ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ਅ) ਨਿਯਮ ਨੰ. 2

0
889

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ

 (ਭਾਗ-ਅ) ਨਿਯਮ ਨੰ. 2

ਕਈ ਵਾਰ ਗੁਰਬਾਣੀ ਦੀ ਲਿਖਤ ਵਿੱਚ ਇੱਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ) ਦੇ ਅਖੀਰਲੇ ਅੱਖਰ ਨੂੰ ਔਂਕੜ ਦੀ ਬਜਾਇ ਅੰਤ ਸਿਹਾਰੀ ਆ ਜਾਂਦੀ ਹੈ, ਜਿਸ ਦੇ ਚਾਰ ਕਾਰਨ ਹੁੰਦੇ ਹਨ। ਇਨ੍ਹਾਂ ਚਾਰ ਕਾਰਨਾਂ ਦਾ ਮਤਲਬ ਚਾਰ ਕਾਰਕਾਂ (ਕਰਤਾ ਕਾਰਕ, ਕਰਣ ਕਾਰਕ, ਅਧਿਕਰਣ ਕਾਰਕ ਤੇ ਅਪਾਦਾਨ ਕਾਰਕ) ਤੋਂ ਹੈ।

(ਨੋਟ: ਯਾਦ ਰਹੇ ਕਿ ਇਹ ਸਾਰੇ (ਚਾਰੋਂ) ਕਾਰਕਾਂ ਵਾਲੇ ਭਾਵ ਅੰਤ ਸਿਹਾਰੀ ਵਾਲੇ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹੀ ਹੁੰਦੇ ਹਨ, ਨਾ ਕਿ ਬਹੁ ਵਚਨ ਪੁਲਿੰਗ ਜਾਂ ਇਸਤਰੀ ਲਿੰਗ।)

ਵਿਆਕਰਨ ਨਿਯਮ ਅਨੁਸਾਰ ਇਹ ਚਾਰ ਕਾਰਕ ਹੇਠਾਂ ਦਰਸਾਏ ਚਿੰਨ੍ਹ ਪ੍ਰਗਟ ਕਰਦੇ ਹਨ :

(1). ਕਰਤਾ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ਨੇ ਚਿੰਨ੍ਹ ਮਿਲਦਾ ਹੈ। ਧਿਆਨ ਰਹੇ ਕਿ ਗੁਰਬਾਣੀ ਵਿੱਚ ਨੇ ਸ਼ਬਦ ਮੌਜੂਦ ਨਹੀਂ।)

(2). ਕਰਣ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਨਾਲ, ਰਾਹੀਂ, ਦੁਆਰਾ’ ਚਿੰਨ੍ਹ ਮਿਲਦਾ ਹੈ)।

(3). ਅਧਿਕਰਣ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਵਿੱਚ, ਅੱਗੇ, ਹੇਠਾਂ, ਪਿੱਛੇ, ਉੱਤੇ’ ਅਰਥ ਮਿਲਦੇ ਹਨ)।

(4). ਅਪਾਦਾਨ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਤੋਂ, ਉੱਤੋਂ ’ ਚਿੰਨ੍ਹ ਮਿਲਦਾ ਹੈ)।

ਪਹਿਲਾ ਕਾਰਨ (ਕਰਤਾ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੋਵੇਗਾ ‘ਨੇ’ (ਭਾਵ ਕਰਤਾ ਕਾਰਕ) ਜਿਵੇਂ ਕਿ :

ਨਾਨਕਿ ਦਾ ਅਰਥ ਹੈ: ਨਾਨਕ ਨੇ

ਕੰਤਿ ਦਾ ਅਰਥ ਹੈ: ਕੰਤ ਨੇ

ਅੰਗਦਿ ਦਾ ਅਰਥ ਹੈ: ਅੰਗਦ ਨੇ

‘ਪਰਮੇਸਰਿ’ ਦਾ ਅਰਥ ਹੈ: ਪਰਮੇਸਰ ਨੇ

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ :

(1). ਕਹੁ ਕਬੀਰ  ! ਗੁਰਿ ਸੋਝੀ ਪਾਈ ॥ (ਕਬੀਰ ਜੀ/੩੨੬)

ਪ੍ਰਸ਼ਨ: ਕਿਸ ਨੇ ਸੋਝੀ ਪਾਈ (ਦਿੱਤੀ) ?

ਉੱਤਰ: ਗੁਰੂ ਨੇ। (ਕਰਤਾ ਕਾਰਕ ਇਕ ਵਚਨ ਪੁਲਿੰਗ ਨਾਉਂ, ਸ਼ਬਦ)

(2). ਪੂਰੈ ‘ਸਤਿਗੁਰਿ,’ ਦੀਆ ਬਿਸਾਸ ॥ (ਮ: ੫/੮੮੮)

ਪ੍ਰਸ਼ਨ: ਕਿਸ ਨੇ ਬਿਸਾਸ (ਵਿਸ਼ਵਾਸ, ਭਰੋਸਾ) ਦਿੱਤਾ ?

ਉੱਤਰ: ਸਤਿਗੁਰੂ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(3). ਸਤਿ ਸਤਿ, ਸਤਿ ਨਾਨਕਿ ਕਹਿਆ; ਅਪਨੈ ਹਿਰਦੈ ਦੇਖੁ ਸਮਾਲੇ ॥ (ਮ: ੫/੩੮੧)

ਪ੍ਰਸ਼ਨ: ਕਿਸ ਨੇ ਸਤਿ ਕਿਹਾ ?

ਉੱਤਰ: ਨਾਨਕ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(4). ਸਉਕਨਿ ਘਰ ਕੀ; ਕੰਤਿ ਤਿਆਗੀ ॥ (ਮ: ੫/੩੯੪)

ਪ੍ਰਸ਼ਨ: ਘਰ ਦੀ ਸਉਕਨ (ਸੌਂਕਣ, ਮਾਇਆ) ਕਿਸ ਨੇ ਤਿਆਗੀ ?

ਉੱਤਰ: ਕੰਤ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(5). ਨਿੰਦਕਿ, ਅਹਿਲਾ ਜਨਮੁ ਗਵਾਇਆ ॥ (ਮ: ੫/੩੮੦)

ਪ੍ਰਸ਼ਨ: ਕਿਸ ਨੇ ਅਹਿਲਾ (ਕੀਮਤੀ) ਜਨਮ ਗਵਾ ਲਿਆ ?

ਉੱਤਰ: ਨਿੰਦਕ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

ਸੋ ਉਕਤ ਨਿਯਮ ਅਧੀਨ ਵਿਚਾਰ ਕੀਤੀ ਗਈ ਅਤੇ ਇੱਕ ਵਚਨ ਪੁਲਿੰਗ ਨਾਉਂ ਵਾਲੇ ਸਾਰੇ ਸ਼ਬਦਾਂ ਦੀ ਅੰਤ ਸਿਹਾਰੀ, ਜੋ ਉਚਾਰਨ ਨਹੀਂ ਕੀਤੀ ਜਾਂਦੀ, ਫ਼ਜ਼ੂਲ ਨਹੀਂ ਬਲਕਿ ਇਸ ਦਾ ਗੁਰਬਾਣੀ ਸਿਧਾਂਤ ਨੂੰ ਸਮਝਣ ’ਚ ਅਹਿਮ ਰੋਲ ਹੁੰਦਾ ਹੈ।

ਦੂਜਾ ਕਾਰਨ (ਕਰਣ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ਨਾਲ, ਰਾਹੀਂ, ਦੁਆਰਾ (ਭਾਵ ਕਰਣ ਕਾਰਕ)

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ:

(1). ਜਿਉ ਸਾਬੁਨਿ ਕਾਪਰ ਊਜਲ ਹੋਤ ॥ (ਮ: ੫/੯੧੪)

ਪ੍ਰਸ਼ਨ: ਕੱਪੜੇ ਕਿਵੇਂ ਸਾਫ਼ ਹੁੰਦੇ ਹਨ  ?

ਉੱਤਰ: ਸਾਬੁਨ ਨਾਲ ਜਾਂ ਸਾਬੁਨ ਰਾਹੀਂ ਜਾਂ ਸਾਬੁਨ ਦੁਆਰਾ। (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(ਨੋਟ : ‘ਨਾਲ, ਰਾਹੀਂ, ਦੁਆਰਾ’ ਸ਼ਬਦਾਂ ਦਾ ਇੱਕੋ ਜਿਹਾ ਮਤਲਬ ਹੁੰਦਾ ਹੈ; ਜਿਵੇਂ ਕਹੀਏ ਕਿ ‘ਪੈੱਨ ਨਾਲ ਲਿਖਿਆ, ਪੈੱਨ ਰਾਹੀਂ ਲਿਖਿਆ, ਪੈੱਨ ਦੁਆਰਾ ਲਿਖਿਆ।)

(2). ‘ਸਚਿ’ ਮਿਲੇ ਸਚਿਆਰੁ; ਕੂੜਿ’ ਨ ਪਾਈਐ ॥ (ਮ: ੧/੪੧੯)

ਪ੍ਰਸ਼ਨ: ਸਚਿਆਰੁ (ਪ੍ਰਭੂ) ਨੂੰ ਕਿਵੇਂ ਪਾਇਆ ਜਾ ਸਕੀਦਾ ਹੈ ?

ਉੱਤਰ: ਸੱਚ ਨਾਲ (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

ਪ੍ਰਸ਼ਨ: ਸਚਿਆਰੁ ਨੂੰ ਕਿਵੇਂ ਨਹੀਂ ਪਾਇਆ ਜਾ ਸਕਦਾ ?

ਉੱਤਰ: ਕੂੜ ਦੇ ਨਾਲ, ਕੂੜ ਦੀ ਰਾਹੀਂ, ਕੂੜ ਦੁਆਰਾ।

(3). ਕਮਲੁ ਵਿਗਸੈ ਸਚੁ ਮਨਿ; ਗੁਰ ਕੈ ਸਬਦਿ ਨਿਹਾਲੁ ॥ (ਮ: ੧/੧੨੭੮)

ਪ੍ਰਸ਼ਨ: ਨਿਹਾਲ ਕਿਵੇਂ ਹੋਈਦਾ ਹੈ ?

ਉੱਤਰ: (ਗੁਰੂ ਦੇ) ਸ਼ਬਦ ਨਾਲ (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ)

(4). ਗੁਰ ਪ੍ਰਸਾਦਿ ॥ (ਮ: ੧/੧) (ਅਕਾਲ ਪੁਰਖ, ਗੁਰੂ ਦੀ) ‘ਕਿਰਪਾ ਨਾਲ’ ਮਿਲਦਾ ਹੈ। (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ)

ਸੋ, ਜਿਨ੍ਹਾਂ ਉਕਤ ਸ਼ਬਦਾਂ ਨੂੰ ਉਲਟੇ ਕੌਮਿਆਂ ’ਚ ਬੰਦ ਕੀਤਾ ਗਿਆ ਹੈ, ਉਨ੍ਹਾਂ ਸ਼ਬਦਾਂ ਦੇ ਅਖੀਰ ਵਿੱਚ ਸਿਹਾਰੀ ਵੀ ਦਰਜ ਹੈ, ਜੋ ਨਿਰਾਰਥਕ ਨਹੀਂ ਭਾਵ ਇਸ ਦਾ ਵੀ ਕੁਝ ਅਰਥ ਹੈ; ਜਿਵੇਂ ‘ਸਾਬੁਨਿ-ਸਾਬੁਨ ਨਾਲ, ਸਚਿ-ਸਚ ਨਾਲ, ਕੂੜਿ-ਕੂੜ ਨਾਲ, ਸਬਦਿ-ਸ਼ਬਦ ਨਾਲ’, ਆਦਿ।

ਤੀਜਾ ਕਾਰਨ (ਅਪਾਦਾਨ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ਤੋਂ (ਅਪਾਦਾਨ ਕਾਰਕ)।

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ:

(1). ਓਅੰਕਾਰਿ ਬ੍ਰਹਮਾ ਉਤਪਤਿ ॥ (ਮ: ੧/੯੨੯)

ਪ੍ਰਸ਼ਨ: ‘ਬ੍ਰਹਮਾ’ ਦੀ ਉਤਪਤੀ (ਪੈਦਾਇਸ਼) ਕਿਸ ਤੋਂ ਹੋਈ ?

ਉੱਤਰ: ਓਅੰਕਾਰ ਤੋਂ (ਅਪਾਦਾਨ ਕਾਰਕ, ਇਕ ਵਚਨ ਪੁਲਿੰਗ ਨਾਉਂ)

(2). ਓਅੰਕਾਰਿ ਸੈਲ ਜੁਗ ਭਏ ॥ (ਮ: ੧/੯੨੯)

ਪ੍ਰਸ਼ਨ: ‘ਸੈਲ ਜੁਗ’ (ਸਾਰੇ ਪੱਥਰ ਭਾਵ ਬਨਸਪਤੀ, ਬ੍ਰਹਿਮੰਡ ਅਤੇ ਸਮੇਂ ਦੀ ਵੰਡ) ਕਿਸ ਤੋਂ ਬਣੇ ?

ਉੱਤਰ: ਓਅੰਕਾਰ ਤੋਂ (ਅਪਾਦਾਨ ਕਾਰਕ, ਇਕ ਵਚਨ ਪੁਲਿੰਗ ਨਾਉਂ)

(3). ਤ੍ਰੈ ਗੁਣ ਮੇਟੈ ਸਬਦੁ ਵਸਾਏ; ਤਾ ਮਨਿ ਚੂਕੈ ਅਹੰਕਾਰੋ ॥ (ਮ: ੧/੯੪੪)

ਪ੍ਰਸ਼ਨ: ‘ਸ਼ਬਦ’ ਮਨ ’ਚ ਵਸਾਉਣ ਨਾਲ ਕੀ ਹੋਵੇਗਾ ?

ਉੱਤਰ: ਮਨ ਤੋਂ ਹੰਕਾਰ ਦੂਰ ਹੋ ਜਾਏਗਾ।

(4). ਦਾਨਸਬੰਦੁ ਸੋਈ ਦਿਲਿ ਧੋਵੈ ॥ (ਮ: ੧/੬੬੨)

ਪ੍ਰਸ਼ਨ: ਦਾਨਸ਼ਬੰਦ (ਅਕਲਮੰਦ) ਕੌਣ ਹੈ  ?

ਉੱਤਰ: ਜੋ ਦਿਲ ਤੋਂ (ਮੈਲ) ਧੋ ਦੇਵੇ।

ਸੋ, ‘ਓਅੰਕਾਰਿ’-ਓਅੰਕਾਰ ਤੋਂ, ‘ਮਨਿ’-ਮਨ ਤੋਂ, ‘ਦਿਲਿ’-ਦਿਲ ਤੋਂ, ਆਦਿ ਅਰਥ ‘ਅਪਾਦਾਨ ਕਾਰਕ’ ਵਿੱਚੋਂ ਮਿਲਦੇ ਹਨ।

ਚੌਥਾ ਕਾਰਨ (ਅਧਿਕਰਣ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ‘ਵਿੱਚ, ਅੰਦਰ’ ਆਦਿ (ਭਾਵ ਕਿਰਿਆ ਕਿੱਥੇ ਹੋ ਰਹੀ ਹੈ ? ਮਨ ਵਿੱਚ, ਮਨ ਅੰਦਰ; ਅਧਿਕਰਣ ਕਾਰਕ)

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ :

(1). ਦਇਆ ਕਰਹੁ; ਬਸਹੁ ਮਨਿ ਆਇ ॥ (ਮ: ੫/੮੦੨)

ਪ੍ਰਸ਼ਨ: ਕਿੱਥੇ ਬਸਹੁ ?

ਉੱਤਰ: ਮਨ ਵਿੱਚ, ਮਨ ਅੰਦਰ। (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(2). ਹਰਿ ਕੈ ਰੰਗਿ ਰਤਾ ਮਨੁ ਗਾਵੈ; ਰਸਿ ਰਸਾਲ ਰਸਿ ਸਬਦੁ ਰਵਈਆ ॥ (ਮ: ੪/੮੩੫)

ਪ੍ਰਸ਼ਨ: ਕਿਸ ਵਿੱਚ ਮਨ ਰੱਤਾ ਹੈ ?

ਉੱਤਰ: (ਹਰਿ ਦੇ) ਰੰਗ ਵਿੱਚ (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(3). ਨਿਜ ਘਰਿ ਧਾਰ ਚੁਐ ਅਤਿ ਨਿਰਮਲ; ਜਿਨਿ ਪੀਆ, ਤਿਨ ਹੀ ਸੁਖੁ ਲਹੀਆ ॥ (ਮ: ੪/੮੩੫)

ਪ੍ਰਸ਼ਨ: ਨਿਰਮਲ ਧਾਰ ਕਿੱਥੇ ਚੌਂਦੀ ਹੈ ?

ਉੱਤਰ: ਘਰ (ਹਿਰਦੇ) ਵਿੱਚ। (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(4). ਜੇ ਕੋ ਮੰਨਿ ਜਾਣੈ; ਮਨਿ ਕੋਇ ॥ (ਮ: ੧/ਜਪੁ)

ਪ੍ਰਸ਼ਨ: ਗੁਰੂ ਦੀ ਸਿੱਖਿਆ ਮੰਨ (ਸ਼ਰਧਾ ਧਾਰ) ਕੇ ਕਿੱਥੇ ਸਮਝ ਪੈਂਦੀ ਹੈ ?

ਉੱਤਰ: ਮਨ ਵਿੱਚ (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(ਨੋਟ: ਇਸੇ ਪੰਕਤੀ ਵਿੱਚ ‘ਮੰਨਿ ਜਾਣੈ’ ’ਚ ਸ਼ਾਮਲ ‘ਮੰਨਿ’ ਸ਼ਬਦ ਕਿਰਿਆਵਾਚੀ ਹੈ, ਨਾ ਕਿ ਨਾਉਂ। ਇਸ ਦਾ ਅਰਥ ਹੈ: ‘ਮੰਨ ਕੇ, ਵਿਸ਼ਵਾਸ ਕਰ ਕੇ’)

ਸੋ, ‘ਰੰਗਿ’-ਰੰਗ ਵਿੱਚ, ‘ਘਰਿ’-ਘਰ ਵਿੱਚ, ‘ਮਨਿ’-ਮਨ ਵਿੱਚ; ਅਰਥ ਅਧਿਕਰਣ ਕਾਰਕ ਵਾਲਾ ਅੰਤ ਸਿਹਾਰੀ ਇੱਕ ਵਚਨ ਪੁਲਿੰਗ ਨਾਉਂ (ਸ਼ਬਦ) ਮੁਹੱਈਆ ਕਰਵਾਉਂਦਾ ਹੈ।

ਅੰਤ ਸਿਹਾਰੀ ਵਾਲੇ ਇਹਨਾਂ ਚਾਰੇ ਨਿਯਮਾ ਨੂੰ ਇਕੱਠਾ ਕਰੀਏ ਤਾਂ ਸਾਡੇ ਪਾਸ ਇੱਕ ਹੋਰ ਨਿਯਮ ਆ ਜਾਏਗਾ ਕਿ ਕਿਸੇ ਇੱਕ ਵਚਨ ਨਾਉਂ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਚਾਰ ਅਰਥਾਂ ਵਿੱਚੋਂ ਕੋਈ ਇੱਕ ਅਰਥ (ਪ੍ਰਕਰਣ ਮੁਤਾਬਕ) ਜ਼ਰੂਰ ਦੇਵੇਗੀ। ਉਹ ਅਰਥ (ਚਿੰਨ੍ਹ) ਹਨ : ‘ਨੇ, ਨਾਲ, ਤੋਂ ਅਤੇ ਵਿੱਚ’।

ਅਸੀਂ ਆਪਣੀ ਸੂਝ ਅਤੇ ਵੀਚਾਰ ਨਾਲ ਸਮਝਣਾ ਹੈ ਕਿ ਇਨ੍ਹਾਂ ਚਾਰੇ ਨਿਯਮਾਂ ਵਿੱਚੋਂ ਕਿਹੜਾ ਨਿਯਮ ਕਿੱਥੇ ਢੁੱਕਦਾ ਹੈ; ਜਿਵੇਂ ਕਿ

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਨੇ’ (ਕਰਤਾ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਨਾਲ’ (ਕਰਣ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਤੋਂ’ (ਅਪਾਦਾਨ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਵਿੱਚ’ (ਅਧਿਕਰਣ ਕਾਰਕ)