19.3 C
Jalandhar
Monday, April 6, 2026
spot_img
Home Blog Page 228

ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।

0

ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।

ਰੀਤਵਾਲ ਬਰੇਟਾ, ਪਿੰਡ/ਡਾਕ. ਬਰੇਟਾ , ਤਹਿਸੀਲ ਬੁਢਲਾਡਾ, ਜਿਲਾ ਮਾਨਸਾ – ਫੋਨ ਨੰ : 98722-49961

ਪੱਤਰਕਾਰੀ ਨੂੰ ਲੋਕਤੰਤਰ ਦੇ ਚਾਰ ਥੰਮਾਂ ’ਚੋਂ ਇੱਕ ਥੰਮ ਹੋਣ ਦਾ ਮਾਣ ਤਾਂ ਹਾਸਲ ਹੈ ਪਰ ਹੁਣ ਪੱਤਰਕਾਰੀ ਵੀ ਇੱਕ ਧੰਦਾ ਬਣ ਕੇ ਰਹਿ ਗਈ ਹੈ । ਬੇਰੁਜਗਾਰੀ ਦੇ ਮਾਰੇ ਹੋਏ ਕਈ ਵੀਰ ਪੱਤਰਕਾਰੀ ਵਿੱਚੋਂ ਹੀ ਰੁਜਗਾਰ ਲੱਭਣ ਦੀ ਭਾਲ ਵਿੱਚ ਬਲੈਕ ਮੇਲਰ ਬਣ ਜਾਂਦੇ ਹਨ। ਕਿਉਂਕਿ ਅਖਬਾਰਾਂ ਵਾਲੇ ਵੀ ਪੱਤਰਕਾਰਾਂ ਨੂੰ ਕੁੱਝ ਦੇਣ ਦੀ ਥਾਂ ਉਲਟਾ ਉਹਨਾ ਤੋਂ ਹੀ ਕਮਾਈ ਭਾਲਦੇ ਹਨ, ਸਪਲੀਮੈਂਟਾਂ ਦੇ ਨਾਮ ’ਤੇ ਹਰ ਸਾਲ ਪੱਤਰਕਾਰ ਤੋਂ ਦਸ ਹਜਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਬਿਜਨਸ ਮੰਗ ਕੇ ਪੱਤਰਕਾਰ ਨੂੰ ਇਨਸਾਨੀਅਤ ਤੋਂ ਗਿਰਾ ਕੇ ਮੰਗਤਾ ਬਣਾਇਆ ਜਾਂਦਾ ਹੈ। ਹਰ ਸਾਲ ਲੋਕਾਂ ਤੋਂ ਹੱਥ ਅੱਡ ਕੇ ਮੰਗਣ ਵਾਲੇ ਪੱਤਰਕਾਰ ਵਿੱਚ ਸੱਚ ਲਿਖਣ ਦੀ ਯੋਗਤਾ ਰਹਿ ਹੀ ਨਹੀਂ ਸਕਦੀ, ਕਿਉਂਕਿ ਜੋ ਲੋਕ ਸਪਲੀਮੈਂਟ ਲਈ ਵੱਡੇ ਇਸਤਿਹਾਰ ਦਿੰਦੇ ਹਨ ਜਿਆਦਾਤਰ ਘਪਲੇ ਵੀ ਉਹੀ ਲੋਕ ਕਰਦੇ ਹਨ। ਫਿਰ ਅਜਿਹੇ ਲੋਕਾਂ ਤੋਂ ਇਸਤਿਹਾਰ ਲੈਣ ਵਾਲਾ ਪੱਤਰਕਾਰ ਉਹਨਾ ਵਿਰੁੱਧ ਸੱਚ ਕਿਵੇਂ ਲਿਖੇਗਾ ? ਜੇ ਉਹ ਅਜਿਹੇ ਲੋਕਾਂ ਵਿਰੁੱਧ ਸੱਚ ਲਿਖੇਗਾ ਤਾਂ ਉਹ ਇਸਤਿਹਾਰ ਵੀ ਕਿਉਂ ਦੇਣਗੇ? ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਸੱਚੀ ਸੁੱਚੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਵੀਰ ਨਾ ਮਾਤਰ ਦੇ ਬਰਾਬਰ ਹੀ ਹਨ। ਪੱਤਰਕਾਰੀ ਇੱਕ ਸਾਧਨ ਹੈ ਜਿਸ ਰਾਹੀ ਅਸੀ ਲੋਕਾਂ ਦੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਨੂੰ ਪ੍ਰਸਾਸਨ ਅਤੇ ਸਰਕਾਰਾਂ ਦੀਆਂ ਨਜ਼ਰਾਂ ਤੱਕ ਪਹੁੰਚਾ ਸਕਦੇ ਹਾਂ। ਭਰਿਸ਼ਟ ਅਫਸਰਾਂ, ਮੰਤਰੀਆਂ, ਲੀਡਰਾਂ, ਵਪਾਰੀਆਂ ਆਦਿ ਦੀਆਂ ਘਟੀਆ ਹਰਕਤਾਂ, ਨਾਕਾਮੀਆਂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਕੇ ਸੱਚ ਸਾਹਮਣੇ ਲਿਆ ਸਕਦੇ ਹਾਂ। ਪਰ ਮਿਸ਼ਨ ਤੋਂ ਕਮਿਸ਼ਨ (ਧੰਦਾ) ਬਣੇ ਪੱਤਰਕਾਰੀ ਦੇ ਇਸ ਪਵਿਤਰ ਪੇਸ਼ੇ ਵਿੱਚ ਸੱਚ ਲਈ ਸ਼ਾਇਦ ਕੋਈ ਜਗ੍ਹਾ ਬਾਕੀ ਨਹੀਂ ਰਹੀ। ਇਸੇ ਲਈ ਬੀਤੇ ਦਿਨੀ ਸ਼ਹਿਰ ਦੇ ਇੱਕ ਪੱਤਰਕਾਰ ਵੀਰ ਨੇ ਕਿਹਾ ਕਿ ਰੀਤਵਾਲ ਜੀ ਤੁਸੀਂ ਤਾਂ ਜ਼ਿਲ੍ਹਾ ਰਿਪੋਟਰ ਹੋਂ ਜੇਕਰ ਕੋਈ ਕੁੱਝ ਦਿੰਦਾ ਹੋਵੇ ਤਾਂ ਮੋੜਿਆ ਨਾ ਕਰੋ ਕਿਉਂਕਿ ਇਕੱਲੀਆਂ ਖਬਰਾਂ ਲਾ ਕੇ ਕੁੱਝ ਨੀ ਬਣਦਾ। ਛੋਟੇ-ਵੱਡੇ ਅਫ਼ਸਰ ਕਿਹੜਾ ਕਿਸੇ ਨੂੰਬਖ਼ਸਦੇ ਹਨ ਅਤੇ ਅਖਬਾਰ ਵਾਲੇ ਵੀ ਆਪਾਂ ਨੂੰ ਕੁੱਝ ਦੇਣ ਦੀ ਥਾਂ ਸਗੋਂ ਸਾਡੇ ਕੋਲੋਂ ਹੀ ਮੰਗਦੇ ਰਹਿੰਦੇ ਹਨ, ਨਾਲੇ ਜੇ ਠੱਗਾਂ ਨਾਲ ਠੱਗੀ ਮਾਰ ਲਈ ਜਾਵੇ ਫਿਰ ਕਿਹੜਾ ਮਾੜੀ ਗੱਲ ਹੈ? ਜਦੋਂ ਅਸੀਂ ਪੱਤਰਕਾਰੀ ਕਰਦੇ ਸੀ ਤਾਂ ਸਾਡਾ 3-4 ਜਣਿਆਂ ਦਾ ਗਰੁੱਪ ਹੁੰਦਾ ਸੀ। ਅਸੀਂ ਤਾਂ ਪਿਛਲ਼ੀਆਂ ਚੋਣਾਂ ਦੌਰਾਨ ਲੀਡਰਾਂ ਤੋਂ ਵੀ ਪੱਤਰਕਾਰੀ ਦੀ ਆੜ ਵਿੱਚ ਬਹੁਤ ਪੈਸੇ ਕਮਾਏ ਹਨ। ਮੈਂ ਉਸ ਨੂੰ ਕਿਹਾ ਕਿ ਮੇਰੇ ਵੱਡੇ ਵੀਰ ਤੁਹਾਨੂੰ ਸ਼ਰਮ ਆਉਣੀ ਚਾਹੀਂਦੀ ਹੈ ਤੁਸੀਂ ਲੋਕ ਪੈਸੇ ਦੀ ਖਾਤਰ ਪੱਤਰਕਾਰੀ ਦੇ ਪਵਿੱਤਰ ਪੇਸ਼ੇ ਨੂੰ ਕਲੰਕਿਤ ਕਰਦੇ ਹੋਂ, ਜੇ ਪੈਸਾ ਹੀ ਕਮਾਉਣਾ ਹੈ ਤਾਂ ਕੋਈ ਹੋਰ ਦੁਕਾਨ ਜਾਂ ਧੰਦਾ ਕਰ ਲਵੋ, ਪੱਤਰਕਾਰੀ ਨੂੰ ਕਿਉਂ ਬਦਨਾਮ ਕਰਦੇ ਹੋਂ, ਤੁਸੀਂ ਲੋਕਾਂ ਨੂੰ ਕੀ ਸੇਧ ਦਿਉਂਗੇ, ਕੀ ਸੱਚ ਸਾਹਮਣੇ ਲਿਆਉਂਗੇ ? ਤਾਂ ਉਹ ਉਲਟਾ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਵੀਰ ਜੀ ! ਤੁਸੀ ਇਸ ਲਾਇਨ ਵਿੱਚ ਨਵੇਂ ਨਵੇਂ ਆਏ ਹੋਂ, ਇੱਥੇ ਤਾਂ ਸੱਭ ਕੁੱਝ ਏਵੇਂ ਹੀ ਰਲ ਕੇ ਚਲਦਾ ਹੈ। ਮੈਂ ਉਸ ਨੂੰ ਕਿਹਾ ਵੀਰ ! ਮੇਰੀ ਜ਼ਿੰਦਗੀ ਵਿੱਚ ਅਜਿਹਾ ਕੋਈ ਦਿਨ ਤੈਨੂੰ ਵੇਖਣ ਨੂੰ ਨਹੀਂ ਮਿਲੇਗਾ ਜਿਸ ਦਿਨ ਮੈਂ ਤੈਨੂੰ ਪੱਤਰਕਾਰੀ ਦੇ ਨਾਂ ’ਤੇ ਕੋਈ ਨਜਾਇਜ਼ ਫਾਇਦਾ ਲੈਂਦਾ ਮਿਲ ਜਾਵਾਂ, ਕਿਉਂਕਿ ਮੈਂ ਇਸ ਲਾਇਨ ਵਿੱਚ ਆਪਣੇ ਸ਼ੋਂਕ ਅਤੇ ਸੱਚ ਲਿਖਣ ਲਈਆਇਆ ਹਾਂ, ਕਮਾਈ ਕਰਨ ਲਈ ਨਹੀਂ, ਇਹ ਗੱਲ ਠੀਕ ਹੈ ਕਿ ਅਖਬਾਰਾਂ ਵਾਲੇ ਆਪਾਂ ਨੂੰ ਕੁੱਝ ਨਹੀਂ ਦਿੰਦੇ, ਪਰ ਅਖਬਾਰਾਂ ਵਾਲੇ ਆਪਾਂ ਨੂੰ ਬੁਲਾਉਣ ਵੀ ਨਹੀਂ ਆਉਂਦੇ, ਆਪਾਂ ਖੁਦ ਹੀ ਚੱਲ ਕੇ ਜਾਂਦੇ ਹਾਂ ਕਿ ਮੈਨੂੰ ਰੱਖੋ ਜੀ। ਪਰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਕੁੱਝ ਅਖਬਾਰਾਂ ਦੀ ਪੈਸੇ ਕਮਾਊ ਸੋਚ ਸਦਕਾ ਮਾੜੇ ਪੱਤਰਕਾਰ ਅੱਗੇ ਆ ਰਹੇ ਹਨ ਜਿੰਨਾ ਨੇ ਪੱਤਰਕਾਰੀ ਦੇ ਮਿਸ਼ਨ ਨੂੰ ਧੰਦਾ ਬਣਾ ਕੇ ਬਦਨਾਮ ਕਰ ਦਿੱਤਾ ਹੈ। ਇੱਕ-ਇੱਕ ਅਖਵਾਰ ਨੇ ਇੱਕ ਇੱਕ ਸ਼ਹਿਰ ਵਿੱਚ ਕਈ ਕਈ ਪੱਤਰਕਾਰ ਰੱਖੇ ਹੋਏ ਹਨ। ਮੈਨੂੰ ਇੱਕ ਸ਼ਹਿਰ ਵਾਸੀ ਨੇ ਦੱਸਿਆ ਕਿ ਮੈ ਪਿਛਲੇ ਦਿਨੀ ਇੱਕ ਪੱਤਰਕਾਰ ਵੀਰ ਕੋਲ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖਬਾਰ ਵਿੱਚ ਫੋਟੋ ਲਗਵਾਉਣ ਗਿਆ ਸੀ ਤਾਂ ਉਸ ਨੇ ਮੇਰੇ ਕੋਲੋਂ ਖਰਚੇ ਦੇ 70 ਰੁਪਏ ਲੈ ਲਏ। ਅਜਿਹੀਆਂ ਗੱਲਾਂ ਸੁਣ ਕੇ ਦੁੱਖ ਹੁੰਦਾ ਹੈ ਬੇਸ਼ੱਕ ਸਾਰੇ ਪੱਤਰਕਾਰ ਮਾੜੇ ਨਹੀਂ ਹੁੰਦੇ ਪਰ ਅਜਿਹੇ ਪੱਤਰਕਾਰਾਂ ਕਾਰਨ ਅੱਜ ਸਮਾਜ ਵਿੱਚ ਪੱਤਰਕਾਰਾਂ ਨੂੰ ਇੱਜ਼ਤ ਦੀ ਨਜਰ ਨਾਲ ਨਹੀਂ ਵੇਖਿਆ ਜਾਦਾ। ਫਿਰ ਮੇਰੇ ਉਹ ਗੱਲ ਯਾਦ ਆ ਜਾਂਦੀ ਹੈ ਜਦੋਂ ਪੱਤਰਕਾਰੀ ਲਾਇਨ ਵਿੱਚ ਨਵਾਂ ਨਵਾਂ ਆਇਆ ਸੀ ਉਦੋਂ ਮੈਂ ਇੱਕ ਇਮਾਨਦਾਰ ਤੇ ਹਮੇਸ਼ਾ ਸੱਚ ਨਾਲ ਖੜ੍ਹਨ ਵਾਲੇ ਵੀਰ ਹਰਲਾਜ ਸਿੰਘ ਬਹਾਦਰਪੁਰ ਸਾਬਕਾ ਪੱਤਰਕਾਰ ਰੋਜਾਨਾ ਸਪੋਕਸਮੈਨ ਕੋਲ ਗਿਆ ਸੀ, ਕਿ ਵੀਰ ਜੀ! ਤੁਸੀਂ ਮੇਰੇ ਕਰਕੇ ਦੁਬਾਰਾ ਪੱਤਰਕਾਰੀ ਸ਼ੁਰੂ ਕਰ ਲਓ ਕਿਉਂਕਿ ਮੈਨੂੰ ਤੁਹਾਡੇ ਜਿਹੇ ਇਮਾਨਦਾਰ ਪੱਤਰਕਾਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਉਸ ਨੇ ਆਪਣੇ ਸਮੇ ਸਪੋਕਸਮੈਨ ਅਖਬਾਰ ਨੂੰ ਆਪਣੇ ਏਰੀਏ ਵਿੱਚ ਸ਼ਿਖਰਾਂ ’ਤੇ ਚੜ੍ਹਾ ਦਿੱਤਾ ਸੀ। ਇਸ ਲਈ ਮੈਨੂੰ ਵੀ ਅਜਿਹੇ ਪੱਤਰਕਾਰ ਦੀ ਜ਼ਰੂਰਤ ਸੀ, ਪਰ ਉਹ ਨਾ ਮੰਨਿਆ, ਉਸ ਨੇ ਕਿਹਾ ਕਿ ਵੀਰ ਰੀਤਵਾਲ ਜੀ ! ਇਹ ਪ੍ਰੈਸ ਦੇ ਨਾਮ ’ਤੇ ਦੁਕਾਨਾਂ ਖੁਲੀਆਂ ਹੋਈਆਂ ਹਨ, ਇੱਥੇ ਪੱਤਰਕਾਰਤਾ ਦੇ ਮਿਸ਼ਨ ਦੀ ਥਾਂ ਪੈਸੇ ਨੂੰ ਪਹਿਲ ਦਿੱਤੀ ਜਾਂਦੀ ਹੈ, ਸਚਾਈ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ, ਇਸ ਲਈ ਮੈਂ ਹੁਣ ਪੱਤਰਕਾਰੀ ਦੇ ਖੇਤਰ ਵਿੱਚ ਦੁਬਾਰਾ ਨਹੀਂ ਆਉਣਾ ਚਾਹੁੰਦਾ। ਇਹ ਜਵਾਬ ਮਿਲਣ ’ਤੇ ਮੈਨੂੰ ਕਾਫੀ ਨਿਰਾਸ਼ਾ ਵੀ ਹੋਈ ਸੀ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਹਰਲਾਜ ਸਿੰਘ ਨੇ ਦਸੰਬਰ 2009 ਵਿੱਚ ਇਸ ਕਰਕੇ ਪੱਤਰਕਾਰੀ ਛੱਡ ਦਿੱਤੀ ਸੀ ਕਿ ਉਸ ਨੇ ਇੱਕ ਅਗਵਾਹ ਕਾਂਢ ਦੀ ਖਬਰ ਭੇਜੀ ਸੀ, ਜੋ ਸਥਾਨਿਕ ਥਾਣੇਦਾਰ ਦੇ ਵਿਰੁੱਧ ਜਾਂਦੀ ਸੀ, ਥਾਣੇਦਾਰ ਨੇ ਸਪੋਕਸਮੈਨ ਦੇ ਦਫਤਰ ਪਹੁੰਚ ਕਰਕੇ ਉਸ ਖਬਰ ਨੂੰ ਰੁਕਵਾ ਦਿੱਤਾ ਸੀ, ਇਸੇ ਤਰ੍ਹਾਂ ਉਸ ਦੀਆਂ ਦੋ-ਤਿੰਨ ਖਬਰਾਂ ਹੋਰ ਰੁਕਵਾ ਦਿੱਤੀਆਂ ਗਈਆਂ ਸਨ। ਅਖਬਾਰਾਂ ਅਤੇ ਪੱਤਰਕਾਰਾਂ ਦੀਆਂ ਅਜਿਹੀਆਂ ਘਟਨਾਵਾਂ ਨੂੰ ਚੇਤੇ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ, ਪੱਤਰਕਾਰੀ ਦੇ ਡਿੱਗ ਰਹੇ ਮਿਆਰ ਕਾਰਨ ਹੀ ਇਹ ਕੁੱਝ ਲਿਖਣਾ ਪਿਆ ਹੈ। ਬੀਤੇ ਕੁਝ ਦਿਨ ਪਹਿਲਾ ਮੈਂ ਅੱਜ ਦੀ ਆਵਾਜ਼ ਅਖ਼ਬਾਰ ਤੇ ਨਿਰਪੱਖ ਆਵਾਜ਼ ਅਖ਼ਬਾਰ ਵਿੱਚ ਪੱਤਰਕਾਰੀ ਤੇ ਇੱਕ ਆਰਟੀਕਲ ਲਗਾਇਆ ਸੀ। ਜਿਸ ਨੂੰ ਪੜ੍ਹ ਕੇ ਸੱਚ ਨੂੰ ਚਾਉਣ ਵਾਲੇ ਪਾਠਕ ਵੀਰਾਂ ਤੇ ਪੱਤਰਕਾਰ ਵੀਰਾਂ ਨੂੰ ਬਹੁਤ ਖ਼ੁਸੀ ਹੋਈ ਪ੍ਰੰਤੂ ਕੁਝ ਅਜਿਹੇ ਪੱਤਰਕਾਰ ਵੀਰ ਵੀ ਨਿੱਕਲੇ ਜਿੰਨ੍ਹਾਂ ਨੂੰ ਆਰਟੀਕਲ ਪੜ੍ਹ ਕੇ ਬਹੁਤ ਜਲਣ ਹੋਈ। ਕੁੱਝ ਮੇਰੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਰੀਤਵਾਲ ਜੀ! ਅਜਿਹਾ ਕੁੱਝ ਕਿਉਂ ਲਿਖਣਾ ਸੀ? ਇੱਕ ਨੇ ਤਾਂ ਜਲਣ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਰੀਤਵਾਲ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਮਜਾ ਹੀ ਆ ਜਾਵੇ। ਮੈਂ ਉਸ ਨੂੰ ਕਿਹਾ ਕਿ ਵੀਰ ! ਕੋਈ ਗੱਲ ਨਹੀਂ ਜੇਕਰ ਤੂੰ ਹੀ ਮੇਰਾ ਇੰਨ੍ਹਾ ਬੁਰਾ ਚਾਹੁੰਦਾ ਹੈ ਤਾਂ ਇਸ ਤੋਂ ਵੱਡੀ ਘਟਨਾ ਮੇਰੇ ਨਾਲ ਹੋਰ ਕੀ ਵਾਪਰ ਸਕਦੀ ਹੈ? ਮੈਂ ਅਜਿਹੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਵੀਰੋ! ਕਿਸੇ ਨਾਲ ਘਟਨਾ ਵਾਪਰਨ ’ਤੇ ਮਜਾ ਲੈਣ ਦੀ ਥਾਂ ਸੱਚ ਲਿਖ ਕੇ ਮਜੇ ਲਓ ਤੇ ਆਓ ਵੀਰੋ! ਲੋਕਾਂ ਦੀ ਭਲਾਈ ਲਈਕਲਮਾਂ ਚੁੱਕੀਏ ਨਾ ਕਿ ਦੁਖੀ ਲੋਕਾਂ ਨੂੰ ਕਲਮਾਂ ਦੀ ਨੋਕ ਨਾਲ ਹੋਰ ਪੀੜਾ ਦੇਈਏ, ਮੈਂ ਆਸ ਕਰਦਾ ਹਾਂ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਸੁਧਰਨ ਦੀ ਕੋਸ਼ਿਸ ਜ਼ਰੂਰ ਕਰਾਂਗੇ । ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ, ਇਹ ਤਾਂ ਬੇਅਵਾਜ਼ੇ ਲੋਕਾਂ ਦੀ ਆਵਾਜ਼ ਹੈ, ਚੋਰਾਂ ਲਈ ਪਹਿਰੇਦਾਰ ਹੈ, ਬੇਇਨਸਾਫੀ ਦੇ ਵਿਰੁੱਧ ਲਲਕਾਰ ਹੈ ਅਤੇ ਜੁਰਮ ਦੇ ਵਿਰੁੱਧ ਤਲਵਾਰ ਹੈ, ਆਓ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰੀਏ। ਮੇਰੇ ਇਸ ਲੇਖ ਨਾਲ ਜੇਕਰ ਮੇਰੇ ਕਿਸੇ ਛੋਟੇ ਵੱਡੇ ਵੀਰ ਦਾ ਦਿਲ ਦੁਖਿਆ ਹੋਵੇ ਤਾਂ ਛੋਟਾ ਤੇ ਨਾ ਸਮਝ ਵੀਰ ਸਮਝ ਕੇ ਮਾਫ਼ ਕਰ ਦੇਣਾ ਜੀ। ਧੰਨਵਾਦ ।

‘ਕ੍ਰੋਧ’ ਦਾ ਸਦਪ੍ਰਯੋਗ ਕਰਨਾ

0

‘ਕ੍ਰੋਧ’ ਦਾ ਸਦਪ੍ਰਯੋਗ ਕਰਨਾ

ਡਾ. ਸੁਦਰਸ਼ਨ ਸਿੰਘ, M.B.B.S. (Alg) D.P.M. (Eng.) M.D ਰਾਮਗੜ੍ਹ ਕੈਂਟ (ਝਾੜਖੰਡ)-099738-61183

ਆਮ ਸੁਣਨ ’ਚ ਮਿਲਦਾ ਹੈ ਕਿ ਕ੍ਰੋਧ ਕਰਨਾ ਬੁਰੀ ਆਦਤ ਹੈ, ਇਸ ਲਈ ਨਿਤਾਪ੍ਰਤੀ ਗੁਰੂ ਮਹਾਰਾਜ ਜੀ ਦੇ ਸਨਮੁਖ ਬੇਨਤੀ ਕਰਦੇ ਹੋਏ ਆਖਦੇ ਹਾਂ ਕਿ ਹੇ ਗੁਰੂ ਜੀਓ! ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚਾਉਣਾ।

ਹਰ ਮਨੁੱਖ ਇਹੀ ਕਹਿੰਦਾ ਸੁਣੀਦਾ ਹੈ ਕਿ ਮਨੁੱਖ ਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ ਭਾਵ ਹਰ ਸਮੇਂ ਸ਼ਾਂਤੀ ’ਚ ਰਹਿ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਦਾਸ ਇਸ ਲੇਖ ਰਾਹੀਂ ਆਪਣੇ ਮੈਡੀਕਲ ਤਜਰਬੇ ਨੂੰ ਮੁੱਖ ਰੱਖ ਕੇ ਇਸ ਵਿਸ਼ੇ ਦੇ ਸਾਰਥਿਕ ਤੇ ਨਿਰਾਰਥਕ ਪੱਖਾਂ ਨੂੰ ਆਪ ਜੀ ਦੇ ਸਨਮੁਖ ਰੱਖਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹੈ।

ਮਨੁੱਖ ਅਗਰ ਆਪਣੇ ਮਨ ਨੂੰ ਅਵਿਨਾਸ਼ੀ (ਪ੍ਰਮਾਤਮਾ) ਨਾਲ ਜੋੜ ਲਵੇ ਤਾਂ ਉਸ ਦੇ ਮਨ ਦੀ ਪ੍ਰਸੰਨਤਾ ਕਦੇ ਵੀ ਨਿਰਾਸਾ ’ਚ ਨਹੀਂ ਬਦਲਦੀ ਅਤੇ ਅਗਰ ਮਨੁੱਖ ਆਪਣੇ ਮਨ ਨੂੰ ਸੰਸਾਰਿਕ ਪਦਾਰਥਾਂ ਨਾਲ ਜੋੜ ਲਵੇ ਤਾਂ ਉਸ ਅੰਦਰ ਹੋਰ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਉਤੇਜਨਾ ਬਣੀ ਰਹਿੰਦੀ ਹੈ। ਨਾਸ਼ਵਾਨ ਪਦਾਰਥਾਂ ਕਾਰਨ ਬਣੀ ਇਹੀ ਉਤੇਜਨਾ ਮਨੁੱਖ ਨੂੰ ਬਾਰ ਬਾਰ ਦੁਖੀ ਕਰਦੀ ਰਹਿੰਦੀ ਹੈ ਤੇ ਇਹ ਦੁੱਖ ਹੀ ਕ੍ਰੋਧ ਨੂੰ ਜਨਮ ਦਿੰਦਾ ਹੈ। ਮੈਡੀਕਲ ਵਿਦਿਆ ਤੇ ਗੁਰਬਾਣੀ ਰਾਹੀਂ ਇਸ ਤੋਂ ਮੁਕਤੀ ਪ੍ਰਾਪਤ ਕਰਨ ਦੇ ਹੇਠਾਂ ਕੁਝ ਕੁ ਸੁਝਾਵ ਦਿੱਤੇ ਜਾ ਰਹੇ ਹਨ:

(1). ਆਪਣੇ ਦੋਸ਼ ਤੇ ਗਲਤੀਆਂ ਨੂੰ ਸਵੀਕਾਰ ਕਰੋ:

ਸਾਨੂੰ ਲੱਗਦਾ ਹੈ ਕਿ ਮੈ ਤਾਂ ਕਿਸੇ ਨੂੰ ਦੁਖ ਨਹੀਂ ਦਿੰਦਾ ਬਲਕਿ ਦੂਸਰੇ ਹੀ ਮੈਨੂੰ ਦੁਖੀ ਕਰਦੇ ਰਹਿੰਦੇ ਹਨ। ਮੇਰੇ ਅੰਦਰ ਕ੍ਰੋਧ ਤੇ ਅਹੰਕਾਰ ਬਿਲਕੁਲ ਵੀ ਨਹੀਂ, ਉਲਟਾ ਦੂਸਰੇ ਦਾ ਸੁਭਾਉ ਹੀ ਅੜੀਅਲ ਹੁੰਦਾ ਹੈ, ਜੋ ਮੈਨੂੰ ਦੁਖੀ ਕਰਦਾ ਹੈ।

ਅਜਿਹੇ ਵਿਅਕਤੀ ਆਪਣੇ ਆਪ ਨੂੰ ਦੂਸਰਿਆਂ ਦੁਆਰਾ ਸਤਾਇਆ ਹੋਇਆ ਮਹਿਸੂਸ ਕਰਦੇ ਹਨ ਤੇ ਹਮੇਸਾਂ ਮੰਨਦੇ ਹਨ ਕਿ ਮੈਂ ਕਦੇ ਕਿਸੇ ਨੂੰ ਨਹੀਂ ਸਤਾਇਆ ਤੇ ਨਾ ਹੀ ਕਿਸੇ ਨੂੰ ਦੁਖੀ ਕੀਤਾ ਹੈ ਪਰ ਜੇਕਰ ਉਸ ਦਾ ਮਨ ਗੁਰਮੁਖਾਂ ਦੀ ਸੰਗਤ ਕਰਨ ਲੱਗ ਜਾਵੇ, ਪ੍ਰਮਾਤਮਾ ਨਾਲ ਜੁੜ ਜਾਵੇ, ਮਾਲਕ ਨੂੰ ਹਿਰਦੇ ’ਚ ਵਸਾ ਲਵੇ, ਆਪਣੇ ਆਪ ਨੂੰ ਪ੍ਰਮਾਤਮਾ ਅੱਗੇ ਸਮਰਪਣ ਕਰ ਦੇਵੇ ਤਾਂ ਉਸ ਨੂੰ ਆਪਣੀਆਂ ਬੁਰਿਆਇਆਂ ਬਾਰੇ ਜਾਣਕਾਰੀ ਹੋ ਜਾਂਦੀ ਹੈ। ਆਪਣੇ ਔਗੁਣਾਂ ਨੂੰ ਸਵੀਕਾਰ ਕਰਨ ਵਾਲਾ ਵਿਅਕਤੀ ਕਿਸੇ ਦੂਸਰੇ ਅੰਦਰ ਝਾਕਣ ਜਾਂ ਦੋਸ਼ ਕੱਢਣ ਦਾ ਯਤਨ ਨਹੀਂ ਕਰਦਾ, ਦੂਸਰੇ ਉੱਤੇ ਕ੍ਰੋਧਿਤ ਨਹੀਂ ਹੁੰਦਾ; ਇਹੀ ਯੁਕਤੀ ਕ੍ਰੋਧ ਤੋਂ ਮੁਕਤੀ ਦਾ ਮਾਰਗ ਹੈ।

ਭਾਈ ਬਿਧੀ ਚੰਦ ਜੀ ਕਿਸੇ ਦੀ ਚੋਰੀ ਕਰਕੇ ਭੱਜਿਆ ਸੀ, ਜਿਸ ਦੇ ਪਿੱਛੇ ਲੋਕ ਦੌੜਦੇ ਆ ਰਹੇ ਸਨ ਤੇ ਉਹ ਗੁਰੂ ਅਰਜਨ ਸਾਹਿਬ ਦੀ ਸੰਗਤ ਵਿੱਚ ਆ ਕੇ ਬੈਠ ਗਿਆ, ਛੁਪ ਗਿਆ। ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕਿ ਸਾਡਾ ਚੋਰ ਆ ਕੇ ਇੱਥੇ ਬੈਠ ਗਿਆ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕੌਣ ਚੋਰ ਹੈ ? ਗੁਰੂ ਦੀ ਸੰਗਤ ਤੇ ਗੁਰੂ ਸ਼ਬਦ ਦਾ ਅਜਿਹਾ ਅਸਰ ਹੋਇਆ ਕਿ ਬਿਧੀ ਚੰਦ ਖੜ੍ਹਾ ਹੋ ਕੇ ਕਹਿਣ ਲੱਗਾ ਕਿ ਮੈਂ ਚੋਰ ਹਾਂ, ਉਸ ਨੇ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ। ਅਗਰ ਬਿਧੀ ਚੰਦ ਕ੍ਰੋਧ ਵਿੱਚ ਆ ਕੇ ਅੱਗਿਓਂ ਲੜਾਈ ਜਾਂ ਝਗੜਾ ਕਰਦਾ ਤਾਂ ਇਸ ਦਾ ਸਿਟਾ ਕੀ ਨਿਕਲਦਾ ? ਇਸ ਦਾ ਜਵਾਬ ਵੀ ਸਾਨੂੰ ਮਾਲੂਮ ਹੈ। ਭਾਈ ਸਾਹਿਬ ਜੀ ਨੇ ਨਿਮਰਤਾ ’ਚ ਰਹਿ ਕੇ ਆਪਣੀ ਗਲਤੀ ਮੰਨ ਲਈ ਤੇ ਚੋਰਾਂ ਦੀ ਸੰਗਤ ਛੱਡ ਕੇ ਸਦੀਵੀ ਗੁਰੂ ਘਰ ਦੇ ਹੋ ਕੇ ਰਹਿ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਹਰ ਜੰਗ ’ਚ ਅੱਗੇ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਤੇ ਸਿੱਖ ਇਤਿਹਾਸ ’ਚ ਅਹਿਮ ਨਾਂ ਕਮਾ ਗਏ।

ਇੱਕ ਦਿਨ ਪੜ੍ਹੀ ਲਿਖੀ ਕਾਲਜ ਦੀ ਵਿਦਿਆਰਥਣ (ਲੜਕੀ) ਨੂੰ ਉਸ ਦੇ ਮਾਤਾ-ਪਿਤਾ ਮੇਰੇ ਪਾਸ ਕਲੀਨਿਕ ’ਚ ਲੈ ਕੇ ਆਏ ਤੇ ਕਿਹਾ ਕਿ ਇਹ ਲੜਕੀ ਬੜੀ ਕ੍ਰੋਧਿਤ ਹੋ ਜਾਂਦੀ ਹੈ, ਹਰ ਸਮੇਂ ਸਾਡੇ ਨਾਲ ਲੜਦੀ ਰਹਿੰਦੀ ਹੈ, ਛੋਟੀ ਛੋਟੀ ਗੱਲ ’ਤੇ ਮਾਰਨ ਲੱਗ ਜਾਂਦੀ ਹੈ, ਅਸੀਂ ਸਾਰੇ ਇਸ ਤੋਂ ਬਹੁਤ ਤੰਗ ਆ ਗਏ ਹਾਂ, ਇਸ ਦਾ ਕੁਝ ਇਲਾਜ ਕਰੋ। ਦਾਸ ਨੇ ਜਦ ਉਸ ਦਾ Narco analysis ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਮਨ ਅੰਦਰ ਅਣਗਿਣਤ ਗਲਤੀਆਂ ਸਨ, ਜਿਨ੍ਹਾਂ ਨੂੰ ਉਹ ਸਵੀਕਾਰ ਨਹੀਂ ਕਰਦੀ ਤੇ ਆਪਣੀ ਗੱਲ ਨੂੰ ਮਨਵਾਉਂਦੀ ਹੈ। ਨਾ ਮੰਨਣ ’ਤੇ ਕ੍ਰੋਧਿਤ ਹੋ ਜਾਂਦੀ ਹੈ ਤੇ ਕਈ ਬਾਰ ਹੱਥ ਵੀ ਚੁੱਕ ਜਾਂਦੀ ਹੈ। ਸਿੱਖ ਬੀਬੀ ਹੋਣ ਕਾਰਨ ਦਵਾ ਦੇ ਨਾਲ ਨਾਲ ਉਸ ਨੂੰ Psycho Analysis & Psychotherapy   (ਭਾਵ ਮਨੋ-ਵਿਸ਼ਲੇਸ਼ਣ ਤੇ ਮਨੋ-ਚਿਕਿਤਸਾ) ਰਾਹੀਂ ਉਸ ਨੂੰ ਇਹ ਵਿਸ਼ਵਾਸ ਦਿਲਾਇਆ ਗਿਆ ਕਿ ਉਹ ਹਰ ਰੋਜ਼ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਦਾ ਪਾਠ ਕਰਿਆ ਕਰੇ। ਕੁਝ ਹੀ ਦਿਨਾਂ ਬਾਅਦ ਜਦ ਉਹ ਬੀਬੀ ਦੁਬਾਰਾ ਕਲੀਨਿਕ ’ਚ ਆਈ ਤਾਂ ਉਹ ਅੰਮ੍ਰਿਤਧਾਰੀ ਬੀਬੀ, ਬੀਬਾ ਬਣ ਚੁੱਕੀ ਸੀ ਤੇ ਆਪਣੀਆਂ ਗਲਤੀਆਂ ਨੂੰ ਬਾਰ ਬਾਰ ਦੁਹਰਾ ਰਹੀ ਸੀ।

ਕਿਸੇ ਸਕੂਲ ’ਚ ਅਗਰ ਕੋਈ ਵੀ ਅਧਿਆਪਕ ਕਿਸੇ ਬੱਚੇ ਨੂੰ ਥੋੜ੍ਹਾ ਜਿਹਾ ਵੀ ਘੂਰ ਦੇਵੇ ਜਾਂ ਡਾਟ-ਫਾਟ ਕਰ ਦੇਵੇ ਤਾਂ ਸਕੂਲ ਤੋਂ ਬਾਹਰ ਬੱਚੇ ਇਕੱਠੇ ਹੋ ਕੇ ਉਸ ਅਧਿਆਪਕ ਪ੍ਰਤੀ ਵਿਦ੍ਰੋਹ ਕਰਨ ਲੱਗ ਜਾਂਦੇ ਹਨ, ਜਿਨ੍ਹਾਂ ਦਾ ਸਾਥ ਦੇਣ ਵਾਲਿਆਂ ’ਚ ਉਨ੍ਹਾਂ ਦੇ ਮਾਤਾ-ਪਿਤਾ ਵੀ ਸ਼ਾਮਲ ਹੁੰਦੇ ਹਨ, ਇਸ ਤਰ੍ਹਾਂ ਕੋਈ ਵੀ ਬੱਚਾ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰ ਸਕਦਾ ਇਸ ਕਰਕੇ ਹੀ ਆਏ ਦਿਨ ਕ੍ਰੋਧ ਆਪਣਾ ਨਵਾਂ ਤੇ ਭਿਅੰਕਰ ਰੂਪ ਧਾਰਦਾ ਜਾ ਰਿਹਾ ਹੈ।

(2). ਕ੍ਰੋਧ ਇੱਕ ਸ਼ਕਤੀ ਹੈ:

ਸਭ ਤੋਂ ਪਹਿਲਾਂ ਇਹ ਜਾਣਨਾ ਅਤਿ ਜ਼ਰੂਰੀ ਹੈ ਕਿ ਵਿਅਕਤੀ ਅੰਦਰ ਕ੍ਰੋਧ ਕਿਉਂ ਪੈਦਾ ਹੁੰਦਾ ਹੈ। ਕ੍ਰੋਧਿਤ ਵਿਅਕਤੀ ਆਪਣੀ ਗਲਤੀ ਲਈ ਦੂਸਰੇ ਨੂੰ ਤੁਰੰਤ ਦੋਸ਼ੀ ਐਲਾਨ ਦਿੰਦਾ ਹੈ। ਤਕਲੀਫ਼ ਵੱਡੀ ਹੋਵੇ ਜਾਂ ਛੋਟੀ, ਇਸ ਦਾ ਇਲਾਜ ਕਰਨਾ ਤੁਰੰਤ ਜ਼ਰੂਰੀ ਹੁੰਦਾ ਹੈ। ਦਾਸ ਸਬੰਧਿਤ ਬਿਮਾਰੀ ਦਾ ਮਾਹਰ ਹੋਣ ਕਾਰਨ ਕਹਿ ਸਕਦਾ ਹੈ ਕਿ ਕ੍ਰੋਧ ਇੱਕ ਸ਼ਕਤੀ ਹੈ ਤੇ ਸ਼ਕਤੀਮਾਨ (ਜਾਂ ਅਣਖੀਲਾ) ਬਣ ਕੇ ਹੀ ਮਨੁੱਖ ਇਸ ਦਾ ਸਦਪ੍ਰਯੋਗ ਜਾਂ ਦੁਰਪ੍ਰਯੋਗ ਕਰ ਸਕਦਾ ਹੈ। ਆਮ ਤੌਰ ’ਤੇ ਇਹੀ ਕਿਹਾ ਜਾਂਦਾ ਹੈ ਕਿ ਕ੍ਰੋਧ ਨਾ ਕਰੋ, ਕ੍ਰੋਧ ਤੋਂ ਬਚੋ, ਕ੍ਰੋਧ ਤੋਂ ਦੂਰ ਰਹੋ ਆਦਿ।

ਜਿਸ ਤਰ੍ਹਾਂ Atomic energy  (ਪਰਮਾਣੂ ਸ਼ਕਤੀ ਵੀ) ਇੱਕ ਪ੍ਰਕਾਰ ਦੀ ਸ਼ਕਤੀ ਹੈ, ਇਸ ਤੋਂ ਬੰਬ ਬਣਾ ਕੇ ਲੋਕਾਂ ਨੂੰ ਨਾਸ਼ ਕੀਤਾ ਜਾ ਸਕਦਾ ਹੈ ਤੇ ਬਿਜਲੀ ਬਣਾ ਕਿ ਮਾਨਵਤਾ ਦੀ ਸੇਵਾ ਵੀ ਕੀਤੀ ਜਾ ਸਕਦੀ ਹੈ, ‘ਕਾਮ’ ਵੀ ਇੱਕ ਰੋਗ ਮੰਨਿਆ ਜਾਂਦਾ ਹੈ ਪਰ ‘ਕਾਮ’ ਤੋਂ ਬਿਨਾ ਜਗਤ ਦੀ ਉਤਪਤੀ ਵੀ ਅਸੰਭਵ ਹੈ। ਇਸੇ ਤਰ੍ਹਾਂ ਕ੍ਰੋਧ ਦੇ ਦੁਰਪ੍ਰਯੋਗ ਰਾਹੀਂ ਬੁਰੇ ਕਰਮ ਕਰਕੇ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ ਤੇ ਕ੍ਰੋਧ ਦੇ ਸਦਪ੍ਰਯੋਗ (ਅਣਖੀਲਾ ਜਾਂ ਸਵੈਮਾਨ) ਰਾਹੀਂ ਮਾਨਵਤਾ ਦੀ ਸੇਵਾ ਵੀ ਕੀਤੀ ਜਾ ਸਕਦੀ ਹੈ।

(3). ਕ੍ਰੋਧ ਦਾ ਸਦ ਪ੍ਰਯੋਗ ਕਿਵੇਂ ਕਰੀਏ ਜਾਂ ਸਵੈਮਾਨੀ ਕਿਵੇਂ ਬਣੀਏ ?

ਕ੍ਰੋਧ ਨੂੰ ਕਾਬੂ ਕਰਨ ਲਈ ਢੁੱਕਵਾਂ ਇਲਾਜ Sublimation (ਸ਼ੁੱਧੀਕਰਣ) ਕਰਨਾ ਹੈ, ਜਿਸ ਨੂੰ ਆਤਮਿਕ ਗਿਆਨ ਜਾਂ ਪ੍ਰਕਾਸ਼ ਵੀ ਕਹਿ ਸਕਦੇ ਹਾਂ ਤੇ ਇਸ ਦੀ ਪ੍ਰਾਪਤੀ ਗੁਰਬਾਣੀ ਰਾਹੀਂ ਵਧੇਰੇ ਹੁੰਦੀ ਹੈ: ‘‘ਗੁਰਬਾਣੀ; ਇਸੁ ਜਗ ਮਹਿ ਚਾਨਣੁ..॥’’ (ਮ: ੩/੬੭)

ਜਿਸ ਵਿਅਕਤੀ ਜਾਂ ਵਸਤੂ ’ਤੇ ਮਨੁੱਖ ਨੂੰ ਕ੍ਰੋਧ ਆਉਂਦਾ ਹੋਵੇ ਉਸ ਨੂੰ ਉਸ ਦੇ ਸਾਮ੍ਹਣੇ ਤੋਂ ਹਟਾ ਦਿਓ। ਜਦ ਕ੍ਰੋਧ ਦਾ ਨਸ਼ਾ ਉਤਰ ਜਾਵੇਗਾ ਤਾਂ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ Psychotherapy ਦਿਓ, ਜਿਸ ਨਾਲ ਸਹਿਜੇ ਸਹਿਜੇ ਉਸ ਦੇ ਦਿਮਾਗ ਅੰਦਰੋਂ ਕ੍ਰੋਧ ਦਾ ਬੀ ਨਸ਼ਟ ਹੋਣਾ ਆਰੰਭ ਹੋ ਜਾਏਗਾ। ਇਹ ਕਿਰਿਆ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਗੁਰ ਦਾ ਸ਼ਬਦ ਮਨੁੱਖਾ ਬਿਰਤੀ ਨੂੰ ਦਸਵੇਂ ਦੁਆਰ ’ਚ ਚੜ੍ਹਾ ਦੇਂਦਾ ਹੈ, ਜੋ ਮੁੜ ਹੇਠਾਂ ਉੱਤਰ ਕੇ ਆਪਸ ਵਿੱਚ ਨਹੀਂ ਟਕਰਾਉਂਦੀ ‘‘ਸਤਿਗੁਰ ਸਬਦਿ; ਕਰੋਧੁ ਜਲਾਵੈ ॥ ਗਗਨਿ ਨਿਵਾਸਿ; ਸਮਾਧਿ ਲਗਾਵੈ ॥’’ (ਮ: ੧/੪੧੧)

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਦੋ ਪੱਖ ਹਨ (ੳ). ਮਨੋ-ਵਿਗਿਆਨਿਕ Psychologist. (ਅ). ਅਧਿਆਤਮਕ Spiritualism.

ਗੁਰਬਾਣੀ ਦੇ ਸ਼ਬਦ, ਮਨੋ-ਵਿਗਿਆਨ ਯੁਕਤੀ ਨਾਲ ਮਨੁੱਖ ਦੇ ਦਿਮਾਗ ’ਤੇ ਅਸਰ ਪਾਉਂਦੇ ਹਨ। ਜਦ ਕ੍ਰੋਧੀ ਮਨੁੱਖ ਇੱਕ ਵਾਰ ਗੁਰਬਾਣੀ ਦੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ ਤਾਂ ਸ਼ਬਦ ਰੂਪ ਤੀਰ ਮਨੁੱਖ ਨੂੰ ਆਪਣੇ ਅੰਦਰ ਵੇਖਣ ਲਈ ਮਜਬੂਰ ਕਰ ਦੇਂਦੇ ਹਨ, ਜੋ ਪਹਿਲਾਂ ਆਪਣੇ ਦੁਖਾਂ ਦਾ ਕਾਰਨ ਦੂਸਰਿਆਂ ਨੂੰ ਮੰਨਦਾ ਸੀ। ਭਗਤ ਕਬੀਰ ਜੀ ਕੁਝ ਇਸ ਤਰ੍ਹਾਂ ਹੀ ਸਮਝਾ ਰਹੇ ਹਨ: ‘‘ਕਬੀਰ ! ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ॥’’ (ਭਗਤ ਕਬੀਰ/੧੩੭੪)

ਮੈਨੂੰ ਇੱਕ ਬਹੁਤ ਪੁਰਾਣੀ ਘਟਨਾ ਯਾਦ ਆ ਰਹੀ ਹੈ ਕਿ ਇੱਕ ਪਿੰਡ ਵਿੱਚ ਇੱਕ ਕ੍ਰੋਧੀ ਮਨੁੱਖ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਸ-ਪਾਸ ਦੇ ਤਮਾਮ ਲੋਕ ਉਸ ਦੇ ਕ੍ਰੋਧ ਕਾਰਨ ਤੰਗ ਸਨ। ਇੱਕ ਦਿਨ ਇੱਕ ਸਨਿਆਸੀ ਬਾਬਾ ਉਸ ਪਿੰਡ ’ਚ ਆਇਆ ਤੇ ਪਿੰਡ ਵਾਲਿਆਂ ਨੇ ਮਿਲ-ਮਿਲਾ ਕੇ ਉਸ ਕ੍ਰੋਧੀ ਨੂੰ ਨੈਤਿਕਤਾ ਦਾ ਪਾਠ ਪੜਾਉਣ ਲਈ ਸਨਿਆਸੀ ਬਾਬੇ ਪਾਸ ਲੈ ਗਏ ਤੇ ਬੇਨਤੀ ਕੀਤੀ ਕਿ ਇਸ ਵਿਅਕਤੀ ਨੂੰ ਬੜਾ ਗੁੱਸਾ ਆਉਂਦਾ ਹੈ, ਕੋਈ ਉਪਾਅ ਕਰੋ।

ਸਨਿਆਸੀ ਬਾਬੇ ਨੇ ਆਪਣੀ ਰਵਾਇਤ ਅਨੁਸਾਰ ਉਸ ਵਿਅਕਤੀ ਨੂੰ ਆਪਣੇ ਪਾਸ ਬੈਠਾਇਆ ਤੇ ਉਸ ਦੇ ਸਿਰ ਉੱਤੇ ਹੱਥ ਫੇਰ ਕੇ ਕਹਿਣ ਲੱਗਾ, ਬੱਚਾ ! ਕ੍ਰੋਧ ਨਹੀਂ ਕਰੀਦਾ, ਇਹ ਬਹੁਤ ਮਾੜੀ ਗੱਲ ਹੈ। ਤੂੰ ਅੱਜ ਤੋਂ ਬਾਅਦ ਵਚਨ ਕਰ ਕਿ ਗੁੱਸਾ ਨਹੀਂ ਕਰੂੰਗਾ। ਕ੍ਰੋਧੀ ਵਿਅਕਤੀ ਨੇ ਵਾਅਦੇ ਕਰਦਿਆਂ ਕਈ ਕਸਮਾਂ ਵੀ ਖਾ ਲਈਆਂ ਕਿ ਅੱਜ ਤੋਂ ਬਾਅਦ ਮੈਂ ਗੁੱਸਾ ਨਹੀਂ ਕਰੂੰਗਾ ਪਰ ਹੋਇਆ ਉਹੀ ਜੋ ਨਿਰੰਤਰ ਚਲਦਾ ਆ ਰਿਹਾ ਸੀ। ਪਿੰਡ ਵਾਲਿਆਂ ਨੂੰ ਗਾਲ਼ਾਂ, ਘਰ ਵਾਲਿਆਂ ਨੂੰ ਗਾਲ਼ਾਂ। ਪਿੰਡ ਵਾਲਿਆਂ ਨੇ ਮਨ ਹੀ ਮਨ ਜਿੱਥੇ ਕ੍ਰੋਧੀ ਲਈ ਹੋਰ ਘਿਰਨਾ ਪੈਦਾ ਕਰ ਲਈ ਉੱਥੇ ਸਨਿਆਸੀ ਬਾਬੇ (ਧਰਮ) ਪ੍ਰਤੀ ਵੀ ਨਫਰਤ ਦਾ ਬੀ ਬੀਜ ਲਿਆ। ਕਹਿਣ ਤੋਂ ਭਾਵ ਕਿ ਕ੍ਰੋਧ ਦੇ ਕਾਰਨ ਲੱਭਣ ਤੋਂ ਬਿਨਾ ਇਸ ਤੋਂ ਮੁਕਤੀ ਮਿਲਣੀ ਅਸੰਭਵ ਹੈ। ਸਨਿਆਸੀ ਦਾ ਫਾਰਮੂਲਾ ਕੇਵਲ ਉਸ ਡਾਕਟਰ ਵਾਂਗ ਸੀ ਜੋ ਮਰੀਜ ਨੂੰ ਵੇਖ ਕੇ ਕਹੇ ਕਿ ਵੀਰ, ਭੈਣ, ਬੱਚੇ ਜਾਂ ਪਿਤਾ ਜੀ! ਬਿਮਾਰ ਨਹੀਂ ਹੋਈਦਾ, ਬਿਮਾਰ ਹੋਣਾ ਬੂਰੀ ਆਦਤ ਹੈ। ਕੀ ਇਸ ਤਰ੍ਹਾਂ ਦੀ ਨਸੀਹਤ ਨਾਲ ਕੋਈ ਅਰੋਗ ਹੋ ਸਕਦਾ ਹੈ ?

ਆਮ ਵੇਖਣ ਵਿੱਚ ਆਉਂਦਾ ਹੈ ਕਿ ਕ੍ਰੋਧੀ ਵਿਅਕਤੀ ਕਸਮਾਂ ਵੀ ਵੱਡੀਆਂ-ਵੱਡੀਆਂ ਖਾਂਦਾ ਹੈ ਪਰ ਆਪਣੇ ਅਸਲੇ (ਅੰਦਰੂਨੀ ਕਮਜ਼ੋਰੀਆਂ ਦੀ) ਨਾ ਸਮਝ ਹੋਣ ਕਾਰਨ ਉਨ੍ਹਾਂ ਕਸਮਾਂ ਨੂੰ ਭੁੱਲ ਵੀ ਜਲਦੀ ਜਾਂਦਾ ਹੈ।

ਸਮਾਜਿਕ ਘਿਰਨਾ (ਜਾਂ ਕ੍ਰੋਧ) ਦਾ ਬਦਲ ਆਪਸੀ ਪ੍ਰੇਮ ਹੁੰਦਾ ਹੈ, ਪ੍ਰੇਮਾ-ਭਗਤੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਪ੍ਰੇਮ ਦੀ ਵਿਆਖਿਆ ਕਰਦੇ ਹੋਏ ਸਮਝਾ ਰਹੇ ਹਨ ਕਿ ਪ੍ਰੇਮ ਦਾ ਰੰਗ (ਪ੍ਰਭਾਵ) ਦੀਰਘਕਾਲੀ ਰਹਿੰਦਾ ਹੈ, ਜਿਸ ਕਰਕੇ ਕ੍ਰੋਧ, ਅਹੰਕਾਰ, ਮਮਤਾ ਆਦਿ ਸੜ ਜਾਂਦੇ ਹਨ: ‘‘ਕ੍ਰੋਧੁ ਨਿਵਾਰਿ ਜਲੇ ਹਉ ਮਮਤਾ; ਪ੍ਰੇਮੁ ਸਦਾ ਨਉ ਰੰਗੀ ॥’’ (ਮ: ੧/੧੨੩੨)

ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ’ਚ ਕ੍ਰੋਧ ਨੂੰ ਮਾਰਨ ਦੀ ਦਵਾ ਪ੍ਰਮਾਤਮਾ ਦੀ ਸ਼ਰਨ ਬਿਆਨ ਕਰਦੇ ਹਨ: ‘‘ਕਾਮ ਕ੍ਰੋਧ ਅਰੁ ਲੋਭ ਮੋਹ; ਬਿਨਸਿ ਜਾਇ ਅਹੰਮੇਵ ॥ ਨਾਨਕ ! ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ॥’’ (ਮ: ੫/੨੬੯)

ਜੋ ਵਿਅਕਤੀ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਆਪਣੇ ਦੁੱਖਾਂ ਦਾ ਕਾਰਨ ਦੂਸਰਿਆਂ ਨੂੰ ਮੰਨਦਾ ਹੈ ਤੇ ਦੁੱਖੀ ਹੁੰਦਾ ਹੋਇਆ ਉਨਾਂ ’ਤੇ ਕ੍ਰੋਧਿਤ ਹੋ ਜਾਂਦਾ ਹੈ ਭਾਵ ਉਨ੍ਹਾਂ ਦੀਆਂ ਊਣਤਾਈਆਂ ਵੇਖਣਾ ਉਸ ਦਾ ਸੁਭਾਉ ਬਣ ਜਾਂਦਾ ਹੈ ਤੇ ਦੂਸਰੇ ਪਾਸੇ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਆਪਣੇ ਦੁੱਖਾਂ ਦਾ ਕਾਰਨ ਆਪਣੇ ਆਪ ਨੂੰ ਮੰਨਦਾ ਹੈ ਭਾਵ ਉਹ ਆਪਣੇ ਐਬ ਵੇਖਦਾ ਹੈ। ਦੂਸਰਿਆਂ ਦੇ ਐਬ ਵੇਖਣ ਨਾਲ ਮਨੁੱਖ ਅੰਦਰ ਘਿਰਨਾ, ਨਫ਼ਰਤ, ਕ੍ਰੋਧ ਉਪਜਦਾ ਹੈ ਜਦਕਿ ਆਪਣੇ ਐਬ ਵੇਖਣ ਨਾਲ ਦੂਸਰਿਆਂ ਨਾਲ ਪਿਆਰ, ਹਮਦਰਦੀ, ਸੇਵਾ ਭਾਵਨਾ ਪੈਦਾ ਹੁੰਦੀ ਹੈ।

ਗੁਰਮਤਿ, ਕ੍ਰੋਧ ਦੀ ਨਵਿਰਤੀ ਦਾ ਕਾਰਨ ਪ੍ਰੇਮਾ-ਭਗਤੀ ਮੰਨਦੀ ਹੈ। ‘ਖਾਲਸਾ’ ਸ਼ਬਦ ਦਾ ਅਰਥ ਬਿਨਾਂ ਮਿਲਾਵਟ ਜਾਂ ਪੂਰਨ ਸ਼ੁੱਧਤਾ ਹੁੰਦਾ ਹੈ। ਮਿਲਾਵਟ ਰਹਿਤ ਮਨ ਵਿੱਚ ਕ੍ਰੋਧ ਜਨਮ ਨਹੀਂ ਲੈ ਸਕਦਾ ਤੇ ‘ਖਾਲਸ’ ਬਣਨ ਦੀ ਯੁਕਤੀ ਭਗਤ ਕਬੀਰ ਜੀ ਪ੍ਰੇਮ ਭਾਵਨਾ ਨਾਲ ਕੀਤੀ ਗਈ ਰੱਬੀ ਭਗਤੀ ਨੂੰ ਮੰਨਦੇ ਹਨ: ‘‘ਕਹੁ ਕਬੀਰ ! ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥’’ (੬੫੫) ਪਰ ਪ੍ਰੇਮ ਦੀ ਪ੍ਰਾਪਤੀ ਸਨਿਆਸੀ ਵਾਂਗ ਪਾਖੰਡ ਨਾਲ ਨਹੀਂ ਹੁੰਦੀ: ‘‘ਪਾਖੰਡਿ, ਪ੍ਰੇਮੁ ਨ ਪਾਈਐ; ਖੋਟਾ ਪਾਜੁ ਖੁਆਰੁ ॥’’ (ਮ: ੧/੫੪)

‘ਖਾਲਸਾ’ ਹਮੇਸਾਂ ਅਣਖ ਨਾਲ ਜੀਵਨ ਬਤੀਤ ਕਰਦਾ ਹੈ, ਜਿਸ ਨੂੰ ਕ੍ਰੋਧ ਦਾ ਸਦਪ੍ਰਯੋਗ ਨਾਂ ਵੀ ਦੇ ਸਕਦੇ ਹਾਂ। ਮਾਨਵਤਾ ਦੀ ਭਲਾਈ ਲਈ ਸਵੈਮਾਨ ਨਾਲ ਕੀਤਾ ਗਿਆ ਹਰ ਕਾਰਜ, ਕ੍ਰੋਧ ਦਾ ਦੁਰਪ੍ਰਯੋਗ ਨਹੀਂ ਕਿਹਾ ਜਾ ਸਕਦਾ।

ਗੁਰਬਾਣੀ ਵਿੱਚ ਕ੍ਰੋਧ ਦੀ ਨਵਿਰਤੀ ਲਈ ਜਦ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਦਾ ਮਕਸਦ ਕ੍ਰੋਧ ਦੇ ਦੁਰਪ੍ਰਯੋਗ ਤੋਂ ਮੁਕਤ ਹੋਣ ਨਾਲ ਸੰਬੰਧਿਤ ਹੁੰਦਾ ਹੈ, ਨਾ ਕਿ ਅਣਖ ਭਰਪੂਰ ਜ਼ਿੰਦਗੀ ਬਤੀਤ ਕਰਨ ਨਾਲ।

ਸੋ, ਕੇਵਲ ਕ੍ਰੋਧ ਨੂੰ ਮਾੜਾ ਕਹਿਣਾ ਜਾਂ ਕ੍ਰੋਧ ਤੋਂ ਦੂਰ ਰਹੋ’ ਆਦਿ ਪ੍ਰਵਚਨਾਂ ਤੱਕ ਸੀਮਤ ਰਹਿਣ ਦੀ ਬਜਾਏ ਰੋਗੀ ਨੂੰ ਤੁਰੰਤ ਡਾਕਟਰ ਦੀ ਸਲਾਹ ਨਾਲ ਦਵਾ ਦੇਣੀ ਤੇ Psycho Analysis & Psychotherapy   (ਭਾਵ ਮਨੋ-ਵਿਸ਼ਲੇਸ਼ਣ ਤੇ ਮਨੋ-ਚਿਕਿਤਸਾ) ਰਾਹੀਂ ਰੋਗੀ ਦੇ ਦੁੱਖਾਂ ਦਾ ਕਾਰਨ ਉਸ ਦੀਆਂ ਆਪਣੀਆਂ ਕਮਜ਼ੋਰੀਆਂ ਪ੍ਰਤੀ ਵਿਸ਼ਵਾਸ ਦਿਲਵਾਉਣਾ ਜ਼ਰੂਰੀ ਹੈ। ਇਸ ਮੈਡੀਕਲ ਤਕਨੀਕ ਦਾ ਆਧਾਰ ‘ਗੁਰਬਾਣੀ’ ਹੀ ਹੈ। ਮਨੋ-ਚਿਕਤਸਾ ਤੋਂ ਬਿਨਾਂ ਕੋਈ ਵੀ ਦਵਾ ਉਕਤ ਰੋਗੀ ਨੂੰ ਅਰੋਗ ਨਹੀਂ ਕਰ ਸਕਦੀ। ਪ੍ਰਮਾਤਮਾ ਦੇ ਨਾਮ ਨਾਲ ਪਿਆਰ ਪਾਉਣ ਵਾਲਾ ਮਨੁੱਖਾ ਕ੍ਰੋਧੀ ਕਿਵੇਂ ਹੋ ਸਕਦਾ ਹੈ ਕਿਉਂਕਿ ਉਸ ਦਾ ਦ੍ਰਿੜ੍ਹ ਵਿਸ਼ਵਾਸ ਹੁੰਦਾ ਹੈ: ‘‘ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ॥’’ (ਭਗਤ ਰਵਿਦਾਸ/੪੮੬)

‘ਮਨ’ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ।

0

‘ਮਨ’ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ।

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ) 98554-01843

ਰੂਹਾਨੀ ਜਗਤ ਵਿਚ ‘ਮਨ’ ਨੂੰ ਪਰਮਾਤਮਾ ਦਾ ਅੰਗ ਮੰਨ ਕੇ ਉਸ ਨੂੰ ਸਾਧਣ ਦੀ ਗੱਲ ਕੀਤੀ ਗਈ ਹੈ। ‘ਮਨ’ ਚੰਚਲ ਵੀ ਹੈ ਅਤੇ ‘ਮਨ’ ਪਿਆਰਾ ਵੀ, ‘ਮਨ’ ਮਿੱਤਰ ਵੀ ਤੇ ਦੁਸ਼ਮਣ ਵੀ। ਵੱਖ-ਵੱਖ ਅਵਸਥਾਵਾਂ ਵਿਚ ‘ਮਨ’ ਦੀ ਅਵਸਥਾ ਵੱਖ-ਵੱਖ ਹੋ ਜਾਂਦੀ ਹੈ। ਤਨ ਦਾ ਜਿਆਦਾ ਸਬੰਧ ਪਦਾਰਥਕ ਲੋੜਾਂ ਨਾਲ ਹੈ ਅਤੇ ਇਹਨਾਂ ਲੋੜਾਂ ਦੀ ਪੂਰਤੀ ਵਿਚ ਲੱਗਾ ਹੋਇਆ ‘ਮਨ’ ਕਦੀ ਵੀ ਤਨ ਨੂੰ ਸਹੀ ਅਗਵਾਈ ਨਹੀਂ ਦੇ ਸਕਦਾ ਪਰ ਦੂਜੇ ਪਾਸੇ ਪਰਮਾਰਥਕ ਲੋੜਾਂ ਦੀ ਪੂਰਤੀ ਵਿਚ ਲੱਗਾ ਹੋਇਆ ‘ਮਨ’ ਹਮੇਸ਼ਾ ਹੀ ਤਨ ਨੂੰ ਦੁਨਿਆਵੀਂ ਤੌਰ ਉਪਰ ਵੀ ਸਫਲ ਕਰ ਦਿੰਦਾ ਹੈ।

ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਸਮੁੱਚੀ ਲੋਕਾਈ ਨੂੰ ਸੁਚੱਜੀ ਜੀਵਨ-ਜਾਂਚ ਦੀ ਜੁਗਤ ਦਰਸਾਈ ਗਈ ਹੈ ਅਤੇ ਜਿੱਥੇ ਰੂਹਾਨੀ, ਆਤਮਕ ਤੇ ਅਧਿਆਤਮਕ ਜੀਵਨ ਦਾ ਮਾਰਗ ਦਰਸ਼ਨ ਮਿਲਦਾ ਹੈ ਉੱਥੇ ਦੁਨਿਆਵੀ ਜਿੰਦਗੀ ਦੇ ਵੱਖ-ਵੱਖ ਸਮਾਜਕ, ਆਰਥਕ, ਸਿਆਸੀ ਤੇ ਧਾਰਮਕ ਪੱਖਾਂ ਨੂੰ ਸਾਦਾ ਤੇ ਸਰਲ ਤਰੀਕੇ ਨਾਲ ਜਿਉਣ ਦੀਆਂ ਅਗਵਾਈਆਂ ਵੀ ਮਿਲਦੀਆਂ ਹਨ। ਇਸ ਸਭ ਕਾਸੇ ਬਾਰੇ ਗੁਰਬਾਣੀ ਤੇ ਗੁਰ-ਇਤਿਹਾਸ ਵਿਚੋਂ ਵੀ ਪਰਤੱਖ ਪਰਮਾਣ ਮਿਲਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗੁਰੂ ਖਾਲਸਾ ਪੰਥ ਨੇ ਸਮੇਂ-ਸਮੇਂ ਉਪਰ ਸਭ ਕਲਾਵਾਂ ਵਰਤਾ ਕੇ ਦਿਖਾਈਆਂ ਹਨ ਜਿੱਥੇ ਰੂਹਾਨੀ ਸਫਰ ਦੀਆਂ ਲੰਮੀਆਂ ਉਡਾਰੀਆਂ ਦੇ ਚਰਚੇ ਹਨ, ਉੱਥੇ ਦੁਨੀਆਂ ਵਿਚ ਨਿਆਂਕਾਰੀ ਲੋਕਾਸ਼ਾਹੀ ਰਾਜ ਪ੍ਰਬੰਧ ਦੀਆਂ ਮਿਸਾਲਾਂ ਵੀ ਚਾਨਣ-ਮੁਨਾਰਾ ਹਨ।

ਅਜੋਕੇ ਸਮੇਂ ਦੀ ਗੱਲ ਕਰੀਏ ਤਾਂ 1947, 1966, 1984 ਤੋਂ ਹਾਲਾਤ ਬਿਲਕੁਲ ਭਿੰਨ ਹਨ ਅਤੇ ਹੁਣ ਦੁਨੀਆਂ ਪਿੰਡ ਦੀ ਤਰ੍ਹਾਂ ਸੁੰਘੜਦੀ ਜਾ ਰਹੀ ਹੈ ਪਰ ਦੁਨੀਆਂ ਜਿੱਥੇ ਪਦਾਰਥਕ ਪੱਖ ਤੋਂ ਮਜਬੂਤ ਹੋ ਕੇ ਜਾਣਕਾਰੀ ਇਕੱਤਰ ਕਰਨ ਦੇ ਰੂਪ ਵਿਚ ਨਜ਼ਦੀਕ ਆ ਗਈ ਹੈ ਉੱਥੇ ਪਰਮਾਰਥ ਤੋਂ ਦੂਰ ਤੇ ਗਿਆਨ ਤੋਂ ਸੱਖਣੀ ਹੋ ਰਹੀ ਹੈ। ਸਰੀਰਾਂ ਨੂੰ ਸੁੰਦਰ ਤੇ ਪਦਾਰਥਕ ਭੋਗਾਂ ਨੂੰ ਭੋਗਣ ਦੇ ਸਮਰੱਥ ਬਣਾਉਣ ਲਈ ਤਾਂ ਮਨੁੱਖ ਨੇ ਬਹੁਤ ਸਫਲ ਯਤਨ ਕੀਤੇ ਹਨ ਪਰ ਰੂਹ ਨੂੰ ਸਰਸ਼ਾਰ ਕਰਨ ਅਤੇ ਪਹਿਲਾਂ ‘ਮਨ’ ਨੂੰ ਸਾਧ ਕੇ ਫਿਰ ਉਸ ਮੁਤਾਬਕ ਤਨ ਦੀ ਸੰਭਾਲ ਦੀ ਕੋਈ ਖਾਸ ਪ੍ਰਾਪਤੀ ਨਹੀਂ ਕੀਤੀ।

ਦੁਨੀਆਂ ਪਦਾਰਥ ਦੇ ਨੇੜੇ ਅਤੇ ਉਸ ਦੀ ਖੋਜ ਲਈ ਤਾਂ ਤਰਲੋ-ਮੱਛੀ ਹੋ ਰਹੀ ਹੈ ਅਤੇ ਸਹਿਜ ਦਾ ਪੱਲਾ ਛੱਡ ਕੇ ਸਭ ਕੁਝ ਤੁਰੰਤ ਤੇ ਛੇਤੀ ਚਮਤਕਾਰ ਵਾਂਗੂੰ ਹੋ ਜਾਣਾ ਲੋਚਦੀ ਹੈ ਪਰ ਅਜਿਹਾ ਸੰਭਵ ਨਹੀਂ ਕਿਉਂਕਿ ਵਿਗਾਸ, ਅਨੰਦ ਤੇ ਸਥਿਰਤਾ ਲਈ ਮੂਲ ਦੀ ਪਹਿਚਾਣ ਕਰਕੇ ਸਹਿਜ-ਚਾਲ ਜਰੂਰੀ ਹੈ।

ਅਸਲ ਵਿਚ ਸਾਰਾ ਕੁਝ ‘ਮਨ’ ਨੂੰ ਸਮਝਾਉਣ ਤੇ ਉਸ ਨੂੰ ਸੂਤ (ਕੰਟਰੋਲ) ਕਰਕੇ ਗੁਰਮਤ ਗਾਡੀ ਰਾਹ ਉਪਰ ਪਾਉਣ ਦੀ ਸ਼ੁਰੂਆਤ ਨਾਲ ਹੀ ਅਗਲੇ ਪੜਾਅ, ਮੁਸ਼ਕਲਾਂ ਜਾਂ ਸਮੱਸਿਆਵਾਂ ਦੇ ਹੱਲ ਦਿਸਣਗੇ ਅਤੇ ਮੰਜ਼ਲਾਂ ਦੀ ਪ੍ਰਾਪਤੀ ਹੋਵੇਗੀ। ਅਸੀਂ ਉਲਟੀ ਰੀਤ ਚਲਾ ਲਈ ਹੈ ਕਿ ਪਹਿਲਾਂ ਚਲਦੇ ਤਨਾਂ ਵਿਚੋਂ ਕਿਸੇ ਇਕ ਤਨ ਦੀ ਅਗਵਾਈ ਵਿਚ ਸਭ ਤਨਾਂ ਨੂੰ ਨਾਲ ਜੋੜ ਕੇ ਭਾਵ ਜਥੇਬੰਦ ਹੋਈਏ ਤੇ ਫਿਰ ਚੱਲੀਏ ਜਦਕਿ ਪਹਿਲਾਂ ਗੱਲ ‘ਮਨਾਂ’ ਨੂੰ ਗੁਰੂ-ਲਿਵ ਵਿਚ ਇਕਸੁਰ ਕਰਨ ਦੀ ਕਰਨੀ ਪਵੇਗੀ ਫਿਰ ਗੁਰੂ ਲਿਵ ਤੇ ਪਿਆਰ ਵਿਚ ਜੁੜੇ ਤੇ ਸੂਤ ਹੋਏ ‘ਮਨ’ ਤੇ ‘ਤਨਾਂ’ ਨੂੰ ਵੀ ਨਾਲ ਲੈ ਲੈਣਗੇ ਅਤੇ ਫਿਰ ਮੰਜ਼ਲਾਂ ਸਰ ਹੋਣਗੀਆਂ।

ਇਹਨਾਂ ਫਿਲਾਸਫੀ ਕ੍ਰਿਤ ਗੱਲਾਂ ਦੀ ਸਮਝ ਲਈ ਪਰਤੱਖ ਕੁਝ ਗੱਲਾਂ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ‘ਮਨ’ ਕੁਰਲਾ ਉੱਠੇ ਤੇ ਗੁਰੁ ਪਿਆਰ ਵਿਚ ਹੀ ਤਨਾਂ ਨੂੰ ਨਾਲ ਲੈ ਕੇ ਚੱਲ ਪਏ ਪਰ ਕੁਝ ਤਨਾਂ ਨੇ ‘ਮਨਾਂ’ ਦੀ ਥਾਹ ਨੂੰ ਅਣਦੇਖਿਆ ਕਰਕੇ ਤਨਾਂ ਨੂੰ ਗਿਣਤੀ-ਮਿਣਤੀ (ਵੋਟ ਰਾਜਨੀਤੀ) ਵਿਚ ਉਲਝਾਉਣ ਦੀ ਚੇਸ਼ਟਾ ਕੀਤੀ ਤਾਂ ਸਹੀ ਅਗਵਾਈ ਦੀ ਅਣਹੋਂਦ ਨੇ ‘ਮਨਾਂ’ ਨੂੰ ਨਿਰਾਸ਼ਤਾ ਵਿਚ ਸੁੱਟ ਦਿੱਤਾ।

ਸਰੀਰਾਂ ਦੇ ਪੱਧਰ ਉਪਰ ਜੀਣ ਵਾਲੇ ਲੋਕ ਸਬਦ ਗੁਰੂ ਗਿਆਨ ਦੇ ਸਿੱਖਾਂ ਨੂੰ ਅਗਵਾਈ ਨਹੀਂ ਦੇ ਸਕਦੇ। ਬਲਸ਼ਾਲੀ ਗਿਆਨੀ ਰੂਹਾਂ ਹੀ ਅਗਵਾਈ ਕਰ ਸਕਦੀਆਂ ਹਨ ਇਸ ਪੰਥ ਦੀ ਜੋ ਨਾ ਕਿਸੇ ਦਾ ਭੈਅ ਮੰਨਦੀਆਂ ਹੋਣ ਤੇ ਨਾ ਕਿਸੇ ਨੂੰ ਭੈਅ ਦਿੰਦੀਆਂ ਹੋਣ, ਬੱਸ ਇਕ ਦੇ ਭੈਅ ਅਤੇ ਹੁਕਮ ਦੀਆਂ ਪਾਬੰਦ ਹੋਣ।

ਮਨੁੱਖੀ ‘ਮਨ’ ਤੇ ‘ਤਨ’ ਵਿਚ ਪਏ ਵਖਰੇਵੇਂ ਹੀ ਮਨੁੱਖਤਾ ਨੂੰ ਪਈਆਂ ਸਮੱਸਿਆਵਾਂ ਦਾ ਮੂਲ ਕਾਰਨ ਹਨ ਅਤੇ ਇਹੀ ਕਾਰਨ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਜੋ ਕਿ ਹੱਲ ਹੋਣ ਦੀ ਥਾਂ ਦਿਨੋਂ-ਦਿਨ ਵੱਧ ਰਹੀਆਂ ਹਨ ਅਤੇ ਜਿਉਂ-ਜਿਉਂ ਅਸੀਂ ਹੱਲ ਲੱਭਣ ਦਾ ਯਤਨ ਕਰਦੇ ਹਾਂ ਤਾਂ ਉਸ ਹੱਲ ਦਾ ਕਾਰਨ ਮੂਲ ਨਾਲ ਨਾ ਜੁੜਿਆ ਹੋਣ ਕਰਕੇ ਉਸ ਹੱਲ ਵਿਚ ਵੀ ਸ਼ੱਕ-ਸ਼ੰਕੇ ਤੇ ਨਵੀਂ ਸਮੱਸਿਆ ਦਿਸ ਆਉਂਦੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂਸੱਤਾ ਦੀ ਗੱਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਜਾਂ ਬਾਕੀ ਹੋਰ ਮਸਲੇ ਜਾਂ ਸਮੱਸਿਆਵਾਂ ਦੀ, ਇਹਨਾਂ ਦੇ ਹੱਲ ਲਈ ਕੋਈ ਸਵਾਲ-ਜਵਾਬ ਮੁਕਾਬਲਾ ਜਾਂ ਪ੍ਰਸ਼ਨੋਤਰੀ ਜਾਰੀ ਕਰਕੇ ਨਹੀਂ ਕੀਤਾ ਜਾ ਸਕਦਾ। ਗੱਲ ਤਾਂ ਇਹ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਮੂਲ ਕਾਰਨ ਕੀ ਹੈ ਅਤੇ ਸਾਡਾ ਮੂਲ ਕੀ? ਲੋੜ ਤਾਂ ਇਹਨਾਂ ਦੋਵਾਂ ਨੂੰ ਪਛਾਣਨ ਦੀ ਹੈ ਪਰ ਅਸੀਂ ਆਪਣਾ ਮੂਲ ਪਛਾਣ ਨਹੀਂ ਰਹੇ ਅਤੇ ਸਮੱਸਿਆ ਦਾ ਮੂਲ ਪਛਾਣ ਲੈਣ ਦਾ ਦਾਅਵਾ ਕਰਕੇ ਸਮੱਸਿਆ ਦੇ ਹੱਲ ਕੱਢਣ ਵੱਲ ਚੱਲ ਪਏ ਹਾਂ ਜਦਕਿ ਅਸਲ ਵਿਚ ਆਪਣਾ ਮੂਲ ਪਛਾਣਨਾ ਪਹਿਲਾਂ ਜਰੂਰੀ ਹੈ ਅਤੇ ਆਪਣੇ ਮੂਲ ਵਿਚੋਂ ਹੀ ਸਮੱਸਿਆ ਦਾ ਮੂਲ ਤੇ ਉਸ ਦਾ ਹੱਲ ਨਜ਼ਰੀ ਪਏਗਾ। ਉਦਾਹਰਨ ਵਜੋਂ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋਣ ਲਈ ਤਾਂ ਕਹਿ ਰਹੇ ਹਾਂ ਪਰ ਅਕਾਲ ਤਖਤ ਸਾਹਿਬ ਦੀ ਅਗੰਮੀ ਰਹਿਮਤ ਤੋਂ ਵਾਂਝੇ ਹਾਂ। ਉੱਥੇ ਬੈਠ ਕੇ ਸੇਵਾ ਕਰਨ ਵਾਲੀਆਂ ਰੂਹਾਂ ਦੀ ਜਰੂਰਤ ਦੀ ਗੱਲ ਨਹੀਂ ਕਰ ਰਹੇ ਸਗੋਂ ਤਨਾਂ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਕੀ ਤਨਖਾਹ ਦਿੱਤੀ ਜਾਵੇ, ਕੀ ਭੱਤੇ ਦਿੱਤੇ ਜਾਣ, ਕਦੋਂ ਰਿਟਾਇਰ ਕੀਤਾ ਜਾਵੇ, ਕਦੋਂ ਤੇ ਕਿਹਨਾਂ ਦੋਸ਼ਾਂ ਅਧੀਨ ਉਹਨਾਂ ਨੂੰ ਲਾਹਿਆ ਜਾ ਸਕੇ। ਪੰਥ ਦੀ ਅਗਵਾਈ ਅਗੰਮੀ ਤੇ ਨਿਰਇੱਛਤ ਰੂਹਾਂ ਨੇ ਕਰਨੀ ਹੈ, ਭਾਵੇਂ ਕਿ ਕਿਸੇ ਸਰੀਰ ਵਿਚ ਹੀ ਹੋਣੀ ਹੈ ਪਰ ਯੋਗਤਾਵਾਂ ਸਰੀਰਕ ਰੱਖਾਂਗੇ ਤਾਂ ਸਰੀਰ ਦੇ ਪੱਧਰ ਉਪਰ ਜਿਉਣ ਵਾਲੇ ਹੀ ਮਿਲਣਗੇ, ਰੂਹਾਨੀ ਪੱਧਰ ਉਪਰ ਜੀਵਨ ਸਫਲ ਕਰਨ ਵਾਲਾ ਕੋਈ ਸਰੀਰ ਇਹਨਾਂ ਅਹੁਦਿਆ ਲਈ ਕਦੇ ਅਪਲਾਈ ਹੀ ਨਹੀਂ ਕਰੇਗਾ।

ਸਾਡੀ ਸਾਰੀ ਟੇਕ ਤੇ ਸਾਡਾ ਸਾਰਾ ਜੋਰ ਦੁਨਿਆਵੀ ਰਾਜ ਪ੍ਰਬੰਧ ਵਿਚੋਂ ਨਿਕਲੇ ਢਾਂਚਿਆਂ ਅਧੀਨ ਹੀ ਪੰਥ ਦੇ ਢਾਂਚੇ ਖੜ੍ਹੇ ਕਰਨ ਵੱਲ ਲੱਗਾ ਹੋਇਆ ਹੈ ਕਿਉਂਕਿ ਸਾਡੇ ਗਿਆਨ ਦਾ ਮੂਲ ਦੁਨਿਆਵੀ ਵਿਦਿਅਕ ਢਾਂਚੇ ਵਿਚੋਂ ਨਿਕਲੀਆਂ ਸੰਸਥਾਵਾਂ ਹੀ ਹਨ, ਜਿਸ ਦਿਨ ਸਾਡੇ ਗਿਆਨ ਦਾ ਮੂਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰ-ਇਤਿਹਾਸ ਤੇ ਸ਼ਹੀਦਾਂ ਦਾ ਜੀਵਨ ਹੋਵੇਗਾ ਤਾਂ ਸਾਡੇ ਤਿਆਰ ਕੀਤੇ ਗਏ ਢਾਂਚੇ ਦੁਨਿਆਵੀ ਢਾਂਚਿਆਂ ਨੂੰ ਮਾਤ ਪਾ ਦੇਣਗੇ।

ਆਓ! ਆਪਣਾ ਮੂਲ ਪਛਾਣ ਕੇ ਗੁਰਬਾਣੀ ਨਾਲ ਜੁੜੀਏ, ਸੁਣੀਏ, ਪੜ੍ਹੀਏ, ਮੰਨੀਏ ਤੇ ਜੀਵੀਏ ਤਾਂ ਜੋ ਸਾਡੇ ਜੀਵਨਾਂ ਵਿਚੋਂ ਖੁਸ਼ਬੂ ਆਵੇ ਸਿੱਖੀ ਦੀ। ‘ਮਨਾਂ’ ਨੂੰ ਗੁਰਮਤ ਗਾਡੀ ਰਾਹ ਉਪਰ ਤੋਰ ਕੇ ਸੂਤ-‘ਮਨਾਂ’ ਮੁਤਾਬਕ ਹੀ ਤਨਾਂ ਨੂੰ ਚਲਾਈਏ ਤਾਂ ਹੀ ਦੁਨਿਆਵੀ ਪੱਖਾਂ ਨੂੰ ਉਜਾਗਰ ਕਰਦੀ ਅਗਵਾਈ ਸਾਡੀ ਝੋਲੀ ’ਚ ਪਵੇਗੀ, ਨਹੀਂ ਤਾਂ ਹਮੇਸ਼ਾ ਵਾਂਗ ਕੁਝ ਸਮੇਂ ਬਾਅਦ ਨਵੀਂ ਨਿਰਾਸ਼ਤਾ ਤੇ ਨਵੀਆਂ ਸਮੱਸਿਆਵਾਂ ਆ ਖੜ੍ਹੀਆਂ ਹੋਣਗੀਆਂ।

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ

0

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ

ਭਾਈ ਅਵਤਾਰ ਸਿੰਘ ਮਿਸ਼ਨਰੀ

ਉਪ੍ਰੋਕਤ ਪੰਗਤੀ ਕ੍ਰਾਂਤੀਕਾਰੀ ਭਗਤ ਰਵਿਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ, ਜਿਸ ਦਾ ਭਾਵ ਹੈ ਕਿ ਕੋਈ ਵੀ ਵਿਦਵਾਨ, ਸੂਰਮਾਂ ਅਤੇ ਛਤ੍ਰਪਤੀ ਵੱਡੇ ਤੋਂ ਵੱਡਾ ਬਾਦਸ਼ਾਹ ਰੱਬੀ ਭਗਤ ਦੇ ਬਰਾਬਰ ਨਹੀਂ ਹੋ ਸਕਦਾ, ਭਗਤ ਦਾ ਦਰਜਾ ਸਭ ਦੇਵੀ ਦੇਵਤਿਆਂ ਅਤੇ ਸੰਤਾਂ ਤੋਂ ਉੱਚਾ ਹੈ।ਮਹਾਨ ਕੋਸ਼ ਅਨੁਸਾਰ ਭਗਤ ਰਵਿਦਾਸ ਜੀ ਕਾਸ਼ੀ ਦੇ ਵਸਨੀਕ, ਭਗਤ ਰਾਮਾਨੰਦ ਜੀ ਦੇ ਚੇਲੇ ਅਤੇ ਭਗਤ ਕਬੀਰ ਜੀ ਦੇ ਸਮਕਾਲੀ ਸਨ। ਸਿੰਘ ਸਭਾ ਦੇ ਵਿਦਵਾਨ ਲੇਖਕ ਗਿ. ਗੁਰਦਿੱਤ ਸਿੰਘ ਅਨੁਸਾਰ ਕਬੀਰ, ਰਾਮਾਨੰਦ, ਰਵਿਦਾਸ ਸਮਕਾਲੀ ਭਗਤ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਨਾਲ ਵੀ ਆਖਰੀ ਉਮਰੇ ਇਨ੍ਹਾਂ ਦੀ ਭੇਟ ਹੋਈ ਸੀ ਅਤੇ ਸਤਿਗੁਰੂ ਸ਼ਬਦ ਭਗਤ ਰਾਮਾਨੰਦ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਮਿਲਣ ਤੋਂ ਬਾਅਦ ਉਚਾਰਿਆ-ਸਤਿਗੁਰ ਮੈ ਬਲਿਹਾਰੀ ਤੋਰਿ॥ ਜਿਨ ਸਕਲ ਬਿਕਲ ਭ੍ਰਮ ਕਾਟੈ ਮੋਰਿ॥(੧੧੯੫)

ਭਗਤ-ਸੰਸਕ੍ਰਿਤ ਦਾ ਸ਼ਬਦ ਹੈ ਅਤੇ ਭਜ ਧਾਤ ਤੋਂ ਬਣਿਆਂ ਹੈ, ਜਿਸ ਦਾ ਅਰਥ ਹੈ ਵੰਡਣਾ, ਸੇਵਾ ਅਤੇ ਸਿਮਰਨ ਕਰਨਾ ਭਾਵ ਜੋ ਵਰਤਾ ਕੇ ਛਕਦਾ ਹੈ, ਸੰਸਾਰ ਦੀ ਸੇਵਾ ਕਰਦਾ ਹੈ ਅਤੇ ਕਰਤਾਰ ਨੂੰ ਮਨੋਂ ਨਹੀਂ ਵਿਸਾਰਦਾ ਉਹ ਭਗਤ ਹੈ। ਪੰਜਾਬੀ ਵਿੱਚ ਭਗਤ ਦੇ ਅਰਥ ਹਨ ਸੇਵਕ, ਪ੍ਰੇਮੀ ਜੋ ਪ੍ਰੀਤਮ ਪ੍ਰਾਇਣ ਹੋਵੇ, ਜੋ ਆਪਣਾ ਸਭ ਕੁਝ ਪ੍ਰਮੇਸ਼ਰ ਨੂੰ ਅਰਪੇ-ਕਬੀਰ ਮੇਰਾ ਮੁਝ ਮਹਿ ਕਿਛ ਨਹੀ ਜੋ ਕਿਛ ਹੈ ਸੋ ਤੇਰਾ॥(੧੨੭੫) ਸਬਦੌਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸਚੀ ਹੋਇ॥ ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ॥(੪੨੯) ਭਾ ਕਾਨ੍ਹ ਸਿੰਘ ਨ੍ਹਾਭਾ ਜੀ ਭਗਤ ਦੇ ਗੁਣ ਇਉਂ ਬਿਆਨ ਕਰਦੇ ਹਨ-

ਦਯਾ ਦਿਲ ਰਾਖੈ ਸਬਹੀਂ ਸੋਂ ਮ੍ਰਿਦੁ ਭਾਖੈ ਨਿਤ, ਕਾਮ ਕ੍ਰੋਧ ਲੋਭ ਮੋਹ ਹੌਮੇ ਕੋ ਦਬਾਵੈ ਜੂ। ਕਾਹੂੰ ਮੇ ਨਾ ਤੁਖੈ ਸਭ ਹੀ ਮੋਂ ਏਕ ਬ੍ਰਹਮ ਦੇਖੈ, ਲਘੁ ਲੇਖੈ ਆਪ,ਕਰ ਨੇਮ ਤਨ ਭਾਵੈ ਜੂ।”ਦੇਵੀਦੱਤ” ਜਾਨੈ ਏਕ ਹਰਿ ਹੀ ਕੋ ਮੀਤ, ਔਰ ਜਗਤ ਕੀ ਰੀਤਿ ਮੇ ਨ ਪ੍ਰੀਤਿ ਦਰਸਾਵੇ ਜੂ।

ਦੁਖਿਤ ਹੈ ਆਪ,ਦੁਖ ਔਰ ਕੋ ਮਿਟਾਵੈ, ਏਸੋ ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ।

ਗੁਰੂ ਅਮਰਦਾਸ ਜੀ ਫੁਰਮਾਂਦੇ ਹਨ ਕਿ ਭਗਤਾਂ ਦੀ ਮਰਯਾਦਾ ਸੰਸਾਰੀਆਂ ਨਾਲੋਂ ਵੱਖਰੀ ਹੁੰਦੀ ਹੈ ਉਹ ਸੱਚੇ ਮਾਰਗ ਤੇ ਚਲਦਿਆਂ ਟੱਸ ਤੋਂ ਮੱਸ ਨਹੀਂ ਹੁੰਦੇ, ਖੰਡੇ ਦੀ ਧਾਰ ਤੇ ਚਲਦੇ ਹਨ ਜਦ ਕਿ ਸੰਸਾਰੀ ਲੋਕ ਲਾਲਚ ਵਿੱਚ ਸਿਧਾਂਤ ਤੱਕ ਬਦਲ ਦੇਂਦੇ ਹਨ-ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ,ਬਿਖਮ ਮਾਰਗਿ ਚਲਣਾ॥ਲਬੁ ਲੋਭੁ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ॥ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ਗੁਰਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ॥੧੪॥(੯੧੮)

ਨੋਟ-ਹਿੰਦੋਸਤਾਨੀ ਲੋਕ ਭਗਤ ਉਸ ਨੂੰ ਸਮਝਦੇ ਹਨ ਜਿਸ ਦਾ ਮੈਲਾ ਕੁਚੈਲਾ ਵੇਸ ਹੋਵੇ, ਗਲ ਵਿੱਚ ਮਾਲਾ ਪਾਈ ਹੋਵੇ, ਮੱਥੇ ਤੇ ਤਿਲਕ ਲਾਇਆ ਹੋਵੇ, ਗੋਲ ਪੱਗ ਜਾਂ ਲੰਬਾ ਚੋਲਾ ਪਾਇਆ ਹੋਵੇ, ਆਜ਼ਿਜ਼ ਜਿਹਾ ਹੋਕੇ ਮੰਗਦਾ ਫਿਰੇ ਅਤੇ ਅੱਖਾਂ ਮੀਟੀ ਸਮਾਧੀ ਲਾ ਬੈਠਾ ਹੋਵੇ।ਜੇ ਕਿਤੇ ਦੇਵਨੇਤ ਨਾਲ ਕਹੀ ਜਾਂਦੀ ਨੀਵੀਂ ਜਾਤਿ ਵਿੱਚ ਭਗਤ ਪੈਦਾ ਹੋ ਜਾਵੇ ਤਾਂ ਉੱਚਜਾਤੀਏ ਜਿੱਥੇ ਉਸ ਨੂੰ ਕਬੂਲ ਨਹੀਂ ਕਰਦੇ, ਸਗੋਂ ਡੱਟ ਕੇ ਵਿਰੋਧਤਾ ਕਰਦੇ ਹਨ ਓਥੇ ਉਸ ਦੇ ਜੀਵਨ ਬਾਰੇ ਵੀ ਘਟੀਆ ਕਹਾਣੀਆਂ ਜੋੜ ਦਿੰਦੇ ਹਨ ਭਾਵ ਭਗਤ ਦੇ ਸੱਚੇ-ਸੁੱਚੇ ਉਪਦੇਸ਼ਾਂ ਅਤੇ ਇਤਿਹਾਸ ਵਿੱਚ ਭੰਬਲ-ਭੁਸੇ ਪਾ ਦਿੰਦੇ ਹਨ। ਐਸਾ ਹੀ ਦਲਤਾਂ ਦੇ ਮਸੀਹੇ ਭਗਤ ਰਵਿਦਾਸ ਜੀ ਨਾਲ ਵੀ ਕੀਤਾ ਗਿਆ।ਦਾਸ ਇਹ ਹਵਾਲੇ “ਗੁਰ ਭਗਤ ਮਾਲ” ਜੋ ਕਿਸੇ ਨਿਰਮਲੇ ਸੰਤ ਅਤੇ “ਸਿੱਖ ਰਿਲੀਜਨ” ਅੰਗ੍ਰੇਜੀ ਬੁੱਕ ਜੋ ਮਿਸਟਰ ਮੈਕਾਲਿਫ਼ ਦੀ ਲਿਖੀ ਹੋਈ ਹੈ, ਵਿੱਚੋਂ ਦੇ ਰਿਹਾ ਹੈ। ਮੈਕਾਲਿਫ ਨੂੰ ਵੀ ਭਗਤ ਮਾਲਾ ਦੀ ਹੀ ਟੇਕ ਲੈਣੀ ਪਈ ਕਿਉਂਕਿ ਭਗਤਾਂ ਦੇ ਜੀਵਨ ਬਹੁਤ ਘੱਟ ਲਿਖੇ ਗਏ ਸਨ। ਭਗਤ ਰਵਿਦਾਸ ਜੀ ਬਾਰੇ ਵੀ ਇਹ ਪੁਰਾਤਨ ਸਰੋਤ ਹਨ।ਅਸਲ ਇਤਹਾਸ ਤਾਂ ਬ੍ਰਾਹਮਣ ਭਾਊਆਂ ਅਤੇ ਪਾਖੰਡੀ ਸੰਤਾਂ ਨੇ ਵਿਗਾੜ ਦਿੱਤਾ ਹੈ। ਭਗਤ ਜੀ ਦੇ ਜੀਵਨ ਬਾਰੇ ਤਾਂ ਅੱਜ ਕਲ੍ਹ ਬਹੁਤ ਲੇਖ ਛਪ ਚੁੱਕੇ ਹਨ ਪਰ ਆਪਾਂ ਉਨ੍ਹਾਂ ਦੇ ਉਪਦੇਸ਼ਾਂ ਅਤੇ ਉਨ੍ਹਾਂ ਬਾਰੇ ਪਾਏ ਗਏ ਭੁਲੇਖਿਆਂ ਦਾ ਜ਼ਿਕਰ ਕਰਨਾ ਹੈ। ਪਹਿਲੇ ਭਗਤ ਜੀ ਬਾਰੇ ਲਿਖੀਆਂ ਮਨਘੜਤ ਅਤੇ ਮਿਥਹਾਸਕ ਕਹਾਣੀਆਂ ਜੋ “ਗੁਰ ਭਗਤ ਮਾਲ ਅਤੇ ਸਿੱਖ ਰਿਲੀਜ਼ਨ” ਵਿੱਚ ਦਰਜ ਹਨ ਅਤੇ ਜੋ ਅੱਜ ਦੇ ਅਖੌਤੀ ਗਿਆਨੀ ਅਤੇ ਸੰਤ ਕਥਾਵਾਚਕ ਸੰਗਤਾਂ ਨੂੰ ਸੁਣਾ ਰਹੇ ਹਨ-

ਸਿੱਖ ਰਿਲੀਜਨ ਬੁੱਕ ਮੁਤਾਬਿਕ

੧. ਰਵਿਦਾਸ ਜੀ ਚਮੜੇ ਦੀ ਮੂਰਤੀ ਬਣਾ ਕੇ ਪੂਜਦੇ ਸਨ ਪਰ ਇਹ ਨਹੀਂ ਦੱਸਿਆ ਕਿਹੜੇ ਦੇਵਤੇ ਜਾਂ ਅਵਤਾਰ ਦੀ ਸੀ।

੨. ਮੂਰਤੀ ਪੂਜਾ ਵਿੱਚ ਮਸਤ ਹੋ ਕੇ ਕਿਰਤ-ਵਿਰਤ ਛੱਡ ਬੈਠੇ।ਤੰਗੀ ਦੀ ਹਾਲਤ ਵੇਖ ਇੱਕ ਮਹਾਤਮਾਂ ਨੇ ਇੱਕ ਪਾਰਸ ਦਿੱਤਾ ਤਾਂ ਰਵਿਦਾਸ ਨੇ ਇੱਕ ਪਾਸੇ ਰੱਖ ਛੱਡਿਆ। ਤੇਰਾਂ ਮਹੀਨੇ ਬਾਅਦ ਉਹ ਸਾਧੂ ਫਿਰ ਆਇਆ ਤਾਂ ਆਪਣਾ ਪਾਰਸ ਅਣਵਰਤਿਆ ਵੇਖ ਕੇ ਲੈ ਗਿਆ।

੩. ਜਿਸ ਟੋਕਰੀ ਵਿੱਚ ਮੂਰਤੀ ਪੂਜਾ ਦਾ ਸਮਾਨ ਰੱਖਿਆ ਹੋਇਆ ਸੀ, ਚੋਂ ਇੱਕ ਦਿਨ ੫ ਮੋਹਰਾਂ ਸੋਨੇ ਦੀਆਂ ਨਿਕਲ ਪਈਆਂ, ਰਵਿਦਾਸ ਨੇ ਟੋਕਰੀ ਨੂੰ ਹੱਥ ਲਾਉਣਾ ਵੀ ਬੰਦ ਕਰ ਦਿੱਤਾ ਤਾਂ ਪ੍ਰਮਾਤਮਾਂ ਨੇ ਅਕਾਸ਼ ਬਾਣੀ ਰਾਹੀਂ ਆਖਿਆ ਰਵਿਦਾਸ! ਤੈਨੂੰ ਤਾਂ ਮਾਇਆ ਦੀ ਚਾਹ ਨਹੀਂ ਪਰ ਹੁਣ ਸਵੀਕਾਰ ਕਰ ਲੈ ਤਾਂ ਰਵਿਦਾਸ ਮੰਨ ਗਿਆ, ਮਾਇਆ ਲੈਣੀ ਸਵੀਕਾਰ ਕਰ ਲਈ।

੪. ਕਿਸੇ ਧਨੀ ਨੇ ਬਹੁਤ ਸਾਰਾ ਧੰਨ ਦਿੱਤਾ, ਇੱਕ ਸਰਾਂ-ਮੁਸਾਫਰ ਖ਼ਾਨਾਂ ਤੇ ਸੁੰਦਰ ਮੰਦਰ ਬਣਵਾਇਆ। ਇਹ ਹਾਲਤ ਵੇਖ ਕੇ ਬਨਾਰਸ ਦੇ ਬ੍ਰਾਹਮਣਾਂ ਨੇ ਰਾਜੇ ਪਾਸ ਸ਼ਿਕਾਇਤ ਕੀਤੀ ਕਿ ਨੀਚ ਜਾਤ ਮਨੁੱਖ ਸ਼ਾਂਸ਼ਤਰ ਅਨੁਸਾਰ ਪ੍ਰਮਾਤਮਾਂ ਕੀ ਮੂਰਤ ਕੀ ਪੂਜਾ ਕਾ ਅਧਿਕਾਰੀ ਨਹੀ ਹੋ ਸਕਦਾ।੫. ਰਵਿਦਾਸ ਸ਼ਾਸ਼ਤਰਾਂ ਦੇ ਦੱਸੇ ਸਾਰੇ ਪੁੰਨ ਕਰਮ ਕਰਦਾ ਸੀ ਆਦਿਕ।

ਗੁਰ ਭਗਤ-ਮਾਲ ਅਨੁਸਾਰ

੧. ਏਕ ਬ੍ਰਹਮਚਾਰੀ ਰਾਮਾਨੰਦ ਕਾ ਸਿੱਖ ਹੂਆ।ਜੋ ਕਾਸ਼ੀ ਮੇਂ ਭਿਖਿਆ ਮਾਂਗ ਕਰ ਰਾਮਾਨੰਦ ਜੀ ਕੋ ਖਵਾਇਆ ਕਰੇ। ਉਸੀ ਗਾਉਂ ਮੇ ਏਕ ਬਾਣੀਆਂ ਵੀ ਕਹੇ ਕਿ ਮੇਰੇ ਸੇ ਭੀ ਸੀਧਾ ਲੇ ਕਰ ਰਾਮਾਨੰਦ ਜੀ ਕੋ ਭੋਗ ਲਗਵਾਇਆ ਕਰੋ। ਐਸਾ ਹੀ ਹੂਆ ਜਦ ਏਕ ਦਿਨ ਰਾਮਨੰਦ ਜੀ ਕੀ ਬਿਰਤੀ ਭਗਵਾਨ ਕੇ ਚਰਨੋਂ ਪਰ ਲੱਗੇ ਹੀ ਨਾਹੀਂ ਤਾਂ ਇਸ ਬ੍ਰਹਮਚਾਰੀ ਨੂੰ ਬੁਲਾ ਕੇ ਪੂਛਤੇ ਭਏ, ਸੀਧਾਂ ਕਹਾਂ ਸੇ ਲਾਇਆਂ ਥਾ ਤਾਂ ਰਵਿਦਾਸ ਨੇ ਕਹਾ ਏਕ ਬਾਣੀਏ ਸੇ ਜਿਸ ਕਾ ਸ਼ਾਹ ਚਮਾਰ ਥਾ ਅਰ ਜੋ ਹਮੇਸ਼ਾਂ ਹੀ ਦੁਸ਼ਟ ਕਰਮ ਕਰਤਾ ਹੈ ਤਾਂ ਰਾਮਾਨੰਦ ਜੀ ਨੇ ਕੋਪ ਹੋ ਕਰ ਕਹਾ ਅਰੇ ਦੁਸ਼ਟ ਤੁਮ ਨੀਚ ਚਮਾਰ ਕਾ ਜਨਮ ਪਾਓ।

੨. ਕੁਝ ਬ੍ਰਾਹਬਣ ਸਾਧੂ ਗੰਗਾ ਕੇ ਇਸ਼ਨਾਨ ਕੋ ਜਾ ਰਹੇ ਥੇ ਤਾਂ ਏਕ ਨੇ ਜੁੱਤੀ ਗੰਡਵਾ ਕਰ ਦਮੜੀ ਦੀ, ਤਾਂ ਰਵਿਦਾਸ ਨੇ ਕਹਾ, ਯੇਹ ਦਮੜੀ ਗੰਗਾ ਮਈਆ ਕੋ ਮੇਰੀ ਭੇਟ ਦੇ ਦੇਣੀ ਤੇ ਕਹਿਣਾ ਗੰਗਾ ਆਪਣੇ ਹਾਥ ਸੇ ਦਮੜੀ ਲੇਵੇ।

੩. ਰਵਿਦਾਸ ਦੀ ਚੜ੍ਹਦੀ ਕਲਾ ਤੇ ਮੂਰਤੀ ਪੂਜਾ ਕਰਤੇ ਵੇਖ ਬ੍ਰਾਹਮਣਾ ਨੇ ਰਾਜੇ ਪਾਸ ਸ਼ਿਕਾਇਤ ਕੀਤੀ ਤਾਂ ਕੋਲੋਂ ਮੰਤ੍ਰੀ ਨੇ ਸਲਾਹ ਦਿੱਤੀ ਕਿ ਇਨ੍ਹਾਂ ਸਾਰਿਆਂ ਨੂੰ ਆਖੋ ਆਪਣੇ ਠਾਕਰ ਨਦੀ ਵਿੱਚ ਸੁੱਟਣ ਤੇ ਫਿਰ ਬੁਲਾਉਣ ਜਿਸਕੇ ਪੱਥਰ ਕੇ ਠਾਕਰ ਨਦੀ ਤਰ ਕੇ ਜਲਦ ਆ ਜਾਣ ਉਹ ਹੀ ਅਸਲ ਪੂਜਾ ਕਾ ਆਧਿਕਾਰੀ ਹੈ। ਐਸਾ ਹੀ ਹੂਆ ਰਵਿਦਾਸ ਜੀ ਕੇ ਠਾਕੁਰ ਤੋ ਆ ਗਏ ਪਰ ਬ੍ਰਾਹਮਣੋਂ ਕੇ ਨਾ ਆਏ ਤਾਂ ਭਗਤ ਜੀ ਨੇ ਤੁਲਸੀ ਦਲ ਧੂਪ ਦੀਪ ਆਦਿ ਲੇ ਕਰ ਪੂਜਨ ਕੀਆ।

੪. ਇਹ ਸੋਭਾ ਸੁਣ ਕਰ ਚਤੌੜ ਦੀ ਰਾਣੀ ਝਾਲੀ ਭਗਤ ਜੀ ਦੀ ਸ਼ਰਧਾਲੂ ਬਣੀ।ਇਥੇ ਭੀ ਪਰਖ ਕੀਤੀ ਗਈ ਤਾਂ ਬ੍ਰਾਹਮਣਾ ਦੇ ਕਹਿਣੇ ਸੇ ਠਾਕਰ ਨਾਂ ਆਏ ਪਰ ਰਵਿਦਾਸ ਜੀ ਦੇ ਇਸ਼ਾਰਾ ਕਰਤੇ ਹੀ ਠਾਕਰ ਜੀ ਮੰਦਰ ਸੇ ਨਿਕਲਤੇ ਹੂਏ ਆ ਰਵਿਦਾਸ ਜੀ ਕੀ ਗੋਦ ਮੇਂ ਬਿਰਾਜਮਾਨ ਹੋਏ।

੫. ਬ੍ਰਾਹਮਣ ਕਹਿਨੇ ਲੱਗੇ ਆਪ ਨੇ ਜਨੇਊ ਕਿਉਂ ਨਹੀਂ ਧਾਰਾ ਤਾਂ ਰਵਿਦਾਸ ਜੀ ਨੌਹਾਂ ਨਾਲ ਸਰੀਰ ਦਾ ਮਾਸ ਉਧੇੜ ਕਰ ਭੀਤਰ ਸੇ ਸੋਨੇ ਕਾ ਜੰਜੂ ਦੇਖਾਤੇ ਭਏ।

੬. ਬਾਲਕ ਨੂੰ ਆਪਣੇ ਪਿਛਲੇ ਜਨਮ ਦੀ ਸੋਝੀ ਸੀ। ਇਸ ਲਈ ਉਸ ਨੇ ਆਪਣੀ ਚਮਾਰ ਮਾਂ ਦਾ ਦੁੱਧ ਨਾਂ ਪੀਤਾ, ਤਾਂ ਰਾਮਾਨੰਦ ਜੀ ਨੂੰ ਸੁਪਨੇ ਮੇਂ ਪ੍ਰਮਾਤਮਾਂ ਨੇ ਪ੍ਰੇਰਨਾਂ ਦੀ ਤਾਂ ਰਾਮਾਨੰਦ ਜੀ ਨੇ ਆਪਣਾ ਚਰਨ ਧੋ ਕਰ ਰਵਿਦਾਸ ਕੇ ਮੁਖ ਮੇਂ ਵੋਹ ਜਲ ਪਾ ਕਰ ਬਹੁੜੋਂ ਕਾਨ ਮੈ ਤਾਰਕ ਮੰਤ੍ਰ ਦੇ ਕਰ ਸਿੱਖ ਕੀਆ ਔਰ ਵਚਨ ਕੀਤਾ, ਹੇ ਪੁੱਤ੍ਰ! ਦੂਧ ਕਉ ਪਾਨ ਕਰੋ, ਅਬ ਬ੍ਰਾਹਮਣ ਸੇ ਦੀਖਿਆ ਲੇਨੇ ਸੇ ਸਰਬ ਪਾਪ ਭਾਗ ਗਏ ਹੈਂ।

ਉਪ੍ਰੋਕਤ ਦੋਹਾਂ ਲੇਖਕਾਂ ਮੁਤਾਬਿਕ ਰਵਿਦਾਸ ਮੂਰਤੀ ਪੂਜਕ ਸੀ ਜਿਸਨੇ ਮੂਰਤੀ ਪੂਜਕ ਬ੍ਰਾਹਮਣ ਰਾਮਾਨੰਦ ਤੋਂ ਦੀਖਿਆ ਲਈ ਸੀ।ਪਾਠ ਪੂਜਾ ਦਾ ਅਧਿਕਾਰ ਕੇਵਲ ਬ੍ਰਾਹਮਣ ਕੋਲ ਹੀ ਹੈ।

ਨੋਟ-ਕਿਸੇ ਵੀ ਮੂਰਤੀ ਪੂਜਕ, ਜਾਤ-ਪਾਤ ਤੇ ਵਰ ਸਰਾਫ ਦੇਣ ਵਾਲੇ ਅਤੇ ਕਿਰਤ ਕਮਾਈ ਦਾ ਤਿਆਗ ਕਰਨ ਵਾਲੇ ਭਗਤ ਜਾਂ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹੇ ਨਿਰੋਲ ਧਰਮ ਗ੍ਰੰਥ ਹਨ ਜੋ ਗੁਰੂ ਅਰਜਨ ਸਾਹਿਬ ਨੇ ਆਪ ਆਪਣੀ ਦੇਖ ਰੇਖ ਵਿੱਚ ਭਾਈ ਗੁਰਦਾਸ ਜੀ ਵਿਦਵਾਨ ਲਿਖਾਰੀ ਤੋਂ ਲਿਖਵਾਏ ਸਨ।

ਪਹਿਲੇ ਭੁਲੇਖਿਆਂ ਬਾਰੇ ਵਿਚਾਰ-ਜੇ ਰਾਮਾਨੰਦ ਜੀ ਮੂਰਤੀ ਪੂਜਕ ਹੁੰਦੇ ਤਾਂ ਰਵਿਦਾਸ ਜੀ ਵੀ ਹੋ ਸਕਦੇ ਸਨ ਪਰ ਰਾਮਨੰਦ ਜੀ ਤਾਂ ਆਪ ਕਹਿ ਰਹੇ ਹਨ ਕਿ-ਕਤ ਜਾਈਏ ਰੇ ਘਰਿ ਲਾਗੋ ਰੰਗ॥…ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹਿ॥੧॥…ਬੇਦ ਪੁਰਾਨ ਸਭ ਦੇਖੇ ਜੋਇ॥ਊਹਾਂ ਤਉ ਜਾਈਐ ਜਉ ਈਹਾਂ ਨਾ ਹੋਇ॥੨॥…ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸ਼ਬਦੁ ਕਾਟੈ ਕੋਟਿ ਕਰਮ॥੩॥(੧੧੯੫) ਜੇ ਰਾਮਾ ਨੰਦ ਦੇ ਸਰਾਪ ਨਾਲ ਕੋਈ ਬ੍ਰਹਮਚਾਰੀ ਬ੍ਰਾਹਮਣ ਕਿਸੇ ਚਮਾਰ ਦੇ ਘਰ ਜੰਮ ਕੇ ਰਵਿਦਾਸ ਅਖਵਾਇਆ ਸੀ ਤੇ ਰਾਮਾਨੰਦ ਜੀ ਉਸ ਦੇ ਗੁਰੂ ਵੀ ਬਣੇ ਸਨ ਤਾਂ ਜਦੋਂ ਰਵਿਦਾਸ ਜੀ ਕੁਝ ਵੱਡੇ ਹੋਏ, ਓਦੋਂ ਉਨ੍ਹਾਂ ਨੂੰ ਵੀ ਰਾਮਾਨੰਦ ਜੀ ਨੇ ਇਹ ਸਾਰੀ ਵਾਰਤਾ ਸੁਣਾਈ ਹੋਵੇਗੀ।ਅਸਚਰਜ ਬਾਤ ਤਾਂ ਇਹ ਹੈ ਕਿ ਰਵਿਦਾਸ ਜੀ ਤਾਂ ਸਾਰੀ ਉਮਰ ਆਪਣੇ ਆਪ ਨੂੰ ਚਮਾਰ ਹੀ ਆਖਦੇ ਰਹੇ ਪਰ ਕਿਤੇ ਭੀ ਨਹੀਂ ਲਿਖਿਆ ਕਿ ਮੈਂ ਪਹਿਲੇ ਬ੍ਰਾਹਮਣ ਸੀ।ਵਰ ਸਰਾਫ ਵਾਲੀ ਗੱਲ ਵੀ ਸਿਰਫ ਦੋ ਜਣਿਆਂ ਨੂੰ ਪਤਾ ਸੀ ਰਾਮਾਨੰਦ ਜੀ ਤੇ ਰਵਿਦਾਸ ਜੀ, ਫਿਰ ਗੁਰ ਭਗਤ-ਮਾਲ ਦਾ ਲਿਖਾਰੀ ਜੋ ਸੈਂਕੜੇ ਸਾਲ ਬਾਅਦ ਵਿੱਚ ਹੋਇਆ ਨੂੰ ਇਹ ਘੜੀ ਹੋਈ ਕਹਾਣੀ ਕਿਸ ਨੇ ਸੁਣਾਈ ਸੀ? ਉਸ ਵੇਲੇ ਬ੍ਰਾਹਮਣ ਭਾਊ ਦਾ ਏਨਾਂ ਜੋਰ ਸੀ ਕਿ ਜੇ ਕਿਤੇ ਇਸ ਵਾਰਤਾ ਦੀ ਕਿਸੇ ਹੋਰ ਨੂੰ ਭਿਣਕ ਵੀ ਪੈ ਜਾਂਦੀ ਤਾਂ ਕਾਵਾਂ ਰੌਲੀ ਪੈ ਜਾਣੀ ਸੀ ਤੇ ਰਾਮਾਨੰਦ ਜੀ ਨੂੰ ਬ੍ਰਾਹਮਣ ਦੀ ਕ੍ਰੋਪੀ ਦਾ ਸ਼ਿਕਾਰ ਹੋਣਾ ਪੈਣਾ ਸੀ ਕਿਉਂਕਿ ਇੱਕ ਬ੍ਰਾਹਮਣ ਚਮਾਰ ਨੂੰ ਦੀਖਿਆ ਨਹੀਂ ਸੀ ਦੇ ਸਕਦਾ ਪਰ ਰਵਿਦਾਸ ਤਾਂ ਸਾਰੀ ਉਮਰ ਪੁਕਾਰ ਪੁਕਾਰ ਕੇ ਕਹਿੰਦਾ ਰਿਹਾ-ਨਾਗਰ ਜਨਾ ਮੇਰੀ ਜਾਤਿ ਬਿਖਿਆਤ ਚੰਮਾਰੰ॥..ਮੇਰੀ ਜਾਤਿ ਕੁਟਬਾਂਡਲਾ ਢੋਰ ਢੋਵੰਤਾ,ਨਿਤਿਹਿ ਬਨਾਰਸੀ ਆਸ ਪਾਸਾ॥(੧੨੯੩) ਹੇ ਨਗਰ ਵਾਸੀਓ ਮੈ ਚਮਾਰ ਹੀ ਹਾਂ ਤੇ ਮੇਰਾ ਕੰਮ ਮੋਏ ਪਸ਼ੂਆਂ ਦੀ ਢੋਆ ਢੁਆਈ ਕਰਨਾ, ਚਮੜੀ ਉਤਾਰਨਾਂ ਅਤੇ ਜੁਤੀਆਂ ਸੀਣਾ-ਗੰਢਣਾ ਹੈ।ਹੋਰ ਵੀ ਫੁਰਮਾਂਦੇ ਹਨ-ਕਹਿ ਰਵਿਦਾਸ ਖ਼ਲਾਸ ਚਮਾਰਾ॥ਜੋ ਹਮ ਸਹਿਰੀ ਸੋ ਮੀਤ ਹਮਾਰਾ॥(੩੪੫)

ਭਗਤ ਜੀ ਦੇ ੪੦ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ।ਕਿਸੇ ਇੱਕ ਸ਼ਬਦ ਵਿੱਚ ਵੀ ਉਨ੍ਹਾਂ ਨੇ ਨਹੀਂ ਕਿਹਾ ਕਿ ਮੈਂ ਪਿਛਲੇ ਜਨਮ ਵਿੱਚ ਬ੍ਰਾਹਮਣ ਸੀ।”ਇਹ ਤਾਂ ਭਾਣਾ ਇਹ ਵਰਤਿਆ ਲਗਦਾ ਹੈ ਕਿ ਜਿਵੇਂ ਅੱਜੋਕੇ ਗਿ. ਪੂਰਨ ਸਿੰਘ ਵਰਗੇ ਟਕਸਾਲੀ ਇਹ ਕਹਿ ਰਹੇ ਹਨ ਕਿ ਸਿੱਖ ਲਵ ਕੁਛ ਦੀ ਉਲਾਦ ਹਨ।ਇਵੇਂ ਹੀ ਚਲਾਕ ਬ੍ਰਾਹਮਣ ਕਹਿ ਰਿਹਾ ਹੈ ਕਿ ਰਵਿਦਾਸ ਵੀ ਪਹਿਲੇ ਬ੍ਰਾਮਣ ਸੀ। ਸ਼ੂਦਰ ਜਾਤਿ ਜਨੇਊ ਨਹੀਂ ਪਾ ਸਕਦੀ ਫਿਰ ਭਗਤ ਰਵਿਦਾਸ ਜੀ ਕਿਵੇਂ ਪਾ ਸਕਦੇ ਸਨ? ਭਾਵੇਂ ਉਹ ਸੋਨੇ ਦਾ ਕਿਉਂ ਨਾ ਹੁੰਦਾ।ਪੱਥਰ ਦੇ ਠਾਕਰਾਂ ਦੀਆਂ ਮੂਰਤੀਆਂ ਬਣਾ ਪੂਜਣਾ ਤੇ ਸ਼ਰਧਾਲੂਆਂ ਨੂੰ ਲੁੱਟਣਾ ਬ੍ਰਾਹਮਣ ਦਾ ਕੰਮ ਹੈ ਫਿਰ ਰਵਿਦਾਸ ਜੀ ਜੋ ਚਮਾਰ ਹਨ ਕਿਵੇਂ ਮੂਰਤੀ ਪੂਜਾ ਕਰ ਸਕਦੇ ਸਨ? ਸਗੋਂ ਪੂਜਾ ਬਾਰੇ ਉਹ ਖੁਦ ਫੁਰਮਾਂਦੇ ਹਨ-ਦੂਧੁ ਤਾਂ ਬਛਰੇ ਥਣਹੁ ਬਿਟਾਰਓ॥ਫੂਲੁ ਭਵਰ ਜਲੁ ਮੀਨ ਬਿਗਾਰਿਓ॥ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਉਂ॥ਅਵਰ ਨ ਫੂਲੁ ਅਨੂਪ ਨ ਪਾਵਉਂ॥੧॥ਰਹਾਉ॥ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ॥੨॥ਧੂਪ ਦੀਪ ਨਈਬੇਦਹਿ ਬਾਸਾ॥ਕੈਸੇ ਪੂਜ ਕਰਹਿ ਤੇਰੀ ਦਾਸਾ॥੩॥ਮਨੁ ਤਨੁ ਅਰਪਉਂ ਪੂਜ ਚਰਾਵਉਂ॥ਗੁਰ ਪਰਸਾਦਿ ਨਿਰੰਜਨੁ ਪਾਵਉਂ॥੪॥ਪੂਜਾ ਅਰਚਾ ਆਹਿ ਨਾ ਤੋਰੀ॥ਕਹਿ ਰਵਿਦਾਸ ਕਵਨ ਗਤਿ ਮੋਰੀ॥੫॥(੫੨੫) ਭਗਤ ਜੀ ਤਾਂ ਮਨ ਤਨ ਅਰਪਨ ਕਰਨ ਨੂੰ ਹੀ ਅਸਲੀ ਪੂਜਾ ਕਹਿੰਦੇ ਹਨ।ਫਿਰ ਉਹ ਚਮੜੇ, ਸੋਨੇ, ਤਾਂਬੇ, ਲਕੜ ਜਾਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਅਤੇ ਕਥਿਤ ਗੰਗਾ ਮਈਆ ਦੀ ਕਸੀਰਾ ਭੇਜ ਕੇ ਪੂਜਾ ਕਿਉਂ ਕਰਨਗੇ? ਉਹ ਤਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ।ਸੋ ਗੰਗਾ ਮਈਆ ਨੂੰ ਕਸੀਰਾ ਭੇਟ ਕਰਨ ਵਾਲੀ ਗੱਲ ਬ੍ਰਾਹਮਣ ਦੀ ਲਿਖੀ ਹੋਈ ਹੈ ਜੋ ਗੰਗਾ ਮਈਆ ਦੀ ਪੂਜਾ ਕੇ ਨਾਮ ਪਰ ਲੁਟਦੇ ਸਨ ਤੇ ਲੁੱਟ ਰਹੇ ਹਨ।ਗੰਗਾ ਬ੍ਰਾਹਮਣਾ ਦੀ ਕਲਪਿਤ ਦੇਵੀ ਤਾਂ ਹੋ ਸਕਦੀ ਹੈ ਪਰ ਰੱਬੀ ਭਗਤਾਂ ਦੀ ਨਹੀਂ।ਭਗਤ ਰਵਿਦਾਸ ਜੀ ਤਾਂ ਪ੍ਰਮੇਸ਼ਰ ਦੇ ਨਾਮ ਨੂੰ ਹੀ ਸਭ ਕੁਝ ਕਹਿ ਰਹੇ ਹਨ-ਨਾਮੁ ਤੇਰੋ ਆਰਤੀ ਮਜਨ ਮੁਰਾਰੇ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥੧॥ਰਹਾਉ॥..ਨਾਮ ਤੇਰਾ ਕੇਸਰੋ ਕੇ ਛਿਟਕਾਰੇ॥..ਅੰਭੁਲਾ ਨਾਮ ਤੇਰਾ ਚੰਦਨੋ॥..ਦੀਵਾ ਨਾਮ ਤੇਰੋ ਬਾਤੀ ॥…ਤੇਲ ਲੇ ਮਾਹਿ ਪਸਾਰੇ॥..ਕੀ ਜੋਤਿ ਲਗਾਈ ਭਰਿਓ ਉਜਿਆਰੋ ਭਵਨ ਸਗਲਾਰੇ॥੨॥..ਤਾਗਾ ਨਾਮ ਫੂਲ ਮਾਲਾ ਭਾਰ ਅਠਾਰਹਿ ਸਗਲ ਜੂਠਾਰੇ॥..ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮੁ ਹੈ ਹਰਿ ਭੋਗ ਤੁਹਾਰੇ॥੪॥੩॥(੬੯੪)

ਸਾਖੀ ਮੁਤਾਬਿਕ ਭਗਤ ਜੀ ਨੇ ਕਿਰਤ ਕਰਨੀ ਵੀ ਛੱਡ ਦਿੱਤੀ।ਇੱਕ ਗ੍ਰਿਹਸਤੀ ਕਿਰਤ ਕਮਾਈ ਕਿਵੇਂ ਛੱਡ ਸਕਦਾ ਹੈ? ਕਿਰਤ ਦੀ ਮਹਾਨਤਾ ਤਾਂ ਇਸ ਪ੍ਰਕਾਰ ਵੀ ਦਰਸਾਈ ਗਈ ਹੈ-ਨਾਮਾ ਕਹੈ ਤਿਲੋਚਨਾ ਮੁਖ ਤੇ ਨਾਮ ਸਮਾਲਿ॥ਹਾਥ ਪਾਉਂ ਕਰਿ ਕਾਮੁ ਸਭੁ ਚੀਤ ਨਿਰੰਜਨ ਨਾਲਿ॥(੧੩੭੬) ਪਰ ਅੱਜ ਅਸੀਂ ਅਜਿਹੇ ਸ਼ਬਦਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਭਗਤ ਜੀ ਦੀ ਮੂਰਤੀ ਜਾਂ ਗੁਰੂ ਗ੍ਰੰਥ ਸਾਹਮਣੇ ਧੂਪ ਦੀਪ ਕੇਸਰ ਫੁੱਲ ਅਤੇ ਘਿਉ ਦੀਆਂ ਜੋਤਾਂ ਬਾਲ ਕੇ ਇਸ ਨੂੰ ਆਰਤੀ ਕਹਿ ਕੇ ਪੂਜਾ ਕਰੀ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਧੂਪਾਂ, ਦੀਪਾਂ, ਸਮਗਰੀਆਂ ਅਤੇ ਜੋਤਾਂ ਬਾਲਦੇ ਹਾਂ ਜੋ ਬ੍ਰਾਹਮਣੀ ਕਰਮਕਾਂਡ ਹਨ।ਪ੍ਰਬੰਧਕ ਇਧਰ ਧਿਆਨ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦਾ ਭਗਤ ਜਾਂ ਗੁਰੂ ਦੇ ਉਪਦੇਸ਼ ਨਾਲੋਂ ਗੋਲਕ ਦੀ ਵਧਾਈ ਵੱਲ ਵੱਧ ਧਿਆਨ ਹੁੰਦਾ ਹੈ।ਅੱਜ ਭਗਤ ਰਵਿਦਾਸ ਜੀ ਦੇ ਨਾਂ ਤੇ ਬਣਾਈਆਂ ਗਈਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵਿੱਚ ਵੀ ਅਜਿਹਾ ਹੋ ਰਿਹਾ ਹੈ।ਗੁਰਦੁਆਰੇ ਦੇ ਅੰਦਰ ਵੀ ਮੂਰਤੀਆਂ ਰੱਖੀਆਂ ਤੇ ਲਟਕਾਈਆਂ ਜਾਂਦੀਆਂ ਹਨ।ਜਦ ਕੋਈ ਭਗਵਾ ਜਾਂ ਲਾਲ ਬਾਣਾ ਧਾਰੀ ਦੇਹਧਾਰੀ ਸਾਧ ਆ ਜਾਵੇ ਤਾਂ ਗੁਰੂਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਸ਼ਪੈਸ਼ਲ ਗਦੇਲੇ, ਉਸ ਦੇ ਬੈਠਣ ਲਈ ਵਿਛਾ ਦਿੱਤੇ ਜਾਂਦੇ ਹਨ ਤੇ ਕਤਾਰਾਂ ਬੰਨ੍ਹੀ ਸੰਗਤਾਂ ਮੱਥਾ ਟੇਕਦੀਆਂ ਹਨ।ਫਿਰ ਉਹ ਸਾਧ ਸ਼ਾਸਤਰਾਂ ਦੀਆਂ ਮਿਥਿਹਾਸਕ ਕਹਾਣੀਆਂ ਭਗਤ ਰਵੀਦਾਸ ਜੀ ਦੇ ਜੀਵਨ ਨਾਲ ਜੋੜ ਕੇ ਸੁਣਾਉਂਦਾ ਹੈ।ਭਗਵੇ ਤੇ ਲਾਲ ਬਾਣੇ ਵਾਲੇ ਸੰਤ ਪਵਿੱਤਰ ਆਤਮਾਂ ਭਗਤ ਰਵਿਦਾਸ ਜੀ ਦੇ ਅਨੁਯਾਈ ਨਹੀਂ ਸਗੋਂ ਬ੍ਰਹਮਾ ਦੇ ਪੁਜਾਰੀ ਲਗਦੇ ਹਨ ਕਿਉਂਕਿ ਲਾਲ ਤੇ ਭਗਵਾਂ ਬਾਣਾ ਹਿੰਦੂ ਸਾਧਾਂ ਦਾ ਹੈ।

ਸਿਰ ਢੱਕਣਾ ਧਰਮੀ ਪੁਰਖਾਂ ਵਾਸਤੇ ਸਤਿਕਾਰ ਦਾ ਪ੍ਰਤੀਕ ਹੈ ਪੁਰਾਤਨ ਸਮੇਂ ਤਾਂ ਸਭ ਹਿੰਦੂ ਮੁਸਲਿਮ ਈਸਾਈ ਅਤੇ ਸਿੱਖ ਸਿਰ ਤੇ ਦਸਤਾਰ-ਪਗੜੀ ਬੰਨ੍ਹਦੇ ਸਨ ਫਿਰ ਭਗਤ ਰਵਿਦਾਸ ਜੀ ਨੰਗੇ ਸਿਰ ਕਿਵੇਂ ਰਹਿੰਦੇ ਹੋਣਗੇ? ਲੰਬੇ ਵਾਲਾ ਦੀ ਸਾਂਭ ਸੰਭਾਲ ਵਾਸਤੇ ਸਿਰ ਢੱਕਣਾ ਜਰੂਰੀ ਹੈ, ਓਦੋਂ ਤਾਂ ਮਿਟੀ ਘੱਟਾ ਵੀ ਅੱਜ ਨਾਲੋਂ ਜਿਆਦਾ ਉੱਡਦਾ ਸੀ ਕਿਉਂਕਿ ਸਭ ਰਸਤੇ ਕੱਚੇ ਹੁੰਦੇ ਸਨ।ਹਾਂ ਕੇਸ ਧੋ ਕੇ ਸੁਕਾਉਣੇ ਹੋਣ ਜਾਂ ਘਰ ਵਿੱਚ ਹੋ ਤਾਂ ਆਪ ਕੇਸਾਂ ਨੂੰ ਸਵਾਰ ਅਤੇ ਖੁਲ੍ਹੇ ਛੱਡ ਸਕਦੇ ਹੋ, ਕੋਈ ਭਰਮ ਨਹੀਂ ਪਰ ਕਿਸੇ ਉੱਚ ਕੋਟੀ ਦੇ ਭਗਤ ਨੂੰ ਨੰਗੇ ਸਿਰ ਰੱਖਣਾ ਤੇ ਨੰਗੇ ਸਿਰ ਵਾਲੀਆਂ ਸਦੀਆਂ ਬਾਅਦ ਬਣੀਆਂ ਫੋਟੋਆਂ ਗੁਰੂ ਘਰਾਂ ਵਿੱਚ ਰੱਖਣੀਆਂ ਕਿੱਧਰ ਦੀ ਸਿਆਣਪ ਹੈ? ਨਿਸ਼ਾਨ ਸਾਹਿਬ ਦੇ ਉਪਰ ਵੀ ਸੂਰਜ ਦੀਆਂ ਕਿਰਨਾਂ ਵਾਲਾ ਚੱਕਰ ਲਗਾਇਆ ਜਾ ਰਿਹਾ ਹੈ।ਸੂਰਜ ਬ੍ਰਾਹਮਣਾ ਅਨੁਸਾਰ ਦੇਵਤਾ ਹੈ ਪਰ ਭਗਤਾਂ ਅਨੁਸਾਰ ਇੱਕ ਕੁਦਰਤੀ ਅੱਗ ਦਾ ਗੋਲਾ ਹੈ।ਅਰਦਾਸ ਵਿੱਚ “ਬੋਲੇ ਸੋ ਨਿਰਭੈ।ਬੋਲੋ ਰਵਿਦਾਸ ਗੁਰੂ ਦੀ ਜੈ” ਜੈ ਵੀ ਮੰਦਰਾਂ ਦੇਵਾਲਿਆਂ ਵਿੱਚ ਪੁਰਾਤਨ ਸਮੇਂ ਤੋਂ ਬੁਲਾਈ ਜਾਂਦੀ ਹੈ। ਹਿੰਦੂ ਭਾਈ ਜਦ ਆਪਸ ਚ’ ਮਿਲਦੇ ਹਨ ਤਾਂ ਬੋਲਦੇ ਹਨ “ਜੈ ਰਾਮ ਜੀ ਕੀ” ਜਦ ਬੋਲੇ ਸੋ ਨਿਹਾਲ ਸਾਡਾ ਸਭ ਦਾ ਕੌਮੀ ਨਾਹਰਾ ਹੈ ਜੋ ਕੌਮ ਵਿੱਚ ਏਕਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਉਸ ਨਾਲ “ਬੋਲੋ ਰਵਿਦਾਸ ਗੁਰੂ ਕੀ ਜੈ” ਦਾ ਕੀ ਸਬੰਧ ਹੈ? ਜੈ ਤਾਂ ਸਾਰੇ ਗੁਰੂਆਂ ਭਗਤਾਂ ਦੀ ਹੈ ਨਾਂ ਕਿ ਕਿਸੇ ਇੱਕ ਭਗਤ ਦੀ।”ਬੋਲੇ ਸੋ ਨਿਹਾਲ” ਕਿਸੇ ਇੱਕ ਵਾਸਤੇ ਨਹੀਂ ਸਭ ਵਸਤੇ ਹੈ,ਵਿੱਚ ਵਿਚਾਲੇ ਕਈ ਭਾਈ ਕਹਿੰਦੇ ਹਨ ਕਿ ਅਸੀਂ ਆਦਿ ਧਰਮੀ ਹਾਂ, ਸਾਡਾ ਆਦਿ ਗ੍ਰੰਥ ਵੀ ਤਿਆਰ ਹੋ ਰਿਹਾ ਹੈ ਫਿਰ ਯਾਦ ਰੱਖੋ ਗੁਰੂ ਗ੍ਰੰਥ ਜੀ ਵਿਖੇ ਅੰਕਿਤ ਭਗਤ ਬਾਣੀ ਨੂੰ ਕੋਈ ਵੀ ਅਲੱਗ ਨਹੀਂ ਕਰ ਸਕਦਾ।ਸਭ ਹੱਕ ਗੁਰੂ ਅਰਜਨ ਸਾਹਿਬ ਜੀ ਦੇ ਰਾਖਵੇਂ ਹਨ।

ਚਮਾਰ ਹੋਣਾ ਕੁਦਰਤੀ ਹੈ ਕਿਉਂਕਿ ਹਰੇਕ ਇਨਸਾਨ ਦਾ ਜਿਸਮ ਚੰਮ ਦਾ ਹੀ ਹੈ ਸੋਨੇ ਦਾ ਨਹੀਂ।ਚਮਾਰਾਂ ਨੂੰ ਸ਼ੂਦਰ ਕਹਿ ਕੇ ਦੁਰਕਾਰਨ ਵਾਲੇ ਹੰਕਾਰੀਆਂ ਨੂੰ ਮੋੜਵਾਂ, ਸਚਾਈ ਅਤੇ ਗਹਿਰਾਈ ਭਰਿਆ ਜਵਾਬ ਦੇ ਕੇ ਭਗਤ ਜੀ ਇਨ੍ਹਾਂ ਲੋਕਾਂ ਦੀ ਖੂਬ ਖੁੰਬ ਠੱਪਦੇ ਹੋਏ ਫੁਰਮਾਉਂਦੇ ਹਨ-ਚਮਰਟਾ ਗਾਂਠਿ ਨ ਜਨਈ॥ਲੋਗੁ ਗਠਾਵੈ ਪਨਹੀ॥੧॥ਰਹਾਉ॥ਆਰ ਨਹੀ ਜਿਹ ਤੋਪਉ॥ਨਹੀ ਰਾਂਬੀ ਠਾਉਂ ਰੋਪਉ॥੧॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ॥ਹਉਂ ਬਿਨ ਗਾਂਠੇ ਜਾਇ ਪਹੂਚਾ॥ਰਵਿਦਾਸ ਜਪੈ ਰਾਮ ਨਾਮਾ॥ਮੋਹਿ ਜਮ ਸਿਉਂ ਨਾਹੀ ਕਾਮਾ॥੩॥੭॥(੬੫੯) ਲੋਕ ਸਰੀਰ ਰੂਪੀ ਜੁੱਤੀ ਹੀ ਬਾਰ ਬਾਰ ਗੰਢਾਈ ਜਾ ਰਹੇ ਹਨ ਭਾਵ ਮੋਹ ਮਾਇਆ ਗ੍ਰਸੇ ਲੋਕ ਸਰੀਰ ਨੂੰ ਸਦਾ ਚੰਗੀਆਂ ਖੁਰਾਕਾਂ, ਪੁਸ਼ਾਕਾਂ ਅਤੇ ਦਵਾਈਆਂ ਦੇ ਗਾਂਢੇ-ਤੋਪੇ ਲਵਾਉਂਦੇ ਰਹਿੰਦੇ ਹਨ।ਇਹ ਸਾਰੇ ਮੋਹ ਮਾਇਆ ਗ੍ਰਸੇ ਚਮਾਰ ਹਨ।ਫਿਰ ਇਹ ਅਗਿਆਨੀ ਤੇ ਹੰਕਾਰੀ ਮੈਨੂੰ ਚਮਾਰ-ਚਮਾਰ ਕਹਿ ਕੇ ਕਿਉਂ ਨਫਰਤ ਕਰਦੇ ਹਨ? ਓਦੋਂ ਤਾਂ ਬ੍ਰਾਹਮਣ ਦਾ ਯੁੱਗ ਸੀ, ਅੱਜ ਤਾਂ ਸਾਂਇੰਸ ਦਾ ਯੁੱਗ ਹੈ। ਊਚ-ਨੀਚ ਅੱਜ ਵੀ ਬਰਕਰਾਰ ਹੈ ਕਿਉਂਕਿ ਉੱਚ ਜਾਤੀਆਂ ਦਾ ਬੋਲ-ਬਾਲਾ ਹੈ।

ਰਵਿਦਾਸ ਭਗਤ ਜੀ ਦੇ ਸਰਬ ਸਾਂਝੇ ਉਪਦੇਸ਼

  • ਭਗਤ ਜੀ ਨੇ ਇੱਕ ਪ੍ਰਮਾਤਮਾਂ ਦੇ ਸਿਮਰਨ ਤੇ ਹੀ ਜੋਰ ਦਿੱਤਾ।ਸਿਮਰਨ ਭਾਵ ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣਾ।ਗ੍ਰਿਹਸਤ ਮਾਰਗ ਵਿੱਚ ਰਹਿੰਦਿਆਂ ਕਿਰਤ ਕਮਾਈ ਕਰਨੀ ਅਤੇ ਵੰਡ ਛੱਕਣਾ ਤੇ ਪ੍ਰਭੂ ਦੀ ਯਾਦ ਹੀ ਅਸਲ ਭਗਤੀ ਹੈ।
  • ਪ੍ਰਮਾਤਮਾਂ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ-ਕਹੁ ਰਵਿਦਾਸ ਹਾਥ ਪੈ ਨੇਰੈ॥(੬੫੮)
  • ਜਿਵੇਂ ਸੋਨੇ ਅਤੇ ਸੋਨੇ ਦੇ ਬਣੇ ਗਹਿਣੇ ਵਿੱਚ ਅੰਤਰ ਨਹੀਂ ਇਵੇਂ ਹੀ ਆਤਮਾਂ ਤੇ ਪ੍ਰਮਾਤਮਾਂ ਦਾ ਅਸਲਾ ਵੀ ਇੱਕ ਹੈ।ਗਹਿਣੇ ਸੋਨੇ ਦੀ ਸਜਾਵਟ ਹਨ ਇਵੇਂ ਹੀ ਭਗਤ ਭਗਵਾਨ ਦੀ ਸੁੰਦਰਤਾ ਹਨ।ਜਿਵੇਂ ਪਾਣੀ ਤੋਂ ਪੈਦਾ ਹੋਇਆ ਬੁਲਬੁਲਾ ਤੇ ਪਾਣੀ ਇੱਕ ਹੀ ਹਨ। ਫਰਕ ਕੇਵਲ ਵੱਖਰੀ ਬਣਤਰ ਦਾ ਹੈ-ਤੋਹੀ ਮੋਹੀ, ਮੋਹੀ ਤੋਹੀ ਅੰਤਰੁ ਕੈਸਾ॥ਕਨਕ ਕਟਿਕ ਜਲ ਤਰੰਗ ਜੈਸਾ॥(੯੩)
  • ਮਨੁੱਖਾ ਜਨਮ ਦੁਰਲੱਭ ਹੈ-ਦੁਲਭੁ ਜਨਮ ਪੁੰਨ ਫਲ ਪਾਇਓ॥(੬੫੮)
  • ਸਭ ਮਨੁੱਖ ਬਰਾਬਰ ਹਨ, ਕੋਈ ਜਾਤ-ਪਾਤ ਕਰਕੇ ਉੱਚਾ ਨੀਵਾਂ ਨਹੀਂ ਸਗੋਂ ਕਰਮਾਂ ਕਰਕੇ ਹੈ।
  • ਗੋਬਿੰਦ ਹੀ ਨੀਵਿਆਂ ਨੂੰ ਉੱਚਾ ਕਰਨ ਵਾਲਾ ਹੈ–ਨੀਚਹ ਊਚ ਕਰੈ ਮੇਰਾ ਗੋਬਿੰਦੁ॥(੧੧੦੬)
  • ਤਨ ਮਨ ਅਰਪਣਾ ਹੀ ਪ੍ਰਮਾਤਮਾਂ ਦੀ ਅਸਲ ਪੂਜਾ ਹੈ-ਮਨੁ ਤਨੁ ਅਰਪਉਂ ਪੂਜ ਚਰ੍ਹਾਵਉਂ॥(੫੨੫)
  • ਸੁੱਚ-ਭਿੱਟ ਛੂਆ-ਛਾਤ ਵਿੱਚ ਵਿਸ਼ਵਾਸ ਨਹੀਂ ਰੱਖਣਾ ਕਿਉਂਕਿ ਇਹ ਚਲਾਕ ਬ੍ਰਾਹਮਣ ਦੀ ਪੈਦਾ ਕੀਤੀ ਹੋਈ ਹੈ।ਪ੍ਰਭੂ ਭਗਤ ਨੇ ਸਫਾਈ ਰੱਖਣੀ ਹੈ ਨਾ ਕਿ ਸੁੱਚ ਭਿੱਟ ਪਰ ਅੱਜ ਕੱਲ੍ਹ ਕਈ ਗੁਰਦੁਆਰਿਆਂ ਵਿੱਚ ਵੀ ਸੁੱਚ ਭਿੱਟ ਦੇਖੀ ਜਾ ਸਕਦੀ ਹੈ।
  • ਧੂਪਾਂ ਦੀਪਾਂ ਜੋਤਾਂ ਨਾਲ ਪ੍ਰਭੂ ਦੀ ਆਰਤੀ ਨਹੀਂ ਕੀਤੀ ਜਾ ਸਕਦੀ ਪਰ ਪ੍ਰਭੂ ਦਾ ਨਾਮ ਸਿਮਰਨ ਹੀ ਸੱਚੀ ਆਰਤੀ ਹੈ-ਨਾਮ ਤੇਰੋ ਆਰਤੀ॥(੬੯੪)§ ਵਹਿਮਾਂ ਭਰਮਾਂ, ਜੁੱਗਾਂ ਤੇ ਥਿਤਾਂ ਵਾਰਾਂ ਦੀ ਪੂਜਾ ਬ੍ਰਾਹਮਣੀ ਕਰਮ ਹਨ ਭਗਤ ਲਈ ਪੂਜਾ ਕੇਵਲ ਸੁੱਚੀ ਕਿਰਤ ਤੇ ਨਾਮ ਸਿਮਰਨ ਹੀ ਹੈ-ਕਲਿ ਕੇਵਲ ਨਾਮ ਅਧਾਰ (ਗੁਰੂ ਗ੍ਰੰਥ)
  • ਪਸ਼ੂ ਪੰਛੀਆਂ ਵਿੱਚ ਇੱਕ-ਇੱਕ ਦੋਖ ਹੈ ਪਰ ਇਤਰੀ ਪੁਰਸ਼ ਵਿੱਚ ਪੰਜ ਇੱਕਠੇ ਹਨ-ਮ੍ਰਿਗ ਮੀਨ ਭ੍ਰਿੰਗ ਕੁੰਚਰ ਏਕੁ ਦੋਖ ਬਿਨਾਸ॥ ਪਾਂਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ(੪੮੬)
  • ਜਿਵੇਂ ਚੰਦਨ ਦੇ ਨਿਕਟ ਵੱਸਣ ਵਾਲੇ ਹਰਿੰਡ ਚੋਂ ਵੀ ਖੁਸ਼ਬੂ ਅਉਣ ਲੱਗ ਜਾਂਦੀ ਹੈ-ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ(੪੮੬)§ ਸਭ ਵਸਤੂਆਂ ਝੂਠੀਆਂ ਹੋ ਸਕਦੀਆਂ ਹਨ ਪਰ ਪ੍ਰਭੂ ਦਾ ਨਾਮ ਸਦਾ ਸੁੱਚਾ ਰਹਿੰਦਾ ਹੈ ਜਿਵੇਂ ਦੁੱਧ ਵੱਛੇ ਨੇ ਥਣ ਚੁੰਘਣ, ਫੁੱਲ਼ ਭਵਰੇ ਬਾਸ ਲੈਣ ਅਤੇ ਪਾਣੀ ਮੱਛੀ ਦੇ ਰਹਿਣ ਨਾਲ ਝੂਠੇ ਹੋ ਜਾਂਦੇ ਹਨ-ਦੂਧੁ ਤ ਭਛਰੈ ਥਨਹੁ ਬਿਟਾਰਿਓ॥ਫੂਲ ਭਵਰ ਜਲ ਮੀਨ ਬਿਗਾਰਿਓ॥(੫੨੫)
  • ਭਾਵੇਂ ਬ੍ਰਾਹਮਣ ਖਟ ਕਰਮ ਵੀ ਕਰੇ ਤਾਂ ਵੀ ਉਹ ਨੀਚ ਹੈ ਜੇ ਉਸ ਹਿਰਦੇ ਵਿੱਚ ਦੂਜਿਆਂ ਪ੍ਰਤੀ ਪਿਆਰ ਨਹੀਂ ਹੈ-ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੇ ਨਾਹਿ(੧੧੨੪)
  • ਜੇ ਕਹੇ ਜਾਂਦੇ ਪਾਪੀ ਅਜਾਮਲ ਤੇ ਪਾਪਣ ਪਿੰਗਲਾ ਵਰਗੇ ਚੰਗੀ ਸੰਗਤ ਕਰ, ਨਾਮ ਜਪ ਕੇ ਤਰ ਗਏ ਚਮਾਰ ਆਦਿਕ ਕਹੀ ਜਾਂਦੀ ਨੀਵੀਂ ਜਾਤ ਦੇ ਲੋਕ ਨਾਮ ਜਪ ਕੇ ਕਿਉ ਨਹੀਂ ਤਰਨਗੇ-ਅਜਾਮਲ ਪਿੰਗੁਲਾ ਲੁਭਿਤ ਕੁੰਚਰ ਗਏ ਹਰਿ ਕੈ ਪਾਸ॥ਐਸੇ ਦੁਰਮਤਿ ਨਿਸਤਰੈ ਤੂ ਕਿਉਂ ਨ ਤਰਹਿ ਰਵਿਦਾਸ॥(੧੧੨੪)
  • ਜਿਸ ਦੇ ਅੰਦਰ ਦਰਦ ਨਹੀਂ ਉਹ ਦੂਜਿਆਂ ਦੀ ਦਰਦ ਕਿਵੇਂ ਮਹਿਸੂਸ ਕਰ ਸਕਦਾ ਹੈ-ਜਿਨ ਕੇ ਅੰਤਰਿ ਦਰਦ ਨ ਪਾਈ॥ਸੋ ਕਤ ਜਾਨੈ ਪੀਰ ਪਰਾਈ(੭੯੩)§ ਚੰਮ ਤੋਂ ਬਣਿਆਂ ਹੋਣ ਕਰਕੇ ਸਾਰਾ ਸੰਸਾਰ ਹੀ ਚਮਾਰ ਹੈ ਫਿਰ ਵਖਰੇਵਾਂ ਕਾਹਦਾ? ਬ੍ਰਾਹਮਣ ਦਾ ਸਰੀਰ ਵੀ ਚੰਮ ਦਾ ਹੀ ਹੈ ਸੋਨੇ ਦਾ ਨਹੀਂ।

    § ਮੋਹ ਮਾਇਆ ਜਾਲ ਤੋਂ ਬਚਣਾ ਹੈ-ਜਿਉਂ ਕਮਲ ਰਹਹਿ ਵਿੱਚ ਪਾਣੀ ਹੇ(ਗੁਰੂ ਗ੍ਰੰਥ) ਮੋਹ ਵਿੱਚ ਫਸਿਆ ਜੀਵ ਸਰੀਰ ਰੂਪੀ ਜੁੱਤੀ ਦੀ ਹੀ ਗੰਢ-ਤੁੱਪ ਕਰਦਾ ਕਰਾਉਂਦਾ ਰਹਿੰਦਾ ਹੈ-ਲੋਗੁ ਗਠਾਵੈ ਪਨਹੀ (੬੫੯) ਪਨਹੀ (ਜੁੱਤੀ)

  • ਇਹ ਸੰਸਾਰ ਬਿਨਸਨਹਾਰ ਹੈ-ਜੋ ਦਿਨ ਆਵਹਿ ਸੋ ਦਿਨ ਜਾਹੀ॥ਕਰਨਾ ਕੂਚ ਰਹਿਣ ਥਿਰ ਨਾਹੀ॥(੭੯੩)
  • ਪਤੀ ਦੀ ਸਾਰ ਸੁਹਾਗਣ ਹੀ ਜਾਣ ਸਕਦੀ ਹੈ-ਸਹ ਕੀ ਸਾਰ ਸੁਹਾਗਨਿ ਜਾਣੈ॥(੭੯੩) ਭਾਵ ਗੁਰੂ ਗਿਆਨ ਵਾਲੀ ਜੀਵ ਇਸਤਰੀ ਹੀ ਪ੍ਰਮਾਤਮਾਂ ਪਤੀ ਨੂੰ ਜਾਣ-ਪਹਿਚਾਣ ਸਕਦੀ ਹੈ।
  • ਗਿਆਨ ਦੀ ਪ੍ਰਾਪਤੀ ਲਈ ਕਰਮ ਅਭਿਆਸ ਕਰਨਾ ਹੈ ਪਰ ਜਦ ਗਿਆਨ ਹੋ ਜਾਵੇ ਤਾਂ ਤੋਤਾ ਰਟਨੀ ਛੱਡ ਦੇਣੀ ਚਾਹੀਦੀ ਹੈ-ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥(੧੧੬੭) ਜਿਵੇਂ ਅਸੀਂ ਪਹਿਲੀ ਜਮਾਤ ਦੇ ਕੈਦੇ ਕਿਤਾਬਾਂ ਤੋਂ ਉੱਪਰ ਉੱਠਦੇ ਜਾਂਦੇ ਹਾਂ ਇਵੇਂ ਹੀ ਕਰਮ ਜਾਲ ਤੋਂ ਉਪਰ ਉੱਠਣਾ ਹੈ।
  • ਨਸ਼ਿਆਂ ਦਾ ਤਿਆਗ ਕਰਨਾ ਹੈ।ਸ਼ਰਾਬ ਭਾਵੇਂ ਪਵਿੱਤਰ ਕਹਿ ਜਾਂਦੇ ਗੰਗਾ ਆਦਿਕ ਦੇ ਜਲ ਤੋਂ ਵੀ ਤਿਆਰ ਕੀਤੀ ਗਈ ਹੋਵੇ ਪਾਨ ਨਹੀਂ ਕਰਨੀ-ਸੁਰਸਰੀ ਸਲਨ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰ॥(੧੨੯੩) ਸੁਰਸਰੀ-ਗੰਗਾ, ਬਾਰੁਨੀ-ਸ਼ਰਾਬ, ਪਾਨੰ-ਪੀਣਾ।
  • ਜੇ ਨੀਚ ਜਾਤ ਜੀਵ ਪ੍ਰਭੂ ਦੀ ਸ਼ਰਣ ਆ ਜਾਵੇ ਤਾਂ ਉੱਚ ਜਾਤੀਏ ਵੀ ਡੰਡਾਉਤਾਂ ਕਰਦੇ ਹਨ-ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਾਉਤਿ, ਤੇਰੇ ਨਾਮ ਸਰਨਾਇ ਰਵਿਦਾਸ ਦਾਸਾ॥(੧੨੯੩)
  • ਪ੍ਰਭੂ ਭਗਤ ਹਿਰਦੇ ਰੂਪੀ ਦੀਵੇ ਵਿੱਚ ਨਾਮ ਦੀ ਜੋਤਿ ਜਗਾਉਂਦੇ ਹਨ ਨਾ ਕਿ ਕਿਸੇ ਘਿਉ ਤੇ ਰੂੰ ਦੀ-ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥(੬੯੩)
  • ਐਸਾ ਰਾਜ ਹੋਵੇ ਜਿੱਥੇ ਕੋਈ ਚਿੰਤਾ ਫਿਕਰ ਗਮ ਖੌਫ ਆਦਿਕ ਨਾ ਹੋਵੇ। ਸਭ ਦੇ ਹੱਕ ਬਾਰਬਰ ਹੋਣ, ਕਿਸੇ ਬੇ ਕਸੂਰ ਨੂੰ ਤੰਗ ਨਾ ਕੀਤਾ ਜਾਵੇ।ਜਿਥੇ ਸਭ ਦੀ ਖੈਰ ਮੰਗੀ ਜਾਵੇ, ਜਿਥੇ ਕੋਈ ਗੁਲਾਮ ਨਾਂ ਹੋਵੇ, ਜਿੱਥੇ ਹਰੇਕ ਅਜ਼ਾਦੀ ਦਾ ਨਿੱਘ ਮਾਣ ਸਕੇ, ਜਿੱਥੇ ਹਰ ਸ਼ਹਿਰੀ ਨਾਲ ਮਿਤਰਤਾਭਾਵ ਵਾਲਾ ਸਲੂਕ ਕੀਤਾ ਜਾਵੇ, ਜਿੱਥੇ ਸਭ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਹੋਵੇ ਅਤੇ ਸਭ ਨੂੰ ਕੰਮ ਭਾਵ ਰੁਜਗਾਰ ਮਿਲੇ।ਜਿੱਥੇ ਕਿਸੇ ਨਾਲ ਵਿਤਕਰਾ ਆਦਿਕ ਨਾਂ ਕੀਤਾ ਜਾਵੇ-ਬੇਗਮਪੁਰਾ ਸਹਰ ਕੋ ਨਾਉ॥ਧੂਖੁ ਅੰਦੋਹ ਨਹੀ ਤਿਹਿ ਠਾਉ॥..ਊਹਾ ਖੈਰਿ ਸਦਾ ਮੇਰੇ ਭਾਈ॥ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ਮਹਿਰਮ ਮਹਲ ਨ ਕੋ ਅਟਕਾਵੈ॥ਕਹਿ ਰਵਿਦਾਸ ਖਲਾਸ ਚਮਾਰਾ॥ਜੋ ਹਮ ਸ਼ਹਿਰੀ ਸੋ ਮੀਤ ਹਮਾਰਾ॥(੩੪੫)
  • ਵਹਿਮਾਂ ਭਰਮਾਂ ਤੇ ਸਵਰਗ ਨਰਕ ਦੇ ਡਰਾਵੇ ਫਜ਼ੂਲ ਹਨ-ਮਾਧਵੇ ਕਿਆ ਕਹੀਐ ਭ੍ਰਮ ਐਸਾ॥ਜੈਸਾ ਮਾਨੀਐ ਹੋਇ ਨਾ ਤੈਸਾ॥(੬੫੭) ਹਰੀ ਰੂਪੀ ਹੀਰੇ ਨੂੰ ਛੱਡ ਕੇ ਰੋੜਾਂ ਤੇ ਆਸ ਲਾ ਲੈਣੀ ਭਾਵ ਸ਼ਬਦ ਗੁਰੂ ਪ੍ਰਮੇਸ਼ਰ ਨੂੰ ਛੱਡ ਕੇ ਹੰਕਾਰੀ-ਵਿਕਾਰੀ-ਮਕਾਰੀ ਸਾਧਾਂ ਰੂਪੀ ਠੱਗਾਂ ਦੇ ਮੱਗਰ ਲੱਗੇ ਫਿਰਨਾ ਹੀ ਦੋਜ਼ਕ ਦੀ ਅੱਗ ਵਿੱਚ ਸੜਨਾਂ ਹੈ-ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸੁ॥ ਤੇ ਨਰ ਦੋਜ਼ਕ ਜਾਹਿਗੇ ਸਤੁ ਭਾਖੈ ਰਵਿਦਾਸ॥(੧੩੭੭)

ਐਸੇ ਕ੍ਰਾਂਤੀਕਾਰੀ-ਕਲਿਆਣਕਾਰੀ ਅਗਾਂਹਵਧੂ ਵਿਚਾਰਾਂ ਵਾਲੇ ਭਗਤ ਰਵਿਦਾਸ ਜੀ ਨੂੰ ਸਦ-ਸਦ ਨਮਸ਼ਕਾਰ! ਭਗਤ ਜੀ ਦੇ ਗਿਆਨ ਭਰਪੂਰ ਕ੍ਰਾਂਤੀਕਾਰੀ ਵਿਚਾਰਾਂ ਦਾ ਡੰਕਾ ਹਰ ਪਾਸੇ ਵਜਿਆ ਹੋਇਆ ਸੀ ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਬੁਲੰਦ ਬਾਂਗ ਆਪਣੀਆਂ ਵਾਰਾਂ ਵਿੱਚ ਕੀਤਾ ਹੈ-ਭਗਤ ਭਗਤ ਕਰਿ ਵਜਿਆ ਚਹੁੰ ਜੁੱਗਾਂ ਵਿਚਿ ਚਮਰੇਟਾ (ਭਾ.ਗੁ) ਗੁਰੂ ਅਰਜਨ ਸਾਹਿਬ ਜੀ ਵੀ ਭਗਤ ਰਵਿਦਾਸ ਜੀ ਦੀ ਭਗਤੀ ਦੀ ਸਿਖਰ ਅਤੇ ਪ੍ਰਸਿੱਧੀ ਦਾ ਜਿਕਰ ਕਰਦੇ ਫੁਰਮਾਂਦੇ ਹਨ-ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ਪਰਗਟ ਹੋਆ ਸਾਧ ਸੰਗਿ ਹਰਿ ਦਰਸਨ ਪਾਇਆ॥(੪੮੭) ਐਸੇ ਗਿਆਨ ਵਿਗਿਆਨ, ਪਰਉਪਕਾਰ, ਸੇਵਾ ਸਿਮਰਨ, ਨਿਰਭੈਤਾ ਅਤੇ ਅਜ਼ਾਦ ਵਿਚਾਰਾਂ ਵਾਲੀ ਪ੍ਰਤਿਮਾਂ ਦੇ ਰੂਪ ਸਨ ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ।ਜੇ ਆਪਾਂ ਬ੍ਰਾਹਮਣਵਾਦ ਤੋਂ ਬਚਣਾ ਚਾਹੁੰਦੇ ਹਾਂ ਤਾਂ ਗੁਰੂਆਂ ਭਗਤਾਂ ਦੀ ਵਿਚਾਰਧਾਰਾ ਦੇ ਸਮੁੰਦਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀ ਨੂੰ ਹੀ ਅਪਣਾ ਕੇ ਪ੍ਰਚਾਰ ਕਰੀਏ।ਕਿਸੇ ਜਾਤਿ-ਪਾਤਿ ਜਾਂ ਪਾਰਟੀ ਅਤੇ ਲੀਡਰ ਦੇ ਵਖਰੇਵੇਂ ਵਾਲੇ ਭਰਮ ਵਿੱਚ ਨਾਂ ਪਈਏ।ਇਸ ਵਿੱਚ ਹੀ ਸਾਡੀ ਸਭ ਦੀ ਚੜ੍ਹਦੀ ਕਲਾ ਦਾ ਰਾਜ ਹੈ। ਆਓ ਜਾਤਾਂ ਪਾਤਾਂ ਦਾ ਕੋਹੜ ਕੱਟ ਕੇ ਸਾਰੇ ਇਨਸਾਨ ਅਤੇ ਰੱਬੀ ਭਗਤ ਬਣੀਏ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ

0

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਭਿਣਕ ਪੈਣ ਤੇ ਵਿਦਿਆਰਥੀਆਂ ਦੀ ਮੁਸਤੈਦਗੀ ਕਾਰਨ ਇਨ੍ਹਾਂ ਦਸਤਾਵੇਜਾਂ ਨਾਲ ਭਰਿਆ ਟਰੱਕ ਯੂਨੀਵਰਸਿਟੀ ਦੇ ਬਾਹਰ ਜਾਣ ਤੋਂ ਰੋਕ ਲਿਆ ਗਿਆ ਹੈ।ਇਨ੍ਹਾਂ ਦਸਤਾਵੇਜਾਂ ਵਿੱਚ ਗੁਰਬਾਣੀ ਦਾ ਇੱਕ ਪੁਰਾਤਨ ਹੱਥ ਲਿਖਤ ਖਰੜਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਇਤਿਹਾਸਿਕ ਦਸਤਾਵੇਜਾਂ, ਧਾਰਮਿਕ ਗ੍ਰੰਥਾਂ ਅਤੇ ਪੁਰਾਤਨ ਹੱਥ ਲਿਖਤ ਖਰੜਿਆਂ ਨਾਲ ਭਰਿਆ ਟਰੱਕ ਵਿਦਿਆਰਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਨ੍ਹਾਂ ਨੂੰ ਇਨ੍ਹਾਂ ਦਸਤਾਵੇਜਾਂ ਦੇ ਵੇਚੇ ਜਾਣ ਬਾਰੇ ਪਤਾ ਲੱਗਾ ਤਾਂ ਵਿਦਿਆਰਥੀਆਂ ਨੇ ਲਾਈਬਰੇਰੀ ਦੀ ਇੰਚਾਰਜ ਮੈਡਮ ਸਰੋਜ ਬਾਲਾ ਕੋਲ ਇਸ ਦੀ ਸ਼ਿਕਾਇਤ ਕੀਤੀ। ਮੈਡਮ ਨੇ ਕਿਹਾ ਕਿ ਲਾਇਬਰੇਰੀ ਵਿੱਚ ਇਨ੍ਹਾਂ ਦਸਤਾਵੇਜਾਂ ਦੀਆਂ ਦੋ-ਦੋ ਨਕਲਾਂ ਸਨ, ਇਸ ਲਈ ਇੱਕ-ਇੱਕ ਨਕਲ ਵੇਚੀ ਗਈ ਹੈ। ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਮੋਜੂਦ ਨਕਲਾਂ ਵਖਾਉਣ ਲਈ ਕਿਹਾ ਤਾਂ ਮੈਡਮ ਉਹ ਨਕਲਾਂ ਵਿਦਿਆਰਥੀਆਂ ਨੂੰ ਨਹੀਂ ਵਖਾ ਸਕੀ। ਵਿਦਿਆਰਥੀਆਂ ਦੇ ਦੱਸਣ ਅਨੁਸਾਰ ਲਾਇਬਰੇਰੀ ਇੰਚਾਰਜ ਮੈਡਮ ਨੂੰ ਜਦੋਂ ਉਨ੍ਹਾਂ ਟਰੱਕ ਵਿੱਚੋਂ ਮਿਲੇ “ਨਿਰਗੁਣਿਆਰਾ” ਮੈਗਜ਼ੀਨ ਦੀ ਕਾਪੀ ਵਖਾਉਣ ਲਈ ਕਿਹਾ ਤਾਂ ਮੈਡਮ ਨੇ ਵਿਦਿਆਰਥੀਆਂ ਤੋਂ ਟਰੱਕ ਵਿੱਚੋਂ ਮਿਲਿਆ “ਨਿਰਗੁਣਿਆਰਾ” ਮੈਗਜ਼ੀਨ ਫੜ ਕੇ ਪਾੜ ਦਿੱਤਾ। ਪਾੜਿਆ ਗਿਆ 1963 ਦਾ “ਨਿਰਗੁਣਿਆਰਾ” ਰਸਾਲਾ ਇਨ੍ਹਾਂ ਇਤਿਹਾਸਿਕ ਦਸਤਾਵੇਜਾਂ ਵਿੱਚ ਜਿੱਥੇ ਕਈ ਪੁਰਾਣੀਆਂ ਲਿਖਤਾਂ ਅਤੇ ਰਸਾਲੇ ਸ਼ਾਮਿਲ ਹਨ, ਉਸ ਦੇ ਨਾਲ ਹੀ ਕਈ ਧਾਰਮਿਕ ਸ੍ਰੋਤ ਵੀ ਹਨ। ਇਸ ਸਬੰਧੀ ਜਦੋਂ ਸਿੱਖ ਸਿਆਸਤ ਵੱਲੋਂ ਯੂਨੀਵਰਸਿਟੀ ਰਜਿਸਟਰਾਰ ਨਾਲ ਗੱਲ ਕੀਤੀ ਗਈ ਤਾਂਉਨ੍ਹਾਂ ਕਿਹਾ ਕਿ ਲਾਬਿਰੇਰੀ ਵਿੱਚੋਂ ਰੱਦੀ ਕੱਢਣ ਵੇਲੇ ਗਲਤੀ ਨਾਲ ਕੁਝ ਇਤਿਹਾਸਿਕ ਅਤੇਧਾਰਮਿਕ ਗ੍ਰੰਥ ਵੀ ਲਾਇਬਰੇਰੀ ਤੋਂ ਬਾਹਰ ਉਸ ਟਰੱਕ ਵਿੱਚ ਲੱਦ ਦਿੱਤੇ ਗਏ, ਜਿਸ ਦੀਯੂਨੀਵਰਸਿਟੀ ਵੱਲੋਂ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀਜਾਵੇਗੀ। ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਸਤਾਵੇਜਾਂ ਨੂੰ ਵੇਚਣ ਲਈ ਯੂਨੀਵਰਸਿਟੀ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਵੇਖਣ ਦੀ ਮੰਗ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਕਰ ਰਹੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਉਸ ਟੈਂਡਰ ਦੀ ਕਾਪੀ ਦੇਣ ਤੋਂ ਇਨਕਾਰੀ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੰਦੇ ਹੋਏ ਵਿਦਿਆਰਥੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਸ ਘਟਨਾ ਦੇ ਰੋਸ ਵਜੋਂ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਦੇ ਮੇਨ ਗੇਟ ਤੇ ਧਰਨਾ ਲਾ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਮੰਗ ਹੈ ਕਿ ਟੈਂਡਰ ਦੀ ਕਾਪੀ ਵਿਦਿਆਰਥੀਆਂ ਨੂੰ ਦਿੱਤੀ ਜਾਵੇ, ਲਾਬਿਰੇਰੀ ਇੰਚਾਰਜ ਮੈਡਮ ਸਰੋਜ ਬਾਲਾ ਅਤੇ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਨੂੰ ਬਰਖਾਸਤ ਕੀਤਾ ਜਾਵੇ ਅਤੇ ਲਾਇਬਰੇਰੀ ਵਿੱਚੋਂ ਬੇਚੀਆਂ ਗਈਆਂ ਕਿਤਾਬਾਂ ਅਤੇ ਇਤਿਹਾਸਿਕ ਦਸਤਾਵੇਜਾਂ ਨੂੰ ਮੁੜ ਲਾਬਿਰੇਰੀ ਵਿੱਚ ਸਥਾਪਿਤ ਕਰਕੇ ਸਹੀ ਸੰਭਾਲ ਲਈ ਇਨ੍ਹਾਂ ਦਸਤਾਵੇਜਾਂ ਨੂੰ ਡਿਜੀਟਲਾਈਜ਼ ਕੀਤਾ ਜਾਵੇ।

16-2-2016

ਕਰਮਜੀਤ ਸਿੰਘ

ਵਿਸਾਖੀ ਦਾ ਮਹੱਤਵ

0

ਵਿਸਾਖੀ ਦਾ ਮਹੱਤਵ

ਸ. ਸੁਰਿੰਦਰ ਸਿੰਘ ‘ਖਾਲਸਾ’

ਆਈ ਵਿਸਾਖੀ, ਸਿੱਖਾ ! ਆਈ ਵਿਸਾਖੀ, ਕੇਸਗੜ੍ਹ ਦਾ ਸੁਨੇਹਾ ਲੈ ਕੇ ਆਈ ਵਿਸਾਖੀ।

ਜਦ ਸਤਿਗੁਰ ਅੰਮ੍ਰਿਤ ਛਕਾਇਆ ਸੀ, ਸੋਹਣਾ ਖਾਲਸਾ ਪੰਥ ਸਜਾਇਆ ਸੀ,

ਸਿੱਖਾਂ ਨੂੰ ਪਰਚਾ ਪਾਇਆ ਸੀ, ਸਿਰ ਦੇ ਕੇ ਸਿੰਘਾਂ ਮਨਾਈ ਵਿਸਾਖੀ, ਸਿੱਖਾ ! ਆਈ..।

ਪੰਜ ਕਕਾਰ ਸਿੱਖੀ ਦੇ ਸ਼ਿੰਗਾਰ ਬਣ ਗਏ, ਕੰਘਾ, ਕੜਾ, ਕਛਹਿਰਾ ਯਾਰ ਬਣ ਗਏ,

ਕੇਸ ਰੱਖ ਕੇ ਸੋਹਣੇ ਸਰਦਾਰ ਬਣ ਗਏ, ਕ੍ਰਿਪਾਨ ਕਰੇ ਧੀ-ਭੈਣ ਦੀ ਰਾਖੀ, ਸਿੱਖਾ ! ਆਈ….।

ਹਰ ਸਿੱਖ ਲਈ ਪਾਹੁਲ ਜਰੂਰੀ ਹੈ, ਸਿੱਖੀ ਦੇ ਸਕੂਲ ’ਚ ਐਡਮੀਸ਼ਨ ਜਰੂਰੀ ਹੈ,

ਦਾਖ਼ਲਾ ਹੋ ਗਿਆ ਤਾਂ ਪੜ੍ਹਾਈ ਜ਼ਰੂਰੀ ਹੈ, ਅੰਨ੍ਹੀ ਸ਼ਰਧਾ ਹੋ ਜਾਵੇ ਸੁਜਾਖੀ, ਸਿੱਖਾ ! ਆਈ……।

ਬਾਣੀ ਪੜ੍ਹਨੀ ਬਾਣੀ ਵੀਚਾਰਨੀ ਐ, ਬਾਣੀ ਦੀ ਸਿਖਿਆ ਜ਼ਿੰਦਗੀ ’ਚ ਧਾਰਨੀ ਐ,

ਨਿੱਤਨੇਮ ਦੀ ਜ਼ਿੰਦਗੀ ਗੁਜ਼ਾਰਨੀ ਐ, ਖੁਦ ਸਤਿਗੁਰਾਂ ਇਹ ਗੱਲ ਆਖੀ, ਸਿੱਖਾ ! ਆਈ…..।

ਕੇਸਗੜ੍ਹ ਦਾ ਏਹੋ ਕਹਿਣਾ ਏ, ਕੇਸਾਂ ਬਿਨਾ ਤਾਂ ਸਿੱਖ ਨੇ, ਨਾ ਰਹਿਣਾ ਏ,

ਸਿੰਘਾਂ ਨੇ ਗੁਰਾਂ ਦੀ ਗੋਦੀ ਬਹਿਣਾ ਏ, ਗੁਰੂ ਜੀ ਦੇਣਗੇ ਕੰਡ ’ਤੇ ਥਾਪੀ, ਸਿੱਖਾ ! ਆਈ…।

ਰਹਿਣਾ ਬੱਚ ਕੇ ਚਾਰ ਕੁਰਹਿਤਾਂ ਤੋਂ, ਸੇਧ ਲੈਣੀ ਗੁਰਮਤਿ ਦੀਆਂ ਰਹਿਤਾਂ ਤੋਂ,

ਦੂਰ ਰਹਿਣਾ ਮਾੜੀਆਂ ਸੋਹਬਤਾਂ ਤੋਂ, ਗੁਰਾਂ ਨੇ ਬਾਣੀ ’ਚ ਇਹ ਗੱਲ ਆਖੀ, ਸਿੱਖਾ ! ਆਈ..।

ਸੁਣੋ, ਸਿੱਖ ਦੀ ਜੋ ਸਮਾਂ-ਸਾਰਨੀ ਹੈ, ਨਿੱਤਨੇਮ; ਸੁਬ੍ਹਾ, ਸ਼ਾਮ ਦਾ ਕਾਂਖੀ (ਚਾਹਵਾਨ), ਸਿੱਖਾ ! ਆਈ..।

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ਫਤਿਹਾਬਾਦ ਫੋਨ=94662 66708, 97287 43287,

E -MAIL= sskhalsa223@yahoo.com sskhalsa1957@gmail.com

‘ਗੁਰਮਤ’ ਬਨਾਮ ‘ਸਿੱਖ’ ਬਨਾਮ ‘ਜਗਤ ਜਨਨੀ’ 8 ਮਾਰਚ ਨੂੰ ਔਰਤ ਡੇ ’ਤੇ ਵਿਸ਼ੇਸ਼

0

‘ਗੁਰਮਤ’ ਬਨਾਮ ‘ਸਿੱਖ’ ਬਨਾਮ ‘ਜਗਤ ਜਨਨੀ’ 8 ਮਾਰਚ ਨੂੰ ਔਰਤ ਡੇ ’ਤੇ ਵਿਸ਼ੇਸ਼

ਸ੍ਰ ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ਫਤਿਹਾਬਾਦ ਫੋਨ=94662 66708,97287 43287

ਗੁਰੂ ਨਾਨਕ ਸਾਹਿਬ ਦੇ ਭੋਲ਼ੇ, ਨ-ਸਮਝ ਸਿੱਖਾਂ ਦੀ, ਲਗਦੈ ਮਤਿ ਗਈ ਮਾਰੀ ਐ।

ਵੇਖਾ ਵੇਖੀ ਕਰਮ ਕਰਨ ਬ੍ਰਾਹਮਣੀ, ਮਾਨੋ ਗੁਰੂ ਦੀ ਬਜਾਏ ਬਿਪਰਾਂ ਨਾਲ ਯਾਰੀ ਐ।

ਬੰਦਿਸ਼ ਲਗਾਉਂਦੇ ਜਗਤ-ਜਨਨੀ ’ਤੇ, ਉਝ ਕਹਿਣ ਸਿੱਖੀ ਸਭ ਤੋਂ ਨਿਆਰੀ ਐ।

ਅੰਮ੍ਰਿਤ ਛਕਾਉਂਦੇ ਪੰਜ ਬਣ ਕੇ, ਜਿਨ੍ਹਾਂ ’ਚ ਔਰਤ ਦੀ ਨਾ ਕੋਈ ਜ਼ਿੰਮੇਵਾਰੀ ਐ।

ਕੀਰਤਨ ਹੋਵੇ ਦਰਬਾਰ ਸਾਹਿਬ ’ਚ ਜਾਂ ਅਕਾਲ ਤਖ਼ਤ ਦੀ ਮਿਲੇ ਜਥੇਦਾਰੀ ਐ।

ਸ਼ਬਦ ‘ਜੋਰੂ ਸਿਰਨਾਵਨੀ’ ਪ੍ਰਤੀ ਨਫ਼ਰਤ ਰਹਿੰਦੀ, ਲਗਦੈ ਸਭ ਨੇ ਵਿਸਾਰੀ ਐ।

‘ਸੋ ਕਿਉਂ ਮੰਦਾ ਆਖੀਐ’ ? ਸਟੇਜ ’ਤੇ ਪੜੀ ਜਾਣ, ਪਰ ਗੱਲ ਨਾ ਵਿਵਹਾਰੀ ਐ।

‘ਜਿਤੁ ਜੰਮਹਿ ਰਾਜਾਨ’ ਗੁਰੂ ਨਿੱਤ ਕਹਿੰਦੇ, ਧਾਰਨਾ ਅਮਲਾਂ ’ਚ ਉਲਟੀ ਧਾਰੀ ਐ।

ਪੰਥਕ ਫ਼ੈਸਲਿਆਂ ਰਾਹੀਂ ਇਤਿਹਾਸ ਦੱਸੇ, ਮਾਨੋ ਸਿੱਖਾਂ ਲਈ ਜਨਨੀ ਤਾਂ ਵਿਚਾਰੀ ਐ।

ਭੋਗਣ ਦੀ ਵਸਤੂ ਕੇਵਲ ਰਹਿ ਜਾਵੇ, ਜਦ ਚਾਰੋਂ ਤਰਫ਼ ਬੰਧਨਾਂ ਦੀ ਚਾਰ-ਦੀਵਾਰੀ ਐ।

ਬੰਧਨ ਤੋੜਨ ’ਚ ਹਿੱਮਤ ਕਿਵੇਂ ਜੁਟਾਵੇ, ਜਦ ਪੈਰ ਪੈਰ ’ਤੇ ਜਾਂਦੀ ਦੁਰਕਾਰੀ ਐ।

ਜ਼ੁਲਮ ਸਹਿਣ ਨੂੰ ਸਭ ਤੋਂ ਅੱਗੇ, ਜਿਵੇਂ ਮੰਨੂ ਯੁਗ ਤੇ ਚੌਰਾਸੀ ਸਮੇਂ ਦੀ ਨਾਰੀ ਐ।

ਸਾਧਾਂ ਨੇ ਸੇਧ ਨਾ ਲਈ ‘ਮਾਈ ਭਾਗੋ’ ਤੋਂ, ਜੋ ਬੇ-ਦਾਵਿਆਂ ਨੂੰ ਰੱਦ ਕਰਾਵਣਹਾਰੀ ਐ।

‘ਲੰਗਰਿ ਦਉਲਤਿ’ ਮਾਤਾ ਖੀਵੀ ਰਾਹੀਂ ਚੱਲੇ, ਜਿਸ ’ਚ ‘ਅੰਮ੍ਰਿਤੁ ਖੀਰਿ ਘਿਆਲੀ॥’ ਐ

ਮਾਤਾ ਗੂਜਰੀ ਵੀ ਇਕ ਜਨਨੀ ਸੀ, ਜੋ ਮਾਨਵਤਾ ਲਈ ‘ਚਾਨਣ ਮੁਨਾਰੀ’ ਐ।

ਸ਼ਬਦ ਗੁਰੂ, ਪਿਆ ਜਗਤ ਗੁਰੂ ਅਖਵਾਉਂਦਾ, ਮੰਨਣ ਤੋਂ ਕੌਣ ਇਨਕਾਰੀ ਐ ?

ਸਿਰ ਝੁਕਾਵੇ ਜੋ ਪੂਰਨ ਸ਼ਰਧਾ ਨਾਲ, ਬੇੜੀ ਉਸ ਦੀ ਲਗਦੀ ਪਾਰਉਤਾਰੀ ਐ।

ਸਮਾਜ ’ਚ ਹੋ ਜਾਂਦੀ ਸਮਾਨਤਾ, ਜਦ ਮੰਨੀ ਜਾਵੇ ਬੱਚੀ, ਲੜਕੇ ਤੋਂ ਪਿਆਰੀ ਐ।

ਨਾ ਕੋਈ ਜੁਗਨੀ ਸਾਡੀ, ਨਾ ਕੋਈ ਛੱਲਾ, ਸੱਜਦਾ ਖੁਦ ਨੂੰ ਹੀ ਕਰ ਜਾਵਾਂਗਾ।

0

ਨਾ ਕੋਈ ਜੁਗਨੀ ਸਾਡੀ, ਨਾ ਕੋਈ ਛੱਲਾ, ਸੱਜਦਾ ਖੁਦ ਨੂੰ ਹੀ ਕਰ ਜਾਵਾਂਗਾ।

ਜਸਪ੍ਰੀਤ ਸਿੰਘ, ਵਿਦਿਆਰਥੀ ਪੀ. ਏ. ਯੂ. (ਲੁਧਿਆਣਾ) ਨਿਵਾਸੀ ਬਠਿੰਡਾ 99886-46091

ਐ ਮੌਤੇ ! ਸੋਹਨੀ ਬਣ ਕੇ ਆਈਂ, ਮੈਂ ਜ਼ਰੂਰ ਅਪਨਾਵਾਂਗਾ।

ਸਿੱਧਾ ਆ ਕੇ ਮਿਲੀਂ ਮੈਨੂੰ, ਘੁੱਟ ਕੇ ਜੱਫੀ ਪਾਵਾਂਗਾ।

ਬੇਵਫਾ ਕਿਸਮ ਦਾ ਹਾਂ ਉਂਜ ਤਾਂ ਮੈਂ, ਪਰ ਤੈਨੂੰ ਮਿਲ ਕੇ ਤੇਰਾ ਹੋ ਜਾਵਾਂਗਾ।

ਤੇਰੀ ਕਰਦਾ ਪਿਆ ਉਡੀਕ ਚਾਹ ਕੇ, ਨਾ ਤੈਨੂੰ ਵੇਖ ਕੇ ਡਰ ਜਾਵਾਂਗਾ।

ਨਾ ਕੋਈ ਜੁਗਨੀ ਸਾਡੀ, ਨਾ ਕੋਈ ਛੱਲਾ, ਸੱਜਦਾ ਖੁਦ ਨੂੰ ਹੀ ਕਰ ਜਾਵਾਂਗਾ।

ਕਿਉਂ ਹੁੰਦੀ ਹੈ, ਵਿਦੇਸ਼ੀ ਗੁਰਦੁਆਰਿਆਂ ’ਚ ਲੜਾਈ ?

0

ਕਿਉਂ ਹੁੰਦੀ ਹੈ, ਵਿਦੇਸ਼ੀ ਗੁਰਦੁਆਰਿਆਂ ’ਚ ਲੜਾਈ ?

ਦਲਜੀਤ ਸਿੰਘ ਇੰਡਿਆਨਾ

ਅੱਜ ਕੱਲ ਵਿਦੇਸ਼ਾਂ ਵਿੱਚ ਕੋਈ ਅਜਿਹਾ ਹਫ਼ਤਾ ਨਹੀਂ ਜਾਂਦਾ, ਜਿਸ ਦਿਨ ਕਿਸੇ ਨਾ ਕਿਸੇ ਗੁਰਦੁਆਰੇ ਵਿੱਚ ਲੜਾਈ ਨਾ ਹੋਵੇ ਜੇਕਰ ਲੜਾਈ ਨਹੀਂ ਤਾਂ ਤੂੰ-ਤੂੰ, ਮੈਂ-ਮੈਂ ਤਾਂ ਆਮ ਜਿਹੀ ਗੱਲ ਹੋਈ ਪਈ ਹੈ। ਇਨ੍ਹਾਂ ਲੜਾਈਆਂ ਦੇ ਪਿੱਛੇ ਸੰਗਤਾਂ ਦਾ ਕੋਈ ਹੱਥ ਨਹੀਂ ਹੁੰਦਾ ਇਹ ਲੜਾਈਆਂ ਕਰਵਾਉਣ ਦੇ ਜ਼ਿੰਮੇਵਾਰ ਕੁਝ ਕੁ ਬੰਦੇ ਹੁੰਦੇ ਹਨ ਜੇਕਰ ਇਨ੍ਹਾਂ ਨੂੰ ਕਾਂਗਿਆਰੀਆਂ ਆਖ ਲਿਆ ਜਾਵੇ ਤਾਂ ਕੋਈ ਅਣਉਚਿਤ ਨਹੀਂ ਹੋਵੇਗਾ। ਹਰ ਗੁਰਦੁਆਰਾ ਸਾਹਿਬ ’ਚ ਪੰਜ ਤੋਂ ਲੈ ਕੇ ਛੇ ਕੁ ਅਜਿਹੇ ਬੰਦੇ ਜ਼ਰੂਰ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਕੇਵਲ ਥੋੜੀ ਜਿਹੀ ਧੂੰਏਂ ਵਰਗੀ ਚੀਜ਼ ਵਿਖਾਈ ਦੇਣੀ ਚਾਹੀਦਾ ਹੈ ਤਾਂ ਜੋ ਪੈਟ੍ਰੋਲ ਪਾਇਆ ਜਾ ਸਕੇ, ਤੁਸੀਂ ਆਪੋ ਆਪਣੇਗੁਰਦੁਆਰਿਆਂ ਦੇ ਵਿੱਚ ਨਿਗਾ ਮਾਰ ਕੇ ਦੇਖ ਸਕਦੇ ਹੋ। ਮੈਂ ਕੇਵਲ ਕੁਝ ਕੁ ਕਾਰਨ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਹਾਂ, ਜੋ ਲੜਾਈ ਦੇ ਮੁੱਖ ਕਾਰਨ ਹੋ ਸਕਦੇ ਹਨ:

(1). ਸਭ ਤੋਂ ਪਹਿਲਾ ਕਾਰਨ ਗੋਲਕ ਵਿੱਚ ਚੜਦੀ ਮਾਇਆ ਹੈ ਜਿਸ ਬਾਰੇ ਪ੍ਰਬੰਧ ਵਿਚੋਂ ਬਾਹਰ ਬੈਠੇ ਸੱਜਣਾਂ ਨੂੰ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਕਿ ਜਿਹੜੇ ਆਹ ਕਮੇਟੀ ਵਾਲੇ ਹਨ ਇਹ ਪਤਾ ਨਹੀਂ ਗੋਲਕ ਦੀ ਮਾਇਆ ਨਾਲ ਕਿੰਨੇ ਕੁ ਆਪਣੇ ਘਰ ਭਰੀ ਜਾਂਦੇ ਹਨ ਹਾਲਾਕਿ ਕਈ ਗੁਰਦੁਆਰਿਆਂ ਦੀਆਂ ਕਿਸ਼ਤਾਂ ਮਸਾਂ ਮੁੜਦੀਆਂ ਹਨ ਇਸੇ ਭੁਲੇਖੇ ਕਰਕੇ ਅਜਿਹੇ ਵਹਿਮੀ ਲੋਕ ਉਤਨੀ ਦੇਰ ਨਹੀਂ ਟਿਕਦੇ ਜਿੰਨੀ ਦੇਰ ਕੋਈ ਅਹੁਦਾ ਨਾ ਪ੍ਰਾਪਤ ਕਰ ਲੈਣ।

(2). ਦੂਸਰਾ ਵੱਡਾ ਕਾਰਨ ਚੌਧਰ ਹੈ, ਕਈ ਸੱਜਣ ਜਦੋਂ ਭਾਰਤ ਤੋਂ ਆਉਂਦੇ ਹਨ ਉਹ ਚੌਧਰ ਵਾਲਾ ਕੀੜਾ ਨਾਲ ਹੀ ਲੈ ਕੇ ਆਉਂਦੇ ਹਨ ਇਹ ਨਵੇਂ ਆਉਣ ਵਾਲੇ ਸੱਜਣ ਪੰਜਾਬ ਵਿੱਚ ਪੰਚਾਇਤ ਮੈਬਰ ਜਾਂ ਨਿੱਕੇ ਮੋਟੇ ਅਹੁਦਿਆਂ ’ਤੇ ਹੁੰਦੇ ਹਨ ਅਤੇ ਇੱਥੇ (ਵਿਦੇਸ਼) ਆ ਕੇ ਨਾ ਕੋਈ ਪੰਚਾਇਤ ਹੈ, ਨਾ ਕੋਈ ਹੋਰ ਸੰਸਥਾ ਹੁੰਦੀ ਹੈ, ਇਨ੍ਹਾਂ ਨੂੰ ਫਿੱਟ ਹੋਣ ਵਾਸਤੇ। ਇਸ ਲਈ ਇਹਨਾਂ ਆਉਣ ਵਾਲੇ ਚੌਧਰੀਆਂ ਕੋਲ ਫੇਰ ਇੱਕੋ ਇੱਕ ਥਾਂ ਹੁੰਦੀ ਹੈ ਗੁਰਦੁਆਰੇ ਦੀ ਕਮੇਟੀ ਵਿੱਚ ਘੁਸਪੈਠ ਕਰਕੇ ਮੈਬਰੀ ਹਾਸਲ ਕਰਨੀ ਫੇਰ ਕਈ ਸਾਲਾਂ ਤੋਂ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਵਾਲਿਆਂ ਨੂੰ ਇਹ ਨਵੇਂ ਚੌਧਰੀ ਮੱਤਾਂ ਦਿੰਦੇ ਹਨ ਤੇ ਫੇਰ ਹੋ ਜਾਂਦੀ ਹੈ ਲੜਾਈ ਸ਼ੁਰੂ ਫੇਰ ਨਵੇਂਆਏ ਚੌਧਰੀ ਪੁਰਾਣੇ ਪ੍ਰਬੰਧਕਾਂ ਨੂੰ ਬਾਹਰ ਕੱਢਣ ਵਾਸਤੇ ਲਾ ਦਿੰਦੇ ਨੇ ਮੋਰਚਾ ਤੇ ਹੋ ਜਾਂਦੀ ਹੈ ਮੈਂ-ਮੈਂ, ਤੂੰ-ਤੂੰ ਸ਼ੁਰੂ ।

(3). ਤੀਜਾ ਵਿਦੇਸ਼ੀ ਗੁਰਦੁਆਰਿਆਂ ਵਿੱਚ ਲੜਾਈ ਦਾ ਕਾਰਨ ਗੁਰਦੁਆਰੇ ਵਿੱਚ ਆਪੋ ਆਪਣੀ ਮੱਤ ਚਲਾਉਣੀ ਤੇ ਆਪਣੀ ਜਿੱਦ ਪਗਾਉਣੀ ਇੱਥੇ ਵਿਦੇਸ਼ਾਂ ਦੇ ਵਿੱਚ ਇੱਕ ਸ਼ਹਿਰ ਦੇ ਗੁਰਦੁਆਰੇ ਵਿੱਚ ਪੰਜਾਬ ਦੇ ਅਲੱਗ ਅਲੱਗ ਇਲਾਕੇ ਨਾਲ ਸੰਬੰਧਿਤ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਲੋਕ ਆ ਕੇ ਵਸੇ ਨੇ, ਹਰ ਤੀਜਾ ਬੰਦਾ ਪੰਜਾਬ ਵਿੱਚ ਕਿਸੇ ਨਾ ਕਿਸੇ ਸਾਧ ਦਾ ਚੇਲਾ ਰਿਹਾ ਹੁੰਦਾ ਹੈ ਜਾਂ ਕਿਸੇ ਨਾ ਕਿਸੇ ਸੰਪਰਦਾ ਨਾਲ ਜੁੜਿਆ ਹੋਇਆ ਹੁੰਦਾ ਹੈ। ਉਹ ਜਦੋਂ ਇੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਆਉਂਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਗੁਰਦੁਆਰੇ ਵਿੱਚ ਜਿਹੜੀ ਮਰਿਆਦਾ ਹੈ ਉਹ ਹੁਣ ਮੇਰੇ ਮੁਤਾਬਕ ਚੱਲੇ ਜਿਹੜੇ ਬਾਬਾ ਜੀ ਕੋਲ ਅਸੀਂ ਜਾਂਦੇ ਹੁੰਦੇ ਸੀ ਉਹ ਤਾਂ ਕਹਿੰਦੇ ਸੀ ਕਿ ਜੋਤ ਨਹੀਂ ਬੁਝਣ ਦੇਣੀ, ਅਰਦਾਸ ਵੇਲੇ ‘‘ਹੁਣਿ ਲਾਵਹੁ ਭੋਗੁ ਹਰਿ ਰਾਏ ॥’’ (ਮ: ੫/੧੨੬੬) ਕਹਿਣਾ, ਕੁੰਭ ਜ਼ਰੂਰ ਰੱਖਣਾ ਹੈ। ਜੇਕਰ ਗੁਰਦੁਆਰੇ ਵਿੱਚ ਕੋਈ ਸੂਝਵਾਨ ਵਿਅਕਤੀ ਇਹਨਾਂ ਮਨ ਮਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਉੱਪਰ ਮਿਸ਼ਨਰੀ ਦਾ ਠੱਪਾ ਲਾ ਕੇ ਲਾਲਾ-ਲਾਲਾਕਰਕੇ ਪੈ ਜਾਂਦੇ ਨੇ। ਬਹੁਤੇ ਗੁਰਦੁਆਰਿਆਂ ’ਚ ਲੜਾਈ ਮਨਮਤ ਫਲਾਉਣ ਵਾਲਿਆਂ ਵੱਲੋਂ ਕਰਵਾਈ ਜਾਂਦੀ ਹੈ।

(4). ਚੌਥਾ ਲੜਾਈ ਦਾ ਵੱਡਾ ਕਾਰਨ ਵਿਦੇਸ਼ੀ ਗੁਰਦੁਆਰਿਆਂ ਵਿੱਚ ਦਸਮ ਗਰੰਥ ਦਾ ਹੈ। ਕਈ ਵੀਰ ਭੈਣ ਪੰਜਾਬ ਵਿੱਚ ਅਜਿਹੀਆਂ ਸੰਪਰਦਾਵਾਂ ਜਾਂ ਡੇਰਿਆਂ ਨਾਲ ਜੁੜੇ ਹੁੰਦੇ ਹਨ ਜਿੱਥੇ ਦਸਮ ਗਰੰਥ (ਭਾਵ ਬਚਿਤਰ ਨਾਟਕ) ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਹੋਇਆ ਹੁੰਦਾ ਹੈ ਜਦੋਂ ਅਜਿਹੀਆਂ ਸੰਸਥਾਵਾਂ ਨਾਲ ਜੁੜੇ ਲੋਕ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਘੁਸਪੈਠ ਕਰਕੇ ਵਿਦੇਸ਼ੀ ਗੁਰਦੁਆਰਿਆਂ ਵਿੱਚ ਵੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜਿਹੜੇ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਜਾਂ ਜਿਹੜੇ ਗੁਰਦੁਆਰਿਆਂ ਵਿਚ ਅਕਾਲ ਤਖ਼ਤ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਹੈ ਉਥੇ ਜੇਕਰ ਕੋਈ ਵਿਅਕਤੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ ਕਰੇ ਕਿ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਲਿੱਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲਾ ਜੀ ਦੀ ਰਚਨਾ ਦਾ ਹੀ ਹੋ ਸਕਦਾ ਹੈ ਤਾਂ ਅਜਿਹੇ ਸੱਜਣ ਝੱਟ ਦੇਣੇ ਕਹਿਣਗੇ; ਲੈ, ਸਾਡੇ ਬਾਬਾ ਜੀ ਤਾਂ ਕਹਿਦੇ ਹੁੰਦੇ ਸੀ ਦਸਮ ਦੀ ਬਾਨੀ ਤੋਂ ਬਿਨਾ ਵੀਰ ਰਸ ਹੀ ਨਹੀਂ ਆਉਂਦਾ ਫੇਰ ਇਸ ਤੋਂ ਹੋ ਜਾਂਦਾ ਝਗੜਾ ਤੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲੇ ਵੀਰ ਤੇ ਝੱਟ ਦੇਣੇ ਪੰਥ ਦੋਖੀ ਤੇ ਮਿਸ਼ਨਰੀ ਦਾ ਲੇਬਲ ਲਾ ਦਿੰਦੇ ਨੇ ਅਜਿਹੇ ਲੋਕ। ਇਹ ਵੀ ਇਕ ਬਹੁਤ ਵੱਡਾ ਕਾਰਨ ਹੈ ਸਾਡੇ ਵੱਲੋਂ ਅਕਾਲ ਤਖਤ ਦੀ ਮਰਿਆਦਾ ਨਾ ਮੰਨਣੀ ਤੇ ਸਿਰਫ ਆਪਣੀ ਹੀ ਪੁਗਾਉਣੀ, ਗੁਰੂ ਦੀ ਨਹੀਂ ਮੰਨਨੀ ਕਿਸੇ ਸਾਧ ਦੀ ਮੰਨ ਕੇ ਗੁਰਦੁਆਰੇ ਵਿੱਚ ਕਲੇਸ਼ ਪਵਾ ਦਿੰਦੇ ਨੇ ਅਜਿਹੇ ਘੜੰਮ ਚੌਧਰੀ।

(5). ਪੰਜਵਾ ਵੱਡਾ ਕਾਰਨ ਵਿਦੇਸ਼ੀ ਗੁਰਦੁਆਰਿਆਂ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਚਮਚਿਆਂ ਵੱਲੋਂ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਘੁਸਪੈਠ ਕਰਨੀ ਅਤੇ ਜਦੋ ਇਹਨਾਂ ਪਾਰਟੀਆਂ ਦੇ ਕਰਿੰਦੇ ਅਸਿਧੇ ਢੰਗ ਨਾਲ ਗੁਰਦੁਆਰਿਆਂ ਵਿੱਚ ਆਪਣੇ ਆਕਾਵਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਵਿਦੇਸ਼ੀ ਦੌਰੇ ’ਤੇ ਆਉਂਦੇ ਹਨ ਤਾਂ ਆਪਣੇ ਚਹੇਤੇ ਲੀਡਰ ਨੂੰ ਆਪਣੇ ਗੁਰਦੁਆਰਾ ਸਾਹਿਬ ਵਿੱਚ ਬੋਲਣ ਵਾਸਤੇ ਸਟੇਜ ਮੁਹਈਆ ਕਰਵਾਉਣ ਦੀ ਕੋਸ਼ਿਸ ਕਰਦੇ ਤੇ ਫੇਰ ਪੈਂਦਾ ਹੈ: ‘ਕਲੇਸ਼’।

(6). ਛੇਵਾਂ ਵੱਡਾ ਕਾਰਨ ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕ ਗੁਰਮਤ ਪੱਖੋ ਬਿਲਕੁਲ ਕੋਰੇ ਹਨ ਕਈਆਂ ਨੇ ਤਾਂ ਸਿੱਖ ਰਹਿਤ ਮਰਿਆਦਾ ਵੀ ਨਹੀਂ ਪੜੀ ਹੋਈ ਹੁੰਦੀ; ਬੱਸ, ਵੱਡਾ ਦਾਹੜਾ ਸਜਾ ਕੇ ਇਕ ਵੱਡੀ ਕਿਰਪਾਨ ਪਾ ਕੇ ਬਣ ਜਾਂਦੇ ਨੇ ਗੁਰਦੁਆਰੇ ਦੇ ਚੌਧਰੀ। ਆਪ ਤਾਂ ਇਹਨਾਂ ਨੂੰ ਗੁਰਮਤ ਦਾ ‘ੳ, ਅ’ ਵੀ ਨਹੀਂ ਆਉਂਦਾ ਹੁੰਦਾ ਤੇ ਪ੍ਰਚਾਰ ਵਾਸਤੇ ਬਾਹਰੋਂ ਪ੍ਰਚਾਰਕ ਬੁਲਾਉਣੇ ਪੈਂਦੇ ਨੇ ਜਿਨ੍ਹਾਂ ਨੂੰ ਅੰਗ੍ਰੇਜੀ ਨਹੀਂ ਆਉਂਦੀ ਉਨ੍ਹਾਂ ਦੀ ਪੰਜਾਬੀ ਵਾਲੀ ਕਥਾ ਪੰਜਾਬ ਤੋਂ ਆਏ ਲੋਕਾਂ ਨੂੰ ਤਾਂ ਸਮਝ ਆ ਜਾਂਦੀ ਹੈ ਪਰ ਇੱਥੋਂ ਦੇ ਬੱਚਿਆ ਨੂੰ ਕੁਝ ਪਤਾ ਨਹੀਂ ਲੱਗਦਾ ਇਸ ਕਰਕੇ ਇੱਥੋਂ ਦਾ ਨੌਜਵਾਨ ਗੁਰਦੁਆਰਿਆਂ ਤੋ ਦੂਰ ਹੋ ਗਿਆ ਕਿਉਂਕਿ ਸਾਡੇ ਕੋਲ ਉਨ੍ਹਾਂ ਦੇ ਮਿਆਰ ਦਾ ਪ੍ਰਚਾਰ ਨਹੀਂ ਅਸੀਂ ਤਾਂ ਸਿਰਫ ਅਹੁਦਿਆਂ ਪਿੱਛੇ ਭੱਜੇ ਫਿਰਦੇ ਹਾਂ।

(7). ਸੱਤਵਾਂ ਕਾਰਨ ਲੱਤਾ ਖਿਚੂ ਬੰਦੇ, ਜੋ ਜਦ ਕਮੇਟੀ ’ਚ ਹੋਣ ਕੁਸਕਦੇ ਨਹੀਂ ਪਰ ਜਦ ਕਮੇਟੀ ਤੋਂ ਬਾਹਰ ਹੁੰਦੇ ਹਨ ਉਦੋਂ ਮੌਜੂਦਾ ਕਮੇਟੀ ਨੂੰ ਕੰਮ ਨਹੀਂ ਕਰਨ ਦਿੰਦੇ, ਸਿਰਫ ਲੱਤਾਂ ਖਿੱਚਦੇ ਨੇ ਤੇ ਸੰਗਤ ਨੂੰ ਇੱਧਰ ਉੱਧਰ ਦੀਆਂ ਉਂਗਲਾਂ ਲਗਾ ਕੇ ਕਮੇਟੀ ਨਾਲ ਲੜਾ ਕੇ ਆਪ ਪਾਸੇ ਹੋ ਜਾਂਦੇ ਨੇ। ਜਦ ਇੱਕ ਮਸਲਾ ਸੁਲਝ ਜਾਵੇ ਤਾਂ ਫੇਰ ਹੋਰ ਕੋਈ ਮੁੱਦਾ ਸੰਗਤ ਵਿੱਚ ਫੈਲਾ ਦਿੰਦੇ ਨੇ, ਅਜਿਹੇ ਉਂਗਲ ਲਾਉ ਗੁਰਦੁਆਰੇ ਦੇ ਲੰਗਰ ਵਿੱਚ ਜਾਂ ਕਿਸੇ ਕੋਨੇ ’ਤੇ ਖੜ੍ਹੇ ਲੋਕਾਂ ਦੇ ਕੰਨ ਭਰਦੇ ਆਮ ਹੀਦੇਖੇ ਜਾ ਸਕਦੇ ਹਨ, ਆਦਿ।

ਸੋ, ਸਾਨੂੰ ਅਜਿਹੀਆਂ ਕਾਂਗਿਆਰੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਗੁਰਦੁਆਰਿਆਂ ਵਿੱਚ ਲੜਾਈ ਤੋਂ ਬਚਣਾ ਹੈ ਤਾਂ ਸੰਗਤਾਂ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਸੰਗਤਾਂ ਵੱਧ ਤੋਂ ਵੱਧ ਗੁਰਬਾਣੀ ਆਪ ਪੜ੍ਹਨ ਅਤੇ ਗੁਰਮਤ ਦੀਆਂ ਧਾਰਨੀ ਹੋਣ ਤਾਂ ਹੀ ਅਜਿਹੇ ਮਨਮਤੀ ਲੜਾਈ ਪਵਾਉਣ ਵਾਲੇ ਅਨਸਰਾਂ ਨੂੰ ਠੱਲਪਾਈ ਜਾ ਸਕਦੀ ਹੈ। ਜਿੱਥੇ ਅਸੀਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਆਪਣੀ ਪਹਿਚਾਣ ਲਈ ਲੜਾਈ ਲੜ ਰਹੇ ਹਾਂ ਉੱਥੇ ਅਜਿਹੇ ਅਨਸਰ ਗੁਰਦੁਆਰਿਆਂ ਵਿੱਚ ਲੜਾਈ ਕਰਵਾ ਕੇ ਦੁਨੀਆਂ ਭਰ ਵਿੱਚ ਸਿੱਖਾਂ ਦੀ ਬਦਨਾਮੀ ਕਰਵਾ ਰਹੇ ਹੁੰਦੇ ਹਨ।

ਦੇਹਧਾਰੀ ਗੁਰੂ

0

ਦੇਹਧਾਰੀ ਗੁਰੂ

ਭਾਈ ਸਾਹਿਬ ਡਾ. ਵੀਰ ਸਿੰਘ ਜੀ ਦੇ ਵਿਚਾਰ

ਦੇਹਧਾਰੀ ਗੁਰੂ ਪਹਿਲੇ ਤਾਂ ਸਿੱਖੀ ਦੇ ਭਾਵ ਨੂੰ ਪ੍ਰਗਟ ਕਰਨ ਲੱਗ ਜਾਂਦੇ ਹਨ, ਜੈਸਾ ਕਿ ਹੰਕਾਰ ਦੀ ਨਿਵਿਰਤੀ ਵਾਸਤੇ ਸਤਿਸੰਗਤ ਦੀ ਸੇਵਾ ਜ਼ਰੂਰੀ ਹੈ; ਕਾਮ, ਕ੍ਰੋਧ, ਲੋਭ, ਮੋਹ ਨੂੰ ਰੋਕਣ ਵਾਸਤੇ ਸਤਿਸੰਗ ਦੀ ਲੋੜ ਹੈ, ਮਾਇਕ ਪਦਾਰਥਾਂ ਤੋਂ ਉਪਰਾਮ ਹੋਣ ਵਾਸਤੇ ‘ਹਉਮੈ’ ਦਾ ਤਿਆਗ਼ ਕਰਨਾ ਚਾਹੀਏ, ਮਨ ਦੀ ਇਕਾਗ਼ਰਤਾ ਅਤੇਸਫ਼ਾਈ ਵਾਸਤੇ ਗੁਰਬਾਣੀ ਦਾ ਪੜ੍ਹਨਾ, ਨਿਤਨੇਮ ਦਾ ਕਰਨਾ ਬਹੁਤ ਲੋੜਵੰਦੀ ਬਾਤ ਹੈ, ਪਰ ਮੁਕਤੀ ਦੇ ਪਾਉਣ ਵਾਸਤੇ ਗੁਰੂ ਧਾਰਨ ਦੀ ਵੱਡੀ ਡਾਢੀ ਲੋੜ ਹੈ।

ਬੱਸ, ਏਥੋਂ ਤੱਕ ਉਪਦੇਸ਼ ਤਾਂ ਸਿੱਖੀ ਅਸੂਲਾਂ ਦੇ ਹੁੰਦੇ ਹਨ, ਪਰ ਜਦ ਇਹ ਦੇਹਧਾਰੀ ਗੁਰੂ ਸਮਝ ਲੈਂਦੇ ਹਨ ਕਿ ਸਿੱਖ ਦੀ ਸਫ਼ਾਈ ਐਥੋਂ ਤੱਕ ਹੋ ਚੁੱਕੀ ਹੈ ਕਿ ਇਹ ਸੰਗਤ ਦੀ ਸੇਵਾ ਕਰਦਾ ਹੈ, ਆਏ ਗਏ ਸਾਧੂ ਸੰਤ ਅਭਿਆਗਤ ਨੂੰ ਪ੍ਰਸ਼ਾਦ ਛਕਾਉਂਦਾ ਹੈ, ਸ੍ਰੇਸ਼ਟਾਚਾਰ ਵਿਚ ਵੀ ਕੁਝ ਵਾਧਾ ਕਰ ਚੁੱਕਾ ਹੈ, ਗੁਰਬਾਣੀ ਦਾ ਵੀ ਕੁਝ ਅਭਿਆਸੀ ਤੇ ਨਿੱਤਨੇਮੀ ਹੋ ਗਿਆ ਹੈ, ਸਾਡੇ ਕੋਮਲ ਬਚਨਾਂ ਤੇ ਸਿੱਧੇ ਦਾਹੜੇ ਉੱਪਰ ਤੇ ਸਾਫ਼ ਸੁੰਦਰ ਚਿਹਰੇ ਉੱਪਰ ਇਸ ਦਾ ਵਿਸ਼ਵਾਸ ਜੰਮ ਗਿਆ ਹੈ, ਤਾਂ ਉਸ ਦਾ ਕਪਟੀ ਮਨ ਹੁਣ ਗੁਰੂ ਪਦ ਦੇ ਅਰਥਾਂ ਨੂੰ ਬਦਲਣ ਲੱਗਦਾ ਹੈ। ‘ਗੁਰੂ’ ਪਦ ਦੇ ਅਰਥ ਤਾਂ ਇਹ ਸਨ ਕਿ ਅੰਧੇਰੇ ਵਿਚੋਂ ਚਾਨਣ ਲਿਆਉਣ ਵਾਲਾ ਅਥਵਾ ਪਰਮਾਤਮਾ ਦੇ ਗਿਆਨ ਤੇ ਸ਼ਬਦ ਨੂੰ ਦੱਸਣ ਅਤੇ ਉਸ ਦੇ ਮਿਲਣ ਨੂੰ ਸਾਧਨ ਨੂੰ ਦ੍ਰਿੜ ਕਰਾਉਣ ਵਾਲਾ। ਸੋ ਤਾਂ ਇਹ ਦੱਸਦਾ ਨਹੀਂ, ਸਿਰਫ਼ ਆਪ ਗੁਰੂ ਬਣਨ ਦੀਇੱਛਾ ਵਿਚ, ਗੁਰਮੰਤਰ ਦੇਣ ਵਾਲਾ ਇਹ ਬਣ ਬੈਠਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਜੋ ਗੁਰਮੰਤ੍ਰ ਅਕਾਲ ਪੁਰਖ ਵੱਲੋਂ ‘ੴ ਸਤਿਨਾਮੁ’ ਵਾਲਾ ਮਿਲਿਆ ਸੀ, ਉਸ ਵਿਚ ਤਾਂ ਸਿਰਫ਼ ਅਕਾਲ ਪੁਰਖ ਦੀ ਸਿਫ਼ਤ ਹੈ ਕਿ ਜਿਤਨਾ ਗਿਆਨ ਇਨਸਾਨ ਨੂੰ ਮਿਲਿਆ ਹੈ, ਉਸ ਦਾ ਬਖਸ਼ਣ ਵਾਲਾ ਆਦਿ ਗੁਰੂ ਪਰਮਾਤਮਾ ਅਕਾਲ ਪੁਰਖ ਹੀ ਹੈ, ਹੋਰ ਕੋਈ ਨਹੀਂ, ਜਿਸ ਕਰਕੇ ਉਹੀ ਹਰ ਵਸਤੂ ਦੇ ਸਿਖਾਉਣ ਵਾਲਾ ਹੈ; ਕਿਉਂਕਿ, ਉਹੀ ਹਰ ਵਸਤੂ ਨੂੰ ਜਾਣਦਾ ਹੈ। ਸਗੋਂ, ਉਸ ਦਾ ਨਿੱਜਸਰੂਪ ਅਤੇ ਨਿੱਤ ਸਿਫ਼ਤ ਵੀ ਉਸੇ ਨੂੰ ਹੀ ਮਾਲੂਮ ਹੈ।

    ਨਿਊਟਨ ਦੇ ਆਕਰਖਣ ਸ਼ਕਤੀ ਨੂੰ ਸਮਝਿਆ ਤਾਂ ਉਸੇ ਵਿਸ਼ੇ ਦਾ ਉਹ ਸੱਚਾ ਉਸਤਾਦ ਮੰਨਿਆ ਗਿਆ। ਹੁਣ ਕੋਈ ਆਦਮੀ ਆਕਰਖਣ ਸ਼ਕਤੀ ਦਾ ਸਮਝਾਉਣ ਵਾਲਾ, ਭੂਗੋਲ ਵਿਦਯਾ ਦੇ ਜਾਣੂਆਂ ਦੇ ਸਮਾਜ ਵਿਚ ਨਿਊਟਨ ਦੀ ਜਗ੍ਹਾ ਲੈਣ ਦੀ ਖ਼ਾਤਰ, ਨਿਊਟਨ ਦੀ ਪਦਵੀ ਆਪਣੀ ਬਣਾਵੇ ਤਾਂ ਕਿਸ ਤਰ੍ਹਾਂ ਬਣਾ ਸਕਦਾ ਹੈ ? ਉਹ ਪਦਵੀ ਤਾਂ ਉਸੇ (ਨਿਊਟਨ) ਨੂੰ ਹੀ ਮਿਲੇਗੀ।

ਇਸ ਤਰ੍ਹਾਂ ਪਰਮਾਤਮਵਿਦਯਾ ਵਿਚ ਜੋ ਅਕਾਲ ਪੁਰਖ ਦੇ ਸਰੂਪ ਦਾ ਗਿਆਨ ‘ੴ ਸਤਿਨਾਮੁ’ ਮੰਤਰ ਦੁਵਾਰਾ ਗੁਰੂ ਨਾਨਕ ਦੇਵ ਜੀ ਨੂੰ ਪ੍ਰਾਪਤ ਹੋਇਆ ਹੈ, ਉਸ ਦੇ ਭਾਵ ਨੂੰ ਦੱਸਣ ਵਾਲਾ ਗੁਰੂ ਸਿਰਫ ‘ਗੁਰੂ ਨਾਨਕ ਜੀ’ ਹੀ ਹੋ ਸਕਦਾ ਹੈ, ਜਿਸ ਤਰ੍ਹਾਂ ‘ਇੰਗਲਿਸ਼ ਗਵਰਨਮੈਂਟ’ ਪਦ ਭਾਵੇਂ ਹੈ ਤਾਂ ਅਸਲ ਵਿਚ ਉਸ ਸਮਾਜ ਦਾ ਨਾਮ, ਜਿਸ ਪਰ ਕਿਸੇ ਵੇਲੇ ਬਾਦਸ਼ਾਹ ਐਡਵਰਡ ਸਦਰ ਨਸ਼ੀਨ ਹੈ ਪਰ ਜੇ ਉਹ ਵਾਇਸਰਾਇ ਹਿੰਦ ਅਤੇ ਉਸ ਦੀ ਕੌਂਸਲ ਨੂੰ ‘ਗਵਰਨਮਿੰਟ ਹਿੰਦ’ ਦੀ ਉਹ ਪਦਵੀ ਦੇਵੇ ਅਤੇ ਲੈਫਟੀਨੈਂਟ ਗਵਰਨਰ ਤੇ ਉਸ ਦੇ ਸਟਾਫ਼ ਨੂੰ ਪੰਜਾਬ ਗਵਰਨਮੈਂਟ ਦੀ ਉਪਾਧੀ ਦੇਵੇ, ਤਾਂ ਸਭ ਕਿਸੇ ਨੂੰ ਰਈਅਤ ਵਿਚੋਂ ਇਸ ਬਾਤ ਨੂੰ ਮੰਨਣਾ ਪਵੇਗਾ। ਇਸੇ ਤਰ੍ਹਾਂ ਸਾਰੇ ਜਗਤ ਦਾ ਆਦਿ ਗੁਰੂ ਅਕਾਲ ਪੁਰਖ ਹੀ ਹੈ, ਹੋਰ ਕੋਈ ਨਹੀਂ, ਪਰ ਉਸ ਦੇ ਗਿਆਨ ਦੇ ਫੈਲਾਉਣ ਦੀ ਗੁਰਿਆਈ ਜੋ ਗੁਰੂ ਨਾਨਕ ਦੇਵ ਜੀ ਦੇ ਸਪੁਰਦ ਹੋਈ ਹੈ, ਉਸ ਦਾ ਸਿਲਸਿਲਾ ਦਸਮ ਗੁਰੂ ਜੀ ਤੱਕ ਆ ਕੇ ਉਹ ਗੁਰਿਆਈ, ਆਤਮਾ ਦੇ ਸੁਧਾਰ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਅਤੇ ਸਿੱਖੀ ਦੇ ਪ੍ਰਬੰਧ ਦੀ ਗੁਰੂ ਗ੍ਰੰਥ ਦੀ ਤਾਬਿਆ (ਸਮੁੱਚੀ ਹਾਲਤ ਵਿਚ) ਪੰਥ ਨੂੰ ਦਿੱਤੀ ਗਈ, ਤਾਂ ਸਿੱਖਾਂ ਵਿਚੋਂ ਇਸ ਪ੍ਰਬੰਧ ਨੂੰ ਮੰਨਣ ਪਰ ਕਿਸ ਨੂੰ ਇਤਰਾਜ਼ ਹੋ ਸਕਦਾ ਹੈ ? ਪਰ ਜਿਸ ਤਰ੍ਹਾਂ ਕੋਈ ਆਦਮੀ ਖ਼ੁਦ ਬੇਖੁਦ ਆਪਣੀ ਗਵਰਨਮੈਂਟ ਕਾਇਮ ਕਰ ਲਵੇ ਤਾਂ ਉਹ ਧੋਖਾ ਦੇਣ ਵਾਲਾ ਸਮਝਿਆ ਜਾਂਦਾ ਹੈ, ਇਸ ਤਰ੍ਹਾਂ ਜੋ ਆਦਮੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖ਼ਾਲਸਾ ਜੀ ਦੇ ਅਧਿਕਾਰ ਖੋਹ ਕੇ, ਖਾਲੀ ਦੋਨੋਂ ਇਖ਼ਤਿਆਰਾਂ ਦਾ ਆਪ ਹੀ ਮਾਲਕ ਬਣਨਾ ਚਾਹੁੰਦਾ ਹੈ, ਸੋ ਕਦੀ ਵੀ ਸਿੱਖੀ ਵਿਚ ਇੱਜ਼ਤ ਨਹੀਂ ਪਾਉਂਦਾ। ਇਸ ਅਸੂਲ ਪਰ ਤੁਰਦੇ ਹੋਏ ਵੱਡੇ ਵੱਡੇ ਪ੍ਰਤਾਪੀ ਸਿੰਘਾਂ ਨੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਸਦਾਇਆ। ਉਹ ਸਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਂਦੇ ਰਹੇ ਹਨ ਅਤੇ ਗੁਰੂ ਖ਼ਾਲਸੇ ਜੀ ਦੀ ਸੇਵਾ ਕਰਦੇ ਰਹੇ ਹਨ ਭਾਵੇਂ ਉਨ੍ਹਾਂ ਦੇ ਪਿਛਲੱਗਾਂ ਨੇ ਉਨ੍ਹਾਂ ਨੂੰ ਸਾਰੀ ਸਿੱਖੀ ਦੇ ਗੁਰੂ ਬਣਾਉਣ ਦੇ ਉਪਰਾਲੇ ਵੀ ਕੀਤੇ, ਪਰ ਕਾਰਗਰ ਨਾ ਹੋਏ।

ਫੇਰ ਵੀ ਦੇਹਧਾਰੀ ਗੁਰੂ ਜੋ ਅੱਜ ਕੱਲ੍ਹ ਦੇਸ਼ ਵਿਚ ਆਮ ਫਿਰ ਰਹੇ ਹਨ, ਸੋ ਉਨ੍ਹਾਂ ਸਿੱਖਾਂ ਨੂੰ ਗੁਰੂ ਪਦ ਦੇ ਅਰਥਾਂ ਦੇ ਅਨਰਥ ਕਰਕੇ ਆਪਣੀ ਚਰਨੀਂ ਲਾ ਲੈਂਦੇ ਹਨ। ਉਨ੍ਹਾਂ ਭਲੇ ਪੁਰਸ਼ਾਂ ਨੂੰ ਇਤਨਾ ਖ਼ਿਆਲ ਵੀ ਨਹੀਂ ਆਉਂਦਾ ਕਿ ਜੋ ਜੋ ਗੁਣ ਗੁਰੂ ਪਦ ਹੇਠ, ਗੁਰੂ ਨਾਨਕ ਦੇਵ ਜੀ ਨੇ ਅਥਵਾ ਹੋਰਨਾਂ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦੇ ਗੁਣ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੱਸੇ ਹਨ, ਸੋ ਸਾਡੇ ਪੁਰ ਕਿਸ ਤਰ੍ਹਾਂ ਘਟ ਸਕਦੇ ਹਨ ? ਕੀ ਗੁਰੂ ਮੰਤਰ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’ ਸਾਡਾ ਮੰਤਰ ਹੈ ? ਇਹ ਮੰਤਰ ਤਾਂ ਅਕਾਲ ਪੁਰਖ ਦਾ ਹੈ ਤੇ ਮਿਲਿਆ ਗੁਰੂ ਨਾਨਕ ਦੇਵ ਜੀ ਨੂੰ ਹੈ, ਜਿਸ ਕਰਕੇ ਉਹ ਗੁਰੂ ਹਨ। ਵਸਤੂ ਤੇ ਜਾਣਨ ਵਾਲਾ ਤਾਂ ਕੇਵਲ ਪ੍ਰਮਾਤਮਾ ਹੀ ਹੈ ਤੇ ਉਸ ਦੇ ਗਿਆਨ ਨੂੰ ਇਸ ਗੁਰੂ ਮੰਤਰ ਰਾਹੀਂ ਦੱਸਣ ਵਾਲਾ ਕੇਵਲ ਗੁਰੂ ਨਾਨਕ ਦੇਵ ਜੀ ਹੀ ਹਨ ਅਥਵਾ ਉਹ ਹੈ, ਜਿਸ ਨੂੰ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਆਪਣੀ ਜਗ੍ਹਾ ਸਥਾਪਨ ਕੀਤੇ ਗੁਰੂ ਅੰਗਦ ਜੀ ਅਤੇ (ਵਿਵਹਾਰਕ ਕੰਮਾਂ ਵਾਸਤੇ ਗੁਰੂ ਗ੍ਰੰਥ ਜੀ ਦੀ ਤਾਬਿਆ) ਸਾਰਾ ਪੰਥ ਖਾਲਸਾ ਜੀ ‘ਗੁਰੂ’ ਸੱਦਾ ਸਕਦਾ ਹੈ, ਹੋਰ ਕੋਈ ਨਹੀਂ ਸਦਾਅ ਸਕਦਾ। ਫੇਰ ਅਸੀਂ ਕਿਸ ਤਰ੍ਹਾਂ ਗੁਰੂ ਬਣ ਬੈਠੇ ਹਾਂ ?

ਜੇ ਇਹ ਕਹੋ ਕਿ ‘ਗੁਰ’ ਪਦ ਸੰਸਕ੍ਰਿਤ ਦਾ ਹੈ, ਸਿੱਖਾਂ ਦਾ ਨਹੀਂ, ਸੰਸਕ੍ਰਿਤ ਵਿਚ ਇਸ ਦੇ ਅਰਥ ਸਿਖਾਉਣ ਵਾਲਾ ਹੈ, ਅਸੀਂ ਵੀ ਸਿੱਖੀ ਦੇ ਸਿਖਾਉਣ ਵਾਲੇ ਹਾਂ। ਇਹ ਗੱਲ ਗੁਰੂ ਪਦ ਦੇ ਅਰਥਾਂ ਵਾਲੀ, ਭਾਵੇਂ ਉਨ੍ਹਾਂ ਦੇ ਮੰਤਵ ਅਨੁਸਾਰ ਠੀਕ ਭਾਸੇ, ਪਰ ਜਿਸ ਤਰ੍ਹਾਂ ਕੋਈ ਜਥਾ ਜਾਂ ਕੌਮ ਖ਼ਾਸ ਪਦਾਂ ਦੇ ਖ਼ਾਸ ਅਰਥ ਕਰੇ ਕਰਾਵੇ, ਪਰ ਉਹ ਜਥੇ ਯਾਂ ਕੌਮ ਵਿਚ ਉਹ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਿੱਖਾਂ ਵਿਚ ‘ਗੁਰੂ’ ਪਦ ਮਾਮੂਲੀ ਧਾਰਮਿਕ ਉਸਤਾਦ ਦਾ ਨਾਮ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਹਰ ਇੱਕ ਆਦਮੀ ਗਵਰਨਮੈਂਟ ਦੇ ਅਰਥ ਪ੍ਰਬੰਧਕਾਰੀ ਕਮੇਟੀ ਰੱਖ ਕੇ ਘਰ ਵਿਚ ਆਪਣੇ ਘਰ ਦਾ ਗਵਰਨਰ ਹੈ; ਪਰ ਕੀ ਉਹ ਪੰਜਾਬ ਜਾਂ ਹਿੰਦ ਦੀ ਗਵਰਨਮੈਂਟ ਵਿਚ ਦਖ਼ਲ ਦੇ ਸਕਦਾ ਹੈ ? ਜੇ ਉੱਥੇ ਨਹੀਂ ਦੇ ਸਕਦਾ ਤਾਂ ਉਹ ਦਾ ਉਸ ਜਗ੍ਹਾ ਦਖ਼ਲ ਦੇਣ ਦੀ ਨੀਯਤ ਨਾਲ ਕੀ ਗਵਰਨਰ ਸਦਾਉਣਾ ਯੋਗ ਹੈ, ਜਿਸ ਤਰ੍ਹਾਂ ਅਫ਼ਗਾਨਿਸਤਾਨ ਵਿਚ ‘ਅਮੀਰ’ ਪਦ ਅਤੇ ਚਤਰਾਲ ਵਿਚ ‘ਮੋਹਤਰ’ ਪਦ ਦੇ ਅਰਥ ‘ਬਾਦਸ਼ਾਹ’ ਹਨ, ਪਰ ਕੀ ਕੋਈ ਪੰਜਾਬ ਵਿਚ ਅਮੀਰ ਸਦਾਉਣ ਵਾਲਾ ਆਦਮੀ ਅਫ਼ਗਾਨਿਸਤਾਨ ਵਿਚ ਜਾ ਕੇ ਅਮੀਰ ਸਦਾ ਸਕਦਾ ਹੈ ? ਕਦੀ ਨਹੀਂ। ਫੇਰ, ਕੀ ਕੋਈ ਪੰਜਾਬ ਦਾ ਭੰਗੀ ਜੇ ਏਥੇ ਮੋਹਤਰ ਸਦਾਉਂਦਾ ਹੈ, ਚਤਰਾਲ ਵਿਚ ਜਾ ਕੇ ‘ਮੋਹਤਰ’ ਪਦ ਨੂੰ ਅੱਗੇ ਰੱਖ ਕੇ ਚਤਰਾਲ ਦੇ ਰਾਜ ਕਾਜ ਵਿਚ ਦਖ਼ਲ ਦੇ ਸਕਦਾ ਹੈ ? ਕਦੀ ਨਹੀਂ। ਇਸੇ ਤਰ੍ਹਾਂ ਗੁਰੂ ਪਦ ਸਿੱਖੀ ਵਿਚ ਕੇਵਲ ਦਸੋਂ ਹੀ ਗੁਰੂਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਖਾਲਸੇ ਜੀ ਵਾਸਤੇ ਹੀ ਬੋਲਿਆ ਜਾਂਦਾ ਹੈ, ਹੋਰ ਕਿਸੇ ਵਾਸਤੇ ਨਹੀਂ। ਹੁਣ ਜੋ ਸਿੱਖੀ ਵਿਚ ‘ਗੁਰੂ’ ਪਦ ਨੂੰ ਅੱਗੇ ਰੱਖ ਕੇ ਕੋਈ ਦੇਹਧਾਰੀ ਗੁਰੂ ਬਣਨਾ ਚਾਹੁੰਦਾ ਹੈ, ਤਾਂ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਖਾਲਸੇ ਜੀ ਦੇ ਅਧਿਕਾਰ ਖੋਹਣ ਦੇ ਬਹਾਨੇ ਕਰਦਾ ਹੈ, ਅਤੇ ਬਹੁਤ ਕਰ ਕੇ ਉਸ ਦੀ ਇੱਛਾ ਸਿਰਫ ਸਿੱਖਾਂ ਪਾਸੋਂ ਸੇਵਾ ਕਰਾਉਣ ਦੀ ਤੇ ਧਨ ਲੁੱਟਣ ਦੀ ਹੁੰਦੀ ਹੈ। ਜੇ ਉਹ ਪਰਮਾਰਥ ਦੇ ਸਿਖਾਉਣ ਵਾਸਤੇ ਹੁੰਦਾ ਤਾਂ ਸਾਧ, ਸੰਤ, ਗਿਆਨੀ ਆਦਿਕ ਪਦ ਜਿਹੜੇ ਸਿੱਖੀ ਵਿਚ ਮੌਜੂਦ ਹਨ, ਉਨ੍ਹਾਂ ਉਪਾਧੀਆਂ ਨੂੰ ਆਪਣੀ ਲਿਆਕਤ ਅਨੁਸਾਰ ਧਾਰਨ ਕਰ ਲੈਂਦਾ।

ਸੋ, ਇਸ ਤਰ੍ਹਾਂ ਦੀਆਂ ਬਰੀਕੀਆਂ ਤਾਂ ਇਹ ਦੇਹਧਾਰੀ ਗੁਰੂ ਦੱਸਦੇ ਨਹੀਂ, ਪਰ ਮਨ ਵਿਚ ਕਪਟ ਰੱਖ ਕੇ ਸਿੱਖਾਂ ਨੂੰ ਗੁਰੂ ਪਦ ਦੀ ਮਹਿਮਾ, ਜੋ ਅਕਾਲ ਪੁਰਖ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਈ ਹੈ, ਉਹ ਇਹ ਦੇਹਧਾਰੀ ਗੁਰੂ ਆਪਣੇ ਵੱਲ ਖਿੱਚਣ ਲੱਗ ਪੈਂਦੇ ਹਨ। ਗੁਰੂ ਨਾਨਕ ਦੇਵ ਜੀ ਆਦਿਕ ਗੁਰੂ ਸਾਹਿਬਾਨਾਂ ਨੇ ਆਪਣੇ ਪੈਰ ਪੁਜਾਉਣ ਵਾਸਤੇ ਸਿੱਖੀ ਨਹੀਂ ਸੀ ਕਾਇਮ ਕੀਤੀ। ਜੇ ਉਹ ‘ਗੁਰੂ’ ਪਦ ਦੀ ਮਹਿਮਾ ਆਪਣੇ ਵਾਸਤੇ ਲਿਖਦੇ ਤਾਂ ਆਪਣੇ ਆਪ ਨੂੰ ਮਹਲਾ ੧, ਮਹਲਾ ੨, ਮਹਲਾ ੩ ਆਦਿਕ ਨ ਲਿਖਦੇ। ਫੇਰ, ਕਈ ਤਾਂ ਐਥੇ ਹੀ ਬੱਸ ਨਹੀਂ ਕਰਦੇ, ਆਪਣੇ ਆਪਣੇ ਸਿੱਖਾਂ ਲਈ ਨਵੀਨ ਗ੍ਰੰਥ ਰਚ ਕੇ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਨਾਲ ਬਾਣੀ ਦੇ ਰਸੀਏ ਅਤੇ ਵਿਚਾਰਵਾਨ ਸਿੱਖ ਦਾ ਵੀ ਦੇਹਧਾਰੀ ਗੁਰੂਆਂ ਦੇ ਚੇਲੇ ਹੋ ਕੇ, ਸਿੱਖੀ ਮਾਰਗ ਤੋਂ ਡਿੱਗ ਪੈਂਦੇ ਹਨ; ਸਗੋਂ ਕਈ ਇੱਕ ਖਾਲਸਾ ਭਾਈ, ਜੋ ਅੰਮ੍ਰਿਤ ਛਕ ਕੇ ਗੁਰੂ ਖਾਲਸੇ ਜੀ ਦੇ ਅੰਗ ਹੁੰਦੇ ਹਨ, ਸੋ ਆਪਣੀ ਉੱਚ ਪਦਵੀ ਤੋਂ ਗਿਰ ਕੇ ਇਨ੍ਹਾਂ ਦੇਹਧਾਰੀ ਗੁਰੂਆਂ ਦੇ ਗੋਲੇ ਹੋ ਜਾਂਦੇ ਹਨ। ਕਈ ਜਗ੍ਹਾ ਇਹ ਦੇਹਧਾਰੀ ਗੁਰੂ ਖ਼ੁਦ ਧਰਮਸਾਲੀਏ ਬਣ ਕੇ ਗੁਰੂ ਜੀ ਦੀ ਸੰਗਤ ਨੂੰ ਆਪਣੀ ਚਰਨੀਂ ਲਾ ਲੈਂਦੇ ਹਨ, ਪਰ, ਇਹ ਘਾਟਾ ਸਿੱਖਾਂ ਦਾ ਇਸੇ ਵਾਸਤੇ ਹੋ ਰਿਹਾ ਹੈ ਕਿ ਵਿਦਵਾਨ ਦੂਰਅੰਦੇਸ਼ੀ ਗ੍ਰੰਥੀਆਂ ਦਾ ਸਿੱਖੀ ਵਿਚ ਘਾਟਾ ਹੈ।

ਜੇ ਹਰ ਇੱਕ ਪਿੰਡ ਦੀ ਰਈਅਤ ਆਪਣੇ ਆਪਣੇ ਨੰਬਰਦਾਰਾਂ ਹੇਠ ਸੁਤੰਤਰ ਹੋ ਜਾਵੇ ਤਾਂ ਸਰਕਾਰੀ ਰਾਜ ਕਿੱਥੇ ਰਹੇਗਾ ? ਇਸੇ ਤਰ੍ਹਾਂ, ਜੇ ਜਗ੍ਹਾ ਜਗ੍ਹਾ ਦੀਆਂ ਸਿੱਖ ਸੰਗਤਾਂ ਆਪਣਾ ਆਪਣਾ ਦੇਹਧਾਰੀ ਗੁਰੂ ਬਣਾ, ਬੈਠ ਜਾਣਗੀਆਂ ਤਾਂ ਸਿੱਖ ਧਰਮ ਕਿੱਥੇ ਰਹੂ ? ਪਰ, ਥਾਣੇਦਾਰ ਕਿਸੇ ਪਿੰਡ ਨੂੰ ਸੁਤੰਤਰ ਨਹੀਂ ਹੋਣ ਦਿੰਦੇ, ਇਸ ਵਾਸਤੇ ਕਿ ਉਹ ਆਪਣਾ ਫਰਜ਼ ਜਾਣਦੇ ਹਨ। ਇਸੇ ਤਰ੍ਹਾਂ ਜੇ ਹਰ ਇੱਕ ਧਰਮਸਾਲੀਆ ਆਪਣੇ ਕੰਮ ਨੂੰ ਕਰਨ ਵਾਲਾ ਹੋਵੇ ਅਤੇ ਸਿੱਖੀ ਨੂੰ ਗੁਰੂ ਨਾਨਕ ਜੀ ਮਹਾਰਾਜ ਦੇ ਪਿੱਛੇ ਰੱਖਣ ਵਾਲਾ ਹੋਵੇ, ਤਾਂ ਦੇਹਧਾਰੀ ਗੁਰੂ ਸੰਗਤ ਨੂੰ ਖਰਾਬ ਨਾ ਕਰ ਸਕਣ। ਪਰ ਇਹ ਤਦ ਹੋ ਸਕਦਾ ਹੈ, ਜਦ ਧਰਮਸਾਲੀਏ ਦਿਵਯਾਵਾਨ ਅਤੇਸਿੱਖੀ ਦੇ ਅਸੂਲਾਂ ਪਰ ਤੁਰਨ ਵਾਲੇ ਹੋਣ। ਕਈ ਸਿੰਘ ਸਭਾਵਾਂ ਅਤੇ ਦੀਵਾਨ ਇਹ ਵੇਖ ਕੇ ਕਿ ਸਾਡੇ ਇਲਾਕੇ ਦੀਆਂ ਧਰਮਸਾਲਾ ਦੇਹਧਾਰੀ ਗੁਰੂਆਂ ਦੇ ਰੋਅਬ ਦਾਬ ਵਿਚ ਜਾ ਚੁੱਕੀਆਂ ਹਨ, ਆਪਣੀਆਂ ਨਵੀਆਂ ਹਜ਼ਾਰਾਂ ਰੁਪਏ ਦੇ ਖਰਚ ਪਰ, ਬਣਾਉਣ ਦਾ ਬੀੜਾ ਉਠਾਉਂਦੇ ਹਨ, ਪਰ ਜਦ ਤੱਕ ਚੰਗੇ ਧਰਮਸਾਲੀਏ ਨਾ ਹੋਣਗੇ, ਇਹ ਨਵੀਆਂ ਧਰਮਸਾਲਾਂ ਕਿਸ ਤਰ੍ਹਾਂ ਦੇਹਧਾਰੀ ਗੁਰੂਆਂ ਪਾਸੋਂ ਬਚਣਗੀਆਂ ? ਸੋ, ਨਵੀਆਂ ਧਰਮਸਾਲਾਂ ਪਰ ਜੋ ਪੰਥ ਰੁਪਿਆ ਖਰਚ ਕਰ ਰਿਹਾ ਹੈ, ਉਹੀ ਰੁਪਿਆ ਚੰਗੇ ਗ੍ਰੰਥੀਆਂ ਦੇ ਪੈਦਾ ਕਰਨ ਪਰ ਖਰਚ ਕਰਨ ਤਾਂ ਪੁਰਾਣੀਆਂ ਹੀ ਧਰਮਸਾਲਾਂ ਨੂੰ ਰੌਣਕ ਹੋ ਜਾਵੇ ਤੇ ਇਸ ਕਾਰਜ ਨਾਲ ਫਲ ਕੈਸਾ ਅੱਛਾ ਹੋਵੇ। ਇਸ ਸਾਡੇ ਲੇਖ ਤੋਂ ਇਹ ਨਹੀਂ ਸਮਝ ਲੈਣਾ ਚਾਹੀਏ ਕਿ ਚੰਗੇ ਗ੍ਰੰਥੀ ਪੰਥ ਵਿਚ ਰਹੇ ਹੀ ਨਹੀਂ ਹਨ। ਨਹੀਂ, ਨਹੀਂ, ਅਜੇ ਤੱਕ ਕਈ ਚੰਗੇ ਗ੍ਰੰਥੀ ਵੀ ਹਨ, ਪਰ ਥੋੜੇ ਹਨ, ਜਿਸ ਕਰਕੇ ਉਹਨਾਂ ਦੇ ਹਿੱਸੇ ਦੀਆਂ ਸੰਗਤਾਂ ਦੇਹਧਾਰੀ ਗੁਰੂਆਂ ਦੀ ਲੁੱਟ ਪਾਸੋਂ ਬਚੀਆਂ ਹੋਂਈਆਂ ਹਨ।

(ਨੋਟਭਾਈ ਸਾਹਿਬ ਦੇ ਉਪਰੋਕਤ ਅਤਿ ਅਹਿਮ ਲੇਖ ਨੂੰ ਹੋਰ ਪਰਪੱਕ ਕਰਨ ਹਿੱਤ, ਸੰਖੇਪ ਵਿਚ ਇਹ ਕਹਾਨੀ ਅੰਕਿਤ ਕਰਦਾ ਹਾਂ (ਲੇਖਕ) ‘‘ਗਾਥਾ ਹੈ ਕਿ ਇੱਕ ਵੇਰ, ਸਿਆਲ ਦੀ ਰੁੱਤੇ, ਇੱਕ ਅਰਬੀ ਆਪਣੇ ਊਠ ਨਾਲ ਸਫ਼ਰ ਕਰਦਾ ਕਰਦਾ, ਰਾਤ ਕੱਟਣ ਲਈ, ਇੱਕ ਰੇਤਲੇ ਖੇਤਰ ਵਿਚ ਅਟਕਿਆ। ਉਸ ਨੇ ਆਪਣਾ ਛੋਟਾ ਜਿਹਾ ਤੰਬੂ ਲਾਇਆ ਅਤੇ ਊਠ ਬਾਹਰ ਬੰਨ੍ਹ ਕੇ, ਆਪ ਅੰਦਰ ਸੌਂ ਗਿਆ। ਜਦ ਰਾਤ ਦਾ ਪਹਿਲਾ ਪਹਿਰ ਲੰਘਿਆ ਤਾਂ ਊਠ ਨੇ ਸਰਦੀ ਤੋਂ ਬਚਣ ਲਈ ਆਪਣੇ ਸਿਰ ਨੂੰ ਖੇਮੇ ਅੰਦਰ ਕਰ ਲੈਣ ਦੀ ਆਗਿਆ ਮੰਗੀ, ਜੋ ਮਾਲਿਕ ਨੇ ਸਾਥੀ ਸਮਝ ਕੇ ਦੇ ਦਿੱਤੀ। ਇਸੇ ਤਰ੍ਹਾਂ, ਫੇਰ ਦੂਜੇ ਪਹਿਰ ਗਰਦਨ ਤੇ ਤੀਜੇ ਪਹਿਰ ਮਾਲਿਕ ਦੀ ਆਗਿਆ ਅਨੁਸਾਰ ਗਰਦਨ ਤੇ ਧੜ ਵੀ ਖੇਮੇ ਅੰਦਰ ਕਰਨ ਉਪਰੰਤ, ਪਲਸੇਟਾ ਮਾਰ ਕੇ ਸਾਰਾ ਹੀ ਅੰਦਰ ਹੋ ਗਿਆ ਅਤੇ ਮਾਲਿਕ ਨੂੰ ਖੇਮਿਓਂ ਬਾਹਰ ਕੱਢ ਦਿੱਤਾ। ਮਾਲਿਕ ਦੇ ਰੋਸ ਵੱਲੋਂ ਲਾਪ੍ਰਵਾਹ ਹੋ ਕੇ ਉੱਤਰ ਦਿੱਤਾ ਕਿ ਉਹ ਤਾਂ ਹੁਣ ਬਾਹਰ ਨਿਕਲਣ ਤੋਂ ਇਨਕਾਰੀ ਹੈ।’’

ਸੋ, ਐਨ ਇਹੀ ਹਾਲ ਦੰਭੀ ਤੇ ਦੇਹਧਾਰੀ ਗੁਰੂਆਂ ਦਾ ਹੈ। ਉਹ ਸਤਿਗੁਰੂ ਦੇ ਉਪਦੇਸ਼ਾਂ, ਅਤੇ ‘ਬਾਣੀ’ ਰਾਹੀਂ ਸਿੱਖ ਦੇ ਹਿਰਦੇ ਅੰਦਰ ਵੜਦੇ ਹਨ ਅਤੇ ਆਖ਼ਰ ਗੁਰੂ ਨਾਨਕ ਦੇਵ ਜੀ ਨੂੰ ਬਾਹਰ ਕੱਢ ਕੇ, ਪੂਰਨ ਤੌਰ ਤੇ ਆਪ ਕਾਬਜ਼ ਹੋ ਜਾਂਦੇ ਹਨ।)

ਪ੍ਰਿੰ : ਹਰਿਭਜਨ ਸਿੰਘ

Most Viewed Posts