ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ੳ) ਨਿਯਮ ਨੰ: 3,4

0
1012

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ

(ਭਾਗ-ੳ)    ਨਿਯਮ ਨੰ: 3

ਪ੍ਰਸ਼ਨ : ਸੰਬੰਧਕ ਕਿਸ ਨੂੰ ਆਖਦੇ ਹਨ ?

ਉੱਤਰ : ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਪਿੱਛੇ ਆ ਕੇ ਉਹਦਾ  ਸੰਬੰਧ ਵਾਕ ਦੀ ਕਿਰਿਆ ਜਾਂ ਕਿਸੇ ਹੋਰ (ਦੂਜੇ) ਸ਼ਬਦ ਨਾਲ ਪ੍ਰਗਟ ਕਰਦਾ ਹੈ, ਉਸ ਨੂੰ ਸੰਬੰਧਕ ਆਖਦੇ ਹਨ; ਜਿਵੇਂ ‘ਮੋਹਨ ਦਾ ਘਰ, ਰਾਮ ਦੀ ਹੱਟੀ’, ਆਦਿ ਸ਼ਬਦਾਂ ਵਿਚ ‘ਦਾ’ ਅਤੇ ‘ਦੀ’ ਸੰਬੰਧਕ ਸ਼ਬਦ ਹਨ।

ਹੇਠਾਂ ਲਿਖੀਆਂ ਪੰਕਤੀਆਂ ਵਿੱਚ ਇੱਕੋ ਸ਼ਬਦ ਦੇ ਦੋ ਸਰੂਪ (ਔਂਕੜ ਅੰਤ ਤੇ ਮੁਕਤਾ ਅੰਤ) ਹਨ ਕਿਉਂਕਿ ਵਿਚਕਾਰ ਆਏ ਸੰਬੰਧਕ ਨੇ ਆਪਣੇ ਤੋਂ ਪਹਿਲਾਂ ਆਏ ਸ਼ਬਦ ਨੂੰ ਮੁਕਤਾ ਅੰਤ ਕਰ ਦਿੱਤਾ ਹੈ:

  1. ‘ਬਾਲਕੁ’ ਮਰੈ; ‘ਬਾਲਕ’ ਕੀ ਲੀਲਾ॥ (ਮ: ੧/੧੦੨੭)
  2. ‘ਗੁਰ’ ਕੀ ਮਹਿਮਾ ਕਿਆ ਕਹਾਂ, ‘ਗੁਰੁ’ ਬਿਬੇਕ ਸਤ ਸਰੁ॥ (ਮ: ੫/੩੯੭)
  3. ਸਤਿਗੁਰੁ ‘ਸਿਖ’ ਕਉ; ਨਾਮ ਧਨੁ ਦੇਇ॥ ਗੁਰ ਕਾ ‘ਸਿਖੁ’; ਵਡਭਾਗੀ ਹੇ॥ (ਮ: 5/283)

ਉਕਤ ਤੁਕਾਂ ’ਚ ਸਮਾਨੰਤਰ (ਬਾਲਕ-ਬਾਲਕੁ, ਗੁਰ-ਗੁਰੁ, ਸਿਖ-ਸਿਖੁ) ਸ਼ਬਦ ਹੋਣ ਦੇ ਬਾਵਜੂਦ ਵੀ ਕਿਧਰੇ ਔਂਕੜ ਆ ਰਹੀ ਹੈ ਤੇ ਕਿਧਰੇ ਨਹੀਂ।  ਨਿਯਮ ਬੜਾ ਸਪਸ਼ਟ ਹੈ ਕਿ ਜਿਨ੍ਹਾਂ ਅੱਖਰਾਂ ਨੂੰ ਅੰਤ ਔਂਕੜ ਨਹੀਂ ਆਈ ਉਨ੍ਹਾਂ ਦੇ ਪਿੱਛੇ ‘ਕਾ, ਕੀ, ਕਉ’ ਸੰਬੰਧਕ ਸ਼ਬਦ ਹਨ ਜਦ ਕਿ ਦੂਸਰਿਆਂ (ਅੰਤ ਔਂਕੜ ਵਾਲਿਆਂ) ਦੇ ਪਿਛੇ ਸੰਬੰਧਕ ਸ਼ਬਦ ਨਹੀਂ।  ਸੋ ਇੱਕ ਹੋਰ ਨਿਯਮ ਸਾਡੇ ਸਾਹਮਣੇ ਆ ਗਿਆ ਕਿ

ਜਦੋਂ ਕੋਈ ਸੰਬੰਧਕ ਚਿੰਨ੍ਹ (‘ਮਹਿ, ਵਿਚਿ, ਤੇ, ਸੰਗਿ, ਨਾਲਿ, ਕਉ’, ਆਦਿ) ਕਿਸੇ  ਇੱਕ ਵਚਨ ਪੁਲਿੰਗ ਨਾਉਂ ਸ਼ਬਦ ਦੇ ਨਾਲ ਦਰਜ  ਹੋਵੇ ਤਾਂ ਸੰਬੰਧਕ, ਉਸ ਨਾਉਂ ਦਾ ਔਂਕੜ ਹਟਾ ਕੇ ਉਸ ਨੂੰ ਮੁਕਤਾ ਅੰਤ ਕਰ ਦਿੰਦਾ ਹੈ; ਜਿਵੇਂ ਕਿ ਹੇਠਾਂ ਤੁਕਾਂ ’ਚ ਦਰਜ ਹੈ:

  1. ਸਗਲ ‘ਉਦਮ ਮਹਿ’; ਉਦਮੁ ਭਲਾ॥ (ਮ: ੫/੨੬੬)
  2. ‘ਗੁਣ ਵਿਚਿ’; ਗੁਣੁ ਲੈ ਸਾਰਿ॥ (ਮ: ੧/੧੧੬੮)
  3. ‘ਦੀਪਕ ਤੇ’; ਦੀਪਕੁ ਪਰਗਾਸਿਆ॥ (ਮ: ੫/੯੦੭), ਆਦਿ।

(ਭਾਗ-ੳ)    ਨਿਯਮ ਨੰ: 4

ਪ੍ਰਸ਼ਨ : ਸੰਬੋਧਨ ਕਾਰਕ (vocative case) ਕਿਸ ਨੂੰ ਕਹਿੰਦੇ ਹਨ ?

ਉੱਤਰ : ਕਿਸੇ ਨੂੰ ਆਵਾਜ਼ ਮਾਰਨ ਲਈ ਜੋ ਸ਼ਬਦ ਲਿਖਦੇ/ਬੋਲਦੇ ਹਾਂ, ਉਹ ਸੰਬੋਧਨ ਕਾਰਕ ਵਿਚ ਹੁੰਦੇ ਹਨ; ਜਿਵੇਂ ਓਏ ਮੁੰਡੇ  !, ਓਏ ਬੱਚੇ !, ਹੇ ਭਾਈ  !, ਹੇ ਮਨ !,  ਹੇ ਸਤਿਗੁਰ !  ਹੇ ਪ੍ਰਭੂ !, ਆਦਿ।

 ਉਹ ਸ਼ਬਦ, ਜਿਨ੍ਹਾਂ ਰਾਹੀਂ ਕਿਸੇ ਨੂੰ ਆਵਾਜ਼ ਮਾਰੀ ਜਾਂਦੀ ਹੈ, ਸੰਬੋਧਨ ਸ਼ਬਦ ਅਖਵਾਉਂਦੇ ਹਨ। ਗੁਰਬਾਣੀ ਵਿੱਚ ਇਨ੍ਹਾਂ ਸ਼ਬਦਾਂ ਦਾ ਆਖ਼ਰੀ ਅੱਖਰ ਮੁਕਤਾ (ਬਿਨਾਂ ਕਿਸੇ ਮਾਤ੍ਰਿਕ ਚਿੰਨ੍ਹ ਦੇ) ਆਉਂਦਾ ਹੈ ਭਾਵੇਂ ਉਹ ਨਾਉਂ (ਵਸਤੂ, ਵਿਅਕਤੀ, ਸਥਾਨ) ਪੁਲਿੰਗ, ਇਕ ਵਚਨ ਹੀ ਕਿਉਂ ਨਾ ਹੋਣ।

(ਨੋਟ : ਵਾਰ ਵਾਰ ਇਕ ਵਚਨ ਪੁਲਿੰਗ ਨਾਉਂ ਸ਼ਬਦ ਇਸ ਲਈ ਵਰਤਿਆ ਜਾ ਰਿਹਾ ਹੈ ਕਿਉਂਕਿ ਇਕ ਵਚਨ ਪੁਲਿੰਗ ਨਾਉਂ ਨੂੰ ਹੀ ਅੰਤ ਔਕੜ ਆਉਂਦੀ ਹੈ।  ਬਹੁ ਵਚਨ ਪੁਲਿੰਗ ਨਾਉਂ ਅਤੇ ਇਸਤਰੀ ਲਿੰਗ ਨਾਉਂ (ਇਕ ਵਚਨ ਤੇ ਬਹੁ ਵਚਨ) ਨੂੰ ਤਾਂ ਔਕੜ ਆਉਂਦੀ ਹੀ ਨਹੀਂ।)

ਹੇਠਲੀਆਂ ਤੁਕਾਂ ’ਚ ਇੱਕ ਵਚਨ ਪੁਲਿੰਗ ਨਾਉਂ ਸੰਬੋਧਨ ਹੋਣ ਕਾਰਨ ਮੁਕਤਾ ਅੰਤ ਹੈ:

(1).  ਮੇਰੇ ਮਨ !  ਰਾਮ ਨਾਮਿ ਚਿਤੁ ਲਾਇ॥ (ਮ: ੩/੧੧੭੭)

ਉਕਤ ਪੰਕਤੀ ਵਿਚ ‘ਮਨ’ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹੋਣ ਕਾਰਨ ਅੰਤ ਔਂਕੜ ਆਉਣੀ ਸੀ, ਪਰ ਜੇ ਇਹ ਸੰਬੋਧਨ ਰੂਪ ਵਿਚ ਨਾ ਹੁੰਦਾ।  ਹੁਣ ਇੱਥੇ ਆਵਾਜ਼ ਮਾਰੀ ਗਈ ਹੈ ਕਿ ਹੇ ਮੇਰੇ ਮਨ  !  ਰਾਮ ਦੇ ਨਾਮ ਵਿਚ ਚਿਤ ਲਗਾ, ਪਰ ਵੀਚਾਰੋ ਇਹ ਪੰਕਤੀ : ‘‘ਇਹੁ ਮਨੁ ਮੈਲਾ, ਇਕੁ ਨ ਧਿਆਏ॥’’ (ਮ: ੩/੧੧੬) ਵਿਚ ‘ਮਨ’ ਨੂੰ ਔਂਕੜ ਕਿਉਂ ਆਈ ?

(2).  ‘ਸਤਿਗੁਰ’  !  ਮੈ ਬਲਿਹਾਰੀ ਤੋਰ॥  (ਰਾਮਾਨੰਦ ਜੀ/੧੧੯੫)  ਤੇ ‘ਸਤਿਗੁਰੁ’ ਪੂਜਉ, ਸਦਾ ਸਦਾ ਮਨਾਵਉ॥ (ਕਬੀਰ ਜੀ/੧੧੫੮)

ਪਹਿਲੀ ਪੰਕਤੀ ਦਾ ਅਰਥ ਹੈ: ਹੇ ਸਤਿਗੁਰੂ  !  ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ (ਭਾਵ ਸਤਿਗੁਰ ਜੀ ਨੂੰ ਆਵਾਜ਼ ਮਾਰੀ ਹੈ, ਬੇਨਤੀ ਕੀਤੀ ਗਈ ਹੈ।) ਪਰ ਦੂਜੀ ਪੰਕਤੀ ’ਚ ਕਿਹਾ ਗਿਆ ਹੈ ਕਿ ਮੈਂ ਸਤਿਗੁਰੂ ਨੂੰ ਪੂਜਦਾ ਹਾਂ ਹਮੇਸ਼ਾ ਉਸ ਨੂੰ ਮਨਾਉਂਦਾ ਹਾਂ ਭਾਵ ਕੋਈ ਆਵਾਜ਼ ਨਹੀਂ ਮਾਰੀ ਗਈ, ਇਸ ਲਈ ਇੱਕ ਵਚਨ ਪੁਲਿੰਗ ਨਾਉਂ ਹੋਣ ਕਾਰਨ ਅੰਤ ਔਂਕੜ ਆ ਗਈ ਹੈ।

(3). ਨਾਨਕ ਕੀ ਧਰ ਤੂ ਹੈ ਠਾਕੁਰ  !  ਤੂ ਨਾਨਕ ਕਾ ਮਾਣਾ॥ (ਮ: ੫/੭੭੯) (‘ਠਾਕੁਰ’ ਸੰਬੋਧਨ ਹੋਣ ਕਾਰਨ ਮੁਕਤਾ ਅੰਤ ਹੈ।)

(4).  ਮੇਲਿ ਲੈਹੁ ਦਇਆਲ  !  ਢਹਿ ਪਏ ਦੁਆਰਿਆ॥ ਰਖਿ ਲੇਵਹੁ, ਦੀਨ ਦਇਆਲ  !  ਭ੍ਰਮਤ ਬਹੁ ਹਾਰਿਆ।। (ਮ: ੫/੭੦੯) (‘ਦਇਆਲ’ ਸ਼ਬਦ ਦੋ ਵਾਰ ਸੰਬੋਧਨ ਹੋਣ ਕਾਰਨ ਮੁਕਤਾ ਅੰਤ ਹੈ।)

(5).  ਲਾਲ ਰੰਗੀਲੇ ਪ੍ਰੀਤਮ ਮਨਮੋਹਨ  !  ਤੇਰੇ ਦਰਸਨ ਕਉ ਹਮ ਬਾਰੇ॥ (ਮ: ੫/੭੩੮) (‘ਲਾਲ, ਪ੍ਰੀਤਮ ਤੇ ਮਨਮੋਹਨ’ (ਤਿੰਨੇ) ਸੰਬੋਧਨ ਸ਼ਬਦ ਹੋਣ ਕਾਰਨ ਮੁਕਤਾ ਅੰਤ ਹਨ।)