26.7 C
Jalandhar
Sunday, April 5, 2026
spot_img
Home Blog Page 224

ਅਕਾਲ ਤਖ਼ਤ ਸਾਹਿਬ ਦੀ ਸਿਰਜਨਾ, ਸਿੱਖ ਇਤਿਹਾਸ ਵਿੱਚ ਅਕਾਲ ਤਖ਼ਤ ਦਾ ਰੋਲ ਅਤੇ ਇਸ ਦੀ ਮੌਜੂਦਾ ਦੌਰ ਵਿੱਚ ਹਾਲਤ

0

ਅਕਾਲ ਤਖ਼ਤ ਸਾਹਿਬ ਦੀ ਸਿਰਜਨਾ, ਸਿੱਖ ਇਤਿਹਾਸ ਵਿੱਚ ਅਕਾਲ ਤਖ਼ਤ ਦਾ ਰੋਲ ਅਤੇ ਇਸ ਦੀ ਮੌਜੂਦਾ ਦੌਰ ਵਿੱਚ ਹਾਲਤ

ਕਿਰਪਾਲ ਸਿੰਘ ਬਠਿੰਡਾ (ਮੋਬ:) 98554-80797

28 ਜੇਠ ਸੰਮਤ 1663 ਨੂੰ ਗੁਰਿਆਈ ਗੱਦੀ ’ਤੇ ਬਿਰਾਜਮਾਨ ਹੋਣ ਤੋਂ ਕੇਵਲ ਤਿੰਨ ਹਫਤੇ ਬਾਅਦ; ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਯੂਲੀਅਨ) ਨੂੰ ਇੱਕ ਥੜੇ ਦੀ ਉਸਾਰੀ ਕੀਤੀ ਜਿਸ ’ਤੇ ਬਾਅਦ ਵਿੱਚ ਅਕਾਲ ਬੁੰਗਾ ਉਸਾਰਿਆ ਗਿਆ। ਅਕਾਲ ਬੁੰਗੇ ਨੂੰ ਸਮੇਂ ਸਮੇਂ ’ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਇਸ ਸਥਾਨ ’ਤੇ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ। 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਉਪ੍ਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਗਈ ਮੌਜੂਦਾ ਇਮਾਰਤ ਸ਼ੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ। 1752 ’ਚ ਯੂਲੀਅਨ ਕੈਲੰਡਰ ਵਿੱਚ ਹੋਈ 11 ਦਿਨ ਦੀ ਸੋਧ ਅਤੇ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦਾ ਸਾਲ ਈਸਵੀ ਕੈਲੰਡਰ ਦੇ ਸਾਲ ਨਾਲੋਂ 1964 ਤੱਕ 24 ਮਿੰਟ ਵੱਡਾ ਹੋਣਾ ਅਤੇ 1964 ਵਿੱਚ ਦਿ੍ਰੱਕ ਸਿਧਾਂਤ ਅਨੁਸਾਰ ਕੀਤੀ ਸੋਧ ਉਪ੍ਰੰਤ ਤਕਰੀਬਨ 20 ਮਿੰਟ ਵੱਡਾ ਹੋਣ ਕਰਕੇ 1964 ਤੱਕ 60 ਸਾਲਾਂ ਵਿੱਚ ਇੱਕ ਦਿਨ ਅਤੇ 1964 ਉਪ੍ਰੰਤ 71-72 ਸਾਲਾਂ ਪਿੱਛੋਂ ਇੱਕ ਦਿਨ ਦਾ ਫਰਕ ਪੈਂਦਾ ਆ ਰਿਹਾ ਹੈ ਜਿਸ ਕਾਰਨ ਦੇਸੀ ਅਤੇ ਅੰਗਰੇਜੀ ਮਹੀਨਿਆਂ ਦੀਆਂ ਤਰੀਖਾਂ ਦਾ ਆਪਸੀ ਤਾਲਮੇਲ ਬਿਗੜ ਰਿਹਾ ਹੈ। ਦਿਨੋ ਦਿਨ ਇਸ ਬਿਗੜ ਰਹੇ ਤਾਲਮੇਲ ਨੂੰ ਅੱਗੋਂ ਤੋਂ ਰੋਕਣ ਲਈ ਵਿਗਿਆਨਕ ਢੰਗ ਨਾਲ ਤਿਆਰ ਕਰਕੇ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ ਅਤੇ ਹਮੇਸ਼ਾਂ ਲਈ ਇਸੇ ਹੀ ਤਰੀਖ ਨੂੰ ਆਉਂਦਾ ਰਹੇਗਾ। (ਨੋਟ: ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜੇ ਗਏ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ 18 ਹਾੜ ਹੀ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਦੇ ਕੈਲੰਡਰ ਵਿੱਚ 18 ਹਾੜ 2014 ਅਤੇ 2015 ਦੋਵੇਂ ਸਾਲਾਂ ਵਿੱਚ 2 ਜੁਲਾਈ ਨੂੰ ਹੀ ਆਇਆ ਸੀ ਪਰ ਇਸ ਸਾਲ 1 ਜੁਲਾਈ 2016 ਈ: ਨੂੰ ਹੈ; ਅਗਲੇ ਸਾਲ ਕਿਹੜੀ ਤਰੀਖ ਨੂੰ ਆਵੇਗਾ ਇਹ ਸ਼੍ਰੋਮਣੀ ਕਮੇਟੀ ਹੀ ਜਾਣੇ।)

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਖ਼ਤ ਨੂੰ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਪੈਗ਼ਾਮ ਜੋ ਹੇਠ ਲਿਖੇ ਪਾਵਨ ਬਚਨਾਂ ਵਿੱਚ ਦਰਜ ਹੈ; ਹੀ ਪ੍ਰਗਟ ਕੀਤਾ ਸੀ:

(1). ਤਖਤਿ ਬਹੈ, ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥੧੦॥’’ (ਮਾਰੂ ਸੋਲਹੇ ਮ: ੧/੧੦੨੨) ਭਾਵ ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉੱਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ।

(2). ਤਖਤਿ ਬਹੈ, ਤਖਤੈ ਕੀ ਲਾਇਕ ॥ ਪੰਚ ਸਮਾਏ ਗੁਰਮਤਿ ਪਾਇਕ ॥ ਆਦਿ ਜੁਗਾਦੀ ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ॥੧੪॥’’ (ਮਾਰੂ ਸੋਲਹੇ ਮ: ੧/ ੧੦੩੯) ਭਾਵ ਜੇਹੜਾ ਮਨੁੱਖ ਗੁਰੂ ਦੀ ਮਤ ’ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿਚ ਰਹਿੰਦੇ ਹਨ, ਉਹ ਹਿਰਦੇ-ਤਖ਼ਤ ਉੱਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉੱਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ)। ਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮਤ ’ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਜੋ ਐਨ ਆਰੰਭ ਅਤੇ ਯੁਗਾਂ ਦੇ ਅਰੰਭ ਵਿੱਚ ਸੀ, ਹੁਣ ਹੈ ਅਤੇ ਅਗੇ ਨੂੰ ਭੀ ਹੋਵੇਗਾ, ਬੰਦੇ ਦਾ ਫ਼ਿਕਰ ਤੇ ਵਹਿਮ ਦੂਰ ਹੋ ਜਾਂਦਾ ਹੈ।

(3). ਤਖਤਿ, ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ॥ ਜਿਨੀ, ਸਚੁ ਪਛਾਣਿਆ; ਸਚੁ ਰਾਜੇ ਸੇਈ ॥ ਏਹਿ ਭੂਪਤਿ, ਰਾਜੇ ਨ ਆਖੀਅਹਿ; ਦੂਜੈ ਭਾਇ ਦੁਖੁ ਹੋਈ ॥ ਕੀਤਾ, ਕਿਆ ਸਾਲਾਹੀਐ; ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ; ਗੁਰਮੁਖਿ ਬੂਝੈ, ਸੁ ਨਿਹਚਲੁ ਹੋਈ ॥੬॥’’ ਮਾਰੂ ਵਾਰ:੧ (ਮ: ੩/੧੦੮੮) ਭਾਵ ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ’ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ਤ੍ਰਿਸ਼ਨਾ ਭੁਖ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ); ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ। ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ, (ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ (‘ਤ੍ਰਿਸ਼ਨਾ ਭੁਖ’ ਵਲੋਂ) ਅਡੋਲ ਹੋ ਜਾਂਦਾ ਹੈ।

6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਹ ਕਹਿਣਾ ਜਾਂ ਲਿਖਣਾ ਬਿਲਕੁਲ ਗਲਤ ਹੈ ਕਿ ਬਾਬਾ ਬੁੱਢਾ ਜੀ ਨੇ ਗਲਤੀ ਨਾਲ ਸੱਜੇ ਪਾਸੇ ਪਹਿਨਾ ਦਿੱਤੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਸ ਨੂੰ ਲਾਹ ਕੇ ਠੀਕ ਪਾਸੇ ਪਾਉਣ ਦੀ ਬਜਾਏ ਇਕ ਹੋਰ ਕਿਰਪਾਨ ਲਿਆ ਕੇ ਖੱਬੇ ਪਾਸੇ ਪਹਿਨਾ ਦਿਓ। ਦੋ ਕਿਰਪਾਨਾਂ ਬਾਬਾ ਬੁੱਢਾ ਜੀ ਦੀ ਗਲਤੀ ਸੁਧਾਰਨ ਲਈ ਨਹੀਂ ਬਲਕਿ ਗੁਰੂ ਅਰਜੁਨ ਸਾਹਿਬ ਜੀ ਦੀ ਆਗਿਆ ਅਨੁਸਰ ਹੀ ਪਹਿਨੀਆਂ ਸਨ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ: ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ= ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇੱਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਹੋਣੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ। 6 ਸਾਵਣ ਨੂੰ ਸਿੱਖ ਇਤਿਹਾਸ ਵਿੱਚ ਮੀਰੀ ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਹੀ ਆਉਂਦਾ ਹੈ। (ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ 31 ਹਾੜ, 14 ਜੁਲਾਈ ਵਿਖਾਇਆ ਗਿਆ ਹੈ। 2014 ’ਚ ਇਹ ਦਿਹਾੜਾ 6 ਸਾਵਣ 21 ਜੁਲਾਈ; ਅਤੇ 2015 ’ਚ 11 ਸਾਵਣ 26 ਜੁਲਾਈ ਵਿਖਾਇਆ ਗਿਆ ਸੀ। ਇਹ ਵੀ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ ਕਿ ਹਰ ਸਾਲ ਹੀ ਮੀਰੀ-ਪੀਰੀ ਦਿਹਾੜੇ ਦੀਆਂ ਤਰੀਖਾਂ ਬਦਲ ਕੇ ਉਹ ਸਿੱਖ ਕੌਮ ਨੂੰ ਕਿਹੜੇ ਭੰਬਲਭੂਸੇ ਵਿੱਚ ਪਾਉਣਾ ਚਾਹੁੰਦੀ ਹੈ।)

ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਿਰਜਨਾ 1606 ਵਿੱਚ ਕੀਤੀ ਉਹ 1609 ਤੱਕ ਤੇ ਫਿਰ 1617 ਤੋਂ 1631 ਤੱਕ ਬਹੁਤ ਸਮਾਂ ਅੰਮ੍ਰਿਤਸਰ ਰਹੇ ਸਨ ਤੇ ਇਸ ਦੌਰਾਨ ਤਖ਼ਤ ਦੀ ਕਾਰਵਾਈ ਇੱਥੋਂ ਚਲਾਉਂਦੇ ਰਹੇ। 1632 ਵਿੱਚ ਉਹ ਕੀਰਤਪੁਰ ਸਾਹਿਬ ਚਲੇ ਗਏ। ਇਸ ਮਗਰੋਂ ਛੇਵੇਂ, ਸਤਵੇਂ ਤੇ ਅੱਠਵੇਂ ਪਾਤਿਸ਼ਾਹ ਵਧੇਰੇ ਕਰਕੇ ਕੀਰਤਪੁਰ ਸਾਹਿਬ ਹੀ ਰਹੇ। ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਸੰਭਾਲਣ ਪਿੱਛੋਂ ਪ੍ਰਚਾਰ ਫੇਰੀਆਂ ਨੂੰ ਛੱਡ ਕੇ ਬਹੁਤਾ ਸਮਾ ਬਾਬਾ ਬਕਾਲਾ ਅਤੇ ਚੱਕ ਨਾਨਕੀ (ਅਨੰਦਪੁਰ ਸਾਹਿਬ) ਵਿਖੇ ਰਹੇ; ਇਕ ਵਾਰ ਉਹ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਏ ਜਰੂਰ ਸਨ ਪਰ ਮਸੰਦਾਂ ਨੇ ਦਰਵਾਜੇ ਬੰਦ ਕਰਕੇ ਗੁਰੂ ਜੀ ਨੂੰ ਅੰਦਰ ਦਾਖ਼ਲ ਨਹੀਂ ਸੀ ਹੋਣ ਦਿੱਤਾ ਇਸ ਲਈ ਉਹ ਬਾਹਰੋਂ ਹੀ ਨਮਸ਼ਕਾਰ ਕਰਕੇ ਵਾਪਸ ਚਲੇ ਗਏ ਸਨ। ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ, ਪਾਉਂਟਾ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਹਜੂਰ ਸਾਹਿਬ ਨੰਦੇੜ ਵਿਖੇ ਰਹੇ। ਇਸ ਸਾਰੇ ਸਮੇਂ ਦੌਰਾਨ ਉਹ ਸਾਰੇ ਗੁਰੂ ਸਾਹਿਬਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਨ੍ਹਾਂ ਥਾਵਾਂ ਤੋਂ ਹੀ ਚਲਾਉਂਦੇ ਰਹੇ ਸਨ। 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਢਹਿਢੇਰੀ ਕਰਕੇ ਦਰਬਾਰ ਸਾਹਿਬ ਕੰਪਲੈਕਸ ਆਪਣੇ ਕਬਜ਼ੇ ਹੇਠ ਕਰ ਲਿਆ ਸੀ। ਉਸ ਤੋਂ ਬਾਅਦ ਪਹਿਲਾ ਸਰਬੱਤ ਖ਼ਾਲਸਾ ਅਕਾਲ ਤਖ਼ਤ ਦੀ ਬਜਾਏ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਿਖੇ ਕੀਤਾ ਗਿਆ ਸੀ। ਸੋ ਸ਼੍ਰੋਮਣੀ ਕਮੇਟੀ ਅਤੇ ਮੌਜੂਦਾ ਜਥੇਦਾਰਾਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਸਰਬੱਤ ਖ਼ਾਲਸਾ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਹੋ ਸਕਦਾ ਹੈ, ਬਿਲਕੁਲ ਅਧਾਰਹੀਨ ਅਤੇ ਸਿੱਖ ਇਤਿਹਾਸ ਤੋਂ ਨਾਸਮਝੀ ਦੀ ਸੂਚਕ ਹੈ।

ਗੁਰੂ ਸਾਹਿਬ ਪਿੱਛੋਂ ਪੰਥ ਦੀ ਸਿਆਸੀ ਅਗਵਾਈ ਸਰਬੱਤ ਖ਼ਾਲਸਾ ਕੋਲ ਆ ਗਈ। ਸਰਬੱਤ ਖ਼ਾਲਸਾ ਦੀ ਫੌਜ-ਖ਼ਾਲਸਾ ਦਲ (ਜਾਂ ਦਲ ਖ਼ਾਲਸਾ) ਦੇ ਆਗੂ ਆਪਣਾ ਇੱਕ ਜਥੇਦਾਰ ਚੁਣ ਲੈਂਦੇ ਸਨ। ਬਾਬਾ ਬੰਦਾ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ੁਦ ਹੀ ਖ਼ਾਲਸਾ ਫੌਜ ਦੇ ਜਥੇਦਾਰ ਥਾਪੇ ਗਏ ਸਨ। ਉਸ ਤੋਂ ਬਾਅਦ ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਦਲ ਖ਼ਾਲਸਾ ਵੱਲੋਂ ਜਥੇਦਾਰ ਥਾਪੇ ਜਾਂਦੇ ਰਹੇ ਹਨ। ਉਹ ਖ਼ਾਲਸਾ ਫੌਜ ਦੇ ਜਥੇਦਾਰ ਰਹੇ ਹਨ ਨਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ। ਮਿਸਲਾਂ ਦੇ ਸਮੇਂ ਸਾਲ ਵਿੱਚ ਦੋ ਵਾਰ ਦੀਵਾਲੀ, ਵੈਸਾਖੀ ਮੌਕੇ ਸਾਰੀਆਂ ਮਿਸਲਾਂ ਦੇ ਮੁਖੀ ਨੁੰਮਾਇੰਦੇ ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਸਾਂਝੀ ਇਕੱਤ੍ਰਤਾ ਬੁਲਾਉਂਦੇ ਸਨ ਜਿਸ ਨੂੰ ਸਰਬੱਤ ਖ਼ਾਲਸੇ ਦਾ ਨਾਮ ਦਿੱਤਾ ਜਾਂਦਾ ਰਿਹਾ ਹੈ। ਹਰ ਸਮੇਂ ਵੱਖੋ ਵੱਖ ਵੀਚਾਰਧਾਰਾਵਾਂ ਦੇ ਧਾਰਨੀ ਮਿਸਲਾਂ ਦੇ ਨੁੰਮਾਇੰਦੇ ਆਪਣੇ ਵਿੱਚੋਂ ਇਕ ਨੂੰ ਜਥੇਦਾਰ ਚੁਣ ਲੈਂਦੇ ਸਨ, ਜਿਸ ਦੀ ਦੇਖ ਰੇਖ ਹੇਠ ਸਰਬੱਤ ਖ਼ਾਲਸਾ ਦੀ ਕਾਰਵਾਈ ਚਲਦੀ ਸੀ। ਆਪਣੇ ਨਿੱਜੀ ਹਿਤਾਂ ਅਤੇ ਵੀਚਾਰਾਂ ਨੂੰ ਲਾਂਭੇ ਰੱਖ ਕੇ ਕੇਵਲ ਪੰਥਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਗੁਰਮਤਿ ਦੀ ਰੋਸ਼ਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜਦ ਤੱਕ ਸਰਬ ਸੰਮਤੀ ਨਾਲ ਕਿਸੇ ਫੈਸਲੇ ’ਤੇ ਨਹੀਂ ਸੀ ਪੁੱਜਿਆ ਜਾਂਦਾ ਤਦ ਤਕ ਮੀਟਿੰਗ ਨਿਰੰਤਰ ਜਾਰੀ ਰਹਿੰਦੀ ਸੀ। ਸਰਬ ਸੰਮਤੀ ਵਾਲੇ ਫੈਸਲੇ ਨੂੰ ਗੁਰਮਤਾ ਦਾ ਨਾਮ ਦਿੱਤਾ ਜਾਂਦਾ ਸੀ ਜਿਸ ਦਾ ਅਰਥ ਹੈ ਗੁਰੂ ਦੀ ਸਿੱਖਿਆ ਮੁਤਾਬਕ ਪਾਸ ਕੀਤਾ ਗਿਆ ਮਤਾ। ਸਰਬ ਸੰਮਤੀ ਨਾਲ ਪਾਸ ਹੋਏ ਇਸ ਗੁਰਮਤੇ ਨੂੰ ਉਸ ਇਕੱਤ੍ਰਤਾ ਲਈ ਚੁਣਿਆ ਗਿਆ ਜਥੇਦਾਰ ਅਕਾਲ ਤਖ਼ਤ ਦੀ ਫਸੀਲ ਤੋਂ ਪੰਥ ਦੇ ਨਾਮ ਸੰਦੇਸ਼ ਦੇ ਤੌਰ ’ਤੇ ਪੜ੍ਹ ਕੇ ਸੁਣਾ ਦਿੰਦਾ ਸੀ ਜਿਸ ਨੂੰ ਅਕਾਲ ਤਖ਼ਤ ਦਾ ਹੁਕਨਾਮਾ ਕਿਹਾ ਜਾਣ ਲੱਗ ਪਿਆ ਅਤੇ ਜਿਸ ਨੂੰ ਸਾਰਾ ਪੰਥ ਬਿਨਾਂ ਹੀਲ ਹੁਜਤ ਤੋਂ ਮੰਨ ਲੈਂਦਾ ਸੀ। ਭਾਈ ਰਤਨ ਸਿੰਘ ਭੰਗੂ ਪਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਦਾ ਜ਼ਿਕਰ ਇਉਂ ਕਰਦੇ ਹਨ: ‘ਅਕਾਲ ਬੁੰਗੇ ਚੜ੍ਹਿ, ਤਖ਼ਤੈ ਬਹਿ ਹੈਂ। ਲਾਇ ਦੀਵਾਨ, ਗੁਰਮਤੇ ਮਤੇ ਹੈਂ।’

ਗਿਆਨੀ ਗਿਆਨ ਸਿੰਘ ਦੇ ਲਫਜ ਹਨ: ‘ਕਾਮ ਪਰਤ ਥਾ, ਜੋ ਕਛ ਕਬ ਹੀ। ਕਰਤ ਗੁਰਮਤਾ, ਮਿਲ ਕਰ ਸਭ ਹੀ। ਜਥੇਦਾਰ ਜੋ ਕਛੁ ਕਹਿ ਦੇਤਾ। ਸੋਈ ਪੰਥ ਮਾਨ ਸਭ ਲੇਤਾ।’

ਇਸ ਤਰ੍ਹਾਂ ਸਰਬੱਤ ਖ਼ਾਲਸਾ ਦੀ ਸੰਸਥਾ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਦੇ ਸਿਧਾਂਤ ਨੂੰ ਪਰਪੱਕ ਕਰਦੀ ਹੈ। 1783 ਤੋਂ ਮਗਰੋਂ ਜਦੋਂ ਸਿੱਖ ਮਿਸਲਾਂ ਨੇ ਆਪੋ ਆਪਣੀ ਰਾਖੀ ਵਾਲੇ ਇਲਾਕਿਆਂ ਵਿੱਚ ਹਕੂਮਤਾਂ ਕਾਇਮ ਕਰ ਲਈਆਂ ਤਾਂ ਸਰਬੱਤ ਖ਼ਾਲਸਾ ਇਕੱਠ ਹੋਣੇ ਬੰਦ ਹੋ ਗਏ। 1799 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਬੋਲਬਾਲਾ ਕਾਇਮ ਹੋ ਗਿਆ। 1805 ਵਿੱਚ ਲਾਰਡ ਲੇਕ ਅਤੇ ਹੋਲਕਰ ਦੇ ਝਗੜੇ ਬਾਰੇ ਇੱਕ ਸਰਬੱਤ ਖ਼ਾਲਸਾ ਬੁਲਾਉਣ ਮਗਰੋਂ ਉਸ ਨੇ ਅਜਿਹੇ ਇਕੱਠ ਬੁਲਾਉਣੇ ਬੰਦ ਕਰ ਦਿੱਤੇ ਸਨ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਕੋਈ ਉਸ ਨੂੰ ਸਰਬੱਤ ਖ਼ਾਲਸਾ ਦੇ ਨਾਮ ’ਤੇ ਸਲਾਹ ਦੇਵੇ। 1805 ਤੋਂ ਪਿੱਛੋਂ 15 ਨਵੰਬਰ 1920 ਤੱਕ ਕੋਈ ਸਰਬੱਤ ਖ਼ਾਲਸਾ ਇਕੱਠ ਨਹੀਂ ਹੋਇਆ।

ਅਕਾਲ ਤਖ਼ਤ ਸਾਹਿਬ ਇੱਕ ਸਿਧਾਂਤ ਹੈ ਕੋਈ ਗੱਦੀ ਨਹੀਂ। ਇਸ ਦੇ ਮੁੱਖ ਸੇਵਾਦਾਰ ਦੀ ਤੁਲਨਾ ‘ਪੋਪ ਜਾਂ ਬਾਦਸ਼ਾਹ’ ਦੋਵਾਂ ਵਿੱਚੋਂ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ‘ਜਥੇਦਾਰ’ ਲਫਜ਼ ਤਾਂ 1920 ਤੋਂ ਕਾਫੀ ਸਮਾਂ ਬਾਅਦ ਵਿੱਚ ਹੋਂਦ ਵਿੱਚ ਆਇਆ ਹੈ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਜਦੋਂ 12 ਅਕਤੂਬਰ 1920 ਨੂੰ ਜਦੋਂ ਪੁਜਾਰੀ ਸੰਗਤਾਂ ਦੇ ਰੋਹ ਨੂੰ ਵੇਖ ਕੇ ਦੌੜ ਗਏ ਤਾਂ ਅਕਾਲ ਤਖ਼ਤ ਸੁੰਝਾ ਤੱਕ ਕੇ ਹਾਜ਼ਿਰ ਸੰਗਤਾਂ ਨੇ ਸੇਵਾ ਸੰਭਾਲ ਲਈ ਇੱਕ 25 ਮੈਂਬਰੀ ਜਥਾ ਨਿਯੁਕਤ ਕੀਤਾ ਤਾਂ ਭਾਈ ਤੇਜਾ ਸਿੰਘ ਭੁੱਚਰ ਇਸ ਦੇ ਜਥੇਦਾਰ ਨਿਯੁਕਤ ਕੀਤੇ ਗਏ ਸਨ। ਉਹ ਸੇਵਾ ਸੰਭਾਲ ਦੇ ਜਥੇਦਾਰ ਸਨ ਨਾ ਕਿ ਅਕਾਲ ਤਖ਼ਤ ਸਾਹਿਬ ਦੇ। ਕਾਬਲੇ-ਜ਼ਿਕਰ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਣਾਉਣ ਲਈ 15-16 ਨਵੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਜੋ ‘ਸਰਬੱਤ ਖ਼ਾਲਸਾ ਇਕੱਠ’ ਬੁਲਾਇਆ ਗਿਆ ਸੀ, ਉਸ ਚਿੱਠੀ ਉਪਰ ਜਥੇਦਾਰ ਵਜੋਂ ਤੇਜਾ ਸਿੰਘ ਭੁੱਚਰ ਦੇ ਦਸਤਖ਼ਤ ਨਹੀਂ ਸਨ ਬਲਕਿ ਡਾ: ਗੁਰਬਖ਼ਸ਼ ਸਿੰਘ ਜੋ 13 ਅਕਤੂਬਰ 1920 ਨੂੰ ਨਾਮਜ਼ਦ ਹੋਏ 9 ਮੈਂਬਰੀ ਸੇਵਾ ਸੰਭਾਲ ਜੱਥੇ ਦੇ ਸਕੱਤਰ ਸਨ; ਦੇ ਦਸਤਖ਼ਤ ਸਨ। ਇਸ ਤੋਂ ਇਹ ਸਿੱਧ ਹੋਇਆ ਕਿ ਇਹ ਵੀ ਕੋਈ ਜਰੂਰੀ ਸ਼ਰਤ ਨਹੀਂ ਹੈ ਕਿ ਸਰਬੱਤ ਖ਼ਾਲਸਾ ਦਾ ਇਕੱਠ ਕੇਵਲ ਅਕਾਲ ਤਖ਼ਤ ਦਾ ਜਥੇਦਾਰ ਹੀ ਬੁਲਾ ਸਕਦਾ ਹੈ ਹੋਰ ਕੋਈ ਨਹੀਂ ਜਿਵੇਂ ਕਿ ਅੱਜ ਕੱਲ੍ਹ (ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ) ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ 1926 ਵਿੱਚ ਮਹਾਨ ਕੋਸ਼ ਪੂਰਾ ਕੀਤਾ ਅਤੇ 1930 ਵਿੱਚ ਛਾਪਿਆ। ਇਸ ਵਿੱਚ ਕਿਧਰੇ ਵੀ ‘ਅਕਾਲ ਤਖ਼ਤ ਦੇ ਜਥੇਦਾਰ’ ਦਾ ਜ਼ਿਕਰ ਨਹੀਂ ਹੈ। 1925 ਵਿੱਚ ਪਾਸ ਹੋਏ ‘ਗੁਰਦੁਆਰ ਐਕਟ’ ਵਿੱਚ ਜਥੇਦਾਰ ਦਾ ਕੋਈ ਅਹੁਦਾ ਨਹੀ; ਉਸ ਵਿੱਚ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਲਈ ‘ਹੈੱਡ ਮਨਿਸਟਰ’ ਸ਼ਬਦ ਵਰਤਿਆ ਗਿਆ ਹੈ। 1945 ਵਿੱਚ ਪ੍ਰਵਾਨ ਕੀਤੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਜਥੇਦਾਰ ਦੇ ਅਹੁੱਦੇ ਦਾ ਕੋਈ ਜ਼ਿਕਰ ਨਹੀਂ ਹੈ। ਜੇ ਪਿਛਲਾ ਇਤਿਹਾਸ ਫਰੋਲੀਏ ਤਾਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ, ਭਾਈ ਮਨੀ ਸਿੰਘ ਲਈ ਵੀ ਜਥੇਦਾਰ ਨਹੀਂ ਬਲਕਿ ‘ਪੁਜਾਰਨ ਸਿਓਂ ਵਡੋ ਪੁਜਾਰੀ’ ਲਫਜ਼ ਵਰਤਦੇ ਹਨ। ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਜੇ ਇਸ ਤੋਂ ਹੋਰ ਪਿੱਛੇ ਜਾਈਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਤੋਂ ਗਵਾਲੀਅਰ, ਦਿੱਲੀ, ਡਰੋਲੀ ਭਾਈ ਜਾਂ ਕਿਤੇ ਹੋਰ ਗਏ ਤਾਂ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੀ ਅਤੇ ਭਾਈ ਗੁਰਦਾਸ ਜੀ ਨੂੰ ਸ਼੍ਰੀ ਅਕਾਲ ਤਖ਼ਤ ਦੀ ਸੇਵਾ ਸੰਭਾਲ ਸੌਂਪ ਕੇ ਗਏ ਸਨ ਨਾ ਕਿ ਇਸ ਦੇ ਜੱਥੇਦਾਰ।

ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ-ਦਿਨ ਨਿਖਰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿਚ ਲਿਆਂਦਾ ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ। ਸਮੇਂ-ਸਮੇਂ ’ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਜਾਰੀ ਕਰਦੇ ਸਨ; ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੋ ਕੰਮ ਦੁਸ਼ਮਨ ਨਹੀਂ ਕਰ ਸਕਿਆ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਅਕਾਲੀ ਦਲ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪ ਹੀ ਕਰ ਵਿਖਾਇਆ ਹੈ। ਵੱਖ ਵੱਖ ਵੀਚਾਰਧਾਰਾ ਵਾਲੇ ਜੱਥਿਆਂ (ਮਿਸਲਾਂ) ਦੇ ਇਕੱਠ ਵੱਲੋਂ ਮੌਕੇ ’ਤੇ ਆਰਜ਼ੀ ਤੌਰ ’ਤੇ ਚੁਣੇ ਗਏ ਜਥੇਦਾਰਾਂ ਦੀ ਥਾਂ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਰਹਿ ਗਏ ਹਨ ਜਿਨ੍ਹਾਂ ਦੀ ਯੋਗਤਾ, ਨਿਯੁਕਤੀ, ਫੈਸਲੇ ਲੈਣ ਅਤੇ ਅਹੁਦੇ ਤੋਂ ਬਰਤਰਫੀ ਲਈ ਕੋਈ ਵੀ ਵਿਧੀ ਵਿਧਾਨ ਤਹਿ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਕੇਵਲ 15 ਕਾਰਜਕਾਰਨੀ ਮੈਂਬਰ ਮਨਚਾਹੇ ਢੰਗ ਨਾਲ ਕਿਸੇ ਵੀ ਜਥੇਦਾਰ ਨੂੰ ਬੇਇਜ਼ਤੀ ਭਰੇ ਢੰਗ ਨਾਲ ਕਿਸੇ ਵੀ ਸਮੇਂ ਅਹੁਦੇ ਤੋਂ ਬਰਤਰਫ ਕਰ ਸਕਦੇ ਹਨ ਅਤੇ ਬਿਨਾ ਕਿਸੇ ਯੋਗਤਾ ਦੇ ਕਿਸੇ ਵੀ ਵਿਅਕਤੀ ਨੂੰ ਨਵਾਂ ਜਥੇਦਾਰ ਥਾਪ ਸਕਦੇ ਹਨ, ਇਸੇ ਕਾਰਨ ਮੌਜੂਦਾ ਜਥੇਦਾਰ ਸਤਾਧਾਰੀ ਦਲ ਦੀਆਂ ਕਠਪੁਤਲੀਆਂ ਦੇ ਤੌਰ ’ਤੇ ਕੰਮ ਕਰਦੇ ਵਿਖਾਈ ਦਿੰਦੇ ਹਨ। ਇਸ ਦੇ ਬਾਵਜੂਦ ਜਥੇਦਾਰਾਂ ਜਿਨ੍ਹਾਂ ਨੂੰ ਸਿੱਖ ਸਿਧਾਂਤਾਂ ਦੇ ਉਲਟ ਸਿੰਘ ਸਾਹਿਬ ਆਦਿਕ ਦੇ ਲਕਬ ਦੇ ਕੇ ਆਮ ਸੰਗਤਾਂ ਲਈ ਹਊਏ ਦੇ ਤੌਰ ’ਤੇ ਪੇਸ਼ ਕੀਤੇ ਜਾ ਰਹੇ ਹਨ; ਜਿਨ੍ਹਾਂ ਦੇ ਹੁਕਮਨਾਮਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਨਾਮਿਆਂ ਤੋਂ ਉਪਰ ਦੱਸ ਕੇ ਹਰ ਸਿੱਖ ਲਈ ਮੰਨਣਾ ਜਰੂਰੀ ਦੱਸਿਆ ਜਾ ਰਿਹਾ ਹੈ। ਸਿੱਖ ਸਿਧਾਂਤਾਂ ਦੇ ਵਿਰੋਧ ਵਿੱਚ ਜਾਣ ਵਾਲੀ ਇਸ ਕਾਰਵਾਈ ਦੀ ਸ਼ੁਰੂਆਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਸਮੇਂ ਹੋਈ। 1999; ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸਾਰੀਆਂ ਹੀ ਪੰਥਕ ਸੰਸਥਾਵਾਂ ’ਤੇ ਪੂਰੀ ਤਰ੍ਹਾਂ ਕਾਬਜ਼ ਹੋਇਆ ਹੈ; ਤੋਂ ਤਾਂ ਇਸ ਦੀ ਦੁਰਵਰਤੋਂ ਚਰਮ ਸੀਮਾ ’ਤੇ ਪਹੁੰਚ ਗਈ ਹੈ। ਬਾਦਲ ਕਾਲ ਵਿੱਚ ਰਾਜਨੀਤੀ ਤੋਂ ਪ੍ਰੇਰਤ ਹੋ ਕੇ ਜਿਸ ਤਰ੍ਹਾਂ ਦੇ ਫੈਸਲੇ ਅਕਾਲ ਤਖ਼ਤ ਤੋਂ ਕੀਤੇ ਜਾ ਰਹੇ ਹਨ; ਜਿਸ ਤਰ੍ਹਾਂ ਜਥੇਦਾਰਾਂ ਦੀ ਬੇਚਾਰਗੀ ਵਾਲੀ ਹਾਲਤ ਇਨ੍ਹਾਂ ਸਿਆਸਤਦਾਨਾਂ ਨੇ ਬਣਾ ਰੱਖੀ ਹੈ; ਉਨ੍ਹਾਂ ਕਾਰਵਾਈਆਂ ਨੇ ਸਿੱਖੀ ਸਿਧਾਂਤਾਂ ਅਤੇ ਸਿਰਮੌਰ ਸੰਸਥਾਵਾਂ ਦਾ ਬੇਅੰਤ ਨੁਕਸਾਨ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਤ ਸਮਾਜ ਦੇ ਡੇਰੇਦਾਰਾਂ ਜਿਨ੍ਹਾਂ ਨੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਨਾ ਕਦੀ ਮੰਨਿਆ ਹੈ ਅਤੇ ਨਾ ਹੀ ਕਦੀ ਮੰਨਣ ਲਈ ਤਿਆਰ ਹੋਣਗੇ; ਉਨ੍ਹਾਂ ਨੇ ਬਾਦਲ ਦਲ ਨਾਲ ਸਿਆਸੀ ਗਠਜੋੜ ਕਰਕੇ ਅਕਾਲ ਤਖ਼ਤ ਦੇ ਨਾਮ ਹੇਠ ਐਸੇ ਹੁਕਨਾਮੇ ਜਾਰੀ ਕਰਵਾਏ ਹਨ, ਜਿਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂਆਤੀ ਦੌਰ ਵਿੱਚ ਕੀਤੀ ਸਾਰੀ ਘਾਲਣਾ ਨੂੰ ਖੂਹ ਖਾਤੇ ਸੁੱਟ ਰੱਖਿਆ ਹੈ। ਗੁਰਮਤਿ ਅਤੇ ਸਿੱਖੀ ਸਿਧਾਂਤਾਂ ਦਾ ਵਾਸਤਾ ਪਾਉਣ ਵਾਲੀਆਂ ਉਨ੍ਹਾਂ ਸੰਸਥਾਵਾਂ ਤੇ ਵਿਦਵਾਨਾਂ ਨੂੰ ਸਿੱਖ ਪੰਥ ਵਿੱਚੋਂ ਛੇਕਿਆ ਜਾਂ ਛੇਕਣ ਦੇ ਡਰਾਵੇ ਦਿੱਤੇ ਜਾ ਰਹੇ ਹਨ ਜਿਹੜੇ ਪਿਛਲੀ ਪੌਣੀ ਸਦੀ ਤੋਂ ਸਿੱਖ ਰਹਿਤ ਮਰਿਆਦਾ ’ਤੇ ਸਖਤੀ ਨਾਲ ਪਹਿਰਾ ਦਿੰਦੇ ਆ ਰਹੇ ਹਨ ਤੇ ਪੂਰੀ ਦਿਆਨਦਾਰੀ ਨਾਲ ਸਿੱਖ ਸੰਗਤਾਂ ਵਿੱਚ ਇਸ ਦਾ ਪ੍ਰਚਾਰ ਕਰਦੇ ਆ ਰਹੇ ਹਨ। ਜਿਸ ਅਕਾਲ ਤਖ਼ਤ ਦੀ ਸਿਰਜਣਾ ਹੀ ਧਰਮੀ ਮਨੁੱਖਾਂ ਵੱਲੋਂ ਰਾਜਸੀ ਤਾਕਤ ਅੱਗੇ ਝੁਕਣ ਦੀ ਪ੍ਰੀਵਿਰਤੀ ਨੂੰ ਠੱਲ੍ਹ ਪਾਉਣ ਲਈ ਕੀਤੀ, ਉਸੇ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਤਾਧਾਰੀ ਦਲ ਦੇ ਇਸ਼ਾਰਿਆਂ ’ਤੇ ਹੁਕਨਾਮੇ ਜਾਰੀ ਕਰਨ ਦੀ ਵਧ ਰਹੀ ਪ੍ਰੀਵਿਰਤੀ ਅਕਾਲ ਤਖ਼ਤ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਤੁਲ ਹੈ, ਜਿਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।

ਹਥਿਆਰ

0

ਹਥਿਆਰ

ਭਾਈ ਅਮਰੀਕ ਸਿੰਘ ਜੀ ‘ਚੰਡੀਗੜ੍ਹ’

ਸਿੱਖੀ ਦੇ ਅਕੀਦੇ ਅਨੁਸਾਰ ਪ੍ਰਮੇਸ਼ਰ ਭਗਤੀ ਅਤੇ ਸ਼ਕਤੀ ਦੋਨਾਂ ਚੀਜ਼ਾਂ ਦੇ ਸੁਮੇਲ ਨਾਲ ਜਗਤ ਦੀ ਕਾਰ ਚਲਾਉਂਦਾ ਹੈ। ਜਿਹੜੇ ਲੋਕ ਭਗਤੀ ਕਰਨ ਵਾਲੇ ਹਨ ਉਨ੍ਹਾਂ ਲਈ ਰੱਬ ਭਗਤ ਵਛਲ ਹੈ ਪਰ ਜਿਹੜੇ ਲੋਕ ਆਪਣੀਆਂ ਦੁਸ਼ਟ ਬ੍ਰਿਤੀਆਂ ਦੇ ਕਾਰਨ ਜਗਤ ਜੀਵਾਂ ਨੂੰ ਦੁੱਖ ਦੇਣ ਦੀ ਮਨਸ਼ਾ ਰੱਖਦੇ ਹਨ ਐਸੇ ਦੁਸ਼ਟ ਦੋਖੀਆਂ ਨੂੰ ਰੱਬ ਸਖ਼ਤ ਸਜ਼ਾਵਾਂ ਦਿੰਦਾ ਹੈ। ਰੱਬੀ ਬਾਣੀ ਦਾ ਹੀ ਅਟੱਲ ਫ਼ੈਸਲਾ ਹੈ ਕਿ ‘‘ਜੈਕਾਰੁ ਕੀਓ ਧਰਮੀਆ ਕਾ, ਪਾਪੀ ਕਉ ਡੰਡੁ ਦੀਓਇ॥’’ ਸਿੱਖੀ ਰੱਬ ਰਜ਼ਾ ਦੀ ਪੁਜਾਰਨ ਹੋਣ ਕਰਕੇ ਇਸ ਦੇ ਅੰਦਰੂਨੀ ਸਿਧਾਂਤ ਵੀ ਰੱਬ ਦੇ ਸਿਧਾਂਤਾਂ ਅਨੁਸਾਰ ਹੀ ਹਨ। ਗੁਰਸਿੱਖੀ ਵੀ ਭਗਤੀ ਅਤੇ ਸ਼ਕਤੀ ਦਾ ਹੀ ਸੁਮੇਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਦਾ ਭਾਵ ਸ਼ਬਦ ਨਾਲ ਪ੍ਰਗਟ ਕੀਤਾ ਅਤੇ ਸ਼ਕਤੀ ਦਾ ਭਾਵ ਹੱਥ ਵਿੱਚ ਸੋਟਾ ਰੱਖ ਕੇ ਪ੍ਰਗਟ ਕੀਤਾ। ਭਾਈ ਗੁਰਦਾਸ ਜੀ ਦੇ ਬੋਲ ਹਨ ‘‘ਆਸਾ ਹਥਿ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾਧਾਰੀ॥’’ ਜਿਨ੍ਹਾਂ ਲੋਕਾਂ ਨੇ ਭਗਤੀ ਦੀ ਗੱਲ ਕੀਤੀ ਉਨ੍ਹਾਂ ਨੂੰ ਹਜ਼ੂਰ ਨੇ ਗੁਰ ਸ਼ਬਦ ਦੀ ਵੀਚਾਰ ਨਾਲ ਨਿਹਾਲ ਕਰ ਦਿੱਤਾ ਪਰ ਜਦੋਂ ਬਾਬਰ ਆਇਆ ਤਾਂ ਉਸ ਨੂੰ ਤਰਲੇ ਕਰਨ ਦੀ ਥਾਂ ਜਾਬਰ ਆਖਿਆ ਸੀ। ਹਾਲਾਂਕਿ ਸਮੁੱਚੇ ਹਿੰਦੋਸਤਾਨ ਦੇ ਡਰਨ ਦਾ ਜ਼ਿਕਰ ਹੈ ‘‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥’’ ਪਰ ਬੇਬਾਕ ਸਤਿਗੁਰੂ ਜੀ ਨੇ ਉੱਥੇ ਸ਼ਕਤੀ ਹੀ ਵਰਤੀ। ਧੰਨ ਗੁਰੂ ਅੰਗਦ ਸਾਹਿਬ ਜੀ ਵੇਲੇ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਭੱਜ ਕੇ ਆਏ ਹਮਾਯੂੰ ਨੇ ਗੁਰੂ ਜੀ ’ਤੇ ਹੀ ਤਲਵਾਰ ਕੱਢ ਲਈ, ਉੱਥੇ ਵੀ ਸਤਿਗੁਰੂ ਜੀ ਨੇ ਹਮਾਯੂੰ ਦੀ ਤਲਵਾਰ ਦਾ ਡਰ ਪ੍ਰਗਟ ਕਰਨ ਦੀ ਥਾਂ ਨਿਡਰਤਾ ਭਰੇ ਬੋਲ ਹੀ ਆਖੇ ਸਨ ਕਿ ਭਲਿਆ ਜਿੱਥੇ ਤਲਵਾਰ ਦਾ ਕੰਮ ਸੀ ਉੱਥੋਂ ਭਗੋੜਾ ਹੋ ਗਿਆ ਅਤੇ ਜਿੱਥੇ ਪਿਆਰ ਦਾ ਕੰਮ ਸੀ ਉੱਥੇ ਤਲਵਾਰ ਕੱਢ ਖਲੋਤਾ ਹੈਂ। ਬਹੁਤ ਜਲਦੀ ਹੀ ਹਮਾਯੂੰ ਨੂੰ ਵੀ ਆਪਣੀ ਕੀਤੀ ਦਾ ਪਤਾ ਲੱਗ ਗਿਆ ਸੀ। ਗੁਰੂ ਅਮਰ ਦਾਸ ਜੀ ਜ਼ਿਆਦਾ ਬ੍ਰਿਧ ਅਵਸਥਾ ਵਿੱਚ ਹੋਣ ਕਰਕੇ ਉਨ੍ਹਾਂ ਦੀ ਕੋਈ ਘਟਨਾ ਇਤਿਹਾਸ ਦੀ ਪਕੜ ਵਿੱਚ ਨਹੀਂ ਆਈ। ਗੁਰੂ ਅਰਜਨ ਦੇਵ ਜੀ ਵੇਲੇ ਮਉ ਨਗਰ ਜਿੱਥੇ ਹਜ਼ੂਰ ਸ਼ਾਦੀ ਲਈ ਗਏ ਸਨ ਤਦ ਨਗਰ ਦੇ ਲੋਕਾਂ ਨੇ ਬਹਾਨੇ ਨਾਲ ਪਰਖ ਕਰਨ ਲਈ ਇਕ ਦਰੱਖਤ ਦਾ ਮੁੱਢ ਬਾਹਰੋਂ ਘੜ ਕੇ ਕਿੱਲੇ ਦੀ ਸ਼ਕਲ ਦਾ ਬਣਾ ਦਿੱਤਾ ਸੀ। ਗੁਰੂ ਅਰਜਨ ਪਾਤਿਸ਼ਾਹ ਜੀ ਨੇ ਘੋੜੇ ’ਤੇ ਸਵਾਰ ਹੋ ਕੇ ਨੇਜੇ ਨਾਲ ਉਹ ਕਿੱਲਾ ਪੁੱਟ ਦਿੱਤਾ ਸੀ। ਛੇਵੇਂ ਪਾਤਿਸ਼ਾਹ ਜੀ ਵੱਲੋਂ ਦੋ ਤੇਗਾਂ ਪਹਿਨਣ ਦਾ ਜ਼ਿਕਰ ਜਗ ਜ਼ਾਹਰਾ ਹੈ। ਢਾਡੀ ਨਥਾ ਅਤੇ ਭਾਈ ਅਬਦੁੱਲਾ ਜੀ ਦੀ ਗਵਾਹੀ ਹੈ ਕਿ ‘ਦੋ ਤਲਵਾਰਾਂ ਬੱਧੀਆਂ; ਇਕ ਮੀਰੀ ਦੀ, ਇਕ ਪੀਰੀ ਦੀ।’ ਯਾਦ ਰੱਖਣ ਯੋਗ ਬਾਤ ਹੈ ਕਿ ਛੇਵੇਂ ਪਾਤਿਸ਼ਾਹ ਜੀ ਦੇ ਬਚਪਨ ਸਮੇਂ ਹਥਿਆਰ ਵਿੱਦਿਆ ਬਾਬਾ ਬੁੱਢਾ ਜੀ ਨੇ ਦਿੱਤੀ ਸੀ। ਬਾਬਾ ਬੁੱਢਾ ਜੀ ਦੀ ਇੱਕ ਕਿਰਪਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਥਿਆਰਾਂ ਵਿੱਚ ਅਜੋਕੇ ਸਮੇਂ ਤੱਕ ਪਈ ਹੈ। ਸੱਤਵੇਂ ਪਾਤਿਸ਼ਾਹ ਜੀ ਵੱਲੋਂ 2200 ਘੋੜ ਸਵਾਰਾਂ ਦੀ ਫੌਜ ਰੱਖਣ ਦਾ ਅਰਥ ਹੀ ਹਥਿਆਰਾਂ ਦੀ ਕਦਰ ਕੀਮਤ ਨੂੰ ਪ੍ਰਗਟ ਕਰ ਦਿੰਦਾ ਹੈ। ਅੱਠਵੇ ਪਾਤਿਸ਼ਾਹ ਜੀ ਫਿਰ ਬਾਲ ਬਰੇਸ ਸਨ। ਨੌਵੇਂ ਪਾਤਿਸ਼ਾਹ ਜੀ ਨੂੰ ਤੇਗ ਬਹਾਦਰ ਸ਼ਬਦ ਹੀ ਤੇਗ ਦੀ ਬਹਾਦਰੀ ਦਿਖਾਉਣ ਕਰਕੇ ਮਿਲਿਆ ਸੀ। ਦਸਮੇਸ਼ ਪਾਤਿਸ਼ਾਹ ਜੀ ਨੇ ਪ੍ਰਤੱਖ ਰੂਪ ਵਿਚ ਚੌਦਾਂ ਜੰਗਾਂ ਲੜੀਆਂ। ਕਲਗੀਧਰ ਦੀ ਤੀਰ ਅੰਦਾਜੀ ਦੇ ਕਰਤੱਬ ਨੂੰ ਤਾਂ ਸਗੋਂ ਵਕਤੀ ਹਾਕਮ ਜਾਂ ਬਾਈਧਾਰ ਦੇ ਰਾਜੇ ਕਰਾਮਾਤ ਵਾਂਗ ਹੀ ਸਮਝਦੇ ਸਨ। ਕਲਗੀਧਰ ਜੀ ਦੀ ਤਾਂ ਪ੍ਰਤੱਖ ਕਰਾਮਾਤ ਹੈ ਕਿ ਸੈਦ ਖਾਂ ਵਰਗੇ ਜਰਨੈਂਲਾਂ ਤੋਂ ਹਥਿਆਰ ਸੁਟਵਾ ਕੇ ਸੱਚਾ ਫਕੀਰ ਬਣਾ ਸਕਦੇ ਹਨ ਅਤੇ ਹਥਿਆਰ ਛੱਡ ਬੈਠੇ ਮਾਧੋ ਦਾਸ ਵਰਗਿਆਂ ਨੂੰ ਜਬਰਦਸਤ ਜਰਨੈਲ ਬਣਾ ਸਕਦੇ ਹਨ।

ਭਾਈ ਬਚਿੱਤਰ ਸਿੰਘ ਦੀ ਨਾਗਣੀ ਗੁਰੂ ਜੀ ਦੇ ਆਪਣੇ ਹੀ ਬਣਾਏ ਅਨੰਦਪੁਰ ਸਾਹਿਬ ਅੰਦਰ ਹਥਿਆਰਾਂ ਦੇ ਕਾਰਖਾਨੇ ਦੀ ਬਣੀ ਹੋਈ ਸੀ। ਇਸੇ ਹੀ ਨਾਗਣੀ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਪਹਾੜੀ ਰਾਜਿਆਂ ਵੱਲੋਂ ਭੇਜੇ ਮਸਤ ਹਾਥੀ ਦੇ ਸਿਰ ’ਤੇ ਬੰਨੀਆਂ ਲੋਹੇ ਦੀਆਂ ਤਵੀਆਂ ਨੂੰ ਪਾੜ ਕੇ ਹਾਥੀ ਦਾ ਸਿਰ ਜ਼ਖਮੀ ਕਰ ਦਿੱਤਾ ਸੀ। ਦਸ਼ਮੇਸ਼ ਪਿਤਾ ਜੀ ਨੇ ਜਦੋਂ ਆਪਣੇ ਪਿਆਰੇ ਵੀ ਦੁਨੀਆਂ ਅੰਦਰ ਪ੍ਰਗਟ ਕੀਤੇ ਤਾਂ ਉਹ ਵੀ ਕਿਰਪਾਨ ਦੀ ਨੋਕ ’ਤੇ ਹੀ ਪੈਦਾ ਕੀਤੇ ਸਨ। ਗੁਰੂ ਘਰ ਦਾ ਪਿਆਰ ਨਿਰੇ ਛੱਲੇ ਮੁੰਦੀਆਂ ਵਾਲਾ ਨਹੀਂ ਸੀ। ਪੰਜਾਂ ਪਿਆਰਿਆਂ ਦੀ ਚੋਣ ਸਮੇਂ ਗੁਰੂ ਜੀ ਭਰੇ ਦਰਬਾਰ ਅੰਦਰੋਂ ਪੰਜ ਸੀਸ ਮੰਗਦੇ ਹਨ ਅਤੇ ਸਿੱਖੀ ਦੇ ਪ੍ਰਵਾਨੇ ਪੰਜ ਵਾਰੀ ਹੀ ਗੁਰੂ ਜੀ ਅੱਗੇ ਸੀਸ ਭੇਟ ਕਰ ਦਇਆ ਰਾਮ ਤੋਂ ਭਾਈ ਦਇਆ ਸਿੰਘ ਜੀ ਬਣੇ। ਧਰਮ ਚੰਦ, ਹਿੰਮਤ ਰਾਏ, ਮੋਹਕਮ ਚੰਦ ਅਤੇ ਸਾਹਿਬ ਚੰਦ ਤੋਂ ਕ੍ਰਮਵਾਰ ਬਦਲ ਕੇ ਭਾਈ ਸਾਹਿਬ ਸਿੰਘ ਜੀ ਬਣੇ ਸਨ। ਹੈਰਾਨੀ ਦੀ ਗੱਲ ਹੈ ਕਿ ਕਿਰਪਾਨ ਵਿੱਚੋਂ ਪੈਦਾ ਕਰਕੇ ਖਾਲਸੇ ਦੀ ਪੰਜ ਕਕਾਰੀ ਵਰਦੀ ਅੰਦਰ ਵੀ ਕਿਰਪਾਨ ਲਾਜ਼ਮੀ ਕਰ ਦਿੱਤੀ ਸੀ ਜਿਸ ਨੂੰ ਅੰਮ੍ਰਿਤ ਛੱਕਣ ਵਾਲਾ ਹਰ ਵਕਤ ਅੰਗ ਸੰਗ ਰੱਖਦਾ ਹੈ। ਖਾਲਸੇ ਦੀ ਅਰਦਾਸ ਵਿੱਚ ਵੀ ਦੇਗ ਅਤੇ ਤੇਗ ਦੀ ਫਤਿਹ ਦੀ ਮੰਗ ਕੀਤੀ ਜਾਂਦੀ ਹੈ। ਖਾਲਸਾ ਜੋਦੜੀ ਕਰਦਾ ਹੈ ਕਿ ਦੁਸ਼ਟਾਂ ਦੇ ਨਾਸ਼ ਕਰਨ ਲਈ ਕਿਰਪਾਨ ਦਾ ਚੱਲਣਾ ਵੀ ਜ਼ਰੂਰੀ ਹੈ। ਸਿਆਣੇ ਲੋਕਾਂ ਦੇ ਵੀਚਾਰ ਹਨ ਕਿ ਹਰ ਕੋਈ ਬੰਦਾ ਸ਼ਾਂਤੀ ਹੀ ਚਾਹੁੰਦਾ ਹੈ ਪਰ ਸ਼ਾਂਤੀ ਦੀ ਪਹਿਰੇਦਾਰੀ ਹਮੇਸ਼ਾਂ ਹੀ ਹਥਿਆਰ ਨਾਲ ਰਹੀ ਹੈ ਇਹ ਮਕਸਦ ਭੁੱਲ ਜਾਏ ਤਾਂ ਉਹ ਜਾਂ ਤਾਂ ਕਾਇਰ ਬੁਜ਼ਦਿਲ ਬਣ ਜਾਂਦੇ ਹਨ ਜਾਂ ਫਿਰ ਜ਼ਾਲਿਮ ਬਣ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੀ ਖੰਡੇ ਨਾਲ ਹੀ ਤਿਆਰ ਕੀਤਾ ਸੀ। ਆਮ ਕਰਕੇ ਅਜਿਹੀਆਂ ਚੀਜ਼ਾਂ ਲਈ ਚਮਰਾ ਜਾਂ ਕੜਛੀ ਵਰਤੀ ਜਾਂਦੀ ਹੈ ਪਰ ਨਾਲ ਹੀ ਚੇਤਾ ਰੱਖਣਾ ਚਾਹੀਦਾ ਹੈ ਕਿ ਕੜਛੀ ਅਤੇ ਚਮਚਾ ਗੁਲਾਮੀ ਦੀ ਨਿਸ਼ਾਨੀ ਹੁੰਦੇ ਹਨ। ਅਜੋਕੇ ਸਮੇਂ ਅੰਦਰ ਵੀ ਕਿਸੇ ਦੀ ਖੁਸ਼ਾਮਦ ਕਰਨਾ ਚਮਾਚਾਗਿਰੀ ਕਰਨਾ ਹੀ ਕਹਾਉਂਦਾ ਹੈ। ਖਾਲਸੇ ਨੇ ਖੰਡਾ ਘੋਲ ਕੇ ਅੰਮ੍ਰਿਤ ਪੀਤਾ ਸੀ ਤੇ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਖੰਡੇ ਨਾਲ ਹੀ ਲਕੀਰ ਖਿੱਚੀ ਤੇ ਕਿਹਾ ਸੀ ਕਿ ਖਾਲਸਾ ਜੀ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਛੱਕ ਕੇ ਪਹਿਲਾਂ ਮਰਨ ਕਬੂਲ ਕੀਤਾ ਹੋਇਆ ਹੈ ਉਹ ਅੱਜ ਅੱਗੇ ਆਓ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਵਰਗੇ ਪਾਪੀ ਹਾਕਮ ਤੇ ਧਾੜਵੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ। ਖਾਲਸੇ ਨੇ ਸਿਰ ਤਲੀ ’ਤੇ ਰੱਖ ਕੇ ਖੰਡਾ ਖੜਕਾ ਕੇ ਸਪੱਸ਼ਟ ਕਰ ਦਿੱਤਾ ਕਿ ਖਾਲਸੇ ਤਾਂ ਮੌਤ ਨੂੰ ਵੀ ਭਿਖਾਰਨ ਬਣਾ ਸਕਦੇ ਹਨ। ਇਹ ਘਟਨਾ 1757 ਦੀ ਹੈ।

ਅਬਦਾਲੀ ਨਾਲ ਹੀ ਆਇਆ ਹੋਇਆ ਕਾਜ਼ੀ ਨੂਰ ਮੁਹੰਮਦ ਅੰਦਰੋਂ ਈਰਖਾ ਦਾ ਭਰਿਆ ਹੋਇਆ ਸੀ ਲਿਖ ਭਾਵੇਂ ਨਫਰਤ ਨਾਲ ਹੀ ਰਿਹਾ ਸੀ ਪਰ ਫਿਰ ਵੀ ਖਾਲਸੇ ਦੀ ਤਾਰੀਫ ਆਪਣੇ ਆਪ ਹੀ ਉਸ ਦੇ ਨਫਰਤ ਦੇ ਪੜਦੇ ਪਾੜ ਕੇ ਸਪੱਸ਼ਟ ਹੋ ਜਾਂਦੀ ਹੈ। ਜਦੋਂ ਉਹ ਲਿਖਦਾ ਹੈ ਕਿ ਜੇਕਰ ਹਥਿਆਰ ਚਲਾਉਣੇ ਸਿਖਣੇ ਹੋਣ ਤਾਂ ਇਨ੍ਹਾਂ ਕੁੱਤਿਆਂ ਕੋਲੋਂ ਸਿਖੋ। ਇਨ੍ਹਾਂ ਦੀ ਬਹਾਦਰੀ ਅਤੇ ਹਥਿਆਰਾਂ ਦੇ ਚਲਾਉਣ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਤਵਾਰੀਖ ਤਦ ਹੀ ਤਾਂ ਖਾਲਸੇ ਦੀ ਬਹਾਦਰੀ ਦੇ ਸੋਹਿਲੇ ਗਾਉਂਦੀ ਹੈ ਕਿਉਂਕਿ ਇਨ੍ਹਾਂ ਦੀ ਤਾਰੀਫ ਨਫਰਤ ਭਰੇ ਹਿਰਦੇ ਵੀ ਕਰ ਜਾਂਦੇ ਹਨ।

ਗੁਰੂ ਘਰ ਦੀ ਨਿਰਾਲੀ ਮਾਣ ਮਤੀ ਮਰਿਆਦਾ ਹੈ ਕਿ ਇੱਥੇ ਆਏ ਹਰ ਪ੍ਰੇਮੀ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ। ਕੜਾਹ ਤਿਆਰ ਕਰਕੇ ਇਸ ਨੂੰ ਕੜਾਹ ਪ੍ਰਸ਼ਾਦ ਬਣਾਉਣ ਲਈ ਅਰਦਾਸ ਕਰਕੇ ਸਤਿਗੁਰੂ ਜੀ ਤੋਂ ਪ੍ਰਵਾਨਗੀ ਲਈ ਜਾਂਦੀ ਹੈ। ਸਿੱਖੀ ਦਾ ਅਟੁੱਟ ਵਿਸ਼ਵਾਸ ਹੈ ਕਿ ਜਦੋਂ ਸਿੱਖ ਗੁਰੂ ਜੀ ਨੂੰ ਯਾਦ ਕਰਕੇ ਉਸ ਦੇਗ ਵਿੱਚ ਕਿਰਪਾਨ ਭੇਟ ਕਰ ਦਿੰਦਾ ਹੈ ਤਾਂ ਉਹ ਕੜਾਹ ਬਦਲ ਕੇ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਬਣ ਜਾਂਦੀ ਹੈ। ਗੁਰੂ ਘਰ ਅੰਦਰ ਗੁਰੂ ਜੀ ਦੀ ਖੁਸ਼ੀ ਦੀ ਪ੍ਰਵਾਨਗੀ ਵੀ ਹਥਿਆਰ ਨਾਲ ਹੀ ਲਈ ਜਾਂਦੀ ਹੈ। ਇਸ ਦਾ ਵੀ ਅਸਲ ਵਿੱਚ ਪਿਛੋਕੜ ਹੈ ਕਿ ਜਦੋਂ ਵੀ ਗੁਰੂ ਜੀ ਕਿਸੇ ’ਤੇ ਅਤਿ ਦੀ ਪ੍ਰਸੰਨਤਾ ਬਖਸਦੇ ਸਨ ਤਦ ਉਸ ਨੂੰ ਪ੍ਰੇਮ ਨਿਸ਼ਾਨੀ ਵਜੋਂ ਵੀ ਹਥਿਆਰ ਹੀ ਬਖਸਦੇ ਸਨ ਜਿਸ ਦਾ ਸਬੂਤ ਸਾਨੂੰ ਮਾਤਾ ਸਾਹਿਬ ਕੌਰ ਜੀ, ਜਿਹੜੇ ਦਸ਼ਮੇਸ਼ ਜੀ ਦੇ ਮਹਿਲ ਸਨ, ਨੂੰ ਦਿੱਤੇ ਹੋਏ ਤੀਰਾਂ ਤੋਂ ਮਿਲਦਾ ਹੈ। ਇੱਥੇ ਹੀ ਬੱਸ ਨਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਗੁਰੂ ਗੋਬਿੰਦ ਜੀ ਨੇ ਪੰਜ ਤੀਰ ਬਖਸ਼ੇ ਸਨ। ਇਸ ਤੋਂ ਸਪੱਸ਼ਟ ਹੈ ਕਿ ਜਦੋਂ ‘‘ਲੱਖ ਖੁਸੀਆ ਪਾਤਿਸਾਹੀਆ, ਜੇ ਸਤਿਗੁਰੂ ਨਦਰਿ ਕਰੇਇ’’ ਦੀ ਦਾਤ ਲੈਣੀ ਹੋਵੇ ਤਦ ਕੜਾਹ ਪ੍ਰਸ਼ਾਦ ਦੀ ਦੇਗ ਅੰਦਰ ਹਥਿਆਰ ਭਾਵ ਕਿਰਪਾਨ ਨਾਲ ਹੀ ਪ੍ਰਵਾਨਗੀ ਲਈ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੀ ਹੋਲੀ ਭੂਤਨੇ ਹੋਏ ਲੋਕਾਂ ਨੂੰ ਹੋਲੇ ਮਹੱਲੇ ਦੀ ਦਾਤ ਬਖਸ਼ੀ ਸੀ। ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਦੋ ਟੁਕੜੀਆਂ ਆਪਣੇ ਸਿੱਖਾਂ ਦੀਆਂ ਬਣਾ ਕੇ ਜ਼ਾਲਮਾਂ ’ਤੇ ਹੱਲਾ ਕਰਨ ਦੀ ਜਾਚ ਸਿਖਾਉਣ ਲਈ ਹਥਿਆਰ ਚਲਾਉਣ ਦੀ ਅਤੇ ਹਥਿਆਰਾਂ ਦੇ ਕਰਤੱਬ ਦਿਖਾਉਣ ਦੀ ਰੀਤ ਚਲਾਈ ਸੀ।

ਕੋਈ ਵੀ ਨਿਸ਼ਾਨੀ ਅਸਲ ਵਿੱਚ ਕਿਸੇ ਸਿਧਾਂਤ ਦੀ, ਚੁੱਪ ਦੀ ਭਾਸ਼ਾ ਵਿੱਚ ਇਕ ਵਿਆਖਿਆ ਹੀ ਹੁੰਦੀ ਹੈ। ਸਿੱਖੀ ਦਾ ਨਿਸ਼ਾਨ ਸਾਹਿਬ ਵੀ ਦੋ ਗੱਲਾਂ ਦਾ ਪ੍ਰਤੀਕ ਹੈ। ਜਿਹੜਾ ਕੱਪੜਾ ਹੈ ਉਹ ਭਗਤੀ ਦੀ ਨਿਸ਼ਾਨੀ ਹੈ ਅਤੇ ਜਿਹੜਾ ਉੱਪਰ ਖੰਡਾ ਹੈ ਉਹ ਸ਼ਕਤੀ ਭਾਵ ਹਥਿਆਰ ਦਾ ਹੀ ਇਕ ਸੁਨੇਹਾ ਹੈ ਸਿੱਖ ਕੌਮ ਅਸਲ ਵਿੱਚ ਇੱਕ ਜਿਊਂਦੀ ਬਹਾਦਰੀ ਵਾਲੀ ਕੌਮ ਹੈ। ਜਿਊਂਦੀਆਂ ਕੌਮਾਂ ਆਪਣੀ ਅਣਖ ਤੇ ਗ਼ੈਰਤ ’ਤੇ ਕਦੇ ਦਾਗ ਨਹੀਂ ਲੱਗਣ ਦਿੰਦੀਆਂ ਜਿਸ ਕਰਕੇ ਇਹ ਹਥਿਆਰ ਦੀ ਸੇਵਾ ਸੰਭਾਲ ਅਤੇ ਇਸ ਨੂੰ ਪਿਆਰ ਕਰਦੇ ਹਨ। ਨਿਰੰਕਾਰ ਕਿਰਪਾ ਕਰਕੇ ਖਾਲਸੇ ਕੋਲੋਂ ਗਰੀਬ ਦੀ ਰੱਖਿਆ ਅਤੇ ਜ਼ਾਲਮ ਦਾ ਭੱਖਿਆ ਦੇ ਸਿਧਾਂਤ ਦੀ ਸੇਵਾ ਲੈਂਦਾ ਰਹੇ। ਇਹ ਖਾਲਸੇ ਦੀ ਕਿਰਪਾਨ ਹੀ ਰਹੇ ਭਾਵ ਲੋੜਵੰਦਾਂ ਦੀ ਸੇਵਾ ਕਰੇ। ਇਹ ਕਦੇ ਤਲਵਾਰ (ਤਲੇ ਪਟੇ ਤੇ ਵਾਰ ਕਰਨਾ) ਨਾ ਬਣੇ।

‘ਦੇਗ ਤੇਗ ਜਗ ਮਹਿ ਦੋਉ ਚਲੈ॥ ਰਾਖ ਆਪ ਮੋਹਿ ਅਉਰ ਨ ਦਲੈ॥’

ਅਡੋਲਤਾ ’ਤੇ ਪਹਿਰਾ ਦੇਣ ਵਾਲਾ ਸ਼ਹੀਦ: ‘ਭਾਈ ਮਨੀ ਸਿੰਘ ਜੀ’

0

ਅਡੋਲਤਾ ’ਤੇ ਪਹਿਰਾ ਦੇਣ ਵਾਲਾ ਸ਼ਹੀਦ: ‘ਭਾਈ ਮਨੀ ਸਿੰਘ ਜੀ’

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਸਿੱਖ ਇਤਿਹਾਸ ਦੇ ਪੰਨਿਆਂ ਨੂੰ ਜੇਕਰ ਪੂਰੀ ਗਹੁ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਪੰਨਿਆਂ ਦੀ ਇਬਾਰਤ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਦਿਖਾਈ ਦਿੰਦੀ ਹੈ। ਇਸ ਇਬਾਰਤ ਦੀ ਬਣਾਵਟ ਅਤੇ ਸਜਾਵਟ ਵਿਚ ਦੁੱਧ ਪੀਂਦੇ ਬੱਚਿਆਂ ਤੋਂ ਲੈ ਕੇ 75-80 ਸਾਲ ਦੇ ਬਾਬਿਆਂ ਦੇ ਬਲੀਦਾਨ ਦੀ ਇਕ ਅਨੋਖੀ ਅਤੇ ਦਲੇਰਾਨਾ ਪਹੁੰਚ ਕੰਮ ਕਰ ਰਹੀ ਹੈ। ਇਹ ਇਬਾਰਤ ਇਸ ਗੱਲ ਨੂੰ ਤਸਦੀਕ ਕਰਦੀ ਹੈ ਕਿ ਇਸ ਦੇ ਸਿਰਜਕਾਂ ਨੇ ਆਪਣੇ ਸਰੀਰ ਦੇ ਬੰਦ-ਬੰਦ ਤਾਂ ਹੱਸ ਕੇ ਕਟਵਾ ਲਏ ਪਰ ਕਿਸੇ ਵੀ ਕੀਮਤ ’ਤੇ ਸਿੱਖੀ ਦੇ ਸਿਧਾਂਤਾਂ ਨੂੰ ਢਾਹ ਨਹੀਂ ਲੱਗਣ ਦਿੱਤੀ। ਜਦੋਂ ਵੀ ਕਦੇ ਮਨੁੱਖੀ ਕਦਰਾਂ-ਕੀਮਤਾਂ ਜਾਂ ਇਨਸਾਨੀਅਤ ਨਾਲ ਜੁੜੇ ਪੱਖਾਂ ਦੀ ਪਹਿਰੇਦਾਰੀ ਦਾ ਵਕਤ ਆਇਆ ਤਾਂ ਸਿੱਖ ਸ਼ਹੀਦਾਂ ਨੇ ਵਕਤ ਦੇ ਹਾਕਮਾਂ ਤੋਂ ਕਿਸੇ ਕਿਸਮ ਦੀ ਕੋਈ ਰਿਆਇਤ ਨਹੀਂ ਮੰਗੀ। ਸਗੋਂ ਅਣਮਨੁੱਖੀ ਤਸੀਹਿਆਂ ਨੂੰ ਵੀ ‘ਉਸ ਦੀ’ ਰਜ਼ਾ ਸਮਝ ਕੇ ਸਹਿਣ ਕਰ ਲਿਆ। ਇਸੇ ਤਰ੍ਹਾਂ ਦੀ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੀ ਸ਼ਾਮਲ ਹੈ, ਭਾਈ ਮਨੀ ਸਿੰਘ ਜੀ ਸ਼ਹੀਦ ਦਾ ਨਾਮ।

ਭਾਈ ਮਨੀ ਸਿੰਘ ਜੀ ਦੇ ਜਨਮ ਬਾਬਤ ਕਈਆਂ ਲੇਖਕਾਂ ਵਿਚ ਕੁਝ ਮਤਭੇਦ ਵੀ ਬਰਕਰਾਰ ਹਨ ਪਰ ਭੱਟ ਵਹੀਆਂ ਅਤੇ ਪੰਡਾ ਵਹੀਆਂ ਦੀ ਲਿਖਤ ਅਨੁਸਾਰ ਭਾਈ ਸਾਹਿਬ ਦਾ ਜਨਮ 10 ਮਾਰਚ 1644 ਈ: ਨੂੰ ਪਿਤਾ ਭਾਈ ਮਾਈਦਾਸ ਅਤੇ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜਫ਼ਰਗੜ੍ਹ (ਪਾਕਿਸਤਾਨ) ਵਿਖੇ ਹੋਇਆ।
ਭਾਈ ਮਨੀ ਸਿੰਘ ਦੇ ਪਰਵਾਰ ਦਾ ਨਾਤਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੋਂ ਹੀ ਜੁੜਦਾ ਹੈ ਕਿਉਂਕਿ ਭਾਈ ਸਾਹਿਬ ਦੇ ਦਾਦਾ ਭਾਈ ਬਲੂ ਰਾਉ ਛੇਵੇਂ ਪਾਤਸ਼ਾਹ ਦੇ ਸਿਰਕੱਢਵੇਂ ਜਰਨੈਲ ਸਨ। ਭਾਈ ਮਾਈਦਾਸ ਦੇ ਇਕ ਦਰਜਨ ਸਪੁੱਤਰ ਸਨ ਜਿਨ੍ਹਾਂ ਵਿੱਚੋਂ 11 ਸਪੁੱਤਰਾਂ ਨੇ ਸਿੱਖ ਆਦਰਸ਼ਾਂ ਦੀ ਰਖਵਾਲੀ ਕਰਦਿਆਂ ਆਪਣੀਆਂ ਜਾਨਾਂ ਤਕ ਦੀ ਪਰਵਾਹ ਨਹੀਂ ਕੀਤੀ। ਜਦੋਂ ਭਾਈ ਮਨੀ ਸਿੰਘ ਦੀ ਉਮਰ 13 ਸਾਲ ਦੀ ਹੋਈ ਤਾਂ ਭਾਈ ਮਾਈ ਦਾਸ ਉਸ ਨੂੰ ਨਾਲ ਲੈ ਕੇ ਸਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਬਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਆ ਨਤਮਸਤਕ ਹੋਇਆ। ਜਦੋਂ ਬਾਲਕ ਮਨੀਏ (ਭਾਈ ਮਨੀ ਸਿੰਘ ਜੀ) ਨੇ ਸਤਵੇਂ ਪਾਤਿਸ਼ਾਹ ਦੇ ਚਰਨਾਂ ’ਤੇ ਮੱਥਾ ਟੇਕਿਆ ਤਾਂ ਉਸ ਦੇ ਸੁੰਦਰ ਸਰੂਪ ਨੂੰ ਦੇਖ ਕੇ ਗੁਰੂ ਸਾਹਿਬ ਕਹਿਣ ਲੱਗੇ, ‘‘ਮਨੀਆ ਗੁਨੀਆ ਹੋਵੇਗਾ ਬੀਚ ਜਗ ਸਾਰੇ।’’ ਦੋ ਸਾਲ ਗੁਰੂ ਘਰ ਦੇ ਜੂਠੇ ਬਰਤਨਾਂ ਨੂੰ ਮਾਂਜਦਿਆਂ ਬਾਲਕ ਮਨੀਏ ਨੇ ਆਪਣੇ ਮਨ ਦੀ ਮੈਲ ਗੁਆ ਲਈ ਅਤੇ ਇਕ ਨਿਰਮਲ ਅਤੇ ਨਿਰਛੱਲ ਹਿਰਦੇ ਦਾ ਮਾਲਕ ਬਣ ਗਿਆ। ਜਦੋਂ ਭਾਈ ਮਨੀਏ ਦੀ ਉਮਰ 16 ਕੁ ਸਾਲ ਤਕ ਪਹੁੰਚੀ ਤਾਂ ਉਸ ਦਾ ਅਨੰਦ ਕਾਰਜ ਬੀਬੀ ਸੀਤੋ ਪੁੱਤਰੀ ਭਾਈ ਲੱਖੀਸ਼ਾਹ ਵਾਸੀ ਖੈਰਪੁਰ ਨਾਲ ਹੋ ਗਿਆ। ਅਨੰਦ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਭਾਈ ਮਨੀ ਸਿੰਘ ਆਪਣੇ ਦੋ ਭਰਾਵਾਂ ਭਾਈ ਜੇਠਾ ਅਤੇ ਭਾਈ ਦਿਆਲਾ ਜੀ ਸਮੇਤ ਮੁੜ ਕੀਰਤਪੁਰ ਸਾਹਿਬ ਆ ਗਏ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ ਜੀ ਅਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿਚ ਜੁੱਟ ਗਏ। ਅਠਵੇਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਬਾਬੇ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੀ ਬਾਹੀ ਵੱਲ ਧਰਮ ਪ੍ਰਚਾਰ ਕਰ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੀ ਹਾਜ਼ਰੀ ਇੱਥੇ ਲਗਵਾਉਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਦੀ ਸੇਵਾ-ਸੰਭਾਲ ਦਿੱਤੀ। ਜਿਸ ਨੂੰ ਆਪ ਨੇ ਬੜੀ ਹੀ ਤਨਦੇਹੀ ਨਾਲ ਨਿਭਾਇਆ।

ਮਜ਼ਲੂਮਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਜਦੋਂ ਨੌਵੇਂ ਗੁਰੂ ਹਿੰਦ ਦੀ ਚਾਦਰ ਬਣ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਹਿ ਗਏ। ਦਸਮ ਪਿਤਾ ਦੀ ਹਜ਼ੂਰੀ ਵਿਚ ਰਹਿ ਕੇ ਭਾਈ ਸਾਹਿਬ ਦੀ ਬੌਧਿਕਤਾ ਵਿਚ ਕਾਫ਼ੀ ਨਿਖ਼ਾਰ ਆ ਗਿਆ। ਇਸ ਨਿਖ਼ਾਰ ਸਦਕਾ ਉਹ ਸਿੱਖ ਧਰਮ ਦੇ ਮਹਾਨ ਵਿਦਵਾਨ ਬਣ ਗਏ।

ਜਦੋਂ ਭੰਗਾਣੀ ਦਾ ਯੁੱਧ ਹੋਇਆ ਤਾਂ ਉਸ ਵਕਤ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦਾ ਡਟਵਾਂ ਸਾਥ ਦਿੱਤਾ। ਇਸ ਜੰਗ ਵਿਚ ਉਨ੍ਹਾਂ ਦੇ ਭਰਾ ਹਰੀ ਚੰਦ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਇਕ ਸਾਲ ਬਾਅਦ ਨਦੌਣ ਦੀ ਲੜਾਈ ਲੜੀ ਗਈ ਤਾਂ ਭਾਈ ਸਾਹਿਬ ਦੀ ਬਹਾਦਰੀ ਅਤੇ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਵੱਲੋਂ ਇਨ੍ਹਾਂ ਨੂੰ ਦੀਵਾਨ ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ। 1699 ਈ: ਵਿਚ ਜਦੋਂ ਪਾਤਸ਼ਾਹ ਨੇ ਵੈਸਾਖੀ ਦੇ ਦਿਹਾੜੇ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਆਪ ਜੀ ਦਾ ਨਾਮ ਭਾਈ ਮਨੀਏ ਤੋਂ ਭਾਈ ਮਨੀ ਸਿੰਘ ਹੋ ਗਿਆ। ਇਸ ਤਰ੍ਹਾਂ ਗੁਰੂ-ਦਰਬਾਰ ਵਿਚ ਉਨ੍ਹਾਂ ਦਾ ਮਾਣ-ਸਤਿਕਾਰ ਪਹਿਲਾਂ ਤੋਂ ਵੀ ਵਧ ਗਿਆ। ਸੂਰਬੀਰ ਹੋਣ ਦੇ ਨਾਲ-ਨਾਲ ਆਪ ਆਪਣੇ ਸਮੇਂ ਦੇ ਸਥਾਪਿਤ ਕਥਾ-ਵਾਚਕ ਵੀ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਰੋਜ਼ਾਨਾ ਹੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਨ। ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਸਮੇਂ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤਾਇਆ ਸੀ ਤਾਂ ਉਸ ਦਾ ਮੂੰਹ-ਤੋੜ ਜਵਾਬ ਵੀ ਭਾਈ ਮਨੀ ਸਿੰਘ ਜੀ ਦੇ ਫ਼ਰਜੰਦਾਂ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੈ ਸਿੰਘ ਨੇ ਹੀ ਦਿੱਤਾ ਸੀ। ਇਨ੍ਹਾਂ ਦੋਵਾਂ ਦੀ ਬਹਾਦਰੀ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਇਕ ਵਿਸ਼ੇਸ਼ ਹੁਕਮਨਾਮੇ ਦੀ ਬਖ਼ਸ਼ਿਸ਼ ਕਰ ਦਿੱਤੀ। ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਦੀ ਕੱਚੀ ਗੜੀ ਤਕ ਜਿੱਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਅਤੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ, ਉੱਥੇ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਵੀ ਸਿੱਖ ਧਰਮ ਤੋਂ ਕੁਰਬਾਨ ਹੋ ਗਏ। ਸ੍ਰੀ ਮੁਕਤਸਰ ਦੀ ਲੜਾਈ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਪਹੁੰਚੇ ਤਾਂ ਭਾਈ ਮਨੀ ਸਿੰਘ ਨੇ ਵੀ ਉੱਥੇ ਪਹੁੰਚ ਕੇ ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਜੀ ਤੋਂ ਬੀੜਾਂ ਲਿਖਵਾਉਣ ਦੀ ਸੇਵਾ ਲਈ ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਸ਼ਾਮਲ ਸੀ।

ਸੰਨ 1721 ਤੋਂ ਭਾਈ ਮਨੀ ਸਿੰਘ ਜੀ ਸਿੱਖ ਕੌਮ ਦੀ ਰਹਿਨੁਮਾਈ ਕਰ ਰਹੇ ਸਨ। ਦੀਵਾਲੀ ਅਤੇ ਵੈਸਾਖੀ ਦੇ ਤਿਉਹਾਰਾਂ ਮੌਕੇ ਉਹ ਅਕਸਰ ਇਕ ਵੱਡਾ ਇਕੱਠ ਕਰ ਕੇ ਸਿੱਖ ਸੰਗਤਾਂ ਨੂੰ ਆਪਸ ਵਿਚ ਮਿਲਾਉਣ/ਬੈਠਾਉਣ ਦਾ ਯਤਨ ਕਰਿਆ ਕਰਦੇ ਸਨ। ਇਨ੍ਹਾਂ ਮਿਲਣੀਆਂ/ਬੈਠਕਾਂ ਸਦਕਾ ਹੀ ਸਿੱਖ ਕੌਮ ਸੰਕਟਕਾਲੀਨ ਸਮਿਆਂ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦੀ ਰਹੀ ਹੈ। 70 ਸਾਲ ਉਮਰ ਹੋ ਜਾਣ ਕਰਕੇ ਭਾਈ ਮਨੀ ਸਿੰਘ ਦਾ ਸਰੀਰ ਬੇਸ਼ੱਕ, ਕੁਝ ਕਮਜ਼ੋਰ ਪੈ ਰਿਹਾ ਸੀ ਪਰ ਉਨ੍ਹਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਉਤਸ਼ਾਹ ਅਜੇ ਵੀ ਜਵਾਨ ਸੀ। ਸੰਮਤ 1790 ਬਿਕ੍ਰਮੀ ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ। ਇਸ ਸਮੇਂ ਆਪ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸੇਵਾ-ਸੰਭਾਲ (ਮੁੱਖ ਗ੍ਰੰਥੀ ਦੇ ਰੂਪ ਵਿਚ) ਕਰ ਰਹੇ ਸਨ। ਇਸ ਪੁਰਬ ਨੂੰ ਮਨਾਉਣ ਲਈ ਭਾਈ ਸਾਹਿਬ ਆਪਣੇ ਸਾਥੀਆਂ ਸ. ਸੁਬੇਗ ਸਿੰਘ ਅਤੇ ਸ. ਸੂਰਤ ਸਿੰਘ ਨੂੰ ਨਾਲ ਲੈ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖਾਨ ਕੋਲ ਗਏ। ਸੂਬੇਦਾਰ ਨੇ 10,000 ਦੀ ਰਕਮ ਜਜ਼ੀਏ ਵਜੋਂ ਮੰਗ ਲਈ ਜੋ ਭਾਈ ਮਨੀ ਸਿੰਘ ਨੇ ਮੇਲੇ ਉਪਰੰਤ ਦੇਣੀ ਮੰਨ ਲਈ। ਆਪਸੀ ਸਹਿਮਤੀ ਹੋਣ ਦੇ ਬਾਵਜੂਦ ਵੀ ਲਾਹੌਰ ਦੇ ਸੂਬੇਦਾਰ ਦਾ ਮਨ ਬੇਈਮਾਨ ਹੋ ਗਿਆ। ਇਸ ਬੇਈਮਾਨੀ ਤਹਿਤ ਉਸ ਨੇ ਮੇਲੇ ’ਤੇ ਜੁੜਨ ਵਾਲੀਆਂ ਸੰਗਤਾਂ ਨੂੰ ਖ਼ਤਮ ਕਰਨ ਦੀ ਠਾਣ ਲਈ। ਜਦੋਂ ਭਾਈ ਮਨੀ ਸਿੰਘ ਜੀ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਸੰਗਤਾਂ/ਖਾਲਸੇ ਨੂੰ ਉੱਥੇ ਆਉਣ ਤੋਂ ਰੋਕਣ ਲਈ ਸਿੰਘਾਂ ਨੂੰ ਭੇਜਿਆ। ਜਿਸ ਕਰਕੇ ਸੰਗਤਾਂ ਦਾ ਇਕੱਠ ਨਹੀਂ ਹੋਇਆ। ਭਾਈ ਮਨੀ ਸਿੰਘ ਜੀ ਨੇ ਹਕੂਮਤ ਦੇ ਇਸ ਵਿਹਾਰ ਦੀ ਨਿਖੇਧੀ ਕੀਤੀ। ਜ਼ਕਰੀਆ ਖਾਨ ਨੇ ਭਾਈ ਸਾਹਿਬ ਕੋਲੋਂ ਜਜ਼ੀਏ ਦੀ ਰਕਮ ਵਸੂਲ ਕਰਨੀ ਚਾਹੀ, ਪਰ ਜਵਾਬ ਵਿਚ ਭਾਈ ਮਨੀ ਸਿੰਘ ਨੇ ਕਿਹਾ ਕਿ, ‘‘ਇਕੱਠ ਤਾਂ ਤੁਸੀਂ ਹੋਣ ਨਹੀਂ ਦਿੱਤਾ ਫਿਰ ਕਿਹੜੀ ਰਕਮ ਦੀ ਗੱਲ ਕਰਦੇ ਹੋ?’’ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਦਰਬਾਰ ਵਿਚ ਪੇਸ਼ ਕੀਤਾ ਗਿਆ। ਜ਼ਕਰੀਆਂ ਖਾਨ ਨੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖ ਦਿੱਤੀ ਜੋ ਭਾਈ ਸਾਹਿਬ ਨੇ ਅਪ੍ਰਵਾਨ ਕਰ ਦਿੱਤੀ। ਕੋਈ ਗੱਲ ਨਾ ਬਣਦੀ ਦੇਖ ਕੇ ਲਾਹੌਰ ਦੇ ਸੂਬੇਦਾਰ ਨੇ ਭਾਈ ਸਾਹਿਬ ਦੇ ਸਰੀਰ ਦਾ ਬੰਦ-ਬੰਦ ਕੱਟਣ ਦਾ ਹੁਕਮ ਦੇ ਦਿੱਤਾ। ਹੁਕਮ ਦੀ ਤਮੀਲ ਕਰਨ ਹਿਤ ਸਿਪਾਹੀ ਉਨ੍ਹਾਂ ਨੂੰ ਸ਼ਾਹੀ ਕਿਲ੍ਹੇ ਦੇ ਮੈਦਾਨ ਵਿਚ ਲੈ ਗਏ। ਭਾਈ ਮਨੀ ਸਿੰਘ ਨੇ ਇਸ ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਸਵੀਕਾਰ ਕਰ ਲਿਆ ਅਤੇ ਸ਼ਹਾਦਤ ਦਾ ਜਾਮ ਪੀ ਗਏ।

ਤੰਦਰੁਸਤ ਰਹਿਣ ਲਈ ਸੁਆਦਾਂ ਨੂੰ ਛੱਡਣਾ ਪਵੇਗਾ

0

ਤੰਦਰੁਸਤ ਰਹਿਣ ਲਈ ਸੁਆਦਾਂ ਨੂੰ ਛੱਡਣਾ ਪਵੇਗਾ

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ) 98146-99446

ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਦੁਨੀਆਂ ਸੁਆਦਾਂ ਨੇ ਪੱਟੀ ਹੈ। ਇਕ ਜੀਭ ਦੇ ਸੁਆਦ ਕਰਕੇ ਅਸੀਂ ਕਿੰਨੀਆਂ ਬਿਮਾਰੀਆਂ ਸਹੇੜ ਲੈਂਦੇ ਹਾਂ। ਜਦੋਂ ਕੋਈ ਬੀਮਾਰ ਪੈ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਕੁੱਝ ਚੀਜ਼ਾਂ ਨਾ ਖਾਣ ਦੀ ਸਲਾਹ ਦਿੰਦੇ ਹਨ। ਪਤਾ ਤਾਂ ਮਰੀਜ਼ ਨੂੰ ਵੀ ਹੁੰਦਾ ਹੈ ਕਿ ਜੇਕਰ ਉਹ ਚੀਜ਼ ਜਿਸ ਦਾ ਪ੍ਰਹੇਜ਼ ਕੀਤਾ ਗਿਆ ਹੈ, ਖਾਧੀ ਗਈ ਤਾਂ ਉਸ ਦੀ ਖੈਰ ਨਹੀਂ ਪਰ ‘ਜੀਭ’ ਵਿਚਾਰੀ ਲੱਖ ਯਤਨਾਂ ਦੇ ਬਾਵਜੂਦ ਵੀ ਸਮਝਾਇਆਂ ਨਹੀਂ ਸਮਝਦੀ। ਲੱਖ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਬੰਦਾ ਜੀਭ ਅੱਗੇ ਹਾਰ ਜਾਂਦਾ ਹੈ। ਬੱਸ ਇਕ ਵਾਰ ਕਿਸੇ ਚੀਜ਼ ਦਾ ਸੁਆਦ ਪੈ ਜਾਵੇ ਤਾਂ ਉਸ ਨੂੰ ਛੱਡਣਾ ਔਖਾ ਹੋ ਜਾਂਦਾ ਹੈ। ਵਿਆਹ-ਸ਼ਾਦੀਆਂ ਜਾਂ ਪ੍ਰੋਗਰਾਮਾਂ ਵਿਚ ਬਣੇ ਗਰਮ ਗਰਮ ਪਕੌੜੇ ਜਾਂ ਟਿੱਕੀਆਂ, ਦਹੀਂ ਭੱਲਿਆਂ ਨੂੰ ਦੇਖ ਕੇ ਕਿਹੜੀ ਜੀਭ ਹੈ, ਜੋ ਲਲਚਾਉਂਦੀ ਨਹੀਂ। ਫਿਰ ਤਾਂ ਭਾਵੇਂ ਕਿਸੇ ਦਾ ਗਲ ਖਰਾਬ ਹੈ ਜਾਂ ਪੇਟ, ਇਕ ਵਾਰ ਬੰਦਾ ਸੋਚਦਾ, ਦੇਖੀ ਜਾਊ, ਜੋ ਹੁੰਦਾ ਹੋ ਜਾਏ। ਇਕ ਟਿੱਕੀ ਤਾਂ ਖਾਣੀ ਹੀ ਖਾਣੀ ਹੈ ਜਾਂ ਕਈ ਵਾਰ ਅਜਿਹੇ ਮਰੀਜ਼ਾਂ ਨਾਲ ਵੀ ਵਾਹ ਪੈਂਦਾ ਹੈ, ਜੋ ਕਹਿਣਗੇ ਜੀ ਖੰਘ ਤਾਂ ਹਟਦੀ ਹੀ ਨਹੀਂ ਸੀ, ਮੈਂ ਤਾਂ ਅੱਕ ਕੇ ਫਿਰ ਪਕੌੜੇ ਖਾ ਹੀ ਲਏ। ਦੇਖੀ ਜਾਊ, ਡਾਕਟਰ ਸਾਹਿਬ ਬੈਠੇ ਆ। ਕਈ ਵਾਰ ਮੈਰਿਜ ਪੈਲੇਸਾਂ ਜਾਂ ਪ੍ਰੋਗਰਾਮਾਂ ਵਿਚੋਂ ਬੈਠੇ ਬੈਠੇ ਕਈ ਮਰੀਜ਼ਾਂ ਦਾ ਫੋਨ ਆਉਂਦਾ ਹੈ, ਡਾਕਟਰ ਸਾਹਿਬ ਪਾਰਟੀ ’ਚ ਬੈਠੇ ਆਂ। ਮਿੱਤਰ ਯਾਰ ਜ਼ਿੱਦ ਕਰੀ ਜਾਂਦੇ ਨੇ, ਊਂ ਤਾਂ ਥੋਡੀ ਬੰਦ ਕੀਤੀ ਹੋਈ ਆ, ਇਕ-ਅੱਧਾ ਪੈੱਗ ਜਾ ਲਾ ਲਈਏ। ਜੇ ਤੁਸੀਂ ਕਹੋ ਤਾਂ ਪੀ ਲਊਂ ਨਹੀ ਤਾਂ ਰਹਿਣ ਦਿੰਨੇ ਆਂ।’ ਮਤਲਬ ਕਿ ਇਕ ਵਾਰ ਡਾਕਟਰ ਦੇ ਮੂੰਹੋਂ ਹੀ ਕਢਵਾਉਣਾ ਹੁੰਦਾ ਕਿਉਂਕਿ ਜੇਕਰ ਕੱਲ੍ਹ ਨੂੰ ਕੋਈ ਤਕਲੀਫ ਹੋ ਗਈ ਤਾਂ ਉਹੀ ਮਰੀਜ਼ ਨੇ ਡਾਕਟਰ ਸਿਰ ਭਾਂਡਾ ਭੰਨਣਾ, ਤੁਸੀਂ ਹੀ ਤਾਂ ਕਿਹਾ ਸੀ ਜੀ ਵੀ ਲਾ ਲੈ ਇਕ ਅੱਧਾ ਭਾਵ ਕਿ ਪ੍ਰਹੇਜ਼ ਕਰਨ ਤੋਂ ਦੁਨੀਆਂ ਬਹੁਤ ਚਲਦੀ ਹੈ। ਇਹੀ ਕਾਰਨ ਹੈ ਕਿ ਸਾਡੇ ਲੋਕਾਂ ਦਾ ਬਿਮਾਰੀਆਂ ਤੋਂ ਖਹਿੜਾ ਨਹੀਂ ਛੁੱਟਦਾ।

ਮੈਂ ਇੱਥੇ ਇਹ ਗੱਲ ਵੀ ਲਿਖ ਸਕਦਾ ਸੀ ਕਿ ਬਿਮਾਰੀਆਂ ਲੋਕਾਂ ਦਾ ਖਹਿੜਾ ਨਹੀਂ ਛੱਡਦੀਆਂ ਪਰ ਅਸਲ ਗੱਲ ਇਹ ਹੈ ਕਿ ਲੋਕ ਬਿਮਾਰੀਆਂ ਤੋਂ ਖਹਿੜਾ ਛੁਡਾ ਕੇ ਰਾਜ਼ੀ ਹੀ ਨਹੀਂ। ਕੋਈ ਵੀ ਬਿਮਾਰੀ ਲੈ ਲਓ ਸ਼ੂਗਰ, ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਤੇਜ਼ਾਬ, ਇਹ ਸਾਰੀਆਂ ਮਾਡਰਨ ਮਨੁੱਖ ਦੀਆਂ ਸਹੇੜੀਆਂ ਹੋਈਆਂ ਹੀ ਤਾਂ ਹਨ। ਖਾਣ-ਪੀਣ ਨੂੰ ਖੁੱਲ੍ਹਾ-ਡੁੱਲ੍ਹਾ, ਕੰਮ ਦਾ ਡੱਕਾ ਨਹੀਂ ਤੋੜਨਾ, ਗੋਗੜਾਂ ਵਧੀ ਜਾਂਦੀਆਂ, ਬਿਮਾਰੀਆਂ ਲੱਗੀ ਜਾਂਦੀਆਂ।

ਵਿਆਹ-ਸ਼ਾਦੀਆਂ ਵਿਚ ਅਕਸਰ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ। ਲੋਕਾਂ ਵੱਲ ਦੇਖ-ਦੇਖ ਕੇ ਹੀ ਚਿੱਤ ਭਰ ਜਾਂਦਾ ਹੈ। ਕਈ ਲੋਕਾਂ ਨੇ ਤਾਂ ਢਿੱਡ ਨੂੰ ਢਿੱਡ ਨਹੀਂ ਰੂੜੀ ਸਮਝ ਰੱਖਿਆ ਹੁੰਦਾ ਹੈ। ਜੋ ਆਉਂਦਾ ਤੁੰਨੀ ਜਾਂਦੇ ਨੇ। ਉਹ ਇਹ ਨਹੀਂ ਦੇਖਦੇ ਕਿ ਸਰੀਰ ਨੂੰ ਚਲਦਾ ਰੱਖਣ ਲਈ ਕਿੰਨੇ ਕੁ ਅੰਨ ਪਾਣੀ ਦੀ ਲੋੜ ਹੈ। ਬੱਸ ਜਿੰਨੇ ਚਿਰ ਤੱਕ ਅੱਖਾਂ ਦੀ ਭੁੱਖ ਅਤੇ ਜੀਭ ਦਾ ਸੁਆਦ ਮੁੱਕਦਾ ਨਹੀਂ, ਉਦੋਂ ਤੱਕ ਦੱਬੀ ਤੁਰੀ ਜਾਂਦੇ ਆ। ਉਹਨਾਂ ਵਿਚ ਕਈ ਤਾਂ ਦੂਜੇ ਦਿਨ ਹਸਪਤਾਲਾਂ ’ਚ ਹੁੰਦੇ ਆ। ਕਈ ਫਿਰ ਦੂਜੇ ਦਿਨ ਕਿਸੇ ਹੋਰ ਵਿਆਹ-ਸ਼ਾਦੀ ’ਚ ਟੱਕਰ ਜਾਂਦੇ ਆ। ਅਜਿਹੇ ਲੋਕ ਇਕ ਨਾ ਇਕ ਦਿਨ ਜ਼ਰੂਰ ਬੀਮਾਰ ਪੈਂਦੇ ਹਨ। ਫਿਰ ਬਿਮਾਰੀਆਂ ਵੀ ਅਜਿਹੀਆਂ ਲੱਗਦੀਆਂ ਹਨ ਕਿ ਡਾਕਟਰ ਸਾਰਾ ਕੁੱਝ ਹੀ ਛੁਡਵਾ ਦਿੰਦੇ ਹਨ। ਜਿਹੜੇ ਤਾਂ ਡਾਕਟਰਾਂ ਦੇ ਆਖੇ ਲੱਗ ਜਾਂਦੇ ਹਨ, ਉਹ ਬਚ ਜਾਂਦੇ ਹਨ। ਬਾਕੀ ਅੱਲ੍ਹਾ ਨੂੰ ਪਿਆਰੇ ਹੋ ਜਾਂਦੇ ਹਨ। ਇਕ ਤਾਂ ਅੱਜ ਕੱਲ੍ਹ ਦੇ ਖਾਣੇ ਜ਼ਿਆਦਾ ਚਟਪਟੇ ਅਤੇ ਸੁਆਦਲੇ ਹੋ ਗਏ। ਉਹਨਾਂ ਵਿਚਲੇ ਜ਼ਰੂਰੀ ਤੱਤ ਬਿਲਕੁਲ ਖ਼ਤਮ ਹੋ ਗਏ ਹਨ। ਬਸ ਸਿਰਫ਼ ਸੁਆਦ ਤੱਕ ਹੀ ਸੀਮਤ ਹਨ। ਅਜਿਹੇ ਖਾਣੇ ਖਾ ਕੇ ਇਕ ਵਾਰ ਜੀਭ ਦਾ ਸੁਆਦ ਤਾਂ ਚੱਖ ਲਿਆ ਜਾਂਦਾ ਹੈ ਪਰ ਬਾਅਦ ਇਕ ਪਛੁਤਾਵਾ ਹੀ ਪੱਲੇ ਪੈਂਦਾ ਹੈ। ਅਜਿਹੇ ਖਾਣਿਆਂ ਤੋਂ ਸਾਨੂੰ ਗੁਰਬਾਣੀ ਵੀ ਵਰਜਿਤ ਕਰਦੀ ਹੈ : ‘‘ਬਾਬਾ ! ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ॥’’

ਖਾਈਏ ‘ਮਨ ਭਾਉਂਦਾ, ਪਹਿਨੀਏ ਜਗ ਭਾਉਂਦਾ’ ਦਾ ਨਾਅਰਾ ਵੀ ਤੰਦਰੁਸਤੀ ਤੋਂ ਕੋਹਾਂ ਦੂਰ ਲੈ ਜਾਂਦਾ ਹੈ ਕਿਉਂਕਿ ਮਨ ਭਾਉਂਦਾ ਖਾਣਾ ਬਿਮਾਰੀ ਦਾ ਕਾਰਨ ਬਣਦਾ ਹੈ। ਸਿਆਲਾਂ ਵਿਚ ਪੰਜਾਬੀਆਂ ਦਾ ਮਨ ਭਾਉਂਦਾ ਖਾਣਾ ਸਰ੍ਹੋਂ ਦੇ ਸਾਗ ਵਿਚ ਖਾਸਾ ਸਾਰਾ ਘਿਓ ਜਾਂ ਮੱਖਣ, ਨਾਲ ਮੱਕੀ ਦੀ ਰੋਟੀ। ਇਹ ਸਿਰੇ ਦੀ ਬਿਮਾਰੀ ਦਾ ਘਰ ਹੈ। ਨਾ ਤਾਂ ਸਰ੍ਹੋਂ ਵਧੀਆ ਮਿਲਦੀ ਹੈ ਤੇ ਨਾ ਹੀ ਘਿਓ। ਲੋਕ ਅੱਠ-ਅੱਠ, ਦਸ-ਦਸ ਦਿਨ ਸਾਗ ਨੂੰ ਤੜਕੇ ਲਾ-ਲਾ ਕੇ ਛਕੀ ਜਾਂਦੇ ਆ। ਫਿਰ ਕਿਸੇ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ, ਕਿਸੇ ਨੂੰ ਤੇਜ਼ਾਬ ਕਿਉਂਕਿ ਪਾਣੀ ਪੀਣ ਦੀ ਆਦਤ ਸਾਨੂੰ ਹੈ ਨਹੀਂ। ਚਾਹ ਦੇ ਕੌਲੇ ਜਿੰਨੇ ਮਰਜ਼ੀ ਛਕ ਜਾਓ। ਜਿੰਨਾ ਚਿਰ ਅਸੀਂ ਪੁਰਾਣੀਆਂ ਖਾਣ-ਪੀਣ ਦੀਆਂ ਆਦਤਾਂ ਨਹੀਂ ਛੱਡਦੇ, ਉਨਾਂ ਚਿਰ ਬਿਮਾਰੀਆਂ ਸਾਡਾ ਖਹਿੜਾ ਨਹੀਂ ਛੱਡਣਗੀਆਂ ਕਿਉਂਕਿ ਅਸੀਂ ਹੱਥੀਂ ਕੰਮ ਕਰਨ ਦੀ ਆਦਤ ਨੂੰ ਤਾਂ ਛੱਡ ਦਿੱਤਾ ਪਰ ਖਾਣ-ਪੀਣ ਉਹੀ ਚਲਦੈ।

ਗੱਲ ਸੁਆਦਾਂ ਦੀ ਚਲਦੀ ਹੈ। ਏਡਜ਼ ਅਤੇ ਹੈਪਾਟਾਇਟਸ ਵਰਗੀਆਂ ਬਿਮਾਰੀਆਂ ਵੀ ਸੁਆਦਾਂ ਦਾ ਹੀ ਸਿੱਟਾ ਹਨ। ਖ਼ਾਸ ਕਰਕੇ ਏਡਜ਼ ਤਾਂ ਸੈਕਸ ਦੇ ਸੁਆਦ ਦਾ ਮੁੱਖ ਕਾਰਨ ਹੈ। ਬਹੁਤ ਥੋੜ੍ਹੇ ਕੇਸ ਅਜਿਹੇ ਮਿਲਦੇ ਹਨ, ਜਿਨ੍ਹਾਂ ਨੂੰ ਸੂਈਆਂ ਕਰਕੇ ਏਡਜ਼ ਹੁੰਦੀ ਹੈ। ਬਹੁਤਾਤ ਤਾਂ ਸੁਆਦਾਂ ਦੀ ਪੱਟੀ ਹੋਈ ਆ। ਇਕ ਵਾਰ ਦੇ ਸੁਆਦ ਮਗਰ ਸਾਰੀ ਉਮਰ ਦਾ ਰੋਗ ਜਾਂ ਜ਼ਿੰਦਗੀ ਤੋਂ ਹੱਥ ਧੋ ਲੈਣੇ, ਇਹ ਕਿੱਥੋਂ ਦੀ ਸਿਆਣਪ ਹੈ। ਕਾਮ ਦੇ ਸੁਆਦ ਬਾਰੇ ਗੁਰਬਾਣੀ ਫ਼ੁਰਮਾਨ ਹੈ: ‘‘ਨਿਮਖ ਕਾਮ ਸੁਆਦ ਕਾਰਣਿ; ਕੋਟਿ ਦਿਨਸ ਦੁਖੁ ਪਾਵਹਿ ॥’’ (ਮ: ੫/੪੦੩)

ਕਈ ਮਰੀਜ਼ਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਫਲਾਣਾ ਤਾਂ ਸਭ ਕੁੱਝ ਖਾ ਜਾਂਦਾ ਹੈ। ਮੈਂ ਅਗਰ ਦੋ ਪਕੌੜੇ ਹੀ ਖਾ ਲਵਾਂ ਤਾਂ ਗਧੀ ਗੇੜ ਪਾ ਦਿੰਦੇ ਆ ਜਾਂ ਕਈ ਪੀਣ ਦੇ ਸ਼ੌਕੀਨ ਅਕਸਰ ਹੀ ਇਹ ਗੱਲ ਆਖ ਦਿੰਦੇ ਹਨ, ‘ਡਾਕਟਰ ਸਾਹਿਬ ਮੇਰਾ ਇਕ ਯਾਰ ਤਾਂ ਬੋਤਲ ਪੀ ਜਾਂਦਾ ਪਰ ਮੈਨੂੰ ਤਾਂ ਇਕੋ ਪੈੱਗ ਹੀ ਹਜ਼ਮ ਨਹੀਂ ਆਉਂਦਾ।’ ਜਦੋਂ ਅਸੀਂ ਆਪਣੇ ਆਪ ਦਾ ਦੂਜਿਆਂ ਨਾਲ ਮੁਕਾਬਲਾ ਕਰਦੇ ਰਹਾਂਗੇ, ਤੰਦਰੁਸਤ ਨਹੀਂ ਹੋਵਾਂਗੇ, ਨਾਲੇ ਸਿਆਣੇ ਕਹਿੰਦੇ ਆ ਕਿ ਆਪ ਤੋਂ ਨੀਵਿਆਂ ਵੱਲ ਦੇਖ ਕੇ ਜੀਓ। ਨਾਲੇ ਮੁਕਾਬਲਾ ਕਰਨਾ ਤਾਂ ਚੰਗੀਆਂ ਆਦਤਾਂ ਦਾ ਕਰੋ ਨਾ ਕਿ ਫਲਾਣਾ ਬੋਤਲ ਪੀ ਜਾਂਦਾ ਪਰ ਮੇਰੇ ਇਕ ਪੈੱਗ ਹਜ਼ਮ ਨਹੀਂ ਹੁੰਦਾ।

ਕਈ ਵਾਰ ਮਰੀਜ਼ ਪੁੱਛ ਲੈਂਦੇ ਹਨ ਕਿ ਡਾਕਟਰ ਸਾਹਿਬ ਤੁਸੀਂ ਵਿਆਹ-ਸ਼ਾਦੀਆਂ ’ਚ ਜਾ ਕੇ ਕੁੱਝ ਨਹੀਂ ਖਾਂਦੇ? ਇਹ ਸਵਾਲ ਲੱਗਭੱਗ ਸਾਰੇ ਡਾਕਟਰਾਂ ਨੂੰ ਮਰੀਜ਼ ਅਕਸਰ ਹੀ ਕਰ ਦਿੰਦੇ ਹਨ। ਉੱਥੇ ਮੇਰਾ ਜਵਾਬ ਹੁੰਦਾ ਹੈ ਕਿ ਭਾਈ ਅਸੀਂ ਜਿਉਣ ਲਈ ਖਾਂਦੇ ਹਾਂ, ਖਾਣ ਲਈ ਨਹੀਂ ਜਿਉਂਦੇ। ਵਿਆਹ-ਸ਼ਾਦੀਆਂ ਵਿੱਚ ਜਿੱਥੋਂ ਤੱਕ ਹੋ ਸਕੇ, ਬਹੁਤਾ ਖਾਣ-ਪੀਣ ਤੋਂ ਗੁਰੇਜ਼ ਹੀ ਕਰੀਦੈ ਕਿਉਂਕਿ ਹਰੇਕ ਚੀਜ਼ ਨੂੰ ਸੁਆਦਲਾ ਬਣਾਉਣ ਲਈ ਹਲਵਾਈ ਆਪਣਾ ਪੂਰਾ ਤਾਣ ਲਾ ਦਿੰਦੈ। ਕੋਈ ਇਹ ਨਾ ਕਹਿ ਦਏ ਕਿ ਫਲਾਣੀ ਚੀਜ਼ ਸੁਆਦ ਨਹੀਂ ਸੀ। ਹੁਣ ਤਾਂ ਹਲਵਾਈ ਮੂੰਗੀ ਦੀ ਦਾਲ ਵਿਚ ਵੀ ਦਾਖਾਂ ਪਾਉਣ ਲੱਗ ਪਏ। ਕਹਿਣ ਤੋਂ ਭਾਵ ਇਹ ਹੈ ਕਿ ਲੋੜ ਅਨੁਸਾਰ ਖਾਓ। ਅੰਨ ਦੀ ਬੇਅਦਬੀ ਨਾ ਕਰੋ। ਜਿਸ ਦਿਨ ਜ਼ਿਆਦਾ ਤਲਿਆ-ਫਲਿਆ ਖਾਧਾ ਜਾਵੇ, ਪਾਣੀ ਦੀ ਮਾਤਰਾ ਹੋਰ ਵਧਾ ਦਿਓ। ਸੈਰ ਕਰੋ ਜਾਂ ਜਿਸ ਦਿਨ ਪਾਰਟੀ ’ਤੇ ਖਾਧਾ ਪੀਤਾ ਹੋਵੇ, ਉਸ ਰਾਤ ਨੂੰ ਕੁੱਝ ਨਾ ਖਾਓ। ਇਸ ਨਾਲ ਪੇਟ ਠੀਕ ਰਹਿੰਦਾ ਹੈ। ਵੱਧ ਖਾਧਾ ਹਜ਼ਮ ਹੋ ਜਾਂਦਾ ਹੈ। ਜੇਕਰ ਜ਼ਿਆਦਾ ਹੀ ਭੁੱਖ ਲੱਗੀ ਹੋਵੇ ਤਾਂ ਸਲਾਦ ਵਗੈਰਾ ਖਾ ਕੇ ਹੀ ਗੁਜ਼ਾਰਾ ਕਰੋ। ਅਗਰ ਤੁਸੀਂ ਘੱਤੇ ਤੇ ਘੱਤਾ ਸੁੱਟਦੇ ਚਲੇ ਗਏ ਤਾਂ ਮਿਹਦਾ ਤੁਹਾਡੀ ਇਸ ਬਦਨੀਤੀ ਦਾ ਸ਼ਿਕਾਰ ਹੋ ਕੇ ਹਜ਼ਮ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ ਅਤੇ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ।

ਜਦ ਤਕ ਪੜਤਾਲੀਆ ਏਜੰਸੀਆਂ ਸਤਾਧਾਰੀ ਪਾਰਟੀਆਂ ਦੇ ਪਿੰਜਰੇ ਦਾ ਤੋਤਾ ਬਣੀਆਂ ਰਹਿਣਗੀਆਂ ਤਦ ਤੱਕ ਢੱਡਰੀਆਂ ਵਾਲੇ ’ਤੇ ਹਮਲੇ ਦੇ ਸਾਜਿਸ਼ਘਾੜੇ ਸਬੰਧੀ ਸਬੂਤਾਂ ਖੁਣੋਂ ਪੁਲਿਸ ਦੇ ਹੱਥ ਖਾਲੀ ਹੀ ਰਹਿਣੇ ਹਨ:

0

ਜਦ ਤਕ ਪੜਤਾਲੀਆ ਏਜੰਸੀਆਂ ਸਤਾਧਾਰੀ ਪਾਰਟੀਆਂ ਦੇ ਪਿੰਜਰੇ ਦਾ ਤੋਤਾ ਬਣੀਆਂ ਰਹਿਣਗੀਆਂ ਤਦ ਤੱਕ ਢੱਡਰੀਆਂ ਵਾਲੇ ’ਤੇ ਹਮਲੇ ਦੇ ਸਾਜਿਸ਼ਘਾੜੇ ਸਬੰਧੀ ਸਬੂਤਾਂ ਖੁਣੋਂ ਪੁਲਿਸ ਦੇ ਹੱਥ ਖਾਲੀ ਹੀ ਰਹਿਣੇ ਹਨ:

ਕਿਰਪਾਲ ਸਿੰਘ ਬਠਿੰਡਾ-ਮੋਬ: 9855480797

ਮਿਤੀ 16 ਜੂਨ ਦੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ’ਤੇ ਇੱਕ ਰੀਪੋਰਟ ਪੜ੍ਹੀ ਜਿਸ ਦੀ ਸੁਰਖੀ ਸੀ: “ਢੱਡਰੀਆਂ ਵਾਲਾ ਹਮਲਾ: ਮਹੀਨੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਪੁਲਿਸ ਅਜੇ ਤੱਕ ਨਹੀਂ ਜੁਟਾ ਸਕੀ ਕੋਈ ਸਬੂਤ” ਇਹ ਖ਼ਬਰ ਭਾਵੇਂ ਇਨਸਾਫ ਪਸੰਦ ਆਮ ਸ਼ਹਿਰੀਆਂ ਲਈ ਕਾਫੀ ਹੈਰਾਨੀਜਨਕ ਜਾਪਦੀ ਹੈ ਪਰ ਇਸ ਦੇਸ਼ ਦੀ ਥੋੜੀ ਬਹੁਤ ਵੀ ਰਾਜਨੀਤਕ ਸੂਝ ਰੱਖਣ ਵਾਲਿਆਂ ਲਈ ਇਹ ਬਹੁਤੀ ਹੈਰਾਨੀਜਨਕ ਨਹੀਂ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਇਸ ਵਰਤਾਰੇ ਨੂੰ ਭਲੀਭਾਂਤ ਸਮਝ ਚੁੱਕੇ ਹਨ ਕਿ ਜਦ ਤਕ ਪੜਤਾਲੀਆ ਏਜੰਸੀਆਂ ਸਤਾਧਾਰੀ ਪਾਰਟੀਆਂ ਦੇ ਪਿੰਜਰੇ ਦਾ ਤੋਤਾ ਬਣੀਆਂ ਰਹਿਣਗੀਆਂ ਤਦ ਤੱਕ ਸਰਕਾਰੀ ਪੱਖ ਨਾਲ ਸਾਂਝ ਰੱਖਣ ਵਾਲੇ ਕਿਸੇ ਵੀ ਅਪਰਾਧੀ ਦੇ ਅਪਰਾਧ ਵਿੱਚ ਸ਼ਮੂਲੀਅਤ ਹੋਣ ਦੇ ਸਬੂਤਾਂ ਪੱਖੋਂ ਪੁਲਿਸ ਦੇ ਹੱਥ ਖਾਲ੍ਹੀ ਹੀ ਰਹਿਣੇ ਹਨ ਅਤੇ ਵਿਰੋਧੀ ਧਿਰ ਦੇ ਨਿਰਦੋਸ਼ ਵਿਅਕਤੀਆਂ ਨੂੰ ਝੂਠੇ ਸਬੂਤਾਂ ਦੇ ਅਧਾਰ ’ਤੇ ਵੀ ਉਨ੍ਹਾਂ ਨੂੰ ਫਾਂਸੀ ’ਤੇ ਲਟਕਾਇਆ ਜਾ ਸਕਦਾ ਹੈ। ਸਿਰਫ ਰਾਜਨੀਤਕ ਵਿਰੋਧੀਆਂ ਦੀ ਸੋਚ ਹੀ ਨਹੀਂ ਪਿਛਲੇ ਸਮੇਂ ਜਦ ਯੂ.ਪੀ.ਏ. ਸਰਕਾਰ ਸੀ ਉਸ ਸਮੇਂ ਸੁਪ੍ਰੀਮ ਕੋਰਟ ਨੇ ਇੱਕ ਕੇਸ ਵਿੱਚ ਸੀ.ਬੀ.ਆਈ. ਨੂੰ ਝਾੜ ਪਾਉਂਦੇ ਹੋਏ ਕਿਹਾ ਸੀ: “ਸਰਕਾਰੀ ਧਿਰ ਦੇ ਪਿੰਜਰੇ ਦਾ ਤੋਤਾ ਬਣਨ ਤੋਂ ਗੁਰੇਜ ਕੀਤਾ ਜਾਵੇ”। ਉਸ ਸਮੇਂ ਭਾਜਪਾ ਵੀ ਬੜੇ ਜ਼ੋਰ ਸ਼ੋਰ ਨਾਲ ਦੋਸ਼ ਨਾਲ ਦੋਸ਼ ਲਾਉਂਦੀ ਰਹੀ ਹੈ ਕਿ ਸੀ.ਬੀ.ਆਈ. ਯੂਪੀਏ ਸਰਕਾਰ ਦੇ ਹੱਥਾਂ ਦਾ ਖਿਡੌਣਾ ਬਣ ਕੇ ਖੇਡ੍ਹ ਰਹੀ ਹੈ। ਉਸ ਸਮੇਂ ਭਾਜਪਾ ਦੇ ਦੋਸ਼ ਕਿਸੇ ਹੱਦ ਤੱਕ ਸਹੀ ਸਨ ਪਰ ਜਦੋਂ ਉਹ ਖੁਦ ਸਤਾ ’ਤੇ ਕਾਬਜ਼ ਹੋਈ ਤਾਂ ਅਪਰਾਧਾਂ ਦੇ ਮਾਮਲੇ ਵਿੱਚ ਅਪਰਾਧੀਆਂ ਨੂੰ ਨੱਥ ਪਾਉਣ ਲਈ ਸੀ.ਬੀ.ਆਈ. ਤੇ ਹੋਰ ਪੜਤਾਲੀਆ ਏਜੰਸੀਆਂ ਨੂੰ ਪੜਤਾਲ ਦੇ ਮਾਮਲੇ ਵਿੱਚ ਸੁਤੰਤਰਤਾ ਦੇਣ ਦੀ ਥਾਂ ਉਨ੍ਹਾਂ ਨੂੰ ਹੱਥਾਂ ਦਾ ਖਿਡੌਣਾ ਜਾਂ ਪਿੰਜਰੇ ਦਾ ਤੋਤਾ ਬਣਾਈ ਰੱਖਣ ਦੇ ਹੀ ਰਾਹ ਪਈ ਹੋਈ ਹੈ। ਇਸ ਦੀ ਉਘੜਵੀਂ ਮਿਸਾਲ ਹੈ ਕਿ ਯੂ.ਪੀ.ਏ. ਸਰਕਾਰ ਸਮੇਂ ਇੱਕ ਈਮਾਨਦਾਰ ਪੁਲਿਸ ਅਫਸਰ ਸ਼੍ਰੀ ਹੇਮੰਤ ਕਰਕਰੇ ਦੀ ਅਗਵਾਈ ਹੇਠ ਜਿਸ ਏ.ਟੀ.ਐੱਸ. ਨੇ ਇਹ ਸੱਚ ਦੁਨੀਆਂ ਦੇ ਸਾਹਮਣੇ ਲਿਆਂਦਾ ਸੀ ਕਿ ਸਮਝੌਤਾ ਐਕਸਪ੍ਰੈੱਸ, ਮਾਲੇਗਾਉਂ ਅਤੇ ਅਜਮੇਰ ਸ਼ਰੀਫ ਮਸਜ਼ਿਦ ’ਚ ਬੰਬ ਧਮਾਕਿਆਂ ਦੇ ਮੁੱਖ ਸਾਜਿਸ਼ਕਾਰ ਅਤੇ ਅੰਜਾਮ ਦੇਣ ਵਾਲੇ ਭਗਵਾਂ ਬ੍ਰਿਗੇਡ ਦੀ ਸਾਧਵੀ ਪ੍ਰਿਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਸੁਆਮੀ ਅਸੀਮਾ ਨੰਦ ਪਾਂਡੇ ਆਦਿਕ ਸਨ ਅਤੇ ਉਲਟਾ ਇਨ੍ਹਾਂ ਧਮਾਕਿਆਂ ਦਾ ਦੋਸ਼ ਵੀ ਮੁਸਲਮਾਨ ਜਥੇਬੰਦੀਆਂ ਸਿਰ ਮੜ ਕੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਕੇਸਾਂ ਵਿੱਚ ਉਲਝਾਉਣ ਦੀ ਸਾਜਿਸ਼ ਵੀ ਇਨ੍ਹਾਂ ਨੇ ਹੀ ਘੜੀ ਸੀ। ਜਦ ਕਿ ਇਸ ਸਾਜਿਸ਼ ਨੂੰ ਅਸੀਮਾ ਨੰਦ ਪਾਂਡੇ ਨੇ ਸਵੀਕਾਰ ਵੀ ਕਰ ਲਿਆ ਸੀ, ਪਰ ਹੁਣ ਭਾਜਪਾ ਕੇਂਦਰ ਵਿੱਚ ਸਤਾ ਦੇ ਕਾਬਜ਼ ਹੋਣ ਕਰਕੇ ਸਵ: ਸ਼੍ਰੀ ਹੇਮੰਤ ਕਰਕਰੇ ਦੇ ਉਤਰਾਧਿਕਾਰੀ ਉਸੇ ਏ.ਟੀ.ਐੱਸ. ਦੇ ਅਫਸਰਾਂ ਨੇ ਭਗਵਾਂ ਬ੍ਰਿਗੇਡ ਦੇ ਇਨ੍ਹਾਂ ਸਾਰੇ ਅਤਿਵਾਦੀਆਂ ਨੂੰ ਦੋਸ਼ ਮੁਕਤ ਕਰਾਰ ਦੇ ਕੇ ਕਲੀਨ ਚਿੱਟ ਦੇ ਦਿੱਤੀ ਹੈ। ਜਦ ਕੋਈ ਪੜਤਾਲੀ ਏਜੰਸੀ ਇਸ ਤਰ੍ਹਾਂ ਆਪਣੀ ਹੀ ਕੀਤੀ ਗਈ ਪੜਤਾਲ ਨੂੰ ਸਰਕਾਰ ਬਦਲਣ ’ਤੇ 180 ਡਿਗਰੀ ਤੱਕ ਘੁੰਮਾਉਣ ਦੀ ਢੀਠਤਾਈ ਤੱਕ ਪਹੁੰਚ ਸਕਦੀ ਹੋਵੇ ਤਾਂ ਇਨ੍ਹਾਂ ਲਈ ਸਰਕਾਰੀ ਪੱਖ ਦੇ ਹੱਥਾਂ ਦਾ ਖਿਡ੍ਹਾਉਣਾ ਜਾਂ ਪਿੰਜਰੇ ਦਾ ਤੋਤਾ ਕਹਿਣ ਦੀ ਕਹਾਵਤ ਨੂੰ ਕਿਸ ਤਰ੍ਹਾਂ ਝੁਠਲਾਇਆ ਜਾ ਸਕਦਾ ਹੈ ? ਜਦ ਦੇਸ਼ ਦੀਆਂ ਸਭ ਤੋਂ ਨਿਰਪੱਖ ਕਹੀਆਂ ਜਾਣ ਵਾਲੀਆਂ ਸੀ.ਬੀ.ਆਈ. ਤੇ ਏ.ਟੀ.ਐੱਸ. ਵਰਗੀਆਂ ਏਜੰਸੀਆਂ ਸਰਕਾਰ ਦੇ ਪਿੰਜਰੇ ਦਾ ਤੋਤਾ ਬਣਨ ਵਿੱਚ ਕੋਈ ਸੰਦੇਹ ਨਹੀਂ ਰਹਿਣ ਦਿੰਦੀਆਂ ਤਾਂ ਪੰਜਾਬ ਪੁਲਿਸ ਤੋਂ ਕਿੱਥੋਂ ਉਮੀਦ ਰੱਖੀ ਜਾ ਸਕਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਡੂੰਘੀ ਸਾਂਝ ਰੱਖਣ ਵਾਲੇ ਹਰਨਾਮ ਸਿੰਘ ਧੁੰਮਾ ਨੂੰ ਕਿਸੇ ਕਤਲ ਕੇਸ ਜਾਂ ਕਾਤਲਾਨਾ ਹਮਲੇ ਦੇ ਦੋਸ਼ ਵਿੱਚ ਕੋਈ ਆਂਚ ਆਉਣ ਦੇਵੇ !

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਹਮਲੇ ਦਾ ਮੁੱਖ ਸਾਜਿਸ਼ਕਾਰ ਕੌਣ ਹੋ ਸਕਦਾ ਹੈ ਇਸ ਸਬੰਧੀ ਦੇਸ਼ ਵਿਦੇਸ਼ ’ਚ ਵਸ ਰਹੇ ਕਿਸੇ ਵੀ ਪੰਜਾਬੀ ਅਤੇ ਖਾਸ ਕਰਕੇ ਕਿਸੇ ਵੀ ਸਿੱਖ ਨੂੰ ਕੋਈ ਭੁਲੇਖਾ ਨਹੀਂ ਹੈ। ਹਮਲੇ ਲਈ ਵਰਤੀਆਂ ਗਈਆਂ ਗੱਡੀਆਂ, ਅਸਲਾ ਕਿਸ ਦੇ ਨਾਮ ’ਤੇ ਹੈ; ਫੜੇ ਗਏ ਮੁਲਜਿਮ ਕਿਸ ਜਥੇਬੰਦੀ ਨਾਲ ਸਬੰਧਤ ਹਨ ਅਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਦਿੱਤੇ ਗਏ ਇਕਬਾਲੀਆ ਬਿਆਨ ਕਿ ਟਕਸਾਲ ਵਿੱਚ ਬੈਠ ਕੇ ਉਨ੍ਹਾਂ ਨੇ ਹੀ ਸਾਜਿਸ਼ ਘੜੀ ਸੀ, ਵਰਤੀਆਂ ਗਈਆਂ ਗੱਡੀਆਂ ਵਿੱਚ ਚੱਲੇ ਹੋਏ ਕਾਰਤੂਸ਼ਾਂ ਦੇ ਖਾਲੀ ਖੋਲ, ਹਥਿਆਰ ਤੇ ਪੰਜਾਹ ਹਜਾਰ ਰੁਪਏ ਤੇ ਛਬੀਲ ’ਤੇ ਵਰਤਾਈਆਂ ਜਾ ਰਹੀਆਂ ਫਰੂਟੀਆਂ ਮਿਲਣਾ, ਮੁੰਬਈ ਤੋਂ ਵਿਸ਼ੇਸ਼ ਤੌਰ ’ਤੇ ਸ਼ੂਟਰ ਮੰਗਵਾਉਣਾ, ਫੜੇ ਗਏ ਕੁਝ ਨੌਜਵਾਨਾਂ ਦੇ ਮਾਪਿਆਂ ਵੱਲੋਂ ਇਹ ਬਿਆਨ ਦੇਣਾ ਕਿ ਉਨ੍ਹਾਂ ਦੇ ਪੁੱਤਰਾਂ ਦਾ ਕੋਈ ਕਸੂਰ ਨਹੀਂ ਉਨ੍ਹਾਂ ਨੂੰ ਤਾਂ ਮੁੰਬਈ ਤੋਂ ਜਾਣਕਾਰਾਂ ਦੇ ਫੋਨ ਆਏ ਸਨ ਕਿ ਮਹਾਂਪੁਰਖਾਂ ਵੱਲੋਂ ਲਾਈ ਜਾ ਰਹੀ ਫਰੂਟੀਆਂ ਦੀ ਛਬੀਲ ਵਿੱਚ ਸਜਿਯੋਗ ਦਿੱਤਾ ਜਾਵੇ; ਇਸ ਲਈ ਉਹ ਤਾਂ ਸਿਰਫ ਛਬੀਲ ’ਤੇ ਸੇਵਾ ਕਰਨ ਹੀ ਗਏ ਸਨ; ਅਦਾਲਤ ਵਿੱਚ ਪੇਸ਼ੀ ਸਮੇਂ ਮੁਲਜਿਮਾਂ ’ਤੇ ਟਕਸਾਲੀਆਂ ਵੱਲੋਂ ਫੁੱਲ ਵਰਸਾਉਣਾ, ਟਕਸਾਲ ਤੇ ਇਸ ਦੇ ਮੁਖੀ ਧੁੰਮਾ ਦੇ ਹੱਕ ਵਿੱਚ ਨਾਹਰੇ ਮਾਰਨੇ; ਖੁਦ ਧੁੰਮਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਦਿੱਤੇ ਗਏ ਬਿਆਨ ਅਤੇ ਹਮਲਾਵਰਾਂ ਦੇ ਕੇਸ ਲੜਨ ਦੀ ਜਿੰਮੇਵਾਰੀ ਲੈਣਾ ਆਦਿਕ ਅਨੇਕਾਂ ਕਾਰਣ ਹਨ ਜਿਹੜੇ ਕੋਈ ਸ਼ੱਕ ਨਹੀਂ ਰਹਿਣ ਦਿੰਦੇ ਕਿ ਸਾਜਿਸ਼ ਦੀਆਂ ਤਾਰਾਂ ਕਿਥੋਂ ਕਿਥੋਂ ਤੱਕ ਫੈਲੀਆਂ ਸਨ ਅਤੇ ਇਸ ਲਈ ਕਿਤਨਾ ਪੈਸਾ ਖਰਚਿਆ ਗਿਆ ਹੋਵੇਗਾ। ਇਸ ਤੋਂ ਇਹ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਇਹ ਹਮਲਾ ਜ਼ਜ਼ਬਾਤ ਵਿੱਚ ਆਏ ਕੁਝ ਕੁ ਵਿਅਕਤੀਆਂ ਦਾ ਨਹੀਂ ਬਲਕਿ ਇਸ ਪਿੱਛੇ ਕਿਸੇ ਵੱਡੀ ਸੰਸਥਾ ਦਾ ਹੱਥ ਹੈ ਅਤੇ ਇਸ ਸਾਜਿਸ਼ ਵਿੱਚੋਂ ਉਸ ਸੰਸਥਾ ਦੇ ਮੁੱਖੀ ਨੂੰ ਸਹਿਜੇ ਕੀਤੀ ਮਨਫੀ ਨਹੀਂ ਕੀਤਾ ਜਾ ਸਕਦਾ। ਪਰ ਇਨ੍ਹਾਂ ਸਾਰੇ ਸਬੂਤਾਂ ਨੂੰ ਦਰਕਿਨਾਰ ਕਰਕੇ ਪੁਲਿਸ ਨੇ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਸਮੇਤ ਕੁਲ 14 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਬਾਵਜੂਦ ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਕਿਸੇ ਵੀ ਹਮਲਾਵਰ ਨੇ ਅਜੇ ਤੱਕ ਇਹ ਗੱਲ ਕਬੂਲ ਨਹੀਂ ਕੀਤੀ ਕਿ ਉਨ੍ਹਾਂ ਨੇ ਇਹ ਹਮਲਾ ਧੁੰਮਾ ਦੇ ਕਹਿਣ ’ਤੇ ਕੀਤਾ ਸੀ। ਇਸ ਲਈ ਹਾਲੀ 15 ਮਸ਼ਕੂਕਾਂ ਨੂੰ ਗ੍ਰਿਫਤਾਰ ਜਾਂ ਉਨ੍ਹਾਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਜ਼ਰੂਰਤ ਹੈ।

ਪੜਤਾਲੀਆ ਏਜੰਸੀ ਦੇ ਤੌਰ ’ਤੇ ਪੁਲਿਸ ਦੀ ਇਹ ਦਲੀਲ ਕਿਤਨੀ ਹਾਸੋਹੀਣੀ ਹੈ ਅਤੇ ਸਪਸ਼ਟ ਕਰਦੀ ਹੈ ਕਿ ਭਾਰਤੀ ਕਾਨੂੰਨ ਮੋਮ ਦਾ ਨੱਕ ਹੈ ਜਿਸ ਨੂੰ ਸਰਕਾਰ ਦੇ ਇਸ਼ਾਰੇ ’ਤੇ ਆਪਣੀ ਮਰਜੀ ਅਨੁਸਾਰ ਮੋੜਿਆ ਜਾ ਸਕਦਾ ਹੈ। ਕਾਨੂੰਨ ਮੋਮ ਦਾ ਨੱਕ ਹੋਣ ਦੀਆਂ ਵੈਸੇ ਤਾਂ ਅਨੇਕਾਂ ਉਦਾਹਰਣਾਂ ਹਨ ਪਰ ਮਿਸਾਲ ਦੇ ਤੌਰ ’ਤੇ ਇੱਥੇ ਦਿੱਤੀ ਗਈ ਮਾਲੇਗਾਉਂ, ਸਮਝੌਤਾ ਐਕਸਪ੍ਰੈੱਸ ਤੇ ਅਜਮੇਰ ਸ਼ਰੀਫ ’ਚ ਬੰਬ ਧਮਾਕੇ ਕੇਸ ਦੀ ਉਦਾਹਰਣ ਤੋਂ ਇਲਾਵਾ ਤਿੰਨ ਹੋਰ ਉਦਾਹਰਣਾਂ ਦੇਣੀਆਂ ਕਾਫੀ ਹਨ। ਪਹਿਲੀ ਉਦਾਹਰਣ ਹੈ ਕਿ ਨਸ਼ਾ ਤਸ਼ਕਰੀ ਵਿੱਚ ਫੜੇ ਗਏ ਜਗਦੀਸ਼ ਭੋਲਾ ਨੇ ਸਿੱਧੇ ਤੌਰ ’ਤੇ ਪੰਜਾਬ ਦੇ ਮਾਲ ਮੰਤਰੀ ਬਿਕ੍ਰਮ ਮਜੀਠੀਏ ਦਾ ਨਾਮ ਲਿਆ ਤਾਂ ਉਸ ਕੇਸ ਵਿੱਚ ਪੰਜਾਬ ਸਰਕਾਰ ’ਤੇ ਕਾਬਜ਼ ਅਕਾਲੀ ਦਲ ਅਤੇ ਪੜਤਾਲੀਆ ਏਜੰਸੀ ਦਾ ਕਹਿਣਾ ਹੈ ਕਿ ਭੋਲਾ ਖ਼ੁਦ ਮੁਲਜਿਮ ਹੈ ਇਸ ਲਈ ਮੁਲਜਿਮ ਵੱਲੋਂ ਦਿੱਤੇ ਗਏ ਕਿਸੇ ਬਿਆਨ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪਰ ਢੱਡਰੀਆਂ ਵਾਲੇ ਦੇ ਕੇਸ ਵਿੱਚ ਉਸੇ ਅਕਾਲੀ ਦਲ ਅਤੇ ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਕਿਸੇ ਹਮਲਾਵਰ ਨੇ ਧੁੰਮਾ ਦਾ ਨਾਮ ਨਹੀਂ ਲਿਆ ਇਸ ਲਈ ਉਸ ਤੋਂ ਕੋਈ ਪੁੱਛਗਿੱਛ ਜਾਂ ਉਸ ਵਿਰੁੱਧ ਅਪਰਾਧਿਕ ਕਾਰਵਾਈ ਕਰਨ ਦਾ ਕੋਈ ਅਧਾਰ ਨਹੀਂ ਬਣਦਾ। ਐਸੇ ਆਪਾ ਵਿਰੋਧੀ ਕਾਨੂੰਨੀ ਵਿਆਖਿਆ ਪਿੱਛੇ ਕਾਰਣ ਸਿਰਫ ਇੱਕੋ ਹੈ ਕਿ ਨਸ਼ਾ ਤਸ਼ਕਰੀ ਕੇਸ ਵਿੱਚ ਸੁਖਬੀਰ ਬਾਦਲ ਨੇ ਆਪਣੇ ਸਾਲੇ ਨੂੰ ਬਚਾਉਣਾ ਹੈ ਅਤੇ ਢੱਡਰੀਆਂ ਵਾਲੇ ਕੇਸ ਵਿੱਚ ਸੁਖਬੀਰ ਬਾਦਲ ਨਾਲ ਕਰੀਬੀ ਸਾਂਝ ਰੱਖਣ ਵਾਲੇ ਧੁੰਮੇ ਨੂੰ ਬਚਾਉਣਾ ਹੈ।

ਦੂਸਰੀ ਉਦਾਹਰਣ ਹੈ ਇੰਦਰਾ ਕਤਲ ਕਾਂਡ ਦੀ ਸਾਜਿਸ਼ ਘੜਨ ਦੇ ਦੋਸ਼ ਵਿੱਚ ਫਾਂਸੀ ’ਤੇ ਲਟਕਾਏ ਗਏ ਭਾਈ ਕੇਹਰ ਸਿੰਘ ਦੀ। ਇਸ ਕੇਸ ਵਿੱਚ ਨਾ ਤਾਂ ਫੜੇ ਗਏ ਕਿਸੇ ਮੁਲਜਿਮ ਨੇ ਭਾਈ ਕੇਹਰ ਸਿੰਘ ਦਾ ਨਾਮ ਲਿਆ ਕਿ ਉਨ੍ਹਾਂ ਨੇ ਭਾਈ ਕੇਹਰ ਸਿੰਘ ਦੇ ਕਹਿਣ ’ਤੇ ਇੰਦਰਾ ਗਾਂਧੀ ਦਾ ਕਤਲ ਕੀਤਾ ਹੈ, ਨਾ ਹੀ ਕਿਸੇ ਹੋਰ ਗਵਾਹ ਨੇ ਗਵਾਹੀ ਦਿੱਤੀ ਕਿ ਉਸ ਨੇ ਭਾਈ ਕੇਹਰ ਸਿੰਘ ਨੂੰ ਇੰਦਰਾ ਗਾਂਧੀ ਦਾ ਕਤਲ ਕਰਨ ਦੀ ਸਾਜਿਸ਼ ਘੜਦੇ ਵੇਖਿਆ ਹੈ। ਸਿਰਫ ਇਸੇ ਅਧਾਰ ’ਤੇ ਕਿ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਦ ਢਹਿਢੇਰੀ ਹੋਏ ਅਕਾਲ ਤਖ਼ਤ ਨੂੰ ਵੇਖਣ ਅਤੇ ਅੰਮ੍ਰਿਤ ਛਕਣ ਅੰਮ੍ਰਿਤਸਰ ਗਏ ਸਨ ਉਸ ਸਮੇਂ ਭਾਈ ਕਿਹਰ ਸਿੰਘ ਉਨ੍ਹਾਂ ਦੇ ਨਾਲ ਸੀ। ਭਾਈ ਬੇਅੰਤ ਸਿੰਘ ਦਾ ਰਿਸ਼ਤੇਦਾਰ ਹੋਣ ਦੇ ਨਾਤੇ ਉਨ੍ਹਾਂ ਨਾਲ ਅੰਮ੍ਰਿਤਸਰ ਜਾਣਾ ਕੋਈ ਵੱਡਾ ਦੋਸ਼ ਨਹੀਂ ਪਰ ਇਸ ਨੂੰ ਕਤਲ ਦੀ ਸਾਜਿਸ਼ ਦਾ ਹਿੱਸਾ ਦੱਸ ਕੇ ਭਾਈ ਕਿਹਰ ਸਿੰਘ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ।

ਤੀਸਰੀ ਉਦਾਹਰਣ ਹੈ ਬੰਬ ਧਮਾਕੇ ਵਿੱਚ ਮਨਜਿੰਦਰ ਸਿੰਘ ਬਿੱਟਾ ਨੂੰ ਮਾਰਣ ਦੀ ਅਸਫਲ ਕੋਸ਼ਿਸ਼ ਦੀ ਸਾਜਿਸ਼ ਘੜਨ ਦੇ ਦੋਸ਼ ਅਧੀਨ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜਾ ਦੇਣਾ ਅਤੇ ਕੇਸ ਨੂੰ 20 ਸਾਲਾਂ ਤੱਕ ਲਟਕਦਾ ਰੱਖ ਕੇ ਮੌਤ ਦੀਆਂ ਘੜੀਆਂ ਦੀ ਉਡੀਕ ਵਿੱਚ ਉਸ ਦੀ ਹਾਲਤ ਐਸੀ ਕਰ ਦਿੱਤੀ ਜੋ ਮੌਤ ਦੀ ਸਜਾ ਨਾਲੋਂ ਵੀ ਕਈ ਗੁਣਾਂ ਵੱਧ ਹੈ ਅਤੇ ਹੁਣ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਉਪ੍ਰੰਤ 20 ਸਾਲ ਤੋਂ ਵੱਧ ਸਜਾ ਕੱਟ ਲੈਣ ਅਤੇ ਮਾਨਸਿਕ ਤੌਰ ’ਤੇ ਬਿਮਾਰ ਹੋਣ ਦੇ ਬਾਵਜੂਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਆਮ ਹਾਲਤਾਂ ਵਿੱਚ 10 ਤੋਂ 14 ਸਾਲ ਦੀ ਸਜਾ ਕੱਟ ਲੈਣ ਉਪ੍ਰੰਤ ਉਮਰ ਕੈਦੀ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ। ਇਸ ਕੇਸ ਵਿੱਚ ਨਾ ਪੁਲਿਸ ਵੱਲੋਂ ਸਾਜਿਸ਼ ਅਤੇ ਹਮਲੇ ਦੇ ਦੋਸ਼ ਵਿੱਚ ਕਿਸੇ ਫੜੇ ਗਏ ਕਿਸੇ ਮੁਲਜਿਮ ਵੱਲੋਂ ਪ੍ਰੋ: ਭੁੱਲਰ ਨੂੰ ਸਾਜਿਸ਼ ਰਚਣ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ ਅਤੇ ਨਾ ਹੀ ਪੁਲਿਸ ਵੱਲੋਂ ਦਿੱਤੀ 130 ਤੋਂ ਵੱਧ ਗਵਾਹਾਂ ਦੀ ਸੂਚੀ ਵਿੱਚੋਂ ਕਿਸੇ ਨੇ ਪ੍ਰੋ: ਭੁੱਲਰ ਵਿਰੁੱਧ ਗਵਾਹੀ ਹੀ ਦਿੱਤੀ ਸੀ।

ਪਿਛਲੇ ਦੋ ਕੇਸਾਂ ਵਿੱਚ ਸਿਰਫ ਭਾਈ ਕੇਹਰ ਸਿੰਘ ਅਤੇ ਪ੍ਰੋ: ਭੁੱਲਰ ਹੀ ਨਹੀਂ ਬਲਕਿ ਸਰਕਾਰ ਦੀਆਂ ਜਿਆਦਤੀਆਂ ਵਿਰੁੱਧ ਅਵਾਜ਼ ਉੱਠਾ ਰਹੀ ਸਮੁੱਚੀ ਸਿੱਖ ਕੌਮ ਦੀ ਅਵਾਜ਼ ਬੰਦ ਕਰਵਾਉਣ ਲਈ ਮੋਮ ਦੇ ਨੱਕ ਬਣੇ ਕਾਨੂੰਨ ਰਾਹੀਂ ਸਰਕਾਰ ਨੇ ਉਨ੍ਹਾਂ ਨੂੰ ਸਖਤ ਸਜਾਵਾਂ ਦਿੱਤੀਆਂ। ਪਰ ਹੁਣ ਸਿੱਖ ਧਰਮ ਵਿੱਚ ਵਧ ਰਹੀ ਰਾਜਸੀ ਦਖ਼ਲ ਅੰਦਾਜ਼ੀ ਰਾਹੀਂ ਸਿੱਖ ਧਰਮ ਦੇ ਹੋ ਰਹੇ ਨੁਕਸਾਨ ਦੇ ਦੋਸ਼ੀ ਸਮਝੇ ਜਾ ਰਹੇ ਸ਼੍ਰੋਮਣੀ ਕਮੇਟੀ ਪ੍ਰਧਾਨ, ਕਠਪੁਤਲੀ ਜਥੇਦਾਰਾਂ ਤੇ ਅਕਾਲ ਤਖ਼ਤ ਦੀ ਮਰਿਆਦਾ ਤੋਂ ਉਲਟ ਆਪਣੇ ਡੇਰੇ ਚਲਾ ਰਹੇ ਸੰਤ ਸਮਾਜ ਵਿਰੁੱਧ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਕਾਲੀ ਰਾਜ ਦੌਰਾਨ ਹੋ ਰਹੀਆਂ ਬੇਅਦਬੀ ਦੀਆਂ ਲਗਾਤਾਰ ਘਟਨਾਵਾਂ ਦੇ ਬਾਵਜੂਦ ਕਿਸੇ ਦੋਸ਼ੀ ਵਿਰੁੱਧ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਣ; ਪੰਜਾਬ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕਰ ਰਹੇ ਸਿੱਖ ਪ੍ਰਚਾਰਕਾਂ ਦੀ ਆਵਾਜ਼ ਬੰਦ ਕਰਵਾਉਣ ਲਈ ਬਾਦਲ-ਧੁੰਮਾ ਜੋੜੀ ਨੇ ਸਾਜਿਸ਼ ਰਚ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕਰਵਾਇਆ। ਇਸ ਕੇਸ ਵਿੱਚ ਭਾਈ ਕੇਹਰ ਸਿੰਘ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸਾਂ ਨਾਲੋਂ ਕਿਤੇ ਵੱਧ ਠੋਸ ਸਬੂਤਾਂ ਦੇ ਬਾਵਜੂਦ ਕਾਤਲਾਨਾਂ ਹਮਲੇ ਦੇ ਮੁੱਖ ਸਾਜਿਸ਼ਘਾੜੇ ਭਾਈ ਧੁੰਮਾ ਵਿਰੁੱਧ ਕੋਈ ਠੋਸ ਕਾਰਵਾਈ ਕਰਨੀ ਤਾਂ ਇੱਕ ਪਾਸੇ ਰਹੀ ਹਾਲੀ ਤੱਕ ਉਸ ਨੂੰ ਪੁੱਛਗਿਛ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ। ਸੋ ਕਾਰਣ ਸਪਸ਼ਟ ਹੈ ਕਿ ਮੋਮ ਦਾ ਨੱਕ ਬਣੇ ਕਾਨੂੰਨ ਨੂੰ ਹੁਣ ਭਾਈ ਕੇਹਰ ਸਿੰਘ ਅਤੇ ਪ੍ਰੋ: ਭੁੱਲਰ ਦੇ ਕੇਸ ਨਾਲੋਂ ਉਲਟੀ ਦਿਸ਼ਾ ਵਿੱਚ ਘੁਮਾ ਕੇ ਧੁੰਮੇ ਨੂੰ ਉਸੇ ਤਰ੍ਹਾਂ ਨਿਰਦੋਸ਼ ਸਿੱਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਵੇਂ ਕਿ ਨਸ਼ਾ ਤਸ਼ਕਰੀ ਕੇਸ ਵਿੱਚ ਬਿਕ੍ਰਮ ਮਜੀਠੀਏ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ।

ਤਕੜੇ ਦਾ ਸੱਤੀਂ ਵੀਹੀਂ ਸੌ ਹੋਣ ਦੀ ਕਹਾਵਤ ਵਾਂਗ ਇਨਸਾਫ ਅਤੇ ਇਨਸਾਨੀਅਤ ਤੋਂ ਗਿਰੀ ਹੋਈ ਤੇ ਧਰਮ ਨਾਲੋਂ ਧੜੇ ਨੂੰ ਪਿਆਰ ਕਰਨ ਵਾਲੀ ਸਰਕਾਰ ਤੋਂ ਬਹੁਤੇ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਾਨੂੰਨ ਦੀ ਆੜ ਵਿੱਚ ਕੀਤੀਆਂ ਜਾ ਰਹੀਆਂ ਅਜੇਹੀਆਂ ਬੇਇਨਸਾਫੀਆਂ ਕਾਰਣ ਹੀ ਪੀੜਤ ਧਿਰ ਵਿੱਚ ਬੇਚੈਨੀ ਫੈਲਦੀ ਹੈ ਜੋ ਕਿ ਕਦੀ ਵੀ 1984 ਦੇ ਕਾਂਡ ਵਾਂਗ ਅੱਗ ਦਾ ਲਾਵਾ ਬਣ ਸਕਦੀ ਹੈ। ਸਿੱਖ ਹਿਤਾਂ ਦੀ ਹਮਾਇਤੀ ਸ਼੍ਰੋਮਣੀ ਜਥੇਬੰਦੀ ਹੋਣ ਦਾ ਦਾਅਵਾ ਕਰਨ ਵਾਲੇ ਬਾਦਲ ਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰੀ ਜਿਆਦਤੀਆਂ ਦੇ ਸਤਾਏ ਹੋਏ ਸਿੱਖ ਜੇ 1978, 1982 ਵਿੱਚ ਸੰਘਰਸ਼ ਦੇ ਰਾਹ ਪਏ ਤਾਂ ਇਨ੍ਹਾਂ ਦੋ ਦਹਾਕਿਆਂ ਦੌਰਾਨ ਭਾਵੇਂ ਕੌਮੀ ਤੇ ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਪਰ ਵੱਧ ਨੁਕਸਾਨ ਸਿੱਖਾਂ ਦਾ ਹੀ ਹੋਇਆ ਸੀ; ਜਿਸ ਦੀ ਪੀੜਾ ਦੇ ਜਖ਼ਮ ਚਿਰਾਂ ਤੱਕ ਰਿਸਦੇ ਰਹਿਣਗੇ। ਪਰ ਜੇ ਕਰ ਹੁਣ ਭਾਈ ਢੱਡਰੀਆਂ ਵਾਲੇ ਦੇ ਕੇਸ ਵਿੱਚ ਇਨਸਾਫ ਨਾ ਮਿਲਿਆ ਤੇ ਨਤੀਜੇ ਵਜੋਂ ਭਰਾ ਮਾਰੂ ਜੰਗ ਸ਼ੁਰੂ ਹੋਈ ਤਾਂ ਪਿਛਲੇ ਸਮੇਂ ਨਾਲੋਂ ਵੀ ਵੱਧ ਨੁਕਸਾਨ ਸਿੱਖਾਂ ਤੇ ਸਿੱਖੀ ਦਾ ਹੀ ਹੋਵੇਗਾ। ਸੋ ਜੇ ਸਿੱਖ ਕੌਮ ਉੱਤੇ ਬਾਦਲ ਦਲ ਨੂੰ ਭੋਰਾ ਭਰ ਵੀ ਤਰਸ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਸਿਰਫ ਕਾਨੂੰਨੀ ਪੱਖੋਂ ਹੀ ਨਹੀਂ ਬਲਕਿ ਇਨਸਾਨੀਅਤ ਤੇ ਇਨਸਾਫ ਪੱਖ ਨੂੰ ਵੀ ਸਾਹਮਣੇ ਰੱਖ ਕੇ ਉਨ੍ਹਾਂ ਲੋਕਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਜਿਹੜੇ ਪੰਜਾਬ ਨੂੰ ਅਫਗ਼ਾਨਸਤਾਨ ਬਣਾਉਣ ਲਈ ਤਾਲਿਬਸਤਾਨੀ ਰਸਤੇ ’ਤੇ ਚੱਲਦਾ ਵੇਖਣਾ ਲੋਚਦੇ ਹਨ। ਜਿਹੜੇ ਪ੍ਰੈੱਸ ਕਾਨਫਰੰਸਾਂ ਅਤੇ ਸ਼ੋਸ਼ਿਲ ਮੀਡੀਏ ਰਾਹੀਂ ਸ਼ਰੇਆਮ ਧਮਕੀਆਂ ਦੇ ਰਹੇ ਹਨ ਕਿ ਟਕਸਾਲ ਦੀ ਮਰਿਆਦਾ ਅਤੇ ਪੱਗ ’ਤੇ ਉਂਗਲ ਉਠਾਉਣ ਵਾਲਿਆਂ ਦਾ ਹਸ਼ਰ ਵੀ ਢੱਡਰੀਆਂ ਵਾਲੇ ਵਰਗਾ ਹੀ ਹੋਵੇਗਾ। ਇੱਥੇ ਹੀ ਬੱਸ ਨਹੀਂ ਉਹ ਅਗਲੇ ਪੰਜ ਸਿਰ ਲੈਣ ਲਈ ਸ਼ੋਸ਼ਿਲ ਮੀਡੀਏ ਰਾਹੀਂ ਹਿੱਟ ਲਿਸਟ ਵੀ ਜਾਰੀ ਕਰ ਰਹੇ ਹੋਣ।

ਗੁਰਬਾਣੀ ਦਾ ਸੰਥਿਆ ਪਾਠ ਹੀ ਗੁਰਮਤ ਨੂੰ ਸਮਝਣ ਦਾ ਤਰੀਕਾ

0

ਗੁਰਬਾਣੀ ਦਾ ਸੰਥਿਆ ਪਾਠ ਹੀ ਗੁਰਮਤ ਨੂੰ ਸਮਝਣ ਦਾ ਤਰੀਕਾ:

ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਪੰਡਿਤਾਂ, ਕਾਜ਼ੀਆਂ ਲਈ ਦਿੱਤਾ, ਉਹੀ ਸਿੱਖਾਂ ’ਤੇ ਵੀ ਲਾਗੂ ਹੁੰਦਾ ਹੈ: ਗਿਆਨੀ ਹਰਭਜਨ ਸਿੰਘ

ਬਠਿੰਡਾ, 7 ਜੂਨ (ਕਿਰਪਾਲ ਸਿੰਘ): ਗੁਰਬਾਣੀ ਵਿਆਕਰਨ ਅਤੇ ਸੰਥਿਆ ਸਹਿਤ ਸਮਝ ਕੇ ਪਾਠ ਕਰਨ ਨਾਲ ਹੀ ਗੁਰਬਾਣੀ ਦੇ ਅਰਥ ਭੇਦਾਂ ਦੀ ਸਹੀ ਸਮਝ ਆ ਸਕਦੀ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ (ਰੋਪੜ) ਦੇ ਵਾਈਸ ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਜੀ ਨੇ ਬੀਤੀ ਰਾਤ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ, ਬਠਿੰਡਾ ਵਿਖੇ ਕਾਲਜ ਦੇ ਸਾਬਕਾ ਵਿਦਿਆਰਥੀ ਭਾਈ ਗੁਰਇੰਦਰਦੀਪ ਸਿੰਘ ਵੱਲੋਂ ਪਿਛਲੇ ਸਾਲ ਪਹਿਲੀ ਅਗਸਤ ਤੋਂ ਚੱਲ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਥਿਆ ਪਾਠ ਦੀ ਸੰਪੂਰਨਤਾ ਉਪ੍ਰੰਤ ਵਿਸ਼ੇਸ਼ ਤੌਰ ’ਤੇ ਸਜਾਏ ਗਏ ਦੀਵਾਨ ਵਿੱਚ ਸ਼ਬਦ ਕੀਰਤਨ/ਵਖਿਆਨ ਕਰਦੇ ਹੋਏ ਕਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 611 ’ਤੇ ਪੰਚਮ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਦੇ ਸੋਰਠਿ ਰਾਗ ਵਿੱਚ ਉਚਾਰਨ ਕੀਤੇ ਸ਼ਬਦ: ‘‘ਸੋਰਠਿ ਮਹਲਾ ੫ ॥ ਕਰਿ ਇਸਨਾਨੁ, ਸਿਮਰਿ ਪ੍ਰਭੁ ਅਪਨਾ; ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ; ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ! ਗੁਰ ਪੂਰੈ, ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ, ਅਮਿਤਿ ਵਡਾਈ; ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ; ਆਦਿ ਬਿਰਦੁ ਪ੍ਰਤਿਪਾਲਾ ॥੨॥ ਹਰਿ ਅੰਮਿ੍ਰਤ ਨਾਮੁ ਭੋਜਨੁ ਨਿਤ ਭੁੰਚਹੁ, ਸਰਬ ਵੇਲਾ ਮੁਖਿ ਪਾਵਹੁ ॥ ਜਰਾ ਮਰਾ ਤਾਪੁ ਸਭੁ ਨਾਠਾ; ਗੁਣ ਗੋਬਿੰਦ ਨਿਤ ਗਾਵਹੁ ॥੩॥ ਸੁਣੀ ਅਰਦਾਸਿ ਸੁਆਮੀ ਮੇਰੈ; ਸਰਬ ਕਲਾ ਬਣਿ ਆਈ ॥ ਪ੍ਰਗਟ ਭਈ ਸਗਲੇ ਜੁਗ ਅੰਤਰਿ; ਗੁਰ ਨਾਨਕ ਕੀ ਵਡਿਆਈ ॥੪॥੧੧॥’’ ਸ਼ਬਦ ਦਾ ਕੀਰਤਨ ਕਰਨ ਉਪ੍ਰੰਤ ਵਿਆਖਿਆ ਕਰਦੇ ਸਮੇਂ, ਉਨ੍ਹਾ ਕਿਹਾ ਕਿ ਗੁਰਬਾਣੀ ਵਿੱਚ ਵੱਖ ਵੱਖ ਥਾਵਾਂ ’ਤੇ ਵਰਤੇ ਗਏ ਸ਼ਬਦ – ‘ਭਾਖਿਆ, ਭਾਖੈ ਤੇ ਸੁਭਾਖਿਆ’ ਦੇ ਸ਼ਬਦ ਜੋੜਾਂ ਵਿੱਚ ਜਿੱਥੇ ਥੋੜਾ-ਥੋੜਾ ਅੰਤਰ ਹੈ, ਉੱਥੇ ਉਚਾਰਨ ਤੇ ਅਰਥਾਂ ਵਿੱਚ ਵੀ ਥੋੜੀ ਭਿੰਨਤਾ ਹੈ। ਭਾਖਿਆ ਦਾ ਅਰਥ ਹੈ ‘ਬੋਲੀ’। ਜਿਵੇਂ ਕਿ ‘ਜਪੁ’ ਜੀ ਸਾਹਿਬ ਦੀ ਚੌਥੀ ਪਉੜੀ ਦੇ ਬਚਨ ਹਨ: ‘‘ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ ॥’’ ਭਾਵ ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ‘ਭਾਖਿਆ’ (ਬੋਲੀ) ‘ਭਾਉ’ (ਪ੍ਰੇਮ) ਹੈ ਅਤੇ ਉਹ ਆਪ ਅਕਾਲ ਪੁਰਖ ‘ਅਪਾਰੁ’ (ਬੇਅੰਤ) ਹੈ।

‘ਭਾਖੈ’ ਦਾ ਅਰਥ ਹੈ- ਬੋਲਦਾ ਹੈ, ਉਚਾਰਦਾ ਹੈ, ਗਾਉਂਦਾ ਹੈ। ਜਿਵੇਂ ਕਿ ਸੁਖਮਨੀ ਸਾਹਿਬ ਦੀ 11ਵੀਂ ਪਉੜੀ ਦੇ ਦੂਸਰੇ ਪਦੇ ਦੇ ਪਾਵਨ ਸ਼ਬਦ ਹਨ: ‘‘ਪ੍ਰਭ ਭਾਵੈ, ਤਾ ਹਰਿ ਗੁਣ ਭਾਖੈ ॥’’ ਭਾਵ ਜੇਕਰ ਸਾਈਂ ਨੂੰ ਚੰਗਾ ਲੱਗੇ, ਉਸ ਦੀ ਮਿਹਰ ਹੋਵੇ ਤਦ ਹੀ ਬੰਦਾ ਵਾਹਿਗੁਰੂ ਦਾ ਜਸ ਉਚਾਰਨ ਕਰਦਾ ਹੈ, ਪ੍ਰਭੂ ਦੇ ਗੁਣ ਗਾਉਂਦਾ ਹੈ।

ਪਰ ਹੁਣੇ ਗਾਇਨ ਕੀਤੇ ਗਏ ਸ਼ਬਦ ਦੀ ‘ਰਹਾਉ’ ਵਾਲੀ ਪੰਕਤੀ ‘‘ਪ੍ਰਭ ਬਾਣੀ, ਸਬਦੁ ਸੁਭਾਖਿਆ ॥’’ ਵਿੱਚ ਵਰਤੇ ਗਏ ਸ਼ਬਦ ‘ਸੁਭਾਖਿਆ’ ਦਾ ਅਰਥ ਹੈ- ਸੋਹਣਾ ਉਚਾਰਿਆ ਹੋਇਆ ਹੈ।

ਕਈ ਵਾਰ ਐਸਾ ਵੀ ਹੁੰਦਾ ਹੈ ਕਿ ਸ਼ਬਦ ਜੋੜ ਵੀ ਇਕੋ ਜਿਹੇ ਹੁੰਦੇ ਹਨ, ਉਨ੍ਹਾਂ ਦਾ ਉਚਾਰਨ ਵੀ ਇੱਕੋ ਜਿਹਾ ਹੀ ਹੁੰਦਾ ਹੈ ਪਰ ਪ੍ਰਸੰਗ ਅਨੁਸਾਰ ਉਨਾਂ ਦੇ ਅਰਥ ਵੱਖ ਵੱਖ ਹੁੰਦੇ ਹਨ। ਜਿਵੇਂ ਕਿ ‘ਜਸ’ ਦਾ ਆਮ ਤੌਰ ’ਤੇ ਅਰਥ ਹੈ- ਸਿਫਤ ਸਲਾਹ, ਉਸਤਤਿ ਪਰ ਪਾਵਨ ਅੰਕ 1102 ’ਤੇ ਮਾਰੂ ਰਾਗੁ ਵਿੱਚ ਕਬੀਰ ਸਾਹਿਬ ਜੀ ਦੇ ਸ਼ਬਦ ‘‘ਬੇਦ ਪੁਰਾਨ ਪੜੇ ਕਾ ਕਿਆ ਗੁਨੁ ? ਖਰ ਚੰਦਨ ਜਸ ਭਾਰਾ ॥’’ ਵਿੱਚ ‘ਜਸ’ ਦਾ ਅਰਥ ਹੈ ‘ਜਿਵੇਂ’ ਭਾਵ, (ਜੇ ਨਾਮ ਤੋਂ ਸੁੰਞਾ ਰਿਹਾ ਤਾਂ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ; (ਇਹ ਤਾਂ ਦਿਮਾਗ਼ ਉੱਤੇ ਉਸੇ ਤਰ੍ਹਾਂ ਹੀ ਭਾਰ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਭਾਰ ਲੱਦਿਆ ਹੋਇਆ ਹੈ।

ਗਿਆਨੀ ਹਰਭਜਨ ਸਿੰਘ ਜੀ ਨੇ ਗੁਰਬਾਣੀ ਵਿਆਕਰਨ ਅਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਗੁਰਬਾਣੀ ਉਚਾਰਨ ਕਰਨ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ ਦੀ ਕ੍ਰਿਆਵਾਚੀ ਸ਼ਬਦਾਂ ਦੇ ਪਿਛੇ ਆਮ ਤੌਰ ’ਤੇ ‘‘ਉ’’ ਲੱਗਦਾ ਹੈ ਜਿਸ ਦਾ ਬਿੰਦੀ ਸਹਿਤ ਨਾਸਕੀ ਉਚਾਰਨ ਕਰਨਾ ਉਚਿਤ ਹੈ, ਜਿਵੇਂ: ਕਰਉ = ਕਰਉਂ, ਮੈਂ ਕਰਦਾ ਹਾਂ; ਪੜਉ = ਪੜਉਂ, ਮੈਂ ਪੜ੍ਹਦਾ ਹਾਂ; ਗਾਵਉ = ਗਾਵਉਂ, ਮੈਂ ਗਾਉਂਦਾ ਹਾਂ। ਪਰ ਜਦੋਂ ਕ੍ਰਿਆਵਾਚੀ ਸ਼ਬਦ ਦੇ ਪਿੱਛੇ ‘‘ਹੁ” ਆਉਂਦਾ ਹੈ ਤਾਂ ਇਹ ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ ਦੀ ਕ੍ਰਿਆਵਾਚੀ ਸ਼ਬਦ ਦਾ ਲਖਾਇਕ ਹੁੰਦਾ ਹੈ, ਜਿਵੇਂ ਕਿ: ਗਾਵਹੁ = ਤੁਸੀਂ ਗਾਵਹੁ; ਸੁਣਹੁ = ਤੁਸੀਂ ਸੁਣੋ; ਪੜਹੁ = ਤੁਸੀਂ ਪੜ੍ਹੋ ਆਦਿ। ਇਸ ਨਿਯਮ ਨੂੰ ਧਿਆਨ ਵਿਚ ਰੱਖ ਕੇ ਸੋਹਿਲਾ ਸਾਹਿਬ ਦੀ ਇਸ ਤੁਕ ‘‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ! ਸੰਤ ਟਹਲ ਕੀ ਬੇਲਾ॥’’ ਦੇ ਅਰਥ ਕਰਾਂਗੇ ਤਾਂ ਇਸ ਦੇ ਅਰਥ ਬਣਨਗੇ – ਹੇ ਮੇਰੇ ਮਿੱਤਰੋ! ਸੁਣੋ, ਮੈਂ ਬੇਨਤੀ ਕਰਦਾ ਹਾਂ-(ਇਹ ਮਨੁੱਖਾ ਜੀਵਨ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। ਸੋ ਇੱਥੇ ‘ਕਰਉ’ ਦਾ ਸ਼ੁੱਧ ਉਚਾਰਨ ਨਾਸਕੀ ਭਾਵ ਬਿੰਦੀ ਸਹਿਤ ਕਰਨਾ ਹੀ ਠੀਕ ਹੈ ਪਰ ਆਮ ਵੇਖਿਆ ਗਿਆ ਹੈ ਕਿ ਇਸ ਨੂੰ ਬਿਨਾਂ ਬਿੰਦੀ ਉਚਾਰਨ ਕੀਤਾ ਜਾਂਦਾ ਹੈ ਜੋ ਕਿ ਠੀਕ ਨਹੀਂ ਹੈ ਕਿਉਂਕਿ ਬੇਨਤੀ ਵੀ ਤੁਸੀਂ ਕਰੋ ਅਤੇ ਸੁਣੋ ਵੀ ਤੁਸੀਂ; ਇਹ ਅਰਥ ਕਰਨੇ ਢੁਕਵੇਂ ਨਹੀਂ ਹਨ। ਜਿਸ ਤਰ੍ਹਾਂ ਵਿਆਕਰਣਿਕ ਨਿਯਮਾਂ ਅਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਬਿੰਦੀ ਸਹਿਤ ਨਾਸਕੀ ਉਚਾਰਨ ਕਰਨਾ ਹੀ ਯੋਗ ਹੈ ਇਸੇ ਤਰ੍ਹਾਂ ਯੋਗ ਥਾਵਾਂ ’ਤੇ ਅਲਪ ਵਿਸਰਾਮ ਅਤੇ ਅਰਧ ਵਿਸਰਾਮ ਦੇਣੇ ਵੀ ਅਤਿ ਲਾਜ਼ਮੀ ਹਨ ‘‘ਨਾਨਕ ! ਨਦਰੀ ਬਾਹਰੇ; ਰਾਚਹਿ ਦਾਨਿ, ਨ ਨਾਇ॥’’ (ਸਿਰੀਰਾਗੁ ਮ: ੧, ਅੰਕ 15) ਤੁਕ ਵਿੱਚ ‘ਨਾਨਕ’ ਸੰਬੋਧਨ ਰੂਪ ਵਿੱਚ ਹੋਣ ਕਰਕੇ ਸੰਬੋਧਨੀ ਵਿਸ਼ਰਾਮ! ਦੇ ਕੇ ਅਰਥ ਹੋਣਗੇ- ‘ਨਾਨਕ’ = ਹੇ ਨਾਨਕ! ‘ਨਦਰੀ ਬਾਹਰੇ’ ਤੋਂ ਬਾਅਦ ਅਰਧ ਵਿਸਰਾਮ (;) ਲਾ ਕੇ ਅਰਥ ਹੈ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ‘ਦਾਨਿ’ = ਦਾਨ ਵਿਚ, ਇੱਥੇ ਅਲਪ ਵਿਸਰਾਮ (,) ਲਾਉਣਾ ਜਰੂਰੀ ਹੈ ਜਿਸ ਦੇ ਅਰਥ ਹਨ – ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ‘ਨਾਇ’ = ਪ੍ਰਭੂ ਦੇ ਨਾਮ ਵਿਚ।

ਸੋ, ਇਨ੍ਹਾਂ ਵਿਸਰਾਮਾਂ ਨੂੰ ਧਿਆਨ ਵਿੱਚ ਰੱਖ ਕੇ ਪੂਰੀ ਤੁਕ ਦੇ ਅਰਥ ਹਨ: ‘ਹੇ ਨਾਨਕ ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਝੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ।’ ਪਰ ਜੇ ਪਾਠ ਕਰਦੇ ਸਮੇਂ ਵਿਸਰਾਮ ‘ਨ’ ਤੋਂ ਬਾਅਦ ਲਾ ਦਿੱਤਾ ਜਾਵੇ ਤਾਂ ਇਸ ਦੇ ਅਰਥ ਬਣਨਗੇ – ‘ਹੇ ਨਾਨਕ ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਝੇ ਬੰਦੇ ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਨਹੀਂ ਰਹਿੰਦੇ, ਉਸ ਦੇ ਨਾਮ ਵਿਚ ਜੁੜਦੇ ਹਨ।’ ਇਹ ਅਰਥ ਗੁਰਮਤਿ ਦੇ ਅਨੁਕੂਲ ਨਹੀਂ, ਗੁਰੂ ਦੀ ਭਾਵਨਾ ਅਨੁਸਾਰ ਅਢੁਕਵੇਂ ਹੋਣਗੇ।

ਸੋ, ਯੋਗ ਥਾਵਾਂ ’ਤੇ ਬਿੰਦੀ ਦਾ ਪ੍ਰਯੋਗ ਅਤੇ ਵਿਸਰਾਮਾਂ ਦੀ ਵਰਤੋਂ ਦੀ ਸਾਨੂੰ ਸਮਝ ਤਦੋਂ ਹੀ ਪਵੇਗੀ ਜਦੋਂ ਸਾਨੂੰ ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਸੂਝ ਹੋਵੇਗੀ ਅਤੇ ਕਿਸੇ ਚੰਗੇ ਵਿਦਵਾਨ ਤੋਂ ਸੰਥਿਆ ਲੈ ਕੇ ਪਾਠ ਕਰਨਾ ਸਿਖੀਏ। ਬੇਸ਼ੱਕ ਸ਼ੁਰੂ ਵਿੱਚ ਗੁਰਬਾਣੀ ਵਿਆਕਰਨ ਇੱਕ ਔਖਾ ਵਿਸ਼ਾ ਜਾਪਦਾ ਹੈ ਪਰ ਜਦੋਂ ਅਭਿਆਸ ਕਰਨ ਦਾ ਲਗਾਤਾਰ ਯਤਨ ਜਾਰੀ ਰੱਖਾਂਗੇ ਤਾਂ ਇਹੀ ਵਿਸ਼ਾ ਮਿੱਠਾ ਵੀ ਲੱਗਣ ਲੱਗ ਪੈਂਦਾ ਹੈ।

ਗਿਆਨੀ ਹਰਭਜਨ ਸਿੰਘ ਜੀ ਨੇ ਅੱਗੇ ਕਿਹਾ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸ਼ਬਦ ਦੇ ‘ਰਹਾਉ’ ਬੰਦ ਦੀ ਵੀਚਾਰ ਕਰਨ ਤੋਂ ਬਿਨਾਂ ਕਈ ਵਾਰ ਬੰਦਾ ਐਸਾ ਵੀ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਕਿਤੇ ਤਾਂ ਉਪਦੇਸ਼ ਦੇ ਰਹੇ ਹਨ ‘ਗਾਵਹੁ ਸੁਣਹੁ ਪੜਹੁ ਨਿਤ ਭਾਈ !’ ਭਾਵ ਗੁਰੂ ਦੀ ਬਾਣੀ, ਪ੍ਰਭੂ ਦੀ ਸਿਫਤ ਸਾਲਾਹ ਦੀ ਬਾਣੀ ਹਰ ਰੋਜ ਹੀ ਗਾਉਣੀ, ਸੁਣਨੀ ਤੇ ਪੜ੍ਹਨੀ ਚਾਹੀਦੀ ਹੈ ਪਰ ਉਸੇ ਸੋਰਠਿ ਰਾਗੁ ਵਿੱਚ ਅੱਗੇ ਜਾ ਕੇ ਪਾਵਨ ਅੰਕ 656 ’ਤੇ ਭਗਤ ਕਬੀਰ ਸਾਹਿਬ ਜੀ ਲਿਖ ਰਹੇ ਹਨ: ‘‘ਕਿਆ ਪੜੀਐ ? ਕਿਆ ਗੁਨੀਐ ?॥ ਕਿਆ ਬੇਦ ਪੁਰਾਨਾਂ ਸੁਨੀਐ ?॥ ਪੜੇ ਸੁਨੇ ਕਿਆ ਹੋਈ ?॥’’ ਭਾਵ ਪੜ੍ਹਨ ਦਾ, ਵੀਚਾਰ ਕਰਨ ਦਾ ਵੇਦ ਪੁਰਾਣ ਸੁਣਨ ਦਾ ਕੋਈ ਲਾਭ ਹੀ ਨਹੀਂ; ਪੜ੍ਹਨ ਸੁਣਨ ਨਾਲ ਕੁਝ ਨਹੀਂ ਹੁੰਦਾ ਪਰ ਜਦੋਂ ਅਸੀਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸ਼ਬਦ ਦੇ ‘ਰਹਾਉ’ ਬੰਦ ਵਿੱਚ ਪ੍ਰਗਟ ਕੀਤੇ ਗਏ ਵੀਚਾਰ ਨੂੰ ਸਾਹਮਣੇ ਰੱਖ ਕੇ ਇਹ ਦੋਵੇਂ ਸ਼ਬਦ ਪੜ੍ਹਾਂਗੇ ਤਾਂ ਸਾਨੂੰ ਸਮਝ ਪਏਗੀ ਕਿ ਗੁਰੂ ਅਰਜੁਨ ਸਾਹਿਬ ਜੀ ਸਾਨੂੰ ਗੁਰਬਾਣੀ ਪੜ੍ਹਨ ਅਤੇ ਪ੍ਰਭੂ ਦੇ ਸਿਮਰਨ ਕਰਨ ਦਾ ਉਪਦੇਸ਼ ਦੇ ਰਹੇ ਹਨ ਪਰ ਭਗਤ ਕਬੀਰ ਸਾਹਿਬ ਜੀ ਆਪਣੇ ਸ਼ਬਦ ਦੇ ‘ਰਹਾਉ’ ਬੰਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਹੇ ਗਵਾਰ ਮਨੁੱਖ ! ਤੂੰ ਵਾਰ ਵਾਰ ਕੀ ਸੋਚ ਵੀਚਾਰ ਕਰ ਰਿਹਾ ਹੈਂ ? ਤੂੰ ਹਰੀ ਪ੍ਰਭੂ ਦਾ ਨਾਮ ਕਿਉਂ ਨਹੀਂ ਜਪਦਾ: ‘‘ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ? ॥੧॥ ਰਹਾਉ ॥’’ ਜੇ ਵੇਦ ਪੁਰਾਣ ਪੜ੍ਹ ਕੇ ਵੀ ‘‘ਜਉ ਸਹਜ ਨ ਮਿਲਿਓ ਸੋਈ ॥੧॥’’ ਤਾਂ ਵੇਦ ਪੁਰਾਣ ਪੜ੍ਹਨ, ਸੁਣਨ ਤੇ ਇਸ ਦੀ ਵਿਆਕਰਨ ਅਨੁਸਾਰ ਕੀਤੀ ਗਈ ਵਿਚਾਰ/ਵਿਆਖਿਆ ਦਾ ਕੋਈ ਫਾਇਦਾ ਨਹੀਂ ਹੈ। ਇਹ ਉਪਦੇਸ਼ ਕੇਵਲ ਬ੍ਰਾਹਮਣ ਪੂਜਾਰੀਆਂ ਲਈ ਹੀ ਨਹੀਂ ਹੈ ਜੇਕਰ ਅਸੀਂ ਸਿੱਖ ਵੀ ਕੇਵਲ ਗਿਣਤੀ ਦੇ ਪਾਠ ਕਰਦੇ ਰਹੇ, ਸ਼ਬਦ ਨੂੰ ਵਿਚਾਰਿਆ ਨਹੀਂ, ਵਿਆਕਰਨ ਅਨੁਸਾਰ ਅਰਥਾਂ ਦੀ ਡੂੰਘੀ ਵਿਚਾਰ ਨਹੀਂ ਕੀਤੀ, ਜੇਕਰ ਗੁਰਬਾਣੀ ਵਿੱਚ ਦਰਜ ਉਪੇਦਸ਼ ਸਮਝਣ ਉਪ੍ਰੰਤ ਆਪਣਾ ਜੀਵਨ ਉਸ ਉਪਦੇਸ਼ ਅਨੁਸਾਰ ਨਹੀਂ ਢਾਲ਼ਦੇ ਤਾਂ ਸਾਡੇ ਵੱਲੋਂ ਕੀਤੇ ਪਾਠ ਪਠਨ ਤੇ ਵਿਆਖਿਆ ਆਦਿ ਵੀ ਉਸੇ ਤਰ੍ਹਾਂ ਹੀ ਹਨ ਜਿਵੇਂ ਪੰਡਿਤ ਲਈ ਬਚਨ ਉਚਾਰਨ ਕੀਤੇ ਗਏ ਹਨ: ‘‘ਬੇਦ ਪੁਰਾਨ ਪੜੇ ਕਾ ਕਿਆ ਗੁਨੁ ? ਖਰ ਚੰਦਨ ਜਸ ਭਾਰਾ ॥’’ ਕਿਉਂਕਿ ਗੁਰੂ ਸਾਹਿਬ ਜੀ ਨੇ ਜਿਹੜਾ ਉਪਦੇਸ਼ ਪੰਡਿਤਾਂ, ਕਾਜ਼ੀਆਂ ਨੂੰ ਦਿੱਤਾ ਹੈ ਉਹੀ ਸਿੱਖਾਂ ’ਤੇ ਵੀ ਲਾਗੂ ਹੁੰਦਾ ਹੈ।

ਕਬੀਰ ਰਾਮ ਕਹਨ ਮਹਿ ਭੇਦੁ ਹੈ॥

0

ੴ ਸਤਿ ਗੁਰ ਪ੍ਰਸਾਦਿ ॥

ਕਬੀਰ ਰਾਮ ਕਹਨ ਮਹਿ ਭੇਦੁ ਹੈ॥

ਰਾਜਿੰਦਰ ਸਿੰਘ (ਮੁੱਖ ਸੇਵਾਦਾਰ), ਸ਼੍ਰੋਮਣੀ ਖ਼ਾਲਸਾ ਪੰਚਾਇਤ, ਟੈਲੀਫੋਨ-98761-04726

ਹਿੰਦੂ ਧਰਮ ਕਈ ਦੇਵੀ ਦੇਵਤਿਆਂ ਅਵਤਾਰਾਂ ਵਿੱਚ ਵਿਸ਼ਵਾਸ ਰਖਦਾ ਹੈ। ॐ ਹਿੰਦੂ ਕੌਮ ਦਾ ਇਕ ਪੁਰਾਤਨ ਧਾਰਮਿਕ ਚਿਨ੍ਹ ਹੈ, ਜੋ ਪ੍ਰਮੇਸ਼ਰ ਦੀ ਹੋਂਦ ਦਰਸਾਉਣ ਲਈ ਵਰਤਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਸ੍ਰਿਸ਼ਟੀ ਨੂੰ ਤਿੰਨ ਸ਼ਕਤੀਆਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ (ਸ਼ਿਵ) ਚਲਾ ਰਹੀਆਂ ਹਨ। ਇਸ ਗੱਲ ਦਾ ਜ਼ਿਕਰ ਗੁਰੂ ਨਾਨਕ ਪਾਤਿਸ਼ਾਹ ਨੇ ਜਪੁ ਬਾਣੀ ਦੀ ਤੀਹਵੀਂ ਪਉੜੀ ਵਿੱਚ ਇੰਝ ਕੀਤਾ ਹੈ:

‘‘ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥’’

(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ’ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।

ਗੁਰਮਤਿ ਸਿਧਾਂਤ ਤੋਂ ਅਨਜਾਣ ਕਈ ਭੋਲੇ ਵੀਰ ਪੂਰੀ ਪਉੜੀ ਨੂੰ ਸਮਝੇ ਬਗੈਰ, ਇਨ੍ਹਾਂ ਪੰਕਤੀਆਂ ਦੇ ਆਧਾਰ ’ਤੇ, ਇਹ ਵਿਚਾਰ ਦੇਣ ਲੱਗ ਪੈਂਦੇ ਹਨ ਕਿ ਗੁਰਬਾਣੀ ਵੀ ਇਨ੍ਹਾਂ ਤਿੰਨਾਂ ਸ਼ਕਤੀਆਂ ਦੀ ਹੋਂਦ ਨੂੰ ਪਰਵਾਨ ਕਰਦੀ ਹੈ, ਜਦਕਿ ਸਤਿਗੁਰੂ ਨੇ ਇਸ ਨੂੰ ਕਹਾਵਤ ਦੇ ਤੌਰ ’ਤੇ ਹੀ ਵਰਤਿਆ ਹੈ ਕਿ ਹਿੰਦੂ ਸਮਾਜ ਵਿੱਚ ਐਸਾ ਸਮਝਿਆ ਜਾਂਦਾ ਹੈ। ਸਤਿਗੁਰੂ ਨੇ ਇਸ ਵਿਚਾਰ ਨੂੰ ਪੂਰਨ ਤੌਰ ’ਤੇ ਰੱਦ ਕੀਤਾ ਹੈ। ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਅਸਲ ਵਰਤਾਰਾ ਸਮਝਾਇਆ ਹੈ ਕਿ ਸੱਚਾਈ ਇਹ ਹੈ ਕਿ ਸੰਸਾਰ ਦੀ ਸਾਰੀ ਕਾਰ ਇਕ ਪ੍ਰਮੇਸ਼ਰ ਚਲਾ ਰਿਹਾ ਹੈ:

‘‘ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥’’

(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।

ਗੁਰੂ ਨਾਨਕ ਪਾਤਿਸ਼ਾਹ ਫੁਰਮਾਉਂਦੇ ਹਨ ਕਿ ਕੇਵਲ ਉਸ ਇਕ ਅਕਾਲ-ਪੁਰਖ ਨੂੰ ਹੀ ਨਮਸਕਾਰ ਕਰੋ ਜਿਸ ਤੋਂ ਸਾਰੀ ਸ੍ਰਿਸ਼ਟੀ ਦਾ ਮੁੱਢ ਬੱਝਾ ਹੈ:

ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥

(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ)।

ਇਨ੍ਹਾਂ ਹਿੰਦੂ ਦੇਵਤਿਆਂ ਸ਼ਿਵਜੀ, ਬ੍ਰਹਮਾ ਅਤੇ ਵਿਸ਼ਨੂੰ ਬਾਰੇ ਗੁਰਬਾਣੀ ਇੰਝ ਫੁਰਮਾਉਂਦੀ ਹੈ:

‘‘ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥

ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥’’ (ਵਡਹੰਸੁ ਮਹਲਾ ੩, ਪੰਨਾ ੫੫੯)

ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ, (ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, (ਪਰ ਉਸ ਦੇ ਅੰਦਰ ਭੀ) ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ । ਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ । (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ  ?

‘‘ਕੋਟਿ ਬਿਸਨ ਕੀਨੇ ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥

ਕੋਟਿ ਮਹੇਸ ਉਪਾਇ ਸਮਾਏ ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥’’ (ਭੈਰਉ ਮਹਲਾ ੫, ਪੰਨਾ ੧੧੫੬)

ਹੇ ਭਾਈ ! (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ ।

ਸਤਿਗੁਰੂ ਨੇ ਉਸ ਪਰਮ-ਸਤਾ, ਪਰਮ-ਸ਼ਕਤੀ, ਅਕਾਲ-ਪੁਰਖ ਵਾਸਤੇ ‘‘ੴ’’ ਸ਼ਬਦ ਦੀ ਵਰਤੋਂ ਕੀਤੀ ਹੈ। ਸਤਿਗੁਰੂ ਨੇ ਮੁਹਾਰਨੀ ਦਾ ਪਹਿਲਾ ਸ਼ਬਦ ੳ ਲੈ ਕੇ ਉਪਰ ਕਾਰ (ਹ) ਲਗਾ ਦਿੱਤੀ ਅਤੇ ਪਹਿਲਾਂ ‘‘੧’’ ਲਿੱਖ ਦਿੱਤਾ ਹੈ। ਇੱਥੇ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਨੇ ਇਥੇ ਗਿਣਤੀ ਦਾ ‘‘੧’’ ਲਗਾਇਆ ਹੈ ਕਿਉਂਕਿ ਇਸ ਗਿਣਤੀ ਦੇ ਅਖਰ ‘‘ਇੱਕ’’ ਦਾ ਕੋਈ ਦੂਸਰਾ ਅਰਥ ਨਹੀਂ ਕੱਢਿਆ ਜਾ ਸਕਦਾ। ਭਾਵੇਂ ਹਿੰਦੀ ਵਿੱਚ ਏਕ ਕਹਿ ਲਈਏ, ਉਰਦੂ ਵਿੱਚ ਯਕ ਜਾਂ ਅੰਗਰੇਜ਼ੀ ਵਿੱਚ ਵਨ (one) ਇਸ ਦਾ ਭਾਵ ‘‘ਇੱਕ’’ ਹੀ ਰਹੇਗਾ। ‘‘ੴ’’ ਦਾ ਉਚਾਰਨ ਹੈ ‘‘ਇੱਕ (ਏਕ) ਓਅੰਕਾਰ’’ ਅਤੇ ਇਸ ਦਾ ਅਰਥ ਹੈ ‘‘ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ’’। ਸਤਿਗੁਰੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸ੍ਰਿਸ਼ਟੀ ਦਾ ਕਾਰ ਵਿਹਾਰ ਕੋਈ ਤਿੰਨ ਸ਼ਕਤੀਆਂ ਨਹੀਂ ਚਲਾ ਰਹੀਆਂ ਬਲਕਿ ਇਹ ਸਭ ਇੱਕ ਅਕਾਲ-ਪੁਰਖ ਦੇ ਹੁਕਮ ਭਾਵ ਅਟੱਲ ਨੇਮਾਂ ਅਨੁਸਾਰ ਚਲ ਰਿਹਾ ਹੈ। ਇਹ ਗੱਲ ਸਤਿਗੁਰੂ ਨੇ ਹੋਕਾ ਦੇ ਕੇ ਸਾਰੇ ਜਗਤ ਨੂੰ ਕਹਿ ਸੁਣਾਈ ਹੈ:

‘‘ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥’’ (ਆਸਾ ਮਹਲਾ ੧, ਪੰਨਾ ੩੫੦)

ਹੇ ਭਾਈ ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ, ਬੱਸ ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ।

ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਤਿਗੁਰੂ ਦਾ ਇਸ ਗਲੋਂ ਸ਼ੁਕਰਾਨਾ ਕਰਦੇ ਹਨ ਕਿ ਉਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਇਸ ਭਰਮ ਤੋਂ ਮੁਕਤ ਕਰਾ ਲਿਆ ਹੈ ਕਿ ਦੁਨੀਆਂ ਦੀਆਂ ਅਲੱਗ ਅਲੱਗ ਕੌਮਾਂ ਦੇ ਪਰਮੇਸ਼ਰ ਕੋਈ ਅਲੱਗ ਅਲੱਗ ਸ਼ਖਸੀਅਤਾਂ ਹਨ:

‘‘ਕਹੁ ਨਾਨਕ ਗੁਰਿ ਖੋਏ ਭਰਮ ॥ ਏਕੋ ਅਲਹੁ ਪਾਰਬ੍ਰਹਮ ॥’’ (ਰਾਮਕਲੀ ਮਹਲਾ ੫, ਪੰਨਾ ੮੯੭)

ਹੇ ਨਾਨਕ ! ਆਖ-ਗੁਰੂ ਨੇ (ਜਿਸ ਮਨੁੱਖ ਦੇ) ਭੁਲੇਖੇ ਦੂਰ ਕਰ ਦਿੱਤੇ, ਉਸ ਨੂੰ (ਮੁਸਲਮਾਨਾਂ ਦਾ) ਅੱਲਾਹ ਅਤੇ (ਹਿੰਦੂਆਂ ਦਾ) ਪਾਰਬ੍ਰਹਮ ਇੱਕੋ ਹੀ ਦਿੱਸ ਪੈਂਦੇ ਹਨ ।

ਸਿੱਖ ਧਰਮ ਵਿੱਚ ਇਸ ‘‘ੴ’’ ਨੂੰ ਅਸੀਂ ਅਕਸਰ ਬੀਜ ਮੰਤ੍ਰ ਆਖ ਦੇਂਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ‘‘ਮੰਤ੍ਰ’’ ਸ਼ਬਦ ਕਿਸੇ ਫੱਲ ਜਾਂ ਸਿੱਧੀ ਦੀ ਪ੍ਰਾਪਤੀ ਵਾਸਤੇ ਕਿਸੇ ਇਕ ਸ਼ਬਦ ਦੇ ਬਾਰਬਾਰ ਰਟਨ (ਮੰਤ੍ਰਜਾਪ) ਵਾਸਤੇ ਨਹੀਂ ਬਲਕਿ ਗੁਰੂ ਦੇ ਉਪਦੇਸ਼ ਵਾਸਤੇ ਵਰਤਿਆ ਗਿਆ ਹੈ, ਜਿਵੇਂ:

‘‘ਬੀਜ ਮੰਤ੍ਰੁ ਸਰਬ ਕੋ ਗਿਆਨੁ ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥’’ (ਗਉੜੀ ਸੁਖਮਨੀ ਮਹਲਾ ੫, ਪੰਨਾ ੨੭੪)

(ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ (ਉਪਦੇਸ਼) ਇਹ ਹੈ ਕਿ ਸਭ ਨੂੰ ਅਕਾਲ ਪੁਰਖ ਦਾ ਇਲਾਹੀ ਗਿਆਨ ਦਿੱਤਾ ਜਾਵੇ।ਇਹ ਗਿਆਨ ਪ੍ਰਾਪਤ ਕਰਕੇ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ ਪ੍ਰਭੂ ਦਾ ਨਾਮ ਜਪੇ ਉਸ ਦਾ ਜੀਵਨ ਸਫਲਾ ਹੋ ਜਾਵੇਗਾ।

‘‘ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥

ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ ॥’’ (ਬਿਲਾਵਲੁ ਮਹਲਾ ੫, ਪੰਨਾ ੮੨੨)

(ਹੇ ਭਾਈ ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ ਦੇ ਪਵਿੱਤ੍ਰ ਜੀਵਨ ਵਾਲੇ ਧਰਮ ਦੇ ਗੁਣ, (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਗ੍ਰਹਿਣ ਕਰਦਾ ਹੈ । ਹੇ ਨਾਨਕ ! ਆਖ-ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ ।

ਜਿਥੇ ਇਕ ਅਖਰ, ਪੰਕਤੀ ਜਾਂ ਸ਼ਬਦ ਨੂੰ ਕਿਸੇ ਵਿਸ਼ੇਸ਼ ਪ੍ਰਾਪਤੀ ਵਾਸਤੇ ਰਟਣ (ਮੰਤ੍ਰ ਜਾਪ) ਦੀ ਗੱਲ ਆਉਂਦੀ ਹੈ, ਗੁਰਬਾਣੀ ਉਸ ਨੂੰ ਪੂਰਨ ਰੂਪ ਵਿੱਚ ਕੇਵਲ ਰੱਦ ਹੀ ਨਹੀਂ ਕਰਦੀ, ਸਗੋਂ ਇਸ ਨੂੰ ਪਾਖੰਡ ਦੱਸਦੀ ਹੈ। ਸਤਿਗੁਰੂ ਦਾ ਫੁਰਮਾਨ ਹੈ:

‘‘ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰਸਬਦੀ ਸਚੁ ਜਾਨਿਆ ॥’’ (ਸੂਹੀ ਮਹਲਾ ੧, ਪੰਨਾ ੭੬੬)

(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ । ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ । ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ । (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ।

‘‘ਅਉਖਧ ਮੰਤ੍ਰ ਤੰਤ ਸਭਿ ਛਾਰੁ ॥ ਕਰਣੈਹਾਰੁ ਰਿਦੇ ਮਹਿ ਧਾਰੁ ॥’’ (ਗਉੜੀ ਮਹਲਾ ੫, ਪੰਨਾ ੧੯੬)

(ਹੇ ਭਾਈ !) ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ, (ਇਸ ਦੇ ਟਾਕਰੇ ਤੇ ਹੋਰ) ਸਾਰੇ ਮੰਤਰ ਤੇ ਸਾਰੇ ਟੂਣੇ ਰੂਪ ਦਾਰੂ ਤੁੱਛ ਹਨ ।

ਇਸ ਤਰ੍ਹਾਂ ‘‘ੴ’’ ਉਹ ਬੀਜ ਹੈ ਜਿਸ ਤੋਂ ਗੁਰਮਤਿ ਵਿਚਾਰਧਾਰਾ ਦੀਆਂ ਸਾਰੀਆਂ ਫੁਹਾਰਾਂ ਫੁੱਟੀਆਂ ਹਨ। ਸਤਿਗੁਰੂ ਨੇ ਇਸ ‘‘ੴ’’ ਦੇ ਸੰਕਲਪ ਨੂੰ ਹੋਰ ਸਪੱਸ਼ਟ ਕਰਨ ਲਈ, ਇਸ ਦੇ ਬੇਅੰਤ ਅਲੌਕਿਕ ਗੁਣਾਂ ਵਿੱਚੋਂ ਕੁਝ ਵਿਸ਼ੇਸ਼ ਗੁਣ ਨਾਲ ਜੋੜ ਕੇ ਜਿਥੇ ਅਕਾਲ-ਪੁਰਖ ਦੀ ਪੂਰਨ ਸ਼ਖਸੀਅਤ ਬਾਰੇ ਸੰਸਾਰ ਨੂੰ ਜਾਣੂ ਕਰਾਇਆ ਹੈ, ਉਥੇ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਗੁਰਬਾਣੀ ਦਰਜ ਕਰਨ ਸਮੇਂ ਮੰਗਲ ਦੇ ਤੌਰ ’ਤੇ ਵਰਤਿਆ ਹੈ, ਜਿਸ ਦਾ ਪੂਰਨ ਰੂਪ ਇਹ ਹੈ:

‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’’

ਕਿਉਂਕਿ ਇਸ ਵਿੱਚ ਦਰਸਾਏ ਅਕਾਲ-ਪੁਰਖ ਦੇ ਅਲੌਕਿਕ ਗੁਣ ਗੁਰਮਤਿ ਦੇ ਮੂਲ ਸਿਧਾਂਤ ਹਨ, ਜਿਨ੍ਹਾਂ ਨੂੰ ਅਸੀਂ ਗੁਰਮਤਿ ਮਹਲ ਦੀਆਂ ਨੀਹਾਂ ਵੀ ਆਖ ਸਕਦੇ ਹਾਂ, ਇਸ ਲਈ, ਇਸ ਨੂੰ ਅਸੀਂ ਮੂਲ ਮੰਤ੍ਰ ਭਾਵ ਮੁਢਲਾ ਉਪਦੇਸ਼ ਵੀ ਆਖ ਦੇਂਦੇ ਹਾਂ।

ਗੁਰਮਤਿ ਵਿਚਾਰਧਾਰਾ ਨੂੰ ਸਮਝਣ ਲਈ ਇਸ ‘‘ੴ’’ ਦੇ ਮੂਲ ਸੰਕਲਪ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ ਅਤੇ ਇਸ ਸੰਕਲਪ ਨੂੰ ਸਮਝਣ ਲਈ ਮੂਲ ਮੰਤ੍ਰ ਵਿਚਲੇ ਇਸ ਦੇ ਬਾਕੀ ਗੁਣਾਂ ਭਾਵ ‘‘ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’’ ਦੇ ਭਾਵ ਅਤੇ ਵਿਚਾਰਧਾਰਾ ਨਾਲ ਜੋੜ ਕੇ ਸਮਝਣਾ ਉਤਨਾ ਹੀ ਜ਼ਰੂਰੀ ਹੈ। ਇਸ ਨੂੰ ਨਾ ਸਮਝਣ ਦਾ ਹੀ ਨਤੀਜਾ ਹੈ ਕਿ ਕਈ ਸਿੱਖੀ ਸਰੂਪ ਵਾਲੇ ਵੀ ਕਿਤੇ ਬੁਤ ਪੂਜਦੇ ਦਿਸਣਗੇ, ਕਿਤੇ ਫੋਟੋਆਂ ਅੱਗੇ ਖਲੋਤੇ ਅਰਦਾਸਾਂ ਕਰਦੇ ਨਜ਼ਰ ਆਉਣਗੇ ਜਾਂ ਕਿਤੇ ਮੜ੍ਹੀਆਂ ਪੂਜਣ ਵਾਲਿਆਂ ਦੀਆਂ ਲਾਈਨਾਂ ਵਿੱਚ ਖੜੇ ਮਿਲ ਜਾਣਗੇ। ਉਨ੍ਹਾਂ ਨੂੰ ਪੁਛੋ ਕਿ ਭਾਈ ਇਹ ਕੀ ਕਰ ਰਹੇ ਹੋ ਤਾਂ ਉਹ ਕਹਿਣਗੇ ਕਿ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ ਕਿ ਸਭ ਇਕੋ ਹੈ। ਓਇ ਭੋਲਿਆ ਜਿਸ ‘‘ੴ’’ ਨੂੰ ਤੂੰ ਕਈ ਰੂਪਾਂ ਵਿੱਚ ਲੱਭ ਰਿਹਾ ਹੈਂ, ਉਸ ਦੇ ਵਿੱਚ ਤਾਂ ਪਹਿਲਾਂ ਗਿਣਤੀ ਦਾ ‘੧’ ਲਗਾਇਆ ਹੈ, ਤੂੰ ਉਸ ਨੂੰ ਅਲੱਗ ਅਲੱਗ ਰੂਪਾਂ ਵਿੱਚ ਭਾਲ ਰਿਹਾ ਹੈਂ। ਉਸ ਦੇ ਉਪਰ ਕਾਰ ‘ਹ’ ਲੱਗੀ ਹੋਈ ਹੈ ਭਾਵ ਉਹ ਇਕ ਰਸ ਹੈ। ਜਿਸ ਮੂਰਤੀ ਅੱਗੇ ਤੂੰ ਹੱਥ ਜੋੜੀ ਖੜ੍ਹਾ ਹੈਂ ਕੀ ਉਹ ਸਾਰੇ ਸੰਸਾਰ ਵਿੱਚ ਇਕ ਰਸ ਵਿਆਪਕ ਹੈ ? ਉਹ ‘‘ੴ’’ ਤਾਂ ਸਤਿ ਹੈ ਭਾਵ ਸਦਾ ਸਦਾ ਵਾਸਤੇ ਹੈ, ਉਸ ਦਾ ਕਦੇ ਨਾਸ ਨਹੀਂ ਹੋਣਾ। ਜਿਨ੍ਹਾਂ ਫੋਟੋਆਂ ਜਾਂ ਮੂਰਤੀਆਂ ਨੂੰ ਤੂੰ ਪੂਜ ਰਿਹਾ ਹੈ, ਉਹ ਤਾਂ ਪਲਾਂ ਵਿੱਚ ਵਿਨਾਸ਼ ਹੋ ਜਾਣ ਵਾਲੀਆਂ ਹਨ। ਉਹ ‘‘ੴ’’ ਤਾਂ ਕਰਤਾ ਅਤੇ ਪੁਰਖ ਹੈ, ਭਾਵ ਜਿਥੇ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਉਥੇ ਆਪਣੀ ਕਿਰਤ, ਇਸ ਸ੍ਰਿਸ਼ਟੀ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ। ਤੂੰ ਕਣ ਕਣ ਵਿੱਚੋਂ ਉਸ ਦੇ ਦਰਸ਼ਨ ਕਰਨ ਦੀ ਬਜਾਏ ਮਿੱਟੀ ਦੇ ਇਕ ਢੇਰ ਨੂੰ ਪੂਜੀ ਜਾਂਦਾ ਅਤੇ ਚਾਦਰਾਂ ਚੜ੍ਹਾਈ ਜਾਂਦਾ ਹੈ। ਉਨ੍ਹਾਂ ਨੂੰ ਪੂਜੀ ਜਾਂਦਾ ਹੈ ਜਿਨ੍ਹਾਂ ਦੇ ਬਾਰੇ ਤੇਰੇ ਆਪੇ ਘੜੇ ਹੋਏ ਇਤਿਹਾਸ ਹੀ ਮੂੰਹੋਂ ਬੋਲਦੇ ਹਨ ਕਿ ਉਹ ਨਾ ਤਾਂ ‘ਨਿਰਭਉ ਅਤੇ ਨਿਰਵੈਰੁ’ ਸਨ ਅਤੇ ਨਾ ਹੀ ‘ਅਕਾਲ ਮੂਰਤਿ’ ਭਾਵ ਸਮੇਂ ਦੇ ਪ੍ਰਭਾਵ ਤੋਂ ਬਾਹਰ ਨਹੀਂ ਸਨ। ਤੂੰ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਮ ਤੱਕ ਜਾਣਦਾ ਹੈਂ ਜਾਂ ਆਪ ਹੀ ਆਖਦਾ ਹੈਂ ਕਿ ਉਹ ਬਾਰ ਬਾਰ ਅਵਤਾਰ ਧਾਰਦੇ ਹਨ, ਇਸ ਵਾਸਤੇ ਉਹ ‘ਅਜੂਨੀ ਅਤੇ ਸੈਭੰ’ ਵੀ ਨਹੀਂ ਹੋ ਸਕਦੇ। ਫਿਰ ਵੀ ਕਹਿ ਦੇਂਦੇ ਹਾਂ ਦੇਖੋ ਜੀ ਗੁਰਬਾਣੀ ਵੀ ਤਾਂ ਕਹਿੰਦੀ ਹੈ ਕਿ ਸਭ ਇਕੋ ਹੈ। ਸਾਡੀ ਇਸ ਅਣਭੋਲਤਾ ਨੂੰ ਵੇਖਦੇ ਹੋਏ ਹੀ ਸਤਿਗੁਰੂ ਨੇ ਫੁਰਮਾਇਆ ਹੈ:

‘‘ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥ ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥’’ (ਰਾਮਕਲੀ ਮਹਲਾ ੧, ਪੰਨਾ ੯੩੦)

(ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ (ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ) ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ । ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ ।

‘‘ੴ’’ ਦੇ ਇਸੇ ਅਮੋਲਕ ਸਿਧਾਂਤ ਨੂੰ ਨਾ ਸਮਝਣ ਕਰਕੇ ਹੀ ਕਈ ਭੁੱਲੜ ਵੀਰ ਗੁਰਬਾਣੀ ਵਿੱਚ ਵਰਤੇ ਅਕਾਲ-ਪੁਰਖ ਦੇ ਅਲੱਗ ਅਲੱਗ ਨਾਵਾਂ ਨੂੰ ਕੁਝ ਸੰਸਾਰੀ ਦੇਵੀ ਦੇਵਤਿਆਂ ਨਾਲ ਜੋੜਨ ਲੱਗ ਪੈਂਦੇ ਹਨ। ਬੇਸ਼ਕ ਉਹ ‘‘ੴ’’ ਸਤਿ ਨਾਮ ਹੈ ਭਾਵ ਹੋਂਦ ਵਾਲਾ ਹੈ। ਜਿਸ ਦੀ ਹੋਂਦ ਹੁੰਦੀ ਹੈ ਉਸ ਦਾ ਨਾਮ ਵੀ ਹੁੰਦਾ ਹੈ। ਉਸ ਦੇ ਹੋਂਦ ਬਾਰੇ ਕੋਈ ਸ਼ੰਕਾ ਨਹੀਂ ਪਰ ਉਸ ਦੀ ਹੋਂਦ ਕਿਸੇ ਇਕ ਨਾਮ ਨਾਲ ਨਹੀਂ ਜੁੜੀ ਹੋਈ। ਜਿਤਨੇ ਵੀ ਪ੍ਰਚੱਲਤ ਨਾਮ ਹਨ, ਇਹ ਸਭ ਨਾਮ ਅਸੀਂ ਸੰਸਾਰ ਦੇ ਲੋਕਾਂ ਨੇ, ਉਸ ਅਕਾਲ-ਪੁਰਖ ਦੇ ਅਲੌਕਿਕ ਗੁਣ ਵੇਖ ਕੇ, ਗੁਣਾਂ ਦੇ ਅਧਾਰ ’ਤੇ ਰੱਖ ਲਏ ਹਨ। ਗੁਰਬਾਣੀ ਦੇ ਪਾਵਨ ਫੁਰਮਾਨ ਹਨ:

‘‘ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥’’ (ਮਾਰੂ ਮਹਲਾ ੫, ਪੰਨਾ ੧੦੮੩)

ਹੇ ਪ੍ਰਭੂ ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ । ਪਰ ‘ਸਤਿਨਾਮੁ’ ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ ‘ਹੋਂਦ ਵਾਲਾ’ ਹੈਂ, ਤੇਰੀ ਇਹ ‘ਹੋਂਦ’ ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ) ।

‘‘ਨਾਨਕੁ ਵੇਚਾਰਾ ਕਿਆ ਕਹੈ ॥ ਸਭੁ ਲੋਕੁ ਸਲਾਹੇ ਏਕਸੈ ॥

ਸਿਰੁ ਨਾਨਕ ਲੋਕਾ ਪਾਵ ਹੈ ॥ ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥’’ (ਮਹਲਾ ੧ ਬਸੰਤ, ਪੰਨਾ ੧੧੬੮)

(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ ? ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ) । ਹੇ ਪ੍ਰਭੂ ! ਜੇਹੜੇ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ । ਹੇ ਪ੍ਰਭੂ ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ) ।

ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖ ਨੂੰ, ਉਸ ਦੇ ਗੁਣਾਂ ’ਤੇ ਅਧਾਰਤ, ਜੋ ਕਈ ਨਾਵਾਂ ਨਾਲ ਯਾਦ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕੁਝ ਕੁ ਪ੍ਰਮਾਣ ਹੇਠ ਦਿਤੇ ਹਨ:

‘‘ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥’’ (ਰਾਗੁ ਸਿਰੀਰਾਗੁ ਮਹਲਾ ਪਹਿਲਾ ੧, ਪੰਨਾ ੧੪) ਹਰਿ- ਹਰਿਆਵਲ ਕਰਨ ਵਾਲਾ , ਜਿਸ ਨੇ ਸਾਰੇ ਸੰਸਾਰ ਨੂੰ ਹਰਿਆ ਕੀਤਾ ਹੈ।

‘‘ਜੀਅ ਰੇ, ਰਾਮ ਜਪਤ ਮਨੁ ਮਾਨੁ ॥’’ (ਸਿਰਿ ਰਾਗੁ ਮਹਲਾ ੧, ਪੰਨਾ ੨੧) ਰਾਮ- ਰਮਿਆ ਹੋਇਆ, ਕਣ ਕਣ ਵਿੱਚ ਸਮਾਇਆ ਹੋਇਆ।

‘‘ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥’’ (ਸਿਰੀ ਰਾਗੁ ਮਹਲਾ ੧, ਪੰਨਾ ੧੫) ਕਰਤਾਰ- ਕਰਨ ਵਾਲਾ, ਰਚਨ ਵਾਲਾ।

‘‘ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥’’ (ਮਾਝ ਮਹਲਾ ੫, ਪੰਨਾ ੧੦੮) ਪਰਮੇਸੁਰ-ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ।

‘‘ਮੋਹਨ ਨਾਮੁ ਸਦਾ ਰਵਿ ਰਹਿਓ ॥ ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥’’ (ਗਉੜੀ ਮਹਲਾ ੫, ਪੰਨਾ ੨੪੧) ਮੋਹਨ-ਮਨ ਨੂੰ ਮੋਹ ਲੈਣ ਵਾਲਾ।

‘‘ਪੇਈਅੜੈ ਜਗ ਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥’’ (ਸਿਰੀ ਰਾਗੁ ਮਹਲਾ ੩, ਪੰਨਾ ੬੪) ਜਗ ਜੀਵਨ-ਜਗਤ ਦਾ ਜੀਵਨ-ਆਸਰਾ ।

‘‘ਮੇਰੇ ਮਾਧਉ ਜੀ, ਸਤਸੰਗਤਿ ਮਿਲੇ ਸੁ ਤਰਿਆ ॥’’ (ਰਾਗੁ ਗੂਜਰੀ ਮਹਲਾ ੫, ਪੰਨਾ ੧੦) ਮਾਧਉ ਜੀ-ਹੇ ਪ੍ਰਭੂ ਜੀ ! ਹੇ ਮਾਇਆ ਦੇ ਪਤੀ ਜੀ ! ਮਾਧਉ-ਮਾ-ਧਵ । ਮਾ-ਮਾਇਆ । ਧਵ-ਪਤੀ।

‘‘ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥ ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ’’ ॥ (ਸਿਰੀ ਰਾਗੁ ਤ੍ਰਿਲੋਚਨ ਕਾ, ਪੰਨਾ ੯੨) ਲਫ਼ਜ਼ ‘‘ਬੀਠਲ’’ ਸੰਸਕ੍ਰਿਤ ਦੇ ਲਫ਼ਜ਼ (‘ਵਿਸ਼ਠਲ’) ਦਾ ਪ੍ਰਾਕ੍ਰਿਤ ਰੂਪ ਹੈ । ‘‘ਵਿ+ਸਥਲ’’ । ਵਿ-ਪਰੇ, ਮਾਇਆ ਤੋਂ ਪਰੇ । ਸਥਲ-ਟਿਕਿਆ ਹੋਇਆ ਹੈ । ਵਿ+ਸਥਲ, ਵਿਸ਼ਠਲ, ਬੀਠਲਾ-ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਟਿਕਿਆ ਹੋਇਆ ਹੈ। ਇਹ ਲਫ਼ਜ਼ ਜਿਥੇ ਭਗਤ ਸਾਹਿਬਾਨ ਨੇ ਵਰਤਿਆ ਹੈ ਉਥੇ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ ਤੇ ਸਰਬ-ਵਿਆਪਕ ਪਰਮਾਤਮਾ ਵਾਸਤੇ ਹੀ ਵਰਤਿਆ ਹੈ । ਰਮਈਆ- ਰਮਿਆ ਹੋਇਆ, ਸਰਬਵਿਆਪੀ।

‘‘ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨਵ ਨਾਮੁ ਤੇ ਭੁਇ ਭਾਰੁ ਥੀਏ ॥’’ (ਆਸਾ ਸੇਖ ਫਰੀਦ ਜੀਉ ਕੀ ਬਾਣੀ, ਪੰਨਾ ੪੮੮) ਖੁਦਾ, ਖੁਦਾਇ (ਇਹ ਫ਼ਾਰਸੀ ਦਾ ਸ਼ਬਦ ਹੈ)- ਖੁਦ ਹੋਣ ਵਾਲਾ, ਸਵਯੰਭਵ, ਕਰਤਾਰ, ਰੱਬ।

ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ ਗੁਰਬਾਣੀ ਵਿੱਚ ਅਕਾਲ-ਪੁਰਖ ਨੂੰ ਅਲੱਗ ਅਲੱਗ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਨਾਂਅ ਕਿਸੇ ਵੀ ਸ਼ਖਸੀਅਤ ਦੀ ਪਹਿਚਾਣ ਹੁੰਦਾ ਹੈ। ਅਸੀਂ ਜਦੋਂ ਵੀ ਕਿਸੇ ਦਾ ਨਾਂਅ ਲੈਂਦੇ ਹਾਂ, ਉਸ ਦੀ ਸ਼ਖਸੀਅਤ ਸਾਡੇ ਸਾਹਮਣੇ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਆਏ ਇਹ ਸਾਰੇ ਨਾਂਅ ਉਸ ਅਕਾਲ-ਪੁਰਖ ਦੀ ਸ਼ਖਸੀਅਤ ਦੇ ਪ੍ਰਤੀਕ ਹਨ, ਇਨ੍ਹਾਂ ਵਿੱਚੋਂ ਕੋਈ ਵੀ ਨਾਂਅ ਲੈਣ ਨਾਲ ‘‘ੴ’’ ਦਾ ਗੁਣਾਂ ਰੂਪੀ ਸਰੂਪ ਸਾਡੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ। ਇਸੇ ਵਾਸਤੇ ਮੂਲਮੰਤ੍ਰ ਨੂੰ ਗੁਰਬਾਣੀ ਵਿੱਚ ਉਪਰੋਕਤ ਦਿੱਤੇ ਅਲੱਗ ਅਲੱਗ ਰੂਪਾਂ ਵਿੱਚ ਬਾਰ-ਬਾਰ ਵਰਤਿਆ ਗਿਆ ਹੈ ਕਿ ਇਹ ਗੱਲ ਸਪੱਸ਼ਟ ਰਹੇ ਕਿ ਭਾਵੇਂ ਅਕਾਲ-ਪੂਰਖ ਨੂੰ ਕਿਸੇ ਵੀ ਨਾਂਅ ਨਾਲ ਯਾਦ ਕੀਤਾ ਜਾ ਰਿਹਾ ਹੈ, ਇਹ ਮੂਲਮੰਤਰ ਦੇ ਗੁਣਾਂ ਤੇ ਖਰੇ ਉਤਰਨ ਵਾਲੇ ‘‘ੴ’’ ਵਾਸਤੇ ਹੀ ਹੈ। ਮੰਗਲਾ-ਚਰਨ (ਮੂਲ ਮੰਤ੍ਰ) ਦੇ ਇਹ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਜਿਨ੍ਹਾਂ ਦੀ ਗਿਣਤੀ ਇੰਝ ਹੈ:

ੴ ਸਤਿ ਗੁਰ ਪ੍ਰਸਾਦਿ ॥ ੫੨੪ ਵਾਰ

ੴ ਸਤਿ ਨਾਮੁ ਗੁਰ ਪ੍ਰਸਾਦਿ ॥ ੨ ਵਾਰ

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ੯ ਵਾਰ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ੩੩ ਵਾਰ

ਕੁਲ ਗਿਣਤੀ – ੫੬੮

ਗੁਰਮਤਿ ਦਾ ਇਤਨਾ ਸਪੱਸ਼ਟ ਸਿਧਾਂਤ ਹੋਣ ਦੇ ਬਾਵਜੂਦ ਵੀ ਕਈ ਵਾਰੀ ਨਾਵਾਂ ਦੇ ਭੇਦ ਨਾਲ ਭੁਲੇਖੇ ਖੜੇ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਮ ਤੌਰ ’ਤੇ ਅਸੀਂ ਐਸੇ ਲੋਕਾਂ ਵਾਸਤੇ ਅਗਿਆਨੀ ਸ਼ਬਦ ਵਰਤ ਕੇ ਤਸੱਲੀ ਕਰ ਲੈਂਦੇ ਹਾਂ। ਬੇਸ਼ਕ ਇਹ ਅਗਿਆਨਤਾ ਤਾਂ ਹੈ ਹੀ, ਪਰ ਇਹ ਕੇਵਲ ਅਗਿਆਨਤਾ ਹੀ ਨਹੀਂ। ਐਸਾ ਇਕ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ। ਇਹ ਭੁਲੇਖਾ ਖੜ੍ਹਾ ਕਰਨ ਵਾਲੇ ਦੋ ਕਿਸਮ ਦੇ ਸਾਜਸ਼ੀ ਲੋਕ ਹਨ। ਇਕ ਤਾਂ ਉਹ ਜੋ ਗੁਰਬਾਣੀ ਵਿੱਚ ਭਗਤ ਸਾਹਿਬਾਨ ਵਲੋਂ ਵਰਤੇ ਗਏ ਕੁਝ ਅਕਾਲ-ਪੁਰਖ ਵਾਚਕ ਨਾਵਾਂ ਨੂੰ ਕਿਸੇ ਅਖੌਤੀ ਦੇਵੀ ਦੇਵਤੇ ਨਾਲ ਜੋੜ ਕੇ ਸਿੱਖ ਕੌਮ ਨੂੰ ਸਿਧਾਂਤਕ ਢਾਅ ਲਾਉਣਾ ਚਾਹੁੰਦੇ ਹਨ। ਕੌਮ ਵਿੱਚ ਵੰਡੀਆਂ ਪਾ ਕੇ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਦੂਸਰੇ ਉਹ ਜੋ ਸਿੱਖ ਕੌਮ ਨੂੰ ਜ਼ਬਰਦਸਤੀ ਹਿੰਦੂ ਕੌਮ ਦਾ ਅੰਗ ਸਾਬਤ ਕਰਨਾ ਚਾਹੁੰਦੇ ਹਨ। ਇਨ੍ਹਾਂ ਵਲੋਂ ਸਭ ਤੋਂ ਵਧੇਰੇ ਭੁਲੇਖਾ ‘ਰਾਮ’ ਸ਼ਬਦ ਬਾਰੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਹਨ ਜੋ ਪੂਰੀ ਤਰ੍ਹਾਂ ਸਪੱਸ਼ਟ ਹਨ ਕਿ ਇਥੇ ਉਸ ‘ਰਾਮ’ ਦੀ ਗੱਲ ਕੀਤੀ ਜਾ ਰਹੀ ਹੈ ਜੋ ਘੱਟ ਘੱਟ ਵਿੱਚ ਰਮਿਆ ਹੋਇਆ ਹੈ, ਕਣ ਕਣ ਵਿੱਚ ਸਮਾਇਆ ਹੋਇਆ ਭਾਵ ‘‘ੴ’’ ਹੈ। ਜਿਵੇਂ:

‘‘ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥’’ (ਰਾਮਕਲੀ ਮਹਲਾ ੫, ਪੰਨਾ ੮੮੫)

ਇਸ ਪ੍ਰਮਾਣ ਵਿੱਚ ਸਤਿਗੁਰੂ ਨੇ ਉਸ ਕੀਰਤਨੀਏ ਨੂੰ ਭਲਾ ਆਖਿਆ ਹੈ ਜਿਸ ਦੇ ਅੰਦਰ ਇਹ ਦੋ ਮੌਲਿਕ ਗੁਣ ਹਨ। ਪਹਿਲਾ ਤਾਂ ਇਹ ਕੇ ਉਹ ਰਮੇ ਹੋਏ ਰਾਮ ਭਾਵ ਸਰਬ-ਵਿਆਪਕ ਪਰਮਾਤਮਾ ਦੇ ਵਿੱਚ ਰਮ ਕੇ ਭਾਵ ਲੀਨ ਹੋ ਕੇ ਉਸ ਦੇ ਗੁਣ ਗਾਂਦਾ ਹੈ। ਦੂਸਰਾ ਉਹ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਇਹ ਕਾਰਜ ਕਰਦਾ ਹੈ। ਭਾਵ ਇਸ ਨੂੰ ਧੰਦੇ ਦੇ ਤੌਰ ’ਤੇ ਨਹੀਂ ਕਰਦਾ। ਇਸੇ ਤਰ੍ਹਾਂ ਹੇਠਲਾ ਪ੍ਰਮਾਣ ਵੀ ਇਸੇ ਗੱਲ ਦੀ ਪੂਰੀ ਪ੍ਰੋੜ੍ਹਤਾ ਕਰਦਾ ਹੈ ਕਿ ਗੁਰਬਾਣੀ ਵਿੱਚ ਕਣ ਕਣ ਵਿੱਚ ਰਮੇ ਰਾਮ ਦੀ ਹੀ ਉਸਤਤਿ ਕੀਤੀ ਜਾ ਰਹੀ ਹੈ:

‘‘ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥ ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥ (ਰਾਮਕਲੀ ਮਹਲਾ ੫, ਪੰਨਾ ੯੨੫)

ਇਸ ਪ੍ਰਮਾਣ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਹੇ (ਮੇਰੇ) ਮਨ ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ । ਹੇ ਭਾਈ ! ਉਸ ਸੋਹਣੇ ਰਾਮ ਨੂੰ ਜੋ ਹਰ ਸ਼ੈਅ ਵਿੱਚ ਰਮਿਆ ਹੋਇਆ ਹੈ, ਉਸ ਵਿੱਚ ਰਮ ਕੇ ਭਾਵ ਲੀਨ ਹੋ ਕੇ, ਸਦਾ ਹੀ ਗਲ ਵਿਚ, ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ ।

ਇਨ੍ਹਾਂ ਪਰਮਾਣਾਂ ਦੇ ਅਧਾਰ ’ਤੇ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ‘ਰਾਮ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖ ਵਾਸਤੇ ਵਰਤੇ ਗਏ ਕਈ ਨਾਵਾਂ ਵਿੱਚੋਂ ਇਕ ਨਾਂਅ ਹੈ। ਇਹ ਸ਼ਬਦ ਗੁਰਬਾਣੀ ਵਿੱਚ ਬਾਕੀ ਨਾਵਾਂ ਨਾਲੋਂ ਵਧੇਰੇ ਵਾਰੀ ਆਇਆ ਹੈ। ਕਿਉਂਕਿ ਸਿੱਖ ਧਰਮ ਦੀ ਉਤਪਤੀ ਭਾਰਤੀ ਦੇਸ਼ ਦੇ ਪੰਜਾਬ ਖਿਤੇ ਵਿੱਚ ਹੋਈ, ਜਿਥੇ ਅਕਾਲ-ਪੁਰਖ ਵਾਸਤੇ ‘ਰਾਮ’ ਸ਼ਬਦ ਪਹਿਲਾਂ ਤੋਂ ਵਧੇਰੇ ਪ੍ਰਚਲਤ ਸੀ, ਇਸ ਵਾਸਤੇ ਇਸ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ‘ਹਰਿ’ ਵਾਂਗ ਵਧੇਰੇ ਵਾਰ ਕੀਤੀ ਗਈ ਹੈ। ਅੱਜ, ਅਕਾਲ-ਪੁਰਖ ਵਾਸਤੇ ਵਰਤੇ ਗਏ ਇਸ ਸ਼ਬਦ ‘ਰਾਮ’ ਨੂੰ ਮਿਥਿਹਾਸ ਅਨੁਸਾਰ ਭਾਰਤ ਦੇ ਅਯੋਧਿਆ ਨਗਰ ਵਿੱਚ ਪੈਦਾ ਹੋਏ ਇਕ ਪੁਰਾਤਨ ਰਾਜੇ ਦਸ਼ਰਥ ਦੇ ਪੁੱਤਰ ਰਾਮ ਚੰਦ੍ਰ ਜੀ, ਜਿਨ੍ਹਾਂ ਨੂੰ ਹਿੰਦੂ ਕੌਮ ਵਿੱਚ ਇਕ ਅਵਤਾਰ ਦੀ ਮਾਨਤਾ ਪ੍ਰਾਪਤ ਹੈ, ਨਾਲ ਰੱਲ ਗੱਡ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜੇ ‘‘ੴ’’ ਦੇ ਸੰਕਲਪ ਨੂੰ ਸਮਝ ਲਈਏ ਅਤੇ ਗੁਰਬਾਣੀ ਨੂੰ ਥੋੜ੍ਹਾ ਧਿਆਨ ਦੇ ਕੇ, ਸਮਝ ਕੇ ਪੜ੍ਹੀਏ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਗੁਰਬਾਣੀ ਵਿੱਚ ਜਿਸ ਰਾਮ ਨੂੰ ਧਿਆਉਣ ਦੀ, ਚੇਤਨਾ ਵਿੱਚ ਵਸਾਉਣ ਦੀ, ਸਿਮਰਨ ਦੀ ਜਾਂ ਪੂਜਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ, ਉਹ ਕੋਈ ਦੇਹਧਾਰੀ ਵਿਅਕਤੀ ਨਹੀਂ ਬਲਕਿ ਮੂਲਮੰਤ੍ਰ ਦੇ ਅਮੋਲਕ ਗੁਣਾਂ ਵਾਲਾ ‘‘ੴ’’ ਹੈ। ਗੁਰਬਾਣੀ ਦੀਆਂ ਹੇਠਲੀਆਂ ਕੁਝ ਪੰਕਤੀਆਂ ਧਿਆਨ ਨਾਲ ਪੜ੍ਹਿਆਂ ਸਾਰੀ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ:

‘‘ਰਾਮ ਨਾਮੁ ਧਿਆਏ, ਪਵਿਤੁ ਹੋਇ ਆਏ, ਤਿਸੁ ਰੂਪੁ ਨ ਰੇਖਿਆ ਕਾਈ ॥ ਰਾਮੋ ਰਾਮੁ ਰਵਿਆ ਘਟ ਅੰਤਰਿ, ਸਭ ਤ੍ਰਿਸਨਾ ਭੂਖ ਗਵਾਈ ॥’’ (ਆਸਾ ਮਹਲਾ ੪, ਪੰਨਾ ੪੪੩)

(ਹੇ ਭਾਈ !) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ’ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ। ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ।

ਇਥੇ ਜਿਸ ਰਾਮ ਨੂੰ ਧਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦਾ ਨਾ ਕੋਈ ਰੂਪ ਹੈ, ਨਾ ਰੇਖਾ ਹਨ ਅਤੇ ਉਹ ਘਟ ਘਟ ਵਿੱਚ ਸਮਾਇਆ ਹੋਇਆ ਹੈ। ਜਦਕਿ ਇਸ ਦੇ ਉਲਟ ਦਸ਼ਰਥ ਪੁੱਤਰ ਰਾਮਚੰਦ੍ਰ ਜੀ ਦਾ ਰੂਪ ਵੀ ਸੀ ਅਤੇ ਰੇਖਾਵਾਂ ਵੀ ਸਨ ਤਾਹੀਂ ਤਾਂ ਉਨ੍ਹਾਂ ਦੀਆਂ ਮੂਰਤੀਆਂ ਅਤੇ ਫੋਟੋਆਂ ਵੀ ਬਣੀਆਂ ਹੋਈਆਂ ਹਨ। ਨਾ ਹੀ ਉਹ ਰਾਮਚੰਦ੍ਰ ਜੀ ਘਟ ਘਟ ਵਿੱਚ ਸਮਾਏ ਹੋਏ ਹਨ, ਉਹ ਤਾਂ ਇਕ ਸਰੀਰ ਵਿੱਚ ਆਏ ਅਤੇ ਆਪਣੀ ਉਮਰ ਪੁਗਾ ਕੇ ਸੰਸਾਰ ਤੋਂ ਚਲੇ ਗਏ।

ਬੇਸ਼ਕ ਗੁਰਬਾਣੀ ਵਿੱਚ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਬਾਰੇ ਵੀ ਕਈ ਵਾਰੀ ਵਰਣਨ ਆਇਆ ਹੈ ਪਰ ਜਿਥੇ ਵੀ ਇਹ ਵਰਣਨ ਆਉਂਦਾ ਹੈ, ਉਸ ਨੂੰ ਪੜ੍ਹਦਿਆਂ ਆਪ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਥੇ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਬਾਰੇ ਗੱਲ ਕੀਤੀ ਜਾ ਰਹੀ ਹੈ। ਗੁਰਬਾਣੀ ਦੀ ਹੇਠ ਦਿੱਤੀਆਂ ਪੰਗਤੀਆਂ ਆਪਣੇ ਆਪ ਵਿੱਚ ਸਪੱਸ਼ਟ ਪ੍ਰਮਾਣ ਹਨ:

‘‘ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥’’ (ਬਿਲਾਵਲੁ ਗੋਂਡ ਨਾਮਦੇਵ ਜੀ, ਪੰਨਾ ੮੭੫)

ਹੇ ਪਾਂਡੇ ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ।

‘‘ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥

ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥’’ (ਸਲੋਕੁ ਮਚ ੧, ਪੰਨਾ ੯੫੪)

ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ ਸੀਤਾ ਲਛਮਣ ਵਿਛੁੜੇ, ਤਾਂ ਰਾਮ ਜੀ ਭੀ ਰੋਏ । ਰਾਵਣ, ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ, ਲੰਕਾ ਗੁਆ ਕੇ ਰੋਇਆ ।

ਉਪਰੋਕਤ ਪੰਕਤੀਆਂ ਵਿੱਚ ਜਿਥੇ ਇਹ ਸਪੱਸ਼ਟ ਹੈ ਕਿ ਇਥੇ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਬਾਰੇ ਗੱਲ ਕੀਤੀ ਜਾ ਰਹੀ ਹੈ ਉਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਉਨ੍ਹਾਂ ਨੂੰ ਇਕ ਆਮ ਸੰਸਾਰੀ ਮਨੁੱਖ ਦੀ ਤਰ੍ਹਾਂ ਹੀ ਦਰਸਾਇਆ ਗਿਆ ਹੈ। ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਹੇਠਲੀਆਂ ਪੰਕਤੀਆਂ ਵਿੱਚ ਰਾਜਾ ਦਸ਼ਰਥ ਜੀ ਦੇ ਸਪੁੱਤਰ ਰਾਮਚੰਦ੍ਰ ਜੀ ਦਾ ਵਰਣਨ ਵੀ ਆਇਆ ਹੈ, ਅਤੇ ਉਸ ਸਰਬ ਵਿਆਪੀ, ਸਰਬ ਸ਼ਕਤੀਮਾਨ ਅਕਾਲ-ਪੁਰਖ ਵਾਚਕ ਰਾਮ ਦਾ ਵੀ। ਜੇ ਥੋੜ੍ਹਾ ਧਿਆਨ ਦੇ ਕੇ ਪੜ੍ਹੀਏ ਤਾ ਇਹ ਭੇਦ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ:

‘‘ਮਨ ਮਹਿ ਝੂਰੈ ਰਾਮਚੰਦੁ, ਸੀਤਾ ਲਛਮਣੁ ਜੋਗੁ ॥ ਹਣਵੰਤਰੁ ਆਰਾਧਿਆ, ਆਇਆ ਕਰਿ ਸੰਜੋਗੁ ॥ ਭੂਲਾ ਦੈਤੁ ਨ ਸਮਝਈ, ਤਿਨਿ ਪ੍ਰਭ ਕੀਏ ਕਾਮ ॥ ਨਾਨਕ ਵੇਪਰਵਾਹੁ ਸੋ, ਕਿਰਤੁ ਨ ਮਿਟਈ ਰਾਮ ॥੨੬॥ (ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧, ਪੰਨਾ ੧੪੧੨)

ਹੇ ਭਾਈ ! ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) । (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ । (ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ) । (ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ । ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ ।

ਸਤਿਗੁਰੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ। ਉਹ ਤਾਂ ਉਸ ਅਕਾਲ-ਪੁਰਖ (ਰਾਮ) ਦੇ ਸਾਜੇ ਹੋਏ ਖੇਲ ਦੇ ਇਕ ਪਾਤਰ ਮਾਤਰ ਹਨ। ਸਤਿਗੁਰੁ ਜਿਸ ਰਾਮ ਨਾਲ ਜੁੜਨ ਦਾ ਉਪਦੇਸ਼ ਦੇਂਦੇ ਹਨ ਉਹ ਭਾਵੇਂ ਹਰ ਘਟ ਭਾਵ ਸ਼ਰੀਰ ਵਿੱਚ ਵਸਦਾ ਹੈ ਪਰ ਕਿਸੇ ਇਕ ਸਰੀਰ ਦੇ ਬੰਧਨ ਵਿੱਚ ਨਹੀਂ। ਸਤਿਗੁਰੁ ਤਾਂ ਇਨ੍ਹਾਂ ਸਰੀਰ ਦੇ ਬੰਧਨਾਂ ਤੋਂ ਉਪਰ ਉਠਣ ਦਾ ਉਪਦੇਸ਼ ਦੇਂਦੇ ਹਨ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:

‘‘ਸਾਧੋ ਇਹੁ ਤਨੁ ਮਿਥਿਆ ਜਾਨਉ ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥ (ਰਾਗੁ ਬਸੰਤੁ ਹਿੰਡੋਲ ਮਹਲਾ ੯, ਪੰਨਾ ੧੧੮੬)

ਹੇ ਸੰਤ ਜਨੋ ! ਇਸ ਸਰੀਰ ਨੂੰ ਨਾਸਵੰਤ ਸਮਝੋ । ਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ।

ਇਹੀ ਗੱਲ ਭਗਤ ਕਬੀਰ ਜੀ ਵੀ ਸਮਝਾਉਂਦੇ ਹਨ ਕਿ ਉਹ ਅਕਾਲ-ਪੁਰਖ ਕਿਸੇ ਇਕ ਸਰੀਰ ਦੇ ਬੰਧਨ ਵਿੱਚ ਨਹੀਂ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:

‘‘ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥’’ (ਤਿਲੰਗ ਬਾਣੀ ਭਗਤਾ ਕੀ ਕਬੀਰ ਜੀ, ਪੰਨਾ ੭੨੭)

ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ । (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ’ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ।

ਗੱਲ ਬੜੀ ਸਿੱਧੀ ਹੈ ਕਿ ਜੇ ਕ੍ਰਿਸ਼ਨ ਜੀ ਦੀ ਮੂਰਤੀ ‘‘ੴ’’ ਦੀ ਮੂਰਤੀ ਨਹੀਂ ਤਾਂ ਉਹ ਕਿਸੇ ਰਾਮਚੰਦ੍ਰ ਜੀ ਦੀ ਮੂਰਤੀ ਦੇ ਬੰਧਨ ਵਿੱਚ ਵੀ ਨਹੀਂ ਹੋ ਸਕਦਾ।

ਭਗਤ ਕਬੀਰ ਜੀ ਦਾ ਹੇਠਲਾ ਸ਼ਬਦ ਤਾਂ ਸਾਰੇ ਹੀ ਭਰਮ ਤੋੜ ਦੇਣ ਵਾਲਾ ਹੈ। ਜਿਸ ਵਿੱਚ ਉਨ੍ਹਾਂ ਨੇ ਹਿੰਦੂ ਧਰਮ ਵਿੱਚ ਪ੍ਰਚਲਤ ਅਲੱਗ ਅਲੱਗ ਦੇਵੀ ਦੇਵਤਿਆਂ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਅਤੇ ਉਨ੍ਹਾਂ ਨੂੰ ਕਰੋੜਾਂ ਦੀ ਗਿਣਤੀ ਵਿੱਚ ਦਸ ਕੇ ਆਮ ਮਨੁੱਖਾਂ ਦੀ ਸ਼੍ਰੇਣੀ ਵਿੱਚ ਲਿਆ ਖੜ੍ਹਾ ਕੀਤਾ ਹੈ। ਇਸ ਸ਼ਬਦ ਵਿੱਚ ਭਗਤ ਕਬੀਰ ਜੀ ਨੇ ‘ਰਹਾਉ’ ਦੀ ਪੰਕਤੀ ਵਿੱਚ ਜਿਥੇ ਇਹ ਜਾਚਨਾ ਕੀਤੀ ਹੈ ਕਿ ਮੈਂ ਜਦੋਂ ਮੰਗਦਾ ਹਾਂ ਤਾਂ ਕੇਵਲ ‘ਰਾਮ’ (ਅਕਾਲ-ਪੁਰਖ) ਦੇ ਦਰ ਤੋਂ ਮੰਗਦਾ ਹਾਂ, ਉਥੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮੈਨੂੰ ਹੋਰ ਕਿਸੇ ਦੇਵਤੇ ਨਾਲ ਕੋਈ ਗਰਜ ਨਹੀਂ। ਇਸ ਸ਼ਬਦ ਦੀ ਇਕ ਹੋਰ ਵਿਸ਼ੇਸ਼ਤਾ ਹੈ ਕਿ ਇਸ ਦੇ ਸੱਤਵੇਂ ਬੰਦ ਵਿੱਚ ਭਗਤ ਜੀ ਨੇ ਦਸ਼ਰਥ ਪੁੱਤਰ ਰਾਮਚੰਦ੍ਰ ਜੀ ਦਾ ਵੀ ਜ਼ਿਕਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਵੀ ਬਾਕੀਆਂ ਵਾਂਗ ਆਮ ਮਨੁੱਖ ਦੇ ਤੌਰ ’ਤੇ ਹੀ ਦਰਸਾਇਆ ਹੈ। ਇਸ ਤਰ੍ਹਾਂ ‘‘ੴ’’ ਰਾਮ ਅਤੇ ਦਸ਼ਰਥ ਪੁੱਤਰ ਰਾਮਚੰਦ੍ਰ ਜੀ ਦਾ ਭੇਦ ਆਪੇ ਸਪੱਸ਼ਟ ਹੋ ਜਾਂਦਾ ਹੈ। ਆਓ, ਜ਼ਰਾ ਪਾਵਨ ਸ਼ਬਦ ਅਤੇ ਉਸ ਦੀ ਵਿਚਾਰ ਵਲ ਧਿਆਨ ਨਾਲ ਝਾਤੀ ਮਾਰ ਲਈਏ:

‘‘ਕੋਟਿ ਸੂਰ, ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥ ਦੁਰਗਾ ਕੋਟਿ, ਜਾ ਕੈ ਮਰਦਨੁ ਕਰੈ ॥ ਬ੍ਰਹਮਾ ਕੋਟਿ, ਬੇਦ ਉਚਰੈ ॥੧॥ ਜਉ ਜਾਚਉ ਤਉ ਕੇਵਲ ਰਾਮ ॥ ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥ ਕੋਟਿ ਚੰਦ੍ਰਮੇ ਕਰਹਿ ਚਰਾਕ ॥ ਸੁਰ ਤੇਤੀਸ ਉਜੇਵਹਿ ਪਾਕ ॥ ਨਵ ਗ੍ਰਹ ਕੋਟਿ ਠਾਢੇ ਦਰਬਾਰ ॥ ਧਰਮ ਕੋਟਿ, ਜਾ ਕੈ ਪ੍ਰਤਿਹਾਰ ॥੨॥ ਪਵਨ ਕੋਟਿ, ਚਉਬਾਰੇ ਫਿਰਹਿ ॥ ਬਾਸਕ ਕੋਟਿ ਸੇਜ ਬਿਸਥਰਹਿ ॥ ਸਮੁੰਦ ਕੋਟਿ ਜਾ ਕੇ ਪਾਨੀਹਾਰ ॥ ਰੋਮਾਵਲਿ ਕੋਟਿ ਅਠਾਰਹ ਭਾਰ ॥੩॥ ਕੋਟਿ ਕਮੇਰ ਭਰਹਿ ਭੰਡਾਰ ॥ ਕੋਟਿਕ ਲਖਮੀ ਕਰੈ ਸੀਗਾਰ ॥ ਕੋਟਿਕ ਪਾਪ ਪੁੰਨ ਬਹੁ ਹਿਰਹਿ ॥ ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥ ਛਪਨ ਕੋਟਿ ਜਾ ਕੈ ਪ੍ਰਤਿਹਾਰ ॥ ਨਗਰੀ ਨਗਰੀ ਖਿਅਤ ਅਪਾਰ ॥ ਲਟ ਛੂਟੀ ਵਰਤੈ ਬਿਕਰਾਲ ॥ ਕੋਟਿ ਕਲਾ ਖੇਲੈ ਗੋਪਾਲ ॥੫॥ ਕੋਟਿ ਜਗ ਜਾ ਕੈ ਦਰਬਾਰ ॥ ਗੰਧ੍ਰਬ ਕੋਟਿ ਕਰਹਿ ਜੈਕਾਰ ॥ ਬਿਦਿਆ ਕੋਟਿ ਸਭੈ ਗੁਨ ਕਹੈ ॥ ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥ ਬਾਵਨ ਕੋਟਿ ਜਾ ਕੈ ਰੋਮਾਵਲੀ ॥ ਰਾਵਨ ਸੈਨਾ ਜਹ ਤੇ ਛਲੀ ॥ ਸਹਸ ਕੋਟਿ ਬਹੁ ਕਹਤ ਪੁਰਾਨ ॥ ਦੁਰਜੋਧਨ ਕਾ ਮਥਿਆ ਮਾਨੁ ॥੭॥ ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥ ਅੰਤਰ ਅੰਤਰਿ ਮਨਸਾ ਹਰਹਿ ॥ ਕਹਿ ਕਬੀਰ ਸੁਨਿ ਸਾਰਿਗਪਾਨ ॥ ਦੇਹਿ ਅਭੈ ਪਦੁ, ਮਾਂਗਉ ਦਾਨ ॥੮॥੨॥੧੮॥੨੦॥’’ (ਭੈਰਉ ਕਬੀਰ ਜੀਉ ਅਸਟਪਦੀ – ਪੰਨਾ ੧੧੬੨-੧੧੬੩)

ਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ, ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ ।੧।ਰਹਾਉ।

(ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ’ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ, ਜਿਸ ਦੇ ਦਰ ’ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ; ਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ’ਤੇ ਵੇਦ ਉਚਾਰ ਰਹੇ ਹਨ ।੧।

(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ’ਤੇ ਕ੍ਰੋੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ, ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ, ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ।੨।

(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ, ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ, ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ।੩।

(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ, ਜਿਸ ਦੇ ਦਰ ’ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ, ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ) ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ’ਤੇ ਸੇਵਾ ਕਰ ਰਹੇ ਹਨ ।੪।

(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ’ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ ਤੇ ਜੋ ਥਾਂ ਥਾਂ ’ਤੇ ਚਮਕ ਰਹੇ ਹਨ; ਜਿਸ ਗੋਪਾਲ ਦੇ ਦਰ ’ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ਤੇ ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ’ਤੇ ਮੌਜੂਦ ਹਨ ।੫।

(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ, ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ, ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ।੬।

(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ, ਜਿਸ ਦੇ ਦਰ ’ਤੇ ਕ੍ਰੋੜਾਂ ਹੀ ਉਹ (ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ; ਜਿਸ ਦੇ ਦਰ ’ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ।੭।

ਕਬੀਰ ਆਖਦਾ ਹੈ-(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ; (ਤੇ, ਮੈਂ ਮੰਗਦਾ ਕੀਹ ਹਾਂ  ? ਉਹ ਭੀ) ਸੁਣ, ਹੇ ਧਨਖਧਾਰੀ ਪ੍ਰਭੂ ! ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹਾਂ ।੮।

ਇਸ ਸ਼ਬਦ ਵਿੱਚ ਇਕ ਹੋਰ ਵਿਲੱਖਣਤਾ ਹੈ ਕਿ ‘ਰਹਾਉ’ ਦੀ ਪੰਕਤੀ ਵਿੱਚ ‘‘ੴ’’ ਵਾਸਤੇ ਜਿਥੇ ਰਾਮ ਸ਼ਬਦ ਦੀ ਵਰਤੋਂ ਕੀਤੀ ਹੈ, ਆਖਰੀ ਪੰਕਤੀ ਵਿੱਚ ‘ਸਾਰਿਗਪਾਨ’ ਸ਼ਬਦ ਵਰਤਿਆ ਹੈ। ਇਸ ਤੋਂ ਇਹ ਸਿਧਾਂਤ ਵੀ ਮੁੜ ਦ੍ਰਿੜ੍ਹ ਹੁੰਦਾ ਹੈ ਕਿ ਉਹ ‘‘ੴ’’ ਕਿਸੇ ਇਕ ਨਾਮ ਦੇ ਬੰਧਨ ਵਿੱਚ ਨਹੀਂ ਬੱਝਾ ਹੋਇਆ। ਗੁਰਬਾਣੀ ਵਿੱਚ ਇਤਨੇ ਸਪੱਸ਼ਟ ਸਿਧਾਂਤ ਹੋਣ ਦੇ ਬਾਵਜੂਦ ਅਲੱਗ ਅਲੱਗ ਨਾਵਾਂ ਦੇ ਵਰਤਣ ਕਾਰਨ ਭਗਤ ਸਾਹਿਬਾਨ ਦੇ ਬਾਰੇ ਇਹ ਭੁਲੇਖੇ ਖੜ੍ਹੇ ਕੀਤੇ ਜਾਂਦੇ ਹਨ ਕਿ ਉਹ ਦੇਵੀ ਦੇਵਤਿਆਂ ਦੇ ਪੂਜਾਰੀ ਸਨ। ਮਕਸਦ ਇਕੋ ਹੈ ਕਿਸੇ ਤਰ੍ਹਾਂ ਸਿੱਖ ਕੌਮ ਨੂੰ ਹਿੰਦੂ ਧਰਮ ਨਾਲ ਜੋੜਿਆ ਜਾ ਸਕੇ ਜਾਂ ਆਪਸੀ ਵਖਰੇਵੇਂ ਪਾਏ ਜਾ ਸਕਣ। ਵਿਸ਼ੇਸ਼ ਤੌਰ ’ਤੇ ਭਗਤ ਨਾਮਦੇਵ ਜੀ ਦੇ ਇਕ ਸ਼ਬਦ ਦੀਆਂ ਹੇਠਲੀਆਂ ਪੰਕਤੀਆਂ ਦਾ ਹਵਾਲਾ ਦੇ ਕੇ ਇਹ ਆਖਿਆ ਜਾਂਦਾ ਹੈ ਕਿ ਉਹ ਹਿੰਦੂਆਂ ਦੇ ਅਵਤਾਰ ਰਾਮਚੰਦ੍ਰ ਜੀ ਦੇ ਪੁਜਾਰੀ ਸਨ:

‘‘ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿ੍ ਲੀਜੈ ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥’’ (ਪੰਨਾ ੯੭੩)

ਕਿਉਂਕਿ ਇਸ ਪੰਕਤੀ ਵਿੱਚ ‘ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ’ ਸ਼ਬਦ ਆ ਗਏ ਤਾਂ ਸਿਧਾਂਤ ਤੋਂ ਅਨਜਾਣ ਵਿਅਕਤੀ ਸਹਿਜੇ ਹੀ ਭੁਲੇਖਾ ਖਾ ਸਕਦਾ ਹੈ। ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਆਓ, ਜ਼ਰਾ ਭਗਤ ਨਾਮਦੇਵ ਜੀ ਦੇ ਉਪਰ ਵਰਤੇ ਇਕ ਪ੍ਰਮਾਣ ਵੱਲ ਦੁਬਾਰਾ ਝਾਤ ਮਾਰੀਏ:

‘‘ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥’’ (ਬਿਲਾਵਲੁ ਗੋਂਡ ਨਾਮਦੇਵ ਜੀ, ਪੰਨਾ ੮੭੫)

ਹੇ ਪਾਂਡੇ ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ।

ਹੁਣ ਆਪ ਸੋਚੀਏ ਕਿ ਜਿਸ ਰਾਮਚੰਦ੍ਰ ਜੀ ਬਾਰੇ ਭਗਤ ਨਾਮਦੇਵ ਜੀ ਪਾਂਡੇ ਨੂੰ ਤਾਹਨਾ ਮਾਰ ਰਹੇ ਹਨ ਕਿ ਨਾਲੇ ਤੂੰ ਉਨ੍ਹਾਂ ਦੀ ਪੂਜਾ ਕਰਦਾ ਹੈਂ, ਨਾਲੇ ਤੂੰ ਆਪ ਹੀ ਕਹਿੰਦਾ ਹੈ ਕਿ ਰਾਵਨ ਨਾਲ ਲੜਾਈ ਹੋਣ ’ਤੇ ਰਾਮਚੰਦ੍ਰ ਜੀ ਆਪਣੀ ਵਹੁਟੀ (ਸੀਤਾ ਜੀ) ਨੂੰ ਗੁਵਾ ਬੈਠੇ ਸਨ, ਕੀ ਉਹ ਭਗਤ ਨਾਮਦੇਵ ਜੀ ਆਪ ਐਸੇ ਰਾਮਚੰਦ੍ਰ ਜੀ ਦੇ ਪੁਜਾਰੀ ਹੋ ਸਕਦੇ ਹਨ। ਸਿੱਖ ਕੌਮ ਦੇ ਉਘੇ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰੂ ਗ੍ਰੰਥ ਦਰਪਨ’ ਵਿੱਚ ਭਗਤ ਨਾਮਦੇਵ ਜੀ ਦੀਆਂ ਉਪਰਲੀਆਂ ਪੰਕਤੀਆਂ (‘‘ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿ੍ ਲੀਜੈ ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥’’ ) ਦੇ ਅਰਥ ਪੂਰਾ ਨਿਖੇੜਾ ਕਰ ਕੇ ਇੰਝ ਕੀਤੇ ਹਨ:

(ਹੇ ਜਿੰਦੇ ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲ੍ਹਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ !) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ; ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ।

ਸੋ, ਅਸਲ ਵਿੱਚ ਇਸ ਸ਼ਬਦ ਵਿੱਚ ਨਾਮਦੇਵ ਜੀ ਇਹ ਕਹਿ ਰਹੇ ਹਨ ਕਿ ਮੇਰੇ ਵਾਸਤੇ ਤਾਂ ਪ੍ਰਮੇਸ਼ਰ ਦਾ ਨਾਮ ਹੀ ਰਾਜਾ ਦਸ਼ਰਥ ਦਾ ਪੁੱਤਰ ਰਾਮਚੰਦ੍ਰ ਹੈ। ਮੈਂ ਉਸ ਨਾਮ ਰਸ ਵਿੱਚ ਹੀ ਲੀਨ ਰਹਿੰਦਾ ਹਾਂ। ਮੈਨੂੰ ਹੋਰ ਕਿਸੇ ਰਾਮਚੰਦ੍ਰ ਨੂੰ ਪੂਜਣ ਦੀ ਕੋਈ ਲੋੜ ਨਹੀਂ।

ਗੁਰਬਾਣੀ ਆਪਣੇ ਆਪ ਵਿੱਚ ਇਤਨੀ ਸਪੱਸ਼ਟ ਹੈ ਕਿ ਇਸ ਵਿੱਚ ਭੇਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਪਰ ਫਿਰ ਵੀ ਬਾਰ ਬਾਰ ਇਹ ਰੱਟਾ ਲਾਇਆ ਜਾਂਦਾ ਹੈ ਕਿ ਗੁਰਬਾਣੀ ਵਿੱਚ ਰਾਮ ਦੀ ਮਹਿਮਾ ਗਾਈ ਹੈ ਅਤੇ ਇਸ ਰਾਮ ਸ਼ਬਦ ਨੂੰ ਰਾਜਾ ਦਸ਼ਰਥ ਜੀ ਦੇ ਪੁੱਤਰ ਰਾਮ ਨਾਲ ਜੋੜਿਆ ਜਾਂਦਾ ਹੈ। ਮਕਸਦ ਇਕੋ ਹੈ, ਸਿੱਖ ਕੌਮ ਦੀ ਵਿਲੱਖਣਤਾ ਅਤੇ ਆਜ਼ਾਦ ਹਸਤੀ ਨੂੰ ਖਤਮ ਕਰਕੇ ਹਿੰਦੂ ਕੌਮ ਦਾ ਇਕ ਅੰਗ ਦਰਸਾਉਣਾ ਅਤੇ ਇਸ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਲੈਣਾ। ਐਸੀ ਸਾਜਿਸ਼ ਰਚਨ ਵਿੱਚ ਸਭ ਤੋਂ ਸਿਰਮੌਰ, ਕੱਟੜਵਾਦੀ ਬ੍ਰਾਹਮਣੀ ਵਿਚਾਰਧਾਰਾ ਵਾਲੀ ਆਰ. ਐਸ. ਐਸ. ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਹਨ। ਇਹ ਉਹ ਜਨੂੰਨੀ ਲੋਕ ਹਨ ਜਿਹੜੇ ਭਾਰਤ ਵਿੱਚ ਕਿਸੇ ਹੋਰ ਵਿਚਾਧਾਰਾ ਨੂੰ ਪ੍ਰਫੁਲਤ ਹੁੰਦਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਕਦੇ ਨਾ ਪੂਰੇ ਹੋਣ ਵਾਲੇ ਸੁਫਨੇ ਵੇਖ ਰਹੇ ਹਨ। ਭਾਵੇਂ ਉਸ ਦੇ ਵਾਸਤੇ ਇਨ੍ਹਾਂ ਨੂੰ ਮਨੁੱਖਤਾ ਦਾ ਕਿਤਨਾ ਵੀ ਘਾਣ ਕਰਨਾ ਪਵੇ। ਮੁਤੱਸਬੀ ਮੁਫਾਦ ਅਗੇ, ਮਨੁੱਖਤਾ ਦੀ ਪੀੜਾ ਇਨ੍ਹਾਂ ਵਾਸਤੇ ਕੋਈ ਮਹੱਤਵ ਨਹੀਂ ਰੱਖਦੀ। ਸਿੱਖ ਕੌਮ ਦੀ ਵਿਲੱਖਣਤਾ ਇਨ੍ਹਾਂ ਨੂੰ ਆਪਣੇ ਰਸਤੇ ਵਿੱਚ ਵੱਡੀ ਰੁਕਾਵਟ ਜਾਪਦੀ ਹੈ।

ਇਨ੍ਹਾਂ ਦਾ ਕੰਮ ਹੋਰ ਸੁਖਾਲਾ ਹੋ ਜਾਂਦਾ ਹੈ ਜਦੋਂ ਕੁਝ ਪੱਗੜੀ-ਧਾਰੀ, ਸਿੱਖੀ ਸਰੂਪ ਵਾਲੇ ਕੁਝ ਭੁਲੜ ਲੋਕ ਵੀ ਇਨ੍ਹਾਂ ਦੇ ਨਾਲ ਰੱਲ ਜਾਂਦੇ ਹਨ। ਇਹ ਲੋਕ ਵੀ ਦੋ ਤਰ੍ਹਾਂ ਦੇ ਹਨ; ਇਕ ਤਾਂ ਇਨ੍ਹਾਂ ਦੀ ਆਪਣੀ ਹੀ ਇਕ ਸ਼ਾਖਾ- ‘ਰਾਸ਼ਟਰੀ ਸਿੱਖ ਸੰਗਤ’ ਵਾਲੇ ਅਤੇ ਦੂਸਰੇ ਬਾਦਲ ਦਲੀਏ ਅਖੌਤੀ ਅਕਾਲੀ।

‘ਰਾਸ਼ਟਰੀ ਸਿੱਖ ਸੰਗਤ’ ਵਿੱਚ ਤਾਂ ਖੈਰ ਗਿਣਤੀ ਦੇ ਪਗੜੀਧਾਰੀ ਮੂਰਖ ਹੀ ਹਨ, ਨਾਲੇ ਉਨ੍ਹਾਂ ਬਾਰੇ ਕਿਸੇ ਨੂੰ ਕੋਈ ਸ਼ੰਕਾ ਵੀ ਨਹੀਂ ਕਿ ਇਹ ਆਰ. ਐਸ. ਐਸ. ਦੇ ਹੱਥ ਠੋਕੇ ਹਨ। ਇਨ੍ਹਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ, ਸਿਰਫ ਆਰ. ਐਸ. ਐਸ. ਦੀ ਰਟਾਈ ਭਾਸ਼ਾ ਹੀ ਬੋਲਦੇ ਹਨ।

ਦੂਸਰੇ ਪਗੜੀਧਾਰੀ ਸਿੱਖੀ ਸਰੂਪ ਵਾਲੇ ਹਨ ਬਾਦਲ-ਦਲੀਏ ਅਖੌਤੀ ਅਕਾਲੀ ਆਗੂ। ਹੁਣ ਕਈ ਆਖਣਗੇ ਮੈਂ ਇਨ੍ਹਾਂ ਨੂੰ ਅਖੌਤੀ ਅਕਾਲੀ ਕਿਉਂ ਲਿਖ ਰਿਹਾ ਹਾਂ ? ਅਕਾਲੀ ਦਾ ਭਾਵ ਹੈ ਇਕ ਅਕਾਲ ਦਾ ਪੁਜਾਰੀ। ਜਿਹੜੇ ਕਿਸੇ ਦੇਹ ਧਾਰੀ ਰਾਮਚੰਦ੍ਰ ਜੀ ਨੂੰ ਗੁਰਬਾਣੀ ਵਿੱਚ ਆਏ ‘ਰਾਮ’ ‘‘ੴ’’ ਨਾਲ ਰੱਲ ਗੱਡ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਇਕ ਅਕਾਲ ਦੇ ਪੁਜਾਰੀ ਤਾਂ ਰਹੇ ਹੀ ਨਾਂਹ। ਫਿਰ ਇਨ੍ਹਾਂ ਨੂੰ ਅਖੌਤੀ ਅਕਾਲੀ ਨਾ ਆਖਾਂ ਤਾਂ ਹੋਰ ਕੀ ਆਖਾਂ ? ਇਹ ਬਾਕੀ ਸਾਰਿਆਂ ਨਾਲੋਂ ਵਧੇਰੇ ਖਤਰਨਾਕ ਹਨ ਅਤੇ ਕੌਮ ਦਾ ਵਧੇਰੇ ਨੁਕਸਾਨ ਕਰਦੇ ਹਨ ਕਿਉਂਕਿ ਇਹ ਸਿੱਖ ਕੌਮ ਦੇ ਨੁਮਾਇੰਦੇ ਹੋਣ ਦਾ ਦਾਅਵਾ ਵੀ ਕਰਦੇ ਹਨ। ਇਸ ਤੋਂ ਦੂਸਰਿਆਂ ਨੂੰ ਇਹ ਕਹਿਣ ਦਾ ਬਲ ਮਿਲਦਾ ਹੈ ਕਿ ਸਿੱਖ ਕੌਮ ਦੇ ਨੁਮਾਇੰਦੇ ਅਕਾਲੀ ਆਗੂ ਵੀ ਇਸ ਗੱਲ ਨੂੰ ਪ੍ਰਵਾਣ ਕਰਦੇ ਹਨ ਕਿ ਗੁਰਬਾਣੀ ਵਿੱਚ ਆਇਆ ‘ਰਾਮ’ ਸ਼ਬਦ ਰਾਜਾ ਦਸ਼ਰਥ ਦੇ ਪੁੱਤਰ ਰਾਮਚੰਦ੍ਰ ਜੀ ਵਾਸਤੇ ਹੈ।

ਪ੍ਰਮਾਣ ਦੇ ਤੌਰ ’ਤੇ, ਕੁਝ ਸਮਾਂ ਪਹਿਲੇ ਬਾਦਲ ਅਕਾਲੀ ਦਲ ਦਾ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ, ਜੋ ਇਨ੍ਹਾਂ ਦੀ ਦਿੱਲੀ ਇਕਾਈ ਦਾ ਵੱਡਾ ਆਗੂ ਹੈ, ਹਿੰਦੂਤਵੀ ਜਥੇਬੰਦੀਆਂ ਵਲੋਂ ਰਾਮਸੇਤੂ ਸਬੰਧੀ ਕਰਾਏ ਗਏ ਇਕ ਜਲਸੇ ਵਿੱਚ ਸ਼ਾਮਲ ਹੋਣ ਲਈ ਗਿਆ ਕਿਉਂਕਿ ਹਿੰਦੂਤਵੀ ਜਥੇਬੰਦੀਆਂ ਦੀ ਰਾਜਸੀ ਜਥੇਬੰਦੀ ਭਾਜਪਾ ਨਾਲ ਇਨ੍ਹਾਂ ਦੀ ਸਿਆਸੀ ਸਾਂਝ ਹੈ, ਇਸ ਲਈ ਉਨ੍ਹਾਂ ਦੀ ਹਰ ਮੀਟਿੰਗ ਜਾਂ ਜਲਸੇ ਵਿੱਚ ਸ਼ਾਮਲ ਹੋਣਾ ਇਹ ਆਪਣਾ ਧਰਮ ਸਮਝਦੇ ਹਨ। ਹਾਲਾਂਕਿ ਇਹ ਸਾਂਝ ਰਾਜਨੀਤਕ ਹੈ ਪਰ ਆਪਣੀ ਵਫਾਦਾਰੀ ਸਾਬਤ ਕਰਨ ਲਈ ਇਹ ਉਨ੍ਹਾਂ ਦੇ ਹਰ ਧਾਰਮਿਕ ਪ੍ਰੋਗਰਾਮ ਵਿੱਚ ਵੀ ਭੱਜੇ ਫਿਰਦੇ ਹਨ। ਉਸ ਜਲਸੇ ਵਿੱਚ ਬੋਲਦਿਆਂ ‘‘ੴ’’ ‘ਰਾਮ’ ਨੂੰ ਰਾਜਾ ਦਸ਼ਰਥ ਦੇ ਪੁੱਤਰ ਰਾਮਚੰਦ੍ਰ ਜੀ ਨਾਲ ਰੱਲਗੱਡ ਕਰਨ ਦਾ ਇਹ ਕਾਰਜ ਇਸ ਨੇ ਢੋਲ ਵਜਾ ਕੇ ਕੀਤਾ। ਪਹਿਲਾਂ ਤਾਂ ਇਸ ਨੇ ‘ਜੈ ਸੀਆ ਰਾਮ’ ਦੇ ਨਾਹਰੇ ਲਵਾਏ। ਫਿਰ ਇਹ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਜੀ ਦਾ ਨਾਮ 2533 ਵਾਰੀ ਆਉਂਦਾ ਹੈ। ਗੁਰਬਾਣੀ ਦਾ ਪ੍ਰਮਾਣ ਵੀ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਫੁਰਮਾਇਆ ਹੈ, ‘‘ਸਾਧੋ ਰਚਨਾ ਰਾਮ ਬਨਾਈ’’।

(ਨੋਟ: ਇਸ ਦੀ ਪੂਰੀ ਵੀਡੀਓ ਯੂ ਟਿਊਬ ’ਤੇ ਵੇਖੀ ਜਾ ਸਕਦੀ ਹੈ) ਹੁਣ ਦਸੋ ਜਦੋਂ ਕੌਮ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਨ ਵਾਲੇ ਅਨਮੱਤੀਆਂ ਦੇ ਪ੍ਰੋਗਰਾਮਾਂ ਵਿੱਚ ਜਾ ਕੇ ਉਨ੍ਹਾਂ ਦੀ ਖੁਸ਼ਾਮਦ ਕਰਨ ਲਈ ਐਸੇ ਕੁਫ਼ਰ ਤੋਲਣਗੇ ਤਾਂ ਕੌਮ ਦਾ ਕੀ ਬਣੇਗਾ ? ਇਨ੍ਹਾਂ ਦਾ ਸੁਆਰਥ ਸਿਰਫ਼ ਆਪਣੀਆਂ ਕੁਰਸੀਆਂ ਤੱਕ ਸੀਮਿਤ ਹੈ, ਜਿਸ ਦੇ ਵਾਸਤੇ ਇਹ ਕੌਮ ਨਾਲ ਤਾਂ ਪਹਿਲੇ ਹੀ ਗਦਾਰੀ ਕਰ ਰਹੇ ਸਨ, ਗੁਰੂ ਨਾਲ ਵੀ ਗਦਾਰੀ ਕਰਨ ’ਤੇ ਉਤਰ ਆਏ ਹਨ। ਜੇ ਸਿੱਖ ਕੌਮ ਨੇ ਜੀਣਾ ਹੈ ਤਾਂ ਇਸ ਅਕਾਲੀ ਦੱਲ ਤੋਂ ਫੌਰੀ ਖਹਿੜਾ ਛੁੜਾਉਣਾ ਜ਼ਰੂਰੀ ਹੈ। ਹੁਣ ਕੇਵਲ ਤੇ ਕੇਵਲ ਅਕਾਲੀ ਦੱਲ ਦਾ ਵਿਨਾਸ਼ ਹੀ ਸਿੱਖ ਕੌਮ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਇਨ੍ਹਾਂ ਨਾਲ ਕੌਮ ਨੂੰ ਉਹੀ ਵਰਤਾਰਾ ਕਰਨਾ ਪਵੇਗਾ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਮਸੰਦਾਂ ਨਾਲ ਕੀਤਾ ਸੀ। ਇਸ ਕੰਮ ਵਿੱਚ ਜਿਤਨੀ ਦੇਰ ਹੁੰਦੀ ਜਾਵੇਗੀ, ਕੌਮ ਨੂੰ ਉਤਨੀ ਹੀ ਸਿਧਾਂਤਕ ਢਾਹ ਹੋਰ ਲਗਦੀ ਜਾਵੇਗੀ।

ਇਨ੍ਹਾਂ ਦੁਸ਼ਟਾਂ ਨੇ ਤਾਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਪਰ ਗੁਰਬਾਣੀ ਆਪਣੇ ਆਪ ਵਿੱਚ ਇਤਨੀ ਸਪੱਸ਼ਟ ਹੈ ਕਿ ਕੋਈ ਜਿਤਨੀ ਮਰਜ਼ੀ ਕੋਸ਼ਿਸ਼ ਕਰ ਲਵੇ ਗੁਰਬਾਣੀ ਵਿਚਲੇ ‘‘ੴ’’ ਰਾਮ ਅਤੇ ਰਾਜਾ ਦਸਰਥ ਦੇ ਪੁੱਤਰ ਰਾਮਚੰਦ੍ਰ ਜੀ ਨੂੰ ਕਦੇ ਰੱਲਗੱਡ ਨਹੀਂ ਕੀਤਾ ਜਾ ਸਕਦਾ। ਭਗਤ ਕਬੀਰ ਜੀ ਦੇ ਹੇਠਲੇ ਦੋ ਸ਼ਲੋਕ ਇਤਨੇ ਸਪੱਸ਼ਟ ਹਨ ਕਿ ਸਾਰੇ ਭਰਮਜਾਲ ਨੂੰ ਪਲਾਂ ਵਿੱਚ ਤੋੜ ਦੇਂਦੇ ਹਨ:

‘‘ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥’’

ਹੇ ਕਬੀਰ ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ । ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ‘ਰਾਮ’ ਨਾਮ ਰਾਸਧਾਰੀਏ ਭੀ (ਰਾਮਲੀਲਾ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ‘ਰਾਮ’ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਸ ਦੀ ਮੂਰਤੀ-ਪੂਜਾ ਵਿਅਰਥ ਹੈ) ।੧੯੦।

‘‘ ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥’’ (੧੩੭੪)

ਹੇ ਕਬੀਰ ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ।੧੯੧।

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥

ਵਿਚਾਰ ਅਤੇ ਤਲਵਾਰ !

0

ਵਿਚਾਰ ਅਤੇ ਤਲਵਾਰ !

ਗੁਰਮੀਤ ਸਿੰਘ ਬਰਸਾਲ “ਕੈਲੇਫੋਰਨੀਆਂ”

ਜਦ ਬੰਦੇ ਦੀ ਸੋਚ ਦਲੀਲੋਂ ਹਾਰੀ ਹੈ , ਮੂਰਖਤਾ ਨਾਲ ਕੱਢੀ ਉਸ ਕਟਾਰੀ ਹੈ ।

ਤਰਕ–ਸੂਝ ਜਦ ਉਸ ਦੇ ਵਸ ਵਿੱਚ ਆਈ ਨਾ, ‘ਮਿੱਠਤ’ ‘ਨੀਵੀਂ’ ਵੀ ਉਸ ਨੇ ਦੁਰਕਾਰੀ ਹੈ ।

ਉੱਚਾ ਬੋਲਣ ਦੀ ਵੀ ਪੈਂਦੀ ਲੋੜ ਨਹੀਂ, ਜੇਕਰ ਆਖੀ ਗੱਲ ਵਜਨ ਦੀ ਭਾਰੀ ਹੈ ।

ਸੱਚ ਨਾਲ ਤਲਵਾਰ ਜਦੋਂ ਟਕਰਾਈ ਹੈ, ਸੱਚ ਨੇ ਸਾਹਵੇਂ ਬੈਹ ਕੇ ਬਾਜੀ ਮਾਰੀ ਹੈ ।

ਸ਼ਬਦ ਨਾਲੋਂ ਹਥਿਆਰ ਨੂੰ ਉੱਚਾ ਰੱਖਣ ਦੀ, ਗਿਆਨ–ਯੁੱਗ ਨੇ ਨੀਤੀ ਸਦਾ ਨਿਕਾਰੀ ਹੈ ।

ਉਸ ਨੇ ਕਿਸੇ ਬਿਵੇਕ ਅਕਲ ਤੋਂ ਕੀ ਲੈਣਾ,  ਜਿਸ ਪੂਜਾ, ਹਵਨਾਂ ਨਾਲ ਜਿੰਦ ਗੁਜਾਰੀ ਹੈ ।

ਜਿਸ ਦਾ ਪੱਲਾ ਸੱਚ ਵਿਚਾਰੋਂ ਖਾਲੀ ਹੈ, ਬਿਰਤੀ ਹੁੰਦੀ ਉਸ ਦੀ ਹੀ ਹੰਕਾਰੀ ਹੈ ।

ਸੱਚ ਝੂਠ ਦਾ ਜਦ ਵੀ ਪੰਗਾ ਪੈਂਦਾ ਹੈ,  ਝੂਠੇ ਨੂੰ ਹੀ ਸ਼ਹਿ ਮਿਲਦੀ ਸਰਕਾਰੀ ਹੈ ।

ਜੈਸਾ ਸੇਵੇ ਬੰਦਾ ਤੈਸਾ ਹੋ ਜਾਂਦਾ,  ਗੁਰੂਆਂ ਬਾਣੀ ਵਿੱਚ ਇਹ ਗੱਲ ਉਚਾਰੀ ਹੈ ।

ਬਾਣੀ ਆਖੇ ਗਿਆਨ ਬਿਨਾ ਤੇ ਧਰਮ ਨਹੀਂ, ਰੱਖੀ ਭਾਵੇਂ ਝੂਠ–ਤਸੱਲੀ ਭਾਰੀ ਹੈ ।

ਬਾਹਰੋਂ ਭਾਵੇਂ ਲੱਖ ਅਡੰਬਰ ਕਰ ਦੇਖੋ, ਅਮਲਾਂ ਬਾਝੋਂ ਹੁੰਦੀ ਸਦਾ ਖੁਆਰੀ ਹੈ ।

ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ

0

ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ

ਗੁਰਇੰਦਰਦੀਪ ਸਿੰਘ- 84379-24568

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1406 ’ਤੇ ਸੁਭਾਇਮਾਨ ਪੰਕਤੀ ‘‘ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ’’ ਭੱਟ ਕਲ ਜੀ ਨੇ ਗੁਰੂ ਅਰਜਨ ਸਾਹਿਬ ਜੀ ਬਾਰੇ ਉਚਾਰਨ ਕੀਤੀ ਹੈ। ਆਉ, ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਇਸ ਪੰਕਤੀ ਦੀ ਵਿਚਾਰ ਕਰਦੇ ਹਾਂ।

ਪਦ ਅਰਥ- ਜਨਮਤ- ਜਨਮ ਲੈਂਦਿਆਂ ਹੀ, ਗੁਰਮਤਿ- ਗੁਰੂ ਦੀ ਮਤ ਲੈ ਕੇ ।

ਅਰਥ: ਭਟ ਜੀ ਆਖ ਰਹੇ ਹਨ ਕਿ ਹੇ ਗੁਰੂ ਅਰਜਨ ਜੀ ! ਤੁਸੀਂ ਜਨਮ ਤੋਂ ਹੀ ਗੁਰੂ ਦੀ ਮੱਤ ਲੈ ਕੇ ਬ੍ਰਹਮ ਨੂੰ ਪਛਾਣਿਆ ਹੈ। ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ।

ਭਟ ਜੀ ਦੇ ਇਹ ਕਹਿਣ ਦਾ ਕੋਈ ਵਿਸ਼ੇਸ਼ ਕਾਰਨ ਜਾਪਦਾ ਹੈ ਕਿਉਂਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿਚ ਜਨਮ ਲੈਂਦੇ ਹਨ ਉਸ ਵਕਤ ਉਸ ਘਰ ਵਿਚ ਕੋਈ ਗੁਰਮਤਿ ਨਹੀਂ ਸੀ। ਤਾਂਹੀਏ ਤਾਂ ਜਨੇਊ ਪਵਾਉਣ ਲਗੇ ਸਨ ਜੋ ਸਤਿਗੁਰੂ ਜੀ ਨੇ ਨਹੀਂ ਪਵਾਇਆ। ਜਿਸ ਘਰ ਵਿਚ ਬਾਬਾ ਲਹਿਣਾ ਜੀ (ਗੁਰੂ ਅੰਗਦ ਸਾਹਿਬ ਜੀ) ਜਨਮ ਲੈਂਦੇ ਹਨ ਉਸ ਘਰ ਵਿਚ ਵੀ ਗੁਰਮਤਿ ਦੀ ਕੋਈ ਗੱਲ ਨਹੀਂ ਸੀ ਜਿਸ ਕਾਰਨ ਕਰਕੇ ਉਹ ਵੀ ਵੈਸ਼ਨੋ ਦੇਵੀ ਦੀ ਚੌਂਕੀ ਭਰਨ ਜਾਂਦੇ ਸਨ। ਗੁਰਮਤਿ ਬਾਅਦ ਵਿਚ ਦ੍ਰਿੜ ਕਰਕੇ ਗੁਰੂ ਬਣੇ। ਫਿਰ ਜਦੋਂ ਬਾਬਾ ਅਮਰ ਦਾਸ ਜੀ (ਗੁਰੂ ਅਮਰਦਾਸ ਜੀ) ਨੇ ਸੰਸਾਰ ਵਿਚ, ਜਿਸ ਘਰ ਵਿਚ ਜਨਮ ਲਿਆ ਸੀ ਉਸ ਘਰ ਵਿਚ ਵੀ ਕੋਈ ਗੁਰਮਤਿ ਨਹੀਂ ਸੀ। ਜਿਸ ਦੇ ਨਤੀਜੇ ਵਜੋਂ ਉਹ ਵੀ ਪਹਿਲਾਂ ਗੰਗਾ ’ਤੇ ਇਸ਼ਨਾਨ ਕਰਨ ਜਾਂਦੇ ਰਹੇ। ਭਾਈ ਜੇਠਾ ਜੀ ਦਾ ਜਨਮ ਵੀ ਗੁਰਮਤਿ ਦੇ ਘਰ ਵਿਚ ਨਹੀਂ ਸੀ ਹੋਇਆ।

ਗੁਰੂ ਨਾਨਕ ਸਾਹਿਬ ਤਾਂ ਆਪ ਹੀ ਸੂਰਜ ਵਾਗੂੰ ਪ੍ਰਗਟ ਹੋਏ ਸਨ ਤੇ ਮਨਮਤਿ ਅਤੇ ਦੁਰਮਤਿ ਦਾ ਹਨੇਰਾ ਦੂਰ ਕੀਤਾ ਸੀ। ਗੁਰੂ ਅੰਗਦ ਸਾਹਿਬ ਜੀ ਵੀ ਫਿਰ ਇਸੇ ਸੂਰਜ ਦੀ ਰੋਸ਼ਨੀ ਹੇਠਾਂ ਆ ਗਏ ਸਨ। ਗੁਰੂ ਅਮਰਦਾਸ ਜੀ ਵੀ ਇਸੇ ਗੁਰਮਤਿ ਦੀ ਰੋਸ਼ਨੀ ਨੂੰ ਅਪਣਾ ਕੇ ਅਨੂਪ ਹੋ ਗਏ ਸਨ ‘‘ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ॥’’ ਅਤੇ ਫਿਰ ਇਸੇ ਗੁਰਮਤਿ ਦੀ ਰੋਸ਼ਨੀ ਦੇ ਸੂਰਜ ਦੇ ਪ੍ਰਕਾਸ਼ ਵਿਚ ਗੁਰੂ ਰਾਮਦਾਸ ਜੀ ਆਏ ‘‘ਧੰਨੁ ਧੰਨੁ ਰਾਮਦਾਸ ਗੁਰ, ਜਿਨਿ ਸਿਰਿਆ ਤਿਨੈ ਸਵਾਰਿਆ॥’’

ਧੰਨੁ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁਖੋਂ ਹੋਇਆ ਅਤੇ ਉਹਨਾਂ ਨੇ ਜਨਮ ਤੋਂ ਹੀ ਪਿਤਾ ਗੁਰੂ ਰਾਮਦਾਸ ਜੀ ਅਤੇ ਨਾਨਾ ਗੁਰੂ ਅਮਰਦਾਸ ਜੀ ਤੋਂ ਮਤਿ ਲੈ ਕੇ ਬ੍ਰਹਮ ਦੀ ਪਛਾਣ ਕੀਤੀ। ਗੁਰੂ ਜੀ ਗੁਰਮਤਿ ਵਾਲੇ ਮਹੌਲ ਵਿਚ ਪੈਦਾ ਹੋਏ ਤੇ ਵੱਡੇ ਹੋਏ ਇਸੇ ਲਈ ਭਟ ਕਲ ਜੀ ਨੇ ਆਖ ਦਿੱਤਾ-‘‘ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ॥’’

ਮੁਬਾਰਕ ਹਨ ਉਨ੍ਹਾਂ ਸਰੀਰਾਂ ਨੂੰ, ਜਿਨਾਂ ਨੇ ਅੰਮ੍ਰਿਤਧਾਰੀ ਮਾਤਾ ਪਿਤਾ ਦੇ ਘਰ ਵਿਚ ਜਨਮ ਲਿਆ ਹੈ ਪਰ ਬਦਕਿਸਮਤ ਹਨ ਉਹ ਸਰੀਰ, ਜਿਨਾਂ ਨੂੰ ਜਨਮ ਅੰਮ੍ਰਿਤਧਾਰੀ ਪਰਿਵਾਰ ਵਿਚ ਮਿਲਿਆ ਪਰ ਗੁਰਮਤਿ ਉਹਨਾਂ ਦ੍ਰਿੜ ਨਹੀਂ ਕੀਤੀ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿਚ ਵੀ ਬਾਬਾ ਪ੍ਰਿਥੀਚੰਦ ਜੀ ਜਨਮ ਲੈਂਦੇ ਹਨ ਅਤੇ ਬਾਬਾ ਮਹਾਂਦੇਵ ਜੀ ਵੀ ਪਰ ਇਹਨਾਂ ਦੋਹਾਂ ਨੇ ਗੁਰੂ ਵਾਲੀ ਮਤਿ ਹਾਸਲ ਨਹੀਂ ਕੀਤੀ। ਇਹਨਾਂ ਦੀ ਹਾਲਤ ਇਸ ਤਰ੍ਹਾਂ ਬਣੀ ਰਹੀ – ‘‘ਕਬੀਰ ਬਾਂਸ ਬਡਾਈ ਬੂਡਿਆ, ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨ ਹੋਇ॥’’ ਇਹ ਚੰਦਨ ਰੂਪ ਗੁਰੂ ਕੋਲ ਵੱਸਦੇ ਤਾਂ ਰਹੇ ਪਰ ਆਪਣਾ ਜੀਵਨ ਬਾਂਸ ਵਰਗਾ ਬਣਾਈ ਰੱਖਿਆ ਜਿਸ ਕਾਰਨ ਇਹਨਾਂ ਦੇ ਜੀਵਨ ਵਿਚ ਗੁਰਮਤਿ ਵਾਲੀ ਸੁਗੰਧ ਪ੍ਰਵੇਸ਼ ਨਾ ਕਰ ਸਕੀ।

ਅੱਜ ਵੀ ਬਹੁਤੇ ਘਰਾਂ ਵਿਚ ਮਾਤਾ ਪਿਤਾ ਅੰਮ੍ਰਿਤਧਾਰੀ ਹਨ ਪਰ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਕੋਈ ਜਾਣਕਾਰੀ ਨਹੀਂ ਦੇ ਰਹੇ। ਸ਼ਾਇਦ ਇਸ ਦਾ ਕਾਰਨ ਵੀ ਇਹੀ ਹੈ ਕਿ ਉਹ ਅੰਮ੍ਰਿਤ ਤਾਂ ਛਕ ਚੁੱਕੇ ਹਨ ਪਰ ਗੁਰਬਾਣੀ ਅਨੁਸਾਰ ਉਹਨਾਂ ਵੀ ਆਪਣਾ ਜੀਵਨ ਨਹੀਂ ਬਣਾਇਆ। ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚੋਂ ਭਾਈ ਮੰਝ ਦੀ ਸਾਖੀ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਹੈ। ਜਦੋਂ ਭਾਈ ਮੰਝ ਜੀ ਨੇ ਗੁਰੂ ਜੀ ਕੋਲੋਂ ਸਿੱਖੀ ਦੀ ਦਾਤ ਮੰਗੀ ਤਾਂ ਉਹਨਾਂ ਜਵਾਬ ਦਿੱਤਾ- ‘ਸਿੱਖੀ ਉੱਤੇ ਸਿੱਖੀ ਨਹੀਂ ਟਿਕਾਈ ਜਾ ਸਕਦੀ’; ਜਿਵੇਂ: ‘ਬਿਨਤੀ ਕੀਨ ਹਰਹੁ ਤ੍ਰੈ ਤਾਪ॥ ਗੁਰਸਿੱਖੀ ਕੋ ਬਖਸਹੁ ਆਪ॥ ਸੁਨਿ ਕੈ ਸ੍ਰੀ ਅਰਜਨ ਫੁਰਮਾਯਹੁ॥ ਅਪਨ ਪੀਰ ਤੈ ਤੁਰਕ ਬਨਾਯਹੁ॥ ਸਰਵਰ ਕੇ ਮਰੀਦ ਤੁਮ ਰਹੇ॥ ਇਤ ਗੁਰਸਿੱਖੀ ਦੁਰਲਭ ਅਹੇ॥ ਬੋਲੇ ਸ੍ਰੀ ਅਰਜਨ ਸੁਖਧਾਮੂ॥ ਪੁਰਬ ਸਰਵਰ ਢਾਹੁ ਮੁਕਾਮੂ॥ ਪੁਨ ਆਵਹੁ ਸਤਿਗੁਰ ਸਰਣਾਈ॥ ਕਰੇ ਗੁਨਾਹ ਲੇਹੁ ਬਖਸਾਈ॥ ਸੁਨਿ ਕਰਿ ਬਾਕ ਮੰਞ ਘਰ ਗਯੋ॥ ਤੁਰਕ ਮੁਕਾਮ ਸੁ ਢਾਹਿਤ ਭਯੋ॥’

ਪਹਿਲਾਂ ਮਨਮਤਿ ਛੱਡਣੀ ਪਵੇਗੀ ਫਿਰ ਹੀ ਬ੍ਰਹਮ ਦੀ ਪਛਾਣ ਹੋਵੇਗੀ। ਪੰਜਾਬ ਵਿੱਚ ਕੁਝ ਥਾਵਾਂ ’ਤੇ ਤਾਂ ਇਸ ਤਰ੍ਹਾਂ ਵੀ ਹੈ ਕਿ ਅੰਮ੍ਰਿਤਧਾਰੀ ਭੈਣਾਂ ਅੰਮ੍ਰਿਤ ਵੀ ਛਕਿਆ ਹੈ ਤੇ ਗੁਰੂ ਘਰ ਦੇ ਦੋਖੀ ਵਡਭਾਗ ਸਿੰਘ ਦੀ ਚੌਂਕੀ ਵੀ ਭਰਦੀਆਂ ਹਨ ਅਤੇ ਕੁਝ ਸਖੀ ਸਰਵਰ ਲਾਲਾਂ ਵਾਲੇ ਦੀ ਚੌਂਕੀ ਵੀ ਭਰਦੀਆਂ ਹਨ ਜਿਸ ਦਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿਚ ਪੂਰਾ ਹੱਥ ਸੀ।

ਜੇਕਰ ਅੱਜ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤਾਂ ਸਾਨੂੰ ਗੁਰਮਤਿ ਵੀ ਆਪਣੇ ਜੀਵਨ ਵਿਚ ਲਾਗੂ ਕਰਨੀ ਚਾਹੀਦੀ ਹੈ।

ਅਖੀਰ ਵਿਚ ਇਕ ਬੇਨਤੀ ਹੈ ਕਿ ਹਰ ਸਾਲ ਗੁਰੂ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਗੁਰੂ ਘਰਾਂ ਵਿਚ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ। ਜਿਹਨਾਂ ਵਿੱਚ ਪਾਠ ਦੀ ਸਮਾਪਤੀ ’ਤੇ ਲੰਗਰ ਦੇ ਤੌਰ ’ਤੇ ਸਮੋਸੇ, ਬਰੈਡ ਆਦਿ ਪਕਵਾਨ ਵਰਤਾਏ ਜਾਂਦੇ ਹਨ। ਇੰਝ ਲੱਗਦਾ ਹੈ ਜਿਵੇਂ ਅਸੀਂ ਗੁਰਦੁਆਰੇ ਨਹੀਂ ਕਿਸੇ ਵਿਆਹ ’ਚ ਆਏ ਹੋਈਏ। ਸਾਨੂੰ ਇਸ ਤਰ੍ਹਾਂ ਦੇ ਮਨਮਤਿ ਦੇ ਕਾਰਜਾਂ ਤੋਂ ਸੰਕੋਚ ਹੀ ਕਰਨਾ ਚਾਹੀਦਾ ਹੈ। ਆਉ, ਅਸੀਂ ਗੁਰਮਤਿ ਦੁਆਰਾ ਬ੍ਰਹਮ ਦੀ ਪਛਾਣ ਭਾਵ ਗੁਰਬਾਣੀ ਦੀ ਵੀਚਾਰ, ਸਿਧਾਂਤ, ਫ਼ਿਲਾਸਫ਼ੀ ਅਤੇ ਗੁਰ ਮਰਿਆਦਾ ਨੂੰ ਸਮਝਣ ਦਾ ਯਤਨ ਕਰੀਏ।

ਲਾਸਾਨੀ ਸ਼ਹੀਦ – ਸ੍ਰੀ ਗੁਰੂ ਅਰਜਨ ਦੇਵ ਜੀ

0

ਲਾਸਾਨੀ ਸ਼ਹੀਦ – ਸ੍ਰੀ ਗੁਰੂ ਅਰਜਨ ਦੇਵ ਜੀ

    ਡਾ. ਅਮਨਦੀਪ ਸਿੰਘ ਟੱਲੇਵਾਲੀਆ (ਬਰਨਾਲਾ)-98146-99446

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ. ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ।  ਉਹ ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਆਪ ਜੀ ਤਿੰਨ ਭਰਾ ਸਨ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਸ਼ਾਤਰ ਦਿਮਾਗ ਸੀ, ਮਹਾਂਦੇਵ ਵੈਰਾਗੀ ਸੁਭਾਅ ਦੇ ਸਨ, ਇਸ ਪ੍ਰਕਾਰ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ।  ਗੁਰੂ ਜੀ ਆਪਣੇ ਪਿਤਾ ਨਾਲ ਕੰਮ-ਕਾਜ ਵਿੱਚ ਪੂਰਾ ਹੱਥ ਵਟਾਉਦੇ ਅਤੇ ਸਰੋਵਰ ਦੀ ਸ਼ੁਰੂ ਕੀਤੀ ਹੋਈ ਸੇਵਾ ਆਪ ਜੀ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ।  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ।  ਲੰਗਰ ਦਾ ਖਰਚਾ ਸੰਗਤਾਂ ਦੁਆਰਾ ਦਿੱਤੀ ਮਾਇਆ ਨਾਲ ਚੱਲਣ ਲੱਗਾ। ਜਿਹੜੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਦੀਆਂ, ਪ੍ਰਿਥੀ ਚੰਦ ਉਨ੍ਹਾਂ ਨਾਲ ਦੁਰ-ਵਿਵਹਾਰ ਕਰਦਾ। ਇੱਕ ਦਿਨ ਭਾਈ ਗੁਰਦਾਸ ਜੀ (ਬੀਬੀ ਭਾਨੀ ਦੇ ਚਾਚੇ ਦਾ ਪੁੱਤਰ) ਜੋ ਕਿ ਧਰਮ ਪ੍ਰਚਾਰ ਲਈ ਆਗਰੇ ਕੰਮ ਕਰ ਰਹੇ ਸਨ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾ ਲਈ ਅੰਮ੍ਰਿਤਸਾਰ ਵਿਖੇ ਆਏ ਤਾਂ ਹਾਲਤ ਖ਼ਰਾਬ ਵੇਖ ਕੇ ਇੱਥੇ ਹੀ ਰਹਿਣਾ ਮੁਨਾਸਬ ਸਮਝਿਆ।  ਸਿੱਖੀ ਦਾ ਬੂਟਾ ਬਹੁਤ ਫੈਲ ਚੁੱਕਾ ਸੀ।  ਦੇਸ਼ ਦੇ ਕੋਨੇ-ਕੋਨੇ ਵਿੱਚ ਸਿੱਖ ਵਸੇ ਹੋਏ ਸਨ।  ਗੁਰੂ ਜੀ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਦਸਵੰਧ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਅਤੇ ਉਹ ਮਸੰਦ ਹਰੇਕ ਵਿਸਾਖੀ ’ਤੇ ਹਾਜ਼ਰ ਹੋ ਕੇ ਗੁਰੂ ਜੀ ਸਾਹਮਣੇ ਲੇਖਾ ਜੋਖਾ ਦੇਣ। ਇਸ ਪ੍ਰਕਾਰ ਪ੍ਰਿਥੀ ਚੰਦ ਦਾ ਸੰਗਤਾਂ ਨੂੰ ਤੰਗ ਕਰਨਾ ਥੋੜ੍ਹਾ ਘਟਿਆ ਪਰ ਗੁਰੂ ਜੀ ਨਾਲ ਉਸ ਦੀ ਰੰਜਸ਼ ਹੋਰ ਵਧ ਗਈ।

ਸੰਨ 1589 ਵਿੱਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਜਿਸ ਦੇ ਚਾਰ ਦਰਵਾਜ਼ੇ ਰੱਖੇ ਗਏ, ਜੋ ਹਰ ਮਜ਼੍ਹਬ, ਹਰ ਜਾਤ ਦੇ ਪ੍ਰਵੇਸ ਦਾ ਪ੍ਰਤੀਕ ਹਨ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਖੀ ਸਰਵਰ ਦੇ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ।  ਸਮਾਜ ਸੁਧਾਰ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਇੱਕ ਵਿਧਵਾ ਨਾਲ ਵਿਆਹ ਕਰਵਾ ਦਿੱਤਾ।

1590 ’ਚ ਤਰਨਤਾਰਨ ਅਤੇ 1594 ’ਚ ਕਰਤਾਰਪੁਰ ਸ਼ਹਿਰ ਵਸਾਇਆ ਗਿਆ।  ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਸੰਮਤ 1646 ਬਿਕਰਮੀ ਨੂੰ ਮੌਂ ਸਾਹਿਬ (ਨੇੜੇ ਫਿਲੌਰ) ਦੇ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਨਾਲ ਹੋਇਆ।

ਗੰਗਾ ਦੇਈ ਦੇ ਕੁੱਖੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਿਗੋਬਿੰਦ ਸਾਹਿਬ ਨੂੰ ਮੁਕਾਉਣ ਲਈ ਕਾਫ਼ੀ ਸੰਘਰਸ਼ ਕੀਤਾ ਤਾਂ ਕਿ ਗੱਦੀ ਦਾ ਮਾਲਕ ਉਹ ਆਪ ਬਣੇ ਪਰ ਹਰ ਵਾਰ ਅਸਫਲ ਰਿਹਾ।

ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਸੰਪੂਰਨ ਕਰਨ ਲਈ ਲਾ ਦਿੱਤਾ। ਇਹ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ’।  ਗੁਰੂ ਜੀ ਪਾਸ ਬਾਣੀ ਦਾ ਸੰਗ੍ਰਹਿ ਪਹਿਲਾਂ ਤੋਂ ਹੀ ਮੌਜੂਦ ਸੀ, ਜਿਸ ਵਿੱਚ ਚਾਰ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਸ਼ਾਮਲ ਸੀ। ਗੁਰੂ ਜੀ ਪਾਸ ਕਾਨ੍ਹਾ, ਛੱਜੂ, ਸ਼ਾਹ ਹੁਸੈਨ, ਪੀਲੂ ਆਦਿ ਲੇਖਕ ਵੀ ਆਪਣੀਆਂ ਲਿਖਤਾਂ ਲੈ ਕੇ ਪਹੁੰਚੇ ਪਰ ਸਿਧਾਂਤਕ ੳੂਣਤਾਈਆਂ ਕਾਰਨ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨਾ ਉਚਿਤ ਨਾ ਸਮਝਿਆ ਗਿਆ। ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਗਈ। ਸੰਨ 1604 ਈ. ਵਿਚ ਇਹ ਕਾਰਜ ਸੰਪੂਰਨ ਹੋ ਗਿਆ, ਇਹ ਸਾਰੀ ਬਾਣੀ 30 ਰਾਗਾਂ ਵਿੱਚ ਰਚੀ ਗਈ ਸੀ।

(ਨੋਟ: ਇਕੱਤੀਵਾਂ ਰਾਗ ਜੈਜਾਵੰਤੀ ਨੌਵੇਂ ਗੁਰੂ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ, ਜੋ ਬਾਅਦ ਵਿੱਚ ਸ਼ਾਮਲ ਕੀਤਾ ਗਿਆ।)      

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉੁਸ ਵੇਲੇ ਦੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ ਹੈ, ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤਾਂ ਉਹਨੂੰ ਅਜਿਹਾ ਕੁੱਝ ਨਾ ਲੱਗਿਆ, ਸਗੋਂ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਦਾ ਰਿਹਾ, ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ।

ਅਕਬਰ ਦੀ ਮੌਤ ਤੋਂ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਿਸ ਬਣਿਆ, ਜਿਹੜਾ ਬਹੁਤ ਕੱਟੜ ਮੁਸਲਮਾਨ ਸੀ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਹਦਾ ਪੁੱਤਰ ਖੁਸਰੋ ਬਗ਼ਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰ ਕੇ ਇਹ ਗੱਲ ਪੱਕੀ ਕਰਾ ਦਿੱਤੀ ਕਿ ਖੁਸਰੋ ਦੀ ਬਗ਼ਾਵਤ ਕਰਨ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਮਦਦ ਕੀਤੀ। ਇਸ ’ਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦਾ ਬਹਾਨਾ ਮਿਲ ਗਿਆ ਤੇ ਹੁਕਮ ਕਰ ਦਿੱਤਾ ਗਿਆ।  ਸ੍ਰੀ ਗੁਰੂ ਅਰਜਨ ਦੇਵ ਜੀ ਉੱਪਰ ਹੋਰ ਦੋਸ਼ ਵੀ ਲਗਾਏ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫਲਤਾ ਲਈ ਅਰਦਾਸ ਕੀਤੀ ਅਤੇ ਉਸ ਨੂੰ ਰਕਮ ਦਿੱਤੀ।  ਇਹਨਾਂ ਕਾਰਨਾਂ ਕਰ ਕੇ ਭਾਵੇਂ ਇਹ ਝੂਠੇ ਸਨ, ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਚੰਦੂ,  ਗੁਰੂ ਘਰ ਨਾਲ ਪਹਿਲਾਂ ਤੋਂ ਹੀ ਰੰਜਸ਼ ਰੱਖਦਾ ਸੀ।  ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ੍ਹ ਦੀ ਤਪਦੀ ਦੁਪਹਿਰ ਵਿੱਚ ‘ਯਾਸ਼ਾ ਵਿਧੀ’ ਰਾਹੀਂ ਲਾਹੌਰ ਵਿਖੇ ਤੱਤੀ ਤਵੀਂ ’ਤੇ ਬਿਠਾਇਆ ਗਿਆ ਅਤੇ ਉੱਪਰੋਂ ਸੀਸ ਉੱਤੇ ਗ਼ਰਮ ਰੇਤਾ ਪਾਇਆ ਗਿਆ ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਮੁੱਖੋਂ ਰੱਬੀ ਬਾਣੀ ਦਾ ਜਾਪ ਕਰਦੇ ਰਹੇ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖ਼ਮਾਂ ਨਾਲ ਭਰ ਗਿਆ ਤਾਂ ਉਨ੍ਹਾਂ ਦੀਆਂ ਪੀੜਾਂ ਵਿੱਚ ਹੋਰ ਵਾਧਾ ਕਰਨ ਲਈ ਉਹਨਾਂ ਨੂੰ ਰਾਵੀ ਦੇ ਠੰਢੇ ਪਾਣੀ ਵਿੱਚ ਸੁੱਟ ਦਿੱਤਾ ਗਿਆ। ਇਹ ਘਟਨਾ 30 ਮਈ 1606 ਨੂੰ ਵਾਪਰੀ।  ਇੱਕ ਸ਼ਾਇਰ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਲਿਖਦਾ ਹੈ :

‘ਗੁਰੂ ਦਰਬਾਰ ਦੀਆਂ ਰਖਵਾਈਆਂ, ਪਿਆਰ ’ਤੇ ਜਿਸ ਬੁਨਿਆਦਾਂ। ਉਸ ਦੀ ਖ਼ਾਤਰ ਤਵੀ ਤਪਾਈ, ਨਫ਼ਰਤ ਦਿਆਂ ਜਲਾਦਾਂ। ਕਰ ਤਖ਼ਲੀਕ ਕਿਤਾਬ ਮੁਕੱਦਸ, ਜਿਸ ਬਖ਼ਸ਼ੀ ਅੰਮ੍ਰਿਤ ਬਾਣੀ।  ਉਸ ਦੇ ਸੀਸ ’ਤੇ ਤਪਦਾ ਰੇਤਾ, ਇਹ ਕੀ ਕਹਿਰ ਕਹਾਣੀ ?’

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੁੱਝ ਕਾਰਨ : ਬੇਸ਼ੱਕ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ ਤਾਂ ਬਹੁਤ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਅਤੇ ਪ੍ਰਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਸੀ ਕਿਉਕਿ ਉਸ ਸਮੇਂ ਜਦੋਂ ਸਮਾਜ ਵਰਨਾਂ ਅਤੇ ਜਾਤਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣਵਾਦ ਦਾ ਦਬਦਬਾ ਸੀ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਰਾਬਰਤਾ ਦੇ ਸਿਧਾਂਤ ਦੀ ਗੱਲ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ।  ਦੂਸਰਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਜਿੱਥੇ ਬਿਨਾਂ ਕਿਸੇ ਭੇਦ-ਭਾਵ, ਕੁਲ, ਜਾਤ ਦੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਹੋਇਆ ਕਿਉਕਿ ਜਿੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਵਜੋਂ ਹੋਈ, ਉੱਥੇ ਮੌਕੇ ਦੇ ਬ੍ਰਾਹਮਣਵਾਦ ਦੀ ਆਰਥਿਕਤਾ ’ਤੇ ਸਿੱਧੀ ਸੱਟ ਵੱਜੀ।  ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ’ਤੇ ਜਾਂਦੇ ਸਨ ਅਤੇ ਚੜ੍ਹਾਵੇ ਚੜ੍ਹਾਉਦੇ ਸਨ, ਉਹ ਚੜ੍ਹਾਵਾ ਹੁਣ ਸੰਗਤ ਵਿੱਚ ਵਰਤਣਾ ਸ਼ੁਰੂ ਹੋ ਗਿਆ, ੳੂਚ-ਨੀਚ ਦਾ ਭੇਦ-ਭਾਵ ਖ਼ਤਮ ਹੋ ਗਿਆ।  ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗਿਆ। ਅਜਿਹਾ ਵੇਖ ਕੇ ਬ੍ਰਾਹਮਣਵਾਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪੈਣੇ ਹਨ ਅਤੇ ਧਰਮ ਨੂੰ ਖ਼ਤਰਾ ਹੈ।  ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ‘ਧਰਮ ਸੰਕਟ’ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ। ਖੁਸਰੋ ਦੀ ਬਗ਼ਾਵਤ, ਪ੍ਰਿਥੀ ਚੰਦ ਦੀ ਵਿਰੋਧਤਾ, ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਠੁਕਰਾਉਣਾ ਵਰਗੀਆਂ ਘਟਨਾਵਾਂ ਨੇ ਬਲ਼ਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ।

Most Viewed Posts