਾਹਮਣੇ ਆਇਆ ਹੈ ਕਿ ਜਿੱਥੇ ਇੱਕ ਵਚਨ ਪੁਲਿੰਗ ਨਾਉਂ (ਕਿਸੇ ਇਕ ਵਸਤੂ, ਇਕ ਵਿਅਕਤੀ, ਇਕ ਸਥਾਨ) ਦਾ ਜ਼ਿਕਰ ਹੈ, ਉੱਥੇ ਸ਼ਬਦ ਦੇ ਅੰਤ ’ਚ ਔਂਕੜ ਲੱਗੀ ਹੋਈ ਹੈ, ਪਰ ਜਿੱਥੇ ਬਹੁ ਵਚਨ (ਇਕ ਤੋਂ ਜ਼ਿਆਦਾ ਵਸਤੂਆਂ, ਇੱਕ ਤੋਂ ਵੱਧ ਵਿਅਕਤੀਆਂ, ਕਈ ਸਥਾਨਾਂ) ਦੀ ਗੱਲ ਹੈ, ਉੱਥੇ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਹੈ।

ਸੋ ਇੱਕ ਨਿਯਮ ਪ੍ਰਗਟ ਹੋ ਗਿਆ ਕਿ

(1). ਇਕ ਵਚਨ ਨਾਉਂ (ਵਸਤੂ, ਵਿਅਕਤੀ, ਸਥਾਨ) ਵਾਲੇ ਸ਼ਬਦ ਦੇ ਅਖੀਰਲੇ ਅੱਖਰ ਨੂੰ ਔਂਕੜ ਆਵੇਗੀ; ਜਿਵੇਂ ਕਿ ਅਜੋਕੀ ਪੰਜਾਬੀ ਸ਼ਬਦਾਂ ਦੀ ਗੁਰਬਾਣੀ ਲਿਖਤ ‘ਮੋਰੁ, ਮੇਜੁ, ਪੈੱਨੁ, ਪਰਸੁ, ਗਿਲਾਸੁ, ਆਦਿ ਬਣੇਗੀ, ਜਿਸ ਦਾ ਮਤਲਬ ਹੈ: ‘ਇਕ ਮੋਰ, ਇੱਕ ਮੇਜ, ਇਕ ਪੈੱਨ, ਇਕ ਪਰਸ, ਇਕ ਗਿਲਾਸ’, ਆਦਿ।

(2). ਬਹੁ ਵਚਨ ਨਾਉਂ ਵਾਲੇ ਸ਼ਬਦ ਦਾ ਅਖੀਰਲਾ ਅੱਖਰ ਮੁਕਤਾ ਅੰਤ ਆਉਂਦਾ ਹੈ ਭਾਵ ਉਸ ਨਾਲ ਕੋਈ ਵੀ ਮਾਤ੍ਰਿਕ ਚਿੰਨ੍ਹ ਦਰਜ ਨਹੀਂ ਹੁੰਦਾ; ਜਿਵੇਂ ਕਿ ‘ਮੋਰ, ਮੇਜ, ਪੈੱਨ, ਪਰਸ, ਗਿਲਾਸ’, ਆਦਿ ਦਾ ਮਤਲਬ ਹੈ: ‘ਇਕ ਤੋਂ ਜ਼ਿਆਦਾ ਮੋਰ, ਇਕ ਤੋਂ ਜ਼ਿਆਦਾ ਮੇਜ, ਇਕ ਤੋਂ ਜ਼ਿਆਦਾ ਪੈੱਨ’, ਆਦਿ।

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ੳ) ਨਿਯਮ ਨੰ: 2

0

ਗੁਰਬਾਣੀ ਵਿਆਕਰਨ ਸਬੰਧੀ ਪ੍ਰਸ਼ਨ-ਉੱਤਰ

ਵਾ. ਪ੍ਰਿੰਸੀਪਲ ਮਨਿੰਦਰ ਪਾਲ ਸਿੰਘ 94175-86121

(ਭਾਗ-ੳ)    ਨਿਯਮ ਨੰ: 2

ਪ੍ਰਸ਼ਨ : ਇਸਤਰੀ ਲਿੰਗ ਨਾਉਂ ਕਿਸ ਨੂੰ ਕਹਿੰਦੇ ਹਨ ?

ਉੱਤਰ : ਜੋ ਨਾਉਂ (ਵਸਤੂ, ਵਿਅਕਤੀ, ਸਥਾਨ, ਆਦਿ ਨੂੰ ਪ੍ਰਗਟਾਉਣ ਵਾਲਾ ਸ਼ਬਦ) ਇਸਤਰੀ ਜਾਤੀ ਨਾਲ ਸੰਬੰਧਿਤ ਹੋਵੇ, ਉਸ ਨੂੰ ਇਸਤਰੀ ਲਿੰਗ ਨਾਉਂ ਕਹਿੰਦੇ ਹਨ; ਜਿਵੇਂ ‘ਬਰਫ਼ੀ ਖਾਧੀ, ਪੇੜਾ ਖਾਧਾ, ਰੋਟੀ ਖਾਧੀ, ਅੰਬ ਖਾਧਾ, ਇਤਿਆਦਿਕ ਜਿਨ੍ਹਾਂ ਸ਼ਬਦਾਂ ਦੇ ਪਿੱਛੇ ‘ਖਾਧੀ’ ਆਇਆ ਹੈ, ਉਹ ਇਸਤਰੀ ਲਿੰਗ ਨਾਉਂ ਹਨ ਅਤੇ ਜਿਨ੍ਹਾਂ ਦੇ ਪਿੱਛੇ ‘ਖਾਧਾ’ ਆਇਆ ਹੈ, ਉਹ ਪੁਲਿੰਗ (ਪੁਰਸ਼ ਲਿੰਗ) ਨਾਉਂ ਹਨ।

ਹੇਠਾਂ ਲਿਖੀਆਂ ਪੰਕਤੀਆਂ ਵਿਸ਼ੇ ਨੂੰ ਸਮਝਣ ਲਈ ਮਦਦਗਾਰ ਹੋ ਸਕਦੀਆਂ ਹਨ :

(1).         ਭਰੀਐ; ਹਥੁ ਪੈਰੁ ਤਨੁ ‘ਦੇਹ’॥  ਪਾਣੀ ਧੋਤੈ; ਉਤਰਸੁ ‘ਖੇਹ’॥ (ਜਪੁ)

(2).         ਤਨੁ ਮਨੁ ਸੀਤਲੁ; ਸਾਚੁ ‘ਪਰੀਖ’॥ (ਮ: ੧/੧੫੨)

(3).  ਕਾਮੁ, ਕ੍ਰੋਧੁ, ਲੋਭੁ, ਮੋਹੁ ਜੀਤਹੁ; ਐਸੀ ‘ਖੇਲ’ ਹਰਿ ਪਿਆਰੀ॥ (ਮ: ੫/੧੧੮੫)

(4).         ਦਇਆ ‘ਕਪਾਹ’, ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ॥ (ਮ: ੧/੪੭੧)

ਵਿਚਾਰ ਅਧੀਨ ਉਕਤ ਪੰਕਤੀ ਨੰ. 1 (ਭਰੀਐ; ਹਥੁ ਪੈਰੁ ਤਨੁ ‘ਦੇਹ’॥ ) ਵਿੱਚ ‘ਹਥੁ, ਪੈਰੁ ਤੇ ਤਨੁ’ ਸ਼ਬਦਾਂ ਦੇ ਅਖੀਰ ’ਚ ਔਂਕੜ ਲੱਗੀ ਹੋਈ ਹੈ ਜਦ ਕਿ ‘ਦੇਹ’ ਨੂੰ ਅੰਤ ਔਂਕੜ ਨਹੀਂ, ਆਖ਼ਿਰ ਕਿਉਂ ? 

ਇਨ੍ਹਾਂ ਵਾਕਾਂ ਵੱਲ ਧਿਆਨ ਦਿਓ ‘ਮੈਂ ਹੱਥ ਧੋਤਾ, ਪੈਰ ਧੋਤਾ, ਤਨ ਧੋਤਾ ਅਤੇ ਮੈਂ ਦੇਹ (ਦੇਹੀ) ਧੋਤੀ।  ਗੱਲ ਪਕੜ ’ਚ ਆਈ ਹੋਵੇਗੀ ਕਿ ਤਿੰਨ ‘ਔਂਕੜ ਅੰਤ’ ਸ਼ਬਦਾਂ ਨਾਲ ‘ਧੋਤਾ’ (ਕਿਰਿਆ) ਹੈ ਜਦ ਕਿ ਚੌਥੇ ਸ਼ਬਦ ‘ਦੇਹ’ ਨਾਲ ‘ਧੋਤੀ’ (ਕਿਰਿਆ) ਸ਼ਬਦ ਕਿਉਂ ਆਇਆ ਹੈ ?  ਭਾਵ ‘ਦੇਹ’ ਇਸਤਰੀ ਲਿੰਗ ਹੈ, ਇਸੇ ਤਰ੍ਹਾਂ ‘ਖੇਹ’ (ਮਿੱਟੀ) (ਪਾਣੀ ਧੋਤੈ; ਉਤਰਸੁ ‘ਖੇਹ’॥) ਵੀ ਇਸਤਰੀ ਲਿੰਗ ਨਾਉਂ ਹੋਣ ਕਾਰਨ ਮੁਕਤਾ ਅੰਤ ਹੈ, ਇਸ ਲਈ ‘ਖੇਹ (ਮਿੱਟੀ) ਧੋਤੀ, ਨਾ ਕਿ ‘ਖੇਹ ਧੋਤਾ’ ਵਾਕ ਬਣੇਗਾ।

ਉਕਤ ਪੰਕਤੀ ਨੰ. 2 (ਤਨੁ ਮਨੁ ਸੀਤਲੁ; ਸਾਚੁ ‘ਪਰੀਖ’॥) ਵਿੱਚ ਵਾਕ ਇਉਂ ਬਣ ਰਿਹਾ ਹੈ।

ਮੇਰਾ ਮਨ (ਪੁਲਿੰਗ), ਮੇਰਾ ਤਨ (ਪੁਲਿੰਗ) ਪਰ ‘ਮੇਰੀ ਪਰੀਖ’ (ਪਰਖ ਜਾਂ ਪਹਿਚਾਣ) ਇਸਤਰੀ ਲਿੰਗ ਸ਼ਬਦ ਹੈ।

ਇਸੇ ਤਰ੍ਹਾਂ ਉਕਤ ਪੰਕਤੀ ਨੰ. 3 (ਕਾਮੁ, ਕ੍ਰੋਧੁ, ਲੋਭੁ, ਮੋਹੁ ਜੀਤਹੁ; ਐਸੀ ‘ਖੇਲ’ ਹਰਿ ਪਿਆਰੀ॥) ਵਿੱਚ ‘ਕਾਮੁ, ਕ੍ਰੋਧੁ, ਲੋਭੁ, ਮੋਹੁ’ ਪੁਲਿੰਗ ਸ਼ਬਦ ਹਨ ਜਦ ਕਿ ‘ਖੇਲ’ ਇਸਤਰੀ ਲਿੰਗ ਹੈ ਕਿਉਂਕਿ ਇਸ ਨਾਲ ‘ਐਸੀ ਖੇਲ’ ਦਰਜ ਹੈ, ਨਾ ਕਿ ‘ਐਸਾ ਖੇਲ’।

 ਉਕਤ ਪੰਕਤੀ ਨੰ. 4 (ਦਇਆ ‘ਕਪਾਹ’, ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ॥) ਵਿੱਚ ‘ਸੰਤੋਖੁ, ਸੂਤੁ, ਜਤੁ ਤੇ ਵਟੁ’ ਸਭ ਪੁਲਿੰਗ ਨਾਉਂ ਹਨ ਜਦ ਕਿ ‘ਕਪਾਹ’ (ਫਸਲ ਦਾ ਨਾਂ) ਇਸਤਰੀ ਲਿੰਗ ਹੈ।  ਵਾਕ ਇਉਂ ਬਣੇਗਾ ‘ਇਹ ਕਪਾਹ ਚੰਗੀ ਹੈ’ ਅਤੇ ‘ਇਹ ਸੂਤੁ ਚੰਗਾ ਹੈ।’

 ਜਿਹੜੇ ਸ਼ਬਦ ਇਸਤਰੀ ਲਿੰਗ ਹਨ; ਜਿਵੇਂ ਕਿ ‘ਦੇਹ, ਕਪਾਹ, ਖੇਲ, ਪਰੀਖ’;  ਉਨ੍ਹਾਂ ਦਾ ਅਖੀਰਲਾ ਅੱਖਰ ਮੁਕਤਾ ਅੰਤ ਆ ਰਿਹਾ ਹੈ।  ਸੋ, ਇਕ ਹੋਰ ਨਿਯਮ ਸਾਹਮਣੇ ਆ ਗਿਆ ਕਿ ਇਸਤਰੀ ਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਭਾਵੇਂ ਉਹ ਇਕ ਵਚਨ ਹੋਵੇ ਜਾਂ ਬਹੁ ਵਚਨ।

ਨੋਟ: ਪਿਛਲੀ ਸਾਰੀ ਵਿਚਾਰ ਨੂੰ ਇਕੱਠਾ ਕਰੀਏ ਤਾਂ ਹੇਠ ਲਿਖੇ ਨਿਯਮ ਪ੍ਰਗਟ ਹੋ ਜਾਂਦੇ ਹਨ :

(ੳ). ਇਕ ਵਚਨ ਪੁਲਿੰਗ ਨਾਉਂ (ਉਹ ਸ਼ਬਦ, ਜੋ ਇੱਕ ਵਸਤੂ, ਇੱਕ ਵਿਅਕਤੀ, ਇੱਕ ਸਥਾਨ ਬਾਬਤ ਹੋਣ ਅਤੇ ਪੁਰਸ਼ ਜਾਤੀ ਨਾਲ ਸੰਬੰਧਿਤ ਹੋਵਣ) ਦੇ ਅਖੀਰਲੇ ਅੱਖਰ ਨੂੰ ਔਂਕੜ ਆਵੇਗੀ।

(ਅ). ਹੇਠ ਲਿਖੇ ਨਿਯਮਾਂ ਮੁਤਾਬਕ ਨਾਉਂ ਸ਼ਬਦ ਦੇ ਅੰਤ ’ਚ ਔਂਕੜ ਨਹੀਂ ਆਉਂਦੀ।

(1).  ਜਦ ਨਾਉਂ ਬਹੁ ਵਚਨ ਹੋਵੇ (ਭਾਵ ਇਕ ਤੋਂ ਵਧੀਕ ਵਸਤੂਆਂ, ਕਈ ਵਿਅਕਤੀਆਂ, ਕਈ ਸਥਾਨਾਂ ਦਾ ਬੋਧ ਕਰਵਾਉਣ ਵਾਲੇ ਸ਼ਬਦ ਹੋਣ), ਤਾਂ ਉਨ੍ਹਾਂ ਸ਼ਬਦਾਂ ਦਾ ਅੰਤ ਮੁਕਤਾ ਹੋਵੇਗਾ।

(2).  ਜੇਕਰ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲਾ ਸ਼ਬਦ) ਇਸਤਰੀ ਲਿੰਗ ਹੋਵੇ, ਤਾਂ ਵੀ ਸ਼ਬਦ ਦਾ ਅੰਤ ਮੁਕਤਾ ਹੋਵੇਗਾ।

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ੳ) ਨਿਯਮ ਨੰ: 3,4

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ

(ਭਾਗ-ੳ)    ਨਿਯਮ ਨੰ: 3

ਪ੍ਰਸ਼ਨ : ਸੰਬੰਧਕ ਕਿਸ ਨੂੰ ਆਖਦੇ ਹਨ ?

ਉੱਤਰ : ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਪਿੱਛੇ ਆ ਕੇ ਉਹਦਾ  ਸੰਬੰਧ ਵਾਕ ਦੀ ਕਿਰਿਆ ਜਾਂ ਕਿਸੇ ਹੋਰ (ਦੂਜੇ) ਸ਼ਬਦ ਨਾਲ ਪ੍ਰਗਟ ਕਰਦਾ ਹੈ, ਉਸ ਨੂੰ ਸੰਬੰਧਕ ਆਖਦੇ ਹਨ; ਜਿਵੇਂ ‘ਮੋਹਨ ਦਾ ਘਰ, ਰਾਮ ਦੀ ਹੱਟੀ’, ਆਦਿ ਸ਼ਬਦਾਂ ਵਿਚ ‘ਦਾ’ ਅਤੇ ‘ਦੀ’ ਸੰਬੰਧਕ ਸ਼ਬਦ ਹਨ।

ਹੇਠਾਂ ਲਿਖੀਆਂ ਪੰਕਤੀਆਂ ਵਿੱਚ ਇੱਕੋ ਸ਼ਬਦ ਦੇ ਦੋ ਸਰੂਪ (ਔਂਕੜ ਅੰਤ ਤੇ ਮੁਕਤਾ ਅੰਤ) ਹਨ ਕਿਉਂਕਿ ਵਿਚਕਾਰ ਆਏ ਸੰਬੰਧਕ ਨੇ ਆਪਣੇ ਤੋਂ ਪਹਿਲਾਂ ਆਏ ਸ਼ਬਦ ਨੂੰ ਮੁਕਤਾ ਅੰਤ ਕਰ ਦਿੱਤਾ ਹੈ:

  1. ‘ਬਾਲਕੁ’ ਮਰੈ; ‘ਬਾਲਕ’ ਕੀ ਲੀਲਾ॥ (ਮ: ੧/੧੦੨੭)
  2. ‘ਗੁਰ’ ਕੀ ਮਹਿਮਾ ਕਿਆ ਕਹਾਂ, ‘ਗੁਰੁ’ ਬਿਬੇਕ ਸਤ ਸਰੁ॥ (ਮ: ੫/੩੯੭)
  3. ਸਤਿਗੁਰੁ ‘ਸਿਖ’ ਕਉ; ਨਾਮ ਧਨੁ ਦੇਇ॥ ਗੁਰ ਕਾ ‘ਸਿਖੁ’; ਵਡਭਾਗੀ ਹੇ॥ (ਮ: 5/283)

ਉਕਤ ਤੁਕਾਂ ’ਚ ਸਮਾਨੰਤਰ (ਬਾਲਕ-ਬਾਲਕੁ, ਗੁਰ-ਗੁਰੁ, ਸਿਖ-ਸਿਖੁ) ਸ਼ਬਦ ਹੋਣ ਦੇ ਬਾਵਜੂਦ ਵੀ ਕਿਧਰੇ ਔਂਕੜ ਆ ਰਹੀ ਹੈ ਤੇ ਕਿਧਰੇ ਨਹੀਂ।  ਨਿਯਮ ਬੜਾ ਸਪਸ਼ਟ ਹੈ ਕਿ ਜਿਨ੍ਹਾਂ ਅੱਖਰਾਂ ਨੂੰ ਅੰਤ ਔਂਕੜ ਨਹੀਂ ਆਈ ਉਨ੍ਹਾਂ ਦੇ ਪਿੱਛੇ ‘ਕਾ, ਕੀ, ਕਉ’ ਸੰਬੰਧਕ ਸ਼ਬਦ ਹਨ ਜਦ ਕਿ ਦੂਸਰਿਆਂ (ਅੰਤ ਔਂਕੜ ਵਾਲਿਆਂ) ਦੇ ਪਿਛੇ ਸੰਬੰਧਕ ਸ਼ਬਦ ਨਹੀਂ।  ਸੋ ਇੱਕ ਹੋਰ ਨਿਯਮ ਸਾਡੇ ਸਾਹਮਣੇ ਆ ਗਿਆ ਕਿ

ਜਦੋਂ ਕੋਈ ਸੰਬੰਧਕ ਚਿੰਨ੍ਹ (‘ਮਹਿ, ਵਿਚਿ, ਤੇ, ਸੰਗਿ, ਨਾਲਿ, ਕਉ’, ਆਦਿ) ਕਿਸੇ  ਇੱਕ ਵਚਨ ਪੁਲਿੰਗ ਨਾਉਂ ਸ਼ਬਦ ਦੇ ਨਾਲ ਦਰਜ  ਹੋਵੇ ਤਾਂ ਸੰਬੰਧਕ, ਉਸ ਨਾਉਂ ਦਾ ਔਂਕੜ ਹਟਾ ਕੇ ਉਸ ਨੂੰ ਮੁਕਤਾ ਅੰਤ ਕਰ ਦਿੰਦਾ ਹੈ; ਜਿਵੇਂ ਕਿ ਹੇਠਾਂ ਤੁਕਾਂ ’ਚ ਦਰਜ ਹੈ:

  1. ਸਗਲ ‘ਉਦਮ ਮਹਿ’; ਉਦਮੁ ਭਲਾ॥ (ਮ: ੫/੨੬੬)
  2. ‘ਗੁਣ ਵਿਚਿ’; ਗੁਣੁ ਲੈ ਸਾਰਿ॥ (ਮ: ੧/੧੧੬੮)
  3. ‘ਦੀਪਕ ਤੇ’; ਦੀਪਕੁ ਪਰਗਾਸਿਆ॥ (ਮ: ੫/੯੦੭), ਆਦਿ।

(ਭਾਗ-ੳ)    ਨਿਯਮ ਨੰ: 4

ਪ੍ਰਸ਼ਨ : ਸੰਬੋਧਨ ਕਾਰਕ (vocative case) ਕਿਸ ਨੂੰ ਕਹਿੰਦੇ ਹਨ ?

ਉੱਤਰ : ਕਿਸੇ ਨੂੰ ਆਵਾਜ਼ ਮਾਰਨ ਲਈ ਜੋ ਸ਼ਬਦ ਲਿਖਦੇ/ਬੋਲਦੇ ਹਾਂ, ਉਹ ਸੰਬੋਧਨ ਕਾਰਕ ਵਿਚ ਹੁੰਦੇ ਹਨ; ਜਿਵੇਂ ਓਏ ਮੁੰਡੇ  !, ਓਏ ਬੱਚੇ !, ਹੇ ਭਾਈ  !, ਹੇ ਮਨ !,  ਹੇ ਸਤਿਗੁਰ !  ਹੇ ਪ੍ਰਭੂ !, ਆਦਿ।

 ਉਹ ਸ਼ਬਦ, ਜਿਨ੍ਹਾਂ ਰਾਹੀਂ ਕਿਸੇ ਨੂੰ ਆਵਾਜ਼ ਮਾਰੀ ਜਾਂਦੀ ਹੈ, ਸੰਬੋਧਨ ਸ਼ਬਦ ਅਖਵਾਉਂਦੇ ਹਨ। ਗੁਰਬਾਣੀ ਵਿੱਚ ਇਨ੍ਹਾਂ ਸ਼ਬਦਾਂ ਦਾ ਆਖ਼ਰੀ ਅੱਖਰ ਮੁਕਤਾ (ਬਿਨਾਂ ਕਿਸੇ ਮਾਤ੍ਰਿਕ ਚਿੰਨ੍ਹ ਦੇ) ਆਉਂਦਾ ਹੈ ਭਾਵੇਂ ਉਹ ਨਾਉਂ (ਵਸਤੂ, ਵਿਅਕਤੀ, ਸਥਾਨ) ਪੁਲਿੰਗ, ਇਕ ਵਚਨ ਹੀ ਕਿਉਂ ਨਾ ਹੋਣ।

(ਨੋਟ : ਵਾਰ ਵਾਰ ਇਕ ਵਚਨ ਪੁਲਿੰਗ ਨਾਉਂ ਸ਼ਬਦ ਇਸ ਲਈ ਵਰਤਿਆ ਜਾ ਰਿਹਾ ਹੈ ਕਿਉਂਕਿ ਇਕ ਵਚਨ ਪੁਲਿੰਗ ਨਾਉਂ ਨੂੰ ਹੀ ਅੰਤ ਔਕੜ ਆਉਂਦੀ ਹੈ।  ਬਹੁ ਵਚਨ ਪੁਲਿੰਗ ਨਾਉਂ ਅਤੇ ਇਸਤਰੀ ਲਿੰਗ ਨਾਉਂ (ਇਕ ਵਚਨ ਤੇ ਬਹੁ ਵਚਨ) ਨੂੰ ਤਾਂ ਔਕੜ ਆਉਂਦੀ ਹੀ ਨਹੀਂ।)

ਹੇਠਲੀਆਂ ਤੁਕਾਂ ’ਚ ਇੱਕ ਵਚਨ ਪੁਲਿੰਗ ਨਾਉਂ ਸੰਬੋਧਨ ਹੋਣ ਕਾਰਨ ਮੁਕਤਾ ਅੰਤ ਹੈ:

(1).  ਮੇਰੇ ਮਨ !  ਰਾਮ ਨਾਮਿ ਚਿਤੁ ਲਾਇ॥ (ਮ: ੩/੧੧੭੭)

ਉਕਤ ਪੰਕਤੀ ਵਿਚ ‘ਮਨ’ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹੋਣ ਕਾਰਨ ਅੰਤ ਔਂਕੜ ਆਉਣੀ ਸੀ, ਪਰ ਜੇ ਇਹ ਸੰਬੋਧਨ ਰੂਪ ਵਿਚ ਨਾ ਹੁੰਦਾ।  ਹੁਣ ਇੱਥੇ ਆਵਾਜ਼ ਮਾਰੀ ਗਈ ਹੈ ਕਿ ਹੇ ਮੇਰੇ ਮਨ  !  ਰਾਮ ਦੇ ਨਾਮ ਵਿਚ ਚਿਤ ਲਗਾ, ਪਰ ਵੀਚਾਰੋ ਇਹ ਪੰਕਤੀ : ‘‘ਇਹੁ ਮਨੁ ਮੈਲਾ, ਇਕੁ ਨ ਧਿਆਏ॥’’ (ਮ: ੩/੧੧੬) ਵਿਚ ‘ਮਨ’ ਨੂੰ ਔਂਕੜ ਕਿਉਂ ਆਈ ?

(2).  ‘ਸਤਿਗੁਰ’  !  ਮੈ ਬਲਿਹਾਰੀ ਤੋਰ॥  (ਰਾਮਾਨੰਦ ਜੀ/੧੧੯੫)  ਤੇ ‘ਸਤਿਗੁਰੁ’ ਪੂਜਉ, ਸਦਾ ਸਦਾ ਮਨਾਵਉ॥ (ਕਬੀਰ ਜੀ/੧੧੫੮)

ਪਹਿਲੀ ਪੰਕਤੀ ਦਾ ਅਰਥ ਹੈ: ਹੇ ਸਤਿਗੁਰੂ  !  ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ (ਭਾਵ ਸਤਿਗੁਰ ਜੀ ਨੂੰ ਆਵਾਜ਼ ਮਾਰੀ ਹੈ, ਬੇਨਤੀ ਕੀਤੀ ਗਈ ਹੈ।) ਪਰ ਦੂਜੀ ਪੰਕਤੀ ’ਚ ਕਿਹਾ ਗਿਆ ਹੈ ਕਿ ਮੈਂ ਸਤਿਗੁਰੂ ਨੂੰ ਪੂਜਦਾ ਹਾਂ ਹਮੇਸ਼ਾ ਉਸ ਨੂੰ ਮਨਾਉਂਦਾ ਹਾਂ ਭਾਵ ਕੋਈ ਆਵਾਜ਼ ਨਹੀਂ ਮਾਰੀ ਗਈ, ਇਸ ਲਈ ਇੱਕ ਵਚਨ ਪੁਲਿੰਗ ਨਾਉਂ ਹੋਣ ਕਾਰਨ ਅੰਤ ਔਂਕੜ ਆ ਗਈ ਹੈ।

(3). ਨਾਨਕ ਕੀ ਧਰ ਤੂ ਹੈ ਠਾਕੁਰ  !  ਤੂ ਨਾਨਕ ਕਾ ਮਾਣਾ॥ (ਮ: ੫/੭੭੯) (‘ਠਾਕੁਰ’ ਸੰਬੋਧਨ ਹੋਣ ਕਾਰਨ ਮੁਕਤਾ ਅੰਤ ਹੈ।)

(4).  ਮੇਲਿ ਲੈਹੁ ਦਇਆਲ  !  ਢਹਿ ਪਏ ਦੁਆਰਿਆ॥ ਰਖਿ ਲੇਵਹੁ, ਦੀਨ ਦਇਆਲ  !  ਭ੍ਰਮਤ ਬਹੁ ਹਾਰਿਆ।। (ਮ: ੫/੭੦੯) (‘ਦਇਆਲ’ ਸ਼ਬਦ ਦੋ ਵਾਰ ਸੰਬੋਧਨ ਹੋਣ ਕਾਰਨ ਮੁਕਤਾ ਅੰਤ ਹੈ।)

(5).  ਲਾਲ ਰੰਗੀਲੇ ਪ੍ਰੀਤਮ ਮਨਮੋਹਨ  !  ਤੇਰੇ ਦਰਸਨ ਕਉ ਹਮ ਬਾਰੇ॥ (ਮ: ੫/੭੩੮) (‘ਲਾਲ, ਪ੍ਰੀਤਮ ਤੇ ਮਨਮੋਹਨ’ (ਤਿੰਨੇ) ਸੰਬੋਧਨ ਸ਼ਬਦ ਹੋਣ ਕਾਰਨ ਮੁਕਤਾ ਅੰਤ ਹਨ।)

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ਅ) ਨਿਯਮ ਨੰ.1

0

(ਭਾਗ-ਅ)  ਨਿਯਮ ਨੰ.1

ਗੁਰਬਾਣੀ ਦੇ ਸ਼ਬਦਾਂ ਵਿਚ ਅੰਤਲੀ ਸਿਹਾਰੀ ਸੰਬੰਧੀ ਨਿਯਮ :

 ਹੇਠ ਲਿਖੇ ਇੱਕੋ ਜਿਹੇ ਉਚਾਰਨ ਵਾਲੇ ਸ਼ਬਦਾਂ ’ਤੇ ਧਿਆਨ ਦੇਵੋ, ਜੀ :

ਭਗਤ-ਭਗਤਿ, ਚੰਚਲ-ਚੰਚਲਿ, ਕਾਮਣ-ਕਾਮਣਿ, ਸੁੰਦਰ-ਸੁੰਦਰਿ, ਸੇਵਕ-ਸੇਵਕਿ।

ਫ਼ਰਕ ਇਹ ਹੈ ਕਿ ਜੋ ਸ਼ਬਦ ਪਹਿਲਾਂ ਲਿਖੇ ਹਨ, ਉਹਨਾਂ ਦੇ ਅਖੀਰਲੇ ਅੱਖਰ ਨਾਲ ਕੋਈ ਮਾਤ੍ਰਿਕ ਚਿੰਨ੍ਹ ਨਹੀਂ ਭਾਵ ਮੁਕਤਾ ਅੰਤ ਹਨ, ਪਰ ਦੂਜੇ ਨੰਬਰ ’ਤੇ ਲਿਖੇ ਸਾਰੇ ਸ਼ਬਦਾਂ ਦੇ ਅਖੀਰਲੇ ਅੱਖਰਾਂ ਨੂੰ ਸਿਹਾਰੀ (  ਿ) ਆਈ ਹੈ; ਜਿਵੇਂ ‘ਚੰਚਲ ਤੇ ਚੰਚਲਿ’।

ਇਹ ਸਾਰੇ ਸ਼ਬਦ ਗੁਰਬਾਣੀ ਵਿੱਚੋਂ ਹੀ ਹਨ।  ਆਓ, ਵਿਚਾਰੀਏ:

(1). ਤੇਰੀ ‘ਭਗਤਿ’ ਤੇਰੀ ‘ਭਗਤਿ’ ਭੰਡਾਰ ਜੀ  !  ਭਰੇ ਬਿਅੰਤ ਬੇਅੰਤਾ॥  (ਮ: ੪/੧੧)  ਅਤੇ 

ਤੇਰੇ ‘ਭਗਤ’ ਤੇਰੇ ‘ਭਗਤ’ ਸਲਾਹਨਿ ਤੁਧੁ ਜੀ  ! ਹਰਿ ਅਨਿਕ ਅਨੇਕ ਅਨੰਤਾ॥  (ਮ: ੪/੧੧)

(2).  ‘ਚੰਚਲਿ’ ਸੰਗਿ ਨ ਚਾਲਤੀ ਸਖੀਏ  !  ਅੰਤਿ ਤਜਿ ਜਾਵਤ ਮਾਇਆ॥ (ਮ: ੫/੮੦੩) (ਅਤੇ)

ਕਹੈ ਨਾਨਕੁ ਮਨ ‘ਚੰਚਲ’  !  ਚਤੁਰਾਈ ਕਿਨੈ ਨ ਪਾਇਆ॥  (ਮ: ੩/੯੧੮)

(3).  ਗੁਣ ‘ਕਾਮਣ’, ‘ਕਾਮਣਿ’ ਕਰੈ; ਤਉ ਪਿਆਰੇ ਕਉ ਪਾਵੈ॥  (ਮ: ੧/੭੨੫)

(4).  ‘ਸੁੰਦਰਿ’ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ॥  (ਮ: ੫/੯੨੮)  (ਅਤੇ)

ਸੇਈ ‘ਸੁੰਦਰ’ ਸੋਹਣੇ ॥  ਸਾਧ ਸੰਗਿ ਜਿਨ ਬੈਹਣੇ ॥ (ਮ: ੫/੧੩੨)

(5).  ਸੋ ‘ਸੇਵਕਿ’ ਰਾਮ ਪਿਆਰੀ॥  (ਮ: ੧/੮੭੯) (ਅਤੇ)

‘ਸੇਵਕ’ ਕਉ, ਸੇਵਾ ਬਨਿ ਆਈ॥  (ਮ: ੫/੨੯੨), ਆਦਿ।

  ਉਕਤ ਇੱਕੋ ਸ਼ਬਦ ਦੇ ਦੋ-ਦੋ ਸਰੂਪ ਲਿਖਣ ਦਾ ਕੀ ਕਾਰਨ ਹੋ ਸਕਦਾ ਹੈ ? ਕਿਧਰੇ ਸਿਹਾਰੀ ਆ ਗਈ, ਕਿਧਰੇ ਨਾ ਆਈ ।  ਇਸ ਦਾ ਉੱਤਰ ਵੀ ਗੁਰਬਾਣੀ ਵਿੱਚੋਂ ਹੀ ਮਿਲੇਗਾ।  ਇੱਕ ਵਾਰ ਮੁੜ ਉੱਪਰ ਲਿਖੀਆਂ ਕੇਵਲ ਸਿਹਾਰੀ ਵਾਲੀਆਂ ਪੰਕਤੀਆਂ ਨੂੰ ਪ੍ਰਸ਼ਨ/ਉੱਤਰ ਬਣਾ ਕੇ ਪਹਿਲਾਂ ਵਿਚਾਰੀਏ:

(1).  ਤੇਰੀ ‘ਭਗਤਿ’ ਤੇਰੀ ‘ਭਗਤਿ’ ਭੰਡਾਰ ਜੀ  !  ਭਰੇ ਬਿਅੰਤ ਬੇਅੰਤਾ॥

ਪ੍ਰਸ਼ਨ : ‘ਭਗਤਿ’ ਦਾ ਕੀ ਮਤਲਬ ਹੈ ?

ਉੱਤਰ : ਭਗਤੀ ਜਾਂ ਬੰਦਗੀ (ਜੋ ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਤੇਰੇ ‘ਭਗਤ’ ਤੇਰੇ ‘ਭਗਤ’ ਸਲਾਹਨਿ ਤੁਧੁ ਜੀ  !’’ ਵਿੱਚ ‘ਭਗਤ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ, ਜਿਸ ਦਾ ਅਰਥ ਹੈ ਭਗਤੀ ਕਰਨ ਵਾਲੇ)।

(2).  ‘ਚੰਚਲਿ’ ਸੰਗਿ ਨ ਚਾਲਤੀ ਸਖੀਏ  !  ਅੰਤਿ ਤਜਿ ਜਾਵਤ ਮਾਇਆ॥

ਪ੍ਰਸ਼ਨ : ‘ਚੰਚਲਿ’ ਕੌਣ ਹੈ  ?

ਉੱਤਰ : ਮਾਇਆ (ਜੋ ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਕਹੈ ਨਾਨਕੁ ਮਨ ‘ਚੰਚਲ’  !  ਚਤੁਰਾਈ ਕਿਨੈ ਨ ਪਾਇਆ॥’’ ਵਿੱਚ ‘ਚੰਚਲ’ (ਅੰਤ ਮੁਕਤਾ) ਇੱਕ ਵਚਨ ਪੁਲਿੰਗ ਤੇ ਸੰਬੋਧਨ ਰੂਪ ‘ਮਨ’ ਦਾ ਵਿਸ਼ੇਸ਼ਣ ਹੈ।)।

(3). ਗੁਣ ‘ਕਾਮਣ’ ‘ਕਾਮਣਿ’ ਕਰੈ, ਤਉ ਪਿਆਰੇ ਕਉ ਪਾਵੈ॥

ਪ੍ਰਸ਼ਨ : ‘ਕਾਮਣਿ’ ਕਿਸ ਨੂੰ ਕਹਿੰਦੇ ਹਨ ?

ਉੱਤਰ : ਇਸਤਰੀ ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਇਸੇ ਤੁਕ ’ਚ ਦੂਸਰਾ ਸੰਬੰਧਿਤ ਸ਼ਬਦ ‘ਕਾਮਣ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ, ਜਿਸ ਦਾ ਅਰਥ ਹੈ: ‘ਟੂਣੇ ਜਾਂ ਜਾਦੂ’)।

(4).  ‘ਸੁੰਦਰਿ’ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ॥

ਪ੍ਰਸ਼ਨ : ‘ਸੁੰਦਰਿ’ ਕਿਸ ਨੂੰ ਕਿਹਾ ਗਿਆ ਹੈ ?

ਉੱਤਰ : ਇਸਤਰੀ (ਜਾਂ ਸੁੰਦਰੀ, ਸੋਹਣੀ) ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਸੇਈ ‘ਸੁੰਦਰ’ ਸੋਹਣੇ ॥’’ ਵਿੱਚ ‘ਸੁੰਦਰ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ)।

(5).  ਸੋ ‘ਸੇਵਕਿ’ ਰਾਮ ਪਿਆਰੀ॥

ਪ੍ਰਸ਼ਨ : ‘ਸੇਵਕਿ’ ਕਿਸ ਨੂੰ ਕਿਹਾ ਗਿਆ ਹੈ ?

ਉੱਤਰ : ਜੀਵ ਇਸਤਰੀ (ਸੇਵਕੀ, ਦਾਸੀ) ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘ਸੇਵਕ’ ਕਉ, ਸੇਵਾ ਬਨਿ ਆਈ॥  ਵਿੱਚ ‘ਸੇਵਕ’ (ਅੰਤ ਮੁਕਤਾ) ਇੱਕ ਵਚਨ ਪੁਲਿੰਗ ਨਾਉਂ ਹੈ, ਜੋ ਸੰਬੰਧਕ ‘ਕਉ’ ਕਾਰਨ ਅੰਤ ਮੁਕਤਾ ਹੋ ਗਿਆ)।

ਉਕਤ ਵਿਚਾਰ ਤੋਂ ਸਪਸ਼ਟ ਹੈ ਕਿ ਜਿਨ੍ਹਾਂ ਸ਼ਬਦਾਂ ਦੇ ਅਖੀਰ ਵਿੱਚ ਸਿਹਾਰੀ ਆਈ ਹੈ, ਉਹ ਸਾਰੇ ਹੀ ਇੱਕ ਵਚਨ ਇਸਤਰੀ ਲਿੰਗ ਨਾਉਂ ਹਨ ਜਾਂ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਹਨ।

   ਸੋ, ਅੰਤ ਸਿਹਾਰੀ ਸਮੇਤ ਇਹ ਪਹਿਲਾ ਨਿਯਮ ਸਾਹਮਣੇ ਆਇਆ ਕਿ ਇਸਤਰੀ ਲਿੰਗ ਨਾਉਂ ਜਾਂ ਇਸਤਰੀ ਲਿੰਗ ਵਿਸ਼ੇਸ਼ਣ ਸ਼ਬਦਾਂ ਨੂੰ ਅੰਤ ਸਿਹਾਰੀ ਹੁੰਦੀ ਹੈ, ਪਰ ਇਹ ਸਾਰੇ ਸ਼ਬਦ ਪੰਜਾਬੀ ਦੇ ਨਹੀਂ ਹੁੰਦੇ; ਜਿਵੇਂ ‘ਸੇਵਕਿ, ਦਾਸਿ’-ਵਾਲੇ ਇਸਤਰੀ ਲਿੰਗ ਨਾਂਵਾਂ ਨੂੰ ਪੰਜਾਬੀ ’ਚ ‘ਸੇਵਕਾ, ਗੋਲੀ, ਨੌਕਰਾਣੀ’ ਕਿਹਾ ਜਾਂਦਾ ਹੈ, ਜਿਸ ਦਾ ਪੁਲਿੰਗ ਨਾਉਂ ਹੈ ‘ਗੋਲਾ, ਦਾਸ,ਆਦਿ)। 

‘ਚਤੁਰਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ, ਪੁਲਿੰਗ ਨਾਉਂ ਵਿਸ਼ੇਸ਼ਣ ’ਚ ‘ਚਤੁਰ, ਸਿਆਣਾ’ ਕਿਹਾ ਗਿਆ ਹੈ।

‘ਨਿਰਗੁਨਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ, ਇਸ ਦਾ ਪੁਲਿੰਗ ਰੂਪ ਗੁਰਬਾਣੀ ਵਿੱਚ ‘ਨਿਰਗੁਨ, ਮੂਰਖ ਦੇ ਰੂਪ ਵਿੱਚ ਅੰਕਿਤ ਹੈ।

‘ਕੁਰੂਪਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ,  ਇਸ ਦਾ ਪੁਲਿੰਗ ਰੂਪ ਗੁਰਬਾਣੀ ਵਿੱਚ ‘ਕੁਰੂਪ, ਬਦਸ਼ਕਲ, ਬਦਸੂਰਤ’ ਦੇ ਰੂਪ ਵਿੱਚ ਅੰਕਿਤ ਹੈ।

ਇਸੇ ਤਰ੍ਹਾਂ ਗੁਰਬਾਣੀ ’ਚ ਇਸਤਰੀ ਲਿੰਗ (ਅੰਤ ਸਿਹਾਰੀ) ਨਾਉਂ ਹਨ: ‘ਸੋਹਾਗਣਿ, ਬਨਜਾਰਨਿ, ਰੈਣਿ, ਦਾਨਿ, ਕਰਤੂਤਿ, ਮਸੀਤਿ, ਜੁਗਤਿ, ਸੁਰਤਿ, ਅਕਲਿ, ਸਾਬਾਸਿ, ਖਬਰਿ, ਭੂਮਿ, ਆਦਿ।  ਧਿਆਨ ਰਹੇ ਕਿ ਸੰਬੰਧਿਤ ਭਾਸ਼ਾ ਵਿੱਚ ਇਸ ਅੰਤ ਸਿਹਾਰੀ ਦਾ ਉਚਾਰਨ ਕੀਤਾ ਜਾਂਦਾ ਹੈ।

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ਅ) ਨਿਯਮ ਨੰ. 2

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ

 (ਭਾਗ-ਅ) ਨਿਯਮ ਨੰ. 2

ਕਈ ਵਾਰ ਗੁਰਬਾਣੀ ਦੀ ਲਿਖਤ ਵਿੱਚ ਇੱਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ) ਦੇ ਅਖੀਰਲੇ ਅੱਖਰ ਨੂੰ ਔਂਕੜ ਦੀ ਬਜਾਇ ਅੰਤ ਸਿਹਾਰੀ ਆ ਜਾਂਦੀ ਹੈ, ਜਿਸ ਦੇ ਚਾਰ ਕਾਰਨ ਹੁੰਦੇ ਹਨ। ਇਨ੍ਹਾਂ ਚਾਰ ਕਾਰਨਾਂ ਦਾ ਮਤਲਬ ਚਾਰ ਕਾਰਕਾਂ (ਕਰਤਾ ਕਾਰਕ, ਕਰਣ ਕਾਰਕ, ਅਧਿਕਰਣ ਕਾਰਕ ਤੇ ਅਪਾਦਾਨ ਕਾਰਕ) ਤੋਂ ਹੈ।

(ਨੋਟ: ਯਾਦ ਰਹੇ ਕਿ ਇਹ ਸਾਰੇ (ਚਾਰੋਂ) ਕਾਰਕਾਂ ਵਾਲੇ ਭਾਵ ਅੰਤ ਸਿਹਾਰੀ ਵਾਲੇ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹੀ ਹੁੰਦੇ ਹਨ, ਨਾ ਕਿ ਬਹੁ ਵਚਨ ਪੁਲਿੰਗ ਜਾਂ ਇਸਤਰੀ ਲਿੰਗ।)

ਵਿਆਕਰਨ ਨਿਯਮ ਅਨੁਸਾਰ ਇਹ ਚਾਰ ਕਾਰਕ ਹੇਠਾਂ ਦਰਸਾਏ ਚਿੰਨ੍ਹ ਪ੍ਰਗਟ ਕਰਦੇ ਹਨ :

(1). ਕਰਤਾ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ਨੇ ਚਿੰਨ੍ਹ ਮਿਲਦਾ ਹੈ। ਧਿਆਨ ਰਹੇ ਕਿ ਗੁਰਬਾਣੀ ਵਿੱਚ ਨੇ ਸ਼ਬਦ ਮੌਜੂਦ ਨਹੀਂ।)

(2). ਕਰਣ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਨਾਲ, ਰਾਹੀਂ, ਦੁਆਰਾ’ ਚਿੰਨ੍ਹ ਮਿਲਦਾ ਹੈ)।

(3). ਅਧਿਕਰਣ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਵਿੱਚ, ਅੱਗੇ, ਹੇਠਾਂ, ਪਿੱਛੇ, ਉੱਤੇ’ ਅਰਥ ਮਿਲਦੇ ਹਨ)।

(4). ਅਪਾਦਾਨ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਤੋਂ, ਉੱਤੋਂ ’ ਚਿੰਨ੍ਹ ਮਿਲਦਾ ਹੈ)।

ਪਹਿਲਾ ਕਾਰਨ (ਕਰਤਾ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੋਵੇਗਾ ‘ਨੇ’ (ਭਾਵ ਕਰਤਾ ਕਾਰਕ) ਜਿਵੇਂ ਕਿ :

ਨਾਨਕਿ ਦਾ ਅਰਥ ਹੈ: ਨਾਨਕ ਨੇ

ਕੰਤਿ ਦਾ ਅਰਥ ਹੈ: ਕੰਤ ਨੇ

ਅੰਗਦਿ ਦਾ ਅਰਥ ਹੈ: ਅੰਗਦ ਨੇ

‘ਪਰਮੇਸਰਿ’ ਦਾ ਅਰਥ ਹੈ: ਪਰਮੇਸਰ ਨੇ

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ :

(1). ਕਹੁ ਕਬੀਰ  ! ਗੁਰਿ ਸੋਝੀ ਪਾਈ ॥ (ਕਬੀਰ ਜੀ/੩੨੬)

ਪ੍ਰਸ਼ਨ: ਕਿਸ ਨੇ ਸੋਝੀ ਪਾਈ (ਦਿੱਤੀ) ?

ਉੱਤਰ: ਗੁਰੂ ਨੇ। (ਕਰਤਾ ਕਾਰਕ ਇਕ ਵਚਨ ਪੁਲਿੰਗ ਨਾਉਂ, ਸ਼ਬਦ)

(2). ਪੂਰੈ ‘ਸਤਿਗੁਰਿ,’ ਦੀਆ ਬਿਸਾਸ ॥ (ਮ: ੫/੮੮੮)

ਪ੍ਰਸ਼ਨ: ਕਿਸ ਨੇ ਬਿਸਾਸ (ਵਿਸ਼ਵਾਸ, ਭਰੋਸਾ) ਦਿੱਤਾ ?

ਉੱਤਰ: ਸਤਿਗੁਰੂ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(3). ਸਤਿ ਸਤਿ, ਸਤਿ ਨਾਨਕਿ ਕਹਿਆ; ਅਪਨੈ ਹਿਰਦੈ ਦੇਖੁ ਸਮਾਲੇ ॥ (ਮ: ੫/੩੮੧)

ਪ੍ਰਸ਼ਨ: ਕਿਸ ਨੇ ਸਤਿ ਕਿਹਾ ?

ਉੱਤਰ: ਨਾਨਕ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(4). ਸਉਕਨਿ ਘਰ ਕੀ; ਕੰਤਿ ਤਿਆਗੀ ॥ (ਮ: ੫/੩੯੪)

ਪ੍ਰਸ਼ਨ: ਘਰ ਦੀ ਸਉਕਨ (ਸੌਂਕਣ, ਮਾਇਆ) ਕਿਸ ਨੇ ਤਿਆਗੀ ?

ਉੱਤਰ: ਕੰਤ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(5). ਨਿੰਦਕਿ, ਅਹਿਲਾ ਜਨਮੁ ਗਵਾਇਆ ॥ (ਮ: ੫/੩੮੦)

ਪ੍ਰਸ਼ਨ: ਕਿਸ ਨੇ ਅਹਿਲਾ (ਕੀਮਤੀ) ਜਨਮ ਗਵਾ ਲਿਆ ?

ਉੱਤਰ: ਨਿੰਦਕ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

ਸੋ ਉਕਤ ਨਿਯਮ ਅਧੀਨ ਵਿਚਾਰ ਕੀਤੀ ਗਈ ਅਤੇ ਇੱਕ ਵਚਨ ਪੁਲਿੰਗ ਨਾਉਂ ਵਾਲੇ ਸਾਰੇ ਸ਼ਬਦਾਂ ਦੀ ਅੰਤ ਸਿਹਾਰੀ, ਜੋ ਉਚਾਰਨ ਨਹੀਂ ਕੀਤੀ ਜਾਂਦੀ, ਫ਼ਜ਼ੂਲ ਨਹੀਂ ਬਲਕਿ ਇਸ ਦਾ ਗੁਰਬਾਣੀ ਸਿਧਾਂਤ ਨੂੰ ਸਮਝਣ ’ਚ ਅਹਿਮ ਰੋਲ ਹੁੰਦਾ ਹੈ।

ਦੂਜਾ ਕਾਰਨ (ਕਰਣ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ਨਾਲ, ਰਾਹੀਂ, ਦੁਆਰਾ (ਭਾਵ ਕਰਣ ਕਾਰਕ)

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ:

(1). ਜਿਉ ਸਾਬੁਨਿ ਕਾਪਰ ਊਜਲ ਹੋਤ ॥ (ਮ: ੫/੯੧੪)

ਪ੍ਰਸ਼ਨ: ਕੱਪੜੇ ਕਿਵੇਂ ਸਾਫ਼ ਹੁੰਦੇ ਹਨ  ?

ਉੱਤਰ: ਸਾਬੁਨ ਨਾਲ ਜਾਂ ਸਾਬੁਨ ਰਾਹੀਂ ਜਾਂ ਸਾਬੁਨ ਦੁਆਰਾ। (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(ਨੋਟ : ‘ਨਾਲ, ਰਾਹੀਂ, ਦੁਆਰਾ’ ਸ਼ਬਦਾਂ ਦਾ ਇੱਕੋ ਜਿਹਾ ਮਤਲਬ ਹੁੰਦਾ ਹੈ; ਜਿਵੇਂ ਕਹੀਏ ਕਿ ‘ਪੈੱਨ ਨਾਲ ਲਿਖਿਆ, ਪੈੱਨ ਰਾਹੀਂ ਲਿਖਿਆ, ਪੈੱਨ ਦੁਆਰਾ ਲਿਖਿਆ।)

(2). ‘ਸਚਿ’ ਮਿਲੇ ਸਚਿਆਰੁ; ਕੂੜਿ’ ਨ ਪਾਈਐ ॥ (ਮ: ੧/੪੧੯)

ਪ੍ਰਸ਼ਨ: ਸਚਿਆਰੁ (ਪ੍ਰਭੂ) ਨੂੰ ਕਿਵੇਂ ਪਾਇਆ ਜਾ ਸਕੀਦਾ ਹੈ ?

ਉੱਤਰ: ਸੱਚ ਨਾਲ (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

ਪ੍ਰਸ਼ਨ: ਸਚਿਆਰੁ ਨੂੰ ਕਿਵੇਂ ਨਹੀਂ ਪਾਇਆ ਜਾ ਸਕਦਾ ?

ਉੱਤਰ: ਕੂੜ ਦੇ ਨਾਲ, ਕੂੜ ਦੀ ਰਾਹੀਂ, ਕੂੜ ਦੁਆਰਾ।

(3). ਕਮਲੁ ਵਿਗਸੈ ਸਚੁ ਮਨਿ; ਗੁਰ ਕੈ ਸਬਦਿ ਨਿਹਾਲੁ ॥ (ਮ: ੧/੧੨੭੮)

ਪ੍ਰਸ਼ਨ: ਨਿਹਾਲ ਕਿਵੇਂ ਹੋਈਦਾ ਹੈ ?

ਉੱਤਰ: (ਗੁਰੂ ਦੇ) ਸ਼ਬਦ ਨਾਲ (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ)

(4). ਗੁਰ ਪ੍ਰਸਾਦਿ ॥ (ਮ: ੧/੧) (ਅਕਾਲ ਪੁਰਖ, ਗੁਰੂ ਦੀ) ‘ਕਿਰਪਾ ਨਾਲ’ ਮਿਲਦਾ ਹੈ। (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ)

ਸੋ, ਜਿਨ੍ਹਾਂ ਉਕਤ ਸ਼ਬਦਾਂ ਨੂੰ ਉਲਟੇ ਕੌਮਿਆਂ ’ਚ ਬੰਦ ਕੀਤਾ ਗਿਆ ਹੈ, ਉਨ੍ਹਾਂ ਸ਼ਬਦਾਂ ਦੇ ਅਖੀਰ ਵਿੱਚ ਸਿਹਾਰੀ ਵੀ ਦਰਜ ਹੈ, ਜੋ ਨਿਰਾਰਥਕ ਨਹੀਂ ਭਾਵ ਇਸ ਦਾ ਵੀ ਕੁਝ ਅਰਥ ਹੈ; ਜਿਵੇਂ ‘ਸਾਬੁਨਿ-ਸਾਬੁਨ ਨਾਲ, ਸਚਿ-ਸਚ ਨਾਲ, ਕੂੜਿ-ਕੂੜ ਨਾਲ, ਸਬਦਿ-ਸ਼ਬਦ ਨਾਲ’, ਆਦਿ।

ਤੀਜਾ ਕਾਰਨ (ਅਪਾਦਾਨ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ਤੋਂ (ਅਪਾਦਾਨ ਕਾਰਕ)।

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ:

(1). ਓਅੰਕਾਰਿ ਬ੍ਰਹਮਾ ਉਤਪਤਿ ॥ (ਮ: ੧/੯੨੯)

ਪ੍ਰਸ਼ਨ: ‘ਬ੍ਰਹਮਾ’ ਦੀ ਉਤਪਤੀ (ਪੈਦਾਇਸ਼) ਕਿਸ ਤੋਂ ਹੋਈ ?

ਉੱਤਰ: ਓਅੰਕਾਰ ਤੋਂ (ਅਪਾਦਾਨ ਕਾਰਕ, ਇਕ ਵਚਨ ਪੁਲਿੰਗ ਨਾਉਂ)

(2). ਓਅੰਕਾਰਿ ਸੈਲ ਜੁਗ ਭਏ ॥ (ਮ: ੧/੯੨੯)

ਪ੍ਰਸ਼ਨ: ‘ਸੈਲ ਜੁਗ’ (ਸਾਰੇ ਪੱਥਰ ਭਾਵ ਬਨਸਪਤੀ, ਬ੍ਰਹਿਮੰਡ ਅਤੇ ਸਮੇਂ ਦੀ ਵੰਡ) ਕਿਸ ਤੋਂ ਬਣੇ ?

ਉੱਤਰ: ਓਅੰਕਾਰ ਤੋਂ (ਅਪਾਦਾਨ ਕਾਰਕ, ਇਕ ਵਚਨ ਪੁਲਿੰਗ ਨਾਉਂ)

(3). ਤ੍ਰੈ ਗੁਣ ਮੇਟੈ ਸਬਦੁ ਵਸਾਏ; ਤਾ ਮਨਿ ਚੂਕੈ ਅਹੰਕਾਰੋ ॥ (ਮ: ੧/੯੪੪)

ਪ੍ਰਸ਼ਨ: ‘ਸ਼ਬਦ’ ਮਨ ’ਚ ਵਸਾਉਣ ਨਾਲ ਕੀ ਹੋਵੇਗਾ ?

ਉੱਤਰ: ਮਨ ਤੋਂ ਹੰਕਾਰ ਦੂਰ ਹੋ ਜਾਏਗਾ।

(4). ਦਾਨਸਬੰਦੁ ਸੋਈ ਦਿਲਿ ਧੋਵੈ ॥ (ਮ: ੧/੬੬੨)

ਪ੍ਰਸ਼ਨ: ਦਾਨਸ਼ਬੰਦ (ਅਕਲਮੰਦ) ਕੌਣ ਹੈ  ?

ਉੱਤਰ: ਜੋ ਦਿਲ ਤੋਂ (ਮੈਲ) ਧੋ ਦੇਵੇ।

ਸੋ, ‘ਓਅੰਕਾਰਿ’-ਓਅੰਕਾਰ ਤੋਂ, ‘ਮਨਿ’-ਮਨ ਤੋਂ, ‘ਦਿਲਿ’-ਦਿਲ ਤੋਂ, ਆਦਿ ਅਰਥ ‘ਅਪਾਦਾਨ ਕਾਰਕ’ ਵਿੱਚੋਂ ਮਿਲਦੇ ਹਨ।

ਚੌਥਾ ਕਾਰਨ (ਅਧਿਕਰਣ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ‘ਵਿੱਚ, ਅੰਦਰ’ ਆਦਿ (ਭਾਵ ਕਿਰਿਆ ਕਿੱਥੇ ਹੋ ਰਹੀ ਹੈ ? ਮਨ ਵਿੱਚ, ਮਨ ਅੰਦਰ; ਅਧਿਕਰਣ ਕਾਰਕ)

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ :

(1). ਦਇਆ ਕਰਹੁ; ਬਸਹੁ ਮਨਿ ਆਇ ॥ (ਮ: ੫/੮੦੨)

ਪ੍ਰਸ਼ਨ: ਕਿੱਥੇ ਬਸਹੁ ?

ਉੱਤਰ: ਮਨ ਵਿੱਚ, ਮਨ ਅੰਦਰ। (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(2). ਹਰਿ ਕੈ ਰੰਗਿ ਰਤਾ ਮਨੁ ਗਾਵੈ; ਰਸਿ ਰਸਾਲ ਰਸਿ ਸਬਦੁ ਰਵਈਆ ॥ (ਮ: ੪/੮੩੫)

ਪ੍ਰਸ਼ਨ: ਕਿਸ ਵਿੱਚ ਮਨ ਰੱਤਾ ਹੈ ?

ਉੱਤਰ: (ਹਰਿ ਦੇ) ਰੰਗ ਵਿੱਚ (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(3). ਨਿਜ ਘਰਿ ਧਾਰ ਚੁਐ ਅਤਿ ਨਿਰਮਲ; ਜਿਨਿ ਪੀਆ, ਤਿਨ ਹੀ ਸੁਖੁ ਲਹੀਆ ॥ (ਮ: ੪/੮੩੫)

ਪ੍ਰਸ਼ਨ: ਨਿਰਮਲ ਧਾਰ ਕਿੱਥੇ ਚੌਂਦੀ ਹੈ ?

ਉੱਤਰ: ਘਰ (ਹਿਰਦੇ) ਵਿੱਚ। (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(4). ਜੇ ਕੋ ਮੰਨਿ ਜਾਣੈ; ਮਨਿ ਕੋਇ ॥ (ਮ: ੧/ਜਪੁ)

ਪ੍ਰਸ਼ਨ: ਗੁਰੂ ਦੀ ਸਿੱਖਿਆ ਮੰਨ (ਸ਼ਰਧਾ ਧਾਰ) ਕੇ ਕਿੱਥੇ ਸਮਝ ਪੈਂਦੀ ਹੈ ?

ਉੱਤਰ: ਮਨ ਵਿੱਚ (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(ਨੋਟ: ਇਸੇ ਪੰਕਤੀ ਵਿੱਚ ‘ਮੰਨਿ ਜਾਣੈ’ ’ਚ ਸ਼ਾਮਲ ‘ਮੰਨਿ’ ਸ਼ਬਦ ਕਿਰਿਆਵਾਚੀ ਹੈ, ਨਾ ਕਿ ਨਾਉਂ। ਇਸ ਦਾ ਅਰਥ ਹੈ: ‘ਮੰਨ ਕੇ, ਵਿਸ਼ਵਾਸ ਕਰ ਕੇ’)

ਸੋ, ‘ਰੰਗਿ’-ਰੰਗ ਵਿੱਚ, ‘ਘਰਿ’-ਘਰ ਵਿੱਚ, ‘ਮਨਿ’-ਮਨ ਵਿੱਚ; ਅਰਥ ਅਧਿਕਰਣ ਕਾਰਕ ਵਾਲਾ ਅੰਤ ਸਿਹਾਰੀ ਇੱਕ ਵਚਨ ਪੁਲਿੰਗ ਨਾਉਂ (ਸ਼ਬਦ) ਮੁਹੱਈਆ ਕਰਵਾਉਂਦਾ ਹੈ।

ਅੰਤ ਸਿਹਾਰੀ ਵਾਲੇ ਇਹਨਾਂ ਚਾਰੇ ਨਿਯਮਾ ਨੂੰ ਇਕੱਠਾ ਕਰੀਏ ਤਾਂ ਸਾਡੇ ਪਾਸ ਇੱਕ ਹੋਰ ਨਿਯਮ ਆ ਜਾਏਗਾ ਕਿ ਕਿਸੇ ਇੱਕ ਵਚਨ ਨਾਉਂ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਚਾਰ ਅਰਥਾਂ ਵਿੱਚੋਂ ਕੋਈ ਇੱਕ ਅਰਥ (ਪ੍ਰਕਰਣ ਮੁਤਾਬਕ) ਜ਼ਰੂਰ ਦੇਵੇਗੀ। ਉਹ ਅਰਥ (ਚਿੰਨ੍ਹ) ਹਨ : ‘ਨੇ, ਨਾਲ, ਤੋਂ ਅਤੇ ਵਿੱਚ’।

ਅਸੀਂ ਆਪਣੀ ਸੂਝ ਅਤੇ ਵੀਚਾਰ ਨਾਲ ਸਮਝਣਾ ਹੈ ਕਿ ਇਨ੍ਹਾਂ ਚਾਰੇ ਨਿਯਮਾਂ ਵਿੱਚੋਂ ਕਿਹੜਾ ਨਿਯਮ ਕਿੱਥੇ ਢੁੱਕਦਾ ਹੈ; ਜਿਵੇਂ ਕਿ

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਨੇ’ (ਕਰਤਾ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਨਾਲ’ (ਕਰਣ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਤੋਂ’ (ਅਪਾਦਾਨ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਵਿੱਚ’ (ਅਧਿਕਰਣ ਕਾਰਕ)

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ੲ) ਨਿਯਮ ਨੰ. 1,2,3

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ

(ਭਾਗ-ੲ) ਨਿਯਮ ਨੰ. 1

(ੳ). ਹੇਠ ਲਿਖੇ ਸ਼ਬਦਾਂ ਵਿੱਚ ਅੰਤਰ ਵਿਚਾਰਨਯੋਗ ਹੈ :

ਚਾਰੁ – ਚਾਰਿ, ਕੋਟੁ – ਕੋਟਿ, ਸਠ – ਸਠਿ, ਆਦਿ ਦੀ ਬਣਤਰ ਤੋਂ ਜਾਪਦਾ ਹੈ ਕਿ ਸ਼ਾਇਦ ਇਹ ਸਾਰੇ ਸ਼ਬਦ ਗਿਣਤੀ ਨਾਲ ਸੰਬੰਧਿਤ ਹਨ।

ਗੁਰਬਾਣੀ ਵਿੱਚ ਇਸ ਸ੍ਵਰੂਪ ਵਾਲੇ ਸ਼ਬਦ ਗਿਣਤੀ ਵਾਚਕ ਵੀ ਹਨ ਪਰ ਸਾਰੇ ਨਹੀਂ। ਫਿਰ ਕਿਵੇਂ ਪਤਾ ਲੱਗੇ ਕਿ ਗਿਣਤੀ ਵਾਲੇ ਕਿਹੜੇ ਅਤੇ ਦੂਸਰੇ ਕਿਹੜੇ ਸ਼ਬਦ ਹਨ ?

ਉੱਤਰ: ਇਨ੍ਹਾਂ (ਗਿਣਤੀ ਵਾਚਕ) ਸ਼ਬਦਾਂ ਦੇ ਅਸਲ ਅਰਥਾਂ ਦੀ ਪਹਿਚਾਣ ਇਨ੍ਹਾਂ ਦੇ ਅੰਤ ਵਿੱਚ ਲੱਗੀ ਸਿਹਾਰੀ ਤੋਂ ਹੀ ਹੁੰਦੀ ਹੈ; ਭਾਵ ਗਿਣਤੀ ਵਾਚਕ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਆਮ ਤੌਰ ਤੇ ਸਿਹਾਰੀ ਆਉਂਦੀ ਹੈ ਜਿਵੇਂ ਕਿ ਅੰਤ ਸਿਹਾਰੀ ਵਾਲੇ ‘ਚਾਰਿ’ ਸ਼ਬਦ ਦਾ ਅਰਥ ਹੋਵੇਗਾ ਗਿਣਤੀ ਦਾ ਅੰਕ ‘ਚਾਰ, ੪’ ਜਦ ਕਿ ‘ਚਾਰੁ’ ਅੰਤ ਔਂਕੜ ਵਾਲੇ ਸ਼ਬਦ ਦਾ ਅਰਥ ਹੈ: ‘ਸੁੰਦਰ

ਹੇਠਲੀਆਂ ਤੁਕਾਂ ’ਚ ਦਰਜ ਸੰਖਿਅਕ ਸ਼ਬਦਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ:

(1). ਦੁਇ ਦਿਨ ਚਾਰਿ ਸੁਹਾਵਣਾ; ਮਾਟੀ ਤਿਸੁ ਖਾਵੈ ॥ (ਮ: ੧/੧੦੧੨)

ਅਰਥ: 2-4 ਦਿਨਾਂ ਦਾ ਹੀ ਸਰੀਰਕ ਸੁਹੱਪਣ ਹੈ, ਫਿਰ ਤਾਂ ਮਿੱਟੀ ਹੀ ਇਸ ਨੂੰ ਖਾਂਦੀ ਹੈ।

(2). ਤੇਰੇਸਠਿਸੰਬਤ ਸਭਿ ਤੀਰਥਾ ॥ (ਮ: ੧/੧੧੬੮)

ਸਠਿ ਦਾ ਅਰਥ ਹੈ, ਗਿਣਤੀ ਦਾ ਅੰਕ 60, ਜਦ ਕਿ ‘ਸਠ’ ਸ਼ਬਦ ਦਾ ਅਰਥ ਹੈ: ‘ਵਿਕਾਰੀ ਜਾਂ ਦੁਸ਼ਟ’

(3). ਕਈ ਕੋਟਿ ਹੋਏ ਪੂਜਾਰੀ ॥ (ਮ: ੫/੨੭੫)

ਕੋਟਿ ਦਾ ਅਰਥ ਹੁੰਦਾ ਹੈ: ‘ਕ੍ਰੋੜ’ ਪਰ ਕੋਟ ਦਾ ਅਰਥ ਹੈ: ਕਿਲ੍ਹੇ।

(ਅ). ਉਕਤ ਕੀਤੀ ਗਈ ਅੰਤ ਸਿਹਾਰੀ ਦੀ ਵਿਚਾਰ ਵਾਲੇ ਸੰਖਿਅਕ ਸ਼ਬਦਾਂ ਨਾਲ ਮੇਲ਼ ਖਾਂਦੇ ਪਰ ਸਿਹਾਰੀ ਰਹਿਤ ਸ਼ਬਦਾਂ ਦੀ ਵਿਚਾਰ ਕਰਨੀ ਵੀ ਜ਼ਰੂਰੀ ਹੈ; ਜਿਵੇਂ ਕਿ

(1). ਗੁਰਮੁਖਿ ਜਾਣਿ ਸਿਞਾਣੀਐ; ਗੁਰਿ ਮੇਲੀ ਗੁਣ ਚਾਰੁ ॥ (ਮ: ੧/੫੮) ਇਸ ਤੁਕ ’ਚ ਦਰਜ ‘ਚਾਰ’ ਦਾ ਅਰਥ ਸੰਖਿਅਕ 4 ਨਹੀਂ, ਬਲਕਿ ‘ਸੁੰਦਰ, ਖ਼ੂਬਸੂਰਤ’ ਹੈ, ਜੋ ਵਿਸ਼ੇਸ਼ਣ ਹੈ।

(2). ਕੰਚਨ ਕੇ ਕੋਟ ਦਤੁ ਕਰੀ; ਬਹੁ ਹੈਵਰ ਗੈਵਰ ਦਾਨੁ ॥ (ਮ: ੧/੬੨)

ਇਸ ਤੁਕ ’ਚ ਦਰਜ ਕੋਟ ਦਾ ਅਰਥ ‘ਕਰੋੜ’ ਨਹੀਂ ਬਲਕਿ ਕਿਲ੍ਹੇ (ਬਹੁ ਵਚਨ ਨਾਉਂ) ਹੈ।

(3). ਲੰਕਾ ਸਾ ਕੋਟੁ; ਸਮੁੰਦ ਸੀ ਖਾਈ  ॥ (ਭਗਤ ਕਬੀਰ/੪੮੧)

ਇਸ ਤੁਕ ’ਚ ਦਰਜ ਕੋਟੁ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ ਕਿਲ੍ਹਾ

ਅਜਿਹੇ ਹੀ ਕੁਝ ਹੋਰ ਗਿਣਤੀ ਵਾਚਕ ਸ਼ਬਦ ਹਨ ਹਨ; ਜਿਵੇਂ ਕਿ ਪੰਜਿ, ਅਠਸਠਿ, ਸਤਰਿ, ਕਰੋੜਿ, ਆਦਿ।

(ਭਾਗ-ੲ) ਨਿਯਮ ਨੰ. 2

ਪਿਛਲੇ ਭਾਗਾਂ ਵਿਚ ‘ਨਾਉਂ (ਇੱਕ ਵਚਨ ਪੁਲਿੰਗ, ਬਹੁ ਵਚਨ ਪੁਲਿੰਗ, ਇਸਤਰੀ ਲਿੰਗ) ਸੰਬੰਧੀ ਗੁਰਬਾਣੀ ਵਿਆਕਰਨ ਦੇ ਕੁਝ ਸਰਲ ਨੇਮਾਂ ਦੀ ਵਿਚਾਰ ਕੀਤੀ ਗਈ ਹੈ। ਅਗਾਂਹ ‘ਪੜਨਾਉਂ’ ਸੰਬੰਧੀ ਕੁਝ ਸਰਲ ਨੇਮ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਪ੍ਰਸ਼ਨ: ‘ਪੜਨਾਉਂ’ ਸ਼ਬਦ ਕਿਸ ਨੂੰ ਆਖਦੇ ਹਨ ?

ਉੱਤਰ: ਜਿਹੜੇ ਸ਼ਬਦ, ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ) ਦੀ ਗ਼ੈਰ ਹਾਜ਼ਰੀ ਵਿੱਚ ਵਰਤੇ ਜਾਣ ਪਰ ਉਨ੍ਹਾਂ ਦੀ ਵਰਤੋਂ ਨਾਲ ਅਰਥਾਂ ਵਿਚ ਕੋਈ ਫ਼ਰਕ ਨਾ ਪਏ ਉਹ ‘ਪੜਨਾਉਂ’ ਅਖਵਾਉਂਦੇ ਹਨ; ਜਿਵੇਂ

ਮੈਂ, ਅਸੀਂ, ਤੂੰ, ਤੁਸੀਂ, ਉਹ, ਇਹ, ਜਿਸ, ਉਸ, ਇਸ, ਕਿਸ, ਸਾਡਾ, ਆਦਿ।

ਹੇਠ ਲਿਖੇ ਵਾਕ ਵਿਚ ਉਲਟੇ ਕੌਮਿਆਂ ’ਚ ਬੰਦ ਸ਼ਬਦ ‘ਪੜਨਾਉਂ’ ਹਨ।

ਰਾਮ ਸਿੰਘ ਸਾਡਾ ਸਰਪੰਚ ਹੈ, ਜਿਸ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਉਹ ਬੜਾ ਇਮਾਨਦਾਰ ਹੈ, ਜੋ ਮੂਰਖ ਇਸ ਦਾ ਵਿਰੋਧ ਕਰਦਾ ਹੈ, ਉਸ (ਤਿਸੁ) ਨੂੰ ਪਿੰਡ ਦੇ ਲੋਕ ਪਸੰਦ ਨਹੀਂ ਕਰਦੇ।

ਗੁਰਬਾਣੀ ਵਿਚ ‘ਜਿਸੁ, ਤਿਸੁ, ਕਿਸੁ, ਇਸੁ’ ਪੜਨਾਵਾਂ ਦੀ ਵਰਤੋਂ ਆਮ ਮਿਲਦੀ ਹੈ ਜਿਨ੍ਹਾਂ ਦੇ ਲਿਖਤੀ ਸਰੂਪ ‘ਜਿਸੁ-ਜਿਸ, ਤਿਸੁ-ਤਿਸ, ਕਿਸੁ-ਕਿਸ, ਇਸੁ-ਇਸ’ ਵਿਚਲੀ ਭਿੰਨਤਾ ਨੂੰ ਸਮਝਣ ਲਈ ਹੇਠ ਲਿਖਿਆ ਨਿਯਮ ਵਿਚਾਰਨਯੋਗ ਹੈ।

ਨਿਯਮ : ‘ਜਿਸੁ, ਤਿਸੁ, ਕਿਸੁ, ਇਸੁ’ ਪੜਨਾਂਵ ਭਾਵੇਂ ਇਸਤਰੀ ਲਿੰਗ ਨਾਉਂ ਵਾਸਤੇ ਵਰਤੇ ਜਾਣ ਭਾਵੇਂ ਪੁਲਿੰਗ ਨਾਉਂ ਵਾਸਤੇ ਆਉਣ, ਇਨ੍ਹਾਂ ਦੇ ਅਖੀਰਲੇ ਅੱਖਰ ਦੀ ਔਂਕੜ ਬਣੀ ਰਹਿੰਦੀ ਹੈ ਭਾਵ ਇਨ੍ਹਾਂ ਦੇ ਅੰਤ ਵਿਚ ਔਂਕੜ ਆਉਂਦੀ ਹੀ ਆਉਂਦੀ ਹੈ ਪਰ ਕੁਝ ਖ਼ਾਸ ਸੰਬੰਧਕ ਆਉਣ ਨਾਲ ਇਨ੍ਹਾਂ ਪੜਨਾਵਾਂ ਦੀ ਔਂਕੜ ਹਟ ਵੀ ਜਾਂਦੀ ਹੈ। ਉਹ ਖ਼ਾਸ ਸੰਬੰਧਕ ਹੇਠ ਲਿਖੇ ਹਨ :

ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਤੇ, ਕਉ, ਨਉ, ਅਤੇ ਨੋ।

ਯਾਦ ਰਹੇ ਕਿ ਕੇਵਲ ਉਪਰੋਕਤ ਲਿਖੇ ਖ਼ਾਸ ਸੰਬੰਧਕਾਂ ਨਾਲ ਹੀ ‘ਜਿਸੁ, ਤਿਸੁ, ਕਿਸੁ, ਇਸੁ’ (ਪੜਨਾਵਾਂ) ਦੀ ਔਂਕੜ ਹਟੇਗੀ ਹੋਰ ਸੰਬੰਧਕਾਂ ਨਾਲ ਨਹੀਂ।

ਹੇਠ ਲਿਖੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਧਿਆਨ ਨਾਲ ਵਾਚੀਏ ਕਿ ਵਿਚਾਰ ਅਧੀਨ ਪੜਨਾਵਾਂ ਦੇ ਅਖੀਰਲੇ ਅੱਖਰ ਦੀ ਔਂਕੜ ਕਿਉਂ ਹੱਟ ਰਹੀ ਹੈ ਅਤੇ ਕਿਉਂ ਨਹੀਂ ਹਟ ਰਹੀ ?

  1. ਜਿਸੁਤੂ ਦੇਹਿ; ਤਿਸੈ ਕਿਆ ਚਾਰਾ ॥ (ਜਪੁ)
  2. ਮਿਹਰ ਕਰੇਜਿਸੁਮਿਹਰਵਾਨ; ਤਾ ਕਾਰਜੁ ਆਵੈ ਰਾਸਿ ॥ (ਮ: ੫/੪੪)
  3. ਤੀਰਥਿ ਨਾਵਾ ਜੇਤਿਸੁਭਾਵਾ; ਵਿਣੁ ਭਾਣੇ, ਕਿ ਨਾਇ ਕਰੀ  ? ॥ (ਜਪੁ)
  4. ਜੇਤਿਸੁਨਦਰਿ ਨ ਆਵਈ; ਤ ਵਾਤ ਨ ਪੁਛੈ ਕੇ ॥ (ਜਪੁ)
  5. ਇਹੁਮਨੁ ਅੰਧਾ ਬੋਲਾ ਹੈ; ਕਿਸੁ ਆਖਿ ਸੁਣਾਏ ॥ (ਮ: ੩/੩੬੪)
  6. ਕਿਸੁਨੇੜੈ  ? ਕਿਸੁ ਆਖਾ ਦੂਰਿ  ? ॥ (ਮ: ੧/੪੧੧)
  7. ਕਿਆ ਕਿਛੁ ਕਰੈ ? ਕਿ ਕਰਣੈਹਾਰਾ ? ਕਿਆ ਇਸੁ ਹਾਥਿ ਬਿਚਾਰੇ  ? ॥ (ਮ: ੫/੨੧੬)
  8. ਜੋਇਸੁਮਾਰੇ, ਤਿਸ ਕੀ ਨਿਰਮਲ ਜੁਗਤਾ ॥ (ਮ: ੫/੨੩੮)

(ਭਾਗ-ੲ) ਨਿਯਮ ਨੰ. 3

ਖ਼ਾਸ ਸੰਬੰਧਕੀ (ਸ਼ਬਦ) ਆਇਆਂ ਔਂਕੜ ਹਟ ਜਾਂਦੀ ਹੈ; ਜਿਵੇਂ ਕਿ

  1. ਜਿਸ ਦਾਰਾਜੁ, ਤਿਸੈ ਕਾ ਸੁਪਨਾ ॥ (ਮ: ੫/੧੭੯)
  2. ਜਿਸ ਕੇਜੀਅ ਪਰਾਣ ਹਹਿ; ਕਿਉ ਸਾਹਿਬੁ ਮਨਹੁ ਵਿਸਾਰੀਐ  ? ॥ (ਮ: ੧/੪੭੪)
  3. ਪ੍ਰੇਮ ਭਗਤਿ;ਜਿਸ ਕੈਮਨਿ ਲਾਗੀ ॥ (ਮ: ੫/੧੦੯)
  4. ਤਿਸ ਕੀਕਟੀਐ; ਜਮ ਕੀ ਫਾਸਾ ॥ (ਮ: ੫/੨੩੯)
  5. ਜੀਉ ਪਿੰਡੁ ਸਭੁਤਿਸ ਦਾ, ਦੇ ਖਾਜੈ ਆਖਿ ਗਵਾਈਐ ॥ (ਮ: ੧/੪੬੫)
  6. ਮੀਤ ਸਖਾ ਸੁਤ ਬੰਧਿਪੋ; ਸਭਿਤਿਸ ਦੇਜਣਿਆ ॥ (ਮ: ੫/੩੧੯)
  7. ਤਿਸ ਦੈਚਾਨਣਿ; ਸਭ ਮਹਿ ਚਾਨਣੁ ਹੋਇ ॥ (ਮ: ੧/੧੩)
  8. ਸੋ ਕਿਉ ਮਨਹੁ ਵਿਸਾਰੀਐ ? ਭਾਈ ! ਜਿਸ ਦੀ ਵਡੀ ਹੈ ਦਾਤਿ ॥ (ਮ: ੩/੬੩੯)
  9. ਲੂਕਿ ਕਮਾਵੈਕਿਸ ਤੇ ? ਜਾ ਵੇਖੈ ਸਦਾ ਹਦੂਰਿ ॥ (ਮ: ੫/੪੮)
  10. ਸੋਕਿਸ ਕਉਨਦਰਿ ਲੈ ਆਵੈ ਤਲੈ  ? ॥ (ਮ: ੫/੧੮੩)
  11. ਇਹੁ ਸਰੀਰੁ ਜਜਰੀ ਹੈ;ਇਸ ਨੋਜਰ ਪਹੁਚੈ ਆਈ ॥ (ਮ: ੩/੫੮੪)
  12. ਮਨਮੁਖ ਮਨੁ ਤਨੁ ਅੰਧੁ ਹੈ;ਤਿਸ ਨਉਠਉਰ ਨ ਠਾਉ ॥ (ਮ: ੩/੩੦)

ਉਕਤ ਕੀਤੀ ਜਾ ਰਹੀ ਵਿਚਾਰ ਵਿੱਚ ਸਾਰੇ ਸੰਬੰਧਕੀ ‘ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਤੇ, ਕਉ, ਨਉ ਅਤੇ ਨੋ ਹਨ ਪਰ ਇਨ੍ਹਾਂ ਤੋਂ ਬਿਨਾਂ ਹੋਰ ਸੰਬੰਧਕੀ ਆਉਣ ਤਾਂ ਉਕਤ ਪੜਨਾਂਵ ਸ਼ਬਦਾਂ ਦੀ ਔਂਕੜ ਨਹੀਂ ਹਟ ਸਕਦੀ ਹੈ; ਜਿਵੇਂ

  1. ਸਚੁ ਸਰਾ ਗੁੜ ਬਾਹਰਾ;ਜਿਸੁ ਵਿਚਿਸਚਾ ਨਾਉਂ ॥ (ਮ: ੧/੧੫)
  2. ਸਾਥਿ ਤੇਰੈ ਚਲੈ ਨਾਹੀ;ਤਿਸੁ ਨਾਲਿਕਿਉ ਚਿਤੁ ਲਾਈਐ  ? ॥ (ਮ: ੩/੯੧੮)
  3. ਕਿਸੁ ਉਪਰਿਓਹੁ ਟਿਕ ਟਿਕੈ ? ਕਿਸ ਨੋ’ ਜੋਰੁ ਕਰੇਇ  ? ॥ (ਮ: ੪/੧੨੪੧)
  4. ਤਨੁ ਸੂਚਾ ਸੋ ਆਖੀਐ;ਜਿਸੁ ਮਹਿਸਾਚਾ ਨਾਉਂ ॥ (ਮ: ੧/੧੯)
  5. ਜਾਣਹਿ ਬਿਰਥਾ ਸਭਾ ਮਨ ਕੀ; ਹੋਰੁਕਿਸੁ ਪਹਿਆਖਿ ਸੁਣਾਈਐ  ? ॥ (ਮ: ੫/੩੮੨)

(ਨੋਟ: ਉਪਰੋਕਤ ਵਿਚਾਰੇ ਨਿਯਮਾਂ ਤੋਂ ਇਲਾਵਾ ਹੀ ਸ਼ਬਦ (ਜੋ ਸੰਬੰਧਕ ਨਹੀਂ, ਕਿਰਿਆ ਵਿਸ਼ੇਸ਼ਣ ਹੈ) ਵੀ ਜਿਸੁ, ਤਿਸੁ, ਕਿਸੁ, ਇਸੁ, ਆਦਿ ਪੜਨਾਵਾਂ ਦੀ ਔਂਕੜ ਹਟਾ ਦੇਂਦਾ ਹੈ; ਜਿਵੇਂ

13. ਜਿਸ ਹੀ’ ਕੀ ਸਿਰਕਾਰ ਹੈ; ਤਿਸ ਹੀ’ ਕਾ ਸਭੁ ਕੋਇ ॥ ਮ: ੩/੨੭)     

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ਸ) ਨਿਯਮ ਨੰ. 1,2,3,4

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ

(ਭਾਗ-ਸ) ਨਿਯਮ ਨੰ. 1

ਆਓ, ਵਿਸ਼ੇਸ਼ਣ ਸੰਬੰਧੀ ਕੁਝ ਸਰਲ ਨੇਮਾਂ ’ਤੇ ਵੀਚਾਰ ਕਰੀਏ ਭਾਵ ਗੁਰਬਾਣੀ ਵਿਚ ਵਿਸ਼ੇਸ਼ਣਾਂ ਨੂੰ ਲਿਖਣ ਦੇ ਕੁਝ ਨਿਯਮਾਂ ਬਾਰੇ ਜਾਣੀਏ।

‘ਵਿਸ਼ੇਸ਼ਣ’ ਦੀ ਪਰਿਭਾਸ਼ਾ:- ਜੋ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਨਾਲ ਆ ਕੇ ਉਸ ਦੇ ‘ਗੁਣ, ਔਗੁਣ ਜਾਂ ਗਿਣਤੀ-ਮਿਣਤੀ’ ਦੱਸੇ ਭਾਵ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਵਿਸ਼ੇਸ਼ਣ’ ਆਖਦੇ ਹਨ।

(ਨੋਟ: ਧਿਆਨ ਰਹੇ ਕਿ ਕਿਰਿਆਵਾਚੀ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਇਸ ਲਈ ਵਿਚਾਰ ਅਧੀਨ ਵਿਸ਼ੇਸ਼ਣ ਸ਼ਬਦ ਕੇਵਲ ਨਾਂਵ ਤੇ ਪੜਨਾਂਵ ਦੀ ਹੀ ਵਿਸ਼ੇਸ਼ਤਾ ਦੱਸੇਗਾ।)

ਜਿਵੇਂ ‘ਨੀਲਾ’ ਘੋੜਾ, ‘ਬੀਬਾ’ ਬੱਚਾ, ‘ਨਿਰਮਲ’ ਬਾਣੀ, ‘ਇਹ’ ਬੱਚਾ, ‘ਉਹ’ ਕਿਤਾਬ, ਆਦਿ ਸ਼ਬਦਾਂ ਵਿਚ ‘ਨੀਲਾ, ਬੀਬਾ, ਨਿਰਮਲ, ਇਹ, ਉਹ’ ਵਿਸ਼ੇਸਣ ਹਨ।

(ਨੋਟ: ਕਈ ਵਾਰ ਜਦ ‘ਨਾਉਂ’ ਦੀ ਗ਼ੈਰ ਹਾਜ਼ਰੀ ’ਚ ਦਰਜ ਹੋਣ ਦੀ ਬਜਾਇ ‘ਨਾਉਂ’ ਦੇ ਨਾਲ, ਨਾਉਂ ਦੀ ਹਾਜ਼ਰੀ ਵਿੱਚ ਹੀ ‘ਇਹ, ਉਹ’ ਸ਼ਬਦ ਦਰਜ ਹੋਣ ਤਾਂ ਇਨ੍ਹਾਂ ਨੂੰ ‘ਪੜਨਾਂਵ’ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ ਜਾਂ ਨਿਸ਼ਚੇ ਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ।)

ਵਿਸ਼ੇਸ਼ਣ ਸ਼ਬਦ ਆਮ ਤੌਰ ’ਤੇ ਆਪਣੇ ਵਿਸ਼ੇਸ਼ (ਜਿਸ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਭਾਵ ਨਾਉਂ, ਪੜਨਾਉਂ) ਦਾ ਹੀ ਅਨੁਸਰਨ (ਨਕਲ) ਕਰਦਾ ਹੈ ਜਾਂ ਇੰਝ ਕਹਿ ਲਓ ਕਿ ਵਿਸ਼ੇਸ਼ਣ ਦੇ ਨਿਯਮ ਵੀ ਲਗਭਗ ਨਾਉਂ ਵਾਲੇ ਹੀ ਹੁੰਦੇ ਹਨ; ਜਿਵੇਂ ਕਿ

  1. ਇਕ ਵਚਨ ਪੁਲਿੰਗ ਨਾਉਂ ਦੇ ਅਖੀਰਲੇ ਅੱਖਰ ਨੂੰ ਔਂਕੜ ਆਉਂਦੀ ਹੈ, ਵੈਸੇ ਹੀ ਇਕ ਵਚਨ ਪੁਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਆਏਗੀ।
  2. ਬਹੁ ਵਚਨ ਨਾਉਂ ਨੂੰ ਅੰਤ ਔਂਕੜ ਨਹੀਂ ਆਉਂਦੀ ਇਸੇ ਤਰ੍ਹਾਂ ਬਹੁ ਵਚਨ ਨਾਉਂ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਨਹੀਂ ਆਉਂਦੀ।

ਉਪਰੋਕਤ ਦੱਸੇ ਦੋਹਾਂ ਨਿਯਮਾਂ ਨੂੰ ਹੇਠ ਲਿਖੀਆਂ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਸਮਝਿਆ ਜਾ ਸਕਦਾ ਹੈ।

(ੳ) ਅਮੁਲ ਗੁਣ, ਅਮੁਲ ਵਾਪਾਰ ॥ ਅਮੁਲ ਵਾਪਾਰੀਏ, ਅਮੁਲ ਭੰਡਾਰ ॥ (ਜਪੁ)

(ਅ) ਅਮੁਲੁ ਧਰਮੁ, ਅਮਲੁ ਦੀਬਾਣੁ ॥ ਅਮੁਲੁ ਤੁਲੁ, ਅਮੁਲੁ ਪਰਵਾਣੁ ॥ (ਜਪੁ)

(ੳ) ਨੰਬਰ ਵਾਲੀ ਪੰਕਤੀ ਵਿਚ ਅਮੁਲ ਸ਼ਬਦ ਬਹੁ ਵਚਨ ਨਾਵਾਂ (ਗੁਣ, ਵਾਪਾਰ, ਵਾਪਾਰੀਏ, ਭੰਡਾਰ) ਦਾ ਵਿਸ਼ੇਸ਼ਣ ਹੈ, ਜਿਸ ਕਰ ਕੇ ਇਸ ਦੇ ਵੀ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਈ ਪਰ (ਅ) ਨੰਬਰ ਵਾਲੀ ਪੰਕਤੀ ਵਿਚ ਅਮੁਲੁ ਸ਼ਬਦ ਇਕ ਵਚਨ ਪੁਲਿੰਗ ਨਾਵਾਂ (ਧਰਮੁ, ਦੀਬਾਣੁ, ਤੁਲੁ, ਪਰਵਾਣੁ) ਦਾ ਵਿਸ਼ੇਸ਼ਣ ਹੈ ਜਿਸ ਕਾਰਨ ਇਸ ਦੇ ਵੀ ਅਖੀਰਲੇ ਅੱਖਰ ਨੂੰ ਔਂਕੜ ਆ ਗਈ।

(ਨੋਟ : ‘ਧਰਮੁ, ਦੀਬਾਣੁ, ਤੁਲੁ, ਪਰਵਾਣੁ’ ਸ਼ਬਦ ਔਂਕੜ ਅੰਤ ਹਨ ਪਰ ‘ਗੁਣ, ਵਾਪਾਰ, ਭੰਡਾਰ’ ਸ਼ਬਦ ਅੰਤ ਮੁਕਤਾ ਹਨ। ਇਸੇ ਲਈ ਵਿਚਾਰ ਕੀਤੀ ਗਈ ਹੈ ਕਿ ਵਿਸ਼ੇਸ਼ਣ ਆਪਣੇ ਵਿਸ਼ੇਸ਼ ਨਾਉਂ ਦਾ ਹੀ ਅਨੁਸਰਨ ਕਰਦਾ ਹੈ)

ਇਸੇ ਤਰ੍ਹਾਂ ਹੋਰ ਸ਼ਬਦ ਵੀ ਵਿਚਾਰੇ ਜਾ ਸਕਦੇ ਹਨ; ਜਿਵੇਂ ਕਿ ਹੇਠਲੀਆਂ ਪੰਕਤੀਆਂ ਵਿੱਚ ‘ਨਿਰਮਲੁ’ ਅਤੇ ‘ਨਿਰਮਲ’ ਸਰੂਪ ਕਿਉਂ ਆ ਰਹੇ ਹਨ ?

  1. ‘ਨਿਰਮਲੁ’ ਨਾਮੁ; ਜਿਤੁ ਮੈਲੁ ਨ ਲਾਗੈ ॥ (ਮ: ੪/੪੯੪)
  2. ‘ਨਿਰਮਲੁ’ ਸਾਹਿਬੁ ਪਾਇਆ; ਸਾਚਾ ਗੁਣੀ ਗਹੀਰੁ ॥ (ਮ: ੩/੩੪)
  3. ‘ਨਿਰਮਲੁ’ ਮਨੂਆ; ਹਰਿ ਸਬਦਿ ਪਰੋਵੈ ॥ (ਮ: ੩/੧੨੧)
  4. ‘ਨਿਰਮਲੁ’ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ (ਮ: ੪/੭੪੪)
  5. ‘ਨਿਰਮਲ’ ਭੇਖ ਅਪਾਰ; ਤਾਸੁ ਬਿਨੁ ਅਵਰੁ ਨ ਕੋਈ ॥ (ਭਟ ਮਥੁਰਾ/੧੪੦੯)
  6. ਸਤਿਗੁਰੁ ਸੇਵਹਿ; ਸੇ ਜਨ ‘ਨਿਰਮਲ’ ਪਵਿਤਾ ॥ (ਮ: ੩/੨੩੧)
  7. ਸਾਧ ਨਾਮ; ‘ਨਿਰਮਲ’ ਤਾ ਕੇ ਕਰਮ ॥ (ਮ: ੫/੨੯੬)
  8. ਤੂੰ ਨਿਰਵੈਰੁ; ਸੰਤ ਤੇਰੇ ‘ਨਿਰਮਲ’ ॥ (ਮ: ੫/੧੦੮)

(ਨੋਟ : ਉਕਤ ਅੰਕ ਨੰ. 1 ਤੋਂ 4 ਤੱਕ ਨਿਰਮਲੁ (ਵਿਸ਼ੇਸ਼ਣ) ਨਾਲ ਨਾਮੁ, ਸਾਹਿਬੁ, ਮਨੂਆ, ਭਉ ਇਕ ਵਚਨ ਨਾਉਂ ਵੀ ਹਨ, ਇਸ ਲਈ ਨਿਰਮਲੁ ਨੂੰ ਵੀ ਅੰਤ ਔਂਕੜ ਲੱਗਾ ਹੈ, ਪਰ ਨੰ. 5 ਤੋਂ 7 ਤੱਕ ਨਿਰਮਲ (ਵਿਸ਼ੇਸ਼ਣ) ਬਹੁ ਵਚਨ ਨਾਂਵਾਂ (ਭੇਖ, ਜਨ, ਕਰਮ, ਸੰਤ, ਆਦਿ) ਦਾ ਵਿਸ਼ੇਸ਼ਣ ਹੋਣ ਕਾਰਨ ਅੰਤ ਮੁਕਤਾ ਹੈ।)

ਇਸੇ ਤਰ੍ਹਾਂ ਮੂਰਖ (ਵਿਸ਼ੇਸ਼ਣ) ਸ਼ਬਦ ਦੇ ਸਰੂਪ ਵੀ ਵਿਚਾਰਨਯੋਗ ਹਨ :

  1. ‘ਮੂਰਖ’ ਪੰਡਿਤ ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥ (ਮ: ੧/੪੬੯)
  2. ਮਾਇਆ ਕਾਰਨਿ ਧਾਵਹੀ; ‘ਮੂਰਖ’ ਲੋਗ ਅਜਾਨ ॥ (ਮ: ੯/੧੪੨੭)
  3. ਹਮ ਕੀਆ ਹਮ ਕਰਹਗੇ ? ਹਮ ‘ਮੂਰਖ’ ਗਵਾਰ ॥ (ਮ: ੩/੩੯)
  4. ਹਮ ‘ਮੂਰਖ’ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥ (ਮ: ੪/੩੯)
  5. ਨਾ ਕੋ ‘ਮੂਰਖੁ’; ਨਾ ਕੋ ਸਿਆਣਾ ॥ (ਮ: ੫/੯੮)
  6. ਬਿਨਸਿਓ ਮਨ ਕਾ ‘ਮੂਰਖੁ’ ਢੀਠਾ ॥ (ਮ: ੫/੩੮੭)
  7. ‘ਮੂਰਖੁ’ ਨਾਮਦੇਉ; ਰਾਮਹਿ ਜਾਨੈ ॥ (ਨਾਮਦੇਵ ਜੀ/੭੧੮)
  8. ‘ਮੂਰਖੁ’ ਰਾਵਨੁ; ਕਿਆ ਲੇ ਗਇਆ ? ॥ (ਕਬੀਰ ਜੀ/੧੧੫੮)

(ਭਾਗ-ਸ) ਨਿਯਮ ਨੰ. 2

ਪਿੱਛੇ (ਭਾਗ-ਅ) ਨਿਯਮ ਨੰ.1 ’ਚ ਵਿਚਾਰ ਕੀਤੀ ਗਈ ਸੀ ਕਿ ਅਨ੍ਯ ਭਾਸ਼ਾ ਦੇ ਇਸਤਰੀ ਲਿੰਗ ਸ਼ਬਦਾਂ ਦੇ ਅੰਤ ’ਚ ਸਿਹਾਰੀ ਆਉਂਦੀ ਹੈ, ਪਰ ਗੁਰਬਾਣੀ ਵਿੱਚ ਪੰਜਾਬੀ ਲਿਪੀ ਦੇ ਵੀ ਇਸਤਰੀ ਲਿੰਗ ਸ਼ਬਦ ਹਨ; ਜਿਵੇਂ ਕਿ ਉਕਤ (ਭਾਗ-ੳ) ਨਿਯਮ ਨੰ: 2 ’ਚ ‘‘ਭਰੀਐ; ਹਥੁ ਪੈਰੁ ਤਨੁ ‘ਦੇਹ’ ॥ ਪਾਣੀ ਧੋਤੈ; ਉਤਰਸੁ ‘ਖੇਹ’ ॥’’ ਵਾਲੇ ਵਾਕ ਰਾਹੀਂ ‘ਦੇਹ, ਖੇਹ’ ਸ਼ਬਦਾਂ ਦੀ ਵਿਚਾਰ ਕੀਤੀ ਗਈ ਸੀ। ਇਸੇ ਮੁਕਤਾ ਅੰਤ ਇਸਤਰੀ ਲਿੰਗ ਨਿਯਮ ਅਨੁਸਾਰ ਇਸਤਰੀ ਲਿੰਗ ਨਾਂਵ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਹੈ, ਜਿਸ ਕਾਰਨ ਇਸ ਇਸਤਰੀ ਲਿੰਗ ਨਾਂਵ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਨਹੀਂ ਆਵੇਗੀ ਭਾਵ ਮੁਕਤਾ ਅੰਤ ਹੀ ਹੋਵੇਗਾ; ਜਿਵੇਂ ਕਿ

(ਨੋਟ : ਧਿਆਨ ਰਹੇ ਕਿ ਗੁਰਬਾਣੀ ’ਚ ਦਰਜ ‘ਏਹ’ ਸ਼ਬਦ ਜਦੋਂ ਕਿਸੇ ਨਾਉਂ ਦੇ ਸਮਾਨੰਤਰ ਆਉਂਦਾ ਹੈ ਤਾਂ ਇਹ ਪੜਨਾਂਵੀ ਵਿਸ਼ੇਸ਼ਣ ਜਾਂ ਨਿਸ਼ਚੇ ਵਾਚਕ ਵਿਸ਼ੇਸ਼ਣ ਹੁੰਦਾ ਹੈ; ਜਿਵੇਂ ‘ਏਹ ਬੱਚਾ, ਏਹ ਕਿਤਾਬ’, ਆਦਿ, ਪਰ ਜੇਕਰ ਨਾਉਂ ਦੀ ਗ਼ੈਰ ਹਾਜ਼ਰੀ ਵਿੱਚ ਹੋਵੇ ਤਾਂ ਕੇਵਲ ਪੜਨਾਉਂ ਅਖਵਾਉਂਦਾ ਹੈ।)

(1). ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥ (ਮ: ੩/੯੨੧)

(2). ਏਹ ਤਿਸਨਾ ਵਡਾ ਰੋਗੁ ਲਗਾ, ਮਰਣੁ ਮਨਹੁ ਵਿਸਾਰਿਆ ॥ (ਮ: ੩/੯੨੧)

(3). ਏਹ ਸੁਮਤਿ, ਗੁਰੂ ਤੇ ਪਾਈ ॥ (ਮ: ੫/੯੯)

(4). ਪ੍ਰਭ ਮਿਲਣੈ ਕੀ ਏਹ ਨੀਸਾਣੀ ॥ (ਮ: ੫/੧੦੬)

(5). ਦਿਨਸੁ ਰੈਣਿ ਏਹ ਸੇਵਾ ਸਾਧਉ ॥ (ਮ: ੫/੩੯੧)

(6). ਜੇ ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ਖਾਉ ॥ (ਕਬੀਰ ਜੀ/੪੭੯)

(ਨੋਟ : ਉਕਤ 6 ਤੁਕਾਂ ’ਚ ਏਹ ਸ਼ਬਦ ਉਪਰੰਤ ਦਰਜ ਮਾਇਆ, ਤਿਸਨਾ, ਸੁਮਤਿ. ਨੀਸਾਣੀ, ਸੇਵਾ ਤੇ ਮੂਰਤਿ ਸਭ ਇਸਤਰੀ ਲਿੰਗ ਨਾਉਂ ਹਨ, ਜਿਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਅਗਰ ਏਹ ਹੁੰਦਾ ਤਾਂ ਪੜਨਾਉਂ ਅਖਵਾਉਂਦਾ, ਪਰ ਹੁਣ ਕਿਉਂਕਿ ਸੰਬੰਧਿਤ ਸਾਰੇ ਇਸਤਰੀ ਲਿੰਗ ਨਾਉਂ ਵੀ ਬਰਾਬਰ ਹੀ ਦਰਜ ਹਨ, , ਇਸ ਲਈ ‘ਏਹ’ ਨੂੰ ਇਸਤਰੀ ਲਿੰਗ ਨਾਂਵ ਦਾ ਵਿਸ਼ੇਸ਼ਣ ਕਹਿਣਾ ਪਵੇਗਾ, ਵਿਸ਼ੇਸ਼ਣ ਆਪਣੇ ਵਿਸ਼ੇਸ (ਨਾਉਂ) ਦੇ ਨਿਯਮ ਹੀ ਅਪਨਾਉਂਦਾ ਹੈ ਇਸ ਲਈ ਇਹ ਮੁਕਤਾ ਅੰਤ ਆ ਰਿਹਾ ਹੈ ।)

ਸੋ, ਇੱਕ ਨਿਯਮ ਇਹ ਵੀ ਸਾਹਮਣੇ ਆ ਗਿਆ ਕਿ ਇਸਤਰੀ ਲਿੰਗ ਨਾਉਂ ਵਾਲੇ ਸ਼ਬਦਾਂ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੁੰਦਾ ਹੈ।

(ਭਾਗ-ਸ) ਨਿਯਮ ਨੰ. 3

(1). ਏਹੁ ਲੇਖਾ, ਲਿਖਿ ਜਾਣੈ ਕੋਇ ॥ (ਜਪੁ)

(2). ਏਹੁ ਅੰਤੁ; ਨ ਜਾਣੈ ਕੋਇ ॥ (ਜਪੁ)

(3). ਏਹੁ ਮਨੋ ਮੂਰਖੁ ਲੋਬੀਆ; ਲੋਭੇ ਲਗਾ ਲੁੋਭਾਨ ॥ (ਮ: ੧/੨੧)

(4). ਏਹੁ ਜਨੇਊ ਜੀਅ ਕਾ; ਹਈ  ! ਤ ਪਾਡੇ  ! ਘਤੁ ॥ (ਮ: ੧/੪੭੧)

(5). ਏਹੁ ਕੁਟੰਬੁ ਤੂ ਜਿ ਦੇਖਦਾ; ਚਲੈ ਨਾਹੀ ਤੇਰੈ ਨਾਲੇ ॥ (ਮ: ੩/੯੧੮)

(ਨੋਟ : ਉਕਤ ਵਿਚਾਰ ਅਧੀਰ 5 ਤੁਕਾਂ ’ਚ ‘ਏਹੁ’ ਸ਼ਬਦ ਉਪਰੰਤ ਦਰਜ ‘ਲੇਖਾ, ਅੰਤੁ, ਮਨੋ, ਜਨੇਊ ਤੇ ਕੁਟੰਬੁ’ ਸਭ ਇਕ ਵਚਨ ਪੁਲਿੰਗ ਨਾਉਂ ਹਨ ਅਤੇ ‘ਏਹੁ’ ਸ਼ਬਦ ਜੇ ਇਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਹੁੰਦਾ ਤਾਂ ਪੜਨਾਂਵ ਅਖਵਾਉਂਦਾ, ਪਰ ਹੁਣ ਸਮਾਨੰਤਰ ਹੋਣ ਕਾਰਨ ‘ਏਹੁ’ ਵਿਸ਼ੇਸ਼ਣ ਹੈ। ਵਿਸ਼ੇਸ਼ਣ ਆਪਣੇ ਵਿਸ਼ੇਸ (ਨਾਉਂ) ਦੇ ਨਿਯਮ ਹੀ ਅਪਨਾਉਂਦਾ ਹੈ ਇਸ ਲਈ ਇਹ ਔਂਕੜ ਅੰਤ ਆ ਰਿਹਾ ਹੈ । ‘ਏਹੁ’ ਦੇ ਅੰਤ ਲੱਗੀ ਔਂਕੜ ਸਾਰੇ ਸੰਬੰਧਿਤ ਨਾਵਾਂ ਨੂੰ ਇੱਕ ਵਚਨ ਪੁਲਿੰਗ ਨਾਉਂ ਬਿਆਨ ਕਰਦੀ ਹੈ।

ਏਹੁ’ ਦੇ ਸ਼ੁੱਧ ਉਚਾਰਨ ਲਈ ਜਿਵੇਂ ਅਸੀਂ ‘ਅੰਤੁ, ਕੁਟੰਬੁ, ਆਦਿ ਸ਼ਬਦਾਂ ਨੂੰ ‘ਅੰਤ’ ਤੇ ‘ਕੁਟੰਬ’ ਭਾਵ ਅੰਤ ਔਂਕੜ ਨੂੰ ਛੱਡ ਕੇ ਪੜ੍ਹਦੇ ਹਾਂ, ਉਸੇ ਤਰ੍ਹਾਂ ਹੀ ‘ਏਹੁ’ ਨੂੰ ਵੀ ‘ਏਹ’ ਪੜ੍ਹਨਾ ਚਾਹੀਦਾ ਹੈ, ‘ਏਹੋ’ ਨਹੀਂ।)

ਸੋ, ਗੁਰਬਾਣੀ ਲਿਖਤ ’ਚ ਇੱਕ ਨਿਯਮ ਇਹ ਵੀ ਹੈ ਕਿ ਇੱਕ ਵਚਨ ਪੁਲਿੰਗ ਨਾਉਂ ਦਾ ਵਿਸ਼ੇਸ਼ਣ ਵੀ ਅੰਤ ਔਂਕੜ ਸਹਿਤ ਦਰਜ ਹੁੰਦਾ ਹੈ ਜਿਸ ਦਾ ਉਚਾਰਨ ਕਰਦਿਆਂ ਅੰਤ ਔਂਕੜ ਦਾ ਪ੍ਰਯੋਗ (ਇੱਕ ਵਚਨ ਪੁਲਿੰਗ ਨਾਉਂ ਸ਼ਬਦ ਵਾਂਗ) ਨਹੀਂ ਕਰਨਾ ਚਾਹੀਦਾ ਹੈ।

(ਭਾਗ-ਸ) ਨਿਯਮ ਨੰ. 4

ਹੇਠਲੀਆਂ ਗੁਰਬਾਣੀ ਦੀਆਂ ਪੰਕਤੀਆਂ ’ਚ ਇੱਕੋ ਵਿਸ਼ੇਸ਼ਣ ਸ਼ਬਦ ਦੇ ਦੋ-ਦੋ ਸਰੂਪ ਵਿਖਾਈ ਦੇ ਰਹੇ ਹਨ ਭਾਵ ਇੱਕੋ ਵਿਸ਼ੇਸ਼ਣ ਸ਼ਬਦ ਦੋ ਰੂਪਾਂ ਵਿਚ ਆ ਰਿਹਾ ਹੈ, ਇਕ ਵਾਰੀ ਇਕ ਵਚਨ ਪੁਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਰੂਪ ਵਿਚ (ਅੰਤ ਔਂਕੜ ਸਮੇਤ) ਅਤੇ ਦੂਜੀ ਵਾਰੀ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਰੂਪ ਵਿਚ (ਮੁਕਤਾ ਅੰਤ); ਜਿਵੇਂ ਕਿ

(1). ਫਕੜ ਜਾਤੀ; ਫਕੜੁ ਨਾਉਂ ॥ (ਮ: ੪/੮੩)

(2). ਕਵਣੁ ਸੁ ਵੇਲਾ ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ਵਾਰੁ  ? ॥ (ਜਪੁ)

(3). ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ (ਮ: ੧/੧੫)

(4). ਗੁਰਾ  ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥ (ਜਪੁ)

(ਨੋਟ : ਉਕਤ ਵਿਚਾਰ ਅਧੀਨ 4 ਤੁਕਾਂ ’ਚ ਇੱਕੋ ਸਰੂਪ ’ਚ ਦੋ-ਦੋ ਵਿਸ਼ੇਸ਼ਣ ਦਰਜ ਹਨ, ਜਿਨ੍ਹਾਂ ’ਚੋਂ ਨੰਬਰ 1 ’ਚ ‘ਫਕੜ’ (ਭਾਵ ਵਿਅਰਥ, ਵਿਸ਼ੇਸ਼ਣ) ਜਦ ਇਸਤਰੀ ਲਿੰਗ (ਜਾਤੀ) ਸ਼ਬਦ ਨਾਲ ਆਇਆ ਤਾਂ ਅੰਤ ਮੁਕਤਾ ਹੈ ਤੇ ਜਦ ਇੱਕ ਵਚਨ ਪੁਲਿੰਗ ਨਾਉਂ ਨਾਲ ਆਇਆ ਤਾਂ ਅੰਤ ਔਂਕੜ ਹੈ, ਇਸੇ ਤਰ੍ਹਾਂ ਅਗਲੀਆਂ ਤੁਕਾਂ ’ਚ ਇਸਤਰੀ ਲਿੰਗ ਸ਼ਬਦਾਂ ਨਾਲ ਆਏ ਵਿਸ਼ੇਸ਼ਣ ‘ਕਵਣ, ਨੀਚ, ਇਕ’ ਭਾਵ ਮੁਕਤਾ ਅੰਤ ਹਨ ਅਤੇ ਜਦ ਇੱਕ ਵਚਨ ਪੁਲਿੰਗ ਨਾਉਂ ਨਾਲ ਆਏ ਤਾਂ ਉਹੀ ਵਿਸ਼ੇਸ਼ਣ ‘ਕਵਣੁ, ਨੀਚੁ, ਇਕੁ’ ਭਾਵ ਅੰਤ ਔਂਕੜ ਆ ਗਏ। ਧਿਆਨ ਰਹੇ ਕਿ ‘‘ਗੁਰਾ  ! ‘ਇਕ’ ਦੇਹਿ ਬੁਝਾਈ ॥’’ ਤੁਕ ’ਚ ‘ਬੁਝਾਈ’ ਇਸਤਰੀ ਲਿੰਗ ਸ਼ਬਦ ਹੈ, ਜਿਸ ਦਾ ਅਰਥ ਹੈ: ‘ਸਮਝ, ਅਕਲ।)

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ਹ) ਨਿਯਮ ਨੰ. 1,2,3

0

 (ਭਾਗ-ਹ) ਨਿਯਮ ਨੰ. 1

ਸੰਬੰਧਕੀ ਵਿਸ਼ੇਸ਼ਣ

ਜਿਵੇਂ ਸੰਬੰਧਕ ਚਿੰਨ੍ਹ (ਕਾ, ਕੇ, ਕੀ, ਦਾ, ਦੇ, ਦੀ, ਨੋ, ਕਉ, ਨਾਲਿ, ਅੰਦਰਿ, ਬਾਹਰਿ, ਵਿਚਿ, ਊਪਰਿ, ਨਜੀਕਿ, ਸੇਤੀ, ਮਹਿ, ਪਹਿ, ਆਦਿ) ਆਉਣ ਦੇ ਕਾਰਨ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਦੇ ਅਖੀਰਲੇ ਅੱਖਰ ਦੀ ਔਂਕੜ ਹਟ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਉਸ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਜਾਂਦਾ ਹੈ ਭਾਵ ਸੰਬੰਧਕੀ ਪਦ ਨਾਲ ਆਉਣ ’ਤੇ ‘ਇੱਕ ਵਚਨ ਪੁਲਿੰਗ ਨਾਉਂ’ ਦੀ ਤਰ੍ਹਾਂ ਉਸ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਜਾਂਦਾ ਹੈ; ਜਿਵੇਂ ਕਿ ‘‘ਧਰਮ ਖੰਡ ਕਾ ਏਹੋ ਧਰਮੁ ॥’’ ਤੁਕ ਵਿੱਚ ‘ਕਾ’ ਸੰਬੰਧਕ ਨੇ ‘ਖੰਡ (ਇੱਕ ਵਚਨ ਪੁਲਿੰਗ ਨਾਉਂ) ਸਮੇਤ ‘ਧਰਮ (ਇੱਕ ਵਚਨ ਪੁਲਿੰਗ ਵਿਸ਼ੇਸ਼ਣ) ਨੂੰ ਵੀ ਮੁਕਤਾ ਅੰਤ ਕਰ ਦਿੱਤਾ ਭਾਵ ਸੰਬੰਧਕੀ ‘ਕਾ’ ਦਾ ਪ੍ਰਭਾਵ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਵਾਂਗ ਉਸ ਦਾ ਇੱਕ ਵਚਨ ਵਿਸ਼ੇਸ਼ਣ ਵੀ ਕਬੂਲ ਕਰੇਗਾ, ਇਸ ਕਰ ਕੇ ‘ਧਰਮ’ ਤੇ ‘ਖੰਡ’ ਦਾ ਔਂਕੜ ਹਟ ਕੇ ਮੁਕਤਾ ਅੰਤ ਹੋ ਗਏ । ਇਸ ਨਿਯਮ ਨਾਲ ਸੰਬੰਧਿਤ ਕੁਝ ਹੋਰ ਤੁਕਾਂ ਇਸ ਪ੍ਰਕਾਰ ਹਨ :

(1). ‘ਅਗਮ ਰੂਪ ਕਾ’; ਮਨ ਮਹਿ ਥਾਨਾ ॥ (ਮ: ੫/੧੮੬)

(2). ‘ਗਿਆਨ ਖੰਡ ਮਹਿ’; ਗਿਆਨੁ ਪਰਚੰਡੁ ॥ (ਜਪੁ)

(3). ‘ਅੰਧ ਕੂਪ ਮਹਿ’; ਹਾਥ ਦੇ ਰਾਖਹੁ ॥ (ਮ: ੫/੨੦੮)

(4). ‘ਸਭ ਜਗ ਮਹਿ’ ਦੋਹੀ ਫੇਰੀਐ; ਬਿਨੁ ਨਾਵੈ ਸਿਰਿ ਕਾਲੁ ॥ (ਮ: ੧/੬੩)

ਉਪਰੋਕਤ ਚਾਰੇ ਪੰਕਤੀਆਂ ਵਿਚ ‘ਅਗਮ, ਗਿਆਨ, ਅੰਧ, ਸਭ’ ਵਿਸ਼ੇਸ਼ਣ ਸ਼ਬਦ ਹਨ ਅਤੇ ਇਨ੍ਹਾਂ ਦੇ ਕ੍ਰਮਵਾਰ ਇੱਕ ਵਚਨ ਪੁਲਿੰਗ ਨਾਉਂ ਹਨ: ‘ਰੂਪ, ਖੰਡ, ਕੂਪ, ਜਗ, ਜਿਨ੍ਹਾਂ ਦੇ ਨਾਲ ਆਏ ਸੰਬੰਧਕੀ ਚਿੰਨ੍ਹ ‘ਕਾ, ਮਹਿ’ ਨੇ ਸੰਬੰਧਿਤ ਇਕ ਵਚਨ ਪੁਲਿੰਗ ਨਾਉਂ ਦੇ ਨਾਲ-ਨਾਲ ਉਨ੍ਹਾਂ ਦੇ ਵਿਸ਼ੇਸ਼ਣ ਨੂੰ ਵੀ ਮੁਕਤਾ ਅੰਤ ਕਰ ਦਿੱਤਾ ਹੈ।

(ਭਾਗ-ਹ) ਨਿਯਮ ਨੰ. 2

ਪ੍ਰਸ਼ਨ : ਸੰਬੋਧਨ ਕਿਸ ਨੂੰ ਆਖਦੇ ਹਨ ?

ਉੱਤਰ : ਜਦੋਂ ਕਿਸੇ ਨੂੰ ਆਵਾਜ਼ ਮਾਰੀ ਜਾਏ ਤਾਂ ਉਹ ਨਾਉਂ ਸੰਬੋਧਨ ਰੂਪ ਵਿਚ ਹੁੰਦਾ ਹੈ। ਪਿੱਛੇ ‘(ਭਾਗ-ੳ) ਨਿਯਮ ਨੰ: 4 ਨਾਉਂ’ ਦੇ ਨਿਯਮਾਂ ਵਿਚ ਵਿਚਾਰ ਕਰ ਆਏ ਹਾਂ ਕਿ ਜਦੋਂ ‘ਨਾਉਂ’ ਸੰਬੋਧਨ ਰੂਪ ਵਿਚ ਹੁੰਦਾ ਹੈ ਤਾਂ ਉਹ ਮੁਕਤਾ ਅੰਤ ਹੋ ਜਾਂਦਾ ਹੈ ਭਾਵ ਉਸ ਦੇ ਅਖੀਰਲੇ ਅੱਖਰ ਨੂੰ ਕੋਈ ਮਾਤ੍ਰਿਕ ਚਿੰਨ੍ਹ ਨਹੀਂ ਰਹਿ ਜਾਂਦਾ।

ਬਿਲਕੁਲ ਇਸੇ ਸੰਬੋਧਨੀ ਨਾਉਂ ਵਾਂਗ ਉਸ ਦਾ ਵਿਸ਼ੇਸ਼ਣ ਵੀ ਸੰਬੋਧਨ ਰੂਪ ’ਚ ਮੁਕਤਾ ਅੰਤ ਹੋ ਜਾਂਦਾ ਹੈ; ਜਿਵੇਂ ਕਿ ਮੂਰਖ ਬਾਮਣ  ! ਪ੍ਰਭੂ ਸਮਾਲਿ ॥ (ਮ: ੫/੩੭੨)

ਇਸ ਪੰਕਤੀ ਵਿਚ ਬਾਮਣ ਇੱਕ ਵਚਨ ਪੁਲਿੰਗ ਨਾਉਂ (ਸ਼ਬਦ) ਹੈ ਅਤੇ ਇਸ ਨੂੰ ਆਵਾਜ਼ ਮਾਰੀ ਗਈ ਹੈ ਜਦ ਕਿ ਮੂਰਖ ਸ਼ਬਦ, ਜੋ ਬਾਮਣ ਦਾ ਵਿਸ਼ੇਸ਼ਣ ਹੈ, ਉਹ ਵੀ ਇਸ ਆਵਾਜ਼ ਮਾਰਨ ਨਾਲ ਅੰਤ ਮੁਕਤਾ ਹੋ ਗਿਆ ਭਾਵ ਸੰਬੋਧਨ ਰੂਪ ’ਚ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਵਾਂਗ ਉਸ ਦੇ ਵਿਸ਼ੇਸ਼ਣ ਦੀ ਵੀ ਔਂਕੜ ਹਟ ਜਾਂਦੀ ਹੈ। ਇਸ ਵਿਚਾਰ ਨਾਲ ਸੰਬੰਧਿਤ ਹੀ ਕੁਝ ਤੁਕਾਂ ਹੇਠ ਦਿੱਤੀਆਂ ਜਾ ਰਹੀਆਂ ਹਨ:

  1. ਨਿਤ ਦੇਵਹੁ ਦਾਨੁਦਇਆਲਪ੍ਰਭ  ! ਹਰਿ ਨਾਮੁ ਧਿਆਇਆ ॥ (ਮ: ੪/੯੧)
  2. ਮਨ ! ਏਕੁ ਨ ਚੇਤਸਿਮੂੜ ਮਨਾ ! ॥ (ਮ: ੧/੧੨)
  3. ਨਾਨਕ ਕਉ ਪ੍ਰਭ ! ਰਾਖਿ ਲੈਹਿ; ਮੇਰੇ ਸਾਹਿਬਬੰਦੀ ਮੋਚ ! ॥ (ਮ: ੫/੧੩੫)
  4. ਖੋਵਹੁ ਭਰਮੁ, ਰਾਖੁ ਮੇਰੇ ਪ੍ਰੀਤਮ !ਅੰਤਰਜਾਮੀ ‘ਸੁਘੜ ਸੁਜਾਨ !  ॥ (ਮ: ੫/੭੧੬)
  5. ਕਹੈ ਨਾਨਕੁ ਮਨਚੰਚਲ ! ਚਤੁਰਾਈ ਕਿਨੈ ਨ ਪਾਇਆ ॥ (ਮ: ੩/੯੧੮)

ਉਪਰੋਕਤ ਪੰਜੇ ਪੰਕਤੀਆਂ ’ਚ ਦਰਜ ਦਇਆਲ, ਮੂੜ, ਬੰਦੀ ਮੋਚ, ਸੁਘੜ, ਸੁਜਾਨ ਤੇ ਚੰਚਲ ਸ਼ਬਦ ਵਿਸ਼ੇਸ਼ਣ ਹਨ ਜਦ ਕਿ ਕ੍ਰਮਵਾਰ ਪ੍ਰਭ, ਮਨਾ, ਸਾਹਿਬ, ਪ੍ਰੀਤਮ ਤੇ ਮਨ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹਨ, ਜਿਨ੍ਹਾਂ ਨੂੰ ਆਵਾਜ਼ ਮਾਰੀ ਗਈ (ਵਿਆਕਰਨ ਨਿਯਮ ਅਨੁਸਾਰ ਆਵਾਜ਼ ਮਾਰਨੀ ਸੰਬੋਧਨ ਨਿਯਮ ਅਖਵਾਉਂਦਾ ਹੈ), ਜਿਸ ਕਰ ਕੇ ਇਨ੍ਹਾਂ (ਨਾਉਂ ਸ਼ਬਦਾਂ) ਦੇ ਨਾਲ-ਨਾਲ ਇਨ੍ਹਾਂ ਦੇ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਗਏ।

(ਭਾਗ-ਹ) ਨਿਯਮ ਨੰ. 3

ਉਕਤ ਕੀਤੀ ਗਈ ਸਾਰੇ ਹੀ ਨਿਯਮਾਂ ਦੀ ਵਿਚਾਰ ਅਰੰਭਤਾ ਹੋਣ ਕਾਰਨ ਸਰਲ ਨਿਯਮਾਂ ਤੱਕ ਸੀਮਤ ਸੀ ਤਾਂ ਕਿ ਮੁਢਲੀ ਜਾਣਕਾਰੀ ਸਾਨੂੰ ਪ੍ਰਾਪਤ ਹੋ ਸਕੇ। ਹੁਣ ਅੱਗੇ ਥੋੜ੍ਹਾ ਗਹਿਰੀ ਵੀਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਹੈ, ਪਾਠਕ ਕੁਝ ਔਖਿਆਈ ਮਹਿਸੂਸ ਕਰਨ ਜਾਂ ਪਿੱਛੇ ਕੀਤੇ ਨਿਯਮ ਆਪਸ ਵਿਚ ਰਲ-ਗੱਡ ਹੁੰਦੇ ਮਹਿਸੂਸ ਹੋਣ ਪਰ ਜੇ ਅਸੀਂ ਥੋੜ੍ਹੀ ਜਿਹੀ ਵੱਧ ਮਿਹਨਤ ਕਰਾਂਗੇ ਤਾਂ ਇਹ ਸਮੱਸਿਆ ਜਲਦੀ ਹੀ ਦੂਰ ਹੋ ਜਾਵੇਗੀ।

ਇਸਤਰੀ ਲਿੰਗ ਮੁਕਤਾ ਅੰਤ (ਅਖੀਰਲੇ ਅੱਖਰ ਨੂੰ ਕੋਈ ਮਾਤ੍ਰਿਕ ਚਿੰਨ੍ਹ ਨਾ ਹੋਣਾ) ਆਉਂਦੇ ਹਨ, ਖ਼ਾਸ ਕਰਕੇ ਇਨ੍ਹਾਂ ਦੇ ਅਖ਼ੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਜਿਵੇਂ ਕਿ ਭੁਖ, ਚਾਲ, ਦੇਹ, ਖੇਹ, ਕਪਾਹ, ਆਦਿ।

ਹੁਣ ਇਸ ਨਿਯਮ ਦੇ ਅਪਵਾਦ ਬਾਰੇ ਗੱਲ ਕਰਨੀ ਹੈ ਭਾਵ ਕੁਝ ਐਸੇ ਇਸਤਰੀ ਲਿੰਗ ਨਾਉਂ ਸ਼ਬਦ ਹਨ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਆਉਂਦੀ ਹੀ ਆਉਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸ਼ਬਦ ਸੰਸਕ੍ਰਿਤ ਤੋਂ ਗੁਰਬਾਣੀ ਵਿਚ ਤਤਸਮ (ਅਸਲ) ਰੂਪ ਵਿਚ ਲਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਅਖੀਰਲਾ ਔਂਕੜ ਇਨ੍ਹਾਂ ਦਾ ਮੂਲਿਕ ਅੰਗ ਹੈ। ਸੰਬੰਧਿਤ ਭਾਸ਼ਾ ਵਿਚ ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਸਹਿਤ ਹੀ ਲਿਖਿਆ ਜਾਂਦਾ ਹੈ; ਜਿਵੇਂ ਸਾਸੁ, ਜਿੰਦੁ, ਤੰਤੁ, ਧੇਣੁ, ਧਾਤੁ, ਬਸਤੁ, ਬਿੰਦੁ, ਰੇਣੁ, ਵਸਤੁ, ਭੰਡੁ, ਵਥੁ, ਅੰਸੁ, ਹਿੰਙੁ, ਕਫੁ, ਕਲਤੁ, ਖਾਂਡੁ, ਖੜੁ, ਆਦਿ। ਇਹ ਸ਼ਬਦ ਸੰਸਕ੍ਰਿਤ ’ਚੋਂ ਆਪਣਾ ਮੌਲਿਕ ਔਂਕੜ ਨਾਲ ਹੀ ਲੈ ਕੇ ਆਏ ਹਨ। ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲੱਗੀ ਦੇਖ ਕੇ ਸਾਨੂੰ ਇਕ ਵਚਨ ਪੁਲਿੰਗ ਨਾਉਂ ਸ਼ਬਦ ਹੋਣ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਨਾਲ ਸੰਬੰਧਕੀ ਚਿੰਨ੍ਹ ਆਇਆਂ ਵੀ ਇਹ ਔਂਕੜ ਨਹੀਂ ਹਟਦੀ।

ਇਕ ਗੱਲ ਨੋਟ ਕਰਨ ਵਾਲੀ ਹੈ ਕਿ ਇਨ੍ਹਾਂ ਦੇ ਵਿਸ਼ੇਸ਼ਣ ਮੁਕਤਾ ਅੰਤ ਹੀ ਆਉਣਗੇ ਭਾਵ ਇੱਥੇ ਇਹ ਨਹੀਂ ਸੋਚਣਾ ਕਿ ਵਿਸ਼ੇਸ਼ਣ ਸ਼ਬਦ ਆਪਣੇ ਵਿਸ਼ੇਸ਼ ਸ਼ਬਦ (ਜਿਸ ਦੀ ਵਿਸ਼ੇਸ਼ਤਾ ਦੱਸੀ ਜਾਵੇ) ਦੇ ਅਨੁਸਾਰ ਹੀ ਆਉਣਾ ਚਾਹੀਦਾ ਹੈ। ਪਿੱਛੇ ਅਸੀਂ ਵਿਚਾਰ ਕਰ ਆਏ ਹਾਂ ਕਿ ਇਸਤਰੀ ਲਿੰਗ ਨਾਵਾਂ ਦੇ ਵਿਸ਼ੇਸ਼ਣਾਂ ਦਾ ਅਖੀਰਲਾ ਅੱਖਰ ਮੁਕਤਾ ਹੋ ਜਾਂਦਾ ਹੈ।

ਸੋ, ਇਸਤਰੀ ਲਿੰਗ ਨਾਉਂ ਭਾਵੇਂ ਮੁਕਤਾ ਅੰਤ ਹੋਵੇ ਭਾਵੇਂ ਇਸ ਦੇ ਅਖੀਰ ਵਿਚ ਮੂਲਿਕ ਔਂਕੜ ਹੋਵੇ, ਇਸ ਦਾ ਵਿਸ਼ੇਸ਼ਣ ਆਮ ਤੌਰ ’ਤੇ ਮੁਕਤਾ ਅੰਤ ਹੀ ਆਏਗਾ; ਜਿਵੇਂ ਕਿ

ਤਨੁ ਮਨੁ ਧਨੁ ਅਰਪੀ ਸਭੋ; ਸਗਲ ਵਾਰੀਐਇਹ ਜਿੰਦੁ ॥ (ਮ: ੫/੪੭)

ਹਰਿ ਧਨੁ ਰਾਸਿ; ਨਿਰਾਸਿਇਹ ਬਿਤੁ ॥ (ਮ: ੫/੮੯੨)

ਨਾਮੁ ਨਿਧਾਨੁ ਲਾਭੁ; ਨਾਨਕ !ਬਸਤੁ ਇਹ ਪਰਵਾਨੁ ॥ (ਮ: ੫/੧੧੨੧)

ਕਹੁ ਨਾਨਕ ! ਕਿਰਪਾ ਕਰੇ; ਜਿਸ ਨੋਏਹ ਵਥੁ ਦੇਇ ॥ (ਮ: ੫/੫੧੭)

ਏਹ ਵਸਤੁਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥ (ਮ: ੫/੧੪੨੮)

ਸਗਲ ਸੰਤਨ ਪਹਿ;ਵਸਤੁ ਇਕਮਾਂਗਉ ॥ (ਮ: ੫/੯੯)

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ;ਇਕ ਵਸਤੁਅਨੂਪ ਦਿਖਾਈ ॥ (ਮ: ੪/੪੪੨)

ਉਕਤ 7 ਤੁਕਾਂ ’ਚ ਦਰਜ ਇਹ, ਏਹ ਤੇ ਇਕ ਸ਼ਬਦ ਇਸਤਰੀ ਲਿੰਗ ਵਿਸ਼ੇਸ਼ਣ ਹਨ ਅਤੇ ਕਰਮਵਾਰ ‘ਜਿੰਦੁ, ਬਿਤੁ, ਬਸਤੁ, ਵਥੁ ਤੇ ਵਸਤੁ’ ਇਸਤਰੀ ਲਿੰਗ ਸ਼ਬਦ ਹਨ, ਜੋ ਆਪਣਾ ਮੂਲਿਕ ਅੰਤ ਔਂਕੜ ਵੀ ਲਿਆਏ ਹਨ, ਪਰ ਫਿਰ ਵੀ ਇਨ੍ਹਾਂ ਦੇ ਸਾਰੇ ਵਿਸ਼ੇਸ਼ਣ ਮੁਕਤਾ ਅੰਤ ਹਨ ਭਾਵ ਗੁਰਬਾਣੀ ’ਚ ਦਰਜ ਮੁਕਤਾ ਅੰਤ ਇਸਤਰੀ ਲਿੰਗ (ਦੇਹ, ਖੇਹ) ਸ਼ਬਦਾਂ ਦੇ ਵਿਸ਼ੇਸ਼ਣ ਅਤੇ ਇਨ੍ਹਾਂ ਅੰਤ ਔਂਕੜ ਵਾਲੇ ਖ਼ਾਸ ਇਸਤਰੀ ਲਿੰਗ (ਜਿੰਦੁ, ਬਿਤੁ) ਨਾਂਵਾਂ ਦੇ ਵਿਸ਼ੇਸ਼ਣ ਇੱਕ ਸਮਾਨ (ਮੁਕਤਾ ਅੰਤ) ਹੀ ਹੁੰਦੇ ਹਨ।

Most Viewed Posts